ਕਵਿਤਾ ਦਾ ਜਨਮ
ਹੁਣ : ਤੁਸੀਂ ਅਪਣੀ ਪਹਿਲੀ ਕਵਿਤਾ ਅਪਣੀ ਪਤਨੀ ਦੇ ਵਿਯੋਗ ਵਿਚ ਲਿਖੀ ਸੀ ਜਿਸਨੂੰ ਤੁਸੀਂ ਦੋਵੇਂ ਕੁੰਡਾ ਲਾ ਕੇ ਪੜ੍ਹਦੇ ਹੁੰਦੇ ਸੀ। ਫੇਰ ਇਸਨੂੰ ਨਸ਼ਟ ਕਰ ਦਿੱਤਾ। ਕੀ ਪਿਆਰ ਵਿਚ ਕਮੀ ਆ ਗਈ ਸੀ ਜਾਂ ਕਵਿਤਾ ਹੀ ਏਨੀ ਮਾੜੀ ਸੀ?
ਧੀਰ : ਮੁਕਲਾਵੇ ਆਈ ਪਤਨੀ ਨਾਲ ਸੋਲਾਂ ਦਿਨ ਗੁਜ਼ਾਰ ਕੇ ਮੈਨੂੰ ਰਾਵਲਪਿੰਡੀ ਜਾਣਾ ਪਿਆ, ਆਪਣੇ ਪਿੰਡੋਂ ਪੰਜ ਸੌ ਮੀਲ, ਤੇ ਜਾਣਾ ਵੀ ਕਾਫ਼ੀ ਸਮੇਂ ਲਈ ਪਿਆ। ਉਨ੍ਹੀਂ ਦਿਨੀਂ ਪੰਜ ਸੌ ਮੀਲ ਦਾ ਫ਼ਾਸਲਾ ਪ੍ਰਦੇਸ ਹੀ ਹੁੰਦਾ ਸੀ। ਉਦੋਂ ਮੈਂ ਕਵਿਤਾ ਲਿਖਣ ਲਈ ਕਲਮ ਚੁੱਕੀ ਹੀ ਚੁੱਕੀ ਸੀ। ਪਤਨੀ ਨੂੰ ਚਿੱਠੀ ਲਿਖਣੀ ਸੀ। ਮੈਂ ਇਹ ਚਿੱਠੀ ਤੁਕਾਂ ਜੋੜ ਕੇ ਕਵਿਤਾ ਵਿਚ ਹੀ ਲਿਖਣੀ ਚਾਹੀ। ਬੈਂਤ ਛੰਦ ਦੇ ਛੇ-ਬੰਦਾਂ ਦੀ ਪਤਨੀ ਨੂੰ ਲਿਖੀ ਇਹ ਕਾਵਿ-ਚਿੱਠੀ ਮੇਰੀ ਪਹਿਲੀ ਕਵਿਤਾ ਸੀ। ਬੜੀ ਅਣਜਾਣ ਜਿਹੀ ਤੁਕਬੰਦੀ। ”ਮੇਰੀ ਪਿਆਰੀਏ ਨੀ…. ਮੇਰੀ ਸੁਹਣੀਏ ਨੀ’’ ਸੰਬੋਧਨਾਂ ਨਾਲ ਲਿਖੀ ਹੋਈ। ਬੜਾ ਚਿਰ ਅਸੀਂ ਇਹ ਚਿੱਠੀ ਪਤਨੀ ਦੇ ਗਹਿਣਿਆਂ ਦੀ ਡੱਬੀ ਵਿਚ ਸੰਦੂਕ ਵਿਚ ਸੰਭਾਲ ਕੇ ਰੱਖੀ। ਕਦੇ-ਕਦੇ ਪਰਵਾਰ ਤੋਂ ਚੋਰੀ ਬੂਹਾ ਬੰਦ ਕਰਕੇ ਅਸੀਂ ਇਹ ਚਿੱਠੀ ਪੜ੍ਹਦੇ ਤੇ ਆਪਣਾ ਮਨ ਬਹਿਲਾ ਲੈਂਦੇ। ਨਸ਼ਟ ਇਹ ਪਿਆਰ ਵਿਚ ਆਈ ਕਮੀ ਜਾਂ ਕਵਿਤਾ ਮਾੜੀ ਹੋਣ ਕਰਕੇ ਨਹੀਂ ਸੀ ਕੀਤੀ, ਸਗੋਂ ਇਸ ਲਈ ਕੀਤੀ ਸੀ ਕਿ ਜਦੋਂ ਬੱਚੇ ਵੱਡੇ ਹੋਏ ਤੇ ਉਹਨਾਂ ਨੇ ਕਿਤੇ ਇਹ ਪੜ੍ਹ ਲਈ ਤਾਂ ਕੀ ਖ਼ਿਆਲ ਕਰਨਗੇ ਉਹ ਕਿ ਅਸੀਂ ਇਹ ਕੀ ਵਾਹੀਆਤੀਆਂ ਕਰਦੇ ਰਹੇ ਹਾਂ। ਕਵਿਤਾ ਤਾਂ ਮਾੜੀ ਹੋਣੀ ਹੀ ਸੀ ਉਦੋਂ ਅਨਾੜੀ ਜਿਹੀ ਕਲਮ ਦੀ।
ਹੁਣ : ਤੁਹਾਡੇ ਮਾਤਾ ਜੀ ਹਿੰਦੂ ਘਰਾਣੇ ’ਚੋਂ ਸਨ ਤੇ ਪਿਓ ਸਿੱਖ। ਕੀ ਉਨ੍ਹਾਂ ਦਾ ਵਿਆਹ ਪਿਆਰ ਸਬੰਧਾਂ ਕਰਕੇ ਹੋਇਆ ਸੀ ਜਾਂ ਕਿਸੇ ਹੋਰ ਕਾਰਨ?
ਧੀਰ : ਸਾਡੇ ਜਿਹੇ ਅਤਿ ਗ਼ਰੀਬ ਸ਼੍ਰੇਣੀਆਂ ਜਿਹੇ ਲੋਕਾਂ ਵਿਚ ਉਨ੍ਹੀਂ ਦਿਨੀਂ ਵਿਆਹ ਪਿਆਰ ਸਬੰਧਾਂ ਕਾਰਨ ਨਹੀਂ ਸਨ ਹੁੰਦੇ-ਹੁੰਦੇ। ਉਨ੍ਹੀਂ ਦਿਨੀਂ ਤਾਂ ਮੁੰਡੇ-ਕੁੜੀ ਨੂੰ ਪਿਆਰ ਸਬੰਧਾਂ ਕਾਰਨ ਬਦਚਲਨ ਸਮਝਿਆ ਜਾਂਦਾ ਸੀ। ਇਹ ਸਮਾਜੀ ਵਿਆਹ ਸੀ। ਸਭਨਾਂ ਹੀ ਬਰਾਦਰੀਆਂ ਵਿਚ ਉਦੋਂ ਹਿੰਦੂ ਆਪਣੀਆਂ ਧੀਆਂ ਸਿੱਖਾਂ-ਘਰੀਂ ਆਮ ਹੀ ਵਿਆਹੁੰਦੇ ਸਨ। ਇਸਦਾ ਕਾਰਨ ਗੁਰੂ ਸਾਹਿਬਾਨ ਤੇ ਸਿੱਖ-ਲਹਿਰ ਦੀਆਂ ਹਿੰਦੂ ਧਰਮ ਲਈ ਕੀਤੀਆਂ ਕੁਰਬਾਨੀਆਂ ਸਨ। ਸਿੱਖਾਂ ਨਾਲ ਪਵਿੱਤਰਤਾ, ਨੇਕੀ ਅਤੇ ਬਹਾਦੁਰੀ ਦੇ ਭਾਵ ਜੁੜੇ ਹੋਏ ਸਨ। ਇਸ ਤੋਂ ਉਲਟ ਸਿੱਖ ਆਪਣੀਆਂ ਧੀਆਂ ਹਿੰਦੂ-ਘਰੀਂ ਵਿਆਹੁਣ ਤੋਂ ਗੁਰੇਜ਼ ਹੀ ਕਰਦੇ ਹੁੰਦੇ ਸਨ। ਉਹ ਕਹਿੰਦੇ ਸਨ ਕਿ ਉਨ੍ਹਾਂ ਦੀਆਂ ਧੀਆਂ ਨੂੰ ਹਿੰਦੂ-ਘਰੀਂ ਵਿਆਹੀਆਂ ਗਈਆਂ ਨੂੰ ਚਿਲਮਾਂ ਭਰਨੀਆਂ ਪੈਣੀਆਂ ਹਨ, ਅਤੇ ਹਿੰਦੂ ਇਸ ਗੱਲ ਦਾ ਬੁਰਾ ਨਹੀਂ ਸਨ ਮੰਨਦੇ ਹੁੰਦੇ।
ਹੁਣ : ਤੁਹਾਡੀ ਚੇਤਨਾ ਵਿਚ ਹਿੰਦੂਤਵ ਕਿੰਨਾ ਕੁ ਹੈ ਤੇ ਸਿੱਖੀ ਕਿੰਨੀ ਕੁ?
ਧੀਰ : ”ਹਿੰਦੂਤਵ’’ ਲਫ਼ਜ਼ ਅੱਜਕੱਲ੍ਹ ਬੜੇ ਭੈੜੇ, ਸੰਕੀਰਨ ਅਤੇ ਫ਼ਿਰਕਾਪ੍ਰਸਤ ਅਰਥਾਂ ਦਾ ਸੰਚਾਰ ਕਰਨ ਵਾਲਾ ਹੈ। ਤੁਹਾਨੂੰ ਪੁੱਛਣਾ ਚਾਹੀਦਾ ਸੀ, ਮੈਂ ਕਿੰਨਾ ਕੁ ਹਿੰਦੂ ਹਾਂ, ਕਿੰਨਾ ਕੁ ਸਿੱਖ।
ਮੈਂ ਹਿੰਦੂ ਤੇ ਸਿੱਖ ਦੋਵੇਂ ਬਰਾਬਰ-ਬਰਾਬਰ ਹੀ ਹਾਂ। ਵੱਧ-ਘੱਟ ਦੀ ਮਾਤਰਾ ਦਾ ਮੈਨੂੰ ਕੁਝ ਵੀ ਪਤਾ ਨਹੀਂ। ਹਿੰਦੂ-ਸਿੱਖ ਦੋਵੇਂ ਮੈਂ ਇਸ ਲਈ ਹਾਂ ਕਿ ਨਾਨਕੇ ਮੇਰੇ ਹਿੰਦੂ ਤੇ ਦਾਦਕੇ ਸਿੱਖ ਪਰਵਾਰ ਸਨ। ਦੋਹਾਂ ਘਰਾਂ ਦੇ ਰਸਮ-ਰਿਵਾਜ, ਰਹੁ-ਰੀਤਾਂ, ਰਹਿਣ-ਸਹਿਣ ਸੁਤੇ ਸਿੱਧ ਹੀ ਮੇਰੇ ਉਤੇ ਪ੍ਰਭਾਵ ਪਾਉਂਦੇ ਰਹੇ ਹਨ। ਦਾਦਕੇ ਬਹੁਤਾ ਰਹਿਣ ਕਾਰਨ ਭਾਰੂ ਪ੍ਰਭਾਵ ਭਾਵੇਂ ਸਿੱਖ ਹੋਣ ਦਾ ਬਹੁਤਾ ਹੈ, ਖ਼ਾਸਕਰ ਬਾਹਰੀ ਰੂਪ ਵਿਚ, ਪਰ ਮਾਨਸਿਕਤਾ ਵਿਚ ਇਹ ਪ੍ਰਭਾਵ ਦੋਵੇਂ ਇਕ-ਦੂਜੇ ਵਿਚ ਸਮੋਏ ਬਰਾਬਰ-ਬਰਾਬਰ ਹੀ ਹਨ।
ਉਂਜ ਸਿੱਖ ਸਾਰੇ ਹੀ ਹਿੰਦੂ ਵੀ ਹਨ ਤੇ ਸਿੱਖ ਵੀ। ਕੋਈ ਕਿੰਨਾ ਹੀ ਕਹੀਂ ਜਾਵੇ ਕਿ ਅਸੀਂ ਹਿੰਦੂ ਨਹੀਂ ਹਾਂ, ਪਰ ਉਹ ਸਭ ਹਿੰਦੂ ਵੀ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਹਿੰਦੂ ਮਾਤਾ ਦੇ ਗਰਭ ਵਿਚੋਂ ਹੀ ਸਿੱਖਾਂ ਨੇ ਜਨਮ ਲਿਆ ਹੈ। ਸਾਰੇ ਗੁਰੂ ਹਿੰਦੂ ਸਨ। ਨਾਨਕ ਦੇਵ, ਅੰਗਦ ਦੇਵ, ਅਮਰ ਦਾਸ, ਰਾਮ ਦਾਸ ਸਾਰੇ ਹਿੰਦੂ ਨਾਂਅ ਹਨ। ਗੁਰੂ ਨਾਨਕ ਦੀ ਮਾਤਾ ਦਾ ਨਾਂਅ ਮਾਤਾ ਤ੍ਰਿਪਤਾ ਦੇਵੀ ਸੀ ਤੇ ਪਿਤਾ ਦਾ ਨਾਂਅ ਕਲਿਆਣ ਰਾਏ (ਕਾਲੂ ਪਤਾ ਨਹੀਂ ਕਿਉਂ ਕਹਿ ਦਿੰਦੇ ਹਨ)। ਦਾਦੇ ਦਾ ਨਾਂਅ, ਸ਼ਾਇਦ, ਰਾਮਨਾਰਾਇਣ ਸੀ। ਗੁਰੂ ਤੇਗ਼ ਬਹਾਦੁਰ ਦਾ ਅਸਲ ਨਾਂਅ ਤਿਆਗ ਮੱਲ ਸੀ। ਤੇਗ਼ ਬਹਾਦੁਰ ਉਹਨਾਂ ਦਾ ਖ਼ਿਤਾਬ ਹੈ ਜੋ ਉਹਨਾਂ ਦੇ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਨੇ, ਕੋਈ ਛੋਟੀ ਜਿਹੀ ਜੰਗ ਜਿੱਤ ਕੇ ਆਉਣ ਉਤੇ ਉਹਨਾਂ ਨੂੰ ਦਿੱਤਾ ਸੀ।
ਸਿੱਖਾਂ ਦੇ ਸਾਰੇ ਜਨਮ-ਮਰਨ ਦੇ ਸੰਸਕਾਰ ਹਿੰਦੂਆਂ ਵਾਲੇ ਹਨ। ਦਸਹਿਰਾ, ਦੀਵਾਲੀ ਸਾਰੇ ਤਿਥ-ਤਿਹਾਰ ਸਾਂਝੇ ਹਨ। ਸਿੱਖ ਵੀ ਦਸਹਿਰਾ-ਦੀਵਾਲੀ ਹਿੰਦੂਆਂ ਵਾਂਗ ਮਨਾਉਂਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰੇ ਹਿੰਦੂ ਸਨ_ ਦਇਆ ਰਾਮ, ਸਾਹਿਬ ਚੰਦ, ਮੋਹਕਮ ਚੰਦ, ਹਿੰਮਤ ਰਾਏ, ਧਰਮ ਚੰਦ। ਸੀਸ ਭੇਟ ਕਰਨ ਵੇਲੇ ਸਾਰੇ ਹੀ ਇਹ ਹਿੰਦੂ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਜੀਵਨ ਦੇ ਤਿੰਨ ਹਿੱਸੇ ਗੋਬਿੰਦ ”ਰਾਏ’’ ਹੁੰਦੇ ਸਨ। ਇਕ ਹਿੱਸਾ ਉਹ ”ਸਿੰਘ’’ ਸਨ। ਇਹ ”ਸਿੰਘ’’ ਵੀ ਉਹਨਾਂ ਨੇ ਰਾਜਪੂਤਾਂ ਕੋਲੋਂ ਲਿਆ ਸੀਸਿੱਖਾਂ ਵਿਚ ਮਿਲੀਟੈਂਸੀ ਦੇ ਭਾਵ ਸੰਚਾਰ ਕਰਨ ਲਈ। ਠੀਕ ਹੈ, ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਸਾਜਿਆ, ਕਿਉਂਕਿ ਮੁਗ਼ਲ ਰਾਜ ਦੇ ਜ਼ੁਲਮ ਅਤੇ ਜਬਰ ਵਿਰੁੱਧ ਤਲਵਾਰ ਚੁੱਕਣ ਦੀ ਲੋੜ ਸੀ। ਇਹ ਇਤਿਹਾਸਕ ਲੋੜ ਸੀ। ਪਰ ਸਿੱਖ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਹੀ ਸਿੱਖ ਨਹੀਂ, ਦਸਾਂ ਗੁਰੂਆਂ ਦੇ ਸਿੱਖ ਹਨ। ਗੁਰੂ ਗ੍ਰੰਥ ਸਾਹਿਬ ਨੂੰ ਵੀ ਦਸਾਂ ਪਾਤਸ਼ਾਹੀਆਂ ਦਾ ਸਰੂਪ ਆਖਿਆ ਜਾਂਦਾ ਹੈ ਜੋ ਅੱਜ ਗੁਰ-ਗੱਦੀ ਉਤੇ ਹਨ। ਸੋ ਅਸੀਂ ਇਸ ਅਨੁਸਾਰ ਸਾਰੇ ਹਿੰਦੂ ਵੀ ਹਾਂ ਤੇ ਸਿੱਖ ਵੀ। ਭਾਵੇਂ ਸਿੱਖ ਧਰਮ ਅੱਜ ਵੱਖ ਰੂਪ ਲੈ ਚੁੱਕਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਨੇ ਇਕ ਕਿਤਾਬਚਾ ਲਿਖਿਆ ਸੀ : ”ਹਮ ਹਿੰਦੂ ਨਹੀਂ।’’ ਪਰ ਇਸ ਥੀਸਿਸ ਨੂੰ ਜੀਵਨ ਦੀ ਸਚਾਈ ਮਾਨਤਾ ਨਹੀਂ ਦਿੰਦੀ।
ਉਂਜ ਹਿੰਦੂ ਕੋਈ ਧਰਮ ਵੀ ਨਹੀਂ, ਇਹ ਇਕ ਜੀਵਨ-ਸ਼ੈਲੀ ਹੈ, ਇਸੇ ਕਾਰਨ ਹਿੰਦੂਆਂ ਵਿਚ ਵੰਨ-ਸੁਵੰਨਤਾ ਵੀ ਬਹੁਤ ਹੈ। ਕੋਈ ਹਿੰਦੂ ਸ਼ਿਵਜੀ ਨੂੰ ਮੰਨਦਾ ਹੈ, ਕੋਈ ਵਿਸ਼ਨੂੰ ਨੂੰ, ਕੋਈ ਰਾਮ ਨੂੰ, ਕੋਈ ਕ੍ਰਿਸ਼ਨ ਨੂੰ, ਕੋਈ ਹਨੂਮਾਨ ਨੂੰ, ਕੋਈ ਮਹਾਂਬੀਰ ਨੂੰ। ਕੋਈ ਗੋਲ ਤਿਲਕ ਲਾਉਂਦਾ ਹੈ, ਕੋਈ ਲੰਮਾ, ਕੋਈ ਤਿੰਨ ਧਾਰੀਆਂ ਵਾਲਾ। ਉੱਤਰੀ ਹਿੰਦੋਸਤਾਨ ਦਾ ਹਿੰਦੂ ਗਊ ਦੀ ਪੂਜਾ ਕਰਦਾ ਹੈ, ਦੱਖਣੀ ਹਿੰਦੋਸਤਾਨ ਦਾ ਹਿੰਦੂ ਗਊ ਦਾ ਮਾਸ ਖਾਂਦਾ ਹੈ। ਰਾਮਾਇਣ-ਮਹਾਭਾਰਤ ਵਿਚ ਕਿਤੇ ਹਿੰਦੂ ਨਾਂਅ ਨਹੀਂ। ਵੇਦਾਂ ਵਿਚ ਵੀ ਕਿਤੇ ਨਹੀਂ। ਹਿੰਦੂ, ਮੁਸਲਮਾਨਾਂ ਵਲੋਂ ਰੱਖਿਆ ਗਿਆ ਨਾਂਅ ਹੈ। ਸਿੰਧ ਵਾਦੀ ਦੇ ਹੋਣ ਕਾਰਨ ਅਸੀਂ ਉਨ੍ਹਾਂ ਲਈ ”ਸਿੰਧੂ’’ ਸਾਂ। ਅਰਬ ਦੇ ਮੁਸਲਮਾਨ ”ਸੀਨ’’ ਨੂੰ ”ਹੇ’’ ਉਚਾਰਣ ਕਰਦੇ ਹਨ। ਇਸ ਲਈ ਉਹ ”ਸਿੰਧੂ’’ ਨੂੰ ”ਹਿੰਦੂ’’ ਆਖਦੇ ਹੁੰਦੇ ਹਨ। ਉਹਨਾਂ ਲਈ ਹਿੰਦੋਸਤਾਨ ਦਾ ਮੁਸਲਮਾਨ ਵੀ ਹਿੰਦੂ ਹੈ। ਕੋਈ ਭਾਰਤੀ ਮੁਸਲਮਾਨ ਅਰਬ ਦੇਸ ਜਾਂਦਾ ਹੈ। ਅਰਬੀ ਉਹਨੂੰ ਪੁੱਛਦਾ ਹੈ : ”ਕਹਾਂ ਸੇ ਆਇਆ?’’ ਭਾਰਤੀ ਮੁਸਲਮਾਨ ਹਿੰਦੋਸਤਾਨ ਦਾ ਨਾਂਅ ਲੈਂਦਾ ਹੈ। ਅਰਬੀ ਅਗੋਂ ਆਖੇਗਾ : ”ਅੱਛਾ-ਅੱਛਾ, ਤੋ ਤੁਮ ਹਿੰਦੂ ਹੈ।’’ ਸਿੰਧ ਵਾਦੀ ਦੇ ਰਹਿਣ ਵਾਲੇ ਉਹਨਾਂ ਲਈ ਸਾਰੇ ਹੀ ਹਿੰਦੂ ਹਨ। ਭਾਰਤ ਵਿਚ ਲੰਮਾ ਸਮਾਂ ਮੁਸਲਮਾਨਾਂ ਦਾ ਰਾਜ ਰਿਹਾ ਤੇ ਹਿੰਦੂ ਨਾਂਅ ਪ੍ਰਚਲਤ ਹੋਇਆ। ਉਂਜ ਹਿੰਦੂ ਕੋਈ ਧਰਮ ਨਹੀਂ। ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ਅਜਿਹੀ-ਵਰਣ-ਵੰਡ ਹੀ ਸੀ ਪਹਿਲਾਂ।
ਬਚਪਨ ਵਿਚ ਸਨ ਕੁਝ ਸਿਤਾਰੇ
ਹੁਣ :ਹਰਿਭਜਨ ਸਿੰਘ ਨੇ ਅਪਣੀਆਂ ਥੁੜਾਂ ਦੀ ਇਕ ਕਵਿਤਾ ਲਿਖੀ ਸੀ-ਮੇਰਾ ਬਚਪਨ ਕਦੇ ਨਾ ਆਇਆ, ਮੇਰਾ ਬਚਪਨ ਕਦ ਆਵੇਗਾ? ਕੀ ਤੁਹਾਡਾ ਬਚਪਨ ਕਦੇ ਆਇਆ ਸੀ?
ਧੀਰ : ਬਿਲਕੁਲ। ਆਇਆ ਸੀ। ਬਹੁਤ ਸੁਹਣਾ ਬਚਪਨ ਸੀ ਮੇਰਾ। ਬਚਪਨ ਵਿਚ ਤਾਂ, ਆਮ ਕਰਕੇ, ਹਰ ਬੱਚਾ ਬਾਦਸ਼ਾਹ ਵਾਂਗੂੰ ਹੁੰਦਾ ਹੈ। ਨਾ ਅਮੀਰੀ-ਗ਼ਰੀਬੀ ਦਾ ਇਹਸਾਸ ਹੀ ਕੋਈ ਹੁੰਦਾ ਹੈ, ਨਾ ਉੱਚੀ-ਨੀਵੀਂ ਜ਼ਾਤ ਦਾ ਹੀ। ਨਾ ਕੋਈ ਵਿਕਾਰ ਮਾਸੂਮ ਬਚਪਨ ਨੇੜੇ ਆਉਂਦਾ ਹੈ। ਕਾਮ, ਕਰੋਧ, ਲੋਭ, ਮੋਹ, ਹੰਕਾਰ ਆਦਿ ਬਚਪਨ ਨੂੰ ਪੋਹ ਸਕਦੇ ਨਹੀਂ। ਇਹ ਸਭ ਬਚਪਨ ਤੋਂ ਮਗਰੋਂ, ਜਦੋਂ ਸਮਝਾਂ ਪੈਂਦੀਆਂ ਹਨ, ਅਸਰ-ਅੰਦਾਜ਼ ਹੁੰਦੇ ਹਨ। ਬਚਪਨ ਭੋਲਾ ਹੁੰਦਾ ਹੈ। ਭੋਲੇਪਣ ਦਾ ਸਮਝਾਂ ਨਾਲ ਸਬੰਧ ਨਹੀਂ। ਇਸੇ ਲਈ ਬੱਚੇ ਨੂੰ ਬਾਦਸ਼ਾਹ ਆਖਿਆ ਜਾਂਦਾ ਹੈ।
ਹਰਭਜਨ ਸਿੰਘ ਬਚਪਨ ਵਿਚ ਮਾਂ-ਵਿਹੂਣਾ ਹੋ ਗਿਆ ਸੀ। ਮਾਂ-ਵਿਹੂਣਾ ਬੱਚਾ ਘੋਰ ਉਦਾਸੀਆਂ ਵਿਚ ਘਿਰ ਜਾਂਦਾ ਹੈ। ਇਸ ਲਈ ਉਹ ਸੱਚਾ ਹੈ। ਪਰ ਮੈਨੂੰ ਆਪਣੇ ਬਚਪਨ ਵਿਚ ਮਾਂ ਦਾ ਬਹੁਤ ਪਿਆਰ ਮਿਲਿਆ। ਜਵਾਨੀ ਵਿਚ ਵੀ ਬਹੁਤ ਮਿਲਿਆ। ਮਾਂ ਦੀ ਮੌਤ ਤੋਂ ਮਗਰੋਂ ਮੈਂ ਇਸ ਪਿਆਰ ਤੋਂ ਵਾਂਝਾ ਹੋਇਆ। ਪਰ ਬਚਪਨ ਅਤੇ ਜਵਾਨੀ (ਬਾਈ ਵਰ੍ਹੇ ਦੀ ਉਮਰ ਤਕ) ਵਿਚ ਮਿਲੇ ਮਾਂ ਦੇ ਪਿਆਰ ਦੀ ਦੌਲਤ ਮੇਰੀ ਹੁਣ ਤਕ ਵੀ ਮੁੱਕੀ ਨਹੀਂ। ਜੀਵਨ ਦੇ ਸਾਰੇ ਦੁੱਖ ਮੈਂ ਇਸੇ ਦੌਲਤ ਦੇ ਆਸਰੇ ਕੱਟੇ ਹਨ।
ਮੇਰੀ ਇਕ ਕਵਿਤਾ ”ਆਥਣ ਨੂੰ’’ ਹੈ ਜੋ ਨਵੇਂ ਛਪਕੇ ਆਉਣ ਵਾਲੇ ਕਾਵਿ ਸੰਗ੍ਰਹਿ ”ਝੱਖੜ ਝੁੱਲਣ’’ ਵਿਚ ਸ਼ਾਮਿਲ ਹੈ। ਉਸਦੇ ਪਹਿਲੇ ਬੰਦ ਵਿਚ ਮੇਰੇ ਬਚਪਨ ਦਾ ਜ਼ਿਕਰ ਹੈ। ਉਹ ਬੰਦ ਹੈ :
ਆਥਣ! ਹੁਣ ਹੈ ਤੇਰੀ ਵਾਰੀ
ਤੂੰ ਵੀ ਆਪਣੇ ਰੰਗ ਵਿਖਾ
ਪਰਖ ਲੈ ਮੈਨੂੰ ਠੋਕ ਵਜਾ।
—
ਬਚਪਨ ਵਿਚ ਸਨ ਕੁਝ ਸਿਤਾਰੇ
ਮਸ-ਫੁੱਟਦੀ ਨੂੰ ਛਿਪ ਗਏ ਸਾਰੇ
ਚੜ੍ਹੀ ਜਵਾਨੀ, ਆਏ ਹਨੇਰੇ,
ਘੇਰ ਖਲੋ ਗਏ ਮੇਰੇ ਰਾਹ।
ਇਉਂ ਮੇਰਾ ਬਚਪਨ ਸਿਤਾਰਿਆਂ ਨਾਲ ਭਰਿਆ ਪਿਆ ਸੀ।
ਮੈਂ ”ਕੁਝ ਸਿਤਾਰੇ’’ ਕਿਹਾ ਹੈ। ਕਿਉਂਕਿ ਅੱਗੇ ਸਾਰਾ ਜੀਵਨ ਦੁੱਖਾਂ ਨਾਲ ਘਿਰ ਗਿਆ ਸੀ ਤੇ ਦੁੱਖ ਭਾਰੂ ਹੋਣ ਕਾਰਨ ਕਵਿਤਾ ਵਿਚ ”ਕੁਝ ਸਿਤਾਰੇ’’ ਆਖਣਾ ਪੈ ਗਿਆ ਹੈ। ਪਰ ਉਂਜ ਮੈਨੂੰ ਸਿਤਾਰਿਆਂ ਵਰਗਾ ਬਚਪਨ ਹੀ ਪ੍ਰਾਪਤ ਰਿਹਾ।
ਹੁਣ : ਕੀ ਤੁਹਾਨੂੰ ਆਪਣੇ ਬਚਪਨ ਦੀ ਕੋਈ ਚੋਰੀ ਯਾਰੀ ਯਾਦ ਹੈ?
ਧੀਰ : ਜਿਹੜੀ ਹੋਈ ਈ ਚੋਰੀ-ਯਾਰੀ, ਛੁਪਾ ਕੇ ਰੱਖਣ ਵਾਲੇ ਕੰਮਉਹਨਾਂ ਬਾਰੇ ਸਵਾਲ ਪੁੱਛਣਾ… ਪਰ ਤੂੰ ਪੁੱਛ ਹੀ ਲਿਆ ਹੁਣ, ਚੱਲ ਜਵਾਬ ਸੁਣ ਹੀ ਲੈ। ਹੋਣਗੀਆਂ ਤਾਂ ਬਹੁਤ, ਪਰ ਹੁਣ ਯਾਦ ਇਹੋ ਇਕ-ਦੋ ਹਨ। ਇਨ੍ਹਾਂ ਨੂੰ ਹੀ ਸਾਰੀਆਂ ਦਾ ਪ੍ਰਤਿਨਿਧ ਮੰਨ ਲੈਣਾ।
ਬਸਾਤੀ ਦੀ ਦੁਕਾਨ ਸੀ ਸਾਡੀ ਗੋਬਿੰਦਗੜ੍ਹ ਦੀ ਮੰਡੀ ਵਿਚ। ਗੱਲੇ ਵਿਚੋਂ ਮੈਂ ਦੋ ਆੱਨੇ ਰੋਜ਼ ਚੋਰੀ ਕਰਦਾ ਤੇ ਰਾਤੀਂ ਅੱਠ-ਨੌਂ ਵਜੇ ਹਲਵਾਈ ਦੀ ਦੁਕਾਨ ਉਤੇ ਜਾਂਦਾ ਤੇ ਦੁੱਧ ਪੀ ਲੈਂਦਾ (ਲਵੇਰਾ ਤਾਂ ਸੀ ਘਰ, ਪਰ ਸੂਇਆ ਹੋਇਆ ਨਹੀਂ ਸੀ)। ਹਲਵਾਈ ਨੂੰ ਵੀ ਪਤਾ ਸੀ ਇਸ ਚੋਰੀਓਂ ਦੁੱਧ ਪੀਣ ਦਾ। ਦੁੱਧ ਉਹਦੀ ਹੱਟੀ ਉਤੇ ਉਹਲੇ ਵਿਚ ਬਹਿ ਕੇ ਪੀਂਦਾ ਹੁੰਦਾ। ਕਦੇ ਦੋ ਆੱਨੇ ਦਾ, ਕਦੇ ਡੇਢ ਆੱਨੇ ਦਾ। ਚਾਰ ਆੱਨੇ ਦਾ ਹੁੰਦਾ ਸੀ ਉਨ੍ਹੀਂ ਦਿਨੀਂ ਸੇਰ ਦੁੱਧ।
ਇਸੇ ਤਰ੍ਹਾਂ ਕਦੇ-ਕਦੇ ਚੋਰੀ ਦੇ ਮੈਂ ਪੇੜੇ ਖਾਂਦਾ। ਇਕ ਪਾ ਪੇੜੇ ਲੈ ਕੇ ਖੀਸੇ ਵਿਚ ਪਾਉਂਦਾ ਤੇ ਚੋਰੀ-ਚੋਰੀ ਖਾਂਦਾ ਰਹਿੰਦਾ। ਚੋਰੀ ਪੇੜੇ ਖਾਣ ਕਾਰਨ ਕਦੇ-ਕਦੇ ਦੋ-ਦੋ ਵੀ ਮੂੰਹ ਵਿਚ ਪਾ ਲੈਂਦਾ ਸਾਂ ਤਾਂ ਜੋ ਛੇਤੀ ਮੁੱਕ ਜਾਣ। ਲੜਕਪਣ ਦੀ ਉਮਰ ਸੀ ਉਦੋਂ ਬਾਰਾਂ-ਚੌਦਾਂ ਵਰ੍ਹਿਆਂ ਦੀ।
ਕੁੜੀਆਂ ਜਾਂ ਔਰਤਾਂ ਦੇ ਸਿਰ ਨੂੰ ਲਾਉਣ ਵਾਲੀਆਂ ਦੁਕਾਨ ਵਿਚ ਰੰਗ-ਬਰੰਗੀਆਂ ਸੂਈਆਂ ਹੁੰਦੀਆਂ ਸਨ ਵੇਚਣ ਲਈ। ਇਕ ਵਾਰ ਮੈਂ ਸੁਹਣੀਆਂ-ਸੁਹਣੀਆਂ ਕੁਝ ਸੂਈਆਂ ਛਾਂਟ ਕੇ ਖੀਸੇ ਵਿਚ ਰੱਖ ਲਈਆਂ ਸਨਇਕ ਕੁੜੀ ਨੂੰ ਦੇਣ ਲਈ। ਦੇ ਤਾਂ ਉਹ ਹੋਈਆਂ ਨਹੀਂ, ਮੌਕਾ ਨਹੀਂ ਸੀ ਲੱਗਾ, ਇਹ ਸੂਈਆਂ ਮੇਰੀ ਮਾਂ ਨੇ ਖੀਸੇ ਵਿਚੋਂ ਫੜ ਲਈਆਂ। ਸ਼ਾਇਦ ਕਮੀਜ਼ ਧੋਣ ਵੇਲੇ। ਮੇਰੀ ਮਾਂ ਨੇ ਥੋੜ੍ਹਾ ਜਿਹਾ ਮੁਸਕਰਾ ਕੇ ਪੁੱਛਿਆ ਕਿ ਇਹ ਸੂਈਆਂ ਕਿਉਂ ਪਾਈਆਂ ਸਨ ਖੀਸੇ ਵਿਚ? ਮੈਂ ਕੱਚਾ ਜਿਹਾ ਹੋ ਗਿਆ। ਮੂੰਹ ਲੁਕਾਣ ਨੂੰ ਥਾਂ ਨਾ ਲੱਭੇ।
ਯਾ-ਰੀ…ਯਾਰੀ ਕੀ! ਸਭ ਤੋਂ ਪਹਿਲਾ ਪਿਆਰ ਮੇਰਾ ਮੇਰੀ ਮਾਸੀ ਦੀ ਕੁੜੀ ਨਾਲ ਹੋਇਆ ਸੀ। ਯਾਰੀ ਨਹੀਂ, ਪਿਆਰ ਸੀ ਇਹ। ਯਾਰੀ ਖਰ੍ਹਵਾ ਲਫ਼ਜ਼ ਹੈ ਪਿਆਰ ਦੇ ਮੁਕਾਬਲੇ ਵਿਚ। ਇਹ ਪਿਆਰ ਨਾਨਕੀਂ ਹੋਇਆ। ਬੜੀ ਛੋਟੀ ਉਮਰ ਸੀ-ਸੱਤਾਂ-ਅੱਠਾਂ ਵਰ੍ਹਿਆਂ ਦੀ। ਰਾਮ ਪਿਆਰੀ ਨਾਂਅ ਸੀ ਉਸਦਾ। ਬੜਾ ਭਿੰਨਾ-ਭਿੰਨਾ ਪਿਆਰ। ਇਹ ਮੇਰਾ ਪਹਿਲਾ ਪਿਆਰ ਵੀ ਸੀ। ਇਸਤਰੀ-ਪਿਆਰ ਦਾ ਜਲਵਾ ਮੈਂ ਸਭ ਤੋਂ ਪਹਿਲਾਂ ਰਾਮ ਪਿਆਰੀ ਵਿਚੋਂ ਹੀ ਮਹਿਸੂਸ ਕੀਤਾ।
ਮੇਰੇ ਨਾਨਕੇ ਘਰ ਵਿਚ ਇਕ ਤਸਵੀਰ ਹੁੰਦੀ ਸੀ ਕੰਧ ਉਤੇ ਲੱਗੀ ਹੋਈ। ਰਾਮ ਅਤੇ ਸੀਤਾ ਬਣਵਾਸ ਵਿਚ ਬੈਠੇ ਹਨ। ਲਛਮਣ ਨਹੀਂ ਸੀ ਉਨ੍ਹਾਂ ਨੇੜੇ। ਮੇਰਾ ਦਿਲ ਚਾਹੇ, ਮੈਂ ਅਤੇ ਰਾਮ ਪਿਆਰੀ ਇਸੇ ਤਰ੍ਹਾਂ ਬਨਵਾਸ ਵਿਚ ਇਕੱਲੇ ਬੈਠੇ ਹੋਈਏ ਤੇ ਹੋਰ ਕੋਈ ਨੇੜੇ ਨਾ ਹੋਵੇ। ਵਣ ਵਿਚ ਬੈਠੇ ਰਾਮ ਤੇ ਸੀਤਾ ਨਿਰੀ ਕਵਿਤਾ ਜਾਪਦੇ। ਰਾਮ ਪਿਆਰੀ ਤੇ ਮੈਂ ਉਵੇਂ ਹੀ ਕਵਿਤਾ ਮਾਨਣਾ ਚਾਹੁੰਦੇ ਹੁੰਦੇ।
ਬੱਸ, ਇਹ ਹੈ ਚੋਰੀ-ਯਾਰੀ ਮੇਰੀ, ਮੇਰੇ ਬਚਪਨ ਦੀ। ਇਸੇ ਵਿਚ ਹੀ ਸਾਰੀਆਂ ਚੋਰੀਆਂ-ਯਾਰੀਆਂ ਆ ਜਾਂਦੀਆਂ ਹਨ।
ਲਿਖਣ ਦੀ ਪ੍ਰੇਰਨਾ
ਹੁਣ : ਮੈਨੂੰ ਲੇਖਕ ਬਣਨ ਦੀ ਸਭ ਤੋਂ ਪਹਿਲੀ ਪ੍ਰੇਰਨਾ ਮੇਰੇ ਪਿਤਾ ਨੇ ਹੀ ਦਿੱਤੀ – ਤੁਹਾਡਾ ਕਥਨ। ਇਹ ਪ੍ਰੇਰਨਾ ਉਨ੍ਹਾਂ ਨੇ ਕਿਵੇਂ ਦਿੱਤੀ ਸੀ?
ਧੀਰ : ਮੇਰੇ ਪਿਤਾ ਪੰਜਾਬੀ ਵਿਚ ਕਵਿਤਾਵਾਂ ਲਿਖਦੇ ਹੁੰਦੇ ਸਨ ਜੋ ਉਸ ਸਮੇਂ ਦੇ ਵੱਖੋ-ਵੱਖ ਅਖ਼ਬਾਰਾਂ ਵਿਚ ਛਪਦੀਆਂ। ਫੇਰ ਉਹ ਆਪ ਹੀ ਕਵਿਤਾ ਲਿਖ ਕੇ ਮੇਰੇ ਨਾਂਅ ਨਾਲ ਵੀ ਅਖ਼ਬਾਰਾਂ ਵਿਚ ਛਪਵਾਉਣ ਲੱਗੇ। ਕਵਿਤਾ ਉਤੇ ਲਿਖਿਆ ਹੁੰਦਾ – ”ਵਲੋਂ :-ਕਾਕਾ ਸੰਤੋਖ ਸਿੰਘ ਧੀਰ ਸਪੁੱਤਰ ਗਿਆਨੀ ਈਸ਼ਰ ਸਿੰਘ ਦਰਦ।’’ ਮੇਰੀ ਉਮਰ ਉਸ ਸਮੇਂ ਦਸ-ਬਾਰਾਂ ਵਰ੍ਹੇ ਦੀ ਸੀ। ਮੈਨੂੰ ਮੇਰੇ ਨਾਂਅ ਨਾਲ ਇਉਂ ਕਵਿਤਾ ਛਪਵਾਈ ਜਾਣੀ ਚੰਗੀ ਨਹੀਂ ਸੀ ਲਗਦੀ ਹੁੰਦੀ। ਮੈਨੂੰ ਇਹ ਬਨਾਉਟੀ ਜਿਹੀ, ਜਾਅਲੀ ਜਿਹੀ ਗੱਲ ਲਗਦੀ। ਉਂਜ ਵੀ ਮੈਂ ਕਵੀ ਹੋਣ ਨੂੰ ਚੰਗਾ ਨਹੀਂ ਸੀ ਸਮਝਦਾ ਹੁੰਦਾ। ਘਰ ਵਿਚ ਗ਼ਰੀਬੀ ਸੀ। ਮੇਰੀ ਸੋਚ ਇਹ ਸੀ ਕਿ ਅਸੀਂ ਬਹੁਤ ਅਮੀਰ ਹੋਈਏ। ਚੰਗਾ ਖਾਈਏ, ਚੰਗਾ ਪਹਿਨੀਏ, ਬੜੇ ਹੀ ਚੰਗੇ ਘਰ ਵਿਚ ਰਹੀਏ। ਫੇਰ ਸਮਾਂ ਆਇਆ ਕਿ ਮੇਰੀ ਸੋਚ ਬਦਲ ਗਈ। ਕਾਰਨ ਸੀ ਰਾਵਲਪਿੰਡੀ ਸੁਣਿਆ ਗਿਆ ਇਕ ਕਵੀ ਦਰਬਾਰ। ਉਸ ਕਵੀ-ਦਰਬਾਰ ਵਿਚ ਸਰੋਤਿਆਂ ਵਲੋਂ ਕਵੀਆਂ ਦੀ ਤਾੜੀਆਂ ਮਾਰ-ਮਾਰ ਕੇ ਕੀਤੀ ਗਈ ਭਰਪੂਰ ਪ੍ਰਸੰਸਾ। ਕਵੀ ਉਥੇ ਹੀਰੋ ਸਨ। ਮੇਰਾ ਦਿਲ ਚਾਹੁਣ ਲੱਗਾ ਕਿ ਮੈਂ ਵੀ ਇਨ੍ਹਾਂ ਕਵੀਆਂ ਵਾਂਗ ਕਵਿਤਾਵਾਂ ਲਿਖਿਆ ਕਰਾਂ ਤੇ ਇਨ੍ਹਾਂ ਵਾਂਗ ਹੀ ਹੀਰੋ ਬਣਾਂ। ਕਵੀ ਬਣਨ ਲਈ ਵੱਡੀ ਪ੍ਰੇਰਨਾ ਤਾਂ ਮੈਨੂੰ ਇਨ੍ਹਾਂ ਕਵੀਆਂ ਤੋਂ ਹੀ ਮਿਲੀ ਸੀ, ਪਰ ਇਸ ਵਿਚ ਮੇਰੇ ਪਿਤਾ ਵਾਲੀ ਪ੍ਰੇਰਨਾ ਵੀ ਆ ਜਾਂਦੀ ਹੈ ਤੇ ਪਟਿਾਆਲੇ ਦੇ ਪ੍ਰਸਿੱਧ ਕਵੀ ਬਲਵੰਤ ਸਿੰਘ ਗਜਰਾਜ ਵਲੋਂ ਦਿੱਤੀ ਹੋਈ ਪ੍ਰੇਰਨਾ ਵੀ। ਉਹ ਮੇਰੇ ਪਿਤਾ ਦੇ ਮਿੱਤਰ ਸਨ। ਉਨ੍ਹਾਂ ਨੇ ਕਿਸੇ ਕਵੀ ਦਰਬਾਰ ਲਈ ਆਪ ਕਵਿਤਾ ਲਿਖ ਕੇ ਮੈਨੂੰ ਪੜ੍ਹਨ ਲਈ ਪ੍ਰੇਰਿਆ ਤੇ ਆਪਣੇ ਕੋਲੋਂ ਇਨਾਮ ਵਜੋਂ ਇਕ ਸੁਨਹਿਰੀ ਮੈਡਲ ਦਿੱਤਾ। ਮੇਰੀ ਉਮਰ ਉਸ ਸਮੇਂ ਦਸ-ਗਿਆਰਾਂ ਵਰ੍ਹੇ ਦੀ ਸੀ ਤੇ ਪਹਿਲੀ ਵਾਰ ਸਟੇਜ ਉਤੇ ਮੈਂ ਉਦੋਂ ਹੀ ਕਵਿਤਾ ਪੜ੍ਹੀ ਸੀ। ਲਾਊਡ ਸਪੀਕਰ ਨਹੀਂ ਸਨ ਉਦੋਂ। ਤਾਂ ਵੀ ਸਭ ਤੋਂ ਪਹਿਲੀ ਪ੍ਰੇਰਨ ਮੇਰੇ ਪਿਤਾ ਵਾਲੀ ਹੀ ਹੈ।
ਹੁਣ : ਤੁਹਾਡੀਆਂ ਲਿਖਤਾਂ ਦੱਸਦੀਆਂ ਹਨ ਕਿ ਉਹ ਬੜੇ ਝਗੜਾਲੂ ਸਨ।
ਧੀਰ : ਬਿਲਕੁਲ ਗ਼ਲਤ। ਮੈਂ ਅਪਣੀ ਕਿਸੇ ਲਿਖਤ ਵਿਚ ਇਹ ਨਹੀਂ ਲਿਖਿਆ ਕਿ ਮੇਰੇ ਪਿਤਾ ”ਝਗੜਾਲੂ’’ ਸਨ। ਪਤਾ ਨਹੀਂ ਤੁਸੀਂ ਕਿਹੜੀ ”ਲਿਖਤ’’ ਪੜ੍ਹਕੇ ਗੱਲ ਕਰ ਰਹੇ ਹੋ!
ਮੇਰਾ ਦਾਦਾ ਬੜਾ ਹੀ ਗ਼ੁੱਸੇ ਵਾਲਾ ਅਤੇ ਜਾਬਰ ਕਿਸਮ ਦਾ ਬੰਦਾ ਸੀ। ਉਹ ਮੇਰੇ ਬਾਪ ਨੂੰ ਮੇਰੀ ਮਾਂ ਤੇ ਸਾਡੇ ਬੱਚਿਆਂ ਸਾਹਮਣੇ ਵੀ ਮਾਰਨ-ਕੁੱਟਣ ਲੱਗ ਜਾਂਦਾ ਸੀ। ਉਹਨੂੰ ਇਹ ਵੀ ਸਮਝ ਨਹੀਂ ਸੀ ਕਿ ਵਿਆਹੇ-ਵਰ੍ਹੇ, ਜਵਾਨ ਤੇ ਬਾਲ-ਬੱਚੜਦਾਰ ਪੁੱਤਰ ਨਾਲ ਕਿਵੇਂ ਵਿਰੋਧ ਕਰਨਾ ਜਾਂ ਕਿਵੇਂ ਲੜਨਾ-ਝਗੜਨਾ ਚਾਹੀਦਾ ਹੈ। ਅਜਿਹੇ ਮੌਕੇ, ਕਈ ਵਾਰ, ਮੇਰਾ ਪਿਤਾ ਵੀ ਉਸ ਵੱਲ ਬਰਾਬਰ ਹੱਥ ਚੁੱਕ ਲੈਂਦਾ, ਅਤੇ ਉਹ ਦਾੜ੍ਹਮ-ਦਾੜ੍ਹੀ ਤੇ ਕੇਸਮ-ਕੇਸੀਂ ਹੋ ਜਾਂਦੇ। ਇਹ ਮੇਰੇ ਬਾਪ ਦਾ ”ਝਗੜਾਲੂ’’ ਹੋਣਾ ਉੱਕਾ ਨਹੀਂ। ਇਹ ਮੇਰੇ ਦਾਦੇ ਦੇ ਜਾਬਰਪੁਣੇ ਜਾਂ ਮੂਰਖਤਾਈ ਦਾ ਕੁਦਰਤੀ ਪ੍ਰਤਿਕਰਮ ਹੰੁਦਾ ਸੀ।
ਆਪਣੀ ਸਵੈ-ਜੀਵਨੀ ਵਿਚ ”ਮੇਰਾ ਦਾਦਾ’’ ਸਿਰਲੇਖ ਨਾਲ ਮੈਂ ਇਉਂ ਲਿਖਿਆ ਹੋਇਆ ਹੈ :
”ਮੇਰਾ ਬਾਪ ਮੇਰੇ ਦਾਦੇ ਦਾ ਸਭ ਤੋਂ ਪਹਿਲਾ ਪੁੱਤਰ ਸੀ। ਪਰ ਮੇਰਾ ਦਾਦਾ, ਮੇਰੇ ਬਾਪ ਨੂੰ, ਜਦ ਉਹ ਵਿਆਹਿਆ-ਵਰਿਆ ਤੇ ਧੀਆਂ-ਪੁੱਤਾਂ ਦਾ ਬਾਪ ਸੀ, ਉਦੋਂ ਵੀ ਮਾਰਦਾ ਹੁੰਦਾ ਸੀ। ਮੇਰੀ ਮਾਂ ਦੇ ਸਾਹਮਣੇ ਵੀ ਤੇ ਧੀਆਂ-ਪੁੱਤਾਂ ਦੇ ਸਾਹਮਣੇ ਵੀ। ਮੇਰੇ ਬਾਪ ਦੀ ਛਾਤੀ ਉਤੇ ਖੁਲ੍ਹੀ ਤੇ ਚੌਰਸ ਦਾੜ੍ਹੀ ਹੁੰਦੀ। ਪਰ ਮੇਰਾ ਦਾਦਾ ਇਸ ਦਾੜ੍ਹੀ ਦੀ ਕੋਈ ਲਿਹਾਜ਼ ਨਾ ਕਰਦਾ ਹੁੰਦਾ।
ਕਦੇ-ਕਦੇ ਉਹ ਦੋਵੇਂ ਜਣੇ ਆਪਸ ਵਿਚ ਵੀ ਉਲਝ ਪੈਂਦੇ। ਉਹਨਾਂ ਦੇ ਹੱਥੀਂ ਇਕ-ਦੂਜੇ ਦੀਆਂ ਦਾੜ੍ਹੀਆਂ ਅਤੇ ਕੇਸ ਹੁੰਦੇ। ਇਕ ਦੇ ਹੱਥ ਵਿਚ ਕਾਲੀ ਦਾੜ੍ਹੀ ਤੇ ਕਾਲੇ ਕੇਸ ਹੁੰਦੇ ਸਨ, ਇਸੇ ਤਰ੍ਹਾਂ ਦੂਜੇ ਹੱਥੀਂ ਧੌਲੀ ਦਾੜ੍ਹੀ ਤੇ ਧੌਲੇ ਕੇਸ।…’’
ਦਰਦਮੰਦ ਦਿਲ ਵਾਲੀ ਮਾਂ
ਹੁਣ : ਤੁਹਾਨੂੰ ਆਪਣੀ ਮਾਂ ਕੋਲੋਂ ਸੁਣੀਆਂ ਕੋਈ ਨਿੱਕੀਆਂ ਨਿੱਕੀਆਂ ਗੱਲਾਂ ਯਾਦ ਨੇ? ਕਿੰਨਾ ਕੁ ਪਿਆਰ ਕਰਦੀ ਸੀ ਤੁਹਾਨੂੰ ਉਹ?
ਧੀਰ : ਨਿੱਕੀਆਂ-ਨਿੱਕੀਆਂ ਗੱਲਾਂ ਹਜ਼ਾਰਾਂ-ਲੱਖਾਂ ਕੀਤੀਆਂ ਹੋਣਗੀਆਂ ਮੇਰੀ ਮਾਂ ਨੇ ਮੇਰੇ ਨਾਲ। ਜਿਵੇਂ ਹਰ ਮਾਂ ਹੀ ਆਪਣੇ ਬੱਚਿਆਂ ਨਾਲ ਕਰਦੀ ਹੈ। ਪਰ ਨਿੱਕੀਆਂ-ਨਿੱਕੀਆਂ ਸਾਰੀਆਂ ਗੱਲਾਂ ਕੋਈ ਵੀ ਯਾਦ ਰੱਖ ਸਕਦਾ ਨਹੀਂ। ਨਿੱਕੀਆਂ ਹੋਣ, ਵੱਡੀਆਂ ਹੋਣ, ਕੁਝ ਗੱਲਾਂ ਜ਼ਰੂਰ ਸਭ ਦੀ ਯਾਦ ਵਿਚ ਰਹਿ ਜਾਂਦੀਆਂ ਹਨ।
ਮੇਰੀ ਮਾਂ ਮੈਨੂੰ ਜਿੰਨਾ ਪਿਆਰ ਕਰਦੀ ਸੀ ਉਹ ਦੱਸ ਸਕਣਾ ਸੰਭਵ ਨਹੀਂ। ਹਾਲਾਂਕਿ ਮੈਂ ਕਵੀ ਹਾਂ, ਤੇ ਮੇਰੇ ਕੋਲ ਲਫ਼ਜ਼ਾਂ ਦਾ ਖ਼ਜ਼ਾਨਾ ਵੀ ਬਹੁਤ ਵੱਡਾ ਹੈ, ਤਦ ਵੀ ਮੈਂ ਅਸਮਰੱਥ ਹਾਂ ਤੇ ਇਸ ਗਲੋਂ ਕੰਗਾਲ ਹਾਂ। ਕਿਤੇ ਮੈਂ ਆਪਣੀ ਮਾਂ ਨੂੰ ਇੱਛਰਾਂ ਵਰਗੀ ਕਿਹਾ ਹੈ, ਪਰ ਇਸ ਉੱਚੀ ਉਪਮਾ ਨਾਲ ਵੀ ਮੈਂ ਆਪਣੇ ਭਾਵਾਂ ਦਾ ਪੂਰਾ ਪ੍ਰਗਟਾ ਕਰਨ ਦੇ ਯੋਗ ਨਹੀਂ।
ਮੈਂ ਆਮ ਹੀ ਆਖਦਾ ਰਹਿੰਦਾ ਹਾਂ ਕਿ ਮੈਂ ਆਪਣੇ ਬਾਪ ਦਾ ਨਹੀਂ, ਆਪਣੀ ਮਾਂ ਦਾ ਪੁੱਤਰ ਹਾਂ। ਇਸ ਦਾ ਮਤਲਬ ਇਹ ਹੈ ਕਿ ਮੇਰੀ ਮਾਨਸਿਕ ਬਣਤਰ ਉਤੇ ਮੇਰੀ ਮਾਂ ਦਾ ਅਸਰ ਹੈ ਤੇ ਮੇਰਾ ਹਿਰਦਾ ਮੇਰੀ ਮਾਂ ਦੇ ਹਿਰਦੇ ਤੋਂ ਸਾਜਿਆ ਗਿਆ ਹੈ। ਮੈਂ ਕਵੀ ਜਾਂ ਸਾਹਿਤਕਾਰ ਹਾਂ। ਪਰ ਮੇਰੀ ਅੱਖ ਨੂੰ ਮੇਰੀ ਮਾਂ ਦੀ ਅੱਖ ਤੋਂ ਚਾਨਣ ਮਿਲਿਆ ਹੈ। ਉਹਨੇ ਮੈਨੂੰ, ਡਿੱਗੇ ਹੋਏ ਨੂੰ, ਚਾਨਣ ਦੇ ਉਪਦੇਸ਼ ਦਿੱਤੇ।
ਮੇਰੀ ਮਾਂ ਕੀ ਸੀ? ਆਪਣੀ ਸਵੈ-ਜੀਵਨੀ ਦੇ ”ਮਾਤਾ-ਪਿਤਾ’’ ਕਾਂਡ ਵਿਚ ਮੈਂ ਇਉਂ ਲਿਖਿਆ ਹੋਇਆ ਹੈ :
”… ਕੁਦਰਤ ਵਲੋਂ ਮੇਰੀ ਮਾਂ ਨੂੰ ਬੜੇ ਹੀ ਦਰਦਮੰਦ ਦਿਲ ਦੀ ਬਖ਼ਸ਼ਿਸ਼ ਕੀਤੀ ਹੋਈ ਸੀ। ਬੁੱਧ ਦੀ ਫ਼ਿਲਾਸਫ਼ੀ ”ਅਹਿੰਸਾ ਪਰਮ ਧਰਮ ਹੈ’’ ਸਹਿਜ ਸੁਭਾ ਹੀ ਮੇਰੀ ਮਾਂ ਦੇ ਦਿਲ ਵਿਚ ਵਸੀ ਹੋਈ ਸੀ। ਜੀਵ-ਹੱਤਿਆ ਉਸਦੇ ਨੇੜੇ ਸਭ ਤੋਂ ਵੱਡਾ ਪਾਪ ਸੀ। ਜੀਵ-ਹੱਤਿਆ, ਉਸਦੇ ਨੇੜੇ, ਛੁਰੀਆਂ ਜਾਂ ਤਲਵਾਰਾਂ ਨਾਲ ਹੀ ਕਿਸੇ ਨੂੰ ਮਾਰਨਾ ਨਹੀਂ ਸੀ; ਸਗੋਂ ਕਿਸੇ ਦਾ ਦਿਲ ਦੁਖਾਉਣਾ ਵੀ ਉਸ ਲਈ ਜੀਵ-ਹੱਤਿਆ ਸੀ। ਇਸ ਲਈ ਉਸ ਦੇ ਕੋਮਲ ਦਿਲ ਵਿਚ ਬਿਲਕੁਲ ਸੱਚੇ ਅਰਥਾਂ ਵਾਲੀ ਅਹਿੰਸਾ ਦਾ ਵਸੇਬਾ ਸੀ। ਕਿਸੇ ਕੀੜੀ ਨੂੰ ਮਾਰਨਾ ਕੀ, ਕਿਸੇ ਕੀੜੀ ਦਾ ਦਿਲ ਦੁਖਾਉਣਾ ਵੀ ਉਸ ਲਈ ਮੁਸ਼ਕਿਲ ਹੁੰਦਾ ਸੀ। ਉਸਦਾ ਦਿਲ ਸਜ-ਸਜਾਏ ਚਿੜੀ ਦੇ ਬੋਟ ਵਰਗਾ ਸੀ ਜੋ ਹਰ ਵੇਲੇ ਹੀ ਚੁੰਜ ਖੋਲ੍ਹਕੇ ਸਹਿਕਦਾ ਜਿਹਾ ਰਹਿੰਦਾ ਹੈ। ਫੁੱਲ ਕੋਮਲ ਹੁੰਦੇ ਹਨ, ਪਰ ਫੁੱਲਾਂ ਨਾਲੋਂ ਵੀ ਵੱਧ ਕੋਮਲ ਮੇਰੀ ਮਾਂ ਦਾ ਦਿਲ ਸੀ ਜੋ ਨਿੱਕੀ ਜਿਹੀ ਕੰਕਰੀ ਜਾਂ ਕੰਡੇ ਦੀ ਝਰੀਟ ਤਕ ਵੀ ਸਹਿਣ ਨਹੀਂ ਕਰ ਸਕਦਾ ਸੀ। ਜਾਪਦਾ ਸੀ ਜਿਵੇਂ ਕਿਸੇ ਨੇ ਕਵਿਤਾ ਅਤੇ ਕਲਾ ਨਾਲ ਹੀ ਉਹਦੇ ਦਿਲ ਨੂੰ ਸਾਜਿਆ ਹੋਵੇ।’’
ਏਨੇ ਚੰਗੇ ਦਿਲ ਵਾਲੀ ਫੁੱਲਾਂ ਜਿਹੀ ਕੋਮਲ ਮਾਂ ਕਿੰਨਾ ਪਿਆਰ ਕਰਦੀ ਹੋਵੇਗੀ ਮੈਨੂੰ, ਆਪਣੇ ਪੁੱਤਰ ਨੂੰ, ਲੱਖਣ ਲਾਉਣਾ ਔਖਾ ਨਹੀਂ।
ਹੁਣ : ਤੁਹਾਡਾ ਟੱਬਰ ਤੁਹਾਡੀ ਮਾਂ ਨੂੰ ਸ਼ਹਿਰਨ ਸੱਦਦਾ ਹੁੰਦਾ ਸੀ। ਇਹ ਅੱਲ ਕਿਵੇਂ ਪਈ?
ਧੀਰ : ਸਾਡਾ ਪਰਵਾਰ ਹੀ ਨਹੀਂ, ਸਾਰਾ ਗਲੀ-ਮਹੱਲਾ ਮੇਰੀ ਮਾਂ ਨੂੰ ਸ਼ਹਿਰਨ ਆਖਦਾ ਹੁੰਦਾ ਸੀ। ਸਰਹੰਦ ਨੇੜੇ ਬਸੀ ਪਠਾਣਾਂ ਪੇਕੇ ਸਨ ਮੇਰੀ ਮਾਂ ਦੇ। ਭਾਵੇਂ ਬਸੀ ਪਠਾਣਾਂ ਕੋਈ ਵੱਡਾ ਸ਼ਹਿਰ ਨਹੀਂ ਸੀ, ਇਕ ਮਾਮੂਲੀ ਕਸਬਾ ਸੀ, ਪਰ ਸਾਡੇ ਪਿੰਡ ਦੇ ਟਾਕਰੇ ਵਿਚ ਉਹ ਫੇਰ ਵੀ ਇਕ ਸ਼ਹਿਰ ਹੀ ਸੀ। ਬਸੀ ਪਠਾਣਾਂ ਨੂੰ ਆਮ ਲੋਕ ਸਰਹੰਦ-ਬਸੀ ਵੀ ਕਹਿੰਦੇ ਸਨ, ਤੇ ਹਨ। ਸਰਹੰਦ ਕਿਸੇ ਸਮੇਂ ਬਹੁਤ ਵੱਡਾ ਤਾਰੀਖ਼ੀ ਸ਼ਹਿਰ ਸੀ। ਦੂਜੇ ਮੇਰੀ ਮਾਂ ਬੜੇ ਚੱਜ-ਆਚਾਰ ਵਾਲੀ ਸੀ। ਖ਼ਾਸਕਰ ਰਸੋਈ ਦਾ ਕੰਮ ਉਹਦਾ ਬੜਾ ਹੀ ਸੁਥਰਾ ਹੁੰਦਾ। ਉਹਦੀ ਦਾਲ-ਸਬਜ਼ੀ ਦੇ ਸੁਆਦ ਹੀ ਵੱਖਰੇ ਹੁੰਦੇ ਸਨ। ਉਹਦੇ ਬਣਾਏ ਦਹੀਂ-ਭੱਲੇ ਹਲਵਾਈਆਂ ਨੂੰ ਮਾਤ ਕਰ ਦਿੰਦੇ ਸਨ।
ਹੁਣ : ਮਾਂ/ਬਾਪ ਦਾ ਤੁਹਾਡੀ ਕਵਿਤਾ ਵਿਚ ਬਹੁਤ ਘੱਟ ਜ਼ਿਕਰ ਆਇਆ ਹੈ। ਕਿਉਂ?
ਧੀਰ : ਬਹੁਤ ਘੱਟ ਕੀ, ਆਇਆ ਹੀ ਨਹੀਂ, ਅਤੇ ਇਹ ਜ਼ਰੂਰੀ ਵੀ ਨਹੀਂ ਕਿ ਹਰ ਕਵੀ ਦੀ ਕਵਿਤਾ ਵਿਚ ਮਾਂ-ਬਾਪ ਦਾ ਜ਼ਿਕਰ ਆਵੇ, ਬਿਨਾਂ ਪ੍ਰਸੰਗ। ਬਾਬਾ ਫ਼ਰੀਦ, ਗੁਰੂ ਨਾਨਕ, ਬਾਕੀ ਹੋਰ ਗੁਰੂ ਸਾਹਿਬਾਨ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਿਸਸ਼ਾਹ ਜਾਂ ਹੋਰ ਕਵੀ, ਕਿਸੇ ਨੇ ਆਪਣੇ ਮਾਂ-ਬਾਪ ਦਾ ਕਵਿਤਾ ਵਿਚ ਜ਼ਿਕਰ ਨਹੀਂ ਕੀਤਾ। ਜੇ ਕਿਸੇ ਸੂਫ਼ੀ ਜਾਂ ਗੁਰੂਆਂ ਨੇ ਕਿਤੇ ਮਾਂ ਦਾ ਜ਼ਿਕਰ ਕੀਤਾ ਹੈ ਤਾਂ ਉਹ ਆਪਣੀ ਮਾਂ ਦਾ ਨਹੀਂ, ਆਪਣੇ ਪਾਤਰ ਹੀਰ, ਸੋਹਣੀ, ਸੱਸੀ ਆਦਿ ਵਲੋਂ ਹੀ ਉਹਨਾਂ ਦੀਆਂ ਮਾਵਾਂ ਵੱਲ ਪੁਕਾਰ ਦਾ ਜ਼ਿਕਰ ਕੀਤਾ ਹੈ। ਬਾਪਾਂ ਦਾ ਉਹਨਾਂ ਵੀ ਨਹੀਂ ਕੀਤਾ ਜਾਂ ਕਿਸੇ ਪ੍ਰਸੰਗ ਵਿਚ ਕੀਤਾ ਹੈ। ਮੋਹਨ ਸਿੰਘ ਨੇ ਮਾਂ ਬਾਰੇ ਇਕ ਛੋਟੀ ਕਵਿਤਾ ਲਿਖੀ ਹੈ, ਪਰ ਉਹ ਸਭ ਦੀ ਮਾਂ ਹੈ, ਮੋਹਨ ਸਿੰਘ ਦੀ ਆਪਣੀ ਨਹੀਂ।
ਸ੍ਰੀ ਗੁਰੂ ਗੋਬਿੰਦ ਸਿੰਘ ਆਪਣੇ ਪਿਤਾ ਦਾ ਜ਼ਿਕਰ ਕਰਦੇ ਹਨ-ਕਲੂੁ ਕਾਲ ਮੇਂ ਸਾਕਾ ਕੀਆ, ਸੀਸ ਦੀਆ ਪਰ ਸਿਰਰ ਨਾ ਦੀਆ-ਉਹ ਆਪਣੀ ਜੀਵਨੀ ਬਚਿਤ੍ਰ ਨਾਟਕ ਵਿਚ ਕਰਦੇ ਹਨ ਤੇ ਕਿਸੇ ਪ੍ਰਸੰਗ ਵਿਚ ਕਰਦੇ ਹਨ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ”ਸ਼ਬਦ ਹਜ਼ਾਰੇ’’, ਲੋੜ ਕਾਰਨ, ਆਪਣੇ ਪਿਤਾ ਵੱਲ ਲਾਹੌਰ ਤੋਂ ਲਿਖੀਆਂ ਚਿੱਠੀਆਂ ਹਨ। ਮੇਰੀ ਸਵੈ-ਜੀਵਨੀ ਵਿਚ ਜਿਥੇ ਪ੍ਰਸੰਗ ਬਣਿਆ ਹੈ, ਉਥੇ ਮੈਂ ਮਾਂ-ਬਾਪ ਦੋਹਾਂ ਦਾ ਜ਼ਿਕਰ ਕੀਤਾ ਹੈ। ਕਵਿਤਾ ਵਿਚ ਬਿਨਾਂ ਪ੍ਰਸੰਗ ਜ਼ਿਕਰ ਕਰਨ ਦਾ ਮਤਲਬ ਕੀ?
ਡਡਹੇੜੀ ਦਾ ਬਚਪਨ
ਹੁਣ : ਡਡਹੇੜੀ ਵਿਚ ਤੁਹਾਡੇ ਆਲੇ ਦੁਆਲੇ ਦੇ ਲੋਕ ਕਿਹੋ ਜਿਹੇ ਸਨ? ਕੀ ਤੁਹਾਡੀ ਅਖਾਉਤੀ ਨੀਵੀਂ ਜਾਤੀ ਹੋਣ ਕਰਕੇ ਤੁਹਾਨੂੰ ਕਿਸੇ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ?
ਧੀਰ : ਜ਼ਾਤ-ਪਾਤ ਦੀ ਸੰਸਥਾ ਸਾਡੀ ਬੜੀ ਹੀ ਅਣਮਨੁੱਖੀ ਹੈ। ਇਹ ਅਣਮਨੁੱਖਤਾ ਸੰਸਾਰ ਵਿਚ ਹੋਰ ਕਿਤੇ ਵੀ ਨਹੀਂ। ਪਾਕਿਸਤਾਨ, ਬੰਗਲਾਦੇਸ਼ ਜਾਂ ਜਿਹੜੇ ਹੋਰ ਖ਼ਿੱਤੇ ਕਦੇ ਭਾਰਤ ਨਾਲ ਹੀ ਹੁੰਦੇ ਸਨ, ਉਹਨਾਂ ਵਿਚ ਜ਼ਰੂਰ ਹੈ। ਉਹ ਵੀ ਜਿਹੜੇ ਮੁਸਲਮਾਨ ਹਿੰਦੂਆਂ ਵਿਚੋਂ ਬਣੇ ਹਨ, ਉਹ ਹਿੰਦੂਆਂ ਵਾਲੇ ਇਸ ਕੋੜ੍ਹ ਨੂੰ ਆਪਣੇ ਨਾਲ ਲੈ ਗਏ ਹਨ। ਉਂਜ ਹਨ ਅਖਾਉਤੀ ਇਹ। ਧਰਮ ਵੀ ਤੇ ਜ਼ਾਤਾਂ ਵੀ। ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਮਾਨਸ ਦੀ ਜਾਤ ਸਭ ਦੀ ਇਕੋ ਮੰਨਣੀ ਚਾਹੀਦੀ ਹੈ-ਮਾਨਸ ਹੋਣਾ। ਪਰ ਇਹ ਅਣਮਨੁੱਖਤਾ ਭਾਰਤ ਵਿਚ ਏਨੀ ਡੂੰਘੀ ਹੈ ਕਿ ਬਹੁਤ ਵੱਡੀ ਗਿਣਤੀ ਸਾਡੀ, ਬਿਨਾਂ ਕਸੂਰ, ਨਮੋਸ਼ੀਆਂ-ਸ਼ਰਮਿੰਦਗੀਆਂ ਹੰਢਾਉਂਦੀ ਹੈ। ਗੁਰੂ ਗੋਬਿੰਦ ਸਿੰਘ ਜਿਹੇ ਮਹਾਨ ਪੁਰਸ਼ ਦੇ ਹੁਕਮਾਂ ਉਤੇ ਵੀ ਕੋਈ ਕੰਨ ਧਰਦਾ ਨਹੀਂ। ਰਿਸ਼ੀਆਂ-ਮੁਨੀਆਂ ਦੇ ਭਾਰਤ ਦਾ ਪਰਨਾਲਾ ਉਥੇ ਦਾ ਉਥੇ ਹੈ।
ਇਹ ਅਖਾਉਤੀ ਜ਼ਾਤਾਂ-ਪਾਤਾਂ ”ਉਚੀਆਂ’’ ਵੀ ਹਨ ਤੇ ”ਨੀਵੀਆਂ’’ ਵੀ। ਭਾਰਤੀਆਂ ਦੀ ਸੋਚ ਅਨੁਸਾਰ ਛੀਂਬਾ ਨੀਵੀਂ ਜਾਤੀ ਹੈ। ਪਰ ਚੂੁਹੜਾ, ਚਮਾਰ, ਗੰਢੀਲਾ ਤੇ ਸਹਿੰਸੀ ਆਦਿ ਹੋਰ ਵੀ ਨੀਵੀਆਂ ਜਾਤੀਆਂ ਹਨ। ਸਗੋਂ ਅਤਿ ਦੀਆਂ ਨੀਵੀਆਂ। ਇਨ੍ਹਾ ਵਿਚ ਜਨਮ ਲੈਣਾ ਮਨੁੱਖਾ ਜੂਨ ਵਿਚ ਨਾ ਜਨਮ ਲੈਣ ਦੇ ਬਰਾਬਰ ਹੈ। ਭਾਵ ਕਿਸੇ ਪਸ਼ੂ ਸਮਾਨ। ਜਿੰਨੀ ਹੀਣਤ ਇਨ੍ਹਾਂ ਜ਼ਾਤਾਂ ਵਿਚ ਜਨਮੇ ਹੋਏ ਅਭਾਗਿਆਂ ਨੂੰ ਜੀਵਨ ਵਿਚ ਭੋਗਣੀ ਪੈਂਦੀ ਹੈ, ਉਸਦੀ ਥਾਹ ਉਸ ਜ਼ਾਤ ਵਿਚ ਆਪ ਜਨਮ ਲੈਣ ਨਾਲ ਹੀ ਪਾਈ ਜਾ ਸਕਦੀ ਹੈ। ਰੋਗ ਤਾਂ ਹੋਰ ਵੀ ਭਾਰਤੀ ਸਮਾਜ ਨੂੰ ਹਜ਼ਾਰਾਂ ਲੱਗੇ ਹੋਏ ਹਨ; ਪਰ ਇਕ ਇਸ ਰੋਗ ਕਰਨ ਹੀ ਭਾਰਤੀ ਸਮਾਜ ਸੌ-ਫ਼ੀ-ਸਦੀ ਤੋਂ ਵੱਧ ਅਣਮਨੁੱਖੀ ਹੈ।
ਸਾਡੀ ਜ਼ਾਤ ਵਿਚ-ਵਿਚਾਲੇ ਜਿਹੇ ਦੀ ਨੀਵੀਂ ਜ਼ਾਤ ਹੈ। ਨਮੋਸ਼ੀ ਦਾ ਸਬੰਧ ਕਿਸੇ ਦੀ ਸੈਂਸਟਿਵਿਟੀ ਨਾਲ ਹੈ। ਮੈਂ ਕਿਉਂਕਿ ਸੈਂਸਟਿਵ ਹਾਂ, ਕੁਝ ਵਧੇਰੇ ਹੀ ਕੋਮਲ-ਭਾਵੀ, ਇਸ ਲਈ ਮੈਨੂੰ ਇਹ ਨਮੋਸ਼ੀ ਬਹੁਤ ਮਹਿਸੂਸ ਹੁੰਦੀ ਰਹੀ, ਤੇ ਹੁਣ ਵੀ ਹੁੰਦੀ ਰਹਿੰਦੀ ਹੈ; ਹਾਲਾਂਕਿ ਮਾਨਸਿਕ ਪੱਧਰ ਕਾਫ਼ੀ ਉੱਚੀ ਉੱਠੀ ਹੋਈ ਹੈ ਮੇਰੀ _ ਦ੍ਰਿਸ਼ਟੀਕੋਣ ਵਿਗਿਆਨਕ ਕਾਰਨ। ਮੈਨੂੰ ਆਪਣੀ ਜ਼ਾਤ ਦੱਸਣੀ ਬਹੁਤ ਮੁਸ਼ਕਿਲ ਹੁੰਦੀ ਹੈ। ਭਾਵੇਂ ਮੈਨੂੰ ਪਤਾ ਹੈ ਕਿ ਇਹ ਨਿਰੀ ਅਖਾਉਤੀ ਹੀ ਹੈ।
ਕਈ ਲੋਕ ਅਜਿਹੇ ਹਨ ਜੋ ਆਪਣੀ ਨੀਵੀਂ ਤੋਂ ਨੀਵੀਂ ਜ਼ਾਤ ਵੀ ਝੱਟ ਹੀ ਦੱਸ ਦਿੰਦੇ ਹਨ, ਬਿਨਾਂ ਕਿਸੇ ਕੰਪਲੈਕਸ, ਜਿਵੇਂ ਉਨ੍ਹਾਂ ਨੂੰ ਉੱਚੀ-ਨੀਵੀਂ ਜ਼ਾਤ ਦਾ ਕੋਈ ਇਹਸਾਸ ਹੀ ਹੁੰਦਾ ਨਹੀਂ। ਕੌਣ ਹੁੰਦੇ ਹੋ? ਚੂਹੜੇ। ਕੌਣ ਹੁੰਦੇ ਹੋ? ਸਹਿੰਸੀ। ਇਹ ਅਤੀ ਸਾਧਾਰਨ ਹੁੰਦੇ ਹਨ। ਕੰਪਲੈਕਸ-ਰਹਿਤ ਜਾਂ ਕੋਈ ਅਤਿ ਸਧਾਰਨ ਹੁੰਦਾ ਹੈ ਜਾਂ ਫੇਰ ਕੋਈ ਮਹਾਂਪੁਰਸ਼। ਰਵੀਦਾਸ ਆਪਣੇ ਆਪ ਨੂੰ ਜਦੋਂ ਚਮਾਰ ਕਹਿੰਦੇ ਹਨ, ਉਹ ਨਾ ਕੇਵਲ ਹਰ ਕਿਸਮ ਦੇ ਕੰਪਲੈਕਸ ਤੋਂ ਰਹਿਤ ਹੋ ਚੁੱਕੇ ਹੁੰਦੇ ਹਨ, ਸਗੋਂ ਇਸ ਸਮਾਜ ਦੇ ਉਹ ਪਿਉ ਬਣ ਗਏ ਹੁੰਦੇ ਹਨ। ਜਦੋਂ ਆਪਣੇ ਆਪ ਨੂੰ ਉਹ ਚਮਾਰ ਕਹਿੰਦੇ ਹਨ, ਉਹ ਇਸ ਸਮਾਜ ਦੇ ਮੂੰਹ ਉਤੇ ਚਪੇੜ ਮਾਰ ਰਹੇ ਹੁੰਦੇ ਹਨ-ਸਮਾਜ ਜਿਹੜਾ ਜ਼ਾਤ-ਪਾਤ ਦੀ ਸੰਸਥਾ ਦਾ ਸਿਰਜਕ ਤੇ ਸੁਧਾ ਬ੍ਰਾਹਮਣਵਾਦੀ ਤੇ ਅਤਿ ਦਾ ਪਿਛਾਂਹਖਿਚੂ ਹੈ ਤੇ ਸਾਰੀ ਕੌਮ ਦੀਆਂ ਸਦੀਆਂ ਦੀਆਂ ਗ਼ੁਲਾਮੀਆਂ ਦਾ ਕਾਰਨ ਹੈ। ਇਸੇ ਤਰ੍ਹਾਂ ਨਾਮਦੇਵ, ਕਬੀਰ, ਤ੍ਰਿਲੋਚਨ, ਸੈਣ ਤੇ ਹੋਰ ਸੰਤਾਂ ਤੇ ਭਗਤਾਂ ਨੇ ਵੀ ਇਸ ਸਮਾਜ ਨੂੰ ਫੈਂਟਿਆ।
ਮੇਰੇ ਪਿੰਡ ਦੇ ਲੋਕ ਪਹਿਲਾਂ ਵੀ ਬਹੁਤ ਚੰਗੇ ਸਨ ਤੇ ਹੁਣ ਵੀ ਬਹੁਤ ਚੰਗੇ ਹਨ। ਕਿਸੇ ਸਮੇਂ ਮੈਂ ਉਹਨਾਂ ਲਈ ”ਛੀਂਬਿਆਂ ਦਾ ਮੁੰਡਾ’’ ਸਾਂ। ਹੁਣ ਮੈਂ ਉਹਨਾਂ ਦੀ ਬੋਲੀ ਦਾ ਬਹੁਤ ਵੱਡਾ ਲੇਖਕ ਹਾਂ ਜੋ ਦੁਨੀਆਂ ਵਿਚ ਪ੍ਰਸਿੱਧ ਹਾਂ ਤੇ ਜਿਸ ਨੇ ਉਨ੍ਹਾਂ ਦੇ ਪਿੰਡ ਦੇ ਨਾਂਅ ਨੂੰ ਰੌਸ਼ਨ ਕੀਤਾ ਹੋਇਆ ਹੈ। ਕਦੇ ਮੈਂ ਉਨ੍ਹਾਂ ਦੇ ਪਿੰਡ ਦਾ ਇਕ ਆਮ ਜਿਹਾ ਵਸਨੀਕ ਸਾਂ, ਅੱਜ ਮੈਂ ਮੰਨਿਆ-ਦੰਨਿਆ ਹੋਇਆ ਤੇ ਇੱਜ਼ਤ-ਮਾਣ ਵਾਲਾ ਹਾਂ। ਜਦੋਂ ਮੈਂ ਪਿੰਡ ਰਹਿੰਦਾ ਸਾਂ ਤੇ ਲੇਖਕ ਵਜੋਂ ਮੇਰੀ ਪ੍ਰਸਿੱਧੀ ਤੇ ਸ਼ੋਭਾ ਹੋਣ ਲੱਗ ਪਈ ਸੀ, ਲੋਕੀ ਮੇਰਾ ਉਦੋਂ ਵੀ ਬਹੁਤ ਮਾਣ-ਇੱਜ਼ਤ ਕਰਦੇ ਸਨ। ਮੇਰੇ ਚਾਚੇ-ਤਾਇਆਂ ਦੀ ਥਾਂ ਲਗਦੇ ਮੇਰੇ ਬਜ਼ੁਰਗ ਵੀ ਮੈਨੂੰ ”ਧੀਰ ਸਾਹਿਬ’’ ਕਹਿੰਦੇ ਸਨ।
ਮੇਰਾ ਪਿੰਡ ਮੇਰੇ ਉਤੇ ਬਹੁਤ ਮਾਣ ਕਰਦਾ ਹੈ।
ਹੁਣ : ਤੁਸੀਂ ਸਕੂਲ ਗਏ, ਪਰ ਸਿਰਫ਼ ਛੇਵੀਂ ਜਮਾਤ ਤੱਕ ਹੀ ਕਿਉਂ ਪੜ੍ਹ ਸਕੇ?
ਧੀਰ : ਪੱਛੜੇ ਹੋਏ ਘਰੋਗੀ ਹਾਲਾਤ ਨੇ ਮੈਨੂੰ ਅੱਗੇ ਪੜ੍ਹਨ ਨਹੀਂ ਦਿੱਤਾ। ਭਾਵੇਂ ਮੈਂ ਬਹੁਤ ਚਾਹੁੰਦਾ ਸਾਂ ਪੜ੍ਹਨਾ।
ਹੁਣ : ਮਾਂ ਦੇ ਮਰਨ ਪਿਛੋਂ ਪਿਉ ਨੇ ਨਵੀਂ ਸ਼ਾਦੀ ਕਰਵਾ ਲਈ ਤੇ ਵੱਖਰੇ ਰਹਿਣ ਲੱਗ ਪਏ। ਇਹਦਾ ਕਾਰਨ?
ਧੀਰ : ਨਵੀਂ ਸ਼ਾਦੀ ਨਹੀਂ ਸੀ ਕਰਵਾਈ, ਮੇਰੇ ਪਿਤਾ ਉਸ ਔਰਤ ਨੂੰ ਕੱਢ ਕੇ ਲੈ ਗਏ ਸਨ ਜਿਸ ਕਾਰਨ ਸਮਾਜ ਵਿਚ ਸਾਨੂੰ ਬਹੁਤ ਬਦਨਾਮੀ ਮਿਲੀ। ਕਾਰਨ : ਗ਼ੈਰ-ਜ਼ਿੰਮੇਵਾਰੀ, ਕਿਰਦਾਰ ਦੀ ਗਿਰਾਵਟ, ਆਪਣੇ ਉਤੇ ਕਾਬੂੁ ਨਾ ਰਹਿਣਾ। ਅੱਠ ਧੀਆਂ-ਪੁੱਤਰਾਂ ਦਾ ਬਾਪ ਸੀ ਉਦੋਂ ਮੇਰਾ ਪਿਤਾ। ਦੋ ਭੈਣਾਂ, ਇਕ ਮੈਂ, ਤਿੰਨ ਵਿਆਹੇ ਹੋਏ ਸਾਂ ਅਸੀਂ। ਬਾਕੀ ਸਭ ਕੁਆਰੇ ਤੇ ਪਾਲਣ-ਪੋਸਣ ਵਾਲੇ ਸਨ। ਮੈਂ ਸਭ ਤੋਂ ਵੱਡਾ ਸਾਂ। ਇਹ ਭਾਰ ਮੇਰੇ ਅਤੇ ਮੇਰੀ ਪਤਨੀ ਉਤੇ ਪਿਆ। ਅਸੀਂ ਜਿਵੇਂ ਹੋ ਸਕਿਆ, ਇਸ ਭਾਰ ਨੂੰ ਚੁੱਕਦੇ ਰਹੇ। ਲੰਘ ਗਿਆ ਸਮਾਂ।
ਪਹਿਲੀ ਕਹਾਣੀ, ਪਹਿਲੀ ਪੁਸਤਕ
ਹੁਣ : ਅਪਣੀ ਪਹਿਲੀ ਕਹਾਣੀ ਕੁਆਰੀ ਪ੍ਰੀਤ ਬਾਰੇ ਤੁਸੀਂ ਦੱਸਦੇ ਹੋ ਕਿ ਇਹ ਤੁਹਾਡੇ ਨਾਲ ਵਾਪਰੀ ਸੱਚੀ ਘਟਨਾ ਕਰਕੇ ਹੀ ਲਿਖੀ ਗਈ। ਕੀ ਇਹ ਸੱਚੀ ਘਟਨਾ ਕੋਈ ਇਸ਼ਕ ਸੀ?
ਧੀਰ : ਤੁਸੀਂ ਪੁੱਛਦੇ ਹੋ : ”ਕੀ ਇਹ ਸੱਚੀ ਘਟਨਾ ਕੋਈ ਇਸ਼ਕ ਸੀ?’’ ਕਹਾਣੀ ਆਪਣਾ ਵਿਸ਼ਾ-ਵਸਤੂ ਆਪ ਦੱਸ ਰਹੀ ਹੈ। ਸਿਰਲੇਖ ”ਕੁਆਰੀ ਪ੍ਰੀਤ’’ ਹੀ ਆਪ ਦੱਸ ਰਿਹਾ ਹੈ ਕਿ ਇਹ ਕਹਾਣੀ ”ਪ੍ਰੀਤ’’ ਦੀ ਹੈ। ਪ੍ਰੇਮ, ਪਿਆਰ, ਪ੍ਰੀਤ, ਇਸ਼ਕ ਇਕੋ ਗੱਲ ਹੀ ਹੁੰਦੇ ਹਨ!
ਹੁਣ : ਅਪਣੀ ਸਭ ਤੋਂ ਪਹਿਲੀ ਕਿਤਾਬ ਗੁੱਡੀਆਂ ਪਟੋਲੇ ਤੁਸੀਂ ਅਪਣੀ ਘਰਵਾਲੀ ਦੇ ਗਹਿਣੇ ਵੇਚ ਕੇ ਛਪਵਾਈ ਸੀ। ਇਹਦੇ ਵਿਚੋਂ ਕੋਈ ਪੈਸਾ ਮੁੜਿਆ ਵੀ?
ਧੀਰ : ਗਹਿਣੇ ਨਹੀਂ, ਮੈਂ ਆਪਣੀ ਪਤਨੀ ਦੇ ਸਿਰ ਦੀ ਇਕ ਸੋਨੇ ਦੀ ਸੂਈ (ਕਲਿੱਪ) ਵੇਚੀ ਸੀ। ਕਿਹਾ ਸੀ, ਕਿਤਾਬ ਵਿਚੋਂ ਬਹੁਤ ਆਮਦਨ ਹੋਵੇਗੀ ਤੇ ਮੈਂ ਇਕ ਦੀਆਂ ਦੋ ਸੂਈਆਂ ਬਣਵਾ ਕੇ ਉਹਨੂੰ ਦਿਆਂਗਾ। ਪਰ ਇਹ ਹੋ ਸਕਿਆ ਨਹੀਂ। ਉਸ ਅੱਗੇ ਮੈਂ ਝੂਠਾ ਰਿਹਾ। ਪਰ ਉਹਨੇ ਕਦੇ ਕੁਝ ਨਹੀਂ ਕਿਹਾ। ਕਦੇ ਉਸ ਸੂਈ ਬਾਰੇ ਮੈਥੋਂ ਮੰਗ ਨਹੀਂ ਕੀਤੀ। ਨਾ ਕਦੇ ਗਿਲਾ ਹੀ ਕੀਤਾ।
ਸਮਿਆਂ ਪਿਛੋਂ ਇਹ ਉਧਾਰ ਲੰਡਨ ਦੇ ਕੁਝ ਲੇਖਕਾਂ ਨੇ ਮੇਰੇ ਵਲੋਂ ਵਾਪਸ ਕੀਤਾ। ਉਹਨਾਂ ਮੇਰਾ 70ਵਾਂ ਜਨਮ ਦਿਨ ਮਨਾਉਣ ਲਈ ਤੇਰਾ ਸਿੰਘ ਚੰਨ ਰਾਹੀਂ ਚੰਡੀਗੜ੍ਹ ਪ੍ਰਬੰਧ ਕੀਤਾ। ਚੰਨ ਹੋਰੀਂ ਉਦੋਂ ਕੇਂਦਰੀ ਸਭਾ ਦੇ ਜਨਰਲ ਸਕੱਤਰ ਸਨ। ਕੇਂਦਰੀ ਸਭਾ ਸਹਿਯੋਗੀ ਸੀ। ਇੱਕੀ ਹਜ਼ਾਰ ਰੁਪਏ ਉਨ੍ਹਾਂ ਮੈਨੂੰ ਦੇਣ ਲਈ ਭੇਜੇ ਸਨ ਤੇ ਮੇਰੀ ਪਤਨੀ ਲਈ ਸੋਨੇ ਦੀ ਚੇਨ। ਕਿਹਾ ਗਿਆ ਕਿ ਇਹ ਚੇਨ ਜਨਮ ਦਿਨ ਸਮਾਗਮ ਵਿਚ ਮੈਂ ਆਪਣੀ ਪਤਨੀ ਨੂੰ ਆਪ ਪਹਿਨਾਵਾਂ ਤੇ ਇਸ ਚੇਨ ਰਾਹੀਂ ਉਹੀਓ ਵੇਚੀ ਸੂਈ ਵਾਪਸ ਕਰਾਂ। ਭੇਜਣੀ ਤਾਂ ਸੂਈ ਹੀ ਸੀ, ਪਰ ਸੂਈਆਂ ਦਾ ਰਿਵਾਜ ਨਹੀਂ ਰਿਹਾ, ਇਸ ਲਈ ਇਹ ਚੇਨ ਦਿਆਂ। ਇਸੇ ਤਰ੍ਹਾਂ ਕੀਤਾ ਗਿਆ। ਚੇਨ ਪਹਿਨਾਉਣ ਵੇਲੇ ਮੇਰੇ ਅੱਥਰੂ ਉਮਡ ਆਏ ਸਨ।
”ਪ੍ਰੀਤ ਲੜੀ’’ ਵਿਚ ਮੇਰੀ ਸਵੈ-ਜੀਵਨੀ ਲੜੀਵਾਰ ਛਪ ਰਹੀ ਸੀ। ”ਪਹਿਲੀ ਪੁਸਤਕ ਗੁੱਡੀਆਂ ਪਟ੍ਹੋਲੇ’’ ਉਸ ਵਿਚ ਇਕ ਕਾਂਡ ਸੀ। ਇਹ ਕਾਂਡ ਪੜ੍ਹਕੇ ਉਨ੍ਹਾਂ ਇਹ ਚੇਨ ਭਿਜਵਾਈ ਸੀ।
ਨਾ ਚੰਗਾ ਪਤੀ – ਨਾ ਚੰਗਾ ਪਿਤਾ
ਹੁਣ : ਅਪਣੀ ਪਤਨੀ ਨਾਲ ਤੁਸੀਂ ਸੱਠ ਕੁ ਸਾਲ ਬਿਤਾਏ। ਕਿਹੋ ਜਿਹਾ ਸੀ ਇਹ ਸਮਾਂ?
ਧੀਰ : ਬੜਾ ਚੰਗਾ। ਜਿੰਨਾ ਚੰਗਾ ਹੋ ਸਕਦਾ ਸੀ, ਉਸ ਤੋਂ ਕਿਤੇ ਵੱਧ ਚੰਗਾ।
ਮੇਰੇ ਦੁੱਖਾਂ ਦੇ ਤਿੰਨ ਚੌਥਾਈ ਮੇਰੀ ਪਤਨੀ ਦੇ ਹਿੱਸੇ ਆਏ। ਕੋਈ ਹੋਰ ਪਤਨੀ ਹੁੰਦੀ ਤਾਂ ਮੇਰੇ ਨਾਲ ਰਹਿ ਨਾ ਸਕਦੀ, ਜਿਵੇਂ ਮੈਂ ਦੁੱਖਾਂ-ਭੁੱਖਾਂ ਨਾਲ ਹੀ ਘੁਲਦਾ ਰਿਹਾ ਹਾਂ।
ਮੈਂ ਨਾ ਚੰਗਾ ਪਤੀ ਸਾਂ, ਨਾ ਚੰਗਾ ਪਿਤਾ। ਮੈਂ ਆਪਣੀ ਪਤਨੀ ਦਾ ਕਦੇ ਵੀ ਕੋਈ ਸ਼ੌਕ ਪੂਰਾ ਨਹੀਂ ਕਰ ਸਕਿਆ। ਨਾ ਹੀ ਆਪਣੇ ਬੱਚਿਆਂ ਦਾ। ਪਰ ਮੇਰੀ ਪਤਨੀ ਤੇ ਬੱਚੇ ਬੜੇ ਸਿਦਕੀ ਜੀਵ ਸਾਬਿਤ ਹੋਏ। ਉਨ੍ਹਾਂ ਦੇ ਸਿਦਕੀ ਹੋਣ ਦਾ ਸਿਹਰਾ ਮੇਰੀ ਪਤਨੀ ਦੇ ਸਿਰ ਬੱਝਦਾ ਹੈ।
ਮੇਰੀ ਪਤਨੀ ਤੇ ਬੱਚਿਆਂ ਨੇ, ਖ਼ਾਸ ਕਰ ਮੇਰੀ ਪਤਨੀ ਨੇ, ਉੱਕਾ ਹੀ ਪ੍ਰੇਰਨਾ-ਰਹਿਤ ਖ਼ੁਸ਼ਕ ਜੀਵਨ ਜੀਵਿਆ। ਮੈਂ ਤਾਂ ਕਵੀ ਦਰਬਾਰਾਂ ਤੇ ਹੋਰ ਸਾਹਿਤ ਸਮਾਗਮਾਂ ਵਿਚ ਆਮ ਹੀ ਜਾਂਦਾ ਰਹਿੰਦਾ ਸਾਂ ਤੇ ਜਦੋਂ ਵਾਪਸ ਆਉਂਦਾ ਸਾਂ ਤਾਂ ਮਾਣ-ਇੱਜ਼ਤ ਹੋਣ ਕਾਰਨ ਪ੍ਰੇਰਨਾਵਾਂ ਨਾਲ ਭਰਿਆ ਅਤੇ ਛਲਕਦਾ ਹੋਇਆ ਆਉਂਦਾ ਸਾਂ, ਪਰ ਇਹ ਪ੍ਰੇਰਨਾਵਾਂ ਮੇਰੀ ਪਤਨੀ ਦੇ ਹਿੱਸੇ ਨਹੀਂ ਆਈਆਂ। ਜਦੋਂ ਆ ਕੇ ਦੱਸਣਾ ਤਾਂ ਹੂੰ-ਹਾਂ ਕਰ ਦਿੰਦੀ ਸੀ। ਹੋਈ ਹੋਵੇਗੀ ਮੇਰੀ ਸ਼ੋਭਾ, ਮੇਰੀ ਸਿਫ਼ਤ, ਮੇਰੀ ਪ੍ਰਸੰਸਾ। ਉਹ ਕੀ ਕਰੇ ਇਸ ਸ਼ੋਭਾ ਨੂੰ? ਮੇਰੀ ਇਸ ਸ਼ੋਭਾ ਨਾਲ ਆਟਾ-ਦਾਲ ਤਾਂ ਨਹੀਂ ਆ ਜਾਣਾ। ਮੈਂ ਜਦ ਵੀ ਕਿਤੇ ਜਾਂਦਾ ਸਾਂ, ਪ੍ਰਸੰਸਕਾਂ ਨਾਲ ਭਰੇ ਹੋਏ ਸਮਾਗਮਾਂ ਵਿਚ ਜਾਂਦਾ ਸਾਂ ਤੇ ਨਾਲ ਦੀ ਨਾਲ ਮਾਣ-ਸਤਿਕਾਰ ਪ੍ਰਾਪਤ ਕਰਦਾ ਰਿਹਾ ਹਾਂ। ਪਰ ਮੇਰੀ ਪਤਨੀ ਨੇ ਸਾਰਾ ਕਾਰਜ ਪਰਦੇ ਪਿੱਛੇ ਰਹਿ ਕੇ ਕੀਤਾ। ਮੇਰੇ ਕੰਮ ਦਾ ਤਿੰਨ ਚੌਥਾਈ ਉਸੇ ਦੀ ਕਿਰਤ-ਕਮਾਈ ਹੈ। ਮੇਰੀ ਆਪਣੀ ਘਾਲਣਾ ਦਾ ਘੱਟ ਹਿੱਸਾ ਰਹਿ ਜਾਂਦਾ ਹੈ।
7 ਜੁਲਾਈ 2000 ਨੂੰ ਮੈਂ ਇਕ ਕਵਿਤਾ ਲਿਖੀ ਸੀ। ਉਨ੍ਹੀਂ ਦਿਨੀਂ ਮੇਰੀ ਪਤਨੀ ਸਖ਼ਤ ਬੀਮਾਰ ਪਈ ਸੀ। ਉੱਪਰਲੀਆਂ ਗੱਲਾਂ ਉਸ ਵਿਚ ਵੀ ਆਪਣੇ ਆਪ ਆ ਗਈਆਂ ਸਨ। ਕਵਿਤਾ ਹੈ :
ਮੇਰੀ ਪਤਨੀ ਹੈ ਬੀਮਾਰ
ਮਨ ’ਚ ਆਉਂਦੇ ਨੇ ਬੜੇ ਭੈੜੇ
ਖ਼ਿਆਲ
ਭਾਵੇਂ ਮਨ ਨੂੰ ਸਾਂਭਦਾ ਹਾਂ
ਵਾਰ-ਵਾਰ
—
ਦੋ ਮੁਸਾਫ਼ਿਰ ਦੋ ਦਿਸ਼ਾਵਾਂ ਵਲੋਂ ਆਏ
ਇਕ ਥਾਂ ਹੋਏ ਇਕੱਠੇ
ਲਾਵਾਂ ਜਦ ਦੋਹਾਂ ਨੇ
ਲੈ ਲਈਆਂ ਸੀ ਚਾਰ,
ਆਖਿਆ ਸੀ ਧਰਮ ਨੇ
ਇਸਨੂੰ ਸੰਜੋਗ
ਲੱਗ ਰਹੀ ਸੀ ਸਾਰੀ ਦੁਨੀਆਂ
ਖੁ਼ਸ਼ਗਵਾਰ
ਕਿਉਂਕਿ ਇਹ ਸੰਜੋਗ ਦੀ ਸੀ
ਫੁੱਲਾਂ ਦੀ ਲੱਦੀ ਬਹਾਰ।
—
ਫੇਰ ਲੰਮੇ ਪੈਂਡਿਆਂ ਵੱਲ ਤੁਰ ਪਏ
ਇਕ-ਦੂਜੇ ਨਾਲ ਮੋਢਾ ਜੋੜ ਕੇ
ਜ਼ਿੰਦਗੀ ਦਾ ਜਿਵੇਂ ਹੁੰਦਾ ਹੈ ਵਿਹਾਰ।
—
ਇਕ ਪੱਛੋਤਾਵਾ ਮੈਨੂੰ
ਅੱਜ ਵੱਢ-ਵੱਢ ਖਾ ਰਿਹਾ ਹੈ
ਲੜ ਨਿੱਖਟੂ ਇਕ ਕਵੀ ਦੇ
ਲੱਗ ਗਈ ਇਕ ਭੋਲੀ ਨਾਰ
ਜਿਹੜਾ ਕਰ ਸਕਿਆ ਕਦੇ ਨਾ
ਉਸਦੇ ਪੂਰੇ ਚਾਅ-ਮਲ੍ਹਾਰ
ਅੱਖੀਆਂ ਨੇ ਡੁਬਡੁਬਾਈਆਂ
ਡਿੱਗਣ ਨੂੰ ਫਿਰਦੇ ਨੇ ਹੰਝੂ
ਹਾਹ! ਮੈਂ ਕਿੰਨਾ ਨਿਕੰਮਾ!
ਕਿੰਨਾ ਹਾਂ ਮੈਂ ਗੁਨਾਹਗਾਰ!!
—
ਦੋ ਮੁਸਾਫ਼ਿਰ
ਆ ਕੇ ਇਕ ਰਸਤੇ ’ਤੇ ਮਿਲਦੇ
ਇਕ ਦਿਨ ਰਸਤੇ ਉਹਨਾਂ ਦੇ ਪਾਟਦੇ
ਸੱਚ ਹੈ ਇਹ, ਪਰ ਇਹ ਸੱਚ
ਏਨਾ ਹੈ ਜ਼ਾਲਿਮ
ਸਹਿ ਨਹੀਂ ਸਕਦਾ ਮੇਰਾ ਮਨ
ਏਸੇ ਕਾਰਨ
ਅੱਖਾਂ ਵਿਚ ਹੰਝੂ ਭਰੇ,
ਏਸੇ ਕਾਰਨ
ਮੇੇਰੇ ਮਨ ਉਤੇ
ਮਣਾਂ-ਮੂੰਹੀਂ ਹੈ ਭਾਰ।
—
ਨਾਲ ਸੰਜੋਗਾਂ ਦੇ
ਜੁੜਿਆ ਹੈ ਵਿਜੋਗ
ਦੋਵੇਂ ਮਿਲ ਕੇ ਹਨ ਚਲਾਉਂਦੇ
ਏਸ ਜਗ-ਜੀਵਨ ਦੀ ਕਾਰ
ਆਖਦਾ ਹੈ ਧਰਮ ਨਿਤ ਇਹ
ਗਿਆਨ ਦੇ ਉੱਚੇ ਵਿਚਾਰ।
—
ਗਿਆਨ ਮੈਨੂੰ ਹੈ ਬਥੇਰਾ
ਪਰ ਮੈਂ ਫਿਰ ਵੀ ਅਗਿਆਨੀ
ਜਿਵੇਂ ਸੂਰਜ ਨੂੰ ਦਬੋਚੇ
ਆ ਕੇ ਕਿਧਰੋਂ ਅੰਧਕਾਰ,
ਡੋਲਦੀ ਹੈ ਮਨ ਦੀ ਬੇੜੀ
ਫਸ ਗਈ ਵਿਚ ਮੰਝਧਾਰ
ਉਠਦੀਆਂ ਸਾਗਰ ’ਚੋਂ ਛੱਲਾਂ
ਮੇਰੀ ਪਤਨੀ ਹੈ ਬੀਮਾਰ।
5 ਅਪਰੈਲ 2001 ਨੂੰ ਮੇਰੀ ਪਤਨੀ ਇਸ ਸੰਸਾਰ ਨੂੰ ਛੱਡ ਕੇ ਚਲੀ ਗਈ ਸੀ।
ਕੁਲਵਕਤੀ ਲੇਖਕ
ਹੁਣ : ਤੁਸੀਂ ਪੰਜਾਬੀ ਵਿਚ ਇਕੋ-ਇਕ ਕੁਲਵਕਤੀ ਲੇਖਕ ਹੋ। ਕੀ ਤੁਹਾਨੂੰ ਨਹੀਂ ਸੀ ਪਤਾ ਕਿ ਇਸ ਬੋਲੀ ਵਿਚ ਲਿਖ ਕੇ ਗੁਜ਼ਾਰਾ ਨਹੀਂ ਹੁੰਦਾ?
ਧੀਰ : ਜਦੋਂ ਕੋਈ ਕਿਸੇ ਪਾਸੇ ਸਿਰੜ ਨਾਲ ਲਗਦਾ ਹੈ ਤਾਂ ਨਫ਼ਾ-ਨੁਕਸਾਨ ਨਹੀਂ ਸੋਚਦਾ। ਉਹਦੀ ਪ੍ਰਤੀਬੱਧਤਾ ਉਹਨੂੰ ਉਸ ਪਾਸੇ ਲੈ ਜਾਂਦੀ ਹੈ।
ਭਗਤ ਸਿੰਘ ਨੂੰ ਪਤਾ ਸੀ ਕਿ ਜੋ ਕੁਝ ਉਹ ਕਰ ਰਿਹਾ ਹੈ, ਉਸਦੀ ਸਜ਼ਾ ਮੌਤ ਹੈ। ਫਾਂਸੀ ਦੀ ਸਜ਼ਾ ਹੋਣ ਮਗਰੋਂ ਜੇ ਕੋਈ ਉਸ ਨੂੰ ਮੱਤਾਂ ਦਿੰਦਾ ਕਿ ਕੀ ਤੈਨੂੰ ਪਤਾ ਨਹੀਂ ਸੀ…? ਤਾਂ ਉਸਦਾ ਕੋਈ ਮਤਲਬ ਨਹੀਂ ਸੀ। ਇਸ ਤੋਂ ਬਿਨਾਂ ਹਾਲਾਤ ਜਾਂ ਸਮਾਂ ਹਨ ਜਿਹੜੇ ਕਿਸੇ ਨੂੰ ਕਿਸੇ ਪਾਸੇ ਸਮਰਪਤ ਕਰ ਦਿੰਦੇ ਹਨ। ਮੈਨੂੰ ਮੇਰੇ ਹਾਲਾਤ ਜਾਂ ਸਮੇਂ ਨੇ ਵੀ ਮੈਨੂੰ ਕੁਲਵਕਤੀ ਲੇਖਕ ਹੋਣ ਦੇ ਆਦੇਸ਼ ਦਿੱਤੇ। ਹਾਲਾਤ ਜਾਂ ਸਮੇਂ ਦੇ ਆਦੇਸ਼ ਬੜੇ ਸਖ਼ਤ ਤੇ ਪ੍ਰਬਲ ਹੁੰਦੇ ਹਨ।
ਦੂਜੀ ਗੱਲ, ਅਵਤਾਰ ਜੀ, ਸੰਸਾਰ ਨੂੰ ਕੁਝ ਝੱਲ-ਵਲੱਲੇ ਲੋਕਾਂ ਦੀ ਲੋੜ ਵੀ ਹੁੰਦੀ ਹੈ। ਫ਼ੈਜ਼ ਦਾ ਇਕ ਸ਼ੇਅਰ ਹੈ :
ਉਨਹੀਂ ਕੇ ਫ਼ੈਜ਼ ਸੇ ਬਾਜ਼ਾਰੇ-ਅਕਲ ਰੌਸ਼ਨ ਹੈ
ਜੋ ਗਾਹ-ਗਾਹ ਜਨੂੰ ਅਖ਼ਤਿਆਰ ਕਰਤੇ ਹੈਂ।
ਜਨੂੰਨੀ, ਮਜਨੂੰ ਹੁੰਦੇ ਹਨ।
ਹੁਣ : ਹੈਰਾਨੀ ਹੁੰਦੀ ਹੈ ਕਿ ਏਨੇ ਚਿਰ ਤੋਂ ਕੁਲਵਕਤੀ ਲੇਖਕ ਹੁੰਦਿਆਂ ਵੀ ਤੁਸੀਂ ਨੇਮ ਨਾਲ ਲਿਖਣ ਦੀ ਆਦਤ ਨਹੀਂ ਪਾ ਸਕੇ।
ਧੀਰ : ਮੈਂ ਪੱਤਰਕਾਰ ਨਹੀਂ, ਸਾਹਿਤਕਾਰ ਹਾਂ। ਸਾਹਿਤਕਾਰ ਨੇਮਾਂ ਨਾਲ ਨਹੀਂ ਲਿਖਦੇ ਹੁੰਦੇ। ਪੱਤਰਕਾਰ ਦਾ ਇਕ ਸਮਾਂ ਹੁੰਦਾ ਹੈ ਕਿ ਏਨੇ ਵਜੇ ਲੇਖ ਜਾਂ ਮੁਖ ਲੇਖ ਲਿਖਣਾ ਤੇ ਏਨੇ ਵਜੇ ਪ੍ਰੈਸ ਨੂੰ ਦੇਣਾ ਹੈ। ਸਾਹਿਤਕਾਰ ਲਈ ਇਹ ਬੰਧੇਜ ਮੰਨਣਯੋਗ ਨਹੀਂ ਹਨ।
ਸਾਹਿਤਕਾਰ ਉਂਜ ਹਰ ਵੇਲੇ ਹੀ ਕੰਮ ਕਰਦਾ ਰਹਿੰਦਾ ਹੈ। ਜਦੋਂ ਉਹ ਨਹੀਂ ਲਿਖ ਰਿਹਾ ਹੁੰਦਾ, ਉਦੋਂ ਵੀ ਲਿਖਦਾ ਹੁੰਦਾ ਹੈ। ਉਹ ਸੁੱਤਾ ਪਿਆ ਵੀ ਲਿਖਦਾ ਹੈ। ਮੇਰਾ ਅਨੁਭਵ ਇਹੋ ਹੈ।
ਕੁਲਵਕਤੀ ਹੋਣ ਦਾ ਮਤਲਬ ਮਸ਼ੀਨ ਵਾਂਗੂੰ ਚੱਲਣਾ ਨਹੀਂ। ਇਹ ਕਲਾ-ਕ੍ਰਮ ਹੈ, ਟੈਕਨੀਕਲ ਕੰਮ ਨਹੀਂ। ਕਲਾ ਦੀਆਂ ਆਪਣੀਆਂ ਮਰਜ਼ੀਆਂ ਤੇ ਆਪਣੇ ਵੇਗ ਹੁੰਦੇ ਹਨ।
ਬਾਕੀ ਹਰ ਲੇਖਕ ਦੀ ਆਪੋ-ਆਪਣੀ ਆਦਤ ਵੀ ਹੈ। ਸਾਰੇ ਲੇਖਕ ਇਕੋ ਤਰ੍ਹਾਂ ਕੰਮ ਨਹੀਂ ਕਰਦੇ ਹੁੰਦੇ।
ਕਿਸੇ ਲੇਖਕ ਦਾ ਕੰਮ ਦੇ ਗੁਣ ਤੋਂ ਮੁੱਲ ਅੰਕਣਾ ਚਾਹੀਦਾ ਹੈ ; ਉਸਦੇ ਕੰਮ ਦੀ ਗਿਣਤੀ ਤੋਂ ਨਹੀਂ।
ਹੁਣ : ਮੇਰੀ ਬੜੀ ਰੀਝ ਹੈ ਕਿ ਕਲਮ ਸਾਹਿਤਕਾਰ ਦੀ ਹੋਵੇ ਤੇ ਚਾਲ ਪੱਤਰਕਾਰ ਦੀ। ਬਹੁਤ ਚੰਗਾ ਲਿਖਾਂ ਤੇ ਬਹੁਤ ਵੱਧ ਵੀ _ ਏਨੇ ਬੀਤ ਗਏ ਸਾਲਾਂ ਵਿਚ ਤੁਸੀਂ ਆਪਣੀ ਇਸ ਰੀਝ ਨੂੰ ਪੂਰਾ ਕਰਨ ਲਈ ਕੀ ਕੀਤਾ?
ਧੀਰ : ਬਥੇਰਾ ਕੁਝ ਕੀਤਾ। ਆਪਣੇ ਵਿਤ ਅਨੁਸਾਰ ਚੰਗਾ ਵੀ ਲਿਖਿਆ ਤੇ ਵੱਧ ਵੀ। ”ਕਲਮ ਸਾਹਿਤਕਾਰ ਦੀ ਤੇ ਚਾਲ ਪੱਤਰਕਾਰ ਦੀ’’ ਪਿੱਛੇ ਭਾਵਨਾ ਦੇਖਣੀ ਚਾਹੀਦੀ ਹੈ, ਲਫ਼ਜ਼ੀ ਮਾਅਨੇ ਨਹੀਂ। ਮੇਰੀ ਬੜੀ ਸੱਧਰ ਹੈ, ਮੈਂ ਬਹੁਤ ਕੰਮ ਕਰਾਂ ਤੇ ਬਹੁਤ ਚੰਗਾ ਕੰਮ ਕਰਾਂ। ਪਰ ਇਹ ਇਕ ਸੱਧਰ ਹੈ ਜੋ ਬੜੀ ਚੰਗੀ ਤੇ ਨੇਕ ਹੈ ਜਿਸਦੀ ਤੁਹਾਡੇ ਵਲੋਂ ਸਰਾਹਣਾ ਹੋਣੀ ਚਾਹੀਦੀ ਹੈ। ਇਸਦਾ ਮਤਲਬ ਇਹ ਨਹੀਂ ਕਿ ਦੁੱਧ ਦੀ ਥਾਂ ਕੱਚੀ ਲੱਸੀ ਨਾਲ ਹੀ ਕੜਾਹਾ ਭਰਿਆ ਜਾਵੇ। ਅਜਿਹੀ ”ਪੱਤਰਕਾਰ ਦੀ ਚਾਲ’’ ਕਿਸੇ ਵੀ ਸਾਹਿਤਕਾਰ ਲਈ ਅਤਿ ਦੀ ਹਾਨੀਕਾਰਕ ਹੈ। ਅੰਗਰੇਜ਼ੀ ਦਾ ਅਖਾਣ ਹੈ : ਧੋ ਲਟਿਟਲੲ ਦੋ ਗੋੋਦ। ਇਹ ਅਖਾਣ ਵਡਮੁੱਲਾ ਹੈ।
ਜੀਣ-ਥੀਣ ਲਈ ਕਿੱਤੇ
ਹੁਣ : ਇਕ ਵਾਰੀ ਕਮਾਈ ਕਰਨ ਲਈ ਤੁਸੀਂ ਸ਼ਰਾਬ ਦਾ ਠੇਕਾ ਵੀ ਲੈ ਲਿਆ ਸੀ। ਅਫ਼ੀਮ ਵੀ ਵੇਚੀ ਸੀ। ਸ਼ਰਾਬ ਵਿਚ ਪਾਣੀ ਵੀ ਪਾਉਂਦੇ ਸੀ। ਤੁਹਾਡੀ ਆਤਮਾ ਨੇ ਤੁਹਾਨੂੰ ਲਾਹਨਤ ਨਹੀਂ ਪਾਈ?
ਧੀਰ : ”ਕਮਾਈ’’ ਕਰਨ ਲਈ ਨਹੀਂ, ਰੋਜ਼ੀ-ਰੋਟੀ ਦਾ ਹੀਲਾ ਕਰਨ ਲਈ। ਕਮਾਈਆਂ ਕਰਨ ਦੇ ਤਾਂ ਕਦੇ ਰਾਹ ਹੀ ਨਹੀਂ ਪਿਆ ਮੈਂ।
ਹਾਂ, ਸ਼ਰਾਬ ਦਾ ਵੀ ਠੇਕਾ ਲਿਆ ਸੀ, ਅਫ਼ੀਮ ਦਾ ਵੀ। ਸ਼ਰਾਬ ਵਿਚ ਪਾਣੀ ਵੀ ਪਾਉਂਦਾ ਸਾਂ ਤੇ ਅਫ਼ੀਮ ਵਿਚ ਮਿਲਾਵਟਾਂ ਵੀ ਕਰਦਾ ਸਾਂ। ਪਰ ਇਹ ਗੱਲਾਂ ਤੁਹਾਨੂੰ ਦੱਸੀਆਂ ਵੀ ਮੈਂ ਹੀ ਹਨ। ਤੁਹਾਨੂੰ ਹੀ ਨਹੀਂ, ਸਗੋਂ ਜੱਗ- ਜਹਾਨ ਨੂੰ ਵੀ, ਜਦੋਂ ਇਨ੍ਹਾਂ ਦਾ ਜ਼ਿਕਰ ਮੈਂ ਆਪਣੀ ਸਵੈ-ਜੀਵਨੀ ਵਿਚ ਕਰਦਾ ਹਾਂ। ਜਿਹੜਾ ਬੰਦਾ ਇਨ੍ਹਾਂ ਗੱਲਾਂ ਦਾ ਆਪ ਇਕਬਾਲ ਕਰ ਰਿਹਾ ਹੈ ਤੇ ਕਹਿੰਦਾ ਹੈ ਕਿ ਇਹ ਗੱਲਾਂ ਮੈਂ ਮਾੜੀਆਂ ਕਰਦਾ ਰਿਹਾ ਹਾਂ, ਉਸਦੀ ਆਤਮਾ ਭਲਾ ਕਿਹੋ-ਜਿਹੀ ਹੋ ਸਕਦੀ ਹੈ? ਇਹੋ ਜਿਹੀਆਂ ਗੱਲਾਂ ਲੋਕੀ ਆਮ ਛੁਪਾ ਲੈਂਦੇ ਹਨ, ਪਰ ਮੈਂ ਦੱਸ ਰਿਹਾ ਹਾਂ ਤੇ ਸਭ ਨੂੰ ਦੱਸ ਰਿਹਾ ਹਾਂ ਤੇ ਇਉਂ ਦੱਸ ਰਿਹਾ ਹਾਂ ਜਿਵੇਂ ਕੋਈ ਗੁਨਾਹਗਾਰ ਸੱਚੇ ਦੀ ਦਰਗਾਹ ਵਿਚ ਖਲੋਤਾ ਬੋਲ ਰਿਹਾ ਹੋਵੇ। ਕੀ ਕਿਸੇ ਸ਼ਕਤੀਸ਼ਾਲੀ ਤੇ ਜਾਗੀ ਹੋਈ ਜ਼ਮੀਰ ਤੋਂ ਬਿਨਾਂ ਕੋਈ ਇਹ ਗੱਲਾਂ ਦੱਸ ਸਕਦਾ ਹੈ? ਅਜਿਹੀਆਂ ਗੱਲਾਂ ਨੂੰ ਆਪਣੇ ਬਾਰੇ ਸ਼ਰੇ-ਆਮ ਉਜਾਗਰ ਕਰਨਾ ਕਿਸੇ ਬਲੌਰ ਵਰਗੀ ਸਾਫ਼-ਸਫ਼ਾਫ਼ ਜ਼ਮੀਰ ਦਾ ਹੀ ਕੰਮ ਹੈ, ਕਿਸੇ ਮੈਲੀ ਤੇ ਚਿੱਕੜ ਜਿਹੀ ਮਲੀਨ ਜ਼ਮੀਰ ਦਾ ਕੰਮ ਨਹੀਂ।
ਅਫ਼ੀਮ ਜਾਂ ਸ਼ਰਾਬ ਵਿਚ ਮੈਂ ਕਦੋਂ ਮਿਲਾਵਟ ਕਰਦਾ ਸਾਂ? ਜਦੋਂ ਮੇਰੀ ਉਮਰ ਬਾਈ ਜਾਂ ਤੇਈ ਵਰ੍ਹੇ ਦੀ ਹੁੰਦੀ ਸੀ। ਉਦੋਂ ਮੈਨੂੰ ਕਿਹੜੀਆਂ ਜ਼ਮੀਰਾਂ ਦੇ ਗਿਆਨ ਸਨ? ਉਦੋਂ ਤਾਂ ਆਮ ਲੋਕਾਂ ਵਾਂਗੂੰ ਸਾਡੇ ਲਈ ਪੈਸਾ ਹੀ ਮੁੱਖ ਸੀ। ਭਾਵੇਂ ਪੈਸਾ ਉਦੋਂ ਵੀ ਸਾਡੇ ਨੇੜੇ ਨਹੀਂ ਸੀ ਆਇਆ ਕਦੇ।
ਉਦੋਂ ਨਾ ਮੈਂ ਕਮਿਊਨਿਸਟ ਸਾਂ, ਨਾ ਹੀ ਚੰਗਾ ਕਵੀ ਜਾਂ ਲੇਖਕ, ਸੂਝ ਹੀ ਕੋਈ ਨਹੀਂ ਸੀ। ”ਪ੍ਰੀਤ ਲੜੀ’’ ਵੀ ਕਾਫ਼ੀ ਮਗਰੋਂ ਪੜ੍ਹਨੀ ਸ਼ੁਰੂ ਕੀਤੀ ਸੀ, ਚੰਗੀ ਤਰ੍ਹਾਂ।
ਹੁਣ : ਤੁਸੀਂ ਕੁਝ ਚਿਰ ਸੁਆਟਰਾਂ ਦੇ ਕਾਰਖ਼ਾਨੇ ਵਿਚ ਕੰਮ ਵੀ ਕੀਤਾ, ਗਿਆਨੀ ਕਾਲਜ ਵੀ ਖੋਲ੍ਹਿਆ, ਦਿੱਲੀ ਮੇਮਾਂ ਦੇ ਕੱਪੜੇ ਵੀ ਸੀਤੇ, ਪਰ ਕਿਤੇ ਵੀ ਨਾ ਟਿਕ ਸਕੇ। ਕਾਰਨ?
ਧੀਰ : ਕਾਰਨ ਕੀ ਹੋ ਸਕਦਾ ਸੀ, ਕੁਝ ਨਾ ਕੁਝ ਬਣਨ ਦੀ ਅਚੇਤ ਮਨ ਦੀ ਭਟਕਣਾ ਸੀ। ਬਥੇਰੇ ਲੋਕੀ ਮੇਰੇ ਵਾਂਗੂੰ ਏਧਰ-ਉਧਰ ਭਟਕਦੇ ਤੇ ਕੰਮ ਬਦਲਦੇ ਰਹਿੰਦੇ ਹਨ। ਕਦੇ ਕਿਸੇ ਇਕ ਕੰਮ ਵਿਚ ਟਿਕ ਕੇ ਬੈਠ ਜਾਂਦੇ ਹਨ। ਇਹ ਭਟਕਣਾ ਆਪਣਾ ਆਪ ਪਛਾਨਣ ਲਈ ਵੀ ਹੁੰਦੀ ਹੈ-ਆਪਣੇ ਅੰਦਰ ਦੀਆਂ ਸਿਰਜਣਾਤਮਕ ਸ਼ਕਤੀਆਂ ਪਛਾਨਣ ਲਈ। ਆਖ਼ਿਰ ਮੈਨੂੰ ਸਾਹਿਤਕਾਰ ਦੀ ਕਲਮ ਫੜਨੀ ਠੀਕ ਜਾਪੀ। ਮੇਰੀ ਸਿਰਜਣਾਤਮਕ ਸ਼ਕਤੀ ਇਸ ਪਾਸੇ ਵੱਲ ਵਗ ਤੁਰੀ। ਕੀ ਇਹ ਮਾੜੀ ਗੱਲ ਹੋਈ? ਕੀ ਮੈਂ ਹੁਣ ਕਿਤੇ ਨਾ ਕਿਤੇ ਟਿਕ ਕੇ ਨਹੀਂ ਬੈਠ ਗਿਆ? ਟਿਕ ਕੇ ਏਨਾ ਬੈਠਿਆ ਕਿ ਆਪਣੇ ਆਪ ਨੂੰ ਕੁਲਵਕਤੀ ਲੇਖਕ ਹੀ ਬਣਾ ਲਿਆ। ਏਦੋਂ ਵੱਧ ਹੋਰ ਕਿਵੇਂ ਮੈਂ ਟਿਕ ਕੇ ਬੈਠ ਸਕਦਾ ਸਾਂ?
ਸੁਆਟਰ ਸਿਊਣੇ, ਗਿਆਨੀ ਕਾਲਜ, ਮੇਮਾਂ ਦੇ ਕੱਪੜੇ, ਕੀ ਜਿਹੜਾ ਕੰਮ ਮੈਂ ਹੁਣ ਟਿਕ ਕੇ ਕਰ ਰਿਹਾ ਹਾਂ, ਮੇਰੇ ਲਈ ਇਸ ਨਾਲੋਂ ਚੰਗਾ ਕੰਮ ਹੋ ਸਕਦੇ ਸਨ? ਨਹੀਂ, ਕਦਾਚਿਤ ਨਹੀਂ। ਜੋ ਵਡਿਆਈ ਮੇਰੇ ਇਸ ਸਿਰਜਣਾਤਮਕ ਕੰਮ ਦੀ ਹੈ, ਉਹ ਉਪ੍ਰੋਕਤ ਕੰਮਾਂ ਦੀ ਕਦੇ ਵੀ ਨਹੀਂ ਹੋ ਸਕਦੀ ਸੀ। ਉਹ ਕੰਮ ਯੰਤਰਕ ਸਨ ਤੇ ਬਹੁਤ ਕਰਕੇ ਆਪਣੇ ਢਿੱਡ ਨੂੰ ਝੁਲਕਾ ਦੇਣ ਲਈ ਹੋਣੇ ਸਨ, ਇਹ ਕੋਮਲ ਹੁਨਰ ਹੈ। ਇਹ ਕੰਮ ਇਤਿਹਾਸ ਵਿਚ ਸਾਂਭਿਆ ਜਾਣ ਵਾਲਾ ਵੀ ਹੈ, ਕੁਝ ਨਾ ਕੁਝ।
ਕੌੜੇ ਤਜਰਬੇ
ਹੁਣ : ਜੀਵਨ ਪ੍ਰੀਤੀ, ਪ੍ਰੀਤ ਲੜੀ, ਪੰਜ ਦਰਿਆ ਤੇ ਨਵਾਂ ਜ਼ਮਾਨਾ ਦੀਆਂ ਸਮੇਂ ਸਮੇਂ ਮਿਲੀਆਂ ਸਭ ਨੌਕਰੀਆਂ ਤਾਂ ਤੁਹਾਡੀ ਲਿਖਣ-ਰੁਚੀ ਅਨੁਸਾਰ ਹੀ ਸਨ। ਕੀ ਇਹ ਸਭ ਕੌੜੇ ਤਜਰਬੇ ਹੀ ਸਨ ਜਾਂ ਤੁਹਾਡੇ ਵਿਚ ਹੀ ਕੋਈ ਨਾ ਸੋਧਿਆ ਜਾਣ ਵਾਲਾ ਨੁਕਸ ਸੀ?
ਧੀਰ : ”ਜੀਵਨ ਪ੍ਰੀਤੀ’’ ਨਾ-ਪਾਇਦਾਰ ਜਿਹਾ ਸ਼ੌਕੀਆ ਕੱਢਿਆ ਪਰਚਾ ਸੀ। ਉਥੇ ਕੋਈ ਐਡੀਟਰ ਲੰਮਾ ਸਮਾਂ ਰਹਿ ਹੀ ਨਹੀਂ ਸੀ ਸਕਦਾ ਤੇ ਨਾ ਹੀ ਮਾਲਿਕ ਹੀ ਰੱਖਦਾ ਸੀ। ਕਦੇ ਰੱਖ ਲੈਂਦਾ, ਕਦੇ ਹਟਾ ਦੇਂਦਾ। ਮੈਨੂੰ ਦੋ ਵਾਰ ਰੱਖਿਆ ਤੇ ਹਟਾਇਆ ਗਿਆ। ਹੋਰ ਵੀ ਕਈਆਂ ਸੰਪਾਦਕਾਂ ਨਾਲ ਇਵੇਂ ਹੋਇਆ। ਕੋਈ ਬਕਾਇਦਗੀ ਨਹੀਂ ਸੀ।
”ਪ੍ਰੀਤ ਲੜੀ’’ ਵਿਚ ਮੈਂ ਨੌਕਰੀ ਕਰਨ ਨਹੀਂ ਸੀ ਗਿਆ। ਪ੍ਰੀਤ ਨਗਰ ਪ੍ਰੈਸ ਵਿਚ ਮੇਰਾ ਪਹਿਲਾ ਕਹਾਣੀ ਸੰਗ੍ਰਹਿ ਛਪਿਆ ਸੀ, ਉਹਦੇ ਪਰੂਫ਼ ਪੜ੍ਹਨ ਲਈ ਗਿਆ ਸਾਂ। ਉਨੇ ਕੁ ਸਮੇਂ ਲਈ ਨਵਤੇਜ ਨੇ ਮੈਨੂੰ ਆਪਣੇ ਨਾਲ ਸਹਾਇਕ ਵਜੋਂ ਲਾ ਲਿਆ ਸੀ। ਜਦੋਂ ਕਿਤਾਬ ਛਪ ਗਈ, ਮੈਂ ਉਥੋਂ ਵਾਪਸ ਆ ਗਿਆ ਸੀ। ਮੋਹਨ ਸਿੰਘ ਕੋਲ ਵੀ ਮੈਂ ”ਪੰਜ ਦਰਿਆ’’ ਦਾ ਸਹਾਇਕ ਸੰਪਾਦਕ ਬਣਕੇ ਨਹੀਂ ਗਿਆ ਸਾਂ। ਉਹਨੇ ਕੁਝ ਕਿਤਾਬਾਂ ਆਪਣੀ ਪ੍ਰਕਾਸ਼ਨਾ ਵਲੋਂ ਯੂਨੀਵਰਸਿਟੀ ਦੇ ਕੋਰਸਾਂ ਲਈ ਸਬਸਿਟ ਕਰਨੀਆਂ ਸਨ। ਉਹਨਾਂ ਦੀ ਤਿਆਰੀ ਲਈ ਮੈਨੂੰ ਸੱਦਿਆ ਗਿਆ ਸੀ। ਪੰਜ ਦਰਿਆ ਤਾਂ ਉਨਾ ਸਮਾਂ ਛਪ ਹੀ ਨਹੀਂ ਸਕਿਆ ਸੀ। ਮੈਂ ਸਤੰਬਰ ਵਿਚ ਗਿਆ ਸਾਂ। ਅਕਤੂਬਰ ਸ਼ੁਰੂ ਹੁੰਦਿਆਂ ਹੀ ਬੇਤਹਾਸ਼ਾ ਬਾਰਿਸ਼ਾਂ ਹੋਈਆਂ ਅਤੇ ਸਾਰੇ ਪੰਜਾਬ ਵਿਚ ਹੜ੍ਹ ਹੀ ਆ ਗਏ ਸਨ ਤੇ ਪਿੰਡੋਂ ਮੇਰਾ ਘਰ ਢਹਿਣ ਦੀ ਚਿੱਠੀ ਪੁੱਜ ਗਈ ਸੀ। ਮੈਨੂੰ ਵਾਪਸ ਆਉਣਾ ਪਿਆ।
ਪਰ, ਜੇ ਬਾਰਿਸ਼ਾਂ ਨਾ ਵੀ ਹੁੰਦੀਆਂ ਤੇ ਮੇਰਾ ਘਰ ਨਾ ਵੀ ਢਹਿੰਦਾ ਤਾਂ ਵੀ ਮੋਹਨ ਸਿੰਘ ਕੋਲ ਮੈਂ ਰਹਿ ਨਹੀਂ ਸਕਣਾ ਸੀ। ਮੋਹਨ ਸਿੰਘ ਜਿੰਨਾ ਵੱਡਾ ਤੇ ਵਧੀਆ ਸਾਡਾ ਕਵੀ ਹੈ ਤੇ ਜਿੰਨਾ ਵਧੀਆ ਉਹ ਦੋਸਤ ਸੀ, ਉਨਾ ਹੀ ਮਾੜਾ ਬੌਸ ਸੀ। ਉਹ ਬਹੁਤ ਸਖ਼ਤ ਬੌਸ ਸੀ। ਅਜਿਹੇ ਮਾੜੇ ਬੌਸ ਕੋਲ ਮੈਂ ਰਹਿ ਹੀ ਨਹੀਂ ਸਕਦਾ ਸਾਂ।
”ਨਵਾਂ ਜ਼ਮਾਨਾ’’ ਵਿਚ ਮੈਂ ਯੋਗ ਸਾਬਿਤ ਨਹੀਂ ਹੋਇਆ। ਮੇਰੇ ਸਾਹਿਤਕਾਰ ਨੂੰ ਪੱਤਰਕਾਰ ਬਣਨ ਵਿਚ ਮੁਸ਼ਕਿਲ ਪੇਸ਼ ਆ ਰਹੀ ਸੀ। ਕਵੀ, ਕਹਾਣੀ ਲੇਖਕ ਨੂੰ ਮੈਨੂੰ ਖ਼ਬਰ ਲਿਖਣੀ ਨਹੀਂ ਸੀ ਆਉਂਦੀ। ਇਹਨੂੰ ਤੁਸੀਂ ਮੇਰੇ ਵਿਚ ਨਾ ਸੋਧਿਆ ਜਾ ਸਕਣ ਵਾਲਾ ਚਾਹੇ ਨੁਕਸ ਸਮਝ ਲਓ, ਚਾਹੇ ਹੋਰ ਜੋ ਮਰਜ਼ੀ। ਉਂਜ ”ਨਵਾਂ ਜ਼ਮਾਨਾ’’ ਨੇ ਮੈਨੂੰ ਆਪ ਵੱਖ ਨਹੀਂ ਕੀਤਾ, ਸਗੋਂ ਮਨੋਰੋਗ ਦੇ ਤੀਜੀ ਵਾਰ ਹਮਲੇ ਕਾਰਨ ਮੈਨੂੰ ਡਾਕਟਰ ਨੇਕੀ ਕੋਲ ਰੋਹਤਕ ਜਾਣਾ ਪੈ ਗਿਆ ਸੀ। ਫੇਰ ਮੈਂ ਰਾਜ਼ੀ ਹੋਣ ਮਗਰੋਂ ”ਨਵਾਂ ਜ਼ਮਾਨਾ’’ ਨਹੀਂ ਗਿਆ। ਕਿਉਂਕਿ ਮੈਂ ਅਨਾੜੀ ਸਾਂ।
ਹੁਣ : 1946 ਵਿਚ ਤੁਸੀਂ ਅਪਣਾ ਇਕ ਪਰਚਾ ਕੱਢਣ ਦੀ ਤਿਆਰੀ ਕੀਤੀ ਸੀ। ਡੈਕਲਰੇਸ਼ਨ ਵੀ ਲਿਆ ਤੇ ਪੈਸੇ ਲਈ ਘਰਵਾਲੀ ਦੀਆਂ ਟੂਮਾਂ ਵੀ ਵੇਚੀਆਂ। ਪਰ ਏਸ ਪਰਚੇ ਦਾ ਪਲੇਠਾ ਅੰਕ ਵੀ ਨਾ ਨਿਕਲਿਆ। ਕੀ ਗੱਲ ਹੋਈ?
ਧੀਰ : ਗੱਲ ਕੀ ਹੋਣੀ ਸੀ, ਨਹੀਂ ਨਿਕਲਿਆ। ਘਰ ਵਾਲੀ ਦੀਆਂ ਟੂਮਾਂ ਵੇਚੀਆਂ ਨਹੀਂ ਸਨ, ਗਿਰਵੀ ਰਖ ਦਿੱਤੀਆਂ ਸਨ। ਇਕ ਮਹੀਨੇ ਦਾ ਵਿਆਜ ਦੇ ਕੇ ਛੇਤੀ ਹੀ ਛੁਡਾ ਲਈਆਂ। ਮੈਨੂੰੂ ਪਤਾ ਲੱਗ ਗਿਆ ਕਿ ਪਰਚਾ ਮੈਥੋਂ ਚੱਲਣਾ ਨਹੀਂ। ਚੰਗਾ ਹੋਇਆ, ਆਟੇ-ਦਾਲ ਦੇ ਭਾਅ ਦਾ ਮੈਨੂੰ ਛੇਤੀ ਪਤਾ ਲੱਗ ਗਿਆ ਸੀ। ਨਹੀਂ ਤਾਂ…
ਦੋ ਪੈਰ ਘੱਟ ਤੁਰਨਾ
ਹੁਣ : ਏਨੀਆਂ ਆਰਥਕ ਤੰਗੀਆਂ ਦੇ ਬਾਵਜੂਦ ਵੀ ਤੁਹਾਡੇ ਮਿੱਤਰ ਤੁਹਾਡੀ ਬਾਦਸ਼ਾਹਾਂ ਵਾਂਗ ਅਤੇ ਮੜਕ ਨਾਲ ਜੀਊਣ ਦੀ ਇੱਛਾ ਨੂੰ ਖ਼ੂਬ ਵਡਿਆਉਂਦੇ ਹਨ। ਕੀ ਇਹ ਤੁਹਾਡੇ ਨਾਲ ਕੋਝਾ ਮਜ਼ਾਕ ਨਹੀਂ? ਜੀਹਦੇ ਕੋਲ ਧੇਲਾ ਨਾ ਹੋਵੇ ਉਸਦੀ ਮੜਕ ਕਾਹਦੀ?
ਧੀਰ : ਬਾਦਸ਼ਾਹਾਂ ਵਾਂਗੂੰ ਜਾਂ ਮੜਕ ਨਾਲ ਜੀਊਣ ਦਾ ਪੈਸਿਆਂ ਨਾਲ ਸਬੰਧ ਨਹੀਂ, ਕਿਸੇ ਦੀ ਮਾਨਸਿਕ ਬਣਤਰ ਜਾਂ ਸੋਚਣੀ ਨਾਲ ਸਬੰਧ ਹੈ। ਮੈਂ ਸੱਚਮੁੱਚ ਭੁੱਖੇ ਮਰਦੇ ਨੇ ਬਾਦਸ਼ਾਹੀ ਭੋਗੀ ਹੈ।
”ਜੀਹਦੇ ਕੋਲ ਧੇਲਾ ਨਾ ਹੋਵੇ ਉਹਦੀ ਮੜਕ ਕਾਹਦੀ?’’ ਤੇਰੇ ਸਵਾਲ ਦਾ ਹਿੱਸਾ ਹੈ। ਮੜਕ ਤਾਂ ਉਸੇ ਦੀ ਹੁੰਦੀ ਹੈ ਜੀਹਦੇ ਕੋਲ ਧੇਲਾ ਨਾ ਹੋਵੇ ਤੇ ਸੁਧਾ ਨੰਗ-ਮੁਨੰਗ ਹੋਵੇ ਜੇ ਉਹ ਮੜਕ ਵਾਲਾ ਹੋਵੇ। ਕਰੋੜਾਂ-ਅਰਬਾਂਪਤੀਆਂ ਦੀਆਂ ਕਾਹਦੀਆਂ ਮੜਕਾਂ ਹੁੰਦੀਆਂ ਹਨ? ਇਹ ਝੂਠੀਆਂ ਮੜਕਾਂ ਹਨ। ਪੈਸੇ ਹਨ ਤਾਂ ਮੜਕ ਹੈ, ਨਹੀਂ ਤਾਂ ਰੋਣੇ-ਧੋਣੇ ਹਨ। ਮੇਰੀ ਮੜਕ ਉਹ ਹੈ ਜੋ ਸ਼ਹਿਨਸ਼ਾਹਾਂ ਨੂੰ ਧੁੱਪ ਛੱਡ ਦੇਣ ਲਈ ਆਖ ਦਿੰਦੀ ਹੈ।
ਅਵਤਾਰ, ਤੂੰ ਜਦ ਮੇਰੇ ਕੋਲ ਆਉਂਦਾ ਹੈਂ, ਆਮ ਹੀ ਮੇਰੀ ਖੜ੍ਹੀ ਉਂਗਲ ਦੀ ਸਿਫ਼ਤ-ਸਾਲਾਹ ਕਰਦਾ ਹੈਂ। ਕੀ ਮੈਂ ਉਦੋਂ ਅਰਬਾਂਪਤੀ ਜਾਂ ਖਰਬਾਂਪਤੀ ਹੁੰਦਾ ਹਾਂ? ਉਦੋਂ ਵੀ ਮੇਰੀ ਜੇਬ ਵਿਚ ਧੇਲਾ ਨਹੀਂ ਹੁੰਦਾ। ਇਹ ਮੇਰੀ ਨਰੋਈ ਸੋਚਣੀ ਹੈ ਜੋ ਮੈਨੂੰ ਬਾਦਸ਼ਾਹ ਹੋਣ ਦਾ ਇਹਸਾਸ ਦਿੰਦੀ ਰਹਿੰਦੀ ਹੈ।
ਜਿਹੜੇ ਦੋਸਤ ਮੇਰੇ ਇਸ ਕਿਰਦਾਰ ਨੂੰ ਵਡਿਆਉਂਦੇ ਹਨ, ਉਹ ਮੇਰੇ ਨਾਲ ”ਕੋਝਾ ਮਜ਼ਾਕ’’ ਕਿਵੇਂ ਕਰ ਰਹੇ ਹੁੰਦੇ ਹਨ? ਇਹ ”ਕੋਝਾ ਮਜ਼ਾਕ’’ ਕਿਵੇਂ ਹੈ? ਉਹ ਤਾਂ ਮਾਣ ਕਰਦੇ ਹਨ ਮੇਰੇ ਇਸ ਚਲਨ ਉਤੇ। ਤੁਸੀਂ ਇਸ ਮਾਣ ਨੂੰ ”ਕੋਝਾ ਮਜ਼ਾਕ’’ ਦੱਸਦੇ ਹੋ!
ਮੇਰੇ ਪਿਆਰੇ ਅਵਤਾਰ! ਮੈਂ ਮੜਕ ਨਾਲ ਜਿਊਇਆ ਹਾਂ, ਮੜਕ ਨਾਲ ਜੀਊਂਦਾ ਹਾਂ ਤੇ ਆਪਣੇ ਆਖ਼ਰੀ ਦਮ ਤੀਕਰ ਮੜਕ ਨਾਲ ਹੀ ਜੀਵਾਂਗਾ। ਮੈਨੂੰ ਆਪਣੇ ਲੇਖਕ ਹੋਣ ਦਾ ਸਦਾ ਹੀ ਮਾਣ ਰਿਹਾ ਹੈ। ਬਾਦਸ਼ਾਹਾਂ ਤੋਂ ਵੱਧ ਮਾਣ।
”ਚਾਰ ਵਰ੍ਹੇ’’ ਨਾਂਅ ਦੇ ਮੈਂ ਆਪਣੇ ਇਕ ਲੇਖ ਵਿਚ ਇਕ ਥਾਂ ਇਹ ਲਿਖਿਆ ਹੈ : ”ਸਾਡੇ ਦੇਸ ਵਿਚ ਰਾਸ਼ਟਰਪਤੀ ਦੀ ਕੁਰਸੀ ਸਭ ਤੋਂ ਉੱਚੀ ਹੈ। ਮੈਨੂੰ ਆਪਣੀ ਕਲਮ ਅੱਗੇ ਰਾਸ਼ਟਰਪਤੀ ਦੀ ਕੁਰਸੀ ਦੇ ਵੀ ਪਾਵੇ ਨੀਵੇਂ ਲੱਗ ਰਹੇ ਹਨ।’’
ਹੁਣ : ਕਈ ਤੁਹਾਨੂੰ ਖੜ੍ਹੀ ਉਂਗਲ ਵਾਲਾ ਧੀਰ ਬਲਕਿ ਖੜੀ ਉਂਗਲ ਨਾਲ ਲੱਗਿਆ ਧੀਰ ਕਰਕੇ ਜਾਣਦੇ ਹਨ। ਕੀ ਇਹ ਤੁਹਾਡੀ ਜ਼ਿੱਦੀ ਤਬੀਅਤ ਦੀ ਨਿਸ਼ਾਨੀ ਨਹੀਂ ਜਿਸ ਨਾਲ ਨਿਮਰਤਾ ਤੇ ਦਲੀਲ ਦਾ ਘਾਣ ਹੋ ਜਾਂਦਾ ਹੈ?
ਧੀਰ : ਨਹੀਂ, ਇਹ ”ਜ਼ਿੱਦੀ ਤਬੀਅਤ’’ ਦੀ ਨਿਸ਼ਾਨੀ ਨਹੀਂ, ਇਹ ਆਪਣੀ ਗੱਲ ਉਤੇ ਦ੍ਰਿੜ੍ਹ ਵਿਸ਼ਵਾਸ ਹੋਣ ਦੀ ਨਿਸ਼ਾਨੀ ਹੈ। ਇਸ ਨਾਲ ”ਨਿਮਰਤਾ ਤੇ ਦਲੀਲ ਦਾ ਘਾਣ’’ ਕਿਵੇਂ ਹੋ ਜਾਂਦਾ ਹੈ? ਕਿਥੇ ਨਿਮਰਤਾ ਅਤੇ ਦਲੀਲ, ਕਿਥੇ ਉਂਗਲ ਖੜ੍ਹੀ ਕਰਕੇ ਬੋਲਣਾ!
ਉਂਗਲ ਹਰ ਵੇਲੇ ਹੀ ਤਾਂ ਖੜ੍ਹੀ ਨਹੀਂ ਹੁੰਦੀ ਮੇਰੀ; ਜਦੋਂ ਕਿਤੇ ਬੋਲਣਾ ਹੋਵੇ, ਤਕਰੀਰ ਕਰਨੀ ਹੋਵੇ, ਉਥੇ ਕਿਸੇ ਖ਼ਾਸ ਜਸਚਰ ਲਈ ਹੀ ਖੜ੍ਹੀ ਹੁੰਦੀ ਹੈ ਤੇ ਆਪੇ ਖੜ੍ਹੀ ਹੋ ਜਾਂਦੀ ਹੈ-ਜਿਥੇ ਆਪਣੀ ਗੱਲ ਨੂੰ ਮਜ਼ਬੂਤੀ ਨਾਲ ਕਹਿਣਾ ਹੋਵੇ, ਸਵੈ-ਭਰੋਸੇ ਨਾਲ।
ਪਬਲਿਸ਼ਰ
ਹੁਣ : ਇਕ ਵਾਰ ਦਿੱਲੀ ਦੇ ਉੱਘੇ ਪਬਲਿਸ਼ਰ ਨਾਲ ਗੱਲ ਹੋਈ ਸੀ। ਛੱਡ ਯਾਰ- ਉਹ ਕਹਿਣ ਲੱਗਾ-ਧੀਰ ਨੂੰ ਛੱਡ। ਉਹ ਤਾਂ ਇਕ ਕੰਨੇ ਦੀ ਖ਼ਾਤਰ ਗ਼ੁੱਸੇ ਹੋ ਜਾਂਦਾ ਹੈ। ਕੀ ਇਹ ਗ਼ੁੱਸਾ ਏਸ ਖੜ੍ਹੀ ਉਂਗਲ ਕਰਕੇ ਈ ਤਾਂ ਨਹੀਂ?
ਧੀਰ : ਇਹ ਦਿੱਲੀ ਦਾ ਉੱਘਾ ਪਬਲਿਸ਼ਰ ਨਵਯੁਗ ਦੇ ਭਾਪਾ ਪ੍ਰੀਤਮ ਸਿੰਘ ਜੀ ਸਨ।
ਲਿਖਤ ਵਿਚ ਇਕ ਕੰਨੇ ਤਕ ਦਾ ਵੀ ਬਹੁਤ ਮਹੱਤਵ ਹੁੰਦਾ ਹੈ, ਸਗੋਂ ਇਕ ਕੌਮੇ ਤਕ ਦਾ ਵੀ। ਮੈਂ ਆਪਣੀ ਲਿਖਤ ਨੂੰ ਸੌ-ਫ਼ੀ-ਸਦੀ ਤੋਂ ਉਤੇ ਠੀਕ ਛਪਿਆ ਦੇਖਣਾ ਚਾਹੁੰਦਾ ਹਾਂ। ਲੇਖਕ ਨੂੰ ਆਪਣੀ ਲਿਖਤ ਨਾਲ ਏਨਾ ਹੀ ਸੁਹਿਰਦ ਹੋਣਾ ਚਾਹੀਦਾ ਹੈ।
ਪਰਚਿਆਂ ਦੇ ਸੰਪਾਦਕ ਮੇਰੇ ਉਤੇ ਬਹੁਤ ਮਿਹਰਬਾਨ ਹਨ। ਮੈਨੂੰ ਮੇਰੀ ਹਰ ਲਿਖਤ ਦੇ ਪਰੂਫ਼ ਪੜ੍ਹਨ ਲਈ ਭੇਜਦੇ ਰਹਿੰਦੇ ਹਨ। ਸਗੋਂ ਦੋ-ਦੋ, ਤਿੰਨ-ਤਿੰਨ ਵਾਰ ਵੀ_ਜੇ ਗ਼ਲਤੀਆਂ ਬਹੁਤੀਆਂ ਹੋਣ। ਤੁਹਾਡਾ ”ਹੁਣ’’ ਵੀ ਉਹਨਾਂ ਵਿਚੋਂ ਇਕ ਹੈ।
ਭਾਪਾ ਪ੍ਰੀਤਮ ਸਿੰਘ ਜੀ ਮੇਰੇ ਉਤੇ ਬਹੁਤ ਮਿਹਰਬਾਨ ਰਹੇ ਹਨ। ਇਕ ਵਾਰ ਮੇਰੀ ਇਕ ਕਹਾਣੀ ਦੇ ਪਰੂਫ਼ ਉਨ੍ਹਾਂ ਮੈਨੂੰ ਇੰਗਲੈਂਡ ਭੇਜੇ ਸਨ ਜੋ ਕਿਸੇ ਕਿਤਾਬ ਵਿਚ ਨਹੀਂ, ”ਆਰਸੀ’’ ਵਿਚ ਹੀ ਛਪਣੀ ਸੀ। ਹਾਲਾਂਕਿ ਉਹ ਹਰ ਕਿਸੇ ਨੂੰ ਪਰੂਫ਼ ਨਹੀਂ ਸਨ ਭੇਜਦੇ ਹੁੰਦੇ।
”ਛੱਡ ਯਾਰ-ਧੀਰ ਨੂੰ ਛੱਡ-ਉਹ ਤਾਂ ਇਕ ਕੰਨੇ ਪਿੱਛੇ ਵੀ…’’ ਆਖਣ ਪਿੱਛੇ ਉਨ੍ਹਾਂ ਦਾ ਹਲਕਾ-ਹਲਕਾ ਪਿਆਰ ਵੀ ਝਲਕਦਾ ਹੈ। ਮੇਰੀ ਅਜਿਹੀ ਆਦਤ ਬਾਰੇ ਸੁਣ ਕੇ ਮੈਨੂੰ ਮਾਣ ਵੀ ਬਹੁਤ ਹੁੰਦਾ ਹੈ।
ਪਰੂਫ਼ਾਂ ਨਾਲ ”ਖੜੀ ਉਂਗਲ” ਦਾ ਕੋਈ ਸੰਬੰਧ ਨਹੀਂ।
ਹੁਣ : ਸਿਦਕਵਾਨ ਤੇ ਜ਼ਿੱਦੀ ਹੋਣ ਵਿਚ ਕਾਫ਼ੀ ਸਾਰਾ ਫ਼ਰਕ ਹੈ। ਕੀ ਤੁਹਾਨੂੰ ਜਾਂ ਤੁਹਾਡੇ ਮਿੱਤਰਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ?
ਧੀਰ : ਤੁਸੀਂ ਮੈਨੂੰ ਸਿਦਕਵਾਨ ਸਮਝਦੇ ਹੋ ਜਾਂ ਜ਼ਿੱਦੀ, ਤੁਸੀਂ ਮੈਨੂੰ ਦੱਸਿਆ ਨਹੀਂ। ਚਲੋ, ਮੈਂ ਜ਼ਿੱਦੀ ਸਮਝ ਲੈਂਦਾ ਹਾਂ।
ਸਿਦਕਵਾਨ ਜਾਂ ਜ਼ਿੱਦੀ ਹੋਣ ਬਾਰੇ ਦੇਖਣਾ ਇਹ ਚਾਹੀਦਾ ਹੈ ਕਿ ਕੋਈ ਸਿਦਕਵਾਨ ਕਾਹਦੇ ਲਈ ਹੈ ਤੇ ਜ਼ਿੱਦੀ ਕਾਹਦੇ ਲਈ। ਮਹਾਤਮਾ ਗਾਂਧੀ ਸਿਦਕਵਾਨ ਵੀ ਸੀ ਤੇ ਜ਼ਿੱਦੀ ਵੀ। ਪਰ ਉਹ ਇਹ ਸਾਰਾ ਕੁਝ ਭਾਰਤ ਨੂੰ ਆਜ਼ਾਦ ਕਰਵਾਉਣ ਤੇ ਅੰਗਰੇਜ਼ਾਂ ਨੂੰ ਬਾਹਰ ਕੱਢਣ ਲਈ ਸੀ।
ਸਾਡੇ ਲਈ ਉਹ ਸਿਦਕਵਾਨ ਸੀ, ਅੰਗਰੇਜ਼ਾਂ ਲਈ ਜ਼ਿੱਦੀ।
ਮੇਰੀ ਸਿਦਕਵਾਨੀ ਜਾਂ ਜ਼ਿੱਦੀਪੁਣਾ ਮੇਰੀਆਂ ਲਿਖਤਾਂ ਨਾਲ ਹੀ ਸਬੰਧਤ ਸਮਝਿਆ ਜਾਂਦਾ ਹੈ। ਜਾਂ ਫੇਰ ਮੇਰੇ ਵਿਚਾਰਾਂ ਲਈ ਜਿਨ੍ਹਾਂ ਉਤੇ ਕਰੜਾਈ ਨਾਲ ਮੈਂ ਪਹਿਰਾ ਦਿੰਦਾ ਆ ਰਿਹਾ ਹਾਂ ਤੇ ਅੱਜ ਤਕ ਦੇ ਰਿਹਾ ਹਾਂ। ਇਨ੍ਹਾਂ ਕਾਰਨ, ਆਪਣੇ-ਆਪਣੇ ਪੈਮਾਨੇ ਅਨੁਸਾਰ, ਕੋਈ ਮੈਨੂੰ ਸਿਦਕਵਾਨ ਕਹਿ ਦਿੰਦਾ ਹੈ, ਕੋਈ ਜ਼ਿੱਦੀ। ਮੈਂ ਆਪਣੇ ਆਪ ਨੂੰ ਨਾ ਸਿਦਕਵਾਨ ਕਹਿੰਦਾ ਹਾਂ, ਨਾ ਜ਼ਿੱਦੀ। ਮੈਂ ਤਾਂ ਆਪਣੇ ਢੰਗ ਅਨੁਸਾਰ ਆਪਣਾ ਕੰਮ ਕਰਦਾ ਹਾਂ।
ਮਿੱਤਰਾਂ ਬਾਰੇ ਮੈਨੂੰ ਪਤਾ ਨਹੀਂ।
ਹੁਣ : ਪੰਜਾਬੀ ਦੇ ਆਮ ਪਬਲਿਸ਼ਰਾਂ ਦੇ ਤੁਹਾਡੇ ਨਾਲ ਕੀਤੇ ਵਿਹਾਰ ਬਾਰੇ ਕੀ ਕਹੋਗੇ?
ਧੀਰ : ਸਹੀ ਅਰਥਾਂ ਵਿਚ ਪੰਜਾਬੀ ਵਿਚ ਪਬਲਿਸ਼ਰ ਕੋਈ ਨਹੀਂ। ਇਹ ਪ੍ਰਕਾਸ਼ਕ ਵੀ ਹਨ ਤੇ ਪੁਸਤਕ-ਵਿਕਰੇਤਾ ਵੀ। ਸਹੀ ਅਰਥਾਂ ਵਿਚ ਪ੍ਰਕਾਸ਼ਕ ਸਿਰਫ਼ ਕਿਤਾਬਾਂ ਛਾਪਦਾ ਹੈ, ਵੇਚਦਾ ਕੋਈ ਹੋਰ ਹੈ-ਪੁਸਤਕ ਵਿਕਰੇਤਾ। ਇਹ ਵਿਕਸਤ ਪੱਛਮੀ ਮੁਲਕਾਂ ਦੀਆਂ ਗੱਲਾਂ ਹਨ। ਸਾਡੇ ਅਜਿਹਾ ਨਹੀਂ, ਖ਼ਾਸਕਰ ਪੰਜਾਬੀ ਵਿਚ। ਕੋਈ ਕਰੋੜਾਂ ਰੁਪਏ ਲਾ ਕੇ, ਇਹਨੂੰ ਉਦਯੋਗ ਸਮਝ ਕੇ, ਪ੍ਰਕਾਸ਼ਨਾ ਕਰੇ ਤਾਂ ਸਾਡੇ ਵੀ ਕੋਈ ਸਹੀ ਅਰਥਾਂ ਵਿਚ ਪ੍ਰਕਾਸ਼ਕ ਹੋਵੇ।
ਪ੍ਰਕਾਸ਼ਕਾਂ ਨਾਲ ਮੇਰਾ ਵਿਹਾਰ ਦਰਮਿਆਨਾ ਜਿਹਾ ਰਿਹਾ ਹੈ। ਚੰਗਾ ਵੀ ਤੇ ਮਾੜਾ ਵੀ। ਕਿਸੇ ਨੂੰ ਮੈਂ ਪਸੰਦ ਨਹੀਂ, ਕੋਈ ਮੈਨੂੰ ਪਸੰਦ ਨਹੀਂ। ਜਦੋਂ ਕਿਸੇ ਪ੍ਰਕਾਸ਼ਕ ਕੋਲੋਂ ਰਾਇਲਟੀ ਮੰਗ ਲਈਦੀ ਹੈ ਤਾਂ ਉਸ ਲਈ ਮੇਰੇ ਜਿਹਾ ਭੈੜਾ ਬੰਦਾ ਕੋਈ ਨਹੀਂ ਹੋਵੇਗਾ।
ਹੁਣ : ਤੁਹਾਡਾ ‘ਪੰਜਾਬੀ ਟ੍ਰਿਬਿਊਨ’ ਨਾਲ ਝਗੜਾ ਹੋਇਆ। ‘ਜਾਗ੍ਰਤੀ’ ਤੇ ਤੁਸੀਂ ਮੁਕੱਦਮਾ ਕੀਤਾ। ‘ਪ੍ਰੀਤ ਲੜੀ’ ਤੋਂ ਨਾਖ਼ੁਸ਼ ਹੋਏ। ਦੂਰਦਰਸ਼ਨ ਤੋਂ ਦੁਖੀ ਰਹੇ। ਹੋਰ ਕਿਸੇ ਵੀ ਲੇਖਕ ਨਾਲ ਐਸਾ ਹੁੰਦਾ ਕਿਉਂ ਨਹੀਂ ਸੁਣਿਆ?
ਧੀਰ : ”ਪੰਜਾਬੀ ਟ੍ਰਿਬਿਊਨ’’ ਨੇ ਮੇਰੀ ਕਹਾਣੀ ”ਭੁੱਲੇ ਹੋਏ’’ ਕੱਟ-ਵੱਢ ਕੇ ਛਾਪ ਦਿੱਤੀ। ਖ਼ਾਲਿਸਤਾਨੀ ਲਹਿਰ ਉਤੇ ਕਟਾਖਸ਼ ਕਰਦੀ ਕਹਾਣੀ ਸੀ ਇਹ। ਐਡੀਟਰ ਉਦੋਂ ਬਰਜਿੰਦਰ ਸਿੰਘ ਹਮਦਰਦ ਸੀ। ਮੈਂ ਗਿਲਾ ਕੀਤਾ, ਕਹਾਣੀ ਮੋੜੀ ਜਾ ਸਕਦੀ ਸੀ, ਕੱਟ-ਵੱਢ ਕੇ ਛਾਪਣ ਦਾ ਅਧਿਕਾਰ ਨਹੀਂ ਸੀ ਉਨ੍ਹਾਂ ਨੂੰ। ਉਹਨੇ ਅਫ਼ਸੋਸ ਪ੍ਰਗਟ ਕੀਤਾ। ਹੋਰ ਕੋਈ ਝਗੜਾ ਨਹੀਂ ਹੋਇਆ। ਕੱਟ-ਵੱਢ ਐਤਵਾਰੀ ਐਡੀਸ਼ਨ ਵਾਲੇ ਕਿਸੇ ਉਪ-ਸੰਪਾਦਕ ਨੇ ਹੀ ਕੀਤੀ ਸੀ। ਤਾਂ ਵੀ ਜ਼ਿੰਮੇਵਾਰੀ ਐਡੀਟਰ ਦੀ ਹੀ ਸੀ।
”ਜਾਗ੍ਰਤੀ’’ ਨੇ ਮੇਰੀ ਸਵੈ-ਜੀਵਨੀ ”ਬ੍ਰਿਹਸਪਤੀ’’ ਦੇ ਕੁਝ ਕਾਂਡ ਨਾ ਕੇਵਲ ਕੱਟ-ਵੱਢ ਕੇ ਛਾਪੇ, ਸਗੋਂ ਕਈ ਵਾਕ ਹੀ ਮੇਰੇ ਇਉਂ ਬਦਲ ਦਿੱਤੇ ਕਿ ਅਰਥਾਂ ਦੇ ਅਨਰਥ ਕਰ ਦਿੱਤੇ ਗਏ। ਜਿਵੇਂ ; ਮੈਂ ਲਿਖਿਆ ਸੀ : ”ਮੇਰੇ ਪਿਤਾ ਦੇ ਕਹੇ-ਕਹਾਏ ਮੇਰੀ ਮਾਂ ਨੇ ਆਪਣੇ ਗਲ ਕਿਰਪਾਨ ਵੀ ਪਹਿਨ ਲਈ ਸੀ। ਪਰ ਉਸਦਾ ਫ਼ਾਇਦਾ ਨਹੀਂ ਸੀ ਕੋਈ। ਇਹ ਕਿਰਪਾਨ ਛੇਤੀ ਹੀ ਫੇਰ ਉਸਨੇ ਲਾਹ ਵੀ ਦਿੱਤੀ ਸੀ।’’ ”ਜਾਗ੍ਰਤੀ’’ ਨੇ ਛਾਪਿਆ : ”ਇਹ ਕਿਰਪਾਨ ਉਹਨੇ ਸਦਾ ਅੰਗ-ਸੰਗ ਰੱਖੀ।’’ ਇਸੇ ਤਰ੍ਹਾਂ ਥਾਂ-ਪਰ-ਥਾਂ ਫ਼ਿਕਰੇ ਬਦਲੇ ਹੋਏ ਤੇ ਅਰਥ ਵਿਗਾੜੇ ਪਏ ਸਨ।
ਐਡੀਟਰ ਸੁਖਪਾਲਵੀਰ ਸਿੰਘ ਹਸਰਤ ਸੀ। ਮੈਂ ਰੋਸ ਕਰਨ ਗਿਆ। ਪਰ ਉਹਨੇ ਉਲਟਾ ਆਖਿਆ ਕਿ ਇਹ ਸਾਡਾ ਅਧਿਕਾਰ ਹੈ। ਅਤਿ ਦੀ ਅਸੁਹਿਰਦਤਾ ਤੇ ਗ਼ੈਰ-ਜ਼ਿੰਮੇਵਾਰੀ ਨਾਲ ਮੇਰੇ ਨਾਲ ਉਹ ਪੇਸ਼ ਆਇਆ ਸੀ। ਮੈਂ ਆਖਿਆ, ਅਗਲੇ ਅੰਕ ਵਿਚ ਇਸ ਬਾਰੇ ਅਫ਼ਸੋਸ ਕਰੋ। ਉਸ ਆਖਿਆ, ਅਸੀਂ ਇਉਂ ਅਫ਼ਸੋਸ ਨਹੀਂ ਕਰਦੇ ਹੁੰਦੇ। ਮੈਂ ਮੁਕੱਦਮਾ ਦਾਇਰ ਕੀਤਾ ਅਤੇ ਮੈਂ ਕੇਸ ਜਿੱਤ ਗਿਆ।
”ਪ੍ਰੀਤ ਲੜੀ’’ ਤੋਂ ”ਨਾਖ਼ੁਸ਼’’ ਰਹਿਣ ਦੀ ਗੱਲ ਮੈਨੂੰ ਸਮਝ ਨਹੀਂ ਆਈ। ਗੁਰਬਖ਼ਸ਼ ਸਿੰਘ, ਨਵਤੇਜ ਸਿੰਘ, ਸੁਮੀਤ ਸਿੰਘ ਵੇਲੇ ਮੇਰੇ ਸਦਾ ਚੰਗੇ ਸਬੰਧ ਰਹੇ। ”ਪ੍ਰੀਤ ਲੜੀ’’ ਮੈਨੂੰ ਬੜੇ ਸਤਿਕਾਰ ਨਾਲ ਛਾਪਦੀ ਰਹੀ ਹੈ। ਪਰੂਫ਼ ਵੀ ਮੈਨੂੰ ਆਉਂਦੇ ਰਹੇ। ਗੁਰਬਖ਼ਸ਼ ਸਿੰਘ ਦੇ ਵੇਲੇ ਵੀ।
ਦੂਰਦਰਸ਼ਨ ਨੇ ਮੇਰੀ ਕਹਾਣੀ ”ਕੋਈ ਇਕ ਸਵਾਰ’’ ਨਾਲ ਨਾਟਕੀ ਰੂਪ ਦੇਣ ਵੇਲੇ ਬਹੁਤ ਵਧੀਕੀ ਕੀਤੀ ਸੀ। ਹਾਂ-ਪੱਖੀ ਅੰਤ ਨੂੰ ਨਾਂਹ-ਪੱਖੀ ਬਣਾ ਕੇ ਮੇਰੇ ਅਸਲ ਭਾਵ ਹੀ ਨਸ਼ਟ ਕਰ ਦਿੱਤੇ। ਮੇਰੀ ਕਹਾਣੀ ਵਿਚ ਮੇਰਾ ਨਾਇਕ (ਬਾਰੂ ਤਾਂਗੇ ਵਾਲਾ) ਤਾਂਗੇ ਵਿਚੋਂ ਸਵਾਰੀਆਂ ਲਹਿ ਕੇ ਬਸ ਵਿਚ ਜਾ ਬੈਠਣ ਮਗਰੋਂ ਮੁੜ ਪਰੈਣੀ ਉੱਚੀ ਕਰਕੇ ਖੰਨੇ ਦਾ ਹੋਕਾ ਮਾਰਦਾ ਤੇ ਮੁੜ ਸੰਗਰਾਮ ਕਰਦਾ ਹੈ, ਪਰ ਦੂਰਦਰਸ਼ਨ ਨੇ ਬਾਰੂ ਕੋਲੋਂ ਘੋੜੇ ਨੂੰ ਹੀ ਛਾਂਟਿਆਂ ਨਾਲ ਕੁੱਟਣ ਲਾ ਦਿੱਤਾ ਸੀ। ਜਿਵੇਂ ਸਵਾਰੀਆਂ ਲਹਿ ਜਾਣ ਵਿਚ ਘੋੜੇ ਦਾ ਕਸੂਰ ਹੋਵੇ। ਅਜਿਹੇ ਉੱਚ ਕੋਟੀ ਦੇ ”ਪ੍ਰਬੀਨ’’ ਦੂਰਦਰਸ਼ਨ ਨਾਲ ਮੈਂ ਲੜਦਾ ਜਾਂ ਨਾ ਲੜਦਾ?
ਹੋਰ ਕਿਸੇ ਲੇਖਕ ਨਾਲ ਨਹੀਂ ਵਾਪਰਦੀਆਂ ਹੋਣਗੀਆਂ ਇਉਂ ਮੇਰੇ ਜਿਹੀਆਂ ਦੁਰਘਟਨਾਵਾਂ। ਕਿਸੇ ਲੇਖਕ ਦੀ ਲਿਖਤ ਦਾ ਇਉਂ ਤੋੜਿਆ ਜਾਣਾ ਉਸ ਨਾਲ ਦੁਰਘਟਨਾ ਹੀ ਹੁੰਦੀ ਹੈ, ਅਤੇ ਉਸਦਾ ਘੋਰ ਅਪਮਾਨ ਵੀ। ਦੂਜੀ ਗੱਲ ਇਹ ਵੀ ਹੈ ਕਿ ਕੋਈ ਇਸ ਅਪਮਾਨ ਨੂੰ ਕਿੰਨਾ ਕੁ ਸਹਿਣ ਕਰ ਸਕਦਾ ਹੈ, ਜਾਂ ਕਿਸੇ ਨੂੰ ਇਹ ਵਿਹਾਰ ਅਪਮਾਨ ਮਹਿਸੂਸ ਹੁੰਦਾ ਵੀ ਹੈ?
ਦਿੱਲੀ ਦੀ ਕਵਿਤਾ
ਹੁਣ : 1963 ਦੇ ਗੇੜ ਵਿਚ ਮੈਂ ਪਾਣੀਪਤ ਤੁਹਾਡੇ ਮੂੰਹੋਂ ਦਿੱਲੀ ਨਾਮ ਦੀ ਕਵਿਤਾ ਸੁਣੀ ਸੀ। ਅਫ਼ਵਾਹ ਸੀ ਕਿ ਤੁਹਾਨੂੰ ਅੰਮ੍ਰਿਤਾ ਪ੍ਰੀਤਮ ਨਾਲ ਇਸ਼ਕ ਹੋ ਗਿਆ ਹੈ। ਅਸਲੀਅਤ ਕੀ ਸੀ?
ਧੀਰ : ਕਿੱਥੇ ”ਦਿੱਲੀ’’ ਨਾਮ ਦੀ ਕਵਿਤਾ, ਕਿਥੇ ਅੰਮ੍ਰਿਤਾ ਪ੍ਰੀਤਮ ਨਾਲ ਮੇਰੇ ਇਸ਼ਕ ਹੋ ਜਾਣ ਦੀ ਅਫ਼ਵਾਹ! ਅਫ਼ਵਾਹਾਂ ਦੇ ਅਰਥ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਵਾਰਿਸਸ਼ਾਹ, ਕਹਿੰਦੇ ਹਨ, ਕਿਸੇ ਭਾਗਭਰੀ ਨੂੰ ਇਸ਼ਕ ਕਰਦਾ ਹੁੰਦਾ ਸੀ। ਅਸਲੀਅਤ ਦੱਸਣ ਲਈ ਵਾਰਿਸ ਨੇ ”ਹੀਰ’’ ਦਾ ਕਿੱਸਾ ਲਿਖਿਆ ਸੀ। ਮੇਰੇ ਕਿਸੇ ਵੀ ਇਸ਼ਕ ਦੀ ਅਸਲੀਅਤ ਤੁਹਾਨੂੰ ਮੇਰੀਆਂ ਰਚਨਾਵਾਂ ਵਿਚੋਂ ਹੀ ਲੱਭਣੀ ਚਾਹੀਦੀ ਹੈ।
ਇਸ਼ਕ ਦਾ ਤਕਾਜ਼ਾ ਹੈ, ਆਸ਼ਿਕ ਆਪਣੇ ਇਸ਼ਕ ਬਾਰੇ ਕਦੇ ਆਪ ਇਜ਼ਹਾਰ ਨਾ ਕਰੇ। ਇਸ਼ਕ ਦੀ ਪਾਕੀਜ਼ਗੀ ਇਸੇ ਤਰ੍ਹਾਂ ਹੀ ਕਾਇਮ ਰਹਿ ਸਕਦੀ ਹੈ।
ਹੁਣ : ਬੜੇ ਲੋਕ ਅੰਮ੍ਰਿਤਾ ਨਾਲ ਨੇੜਤਾ ਦਾ ਦਾਅਵਾ ਕਰੀ ਜਾਂਦੇ ਹਨ। ਤੁਸੀਂ ਪਿਛਾਂਹ ਮੁੜਕੇ ਦੇਖਦੇ ਹੋ ਤਾਂ ਕਿਵੇਂ ਲੱਗਦਾ ਹੈ?
ਧੀਰ : ਕਰੀਂ ਜਾਣ ਬੜੇ ਲੋਕ ਅੰਮ੍ਰਿਤਾ ਨਾਲ ਨੇੜਤਾ ਦਾ ਦਾਅਵਾ। ਮੇਰਾ ਇਸ ਨਾਲ ਕੀ ਸਬੰਧ?
ਪਿਛਾਂਹ ਮੁੜਕੇ ਦੇਖਣ ਨਾਲ ਜੋ ਕੁਝ ਲਗਦਾ ਹੈ, ਉਹ ਮੈਂ ਆਪਣੀ ਸਵੈ-ਜੀਵਨੀ ”ਬ੍ਰਿਹਸਪਤੀ’’ ਵਿਚ ਲਿਖ ਚੁੱਕਾ ਹਾਂ। ਸਵੈ-ਜੀਵਨੀਆਂ ਵਿਚ ਸਭ ਨੇ ਆਪਣਾ ਬੀਤਿਆ ਹੀ ਵਾਚਿਆ ਹੁੰਦਾ ਹੈ।
ਮੈਂ ਚੰਗੇ ਕੰਮ ਵੀ ਕੀਤੇ ਹਨ, ਮਾੜੇ ਵੀ। ਸੁੱਖ ਵੀ ਭੋਗੇ ਹਨ, ਦੁੱਖ ਵੀ। ਪਿਆਰ ਵੀ ਕੀਤਾ ਹੈ, ਨਫ਼ਰਤ ਵੀ। ਡਿਗਿਆ ਵੀ ਹਾਂ ਤੇ ਉਠਿਆ ਵੀ। ਸਭ ਵਿਸਤਾਰ ਮੇਰੀ ਸਵੈ-ਜੀਵਨੀ ਵਿਚ ਦਰਜ ਹਨ।
ਹੁਣ : 1960 ਦੇ ਕਰੀਬ ਹੀ ਤੁਹਾਨੂੰ ਮਨੋਰੋਗ ਦਾ ਦੌਰਾ ਪਿਆ ਸੀ। ਖ਼ਿਆਲ ਹੈ, ਅੰਮ੍ਰਿਤਾ ਦੀ ਬੇਰੁਖ਼ੀ ਕਰਕੇ ਹੀ ਅਜਿਹਾ ਹੋਇਆ ਸੀ। ਸਚਾਈ ਕੀ ਹੈ?
ਧੀਰ : ਮੇਰੇ ਮਨੋਰੋਗ ਦਾ ਅੰਮ੍ਰਿਤਾ ਪ੍ਰੀਤਮ ਨਾਲ ਕੋਈ ਸਬੰਧ ਨਹੀਂ।
ਹੁਣ : ਮਨੋਰੋਗ ਦੇ ਇਲਾਜ ਵਿਚ ਜਸਵੰਤ ਸਿੰਘ ਨੇਕੀ ਨੇ ਤੁਹਾਡੀ ਬੜੀ ਮਦਦ ਕੀਤੀ। ਕੀ ਇਹ ਕਵਿਤਾ ਜਾਂ ਲੇਖਕ ਹੋਣ ਦੀ ਸਾਂਝ ਸੀ ਜਾਂ ਹੋਰ ਕਿਸੇ ਕਾਰਨ?
ਧੀਰ : ਮਦਦ ਨਹੀਂ, ਡਾਕਟਰ ਜਸਵੰਤ ਸਿੰਘ ਨੇਕੀ ਮੇਰੇ ਮਨੋਰੋਗ ਦਾ ਇਲਾਜ ਕਰਦੇ ਹੁੰਦੇ ਸਨ। ਉਹ ਭਾਰਤ ਦੇ ਬਹੁਤ ਵੱਡੇ ਮਨੋਚਿਕਿਤਸਕ ਹਨ।
ਡਾ. ਨੇਕੀ ਸਭ ਲਈ ਹੀ ਬਹੁਤ ਮਿਹਰਬਾਨ ਸਨ। ਪਰ ਮੇਰੇ ਕਵੀ ਜਾਂ ਲੇਖਕ ਹੋਣ ਕਾਰਨ ਮੈਨੂੰ ਵੱਧ ਤਰਜੀਹ ਦਿੰਦੇ। ਉਹ ਆਪ ਇਕ ਕਵੀ ਹਨ। ਮੇਰੇ ਨਾਲ ਮਰੀਜ਼ ਵਾਂਗ ਨਹੀਂ, ਸਗੋਂ ਚੰਗੇ ਦੋਸਤਾਂ ਵਾਂਗ ਪੇਸ਼ ਆਉਂਦੇ ਹੁੰਦੇ ਸਨ। ਮੇਰੀ ਖ਼ੁਸ਼ਕਿਸਮਤੀ ਸੀ, ਮੈਨੂੰ ਉਨ੍ਹਾਂ ਜਿਹਾ ਕਾਮਲ ਚਿਕਿਤਸਕ ਮਿਲਿਆ।
ਹੁਣ : ਤੁਹਾਡੀਆਂ ਕਈ ਕਵਿਤਾਵਾਂ ਵਿਚੋਂ ਘੋਰ ਉਦਾਸੀਆਂ ਵੀ ਨਜ਼ਰ ਆਈਆਂ ਹਨ-ਅਸੀਂ ਘਿਰ ਗਏ ਕਾਲੀਆਂ ਲਹਿਰਾਂ ਵਿਚ, ਝੱਖੜਾਂ ਵਿਚ ਕਾਲਿਆਂ ਕਹਿਰਾਂ ਵਿਚ-ਲਗਦਾ ਹੈ ਤੁਸੀਂ ਕਦੇ ਅਸਮਾਨ ਵਿਚ ਹੁੰਦੇ ਹੋ, ਕਦੇ ਪਾਤਾਲ ਵਿਚ। ਕੀ ਇਸੇ ਤਰ੍ਹਾਂ ਹੀ ਹੈ?
ਧੀਰ : ਹਾਂ, ਇਸੇ ਤਰ੍ਹਾਂ ਹੀ ਹੈ। ਇਹ ਮਨੋ-ਅਵਸਥਾਵਾਂ ਮੈਂ ਬਹੁਤ ਹੰਢਾਉਂਦਾ ਰਿਹਾ ਹਾਂ।
ਮਨੁੱਖ ਲਈ ਉਦਾਸ ਹੋਣਾ ਵੀ ਬੜਾ ਹੀ ਜ਼ਰੂਰੀ ਹੈ, ਜਿਹੜਾ ਉਦਾਸ ਹੁੰਦਾ ਹੈ, ਉਸੇ ਨੂੰ ਪਤਾ ਲੱਗਦਾ ਹੈ ਕਿ ਖ਼ੁਸ਼ੀ ਕੀ ਹੁੰਦੀ ਹੈ ਤੇ ਕਿੱਡੀ ਵੱਡੀ ਨਿਅਮਤ ਹੈ।
ਵੱਡੇ-ਵੱਡੇ ਮਹਾਂਪੁਰਸ਼ ਉਦਾਸ ਹੁੰਦੇ ਰਹੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਅੰਤ ਉਤੇ ਗੁਰੂ ਤੇਗ਼ ਬਹਾਦੁਰ ਜੀ ਦੀ ਬਾਣੀ ਹੈ। ਉਦਾਸੀਆਂ-ਵੈਰਾਗਾਂ ਦੇ ਵਰਣਨ ਕਾਰਨ ਹੀ ਇਹ ਬਾਣੀ ਮਹਾਨਤਾ ਦੀ ਸਿਖ਼ਰ ਨੂੰ ਛੁਹ ਰਹੀ ਹੈ।
ਉਦਾਸੀ ਕਿਸੇ ਨੂੰ ਮਹਾਤਮਾ ਬੁੱਧ ਤੇ ਗੁਰੂ ਨਾਨਕ ਜਿਹੇ ਮਹਾਨ ਮਨੁੱਖ ਬਣਾ ਦਿੰਦੀ ਹੈ। ਸਚਾਈ ਦੀ ਤਲਾਸ਼ ਵਿਚ ਗੁਰੂ ਨਾਨਕ ਦੇ ਲੰਮੇ ਸਫ਼ਰ ਉਨ੍ਹਾਂ ਦੀਆਂ ”ਉਦਾਸੀਆਂ’’ ਹਨ।
ਮਹਾਤਮਾ ਬੁੱਧ ਉਦਾਸ ਹੋ ਕੇ ਹੀ ਚੋਰੀਓਂ ਘਰੋਂ ਨੱਸੇ ਤੇ ਅੰਤ ਸਿਧਾਰਥ ਤੋਂ ਬੁੱਧ ਬਣੇ।
ਨਿਰੀ ਚੜ੍ਹਦੀ ਕਲਾ ਵੀ ਅਸੰਤੁਲਤ ਜੀਵਨ ਹੈ। ਸੰਤੁਲਤ ਜੀਵਨ ਲਈ ਹਸਣਾ-ਰੋਣਾ ਦੋਵੇਂ ਬੜੇ ਜ਼ਰੂਰੀ ਹਨ।
ਉਦਾਸੀ ਸਾਨੂੰ ਆਪਣੇ ਅੰਦਰ ਝਾਕਣ ਲਈ ਪ੍ਰੇਰਦੀ ਹੈ। ਆਪਣਾ ਮੂਲ ਪਛਾਨਣ ਲਈ। ਉਦਾਸ ਹੋਏ ਵੈਰਾਗੇ ਲੋਕ ਹੀ ਚਿੰਤਨਸ਼ੀਲ ਹੋ ਸਕਦੇ ਹਨ।
ਮੇਰਾ ਅਸਮਾਨ ਜਾਂ ਪਾਤਾਲ ਵਿਚ ਹੋਣਾ ਮੇਰੀ ਖ਼ੁਸ਼ੀ-ਗ਼ਮੀ ਦੀਆਂ ਅਤਿ ਦੀਆਂ ਮਨੋ-ਅਵਸਥਾਵਾਂ ਹਨ। ਇਨ੍ਹਾਂ ਨੇ ਮੇਰੀ ਕਲਪਣਾ ਨੂੰ ਬਾਜ਼ਾਂ ਵਰਗੇ ਖੰਭ ਦਿੱਤੇ।
ਹੁਣ : ਮੁਹਾਲੀ ਵਿਚ ਮਕਾਨ ਬਣਾਉਣ ਵੇਲੇ ਤੁਹਾਡੇ ਹੋਈਆਂ ਚੋਰੀਆਂ ਦੀ ਵਿਥਿਆ ਮੈਂ ਪੜ੍ਹਦਾ ਰਿਹਾ ਹਾਂ। ਇੱਟਾਂ ਵੀ ਲੈ ਗਏ ਚੋਰ। ਇਹ ਚੋਰ ਕੋਈ ਉਚੀ ਸ਼੍ਰੇਣੀ ਦੇ ਤਾਂ ਹੁੰਦੇ ਨਹੀਂ। ਫੇਰ ਸਾਧਾਰਨ ਗ਼ਰੀਬ ਵਿਅਕਤੀ ਦੇ ਕਿਰਦਾਰ ਤੇ ਕਿੰਤੂ ਨਹੀਂ ਲੱਗ ਜਾਂਦਾ?
ਧੀਰ : ਸਾਧਾਰਨ ਗ਼ਰੀਬ ਵਿਅਕਤੀਆਂ ਦੀ ਗ਼ਰੀਬੀ ਦਾ ਹੱਲ ਚੋਰੀਆਂ ਨਾਲ ਨਹੀਂ ਹੋ ਸਕਦਾ। ਇਸਦਾ ਹੱਲ ਆਪਣੀ ਸ਼੍ਰੇਣੀ ਨਾਲ ਜਥੇਬੰਦ ਹੋ ਕੇ ਇੱਜ਼ਤ ਦੀ ਰੋਟੀ ਦੇਣ ਵਾਲੇ ਨਿਜ਼ਾਮ ਲਈ ਸੰਗਰਾਮ ਕਰਨਾ ਹੀ ਹੈ। ਚੋਰੀ ਨੂੰ ਕੋਈ ਸਮਾਜ ਚੰਗਾ ਨਹੀਂ ਸਮਝਦਾ-ਗ਼ਰੀਬਾਂ ਦਾ ਸਮਾਜ ਵੀ। ਇਹ ਨਿੰਦਨੀਯ ਕਾਰਜ ਹੈ। ਅਨੈਤਿਕ।
ਪੱਕੇ ਰਾਗ ਦਾ ਇਸ਼ਕ
ਹੁਣ : ਤੁਸੀਂ ਇਕ ਥਾਂ ਲਿਖਿਆ ਹੈ ਕਿ ਤੁਸੀਂ ਪੱਕੇ ਰਾਗ ਦੇ ਸ਼ੈਦਾਈ ਹੋ ਜੋ ਆਮ ਆਦਮੀ ਨੂੰ ਸਮਝ ਹੀ ਨਹੀਂ ਆਉਂਦਾ। ਕੀ ਤੁਹਾਡੀ ਇਹ ਰੁਚੀ ਤੁਹਾਨੂੰ ਆਮ ਆਦਮੀ ਤੋਂ ਦੂਰ ਨਹੀਂ ਲੈ ਜਾਂਦੀ?
ਧੀਰ : ਨਹੀਂ। ਬਿਲਕੁਲ ਨਹੀਂ। ਪੱਕਾ ਰਾਗ ਮੇਰੇ ਮਨ ਵਿਚ ਅਜਿਹੀ ਕੈਫ਼ੀਅਤ ਪੈਦਾ ਕਰ ਦਿੰਦਾ ਹੈ ਜੋ ਮੇਰੇ ਟੁੱਟੇ-ਫੁੱਟੇ ਤੇ ਬਿਖਰੇ ਮਨ ਨੂੰ ਇਕਸੁਰ ਕਰ ਦਿੰਦੀ ਹੈ। ਇਕ ਅਥਾਹ ਆਨੰਦ ਨਾਲ ਮੇਰਾ ਆਪਾ ਭਰ ਜਾਂਦਾ ਹੈ। ਆਮ ਆਦਮੀ ਨੂੰੂ ਪੱਕਾ ਰਾਗ ਸਮਝ ਨਹੀਂ ਆਉਂਦਾ, ਉਹਨੂੰ ਸਾਡੇ ਅਖਾਉਤੀ ”ਸਭਿਆਚਾਰਕ’’ ਮੇਲਿਆਂ ਵਿਚ ਗਾਏ ਜਾਂਦੇ ਅਸ਼ਲੀਲ ਜਾਂ ਦੋ-ਅਰਥੇ ਗੀਤ ਸਮਝ ਆਉਂਦੇ ਹਨ। ਕੀ ਆਮ ਲੋਕਾਂ ਦੇ ਨੇੜੇ ਰਹਿਣ ਲਈ ਮੈਂ, ਆਪਣੀ ਪੱਧਰ ਡੇਗ ਕੇ, ਅਜਿਹੇ ਗੀਤਾਂ ਉਤੇ ਸਿਰ ਧੁਣਨ ਲੱਗ ਜਾਵਾਂ?
ਸਾਡਾ ਪੱਕਾ ਰਾਗ ਸਾਡੇ ਭਾਰਤ ਦਾ ਅੰਤਹਕਰਣ ਹੈ। ਇਹ ਸਾਡੇ ਭਾਰਤ ਦਾ ਗੌਰਵ ਹੈ, ਪੱਕਾ ਰਾਗ ਸੁਣਕੇ ਮੈਂ ਸ਼ਕਤੀਵਰ ਹੋ ਜਾਂਦਾ ਹਾਂ। ਮੈਨੂੰ ਆਪਣੇ ਕੰਮ ਲਈ ਅਥਾਹ ਊਰਜਾ ਮਿਲਦੀ ਹੈ। ਇਹ ਊਰਜਾ ਮੈਨੂੰ ਆਪਣੇ ਲੋਕਾਂ ਦੇ ਨੇੜੇ ਲੈ ਜਾਂਦੀ ਹੈ-ਉਹਨਾਂ ਲਈ ਸੋਚਣ ਤੇ ਉਹਨਾਂ ਲਈ ਕੰਮ ਕਰਨ ਲਈ।
ਭਾਰਤ ਦੇ ਯੋਧਿਆਂ ਨੂੰ ਹਥਿਆਰਾਂ ਨਾਲ ਹੀ ਨਹੀਂ, ਪੱਕੇ ਰਾਗਾਂ ਦੀ ਸ਼ਕਤੀ ਨਾਲ ਵੀ ਲੈਸ ਹੋਣਾ ਚਾਹੀਦਾ ਹੈ।
ਆਮ ਆਦਮੀ ਨਾਲ ਅਸੀਂ ਮਾਨਸਿਕ ਪੱਖੋਂ ਜੁੜਦੇ ਹਾਂ, ਸਰੀਰਕ ਪੱਖੋਂ ਨਹੀਂ। ਜਾਗੀਰਦਾਰ ਟਾਲਸਟਾਏ ਮਹਿਲਾਂ ਵਿਚ ਰਹਿੰਦਾ ਵੀ ਆਮ ਆਦਮੀ ਨਾਲ ਜੁੜਿਆ ਹੋਇਆ ਸੀ।
ਹੁਣ : ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਹੈ ਕਿ ਸਾਡਾ ਸਮਾਜ ਕਦੇ ਸ਼੍ਰੇਣੀ ਤੇ ਜ਼ਾਤ ਰਹਿਤ ਸਮਾਜ ਵਿਚ ਬਦਲ ਸਕੇਗਾ?
ਧੀਰ : ਹਾਂ, ਮੈਨੂੰ ਵਿਸ਼ਵਾਸ ਹੈ। ਕਿਉਂਕਿ ਇਹ ਮੇਰੀ ਜਾਂ ਮੇਰੇ ਵਰਗਿਆਂ ਦੀ ਹੀ ਨਹੀਂ, ਸਮਾਜ ਦੀ ਆਪਣੀ ਲੋੜ ਹੈ। ਭਾਵੇਂ ਕਦੇ ਬਦਲੇ।
”ਅਜੇ ਵੀ’’ ਤੋਂ ਸ਼ਾਇਦ ਤੁਹਾਡਾ ਭਾਵ ਸੋਵੀਅਤ ਰੂਸ ਦੇ ਟੁੱਟ ਜਾਣ ਤੋਂ ਹੈ। ਸਾਡੇ ਸਮਾਜ ਦੀ ਤਬਦੀਲੀ ਦਾ ਸੋਵੀਅਤ ਰੂਸ ਦੇ ਟੁੱਟ ਜਾਣ ਨਾਲ ਕੋਈ ਸਬੰਧ ਨਹੀਂ, ਇਹ ਸਾਡੇ ਲੋਕਾਂ ਦੀਆਂ ਆਪਣੀਆਂ ਸਮੱਸਿਆਵਾਂ ਤੇ ਸੰਗਰਾਮਾਂ ਨਾਲ ਸਬੰਧਤ ਹੈ। ਭਾਵੇਂ ਸੱਟ ਵੱਜੀ ਹੈ, ਪਰ ਲੋਕ ਉਸ ਸੱਟ ਵਿਚੋਂ ਬਾਹਰ ਨਿਕਲ ਆਏ ਹਨ, ਸਾਡੇ ਵੀ ਤੇ ਰੂਸ ਦੇ ਵੀ, ਤੇ ਸਗੋਂ ਕੁਲ ਸੰਸਾਰ ਦੇ ਹੀ।
ਅੱਤਵਾਦ ਤੇ ਰਾਜਨੀਤੀ
ਹੁਣ : ਅਮਰੀਕਾ ਵਿਚ ਅਤਿਵਾਦੀਆਂ ਦੇ 9/11 ਸਤੰਬਰ ਵਾਲੇ ਕਾਰੇ ਵਿਚ ਹਜ਼ਾਰਾਂ ਬੇਗੁਨਾਹ ਮਾਰੇ ਗਏ ਸਨ। ਤੁਸੀਂ ਇਸ ਖ਼ੂਨ ਖ਼ਰਾਬੇ ਨੂੰ ਕਿਵੇਂ ਲੈਂਦੇ ਹੋ?
ਧੀਰ : ਬੇਗੁਨਾਹਾਂ ਦੇ ਮਾਰੇ ਜਾਣ ਦਾ ਅਫ਼ਸੋਸ ਸੀ ਤੇ ਹੈ। ਪਰ ਮੈਂ ਇਹ ਜ਼ਰੂਰ ਕਹਿੰਦਾ ਹਾਂ ਕਿ ਚੰਗਾ ਹੋਇਆ, ਅਮਰੀਕਾ ਨੂੰ ਵੀ ਇਹ ਪਤਾ ਲੱਗ ਗਿਆ ਕਿ ਅੱਗ, ਅੱਗ ਹੀ ਹੁੰਦੀ ਹੈ, ਬਸੰਤਰ ਨਹੀਂ ਹੁੰਦੀ। ਅਮਰੀਕਾ ਵਿਚ ਤਾਂ ਇਸ ”ਕਾਰੇ’’ ਨਾਲ ਤਿੰਨ ਹਜ਼ਾਰ ਲੋਕ ਹੀ ਮਰੇ ਸਨ, ਸਾਡੇ ਖ਼ਾਲਿਸਤਾਨੀ ਅਤਿਵਾਦ ਵਿਚ ਵੀਹ-ਪੱਚੀ ਹਜ਼ਾਰ ਮਰੇ ਤੇ ਜੰਮੂ ਅਤੇ ਕਸ਼ਮੀਰ ਵਿਚ ਹੁਣ ਤੱਕ ਪੱਚੀ ਹਜ਼ਾਰ ਤੋਂ ਵੱਧ ਮਾਰੇ ਜਾ ਚੁੱਕੇ ਹਨ ਤੇ ਅਜੇ ਹੋਰ ਮਰ ਰਹੇ ਹਨ। ਕੌਣ ਨਹੀਂ ਜਾਣਦਾ ਕਿ ਇਸ ਦਹਿਸ਼ਤਗਰਦੀ ਪਿੱਛੇ ਪਾਕਿਸਤਾਨ ਰਾਹੀਂ ਅਮਰੀਕਾ ਦਾ ਹੀ ਹੱਥ ਸੀ ਤੇ ਅੱਜ ਵੀ ਹੈ? ਠੀਕ, ਉਹਦੇ ਤਿੰਨ ਹਜ਼ਾਰ ਬੇਗੁਨਾਹ ਲੋਕ ਸਨ ਜੋ ਮਰਨੇ ਨਹੀਂ ਸਨ ਚਾਹੀਦੇ। ਪਰ ਕੀ ਸਾਡੇ ਪੰਜਾਹ ਹਜ਼ਾਰ ਗੁਨਾਹਗਾਰ ਲੋਕ ਸਨ? ਉਹ ਨਹੀਂ ਸਨ ਬੇਗੁਨਾਹ? ਪਾਕਿਸਤਾਨ ਦੀ ਆਈ. ਐਸ. ਆਈ. ਇਹ ਕਾਰੇ ਕਰਵਾਉਂਦੀ ਹੈ ਅਤੇ ਅਮਰੀਕੀ ਸਾਮਰਾਜ ਉਹਨੂੰ ਹਥਿਆਰ ਵੀ ਦਿੰਦਾ ਹੈ, ਲੱਖਾਂ-ਕਰੋੜਾਂ ਡਾਲਰ ਵੀ।
9/11 ਦੀ ਘਟਨਾ ਮਗਰੋਂ ਮੈਂ ਇਕ ਕਵਿਤਾ ਲਿਖੀ ਸੀ-”ਬਦਲੀਆਂ ਨੇ ਕੁਝ ਹਵਾਵਾਂ।’’ ਸੁਣਾਉਂਦਾ ਹਾਂ :
ਅੱਧ ਸੀ ਵੀਹਵੀਂ ਸਦਾ ਦਾ
ਬੋਲਿਆ ਸੀ ਮੈਂ ਇਹ ਬੋਲ :
”ਪਰਬਤੋ ਓ ਪਰਬਤੋ!
ਹੁਣ ਛੱਡ ਦੇਵੋ ਹੈਂਕੜਾਂ!!…’’
ਕਵੀ ਸਾਂ ਮੈਂ
ਕਲਪਦਾ ਸਾਂ ਕਲਪਣਾਵਾਂ
ਭਾਵੇਂ ਕੰਸਾਂ-ਰਾਵਣਾਂ ਨੇ
ਆਪ ਨਹੀਂ ਛੱਡੀਆਂ ਕਦੇ ਵੀ ਹੈਂਕੜਾਂ।
—
ਚਾਣਚੱਕ ਹੋਇਆ ਧਮਾਕਾ
ਧੌਲਰਾਂ ਦੇ ਮੂੁੰਹ ਉਤੇ ਵੱਜੀ ਚਪੇੜ
ਸੁਣ ਗਿਆ ਹੈ ਚਾਰ ਕੂੰਟੀਂ
ਇਕ ਖੜਾਕਾ ਜ਼ੋਰਦਾਰ
ਵਿਸ਼ਵ ਦੇ ਗੁੰਬਦ ਦੇ ਅੰਦਰ
ਗੂੰਜ ਉੱਠੀ
ਇਸ ਖੜਾਕੇ ਦੀ ਆਵਾਜ਼।
—
ਹੋ ਰਿਹਾ ਹੈ ਫੇਰ ਅੱਜ
ਸਾਗਰ ਦਾ ਮੰਥਨ
ਗਿੜਨ ਲੱਗੀ ਹੈ
ਵਿਚਾਰਾਂ ਦੀ ਮਧਾਣੀ
ਖਿੱਚ ਰਹੀਆਂ ਨੇਤਰੇ ਨੂੰ
ਹਾਂ ਤੇ ਨਾਂਹ ਦੀਆਂ ਸ਼ਕਤੀਆਂ
ਗੜਗੜਾਹਟ ਨਾਲ ਭਰ ਗਈ
ਧਰਤ ਦੇ ਗੋਲੇ ਦੀ ਚਾੱਟੀ।
—
ਬਦਲੀਆਂ ਨੇ ਕੁਝ ਹਵਾਵਾਂ
ਹੋਸ਼ ਦੇ ਵਿਚ ਆ ਰਹੀ ਹੈ ਕਾਇਨਾਤ
ਸਾਥੀਆ! ਇਸ ਹੋਣ ਨੂੰ
ਐਵੇਂ ਨਾ ਜਾਣੀ,
ਫੇਰ ਹੋਵੇਗੀ ਸ਼ੁਰੂ
ਤੇਰੀ ਕਹਾਣੀ।
ਇਹ ਹਨ ਮੇਰੇ ਵਿਚਾਰ ਅਮਰੀਕਾ ਦੀ ਇਸ ਘਟਨਾ ਬਾਰੇ। ਸਾਮਰਾਜੀ ਰਾਖਸ਼ ਵੱਲ ਇਹ ਮੇਰੇ ਤਿੱਖੇ ਤੇਵਰ ਹਨ।
ਹੁਣ : ਅਫ਼ਗਾਨਿਸਤਾਨ ਵਿਚ ਤਾਲਿਬਾਨ ਵਲੋਂ ਬੁੱਧ ਦੀ ਮੂਰਤੀ ਨੂੰ ਤੋਪਾਂ ਨਾਲ ਉੜਾ ਦੇਣ ’ਤੇ ਤੁਸੀਂ ਇਕ ਅੱਥਰੂ ਨਹੀਂ ਰੋਏ। ਕੋਈ ਅੱਖਰ ਨਹੀਂ ਲਿਖਿਆ, ਡਾਇਰੀ ਵਿਚ ਵੀ ਨਹੀਂ?
ਧੀਰ : ਜ਼ਰੂਰੀ ਨਹੀਂ, ਹਰ ਲੇਖਕ, ਹਰ ਘਟਨਾ ਬਾਰੇ ਕਵਿਤਾ ਜਾਂ ਕਹਾਣੀ ਜ਼ਰੂਰ ਹੀ ਲਿਖੇ। ਕੋਈ ਲੇਖਕ ਇਉਂ ਲਿਖ ਸਕਦਾ ਵੀ ਨਹੀਂ।
ਮੇਰੀ ਡਾਇਰੀ ਪੁਸਤਕ ਰੂਪ ਵਿਚ ਦੋ ਭਾਗਾਂ ਵਿਚ ਛਪੀ ਹੈ ਤੇ ਤੀਜਾ ਪ੍ਰਕਾਸ਼ਕ ਨੂੰ ਛਪਣ ਲਈ ਭੇਜਿਆ ਹੋਇਆ ਹੈ। ਸ਼ਾਇਦ ਬੁੱਧ ਦੀ ਮੂਰਤੀ ਬਾਰੇ ਉਸ ਵਿਚ ਕੋਈ ਪੰਨਾ ਹੋਵੇ। ਪਰ ਜੇ ਨਾ ਵੀ ਹੋਵੇ ਤਾਂ ਇਹ ਗੱਲ ਵੀ ਕਿਹੜੀ ਹੈ?
ਦੂਜੀ ਗੱਲ : ਕੀ ਸਭ ਘਟਨਾਵਾਂ ਬਾਰੇ ਮਹੀਓਂ ਰੋਵਾਂ ਤੇ ਕੀਰਨੇ ਪਾਵਾਂ? ਤੁਸੀਂ ਵੀ ਕੁਝ ਰੋਵੋ-ਪਿੱਟੋ!
ਹੁਣ : ਖ਼ਿਆਲ ਹੈ ਕਿ ਜਦੋਂ ਤੁਸੀਂ ਆਪਣੀ ਪਾਰਟੀ ਲਾਈਨ ਤੋਂ ਬਾਹਰ ਆ ਕੇ ਲਿਖਦੇ ਹੋ ਤਾਂ ਤੁਹਾਡੀ ਕਲਮ ਵਿਚ ਬੜਾ ਜਲੌਅ ਆ ਜਾਂਦਾ ਹੈ ਜਿਵੇਂ ਨਿੱਕੀ ਸਲੇਟੀ ਸੜਕ ਦਾ ਟੋਟਾ ਦੇ ਲਿਖਣ ਸਮੇਂ ਹੋਇਆ। ਕੀ ਇਹ ਠੀਕ ਹੈ?
ਧੀਰ : ਨਹੀਂ, ਇਹ ਠੀਕ ਨਹੀਂ। ਕਿਸੇ ਵੀ ਲੇਖਕ ਦਾ ਕਿਸੇ ਵੀ ਰਾਜਨੀਤਕ ਪਾਰਟੀ ਦਾ ਮੈਂਬਰ, ਹਮਦਰਦ ਜਾਂ ਸਰਗਰਮ ਮੈਂਬਰ ਹੋਣਾ ਬਿਲਕੁਲ ਹੋਰ ਗੱਲ ਹੈ ਤੇ ਸਾਹਿਤ ਰਚਨਾ ਬਿਲਕੁਲ ਹੋਰ ਗੱਲ। ਮੈਂ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਸੌ-ਫ਼ੀ-ਸਦੀ ਨਾਲ ਹਾਂ ਤੇ ਦਿਲੋਂ-ਮਨੋਂ ਨਾਲ ਹਾਂ। ”ਨਿੱਕੀ ਸਲੇਟੀ ਸੜਕ ਦਾ ਟੋਟਾ’’ ਲਿਖਣ ਵੇਲੇ ਵੀ ”ਪਾਰਟੀ ਲਾਈਨ ਤੋਂ ਬਾਹਰ’’ ਨਹੀਂ ਸਾਂ ਆਇਆ, ਉਨਾ ਹੀ ਨਾਲ ਸਾਂ ਜਿੰਨਾ ਅੱਜ। ਸਾਹਿਤ ”ਰਾਜਨੀਤਕ ਪਾਰਟੀਆਂ ਦੀਆਂ ਲਾਈਨਾਂ’’ ਨਹੀਂ ਲਿਖਦਾ ਹੁੰਦਾ, ਜੀਵਨ ਨੂੰ ਲਿਖਦਾ ਹੁੰਦਾ ਹੈ ਜਿਸ ਵਿਚ ਮਨੁੱਖ ਦੀਆਂ ਉੱਚੀਆਂ ਤੇ ਸੁੱਚੀਆਂ ਕਲਿਆਣਕਾਰੀ ਤੇ ਸਰਬਕਾਲੀ ਕਦਰਾਂ-ਕੀਮਤਾਂ ਤੇ ਭਾਵਨਾਵਾਂ ਹੁੰਦੀਆਂ ਹਨ।
ਮਹਾਂ ਪੰਡਤ ਰਾਹੁਲ ਸੰਕ੍ਰਾਤਾਇਨ ਸੌ-ਫ਼ੀ-ਸਦੀ ਕਮਿਊਨਿਸਟ ਸਨ ਤੇ ਕਮਿਊਨਿਸਟ ਹੋਣ ਉਤੇ ਮਾਣ ਵੀ ਬਹੁਤ ਕਰਦੇ ਸਨ। ਕੋਈ ਉਨ੍ਹਾਂ ਦੇ ਸਾਹਿਤ ਬਾਰੇ ਕੀ ਫ਼ੈਸਲਾ ਦੇਵੇਗਾ? ”ਦਰਸ਼ਨ ਦਿੱਗ ਦਰਸ਼ਨ’’ ਤੇ ”ਵੋਲਗਾ ਸੇ ਗੰਗਾ ਤਕ’’ ਆਦਿ ਇਕ ਮਹਾਨ ਸਾਹਿਤਕਾਰ ਦੀਆਂ ਰਚਨਾਵਾਂ ਹਨ, ਪਾਰਟੀ ਲਾਈਨ ਤੋਂ ਬਾਹਰ ਆ ਕੇ ਜਾਂ ਅੰਦਰ ਜਾ ਕੇ ਲਿਖੀਆਂ ਹੋਈਆਂ ਨਹੀਂ।
ਮੈਂ ਜਦੋਂ ਮੰਗੋ, ਕੋਈ ਇਕ ਸਵਾਰ, ਸਵੇਰ ਹੋਣ ਤਕ, ਭੇਤ ਵਾਲੀ ਗੱਲ, ਲੁਟੇਰੇ, ਸਾਂਝੀ ਕੰਧ ਆਦਿ ਸ਼ਾਹਕਾਰ ਕਹਾਣੀਆਂ ਲਿਖੀਆਂ ਸਨ ਤੇ ਇਸੇ ਤਰ੍ਹਾਂ ਯਾਦਗਾਰ ਤੇ ਨਵਾਂ ਜਨਮ ਨਾਵਲ, ਉਦੋਂ ਮੇਰੇ ਇਕ ਹੱਥ ਵਿਚ ਕਲਮ ਫੜੀ ਹੁੰਦੀ ਸੀ, ਦੂਜੇ ਹੱਥ ਵਿਚ ਲਾਲ ਝੰਡਾ। ਕੀ ਇਨ੍ਹਾਂ ਕਹਾਣੀਆਂ ਵਿਚ ਕੁਝ ਜਲੌਅ ਹੈ ਕਿ ਨਹੀਂ? ਖਿਮਾ ਕਰਨਾ, ਵਿਦਵਾਨਾਂ ਵਲੋਂ ਇਹ ਰਚਨਾਵਾਂ ਕਲਾਸਿਕ ਮੰਨੀਆਂ ਗਈਆਂ ਹਨ-ਲਾਲ ਝੰਡਾ ਫੜ ਕੇ ਲਿਖੀਆਂ।
”ਨਿੱਕੀ ਸਲੇਟੀ ਸੜਕ ਦਾ ਟੋਟਾ’’ ਲਿਖਣ ਵੇਲੇ ਮੈਂ ਪਿਆਰ ਦੀ ਕਵਿਤਾ ਲਿਖਣ ਲਈ ਹੀ ਆਪਣੀ ਕਲਮ ਚੁੱਕੀ ਸੀ। ਪਰ ਉਹ ਸੰਸਾਰ ਅਮਨ ਵੱਲ ਨੂੰ ਆਪੇ ਮੋੜ ਕੱਟ ਗਈ ਜਿਹੜੀ ਕਿ ”ਪਾਰਟੀ ਲਾਈਨ’’ ਵੀ ਸੀ ਉਦੋਂ। ਕਈ ਵਾਰ ਵਿਸ਼ਾ ਲੇਖਕ ਨੂੰ ਆਪ ਆਖਣ ਲੱਗ ਜਾਂਦਾ ਹੈ ਕਿ ਇਸ ਪਾਸੇ ਵੱਲ ਆਓ ਜੀ। ਸਾਹਿਤ ਦਰਿਆਵਾਂ ਦਾ ਵਹਿਣ ਹੈ। ਇਸ ਉਤੇ ਪਾਰਟੀ ਲਾਈਨਾਂ ਜਾਂ ਕਿਸੇ ਦੀਆਂ ਮਰਜ਼ੀਆਂ ਨਹੀਂ ਚੱਲਦੀਆਂ।
ਕਮਿਊੁਨਿਸਟ ਪਾਰਟੀ ਜਾਂ ਕਮਿਊੁਨਿਸਟ ਲਹਿਰ ਮਾਰਕਸਵਾਦ ਤੋਂ ਚਾਨਣ ਲੈਂਦੀ ਹੈ। ਮੈਂ ਵੀ ਇਸੇ ਮਾਰਕਸਵਾਦੀ ਦ੍ਰਿਸ਼ਟੀਕੋਣ ਦਾ ਧਾਰਨੀ ਹਾਂ। ਇਹ ਇਕ ਨਜ਼ਰੀਆ ਹੈ, ਦ੍ਰਿਸ਼ਟੀ ਹੈ, ਸਾਈਂਸ ਹੈ ਜਿਸ ਨੇ ਮੈਨੂੰੂ ਚੀਜ਼ਾਂ, ਘਟਨਾਵਾਂ ਜਾਂ ਵਰਤਾਰਿਆਂ ਨੂੰ ਦੇਖਣਾ ਸਿਖਾਇਆ ਹੈ ਅਤੇ ਮੈਨੂੰ ਇਹ ਸਾਰਾ ਕੁਝ ਠੀਕ ਦਿਸਣ ਲੱਗ ਪਿਆ ਹੈ-ਆਪਣੇ ਅਸਲੀ ਰੂਪ ਵਿਚ।
ਆਮ ਕਰਕੇ ਇਹ ਇਤਰਾਜ਼ ਮਾਰਕਸਵਾਦੀ ਜਾਂ ਪ੍ਰਗਤੀਵਾਦੀ ਲੇਖਕਾਂ ਉਤੇ ਹੀ ਹਰ ਥਾਂ ਕੀਤੇ ਜਾਂਦੇ ਹਨ, ਕਿਸੇ ਹੋਰ ਉਤੇ ਨਹੀਂ। ਜਿਹੜੇ ਲੇਖਕ ਜਾਂ ਹੋਰ ਲੋਕ ਅਜਿਹੇ ਇਤਰਾਜ਼ ਕਰਦੇ ਹਨ ਜਾਂ ਆਪਣੇ ਬਾਰੇ ਕਹਿੰਦੇ ਹਨ ਕਿ ਉਹ ਕਿਸੇ ਇਕ ਵਿਚਾਰਧਾਰਾ ਦੇ ਗ਼ੁਲਾਮ ਨਹੀਂ, ਜਾਂ ਉਹ ਵਾਦ-ਮੁਕਤ ਹਨ ਤੇ ਪੂਰੀ ਤਰ੍ਹਾਂ ਸੁਤੰਤਰ ਹਨ, ਉਹਨਾਂ ਨੇ ਕਿਹੜਾ ਕੱਦੂ ਵਿਚ ਤੀਰ ਮਾਰ ਲਏ ਹਨ? ਨਾ ਉਹਨਾਂ ਦੀਆਂ ਲਿਖਤਾਂ ਵਿਚ ਕੋਈ ਰਸ ਹੈ, ਨਾ ਰੰਗ ਹੈ, ਨਾ ਸੁਹਜ ਹੈ, ਨਾ ਚਾਨਣ ਹੈ। ਆਪਣੀ ਹਉਮੈ ਨੂੰ ਪੱਠੇ ਪਾਉਂਦੇ ਆਪ ਹੀ ਆਖ ਲੈਂਦੇ ਹਨ, ਮੈਂ ਇਹ ਹਾਂ, ਮੈਂ ਉਹ ਹਾਂ, ਜਦ ਤੋਂ ਕਮਿਊਨਿਸਟ ਪਾਰਟੀ ਦੀਆਂ ਲਾਈਨਾਂ ਤੋਂ ਬਾਹਰ ਆਇਆ ਹਾਂ, ਜਾਂ ਉਸ ਤੋਂ ਦੂਰ ਹੋਇਆ ਹਾਂ, ਮੇਰੀ ਸ਼ਖ਼ਸੀਅਤ ਵੀ ਪਹਿਲਾਂ ਤੋਂ ਵਿਕਸਤ ਹੋਈ ਹੈ ਤੇ ਮੇਰਾ ਸਾਹਿਤ ਵੀ ਚੰਨ-ਸੂਰਜ ਨੂੰ ਹੱਥ ਲਾਉਣ ਲੱਗ ਪਿਆ ਹੈ। ਇਹ ਪ੍ਰਗਤੀਵਾਦ ਤੇ ਮਾਰਕਸਵਾਦ ਨਾਲ ਨਫ਼ਰਤ ਨਾਲ ਭਰੇ ਪਏ ਹਨ ਤੇ ਜਾਣੇ ਜਾਂ ਅਣਜਾਣੇ ਹੀ ਪੂੰਜੀਵਾਦੀਆਂ ਤੇ ਸਾਮਰਾਜੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ।
ਸੰਸਾਰ ਵਿਚ, ਅੱਜ, ਮੁੱਖ ਫ਼ਲਸਫ਼ੇ ਦੋ ਹਨ। ਮੂਲਵਾਦ ਤੇ ਮਾਰਕਸਵਾਦ। ਮੂਲਵਾਦ ਲਾਦੇਨਾਂ-ਤਾਲਿਬਾਨਾਂ ਜਾਂ ਆਰ.ਐਸ.ਐਸ. ਐਸ. ਵਾਲਿਆਂ ਦਾ ਦ੍ਰਿਸ਼ਟੀਕੋਣ ਹੈ। ਮਾਰਕਸਵਾਦ ਮਿਹਨਤੀਆਂ ਤੇ ਕਿਰਤੀਆਂ-ਕਿਸਾਨਾਂ ਦਾ। ਕੀ ਮੈਂ ਮੂਲਵਾਦੀਆਂ-ਪਿਛਾਖੜਾਂ ਨਾਲ ਜਾ ਖਲੋਵਾਂ?
ਕਾਰੀਆਂ ਸੱਟਾਂ
ਹੁਣ : ਤੁਹਾਡੇ ਦੋ ਦਾਮਾਦ ਬਲਜੀਤ ਪਨੂੰ ਤੇ ਬੰਤ ਸਿੰਘ ਰਾਏਪੁਰੀ ਅਜਾਈਂ ਮਾਰੇ ਗਏ ਹਨ। ਤੁਸੀਂ ਕਿਵੇਂ ਮਹਿਸੂਸ ਕੀਤਾ?
ਧੀਰ : ਬਲਜੀਤ ਸੜਕ ਹਾਦਸੇ ਵਿਚ ਮਾਰਿਆ ਗਿਆ ਸੀ, ਚਹੇੜੂ ਦੇ ਪੁਲ ਤੋਂ ਥੋੜ੍ਹਾ ਪਰੇ ਜਲੰਧਰ ਵੱਲ, 25 ਅਕਤੂਬਰ 1980 ਨੂੰ। ਬੰਤ ਨੂੰ 4 ਮਈ 1988 ਨੂੰ ਖ਼ਾਲਿਸਤਾਨੀ ਅੱਤਵਾਦੀਆਂ ਨੇ ਜਲੰਧਰ ਕਤਲ ਕਰ ਦਿੱਤਾ ਸੀ, ‘ਜਗ ਬਾਣੀ’ ਅਖ਼ਬਾਰ ਵਿਚ ਕੰਮ ਕਰਨ ਕਾਰਨ। ਉਹ ‘ਜਗ ਬਾਣੀ’ ਦਾ ਚੀਫ਼ ਸਬ ਐਡੀਟਰ ਸੀ। ਬਲਜੀਤ ਉਦੋਂ ‘ਨਵਾਂ ਜ਼ਮਾਨਾ’ ਵਿਚ ਉਪ ਸੰਪਾਦਕ ਸੀ।
ਬਲਜੀਤ ਨੂੰ ਮੈਂ ਬਹੁਤ ਰੋਇਆ। ਕਿਉਂਕਿ ਉਸ ਦੀ ਮੌਤ ਅਜਾਈਂ ਸੀ ਤੇ ਕਿਸੇ ਲੇਖੇ ਨਹੀਂ ਲੱਗੀ ਸੀ। ਜਦੋਂ ਉਸਦੀ ਖ਼ਬਰ ਮਿਲੀ, ਸੁਣਦੀ ਸਾਰ ਜਿਵੇਂ ਮੈਂ ਆਪਣੇ ਹੋਸ਼-ਹਵਾਸ ਖੋ ਬੈਠਾ ਸਾਂ ਤੇ ਪਿੰਡ ਮੈਂ ਆਪਣੀ ਬੈਠਕ ਵਿਚ ਏਧਰ-ਉਧਰ ਹੱਥ ਮਾਰਦਾ ਫਿਰਦਾ ਸਾਂ। ਇਹ ਵੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਉਦੋਂ ਮੈਂ ਕੀ ਕਰ ਰਿਹਾ ਸਾਂ।
ਬੰਤ ਦੀ ਖ਼ਬਰ ਮਿਲਦੀ ਸਾਰ ਝਟਕਾ ਤਾਂ ਬਹੁਤ ਵੱਜਾ ਸੀ, ਪਰ ਇਕ ਗੱਲੋਂ ਸੰਤੁਸ਼ਟੀ ਸੀ ਕਿ ਉਸਦੀ ਮੌਤ ਦੇਸ ਦੀ ਇੱਜ਼ਤ ਦੇ ਹਿੱਸੇ ਆਈ ਤੇ ਉਹ ਸ਼ਹੀਦ ਹੋਇਆ ਹੈ।
ਬੰਤ ਨੂੰ ਸਿਰਫ਼ ਇਸ ਕਾਰਨ ਕਤਲ ਕੀਤਾ ਗਿਆ ਸੀ ਕਿ ਉਹ ਹਿੰਦ ਸਮਾਚਾਰ ਗਰੁਪ ਦੇ ਅਖ਼ਬਾਰ ਵਿਚ ਕੰਮ ਕਰਦਾ ਸੀ ਜੋ ਖ਼ਾਲਿਸਤਾਨ ਦਾ ਨੁਕਤਾਚੀਨ ਸੀ। ਉਨ੍ਹੀਂ ਦਿਨੀਂ ਸਿਰਫ਼ ਦੋ ਅਖ਼ਬਾਰ, ਨਵਾਂ ਜ਼ਮਾਨਾ ਤੇ ਹਿੰਦ ਸਮਾਚਾਰ ਸਮੂਹ, ਖ਼ਾਲਿਸਤਾਨੀਆਂ ਦੇ ਖ਼ਿਲਾਫ਼ ਨਿਧੜਕ ਹੋ ਕੇ ਬਹਾਦੁਰੀ ਨਾਲ ਲਿਖ ਰਹੇ ਸਨ। ਬੰਤ ਨੇ ਵੀ ਪ੍ਰਤੀਬੱਧ ਹੋ ਕੇ ਲਿਖਿਆ, ਇਸ ਲਈ ਉਹਨੂੰ ਮਾਰਿਆ ਗਿਆ।
ਬਲਜੀਤ ਬਾਰੇ ਮੈਂ ਇਕ ਨਾਵਲ ”ਮੈਨੂੰ ਇਕ ਸੁਫਨਾ ਆਇਆ’’ ਲਿਖਿਆ ਹੈ ਜਿਸ ਵਿਚ ਨਾਂਅ ਤੇ ਥਾਂ ਸਭ ਸੱਚੇ ਰੱਖੇ ਗਏ ਹਨ। ਇਹ ਨਾਵਲ ਇਕ ਰੁਦਨ ਹੈ। ਕਿਉਂਕਿ ਅਜਾਈਂ ਮੌਤ ਕਾਰਨ ਮੈਂ ਉਸ ਨੂੰ ਬਹੁਤ ਰੋਇਆ ਸਾਂ। ਪਰ ਬੰਤ ਬਾਰੇ ਮੈਂ ਰੋਇਆ ਨਹੀਂ। ਉਹਦੀ ਮੌਤ ਕਿਸੇ ਲੇਖੇ ਲੱਗੀ ਸੀ। ਉਸ ਬਾਰੇ ਮੈਂ ਲੰਮੀ ਤੇ ਜ਼ੋਰਦਾਰ ਕਵਿਤਾ ਲਿਖੀ-”ਨਹੀਂ, ਮੈਂ ਰੋਵਾਂਗਾ ਨਹੀਂ।’’ ਕਿਉਂਕਿ ਆਪਣੇ ਅੱਥਰੂਆਂ ਨਾਲ ਮੈਂ ਉਹਦੇ ਡੁਲ੍ਹੇ ਲਾਲ ਲਹੂ ਦੇ ਰੰਗ ਨੂੰ ਹਲਕਾ ਨਹੀਂ ਸਾਂ ਕਰਨਾ ਚਾਹੁੰਦਾ।
ਸਾਹਿਤਿਕ ਪਿਤਾਮਾ
ਹੁਣ : ਗੁਰਬਖ਼ਸ਼ ਸਿੰਘ ਨੂੰ ਤੁਸੀਂ ਆਪਣਾ ਲੇਖਕ ਪਿਤਾ ਮੰਨਦੇ ਹੋ। ਕੀ ਉਹ ਫੇਲ੍ਹ ਹੋਇਆ ਸੁਪਨਸਾਜ਼ ਨਹੀਂ ਸੀ?
ਧੀਰ : ਲੇਖਕ ਗੁਰਬਖ਼ਸ਼ ਸਿੰਘ ਮੇਰੇ ਸਾਹਿਤਕ ਪਿਤਾ ਹਨ, ਪੰਜਾਬੀ ਸਾਹਿਤ ਜਗਤ ਦੇ ਪਿਤਾਮਾ। ਮੇਰੇ ਹੀ ਨਹੀਂ, ਮੇਰੀ ਸਾਰੀ ਪੀੜ੍ਹੀ ਦੇ ਉਹ ਸਾਹਿਤਕ ਪਿਤਾ ਹਨ, ਇਹ ਮੇਰਾ ਮੰਨਣਾ ਹੈ। ਉਹਨਾਂ ਦੀ ”ਸੁਪਨਸਾਜ਼ੀ’’ ਨਾਲ ਮੇਰਾ ਕੋਈ ਸਬੰਧ ਨਹੀਂ। ਗੁਰਬਖ਼ਸ਼ ਸਿੰਘ ਦੀ ਕਲਮ ਨੇ ਪੰਜਾਬੀ ਸਾਹਿਤ ਜਗਤ ਵਿਚ ਇਨਕਲਾਬ ਲੈ ਆਂਦਾ ਸੀ। ਗੁਰਬਖ਼ਸ਼ ਸਿੰਘ ਤੋਂ ਪਹਿਲਾਂ ਪੰਜਾਬੀ ਸਿੱਖੀ ਘੇਰੇ ਵਿਚ ਹੀ ਸੀ। ਗੁਰਬਖ਼ਸ਼ ਸਿੰਘ ਦੀ ਕਲਮ ਨਾਲ ਪੰਜਾਬੀ ਸਾਹਿਤ ਦਾ ਖ਼ਾਸਾ ਇਕਦਮ ਧਰਮਨਿਰਪੱਖ ਬਣ ਗਿਆ। ”ਪ੍ਰੀਤ ਲੜੀ’’ ਦੇ ਆਉਣ ਨਾਲ ”ਤਾਰੇ ਛਿਪੇ ਅੰਧੇਰ ਪਲੋਆ’’ ਵਾਲੀ ਹਾਲਤ ਬਣ ਗਈ ਸੀ।
ਜੇ ਤੁਸੀਂ ਪ੍ਰੀਤ ਨਗਰ ਦੇ ਵਸਿਆ ਨਾ ਰਹਿ ਸਕਣ ਕਾਰਨ ਗੁਰਬਖ਼ਸ਼ ਸਿੰਘ ਨੂੰ ਫੇਲ੍ਹ ਹੋਇਆ ਸੁਪਨਸਾਜ਼ ਕਹਿੰਦੇ ਹੋ ਤਾਂ ਇਸ ਵਿਚ ਉਸਦਾ ਦੋਸ਼ ਨਹੀਂ। ਸਰਹੱਦ ਉਤੇ ਆ ਜਾਣ ਕਾਰਨ ਪ੍ਰੀਤ ਨਗਰ ਦੀ ਇਹ ਹਾਲਤ ਦੇਸ਼- ਵੰਡ ਨੇ ਕੀਤੀ ਹੈ।
ਸੁਪਨੇ ਮਨੁੱਖ ਲੈਂਦਾ ਹੈ। ਮਹਾਂਪੁਰਸ਼ ਤੇ ਵੱਡੇ ਆਦਮੀ ਵੱਡੇ ਸੁਪਨੇ ਲੈਂਦੇ ਹਨ। ਜ਼ਰੂਰੀ ਨਹੀਂ, ਉਹਨਾਂ ਦੇ ਸੁਪਨੇ ਸਾਰੇ ਹੀ ਸਾਕਾਰ ਹੋ ਜਾਣ। ਗੁਰੂ ਨਾਨਕ ਨੇ ”ਸਭੇ ਸਾਂਝੀਵਾਲ’’ ਦਾ ਸੁਪਨਾ ਲਿਆ ਸੀ, ਸੰਤ ਰਵੀਦਾਸ ਜੀ ਨੇ ”ਬੇਗਮਪੁਰਾ ਸਹਰ’’ ਵਾਲਾ। ਪਰ ਇਹ ਅਜੇ ਤਕ ਪੂਰੇ ਨਹੀਂ ਹੋਏ। ਕੀ ਇਨ੍ਹਾਂ ਨੂੰ ”ਫੇਲ੍ਹ ਹੋਏ ਸੁਪਨੇਸਾਜ਼’’ ਆਖੀਏ? ਅਜਿਹੇ ਸੁਪਨਿਆਂ ਕਾਰਨ ਹੀ ਇਹ ਸਾਡੇ ਲਈ ਪੂਜਨੀਕ ਹਨ।
ਹੁਣ : ਖ਼ੁਸ਼-ਹੈਸੀਅਤੀ ਮੋਰਚੇ ਵੇਲੇ ਤੁਸੀਂ ਅਪਣੇ ਇਸ ਲੇਖਕ ਪਿਤਾ ਨੂੰ ਨਾਰਾਜ਼ਗੀ ਦੀ ਕਰੜੀ ਚਿੱਠੀ ਲਿਖੀ ਸੀ ਤੇ ਫੇਰ ਮੁਆਫ਼ੀ ਵੀ ਮੰਗ ਲਈ ਸੀ। ਤੁਹਾਡੇ ਵਿਚ ਇਹੋ ਜਿਹੇ ਜਜ਼ਬਾਤੀ ਉਬਾਲ ਕਿੰਨੇ ਕੁ ਆਉਂਦੇ ਰਹਿੰਦੇ ਹਨ?
ਧੀਰ : ਚਿੱਠੀ ਵਿਚ ਮੇਰਾ ਸਟੈਂਡ ਤਾਂ ਠੀਕ ਸੀ, ਪਰ ਚਿੱਠੀ ਦਾ ਲਹਿਜਾ ਬਹੁਤ ਖਰ੍ਹਵਾ ਸੀ। ਫੇਰ ਇਹ ਚਿੱਠੀ ”ਖੁਲ੍ਹੀ’’ ਵੀ ਸੀ। ਦਾਰ ਜੀ ਨੂੰ ਇਸਦੇ ਖੁਲ੍ਹੀ ਤੇ ਲਹਿਜਾ ਖਰ੍ਹਵਾ ਹੋਣ ਕਾਰਨ ਬਹੁਤ ਦੁਖ ਹੋਇਆ ਸੀ। ਇਹ ਦੁੱਖ ਮੈਨੂੰ ਉਨ੍ਹਾਂ ਦੇ ਛਪੇ ਉੱਤਰ ਵਿਚੋਂ ਨਜ਼ਰ ਆਇਆ। ਗੁਰਬਖ਼ਸ਼ ਸਿੰਘ ਦੀ ਵਡਿਆਈ ਦੇਖੋ। ਚਿੱਠੀ ਵਿਚ ਮੈਂ ਉਨ੍ਹਾਂ ਨੂੰ ”ਦਾਰ ਜੀ-ਦਾਰ ਜੀ’’ ਕਰਕੇ ਲਿਖਿਆ ਹੋਇਆ ਸੀ। ਉਨ੍ਹਾਂ ਉੱਤਰ ਵਿਚ ਲਿਖਿਆ ਸੀ : ”ਮੈਂ ਧੀਰ ਜੀ ਨੂੰ ਸ਼ਾਬਾਸ਼ ਦਿੰਦਾ ਹਾਂ ਜਿਹੜੇ ਆਪਣੇ ਦਾਰ ਜੀ ਨੂੰ ਵੀ ਕਿਸੇ ਗੱਲੋਂ ਏਨਾ ਛੰਡ-ਸੁਆਰ ਸਕਦੇ ਹਨ।’’ ਗਿਲਾ ਉਨ੍ਹਾਂ ਦਾ ਇਹ ਸੀ : ”ਧੀਰ ਜੀ ਨਵਤੇਜ ਵਾਂਗੂੰ ਮੈਨੂੰ ਦਾਰ ਜੀ ਕਹਿੰਦੇ ਹਨ। ਪਰ ਨਵਤੇਜ ਨੇ ਕਦੇ ਮੈਨੂੰ ਖੁਲ੍ਹੀ ਚਿੱਠੀ ਨਹੀਂ ਸੀ ਲਿਖਣੀ।’’ ਇਹ ਲਫ਼ਜ਼ ਪੜ੍ਹਕੇ ਮੈਨੂੰ ਬਹੁਤ ਦੁੱਖ ਹੋਇਆ ਸੀ। ਉਫ਼! ਮੇਰੀ ਚਿੱਠੀ ਨਾਲ ਦਾਰ ਜੀ ਨੂੰ ਏਨਾ ਦੁੱਖ ਪਹੁੰਚਿਆ! ਮੈਂ ਇਕ ਚਿੱਠੀ ਵਿਚ ਆਪਣੀ ਖਰ੍ਹਵੀ ਬੋਲੀ ਅਤੇ ਲਹਿਜਾ ਸਾਰਾ ਵਾਪਸ ਲਿਆ ਅਤੇ ਉਹਨਾਂ ਤੋਂ ਖਿਮਾ ਵੀ ਮੰਗੀ। ਇਹ ਚਿੱਠੀ ਵੀ ਛਾਪਣ ਲਈ ਕਿਹਾ। ਅਗਲੇ ਅੰਕ ਵਿਚ ਚਿੱਠੀ ਛਪੀ ਦੇਖ ਕੇ ਮੈਨੂੰ ਰਾਹਤ ਮਿਲੀ।
”ਬ੍ਰਿਹਸਪਤੀ’’ ਵਿਚ ਮੈਂ ਇਸ ਬਾਰੇ ”ਬਹੁਤ ਵੱਡੀ ਗ਼ਲਤੀ’’ ਕਾਂਡ ਵਿਚ ਇਸਦਾ ਜ਼ਿਕਰ ਕੀਤਾ ਹੈ ਤੇ ਇਸ ਗ਼ਲਤੀ ਕਾਰਨ ਮੁੜ ਅਫ਼ਸੋਸ ਵੀ ਪ੍ਰਗਟ ਕੀਤਾ ਹੈ-ਆਪਣੇ ਮਨ ਤੋਂ ਸਦਾ-ਸਦਾ ਲਈ ਇਸ ਬੋਝ ਨੂੰ ਉਤਾਰਨ ਲਈ।
ਇਹੋ ਜਿਹੇ ”ਜਜ਼ਬਾਤੀ ਉਬਾਲ’’ ਫੇਰ ਮੁੜਕੇ ਕਦੇ ਨਹੀਂ ਆਏ। ਆਉਂਦੇ ਤਾਂ ਛਪਣ ਕਾਰਨ ਤੁਹਾਨੂੰ ਪਤਾ ਲੱਗ ਜਾਣਾ ਸੀ।
ਹੁਣ : ਐਮ.ਐਸ. ਰੰਧਾਵਾ ਨੂੰ ਤੁਸੀਂ ਮਹਾਂਰਿਸ਼ੀ, ਮਹਾਂ ਆਤਮਾ, ਮਹਾਂ ਕਲਾਕਾਰ ਲਿਖਿਆ। ਅੰਗਰੇਜ਼ਾਂ ਵੇਲੇ ਰੰਧਾਵਾ ਦੇਸ਼ ਭਗਤਾਂ ਨੂੰ ਸਜ਼ਾਵਾਂ ਦਿੰਦਾ ਹੁੰਦਾ ਸੀ। ਕਾਕੋਰੀ ਕੇਸ ਵੇਲੇ ਇਹਦੇ ਬਾਰੇ ਮਨਮਥਨਾਥ ਗੁਪਤ ਨੇ ਵੀ ਲਿਖਿਆ ਸੀ। ਕੀ ਇਹ ਸੱਚ ਸੀ ਜਾਂ ਤੁਸੀਂ ਹੀ ਸ਼ਖ਼ਸੀ ਪੂਜਾ ਦੀਆਂ ਹੱਦਾਂ ਨੂੰ ਛੁਹ ਗਏ ਸੀ?
ਧੀਰ : ਐਮ.ਐਸ. ਰੰਧਾਵਾ ਨੂੰ ਜਿਹੋ ਜਿਹਾ ਮੈਂ ਦੇਖਿਆ, ਉਹੋ ਜਿਹਾ ਹੀ ਲਿਖਿਆ ਹੈ। ਅੰਗਰੇਜ਼ਾਂ ਵੇਲੇ ਦੇਸ਼ ਭਗਤਾਂ ਨੂੰ ਉਹਦੇ ਸਜ਼ਾਵਾਂ ਦੇਣ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ। ਮੈਂ ਤਾਂ ਉਹਦੀਆਂ ਹਰ ਕਿਸੇ ਤੋਂ ਸਿਫ਼ਤਾਂ ਹੀ ਸੁਣਦਾ ਰਿਹਾ ਹਾਂ।
ਕਦੇ ਰੰਧਾਵਾ ਚੰਡੀਗੜ੍ਹ ਦਾ ਚੀਫ਼ ਕਮਿਸ਼ਨਰ ਹੁੰਦਾ ਸੀ। ਚੰਡੀਗੜ੍ਹ ਦਾ ਰੋਜ਼ ਗਾਰਡਨ, ਪੰਜਾਬ ਆਰਟ ਕੌਂਸਲ, ਸੜਕਾਂ ਉਤੇ ਬਿਰਛ-ਬੂਟੇ ਤੇ ਹੋਰ ਹਰ ਸੁੰਦਰਤਾਈ ਨੂੰ ਲੋਕੀ ਉਸ ਨਾਲ ਜੋੜਦੇ ਹਨ। ਪੰਜਾਬੀ ਬੋਲੀ ਤੇ ਸਾਹਿਤ ਦਾ ਉਹ ਹੱਦ ਤੋਂ ਵੱਧ ਸ਼ੁਭ ਚਿੰਤਕ ਸੀ। ਸੁਹਣੀਆਂ-ਸੁਹਣੀਆਂ ਲਾਇਬਰੇਰੀਆਂ ਕਈ ਥਾਈਂ ਉਹਨੇ ਬਣਵਾਈਆਂ। ਲਛਮਣ ਸਿੰਘ ਗਿੱਲ ਨੂੰ ਪੰਜਾਬ ਵਿਚ ਪੰਜਾਬੀ ਲਾਗੂ ਕਰਨ ਦਾ ਮਸ਼ਵਰਾ ਰੰਧਾਵਾ ਨੇ ਹੀ ਦਿੱਤਾ ਸੀ, ਲਛਮਣ ਸਿੰਘ ਗਿੱਲ ਦੀ ਇਹ ਆਪਣੀ ਸੋਚ ਨਹੀਂ ਸੀ।
ਸ਼ਖ਼ਸੀਅਤ ਵੀ ਰੰਧਾਵਾ ਜੀ ਦੀ ਬਹੁਤ ਖ਼ੂਬਸੂਰਤ ਸੀ। ਸੁਹਣੀ ਸ਼ਕਲ, ਜਲ-ਜਲੌਅ। ਮੈਨੂੰ ਜਦੋਂ ਮਿਲਦੇ ਸਨ, ਖਿੜੇ ਮੱਥੇ ਮਿਲਦੇ ਸਨ। ਮੈਨੂੰ ਉਹ ਮਹਾਂ ਰਿਸ਼ੀ, ਮਹਾਂ ਆਤਮਾ, ਮਹਾਂ ਕਲਾਕਾਰ ਹੀ ਨਜ਼ਰ ਆਉਂਦੇ ਸਨ।
ਜਿਸ ਨੂੰ ਰੰਧਾਵਾ ਜੀ ਦੇ ਮਾੜੇ ਪੱਖਾਂ ਦਾ ਪਤਾ ਹੈ, ਉਹ ਉਸ ਬਾਰੇ ਲਿਖ ਦੇਵੇ।
ਮਿੱਤਰ-ਲੇਖਕ-ਅਲੋਚਕ
ਹੁਣ : ਬਲਵੰਤ ਗਾਰਗੀ ਨਾਲ ਤੁਹਾਡੀ ਬੜੀ ਮਿੱਤਰਤਾ ਸੀ। ਪਰ ਉਹ ਤਾਂ ਪ੍ਰਤੀਬੱਧ ਲੇਖਕ ਨਹੀਂ ਸੀ?
ਧੀਰ : ਮਿੱਤਰਤਾ ਕਿਸੇ ਪ੍ਰਤੀਬੱਧ ਦੀ ਪ੍ਰਤੀਬੱਧ ਨਾਲ ਹੀ ਨਹੀਂ ਹੁੰਦੀ, ਕਿਸੇ ਗ਼ੈਰ-ਪ੍ਰਤੀਬੱਧ ਨਾਲ ਵੀ ਹੋ ਸਕਦੀ ਹੈ। ਇਹ ਤਾਂ ਉਹੀ ਗੱਲ ਹੈ ਕਿ ਕਿਸੇ ਹਿੰਦੂ ਦੀ ਮਿੱਤਰਤਾ ਕਿਸੇ ਹਿੰਦੂ ਨਾਲ ਹੀ ਹੋਵੇ ਤੇ ਕਿਸੇ ਸਿੱਖ ਦੀ ਸਿੱਖ ਨਾਲ।
ਗਾਰਗੀ ਬੜਾ ਚੰਗਾ ਲੇਖਕ ਸੀ ਤੇ ਬੜੀ ਦਿਲਕਸ਼ ਸ਼ਖ਼ਸੀਅਤ ਦਾ ਮਾਲਿਕ। ਮੈਨੂੰ ਆਪਣੇ ਘਰ ਠਹਿਰਾ ਕੇ ਉਸਨੂੰ ਖ਼ੁਸ਼ੀ ਹੁੰਦੀ ਸੀ। ਜਦੋਂ ਮੈਂ ਪਿੰਡ ਰਹਿੰਦਾ ਸਾਂ, ਦਿੱਲੀਓਂ ਜਲੰਧਰ ਜਾਂਦਾ ਉਹ ਮੈਨੂੰ ਰਾਹ ਵਿਚ ਉੱਤਰ ਕੇ ਮਿਲਦਾ। ਉਹ ਮੈਨੂੰ ਗੁਣਵਾਣ ਲੇਖਕ ਸਮਝਦਾ ਹੁੰਦਾ ਸੀ।
ਹੁਣ : ਗੁਰਚਰਨ ਰਾਮਪੁਰੀ ਤੇ ਅਜਾਇਬ ਚਿੱਤਰਕਾਰ ਬਾਰੇ ਵੀ ਬੜੇ ਤੇਹੁ ਨਾਲ ਗੱਲਾਂ ਕਰਦੇ ਹੋ। ਇਨ੍ਹਾਂ ਦੇ ਗੁਣ ਔਗਣਾਂ ਦਾ ਵੀ ਕੁਝ ਦੱਸੋ?
ਧੀਰ : ਇਹ ਦੋਵੇਂ ਮੇਰੇ ਬੜੇ ਪੁਰਾਣੇ ਤੇ ਬੜੇ ਗਹਿਰੇ ਦੋਸਤ ਹਨ। ਅਜਾਇਬ ਪਹਿਲਾਂ ਦੋਸਤ ਬਣਿਆ, ਗੁਰਚਰਨ ਪਿਛੋਂ।
ਇਨ੍ਹਾਂ ਵਿਚ ਬਹੁਤ ਗੁਣ ਹਨ। ਸਾਰੇ ਏਥੇ ਬਖਾਨੇ ਨਹੀਂ ਜਾਣੇ। ਗੁਰਚਰਨ ਕਵੀ ਤਾਂ ਹੈ ਹੀ ਚੰਗਾ, ਹਾਜ਼ਰ ਜਵਾਬੀ ਤੋਂ ਬਿਨਾਂ, ਉਹਦੀਆਂ ਗੱਲਾਂ ਵੀ ਬੜੀਆਂ ਰਸੀਲੀਆਂ ਤੇ ਦਿਲਚਸਪ ਹੁੰਦੀਆਂ ਹਨ। ਅਜਾਇਬ ਦਾ ਸਾਹਿਤਕ ਪਾਇਆ ਬਹੁਤ ਉੱਚਾ ਹੈ। ਜੋ ਵੀ ਲਿਖਦਾ ਹੈ, ਪੱਕਾ ਅਤੇ ਠੁੱਕਦਾਰ। ਅੱਜ ਕੱਲ੍ਹ ਗ਼ਜ਼ਲਾਂ ਲਿਖਦਾ ਹੈ। ਉਹਦੇ ਵਰਗੀ ਪੁਖ਼ਤਾ ਗ਼ਜ਼ਲ ਹਰ ਕੋਈ ਲਿਖ ਸਕਦਾ ਨਹੀਂ।
ਸਾਹਿਰ ਲੁਧਿਆਣਵੀ ਦਾ ਉਹ ਬਹੁਤ ਦੋਸਤ ਹੁੰਦਾ ਸੀ। ਸਾਹਿਰ ਦੇ ਮੁੰਬਈ ਜਾਣ ਤੋਂ ਪਹਿਲਾਂ ਉਹ ਤੇ ਸਾਹਿਰ ਅੱਧੀ-ਅੱਧੀ ਰਾਤ ਤਕ ਲੁਧਿਆਣੇ ਦੀਆਂ ਸੜਕਾਂ ’ਤੇ ਆਵਾਰਾਗਰਦੀ ਕਰਦੇ ਰਹਿੰਦੇ। ”ਤਾਜ’’ ਤੇ ਕਈ ਹੋਰ ਨਜ਼ਮਾਂ ਸਾਹਿਰ ਨੇ ਅਜਾਇਬ ਨਾਲ ਆਵਾਰਾਗਰਦੀ ਕਰਦਿਆਂ ਲਿਖੀਆਂ ਸਨ।
ਅਜਾਇਬ ਅਤੇ ਗੁਰਚਰਨ ਹੀ ਹਨ ਜਿਨ੍ਹਾਂ ਮੈਨੂੰ ਕਮਿਊਨਿਸਟ ਪਾਰਟੀ ਵੱਲ ਪ੍ਰੇਰਿਆ।
ਅਜਾਇਬ ਘੌਲੀ ਬਹੁਤ ਰਿਹਾ। ਉਸ ਨੂੰ ਉਹਦੀ ਘੌਲ ਨੇ ਬਹੁਤ ਪਿੱਛੇ ਰੱਖਿਆ ਹੈ। ਇਹ ਉਹਦਾ ਵੱਡਾ ਔਗੁਣ ਹੈ। ਬਾਕੀ ਔਗੁਣ ਦੋਹਾਂ ਨੂੰ ਆਪਣੇ ਆਪ ਦੱਸਣੇ ਚਾਹੀਦੇ ਹਨ।
ਹੁਣ : ਤੁਸੀਂ ਪਾਸ਼ ਨੂੰ ਮਹਾਨ ਕਵੀ ਲਿਖਿਆ। ਇਹਦੇ ਮੈਮੋਰੀਅਲ ਟਰੱਸਟ ਦਾ ਇਨਾਮ ਵੀ ਲਿਆ। ਪਰ ਪਾਸ਼ ਨੇ ਆਪਣੀ ਚਿੱਠੀ ਵਿਚ ਤੁਹਾਨੂੰ ਮੰਗਤਾ ਕਹਿ ਕੇ ਨਿਵਾਜਿਆ। ਅਜੀਬ ਸਤਿਕਾਰ ਨਹੀਂ ਇਹ?
ਧੀਰ : ਪਾਸ਼ ਦੇ ਕਾਵਿ-ਗੁਣ ਦੀ ਮੈਂ ਪ੍ਰਸੰਸਾ ਕੀਤੀ, ਅਤੇ ਕਰਦਾ ਰਹਾਂਗਾ। ਉਹ ਇਕ ਵਿਲੱਖਣ ਕਵੀ ਸੀ। ਪਾਸ਼ ਦੇ ਮੈਮੋਰੀਅਲ ਟਰੱਸਟ ਨੇ ਮੈਨੂੰ ਇਨਾਮ ਦਿੱਤਾ, ਮੈਂ ਮਾਣ ਨਾਲ ਲੈਣ ਗਿਆ। ਉਸ ਸਮੇਂ ਮੈਨੂੰ ਇਕ ਕਿਤਾਬ ਦਿੱਤੀ ਗਈ ਸੀ, ਪਾਸ਼ ਦੀਆਂ ਚਿੱਠੀਆਂ ਦੀ। ਉਸ ਵਿਚ ਇਕ ਚਿੱਠੀ ਸੀ ਜੋ ਮੈਨੂੰ ਹੁਣ ਯਾਦ ਨਹੀਂ ਕਿ ਕਿਸ ਵੱਲ ਲਿਖੀ ਹੋਈ ਸੀ। ਉਸ ਵਿਚ ਮੇਰਾ ਅਤੇ ਸ਼ਿਵ ਕੁਮਾਰ ਦਾ ਇੰਗਲੈਂਡ ਜਾਣ ਬਾਰੇ ਜ਼ਿਕਰ ਕੀਤਾ ਹੋਇਆ ਸੀ। ਉਨ੍ਹੀਂ ਦਿਨੀਂ ਉਹ ਆਪ ਇੰਗਲੈਂਡ ਜਾਣ ਦਾ ਯਤਨ ਕਰ ਰਿਹਾ ਹੋਵੇਗਾ ਕਿ ਉਹਨੂੰ ਵੀ ਕੋਈ ਬੁਲਾਵੇ ਤੇ ਉਹ ਵੀ ਉਥੇ ਜਾ ਸਕੇ। ਉਹਨੇ ਇਸ ਸੰਦਰਭ ਵਿਚ ਇਹ ਗੱਲ ਲਿਖੀ ਹੋਈ ਸੀ ਕਿ ਉਹ ਸ਼ਿਵ ਕੁਮਾਰ ਜਾਂ ਧੀਰ ਵਾਂਗ ਮੰਗਤਾ ਨਹੀਂ। ਮੈਂ ਉਹ ਚਿੱਠੀ ਪੜ੍ਹੀ ਤਾਂ ਮੈਨੂੰ ਬਹੁਤ ਦੁੱਖ ਹੋਇਆ। ਮੈਂ ਆਪਣੀ ਡਾਇਰੀ ਦਾ ਪੰਨਾ ਲਿਖਦੇ ਆਖਿਆ ਕਿ ਮੈਨੂੰ ਹੁਣ ਪਤਾ ਲੱਗਾ ਹੈ ਕਿ ਮੈਂ ਮੰਗਤਾ ਵੀ ਹਾਂ, ਮੈਂ ਤਾਂ ਆਪਣੇ ਆਪ ਨੂੰ ਕੁਝ ਹੋਰ ਹੀ ਸਮਝ ਰਿਹਾ ਸਾਂ।
ਇਹ ਪੰਨਾ ਛਪਿਆ ਤਾਂ ਉਹਦੇ ਇਕ ਸ਼ਰਧਾਲੂ ਦੀ ਚਿੱਠੀ ਆਈ : ”ਧੀਰ ਜੀ, ਬੱਚਿਆਂ ਦੀਆਂ ਗੱਲਾਂ ਦਾ ਗ਼ੁੱਸਾ ਨਹੀਂ ਕਰੀਦਾ। ਨਜ਼ਰ-ਅੰਦਾਜ਼ ਕਰ ਛੱਡੀਦਾ ਹੈ।’’
ਪਾਸ਼ ਮੇਰਾ ਬਹੁਤ ਸਤਿਕਾਰ ਕਰਦਾ ਤੇ ਝੁਕ ਕੇ ਮਿਲਦਾ ਹੁੰਦਾ ਸੀ। ਪਿਛਲੇ ਦਿਨੀਂ, ਕਹਿੰਦੇ ਹਨ ਕਿ, ਬਹੁਤ ਸ਼ਰਾਬ ਪੀਣ ਲੱਗ ਗਿਆ ਸੀ ਤੇ ਕੁਝ ਉਲਾਰ ਹੋ ਗਿਆ ਸੀ। ਸੰਭਵ ਹੈ, ਇਹ ”ਅਜੀਬ ਸਤਿਕਾਰ’’ ਇਸ ਕਾਰਨ ਹੋ ਗਿਆ ਹੋਵੇ। ਪਰ ਇਹ ਉਸ ਵੱਲੋਂ ਹੀ ਸੀ। ਮੇਰਾ ਤਾਂ ਉਹ ਅਜ਼ੀਜ਼ ਸੀ।
ਲੂਣਾ ਦੀ ਮੁਖ਼ਾਲਫ਼ਤ
ਹੁਣ : ਸ਼ਿਵ ਕੁਮਾਰ ਦੀ ਲੂਣਾ ਦੇ ਤੁਸੀਂ ਖ਼ਿਲਾਫ਼ ਬੋਲੇ ਪਰ ਸੰਤ ਸਿੰਘ ਸੇਖੋਂ ਵਰਗਾ ਸੂਝਵਾਨ ਇਸਦਾ ਅੰਗਰੇਜ਼ੀ ਉਲਥਾ ਕਰਨ ਤਕ ਗਿਆ। ਕੀ ਮੰਨੀਏ ਕੌਣ ਸਹੀ ਸੀ?
ਧੀਰ : ਸ਼ਿਵ ਕੁਮਾਰ ਦੀ ”ਲੂਣਾ’’ ਦੇ ਖ਼ਿਲਾਫ਼ ਮੈਂ ਬੋਲਿਆ ਹੀ ਨਹੀਂ, ਸਗੋਂ ਮੈਂ ਉਹਦੇ ਖ਼ਿਲਾਫ਼ ਲੇਖ ਵੀ ਲਿਖਿਆ ਹੈ ਜੋ ਮੇਰੀ ਪੁਸਤਕ ”ਮਿੱਸੇ ਦਾਣੇ’’ ਵਿਚ ਸ਼ਾਮਿਲ ਹੈ। ਸ਼ਿਵ ਕੁਮਾਰ ਦੀ ਲੂਣਾ ਬੁਨਿਆਦੀ ਤੌਰ ’ਤੇ ਗ਼ਲਤ ਹੈ। ਇਹ ਅਰਧ-ਮਿਥਿਹਾਸਕ ਕਹਾਣੀ ਹੈ। ਤੁਸੀਂ ਮਿਥਿਹਾਸ ਜਾਂ ਅਰਧ-ਮਿਥਿਹਾਸ ਨੂੰ ਬਦਲ ਨਹੀਂ ਸਕਦੇ, ਵਿਆਖਿਆ ਨਵੀਂ ਕਰ ਸਕਦੇ ਹੋ। ਸ਼ਿਵ ਕੁਮਾਰ ਨੇ ਵਿਆਖਿਆ ਨਵੀਂ ਨਹੀਂ ਕੀਤੀ, ਕਹਾਣੀ ਨੂੰ ਤੋੜਿਆ-ਭੰਨਿਆ ਤੇ ਅਰਥਾਂ ਨੂੰ ਉਲਟਾਇਆ ਹੈ। ਹੁਣ ਤਕ ਪ੍ਰਾਪਤ ਤੇ ਲੋਕਾਂ ਵਲੋਂ ਪ੍ਰਵਾਨੀ ਗਈ ਪੂਰਨ ਦੀ ਕਹਾਣੀ ਵਿਚ ਲੂਣਾ ਖਲਨਾਇਕਾ ਹੈ, ਪਰ ਸ਼ਿਵ ਕੁਮਾਰ ਖਲਾਇਕਾ ਨੂੰ ਨਾਇਕਾ ਬਣਾ ਕੇ ਪੇਸ਼ ਕਰਦਾ ਹੈ ਜਿਸ ਨਾਲ ਵਾਜਬੀਅਤ ਨਹੀਂ। ਅਤੇ ਫੇਰ ਏਥੇ ਵੀ ਕਿਰਦਾਰ ਪੱਖੋਂ ਲੂਣਾ ਪਹਿਲੀਆਂ ਕਹਾਣੀਆਂ ਵਾਂਗੂੰ ਖਲਨਾਇਕਾ ਹੀ ਰਹਿੰਦੀ ਹੈ।
ਲੂੁਣਾ ਬੁੱਢੇ ਨਾਲ ਵਿਆਹੀ ਗਈ, ਇਹ ਉਸ ਨਾਲ ਜਬਰ ਹੈ। ਪੂਰਨ ਉਤੇ ਮੋਹਿਤ ਹੋ ਜਾਣਾ ਵੀ ਉਹਦਾ ਹੱਕ-ਬਿਜਾਨਬ ਹੈ। ਪਰ ਜਦੋਂ ਉਹ ਪੂਰਨ ਉਤੇ ਝੂਠਾ ਦੋਸ਼ ਲਾਉਂਦੀ ਹੈ, ਉਦੋਂ ਉਹ ਹੱਕ-ਬਨਾਜਬ ਨਹੀਂ। ਇਹ ਦੋਸ਼ ਆਪਣਾ ਆਪ ਬਚਾਉਣ ਲਈ ਲਾਇਆ ਗਿਆ ਹੈ। ਪਰ ਜਿਹੜੇ ਸੱਚੇ ਪ੍ਰੇਮੀ ਹਨ, ਉਹ ਤਾਂ ਦੂਜੇ ਦੇ ਦੋਸ਼ਾਂ ਨੂੰ ਵੀ ਆਪਣੇ ਉਤੇ ਲੈ ਲੈਂਦੇ ਤੇ ਸੂਲੀਆਂ ਝੂਟ ਜਾਂਦੇ ਹਨ, ਆਪਣੇ ਦੋਸ਼ ਦੂਜੇ ਉਤੇ ਲਾਉਣੇ ਤਾਂ ਇਕ ਪਾਸੇ ਰਹੇ। ਸ਼ਿਵ ਕੁਮਾਰ ਦੀ ਲੂਣਾ ਵੀ ਪਹਿਲੀਆਂ ਲੂਣਾਵਾਂ ਵਾਂਗ ਇਹੋ ਕਾਰਜ ਕਰਦੀ ਹੈ। ਇਸ ਲਈ ਉਹ ਖਲਨਾਇਕਾ ਹੈ। ਉਹ ਕਿਸੇ ਸੱਚੀ ਨਾਇਕਾ ਵਾਂਗ ਰਾਹ-ਦਿਸੇਰੀ ਨਹੀਂ ਹੈ।
ਫੇਰ ਪਾਖੰਡਣ ਬੜੀ ਹੈ ਸ਼ਿਵ ਕੁਮਾਰ ਦੀ ਸਿਰਜੀ ਲੂਣਾ। ਜਦੋਂ ਸਲਵਾਨ ਪੂਰਨ ਨੂੰ ਸਜ਼ਾ ਸੁਣਾਉਣ ਲਗਦਾ ਹੈ ਤਾਂ, ਸ਼ਿਵ ਕੁਮਾਰ ਦੀ ਲੂਣਾ, ਨੱਸੀ-ਨੱਸੀ ਆ ਕੇ ਸਲਵਾਨ ਨੂੰ ਆਖਣ ਲੱਗਦੀ ਹੈ :
ਮਹਾਰਾਜ! ਕੁਝ ਰਹਿਮ ਕਮਾਓ
ਇਹ ਬੱਚਾ ਹੈ, ਬੁੱਧਹੀਣ ਹੈ
ਇਸ ਤੇ ਏਡਾ ਜ਼ੁਲਮ ਨਾ ਢਾਓ।
ਬੁੱਧਹੀਣ ਪੂਰਨ ਹੈ ਜਾਂ ਲੂਣਾ ਆਪ? ਬੁੱਧਹੀਣਾਂ ਵਾਲਾ ਕੰਮ ਕਿਸ ਨੇ ਕੀਤਾ ਹੈ? ਪੂਰਨ ਨੇ? ਸੋ ਸ਼ਿਵ ਕੁਮਾਰ ਦੀ ਲੂਣਾ ਸੌ-ਫ਼ੀ-ਸਦੀ ਖਲਾਇਕਾ ਹੈ। ਝੂਠੀ ਹੈ, ਮੱਕਾਰ ਹੈ, ਡਿੱਗੀ ਹੋਈ ਤੇ ਕਪਟੀ ਹੈ। ਅਜਿਹੇ ਕਿਰਦਾਰ ਮਹਾਂ ਕਾਵਾਂ ਦੇ ਨਾਇਕ ਨਹੀਂ ਹੁੰਦੇ।
ਬੁੱਢੇ ਨਾਲ ਵਿਆਹੇ ਜਾਣ ਵਿਚ ਪੂਰਨ ਦਾ ਕੋਈ ਕਸੂਰ ਨਹੀਂ, ਸਮਾਜ ਦਾ ਕਸੂਰ ਹੈ। ਪਰ ਲੂਣਾ ਮਰਵਾਉਂਦੀ ਪੂਰਨ ਨੂੰ ਹੈ!
ਸ਼ਿਵ ਕੁਮਾਰ ਜੇ ਕਿਸੇ ਜਵਾਨ ਔਰਤ ਦੇ ਬੁੱਢੇ ਨਾਲ ਵਿਆਹੇ ਜਾਣ ਦੇ ਦੁਖਾਂਤ ਨੂੰ ਲਿਖਣਾ ਚਾਹੁੰਦਾ ਸੀ ਤਾਂ ਉਹਨੂੰ ਕਿਸੇ ਆਮ ਔਰਤ ਦੀ ਚੋਣ ਕਰ ਲੈਣੀ ਚਾਹੀਦੀ ਸੀ। ਪੂਰਨ ਦੀ ਇਸ ਕਹਾਣੀ ਨੂੰ ਇਉਂ ਤੋੜਨਾ ਨਹੀਂ ਸੀ ਚਾਹੀਦਾ। ਕੱਲ੍ਹ ਨੂੰ ਕੋਈ ਹਿਟਲਰਾਂ-ਮਸੋਲੀਨੀਆਂ ਤੇ ਟੋਜੋਆਂ ਨੂੰ ਨਾਇਕ ਬਣਾ ਧਰੇਗਾ।
ਅੰਗਰੇਜ਼ੀ ਉਲਥਾ ਕਰਨ ਨਾਲ ਕੋਈ ਗ਼ਲਤ ਕਿਤਾਬ ਠੀਕ ਸਾਬਿਤ ਨਹੀਂ ਹੋ ਜਾਂਦੀ। ਇਹ ਅੰਗਰੇਜ਼ੀ ਭਾਸ਼ਾ ਦੀ ਉਚਿਆਈ (ੰੁਪੲਰਮਅਚੇ) ਨੂੰ ਮੰਨਣਾ ਹੈ ਮੱਲੋ-ਮੱਲੀ ਦਾ।
ਸੇਖੋਂ ਵਰਗਾ ”ਸੂਝਵਾਨ’’ ਖ਼ਾਲਿਸਤਾਨੀ ਲਹਿਰ ਦਾ ਸਮਰਥੱਕ ਬਣ ਗਿਆ ਸੀ ਤੇ ਫ਼ਾਸ਼ਿਸਟ ਖ਼ਾਲਿਸਤਾਨੀ ਬੇਗੁਨਾਹਾਂ ਦੇ ਕਾਤਲਾਂ ਨੂੰ ਨੌਜਵਾਨ, ਜੁਝਾਰੂ, ਬੱਚੇ ਤੇ ਮੁੰਡੇ ਆਖ ਲਗਾਤਾਰ ਉਹਨਾਂ ਦੇ ਹੱਕ ਵਿਚ ਲੇਖ ਲਿਖ ਰਿਹਾ ਸੀ। ਸੰਤ ਸਿੰਘ ਸੇਖੋਂ ਦੀ ”ਸੂਝਵਾਨੀ’’ ਅੱਗੇ ਮੈਂ ਦੋਵੇਂ ਹੱਥ ਜੋੜਦਾ ਹਾਂ।
ਹੁਣ : ਸਮਕਾਲੀ ਪੰਜਾਬੀ ਲੇਖਕਾਂ ਵਿਚੋਂ ਤੁਸੀਂ ਕਿਸ ਨੂੰ ਆਪਣੇ ਤੋਂ ਵੱਡਾ ਲੇਖਕ ਮੰਨਦੇ ਹੋ?
ਧੀਰ : ਸਭ ਮੈਥੋਂ ਵੱਡੇ ਹਨ।
ਹੁਣ : ਤੁਹਾਨੂੰ ਗਿਲਾ ਹੈ ਕਿ ਆਲੋਚਕ ਪੰਜਾਬੀ ਨਾਵਲਕਾਰੀ ਵਿਚ ਤੁਹਾਡਾ ਜ਼ਿਕਰ ਕਈ ਵਾਰੀ ਕਿਸੇ ਫੁਟ ਨੋਟ ਵਿਚ ਹੀ ਕਰਦੇ ਹਨ। ਇਹਦਾ ਕਾਰਨ?
ਧੀਰ : ਨਹੀਂ, ਫੁਟ ਨੋਟ ਵਿਚ ਵੀ ਨਹੀਂ ਕਰਦੇ। ਜਦੋਂ ਆਲੋਚਕ ਪੰਜਾਬੀ ਨਾਵਲ ਬਾਰੇ ਕੋਈ ਲੇਖ ਲਿਖਦੇ ਜਾਂ ਕਿਤੇ ਪਰਚਾ ਪੜ੍ਹਦੇ ਹਨ, ”ਆਦਿ-ਆਦਿ’’ ਵਿਚ ਵੀ ਉਥੇ ਮੇਰੇ ਨਾਵਲ ਨਹੀਂ ਆਉਂਦੇ। ਕਾਰਨ ਤਾਂ ਉਹੀ ਜਾਣਦੇ ਹਨ, ਉਂਜ ਜਾਪਦਾ ਇਹ ਹੈ, ਲਕੀਰ ਦੇ ਫ਼ਕੀਰ ਹਨ। ਜਿਸਦਾ ਜ਼ਿਕਰ ਚੱਲ ਪਿਆ, ਉਸੇ ਦਾ ਚੱਲਦਾ ਰਹਿੰਦਾ ਹੈ। ਜਿਵੇਂ ਰਿਵਾਜ ਪੈ ਜਾਂਦਾ ਹੈ।
ਰੂਸ ਦਾ ਇਨਕਲਾਬ
ਹੁਣ : ਤੁਹਾਡੇ ਜੀਵਨ ਕਾਲ ਵਿਚ ਹੀ ਰੂਸ ਦਾ ਇਨਕਲਾਬ ਚਲਾ ਵੀ ਗਿਆ। ਕੀ ਤੁਸੀਂ ਵੀ ਸਮਝਦੇ ਹੋ ਕਿ ਅਸਲੀ ਇਨਕਲਾਬ ਅਜੇ ਆਉਣਾ ਹੈ ਜਾਂ ਖ਼ਬਰੇ ਆਵੇ ਹੀ ਨਾ?
ਧੀਰ : ਲੋਕ ਪੂੰਜੀਵਾਦੀ ਰਾਜਪ੍ਰਬੰਧ ਤੋਂ ਸੰਤੁਸ਼ਟ ਨਹੀਂ। ਇਸਦਾ ਬਦਲ ਚਾਹੁੰਦੇ ਹਨ। ਉਹ ਬਦਲ ਗ਼ੈਰ-ਪੂੰਜੀਵਾਦੀ ਰਾਜਪ੍ਰਬੰਧ ਹੈ-ਸਭੇ ਸਾਂਝੀਵਾਲਤਾ ਵਾਲਾ। ਅਸੀਂ ਉਹਨੂੰ ਸਮਾਜਵਾਦ, ਇਨਕਲਾਬ, ਕੁਝ ਵੀ ਕਹੀਏ।
”ਆਵੇ ਹੀ ਨਾ’’ ਵਾਲੀ ਗੱਲ ਦਰੁਸਤ ਨਹੀਂ ਹੈ। ਗ਼ਰੀਬੀ, ਬੇਕਾਰੀ, ਬੀਮਾਰੀ, ਬੇਰੁਜ਼ਗਾਰੀ ਤੇ ਬੇ-ਯਕੀਨੀ ਦੀ ਹਾਲਤ ਹਰ ਪਾਸੇ ਦਿਸ ਰਹੀ ਹੈ। ਲੋਕ ਸੰਘਰਸ਼ ਕਰਦੇ ਤੇ ਡਾਂਗਾਂ-ਗੋਲੀਆਂ ਖਾਂਦੇ ਚੰਡੀਗੜ੍ਹ ਦੇ ਮਟਕਾ ਚੌਕ ਵਿਚ ਅਸੀਂ ਰੋਜ਼ ਤੱਕ ਰਹੇ ਹਾਂ। ਇਹ ਮਟਕਾ ਚੌਕ ਸਾਰੇ ਦੇਸ਼ ਵਿਚ ਫੈਲਿਆ ਹੋਇਆ ਹੈ। ਸੋ ”ਆਵੇ ਹੀ ਨਾ’’ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਹੁਣ : ਜਦੋਂ ਤੁਸੀਂ ਕਦੇ ਰੂਸ ਵਿਚ ਲੇਖਕਾਂ ਨਾਲ ਹੋਏ ਵਿਹਾਰ ਬਾਰੇ ਸੁਣਦੇ ਸੀ ਤਾਂ ਦਿਲ ’ਤੇ ਕੀ ਗੁਜ਼ਰਦੀ ਸੀ?
ਧੀਰ : ਪਹਿਲਾਂ-ਪਹਿਲਾਂ ਤਾਂ ਅਸੀਂ ਇਹਨੂੰ ਸਾਮਰਾਜੀ ਜਾਂ ਬੁਰਜੁਵਾ ਪ੍ਰਾਪੇਗੰਡਾ ਹੀ ਸਮਝਦੇ ਸਾਂ। ਮਗਰੋਂ ਪਤਾ ਲੱਗਾ ਕਿ ਇਹ ਨਿਰਾ ਬੁਰਜੁਵਾ ਪ੍ਰਾਪੇਗੰਡਾ ਨਹੀਂ ਸੀ, ਕਾਫ਼ੀ ਠੀਕ ਗੱਲ ਸੀ। ਸਟਾਲਿਨ ਦਾ ਦੌਰ ਮਾੜਾ ਰਿਹਾ। ਬਰੈਜ਼ਨੇਵ ਦੇ ਦੌਰ ਨੂੰ ਵੀ ਮਾੜਾ ਆਖਿਆ ਜਾਂਦਾ ਹੈ। ਬਰੈਜ਼ਨੇਵ ਦੇ ਭਰਵੱਟੇ ਸੰਘਣੇ ਸਨ। ਰੂਸ ਵਿਚ ਲਤੀਫ਼ਾ ਬਣਿਆ-ਸਟਾਲਿਨ ਦੀਆਂ ਮੁੱਛਾਂ ਬਰੈਜ਼ਨੇਵ ਦੇ ਭਰਵੱਟਿਆਂ ਨੂੰ ਲੱਗ ਗਈਆਂ ਹਨ।
ਸਮਾਜਵਾਦ ਬੇਮਤਲਬ ਹੈ, ਜੇ ਉਸ ਵਿਚ ਜਮੂਰੀਅਤ ਨਹੀਂ। ਹਰ ਕਿਸੇ ਨੂੰ ਆਪਣੀ ਰਾਏ ਪ੍ਰਗਟ ਕਰਨ ਦਾ ਹੱਕ ਹੋਵੇ। ਬੰਧੇਜ ਬੋਲਣ ਵਾਲਿਆਂ ਨੂੰ ਆਪਣੇ ਉਤੇ ਆਪ ਲਾਗੂ ਕਰਨਾ ਚਾਹੀਦਾ ਹੈ। ਬੇਲਗਾਮ ਕੋਈ ਨਾ ਹੋਵੇ।
ਮਿਸਾਲ ਵਜੋਂ : ਚੰਡੀਗੜ੍ਹ-ਮੋਹਾਲੀ ਵਿਚ ਕਿਸੇ ਨੇ ਅੰਗਰੇਜ਼ੀ ਵਿਚ ਕੋਈ ਕਿਤਾਬ ਲਿਖੀ ਸੀ। ਉਹਨੇ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਮਾਂ-ਬਾਪ ਦਾ ਨਾਜਾਇਜ਼ ਬੱਚਾ ਲਿਖ ਦਿੱਤਾ। ਇਸੇ ਤਰ੍ਹਾਂ ਸਾਹਿਬਜ਼ਾਦਿਆਂ ਬਾਰੇ ਝੱਖ ਮਾਰ ਦਿੱਤੀ। ਲੇਖਕ ਕੋਈ ਸਿੱਖ ਹੀ ਸੀ। ਪਤੀ-ਪਤਨੀ ਦੋਵੇਂ ਜਣੇ ਜੇਲ੍ਹ-ਬੰਦ ਕਰ ਦਿੱਤੇ ਗਏ। ਪਤਨੀ ਪ੍ਰਕਾਸ਼ਕ ਸੀ ਪੁਸਤਕ ਦੀ।
ਅਜਿਹੀ ਆਜ਼ਾਦੀ ਸੰਸਾਰ ਵਿਚ ਕਿਤੇ ਵੀ ਨਹੀਂ ਚਾਹੀਦੀ।
ਹੁਣ : ਭਾਰਤ ਦੀਆਂ ਕਮਿਊਨਿਸਟ ਪਾਰਟੀਆਂ ਦੇ ਦੋਫਾੜ ਹੋਣ ਵਿਚ ਕੁਝ ਇਕ ਲੀਡਰਾਂ ਦੇ ਨਿੱਜੀ ਹਿਤ ਵੀ ਸ਼ਾਮਲ ਸਨ?
ਧੀਰ : ਦੋਫਾੜ ਹੋਣ ਵੇਲੇ ਤਾਂ ਨਿੱਜੀ ਹਿਤ ਨਹੀਂ ਸਨ, ਸਿਆਸੀ ਮਤਭੇਦ ਸਨ, ਚੀਨ ਦੇ ਹਮਲੇ ਬਾਰੇ ਤੇ ਜਨ ਸੰਘ (ਅੱਜ ਦੀ ਭਾਜਪਾ) ਦੇ ਮੁਕਾਬਲੇ ਕਾਂਗਰਸ ਵੱਲ ਪਹੁੰਚ ਬਾਰੇ। ਪਰ ਹੁਣ ਇੱਕ ਨਾ ਹੋਣ ਵਿਚ ਜ਼ਰੂਰ ਨਿੱਜੀ ਹਿਤ ਹਨ, ਜਦ ਪਾਲਸੀ ਅਤੇ ਸਿਧਾਂਤ ਵੀ ਦੋਹਾਂ ਦੇ ਅੱਜ ਇਕ ਹਨ। ਇਹ ਨਿੱਜੀ ਹਿਤ ਲੀਡਰੀਆਂ-ਚੌਧਰਾਂ ਦੇ ਹਨ। ਹਿਤਾਂ ਤੋਂ ਬਿਨਾਂ ਕੁਝ ਹਉਮੈ ਵੀ ਹੈ ਲੀਡਰਾਂ ਦੀ।
ਸੀ.ਪੀ.ਐਮ. ਜਿਸ ਸਿਆਸਤ ਕਾਰਨ ਵੱਖ ਹੋਈ ਸੀ, ਸੀ.ਪੀ.ਆਈ. ਭਾਵ ਮਾਂ-ਪਾਰਟੀ ਨਾਲੋਂ, ਅੱਜ ਉਸੇ ਸਿਆਸਤ ਉਤੇ ਉਹ ਵਾਪਸ ਪਰਤ ਆਈ ਹੈ; ਸਗੋਂ ਇਸ ਸਿਆਸਤ ਦੀ ਉਹ ਸੀ.ਪੀ.ਆਈ. ਤੋਂ ਕਿਤੇ ਵੱਧ ਧਾਰਨੀ ਬਣੀ ਹੋਈ ਹੈ; ਪਰ ਇੱਕ ਹੋਣਾ ਨਹੀਂ ਚਾਹੁੰਦੀ। ਬੰਗਾਲ ਅਤੇ ਕੇਰਲਾ ਵਿਚ ਹਕੂਮਤਾਂ ਹੋਣ ਕਾਰਨ ਉਹਨੂੰ ਇਸਦਾ ਬਹੁਤ ਘੁਮੰਡ ਹੈ। ਉਹ ਦੇਸ ਬਾਰੇ ਨਹੀਂ ਸੋਚਦੀ, ਉਸ ਲਈ ਕੇਰਲਾ ਅਤੇ ਬੰਗਾਲ ਹੀ ਸਾਰਾ ਦੇਸ ਹਨ।
ਹੁਣ : ਚੀਨ ਦੇ ਭਾਰਤ ਉੱਪਰ ਹੋਏ ਹਮਲੇ ਬਾਰੇ ਹੁਣ ਇਨਕਸ਼ਾਫ਼ ਹੋਏ ਹਨ ਕਿ ਅਸਲ ਵਿਚ ਇਹ ਹਮਲਾ ਰੂੁਸ ਦੀ ਸ਼ਹਿ ਨਾਲ ਹੀ ਹੋਇਆ ਸੀ। ਕੀ ਤੁਹਾਨੂੰ ਇਹ ਸੁਣਕੇ ਧੱਕਾ ਨਹੀਂ ਲਗਦਾ?
ਧੀਰ : ਬਿਲਕੁਲ ਗ਼ਲਤ। ਰੂਸ ਨੂੰ ਇਸ ਹਮਲੇ ਲਈ ਸ਼ਹਿ ਦੇਣ ਦਾ ਕੀ ਫ਼ਾਇਦਾ ਹੋ ਸਕਦਾ ਸੀ? ਰੂਸ ਨਾਲ ਤਾਂ ਉਦੋਂ ਚੀਨ ਦੇ ਮਤਭੇਦ ਹੀ ਬਹੁਤ ਸਨ। ਉਹ ਹਮਲਾ ਚੀਨ ਦੀ ਗ਼ੈਰ-ਕਮਿਊਨਿਸਟ, ਪਸਾਰਵਾਦੀ, ਫ਼ਿਊਡਲ ਸੋਚ ਨੇ ਕੀਤਾ ਸੀ। ਸਾਮੰਤਵਾਦੀ ਹੈਂਕੜ ਨੇ। ਰੂਸ ਆਪਣੀ ਮਸਲਹਤ ਕਾਰਨ ਕੁਝ ਚਿਰ ਚੁੱਪ ਰਿਹਾ ਸੀ। ”ਚੀਨ ਭਰਾ ਹੈ, ਭਾਰਤ ਦੋਸਤ।’’ ਫੇਰ ਉਸ ਨਿਖੇਧੀ ਕੀਤੀ। ਸ਼ਹਿ ਦੇਣ ਵਾਲੇ ਨੇ ਨਿਖੇਧੀ ਕਿਉਂ ਕਰਨੀ ਸੀ?
ਭਾਰਤ ਵਿਚ ਜਨਸੰਘ ਜ਼ਰੂਰ ਆਖ ਰਿਹਾ ਸੀ ਕਿ ਇਹ ਹਮਲਾ ਚੀਨ ਕੋਲੋਂ ਰੂਸ ਨੇ ਕਰਵਾਇਆ ਹੈ, ਚੀਨ ਇਕੱਲਾ ਨਹੀਂ ਸੀ। ਜਨਸੰਘ ਅੱਜ ਦੀ ਭਾਜਪਾ ਹੈ।
ਰੂਸ ਭਾਰਤ ਦਾ ਉਦੋਂ ਵੀ ਦੋਸਤ ਸੀ, ਅੱਜ ਵੀ ਦੋਸਤ ਹੈ। ਚੀਨ ਅੱਜ ਵੀ ਕਿਸੇ ਗੱਲੋਂ ਤੀਜੇ ਦਿਨ ਵਿਟਰ ਜਾਂਦਾ ਹੈ।
44 ਸਾਲਾਂ ਮਗਰੋਂ ਜਿਹੜੇ ”ਇਨਕਸ਼ਾਫ਼’’ ਅੱਜ ਹੋਏ ਹਨ, ਇਨ੍ਹਾਂ ਦੇ ਇਨਕਸ਼ਾਫ਼ੀਏ ਏਨਾ ਚਿਰ ਕਿਥੇ ਸੁੱਤੇ ਰਹੇ? ਅਜਿਹੇ ”ਇਨਕਸ਼ਾਫ਼ਾਂ’’ ਪਿਛੇ ਕਿਸੇ ਸੰਸਾਰ ਪੱਧਰ ਦੇ ”ਮਹਾਂ ਜਨਸੰਘੀਆਂ’’ ਭਾਵ ਸਾਮਰਾਜੀਆਂ ਦੇ ਮਹਾਨ-ਮਹਾਨ ਖੋਜਕਾਰ ਖੋਜਕਾਰੀਆਂ ਕਰਦੇ ਹਨ। ਇਹ ਉਨ੍ਹਾਂ ਦੇ ਹੀ ਕੱਢੇ ਹੋਏ ”ਦੁਰਲੱਭ’’ ਸਿੱਟੇ ਹਨ।
ਹੁਣ : ਤੁਸੀਂ ਬਰਤਾਨੀਆ ਵੀ ਦੇਖਿਆ ਸੀ ਤੇ ਰੂਸ ਵੀ। ਦੋਹਾਂ ਸਮਾਜਾਂ ਵਿਚ ਫ਼ਰਕ ਨਜ਼ਰ ਆਇਆ ਸੀ?
ਧੀਰ : ਰੂਸ ਵਿਚ ਮੈਂ ਕੇਵਲ ਅੱਧਾ ਕੁ ਹਫ਼ਤਾ ਰਿਹਾ ਸਾਂ। ਏਨੇ ਘੱਟ ਸਮੇਂ ਵਿਚ ਰੂੁਸ ਜਿਹੇ ਸਮਾਜ ਨੂੰ ਮੈਂ ਦੇਖ ਨਹੀਂ ਸਕਦਾ ਸਾਂ। ਬਰਤਾਨੀਆ ਦੀ ਉੱਨਤੀ ਨੂੰ ਮੈਂ ਉੱਨਤੀ ਨਹੀਂ ਸਮਝਦਾ। ਇਸ ਉੱਨਤੀ ਦੀਆਂ ਨੀਹਾਂ ਵਿਚ ਸਾਡੇ ਅਤੇ ਅੱਧੀ ਦੁਨੀਆਂ ਦੇ ਕਿਰਤੀਆਂ-ਕਿਸਾਨਾਂ ਦੀ ਬੇਦਰਦੀ ਨਾਲ ਲੁੱਟੀ ਗਈ ਕਿਰਤ-ਕਮਾਈ ਦਾ ਖ਼ੂਨ ਹੈ।
ਬਰਤਾਨੀਆ ਦੀ ਅਕਲ ਜ਼ਰੂਰ ਸਲਾਹੁਤਾ ਕਰਨ ਵਾਲੀ ਹੈ। ਉਹਨੂੰ ਆਪਣੀ ਉੱਨਤੀ ਨੂੰ ਵਿਉਂਤਬੱਧ ਕਰਨਾ ਆਉਂਦਾ ਹੈ। ਈਜਾਦਕਾਰੀ ਵੀ, ਠੀਕ, ਉਹਦੀ ਸਲਾਹੀ ਜਾਣ ਦੇ ਯੋਗ ਹੈ। ਸੜਕ, ਰੇਲ, ਸਭ ਤੋਂ ਪਹਿਲਾਂ ਬਰਤਾਨੀਆ ਵਿਚ ਹੀ ਬਣੀ ਸੀ।
ਰਚਨਾ ਪ੍ਰਕਿਰਿਆ
ਹੁਣ : ਕਾਫ਼ੀ ਸਮੇਂ ਮਗਰੋਂ ਮੈਂ ਮੁੜ ਕੇ ਛੰਦਾਬੰਦੀ ਵਿਚ ਕਵਿਤਾ ਲਿਖੀ ਹੈ। ਛੰਦਾਬੰਦੀ ਮਾੜੀ ਨਹੀਂ ਸਗੋਂ ਬਹੁਤ ਚੰਗੀ ਹੈ। (ਅਗਸਤ 1984)। ਇਹ ਮੰਨ ਕੇ ਵੀ ਤੁਸੀਂ ਹੁਣ ਛੰਦਾਬੰਦੀ ਵਿਚ ਨਹੀਂ ਲਿਖਦੇ। ਨਾ ਹੀ ਤੁਸੀਂ ਗ਼ਜ਼ਲ ਲਿਖੀ ਹੈ। ਕਿਉਂ?
ਧੀਰ : 1984 ਵਿਚ ਮੈਂ ਇਹ ਗੱਲ ਕਿਤੇ ਕਹੀ ਜਾਂ ਲਿਖੀ ਹੋਵੇਗੀ, ਆਪਣੀ ਡਾਇਰੀ ਦੇ ਪੰਨੇ ਵਿਚ ਜਾਂ ਕਿਤੇ ਹੋਰ। ਇਨ੍ਹਾਂ ਬਾਈ ਵਰ੍ਹਿਆਂ ਵਿਚ ਮੈਂ ਛੰਦਾਬੰਦੀ ਤੇ ਖੁੱਲ੍ਹਾ ਰੂਪ ਦੋਵੇਂ ਤਰ੍ਹਾਂ ਕਵਿਤਾਵਾਂ ਲਿਖੀਆਂ। ਇਹ ਕੋਈ ਪੱਕਾ ਗੁਰ ਨਹੀਂ, ਫ਼ੈਸਲਾ ਵਿਸ਼ਾ ਕਰਦਾ ਹੈ ਕਿ ਉਹ ਕਿਸ ਰੂਪ ਵਿਚ ਪ੍ਰਗਟ ਹੋਣਾ ਚਾਹੁੰਦਾ ਹੈ। ਕਵਿਤਾ ਚੰਗੀ, ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ, ਖੁਲ੍ਹੀ ਹੋਵੇ ਜਾਂ ਛੰਦਾਂ ਵਿਚ।
ਨਾ ਸਿਰਫ਼ ਮੈਂ ਗ਼ਜ਼ਲ ਹੀ ਨਹੀਂ ਲਿਖੀ, ਮੈਂ ਕੁੰਡਲੀਆਂ, ਦੋਹੜੇ, ਸਵੱਈਏ, ਦਵੱਈਏ, ਛਪੈ ਛੰਦ, ਕੋਰੜਾ, ਸੋਰਠਾ, ਚੌਪਈ, ਡਿਓਢ, ਕਬਿੱਤ ਬਹੁਤ ਕੁਝ ਨਹੀਂ ਲਿਖਿਆ। ਮੁਕੱਦਮਾ ਮੇਰੇ ਉਤੇ ਕੇਵਲ ਗ਼ਜ਼ਲ ਦਾ ਨਹੀਂ, ਇਨ੍ਹਾਂ ਸਭਨਾਂ ਦਾ ਬਹੁਤ ਵੱਡਾ ਬਣਦਾ ਹੈ।
ਉਂਜ ਮੇਰਾ ਮੱਤ ਹੈ, ਗ਼ਜ਼ਲ ਪੰਜਾਬੀ ਦੀ ਸਿਨਫ਼ ਨਹੀਂ, ਉਰਦੂ-ਫ਼ਾਰਸੀ-ਅਰਬੀ ਦੀ ਸਿਨਫ਼ ਹੈ। ਜਿਵੇਂ ਗੀਤ ਉਰਦੂ ਦੀ ਸਿਨਫ਼ ਨਹੀਂ। ਜੇ ਕੋਈ ਉਰਦੂ ਵਿਚ ਗੀਤ ਲਿਖਣ ਲਗਦਾ ਹੈ ਤਾਂ ਉਸ ਵਿਚ ਹਿੰਦੀ ਡਿਕਸ਼ਨ ਆਪਣੇ ਆਪ ਆ ਜਾਂਦੀ ਹੈ। ਪੀਆ, ਰੈਣ, ਪੀਤ, ਪੀਤਮ, ਨੈਨ, ਬਾਲਮ, ਸਾਜਨ, ਬੀਤ ਗਏ, ਆਦਿ।
ਪੰਜਾਬੀ ਵਿਚ ਕੋਈ ਹੀ ਠੀਕ ਗ਼ਜ਼ਲ ਲਿਖਦਾ ਹੈ। ਨਹੀਂ ਤਾਂ ਗ਼ਜ਼ਲ ਦੇ ਨਾਂਅ ਨਾਲ ਬੜੀ ਹੀ ਘਟੀਆ ਦਰਜੇ ਦੀ ਕਵਿਤਾ ਲਿਖੀ ਜਾ ਰਹੀ ਹੈ।
ਫ਼ਰੀਦ, ਸ਼ਾਹ ਹੁਸੈਨ, ਬੁਲ੍ਹੇ ਸ਼ਾਹ, ਵਾਰਿਸਸ਼ਾਹ ਇਨ੍ਹਾਂ ਵੀ ਗ਼ਜ਼ਲ ਨਹੀਂ ਲਿਖੀ। ਹਾਲਾਂਕਿ ਉਹ ਫ਼ਾਰਸੀ-ਅਰਬੀ ਦੇ ਸਾਰੇ ਹੀ ਆਲਿਮ ਫ਼ਾਜ਼ਿਲ ਸਨ।
ਸੁਣਿਆ ਹੈ, ਫ਼ਰੀਦ ਜੀ ਨੇ ਕਿਤੇ ਕੋਈ ਗ਼ਜ਼ਲ ਲਿਖੀ ਹੈ, ਪਰ ਉਹ ਫ਼ਾਰਸੀ ਵਿਚ ਹੈ, ਪੰਜਾਬੀ ਵਿਚ ਨਹੀਂ ਲਿਖੀ।
ਹੁਣ : ਕਿਸੇ ਸਾਹਿਤਕ ਰਚਨਾ ਨੇ ਕੋਈ ਇਨਕਲਾਬ ਤਾਂ ਲਿਆਂਦਾ ਨਹੀਂ। ਕੀ ਤੁਸੀਂ ਨਹੀਂ ਮਹਿਸੂਸ ਕਰਦੇ ਕਿ ਲੇਖਕ ਸਿਰਫ਼ ਏਸ ਲਈ ਲਿਖਦਾ ਹੈ ਕਿ ਉਹ ਲਿਖਣ ਬਿਨਾਂ ਰਹਿ ਨਹੀਂ ਸਕਦਾ?
ਧੀਰ : ਸਾਹਿਤਕ ਰਚਨਾਵਾਂ ਇਨਕਲਾਬ ਲਿਆਉਣ, ਨਾ ਲਿਆਉਣ, ਉਹ ਇਨਕਲਾਬੀਆਂ ਨੂੰ ਸੂਝ-ਬੂਝ ਨਾਲ, ਸਪਿਰਟ ਨਾਲ, ਅਗਾਂਹਵਧੂ ਵਿਚਾਰਾਂ ਨਾਲ ਲੈਸ ਜ਼ਰੂਰ ਕਰਦੀਆਂ ਹਨ, ਜੇ ਉਹ ਅਜਿਹੇ ਗੁਣ ਰੱਖਦੀਆਂ ਰਚਨਾਵਾਂ ਹਨ। ਇਤਿਹਾਸ ਵਿਚ ਕਿਤੇ-ਕਿਤੇ ਸਾਹਿਤਕ ਰਚਨਾਵਾਂ ਨੇ ਇਨਕਲਾਬ ਲਿਆਂਦੇ ਵੀ। ਜਿਵੇਂ ਫ਼ਰਾਂਸ ਵਿਚ ਰੂਸੋ ਤੇ ਵਾਲਟੇਅਰ ਆਦਿ ਦੀਆਂ ਰਚਨਾਵਾਂ ਨੇ।
ਸਾਹਿਤ ਦਾ ਕੰਮ ਧੀਮਾ ਹੈ। ਕਦੇ-ਕਦੇ ਇਹ ਅਚਨਚੇਤੀ ਕ੍ਰਿਸ਼ਮੇ ਵੀ ਕਰ ਦਿੰਦਾ ਹੈ।
ਇਕ ਕੰਮ ਤਲਵਾਰ ਦਾ ਹੈ, ਇਕ ਕਲਮ ਦਾ। ਕਲਮ ਦਾ ਕੰਮ ਤਲਵਾਰ ਨਾਲੋਂ ਘੱਟ ਮਹੱਤਵਪੂਰਨ ਨਹੀਂ।
ਲੇਖਕ ਨੂੰ ਲਿਖਣਾ ਹੀ ਉਦੋਂ ਚਾਹੀਦਾ ਹੈ ਜਦੋਂ ਉਹ ਲਿਖੇ ਬਿਨਾਂ ਰਹਿ ਨਾ ਸਕੇ। ਲਿਖਣ ਲਈ ਹੀ ਲਿਖਣਾ, ਲਿਖਣਾ ਨਹੀਂ।
ਹੁਣ : ਕਿਸੇ ਸੰਸਥਾ ਜਾਂ ਪਾਰਟੀ ਵਿਚਾਰਧਾਰਾ ਤੋਂ ਹਟਕੇ ਜਾਂ ਉੱਪਰ ਉੱਠ ਕੇ ਹੀ ਕੋਈ ਚੋਟੀ ਦੀ ਸਾਹਿਤਕ ਰਚਨਾ ਹੋ ਸਕਦੀ ਹੈ। ਕੀ ਤੁਸੀਂ ਸਹਿਮਤ ਹੋ?
ਧੀਰ : ਨਹੀਂ। ਚੋਟੀ ਦੀ ਸਾਹਿਤਕ ਰਚਨਾ ਦਾ ਸਬੰਧ ਲੇਖਕ ਦੇ ਪ੍ਰਤਿਭਾਸ਼ਾਲੀ ਹੋਣ ਨਾਲ ਹੈ। ਇਕ ਪ੍ਰਤਿਭਾਸ਼ਾਲੀ ਲੇਖਕ ਹਰ ਹਾਲਤ ਵਿਚ ਹੀ ਚੋਟੀ ਦੀ ਰਚਨਾ ਰਚ ਸਕਦਾ ਹੈ।
ਹੁਣ : ਤੁਹਾਡੀਆਂ ਕਈ ਕਹਾਣੀਆਂ ਪੜ੍ਹਕੇ ਲਗਦਾ ਹੈ ਕਿ ਤੁਸੀਂ ਆਪ ਬੀਤੀ ਨੂੰ ਇੰਨ ਬਿੰਨ ਲਿਖ ਦਿੰਦੇ ਹੋ। ਵਿਚ ਕੋਈ ਕਾਰੀਗਰੀ ਨਹੀਂ ਪਾਉਂਦੇ ਤਾਂ ਜੋ ਕਹਾਣੀ ਦਾ ਤਰਕ ਬਣ ਸਕੇ।
ਧੀਰ : ਕਾਰੀਗਰੀ ਦਾ ਕੋਈ ਪੈਮਾਨਾ ਨਹੀਂ, ਨਹੀਂ ਤਾਂ ਆਪਾਂ ਮਿਣਤੀ ਕਰ ਲੈਂਦੇ।
ਕਹਾਣੀਆਂ ਦੇ ਨਾਂਅ ਦੱਸ ਦਿੰਦੇ ਤਾਂ ਚੰਗਾ ਸੀ। ਮੈਂ ਮਾੜਾ-ਮੋਟਾ ਦੱਸ ਸਕਦਾ, ਕੋਈ ਪੈਮਾਨਾ ਨਾ ਹੋਣ ਦੇ ਬਾਵਜੂਦ, ਘੜੀ ਤੋਂ ਬਿਨਾਂ ਸਮੇਂ ਦਾ ਅੰਦਾਜ਼ਾ ਲਾ ਲੈਣ ਵਾਂਗ, ਕਿ ਇਸ ਵਿਚ ਏਨੀ ਕੁ ਕਾਰੀਗਰੀ ਤਾਂ ਜ਼ਰੂਰ ਪਈ ਹੋਈ ਹੈ ਤੇ ਏਨਾ ਕੁ ਤਰਕ ਬਣ ਰਿਹਾ ਹੈ। ਉਂਜ ਸਾਂਝੀ ਕੰਧ, ਲੁਟੇਰੇ, ਮਲੰਗ ਅਤੇ ਅਨੇਕਾਂ ਹੋਰ ਕਹਾਣੀਆਂ ਮੇਰੀਆਂ ਆਪ ਬੀਤੀਆਂ ਹਨ ਤੇ ਮੇਰੀਆਂ ਸ੍ਰੇਸ਼ਟ ਕਹਾਣੀਆਂ ਹਨ। ਸਭ ਇਨ੍ਹਾਂ ਨੂੰ ਉੱਚ ਕੋਟੀ ਦੀਆਂ ਕਹਾਣੀਆਂ ਮੰਨ ਰਹੇ ਹਨ।
ਹੁਣ : ਡਾਇਰੀ ਲਿਖਣ ਤੇ ਛਪਣ ਵਿਚਾਲੇ ਵਕਫ਼ਾ ਲੋੜੀਂਦਾ ਹੈ। ਪਰ ਤੁਸੀਂ ਤਾਂ ਅਗਲੇ ਦਿਨ ਹੀ ਛਪਵਾ ਦਿੰਦੇ ਹੋ ਤੇ ਫੇਰ ਇਹਨੂੰ ਸਾਹਿਤ ਦੇ ਘੇਰੇ ਵਿਚ ਗਿਣਦੇ ਹੋ। ਕੀ ਇਹ ਗ਼ਲਤ ਨਹੀਂ?
ਧੀਰ : ਮੇਰੀ ਡਾਇਰੀ ਆਮ ਡਾਇਰੀਆਂ ਵਾਂਗ ਨਿਰੀ ਨਿੱਜੀ ਨਹੀਂ ਹੁੰਦੀ, ਰਾਜਨੀਤਕ-ਸਮਾਜਕ ਵਿਸ਼ਿਆਂ ਬਾਰੇ ਬਹੁਤੀ ਹੁੰਦੀ ਹੈ ਜਿਸ ਕਾਰਨ ਇਹ ਨਾਲੋ-ਨਾਲ ਛਪਣ ਲਈ ਭੇਜ ਦਿੰਦਾ ਹਾਂ। ਮੇਰੀ ਡਾਇਰੀ ਵਿਚ ਟਿੱਪਣੀ ਦਾ ਮਹੱਤਵ ਵਧੇਰੇ ਹੁੰਦਾ ਹੈ।
ਡਾਇਰੀ ਨੂੰ ਸਾਹਿਤ ਦੇ ਘੇਰੇ ਵਿਚ ਮੈਂ ਹੀ ਨਹੀਂ ਲੈ ਕੇ ਆਉਂਦਾ, ਸਾਹਿਤ ਦਾ ਇਤਿਹਾਸ ਵੀ ਲੈ ਕੇ ਆਉਂਦਾ ਹੈ। ਡਾਇਰੀ ਵੀ ਸਾਹਿਤ ਦੀ ਇਕ ਵਿਧਾ ਮੰਨੀ ਗਈ ਹੈ। ਡਾਇਰੀ ਵੀ ਤੇ ਚਿੱਠੀਆਂ ਵੀ।
ਹੁਣ : ਅੰਗਰੇਜ਼ੀ ਲੇਖਕ ਚਾਰਲਸ ਡਿਕਨਜ਼ ਲਿਖਣ ਵੇਲੇ ਆਪਣੇ ਮੇਜ਼ ਤੇ ਇਕ ਨਿੱਕੇ ਜਿਹੇ ਬਾਂਦਰ ਦਾ ਬੁੱਤ ਰਖ ਲੈਂਦਾ ਸੀ ਜਿਸ ਨਾਲ ਉਹਦਾ ਮਨ ਟਿਕਦਾ ਸੀ। ਕੀ ਤੁਹਾਨੂੰ ਵੀ ਕਿਸੇ ਵਸਤੂ ਤੋਂ ਸਹਾਇਤਾ ਮਿਲਦੀ ਹੈ?
ਧੀਰ : ਨਹੀਂ, ਮੈਨੂੰ ਅਜਿਹੀ ਕੋਈ ਆਦਤ ਨਹੀਂ। ਮੇਰੀ ਸਹਾਇਤਾ ਮੇਰੀ ਅੰਦਰ ਦੀ ਪ੍ਰੇਰਨਾ ਹੀ ਕਰਦੀ ਹੈ। ਹਾਂ, ਮੇਰਾ ਮੇਜ਼ ਨਾਲ ਇਕ ਹੋਰ ਤਰ੍ਹਾਂ ਦਾ ਸਬੰਧ ਜ਼ਰੂਰ ਹੈ। ਜਦੋਂ ਕੁਝ ਫੁਰਿਆ ਹੁੰਦਾ ਹੈ, ਪ੍ਰੇਰਨਾ ਜਾਗੀ ਹੁੰਦੀ ਹੈ, ਉਦੋਂ ਮੇਜ਼ ਆਪਣੇ ਕੋਲ ਮੈਨੂੰ ਆਪ ਬੁਲਾਉਂਦੀ ਹੈ। ਜਦੋਂ ਕੁਝ ਨਹੀਂ ਔੜਦਾ, ਉਂਜ ਮੈਂ ਮੇਜ਼ ਉਤੇ ਲਿਖਣ ਲਈ ਬੈਠਾ ਹੁੰਦਾ ਹਾਂ, ਤਾਂ ਮੇਜ਼ ਮੈਨੂੰ ਆਪ ਤੋਂ ਦੂਰ ਧੱਕਣ ਲੱਗ ਜਾਂਦੀ ਹੈ। ਪ੍ਰੇਰਨਾ ਸਮੇਂ ਮੇਜ਼ ਮੈਨੂੰ ਚਾਨਣ ਵਾਂਗ, ਮਹਿਕ ਵਾਂਗ, ਸੂਖਮ ਜਿਹੀ ਜਾਪਦੀ ਹੈ। ਪਰ ਜਦੋਂ ਪ੍ਰੇਰਨਾ ਨਹੀਂ ਹੁੰਦੀ, ਉਹੀਓ ਮੇਜ਼ ਸਥੂਲ ਜਿਹੀ ਨਿਰੀ ਲੱਕੜ ਦਿਸਦੀ ਹੈ ਜਿਸ ਵਿਚ ਕੋਈ ਖਿੱਚ ਨਹੀਂ ਹੁੰਦੀ।
ਜਦੋਂ ਕੁਝ ਨਾ ਲਿਖਾਂ, ਭਾਵ ਮੇਜ਼ ਤੋਂ ਕਾਫ਼ੀ ਸਮੇਂ ਤੋਂ ਦੂਰ-ਦੂਰ ਹੀ ਹੋਇਆ ਰਹਾਂ, ਮੇਰੇ ਵਿਚ ਛੁਟਿੱਤਣਦਾ ਇਹਸਾਸ ਪੈਦਾ ਹੋ ਜਾਂਦਾ ਹੈ।
ਹੁਣ : ‘ਯਾਦਗਾਰ’ ਤੇ ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਵਰਗੀਆਂ ਮਹਾਨ ਰਚਨਾਵਾਂ ਤੁਹਾਡੇ ਕੋਲੋਂ ਕੋਈ ਪਿਆਰੀ ਰੂਹ ਲਿਖਵਾ ਗਈ। ਉਸ ਨੂੰ ਕਿਵੇਂ ਯਾਦ ਕਰਦੇ ਹੋ?
ਧੀਰ : ਇਸ਼ਟ ਵਾਂਗ। ਚੰਨ-ਚਾਨਣੀ ਜਿਹੀ ਪਵਿੱਤਰਤਾ ਵਾਂਗ। ਉਸ ਪਵਿੱਤਰਤਾ ਵਾਂਗ ਜਿਹੜੀ ”ਹਮ ਮੈਲੇ ਤੁਮ ਉਜਲ ਕਰਤੇ’’ ਵਰਗੀ ਮੈਲ ਕੱਟਣ ਵਾਲੀ ਹੈ।
ਬਾਰਿਸ਼ ਦੀ ਸੁੱਚੀ ਕਣੀ ਵਾਂਗ। ਸੂਰਜ ਦੀ ਪਹਿਲੀ ਕਿਰਨ ਵਾਂਗ। ਗੁਲਾਬ ਦੀ ਬਗੀਚੀ ਤੇ ਚੰਦਨ ਦੀ ਵਾੜੀ ਵਿਚ ਵਗ ਰਹੀ ਪੌਣ ਵਾਂਗ। ਕਿਵੇਂ-ਕਿਵੇਂ ਦੱਸਾਂ? ਸ਼ਬਦ ਸਾਥ ਨਹੀਂ ਦਿੰਦੇ ਪਏ। ਮੇਰਾ ਕਵੀ ਵੀ ਬੇਵਸ ਹੈ।
ਹੁਣ : ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਦਾ ਲਿਖਣ ਵੇਲਾ ਕਿਹੋ ਜਿਹਾ ਸੀ?
ਧੀਰ : ਇਹ ਕਵਿਤਾ ਮੈਂ 29 ਅਗਸਤ 1956 ਨੂੰ ਲਿਖੀ ਸੀ, ਰਾਤ ਦੇ ਨੌਂ ਜਾਂ ਦਸ ਵਜੇ, ਆਪਣੇ ਪਿੰਡ ਡਡਹੇੜੀ, ਕਿਸੇ ਕਿਰਾਏ ਦੇ ਘਰ ਦੇ ਚੁਬਾਰੇ ਵਿਚ (ਸਾਡਾ ਆਪਣਾ ਘਰ 1955 ਦੀ ਦੀ ਬਾਰਿਸ਼ਾਂ ਵਿਚ ਢਹਿ ਗਿਆ ਸੀ ਤੇ ਅਜ ਕਲ੍ਹ ਨਵਾਂ ਬਣ ਰਿਹਾ ਸੀ, ਇਸ ਲਈ ਸਾਨੂੰ ਕਿਸੇ ਹੋਰ ਘਰ ਵਿਚ ਰਹਿਣਾ ਪੈ ਰਿਹਾ ਸੀ) ਛੋਟੇ ਜਿਹੇ ਮੇਜ਼-ਕੁਰਸੀ ਉਤੇ ਬੈਠ ਕੇ ਮਿੱਟੀ ਦੇ ਤੇਲ ਦੇ ਲੈਂਪ ਦੇ ਚਾਨਣ ਵਿਚ।
ਭਾਦੋਂ ਦਾ ਮਹੀਨਾ ਮੈਨੂੰ ਬਹੁਤ ਭੈੜਾ ਲਗਦਾ ਹੈ। ਇਹ ਭਾਦੋਂ ਦਾ ਅੱਧ ਸੀ। ਪੂਰਬ ਵੱਲ ਦੀ ਬਾਰੀ ਵਿਚੋਂ ਹਲਕੀ-ਹਲਕੀ ਪੁਰੇ ਦੀ ਹਵਾ ਅੰਦਰ ਆ ਰਹੀ ਸੀ ਤੇ ਮੇਰੇ ਲੈਂਪ ਦੀ ਬੱਤੀ ਇਸ ਹਵਾ ਨਾਲ ਹਿੱਲ ਰਹੀ ਸੀ। ਨਿੱਕੀ ਸਲੇਟੀ ਸੜਕ ਦਾ ਟੋਟਾ ਮੇਰੇ ਪਿੰਡੋਂ ਪੂਰਬ ਵੱਲ ਦੇ ਪਾਸੇ ਸੀ ਤੇ ਉਦੋਂ ਇਹ ਹਵਾ ਉਸ ਪਾਸਿਓਂ ਹੀ ਆ ਰਹੀ ਸੀ। ਅਜਿਹੇ ਮਿੱਠੇ ਆਲਮ ਵਿਚ ਮੈਂ ਇਹ ਕਵਿਤਾ ਲਿਖ ਰਿਹਾ ਸਾਂ।
ਪੰਜਾਬ ਵਿਚ ਭਾਦੋਂ ਵਿਚ ਹੁੰਮਸ ਬਹੁਤ ਹੁੰਦਾ ਹੈ ਜੋ ਬਹੁਤ ਤੰਗ ਕਰਦਾ ਹੈ। ਪਿੰਡਾ ਚਿਪਚਿਪ ਕਰਦਾ ਹੈ। ਰਾਤ ਨੂੰ ਲੈਂਪਾਂ-ਦੀਵਿਆਂ ਕੋਲ ਭਮੱਕੜ ਬਹੁਤ ਆਉਂਦੇ ਹਨ। ਮੈਂ ਸਿਰਫ਼ ਇਕ ਕੱਛੇ ਨਾਲ ਨੰਗੇ ਪਿੰਡੇ ਬੈਠਾ ਹੋਇਆ ਭਾਦੋਂ ਦੇ ਅਜਿਹੇ ਘੁਟਨ ਤੇ ਹੁੰਮਸ ਭਰੇ ਮੌਸਮ ਵਿਚ ਇਹ ਕਵਿਤਾ ਲਿਖ ਰਿਹਾ ਸਾਂ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਪ੍ਰੇਮ ਦੇ ਕਿਸੇ ਅਥਾਹ ਸਾਗਰ ਵਿਚ ਡੁੱਬਿਆ ਹੋਇਆ ਸਾਂ।
ਅੰਮ੍ਰਿਤ ਵੇਲੇ ਬਾਰੇ ਸਾਡੇ ਕਿਸੇ ਗੁਰੂ ਨੇ ਲਿਖਿਆ ਹੈ :
”ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰ’’ – ”ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤੈਂ ਦਰ ਸੁਣੀ ਪੁਕਾਰ।’’ ਵੇਲਾ ਤਾਂ ਉਹ ਭਾਦੋਂ ਦਾ ਸੀ ਜਿਵੇਂ ਮੈਂ ਉੱਪਰ ਦੱਸਿਆ ਹੈ, ਪਰ ਮੈਨੂੰ ਉਹ ਵੇਲਾ ਗੁਰੂਆਂ ਦੀ ਇਸ ਬਾਣੀ ਜਿਹਾ ਲੱਗ ਰਿਹਾ ਸੀ।
ਹੁਣ : ਤੁਹਾਡੇ ਲਿਖਤ ਦੀ ਜੰਮਣ ਪੀੜਾ ਤੋਂ ਪਹਿਲਾਂ ਤੇ ਪਿਛੋਂ ਦੇ ਪਲ ਕਿਵੇਂ ਦੇ ਹੁੰਦੇ ਹਨ?
ਧੀਰ : ਪਹਿਲਾਂ ਦੇ ਪਲਾਂ ਵਿਚ ਬੇਚੈਨੀ ਜਿਹੀ ਹੁੰਦੀ ਹੈ, ਅਚੱਭੀ ਜਿਹੀ, ਕਾਹਲ ਜਿਹੀ। ਮਗਰੋਂ ਦੇ ਪਲਾਂ ਵਿਚ ਹਲਕੇਪਨ ਦਾ, ਸੁਖ ਦਾ ਤੇ ਰਾਹਤ ਜਿਹੀ ਤੇ ਸ਼ਾਂਤੀ ਜਿਹੀ ਮਿਲ ਜਾਣ ਦਾ ਇਹਸਾਸ ਹੁੰਦਾ ਹੈ। ਪਹਿਲਾਂ ਨਾਲੋਂ ਆਪਣਾ ਆਪ ਕੁਝ ਉੱਸਰਿਆ ਵੀ ਲਗਦਾ ਹੈ।
ਹੁਣ : ਮੋਹਨ ਸਿੰਘ ਗੁਣਗੁਣਾ ਕੇ ਲਿਖਦਾ ਸੀ। ਤੁਹਾਡੇ ਤੇ ਕਿਹੋ ਜਿਹੀ ਕੈਫ਼ੀਅਤ ਤਾਰੀ ਹੁੰਦੀ ਹੈ?
ਧੀਰ : ਕਵਿਤਾ ਰਚਣ ਵੇਲੇ ਕਵੀ ਗੁਣਗੁਣਾ ਸਕਦਾ ਹੈ। ਪਰ ਵਾਰਤਕ ਲਿਖਣ ਵੇਲੇ ਇਸ ਗੁਣਗੁਣਾਹਟ ਦੀ ਲੋੜ ਨਹੀਂ ਰਹਿੰਦੀ। ਗਲਪ ਵਿਚ ਜਾਂ ਵਾਰਤਕ ਵਿਚ ਕਿਸੇ ਚੰਗੇ ਫ਼ਿਕਰੇ ਉਤੇ ਮਨ ਖ਼ੁਸ਼ ਹੋ ਸਕਦਾ ਹੈ। ਆਨੰਦ ਵਿਭੋਰ ਵੀ।
ਹੁਣ : ਕੋਈ ਚੰਗੀ, ਚੋਟੀ ਦੀ ਲਿਖਤ ਕਿਹੋ ਜਿਹੀ ਹੁੰਦੀ ਹੈ? ਇਸ ਬਾਰੇ ਤੁਹਾਡੇ ਕੀ ਵਿਚਾਰ ਹਨ?
ਧੀਰ : ਜਿਸ ਵਿਚ ਮਹਾਨ ਭਾਵ ਹੋਣ। ਅਰਥ ਵੱਡੇ ਹੋਣ। ਪੇਸ਼ਕਾਰੀ ਦਿਲਕਸ਼ ਹੋਵੇ। ਪਾਠਕ ਨੂੰ ਲਿਖਤ ਪੜ੍ਹਕੇ ਆਪਣੇ ਆਪ ਵਿਚ ਕੁਝ ਚੰਗਾ-ਚੰਗਾ ਮਹਿਸੂਸ ਹੋਵੇ। ਸੇਧ ਮਿਲੇ। ਦ੍ਰਿਸ਼ਟੀ ਮਿਲੇ। ਮਨ ਆਨੰਦ ਵਿਭੋਰ ਹੋ ਜਾਵੇ। ਸਤਿਅਮ, ਸ਼ਿਵਮ, ਸੁੰਦਰਮ ਦੀ ਕਸੌਟੀ ਉਤੇ ਪੂਰੀ ਉਤਰੇ। ਹੌਸਲਾ ਮਿਲੇ। ਸ਼ਕਤੀ ਮਿਲੇ। ਅੱਖਾਂ ਵਿਚ ਚਾਨਣ ਆਵੇ। ਚਿੜੀਆਂ ਬਾਜ਼ਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤੱਕ ਸਕਣ।
ਨਿੱਜ ਤੇ ਪਰਿਵਾਰ
ਹੁਣ : ਕਦੇ ਅਸੀਂ ਆਖਦੇ ਸਾਂ ਸਾਡਾ ਤਾਨਸੈਨ, ਸਾਡਾ ਬੈਜੂਬਾਵਰਾ, ਅੱਜ ਅਸੀਂ ਡਿਸਕੋ ਤੇ ਕੱਛਾਂ ਮਾਰ ਰਹੇ ਹਾਂ। ਕੀ ਡਿਸਕੋ ਤੇ ਕੱਛਾਂ ਮਾਰਨਾ ਯਨੀ ਨੱਚਣਾ ਮਾੜਾ ਹੈ? ਲਗਦਾ ਨਹੀਂ ਕਿ ਤੁਸੀਂ ਸਮੇਂ ਤੋਂ ਪਿੱਛੇ ਰਹਿ ਗਏ ਹੋ?
ਧੀਰ : ਇਹ ਤੁਕਾਂ ਮੇਰੀ ਕਿਸੇ ਕਵਿਤਾ ਦੀਆਂ ਹਨ। ਇਸ ਵੇਲੇ ਯਾਦ ਨਹੀਂ, ਉਥੇ ਕੀ ਪ੍ਰਸੰਗ ਹੈ।
ਡਿਸਕੋ ਉਤੇ ਕੱਛਾਂ ਮਾਰਨੀਆਂ ਯਨੀ ਨੱਚਣਾ ਮਾੜਾ ਨਹੀਂ, ਪਰ ਆਪਣੇ ਤਾਨਸੈਨਾਂ ਅਤੇ ਬੈਜੂਬਾਵਰਿਆਂ ਨੂੰ ਛੱਡ ਕੇ ਡਿਸਕੋ ਉਤੇ ਕੱਛਾਂ ਮਾਰਨਾ ਸੌ-ਫ਼ੀ-ਸਦੀ ਮਾੜਾ ਹੈ। ਆਪਣਾ ਆਪ ਭੁਲਾ ਕੇ ਬਿਗਾਨੇ ਸਭਿਆਚਾਰਾਂ ਦੀਆਂ ਨਕਲਾਂ ਕਦੇ ਵੀ ਚੰਗੀਆਂ ਨਹੀਂ ਹਨ।
ਤਾਨਸੈਨ ਤੇ ਬੈਜੂਬਾਵਰਾ ਸਾਡੇ ਸਭਿਆਚਾਰ ਦੇ, ਸੰਗੀਤ ਦੇ, ਤੇ ਰਾਗਾਂ ਦੇ ਸੌਂਦਰਯ ਦੇ ਪ੍ਰਤੀਕ ਹਨ। ਜੇ ਮੇਰੀ ਇਸ ਸੋਚ ਨੂੰ ਤੁਸੀਂ ਸਮੇਂ ਤੋਂ ਪਿੱਛੇ ਰਹਿ ਗਿਆ ਸਮਝਦੇ ਹੋ ਤਾਂ ਜ਼ਰੂਰ ਮੈਂ ਸਮੇਂ ਤੋਂ ਪਿੱਛੇ ਹੀ ਹਾਂ।
ਪੰਜਾਬੀ ਨੂੰ ਵਿਸਾਰ ਕੇ ਅੰਗਰੇਜ਼ੀ ਪੜ੍ਹਨ ਦਾ ਮਸ਼ਵਰਾ ਮੈਂ ਕਿਸੇ ਪੰਜਾਬੀ ਨੂੰ ਦੇਣਾ ਨਹੀਂ ਚਾਹਾਂਗਾ। ਨਾ ਹੀ ਕਿਸੇ ਭਾਰਤੀ ਨੂੰ ਆਪਣੀ ਮਾਤ ਭਾਸ਼ਾ ਵਿਸਾਰਕੇ।
ਗਾਂਧੀ ਜੀ ਦਾ ਕਥਨ ਹੈ : ”ਮੈਂ ਆਪਣੇ ਘਰ ਦੇ ਚੁਫੇਰੇ ਕੰਧਾਂ ਨਹੀਂ ਉਸਾਰਨਾ ਚਾਹੁੰਦਾ ਅਤੇ ਨਾ ਹੀ ਮੈਂ ਆਪਣੀਆਂ ਖਿੜਕੀਆਂ ਬੰਦ ਰੱਖਣੀਆਂ ਚਾਹੁੰਦਾ ਹਾਂ। ਮੈਂ ਆਪਣੇ ਘਰ ਵਿਚ ਸਭ ਦੇਸ਼ਾਂ ਦੀ ਸੰਸਕ੍ਰਿਤੀ ਦੀਆਂ ਪੌਣਾਂ ਦਾ ਪੂਰੀ ਸੁਤੰਤਰਤਾ ਨਾਲ ਰੁਮਕਣਾ ਪਸੰਦ ਕਰਦਾ ਹਾਂ। ਪ੍ਰੰਤੂ ਮੈਂ ਨਹੀਂ ਚਾਹੁੰਦਾ ਕਿ ਕੋਈ ਮੈਨੂੰ ਮੇਰੀਆਂ ਜੜ੍ਹਾਂ ਤੋਂ ਉਖਾੜ ਦੇਵੇ। ਮੈਂ ਦੂਜੇ ਲੋਕਾਂ ਦੇ ਘਰਾਂ ਵਿਚ ਵਸਣਾ ਪਸੰਦ ਨਹੀਂ ਕਰਦਾ-ਭਿਖਾਰੀ ਜਾਂ ਗ਼ੁਲਾਮ ਵਾਂਗ।’’
ਹੁਣ : ਤੁਸੀਂ ਝਾੜੀਆਂ ਦੇ ਫੁੱਲ ਵਿਚ ਮਾਰਕਸ ਤੇ ਲੈਨਿਨ ਦੀ ਗੱਲ ਤਾਂ ਕਈ ਵਾਰ ਕੀਤੀ ਹੈ ਪਰ ਸਟਾਲਿਨ ਤੇ ਮਾਉ ਬਾਰੇ ਇਕ ਸ਼ਬਦ ਵੀ ਨਹੀਂ ਲਿਖਿਆ। ਕੀ ਗੱਲ?
ਧੀਰ : ਨਹੀਂ ਬਣਿਆ ਹੋਣਾ ਕੋਈ ਪ੍ਰਸੰਗ ਉਹਨਾਂ ਬਾਰੇ ਕੁਝ ਕਹਿਣ ਦਾ। ਸੰਸਾਰ ਵਿਚ ਜੋ ਮੁਰਾਤਬਾ ਮਾਰਕਸ ਅਤੇ ਲੈਨਿਨ ਦਾ ਹੈ, ਉਹ ਉਨ੍ਹਾਂ ਦਾ ਨਹੀਂ। ਇਹ ਉਹਨਾਂ ਅੱਗੇ ਬਹੁਤ ਛੋੋਟੇ ਤੇ ਸ਼ਿਸ਼ਾਂ ਦੇ ਸਮਾਨ ਹਨ।
ਮਾਰਕਸ ਯੁਗ ਪੁਰਸ਼ ਹੈ। ਲੈਨਿਨ ਪਹਿਲੇ ਸਮਾਜਵਾਦੀ ਇਨਕਲਾਬ ਦਾ ਜਨਮਦਾਤਾ।
ਹੁਣ : ਤੁਹਾਡਾ ਕੇਂਦਰੀ ਸਭਾ ਦੀ ਪ੍ਰਧਾਨਗੀ ਦਾ ਤਜਰਬਾ ਮਾੜਾ ਰਿਹਾ। ਏਨੀ ਸ਼ਕਤੀਸ਼ਾਲੀ ਜਥੇਬੰਦੀ ਨੂੰ ਤੁਸੀਂ ਕੋਈ ਨਵੀਂ ਸੇਧ ਕਿਉਂ ਨਾ ਦੇ ਸਕੇ?
ਧੀਰ : ਮੇਰਾ ਕੇਂਦਰੀ ਸਭਾ ਦੀ ਪ੍ਰਧਾਨਗੀ ਦਾ ਤਜਰਬਾ ਮਾੜਾ ਕਿਵੇਂ ਰਿਹਾ? ਤੁਸੀਂ ਇਹ ਗੱਲ ਕਿਸ ਆਧਾਰ ਤੇ ਕਹਿ ਰਹੇ ਹੋ? ਕੇਂਦਰੀ ਸਭਾ ਦੀ ਕਾਨਫ਼ਰੰਸ ਨੂੰ ਹੋਇਆਂ ਪੰਜ ਵਰ੍ਹੇ ਹੋ ਗਏ ਸਨ। ਮੈਂ ਚੰਡੀਗੜ੍ਹ ਵਿਚ ਬੜੀ ਸ਼ਾਨਦਾਰ ਕਾਨਫ਼ਰੰਸ ਕਰਵਾਈ। ਕੇਂਦਰੀ ਸਭਾ ਦੇ ਫ਼ੰਡ ਵਿਚ ਇਕ ਪੈਸਾ ਵੀ ਨਹੀਂ ਸੀ। ਮੈਂ ਜਦੋਂ ਚਾਰ ਵਰ੍ਹੇ ਮਗਰੋਂ ਚਾਰਜ ਛੱਡਿਆ, ਕਾਨਫ਼ਰੰਸ ਦੀ ਬੱਚਤ ਵਿਚੋਂ ਤਿੰਨ ਲੱਖ ਰੁਪਏ ਦੇ ਨੇੜੇ ਕੇਂਦਰੀ ਸਭਾ ਨੂੰ ਫ਼ੰਡ ਦਿੱਤਾ।
ਕੇਂਦਰੀ ਸਭਾ ਨੂੰ ਮੈਂ ”ਨਵੀਂ ਸੇਧ’’ ਕੀ ਦਿੰਦਾ? ਕੇਂਦਰੀ ਸਭਾ ਦੇ ਬਹੁਤੇ ਮੈਂਬਰ ਜਾਗ੍ਰਤ ਮਾਰਕਸਵਾਦੀ ਹਨ। ਮਾਰਕਸਵਾਦ ਦੇ ਧਾਰਨੀਆਂ ਨੂੰ ਹੋਰ ਨਵੀਂ ਸੇਧ ਕਿਹੜੀ ਦੇਣ ਦੀ ਲੋੜ ਸੀ? ਕੀ ਇਸ ਤੋਂ ਚੰਗਾ ਫ਼ਲਸਫ਼ਾ ਦੁਨੀਆਂ ਵਿਚ ਕੋਈ ਹੋਰ ਹੈ?
ਜੇ ਸੇਧ ਤੋਂ ਮਤਲਬ ਕੋਈ ਜਥੇਬੰਦਕ ਕਾਰਜ ਹੈ ਤਾਂ ਤੁਸੀਂ ਆਪ ਹੀ ਇਸ ਸਭਾ ਨੂੰ ਸ਼ਕਤੀਸ਼ਾਲੀ ਕਹਿ ਰਹੇ ਹੋ। ਕੀ ਕਸਰ ਰਹਿ ਜਾਂਦੀ ਹੈ ਫੇਰ।
ਤੁਸੀਂ ਮੈਨੂੰ ਅਸਫਲ ਪ੍ਰਧਾਨ ਸਾਬਿਤ ਕਰਨਾ ਚਾਹਿਆ ਹੈ। ਮੈਂ ਅਸਫਲ ਪ੍ਰਧਾਨ ਨਹੀਂ, ਬਹੁਤ ਸਫਲ ਪ੍ਰਧਾਨ ਸਾਂ।
ਹੁਣ : ਕੀ ਤੁਹਾਡੇ ਦੇਖਦਿਆਂ ਦੇਖਦਿਆਂ ਹੀ ਪੰਜਾਬੀ ਲੇਖਣੀ ਦਾ ਮਿਆਰ ਤੇ ਪੰਜਾਬੀ ਲੇਖਕਾਂ ਦਾ ਕਿਰਦਾਰ ਬੇਹੱਦ ਡਿਗ ਨਹੀਂ ਗਿਆ?
ਧੀਰ : ਮੇਰੇ ਲਈ ਸਾਰੇ ਹੀ ਪੰਜਾਬੀ ਲੇਖਕਾਂ ਬਾਰੇ ਇਹ ਗੱਲ ਆਖਣੀ ਮੁਸ਼ਕਿਲ ਹੈ। ਇਹ ਹੂੰਝਾ-ਫੇਰੂ ਬਿਆਨ ਹੈ।
ਨਾਸਤਿਕਤਾ ਦਾ ਵਿਖਾਵਾ
ਹੁਣ : ਸਾਬਤ ਸਬੂਤ ਕਰਤਾਰੀ ਸਿੱਖੀ ਨੁਹਾਰ ਦੇ ਹੁੰਦਿਆਂ ਤੁਸੀਂ ਕਿੰਨੇ ਕੁ ਨਾਸਤਿਕ ਹੋ। ਪੰਜਾਬੀ ਕਮਿਊਨਿਸਟਾਂ ਦੀਆਂ ਜਨਮ ਮਰਨ ਦੀਆਂ ਰੀਤਾਂ ਵੀ ਧਾਰਮਿਕ ਹਨ। ਫੇਰ ਨਾਸਤਿਕਤਾ ਦੇ ਵਿਖਾਵੇ ਦੀ ਕੀ ਮਜਬੂਰੀ?
ਧੀਰ : ਮੈਂ ਉਨਾ ਹੀ ਨਾਸਤਿਕ ਹਾਂ ਜਿੰਨਾ ਕੋਈ ਰੱਬ ਨੂੰੂ ਨਾ ਮੰਨਣ ਵਾਲਾ ਨਾਸਤਿਕ ਹੋ ਸਕਦਾ ਹੈ। ਮੇਰਾ ਵਿਸ਼ਵਾਸ ਹੈ ਕਿ ਰੱਬ ਮਨੁੱਖ ਦੀ ਖ਼ਿਆਲੀ ਕਲਪਣਾ ਹੈ, ਇਸਦੀ ਕੋਈ ਹੋਂਦ ਨਹੀਂ। ਰੱਬ ਨੇ ਸਾਨੂੰ ਨਹੀਂ ਬਣਾਇਆ, ਰੱਬ ਨੂੰ ਅਸੀਂ ਬਣਾਇਆ ਹੈ, ਮਨੁੱਖਾਂ ਨੇ। ਰੱਬ ਦੀ ਉਮਰ ਕੁਝ ਹਜ਼ਾਰ ਵਰ੍ਹੇ ਹੀ ਹੈ ਜਦਕਿ ਮਨੁੱਖ ਦੀ ਉਮਰ ਲੱਖਾਂ ਵਰ੍ਹੇ ਤੱਕ ਜਾ ਰਹਿੰਦੀ ਹੈ।
ਵੇਦਾਂ ਵਿਚ ਕਿਤੇ ਰੱਬ ਜਾਂ ਈਸ਼ਵਰ ਦਾ ਨਾਂਅ ਨਹੀਂ। ਅੱਗ, ਪਾਣੀ, ਹਵਾ ਆਦਿ ਪਦਾਰਥਾਂ ਦਾ ਨਾਂਅ ਹੈ। ਵੇਦਾਂ ਦੇ ਰਿਸ਼ੀ-ਮੁੰਨੀ ਇਨ੍ਹਾਂ ਪਦਾਰਥਾਂ ਦਾ ਮਾਨਵੀਕਰਣ ਕਰਕੇ ਤੇ ਇਨ੍ਹਾਂ ਨੂੰ ਦੇਵਤੇ ਕਲਪ ਕੇ ਪਹਿਲਾਂ ਇਨ੍ਹਾਂ ਦੀ ਉਸਤਤ ਕਰਦੇ ਹਨ ਤੇ ਫੇਰ ਚੰਗੇ ਜੀਵਨ ਲਈ ਇਨ੍ਹਾਂ ਤੋਂ ਮੰਗਾਂ ਮੰਗਦੇ ਹਨ-ਗਊਆਂ ਦੇਹ, ਘੋੜੇ ਦੇਹ, ਚੰਗੇ-ਚੰਗੇ ਮਿੱਤਰ ਦੇਹ, ਸ਼ਤਰੂਆਂ ਦਾ ਨਾਸ਼ ਕਰ, ਆਦਿ।
ਭਾਰਤ ਦੇ ਨੌਂ ਦਰਸ਼ਨ ਹਨ। ਇਨ੍ਹਾਂ ਵਿਚੋਂ ਸਾਢੇ ਸੱਤ ਰੱਬ ਦੀ ਹੋਂਦ ਤੋਂ ਇਨਕਾਰੀ ਹਨ। ਸਿਰਫ਼ ਡੇਢ ਦਰਸ਼ਨ ਹੈ ਜੋ ਰੱਬ ਦੀ ਹੋਂਦ ਨੂੰ ਮੰਨਦਾ ਹੈ। ਪਰ ਅਸੀਂ ਹਾਂ ਕਿ ਸਾਢੇ ਸੱਤ ਦੀ ਗੱਲ ਸੁਣਦੇ ਹੀ ਨਹੀਂ ਹਾਂ। ਸਿਰਫ਼ ਡੇਢ ਦਰਸ਼ਨ ਦਾ ਹੀ ਲੜ ਫੜੀ ਬੈਠੇ ਹਾਂ।
ਜਨਮ-ਮਰਨ ਦੀਆਂ ਰਹੁ-ਰੀਤਾਂ ਇਕ ਸਮਾਜੀ ਅਮਲ ਹੈ। ਪੰਜਾਬੀ ਕਮਿਊਨਿਸਟ ਸਮਾਜ ਨੂੰ ਨਾਲ ਰੱਖਣ ਲਈ ਇਉਂ ਕਰਨ ਲਈ ਮਜਬੂਰ ਹਨ। ਕਈ ਵਾਰ ਨੇੜੇ ਦੇ ਰਿਸ਼ਤੇਦਾਰ ਹੀ ਰੁੱਸ ਬਹਿੰਦੇ ਹਨ। ਏਥੇ ਕੱਟੜਤਾ ਛੱਡ ਕੇ ਸਮਝੌਤਾ ਕੀਤਾ ਗਿਆ ਹੁੰਦਾ ਹੈ। ਪਰ ਕੋਈ-ਕੋਈ ਕਮਿਊਨਿਸਟ, ਜਿਸਦਾ ਆਲਾ ਦੁਆਲਾ ਉਸ ਨਾਲ ਸਹਿਮਤ ਹੋ ਗਿਆ ਹੁੰਦਾ ਹੈ, ਇਨ੍ਹਾਂ ਧਾਰਮਿਕ ਰਹੁ-ਰੀਤਾਂ ਨੂੰ ਪਾਸੇ ਵੀ ਰੱਖ ਦਿੰਦਾ ਹੈ। ਸੋਹਨ ਸਿੰਘ ਜੋਸ਼, ਅਵਤਾਰ ਸਿੰਘ ਮਲਹੋਤਰਾ ਇਸਦੀ ਇਕ ਮਿਸਾਲ ਹਨ। ਇਨ੍ਹਾਂ ਦੀ ਮ੍ਰਿਤੂ ਸਮੇਂ ਕੋਈ ਧਾਰਮਿਕ ਰਸਮ ਨਹੀਂ ਕੀਤੀ ਗਈ।
ਪਿੱਛੇ ਜਿਹੇ ਬਰਨਾਲਾ ਦੇ ਕਾਮਰੇਡ ਮੇਘ ਰਾਜ ਮਿੱਤਰ ਦੇ ਪਿਤਾ ਸਵਰਗਵਾਸ ਹੋ ਗਏ ਸਨ। ਉਹ ਪੁਰਾਣੇ ਕਮਿਊਨਿਸਟ ਸਨ। ਉਨ੍ਹਾਂ ਬਾਰੇ ਵੀ ਕੋਈ ਧਾਰਮਿਕ ਰਸਮ ਨਹੀਂ ਕੀਤੀ ਗਈ। ਸਗੋਂ ਇਉਂ ਨਾ ਕਰਨ ਦੀ ਉਹ ਵਸੀਅਤ ਕਰਕੇ ਗਏ ਸਨ।
ਸਾਬਤ ਸਬੂਤ ਕਰਤਾਰੀ ਸਿੱਖੀ ਨੁਹਾਰ, ਜਾਂ ਕੋਈ ਹੋਰ ਧਾਰਮਿਕ ਨੁਹਾਰ, ਸਾਡੀ ਆਪਣੀ ਚੋਣ ਨਹੀਂ ਹੁੰਦੀ। ਇਹ ਨੁਹਾਰ ਸਬੱਬ ਨਾਲ ਹੀ ਸਾਨੂੰ ਮਿਲੀ ਹੁੰਦੀ ਹੈ। ਇਹ ਸਬੱਬ ਦੀ ਗੱਲ ਹੈ ਕਿ ਮੇਰਾ ਜਨਮ ਕਿਸੇ ਸਿੱਖ ਪਰਵਾਰ ਵਿਚ ਹੋ ਗਿਆ ਹੈ। ਇਹ ਕਿਸੇ ਹਿੰਦੂ ਜਾਂ ਮੁਸਲਮਾਨ ਜਾਂ ਕਿਸੇ ਈਸਾਈ ਘਰ ਵਿਚ ਵੀ ਹੋ ਸਕਦਾ ਸੀ ਤੇ ਫੇਰ ਮੇਰੀ ”ਸਾਬਿਤ ਸਬੂਤ ਕਰਤਾਰੀ ਨੁਹਾਰ’’ ਉਨ੍ਹਾਂ ਧਰਮਾਂ ਵਾਲੀ ਹੋ ਜਾਣੀ ਸੀ। ਨਾਸਤਿਕ ਹੋਣ ਵਾਲੀ ਗੱਲ ਵਿਸ਼ਵਾਸ ਨਾਲ ਸਬੰਧਤ ਹੈ। ਇਹ ਮੇਰੀ ਆਪਣੀ ਚੋਣ ਹੈ।
ਸ਼ਹੀਦ ਭਗਤ ਸਿੰਘ ਨੇ ਆਪਣੇ ਨਾਸਤਿਕ ਹੋਣ ਬਾਰੇ ਗੱਜ-ਵੱਜ ਕੇ ਲਿਖਿਆ ਹੈ। ਉਹ ”ਸਾਬਿਤ ਸਬੂਤ ਕਰਤਾਰੀ ਸਿੱਖੀ ਨੁਹਾਰ’’ ਸਮੇਂ ਵੀ ਨਾਸਤਿਕ ਸੀ, ਮਗਰੋਂ ਵੀ।
ਵਿਖਾਵਾ ਭੇਖਾਂ ਦਾ ਹੁੰਦਾ ਹੈ। ਨਾਸਤਿਕਤਾ ਭੇਖ ਨਹੀਂ, ਵਿਸ਼ਵਾਸ ਹੈ। ਜੀਵਨ ਦ੍ਰਿਸ਼ਟੀ ਹੈ।
ਹੁਣ : ਤੁਹਾਡੀ ‘ਪੱਖੀ’ ਨੂੰ ਸਾਹਿਤ ਅਕਾਡਮੀ ਇਨਾਮ ਮਿਲਿਆ। ਕੀ ਇਹਦੇ ਲਈ ਕੋਈ ਨੱਠ-ਭੱਜ ਕਰਨੀ ਪਈ?
ਧੀਰ : ਜੇ ਮੈਂ ਇਸ (ਜਾਂ ਕਿਸੇ ਵੀ) ਇਨਾਮ ਲਈ ਨੱਠ-ਭੱਜ ਕਰਨ ਵਾਲਾ ਹੁੰਦਾ ਤਾਂ ਇਹ ਇਨਾਮ ਮੈਨੂੰ ਕਿਤੇ ਪਹਿਲਾਂ ਮਿਲਿਆ ਹੋਣਾ ਸੀ। ਮੈਥੋਂ ਪਹਿਲਾਂ ਮੈਥੋਂ ਕਈ ਬਹੁਤ ਜੂਨੀਅਰ ਲੇਖਕਾਂ ਨੂੰ ਇਹ ਇਨਾਮ ਦਿੱਤਾ ਗਿਆ। ਮੈਂ ਨਾਂਅ ਨਹੀਂ ਗਿਣਾਵਾਂਗਾ। ਸਾਹਿਤ ਅਕਾਦਮੀ ਤੋਂ ਲਿਸਟ ਮੰਗਵਾ ਕੇ ਦੇਖ ਲਵੋ।
ਹੁਣ : ਕਿਸੇ ਲਿਖਤ ਵਿਚ ਤੁਸੀਂ ਵਿਸ਼ਵੀਕਰਣ ਤੇ ਤਕੜੀ ਚੋਟ ਕੀਤੀ ਹੈ। ਅਸਲ ਵਿਚ ਤਾਂ ਇਹ ਪੂੰਜੀਵਾਦ ਦਾ ਇਤਿਹਾਸਕ ਪੜਾ ਹੈ ਜਿਸ ਨੂੰ ਰੋਕਣਾ ਅਸੰਭਵ ਹੈ। ਕੀ ਤੁਸੀਂ ਵੀ ਇਵੇਂ ਹੀ ਸਮਝਦੇ ਹੋ?
ਧੀਰ : ਬਾਬਰ ਦੀ ਅਗਵਾਈ ਵਿਚ ਮੁਗ਼ਲ ਸਾਮਰਾਜ ਹਿੰਦੋਸਤਾਨ ਵੱਲ ਆ ਰਿਹਾ ਸੀ ਜਿਸ ਨੇ ਕਈ ਸਦੀਆਂ ਤਕ ਏਥੇ ਰਾਜ ਕਰਨਾ ਸੀ ਤੇ ਜੋ, ਵਿਸ਼ਵੀਕਰਨ ਵਾਂਗ ਹੀ, ਇਕ ਇਤਿਹਾਸਕ ਪੜਾਅ ਸੀ ਤੇ ਜਿਸ ਨੂੰ ਵੀ ਉਦੋਂ ਕਿਸੇ ਵਲੋਂ ਰੋਕਣਾ ਅਸੰਭਵ ਸੀ। ਪਰ ਗੁਰੂ ਨਾਨਕ ਨੇ ਬਾਬਰ ਦੀ ਚੜ੍ਹਾਈ ਦੀ ਮੁਖ਼ਾਲਫ਼ਤ ਕੀਤੀ। ਇਸੇ ਤਰ੍ਹਾਂ ਮੇਰੀ ਵਿਸ਼ਵੀਕਰਣ ਉਤੇ ਚੋਟ ਹੈ। ਕੋਈ ਵੀ ਜਾਗ੍ਰਤ ਤੇ ਲੋਕ-ਪੱਖੀ ਕਲਮ ਇਹੋ ਜਿਹੇ ਵਰਤਾਰਿਆਂ ਸਮੇਂ ਪ੍ਰਤਿਕਰਮ ਕਰੇਗੀ ਹੀ।
ਹੁਣ : ਤੁਹਾਨੂੰ ਲਿਖਣ ਤੋਂ ਬਿਨਾਂ ਕੋਈ ਅਵੱਲਾ ਸ਼ੌਕ ਵੀ ਹੈ ਜਿਵੇਂ ਮੋਹਨ ਸਿੰਘ ਨੂੰ ਸ਼ਤਰੰਜ ਦਾ ਸੀ?
ਧੀਰ : ਨਹੀਂ। ਕੋਈ ਨਹੀਂ।
ਹੁਣ : ਉਮਰ ਦੇ ਅਜੋਕੇ ਪੜਾ ਤੇ ਪਹੁੰਚ ਕੇ ਕੀ ਤੁਸੀਂ ਸੋਚਦੇ ਹੋ ਕਿ ਸਫਲ ਜੀਵਨ ਬਿਤਾਇਆ ਹੈ?
ਧੀਰ : ਸਫਲ ਵੀ, ਅਸਫਲ ਵੀ। ਦੁਨੀਆਂਦਾਰੀ ਵਜੋਂ ਮੈਂ ਬਹੁਤ ਅਸਫਲ ਰਿਹਾ ਹਾਂ। ਲੇਖਕ ਵਜੋਂ ਮੈਂ ਆਪਣੇ ਆਪ ਨੂੰ ਸਾਰਥਕ ਪਾਸੇ ਲਾਇਆ ਹੈ। ਇਸਦਾ ਮੈਨੂੰ ਮਾਣ ਹੈ।
ਹੁਣ : ਪੂਰਨ ਸਿੰਘ ਦੇ ਸ਼ਬਦ ਸਨ ਪੰਜਾਬ ਜੀਊਂਦਾ ਗੁਰਾਂ ਦੇ ਨਾਂ ਤੇ । ਕੀ ਅੱਜ ਦਾ ਪੰਜਾਬ ਵਲੈਤ ਅਤੇ ਮਿਰਕਣ ਦੇ ਨਾਂ ਤੇ ਹੀ ਨਹੀਂ ਜੀਅ ਰਿਹਾ?
ਧੀਰ : ਪੂਰਨ ਸਿੰਘ ਦਾ ਇਹ ਕਥਨ ਕਿਸੇ ਹੋਰ ਪ੍ਰਸੰਗ ਵਿਚ ਹੈ। ਵਲੈਤ-ਮਿਰਕਣ ਜਾਣ ਨਾਲ ਇਸਦਾ ਕੋਈ ਸਬੰਧ ਨਹੀਂ।
ਪੰਜਾਬ ਵਿਚ ਵਲੀ, ਪੀਰ, ਔਲੀਏ ਬਹੁਤ ਹੋਏ ਹਨ। ਪਰ ਗੁਰੂਆਂ ਦੀ ਵਿਚਾਰਧਾਰਾ ਪੰਜਾਬ ਉਤੇ ਭਾਰੂ ਹੈ।
ਹੁਣ : ਪਰ ਕੀ ਸੱਚਮੁੱਚ ਅੱਜ ਦਾ ਪੰਜਾਬ ਗੁਰੂਆਂ ਦੀ ਵਿਚਾਰਧਾਰਾ ਉੱਪਰ ਹੀ ਚੱਲ ਰਿਹਾ ਹੈ?
ਧੀਰ : ਨਹੀਂ। ਬਿਲਕੁਲ ਨਹੀਂ। ਕਿਉਂਕਿ ਪੰਜਾਬ ਧਰਮਾਂ-ਮਜ਼ਹਬਾਂ ਵਿਚ ਵੀ ਫਸਿਆ ਹੋਇਆ ਹੈ, ਜ਼ਾਤਾਂ-ਪਾਤਾਂ ਵਿਚ ਵੀ। ਗੁਰੂ ਨਾਨਕ ਦੀ ‘ਸਾਂਝੀਵਾਲਤਾਂ’ ਪੰਜਾਬ ਦੇ ਨੇੜੇ-ਤੇੜੇ ਵੀ ਨਹੀਂ। ਪੰਜਾਬ ਸਗੋਂ ਸਾਮੰਤਵਾਦੀ-ਪੂੰਜੀਵਾਦੀ ਮੁੱਲਾਂ ਵਿਚ ਗ੍ਰਸਤ ਹੈ।
ਹੁਣ : ਭਾਵੇਂ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਪਰ ਕਿੰਨੀ ਕੁ ਹੋਰ ਉਮਰ ਭੋਗਣ ਦਾ ਇਰਾਦਾ ਹੈ ਤੇ ਕੀ-ਕੀ ਕਰਨਾ ਹੈ?
ਧੀਰ : ਮਰਨ ਨੂੰ ਦਿਲ ਹੀ ਕਰਦਾ ਨਹੀਂ। ਕਰਨਾ ਬਥੇਰਾ ਕੁਝ ਚਾਹੁੰਦਾ ਹਾਂ, ਪਰ ਦੇਖੋ, ਕੀ-ਕੀ ਹੁੰਦਾ ਹੈ।
ਹੁਣ ਵੱਲੋਂ – ਅਵਤਾਰ ਜੰਡਿਆਲਵੀ