ਇਸ ਲੇਖ ਵਿਚ ਪੰਜਾਬੀ ਬੋਲਦੇ ਲੋਕਾਂ ਦੇ ਵੱਡੇ ਹਿੱਸੇ ਦੇ ਅੱਠਵੀਂ ਸਦੀ ਤੋਂਂ ਲੈ ਕੇ ਸਤਾਰ੍ਹਵੀਂ ਸਦੀ ਦੇ ਅੰਤ ਤਕ ਕੋਈ ਇਕ ਹਜ਼ਾਰ ਸਾਲ ਦੇ ਇਤਿਹਾਸ ਬਾਰੇ ਕੁਝ ਕਿਆਸ-ਆਰਾਈਆਂ ਕੀਤੀਆਂ ਹੋਈਆਂ ਹਨ। ਇਹ ਇਤਿਹਾਸ ਬਾਰੇ ਕਈ ਹੋਰ ਸਵਾਲ ਪਾਉਂਦੀਆਂ ਹਨ, ਹਾਲਾਂਕਿ ਇਨ੍ਹਾਂ ਦੀ ਸੱਚਾਈ ਦਾ ਵੀ ਪੱਕਾ ਪਤਾ ਨਹੀਂ। ਇਸ ਬਾਰੇ ਕੁਝ ਸਵਾਲ ਮੈਂ ਇਸ ਲੇਖ ਵਿਚ ਪਾਏ ਹਨ। ਉਨ੍ਹਾਂ ਦੇ ਜਵਾਬ ਦੇਣ ਦੀ ਵੱਖਰੀ ਗੱਲ ਹੈ, ਜਿਸ ਲਈ ਲੋੜੀਂਦੀ ਜਾਣਕਾਰੀ ਇਸ ਵੇਲੇ ਮੇਰੇ ਕੋਲ਼ ਨਹੀਂ। ਇਹ ਕੰਮ ਮੈਂ ਅਪਣੇ ਨਾਲ਼ੋਂ ਸਿਆਣੇ ਵਿਦਵਾਨਾਂ ਦੇ ਹਵਾਲੇ ਕਰਦਾ ਹਾਂ।
ਪਹਿਲਾਂ ਭੂਗੋਲਿਕ ਹੱਦਬੰਦੀ ਕੀਤਿਆਂ ਗੱਲ ਸੌਖੀ ਹੋ ਸਕਦੀ ਹੈ। ਪੰਜਾਬ ਤੋਂ ਮੇਰੀ ਮੁਰਾਦ ਅੰਗਰੇਜ਼ਾਂ ਦੇ ਵੇਲੇ ਦੇ 1947 ਤੋਂ ਪਹਿਲਾਂ ਦੇ ਪੰਜਾਬ ਤੋਂ ਹੈ, ਜਿਸ ਵਿਚ ਅਜੋਕਾ ਹਰਿਆਣਾ ਤੇ ਹਿਮਾਚਲ ਵੀ ਸ਼ਾਮਿਲ ਸੀ।
ਸਾਰੇ ਮਾਮਲੇ ਨੂੰ ਸੌਖਿਆਂ ਸਮਝਣ ਲਈ ਇਸ ਸਮੁੱਚੇ ਖ਼ਿੱਤੇ ਨੂੰ ਦੋ ਨਾ-ਬਰਾਬਰ ਹਿੱਸਿਆਂ ਵਿਚ ਵੰਡ ਲੈਣਾ ਚਾਹੀਦਾ ਹੈ। ਪਹਿਲੇ ਹਿੱਸੇ ਵਿਚ ਉਪਜਾਊ ਮੈਦਾਨੀ ਇਲਾਕਾ ਆਉਂਦਾ ਹੈ। ਇਹ ਉਹ ਹਿੱਸਾ ਹੈ, ਜਿਸ ਵਿਚ ਵੱਡੇ ਦਰਿਆ ਵਗਦੇ ਹਨ ਜਾਂ ਸਰਸਵਤੀ ਤੇ ਘੱਗਰ, ਜਿਨ੍ਹਾਂ ਦਾ ਵਹਿਣ ਸਿੰਧ ਵੱਲ ਨੂੰ ਹੈ। ਇਲਾਕੇ ਦਾ ਵੱਡਾ ਹਿੱਸਾ ਇਸੇ ਅਧੀਨ ਹੈ। ਦੂਜਾ ਪੋਠੋਹਾਰ ਹੈ। ਇਤਿਹਾਸਕ ਤਕਸ਼ਿਲਾ ਤੇ ਰੋਹਤਾਸ ਦਾ ਕਿਲ੍ਹਾ ਇਸੇ ਵਿਚ ਹੈ। ਇਸੇ ਦੇ ਦੱਖਣ ਤੇ ਦੱਖਣ-ਪੂਰਬ ਵਾਲ਼ੇ ਪਾਸੇ ਲੂਣ ਦੇ ਪਹਾੜ ਹਨ; ਪੱਛਮ ਵਿਚ ਸਿੰਧ ਦਰਿਆ ਤੇ ਉੱਤਰ ਵਿਚ ਕੰਢੀ ਦੀਆਂ ਪਹਾੜੀਆਂ ਹਨ।
ਇਹ ਭਾਵੇਂ ਸੱਚ ਹੈ ਕਿ ਪਹਿਲੇ ਵੱਡੇ ਤੇ ਉਪਜਾਊ ਹਿੱਸੇ ਨੂੰ ਅੱਗੇ ਵੰਡਣ ਦੇ ਸਪੱਸ਼ਟ ਭੂਗੋਲਿਕ ਆਧਾਰ ਨਹੀਂ ਬਣਦੇ। ਫਿਰ ਵੀ ਕੁਝ ਕਾਰਣ ਇਜੇਹੇ ਹਨ, ਜਿਨ੍ਹਾਂ ਕਰ ਕੇ ਇਹ ਯਕੀਨ ਕੀਤਾ ਜਾ ਸਕਦਾ ਹੈ ਕਿ ਇਹ ਇਲਾਕਾ ਵੀ ਹਮੇਸ਼ਾ ਤੋਂ ਹੀ ਭੂਗੋਲਿਕ ਤੌਰ ’ਤੇ ਹਮਵਾਰ ਨਹੀਂ ਰਿਹਾ ਹੋਣਾ। ਪੰਜਾਬ ਦੀਆਂ ਨਦੀਆਂ ਜਦੋਂ ਹਿਮਾਲਿਆਂ ‘ਚੋਂ ਨਿਕਲ਼ ਕੇ ਮੈਦਾਨਾਂ ‘ਚ ਦਾਖ਼ਿਲ ਹੁੰਦੀਆਂ ਹਨ, ਉਦੋਂ ਹੀ ਉਨ੍ਹਾਂ ਦੀ ਡੂੰਘਾਈ ਕਾਫ਼ੀ ਹੁੰਦੀ ਹੈ ਤੇ ਉਨ੍ਹਾਂ ਦੇ ਕੰਢੇ ਵੀ ਪੱਕੇ ਤੇ ਉੱਚੇ ਹੁੰਦੇ ਹਨ। ਨਤੀਜਨ, ਦੁਆਬੇ ਦਾ ਵੱਡਾ ਹਿੱਸਾ ਕਾਫ਼ੀ ਉੱਚਾ ਉੱਠ ਜਾਂਦਾ ਹੈ, ਜਿੱਥੇ ਪਾਣੀ ਧਰਤੀ ਦੀ ਸਤਿਹ ਤੋਂ 100 ਫੁੱਟ ਨਾਲ਼ੋਂ ਵੀ ਵੱਧ ਥੱਲੇ ਚਲਾ ਜਾਂਦਾ ਹੈ। ਇਸ ਲਈ ਅਜੋਕੇ ਨਹਿਰੀ ਪ੍ਰਬੰਧ ਤੋਂ ਪਹਿਲਾਂ ਸਿੰਚਾਈ ਸਿਰਫ਼ ਤਟੀ-ਇਲਾਕਿਆਂ ਵਿਚ ਹੀ ਹੁੰਦੀ ਸੀ। ਇਸ ਵਾਸਤੇ ਜਾਂ ਤੇ ਸਿੱਧਾ ਨਦੀਆਂ ਤੋਂਂ ਪਾਣੀ ਲਿਆ ਜਾਂਦਾ ਸੀ ਜਾਂ ਫੇਰ ਖੂਹਾਂ ਤੋਂ। ਚੋਅ, ਨਾਲ਼ੇ ਤੇ ਬਰਸਾਤੀ ਨਾਲ਼ਿਆਂ ਦਾ ਪਾਣੀ ਵੀ ਸੀ। ਇੰਜ ਸਿੰਚਾਈ ਦੇ ਨਜ਼ਰੀਏ ਤੋਂ ਪਹਿਲਾ ਹਿੱਸਾ ਦੋ ਵੱਖਰੇ ਬਲਾਕਾਂ ’ਚ ਵੰਡਿਆ ਹੋਇਆ ਸੀ। ਪਹਿਲਾ ਬਲਾਕ ਸਮੁੰਦਰ ਤਲ ਨਾਲ਼ੋਂ 200 ਮੀਟਰ ਦੀ ਉੱਚਾਈ ’ਤੇ ਸੀ। ਇਹ ਜੇਹਲਮੋਂ ਲੈ ਕੇ ਲੁਧਿਆਣੇ ਤਾਈਂ ਫੈਲਿਆ ਹੋਇਆ ਸੀ। ਸਿਆਲਕੋਟ ਤੇ ਲਹੌਰ ਦੇ ਜ਼ਿਲ੍ਹੇ ਵੀ ਇਸੇ ‘ਚ ਸ਼ਾਮਿਲ ਸਨ। ਦੂਜਾ ਬਲਾਕ ਦੱਖਣ-ਪੂਰਬ ਵਿਚ ਸੀ। ਇਸ ਵਿਚ ਵੱਡੀਆਂ ਨਦੀਆਂ ਵਿੱਚੋਂ ਨਿਕਲ਼ੇ ਕਈ ਨਾਲ਼ੇ ਵਗਦੇ ਹਨ। ਜਦੋਂ ਇਹ ਨਦੀਆਂ ਸੰਗਮ ਵੱਲ ਵਧਦੀਆਂ ਹਨ, ਤਾਂ ਕਈ ਸ਼ਾਖਾਵਾਂ ਵਿਚ ਵੰਡੀਆਂ ਜਾਂਦੀਆਂ ਹਨ। ਇਸ ਇਲਾਕੇ ਵਿਚ ਮੁਲਤਾਨ, ਉੱਚ ਤੇ ਪਾਕਪਟਨ ਵਰਗੇ ਸ਼ਹਿਰ ਆਉਂਦੇ ਹਨ। ਇਹ ਦੋਹਵੇਂ ਬਲਾਕ ਦੋ-ਤਿੰਨ ਜਗ੍ਹਾ ਇਕ ਦੂਜੇ ਨਾਲ਼ ਜੁੜਦੇ ਹਨ। ਉੱਥੇ ਵੱਡੀਆਂ ਨਦੀਆਂ ਦੇ ਨਾਲ਼-ਨਾਲ਼ ਹੀ ਖੇਤੀ ਹੁੰਦੀ ਹੈ; ਇਥੇ ਫ਼ਾਸਲਾ ਸਭ ਤੋਂ ਘੱਟ ਹੁੰਦਾ ਹੈ। ਹੋਰਨਾਂ ਥਾਵਾਂ ਉੱਤੇ ਇਹ ਫ਼ਾਸਲਾ ਬਹੁਤ ਹੈ। ਕਿਤੇ ਸਿੰਧ ਸਾਗਰ ਦੁਆਬ ਵਿਚਾਲੇ ਪੈਂਦਾ ਹੈ ਤੇ ਕਿਤੇ ਰਚਨਾ ਦੁਆਬ ਦੇ ਘਾਹ ਦੇ ਮੈਦਾਨ। ਦੀਪਾਲਪੁਰ ਦੇ ਨੇੜੇ ਸਤਲੁਜ ਬਿਆਸ ਦੀਆਂ ਸ਼ਾਖਾਵਾਂ ਦੇ ਸਿਰਜੇ ਜਾਲ਼ ‘ਚ ਫੈਲਿਆ ਲੱਖੀ ਜੰਗਲ਼ ਇਨ੍ਹਾਂ ਨੂੰ ਅੱਡ ਕਰਦਾ ਹੈ।
ਮੱਧਕਾਲ ਦੀਆਂ ਸਿਆਸੀ ਹੱਦਬੰਦੀਆਂ
ਮੱਧਕਾਲ ਦੀਆਂ ਸਿਆਸੀ ਹੱਦਬੰਦੀਆਂ ਵਿਚ ਇਸ ਭੂਗੋਲਿਕ ਵੰਡ ਦਾ ਅਕਸ ਬਿਲਕੁਲ ਵੱਖਰੀ ਤਰ੍ਹਾਂ ਦਾ ਹੈ। ਸਤਵੀਂ ਸਦੀ ਵਿਚ ਹਿਊਨ ਸਾਂਙ ‘ਉਤਕਾ ਫ਼ਾਂਜ਼’ ਨਾਂ ਦੀ ਰਿਆਸਤ ਦਾ ਜ਼ਿਕਰ ਕਰਦਾ ਹੈ। ਅਰਬਾਂ ਦਾ ਤਕੀਆ ਸੰਭਾਵੀ ਤੌਰ ’ਤੇ ਸ਼ਕਾਲਾ (ਸਿਆਲ਼ਕੋਟ) ਅਤੇ ਮੂਲਸਥਾਨਪੁਰ (ਮੁਲਤਾਨ) ਦੋਹੇਂ ਉਸ ਤਕੀਏ ਵਿਚ ਸ਼ਾਮਿਲ ਸਨ, ਜਿਸ ਦੀਆਂ ਹੱਦਾਂ ਬਿਆਸ ਤੋਂ ਲੈ ਕੇ ਸਿੰਧ ਤੀਕ ਫੈਲੀਆਂ ਹੋਈਆਂ ਸਨ। ਇਹ ਰਿਆਸਤ ਹੌਲ਼ੀ-ਹੌਲ਼ੀ ਸਿੰਧ ਦਾ ਹਿੱਸਾ ਹੋ ਗਈ ਸੀ। ਅਗਲੀ ਸਦੀ ਦੇ ਸ਼ੁਰੂ ਵਿਚ ਜਦੋਂ ਅਰਬਾਂ ਨੇ ਸਿੰਧ ਫ਼ਤਿਹ ਕੀਤਾ, ਤਾਂ ਉਨ੍ਹਾਂ ਦੇ ਕਮਾਂਡਰਾਂ ਨੇ ਸਿਰਫ਼ ਮੁਲਤਾਨ ਉੱਤੇ ਹੀ ਕਬਜ਼ਾ ਨਹੀਂ ਕੀਤਾ, ਸਗੋਂ ਸ਼ਕਾਲਾ (ਸਿਆਲ਼ਕੋਟ) ਤੋਂ ਵੀ ਅਗਾਂਹ ਤਕ ਵੱਧ ਗਏ। ਪਰ ਜਦੋਂ ਅਰਬਾਂ ਦੀ ਸੱਤਾ ਦਾ ਪਤਨ ਹੋਇਆ, ਤਾਂ ਸਿਰਫ਼ ਮੁਲਤਾਨ ਹੀ ਉਨ੍ਹਾਂ ਦੇ ਕਬਜ਼ੇ ਹੇਠ ਰਹਿ ਗਿਆ। ਲਹਵੁਰ ਯਾਨੀ ਲਹੌਰ ਵੱਖਰਾ ਕੇਂਦਰ ਬਣ ਗਿਆ। ਓਦੋਂ ਤੋਂ ਲੈ ਕੇ ਮੁਗ਼ਲ ਰਾਜ ਦੇ ਨਿਘਾਰ ਤਕ ਦੋਹਵਾਂ ਸ਼ਹਿਰਾਂ ਦਰਮਿਆਨ ਕੋਈ ਨਾ ਕੋਈ ਸੂਬਾਈ ਜਾਂ ਰਿਆਸਤੀ ਸਰਹੱਦ ਕਾਇਮ ਰਹੀ ਸੀ। ਮੁਗ਼ਲਾਂ ਦੇ ਪੰਜਾਬ ਜਾਂ ਲਾਹੌਰ ਸੂਬੇ ਵਿਚ ਪਟਵਾਰ ਦਾ ਇਲਾਕਾ ਸ਼ਾਮਿਲ ਸੀ। ਪਰ ਸਾਰੇ ਦਾ ਸਾਰਾ ਦੱਖਣੀ ਪੰਜਾਬ ਮੁਲਤਾਨ ਸੂਬੇ ਅਧੀਨ ਸੀ, ਜਿਸ ਵਿਚ ਉੱਤਰੀ ਸਿੰਧ ਤੇ ਸ਼ਿਬੀ ਦੇ ਇਲਾਕੇ ਵੀ ਸ਼ਾਮਿਲ ਸਨ।
ਅਹਿਮ ਤੱਥ ਇਹ ਹੈ ਕਿ ਭਾਸ਼ਾ ਸ਼ਾਸ਼ਤਰ ਵੀ ਉਸ ਵੰਡ ਦੀ ਪ੍ਰੋੜ੍ਹਤਾ ਕਰਦਾ ਹੈ, ਜਿਹਦਾ ਅਸੀਂ ਭੂਗੋਲਿਕ ਆਧਾਰ ‘ਤੇ ਸੁਝਾਅ ਦਿੱਤਾ ਹੈ। ਗ੍ਰੀਅਰਸਨ ਅਨੁਸਾਰ ਵੀ 740 ਲੰਬਾਕਾਰ ਰੇਖਾ ਹੀ ਉਹ ਸੰਭਾਵਿਤ ਲਾਈਨ ਹੈ, ਜੋ ਲਹਿੰਦੀ ਉਪ-ਭਾਸ਼ਾ ਵਾਲ਼ੇ ਇਲਾਕਿਆਂ ਨੂੰ ਪੰਜਾਬੀ ਬੋਲੀ ਵਾਲ਼ੇ ਇਲਾਕਿਆਂ ਨਾਲ਼ੋਂ ਵਖਰਾਉਂਦੀ ਹੈ। ਲਹਿੰਦੀ ਬੋਲੀ ਉੱਤੇ ਸਿੰਧੀ ਦਾਰਦਿਕ ਦਾ ਅਸਰ ਪ੍ਰਤਖ ਹੈ। ਜਦ ਕਿ ਪੰਜਾਬੀ ਭਾਸ਼ਾ ਕੇਂਦਰੀ ਹਿੰਦੀ ਦੇ ਵਧੇਰੇ ਨੇੜੇ ਹੈ। ਗ੍ਰੀਅਰਸਨ ਦਾ ਵਿਸ਼ਵਾਸ ਇਹ ਹੈ ਕਿ ਕੇਂਦਰੀ ਇਲਾਕਿਆਂ ਦੇ ਵਾਸੀਆਂ ਦੇ ਪੰਜਾਬ ਚ ਆ ਕੇ ਵਸਣ ਨਾਲ਼ ਹੀ ਇਸ ਗੱਲ ਦੀ ਵਿਆਖਿਆ ਹੋ ਸਕਦੀ ਹੈ। ਆਬਾਦੀ ਦੇ ਵਧਦੇ ਦਬਾਅ ਤੇ ਕਈ ਹੋਰ ਕਾਰਣਾਂ ਕਰਕੇ ਉਹ ਪੰਜਾਬ ਦੇ ਇਲਾਕੇ ’ਤੇ ਕਾਬਿਜ਼ ਹੁੰਦੇ ਗਏ। ਕੁਝ ਹੱਦ ਤਾਈਂ ਉਹ ਸਥਾਨਿਕ ਲੋਕਾਂ ਉੱਤੇ ਅਪਣੀ ਭਾਸ਼ਾ ਥੋਪਣ ਵਿਚ ਵੀ ਸਫਲ ਰਹੇ ਸਨ। ਗ੍ਰੀਅਰਸਨ ਵਰਗੇ ਮਾਹਿਰ ਦੀ ਰਾਏ ਦਾ ਹਮੇਸ਼ਾ ਵਜ਼ਨ ਹੁੰਦਾ ਹੈ, ਪਰ ਜਿਸ ‘ਭਾਸ਼ਾਈ’ ਸਥਿਤੀ ਦਾ ਉਹ ਹਵਾਲਾ ਦਿੰਦਾ ਹੈ, ਉਹਨੂੰ ਹੋਰ ਤਰ੍ਹਾਂ ਨਾਲ਼ ਵੀ ਸਮਝਿਆ ਜਾ ਸਕਦਾ ਹੈ। ਹੋ ਸਕਦਾ ਹੈ ਕਿ ਦੱਖਣ-ਪੱਛਮ ਤੋਂ ਹਿਜਰਤ ਕਰ ਕੇ ਆਏ ਲੋਕਾਂ ਨੇ ਦਾਰਦਿਕ ਤੇ ਕੇਂਦਰੀ ਹਿੰਦੀ ਉੱਤੇ ਅਪਣੀ ਭਾਸ਼ਾ ਛਾਪ ਛੱਡੀ ਹੋਵੇ। ਜੇ ਇਹ ਮਨੌਤ ਮੰਨ ਲਈ ਜਾਵੇ, ਤਾਂ ਇਨ੍ਹਾਂ ਪਰਵਾਸੀਆਂ ਨੇ ਅਪਣੀ ਵਿਦੇਸ਼ੀ ਭਾਸ਼ਾ ਦਾ ਅਸਰ ਮੁਲਤਾਨ ਦੇ ਇਲਾਕੇ ਉੱਤੇ ਵਧੇਰੇ ਛੱਡਿਆ ਹੋਵੇਗਾ। ਇਸ ਤੋਂ ਬਾਹਰਲੇ 740 ਲ. ਰੇ. ਤੋਂ ਪਾਰ ਦੇ ਇਲਾਕਿਆਂ ਭਾਵ ਲੂਣ ਦੇ ਪਹਾੜਾਂ ਵਾਲ਼ੇ ਖ਼ਿੱਤੇ ’ਤੇ ਉੱਤਰ ਵਾਲ਼ੇ ਪਾਸੇ ਨੂੰ ਉਨ੍ਹਾਂ ਦੀ ਭਾਸ਼ਾ ਦਾ ਅਸਰ ਘਟਦਾ ਚਲਾ ਗਿਆ ਹੋਵੇਗਾ।
ਮੇਰਾ ਸੁਝਾਅ ਤਾਂ ਇਹੋ ਹੈ ਕਿ ਸਾਨੂੰ ਭਾਸ਼ਾਈ ਹਾਲਤਾਂ ਦੀ ਇਸ ਸੰਭਵ ਵਿਆਖਿਆ ਉੱਤੇ ਵੀ ਗ਼ੌਰ ਕਰਨਾ ਚਾਹੀਦਾ ਹੈ। ਮੇਰੀ ਇਹ ਤਾਕੀਦ ਮੇਰੇ ਤਰਕ ਦੇ ਉਸ ਵਿਸ਼ੇਸ਼ ਖ਼ਾਸੇ ਕਾਰਣ ਹੈ, ਜੋ ਮੈਂ ਜੱਟਾਂ ਦੇ ਇਤਿਹਾਸ ਬਾਰੇ ਪੇਸ਼ ਕਰਨ ਲੱਗਾ ਹਾਂ। ਇਸ ਅਨੁਸਾਰ ਦੇਖੀਏ, ਤਾਂ ਜਿਵੇਂ ਕਿ ਮੈਨੂੰ ਲਗਦਾ ਹੈ ਲੋਕਾਂ ਦੀ ਹਿਜਰਤ ਦੀ ਦਿਸ਼ਾ ਉਸ ਤੋਂ ਠੀਕ ਉਲਟੀ ਹੈ, ਜੋ ਗ੍ਰੀਅਰਸਨ ਪੇਸ਼ ਕਰਦਾ ਹੈ।
ਜੱਟਾਂ ਦਾ ਜ਼ਿਕਰ
ਸੱਤਵੀਂ ਸਦੀ ਤੋਂ ਪਹਿਲਾਂ ਕਿਤੇ ਵੀ ਜੱਟਾਂ ਦਾ ਸਾਫ਼ ਜ਼ਿਕਰ ਨਹੀ ਮਿਲ਼ਦਾ, ਹਾਲਾਂਕਿ ਜੋ ਸੰਸਕ੍ਰਿਤ ਦੇ ਗ੍ਰੰਥਾਂ ਵਿਚੋਂ ਇੱਕਾ-ਦੁੱਕਾ ਇਹੋ ਜਿਹੀਆਂ ਮਿਸਾਲਾਂ ਲੱਭ ਸਕਦੀਆਂ ਹਨ, ਜਿਥੇ ਕਬੀਲਿਆਂ ਦੇ ਨਾਵਾਂ ਵਿਚ ਸਮਰੂਪਤਾ ਸਾਬਤ ਹੁੰਦੀ ਹੋਵੇ। ਹਿਉਨ ਸਾਂਙ ਸੱਤਵੀਂ ਸਦੀ ਵਿਚ ਸਿੰਧੂ ਨਦੀ ਕਿਨਾਰੇ ਵੱਸੇ ਲੋਕਾਂ ਦੀ ਕੁਝ ਇਸ ਤਰ੍ਹਾਂ ਸਿਆਣ ਕਰਾਉਂਦਾ ਹੈ: “ਸਿੰਧ ਨਦੀ ਦੇ ਕੰਢੇ ਉੱਤੇ, ਦਲਦਲੀ ਭੋਇੰ ਦੇ ਨਾਲ਼-ਨਾਲ਼, ਲੱਖਾਂ ਹੀ ਟੱਬਰ ਇਹੋ ਜਿਹੇ ਵੱਸੇ ਹੋਏ ਹਨ, ਜੋ ਪਸ਼ੂ ਪਾਲ਼ ਕੇ ਗੁਜ਼ਾਰਾ ਕਰਦੇ ਹਨ। ਉਨ੍ਹਾਂ ਵਿਚ ਨਾ ਕੋਈ ਮਾਲਿਕ ਹੈ ਨਾ ਗ਼ੁਲਾਮ, ਨਾ ਕੋਈ ਗ਼ਰੀਬ ਹੈ ਨਾ ਅਮੀਰ, ਔਰਤਾਂ ਮਰਦਾਂ ਵਿਚ ਵੀ ਬਰਾਬਰੀ ਹੈ।” ਭਾਵੇਂ ਕਿ ਉਹ ਬੋਧੀ ਹੋਣ ਦਾ ਦਾਅਵਾ ਕਰਦੇ ਹਨ, ਪਰ “ਸੁਭਾਅ ਦੇ ਉਹ ਬੜੇ ਖਰ੍ਹਵੇ ਤੇ ਕਾਹਲ਼ੇ ਹਨ।”
ਚਰਵਾਹਿਆਂ ਦੀ ਇੰਨੀ ਵੱਡੀ ਆਬਾਦੀ ਨੂੰ ਹਿਉਨ ਸਾਂਙ ਬੇਨਾਮ ਹੀ ਛੱਡ ਦਿੰਦਾ ਹੈ। ਸੰਨ 710 ਤੋਂ 714 ਈਸਵੀ ਤੀਕ ਅਰਬਾਂ ਦੀ ਸਿੰਧ-ਫ਼ਤਿਹ ਬਾਰੇ ਲਿਖੇ ਗਏ ਪ੍ਰਸਿੱਧ ਗ੍ਰੰਥ ਛਾਛਨਾਮਾ ਵਿਚ ਵੀ ਲਗਪਗ ਉਨ੍ਹਾਂ ਹੀ ਸ਼ਬਦਾਂ ਵਿਚ ਇਕ ਵਾਰ ਫੇਰ ਇਸ ਆਬਾਦੀ ਦਾ ਜ਼ਿਕਰ ਮਿਲ਼ਦਾ ਹੈ। ਇਸ ਵਿਚ ਅਹਿਮ ਵਾਧਾ ਇਹ ਹੈ ਕਿ ਇਥੇ ਉਨ੍ਹਾਂ ਲੋਕਾਂ ਨੂੰ ਜੱਟ ਨਾਮ ਦਿੱਤਾ ਹੈ। ਇਹ ਲੋਕ ਸਿੰਧ ਨਦੀ ਦੇ ਦੋਵੇਂ ਕਿਨਾਰਿਆਂ ਉੱਤੇ ਵਸੇ ਹੋਏ ਸੀ। ਇਹੋ ਨਦੀ ਉਨ੍ਹਾਂ ਨੂੰ ਪੂਰਬੀ ਤੇ ਪੱਛਮੀ ਜੱਟਾਂ ਦੀਆਂ ਸ਼ਾਖਾਵਾਂ ਵਿਚ ਵੰਡਦੀ ਸੀ। ਮੱਧਵਰਤੀ ਸਿੰਧ ਦੇ ਬ੍ਰਹਮਣਾਵਾਦ ਇਲਾਕੇ ਵਿਚ ਉਨ੍ਹਾਂ ਦੀ ਵੱਸੋਂ ਕਾਫ਼ੀ ਸੰਘਣੀ ਸੀ। ਉਨ੍ਹਾਂ ਦੀਆਂ ਬਸਤੀਆਂ ਦੱਖਣ ਵਿਚ ਦੇਵਲ ਦੀ ਬੰਦਰਗਾਹ ਤਕ ਅਤੇ ਉੱਤਰ ਵਿਚ ਸ਼ਵਿਸਤਾਨ (ਸਹਿਵਾਨ) ਤੇ ਉਹ ਦੇ ਨਾਲ਼ ਲਗਦੇ ਇਲਾਕਿਆਂ ਤਕ ਫੈਲੀਆਂ ਹੋਈਆਂ ਸਨ। ਉਨ੍ਹਾਂ ਵਿਚ ਕੋਈ ਛੋਟਾ-ਵੱਡਾ ਨਹੀਂ ਸੀ। ਵਿਆਹ ਦੇ ਨੇਮ ਵੀ ਨਾ ਹੋਣ ਵਰਗੇ ਸੀ। ਬਾਲਣ ਦੀਆਂ ਲੱਕੜਾਂ ਦੇ ਰੂਪ ਵਿਚ ਹੀ ਨਜ਼ਰਾਨਾ ਪੇਸ਼ ਹੁੰਦਾ ਸੀ। ਬੋਧੀ ਸ਼੍ਰਮਣਾਂ ਤਾਈਂ ਉਨ੍ਹਾਂ ਦੀ ਉਚੇਚੀ ਸ਼ਰਧਾ ਸੀ। ਇਸ ਲਈ ਛਾਛ ਦੇ ਬ੍ਰਾਹਮਣ ਰਾਜ ਵੰਸ਼ ਨੇ ਉਨ੍ਹਾਂ ’ਤੇ ਸਖ਼ਤ ਬੰਧੇਜ ਲਾਏ ਹੋਏ ਸਨ, ਜੋ ਅਰਬ ਸੱਤਾ ਅਧੀਨ ਵੀ ਜਾਰੀ ਰਹੇ। ਪਸ਼ੂ ਪਾਲਣ ਤੋਂ ਇਲਾਵਾ ਉਨ੍ਹਾਂ ਵਿੱਚੋਂ ਕੁਝ ਲੋਕ ਸਿਪਾਹੀਗੀਰੀ ਤੇ ਮੱਲਾਹਾਂ ਦਾ ਧੰਦਾ ਵੀ ਕਰਦੇ ਸਨ।
ਅਗਲੀ ਸਦੀ ਵਿਚ ਖ਼ਾਸ ਸਿੰਧ ਅੰਦਰ ਵੀ ਜੱਟਾਂ ਦੀ ਮੌਜੂਦਗੀ ਦਰਜ ਹੈ। ਸੰਨ 836 ਈ. ਵਿਚ ਕੋਈ ਅਰਬ ਸੂਬਾ (ਗਵਰਨਰ) ਉਨ੍ਹਾਂ ਨੂੰ ਜਜ਼ੀਆ ਅਦਾ ਕਰਨ ਲਈ ਹੁਕਮ ਭੇਜਦਾ ਹੈ। ਹਰ ਕਿਸੇ ਦੇ ਨਾਲ਼ ਕੁੱਤਾ ਹੋਣਾ ਲਾਜ਼ਿਮੀ ਸੀ। ਇਹ ਉਨ੍ਹਾਂ ਦੀ ਹੇਠੀ ਦਾ ਚਿੰਨ੍ਹ ਸੀ, ਜੋ ਬ੍ਰਾਹਮਣਾਂ ਸੱਤਾ ਦੇ ਸਮੇਂ ਤੋਂ ਹੀ ਪ੍ਰਚਲਿਤ ਸੀ।
ਓਦੋਂ ਤਕ ਕਿਤੇ ਵੀ ਜੱਟਾਂ ਦਾ ਜ਼ਿਕਰ ਪੰਜਾਬੀਆਂ ਨਾਲ਼ ਜੋੜ ਕੇ ਨਹੀਂ ਸੀ ਕੀਤਾ ਗਿਆ। ਜਦੋਂ ਮੁਹੰਮਦ ਬਿਨ ਕਾਸਿਮ ਬਿਆਸ ਕੰਢੇ ਦੇ ਭਾਟੀਆਂ ਤੇ ਮੁਲਤਾਨ ਉੱਤੇ ਕਾਬਜ਼ ਹੁੰਦਾ ਹੋਇਆ ਉੱਤਰ ਵਾਲ਼ੇ ਪਾਸੇ ਨੂੰ ਅੱਗੇ ਵੱਧਦਾ ਹੈ, ਤਾਂ ਰਾਹ ਵਿਚ ਉਸ ਦਾ ਟਾਕਰਾ ਕਿਤੇ ਵੀ ਜੱਟਾਂ ਨਾਲ਼ ਨਹੀਂ ਹੁੰਦਾ। ਪਰ ਗਿਆਰ੍ਹਵੀਂ ਸਦੀ ਦੇ ਸ਼ੁਰੂ ਵਿਚ ਹੀ ਮੁਲਤਾਨ ਤੇ ਭਾਟੀਆਂ ਦੇ ਜੱਟਾਂ ਦੀ ਮੌਜੂਦਗੀ ਦਾ ਅਚਾਨਕ ਅਹਿਸਾਸ ਹੁੰਦਾ ਹੈ। ਸਿੰਧ ਨਦੀ ਦੇ ਕੰਢੇ ’ਤੇ ਉਹ ਮਹਿਮੂਦ ਗ਼ਜ਼ਨਵੀ ਦਾ ਰਾਹ ਰੋਕਦੇ ਹਨ। ਉਨ੍ਹਾਂ ਦੀ ਫ਼ੌਜ ਵਿਚ ਬੇੜੀਆਂ ਦੀ ਅੰਦਾਜ਼ਨ ਗਿਣਤੀ ਚਾਰ ਹਜ਼ਾਰ ਤੋਂ ਅੱਠ ਹਜ਼ਾਰ ਤਕ ਦੱਸੀ ਜਾਂਦੀ ਹੈ। ਗ਼ਜ਼ਨਵੀ ਕਾਲ਼ ਦਾ ਇਕ ਹੋਰ ਇਤਿਹਾਸਕਾਰ ਪੰਜਾਬ ਵਿਚ ਜੱਟਾਂ ਦੇ ਹੋਣ ਦਾ ਜ਼ਿਕਰ ਕਰਦਾ ਹੈ। ਉਸ ਅਨੁਸਾਰ ਉਹ ਧਰੋਹੀ ਹਿੰਦੂ ਸਨ, ਜਿਨ੍ਹਾਂ ਬਾਗ਼ੀਆਂ ਵਿਰੁੱਧ ਭੇਜੇ ਗਏ ਸੁਲਤਾਨ ਮਸੂਦ ਦੀ ਮਦਦ ਕੀਤੀ ਸੀ। ਈਸਵੀ 1030 ਦੇ ਲਾਗੇ ਵਿਚ ਭਾਰਤ ਆਏ ਅਲਬਰੂਨੀ ਅਨੁਸਾਰ ਜੱਟ ਨੀਚ ਸ਼ੂਦਰ ਜਾਤ ਦੇ ਪਸ਼ੂ ਪਾਲਣ ਵਾਲ਼ੇ ਲੋਕ ਸਨ। ਇੱਥੇ ਇਹ ਗੱਲ ਵੀ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਅਲਬਰੂਨੀ ਨੇ ਇਹ ਦੌਰਾ ਸਿਰਫ਼ ਲਹੌਰ ਦੇ ਇਲਾਕੇ ਤਕ ਹੀ ਕੀਤਾ ਸੀ।
ਇਸ ਤਰ੍ਹਾਂ ਦੇ ਪ੍ਰਮਾਣ ਮੈਨੂੰ ਬਿਲਕੁਲ ਅਕੱਟ ਨਜ਼ਰ ਆਉਂਦੇ ਹਨ। ਸਿੰਧ ਦੇ ਇਲਾਕੇ ਤੋਂ ਉੱਤਰ ਦਿਸ਼ਾ ਵੱਲ ਨੂੰ ਪਰਵਾਸ ਕਰਦੇ ਹੋਏ ਜੱਟ ਕਬੀਲੇ ਗਿਆਰ੍ਹਵੀਂ ਸਦੀ ਵਿਚ ਹੀ ਦੱਖਣੀ ਪੰਜਾਬ ਅੰਦਰ ਦਾਖ਼ਿਲ ਹੋਏ ਹੋਣਗੇ। ਇਹ ਗੱਲ ਸਾਰੇ ਦਾਰਸ਼ਨਿਕ ਸਬੂਤਾਂ ਦੀ ਵੀ ਪ੍ਰੋੜ੍ਹਤਾ ਕਰਦੀ ਹੈ, ਜਿਹੜੇ ਮੁਲਤਾਨ ਦੇ ਇਲਾਕੇ ਵਿਚ ਸਿੰਧੀ ਨਾਲ਼ ਮਿਲ਼ਦੀ-ਜੁਲ਼ਦੀ ਭਾਸ਼ਾ ਦਾ ਅਸਰ ਦਰਸਾਉਂਦੇ ਹਨ। ਜੇ ਇਸ ਇਲਾਕੇ ਵਿਚ ਜੱਟਾਂ ਦੀ ਹਿਜਰਤ ਨੂੰ ਧਿਆਨ ਵਿਚ ਰੱਖੀਏ, ਤਾਂ ਇਸ ਸਥਿਤੀ ਦੀਆਂ ਸੰਭਾਵਨਾਵਾਂ ਬਿਲਕੁਲ ਸਪੱਸ਼ਟ ਹੋ ਜਾਂਦੀਆਂ ਹਨ। ਇਹ ਵੀ ਅਪਣੇ-ਆਪ ਵਿਚ ਅਹਿਮ ਸਬੂਤ ਹੈ ਕਿ ਲਹਿੰਦੀ ਭਾਸ਼ਾ ਦਾ ਪ੍ਰਵਾਨਿਤ ਨਾਮ “ਜਟਕੀ” ਵੀ ਹੈ, ਜਿਸ ਦਾ ਭਾਵ ਹੈ ਜੱਟਾਂ ਦੀ ਭਾਸ਼ਾ। ਜੱਟ ਜੋ ਗ੍ਰੀਅਰਸਨ ਦੇ ਕਹੇ ਮੁਤਾਬਿਕ, ਲਹਿੰਦੀ ਬੋਲੀ ਦੇ ਕੇਂਦਰੀ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਰਹਿੰਦੇ ਸਨ।
ਪੰਜਾਬ ਦੇ ਜੱਟਾਂ ਤੇ ਸੱਤਵੀ ਅੱਠਵੀਂ ਸਦੀ ਦੇ ਸਿੰਧ ਦੇ ਜੱਟਾਂ ਵਿਚਾਲ਼ੇ ਸੰਬੰਧਾਂ ਦੀ ਤਲਾਸ਼ ਕੋਈ ਮਾਨਵ-ਸ਼ਾਸਤਰੀਆਂ ਦਾ ਖ਼ਬਤ ਨਹੀਂ ਹੈ। ਇਨ੍ਹਾਂ ਕਿਆਸ-ਆਰਾਈਆਂ ਤੋਂ ਮੱਧਕਾਲੀ ਪੰਜਾਬ ਦੇ ਸਮਾਜਿਕ-ਆਰਥਿਕ ਢਾਂਚੇ ਅੰਦਰ ਹੋ ਰਹੀਆਂ ਤਬਦੀਲੀਆਂ ਦੀ ਸਾਫ਼ ਝਲਕ ਮਿਲ਼ਦੀ ਹੈ। ਇਹ ਤਾਂ ਅਸੀਂ ਦੇਖ ਹੀ ਚੁੱਕੇ ਹਾਂ ਕਿ ਸਿੰਧ ਵਿਚ ਜੱਟ ਵੱਡੀ ਗਿਣਤੀ ਵਿਚ ਰਹਿੰਦੇ ਸਨ। ਪਸ਼ੂ ਪਾਲਣ ਉਨ੍ਹਾਂ ਦੀ ਆਰਥਿਕਤਾ ਦਾ ਆਧਾਰ ਸੀ। ਸਮਾਜਿਕ ਤਾਣਾ-ਬਾਣਾ ਬਰਾਬਰੀ ਜਾਂ ਘੱਟੋ-ਘੱਟ ਨਾਬਰਾਬਰੀ ਵਾਲ਼ਾ ਸੀ। ਭਾਈਚਾਰੇ ਅੰਦਰ ਛੋਟਾ-ਵੱਡਾ ਜਾਂ ਅਮੀਰ-ਗਰੀਬ ਦਾ ਪਾੜਾ ਨਹੀਂ ਸੀ। ਦੋ ਬਿਲਕੁਲ ਹੀ ਸੁਤੰਤਰ ਹਵਾਲਿਆਂ ਤੋਂ ਇਸ ਗੱਲ ਦੀ ਪ੍ਰੋੜ੍ਹਤਾ ਹੁੰਦੀ ਹੈ। ਮੁੱਦਾ ਇਹ ਹੈ ਕਿ ਕਦੋਂ ਤਕ ਇਹ ਹਾਲਤ ਰਹੀ ਹੋਵੇਗੀ?
ਮਾੜੀ ਗੱਲ ਹੈ ਕਿ ਅਗਲੀਆਂ ਚਾਰ ਸਦੀਆਂ ਤਾਈਂ ਫੇਰ ਜੱਟਾਂ ਦੇ ਇਤਿਹਾਸ ‘ਤੇ ਇਕ ਤਰ੍ਹਾਂ ਦਾ ਪੜਦਾ ਹੀ ਪੈ ਜਾਂਦਾ ਹੈ। ਦਿੱਲੀ ਸਲਤਨਤ ਦੇ ਲੰਮੇ ਅਰਸੇ ਦੌਰਾਨ ਜੱਟਾਂ ਨਾਲ਼ ਜੁੜਿਆ ਕੋਈ ਵੀ ਬਿਓਰਾ ਮੈਨੂੰ ਨਹੀਂ ਮਿiਲ਼ਆ। ਹੋ ਸਕਦਾ ਹੈ, ਇਹਦਾ ਕਾਰਣ ਮੇਰੀਆਂ ਕੁਝ ਘਾਟਾਂ ਵਿਚ ਵੀ ਪਿਆ ਹੋਵੇ; ਹੋ ਸਕਦਾ ਹੈ, ਮੈਂ ਸਵਾਰ ਕੇ ਦੇਖਿਆ ਹੀ ਨਾ ਹੋਵੇ। ਪਰ ਇਹਦੀ ਖੋਜ ਦੀ ਬੜੀ ਲੋੜ ਹੈ।
ਜਿੱਥੋਂ ਤੀਕ ਮੇਰੀ ਜਾਣਕਾਰੀ ਹੈ, ਇਹ ਪਰਦਾ ਸੋਲ਼੍ਹਵੀਂ ਸਦੀ ਦੇ ਅੰਤ ਵਿਚ ਆਈਨੇ- ਅਕਬਰੀ ਰਾਹੀਂ ਖੁੱਲ੍ਹਦਾ ਹੈ। ਇਸ ਕਿਤਾਬ ਵਿਚ ਈਸਵੀ 1595 ਦੇ ਕਰੀਬ ਤਿਆਰ ਕੀਤੀ ਜ਼ਿੰਮੀਦਾਰ-ਜ਼ਾਤਾਂ ਦੀ ਸੂਚੀ ਦਿੱਤੀ ਹੋਈ ਹੈ। ਹਰ ਪਰਗਣੇ ਦੀਆਂ ਜ਼ਿੰਮੀਦਾਰ-ਜ਼ਾਤਾਂ ਦੀ ਵੱਖਰੀ ਸੂਚੀ ਬਣਾਈ ਗਈ ਹੈ। ਇਨ੍ਹਾਂ ਸੂਚੀਆਂ ਤੋਂ ਇਹ ਪਤਾ ਲਗਦਾ ਹੈ ਕਿ ਜੱਟ ਓਦੋਂ ਵੱਡੀ ਗਿਣਤੀ ਵਿਚ ਉਪਰਲੇ ਰਚਨਾ ਦੁਆਬ ਵਿਚ ਵਸ ਚੁੱਕੇ ਸਨ। ਉਨ੍ਹਾਂ ਦੀ ਆਬਾਦੀ ਉਪਰਲੇ ਤੇ ਮੱਧ ਬਾਰੀ ਦੁਆਬ ਤੀਕ ਫੈਲੀ ਹੋਈ ਸੀ। ਸਰਹਿੰਦ ਦੇ ਕਿਸ-ਸਤਲੁਜ ਦੇ ਇਲਾਕੇ ਤੇ ਹਿਸਾਰ ਫ਼ੀਰੋਜ਼ਾ ਵੀ ਇਸ ਵਿਚ ਸ਼ਾਮਿਲ ਸੀ। ਇਸ ਤੋਂ ਇਲਾਵਾ ਦੋ ਬਲਾਕ ਹੋਰ ਵੀ ਸਨ। ਪਹਿਲੇ ਵਿਚ ਗੰਗਾ-ਜਮੁਨਾ ਦੇ ਉੱਪਰਲੇ ਦੁਆਬ ਦੀਆਂ ਬਸਤੀਆਂ ਸਨ, ਜੋ ਰੁਹੇਲਖੰਡ ਦੇ ਅੰਦਰ ਤਕ ਜਾਂਦੀਆਂ ਹਨ। ਦੂਜੇ ਬਲਾਕ ਵਿਚ ਜਮੁਨਾ ਦੇ ਪੱਛਮੀ ਕੰਢੇ ਵਸੀਆਂ ਖਿੰਡੀਆਂ-ਪੁੰਡੀਆਂ ਬਸਤੀਆਂ ਸਨ, ਜੋ ਦਿੱਲੀ ਦੇ ਦੱਖਣੀ ਇਲਾਕਿਆਂ ਤੋਂ ਲੈ ਕੇ ਚੰਬਲ ਦੇ ਦੱਖਣ ਤਕ ਫੈਲੀਆਂ ਹੋਈਆਂ ਸਨ। ਥੋੜ੍ਹੇ ਬਹੁਤੇ ਫ਼ਰਕ ਨਾਲ਼ ਜੱਟਾਂ (ਤੇ ਜਾਟਾਂ) ਦੀ ਆਬਾਦੀ ਅੱਜ ਵੀ ਇਸੇ ਇਲਾਕੇ ਤਕ ਸੀਮਿਤ ਹੈ। ਆਧੁਨਿਕ ਨਕਸ਼ੇ ਮੁਤਾਬਿਕ ਦੱਖਣ-ਪੂਰਬ ਵਿਚ ਹੋਇਆ ਉਨ੍ਹਾਂ ਦਾ ਵਿਸਤਾਰ ਨਵਾਂ ਵਾਧਾ ਹੈ। ਇਹ ਵਿਸਤਾਰ ਅਠਾਰ੍ਹਵੀਂ ਸਦੀ ਦੀ ਸੂਰਜ ਮੱਲ ਦੀ ਜੱਟ ਰਿਆਸਤ ਕਾਰਣ ਹੀ ਹੋਇਆ ਸੀ।
ਅਸੀਂ ਫ਼ੌਰਨ ਦੇਖ ਸਕਦੇ ਹਾਂ ਕਿ ਆਈਨੇ-ਅਕਬਰੀ ਦੇ ਵੇਰਵੇ ਬਹੁਤ ਹੱਦ ਤਾਈਂ ਜੱਟਾਂ ਬਾਰੇ ਦੰਦ-ਕਥਾਵਾਂ ਨਾਲ਼ ਮੇਲ ਖਾਂਦੇ ਹਨ। ਇਨ੍ਹਾਂ ਕਥਾਵਾਂ ਵਿਚ ਹਰਿਆਣੇ ਤੋਂ ਅੱਜ ਦੇ ਉੱਤਰ ਪ੍ਰਦੇਸ਼ ਤਕ ਤੇ ਉਸ ਤੋਂ ਵੀ ਅੱਗੇ ਪੱਛਮ ਵੱਲ ਉਨ੍ਹਾਂ ਦੀ ਹਿਜਰਤ ਦਾ ਸਾਰਾ ਇਤਿਹਾਸ ਸਮਾਇਆ ਹੋਇਆ ਹੈ। ਜੱਟਾਂ ਦਾ ਇਹ ਵਿਸਤਾਰ, ਜੋ ਮੁਲਤਾਨ ਤੋਂ ਲੈ ਕੇ ਲਹੌਰੋਂ ਪਾਰਲੇ ਇਲਾਕਿਆਂ ਤਾਈਂ ਤੇ ਨਾਲ਼ ਹੀ ਪੂਰਬ ਵਿਚ ਵੀ ਹੋਇਆ ਸੀ, ਨਿਸ਼ਚਿਤ ਤੌਰ ’ਤੇ ਆਈਨੇ-ਅਕਬਰੀ ਤੋਂਂ ਪਹਿਲਾਂ ਦੀਆਂ ਚਾਰ ਸਦੀਆਂ ਦੌਰਾਨ ਹੀ ਹੋਇਆ ਹੋਵੇਗਾ। ਪਰ ਲਿਖਤ ਇਤਿਹਾਸ ਵਿਚ ਇਹਨੁੂੰ ਨਜ਼ਰੰਦਾਜ਼ ਹੀ ਕੀਤਾ ਗਿਆ ਹੈ। ਇਸ ਸਾਰੇ ਵਿਸਤਾਰ ਦਾ ਇਕ ਪਹਿਲੂ ਜੱਟਾਂ ਦੀ ਬੋਲੀ ਵਿਚ ਆਏ ਫ਼ਰਕਾਂ ਤੋਂ ਵੀ ਸਪੱਸ਼ਟ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਦੀ ਬੋਲੀ ਦਾ “ਖਰ੍ਹਵਾਪਨ” ਕਾਫ਼ੀ ਹੱਦ ਤਕ ਘੱਟ ਗਿਆ ਸੀ। ਇਹ ਇਸ ਗੱਲ ਦਾ ਸਬੂਤ ਹੈ ਕਿ ਨਾਲ਼ ਦੇ ਭੂਗੋਲਿਕ ਇਲਾਕਿਆਂ ਵਿਚ ਫੈਲਣ ਤੋਂ ਪਹਿਲਾਂ ਉਹ ਕਾਫ਼ੀ ਲੰਮੇ ਅਰਸੇ ਤਕ ਮੁਲਤਾਨ ਵਿਚ ਹੀ ਟਿਕੇ ਰਹੇ ਸਨ।
ਗਿਆਰ੍ਹਵੀਂ ਸਦੀ ਤੋਂਂ ਸੋਲ੍ਹਵੀਂ ਸਦੀ ਤਕ ਦਾ ਸਮਾਂ ਜੱਟਾਂ ਦੇ ਇਤਿਹਾਸ ਵਿਚ ਅਹਿਮ ਸਮਾਂ ਹੈ। ਇਸ ਦੌਰਾਨ ਨਾ ਸਿਰਫ਼ ਉਨ੍ਹਾਂ ਦੀ ਵੱਸੋਂ ਹੀ ਦੂਰ-ਦੁਰਾਡੇ ਦੇ ਇਲਾਕਿਆਂ ਤਾਈਂ ਫੈਲ ਗਈ ਸੀ, ਸਗੋਂ ਉਨ੍ਹਾਂ ਦੇ ਆਰਥਿਕ ਆਧਾਰ ਵਿਚ ਵੀ ਬੁਨਿਆਦੀ ਤਬਦੀਲੀ ਆ ਗਈ ਸੀ। ਇਹੋ ਸਮਾਂ ਸੀ, ਜਦੋਂ ਉਨ੍ਹਾਂ ਦਾ ਭਾਈਚਾਰਾ ਪਸ਼ੂਪਾਲਣ ਤੋਂ ਵੱਧ ਕੇ ਖੇਤੀ ਕਰਨ ਲਗ ਪਿਆ ਸੀ। ਵਿਕਾਸ ਮਾਰਗ ’ਤੇ ਇਹ ਬਹੁਤ ਵੱਡੀ ਪੁਲਾਂਘ ਸੀ।
ਇਤਿਹਾਸਕ ਦਸਤਾਵੇਜ਼ਾਂ ਵਿਚ ਜੱਟਾਂ ਦਾ ਨਾਂ ਸਭ ਤੋਂ ਪਹਿਲੀ ਵਾਰ ਸਿੰਧ ਦੇ ਸੰਦਰਭ ਵਿਚ ਹੀ ਆਉਂਦਾ ਹੈ। ਪਰ ਵੀਹਵੀਂ ਸਦੀ ਦੀ ਸ਼ੁਰੂਆਤ ਤਕ ਹਾਲਾਤ ਬਿਲਕੁਲ ਬਦਲ ਗਏ ਸੀ। ਕਿਸੇ ਵੇਲੇ ਜਿਹੜਾ ਭਾਈਚਾਰਾ ਲੱਖਾਂ ਦੀ ਗਿਣਤੀ ਵਿਚ ਸਿੰਧ ਦੇ ਦੋਹੀਂ ਪਾਸੀ ਵਸਿਆ ਹੋਇਆ ਸੀ, 1901 ਦੀ ਮਰਦਮਸ਼ੁਮਾਰੀ ਵਿਚ ਸਿੰਧ ਅੰਦਰ ਉਹ ਊਠ ਪਾਲਕਾਂ ਦੀ ਛੋਟੀ ਜਿਹੀ ਜਾਤ ਦੇ ਰੂਪ ’ਚ ਰਹਿ ਗਏ ਸੀ। ਉਨ੍ਹਾਂ ਦੀ ਆਬਾਦੀ ਉਸ ਵੇਲੇ 77 ਹਜ਼ਾਰ 920 ਸੀ। ਪਰ ਪੰਜਾਬ, ਹਰਿਆਣੇ ਤੇ ਪੱਛਮੀ ਉੱਤਰ-ਪ੍ਰਦੇਸ਼ ਵਿਚ ਜੱਟ ਜਾਂ ਜਾਟ ਕਹਾਉਣ ਵਾਲਿਆਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਸੀ। ਪਰ ਹੁਣ ਉਹ ਪਸ਼ੂਪਾਲ਼ ਨਹੀਂ, ਸਗੋਂ ਪੂਰੀ ਤਰ੍ਹਾਂ ਕਾਸ਼ਤਕਾਰ ਹੋ ਚੁੱਕੇ ਸਨ। ਆਈਨੇ-ਅਕਬਰੀ ਲਿਖਣ ਵੇਲੇ ਤਕ ਇਨ੍ਹਾਂ ਸਾਰੇ ਇਲਾਕਿਆਂ ਵਿਚ ਇਹੀ ਹਾਲਤ ਸੀ।
ਪੰਜਾਬ ਵਿਚ ਤਾਂ ਜੱਟ ਸ਼ਬਦ ਹੀ ਕਿਸਾਨੀ ਤੇ ਖੇਤੀਬਾੜੀ ਦੇ ਧੰਦੇ ਨਾਲ਼ ਜੁੜ ਗਿਆ ਸੀ। ਜੱਟ ਤੇ ਖੇਤੀ ਦਾ ਰਿਸ਼ਤਾ ਲੋਕ-ਮਾਨਸਿਕਤਾ ਵਿਚ ਬਹੁਤ ਪੀਡਾ ਰੂਪ ਧਾਰ ਗਿਆ ਸੀ। ਜਾਤੀ ਵਾਚੀ ਨਾਉਂ ਤੋਂ ਇਲਾਵਾ ਇਸ ਸ਼ਬਦ ਦਾ ਮਤਲਬ ਕਿਸਾਨ ਵੀ ਸੀ ਤੇ ਜਟਕੀ ਤੋਂ ਮੁਰਾਦ ਖੇਤੀਬਾੜੀ ਵੀ ਸੀ। ਇਬਟਸਨ ਤਾਂ ਇੱਥੋਂ ਤਕ ਵੀ ਕਹਿੰਦਾ ਹੈ ਕਿ ਜਿਉਂ-ਜਿਉਂ ਦੂਜੀਆਂ ਜਾਤਾਂ ਦੇ ਲੋਕ ਖੇਤੀ ਦੇ ਧੰਦੇ ਨਾਲ਼ ਜੁੜਦੇ ਜਾ ਰਹੇ ਸੀ, ਜੱਟਾਂ ਦੀਆਂ ਸਫ਼ਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਸੀ। ਕੁਝ ਸਮਾਂ ਪਾ ਕੇ ਦੂਜੀਆਂ ਜਾਤਾਂ ਦੇ ਲੋਕ ਜਿਹੜੇ ਖੇਤੀ ਨਾਲ਼ ਜੁੜ ਗਏ ਸੀ, ਉਹ ਵੀ ਅਪਣੇ ਆਪ ਨੂੰ ਜੱਟ ਹੀ ਕਹਿਣ ਲੱਗੇ ਸੀ; ਕਿਉਂ ਜੋ ਉਨ੍ਹਾਂ ਦਾ ਧੰਦਾ ਹੁਣ ਜੱਟਾਂ ਵਾਲ਼ਾ ਜੁ ਸੀ। ਸਤਾਰ੍ਹਵੀਂ ਸਦੀ ਦੇ ਪਹਿਲੇ ਅੱਧ ਤੋਂ ਪਹਿਲਾਂ ਹੀ ਜੱਟ ਸ਼ਬਦ ਦੀ ਇਹ ਦੋਹਰੀ ਵਰਤੋਂਂ ਆਮ ਹੋ ਗਈ ਸੀ। 1655 ਈਸਵੀ ਵਿਚ ਲਿਖੇ ਦਾਸਤਾਨੇ-ਮਜ਼ਹਬ ਦਾ ਲੇਖਕ ਸਿੱਖ ਧਰਮ ਨਾਲ਼ ਜੁੜੇ ਜੱਟਾਂ ਨੂੰ “ਵੈਸ਼ਾਂ ਦੀ ਸਭ ਤੋਂਂ ਹੇਠਲੀ ਪੌੜੀ ਨਾਲ਼” (ਨਿਮਨ ਵੈਸ਼) ਜੋੜਦਾ ਹੈ। ਉਹ ਇਹ ਵੀ ਕਹਿੰਦਾ ਹੈ:“ਪੰਜਾਬੀ ਵਿਚ ਜੱਟ ਦਾ ਮਤਲਬ ਸਿੱਧੜ ਜਾਂ ਪੇਂਡੂ ਹੁੰਦਾ ਹੈ।” ਇਹ ਗੱਲ ਸਾਫ਼ ਸੀ ਕਿ ਉਸ ਸਮੇਂ ਤਾਈਂ ਪੰਜਾਬ ਦੇ ਜੱਟ ਕਿਸਾਨੀ ਦੀ ਨੁਮਾਇੰਦਗੀ ਕਰਨ ਲੱਗੇ ਸਨ।
ਇੰਜ ਲਗਦਾ ਹੈ ਕਿ ਲਹਿੰਦੀ ਬੋਲੀ ਵਾਲ਼ੇ ਇਲਾਕਿਆਂ ਵਿੱਚੋਂ ਹਿਜਰਤ ਕਰ ਕੇ ਹਿੰਦੀ ਬੋਲਦੇ ਇਲਾਕਿਆਂ ਵਿਚ ਜੱਟਾਂ ਦਾ ਪ੍ਰਵੇਸ਼ ਤੇ ਖੇਤੀ ਭਾਈਚਾਰੇ ਦੇ ਰੂਪ ਵਿਚ ਉਨ੍ਹਾਂ ‘ਚ ਆਈ ਤਬਦੀਲੀ ਇਹ ਦੋਵੇਂ ਗੱਲਾਂ ਨਾ ਸਿਰਫ਼ ਇਕੋਂ ਸਮੇਂ ਹੀ ਵਾਪਰੀਆਂ, ਸਗੋਂ ਇਹ ਦੋਨੋਂ ਅਮਲ ਆਪੋ ਵਿਚ ਜੁੜੇ ਹੋਏ ਵੀ ਹਨ। ਇਹ ਜੱਟਾਂ ਦੀ ਆਬਾਦੀ ਵਿਚ ਹੋਏ ਫੈਲਾਅ ਦਾ ਦੂਜਾ ਦੌਰ ਸੀ। ਮੇਰੀ ਤਾਂ ਇਹ ਵੀ ਧਾਰਣਾ ਹੈ ਕਿ ਇਸ ਦੌਰ ਦੀ ਸਫਲਤਾ ਹੀ ਇਸ ਗੱਲ ’ਤੇ ਨਿਰਭਰ ਕਰਦੀ ਸੀ ਕਿ ਜੱਟ ਜਾਂ ਤੇ ਕਿਸਾਨ ਹੋ ਚੁੱਕੇ ਸੀ ਜਾਂ ਤੇਜ਼ੀ ਨਾਲ਼ ਖੇਤੀ ਨਾਲ਼ ਜੁੜਦੇ ਜਾ ਰਹੇ ਸੀ। ਇਸ ਲਈ ਉਹ ਇਨ੍ਹਾਂ ਹਾਲਾਤ ਨੂੰ ਖੇਤੀ ਹੇਠ ਆਉਂਦੇ ਰਕਬੇ ਵਿਚ ਵਾਧਾ ਕਰਨ ਲਈ ਵਰਤ ਸਕਦੇ ਸੀ। ਬਾਰ੍ਹਵੀ ਸਦੀ ਤੋਂਂ 16ਵੀਂ ਸਦੀ ਤਕ ਦੇ ਦੌਰ ਦਾ ਇਹ ਖ਼ਾਸ ਲੱਛਣ ਸੀ ਜਾਂ ਨਹੀਂ, ਇਸ ਗੱਲ ਨੂੰ ਸਿੱਧ ਕਰਨ ਲਈ ਠੋਸ ਸਬੂਤਾਂ ਦੀ ਲੋੜ ਹੈ। ਇਨ੍ਹਾਂ ਦਲੀਲਾਂ ਨੂੰ ਇਤਿਹਾਸਕ ਪ੍ਰਮਾਣਾਂ ਦੇ ਆਧਾਰ ਉੱਤੇ ਸਿੱਧ ਕਰਨਾ ਚਾਹੀਦਾ ਹੈ। ਹਾਲ ਦੀ ਘੜੀ ਤਾਂ ਮੇਰੇ ਕੋਲ ਸਿਰਫ਼ ਦੋ ਹੀ ਪ੍ਰਮਾਣ ਹਨ, ਜਿਨ੍ਹਾਂ ਨਾਲ਼ ਮੈਂ ਉਪਰਲੇ ਨਿਰਣੇ ਕੱਢੇ ਹਨ।
ਪਹਿਲਾ ਸੁਜਾਨ ਰਾਏ ਭੰਡਾਰੀ ਦੀ ਜਾਰੀ ਰੱਖੀ ਉਹ ਪਰੰਪਰਾ, ਜਿਸ ਵਿਚ ਮੰਗੋਲਾਂ ਦੇ ਹਮਲਿਆਂ ਤੋਂ ਬਾਅਦ ਪੰਜਾਬ ਦੀ ਮੁੜ ਉਸਾਰੀ ਦਾ ਕੰਮ ਹੁੰਦਾ ਸੀ। ਹਰ ਵਾਰ ਪੰਜਾਬ ਤਬਾਹੀ ਵਿੱਚੋ ਮੁੜ ਨਰੋਇਆ ਹੋ ਕੇ ਨਿਕਲ਼ਦਾ ਸੀ। 15ਵੀਂ ਸਦੀ ਦਾ ਇਹੋ ਸਮਾਂ ਸੀ, ਜਿਸ ਦੌਰਾਨ ਖੇਤੀ ਹੇਠਲੇ ਰਕਬੇ ਵਿਚ ਤੇਜ਼ੀ ਨਾਲ਼ ਵਾਧਾ ਹੋਇਆ ਸੀ।
ਦੂਜਾ ਕਾਰਣ ਹੈ, ਅਰਬੀ ਹਲ਼ਟ ਦਾ ਅਚਾਨਕ ਆ ਜਾਣਾ ਤੇ ਉਹ ਵੀ ਅਪਣੇ ਮੁਸੱਲਮ ਰੂਪ ਵਿਚ। ਲੱਕੜ ਦਾ ਇਹ ਗੋਲ਼ ਪਹੀਆ, ਮਾਹਲ਼ ਨਾਲ਼ ਬੱਝੀਆਂ ਟਿੰਡਾਂ ਤੇ “ਕੁੱਤੇ” (ਗੀਅਰ) ਵਾਲ਼ਾ ਜੁਗਾੜ, ਇਹ ਉਹਦੀ ਮੁਕੰਮਲ ਸ਼ਕਲ ਸੀ। 16ਵੀਂ ਸਦੀ ਦੇ ਸ਼ੁਰੂ ਤਕ ਇਹ ਪੂਰੇ ਪੰਜਾਬ ਵਿਚ ਫੈਲ ਚੁੱਕਾ ਸੀ। (ਲਹੌਰ, ਦੀਪਾਲਪੁਰ ਤੇ ਸਰਹਿੰਦ) ਜਿਵੇਂ ਕਿ ਮੈਂ ਪਹਿਲਾਂ ਹੀ ਇਹ ਦਲੀਲ ਦਿੱਤੀ ਹੈ ਕਿ ਸਿੰਚਾਈ ਦਾ ਇਹ ਸਿਸਟਮ, ਖ਼ਾਸ ਤੌਰ ’ਤੇ “ਕੁੱਤੇ” (ਗੀਅਰ) ਵਾਲ਼ੇ ਜੁਗਾੜ ਸਣੇ ਬਾਬਰ ਕਾਲ਼ ਨਾਲ਼ੋਂ ਦੋ ਸਦੀਆਂ ਤੋਂ ਵੱਧ ਪੁਰਾਣਾ ਨਹੀਂ ਹੋ ਸਕਦਾ। ਜਿਵੇਂ ਕਿ ਨੀਡਹੈਮ ਨੇ ਪਹਿਲਾਂ ਹੀ ਸੁਝਾਅ ਦਿੱਤਾ ਹੈ ਕਿ ਪਹਿਲੀਆਂ ਵਿਚ ਘਾਟਾਂ ਨੂੰ ਨੋਰੀਆ ਕਿਹਾ ਜਾਂਦਾ ਸੀ। ਸਿੰਚਾਈ ਦੀ ਇਸ ਦੀ ਸਮਰੱਥਾ ਅਰਬੀ ਪ੍ਰਬੰਧ ਦੇ ਮੁਕਾਬਿਲੇ ਬਹੁਤ ਹੀ ਘੱਟ ਸੀ। ਇਸ ਉੱਤੇ ਪਸ਼ੂ-ਸ਼ਕਤੀ ਦੀ ਵਰਤੋਂ ਦੀਆਂ ਸੰਭਾਵਨਾਵਾਂ ਬਹੁਤ ਸੀਮਿਤ ਸਨ।
ਰਾਜਸਥਾਨ ਦੇ ਮੰਡੂਰ ਇਲਾਕੇ ਚ ਮਿਲ਼ੇ 11ਵੀਂ ਸਦੀ ਦੇ ਕੁਝ ਪੁਰਾਤਨ ਚਿਤਰਾਂ ਤੋਂ ਵੀ ਮੇਰੀ ਗੱਲ ਪੱਕੀ ਹੁੰਦੀ ਹੈ। ਇਹ ਨੋਰੀਆ ਦੀ ਤਸਵੀਰ ਹੈ, ਇਸ ਵਿਚ ਨਾ ਤਾਂ ਕੋਈ ਮਾਹਲ਼ ਹੈ ਤੇ ਨਾ ਹੀ “ਕੁੱਤੇ” (ਗੀਅਰ) ਵਾਲ਼ਾ ਜੁਗਾੜ। ਤਸਵੀਰ ਵਿਚ ਜਿਹੜੇ ਜਾਨਵਰ ਦਿਖਾਏ ਗਏ ਹਨ, ਉਹ ਖੂਹ ਚੋਂ ਪਾਣੀ ਨਹੀਂ ਕਢਦੇ, ਸਗੋਂ ਪਾਣੀ ਪੀਂਦੇ ਹਨ। ਪਾਣੀ ਕੱਢਣ ਦਾ ਕੰਮ ਲਾਂਭੇ ਖੜ੍ਹਾ ਬੰਦਾ ਕਰ ਰਿਹਾ ਹੈ। ਜਦ ਕਿ ਅਰਬੀ ਹਲ਼ਟ ਵਿਚ ਇਹ ਕੰਮ ਪਸ਼ੂਆਂ ਤੋਂ ਲਿਆ ਜਾ ਸਕਦਾ ਸੀ। ਇਸ ਲਈ ਇਸ ਨਾਲ਼ ਹੋਰ ਵੀ ਡੂੰਘਾ ਪਾਣੀ ਕੱਢਣਾ ਸੰਭਵ ਹੋ ਗਿਆ ਸੀ। ਭਾਰਤ ਦੀ ਕੋਈ ਵੀ ਪੁਰਤਾਨ ਸਿੰਚਾਈ ਤਕਨੀਕ ਇਹਦੇ ਬਰਾਬਰ ਦੀ ਨਹੀਂ ਸੀ।
ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਇਸ ਅਰਬੀ ਸਿੰਚਾਈ ਸਿਸਟਮ ਦਾ ਪੰਜਾਬ ਦੇ ਸਿੰਚਾਈ ਪ੍ਰਬੰਧ ਉਤੇ ਜ਼ਰੂਰ ਹੀ ਡੂੰਘਾ ਅਸਰ ਪਿਆ ਹੋਵੇਗਾ। ਉਸ ਪ੍ਰਬੰਧ ਵਿਚ ਕਈ ਵੱਡੀਆਂ ਤਬਦੀਲੀਆਂ ਵੀ ਵਾਪਰੀਆਂ ਹੋ ਸਕਦੀਆਂ ਹਨ। ਆਧੁਨਿਕ ਨਹਿਰੀ ਪ੍ਰਬੰਧ ਤੋਂ ਪਹਿਲਾਂ ਪੰਜਾਬ ਵਿਚ ਬਹੁਤੀ ਸਿੰਚਾਈ ਖੂਹਾਂ ਨਾਲ਼ ਹੀ ਹੁੰਦੀ ਸੀ। ਇਸ ਲਈ ਅਰਬੀ ਹਲ਼ਟ ਦਾ ਆਉਣ ਨਾਲ਼ ਲਾਜ਼ਮੀ ਤੌਰ ’ਤੇ ਖੇਤੀ ਹੇਠਲੇ ਰਕਬੇ ਵਿਚ ਚੋਖਾ ਵਾਧਾ ਹੋਇਆ ਹੋਵੇਗਾ। ਘੱਟੋ-ਘੱਟ ਮੈਂ ਤਾਂ ਇਹ ਗੱਲ ਬੜੀ ਸ਼ਿੱਦਤ ਨਾਲ਼ ਮਹਿਸੂਸ ਕਰਦਾ ਹਾਂ ਕਿ ਜੱਟਾਂ ਦੇ ਕਾਫ਼ੀ ਵੱਡੇ ਹਿੱਸੇ ਦੇ ਖੇਤੀਬਾੜੀ ਨਾਲ਼ ਜੁੜਨ ਪਿੱਛੇ ਇਸ ਅਰਬੀ ਤਕਨੀਕ ਦੀ ਅਹਿਮ ਭੂਮਿਕਾ ਰਹੀ ਹੋਣੀ ਹੈ। ਅਪਣੇ ਆਪ ਵਿਚ ਇਹ ਗੱਲ ਵੀ ਬਹੁਤ ਮਾਅਰਕੇ ਵਾਲ਼ੀ ਹੈ ਕਿ ਅਰਬੀ ਹਲ਼ਟ ਵਾਲ਼ਾ ਇਲਾਕਾ, ਬਾਬਰ ਦੇ ਲਿਖੇ ਵਾਂਙ ਵੀ ਆਈਨੇ-ਅਕਬਰੀ ਵਿਚ ਦਰਜ ਜੱਟਾਂ ਦੇ ਇਲਾਕੇ ਨਾਲ਼ ਬਹੁਤ ਜ਼ਿਆਦਾ ਮੇਲ਼ ਖਾਂਦਾ ਹੈ।
ਇਹ ਗੱਲ ਮੰਨਣ ਤੋਂਂ ਮੈਨੂੰ ਕੋਈ ਝਿਜਕ ਨਹੀਂ ਕਿ ਹੁਣ ਤਕ ਮੈਂ ਜੋ ਕੁਝ ਵੀ ਕਿਹਾ ਹੈ ਉਹ ਸਭ ਅਟਕਲਾਂ ਹੀ ਹਨ। ਪਰ ਇਹ ਅਟਕਲਾਂ ਐਵੇਂ ਹਵਾ ’ਚ ਛੱਡੇ ਗਏ ਤੀਰ ਨਹੀਂ, ਸਗੋਂ ਉਨ੍ਹਾਂ ਪਿੱਛੇ ਅਨੇਕਾਂ ਹੀ ਠੋਸ ਪ੍ਰਮਾਣ ਹਨ। ਇਸ ਲਈ ਮੇਰੀਆਂ ਇਹ ਕਿਆਸ-ਆਰਾਈਆਂ ਉੱਕਾ ਹੀ ਬੇਥਵ੍ਹੀਆਂ ਨਹੀਂ ਤੇ ਨਾ ਹੀ ਉਸ ਨਿਰਣੇ ਦੇ ਹੀ ਵਿਰੁੱਧ ਜਾਂਦੀਆਂ ਹਨ, ਜਿਹਨੂੰ ਮੈਂ ਸਿੱਧ ਕਰਨਾ ਚਾਹੁੰਦਾ ਹਾਂ। ਜੇ ਇਹ ਸਾਰੇ ਸਬੂਤ ਮਹਿਜ਼ ਇਤਫ਼ਾਕ ਹੀ ਨਹੀਂ, ਤਾਂ ਹੋ ਸਕਦਾ ਹੈ ਕਿ ਮੇਰੀ ਇਹ ਕਲਪੀ ਤਸਵੀਰ ਹੀ ਅੰਤ ਨੂੰ ਸਹੀ ਸਾਬਿਤ ਹੋ ਜਾਵੇ।
ਮੈਨੂੰ ਲਗਦਾ ਹੈ ਕਿ ਜੇ ਉੱਪਰ ਦਿੱਤੀਆਂ ਸੰਭਾਵਨਾਵਾਂ ਤੱਥਾਂ ਦੀ ਕਸੌਟੀ ਉਤੇ ਖਰੀਆਂ ਉੱਤਰਦੀਆਂ ਹਨ, ਤਾਂ ਸਾਡੀ ਇਹ ਸਮੱਗਰੀ 16ਵੀਂ-17ਵੀਂ ਸਦੀ ਦੇ ਪੰਜਾਬ ਦੇ ਵਿਕਾਸ ਦੀ ਰੂਪ-ਰੇਖਾ ਦੇ ਅਧਿਅਨ ਦਾ ਚੰਗਾ ਆਧਾਰ ਬਣ ਸਕਦੀ ਹੈ। ਇਹ ਗੱਲ ਤਾਂ ਹੁਣ ਤਕ ਸਰਵ-ਪ੍ਰਵਾਣਿਤ ਹੋ ਚੁੱਕੀ ਹੈ ਕਿ ਜੱਟ ਸਿੱਖ ਭਾਈਚਾਰੇ ਦੀ ਰੀੜ੍ਹ ਦੀ ਹੱਡੀ ਹਨ। ਤੋੜਾ ਝਾੜਨ ਲਈ ਇਹ ਕਿਹਾ ਜਾ ਸਕਦਾ ਹੈ ਕਿ 18ਵੀਂ ਸਦੀ ਦੇ ਅੱਧ ਤਕ ਸਿੱਖ ਲਹਿਰ ਦੀ ਅਗਵਾਈ ਖੱਤਰੀਆਂ ਦੇ ਹੱਥਾਂ ਵਿਚੋਂ ਨਿਕਲ਼ ਕੇ ਜੱਟਾਂ ਦੇ ਹੱਥਾਂ ਵਿਚ ਜਾ ਚੁੱਕੀ ਸੀ। ਦਾਸਿਤਾਨੇ ਮਜ਼ਹਬ ਦੇ ਲੇਖਕ ਦੇ ਕਾਲ਼ ਵਿਚ ਵੀ ਇਹ ਗੱਲ ਨੋਟਿਸ ਕੀਤੀ ਗਈ ਸੀ ਕਿ ਖੱਤਰੀ ਹੋਣ ਦੇ ਬਾਵਜੂਦ ਗੁਰੂਆਂ ਨੇ ਖੱਤਰੀਆਂ ਨੂੰ ਇਕ ਤਰ੍ਹਾਂ ਨਾਲ਼ ਜੱਟਾਂ ਦੇ ਥੱਲੇ ਹੀ ਲਾ ਦਿੱਤਾ ਸੀ, ਜੋ ਕਿ ਉਸ ਸਮੇ ਵੈਸ਼ਾਂ ਵਿੱਚੋਂ ਵੀ ਸਭ ਤੋਂਂ ਥੱਲੜੀ ਜਾਤ ਵਿੱਚੋਂ ਸਨ।
ਇਹ ਸਵਾਲ ਅਕਸਰ ਹੀ ਮੇਰੇ ਮਨ ਵਿਚ ਉੱਠਦਾ ਰਿਹਾ ਹੈ ਕਿ ਉਹ ਕਿਹੜੇ ਕਾਰਣ ਸਨ, ਜਿਨ੍ਹਾਂ ਕਰਕੇ ਗੁਰੂ ਨਾਨਕ ਦੀ ਲਹਿਰ ਨਾਲ਼ ਮਿਲ਼ਦੀਆਂ-ਜੁਲ਼ਦੀਆਂ ਹੋਰ ਲਹਿਰਾਂ ਅਪਣੇ ਇਲਾਕੇ ਦੀ ਕਿਸਾਨੀ ਵਿਚ ਜੜ੍ਹਾਂ ਨਹੀਂ ਫੈਲਾ ਸਕੀਆਂ। ਇਨ੍ਹਾਂ ਲਹਿਰਾਂ ਦੀ ਸਮਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨਾਲ਼ ਜੁੜੇ ਸੰਤਾਂ ਫ਼ਕੀਰਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਜਗ੍ਹਾ ਦਿੱਤੀ ਗਈ ਹੈ। ਪਰ ਕਿਸਾਨੀ ਅੰਦਰ ਪੈਰ ਜਮਾਉਣ ਦੇ ਕੰਮ ਨੂੰ ਸਿਰਫ਼ ਸਿੱਖ ਧਰਮ ਹੀ ਨੇਪਰੇ ਚਾੜ੍ਹ ਸਕਿਆ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਸਮੇਤ ਸਾਰੇ ਗੁਰੂਆਂ ਨੇ ਬ੍ਰਹਿਮੰਡੀ ਚੇਤਨਾ ਦਾ ਪ੍ਰਚਾਰ ਕੀਤਾ ਸੀ। ਤੰਗਦਿਲ ਤੇ ਫ਼ਿਰਕੂ ਸਿਧਾਂਤਾਂ ਨਾਲ਼ ਉਨ੍ਹਾਂ ਦਾ ਕੋਈ ਲੈਣ-ਦੇਣਾ ਨਹੀਂ ਸੀ। ਪਰ ਸਾਰੇ ਹੀ ਮਹਾਨ ਧਰਮਾਂ ਵਾਂਙ ਸਿੱਖ ਧਰਮ ਵੀ ਵੱਖ-ਵੱਖ ਇਲਾਕਿਆਂ ਤੇ ਵੱਖ-ਵੱਖ ਜਮਾਤਾਂ ਵਿਚ ਵੱਖਰੇ ਢੰਗ ਨਾਲ਼ ਹੀ ਪ੍ਰਫੁੱਲਿਤ ਹੋਇਆ ਸੀ।
ਕਿਸੇ ਵੀ ਧਰਮ ਦੀਆਂ ਸਿਖਿਆਵਾਂ ਨੂੰ ਇਤਿਹਾਸਕ ਅਰਥਾਂ ਵਿਚ ਸਮਝਣਾ ਹਮੇਸ਼ਾ ਹੀ ਮੁਸ਼ਕਿਲ ਕੰਮ ਰਿਹਾ ਹੈ। ਇਸ ਗੱਲ ਦਾ ਪਤਾ ਲਾਉਣਾ ਕਿ ਉਹਦਾ ਕਿਹੜਾ ਹਿੱਸਾ ਸਮਾਜ ਦੇ ਕਿਸ ਹਿੱਸੇ ਨੂੰ ਵਿਸ਼ੇਸ਼ ਤੌਰ ’ਤੇ ਖਿੱਚ ਪਾਉਂਦਾ ਸੀ ਤੇ ਕਿਹੜੇ ਪਹਿਲੂਆਂ ਉੱਤੇ ਕੌਣ ਜ਼ਿਆਦਾ ਜ਼ੋਰ ਦਿੰਦਾ ਸੀ। ਇਹ ਗੱਲ ਤਾਂ ਸੁਭਾਵਿਕ ਹੀ ਹੈ ਕਿ ਹਰ ਬੰਦਾ ਰੱਬੀ ਸੁਨੇਹੇ ਨੂੰ ਅਪਣੇ ਹੀ ਢੰਗ ਨਾਲ਼ ਸਮਝਣ ਦੇ ਯਤਨ ਕਰਦਾ ਹੈ। ਸਭ ਦੀਆਂ ਆਪੋ-ਅਪਣੀਆਂ ਸੀਮਾਵਾਂ ਵੀ ਹੁੰਦੀਆਂ ਹਨ। ਇਸ ਲਈ ਅਸਲ ਸੁਨੇਹੇ ਦਾ ਸਾਰ-ਤੱਤ ਤੇ ਉਸ ਦੀ ਅਮਲੀ ਸਮਝ ਵਿਚ ਪਾੜਾ ਲਾਜ਼ਿਮੀ ਤੌਰ ‘ਤੇ ਰਹਿ ਹੀ ਜਾਂਦਾ ਹੈ। ਅਜਿਹਾ ਹਰ ਧਰਮ ਨਾਲ਼ ਵਾਪਰਦਾ ਹੈ।
ਕੀ ਇਹ ਹੋ ਸਕਦਾ ਹੈ ਕਿ ਜਿਸ ਸਮੇਂ ਜੱਟ ਸਿੱਖ ਧਰਮ ਨੂੰ ਅਪਣਾਅ ਰਹੇ ਸਨ, ਇਤਿਹਾਸਕ ਹਾਲਾਤ ਕਾਰਣ ਉਨ੍ਹਾਂ ਨੂੰ ਉਸ ਦੀ ਸਖ਼ਤ ਲੋੜ ਮਹਿਸੂਸ ਹੋ ਰਹੀ ਹੋਵੇ, ਉਹ ਉਸ ਵਿਚ ਅਪਣੇ ਲਈ ਕੋਈ ਉਚੇਚੀ ਗੱਲ ਮਹਿਸੂਸ ਕਰ ਰਹੇ ਹੋਣ, ਜਿਸ ਦੀ ਉਨ੍ਹਾਂ ਲਈ ਕੋਈ ਖ਼ਾਸ ਅਹਿਮੀਅਤ ਹੋਵੇ? ਇਹ ਤਾਂ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਜੱਟ ਜੋ ਬੁਨਿਆਦੀ ਤੌਰ ’ਤੇ ਪਸ਼ੂਪਾਲ਼ ਭਾਈਚਾਰਾ ਸੀ, ਉਨ੍ਹਾਂ ਦੀ ਹਾਲਤ ਤਰਸਯੋਗ ਹੱਦ ਤਕ ਮਾੜੀ ਸੀ। ਭਾਵੇਂ ਕਿ ਹੁਣ ਉਹ ਕਿਸਾਨੀ ਭਾਈਚਾਰੇ ਵਿਚ ਤਬਦੀਲ ਹੋ ਚੁੱਕੇ ਸਨ। ਪਰ ਇਸ ਨਾਲ਼ ਉਨ੍ਹਾਂ ਦੀ ਸਮਾਜਿਕ ਪੁਜ਼ੀਸ਼ਨ ਵਿਚ ਕੋਈ ਫ਼ਰਕ ਨਹੀਂ ਸੀ ਆਇਆ। ਇਹ ਗੱਲ ਲਗਭਗ ਤੈਅ ਹੀ ਹੈ ਕਿ ਨਵੇਂ ਧੰਦੇ ਦੇ ਬਾਵਜੂਦ ਜਾਤ ਦਾ ਪੁਰਾਣਾ ਦਾਗ਼ ਉਨ੍ਹਾਂ ਦਾ ਖਹਿੜਾ ਨਹੀਂ ਸੀ ਛੱਡ ਰਿਹਾ।
ਦੂਜੀਆਂ ਜਾਤਾਂ ਉਨ੍ਹਾਂ ਨੂੰ ਖੱਤਰੀ ਦਾ ਦਰਜਾ ਦੇਣ ਲਈ ਤਿਆਰ ਨਹੀਂ ਸਨ, ਜਿਹਦੇ ਕਿ ਉਹ ਦਾਅਵੇਦਾਰ ਸਨ। ਰਵਾਇਤੀ ਵਿਚਾਰ ਇਹ ਸੀ ਕਿ ਉਨ੍ਹਾਂ ਦਾ ਜਨਮ ਖੱਤਰੀ ਮਰਦਾਂ ਤੇ ਵੈਸ਼ ਔਰਤਾਂ ਦੇ ਮੇਲ਼ ਵਿੱਚੋਂ ਹੋਇਆ ਸੀ। 1825 ਈਸਵੀ ਵਿਚ ਹਾਂਸੀ ਵਿਚ ਸਕਿੱਨਰ ਨੇ ਇਹ ਗੱਲ ਨੋਟ ਕੀਤੀ ਸੀ। ਇਹ ਤਾਂ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਮੱਧ 18ਵੀਂ ਸਦੀ ਦੀ ਦਾਬਿਸਤਾਨੇ ਮਜ਼ਹਬ ਉਨ੍ਹਾਂ ਨੂੰ ਵੈਸ਼ਾਂ ਦੀ ਸਭ ਤੋਂਂ ਹੇਠਲੀ ਪੌੜੀ ਦਾ ਹਿੱਸਾ ਮੰਨਦੀ ਸੀ। ਭਾਵੇਂ ਕਿ ਇਹ ਦਰਜਾ ਵੀ ਸ਼ੂਦਰਾਂ ਨਾਲ਼ੋਂ ਇਕ ਪੌੜੀ ਉੱਪਰ ਹੀ ਸੀ, ਜੋ ਕਿ 11ਵੀਂ ਸਦੀ ਵਿਚ ਅਲਬਰੂਨੀ ਮੁਤਾਬਿਕ ਉਨ੍ਹਾਂ ਦਾ ਸਮਾਜਿਕ ਦਰਜਾ ਸੀ। ਹੁਣ ਨਾ ਸਿਰਫ਼ ਸਾਰੀ ਕਿਸਾਨੀ ਸਗੋਂ ਪੰਜਾਬ ਦੇ ਕਈ ਇਲਾਕਿਆਂ ਦੇ ਜ਼ਿਮੀਦਾਰ ਵੀ ਇਸ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਨ। ਇਹ ਸਮਾਜਿਕ ਰੁਤਬਾ ਹੁਣ ਉਨ੍ਹਾਂ ਦੀ ਆਰਥਿਕ ਪੁਜ਼ੀਸ਼ਨ ਦੇ ਅਨੁਸਾਰੀ ਨਹੀਂ ਸੀ ਰਿਹਾ।
ਇਹੋ ਜਿਹੀਆਂ ਹਾਲਤਾਂ ਲਈ ਵੀ ਭਾਰਤੀ ਸਮਾਜ ਅੰਦਰ ਐਸੀ ਵਿਵਸਥਾ ਸੀ, ਜਿਹਨੂੰ ਆਧੁਨਿਕ ਸਮਾਜ-ਸ਼ਾਸਤਰੀ “ਸਾਂਸਕ੍ਰਿਤੀਕਰਣ” ਦਾ ਨਾਂ ਦਿੰਦੇ ਹਨ। ਬਹੁਤੀ ਵਾਰ ਹੁੰਦਾ ਇੰਜ ਸੀ ਕਿ ਹੇਠਲੀ ਜਾਤ ਦਾ ਉਪਰਲਾ ਕੁਝ ਹਿੱਸਾ, ਹੌਲ਼ੀ-ਹੌਲ਼ੀ ਖ਼ੁਦ ਦਾ ਸਾਂਸਕ੍ਰਿਤੀਕਰਣ ਕਰ ਲੈਂਦਾ ਸੀ ਤੇ ਉਤਲੀਆਂ ਜਾਤਾਂ ਵਿਚ ਸ਼ਾਮਿਲ ਹੋ ਜਾਂਦਾ ਸੀ। ਇਸ ਵਿਵਸਥਾ ਦੇ ਹੋਣ ਦੇ ਬਾਵਜੂਦ ਜੱਟਾਂ ਦੇ ਮਾਮਲੇ ’ਚ ਕਿਉਂ ਨਹੀਂ ਸੀ ਹੋ ਰਿਹਾ? ਇਸ ਦਾ ਵੱਡਾ ਕਾਰਣ ਸ਼ਾਇਦ ਇਹ ਵੀ ਸੀ ਕਿ ਜੱਟਾਂ ਦਾ ਪਿਛੋਕੜ ਬਰਾਬਰੀ ਜਾਂ ਅਰਧ-ਬਰਾਬਰੀ ਵਾਲ਼ੇ ਸਮਾਜੀ-ਭਾਈਚਾਰੇ ਨਾਲ਼ ਜੁੜਦਾ ਸੀ। ਇਹ ਗੱਲ ਉਨ੍ਹਾਂ ਦੇ ਰਾਹ ਦੀ ਰੁਕਾਵਟ ਬਣ ਰਹੀ ਸੀ। ਜੱਟਾਂ ਦੀ ਇਸ ਪਿਛੋਕੜ ਦੀ ਪ੍ਰੋੜਤਾ ਹਿਊਨ ਸਾਂਙ ਤੇ ‘ਛਾਛ ਨਾਮਾ’ ਦੋਹਾਂ ਤੋਂ ਹੀ ਹੁੰਦੀ ਹੈ।
ਜੱਟਾਂ ਦਾ ਸਿੱਖ ਹੋਣਾ
ਇਨ੍ਹਾਂ ਹਾਲਤਾਂ ਵਿਚ ਜੱਟਾਂ ਦੇ ਵੱਡੇ ਹਿੱਸੇ ਦਾ ਸਿੱਖ ਹੋ ਜਾਣਾ ਕੁਦਰਤੀ ਜਾਪਦਾ ਹੈ। ਕਿਉਂਕਿ ਸਿਧਾਂਤਕ ਤੌਰ ’ਤੇ ਸਿੱਖ ਧਰਮ ਨੇ ਸਮੁੱਚੀ ਜਾਤ-ਪ੍ਰਣਾਲੀ ਨੂੰ ਹੀ ਰੱਦ ਕਰ ਦਿੱਤਾ ਸੀ ਅਤੇ ਸਿੱਖ ਗੁਰੂਆਂ ਨੇ ਬਿਨਾਂ ਕਿਸੇ ਝਿਜਕ ਤੋਂਂ ਜੱਟਾਂ ਨੂੰ ਸਭ ਤੋਂ ਉਤਲੇ ਦਰਜੇ ’ਤੇ ਬਿਠਾ ਦਿੱਤਾ ਸੀ। ਇਸ ਗੱਲ ਦਾ ਅਸਰ ਜੱਟਾਂ ਵਿਚ ਪੈਣਾ ਲਾਜ਼ਿਮੀ ਹੀ ਸੀ। ਸਿੱਖਾਂ ਦੇ ਧਰਮ ਗ੍ਰੰਥ ਵਿਚ ਧੰਨੇ ਜੱਟ ਦੀ ਬਾਣੀ ਉਨ੍ਹਾਂ ਅੰਦਰ ਕੁਝ ਵੱਖਰੀ ਹੀ ਝਰਣਾਟ ਛੇੜਦੀ ਹੋਵੇਗੀ। ਉਨ੍ਹਾਂ ਲਈ ਉਸ ਦੀ ਅਹਿਮੀਅਤ ਉਨ੍ਹਾਂ ਰੂਹਾਨੀ ਅਰਥਾਂ ਤੋਂ ਪਰ੍ਹੇ ਵੀ ਹੋ ਸਕਦੀ ਹੈ, ਜੋ ਕਿ ਗੁਰੂਆਂ ਦੇ ਦਿਮਾਗ਼ ਵਿਚ ਰਹੇ ਹੋਣਗੇ।
ਪਰ ਮੇਰੇ ਖ਼ਿਆਲ ਵਿਚ ਗੱਲ ਸਿਰਫ਼ ਇੱਥੇ ਹੀ ਨਹੀਂ ਮੁੱਕਦੀ। ਇੰਨੀ ਵੱਡੀ ਗਿਣਤੀ ਵਿਚ ਜੱਟਾਂ ਦੇ ਸਿੱਖ ਧਰਮ ਵਿਚ ਸ਼ਾਮਿਲ ਹੋਣ ਨੂੰ ਸਿਰਫ਼ ਸਾਂਸਕ੍ਰਿਤੀਕਰਣ ਦਾ ਬਦਲ ਹੀ ਨਹੀਂ ਕਿਹਾ ਜਾ ਸਕਦਾ। ਜੱਟ ਕਿਸਾਨ ਸਨ ਅਤੇ 18ਵੀਂ ਸਦੀ ਵਿਚ ਉਨ੍ਹਾਂ ਦੀ ਵੱਡੀ ਸਮੱਸਿਆ ਇਹ ਵੀ ਸੀ ਕਿ ਉਨ੍ਹਾਂ ਨੂੰ ਖੇਤੀ-ਭੋਇੰ ਉਪਰ ਲੱਦੇ ਗਏ ਬੋਝਲ਼ ਟੈਕਸਾਂ ਦਾ ਭਾਰ ਵੀ ਬਰਦਾਸ਼ਤ ਕਰਨਾ ਪੈਂਦਾ ਸੀ। ਮੁਗ਼ਲਾਂ ਦੀ ਹਾਕਮ ਜਮਾਤ ਅੰਤਾਂ ਦੀ ਲੁੱਟ ਕਰਦੀ ਸੀ। ਕਿਸਾਨਾਂ ਨੂੰ ਇਸ ਗੱਲ ਦਾ ਰੋਸ ਹੋਣਾ ਕੁਦਰਤੀ ਸੀ। ਇਸ ਸੰਬੰਧੀ ਮੈਂ ਪਹਿਲਾਂ ਹੀ ਗੱਲ ਕਰ ਚੁੱਕਾ ਹਾਂ, ਨਵਾਂ ਕਹਿਣ ਲਈ ਹਾਲ ਦੀ ਘੜੀ ਮੇਰੇ ਕੋਲ਼ ਕੁਝ ਨਹੀਂ ਹੈ। ਪਰ ਮੈਨੂੰ ਇੰਜ ਲਗਦਾ ਹੈ ਕਿ 18ਵੀਂ ਸਦੀ ਵਿਚ ਸਿੱਖ ਭਾਈਚਾਰੇ ਦੇ ਜੁਝਾਰੂ ਵਿਕਾਸ ਨੂੰ ਜੱਟਾਂ ਦੀ ਇਸ ਹਾਲਤ ਨਾਲ਼ ਜੋੜ ਕੇ ਦੇਖਿਆ ਜਾ ਸਕਦਾ ਹੈ। ਜੱਟ ਕਿਸਾਨੀ ਦੀ ਹਥਿਆਰਬੰਦ ਬਗ਼ਾਵਤ ਉਸ ਇਤਿਹਾਸਕ ਮੋੜ ਦੀ ਸੰਭਵ ਵਿਆਖਿਆ ਹੋ ਸਕਦੀ ਹੈ। ਜੱਟ ਕਿਸਾਨੀ ਤੇ ਸਿੱਖ ਧਰਮ ਦੀ ਇਤਿਹਾਸਕ ਨੇੜਤਾ ਵੀ ਇਸੇ ਸੰਭਾਵਨਾ ਦੀ ਹੀ ਪ੍ਰੋੜ੍ਹਤਾ ਕਰਦੀ ਹੈ, ਭਾਵੇਂ ਕਿ ਇਹ ਸੰਬੰਧ ਲਾਜ਼ਿਮੀ ਤੌਰ ’ਤੇ ਹੀ ਮੁਗ਼ਲ ਸਾਮਰਾਜ ਦੇ ਖੇਤੀ-ਸੰਕਟ ਦੇ ਉਭਰਨ ਨਾਲ਼ੋਂ ਕਿਤੇ ਵੱਧ ਪੁਰਾਣਾ ਹੈ।
– ਅੰਗਰੇਜ਼ੀ ਤੋਂ ਉਲਥਾ: ਬਲਰਾਮ