”ਬੱਸ ਉਂਝ ਈ ਤੁਰ ਗਿਆ ! ….. ਜਾਂਦਾ ਹੋਇਆ ਦੱਸ ਕੇ ਵੀ ਨੀ ਗਿਆ ….।।” ਪਾਸਾ ਪਰਤ ਮਾਂ ਨੇ ਮੇਰੇ ਵੱਲ ਪਿੱਠ ਕਰ ਲਈ
ਉਹ ਬਾਪੂ ਦੀ ਗੱਲ ਕਰ ਰਹੀ ਸੀ। ਆਖਿਰ ਉਹ ਕਿੱਧਰ ਚਲਿਆ ਗਿਆ ?
ਮੈਂ ਸੋਚੀਂ ਪੈ ਗਿਆ ।
ਮਾਂ ਤਾਂ ਕਹਿੰਦੀ ਸੀ ਕਿ ਮਰ ਗਿਆ। ਮਰਿਆ ਨਹੀਂ ਮਾਰਿਆ ਗਿਆ। ਉਹ ਮੈਨੂੰ ਉਹਦਾ ਕਾਤਿਲ ਮਿੱਥਦੀ। ਕਹਿੰਦੀ ਮੈਂ ਉਸ ਨੂੰ ਮਾਰਨ ਲਈ ਮਜ਼ਬੂਰ ਕੀਤਾ। ਪਰ ਨਹੀਂ। ਬਾਪੂ ਐਨੀ ਕੱਚੀ ਮਿੱਟੀ ਦਾ ਨਹੀਂ ਸੀ। ਉਹਦੀ ਤਾਂ ਗੱਲ ਹੀ ਹੋਰ ਸੀ। ਜਿਸ ਵਕਤ ਲੜਾਈ ਪੈਂਦੀ। ਉਹ ਉੱਚੀ-ਉੱਚੀ ਬੋਲਣ ਲੱਗ ਪੈਂਦਾ, ”ਬੱਸ ਆਹੀ ਸਾਲ ਆਂ ! … ਅਗਲੇ ਸਾਲ ਮੈਂ ਕਿਤੇ ਦੂਰ ਚਲਿਆ ਜਾਣਾ !… ਮੁੜ ਕੇ ਕਿਸੇ ਨੂੰ ਨੀ ਮਿਲਣਾ ……!
ਉਹ ਘਰ ਕਿਉਂ ਛੱਡਣਾ ਚਾਹੁੰਦਾ ਸੀ? ਮੁੜ ਕੇ ਸਾਨੂੰ ਮਿਲਣਾ ਕਿਉਂ ਨਹੀਂ ਚਾਹੁੰਦਾ ਸੀ? ਕਿਹੜੀ ਦੂਰੀ ਉਸ ਨੂੰ ਕਿਤੇ ਦੂਰ ਲੈ ਜਾਣਾ ਚਾਹੁੰਦੀ ਸੀ? ਮਾਂ ਕਦੇ ਵੀ ਇਨ੍ਹਾਂ ਸਵਾਲਾਂ ਨੂੰ ਸਮਝ ਨਾ ਸਕੀ। ਨਾ ਮੈਂ ਸਮਝ ਸਕਿਆ। ਜੇਕਰ ਸਮਝ ਜਾਂਦਾ। ਨਾ ਮਾਂ ਤੜਪਦੀ। ਨਾ ਬਾਪੂ ਜਾਂਦਾ। ਨਾ ਮੈਂ …..!
”ਮੈਂ ਤਾਂ ਗਿਆ ਈ ਸੀ !…. ਤੂੰ ਦੱਸ ਕਿਉਂ ਚਲਿਆ ਗਿਆ…?” ਮੈਨੂੰ ਮਾਂ ਦੇ ਸਿਰਹਾਣੇ ਖੜ੍ਹਾ ਬਾਪੂ ਦਿਖਾਈ ਦਿੱਤਾ।
ਉਹ ਮੈਨੂੰ ਕੁੱਝ ਪੁੱਛ ਰਿਹਾ ਸੀ। ਉਹਦੀ ਪੁੱਛ ਵਿਚ ਕੋਈ ਡੂੰਘੀ ਰਮਜ਼ ਸੀ।
ਪਰ ਮੈਂ ਕੁੱਝ ਨਾ ਬੋਲਿਆ। ਉਹ ਤਾਂ ਕਦੋਂ ਦਾ …..! ਉਹ ਮੈਨੂੰ ਕਿੰਝ ਪੁੱਛ ਸਕਦਾ ਸੀ!
ਮੈਂ ਮਾਂ ਵਾਂਗ ਪਾਸਾ ਪਰਤ ਲਿਆ।
”ਪਾਸਾ ਪਰਤਣ ਨਾਲ ਕੋਈ ਪਰਤਦਾ ਨੀ ਹੁੰਦਾ ….!” ਬਾਪੂ ਫਿਰ ਦਿਸਣ ਲੱਗ ਪਿਆ
ਮੈਂ ਗਹੁ ਨਾਲ ਵੇਖਿਆ। ਕੁੱਝ ਵੀ ਨਹੀਂ। ਮੇਰਾ ਭਰਮ ਸੀ।
”ਕਈ ਭਰਮ ਬੜੇ ਖੂਬਸੂਰਤ ਹੁੰਦੇ ਨੇ …..!” ਆਵਾਜ਼ ਸੁਣ ਮੈਂ ਉਠ ਬੈਠਾ।
ਬੈਠਕ ਵਿਚ ਜ਼ੀਰੋ ਵਾਟ ਦੇ ਬੱਲਬ ਦਾ ਚਾਨਣ ਸੀ। ਬੈੱਡ ਦੇ ਪਰਲੇ ਸਿਰੇ ਮਨੀ ਸੁੱਤੀ ਪਈ ਸੀ। ਵਿਚਕਾਰ ਬੱਚੇ ਪਏ ਸਨ। ਪਰ੍ਹਾਂ ਦਰਾਂ ਕੋਲ ਮੰਜਾ ਡਾਹੀਂ ਮਾਂ ਪਈ ਸੀ।
ਬਾਪੂ ਕਿੱਥੇ ਸੀ!
ਸ਼ਾਇਦ ਉਹ ਬਾਹਰ ਨਹੀਂ ਮੇਰੇ ਅੰਦਰ ਸੀ।
ਜਿੰਨ੍ਹਾਂ ਚਿਰ ਉਹ ਘਰ ਸੀ। ਉਹਦੀ ਹਰ ਗੱਲ ਜ਼ਹਿਰ ਵਰਗੀ ਲੱਗਦੀ। ਪਰ ਜਦੋਂ ਦਾ ਉਹ ਗਿਆ। ਉਹਦੀ ਹਰ ਗੱਲ ਧੂਹ ਪਾਉਂਦੀ ਸੀ।
”ਜਾਣ ਵਾਲੇ ਦੀ ਹਰ ਗੱਲ ਚੰਗੀ ਲੱਗਦੀ ਹੁੰਦੀ ਐ …..!” ਖ਼ਿਆਲਾਂ ਵਿਚ ਉਲਝੀ ਮਾਂ ਹਵਾਂ ਨਾਲ ਗੱਲਾਂ ਕਰ ਰਹੀ ਸੀ।
ਉਸ ਵੱਲ ਵੇਖ ਮੇਰਾ ਦਿਲ ਬੈਠਣ ਲੱਗ ਪਿਆ। ਸੁਰਤੀ ਬਾਪੂ ਨਾਲ ਜੁੜਨ ਲੱਗ ਪਈ। ਮੈਨੂੰ ਮੋਰਨੀ ਵਾਲਾ ਸੀਨ ਦਿਸਣ ਲੱਗ ਪਿਆ!
ਜਿਉਂ ਹੀ ਮੋਰਨੀ ਪੈਲਾਂ ਪਾ ਰਹੇ ਮੋਰ ਵੱਲ ਨੂੰ ਸਰਕਣ ਲੱਗੀ।
ਸਾਹਮਣੀ ਕੋਠੀ ਦਾ ਗੇਟ ਖੁੱਲਿ੍ਹਆ।
ਹੱਥ ਵਿਚ ਰਾਇਫਲ ਚੁੱਕੀਂ ਕਾਲਾ ਬਾਹਰ ਨਿੱਕਲਿਆ।
ਬੀਹੀ ਵਿਚ ਆ ਉਹਦੀ ਸ਼ਿਕਾਰੀ ਅੱਖ ਘੁੰਮੀ। ਉਹ ਪਰ੍ਹਾਂ ਖਾਲੀ ਪਲਾਟ ਵਿਚ ਜਾ ਖੜ੍ਹਿਆ।
ਮੋਰ ਦੀ ਪੈਲ ਹੋਰ ਫੈਲ ਗਈ। ਮੋਰਨੀ ਨੱਚ ਉੱਠੀ। ਕਾਲਾ ਸੁਲਗ ਉੱਠਿਆ। ਰਾਇਫਲ ਦਾ ਬੱਟ ਮੋਢੇ ਨਾਲ ਜਾ ਲੱਗਿਆ। ਉਹਨੇ ਸ਼ਿਸਤ ਬੰਨ੍ਹੀ। ਤੇ ਘੋੜਾ ਨੱਪ ਦਿੱਤਾ ….!
‘ਠਾਹ … ਹ …. ਹ … ਹ ।।’
”ਹਾਏ ਓਏ ਮਾਰਤਾ …..।।” ਸੱਜਾ ਪੱਟ ਫੜੀਂ ਬਾਪੂ ਦੂਹਰਾ ਹੋ ਗਿਆ।
ਮੈਂ ਚੋਰ ਅੱਖ ਨਾਲ ਵੇਖਿਆ। ਉਹ ਅਪਣਾ ਪੱਟ ਵੇਖ ਰਿਹਾ ਸੀ। ਉਹਦੀ ਨਜ਼ਰ ਉੱਥੇ ਟਿਕੀ ਹੋਈ ਸੀ ਜਿੱਥੇ ਕਦੇ ਮੋਰਨੀ ਵਾਹੀ ਹੁੰਦੀ ਸੀ। ਪਰ ਹੁਣ ਉੱਥੇ ਗੋਲੀ ਦਾ ਨਿਸ਼ਾਨ ਸੀ।
”ਨਿਸ਼ਾਨ ਨੀ ਮਿਟਦਾ ਹੁੰਦਾ …..!” ਕਿਤੇ ਦੂਰ ਵੇਖਦਾ ਹੋਇਆ ਬਾਪੂ ਸਿਰ ਮਾਰ ਰਿਹਾ ਸੀ
ਜਵਾਨੀ ਪਹਿਰੇ ਵਾਪਰੀ ਘਟਨਾ ਉਹਦਾ ਪਿੱਛਾ ਨਹੀਂ ਛੱਡਦੀ ਸੀ।
ਜਿਸ ਵਕਤ ਉਹ ਯਾਦ ਆਉਂਦੀ। ਬਾਪੂ ਨੂੰ ਗੋਲੀ ਚਲਾਉਂਦਾ ਕਾਲਾ ਦਿਸਣ ਲੱਗ ਪੈਂਦਾ। ਇਕ ਰੰਗ ਆਉਂਦਾ ਇਕ ਜਾਂਦਾ। ਉਸ ਦੀਆਂ ਅੱਖਾਂ ਵਿਚ ਖੂਨ ਉੱਤਰ ਆਉਂਦਾ। ਹੌਲੀ-ਹੌਲੀ ਉਹਦਾ ਸਾਰਾ ਸਰੀਰ ਗੱਚ ਹੁੰਦਾ ਚਲਿਆ ਜਾਂਦਾ। ਜਦੋਂ ਕੋਈ ਪੇਸ਼ ਨਾ ਜਾਂਦੀ। ਉਹ ਸੱਜਾ ਪੱਟ ਫੜ੍ਹੀ ਦੂਹਰਾ ਹੋ ਜਾਂਦਾ, ”ਉਹ ਮੇਰੀ ਮੋਰਨੀ ਸੀ….!”
”ਬਾਪੂ ….।।” ਮੇਰਾ ਦਿਲ ਕਰਦਾ ਕਿ ਉਹਦਾ ਖ਼ਿਆਲ ਤੋੜ ਦੇਵਾਂ
ਪਰ ਅਗਲਾ ਹੀ ਪਲ ਮੈਨੂੰ ਰੋਕ ਦਿੰਦਾ। ਬਾਪੂ ਕੋਲ ਹੁਣ ਖ਼ਿਆਲਾਂ ਤੋਂ ਬਿਨ੍ਹਾਂ ਹੈ ਹੀ ਕੀ ਸੀ !
”ਬੜ੍ਹਾ ਕੁਸ਼ ਐ….!” ਆਵਾਜ਼ ਸੁਣ ਮੈਂ ਦਹਿਲ ਗਿਆ
ਉਹੀ ਨਖਰਾ। ਉਹੀ ਲਹਿਜ਼ਾ। ਤੇ ਉਹੀ ਅੱਖ !
ਮੇਰੀ ਸੁਰਤੀ ਵਿਚ ਅੜਿਆ ਖੜ੍ਹਾ ਬਾਪੂ ਮਾਂ ਵੱਲ ਵੇਖ ਰਿਹਾ ਸੀ।
ਉਸ ਵੱਲ ਵੇਖ ਮੈਂ ਉਹਦਾ ‘ਛੋਟਾ ਜਿਹਾ ਇਤਿਹਾਸ’ ਫਰੋਲਣ ਲੱਗ ਪਿਆ।
”ਜਿਮੇ ਇਕ ਕੌਮ ਦਾ ਇਤਿਹਾਸ ਹੁੰਦਾ! …. ਉਮੇ ਇਕ ਬੰਦੇ ਦਾ ਵੀ ਇਤਿਹਾਸ ਹੁੰਦਾ! ….. ਭਾਵੇਂ ਉਹ ਛੋਟਾ ਜਿਹਾ ਹੀ ਕਿਉਂ ਨਾ ਹੋਵੇ …..!” ਕਈ ਵਾਰ ਫੌਜੀ ਮੂਡ ਵਿਚ ਆਇਆ ਬਾਪੂ ਮੇਰੇ ਵੱਲ ਦੁਸ਼ਮਣ ਵਾਂਗ ਵੇਖਣ ਲੱਗਦਾ।
ਉਹਦਾ ਇਤਿਹਾਸ ਘਰ ਤੋਂ ਫੌਜ਼ ਤੱਕ। ਫੌਜ਼ ਤੋਂ ਪਿੰਡ ਤੱਕ। ਤੇ ਪਿੰਡ ਵਿਚ ਮੋਰਨੀ ਤੋਂ ਲੈ ਕੇ ਜਾਫੀ ਦੀ ਘਰਆਲੀ ਤੱਕ ਫੈਲਿਆ ਹੋਇਆ ਸੀ।
ਮੈਂ ਉਹਦੇ ਇਸ ਫੈਲਾਅ ਵਿਚ ਵੱਢ ਮਾਰਨਾ ਚਾਹੁੰਦਾ ਸੀ।
”ਕੋਈ ਨੀ ਪੁੱਤ! ਤੂੰ ਵੀ ਇਕ ਦਿਨ ਮੇਰੇ ਵਾਂਗ ਈ ਫੈਲਣਾ….।।” ਜਦੋਂ ਉਹ ਆਖਦਾ, ਮੈਨੂੰ ਅੱਗ ਲੱਗ ਜਾਂਦੀ, ”ਵੇਖਦਾ ਜਾ ਤੇਰਾ ਕਰਦਾ ਕੀ ਆਂ …..!”
ਮੈਂ ਬਾਪੂ ਨੂੰ ਰੋਕਣਾ ਚਾਹੁੰਦਾ ਸੀ ਜਾਂ ਫਿਰ ਅਪਣੇ ਆਪ ਨੂੰ ?
ਅਜੀਬ ਸਵਾਲ ਨਾਲ ਖੌਝਲਦਾ ਹੋਇਆ ਮੈਂ ਅੱਖਾਂ ਬੰਦ ਕਰਨ ਲੱਗ ਪਿਆ।
ਕੁੱਝ ਪਲ ਚੁੱਪ ਚਾਪ ਪਿਆ ਰਿਹਾ। ਪਰ ਅਗਲਾ ਹੀ ਪਲ ਮੈਨੂੰ ਧੁਰ ਤੱਕ ਝੰਜੋੜ ਗਿਆ।
ਵਿਹੜੇ ਵਿਚ ਤੁਰੀ ਆਉਂਦੀ ਮਾਂ ਬੁੜ-ਬੁੜ ਕਰ ਰਹੀ ਸੀ, ”ਪਤਾ ਨੀ ਬੁੜੇ ਵਾਰੇ ਇਹਦੀ ਕੀ ਜਵਾਰ ਨਿੱਸਰਦੀ ਤੀ ….!”
ਸ਼ਾਇਦ ਉਹ ਪਿਸ਼ਾਬ ਕਰਕੇ ਪਰਤ ਰਹੀ ਸੀ।
ਮੈਂ ਸਮਝ ਗਿਆ। ਉਹਨੇ ਵਰਾਂਢੇ ਵਿਚ ਕੰਧ ’ਤੇ ਟੰਗੀ ਮੋਰਨੀ ਵਾਲੀ ਫੋਟੋ ਵੇਖ ਲਈ ਸੀ। ਉਹ ਜਦ ਵੀ ਇਸ ਫੋਟੋ ਵੱਲ ਵੇਖਦੀ। ਉਸ ਅੰਦਰ ਅੱਗ ਮੱਚ ਉØੱਠਦੀ। ਉਹ ਕਿੰਨਾ ਹੀ ਚਿਰ ਤੱਤਾ-ਠੰਡਾ ਬੋਲਦੀ ਰਹਿੰਦੀ।
”ਆਹ ਫੋਟੋ ਵੀ ਹੁਣ ਨਾਲ ਈ ਲੈ ਜਾਂਦਾ….1” ਫੜਾਕ ਦੇਣੀ ਦਰਵਾਜ਼ਾ ਬੰਦ ਕਰ ਉਹ ਮੰਜੇ ਉØੱਪਰ ਜਾ ਡਿੱਗੀ।
ਬਾਪੂ ਦੀ ਮਾਰੀ ਉਹ ਰੋਗਣ ਹੋਈ ਪਈ ਸੀ।
”ਰੋਗੀ ਤਾਂ ਮੈਂ ਹੋਇਆ ਪਿਆਂ ….!” ਸ਼ਰਾਬ ਪੀਤੀ ਵਿਚ ਬਾਪੂ ਦਿਲ ਉਪਰ ਹੱਥ ਰੱਖ ਲੈਂਦਾ ਸੀ
ਮੈਂ ਮਾਂ ਵੱਲ ਨਿਗਾਹ ਮਾਰੀ। ਉਹ ਢਿੱਡ ਉੱਪਰ ਹੱਥ ਰੱਖੀਂ ਛੱਤ ਵੱਲ ਝਾਕ ਰਹੀ ਸੀ।
ਬਾਪੂ ਉਹਦਾ ਨਾ ਟੁੱਟਣ ਵਾਲਾ ਰੋਗ ਸੀ। ਉਹਦਾ ਕਿੰਨਾ ਹੀ ਕੁੱਝ ਮਾਂ ਦੇ ਢਿੱਡ ਵਿਚ ਵੜ ਗਿਆ ਸੀ।
ਜਿਸ ਵਕਤ ਉਹਦੀ ਗੱਲ ਤੁਰਦੀ। ਮਾਂ ਰੋਣ ਲੱਗ ਪੈਂਦੀ, ”ਜਿੱਦਣ ਦੀ ਇਹਦੇ ਘਰੇ ਆਈ ਆਂ ! … ਇਕ ਦਿਨ ਵੀ ਸੁਖ ਦਾ ਨੀ ਦੇਖਿਆ !… ਕੋਈ ਰਾਇ ਨੀ !… ਕੋਈ ਪਿਆਰ ਦੀ ਗੱਲ ਨੀ ! …. ਇਹਦੇ ਤਾਂ ਸਾਰੀ ਉਮਰ ਇਸ਼ਨੇ-ਬਿਸ਼ਨੇ ਈ ਲੋਟ ਨੀ ਆਏ…!”
ਮੈਂ ਬਾਪੂ ਦੇ ਇਸ਼ਨੇ-ਬਿਸ਼ਨਿਆਂ ਬਾਰੇ ਸੋਚਣ ਲੱਗ ਪਿਆ। ਉਹ ਗੱਲਾਂ ਹੀ ਕੁੱਝ ਐਸੀਆਂ ਸਨ। ਮੈਨੂੰ ਵੀ ਉਨ੍ਹਾਂ ਉੱਪਰ ਇਤਰਾਜ਼ ਸੀ।
”ਜੇ ਇਤਰਾਜ਼ ਤੀ ਫੇਰ ਤੇਰੀ ਮੱਤ ਕਿਉਂ ਮਾਰੀ ਗਈ …?” ਮਾਂ ਨਹੀਂ ਯਾਨੀ ਉਹਦਾ ਢਿੱਡ ਬੋਲਿਆ, ”ਜਿਹੜੀਆਂ ਥੋਡੇ ਪਿਉ-ਪੁੱਤਾਂ ਦੇ ਢਿੱਡ ’ਚ ਨੇ !… ਉਹ ਮੇਰੇ ਨੌਹਾਂ ’ਚ ਨੇ ….।।”
ਮੈਂ ਮਾਂ ਵੱਲ ਵੇਖਣ ਲੱਗ ਪਿਆ। ਉਹਦੇ ਨੌਹਾਂ ਵਿਚ ਕੀ ਸੀ? ਮੈਂ ਡਰ ਗਿਆ। ਬਾਪੂ ਦੀ ਤਾਂ ਉਹ ਰਗ-ਰਗ ਜਾਣਦੀ ਸੀ। ਪਰ ਉਸ ਨੂੰ ਮੇਰਾ ਕਿਵੇਂ ਪਤਾ ਲੱਗ ਗਿਆ। ਜਿਸ ਨੂੰ ਪਤਾ ਲੱਗਣ ਦਾ ਡਰ ਸੀ। ਉਹ ਤਾਂ ਸੁੱਤੀ ਪਈ ਸੀ। ਮੈਂ ਮਨੀ ਦਾ ਹੱਥ ਚੁੰਮ ਲਿਆ। ਉਹ ਥੋੜ੍ਹਾ ਜਿਹਾ ਬੱਚਿਆਂ ਵੱਲ ਨੂੰ ਸਰਕੀ। ਪਾਸਾ ਪਰਤ ਫਿਰ ਪੈ ਗਈ।
”ਚੱਲ ਪੈ ਜਾ ਹੁਣ !…. ਬਥੇਰੀ ਹੋਗੀ ….!” ਮਾਂ ਮੈਨੂੰ ਕਹਿ ਰਹੀ ਸੀ ਕਿ ਅਪਣੇ ਆਪ ਨੂੰ
ਪੱਕ ਕਰਨ ਲਈ ਮੈਂ ਪੁੱਛ ਲਿਆ, ”ਕੀਹਨੂੰ ਕਹਿੰਨੀ ਐ ਮਾਂ…?”
”ਕਹਿੰਨੀ ਆਂ ਤੇਰੇ ਪਿਉ ਨੂੰ ! …. ਪਹਿਲਾਂ ਤਾਂ ਉਹਦੇ ਮਗਰ ਪਿਆ ਰਿਹਾ !… ਕਹਿੰਦਾ ਅਖੇ ਬੁੜਾ ਮੁੰਡਿਆਂ ਆਲੀਆਂ ਗੱਲਾਂ ਕਰਦਾ! … ਇਹ ਤੀਮੀਆਂ ਕੋਲ ਜਾਂਦਾ! .. ਜਿੰਨ੍ਹਾਂ ਚਿਰ ਉਹ ਮਰਿਆ ਨੀ ! …. ਇਹ ਪਿਉ ਦਾ ਪੁੱਤ ਹਟਿਆ ਨੀ ! …. ਹੁਣ ਅੱਧੀ-ਅੱਧੀ ਰਾਤ ਬੈਠਾ ਖਵਨੀ ਕੀ ਸੋਚੀਂ ਜਾਂਦਾ ….।।” ਮੇਰਾ ਸਵਾਲ ਸੁਣ ਉਹ ਅੱਗ ਵਾਂਗ ਭੜਕ ਉØੱਠੀ
ਮੈਂ ਚੁੱਪ ਕਰ ਗਿਆ। ਉਹ ਮੇਰੇ ਵੱਲ ਝਾਕੀ। ਮੈਨੂੰ ਉਸ ਦੀਆਂ ਅੱਖਾਂ ਵਿਚ ਕਿੰਨਾ ਹੀ ਕੁੱਝ ਸੜਦਾ ਨਜ਼ਰ ਆਇਆ। ਉਹ ਰਾਖ ਨਾਲ ਭਰੀ ਪਈ ਸੀ। ਬਾਪੂ ਉਹਦੀ ਬੇਰੁਖੀ ਨਾਲ ਭਰਿਆ ਪਿਆ ਸੀ। ਜਾਣ ਤੋਂ ਪਹਿਲਾਂ ਉਹ ਇਕ ਵਾਰੀ ਕਹਿੰਦਾ ਸੀ, ”ਨਾਲੇ ਤੇਰੀ ਮਾਂ ਨੇ !… ਨਾਲੇ ਇਸ ਘਰ ਨੇ ! … ਮੈਨੂੰ ਦਿੱਤਾ ਈ ਕੀ ਐ ! … ਮੈਂ ਤਾਂ ਜਿਹਾ ਜਿਆ ਆਇਆ ਸੀ ! … ਇਕ ਦਿਨ ਉਹਾ ਜਿਆ ਈ ਭਰਿਆ-ਭਰਾਇਆ ਚਲਿਆ ਜਾਣਾ …..!”
ਉਹ ਕਿੱਧਰ ਚਲਿਆ ਗਿਆ ਸੀ? ਉਸ ਨੂੰ ਲੱਭਦੀ-ਲੱਭਦੀ ਮਾਂ ਕਿਤੇ ਡੂੰਘੀ ਗਵਾਚ ਗਈ।
ਉਹਨੇ ਖੇਸ ਨਾਲ ਮੂੰਹ ਢਕ ਲਿਆ। ਮੈਂ ਖਾਸਾ ਚਿਰ ਉਸ ਵੱਲ ਵੇਖਦਾ ਰਿਹਾ।
ਉਹ ਸਿੱਧੀ-ਸਤੌਲ ਪਈ ਸੀ। ਨਿਰਜਿੰਦ। ਸੁੰਨ-ਮਸਾਣ।
ਸਵੇਰ ਹੋਣ ਤੱਕ ਉਹਨੇ ਹੁਣ ਕੁੱਝ ਨਹੀਂ ਬੋਲਣਾ ਸੀ। ਜਿਸ ਦਿਨ ਦਾ ਬਾਪੂ ਗਿਆ। ਸਾਡਾ ਰੋਜ਼ ਦਾ ਹੀ ਕਿੱਤਾ ਸੀ। ਮਨੀ ਬੱਚਿਆਂ ਨਾਲ ਸੌਂ ਜਾਂਦੀ। ਮਾਂ ਮੈਨੂੰ ਅੱਧੀ-ਰਾਤ ਤੱਕ ਬਾਪੂ ਦਾ ਕਾਤਿਲ ਆਖਦੀ ਰਹਿੰਦੀ। ਪਹਿਲਾਂ ਤਾਂ ਮੈਂ ਬੜ੍ਹਾ ਵਿਰੋਧ ਕਰਦਾ ਸੀ। ਮਾਂ ਨਾਲ ਬਹਿਸਦਾ ਰਹਿੰਦਾ। ਪਰ ‘ਉਸ ਰਾਤ ਵਾਲੀ ਘਟਨਾਂ’ ਤੋਂ ਬਾਅਦ ਮੈਂ ਗਹਿਰੀ ਸੋਚ ਵਿਚ ਡੁੱਬ ਗਿਆ ਸੀ। ਮਾਂ ਬੋਲਦੀ ਰਹਿੰਦੀ। ਮੈਂ ਚੁੱਪ-ਚਾਪ ਬਾਪੂ ਦਾ ਉਹ ਇਤਿਹਾਸ ਫਰੋਲਦਾ ਰਹਿੰਦਾ, ਜਿਹੜਾ ਉਸ ਤੋਂ ਲੈ ਕੇ ਮੇਰੇ ਤੱਕ ਫੈਲ ਗਿਆ ਸੀ….!
”ਹੁਣ ਇਸ ਫੈਲਾਅ ’ਚ ਵੱਢ ਮਾਰ ਪੁੱਤ …।।” ਬਾਪੂ ਮੈਨੂੰ ਫਿਰ ਦਿਸਣ ਲੱਗ ਪਿਆ
ਉਹਦੀ ਆਵਾਜ਼ ਮੇਰਾ ਅੰਦਰ ਵੱਢਣ ਲੱਗ ਪਈ।
ਮੈਂ ਉਹਦੀ ਜਿੰਦਗੀ ਦੀ ਇਕ-ਇਕ ਘਟਨਾ ਯਾਦ ਕਰਨ ਲੱਗ ਪਿਆ।
”ਜੀਹਦੇ ਨਾਲ ਬੀਤੀ ਹੋਵੇ ਪੁੱਤ !…. ਉਹਨੂੰ ਕੁਸ਼ ਯਾਦ ਕਰਨ ਦੀ ਲੋੜ ਨਹੀਂ ਹੁੰਦੀ !… ਸਾਰਾ ਕੁਸ਼ ਅੰਦਰ-ਬਾਹਰ ਖੁਣਿਆ ਪਿਆ ਹੁੰਦਾ !…. ਜਿਵੇਂ ਮੇਰੇ ਅੰਦਰ ਮੋਰਨੀ ਖੁਣੀ ….।।” ਬਿੱਲੂ ਦੀ ਦੁਕਾਨ ’ਤੇ ਬੈਠਾ ਉਹ ਅਕਸਰ ਦੱਸਦਾ ਹੁੰਦਾ ਸੀ।
ਕਈ ਵਾਰ ਜਦੋਂ ਜ਼ਿਆਦਾ ਪੀਤੀ ਹੁੰਦੀ। ਉਹ ਸਾਰੀਆਂ ਹੱਦਾਂ-ਸਰਹੱਦਾਂ ਟੱਪ ਜਾਂਦਾ। ਮੈਂ ਕੌਣ ਸੀ ? ਉਹ ਇਹ ਗੱਲ ਭੁੱਲ ਜਾਂਦਾ। ਮੈਂ ਉਹਦਾ ਦੁੱਖ ਸੁਣਨ ਵਾਲਾ ਯਾਰ ਬਣ ਜਾਂਦਾ।
ਉਹ ਦੱਸਣ ਲੱਗ ਪੈਂਦਾਂ, ” ਉਸ ਵਕਤ ਮੈਂ ਕਿਤੇ ਸਕੂਲ ਪੜ੍ਹਦਾ ਸੀ !… ਵੇਖ ਲੈ ਫੇਰ …।।”
ਜਿਸ ਵਕਤ ਉਹ ‘ਵੇਖ ਲੈ ਫੇਰ’ ਆਖਦਾ। ਮੈਨੂੰ ਲਾਂਗੜੀਆਂ ਵਾਲਾ ਪੈਟਰੋਲ-ਪੰਪ ਦਿਸਣ ਲੱਗ ਪੈਂਦਾ।
ਬਾਪੂ ਉੱਥੋਂ ਬਾਹਮਣਾਂ ਦੇ ਪ੍ਰਕਾਸ਼ ਨਾਲ ਡੀਜ਼ਲ ਲੈਣ ਗਿਆ ਸੀ।
ਲਾਈਨ ਬੜੀ ਲੰਬੀ ਸੀ। ਉਨ੍ਹਾਂ ਢੋਲੀਆਂ ਲਾਈਨ ਵਿਚ ਰੱਖ ਦਿੱਤੀਆਂ।
ਜਦੋਂ ਵਾਰੀ ਆਈ। ਉਦੋਂ ਤੱਕ ਪ੍ਰਕਾਸ਼ ਦੀ ਬਾਪੂ ਨਾਲ ਕੋਈ ਗੱਠ-ਤੁੱਪ ਹੋ ਚੁੱਕੀ ਸੀ।
ਉਹ ਭਰੀਆਂ ਹੋਈਆਂ ਢੋਲੀਆਂ ਭੂਰੇ ਕੇ ਸੀਤਰ ਨੂੰ ਸੰਭਾਲ ਨਾਭੇ ਵਾਲੀ ਬਸ ਚੜ੍ਹ ਗਏ।
ਉØੱਥੇ ਫੌਜੀ ਭਰਤੀ ਸੀ। ਦੋਵਾਂ ਦੇ ਸਰੀਰ ਝੋਟਿਆਂ ਵਰਗੇ ਸਨ। ਕੋਈ ਵਾਪਿਸ ਨਾ ਪਰਤਿਆ। ਦੋਵਾਂ ਨੂੰ ਰੱਖ ਲਿਆ। ਫੌਜ਼ ਵਿਚ ਮੁੰਡਿਆਂ ਦੀ ਸਖ਼ਤ ਲੋੜ ਸੀ। ਉੱਧਰ ਦੀ ਉੱਧਰ ਹੀ ਟ੍ਰੇਨਿੰਗ ਲਈ ਭੇਜ ਦਿੱਤਾ। ਬਾਪੂ ਚਲਿਆ ਤਾਂ ਗਿਆ ਪਰ ਉਹਦੀ ਸੁਰਤੀ ਘਰ ਵਿਚ ਰਹਿ ਗਈ। ਘਰ ਵਿਚਲੀ ਉਹ ਬੈਠਕ ਉਸ ਨੂੰ ਤੰਗ ਕਰਨ ਲੱਗ ਪਈ, ਜਿਸ ਵਿਚ ਪਹਿਲੀ ਵਾਰ ਲਾਲੀ ਮਿਲੀ ਸੀ।
”ਉਹ ਮੋਰਨੀ ਵਾਂਗ ਤੁਰਦੀ ਸੀ ….!” ਦੱਸਦਾ ਹੋਇਆ ਬਾਪੂ ਭੀਲੋਆਲ ਦੇ ਮੇਲੇ ਵਾਲੀ ਘਟਨਾ ਸੁਨਾਉਣ ਲੱਗ ਪੈਂਦਾ, ”ਜਦੋਂ ਮੈਂ ਟ੍ਰੇਨਿੰਗ ਪੂਰੀ ਕਰਕੇ ਪਿੰਡ ਪਰਤਿਆ !… ਮਸਾਂ ਰਾਤ ਹੋਈ!… ਮੈਂ ਲਾਲੀ ਨੂੰ ਲਾਂਘੇ ਆਲੇ ਦਰਵਾਜ਼ੇ ਵਿਚ ਸੱਦ ਲਿਆ !… ਉਹ ਆ ਗਈ !… ਮੈਂ ਕਿੰਨਾ ਹੀ ਚਿਰ ਉਹਦੇ ਗਲ ਲੱਗ ਰੋਂਦਾ ਰਿਹਾ ! …. ਉਹ ਮੋਰਨੀ ਵਾਂਗ ਮੇਰੇ ਹੰਝੂ ਪੀਂਦੀ ਰਹੀ !… ਸਾਰਾ ਪਿੰਡ ਸੁੱਤਾ ਪਿਆ ਸੀ ! …. ਅਸੀਂ ਜਾਗ ਰਹੇ ਸਾਂ !… ਜਦੋਂ ਪਿੰਡ ਜਾਗਿਆ !… ਆਪੋ ਅਪਣੇ ਘਰੀਂ ਪਰਤ ਅਸੀਂ ਸੌ ਗਏ ਸਾਂ ….।।”
ਜਿਸ ਵਕਤ ਉਹ ਅਪਣੀ ਪ੍ਰੇਮ-ਕਥਾ ਛੋਹ ਲੈਂਦਾ। ਫਿਰ ਸੌਂਦਾ ਨਹੀਂ ਸੀ। ਸਾਰੀ ਰਾਤ ਅਪਣੇ ਪੱਟ ਦਾ ਉਹ ਹਿੱਸਾ ਚੁੰਮੀ ਜਾਂਦਾ ਜਿੱਥੇ ਮੋਰਨੀ ਵਾਹੀ ਹੁੰਦੀ ਸੀ।
”ਨਾ ਉਹ ਮੋਰਨੀ ਵਹਾਉਣ ਵਾਲੀ ਗੱਲ ਦੱਸ …!” ਮੇਰੇ ਅੰਦਰ ਫਸੀ ਕੋਈ ਗੱਲ ਉਸ ਦੀਆਂ ਗੱਲਾਂ ਵਿਚ ਵਹਿ ਤੁਰਦੀ
ਬਾਪੂ ਫਿਰ ਭੀਲੋਆਲ ਦਾ ਮੇਲਾ ਸੁਨਾਉਣ ਲੱਗ ਪੈਂਣਾ, ”ਅਸੀਂ ਅੱਗੜ-ਪਿੱਛੜ ਸਕੀਮ ਬਣਾ ਕੇ ਮੇਲੇ ਗਏ ਸੀ!… ਪਹਿਲਾਂ ਇਕ ਖਤਾਨ ਜਿਹੇ ’ਚ ਬਣੀ ਦੁਕਾਨ ’ਤੇ ਗਏ !.. ਉੱਥੇ ਪੱਲੀਆਂ ਵਿਛੀਆਂ ਹੋਈਆਂ ਸਨ !…. ਉਨ੍ਹਾਂ ਉØੱਪਰ ਬਹਿ ਅਸੀਂ ਜਲੇਬੀਆਂ-ਪਕੌੜੇ ਖਾਧੇ!… ਫਿਰ ਮੈਂ ਇਕ ਦੁਕਾਨ ਤੋਂ ਲਾਲੀ ਨੂੰ ਚੂੜੀਆਂ, ਗਾਨੀ ਤੇ ਇਕ ਮਿੱਟੀ ਦਾ ਮੋਰ ਲੈ ਕੇ ਦਿੱਤਾ … !… ਜਾਂਦੀ-ਜਾਂਦੀ ਉਹ ਜਿਹੜੀ ਗੱਲ ਕਹਿ ਕੇ ਗਈ !… ਬੱਸ ਮੇਰੀ ਜਾਨ ਈ ਕੱਢ ਕੇ ਲੈ ਗਈ…!”
”ਉਹ ਕੀ ਕਹਿ ਕੇ ਗਈ ਸੀ…?” ਮੇਰਾ ਸਵਾਲ ਸੁਣ ਬਾਪੂ ਪੱਟ ਉੱਪਰ ਥਾਪੀ ਮਾਰਦਾ, ”ਕਹਿੰਦੀ ਤੇਰਾ ਪੱਟ ਬੜਾ ਸੋਹਣਾ !… ਇਹਦੇ ’ਤੇ ਮੋਰਨੀ ਪਵਾ ਲੈ !… ਜਦੋਂ ਮੈਂ ਯਾਦ ਆਈ !… ਇਹਨੂੰ ਵੇਖ ਲਿਆ ਕਰੀਂ ….!”
”ਦੇਖ ਸ਼ਰਮ ਨੀ ਆਉਂਦੀ ਦੋਹਾਂ ਨੂੰ …।।” ਜਿਸ ਵਕਤ ਬਾਪੂ ਮੋਰਨੀ ਵਹਾਉਣ ਵਾਲੀ ਗੱਲ ਦੱਸ ਰਿਹਾ ਹੁੰਦਾ ਮਾਂ ਗਾਲਾਂ ਕੱਢਣ ਲੱਗ ਪੈਂਦੀ। ਉਹਦੀ ਟੁੱਕੀ ਗੱਲ ਬਾਪੂ ਦਾ ਅੰਦਰ ਵੱਢ ਜਾਂਦੀ।
ਉਹ ਕਿੰਨਾਂ ਹੀ ਚਿਰ ਵਰਾਂਢੇ ਦੀ ਕੰਧ ’ਤੇ ਟੰਗੀ ਮੋਰਨੀ ਵਾਲੀ ਫੋਟੋ ਵੱਲ ਵੇਖਦਾ ਰਹਿੰਦਾ।
”ਵੇ ਇਹ ਤਾਂ ਕੰਜਰ ਹੈ ਈ ਇਹਾ ਜਿਆ !… ਭਲਾਂ ਤੇਰੀ ਸ਼ਰਮ ਕਿਉਂ ਜਲਗੀ….?” ਮਾਂ ਦੀ ਗੱਲ ਸੁਣ ਮੈਂ ਸੋਚੀਂ ਪੈ ਜਾਂਦਾ
ਮੈਂ ਤਾਂ ਮਨੀ ਨਾਲ ਲਵ-ਮੈਰਿਜ਼ ਕਰਵਾਈ ਸੀ। ਫਿਰ ਕਿਹੜੀ ਗੱਠ ਸੀ, ਜਿਸ ਨੂੰ ਖੋਲ੍ਹਣ ਲਈ ਮੈਂ ਬਾਪੂ ਦੀ ਪ੍ਰੇਮ ਕਥਾ ਸੁਣਨ ਲੱਗ ਪੈਂਦਾ? ਮਾਂ ਦੇ ਕਹਿਣ ਵਾਂਗ ਉਹ ਤਾਂ ਕੰਜਰ ਸੀ। ਕੀ ਮੇਰੇ ਅੰਦਰ ਵੀ ਕੋਈ ਕੰਜਰ ਬੈਠਾ ਸੀ ?
ਸੋਚ ਕੇ ਮੈਂ ਡਰ ਗਿਆ। ਮੈਨੂੰ ਅਪਣੇ ਆਪ ਤੋਂ ਹੀ ਭੈਅ ਜਿਹਾ ਆਇਆ।
”ਜੇਕਰ ਮਨੀ ਨੂੰ ਪਤਾ ਲੱਗਾ ਗਿਆ ਕਿ ਉਹ ‘ਕੰਜਰ ਦੇ ਪੁੱਤ’ ਨੂੰ ਵਿਆਹੀ ਗਈ ਫਿਰ ….?” ਖ਼ਤਰਨਾਕ ਖ਼ਿਆਲ ਉੱਪਰ ਕਾਟੀ ਮਾਰ ਮੈਂ ਮਨੀ ਵੱਲ ਪਿੱਠ ਕਰ ਲਈ।
”ਵੇਖੀਂ ਪਿੱਠ ਨਾ ਦਿਖਾਈਂ ਪੁੱਤ…!” ਬਾਪੂ ਮੇਰੀ ਪਿੱਠ ਥਾਪੜਨ ਲੱਗ ਪਿਆ
ਮੇਰੀ ਸੁਰਤੀ ਵਿਚ ਉਹ ‘ਕੰਜਰਾਂ ਦੇ ਅੱਡੇ’ ਵੱਲ ਨੂੰ ਤੁਰਿਆ ਜਾ ਰਿਹਾ ਸੀ।
ਬਿੱਲੂ ਦੀ ਦੁਕਾਨ ਨੂੰ ਮਾਂ ‘ਕੰਜਰਾਂ ਦਾ ਅੱਡਾ’ ਆਖਦੀ ਹੁੰਦੀ। ਉਹ ਕੀ ਸਾਰਾ ਪਿੰਡ ਹੀ ਆਖਦਾ ਸੀ। ਜਿਹੜਾ ਵੀ ਦੁਕਾਨ ਮੂਹਰਦੀ ਲੰਘਦਾ। ਉਹਦੀ ਨਿਗਾਹ ਸਾਹਮਣੀ ਕੰਧ ਨਾਲ ਜਾ ਟਕਰਾਉਂਦੀ। ਉਸ ’ਤੇ ਕੋਈ ਲਾਲ ਰੰਗ ਨਾਲ ਲਿਖ ਗਿਆ ਸੀ, ”ਬਹੁਤੇ ਵਿਆਹਾਂ ਦੇ ਸ਼ੌਕੀਨ ! …. ਬਿੱਲੂ ਨੂੰ ਮਿਲੋ ….!”
”ਕੰਧਾਂ ਉੱਪਰ ਲਿਖੀਆਂ ਗੱਲਾਂ ਦਾ ਵੀ ਅਪਣਾ ਈ ਸਵਾਦ ਹੁੰਦਾ…।।” ਲਿਖਿਆ ਮੇਟਣ ਦੀ ਥਾਂ ਬਿੱਲੂ ਮਾਣ ਨਾਲ ਆਖਦਾ
ਉਹਦੀ ਦੁਕਾਨ ਉੱਪਰ ਬਾਪੂ ਵਰਗੇ ਬੁੜਿਆਂ ਦੀ ਟੋਲੀ ਬੈਠਦੀ ਸੀ।
ਉਂਝ ਤਾਂ ਪੰਚਾਇਤ ਨੇ ‘ਸੀਨੀਅਰ ਸਿਟੀਜ਼ਨ ਹੋਮ’ ਵੀ ਬਣਾਇਆ ਹੋਇਆ ਸੀ।
ਪਰ ਬਾਪੂ ਦੀ ਕਿਸੇ ਨਾਲ ਸੁਰ ਨਾ ਮਿਲੀ। ਉੱਥੇ ਬਹੁਤੇ ‘ਰਿਟਾਇਰ ਬੰਦੇ’ ਬੈਠਦੇ ਸਨ। ਕੋਈ ਤਾਸ਼ ਖੇਡਦਾ। ਕੋਈ ਟੀ.ਵੀ. ਵੇਖਦਾ। ਕੋਈ ਅਖਬਾਰ ਜਾਂ ਕਿਤਾਬ ਪੜ੍ਹਦਾ। ਤੇ ਕੋਈ ਗੱਲਾਂ ਹੀ ਮਾਰੀਂ ਜਾਂਦਾ। ਬਾਪੂ ਨੂੰ ਉਨ੍ਹਾਂ ਦਾ ਕੁੱਝ ਵੀ ਫਿੱਟ ਨਾ ਆਇਆ। ਕਿਸੇ ਬੇਚੈਨੀ ਦਾ ਮਾਰਿਆ ਉਹ ਹਵਾ ਵਾਂਗ ਘੁੰਮਣ ਲੱਗ ਪਿਆ। ਘੁੰਮਦਾ-ਫਿਰਦਾ ਇਕ ਦਿਨ ਬਿੱਲੂ ਦੀ ਦੁਕਾਨ ’ਤੇ ਜਾ ਰਿਹਾ। ਉੱਥੇ ਅੱਠ-ਦਸ ਬੁੜੇ ਬੈਠੇ ਕਮਾਲ ਦੀਆਂ ਗੱਲਾਂ ਕਰ ਰਹੇ ਸਨ। ਕੋਈ ਸ਼ਰਾਬ ਦੀ ਗੱਲ ਕਰਦਾ। ਕੋਈ ਲੁਕਵੀਆਂ ਗੱਲਾਂ ਦੀ ਕਥਾ ਛੇੜਦ। ਤੇ ਕੋਈ ਪੁਰਾਣੇ ਇਸ਼ਕ-ਮੁਸ਼ਕ ਦੀ ਗੱਲ ਤੋਰਦਾ।
ਬਾਪੂ ਨੂੰ ਉਨ੍ਹਾਂ ਵਿਚੋਂ ਅਪਣਾ ਆਪਾ ਨਜ਼ਰ ਆਇਆ। ਉਸ ਅੰਦਰ ਦੱਬੀ ਅੱਗ ਸੁਲਗ ਉੱਠੀ। ਜਿਉਂ ਹੀ ਸੂਰਜ ਦੀ ਟਿੱਕੀ ਚੜ੍ਹਦੀ। ਉਹ ਬਿੱਲੂ ਦੀ ਦੁਕਾਨ ਵੱਲ ਨੂੰ ਤੁਰ ਪੈਂਦਾ। ਜਿਸ ਦਿਨ ਉਹਨੇ ਗੱਲ ਛੇੜੀ, ”ਲਾਲੀ ਮੇਰੀ ਮੋਰਨੀ ਸੀ …..।।”
”ਹਈ ਸ਼ਾਵਾ !…… ਇਹ ਵੀ ਮੁੰਡਾ ਈ ਨਿੱਕਲਿਆ …।।” ਬੁੜਿਆਂ ਵਿਚ ਹਾਸੜ ਮੱਚ ਗਈ।
ਬਾਪੂ ਨੂੰ ਉਨ੍ਹਾਂ ਦਾ ਹਾਸਾ ਬੁਰਾ ਲੱਗਿਆ। ਉਹ ਘਰ ਆ ਕੇ ਅੱਧੀ ਰਾਤ ਤੱਕ ਬੁੜ-ਬੁੜ ਕਰਦਾ ਰਿਹਾ, ”ਸਾਲੇ ਸਾਰੇ ਈ ਬਾਰਾਂ ਮੁੱਠੀ ਦੇ ਕਲੰਨ ਨੇ ! …. ਮੈਂ ਕੁਸ਼ ਹੋਰ ਦੱਸਦਾਂ ! … ਉਹ ਕੁਸ਼ ਹੋਰ ਸਮਝੀ ਜਾਂਦੇ ਨੇ….।।”
”ਲਿਆ ਮੈਨੂੰ ਸਮਝਾ….!” ਉਹਦੀ ਬੇਵਸੀ ਵੇਖ ਮੇਰਾ ਦਿਲ ਬੈਠਣ ਲੱਗ ਪਿਆ
”ਜਿੱਥੇ ਲਾਲੀ ਬੈਠਦੀ ਹੁੰਦੀ ਸੀ !… ਫਿਰ ਮੈਂ ਦੋਵੇਂ ਕੁੱਜੀਆਂ ਉੱਥੇ ਰੱਖ ਆਇਆ….!” ਅ-ਕਥਾ ਬਣੀ ਪ੍ਰੇਮ-ਕਥਾ ਦੱਸਦਿਆਂ ਬਾਪੂ ਦੀਆਂ ਅੱਖਾਂ ਭਿੱਜ ਜਾਂਦੀਆਂ ਸਨ।
ਜਿਸ ਸਾਲ ਲਾਲੀ ਦਾ ਵਿਆਹ ਹੋਇਆ। ਉਹ ਸਾਲ ਬਾਪੂ ਲਈ ਪਰਲੋ ਸੀ। ਉਸ ਨੂੰ ਪਿੰਡ ਵੜਨ ਸਾਰ ਹੀ ਪਤਾ ਲੱਗ ਗਿਆ। ਉਹ ਘਰ ਤੱਕ ਮਸਾਂ ਪਹੁੰਚਿਆ। ਮਸਾਂ ਰਾਤ ਹੋਈ। ਜਦੋਂ ਟਿਕ-ਟਿਕਾਅ ਹੋ ਗਿਆ, ਬਾਪੂ ਨੇ ਫੌਜੀ ਟਰੰਕ ਵਿਚੋਂ ਰਸਗੁੱਲਿਆਂ ਦੀਆ ਦੋ ਕੁੱਜੀਆਂ ਕੱਢ ਲਈਆਂ। ਉਹ ਦਿੱਲੀ ਤੋਂ ਲਾਲੀ ਲਈ ਲਿਆਇਆ ਸੀ। ਇਕੱਲਾ ਕਿੰਝ ਖਾਂਦਾ। ਉਦਾਸ ਮਨ ਨਾਲ ਲਾਂਘੇ ਵਾਲੇ ਦਰਵਾਜੇ ਵੱਲ ਨੂੰ ਤੁਰ ਪਿਆ। ਰਾਹ ਵਿਚ ਕਈ ਬੰਦਿਆਂ ਨੇ ਬੁਲਾਇਆ ਵੀ। ਪਰ ਉਹ ਕੁੱਝ ਨਾ ਬੋਲਿਆ। ਉਹ ਉਸ ਥਾਂ ਜਾ ਬੈਠਿਆ, ਜਿੱਥੇ ਲਾਲੀ ਬਹਿੰਦੀ ਹੁੰਦੀ। ਉਸ ਥਾਂ ਵਿਚ ਕੋਈ ਗੁੱਝਾ ਅਸਰ ਸੀ। ਬੈਠਣ ਸਾਰ ਬਾਪੂ ਭੁੱਬੀਂ ਰੋਣ ਲੱਗ ਪਿਆ। ਪਰ ਉਹਦੇ ਹੰਝੂ ਪੀਣ ਵਾਲੀ ਮੋਰਨੀ ਕਿਤੇ ਨਹੀਂ ਸੀ।
ਜਦੋਂ ਮਨ ਭਰ ਗਿਆ। ਉਹ ਉੱਠਿਆ। ਰਸਗੁੱਲਿਆਂ ਵਾਲੀਆਂ ਕੁੱਜੀਆਂ ਲਾਲੀ ਦੇ ਬੈਠਣ ਵਾਲੀ ਥਾਂ ਰੱਖ ਘਰ ਨੂੰ ਪਰਤ ਪਿਆ।
”ਰਾਤ ਆਹ ਟੂਣਾਂ ਪਤਾ ਨੀਂ ਕਿਹੜਾ ਕਰ ਗਿਆ ….।।” ਸਵੇਰ ਹੋਣ ਸਾਰ ਲੋਕ ਗੱਲਾਂ ਕਰ ਰਹੇ ਸਨ।
ਕਈਆਂ ਦੀ ਰਾਇ ਸੀ, ”ਫੌਜੀ ਤਾਂ ਐਂ ਲੱਗਦਾ ਜਿਮੇ ਕਿਸੇ ਟੂਣੇ ਤੋਂ ਦੀ ਟੱਪ ਗਿਆ ਹੁੰਦਾ ….!”
ਪਰ ਬਾਪੂ ਉੱਪਰ ਕਿਸੇ ਦਾ ਅਸਰ ਨਹੀਂ ਸੀ। ਕੋਈ ਡੂੰਘੀ ਚੁੱਪ ਉਹਦੇ ਅੰਦਰ ਲਹਿ ਗਈ ਸੀ। ਉਹ ਚੁੱਪ-ਚਾਪ ਘਰਾਂ ਦੀਆਂ ਕੰਧਾਂ ਵੱਲ ਵੇਖਦਾ ਫਿਰੀਂ ਜਾਂਦਾ। ਜਿੱਧਰ ਵੀ ਵੇਖਦਾ, ਉਸ ਨੂੰ ਅਲੀਪੁਰ ਵਾਲੇ ਸਰਦਾਰਾਂ ਦਾ ਕਾਲਾ ਦਿਸਦਾ ਰਹਿੰਦਾ।
ਉਹ ਲਾਲੀ ਨੂੰ ਵਿਆਹ ਕੇ ਲੈ ਗਿਆ ਸੀ। ਬਾਪੂ ਦੀ ਮੋਰਨੀ ਉਹਦੀ ਕੋਠੀ ਵਿਚ ਕੈਦ ਸੀ।
ਉਹਦੀ ਕੋਠੀ ਵਿਚ ਹੋਰ ਵੀ ਬੜਾ ਕੁੱਝ ਕੈਦ ਸੀ।
ਕੰਧ ’ਤੇ ਟੰਗੀ ਰਾਇਫਲ। ਮੋਰਾਂ ਦੇ ਖੰਭ। ਖੱਲ੍ਹ ਵਿਚ ਤੂੜੀ ਭਰਵਾ ਕੇ ਥਾਂ-ਥਾਂ ਰੱਖੀਆਂ ਮੋਰਨੀਆਂ।
ਉਹ ਮੋਰਨੀਆਂ ਦਾ ਸ਼ਿਕਾਰੀ ਸੀ।
ਜਿਸ ਵਕਤ ਕੋਈ ਪੈਲਾਂ ਪਾ ਰਹੀ ਜੋੜੀ ਦਿਖਾਈ ਦਿੰਦੀ। ਉਹ ਸਭ ਤੋਂ ਪਹਿਲਾਂ ਮੋਰਨੀ ਦਾ ਨਿਸ਼ਾਨਾ ਬੰਨ੍ਹਦਾ ਸੀ।
”ਨੀ ਉØੱਡ ਜਾ ਮੋਰਨੀਏ…. ਤੇਰੇ ਮਗਰ ਬੰਦੂਕਾਂ ਵਾਲੇ….।।” ਜਿਸ ਦਿਨ ਬਾਪੂ ਦੀ ਚੁੱਪ ਟੁੱਟਦੀ ਉਸ ਰਾਤ ਉਹਦੀਆਂ ਸੋਚਾਂ ਵਿਚ ਖੰਭ ਘੁੰਮਦੇ ਰਹਿੰਦੇ ਸਨ।
ਇਸ ਵਕਤ ਉਹ ਪਤਾ ਨਹੀਂ ਕਿੱਥੇ ਘੁੰਮ ਰਿਹਾ ਸੀ?
ਉਹਦੀ ਇਹੋ ਗੱਲ ਮਾਂ ਨੂੰ ਮਾਰ ਗਈ। ਨਹੀਂ ਮਾਂ ਕਿਤੇ ਡਿੱਗਣ ਵਾਲੀ ਸੀ?
ਜਦੋਂ ਉਹ ਨਵੀਂ ਵਿਆਹੀ ਆਈ। ਉਹਨੇ ਡਿੱਗ ਰਹੇ ਬਾਪੂ ਨੂੰ ਸਾਂਭਿਆ। ਗੁੜ ਖਾਣਿਆਂ ਦੀ ਬੁੜੀ ਦੱਸਦੀ ਹੁੰਦੀ। ਕਹਿੰਦੀ ਮਾਂ ਬੜੀ ਸੁਨੱਖੀ ਸੀ। ਉਹਨੇ ਆ ਕੇ ਹਾਰ ਰਹੇ ਬਾਪੂ ਨੂੰ ਜਿੱਤ ਲਿਆ। ਜਦੋਂ ਉਹ ਛੁੱਟੀ ਆਉਂਦਾ। ਮਾਂ ਉਹਦੀ ਮੋਰਨੀ ਬਣਨ ਦੀ ਕੋਸ਼ਿਸ਼ ਕਰਦੀ। ਬਾਪੂ ਉਸ ਨਾਲ ਰੱਜ ਕੇ ਜਿਉਂਦਾ। ਜਦੋਂ ਵਾਪਿਸ ਜਾਂਦਾ। ਮਾਂ ਨੂੰ ਛੱਡ ਕੇ ਜਾਣ ਦਾ ਖ਼ਿਆਲ ਉਸ ਨੂੰ ਉਦਾਸ ਕਰ ਜਾਂਦਾ।
”ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ ….।।” ਮੈਨੂੰ ਬਾਪੂ ਦੀ ਤੁਕ ਯਾਦ ਆ ਗਈ।
ਉਦਾਸੀ ਕੱਟਣ ਲਈ ਉਹ ਬਿੱਲੂ ਦੀ ਦੁਕਾਨ ਵੱਲ ਨੂੰ ਸਿੱਧਾ ਹੋ ਲੈਂਦਾ ਸੀ।
”ਆਪਾਂ ਐਥੇ ਉਦਾਸੀ ਕੱਟਣ ਨੂੰ ਈ ਬੈਠੇ ਆਂ ਫੌਜੀਆ! …. ਲਿਆ ਕੱਢ ਪੰਜ ਸੌ … ਤੇ ਬੋਲ ਵਾਹਿਗੁਰੂ ….।।” ਬਿੱਲੂ ਦੀ ਗੱਲ ਸੁਣ ਬਾਪੂ ਜੇਬ ਵਿਚ ਹੱਥ ਪਾ ਲੈਂਦਾ।
ਉਹਦੀ ਦੁਕਾਨ ’ਤੇ ਬੈਠਣ ਵਾਲੇ ਬੁੜਿਆਂ ਦੀ ਟੋਲੀ ਦਾ ਦਸਤੂਰ ਜੱਗ ਤੋਂ ਵੱਖਰਾ ਸੀ।
ਪਿੰਡ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਟੋਲੀ ‘ਨੌਜਵਾਨ ਕਲੱਬ’ ਸੀ। ਬੁੜ੍ਹੇ ਉਸ ਦੇ ਮੈਂਬਰ ਸਨ।
ਮੈਂਬਰਸ਼ਿਪ ਫੀਸ ਪੰਜ ਸੌ ਰੁਪਈਆ ਮਹੀਨਾ ਸੀ।
ਜਿਸ ਦਿਨ ਬਾਪੂ ਨੂੰ ਪੈਨਸ਼ਨ ਮਿਲਦੀ। ਉਹ ਸਭ ਤੋਂ ਪਹਿਲਾਂ ਫੀਸ ਜਮ੍ਹਾਂ ਕਰਵਾ ਕੇ ਆਉਂਦਾ।
ਬਿੱਲੂ ਉਨ੍ਹਾਂ ਦਾ ਖਜ਼ਾਨਚੀ ਤੋਂ ਲੈ ਕੇ ਸਭ ਕੁੱਝ ਸੀ। ਉਹ ਬੁੜ੍ਹਿਆਂ ਦੀ ਰੂਹ ਰਾਜ਼ੀ ਕਰਨ ਵਾਲਾ ਮਸੀਹਾ ਸੀ। ਸ਼ਰਾਬ ਵਾਲੇ ਲਈ ਸ਼ਰਾਬ ਲਿਆਉਣੀ। ਸ਼ਬਾਬ ਵਾਲੇ ਲਈ ਤੀਵੀਂ ਲਿਆਉਣੀ। ਤੇ ਜਿਹੜਾ ਜੋ ਵੀ ਆਖਦਾ ਉਹਦੇ ਦਿਲ ਲੱਗਦੀ ਗੱਲ ਕਰਨੀ।
ਬਿੱਲੂ ਸਭ ਨੂੰ ਜਿੱਤ ਲੈਂਦਾ ਸੀ। ਪਰ ਬਾਪੂ ਉਸ ਤੋਂ ਕਾਬੂ ਨਾ ਆਉਂਦਾ। ਉਹ ਸ਼ਰਾਬ ਪੀਤੀ ਵਿਚ ਇਕ ਹੀ ਗੱਲ ਆਖੀ ਜਾਂਦਾ, ”ਕਿਤੋਂ ਮੇਰੀ ਮੋਰਨੀ ਲੱਭ ਕੇ ਲਿਆ ਦੇ…।।”
ਬਿੱਲੂ ਕਿੱਥੋਂ ਲਿਆਉਂਦਾ? ਉਹ ਤਾਂ ਬਾਪੂ ਨੂੰ ਮਾਂ ਵਿਚੋਂ ਵੀ ਨਹੀਂ ਲੱਭੀ ਸੀ।
”ਇਕ ਵਾਰੀ ਤਾਂ ਲੱਭ ਪਈ ਸੀ !… ਪਰ ਪਿੱਛੋਂ ਸਾਲਾ ਜੰਗ ਖੋਹ ਕੇ ਲੈ ਗਿਆ !… ਅਲੀਪੁਰ ਆਲਾ ਕਾਲਾ ਨਾ ਹੋਵੇ ਸਾਲਾ ਕੁੱਤਾ ….।।” ਜਿੰਨ੍ਹਾਂ ਪਲਾਂ ਵਿਚ ਬਾਪੂ ਅੰਦਰ ਖੋਹ ਪੈਂਦੀ
ਉਹ ਜੰਗ ਚਾਚੇ ਦੀ ਮਾਂ-ਭੈਣ ਇਕ ਕਰ ਦਿੰਦਾ। ਗਾਲਾਂ ਕੱਢਦਾ ਹੋਇਆ ਉਹ ਸਕੇ ਭਾਈਆਂ ਵਾਲਾ ਵਰਕਾ ਹੀ ਪਾੜ ਕੇ ਸਿੱਟ ਦਿੰਦਾ।
”ਉਹ ਮੇਰਾ ਭਾਈ ਨੀ !…. ਮੇਰੀ ਮੋਰਨੀ ਦਾ ਚੋਰ ਐ ! … ਮੈਂ ਉੱਥੇ ਸਰਹੱਦਾਂ ’ਤੇ ਲੱਭਦਾ ਫਿਰੀਂ ਜਾਨਾ !… ਦੁਸ਼ਮਣ ਤਾਂ ਸਾਲਾ ਘਰੇ ਫਿਰਦਾ ….।।” ਛੁੱਟੀ ਆਇਆ ਬਾਪੂ ਜ਼ਹਿਰ ਨਾਲ ਭਰ ਜਾਂਦਾ
ਜੰਗ ਚਾਚਾ ਉਹਦੀ ਪਿੱਠ ਦਾ ਜ਼ਖ਼ਮ ਸੀ।
”ਮੇਰੇ ਪਿਛੋਂ ਇਹ ਕੀ ਕਰਦੇ ਨੇ !.. ਮੈਨੂੰ ਸਭ ਪਤਾ ਚਾਚੀ…।।” ਜਾਣ ਤੋਂ ਪਹਿਲਾਂ ਬਾਪੂ ਗੁੜ ਖਾਣਿਆਂ ਦੀ ਬੁੜ੍ਹੀ ਕੋਲ ਦੁੱਖ ਫਰੋਲਦਾ ਹੁੰਦਾ ਸੀ।
ਉਹਦਾ ਇਤਹਾਸ ਫਰੋਲਦਾ ਹੋਇਆ ਜਿਸ ਦਿਨ ਮੈਂ ਉਸ ਕੋਲ ਜਾਂਦਾ। ਉਹ ਮੈਨੂੰ ਸਭ ਕੁੱਝ ਦੱਸ ਦਿੰਦੀ। ਉਹ ਸਾਰੇ ਪਿੰਡ ਦੀ ਖਬਰ ਰੱਖਦੀ ਸੀ।
ਬਾਪੂ ਨੂੰ ਉਸ ਤੋਂ ਸਭ ਕੁੱਝ ਪਤਾ ਲੱਗ ਗਿਆ ਸੀ।
ਛੁੱਟੀ ਆਇਆ ਜਦੋਂ ਉਹ ਮੇਰੇ ਨਾਨਕੀਂ ਜਾਂਦਾ। ਸਕੂਟਰ ਨਹਿਰ ਦੀ ਪਟੜੀ ਪਾ ਲੈਂਦਾ। ਮਾਂ ਉਹਦੇ ਪਿੱਛੇ ਬੈਠੀ ਹੁੰਦੀ। ਬਾਪੂ ਪਿਆਰ ਦੀ ਗੱਲ ਛੇੜ ਲੈਂਦਾ। ਉਹ ਹੁੰਗਾਰਾ ਭਰਨ ਲੱਗਦੀ। ਜਦੋਂ ਬਾਪੂ ਖਿੜ ਜਾਂਦਾ। ਉਹਦੇ ਦਿਮਾਗ ਵਿਚ ਜੰਗ ਚਾਚਾ ਆ ਵੜਦਾ। ਉਹ ਸੁਆਹ ਹੋ ਜਾਂਦਾ। ਜਦੋਂ ਮਾਂ ਪੁੱਛਦੀ, ”ਕਿਉਂ ਕੀ ਹੋ ਗਿਆ ….?”
”ਜੰਗ ਮਗਰ ਵੀ ਐਵੀਂ ਬੈਠਦੀਂ ਹੋਵੇਗੀ …।।” ਖੂਨ ਦਾ ਘੁੱਟ ਭਰ ਉਹ ਸਕੂਟਰ ਦੀ ਰੇਸ ਵਧਾ ਦਿੰਦਾ।
”ਮੇਰੇ ਨਾਨਕੀਂ ਜਾ ਕੇ ਵੀ ਉਹਨੂੰ ਟੇਕ ਨਹੀਂ ਆਉਂਦੀ ਸੀ ….!” ਮੇਰੇ ਪੁੱਛਣ ’ਤੇ ਗੁੜ ਖਾਣਿਆਂ ਦੀ ਬੁੜ੍ਹੀ ਅਗਲੀ ਪਰਤ ਖੋਲ੍ਹਦੀ।
ਉਹ ਕਹਿੰਦੀ ਮੇਰੇ ਨਾਨਕੀਂ ਜਾ ਕੇ ਬਾਪੂ ਬੁੱਜ ਜਿਹਾ ਹੋ ਜਾਂਦਾ ਸੀ। ਆਂਢ-ਗੁਆਂਢ ਦੀਆਂ ਕੁੜੀਆਂ ਉਸ ਨੂੰ ਟਿੱਚਰਾਂ-ਮਖੌਲ ਕਰਦੀਆਂ। ਪਰ ਉਹ ਗੁੰਮ-ਸੁੰਮ ਹੋਇਆ ਬੈਠਾ ਰਹਿੰਦਾ। ਜਦੋਂ ਰਾਤ ਪੈਂਦੀ। ਮੰਜੇ ਕੋਠੇ ’ਤੇ ਚੜ੍ਹਾ ਲੈਂਦੇ। ਸਭ ਦੀਆਂ ਕੰਧਾਂ ਸਾਂਝੀਆਂ ਸਨ। ਅੱਧੀ-ਅੱਧੀ ਰਾਤ ਤੱਕ ਗੱਲਾਂ ਚੱਲਦੀਆਂ। ਕੁੜੀਆਂ ਵਿਚ ਪਈ ਮਾਂ ਦਾ ਹਾਸਾ ਗੂੰਜਦਾ। ਬੰਦਿਆਂ ਵਿਚ ਪਿਆ ਜੁਆਲਾ ਪਟਵਾਰੀ ਸਭ ਤੋਂ ਉØੱਚੀ ਹੱਸਦਾ। ਬਾਪੂ ਨੂੰ ਉਹ ਚੰਗਾ ਨਾ ਲੱਗਦਾ। ਹਨ੍ਹੇਰੇ ਵਿਚ ਪਿਆ ਉਹ ਫਸੀ ਗਟਾਰ ਵਾਂਗ ਝਾਕੀਂ ਜਾਂਦਾ। ਜਦੋਂ ਗੋੲ੍ਹੀਆਂ ਦਾ ਨਛੱਤਰ ਪੁੱਛਦਾ, ”ਕਿਉਂ ਪ੍ਰਹੁਣਿਆ ! … ਹੈ ਕਿ ਨਹੀਂ …..।।”
”ਹਾਂ ਮਾਸੜਾ !… ਗੱਲ ਤਾਂ ਥੋਡੀ ਠੀਕ ਐ ….।।” ਆਖਣ ਨੂੰ ਤਾਂ ਬਾਪੂ ਆਖ ਜਾਂਦਾ ਪਰ ਉਸ ਨੂੰ ਕੁੱਝ ਵੀ ਠੀਕ ਨਾ ਲੱਗਦਾ। ਕਿੰਨੀਆਂ ਹੀ ਸ਼ਕਲਾਂ ਉਸ ਅੰਦਰ ਖਲਤ-ਮਲਤ ਹੋ ਜਾਂਦੀਆਂ।
ਸਵੇਰ ਹੋਣ ਤੱਕ ਉਹ ਜ਼ਹਿਰ ਨਾਲ ਭਰ ਜਾਂਦਾ ਸੀ।
ਵਾਪਸੀ ਵਕਤ ਸਕੂਟਰ ਤਾਂ ਉਹ ਚਲਾ ਰਿਹਾ ਹੁੰਦਾ ਪਰ ਉਸ ਨੂੰ ਸਾਰੇ ਰਾਹ ਜੰਗ ਚਾਚੇ ਪਿੱਛੇ ਬੈਠੀ ਜਾਂਦੀ ਮਾਂ ਦਿਸਦੀ ਰਹਿੰਦੀ।
ਮੈਨੂੰ ਹਰ ਰਾਤ ਬਾਪੂ ਕਿਉਂ ਦਿਸਦਾ ਰਹਿੰਦਾ ਸੀ? ਮੈਂ ਅਜੇ ਵੀ ਉਹਦੇ ਪਿੱਛੇ ਕਿਉਂ ਪਿਆ ਹੋਇਆ ਸੀ? ਉਹ ਕਿਹੜੀ ਗੱਲ ਸੀ ਜਿਸ ਕਾਰਨ ਉਹ ਮੈਨੂੰ ਚੰਗਾ ਵੀ ਲੱਗਦਾ ਤੇ ਮਾੜਾ ਵੀ ਲੱਗਦਾ ਸੀ?
ਮੈਂ ਬੜਾ ਸੋਚਿਆ। ਜਦੋਂ ਕੋਈ ਸਮਝ ਨਾ ਆਈ। ਮੈਂ ਮਾਂ ਵੱਲ ਵੇਖਣ ਲੱਗ ਪਿਆ।
ਉਹ ਯਾਨੀ ਮੁੱਦਤਾਂ ਤੋਂ ਖੇਸ ਵਿਚ ਲਿਪਟੀ ਪਈ ਸੀ।
ਉਸ ਵੱਲ ਵੇਖ ਮੈਨੂੰ ਇਕ ਬਹੁਤ ਹੀ ਡਰਾਉਣਾ ਖ਼ਿਆਲ ਆਇਆ। ਯਾਨੀ ਉਹ ਮਾਂ ਨਹੀਂ ਬਾਪੂ ਸੀ। ਉਹ ਖੇਸ ਵਿਚ ਨਹੀਂ ਚਿੱਟੇ ਲੱਠੇ ਵਿਚ ਲਿਪਟਿਆ ਪਿਆ ਸੀ।
ਕੀ ਉਹ ਸੱਚੀਂ ਮਰ ਗਿਆ !!
ਬਾਪੂ ਦੀ ਮੌਤ ਦਾ ਖ਼ਿਆਲ ਮੈਨੂੰ ਰੀੜ੍ਹ ਦੀ ਹੱਡੀ ਤੱਕ ਠਾਰ ਗਿਆ।
ਮੈਂ ਉਸ ਖ਼ਿਆਲ ਤੋਂ ਖਹਿੜਾ ਛੁਡਾਉਣ ਲੱਗਿਆ। ਪਰ ਛੁਡਾ ਨਾ ਸਕਿਆ। ਮਾਂ ਦੀ ਆਖੀ ਗੱਲ ਮੈਨੂੰ ਘੇਰਾ ਪਾਉਣ ਲੱਗ ਪਈ, ”ਮਰ ਤਾਂ ਉਹ ਬਹੁਤ ਪਹਿਲਾਂ ਈ ਗਿਆ ਤੀ …!”
ਉਹ ਠੀਕ ਕਹਿੰਦੀ ਸੀ। ਬਾਪੂ ਅੰਦਰ ਮਾਂ ਦੇ ਮਰਨ ਦੀ ਇੱਛਾ ਜੰਮ ਪਈ ਸੀ।
ਕਈ ਵਾਰ ਉਹ ਸਵੇਰੇ ਚਾਰ ਵਜੇ ਹੀ ਉØੱਠ ਖੜ੍ਹਦਾ। ਹੱਥ ਮੂੰਹ ਧੋ ਕੇ ਬਾਬਾ ਗਿਆਨ ਦਾਸ ਦੀ ਸਮਾਧ ਵੱਲ ਨੂੰ ਚਲਿਆ ਜਾਂਦਾ। ਜਦੋਂ ਵਾਪਿਸ ਪਰਤਦਾ। ਮੈਂ ਪੁੱਛਣ ਲੱਗ ਪੈਂਦਾ, ”ਕਿੱਥੇ ਗਿਆ ਸੀ ਬਾਪੂ…?”
”ਤੇਰੀ ਮਾਂ ਦੇ ਮਰਨ ਦੀ ਸੁੱਖ ਸੁੱਖਣ ਗਿਆ ਸੀ …!” ਦੰਦ ਪੀਂਹਦਾ ਹੋਇਆ ਉਹ ਮਰਨ ਮਾਰਨ ’ਤੇ ਉØੱਤਰ ਆਉਂਦਾ ਸੀ।
ਬੁੜ੍ਹਿਆਂ ਦੀ ਟੋਲੀ ਵਿਚ ਬੈਠਾ ਬਿੱਲੂ ਵੀ ਬਾਪੂ ਦੀ ਇਹ ਇੱਛਾ ਸੁਣਾਉਂਦਾ ਹੁੰਦਾ, ”ਬਈ ਫੌਜੀ ਕਮਾਲ ਦਾ ਬੰਦਾ ਸੀ! … ਇਕ ਵਾਰੀ ਘਰਆਲੀ ਨੂੰ ਸਕੂਟਰ ’ਤੇ ਬਿਠਾਈਂ ਨਹਿਰ-ਨਹਿਰ ਜਾਵੇ !.. ਜਦੋਂ ਅੱਧ-ਵਿਚਾਲੇ ਜਿਹੇ ਗਿਆ!… ਅੱਗੋਂ ਨਹਿਰ ਦੀ ਪਟੜੀ ’ਤੇ ਚਾਰ-ਪੰਜ ਬੰਦੇ ਤੁਰੇ ਆਉਣ ! ਕਿਸੇ ਕੋਲ ਗੰਡਾਸੀ !…. ਕਿਸੇ ਕੋਲ ਡਾਂਗ!… ਦੋ ਜਣਿਆਂ ਕੋਲ ਰਫਲਾਂ !…. ਵੇਖ ਕੇ ਪਹਿਲਾਂ ਤਾਂ ਫੌਜੀ ਯਰਕ ਗਿਆ !… ਬਈ ਅੱਜ ਤਾਂ ਸਭ ਕੁਸ਼ ਗਿਆ !… ਪਰ ਅਗਲੇ ਹੀ ਪਲ ਉਹ ਸਭ ਕੁਸ਼ ਦੇਣ ਲਈ ਤਿਆਰ ਹੋ ਗਿਆ !… ਘੜ੍ਹੀ, ਕੜਾ, ਛਾਂਪ ਤੇ ਸਕੂਟਰ !…. ਉਹਦੇ ਮਨ ਵਿਚ ਆਈ ਕਿ ਬਦਮਾਸ਼ ਸਭ ਕੁਸ਼ ਲੈ ਜਾਣ !… ਪਰ ਮੇਰੀ ਘਰਆਲੀ ਨੂੰ ਮਾਰ ਦੇਣ ….।।”
”ਫੇਰ ਮਾਰ ਕੇ ਨੀ ਗਏ ….?” ਬੁੜ੍ਹਿਆਂ ਦੀ ਟੋਲੀ ਪੁੱਛਦੀ
ਬਿੱਲੂ ਉੱਚੀ-ਉੱਚੀ ਹੱਸਣ ਲੱਗ ਪੈਂਦਾ, ”ਨਾ !.. ਉਈਂ ਸੁੱਕੇ ਈ ਲੰਘ ਗਏ !.. ਜਦੋਂ ਖਾਸੀ ਦੂਰ ਚਲੇ ਗਏ !… ਫੌਜੀ ਪਤਾ ਕੀ ਕਹਿੰਦਾ ….।।”
”ਕੀ ਕਹਿੰਦਾ …..!” ਵੈਲੀਆਂ ਦਾ ਬੁੜ੍ਹਾ ਅੱਡੀਆਂ ਭਾਰ ਹੋ ਜਾਂਦਾ
”ਕਹਿੰਦਾ ਮੇਰਾ ਛੋਟਾ ਜਿਆ ਕੰਮ ਤਾਂ ਕਰ ਨੀ ਸਕੇ !… ਟੱਟੂ ਦੀ ਬਦਮਾਸ਼ੀ ਐ ਇਹ ….।।” ਹੱਥ ’ਤੇ ਹੱਥ ਮਾਰਦਾ ਹੋਇਆ ਬਿੱਲੂ ਨਾਲ ਦੀ ਨਾਲ ਨਵੀਂ ਕਥਾ ਛੋਹ ਲੈਂਦਾ, ”ਹੋਰ ਤਾਂ ਹੋਰ !… ਉਹ ਤਾਂ ਅਪਣੇ ਮੁੰਡੇ ਨੂੰ ਵੀ ਜੰਗ ਦਾ ਮੁੰਡਾ ਦੱਸਦਾ ਸੀ ….।।”
”ਹਾਂ ਦੱਸਦਾ ਸੀ !… ਤੇਰੀ ਪਹਿਲੀ ਲੋਹੜੀ ਵਕਤ ਇਹਨੇ ਕੀ-ਕੀ ਕੁਫ਼ਰ ਨੀ ਤੋਲਿਆ ….।।”
ਉਂਝ ਤਾਂ ਮੈਨੂੰ ਮਾਂ ਉੱਪਰ ਰੱਬ ਜਿੰਨ੍ਹਾਂ ਯਕੀਨ ਸੀ ਪਰ ਬਾਪੂ ਦੀ ਆਖੀ ਗੱਲ ਮੈਨੂੰ ਤੰਗ ਕਰਦੀ ਰਹਿੰਦੀ। ਹਰ ਸਾਲ ਜਦੋਂ ਲੋਹੜੀ ਆਉਂਦੀ। ਮੈਨੂੰ ਅਪਣੀ ਪਹਿਲੀ ਲੋਹੜੀ ਦਿਸਣ ਲੱਗ ਪੈਂਦੀ।
ਲੋਕਾਂ ਦਾ ਇਕੱਠ। ਧੂਣੀ ਦੀ ਅੱਗ। ਰਿਊੜੀ-ਗੱਚਕ ਨਾਲ ਵਰਤਦੀ ਮੂੰਗਫਲੀ। ਤੇ ਮੈਨੂੰ ਗੋਦੀ ਵਿਚ ਲਈ ਬੈਠੀ ਮਾਂ !
”ਤੇਰੀ ਓਏ ਮਾਂ ਦੀ ….।।” ਜਿਸ ਵਕਤ ਸ਼ਰਾਬੀ ਹੋਇਆ ਜੰਗ ਚਾਚਾ ਲਲਕਾਰੇ ਮਾਰਨ ਲੱਗਦਾ। ਉਸ ਨੂੰ ਗਾਲ੍ਹਾਂ ਕੱਢਣਾ ਹੋਇਆ ਬਾਪੂ ਲਾਂਘੇ ਵਾਲੇ ਦਰਵਾਜੇ ਵੱਲ ਨੂੰ ਤੁਰ ਪੈਂਦਾ, ”ਖੜ੍ਹ ਜਾ ਤੇਰੀ ਮਾਂ ਦੀ ਤੇਰੀ ਦੀ ….! …ਅਲੀਪੁਰ ਆਲਿਆ ਕਾਲਿਆ… ਮਾਂ ਦਿਆ ਜੰਗਾ ਸਾਲਿਆ …।।”
ਦਰਵਾਜੇ ਜਾ ਕੇ ਉਹ ਥਮਲੇ ਨੂੰ ਜੱਫੀ ਪਾ ਲੈਂਦਾ। ਉੱਥੇ ਬੈਠਾ ਅੱਧੀ-ਅੱਧੀ ਰਾਤ ਤੱਕ ਰੋਂਦਾ ਰਹਿੰਦਾ।
”ਪਰ ਉੱਥੇ ਮੇਰੇ ਹੰਝੂ ਪੀਣ ਵਾਲੀ ਮੋਰਨੀ ਨਹੀਂ ਸੀ …!” ਮੇਰੇ ਅੰਦਰ ਬੈਠਾ ਬਾਪੂ ਦੰਦ ਪੀਹਣ ਲੱਗ ਪਿਆ।
ਮੈਂ ਕਚੀਚੀ ਵੱਟੀ। ਦੰਦਾਂ ਦੀ ਕਿਰਚ-ਕਿਰਚ ਸੁਣ ਮਾਂ ਤੜਪ ਉØੱਠੀ। ਉਹ ਖੇਸ ਵਿਚ ਲਿਪਟੀ ਪਈ ਹੀ ਬੋਲੀ, ”ਵੇ ਦੰਦ ਨਾ ਵੱਢ ਮੁੰਡਿਆ ! … ਮਾੜੇ ਹੁੰਦੇ ਨੇ ਰਾਤ ਨੂੰ ….।।”
ਸ਼ਾਇਦ ਮੈਨੂੰ ਇਹ ਕੋਈ ਰੋਗ ਸੀ। ਪਰ ਬਾਪੂ ਦਾ ਰੋਗ ਮੈਥੋਂ ਵੀ ਭੈੜਾ ਸੀ। ਉਹ ਰੋਗ ਉਹਦੀ ਅੰਦਰਲੀ ਤਾਕਤ ਖਾਣ ਲੱਗ ਪਿਆ ਸੀ। ਤਕੜਾ ਰਹਿਣ ਲਈ ਉਹ ਬੜੀ ਵਾਹ ਲਾਉਂਦਾ। ਪਰ ਕੋਈ ਨਾ ਕੋਈ ਗੱਲ ਐਸੀ ਵਾਪਰਦੀ, ਉਸ ਨੂੰ ਧੁਰ ਤੱਕ ਚੀਰ ਜਾਂਦੀ।
ਫੌਜ ਵਿਚ ਬਾਪੂ ਨੇ ਦੋ ਲੜਾਈਆਂ ਲੜੀਆਂ ਸਨ।
ਪਹਿਲੀ ਲੜਾਈ ਵਿਚ ਪਾਕਿਸਤਾਨੀ ਫੌਜੀਆਂ ਨੇ ਜੌੜੀਆਂ ਦਾ ਪੁਲ ਉØੱਡਾ ਦਿੱਤਾ।
ਭਾਰਤੀ ਫੌਜ਼ ਦੀ ਖਾਸੀ ਮਸ਼ੀਨਰੀ ਡੁੱਬ ਗਈ।
ਬਾਪੂ ਟੈਂਕ ਚਲਾਉਂਦਾ ਸੀ। ਉਹਦਾ ਟੈਂਕ ਵੀ ਦਰਿਆ ਵਿਚ ਡਿੱਗ ਪਿਆ।
ਉਹ ਹੋਰ ਫੌਜੀਆਂ ਵਾਂਗ ਤੈਰਨ ਲੱਗਿਆ।
ਇਕ ਥਾਂ ਉਸ ਨੂੰ ਪਿੰਡ ਵਾਲਾ ਨਾਈਆਂ ਦਾ ਦਰਬਾਰਾ ਤੈਰਦਾ ਦਿਸ ਪਿਆ।
ਬਾਹਾਂ ਮਾਰਦਾ ਬਾਪੂ ਉਹਦੇ ਬਰਾਬਰ ਜਾ ਰਿਹਾ। ਪਿੰਡ ਦਾ ਬੰਦਾ ਵੇਖ ਉਹ ਦੁੱਗਣਾ ਹੋ ਗਿਆ। ਪਰ ਜਦੋਂ ਦਰਬਾਰੇ ਨੇ ਕਿਹਾ, ”ਮੈਨੂੰ ਪਿੰਡੋਂ ਆਉਣ ਲੱਗੇ ਨੂੰ ਜੰਗ ਮਿਲਿਆ ਸੀ ! … ਉਹ ਕਹਿੰਦਾ ਫੌਜੀ ਨੂੰ ਕਹੀਂ ਟੱਬਰ ਦਾ ਫ਼ਿਕਰ ਨਾ ਕਰੇ ….!…. ਮੈਂ ਹੈਗਾਂ ….।।”
ਉਹਦੀ ਗੱਲ ਸੁਣ ਬਾਪੂ ਡੁੱਬਕੀ ਖਾ ਗਿਆ ਸੀ।
ਮੈਂ ਜਿਹੜੀਆਂ ਸੋਚਾਂ ਵਿਚ ਡੁੱਬਦਾ ਜਾ ਰਿਹਾ ਸੀ। ਉੱਥੋਂ ਬਾਪੂ ਦੀ ਦੂਜੀ ਲੜਾਈ ਸ਼ੁਰੂ ਹੁੰਦੀ ਸੀ।
ਉਹ ਦੱਸਦਾ ਹੁੰਦਾ ਸਵੇਰ ਦਾ ਵਕਤ ਸੀ। ਉਨ੍ਹਾਂ ਦੀ ਟੁਕੜੀ ਇਕ ਥਾਂ ਖੜ੍ਹੀ ਸੀ। ਫੌਜੀ ਗੱਲਾਂ ਕਰ ਰਹੇ ਸਨ। ਟੈਂਕ ਕੋਲ ਖੜ੍ਹਾ ਬਾਪੂ ਚੜ੍ਹਦੇ ਸੂਰਜ ਦੀ ਲਾਲੀ ਵੱਖ ਵੇਖ ਰਿਹਾ ਸੀ।
ਉਹਦੇ ਪੱਟ ’ਤੇ ਵਾਹੀ ਮੋਰਨੀ ਨੱਚ ਰਹੀ ਸੀ।
ਬਾਪੂ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਕ ਪਾਕਿਸਤਾਨੀ ਫੌਜੀ ਦਰਖਤ ’ਤੇ ਘਾਤ ਲਾਈਂ ਬੈਠਾ। ਜਦੋਂ ਗੋਲੀ ਚੱਲੀ। ਉਸ ਵਕਤ ਹੀ ਪਤਾ ਲੱਗਿਆ।
ਬਾਪੂ ਡਿੱਗਿਆ ਨਹੀਂ। ਦਰਦ ਨੂੰ ਪੀ ਗਿਆ। ਗੋਲੀ ਉਹਦੇ ਪੱਟ ਵਿਚ ਵੱਜੀ ਸੀ।
”ਉੜਾ ਦੋ ਸਾਲੇ ਕੋ ….।।” ਅਫਸਰ ਨੇ ਤਾਂ ਦਰਖਤ ਤੋਂ ਲਾਹੇ ਫੌਜੀ ਨੂੰ ਗੋਲੀ ਮਾਰਨ ਦਾ ਹੁਕਮ ਦੇ ਦਿੱਤਾ ਸੀ।
ਪਰ ਬਾਪੂ ਨੇ ਰੋਕ ਲਿਆ, ”ਇਕ ਮਿੰਟ !…. ਇਕ ਮਿੰਟ ਠਹਿਰੋ….!”
ਲੱਤ ਘੜੀਸਦਾ ਉਹ ਪਾਕਿਸਤਾਨੀ ਫੌਜੀ ਕੋਲ ਆ ਕੇ ਖੜ੍ਹ ਗਿਆ।
ਕੁਝ ਪਲ ਉਹਦੇ ਚਿਹਰੇ ਵੱਲ ਵੇਖਦਾ ਰਿਹਾ। ਪਹਿਲਾਂ ਉਹ ਜੰਗ ਚਾਚੇ ਵਰਗਾ ਲੱØਗਿਆ। ਫਿਰ ਅਲੀਪੁਰ ਵਾਲੇ ਸਰਦਾਰਾਂ ਦਾ ਕਾਲਾ ਜਾਪਿਆ।
ਸ਼ਕਲਾਂ ਵਿਚ ਉਲਝਿਆ ਬਾਪੂ ਭੱਜ ਕੇ ਟੈਂਕ ਵਿਚ ਜਾ ਵੜਿਆ।
ਲੋਹੇ ਦੀਆਂ ਚੈਨਾਂ ਘੁੰਮੀਆਂ। ਧੂੜ ੳØੁੱਡੀ। ਤੇ ਇਕ ਲੰਬੀ ਚੀਕ।
ਜਦੋਂ ਤਸੱਲੀ ਹੋ ਗਈ। ਬਾਪੂ ਟੈਂਕ ਵਿਚੋਂ ਹੇਠਾਂ ਉØੱਤਰਿਆ। ਲਾਸ਼ ਦੇ ਟੁਕੜਿਆਂ ਨੂੰ ਇਕੱਠਾ ਕੀਤਾ। ਪੈਟਰੋਲ ਛਿੜਕਿਆ ਤੇ ਫਿਰ ਅੱਗ ਲਗਾ ਦਿੱਤੀ।
ਫੌਜੀ ਬਾਪੂ ਦਾ ਖੂਨ ਨਾਲ ਸਣਿਆ ਪੱਟ ਵੇਖ ਰਹੇ ਸਨ।
”ਉਹਨੇ ਪੱਟ ਵਿਚ ਗੋਲੀ ਨਹੀਂ ਮਾਰੀ ….।।” ਅੰਦਰਲਾ ਦਰਦ ਪੀਂਦਾ ਹੋਇਆ ਉਹ ਅੱਗ ਵਿਚਲੀ ਲਾਲੀ ਵੱਲ ਵੇਖ ਰਿਹਾ ਸੀ।
ਮੈਂ ਬੈØੱਡ ਦੇ ਪਰਲੇ ਸਿਰੇ ਪਈ ਮਨੀ ਵੱਲ ਵੇਖ ਰਿਹਾ ਸੀ। ਉਹ ਕਿਵੇਂ ਬੇਖਬਰ ਪਈ ਸੀ ! ਮੈਂ ਕਿਵੇਂ ਉਹਦਾ ਗੁਨਾਹਗਾਰ ਸੀ। ਜਿਸ ਨੂੰ ਪਿਆਰ ਕੀਤਾ। ਜਿਸ ਨਾਲ ਲਵ-ਮੈਰਿਜ਼ ਕਰਵਾਈ। ਮੇਰੇ ਅੰਦਰ ਉਹਦੇ ਮਰਨ ਦੀ ਇੱਛਾ ਜੰਮਣ ਲੱਗ ਪਈ ਸੀ। ਉਹ ਮੇਰੀ ਕੀ ਲੱਗਦੀ ਸੀ ! ਜਿਸ ਬਾਪੁ ਨੇ ਮੈਨੂੰ ਜੰਮਿਆ। ਮੈਂ ਤਾਂ ਉਹਦੀ ਮੌਤ ਦੀਆਂ ਸੁੱਖਾਂ-ਸੁੱਖਣ ਲੱਗ ਪਿਆ ਸੀ।
”ਵੇ ਹੁਣ ਕੀਹਦੇ ਮਰਨ ਦੀਆਂ ਸੁੱਖਾਂ ਸੁੱਖਦੈਂ !…. ਮਰ ਤਾਂ ਗਿਆ ਉਹ ….।।” ਮਾਂ ਦੀ ਆਵਾਜ਼ ਸੁਣ ਮੈਂ ਉਸ ਵੱਲ ਝਾਕਿਆ।
ਉਹ ਮੂੰਹ ਨੰਗਾ ਕਰੀਂ ਮੈਨੂੰ ਤਾੜ ਰਹੀ ਸੀ।
ਮੈਂ ਉਸ ਨੂੰ ਕੀ ਦੱਸਦਾ। ਮੈਨੂੰ ਤਾਂ ਅਪਣਾ ਪਾਲ਼ਾ ਮਾਰ ਰਿਹਾ ਸੀ। ਉਹਦਾ ਤੋੜ ਲੱਭਣ ਲਈ ਵਾਹਿਗੁਰੂ- ਵਾਹਿਗੁਰੂ ਕਰ ਰਿਹਾ ਸੀ। ਮਨ ਹੀ ਮਨ ਬਾਪੂ ਦੇ ਪਰਤ ਆਉਣ ਦੀ ਅਰਦਾਸ ਕਰ ਰਿਹਾ ਸੀ।
”ਰਾਮ-ਰਾਮ ਕਰ ਹੁਣ !…. ਉਹ ਨੀ ਆਉਂਦਾ !… ਉਹ ਤਾਂ ਮਰ ਗਿਆ !…. ਹਾਂ ਮਰ ਗਿਆ …!” ਖੇਸ ਨਾਲ ਮੂੰਹ ਢਕ ਮਾਂ ਫਿਰ ਲਾਸ਼ ਵਾਂਗ ਪੈ ਗਈ
ਉਸ ਵੱਲ ਵੇਖ ਮੇਰੀ ਜਾਨ ਨਿੱਕਲ ਗਈ।
ਮੈਂ ਬਾਪੂ ਨੂੰ ਘਰੋਂ ਕੱਢਣ ਦੀ ਹੱਦ ਤੱਕ ਕਿਉਂ ਜਾ ਪਹੁੰਚਿਆ ਸੀ !
”ਮੈਂ ਕਿਤੇ ਪਹੁੰਚਾਂ ਨਾ ਪਹੁੰਚਾਂ !… ਪਰ ਤੂੰ ਹੁਣ ਕਿਤੇ ਨੀ ਪਹੁੰਚ ਸਕਦਾ….।।” ਮੇਰੀ ਸੁਰਤੀ ਵਿਚ ਬੈਠਾ ਬਾਪੂ ਰਹੱਸ ਵਾਂਗ ਬੋਲਿਆ।
ਮੈਨੂੰ ਉਸ ਉੱਪਰ ਸ਼ੱਕ ਸੀ। ਜਿਸ ਵਕਤ ਬਿੱਲੂ ਦੀ ਦੁਕਾਨ ’ਤੇ ਚਰਚਾ ਸੁਣੀ। ਮੇਰਾ ਸ਼ੱਕ ਪੱਕਾ ਹੋ ਗਿਆ। ਬਾਪੂ ਮੈਨੂੰ ਮਰਿਆ ਭਾਲਦਾ ਸੀ।
ਉਨ੍ਹਾਂ ਦੀ ਟੋਲੀ ਦੀ ਇਹੋ ਨੀਤੀ ਸੀ।
ਪਿੰਡ ਵਿਚ ਜਿਸ ਦਾ ਘਰਆਲਾ ਮਰ ਜਾਂਦਾ। ਉਹਦਾ ਨਾਂ ਬਿੱਲੂ ਦੀ ਲਿਸਟ ਵਿਚ ਚੜ੍ਹ ਜਾਂਦਾ।
ਬੁੜ੍ਹਿਆਂ ਦੀ ਟੋਲੀ ਫਿਕਰ ਕਰਦੀ, ”ਅਜੇ ਉਮਰ ਕੀ ਸੀ ਵਿਚਾਰੀ ਦੀ !… ਪਹਾੜ ਵਰਗੀ ਜਵਾਨੀ ਕਦ ਲੰਘੀ!…. ਕੋਈ ਬੰਦਾ ਤਾਂ ਚਾਹੀਦਾ ਈ ਐ ਭਾਈ ….।।”
”ਲੋੜ ਵੇਲੇ ਬੰਦਾ ਈ ਬੰਦੇ ਦੇ ਕੰਮ ਆਉਂਦਾ ਭਾਈ ….।।” ਇਕ ਵਾਰੀ ਬਿੱਲੂ ਹਰ ਵਿਧਵਾ ਨਾਲ ਗੱਲ ਛੇੜਦਾ ਸੀ।
ਕਈ ਵਾਰੀ ਗਾਲਾਂ ਖਾ ਪਰਤ ਆਉਂਦਾ। ਕਦੀ ਛਿੱਤਰ-ਪਰੇਡ ਵੀ ਹੁੰਦੀ। ਪਰ ਬਹੁਤੀ ਵਾਰ ਉਹ ਸਫਲ ਦਲਾਲ ਬਣ ਪਰਤਦਾ ਸੀ, ”ਲੈ ਫੌਜੀਆ ਬਣ ਗਿਆ ਕੰਮ ! …. ਅੱਜ ਰਾਤ ਨੂੰ ਮੋਰਨੀ ਤੁਰਦੀ ਵੇਖੀਂ….।।”
ਜਿਸ ਰਾਤ ਬਾਪੂ ਜਾਫੀ ਦੀ ਘਰਆਲੀ ਕੋਲੋਂ ਪਰਤਿਆ। ਉਹ ਰੋਟੀ ਫੜਾਉਣ ਆਈ ਮਨੀ ਵੱਲ ਓਪਰਾ ਓਪਰਾ ਝਾਕਦਾ ਸੀ।
”ਤੇਰੀ ਅੱਖ ਨੂੰ ਕੀ ਹੋ ਗਿਆ ਬਾਪੂ ….।।” ਉਹਦੀ ਅੱਖ ਵਿਚਲੀ ਮੈਲ ਵੱਲ ਝਾਕਦਾ ਹੋਇਆ ਮੈਂ ਕੰਬਣ ਲੱਗ ਪਿਆ।
ਉਹ ਕਹਿੰਦਾ, ”ਅਪਣੀ ਮਨੀ ਵੀ ਮੋਰਨੀ ਵਾਂਗ ਤੁਰਦੀ ਐ….।।”
”ਖੜ੍ਹ ਜਾ ਤੇਰੀ ਕੰਜਰ ਦੀ …।।” ਗੱਲ ਕਹਿਣ ਦੀ ਦੇਰ ਸੀ, ਮੈਂ ਬਾਪੂ ਦਾ ਗਲ੍ਹਾਮਾ ਫੜ ਲਿਆ
ਉਹਨੇ ਰੋਟੀ ਵਾਲੀ ਥਾਲੀ ਪਰ੍ਹਾਂ ਵਗਾਹ ਮਾਰੀ। ਮੈਂ ਉਹਦੇ ਢਿੱਡ ਵਿਚ ਲੱਤ ਮਾਰੀ। ਉਹ ਤਕੜਾ ਸੀ। ਮੈਂ ਹੇਠਾਂ ਡਿੱਗ ਪਿਆ। ਮੇਰੀ ਸੰਘੀ ਨੱਪਦਾ ਹੋਇਅ ਉਹ ਉੱਚੀ-ਉੱਚੀ ਰੋ ਰਿਹਾ ਸੀ, ”ਓਏ ਮੈਂ ਕੀ ਕਰਾਂ!… ਮੈਨੂੰ ਮੋਰਨੀ ਦਿਸਣੋਂ ਨੀ ਹਟਦੀ….।।”
ਹੇਠਾਂ ਡਿੱਗਿਆ ਪਿਆ ਜਦੋਂ ਮੈਂ ਬਾਪੂ ਦੀਆਂ ਅੱਖਾਂ ਵਿਚ ਝਾਕਿਆ। ਇਕ ਡਰ ਮੇਰੇ ਆਰ-ਪਾਰ ਹੋ ਗਿਆ ਸੀ।
”ਡਰਨ ਦੀ ਲੋੜ ਨੀ ਮੁੰਡਿਆ !… ਇਹ ਕਰਮ ਦਾ ਮਾੜਾ ਨੀ!…. ਜਿਹੜੀ ਤੀਮੀ ਮੋਰਨੀ ਵਾਂਗ ਤੁਰਦੀ ਐ !… ਇਹ ਉਹਨੂੰ ਦੇਖਣ ਜਾਂਦਾ ਬੱਸ !… ਇਸ ਤੋਂ ਵੱਧ ਨੀ !… ਜਦੋਂ ਵੇਖ ਆਉਂਦਾ ….! ਮੇਰੇ ਕੋਲ ਬੈਠਾ ਅੱਧੀ-ਅੱਧੀ ਰਾਤ ਤੱਕ ਰੋਂਦਾ ਰਹਿੰਦਾ….।।” ਮੇਰਾ ਡਰ ਵੇਖ ਇਕ ਦਿਨ ਗੁੜ ਖਾਣਿਆਂ ਦੀ ਬੁੜੀ ਦੱਸਦੀ ਸੀ, ”ਇਹਦੀ ਹਾਲਤ ਤਾਂ ਉਸ ਸ਼ਰਾਬੀ ਵਰਗੀ ਐ !…ਜਿਹੜਾ ਠੇਕੇ ਬੈਠਾ ਸ਼ਰਬਤ ਪੀਂਦਾ ਹੁੰਦਾ ਸੀ ….।।”
ਪਰ ਮੈਨੂੰ ਇਸ ਗੱਲ ਉØੱਪਰ ਯਕੀਨ ਨਾ ਆਉਂਦਾ।
ਮੈਂ ਬਾਪੂ ਉØੱਪਰ ਨਜ਼ਰ ਰੱਖਦਾ। ਉਹਦੀ ਹਰ ਗੱਲ ਦਾ ਅਰਥ ਕੱਢਦਾ। ਕਈ ਵਾਰੀ ਉਹ ਮੈਨੂੰ ਸਹੀ ਨਜ਼ਰ ਆਉਂਦਾ ਮੈਂ ਗਲਤ। ਪਰ ਕਈ ਵਾਰੀ ਮੈਂ ਸਹੀ ਤੇ ਬਾਪੂ ਗਲਤ ਨਜ਼ਰ ਆਉਂਦਾ।
”ਗਲਤ-ਠੀਕ ਕੁੱਝ ਨੀ ਹੁੰਦਾ ਪੁੱਤ ! …. ਬੱਸ ਵੇਖਣ ਦਾ ਢੰਗ ਹੁੰਦਾ ….।।” ਇਕ ਰਾਤ ਬਾਪੂ ਦੀ ਰਹੱਸ ਵਰਗੀ ਹਰਕਤ ਵੇਖ ਮੈਨੂੰ ਅਪਣੇ ਆਪ ’ਤੇ ਸ਼ਰਮ ਆਈ ਸੀ।
ਸ਼ਰਮ ਦਾ ਮਾਰਿਆ ਮੈਂ ਕਿੰਨਾ ਹੀ ਚਿਰ ਰਜਾਈ ਵਿਚ ਮੂੰਹ ਲੁਕੋਈ ਪਿਆ ਰਿਹਾ।
ਜਦੋਂ ਬਾਪੂ ਚਲਿਆ ਗਿਆ। ਮੈਂ ਮੂੰਹ ਨੰਗਾ ਕਰਕੇ ਵੇਖਿਆ। ਉਹ ਰਸੋਈ ਵਿਚ ਗੁਰੂਆਂ ਦੀਆਂ ਫੋਟੋਆਂ ਮੂਹਰੇ ਹੱਥ ਬੰਨ੍ਹੀ ਖੜ੍ਹਾ ਸੀ।
ਪਰ ਕੁੱਝ ਪਲ ਪਹਿਲਾਂ ਸਾਡੇ ਪੈਰਾਂ ਵੱਲ ਖੜ੍ਹਾ ਮਨੀ ਨੂੰ ਤਾੜ ਰਿਹਾ ਸੀ।
ਕੁਦਰਤੀ ਮੇਰੀ ਅੱਖ ਖੁੱਲ੍ਹ ਗਈ। ਮੈਂ ਸਾਹ ਰੋਕੀਂ ਚੋਰ ਅੱਖ ਨਾਲ ਉਸ ਨੂੰ ਤਾੜਦਾ ਰਿਹਾ।
ਮੈਂ ਉਸ ਨੂੰ ਰੰਗੇ ਹੱਥੀਂ ਫੜਕੇ ਗੁੜ ਖਾਣਿਆਂ ਦੀ ਬੁੜ੍ਹੀ ਦੀ ਗੱਲ ਝੂਠੀ ਸਾਬਿਤ ਕਰਨੀ ਚਾਹੁੰਦਾ ਸੀ।
ਮੈਨੂੰ ਉਹਦੀ ਅਗਲੀ ਹਰਕਤ ਦੀ ਉਡੀਕ ਸੀ। ਪਰ ਬਾਪੂ, ਬਾਪੂ ਹੀ ਨਿਕਲਿਆ।
”ਰਜਾਈ ਲੈ ਲਓ ਮੇਰੇ ਬੱਚਿਓ !… ਥੋਨੂੰ ਠੰਡ ਲੱਗ ਰਹੀ ਸੀ…।।” ਜਿਸ ਵਕਤ ਲਹੀ ਹੋਈ ਰਜਾਈ ਨੂੰ ਸਾਡੇ ਉੱਪਰ ਦਿੰਦਾ ਹੋਇਆ ਬਾਪੂ ਵਾਹਿਗੁਰੂ ਵਾਹਿਗੁਰੂ ਕਰਨ ਲੱਗਿਆ। ਉਸ ਵਕਤ ਗੁੜ ਖਾਣਿਆਂ ਦੀ ਬੁੜੀ ਜਿੱਤ ਗਈ ਮੈਂ ਹਾਰ ਗਿਆ ਸੀ।
ਪਰ ਇਹ ਗੱਲ ਵੀ ਮੇਰੇ ਅੰਦਰ ਜੰਮਿਆ ਨੰਗਾ ਖ਼ਿਆਲ ਨਾ ਮਾਰ ਸਕੀ।
ਮੈਂ ਹੋਰ ਸ਼ੱਕੀ ਹੋ ਗਿਆ ਸੀ।
ਬਾਪੂ ਪਹਿਲੀ ਉਮਰ ਵਿਚ ਹੀ ਕਿਉਂ ਖੜ੍ਹਾ ਸੀ ? ਉਹ ਅਗਾਂਹ ਕਿਉਂ ਨਾ ਤੁਰ ਸਕਿਆ? ਕਿਸ ਮਿੱਟੀ ਦਾ ਬਣਿਆ ਸੀ ਉਹ? ਕਈ ਵਾਰੀ ਮੈਂ ਸਵਾਲਾਂ ਵਿਚ ਘਿਰ ਜਾਂਦਾ। ਮੇਰਾ ਸਿਰ ਘੁੰਮਣ ਲੱਗ ਪੈਂਦਾ।
ਜਿਸ ਵਕਤ ਬਾਪੂ ਸ਼ਰਾਬ ਪੀ ਘਰ ਆਉਂਦਾ। ਮਾਂ ਉਸ ਨੂੰ ਪੈ ਨਿੱਕਲਦੀ, ”ਦੇਖ ਆਇਆ ਮੋਰਨੀ ਤੁਰਦੀ! … ਹੁਣ ਐਥੇ ਬੈਠਾ ਦੇਖੂ!… ਮਾਰ ਇਹਦੇ!… ਮਾਰ ਮੁੰਡਿਆ …।।”
”ਮੇਰਾ ਮੁੰਡਾ ਨੀ ਇਹ !… ਮੇਰਾ ਨੀ !… ਜੰਗ ਦੀ ਰੰਨ ਸਾਲੀ!… ਜਵਾਲੇ ਪਟਵਾਰੀ ਦੀ ਰੰਨ ….।।” ਜਿਉਂ ਹੀ ਬਾਪੂ ਮੋੜਵਾਂ ਵਾਰ ਕਰਦਾ
ਮਾਂ ਮੈਨੂੰ ਹਥਿਆਰ ਬਣਾ ਲੈਂਦੀ, ”ਮੈਂ ਕਹਿੰਨੀ ਆਂ ਮਾਰ ਇਹਦੇ….।।”
ਠੀਕ ਉਹੀ ਪਲ ਹੁੰਦਾ ਸੀ ਜਦੋਂ ਮੈਂ ਅਰਜਨ ਵਾਂਗ ਹਥਿਆਰ ਸਿੱਟ ਕੇ ਖੜ੍ਹ ਜਾਂਦਾ। ਮੈਨੂੰ ਸਮਝ ਨਾ ਆਉਂਦੀ ਕਿਸ ਦੀ ਗੱਲ ਮੰਨਾਂ। ਬਾਪੂ ਦੀ ਜਾਂ ਮਾਂ ਦੀ ….?
”ਮੈਂ ਕਹਿੰਨੀ ਆਂ ਅਜੇ ਵੀ ਮੇਰੀ ਮੰਨ !… ਇਹਨੂੰ ਮਾਰ ਦੇ !… ਨਹੀਂ ਤਾਂ ਇਹਨੇ ਇਕ ਦਿਨ ਸਾਰਿਆਂ ਨੂੰ ਮਾਰ ਦੇਣਾ ….।।” ਚੁੰਨੀ ਨਾਲ ਅੱਖਾਂ ਪੁੰਝਦੀ ਉਹ ਮਨੀ ਵੱਲ ਝਾਕਣ ਲੱਗ ਪੈਂਦੀ।
ਉਹਦਾ ਇਸ਼ਾਰਾ ਸਮਝ ਮੈਂ ਫਿਰ ਹਥਿਆਰ ਚੁੱਕਾ ਲੈਂਦਾ, ”ਜੇ ਚੰਗੀ ਚਾਹੁੰਨਾ ਤਾਂ ਚਲਿਆ ਜਾ ਬਾਪੂ !… ਨਹੀਂ ਤਾਂ …।।”
”ਨਹੀਂ ਤਾਂ ਕੀ ਅਲੀਪੁਰ ਆਲਾ ਕਾਲਾ ਬਣਜੇਂਗਾ !… ਕਿ ਜੰਗ ਬਣਜੇਂਗਾ ….।।” ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਘੂਰਦਾ ਬਾਪੂ ਵਰਾਂਢੇ ਵੱਲ ਨੂੰ ਤੁਰ ਪੈਂਦਾ ਸੀ।
ਬਾਪੂ ਦਾ ਇਤਿਹਾਸ ਫਰੋਲਦਾ ਹੋਇਆ ਮੈਂ ਵਰਾਂਢੇ ਵਿਚ ਕਿਉਂ ਆ ਖੜਿਆ ਸੀ ? ਕੋਈ ਸਮਝ ਨਾ ਆਈ। ਮੈਂ ਬਾਪੂ ਦੇ ਬੈØੱਡ ਵੱਲ ਝਾਕਿਆ। ਉਹ ਸੁੰਨਾ ਪਿਆ ਸੀ। ਮੇਰੀ ਨਜ਼ਰ ਕੁੱਝ ਲੱਭ ਰਹੀ ਸੀ। ਮੋਰਨੀ ਵਾਲੀ ਫੋਟੋ ਜਾਂ ਕੁੱਝ ਹੋਰ? ਗੱਲ ਦੀ ਤਹਿ ਤੱਕ ਜਾਣ ਲਈ ਮੈਂ ਬੈØੱਡ ’ਤੇ ਬੈਠ ਗਿਆ। ਉੱਥੇ, ਜਿੱਥੇ ਬਾਪੂ ਬਹਿੰਦਾ ਹੁੰਦਾ ਸੀ।
”ਉਹਦੇ ਤੇ ਤੇਰੇ ਬੈਠਣ ’ਚ ਫਰਕ ਐ …!” ਇਹ ਕੌਣ ਬੋਲਿਆ ਸੀ ?
ਮੈਂ ਬਾਹਰ ਨੂੰ ਝਾਕਿਆ। ਫਿਰ ਆਵਾਜ਼ ਆਈ, ”ਅਪਣੇ ਅੰਦਰ ਝਾਕ ….!”
ਮੈਂ ਅੰਦਰ ਨੂੰ ਝਾਕਿਆ। ਖੇਸ ਦੀ ਵਿਰਲ ਵਿਚ ਦੀ ਮਾਂ ਬਾਹਰ ਨੂੰ ਝਾਕ ਰਹੀ ਸੀ।
ਉਹ ਕੁੱਝ ਖੋਜ ਰਹੀ ਸੀ। ਜੇਕਰ ਮਨੀ ਵੀ ਜਾਗ ਪਈ। ਮੈਂ ਫੜਿਆ ਜਾਣਾ ਸੀ। ਅਪਣਾ ਉਹਲਾ ਰੱਖਣ ਲਈ ਸ਼ਾਇਦ ਮੈਂ ਵਰਾਂਢੇ ਵਿਚ ਆ ਬੈਠਾ ਸੀ।
”ਹੁਣ ਐਥੇ ਬੈਠਾ ਕੀ ਕਰਦਾਂ ….।।” ਮੈਨੂੰ ਮਾਂ ਦੀ ਮੱਧਮ ਜਿਹੀ ਆਵਾਜ਼ ਸੁਣਾਈ ਦਿੱਤੀ
ਮੈਂ ਮਨੀ ’ਤੇ ਹੈਰਾਨ ਸੀ। ਉਸ ਨੂੰ ਇਕ ਵੀ ਆਵਾਜ਼ ਨਹੀਂ ਸੁਣੀ। ਕਿਸ ਮਿੱਟੀ ਦੀ ਬਣੀ ਸੀ ਉਹ। ਉਹਦੀ ਵੱਖੀ ਵਿਚ ਕਿੰਨਾ ਕੁੱਝ ਢਹਿ-ਉØੱਸਰ ਰਿਹਾ ਸੀ। ਉਹ ਘੋੜੇ ਵੇਚ ਕੇ ਸੁੱਤੀ ਪਈ ਸੀ।
ਪਰ ਬਾਪੂ ਇੰਝ ਨਹੀਂ ਸੌਂਦਾ ਸੀ। ਬਹੁਤੀ ਰਾਤ ਉਸ ਦੀਆਂ ਅੱਖਾਂ ਵਿਚ ਦੀ ਲੰਘਦੀ। ਉਹ ਮੁੜ-ਘੜੀ ਉਹੀ ਹਰਕਤ ਕਰੀਂ ਜਾਂਦਾ। ਪਹਿਲਾਂ ਖਾਸਾ ਚਿਰ ਬੈੱਡ ’ਤੇ ਬੈਠਾ ਰਹਿੰਦਾ। ਜਿਵੇਂ ਕਿਸੇ ਦੀ ਉਡੀਕ ਕਰ ਰਿਹਾ ਹੁੰਦਾ। ਜਦੋਂ ਕੋਈ ਨਾ ਆਉਂਦਾ। ਉਹ ਕੁੜਤਾ-ਪਜਾਮਾ ਲਾਹ ਕੇ ਕਿੱਲੀ ’ਤੇ ਟੰਗ ਦਿੰਦਾ। ਤੇੜ ਪਰਨਾ ਬੰਨ੍ਹ ਲੈਂਦਾ। ਤੇ ਫਿਰ ਪਰਨਾ ਉਤਾਂਹ ਚੁੱਕ ਕਿੰਨਾ-ਕਿੰਨਾ ਚਿਰ ਅਪਣੇ ਪੱਟ ਵੱਲ ਵੇਖਦਾ ਰਹਿੰਦਾ।
”ਲੱਛਣ ਦੇਖ ਕੀ ਕਰਦਾ ….।।” ਉਹਦੀ ਹਰਕਤ ਵੇਖ ਮਾਂ ਦੰਦ ਪੀਹਣ ਲੱਗ ਪੈਂਦੀ
ਵਿਹੜੇ ਵਿਚ ਤੁਰੀ ਫਿਰਦੀ ਮਨੀ ਵੀ ਬੋਲਣ ਲੱਗ ਪੈਂਦੀ, ”ਬਾਪੂ ਜੀ ਦੀ ਆਹ ਹਰਕਤ ਮੈਨੂੰ ਬਿਲਕੁੱਲ ਪਸੰਦ ਨੀ….!”
”ਇਹ ਥੋਨੂੰ ਕਿਮੇਂ ਪਸੰਦ ਆਊ !… ਤੁਸੀਂ ਕਿਹੜਾ ਮੇਰੇ ਓਂ…।।” ਜਿਸ ਵਕਤ ਬਾਪੂ ਮਾਂ ਨਾਲ ਮੇਰੇ ਵੱਲ ਇਸ਼ਾਰਾ ਕਰਦਾ
ਮੈਂ ਸੁਆਹ ਹੋ ਜਾਂਦਾ। ਮਾਂ ਗਾਲਾਂ ਦਾ ਪਾਠ ਸ਼ੁਰੂ ਕਰ ਦਿੰਦੀ। ਮੈਂ ਤੜਫਣ ਲੱਗ ਪੈਂਦਾ, ”ਮੈਂ ਕਿਸੇ ਦਿਨ ਤੇਰੇ ਪੱਟ ’ਚ ਗੋਲੀ ਮਾਰਨੀ ਐ…।।”
ਜਿਸ ਦਿਨ ਮੈਂ ਇਹ ਗੱਲ ਆਖੀ। ਉਹ ਵੱਢੇ ਹੋਏ ਦਰਖਤ ਵਾਂਗ ਡਿੱਗ ਪਿਆ ਸੀ।
ਫਿਰ ਨਹੀਂ ਉੱਠਿਆ।
ਬੱਸ ਜਾਣ ਤੋਂ ਪਹਿਲਾਂ ਇਕ ਦਿਨ ਬਿੱਲੂ ਦੀ ਦੁਕਾਨ ’ਤੇ ਗਿਆ ਸੀ।
”ਦੇਖੀਂ ਫੌਜੀਆ ! .. ਹੁਣ ਤਾਂ ਡਿੱਗ ਪਿਆ ਲੱਗਦਾਂ …।।” ਉਹਦੀ ਤੋਰ ਵੇਖ ਬੁੜ੍ਹਿਆਂ ਦੀ ਟੋਲੀ ਰਮਜ਼ ਪਛਾਣ ਗਈ।
ਬਿੱਲੂ ਦੱਸਦਾ ਸੀ। ਕਹਿੰਦਾ ਵੈਲੀਆਂ ਦਾ ਬੁੜ੍ਹਾ ਕਹਿੰਦਾ, ”ਕਿਉਂ ਫੌਜੀਆ ! … ਤੂੰ ਤਾਂ ਗੋਲੀ ਨਾਲ ਵੀ ਨੀ ਡਿੱਗਦਾ ਹੁੰਦਾ ਸੀ !…. ਫਿਰ ਹੁਣ ਕਿਮੇਂ ….?”
”ਓਦੋਂ ਦੁਸ਼ਮਣ ਨੇ ਗੋਲੀ ਮਾਰੀ ਸੀ !… ਹੁਣ ਮੇਰੇ ਅਪਣੇ ਨੇ ਮਾਰੀ ਐ …।।” ਮੈਨੂੰ ਅਪਣਾ ਕਹਿੰਦਾ ਹੋਇਆ ਬਾਪੂ ਅਪਣੀ ਜੀਭ ਟੁੱਕ ਗਿਆ।
”ਪਰ ਮਾਰੀ ਕਿੱਥੇ ਐ ਖਸਮਾ …?” ਪੁੱਛਣ ਵਾਲਾ ਜੜ੍ਹ ਫੜਨੀ ਚਾਹੁੰਦਾ ਸੀ।
”ਉਹਨੇ ਪੱਟ ਵਿਚ ਨਹੀਂ !…. ਪੱਟ ’ਤੇ ਵਾਹੀ ਮੋਰਨੀ ਦੇ ਗੋਲੀ ਮਾਰੀ ਐ …।।” ਸੱਜਾ ਪੱਟ ਫੜੀਂ ਜਾਂਦਾ ਬਾਪੂ ਫਿਰ ਕਿਸੇ ਨੂੰ ਨਜ਼ਰ ਨਹੀਂ ਆਇਆ ਸੀ।
ਅਸੀਂ ਸਾਰੀ ਦੁਨੀਆਂ ਛਾਣ ਮਾਰੀ ਸੀ। ਪਰ ਕਿਤੋਂ ਵੀ ਉਹਦਾ ਖੁਰਾ-ਖੋਜ ਨਾ ਨਿੱਕਲਿਆ। ਮਾਂ ਕਹਿੰਦੀ, ”ਉਹ ਮਰ ਗਿਆ !… ਜੇ ਜਿਉਂਦਾ ਹੁੰਦਾ ਆਉਂਦਾ ਨਾ …..।।”
ਮੈਂ ਕਿੰਝ ਦੱਸਦਾ ਉਹ ਮੇਰੀ ਸੁਰਤੀ ਵਿਚ ਰੋਜ਼ ਆਉਂਦਾ ਸੀ।
”ਹੁਣ ਤੂੰ ਜਾਹ ….।।” ਇਹ ਕਿਸ ਨੇ ਕਿਸ ਨੂੰ ਆਖਿਆ ਸੀ ?
ਮੈਂ ਬਾਪੂ ਨੂੰ ਆਖਿਆ ਸੀ ਕਿ ਉਹਨੇ ਮੈਨੂੰ ! ਕੋਈ ਸਮਝ ਨਾ ਆਈ।
”ਸਮਝ ਆਉਣੀ ਵੀ ਨੀ ਪੁੱਤ !… ਇਹ ਗੋਰਖਧੰਦਾ ਈ ਐਸਾ….।।” ਮੈਨੂੰ ਬਾਪੂ ਦੀ ਮੌਤ ਦਾ ਖ਼ਿਆਲ ਤੰਗ ਕਰਨ ਲੱਗ ਪਿਆ
ਮੈਂ ਬੈੱਡ ਤੋਂ ਉੱਠ ਕੇ ਭੱਜਣਾ ਚਾਹਿਆ। ਪਰ ਭੱਜ ਨਾ ਸਕਿਆ।
ਕਿਹੜੀ ਚੀਜ਼ ਮੈਨੂੰ ਉੱਠਣ ਨਹੀਂ ਦੇ ਰਹੀ ਸੀ ? ਮੈਂ ਸੋਚੀ ਪੈ ਗਿਆ।
ਮੇਰੀ ਸੁਰਤੀ ਵਿਚ ਅੱਗ ਮੱਚ ਉੱਠੀ। ਬਾਪੂ ਦਾ ਸਿਵਾ ਬਲਣ ਲੱਗ ਪਿਆ।
ਮੈਂ ਰੋਣ ਲੱਗ ਪਿਆ ….।।
ਲੋਕ ਬਾਪੂ ਦੇ ਫੁੱਲ ਚੁਗਣ ਲੱਗ ਪਏ। ਮੈਂ ਵੀ ਚੁਗਣ ਲੱਗ ਪਿਆ।
ਉਹ ਦੰਦ, ਜਾੜ੍ਹਾਂ, ਕੜਾ, ਨੌਂਹ ਤੇ ਹੱਡੀਆਂ ਦੇ ਟੁਕੜੇ ਲੱਭ ਰਹੇ ਸਨ। ਮੈਂ ਦਾਤੀ ਨਾਲ ਕੁੱਝ ਹੋਰ ਲੱਭ ਰਿਹਾ ਸੀ। ਜਦੋਂ ਖਾਸਾ ਚਿਰ ਕੁੱਝ ਨਾ ਲੱਭਿਆ। ਮੈਨੂੰ ਜਾਗਰ ਤਾਇਆ ਕਹਿੰਦਾ, ”ਭਾਈ ਤੂੰ ਵੀ ਪਾ ਦੇ ਦੋ ਫੁੱਲ !… ਕੀ ਲੱਭੀਂ ਜਾਂਨੈ ਹੁਣ ….।।”
”ਮੈਂ ਤਾਂ ਉਹ ਹੱਡੀ ਲੱਭਦਾ ਤਾਇਆ ….!” ਮੈਂ ਹੱਥਾਂ ਦੀ ਰਾਖ ਝਾੜਨ ਲੱਗ ਪਿਆ
”ਕਿਹੜੀ ਹੱਡੀ ਕਮਲਿਆ …?” ਕਈ ਆਵਾਜ਼ਾਂ ਆਈਆਂ
”ਬਾਪੂ ਦੇ ਪੱਟ ਦੀ ਹੱਡੀ !…. ਜਿਸ ’ਤੇ ਮੋਰਨੀ ਵਾਹੀ ਹੋਈ ਸੀ….।।” ਬੋਲਿਆ ਤਾਂ ਮੈਂ ਹੌਲੀ ਹੀ ਸੀ ਪਰ ਮੇਰੀ ਆਵਾਜ਼ ਪੂਰੇ ਸਮਸ਼ਾਨਘਾਟ ਵਿਚ ਗੂੰਜਦੀ ਚਲੀ ਗਈ।
”ਹੌਲੀ ਬੋਲ ਪੁੱਤ !… ਕੋਈ ਸੁਣ ਨਾ ਲਵੇ …!” ਮਾਂ ਨੂੰ ਸ਼ਾਇਦ ਕੋਈ ਕਸਰ ਹੋ ਗਈ ਸੀ, ਉਹ ਮੈਨੂੰ ਕਹਿੰਦੀ, ”ਲੈ ਸੁਆਹ ਉੱਪਰ ਆਹ ਤਸਲਾ ਮੂਧਾ ਮਾਰ ਦੇ ….।।”
ਵਿਹੜੇ ਵਿਚ ਜਿਸ ਥਾਂ ਤੋਂ ਬਾਪੂ ਦੀ ਲਾਸ਼ ਚੁੱਕੀ ਸੀ। ਮੈਂ ਉਸ ਥਾਂ ਵਿਛਾਈ ਸੁਆਹ ਉੱਪਰ ਤਸਲਾ ਮੂਧਾ ਮਾਰ ਦਿੱਤਾ।
”ਸਵੇਰੇ ਚੁੱਕ ਕੇ ਦੇਖਾਂਗੇ !… ਜਿਸ ਦੀਆਂ ਵੀ ਪੈੜਾਂ ਹੋਈਆਂ!… ਤੇਰਾ ਬਾਪੂ ਉਸੇ ਦੀ ਜੂਨ ਪਿਆ ਹੋਊ …।।” ਮਾਂ ਇਹ ਕਿਉਂ ਵੇਖਣਾ ਚਾਹੁੰਦੀ ਸੀ ?
ਮੈਂ ਸਾਰੀ ਰਾਤ ਸੋਚਦਾ ਰਿਹਾ। ਮਸਾਂ ਸਵੇਰ ਹੋਈ। ਜਦੋਂ ਤਸਲਾ ਚੁੱਕ ਕੇ ਵੇਖਿਆ। ਬਾਪੂ ਦੀ ਸੁਆਹ ਉੱਪਰ ਮੋਰਨੀ ਦੀਆਂ ਪੈੜਾਂ ਦੇ ਨਿਸ਼ਾਨ ਸਨ।
”ਨਿਸ਼ਾਨ ਨੀ ਮਿਟਦਾ ਹੁੰਦਾ ….!” ਉਹ ਸੱਚ ਕਹਿੰਦਾ ਸੀ।
ਵਰਾਂਢੇ ਵਿਚ ਟੰਗੀ ਫੋਟੋ ਤਾਂ ਬਾਪੂ ਨਾਲ ਲੈ ਗਿਆ ਸੀ। ਕੰਧ ’ਤੇ ਸਿਰਫ ਫੋਟੋ ਦਾ ਨਿਸ਼ਾਨ ਸੀ। ਪਰ ਸਾਨੂੰ ਨਿਸ਼ਾਨ ਦੀ ਥਾਂ ਫੋਟੋ ਹੀ ਦਿਸੀ ਜਾਂਦੀ ਸੀ। ਕੀ ਹੋ ਗਿਆ ਸੀ ਮੇਰੀ ਤੇ ਮਾਂ ਦੀ ਮੱਤ ਨੂੰ ? ਸਾਡੀ ਨਜ਼ਰ ਐਡਾ ਭੁਲੇਖਾ ਕਿੰਝ ਖਾ ਰਹੀ ਸੀ? ਜਾਂ ਫਿਰ ਭੁਲੇਖਾ ਸਾਡੀ ਨਜ਼ਰ ਨੂੰ ਖਾ ਰਿਹਾ ਸੀ!!
ਸ਼ਮਸ਼ਾਨਘਾਟ … ਹੱਡੀਆਂ … ਫੁੱਲ … ਤੇ ਪੈੜਾਂ ਦੇ ਨਿਸ਼ਾਨ ! ਕੁੱਝ ਵੀ ਨਹੀਂ ਸੀ।
”ਫਿਰ ਮੈਂ ਇਹ ਕਿੱਥੋਂ ਪਰਤ ਰਿਹਾ ਸੀ …?” ਮੈਂ ਅਪਣੇ ਆਪ ਨੂੰ ਸਵਾਲ ਕੀਤਾ।
ਪਰ ਕੋਈ ਜਵਾਬ ਨਾ ਆਇਆ। ਕਿਉਂਕਿ ਉਸ ਰਾਤ ਮੈਂ ਪਰਤਿਆ ਹੀ ਨਹੀਂ ਸੀ।
ਬਾਪੂ ਦੇ ਪੱਟ ਦੀ ਹੱਡੀ ਮੈਨੂੰ ਧੂਹੀ ਜਾ ਰਹੀ ਸੀ। ਮੈਂ ਕਾਹਲੇ ਕਦਮੀਂ ਤੁਰਿਆ ਜਾ ਰਿਹਾ ਸੀ।
ਜਿਸ ਥਾਂ ਰੁਕਿਆ। ਉੱਥੇ ਜਾਫੀ ਦੀ ਘਰਆਲੀ ਦਾ ਘਰ ਸੀ।
”ਹਾਂ ਜੀ !…. ਕੋਈ ਕੰਮ ਸੀ …?” ਜਿਸ ਵਕਤ ਉਹ ਕੁੰਡਾ ਖੋਲ੍ਹ ਬਾਹਰ ਆਈ।
ਮੈਨੂੰ ਦੂਰ ਕਿਤੇ ਮੋਰਨੀ ਬੋਲਦੀ ਸੁਣਾਈ ਦਿੱਤੀ।
”ਜਾਹ ਪੁੱਤ, ਹੁਣ ਇਹ ਪਤਾ ਕਰੀਂ ਕਿ ਬੰਦਾ ਫੈਲਦਾ ਕਿਉਂ ਐ….!!” ਮੇਰੇ ਅੰਦਰ ਬੈਠਾ ਬਾਪੂ ਉੱਚੀ-ਉੱਚੀ ਹੱਸਣ ਲੱਗ ਪਿਆ।
ਉਹਦੀ ਆਵਾਜ਼ ਸੁਣ ਮੈਨੂੰ ਬੈਠਣਾ ਔਖਾ ਹੋ ਗਿਆ।ਮੈਂ ਬੈੱਡ ਤੋਂ ਉੱਠ ਖੜ੍ਹਿਆ।
ਕੁੱਝ ਪਲ ਅਪਣੇ ਆਰ-ਪਾਰ ਵੇਖਦਾ ਰਿਹਾ। ਫਿਰ ਅੰਦਰ ਨੂੰ ਤੁਰ ਪਿਆ।
ਖੇਸ ਦੀ ਬੁੱਕਲ ਮਾਰੀਂ ਮਾਂ ਉੱਠੀ ਬੈਠੀ ਸੀ।
ਮਨੀ ਸੁੱਤੀ ਪਈ ਸੀ। ਉਸ ਵੱਲ ਵੇਖ ਮੈਨੂੰ ਇਕ ਨਵਾਂ ਹੀ ਖ਼ਿਆਲ ਆਇਆ !
ਉਹ ਸੱਚੀ ਸੁੱਤੀ ਪਈ ਸੀ ਜਾਂ ਸੌਣ ਦੀ ਐਕਟਿੰਗ ਕਰ ਰਹੀ ਸੀ?
ਮੈਂ ਉਹਦੀ ਸੁੱਤੀ ਅੱਖ ਦੀ ਰਮਜ਼ ਪਛਾਨਣ ਹੀ ਲੱਗਾ ਸੀ ਕਿ….!
”ਭਾਮੇਂ ਲੱਖ ਮਾੜਾ ਤੀ ਪਰ …!” ਕੋਈ ਤੁਰੀ ਆਉਂਦੀ ਗੱਲ ਮਾਂ ਦੀ ਸੰਘੀ ਵਿਚ ਅੜ ਗਈ
”ਪਰ ਕੀ ਮਾਂ …?” ਮੈਂ ਡਰੀ ਹੋਈ ਆਵਾਜ਼ ਵਿਚ ਪੁੱਛਿਆ
”ਪਰ ਐਨੀਂ ਕੁ ਗੱਲ ਪਿੱਛੇ ਮਾਰਨਾ ਥੋੜੀ ਤੀ …!!” ਹੌਕਾ ਭਰਦੀ ਹੋਈ ਮਾਂ ਦੇ ਖੇਸ ਦੀ ਬੁੱਕਲ ਖੁੱਲ੍ਹ ਗਈ
ਜਿਸ ਵਕਤ ਉਹ ਦੁਬਾਰਾ ਬੁੱਕਲ ਮਾਰਨੀ ਲੱਗੀ। ਮੇਰੀ ਨਜ਼ਰ ਉਹਦੇ ਸੱਜੇ ਹੱਥ ਉਪਰ ਜਾ ਟਿਕੀ।
ਉਸ ’ਤੇ ਮੋਰ ਵਾਹਿਆ ਹੋਇਆ ਸੀ !
'ਸਿਖ਼ਰ ਦੁਪਹਿਰਾ’ ਅਤੇ 'ਖਿੱਤੀਆਂ ਘੁੰਮ ਰਹੀਆਂ ਨੇ’ ਕਹਾਣੀ ਸੰਗ੍ਰਿਹਾਂ ਰਾਹੀਂ ਮਕਬੂਲ ਹੋਏ ਜਸਵੀਰ ਸਿੰਘ ਰਾਣਾ ਦੀਆਂ ਕਹਾਣੀਆਂ ਵਿਚ ਤਿੜਕਦੇ ਹੋਏ ਅਹਿਸਾਸ ਸੁਣਾਈ ਦਿੰਦੇ ਹਨ। ਉਹ ਕਹਾਣੀ ਲਿਖਦਾ ਨਹੀਂ, ਕਹਾਣੀ ਖੁਦ ਉਹਦੇ ਕੋਲ ਚਲ ਕੇ ਆਉਂਦੀ ਹੈ। ਪੰਜਾਬੀ ਸਮਾਜ ਦੀ ਸਾਰੀ ਸਹਿਜ ਅਤੇ ਅਸਹਿਜ ਅਵਸਥਾ ਉਸ ਦੀਆਂ ਕਹਾਣੀਆਂ ਵਿਚ ਪੂਰੀ ਸ਼ਿਦੱਤ ਦੇ ਨਾਲ ਰੂਪਮਾਨ ਹੁੰਦੀ ਹੈ। ਪੰਜਾਬੀ ਕਹਾਣੀ ਵਿਚ ਉਹ ਵੱਖਰੀ ਲੀਹ ਦਾ ਰਾਹੀ ਹੈ।