ਵਿਦਾ
ਆਪਾਂ ਗਲਵਕੜੀ ਪਾਈ
ਮੇਰੇ ਹੱਥਾਂ ਨੇ ਮਹਿੰਗੇ ਕੱਪੜੇ ਛੋਹੇ,
ਤੇਰੇ ਹੱਥ ਫਿਰੇ ਲੀਰਾਂ ਤੇ।
ਜਲਦਬਾਜ਼ੀ ਵਾਲੀ ਹੈ ਗਲਵਕੜੀ
ਤੂੰ ਜਾਣਾ ਹੈ ਕਿਸੇ ਚੰਗੇ ਭੋਜਨ ਤੇ
ਮੇਰੀ ਉਡੀਕ ਕਰ ਰਹੇ ਹਨ
ਜ਼ਾਲਮ ਦੇ ਆਦਮੀ।
ਅਸੀਂ ਮੌਸਮ ਦੀਆਂ ਗੱਲਾਂ ਕੀਤੀਆਂ
ਆਪਣੀ ਸਦੀਵੀਂ ਦੋਸਤੀ ਦੀਆਂ।
ਹੋਰ ਕੁਝ ਹੁੰਦਾ ਤਾਂ
ਕੌੜਾ ਹੋਣਾ ਸੀ, ਬਹੁਤ।
ਕਰੰਡੀ
ਸੁਪਨੇ ਚ ਇੱਕ ਬਣ ਰਹੇ ਘਰ ਕੋਲ ਖੜ੍ਹਾ, ਮੈਂ, ਇੱਕ ਇੱਟਾਂ ਚਿਣਦਾ ਮਿਸਤਰੀ। ਮੇਰੇ ਹੱਥ
ਚ ਇਕ ਕਰੰਡੀ।
ਜਦੋਂ ਮੈਂ ਗਾਰਾ ਲੈਣ ਲਈ ਝੁਕਿਆ,
ਤਾਂ ਸੁਣੀ ਇਕ ਗੋਲੀ ਦੀ ਆਵਾਜ਼।
ਨਾਲ ਹੀ ਮੇਰੀ ਕਰੰਡੀ ਦਾ
ਅੱਧਾ ਲੋਹਾ ਉੜ ਗਿਆ।
ਖੁਸ਼ੀਆਂ
ਸਵੇਰ ਵੇਲੇ, ਖਿੜਕੀ ਤੋਂ ਬਾਹਰ
ਪਹਿਲੀ ਝਾਤੀ।
ਪੁਰਾਣੀ ਕਿਤਾਬ ਫੇਰ ਲੱਭਣੀ।
ਜੋਸ਼ੀਲੇ ਚਿਹਰੇ
ਬਰਫ਼, ਮੌਸਮਾਂ ਦਾ ਬਦਲਣਾ।
ਅਖ਼ਬਾਰਾਂ, ਕੁੱਤਾ
ਤਕਰਾਰ
ਫੁਹਾਰੇ ਥੱਲੇ ਨ੍ਹਾਉਣਾ, ਤਰਨਾ।
ਪੁਰਾਣੇ ਗੀਤ,
ਸੁੱਖ ਦੇਣ ਵਾਲੀ ਜੁੱਤੀ
ਚੀਜ਼ਾਂ ਨੂੰ ਜਾਨਣਾ,
ਨਵਾਂ ਸੰਗੀਤ।
ਲਿਖਣਾ, ਰੁੱਖ ਲਾਉਣੇ।
ਸਫ਼ਰ ਕਰਨਾ, ਗਾਉਣਾ
ਦੋਸਤੀਆਂ ਕਰਨੀਆਂ।
ਧੂੰਆਂ
ਝੀਲ ਕੰਢੇ,
ਰੁੱਖਾਂ `ਚ ਘਿਰਿਆ,
ਇੱਕ ਨਿੱਕਾ ਜਿਹਾ ਘਰ,
ਛੱਤ ਵਿਚੋਂ ਨਿਕਲਦਾ ਧੂਆਂ।
ਇਸ ਧੂੰਏਂ ਬਿਨਾ,
ਕਿੰਨੇ ਉਜਾੜ ਹੋਣੇ ਸਨ
ਘਰ, ਰੁੱਖ ਤੇ ਝੀਲ।
ਗਰਮ ਰੁੱਤ ਦਾ ਆਕਾਸ਼
ਨੀਲੇ ਆਕਾਸ਼ ਵਿਚ,
ਬੰਬਾਰੀ ਕਰਨ ਵਾਲਾ ਜਹਾਜ਼,
ਝੀਲ ਦੇ ਪਾਣੀਆਂ ਉੱਪਰੋਂ ਲੰਘਦਾ।
ਚੱਲਦੀਆਂ ਬੇੜੀਆਂ ਵਿਚੋਂ,
ਉੱਪਰ ਦੇਖਦੇ ਹਨ ਬੱਚੇ,
ਔਰਤਾਂ
ਤੇ ਇਕ ਬੁੱਢਾ ਆਦਮੀ।
ਦੂਰੋਂ ਉਹ ਨਿੱਕੇ ਤਿਲੀਅਰ ਲਗਦੇ ਹਨ।
ਉਨ੍ਹਾਂ ਦੀਆਂ ਚੁੰਝਾਂ
ਦਾਣਿਆਂ ਲਈ ਖੁੱਲ੍ਹੀਆਂ।
ਲੋਕਾਂ ਦੀ ਰੋਟੀ
ਇਨਸਾਫ ਹੈ ਲੋਕਾਂ ਦੀ ਰੋਟੀ।
ਕਦੀ ਕਾਫੀ ਹੁੰਦੀ ਹੈ, ਕਦੀ ਥੋੜ੍ਹੀ।
ਕਦੀ ਸੁਆਦ ਲਗਦੀ ਹੈ, ਕਦੀ ਬੁਰੀ।
ਘੱਟ ਹੋਵੇ ਤਾਂ ਹੁੰਦੀ ਹੈ ਭੁੱਖ,
ਬੁਰੀ ਹੋਵੇ ਤਾਂ ਹੁੰਦੀ ਹੈ ਬੇਚੈਨੀ।
ਮਾੜੇ ਇਨਸਾਫ ਨੂੰ ਵਗਾਹ ਮਾਰੋ।
ਇਹ ਬਿਨ ਗੁੰਨ੍ਹੇ ਗਿਆਨ ਤੇ ਪਿਆਰ ਤੋਂ
ਪਕਾਇਆ ਗਿਆ ਹੈ।
ਸਲੇਟੀ ਪੇਪੜੀ ਵਾਲਾ ਨੀਰਸ ਇਨਸਾਫ਼।
ਬੇਹਾ, ਜੋ ਵੇਲਾ ਵਿਹਾ ਕੇ ਆਉਂਦਾ ਹੈ।
ਜੇ ਰੋਟੀ ਚੰਗੀ ਤੇ ਕਾਫੀ ਹੈ
ਤਾਂ ਪਰਵਾਹ ਨਹੀਂ ਬਾਕੀ ਖਾਣੇ ਦੀ
ਕਿਸੇ ਨੂੰ ਸਭ ਕੁਝ ਚੰਗਾ
ਇੱਕੋ ਵਾਰੀ ਨਹੀਂ ਮਿਲਦਾ।
ਕੰਮ ਮੁਕਾਏ ਜਾ ਸਕਦੇ ਹਨ,
ਇਨਸਾਫ ਦੀ ਰੋਟੀ ਤੋਂ ਤਾਕਤ ਲੈ ਕੇ।
ਤੇ ਫੇਰ ਹੋਰ ਮਿਲਦਾ ਹੈ ਬਹੁਤ ਕੁਝ।
ਜਿਵੇਂ ਰੋਜ਼ਾਨਾ ਜ਼ਰੂਰੀ ਹੈ ਰੋਟੀ
ਇਵੇਂ ਹੀ ਜ਼ਰੂਰੀ ਹੈ ਇਨਸਾਫ
ਇਹ ਤਾਂ ਸਗੋਂ ਲੋੜੀਂਦਾ ਹੈ
ਦਿਨ ਵਿਚ ਕਈ ਕਈ ਵਾਰ।
ਸਵੇਰ ਤੋਂ ਸ਼ਾਮ ਤੱਕ ਮੌਜ ਕਰਦਿਆਂ
ਕੰਮ ਕਰਦਿਆਂ, ਜੋ ਆਪਣੇ
ਆਪ ਚ ਹੈ ਮੌਜ ਮੇਲਾ। ਔਖੇ ਵੇਲਿਆਂ
ਚ
ਖੁਸ਼ੀਆਂ ਦੇ ਮੌਕੇ
ਲੋਕਾਂ ਨੂੰ ਚਾਹੀਦੀ ਹੈ
ਕਿੰਨੀ ਸਾਰੀ ਰੋਟੀ, ਸਬੂਤੀ।
ਹਰੇਕ ਦਿਨ
ਜੇ ਏਨੀ ਜ਼ਰੂਰੀ ਹੈ
ਇਨਸਾਫ ਦੀ ਰੋਟੀ
ਤਾਂ ਦੋਸਤੋ, ਕੌਣ ਪਕਾਏਗਾ ਇਸ ਨੂੰ ।
ਦੂਜੀ ਰੋਟੀ ਕੌਣ ਪਕਾਉਂਦਾ ਹੈ?
ਦੂਜੀ ਰੋਟੀ ਵਾਂਗ
ਇਨਸਾਫ ਦੀ ਰੋਟੀ ਵੀ ਪਕਾਉਣੀ ਚਾਹੀਦੀ ਹੈ
ਲੋਕਾਂ ਨੂੰ ।
ਬਹੁਤ ਸਾਰੀ, ਸਬੂਤੀ
ਹਰ ਰੋਜ਼।
ਲਿਪੀ ਅੰਤਰ - ਅਵਤਾਰ ਜੰਡਿਆਲਵੀ