ਕਾਫਕਾ ਬਾਬਤ ਲਿਖਣ ਦਾ ਫੈਸਲਾ ਕੀਤਾ ਤਾਂ ਸੁਭਾਵਕ ਸੀ ਕਿ ਉਸ ਨਾਲ ਸਬੰਧਤ ਸਮੱਗਰੀ ਪਰਮਾਣਿਕ ਹੋਵੇ। ਸੋਚਦਾ – ਉਸ ਬਾਰੇ ਲਿਖ ਸਕਾਂਗਾ ਕੁੱਝ, ਜਿਸ ਨੂੰ ਪਾਠਕ ਸਹੀ ਮੰਨ ਲੈਣ? ਜਰਮਨ ਸਾਹਿਤ ਵਿਚ ਸੱਤ ਦਰਜਣ ਕਿਤਾਬਾਂ ਲਿਖ ਕੇ ਧਾਂਕ ਜਮਾ ਦੇਣ ਵਾਲਾ ਸਥਾਪਤ ਲੇਖਕ ਮੈਕਸ ਬਰੋਦ ਲਿਖਦਾ ਹੈ, ”ਉਸ ਬਾਰੇ ਅੰਸ਼ਿਕ ਤੌਰ ’ਤੇ ਜਾਣ ਸਕਿਆ ਹਾਂ। ਉਸਦੀ ਸੰਪੂਰਨਤਾ ਨੂੰ ਦੁਨੀਆਂ ਕਦੀ ਸਮਝ ਨਹੀਂ ਸਕੇਗੀ।’’ ਕਾਫ਼ਕਾ ਦੀ ਪਹਿਲੀ ਜੀਵਨੀ ਬਰੋਦ ਲਿਖਤ ਹੈ। ਕਾਫ਼ਕਾ ਬਾਬਤ ਹੁਣ ਤੱਕ ਪੰਦਰਾਂ ਹਜ਼ਾਰ ਤੋਂ ਉਪਰ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ।
ਸ਼ੇਖ ਸਾਅਦੀ ਗੁਲਿਸਤਾਂ ਦੇ ਆਰੰਭ ਵਿਚ ਲਿਖਦਾ ਹੈ, ”ਲਿਖਣ ਦੀ ਇੱਛਾ ਸੀ ਪਰ ਵਰਿ੍ਹਆਂ ਤੱਕ ਇਕ ਅੱਖਰ ਨਾ ਲਿਖਿਆ ਗਿਆ। ਮੇਰੀ ਅਕਲ ਦੀ ਸ਼ਾਹਜ਼ਾਦੀ ਨੀਵੀਂ ਪਾਈ ਬੈਠੀ ਰਹੀ ਕਿਉਂਕਿ ਉਹ ਸੁਹਣੀ ਨਹੀਂ ਸੀ। ਇਕ ਦਿਨ ਉਠੀ, ਕਹਿਣ ਲੱਗੀ – ਸਾਅਦੀ, ਲਿਖਣਾ ਸ਼ੁਰੂ ਕਰ। ਮੈਂ ਪੁੱਛਿਆ – ਲਿਖ ਸਕਾਂਗਾ ਕੁੱਝ? ਪੜ੍ਹੇਗਾ ਕੋਈ ਮੈਨੂੰ? ਸ਼ਾਹਜ਼ਾਦੀ ਬੋਲੀ – ਦੇਰ ਨਾ ਕਰ। ਕਲਮ ਦਵਾਤ ਚੁੱਕ। ਬਿੱਸਮਿੱਲਾ ਆਖ ਅਤੇ ਲਿਖ। ਸਰਕੜਾ ਬੀਜ, ਲੋਕ ਗੰਨਿਆਂ ਵਾਂਗ ਚੂਪਣਗੇ। ਗਰੀਬ ਕਾਗਜ਼ਾਂ ਦੀ ਹਿੱਕ ਉਪਰ ਕਲਮ ਵਾਹ, ਸੰਸਾਰ ਵਿਚ ਹੁੰਡੀਆਂ ਵਾਂਗ ਚੱਲੇਗਾ। ਬਿਸਮਿਲਾ ਆਖ ਅਤੇ ਲਿਖ।”
ਰੱਬ ਸੱਚੇ ਦਾ ਨਾਮ ਲੈਕੇ ਲਿਖਣ ਤਾਂ ਲੱਗਿਆ ਹਾਂ ਮੈਂ ਵੀ ਪਰ ਇਸ ਹੁੰਡੀ ਦੀ ਕੀਮਤ ਪਵੇਗੀ ਨਹੀਂ। ਵਾਰਸ ਸ਼ਾਹ ਵਰਗੀ ਹੀਰ ਹੋਰ ਕੋਈ ਨਹੀਂ ਲਿਖ ਸਕਿਆ, ਤਾਂ ਵੀ ਹੀਰਾਂ ਲਿਖੀਆਂ ਤਾਂ ਜਾਂਦੀਆਂ ਰਹੀਆਂ। ਉਦੋਂ ਮੈਂ ਫਸ ਜਾਵਾਂਗਾ ਜਦੋਂ ਮੈਂ ਕਾਫ਼ਕਾ ਦਾ ਫਲਸਫਾ ਬਿਆਨ ਕਰਨਾ ਸ਼ੁਰੂ ਕਰ ਦਿੱਤਾ। ਇਸ ਪਾਸੇ ਜਾਵਾਂਗੇ ਹੀ ਨਹੀਂ। ਉਸ ਦੀ ਜੀਵਨ ਕਹਾਣੀ ਲਿਖਦਾ ਹਾਂ। ਜਿਵੇਂ ਮੈਨੂੰ ਉਹ ਸਮਝ ਆਇਆ, ਯਤਨ ਕਰਾਂਗਾ, ਉਵੇਂ ਸਮਝਾ ਸਕਾਂ। ਫੇਰ ਵੀ, ਇਹ ਪ੍ਰਾਜੈਕਟ ਸੁਖੈਨ ਨਹੀਂ ਹੈ। ਫ਼ਰਾਂਜ਼ ਕਾਫਕਾ ਦਿਮਾਗ ਬੌਖਲਾ ਦੇਣ ਵਾਲਾ ਸਾਹਿਤਕਾਰ ਅਤੇ ਚਿੰਤਕ ਹੈ।
ਉਸ ਬਾਬਤ ਵੇਰਵੇ ਤਾਂ ਸਿਲਸਿਲੇਵਾਰ ਦੇਣੇ ਹੀ ਦੇਣੇ ਹਨ, ਪੜ੍ਹਨ ਪਿਛੋਂ ਜਿਹੜਾ ਸੰਪੂਰਨ ਪ੍ਰਭਾਵ ਉਸ ਬਾਰੇ ਮੇਰੇ ਮਨ ਵਿਚ ਬਣਿਆ, ਉਹ ਇਹ ਹੈ ਕਿ:
ਜਦੋਂ ਤਾਕਤਵਰ ਕੋਈ ਮਨੁੱਖ ਸੱਚ ਨੂੰ ਆਹਮੋ ਸਾਹਮਣੇ ਦੇਖਦਾ ਹੈ, ਉਸਦਾ ਨਾਮ ਗੁਰੂ ਨਾਨਕ ਦੇਵ ਹੋ ਜਾਂਦਾ ਹੈ ਤੇ ਸਾਰੀ ਉਮਰ ਦੁਨੀਆਂ ਨੂੰ ਦਸਦਾ ਫ਼ਿਰਦਾ ਹੈ ਕਿ ਇਹ ਕਿੰਨਾ ਸੁਹਣਾ, ਕਿੰਨਾ ਅਸਚਰਜ ਅਤੇ ਅਨੰਤ ਹੈ। ਜੇ ਕਿਤੇ ਕਮਜ਼ੋਰ ਬੰਦੇ ਸਾਹਮਣੇ ਇਹੋ ਅਨੰਤ ਸੱਚ ਪ੍ਰਗਟ ਹੋ ਜਾਵੇ ਤਾਂ ਪਾਗਲ ਹੋ ਜਾਵੇਗਾ। ਛੁਪਾਉਣ ਦਾ ਯਤਨ ਕਰੇਗਾ, ਖੁਦ ਨੂੰ ਵੀ, ਸੱਚ ਨੂੰ ਵੀ। ਉਹ ਇਹੀ ਕਰਦਾ ਰਿਹਾ। ਉਮਰ ਭਰ ਕਾਫਕਾ ਬਿਮਾਰ ਰਿਹਾ ਤੇ 40 ਸਾਲ ਦੀ ਉਮਰ ਵਿਚ ਮਰ ਗਿਆ।
ਉਸ ਅੰਦਰਲੇ ਡਰ, ਬੇਚੈਨੀ, ਉਤਸੁਕਤਾ, ਮਾਮੂਲੀ ਨਹੀਂ ਸਨ। ਹਰੇਕ ਵਸਤੂ ਉਸ ਵਾਸਤੇ ਕਰਾਮਾਤ ਸੀ, ਹਰ ਚੀਜ਼ ਮਿੱਥ। ਆਖਰੀ ਸਾਹ ਤੱਕ ਉਸ ਦੀ ਹਾਲਤ ਆਲੇ ਦੁਆਲੇ ਬਾਬਤ ਇਸ ਤਰ੍ਹਾਂ ਰਹੀ ਜਿਵੇਂ ਤਿੰਨ ਸਾਲ ਦਾ ਬੱਚਾ ਪਹਿਲੀ ਵਾਰ ਰੇਲ ਦਾ ਇੰਜਣ ਦੌੜਦਾ ਹੋਇਆ ਦੇਖੇ। ਉਸ ਨੂੰ ਆਪਣੇ ਆਪ ਉਪਰ ਕਦੀ ਯਕੀਨ ਨਹੀਂ ਹੋਇਆ। ਉਹ ਛਪਣਾ ਨਹੀਂ ਚਾਹੁੰਦਾ ਸੀ। ਉਸ ਨੂੰ ਚਰਚਾ ਪਸੰਦ ਨਹੀਂ ਸੀ। ਉਸਦੀ ਪਤਨੀ ਦੋਰਾ ਲਿਖਦੀ ਹੈ – ਉਹ ਖੁਸ਼ ਨਹੀਂ ਸੀ ਰਹਿੰਦਾ। ਉਸਦੀ ਮੁਸਕਾਣ ਅਤੇ ਉਸਦੇ ਵਿਅੰਗ ਖਤਰਨਾਕ ਹੁੰਦੇ, ਪਰ ਸਲੀਕਾ ਏਨਾ ਸੀ ਕਿ ਗੁਫਤਗੂ ਸ਼ਹਿਨਸ਼ਾਹ ਵਰਗੀ ਹੁੰਦੀ। ਜਾਣਕਾਰ ਆਉਂਦੇ ਜਾਂ ਅਜਨਬੀ, ਵੱਡੇ ਆਉਂਦੇ ਜਾਂ ਛੋਟੇ, ਉਸ ਨਾਲ ਗਲਾਂ ਕਰਦਿਆਂ ਇਉਂ ਲੱਗਦਾ ਹੁੰਦਾ ਜਿਵੇਂ ਮਖਮਲ ਦੇ ਵਿਸ਼ਾਲ ਕਾਲੀਨ ਉਪਰ ਨੰਗੇ ਪੈਰੀਂ ਤੁਰੀਏ। ਭੋਰਾ ਆਵਾਜ਼ ਨਹੀਂ। ਅਨੰਤ ਸ਼ਾਂਤੀ, ਤਸੱਲੀ ਅਤੇ ਬੇਫਿਕਰੀ ਦਾ ਆਲਮ।
ਉਹ ਸ਼ਬਦਾਂ ਨੂੰ ਸਾਣ ‘ਤੇ ਲਾਉਂਦਾ, ਇਨੇ ਤੇਜ਼ ਘੁਮਾਉਂਦਾ ਕਿ ਸਰਕਸ ਦੇ ਕਲਾਕਾਰ ਮਾਤ ਖਾ ਜਾਣ। ਅਪਣੇ ਬਾਬਤ ਕਿਹਾ – ਜਾਂ ਤਾਂ ਤੇਜ਼ ਧਾਰ ਚਾਕੂ ਛੁਰੀਆਂ ਛੁਪਾ ਦਿਉ ਜਾਂ ਫੇਰ ਪਾਗਲ ਬੰਦੇ ਦੇ ਹੱਥ ਬੰਨ੍ਹ ਦਿਉ। ਤੁਸੀਂ ਮੈਨੂੰ ਬੋਲਣਾ ਤੇ ਲਿਖਣਾ ਕਿਉ ਸਿਖਾਇਆ? ਜੇ ਗਲਤੀ ਕਰ ਬੈਠੇ ਹੋ ਫੇਰ ਮੇਰੇ ਹੱਥ ਕਿਉਂ ਨੀ ਵਢਦੇ? ਜ਼ਬਾਨ ਕਿਉਂ ਨੀ ਕੱਟਦੇ? ਖੁਦ ਜ਼ਖਮੀ ਹੋ ਚੁੱਕਾ ਹਾਂ, ਦੁਨੀਆਂ ਜ਼ਖਮੀ ਹੋਇਗੀ।
ਕਾਫਕਾ ਵਿਚੋਂ ਮੈਨੂੰ ਕਦੀ ਕਦਾਈ ਮਨਸੂਰ ਦਿੱਸ ਜਾਂਦਾ। ਜਰਮਨ ਜ਼ਬਾਨ ਨੂੰ ਉਸਨੇ ਉਹ ਨਵਾਂ ਰੰਗ ਰੂਪ ਦਿੱਤਾ ਕਿ ਜਰਮਨ ਸਾਹਿਤ ਪੂਰਬ ਕਾਫਕਾ ਤੇ ਉਤਰ ਕਾਫ਼ਕਾ ਹਿੱਸਿਆ ਵਿਚ ਵੰਡਿਆ ਗਿਆ। ਵੀਹਵੀਂ ਸਦੀ ਦੀ ਉਪਜ ਨਹੀਂ ਉਹ। ਉਸ ਵਿਚੋਂ ਵੀਹਵੀਂ ਸਦੀ ਜਨਮ ਲੈਂਦੀ ਹੈ। ਆਈਨਸਟੀਨ ਤੋਂ ਬਾਦ ਵਿਗਿਆਨ ਬਦਲ ਗਈ ਤੇ ਕਾਫ਼ਕਾ ਤੋਂ ਬਾਦ ਕੋਮਲ ਕਲਾਵਾਂ। ਦੋਵੇਂ ਜਰਮਨ, ਦੋਵੇਂ ਯਹੂਦੀ, ਦੋਵੇਂ ਸਮਕਾਲੀ, ਦੋਵੇਂ ਪਰਾਗ ਵਿਚ। ਦੋਵੇਂ ਧਰਮ ਦੇ ਬੰਧਨਾ ਤੋਂ ਪੂਰਨ ਮੁਕਤ ਪਰ ਦੋਵਾਂ ਨੇ ਯਹੂਦੀ ਹੋਣ ਦਾ ਸੰਤਾਪ ਭੋਗਿਆ। ਕਾਫ਼ਕਾ ਉਮਰ ਭਰ ਯਹੂਦੀ ਮੰਦਰ (ਸਿਨੇਗਾਗ) ਵਿਚ ਨਹੀਂ ਗਿਆ। ਉਸਦੇ ਇਕ ਇਕ ਵਾਕ ਵਿਚ ਧਰਮ, ਰਹੱਸ ਅਤੇ ਸੌਂਦਰਯ ਦੇ ਦੀਦਾਰ ਹੁੰਦੇ ਹਨ। ਉਹ ਭਾਸ਼ਾ ਦੀ ਸਜਾਵਟ ਨਹੀਂ ਕਰਦਾ, ਅਲੰਕਾਰ, ਗਾਇਬ ਹਨ। ਪਾਠਕ ਖੁਦ ਅਲੰਕਾਰ ਲਾ ਲਾ ਦੇ ਉਸਦੀਆਂ ਲਿਖਤਾਂ ਨਿਹਾਰਨ ਲਗ ਜਾਂਦੇ ਹਨ।
ਇਕ ਵਾਰ ਜਿਹੜਾ ਉਸਦੇ ਸੰਪਰਕ ਵਿਚ ਆਇਆ, ਉਮਰ ਭਰ ਉਸਦਾ ਪ੍ਰਭਾਵ ਭੁੱਲ ਨਹੀਂ ਸਕਿਆ। ਤਪਦਿਕ ਦੀ ਬਿਮਾਰੀ ਨਾਲ ਜਿਸ ਹਸਪਤਾਲ ਵਿਚ ਉਸਦੀ ਮੌਤ ਹੋਈ, ਚਾਲੀ ਸਾਲ ਬਾਦ ਕੈਥੀ ਡਾਇਮੰਟ ਉਸਦਾ ਇਲਾਜ ਕਰਨ ਵਾਲੀ ਨਰਸ ਨੂੰ ਮਿਲੀ ਤੇ ਪੁੱਛਿਆ – ਕੁਝ ਯਾਦ ਹੈ ਕਿ ਤੁਹਾਡੇ ਹਸਪਤਾਲ ਵਿਚ ਫਰਾਂਜ਼ ਕਾਫ਼ਕਾ ਨਾਮ ਦਾ ਇਕ ਮਰੀਜ਼ ਆਇਆ ਸੀ? ਤਰਾਸੀ ਸਾਲ ਦੀ ਬੁੱਢੀ ਨੇ ਹਉਕਾ ਲਿਆ – ਉਹਨੂ ਕੋਈ ਕਿਵੇਂ ਭੁੱਲ ਸਕਦੈ? ਗਿਣਤੀ ਨਹੀਂ ਕਿਨੇ ਮਰੀਜਾਂ ਦੀ ਸੇਵਾ ਕੀਤੀ। ਉਸ ਵਰਗਾ ਕੋਈ ਨਹੀਂ ਦੇਖਿਆ। ਲੋਕ ਦਸਿਆ ਕਰਦੇ ਸਨ ਕਿ ਕੋਈ ਵਡਾ ਲੇਖਕ ਸੀ ਉਹ। ਮੈਂ ਉਸਦਾ ਇਕ ਅੱਖਰ ਨਹੀਂ ਪੜ੍ਹਿਆ। ਇਕ ਮਰੀਜ਼ ਸਾਫ਼ ਦੇਖ ਰਿਹੈ ਮੌਤ ਨੂੰ ਸਾਹਮਣੇ, ਪਰ ਉਸਦੀ ਰੂਹ ਲਰਜਦੀ ਨਹੀਂ। ਉਹ ਵੱਖਰਾ ਸੀ ਸਭ ਤੋਂ।
ਉਸਦੀ ਪਰੇਰਨਾ ਸਦਕਾ ਚੌਦਾਂ ਪਰਿਵਾਰ ਪਰਾਗ ਛੱਡ ਕੇ ਫਲਸਤੀਨ ਜਾ ਵਸੇ। ਫ਼ਲਸਤੀਨ ਜਾਂਦੀ ਜੁਆਨ ਕੁੜੀ ਨੂੰ ਅਪਣੇ ਦਸਖ਼ਤ ਕਰਕੇ ਕਿਤਾਬ ਦਿੰਦਿਆਂ ਕਹਿਣ ਲੱਗਾ – ਮੈਂ ਤਾਂ ਜਾ ਨਹੀਂ ਸਕਾਂਗਾ ਅਪਣੇ ਪੁਰਖਿਆਂ ਦੇ ਦੇਸ, ਮੇਰੀ ਕਿਤਾਬ ਤਾਂ ਜਾਵੇ। ਇਹਨੂੰ ਤੂੰ ਲੈਜਾ। ਹਾਲੇ ਤੈਨੂੰ ਇਹਦੀ ਸਮਝ ਨਹੀਂ ਆਉਣੀ ਕਿਉਂਕਿ ਹਾਲੇ ਤੂੰ ਤੰਦਰੁਸਤ ਹੈਂ, ਖੁਸ਼ ਹੈਂ, ਜੁਆਨ ਹੈਂ। ਮੇਰੀਆਂ ਕਿਤਾਬਾਂ ਬਿਮਾਰਾਂ ਅਤੇ ਕਮਜ਼ੋਰਾਂ ਨੂੰ ਸਮਝ ਆਉਣਗੀਆਂ। ਮਹਿਮਾਨਾਂ ਨੂੰ ਇਹ ਕਿਤਾਬ ਫ਼ਖਰ ਨਾਲ ਦਿਖਾਉਂਦਿਆਂ 87 ਸਾਲ ਦੀ ਔਰਤ ਹੱਸਦਿਆਂ ਆਖਦੀ ਹੈ – ਬੁੱਢੀ ਹਾਂ, ਕਮਜ਼ੋਰ ਹਾਂ, ਬਿਮਾਰ ਹਾਂ। ਹੁਣ ਸਮਝ ਆਈ ਹੈ ਮੈਨੂੰ ਉਹਦੀ ਕਿਤਾਬ। ਬੁਜ਼ਦਿਲਾਂ, ਬਿਮਾਰਾਂ ਅਤੇ ਕਮਜ਼ੋਰਾਂ ਦਾ ਪੈਗੰਬਰ ਹੈ ਫਰਾਂਜ਼ ਕਾਫਕਾ।
ਸਭ ਤੋਂ ਵਧੀਕ ਭਰੋਸੇਯੋਗ ਜੀਵਨੀਕਾਰ, ਅਰਨਸਟ ਪਾਵਲ ਉਸ ਦੀ ਜੀਵਨ ਕਹਾਣੀ ਦਾ ਨਾਮ ”ਦਰਸ਼ਨ ਦਾ ਡਰਾਉਣਾ ਸੁਫਨਾ’’ ਰਖਦਾ ਹੈ। ਕਾਫ਼ਕਾ ਨੇ ਕਿਹਾ – ਸਾਧੂਆਂ ਨੇ ਸੱਚ ਦੇ ਦਰਸ਼ਨ ਕਿਸ ਵਿਧ ਕਿਸ ਰੂਪ ਵਿਚ ਕੀਤੇ ਪਤਾ ਨਹੀਂ। ਪਿਆਰ ਅਤੇ ਮੌਤ ਅਪਣੇ ਸਾਹਮਣੇ ਦੇਖ ਕੇ ਮੈਨੂੰ ਉਸਦੀ ਝਲਕ ਦਿਸੀ। ਪਿਆਰ ਅਤੇ ਮੌਤ ਵਿਚ ਕੋਈ ਫ਼ਰਕ ਨਹੀਂ। ਲਿਖਿਆ – ਮਰ ਮਿਟ ਚੁਕੀ ਪੁਰਾਣੀ ਕਿਸੇ ਯਾਦ ਵਿਚ ਜੇ ਦੁਬਾਰਾ ਜਾਨ ਪੈ ਜਾਵੇ ਫੇਰ ਉਹ ਮਰਜਾਣੀ ਸੋਏਗੀ ਨਹੀਂ ਕਦੀ।
ਜਿਸ ਵਿਚ ਮੁੜਕੇ ਜਾਨ ਪੈ ਗਈ, ਆਦਿ ਕਾਲੀ ਸਨਾਤਨੀ ਯਾਦ ਦਾ ਨਾਮ ਫਰਾਂਜ਼ ਕਾਫਕਾ ਹੈ। ਉਹ ਪਰਾਗ ਵਿਚ ਜੰਮਿਆ ਤੇ ਮਾੜੇ ਮੋਟੇ ਇਧਰ ਉਧਰ ਦੇ ਦੌਰਿਆਂ ਅਤੇ ਪੜਾਵਾਂ ਨੂੰ ਛੱਡ ਕੇ ਆਖਰੀ ਸਾਹ ਵੀ ਇਥੇ ਲਿਆ। ਉਹ ਕਿਹਾ ਕਰਦਾ ਸੀ – ਤਿੱਖੇ ਅਤੇ ਮਜ਼ਬੂਤ ਪੰਜਿਆਂ ਵਾਲੀ ਚੁੜੇਲ ਹੈ ਪਰਾਗ, ਇਸ ਦੀ ਪਕੜ ਵਿਚ ਠੀਕ ਸਾਹ ਵੀ ਨਹੀਂ ਆਉਂਦਾ। ਉਸਦੇ ਉਲਟ, ਕਾਫਕਾ ਦੀ ਸਹੇਲੀ ਮਿਲੇਨਾ ਨੂੰ ਕੋਈ ਅਜਨਬੀ ਨਾਮ ਪੁਛਦਾ ਤਾਂ ਕਿਹਾ ਕਰਦੀ – ਪਰਾਗ ਦੀ ਮਿਲੇਨਾ। ਉਹ ਕਦੀ ਅਪਣਾ ਇਕੱਲਾ ਨਾਮ ਨਾ ਦਸਦੀ, ਬੋਲ ਹੁੰਦੇ – ਮਿਲੇਨਾ ਆਫ ਪਰਾਗ। ਪਰਾਗ ਮੇਰੀ ਜੇਬ ਵਿਚ ਹੈ। ਪਰਾਗ ਸਮਝਦੈ ਮੈ ਉਸਦੀ ਜੇਬ ਵਿਚ ਹਾਂ। ਇਸ ਕੁੜੀ ਦਾ ਸਵੇਰਾ, ਦੁਪਹਿਰ ਤਾਂ ਬਣਿਆ, ਸ਼ਾਮ ਕਦੀ ਨਹੀਂ ਢਲੀ। ਏਨੀ ਦਮਦਾਰ ਔਰਤ ਕਿ ਨਾਜ਼ੀਆਂ ਦੇ ਤਸੀਹਾਂ ਕੈਂਪ ਵਿੱਚ ਮੁਸ਼ੱਕਤ ਕਰਦਿਆਂ ਮਰੀ ਪਰ ਉਹ ਸਾਰੇ ਕੈਦੀਆਂ ਲਈ ਧਰਵਾਸ ਬਣੀ ਰਹੀ। ਜੇਲ੍ਹ ਸੁਪਰਡੰਟ, ਕੈਦਣ ਸਾਹਮਣੇ ਨਿਗਾਹਾਂ ਜ਼ਮੀਨ ਉਪਰੋਂ ਨਹੀਂ ਚੁਕ ਸਕਦਾ ਸੀ। ਮਿਲੇਨਾ ਯੋਰਪ ਦੀ ਜੀਨੀਅਸ ਸੀ ਜਿਸ ਨੇ ਕੇਵਲ ਚਾਰ ਦਿਨ ਕਾਫ਼ਕਾ ਨਾਲ ਬਿਤਾਏ। ਪੋਲੈਂਡ ਦੀ ਦੋਰਾ ਮਾਮੂਲੀ ਪੜ੍ਹੀ ਕੁੜੀ ਸੀ ਜਿਹੜੀ ਕਾਫਕਾ ਕੋਲ ਇਸ ਅਰਜ਼ ਨਾਲ ਗਈ ਸੀ ਕਿ ਹੋਰ ਪੜ੍ਹ ਸਕੇ। ਹੋਇਆ ਉਲਟ। ਇਸ ਪੇਂਡੂ ਕੁੜੀ ਕੋਲ ਪੁਰਾਣੀ ਅੰਜੀਲ, ਲੋਕ ਕਥਾਵਾਂ, ਸਾਖੀਆਂ ਅਤੇ ਹਿਬਰੂ ਦਾ ਸੀਨਾ ਬਸੀਨਾ ਤੁਰਿਆ ਆਉਂਦਾ ਉਹ ਖਜ਼ਾਨਾ ਸੀ ਕਿ ਕਾਫਕਾ ਉਸਦਾ ਵਿਦਿਆਰਥੀ ਹੋ ਗਿਆ। ਕਿਹਾ – ਇਹ ਕੇਹਾ ਵਚਿਤਰ ਸੰਸਾਰ ਹੈ ਜਿਸ ਵਿਚ ਤੂੰ ਮੈਨੂੰ ਲੈ ਗਈ? ਮੈਂ ਕਾਨੂੰਨ ਵਿਚ ਡਾਕਟਰੇਟ ਕੀਤੀ ਦੋਰਾ, ਮੈਨੂੰ ਪਤਾ ਨਾ ਲੱਗਾ ਕਾਨੂੰਨ ਕੀ ਹੁੰਦੈ। ਤੇਰੀਆਂ ਗੱਲਾਂ ਸੁਣਕੇ ਮੈਂ ਦੇਖ ਰਿਹਾਂ – ਸਾਡੇ ਪੁਰਖਿਆਂ ਨੇ ਜਿਹੜਾ ਕਾਨੂੰਨ ਦਿਤਾ, ਉਹ ਹਿਸਾਬ ਕਿਤਾਬ ਲਾਕੇ ਨਹੀਂ ਦਿੱਤਾ। ਸਿਧੇ ਸਾਦੇ ਦਸ ਪੰਦਰਾਂ ਨੇਮ ਦਿੰਦਿਆਂ ਕਿਹਾ – ਇਹਨੂੰ ਮੰਨੋਗੇ ਬੱਚਿਓ ਤਾਂ ਪਰਮੇਸਰ ਪ੍ਰਸੰਨ ਹੋਏਗਾ। ਸੰਤਾਨ ਨੇ ਏਨਾ ਵਿਸ਼ਵਾਸ ਕੀਤਾ ਕਿ ਇਕ ਵਾਕ ਦੀ ਉਲੰਘਣਾ ਹੋ ਗਈ ਤਾਂ ਡਰਦੇ ਸਨ ਕਿ ਲੱਖਾਂ ਸਾਲ ਦੋਜ਼ਖਾਂ ਦੀ ਅੱਗ ਵਿਚ ਸੜਨਾ ਪਏਗਾ। ਸਬਰ ਸੰਤੋਖ ਵਾਲੀ ਸਭਿਅਤਾ ਸੁਖੀ ਵੱਸੀ। ਅਜੋਕਾ ਕਾਨੂੰਨ ਮਨੁਖਤਾ ਨੂੰ ਤਬਾਹ ਕਰੇਗਾ। ਮੈਨੂੰ ਖੰਡਰ ਸਾਫ਼ ਦਿਖਾਈ ਦਿੰਦੇ ਹਨ। ਵਿਆਪਕ ਮੌਤ। ਅਨੰਤ ਸੋਗ ਅਤੇ ਰੁਦਨ।
ਮਿਲੇਨਾ ਅਤੇ ਦੋਰਾ ਕਿੰਨੀਆਂ ਤਾਕਤਵਰ ਸ਼ਖਸੀਅਤਾਂ ਹਨ ਇਹ ਦਿਖਾਉਣ ਲਈ ਦੋਹਾਂ ਦੀ ਸਾਖੀ ਵੱਖਰੀ ਲਿਖੀ ਜਾਵੇਗੀ। ਪਹਿਲਾਂ ਮਿਲੇਨਾ ਦੀ ਫ਼ੇਰ ਦੋਰਾ ਦੀ। ਹਾਲ ਦੀ ਘੜੀ ਹਥਲੇ ਲੇਖ ਵਿਚ ਕਿਤੇ ਕਿਤੇ ਦੋਹਾਂ ਦਾ ਜ਼ਿਕਰ ਆਏਗਾ ਪਰ ਬਹੁਤਾ ਨਹੀਂ।
ਫਰਾਂਜ਼ ਦਾ ਬਾਬਾ ਯਾਕੂਬ ਕਾਫ਼ਕਾ ਦਿਉਕੱਦ ਸ਼ਕਤੀਵਾਨ ਮਨੁੱਖ ਸੀ ਜਿਹੜਾ ਆਲੂਆਂ ਨਾਲ ਭਰੀ ਬੋਰੀ ਦੰਦਾਂ ਨਾਲ ਚੁੱਕ ਲੈਂਦਾ ਸੀ। ਕਿੱਤੇ ਵਜੋਂ ਝਟਕਈ ਸੀ। ਪਿਤਾ ਹਰਮਨ ਕਾਫਕਾ ਅਪਣੇ ਬੱਚਿਆਂ ਨੂੰ ਦੱਸਿਆ ਕਰਦਾ – ਕਰਮਾਂ ਵਾਲੇ ਹੋ ਤੁਸੀਂ ਕਿ ਚੱਜ ਦੀ ਰੋਟੀ ਖਾਣ ਨੂੰ ਮਿਲੀ। ਸੱਤ ਸਾਲ ਦੀ ਉਮਰ ਦੇ ਅਸੀਂ ਹੋ ਜਾਂਦੇ ਤਾਂ ਤੁਹਾਡਾ ਬਾਬਾ ਕਹਿ ਦਿੰਦਾ – ਹੁਣ ਰੇਹੜੀ ਧੱਕਣ ਜੋਗਾ ਹੋ ਗਿਐਂ – ਜਾਹ ਜਾਕੇ ਗਲੀਆਂ ਵਿਚ ਮੀਟ ਦਾ ਹੋਕਾ ਦੇਹ। ਬੜੀ ਸਖ਼ਤ ਜ਼ਿੰਦਗੀ ਬਿਤਾਈ ਅਸਾਂ। ਕਿਰ ਕਿਰ ਪੈਂਦੀ ਗਰੀਬੀ ਵਿਚੋਂ ਨਿਕਲਣ ਲਈ ਪਿਤਾ ਹਰਮਨ ਨੂੰ ਏਨੀ ਮਿਹਨਤ ਕਰਨੀ ਪਈ ਕਿ ਉਹ ਮਧਵਰਗੀ ਪਰਿਵਾਰਕ ਸਲੀਕਾ ਭੁੱਲ ਗਿਆ। ਪਰਿਵਾਰ ਨਾਲ ਖਰ੍ਹਵਾ ਬੋਲਦਾ। ਬਾਹਰਲੇ ਲੋਕਾਂ ਨਾਲ ਮਿਲਣ ਲੱਗਿਆਂ ਵੀ ਉਹ ਨਿੱਘ ਤੋਂ ਸੱਖਣਾ ਹੁੰਦਾ। ਸਿਰਫ਼ ਕੰਮ, ਕੇਵਲ ਬਿਜ਼ਨਸ। ਕਿਹਾ ਕਰਦਾ – ਬਾਈਬਲ ਵਿਚ ਲਿਖਿਆ ਹੈ, ਆਦਮੀ ਕੇਵਲ ਰੋਟੀ ਆਸਰੇ ਨਹੀਂ ਜਿਉਂਦਾ, ਪਰ ਇਹ ਵੀ ਤਾਂ ਸੱਚ ਹੈ ਕਿ ਰੋਟੀ ਬਗੈਰ ਵੀ ਨਹੀਂ ਜਿਉਂਦਾ। ਬਾਬੇ ਜੈਕਬ ਵੇਲੇ ਯਹੂਦੀਆਂ ਦੀ ਜਨ ਸੰਖਿਆ ਘਟਾਉਣ ਵਾਸਤੇ ਚੈਕੱ ਸਰਕਾਰ ਦਾ ਇਹ ਕਾਨੂੰਨ ਲਾਗੂ ਸੀ ਕਿ ਕੇਵਲ ਪਲੇਠਾ ਮੁੰਡਾ ਵਿਆਹ ਕਰਾਏਗਾ, ਬਾਕੀ ਕੋਈ ਨਹੀਂ। ਇਹ ਤਾਂ 1848 ਦੀ ਬਗਾਵਤ ਨੇ ਕਾਨੂੰਨ ਬਦਲਵਾਇਆ ਤਾਂ ਜੈਕਬ ਦਾ ਵਿਆਹ ਹੋਇਆ। ਸਾਲ 1850 ਤੋਂ 1859 ਤੱਕ ਛੇ ਬੱਚਿਆਂ ਦਾ ਜਨਮ ਇਕ ਢਾਰੇ ਨੁਮਾ ਕਮਰੇ ਵਿਚ ਹੋਇਆ ਤੇ ਭੁਖ ਮਿਟਾਉਣ ਲਈ ਬਹੁਤੀ ਵਾਰ ਕੇਵਲ ਆਲੂ ਹੁੰਦੇ। ਜਿਵੇਂ ਬਹਾਦਰ ਜਰਨੈਲ ਅਪਣੇ ਸਰੀਰ ਉਪਰਲੇ ਜ਼ਖਮਾਂ ਦੇ ਨਿਸ਼ਾਨਾ ਦੀ ਗਿਣਤੀ ਦਸਦਾ ਹੈ, ਪਿਤਾ ਹਰਮਨ ਅਪਣੇ ਹੱਥਾਂ ਪੈਰਾਂ ਦੇ ਅੱਟਣ ਅਤੇ ਜ਼ਖਮ ਅਪਣੇ ਬੱਚਿਆਂ ਨੂੰ ਫ਼ਖਰ ਨਾਲ ਦਿਖਾਇਆ ਕਰਦਾ ਤੇ ਕਹਿੰਦਾ – ਇਹ ਮੇਰੇ ਗਰੀਬੀ ਦੇ ਤਮਗੇ ਨੇ ਮੇਰੇ ਬੱਚਿਓ।
ਫਰਾਂਜ਼ ਅਪਣੇ ਪਿਤਾ ਨਾਲ ਸਾਰੀ ਉਮਰ ਰਾਜ਼ੀਨਾਵਾਂ ਨਾ ਕਰ ਸਕਿਆ। ਉਸਨੂੰ ਇਤਰਾਜ਼ ਸੀ, ”ਪਰਿਵਾਰ ਵਿਚ ਪਹਿਲਾ ਬੱਚਾ ਸਾਲ ਦਾ ਸੀ ਤਾਂ ਦੂਜਾ ਪੈਦਾ ਹੋ ਗਿਆ। ਪਹਿਲੇ ਨੂੰ ਉਸੇ ਵਕਤ ਵੱਡਾ ਹੋਣ ਦਾ ਖਿਤਾਬ ਮਿਲ ਗਿਆ ਤੇ ਉਸ ਤੋਂ ਸਾਲ ਦੀ ਉਮਰੇ ਹੀ ਬਚਪਨ ਖੁੱਸ ਗਿਆ। ਮੈਨੂੰ ਮੇਰਾ ਬਚਪਨ ਕਦੇ ਨਾ ਮਿਲਿਆ। ਇਸ ਗੱਲ ਨੇ ਮੈਨੂੰ ਏਨਾ ਸਦਮਾ ਪੁਚਾਇਆ ਕਿ ਸਾਰੀ ਉਮਰ ਵਾਸਤਵ ਵਿਚ ਮੈਂ ਵੱਡਾ ਹੋਇਆ ਈ ਨਹੀਂ।
ਉਸਨੇ ਅਪਣੇ ਕਰੋਧੀ ਪਿਤਾ ਨੂੰ 25 ਸਾਲ ਦੀ ਉਮਰ ਵਿਚ ਲੰਮਾ ਖ਼ਤ ਲਿਖਿਆ ਜੋ ਹੁਣ ਪ੍ਰਕਾਸ਼ਿਤ ਮਿਲਦਾ ਹੈ, ‘ਪੁੱਤਰ ਦਾ ਪਿਤਾ ਨੂੰ ਖ਼ਤ’, ਮਾਂ ਨੂੰ ਦੇ ਆਇਆ। ਮਾਂ ਨੇ ਕਦੀ ਪਿਤਾ ਨੂੰ ਨਹੀਂ ਪੜ੍ਹਾਇਆ। ਹੁਣ ਤੁਸੀਂ ਇਹ ਖ਼ਤ ਪੜ੍ਹੋ ਤਾਂ ਤੁਹਾਨੂੰ ਲੱਗੇਗਾ ਇਕ ਬੰਦੇ ਵਲੋਂ ਦਰਅਸਲ ਰੱਬ ਵੱਲ ਲਿਖਿਆ ਖਤ ਹੈ ਇਹ। ਇਹ ਫਰਾਂਜ਼ ਦਾ ਪਿਤਾ ਹਰਮਨ ਨਹੀਂ, ਪੁਰਾਣੀ ਇੰਜੀਲ ਦਾ ਗੁਸੈਲਾ ਅਤੇ ਈਰਖਾਲੂ ਯਾਹੋਵਾ (ਰੱਬ) ਹੈ ਜੋ ਅਸਮਾਨ ਵਿਚ ਗੱਜਦਿਆਂ ਆਖਦਾ ਹੈ – ਮੇਰੇ ਬੋਲ ਨਾ ਮੰਨੋਗੇ ਤਾਂ ਸੱਭਿਅਤਾਵਾਂ ਗਰਕ ਕਰਾਂਗਾ।
ਕਾਫ਼ਕਿਆਂ ਦੀ ਮਾਂ ਬੋਲੀ ਚੈਕੱ ਸੀ। ਸਕੂਲ ਦੀ ਵਿਦਿਆ ਜਰਮਨ ਮਾਧਿਅਮ ਵਿਚ ਦਿੱਤੀ ਜਾਂਦੀ ਸੀ। ਬੇਸ਼ਕ ਬਚਪਨ ਵਿਚ ਹੀ ਪਿਤਾ ਹਰਮਨ ਸੁਹਣੀ ਜਰਮਨ ਬੋਲਣੀ ਸਿਖ ਗਿਆ ਸੀ ਪਰ ਕਿਹਾ ਕਰਦਾ – ਇਹਦੀਆਂ ਬਰੀਕੀਆਂ ਦਾ ਪਤਾ ਨੀ ਲਗਦਾ। ਦੁਖ ਸੁਖ, ਚੈਕੱ ਵਿਚ ਠੀਕ ਤਰੀਕੇ ਕਰ ਸਕਦਾ ਹਾਂ। ਚੌਦਾਂ ਸਾਲ ਦੀ ਉਮਰ ਵਿਚ ਉਹ ਕਾਰੋਬਾਰ ਵਿਚ ਲੱਗ ਗਿਆ। ਕਾਰੋਬਾਰ ਕੀ ਸੀ, ਰੋਜ਼ ਵਰਤੋਂ ਦੀਆਂ ਚੀਜ਼ਾਂ ਵੇਚਣ ਲਈ ਗਲੀਆਂ ਵਿਚ ਹੋਕਾ ਲਾਉਂਦਾ। ਸਿਗਮੰਡ ਫਰਾਇਡ ਤਿੰਨ ਸਾਲ ਦਾ ਸੀ ਜਦੋਂ ਉਸ ਦਾ ਪਿਉ ਦੀਵਾਲੀਆ ਹੋ ਗਿਆ ਸੀ। ਯਹੂਦੀਆਂ ਲਈ ਬਹੁਤ ਮਾੜੇ ਦਿਨ ਸਨ।
ਫਰਾਂਜ਼ ਦਾ ਨਾਨਾ ਹਿਬਰੂ ਤੋਂ ਜਾਣੂ ਪੱਕਾ ਧਰਮੀ ਯਹੂਦੀ ਸੀ। ਅੰਮ੍ਰਿਤ ਵੇਲੇ ਇਸ਼ਨਾਨ ਉਸਦਾ ਨਿਤਨੇਮ ਸੀ। ਸਰਦੀਆਂ ਵਿਚ ਉਹ ਦਰਿਆ ਦੀ ਜੰਮੀ ਬਰਫ਼ ਵਿਚ ਮੋਘਾ ਕਰਕੇ ਇਸ਼ਨਾਨ ਕਰਦਾ। ਕਿਤਾਬਾਂ ਦੀਆਂ ਕਤਾਰਾਂ ਘਰ ਵਿਚ ਸਜੀਆਂ ਹੁੰਦੀਆਂ। ਜੂਲੀ ਮਾਂ ਅਪਣੇ ਪਤੀ ਨੂੰ ਪਸੰਦ ਕਰਦੀ ਹੋਵੇ, ਅਜਿਹੀ ਕੋਈ ਗੱਲ ਨਹੀਂ, ਕਿਹਾ ਕਰਦੀ ਸੀ – ਘਰ ਤਦ ਵਸਣਗੇ ਜੇ ਔਰਤ ਸਬਰ ਸ਼ੁਕਰ ਵਾਲੀ ਹੋਵੇਗੀ। ਕਦੀ ਕਦਾਈਂ ਇਕੱਲੀ ਬਹੁਤ ਰੋਂਦੀ। ਬੜੀ ਸਖਤ ਮੁਸ਼ੱਕਤ ਕਰਦੀ। ਤਿੰਨ ਜੁਲਾਈ 1883 ਨੂੰ ਜੂਲੀ ਨੇ ਸਿਹਤਵੰਦ ਬੱਚੇ ਨੂੰ ਜਨਮ ਦਿੱਤਾ। ਬਾਦਸ਼ਾਹ ਫਰਾਂਜ਼ ਜੋਸਫ਼ ਦੀ ਹਕੂਮਤ ਸੀ, ਸੋ ਨਾਮ ਰੱਖਿਆ ਫਰਾਂਜ਼ ਕਾਫਕਾ। ਦਸ ਜੁਲਾਈ ਨੂੰ ਸੁੰਨਤ ਕੀਤੀ। ਹਨੇਰੇ ਤੰਗ ਕਮਰੇ, ਕੋਲਿਆਂ ਦੇ ਧੂਏਂ ਦੀ ਬੂ, ਬੰਦ ਕਮਰਿਆਂ ਦੀ ਬੂ, ਮੋਮਬੱਤੀ ਦੀ ਰੋਸ਼ਨੀ ਤੋਂ ਪਰੇ ਭੂਤ ਖੜਕਾ ਕਰ ਰਹੇ ਹਨ ਕਿ ਚੂਹੇ, ਪਤਾ ਨਹੀਂ। ”ਯਹੂਦੀਆਂ ਨੂੰ ਕਤਲ ਕਰੋ,’’ ਨਾਅਰੇ ਜੇ ਨਾ ਵੀ ਗੁੂੰਜਦੇ ਤਾਂ ਵੀ ਡਰੇ ਹੋਏ ਯਹੂਦੀਆਂ ਦੇ ਕੰਨਾ ਵਿਚ ਗੂੰਜਦੇ ਰਹਿੰਦੇ।
ਪਿਤਾ ਦਾ ਮਨ ਅਤੇ ਸਰੀਰ ਘਰ ਦੀ ਥਾਂ ਦੁਕਾਨ ਵਿਚ ਰਹਿੰਦੇ। ਸਖਤ ਮਿਹਨਤ ਰੰਗ ਲਿਆਈ। ਪਰਚੂਨ ਦੀ ਥਾਂ ਥੋਕ ਦਾ ਵਪਾਰੀ ਹੋ ਗਿਆ। ਬਚਪਨ ਵਿਚ ਹੀ ਪਿਤਾ ਸਿੱਖ ਗਿਆ ਸੀ ਕਿ ਜੀਹਦੀ ਕੋਠੀ ਚ ਦਾਣੇ ਉਹਦੇ ਕਮਲੇ ਵੀ ਸਿਆਣੇ, ਪਰ ਇਹ ਗੱਲ ਉਹ ਅਪਣੇ ਚਾਰੇ ਬੱਚਿਆਂ, ਪੁੱਤਰ ਫਰਾਂਜ਼ ਤੇ ਤਿੰਨ ਧੀਆਂ ਨੂੰ ਕਦੀ ਨਾ ਸਿਖਾ ਸਕਿਆ। ਕਿਹਾ ਕਰਦਾ – ਪੈਸਾ ਜੇ ਖੁਸ਼ੀਆਂ ਨੀ ਲਿਆਉਂਦਾ, ਓ ਮੂਰਖੋ ਦਾਲ ਰੋਟੀ, ਮੱਖਣ, ਸੁਹਣੇ ਕੱਪੜੇ, ਮਕਾਨ ਤੇ ਕਿਤਾਬਾਂ ਤਾਂ ਲਿਆਉਂਦਾ ਈ ਐ। ਪੈਸਾ ਹੋਰ ਕੀ ਕਰੇਗਾ? ਇਕ ਜਾਨਵਰ ਨੂੰ ਬੰਦਾ ਤਾਂ ਬਣਾ ਈ ਦਿੰਦੈ ਇਹ, ਫੇਰ ਬੰਦੇ ਨੂੰ ਤਾਕਤ ਦਿੰਦੈ, ਸ਼ਾਨ ਦਿੰਦੈ, ਸਲਾਮਾਂ ਹੁੰਦੀਆਂ ਨੇ। ਹੋਰ ਕੀ ਚਾਹੀਦੈ ਬਈ?
ਬੱਤੀ ਸਾਲ ਦੀ ਉਮਰ ਵਿਚ ਕਾਫ਼ਕਾ ਲਿਖਦੈ, ”ਬਚਪਨ ਵਿਚ ਪਿਤਾ ਨੇ ਮੇਰੇ ਵਿਰੁੱਧ ਯੁੱਧ ਲੜਿਆ ਤੇ ਮੈਨੂੰ ਹਰਾ ਦਿੱਤਾ। ਹੁਣ ਤੱਕ ਮੈਦਾਨਿ ਜੰਗ ਵਿਚ ਬਾਰ ਬਾਰ ਮੈਂ ਪਿਤਾ ਤੋਂ ਮਾਰ ਖਾ ਰਿਹਾਂ।’’
ਕਾਫ਼ਕਾ ਪਿਛੋਂ ਦੋ ਬੇਟੇ ਪੈਦਾ ਹੋਏ, ਦੋਵੇਂ ਮਰ ਗਏ। ਪਹਿਲੇ ਦੀ ਮੌਤ ਵੇਲੇ ਫਰਾਂਜ਼ ਚਾਰ ਸਾਲ ਦਾ ਸੀ ਤੇ ਦੂਜੇ ਦੀ ਮੌਤ ਵੇਲੇ ਪੰਜ ਸਾਲ ਦਾ। ਅਸਾਧਾਰਣ ਬੁੱਧੀ ਦਾ ਮਾਲਕ ਤਾਂ ਇਹ ਬੱਚਾ ਹੈ ਹੀ ਸੀ, ਤਿੰਨ ਵਿਚੋਂ ਦੋ ਪੁੱਤਰਾਂ ਦੀ ਮੌਤ ਵੇਲੇ ਮਾਪਿਆਂ ਦੀ ਸੰਗੀਨ ਹਾਲਤ ਨੇ ਇਸ ਦੇ ਦਿਲ ਦਿਮਾਗ ਉਪਰ ਵਡੀ ਸੱਟ ਮਾਰੀ। ਇੱਥੇ ਉਸਦਾ ਵਜੂਦ ਜੰਮ ਗਿਆ ਜੋ ਸਾਰੀ ਉਮਰ ਨਾ ਪੰਘਰਿਆ। ਦਸ ਸਾਲ ਦੀ ਉਮਰ ਪਿਛੋਂ ਇਕ ਤੋਂ ਬਾਦ ਇਕ, ਉਸ ਦੀਆਂ ਤਿੰਨ ਭੈਣਾ ਨੇ ਜਨਮ ਲਿਆ। ਮਾਪੇ ਦੁਕਾਨ ‘ਤੇ ਕੰਮ ਕਰਦੇ ਤੇ ਨੌਕਰ ਜਾਂ ਨੌਕਰਾਣੀ ਬੱਚਿਆਂ ਕੋਲ ਰਹਿੰਦੇ। ਇਨ੍ਹਾਂ ਦਸ ਸਾਲਾਂ ਵਿਚ ਭੁਗਤਿਆ ਉਦਰੇਵਾਂ ਉਸ ਦੇ ਲਫ਼ਜ ਲਫਜ਼ ਵਿਚ ਦਿਸਦਾ ਹੈ। ਪਾਠਕੋ, ਇਥੇ ਇਹ ਕਹਿਣਾ ਠੀਕ ਨਹੀਂ ਕਿ ਗੋਰਕੀ ਵੀ ਤਾਂ ਯਤੀਮ ਸੀ, ਫਲਾਣਾ ਬੱਚਾ ਵੀ ਤਾਂ ਇੱਕਲਤਾ ਦਾ ਸ਼ਿਕਾਰ ਰਿਹਾ ਪਰ ਕੋਈ ਅਸਰ ਨਹੀਂ ਹੋਇਆ। ਕਿਸ ਬੰਦੇ ਉਪਰ ਗੱਲ ਕਿੰਨਾ ਅਸਰ ਕਰਦੀ ਹੈ, ਨਿਸ਼ਚਿਤ ਕਰਨ ਲਈ ਕੋਈ ਪੈਮਾਨਾ ਨਹੀਂ। ਬੁੱਢਾ, ਅਰਥੀ ਅਤੇ ਸਾਧ ਸਭਨਾਂ ਨੇ ਦੇਖੇ ਹਨ, ਕੋਈ ਅਸਰ ਨਹੀਂ ਹੁੰਦਾ। ਕਪਿਲਵਸਤੂ ਦਾ ਸਿਧਾਰਥ ਅਸਰ ਕਬੂਲਦਾ ਹੈ ਤੇ ਨਵਾਂ ਧਰਮ ਸਿਰਜਦਾ ਹੈ। ਬੜੇ ਥਾਂ ਕਾਇਦਾ ਕਾਨੂੰਨ ਚਲਦਾ ਨਹੀਂ।
ਬਾਦਸ਼ਾਹ ਜੋਜ਼ਫ਼ ਦੂਜੇ ਨੇ 1782 ਵਿਚ ਕਾਨੂੰਨ ਪਾਸ ਕਰ ਦਿਤਾ ਕਿ ਧਰਮ ਆਧਾਰਤ ਵਿਤਕਰਾ ਖਤਮ। ਯਹੂਦੀ ਸਭ ਕੁਝ ਦੇ ਬਰਾਬਰ ਹੱਕਦਾਰ ਹਨ। ਇਸੇ ਸਾਲ ਐਲਾਨ ਹੋਇਆ ਕਿ ਸੈਕੁਲਰ ਸਕੂਲ ਖੋਲ੍ਹੇ ਜਾਣਗੇ ਤੇ ਵਿਦਿਆ ਦਾ ਮਾਧਿਅਮ ਜਰਮਨ ਹੋਇਗੀ। ਜਿਹੜੇ ਇਨ੍ਹਾਂ ਸਕੂਲਾਂ ਵਿਚ ਨਹੀਂ ਪੜ੍ਹਨਗੇ, ਵਿਆਹ ਵਾਸਤੇ ਰਜਿਸਟਰ ਨਹੀਂ ਕੀਤੇ ਜਾਣਗੇ। ਯਹੂਦੀ ਸੰਕਟਗ੍ਰਸਤ ਹੋ ਗਏ। ਇਕ ਪਾਸੇ ਖੁਸ਼ ਸਨ ਕਿ ਵਿਤਕਰਾ ਖਤਮ। ਦੂਜੇ ਪਾਸੇ ਉਦਾਸ ਕਿ ਸਾਡੀ ਭਾਸ਼ਾ, ਧਰਮ, ਸਭਿਆਚਾਰ ਨਸ਼ਟ ਹੋ ਜਾਏਗਾ। ਯਹੂਦੀਆਂ ਦਾ ਰੋਹ ਦੇਖਦਿਆਂ ਸਰਕਾਰ ਨੇ ਫੈਸਲਾ ਕੀਤਾ ਕਿ ਯਹੂਦੀ ਬਹੁ-ਗਿਣਤੀ ਵਾਲੇ ਸਕੂਲਾਂ ਵਿਚ 4 ਘੰਟੇ ਸੈਕੁਲਰ ਵਿਦਿਆ ਵਾਸਤੇ ਹੋਣਗੇ, ਬਾਕੀ ਟਾਈਮ ਟੇਬਲ ਵਿਚ ਉਹ ਅਪਣਾ ਧਰਮ ਪੜ੍ਹ ਪੜ੍ਹਾਇਆ ਕਰਨ। 15 ਸਤੰਬਰ 1889 ਨੂੰ ਨੌਕਰਾਣੀ ਫ਼ਰਾਂਜ਼ ਨੂੰ ਇਕ ਘਟੀਆ ਜਿਹੇ ਸਕੂਲ ਵਿਚ ਦਾਖਲ ਕਰਵਾ ਆਈ। ਮਹੀਨੇ ਬਾਦ ਵੱਡੀ ਭੈਣ ਐਲੀ ਦਾ ਜਨਮ ਹੋਇਆ ਤੇ ਇਸੇ ਸਾਲ ਹਿਟਲਰ, ਬਹੁਤ ਬੀਮਾਰ ਬੱਚਾ, ਪੈਦਾ ਹੋਇਆ ਜਿਸ ਬਾਰੇ ਡਾਕਟਰਾਂ ਦੀ ਰਾਇ ਸੀ ਕਿ ਬਚੇਗਾ ਨਹੀਂ। ਬਚ ਗਿਆ।
ਉਹਨੇ ਆਮ ਬੱਚਿਆਂ ਤੋਂ ਵਧੀਕ ਨਫ਼ਰਤ ਕੀਤੀ ਸਕੂਲ ਨੂੰ। ਉਨ੍ਹਾਂ ਦਿਨਾਂ ਨੂੰ ਜਦੋਂ ਉਹ ਛੇ ਸਾਲ ਦਾ ਸੀ, ਯਾਦ ਕਰਦਿਆਂ ਲਿਖਦਾ ਹੈ, ”ਮੈਨੂੰ ਕਦੀ ਯਕੀਨ ਨਹੀਂ ਸੀ ਆਇਆ ਕਿ ਮੈਂ ਪਹਿਲੀ ਕਲਾਸ ਵਿਚੋਂ ਪਾਸ ਹੋ ਜਾਵਾਂਗਾ। ਦਹਿਲ ਪਿਆ ਰਹਿੰਦਾ। ਪਾਸ ਤਾਂ ਹੋਇਆ ਹੀ, ਇਨਾਮ ਮਿਲ ਗਿਆ ਖਾਹਮਖਾਹ। ਵਿਸ਼ਵਾਸ ਨਹੀਂ ਸੀ ਦਸਵੀਂ ਹੋ ਜਾਵੇਗੀ, ਕਰ ਗਿਆ। ਫਿਰ ਸੋਚਦਾ ਬਾਰ੍ਹਵੀਂ ਕੌਣ ਪਾਸ ਕਰਾਊ? ਫੇਲ੍ਹ ਹੋਣ ਦੀ ਚਿੰਤਾ ਵਿਚੋਂ ਕਦੀ ਨਾ ਨਿਕਲਿਆ। ਮੈਨੂੰ ਲਗਦਾ ਇਹ ਕਲਾਸਾਂ ਤਾਂ ਔਖੇ ਸੌਖੇ ਪਾਸ ਕਰੀ ਜਾਨਾ ਪਰ ਆਖਰ, ਐਨ ਸਿਖਰ ਤੋਂ ਡਿਗਾਂਗਾ ਹੇਠ। ਮੈਨੂੰ ਡਰਾਉਣੇ ਸੁਫ਼ਨੇ ਆਉਂਦੇ।
”ਹਰ ਰੋਜ਼ ਨੌਕਰਾਣੀ ਸਵੇਰ ਸਾਰ ਸਕੂਲ ਛੱਡਣ ਜਾਂਦੀ। ਪੀਲਾ ਰੰਗ, ਪਤਲੀ, ਗੱਲ੍ਹਾਂ ਤੇ ਅੱਖਾਂ ਅੰਦਰ ਧਸੀਆਂ ਹੋਈਆਂ। ਉਹ ਮੈਨੂੰ ਵੱਖਰੀ ਤਰਾਂ ਡਰਾਉਂਦੀ, ਕਿਹਾ ਕਰਦੀ – ਤੇਰੇ ਟੀਚਰ ਨੂੰ ਦੱਸਾਂਗੀ ਘਰ ਤੂੰ ਕੀ ਕੀ ਸ਼ਰਾਰਤਾਂ ਕਰਦੈਂ, ਫੇਰ ਦੇਖਾਂਗੀ ਤੇਰਾ ਕੀ ਬਣਦੈ। ਮੈਂ ਸ਼ਰਾਰਤੀ ਨਹੀਂ, ਜ਼ਿੱਦੀ ਸਾਂ, ਆਲਸੀ ਸਾਂ, ਤਲਖ ਸਾਂ, ਭਾਵ ਕਿ ਉਹ ਤੰਗ ਆ ਹੀ ਜਾਂਦੀ ਤੇ ਮਾਸਟਰ ਤੋਂ ਕੁਟਵਾਉਣ ਲਈ ਇਹ ਮਸਾਲਾ ਕਾਫ਼ੀ ਹੁੰਦਾ। ਬੜਾ ਡਰਦਾ। ਪਰ ਇਕ ਦਿਨ ਮੈਂ ਉਹ ਨੂੰ ਕਹਿ ਹੀ ਦਿੱਤਾ – ਤੈਨੂੰ ਚੰਗੀ ਤਰ੍ਹਾਂ ਪਤੈ ਮਾਸਟਰ ਕਿੱਡੀ ਮਹਾਨ ਚੀਜ਼ ਹੁੰਦੈ। ਤੇਰੇ ਵਰਗੀ ਅਨਪੜ ਤੇ ਵਾਹਯਾਤ ਕੁੜੀ ਮਾਸਟਰ ਨਾਲ ਗੱਲ ਕਰ ਈ ਨੀ ਸਕਦੀ। ਮਾਸਟਰ ਤੋਂ ਸਾਰਾ ਜਹਾਨ ਡਰਦੈ। ਫ਼ਰਿਸ਼ਤੇ ਵੀ। ਹੌਸਲੈ ਤਾਂ ਗਲ ਕਰ ਕੇ ਦਿਖਾ। ਗੁੱਸੇ ਵਿਚ ਉਹ ਬੋਲੀ – ਮੈਂ ਤੇਰੀ ਇਹ ਗੱਲ ਵੀ ਦੱਸਾਂਗੀ। ਮੈਂ ਹੋਰ ਡਰ ਜਾਂਦਾ। ਸਕੂਲ ਤਾਂ ਪਹਿਲਾਂ ਹੀ ਭੈੜਾ ਸੀ, ਇਹ ਨੌਕਰਾਣੀ ਹੋਰ ਵੀ ਵਡਾ ਨਰਕ ਬਣਾ ਕੇ ਛਡਦੀ। ਫ਼ੇਰ ਮੈਂ ਉਹ ਤੋਂ ਮਾਫ਼ੀਆਂ ਮੰਗਣ ਲਗਦਾ। ਗਿੜਗਿੜਾਉਂਦਾ। ਉਹ ਹੋਰ ਸ਼ੇਰਨੀ ਹੋ ਜਾਂਦੀ। ਮੈਂ ਆਖ਼ਰੀ ਦਾਉ ਲਾਉਂਦਿਆਂ ਆਖਦਾ – ਠੀਕ ਹੈ ਫੇਰ। ਤੂੰ ਮਾਸਟਰ ਤੋਂ ਮੈਨੂੰ ਕੁਟਵਾ। ਮੈਂ ਤੈਨੂੰ ਪਿਤਾ ਤੋਂ ਕੁਟਵਾਵਾਂਗਾ। ਉਹ ਉਚੀ ਉਚੀ ਹਸਦੀ। ਉਹਨੂੰ ਪਕਾ ਪਤਾ ਸੀ ਕਿ ਬਾਪੂ ਫਰਾਂਜ਼ ਨੂੰ ਕੁਟ ਸਕਦੈ ਨੌਕਰਾਣੀ ਨੂੰ ਨਹੀਂ। ਡਰ ਕੇ ਮੈਂ ਲੋਕਾਂ ਦੀਆਂ ਬਾਰੀਆਂ ਨਾਂਲ, ਰਾਹ ਦੇ ਦਰਖਤਾਂ ਨਾਲ ਚਿੰਬੜਦਾ ਜਾਂਦਾ। ਉਸਦਾ ਕਮੀਜ਼ ਖਿੱਚ ਲੈਂਦਾ, ਬੈਠ ਜਾਂਦਾ, ਉਹ ਬਾਹਾਂ ਤੋਂ ਫੜ ਕੇ ਧੂਈ ਜਾਂਦੀ। ਸਕੂਲ ਅਜੇ ਦੂਰ ਹੁੰਦਾ ਪਰ ਸਕੂਲ ਲੱਗਣ ਦੀ ਘੰਟੀ ਵੱਜਣ ਲਗਦੀ। ਫੇਰ ਅਸੀਂ ਦੋਵੇਂ ਸਕੂਲ ਵੱਲ ਤੇਜ਼ ਦੌੜਦੇ। ਦੌੜਦੀ ਦੌੜਦੀ ਉਹ ਕਹਿੰਦੀ ਚਲੋ ਕੋਈ ਗੱਲ ਨੀਂ, ਅੱਜ ਨਹੀਂ ਤਾਂ ਨਾ ਸਹੀ ਕੱਲ੍ਹ ਨੂੰ ਸ਼ਿਕਾਇਤ ਲਾਵਾਂਗੀ। ਉਹਨੇ ਕਦੇ ਸ਼ਿਕਾਇਤ ਨਹੀਂ ਲਾਈ ਪਰ ਮੈਂ ਸਦਾ ਡਰਿਆ ਰਹਿੰਦਾ – ਸ਼ਿਕਾਇਤ ਲਾ ਸਕਦੀ ਹੈ ਇਹ।’’
ਜੁਲਾਈ 1910 ਵਿਚ ਜਦੋਂ ਉਹ ਲਾਅ ਵਿਚ ਡਾਕਟਰੇਟ ਕਰ ਚੁਕਾ ਸੀ, ਉਦੋਂ ਵੀ ਲਿਖਦੈ – ਸਾਰਾ ਜਹਾਨ ਮੈਨੂੰ ਡਰਾਉਣ ਲਈ ਬਣਿਆ ਹੈ। ਮਾਮੂਲੀ ਨੌਕਰਾਣੀ ਤੋਂ ਲੈ ਕੇ ਮਾਪੇ, ਮਾਸਟਰ, ਰਿਸ਼ਤੇਦਾਰ, ਕਈ ਲੇਖਕ, ਮੇਰੀ ਨੌਕਰੀ ਵੇਲੇ ਕੰਪਨੀ ਦੇ ਮਾਲਕ ਸਾਰੇ ਹੀ ਦਹਿਲ ਪਾਈ ਰਖਦੇ। ਮੇਰਾ ਕੋਈ ਹਮਦਰਦ ਨਹੀਂ ਸੀ। ਉਸਦੀਆਂ ਬਚਪਨ ਦੀਆਂ ਫੋਟੋਆਂ ਦੇਖੋ। ਉਸਦੀਆਂ ਅੱਖਾਂ ਬੇਚੈਨ ਹਨ ਅਤੇ ਦਰਸ਼ਕ ਨੂੰ ਬੇਚੈਨ ਕਰਦੀਆਂ ਹਨ। ਉਹਨੂੰ ਪਤਾ ਨਹੀਂ ਲਗਦਾ ਕਦੋਂ ਉਸ ਨਾਲ ਕੌਣ ਕੀ ਦੁਰ ਵਿਹਾਰ ਕਰੇਗਾ। ਕਾਫ਼ਕਾ ਜੋ ਮਰਜ਼ੀ ਕਹੇ, ਉਹ ਪੜ੍ਹਾਈ ਵਿਚ ਹੁਸ਼ਿਆਰ ਸੀ, ਰੱਟੇ ਮਾਰਨ ਵਿਚ ਵੀ ਪ੍ਰਬੀਨ, ਮੋਟੀਆਂ ਰਕਮਾਂ, ਪਹਾੜੇ, ਇਤਿਹਾਸ ਦੀਆਂ ਤਰੀਕਾਂ ਨੂੰ ਘੋਟਾ ਮਾਰਦਾ, ਜਦੋਂ ਮਰਜੀ ਪੁੱਛ ਲਉ, ਦੱਸ ਦਏਗਾ, ਪਰ ਇਉਂ ਜਿਵੇਂ ਦਿਲ ਦਿਮਾਗ ਤੋਂ ਬਾਈਪਾਸ ਹੋਵੇ ਉਹਦੀ ਯਾਦ ਦਾਸ਼ਤ, ਇਕ ਦਮ ਮਕਾਨਕੀ। ਜਮਾਤੀ ਉਹਦਾ ਆਦਰ ਕਰਦੇ, ਮਾਸਟਰਾਂ ਨੂੰ ਉਹ ਚੰਗਾ ਲਗਦਾ। ਹਿਊਗੋ ਬਰਗਮਾਨ ਤੇ ਮੈਕਸ ਬਰੋਦ ਦੀ ਕਾਫਕਾ ਨਾਲ ਦੋਸਤੀ ਸੰਸਾਰ ਦੀਆਂ ਯਾਦਗਾਰੀ ਦੋਸਤੀਆਂ ਵਿਚ ਰੱਖਣਯੋਗ ਹਨ।
ਸਕੂਲ ਵਿਚੋਂ ਕਾਲਜ ਭੇਜਣ ਲਈ ਸਖਤ ਇਮਤਿਹਾਨ ਲਏ ਗਏ। ਕਾਫਕਾ ਉਨ੍ਹਾਂ 24 ਮੁੰਡਿਆਂ ਵਿਚੋਂ ਇੱਕ ਸੀ ਜਿਹੜੇ 83 ਬੱਚੇ ਟੈਸਟਾਂ ਵਿਚ ਬੈਠੇ ਸਨ। ਉਹਨੂੰ ਵਧੀਆ ਕਾਲਜ ਵਿਚ ਦਾਖਲਾ ਮਿਲਿਆ ਪਰ ਹਰ ਟੈਸਟ ਉਸ ਲਈ ਇਉਂ ਹੁੰਦਾ ਜਿਵੇਂ ਪਰਲੋਂ ਦੇ ਦਿਨ ਰੱਬ ਇਕ ਇਕ ਨੂੰ ਖੜ੍ਹਾ ਕਰਕੇ ਜ਼ਿੰਦਗੀ ਦਾ ਹਿਸਾਬ ਮੰਗੇ। ਜਦੋਂ ਉਹ ਟੈਸਟ ਪਾਸ ਕਰ ਜਾਂਦਾ ਤਾਂ ਸੋਚਦਾ – ਇਕ ਵਾਰੀ ਫੇਰ ਜੱਜਾਂ ਨੂੰ ਧੋਖਾ ਦੇਣ ਵਿਚ ਕਾਮਯਾਬ ਹੋ ਗਿਆ ਹਾਂ। ਪਰ ਸਾਰੇ ਧੋਖੇ ਜਦੋਂ ਫੜੇ ਜਾਣਗੇ ਉਦੋਂ ਸਜ਼ਾ ਕਿੰਨੀ ਇਕੱਠੀ ਹੋ ਜਾਵੇਗੀ, ਕੀ ਬਣੂੰਗਾ ਫੇਰ? ਏਸ ਭੂਚਾਲ ਵੱਲੋਂ ਮੈਂ ਅੱਖਾਂ ਬੰਦ ਕਿਵੇਂ ਕਰ ਸਕਦਾਂ?
ਜਰਮਨ, ਚੈਕੱ ਬੋਲੀ ਨੂੰ ਅਤੇ ਯਹੂਦੀਆਂ ਨੂੰ ਉਸੇ ਤਰ੍ਹਾਂ ਨਫ਼ਰਤ ਕਰਦੇ ਸਨ ਜਿਵੇਂ ਮੱਧ ਕਾਲੀ ਮੁਗਲ, ਹਿੰਦੂਆਂ ਨੂੰ। ਅਦਨ ਦੇ ਬਾਗ ਦਾ ਵਰਜਿਤ ਫਲ ਏਡਾ ਵਡਾ ਅਪਰਾਧ ਨਹੀਂ ਸੀ ਜਿੱਡਾ ਯਹੂਦੀਆਂ ਹੱਥੋਂ ਯੱਸੂ ਦਾ ਕਤਲ। ਹਰੇਕ ਕੁਦਰਤੀ ਆਫ਼ਤ ਦਾ ਕਾਰਨ ਯਹੂਦੀਆਂ ਦੇ ਕੁਕਰਮਾ ਕਰਕੇ ਜਾਣਿਆ ਜਾਂਦਾ ਤੇ ਭੀੜਾਂ ਯਹੂਦੀ ਬਸਤੀਆਂ (ਗੇਟੋ) ਉਪਰ ਹਥਿਆਰ ਲੈਕੇ ਟੁੱਟ ਪੈਂਦੀਆਂ। ਉਨ੍ਹਾਂ ਦੀਆਂ ਦੁਕਾਨਾਂ ਦਾ ਕੇਵਲ ਬਾਈਕਾਟ ਨਹੀਂ, ਸਗੋਂ ਸਾਮਾਨ ਲੁੱਟ ਲਿਆ ਜਾਂਦਾ, ਅਗਜ਼ਨੀ ਹੁੰਦੀ। ਪਲੇਗ ਪੈ ਗਈ, ਇਸਦੇ ਜਿੰਮੇਵਾਰ ਵੀ ਯਹੂਦੀ, ਕੋਈ ਕੁੜੀ ਨੱਸ ਗਈ, ਇਸ ਪਿਛੇ ਯਹੂਦੀ। ਅਜਿਹੀ ਆਬੋ ਹਵਾ ਵਿਚ ਆਮ ਬੰਦਾ ਵੀ ਘੁਟਣ ਦਾ ਸ਼ਿਕਾਰ ਸੀ, ਕਾਫ਼ਕਾ ਤਾਂ ਫ਼ਿਰ ਕਾਫਕਾ ਸੀ ਆਖਰ। ਮਿਲੇਨਾ ਨੂੰ ਖ਼ਤ ਵਿਚ ਲਿਖਦਾ ਹੈ – ਕਲਾਸ-ਰੂਮ ਵਿਚ ਮਾਸਟਰ ਅਗੇ ਕੋਈ ਬਹਾਨਾ ਲਾਕੇ ਬਚ ਜਾਣਾ, ਜੀਵਨ ਵਿਚ ਬੇਇਨਸਾਫ਼ੀ ਦੇਖ ਕੇ ਅੱਖਾਂ ਬੰਦ ਕਰ ਲੈਣੀਆਂ, ਸੁਖੀ ਰਹਿਣ ਲਈ ਚੰਗਾ ਸਮਾਨ ਹੈ। ਇਸੇ ਤਰ੍ਹਾਂ, ਜੀਵਨ ਜੇ ਸੁਖਦਾਈ ਨਹੀਂ ਤਾਂ ਮੌਤ ਤਾਂ ਅਪਣੇ ਹੱਥ ਵਿਚ ਹੈ, ਜਦੋਂ ਮਰਜ਼ੀ ਅਨੰਤ ਹਨੇਰ ਵਿਚ ਕੁੱਦ ਪਵੋ ਤੇ ਸ਼ਾਂਤ ਹੋ ਜਾਉ। ਇਸ ਸਭ ਕੁੱਝ ਦੇ ਬਾਵਜੂਦ ਮੈਂ ਲਗਾਤਾਰ ਬੇਚੈਨੀ ਦਾ ਸ਼ਿਕਾਰ ਕਿਉਂ ਹਾਂ?
”ਸਕੂਲ ਤੋਂ ਬਾਦ ਮੰਦਰ ਬੋਰ ਕਰਦਾ। ਉਹੀ ਪੁਰਾਣੀ ਰਟ, ਉਹੋ ਰਾਗ ਰਾਗਣੀ, ਉਹੋ ਅਰਦਾਸ। ਪਾਠ ਨਹੀਂ, ਮੈਂ ਪਾਠ ਕਰਨ ਦਾ ਦਿਖਾਵਾ ਕਰਦਾ, ਊਂਘਦਾ ਰਹਿੰਦਾ। ਉਬਾਸੀਆਂ ਲੈਂਦਾ। ਧਿਆਨ ਕਿਤੇ ਦਾ ਕਿਤੇ ਹੁੰਦਾ। ਉਦੋਂ ਨਹੀਂ ਹੁਣ ਮੈਨੂੰ ਲਗਦਾ ਹੈ ਕਿ ਸਕੂਲ ਅਤੇ ਮੰਦਰ ਵਿਚ ਬੱਚਿਆਂ ਨੂੰ ਇਸ ਕਰਕੇ ਸਾਰਾ ਸਾਰਾ ਦਿਨ ਬਿਠਾਇਆ ਜਾਂਦਾ ਹੈ ਤਾਂ ਕਿ ਉਹ ਸਿੱਖ ਜਾਣ ਕਿ ਜੀਵਨ ਕਠੋਰ ਬੋਰੀਅਤ ਹੈ, ਉਸ ਵਕਤ ਇਸੇ ਤਰ੍ਹਾਂ ਚੁਪ ਚਾਪ ਅਨੁਸ਼ਾਸਨ ਵਿਚ ਰਹਿਣਾ ਹੈ, ਸ਼ਾਂਤ ਰਹਿਣਾ ਹੈ ਜਾਂ ਘੱਟੋ ਘੱਟ ਸ਼ਾਂਤ ਹੋਣ ਦਾ ਦਿਖਾਵਾ ਕਰਨਾ ਹੈ। ਇਸ ਪੱਖੋਂ ਇਹ ਟਰੇਨਿੰਗ ਮਾੜੀ ਵੀ ਨਹੀਂ। ਬਾਗ ਬਾਗ ਹੈ, ਜੰਗਲ ਜੰਗਲ ਹੈ। ਮੈਨੂੰ ਲਗਦਾ ਹੁੰਦਾ, ਮੰਦਰ ਅੰਦਰ ਜਾਕੇ ਮਕਾਰੀ ਕਰਨ ਨਾਲੋਂ ਨਾ ਜਾਣਾ ਵਧੀਕ ਪਵਿਤਰ ਬੰਦਗੀ ਹੈ। ਮੈਨੂੰ ਪਤਾ ਨਾ ਲਗਦਾ ਮੰਦਰ ਵਾਸਤੇ ਯਹੂਦੀ ਮਰਨ ਨੂੰ ਕਿਉਂ ਤਿਆਰ ਨੇ, ਕਤਲ ਹੋ ਜਾਣ ਨੂੰ ਬੇਚੈਨ ਪਰ ਮੰਦਰ ਬਚੇ, ਬੰਦੇ ਬਚਣ ਨਾ ਬਚਣ। ਹਰੇਕ ਯਹੂਦੀ ਨਫ਼ਰਤ ਤ੍ਰਿਸਕਾਰ ਦਾ ਸ਼ਿਕਾਰ ਹੋਣ ਕਾਰਨ ਦੁਖੀ ਹੈ। ਮੈਂ ਯਹੂਦੀ ਨਹੀਂ। ਪਰ ਮੈਂ ਕਿਉਂਕਿ ਦੁਖੀ ਹਾਂ। ਇਸ ਕਰਕੇ ਯਹੂਦੀ ਹੀ ਹੋਇਆ ਏਸ ਹਿਸਾਬ ?”
ਜਦੋਂ ਆਪਣੇ ਫੈਸਲੇ ਆਪ ਕਰਨ ਜੋਗਾ ਹੋਇਆ, ਉਹ ਕਦੀ ਮੰਦਰ ਨਹੀਂ ਗਿਆ, ਅਰਦਾਸ ਨਹੀਂ ਕੀਤੀ। ਹੈਰਾਨੀਜਨਕ ਤੱਥ ਇਹ ਕਿ ਉਹ ਮਾਰਕਸਵਾਦੀ ਨਹੀਂ ਸੀ। ਉਮਰ ਭਰ ਕਦੀ ਮਾਰਕਸਵਾਦ ਨੇ ਉਸਨੂੰ ਪ੍ਰਭਾਵਿਤ ਨਹੀਂ ਕੀਤਾ ਹਾਲਾਂ ਕਿ ਇਹ ਉਹ ਦਿਨ ਸਨ ਜਦੋਂ ਰੂਸ ਵਿਚ ਇਨਕਲਾਬ ਆ ਚੁੱਕਾ ਸੀ ਤੇ ਯੌਰਪ ਲਾਲ ਰੰਗ ਵਿਚ ਰੰਗਿਆ ਜਾਣ ਲੱਗਾ ਸੀ। ਕਾਫ਼ੀ ਹਾਊਸਾਂ ਵਿਚ ਉਹ ਕਾਮਰੇਡਾਂ ਦੇ ਵਿਚਾਰ ਸੁਣਦਾ, ਬਹਿਸਾਂ ਹੁੰਦੀਆਂ, ਉਸ ਉਪਰ ਕੋਈ ਅਸਰ ਨਾ ਹੁੰਦਾ। ਹੱਸ ਕੇ ਉਠ ਆਉਂਦਾ। ਯਾਰ ਬੇਲੀ ਉਸਨੂੰ ਖੱਬਾ ਸਾਹਿਤ ਪੜ੍ਹਨ ਲਈ ਦਿੰਦੇ। ਪੜ੍ਹਦਾ। ਪੜ੍ਹਨ ਤੋਂ ਵਧੀਕ ਤਾਂ ਉਹ ਕਿਸੇ ਗੱਲ ਵਿਚ ਗੰਭੀਰ ਨਹੀਂ ਸੀ। ਇਹ ਵਾਦ ਉਸਨੂੰ ਜਚਿਆ ਨਹੀਂ। ਜਦੋਂ ਉਸ ਦੀਆਂ ਕੁੱਝ ਲਿਖਤਾਂ ਛਪੀਆਂ ਤਾਂ ਸਭ ਤੋਂ ਪਹਿਲੀ ਗਾਲ ਕਾਮਰੇਡਾਂ ਨੇ ਕੱਢੀ। ਉਸਦੀ ਨਿਖੇਧੀ ਭਾਂਜਵਾਦੀ ਆਖ ਕੇ ਕੀਤੀ।
ਬਰਗਮਾਨ ਨੇ 1969 ਵਿਚ ਜੇਰੂਸਲਮ ਦੀ ਹਿਬਰੂ ਯੂਨੀਵਰਸਿਟੀ ਵਿਚ ਕਾਫਕਾ-ਨੁਮਾਇਸ਼ ਲਾਈ। ਉਸਨੇ ਉਥੇ ਕਵਿਤਾ ਦਾ ਉਹ ਬੰਦ ਰੱਖਿਆ ਜੋ 14 ਸਾਲ ਦੀ ਉਮਰ ਵਿਚ ਕਾਫਕਾ ਨੇ ਲਿਖਿਆ-
ਆਉਂਦਾ ਹੈ ਕੋਈ, ਤੁਰ ਜਾਣ ਲਈ।
ਮਿਲਾਪ ਝੂਠ, ਵਿਜੋਗ ਸੱਚ।
ਪੰਜ ਫੁੱਟ ਨੌ ਇੰਚ, ਅੱਠਵੀਂ ਕਲਾਸ ਵਿਚ ਉਹ ਸਭ ਤੋਂ ਲੰਮਾ ਮੁੰਡਾ ਸੀ। ਜੁਆਨ ਹੋਕੇ ਉਹ ਛੇ ਫੁੱਟ ਕੱਦ ਕੱਢ ਗਿਆ। ਉਸ ਦੀਆਂ ਲਿਸ਼ਕਦੀਆਂ ਅੱਖਾਂ ਵਿਚ ਸ਼ਰਮ ਸੀ, ਝਿਜਕ ਸੀ, ਬੇਚੈਨੀ ਸੀ ਅਤੇ ਸੁਫਨੇ ਸਨ। ਬਾਦ ਵਿਚ ਕਾਫਕਾ ਦਾ ਦੋਸਤ ਬਰਗਮਾਨ, ਹਿਬਰੂ ਯੂਨੀਵਰਸਿਟੀ ਦਾ ਵਾਈਸ-ਚਾਂਸਲਰ ਨਿਯੁਕਤ ਹੋਇਆ ਅਤੇ ਉਸਨੇ ਸੰਸਾਰ ਪ੍ਰਸਿੱਧ ਨੈਸ਼ਨਲ ਲਾਇਬਰੇਰੀ ਆਫ਼ ਇਜ਼ਰਾਈਲ ਸਥਾਪਤ ਕੀਤੀ। ਬਰਗਮਾਨ ਦਾ ਕਥਨ ਹੈ – ਜੁਆਨੀ ਵਿਚ ਉਹ ਮੇਰਾ ਤੇ ਮੇਰੇ ਯਹੂਦੀ ਧਰਮ ਦਾ ਮਜ਼ਾਕ ਉਡਾਇਆ ਕਰਦਾ ਸੀ। ਉਸ ਕੋਲ ਦਲੀਲਾਂ ਦੀਆਂ ਵਾਛੜਾਂ ਹੁੰਦੀਆਂ। ਮੈਂ ਖ਼ਾਮੋਸ਼ ਸੁਣਦਾ ਰਹਿੰਦਾ। ਪਰ ਉਮਰ ਦੇ ਅਖੀਰ ਵਿਚ ਉਹ ਯਹੂਦੀ ਹੋ ਗਿਆ ਸੀ। ਜੋ ਜੋ ਮੈਨੂੰ ਸੁੱਟ ਦੇਣ ਲਈ ਆਖਦਾ, ਕਾਫਕਾ ਨੇ ਅਖੀਰ, ਉਹ ਸਭ ਅਪਣੀ ਹਿੱਕ ਨਾਲ ਲਾ ਲਿਆ। ਉਹ ਬੇਅੰਤ ਸ਼ਰੀਫ ਸੀ ਪਰ ਸ਼ਬਦਾਂ ਦੀ ਵਰਤੋਂ ਵਕਤ ਜਲਾਦ ਹੋ ਜਾਂਦਾ। ਮੁਸਕਾ ਦੇ ਬੋਲਿਆ ਉਸਦਾ ਇਕ ਵਾਕ ਹੱਡ ਮਾਸ ਵਿਚੋਂ ਦੀ ਲੰਘ ਜਾਂਦਾ। ਪਰਸਪਰ ਪੱਕੇ ਵਿਰੋਧੀ ਵਿਚਾਰਾਂ ਨੂੰ ਉਹ ਦੋਵੇਂ ਹੱਥਾਂ ਵਿਚ ਫੜ ਕੇ ਖੇਡਦਾ ਤੇ ਲਹੂ ਲੁਹਾਣ ਹੁੰਦਾ।
ਮ ਮ ਮ
ਜਨਮਸਾਖੀ ਵਿਚ ਅੱਖਰ ਸ਼ਬਦ ਮੈਂ ਪਹਿਲੀ ਵਾਰ ਹਥਿਆਰ ਵਜੋਂ ਵਰਤਿਆ ਜਾਂਦਾ ਪੜ੍ਹਿਆ। ਭਾਈ ਮਰਦਾਨਾ, ਰੱਬ ਦੀ ਉਸਤਤ ਨਹੀਂ, ਗੁਰੂ ਨਾਨਕ ਦੇਵ ਜੀ ਦੀ ਉਸਤਤਿ ਗਾਉਣ ਲੱਗੇ। ਮਹਾਰਾਜ ਨੇ ਮਨ੍ਹਾਂ ਕੀਤਾ ਤਾਂ ਭਾਈ ਜੀ ਨੇ ਕਿਹਾ, ਮੈਂ ਦੇਖ ਲਿਆ ਹੈ ਬਾਬਾ, ਸ੍ਰਿਸ਼ਟੀ ਦੀ ਰਚਨਾ ਦੁਬਾਰਾ ਹੋਣ ਲੱਗੀ ਹੈ। ਬ੍ਰਹਿਮੰਡ ਦਾ ਪੇੜਾ ਹੱਥਾਂ ਵਿਚ ਲੈ ਕੇ ਤੂੰ ਦੁਬਾਰਾ ਗੁੰਨ੍ਹਣ ਲੱਗਾ ਹੈਂ। ਗੁਰੂ ਜੀ ਨੇ ਫੁਰਮਾਇਆ – ਬਸ ਭਾਈ ਬਸ। ਏਦੂੰ ਅਗੈ ਨਹੀਂ ਚਲਾਵਣਾ ਹੋਰ ਅੱਖਰ ਕੁਈ।
ਤੀਰ, ਤਲਵਾਰ, ਗੋਲੀ ਚਲਦੀ ਸੁਣੀ ਸੀ। ਅੱਖਰ ਚਲਦਾ ਸਾਖੀ ਵਿਚ ਦੇਖਿਆ।
ਕਾਫ਼ਕਾ ਦੀ ਕਲਾਸ ਨੂੰ ਜਰਮਨ ਭਾਸ਼ਾ ਪੜਾਉਣ ਵਾਲੀ ਟੀਚਰ ਪਰੀ ਕਥਾਵਾਂ ਸੁਣਾਉਂਦੀ ਹੋਈ ਕਿਹਾ ਕਰਦੀ – ਜਿਹੜੇ ਬੱਚੇ ਪਰੀ ਕਹਾਣੀਆਂ ਨੂੰ ਪਿਆਰ ਕਰਨਗੇ, ਉਹ ਜੀਵਨ ਵਿਚ ਉਦਾਸ ਨਹੀਂ ਹੋਣਗੇ। ਯੋਧਿਆਂ ਵਾਂਗ ਲੜਨਗੇ। ਕਾਫ਼ਕਾ ਉਪਰ ਇਹ ਕਥਾਨ ਲਾਗੂ ਨਾ ਹੋਇਆ।
ਉਸਦਾ ਕਹਿਣਾ ਹੈ:-
”ਕਲਾ ਨੂੰ ਕਾਰੀਗਰੀ ਦੀ ਲੋੜ ਪੈਂਦੀ ਹੈ, ਕਾਰੀਗਰ ਕਲਾ ਤੋਂ ਬਗੈਰ ਵੀ ਕੰਮ ਚਲਾ ਸਕਦਾ ਹੈ। ਬਾਂਝ ਔਰਤ ਬੱਚਾ ਜੰਮਣ ਤੋਂ ਅਸਮਰਥ ਹੋਵੇ, ਪਰ ਬੱਚੇ ਦੀ ਪਰਿਵਰਸ਼ ਕਰਨੀ ਤਾਂ ਸਿੱਖੇ। ਲਿਖਤ ਮੇਰੀ ਜਾਨ ਹੈ। ਲਿਖਾਂ ਨਾਂ ਤਾਂ ਮਰ ਜਾਵਾਂ। ਮੈਂ ਲਿਖਦਾ ਹਾਂ ਇਸ ਕਰਕੇ ਰੱਬ ਹੋ ਜਾਨਾ। ਮੇਰੀ ਲਿਖਤ ਮੇਰੀ ਪ੍ਰਾਰਥਨਾ ਹੈ। ਲਿਖਣ ਵਾਲਾ ਮੇਜ਼ ਕੋਈ ਖੋਹਣਾ ਚਾਹੇ ਤਾਂ ਕੇਵਲ ਹੱਥ ਵਿਚ ਘੁੱਟ ਕੇ ਨਹੀਂ, ਦੰਦਾਂ ਵਿਚ ਫੜਕੇ ਰੱਖਣਾ ਹੈ। ਮੇਜ਼ ਮੇਰਾ ਮੰਦਰ ਹੈ।
ਉਨ੍ਹੀਂ ਦਿਨੀਂ ਪਰਾਗ ਲੇਖਕਾਂ ਕਲਾਕਾਰਾਂ ਦਾ ਗੜ੍ਹ ਸੀ। ਦਿਲਚਸਪ ਤੱਥ ਇਹ ਕਿ ਬਹੁਤੇ ਯਹੂਦੀ। ਸਥਾਪਤ ਕਮਿਉਨਿਸਟ ਲੇਖਕ ਵੀ ਯਹੂਦੀ, ਕਮਿਊਨਿਸ਼ਟਾਂ ਦੇ ਵਿਰੋਧੀ ਰਹੱਸਵਾਦੀ ਵੀ ਯਹੂਦੀ। ਯੌਰਪ ਦੇ ਕਿਸੇ ਸ਼ਹਿਰ ਵਿਚ ਕੋਈ ਆਖ ਦਿੰਦਾ ਮੈਂ ਪਰਾਗ ਦਾ ਹਾਂ, ਬਸ ਉਸਨੂੰ ਲੇਖਕ ਮੰਨ ਲਿਆ ਜਾਂਦਾ। ਜਿਵੇਂ ਹਰੇਕ ਬਨਾਰਸ ਵਾਸੀ ਠੱਗ ਹੀ ਹੋਵੇ।
ਪਾਵਲ ਦਾ ਵਾਕ ਹੈ – ਹਰੇਕ ਸਵਾਲ ਵਿਚੋਂ ਕਾਫ਼ਕਾ ਦੋ ਉੱਤਰ ਲਭਦਾ, ਦੋਵੇਂ ਇਕ ਦੂਜੇ ਦੇ ਵਿਰੋਧੀ। ਦੋਵਾਂ ਉਤਰਾਂ ਨੂੰ ਫ਼ੇਰ ਵਿਚਾਰਦਾ ਤਾਂ ਹਰੇਕ ਵਿਚੋਂ ਚਾਰ ਚਾਰ ਸਵਾਲ ਹੋਰ ਨਿਕਲਦੇ ਜਿਨ੍ਹਾਂ ਦਾ ਕੋਈ ਜਵਾਬ ਨਾ ਹੁੰਦਾ। ਉਹ ਜੰਗਲ ਵਿਚ ਗਵਾਚਾ ਬੱਚਾ ਸੀ।
ਉਹਨੂੰ ਤਾਂ ਆਮ ਜਿਹੀਆਂ ਗੱਲਾਂ ਦੀ ਸਮਝ ਨਹੀਂ ਸੀ, ਰੱਬ ਉਸਨੂੰ ਕਿਵੇਂ ਸਮਝ ਵਿਚ ਆਉਂਦਾ? ਪਰ ਰੱਬ ਉਨ੍ਹਾਂ ਦੀ ਹੀ ਸਮਝ ਵਿਚ ਪੈਂਦਾ ਹੈ ਜਿਨ੍ਹਾਂ ਨੂੰ ਆਮ ਗੱਲਾਂ ਨਹੀਂ ਆਉਂਦੀਆਂ। ਤਲਵੰਡੀ ਰਾਇਭੋਇ ਪਿੰਡ ਵਿਚ ਵਸਦੇ ਪਿਤਾ ਮਹਿਤਾ ਕਲਿਆਣ ਰਾਇ ਨੂੰ ਇਸੇ ਗੱਲ ਦਾ ਦੁਖ ਸੀ ਕਿ ਉਸਦੇ ਪੁੱਤਰ ਨੂੰ ਮਾਮੂਲੀ ਜਿਹੀ ਗੱਲ ਵੀ ਸਮਝ ਨਹੀਂ ਪੈਂਦੀ।
23 ਅਕਤੂਬਰ 1902 ਨੂੰ ਪਰਾਗ ਦੇ ਵੱਡੇ ਸੈਮੀਨਾਰ ਹਾਲ ਵਿਚ 18 ਸਾਲ ਦਾ ਇਕ ਜੁਆਨ ਸ਼ਾਫਨਹਾਵਰ ਉਪਰ ਭਾਸ਼ਣ ਦੇਣ ਲਈ ਆਇਆ। ਇਹ ਮੁੰਡਾ ਕਾਨੂੰਨ ਦਾ ਵਿਦਿਆਰਥੀ, ਸੰਗੀਤਕਾਰ, ਸ਼ਾਇਰ ਅਤੇ ਉਭਰਦਾ ਨਾਵਲਕਾਰ ਸੀ। ਅਪਣੇ ਭਾਸ਼ਣ ਵਿਚ ਉਸਨੇ ਨੀਤਸ਼ੇ ਨੂੰ ਫ਼ਰਾਡ ਕਹਿ ਦਿੱਤਾ। ਤੁਰੰਤ ਬਾਦ ਵਿਚ 19 ਸਾਲ ਦੇ ਫ਼ਰਾਂਜ਼ ਕਾਫਕਾ ਨੇ ਏਸ ਮੁੰਡੇ ਦੀ ਉਹ ਛਿੱਲ ਲਾਹੀ ਕਿ ਸਰੋਤੇ ਦੰਗ ਰਹਿ ਗਏ। ਇਹ ਮੁੰਡਾ ਸੀ ਮੈਕਸ ਬਰੋਦ। ਮੈਕਸ ਉਸੇ ਪਲ ਕਾਫ਼ਕਾ ਦਾ ਮੁਰੀਦ ਹੋ ਗਿਆ। ਦੋਵਾਂ ਦੀ ਦੋਸਤੀ ਉਮਰ ਭਰ ਨਿਭੀ। ਉਮਰ ਵਿਚ ਛੋਟਾ ਹੋਣ ਦੇ ਬਾਵਜ਼ੂਦ ਉਸਨੇ ਕਾਫ਼ਕਾ ਦੀ ਸਰਪ੍ਰਸਤੀ ਦੇ ਸਾਰੇ ਫਰਜ਼ ਉਮਰ ਭਰ ਨਿਭਾਏ। ਜਦੋਂ ਕਾਫਕਾ ਦਾ ਕੋਈ ਨਾਮ ਨਹੀਂ ਜਾਣਦਾ ਸੀ, ਮੈਕਸ ਯੋਰਪ ਉਪਰ ਛਾ ਚੁੱਕਾ ਸੀ। ਕਾਫਕਾ ਛਪਣ ਲਈ ਤਿਆਰ ਨਹੀਂ ਸੀ। ਕਿਹਾ ਕਰਦਾ – ਇਹ ਕੋਈ ਛਪਣਯੋਗ ਚੀਜ਼ਾਂ ਨੇ? ਬਹੁਤ ਮਿਹਨਤ ਕਰਕੇ, ਮਿੰਨਤਾਂ ਕਰਕੇ ਇਕ ਵਾਰ ‘ਟਰਾਇਲ’ ਛਪਵਾਉਣ ਲਈ ਕਾਫ਼ਕਾ ਨੂੰ ਮਨਾ ਲਿਆ। ਪ੍ਰਕਾਸ਼ਕ ਵੱਡਾ ਸੀ ਤੇ ਵਾਕਫ਼ੀਅਤ ਕਰਵਾਉਣ ਵਾਲਾ ਮੈਕਸ ਕਿਹੜਾ ਛੋਟਾ ਸੀ? ਖਰੜਾ ਉਸਨੇ ਫੜਾਉਂਦਿਆਂ ਕਾਫ਼ਕਾ ਦੇ ਸਾਹਮਣੇ ਪ੍ਰਕਾਸ਼ਕ ਨੂੰ ਕਿਹਾ – ਮੈਂ ਇਹਦੇ ਸਾਮ੍ਹਣੇ ਤੁੱਛ ਹਾਂ। ਤੂੰ ਦੇਖੀਂ ਇਸ ਦੀ ਲਿਖਤ ਵਿਚਲੀ ਰੂਹ।
ਅਗਲੇ ਦਿਨ ਕਾਫ਼ਕਾ ਇਕੱਲਾ ਪ੍ਰਕਾਸ਼ਕ ਕੋਲ ਗਿਆ, ਇਹ ਕਹਿਕੇ ਕਿ ਇਸ ਵਿਚ ਤਾਂ ਦਰਜਣਾ ਗਲਤੀਆਂ ਨੇ ਅਜੇ। ਹਾਲੇ ਛਪਣਯੋਗ ਨਹੀਂ। ਉਥੋਂ ਖਰੜਾ ਵਾਪਸ ਚੁੱਕ ਲਿਆਇਆ। ਕਾਫ਼ਕਾ ਤੰਗੀ ਵਿਚ ਸੀ, ਬਿਮਾਰ ਸੀ, ਚੰਗੀ ਰਾਇਲਟੀ ਮਿਲਣੀ ਸੀ। ਪਰ ਨਹੀਂ ਤਾਂ ਨਹੀਂ।
ਕਾਫ਼ਕਾ ਦੀ ਮੌਤ 1924 ਵਿਚ ਹੋਈ ਤੇ ਮੈਕਸ 1968 ਤੱਕ ਜੀਵਿਆ। ਕਾਫਕਾ ਦੀ ਜਦੋਂ ਅਜੇ ਇਕ ਲਿਖਤ ਵੀ ਨਹੀਂ ਛਪੀ ਸੀ ਉਸਦੀਆਂ 37 ਕਿਤਾਬਾਂ ਛਪ ਚੁੱਕੀਆਂ ਸਨ ਤੇ ਪਾਰਲੀਮੈਂਟ ਵਿਚ ਯਹੂਦੀਆਂ ਦਾ ਨੁਮਾਇੰਦਾ ਚੁਣਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਇਕੋ ਖੇਤਰ ਦੇ ਇਕ ਕਲਾਕਾਰ ਦੀ ਚੜ੍ਹਤ ਦੂਜੇ ਵਡੇ ਕਲਾਕਾਰ ਲਈ ਜ਼ਹਿਰ ਹੁੰਦੀ ਹੈ। ਮੈਕਸ ਬਰੋਦ ਹੋਰ ਮਿੱਟੀ ਦਾ ਸੀ। ਉਸਨੇ ਕਾਫਕਾ ਦੀਆਂ ਰਚਨਾਵਾਂ ਕੇਵਲ ਨਸ਼ਟ ਹੋਣ ਤੋਂ ਨਹੀਂ ਬਚਾਈਆਂ, ਉਮਰ ਦੇ ਅਖੀਰ ਤੱਕ ਕਿਹਾ ਕਰਦਾ ਸੀ – ਦੁਨੀਆਂ ਮੇਰੀ ਇਜੱਤ ਲੇਖਕ ਕਰਕੇ ਨਹੀਂ, ਏਸ ਕਰਕੇ ਕਰੇਗੀ ਕਿ ਕਾਫਕਾ ਨਾਮ ਦਾ ਇਕ ਜੀਨੀਅਸ ਮੇਰਾ ਦੋਸਤ ਹੁੰਦਾ ਸੀ। ਪਹਿਲਾਂ ਉਸਨੇ ਕਾਫਕਾ ਹੱਥੋਂ ਉਸਦੀਆਂ ਲਿਖਤਾਂ ਬਚਾਈਆਂ ਕਿਉਂਕਿ ਕਾਫਕਾ ਨੇ ਅੱਗ ਲਾ ਦੇਣੀ ਸੀ। ਦੂਜੀ ਵਾਰ ਨਾਜ਼ੀਆਂ ਤੋਂ ਬਚਾਈਆਂ। ਮੈਕਸ ਨਾ ਹੁੰਦਾ, ਕਾਫਕਾ ਸਮੇਂ ਦੀ ਧੁੰਦ ਵਿਚ ਗੁਆਚ ਜਾਂਦਾ। ਜਦੋਂ ਰਾਇਲਟੀ ਮਿਲਦੀ, ਤੁਰੰਤ ਕਾਫਕਾ ਦੀ ਪਤਨੀ ਦੋਰਾ ਨੂੰ ਦੇ ਆਉਂਦਾ ਜੋ ਬੁਰੀ ਤਰ੍ਹਾਂ ਗਰੀਬੀ ਅਤੇ ਬਿਮਾਰੀ ਨੇ ਘੇਰੀ ਹੋਈ ਸੀ। ਵਚਿੱਤਰ ਗੱਲ ਇਹ ਹੈ ਕਿ ਮੈਕਸ ਅਤੇ ਕਾਫ਼ਕਾ ਵਿਚਾਰਧਾਰਾ ਵਿਚ ਇਕ ਦੂਜੇ ਦੇ ਵਿਰੋਧੀ ਸਨ। ਮੈਕਸ ਕੱਟੜ ਯਹੂਦੀ ਤੇ ਜ਼ਿਓਨਿਸਟ ਲਹਿਰ ਦਾ ਨਾਮਵਰ ਲੀਡਰ ਜਦੋਂ ਕਿ ਕਾਫਕਾ ਕਰਮਕਾਂਡੀ ਧਰਮਾਂ ਤੋਂ ਮੁਕਤ, ਸਗੋਂ ਇਨ੍ਹਾਂ ਦੀ ਖਿੱਲੀ ਉਡਾਉਣ ਵਾਲਾ। ਪਰ ਮੈਕਸ ਜਾਣ ਗਿਆ ਸੀ ਕਿ ਕਾਫਕਾ ਨੇ ਯਹੂਦੀਆਂ ਨੂੰ ਉਮੀਦ ਦਿੱਤੀ, ਸੰਸਾਰ ਨੂੰ ਭਰੋਸਾ ਦਿੱਤਾ, ਇਹੀ ਭਰੋਸਾ ਮੈਕਸ ਦੀ ਜ਼ਿੰਦਗੀ ਦਾ ਧੁਰਾ ਬਣਿਆ। ਭਰੋਸਾ ਹੀ ਧਰਮ ਹੈ, ਕਾਫਕਾ ਨੂੰ ਪਤਾ ਸੀ, ਮੈਕਸ ਨੇ ਦੇਰ ਬਾਦ ਜਾਣਿਆ। ਕਾਫਕਾ ਦੇ ਭਰੋਸੇ ਦਾ ਜੇ ਕੋਈ ਨਾਮ ਨਹੀਂ ਫੇਰ ਕੀ ਹੋਇਆ? ਜਾਪ ਸਾਹਿਬ ਦੀ ਇਸ ਪੰਕਤੀ
ਨਮਸਤੰ ਅਮਜਬੇ ।।
(ਨਮਸਕਾਰ ਅਕਾਲ ਪੁਰਖ ਨੂੰ ਜਿਸਦਾ ਕੋਈ ਮਜਹਬ ਨਹੀਂ) ਬਾਬਤ ਪ੍ਰੋਫੈਸਰ ਭੂਪਿੰਦਰ ਸਿੰਘ ਨੇ ਕਿਹਾ ਸੀ ”ਰੱਬ ਤੋਂ ਮੁਨਕਰ ਨਾਸਤਕ ਧਰਮਾਂ ਦੀ ਥਾਂ ਮੈਂ ਉਸ ਰੱਬ ਦਾ ਮੁਰੀਦ ਹਾਂ ਜਿਸਦਾ ਕੋਈ ਧਰਮ ਨਹੀਂ।’’
ਜੱਜ, ਹਾਂਸ ਗਰੌਸ ਨੇ ਅਦਾਲਤ ਤੋਂ ਅਸਤੀਫਾ ਦੇਕੇ 1902 ਵਿਚ ਪਰਾਗ ਯੂਨੀਵਰਸਿਟੀ ਵਿਚ ਪ੍ਰੋਫੈਸਰ ਵਜੋਂ ਨੌਕਰੀ ਸ਼ੁਰੂ ਕਰਕੇ ਕਰਿਮਿਨਲ ਲਾਅ ਪੜ੍ਹਾਉਣਾ ਸ਼ੁਰੂ ਕੀਤਾ। ਉਸਦਾ ਮੱਤ ਸੀ ਕਿ ਅਪਰਾਧ ਦੀ ਥਾਂ ਅਪਰਾਧੀ ਨੂੰ ਸਮਝੋ। ਉਸਦੀਆਂ ਲਿਖਤਾਂ ਪੁਲਸ ਵਿਭਾਗ ਲਈ ਅਤੇ ਲੈਕਚਰ ਵਿਦਿਆਰਥੀਆਂ ਲਈ ਮਾਡਲ ਬਣੇ। ਕਾਫ਼ਕਾ ਉਸਦਾ ਵਿਦਿਆਰਥੀ ਸੀ। ਕੈਸਲ (ਛਅਸਟਲੲ) ਅਤੇ ਟਰਾਇਲ (ਠਰiਅਲ) ਵਿਚ ਇਸ ਪ੍ਰੋਫੈਸਰ ਦੇ ਨੈਣਨਕਸ਼ ਦਿਸਦੇ ਹਨ। ਕਾਫਕਾ ਦਾ ਦੋਸਤ, ਜੱਜ ਦਾ ਪੁੱਤਰ ਓਟੋ ਗਰੌਸ, ਮਨੋਵਿਗਿਆਨੀ ਬਣਿਆ। ਉਹ ਫਰਾਇਡ ਦਾ ਵਿਦਿਆਰਥੀ ਸੀ। ਫਰਾਇਡ ਫਖ਼ਰ ਨਾਲ ਕਿਹਾ ਕਰਦਾ – ਓਟੋ ਤੇ ਜੁੰਗ ਵਿਚ ਕਹਿਰਾਂ ਦੀ ਮੌਲਿਕਤਾ ਹੈ। ਆਖ਼ਰ ਓਟੋ ਮਨੋਰੋਗੀ ਹੋ ਗਿਆ ਤੇ ਜੁੰਗ ਉਸਦਾ ਇਲਾਜ ਕਰਦਾ ਰਿਹਾ। ਪਿਤਾ ਦੀ 1915 ਵਿਚ ਮੌਤ ਹੋਈ ਤੇ 1918 ਵਿਚ ਓਟੋ ਨੇ ਖੁਦਕਸ਼ੀ ਕੀਤੀ।
ਅੰਨ੍ਹੇ ਨਾਵਲਿਸਟ ਆਸਕਰ ਬਾੱਮ ਨੂੰ ਮਿਲਣ ਲਈ ਕਾਫਕਾ ਉਸਦੇ ਕਮਰੇ ਵਿਚ ਗਿਆ ਤਾਂ ਝੁਕ ਕੇ ਸਲਾਮ ਅਰਜ਼ ਕੀਤੀ। ਮੈਕਸ ਬਰੋਦ ਨੇ ਬਾੱਮ ਨੂੰ ਦੱਸਿਆ, ਉਹ ਤੈਨੂੰ ਝੁਕ ਕੇ ਮਿਲਿਆ ਸੀ। ਬਾੱਮ ਨੂੰ ਯਾਦ ਹੈ – ਉਸਨੂੰ ਪਤਾ ਸੀ ਮੈਂ ਅੰਨ੍ਹਾ ਹਾਂ। ਉਹ ਨਾ ਝੁਕਦਾ ਫੇਰ ਕਿਹੜਾ ਮੈਨੂੰ ਪਤਾ ਲਗਦਾ? ਪਰ ਉਹ ਕਿਸੇ ਵੱਡੀ ਸਭਿਅਤਾ ਦਾ ਰਾਜਕੁਮਾਰ ਸੀ। ਦੇਖੇ ਕੋਈ ਨਾ ਦੇਖੇ। ਉਹਨੇ ਨੇਕੀ ਕਰਨੀ ਸੀ। ਉਹ ਦੋ ਸੰਸਾਰਾਂ ਦਾ ਨਾਗਰਿਕ ਸੀ। ਇਕ ਤਾਂ ਮਧਵਰਗੀ ਯਹੂਦੀ ਬੰਦਾ, ਸਮਾਜਕ ਹਿੰਸਾ ਦਾ ਸ਼ਿਕਾਰ, ਦੂਜਾ ਤਿਆਗੀ ਜੋਗੀ, ਸਭ ਕਾਸੇ ਤੋਂ ਨਿਰਲੇਪ। ਕਿਹਾ ਕਰਦਾ – ਨਰਕ ਅਤੇ ਸੁਰਗ ਤੁਹਾਡੇ ਲਈ ਦੋ ਵੱਖ ਵੱਖ ਥਾਵਾਂ ਹੋਣਗੀਆਂ। ਮੇਰੇ ਲਈ ਇਹ ਇਕੋ ਹਨ। ਬਰੋਦ ਲਿਖਦਾ ਹੈ – ”ਉਹਦੀ ਹਾਜ਼ਰੀ ਵਿੱਚ ਕਿਸੇ ਦੀ ਹਿੰਮਤ ਨਹੀਂ ਕਿ ਹੋਛੀ, ਸਤਹੀ, ਘਟੀਆ ਗੱਲ ਕਰੇ। ਚੱਜ ਦੀ ਗੱਲ ਜਾਂ ਖਾਮੋਸ਼ੀ। ਲੋਕ ਦਸਦੇ ਹਨ ਕਿ ਧਰਮਾਂ ਦੇ ਜਨਮਦਾਤਿਆਂ ਦਾ ਲੋਕਾਂ ਉਪਰ ਇਹੋ ਜਿਹਾ ਅਸਰ ਹੁੰਦਾ ਸੀ। ਕਾਫਕਾ ਦੀ ਸੰਗਤ ਨੇ ਮੇਰਾ ਵਿਸ਼ਵਾਸ਼ ਪੱਕਾ ਕੀਤਾ ਹੈ ਕਿ ਪੈਗੰਬਰਾਂ ਦੀ ਹਾਜ਼ਰੀ ਯਕੀਨਨ ਉਹੋ ਜਿਹੀ ਹੋਵੇਗੀ ਜਿਹੋ ਜਿਹੀ ਲੋਕ ਦੱਸਿਆ ਕਰਦੇ ਹਨ।’’
ਉਸਦੀ ਕਲਪਣਾ ਕੁਝ ਇਹੋ ਜਿਹੀ ਹੁੰਦੀ – ”ਫਰਜ਼ ਕਰੋ ਇਕ ਆਦਮੀ ਦੀ ਇਛਾ ਹੈ ਕਿ ਕਾਫ਼ੀ ਸਾਰੇ ਬੰਦੇ ਕਿਸੇ ਥਾਂ ਬਿਨਾਂ ਬੁਲਾਏ ਇਕੱਠੇ ਹੋ ਜਾਣ। ਬਸ ਇਕ ਦੂਜੇ ਨੂੰ ਮਿਲਣ। ਗੱਲਾਂ ਕਰਨ। ਕੋਈ ਰਿਸ਼ਤਾ ਨਹੀਂ, ਦੋਸਤੀ ਨਹੀਂ, ਇਕ ਦੂਜੇ ਨੂੰ ਪਰਖਣ। ਜਦੋਂ ਕਿਸੇ ਦਾ ਦਿਲ ਕਰੇ ਆ ਜਾਏ ਜਦੋਂ ਦਿਲ ਕਰੇ ਚਲਾ ਜਾਏ। ਕੋਈ ਬੋਝ ਕੋਈ ਬੰਦਸ਼ ਨਹੀਂ। ਆਉਂਦੇ ਮਹਿਮਾਨ ਦਾ ਸੁਆਗਤ ਜਾਂਦੇ ਨੂੰ ਮੁਸਕਾਣ ਸਹਿਤ ਵਿਦਾਇਗੀ। ਜਿਸ ਬੰਦੇ ਦੇ ਮਨ ਵਿਚ ਇਹੋ ਜਿਹੇ ਖ਼ਿਆਲ ਪੈਦਾ ਹੋਏ ਉਸਨੇ ਦੁਨੀਆਂ ਦਾ ਪਹਿਲਾ ਕਾਫ਼ੀ-ਹਾਊਸ ਉਸਾਰਿਆ।’’
ਉਹ ਬਹੁਤ ਵਧੀਆ ਤੈਰਾਕ ਸੀ ਤੇ ਹਿੰਮਤੀ ਮਲਾਹ। ਪਾਣੀ ਉਪਰਲੀਆਂ ਖੇਡਾਂ ਦੇ ਮੁਕਾਬਲੇ ਉਸਨੂੰ ਵਧੀਆ ਲਗਦੇ ਤੇ ਮੁਕਾਬਲਿਆਂ ਵਿਚ ਹਿੱਸਾ ਲੈਂਦਾ। ਜੀਵਨ ਬਾਬਤ – ”ਜਿਵੇਂ ਕੋਈ ਉਚੀ ਥਾਂ ਤੋਂ ਨੇਰ੍ਹੇ ਸਮੁੰਦਰ ਵਿਚ ਛਾਲ ਮਾਰ ਦਏ, ਫਿਰ ਹੱਥ ਪੈਰ ਮਾਰਦਾ ਹੋਇਆ ਤਲ ਉਪਰ ਆਉਣ ਦਾ ਯਤਨ ਕਰੇ, ਫਿਰ ਪਾਣੀ ਵਿਚੋਂ ਸਿਰ ਬਾਹਰ ਕੱਢ ਕੇ ਤੇਜ਼ੀ ਨਾਲ ਰੁਕੇ ਹੋਏ ਸਾਹਾਂ ਦੀ ਲੜੀ ਫੜੇ।’’
ਦਿਨ ਅਜਿਹੇ ਸਨ ਕਿ ਕਾਨੂੰਨ ਵਿਚ ਪੀਐਚ.ਡੀ. ਉਪਰੰਤ ਨੌਕਰੀ ਨਾ ਮਿਲੀ। ਹਾਰ ਕੇ ਐਕਸੀਡੈਂਟ ਬੀਮਾ ਵਿਭਾਗ ਵਿਚ ਕਲਰਕ ਦੀ ਨੌਕਰੀ ਮਿਲੀ ਉਹ ਵੀ ਸਿਫਾਰਿਸ਼ ਨਾਲ, ਕਿਉਂਕਿ ਯਹੂਦੀ ਸੀ। ਸਾਰੇ ਅਦਾਰੇ ਵਿਚ ਉਹ ਇਕੱਲਾ ਯਹੂਦੀ ਮੁਲਾਜ਼ਮ ਸੀ। ਇਹ ਬੜੀ ਅਜੀਬ ਗੱਲ ਹੈ ਕਿ ਦੁਨੀਆਂਦਾਰੀ ਤੋਂ ਬੇਨਿਆਜ਼ ਇਹ ਜੀਨੀਅਸ ਨੌਕਰੀ ਵਿਚ ਦਿਲਚਸਪੀ ਲਏਗਾ। ਦਫ਼ਤਰ ਵਿਚ ਉਹ ਮੁਲਾਜ਼ਮ ਹੁੰਦਾ, ਤੇ ਬੱਸ। ਉਸਨੇ ਏਨਾ ਕੰਮ ਕੀਤਾ ਕਿ ਸੀਨੀਅਰ ਖੁਸ਼ ਹੋ ਹੋ ਤਰੱਕੀ ਪਿਛੋਂ ਤਰੱਕੀ ਦਿੰਦੇ ਗਏ। ਫੈਕਟਰੀਆਂ ਤੇ ਫਰਮਾਂ ਵਿਚ ਵਧਦੇ ਐਕਸੀਡੈਂਟ ਘਟਾਉਣ ਲਈ ਉਸਨੇ ਇਕ ਪਾਲਿਸੀ ਤਿਆਰ ਕੀਤੀ ਤੇ ਲਾਗੂ ਕੀਤੀ। ਇਸ ਵਿਉਤਬੰਦੀ ਤਹਿਤ ਫੈਕਟਰੀਆਂ ਵਿਚ ਸੁਰੱਖਿਅਕ ਸਾਜ਼ੋ ਸਾਮਾਨ ਮੁਹੱਈਆ ਕਰਵਾਇਆ ਤੇ ਸਾਵਧਾਨੀਆਂ ਸਿਖਾਈਆਂ। ਉਸਦੀ ਵਿਧੀ ਇੰਨੀ ਕਾਰਗਰ ਸਾਬਤ ਹੋਈ ਕਿ ਕੰਪਨੀ ਮੁਆਵਜ਼ਿਆਂ ਦੇ ਭਾਰ ਹੇਠੋਂ ਨਿਕਲ ਕੇ ਲੱਖਾਂ ਦੇ ਮੁਨਾਫੇ ਵਿਚ ਚਲੀ ਗਈ। ਉਸਦੇ ਤਿਆਰ ਕੀਤੇ ਅੰਕੜਾ-ਚਾਰਟ ਅਤੇ ਸਾਲਾਨਾ ਆਮਦਨ-ਖਰਚ ਬਜਟ ਦੇ ਵੇਰਵੇ ਤਾਂ ਸੌ ਫੀਸਦੀ ਠੀਕ ਹੁੰਦੇ ਹੀ, ਹਰ ਸਾਲ ਉਹ ਅਗਲੇ ਵਰ੍ਹੇ ਦੀ ਨਵੀਂ ਵਿਉਂਤਬੰਦੀ ਪ੍ਰਕਾਸ਼ਿਤ ਕਰਦਾ। ਉਹ ਸਕੱਤਰ ਦੇ ਵਡੇ ਰੁਤਬੇ ਤੱਕ ਅੱਪੜਿਆ ਤੇ 15 ਸਾਲ ਦੀ ਨੌਕਰੀ ਦੌਰਾਨ ਹੋਰ ਕਿਸੇ ਨੇ ਇਹ ਸਾਲਾਨਾ ਰਿਪੋਰਟਾਂ ਤਿਆਰ ਨਹੀਂ ਕੀਤੀਆਂ। ਐਕਸੀਡੈਂਟਾਂ ਵਿਚ ਮਰੇ ਮੁਲਾਜ਼ਮ ਦੇ ਵਾਰਸ ਬੀਮੇ ਦੀ ਰਕਮ ਲੈਣ ਆਉਂਦੇ, ਤਰਲੇ ਕਰਦੇ, ਹੱਥ ਬੰਨ੍ਹਦੇ, ਉਹ ਏਨੇ ਸਲੀਕੇ ਨਾਲ ਪੇਸ਼ ਆਉਂਦਾ ਕਿ ਫੱਟੜ ਦਿਲ ਹੋਰ ਜ਼ਖਮੀ ਨਾ ਹੋਣ, ਕਿਹਾ ਕਰਦਾ – ਤੁਹਾਡੇ ਪੈਸੇ ਤੁਹਾਨੂੰ ਦੇ ਰਹੇ ਹਾਂ, ਕੋਈ ਅਹਿਸਾਨ ਨੀ ਕਰਦੇ। ਹਉਕਾ ਲੈਕੇ ਆਖਦਾ – ਕਿੰਨੇ ਭਲੇ ਨੇ ਇਹ ਦੁਖੀ ਲੋਕ। ਪੱਥਰ ਮਾਰ ਮਾਰ ਸਾਡੇ ਦਫ਼ਤਰ ਚਕਨਾਚੂਰ ਕਰਨ ਦੀ ਥਾਂ, ਇਹ ਆਉਂਦੇ ਨੇ ਤੇ ਫਰਿਆਦਾਂ ਕਰੀ ਜਾਂਦੇ ਨੇ।
ਉਹ ਕਦੀ ਪੂਰੀ ਤਰਾਂ ਤੰਦਰੁਸਤ ਨਹੀਂ ਹੋਇਆ। ਪਹਿਲੋਂ ਮਿਹਦੇ ਵਿਚ ਜ਼ਖਮ। ਬਾਦ ਵਿਚ ਤਪਦਿਕ। ਸਾਰੀ ਉਮਰ ਮੀਟ ਖਾਣ ਤੋਂ ਪਰਹੇਜ਼ ਕੀਤਾ, ਵਿਸਕੀ ਤੋਂ ਦੂਰ ਰਿਹਾ। ਮਿਹਦੇ ਦੇ ਰੋਗ ਕਾਰਨ ਉਹਨੇ ਬੜਾ ਪਰਹੇਜ਼ ਰੱਖਿਆ। ਕਈ ਗੱਲਾਂ ਵਿਚ ਵਹਿਮ ਦੀ ਹੱਦ ਤੱਕ ਸਨਕੀ। ਉਸਦਾ ਖ਼ਿਆਲ ਸੀ ਕਿ ਉਬਾਲਿਆ ਹੋਇਆ ਦੁੱਧ, ਗੈLਰਕੁਦਰਤੀ ਹੋ ਜਾਂਦਾ ਹੈ, ਸੋ ਕੱਚਾ ਪੀਣਾ ਲਾਹੇਵੰਦ ਹੈ। ਡਾਕਟਰਾਂ ਦਾ ਕਹਿਣਾ ਸੀ ਕਿ ਤਪਦਿਕ ਉਸ ਵਿਚ ਦੁੱਧ ਰਾਹੀਂ ਆਈ। ਉਨ੍ਹੀ ਦਿਨੀ ਪਰਾਗ ਦੇ ਪਸ਼ੂਆਂ ਵਿਚ ਤਪਦਿਕ ਰੋਗਾਣੂ ਆਮ ਸਨ।
ਪਰਾਗ ਦੇ ਕਾਫ਼ੀ ਹਾਊਸ ਸ਼ਹਿਰ ਦੀ ਜਿੰਦਜਾਨ ਸਨ। ਡਾਕੂਆਂ ਤੋਂ ਲੈਕੇ ਫਿਲਾਸਫਰਾਂ ਤੱਕ, ਸਭ ਇਥੇ ਗੇੜਾ ਮਾਰਦੇ। ਮੇਜ਼ ਦੁਆਲੇ ਜੁੜੀ ਇਕ ਜੁੰਡਲੀ ਵਿਚ ਸਟਾਲਿਨ ਦਾ ਮੁਰੀਦ ਉਸ ਦੀਆਂ ਸਿਫ਼ਤਾਂ ਕਰਨੋ ਹਟਿਆ ਨਾ ਤਾਂ ਕਾਫ਼ਕਾ ਬੋਲਿਆ – ਦੋ ਸਾਲ ਪਹਿਲਾਂ ਇਸੇ ਕਾਫ਼ੀ ਹਾਉਸ ਵਿਚ ਮੈਂ ਤੇਰੀਆਂ ਗੱਲਾਂ ਸੁਣੀਆਂ। ਉਦੋਂ ਭੂਤਾਂ ਵਿਚ ਤੈਨੂੰ ਪੱਕਾ ਵਿਸ਼ਵਾਸ਼ ਹੁੰਦਾ ਸੀ। ਤੇਰਾ ਦਾਅਵਾ ਸੀ ਤੂੰ ਭੂਤ ਦੇਖਿਆ ਤੇ ਦਿਖਾ ਸਕਦੈਂ। ਓਨਾ ਈ ਪੱਕਾ ਤੇਰਾ ਵਿਸ਼ਵਾਸ ਅੱਜ ਸਟਾਲਿਨ ਵਿਚ ਹੈ।
ਸਮਕਾਲੀ ਰਾਜਨੀਤੀ ਵਿਚ ਉਸਦੀ ਕੋਈ ਦਿਲਚਸਪੀ ਨਹੀਂ ਸੀ ਪਰ ਜਿਉਂ ਜਿਉਂ ਬਤੌਰ ਚਿੰਤਕ ਉਸ ਨੂੰ ਜਾਣਿਆ ਜਾਣ ਲੱਗਾ, ਯਹੂਦੀ ਅੱਤਵਾਦੀਆਂ ਪਿਛੇ ਕਾਫ਼ਕਾ ਦਾ ਦਿਮਾਗ ਨਜ਼ਰ ਆਉਣ ਲੱਗਾ। ਜੀਵਨ ਵਿਚ ਕੇਵਲ ਇਕ ਵਾਰ ਠਾਣੇ ਵਿਚ ਜਾਕੇ ਮਾਰੇਸ ਦੀ ਜ਼ਮਾਨਤ ਭਰੀ ਸੀ, ਮਾਰੇਸ ਪੁਲਿਸ ਮੁਠਭੇੜ ਵਿਚ ਸ਼ਾਮਲ ਸੀ। ਕੁੱਤਾ ਭੌਂਕਣ ਵਿਰੁੱਧ ਲਿਖਾਈ ਸ਼ਿਕਾਇਤ ਤੱਕ ਪੁਲਿਸ ਰਿਕਾਰਡ ਵਿਚ ਮੌਜੂਦ ਹੈ ਪਰ ਕਿਤੇ ਕਾਫਕਾ ਦਾ ਇੰਦਰਾਜ ਨਹੀਂ ਮਿਲਿਆ।
ਮੈਕਸ ਬਰੋਦ, ਮੇਰਿੰਕ ਸ਼ਾਇਰ ਨੂੰ ਪਸੰਦ ਕਰਦਾ ਸੀ ਪਰ ਕਾਫਕਾ ਵਾਸਤੇ ਉਹ ਫ਼ਜ਼ੂਲ ਸੀ। ਇਕ ਦਿਨ ‘ਜਾਮਣੀ ਮੌਤ’ ਕਾਵਿ ਸੰਗ੍ਰਹਿ ਵਿੱਚੋਂ ਮੈਕਸ ਨੇ ਕਵਿਤਾ ਪੜ੍ਹ ਕੇ ਸੁਣਾਈ ਜਿਸ ਵਿਚ ਇਹ ਵਾਕ ਸੀ – ‘ਵੱਡੀਆਂ ਸੁਹਣੀਆਂ ਤਿਤਲੀਆਂ ਖਾਮੋਸ਼ ਫੁੱਲਾਂ ਉਪਰ ਇਉਂ ਬੈਠੀਆਂ ਹਨ ਜਿਵੇਂ ਜਾਦੂ ਦੀਆਂ ਕਿਤਾਬਾਂ ਖੁੱਲ੍ਹੀਆਂ ਹੋਣ।’ ਕਾਫ਼ਕਾ ਹੱਸ ਪਿਆ ਤੇ ਕਿਹਾ – ਇਹਨੂੰ ਤੂੰ ਸ਼ਾਇਰੀ ਕਹਿੰਨੈ?
ਕਿਤਾਬਾਂ ਲਈ ਉਸਦਾ ਸ਼ੈਦਾਅ ਸਿਖਰ ਦਾ ਹੈ। ਲਾਇਬ੍ਰੇਰੀ ਜਾਣ ਦੀ ਥਾਂ ਬਾਜਾਰ ਜਾ ਕੇ ਖਰੀਦਦਾ ਕਿਹਾ ਕਰਦਾ – ਕਿਤਾਬ ਉਹ ਕੁੰਜੀ ਹੈ ਜਿਹੜੀ ਪਾਠਕ ਦੇ ਦਿਲ ਦਾ ਜੰਦਰਾ ਖੋਲ੍ਹਦੀ ਹੈ। ਉਹਨੇ ਪੋਲਕ ਨੂੰ ਖ਼ਤ ਲਿਖਿਆ – ਉਹ ਕਿਤਾਬਾਂ ਪੜ੍ਹੋ ਜਿਹੜੀਆਂ ਡੰਗ ਮਾਰਨ, ਜ਼ਖਮੀ ਕਰਨ। ਕਿਤਾਬ ਜੇ ਤੁਹਾਡੀ ਖੋਪੜੀ ਉੱਪਰ ਘਸੁੰਨ ਨੀਂ ਮਾਰਦੀ ਫ਼ਿਰ ਕਿਤਾਬ ਕਿਵੇਂ ਹੋਈ? ਤੂੰ ਕਹਿਨੈ ਖੁਸ਼ੀ ਦੇਣ ਵਾਲੀਆਂ ਕਿਤਾਬਾਂ ਹੋਣ। ਉਏ ਪਾਗਲ, ਬੰਦੇ ਬਹੁਤ ਖੁਸ਼ ਹੁੰਦੇ ਜੇ ਕਿਤਾਬਾਂ ਹੁੰਦੀਆਂ ਈ ਨਾ। ਕਿਤਾਬ ਪੜ੍ਹਕੇ ਲੱਗੇ ਜਿਵੇਂ ਸਾਡਾ ਸਭ ਤੋਂ ਵਧੀਕ ਕੋਈ ਪਿਆਰਾ ਸਦਾ ਲਈ ਵਿਜੋਗ ਦੇ ਗਿਐ। ਮਨੁਖਤਾ ਤੋਂ ਦੂਰ ਇਕਾਂਤ ਵਾਸੀ, ਸਾਨੂੰ ਬਣਵਾਸੀ ਬਣਾ ਦਏ। ਸਾਡੇ ਅੰਦਰਲਾ ਉਹ ਸਮੁੰਦਰ ਜਿਹੜਾ ਬਰਫ਼ ਬਣ ਗਿਐ, ਉਸ ਜੰਮੇ ਸਮੁੰਦਰ ਵਾਸਤੇ ਕੋਈ ਕੁਹਾੜਾ ਹੋਵੇ ਕਿਤਾਬ। ਮੇਰਾ ਤਾਂ ਇਹੋ ਖ਼ਿਆਲ ਐ ਭਾਈ।
17 ਸਾਲ ਦੀ ਉਮਰ ਵਿਚ ਉਸਨੇ ਪੂਰਾ ਨੀਤਸ਼ੇ ਪੜ੍ਹ ਲਿਆ ਸੀ। ਚਾਲੀਵੇਂ ਸਾਲ, ਉਮਰ ਦੇ ਅਖੀਰਲੇ ਦਿਨੀ ਉਹ ਪਰੀ ਕਹਾਣੀਆਂ ਪੜ੍ਹਦਾ ਰਹਿੰਦਾ। ਫਲਾਬੇਅਰ, ਡਿਕਨਜ਼, ਦੋਸਤੋਇਵਸਕੀ, ਗੇਟੇ ਅਤੇ ਕਿਰਕੇਗਾਰਦ ਉਸਦੇ ਮਨਪਸੰਦ ਲੇਖਕ ਰਹੇ। ਫਰਾਂਜ਼ ਬਲੀ ਨੇ 1907 ਵਿਚ ਲਿਖਿਆ, ”ਅੱਜ ਜਰਮਨ ਸਾਹਿਤ ਜਿਨ੍ਹਾਂ ਬੁਲੰਦੀਆਂ ਨੂੰ ਛੁਹ ਰਿਹਾ ਹੈ ਉਹ ਹੈਨਰਿਕ ਮਾਨ, ਮੇਰਿੰਕ ਅਤੇ ਕਾਫ਼ਕਾ ਦੀ ਬਦੌਲਤ ਹੈ।’
ਕਾਫ਼ਕਾ ਦੀ ਪੰਕਤੀ – ਜਿਉਣਾ ਮੁਸ਼ਕਲ ਹੈ, ਠੀਕ, ਪਰ ਨਾ ਜਿਉਣਾ ਕਿਹੜਾ ਆਸਾਨ ਹੈ? ਮੈਕਸ ਨੇ ਕਿਹਾ – ਕੇਵਲ ਮੇਰੇ ਨਾਲੋਂ ਨਹੀਂ, ਉਹ ਹਰੇਕ ਨਾਲੋਂ ਵੱਖਰਾ ਸੀ। ਉਸ ਵਰਗਾ ਕਦੀ ਨਹੀਂ ਹੋਇਆ। ਉਸਨੂੰ ਕੀ ਚਾਹੀਦਾ ਹੈ, ਸ਼ਾਇਦ ਉਹ ਨਹੀਂ ਜਾਣਦਾ, ਪਰ ਕੀ ਕੀ ਨਹੀਂ ਚਾਹੀਦਾ, ਇਸ ਬਾਰੇ ਉਹ ਪੂਰਾ ਜਾਣੂੰ ਹੈ।
ਕਾਫ਼ਕਾ ਹੱਸਦਿਆਂ ਦਸਦਾ ਹੈ – ਇਹ ਜੀਵਨ ਬੀਮਾਂ ਵੀ ਲੱਖਾਂ ਸਾਲ ਪੁਰਾਤਨ ਮਨੁਖ ਦੇ ਵਹਿਮ ਵਰਗਾ ਹੈ ਜਿਸਦਾ ਵਿਸ਼ਵਾਸ ਸੀ ਕਿ ਧੂਪ ਧੁਖਾ ਕੇ ਢੋਲ ਵਜਾ ਕੇ ਮੁਸੀਬਤਾਂ ਭਜਾਈਆਂ ਜਾ ਸਕਦੀਆਂ ਹਨ।
”ਮੈਂ ਬਹੁਤ ਸੁਸਤ ਹਾਂ। ਦਾਅਵਾ ਕਰਦਾ ਹਾਂ ਸਭ ਕੁਝ ਕਰ ਸਕਦਾਂ, ਕਰ ਕੁਝ ਵੀ ਨਹੀਂ ਸਕਦਾ। ਫਰਜ਼ ਕਰੋ ਖੁਦਕੁਸ਼ੀ ਕਰਨ ਵਾਸਤੇ ਮਨ ਬਣ ਜਾਵੇ, ਤਾਂ ਵੀ ਨਾਂ ਕਰਾਂ, ਸੁਸਤ ਹਾਂ।
”ਔਰਤ ਨਾਲ ਦੁਰ ਵਿਹਾਰ ਆਦਮੀ ਏਸ ਕਰਕੇ ਕਰਦਾ ਹੈ ਕਿਉਂਕਿ ਉਹ ਔਰਤ ਤੋਂ ਡਰਦਾ ਹੈ। ਸਾਡੇ ਸਾਹਿਤ, ਸਾਰੀਆਂ ਕੋਮਲ ਕਲਾਵਾਂ ਉਪਰ ਤਾਂ ਉਹ ਛਾਈ ਪਈ ਹੈ। ਔਰਤ ਸਰਬ-ਸ਼ਕਤੀਮਾਨ ਹੈ, ਮਰਦ ਨਹੀਂ।
”ਇਸਨੂੰ ਮੇਰੀ ਸ਼ਾਨ ਕਹੋ ਜਾਂ ਮੇਰਾ ਹੰਕਾਰ, ਮੈਂ ਕੇਵਲ ਉਸ ਨੂੰ ਪਿਆਰ ਕਰ ਸਕਦਾਂ ਜਿਹੜਾ ਮੇਰੇ ਤੋਂ ਬਹੁਤ ਉਚਾ ਹੋਵੇ, ਜਿਸ ਤੱਕ ਮੈਂ ਕਦੀ ਪੁੱਜ ਨਾ ਸਕਾਂ।”
ਉਸਦੀ ਮਾਸੂਮੀਅਤ ਦੇਖਦਿਆਂ ਮੁਲਾਜ਼ਮ ਕਿਹਾ ਕਰਦੇ – ਕਾਫ਼ਕਾ, ਕੰਪਨੀ ਦਾ ਸਭ ਤੋਂ ਨਿੱਕਾ ਤੇ ਸਭ ਤੋਂ ਪਿਆਰਾ ਬੱਚਾ ਹੈ। ਇਕ ਦਿਨ ਦੁਪਹਿਰ ਉਹ ਅਪਣੇ ਕੁਲੀਗ ਦੇ ਕਮਰੇ ਵਿਚ ਚਲਾ ਗਿਆ, ਜਿਹੜਾ ਦੁਪਹਿਰ ਦਾ ਖਾਣਾ ਖਾਣ ਲੱਗਾ ਸੀ – ਬਰੈਡ ਤੇ ਮੱਖਣ। ਕਾਫ਼ਕਾ ਨੇ ਹੈਰਾਨ ਹੁੰਦਿਆਂ ਕਿਹਾ – ਓ ਰੱਬ ਜੀ ! ਏਨਾ ਬਰੈਡ ਤੇ ਏਨਾ ਮੱਖਣ ਖਾ ਜਾਨੈ ਤੂੰ? ਦੋਸਤ ਨੇ ਪੁੱਛਿਆ – ਤੂੰ ਕਿੰਨਾ ਖਾਂਦਾ ਹੁੰਨੈ ਦੁਪਹਿਰੈ? ਕਾਫ਼ਕਾ ਨੇ ਕਿਹਾ – ਪਾਣੀ ਦੇ ਗਲਾਸ ਵਿਚ ਇਕ ਨਿੰਬੂ ਨਚੋੜਦਾਂ। ਘੱਟ ਐ ਇਹ ਤੇਰੇ ਖ਼ਿਆਲ ਵਿਚ?
ਦਫ਼ਤਰ ਦੀ ਸਫਾਈ ਸੇਵਕਾ ਦੇ ਬੱਚਿਆਂ ਨੂੰ ਟਾਫ਼ੀਆਂ, ਪੇਸਟਰੀਆਂ ਦਿੰਦਾ ਹੋਇਆ ਔਰਤ ਨੂੰ ਪੁੱਛਦਾ – ਤੂੰ ਬੁਰਾ ਤਾਂ ਨੀ ਮਨਾਏਂਗੀ ਬੀਬੀ? ਬਚਪਨ ਵਿਚ ਪਿਤਾ ਨੂੰ ਆਪਣੇ ਮੁਲਾਜ਼ਮਾਂ ਨੂੰ ਗਾਲਾਂ ਦਿੰਦਿਆਂ ਦੇਖਦਾ ਤਾਂ ਉਹ ਉਨ੍ਹਾਂ ਸਾਰਿਆਂ ਨੂੰ ਸਲਾਮ ਆਖ ਕੇ ਪਰਿਵਾਰਿਕ ਪਾਪ ਧੋਣ ਦਾ ਯਤਨ ਕਰਦਾ।
ਜਦੋਂ ਗੰਭੀਰ ਕਲਾ ਚਿੰਤਕਾਂ ਵਿਚ ਉਸਦੀ ਪ੍ਰਸਿਧੀ ਖੁਸ਼ਬੂ ਬਣਕੇ ਦੂਰ ਦੁਰਾਡੇ ਤੱਕ ਪੁੱਜੀ ਤਾਂ ਉਸਦੀ ਟਿੱਪਣੀ ਸੀ – ਕਿਤਾਬਾਂ ਮੈਨੂੰ ਜੀਉਣ ਨਹੀਂ ਸਨ ਦਿੰਦੀਆਂ। ਉਹੀ ਕਿਤਾਬਾਂ ਹੁਣ ਮੈਨੂੰ ਮਰਨ ਨੀਂ ਦਿੰਦੀਆਂ।
ਲੰਮਾ ਸਮਾਂ ਬਿਮਾਰੀ ਦੌਰਾਨ ਕਿਹਾ ਕਰਦਾ – ਡਾਕਟਰਾਂ ਉਪਰ ਮੈਨੂੰ ਬਿਲਕੁਲ ਇਤਬਾਰ ਨਹੀਂ। ਡਾਕਟਰ ਮੈਨੂੰ ਉਦੋਂ ਸਹੀ ਲਗਦੈ ਜਦੋਂ ਕਹਿੰਦੈ ਕਿ ਏਸ ਬਿਮਾਰੀ ਦਾ ਕੋਈ ਪਤਾ ਨੀ ਲਗਦਾ। ਮੈਨੂੰ ਡਾਕਟਰਾਂ ਵਿਰੁੱਧ ਨਫ਼ਰਤ ਹੈ। ਮੇਰੇ ਦੋ ਛੋਟੇ ਛੋਟੇ ਭਰਾ ਡਾਕਟਰਾਂ ਨੇ ਈ ਮਾਰੇ। ਪਤਾ ਈ ਨੀ ਲੱਗਾ ਕਿ ਉਨ੍ਹਾਂ ਨੂੰ ਬਿਮਾਰੀ ਕੀ ਸੀ। ਇਹ ਨਾ ਕਹੋ ਮੈਂ ਦੁਖ ਵਿਚ ਗ੍ਰਸਤ ਹਾਂ। ਸੁਖੀ ਵੀ ਨਹੀਂ, ਦੁਖ ਸੁਖ ਤੋਂ ਮੁਕਤ ਵੀ ਨਹੀਂ। ਹੁਣ ਮੈਨੂੰ ਦੁਖ ਦੇ ਕਾਰਨ ਦਾ ਪਤਾ ਲਗਣ ਲੱਗਾ ਹੈ, ਉਹ ਇਹ ਹੈ ਕਿ ਮੇਰੇ ਤੋਂ ਠੀਕ ਨਹੀਂ ਲਿਖਿਆ ਜਾਂਦਾ। ਅਵੱਲ ਤਾਂ ਲਿਖਿਆ ਹੀ ਨਹੀਂ ਜਾਂਦਾ। ਜਦੋਂ ਲਿਖ ਚੁਕਦਾਂ ਕੁਝ, ਉਹ ਪੜ੍ਹਨਯੋਗ ਨੀਂ ਹੁੰਦਾ। ਮੇਰੀ ਲਿਖਤ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿਸੇ ਜਮਾਂਦਰੂ ਅਪਰਾਧੀ ਦਾ ਅਕਾਰਨ ਕਤਲ ਕਰਨ ਨੂੰ ਦਿਲ ਕਰ ਆਏ ਤੇ ਕਰ ਦੇਵੇ ਉਸ ਬੰਦੇ ਦਾ ਕਤਲ ਜਿਸਨੂੰ ਕਦੀ ਜਾਣਦਾ ਨਹੀਂ ਸੀ।
”ਲਿਖਣ ਵੇਲੇ ਇਕ ਇਕ ਸ਼ਬਦ ਨੂੰ ਮੈਂ ਘੁਮਾ ਫ਼ਿਰਾ ਕੇ ਦੇਖਦਾਂ। ਸ਼ਬਦ ਵੀ ਮੇਰੇ ਹੱਥ ਵਿੱਚ ਆਉਣ ਤੋਂ ਪਹਿਲਾਂ ਕਈ ਵਾਰ ਮੇਰੇ ਵਲ ਦੇਖਦੈ। ਜਦੋਂ ਵਾਕ ਪੂਰਾ ਹੋ ਜਾਂਦੈ, ਮੈਨੂੰ ਅਕਸਰ ਕਾਂਬਾ ਛਿੜ ਜਾਂਦੈ ਕਿਉਂਕਿ ਬੋਲੀ ਨੂੰ ਮੈਂ ਅੰਦਰ ਤੱਕ ਦੇਖ ਗਿਆ ਹੁੰਨਾ, ਨਿਰਵਸਤਰ, ਫੇਰ ਮੈਂ ਸ਼ਰਮਾ ਕੇ ਜਲਦੀ ਨਿਗਾਹਾਂ ਪਰੇ ਕਰ ਲੈਨਾ।
“ਏਸ ਤਰਾਂ ਮੇਰੀ ਲਿਖਤ ਪਾਠਕ ਪੜ੍ਹਿਆ ਕਰਨਗੇ ਸਹਿਜੇ ਸਹਿਜੇ, ਜਿਵੇਂ ਕਬਰਿਸਤਾਨ ਵਿਚ ਹੈਟ ਉਤਾਰ ਕੇ ਲੋਕ ਆਪਣੇ ਪੁਰਖਿਆਂ ਦੀਆਂ ਸਿਲਾਂ ਉਪਰ ਲਿਖੇ ਵਾਕ ਪੜ੍ਹਦੇ ਹਨ।
”ਪੈਗੰਬਰ ਮੂਸਾ ਚਾਲੀ ਸਾਲ ਯਹੂਦੀਆਂ ਨੂੰ ਮਾਰੂਥਲਾਂ ਵਿਚ ਪਤੈ ਕਿਉਂ ਚੱਕਰ ਕਟਾਉਂਦਾ ਭੁੱਖੇ ਮਾਰਦਾ ਰਿਹਾ? ਫਰਾਊਨ ਦਾ ਦਿਤਾ ਮਾਸ ਖਾ ਖਾ ਕੇ ਉਹ ਮੋਟੇ ਹੋ ਗਏ ਸਨ। ਚਰਬੀ ਪੰਘਰਾਣ ਲਈ ਉਹ ਇਧਰ ਉਧਰ ਫਿਰਦਾ ਫਿਰਾਂਦਾ ਰਿਹਾ। ਜਦੋਂ ਯਹੂਦੀ ਮੇਰੇ ਵਰਗੇ ਪਿੰਜਰ ਹੋ ਗਏ ਫੇਰ ਕੈਨਾਨ ਵਿਚ ਵੜਨ ਦਿੱਤੇ। ਮੈਂ ਵੀ ਫਲਸਤੀਨ ਜਾਣ ਜੋਗਾ ਹੋ ਗਿਆਂ ਹੁਣ।
”ਹੀਨ (.ਕਜਅਕ) ਨੇ ਜਰਮਨ ਭਾਸ਼ਾ ਦਾ ਨਾਸ ਮਾਰ ਦਿਤੈ। ਬਦਤਮੀਜ਼ ਨੇ ਅੰਗੀ ਦੀ ਗੰਢ ਖੋਲ੍ਹ ਦਿਤੀ। ਹੁਣ ਜਣਾ ਖਣਾ ਛਾਤੀਆਂ ਚ ਹੱਥ ਮਾਰਨ ਨੂੰ ਫਿਰਦੈ।
”ਯਹੂਦੀਆਂ ਨਾਲ ਮੇਰਾ ਕੀ ਰਿਸ਼ਤੈ? ਮੇਰਾ ਤਾਂ ਖੁਦ ਨਾਲ ਕਦੀ ਕੋਈ ਰਿਸ਼ਤਾ ਨਹੀਂ ਰਿਹਾ।
”ਮੇਰੇ ਤੋਂ ਮੇਰੀ ਲੇਖਣੀ ਨੇ ਸਭ ਵਾਸਨਾਵਾਂ ਖੋਹ ਲਈਆਂ, ਖਾਣਾ ਪੀਣਾ, ਫਲਸਫ਼ਾ, ਇਥੋਂ ਤੱਕ ਕਿ ਸੰਗੀਤ ਵੀ। ਏਨੀ ਮੇਰੀ ਤਾਕਤ ਵੀ ਨਹੀਂ ਸੀ ਕਿ ਮੈਂ ਸਾਰੇ ਈ ਕੰਮ ਕਰ ਸਕਦਾ। ਲਿਖਤ ਉਪਰ ਫੋਕਸ ਕਰਨਾ ਜ਼ਰੂਰੀ ਸੀ। ਮੇਰੀ ਮਰਜ਼ੀ ਨਾਲ ਕੁਝ ਨਹੀਂ ਹੋਇਆ, ਮੇਰੀ ਲਿਖਤ ਦੀ ਮਰਜ਼ੀ ਨਾਲ ਹੋਇਆ। ਲਿਖਤ ਮੇਰੀ ਜ਼ਿੰਦਗੀ ਹੈ। ਬਾਕੀ ਸਾਰੀਆਂ ਚੀਜ਼ਾਂ ਜਦੋਂ ਮਨਫੀ ਹੋ ਜਾਣ, ਉਹ ਜ਼ਿੰਦਗੀ ਵੈਸੇ ਜਿੰਦਗੀ ਕਿਵੇਂ ਰਹੀ?
ਬਰੋਦ ਉਸਨੂੰ ਗੇਟੇ ਦੀ ਹਵੇਲੀ ਦਿਖਾਉਣ ਵਈਮਾਰ ਲੈ ਗਿਆ। ਸ਼ਿੱਲਰ ਵੀ ਇਥੇ ਰਿਹਾ ਸੀ। ਗੇਟੇ ਦੇ ਵਸਤਰ, ਵਰਤੋਂ ਦੀਆਂ ਚੀਜ਼ਾ ਤੇ ਨਿਸ਼ਾਨੀਆਂ ਦੇਖਕੇ ਕਾਫਕਾ ਉਦਾਸ ਹੋ ਗਿਆ, ਬਰੋਦ ਨੂੰ ਕਿਹਾ – ਕਾਹਨੂੰ ਆਉਣਾ ਸੀ ਇੱਥੇ। ਲਿਖਤਾਂ ਵਿਚ ਉਹ ਜਿਉਂਦਾ ਜਾਗਦਾ ਮਹਿਕਦਾ ਫਿਰਦਾ ਦਿਸਦਾ ਸੀ। ਇਥੇ ਤਾਂ ਮੈਨੂੰ ਮੇਰੇ ਮਰੇ ਬਾਬੇ ਦੀਆਂ ਉਦਾਸ ਵਸਤਾਂ ਦਿੱਸੀਆਂ।
ਆਪਣੇ ਪ੍ਰਕਾਸ਼ਕ ਨੂੰ ਲਿਖਿਆ – ਜੇ ਤੈਨੂੰ ਛਾਪਣ ਯੋਗ ਲਗੇ ਤਾਂ ਕਿਤਾਬ ਛਾਪ ਦੇਈਂ। ਮੈਂ ਬਹੁਤ ਹੁਸਿਆਰੀ ਨਾਲ ਕੰਮ ਕੀਤੈ। ਗਲਤੀਆਂ ਤਾਂ ਹਨ ਅਜੇ ਵੀ, ਪਰ ਤਕੜਾ ਉਸਤਾਦ ਵੀ ਫੜ ਨਹੀਂ ਸਕਦਾ। ਆਪਣੀਆਂ ਕਮੀਆਂ ਨੂੰ ਛੁਪਾਉਣ ਦਾ ਨਾਂ ਹੀ ਕਲਾ ਹੈ। ਜਿੰਨਾ ਵੱਡਾ ਕੋਈ ਕਲਾਕਾਰ ਓਨਾ ਵੱਡਾ ਠੱਗ।
ਉਸਦੀ ਸਹੇਲੀ ਫੇਲਿਸ ਨੇ ਜਦੋਂ ਕਾਫਕਾ ਅਗੇ ਵਿਆਹ ਦੀ ਤਜਵੀਜ਼ ਰੱਖੀ ਤਾਂ ਉਸਨੇ ਇਉਂ ਇਨਕਾਰ ਕੀਤਾ, ”ਕੀ ਕਰੇਂਗੀ ਵਿਆਹ ਕਰਕੇ ਮੇਰੇ ਨਾਲ? ਸ਼ਾਮੀ ਤਿੰਨ ਵਜੇ ਦਫਤਰੋਂ ਆਉਨਾ। ਖਾਣਾ ਖਾਕੇ ਸੋੌਂ ਜਾਨਾ। ਫੇਰ ਘੰਟਾ ਸੈਰ ਕਰਦਾਂ। ਫੇਰ ਅੱਧੀ ਰਾਤ ਤੋਂ ਵਧੀਕ ਸਮਾਂ ਲਿਖਦਾ ਰਹਿੰਨਾ। ਕਦੀ ਕਦੀ ਲਿਖਦਿਆਂ ਹੀ ਸਵੇਰ ਹੋ ਜਾਂਦੀ ਹੈ। ਬਰਦਾਸ਼ਤ ਕਰ ਲਏਂਗੀ ਇਹ ਸਭ? ਲਿਖਣ ਵੇਲੇ ਮੈਂ ਇਕਾਂਤ ਲੋੜਦਾ ਹਾਂ, ਕਿਸੇ ਸਾਧ ਵਰਗੀ ਇਕਾਂਤ ਨਹੀਂ, ਮੁਰਦੇ ਦੀ ਇਕਾਂਤ। ਮੌਤ ਤਾਂ ਕੁੱਝ ਵੀ ਨਹੀਂ, ਲਿਖਤ, ਮੌਤ ਤੋਂ ਵਧੀਕ ਡੁੂੰਘੀ ਨੀਂਦ ਹੈ। ਮੁਰਦੇ ਨੂੰ ਕਬਰ ਵਿਚੋਂ ਬਾਹਰ ਧੂਹਣਾ ਕਿੰਨਾ ਔਖਾ ਕੰਮ ਹੈ, ਇਸੇ ਤਰ੍ਹਾਂ ਮੈਂ ਅਪਣੇ ਆਪ ਨੂੰ ਮੇਜ਼ ਉਪਰੋਂ ਪਰੇ ਧੂਹ ਨੀ ਸਕਦਾ। ਨਿਰਾ ਨਰਕ ਹੈ ਇਹ, ਨਿਰਾ ਪਾਗਲਪਣ। ਇਹੀ ਮੈਨੂੰ ਚੰਗਾ ਲਗਦਾ ਹੈ, ਇਹੀ ਮੇਰੀ ਹੋਣੀ ਹੈ ਫੇਲਿਸ।
ਪਹਿਲਾ ਵਿਸ਼ਵ-ਯੁੱਧ ਸ਼ੁਰੂ ਹੋ ਗਿਆ। ਮੈਕਸ ਲਿਖਦਾ ਹੈ – ਜੰਗ ਸਾਨੂੰ ਪਾਗਲਪਣ ਲਗਦੀ ਸੀ। ਸਾਡੀ ਵਿਗੜੇ ਛੋਕਰਿਆਂ ਦੀ ਉਹ ਪੀਹੜੀ ਸੀ ਜਿਹੜੀ 50 ਸਾਲ ਅਮਨ ਵਿਚ ਰਹੀ ਹੋਣ ਕਰਕੇ ਸੋਚਦੀ ਰਹੀ ਕਿ ਲੜਾਈ ਹੁਣ ਕਦੀ ਹੋਇਗੀ ਹੀ ਨਹੀਂ। ਮਨੁਖਤਾ ਦਾ ਸੰਤਾਪ ਦੇਖਣ ਲਈ ਅਸੀਂ ਅੰਨ੍ਹੇ ਸਾਂ। ਸਾਡੇ ਚੋਂ ਕਿਸੇ ਨੂੰ ਵੀ ਸਿਆਸਤ ਵਿਚ ਦਿਲਚਸਪੀ ਨਹੀਂ ਸੀ। ਵੈਗਨਰ ਦਾ ਸੰਗੀਤ, ਯਹੂਦੀ ਈਸਾਈ ਵਰਾਸਤ, ਇੰਪਰੈਸ਼ਨਿਸਟ ਪੇਟਿੰਗ ਉਪਰ ਚਰਚਾ ਸਾਡੇ ਲਈ ਵਧੀਕ ਜ਼ਰੂਰੀ ਸੀ। ਰਾਤੋ ਰਾਤ ਭੂਚਾਲ ਆ ਗਿਆ। ਅਸੀਂ ਪੂਰੇ ਮੂਰਖ ਸਾਬਤ ਹੋਏ। ਅਸੀਂ ਤਾਂ ਜੰਗ ਦੇ ਵਿਰੋਧੀ ਵੀ ਨਹੀਂ ਸਾਂ। ਜੰਗ ਦੇ ਵਿਰੁੱਧ ਬੰਦਾ ਆਖਰਕਾਰ ਇਹ ਤਾਂ ਜਾਣਦਾ ਹੁੰਦੈ ਨਾ ਕਿ ਜੰਗ ਹੋਇਗੀ ਤੇ ਇਸ ਦਾ ਵਿਰੋਧ ਕਰਨੈ। ਅਸੀਂ ਪੂਰਨ ਲਾਚਾਰ ਅਤੇ ਭੈਭੀਤ ਸਾਂ।
ਕਾਫ਼ਕਾ ਉਪਰ ਕੋਈ ਅਸਰ ਨਹੀਂ ਸੀ। ਜਿਵੇਂ ਕੁਝ ਨਹੀਂ ਹੋ ਰਿਹਾ ਹੁੰਦਾ। ਮੈਕਸ ਬਰੋਦ ਦੁਨੀਆਂ ਨੂੰ ਹਰ ਹੀਲੇ ਬਚਾਉਣ ਲਈ ਫ਼ਿਕਰਮੰਦ ਸੀ। ਕਾਫਕਾ ਖੁਦ ਨੂੰ ਬਚਾ ਲੈਣਾ ਕਾਫ਼ੀ ਸਮਝਦਾ ਸੀ, ਉਹ ਅਪਣੇ ਆਪ ਨੂੰ ਬਚਾ ਰਿਹਾ ਸੀ, ਯਾਨੀ ਕਿ ਲਗਾਤਾਰ ਲਿਖ ਰਿਹਾ ਸੀ।
ਮੰਹਿਗਾਈ ਵਧਣ ਲੱਗੀ। ਇਸ ਦਾ ਵੀ ਉਸ ਉਪਰ ਵਧੀਕ ਅਸਰ ਨਹੀਂ। ਤਿੰਨੇ ਭੈਣਾਂ ਅਤੇ ਚੌਥੀ ਮਾਂ ਰਾਸ਼ਣ ਕੱਪੜੇ ਭੇਜਦੀਆਂ ਰਹਿੰਦੀਆਂ ਸਨ। ਤਨਖਾਹ ਨਾਲ ਵਧੀਆ ਗੁਜਾਰਾ ਹੋਈ ਜਾਂਦਾ। ਦੁਕਾਨਾ ਅੱਗੇ ਲੰਮੀਆਂ ਲਾਈਨਾ ਲੱਗੀਆਂ ਹੁੰਦੀਆਂ। ਘੰਟੇ ਘੰਟੇ ਬਾਦ ਕੀਮਤਾਂ ਵਧ ਰਹੀਆਂ ਸਨ। ਕਦੀ ਕਦਾਈ ਉਹ ਲੰਮੀ ਲਾਈਨ ਵਿਚ ਪਿਛੇ ਲੱਗ ਜਾਂਦਾ। ਕੁਝ ਖਰੀਦਣ ਲਈ ਨਹੀਂ। ਕਿਉਂਕਿ ਬਾਕੀ ਲੋਕ ਦੁੱਖ ਝੱਲ ਰਹੇ ਹਨ, ਉਸ ਦੁਖ ਦਾ ਕੁਝ ਹਿਸਾ ਵੰਡਾਣ ਲਈ ਘੰਟਿਆਂ ਬੱਧੀ ਖਲੋਤਾ ਰਹਿੰਦਾ।
ਜਰਮਨ ਪਾਠਕ ਅਤੇ ਆਲੋਚਕ ਇਕ ਮੱਤ ਹਨ ਕਿ ਕਾਫਕਾ ਪੜ੍ਹਨਾ ਹੈ ਤਾਂ ਜਰਮਨ ਸਿਖੋ। ਉਸ ਦੀ ਜ਼ਬਾਨ ਦੀ ਕਾਟ, ਸੰਖੇਪਤਾ, ਸਿੱਧਾ ਵਾਰ, ਜੋ ਕਿਹਾ ਗਿਆ, ਅਰਥ ਉਸਦੇ ਉਲਟ, ਸ਼ਬਦਾਂ ਦੀ ਜੜਤ ਅਤੇ ਫੇਰ ਉਨ੍ਹਾਂ ਦਾ ਉਚਾਰਣ, ਇਹ ਅਨੁਵਾਦ ਹੁੰਦਾ ਹੀ ਨਹੀਂ। ਟਰਾਇਲ ਨਾਵਲ ਦਾ ਪਹਿਲਾ ਵਾਕ ਹੈ – ਯਕੀਨਨ ਕਿਸੇ ਨੇ ਚੁਗਲੀ ਕੀਤੀ ਹੈ ਕਿਉਂਕਿ ਕੁਝ ਵੀ ਗਲਤ ਨਾ ਕਰਨ ਦੇ ਬਾਵਜੂਦ ਸਵੇਰ ਸਾਰ ਪੁਲਸ ਉਸਨੂੰ ਗ੍ਰਿਫਤਾਰ ਕਰਕੇ ਲੈ ਗਈ।’’
ਇਸ ਇਕ ਵਾਕ ਨਾਲ ਉਹ ਦੱਸ ਦਿੰਦਾ ਹੈ ਕਿ ਵਰਤਮਾਨ ਯੁੱਗ ਦਾ ਹਰ ਸਵੇਰਾ ਪਰਲੋ ਲਿਆਇਆ ਕਰੇਗਾ। ਬੇਕਸੂਰੇ ਲੋਕ ਟੰਗ ਦਿਤੇ ਜਾਣਗੇ iਂਜੰਨ੍ਹਾਂ ਨੂੰ ਅੰਤ ਤਕ ਪਤਾ ਨਹੀਂ ਲੱਗਣਾ ਹੋ ਕੀ ਰਿਹਾ ਹੈ।
ਪਰਾਗ ਵਿਚ ਪਾਗਲ ਹੋ ਚੁੱਕੇ ਜੰਗੀ ਸਿਪਾਹੀਆਂ ਦਾ ਕੈਂਪ ਲੱਗ ਗਿਆ। ਸਾਲ 1916 ਵਿਚ 4 ਹਜ਼ਾਰ ਸਿਪਾਹੀ ਮਨੋਰੋਗ ਦਾ ਸ਼ਿਕਾਰ ਸਨ। ਕੰਪਨੀ ਵਲੋਂ ਕਾਫਕਾ ਨੂੰ ਇਨ੍ਹਾਂ ਦੇ ਬੀਮੇ ਦੇ ਕੇਸ ਤਿਆਰ ਕਰਨ ਲਈ ਭੇਜਿਆ ਗਿਆ ਸੀ ਪਰ ਉਹ ਨਾਲ ਨਾਲ ਉਨ੍ਹਾਂ ਦਾ ਇਲਾਜ ਵੀ ਕਰਦਾ। ਉਸਨੇ ਦਾਨੀਆਂ ਅਗੇ ਲਿਖਤਾਂ ਰਾਹੀਂ ਉਹ ਅਪੀਲਾਂ ਕੀਤੀਆਂ ਕਿ ਧਨ ਦੀ ਕਮੀ ਨਾ ਰਹੀ। ਸਰਕਾਰ ਵਲੋਂ ਉਸਨੂੰ ਇਨਾਮ ਦੇਣ ਦਾ ਫੈਸਲਾ ਹੋਇਆ।
ਤਪਦਿਕ ਉਸਦੇ ਫੇਫੜਿਆਂ ਨੂੰ ਖਾਣ ਲੱਗੀ। ਬੁਖਾਰ ਰਹਿਣ ਲੱਗ ਪਿਆ। ਖੰਘ ਨਾਲ ਖੂਨ ਦੇ ਲੋਥੜੇ ਨਿਕਲਦੇ। ਉਹ ਨਿਕੀ ਭੈਣ ਓਟਲਾ ਦੇ ਪਿੰਡ ਚਲਾ ਗਿਆ ਜਿਥੇ ਬਿਜਲੀ ਵੀ ਨਹੀਂ ਸੀ। ਇੱਥੇ ਉਸਨੂੰ ਮਨਪਸੰਦ ਮਾਹੌਲ ਅਤੇ ਸਿਹਤਵਰਧਕ ਖੁਰਾਕ ਮਿਲੀ। ਇਨ੍ਹਾਂ ਦਿਨਾਂ ਨੂੰ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਸੁਖੀ ਦਿਨ ਮੰਨਦਾ ਹੈ। ਓਟਲਾ ਆਖਦੀ – ਬਿਮਾਰੀ ਇਥੇ ਖਿੱਚ ਲਿਆਈ ਹੈ ਨਹੀਂ ਇਹ ਕਾਹਨੂੰ ਪਰਾਗ ਛਡਦਾ ਸੀ। ਇਥੇ ਉਹ ਟਾਲਸਟਾਇ, ਹਰਜ਼ਨ ਤੇ ਕਰਿਕਗਾਰਡ ਨੂੰ ਪੜ੍ਹਦਾ ਰਹਿੰਦਾ।
ਲਿਖਿਆ – ਮੈਂ ਇਸ ਕਰਕੇ ਬਿਮਾਰ ਨਹੀਂ ਹੋਇਆ ਕਿ ਜੀਵਨ ਦੇ ਹਰ ਪੱਖ ਤੋਂ ਫੇਲ੍ਹ ਹੋ ਗਿਆ। ਮੈਂ ਵੱਡਾ ਕੰਮ ਛੇੜ ਲਿਆ। ਧਰਤੀ, ਹਵਾ ਅਤੇ ਕਾਨੂੰਨ ਪ੍ਰਸੰਗਹੀਣ ਹੋ ਗਏ ਹਨ, ਮੈਂ ਨਵੇਂ ਸਿਰੇ ਤੋਂ ਇਨ੍ਹਾਂ ਦੀ ਸਿਰਜਣਾ ਕਰਨੀ ਚਾਹੀ। ਮੈਂ ਸ੍ਰਿਸ਼ਟੀ ਦਾ ਆਦਿ ਹਾਂ। ਮੈਂ ਸ਼ਿ੍ਰਸ਼ਟੀ ਦਾ ਅੰਤ ਹਾਂ। ਡਾਇਰੀ ਵਿਚਲਾ ਵਾਕ- ਵਿਆਹ, ਪਿਤਾ ਪੁਰਖੀ ਹਕੂਮਤ ਤੋਂ ਆਜ਼ਾਦੀ ਹੈ। ਫਲਸਤੀਨ, ਮੌਤ ਤੋਂ ਸੁਤੰਤਰਤਾ ਹੈ। ਮੈਂ ਬਿਮਾਰ ਹੋਣ ਕਰਕੇ ਫਲਾਸਤੀਨ ਨਹੀਂ ਜਾ ਸਕਦਾ, ਇਸ ਕਰਕੇ ਪਰਾਗ ਤੋਂ ਅਪਣੀ ਉਂਾਲ ਨਕਸ਼ੇ ਉਪਰ ਸਰਕਾਂਦਾ ਸਰਕਾਂਦਾ ਮੈਂ ਫਲਸਤੀਨ ਪੁੱਜ ਜਾਂਦਾ ਹਾਂ।
”ਮੌਤ ਵਲ ਜਾਂਦੀ ਸੜਕ ਉਪਰ ਏਨੇ ਸਟੱਾਪ ਕਿਉਂ ਬਣਾਏ ਗਏ?”
”ਮੇਰੇ ਫੇਫੜੇ ਜ਼ਖਮੀ ਹਨ। ਸਾਹ ਲੈਂਦਿਆਂ ਦਰਦ ਹੁੰਦਾ ਹੈ। ਮੈਨੂੰ ਚੰਦ ਉਪਰ ਚਲਿਆ ਜਾਣਾ ਚਾਹੀਦੈ ਜਿਥੇ ਹਵਾ ਨਹੀਂ।
ਮਿਲੇਨਾ ਨੂੰ ਲਿਖਿਆ ਪੱਤਰ – ਬਾਦ ਦੁਪਹਿਰ ਅੱਧਾ ਦਿਨ ਸ਼ਹਿਰ ਦਾ ਗੇੜਾ ਮਾਰਿਆ। ਸ਼ਹਿਰ ਯਹੂਦੀਆਂ ਵਿਰੁੱਧ ਨਫ਼ਰਤ ਨਾਲ ਨੁੱਚੜ ਰਿਹੈ। ‘ਗੰਦਾ ਖੂਨ’, ਇਹ ਹੈ ਯਹੂਦੀਆਂ ਵਾਸਤੇ ਲਫਜ਼। ਏਨੀ ਨਫ਼ਰਤ ਵਿਚੋਂ ਨਿਕਲ ਕੇ ਕਿਤੇ ਹੋਰ ਚਲਿਆ ਜਾਣਾ ਠੀਕ ਰਹੇ। ਕਾਕਰੋਚ ਨੂੰ ਜਿੰਨਾ ਮਰਜੀ ਭਜਾਓ, ਫੇਰ ਰਸੋਈ ਵਿਚ। ਇਉਂ ਹਾਂ ਮੈਂ ਇੱਥੇ – ਇਹ ਹੈ ਮੇਰੀ ਬਹਾਦਰੀ । ਬਾਰੀ ਵਿਚ ਦੀ ਬਾਹਰ ਦਿਖਾਈ ਦੇ ਰਹੇ ਨੇ ਘੁੜ ਚੜ੍ਹੇ ਸਿਪਾਹੀ, ਹੱਥਾ ਵਿਚ ਸੰਗੀਨਾਂ ਮੜ੍ਹੀਆਂ ਬੰਦੂਕਾਂ। ਦੂਜੇ ਪਾਸੇ ਹਥਿਆਰਬੰਦ ਦੰਗਾਕਾਰੀਆਂ ਦੇ ਕਾਫ਼ਲੇ….।
”ਜੋ ਵਾਪਰਨਾ ਹੈ ਸੋ ਵਾਪਰੇਗਾ। ਜੋ ਵਾਪਰਿਆ, ਉਹੀ ਵਾਪਰਨਾ ਸੀ।
18 ਦਸੰਬਰ 1920, ਉਸਨੂੰ ਮਾਦਲੇਰੀ ਸੈਨੇਟੋਰੀਅਮ ਵਿਚ ਦਾਖਲ ਕਰਵਾਇਆ ਗਿਆ। ਇਹ ਕੋਈ ਹਸਪਤਾਲ ਨਹੀਂ, ਪਹਾੜੀ ਉਪਰ ਸੁਹਣਾ ਸਾਫ ਆਰਾਮਘਰ ਸੀ। ਲਾਇਲਾਜ ਮਰੀਜ਼ ਆਰਾਮ ਨਾਲ ਆਖਰੀ ਸਾਹ ਲੈ ਸਕਣ, ਇਸ ਦਾ ਮਨੋਰਥ ਏਨਾ ਹੀ ਸੀ।
ਇੱਥੋਂ ਉਸਨੇ ਮੈਕਸ ਨੂੰ ਲਿਖਿਆ – ਮੈਨੂੰ ਪਤਾ ਲੱਗੈ ਤੂੰ ਮਿਲੇਨਾ ਕੁੜੀ ਨੂੰ ਮਿਲਣ ਜਾਏਂਗਾ। ਚੰਗੀ ਗੱਲ ਹੈ। ਇਹ ਖੁਸ਼ੀ ਮੈਨੂੰ ਹੁਣ ਕਦੀ ਨਾ ਮਿਲੇਗੀ। ਮੇਰੇ ਬਾਰੇ ਕੁੱਝ ਪੁਛੇ ਤਾਂ ਇਉਂ ਦੱਸੀ ਜਿਵੇਂ ਕੋਈ ਮਰ ਮੁਕੇ ਬੰਦੇ ਦੀ ਗੱਲ ਸੁਣਾਇਆ ਕਰਦੈ। ਬੀਤੇ ਦੀ ਦਾਸਤਾਂ।
ਇਥੇ 17-18 ਸਾਲ ਦਾ ਇਕ ਜੁਆਨ ਉਹਨੂੰ ਮਿਲਣ ਆਇਆ। ਉਹਨੇ ਕਾਫਕਾ ਦੀਆਂ ਕਈ ਲਿਖਤਾਂ ਪੜ੍ਹੀਆਂ ਹੋਈਆਂ ਸਨ। ਕਦੀ ਹੱਸ ਪੈਂਦਾ ਕਦੀ ਰੋ ਪੈਂਦਾ। ਕਾਫਕਾ ਵਾਸਤੇ ਕਿਤਾਬਾਂ ਦਾ ਇਕ ਬੰਡਲ ਲਿਆਇਆ। ਫੇਰ ਸੇਬਾਂ ਦੀ ਟੋਕਰੀ। ਕਾਫਕਾ ਨੇ ਲਿਖਿਆ – ਕਹਿੰਦੈ ਬੜਾ ਖੁਸ਼ ਹਾਂ। ਪਰ ਇਹਦੇ ਚਿਹਰੇ ਦੇ ਰੰਗ ਪਲ ਪਲ ਬਦਲਦੇ ਨੇ। ਡਰ ਲਗਦੈ। ਕਿਸ ਸ਼ੈਤਾਨ ਦੀ ਅੱਗ ਫੱਕ ਰਿਹੈ ਇਹ ਮੁੰਡਾ ਬਈ?
ਇਹ ਭਵਿਖ ਦਾ ਪ੍ਰਸਿਧ ਸ਼ਾਇਰ ਗੁਸਤਾਵ ਜਾਨੁਖ ਸੀ ਜਿਸਨੇ 25 ਸਾਲ ਬਾਦ ”ਕਾਫਕਾ ਨਾਲ ਗੁਫਤਗੂ’’ ਕਿਤਾਬ ਲਿਖੀ। ਏਨੀਆਂ ਗੱਲਾਂ, ਕਿ ਦੋ ਜਿਲਦਾਂ ਬਣ ਗਈਆਂ। ਕਾਫ਼ਕਾ ਦੀ ਹੀ ਅੱਗ ਦੇ ਫੱਕੇ ਮਾਰੇ ਸਨ ਉਸਨੇ।
ਇਕੱਲੇ ‘ਕੈਸਲ’ (ਛਅਸਟਲੲ) ਉਪਰ ਹਜ਼ਾਰਾਂ ਲੇਖ/ਕਿਤਾਬਾਂ ਲਿਖੀਆਂ ਗਈਆਂ। ਅਨੇਕ ਨਜ਼ਰੀਏ ਦੇਖਣ ਵਿਚ ਆਏੇ। ਮੈਕਸ ਅਨੁਸਾਰ ਇਹ ਰੂਹਾਨੀ ਬਖਸ਼ਿਸ਼ ਦਾ ਚਿੰਨ੍ਹ ਹੈ। ਕਿਸੇ ਨੇ ਕਿਹਾ, ਇਹ ਨੌਕਰਸ਼ਾਹੀ ਦਾ ਚਿੰਨ੍ਹ ਹੈ। ਕਿਸੇ ਨੇ ਜੂਡਾਇਜ਼ਮ, ਕਿਸੇ ਨੇ ਰਾਜ ਸੱਤਾ, ਕਿਸੇ ਨੇ ਇਕੱਲਤਾ ਦਾ ਅਨੁਭਵ ਤੇ ਕਿਸੇ ਨੇ ਯਸੂ ਮਸੀਹ ਵੱਲ ਨੂੰ ਲਿਜਾਂਦਾ ਰਾਹ ਦੱਸਿਆ। ਫਰਾਇਡਵਾਦੀਆਂ ਅਤੇ ਸ਼ੋਸ਼ਿਆਲੋਜਿਸਟਾਂ ਨੇ ਇਸ ਦੀ ਆਪਣੇ ਹਿਸਾਬ ਨਾਲ ਵਿਆਖਿਆ ਕੀਤੀ। ਸਾਰਤਰ ਨੇ ਇਸ ਨੂੰ ਅਸਤਿੱਤਵਾਦ ਦਾ ਸ਼ਾਹਕਾਰ ਦਸਦਿਆਂ ਕਿਹਾ ਕਿ ਬੇਕੀਮਤੇ ਬੇਰੰਗ ਸੰਸਾਰ ਵਿਚ ਭਟਕੇ ਮਨੁੱਖ ਦਾ ਸੰਕਟ ਹੈ ਕੈਸੱਲ। ਸਿਮੋਨ ਬੇਵੁਅਰ ਨੇ ਲਿਖਿਆ – ਸ਼ੁਰੂ ਵਿਚ ਪਤਾ ਹੀ ਨਹੀਂ ਲਗਦਾ ਸੀ ਉਸਦੀ ਲਿਖਤ ਦਿਲ ਵਿਚ ਕਿਉਂ ਧੂਹ ਪਾਉਂਦੀ ਹੈ। ਕਾਫ਼ਕਾ ਸਾਨੂੰ ਸਾਡੇ ਦਿਲਾਂ ਦੀਆਂ ਗੱਲਾਂ ਸੁਣਾਉਂਦਾ ਹੈ, ਰੱਬ ਗੈਰ-ਹਾਜ਼ਰ ਹੋ ਗਿਆ ਹੈ, ਆਦਮੀ ਏਨਾ ਬਲਵਾਨ ਨਹੀਂ ਕਿ ਅਪਣਾ ਚਰਾਗ ਆਪ ਬਣੇ। ਸੋ ਮੁਕਤੀਦਾਤੇ ਦੀ ਤਲਾਸ਼ ਵਿਚ ਸਰਾਪੀਆਂ ਰੂਹਾਂ ਭਟਕ ਰਹੀਆਂ ਹਨ। ਪੈਗੰਬਰ ਪਿਤਾ ਨੇ ਅਸਮਾਨ ਤੋਂ ਕਾਨੂੰਨ ਉਤਾਰਨੋ ਇਨਕਾਰ ਕਰ ਦਿੱਤਾ ਹੈ। ਪਰ ਕਾਨੂੰਨ ਤਾਂ ਉਤਾਰਿਆ ਜਾ ਚੁੱਕਾ ਹੈ, ਨਵੇਂ ਯੁੱਗ ਅਨੁਸਾਰ ਅਸੀਂ ਇਸ ਦੇ ਅਰਥ ਕਰਨ ਦੀ ਸਮਰੱਥਾ ਗੁਆ ਬੈਠੇ ਹਾਂ। ਅਜੋਕਾ ਦਰਸ਼ਨ ਇਸ ਦੀ ਵਿਆਖਿਆ ਕਰਨ ਜੋਗਾ ਨਹੀਂ। ਏਨਾ ਇਕੱਲਾ, ਏਨਾ ਗੁਪਤ ਹੈ ਇਹ ਕਿ ਸਾਡੀ ਜ਼ਬਾਨ ਇਸ ਦੇ ਅਰਥਾਂ ਦਾ ਭਾਰ ਨਹੀਂ ਚੁੱਕਦੀ, ਪਰ ਏਸ ਗੱਲ ਦਾ ਸਾਨੂੰ ਪੱਕਾ ਪਤਾ ਹੈ ਕਿ ਜੇ ਇਸ ਨੂੰ ਨਾ ਮੰਨਿਆ ਅਸੀਂ ਤਬਾਹ ਹੋਵਾਂਗੇ ਯਕੀਨਨ। ਡਰ ਅਤੇ ਉਦਾਸੀ ਵਿਆਪਕ ਹੈ।
ਜਾਰਜ ਲੂਕਾਚ ਨੇ ਸਖ਼ਤ ਜ਼ਬਾਨ ਵਿਚ ਉਸ ਨੂੰ ਭੰਡਿਆ, ਕਿਹਾ, ਕਾਫਕਾ ਦੀ ਰਚਨਾ ਉੱਲੀ ਲੱਗਾ ਪ੍ਰਯੋਗ ਸਿਧਾਂਤ ਹੈ। ਇਹ ਲੂਕਾਚ ਦਾ ਪਾਰਟੀ ਐਲਾਨਨਾਮਾ ਸੀ। ਇਸ ਕਰਕੇ ਨਾ ਕਿਸੇ ਨੇ ਉਸਦੀ ਗੱਲ ਗੌਲੀ ਨਾ ਇਸ ਉਪਰ ਕੋਈ ਚਰਚਾ ਕਰਨੀ ਯੋਗ ਸਮਝੀ ਗਈ।
1963 ਪਰਾਗ ਵਿਚ ਜਰਮਨ ਲੇਖਕ ਕਾਨਫਰੰਸ ਹੋਈ ਜਿਸ ਵਿਚ ਕਿਹਾ ਗਿਆ ਕਿ ਉਹ ਗੁਆਚੀ ਮਨੁਖਤਾ ਦਾ ਪਿਤਾ ਸੀ। ਭਟਕਣ ਦਾ ਪੈਗੰਬਰ।
ਕਾਫਕਾ ਦਾ ਵਾਕ – ਇਕ ਬੰਦ ਦਰਵਾਜੇ ਦੇ ਦਰਬਾਨ ਵਜੋਂ ਮੈਂ ਉਮਰ ਭਰ ਪਹਿਰਾ ਦਿੱਤਾ ਕਿ ਕੋਈ ਇਸ ਨੂੰ ਖੋਲ੍ਹ ਨਾ ਦੇਵੇ। ਕਿਸੇ ਨੂੰ ਨਾ ਮੈਂ ਖੋਹਲਣ ਦਿੱਤਾ ਨਾ ਆਪ ਖੋਹਲਿਆ। ਖੁਦ ਬਖੁਦ ਇਹਨੇ ਖੁਲ੍ਹਣਾ ਹੀ ਨਹੀਂ ਸੀ। ਮੇਰਾ ਮਕਸਦ ਪੂਰਾ ਹੋਇਆ।
ਸਿਆਸਤ ਉਪਰ ਵਿਅੰਗ, ”ਅਖਬਾਰ ਨਾ ਪੜ੍ਹੋ ਤਾਂ ਖਬਰਾਂ ਕੈਪਸੂਲ ਬਣ ਬਣ ਆਉਂਦੀਆਂ ਹਨ। ਵਿਸ਼ਵ ਯੁੱਧ ਸਿਖ਼ਰ ‘ਤੇ ਹੈ। ਸਰਕਾਰ ਕਹਿ ਰਹੀ ਹੈ ਦੇਸ ਵਿਚ ਪੂਰਨ ਸ਼ਾਂਤੀ ਹੈ, ਕਿ ਇਨੀ ਸ਼ਾਂਤੀ ਤਾਂ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਵੀ ਨਹੀਂ ਸੀ। ਸਰਕਾਰ ਪਰਜਾ ਦੇ ਅਜਿਹੇ ਖਤਰੇ ਦੂਰ ਕਰ ਰਹੀ ਹੈ ਜਿਹੜੇ ਹਨ ਹੀ ਨਹੀਂ ਤੇ ਜਿਨ੍ਹਾਂ ਬਾਰੇ ਲੋਕ ਫਿਕਰਮੰਦ ਨਹੀਂ। ਮਹਿੰਗਾਈ ਗਲਹਿਰੀ ਵਾਂਗ ਚੜ੍ਹ ਰਹੀ ਹੈ, ਇਸ ਬਾਬਤ ਸਰਕਾਰ ਖ਼ਾਮੋਸ਼ ਹੈ।
ਉਸਨੇ ਅਪਣੀ ਵਸੀਅਤ ਤਿਆਰ ਕੀਤੀ। ਸਾਰੀਆਂ ਲਿਖਤਾਂ ਮੈਕਸ ਬਰੋਦ ਨੂੰ ਸੌਂਪ ਦਿਤੀਆਂ ਜਾਣ ਤੇ ਮੈਕਸ ਅੱਗ ਲਾ ਦਏ। ਉਸਦੀ ਇਸ ਵਸੀਅਤ ਉਪਰ ਮੈਕਸ ਹੱਸਿਆ ਕਰਦਾ ਸੀ, ”ਕਾਫਕਾ ਏਨਾ ਕੁ ਚਤੁਰ ਤਾਂ ਹੈ ਈ ਸੀ- ਕਿ ਰਚਨਾਵਾਂ ਉਸ ਮਿੱਤਰ ਨੂੰ ਸਪੁਰਦ ਕਰਨ ਦਾ ਹੁਕਮ ਦੇਕੇ ਗਿਆ ਜਿਸ ਬਾਰੇ ਉਹ ਜਾਣਦਾ ਸੀ ਕਿ ਨਸ਼ਟ ਨਹੀਂ ਕਰੇਗਾ। ਮੈਂ ਤਾਂ ਉਸ ਦਾ ਇਕ ਇਕ ਵਾਕ ਆਇਤ ਵਾਂਗ ਮੱਥੇ ‘ਤੇ ਲਾਉਂਦਾ ਹਾਂ।’’ ਜਦੋਂ ਮੈਕਸ ਨੇ ਉਸ ਦੀਆਂ ਲਿਖਤਾਂ ਕਾਫਕਾ ਦੇ ਮਰਨ ਪਿਛੋਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕਰ ਦਿਤੀਆਂ ਤਦ ਯੋਰਪ ਵਿਚ ਇਸ ਗੱਲ ਦਾ ਜਬਰਦਸਤ ਵਿਰੋਧ ਹੋਇਆ ਕਿ ਮ੍ਰਿਤਕ ਦੀ ਵਸੀਅਤ ਨੂੰ ਠੁਕਰਾਇਆ ਕਿਉਂ ਗਿਆ। ਮੈਕਸ ਵਿਰੁੱਧ ਗਾਲੀ ਗਲੋਚ ਦੇ ਅੰਗਿਆਰ ਉਗਲ ਰਹੇ ਲੋਕਾਂ ਨੂੰ ਪਤਨੀ ਦੋਰਾ ਨੇ ਕਿਹਾ- ਕਾਫਕਾ ਨੇ ਕੁਝ ਲਿਖਿਆ, ਇਸ ਦਾ ਪਤਾ ਮੈਕਸ ਤੋਂ ਹੀ ਲੱਗਾ ਤੁਹਾਨੂੰ। ਹੀਰਿਆਂ ਦੀ ਖਾਣ ਮੈਕਸ ਦੇ ਕਬਜ਼ੇ ਵਿਚ ਆ ਗਈ ਹੈ। ਸੰਸਾਰ ਸਦੈਵ ਇਸ ਦੇ ਦੀਦਾਰ ਕਰੇਗਾ।
ਭੈਣ ਓਟਲਾ ਨੂੰ ਖਤ ਵਿਚ ਕਿਹਾ- ਜਿਉਂਦਾ ਰਿਹਾ ਤਾਂ ਫਲਸਤੀਨ ਜਾਵਾਂਗਾ। ਮੁਸ਼ਕਲ ਲਗਦਾ ਹੈ ਵੈਸੇ। ਹਿਬਰੂ ਵੀ ਬਹੁਤੀ ਨੀਂ ਆਉਂਦੀ ਮੈਨੂੰ। ਫੇਰ ਵੀ, ਚੰਬੜੇ ਰਹਿਣ ਲਈ ਇਕ ਅੱਧ ਉਮੀਦ ਤਾਂ ਅਪਣੇ ਕੋਲ ਰੱਖਣੀ ਜਰੂਰੀ ਹੈ।
ਭਾਰੇ ਚਿੰਤਨ ਨੂੰ ਬਰੀਕ ਸੌਂਦਰਯ ਕਲਾ ਨਾਲ ਲਿਸ਼ਕਾ ਕੇ ਜਰਮਨ ਜ਼ਬਾਨ ਵਿਚ ਉਸਨੇ ਅਪਣੇ ਹੁਨਰ ਦੀ ਧਾਂਕ ਬਿਠਾਈ ਪਰ ਅਖੀਰਲੇ ਦਿਨੀ, ਜਦੋਂ ਉਹਨੇ ਜੰਗ ਤੋਂ ਬਾਦ ਵੀ ਥਾਂ ਪਰ ਥਾਂ ਯਹੂਦੀਆਂ ਦਾ ਕਤਲਿਆਮ ਹੁੰਦਾ ਦੇਖਿਆ ਤਾਂ ਉਹਨੂੰ ਲੱਗਾ ਕਿ ਹਿਬਰੂ ਸੁਰਜੀਤ ਹੋਣੀ ਜ਼ਰੂਰੀ ਹੈ। ”ਜਰਮਨ ਤਾਂ ਇਸ ਤਰ੍ਹਾਂ ਹੈ ਜਿਵੇਂ ਮੈਂ ਪੰਘੂੜੇ ਵਿਚੋ ਬੇਗਾਨਾ ਬੱਚਾ ਚੁਰਾ ਲਿਆਇਆ ਤੇ ਐਲਾਨ ਕਰ ਦਿਤਾ ਕਿ ਮੇਰਾ ਹੈ। ਮੇਰਾ ਕੀ ਹੈ ਇਸ ਵਿਚ?”
ਮਰ ਚੁਕੀ ਕਲਾਸੀਕਲ ਜ਼ਬਾਨ ਵਿਚ ਮੁੜ ਜਾਨ ਪਾਉਣ ਦਾ ਕੰਮ 1885 ਵਿਚ ਜੰਮੇ ਲਿਥਵਾਨੀ ਯਹੂਦੀ, ਅਲੀਜ਼ਰ ਬਿਨ ਯਹੂਦਾਹ ਦੇ ਜ਼ਿੰਮੇ ਆਇਆ। ਉਸ ਨੇ ਇਸ ਪ੍ਰਾਜੈਕਟ ਉਪਰ ਉਮਰ ਖਪਾ ਕੇ ਵਰਤਮਾਨ ਹਿਬਰੂ ਦੀ ਡਿਕਸ਼ਨਰੀ ਯੇਰੂਸ਼ਲਮ ਵਿਚ ਤਿਆਰ ਕੀਤੀ। ਸਾਲ 1903 ਵਿਚ ਜੰਮੀ ਉਸਦੀ ਵਿਦਿਆਰਥਣ ਪੁਆ ਬਿਨ ਤੋਵਿਮ ਦੀ ਮਾਂ ਬੋਲੀ ਹਿਬਰੂ ਸੀ ਜਿਸ ਨੂੰ ਅਲੀਜ਼ਰ ਨੇ ਸਾਣ ‘ਤੇ ਲਾਇਆ। ਉਹ ਪਰਾਗ ਪੁੱਜੀ ਤਾਂ ਹਿਊਗੋ ਬਰਗਮਾਨ ਉਸਦੀ ਲਿਆਕਤ ਦੇਖਕੇ ਦੰਗ ਰਹਿ ਗਿਆ ਤੇ ਹਿਬਰੂ ਸਕੂਲ ਵਿਚ ਅਧਿਆਪਕਾ ਦਾ ਕੰਮ ਦੇ ਦਿਤਾ। ਕਾਫਕਾ ਦਾ ਘਰ ਬਰਗਮਾਨ ਦੀ ਰਿਹਾਇਸ਼ ਦੇ ਨੇੜੇ ਹੀ ਸੀ। ਇਹ ਕੁੜੀ ਹਫਤੇ ਵਿਚ ਦੋ ਦਿਨ ਕਾਫਕਾ ਨੂੰ ਹਿਬਰੂ ਪੜ੍ਹਾ ਕੇ ਜਾਂਦੀ। ਇਸੇ ਕੁੜੀ ਤੋਂ ਪ੍ਰੇਰਨਾ ਲੈ ਕੇ ਬਰਗਮਾਨ ਨੇ ਯੇਰੂਸ਼ਲਮ ਵਿਚ ਹਿਬਰੂ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਤੇ ਉਸਦਾ ਵਾਈਸਚਾਂਸਲਰ ਲੱਗਾ। ਇਹ ਕੁੜੀ ਦਸਦੀ ਹੈ ਕਿ ਕਾਫਕਾ ਵਰਗਾ ਹੋਰ ਕੋਈ ਵਿਦਿਆਰਥੀ ਨਹੀਂ ਦੇਖਿਆ। ਲਿਖਦੀ ਹੈ, ”ਮੇਰੇ ਜਾਣ ਤੋਂ ਪਹਿਲੋਂ ਉਹ ਹਿਬਰੂ ਸ਼ਬਦਾਂ ਦੀ ਲੰਮੀ ਲੜੀ ਤਿਆਰ ਕਰਕੇ ਰਖਦਾ ਜਿਨ੍ਹਾਂ ਦੇ ਪਿਛੋਕੜ ਬਾਰੇ ਜਾਣਨਾ ਚਾਹੁੰਦਾ। ਪਰ ਫੇਫੜੇ ਤਾਂ ਉਸ ਦੇ ਰਹੇ ਨਹੀਂ ਸਨ। ਕਦੀ ਕਦਾਈਂ ਤਾਂ ਏਨੀ ਲੰਮੀ ਖੰਘ ਛਿੜਦੀ ਕਿ ਮੈਨੂੰ ਵਿਚੇ ਛੱਡ ਕੇ ਜਾਣਾ ਪੈਂਦਾ। ਮੈਂ ਜਾਣ ਲਗਦੀ ਤਾਂ ਕਾਲੀਆਂ ਵੱਡੀਆਂ ਅੱਖਾਂ ਨਾਲ ਇਉਂ ਤਕਦਾ ਜਿਵੇਂ ਕਹਿੰਦਾ ਹੋਏ- ਇਕ ਸ਼ਬਦ ਹੋਰ ਦੱਸਣ ਲਈ ਰਤਾ ਤਾਂ ਰੁਕ, ਫਿਰ ਇਕ ਹੋਰ, ਫੇਰ ਇਕ ਹੋਰ। ਉਹਨੂੰ ਇਹ ਵਹਿਮ ਹੋ ਗਿਆ ਸੀ ਕਿ ਕੇਵਲ ਹਿਬਰੂ ਭਾਸ਼ਾ ਉਸ ਦੇ ਦੁੱਖਾਂ ਦਾ ਇਲਾਜ ਹੈ। ਮਾਪਿਆਂ ਕੋਲ ਰਹਿੰਦਾ ਸੀ, ਮਾਂ ਸਹਿਜੇ ਦਰਵਾਜਾ ਖੋਲ੍ਹ ਕੇ ਮੈਨੂੰ ਆਖਦੀ- ਆਰਾਮ ਕਰਨ ਦਿਉ ਹੁਣ। ਉਸਦੀ ਪਿਆਸ ਅਮੁੱਕ ਸੀ। ਉਹ ਬਹੁਤ ਜਲਦੀ ਬਹੁਤ ਵਧੀਆ ਸਿੱਖ ਰਿਹਾ ਸੀ, ਏਨਾ ਵਧੀਆ ਕਿ ਆਖਰ ਬਰੈਨੱਰ ਦਾ ਹਿਬਰੂ ਨਾਵਲ ਪੂਰਾ ਪੜ੍ਹ ਗਿਆ।
19 ਸਾਲ ਦੀ ਇਹ ਸੁਹਣੀ ਕੁੜੀ ਯੇਰੋਸ਼ਲਮ ਤੋਂ ਯੋਰਪ, ਗਣਿਤ ਪੜ੍ਹਨ ਅਤੇ ਹਿਬਰੂ ਪੜ੍ਹਾਉਣ ਗਈ ਸੀ ਪਰ ਯੋਰਪ ਨੇ ਇਸ ਦੇ ਦਿਲ ਉਪਰ ਮਾੜੇ ਪ੍ਰਭਾਵ ਛੱਡੇ। ਉਸ ਨੂੰ ਯੋਰਪ ਕਾਮੁਕਤਾ ਵਿਚ ਗਰਕ ਹੋਈ ਲਚਰ ਸਭਿਅਤਾ ਲੱਗੀ। ਆਪਣੀ ਉਮਰ ਤੋਂ ਕਈ ਗੁਣਾ ਵਧੀਕ ਪਕੇਰੀ ਸੀ ਇਹ ਕੁੜੀ। ਕਾਫਕਾ ਨੂੰ ਕਿਹਾ ਕਰਦੀ- ਤੂੰ ਠੀਕ ਹੋਏਂਗਾ। ਮੈਂ ਲਿਜਾਵਾਂਗੀ ਤੈਨੂੰ ਪੁਰਖਿਆਂ ਦੇ ਦੇਸ ਯੇਰੋਸ਼ਲਮ।
ਅਪ੍ਰੈਲ 1923 ਵਿਚ ਹਿਊਗੋ ਬਰਗਮਾਨ ਯੇਰੋਸ਼ਲਮ ਤੋਂ ਪਰਾਗ ਆਇਆ ਤੇ ਕਾਫਕਾ ਨੂੰ ਕਿਹਾ- ਮੇਰੇ ਨਾਲ ਚੱਲੀਂ। ਮੈਂ ਸਫਰ ਵਿਚ ਤੇਰਾ ਸਹਾਰਾ ਹੋਵਾਂਗਾ ਤੇ ਉਥੇ ਮੇਰੀ ਕੋਠੀ ਵਿਚ ਰਹੀਂ, ਯੇਰੋਸ਼ਲਮ ਹਿਬਰੂ ਯੂਨੀਵਰਸਿਟੀ ਵਿਚ। ਅਕਤੂਬਰ ਵਿਚ ਚੱਲਾਂਗੇ।
ਸਫਰ ਕਰਨ ਦੀ ਤਾਕਤ ਪਰਖਣ ਲਈ ਉਹ ਬਰਲਿਨ ਗਿਆ। ਉਥੇ ਸਾਗਰ ਕਿਨਾਰੇ ਅਨਾਥ ਯਹੂਦੀ ਬੱਚਿਆਂ ਦਾ ਕੈਂਪ ਸੀ। ਪੂਰਬੀ ਯੋਰਪ ਦੇ ਬੱਚਿਆਂ ਨੂੰ ਪੱਛਮੀ ਯੋਰਪ ਪਾਲ ਪੋਸ ਰਿਹਾ ਸੀ। ਉਹ ਘੰਟਿਆਂ ਬੱਧੀ ਉਨ੍ਹਾਂ ਦੇ ਗੀਤ, ਉਨ੍ਹਾਂ ਦੀਆਂ ਕਿਲਕਾਰੀਆਂ ਸੁਣਦਾ, ਖੇਡਾਂ ਦੇਖਦਾ। ਬੱਚਿਆਂ ਨੂੰ ਨਿਕੀਆਂ ਨਿਕੀਆਂ ਸੁਗਾਤਾਂ, ਖਾਣ ਚੀਜ਼ਾਂ ਦਿੰਦਾ। ਇਥੇ ਬੱਚਿਆਂ ਵਿਚ ਉਸਨੇ ਸੈਬੱਥ (ਪਵਿੱਤਰ ਯਹੂਦੀ ਤਿਉਹਾਰ) ਮਨਾਇਆ। ਜੀਵਨ ਵਿਚ ਪਹਿਲੀ ਵਾਰ ਅਪਣੀ ਮਰਜ਼ੀ ਨਾਲ ਉਸਨੇ ਧਾਰਮਿਕ ਰਸਮਾਂ ਨਿਭਾਈਆਂ। ਇਥੇ ਹੀ ਉਸਨੂੰ ਇਸ ਦਿਨ ਦੋਰਾ ਦਾਇਮੰਦ ਮਿਲੀ ਜੋ ਆਖਰੀ ਸਾਹਾਂ ਤਕ ਨਾਲ ਰਹੀ। ਦੋਰਾ ਦਸਵੀਂ ਪਾਸ ਸੀ ਕੇਵਲ, ਏਨਾ ਕੁ ਵੀ ਧੱਕੇ ਨਾਲ ਪੜ੍ਹ ਗਈ ਕਿਉਂਕਿ ਯਹੂਦੀ ਰਬਈ (ਪੁਜਾਰੀ) ਪਿਤਾ ਕੁੜੀਆਂ ਦੀ ਪੜ੍ਹਾਈ ਦੇ ਖਿਲਾਫ਼ ਸੀ, ਹਿਬਰੂ ਤਾਂ ਬਿਲਕੁਲ ਨਹੀਂਂ ਪੜ੍ਹਨ ਦੇਣੀ। ਪੈਗ਼ੰਬਰ ਦੇ ਬੋਲ ਜ਼ਨਾਨੀਆਂ ਦੇ ਵਸ ਦੀ ਗੱਲ ਨੀਂ, ਉਸ ਦਾ ਇਹ ਖ਼ਿਆਲ ਸੀ। ਪਰ 19 ਸਾਲ ਦੀ ਇਸ ਕੁੜੀ ਨੂੰ ਹਿਬਰੂ ਅਤੇ ਯਿੱਦਿਸ਼ ਬੋਲੀ ਉਪਰ ਗ਼ਜ਼ਬ ਦਾ ਅਬੂਰ ਹਾਸਲ ਹੋਇਆ। ਕਾਫਕਾ ਦੀ ਜ਼ਿੰਦਗੀ ਵਿਚ ਕਈ ਔਰਤਾਂ ਆਈਆਂ ਪਰ ਉਸਦੀ ਪਤਨੀ ਹੋਣ ਦਾ ਹੱਕ ਹਾਸਲ ਕਰਨ ਵਾਲੀ ਕੇਵਲ ਦੋਰਾ ਸੀ।
ਅੱਤ ਦੀ ਗਰੀਬੀ ਭੁਗਤ ਰਹੇ ਬਿਮਾਰ ਕਾਫ਼ਕਾ ਦਾ ਆਖਰੀ ਤਿਣਕਾ ਦੋਰਾ ਬਣੀ। ਅਗਸਤ ਵਿਚ ਜਿਹੜਾ ਕਮਰਾ 20 ਕਰਾਊਨ ਦਾ ਲਿਆ, ਸਤੰਬਰ ਵਿਚ ਉਹ 70 ਕਰਾਊਨ ਦਾ ਅਤੇ ਅਕਤੂਬਰ ਵਿਚ 180 ਕਰਾਊਨ ਦਾ ਹੋ ਗਿਆ। ਬਿਲ ਨਾ ਭਰਨ ਕਰਕੇ ਬਿਜਲੀ, ਗੈਸ ਦੇ ਕੁਨੈਕਸ਼ਨ ਕੱਟੇ ਗਏ। ਮਿੱਟੀ ਦੇ ਤੇਲ ਦਾ ਸਟੋਵ ਲਿਆਂਦਾ। ਤੇਲ ਨਾ ਹੁੰਦਾ ਤਾਂ ਮੋਮਬਤੀ ਉਪਰ ਬਰੈਡ ਗਰਮ ਕਰਕੇ ਖਾ ਲੈਂਦੇ। ਕਾਫਕਾ ਆਖਦਾ – ਆਪਾਂ ਯੇਰੌਸ਼ਲਮ ਜਾ ਕੇ ਰੇਸਤਰਾਂ ਖੋਲ੍ਹਾਂਗੇ ਦੋਰਾ। ਤੂੰ ਖਾਣ ਚੀਜ਼ਾਂ ਤਿਆਰ ਕਰਿਆ ਕਰੀਂ, ਮੈਂ ਵੇਟਰ ਦਾ ਕੰਮ ਕਰਾਂਗਾ।
ਦੋਰਾ ਹੱਸ ਪੈਂਦੀ। ਉਸਨੂੰ ਪੂਰਾ ਪਤਾ ਸੀ ਸ਼ਮਾ ਦੇ ਆਖਰੀ ਲਿਸ਼ਕਾਰੇ ਹਨ ਇਹ। ਉਸਨੂੰ ਅੰਧਕਾਰਮਈ ਭਵਿੱਖ ਦਾ ਪਤਾ ਸੀ। ਪਰ ਉਹ ਔਰਤ ਸੀ। ਜੀਵਨ ਨੂੰ ਅਤੇ ਆਸ ਨੂੰ ਜਿੰਨਾ ਘੁੱਟ ਕੇ ਔਰਤ ਫੜਦੀ ਹੈ, ਹੋਰ ਕੋਈ ਨਹੀਂ। ਕਮਸਿਨ, ਸੁਹਣੀ, ਦਲੇਰ ਅਤੇ ਸਮਝਦਾਰ ਕੁੜੀ ਇਕ ਮਰੀਜ, ਮੌਤ ਦੇ ਬਿਸਤਰ ਉਪਰ ਜੂਝ ਰਹੇ ਮਰੀਜ਼ ਨਾਲ ਅਪਣੀ ਜ਼ਿੰਦਗੀ ਨੱਥੀ ਕਰ ਰਹੀ ਸੀ। ਇਸ ਯਹੂਦਣ ਦਾ ਨਿਸ਼ਚਾ ਸੀ ਕਿ ਜ਼ਿੰਦਗੀ ਮੌਤ ਨੂੰ ਪਛਾੜੇਗੀ। ਉਸਨੂੰ ਕਰਮਾਤਾਂ ਵਿਚ ਵਿਸ਼ਵਾਸ਼ ਸੀ। ਉਸਨੂੰ ਅਰਦਾਸ ਵਿਚ ਵਿਸ਼ਵਾਸ਼ ਸੀ। ਕਿਹਾ ਕਰਦੀ – ਇਹਨੇ ਮੇਰਾ ਲੜ ਫੜਿਐ। ਫ਼ਖਰ ਕਰਨ ਯੋਗ ਪੈਗੰਬਰ ਦੀ ਧੀ ਹਾਂ ਮੈਂ, ਮੰਝਦਾਰ ਵਿਚ ਥੋੜ੍ਹਾ ਛੱਡਾਂਗੀ ਹੁਣ।
ਦੋਰਾ ਤੋਂ ਜੀਵਨ ਵਿਚ ਸਿਰਫ ਇਕ ਭੁੱਲ ਹੋਈ। ਕਾਫਕਾ ਨੇ ਉਸਨੂੰ ਕਿਹਾ – ਮੇਰੀਆਂ ਡਾਇਰੀਆਂ ਸਾੜ ਦੇਹ। ਉਸਨੇ ਕਾਫਕਾ ਦੀਆਂ ਅੱਖਾਂ ਸਾਹਮਣੇ ਡਾਇਰੀਆਂ ਰਾਖ ਦਾ ਢੇਰ ਕਰ ਦਿੱਤੀਆਂ। ਸਾਰੀ ਉਮਰ ਉਸ ਨੂੰ ਪਛਤਾਵਾ ਰਿਹਾ ਪਰ ਕਿਹਾ ਕਰਦੀ – ਉਦੋਂ ਮੇਰੀ ਉਮਰ ਆਖਾ ਮੋੜਨ ਦੀ ਹੈ ਈ ਨਹੀਂ ਸੀ, ਕੀ ਚੰਗੈ ਕੀ ਬੁਰਾ, ਮੈਨੂੰ ਕੀ ਪਤਾ ਸੀ। ਉਹ ਮੇਰਾ ਮਾਲਕ ਸੀ। ਮੈਂ ਇਨਕਾਰ ਕਿਵੇਂ ਕਰਦੀ?
ਫੇਰ ਵੀ ਬਹੁਤ ਸਾਰੀਆਂ ਡਾਇਰੀਆਂ ਅਤੇ ਲਿਖਤਾਂ ਉਸਨੇ ਸੰਭਾਲ ਲਈਆਂ। ਪਰ ਦੂਜੀ ਵੱਡੀ ਜੰਗ ਸਮੇਂ ਨਾਜ਼ੀਆਂ ਨੇ ਉਹ ਕਬਜ਼ੇ ਵਿਚ ਲੈ ਲਈਆਂ ਤੇ ਫਿਰ ਕਦੀ ਨਾ ਲੱਭੀਆਂ। ਕਾਫਕਾ ਦੀ ਮੌਤ ਪਿੱਛੋਂ ਉਹ ਰੂਸ ਵਿਚ ਚਲੀ ਗਈ ਸੀ। ਰਹਿੰਦੀਆਂ ਖੂੰਹਦੀਆਂ ਲਿਖਤਾਂ, ਫੋਟੋਆਂ ਅਤੇ ਨਿਸ਼ਾਨੀਆਂ ਰੂਸ ਦੀ ਖੁਫੀਆ ਪੁਲਸ ਨੇ ਜਬਤ ਕਰ ਲਈਆਂ ਜਿਨ੍ਹਾਂ ਦਾ ਕੋਈ ਖੁਰਾ ਨਾਂ ਮਿਲਿਆ। ਇਸ ਕੁੜੀ ਦਾ ਜੀਵਨ ਅੱਖਰ ਬ ਅੱਖਰ ਮੌਤ ਨੂੰ ਹਰਾ ਦੇਣ ਦੀ ਦਾਸਤਾਨ ਹੈ। ਜੀਵਨ ਦੇ ਅਟੱਲ ਫੈਸਲੇ ਤਹਿਤ ਉਹ ਯੇਰੋਸ਼ਲਾਮ ਦੀ ਜ਼ਿਆਰਤ ਕਰਕੇ ਆਈ।
ਕਾਫਕਾ ਦੀ ਹਾਲਤ ਵਿਗੜਦੀ ਗਈ। ‘ਜੋਸਫਿਨ ਦ ਸਿੰਗਰ’ ਸੈਨੇਟੋਰੀਅਮ ਵਿਚ ਲਿਖੀ ਉਸਦੀ ਆਖਰੀ ਕਹਾਣੀ ਹੈ। ਤਪਦਿਕ ਉਸਦੀ ਸਾਹ ਨਾਲੀ ਅਤੇ ਗਲੇ ਵਿਚ ਪੁੱਜ ਗਈ। ਪਾਣੀ ਤੱਕ ਨਾ ਲੰਘਦਾ। ਮੈਕਸ ਬਰੋਦ ਹਰ ਰੋਜ਼ ਹਾਜ਼ਰੀ ਭਰਦਾ, ਸਾਰਾ ਸਾਰਾ ਦਿਨ ਬੈਠਾ ਰਹਿੰਦਾ। ਕਾਫਕਾ ਕਿਹਾ ਕਰਦਾ – ਇਕੋ ਵਾਰ ਮੈਂ ਵਡਾ ਗਲਾਸ ਪਾਣੀ ਦਾ ਸੁੱਟ ਲਿਆ ਕਰਦਾ ਸਾਂ ਅੰਦਰ, ਪਿਤਾ ਨਾਲ ਵੱਡਾ ਬੀਅਰ ਦਾ ਮੱਗ ਪੀਂਦਾ। ਉਸ ਦਾ ਕੱਪੜਿਆਂ ਸਣੇ ਭਾਰ 45 ਕਿਲੋ ਰਹਿ ਗਿਆ। ਕਲੀਆਂ ਲੱਦੀਆਂ ਟਾਹਣੀਆਂ ਸ਼ੀਸੇ ਦੇ ਜਾਰ ਵਿਚ ਪਾਣੀ ਪਾਕੇ ਦੋਰਾ ਰੋਗੀ ਸਾਹਮਣੇ ਰੱਖ ਦਿੰਦੀ ਤਾਂ ਆਖਦਾ – ਕਲੀਆਂ ਮਰਦੀਆਂ ਮਰਦੀਆਂ ਵੀ ਕਿੰਨੇ ਆਰਾਮ ਨਾਲ ਪਾਣੀ ਪੀਈ ਜਾਂਦੀਆਂ ਹਨ। ਮਰਦਾ ਮਰਦਾ ਬੰਦਾ ਪਾਣੀ ਪੀ ਸਕੇ, ਇਹ ਨੀ ਹੋ ਸਕਦਾ।
ਦੋਰਾ ਵੱਲ ਦੇਖਦਿਆਂ ਆਖਦਾ – ਦਰਦ ਬਹੁਤ ਹੋ ਰਿਹੈ ਦੋਰਾ। ਤੂੰ ਏਨਾ ਕੰਮ ਕਰਦੀਂ ਐਂ, ਦੇਖੀ ਜਾਨਾ, ਇਹ ਦਰਦ ਵਖਰੀ ਕਿਸਮ ਦਾ ਹੈ। ਪਰ ਠੀਕ ਐ। ਮੇਰੇ ਮੱਥੇ ‘ਤੇ ਆਪਣਾ ਹੱਥ ਰੱਖ ਤੇ ਸ਼ਾਂਤ ਕਰ।
ਉਸਨੇ ਡਾਕਟਰਾਂ ਨੂੰ ਕਿਹਾ – ਹੁਣ ਆਖਰੀ ਟੀਕਾ ਲਾ ਦਿਓ। ਗੁੱਸੇ ਵਿਚ ਉਸਨੇ ਮਿੱਤਰ ਡਾਕਟਰ ਨੂੰ ਕਿਹਾ – ਤੂੰ ਮੇਰਾ ਪਿਤਾ, ਜੱਜ ਅਤੇ ਰੱਬ ਨਹੀਂ ਹੈਂ। ਜੇ ਏਸ ਵੇਲੇ ਤੂੰ ਮੈਨੂੰ ਨਾ ਮਾਰਿਆ ਤਾਂ ਤੂੰ ਮੇਰਾ ਕਾਤਲ ਹੋਏਂਗਾ। ਸਮਝਿਆ? ਦੈਵੀ ਕਾਨੂੰਨ ਮੇਰੇ ਹੱਕ ਵਿਚ ਨੇ, ਮੈਂ ਜਾਣਦਾਂ। ਦੇਰ ਨਾਂ ਕਰ।
ਉਸ ਦੇ ਮਾਰਫੀਨ ਦਾ ਵੱਡਾ ਟੀਕਾ ਲਾ ਦਿਤਾ ਗਿਆ। ਅੱਖਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ। ਦਵਾਈ ਅਸਰ ਕਰਨ ਲੱਗੀ। ਡਾਕਟਰ ਨੇ ਉਸ ਦਾ ਸਿਰ ਫੜ ਲਿਆ। ਕਾਫਕਾ ਨੂੰ ਲੱਗਾ, ਭੈਣ ਐਲੀ ਹੈ, ਕਿਹਾ – ਦੂਰ ਹੋਕੇ ਬੈਠ ਐਲੀ, ਪਰੇ ਹਟ ਕੇ।
ਛੂਤ ਦੀ ਬਿਮਾਰੀ ਕਾਰਨ ਭੈਣਾਂ ਨੂੰ ਦੂਰ ਬਹਿਣ ਲਈ ਕਿਹਾ ਕਰਦਾ ਸੀ। ਡਾਕਟਰ ਚਾਹੁੰਦੇ ਸਨ ਕਿ ਦੋਰਾ ਇਸ ਘੜੀ ਬਾਹਰ ਚਲੀ ਜਾਏ। ਉਹ ਜਾਣ ਵਾਲੀ ਕਿੱਥੇ ਸੀ? ਡਾਕਟਰ ਨੇ ਕਿਹਾ – ਦੋਰਾ ਜਾਹ, ਫੌਰਨ ਕਾਫਕਾ ਦੇ ਮਾਪਿਆਂ ਨੂੰ ਤਾਰ ਦੇਹ। ਉਹ ਚਲੀ ਗਈ। ਬੇਹੋਸ਼ੀ ਵਿਚ ਕਾਫਕਾ ਨੇ ਕਿਹਾ – ਤੁਸੀਂ ਨਾ ਜਾਇਓ ਮੇਰੇ ਕੋਲੋਂ ਦੂਰ। ਮੈਂ ਜਾਵਾਂਗਾ।
ਵਾਪਸ ਆਈ ਤਾਂ ਮਰੀਜ਼ ਜਾ ਚੁੱਕਾ ਸੀ। ਦੋਰਾ ਗੁਲਦਸਤਾ ਲੈਕੇ ਆਈ ਸੀ। ਫੁੱਲ ਉਸਨੇ ਕਾਫਕਾ ਦੇ ਮੱਥੇ ਨਾਲ ਛੁਹਾਂਦਿਆ ਕਿਹਾ – ਕਿੰਨੇ ਸੁਹਣੇ ਫੁੱਲ, ਦੇਖ ਕਾਫਕਾ। ਗਜ਼ਬ ਹੋ ਗਿਆ। ਰਤਾ ਕੁ ਸਿਰ ਉਠਾ ਕੇ ਫੁੱਲ ਸੁੰਘੇ। ਚਮਤਕਾਰ। ਖੱਬੀ ਅੱਖ ਖੋਲ੍ਹ ਕੇ ਦੋਰਾ ਵੱਲ ਦੇਖਿਆ। ਹੋਠਾਂ ਤੇ ਮੁਸਕਾਨ ਆਈ। ਬੋਲ ਕੋਈ ਨਾ ਨਿਕਲਿਆ। ਦੋਰਾ ਨੇ ਉਸਦੀ ਛਾਤੀ ਉਤੇ ਕੰਨ ਭਾਰ ਸਿਰ ਰੱਖ ਦਿੱਤਾ। ਬਹੁਤ ਮੱਧਮ, ਦਿਲ ਦੀ ਧੜਕਣ। ਆਖ਼ਰੀ ਧੜਕਣ ਤੇ ਆਖਰੀ ਵਿਛੜਦਾ ਸਾਹ ਕੇਵਲ ਦੋਰਾ ਨੇ ਸੁਣਿਆ, ਦੋਰਾ ਨੇ ਦੇਖਿਆ, ”ਤੇਰੇ ਦੁੱਖ ਖ਼ਤਮ ਕਾਫਕਾ, ਮੇਰੇ ਦੁੱਖ ਸ਼ੁਰੂ।’’
ਡਾਕਟਰ ਨੇ ਮੈਕਸ ਬਰੋਦ ਨੂੰ ਲਿਖਿਆ – ਜਿਸਨੇ ਦੋਰਾ ਨਹੀਂ ਦੇਖੀ, ਕਿਵੇਂ ਜਾਣੇਗਾ ਪ੍ਰੀਤ ਕੀ ਹੁੰਦੀ ਐ। ਮੈਕਸ ਨੇ ਲਿਖਿਆ- ਜਦੋਂ ਸਮਾਂ ਆਇਆ ਕਿ ਜ਼ਿੰਦਗੀ ਅਤੇ ਮੌਤ ਵਿਚੋਂ ਕਿਸਦੀ ਚੋਣ ਕਰਨੀ ਹੈ, ਉਦੋਂ ਇਹ ਦੁੱਚਿਤੀ ਵਿਚ ਪੈਣ ਵਾਲਾ ਬੰਦਾ ਹੈ ਈ ਨਹੀਂ ਸੀ। ਮੈਂ ਇਹ ਦੇਰ ਤੋਂ ਜਾਣਦਾਂ।
ਪਰਾਗ ਵਿਚ ਉਸਨੂੰ ਦਫਨਾਇਆ ਗਿਆ, ‘ਚੁੜੇਲ ਅਪਣੇ ਪੰਜਿਆ ਵਿਚੋਂ ਛਡੇਗੀ ਨਹੀਂ।’ ਇੱਥੇ ਪੰਜ ਜੁLਬਾਨਾਂ ਵਿਚ ਉਸ ਦਾ ਸੰਖੇਪ ਜੀਵਨ ਬਿਉਰਾ ਲਿਖਿਆ ਹੈ। ਜਿਸ ਪਰਾਗ ਵਿਚ ਉਸਦੀ ਕਬਰ ਬਣੀ, ਉਥੇ ਉਸ ਦੀਆਂ ਲਿਖਤਾਂ ਉਪਰ ਪਾਬੰਦੀ ਲੱਗੀ। ਅਰਨਸਟ ਪਾਵੇਲ ਲਿਖਦਾ ਹੈ – ਕਾਫਕਾ ਦਾ ਸੰਸਾਰ ਅਨੰਤ ਰੌਸ਼ਨੀ ਦੇ ਸਾਹਮਣੇ ਅੰਨ੍ਹਾ ਹੋ ਜਾਂਦਾ ਹੈ। ਉਸਦੀਆਂ ਲਿਖਤਾਂ ਨੇ ਪ੍ਰਵਾਨਤ ਵਿਸ਼ਵਾਸ਼ਾਂ ਦੀਆਂ ਜੜ੍ਹਾਂ ਇਸ ਕਰਕੇ ਨਹੀਂ ਹਿਲਾਈਆਂ ਕਿ ਉਸਨੂੰ ਸੱਚ ਪ੍ਰਾਪਤ ਹੋ ਗਿਆ। ਕਿਉਂਕਿ ਉਹ ਬੰਦਾ ਸੀ, ਸੱਚ ਨਾ ਮਿਲਿਆ ਤਾਂ ਉਸਨੇ ਕੱਚ ਨਾਲ ਰਾਜ਼ੀਨਾਵਾਂ ਨਹੀਂ ਕੀਤਾ। ਉਸਦੇ ਅੰਤਹਕਰਣ ‘ਚੋਂ ਅਤੇ ਸਾਫਗੋ ਪਵਿੱਤਰ ਲਿਖਤ ‘ਚੋਂ ਆਦਮੀ ਨੂੰ ਆਦਮੀ ਹੋਣ ਦਾ ਸੰਤਾਪ ਸਾਫ਼ ਦਿਸਦਾ ਹੈ।
ਕਾਫਕਾ ਦੇ ਕੁੱਝ ਬੋਲ :
”ਮੇਰਾ ਜੀਵਨ ਜਿੰਨਾ ਸੁਗੰਧੀਆਂ ਭਰਿਆ ਮਿਠਾਸ ਪੂਰਨ ਸੀ ਸੰਸਾਰ ਵਿਚ ਕਿਸੇ ਨੇ ਉਹ ਮਿਠਾਸ ਨਹੀਂ ਦੇਖੀ। ਮੇਰਾ ਅੰਤ ਜਿੰਨਾ ਕੌੜਾ ਹੌਵੇਗਾ, ਉਹ ਕੁੜੱਤਣ ਕਿਸੇ ਦੇ ਹਿੱਸੇ ਨਹੀਂ ਆਏਗੀ।
”ਮੈਨੂੰ ਕੋਈ ਨਹੀਂ ਸਮਝ ਸਕਿਆ। ਜਿਹੜਾ ਮੈਨੂੰ ਜਾਣ ਜਾਏਗਾ, ਦਾਅਵਾ ਕਰੇਗਾ ਕਿ ਉਸ ਨੇ ਰੱਬ ਨੂੰ ਜਾਣ ਲਿਆ ਹੈ।
”ਇਕ ਪੜਾਅ ਅਜਿਹਾ ਹੁੰਦਾ ਹੈ ਜਿਥੋਂ ਵਾਪਸੀ ਸੰਭਵ ਨਹੀਂ ਹੁੰਦੀ। ਇਸ ਥਾਂ ਉਪਰ ਪਹੁੰਚਣਾ ਪਵੇਗਾ ਹੀ ਪਵੇਗਾ।
”ਕਿਥੇ ਆ ਗਿਆ ਮੈਂ? ਇੱਥੇ ਸਾਹ ਵੱਖਰੀ ਤਰ੍ਹਾਂ ਦਾ ਹੈ, ਇਥੇ ਤਾਰੇ ਦੀ ਕਿਰਨ ਸੂਰਜ ਦੀ ਕਿਰਨ ਤੋਂ ਕਿਤੇ ਵਧੀਕ ਤਿੱਖੀ ਅਤੇ ਤਾਕਤਵਰ ਹੈ।
”ਇੱਥੇ ਮੈਂ ਅਰਾਮ ਨਾਲ ਲੇਟਦਾ ਹਾਂ। ਨਿਘ ਮਾਣਦਾ ਹਾਂ। ਬੇਅੰਤ ਮਿੱਠੀ ਨੀਂਦ ਸੌਂਦਾ ਹਾਂ। ਪੂਰਨ ਸੰਤੁਸ਼ਟ ਹਾਂ, ਹਰ ਇੱਛਾ ਪੂਰੀ ਹੋਈ ਕਿਉਂਕਿ ਮੇਰਾ ਕੋਈ ਥਾਂ ਟਿਕਾਣਾ ਹੈ,’’ ਆਪਣੀ ਖੁੱਡ ਵਿੱਚ ਲੇਟਿਆ ਕੀੜਾ ਇਉਂ ਸੋਚਿਆ ਕਰਦੈ।
“ਸਾਹਮਣੇ ਪਿਆਰ ਹੋਏ ਜਾਂ ਮੌਤ, ਕੇਵਲ ਦੋ ਮੌਕਿਆਂ ਉਪਰ ਤੂੰ ਖੁਦ ਨੂੰ ਜਾਣੇਗਾ। ਇਹ ਦੋ ਮੌਕੇ, ਇਕੋ ਮੌਕਾ ਹੈ ਦਰ ਅਸਲ।
”ਕਿਤਾਬ ਦਾ ਅਸਲੀ ਤੇ ਸੁਤੰਤਰ ਸਫ਼ਰ ਉਸਦੇ ਲੇਖਕ ਦੀ ਮੌਤ ਬਾਦ ਸ਼ੁਰੂ ਹੁੰਦਾ ਹੈ।
”ਕੀ ਬਣ ਜਾਏਂਗਾ, ਇਸਦੀ ਥਾਂ ਇਹ ਦੇਖ, ਤੂੰ ਹੈਂ ਕੀ।
”ਸੱਚ, ਅਨੰਤ ਹਨੇਰਾ ਪਸਾਰ ਹੈ। ਪਹਿਲਾਂ ਡੂੰਘਾਣ ਵਿਚ ਛਾਲ ਮਾਰੋ, ਡੂੰਘੇ ਉੱਤਰੋ, ਫਿਰ ਤੇਜ਼ ਹੱਥ ਪੈਰ ਮਾਰ ਕੇ ਤਲ ਉਪਰ ਆਓ ਤੇ ਹਸਦਿਆਂ ਹਸਦਿਆਂ, ਮੌਤ ਵਿਰੁੱਧ ਲੜਦਿਆਂ, ਗੁਆਚਾ ਸਾਹ ਲੱਭੋ ਤੇ ਫੱੜੋ। ਮੌਤ ਦੇ ਜੱਫੇ ਵਿਚੋਂ ਨਿਕਲੋ ਤਾਂ ਧਰਤੀ ਉਪਰਲੀਆਂ ਵਸਤਾਂ ਹੋਰ ਲਿਸ਼ਕ ਜਾਣਗੀਆਂ।
”ਚੜ੍ਹਦੇ ਜਾਓਗੇ ਤਾਂ ਪੌੜੀ ਦੇ ਡੰਡੇ ਉਪਰ ਵੱਲੇ ਹੋਰ ਜੁੜਦੇ ਜਾਣਗੇ। ਜਾਦੂ ਵਾਂਗ ਨਵੇਂ ਡੰਡੇ ਜੁੜਦੇ ਜਾਣਗੇ।’’
”ਬਦੀ ਤੁਹਾਨੂੰ ਕਿਤੇ ਇਸ ਤਰ੍ਹਾਂ ਦਾ ਮੁਜਰਮ ਨਾ ਬਣਾ ਦਏ ਕਿ ਤੁਹਾਨੂੰ ਵਿਸ਼ਵਾਸ ਹੋ ਜਾਏ ਤੁਸੀਂ ਬਦੀ ਤੋਂ ਕੁਝ ਛੁਪਾ ਵੀ ਸਕਦੇ ਹੋ।
”ਇਨਕਲਾਬ ਦਾ ਜਵਾਰਭਾਟਾ ਉਤਰ ਜਾਂਦਾ ਹੈ ਤਾਂ ਪਿਛੇ ਨਵੀਂ ਨੌਕਰਸ਼ਾਹੀ ਦੀ ਝੱਗ ਬਚਦੀ ਹੈ। ਲਾਲਫੀਤੇ, ਜ਼ਖਮੀ ਮਨੁੱਖਤਾ ਦੀਆਂ ਸੰਗਲੀਆਂ ਬਣ ਜਾਂਦੇ ਹਨ।
”ਚੂਹੇ ਨੇ ਕਿਹਾ – ਅਫ਼ਸੋਸ ਸੰਸਾਰ ਕਿੰਨਾ ਛੋਟਾ ਹੋ ਰਿਹੈ। ਸ਼ੁਰੂ ਵਿਚ ਇਹ ਏਨਾ ਵੱਡਾ ਸੀ ਕਿ ਡਰ ਲਗਦਾ ਸੀ, ਦੌੜਦਾ ਦੌੜਦਾ ਮੈਂ ਹਫ਼ ਜਾਂਦਾ। ਮੈਂ ਖੁਸ਼ ਹੋਇਆ ਕਿ ਹੌਲੀ ਹੌਲੀ ਕੰਧਾਂ ਸਰਕਦੀਆਂ ਸਰਕਦੀਆਂ ਨੇੜੇ ਆ ਗਈਆਂ। ਪਰ ਬਾਦ ਵਿਚ ਹੁਣ ਏਨੀਆਂ ਨੇੜੇ ਹੋ ਗਈਆਂ ਨੇ ਕਿ ਮੈਂ ਇਕ ਖੂੰਜੇ ਵਿਚ ਫਸਿਆ ਬੈਠਾ ਹਾਂ। ਰਸਤੇ ਵਿਚ ਕੁੜਿਕੀ ਦੇਖ ਕੇ ਰੁਕਿਆ ਤਾਂ ਆਵਾਜ਼ ਆਈ, ਦਿਸ਼ਾ ਬਦਲ। ਮੈਂ ਦੂਜੇ ਰਾਹ ਵੱਲ ਦੌੜਿਆ ਜਿੱਧਰੋਂ ਆਵਾਜ਼ ਆਈ ਸੀ। ਉਥੇ ਬਿੱਲੀ ਖਲੋਤੀ ਸੀ।।
”ਕਾਵਾਂ ਦਾ ਦਾਅਵਾ ਹੈ ਕਿ ਇਕੱਲਾ ਕਾਂ ਸੁਰਗ ਨੂੰ ਤਬਾਹ ਕਰ ਸਕਦੈ। ਠੀਕ, ਕਰ ਸਕਦੈ। ਪਰ ਕਾਵਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਸੁਰਗ ਕਹਿੰਦੇ ਹੀ ਉਸ ਥਾਂ ਨੂੰ ਨੇ ਜਿਥੇ ਕਾਂ ਨਹੀਂ ਪੁੱਜ ਸਕਦੇ।
”ਮੇਰੇ ਅੰਦਰ ਕੋਈ ਅਮਰ ਅਬਿਨਾਸ਼ੀ ਸ਼ਕਤੀ ਹੈ,’’ ਇਸ ਵਿਸ਼ਵਾਸ ਤੋਂ ਬਗੈਰ ਆਦਮੀ ਜਿਉਂਦਾ ਨਹੀਂ ਰਹਿ ਸਕਦਾ।
”ਪੂਰਨ ਉਡੀਕ, ਸ਼ਾਨਦਾਰ ਹੈ। ਜਿਸਦੀ ਉਡੀਕ ਹੈ ਉਹ ਅੱਖੋਂ ਪਰੋਖਾ ਹੈ, ਬੇਅੰਤ ਦੂਰ, ਪਰਦੇ ਦੇ ਪਿੱਛੇ। ਨਾ ਜ਼ਾਲਮ ਹੈ ਉਹ, ਨਾ ਦੁਚਿੱਤੀ ਵਿਚ ਹੈ, ਨਾ ਬੋਲਾ ਹੈ। ਸਹੀ ਨਾਮ ਲੈਕੇ ਜੇ ਸਹੀ ਸ਼ਬਦ ਉਚਾਰੋਂ ਤਾਂ ਬੁਲਾਉਣ ‘ਤੇ ਆ ਜਾਏਗਾ। ਇਹੀ ਜਾਦੂ ਦਾ ਤੱਤਸਾਰ ਹੈ ਜੋ ਸਿਰਜਦਾ ਨਹੀਂ, ਬੁਲਾ ਲੈਂਦਾ ਹੈ।
”ਜਿਸਨੂੰ ਜ਼ਿੰਦਗੀ ਬਾਹਵਾਂ ਵਿਚ ਭਰਨੀ ਆ ਗਈ, ਉਹ ਮੌਤ ਤੋਂ ਨਹੀਂ ਡਰੇਗਾ।
”ਆਦਮੀ ਦਾ ਦੁਖਮਈ ਚਿਹਰਾ ਬੱਚੇ ਦਾ ਮੂਰਛਿਤ ਵਿਸਮਾਦ ਹੁੰਦਾ ਹੈ।’’
”ਕਮਰੇ ਵਿਚੋਂ ਬਾਹਰ ਜਾਣ ਦੀ ਲੋੜ ਨਹੀਂ। ਬੈਠੇ ਰਹੋ ਤੇ ਸੁਣੋ। ਸੁਣੋ ਵੀ ਨਾ, ਉਡੀਕੋ। ਉਡੀਕ ਵੀ ਨਾ ਕਰੋ ਬੇਸ਼ਕ, ਬਸ ਚੁਪ ਅਤੇ ਸ਼ਾਂਤ ਹੋ ਜਾਓ। ਸੰਸਾਰ ਤੁਹਾਡੇ ਸਾਹਮਣੇ ਖਲੋ ਕੇ ਅਪਣਾ ਘੁੰਡ ਉਤਾਰਨ ਦੀ ਜਾਚਨਾ ਕਰੇਗਾ। ਇਸ ਅੱਗੇ ਹੋਰ ਕੋਈ ਰਸਤਾ ਨਹੀਂ। ਵਿਸਮਾਦਿਤ ਹੋਕੇ ਸੰਸਾਰ ਤੁਹਾਡੇ ਕਦਮਾ ਉਪਰ ਲੇਟੇਗਾ।
”ਕੋਈ ਚੀਜ਼ ਹੈ ਅਜਿਹੀ, ਜਿਸ ਦਾ ਅਜੇ ਤੱਕ ਹਿਸਾਬ ਨਹੀਂ ਹੋਇਆ।
ਮਿਲੇਨਾ ਨੂੰ ਖਤ ਵਿਚ – ਤੇਰੀ ਮੇਰੀ ਜ਼ਿੰਦਗੀ ਜੇ ਦੁਖਮਈ ਨਾਂ ਹੁੰਦੀ ਤਾਂ ਆਪਾਂ ਕਿੰਨੇ ਸ਼ਰਮਸਾਰ ਹੁੰਦੇ ਮਿਲੇਨਾ।
”ਮੈਨੂੰ ਆਪਣੀਆਂ ਪਿਛਲੀਆਂ ਗਲਤੀਆਂ ਦਾ ਕੋਈ ਅਫ਼ਸੋਸ ਨਹੀਂ, ਮੈਂ ਉਨ੍ਹਾਂ ਵਿਸ਼ਵਾਸਾਂ ਕਰਕੇ ਸ਼ਰਮਿੰਦਾ ਹਾਂ ਜਿਨ੍ਹਾਂ ਨੂੰ ਮੈਂ ਸੱਚ ਮੰਨ ਲਿਆ ਸੀ।
”ਖਤਰਿਆਂ ਤੋਂ ਬਚ ਕੇ ਨਿਕਲਦਾ ਰਿਹਾ ਹਮੇਸ਼, ਬਹਾਦਰ ਨਹੀਂ, ਭਗੌੜਾ ਹਾਂ।
ਇਸ ਲਿਖਤ ਦੀ ਸਮਾਪਤੀ ਕਰਦਿਆਂ ਇਕ ਸ਼ਿਅਰ ਤੈਰਦਾ ਹੋਇਆ ਵਰਕੇ ਉਪੱਰ ਆ ਉਤੱਰਿਆ:
ਕੈਸਾ ਆਲਮ ਹੈ ਕਿ ਰੌਸ਼ਨੀ ਤਲਵੋਂ ਮੇਂ ਚੁਭਤੀ ਹੈ,
ਕਿਸੀ ਨੇ ਤੋੜ ਕਰ ਬਿਖਰਾ ਦੀਆ ਹੋ ਆਈਨਾ ਜੈਸੇ।