ਆਈਸਬਰਗ
ਨਦੀ ਮੈਂ
ਸਿਮਟ ਜਾਵਾਂ
ਤੇਰੀ ਬੁੱਕ ਵਿਚ
ਮੇਰਾ ਪਿਆਰ ਕਹਿੰਦਾ
ਮੇਰੇ ਪਾਣੀਆਂ ’ਚ ਡੁੱਬ ਕੇ ਵੀ ਤੂੰ
ਆਈਸਬਰਗ ਵਾਂਗ
ਕਿੰਨਾ ਅਣਡੁੱਬਿਆ ਰਹਿ ਜਾਂਦਾ
ਮੈਂ ਬਾਲਾਂ ਜਹੀ ਤੇਰੀ ਜ਼ਿਦ ਨੂੰ
ਤਕਦੀ ਆਂ,ਮੰਨਦੀ ਆਂ
ਮੈਂ ਨਦੀ
ਤੇਰੇ ਵਿਚ ਡੁੱਬਦੀ ਆਂ
ਨਹੀਂ ਡੁੱਬ ਸਕਦਾ,ਬੱਸ ਇਹੋ ਜਿਹਾਂ
ਅਣਭਿੱਜ ਜਿਹਾ ਤੂੰ ਕਹਿੰਦਾ
ਮੈਂ ਹੱਸ ਪੈਂਦੀ
ਮੇਰਾ ਬਉਰਾ ਮਨ
ਤੇਰੇ ਵਿਚ ਡੁੱਬਿਆ ਰਹਿੰਦਾ
ਪਰ ਕਦੇ ਕਦੇ
ਤਰਦਾ ਮੇਰੇ ਪਾਣੀਆਂ ਤੇ
ਤੂੰ ਪਿਘਲ ਪਿਘਲ ਜਾਂਦਾ
ਮੇਰੇ ਤੱਕ ਲੰਘ ਆਉਂਦਾ
ਮੇਰਾ ਅੱਥਰੂ ਬੱਦਲ ਬਣ
ਤੇਰੀ ਛੱਤ ਤੇ ਵਰ੍ਹ ਜਾਂਦਾ
ਮੇਰਾ ਹਉਕਾ ਬਣ ਅਰਦਾਸ ਜਿਵੇਂ
ਰੱਬ ਦਾ ਦਰ ਛੂਹ ਆਉਂਦਾ
ਮੈਂ ਨਦੀ,ਜੋ ਅੱਥਰੂ ਵੀ ਬਣਦੀ
ਬੱਸ ਤੇਰੀ ਹੀ ਰਹਿੰਦੀ
ਪਾਣੀ ਆਂ ਮੈਂ, ਤੂੰ ਵੀ ।
ਅੱਧੀ ਸਦੀ
ਉਦੋਂ ਤਾਜ਼ੀਏ ਪਿੱਪਲਾਂ ਨੂੰ ਛੁਹ ਜਾਂਦੇ ਸਨ
ਤਾਂ ਲਹੂ ਦੇ ਦਰਿਆ ਵਹਿ ਜਾਂਦੇ
ਅੱਜ ਖੰਡੇ ਤ੍ਰਿਸ਼ੂਲਾਂ ਨਾਲ ਖਹਿੰਦੇ ਨੇ
ਪੰਜੇ ਦਰਿਆ ਰੋ ਰੋ ਕੇ ਕਹਿੰਦੇ ਨੇ
ਡੁੱਬ ਮੋਏ ਸਾਂ ਉਸ ਤਾਰੀਖ ਵਿਚ
ਪਾਣੀ ਪਾਣੀ ਹਾਂ ਇਸ ਤਾਰੀਖ ਸਾਹਵੇਂ।
ਅਹਿਸਾਸ
ਜਦ ਕਦੇ ਵੀ ਕੋਈ ਸੋਹਣੀ ਰੂਹ
ਇਹ ਜੱਗ ਛੱਡ ਜਾਂਦੀ ਏ
ਸਾਡੇ ਮਨਾਂ ’ਚ ਕਿਤੇ ਗੁਨਾਹ ਦਾ
ਅਹਿਸਾਸ ਭਰ ਜਾਂਦੀ ਏ।
ਜੇ ਤੁਰ ਹੀ ਜਾਣਾ ਸੀ ਉਸਨੇ
ਇਹ ਮਹਿਲ ਮੁਨਾਰੇ ਤਜ ਕੇ
ਕਿਉਂ ਸੌਂ ਗਏ ਸਾਂ ਅਸੀਂ
ਕਿਉਂ ਨਾ ਰਹੇ ਜਾਗਦੇ
ਕਦੋਂ ਵੰਡ ਸਕੇ ਸਾਂ ਪੀੜ ਉਸਦੀ
ਹੁਣ ਵੀ ਕਿਹੜਾ ਰੋਂਦੇ ਆਂ
ਕਿਸੇ ਬਗਾਨੇ ਅੱਥਰੂ ਉਹਲੇ
ਅਪਣੀ ਪੀੜ ਲਕੋਂਦੇ ਆਂ ।
ਸੂਰਜ ਮੁਖੀ
ਸੱਚ ਹੈ ਜਾਂ ਕੋਈ ਪਰੀ ਕਹਾਣੀ
ਜਲ ਪਰੀ ਜਹੀ ਇੱਕ ਕੁੜੀ ਸੀ
ਨਾ ਤੱਕਿਆ ਸੀ ਸੂਰਜ ਉਸਨੇ
ਨਾ ਦੇਖੀ ਸੀ ਧਰਤ ਨਿਮਾਣੀ
ਸੁੱਤ-ਉਨੀਂਦੀ ਓਸ ਕੁੜੀ ਨੇ
ਸੂਰਜ ਤੱਕਿਆ, ਤੱਕਦੀ ਰਹਿ ਗਈ
ਸਰਘੀ ਹੋ ਗਈ ਹੋਂਦ ਕੁੜੀ ਦੀ
ਪਰ੍ਹਾਂ ਹਟਾਕੇ ਜ਼ਰਾ ਸਮੁੰਦਰ
ਛੂਹ ਕੀ ਬੈਠੀ ਲੋਅ ਸੂਰਜ ਦੀ
ਕਿਰਨ ਹੀ ਬਣ ਗਈ ਉਹ ਸੂਰਜ ਦੀ
ਨਿੱਤ ਸੂਰਜ ਨਾ ਉਗਦੀ ਬੁਝਦੀ
ਸੂਰਜ ਹੋਈਆਂ ਉਹਦੀਆਂ ਅੱਖਾਂ
ਜਦ ਸੂਰਜ ਦੀ ਪੈੜ ਨਾ ਲਭਦੀ
ਸੈਲ ਪੱਥਰ ਜਹੀ ਹੋ ਜਾਂਦੀ ਉਹ
ਤੇ ਜਦ ਸੂਰਜ ਮੁੜ ਉੱਗ ਆਉਂਦਾ
ਮੁਖ ਉਸਦਾ ਸੂਰਜ ਵਲ ਮੁੜਦਾ
ਤਕਦੀ ਤੇ ਤਕਦੀ ਰਹਿ ਜਾਂਦੀ
ਜੀਕਣ ਸੂਰਜ ਹੀ ਬਣ ਜਾਂਦੀ
ਜਲ ਪਰੀ ਜਹੀ ਓਸ ਕੁੜੀ ਦਾ
ਸੂਰਜ ਵਿਚ ਸਰਨਾਵਾਂ ਬਣਿਆ
ਬਾਤਾਂ ਵਾਲੀ ਓਸ ਕੁੜੀ ਦਾ
ਕਹਿੰਦੇ ਸੂਰਜਮੁਖੀ ਨਾਂ ਬਣਿਆ । **
ਵਸਲ
ਹਰ ਰਾਤ ਦੀ ਲੰਘ ਬਿਖੜੀ ਘਾਟੀ
ਸੂਰਜ ਜਿਹਾ ਤੇਰਾ ਮੂੰਹ ਦੇਖਾਂ
ਇਹ ਵਸਲ ਤੇਰਾ
ਮੇਰੇ ਸਿਰ ਦੀ ਛਾਂ
ਤੁਧ ਬਾਝ ਪਿਆਰੇ ਕੇਵ ਰਹਾਂ ।