ਇਸ ਸਾਲ ਜੋ ਮੈਨੂੰ ਸਭ ਤੋਂ ਵਧੀਆ ਕਿਤਾਬ ਲੱਗੀ, ਉਹ ਹੈ The Future of the Market : An Essay on the Regulation of money and Nature after the Collapse of ‘Actually Existing Socialism’ ਇਸਦੇ ਲੇਖਕ ਹਨ : ਜਰਮਨ ਗਰੀਕ-ਮਾਰਕਸਵਾਦੀ ਐਲਮਾਰ ਐਲਟਾਫ਼ਾਟਰ ਜੋ ਫ਼ਰੀ ਯੂਨੀਵਰਸਿਟੀ, ਬਰਲਿਨ ਵਿਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਹਨ। ਸਾਲ 2006 ਵਿਚ ਇਸ ਕਿਤਾਬ ਨੂੰ ਸਭ ਤੋਂ ਵਧੀਆ ਕਿਤਾਬ ਕਹਿੰਦੇ ਵਕਤ, ਮੈਂ ਇਹ ਵੀ ਸੰਖੇਪ ਵਿਚ ਕਹਿਣਾ ਜ਼ਰੂਰੀ ਸਮਝਦਾ ਹਾਂ ਕਿ ਮੇਰੇ ਵਿਚਾਰ ਵਿਚ ਪਿਛਲੇ 150 ਸਾਲਾਂ ਵਿਚ ਸਭ ਤੋਂ ਵਧੀਆ ਕਿਤਾਬ ਕਾਰਲ ਮਾਰਕਸ ਦੀ ‘ਕੈਪੀਟਲ’ (ਪੂੰਜੀ) ਹੈ। ਇਸ ਕਿਤਾਬ ਲਈ ਕੀਤੀ ਖੋਜ, ਇਸ Scholarly Literature ਦਾ review ਅਤੇ ਇਸਦਾ rigorous and tight analytical framework ਬੇਮਿਸਾਲ ਹੈ। ਮੈਂ ਮਾਰਕਸ ਦੇ ਪੂੰਜੀਵਾਦੀ ਅਰਥ ਵਿਵਸਥਾ ਦੇ ਵਿਸ਼ਲੇਸ਼ਣ ਨੂੰ ਸਭ ਆਰਥਿਕ ਵਿਸ਼ਲੇਸ਼ਣਾਂ ਤੋਂ ਉੱਤਮ ਸਮਝਦਾ ਹਾਂ। ਮਾਰਕਸ ਦੀ ‘ਪੂੰਜੀ’ ਨੂੰ ਮਿਆਰ ਮੰਨਣ ਤੋਂ ਬਾਅਦ ਕਿਸੇ ਕਿਤਾਬ ਨੂੰ ਪਸੰਦ ਕਰਨਾ ਅਤੇ ਉਸਦੀ ਉਸਤਤ ਕਰਨਾ ਬੜਾ ਔਖਾ ਹੈ, ਪਰ ਪਿਛਲੇ ਪੰਦਰਾਂ-ਵੀਹ ਸਾਲਾਂ ਵਿਚ ਮੈਂ ਮਾਰਕਸ ਦੇ ‘ਪੂੰਜੀ’ ਵਿਚ ਕੀਤੇ ਵਿਸ਼ਲੇਸ਼ਣ ਤੋਂ ਅੰਤੁਸ਼ਟ ਹੋਣਾ ਸ਼ੁਰੂ ਹੋ ਗਿਆ ਸੀ। ਇਸ ਅਸੰਤੁਸ਼ਟਤਾ ਦਾ ਮੁੱਖ ਕਾਰਨ ਸੀ ਕਿ ਮਾਰਕਸ ਦੇ ਵਿਸ਼ਲੇਸ਼ਣ ਢਾਂਚੇ ਵਿਚ ਪੂੰਜੀ ਅਤੇ ਕੁਦਰਤ ਦੇ ਆਪਸੀ ਸਬੰਧਾਂ ਦਾ ਵਿਸ਼ਲੇਸ਼ਣ ਨਹੀਂ ਹੈ।
ਆਰਥਿਕਤਾ ਅਤੇ ਕੁਦਰਤ ਦੇ ਆਪਸੀ ਸਬੰਧਾਂ ਕਾਰਨ ਪਿਛਲੇ ਕੁਝ ਸਾਲਾਂ ਵਿਚ ਵਾਤਾਵਰਣ ਵਿਚ ਆਈ ਤਬਦੀਲੀ ਅਤੇ ਖ਼ਰਾਬੀ ਸਾਡੇ ਸਮੇਂ ਦਾ ਪ੍ਰਮੁੱਖ ਸੁਆਲ ਉਭਰ ਕੇ ਆਇਆ ਹੈ। ਇਸ ਸੁਆਲ ਨੂੰ ਮਾਰਕਸਵਾਦੀ, ਪੂੰਜੀਵਾਦੀ ਅਤੇ ਗਰੀਕ ਵਿਦਵਾਨ ਕਿਵੇਂ ਸਮਝਦੇ ਹਨ ਅਤੇ ਇਸ ਸਮੱਸਿਆ ਦਾ ਵੀ ਹੱਲ ਲੱਭਦੇ ਹਨ? ਇਹਨਾਂ ਸੁਆਲਾਂ ਦਾ ਜੁਆਬ ਇਹਨਾਂ ਵਿਚਾਰਧਾਰਾਵਾਂ ਦੇ ਵਿਸ਼ਲੇਸ਼ਕ ਢਾਂਚੇ ’ਤੇ ਅਧਾਰਿਤ ਹੈ। ਮੈਂ ਇਹਨਾਂ ਤਿੰਨਾਂ ਹੀ ਵਿਚਾਰਧਰਾਵਾਂ ਨਾਲ ਵੱਖ-ਵੱਖ ਦਰਜੇ ਵਿਚ ਸਹਿਮਤ ਨਹੀਂ।
ਐਲਟਾਫ਼ਾਟਰ ਦੀ ਇਹ ਕਿਤਾਬ ਵੀ ਇਹਨਾਂ ਤਿੰਨਾਂ ਵਿਚਾਰਧਰਾਵਾਂ ਦੀ ਵੱਖਰੇ-ਵੱਖਰੇ ਦਰਜੇ ਵਿਚ ਆਲੋਚਨਾ ਕਰਦੀ ਹੈ ਅਤੇ ਅਖ਼ੀਰ ਵਿਚ ਗਰੀਕ-ਮਾਰਕਸਵਾਦੀ ਦੂਰਦ੍ਰਿਸ਼ਟੀ ਦਾ ਵਿਕਾਸ ਕਰਦੀ ਹੈ, ਜੋ ਸਾਡੇ ਸਮੇਂ ਦੀ ਇਤਿਹਾਸਕ ਲੋੜ ਹੈ। ਮੈਂ ਪ੍ਰੋਫ਼ੈਸਰ ਐਲਟਾਫ਼ਾਟਰ ਨੂੰ ਪਹਿਲੀ ਵਾਰ ਇਸ ਸਾਲ ਫਰਵਰੀ ਵਿਚ ਔਕਸਫਰਡ ਦੇ ਵੂਲਫ਼ਸਨ ਕੌਲਿਜ ਵਿਚ ਮਿਲਿਆ ਸੀ, ਜਿੱਥੇ ਅਸੀਂ ਦੋਵੇਂ ਅੰਤਰਰਾਸ਼ਟਰੀ ਕਾਨਫਰੰਸ ਵਿਚ ਸ਼ਾਮਿਲ ਸਾਂ, ਜੋ ਸਮਾਜਵਾਦੀ ਵਿਚਾਰਧਾਰਾ ਵਾਲੇ ਚਿੰਤਕਾਂ ਦੀ ਵਾਤਾਵਰਣ ਬਾਰੇ ਨਜ਼ਰੀਆ ਵਿਕਸਿਤ ਕਰਨ ਬਾਰੇ ਸੀ। ਇਸ ਕਾਨਫਰੰਸ ਦੇ ਪਰਚੇ 2006 ਦੇ ‘ਸੋਸ਼ਲਿਸਟ ਰਜਿਸਟਰ’ ਖ਼ਾਸ ਅੰਕ Coming To Terms with Nature ਵਿਚ ਛਾਪੇ ਗਏ ਹਨ।
ਗਰੀਕ ਚਿੰਤਨ ਦੀ ਸਭ ਤੋਂ ਵੱਡੀ ਦੇਣ ਹੈ ਕਿ ਇਸ ਚਿੰਤਨ ਦੇ ਵਿਸ਼ਲੇਸ਼ਣ ਢਾਂਚੇ ਵਿਚ ਹਰ ਆਰਥਿਕ ਸਰਗਰਮੀ ਦੇ ਕੁਦਰਤ ਉੱਤੇ ਅਸਰ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ। ਇਸ ਤਰ੍ਹਾਂ ਕਰਨ ਨਾਲ ਆਰਥਿਕਤਾ ਅਤੇ ਕੁਦਰਤ ਦੋ ਅਲੱਗ-ਅਲੱਗ ਸਿਸਟਮ ਨਹੀਂ ਰਹਿ ਜਾਂਦੇ। ਪਰ ਕੁਝ ਗਰੀਕ ਚਿੰਤਕਾਂ ਦੇ ਵਿਸ਼ਲੇਸ਼ਣ ਦੀ ਘਾਟ ਹੈ ਕਿ ਉਹ ਆਰਥਿਕਤਾ ਨੂੰ ਪੂੰਜੀਵਾਦ ਨਾਲ ਜੋੜਕੇ ਨਹੀਂ ਦੇਖਦੇ। ਉਹਨਾਂ ਮੁਤਾਬਿਕ ਹਰ ਆਰਥਿਕ ਢਾਂਚੇ-ਭਾਵੇਂ ਪੂੰਜੀਵਾਦੀ ਜਾਂ ਗ਼ੈਰ-ਪੂੰਜੀਵਾਦੀ-ਜਿਹੜਾ ਵੱਡੇ ਪੈਮਾਨੇ ਦੀ ਪੈਦਾਵਾਰ, ਆਵਜਾਈ ਅਤੇ ਖ਼ਪਤ ’ਤੇ ਅਧਾਰਿਤ ਹੈ, ਉਹ ਕੁਦਰਤ ਨੂੰ ਵਰਤਣ ਅਤੇ ਲੁੱਟਣ ’ਤੇ ਅਧਾਰਿਤ ਹੈ। ਅਜਿਹੇ ਗਰੀਕ ਚਿੰਤਕ ਸਮਾਜਵਾਦ ਨੂੰ ਪੂੰਜੀਵਾਦ ਦਾ ਬਦਲ ਨਹੀਂ ਦੇਖਦੇ, ਕਿਉਂਕਿ ਉਹਨਾਂ ਦਾ ਸਮਾਜਵਾਦ ਬਾਰੇ ਨਜ਼ਰੀਆ ਜੋ ਕੁਝ ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰਪ ਵਿਚ ਹੋਇਆ, ਉਸ ਉੱਤੇ ਹੀ ਆਧਾਰਿਤ ਹੈ। ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰਪ ਕੁਦਰਤ ਨੂੰ ਵਰਤਣ ਅਤੇ ਤਬਾਹ ਕਰਨ ਵਿਚ ਪੂੰਜੀਵਾਦ ਨੂੰ ਵੀ ਮਾਤ ਪਾ ਗਏ ਸਨ। ਐਲਟਾਫ਼ਾਟਰ ਦੀ ਕਿਤਾਬ ਬੜੇ ਵਧੀਆ ਢੰਗ ਨਾਲ ਇਹਨਾਂ ਪ੍ਰਚਲਿਤ ਸਮਾਜਵਾਦੀ ਨਜਾਮਾਂ ਦੀ ਆਲੋਚਨਾ ਕਰਦੀ ਹੈ। ਇਹ ਇਸ ਕਿਤਾਬ ਦੀ ਵਧੀਆ ਦੇਣ ਹੈ। ਪਰ ਐਲਟਾਫ਼ਾਟਰ ਇਹਨਾਂ ਵਿਗੜੇ ਅਤੇ ਘਿਨੌਣੇ ਸਮਾਜਵਾਦੀ ਨਜ਼ਾਮਾਂ ਦੀਆਂ ਪਾਲਸੀਆਂ ਦੀ ਜੜ੍ਹ, ਮਾਰਕਸ ਦੇ ਵਿਸ਼ਲੇਸ਼ਣ ਵਿਚ ਦੇਖਦਾ ਤਾਂ ਹੈ, ਪਰ ਜਰਾ ਰੁਕ-ਰੁਕ ਕੇ ਅਤੇ ਝਕ-ਝਕ ਕੇ। ਇਹ ਠੀਕ ਹੈ ਕਿ ਇਹ ਪ੍ਰਚਲਿਤ ਸਮਾਜਵਾਦੀ ਨਜ਼ਾਮ ਮਾਰਕਸ ਦੇ ਸਮਾਜਵਾਦੀ ਵਿਧਾਨ ਤੋਂ ਹਜ਼ਾਰਾਂ ਮੀਲ ਦੂਰ ਸਨ, ਪਰ ਕਿਤੇ ਨਾ ਕਿਤੇ ਇਹਨਾਂ ਦੀਆਂ ਖ਼ਰਾਬੀਆਂ ਦੀ ਕੜੀ ਮਾਰਕਸ ਦੀਆਂ ਕੁਝ ਲਿਖਤਾਂ ਨਾਲ ਜੁੜਦੀ ਹੈ, ਜਿੱਥੇ ਮਾਰਕਸ ਟੈਕਨਾਲੋਜੀ ਅਤੇ ਪੈਦਾਵਾਰ-ਵਧਾਊ ਤਰੀਕਿਆਂ ਦੀ ਲੋੜੋਂ ਵੱਧ ਵਡਿਆਈ ਕਰਦਾ ਹੈ।
ਐਲਟਾਫ਼ਾਟਰ ਇਸ ਕਿਤਾਬ ਵਿਚ ਗਰੀਕ ਆਰਥਿਕ ਵਿਸ਼ਲੇਸ਼ਣ ਦੇ ਮਹੱਤਵਪੂਰਨ ਸੰਬੋਧ Entropy (ਐਨਟਰਾਪੀ) ਨੂੰ ਵਰਤਦਾ ਅਤੇ ਵਿਕਸਿਤ ਕਰਦਾ ਹੈ। ਐਨਟਰਾਪੀ ਭੌਤਿਕ ਵਿਗਿਆਨ ਦਾ ਸੰਬੋਧ ਹੈ। ਐਨਟਰਾਪੀ ਊਰਜਾ ਨਾਲ ਇਕ ਪਦਾਰਥ ਤੋਂ ਦੂਜੇ ਪਦਾਰਥ ਵਿਚ ਬਦਲਣ ਦੀ ਕ੍ਰਿਆ ਨੂੰ ਕਹਿੰਦੇ ਹਨ, ਜਿਸ ਵਿਚ ਇਕ ਪਦਾਰਥ ਤੋਂ ਦੂਜੇ ਪਦਾਰਥ ਵਿਚ ਬਦਲਣ ਨਾਲ ਐਨਟਰਾਪੀ ਵਧਦੀ ਜਾਂਦੀ ਹੈ, ਇਸ ਨਾਲ ਕੁਦਰਤ ਤਰਤੀਬ ਤੋਂ ਬੇਤਰਤੀਬੀ ਵਲ ਵਧਦੀ ਜਾਂਦੀ ਹੈ। ਜੇ ਇਸ ਬੇਤਰਤੀਬੀ/ਐਨਟਰਾਪੀ ਨੂੰ ਰੋਕਿਆ ਨਾ ਜਾ ਸਕੇ ਤਾਂ ਇਹ ਸਾਰੇ ਕੁਦਰਤੀ ਢਾਂਚੇ ਦੇ ਟੁੱਟਣ ਵਲ ਵਧ ਸਕਦੀ ਹੈ। ਇਸ ਐਨਟਰਾਪੀ ਨੂੰ ਹੋਰ ਵਧਣ ਤੋਂ ਰੋਕਣ ਵਿਚ ਕੁਦਰਤੀ ਊਰਜਾ ਦਾ ਸਰੋਤ ਸੂਰਜੀ ਊਰਜਾ ਬਹੁਤ ਅਹਿਮ ਹਿੱਸਾ ਪਾਉਂਦੀ ਹੈ ਕਿਉਂਕਿ ਸੂਰਜ ਊਰਜਾ ਦਾ ਬੇਰੋਕ ਸਰੋਤ ਹੈ ਅਤੇ ਕਿਸੇ ਹੋਰ ਪਦਾਰਥ ਉੱਤੇ ਨਿਰਭਰ ਨਹੀਂ ਹੈ। ਸਾਡੀਆਂ ਸਾਰੀਆਂ ਆਰਥਿਕ ਕਾਰਵਾਈਆਂ ਐਨਟਰਾਪੀ ਵਧਾਉਂਦੀਆਂ ਹਨ। ਜਿੰਨੀ ਪੈਦਾਵਾਰ ਵਧਦੀ ਹੈ, ਉਹ ਕੁਦਰਤੀ ਸਾਧਨਾਂ ਨੂੰ ਤੋੜ-ਮਰੋੜ ਕੇ ਐਨਟਰਾਪੀ ਨੂੰ ਵਧਾਉਂਦੀ ਹੈ। ਪੈਦਾਵਾਰ ਕਰਨ ਨਾਲ (Wastage) ਨਾਸ਼ ਵਧਦੀ ਹੈ, ਹਰ ਪੈਦਾਵਾਰ ਕੀਤੀ ਚੀਜ਼ ਅਤੇ ਖਪਤ ਕੀਤੀ ਚੀਜ਼ ਅਖ਼ੀਰ ਵਿਚ ਰੱਦੀ/Waste ਬਣ ਜਾਂਦੀ ਹੈ, ਜੋ ਵਾਤਾਵਰਣ ਦੀ ਨਾਸ਼ ਨੂੰ ਸਮਾ ਲੈਣ ਦੀ ਸ਼ਕਤੀ ਉਤੇ ਹੋਰ ਦਬਾਅ ਪਾਉਂਦੀ ਹੈ ਅਤੇ ਐਨਟਰਾਪੀ ਨੂੰ ਵਧਾਉਂਦੀ ਹੈ। ਇਸੇ ਕਰਕੇ ਪੂੰਜੀਵਾਦੀ ਢਾਂਚਾ ਅਤੇ ਪੂੰਜੀਵਾਦ ਦਾ ਨਕਲ-ਕਰੂ ਅਤੇ ਮੁਕਾਬਲਾ ਕਰੂ (ਉਸ ਦਾ ਬਦਲ ਨਹੀਂ) ਸਮਾਜਵਾਦੀ ਢਾਂਚਾ ਐਨਟਰਾਪੀ ਨੂੰ ਵਧਾਉਂਦਾ ਹੈ। ਗਰੀਕ ਚਿੰਤਨ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਕੁਦਰਤੀ ਸਾਧਨ (ਪਾਣੀ, ਧਰਤੀ, ਹਵਾ, ਜੰਗਲ, ਖਾਨਾਂ) ਇਸ ਢੰਗ ਨਾਲ ਵਰਤੇ ਜਾਣ ਕਿ ਉਹ ਜ਼ਰੂਰੀ ਮਨੁੱਖੀ ਲੋੜਾਂ ਨੂੰ ਪੂਰੀਆਂ ਕਰਨ ਪਰ ਕੁਦਰਤ ਦੀ ਤਬਾਹੀ ਨਾ ਕਰਨ। ਨਾਲ-ਨਾਲ ਲੋੜਾਂ ਤੇ ਖਪਤ ਜਿੰਨੀ ਘਟਾਈ ਜਾ ਸਕੇ, ਓਨਾ ਹੀ ਕੁਦਰਤ ਦੀ ਰਾਖੀ ਲਈ ਚੰਗਾ ਹੈ। ਗਰੀਕ ਫ਼ਿਲਾਸਫ਼ੀ ਤਿੰਨ R ਦੀ ਵਕਾਲਤ ਕਰਦੀ ਹੈ : Reduce (ਘਟ ਖਪਤ ਕਰੋ), Reuse (ਹਰ ਚੀਜ਼ ਨੂੰ ਵਰਤਣ ਤੋਂ ਬਾਅਦ ਉਸਨੂੰ ਉਸੇ ਵਕਤ ਰੱਦੀ ’ਚ ਸੁੱਟਣ ਦੀ ਬਜਾਏ ਕਿਸੇ ਹੋਰ ਮੰਤਵ ਵਾਸਤੇ ਵਰਤੋ) ਅਤੇ Recycle (ਜੋ ਚੀਜ਼ ਖਪਤ ਕਰਨ ਤੋਂ ਬਾਅਦ Reuse ਨਹੀਂ ਕੀਤੀ ਜਾ ਸਕਦੀ, ਉਹਨੂੰ ਕੋਈ ਹੋਰ ਲੋੜੀਂਦੀ ਚੀਜ਼ ਪੈਦਾ ਕਰਨ ਲਈ ਸਾਧਨ ਦੇ ਤੌਰ ’ਤੇ ਵਰਤੋ)।
ਐਲਟਾਫ਼ਾਟਰ ਇਹਨੂੰ ਵਧੀਆ ਢੰਗ ਨਾਲ ਪੇਸ਼ ਕਰਦਾ ਹੈ ਕਿ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ’ਤੇ ਅਧਾਰਿਤ ਪੂੰਜੀਵਾਦੀ ਢਾਂਚਾ ਮੁੱਢੋਂ ਤੌਰ ’ਤੇ ਹੀ ਵਾਤਾਵਰਣ ਤੇ ਕੁਦਰਤ ਵਿਰੋਧੀ ਹੈ। ਇਸ ਦਾ ਬਦਲ ਜੋ ਕੁਦਰਤ ਵਿਰੋਧੀ ਨਾ ਹੋਵੇ, ਅਜਿਹਾ ਢਾਂਚਾ ਹੀ ਹੋ ਸਕਦਾ ਹੈ, ਜੋ ਮੰਡੀ ਅਤੇ ਮੁਨਾਫ਼ੇ ਦੇ ਤਰਕ ’ਤੇ ਅਧਾਰਿਤ ਨਾ ਹੋਵੇ। ਪਰ ਅਜਿਹਾ ਗ਼ੈਰ-ਪੂੰਜੀਵਾਦੀ/ਸਮਾਜਵਾਦੀ ਢਾਂਚਾ ਕੁਦਰਤ ਦੀ ਰੱਖਿਆ ਤਾਂ ਹੀ ਕਰ ਸਕਦਾ ਹੈ, ਜੇ ਇਹ ਪੂੰਜੀਵਾਦ ਦੀਆਂ ਪ੍ਰਾਪਤੀਆਂ ਦੀ ਨਕਲ ਅਤੇ ਮੁਕਾਬਲਾ ਕਰਨ ਦੀ ਬਜਾਏ ਵੱਖਰੀ ਜੀਵਨ ਜਾਂਚ ’ਤੇ ਅਧਾਰਿਤ ਹੋਵੇ, ਜੋ ਕੁਦਰਤ ਨੂੰ ਕਾਬੂ ਕਰਨ ਦੇ ਬਜਾਏ, ਕੁਦਰਤ ਨਾਲ ਸਹਿਯੋਗ ਅਤੇ ਮਿਲ ਕੇ ਰਹਿਣ ’ਤੇ ਅਧਾਰਿਤ ਹੋਵੇ।
ਸਾਡੇ ਯੁਗ ਦੀ ਲੋੜ ਹੈ ਕਿ ਨਵੀਂ Capital (ਪੂੰਜੀ) ਲਿਖੀ ਜਾਏ, ਜਿਸ ਵਿਚ ਕੁਦਰਤ ਆਰਥਿਕ ਵਿਸ਼ਲੇਸ਼ਣ ਦਾ ਕੇਂਦਰੀ ਧੁਰਾ ਹੋਵੇ। ਐਲਟਾਫ਼ਾਟਰ ਦੀ ਕਿਤਾਬ ਅਜਿਹੀ ਲੋੜ ਪੂਰੀ ਕਰਨ ਵੱਲ ਅਹਿਮ ਯਤਨ ਹੈ।
ਡਾਕਟਰ ਪ੍ਰੀਤਮ ਸਿੰਘ ਨੇ ਬੀ.ਏ. ਅਤੇ ਐਮ.ਏ. ਆਨਰਜ਼ ਸਕੂਲ ਇਨ ਇਕਨਾਮਿਕਸ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹੋਂ, ਐਮ. ਫਿਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀਓਂ ਅਤੇ ਡੀ.ਫਿਲ ਆਕਸਫੋਰਡ ਯੂਨੀਵਰਸਿਟੀ ਤੋਂ ਕੀਤੀ। ਇਹ ਹੁਣ ਔਕਸਫ਼ੋਰਡ ਬਰੁਕਸ ਯੂਨੀਵਰਸਿਟੀ ਵਿਚ ਅਰਥ-ਸ਼ਾਸਤਰ ਦੇ ਸੀਨੀਅਰ ਲੈਕਚਰਾਰ ਹਨ।