ਰੂਹ ਦਾ ਪਤਾਲ
ਅੱਖਾਂ ਮੁੰਦੀ
ਲੀਨ ਹੋਇਆ ਬੈਠਾ
ਤੇਰੇ ਵਸਲ ਦੀ
ਖੋਜ ਵਿਚ,
ਰੂਹ ਦੇ ਪਤਾਲ
ਵਿੱਚ ਉਤਰਕੇ
ਕਰੇ,
ਚਿਰਾਂ ਤੋਂ
ਇਬਾਦਤ ਤੇਰੀ,
ਇੱਕ ਤਪੱਸਵੀ
ਹੈਂ, ਤਾਂ ਮਿਲ।
ਸਜ਼ਾ
ਸਲੀਬ
ਜਾਂ
ਜ਼ਹਿਰ ਦਾ ਪਿਆਲਾ
ਦੋਨਾਂ ਚੋਂ ਇੱਕ
ਨਹੀਂ,
ਹੁਣ ਤਾਂ
ਸੁਣਿਐ ਓਹੋ,
ਜ਼ਹਿਰ ਦਾ ਪਿਆਲਾ ਪਿਆ ਕੇ
ਸਲੀਬ ’ਤੇ ਚਾੜ੍ਹਦੇ ਹਨ।
ਵੇਖੀਂ ਕਿਤੇ ਸੱਚ ਬੋਲਦੇਂ।
ਗਲਫੜੀ
ਤੇਰੀ ਗਲਫੜੀ
ਨੂੰ ਹੀ, ਤਰਸਦਾ ਸੀ
ਚਿਰਾਂ ਤੋਂ,
ਅੱਖ ਝਪਕਦਿਆਂ
ਹਰਾ ਹੋ ਗਿਆ,
ਸੁੱਕਾ ਬਿਰਛ।
ਆਵਾਰਗੀ
ਸ਼ਾਖ ਨਾਲੋਂ ਟੁੱਟ ਕੇ
ਭਟਕਦਾ ਫਿਰਦਾ ਹੈ
ਆਵਾਰਾ,
ਜਿਵੇਂ ਪੱਤਾ
ਪੌਣ ਵਿਚ,
ਇੰਨ-ਬਿੰਨ
ਏਦਾਂ ਹੀ
ਭਟਕ ਰਿਹਾ ਹਾਂ ਮੈਂ ਯਾਰੋ
ਜੁਸਤਜੂ
ਨਹੀਂ
ਪਰਤ ਕੇ ਆਉਣਾ
ਉਸ ਨੇ
ਹੁਣ ਕਦੀਂ
ਘੋਗੇ-ਸਿੱਪੀਆਂ
ਚੁਗਣ ਲਈ,
ਲਹਿਰੋ।
ਨਾ ਮਾਰੋ
ਬਿੰਦੇ-ਝੱਟੇ
ਝਾਤੀਆਂ
ਕਿਨਾਰਿਆਂ `ਤੇ।
ਤਪਸ਼
ਮੁੱਦਤਾਂ ਮਗਰੋਂ ਆਇਆ
ਤੇਰਾ ਖ਼ਤ
ਪੜ੍ਹ ਕੇ
ਦਿਲ ਤਾਂ ਕੀਤਾ ਸੀ `ਕੇਰਾਂ,
ਹਿੱਕ ਸੰਗ ਲਾ ਲਵਾਂ
ਮਗਰ,
ਮੈਂ ਡਰ ਗਿਆ
ਆਪਣੀ ਅੰਦਰਲੀ
ਤਪਸ਼ ਦੇਖ ਕੇ।