ਟਰਾਂਟੋ ਤੋਂ ਉੱਡਿਆ ਮਨੀਸ਼ਾ ਦਾ ਜਹਾਜ਼ ਲਾਸ ਐਂਜਲਸ ਪਹੁੰਚ ਚੁੱਕਾ ਸੀ। ਇੱਥੇ ਉਹ ਇੱਕ ਫੈਸ਼ਨ-ਸ਼ੋਅ ’ਚ ਭਾਗ ਲੈਣ ਆਈ ਸੀ। ਇਹ ਕੋਈ ਆਮ ਜਿਹਾ ਫੈਸ਼ਨ-ਸ਼ੋਅ ਨਹੀਂ ਸੀ। ਅਮਰੀਕਾ, ਕੈਨੇਡਾ ਤੇ ਯੌਰਪ ਦੇ ਵੱਡੇ-ਵੱਡੇ ਵਸਤਰ-ਵਪਾਰੀਆਂ ਵੱਲੋਂ ਸਪਾਂਸਰ ਕੀਤੇ ਇਸ ਸ਼ੋਅ ਵਿੱਚ ਫੈਸ਼ਨ-ਇੰਡਸਟਰੀ ਦੀਆਂ ਉੱਘੀਆਂ ਹਸਤੀਆਂ, ਹਾਲੀਵੁੱਡ ਦੇ ਕੁਝ ਸਟਾਰ ਤੇ ਨਾਮਵਰ ਮੀਡੀਆਕਾਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋ ਰਹੇ ਸਨ। ਇਸ ਵਿੱਚ ਟਾਪ-ਮਾਡਲ ਦਾ ਐਲਾਨ ਵੀ ਹੋਣਾ ਸੀ।
ਲਾਸ ਐਂਜਲਸ ਏਅਰਪੋਰਟ ਤੋਂ ਬਾਹਰ ਆਉਂਦਿਆਂ ਮਨੀਸ਼ਾ ਨੂੰ ਇੰਜ ਲੱਗਾ ਜਿਵੇਂ ਫਿਲਮਾਂ, ਟੀ.ਵੀ. ਸ਼ੋਆਂ ਤੇ ਫੈਸ਼ਨ ਦੇ ਗੜ੍ਹ ਇਸ ਪ੍ਰਸਿੱਧ ਸ਼ਹਿਰ ਨੇ ਉਸ ਨੂੰ ਉਚੇਚ ਨਾਲ ‘ਜੀ ਆਇਆਂ’ ਆਖਿਆ ਹੋਵੇ। ‘ਫੈਸ਼ਨ ਦੀ ਦੁਨੀਆਂ ਵਿੱਚ ਨਵੀਆਂ ਸ਼ੈਲੀਆਂ ਪ੍ਰਚਲਤ ਕਰਨ ਵਾਲੇ ਇਸ ਸ਼ਹਿਰ ਵਿੱਚ ਐਲਾਨੇ ਟਾਪ-ਮਾਡਲ ਦੀ ਧੂੰਮ ਦੂਰ-ਦੂਰ ਤੱਕ ਜਾਏਗੀ।’ ਉਹ ਰੀਝ-ਹੁਲਾਰੇ ਵਿੱਚ ਬੁੜਬੁੜਾਈ ਸੀ। ਜਦੋਂ ਟੈਕਸੀ ‘ਫੈਸ਼ਨ ਡਿਸਟ੍ਰਿਕਟ’ ਵਿੱਚੀਂ ਲੰਘੀ ਤਾਂ ਦੋ ਸੌ ਤੋਂ ਵੱਧ, ਥੋਕ ਤੇ ਪਰਚੂਨ ਕੱਪੜੇ ਦੇ ਸਟੋਰਾਂ ਨੂੰ ਰੁਸ਼ਨਾ ਰਹੀਆਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਸ ਨੂੰ ਸ਼ੁਭ ਦਿਨ ਦਾ ਸੰਕੇਤ ਦੇਂਦੀਆਂ ਜਾਪੀਆਂ।
‘ਬੈਸਟ ਵੈਸਟਰਨ ਹੋਟਲ’ ’ਚ ਪਹੁੰਚ, ਉਹ ਨਹਾ ਕੇ ਤਿਆਰ ਹੋਣ ਲੱਗ ਪਈ। ਅੱਠ ਵਜੇ ਉਸ ਨੇ, ਦੋਸਤਾਂ ਵਰਗੇ ਅਪਣੇ ਫੈਸ਼ਨ-ਡਿਜ਼ਾਈਨਰ ਵੇਨ ਫਿਲਿਪ ਨੂੰ ਮਿਲਣਾ ਸੀ। ਉਸ ਕੋਲੋਂ ਸ਼ੋਅ ਸਬੰਧੀ ਹਦਾਇਤਾਂ-ਸਲਾਹਾਂ ਲੈਣੀਆਂ ਸਨ।
ਵੇਨ ਉਸ ਨੂੰ ਸਾੜ੍ਹੀ ’ਚ ਦੇਖ ਕੇ ਜ਼ਿਆਦਾ ਖੁਸ਼ ਹੁੰਦਾ ਸੀ। ਜੀਨ ਦਾ ਖ਼ਿਆਲ ਛੱਡ ਉਸ ਨੇ ਸਾੜ੍ਹੀ ਕੱਢ ਲਈ। ਤਿਆਰ ਹੋ ਕੇ ਉਸ ਨੇ ਆਦਮਕਦ ਸ਼ੀਸ਼ੇ ਵਿੱਚੀਂ ਖੁਦ ਨੂੰ ਨਿਹਾਰਿਆ ਸੀ… ਗੋਰੀ ਲਿਸ਼ਕਵੀਂ ਖੁੱਦਾਰ ਗਰਦਨ ਅਤੇ ਮੱਥੇ ਉੱਤੇ ਝੂਮਦੇ ਕੱਟੇ ਹੋਏ ਕਾਲੇ ਸ਼ਾਹ ਵਾਲ, ਸੁਨਿਹਰੀ ਸ਼ੈਡੋਅ ਤੇ ਕਾਲੇ ਮਸਕਾਰੇ ਨਾਲ ਸਜੀਆਂ ਪਲਕਾਂ ਹੇਠ ਨਸ਼ਈ ਜਿਹੇ ਮ੍ਰਿਗ ਨੈਣ, ਉਨਾਬੀ ਲਿਪਸਟਿਕ ਨੂੰ ਮਾਣ ਬਖਸ਼ਦੇ, ਗੁਲਾਬ-ਪੱਤੀਆਂ ਵਾਂਗ ਟਹਿਕਦੇ, ਮੁਸਕਰਾਹਟਾਂ ਕੇਰਦੇ ਹੋਂਠ, ਗੋਰੇ ਗੁਲਾਬੀ ਚਿਹਰੇ ’ਤੇ ਸੁਨਿਹਰੀ ਲਿਸ਼ਕ ਮਾਰਦਾ ਤਿੱਖੇ ਨੱਕ ਦਾ ਕੋਕਾ, ਕਾਲੇ ਬਲਾਊਜ਼ ਵਿੱਚੀਂ ਰੂਪਮਾਨ ਹੁੰਦਾ ਅਨੋਖਾ ਸ਼ਬਾਬ ਅਤੇ ਲਚਕਵੀਂ ਕਮਰ ’ਤੇ ਬੰਨ੍ਹੀ ਹੋਈ ਸੁਨਿਹਰੀ ਬਾਰਡਰ ਵਾਲੀ ਕਾਲੀ ਸਾੜ੍ਹੀ।
ਅਪਣੇ ਹੋਟਲ-ਕਮਰੇ ਦਾ ਦਰਵਾਜ਼ਾ ਖੋਲ੍ਹਦਿਆਂ ਵੇਨ ਫਿਲਿਪ ਨੇ ਮੁਸਕਰਾ ਕੇ ਮਨੀਸ਼ਾ ਨੂੰ ਬਾਹਾਂ ’ਚ ਲਿਆ, ਚੁੰਮਿਆ ਤੇ ਹਾਲ-ਚਾਲ ਪੁੱਛਿਆ। … ਮਨੀਸ਼ਾ ਨੇ ਕੌਫੀ-ਮੇਕਰ ’ਚ ਉੱਬਲ ਰਹੀ ਕੌਫੀ ਵਿਚੋਂ ਦੋ ਕੱਪ ਬਣਾਏ, ਇਕ ਵੇਨ ਨੂੰ ਫੜਾ ਦਿੱਤਾ ਤੇ ਦੂਜਾ ਆਪ ਲੈ ਲਿਆ। ਕੌਫੀ ਸਿੱਪ ਕਰਦਾ ਵੇਨ ਸ਼ੋਅ ਦੀ ਦੌੜ-ਭੱਜ ਬਾਰੇ ਦੱਸਣ ਲੱਗਾ। ਉਸ ਤੋਂ ਸ਼ੋਅ ਦੀ ਰੂਪ-ਰੇਖਾ ਸੁਣਦਿਆਂ ਮਨੀਸ਼ਾ ਨੂੰ ਝਟਕਾ ਵੱਜਾ। ਵੇਨ ਦੱਸ ਰਿਹਾ ਸੀ, ”ਇਹ ਫੈਸ਼ਨ-ਸ਼ੋਅ ਵੱਖਰੀ ਕਿਸਮ ਦਾ ਹੋਵੇਗਾ, ਫੈਸ਼ਨ+ਮਨੋਰੰਜਨ। ਪੁੱਜ ਰਹੀਆਂ ਅਹਿਮ ਸ਼ਖ਼ਸੀਅਤਾਂ ਨੂੰ ਖੁਸ਼ ਕਰਨ ਲਈ ਮਾਡਲਾਂ ਪੋਲ-ਡੈਨਸ ਕਰਨਗੀਆਂ।’’
”ਪਰ ਮੈਨੂੰ ਤਾਂ ਪੋਲ-ਡੈਨਸ ਆਉਂਦਾ ਨਹੀਂ।’’ ਮਨੀਸ਼ਾ ਪਰੇਸ਼ਾਨ ਹੋ ਗਈ।
”ਕੋਈ ਗੱਲ ਨਹੀਂ, ਤੂੰ ਹੋਰ ਆਈਟਮਾਂ ਰਾਹੀਂ ਕਸਰ ਕੱਢ ਲਈਂ।’’
”ਉਹ ਕਿਹੜੀਆਂ?’’
”ਵਸਤਰਾਂ ਦੀ ਥਾਂ ਮਸਤੀ ਪਹਿਨ ਕੇ।’’ ਵੇਨ ਅੱਖਾਂ ਵਿੱਚੀਂ ਹੱਸਿਆ।
”ਕੀ ਮਤਲਬ, ਨਗਨ ਹੋ ਕੇ?’’ ਮਨੀਸ਼ਾ ਝੁੰਜਲਾ ਉੱਠੀ।
”ਨਗਨ ਨਹੀਂ, ਅੰਗਾਂ ’ਤੇ ਇੱਕ-ਇੱਕ ਪੱਤਾ ਲਟਕਾ ਕੇ।’’
”ਵੇਨ ਤੂੰ ਕੀ ਕਹਿ ਰਿਹੈਂ?’’ ਤਲਖ਼ ਹੋਈ ਮਨੀਸ਼ਾ ਬੋਲੀ, ”ਪੱਤਿਆਂ ਵਾਲੀ ਗੱਲ ਪੌਰਨੋਗਰਾਫੀ ਏ। ਫ਼ੈਸ਼ਨ ਕੱਪੜਿਆਂ ਤੇ ਮੇਕਅਪ ਦਾ ਹੁੰਦੈ। ਜੇ ਮਾਡਲਾਂ ਦੇ ਜਿਸਮਾਂ ’ਤੇ ਕੱਪੜੇ ਹੀ ਨਹੀਂ ਹੋਣਗੇ ਤਾਂ ਫੈਸ਼ਨ-ਸ਼ੋਅ ਕਿਵੇਂ ਬਣੇਗਾ?’’
”ਪਰ ਸ਼ੋਅ-ਪ੍ਰੋਡਿਊਸਰਜ਼ ਇਹ ਚੀਜ਼ਾਂ ਮੰਗਦੇ ਨੇ।’’
”ਕੀ ਸਾਰੀਆਂ ਮਾਡਲਾਂ ਇਹ ਕਰਨਗੀਆਂ?’’
”ਮੈਂ ਪਰਸੋਂ ਦਾ ਏਥੇ ਆਂ। ਸਾਰੇ ਪਾਸਿਆਂ ਤੋਂ ਬਿੜਕਾਂ ਲੈ ਰਿਹਾਂ। ਐਵੇਂ ਥੋੜ੍ਹੀਆਂ ਕੁ ਨੂੰ ਛੱਡ ਕੇ ਬਾਕੀ ਸਭ ਕਰਨਗੀਆਂ।’’
”ਮਿਸ਼ੈਲ ਕਰੇਗੀ?’’ ਮਿਸ਼ੈਲ ਲਾਫਨਟੇਨ ਵੀ ਮਨੀਸ਼ਾ ਵਾਂਗ ਟਾਪ-ਮਾਡਲ ਵਾਸਤੇ ਉਮੀਦਵਾਰ ਸੀ।
”ਪੋਲ-ਡੈਨਸ ਤਾਂ ਨਹੀਂ ਪਰ ਪੱਤਿਆਂ ਵਾਲੀ ਜ਼ਰੂਰ ਕਰੇਗੀ।’’
”ਤੇ ਸਿੰਡੀ?’’
”ਉਹ ਦੋਵੇਂ ਕਰੇਗੀ।’’
”ਉਹ ਤਾਂ ਕਰੇਗੀ ਹੀ, ਸੁਪਰ-ਮਾਡਲ ਜੁ ਬਣਨਾ ਹੋਇਆ।’’ ਮਨੀਸ਼ਾ ਨੇ ਹਉਕਾ ਭਰਿਆ।
”ਤੇ ਤੂੰ ਬੈਠੀ ਰਹਿ ਥਾਂ ਦੀ ਥਾਂ। ਦੇਖ ਮੈਨੀਸ਼ਾ! ਜਾਂ ਤਾਂ ਸੁਪਨੇ ਦੇਖਣੇ ਬੰਦ ਕਰ ਤੇ ਜਾਂ ਡਟ ਕੇ ਮੁਕਾਬਲਾ ਕਰ ਤੇ ਦੂਜੀਆਂ ਤੋਂ ਅੱਗੇ ਲੰਘ।’’ ਵੇਨ ਨੇ ਝਿੜਕੀ ਦਿੱਤੀ।
”ਹੂੰਅ… ਜੇ ਮੈਂ ਅਪਣੀਆਂ ਬਾਕੀ ਆਈਟਮਾਂ ਨਾਲ ਪੱਤਿਆਂ ਵਾਲੀ ਵੀ ਕਰਦਿਆਂ ਤਾਂ ਕੀ ਮੇਰੀ ਟਾਪ-ਮਾਡਲ ਦੀ ਗੱਲ ਬਣ ਜਾਏਗੀ?’’ ਕੁਸੈਲੀ ਜਾਪਦੀ ਕੌਫ਼ੀ ਦਾ ਘੁੱਟ ਲੰਘਾ ਕੇ ਮਨੀਸ਼ਾ ਨੇ ਪੁੱਛਿਆ
”ਉਮੀਦ ਤਾਂ ਬੜੀ ਐ। ਮੈਂ ਤੇਰੀ ਗੱਲ ਚਲਾਈ ਹੋਈ ਏ।’’
”ਉਮੀਦ ਨਹੀਂ, ਪੱਕੀ ਗੱਲ ਕਰ।’’
”ਮੈਨੀਸ਼ਾ! ਜੇ ਮੇਰੇ ਵੱਸ ’ਚ ਹੋਵੇ, ਮੈਂ ਤਾਂ ਇੱਕ ਪਲ ਵੀ ਨਾ ਲਾਵਾਂ… ਇਸ ਸ਼ੋਅ ਦੇ ਸਪਾਂਸਰ ਤੇ ਪ੍ਰੋਡਿਊਸਰਜ਼ ਭਾਵੇਂ ਵੱਡੀਆਂ ਤੋਪਾਂ ਨੇ, ਅਪਣੀ ਮਰਜ਼ੀ ਕਰਨ ਵਾਲੇ ਪਰ ਮੈਂ ਅਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗਾ।’’
ਵੇਨ ਦਾ ਸੈੱਲਫੋਨ ਖੜਕ ਗਿਆ… ਗੱਲ ਕਰਨ ਬਾਅਦ ਉਸ ਨੇ ਮਨੀਸ਼ਾ ਦਾ ਹੱਥ ਅਪਣੇ ਹੱਥਾਂ ’ਚ ਲਿਆ ਤੇ ਬੋਲਿਆ, ”ਮੈਨੀਸ਼ਾ ਡਾਰਲਿੰਗ! ਤੂੰ ਮੇਰੀ ‘ਨੰਬਰ ਇੱਕ’ ਮਾਡਲ ਏਂ। ਤੇਰੇ ਕੋਲ ਖੂਬਸੂਰਤ ਜਿਸਮ ਦੇ ਨਾਲ ਮਾਡਲਿੰਗ ਕਲਾ ਵੀ ਕਮਾਲ ਦੀ ਹੈ। ਮਿਸ਼ੈਲ ਨੂੰ ਮਾਤ ਪਾਉਣਾ ਤੇਰੇ ਲਈ ਕੋਈ ਮੁਸ਼ਕਲ ਨਹੀਂ। ਮੈਂ ਵੀ ਪੂਰਾ ਜ਼ੋਰ ਲਾ ਰਿਹਾਂ। ਤੂੰ ਤਕੜੀ ਹੋ, ਪੂਰੇ ਜ਼ੋਰ-ਸ਼ੋਰ ਨਾਲ ਪਰਫਾਰਮੈਂਸ ਦੇਣੀ ਆਂ…. ਸ਼ੋਅ ਤੋਂ ਪਹਿਲਾਂ ਰਿਹਰਸਲ ਕਰਨੀ ਏਂ। ਤੂੰ ਚਾਰ ਕੁ ਵਜੇ ਹਾਲ ’ਚ ਪਹੁੰਚ ਜਾਈਂ।’’
ਵੇਨ ਵੱਲੋਂ ਮਿਲੇ ਉਤਸ਼ਾਹ ਨਾਲ ਮਨੀਸ਼ਾ ਦਾ ਮੂਡ ਕੁਝ ਠੀਕ ਹੋ ਗਿਆ। ਅੱਖਾਂ ’ਚ ਅੱਖਾਂ ਪਾ ਕੇ ਬੋਲੀ, ”ਲੰਚ ਇਕੱਠੇ ਕਰਾਂਗੇ?’’
”ਕੋਸ਼ਿਸ਼ ਕਰਾਂਗਾ, ਪਰ ਪੱਕਾ ਨਹੀਂ ਕਹਿ ਸਕਦਾ। ਦੌੜ-ਭੱਜ ਬਹੁਤ ਏ। ਹੁਣ ਵੀ ਐਹ ਸ਼ੋਅ ਦੇ ਕੋਆਰਡੀਨੇਟਰ ਦਾ ਫੋਨ ਸੀ, ਓਧਰ ਜਾ ਰਿਹਾਂ।’’ ਆਖ ਉਹ ਮਨੀਸ਼ਾ ਦੇ ਕੋਲ ਨੂੰ ਹੋ ਗਿਆ। ਬੁੱਲ੍ਹਾਂ ਨਾਲ ਬੁੱਲ੍ਹ ਜੁੜ ਗਏ…।
”ਮੈਂ ਛੇਤੀ ਜਾਣੈ।’’ ਕਹਿੰਦਿਆਂ ਵੇਨ ਨੇ ਬਰੀਫਕੇਸ ਉਠਾ ਲਿਆ। ਮਨੀਸ਼ਾ ਵੀ ਬਾਹਰ ਆ ਗਈ।
ਅਪਣੇ ਹੋਟਲ-ਕਮਰੇ ’ਚ ਪਰਤ ਕੇ ਮਨੀਸ਼ਾ ਨੇ ਕੈਯੂਅਲ ਕਪੜੇ ਪਹਿਨੇ ਤੇ ਆਰਾਮ ਕਰਨ ਦੀ ਸੋਚ ਕੇ ਬੈੱਡ ’ਤੇ ਲੇਟ ਗਈ। ਪਰ ਮਨ ਸਥਿਰ ਨਹੀਂ ਸੀ ਹੋ ਰਿਹਾ। ਮੱਥਾ ਘੁੱਟਦਿਆਂ ਉਸ ਅੰਦਰੋਂ ਆਵਾਜ਼ ਉੱਠੀ, ‘ਕਿੰਨਾ ਰੌਲਾ ਸੀ, ਅਖੇ ਵੱਡੇ ਪੱਧਰ ਦਾ ਬਹੁਤ ਆਹਲਾ ਸ਼ੋਅ ਹੋਣ ਜਾ ਰਿਹਾ ਏ… ਸੁਆਹ ਤੇ ਖੇਹ, ਨਿਰੀ ਨਗਨਤਾ ਤੇ ਕਾਮੁਕਤਾ। ਕਲਾ ਤੇ ਸੁਹਜ ਵਾਲੀ ਤਾਂ ਕੋਈ ਗੱਲ ਹੀ ਨ੍ਹੀਂ ਦਿਸਦੀ।’
ਇਹ ਨਗਨਤਾ-ਕਾਮੁਕਤਾ ਮਨੀਸ਼ਾ ਲਈ ਕੋਈ ਨਵੀਂ ਚੀਜ਼ ਨਹੀਂ ਸੀ। ਪਹਿਲਾਂ ਵੀ ਕਿਸੇ-ਕਿਸੇ ਫੈਸ਼ਨ-ਸ਼ੋਅ ’ਚ ਅਜਿਹੀਆਂ ਆਈਟਮਾਂ ਦੀ ਮੰਗ ਆ ਜਾਂਦੀ ਸੀ। ਕਾਫੀ ਮਾਡਲਾਂ ਖਰਮਸਤੀ ’ਚ ਉਹ ਆਈਟਮਾਂ ਕਰ ਦੇਂਦੀਆਂ। ਬਾਕੀ ਦੀਆਂ ਕੋਈ ਹੋਰ ਆਈਟਮਾਂ ਚੁਣ ਲੈਂਦੀਆਂ। ਮਨੀਸ਼ਾ ਉਨ੍ਹਾਂ ਵਿੱਚੋਂ ਸੀ। ਕੁਝ ਸ਼ੋਆਂ ’ਚ ਮੌਸਮਾਂ ਅਨੁਸਾਰ, ਉਸ ਨੇ ਛੋਟੇ ਕੱਪੜੇ ਵੀ ਪਹਿਨੇ ਸਨ, ਪਰ ਉਹ ਪੌਰਨੋਗਰਾਫੀ ਤੋਂ ਦੂਰ ਰਹੀ ਸੀ।
ਉਸਦੀ ਮਾਡਲਿੰਗ-ਕਲਾ ਤੇ ਡਿਜ਼ਾਈਨਿੰਗ-ਕਲਾ ਦੀ ਕਦਰ ਕਰਦੇ ਵੇਨ ਫਿਲਿਪ ਨੇ ਉਸ ਨਾਲ ਦੋਸਤਾਂ ਵਰਗਾ ਰਿਸ਼ਤਾ ਬਣਾਇਆ ਹੋਇਆ ਸੀ। ਡਿਜ਼ਾਈਨਿੰਗ ਸਬੰਧੀ ਮਨੀਸ਼ਾ ਨਾਲ ਹੁੰਦਾ ਵਿਚਾਰ-ਵਟਾਂਦਰਾ ਉਸ ਲਈ ਲਾਹੇਵੰਦ ਸੀ।
ਮਾਡਲਿੰਗ ਏਜੰਸੀ ‘ਯੁਨੀਕ’ ਦਾ ਮਾਲਕ ਐਰਿਕ ਡਾਲਟਨ ਵੀ ਮਨੀਸ਼ਾ ਨੂੰ ਮਹੱਤਤਾ ਦੇਂਦਾ ਸੀ। ਉਹ ਉਸ ਨੂੰ ਦੂਜੀਆਂ ਮਾਡਲਾਂ ਨਾਲੋਂ ਵੱਧ ਕਮਾਈ ਕਰਵਾਉਂਦੀ ਸੀ। ਮਹੱਤਤਾ ਦੇਣ ਦਾ ਇਕ ਕਾਰਨ ਹੋਰ ਵੀ ਸੀ। ਉੱਤਰੀ ਅਮਰੀਕਾ ਦੀਆਂ ਪ੍ਰਮੁੱਖ ਫੈਸ਼ਨ ਏਜੰਸੀਆਂ ਵਿੱਚੋਂ ਇੱਕ ‘ਯੁਨੀਕ’ ਹੀ ਸੀ, ਜਿਸ ਵਿੱਚ ਗੋਰੀਆਂ ਤੋਂ ਇਲਾਵਾ ਅਫਰੀਕੀ, ਚੀਨੀ ਤੇ ਭਾਰਤੀ ਮੂਲ ਦੀਆਂ ਮਾਡਲਾਂ ਵੀ ਸ਼ਾਮਲ ਸਨ। ਇਹ ਮਾਡਲਾਂ ਸਨ ਤਾਂ ਭਾਵੇਂ ਇੱਕ-ਇੱਕ, ਦੋ-ਦੋ ਹੀ ਪਰ ਇਸ ਨਾਲ ਐਰਿਕ ਦੀ ਏਜੰਸੀ, ਗਲੋਬਲ ਸੁੰਦਰੀਆਂ ਦਾ ਗੁਲਦਸਤਾ ਕਹਾਉਣ ਦੇ ਯੋਗ ਹੋ ਗਈ ਸੀ।
ਮਨੀਸ਼ਾ ਦੀ ਅਪਣੇ ਮਾਡਲਿੰਗ-ਸਟਾਈਲ ਨੂੰ ਲੈ ਕੇ ਵੇਨ, ਐਰਿਕ ਅਤੇ ਹੋਰਨਾਂ ਨਾਲ ਹੁਣ ਤੱਕ ਤਾਂ ਨਿਭ ਗਈ ਸੀ, ਪਰ ਅੱਜ ਦੇ ਸ਼ੋਅ ਨੇ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਸੀ। ਜੇ ਪੱਤਿਆਂ ਵਾਲੀ ਆਈਟਮ ਕਰਦੀ ਸੀ ਤਾਂ ਨਗਨ ਹੋਣ ਵਾਲੀ ਗੱਲ ਸੀ, ਜੋ ਉਸਦੀ ਰੂਹ ਨੂੰ ਸਵੀਕਾਰ ਨਹੀਂ ਸੀ। ਤੇ ਜੇ ਨਹੀਂ ਕਰਦੀ ਸੀ ਤਾਂ ਕੈਰੀਅਰ ਦੀਆਂ ਸਿਖ਼ਰਾਂ ਛੂਹਣ, ਯਾਅਨੀ ਟਾਪ-ਮਾਡਲ ਬਣਨ ਦੇ ਸੁਪਨੇ ਬਿੱਖਰਦੇ ਸਨ।
‘ਕਰਾਂ ਤਾਂ ਕੀ ਕਰਾਂ?’ ਦੁਬਿਧਾ ’ਚ ਨਪੀੜ ਹੋ ਰਹੀ ਮਨੀਸ਼ਾ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਲਿਸ਼ਕਾਂ ਮਾਰਦੇ ਕਮਰੇ ’ਚ ਧੂੰਆਂ ਛਾ ਗਿਆ ਹੋਵੇ… ਉਸਦਾ ਦਮ ਘੁਟਣ ਲੱਗਾ। ਉਸ ਨੇ ਫਰਿੱਜ ਵਿੱਚੋਂ ਪਾਣੀ ਦੀ ਬੋਤਲ ਕੱਢੀ, ਪਰਸ ਚੁੱਕਿਆ ਤੇ ਕਮਰੇ ਨੂੰ ਜੰਦਰਾ ਮਾਰ ਦਿੱਤਾ। ਐਲੀਵੇਟਰ ਰਾਹੀਂ ਥੱਲੇ ਉੱਤਰ ਕੇ ਉਹ ਹੋਟਲ ਮੂਹਰੇ ਬਣੇ ਗਾਰਡਨ ’ਚ ਬੈਠ ਗਈ। ਆਸੇ-ਪਾਸੇ ਕੁਝ ਹੋਰ ਲੋਕ ਵੀ ਮਈ ਮਹੀਨੇ ਦੇ ਸੁਹਾਵਣੇ ਮੌਸਮ ਦਾ ਆਨੰਦ ਮਾਣ ਰਹੇ ਸਨ।
”ਹਾਇ ਮੈਨੀਸ਼ਾ।’’ ਈਵਾ ਨੇ ਉਸ ਨਾਲ ਆ ਹੱਥ ਮਿਲਾਇਆ। ਈਵਾ ‘ਸਟੌਪ ਰੌਂਚੀਨੈਂਸ ਸੰਸਥਾ’1 ਦੀ ਗੁਪਤ ਵਰਕਰ ਸੀ। ਉਸਦਾ ਕੰਮ ਲੁਕ-ਛਿਪ ਕੇ, ਫੈਸ਼ਨ-ਸ਼ੋਅ ਦੀਆਂ ਅਨੈਤਿਕ ਸੂਹਾਂ-ਖ਼ਬਰਾਂ ਲੈਣਾ ਸੀ। ਮਨੀਸ਼ਾ ਦੀ ਉਸ ਨਾਲ ਵਾਕਫ਼ੀਅਤ ਜੈਨੀਫਰ ਰਾਹੀਂ ਹੋਈ ਸੀ। ਜੈਨੀਫਰ, ਡਿਜ਼ਾਈਨਿੰਗ ਦੀ ਪੜ੍ਹਾਈ ਸਮੇਂ ਮਨੀਸ਼ਾ ਦੀ ਜਮਾਤਣ ਰਹੀ ਸੀ। ਅੱਜ ਕੱਲ੍ਹ ਉਹ ‘ਸਟੌਪ ਰੌਂਚੀਨੈੱਸ ਸੰਸਥਾ’ ਦੀ ਚੇਅਰਪਰਸਨ ਸੀ।
”ਹਾਇ ਈਵਾ।’’ ਮਨੀਸ਼ਾ ਨੇ ਉਸ ਨੂੰ ਗਾਰਡਨ-ਬੈਂਚ ’ਤੇ ਅਪਣੇ ਸਾਹਮਣੇ ਬਿਠਾ ਲਿਆ ਤੇ ਪੁੱਛਿਆ, ”ਤੂੰ ਇਸੇ ਹੋਟਲ ’ਚ ਠਹਿਰੀ ਹੋਈ ਏਂ?’’
”ਨਹੀਂ, ਮੇਰਾ ਟਿਕਾਣਾ ਗੁਪਤ ਐ ਪਰ ਮੇਰਾ ਜ਼ਿਆਦਾ ਟਾਈਮ ਇਸ ਹੋਟਲ ਅਤੇ ‘ਏਅਰਟੈੱਲ ਪਲਾਜ਼ਾ ਹੋਟਲ’ ਦੇ ਦੁਆਲੇ ਬੀਤ ਰਿਹੈ ਕਿਉਂØਕ ਸਾਰੀਆਂ ਮਾਡਲਾਂ ਇਨ੍ਹਾਂ ਦੋਨਾਂ ਹੋਟਲਾਂ ’ਚ ਠਹਿਰੀਆਂ ਹੋਈਆਂ ਨੇ।’’
”ਕਿਸ ਦੀ ਸਪਾਈਇੰਗ ਕਰ ਰਹੀ ਏਂ?’’
”ਕੁਝ ਬੰਦੇ ਸ਼ੱਕ ਦੇ ਘੇਰੇ ’ਚ ਹੈਗੇ ਨੇ ਪਰ ਅਜੇ ਮੈਂ ਦੱਸ ਨਹੀਂ ਸਕਦੀ। ਤੇਰੇ ਮਤਲਬ ਦੀ ਦੱਸ ਦੇਂਦੀ ਹਾਂ, ਤੇਰਾ ਡਿਜ਼ਾਈਨਰ ਵੇਨ ਅੱਜ-ਕੱਲ੍ਹ ਡੌਮਿਨਿਕਾ ਨੂੰ ਚੁੱਕ ਰਿਹੈ।’’
ਮਨੀਸ਼ਾ ਨੂੰ ਝਟਕਾ ਵੱਜਾ। ਇਟਾਲੀਅਨ ਮੂਲ ਦੀ, ਬਾਈ ਸਾਲਾ ਡੌਮਿਨਿਕਾ ਵਿਟੋ, ਉਨ੍ਹਾਂ ਦੀ ਏਜੰਸੀ ਦੀ ਹੀ ਮਾਡਲ ਸੀ। ਸਿਖ਼ਰਾਂ ਛੂਹਣ ਲਈ ਕਾਹਲੀ, ਉਹ ਤਿੰਨ ਕੁ ਸਾਲਾਂ ’ਚ ਹੀ ‘ਰੈੱਡ ਹੌਟ ਬਿਊਟੀ’ ਵਜੋਂ ਚਰਚਿਤ ਹੋ ਚੁੱਕੀ ਸੀ।
”ਈਵਾ ਤੈਨੂੰ ਇਹ ਸੁਰਾਗ ਮਿਲਦੇ ਕਿੱਥੋਂ ਨੇ?’’ ਅਪਣੀ ਘਬਰਾਹਟ ਲੁਕਾਉਂਦਿਆਂ ਮਨੀਸ਼ਾ ਨੇ ਪੁੱਛਿਆ।
”ਮਾਡਲਾਂ ਅਤੇ ਫੈਸ਼ਨ-ਸ਼ੋਆਂ ਦੇ ਪ੍ਰਬੰਧਕੀ ਅਮਲੇ ’ਚ ਸਾਡੇ ਸੈੱਲ ਹਨ।’’ ਈਵਾ ਨੇ ਦੱਸਿਆ।
”ਤੁਹਾਡੀ ਸੰਸਥਾ ਉਨ੍ਹਾਂ ਨੂੰ ਪੈਸੇ ਦੇਂਦੀ ਏ?’’
”ਕਿਸੇ-ਕਿਸੇ ਨੂੰ ਹੀ, ਆਮ ਮੈਂਬਰ ਵਲੰਟੀਅਰਾਂ ਦੇ ਤੌਰ ’ਤੇ ਕੰਮ ਕਰਦੇ ਆ। ਉਨ੍ਹਾਂ ਕੋਲ ਜਾਂ ਤਾਂ ਜੌਬਾਂ ਹੈਗੀਆਂ ਨੇ ਜਾਂ ਅਪਣੇ ਕੰਮ, ਜਿਵੇਂ ਜੈਨੀਫਰ ਜੌਬ ਕਰਦੀ ਏ, ਮੇਰਾ ਬਿਊਟੀਸ਼ੀਅਨ ਦਾ ਅਪਣਾ ਕੰਮ ਹੈ।’’
”ਅੱਜ ਦੇ ਸ਼ੋਅ ਦੀਆਂ ਅਜੀਬ ਆਈਟਮਾਂ ਬਾਰੇ ਪਤਾ ਲੱਗ ਗਿਆ ਹੋਣੈ।’’
”ਹਾਂ ਲੱਗ ਗਿਐ। ਦੇਖੋ, ਪੋਲ-ਡੈਨਸ ਸਟਰਿੱਪ-ਟੀਜ਼ ਦੀ ਆਈਟਮ ਏ, ਫੈਸ਼ਨ ਸ਼ੋਅ ਦੀ ਨਹੀਂ। ਪੱਤੇ ਮਨੁੱਖ ਦੇ ਜੰਗਲੀ ਜੀਵਨ ਵੇਲੇ ਦੀ ਪੁਸ਼ਾਕ ਸੀ। ਉਦੋਂ ਕੱਪੜਾ ਹੋਂਦ ’ਚ ਹੀ ਨਹੀਂ ਸੀ ਆਇਆ ਤੇ ਹੁਣ ਐਨਾ ਕੱਪੜਾ-ਲੀੜਾ ਹੋਣ ਦੇ ਬਾਵਜੂਦ ਜੰਗਲ ਵੱਲ ਨੂੰ ਮੁੜਨ ਦਾ ਕੀ ਮਤਲਬ? … ਰੌਂਚ ਕਲਚਰ ਸਾਡੇ ਸਿਰਾਂ ਨੂੰ ਚੜ੍ਹ ਗਈ ਏ।’’ ਈਵਾ ਬੋਲੀ।
ਉਸਦਾ ਧਿਆਨ ਹੋਟਲ ਦੇ ਮੁੱਖ ਦਰਵਾਜ਼ੇ ਵੱਲ ਸੀ। ਬਾਹਰ ਨਿਕਲਦੀ ਇੱਕ ਉੱਚੀ ਲੰਮੀ ਹੁਸੀਨਾ ਨੂੰ ਤੱਕਦਿਆਂ ਉਹ ਬੋਲੀ, ”ਮਿਸ਼ੈਲ ਲਗਦੀ ਏ।’’
”ਹਾਂ ਉਹੀ ਏ।’’ ਮਨੀਸ਼ਾ ਨੇ ਪੁਸ਼ਟੀ ਕੀਤੀ।
ਮਿਸ਼ੈਲ ਨੇ ਉਨ੍ਹਾਂ ਨੂੰ ਨਹੀਂ ਦੇਖਿਆ ਸੀ, ਅਪਣੇ ਧਿਆਨ ਉਹ ਪਾਰਕਿੰਗ ਲੌਟ ਵੱਲ ਨੂੰ ਮੁੜ ਪਈ।
”ਓ.ਕੇ. ਮੈਨੀਸ਼ਾ! ਫਿਰ ਮਿਲਾਂਗੇ।’’ ਕਹਿੰਦਿਆਂ ਈਵਾ ਉੱਠ ਪਈ।
”ਬੱਸ! ਬਹਿ ਜਾ ਘੜੀ, ਵਧੀਆ ਗੱਲਾਂ ਚੱਲ ਰਹੀਆਂ ਸਨ।’’
”ਫਿਰ ਸਹੀ। ਮੇਰੀ ਕਿਸੇ ਨਾਲ ਐਪੁਇੰਟਮੈਂਟ ਏ।’’ ਤੇ ਉਹ ਅਪਣੀ ਕਾਰ ਵੱਲ ਨੂੰ ਟੁਰ ਗਈ।
ਮਿਸ਼ੈਲ ਤੇ ਈਵਾ ਦੀਆਂ ਕਾਰਾਂ ਅੱਗੜ-ਪਿੱਛੜ ਬਾਹਰ ਨਿਕਲ ਗਈਆਂ।
ਮਿਸ਼ੈਲ ਲਾਫਟਟੇਨ ਨਿਊਯਾਰਕ ਦੀ ‘ਏ ਵਨ’ ਏਜੰਸੀ ਨਾਲ ਮਾਡਲਿੰਗ ਕਰਦੀ ਸੀ। ਫਰਾਂਸੀਸੀ ਮੂਲ ਦੀ ਇਹ ਸੁੰਦਰੀ ‘ਸੁਪਰ ਸੈਕਸੀ ਬਿਊਟੀ’ ਦੇ ਤੌਰ ’ਤੇ ਮਸ਼ਹੂਰ ਸੀ। ਇਸ ਨੂੰ ਚਰਚਾ ਵਿੱਚ ਲਿਆਉਣ ਵਾਲਾ ਫੈਸ਼ਨ-ਡਿਜ਼ਾਈਨਰ ਕਰੇਗ, ਨਾਟੌਰੀ ਜੂਸੀ ਕਰੂਜ਼ ਦਾ ਚੇਲਾ ਸੀ। ਨਾਟੋਰੀ ਨੇ ਵੀਹਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਲਾਂਯਰੇ2 ਨੂੰ ਫੈਸ਼ਨ-ਸ਼ੋਆਂ ’ਚ ਲਿਜਾ ਕੇ ਅਤੇ ਲਾਂਯਰੇ ਦੇ ਅਧਾਰ ’ਤੇ ਇਸਤਰੀ-ਪੁਸ਼ਾਕਾਂ ਈਜਾਦ ਕਰਕੇ ਤਰਥੱਲੀ ਮਚਾਈ ਸੀ। ‘ਨਾਰੀ ਚੇਤਨਾ’ ਦੀਆਂ ਸੰਸਥਾਵਾਂ ਨੇ ਨਾਟੋਰੀ ਦੀ ਡਿਜ਼ਾਈਨ-ਸ਼ੈਲੀ ਦੀ ਵਿਰੋਧਤਾ ਕੀਤੀ ਸੀ। ਸੰਸਥਾਵਾਂ ਅਨੁਸਾਰ ਔਰਤ ਦਾ, ਅੰਦਰਲੇ ਵਸਤਰਾਂ ਨੂੰ ਬਾਹਰੀ ਪੁਸ਼ਾਕਾਂ ਵਾਂਗ ਦਿਖਾਉਣਾ ਤੇ ਬੈੱਡਰੂਮ ਦੇ ਵਸਤਰਾਂ ਨੂੰ ਲੋਕਾਂ ਵਿਚ ਲਿਜਾਣਾ, ਨਾਰੀਤਵ ਦੀ ਤੌਹੀਨ ਸੀ। ਪਰ ਵਪਾਰ ਤੇ ਮੀਡੀਏ ਨੇ ‘ਨਾਰੀ ਚੇਤਨਾ’ ਦੀ ਪੇਸ਼ ਨਹੀਂ ਸੀ ਜਾਣ ਦਿੱਤੀ।
ਗਾਰਡਨ-ਬੈਂਚ ’ਤੇ ਬੈਠੀ ਮਨੀਸ਼ਾ ਮਿਸ਼ੈਲ ਬਾਰੇ ਸੋਚ ਰਹੀ ਸੀ, ‘ਨੀਲੀ ਬੈਕਲੈੱਸ ਡਰੈੱਸ ’ਚ ਪਤਾ ਨਹੀਂ ਕਿੱਧਰ ਗਈ ਏ… ਅਪਣੇ ਆਪ ਨੂੰ ਰਾਜਕੁਮਾਰੀ ਡਿਆਨਾ ਸਮਝਦੀ ਪਈ ਏ।’ ਮਨੀਸ਼ਾ ਦੇ ਚੇਤੇ ਵਿੱਚ ਦੋ ਕੁ ਸਾਲ ਪਹਿਲਾਂ ਦੀ ਘਟਨਾ ਉੱਭਰ ਆਈ… ਇਕ ਪਾਰਟੀ ’ਚ ਮਿਸ਼ੈਲ, ਮਨੀਸ਼ਾ ਨਾਲ ਅਪਣੀ ਬਰਾਬਰਤਾ ਦੀਆਂ ਗੱਲਾਂ ਕਰਨ ਲੱਗ ਪਈ ਸੀ। ਮਨੀਸ਼ਾ ਨੇ ਹੱਸ ਕੇ ਟਾਲ ਦਿੱਤਾ ਸੀ ਪਰ ਜਦੋਂ ਉਹ ਨਾ ਹੀ ਹਟੀ ਤਾਂ ਝੇਡ ਜਿਹੀ ਕਰ ਦਿੱਤੀ, ”ਮਿਸ਼ੈਲ ਡਾਰਲਿੰਗ! ਮੈਂ ਤੇਰੇ ਬਰਾਬਰ ਕਿੱਥੇ? ਤੇਰਾ ਲੈਵਲ ਬਹੁਤ ਉੱਚੈ।’’ ਮਿਸ਼ੈਲ ਕੁਝ ਨਹੀਂ ਸੀ ਬੋਲੀ। ਅਪਣੀ ਕੁੜੱਤਣ ਅੰਦਰ ਹੀ ਅੰਦਰ ਪੀ ਗਈ ਸੀ।
ਜਿਸ ਮਿਸ਼ੈਲ ਨਾਲ ਮਨੀਸ਼ਾ ਨੇ ਝੇਡ ਕੀਤੀ ਸੀ ਅੱਜ ਉਹੀ ਮਿਸ਼ੈਲ ਮਨੀਸ਼ਾ ਦੇ ਮੁਕਾਬਲੇ ’ਤੇ ਆ ਖੜ੍ਹੀ ਸੀ। ਮੁਕਾਬਲੇ ਦੀਆਂ ਆਈਟਮਾਂ ਵਿਚ ਪੱਤਾ-ਪੁਸ਼ਾਕ ਅਹਿਮ ਆਈਟਮ ਬਣਾ ਦਿੱਤੀ ਗਈ ਸੀ… ਸੋਚਾਂ ’ਚ ਉਲਝੀ ਮਨੀਸ਼ਾ ਖੁਦ ਨੂੰ ਪੁੱਛ ਰਹੀ ਸੀ, ‘ਨਗਨ ਹੋ ਕੇ ਕੀ ਰਹੇਗੀ ਤੇਰੀ? ਕਿੱਥੇ ਖੜ੍ਹੇਗਾ ਤੇਰਾ ਕਲਾ-ਗੌਰਵ?’ … ਤੇ ਅਗਲੇ ਪਲਾਂ ਵਿੱਚ ਉਸਦੇ ਮਨ ਅੰਦਰ ਟਾਪ-ਮਾਡਲ ਦੀ ਲੋਚਾ ਉੱਭਰ ਪਈ ਸੀ।
ਦੁਪਾਸੀ ਸੋਚ ਦੀ ਘੁੰਮਣਘੇਰੀ ਗਹਿਰੀ ਹੋਈ ਜਾ ਰਹੀ ਸੀ। ਉਸਦੀਆਂ ਪੁੜਪੁੜੀਆਂ ’ਚ ਚਟਾਕੇ ਪੈਣ ਲੱਗੇ। ‘ਵੇਨ ਨਾਲ ਬੈਠ ਕੇ ਕੋਈ ਵੇਅ-ਆਊਟ ਕੱਢਦੀ ਹਾਂ।’ ਸੋਚਦਿਆਂ ਉਸ ਨੇ ਵੇਨ ਦਾ ਫੋਨ ਨੰਬਰ ਦਬਾ ਦਿੱਤਾ। ਕੋਈ ਉੱਤਰ ਨਾ ਮਿਲਿਆ। ਉਸ ਨੇ ਸੁਨੇਹਾ ਛੱਡ ਦਿੱਤਾ, ‘ਵੇਨ! ਪਲੀਜ਼ ਕਾਲ ਮੀ ਬੈਕ।’’ ਪਰ ਉਸ ਦਾ ਫੋਨ ਨਾ ਆਇਆ। ਮਨੀਸ਼ਾ ਦੀ ਬੇਚੈਨੀ ਵਧਣ ਲੱਗੀ। ਉਸ ਨੇ ਪਰਸ ਵਿੱਚੋਂ ਟੈਨਸ਼ਨ ਦੀ ਗੋਲੀ ਕੱਢੀ ਤੇ ਬੋਤਲ ਦੇ ਪਾਣੀ ਨਾਲ ਅੰਦਰ ਲੰਘਾ ਲਈ। ਕੁਝ ਟਿਕਾਅ ਆਉਣ ’ਤੇ ਉਹ ਕਮਰੇ ’ਚ ਪਰਤਣ ਲੱਗੀ ਉੱਠ ਪਈ, ਪਰ ਪੈਰ ਨਾ ਉੱਠੇ… ਕਮਰੇ ਅੰਦਰ ਉਸ ਦਾ ਦਮ ਘੁਟਣ ਲੱਗ ਪੈਣਾ ਸੀ। ਇੱਥੇ ਬੈਠੀ ਰਹਿਣ ਨੂੰ ਵੀ ਦਿਲ ਨਹੀਂ ਸੀ ਕਰਦਾ। ਪਿੱਛੇ ਖਲੋਤਾ ਬਹੁਮੰਜ਼ਲੀ ਹੋਟਲ ਅਤੇ ਆਲਾ-ਦੁਆਲਾ ਉਸ ਨੂੰ ਬਦਰੰਗ ਜਿਹਾ ਜਾਪਣ ਲੱਗ ਪਿਆ ਸੀ। ਉਹ ਕਿਸੇ ਪਾਸੇ ਘੁੰਮਣ ਜਾਣ ਲਈ ਸੋਚਣ ਲੱਗੀ। ਲਾਸ ਐਂਜਲਸ ਬਾਰੇ ਉਸ ਨੂੰ ਜਾਣਕਾਰੀ ਹੈਗੀ ਸੀ। ਸ਼ਾਂਤੀ ਭਾਲਦੇ ਮਨ ’ਚ ਰੋਜ਼ ਗਾਰਡਨ ਉੱਭਰ ਆਇਆ। ਸਵੇਰ ਦਾ ਉਸ ਨੇ ਕੁਝ ਖਾਧਾ ਵੀ ਨਹੀਂ ਸੀ। ਹੁਣ ਵੀ ਦਿਲ ਤਾਂ ਨਹੀਂ ਸੀ ਕਰਦਾ ਪਰ ਟੈਨਸ਼ਨ ਸਮੇਂ ਖਾਲੀ ਪੇਟ ਰਹਿਣਾ ਵੀ ਠੀਕ ਨਹੀਂ ਸੀ ਸਮਝਦੀ। ਉਸ ਨੇ ਪਹਿਲਾਂ ਟੈਕਸੀ ਨੂੰ ਫੋਨ ਕੀਤਾ ਤੇ ਫਿਰ ‘ਕੈਲਸੀਜ਼ ਰੈਸਟੋਰੈਂਟ’ ਨੂੰ, ਸੈਂਡਵਿੱਚ ਅਤੇ ਸੂਪ ਪੈਕ ਕਰਨ ਵਾਸਤੇ।
ਭਾਂਤ-ਸੁਭਾਂਤੇ ਰੰਗਾਂ-ਰੂਪਾਂ ਵਾਲੇ ਗੁਲਾਬ ਦੇ ਫੁੱਲਾਂ ਨਾਲ ਭਰੇ ਹੋਏ ਵਿਸ਼ਾਲ ਬਾਗ ਵਿੱਚ ਘੁੰਮਦਿਆਂ ਮਨੀਸ਼ਾ ਨੂੰ ਕੁਝ ਚੈਨ ਮਿਲੀ। ਅੱਖਾਂ ਨੂੰ ਕੂਲੇ-ਕੂਲੇ ਲਗਦੇ ਫੁੱਲਾਂ ਦੀ ਖ਼ੁਸ਼ਬੂ ਉਸ ਨੂੰ ਤਾਜ਼ਗੀ ਦੇ ਰਹੀ ਸੀ… ਚਿੱਟੇ ਤੇ ਅਸਮਾਨੀ ਫੁੱਲਾਂ ਦੀਆਂ ਕਿਆਰੀਆਂ ਦੇ ਇਕ ਖਾਮੋਸ਼ ਕੋਨੇ ’ਚ ਬੈਠ ਉਹ ਸੈਂਡਵਿਚ ਖਾਣ ਲੱਗ ਪਈ।
ਸੈੱਲਫੋਨ ਵੱਜਣ ’ਤੇ ਉਸ ਨੇ ਨੰਬਰ ਪੜ੍ਹਿਆ ਅਤੇ ਹੈਰਾਨ ਜਿਹੀ ਹੋ ਗਈ… ਅਜੇ ਸਵੇਰੇ ਹੀ ਤਾਂ ਏਥੇ ਪਹੁੰਚ ਕੇ ਉਸ ਨੇ ਮੌਮ ਨਾਲ ਗੱਲ ਕੀਤੀ ਸੀ। ਤੇ ਹੁਣ ਕੀ ਹੋ ਗਿਆ ਸੀ? ਖ਼ੈਰ ਉਸ ਨੇ ਹੁੰਗਾਰਾ ਭਰਿਆ, ”ਯੈਸ ਮੌਮ।’’
”ਬੇਟੀ! ਤੈਨੂੰ ਚੇਤਾ ਹੋਣੈ, ਮੇਰੇ ਗੋਡੇ ਦੇ ਓਪਰੇਸ਼ਨ ਬਾਰੇ ਆਪਾਂ ਹਸਪਤਾਲ ਵਾਲਿਆਂ ਨੂੰ ਕਿਹਾ ਹੋਇਆ ਸੀ ਪਈ ਜੇ ਮੇਰੀ ਡੇਟ ਤੋਂ ਪਹਿਲਾਂ ਕੋਈ ਕੈਂਸਲੇਸ਼ਨ ਹੋਵੇ ਤਾਂ ਉਹ ਡੇਟ ਮੈਨੂੰ ਦਿੱਤੀ ਜਾਵੇ।’’
‘ਹਾਂ-ਹਾਂ ਮੈਨੂੰ ਚੇਤੈ।’’
”ਹਸਪਤਾਲੋਂ ਫੋਨ ਆਇਆ ਏ। ਸਤਾਈ ਮਈ ਖਾਲੀ ਹੋਈ ਏ। ਓਦਣ ਤੇਰਾ ਕੋਈ ਫੈਸ਼ਨ-ਸ਼ੋਅ ਵਗੈਰਾ ਤਾਂ ਨਹੀਂ?’’
”ਨਹੀਂ, ਸਤਾਈ ਮਈ ਪੱਕੀ ਕਰ ਦਿਓ। ਮੈਂ ਤੁਹਾਡੇ ਸਿਰ੍ਹਾਣੇ ਹੋਵਾਂਗੀ।’’
”ਥੈਂਕ ਯੂ ਮੇਰੀ ਲਾਡਲੀ… ਹੋਰ ਹੈਥੇ ਕਿਵੇਂ ਚੱਲ ਰਿਹੈ?’’
”ਠੀਕ ਚੱਲ ਰਿਹੈ ਮੌਮ।’’ ਮਨੀਸ਼ਾ ਨੇ ਉੱਤਰ ਦਿੱਤਾ। ਫੈਸ਼ਨ-ਸ਼ੋਆਂ ਦੀਆਂ ਸਮੱਸਿਆਵਾਂ ਉਹ ਮੌਮ ਨੂੰ ਘੱਟ ਹੀ ਦਸਦੀ ਸੀ। ਮੌਮ ਚਿੰਤਤ ਹੋ ਜਾਂਦੀ ਸੀ।
ਆਲੇ-ਦੁਆਲੇ, ਹਵਾ ’ਚ ਝੂਮ ਰਹੇ ਫੁੱਲ ਉਸ ਨੂੰ ਹੋਰ ਸੁਹਣੇ ਲੱਗਣ ਲੱਗ ਪਏ। ਸੁਖਾਵੇਂ ਰਉਂ ’ਚ ਉਹ ਬੁੜਬੁੜਾਈ, ‘ਚੰਗਾ ਹੋ ਗਿਆ, ਡੇਟ ਲਾਗੇ ਹੋ ਗਈ। ਮੌਮ ਸਿੱਧੀ ਹੋ ਕੇ ਤੁਰ ਸਕੇਗੀ। ਲੰਙ ਮਾਰਦੀ ਜ਼ਿਆਦਾ ਹੀ ਬੁੱਢੀ ਲਗਦੀ ਏ। … ਤੇ ਉਸ ਦੇ ਕੰਨਾਂ ਵਿੱਚ ਡੈਡ ਦੇ ਕਹੇ ਇਹ ਸ਼ਬਦ ਪਤਾ ਨਹੀਂ ਕਿੱਧਰੋਂ ਆ ਗੂੰਜੇ, ‘ਸੁਨੀਤਾ ਦੀ ਜੜਤੀ ਇਸ ਤਰ੍ਹਾਂ ਦੀ ਏ ਕਿ ਇਹਨੇ ਬੁੱਢੀ ਹੋ ਕੇ ਵੀ ਬੁੱਢੀ ਨਹੀਂ ਲਗਣਾ।’
ਇਹ ਕਥਨ ਸਮੇਂ ਦੀ ਗਰਦਸ਼ ਨੇ ਸਹੀ ਨਹੀਂ ਸੀ ਸਾਬਤ ਹੋਣ ਦਿੱਤਾ। ਪਰ ਜਿਨ੍ਹੀਂ ਦਿਨੀਂ ਮਨੀਸ਼ਾ ਦੇ ਡੈਡ ਨੇ ਇਹ ਟਿੱਪਣੀ ਕੀਤੀ ਸੀ, ਕੋਈ ਕਹਿ ਹੀ ਨਹੀਂ ਸੀ ਸਕਦਾ ਕਿ ਉਹ ਪੰਤਾਲੀਆਂ ਦੀ ਹੋਵੇਗੀ। ਮਸਾਂ ਤੀਹਾਂ-ਬੱਤੀਆਂ ਦੀ ਲੱਗਦੀ ਸੀ। ਉਸਦੀ ਚਾਲ-ਢਾਲ ’ਚ ਮੁਟਿਆਰਾਂ ਵਾਲੀ ਮੜਕ ਸੀ ਤੇ ਮਨੀਸ਼ਾ ਦੇ ਡੈਡ ਕਿਹੜਾ ਘੱਟ ਸੀ… ਕਸਵਾਂ ਸਰੀਰ, ਮੋਟੀਆਂ ਅੱਖਾਂ, ਤਿੱਖਾ ਨੱਕ, ਗੋਰੇ ਭਾਰੇ ਚਿਹਰੇ ਉੱਤੇ ਸੰਘਣੀਆਂ ਮੁੱਛਾਂ… ਇੱਕ ਫੌਜੀ ਅਫਸਰ ਲੱਗਦਾ ਸੀ ਪਰਦੀਪ ਕੁਮਾਰ ਮਲਹੋਤਰਾ। ਉਸ ਨੇ ਕਨੇਡਾ ਦੀ ਇਮੀਗਰੇਸ਼ਨ ਪੁਆਇੰਟ ਸਿਸਟਮ ’ਤੇ ਲਈ ਸੀ। ਮਨੀਸ਼ਾ ਉਦੋਂ ਗਿਆਰਾਂ ਸਾਲ ਦੀ ਸੀ। ਕੁਝ ਸਮਾਂ ਏਧਰ-ਓਧਰ ਟੱਕਰਾਂ ਮਾਰਨ ਬਾਅਦ ਉਹ ਇੱਕ ਫੈਕਟਰੀ ’ਚ ਸੁਪਰਵਾਈਜ਼ਰ ਬਣ ਗਿਆ ਸੀ। ਸੁਨੀਤਾ ਨੂੰ ਬੈਂਕ-ਟੈੱਲਰ ਦੀ ਜੌਬ ਮਿਲ ਗਈ ਸੀ। ਮਨੀਸ਼ਾ ਪੜ੍ਹਾਈ ’ਚ ਠੀਕ ਸੀ। ਡਰਾਇੰਗ ਤੇ ਆਰਟ ਉਸ ਦੇ ਮਨਭਾਉਂਦੇ ਮਜ਼ਮੂਨ ਸਨ। ਗੁੱਡੀਆਂ ਦੀਆਂ ਪੁਸ਼ਾਕਾਂ ਬਣਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ।
… ਤੇ ਜਦੋਂ ਮਨੀਸ਼ਾ ਨੂੰ ਰਿਆਰਸਨ ਯੂਨੀਵਰਸਿਟੀ ’ਚ ਫੈਸ਼ਨ-ਡਿਜ਼ਾਈਨਰ ਦੇ ਡਿਗਰੀ ਕੋਰਸ ’ਚ ਦਾਖ਼ਲਾ ਮਿਲਿਆ ਤਾਂ ਖੁਸ਼ੀ ’ਚ ਖਿੜੀ ਸੁਨੀਤਾ ਨੇ ਆਖਿਆ ਸੀ, ”ਇਟ ਇਜ਼ ਏ ਗੁੱਡ ਕੋਰਸ, ਬੜੀਆਂ ਜੌਬਾਂ ਨੇ ਇਸ ਫੀਲਡ ’ਚ।’’
”ਕੋਰਸ ਤਾਂ ਇਸ ਤੋਂ ਵੀ ਚੰਗੇ ਹੈਗੇ ਨੇ, ਲਾਅ ਵਗੈਰਾ। ਖ਼ੈਰ ਤੇਰਾ ਇੰਟਰੈਸਟ ਡਿਜ਼ਾਈਨਿੰਗ ’ਚ ਐ, ਕਰ ਲੈ। ਪਰ ਗਰੇਡਿੰਗ ਵਧੀਆ ਬਣਨੀ ਚਾਹੀਦੀ ਐ। ਬਾਕੀ ਬੇਟਾ! ਤੂੰ ਜਿੰਮ ਜਾਣਾ ਨਹੀਂ ਛੱਡਣਾ। ਸ਼ਾਮ ਨੂੰ ਐਵੇਂ ਏਧਰ-ਓਧਰ ਘੁੰਮਣ ਦੀ ਬਜਾਏ ਜਿੰਮ ਜਾਣਾ ਬਿਹਤਰ ਏ, ਤਨ ਵੀ ਤੰਦਰੁਸਤ ਤੇ ਮਨ ਵੀ।’’ ਪ੍ਰੇਰਨਾਮਈ ਇਹ ਬੋਲ ਪਰਦੀਪ ਕੁਮਾਰ ਨੇ ਮਿੱਠੀ ਸੁਰ ਵਿੱਚ ਆਖੇ ਸਨ।
ਪਰ ਜਦੋਂ ਮਨੀਸ਼ਾ ਨੇ ਕਦੀ-ਕਦੀ ਮਾਡਲਿੰਗ ਕਰਨ ਦੀ ਇੱਛਾ ਪ੍ਰਗਟਾਈ ਤਾਂ ਪਰਦੀਪ ਦੇ ਬੋਲਾਂ ਵਿੱਚ ਕੁੜੱਤਣ ਭਰ ਗਈ ਸੀ, ”ਆਪਾਂ ਨੂੰ ਨਹੀਂ ਸ਼ੋਭਦੇ ਇਹ ਕੰਮ।’’
”ਜੀ! ਪਹਿਲਾਂ ਪੂਰੀ ਗੱਲ ਤਾਂ ਸੁਣ ਲਓ।’’ ਸੁਨੀਂਤਾ ਬੋਲੀ।
”ਤੂੰ ਚੁੱਪ ਰਹਿ।’’ ਪਰਦੀਪ ਕੜਕਿਆ।
”ਬੜੇ ਖੁਦਗਰਜ਼ ਹੋ ਜੀ।’’ ਸੁਨੀਤਾ ਨੇ ਪਤੀ ਵੱਲ ਵਿਅੰਗੀ ਮੁਸਕਰਾਹਟ ਸੁੱਟੀ।
”ਕੀ ਮਤਲਬ?’’
”ਨਿੱਕੀ-ਮੋਟੀ ਹਰ ਗੱਲ ਦੀ ਟੈਨਸ਼ਨ ’ਕੱਲੇ ਦੀ ਸਾਂਭ ਲੈਂਦੇ ਜੇ। ਥੋੜ੍ਹੀ ਸਾਡੇ ਵਾਸਤੇ ਵੀ ਛੱਡ ਦਿਆ ਕਰੋ।’’ ਸੁਨੀਤਾ ਦੀ ਮੁਸਕਰਾਹਟ ਹਾਸੇ ’ਚ ਵਟ ਗਈ।
”ਏਡੀ ਵੱਡੀ ਗੱਲ ਏ ਤੇ ਤੈਨੂੰ ਮਜ਼ਾਕ ਸੁਝਦੇ ਪਏ ਨੇ।’’
”ਵੱਡੀ ਹੈ ਨਹੀਂ, ਤੁਸੀਂ ਬਣਾਈ ਜਾਨੇ ਆਂ,’’ ਸੁਨੀਤਾ ਦੀ ਆਵਾਜ਼ ਖਰ੍ਹਵੀਂ ਹੋ ਗਈ ਸੀ, ”ਇਹ ਉਹ ਮਾਡਲਿੰਗ ਨਹੀਂ ਜਿਹੜੀ ਆਪਾਂ ਅੰਗਰੇਜ਼ੀ ਟੀ.ਵੀ. ਪ੍ਰੋਗਰਾਮਾਂ ’ਚ ਦੇਖਨੇ ਆਂ। ਇਹ ਤਾਂ ਏਥੇ ਜਿਹੜੇ ਕੱਪੜੇ ਦੇ ਇੰਡੀਅਨ ਸਟੋਰ ਐ, ਉਨ੍ਹਾਂ ਨੇ ਲੋਕਲ ਟੀ.ਵੀ.ਪ੍ਰੋਗਰਾਮਾਂ ਵਾਸਤੇ ਐਡਾਂ ਬਣਵਾਣੀਆਂ ਜੇ। ਮਾਡਲਾਂ ਦੀ ਡਰੈੱਸ ਆਮ ਜਿਹੀ ਹੁੰਦੀ ਏ।’’
”ਕੀ ਗੱਲਾਂ ਕਰਦੀ ਪਈ ਏਂ ਤੂੰ! ਸਟੋਰਾਂ ਵਾਲਿਆਂ ਅਪਣੀ ਮਸ਼ਹੂਰੀ ਕਰਨੀ ਏ, ਲੋਕਾਂ ਦਾ ਧਿਆਨ ਖਿੱਚਣਾ ਏ ਤੇ ਲੋਕਾਂ ਦਾ ਧਿਆਨ ਆਮ ਡਰੈੱਸਾਂ ਨਾਲ ਨਹੀਂ ਖਿੱØਚਿਆ ਜਾ ਸਕਦਾ। ਸਮਝੀ?’’
”ਡੈਡ! ਤੁਸੀਂ ਮੈਨੂੰ ਟਰੱਸਟ ਕਿਉਂ ਨ੍ਹੀਂ ਕਰਦੇ?’’ ਮਨੀਸ਼ਾ ਦੇ ਰੋਹ-ਸੁਰੀ ਬੋਲਾਂ ਨੇ ਕ੍ਰੋਧ ’ਚ ਤਣੇ ਪਰਦੀਪ ਕੁਮਾਰ ਨੂੰ ਮੋਮ ਵਾਂਗ ਪਿਘਲਾ ਕੇ ਉਸ ਅੰਦਰ ਪ੍ਰਸ਼ਨ ਖੜ੍ਹਾ ਕਰ ਦਿੱਤਾ, ‘ਕੀ ਮੈਂ ਧੀ ਨਾਲ ਇਨਸਾਫ਼ ਕਰ ਰਿਹਾਂ? ਅੱਜ ਤੱਕ ਇਸਦੀ ਕੋਈ ਵੀ ਸ਼ਿਕਾਇਤ ਨਹੀਂ ਆਈ।’
ਏਨੇ ਨੂੰ ਸੁਨੀਤਾ ਬੋਲ ਪਈ, ”ਇੰਜ ਕਰਨੇ ਆਂ, ਜਿਸ ਦਿਨ ਐਡ ਬਣਨੀ ਹੋਈ, ਮੈਂ ਨਾਲ ਜਾਵਾਂਗੀ। ਆਪਾਂ ਨੂੰ ਕੁੜੀ ਦਾ ਸ਼ੌਕ ਪੂਰਾ ਕਰਨਾ ਚਾਹੀਦਾ। ਨਾਲੇ ਚਾਰ ਪੈਸੇ ਆਣਗੇ।’’
”ਚਲ ਠੀਕ ਏ।’’ ਪਰਦੀਪ ਨੂੰ ਤਸੱਲੀ ਹੋ ਗਈ ਸੀ।
”ਥੈਂਕ ਯੂ ਡੈਡ! ਯੂ ਆਰ ਗਰੇਟ।’’ ਖੁਸ਼ ਹੋਈ ਮਨੀਸ਼ਾ ਡੈਡ ਦੇ ਗਲ ਚੰਬੜ ਗਈ ਸੀ।
ਮਨੀਸ਼ਾ ਅਪਣੀ ਸੁੰਦਰਤਾ, ਅੰਦਾਜ਼ ਤੇ ਮਨਮੋਹਕ ਮੁਸਕਰਾਹਟ ਸਦਕਾ ਭਾਰਤੀ ਮੂਲ ਦੀਆਂ ਬਾਕੀ ਮਾਡਲਾਂ ਨਾਲੋਂ ਮੂਹਰੇ ਨਿਕਲ ਗਈ ਸੀ। ਉਸ ਨੇ ਜਿਊਲਰੀ-ਸਟੋਰਾਂ ਦੀਆਂ ਐਡਾਂ ਵੀ ਹਾਸਲ ਕਰ ਲਈਆਂ ਸਨ। ਹੋਰ ਐਡਾਂ ਦੀ ਤਲਾਸ਼ ਵਿੱਚ ਜਦੋਂ ਉਹ ਟਰਾਂਟੋ ਦੀ ਸਥਾਨਕ ਮਾਡਲਿੰਗ ਏਜੰਸੀ ‘ਡਾਇਮੰਡਜ਼’ ’ਚ ਗਈ ਤਾਂ ਉਸਦੇ 5 ਫੁੱਟ 8 ਇੰਚ ਕੱਦ ਅਤੇ ਉੱਜਲੇ-ਦਮਕਦੇ ਹੁਸਨ ਤੋਂ ਪ੍ਰਭਾਵਿਤ ਹੋਈ ਏਜੰਸੀ ਦੀ ਪ੍ਰੈਜੀਡੈਂਟ ਕਰਿਸਟਨਾ ਫੌਸਟਰ ਨੇ ਆਖਿਆ ਕਿ ਜੇ ਮਨੀਸ਼ਾ ਟ੍ਰੇਨਿੰਗ ਲੈ ਲਵੇ ਤਾਂ ਉਹ ਉਸ ਨੂੰ ਫੈਸ਼ਨ-ਮਾਡਲਿੰਗ ਦੇ ਮੌਕੇ ਵੀ ਦੇ ਸਕਦੀ ਸੀ। ਪਰ ਮਨੀਸ਼ਾ ਨੇ ਕਿਹਾ ਕਿ ਉਹ ਸਿਰਫ਼ ਐਡ-ਮਾਡਲਿੰਗ ਹੀ ਕਰਨਾ ਚਾਹੁੰਦੀ ਸੀ ਤੇ ਉਹ ਵੀ ਬਦਨ ਢਕ ਕੇ।
ਮਨੀਸ਼ਾ ਦੀ ਐਡ-ਮਾਡਲਿੰਗ ਦੀ ਪਾਰਟ ਟਾਈਮ ਜੌਬ, ਸਰੀਰਾਂ ਤੇ ਦਿਮਾਗਾਂ ਨੂੰ ਥਕਾ ਦੇਣ ਵਾਲੀਆਂ ਦੂਜੀਆਂ ਜੌਬਾਂ ਦੇ ਮੁਕਾਬਲੇ ਸੌਖੀ ਸੀ। ਤੇ ਪਾਪੂਲੈਰਿਟੀ ਵਾਧੂ ਦੀ। ਕਿੰਨੇ ਹੀ ਲੋਕ ਉਸ ਨੂੰ ਜਾਣਨ ਲੱਗ ਪਏ ਸਨ। ਇਸ ਜੌਬ ਨੇ ਉਸਦੀ ਪੜ੍ਹਾਈ ਦਾ ਵੀ ਕਾਫ਼ੀ ਖਰਚਾ ਚੁੱਕ ਲਿਆ ਸੀ। ਪਰਦੀਪ ਤੇ ਸੁਨੀਤਾ ਦਾ ਬੋਝ ਹਲਕਾ ਹੋ ਗਿਆ ਸੀ।
ਮਨੀਸ਼ਾ ਗਿਆਨ ਢੂੰਡਾਰੂ ਸੀ। ਡਿਜ਼ਾਈਨਿੰਗ ਦੀਆਂ ਪਾਠ-ਪੁਸਤਕਾਂ ਤੋਂ ਇਲਾਵਾ ਉਹ ਹੋਰ ਕਿਤਾਬਾਂ, ਮੈਗਜ਼ੀਨ ਤੇ ਵੈੱਬਸਾਈਟਾਂ ਵੀ ਪੜ੍ਹਦੀ-ਘੋਖਦੀ ਰਹਿੰਦੀ। ਇਵੇਂ ਹੀ ਡਿਜ਼ਾਈਨਿੰਗ ਨਾਲ ਪਬ-ਪੌਂਚੇ ਦਾ ਨਾਤਾ ਰੱਖਦੀ ਮਾਡਲਿੰਗ-ਕਲਾ ਬਾਰੇ ਵੀ ਉਹ ਗਿਆਨ ਤਲਾਸ਼ਦੀ ਰਹਿੰਦੀ… ਤਾਂ ਹੀ ਤੇ ਉਹ ਇੱਕ ਹੋਣਹਾਰ ਮਾਡਲ ਵਜੋਂ ਸਲਾਹੀ ਜਾਣ ਲੱਗ ਪਈ ਸੀ।
ਇੱਕ ਦਿਨ ਜਦੋਂ ਉਹ ਯੂਨੀਵਰਸਿਟੀ ਦੇ ਕੈਫੇਟੇਰੀਆ ’ਚ ਅਪਣੇ ਜਮਾਤੀ ਮੁੰਡੇ-ਕੁੜੀਆਂ ਸੰਗ ਬੈਠੀ ਸੀ ਤਾਂ ਜੈਨੀਫਰ ਹੋਵੈਲ ਨੇ ਆਖਿਆ ਸੀ, ਮੈਨੀਸ਼ਾ! ਤੇਰੀ ਸੁਹਜਮਈ ਮਾਡਲਿੰਗ ਮੈਨੂੰ ਚੰਗੀ ਲੱਗਦੀ ਏ। ਉਕਸਾਊ ਕਿਸਮ ਦੀ ਮਾਡਲਿੰਗ ਨੇ ਤਾਂ ਬੇੜਾ ਹੀ ਗਰਕ ਕਰ ਦਿੱਤੈ।’’
”ਤੂੰ ਬੋਲਡ ਮਾਡਲਿੰਗ ਨੂੰ ਉਕਸਾਊ ਕਹਿ ਕੇ ਛੁਟਿਆ ਰਹੀ ਏਂ, ਇਸ ਸ਼ੈਲੀ ਦੀਆਂ ਐਡਾਂ ਰਾਹੀਂ ਬਿਜਨਿਸਾਂ ਦੀ ਹੋ ਰਹੀ ਤਰੱਕੀ ਨੂੰ ਨਹੀਂ ਦੇਖ ਰਹੀ।’’ ਡਗ ਬੋਲ ਉੱਠਿਆ।
”ਪਰ ਇਸ ਸਿਲਸਿਲੇ ’ਚ ਮਾਡਲਾਂ ਵੀ ਬਿਜ਼ਨਿਸ ਦੀਆਂ ਵਸਤਾਂ ਬਣ ਗਈਆਂ ਨੇ। ਮੇਰਾ ਕਿੰਤੂ ਬੋਲਡ ਸ਼ੈਲੀ ’ਤੇ ਨਹੀਂ, ਹੱਦਾਂ ਟੱਪ ਗਈ ਬੋਲਡਨੈੱਸ ’ਤੇ ਹੈ। ਅੱਜ ਦੀਆਂ ਬਹੁਤੀਆਂ ਮਾਡਲਾਂ ਮਾਨਵ ਨਹੀਂ ਸਿਰਫ਼ ਜਿਸਮ ਹਨ।’’
”ਜੈਨੀਫਰ! ਇਹ ਤੇਰਾ ਪਿਛਾਂਹ-ਖਿੱਚੂ ਰਵੱਈਆ ਏ। ਤੂੰ ਇਸ ਨੂੰ ਇੰਜ ਕਿਉਂ ਨਹੀਂ ਲੈਂਦੀ ਕਿ ਔਰਤ, ਪਰੰਪਰਾਵਾਂ ਦੀਆਂ ਜੰਜੀਰਾਂ ਤੋੜ ਕੇ ਆਜ਼ਾਦ ਹੋ ਗਈ ਏ।’’ ਡਗ ਦੀ ਦੋਸਤ ਬੈਟੀ ਬੋਲੀ।
”ਬੈਟੀ! ਇਸ ਆਜ਼ਾਦੀ ਦੇ ਹੋਕੇ ਨੂੰ ਸਮਝਣ ਦੀ ਲੋੜ ਏ।’’
”ਤੂੰ ਹੀ ਸਮਝਾ ਦੇ।’’
”ਆਜ਼ਾਦੀ ਦੇ ਨਾਂ ’ਤੇ ਔਰਤ ਦੀ ਆਜ਼ਾਦੀ ਦੇ ਆਦਰਸ਼ਾਂ ਨੂੰ ਹਾਈਜੈਕ ਕੀਤਾ ਜਾ ਰਿਹੈ,’’ ਟੇਬਲ ’ਤੇ ਬੈਠੇ ਸਾਰੇ ਸਾਥੀਆਂ ਵੱਲੀਂ ਨਜ਼ਰ ਘੁਮਾਉਂਦਿਆਂ ਜੈਨੀਫਰ ਕਹਿ ਰਹੀ ਸੀ, ”ਆਜ਼ਾਦੀ ਦਾ ਹੋਕਾ ਦੇ ਰਹੀਆਂ ਮਾਡਲਾਂ, ਫਿਲਮੀ ਐਕਟਰੈੱਸਾਂ ਅਤੇ ਰੌਕ-ਸਟਾਰਾਂ ਸੁੰਦਰਤਾ ਨਹੀਂ ਕਾਮੁਕਤਾ ਪੇਸ਼ ਕਰ ਰਹੀਆਂ ਨੇ। ਉਨ੍ਹਾਂ ਦੀ ਦੇਖਾ-ਦੇਖੀ ਆਮ ਔਰਤਾਂ ਨੇ ਕਾਮ-ਉਕਸਾਊ ਫ਼ੈਸ਼ਨ ਅਪਣਾ ਲਿਆ ਏ। ਪਹਿਲਾਂ ਔਰਤਾਂ ਸੁਹਣੀਆਂ ਲੱਗਣ ਲਈ ਫੈਸ਼ਨ ਕਰਦੀਆਂ ਸਨ ਪਰ ਹੁਣ ‘ਹੌਟ’ ਲੱਗਣ ਲਈ ਕਰਦੀਆਂ ਨੇ। ‘ਹੌਟ’ ਯਾਅਨੀ ਭੋਗਣ-ਵਿਕਣ ਲਈ ਤਿਆਰ। ਇਸ ਤਰ੍ਹਾਂ ਸੁੰਦਰਤਾ ਤੇ ਆਜ਼ਾਦੀ ਦਾ ਹੋਕਾ ਦੇ ਕੇ ਰੌਂਚੀਨੈੱਸ3 ਫੈਲਾਈ ਜਾ ਰਹੀ ਏ। ਵਪਾਰ ਤੇ ਮੀਡੀਆ ਰੌਂਚੀਨੈੱਸ ਨੂੰ ਘਰ-ਘਰ ਪਹੁੰਚਾ ਰਹੇ ਹਨ। ਇਸ ਪਰਸੰਗ ’ਚ ਮੈਂ ਅੱਜ ਕੱਲ੍ਹ ਟੀ.ਵੀ. ਅਤੇ ਸੀ.ਡੀਆਂ ਰਾਹੀਂ ਦਿਖਾਏ ਜਾ ਰਹੇ ਐਡਲਟ-ਸ਼ੋਅ ‘ਗਰਲਜ਼ ਗੌਨ ਵਾਇਲਡ’ ਬਾਰੇ ਦੱਸਣਾ ਚਾਹੁੰਦੀ ਹਾਂ।’’
”ਦੱਸ।’’ ਕੋਲ ਬੈਠੀ ਕਿੰਮ ਨੇ ਹੁੰਗਾਰਾ ਭਰਿਆ। ਬਾਕੀਆਂ ਨੇ ਵੀ ਸਿਰ ਹਿਲਾਏ।
”ਇਸ ਸ਼ੋਅ ਦਾ ਪ੍ਰੋਡਿਊਸਰ-ਜਿਸ ਨੇ ਇਸ ਵਿੱਚੋਂ ਮਿਲੀਅਨਜ਼ ਡਾਲਰ ਕਮਾਏ ਹਨ-ਬੜੇ ਫਖ਼ਰ ਨਾਲ ਦੱਸਦੈ ਕਿ ਉਸਦੇ ਸ਼ੋਅ ਵਿੱਚ ਇਕ ਵੀ ਪੇਸ਼ਾਵਰ ਸਟਰਿੱਪਰ ਜਾਂ ਪੌਰਨ-ਸਟਾਰ ਨਹੀਂ, ਸਭ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਕੁੜੀਆਂ ਹਨ। ਮੈਂ ਕੁਝ ਕੁੜੀਆਂ ਨੂੰ ਪੁੱਛਿਆ ਕਿ ਤੁਸੀਂ ਨਗਨ ਕਿਉਂ ਹੋਈਆਂ? ਸੰਭੋਗੀ ਕਿਰਿਆਵਾਂ ਕਿਉਂ ਕੀਤੀਆਂ। ਜਵਾਬ ਵਿਚ ਉਨ੍ਹਾਂ ਕਿਹਾ, ”ਇਸ ਵਿਚ ਫੰਨ ਹੈ, ਪੈਸਾ ਹੈ, ਸ਼ੁਹਰਤ ਹੈ।’’ ਤੇ ਉਹ ਅਪਣੀਆਂ ਰੋਲ-ਮਾਡਲਾਂ ਪਾਮੀਲਾ ਐਂਡਰਸਨ, ਜੈਸਿਕਾ ਸਿੰਪਸਨ, ਮੈਡੋਨਾ ਤੇ ਐਂਜਲੀਨਾ ਜੋਲੀ ਦੀਆਂ ਉਦਾਹਰਣਾਂ ਦੇਣ ਲੱਗ ਪਈਆਂ, ਜਿਨ੍ਹਾਂ ਨੇ ਫਿਲਮਾਂ, ਫੈਸ਼ਨ-ਸ਼ੋਆਂ ਤੇ ਗਣਿਆਂ ਵਿਚ ਨਗਨਤਾ-ਕਾਮੁਕਤਾ ਰਾਹੀਂ ਦੌਲਤ ਤੇ ਸ਼ੁਹਰਤ ਖੱਟੀ ਹੈ… ਮੈਂ ਇਸ ਰੌਂਚ ਕਲਚਰ ਬਾਰੇ ਪੀ.ਐਚ.ਡੀ. ਕਰਨ ਦਾ ਨਿਸ਼ਚਾ ਕਰ ਚੁੱਕੀ ਹਾਂ।’’ ਜੈਨੀਫਰ ਦੇ ਚਿਹਰੇ ’ਤੇ ਦ੍ਰਿੜਤਾ ਚਮਕ ਰਹੀ ਸੀ।
”ਮੈਨੀਸ਼ਾ! ਤੂੰ ਵੀ ਅਪਣਾ ਵਿਚਾਰ ਦੱਸ?’’ ਕਿੰਮ ਨੇ ਪੁੱਛਿਆ।
”ਬੇਸਿਕਲੀ ਮਾਡਲਾਂ ਤੇ ਡਿਜ਼ਾਈਨਰਾਂ ਨੂੰ ਕਲਾ ਤੋਂ ਬੇਮੁਖ ਨਹੀਂ ਹੋਣਾ ਚਾਹੀਦੈ।’’ ਮਨੀਸ਼ਾ ਨੇ ਉੱਤਰ ਦਿੱਤਾ।
”ਐਗਜ਼ੈਕਟਲੀ! ਤੇਰੀਆਂ ਕੋਰਸ ਐਸਾਈਨਮੈਂਟਸ, ਕਲਾ ਕਰਕੇ ਹੀ ਤਾਂ ਵਿਸ਼ੇਸ਼ ਗਿਣੀਆਂ ਜਾਂਦੀਆਂ ਨੇ।’’ ਜੈਨੀਫਰ ਦੇ ਚਿਹਰੇ ’ਤੇ ਤਸੱਲੀ ਉੱਭਰ ਆਈ।
ਕੋਰਸ ਖ਼ਤਮ ਹੋਣ ’ਤੇ ਮਨੀਸ਼ਾ ਨੂੰ ਕੈਨੇਡਾ ਦੀ ਮਸ਼ਹੂਰ ਵਸਤਰ ਕੰਪਨੀ ‘ਸੁਪਰੀਮੋ ਇੰਟਰਨੈਸ਼ਨਲ’ ਵਿੱਚ ਅਸਿਸਟੈਂਟ ਡਿਜ਼ਾਈਨਰ ਦੀ ਜੌਬ ਮਿਲ ਗਈ ਸੀ।
ਅਪਣੀ ਪਸੰਦੀਦਾ ਜੌਬ ਦੇ ਰੁਟੀਨ ’ਚ ਰੁਝੀ ਮਨੀਸ਼ਾ ਦੇ ਸਮੇਂ ਨੂੰ ਜਿਵੇਂ ਪਰ ਲੱਗ ਗਏ ਹੋਣ। ਪਰ ਉਸ ਦੇ ਮੌਮ-ਡੈਡ ਦਾ ਸਮਾਂ ਰੁਕ-ਰੁਕ ਕੇ ਉਨ੍ਹਾਂ ਦੀਆਂ ਸੋਚਾਂ ਵਿੱਚ ਬੁਣਤੀਆਂ ਪਾਉਣ ਲੱਗ ਪਿਆ ਸੀ… ਧੀ ਦੇ ਵਿਆਹ ਦੇ ਗੀਤ ਗੂੰਜ ਰਹੇ ਸਨ, ਉਨ੍ਹਾਂ ਦੇ ਮਨਾਂ ਵਿਚ।
ਸੁਨੀਤਾ ਨੇ ਗੱਲ ਤੋਰੀ…।
”ਏਨੀ ਕਾਹਲ ਕਾਹਦੀ ਏ?’’ ਮਨੀਸ਼ਾ ਨੇ ਹੈਰਾਨੀ ਪ੍ਰਗਟਾਈ।
”ਹੈ ਕਮਲੀ! ਸੁੱਖ ਨਾਲ ਹੁਣ ਤੇਰੀ ਵਿਆਹ ਦੀ ਉਮਰ ਏ।’’ ਮਾਂ ਦੇ ਬੋਲਾਂ ਵਿੱਚ ਸਧਰ ਝਲਕਦੀ ਸੀ।
ਧੀ ਨੂੰ ਮਾਣ ਨਾਲ ਤੱਕਦਿਆਂ ਪਰਦੀਪ ਕੁਮਾਰ ਬੋਲਿਆ, ”ਬੇਟਾ! ਅਸੀਂ ਕਿਹੜਾ ਹੁਣੇ ਕਰਨ ਲੱਗੇ ਹਾਂ। ਰਿਸ਼ਤੇਦਾਰਾਂ ਤੇ ਜਾਣ-ਪਛਾਣ ਵਾਲਿਆਂ ’ਚ ਤਾਂ ਤੇਰੇ ਬਰਾਬਰ ਦਾ ਕੋਈ ਮੁੰਡਾ ਨਜ਼ਰ ਨਹੀਂ ਆਂਦਾ। ਮੈਟਰੀਮੋਨੀਅਲ ਦੇਣਾ ਪੈਣਾ ਜੇ। ਫਿਰ ਅਪਣੀ ਪਸੰਦ ਦੇ ਹਾਲਾਂ ਦੀ ਬੁਕਿੰਗ ਵੀ ਸਾਲ, ਡੇਢ ਸਾਲ ਪਹਿਲਾਂ ਕਰਨੀ ਪਏਗੀ।’’
”ਕਰਾਂਗੇ ਓਥੇ, ਜਿੱਥੇ ਤੂੰ ਯੈੱਸ ਕਰੇਂਗੀ’’, ਸੁਨੀਤਾ ਦੀ ਨਜ਼ਰ ਪਤੀ ਵੱਲੋਂ ਘੁੰਮ ਕੇ ਪੁੱਤਰੀ ’ਤੇ ਆ ਟਿਕੀ ਸੀ, ”ਅਸੀਂ ਤੈਨੂੰ ਖੁਸ਼ ਦੇਖਣਾ ਚਾਹਨੇ ਆਂ… ਸਾਡੀ ਇੱਕੋ-ਇੱਕ ਤਾਂ ਔਲਾਦ ਏਂ ਤੂੰ। ਅਪਣੇ ਸਾਰੇ ਚਾਅ-ਮਲ੍ਹਾਰ ਅਸੀਂ ਤੇਰੇ ’ਤੇ ਈ ਪੂਰੇ ਕਰਨੇ ਜੇ।’’
ਮੌਮ ਦੀਆਂ ਅੱਖਾਂ ’ਚ ਉਮਡ ਪਏ ਹੰਝੂਆਂ ਨੇ ਮਨੀਸ਼ਾ ਅੰਦਰ ਉੱਥਲ-ਪੁਥਲ ਜਿਹੀ ਮਚਾ ਦਿੱਤੀ। ਮੌਮ ਵਾਲੀਆਂ ਰੀਝਾਂ-ਉਮੰਗਾਂ ਅਤੇ ਚਿੰਤਾਵਾਂ ਉਸ ਨੂੰ ਡੈਡ ਦੇ ਚਿਹਰੇ ’ਤੇ ਵੀ ਨਜ਼ਰ ਆਈਆਂ ਸਨ। ਉਹ ਪਸੀਜ ਗਈ ਸੀ…।
ਮੈਟਰੀਮੋਨੀਅਲ ਕਾਫੀ ਅਰਸਾ ਚਲਦੀ ਰਹੀ। ਮੁੰਡਿਆਂ ਦੀਆਂ ਈ-ਮੇਲਾਂ ਆਉਂਦੀਆਂ, ਮਨੀਸ਼ਾ ਰੱਦ ਕਰ ਦੇਂਦੀ।
ਆਖਰ ਢੁਕਵਾਂ ਵਰ ਮਿਲ ਹੀ ਗਿਆ। ਚੰਗੀ ਡੀਲ-ਡੌਲ ਵਾਲਾ, ਸੁਨੱਖਾ ਤੇ ਸੂਝਵਾਨ ਸੀ ਵੀ ਉਨ੍ਹਾਂ ਦੀ ਖੱਤਰੀ ਜਾਤ ਦਾ। ਸੈਕੰਡਰੀ ਸਕੂਲ ਟੀਚਰ। ਮਨੀਸ਼ਾ ਨੇ ਸਹਿਜ ਢੰਗ ਨਾਲ, ਸੁਧੀਰ ਖੰਨਾ ਨੂੰ ਅਪਣੀ ਐੱਡ-ਮਾਡਲਿੰਗ ਬਾਰੇ ਦੱਸ ਦਿੱਤਾ ਸੀ। ਏਨੀ ਕੁ ਮਾਡਲਿੰਗ ’ਤੇ ਸੁਧੀਰ ਨੂੰ ਕੋਈ ਇਤਰਾਜ਼ ਨਹੀਂ ਸੀ। ਕੁਝ ਮਿਲਣੀਆਂ ਉਪਰੰਤ ਮਨੀਸ਼ਾ ਤੇ ਸੁਧੀਰ ਨੇ ਮਾਪਿਆਂ ਨੂੰ ਆਪਣਾ ਫ਼ੈਸਲਾ ਦੱਸ ਦਿੱਤਾ ਸੀ। ਚਾਵਾਂ ’ਚ ਉੱਡਦੇ ਮਾਪਿਆਂ ਨੇ ਵਿਆਹ ਧਰ ਦਿੱਤਾ…।
ਵਿਆਹ ਤੋਂ ਛੇਤੀ ਬਾਅਦ ਸੁਧੀਰ ਨੇ ਮਾਪਿਆਂ ਤੋਂ ਵੱਖਰਾ ਘਰ ਲੈ ਲਿਆ। ਮਨੀਸ਼ਾ ਘਰ ਨੂੰ ਸਜਾ ਕੇ ਰੱਖਦੀ। ਚੀਜ਼ਾਂ ਦੀ ਸੈਟਿੰਗ ਉਹ ਕਲਾਮਈ ਢੰਗ ਨਾਲ ਕਰਦੀ। ਗਰਮੀਆਂ ’ਚ ਬੈਕਯਾਰਡ ਤੇ ਫਰੰਟਯਾਰਡ ’ਚ ਸੁਹਣੇ-ਸੁਹਣੇ ਫੁੱਲ ਉਗਾਉਂਦੀ। ਘਰ ਦੇ ਅੰਦਰ ਗਮਲਿਆਂ ਦੇ ਬੂਟਿਆਂ ਦੀ ਦੇਖ-ਭਾਲ ਤਾਂ ਉਸਦਾ ਬਾਰਾਂ-ਮਾਸਿਕੀ ਰੁਟੀਨ ਸੀ। ਸੁਧੀਰ ਇਸ ਪੱਖੋਂ ਸੁਸਤ ਸੀ। ਘਰ ਦੁਆਲਿਓਂ ਘਾਹ ਕੱਟਣ ’ਚ ਉਹ ਅਕਸਰ ਲੇਟ ਹੋ ਜਾਂਦਾ। ਸਰਦੀਆਂ ਵਿਚ ਬਰਫ਼ ਹਟਾਉਣ ਲਈ ਮਨੀਸ਼ਾ ਦੇ ਕਈ ਵਾਰ ਕਹਿਣ ’ਤੇ ਉੱਠਦਾ। ਉਸ ਨੂੰ ਪੜ੍ਹਨ ਦਾ ਸ਼ੌਕ ਸੀ, ਅਖਬਾਰਾਂ ਤੇ ਸਮਾਜਿਕ ਵਿਸ਼ਿਆਂ ਵਾਲੀਆਂ ਪੁਸਤਕਾਂ। ਮਨੀਸ਼ਾ ਫੈਸ਼ਨ ਤੇ ਡਿਜ਼ਾਈਨ ਦੇ ਮੈਗਜ਼ੀਨ ਪੜ੍ਹਦੀ।
ਰੋਜ਼ਮਰ੍ਹਾ ਦੀ ਨੀਰਸਤਾ ਤੋੜਨ ਲਈ ਉਹ ਹੌਲੀਡੇਅਜ਼ ’ਤੇ ਜਾਂਦੇ। ਓਥੇ ਜ਼ਿੰਦਗੀ ਦੇ ਫੰਨ ਕਰਦੇ ਅਤੇ ਤਰੋ-ਤਾਜ਼ਾ ਹੋ ਕੇ ਮੁੜ ਜੌਬਾਂ ’ਚ ਖੁੰਭ ਜਾਂਦੇ।
ਮਨੀਸ਼ਾ ਦੀ ਕੰਪਨੀ ’ਚ ਡਿਜ਼ਾਈਨਰ ਦੀ ਪੋਸਟ ਖਾਲੀ ਹੋਈ ਤਾਂ ਉਸ ਨੇ ਅਤੇ ਦੂਜੀ ਸਹਾਇਕ ਡਿਜ਼ਾਈਨਰ ਜੈਨਟ, ਦੋਨਾਂ ਨੇ ਅਪਲਾਈ ਕਰ ਦਿੱਤਾ। ਜੈਨਟ ਮਨੀਸ਼ਾ ਨਾਲੋਂ ਥੋੜ੍ਹੀ ਸੀਨੀਅਰ ਸੀ ਪਰ ਸੀਨਿਓਰਿਟੀ ਨੂੰ ਪਹਿਲ ਦਿੱਤੀ ਜਾਣੀ ਜ਼ਰੂਰੀ ਨਹੀਂ ਸੀ।
ਨਵੇਂ-ਨਵੇਂ ਡਿਜ਼ਾਈਨ ਸਿਰਜਣ ’ਚ ਮਨੀਸ਼ਾ ਦੀ ਕਾਰਗੁਜ਼ਾਰੀ ਜੈਨਟ ਨਾਲੋਂ ਕਿਤੇ ਗੂੜ੍ਹੀ ਸੀ, ਜਿਸ ਕਰਕੇ ਮਨੀਸ਼ਾ ਨੂੰ ਪੱਕੀ ਆਸ ਸੀ ਕਿ ਤਰੱਕੀ ਉਸ ਨੂੰ ਹੀ ਮਿਲੇਗੀ। ਸੋਚਾਂ-ਸੁਪਨਿਆਂ ’ਚ ਕਿੰਨੀਆਂ ਉੱਚੀਆਂ ਉਡਾਰੀਆਂ ਭਰ ਰਹੀ ਸੀ ਉਹ … ਆਉਂਦੇ ਸਾਲਾਂ ’ਚ ਡਿਜ਼ਾਈਨਰਾਂ ਤੋਂ ਸੀਨੀਅਰ ਡਿਜ਼ਾਈਨਰ, ਐਗਜ਼ੈਕਟਿਵ ਡਿਜ਼ਾਈਨਰ ਤੇ ਆਖਰ ਚੀਫ ਡਿਜ਼ਾਈਨਰ ਦੀ ਚੋਟੀ ਦੀ ਪੋਸਟ ਉੱਤੇ… ਰੁਤਬਾ, ਸ਼ਕਤੀ, ਢੇਰ ਸਾਰੀ ਤਨਖਾਹ, ਕੰਪਨੀ ਦੀ ਜਹਾਜ਼ ਵਰਗੀ ਕਾਰ, ਹਵਾਈ ਦੌਰੇ ਅਤੇ ਜ਼ਿਹਨ ’ਚ ਪਲ੍ਹਰਦੀਆਂ ਨਵੀਆਂ-ਨਿਵੇਲੀਆਂ ਡਿਜ਼ਾਈਨ-ਸ਼ੈਲੀਆਂ ਦੇ ਪ੍ਰਯੋਗ ਕਰਨ ਦੇ ਅਖ਼ਤਿਆਰ…।
ਪਰ ਪੋਸਟ ਜੈਨਟ ਨੂੰ ਮਿਲ ਗਈ। ਮਨੀਸ਼ਾ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ। ਸੁਧੀਰ ਨੇ ਹੌਸਲਾ ਦਿੱਤਾ। ਦੋਨਾਂ ਨੇ ਸਲਾਹ ਕਰਕੇ ਲੇਬਰ ਬੋਰਡ ’ਚ ਕੇਸ ਕਰ ਦਿੱਤਾ। ਲੇਬਰ ਬੋਰਡ ਨੇ ਵੀ ਕੰਪਨੀ ਦੇ ਫ਼ੈਸਲੇ ’ਤੇ ਮੋਹਰ ਲਾ ਦਿੱਤੀ। ਮਨੀਸ਼ਾ ਛਟਪਟਾ ਕੇ ਰਹਿ ਗਈ। ਆਖਰ ਸਬਰ ਕਰ ਲਿਆ। ਉਨ੍ਹੀਂ ਦਿਨੀਂ ਉਸ ਨੇ, ਅਪਣੇ ਰੋਜ਼ਾਨਾ ਕੰਮਾਂ ਦੇ ਨਾਲ-ਨਾਲ ਇੱਕ ਲੇਡੀਜ਼ ਜੈਕਟ ਦਾ ਡਿਜ਼ਾਈਨ ਸ਼ੁਰੂ ਕੀਤਾ ਸੀ। ਉਹ ਉਸ ਵਿੱਚ ਰੁਝ ਗਈ। ਮੂਡ ਠੀਕ ਰਹਿਣ ਲੱਗਾ। ਡਿਜ਼ਾਈਨ ਨੂੰ ਆਖਰੀ ਛੂਹਾਂ ਦੇਂਦਿਆਂ ਉਹ ਉਸਦੀ ਮੌØਲਿਕਤਾ ਤੇ ਕਲਾਤਮਿਕਤਾ ਨੂੰ ਵਾਰ-ਵਾਰ ਨਿਹਾਰਦੀ ਤੇ ਮਾਣ ਨਾਲ ਭਰ ਜਾਂਦੀ। ਕਰੀਮ ਰੰਗੀ ਉਸ ਜੈਕਟ ਉੱਤੇ ਹਰੇ, ਸੁਨਹਿਰੀ, ਜਾਮਣੀ ਤੇ ਕਾਲੇ ਰੰਗ ਦੇ ਮੇਪਲ ਪੱਤੇ ਰਚੇ ਗਏ ਸਨ। ਪੱਤੇ ਅਤੇ ਉਨ੍ਹਾਂ ਨੂੰ ਜੋੜਦੀ ਸਤਰੰਗੀ ਤਾਰ ਦੇ ਸਮੁੱਚ ਵਿੱਚੋਂ ਇਕ ਵੱਡਾ ਮੇਪਲ ਪੱਤਾ ਰੂਪਮਾਨ ਹੁੰਦਾ ਸੀ।
ਇਹ ਜੈਕਟ, ਉਤਪਾਦਨ ਵਾਸਤੇ ‘ਡਿਜ਼ਾਈਨਿੰਗ ਐਂਡ ਕਮਰਸ਼ੀਅਲ ਕਮੇਟੀ’ ਨੇ ਪਾਸ ਕਰਨੀ ਸੀ। ਕਮੇਟੀ ਦੀ ਪ੍ਰਧਾਨ ਚੀਫ ਡਿਜ਼ਾਈਨਰ ਸੀ ਤੇ ਕਨਵੀਨਰ ਜੈਨਟ। ਕਮਰਸ਼ੀਅਲ ਮੈਨੇਜਰ, ਐਗਜ਼ੈਕਟਿਵ ਡਿਜ਼ਾਈਨਰ ਤੇ ਸੀਨੀਅਰ ਡਿਜ਼ਾਈਨਰ ਮੈਂਬਰ ਸਨ।
ਮੀਟਿੰਗ ਵਿਚ ਡਿਜ਼ਾਈਨ ਦੀ, ਕਲਾ ਪੱਖੋਂ ਪ੍ਰਸੰਸਾ ਕੀਤੀ ਗਈ। ਪਰ ਜਦੋਂ ਵਪਾਰਕ ਪੱਖ ਬਾਰੇ ਕਮਰਸ਼ੀਅਲ ਮੈਨੇਜਰ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿੰਤੂ ਖੜ੍ਹੇ ਕਰ ਦਿੱਤੇ… ਡਿਜ਼ਾਈਨ ਪਾਸ ਨਾ ਹੋਇਆ। ਮਨੀਸ਼ਾ ਦੇ ਹੱਥਾਂ ਦੇ ਤੋਤੇ ਉੱਡ ਗਏ। ਜਿਸ ਕੰਪਨੀ ਨੂੰ ਉਹ ਅਪਣੀ ਸਮਝਦੀ ਸੀ, ਉਹ ਬਿਗਾਨੀ ਜਾਪਣ ਲੱਗੀ। ਪਰ ਕੁਝ ਹਮਦਰਦ ਵੀ ਹੈਗੇ ਸਨ… ਸੀਨੀਅਰ ਡਿਜ਼ਾਈਨਰ ਤੇ ਕੁਝ ਹੋਰ ਕਾਮੇ। ਸੀਨੀਅਰ ਡਿਜ਼ਾਈਨਰ ਨੇ ਹੀ ਮਨੀਸ਼ਾ ਨੂੰ ਦੱਸਿਆ ਸੀ ਕਿ ਜੈਨਟ ਨੇ ਉਸ ਨਾਲ ਸਾਜਿਸ਼ ਖੇਡੀ ਸੀ, ਉਸਦਾ ਕਲਾ-ਗੌਰਵ ਤੋੜਨ ਲਈ। ਕਮਰਸ਼ੀਅਲ ਮੈਨੇਜਰ ਨੇ ਕਿੰਤੂ ਕੀਤੇ ਨਹੀਂ, ਉਸ ਤੋਂ ਕਰਵਾਏ ਗਏ ਸਨ। ਚੀਫ ਡਿਜ਼ਾਈਨਰ ਪਹਿਲਾਂ ਹੀ ਮਨੀਸ਼ਾ ਨਾਲ ਕੁਝ ਨਾਰਾਜ਼ ਸੀ, ਜੈਨਟ ਦੀ ਚੋਣ ਦੇ ਮਾਮਲੇ ਨੂੰ ਲੇਬਰ ਬੋਰਡ ’ਚ ਚੁਣੌਤੀ ਦੇਣ ਕਰਕੇ। ਜੈਨਟ ਨੇ ਚੀਫ ਡਿਜ਼ਾਈਨਰ ਦੀ ਉਸ ਨਾਰਾਜ਼ਗੀ ਨੂੰ ਵੀ ਵਰਤ ਲਿਆ ਸੀ।
ਜੈਨਟ ਦੀ ਡੰਗੀ ਹੋਈ ਮਨੀਸ਼ਾ ਡਾਢੀ ਅਪਸੈੱਟ ਸੀ। ਇਕ ਦਿਨ ਔਰਤਾਂ ਦੀ ਟੋਪੀ ਦੇ ਇਕ ਡਿਜ਼ਾਈਨ ਨੂੰ ਲੈ ਕੇ ਉਸਦੀ ਜੈਨਟ ਨਾਲ ਬਹਿਸ ਹੋ ਗਈ। ਜੈਨਟ ਨੇ ਅਪਣੇ ਉੱਚ ਅਹੁਦੇ ਦਾ ਰੋਹਬ ਛਾਂਟ ਦਿੱਤਾ। ਮਨੀਸ਼ਾ ਅੰਦਰਲਾ ਰੋਹ ਭੜਕ ਪਿਆ। ਉਸ ਨੇ ਜੈਨਟ ਦੀ ਲਾਹ-ਪਾਹ ਕਰ ਦਿੱਤੀ ਅਤੇ ਅਸਤੀਫਾ ਲਿਖ ਕੇ ‘ਸੁਪਰੀਮੋ ਇੰਟਰਨੈਸ਼ਨਲ’ ਨੂੰ ਥੂਹ ਕਰ ਆਈ। ਸੁਧੀਰ ਨੂੰ ਮਨੀਸ਼ਾ ਦਾ ਕਾਹਲੀ ’ਚ ਅਸਤੀਫਾ ਦੇਣਾ ਠੀਕ ਨਾ ਲੱਗਾ। ਪਰ ਉਹ ਚੁੱਪ ਹੀ ਰਿਹਾ।
ਮਨੀਸ਼ਾ ਨੇ ਸਹਾਇਕ ਡਿਜ਼ਾਈਨਰ ਦੀ ਨਵੀਂ ਜੌਬ ਦੀ ਤਲਾਸ਼ ਵਿਚ ਦੋ ਥਾਈਂ ਰੈਜ਼ਮੇ ਭੇਜੇ। ਇੱਕ ਕੰਪਨੀ ’ਚ ਇੰਟਰਵਿਊ ਹੋਈ। ਕੰਪਨੀ ਵੱਲੋਂ ‘ਹਾਂ’ ਸੀ। ਪਰ ਜੌਬ ਪੱਕੀ ਨਹੀਂ ਸੀ, ਕਾਂਟਰੈਕਟ ਅਧਾਰਿਤ ਸੀ। ਹਰ ਸਾਲ ਠੇਕੇ ਦਾ ਰੀਨੀਊ ਹੋਣਾ ਕੰਪਨੀ ਦੀ ਲੋੜ ’ਤੇ ਨਿਰਭਰ ਸੀ। ਦੂਜੀ ਕੰਪਨੀ ਦੀ ਜੌਬ ਤਾਂ ਪੱਕੀ ਸੀ ਪਰ ਤਨਖਾਹ ਬੜੀ ਘੱਟ ਸੀ। ਸੁਧੀਰ ਨੇ ਸਵੀਕਾਰ ਕਰਨ ਲਈ ਆਖਿਆ।
”ਡੀਅਰ! ਲੋਕਲ ਜਿਹੀ ਕੰਪਨੀ ਏ… ਕੋਈ ਫਿਊਚਰ ਨਹੀਂ ਦਿਸਦਾ ਪਿਆ।’’ ਮੁਰਝਾਏ ਹੋਏ ਚਿਹਰੇ ’ਤੇ ਰੌਣਕ ਲਿਆਉਣ ਦੀ ਕੋਸ਼ਿਸ਼ ਕਰਦੀ ਮਨੀਸ਼ਾ ਬੋਲੀ।
”ਹਨੀ! ਤੂੰ ਦੇਖ ਰਹੀ ਏਂ, ਸਾਰਾ ਕੁਝ ਬਹੁਤ ਤੇਜ਼ੀ ਨਾਲ ਬਦਲ ਰਿਹੈ। ਹੋ ਸਕਦਾ ਏ, ਕੱਲ੍ਹ ਨੂੰ ਇਸ ਲੋਕਲ ਕੰਪਨੀ ਨੂੰ ਕੋਈ ਇੰਟਰਨੈਸ਼ਨਲ ਕੰਪਨੀ ਖਰੀਦ ਲਏ।’’ ਸੁਧੀਰ ਨੇ ਰਾਇ ਦਿੱਤੀ।
”ਸੁਪਰੀਮੋ ਦੇ ਮੁਕਾਬਲੇ, ਇਹ ਵੀ ਤੇ ਕਾਂਟਰੈਕਟ ਵਾਲੀ ਵੀ, ਦੋਵੇਂ ਕੰਪਨੀਆਂ ਮੈਨੂੰ ਬਹੁਤ ਛੋਟੀਆਂ ਲੱਗੀਆਂ ਨੇ… ਮੇਰੀ ਰੂਹ ਨ੍ਹੀਂ ਮੰਨਦੀ।’’ ਮਨੀਸ਼ਾ ਨੇ ਨੱਕ ਚਾੜ੍ਹਿਆ।
ਸੁਧੀਰ ਜਿੱਥੇ ਪਤਨੀ ਦੇ ਉੱਚੇ ਨੱਕ ਤੋਂ ਹਿਰਖਿਆ ਹੋਇਆ ਸੀ, ਉੱਥੇ ਉਸ ਦੇ ਖਿੜੇ ਰਹਿਣ ਵਾਲੇ ਚਿਹਰੇ ਨੂੰ ਤਣਾਅਗ੍ਰਸਤ ਹੋਇਆ ਵੇਖ ਫ਼ਿਕਰਮੰਦ ਵੀ ਸੀ। ਹੁਣ ਉਹ ਪਹਿਲਾਂ ਵਾਂਗ ਗੱਲਾਂ ਵੀ ਨਹੀਂ ਸੀ ਕਰਦੀ। ਚੁੱਪ-ਗੜੁੱਚ ਜਿਹੀ ਸੋਚਾਂ ’ਚ ਡੁੱਬੀ ਰਹਿੰਦੀ।
… ਤੇ ਇੱਕ ਦਿਨ ਉਹ ਕਸ਼ਮਕੱਸ਼ ’ਚੋਂ ਬਾਹਰ ਆ ਗਈ ਸੀ। ਸੁਧੀਰ ਦੀ ਬਗਲ ’ਚ ਬੈਠਦਿਆਂ ਮਿਸ਼ਰੀ ਘੁਲੀ ਆਵਾਜ਼ ’ਚ ਬੋਲੀ, ”ਰਾਜੇ! ਮੈਂ ਤੁਹਾਡੇ ਨਾਲ ਇੱਕ ਇੰਪੌਰਟੈਂਟ ਗੱਲ ਕਰਨੀ ਏ।’’
”ਕਰ।’’
”ਮੈਂ ਫੈਸ਼ਨ-ਮਾਡਲਿੰਗ ਕਰਨਾ ਚਾਹੁੰਦੀ ਹਾਂ।’’
”ਵ੍ਹਟ?’’ ਸੁਧੀਰ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਫੈਮਿਲੀ-ਰੂਮ ਦੀ ਸਾਹਮਣਲੀ ਕੰਧ ’ਤੇ ਲਟਕਦੇ ਕਲਾਕ ਦੀਆਂ ਸੂਈਆਂ ਨੇ ਅਪਣੀ ਚਾਲ ਰੱਦ ਕਰਕੇ ਇਕ ਵੱਖਰੀ ਹੀ ਚਾਲ ਫੜ ਲਈ ਹੋਵੇ… ਹੈਰਾਨਗੀ ਤੇ ਰੋਹ ਨਾਲ ਭਰਿਆ ਉਹ ਬੋਲਿਆ, ”ਇਹਦਾ ਮਤਲਬ ਸੁਪਰੀਮੋ ਤੋਂ ਰਿਜ਼ਾਈਨ ਤੂੰ ਇਸੇ ਕਰਕੇ ਕੀਤਾ। ਦੂਜੀਆਂ ਕੰਪਨੀਆਂ ’ਚ ਡਿਜ਼ਾਈਨਿੰਗ ਦੀ ਜੌਬ ਵੀ ਤੂੰ ਇਸੇ ਕਰਕੇ ਐਕਸੈਪਟ ਨਹੀਂ ਕੀਤੀ। ਤੇਰਾ ਅਸਲ ਨਿਸ਼ਾਨਾ ਮਾਡਲਿੰਗ ਹੀ ਸੀ।’’
”ਸੁਧੀਰ ਰਾਜੇ! ਅਸਤੀਫੇ ਦੀ ਸਾਰੀ ਸਿੱਚੂਏਸ਼ਨ ਬਾਰੇ ਜਾਣਦੇ ਹੋਏ ਵੀ ਤੁਸੀਂ ਇਹ ਕੀ ਕਹਿ ਰਹੇ ਹੋ। ਕੁੱਤੀ ਜੈਨਟ ਨੇ ਜਿਸ ਤਰ੍ਹਾਂ ਮੇਰੇ ਰਾਹ ’ਚ ਕੰਡੇ ਖਿਲਾਰੇ, ਜਿਸ ਤਰ੍ਹਾਂ ਮੈਨੂੰ ਜ਼ੀਰੋ ਕਰਨ ਦੀਆਂ ਹਰਕਤਾਂ ਕੀਤੀਆਂ, ਮੈਂ ਅਸਤੀਫਾ ਨਾ ਦੇਂਦੀ ਤਾਂ ਹੋਰ ਕੀ ਕਰਦੀ? ਦੂਜੀਆਂ ਕੰਪਨੀਆਂ ਬਾਰੇ ਵੀ ਮੈਂ ਤੁਹਾਨੂੰ ਦੱਸਦੀ ਰਹੀ ਹਾਂ ਕਿ ਉਹ ਮੇਰੀ ਯੋਗਤਾ ਦੇ ਮੁਕਾਬਲੇ ਨੀਵੀਆਂ ਹਨ, ਛੋਟੀਆਂ ਹਨ। ਉਨ੍ਹਾਂ ਵਿਚ ਮੈਂ ਕੋਈ ਮਾਅਰਕਾ ਨਹੀਂ ਮਾਰ ਸਕਦੀ।’’
”ਪਰ ਇਹਦਾ ਮਤਲਬ ਇਹ ਥੋੜ੍ਹੀ ਏ ਕਿ ਡਿਜ਼ਾਈਨਿੰਗ ਦੀ ਲਾਈਨ ਹੀ ਛੱਡ ਦਿਓ।’’ ਸੁਧੀਰ ਦੇ ਬੋਲਾਂ ਵਿਚ ਝੁੰਜਲਾਹਟ ਸੀ।
”ਲਓ ਜੀ! ਤੁਹਾਡੇ ਸਾਹਮਣੇ ਏਥੇ ਕਿੰਨੇ ਲੋਕ, ਬਿਹਤਰੀ ਵਾਸਤੇ ਕਿੱਤੇ ਬਦਲਦੇ ਹਨ। ਫੈਸ਼ਨ-ਮਾਡਲਿੰਗ ਬਹੁਤ ਵੱਡਾ ਫੀਲਡ ਏ… ਮੈਨੂੰ ਅਪਣੀ ਸਮਰੱਥਾ ਦਾ ਪਤਾ ਏ। ਤੁਸੀਂ ਦੇਖ ਲਿਓ। ਮੈਂ ਛੇਤੀ ਹੀ ਟਾਪ ’ਤੇ ਪਹੁੰਚ ਜਾਵਾਂਗੀ।’’ ਮਨੀਸ਼ਾ ਅੰਦਰ ਜੋਸ਼ ਸੀ।
”ਪਰ ਅਜੋਕੀ ਮਾਡਲਿੰਗ ’ਚ ਜਿਸਮ ਦਿਖਾਣ ਦਾ ਰੁਝਾਨ ਮੈਨੂੰ ਪਸੰਦ ਨਹੀਂ… ਇਹ ਰੁਝਾਨ ਸੋਸ਼ਲ ਵੈਲਯੂਜ਼ ਦਾ ਨੁਕਸਾਨ ਕਰ ਰਿਹੈ।’’ ਸਕੂਲ ਵਿੱਚ ਸੋਸ਼ੋਲੋਜੀ ਪੜ੍ਹਾਉਂਦੇ ਸੁਧੀਰ ਦੀ ਸੁਰ ਚੋਭਵੀਂ ਸੀ।
”ਜੇ ਇਹ ਗੱਲ ਏ ਤਾਂ ਸਰਕਾਰਾਂ ਫੈਸ਼ਨ ਸ਼ੋਆਂ ’ਤੇ ਪਾਬੰਦੀ ਕਿਉਂ ਨਹੀਂ ਲਾਂਦੀਆਂ।’’
”ਸਰਕਾਰਾਂ ਦਾ ਕੀ ਜਾਂਦੈ। ਉਨ੍ਹਾਂ ਲਈ ਤਾਂ ਇਹ ਬਹੁਤ ਵੱਡੀ ਬਿਜ਼ਨਿਸ ਐ, ਜੌਬਾਂ ਦੀ ਮੰਡੀ ਐ, ਜਿਸ ਵਿਚੋਂ ਸਰਕਾਰਾਂ ਕਰੋੜਾਂ ਡਾਲਰ ਟੈਕਸ ਕਮਾਂਦੀਆਂ ਨੇ।’’ ਸੁਧੀਰ ਦੀਆਂ ਅੱਖਾਂ ਵਿੱਚ ਗੁੱਸੇ ਦੇ ਚਿੰਨ੍ਹ ਉਭਰ ਆਏ।
”ਤਾਂ ਫਿਰ ਲੋਕ, ਜਿਹੜੇ ਫੈਸ਼ਨ-ਸ਼ੋਆਂ ਨੂੰ ਏਨੇ ਸ਼ੌਕ ਨਾਲ ਦੇਖਦੇ ਨੇ, ਉਨ੍ਹਾਂ ਨੂੰ ਕਹੋ ਕਿ ਨਾ ਦੇਖਿਆ ਕਰਨ।’’ ਮਨੀਸ਼ਾ ਦੀ ਸੁਰ ਖਰ੍ਹਵੀਂ ਹੋ ਗਈ।
”ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਟੀ.ਵੀ. ’ਤੇ ਕੀ ਦੇਖਣੈ ਤੇ ਕੀ ਨਹੀਂ ਦੇਖਣੈ।’’
”ਮੇਰੀ ਸਮਝ ਮੁਤਾਬਿਕ, ਕਰੋੜਾਂ ਲੋਕ ਫੈਸ਼ਨ-ਸ਼ੋਅ ਇਹ ਜਾਨਣ ਲਈ ਦੇਖਦੇ ਨੇ ਕਿ ਸਜਣਾ-ਸੰਵਰਨਾ ਕਿਵੇਂ ਜੇ, ਖੂਬਸੂਰਤੀ ’ਚ ਨਿਖਾਰ ਕਿਵੇਂ ਲਿਆਣਾ ਏ, ਨੀਰਸਤਾ ਤੋੜ ਕੇ ਜ਼ਿੰਦਗੀ ’ਚ ਨਵੇਂ ਰੰਗ ਕਿਵੇਂ ਭਰਨੇ ਜੇ।’’
”ਦੇਖ ਮਨੀਸ਼ਾ! ਮੇਰਾ ਇਤਰਾਜ਼ ਸਜਣ-ਸੰਵਰਨ ਜਾਂ ਫੈਸ਼ਨ ਕਰਨ ’ਤੇ ਨਹੀਂ, ਨਗਨਤਾ ’ਤੇ ਹੈ।’’ ਸੁਧੀਰ ਨੇ ਕੁਝ ਢੈਲਾ ਪੈਂਦਿਆਂ ਆਖਿਆ।
”ਮੈਂ ਨਗਨਤਾ ਦੀ ਵਕਾਲਤ ਨਹੀਂ ਕਰ ਰਹੀ। ਮੇਰੇ ਲਈ ਤਾਂ ਮਾਡਲਿੰਗ, ਹੋਰਨਾਂ ਜੌਬਾਂ ਵਾਂਗ ਇਕ ਜੌਬ ਏ, ਆਰਟਫੁਲ ਜੌਬ।’’ ਮਨੀਸ਼ਾ ਦੇ ਬੋਲਾਂ ਵਿੱਚ ਗਰੂਰ ਸੀ।
ਸੁਧੀਰ ਨੂੰ ਇੰਜ ਲੱਗਾ ਜਿਵੇਂ ਗੱਲਾਂ ਕਰ ਰਹੀ ਸੀ, ਉਸਦੀ ਪਤਨੀ ਨਹੀਂ, ਪਤਨੀ ’ਚੋਂ ਫੁੱਟ ਪਈ ਕੋਈ ਹੋਰ ਔਰਤ ਸੀ। ਉਹ ਕੜਕਿਆ, ”ਜਿਸ ਜੌਬ ’ਚ ਕੋਈ ਐਥਿਕਸ ਹੀ ਹੈ ਨ੍ਹੀਂ, ਉਹ ਜੌਬ ਤੈਨੂੰ ਨਹੀਂ ਕਰਨੀ ਚਾਹੀਦੀ।’’
”ਅੱਜ ਦੀ ਦੁਨੀਆ ’ਚ ਜੇ ਹੋਰ ਸਾਰਾ ਕੁਝ ਬਦਲ ਰਿਹਾ ਏ ਤਾਂ ਸਦਾਚਾਰ ਕਿਉਂ ਨਹੀਂ ਬਦਲ ਸਕਦਾ… ਜਿਸ ਜੌਬ ਤੋਂ ਮੈਨੂੰ ਸੰਤੁਸ਼ਟੀ ਮਿਲਦੀ ਏ, ਜਿਸ ਜੌਬ ਰਾਹੀਂ ਮੈਂ ਅਪਣੀ ਹਸਤੀ ਦੀ ਫੁਲਫਿਲਮੈਂਟ ਮਾਣ ਸਕਦੀ ਹਾਂ, ਮੈਨੂੰ ਉਸ ਤੋਂ ਰੋਕਿਆ ਕਿਉਂ ਜਾ ਰਿਹਾ ਏ?’’ ਮਨੀਸ਼ਾ ਤੈਸ਼ ’ਚ ਆ ਗਈ।
”ਤੈਨੂੰ ਸਿਰਫ਼ ਅਪਣੀ ਹਸਤੀ ਹੀ ਦੀਹਦੀ ਐ, ਮੇਰੀ ਨਹੀਂ। ਪਰ ਕੰਨ ਖੋਲ੍ਹ ਕੇ ਸੁਣ ਲੈ, ਜੇ ਤੇਰੀ ਹਸਤੀ ਦੀ ਭਰਪੂਰਤਾ, ਮੇਰੀ ਹਸਤੀ ਨੂੰ ਹੀਣਾ ਕਰਦੀ ਐ ਤਾਂ ਮੈਂ ਬਰਦਾਸ਼ਤ ਨਹੀਂ ਕਰਾਂਗਾ… ਤੂੰ ਜਿਸ ਨੂੰ ਭਰਪੂਰਤਾ ਕਹਿਨੀ ਏਂ, ਮੇਰੇ ਵਿਚਾਰ ਮੁਤਾਬਿਕ ਉਹ ਡੀਗਰੇਡੇਰੇਸ਼ਨ ਐ।’’ ਸੁਧੀਰ ਤਮਤਮਾ ਉੱਠਿਆ।
”ਤੁਹਾਡੇ ਵਿਚਾਰਾਂ ਦੇ ਅਧੀਨ ਹੋ ਕੇ, ਅੱਧੀ-ਅਧੂਰੀ ਜ਼ਿੰਦਗੀ ਜਿਊਣਾ ਮੈਨੂੰ ਨਹੀਂ ਪਰਵਾਨ। ਮੇਰੇ ਲਈ ਮਾਡਲਿੰਗ ਵਧੀਆ ਜੌਬ ਏ।’’ ਮਨੀਸ਼ਾ ਲੋਹੀ-ਲਾਖੀ ਹੋ ਗਈ।
”ਦੈਂਨ ਹੈੱਲ ਵਿੱਦ ਯੂ।’’ ਅੱਗ-ਭਬੂਕਾ ਹੋਏ ਸੁਧੀਰ ਦੀਆਂ ਅੱਖਾਂ ਵਿੱਚੋਂ ਚੰਗਿਆੜੇ ਫੁੱਟਣ ਲੱਗੇ।
”ਸੇਮ ਟੂ ਯੂ।’’ ਰੋਹ ’ਚ ਕੰਬਦੀ ਮਨੀਸ਼ਾ ਨੇ ਆਖਿਆ।
ਮਨੀਸ਼ਾ ਦੀ ਨਿਗ੍ਹਾ ਸ਼ੈਲਫ ’ਤੇ ਪਈ ਅਪਣੀ ਤੇ ਸੁਧੀਰ ਦੀ ਫੋਟੋ ’ਤੇ ਜਾ ਟਿਕੀ ਸੀ। ਦੀਵਾਨਗੀ ਵਿੱਚ, ਹੱਥਾਂ ’ਚ ਹੱਥ ਅਤੇ ਅੱਖਾਂ ’ਚ ਅੱਖਾਂ ਪਾਈ, ਉਹ ਬਰਫਬਾਰੀ ਵਿਚ ਖੜ੍ਹੇ ਸਨ। ਮਨੀਸ਼ਾ ਨੇ ਜਦੋਂ ਵੀ ਇਹ ਤਸਵੀਰ ਤੱਕੀ ਸੀ, ਉਸ ਨੂੰ ਅਪਣੇ ਚਿਹਰਿਆਂ ’ਤੇ ਇਕਸੁਰਤਾ ਦਾ ਸਰੂਰ ਨਜ਼ਰ ਆਇਆ ਸੀ। ਪਰ ਅੱਜ ਉਸ ਨੂੰ ਇੰਜ ਲੱਗ ਰਿਹਾ ਸੀ, ਜਿਵੇਂ ਬਰਫਬਾਰੀ ਦੇ ਧੁੰਦਲਕੇ ਵਿੱਚ, ਉਹ ਇਕ ਦੂਜੇ ਨੂੰ ਅਜ਼ਨਬੀਆਂ ਵਾਂਗ ਤੱਕ ਰਹੇ ਹੋਣ।
… ਮਨੀਸ਼ਾ ਤੇ ਸੁਧੀਰ ਦੇ ਮਾਪਿਆਂ ਨੇ ਉਨ੍ਹਾਂ ਦੀ ਸੁਲ੍ਹਾ ਕਰਵਾਉਣ ਤੇ ਨੇੜਤਾ ਗੰਢਣ ਲਈ ਪੂਰੀ ਵਾਹ ਲਾਈ ਸੀ। ਪਰ ਉਹ ਦੋਵੇਂ ਆਪੋ ਅਪਣੇ ਮੁਹਾਜਾਂ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਸਨ।
”ਇੱਕ ਨੂੰ ਚੁਣ ਲਵੇ, ਮੈਨੂੰ ਜਾਂ ਮਾਡਲਿੰਗ ਨੂੰ।’’ ਸੁਧੀਰ ਦਾ ਸਟੈਂਡ ਸੀ।
”ਮੇਰਾ ਲਕਸ਼ ਮਾਡਲਿੰਗ ਏ।’’ ਮਨੀਸ਼ਾ ਦਾ ਫ਼ੈਸਲਾ ਪੱਥਰ ’ਤੇ ਲਕੀਰ ਸੀ।
”ਜੇ ਮਾਡਲਿੰਗ ’ਚ ਹੀ ਗਰਕਣੈ ਤਾਂ ਮੇਰੇ ਮੱਥੇ ਨਾ ਲੱਗੀਂ।’’ ਸੁਧੀਰ ਤੇ ਉਸਦੇ ਮਾਪਿਆਂ ਦੀ ਹਾਜ਼ਰੀ ’ਚ ਅਪਣਾ ਫ਼ੈਸਲਾ ਦਾਗ ਕੇ, ਗੁੱਸੇ ’ਚ ਕੰਬਦਾ ਪਰਦੀਪ ਕੁਮਾਰ ਉੱਠ ਆਇਆ ਸੀ।
”ਏਨੀ ਸਖ਼ਤੀ ਨਾ ਕਰੋ… ਓਥੋਂ ਟੁੱਟ ਕੇ ਉਹ ਕਿੱਥੇ ਜਾਏਗੀ? ਸਾਡੇ ਘਰ ਹੀ ਆਏਗੀ… ਆਖ਼ਰ ਸਾਡੀ ਧੀ ਏ।’’ ਘਰ ਪਹੁੰਚ ਕੇ ਸੁਨੀਤਾ ਨੇ ਆਖਿਆ ਸੀ।
”ਹੁਣ ਉਹ ਸਾਡੀ ਕੁਝ ਨ੍ਹੀਂ ਲਗਦੀ, ”ਲਾਲ ਅੱਖਾਂ ਵਿੱਚੀਂ ਕਰੋਧ ਦੇ ਬਾਣ ਛੱਡਦਿਆਂ ਪਰਦੀਪ ਕੁਮਾਰ ਗਰਜਿਆ ਸੀ, ”ਇਹ ਚੰਦ ਚੜ੍ਹਿਆ ਹੀ ਤੇਰੀ ਮਿਹਰਬਾਨੀ ਨਾਲ ਏ। ਜੇ ਤੂੰ ਸ਼ੁਰੂ ਤੋਂ ਹੀ ਇਹਦੀਆਂ ਵਾਗਾਂ ਕੱਸ ਕੇ ਰੱਖਦੀ ਤਾਂ ਏਥੋਂ ਤੱਕ ਨੌਬਤ ਹੀ ਨਹੀਂ ਸੀ ਆਉਣੀ।’’
ਪਤੀ ਅਤੇ ਨਾਲ ਹੀ ਮਾਪਿਆਂ ਨਾਲੋਂ ਰਿਸ਼ਤਾ ਟੁੱਟਣਾ ਮਨੀਸ਼ਾ ਲਈ ਦੁਖਦਾਈ ਸੀ ਪਰ ਸਥਿਤੀ ਨੇ ਉਸਦੇ ਵਿਦਰੋਹ ਨੂੰ ਹੋਰ ਤਿੱਖਾ ਕਰ ਦਿੱਤਾ ਅਤੇ ਵਿਦਰੋਹ ਨਂੇ ਚੁਣੌਤੀ ਦਾ ਰੂਪ ਧਾਰ ਲਿਆ। ਸਾਂਝਾ ਘਰ ਸੇਲ ’ਤੇ ਲੱਗ ਚੁੱਕਾ ਸੀ। ਸਾਮਾਨ ਉੱਠਾ ਕੇ ਉਹ ਅਪਾਰਟਮੈਂਟ ’ਚ ਮੂਵ ਕਰ ਗਈ। ਤੇ ‘ਡਾਇਮੰਡਜ਼’ ਏਜੰਸੀ ਦੀ ਮਾਲਕ ਕਰਿਸਟਨਾ ਫੌਸਟਰ ਦੀ ਸਲਾਹ ਨਾਲ ਫੈਸ਼ਨ-ਮਾਡਲਿੰਗ ਦਾ ਕੋਰਸ ਸ਼ੁਰੂ ਕਰ ਲਿਆ।
ਟਰੇਨਿੰਗ ਮੁੱਕਣ ’ਤੇ ਉਸ ਨੇ, ਕਰਿਸਟਨਾ ਦੀ ਸਹਾਇਤਾ ਨਾਲ ਅਪਣੀ ਫੋਟੋ ਕਿਤਾਬ ਤਿਆਰ ਕੀਤੀ, ਕਾਂਟਰੈਕਟ ’ਤੇ ਹਸਤਾਖ਼ਰ ਪਾਏ ਤੇ ਕੰਮ ਸ਼ੁਰੂ ਕਰ ਦਿੱਤਾ।
ਛੋਟੇ-ਛੋਟੇ ਫੈਸ਼ਨ ਸ਼ੋਅ ਕਰਦਿਆਂ ਉਸ ਨੇ ਸੁਹਜ, ਆਕਰਸ਼ਣ ਤੇ ਨਜ਼ਾਕਤ ਦੇ ਗੁਣਾਂ ਵਾਲੀ ਮਾਡਲਿੰਗ ਸ਼ੈਲੀ ਸਿਰਜ ਲਈ ਸੀ। ਉਸਦੀਆਂ ਪੇਸ਼ਕਾਰੀਆਂ ਦੇ ਮਿਆਰ ਤੋਂ ਖੁਸ਼ ਹੋਈ ਕਰਿਸਟਨਾ ਨੇ ਇਕ ਦਿਨ ਆਖਿਆ ਸੀ, ”ਮੈਨੀਸ਼ਾ! ਹੁਣ ਤੂੰ ਮਾਡਲਿੰਗ ਦੀ ਵੱਡੀ ਮੰਡੀ ’ਚ ਜਾਣ ਦੇ ਕਾਬਲ ਹੋ ਗਈ ਏਂ। ਤੈਨੂੰ ਤੇ ਪਤਾ ਈ ਐ, ਸਾਡੀਆਂ ਲੋਕਲ ਤੇ ਵੱਡੀਆਂ ਏਜੰਸੀਆਂ ਆਪਸ ’ਚ ਜਾਲ ਵਾਂਗ ਜੁੜੀਆਂ ਹੋਈਆਂ ਨੇ। ਨਿਊਯਾਰਕ ਦੀ ਪ੍ਰਸਿੱਧ ਏਜੰਸੀ ‘ਯੁਨੀਕ’ ਨਾਲ ਮੇਰੀ ਗੱਲ ਹੋ ਚੁੱਕੀ ਏ। ਉਹ ਤੈਨੂੰ ਇੰਟਰਵਿਊ ਲਈ ਸੱਦਣਗੇ।’’
”ਥੈਂਕ ਯੂ ਕਰਿਸਟਨਾ।’’ ਗਦਗਦ ਹੋਈ ਮਨੀਸ਼ਾ ਨੇ ਕਰਿਸਟਨਾ ਨੂੰ ਜੱਫੀ ਪਾ ਲਈ ਸੀ।
ਇੰਟਰਵਿਊ ’ਚ ‘ਯੁਨੀਕ’ ਦੇ ਮਾਲਕ ਐਰਿਕ ਡਾਲਟਨ ਨਾਲ, ਏਜੰਸੀ ਦਾ ਫੈਸ਼ਨ-ਡਿਜ਼ਾਈਨਰ ਵਾਲਟਰ ਵੀ ਮੌਜੂਦ ਸੀ। ਮਨੀਸ਼ਾ ਦੀ ਹੁਣ ਤੱਕ ਦੀ ਮਾਡਲਿੰਗ ਦੀਆਂ ਚੋਣਵੀਆਂ ਤਸਵੀਰਾਂ ਅਤੇ ਮਾਡਲਿੰਗ ਤੇ ਡਿਜ਼ਾਈਨਿੰਗ ਬਾਰੇ ਉਸ ਦੇ ਗਿਆਨ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਮਨੀਸ਼ਾ ਨੂੰ ਅਪਣੀ ਏਜੰਸੀ ’ਚ ਲੈ ਲਿਆ। ਤੇ ਨਾਲ ਹੀ ਟਰਾਂਟੋ ’ਚ ਹੋਣ ਵਾਲੇ ਵੱਡੇ ਫੈਸ਼ਨ-ਸ਼ੋਅ ਲਈ ਸੱਦਾ ਦੇ ਦਿੱਤਾ।
ਕਿੰਨਾ ਅਹਿਮ ਸੀ ਮਨੀਸ਼ਾ ਲਈ ਪਹਿਲੇ ਵੱਡੇ ਸ਼ੋਅ ਦਾ ਉਹ ਦਿਨ… ਤਿਆਰ ਹੋ ਕੇ ਜਦੋਂ ਉਹ ਬਹੁਕੋਨੀ ਸ਼ੀਸ਼ਿਆਂ ਸਾਹਮਣੇ ਖਲੋਈ ਤਾਂ ਕੁਝ ਪਲ ਅਪਣੇ ਆਪ ਨੂੰ ਪਛਾਣ ਹੀ ਨਾ ਸਕੀ। ਮੇਕਅਪ ਕਲਾਕਾਰਾਂ ਨੇ ਉਸ ਵਿੱਚੋਂ ਜਿਵੇਂ ਇਕ ਨਵੀਂ ਮਨੀਸ਼ਾ ਸਿਰਜ ਦਿੱਤੀ ਹੋਵੇ… ਉਸਦੇ ਕਾਲੇ ਸ਼ਾਹ ਵਾਲਾਂ ਦੇ ਆਰਜੀ ਕੁੰਡਲਾਂ, ਦਿਲਕਸ਼ ਹੋਠਾਂ ਦੀ ਗੁਲਾਬੀ ਲਿਪਸਟਿਕ ਦੀ ਬੇਬਾਕ ਛੇਡ ਅਤੇ ਸ਼ੈਡੋਅ ਤੇ ਮਸਕਾਰੇ ਨਾਲ ਸਜਾਈਆਂ ਮ੍ਰਿਗ-ਨੈਣੀ ਪਲਕਾਂ ਦੀ ਲਿਸ਼ਕ ਵਿੱਚੋਂ ਝਰਨਾਹਟ ਫੁੱਟ ਰਹੀ ਸੀ। ਕੰਨਾਂ ’ਚ ਝੂਲਦੇ ਝਾਲਰਦਾਰ ਕਾਂਟਿਆਂ ਦੇ ਨਗਾਂ ਅਤੇ ਨੱਕ ਦੇ ਲੌਂਗ ਦੇ ਲਿਸ਼ਕਾਰੇ, ਉਸਦੇ ਗੋਰੇ-ਗੁਲਾਬੀ ਰੰਗ ਨੂੰ ਹੋਰ ਉਜਵਲ ਕਰ ਰਹੇ ਸਨ। ਉਸਦੇ ਬਦਨ ’ਤੇ ਪੂਰੀ ਲੰਬਾਈ ਦਾ ਗੁਲਾਬੀ ਰੰਗਾ ਈਵਨਿੰਗ-ਗਾਊਨ ਸੀ ਅਤੇ ਗੋਰੇ-ਨਿੱਖਰੇ ਪੈਰਾਂ ਵਿੱਚ ਉੱਚ-ਅੱਡੀ, ਬਧੱਰੀਵਾਰ ਗੁਲਾਬੀ ਸੈਂਡਲ।
ਜਦੋਂ ਉਹ ਰੈਂਪ ’ਤੇ ਚੜ੍ਹੀ ਤਾਂ ਦੋਨੀਂ ਪਾਸੀਂ ਬੈਠੇ ਫੈਸ਼ਨ ਮਾਹਿਰਾਂ, ਸ਼ੋਅ ਨੂੰ ਸਪਾਂਸਰ ਕਰਨ ਵਾਲੇ ਵਪਾਰੀਆਂ, ਮੀਡੀਆਕਾਰਾਂ ਤੇ ਚੋਣਵੇਂ ਦਰਸ਼ਕਾਂ ਦੀ ਭੀੜ ਸਾਹਵੇਂ ਉਸਦੇ ਕਦਮਾਂ ਦੀ ਮਟਕ ਉੱਖੜ ਜਿਹੀ ਗਈ। ਗਾਊਨ ਉਸਦੇ ਜਿਸਮ ਨੂੰ ਛਿਪਾ ਘੱਟ, ਦਿਖਾ ਵੱਧ ਰਿਹਾ ਸੀ। ਅਸਲ ’ਚ ਅਪਣਾ ਗਾਊਨ ਉਸਨੇ ਆਪ ਡਿਜ਼ਾਈਨ ਕੀਤਾ ਸੀ ਪਰ ਉਸਦੇ ਡਿਜ਼ਾਈਨਰ ਵਾਲਟਰ ਨੇ ਜਿਉਂ ਦਾ ਤਿਉਂ ਪਰਵਾਨ ਨਹੀਂ ਸੀ ਕੀਤਾ। ਗਲਮਾ ਹੋਰ ਨੀਵਾਂ ਤੇ ਸੱਜੀ ਲੱਤ ਵਾਲੇ ਪਾਸੇ ਦਾ ਪਿੰਨੀ ਤੱਕ ਦਾ ਕੱਟ ਉੱਪਰ ਪੱਟ ਤੀਕਰ ਕਰ ਦਿੱਤਾ ਸੀ ਤੇ ਹੁਣ ਅੱਧੋਂ ਵੱਧ ਨੰਗਾ ਹੋ ਰਿਹਾ ਜਿਸਮ ਉਸ ਅੰਦਰ ਸ਼ਰਮ ਉਪਜਾ ਰਿਹਾ ਸੀ। ਲੋਕਾਂ ਦਾ ਪ੍ਰਸ਼ੰਸਕੀ ਪ੍ਰਤੀਕਰਮ ਭਾਂਪਦਿਆਂ ਉਸਦੀ ਮਟਕ ਠੀਕ ਹੋ ਗਈ। ਚਿਹਰਾ ਮੁਸਕਰਾ ਉੱਠਿਆ। ਪਰ ਮੁਸਕਰਾਹਟ ਉਸ ਨੇ ਸ਼ੋਖ ਨਾ ਹੋਣ ਦਿੱਤੀ। ਲੱਜਿਆ ਦੇ ਅੰਦਾਜ਼ ਵਿੱਚ ਚਿਹਰੇ ਉੱਪਰ ਪੁਸ਼ਾਕ ਵਰਗਾ ਰੰਗ ਚਾੜ੍ਹ ਲਿਆ। ਉਸ ਦੇ ਇਸ ਅੰਦਾਜ਼ ਨੇ ਸਭ ਨੂੰ ਕਾਇਲ ਕਰ ਦਿੱਤਾ। ਰੈਂਪ ਦੁਆਲਿਉਂ ਉੱਠੀ ਟਿੱਪਣੀ ‘ਐਨ ਐਂਜਲ ਆਨ ਦਾ ਅਰਥ’ ਕੰਨੀਂ ਪੈਂਦਿਆਂ ਉਸਦਾ ਰੋਮ-ਰੋਮ ਖੁਸ਼ੀ ਨਾਲ ਭਰ ਗਿਆ।
ਟੀ.ਵੀ. ਚੈਨਲਾਂ ਤੇ ਫੈਸ਼ਨ-ਮੈਗਜ਼ੀਨਾਂ ਵਾਲਿਆਂ ਮਨੀਸ਼ਾ ਨੂੰ ‘ਖੁਸ਼ਆਮਦੀਦ’ ਆਖਦਿਆਂ ਉਸ ਵਿਚਲੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ ਸਨ। ਟਰਾਂਟੋ ਦੀ ਪ੍ਰਮੁੱਖ ਅਖਬਾਰ ‘ਟਰਾਂਟੋ ਸਟਾਰ’ ਦੇ ਕਾਲਮ-ਨਵੀਸ ਨੇ ਸ਼ੋਅ ਬਾਬਤ ਲਿਖੇ ਲੇਖ ਵਿੱਚ ਉਸ ਨੂੰ ਸੱਚਮੁੱਚ ਹੀ ‘ਅਕਾਸ਼ੋਂ ਉੱਤਰੀ ਪਰੀ’ ਕਰਾਰ ਦਿੱਤਾ ਸੀ।
… ਸ਼ੁਰੂ ਦੇ ਵੱਡੇ ਸ਼ੋਆਂ ’ਚ ਮਨੀਸ਼ਾ ਜਦੋਂ ਰੈਂਪ ’ਤੇ ਚੜ੍ਹਦੀ ਤਾਂ ਕੁਝ ਘਬਰਾ ਜਾਂਦੀ। ਹੋਰ ਮਾਡਲਾਂ ਵਾਂਗ ਉਸ ਨੇ ਮੈਰੁਆਨਾ ਦੇ ਸੂਟ੍ਹੇ ਲਾਉਣੇ ਸ਼ੁਰੂ ਕਰ ਦਿੱਤੇ। ਸੂਟ੍ਹੇ ਉਸ ਨੂੰ ਹੁਲਾਸ ਨਾਲ ਭਰ ਦੇਂਦੇ, ਪਰ ਡਰੱਗੀ ਹੋ ਚੁੱਕੀਆਂ ਮਾਡਲਾਂ ਬਾਰੇ ਸੋਚਦਿਆਂ ਉਹ ਅਪਸੈੱਟ ਹੋ ਜਾਂਦੀ। ਵਾਲਟਰ ਦੀ ਡਿਜ਼ਾਈਨ ਸ਼ੈਲੀ ਵੀ ਉਸ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ। ‘ਕਾਊਂਸਲ ਆਫ ਫੈਸ਼ਨ ਡਿਜ਼ਾਈਨਰਜ਼ ਆਫ ਨਾਰਥ ਅਮੈਰਿਕਾ’ ਵੱਲੋਂ ਸਨਮਾਨਿਤ ਤੇ ‘ਪੈਰੀ ਐਲਿਸ ਸਪੋਰਟਸ ਵੇਅਰ’ ਕੰਪਨੀ ਦਾ ਮੀਤ ਪ੍ਰਧਾਨ ਵਾਲਟਰ ਜ਼ਿਆਦਾ ਸਮਾਂ ਖੇਡ-ਪੁਸ਼ਾਕਾਂ ਦਾ ਡਿਜ਼ਾਈਨਰ ਰਿਹਾ ਸੀ। ਉਸਦੀ ਡਿਜ਼ਾਈਨਿੰਗ ਵਿੱਚ ਨਜ਼ਾਕਤ ਘੱਟ ਸੀ, ਤਾਕਤ ਅਤੇ ਜੋਸ਼ ਵੱਧ। ਉਸਦੇ ਰੰਗਾਂ ਦੀ ਚੋਣ ਤਾਂ ਵਧੀਆ ਸੀ, ਪਰ ਪੁਸ਼ਾਕਾਂ ਦੀਆਂ ਲਾਈਨਾਂ ਦੇ ਡੂੰਘੇ, ਤਿਰਛੇ ਕੱਟ ਸੁਹਜ ਵਾਲੇ ਹੋਣ ਦੀ ਥਾਂ ਪ੍ਰਦਰਸ਼ਨ ਵਾਲੇ ਸਨ। ਮਨੀਸ਼ਾ ਦੇ, ਅਪਣੀ ਪੁਸ਼ਾਕ ’ਚ ਮਾੜੀ-ਮੋਟੀ ਤਬਦੀਲੀ ਕਰਾਉਣ ਦੇ ਸੁਝਾਅ ਨੂੰ ਕਦੀ ਉਹ ਮੰਨ ਲੈਂਦਾ ਤੇ ਕਦੀ ਰੱਦ ਕਰ ਦੇਂਦਾ। ਖੈਰ ਮਨੀਸ਼ਾ ਆਪਣੀ ਪੇਸ਼ਕਾਰੀ ਵਿਚ, ਚਿਹਰੇ ਖਾਸ ਕਰਕੇ ਅੱਖਾਂ ਤੇ ਹੋਠਾਂ ਦੇ ਹਾਵ-ਭਾਵ ਰਾਹੀਂ, ਨਾਰੀਤਵ ਦਾ ਰੰਗ ਵੀ ਭਰ ਦੇਂਦੀ ਤੇ ਉਸ ਦੀ ਇਹ ਵਿਸ਼ੇਸ਼ਤਾ ਨਿਵੇਕਲੀ ਪਛਾਣ ਵਾਲੀ ਮਾਡਲ ਵਜੋਂ ਉਭਾਰ ਰਹੀ ਸੀ।
ਟੋਰਾਂਟੋ, ਵੈਨਕੂਵਰ, ਮਾਂਟਰੀਅਲ, ਸ਼ਿਕਾਗੋ ਤੇ ਨਿਊਯਾਰਕ ਵਰਗੇ ਸ਼ਹਿਰਾਂ ਦੇ ਫੈਸ਼ਨ-ਸ਼ੋਅ ਕਰਦਿਆਂ ਉਸਦੀ ਚੰਗੀ ਚਰਚਾ ਹੋਣ ਲੱਗ ਪਈ ਸੀ ਤੇ ਚਰਚਾ ਦੇ ਨਸ਼ੇ ਨੇ ਉਸ ਨੂੰ ਮੈਰੂਆਨਾ ਤੋਂ ਛੁਟਕਾਰਾ ਦਿੱਤਾ ਸੀ।
ਪਹਿਲਾ ਅਪਾਰਟਮੈਂਟ ਛੱਡ ਕੇ ਉਸ ਨੇ ਇਕ ਵਧੀਆ ਬਿਲਡਿੰਗ-ਜਿਸ ਵਿਚ ਸਵਿਮਿੰਗ ਪੂਲ ਵਰਗੀਆਂ ਸੁਵਿਧਾਵਾਂ ਸਨ, ’ਚ ਅਪਾਰਟਮੈਂਟ ਕਿਰਾਏ ’ਤੇ ਲੈ ਲਿਆ। ਉਹ ਨੇਮ ਨਾਲ ਜਿੰਮ ਜਾਂਦੀ ਤੇ ਤੈਰਦੀ।
ਇਸੇ ਦੌਰਾਨ ਉਸ ਨੇ, ਦਿਲ ਦਾ ਮਰੀਜ਼ ਬਣ ਚੁੱਕੇ ਡੈਡ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸਦੀ ਨਾਂਹ ਪੱਥਰ ’ਤੇ ਲਕੀਰ ਸੀ। ਮਾਂ ਧੀ ਮਿਲ ਲੈਂਦੀਆਂ ਸਨ, ਮਨੀਸ਼ਾ ਦੇ ਅਪਾਰਟਮੈਂਟ ’ਚ।
ਸੁਧੀਰ ਦੇ ਦੂਜੇ ਵਿਆਹ ਦੀ ਖਬਰ ਸੁਣ ਕੇ ਮਨੀਸ਼ਾ ਦੇ ਦਿਲ ਨੂੰ ਝਟਕਾ ਲੱਗਾ ਸੀ ਪਰ ਨਾਲ ਹੀ ਗੁਮਾਨ ਵੀ ਉੱਭਰ ਆਇਆ ਸੀ… ਸੁਧੀਰ ਨਾਲੋਂ ਟੁੱਟ ਕੇ ਉਹ ਹਾਰੀ ਨਹੀਂ ਸੀ। ਅਪਣੇ ਲਕਸ਼ ਅਨੁਸਾਰ ਸਫ਼ਲ ਮਾਡਲ ਬਣ ਚੁੱਕੀ ਸੀ… ਉਸ ਦੀ ਦੇਹੀ ’ਤੇ ਨਜ਼ਰ ਰੱਖਣ ਵਾਲੇ ਫੈਸ਼ਨ-ਸ਼ੋਅ ਪ੍ਰੋਡਿਊਸਰਾਂ, ਫੈਸ਼ਨ ਮੈਗਜ਼ੀਨਾਂ ਦੇ ਐਡੀਟਰਾਂ ਤੇ ਹੋਰਨਾਂ ਨੂੰ ਉਸ ਨੇ ‘ਠਰੀ’ ਮੁਸਕਰਾਹਟ ਹੀ ਦਿੱਤੀ ਸੀ। ਉਹ ਕਲਾ ਦੇ ਜ਼ੋਰ ’ਤੇ ਹੀ ਅੱਗੇ ਵਧਣਾ ਚਾਹੁੰਦੀ ਸੀ।
ਪਰ ਇਕ ਪੜਾਅ ’ਤੇ ਪਹੁੰਚ ਕੇ ਉਸ ਨੇ ਮਹਿਸੂਸ ਕੀਤਾ ਸੀ ਕਿ ਉਸਦੇ ਨਾਲ ਵਾਲੀਆਂ ਉਸ ਤੋਂ ਮੂਹਰੇ ਨਿਕਲ ਗਈਆਂ ਸਨ। ਉਸ ਦੀਆਂ ਤਸਵੀਰਾਂ ਮਸਾਂ ਪੰਜਾਹ ਕੁ ਮੈਗਜ਼ੀਨਾਂ ’ਚ ਹੀ ਛਪੀਆਂ ਸਨ ਜਦੋਂ ਕਿ ਉਸਦੇ ਮੁਕਾਬਲੇ ਵਾਲੀਆਂ ਦੀਆਂ ਸੌ-ਸੌ ਮੈਗਜ਼ੀਨਾਂ ’ਚ ਛਪ ਚੁੱਕੀਆਂ ਸਨ। ਅਪਣੀ ਮਾਯੂਸੀ ਜਦ ਉਸ ਨੇ ਵਾਲਟਰ ਕੋਲ ਜ਼ਾਹਿਰ ਕੀਤੀ ਤਾਂ ਉਸਨੇ ਆਖਿਆ ਸੀ, ”ਤੂੰ ਅੰਗ ਦਿਖਾਉਣ ਤੋਂ ਪਰਹੇਜ਼ ਕਰਦੀ ਏਂ ਪਰ ਕੰਪੀਟੀਸ਼ਨ ’ਚ ਦੂਜੀਆਂ ਨਾਲੋਂ ਮੂਹਰੇ ਨਿਕਲਣਾ ਚਾਹੁੰਦੀ ਏਂ। ਇਹ ਕਿਵੇਂ ਹੋ ਸਕਦੈ?’’
ਮਨੀਸ਼ਾ ਸ਼ਸ਼ੋਪੰਜ ’ਚ ਪੈ ਗਈ ਸੀ। ਦੂਜੀਆਂ ਮਾਡਲਾਂ ਨੂੰ ਮਾਤ ਪਾਉਣ ਦੇ ਨਗਨਤਾ ਵਰਗੇ ਤਰੀਕੇ, ਉਸਦੀ ਸੋਚ ਨੂੰ ਕਦੀ ਠੀਕ ਜਾਪਣ ਲੱਗ ਪੈਂਦੇ ਤੇ ਕਦੀ ਗ਼ਲਤ। ਕਦੀ ਟਾਪ-ਮਾਡਲ ਤੇ ਸੁਪਰ-ਮਾਡਲ ਬਣਨ ਦੀ ਕਾਹਲ ਭਾਰੂ ਹੋ ਜਾਂਦੀ ਤੇ ਕਦੀ ਕਲਾ ਦੀ ਸਹਿਜਤਾ…।
ਉਨ੍ਹਾਂ ਹੀ ਦਿਨਾਂ ਵਿਚ ਮਨੀਸ਼ਾ ਹੁਰਾਂ ਦੀ ਏਜੰਸੀ ਦਾ ਵਾਲਟਰ ਨਾਲ ਕਾਂਟਰੈਕਟ ਮੁੱਕ ਗਿਆ। ਨਵਾਂ ਕਾਂਟਰੈਕਟ ਵੇਨ ਫਿਲਿਪ ਨਾਲ ਹੋ ਗਿਆ। ‘ਦੀ ਫੈਸ਼ਨ ਗਰੁੱਪ ਇੰਟਰਨੈਸ਼ਨਲ’ ਦਾ ਮੈਂਬਰ ਅਤੇ ‘ਕੋਟੀ ਅਮੈਰਿਕਨ ਫੈਸ਼ਨ ਕਰਿਟਿਕਸ’ ਐਵਾਰਡ ਤੇ ‘ਹਾਲ ਆਫ ਫੇਮ’ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਵੇਨ ਫਿਲਿਪ, ਉਤਰੀ ਅਮਰੀਕਾ ਦੇ ਚੋਟੀ ਦੇ ਫੈਸ਼ਨ ਡਿਜ਼ਾਈਨਰਾਂ ਵਿੱਚੋਂ ਸੀ। ‘ਕੋਲੰਬੀਆ ਯੂਨੀਵਰਸਿਟੀ’ ’ਚ ਲਾਈਆਂ ਉਸ ਦੀਆਂ ਕਾਕਟੇਲ ਡਰੈਸਾਂ ਦੀਆਂ ਨੁਮਾਇਸ਼ਾਂ ਨੇ ਵਪਾਰੀਆਂ ਤੇ ਫੈਸ਼ਨ-ਸ਼ਾਸਤਰੀਆਂ ਦਾ ਉਚੇਚਾ ਧਿਆਨ ਖਿੱØਚਿਆ ਸੀ। ਉਸਦੀ ਡਿਜ਼ਾਈਨ-ਸ਼ੈਲੀ ਜਲੌਅ ਤੇ ਕੋਮਲਤਾ ਅਤੇ ਥਰਾਹਟ ਤੇ ਸੁਹਜ ਦਾ ਸੁਮੇਲ ਸੀ। ਉਤਸ਼ਾਹੀ ਨੁਹਾਰ ਵਾਲੀਆਂ ਉਸਦੀਆਂ ਪੁਸ਼ਾਕਾਂ, ਮਾਡਲਾਂ ਨੂੰ ਉਕਸਾਊ ਨਹੀਂ ਰੂਪਵੰਤੀ ਬਣਾਉਂਦੀਆਂ ਸਨ।
ਵੇਨ ਦੀ ਕਲਾ ਨੂੰ ਪ੍ਰਣਾਈ ਡਿਜ਼ਾਈਨ-ਸ਼ੈਲੀ ਮਨੀਸ਼ਾ ਦੀ ਰੂਹ ਨੂੰ ਟੁੰਬਦੀ ਸੀ…।
ਫੋਨ ਦੀ ਘੰਟੀ ਨੇ ਮਨੀਸ਼ਾ ਨੂੰ ਸੋਚਾਂ ਵਿੱਚੋਂ ਬਾਹਰ ਖਿੱਚ ਲਿਆ। ਅਭੜਵਾਹੇ ਉਸ ਨੇ ਅਪਣਾ ਸੈੱਲਫੋਨ ਚੁੱਕਿਆ। ਪਰ ਘੰਟੀ ਉਸ ਦੇ ਫੋਨ ਦੀ ਨਹੀਂ ਸੀ। ਦਰਅਸਲ, ਰੋਜ਼ ਗਾਰਡਨ ਵਿੱਚ, ਉਸ ਦੇ ਕੋਲੋਂ ਲੰਘੇ ਕਿਸੇ ਬੰਦੇ ਦੇ ਫੋਨ ਦੀ ਘੰਟੀ ਸੁਣ ਕੇ ਉਸ ਦੇ ਮਨ ਅੰਦਰਲੀ ਫੋਨ ਦੀ ਉਡੀਕ ਟੁਣਕ ਪਈ ਸੀ। ਉਸ ਨੇ ਘੜੀ ਵੇਖੀ। ਡੇਢ ਵੱਜ ਚੁੱਕਾ ਸੀ ਤੇ ਵੇਨ ਨੇ ਅਜੇ ਤੱਕ ਉਸਦੀ ਕਾਲ ਨਹੀਂ ਸੀ ਮੋੜੀ। ਝਟ ਦੇਣੀ ਉਸਨੇ ਵੇਨ ਦਾ ਫੋਨ ਨੰਬਰ ਦੱਬਿਆ। ਪਰ ਕੋਈ ਜਵਾਬ ਨਾ ਮਿਲਿਆ। ਬੇਤਾਬੀ ਵਿਚ ਸਿਰ ਝਟਕਦਿਆਂ ਉਸਨੇ ਫਿਰ ਸੁਨੇਹਾ ਛੱਡ ਦਿੱਤਾ. ”ਵੇਨ! ਤੂੰ ਮੇਰੇ ਫੋਨਾਂ ਦਾ ਜਵਾਬ ਕਿਉਂ ਨਹੀਂ ਦੇ ਰਿਹਾ? ਕਿੱਥੇ ਹੈਂ ਤੂੰ? ਮੈਨੂੰ ਛੇਤੀ ਫੋਨ ਕਰ।’’
ਉਸ ਨੇ ਟੈਕਸੀ ਬੁਲਾਈ ਤੇ ਹੋਟਲ ਨੂੰ ਚੱਲ ਪਈ। ਟੈਕਸੀ ਨੂੰ ਹੋਟਲ ਵਿਚ ਮੁੜਨ ਲਈ ਇੰਤਜ਼ਾਰ ਕਰਨੀ ਪਈ। ਸੜਕ ’ਤੇ ਪੁਲਿਸ ਦੀ ਗੱਡੀ ਦੇ ਪਿੱਛੇ ਪਿੱਛੇ ਕਾਰਾਂ ਦੀ ਡਾਰ ਜਾ ਰਹੀ ਸੀ, ਕਿਸੇ ਦਾ ਸਸਕਾਰ ਕਰਨ। ਕਾਰਾਂ ’ਤੇ ਲੱਗੀਆਂ ਤਖਤੀਆਂ ਉਤੇ ਲਿਖਿਆ ‘ਫਿਊਨਰਲ’ ਸ਼ਬਦ ਉਸ ਅੰਦਰ ਡੂੰਘਾ ਉਤਰ ਗਿਆ। ਉਸਦੇ ਕਦਮ ਕਮਰੇ ਵੱਲ ਵਧ ਰਹੇ ਸਨ ਪਰ ਮਨ ਕਈ ਵਰ੍ਹੇ ਪਿਛਾਂਹ ਚਲਾ ਗਿਆ ਸੀ… ਮਾਤਮੀ ਦਿਨ ਉਸਦੀਆਂ ਅੱਖਾਂ ਸਾਹਵੇਂ ਆ ਖਲੋਇਆ… ਉਸਦੇ ਡੈਡ ਦੀ ਹਾਰਟ-ਅਟੈਕ ਨਾਲ ਮੌਤ ਹੋ ਗਈ ਸੀ… ਮੌਮ ਦੇ ਗਲ਼ ਲੱਗ, ਉਹ ਭੁੱਬਾਂ ਮਾਰ ਮਾਰ ਰੋਈ ਸੀ। ‘ਫਿਉਨਰਲ ਹੋਮ’ ਵਿਚ ਪਈ ਡੈਡ ਦੀ ਦੇਹ ਨੂੰ ਡੁਲ੍ਹਦੀਆਂ ਅੱਖਾਂ ਨਾਲ ਤਕੱਦਿਆਂ ਉਸ ਨੂੰ ਇੰਜ ਲੱਗਾ ਸੀ ਜਿਵੇਂ ਉਹ ਕਹਿ ਰਿਹਾ ਹੋਵੇ, ‘ਮੈਂ ਅਪਣੀ ਪੁਗਾ ਚੱਲਿਆਂ, ਜਿਉਂਦੇ ਜੀਅ ਤੈਨੂੰ ਮੱਥੇ ਨਹੀਂ ਲੱਗਣ ਦਿੱਤਾ।’
ਇਕ ਰਿਸ਼ਤੇਦਾਰ ਬੁੜ੍ਹੀ ਦੀ ਕਹੀ ਇਸ ਗੱਲ, ”ਪਰਦੀਪ ਕੁਮਾਰ ਏਨੀ ਛੇਤੀ ਮਰਨ ਵਾਲਾ ਨਹੀਂ ਸੀ, ਧੀ ਨੇ ਲੈ ਲਿਆ’’ ਨੇ ਮਨੀਸ਼ਾ ਨੂੰ ਕਾਫੀ ਦੁਖੀ ਕੀਤਾ ਸੀ।
ਸੁਨੀਤਾ ਦੇ ਦਿਲ ’ਤੇ ਗਹਿਰੀ ਸੱਟ ਵੱਜੀ ਸੀ। ਪਤੀ ਦਾ ਸਾਥ-ਸਹਾਰਾ ਸਦਾ ਲਈ ਮੁੱਕ ਗਿਆ ਸੀ… ਮਨੀਸ਼ਾ ਨੇ ਮੌਮ ਦਾ ਢਾਰਸ ਬੰਨ੍ਹਾਇਆ…. ਤੇ ਉਸਦਾ ਸਹਾਰਾ ਬਣ ਗਈ… ਮੌਮ ਦੇ ਸੋਗ ਵਿਚੋਂ ਬਾਹਰ ਆਉਣ ’ਤੇ ਉਹ ਮੁੜ ਸ਼ੋਆਂ ’ਚ ਰੁਝ ਗਈ ਸੀ।
ਵੇਨ ਨਾਲ ਕੰਮ ਕਰਦਿਆਂ ਮਨੀਸ਼ਾ ਉਸਦੀਆਂ ਡਿਜ਼ਾਈਨਿੰਗ ਤੇ ਮੇਕਅੱਪ ਸਬੰਧੀ ਵਿਸ਼ੇਸ਼ਤਾਵਾਂ ਤੋਂ ਇਲਾਵਾ ਇਕ ਹੋਰ ਵਿਸ਼ੇਸ਼ਤਾ ਬਾਰੇ ਵੀ ਜਾਣ ਚੁੱਕੀ ਸੀ। ਉਸਨੇ ਫੈਸ਼ਨ-ਮੀਡੀਏ ਦੇ ਅਹਿਮ ਵਿਅਕਤੀਆਂ ਤੇ ਸ਼ੋਅ-ਪ੍ਰੋਡਿਊਸਰਾਂ ਨਾਲ ਨੇੜਲੇ ਸਬੰਧ ਬਣਾਏ ਹੋਏ ਸਨ। ਪਰ ਉਹ ਮਿਹਨਤ ਕਰਨ-ਕਰਾਉਣ ਦਾ ਅਸੂਲੀ ਵੀ ਸੀ। ਮਿਲਾਨ ਦੇ ਤਿੰਨ-ਰੋਜ਼ਾ ਫੈਸ਼ਨ ਸੈਮੀਨਾਰ ਤੇ ਸ਼ੋਅ ਦੀਆਂ ਤਿਆਰੀਆਂ ’ਚ ਉਸਨੇ ਮਨੀਸ਼ਾ ’ਤੇ ਚੋਖਾ ਸਮਾਂ ਲਾਇਆ ਸੀ….ਰੈਂਪ ’ਤੇ ਟੁਰਦਿਆਂ ਅੰਦਾਜ਼ ਨੂੰ ਸੋLਖ ਬਣਾਉਣ ਅਤੇ ਰੈਂਪ ਦੇ ਅਖੀਰ ’ਤੇ ਖਲੋ ਕੇ ਬਦਨ ਨੂੰ ਸੱਜੇ-ਖੱਬੇ ਘੁਮਾਉਣ ਵੇਲੇ ਓਵਰਪੋਜ਼ਿੰਗ ਦੀ ਪ੍ਰੈਕਟਿਸ ਕਰਵਾਈ ਸੀ।
ਫੈਸ਼ਨ-ਸ਼ੋਅ ਵਾਲੀ ਸ਼ਾਮ ਵੇਨ ਨੇ ਮਨੀਸ਼ਾ ਦਾ ਮੇਕਅੱਪ ਕੋਲ ਖਲੋ ਕੇ ਕਰਵਾਇਆ ਸੀ। ਤਿਆਰ ਹੋ ਕੇ ਮਨੀਸ਼ਾ ਨੇ ਖੁਦ ਨੂੰ ਬਹੁਕੋਨੀ ਸ਼ੀਸ਼ਿਆਂ ਵਿੱਚੀਂ ਤੱਕਿਆ ਸੀ…ਵਾਲਾਂ ਨੂੰ ਸਿਰ ਦੇ ਖੱਬੇ ਪਾਸੇ ਵੱਲੋਂ ਲਪੇਟ ਕੇ, ਸੱਜੇ ਪਾਸੇ ਸਜਾਇਆ ਜੂੜਾ, ਢੁੱਕਵੇਂ ਸ਼ੈਡੋਅ ਨਾਲ ਸੰਵਾਰੀਆਂ ਪਲਕਾਂ ਹੇਠ ਖਿੱਚ-ਪਾਊ ਮੋਟੀਆਂ ਨਜ਼ਾਕਤੀ ਅੱਖਾਂ, ਲਾਲ ਲਿਪਸਟਿਕ ਨਾਲ ਸ਼ਿੰਗਾਰੇ ਲਰਜ਼ਦੇ ਹੋਂਠ… ਨੈਣ-ਨਕਸ਼ਾਂ ਦੇ ਕਲਾਸਿਕੀ ਸੁਮੇਲ ਵਿਚੋਂ ਅਨੂਠਾ ਹੁਸਨ ਡਲ੍ਹਕਾਂ ਮਾਰ ਰਿਹਾ ਸੀ। ਉਸਦੇ ਬਦਨ ’ਤੇ ਕਰੀਮ ਰੰਗ ਦੀ ਕਾਕਟੇਲ-ਡਰੈਸ, ਗਲ਼ ਵਿਚ ਸੋਨੇ ਦੀ ਪਤਲੀ ਚੇਨ, ਪੈਰਾਂ ਵਿਚ ਕਾਲੇ ਉੱਚ-ਅੱਡੀ ਬੱਧਰੀਦਾਰ ਸੈਂਡਲ ਤੇ ਹੱਥ ਵਿਚ ਕਾਲਾ ਪਰਸ ਸੀ। ਮਨੀਸ਼ਾ ਨੂੰ ਬਾਕੀ ਮਾਡਲਾਂ ਅਪਣੇ ਤੋਂ ਨਿੱਕੀਆਂ ਤੇ ਫਿੱਕੀਆਂ ਜਾਪੀਆਂ ਸਨ। ਉਸਦੇ ਰੈਂਪ ’ਤੇ ਜਾਣ ਤੋਂ ਪਹਿਲਾਂ ਵੇਨ ਨੇ ਮਾਣ ਨਾਲ ਕਿਹਾ ਸੀ, ”ਮਨੀਸ਼ਾ! ਯੂ ਆਰ ਲੁਕਿੰਗ ਸੁਪਰਬ…ਦਮਕਦਾ-ਥਿਰਕਦਾ ਹੁਸਨ ਵੀ ਤੇ ਨਾਰੀਤਵ ਵਾਲੀ ਛੱਬ ਵੀ।
ਰੈਂਪ ਦੇ ਦੋਨੀਂ ਪਾਸੀਂ ਬੈਠੇ ਇਟਲੀ ਦੇ ਵਪਾਰੀ ਤੇ ਰਾਜਨੀਤਕ, ਦੂਰੋਂ-ਨੇੜਿਓਂ ਆਏ ਫੈਸ਼ਨ-ਸ਼ਾਸ਼ਤਰੀ, ਮੀਡੀਆਕਾਰ, ਸ਼ਿੰਗਾਰ-ਸਮੱਗਰੀ ਦੀਆਂ ਕੰਪਨੀਆਂ ਦੇ ਨੁਮਾਇੰਦੇ ਤੇ ਫੈਸ਼ਨ-ਮੈਗਜ਼ੀਨਾਂ ਵਾਲੇ ਅਸ਼-ਅਸ਼ ਕਰ ਉੱਠੇ ਸਨ। ਪੇਸ਼ਕਾਰੀ ਮੁੱਕਣ ’ਤੇ ਖੁਸ਼ੀ ’ਚ ਉਛਲਦੀ ਮਨੀਸ਼ਾ ਨੇ ਵੇਨ ਨਾਲ ਚੁੰਮਣ ਸਾਂਝਾ ਕੀਤਾ ਸੀ। ਫੈਸ਼ਨ-ਇੰਡਸਟਰੀ ਦੀਆਂ ਨਾਮਵਰ ਹਸਤੀਆਂ ਨੇ ‘ਗੋਰਜੀਅਸ ਬਿਊਟੀ’ ਆਖਦਿਆਂ ਉਸਨੂੰ ਮਾਣ ਨਾਲ ਚੁੰਮਿਆ ਸੀ। ਕਵਰ ਗਰਲ, ਹੈਲੋ ਅਤੇ ਕਾਸਮੋਪਾਲਿਟਨ ਮੈਗਜ਼ੀਨਾਂ ਵਾਲਿਆਂ, ਉਸਦੀਆਂ ਤਸਵੀਰਾਂ ਤੇ ਆਰਟੀਕਲ ਛਾਪਣ ਦੀਆਂ ਪਲਾਨਾਂ ਬਣਾਈਆਂ ਸਨ। ਪ੍ਰਸਿੱਧ ਕੰਪਨੀ ‘ਲੋਰੀਐਲ’ ਦੇ ਨੁਮਾਇੰਦੇ ਵੱਲੋਂ ਉਸ ’ਤੇ ਕਰੀਮਾਂ, ਮਸਕਾਰੇ ਤੇ ਆਈਸ਼ੈਡੋਅ ਦੀਆਂ ਐਡਾਂ ਬਣਾਉਣ ਦੀ ਪੇਸ਼ਕਸ਼ ਆਈ ਸੀ।
ਸ਼ੋਅ ਦੇ ਅੰਤ ’ਤੇ ਜਦੋਂ ਮਨੀਸ਼ਾ ਤੇ ਵੇਨ ਹਾਲ ਤੋਂ ਬਾਹਰ ਆਏ ਤਾਂ ਉਨ੍ਹਾਂ ਨੂੰ ‘ਸਟਾਪ ਰੌਂਚੀਨੈੱਸ ਸੰਸਥਾ’ ਦੀਆਂ ਮੈਂਬਰ ਦਿਖਾਈ ਦਿੱਤੀਆਂ। ਪਹਿਲੇ ਸ਼ੋਆਂ ਵਾਂਗ ਉਹ ਸੰਸਥਾ ਵੱਲੋਂ ਛਾਪੇ ਨਿੱਕੇ-ਨਿੱਕੇ ਕਿਤਾਬਚੇ ਵੰਡ ਰਹੀਆਂ ਸਨ। ਇਕ ਕੁੜੀ ਦੇ ਮੂੰਹੋਂ, ”ਕੀ ਤੂੰ ਮੈਨੀਸ਼ਾ ਏ?’’ ਸੁਣ ਕੇ ਉਸ ਨੇ ‘ਹਾਂ’ ਕਿਹਾ। ਕੁੜੀ ਨੇ ਇਕ ਮੋਟੀ ਕਿਤਾਬ ਫੜਾਈ ਤੇ ਆਖਿਆ, ‘ਜੈਨੀਫਰ ਨੇ ਭੇਜੀ ਏ। ਉਸਦੇ ਪੀ.ਐਚ.ਡੀ. ਦੇ ਥੀਸਿਸ ‘ਫੈਸ਼ਨ ਐਂਡ ਦਾ ਰੌਂਚ ਕਲਚਰ’ ਦੀ ਕਾਪੀ ਏ। ਮਨੀਸ਼ਾ ਨੇ ਧੰਨਵਾਦ ਕੀਤਾ ਤੇ ਵੇਨ ਨਾਲ ਟੈਕਸੀ ’ਚ ਜਾ ਬੈਠੀ।
ਪੈਰਿਸ ਦੇ ਫੈਸ਼ਨ ਸ਼ੋਅ ’ਚ ਫਸਵੇਂ ਮੁਕਾਬਲੇ ਹੋਏ ਸਨ। ਮਨੀਸ਼ਾ, ਸਿੰਡੀ ਕਾਰਲਟਨ ਤੇ ਕੁਝ ਹੋਰ ਮਾਡਲਾਂ ਨੂੰ ਬਿਕਨੀਆਂ ’ਚ ਪੇਸ਼ ਹੋਣ ਲਈ ਕਿਹਾ ਗਿਆ ਸੀ… ਰੈਂਪ ’ਤੇ ਆ ਕੇ ਹਰ ਮਾਡਲ ਅਪਣੀ ਦੇਹੀ-ਭਾਸ਼ਾ ਰਾਹੀਂ, ਦੂਜੀਆਂ ਨਾਲੋਂ ਵਧੀਆ ਹੋਣ ਦਾ ਦਾਅਵਾ ਕਰ ਰਹੀ ਸੀ। ਮਾਡਲਾਂ ਦੇ ਦੋ ਗਰੁੱਪ ਬਣਾਏ ਗਏ ਸਨ, ਇਕ ਯੌਰਪ ਦਾ ਤੇ ਦੂਜਾ ਉਤਰੀ ਅਮਰੀਕਾ ਦਾ। ਉਤਰੀ ਅਮਰੀਕਾ ਗਰੁੱਪ ਵਿਚੋਂ ਮਨੀਸ਼ਾ ਤੇ ਸਿੰਡੀ ਵਧੀਆ ਆਂਕੀਆਂ ਗਈਆਂ ਸਨ। ਵੋਗ, ਡਿਓਰ, ਟੱਚ ਤੇ ਸ਼ੇਪ ਵਰਗੇ ਨਾਮਵਰ ਮੈਗਜ਼ੀਨਾਂ ਵੱਲੋਂ ਉਨ੍ਹਾਂ ਨਾਲ ਫੋਟੋ-ਸ਼ੂਟ ਦੇ ਪ੍ਰੋਗਰਾਮ ਉਲੀਕੇ ਗਏ।
‘ਵੋਗ’ ਦੇ ਫੋਟੋ-ਸ਼ੂਟ ’ਚ ਮਨੀਸ਼ਾ ਨੇ ਵੱਖ ਵੱਖ ਡਿਜ਼ਾਈਨਾਂ ਦੀਆਂ ਬਿਕਨੀਆਂ ਤਾਂ ਪਾ ਲਈਆਂ ਸਨ ਪਰ ਕਾਮੁਕ ਅਦਾਵਾਂ ਵਾਲੇ ਪੋਜ਼ ਦੇਣ ਤੋਂ ਨਾਂਹ ਕਰ ਦਿੱਤੀ ਸੀ, ਜਦੋਂ ਕਿ ਸਿੰਡੀ ਨੇ ਅਜਿਹੇ ਪੋਜ਼ ਖੁਸ਼ ਹੋ ਕੇ ਦਿੱਤੇ ਸਨ।
ਤੇ ਫਿਰ ਛੋਟੇ-ਵੱਡੇ ਮੈਗਜ਼ੀਨਾਂ ਦੀ ਲੰਮੀ ਲੜੀ ਚੱਲ ਪਈ ਸੀ, ਜਿਨ੍ਹਾਂ ਵਿਚ ਕਦੀ ਮਨੀਸ਼ਾ ਤੇ ਕਦੀ ਸਿੰਡੀ ਦੇ ਮਾਡਲਿੰਗ ਦੀਆਂ ਪ੍ਰਾਪਤੀਆਂ, ਤਸਵੀਰਾਂ ਸਹਿਤ ਛਪਦੀਆਂ ਰਹਿੰਦੀਆਂ। ਮਨੀਸ਼ਾ ਨੂੰ ‘ਰੈਵਲੋਨ’ ਦੀਆਂ ਲਿਪਸਟਿਕਾਂ ਤੇ ਨਹੂੰ-ਪਾਲਸ਼ਾਂ ਦੀਆਂ ਐਡਾਂ ਅਤੇ ਸਿੰਡੀ ਨੂੰ ‘ਮੇਬਲੀਨ’ ਦੀ ਸ਼ਿੰਗਾਰ-ਸਮੱਗਰੀ ਦੀਆਂ ਐਡਾਂ ਮਿਲ ਗਈਆਂ ਸਨ। ਦੋਨਾਂ ਦੀ ਚਰਚਾ ਦੂਰ-ਦੂਰ ਤੱਕ ਫੈਲ ਚੁੱਕੀ ਸੀ। ਆਖਰ ‘ਇਲੱਸਟਰੇਟਡ ਸਵਿਮ ਸੂਟ’ ਅਤੇ ‘ਵਿਕਟੋਰੀਆ ਸੀਕਰਿਟ ਮਾਡਲ’ ਵਾਲਿਆਂ, ਦੋਨਾਂ ਨੂੰ ਚੋਟੀ ’ਤੇ ਪਹੁੰਚਾ ਦਿੱਤਾ। ਹੁਣ ਤੱਕ ਉਨ੍ਹਾਂ ਦੋਨਾਂ ਦੀਆਂ ਤਸਵੀਰਾਂ ਤੇ ਆਰਟੀਕਲ ਤਕਰੀਬਨ ਤਿੰਨ-ਤਿੰਨ ਸੌ ਮੈਗਜ਼ੀਨਾਂ ’ਚ ਛਪ ਚੁੱਕੇ ਸਨ। ਏਨੇ ਮੈਗਜ਼ੀਨਾਂ ’ਚ ਛਪਣ, ਚੋਟੀ ਦੇ ਫੈਸ਼ਨ-ਡਿਜ਼ਾਈਨਰਾਂ ਨਾਲ ਕੰਮ ਕਰਨ ਅਤੇ ਪ੍ਰਸਿੱਧ ਕੰਪਨੀਆਂ ਦੀਆਂ ਐਡਾਂ ਕਰਨ ਦੇ ਪਹਿਲੂਆਂ ਦੇ ਆਧਾਰ ’ਤੇ ਜੋ ਮਸ਼ਹੂਰੀ ਦਾ ਗਰਾਫ ਬਣਦਾ ਸੀ, ਉਸ ਅਨੁਸਾਰ ਮਨੀਸ਼ਾ ਤੇ ਸਿੰਡੀ ਬਰਾਬਰ ’ਤੇ ਸਨ। ਉਤਰੀ ਅਮਰੀਕਾ ਦੀ ਟਾਪ-ਮਾਡਲ ਦੋਨਾਂ ਵਿਚੋਂ ਮੂਹਰੇ ਨਿਕਲਣ ਵਾਲੀ ਨੇ ਬਣਨਾ ਸੀ।
ਅਵਾਈ ਇਹ ਸੀ ਕਿ ਨਿਊਯਾਰਕ ਦੇ ਹੋਣ ਵਾਲੇ ਵੱਡੇ ਸ਼ੋਅ ਤੱਕ, ਮਸ਼ਹੂਰੀ ਦੀ ਦੌੜ ਵਿਚ ਇਕ ਜਣੀ ਮੂਹਰੇ ਨਿਕਲ ਜਾਏਗੀ। ਮਨੀਸ਼ਾ ਦੀ ਇਕ ਮਾਡਲ ਸਹੇਲੀ ਨੇ ਉਸਨੂੰ ‘ਪਲੇਬੁਆਇ’ ਮੈਗਜ਼ੀਨ ’ਚ ਨਿਊਡ ਛਪਵਾ ਕੇ ਮਸ਼ਹੂਰੀ ਦਾ ਗਰਾਫ ਉਤਾਂਹ ਲਿਜਾਣ ਦੀ ਸਲਾਹ ਦਿੱਤੀ ਸੀ ਪਰ ਮਨੀਸ਼ਾ ਨੇ ਸਿਰ ਫੇਰ ਦਿੱਤੀ ਸੀ।
ਇਹ ਗੱਲ ਜਦੋਂ ਉਸਨੇ ਵੇਨ ਨੂੰ ਦੱਸੀ ਤਾਂ ਉਸ ਕਿਹਾ ਸੀ, ‘ਮੈਨੀਸ਼ਾ! ਜ਼ਮਾਨਾ ਨਗਨ ਤੇ ਕਾਮ-ਉਕਸਾਊ ਮਾਡਲਿੰਗ ਦਾ ਆ ਗਿਆ ਏ…’ਏ-ਵਨ’ ਏਜੰਸੀ ਦੇ ਨਵੇਂ ਡਿਜ਼ਾਈਨਰ ਕਰੇਗ ਦੇ ਡਿਜ਼ਾਈਨ ਕੀਤੇ ‘ਪੁਸ਼-ਅੱਪ ਬਰਾ’ ਬਾਰੇ ਤੈਨੂੰ ਪਤਾ ਈ ਐ।’
”ਹਾਂ ਪਤਾ ਏ। ਉਹੀ ਬਰਾ ਮਿਸ਼ੈਲ ਨੂੰ ਪੁਆ ਕੇ ਤੇ ‘ਮੈਕਸਿਮਾ’ ਮੈਗਜ਼ੀਨ ’ਚ ਉਸਦੇ ਨਿਊਡ ਛਪਵਾ ਕੇ ਕਰੇਗ ਨੇ ਹੀ ਤਾਂ ਮਿਸ਼ੈਲ ਨੂੰ ਮਸ਼ਹੂਰ ਕੀਤਾ ਏ।’’
‘ਅੱਧੀਆਂ ਛਾਤੀਆਂ ਬਾਹਰ ਦਿਖਾਉਣ ਵਾਲਾ ਉਹ ਬਰਾ, ਮਾਰਕਿਟ ’ਚ ਲੋਕਾਂ ਦੀ ਪਸੰਦ ਬਣ ਗਿਆ। ਬਣਾਉਣ ਵਾਲੀ ਕੰਪਨੀ ਨੇ ਮਿਲੀਅਨਜ਼ ਡਾਲਰਾਂ ਦਾ ਬਿਜ਼ਨਿਸ ਕੀਤਾ। ਤੇ ਏ-ਵਨ ਏਜੰਸੀ-ਜੋ ਆਮ ਜਿਹੀ ਹੁੰਦੀ ਸੀ-ਅੱਜ ਟੌਪ ’ਤੇ ਪਹੁੰਚ ਗਈ ਏ।’’
”ਪਰ ਵੇਨ! ਆਖਰ ਟਿਕਣਾ ਤਾਂ ਕਲਾ ਨੇ ਹੀ ਐ।’’ ਮਨੀਸ਼ਾ ਨੇ ਆਇਖਾ ਸੀ।
”ਮੈਨੀਸ਼ਾ! ਤੂੰ ਜਾਣਦੀ ਐਂ ਮੈਂ ਅੱਜ ਤੱਕ ਕਲਾ ਤੋਂ ਮੂੰਹ ਨਹੀਂ ਸੀ ਮੋੜਿਆ ਪਰ ਹੁਣ ਮੈਂ ਦੇਖਦਾਂ ਕਿ ਜੇ ਕਲਾ ਨਾਲ ਹੀ ਬੱਝਾ ਰਿਹਾ ਤਾਂ ਕਰੇਗ ਵਰਗੇ ਡਿਜ਼ਾਈਨਰਾਂ ਤੋਂ ਬਹੁਤ ਪਿੱਛੇ ਰਹਿ ਜਾਵਾਂਗਾ।’’
ਮਨੀਸ਼ਾ ਨੇ ਅਪਣੇ ਅੰਦਰ ਝਾਕਿਆ ਸੀ। ਕਲਾ-ਗੌਰਵ ਬਰਕਰਾਰ ਸੀ।
ਪਰ ਜਦੋਂ ਸੈਂਡੀ ਨੇ ‘ਪਲੇਬੁਆਇ’ ’ਚ ਨਗਨ ਤਸਵੀਰਾਂ ਛਪਵਾ ਕੇ ਟਾਪ-ਮਾਡਲ ਦਾ ਟਾਈਟਲ ਝਪਟਿਆ ਤਾਂ ਮਨੀਸ਼ਾ ਦਾ ਕਲਾ-ਗੌਰਵ ਝੰਬਿਆ ਗਿਆ ਸੀ…। ‘ਕੋਈ ਨ੍ਹੀਂ ਮਨਾ! ਅਗਲੀ ਵਾਰ ਸਹੀ।’ ਧੀਰਜ ਧਰਦਿਆਂ ਉਸਨੇ ਭਵਿੱਖ ’ਤੇ ਟੇਕ ਰੱਖ ਲਈ ਸੀ।
ਤੇ ਫਿਰ ਆ ਗਿਆ ਸੀ ਲਾਸ ਐਂਜਲਸ ਦਾ ਵੱਡਾ ਫੈਸ਼ਨ-ਸ਼ੋਅ। ਕਿੰਨਾ ਉਤਸ਼ਾਹ ਸੀ, ਫੋਨ ’ਤੇ ਖਬਰ ਦੇਂਦੇ ਵੇਨ ਦੇ ਬੋਲਾਂ ਵਿਚ, ”ਮੈਨੀਸ਼ਾ! ਏਡੇ ਉੱਚ-ਪੱਧਰੀ ਸ਼ੋਅ ਦੀ ਐਂਟਰੀ ਆਪਾਂ ਲਈ ਫਖ਼ਰ ਵਾਲੀ ਗੱਲ ਏ। ਇਸ ਨਾਲ ਜਿੱਥੇ ਮੇਰਾ, ਤੇਰਾ ਤੇ ਦੂਜੀਆਂ ਮਾਡਲਾਂ ਦਾ ਕਰੀਅਰ ਚਮਕੇਗਾ, ਉਥੇ ਏਜੰਸੀ ਦੇ ਬਿਜ਼ਨਿਸ ਨੂੰ ਵੀ ਬੂਸਟ ਮਿਲੇਗੀ।’’
”ਮੇਰੇ ਪਿਆਰੇ ਵੇੱਨ! ਤੈਨੂੰ ਦਿਲੀ ਮੁਬਾਰਕਾਂ।’’ ਮਨੀਸ਼ਾ ਨੂੰ ਚਾਅ ਚੜ੍ਹ ਗਿਆ ਸੀ।
”ਥੈਂਕ ਯੂ। ਇਸ ਸ਼ੋਅ ’ਚ ਤੈਨੂੰ ਟਾਪ-ਮਾਡਲ ਬਣਾਉਣ ਲਈ ਮੈਂ ਡਟ ਕੇ ਜ਼ੋਰ ਲਾਵਾਂਗਾ, ਤੂੰ ਡਿਜ਼ਰਵ…।’’
ਫੋਨ ਦੀ ਘੰਟੀ ਨੇ ਮਨੀਸ਼ਾ ਨੂੰ ਅਤੀਤ ਵਿਚੋਂ ਵਰਤਮਾਨ ’ਚ ਲੈ ਆਂਦਾ…ਵੇਨ ਬੋਲ ਰਿਹਾ ਸੀ, ”ਹਾਇ ਮੈਨੀਸ਼ਾ! ਤੇਰੀ ਕਾਲ ਰਿਟਰਨ ਕਰ ਰਿਹਾਂ।’’
”ਆ ਗਿਆ ਚੇਤਾ।’’ ਮਨੀਸ਼ਾ ਹਿਰਖ਼ ਨਾਲ ਭਰੀ ਪਈ ਸੀ।
”ਸੌਰੀ ਮੈਨੀਸ਼ਾ! ਤੇਰੀਆਂ ਦੋਨਾਂ ਕਾਲਾਂ ਸਮੇਂ ਮੈਂ ਮੀਟਿੰਗਾਂ ’ਚ ਸੀ, ਪਹਿਲਾਂ ਕੋਆਰਡੀਨੇਟਰ ਤੇ ਫਿਰ ਸ਼ੋਅ-ਪ੍ਰੋਡਿਊਸਰਾਂ ਨਾਲ ਤੇ ਹੁਣ ਡੌਮਿਨਿਕਾ ਦਾ ਫੋਟੋ-ਸ਼ੂਟ…।’’
”ਵ੍ਹਟ?’’ ਮਨੀਸ਼ਾ ਨੂੰ ਜਿਵੇਂ ਠੂੰਹੇ ਨੇ ਡੰਗ ਮਾਰਿਆ ਹੋਵੇ।
”ਡੌਮਿਨਿਕਾ ਦਾ ‘ਵੋਗ’ ਨਾਲ ਫੋਟੋ-ਸ਼ੂਟ ਕਰਵਾ ਰਿਹਾਂ।’’
ਮਨੀਸ਼ਾ ਦੇ ਕਾਲਜੇ ਹੌਲ ਪਿਆ। ਉਸਦੇ ਕੰਨਾਂ ਵਿਚ ਸਵੇਰੇ ਈਵਾ ਦੀ ਕਹੀ ਗੱਲ, ‘ਵੇਨ ਡੌਮਿਨਿਕਾ ਨੂੰ ਚੁੱਕ ਰਿਹੈ’ ਗੂੰਜ ਗਈ। ਪ੍ਰਸਿੱਧ ਫੈਸ਼ਨ-ਮੈਗਜ਼ੀਨ ‘ਵੋਗ’ ’ਚ ਡੌਮਿਨਿਕਾ ਦੀਆਂ ਤਸਵੀਰਾਂ ਛਪਣ ਨਾਲ ਉਸਦੀ ਚੜ੍ਹਤ ਨੂੰ ਉਹ ਪਲਾਂ ਵਿਚ ਹੀ ਚਿਤਵ ਗਈ। ਤੁਣਕਵੀਂ ਆਵਾਜ਼ ’ਚ ਬੋਲੀ, ”ਤੂੰ ਸਵੇਰੇ ਨਹੀਂ ਦੱਸਿਆ।’’
”ਉਦੋਂ ਅਜੇ ‘ਵੋਗ’ ਵੱਲੋਂ ਹਾਂ ਨਹੀਂ ਸੀ ਹੋਈ। ਖੈਰ ਤੁੂੰ ਦੱਸ ਕੀ ਗੱਲ ਏ?’’
”ਮੈਨੂੰ ਪੱਤਿਆਂ ਵਾਲੀ ਆਈਟਮ ਤੋਂ ਛੋਟ ਚਾਹੀਦੀ ਏ।’’ ਤਣਾਅ ’ਚ ਮਿੱਧੀ ਹੋਈ ਮਨੀਸ਼ਾ ਨੇ ਆਖਿਆ।
”ਹੋਲੀ ਸਮੋਕ! ਤੂੰ ਅਜੇ ਉਸੇ ਚੱਕਰ ’ਚ ਫਸੀ ਪਈ ਏਂ। ਬਹੁਤ ਮਾੜੀ ਗੱਲ ਏ,’’ ਹੈਰਾਨੀ ਤੇ ਹਿਰਖ ਪ੍ਰਗਟਾਉਂਦਾ ਵੇਨ ਬੋਲਿਆ, ”ਤੈਨੂੰ ਚੰਗਾ ਭਲਾ ਪਤੈ ਕਿ ਇਹ ਸ਼ੋਅ ਮੇਰੇ ਤੇ ਏਜੰਸੀ ਲਈ ਹੀ ਨਹੀਂ, ਤੇਰੇ ਲਈ ਵੀ ਮਹੱਤਵਪੂਰਨ ਏ। ਤੇਰਾ ਟੌਪ-ਮਾਡਲ ਦਾ ਮਾਮਲਾ ਏ। ਜੇ ਆਮ ਜਿਹਾ ਸ਼ੋਅ ਹੁੰਦਾ ਤਾਂ ਮੈਂ ਛੋਟ ਦੇ ਦੇਂਦਾ…ਤੈਨੂੰ ਇਹ ਆਈਟਮ ਕਰਨੀ ਹੀ ਪੈਣੀ ਏਂ।’’
”ਪਰ ਮੇਰਾ ਦਿਲ ਨਹੀਂ ਮੰਨਦਾ।’’
”ਮੰਨ ਜਾਏਗਾ। ਮੈਂ ਐਨਾ ਨੂੰ ਫੋਨ ਕਰ ਦੇਨਾ, ਉਹ ਮੈਰਆਨਾ ਫੜਾ ਜਾਏਗੀ।’’ ਇਸ ਨਸ਼ੇ ਦੀ ਆਦੀ ਹੋ ਚੁੱਕੀ ਐਨਾ ਉਸੇ ਹੋਟਲ ’ਚ ਠਹਿਰੀ ਹੋਈ ਸੀ।
ਵੇਨ ਦੇ ਸਖ਼ਤ ਲਹਿਜ਼ੇ ਅਤੇ ਡੌਮਿਨਿਕਾ ਦੀ ਚੜ੍ਹਤ ਦੇ ਸਾੜੇ ਨੇ ਮਨੀਸ਼ਾ ਅੰਦਰ ਰੋਹ ਭਰ ਦਿੱਤਾ… ਉਸਨੂੰ ਵੇਨ ਦੀਆਂ ਡੌਮਿਨਿਕਾ ਨਾਲ ਨਜ਼ਦੀਕੀਆਂ ਬਾਰੇ ਪਤਾ ਤਾਂ ਸੀ ਪਰ ਚਿੰਤਾ ਨਹੀਂ ਸੀ…ਵੇਨ ਖੁੱਲ੍ਹੀ ਜ਼ਿੰਦਗੀ ਜਿਉ ਰਿਹਾ ਸੀ। ਪਹਿਲਾਂ ਵੀ ਦੋ ਕੁ ਮਾਡਲਾਂ ਨਾਲ ਉਸਦੀ ਨੇੜਤਾ ਬਣ ਚੁੱਕੀ ਸੀ। ਇਕ ਮਾਡਲ ਨੇ ਤਾਂ ਇਹ ਚਕੱਰ ਚਲਾਇਆ ਹੀ ਮਨੀਸ਼ਾ ਦੀ ‘ਨੰਬਰ ਇਕ’ ਪੁਜੀਸ਼ਨ ਖੋਹਣ ਵਾਸਤੇ ਸੀ ਪਰ ਵੇਨ ਨੇ ਉਸਦੀ ਚਾਲ ਚੱਲਣ ਨਹੀਂ ਸੀ ਦਿੱਤੀ। ਪਰ ਹੁਣ ਡੌਮਿਨਿਕਾ ਦੇ ਮਾਮਲੇ ’ਚ ਉਹ ਰਜ਼ਾਮੰਦ ਹੋਇਆ ਜਾਪਦਾ ਸੀ। ਇਸ ਪਿੱਛੇ ਉਸਦਾ ਮੰਤਵ ਵੀ ਮਨੀਸ਼ਾ ਨੂੰ ਨਜ਼ਰ ਆ ਰਿਹਾ ਸੀ_ਨਗਨਤਾ-ਕਾਮੁਕਤਾ ਵਾਲੀਆਂ ਆਈਟਮਾਂ ਨੂੰ ਚਾਮ੍ਹਲ-ਚਾਮ੍ਹਲ ਕੇ ਕਰਨ ਵਾਲੀਆਂ ਡੌਮਿਨਿਕਾ ਵਰਗੀਆਂ ਹੁਸੀਨ ਮਾਡਲਾਂ ਨੂੰ ਅੱਗੇ ਲਿਆ ਕੇ, ਵੇਨ ਬਿਜ਼ਨਿਸ ਦੇ ਉਪਰਲੇ ਜੋੜਾਂ ਵਿਚ ਪਹੁੰਚਣਾ ਚਾਹੁੰਦਾ ਸੀ।
‘ਚੜ੍ਹਾ ਲਵੇ ਆਪਣੀ ਬਿਜ਼ਨਿਸ ਦੀ ਗੁੱਡੀ ਤੇ ਫਕਨ ਡੌਮਿਨਿਕਾ ਦੀ ਵੀ… ਦਾ ਹੈੱਲ ਵਿਚ ਦੈਮ।’ ਮਨੀਸ਼ਾ ਦਾ ਰੋਹ ਵਿਦਰੋਹ ’ਚ ਬਦਲ ਗਿਆ। ਉਸਨੇ ਸ਼ੋਅ ’ਚ ਭਾਗ ਨਾ ਲੈਣ ਦੀ ਸੋਚ ਲਈ ਅਤੇ ਵੇਨ ਤੇ ਐਰਿਕ ਨੂੰ ਕੜਕਵੀਂ ਈ-ਮੇਲ ਲਿਖਣ ਲਈ ਲੈਪਟੌਪ ਉਠਾ ਲਿਆ। ਉਸੀ ਪਲ ਦਰਵਾਜ਼ੇ ’ਤੇ ਦਸਤਕ ਹੋਈ। ਉਸਨੇ ਦਰਵਾਜ਼ਾ ਖੋਲਿ੍ਹਆ। ਐਨਾ ਸੀ।
ਮੈਰੁਆਨਾ ਵਾਲਾ ਲਿਫ਼ਾਫਾ ਫੜਾਉਂਦਿਆਂ ਉਹ ਬੋਲੀ, ”ਹੇ ਮਨੀਸ਼ਾ! ਐਤਕੀਂ ਨਾ ਜਾਣ ਦਈਂ ਟਾਪ-ਮਾਡਲ ਦਾ ਟਾਈਟਲ, ਪੂਰਾ ਜ਼ੋਰ ਲਾ ਦੇ…ਗੁੱਡ ਲੱਕ।’’
ਐਨਾ ਦੀ ਸ਼ੁਭ ਕਾਮਨਾ ਨੇ ਮਨੀਸ਼ਾ ਨੂੰ ਮੌਮ ਦੀ ਸ਼ੁਭ ਕਾਮਨਾ ਯਾਦ ਕਰਵਾ ਦਿੱਤੀ। ਸਵੇਰੇ ਘਰੋਂ ਤੁਰਨ ਵੇਲੇ ਮੌਮ ਨੇ ਕਿਹਾ ਸੀ, ”ਭਗਵਾਨ ਤੇਰਾ ਟਾਪ-ਮਾਡਲ ਦਾ ਸੁਪਨਾ ਪੂਰਾ ਕਰੇ।’’ ਸੁਪਨੇ ਦੀ ਪੂਰਤੀ ਚਿਤਵਦਿਆਂ ਮਨੀਸ਼ਾ ਨੇ ਮੌਮ ਨੂੰ ਜੱਫੀ ਪਾ ਲਈ ਸੀ।
ਤੇ ਹੁਣ ਉਸ ਸੁਪਨੇ ਨੂੰ ਪੈਂਦੇ ਝਟਕਿਆਂ ਕਾਰਨ ਜਾਂ ਪਤਾ ਨਹੀਂ ਕਿਵੇਂ ਮਨੀਸ਼ਾ ਅੰਦਰਲੀ ਦੂਜੀ ਮਨੀਸ਼ਾ ਜਾਗ ਪਈ, ‘ਜਾ ਕੇ ਮੌਮ ਨੂੰ ਕੀ ਦੱਸਂੇਗੀ?… ਸ਼ੋਅ ਵਿਚੋਂ ਇਸ ਤਰ੍ਹਾਂ ਗ਼ੈਰਹਾਜ਼ਰ ਹੋਣਾ ਕਾਂਟਰੈਕਟ ਅਤੇ ਏਜੰਸੀ ਦੇ ਨਿਯਮਾਂ ਦੀ ਉਲੰਘਣਾ ਹੈ। ਤੇਰੀ ਜੌਬ ਜਾ ਸਕਦੀ ਏ। ਵੇਨ ਤੇ ਐਰਿਕ ਤੇਰੇ ’ਤੇ ਹਰਜਾਨੇ ਦਾ ਮੁਕੱਦਮਾ ਕਰ ਸਕਦੇ ਨੇ… ਏਨੀ ਜੱਦੋ-ਜਹਿਦ ਕੀਤੀ ਤੇ ਆਖ਼ਰ ਖੱਟਿਆ ਕੀ? ਪਿਛਲੀ ਵਾਰੀ ਤੂੰ ਸਿੰਡੀ ਤੋਂ ਬਾਜ਼ੀ ਹਾਰੀ, ਹੁਣ ਆਪ ਹੀ ਮਿਸ਼ੈਲ ਵਾਸਤੇ ਮੈਦਾਨ ਛੱਡ ਰਹੀਂ ਏਂ। ਤੇ ਦੇਖ ਲਈਂ, ਅਗਲੀ ਬਾਜ਼ੀ ਡੌਮਿਨਿਕਾ ਮਾਰ ਜਾਏਗੀ।’
‘ਇਹੋ ਜਿਹੀਆਂ ਬਾਜ਼ੀਆਂ ਮੇਰੇ ਲਈ ਕੋਈ ਮਾਅਨੇ ਨਹੀਂ ਰੱਖਦੀਆਂ।’ ਉਸਦੇ ਕਲਾ-ਗੌਰਵ ਨੇ ਸਿਰ ਚੁੱਕ ਲਿਆ।
‘ਤਾਂ ਫਿਰ ਹੋਈ ਜਾਣ ਦੇ, ਜੋ ਕੁਝ ਹੁੰਦਾ ਏ।’
‘ਵਟ੍ਹ ਏ ਹੌਰਿਬਲ ਡੇਅ।’ ਦੁਬਿਧਾ ’ਚ ਨਪੀੜ ਹੁੰਦੀ ਉਹ ਬੁੜਬੁੜਾਈ। ਉਸਦੀ ਸੋਚ ਵਿਚ ਅਚਾਨਕ ਹੀ ਪਿਤਾ ਤੇ ਪਤੀ ਆ ਖਲੋਏ…ਤਾਅਨੇ ਜਿਹੇ ਦੇਂਦੇ ਜਿਵੇਂ ਕਹਿ ਰਹੇ ਹੋਣ, ‘ਦੇਖ ਲਿਆ ਜਲਵਾ ਮਾਡਲਿੰਗ ਦਾ, ਮਾਰ ਲਏ ਮਾਅਰਕੇ?’
ਮਨੀਸ਼ਾ ਦੀ ਧੌਣ ਦੀਆਂ ਨਾੜਾਂ ਦਾ ਕਸਾਅ ਸਿਰ ’ਚ ਪਹੁੰਚ ਰਿਹਾ ਸੀ। ਉਸਨੇ ਦੋਨਾਂ ਹੱਥਾਂ ਨਾਲ ਸਿਰ ਘੁੱਟ ਲਿਆ ਪਰ ਸਿਰ ਪਾਟਦਾ ਜਾ ਰਿਹਾ ਸੀ…ਉਸਦੇ ਹੱਥ ਮੈਰੁਆਨਾ ਵੱਲ ਵਧ ਗਏ।
ਛੇਤੀ ਹੀ ਉਸਨੂੰ ਉਤਸ਼ਾਹ ਦੇ ਹੁਲਾਰੇ ਮਹਿਸੂਸ ਹੋਣ ਲੱਗ ਪਏ…।
ਰਿਹਰਸਲ ਦਾ ਟਾਈਮ ਹੋ ਰਿਹਾ ਸੀ। ਉਸਨੇ ਜ਼ਰੂਰੀ ਚੀਜ਼ਾਂ ਬੈਗ ਵਿਚ ਪਾਈਆਂ ਤੇ ਟੈਕਸੀ ਲੈ ਕੇ ਹਾਲ ’ਚ ਪਹੁੰਚ ਗਈ।
ਜਗਮਗਾ ਰਹੇ ਸ਼ਾਨਦਾਰ ਹਾਲ ਵਿਚ ਬਣੇ ਲੰਬੇ-ਚੌੜੇ ਰੈਂਪ ਦੁਆਲੇ ਬੈਠੇ ਵੱਡੇ-ਵੱਡੇ ਵਪਾਰੀ, ਮੀਡੀਆਕਾਰ, ਫੈਸ਼ਨ-ਸਾਸ਼ਤਰੀ, ਸਰਕਾਰੀ ਮਹਿਮਾਨ, ਹਾਲੀਵੁੱਡ ਦੇ ਕੁਝ ਸਟਾਰ ਤੇ ਚੋਣਵੇਂ ਦਰਸ਼ਕ ਸ਼ੋਅ ਸ਼ੁਰੂ ਹੋਣ ਦੀ ਉਡੀਕ ਵਿਚ ਸਨ। ਟਾਪ-ਮਾਡਲ ਦਾ ਫ਼ੈਸਲਾ ਕਰਨ ਵਾਲੇ ਜੱਜ ਇਕ ਵੱਖਰੀ ਕੈਬਿਨ ’ਚ ਬੈਠੇ ਸਨ। ਉਹ ਪੰਜ ਸਨ। ਉਤਰੀ ਅਮਰੀਕਾ ਦੀ ਪ੍ਰਸਿੱਧ ਵਸਤਰ-ਕੰਪਨੀ ‘ਗਰੇਸ’ ਦਾ ਮਾਲਕ ਰੌਬਿਨ ਜਲਵੇਗਰ, ਵੇਨ ਫਿਲਿਪ, ਇਕ ਹੋਰ ਫੈਸ਼ਨ-ਡਿਜ਼ਾਈਨਰ, ਹਾਲੀਵੁੱਡ ਸਟਾਰ ਲੀਨਾ ਹੈਂਡਰਸਨ ਅਤੇ ਪਿਛਲੀ ਵਾਰ ਦੀ ਟਾਪ-ਮਾਡਲ ਸਿੰਡੀ ਕਾਰਨਟਨ। ਚੇਅਰਪਰਸਨ ਜਲਵੇਗਰ ਸੀ।
ਸ਼ੋਅ ਆਰੰਭ ਹੋਇਆ। ਪਹਿਲੀ ਆਈਟਮ ਪੋਲ-ਡਾਨਸ ਦੀ ਸੀ, ਜਿਸ ਵਿਚ ਸਿੰਡੀ, ਡੌਮਿਨਿਕਾ ਤੇ ਹੋਰ ਮਾਡਲਾਂ ਨੇ ਕਾਮੁਕਤਾ ਦੀ ਖੂਬ ਹੁੱਲਰੀ ਪਾਈ।
ਅਗਲੀਆਂ ਆਈਟਮਾਂ ਵਿਚ ਮਾਡਲਾਂ ਅਪਣੇ ਅਪਣੇ ਫੈਸ਼ਨ ਡਿਜ਼ਾਈਨਰਾਂ ਦੀਆਂ ਤਿਆਰ ਕੀਤੀਆਂ ਨਵੀਆਂ-ਨਿਵੇਕਲੀਆਂ ਪੁਸ਼ਾਕਾਂ ’ਚ ਸਜ ਕੇ ਪੇਸ਼ ਹੋਈਆਂ। ਮਿਸ਼ੈਲ ਨੇ ਪੂਰੀ ਵਾਹ ਲਾਈ ਪਰ ਉਸਦੀ ਅਤਿ ਬੇਬਾਕ ਸ਼ਾਲੀ ਮਨੀਸ਼ਾ ਦੀ ਸੁਹਜਮਈ ਸ਼ਾਲੀ ਜਿੰਨਾ ਡੂੰਘਾ ਪ੍ਰਭਾਵ ਨਾ ਪਾ ਸਕੀ।
ਆਖਰੀ ਆਈਟਮ ਪੱਤਿਆਂ ਵਾਲੀ ਸੀ। ਮਨੀਸ਼ਾ ਅੰਦਰ ਕੰਬਣੀ ਛਿੜ ਪਈ।
ਪਰਦੇ ਨਾਲ ਮੈਰੁਆਨਾ ਦੇ ਸੂਟੇ ਲਾ ਕੇ ਉਹ ਕੁਝ ਕਾਇਮ ਹੋ ਗਈ। ਆਮ ਮਾਡਲਾਂ ਤੋਂ ਬਾਅਦ ਮਿਸ਼ੈਲ ਰੈਂਪ ’ਤੇ ਚੜ੍ਹੀ। ਖਰਮਸਤੀ ਵਿਚ ਉਸਦਾ ਅੰਗ-ਅੰਗ ਨੱਚ ਰਿਹਾ ਸੀ। ਬਹਿਕਵੇਂ ਅੰਦਾਜ਼ ਵਿਚ ਛਾਤੀ ਦੇ ਦੋਨਾਂ ਪੱਤਿਆਂ ਨੂੰ ਉਂਗਲਾਂ ਨਾਲ ਉਲਾਰਦਿਆਂ, ਉਹ ਆਪਣੀ ਗੇਮ ਦੇ ਪੱਤੇ ਪੂਰੇ ਜ਼ੋਸ਼ ਨਾਲ ਖੇਡ ਰਹੀ ਸੀ।
ਮਿਸ਼ੈਲ ਤੋਂ ਬਾਅਦ ਮਨੀਸ਼ਾ ਦੀ ਵਾਰੀ ਸੀ। ਉਹ ਰੈਂਪ ’ਤੇ ਮਟਕ ਨਾਲ ਟੁਰ ਰਹੀ ਸੀ ਪਰ ਨਗਨਤਾ ਦਾ ਬੋਝ ਉਸ ਤੋਂ ਉਠਾਇਆ ਨਹੀਂ ਸੀ ਜਾ ਰਿਹਾ। ਅੰਦਰੋਂ ਉੱਠੇ ਬੋਲ, ‘ਚੱਲ ਨੀਂ ਜਿੰਦੇ’ ਉਸ ਨੂੰ ਕੁਝ ਹੌਸਲਾ ਜਿਹਾ ਦੇ ਗਏ…ਮੈਰੁਆਨਾ ਨੇ ਮੁਕਾਬਲੇ ਦਾ ਜੋਸ਼ ਦਿੱਤਾ…ਸ਼ਰਮ ਨਜ਼ਾਕਤ ’ਚ ਬਦਲ ਗਈ। ਤੇ ਨਜ਼ਾਕਤ ਰੰਗੀ ਮਟਕ ਨੇ ਇਕ ਅਨੂਠਾ ਹੀ ਪ੍ਰਭਾਵ ਸਿਰਜ ਦਿੱਤਾ।
…ਸ਼ੋਅ ਦੇ ਅੰਤ ਵਿਚ ਪ੍ਰਮੁੱਖ ਹਸਤੀਆਂ ਨੇ ਅਪਣੇ ਭਾਸ਼ਣਾਂ ਵਿਚ ਇਸ ਸ਼ੋਅ ਦੀ ਖੂਬ ਪ੍ਰਸੰਸਾ ਕੀਤੀ…ਇਸਨੂੰ, ਫੈਸ਼ਨ-ਸ਼ੋਆਂ ਦੇ ਖੇਤਰ ਵਿਚ ਨਵੇਂ ਆਯਾਮ ਜੋੜਨ ਵਾਲਾ ਫੈਸ਼ਨ-ਸ਼ੋਅ ਆਖਿਆ। ਤੇ ਫਿਰ ਟਾਪ-ਮਾਡਲ ਦਾ ਐਲਾਨ ਕਰਨ ਲਈ ਰੌਬਿਨ ਜਲਵੇਗਰ ਸਟੇਜ ’ਤੇ ਆ ਹਾਜ਼ਰ ਹੋਇਆ।
ਮਨੀਸ਼ਾ ਨੂੰ ਅਪਣੀ ਇਕ ਇਕ ਆਈਟਮ ਦੀ ਪੇਸ਼ਕਾਰੀ ’ਤੇ ਤਸੱਲੀ ਸੀ, ਵਿਸ਼ਵਾਸ ਸੀ। ਉਹ ਅਪਣੇ ਸੁਪਨਿਆਂ ਦੇ ਖੰਭਾਂ ’ਤੇ ਉਡ ਰਹੀ ਸੀ ਪਰ ਜਲਵੇਗਰ ਦੇ ਸੁਣਾਏ ਫ਼ੈਸਲੇ ਨੇ ਉਸਦੇ ਸੁਪਨੇ ਫਨਾਹ ਕਰ ਸੁੱਟੇ। ਅਕਾਸ਼ ’ਚੋਂ ਪਤਾਲ ’ ਜਾ ਡਿੱਗੀ ਸੀ ਉਹ…ਚਾਰੇ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਸੀ।
ਉਸਦੇ ਸੈਲਫੋਨ ਦੀ ਘੰਟੀ ਵੱਜੀ, ਵੱਜੀ ਗਈ। ਉਸਨੇ ਕੋਈ ਹੁੰਗਾਰਾ ਨਾ ਭਰਿਆ। ਦੂਜੀ ਵਾਰ ਫਿਰ…। ਜਦੋਂ ਤੀਜੀ ਵਾਰ ਫੋਨ ਖੜਕਿਆ ਤਾਂ ਕਸੀਸ ਜਿਹੀ ਵੱਟਦਿਆਂ ਉਸਨੇ ਫੋਨ ਚੁੱਕਿਆ ਤੇ ਮਰਨਊ ਆਵਾਜ਼ ਵਿਚ ”ਹੈਲੋ’’ ਕਿਹਾ।
”ਹਾਇ ਮੈਨੀਸ਼ਾ! ਮੈਂ ਈਵਾ ਬੋਲ ਰਹੀ ਹਾਂ, ਕੌਣ ਬਣੀ ਟਾਪ ਮਾਡਲ?’’
”ਕੁੱਤੀ ਮਿਸ਼ੈਲ।’’ ਮਨੀਸ਼ਾ ਨੇ ਵਿੱਸ ਘੋਲੀ।
”ਮੈਨੂੰ ਪਹਿਲਾਂ ਹੀ ਪਤਾ ਸੀ।’’
”ਕਿਵੇਂ?’’
”ਸਵੇਰੇ ਜਦੋਂ ਮੈਂ ਹੋਟਲ ਮੂਹਰੇ ਤੈਨੂੰ ਮਿਲੀ ਸੀ, ਉਦੋਂ ਮਿਸ਼ੈਲ ਦੀ ਸਪਾਈਇੰਗ ਕਰ ਰਹੀ ਸੀ। ਤੇਰੇ ਕੋਲੋਂ ਉੱਠ ਕੇ ਮੈਂ ਇਹਦਾ ਪਿੱਛਾ ਕੀਤਾ, ਇਹ ਰੌਬਿਨ ਜਲਵੇਗਰ ਕੋਲ ਗਈ ਸੀ, ਦੇਹੀ ਜਸ਼ਨ ਮਨਾਉਣ।’’ ਤੇ ਈਵਾ ਦਾ ਫੋਨ ਬੰਦ ਹੋ ਗਿਆ।
‘ਬਲੱਡੀ ਬਿੱਚ…।’ ਬੇਸੁਰਤੀ ਜਿਹੀ ’ਚ, ਕੁਰਸੀ ’ਤੇ ਢਠੀ ਮਨੀਸ਼ਾ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਮਿਸ਼ੈਲ ਨੂੰ ਕੋਸ ਰਹੀ ਸੀ ਜਾਂ ਉਸਦਾ ਕਲਾ-ਗੌਰਵ ਉਸਨੂੰ ਆਪੂੰ ਨੂੰ ਕੋਸ ਰਿਹਾ ਸੀ…।
ਪੰਜ ਕਹਾਣੀ ਸੰਗ੍ਰਿਹ, ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਜਰਨੈਲ ਸਿੰਘ ਦੀਆਂ ਸ਼ੁਰਆਤੀ ਕਹਾਣੀਆਂ ਵਿੱਚ ਕਿਸਾਨੀ ਅਤੇ ਫੌਜੀ ਜੀਵਨ ਦੇ ਦੁੱਖਾਂ ਸੁੱਖਾਂ, ਮਸਲਿਆਂ ਅਤੇ ਟੁੱਟਦੇ ਜੁੜਦੇ ਰਿਸ਼ਤਿਆਂ ਦੀ ਬੜੀ ਹੀ ਯਥਾਰਥਕ ਅਤੇ ਕਲਾਤਮਕ ਪੇਸ਼ਕਾਰੀ ਦਿਸਦੀ ਰਹੀ ਹੈ। ਫੇਰ ਪੂਰਬੀ ਅਤੇ ਪੱਛਮੀ ਸਭਿਆਚਾਰਾਂ ਦੇ ਟਕਰਾਓ ਤੇ ਰਲੇਵੇਂ ਦੇ ਅਮਲ ਦੇ ਕੌੜੇ ਮਿੱਠੇ ਅਨੁਭਵ ਕਲਾਮਈ ਵਿਧੀ ਨਾਲ ਪੇਸ਼ ਹੋਣ ਲਗੇ। ਪਿੱਛੇ ਜਹੇ ਆਏ ਕਹਾਣੀ ਸੰਗ੍ਰਿਹ "ਟਾਵਰਜ਼" ਦੀ ਟਾਇਟਲ ਕਹਾਣੀ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਅੰਗਰੇਜ਼ੀ ਵਿੱਚ ਉਲਥਾ ਕਰਕੇ "ਇੰਡਿਅਨ ਲਿਟਰੇਚਰ ਮੈਗਜ਼ੀਨ" ਵਿਚ ਛਾਪਿਆ ਹੈ। ਹਥਲੀ ਕਹਾਣੀ ਫੈਸ਼ਨ ਦੀ ਦੁਨੀਆਂ ਦਾ ਸੱਚ ਸਾਹਮਣੇ ਲਿਆਉਂਦੀ ਹੈ। ਅੱਜ ਕਲ ਜਰਨੈਲ ਸਿੰਘ ਇੰਟਰਨੈਸ਼ਨਲ ਏਅਰ ਪੋਰਟ ਟਰਾਂਟੋ ਵਿੱਚ ਸਕਿਉਰਟੀ ਅਫਸਰ ਵੱਜੋਂ ਤਾਇਨਾਤ ਹਨ।