1962 ਦੇ ਭਾਰਤ ਚੀਨ ਝਗੜੇ ਸਮੇਂ ਭਾਰਤ ਦੀ ਕਮਿਊਨਿਸਟ ਪਾਰਟੀ ਵੱਲੋਂ ਜਿਹੜਾ ਸ਼ਾਵਨਵਾਦੀ ਰੁਖ ਅਪਣਾਇਆ ਗਿਆ, ਚੀਨ ਦੀ ਕਮਿਊਨਿਸਟ ਪਾਰਟੀ ਉਸ ਤੋਂ ਸਖਤ ਨਰਾਜ਼ ਹੋ ਗਈ। ਉਹਨੇ ਭਾਰਤ ਦੀ ਨਹਿਰੂ ਸਰਕਾਰ ਤੇ ਭਾਰਤ ਦੀ ਕਮਿਊਨਿਸਟ ਪਾਰਟੀ ਵਿਰੁੱਧ ਆਪਣੇ ਪਰਚਾਰ ਮਾਧਿਅਮ ਦਾ ਮੂੰਹ ਖੋਲ੍ਹ ਦਿੱਤਾ। ਚੀਨੀ ਸਰਕਾਰ ਤੇ ਕਮਿਊਨਿਸਟ ਪਾਰਟੀ ਬਾਡੁੰਗ ਕਾਨਫਰੰਸ ਸਮੇਂ ਤੇ ਪੰਚਸ਼ੀਲ ਸਮਝੌਤੇ ਸਮੇਂ ਨਹਿਰੂ ਸਰਕਾਰ ਦੀ ਪੂਰੀ ਤਰ੍ਹਾਂ ਪ੍ਰਸ਼ੰਸਕ ਸੀ ਤੇ ਉਹਦੀ ਪ੍ਰਸ਼ੰਸਾ ਕਰਨ ਦਾ ਕੋਈ ਵੀ ਮੌਕਾ ਨਹੀਂ ਖੁੰਝਾਉਂਦੀ ਸੀ। ਉਹ ਭਾਰਤ ਦੀ ਕਮਿਊਨਿਸਟ ਪਾਰਟੀ ਨੂੰ ਮੱਤਾਂ ਦਿੰਦੀ ਸੀ ਕਿ ਨਹਿਰੂ ਸਰਕਾਰ ਬਹੁਤ ਚੰਗੀ ਹੈ। ਨਹਿਰੂ ਆਪ ਅਗੇ-ਵਧੂ ਹੈ। ਇਸ ਵੱਲ ਚੰਗਾ ਰੁਖ ਅਪਣਾ ਕੇ ਰੱਖੋ। ਇਸ ਨਾਲ ਕਿਸੇ ਸਵਾਲ ’ਤੇ ਵਿਗਾੜੋ ਨਾ।
ਪਰੰਤੂ 1962 ਦੇ ਝਗੜੇ ਉਪਰੰਤ ਸਭ ਕੁਝ ਉਲਟ ਪੁਲਟ ਹੋ ਗਿਆ। ਚੀਨੀ ਸਰਕਾਰ ਤੇ ਪਾਰਟੀ ਦਾ ਮੀਡੀਆ ਨਹਿਰੂ ਨੂੰ ਸਾਮਰਾਜ ਪੱਖੀ ਤੇ ਕਮਿਊਨਿਸਟ ਪਾਰਟੀ ਨੂੰ ਨਹਿਰੂ ਦੀ ਪਿੱਛਲੱਗ ਕਹਿਣ ਲੱਗ ਪਏ। ਚੀਨੀ ਮੀਡੀਆ ਖਾਸ ਕਰਕੇ ਪੀਕਿੰਗ ਰੇਡੀਓ ਅਪਣੇ ਪ੍ਰੋਗਰਾਮਾਂ ਵਿਚ ਭਾਰਤ ਦੀ ਕਮਿਊਨੀਸਟ ਪਾਰਟੀ ਦੇ ਨਿਰਣਿਆਂ ਅਤੇ ਉਸ ਦੇ ਲੀਡਰਾਂ ਨੂੰ ਬੁਰੀ ਤਰ੍ਹਾਂ ਭੰਡਣ ਲੱਗ ਪਿਆ। ਜਿਸ ਸਮੇਂ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਸਲ ਵਿਚੋਂ ਚੀਨ ਦੇ ਝਗੜੇ ਦੇ ਸਵਾਲ ਉਤੇ 32 ਸਾਥੀ ਵਾਕ ਆਊਟ ਕਰ ਗਏ, ਉਸ ਵੇਲੇ ਕੁਝ ਸਮੇਂ ਲਈ ਉਹਨਾਂ ਬੱਤੀ ਸਾਥੀਆਂ ਵੱਲ ਰਵਈਆ ਕੁਝ ਨਰਮ ਰੱਖਿਆ। ਪਰੰਤੂ 1964 ਵਿਚ ਕਲਕੱਤਾ ਪਾਰਟੀ ਕਾਨਫਰੰਸ ਉਪਰੰਤ ਵੱਖ ਹੋਏ ਧੜੇ ਨੇ ਪਹਿਲਾਂ ਅਪਣੇ ਆਪ ਨੂੰ ਅਸਲੀ ਭਾਰਤੀ ਕਮਿਊਨਿਸਟ ਪਾਰਟੀ ਕਿਹਾ ਤੇ ਪਿੱਛੋਂ ਚੋਣਾਂ ਵਿਚ ਹਿੱਸਾ ਲੈਣ ਲਈ ਆਪਣੇ ਨਾਲ ਮਾਰਕਸਵਾਦੀ ਨਾਂਅ ਜੋੜ ਲਿਆ। ਕਲਕੱਤੇ ਵਿਖੇ ਲਏ ਫੈਸਲਿਆਂ ਤੋਂ ਚੀਨੀ ਕਮਿਊੳਨਿਸਟ ਪਾਰਟੀ ਸੰਤੁਸ਼ਟ ਨਹੀਂ ਸੀ। ਥੋੜ੍ਹੇ ਸਮੇਂ ਉਪਰੰਤ ਉਹਨੇ ਮਾਰਕਸੀ ਲੀਡਰਾਂ ਨੂੰ ਵੀ ਉਸੇ ਤਰਾਂ ਭੰਡਣਾ ਸ਼ੁਰੂ ਕਰ ਦਿੱਤਾ, ਜਿਸ ਤਰ੍ਹਾਂ ਪਹਿਲਾਂ ਭਾਰਤੀ ਕਮਿਊਨਿਸਟ ਲੀਡਰਾਂ ਨੂੰ ਭੰਡਿਆ ਜਾ ਰਿਹਾ ਸੀ। ਇਸ ਤਰ੍ਹਾਂ ਚੀਨੀ ਪਾਰਟੀ ਦੇ ਪਰਚਾਰ ਤੇ ਉਸ ਸਮੇਂ ਸੋਵੀਅਤ ਰੂਸ ਦੀ ਅਗਵਾਈ ਹੇਠਲੇ ਸਮਾਜਵਾਦੀ ਕੈਂਪ ਵਲੋਂ ਚੀਨ ਵੱਲ ਅਪਣਾਏ ਰੁਖ ਕਾਰਣ ਨਹਿਰੂ ਸਰਕਾਰ ਤੇ ਭਾਰਤੀ ਕਮਿਊਨਿਸਟ ਲਹਿਰ ਅੰਦਰ ਇਕ ਤਕੜੀ ਹਿਲ ਜੁਲ ਪੈਦਾ ਹੋ ਗਈ। ਖਾਸ ਕਰਕੇ ਲਹਿਰ ਅੰਦਰਲੇ ਤੰਗ ਨਜ਼ਰ ਖੱਬੂ ਤਬਕੇ ਤੇ ਨੌਜਵਾਨਾਂ ਵਿਚ ਭਾਰੀ ਬੇਚੈਨੀ ਫੈਲ ਗਈ। ਉਹਨਾਂ ਨੇ ਚੀਨੀ ਪਾਰਟੀ ਦੇ ਮੀਡੀਆ ਤੇ ਸਾਹਿਤ ਨੂੰ ਵੱਡੀ ਪੱਧਰ ’ਤੇ ਪੜ੍ਹਨਾ ਤੇ ਉਹਦਾ ਪਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਚੀਨੀ ਰੇਡੀਓ ਦੀਆਂ ਸਟੈਨੋਗਰਾਫਿਕ ਰਿਪੋਰਟਾਂ ਰਿਕਾਰਡ ਕਰਕੇ ਤੇ ਵੱਡੀ ਪੱਧਰ ’ਤੇ ਉਨਾਂ੍ਹ ਨੂੰ ਛਾਪਕੇ ਦੋਨੋਂ ਪਾਰਟੀਆਂ ਦੇ ਅੰਦਰ ਵੰਡਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇਕ ਵਿਸ਼ੇਸ਼ ਵਿਚਾਰ ਇਕ ਥਾਂ ਇਕੱਠਾ ਹੋਣ ਲੱਗ ਪਿਆ।
ਇਸ ਸਮੇਂ ਪੱਛਮੀ ਬੰਗਾਲ ਵਿਚ ਮਾਰਕਸੀ ਪਾਰਟੀ ਵਿਚੋਂ ਜ਼ਿਲਾ ਪੱਧਰ ਦੇ ਕੁਝ ਲੀਡਰਾਂ ਨੇ ਪੱਛਮੀ ਬੰਗਾਲ ਦੇ ਇਕ ਤਲੱਅਕੇ ‘ਨਕਸਲਬਾੜੀ’ ਵਿਚ ਕਿਸਾਨਾਂ ਨੂੰ ਜਥੇਬੰਦ ਕਰਕੇ ਜਗੀਰਦਾਰਾਂ ਉਤੇ ਹਮਲੇ ਕਰਾਉਣੇ ਆਰੰਭ ਕਰ ਦਿੱਤੇ। ਕੁਝ ਥਾਵਾਂ ’ਤੇ ਟੱਕਰਾਂ ਹੋਇਆਂ। ਉਸ ਸਮੇਂ ਕਿਸਾਨਾਂ ਕੋਲ ਅਗਨ ਸ਼ਾਸਤਰ ਨਹੀਂ ਸਨ। ਉਹ ਕਿਸਾਨੀ ਦੇ ਰਵਾਈਤੀ ਹਥਿਆਰਾਂ ਡਾਗਾਂ-ਸੋਟੀਆਂ, ਗੰਡਾਸਿਆਂ ਅਤੇ ਦਾਹਾਂ ਨਾਲ ਟੱਕਰਾਂ ਲੈ ਰਹੇ ਸਨ। ਇਸ ਗੱਲ ਨੂੰ ਦੇਸ਼ ਪੱਧਰ ’ਤੇ ਪਰਚਾਰਿਆ ਗਿਆ ਅਤੇ ਦੇਸ਼ ਅੰਦਰ ਕਿਸਾਨੀ ਘੋਲਾਂ ਲਈ ਇਕ ਮਾਡਲ ਵਜੋਂ ਪੇਸ਼ ਕੀਤਾ ਗਿਆ। ਇਸ ਨਾਲ ਦੋਹਾਂ ਕਮਿਉਨਿਸਟ ਪਾਰਟੀਆਂ ਤੇ ਖਾਸ ਕਰਕੇ ਮਾਰਕਸੀ ਕਮਿਊਨਿਸਟ ਪਾਰਟੀ ਅੰਦਰ ਹਿਲਜੁਲ ਤੇ ਬੇਚੈਨੀ ਵਧੀ। ਇਹ ਬੇਚੈਨੀ ਪਾਰਟੀ ਦੇ ਅੰਦਰ ਰਹਿੰਦਿਆਂ ਵੀ ਇਕ ਗੁੱਟ ਵਜੋਂ ਜਥੇਬੰਦੀ ਦਾ ਰੂਪ ਧਾਰਨ ਕਰ ਗਈ। ਪੱਛਮੀ ਬੰਗਾਲ ਵਿਚ ਇਕ ਦੋ ਸੂਬਾਈ ਪੱਧਰ ਦੇ ਲੀਡਰ ਤੇ ਦੂਜੇ ਤਲਕਾ ਪੱਧਰ ਦੇ ਲੀਡਰ ਖੁੱਲਮਖੁੱਲਾ ਪਾਰਟੀ ਨੀਤੀਆਂ ਦਾ ਵਿਰੋਧ ਤੇ ਚੀਨੀ ਪਾਰਟੀ ਦੀ ਰਾਜਨੀਤੀਕ ਲਾਈਨ ਦਾ ਪਰਚਾਰ ਕਰਨ ਲੱਗ ਪਏ। ਇਹ ਸਾਰਾ ਕੁਝ ਪ੍ਰੈਸ ਵਿਚ ਆਇਆ ਤੇ ਸਾਰੇ ਦੇਸ਼ ਵਿਚ ਫੈਲ ਗਿਆ। ਨਵੇਂ ਲੀਡਰ ਖਾਸ ਕਰਕੇ ਚਾਰੂ ਮਾਜੂਮਦਾਰ, ਜੰਗਲਸੰਥਾਲ, ਕਾਨੂੰ ਸਨਿਆਲ ਆਦਿ ਦਾ ਨਾਂਅ ਆਮ ਵਰਕਰਾਂ ਤੱਕ ਪੁੱਜਿਆ। ਥੋੜ੍ਹੇ ਸਮੇਂ ’ਚ ਹੀ ਇਹ ਲੋਕ ਹੀਰੋ ਬਣ ਗਏ।
ਇਸ ਨਵੇਂ ਪਰਚਾਰ ਦਾ ਪਰਭਾਵ ਉਂਝ ਤਾਂ ਸਾਰੇ ਦੇਸ਼ ਵਿਚ ਹੀ ਹੋਇਆ ਪਰੰਤੂ ਰਵਾਇਤੀ ਕਮਿਊਨਿਸਟ ਲਹਿਰ ਦੇ ਗੜ੍ਹਾਂ ਵਿਚ ਇਸਦੀ ਕਾਫੀ ਚਰਚਾ ਹੋਈ। ਇਸਦਾ ਅਸਰ ਪੰਜਾਬ ਵਿਚ ਕੁਝ ਪੁਰਾਣੇ ਕਮਿਊਨਿਸਟਾਂ ਤੇ ਨਵੇਂ ਵਰਕਰਾਂ ਵਿਚ ਕਾਫੀ ਹੋਇਆ। ਉਹ ਥਾਂ ਥਾਂ ’ਤੇ ਇਕੱਠੇ ਹੋ ਗਏ ਤੇ ਧੜੇ ਕਾਇਮ ਕਰਨ ਲੱਗ ਪਏ।
ਇਸ ਦੌਰ ਵਿਚ ਬਜ਼ੁਰਗ ਕਮਿਊਨਿਸਟ ਬੂਝਾ ਸਿੰਘ ਇਕ ਚੰਗੇ ਸਿਧਾਂਤਕਾਰ ਵਜੋਂ ਜਾਣਿਆ ਜਾਂਦਾ ਸੀ, ਇਸਨੇ ਪਹਿਲਾਂ ਲਾਲ ਕਮਿਊਨਿਸਟ ਪਾਰਟੀ ਕਾਇਮ ਕਰਨ ਵੇਲੇ ਤੇ ਪਿੱਛੋਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਤਿਆਰ ਕਰਨ ਵੇਲੇ ਵੀ ਬਹੁਤ ਸਰਗਰਮੀ ਦਿਖਾਈ ਸੀ। ਉਹਨੇ ਵੀ ਇਸ ਜਥੇਬੰਦੀ ਵੱਲ ਆਪਣੀ ਸਰਗਰਮੀ ਆਰੰਭੀ। ਇਸ ਦੇ ਨਾਲ ਹੀ ਆਪਣੇ ਪੁਰਾਣੇ ਸਾਥੀ ਗੰਧਰਵ ਸੈਨ ਕੋਛੜ ਨੂੰ ਜੋੜਿਆ ਤੇ ਗੁਪਤ ਰੂਪ ਵਿਚ ਨਕਸਲਬਾੜੀ ਸਿਧਾਂਤ ਦਾ ਪਰਚਾਰ ਕਰਨਾ ਆਰੰਭ ਕੀਤਾ ਪਰੰਤੂ ਮੁੱਢ ਵਿਚ ਇਹ ਬਹੁਤਾ ਉਘੜ ਕੇ ਸਾਹਮਣੇ ਨਹੀਂ ਆਏ। ਪਹਿਲਾਂ ਪਹਿਲ ਸਕੂਲ ਬੋਰਡ ਵਿਚ ਮਾਰਕਸੀ ਪਾਰਟੀ ਦੀ ਜਥੇਬੰਦੀ ਦੇ ਆਗੂ ਦਇਆ ਸਿੰਘ ਅਤੇ ਪਰਜਾਮੰਡਲ ਲਹਿਰ ਤੋਂ ਲੈ ਕੇ ਕਮਿਊਨਿਸਟ ਲਹਿਰ ਤੱਕ ਸਰਗਰਮ ਰਹੇ ਬਾਬਾ ਹਰੀ ਸਿੰਘ ਮਿਰਗਿੰਦ ਆਦਿ ਦੇ ਨਾਂਅ ਸਾਹਮਣੇ ਆਏ। ਇਸ ਵਿਚਾਰ ਦੇ ਜਥੇਬੰਦ ਹੋਣ ਦਾ ਖੁਲ੍ਹਾ ਐਲਾਨ ਕਾਮਰੇਡ ਮਾਓ-ਜੇ-ਤੁੰਗ ਦਾ ਪ੍ਰਸਿੱਧ ਅਖਾਣ “ਸ਼ਕਤੀ ਬੰਦੂਕ ਦੀ ਨਾਲੀ ਵਿਚੋਂ ਨਿਕਲਦੀ ਹੈ” ਲਾਲ ਅੱਖਰਾਂ ਵਿਚ ਛਾਪ ਕੇ ਸਾਰੇ ਪੰਜਾਬ ਵਿਚ ਲਾਇਆ ਗਿਆ। ਇਸ ਘਟਨਾ ਤੋਂ ਸਾਰੀਆਂ ਸਬੰਧਿਤ ਧਿਰਾਂ ਚੌਕਸ ਹੋ ਗਈਆਂ। ਖਾਸ ਕਰਕੇ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਲਿਡਰਸ਼ਿਪ, ਸਰਕਾਰ ਤੇ ਪੁਲਿਸ ਤੇ ਉਹਦੇ ਖੁਫੀਆ ਵਿੰਗ ਪੂਰੀ ਤਰਾਂ ਸਰਗਰਮ ਹੋ ਗਏ। ਮਾਰਕਸੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਇਸ ਲਈ ਚੌਕਸ ਹੋ ਗਈ ਕਿ ਇਸ ਘਟਨਾ ਦਾ ਵੱਧ ਪ੍ਰਭਾਵ ਉਸ ਦੇ ਨੌਜਵਾਨ ਕਾਡਰ ’ਤੇ ਪਏਗਾ। ਉਹ ਕਾਡਰ ਨੂੰ ਸਮਝਾਉਣ ਲਈ ਤੁਰ ਪਈ। ਸਰਕਾਰ ਨੇ ਵੀ ਇਸ ਨੂੰ ਖ਼ਤਰਾ ਸਮਝ ਕੇ ਗੰਭੀਰਤਾ ਨਾਲ ਲਿਆ। ਪੁਲੀਸ ਦੀ ਸਰਗਰਮੀ ਨਾਲ ਛੇਤੀ ਹੀ ਕਾਫੀ ਕੁਝ ਸਾਹਮਣੇ ਆ ਗਿਆ। ਇਸ਼ਤਿਹਾਰ ਛਪਵਾਉਣ ਵਾਲਾ ਮਾਕਸਵਾਦੀ ਕਮਿਊਨਿਸਟ ਪਾਰਟੀ ਸੰਗਰੂਰ ਦਾ ਦਫਤਰ ਸੱਕਤਰ ਮੰਗਲ ਸਿੰਘ ਸੀ। ਉਹਨੇ ਮੁੱਢਲੀ ਪੁੱਛ ਗਿਛ ਵਿਚ ਹੀ ਜਿੰਨਾਂ ਪਤਾ ਸੀ ਸਭ ਦੱਸ ਦਿੱਤਾ। ਨਕਸਲਬਾੜੀ ਵਿਚਾਰ ਵਾਲੇ ਸਾਥੀਆਂ ਨੇ ਮੰਗਲ ਸਿੰਘ ਨੂੰ ਹੀਰੋ ਬਣਾਉਣ ਦਾ ਯਤਨ ਕੀਤਾ ਪਰੰਤੂ ਹਕੀਕਤਾਂ ਇਸ ਦੇ ਉਲਟ ਸਨ। ਛੇਤੀ ਹੀ ਇਸ਼ਤਿਹਾਰ ਛਾਪਣ ਵਾਲੇ ਪ੍ਰੈਸ ਤੇ ਇਸ ਦੇ ਪਿੱਛੇ ਵਿਅਕਤੀਆਂ ਦਾ ਪੁਲੀਸ ਨੂੰ ਪਤਾ ਲੱਗ ਗਿਆ।
ਇਸ ਤਰ੍ਹਾਂ ਇਹ ਗੱਲ ਸਾਹਮਣੇ ਆ ਗਈ ਕਿ ਇਸ ਲਹਿਰ ਦਾ ਪ੍ਰਭਾਵ ਮਾਲਵੇ ਵਿਚ ਹੈ। ਛੇਤੀਂ ਹੀ ਜ਼ਿਲ੍ਹੇ ਬਠਿੰਡੇ ਵਿਚ ਸਰਗਰਮੀਆਂ ਸ਼ੁਰੂ ਹੋ ਗਈਆ।
ਬਠਿੰਡੇ ਜ਼ਿਲੇ ਵਿਚ ਇਕ ਨੌਜਵਾਨ ਹਰਭਜਨ ਸਿੰਘ ਸੀ ਜਿਸਨੂੰ ਥੋੜ੍ਹਾ ਜਿਹਾ ਸਮਾਂ ਪ੍ਰੋਫ਼ੈਸਰੀ ਕਰਨ ਕਰਕੇ ਪ੍ਰੌਫੈਸਰ ਕਿਹਾ ਜਾਣ ਲੱਗ ਪਿਆ। ਉਹ ਬਠਿੰਡੇ ਸ਼ਹਿਰ ਵਿਚ ਰਹਿੰਦਾ ਸੀ ਤੇ ਇਕ ਛੋਟੇ ਪੁਲੀਸ ਅਫਸਰ ਦਾ ਇੱਕਲੌਤਾ ਪੁਤੱਰ ਸੀ। ਉਹਨੇ ਪੰਜਾਬ ਦੇ ਵੱਖੋ-ਵੱਖਰੇ ਕਾਲਜਾਂ ਨਾਭਾ, ਅੰਬਾਲਾ, ਯੂਨੀਵਰਸਿਟੀ ਕੈਂਪਸ ਪਟਿਆਲਾ ਤੇ ਬਟਿੰਡੇ ਦੇ ਰਜਿੰਦਰਾ ਕਾਲਜ ਵਿਚ ਵਿਦਿਆ ਪ੍ਰਾਪਤ ਕੀਤੀ ਸੀ। ਹਰਭਜਨ ਸਿੰਘ ਦਾ ਪਰਿਵਾਰ ਵਿਗਿਆਨ ਪੜ੍ਹਾ ਕੇ ਉਸਦਾ ਕੋਈ ਕੈਰੀਅਰ ਬਣਾਉਣਾ ਚਾਹੁੰਦਾ ਸੀ ਪਰੰਤੂ ਹਰਭਜਨ ਸਿੰਘ ਅੰਬਾਲੇ ਬੀ.ਐਸ.ਸੀ. ਕਰਨ ਗਿਆ ਹੀ ਪੜ੍ਹਾਈ ਵਿਚਾਲੇ ਛੱਡ ਆਇਆ। ਉਹਨੇ ਆਰਟ ਦੀ ਪੜ੍ਹਾਈ ਕਰਨ ਖ਼ਾਤਰ ਮੁੜ੍ਹਕੇ ਬਠਿੰਡਾ ਦਾਖਲਾ ਲਿਆ। ਹਰਭਜਨ ਸਿੰਘ ਵੱਖੋ-ਵੱਖਰੇ ਕਾਲਜਾਂ ਵਿਚ ਪੜ੍ਹਨ ਕਰਕੇ, ਖਾਸ ਕਰਕੇ ਨਾਭੇ ਪੜ੍ਹਨ ਸਮੇਂ ਤੋਂ ਖੱਬੇ ਵਿਚਾਰਾਂ ਤੋਂ ਪ੍ਰਭਾਵਤ ਸੀ।
ਨਾਭਾ ਕਾਲਜ ਕਮਿਊਨਿਸਟ ਪ੍ਰਭਾਵ ਵਾਲੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਫੈਡਰੇਸ਼ਨ ਦਾ ਗੜ੍ਹ ਸੀ। ਇਸੇ ਕਾਲਜ ਨੇ ਭਵਿੱਖ ਦੇ ਕਈ ਕਮਿਊਨਿਸਟ ਲੀਡਰ ਪੈਦਾ ਕੀਤੇ। ਕਾਮਰੇਡ ਭਾਨ ਸਿੰਘ ਭੌਰਾ ਜਿਹੜਾ ਮੈਂਬਰ ਪਾਰਲੀਮੈਂਟ ਰਿਹਾ, ਪ੍ਰੀਤਮ ਸਿੱਧੂ ਜੋ ਅੱਜ ਕਲ ਇੰਗਲੈਂਡ ਵਿਚ ਹੈ, ਕਾਮਰੇਡ ਭੂਪਿੰਦਰ ਸਾਂਭਰ ਜਿਹੜਾ ਪੰਜਾਬ ਦੀ ਕਮਿਊਨਿਸਟ ਪਾਰਟੀ ਦਾ ਸੂਬਾਈ ਸਕੱਤਰ ਹੈ ਆਦਿ ਇਸੇ ਕਾਲਜ ਤੋਂ ਪੜ੍ਹੇ ਹੋਏ ਸਨ। ਨਾਭਾ ਇਕ ਰਿਆਸਤੀ ਸ਼ਹਿਰ ਹੋਣ ਦੇ ਨਾਲ ਅੱਗੇ ਵਧੂ ਵੀ ਸੀ। ਇਥੇ ਕੋ-ਐਜੂਕੇਸ਼ਨ ਸੀ ਜਿਥੇ ਮੁੰਡੇ ਕੁੜੀਆਂ ਨੂੰ ਕਾਫੀ ਖੁਲ੍ਹ ਸੀ। ਇਸੇ ਪ੍ਰਭਾਵ ਕਾਰਨ ਹੀ ਹਰਭਜਨ ਸਿੰਘ ਬਠਿੰਡੇ ਵਗਗੇ ਪੱਛੜੇ ਸ਼ਹਿਰ ਵਿਚ ਜਾ ਕੇ ਵੀ ਬਹੁਤ ਪ੍ਰਭਾਵਸ਼ਾਲੀ ਰਿਹਾ। ਉਸਨੇ ਬਹੁਤ ਮੁੰਡੇ ਕੁੜੀਆਂ ਨੂੰ ਪ੍ਰਭਾਵਤ ਕੀਤਾ। ਉਹ ਉਸ ਸਮੇਂ ਦੇ ਗੱਭਰੂਆਂ ਵਾਂਗ ਪ੍ਰੀਤ ਲੜੀ ਦਾ ਪੱਕਾ ਪਾਠਕ ਸੀ। ਹੋਰ ਸਾਹਿਤ ਵੀ ਪੜ੍ਹਦਾ ਰਹਿੰਦਾ ਸੀ। ਉਹਦਾ ਵਿਅਕਤਵ ਖਿੱਚ ਪਾਊ ਸੀ ਤੇ ਉਹਦਾ ਗੱਲ ਕਰਨ ਦਾ ਢੰਗ ਪ੍ਰਭਾਵਸ਼ਾਲੀ ਸੀ। ਪਰੰਤੂ ਉਸ ਸਮੇਂ ਉਸਦੇ ਵਿਚਾਰ ਅੱਤ ਖੱਬੇ ਪੱਖੀ ਜਾ “ਖਾੜਕੂ” ਨਹੀਂ ਸਨ। ਉਹ ਸੁਭਾਅ ਦਾ ਨਰਮ ਸੀ। ਉਸ ਸਮੇਂ ਕਮਿਊਨਿਸਟ ਪਾਰਟੀ ਅੰਦਰ ਚਲ ਰਹੇ ਵਿਚਾਰਧਾਰਕ ਵਾਦ-ਵਿਵਾਦ ਤੋਂ ਜਾਣੂ ਸੀ ਅਤੇ ਆਮ ਗੱਲਬਾਤ ਵਿਚ ਕਮਿਊਨਿਸਟ ਪਾਰਟੀ ਦੀ ਮੱਧਵਰਗੀ ਬੁੱਦੀਜੀਵੀ ਲੀਡਰਸ਼ਿਪ ਕਾਮਰੇਡ ਮਲਹੋਤਰਾ, ਕਾਮਰੇਡ ਚੋਪੜਾ, ਕਾਮਰੇਡ ਜਗਜੀਤ ਸਿੰਘ ਆਨੰਦ ਆਦਿ ਦਾ ਪੱਖ ਲੈਂਦਾ ਸੀ। ਉਹ ਕਈ ਵਾਰ ਕਹਿਣ ’ਤੇ ਵੀ ਕਮਿਊਨਿਸਟ ਪਾਰਟੀ ਦਾ ਮੈਂਬਰ ਨਾ ਬਣਿਆ। ਉਹਦੀ ਦਲੀਲ ਇਹ ਸੀ ਕਿ ਹੁਣ ਮੈਂ ਬਹਿਸ ਸਮੇਂ ਪਾਰਟੀ ਮੈਂਬਰ ਹੋਣਾ ਮੁਕਰ ਜਾਂਦਾ ਹਾਂ ਫਿਰ ਮੈਨੂੰ ਝੂਠ ਬੋਲਣਾ ਪਵੇਗਾ। ਪਰੰਤੂ ਉਹਨੇ ਇਕ ਗੱਲ ਕੀਤੀ ਕਿ ਅਪਣੇ ਇਕ ਪੁਰਾਣੇ ਸਾਥੀ ਜਗਦੀਪ ਨੂੰ ਜਿਹੜਾ ਉਹਦੇ ਨਾਲ ਅੰਬਾਲੇ ਪੜ੍ਹਦਾ ਰਿਹਾ ਸੀ ਤੇ ਉਸ ਦੇ ਨਾਲ ਹੀ ਪੜ੍ਹਾਈ ਛੱਡ ਕੇ ਬਠਿੰਡਾ ਆ ਗਿਆ ਸੀ, ਪਰੇਰ ਕੇ ਪਾਰਟੀ ਮੈਂਬਰ ਵੀ ਬਣਾ ਦਿੱਤਾ ਤੇ ਕੁਲਵਕਤੀ ਕੰਮ ਕਰਨ ਵੀ ਲਾ ਦਿੱਤਾ। ਇਹ ਜਗਦੀਪ ਉਰਫ ਰੰਗੀ ਬਹੁਤਾ ਚਿਰ ਉਹਦੇ ਨਾਲ ਨਾ ਰਹਿ ਸਕਿਆ ਤੇ ਦੋਨਾਂ ਦੀ ਮਿੱਤਰਤਾ ਪਤਲੀ ਪੈਂਦੀ ਪੈਂਦੀ ਟੁੱਟ ਗਈ। ਅੱਜ ਜਗਦੀਪ ਕਿਸੇ ਰਾਜਨੀਤੀ ਤੋਂ ਦੂਰ ਸਾਧਾਰਨ ਵਿਅਕਤੀ ਹੈ। ਮਾਰਕਸੀ ਪਾਰਟੀ ਬਣਨ ਵੇਲੇ ਮੇਰਾ ਹਰਭਜਨ ਨਾਲ ਸੰਪਰਕ ਨਾ ਰਿਹਾ ਤੇ ਮੈਂ ਜਲੰਧਰ ਚਲਿਆ ਗਿਆ। ਪਿੱਛੋਂ ਸ਼ਾਇਦ ਉਹ ਮਾਰਕਸੀ ਪਾਰਟੀ ਦਾ ਮੈਂਬਰ ਬਣ ਗਿਆ ਸੀ। ਮੈਨੂੰ ਇਸ ਬਾਰੇ ਪੱਕਾ ਪਤਾ ਨਹੀਂ।
ਹਰਭਜਨ ਸਿੰਘ ਦੀ ਮਿੱਤਰਤਾ ਮਾਸਟਰ ਮੇਘ ਰਾਜ ਰਾਮਪੂਰਾ ਫੂਲ ਨਾਲ ਬਹੁਤ ਗੂੜ੍ਹੀ ਸੀ ਜਿਹੜਾ ਹਿਸਾਬ ਟੀਚਰ ਵਜੋਂ ਮੁੰਡੇ ਕੁੜੀਆਂ ਵਿਚ ਬਹੁਤ ਹਰਮਨ ਪਿਆਰਾ ਸੀ। ਉਸਨੇ ਹਰਭਜਨ ਸਿੰਘ ਦੇ ਪ੍ਰਭਾਵ ਥੱਲੇ ਸਰਕਾਰੀ ਨੌਕਰੀ ਛੱਡੀ ਤੇ ਮੈਥ ਦੀ ਐਮ.ਏ. ਕਰਨ ਲਈ ਹਰਭਜਨ ਸਿੰਘ ਨਾਲ ਯੂਨੀਵਰਸਿਟੀ ਗਿਆ ਤੇ ਅੱਗੇ ਚੱਲ ਕੇ ਨਕਸਲੀ ਲਹਿਰ ਵਿਚ ਵੀ ਆਇਆ। ਬਠਿੰਡਾ ਕਾਲਜ ਸਮੇਂ ਹਰਭਜਨ ਸਿੰਘ ਦੀ ਮਿੱਤਰਤਾ ਪਿੰਡ ਭੁੱਚੋ ਖੁਰਦ ਦੇ ਇਕ ਬਹੁਤ ਹੀ ਪਿਆਰੇ ਮੁੰਡੇ ਉਜਾਗਰ ਸਿੰਘ ਨਾਲ ਹੋ ਗਈ। ਉਹਨੇ ਵੀ ਮੈਥ ਦੀ ਐਮ.ਏ. ਕੀਤੀ ਸੀ। ਅੱਗੇ ਚਲ ਕੇ ਇਨ੍ਹਾਂ ਦੋਨਾਂ ਦੇ ਸਬੰਧ ਏਨੇ ਗੂੜੇ ਹੋ ਗਏ ਕਿ ਉਜਾਗਰ ਸਿੰਘ ਦੀ ਭੈਣ ਮਹਿੰਦਰ ਕੌਰ ਹਰਭਜਨ ਸਿੰਘ ਨੂੰ ਵਿਆਹੀ ਗਈ ਤੇ ਉਜਾਗਰ ਸਿੰਘ ਹਰਭਜਨ ਸਿੰਘ ਦੇ ਪ੍ਰਭਾਵ ਅਧੀਨ ਅੱਜ ਤਕ ਨਕਸਲੀ ਲਹਿਰ ਦਾ ਕੁੱਲ ਵਕਤੀ ਹੈ।
ਇਨ੍ਹਾਂ ਨਾਂਵਾਂ ਤੋਂ ਬਿਨਾਂ ਹਰਭਜਨ ਸਿੰਘ ਦੇ ਸਬੰਧ ਕਮਿਊਨਿਸਟ ਕਾਡਰ ਨਾਲ ਵੀ ਸਨ। ਇਨ੍ਹਾਂ ਵਿਚੋਂ ਇਕ ਅਹਿਮ ਵਿਅਕਤੀ ਹਰ-ਭਗਤੂਆਣਾ ਸੀ। ਹਰ ਪਹਿਲਾਂ ਕਮਿਊਨਿਸਟ ਲਹਿਰ ਤੇ ਫਿਰ ਮਾਰਕਸੀ ਪਾਰਟੀ ਤੇ ਪਿੱਛੋਂ ਨਕਸਲੀ ਲਹਿਰ ਦਾ ਵੀ ਸਰਗਰਮ ਵਰਕਰ ਬਣਿਆ। ਇਹ ਮਾਰਕਸੀ ਪਾਰਟੀ ਦੇ ਉਘੇ ਆਗੂ ਪੰਡਤ ਵਿੱਦਿਆ ਦੇਵ ਲੌਂਗੋਵਾਲ ਦਾ ਭਰਾ ਸੀ। ਇਸੇ ਤਰ੍ਹਾਂ ਬਲਵੰਤ ਸਿੰਘ ਕੋਟਕਪੁਰਾ ਜਿਹੜਾ ਮਾਰਕਸੀ ਪਾਰਟੀ ਦਾ ਵਰਕਰ ਸੀ, ਵੀ ਹਰਭਜਨ ਦੇ ਪ੍ਰਭਾਵ ਹੇਠ ਨਕਸਲੀ ਲਹਿਰ ਵਿਚ ਆਇਆ ਪਰੰਤੂ ਬਹੁਤੀ ਦੇਰ ਲਹਿਰ ਵਿਚ ਨਾ ਰਹਿ ਸਕਿਆ। ਬਠਿੰਡੇ ਸ਼ਹਿਰ ਵਿਚ ਹਰਭਜਨ ਦੇ ਨਾਲ ਨਕਸਲੀ ਲਹਿਰ ਵਿਚ ਜਾਣ ਵਾਲਾ ਵੇਦ ਪ੍ਰਕਾਸ਼ ਗੁਪਤਾ ਸੀ। ਉਹਦਾ ਵੱਡਾ ਭਰਾ ਬਠਿੰਡੇ ਵਿਚ ਭਾਰਤੀ ਕਮਿਊਨਿਸਟ ਪਾਰਟੀ ਦੇ ਮੋਢੀਆਂ ਵਿਚੋਂ ਸੀ। ਉਹਦਾ ਪਿਤਾ ਮਹਾਸ਼ਾ ਕਿਸ਼ੋਰੀ ਲਾਲ ਸ਼ਹਿਰ ਦਾ ਉਘਾ ਆਰੀਆ ਸਮਾਜੀ ਆਗੂ ਸੀ। ਉਹਨੇ ਆਪ ਤੇ ਉਹਦੀਆ ਭੈਣਾਂ ਨੇ ਮਹਿੰਦਰਾ ਕਾਲਜ ਪਟਿਆਲੇ ਤੋਂ ਐਮ.ਏ. ਕੀਤੀ ਸੀ। ਉਹ ਆਪ ਅੰਗਰੇਜ਼ੀ ਦੀ ਐਮ.ਏ. ਸੀ। ਇਸੇ ਤਰ੍ਹਾਂ ਮਾਰਕਸੀ ਪਾਰਟੀ ਦਾ ਵਰਕਰ ਸਤਪਾਲ ਭਾਰਤੀ ਵੀ ਹਰਭਜਨ ਨਾਲ ਨਕਸਲੀ ਲਹਿਰ ਵਿਚ ਗਿਆ। ਪਿੰਡਾਂ ਦੇ ਕੁਝ ਸਾਧਾਰਨ ਵਰਕਰ ਵੀ ਉਹਦੇ ਨਾਲ ਗਏ।
ਹਰਭਜਨ ਦੇ ਨਾਲ ਹੀ ਇਕ ਅਹਿਮ ਵਰਕਰ ਜਿਹੜਾ ਅਗੇ ਚੱਲ ਕੇ ਨਕਸਲੀ ਲਹਿਰ ਦੇ ਇਕ ਆਗੂ ਵਜੋਂ ਉਭਰਿਆ ਉਹ ਹਾਕਮ ਸਿੰਘ ਸਮਾਉਂ ਜਿਲਾ ਮਾਨਸਾ ਸੀ। ਉਹ ਵੀ ਦਰਮਿਆਨੇ ਕਿਸਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹਨੇ ਪਟਿਆਲੇ ਤੋਂ ਐਮ.ਏ.ਕੀਤੀ ਸੀ ਪਰੰਤੂ ਸੁਭਾਅ ਵਿਚ ਹਰਭਜਨ ਤੋਂ ਮੁੱਢ ਤੋਂ ਹੀ ਵੱਖਰਾ ਸੀ। ਉਹ ਗਰਮ ਖਿਆਲੀ ਸੀ ਤੇ ਚਾਰੂ ਮਾਜੂਮਦਾਰ ਦੀ ਲਾਈਨ “ਜਮਾਤੀ ਦੁਸ਼ਮਣਾਂ ਦਾ ਸਫਾਇਆ” ਪੂਰੀ ਤਰ੍ਹਾਂ ਉਸਦੇ ਸੁਭਾਅ ਅਨੁਕੂਲ ਸੀ। ਉਸਦਾ ਆਵਦਾ ਮਿੱਤਰਾਂ ਦਾ ਦਾਇਰਾ ਸੀ ਜਿਨਾਂ ਵਿਚੋਂ ਕਈ ਪਿੱਛੋਂ ਉਸਦੇ ਨਾਲ ਨਕਸਲੀ ਲਹਿਰ ਵਿਚ ਵੀ ਗਏ। ਜਿੱਥੇ ਹਰਭਜਨ ਸਿੰਘ ’ਤੇ ਸ਼ਹਿਰੀ ਪ੍ਰਭਾਵ ਸੀ ਉਥੇ ਹਾਕਮ ਸਿੰਘ ’ਤੇ ਪੇਂਡੂ ਸੱਭਿਆਚਾਰ ਦਾ ਪ੍ਰਭਾਵ ਸੀ।
ਨਕਸਲੀ ਲਹਿਰ ਦੀ ਚੜ੍ਹਤ ਨੂੰ ਦੇਖ ਕੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਵਿਚਾਧਾਰਕ ਸਰਗਰਮੀਆਂ ਆਰੰਭ ਕੀਤੀਆਂ। ਇਸ ਮੰਤਵ ਲਈ ਉਤਰੀ ਭਾਰਤ ਦੇ ਹਿੰਦੀ ਬੋਲਦੇ ਸੂਬਿਆਂ ਦੇ ਚੋਣਵੇਂ ਕਾਡਰ ਦਾ ਇੱਕ ਸਕੂਲ ਦਿੱਲੀ ਕਾਮਰੇਡ ਗੋਪਾਲਨ ਦੀ ਕੋਠੀ ਵਿਚ ਰੱਖਿਆ ਗਿਆ। ਕਾਮਰੇਡ ਏ.ਕੇ. ਗੋਪਾਲਨ 1952 ਵਿੱਚ ਲੋਕ ਸਭਾ ਦਾ ਮੈਂਬਰ ਚੁਣਿਆ ਜਾਣ ’ਤੇ ਕਮਿਊਨਿਸਟ ਮੈਂਬਰਾਂ ਦੀ ਕਾਫੀ ਗਿਣਤੀ ਹੋਣ ਕਾਰਨ ਵਿਰੋਧੀ ਧਿਰ ਦਾ ਆਗੂ ਮੰਨਿਆ ਗਿਆ ਸੀ। ਉਸ ਸਮੇਂ ਉਸ ਨੂੰ ਵਜ਼ੀਰਾਂ ਵਾਲੀ ਵੱਡੀ ਕੋਠੀ ਅਲਾਟ ਹੋਈ ਸੀ। ਇਹ ਕੋਠੀ ਲਗਾਤਾਰ ਕਮਿਊਨਿਸਟ ਮੈਂਬਰਾਂ ਦੇ ਕਬਜ਼ੇ ਹੇਠ ਰਹੀ। ਇਹ ਕਾਫੀ ਵੱਡੀ ਸੀ। ਇਸੇ ਲਈ ਇਥੇ ਸਕੂਲ ਰੱਖਿਆ ਗਿਆ ਸੀ। ਉਥੇ ਬਠਿੰਡਾ ਤੋਂ ਹਰਭਜਨ ਸਿੰਘ, ਹਾਕਮ ਸਿੰਘ ਤੇ ਉਨ੍ਹਾਂ ਦੇ ਕੁਝ ਸਾਥੀ ਗਏ। ਇਨ੍ਹਾਂ ਨੇ ਇਸ ਅਵਸਰ ਨੂੰ ਮਾਰਕਸੀ ਲੀਡਰਾਂ ਦੇ ਵਿਚਾਰ ਗੰਭੀਰਤਾ ਨਾਲ ਸੁਣਨ ਦੀ ਥਾਂ ਦੂਜੇ ਸੂਬਿਆਂ ਦੇ ਖਾਸ ਕਰਕੇ ਬਿਹਾਰ ਦੇ ਆਪਣੇ ਹਮ ਖ਼ਿਆਲੀ ਵਰਕਰਾਂ ਨਾਲ ਤਾਲਮੇਲ ਕਰਨ ਲਈ ਵਰਤਿਆ। ਇਸ ਪਿੱਛੋਂ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਤੇ ਉਨ੍ਹਾਂ ਨੇ ਆਪਣੀਆਂ ਅੱਡਰੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ।
ਬੰਗਾਲ ਵਿਚ ਨਵੀਂ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ ਕਾਇਮ ਹੋਣ ਦਾ ਐਲਾਨ ਹੋਇਆ ਪਰੰਤੂ ਇਹ ਐਲਾਨ ਸਾਰੇ ਗਰੁੱਪਾਂ ਨੂੰ ਇੱਕਠੇ ਨਾ ਕਰ ਸਕਿਆ। ਛੇਤੀ ਹੀ ਚਾਰੂ ਮਾਜੂਮਦਾਰ ਦੀ ਅੱਤ ਘਾਤਕ ਲਾਈਨ ਵਿਰੁੱਧ ਅਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ। ਬਿਹਾਰ ਵਿਚ ਸੱਤਿਆ ਨਰਾਇਣ ਸਿਨਹਾ, ਆਂਧਰਾ ਵਿਚ ਟੀ. ਨਾਗਾ ਰੈਡੀ ਆਦਿ ਦੇ ਵੱਖਰੇ ਗਰੁੱਪ ਕਾਇਮ ਹੋ ਗਏ ਤੇ ਉਨ੍ਹਾਂ ਨੇ ਖੁਲੇ੍ਹ ਆਮ ਚਾਰੂ ਮਾਜੂਮਦਾਰ ਦੀ ਲਾਈਨ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ। ਜ਼ਿਲਾ ਬਠਿੰਡਾ ਵਿਚ ਵੀ ਇਹੋ ਕੁਝ ਵਾਪਰਿਆ। ਹਰਭਜਨ ਸਿੰਘ ਆਪਣੇ ਸਾਥੀਆਂ ਸਮੇਤ ਨਾਗਾ ਰੈਡੀ ਨਾਲ ਗਿਆ ਤੇ ਹਾਕਮ ਸਿੰਘ ਆਪਣੇ ਸਾਥੀਆਂ ਸਮੇਤ ਸੱਤਿਆ ਨਰਾਇਣ ਧੜੇ ਨਾਲ ਚਲਿਆ ਗਿਆ।
ਜ਼ਿਲਾ ਬਠਿੰਡਾ ਵਿਚ ਨਕਸਲੀਆਂ ਨੇ ਆਪਣੀਆਂ ਸਰਗਰਮੀਆਂ ਰਾਜੇਸ਼ ਸਿਨੇਮਾ ਵਿਚ ਇਕ ਚੀਨ ਵਿਰੋਧੀ ਫਿਲਮ ਵਿਰੁੱਧ ਰੋਸ ਪ੍ਰਗਟ ਕਰਨ ਲਈ ਇਕ ਧਮਾਕਾ ਕਰਕੇ ਕੀਤੀਆਂ। ਇਸ ਨਾਲ ਜਿਥੇ ਸ਼ਹਿਰ ਵਿਚ ਸਨਸਨੀ ਫੈਲੀ ਉਥੇ ਲਹਿਰ ਨਾਲ ਸਬੰਧਤ ਵਿਅਕਤੀਆਂ ਦਾ ਵੀ ਪਤਾ ਲੱਗ ਗਿਆ। ਇਸ ਧਮਾਕੇ ਵਿਚ ਵੇਦ ਪ੍ਰਕਾਸ਼ ਗੁਪਤਾ ਨੂੰ ਫੜਿਆ ਗਿਆ। ਉਸ ’ਤੇ ਤਸ਼ਦਦ ਵੀ ਹੋਇਆ ਤੇ ਜੇਲ ਅੰਦਰ ਵੀ ਰਹਿਣਾ ਪਿਆ। ਇਸੇ ਤਰ੍ਹਾਂ ਇਕ ਹੋਰ ਘਟਨਾ ਵੀ ਵਾਪਰੀ ਜਿਸ ਦੀ ਚਰਚਾ ਬਹੁਤੀ ਨਹੀਂ ਹੋਈ। ਇਕ ਸੇਠ ਦੇ ਪੱਥਰ ਦੇ ਬਸਟ (ਬੁੱਤ) ਨੂੰ ਤੋੜ ਕੇ ਗੋਲ ਡਿੱਗੀ ਵਿਚ ਸੁੱਟ ਦਿੱਤਾ ਗਿਆ ਸੀ ਜਿਹੜਾ ਕਈ ਸਾਲਾਂ ਪਿੱਛੋ ਗੋਲ ਡਿੱਗੀ ਸਾਫ ਕਰਦਿਆਂ ਉਥੋਂ ਮਿਲਿਆ ਸੀ। ਇਹ ਸੇਠ ਬਦਨਾਮ ਸੀ ਤੇ ਉਹਦੇ ਪੁੱਤ ਕੁਝ ਪਹੁੰਚ ਵਾਲੇ ਸਨ ਜਿਨਾਂ ਨੇ ਇਹ ਬੁੱਤ ਲਵਾਇਆ ਸੀ। ਪੁਲੀਸ ਨੇ ਥੋੜ੍ਹੀ ਜਿਹੀ ਭੱਜ ਨੱਠ ਕੀਤੀ ਪਰ ਕੁਝ ਪੱਲੇ ਨਹੀਂ ਪਿਆ।
ਨਕਸਲੀ ਲਹਿਰ ਵਿਚ ਪਿੰਡ ਗੁਰੂਸਰ ਦਾ ਖੇਤ ਮਜਦੂਰ ਮੁੰਡਾ ਭੋਲਾ ਵੀ ਸੀ। ਉਹਨੇ ਕਾਲਜ ਤੋਂ ਬੀ.ਏ. ਕੀਤੀ ਸੀ। ਉਹਦਾ ਵਿਅਕਤੀਤਵ ਬਹੁਤ ਪਿਆਰਾ ਸੀ। ਉਹ ਹਰ ਇਕ ਨੂੰ ਮੋਹ ਲੈਂਦਾ ਸੀ। ਉਹਨੇ ਕੁਝ ਸਾਥੀਆਂ ਨਾਲ ਰਲਕੇ ਰਾਜਿੰਦਰਾ ਕਾਲਜ ਵਿਚ ਕੁਝ ਤੋੜ ਫੋੜ ਕੀਤੀ। ਇਹ ਘਟਨਾ ਵੀ ਨਕਸਲੀਆਂ ਜੁੰਮੇ ਲੱਗੀ ਤੇ ਪੁਲੀਸ ਕੋਈ ਕਾਰਵਾਈ ਨਾ ਕਰ ਸਕੀ।
ਅੱਡ ਹੋ ਕੇ ਹਰਭਜਨ ਸਿੰਘ ਨੇ ਨਾਗਾਰੈਡੀ ਦੀ ਲਾਈਨ ਅਪਣਾ ਕੇ ਕਿਸਾਨੀ ਵਿਚ ਕੰਮ ਸ਼ੁਰੂ ਕੀਤਾ। ਛੇਤੀ ਹੀ ਪੇਂਡੂ ਵਰਕਰਾਂ ਦੀ ਮੱਦਦ ਨਾਲ ਨਰਮਾ ਪੱਟੀ ਦੇ ਕਈ ਪਿੰਡਾਂ ਵਿੱਚ ਅਪਣਾ ਅਸਰ ਬਣਾ ਲਿਆ। ਉਨ੍ਹਾਂ ਨੂੰ ਲੈ ਕੇ ਟਰੈਕਟਰਾਂ ਉਤੇ ਵਿਸ਼ਾਲ ਜਲੂਸ ਬਠਿੰਡਾ ਸ਼ਹਿਰ ਵਿਚ ਕiੱਢਆ ਗਿਆ। ਪੁਲੀਸ ਦੂਜੀਆਂ ਪਾਰਟੀਆਂ ਦੇ ਜਲੂਸਾਂ ਵਾਂਗ ਅਵੇਸਲੀ ਸੀ। ਜਲੂਸ ਵਿਚ ਕਿਸਾਨ ਡਾਂਗਾ-ਸੋਟੀਆਂ ਤੇ ਗੰਡਾਸਿਆਂ ਨਾਲ ਲੈਸ ਸਨ। ਕਿਸਾਨ ਜ਼ਿਲਾ ਕਚਹਿਰੀਆਂ ਦੇ ਹਾਤੇ ਅੰਦਰ ਦਾਖਲ ਹੋ ਗਏ। ਇਸ ਗੱਲ ਦਾ ਵੀ ਖ਼ਤਰਾ ਪੈਦਾ ਹੋ ਗਿਆ ਕਿ ਮੁਜ਼ਾਹਰਾਕਾਰ ਡੀ.ਸੀ. ਅਤੇ ਐਸ.ਪੀ. ਦੇ ਦਫਤਰਾਂ ਵਿਚ ਵੀ ਦਾਖਲ ਹੋ ਜਾਣਗੇ।ਉਸ ਸਮੇਂ ਜ਼ਿਲੇ ਦਾ ਪੁਲੀਸ ਸੁਪਰਇੰਨਡੈਂਟ ਗੁਰਬਚਨ ਜਗਤ ਸੀ। ਉਹਨੇ ਨਿਹੱਤੇ ਪੁਲੀਸ ਅਫਸਰਾਂ ਨੂੰ ਤਾਂ ਦਫਤਰ ਅੱਗੇ ਖੜਾ ਕਰ ਦਿੱਤਾ ਅਤੇ ਇਕ ਏ.ਐਸ.ਆਈ. ਨੂੰ ਛੱਤ ’ਤੇ ਚਾੜ ਕੇ ਫੋਕੇ ਫਾਇਰ ਕਰਨ ਦਾ ਹੁਕਮ ਦੇ ਦਿੱਤਾ। ਫਾਇਰਿੰਗ ਕਾਰਨ ਮੁਜ਼ਾਹਰਾਕਾਰੀਆਂ ਵਿੱਚ ਕੁਝ ਢਿੱਲ ਆ ਗਈ। ਇਸ ਸਮੇਂ ਕਚਹਿਰੀ ਦੇ ਪਿਛਲੇ ਪਾਸਿਉਂ ਡਾਂਗਾਂ ਵਾਲੀ ਭਾਰੀ ਪੁਲੀਸ ਫੋਰਸ ਸੱਦ ਲਈ ਗਈ। ਪੁਲੀਸ ਵਾਲਿਆਂ ਨੇ ਆਉਣ ਸਾਰ ਹੀ ਡਾਂਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ ਅਤੇ ਕਚਹਿਰੀਆਂ ਤੋਂ ਬੱਸ ਅਡੇ ਤੱਕ ਜਿਹੜਾ ਵੀ ਕਿਸਾਨ ਟਕਰਿਆ ਉਹਨੂੰ ਤੱਸ਼ਦਦ ਦਾ ਨਿਸ਼ਾਨਾ ਬਣਾਇਆ। ਮੁਜ਼ਾਹਰਾਕਾਰੀਆਂ ਦੇ ਬਾਹਰ ਖੜੇ ਟਰੈਕਟਰ ਪੁਲੀਸ ਨੇ ਕਬਜ਼ੇ ਵਿਚ ਲੈ ਲਏ ਤੇ ਉਨ੍ਹਾਂ ਦੀ ਹਵਾ ਕੱਢ ਦਿੱਤੀ। ਇਸ ਗਰਮ ਐਕਸ਼ਨ ਦਾ ਸਿੱਟਾ ਇਹ ਨਿਕਲਿਆ ਕਿ ਸਧਾਰਨ ਕਿਸਾਨੀ ਟੁੱਟ ਗਈ ਤੇ ਉਨ੍ਹਾਂ ਨੇ ਅਪਣੇ ਟਰੈਕਟਰ ਕਾਂਗਰਸੀ ਅਕਾਲੀ ਆਗੂਆਂ ਨਾਲ ਮਿਲਕੇ ਛੁਡਵਾਏ ਤੇ ਉਥੇ ਕਈ ਵਰਕਰਾਂ ’ਤੇ ਮੁਕਦਮੇ ਵੀ ਦਰਜ ਹੋਏ। ਇਸ ਧੜੇ ਦਾ ਪ੍ਰਭਾਵ ਟੀਚਰਾਂ ਤੇ ਵਿਦਿਆਰਥੀਆਂ ’ਤੇ ਕਾਫੀ ਰਿਹਾ। ਹਰਭਜਨ ਸਿੰਘ ਦੇ ਪ੍ਰਭਾਵ ਥੱਲੇ ਰਾਮਪੁਰ ਪਿੰਡ ਦਾ ਇਕ ਦੁਕਾਨਦਾਰ ਟੱਬਰ ਲਹਿਰ ਵਿਚ ਆਇਆ। ਉਸ ਪਰਿਵਾਰ ਦਾ ਇੱਕ ਮੁੰਡਾ ਯਸ਼ਪਾਲ ਪੰਜਾਬ ਦੀ ਟੀਚਰ ਲਹਿਰ ਦਾ ਉੱਘਾ ਆਗੂ ਬਣਿਆ। ਦੂਜਾ ਭਰਾ ਬਲਜੀਤ ਜੋ ਅੱਜ ਕਲ ਚੰਡੀਗੜ੍ਹ ਵਿਚ ਅਜੀਤ ਦਾ ਵਿਸ਼ੇਸ਼ ਪ੍ਰਤੀਨਿਧ ਹੈ, ਵਿਦਿਆਰਥੀ ਲਹਿਰ ਵਿਚ ਸਰਗਰਮ ਰਿਹਾ। ਇਸ ਪਰਿਵਾਰ ਦੀ ਕੁੜੀ ਪੁਸ਼ਪਾ ਤੇ ਇਕ ਹੋਰ ਭਰਾ ਨਕਸਲੀ ਲਹਿਰ ਵਿੱਚ ਸਰਗਰਮ ਰਹੇ।
ਹਾਕਮ ਸਿੰਘ ਨੇ ਸਤਿਆ ਨਰਾਇਣ ਧੜੇ ਨਾਲ ਜਾ ਕੇ ਚਾਰੂ ਮਾਜੂਮਦਾਰ ਦੀ ਲਾਈਨ ਨੂੰ ਜਾਰੀ ਰੱਖਿਆ। ਉਹਦੇ ਉਤੇ ਕਈ ਕਤਲਾਂ ਦੇ ਕੇਸ ਬਣੇ। ਅਪਣੇ ਪਿੰਡ ਵਿੱਚ ਕਿਸੇ ਸੇਠ ਦੀ ਜ਼ਮੀਨ ਉਤੇ ਝੰਡਾ ਗੱਡ ਕੇ ਢੋਲ ਵਜਾ ਕੇ ਕਬਜ਼ਾ ਕਰਕੇ “ਨਕਸਲਬਾੜੀ” ਬਣਾਉਣ ਦਾ ਯਤਨ ਕੀਤਾ ਪਰੰਤੂ ਕੋਈ ਖਾਸ ਸਫਲਤਾ ਨਾ ਮਿਲੀ ਪਰ ਇਸੇ ਇਲਾਕੇ ਵਿਚ ਕਮਿਊਨਿਸ਼ਟ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਿੱਚ ਵੱਡੇ ਵੱਡੇ ਐਕਸ਼ਨ ਕਰ ਚੁਕੇ ਸਨ ਤੇ ਕਿਸਾਨਾਂ ਨੂੰ ਹਜ਼ਾਰਾਂ ਏਕੜ ਦਾ ਮਾਲਕ ਬਣਾ ਚੁਕੇ ਸਨ। ਹਾਕਮ ਸਿੰਘ ਦੋ ਸਾਲ ਪਹਿਲਾਂ ਕਾਫੀ ਚਿਰ ਜੇਲ ਕੱਟ ਕੇ ਗੁਜ਼ਰ ਚੁੱਕਿਆ ਹੈ। ਉਹਦੇ ਪਿੰਡ ਤੇ ਇਲਾਕੇ ਵਿਚ ਉਹਦਾ ਅੱਜ ਵੀ ਪਰਭਾਵ ਹੈ। ਹਰਭਜਨ ਸਿੰਘ ਆਪਣੇ ਗਰੁੱਪ ਦੇ ਫੈਸਲੇ ਅਨੁਸਾਰ ਕਾਫੀ ਸਮੇਂ ਤੋਂ ਗੁਪਤ ਰਹਿ ਕੇ ਕੰਮ ਕਰ ਰਿਹਾ ਹੈ। ਉਹਦੇ ਨਾਲ ਉਹਦੇ ਕੁਝ ਸਾਥੀ ਹਾਲੇ ਵੀ ਸਰਗਰਮ ਹਨ ਜਦਕਿ ਉਹਦਾ ਸਭ ਤੋਂ ਨੇੜਲਾ ਸਾਥੀ ਮਾਸਟਰ ਮੇਘ ਰਾਜ ਰਾਮਪੁਰ ਫੂਲ ਉਹਦੇ ਨਾਲੋਂ ਟੁੱਟ ਕੇ ਤਕਰੀਬਨ ਗੈਰ ਸਰਗਰਮ ਹੈ।
ਨਕਸਲਬਾੜੀ ਲਹਿਰ ਨੇ ਜਿਥੇ ਦੇਸ਼ ਦੀ ਪੱਧਰ ’ਤੇ ਮੱਧ ਵਰਗੀ ਬੁਧੀਜੀਵੀਆਂ, ਲੇਖਕਾਂ, ਕਵੀਆਂ ਤੇ ਹੋਰ ਕਲਾਕਾਰਾਂ ਨੂੰ ਪ੍ਰਭਾਵਿਤ ਕੀਤਾ ਉਥੇ ਪੰਜਾਬ ਵਿਚ ਵੀ ਇਸ ਦਾ ਪ੍ਰਭਾਵ ਪਿਆ। ਸਭ ਤੋਂ ਪਹਿਲਾਂ ਪੁਰਾਣਾ ਕਵੀ ਜਿਹੜਾ ਪਹਿਲਾਂ ਕਮਿਊਨਿਸ਼ਟ ਲਹਿਰ ਵਿਚ ਵੀ ਰਹਿ ਚੁਕਿਆ ਸੀ, ਸੰਤ ਰਾਮ ਉਦਾਸੀ ਸੀ। ਉਹਨੇ ਅਪਣੀਆਂ ਕਵਿਤਾਵਾਂ ਅਤੇ ਗੀਤਾਂ ਵਿਚ ਨਕਸਲੀ ਲਹਿਰ ਦੀ ਰਾਜਸੀ ਲਾਈਨ ਦਾ ਪ੍ਰਚਾਰ ਆਰੰਭਿਆ ਅਤੇ ਨਵੇਂ ਗਭਰੂਆਂ ਤੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ। ਉਸਨੂੰ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ। ਇਸ ਤਸ਼ੱਦਦ ਦਾ ਪ੍ਰਭਾਵ ਉਸ ਦੀਆਂ ਅੱਖਾ ’ਤੇ ਵੀ ਪਿਆ ਤੇ ਉਹਨੂੰ ਘੱਟ ਦਿਖਾਈ ਦੇਣ ਲੱਗ ਪਿਆ। ਨਕਸਲੀ ਲਹਿਰ ਤੋਂ ਪ੍ਰਭਾਵਤ ਹੋਣ ਵਾਲੇ ਜਿਲਾ ਬਠਿੰਡਾ ਦੇ ਦੋ ਲੇਖਕ ਜਿਹੜੇ ਪਿੱਛੋ ਬਹੁਤ ਉੱਘੇ ਹੋਏ, ਉਹ ਅਤਰਜੀਤ (ਕਹਾਣੀਕਾਰ) ਤੇ ਨਾਟਕਕਾਰ ਅਜਮੇਰ ਔਲਖ ਸਨ। ਅਜਮੇਰ, ਹਾਕਮ ਸਿੰਘ ਸਮਾਉਂ ਦਾ ਹਮ-ਜਮਾਤੀ ਤੇ ਗੂਹੜਾ ਮਿੱਤਰ ਸੀ| ਇਸ ਕਾਰਨ ਨਕਸਲੀ ਲਹਿਰ ਦਾ ਸਰਗਰਮ ਹਮਾਇਤੀ ਸੀ | ਮੁੱਢ ਵਿਚ ਉਸ ਨੇ ਲਹਿਰ ਦੇ ਹੱਕ ਵਿਚ ਲੇਖ ਵੀ ਲਿਖੇ ਤੇ ਕਈ ਕਹਾਣੀਆਂ ਵੀ ਪ੍ਰੰਤੂ ਨਾਮਣਾ ਉਹਨੇ ਨਾਟਕ ਲੇਖਕ ਰੰਗ ਕਰਮੀ ਵਜੋਂ ਖੱਟੀ। ਉਹਦੇ ਨਾਟਕਾਂ ਨੇ ਸਾਹਿਤ ਅਕਾਦਮੀ ਇਨਾਮ ਵੀ ਪ੍ਰਾਪਤ ਕੀਤਾ ਹੈ|
ਅਤਰਜੀਤ ਨੇ ‘ਬਫਲੂ ਚਮਾਰ’ ਤੇ ਹੋਰ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ। ਉਸ ਦੇ ਕਈ ਸੰਗ੍ਰਹਿ ਛਪ ਚੁੱਕੇ ਹਨ| ਉਹਨੇ ਇਕ ਨਾਵਲ ਵੀ ਲਿਖਿਆ ਹੈ| ਕਾਫੀ ਸਮਾ ਪਲਸ ਮੰਚ ਦਾ ਪ੍ਰਧਾਨ ਤੇ ਹੋਰ ਅੋਹਦਿਆਂ ’ਤੇ ਰਿਹਾ ਹੈ| ਉਹ ਸਰਦਲ ਦਾ ਸੰਪਾਦਕ ਵੀ ਰਿਹਾ ਹੈ| ਨਕਸਲੀ ਲਹਿਰ ਦੇ ਮੁਲਾਜ਼ਮ ਫਰੰਟ ਖਾਸ ਕਰਕੇ ਟੀਚਰ ਯੁਨੀਅਨ ਵਿਚ ਸਰਗਰਮ ਰਿਹਾ ਹੈ| ਹੁਣ ਸ਼ਾਇਦ ਕਿਸੇ ਨਕਸਲੀ ਧੜੇ ਨਾਲ ਨਹੀਂ| ਵਿਚਾਰਧਾਰਕ ਤੋਂਰ ’ਤੇ ਹਾਲੇ ਵੀ ਉਨ੍ਹਾਂ ਦੇ ਪ੍ਰਭਾਵ ਹੇਠ ਹੈ|
ਲਹਿਰ ਦੀ ਨੇੜਤਾ ਕਾਰਨ ਉਹਨੁੰ ਜ਼ਬਰ ਦਾ ਸ਼ਿਕਾਰ ਹੋਣਾ ਪਿਆ|
ਪਰੰਤੂ ਇਸ ਲਹਿਰ ਦੀ ਚੜ੍ਹਤ ਬਹੁਤੀ ਦੇਰ ਨਾ ਰਹਿ ਸਕੀ ਪਰ ਟੀਚਰਾਂ ਤੇ ਵਿਦਿਆਰਥੀਆਂ ਵਿੱਚ ਇਸਦਾ ਪਰਭਾਵ ਲੰਮਾਂ ਸਮਾਂ ਰਿਹਾ ਤੇ ਅੱਜ ਵੀ ਉਸਦਾ ਪ੍ਰਭਾਵ ਕਦੇ-ਕਦੇ ਹੋ ਜਾਂਦਾ ਹੈ।
ਪੰਜਾਬ ਪੱਧਰ ’ਤੇ ਇਸ ਲਹਿਰ ਦਾ ਪਹਿਲਾ ਐਕਸ਼ਨ ਥਾਣਾ ਚਮਕੌਰ ਸਾਹਿਬ ਉਤੇ ਹਮਲਾ ਸੀ। ਉਸ ਇਲਾਕੇ ਵਿੱਚ ਸਰਕਾਰ ਨੇ ਬਿਰਲੇ ਨੂੰ ਕਾਫੀ ਜ਼ਮੀਨ ਦੇ ਦਿਤੀ ਜਿਥੇ ਉਸ ਨੇ ਇੱਕ ਬੀਜ ਫਾਰਮ ਕਾਇਮ ਕਰ ਲਿਆ। ਜ਼ਮੀਨ ਉਤੋਂ ਮੁਜ਼ਾਰਿਆਂ ਨੂੰ ਬੇਦਖਲ ਕੀਤਾ ਗਿਆ ਤੇ ਉਥੇ ਕੰਮ ਕਰਨ ਵਾਲੇ ਦਿਹਾੜੀਦਾਰਾਂ ਨਾਲ ਚੰਗਾ ਵਿਵਹਾਰ ਨਾ ਕੀਤਾ। ਨਕਸਲਬਾੜੀ ਲਾਈਨ ਅਨੁਸਾਰ ਉਘੇ ਵਰਕਰਾਂ ਦਇਆ ਸਿੰਘ ਤੇ ਉਸਦੇ ਹੋਰ ਸਾਥੀਆਂ ਨੇ ਉਥੇ ਕਿਸਾਨਾਂ ਮਜ਼ਦੂਰਾਂ ਨੂੰ ਜਥੇਬੰਦ ਕਰਕੇ ਸੰਘਰਸ਼ ਵਿੱਢਣ ਦਾ ਯਤਨ ਕੀਤਾ ਪਰੰਤੂ ਪੁਲੀਸ ਜਬਰ ਕਾਰਨ ਕੋਈ ਖਾਸ ਸਿੱਟਾ ਨਾ ਕੱਢ ਸਕੇ ਜਿਸ ‘ਤੇ ਉਨ੍ਹਾਂ ਨੇ ਥਾਣਾ ਚਮਕੌਰ ਸਾਹਿਬ ’ਤੇ ਹਮਲਾ ਕਰਨ ਦਾ ਫੈਸਲਾ ਕੀਤਾ ਪਰੰਤੂ ਉਨ੍ਹਾਂ ਵਿਚੋਂ ਕੋਈ ਵੀ ਅਨੁਭਵੀ ਲੜਾਕਾ ਨਹੀਂ ਸੀ। ਕੋਈ ਵੀ ਪਹਿਲਾਂ ਕਿਸੇ ਐਕਸ਼ਨ ਵਿਚ ਨਹੀਂ ਆਇਆ ਸੀ। ਉਨ੍ਹਾਂ ਦੇ ਹਥਿਆਰ ਵੀ ਚੰਗੇ ਨਹੀਂ ਸਨ। ਜਿਹੜੇ ਹਥਿਆਰ ਸਨ ਉਹ ਪਰਖੇ ਹੋਏ ਨਹੀਂ ਸਨ। ਮਿਸਾਲ ਵਜੋਂ ਗਰਨੇਡਾਂ ਦੇ ਡੈਟੋਨੇਟਰ ਪੁਰਾਣੇ ਸਨ, ਸਟੇਨਗੰਨ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ ਸੀ ਜਿਸਦੇ ਸਿੱਟੇ ਵਜੋਂ ਐਕਸ਼ਨ ਫੇਲ੍ਹ ਹੋ ਗਿਆ। ਇਕ ਦੋ ਸਾਥੀ ਥਾਣੇ ਅੰਦਰ ਵੀ ਫੜੇ ਗਏ ਦੂਜੇ ਵੀ ਛੇਤੀ ਹੀ ਨਾਮਜ਼ਦ ਕਰਕੇ ਫੜ ਲਏ ਗਏ। ਇਸ ਅਨਾੜੀ ਐਕਸ਼ਨ ਦਾ ਪ੍ਰਭਾਵ ਬਹੁਤ ਹੀ ਮਾਰੂ ਸਾਬਤ ਹੋਇਆ। ਬਾਹਰ ਦੇ ਸਾਰੇ ਸਰਗਰਮ ਵਰਕਰ ਫੜ ਲਏ ਗਏ ਤੇ ਉਨ੍ਹਾਂ ’ਤੇ ਮੁਕੱਦਮਾ ਚਲਾ ਕੇ ਲੰਮੀਆਂ ਸਜ਼ਾਵਾਂ ਵੀ ਹੋਈਆਂ। ਮੁੱਖ ਆਗੂਆਂ ਦਇਆ ਸਿੰਘ ਤੇ ਬਾਬਾ ਹਰੀ ਸਿੰਘ ਮਿਰਗਿੰਦ ਨੂੰ ਫੜ ਕੇ ਗੋਲੀਆਂ ਨਾਲ ਮਾਰ ਦਿੱਤਾ ਗਿਆ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਅੰਦਰ ਇਹ ਲਹਿਰ ਕਈ ਸਾਲ ਧੁੱਖਦੀ ਰਹੀ। ਪੁਲੀਸ ਤੇ ਨਕਸਲੀ ਵਰਕਰਾਂ ਵਲੋਂ ਆਪੋ ਵਿਚ ਮਾਰ ਮਰਾਈ ਹੁੰਦੀ ਰਹੀ। ਅੰਤ ਵਿਚ ਪੁਲੀਸ ਜਬਰ ਸਫਲ ਹੋ ਗਿਆ। ਨਕਸਲੀਆਂ ਦੇ ਚੋਣਵੇਂ ਵਰਕਰ ਪੁਲੀਸ ਨੇ ਝੂਠੇ ਮੁਕਾਬਲਿਆਂ ਵਿਚ ਮਾਰ ਦਿੱਤੇ। ਇੱਥੋਂ ਤੱਕ ਕਿ ਅੱਸੀ ਸਾਲ ਬਜ਼ੁਰਗ ਕਾਮਰੇਡ ਬੂਝਾ ਸਿੰਘ ਨੂੰ ਇਕ ਮੁਖਬਰ ਦੀ ਇਤਲਾਹ ’ਤੇ ਫੜਕੇ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
ਨਕਸਲੀ ਲਹਿਰ ਪੜ੍ਹੇ ਲਿਖੇ ਮੱਧ ਵਰਗੀ ਗਭੱਰੂਆਂ ਤੇ ਦਰਮਿਆਨੀ ਕਿਸਾਨੀ ਵਿਚੋਂ ਆਏ ਨੌਜਵਾਨਾਂ ਦੀ ਲਹਿਰ ਸੀ ਜਿਹੜੀ ਹੌਲੇ-ਹੌਲੇ ਖਿੰਡ ਗਈ। ਕੁਝ ਮਾਰੇ ਗਏ, ਕੁਝ ਜੇਲ੍ਹਾਂ ਵਿਚ ਕੈਦ ਕਰ ਦਿੱਤੇ ਗਏ ਤੇ ਕੁਝ ਗੈਰ ਸਰਗਰਮ ਹੋ ਕੇ ਘਰੀਂ ਬਹਿ ਗਏ। ਇਸ ਤਰ੍ਹਾਂ ਇਹ ਲਹਿਰ ਖਿਲਰ ਗਈ। ਜਥੇਬੰਦਕ ਤੌਰ ’ਤੇ ਅੱਜ ਇਹ ਕਈ ਧੜਿਆਂ ਵਿਚ ਵੰਡੇ ਹੋਏ ਹਨ। ਇਨ੍ਹਾਂ ਦੇ ਦੂਜੀਆਂ ਪਾਰਟੀਆਂ ਨਾਲ ਮੱਤਭੇਦ ਤਿੱਖੇ ਹਨ ਪਰੰਤੂ ਹਾਲੇ ਵੀ ਇਨ੍ਹਾਂ ਦਾ ਕੁਝ ਪਾਕਿਟਾਂ ਤੇ ਮੁਲਾਜ਼ਮ ਲਹਿਰ ਵਿਚ ਪਰਭਾਵ ਸਮੇਂ-ਸਮੇਂ ਸਿਰ ਉਭਰ ਕੇ ਸਾਹਮਣੇ ਆਉਂਦਾ ਹੈ ਪਰੰਤੂ ਮੁੱਖ ਤੌਰ ’ਤੇ ਲਹਿਰ ਠੋਸ ਸਿੱਟੇ ਕੱਢਣ ਵਿਚ ਅਸਫਲ ਰਹੀ ਹੈ। ਇਸ ਦੇ ਮੂਲ ਕਾਰਨਾਂ ਵਿਚੋਂ ਕਿਸੇ ਠੋਸ ਸਿਧਾਂਤ ਅਤੇ ਕੇਂਦਰੀ ਜਥੇਬੰਦੀ ਦੀ ਅਗਵਾਈ ਜਮਾਤ ਅਧਾਰਿਤ ਸੋਚ ਦੀ ਅਣਹੋਂਦ ਹੈ।