‘ਬੈਸਟ ਪਾਰਲੀਮੈਂਟੇਰੀਅਨ’ ਅਤੇ ਪੰਜਾਬ ਦੇ ਡਿਪਟੀ ਸਪੀਕਰ ਰਹੇ ਬੀਰ ਦਵਿੰਦਰ ਸਿੰਘ ਪੰਜਾਬੀ ਸਿਆਸਤ ਵਿਚ ਅਪਣੀ ਬੇਬਾਕੀ ਲਈ ਮਸ਼ਹੂਰ ਹਨ।
ਕਿਹੜੇ ਲੇਖਕਾਂ ਤੇ ਕਿਤਾਬਾਂ ਸਦਕਾ ਤੁਹਾਡੀ ਸੋਚ ਬਣੀ ਹੈ?
ਸਕੂਲ ਵੇਲਿਆਂ ਤੋਂ ਕਿਤਾਬਾਂ ਪੜ੍ਹਨ ਦਾ ਸ਼ੌਕ ਰਿਹਾ। ਜਵਾਨ ਉਮਰ ਵਿਚ ਵਿਸ਼ਵ ਸਾਹਿਤ ਦਾ ਸਰਵੇਖਣ ਕੀਤਾ। ਗੇਟੇ, ਮਿਲਟਨ, ਸ਼ੈਕਸ਼ਪੀਅਰ, ਥਾਮਸ ਹਾਰਡੀ, ਜਾਰਜ ਬਰਨਾਰਡ ਸ਼ਾਅ, ਸਪੈਂਗਲਰ, ਇਬਸਨ, ਨੀਤਸ਼ੇ, ਦੋਸਤੋਵਸਕੀ, ਟਾਲਸਟਾਇ, ਗੋਰਕੀ, ਚੈਖਵ, ਸੋਲਜੇLਨਿਤਸਿਨ ਪੜ੍ਹੇ। ਸ਼ੇਖ ਸਾਅਦੀ, ਹਾਫਿਜ਼ ਸ਼ੀਰਾਜੀ, ਮੌਲਾਨਾ ਰੂਮ, ਭਾਈ ਨੰਦ ਲਾਲ ਵਰਗੇ ਵੱਡੇ ਸ਼ਾਇਰਾਂ ਤੋਂ ਸ਼ੁਰੂ ਕਰਕੇ ਖਲੀਲ ਜਿਬਰਾਨ, ਰਸੂਲ ਹਮਜ਼ਾਤੋਵ ਸਾਅਦਤ ਹਸਨ ਮੰਟੋ, ਇਕਬਾਲ, ਫੈਜ਼, ਦੇਵਿੰਦਰ ਸਤਿਆਰਥੀ, ਖੁਸ਼ਵੰਤ ਸਿੰਘ, ਡਾ। ਸ। ਰਾਧਾ ਕ੍ਰਿਸ਼ਨਨ, ਪ੍ਰੇਮ ਚੰਦ, ਟੈਗੌਰ। ਮੱਧਕਾਲੀ ਪੰਜਾਬੀ ਸਾਹਿਤ ਵਿਚੋਂ ਭਾਈ ਬਾਲੇ ਵਾਲੀ ਜਨਮ ਸਾਖੀ, ਸੂਫੀ ਸਾਹਿਤ ਤੇ ਕਿੱਸਾ ਕਾਵਿ ਕਮਾਲ ਹਨ। ਮੋਮਿਨ, ਮੀਰ, ਗਾਲਿਬ, ਸਾਹਿਰ ਮੇਰੇ ਹਮਦਮ ਹਨ, ਮੇਰੇ ਨਾਲ-ਨਾਲ ਹਨ। ਸਮਕਾਲੀ ਪੰਜਾਬੀ ਸਾਹਿਤ ਵਿਚੋਂ ਭਾਈ. ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ, ਸ਼ਿਵ ਕੁਮਾਰ, ਪਾਤਰ, ਕੁਲਵੰਤ ਗਰੇਵਾਲ, ਪ੍ਰੀਤਮ ਸਿੰਘ ਸਫੀਰ, ਬਾਵਾ ਬਲਵੰਤ ਮੇਰੇ ਪਸੰਦੀਦਾ ਸ਼ਾਇਰ ਹਨ। ਦੁਸ਼ਿਅੰਤ ਕੁਮਾਰ, ਬਸ਼ੀਰ ਬਦਰ, ਸਰਦਾਰ ਅੰਜੁਮ ਨੂੰ ਪਿਆਰ ਕਰਦਾ ਹਾਂ।
ਕਿਸੇ ਫਿਲਮ, ਕਿਤਾਬ ਨਾਟਕ, ਕਵਿਤਾਵਾਂ ਜਾਂ ਸੰਗੀਤ ਦਾ ਨਾਂ ਲਓ, ਜੋ ਤੁਸੀਂ ਚਾਹੁੰਦੇ ਹੋ, ਹਰ ਕੋਈ ਦੇਖੇ, ਪੜ੍ਹੇ ਜਾਂ ਸੁਣੇ?
ਟੈਨ ਕਮਾਂਡਮੈਂਟਸ, ਪੈਸ਼ਨ ਆਫ ’ਦ ਕਰਾਈਸਟ, ਬੈਨਹਰ, ਦੇਖਣ ਯੋਗ ਫਿਲਮਾਂ ਹਨ। ਭਾਰਤੀ ਫਿਲਮਾਂ ਵਿਚੋਂ ਦੋ ਬਿਘਾ ਜ਼ਮੀਨ, ਅਨਾਰਕਲੀ, ਦੇਵਦਾਸ, ਮਦਰ ਇੰਡੀਆ, ਪਾਥੇਰ ਪਾਂਚਾਲੀ, ਮੁਗਲ-ਏ-ਆਜ਼ਮ, ਪਾਕੀਜ਼ਾ ਮੇਰੀਆਂ ਪਸੰਦੀਦਾ ਫਿਲਮਾਂ ਹਨ। ਨਾਟਕਾਂ ਵਿਚੋਂ ਲੋਹਾ ਕੁੱਟ, ਦੀਵਾ ਬਲੇ ਸਾਰੀ ਰਾਤ, ਸਰਹੰਦ ਦੀ ਦੀਵਾਰ, ਲੌਂਗ ਦਾ ਲਿਸ਼ਕਾਰਾ, ਸਾਵੀ ਚੰਗੇ ਲੱਗੇ। ਗਾਇਕਾਂ ਵਿਚੋਂ ਉਸਤਾਦ ਬੜੇ ਗੁਲਾਮ ਅਲੀ ਖਾਨ, ਬੇਗਮ ਅਖ਼ਤਰ, ਨੁਸਰਤ ਫਤਿਹ ਅਲੀ ਖਾਨ, ਮਹਿੰਦੀ ਹਸਨ, ਗੁਲਾਮ ਅਲੀ ਖ਼ਾਨ, ਜਗਜੀਤ ਸਿੰਘ, ਰੇਸ਼ਮਾ, ਸ਼ਮਸ਼ਾਦ ਬੇਗਮ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਪਿਆਰੇ ਹਨ। ਭਾਈ ਸਮੁੰਦ ਸਿੰਘ, ਭਾਈ ਬਲਬੀਰ ਸਿੰਘ, ਭਾਈ ਧਰਮ ਸਿੰਘ ਜ਼ਖਮੀ, ਭਾਈ ਚਾਂਦ, ਪ੍ਰੋ. ਸੋਹਣ ਸਿੰਘ ਵੱਡੇ ਨਾਮ ਹਨ। ਢਾਡੀਆਂ ਵਿੱਚੋਂ ਸੋਹਣ ਸਿੰਘ ਸੀਤਲ, ਦਇਆ ਸਿੰਘ ਦਿਲਬਰ ਚੰਗੇ ਲੱਗੇ।
ਨਿੱਕੇ ਹੁੰਦਿਆਂ ਤੁਹਾਡੇ ’ਤੇ ਕਿਸ ਬੰਦੇ ਦਾ ਉਘੱੜਵਾਂ ਅਸਰ ਪਿਆ ਸੀ?
ਮੇਰੇ ਦਾਦਾ ਮਾਸਟਰ ਬਲਬੀਰ ਸਿੰਘ ਜੀ ਦਾ, ਜਿਨ੍ਹਾਂ ਨੇ ਜੰਗੇ ਆਜ਼ਾਦੀ ਦੀ ਤਹਿਰੀਕ ਅਤੇ ਅਕਾਲੀ ਮੋਰਚਿਆਂ ਵਿਚ ਕੁਰਬਾਨੀਆਂ ਕੀਤੀਆਂ। ਰਿਆਸਤੀ ਅਕਾਲੀ ਦਲ ਪਟਿਆਲਾ ਦੇ ਜਨਰਲ ਸਕੱਤਰ ਰਹੇ, ਸੁੱਚੇ ਕਿਰਦਾਰ ਵਾਲੇ ਨਿਤ ਨੇਮੀ ਸਨ। ਪੰਜਾਬੀ, ਉਰਦੂ, ਫਾਰਸੀ ਦੇ ਅਧਿਆਪਕ ਸਨ। ਉਹ ਮੇਰੇ ਪ੍ਰੇਰਨਾ ਸਰੋਤ ਰਹੇ। ਇਨ੍ਹਾਂ ਨੇ ਪਰਜਾ ਮੰਡਲ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ।
ਹੁਣ ਤੱਕ ਕਿਹੜੀ ਘਟਨਾ ਦਾ ਤੁਹਾਡੇ ਸਿਆਸੀ ਏਤਕਾਦ ਉਪਰ ਉਘੱੜਵਾਂ ਅਸਰ ਪਿਆ ਹੈ?
ਪੰਜਾਬੀ ਸੂਬੇ ਵੇਲੇ ਲੱਗੇ ਮੋਰਚਿਆਂ ਅਤੇ ਸੰਘਰਸ਼ਾਂ ਨੂੰ ਮੈਂ ਆਪਣੇ ਬਚਪਨ ਵਿਚ ਦੇਖਿਆ। ਮੈਂ ਬਾਬਾ ਜੀ ਨਾਲ ਅੱਠਵੀਂ ਜਮਾਤ ਵਿਚ ਜੇਲ੍ਹ ਗਿਆ ਸਾਂ। ਉਹ ਤਸਵੀਰਾਂ ਜ਼ਿਹਨ ਵਿਚੋਂ ਨਹੀਂ ਨਿਕਲਦੀਆਂ। ਮੈਨੂੰ ਉਹ ਮੋਰਚੇ ਸਿਆਸੀ ਘੱਟ, ਧਰਮੀ ਵਧੀਕ ਲੱਗੇ। ਮੇਰਾ ਪਿੰਡ ਕੋਟਲਾ ਭਾਈ ਕਾ ਸਰਹੰਦ ਦੇ ਬਿਲਕੁਲ ਨੇੜੇ ਹੈ। ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਲਗਾਤਾਰ ਨੈਣਾਂ ਦੀ ਗੰਗਾ ਵਗਾਉਂਦੀ ਹੈ।
ਕਿਹੜਾ ਸਿਆਸਤਦਾਨ-ਜੀਉਂਦਾ ਜਾਂ ਮੋਇਆ-ਤੁਹਾਨੂੰ ਸਭ ਤੋਂ ਚੰਗਾ ਲੱਗਦਾ ਹੈ?
ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ।
ਜੇ ਤੁਸੀਂ ਇਤਿਹਾਸ ਦੇ ਕਿਸੇ ਯੁਗ ’ਚ ਜਾ ਸਕੋ, ਤਾਂ ਕਿਹੜੇ ’ਚ ਜਾਣਾ ਚਾਹੋਗੇ?
ਮਹਾਰਾਜਾ ਰਣਜੀਤ ਸਿੰਘ ਦਾ ਯੁੱਗ ਮੇਰੇ ਲਈ ਆਦਰਸ਼ਕ ਹੈ।
ਇਸ ਵੇਲੇ ਸਖਸ਼ੀ ਆਜ਼ਾਦੀ ਨੂੰ ਸਭ ਤੋਂ ਵੱਡਾ ਖਤਰਾ ਕਿਸ ਤੋਂ ਹੈ?
ਪਦਾਰਥਵਾਦ ਦੀ ਅੰਨ੍ਹੀ ਹਵਸ ਮਨੁੱਖੀ ਆਜ਼ਾਦੀ ਲਈ ਸਾਰੇ ਖ਼ਤਰੇ ਸਹੇੜ ਰਹੀ ਹੈ।
ਜੇ ਤੁਸੀਂ ਕੋਈ ਕਾਨੂੰਨ ਬਣਾ ਸਕੋ ਤਾਂ ਕਾਹਦਾ ਬਣਾਉਗੇ?
ਸਿਆਸੀ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਅਜਿਹੀ ਕਾਨੂੰਨੀ ਵਿਵਸਥਾ ਕਾਇਮ ਕਰਨੀ ਜਿਸ ਵਿਚ ਕਿਸੇ ਕਿਸਮ ਦੇ ਅੰਤ੍ਰਿਮ/ਸਦੀਵੀਂ ਰਾਹਤ ਦੀ ਕੋਈ ਗੁੰਜਾਇਸ਼ ਨਾ ਹੋਵੇ।
ਕੀ ਤੁਸੀਂ ਚਾਹੰਦੇ ਹੋ ਕਿ ਮਗ਼ਰਬੀ ਤੇ ਮਸ਼ਰਕੀ ਪੰਜਾਬ ਮੁੜ ਇਕ ਹੋ ਜਾਵੇ?
ਦੋਵੇਂ ਪੰਜਾਬ ਸਿਆਸੀ ਤੌਰ ’ਤੇ ਇਕ ਹੋ ਸਕਦੇ ਹਨ, ਮੈਂ ਇਸ ਖੁਸ਼ ਫਹਿਮੀ ਵਿਚ ਨਹੀਂ। ਪੱਛਮੀ ਪੰਜਾਬ ਦਾ ਖੈਰਖਾਹ ਹਾਂ, ਇਛੁੱਕ ਹਾਂ ਕਿ ਦੋਵੇਂ ਪੰਜਾਬਾਂ ਦਾ ਮਿਲਾਪ ਜਾਰੀ ਰਹੇ, ਸਰਹੱਦਾਂ ਸੁਖੈਨ ਹੋਣ, ਵਪਾਰ ਵਧੇ, ਪਿਆਰ ਵਧੇ, ਸਾਹਿਤਕ ਤੇ ਸਭਿਆਚਾਰਕ ਮੇਲੇ ਹੋਣ। ਆਉਣ ਵਾਲੇ ਸਮੇਂ ਵਿਚ ਇਸ ਦੀ ਪੂਰੀ ਸੰਭਾਵਨਾ ਹੈ।
ਵੀਹਵੀਂ ਸਦੀ ਦੇ ਪੰਜਾਬ ਦਾ ਸਭ ਤੋਂ ਵੱਡਾ ਦਾਨਿਸ਼ਵਰ ਕੌਣ ਹੋਇਆ ਹੈ?
ਪੂਰਨ ਸਿੰਘ ਜਿੱਡਾ ਨਿਰਵਿਵਾਦ ਦਾਨਿਸ਼ਵਰ ਵੀਹਵੀਂ ਸਦੀ ਦੇ ਪੰਜਾਬ ਤੋਂ ਵੱਡਾ ਹੋਰ ਕੋਈ ਨਹੀਂ। ਉਹ ਏਸ਼ੀਆ ਦਾ ਪੱਛਮ ਨਾਲ ਸੰਵਾਦ ਰਚਾਉਂਦਾ ਹੈ। ਵਿਗਿਆਨੀ, ਦਾਰਸ਼ਨਿਕ, ਸ਼ਾਇਰ ਉਹ ਸਭ ਕੁੱਝ ਹੈ।