ਬੱਚਿਆਂ ਲਈ ਕਹਾਣੀਆਂ ਤੇ ਸਾਹਿਤ – ਹਰਸ਼ਿੰਦਰ ਕੌਰ

Date:

Share post:

ਬੱਚੇ ਕਿਹੋ ਜਿਹਾ ਸਾਹਿਤ ਮੰਗਦੇ ਹਨ ? ਛੇ ਹਫ਼ਤਿਆਂ ਦੇ ਬੱਚੇ ਦਾ ਦਿਮਾਗ਼ ਕਿਹੋ ਜਿਹੀ ਕਹਾਣੀ ਸੁਣਨੀ ਚਾਹੁੰਦਾ ਹੈ ? ਨੌਂ ਮਹੀਨੇ ਦੇ ਬੱਚੇ ਨੂੰ ਕਿਹੜੀ ਕਹਾਣੀ ਸੁਆਦਲੀ ਲੱਗਦੀ ਹੈ ਤੇ ਉਸ ਦਾ ਦਿਮਾਗ਼ ਕਿਹੜੇ ਲਫਜ਼ਾਂ ਨੂੰ ਸੌਖੇ ਤਰੀਕੇ ਨਾਲ ਆਪਣੇ ਅੰਦਰ ਵਸਾ ਸਕਦਾ ਹੈ ? ਏਸੇ ਹੀ ਤਰ੍ਹਾਂ ਤਿੰਨ ਵਰ੍ਹਿਆਂ ਦੇ ਬੱਚੇ ਦੇ ਵਿਕਾਸਸ਼ੀਲ ਦਿਮਾਗ਼ ਦੀ ਤੁਲਨਾ ਚੌਦਾਂ ਸਾਲ ਦੇ ਬੱਚੇ ਦੇ ਵਿਕਸਿਤ ਦਿਮਾਗ਼ ਨਾਲ ਕੀਤੀ ਹੀ ਨਹੀਂ ਜਾ ਸਕਦੀ ! ਭਰੂਣ ਵੀ ਕਹਾਣੀ ਸੁਣਨੀ ਪਸੰਦ ਕਰਦੇ ਹਨ ਪਰ ਇਹ ਕਹਾਣੀ ਮਾਂ ਹੀ ਵਧੀਆ ਘੜ੍ਹ ਸਕਦੀ ਹੈ ਤੇ ਉਹ ਹੀ ਸੁਆਦਲੇ ਢੰਗ ਨਾਲ ਉਸਨੂੰ ਸੁਣਾ ਵੀ ਸਕਦੀ ਹੈ| ਇਹ ਪੱਕੀ ਗੱਲ ਹੈ ਕਿ ਭਰੂਣ ਨੂੰ ਭੂਤ ਪ੍ਰੇਤਾਂ ਦੀਆਂ ਕਹਾਣੀਆਂ ਜਾਂ ਰਾਮ ਸ਼ਾਮ ਦੀਆਂ ਕਹਾਣੀਆਂ ਬਿਲਕੁਲ ਨਹੀਂ ਭਾਉਂਦੀਆਂ |
ਜੇ ਇਸ ਬਾਰੇ ਡੂੰਘਿਆਈ ਨਾਲ ਸੋਚਿਆ ਜਾਵੇ ਤਾਂ ਪਤਾ ਲੱਗੇਗਾ ਕਿ ਪੰਜਾਬੀ ਬਾਲ ਸਾਹਿਤ ਬਹੁਤ ਪੱਛੜਿਆ ਪਿਆ ਹੈ ਕਿਉਂਕਿ ਭਰੂਣ ਲਈ ਤਾਂ ਕਿਸੇ ਨੇ ਕਹਾਣੀ ਘੜੀ ਹੀ ਨਹੀਂ ਤੇ ਨਾ ਹੀ ਨਵਜੰਮੇਂ ਜਾਂ ਦੋ ਮਹੀਨੇ ਦੇ ਬੱਚੇ ਲਈ | ਜਦੋਂ ਮਾਂ ਅਰਾਮ ਕਰਨ ਲਈ ਲੇਟਦੀ ਹੈ ਤਾਂ ਭਰੂਣ ਹਿਲਜੁਲ ਕਰਕੇ ਆਪਣਾ ਅਹਿਸਾਸ ਕਰਵਾਉਂਦਾ ਹੈ| ਜੇ ਉਸ ਵਕਤ ਵਾਪਸ ਹੱਥ ਰੱਖ ਕੇ ਉਸਨੂੰ ਸਹਿਲਾਇਆ ਜਾਏ ਤਾਂ ਉਹ ਜ਼ੋਰ ਜ਼ੋਰ ਦੀ ਹਿਲਦਾ ਹੈ ਕਿ ਮੈਂਨੂੰ ਤੁਹਾਡਾ ਪਿਆਰ ਭਰਿਆ ਸੁਨੇਹਾ ਮਿਲ ਗਿਆ ਹੈ| ਇਸ ਮੌਕੇ ਸੰਗੀਤ ਦੀਆਂ ਧੁਨਾਂ ਨੂੰ ਬੱਚਾ ਬਹੁਤ ਧਿਆਨ ਨਾਲ ਸੁਣਦਾ ਹੈ | ਮੱਧਮ ਤੇ ਸੁਖਾਵਾਂ ਸੰਗੀਤ ਉਸਨੂੰ ਭਾਉਂਦਾ ਹੈ ਤੇ ਉਸਦੀ ਮਾਨਸਿਕਤਾ ’ਤੇ ਵਧੀਆ ਅਸਰ ਪਾਉਂਦਾ ਹੈ | ਇਸ ਵਕਤ ਜੇ ਉਸਨੂੰ ਉਸਦਾ ਪਿਉ ਮੂੰਹ ਨੇੜੇ ਕਰਕੇ ਕਹਾਣੀ ਸੁਣਾਉਣਾ ਚਾਹੇ ਤਾਂ ਉਹ ਕਾਫੀ ਖੁਸ਼ ਹੁੰਦਾ ਹੈ| ਇਹ ਕਹਾਣੀ ਬਹੁਤ ਛੋਟੀ ਤੇ ਇਕ ਇਕ ਅੱਖਰ ਹੌਲੀ ਹੌਲੀ ਪਿਆਰ ਨਾਲ ਬੋਲ ਕੇ ਦੁਹਰਾਉਣੀ ਹੁੰਦੀ ਹੈ | ਇਸ ਵਿਚ ਭਰੂਣ ਦਾ ਫਰਜ਼ੀ ਨਾਂ ਲੈਣਾ ਜ਼ਰੂਰੀ ਹੁੰਦਾ ਹੈ ਜਿਸ ਨਾਲ ਉਸਨੂੰ ਸੰਬੋਧਨ ਕਰਨਾ ਹੋਵੇ | ਜਿਵੇਂ “ਸੋਨੂੰ, ਕੀ ਹਾਲ ਹੈ? ਪਾਪਾ ਬੋਲਦੇ ਨੇ | ਅੱਜ ਬਜ਼ਾਰ ਗਏ | ਤੇਰੇ ਲਈ ਬੂਟ ਲਏ |” ਦੁਬਾਰਾ ਫਿਰ ਇਹੀ ਦੁਹਰਾਉਣਾ | ਜਦੋਂ ਭਰੂਣ ਜਵਾਬੀ ਹੁੰਗਾਰੇ ਵਿਚ ਘਸੁੰਨ ਮਾਰ ਦੇਵੇ ਤਾਂ ਕਹਾਣੀ ਅੱਗੇ ਤੋਰੀ ਜਾ ਸਕਦੀ ਹੈ, “ਓ ਸੋਨੂੰ ਇਹ ਬੂਟ ਪਾਏਗਾ ?” ਨਾਲ ਨਾਲ ਚੁੰਮਣ ਦੀ ਅਵਾਜ਼ ਕੱਢਣੀ ਤੇ ਉਸਨੂੰ ਸਹਿਲਾਉਣਾ ਵੀ ਜ਼ਰੂਰੀ ਹੈ | ਗੌਰ ਵਾਲੀ ਗੱਲ ਇਹ ਹੈ ਕਿ ਦੋ ਸ਼ਬਦ ਹੀ ਵਾਰ ਵਾਰ ਦੁਹਰਾਏ ਗਏ | ‘ਸੋਨੂੰ’ ਤੇ ‘ਬੂਟ’ |
ਅਗਲੇ ਦਿਨ ਕਿਸੇ ਹੋਰ ਚੀਜ਼ ,ਜਿਵੇਂ ਕਮੀਜ਼ ਜਾਂ ਸਵੈਟਰ ਦੀ ਗੱਲ ਛੇੜ ਲਈ ਪਰ ਨਾਂ ‘ਸੋਨੂੰ’ ਜਾਂ ਕੋਈ ਵੀ ਹੋਰ ਫਰਜ਼ੀ ਨਾਂ ਉਹੀ ਰਹਿੰਦਾ ਹੈ | ਹੁਣ ਗੱਲ ਕਰੀਏ ਨਵਜੰਮੇਂ ਬੱਚੇ ਦੀ | ਉਹ ਆਪਣੀ ਹਰ ਗੱਲ ਅਲੱਗ ਅਲੱਗ ਕਿਸਮ ਦੇ ਰੋਣ ਨਾਲ ਸਮਝਾਉਂਦਾ ਹੈ ਤੇ ਉਸਦਾ ਹੁੰਗਾਰਾ ਉਸੇ ਅਵਾਜ਼ ਨੂੰ ਬਿਹਤਰ ਹੁੰਦਾ ਹੈ ਜਿਹੜਾ ਉਹ ਜਨਮ ਤੋਂ ਪਹਿਲਾਂ ਤੋਂ ਸੁਣ ਰਿਹਾ ਹੁੰਦਾ ਹੈ| ਮਸਲਨ ਹੁਣ ਉਹ ਕਹਾਣੀ ਕੁਝ ਇਸ ਤਰ੍ਹਾਂ ਦੀ ਸੁਣਨਾ ਚਾਹੁੰਦਾ ਹੈ ‘ਸੋਨੁੰ’ਐਹ ਮਾਮਾ ,ਐਹ ਪਾਪਾ ,| ਐਹ ਤੇਰੇ ਬੂਟ| ਸੋਨੂੰ ਨੇ ਨਵੇਂ ਬੂਟ ਪਾਏ| ਹੁਣ ਸੋਨੂੰ ਸੋਹਣਾ ਹੋ ਗਿਆ |”
ਕਹਾਣੀ ਸੁਣਾਉਣ ਦੇ ਨਾਲ ਅਵਾਜ਼ ਵਿਚ ਪਿਆਰ ਝਲਕਣਾ ਜ਼ਰੂਰੀ ਹੁੰਦਾ ਹੈ | ਇਹ ਦਰਅਸਲ ਜਾਣ ਪਛਾਂਣ ਦਾ ਦੌਰ ਹੁੰਦਾ ਹੈ ਜਿਸ ਵਿਚ ਬੱਚੇ ਦਾ ਦਾਇਰਾ ਆਪਣਿਆਂ ਤਕ ਸੀਮਤ ਹੁੰਦਾ ਹੈ ਤੇ ਉਹ ਕਹਾਣੀ ਵਿਚ ਜਾਣੇ ਪਛਾਣੇ ਲਫ਼ਜ਼ ਸੁਣ ਕੇ ਰੋਂਦਾ ਹੋਇਆ ਵੀ ਚੁੱਪ ਕਰ ਜਾਂਦਾ ਹੈ|
ਮਾਹਰ ਦਸਦੇ ਹਨ ਕਿ ਡੇਢ ਮਹੀਨੇ ਦੇ ਬੱਚੇ ਨੂੰ ਕਿਤਾਬ ਵਿਚੋਂ ਪੜ੍ਹਕੇ ਕਹਾਣੀ ਸੁਣਾਈ ਜਾ ਸਕਦੀ ਹੈ |ਕਿਤਾਬ ਨਾਲ ਬੱਚੇ ਦੀ ਇਹ ਪਹਿਲੀ ਮੁਲਾਕਾਤ ਹੁੰਦੀ ਹੈ| ਬੱਚੇ ਬਹੁਤ ਸਾਰੀਆਂ ਗੱਲਾਂ ਸੁਣਨੀਆਂ ਚਾਹੁੰਦੇ ਹਨ ਕਿਉਂਕਿ ਉਨਾਂ੍ਹ ਦਾ ਬਣਦਾ ਹੋਇਆ ਦਿਮਾਗ਼ ਨਵੇਂ ਸ਼ਬਦ ਸਮੇਟਣਾ ਸ਼ੁਰੂ ਕਰਦਾ ਹੈ ਤਾਂ ਜੋ ਅੱਗੇ ਜਾਂ ਕੇ ਇਨਾਂ੍ਹ ਸ਼ਬਦਾ ਨਾਲ ਦੇਖੀ ਹੋਈ ਚੀਜ਼ ਦੀ ਸਾਂਝ ਬਣਾ ਸਕੇ |ਅਸਲ ਵਿਚ ਸ਼ਬਦਾਂ ਦਾ ਤਾਂ ਬੱਚੇ ਨੂੰ ਮਤਲਬ ਪਤਾ ਹੀ ਨਹੀਂ ਹੁੰਦਾ | ਉਹ ਤਾਂ ਸਿਰਫ਼ ਮਾਂ ਜਾਂ ਪਿਉ ਦੇ ਪਿਆਰ ਨਾਲ ਬੋਲਣ ਦੇ ਅੰਦਾਜ਼ ’ਤੇ ਹੀ ਫ਼ਿਦਾ ਹੋ ਜਾਂਦਾ ਹੈ ਤੇ ਸਦੀਵੀ ਸਾਂਝ ਗੰਢ ਲੈਂਦਾ ਹੈ|
ਤਿੰਨ ਮਹੀਨੇ ਦਾ ਬੱਚਾ ਤਾਂ ਮਾਂ ਜਾਂ ਪਿਉ ਦੀ ਅਵਾਜ਼ ਸੁਣ ਕੇ ਉਧਰ ਮੂੰਹ ਵੀ ਘੁਮਾਉਂਦਾ ਹੈ ਤੇ ਹਲਕੀ ਮੁਸਕਰਾਹਟ ਵੀ ਬਿਖੇਰਦਾ ਹੈ| ਇਸ ਉਮਰ ’ਤੇ ਉਹ ਕਹਾਣੀ ਦਾ ਹੁੰਗਾਰਾ ਵੀ ਆਪਣੀ ਪਿਆਰੀ ‘ਊ ਊ’ ਨਾਲ ਕਰਦਾ ਹੈ | ਇਸ ਊਮਰ ਦੀ ਕਹਾਣੀ ਕੁਝ ਇਸ ਤਰਾਂ੍ਹ ਦੀ ਹੋ ਸਕਦੀ ਹੈ-“ਇਕ ਮਗਰਮੱਛ ਸੀ| ਇਕ ਬਾਂਦਰ ਤੋਂ ਉਸਨੇ ਜਾਮਣ ਮੰਗੇ | ਮਗਰਮੱਛ ਜਾਮਣ ਖਾ ਕੇ ਘੁੰਮਣ ਚਲਾ ਗਿਆ |” ਇਸ ਕਹਾਣੀ ਵਿਚ ਮਾਂ ਵੱਲੋਂ ਅੱਖਾਂ ਘੁਮਾਉਣੀਆਂ ,ਮੂੰਹ ਵੱਡਾ ਛੋਟਾ ਜਾਂ ਗੋਲ ਖੋਲ੍ਹਣਾ ਤੇ ਰੱਜ ਕੇ ਮੁਸਕਰਾਉਣਾ ਜ਼ਰੂਰੀ ਹੈ ਕਿਉਂਕਿ ਬੱਚੇ ਨੂੰ ਮਗਰਮੱਛ ਜਾਂ ਬਾਂਦਰ ਦੀ ਉੱਕਾ ਸਮਝ ਨਹੀਂ ਹੁੰਦੀ | ਇਸ ਉਮਰ ਵਿਚ ਜੇ ਬੱਚਾ ਹੀ ਕਹਾਣੀ ਸੁਣਨਾ ਚਾਹੇ ਤਾਂ ਆਪਣੀ ‘ਊ ਊ’ ਕਰਕੇ ਬੁਲਾੳਂੁਦਾ ਹੈ |ਜੇ ਤਾਂ ਮਾਪੇ ਟੀ.ਵੀ. ਜਾਂ ਅਖਬਾਰ ਵਿਚ ਮਗਨ ਹਨ ਤੇ ਉਸਦੀ ‘ਊ ਊ’ ਨਹੀਂ ਸੁਣਦੇ ਤਾਂ ਬੱਚਾ ਆਪੇ ਹੀ ਚੁੱਪ ਹੋ ਜਾਂਦਾ ਹੈ ਜਾਂ ਰੋਣਾ ਸ਼ੁਰੂ ਕਰ ਦਿੰਦਾ ਹੈ | ਕਈ ਵਾਰ ਬੱਚਾ ਆਪਣੀ ਸਾਂਝ ਹੀ ਮਾਪਿਆਂ ਨਾਲ ਘਟਾ ਦਿੰਦਾ ਹੈ|
ਜੇ ਮਾਪੇ ‘ਊ ਊ’ਦਾ ਜਵਾਬੀ ਹੁੰਗਾਰਾ ‘ਉ ਊ’ ਜਾਂ ‘ਤੂ ਰੂ’ ਆਦਿ ਕਹਿ ਕੇ ਹੀ ਸਾਰ ਦੇਣ ਤਾਂ ਬੱਚਾ ਸਮਝ ਲੈਂਦਾ ਹੈ ਕਿ ਮਾਪੇ ਵੀ ਮੇਰੇ ਵਾਂਗ ਗੁੰਗੇ ਹੀ ਹਨ ,ਅੱਗੋਂ ਗੱਲ ਕਰਨ ਦਾ ਕੋਈ ਫਾਇਦਾ ਨਹੀਂ | ਜੇ ਮਾਪੇ ਇਹ ਸੁਨੇਹਾ ਸਮਝ ਕੇ ਕਹਾਣੀ ਸੁਣਾਉਣ ਲਗ ਪੈਣ ਤਾਂ ਬੱਚਾ ਜ਼ਿਆਦਾ ਸ਼ਬਦ ਸੁਣਨ ਨਾਲ ਲਾਇਕ ਬਣਨਾ ਸ਼ੁਰੂ ਹੋ ਜਾਂਦਾ ਹੈ|
ਚਾਰ ਤੋਂ ਛੇ ਮਹੀਨੇ ਦੇ ਬੱਚੇ ਦੀ ਕਹਾਣੀ ਵਿਚ ਅਵਾਜ਼ਾਂ ਹੋਣੀਆਂ ਬਹੁਤ ਜ਼ਰੂਰੀ ਹਨ ਤੇ ਇਸ਼ਾਰੇ ਵੀ | ਕਿਉਕਿ ਬੱਚਾ ‘ਬਾ’ ‘ਮਾਂ’ ਅੱਖਰ ਆਪ ਵੀ ਬੋਲਣ ਦੀ ਕੋਸ਼ਿਸ਼ ਕਰਦਾ ਹੈ ਇਸੇ ਲਈ ਕਹਾਣੀ ਵਿਚਲੇ ਬਹੁਤੇ ਅੱਖਰ ਇਨਾਂ੍ਹ ਅੱਖਰਾਂ ਤੋਂ ਸ਼ੁਰੂ ਹੋਣੇ ਚਾਹੀਦੇ ਹਨ | ਕਹਾਣੀ ਕੁਝ ਇਸ ਤਰਾਂ੍ਹ ਹੋ ਸਕਦੀ ਹੈ , “ ਬਿੱਲੀ ਬੋਲੀ ਮਿਆੳਂੂ | ਮੰਮੀ ਵੀ ਬੋਲੀ ਮਿਆੳਂੂ | ਬੱਕਰੀ ਬੋਲੀ ਮੇਂ ਮੇਂ |” ਗਾਣਾ ਸੁਣਨ ਨੂੰ ਵੀ ਬੱਚਾ ਤਰਜੀਹ ਦਿੰਦਾ ਹੈ ਤੇ ਮਾਂ ਵੱਲੋਂ ਸੁਣਾਇਆ ਗਾਣਾ ਜਾਂ ਲੋਰੀ ਵੀ ਖੁਸ਼ ਹੋ ਕੇ ਸੁਣਦਾ ਹੈ ਤੇ ਗਾਣੇ ਵਿਚ ਵੀ ਆਪਣੀ ਕੂ ਕੂ ਨਾਲ ਰਸ ਭਰ ਦਿੰਦਾ ਹੈ|
ਸੱਤ ਮਹੀਨੇ ਤੋਂ ਇਕ ਸਾਲ ਦਾ ਬੱਚਾ ਆਪਣਾ ਨਾਂ ਪਛਾਣਦਾ ਹੈ ਤੇ ਆਮ ਚੀਜ਼ਾਂ ਜਿਵੇਂ ਕੱਪ ,ਗਿਲਾਸ ,ਪਾਣੀ ਆਦਿ ਵੀ ਪਛਾਣਨ ਲਗ ਪੈਂਦਾ ਹੈ| ਉਹ ‘ਆ ਜਾ’ , ‘ਟਾ ਟਾ , ਤੇ ‘ਨਾ’ ਜਾਂ ‘ਹਾਂ’ ਵਾਚਕ ਅੱਖਰ ਤੇ ਉਨਾਂ੍ਹ ਸ਼ਬਦਾਂ ਦੇ ਮਤਲਬ ਵੀ ਸਮਝਣ ਲੱਗ ਪੈਂਦਾ ਹੈ| ਬੱਚਾ ਮਾਪਿਆਂ ਵੱਲੋਂ ਕੱਢੀਆਂ ਅਵਾਜ਼ਾਂ ਦੁਹਰਾੳਂੁਦਾ ਵੀ ਹੈ|
ਇਹ ਭਾਸ਼ਾ ਵਿਗਿਆਨੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਬੱਚਾ ਛੇ ਮਹੀਨਿਆਂ ਦੀ ਉਮਰ ਤੋਂ ਹੀ ਆਪਣੀ ਮਾਂ ਬੋਲੀ ਦੀਆਂ ਧੁਨੀਆਂ ਨੂੰ ਬੋਲਣ ਦਾ ਤਰੀਕਾ ਮਾਂ ਦੇ ਹਿਲਦੇ ਬੁੱਲਾਂ ਨਾਲ ਜੋੜ ਕੇ ਸਿਖ ਲੈਂਦਾ ਹੈ ਕਿ ‘ਆ’ ਲਫ਼ਜ਼ ਲਈ ਕਿਵੇਂ ਦਾ ਮੂੰਹ ਖੋਲ੍ਹਣਾ ਹੈ ਤੇ ‘ਈ’ ਲਫ਼ਜ਼ ਲਈ ਕਿਵੇਂ ਦਾ ਇਸੇ ਲਈ ਉਹ ਆਪਣਾ ਜਬਾੜਾ ਬੁੱਲ੍ਹ ਤੇ ਜੀਭ ਨੂੰ ਅਲੱਗ ਅਲੱਗ ਤਰੀਕੇ ਨਾਲ ਤਾਲ ਮੇਲ ਕਰਕੇ ਵੱਖਰੀਆਂ ਵੱਖਰੀਆਂ ਅਵਾਜ਼ਾਂ ਕੱਢਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਸ ਤਰਾਂ੍ਹ ਦੇ ਤਾਲ ਮੇਲ ਨਾਲ ਕਿਹੜੀ ਤਰਾਂ੍ਹ ਦੀ ਅਵਾਜ਼ ਨਿਕਲੇਗੀ |
ਨੌੌ ਕੁ ਮਹੀਨਿਆਂ ਦਾ ਬੱਚਾ ਤਾਂ “ਬਲਾ, ਵਲਾ ,ਊ,ਬਾ, ਕੀ” ਆਦਿ ਊਟਪਟਾਂਗ ਅਵਾਜ਼ਾਂ ਕੱਢ ਕੇ ਆਪਣੀ ਪੂਰੀ ਗੱਲ ਸਮਝਾ ਵੀ ਦਿੰਦਾ ਹੈ |
ਸੱਤ ਮਹੀਨਿਆਂ ਤੋਂ ਇਕ ਸਾਲ ਦਾ ਬੱਚਾ ਕੁੱਝ ਅਜਿਹੀ ਕਹਾਣੀ ਵਿਚ ਜ਼ਿਆਦਾ ਧਿਆਨ ਦਿੰਦਾ ਹੈ ਜਿਸ ਵਿਚ ਜਾਣੀਆਂ ਪਛਾਂਣੀਆਂ ਚੀਜਾਂ ਹੋਣ ਤੇ ਅਵਾਜ਼ਾਂ ਦੀ ਖੁੱਲ੍ਹੀ ਵਰਤੋ ਕੀਤੀ ਗਈ ਹੋਵੇ | ਇਹ ਜਰੂਰੀ ਹੈ ਕਿ ਕਹਾਣੀ ਵਿਚਲੀਆਂ ਚੀਜ਼ਾਂ ਨਾਲ ਬੱਚੇ ਦੀ ਜਾਣ ਪਛਾਣ ਨਾਲ ਦੀ ਨਾਲ ਹੀ ਕੀਤੀ ਜਾਵੇ| ਜਿਵੇਂ, “ਇਕ ਚਿੜੀ ਸੀ, ਅੋਹ ਵੇਖ ਚਿੜੀ ਬੈਠੀ | ਚਿੜੀ ਕਹਿੰਦੀ ਚੀਂ ਚੀਂ, ਅੱਜ ਮੈਂ ਸੋਨੂੰ ਦੇ ਗਿਲਾਸ ਵਿਚੋਂ ਦੁੱਧ ਪੀ ਲੈਣਾ | ਉਹ ਵੇਖ ਬਿੱਲੀ ਆਈ, ਐਹ ਬਿੱਲੀ ਕਹਿੰਦੀ ,ਮਿਆੳਂੂ ਮਿਆੳਂੂ, ਮੈਂ ਪੀਵਾਂਗੀਂ ਸੋਨੂੰ ਦੇ ਗਿਲਾਸ ਵਿਚੋਂ ਦੁੱਧੂ | ਫੇਰ ਕੁੱਤਾ ਆ ਗਿਆ |ਅੋਹ ਰਿਹਾ, ਵਾਊ, ਵਾਊ, ਕਰਦਾ | ਕੁੱਤਾ ਕਹਿੰਦਾ ਵਾਊ ਵਾਊ ਮੈਂ ਪੀਵਾਂਗਾ ਸੋਨੂੰ ਦਾ ਦੁੱਧ| ਸੋਨੂੰ ਸਭ ਤੋਂ ਤਗੜਾ ਸੀ | ਸੋਨੂੰ ਨੇ ਫਟਾਫਟ ਗਿਲਾਸ ਵਿਚੋਂ ਦੁੱਧ ਪੀ ਲਿਆ| ਚਿੜੀ ਚੀਂ ਚੀਂ ਕਰਕੇ ਉੱਡ ਗਈ | ਕੁੱਤਾ ਵਾਊ ਵਾਊ ਕਰਦਾ ਭੱਜ ਗਿਆ | ਬਿੱਲੀ ਵੀ ਮਿਆਊਂ ਮਿਆਊਂ ਕਰਦੀ ਭੱਜ ਗਈ |”
ਅਜਿਹੀ ਕਹਾਣੀ ਵਿਚ ਬੱਚਾ ਆਪਣੇ ਆਪ ਨੂੰ ਸ਼ਾਮਲ ਸਮਝਦਾ ਹੈ ਤੇ ਅਵਾਜ਼ਾਂ ਬੋਲਣ ਦੀ ਕੋਸ਼ਿਸ਼ ਵੀ ਕਰਦਾ ਹੈ | ਕਹਾਣੀ ਸਰਲ ਬੋਲੀ ਤੇ ਮਾਂ ਬੋਲੀ ਵਿਚ ਹੀ ਹੋਣੀ ਚਾਹੀਦੀ ਹੈ ਤਾਂ ਜੋ ਬੱਚੇ ਦੇ ਸਾਫ ਸਲੇਟ ਵਰਗੇ ਦਿਮਾਗ਼ ਦੇ ਕੰਪਿਊਟਰ ਵਿਚ ਠੀਕ ਚੀਜ਼ਾਂ ਭਰੀਆਂ ਜਾਂ ਸਕਣ | ਇਸ ਤਰਾਂ੍ਹ ਉਹ ਨਵੇਂ ਅੱਖਰ ਛੇਤੀ ਸਿੱਖਦਾ ਹੈ |
ਇਸ ਉਮਰ ਦੀ ਕਹਾਣੀ ਵਿਚ ਰੰਗ ਦੀ ਵਰਤੋਂ ਵੀ ਕੀਤੀ ਜਾਣੀ ਚਾਹੀਦੀ ਹੈ | ਜਿਵੇਂ, ਸੋਨੂੰ ਦੀ ਲਾਲ ਪੈਂਟ ਤੇ ਪੀਲਾ ਫੁੱਲ ਐ | ਨੀਟੂ ਕਹਿੰਦੀ ਐ ਮੈਂ ਇਹ ਫੁੱਲ ਲੈਣਾ | ਇਸ ਫੁੱਲ ਨਾਲ ਹਰੇ ਪੱਤੇ ਨੇ”ਆਦਿ |
ਕਹਾਣੀਆਂ ਵਿਚ ਗਿਣਤੀ ਵੀ ਸ਼ਾਮਲ ਕਰ ਲੈਣੀ ਚਾਹੀਦੀ ਹੈ | ਜਿਵੇਂ, ਆਪਣੀ ਇਕ ੳਂੁਗਲ ਚੁੱਕ ਕੇ ਵਿਖਾਉ ਤੇ ਕਹੋ, “ਸੋਨੂੰ ਐਹ ਇਕ ਗੇਂਦ’| ਇਸ ਦੇ ਨਾਲ ਹੀ ਗੇਂਦ ਨੂੰ ਚੁੱਕ ਕੇ ਵਿਖਾ ਵੀ ਦਿਉ | ਫੇਰ ਦੂਜੀ ਉੱਗਲ ਚੁੱਕ ਕੇ ‘ਦੋ’ ਬੋਲੋ ਆਦਿ|
ਇਸ ਊਮਰ ਤੋਂ ਹੀ ਬੱਚੇ ਦੇ ‘ਊ ਊ’ ਦਾ ਜਵਾਬੀ ਹੁੰਗਾਰਾ ਇਸ ਤਰਾਂ੍ਹ ਹੋਣਾ ਜ਼ਰੂਰੀ ਹੈ “ ਅੱਛਾ ਫੇਰ ਕੀ ਹੋਇਆ ? ਹੋਰ ਸੁਣਾ ? ਆ ਹਾ | ਸੱਚੀਂ ? ਸੋਨੂੰ ਐਨਾ ਕੁਝ ਸੁਣਾ ਰਿਹਾ ! ਇਸ ਨਾਲ ਬੱਚੇ ਨੂੰ ਹੋਰ ਬੋਲਣ ਦਾ ਉਤਸ਼ਾਹ ਮਿਲਦਾ ਹੈ ਕਿ ਸ਼ਾਇਦ ਉਹ ਵੀ ਕਹਾਣੀ ਸੁਣਾ ਸਕਦਾ ਹੈ| ਇਸ ਤਰਾਂ੍ਹ ਕਈ ਵਾਰ ਬੱਚਾ ਆਪਣੀ ਭੁੱਖ ਵੀ ਭੁੱਲ ਕੇ ਘੰਟਿਆਂ ਬੱਧੀ ‘ਊ ਆ’ ਹੀ ਕਰਦਾ ਰਹਿੰਦਾ ਹੈ |
ਇਸੇ ਊਮਰ ਦੇ ਬੱਚੇ ਨਾਲ ਕਹਾਣੀ ਸੁਣਾਉਦਿਆਂ ਹੋਇਆਂ ਤਾੜੀ ਮਾਰਨੀ, ਲੁਕਾ ਛਿਪੀ ਕਰਨੀ ਜਾਂ ਹੱਟ ਮੱਖੀ ਦੌੜ ਜਾਂ ਮੇਰਾ ਸੋਨੂੰ ਕਹਾਣੀ ਸੁਣਾ ਰਿਹਾ ਹੈ ਆਦਿ ਕਹਿਣਾ ਚਾਹੀਦਾ ਹੈ ਕਿਉਂਕਿ ਇਸ ਤਰਾਂ੍ਹ ਕਹਾਣੀ ਸੁਣਾਉਂਦਿਆਂ ਸੁਣਾਉਂਦਿਆਂ ਹੀ ਬੱਚੇ ਨੂੰ ਏਨੇ ਢੇਰ ਸਾਰੇ ਲਫ਼ਜ਼ ਮਿਲ ਜਾਂਦੇ ਹਨ ਕਿ ਉਹ ਲਗਪਗ ਆਪਣੀ ਮਾਂ ਬੋਲੀ ਦੇ ਹਰ ਪਹਿਲੂ ਤੋਂ ਵਾਕਫ਼ ਹੋਣ ਲੱਗ ਪੈਂਦਾ ਹੈ ਤੇ ਇਹ ਸਭ ਉਸਦੇ ਅਚੇਤ ਦਿਮਾਗ਼ ਵਿਚ ਕਦੋਂ ਸਦੀਵੀ ਛਾਂਪ ਛਡ ਦਿੰਦੇ ਹਨ, ਪਤਾ ਹੀ ਨਹੀਂ ਲਗਦਾ|
ਇਕ ਤੋਂ ਦੋ ਸਾਲ ਦਾ ਬੱਚਾ ਨਿੱਕੇ ਨਿੱਕੇ ਚਾਰ ਜਾਂ ਪੰਜ ਅੱਖਰਾਂ ਦੇ ਸੌਖੇ ਗੀਤ ਸਿਖਣਾ ਤੇ ਸੁਣਨਾ ਚਾਹੁੰਦਾ ਹੈ ਜਿਵੇਂ “ਮੋਟਾ ਸੇਠ ,ਸੜਕ ਪਰ ਲੇਟ, ਆ ਗਈ ਮੋਟਰ, ਦਬ ਗਿਆ ਪੇਟ’’ ਆਦਿ | ਇਸ ਉਮਰ ਦੀਆਂ ਕਹਾਣੀਆਂ ਛੋਟੀਆਂ ਪਰ ਸੌਖੇ ਲਫ਼ਜ਼ਾਂ ਨਾਲ ਭਰਪੂਰ ਹੋਣੀਆਂ ਚਾਹੀਦੀਆਂ ਹਨ | ਵੱਡੇ ਅੱਖਰ ਜਿਵੇਂ ਉਨੀਂਦਰਾ, ਉੱਦਮ, ਵਧੀਕੀਆਂ, ਆਦਿ ਨਾਲ ਬੱਚੇ ਦਾ ਧਿਆਨ ਕਹਾਣੀ ਵੱਲੋਂ ਟੁੱਟਣ ਲਗ ਪੈਂਦਾ ਹੈ ਕਿਉਂਕਿ ਉਸ ਦਾ ਦਿਮਾਗ਼ ਉਸ ਨਵੇਂ ਲਫ਼ਜ਼ ਦੀ ਕੋਡਿੰਗ ਅਨਕੋਡਿੰਗ ਵਿਚ ਹੀ ਰੁੱਝਿਆ ਰਹਿ ਜਾਂਦਾ ਹੈ|
ਕਹਾਣੀ ਵਿਚ ਹੋਰ ਅਪਣੱਤ ਭਰਨ ਲਈ ਅਤੇ ਬੱਚੇ ਦਾ ਰੁਝਾਨ ਵਧਾਉਣ ਲਈ ਕਹਾਣੀ ਵਿਚ ਰਲਵੇਂ ਮਿਲਵੇਂ ਲਫ਼ਜ਼ ਭਰਨੇ ਚਾਹੀਦੇ ਹਨ ਜਿੰਨਾਂ੍ਹ ਦਾ ਕੋਈ ਮਤਲਬ ਨਿਕਲਦਾ ਹੋਵੇ ਯਾਨੀ ਊਲ ਜਲੂਲ ਅੱਖਰ ਜਿਵੇਂ ‘ਸੋਨੂੰ ਦਾ ਮੋਨੂੰ’ , ‘ਨਿੱਕੂ ਦਾ ਮਿੱਕੂ’, ਜਾਂ ਉਹ ਡੱਡੂ ਤਾਂ ਬਿਲਕੁਲ ‘ਟੱਪੂ ਦਾ ਪੱਪੂ’ ਈ ਐ,ਆਦਿ |
ਅਜਿਹੀ ਕਹਾਣੀ ਸੁਣਦੇ ਹੋਏ ਬੱਚੇ ਦਾ ਪੂਰਾ ਧਿਆਨ, ਉਸਦੀ ਮੁਸਕਰਾਹਟ ਤੇ ਵਿਚ ਵਿਚ ਖਿੜਖਿੜਾ ਕੇ ਹੱਸਣਾ ਇਹ ਸਾਬਤ ਕਰ ਦਿੰਦਾ ਹੈ ਕਿ ਅਜਿਹੀ ਕਹਾਣੀ ਉਹ ਸੁਣਨਾ ਚਾਹੁੰਦਾ ਹੈ|
ਆਪਣੇ ਹਮਉਮਰ ਬੱਚਿਆਂ ਨਾਲ ਤੇ ਜਾਨਵਰਾਂ ਨਾਲ ਤਾਂ ਏਨਾ ਲਗਾਉ ਹੁੰਦਾ ਹੈ ਕਿ ਇਸ ਉਮਰ ਦੇ ਬੱਚੇ ਜਾਨਵਰਾਂ ਦੀਆਂ ਕਹਾਣੀਆਂ ਜਾਂ ਕਾਰਟੂਨ ਚੈਨਲ ਵੇਖਣਾ ਵੀ ਪਸੰਦ ਕਰਦੇ ਹਨ | ਕਹਾਣੀ ਵਿਚ ਛੋਟੇ ਤੇ ਅੱਛੇ ਜਾਨਵਰ ਦੀ ਵੱਡੇ ਤੇ ਖੂੰਖਾਰ ਜਾਨਵਰ ਉੱਤੇ ਜਿੱਤ ਹੀ ਦਰਸਾਉਣੀ ਚਾਹੀਦੀ ਹੈ ਜਿਵੇਂ ਨਿੱਕੇ ਚੂਹੇ ਨੇ ਕਿਵੇਂ ਵੱਡੀ ਤੇ ਖੁੰੂਖਾਰ ਬਿੱਲੀ ਤੋਂ ਬਚ ਕੇ ਉਸਨੂੰ ਸਬਕ ਸਿਖਾ ਦਿੱਤਾ | ਆਪਣੇ ਸਰੀਰ ਦੇ ਅੰਗਾਂ ਬਾਰੇ ਵੀ ਬੱਚੇ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਕਹਾਣੀ ਵਿਚਲੇ ਪਾਤਰ ਦੇ ਅੰਗਾਂ ਬਾਰੇ ਬੋਲ ਕੇ ਨਾਲ ਦੀ ਨਾਲ ਬੱਚੇ ਦੇ ਅੰਗ ਵੀ ਟੋਹ ਕੇ ਊਸਨੂੰ ਦਸ ਦੇਣੇ ਚਾਹੀਦੇ ਹਨ| ਜਿਵੇਂ ਚੂਹੇ ਨੇ ਬਾਂਹ ਚੁੱਕ ਕੇ ਆਪਣੇ ਡੌਲੇ ਵਿਖਾਏ, ਆਹ ਦੇਖ ਤੇਰੀ ਬਾਂਹ | ਇਸ ਤਰਾਂ੍ਹ ਬੋਲਣ ਦੇ ਨਾਲ ਬੱਚੇ ਦੀ ਬਾਂਹ ਚੁੱਕ ਕੇ ਉਸ ਦੇ ਡੌਲੇ ਟੋਹ ਕੇ ਵੀ ਵਿਖਾ ਦਿਉ|
ਇਸ ਉਮਰ ਦੀਆਂ ਕਵਿਤਾਵਾਂ ਜਾਂ ਗਾਣੇ ਵੀ ਲੈਅ ਵਾਲੇ ਹੋਣੇ ਚਾਹੀਦੇ ਹਨ ਜਿਸ ਨਾਲ ਬੱਚਾ ਕੁੱਝ ਲੱਤ ਪੈਰ ਹਿਲਾ ਵੀ ਸਕੇ | ਜੇ ਕਿਤੇ ਜੰਮਣ ਤੋਂ ਪਹਿਲਾਂ ਵਾਲਾ ਮਧੁਰ ਸੰਗੀਤ ਲਾ ਦਿੱਤਾ ਜਾਵੇ ਤਾਂ ਬੱਚਾ ਮਸਤ ਹੁੰਦਾ ਵੇਖਿਆ ਜਾ ਸਕਦਾ ਹੈ |ਏਥੇ ਇਹ ਸਮਝਣਾ ਜ਼ਰੂਰੀ ਹੈ ਕਿ ਕਾਮ ਭੜਕਾਊ ਗਾਣੇ ਇਸ ਉਮਰ ਵਿਚ ਸੁਣਨ ਨਾਲ ਬੱਚੇ ਦੀ ਮਾਨਸਿਕਤਾ ਹਮੇਸ਼ਾ ਲਈ ਬੀਮਾਰ ਹੋ ਸਕਦੀ ਹੈ|
ਕਿਤਾਬ ਵਿਚੋਂ ਕਹਾਣੀ ਵਿਚਲੀ ਫੋਟੋ ਵਿਖਾ ਕੇ ਕਹਾਣੀ ਸੁਣਾਈ ਜਾਏ ਤਾਂ ਕਹਾਣੀ ਵਿਚ ਬੱਚੇ ਦਾ ਰੁਝਾਨ ਹੋਰ ਵੀ ਵਧ ਜਾਂਦਾ ਹੈ | ਦੂਜੀ ਵਾਰ ਕਹਾਣੀ ਸੁਣਾਉਣ ਲੱਗਿਆਂ ਬੱਚੇ ਤੋਂ ਤਸਵੀਰ ੳੁੱਤੇ ਉਂਗਲ ਲਗਵਾਉਣੀ ਚਾਹੀਦੀ ਹੈ | ਫਰਜ਼ ਕਰੋ ਜੇ ਤਸਵੀਰ ਘੋੜੇ ਦੀ ਹੈ ਤਾਂ ਬੱਚਾ ਘੋੜੇ ਦੀ ਤਸਵੀਰ ਨਾਲ ਘੋੜਾ ਸ਼ਬਦ ਵੀ ਜੋੜ ਲਵੇਗਾ ਤੇ ਨਾਲ ਦੀ ਨਾਲ ਘੋੜੇ ਦੀ ਅਵਾਜ਼ ਵੀ ਸਮਝ ਲਵੇਗਾ | ਇਹ ਉਸੇ ਦੇ ਵਧਦੇ ਦਿਮਾਗ਼ ਲਈ ਜ਼ਰੂਰੀ ਹੈ| ਇਸ ਨਾਲ ਬੱਚੇ ਦੀ ਯਾਦਾਸ਼ਤ ਵੀ ਵਧਦੀ ਹੈ |
ਨਹਾਉਣ ਦਾ ਵਕਤ ਤਾਂ ਇਸ ਉਮਰ ਵਿਚ ਅਵਾਜ਼ਾਂ ਭਰਪੂਰ ਹੋਣਾ ਚਾਹੀਦਾ ਹੈ| ਬੱਚੇ ਨੂੰ ਪਾਣੀ ਦੀ ਅਵਾਜ਼, ਬੁਲਬੁਲੇ ਕੱਢਣ ਦੀ ਅਵਾਜ਼, ਘੜੀ ਦੀ ਟਿਕ ਟਿਕ, ਇੰਜਨ, ਹਵਾਈ ਜਹਾਜ਼, ਤੇ ਵੱਖਰੇ ਵੱਖਰੇ ਜਾਨਵਰਾਂ ਦੀਆਂ ਅਵਾਜ਼ਾ, ਪੀੜ੍ਹੀ ਘੜੀਸਣ ਦੀ ਅਵਾਜ਼, ਕੱਪ ਡਿੱਗਣ ਦੀ ਅਵਾਜ਼ ਆਦਿ ਨਾਲ ਵਾਕਫੀਅਤ ਜ਼ਰੂਰੀ ਹੈ| ਇਸ ਤਰਾਂ੍ਹ ਨਰਸਰੀ ਵਿਚ ਜਦੋਂ ਅਵਾਜ਼ਾ ਸਿਖਾਈਆਂ ਜਾਂਦੀਆਂ ਹਨ ਤਾਂ ਬੱਚਾ ਸਕਿੰਟਾ ਵਿਚ ਹੀ ਦਿਮਾਗ L ਵਿਚੋਂ ਅਨਕੋਡਿੰਗ ਕਰਕੇ ਸਿਖ ਲੈਂਦਾ ਹੈ |
ਬੱਚੇ ਦੇ ਇਕ ਲਫ਼ਜ਼ ਤੋਂ ਅੱਗੇ ਕਹਾਣੀ ਘੜ ਲਈਦੀ ਹੈ | ਜਿਵੇਂ ਬੱਚੇ ਨੇ ਲਫ਼ਜ਼ ਬੋਲਿਆ ਕਾਰ | ਤਾ ਅੱਗੇ ਮਾਂ ਨੂੰ ਚਾਹੀਦਾ ਹੈ ਕਹੇ, ‘ਕਾਰ ਚੱਲੀ, ਸੋਨੂੰ ਨੂੰ ਲੈ ਕੇ ਦੂਰ ਜੰਗਲ ਵਿਚ ਗਈ, ਉੱਥੇ ਸੋਨੂੰ ਨੇ ਹਾਥੀ ਵੇਖਿਆ| ਹਾਥੀ ਨੇ ਜੋLਰ ਦੀ ਚਿੰਘਾੜ ਕੇ ਸੋਨੂੰ ਨੂੰ ਸਤਿ ਸ੍ਰੀ ਅਕਾਲ ਕਹੀ | ਹਾਥੀ ਕਿਵੇਂ ਚਿੰਘਾੜਿਆਂ ਵੌ ੳ|’
ਦੋ ਤੋਂ ਤਿੰਨ ਸਾਲ ਦੇ ਬੱਚੇ ਦੀ ਸਮਝ ਕੁਝ ਜ਼ਿਆਦਾ ਹੋ ਜਾਂਦੀ ਹੈ | ਉਹ ਦਰਵਾਜੇL ਦੀ ਘੰਟੀ, ਉੱਪਰ ਜਾਣਾ, ਥੱਲੇ ਉਤਰਨਾ ਬਾਰੇ ਪੂਰੀ ਤਰਾਂ੍ਹ ਸਮਝ ਲੈਂਦਾ ਹੈ | ਗੱਲ ਬਾਤ ਵਿਚ ਵੀ ਕ੍ਰਿਆ ਬਾਰੇ ਸਮਝਣ ਲਗ ਪੈਂਦਾ ਹੈ ਜਿਵੇਂ ‘ਗੇਂਦ ਲਿਆ ਕੇ ਮੇਰੇ ਵੱਲ ਸੁੱਟ|’ ਟੈਲੀਵੀਜ਼ਨ ਨਾ ਵੇਖਦੇ ਹੋਏ ਵੀ ਉਹ ਦੂਜੇ ਕਮਰੇ ਵਿਚੋਂ ਹੀ ਅਵਾਜ਼ ਸੁਣ ਕੇ ਇਸ਼ਤਿਹਾਰ ਬਾਰੇ ਦੱਸ ਸਕਦਾ ਹੈ| ਚੀਜ਼ਾਂ ਦਾ ਨਾਂ ਲੈ ਕੇ ਬੱਚਾ ਪੁੱਛਣਾ ਵੀ ਸ਼Lੁਰੂ ਕਰ ਦਿੰਦਾ ਹੈ, “ ਮੇਰਾ ਬਸਤਾ ਕਿੱਥੇ ?” ਜਾਂ “ਮੰਮੀ ਕਿੱਥੇ?” ਇਸ ਵੇਲੇ ਬੱਚੇ ਨੂੰ ਸਿਖਾਉਣ ਦਾ ਤਰੀਕਾ ਵੱਖਰਾ ਹੋ ਜਾਂਦਾ ਹੈ| ਫਰਜ਼ ਕਰੋ ਬੱਚੇ ਨੇ ਕਿਹਾ, “ਫੁੱਲ’ ਮਾਪੇ ਕਹਿਣਗੇ, ਹਾਂ ‘ਸੋਹਣਾ ਫੁੱਲ, ਲਾਲ ਰੰਗ ਦਾ ਐ| ਖੁਸ਼ਬੂ ਵੀ ਸੋਹਣੀ ਹੈ| ਮੇਰਾ ਸੋਨੂੰ ਸੁੰਘੇਗਾ ?’ਇਸ ਤਰੀਕੇ ਨਾਲ ਫੁੱਲ ਦੀ ਪੂਰੀ ਜਾਣਕਾਰੀ ਬੱਚੇ ਨੂੰ ਮਿਲ ਗਈ | ਇਹੀ ਕੁਝ ਕਹਾਣੀ ਦੀ ਕਿਤਾਬ ‘ਤੇ ਲਿਖਿਆ ਹੋਣਾ ਚਾਹੀਦਾ ਹੈ|
ਜੇ ਭੈਣ ਬਾਰੇ ਕਹਿਣਾ ਹੋਵੇ ਤਾਂ ਕਿਹਾ ਜਾਂ ਸਕਦਾ ਹੈ, “ਦੀਦੀ ਕੁੜੀ, ਵੱਡੀ ਹੋ ਕੇ ਮੰਮੀ ਵਾਂਗ ਔਰਤ| ਸੋਨੂੰ ਮੁੰਡਾ ਵੱਡਾ ਹੋ ਕੇ ਪਾਪਾ ਵਾਂਗ ਆਦਮੀ |”
ਇਸੇ ਹੀ ਤਰਾਂ੍ਹ ਕੋਈ ਚੀਜ਼ ਬਾਲਟੀ ਵਿਚ ਪਾ ਕੇ, ਬੱਚੇ ਤੋਂ ਕਢਵਾ ਕੇ ਉਸ ਚੀਜ਼ ਦਾ ਵਿਸਥਾਰ ਦੱਸਿਆ ਜਾ ਸਕਦਾ ਹੈ|
ਕਹਾਣੀ ਦੀ ਕਿਤਾਬ ਚੁੱਕ ਕੇ ਉਸ ਵਿਚਲੇ ਤਰਦੇ ਹੋਏ ਬੱਚੇ ਵਲ ਇਸ਼ਾਰਾ ਕਰ ਕੇ ਕਹਾਣੀ ਸੁਣਾਈ ਜਾਂ ਸਕਦੀ ਹੈ ‘ਕਾਕਾ ਤਰ ਰਿਹਾ ਹੈ ਪਾਣੀ ਵਿਚ ਪਾਪਾ ਤਰਦੇ ਨੇ | ਸੋਨੂੰ ਵੀ ਤਰੇਗਾ |”
ਬੱਚੇ ਨੂੰ ਸਵਾਲ ਵੀ ਅਜਿਹੇ ਪੁੱਛਣੇ ਚਾਹੀਦੇ ਹਨ ਜਿਸਦਾ ਉਸਨੂੰ ਦੋ ਜਾਂ ਤਿੰਨ ਸ਼ਬਦਾਂ ਵਿਚ ਜਵਾਬ ਦੇਣਾ ਪਵੇ ਨਾ ਕਿ ਸਿਰਫ਼ ਹਾਂ ਜਾਂ ਨਾਂ ਵਿਚ | ਜਿਵੇਂ ‘ਦੁੱਧ ਪੀਣੈ’ ਪੁੱਛਣ ਦੀ ਬਜਾਏ ਪੁੱਛੋ “ਮੰਮੀ ਕੀ ਖਾਣ ਲਈ ਲਿਆਏ? ਸੋਨੂੰ ਕੀ ਖਾਏਗਾ?”
ਬੱਚੇ ਲਈ ਲਿਖੀ ਕਹਾਣੀ ਦੀ ਕਿਤਾਬ ਵੀ ਕਹਾਣੀ ਦੇ ਅਖੀਰ ਤੇ ਅਜਿਹੇ ਹੀ ਸਵਾਲਾਂ ‘ਤੇ ਖ਼ਤਮ ਹੋਣੀ ਚਾਹੀਦੀ ਹੈ, “ਸੋਨੂੰ ਵੀ ਹੁਣ ਤਰੇਗਾ,ਕਿੱਥੇ ਤਰੇਗਾ ? ਕਦੋਂ ਤਰੇਗਾ ?” ਅਜਿਹੀ ਕਿਤਾਬ ਦੇ ਇਕ ਪਾਸੇ ਖਾਲੀ ਥਾਂ ਹੋਣੀ ਚਾਹੀਦੀ ਹੈ ਜਿੱਥੇ ਘਰ ਵਾਲਿਆਂ ਦੀ ਫੋਟੋ ਲਾਈ ਜਾ ਸਕੇ | ਜਿਵੇਂ ਤਰਨ ਵਾਲੀ ਕਹਾਣੀ ਦੇ ਇਕ ਪਾਸੇ ਬੱਚੇ ਦੀ ਆਪਣੀ ਫੋਟੋ ਜਿਸ ਵਿਚ ਬੱਚਾ ਪਾਣੀ ਵਿਚ ਖੇਡ ਰਿਹਾ ਹੋਵੇ ਜਾਂ ਉਸਦੇ ਪਾਪਾ ਤਰ ਰਹੇ ਹੋਣ ਦੀ ਤਸਵੀਰ ਲਾਈ ਜਾ ਸਕੇ| ਇਸ ਉਮਰ ਵਿਚ ਬੱਚਾ 150 ਤੋਂ 900 ਨਵੇਂ ਅੱਖਰਾਂ ਨੂੰ ਸਮਝਣ ਤੇ ਯਾਦ ਰੱਖਣ ਦੀ ਸ਼ਕਤੀ ਰੱਖਦਾ ਹੈ|
ਕਹਾਣੀ ਪੱਕਿਆਂ ਕਰਨ ਲਈ ਬੱਚੇ ਨੂੰ ਬਾਅਦ ਵਿਚ ਸਵਾਲ ਪੁੱਛੇ ਜਾ ਸਕਦੇ ਹਨ,ਜਿਵੇ “ਪਾਪਾ ਕੀ ਕਰਦੇ ਸੀ? ਕੀ ਕਾਕਾ ਤਰ ਰਿਹਾ ਸੀ ? ਕਾਕਾ ਮੁੰਡਾ ਹੈ? ਕੀ ਸੋਨੂੰ ਵੀ ਮੁੰਡਾ ਹੈ ? ਸੋਨੂੰ ਦਾ ਨਾਮ ਕੀ ਹੈ ? ਕਾਕੇ ਦਾ ਨਾਮ ਕੀ ਸੀ?” ਆਦਿ |
ਤਿੰਨ ਤੋਂ ਚਾਰ ਸਾਲ ਦਾ ਬੱਚਾ ਤਾਂ ਚਾਰ ਪੰਜ ਲਫ਼ਜ਼ਾਂ ਦੀ ਲਾਈਨ ਵੀ ਬੋਲ ਸਕਦਾ ਹੈ| ਹੁਣ ਤੱਕ ਦੇ ਸਿੱਖੇ ਹਜ਼ਾਰ ਲਫ਼ਜ਼ਾਂ ਦੇ ਨਾਲ ਨਾਲ ਬੱਚਾ ਹਜ਼ਾਰ ਹੋਰ ਲਫ਼ਜ਼ ਵੀ ਸਿੱਖ ਲੈਂਦਾ ਹੈ ਤੇ ਔਸਤਨ 4ਤੋਂ 6 ਨਵੇਂ ਲਫ਼ਜ਼ ਰੋਜ਼ ਸਿੱਖ ਸਕਦਾ ਹੈ| ਇਸ ਉਮਰ ਵਿਚ ਬੱਚਾ ਹੱਸਣ ਤੇ ਰੋਣ ਬਾਰੇ ਸਮਝਣਾ ਸ਼ੁਰੂ ਕਰ ਦਿੰਦਾ ਹੈ| ਉਸਨੂੰ ਗੁੱਸਾ, ਉਦਾਸੀ ਤੇ ਡਰ ਬਾਰੇ ਵੀ ਸਮਝ ਆਉਣ ਲੱਗ ਪੈਂਦੀ ਹੈ| ਇਸੇ ਲਈ ਇਨਾਂ੍ਹ ਭਾਵਾਂ ਨੂੰ ਕਹਾਣੀ ਵਿਚ ਪਰੋਇਆ ਜਾ ਸਕਦਾ ਹੈ| ਇਸ ਉਮਰ ਵਿਚ ਬੱਚਾ ਕੁੱਝ ਲੰਮੀਆਂ ਕਵਿਤਾਵਾਂ ਤੇ ਕੁੱਝ ਲੰਮੀਆਂ ਕਹਾਣੀਆਂ ਵੀ ਸੁਣ ਲੈਂਦਾ ਹੈ | ਮਾਪਿਆਂ ਦੇ ਲੰਬੇ ਆਦੇਸ਼ ਵੀ ਉਸ ਦਾ ਦਿਮਾਗ਼ ਸਮਝਣ ਲੱਗ ਪੈਂਦਾ ਹੈ ਜਿਵੇਂ ‘ਪੀਲਾ ਤੇ ਨੀਲਾ ਰੰਗ ਮਿਲਾ ਕੇ ਇਕ ਨਵਾਂ ਰੰਗ ਬਣਾਇਆ ਜਾ ਸਕਦਾ ਹੈ|’
ਕਿਤਾਬ ਪੜ੍ਹ ਕੇ ਸੁਣਾਉਂਦਿਆਂ ਹੋਇਆਂ ਵੱਡਾ ਮੂੰਹ ਖੋ੍ਹਲਣਾ ਜਾਂ ਅੱਖਾਂ ਘੁਮਾਉਣੀਆਂ ਤੇ ਉੱਚੀ ਅਵਾਜ਼ਾਂ ਕੱਢਣ ਦੀ ਲੋੜ ਨਹੀਂ ਪੈਂਦੀ ਬਲਕਿ ਪੜ੍ਹ ਕੇ ਕਹਾਣੀ ਸੁਣਾਉਂਦਿਆਂ ਅਵਾਜ਼ ਵਿਚ ਹਲਕੇ ਬਦਲਾਵ ਤੋਂ ਹੀ ਬੱਚਾ ਸਮਝ ਸਕਦਾ ਹੈ | ਇਸ ਉਮਰ ਵਿਚ ਦੂਜੀ ਭਾਸ਼ਾ ਦਾ ਕੋਈ ਕੋਈ ਲਫ਼ਜ਼ ਵੀ ਕਹਾਣੀ ਸੁਣਾਉਣ ਜਾਂ ਪੜ੍ਹਨ ਲੱਗਿਆਂ ਵਰਤਿਆ ਜਾ ਸਕਦਾ ਹੈ ਜਿਸ ਨੂੰ ਬੱਚਾ ਪਹਿਲੇ ਸਿੱਖੇ ਅੱਖਰ ਨਾਲ ਸਾਂਝ ਕੱਢ ਕੇ ਯਾਦ ਰੱਖ ਲੈਂਦਾ ਹੈ | ਜੇ ਬੱਚੇ ਨੂੰ ਲਫ਼ਜ਼ ਬਹੁਤ ਛੇਤੀ ਸਿਖਾ ਦਿੱਤੇ ਜਾਣ ਜਾਂ ਫੇਰ ਸਾਰੇ ਲਫਜ਼ ਇੱਕਠੇ ਦੱਸੇ ਜਾਣ ਤਾਂ ਕਈ ਵਾਰ ਉਹ ਪਛਾਣਨ ਵੇਲੇ ਗੜਬੜ ਕਰ ਸਕਦਾ ਹੈ | ਜਿਵੇਂ ਘੋੜਾ ਵੇਖਦੇ ਸਾਰ ਬੱਚਾ ਇਕਦਮ ਕਹੇ, “ਉਹ ਵੇਖੋ ਹਾਥੀ ਆਉਂਦਾ ਪਿਆ |” ਨਾਂਵ ਪੜਨਾਂਵ ਆਦਿ ਵਿਚ ਵੀ ਬੱਚਾ ਥੋੜ੍ਹੀ ਬਹੁਤ ਗੜਬੜ ਕਰ ਸਕਦਾ ਹੈ| ਕਈ ਵਾਰ ਅਜਿਹੇ ਮੌਕੇ ਇੰਨੇ ਹਾਸੋਹੀਣੇ ਹੋ ਜਾਂਦੇ ਕਿ ਪੁੱਛੋ ਨਾ | ਜਿਵੇਂ ਇਕ ਬੱਚੇ ਨੇ ਕਿਹਾ, “ਓ ਵੇਖੋ, ਬਕਰੀਆਂ ਛੂਹਣ ਛੂਹਣ ਖੇਡਦੀਆਂ |” ਦਰਅਸਲ ਬੱਕਰੀਆਂ ਭੱਜ ਰਹੀਆਂ ਸਨ|
ਇਸੇ ਉਮਰ ਵਿਚ ਬੱਚਾ ਆਪਣੇ ਆਪ ਨੂੰ ਕਹਾਣੀ ਵਿਚ ਵੀ ਵੇਖਣਾ ਚਾਹੁੰਦਾ ਹੈ | ਮਸਲਨ, “ਇਕ ਚਿੜੀ ਤੇ ਕਾਂ ਨੇ ਖਿਚੜੀ ਖਾਣੀ ਸੀ | ਕਾਂ ਨੇ ਕਿਹਾ ਮੈਂ ਚੌਲ ਲਿਆਵਾਂਗਾ, ਤੂੰ ਦਾਲ ਲੈ ਕੇ ਆ| ਚਿੜੀ ਸੋਨੂੰ ਦੇ ਘਰ ਗਈ ਦਾਲ ਦਾ ਦਾਣਾ ਲੈ ਕੇ ਆਈ | ਕਾਂ ਸੋਨੂੰ ਦੇ ਘਰ ਗਿਆ, ਉਹ ਚੌਲ ਦਾ ਦਾਣਾ ਲੈ ਕੇ ਆਇਆ’’,ਆਦਿ | ਇਕ ਹੋਰ ਨਵੀਂ ਚੀਜ਼ ਜੋ ਬੱਚਾ ਇਸੇ ਉਮਰ ਵਿਚ ਸਿਖਦਾ ਹੈ,ਉਹ ਹੈ ‘ਅਸਮਾਨਤਾ’ | ਇਕੋ ਜਹੀਆਂ ਪੰਜ ਚੀਜ਼ਾਂ ਵਿਚ ਇਕ ਵੱਖਰੀ ਚੀਜ਼ ਪਾ ਕੇ ਬੱਚੇ ਨੂੰ ਇਨਾਂ੍ਹ ਵਿਚੋਂ ਅਲੱਗ ਚੀਜ਼ ਲੱਭਣ ਲਈ ਕਿਹਾ ਜਾ ਸਕਦਾ ਹੈ| ਮਸਲਨ ਚਾਰ ਜਾਨਵਰਾਂ ਦੀਆਂ ਤਸਵੀਰਾਂ ਤੇ ਇਕ ਚਿੜੀ ਦੀ ਤਸਵੀਰ ਰੱਖ ਕੇ ਇਨਾਂ੍ਹ ਵਿਚੋਂ ਵੱਖਰੀ ਚੀਜ਼ ਬੱਚੇ ਨੂੰ ਲੱਭਣ ਲਈ ਕਹੀ ਜਾ ਸਕਦੀ ਹੈ|
ਬੱਚੇ ਨੂੰ ਕਹਾਣੀ ਸੁਣਾਉਣ ਤੋਂ ਬਾਅਦ ਉਸਤੋਂ ਵਾਪਸ ਕਹਾਣੀ ਵੀ ਸੁਣੀ ਜਾਣੀ ਚਾਹੀਦੀ ਹੈ| ਬੱਚਾ ਸਿਰਫ ਕਹਾਣੀ ਵਿਚਲੇ ਸਭ ਤੋਂ ਮਜੇLਦਾਰ ਹਿੱਸੇ ਨੂੰ ਹੀ ਦੁਹਰਾਉਂਦਾ ਹੈ| ਇਸ ਨਾਲ ਅੰਦਾਜ਼ਾ ਲਗ ਸਕਦਾ ਹੈ ਕਿ ਬੱਚੇ ਨੂੰ ਕਹਾਣੀ ਵਿਚ ਕੀ ਪਸੰਦ ਹੈ |
ਬੱਚੇ ਨੂੰ ਸਵਾਲ ਵੀ ਪੁੱਛਣ ਦੇਣੇ ਚਾਹੀਦੇ ਹਨ ਤੇ ਮਾਪਿਆਂ ਨੂੰ ਜਾਣ ਬੁੱਝ ਕੇ ਬੇਵਕੂਫ਼ ਬਣ ਜਾਣਾ ਚਾਹੀਦਾ ਹੈ ਤਾਂ ਜੋ ਬੱਚਾ ਰੱਜ ਕੇ ਹੱਸ ਸਕੇ ਤੇ ਕਹਾਣੀ ਵਿਚ ਰੁੱਝਿਆ ਰਹੇ | ਮਸਲਨ ਜੇ ਬੱਚਾ ਪੁੱਛੇ, “ਸੋਨੂੰ ਦੇ ਘਰੋਂ ਚਿੜੀ ਕੀ ਲੈ ਕੇ ਗਈ,” ਤਾਂ ਮਾਪਿਆਂ ਨੂੰ ਜਾਣ ਬੁੱਝ ਕੇ ਪੁੱਠਾ ਜਵਾਬ ਦੇਣਾ ਚਾਹੀਦਾ ਹੈ “ਚੌਲ” ਇਸ ’ਤੇ ਬੱਚਾ ਖੁੱਲ ਕੇ ਹੱਸੇਗਾ ਤੇ ਕਹੇਗਾ, “ਉਹੋ ਏਨਾ ਵੀ ਨਹੀਂ ਪਤਾ ਚਿੜੀ ਦਾਲ ਲੈ ਕੇ ਗਈ ਸੀ|”
ਕਹਾਣੀ ਸੁਣਾਉਣ ਲੱਗਿਆ ਮਾਂ ਨੂੰ ਹਲਕੀ ਨਾਟਕੀਅਤਾ ਜ਼ਰੂਰ ਲਿਆਉਣੀ ਚਾਹੀਦੀ ਹੈ | ਮਸਲਨ ਜੇ ਕਹਾਣੀ ਵਿਚ ਲਿਖਿਆ ਹੈ, ‘ਸੌਂ ਗਿਆ’ ਤਾਂ ਬੱਚੇ ਦਾ ਸਿਰ ਗੋਦ ਵਿਚ ਰੱਖ ਕੇ ਕਹੋ ‘ਇੰਝ ਸੌਂ ਗਿਆ’ ਜਾਂ ਗੁੱਡੀ ਨੂੰ ਲਿਟਾ ਕੇ ਥਾਪੜ ਕੇ ਦਿਖਾ ਦਿਉ| ਬਿਲਕੁਲ ਏਸੇ ਹੀ ਤਰਾਂ੍ਹ ਜੇ ਕਹਾਣੀ ਵਿਚ ਕੁਕੜੀ ਖਾਣਾ ਬਣਾਉਂਦੇ ਦਿਖਾਈ ਗਈ ਹੈ ਤਾਂ ਆਪ ਖਾਣਾ ਬਣਾਉਂਦੇ ਹੋਏ ਕੁਕੜੀ ਦੀ ਕਹਾਣੀ ਫੇਰ ਛੇੜ ਲਵੋ|
ਚਾਰ ਤੋਂ ਪੰਜ ਸਾਲ ਦੇ ਬੱਚੇ ਥੋੜੀਆਂ ਲੰਬੀਆਂ ਕਹਾਣੀਆਂ ਵੀ ਸੁਣ ਲੈਂਦੇ ਹਨ | ਲਫ਼ਜ਼ ਏਨੇ ਔਖੇ ਨਹੀਂ ਹੋਣੇ ਚਾਹੀਦੇ ਕਿ ਬੱਚਾ ਦੁਹਰਾ ਨਾ ਸਕੇ| ਜੇ ਕੋਈ ਲਫ਼ਜ਼ ਬਹੁਤ ਅੋਖਾ ਹੈ ਜਿਵੇਂ ‘ਗਡਰੀਆ’ ਤਾਂ ਉਹ ਲਫ਼ਜ਼ ਰੋਜ਼ ਦਿਨ ਵਿਚ ਸੱਤ ਅੱਠ ਵਾਰ ਦੁਹਰਾਉ ਤੇ ਬੱਚੇ ਨੂੰ ਮਤਲਬ ਵੀ ਦਸਦੇ ਰਹੋ ਤਾਂ ਬੱਚਾ ਹੌਲੀ ਹੌਲੀ ਯਾਦ ਕਰ ਲੈਂਦਾ ਹੈ | ਇਸ ਉਮਰ ਵਿਚ ਬੱਚਾ ਭਾਰਾ,ਹਲਕਾ ,ਖੁਰਦਰਾ ,ਨਰਮ ਆਦਿ ਵਿਚ ਫਰਕ ਮਹਿਸੂਸ ਕਰਨ ਲੱਗ ਪੈਂਦਾ ਹੈ ਇਸ ਲਈ ਕਹਾਣੀ ਵਿਚ ਇਹ ਸਭ ਸ਼ਾਮਲ ਕੀਤਾ ਜਾ ਸਕਦਾ ਹੈ| ਮਸਲਨ, ‘ਖਰਗੋਸ਼ ਜਦੋਂ ਸ਼ੇਰ ਕੋਲ ਗਿਆ ਤਾਂ ਉਸਨੇ ਨਰਮ ਨਰਮ ਵਾਲਾਂ ਉੱਤੇ ਆਪਣਾ ਭਾਰਾ ਤੇ ਖੁਰਦਰਾ ਹੱਥ ਰੱਖ ਦਿੱਤਾ |’
ਇਸ ਉਮਰ ਵਿਚ ਬੱਚੇ ਦੇ ਦਿਮਾਗ਼ ਵਿਚ ਬਹੁਤ ਸਾਰੇ ਸਵਾਲ ਹੁੰਦੇ ਹਨ ਜਿਹੜੇ ਬੱਚਾ ਕਹਾਣੀ ਦੌਰਾਨ ਪੁੱਛਣਾ ਚਾਹੁੰਦਾ ਹੈ | ਬੱਚੇ ਨੂੰ ਟੋਕਣਾ ਨਹੀਂ ਚਾਹੀਦਾ ਬਲਕਿ ਉਸਦੇ ਹਰ ਸਵਾਲ ਦਾ ਜਵਾਬ ਕਹਾਣੀ ਰੋਕ ਕੇ ਦੇਣਾ ਚਾਹੀਦਾ ਹੈ | ਇਸ ਊਮਰ ਵਿਚ ਬੱਚੇ ਦੇ ਹੱਥ ਵਿਚ ਗੁੱਡੀਆਂ ਫੜਾ ਕੇ ਕਹਾਣੀ ਉਨ੍ਹਾਂ ਦੇ ਮੂੰਹੋਂ ਬੁਲਵਾਈ ਜਾ ਸਕਦੀ ਹੈ | ਜਿਵੇਂ ਇਕ ਗੁੱਡੀ ਫੜ ਕੇ ਉਸ ਵੱਲੋਂ ਇਕ ਲਾਈਨ ਫਰਜ਼ੀ ਬੋਲ ਦਿੱਤੀ ਤੇ ਅਗਲੀ ਲਾਈਨ ਦੂਜੀ ਗੁੱਡੀ ਵੱਲੋਂ | ਬੱਚੇ ਨੂੰ ਕਹਾਣੀ ਦੀ ਕਿਤਾਬ ਵਿਚ ਬਣੀਆਂ ਸੌਖੀਆਂ ਤਸਵੀਰਾਂ ਵਾਹੁਣ ਲਈ ਵੀ ਕਿਹਾ ਜਾ ਸਕਦਾ ਹੈ | ਕਹਾਣੀ ਦੀ ਕਿਤਾਬ ਵਿਚ ਖੂਬਸੂਰਤ ਵੱਡੀਆਂ ਤਸਵੀਰਾਂ ਹਰ ਸਫੇL ਤੇ ਦੋ ਜਾਂ ਤਿੰਨ ਲਾਈਨਾਂ ਵਿਚ ਲਿਖੇ ਵੱਡ ਵੱਡੇ ਅੱਖਰਾਂ ਦੇ ਸ਼ਬਦ ਤੇ ਅੰਤ ਵਿਚ ਕੋਈ ਸਿੱਖਿਆ ਹੋਣੀ ਜ਼ਰੂਰੀ ਹੈ| ਪੰਜ ਸਾਲ ਤੱਕ ਦੇ ਹੁੰਦੇ ਹੁੰਦੇ ਬੱਚਾ ਇਕ ਸਫੇL ਤੇ ਵੱਡੀ ਤਸਵੀਰ ਨਾਲ ਪੰਜ਼ ਛੇ ਲਾਈਨਾਂ ਦੀ ਕਹਾਣੀ ਤੇ ਦਸ ਕੁ ਸਫ਼ਿਆਂ ਦੀ ਕਿਤਾਬ ਪੂਰੇ ਧਿਆਨ ਨਾਲ ਸੁਣ ਸਕਦਾ ਹੈ ਪਰ ਢੇਰ ਸਾਰੀਆਂ ਫੋਟੋਆਂ ਹੋਣੀਆਂ ਜ਼ਰੂਰੀ ਹਨ |
ਪੰਜ ਸਾਲ ਤੋਂ ਪਹਿਲਾਂ ਬੱਚਾ ਮੌਤ ਬਾਰੇ ਬਹੁਤਾ ਸਮਝਦਾ ਨਹੀਂ; ਇਸ ਲਈ ਅਫ਼ਸੋਸ ਵਾਲੀਆਂ ਕਹਾਣੀਆਂ ਨਹੀਂ ਸੁਣਾਉਣੀਆਂ ਚਾਹੀਦੀਆਂ | ਬੱਚੇ ਲਈ ਮੌਤ ਇਕ ਮਜ਼ਾਕ ਜਿਹਾ ਹੁੰਦਾ ਹੈ ਕਿ ਹੁਣੇ ਕਹਾਣੀ ਦਾ ਪਾਤਰ ਫੇਰ ਉੱਠ ਪਵੇਗਾ|
ਸੱਤ ਅੱਠ ਸਾਲ ਦੀ ਉਮਰ ਤੋਂ ਬਾਅਦ ਹੌਲੀ ਹੌਲੀ ਬੱਚਾ ਮੌਤ ਤੇ ਜ਼ਿੰਦਗੀ ਦੇ ਸੱਚ ਨੂੰ ਥੋੜ੍ਹਾ ਥੋੜ੍ਹਾ ਸਮਝਣਾ ਸ਼ੁਰੂ ਕਰ ਦਿੰਦਾ ਹੈ ਤੇ ਦੁੱਖ ਭਰੀ ਕਹਾਣੀ ਸੁਣ ਕੇ ਰੋਣ ਵੀ ਲਗ ਪੈਂਦਾ ਹੈ | ਅਜਿਹੀ ਕਹਾਣੀ ਜਾਂ ਤਾਂ ਬੱਚਾ ਅੱਧ ਵਿਚ ਹੀ ਸੁਣਨ ਤੋਂ ਨਾਂਹ ਕਰ ਦਿੰਦਾ ਹੈ ਜਾਂ ਦੁਬਾਰਾ ਸੁਣਨੀ ਹੀ ਨਹੀਂ ਚਾਹੁੰਦਾ |
ਬੱਚੇ ਨੂੰ ਜਾਦੂਗਰੀ ਦੀਆ ਕਹਾਣੀਆਂ ਜਾਂ ਪਰਾਸਰੀਰਕ ਕਹਾਣੀਆਂ ਇਸ ਉਮਰ ਵਿਚ ਬਹੁਤ ਭਾਉਂਦੀਆਂ ਹਨ | ਕੁਝ ਬੱਚੇ ਡਰਾਉਣੀਆਂ ਕਹਾਣੀਆਂ ਵੇਖਣ ਜਾਂ ਸੁਣਨ ਦਾ ਸ਼ੌਕ ਪਾਲ ਲੈਂਦੇ ਹਨ| ਵੱਡੀ ਪੱਧਰ ‘ਤੇ ਹਿੰਸਾ ਅਤੇ ਜਿਸਮਾਨੀ ਸ਼ੋਸ਼ਣ ਦੀਆਂ ਵਾਰਦਾਤਾਂ ਹੁੰਦੀਆਂ ਰਹਿਣ ਕਾਰਨ ਛੋਟੇ ਛੋਟੇ ਬੱਚੇ ਵੀ ਹਿੰਸਾ ਤੇ ਤਾਕਤਵਰਾਂ ਦੀਆਂ ਕਹਾਣੀਆਂ ਪਸੰਦ ਕਰਨ ਲੱਗ ਪਏ ਹਨ |ਇਸ ਨਾਲ ਛੋਟੇ ਬੱਚਿਆਂ ਦੀ ਮਾਨਸਿਕ ਬਣਤਰ ਹਮੇਸ਼ਾ ਲਈ ਖ਼ਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ|
ਬਾਲ ਸਾਹਿਤ ਨੂੰ ਜੇ ਹਰ ਵਰਗ ਦੇ ਬੱਚਿਆਂ ਲਈ ਉਨ੍ਹਾਂ ਦੀ ਲੋੜ ਦੇ ਮੁਤਾਬਕ ਮਾਂ ਬੋਲੀ ਵਿਚ ਸੁਆਦਲੇ ਤਰੀਕੇ ਨਾਲ ਘੜ ਦਿੱਤਾ ਜਾਵੇ ਤਾਂ ਇਕ ਪਾਸੇ ਤਾਂ ਇਹ ਬੱਚਿਆਂ ਲਈ ਵਡਮੁੱਲੀ ਸੌਗਾਤ ਹੋਵੇਗੀ ਤੇ ਦੂਜੇ ਪਾਸੇ ਬੇਹਤਰ ਸਮਾਜ ਦੀ ਹੋਂਦ ਵਿਚ ਆ ਜਾਣ ਦੀ ਉਮੀਦ ਕਿਉਂਕਿ ਇਨਾਂ੍ਹ ਬਾਲਾਂ ਨੇ ਹੀ ਸਾਡਾ ਆਉਣ ਵਾਲਾ ਕੱਲ੍ਹ ਸਿਰਜਣਾ ਹੈ|
ਇਹ ਤਾਂ ਹੋਈ ਵਿਗਿਆਨਕ ਗੱਲ | ਮੈਂ ਹਰ ਬਾਲ ਸਾਹਿਤਕਾਰ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਬਾਲਾਂ ਲਈ ਸਾਹਿਤ ਘੜਨ ਵੇਲੇ ਇਹ ਗੱਲਾਂ ਯਾਦ ਰੱਖ ਸਕਣ ਤਾਂ ਊਹ ਬੱਚਿਆਂ ਵਿਚ ਮਾਂ ਬੋਲੀ ਨਾਲ ਪਿਆਰ ਵਧਾਉਣ ਵਿਚ ਵੀ ਸਹਾਈ ਸਿੱਧ ਹੋ ਸਕਦੇ ਹਨ |
ਮਾਂ ਬੋਲੀ ਵਿਚਲੇ ਨਿੱਕੇ ਨਿੱਕੇ ਭੇਦ ਤਾਂ ਕਹਾਣੀਆਂ ਰਾਹੀਂ ਹੀ ਬੱਚਿਆਂ ਦੇ ਦਿਮਾਗ਼ ਵਿਚ ਭਰੇ ਜਾ ਸਕਦੇ ਹਨ | ਭਾਸ਼ਾ ਦੀਆਂ ਵੱਖ ਵੱਖ ਕ੍ਰਿਆਵਾਂ ਬੱਚਿਆਂ ਦੀਆਂ ਕਹਾਣੀਆਂ ਵਿਚ ਭਰਨੀਆਂ ਜ਼ਰੂਰੀ ਹਨ | ਮਸਲਨ ਬਜਾਏ ਇਹ ਕਹਿਣ ਦੇ, ਕਿ ਬੱਚਾ ਖਾਣਾ ਖਾ ਰਿਹਾ ਸੀ, ‘ਖਾਣੇ’ ਦੀਆਂ ਅਲੱਗ ਅਲੱਗ ਕ੍ਰਿਆਵਾਂ ਲਈ ਅਲੱਗ ਅਲੱਗ ਸ਼ਬਦ ਕਹੇ ਜਾ ਸਕਦੇ ਹਨ ਜਿਵੇਂ,ਪਪੋਲਣਾ,ਹੜੱਪਣਾ,ਚਿੱਥਣਾ, ਨਿਗਲਣਾ,ਚੱਬਣਾ ਆਦਿ| ਨਿੱਕਾ ਜਿਹਾ ਬੱਚਾ, ਜਿਸਦੇ ਦੰਦ ਹੀ ਨਹੀਂ ਉਹ ਤਾਂ ਪਪੋਲ ਹੀ ਸਕਦਾ ਹੈ ਜਾਂ ਨਿਗਲ ਸਕਦਾ ਹੈ ,ਖਾ ਨਹੀਂ ਸਕਦਾ| ਇਸੇ ਲਈ ਕਿਸੇ ਵੀ ਕ੍ਰਿਆ ਲਈ ਨਿਸ਼ਚਿਤ ਸ਼ਬਦ ਵਰਤਣੇ ਚਾਹੀਦੇ ਹਨ ਤਾਂ ਜੋ ਅਜਿਹੇ ਸ਼ਬਦ ਹੌਲੀ ਹੌਲੀ ਲੋਪ ਹੀ ਨਾ ਹੋ ਜਾਣ|
ਬਾਲ ਸਾਹਿਤ ਦੀ ਕਲਪਨਾ ਕਰਦੇ ਹੋਏ ਮਨੋਵਿਗਿਆਨਿਕ ਪੱਖ ਜੇ ਰਲਾ ਲਏ ਜਾਣ ਤਾਂ ਹੋਰ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਜ਼ਿਆਦਾ ਖ਼ਿਆਲ ਰੱਖਿਆ ਜਾ ਸਕਦਾ ਹੈ | ਬੱਚੇ ਨੂੰ ਅਵਾਜ਼ਾਂ ਬਾਰੇ ਡੂੰਘੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਚਿੜੀ ਚੂਕਦੀ ਹੈ ,ਕੁੱਤਾ ਭੌਂਕਦਾ ਹੈ ,ਸ਼ੇਰ ਗਰਜਦਾ ਹੈ, ਆਦਿ| ਇਸਨੂੰ ਕੁੱਤਾ ਬੋਲਿਆ ,ਜਾਂ ਸ਼ੇਰ ਬੋਲਿਆ ਨਾਲ ਹੀ ਨਹੀਂ ਸਾਰ ਲੈਣਾ ਚਾਹੀਦਾ | ਜੇ ਇਹ ਪੱਖ ਅੱਖੋਂ ਪਰੋਖੇ ਕੀਤੇ ਗਏ ਤਾਂ ਸਾਡੇ ਬੱਚੇ ਮਾਂ ਬੋਲੀ ਦੇ ਨਿੱਕੇ ਨਿੱਕੇ ਭੇਦਾਂ ਤੋਂ ਤਾਂ ਵੰਚਿਤ ਰਹਿ ਹੀ ਜਾਣਗੇ ਸਗੋਂ ਅੱਗੇ ਜਾ ਕੇ ਉਨਾਂ੍ਹ ਦੇ ਜ਼ਿਆਦਾ ਲਾਇਕ ਬਣਨ ਦੇ ਆਸਾਰ ਵੀ ਘਟ ਜਾਣਗੇ|

ਹਰਸ਼ਿੰਦਰ ਕੌਰ

LEAVE A REPLY

Please enter your comment!
Please enter your name here

spot_img

Related articles

Free Spin Veren Siteler +100 Bedava Dönüş Kazandıran Siteler

Evet, ücretsiz çevirmelerinizi kullanmaya başlamadan önce bir online casino sitesine kaydolmanız gerekecek. Pek çok kumarhane para yatırmanızı istemez,...

Nejlepší Online Casino Legální České Stránky 2024

Nejlepší Online Casino Legální České Stránky 2024""John & Co On Line Casino Tourbillon 44 Logistik Watch In Dark-colored...

Mostbet Giriş ️ Resmi Casino Empieza Spor Bahisler

Mostbet Giriş ️ Resmi Casino Empieza Spor BahisleriMostbet Türkiye Uygulaması Mostbet Türkiyede Bahis Ve Slot Oyunları Için 1...

تنزيل 1xbet => جميع إصدارات 1xbet V 1116560 تطبيقات المراهنات + مكافأة مجاني

تنزيل 1xbet => جميع إصدارات 1xbet V 1116560 تطبيقات المراهنات + مكافأة مجانية"1xbet لـ Android قم بتنزيل تطبيق...
error: Content is protected !!