ਪੂਰਨ ਫ਼ੱਕਰ, ਬਾਦਸ਼ਾਹ ਪੂਰਨ – ਨਿੰਦਰ ਘੁਗਿਆਣਵੀ

Date:

Share post:

ਉਸਨੂੰ ਜਿਵੇਂ ਕੋਈ ਝੱਲ ਜਿਹੀ ਚੜ੍ਹੀ, ਉਸ ਨੇ ਸਿਗਰਟ ਲਾਗੇ ਪਈ ਕੌਲੀ ਵਿਚ ਧਰੀ, ਬਾਜੇ ਦਾ ਪੱਖਾ ਖੋਲ੍ਹ ਗਾਉਣ ਲੱਗਿਆ-

ਉੱਚੀਆਂ-ਲੰਮੀਆਂ ਟਾਹਲੀਆਂ ਨੀ
ਹੇਠ ਵਗੇ ਦਰਿਆ ਵੇ ਮਾਹੀਆ…

ਉਹਦਾ ਛੋਟਾ ਪੁੱਤ ਪਰਵੇਜ਼ ਭੱਜਾ-ਭੱਜਾ ਆਇਆ ਤੇ ਲਾਗੇ ਪਈ ਮਰਦੰਗ ਉੱਤੇ ਥਾਪ ਦੇਣ ਲੱਗਿਆ। ਕੋਠਿਓਂ ਸਲੀਮ ਵੀ ਉੱਤਰ ਆਇਆ, ਅਪਣੇ ਬਾਪ ਬਰਾਬਰ ਬਹਿ ਕੇ ਉਸ ਸੁਰ ਸੰਗ ਸੁਰ ਮੇਚੀ –

…ਤੇ ਉੱਚੀਆਂ-ਲੰਮੀਆਂ ਟਾਹਲੀਆਂ
ਵਿੱਚ ਗੁਜਰੀ ਦੀ ਪੀਂਘ ਵੇ ਮਾਹੀਆ
ਤੇ ਉੱਚੜਾ ਬੁਰਜ ਲਾਹੌਰ ਦਾ
ਹੇਠ ਵਗੇ ਦਰਿਆ ਵੇ ਮਾਹੀਆ…

ਕਿਆ ਨਜ਼ਾਰਾ ਬੱਝਾ! ਜਿਵੇਂ ਸਮਾਂ ਖੜੋ ਕੇ ਆਖ ਰਿਹਾ ਹੋਵੇ, ”ਹਾਏ! ਗਾਈ ਚੱਲੋ, ਗਾਈ ਚੱਲੋ, ਅਜਿਹਾ ਸੰਗੀਤ ਬਾਰ-ਬਾਰ ਕਿੱਥੇ ਸੁਣਨ ਨੂੰ ਲੱਭੇਗਾ… ਖਲੋ ਕੇ ਸੁਣ ਤਾਂ ਲਵਾਂ…। ਸੰਗੀਤ ਦਾ ਇਹ ਦਰਿਆ ਇੱਕ ਘੰਟੇ ਤੋਂ ਵਧੇਰੇ ਸਮਾਂ ਨਿਰੰਤਰ ਵਹਿੰਦਾ ਰਿਹਾ। ਜਾਪਿਆ ਜਿਵੇਂ ਸੁਰਾਂ ਦੀਆਂ ਬੂੰਦਾਂ ਨਾਲ ਸਾਰਾ ਆਸਾ-ਪਾਸਾ ਤਰ-ਤਰ ਹੋ ਗਿਆ ਹੋਵੇ, ਸੁਰੀਲੀ ਹਵਾ ਫਰ੍ਹਾਟੇ ਮਾਰ-ਮਾਰ ਵਗਣ ਲੱਗੀ। ਬੜੇ ਵਰ੍ਹੇ ਪਹਿਲੋਂ, ਇੱਕ ਵਾਰੀ ਪੂਰਨ ਸ਼ਾਹਕੋਟੀ ਨੇ ਅਪਣੇ ਘਰ ਦੇ ਸਿਖ਼ਰਲੇ ਕੋਠੇ ਉੱਤੇ ਬੈਠਿਆਂ ਸੁਰਾਂ ਨਾਲ ਖੇਲ੍ਹਣਾ ਸ਼ੁਰੂ ਕੀਤਾ ਸੀ : ਕਿਣ-ਮਿਣ, ਕਿਣ-ਮਿਣ, ਕਿਣ-ਮਿਣ ਲਾਈ ਕਣੀਆਂ ਨੇ ਦਿਲ ਦੀ ਪਿਆਸ ਬੁਝਾਈ, ਆਈਆਂ ਕਣੀਆਂ ਨੇ… ਬੱਦਲ ਮੰਡਰਾ ਰਹੇ ਸਨ, ਕਿਣਮਿਣ-ਕਿਣਮਿਣ ਹੋਣ ਲੱਗੀ। ਉਹ ਜੋਸ਼ ਵਿੱਚ ਆਇਆ ਗਾਈ ਗਿਆ… ਸੁਰਾਂ ਦੀਆਂ ਕਣੀਆਂ ਨਾਲ ਤਾਂ ਉਹ ਪਹਿਲੋਂ ਹੀ ਭਿੱਜਾ ਹੋਇਆ ਸੀ, ਮੀਂਹ ਦੀਆਂ ਕਣੀਆਂ ਨਾਲ ਵੀ ਭਿੱਜ ਗਿਆ ਸੀ, ਫਿਰ ਜਦੋਂ ਉਹਦੀ ਪਤਨੀ ਮਥਰੋ ਨੇ ਆਣ ਕੇ ਆਖਿਆ, ”ਮੋੜਾ ਕਰ, ਮੋੜਾ…! ਸੰਭਲ ਹੁਣ ਪੂਰਨਾ…। ਤਾਂ ਕਿਤੇ ਜਾ ਕੇ ਉਹ ਥੰਮ੍ਹਿਆ ਸੀ ਤੇ ਮਥਰੋ ਉਹਨੂੰ ਕਮਰੇ ਅੰਦਰ ਲੈ ਗਈ ਸੀ।
ਪੂਰਨ ਸ਼ਾਹਕੋਟੀ ਨੂੰ ਮਿਲਣ ਮਗਰੋਂ ਅਗਲਾ ਸੋਚਣ ਲੱਗਦਾ ਹੈ, ”ਬਈ ਅਸਲੀ ਸੂਫ਼ੀ ਗਵੱਈਆ ਤਾਂ ਇਹੋ ਹੀ ਹੈ, ਸੱਚਮੁੱਚ ਦਾ ਸੂਫ਼ੀ, ਬਾਬਾ ਗਵੱਈਆ।’ ’
ਕਲਾਮ ਤਾਂ ਉਹ ਸੂਫ਼ੀਆਨਾ ਗਾਉਂਦਾ ਹੀ ਹੈ, ਸਗੋਂ ਉਹਦੀ ਸ਼ਖ਼ਸੀਅਤ ਵੀ ਸੂਫ਼ੀ ਰੰਗਣ ਵਿੱਚ ਰੰਗੀ ਹੋਈ ਲਗਦੀ ਹੈ। ਅਪਣੀ ਮਸਤੀ ਤੇ ਮੌਜ ਵਿੱਚ ਰਹਿਣ ਵਾਲਾ ਪੂਰਨ ਉਦੋਂ ਘਰੋਂ ਬਾਹਰ ਵੀ ਟੁਰ ਜਾਂਦਾ ਹੈ ਜਦੋਂ ਉਹ ਕਿਸੇ ਗੱਲੋਂ ਅੱਕ-ਥੱਕ ਜਾਂ ਖਿਝ-ਖਪ ਜਾਵੇ, ਫਿਰ ਨਾ ਕਿਸੇ ਦੀ ਮਿੰਨਤ ਮੰਨਦਾ ਹੈ ਤੇ ਨਾ ਕਿਸੇ ਦੀ ਕੋਈ ਗੱਲ ਸੁਣਨ ਨੂੰ ਹੀ ਤਿਆਰ ਹੁੰਦਾ ਹੈ। ਉਹ ਉਦੋਂ ਬਹੁਤ ਅਕੱਦਾ ਹੈ, ਜਦੋਂ ਉਹਦੀ ਬਰਾਦਰੀ ਦੇ ਲੋਕ (ਮੀਰਜ਼ਾਦੇ) ਅਪਣੇ ਘਰੇਲੂ ਤੇ ਆਂਢ-ਗੁਆਂਢ ਦੇ ਭਾਈਚਾਰਕ ਝਗੜੇ-ਝਮੇਲੇ ਜਿਹੇ ਨਿਬੜਾਉਣ ਖਾਤਰ ਉਹਨੂੰ ਆਣ ਘੇਰਦੇ ਹਨ ਤੇ ਇੱਕ ਦੂਜੇ ਉੱਪਰ ਦੋਸ਼ ਥੱਪਦੇ ਹਨ, ਚੁਗਲੀਆਂ ਕਰਦੇ ਹਨ, ਗਾਲ੍ਹਾਂ ਕਢਦੇ ਹਨ ਤੇ ਉਹਦਾ ਵਾਧੂ ਦਾ ਸਿਰ ਖਾਂਦੇ ਹਨ, ਫਿਰ ਉਹ ਉਹਨਾਂ ਤੋਂ ਖਹਿੜਾ ਛੁਡਵਾਉਣ ਲਈ ਤਰਲੋ-ਮੱਛੀ ਹੋਣ ਲੱਗਦਾ ਹੈ, ਬਿਨਾਂ ਪਹੀਆਂ ਤੋਂ ਵੱਡੀ ਗੱਪ ਰੇੜ੍ਹਦਾ ਹੈ, ”ਬਈ ਗੱਲ ਸੁਣੋ ਮੇਰੀ, ਅੱਜ ਤਾਂ ਮੈਂ ਬਹੁਤਾ ਈ ਫਸਿਆ ਹੋਇਆ ਆਂ… ਰਾਸ਼ਟਰਪਤੀ ਦੇ ਘਰੇ ਬਜ਼ਮ ਆਂ… ਮੈਂ ਗਾਉਣੈ ਉੱਥੇ ਜਾ ਕੇ, ਮੈਂ ਬੜਾ ਲੇਟ ਆਂ, ਤੁਸੀਂ ਮਥਰੋ ਨਾਲ ਗੱਲਾਂ ਕਰੋ… ਸ਼ਰਾਬ ਪੀਓ… ਮੁਰਗੇ ਖਾਓ… ਓ ਪਰਵੇਜ਼… ਜਾਹ ਮੁਰਗੇ ਲੈ ਆ ਪੰਜ ਛੇ… ਤੇ ਦਸ ਬੋਤਲਾਂ… ਖਾਓ-ਪੀਓ…ਜਿੰਨਾ ਚਿਰ ਮੁਰਗਾ ਰਿਝਦਾ ਓਨਾ ਚਿਰ ਅੰਡੇ ਖਾਓ…ਨੀਂ ਮਥਰੋ ਮੈਂ ਲੇਟ ਆਂ…ਕੁੜੇ ਮੈਂ ਚੱਲਿਆਂ… ਰਾਸ਼ਟਰਪਤੀ ਉਡੀਕ ਰਿਹਾ ਹੋਣੈ ਮੈਨੂੰ…।’ ਇਉਂ ਆਖਦਾ-ਆਖਦਾ ਉਹ ਕਾਰ ਵਿੱਚ ਬੈਠ ਕੇ ‘ਅਹੁ ਜਾਂਦਾ ਹੈ।
ਪੂਰਨ ਸ਼ਾਹਕੋਟੀ ਨੂੰ ਮੈਂ ਪਹਿਲੀ ਵੇਰੀ ਟੈਲੀਵਿਜ਼ਨ ਉੱਤੇ ਗਾਉਂਦੇ ਦੇਖਿਆ ਸੀ ਤੇ ਅਨੇਕਾਂ ਵਾਰੀ ਉਹਦੇ ਫ਼ੋਟੋ ਅਖ਼ਬਾਰਾਂ-ਰਸਾਲਿਆਂ ਵਿੱਚ ਛਪੇ ਹੋਏ ਦੇਖੇ ਸਨ। ਨੇੜਿਓਂ ਮਿਲਣ ਦਾ ਸਬੱਬ ਤਾਂ ਲਗਪਗ ਦਸ ਕੁ ਵਰ੍ਹੇ ਪਹਿਲੋਂ ਹੀ ਮਿਲਿਆ। ਉਦੋਂ ਮੈਂ ਭਾਸ਼ਾ ਵਿਭਾਗ ਵਿੱਚ ਪਟਿਆਲੇ ਕੰਮ ਕਰਦਾ ਸਾਂ। ਮੇਰੀ ਡਿਊਟੀ ਹੁੰਦੀ ਸੀ ਵਿਭਾਗ ਦੇ ਰਸਾਲਿਆਂ ਦੀ ਵਿੱਕਰੀ ਕਰਨੀ। ਜਦ ਵੀ ਕੋਈ ਵਿਭਾਗੀ ਸਮਾਰੋਹ ਹੁੰਦਾ ਤਾਂ ਮੈਂ ਇਹ ਡਿਊਟੀ ਨਿਭਾਉਂਦਾ। ਪਟਿਆਲਾ ਦੀ ਸੈਂਟਰਲ ਲਾਇਬ੍ਰੇਰੀ ਵਿੱਚ ਭਾਸ਼ਾ ਵਿਭਾਗ ਨੇ ਲੋਕ-ਗਾਇਕੀ ਉੱਤੇ ਸੈਮੀਨਾਰ ਕਰਵਾਇਆ। ਸੰਗੀਤ ਪ੍ਰੇਮੀਆਂ ਦਾ ਖਾਸਾ ਇਕੱਠ ਜੁੜਿਆ। ਵਿਭਾਗ ਵਿਚ ਕੰਮ ਕਰਦੇ ਧਰਮ ਕੰਮੇਆਣਾ ਨੂੰ ਮੈਂ ਇੱਕ ਦਿਨ ਪਹਿਲੋਂ ਹੀ ਆਖ ਰੱਖਿਆ ਸੀ, ਬਾਈ ਜੀ, ਮੈਨੂੰ ਸ਼ਾਹਕੋਟੀ ਹੋਰਾਂ ਨਾਲ ਜ਼ਰੂਰ ਹੀ ਮਿਲਾਇਓ। ਹਾਲੇ ਸਮਾਗਮ ਦਾ ਆਗਾਜ਼ ਨਹੀਂ ਸੀ ਹੋਇਆ, ਮੈਂ ਰਸਾਲਿਆਂ ਨੂੰ ਮੇਜ਼ਾਂ ਉੱਤੇ ਚਿਣਿਆ ਤੇ ਅਪਣੇ ਸਹਿਯੋਗੀ ਕਰਮਚਾਰੀਆਂ ਨੂੰ ਆਖ ਕੇ ਸਮਾਗਮ-ਹਾਲ ਦੇ ਅੰਦਰ ਕੰਮੇਆਣਾ ਕੋਲ ਜਾ ਬੈਠਿਆ ਕਿ ਉਹ ਸ਼ਾਹਕੋਟੀ ਹੋਰਾਂ ਨਾਲ ਮੈਨੂੰ ਸੌਖਿਆਂ ਹੀ ਮਿਲਵਾ ਦੇਵੇਗਾ।
ਬਹੁਤਾ ਚਿਰ ਨਹੀਂ ਸੀ ਲੰਘਿਆ, ਮੈਂ ਦੇਖਿਆ, ਸ਼ਾਹਕੋਟੀ ਹੋਰਾਂ ਨਾਲ ਕਈ ਜਣੇ ਸਨ, ਹਾਲ ਦੀ ਸਟੇਜ ਨਾਲ ਦੇ ਕਮਰੇ ਵੱਲ ਲੰਘੇ ਜਾ ਰਹੇ ਸਨ। ਮੈਂ ਅਤੇ ਕੰਮੇਆਣਾ ਵੀ ਮਿਲਣ ਲਈ ਤੁਰੇ, ਬੜੇ ਨਿੱਘ ਨਾਲ ਮਿਲੇ। ਸ਼ਾਹਕੋਟੀ ਦੇ ਮੈਂ ਪੈਰ ਛੂਹੇ। ਉਹਨਾਂ ਦੇ ਸੁਪਾਰੀ ਰੰਗਾ ਸੂਟ ਉੱਤੇ ਕਾਲੀ ਵਾਸਕਟ, ਕਾਲੀ ਟੋਪੀ ਤੇ ਗਲਮੇਂ ਚ ਕਈ ਤਰ੍ਹਾਂ ਦੀਆਂ ਮਾਲਾਵਾਂ ਪਹਿਨੀਆਂ ਹੋਈਆਂ ਸਨ। ਹੱਥਾਂ ਵਿੱਚ ਰੰਗ-ਬਿਰੰਗੇ ਰਬੜੀ ਕੰਗਣ ਸਨ ਮੋਟੇ-ਮੋਟੇ ਜਿਹੇ। ਲਾਗੇ ਹੀ ਉਹਨਾਂ ਦੇ ਬੀਬੀ ਮਥਰੋ (ਪਤਨੀ), ਸਲੀਮ, ਪਰਵੇਜ਼ (ਪੁੱਤਰ) ਤੇ ਮੋਹਨੀ (ਸ਼ਾਗਿਰਦ) ਬੈਠੇ ਸਨ। ਮੇਰਾ ਸਾਰਾ ਧਿਆਨ ਸ਼ਾਹਕੋਟੀ ਵੱਲ ਹੀ ਲੱਗਾ ਹੋਇਆ ਸੀ। ਕੰਮੇਆਣਾ ਨੇ ਉਹਨਾਂ ਨਾਲ ਮੇਰੀ ਜਾਣ ਪਛਾਣ ਕਰਵਾਉਂਦਿਆਂ ਆਖਿਆ, ”ਏਹੋ ਮੁੰਡਾ ਯਮਲਾ ਜੀ ਦਾ ਚੇਲਾ ਐ… ਐਥੇ ਸਾਡੇ ਮਹਿਕਮੇ ਵਿੱਚ ਈ ਐ।’ ’ ਸ਼ਾਹਕੋਟੀ ਹੋਰੀਂ ਮੈਨੂੰ ਪਹਿਲਾਂ ਅਖ਼ਬਾਰੀ ਲਿਖਤਾਂ ਰਾਹੀਂ ਥੋੜ੍ਹਾ-ਥੋੜ੍ਹਾ ਕੁ ਜਾਣਦੇ ਸਨ। ਉਹਨਾਂ ਬੜਾ ਸਨੇਹ ਵਿਖਾਇਆ। ”ਫੇਰ ਮਿਲਦੇ ਆਂ ਜੀ’ ’ , ਕੰਮੇਆਣਾ ਨੇ ਆਖਿਆ ਤੇ ਅਸੀਂ ਉੱਠ ਆਏ, ਮੈਂ ਅਪਣੀ ਡਿਊਟੀ ਉੱਤੇ ਹਾਜ਼ਿਰ ਸਾਂ। ਸਮਾਰੋਹ ਲੇਟ ਹੋ ਰਿਹਾ ਸੀ, ਮੁੱਖ ਮਹਿਮਾਨ ਨਹੀਂ ਲੱਭ ਰਹੇ ਸਨ। ਸ਼ਾਹਕੋਟੀ ਤੇ ਉਹਨਾਂ ਦੇ ਨਾਲ ਦੇ ਸਾਰੇ ਜਣੇ ਕਮਰੇ ਵਿੱਚੋਂ ਉੱਠ ਕੇ ਬਾਹਰ ਲਾਅ੍ਹਨ ਵਿੱਚ ਧੁੱਪੇ ਆਣ ਕੇ ਬਹਿ ਗਏ, ਜਦ ਮੈਂ ਉਹਨਾਂ ਵੱਲ ਤੁਰਿਆ ਤਾਂ ਨੇੜੇ ਆਏ ਨੂੰ ਸ਼ਾਹਕੋਟੀ ਨੇ ਆਖਿਆ, ”ਆ ਬੇਟਾ ਆ, ਮੇਰੇ ਲਾਗੇ ਹੋ ਕੇ ਬਹਿ ਜ਼ਰਾ…।’ ’ ਸਿਗਰਟ ਸੁਲਗਾ ਕੇ ਕਸ਼ ਖਿਚ੍ਹਦੇ-ਖਿਚ੍ਹਦੇ ਨਾਲ-ਨਾਲ ਗੱਲਾਂ ਦੀ ਡੋਰੀ ਖਿੱਚ੍ਹਣ ਲੱਗੇ। ਮੈਂ ਆਖਿਆ, ”ਗੁਰੂ ਜੀ, ਥੁਆਡੇ ਵਰਗੇ ਗਵੱਈਏ ਭੁੱਖੇ ਕਿਉਂ ਮਰਦੇ ਨੇ? ਉੱਚ ਪਾਏ ਦਾ ਗਾਉਣ ਵਾਲੇ ਭੁੱਖੇ…ਤੇ ਕੱਚਘਰੜ ਗਾਉਣ ਵਾਲੇ ਰੱਜੇ।’ ’ ਸਿੱਧਾ-ਸਾਦਾ ਜਿਹਾ ਸੁਆਲ ਸੁਣ ਕੇ ਉਹ ਪਹਿਲਾਂ ਤਾਂ ਹਲਕਾ ਜਿਹਾ ਹੱਸੇ ਤੇ ਫਿਰ ਬੋਲੇ, ”ਬੇਟਾ, ਉਹ ਲੋਕ, ਜਿਹਨਾਂ ਨੂੰ ਤੂੰ ਰੱਜੇ ਕਿਹੈ, ਉਹ ਰੂਹਾਨੀਅਤ ਤੋਂ ਭੁੱਖੇ ਨੇ…ਆਤਮਾ ਭੁੱਖੀ ਆ ਉਨ੍ਹਾਂ ਦੀ, ਸਿਰਫ਼ ਢਿੱਡੋਂ ਈ ਰੱਜੇ ਨੇ… ਬੇਟਾ, ਮੈਂ ਢਿੱਡੋਂ ਭਾਵੇਂ ਭੁੱਖਾ ਆਂ… ਪਰ ਰੂਹ ਪ੍ਰਸੰਨ ਆਂ ਮੇਰੀ, ਮੈਨੂੰ ਸਾਫ਼-ਸੁਥਰਾ ਗੌਣ ਗਾ ਕੇ ਹੀ ਸੰਤੁਸ਼ਟੀ ਮਿਲਦੀ ਆ।’ ’ ਇਹੋ-ਜਿਹੀਆਂ ਗੱਲਾਂ ਅਸੀਂ ਕਾਫ਼ੀ ਚਿਰ ਕਰਦੇ ਰਹੇ। ਸਮਾਰੋਹ ਭਾਵੇਂ ਸ਼ੁਰੂ ਹੋ ਹੀ ਚੁੱਕਾ ਸੀ ਪਰ ਗਾਉਣ ਵਾਲੇ ਹੋਰ ਡਾਹੇ ਹੋਏ ਸਨ, ਸ਼ਾਹਕੋਟੀ ਹੋਰਾਂ ਦੀ ਵਾਰੀ ਹਾਲੇ ਠਹਿਰ ਕੇ ਸੀ। ਉਹਨਾਂ ਨਾਲ ਗੱਲਾਂ ਕਰਦਿਆਂ ਮੈਨੂੰ ਇਉਂ ਲੱਗਣ ਲੱਗਿਆ ਬਈ ਜਿਵੇਂ ਅੱਜ ਦਾ ਹੀ ਨਹੀਂ, ਸਗੋਂ ਜਦ ਦਾ ਜੰਮਿਆ ਹਾਂ, ਉਦੋਂ ਦਾ ਜਾਣਦਾ ਹੋਵਾਂ। ਉਹ ਮੈਨੂੰ ਅਪਣੇ-ਅਪਣੇ ਲੱਗਣ ਲੱਗੇ। ਵਿਭਾਗ ਨੇ ਚਾਹ ਦਾ ਲੰਗਰ ਲਗਾਇਆ ਹੋਇਆ ਸੀ। ਸ਼ਾਹਕੋਟੀ ਦਾ ਦਿਲ ਕੀਤਾ ਚਾਹ ਪੀਣ ਨੂੰ। ਮੈਂ ਉੱਠ ਕੇ ਚਾਹ ਲੈਣ ਤੁਰਿਆ, ”ਚਾਹ ਮੁੱਕ ਗਈ ਐ।’ ’ ਇਹ ਸੁਣ ਮੈਂ ਹੈਰਾਨ ਹੋਇਆ, ਵਾਹ ਓ ਥੋਡੇ ਭਾਸ਼ਾ ਵਿਭਾਗੀਓ, ਥੁੜ੍ਹੇ ਲੰਗਰ ਵਾਲਿਓ…! ਨੇੜੇ-ਤੇੜੇ ਵੀ ਚਾਹ ਲਿਆਉਣ ਲਈ ਕੋਈ ਖੋਖਾ ਜਾਂ ਦੁਕਾਨ ਨਹੀਂ ਸੀ ਦਿਸਦੀ। ”ਗੁਰੂ ਜੀ, ਹੁਣ ਕਿਵੇਂ ਕਰਾਂ?’ ’ ”ਬੈਠ ਬੇਟਾ, ਬੈਠ ਤੂੰ, ਮੇਰੇ ਕੋਲ ਈ ਬੈਠਾ ਰਹਿ ਤੇ ਗੱਲਾਂ ਕਰ।’ ’ ”ਚਾਹ ਵੰਡੇ ਦੀ ਮੈਂ ਸਿਗਰਟ ਈ ਇੱਕ ਹੋਰ ਪੀ ਲੈਨਾਂ।’ ’ ਉਹਨਾਂ ਹਾਲੇ ਸਿਗਰਟ ਸੁਲਗਾਈ ਹੀ ਸੀ ਕਿ ਸਟੇਜ ਵਾਲੇ ਪਾਸਿਓਂ ਬੁਲਾਵਾ ਆ ਗਿਆ, ਹੁਣ ਉਨ੍ਹਾਂ ਗਾਉਣਾ ਸੀ। ਸ਼ਾਹਕੋਟੀ ਤੇ ਸਲੀਮ, ਦੋਵੇਂ ਜਣੇ ਸਟੇਜ ਉੱਤੇ ਆਪੋ-ਅਪਣੇ ਬਾਜੇ ਲੈ ਕੇ ਫੱਬ ਗਏ। ਢੋਲਕ ਉੱਤੇ ਸੰਗੀਤ ਪਰਵੇਜ਼ ਕਰ ਰਿਹਾ ਸੀ, ਮੈਂ ਬੜੇ ਉਤਸ਼ਾਹ ਨਾਲ ਸਰੋਤਿਆਂ ਵਿੱਚ ਬੈਠਾ ਉਹਨਾਂ ਵੱਲ ਰੱਜ-ਰੱਜ ਝਾਕ ਰਿਹਾ ਸਾਂ। ਸ਼ਾਹਕੋਟੀ ਤੇ ਸਲੀਮ ਦਾ ਰੂ-ਬ-ਰੂ ਗਾਇਨ ਸੁਣਨ ਦਾ ਉਤਸ਼ਾਹ ਠਾਠਾਂ ਮਾਰਨ ਵਾਲਾ ਸੀ। ਪਹਿਲੋਂ ਰਲਕੇ ਦੋਵਾਂ ਪਿਉ-ਪੁੱਤਾਂ ਨੇ ਕੁਝ ਚੀਜ਼ਾਂ ਗਾਈਆਂ, ਫੇਰ ਸ਼ਾਹਕੋਟੀ ਨੇ ਸਰੋਤਿਆਂ ਦੀ ਉਚੇਚੀ ਫਰਮਾਇਸ਼ਤੇ ਜਦ ਗੀਤ ਛੋਹਿਆ-

ਉੱਠ ਚੱਲੇ ਗੁਆਂਢੋ ਯਾਰ
ਰੱਬਾ ਹੁਣ ਕੀ ਕਰੀਏ
ਹਾਏ, ਰੱਬਾ ਹੁਣ ਕੀ ਕਰੀਏ…

ਸਾਰੇ ਹਾਲ ਵਿੱਚ ਸਿਰ ਝੂੰਮਣ ਲੱਗੇ, ਜਿਵੇਂ ਹਰੇਕ ਸਰੋਤੇ ਨੂੰ ਅਪਣਾ-ਅਪਣਾ ਗਵਾਂਢੀ ਉੱਠ ਚੱਲਿਆ ਮਹਿਸੂਸ ਹੋ ਰਿਹਾ ਸੀ। ਚੋਖਾ-ਚੰਗਾ ਰੰਗ ਬੰਨਿ੍ਹਆ ਤੇ ਮਾਣ-ਸਨਮਾਨ ਵਿੱਚ ਵਿਦਵਾਨ ਸਰੋਤਿਆਂ ਨੇ ਇਹਨਾਂ ਦੀਆਂ ਝੋਲੀਆਂ ਭਰ ਦਿੱਤੀਆਂ।
ਪ੍ਰੋਗਰਾਮ ਦੀ ਸਮਾਪਤੀ ਉਪਰੰਤ ਇਹ ਉਥੋਂ ਜਦ ਵਾਪਸ ਅਪਣੇ ਟਿਕਾਣੇ ਵੱਲ ਪਰਤਣ ਲੱਗੇ ਤਾਂ ਉੱਧਰ ਮੈਨੂੰ ਮੇਰੇ ਕੰਮ ਦਾ ਕੱਸ ਪਿਆ ਹੋਇਆ ਹੋਣ ਕਰਕੇ ਮੈਂ ਉੱਧਰ ਰੁੱਝਾ ਰਿਹਾ, ਪਰ ਮਨ ਅੰਦਰ ਇੱਕ ਸਰੂਰ ਅਜਿਹਾ ਵੱਸ ਗਿਆ ਸੀ ਤੇ ਇੱਕ ਤਾਂਘ ਜਿਹੀ ਭਰ ਗਈ ਸੀ, ਜੋ ਚਿਰ ਮਗਰੋਂ ਜਾ ਕੇ ਮੁੱਕੀ, ਜਦੋਂ ਮੈਂ ਮਹੀਨੇ ਦੇ ਅੰਦਰ-ਅੰਦਰ ਹੀ ਮੁੜ੍ਹ ਇਹਨਾਂ ਪਾਸ ਜਲੰਧਰ ਜਾ ਪੁੱਜਿਆ ਸਾਂ। ਮਹੀਨਾ ਮੈਂ ਇਹੋ ਸੋਚਦਾ ਰਿਹਾ ਸਾਂ ਕਿ ਸ਼ਾਹਕੋਟੀ ਵਰਗੇ ਪੂਰਨ ਹੰਢੇ ਹੋਏ ਫ਼ੱਕਰ ਕਿਸਮ ਦੇ ਗਵੱਈਏ ਬਾਰੇ ਪੁਸਤਕ ਤਿਆਰ ਕਰ ਸਕਾਂ ਤਾਂ ਕੁਝ ਚੰਗਾ ਕੰਮ ਸੌਰ ਜਾਣ ਵਾਲੀ ਗੱਲ ਹੋ ਸਕੇਗੀ। ਭਾਸ਼ਾ ਵਿਭਾਗ ਵਾਲੀ ਕੱਚੀ ਨੌਕਰੀ ਤੋਂ ਵੀ ਮਨ ਅੱਕਿਆ ਪਿਆ ਸੀ। ਜਦ ਵੀ ਕੋਈ ਸਮਾਗਮ ਹੁੰਦਾ ਸੀ ਤਾਂ ਮਨ ਵਿੱਚ ਇੱਕ ਪਾਸੇ ਸਮਾਗਮ ਦਾ ਚਾਓ ਹੋਣਾ, ਬਈ ਰੌਣਕਾਂ ਦੇਖਾਂਗਾ, ਲੇਖਕ ਮਿੱਤਰਾਂ ਨੂੰ ਮਿਲ-ਗਿਲ ਲਵਾਂਗਾ ਪਰ ਦੂਜੇ ਪਾਸੇ ਧੇਲੀ-ਧੇਲੀ ਦੇ ਰਸਾਲੇ ਵੇਚਣ ਦਾ ਯੱਭ੍ਹ, ਮੇਰੇ ਉਤਸ਼ਾਹ ਨੂੰ ਮੰਦਾ ਪਾ ਦੇਂਦਾ। ਇਕ ਦਿਨ ਤਾਂ ਵਿਭਾਗ ਦੇ ਡਾਇਰੈਕਟਰ ਹਸੀਜਾ ਜੀ ਨੇ ਹੱਦ ਹੀ ਕਰ ਵਿਖਾਈ, ਕਹਿੰਦੇ, ”ਇਵੇਂ ਕਰ ਬਈ, ਰਸਾਲੇ ਸਾਰੇ ਵੇਚ-ਵੇਚ ਸਰਕਾਰ ਦਾ ਕੂੜਾ ਮੁਕਾ ਛੱਡ ਪੁੱਤਰਾ…ਇੱਕ ਰੇਹੜੀ ਬਣਾ ਦਿੰਦੇ ਆਂ… ਉਹਦੇ ਉੱਤੇ ਰੱਖ ਕੇ ਸਕੂਲਾਂ ਵਿੱਚ ਵੇਚਣ ਲੈ ਜਾਇਆ ਕਰ।ਏਨੀ ਸੁਣ ਕੇ ਮੇਰੇ ਅੰਦਰਲਾ ‘ਖੱਤਰੀ’ ਭੁੜਕਿਆ ਤੇ ਹਸੀਜਾ ਜੀ ਨੂੰ ਆਖ ਸੁਣਾਇਆ, ”ਗੱਲ ਸੁਣੋ ਸਰ ਜੀ, ਮੈਂ ਏਨਾ ਜ਼ਲੀਲ ਨਹੀਂ ਜੇ ਹੋਣਾ, ਪੁਸਤਕ ਪ੍ਰਦਰਸ਼ਨੀਆਂ ਵਿੱਚ ਰਸਾਲੇ ਵੇਚਣ ਜਾਨਾ ਹਾਂ, ਹੁਣ ਸਕੂਲਾਂ ਵਿੱਚ… ਮੈਂ ਖੱਤਰੀ ਪੁੱਤ ਆਂ…ਜੇ ਇਉਂ ਰੇਹੜੀਆਂ ਉੱਤੇ ਰਸਾਲੇ ਧਰ-ਧਰ ਕੇ ਵੇਚਣੇ ਐਂ ਤਾਂ ਫਿਰ ਫਰੀਦਕੋਟ ਹੁੱਕੀ ਵਾਲੇ ਚੌਕ ’ ਚ ਜਾ ਕੇ ਗੰਢਿਆਂ ਦੀ ਰੇਹੜੀ ਕਿਉਂ ਨਾ ਲਾ ਲਵਾਂ? ਆਬਦੇ ਘਰੇ ਤਾਂ ਰਹੂੰ… ਮੈਂ ਨ੍ਹੀ ਕਰਨੀ ਹੁਣ ਨੌਕਰੀ, ਜੇ ਇਉਂ ਈ ਕਰਵਾਉਣੀ ਐਂ ਤਾਂ।
ਡਾਇਰੈਕਟਰ ਸਾਹਿਬ ਤਾਂ ਪਹਿਲੋਂ ਹੀ ਕਈ ਵਾਰੀ ਭਜਾ ਚੁੱਕੇ ਸਨ, ਇਹ ਤਾਂ ਮੈਂ ਈ ਢੀਠ ਸਾਂ, ਜਿਹੜਾ ਬਾਰ-ਬਾਰ ਉਥੇ ਨੂੰ ਭੱਜਦਾ ਸਾਂ। ਹੁਣ ਪੱਕੇ ਤੌਰ ਤੇ ਭਜਾ ਦੇਣ ਵਾਲੀ ਉਹਨਾਂ ਆਖ ਹੀ ਸੁਣਾਈ ਸੀ। ਮੈਂ ਜਲੰਧਰ ਦੀ ਬੱਸੇ ਬਹਿ ਗਿਆ, ”ਚੱਲ ਬਈ ਨਿੰਦਰਾ, ਸ਼ਾਹਕੋਟੀ ਦੇ ਡੇਰੇ।’ ’ ਮਨ ਹੀ ਮਨ ਗੱਲਾਂ ਕਰਦਾ ਜਲੰਧਰ ਪੁੱਜਿਆ ਤੇ ਰਿਕਸ਼ੇ ਵਾਲੇ ਨੂੰ ਆਖਿਆ, ”ਆਬਾਦਪੁਰੇ ਚੱਲਣੈ, ਸ਼ਾਹਕੋਟੀ ਦੇ।’ ’ ਸ਼ਾਹਕੋਟੀ ਵਰਗੇ ਬੰਦਿਆਂ ਨੂੰ ਭਲਾ ਕੌਣ ਭੁੱਲਿਆ ਹੈ, ਉਹ ਰਿਕਸ਼ੇ ਵਾਲਾ ਵੀ ਇਹਨਾਂ ਦੇ ਮੁਹੱਲੇ ਵਿਚੋਂ ਹੀ ਸੀ। ਰਾਹ ਵਿੱਚ ਮੈਨੂੰ ਪੁੱਛਦਾ ਹੈ, ”ਕਿੱਦਾਂ ਆਏ ਜੇ ਭਾ ਜੀ, ਪੂਰਨ ਨੂੰ ਮਿਲਣਾ ਏਂ ਕਿ ਸਲੀਮ ਨੂੰ?’ ’ ”ਸਭ ਨੂੰ ਈ ਮਿਲਣੈ।’ ’ ”ਪੂਰਨ ਤਾਂ ਭਾ ਜੀ ਲੱਠਾ ਆਦਮੀ ਜੇ…ਹੰਸ ਨੂੰ ਤਾਰ ਦਿੱਤਾ, ਵੇਖੋ ਅੱਜ ਕਿੱਦਾਂ ਚੜ੍ਹਾਈ ਜੇ ਹੰਸ ਦੀ…ਬੜੇ-ਬੜੇ ਆਉਂਦੇ ਆ ਨਿੱਤ ਈ ਪੂਰਨ ਨੂੰ ਮਿਲਣ।” ਰਿਕਸ਼ੇ ਵਾਲਾ ਮੇਰੀ ਜਾਣਕਾਰੀ ਵਿੱਚ ਵਾਧਾ ਕਰ ਰਿਹਾ ਸੀ। ‘ਬੜੇ-ਬੜੇ’ ਆਉਂਦੇ ਨੇ’ ’ , ਸੁਣ ਕੇ ਮੈਂ ਸੋਚਣ ਲੱਗਿਆ ਬਈ ਜੇ ਅੱਜ ਵੀ ਮੇਰੇ ਜਾਂਦੇ ਨੂੰ ‘ਬੜੇ-ਬੜੇ ਆਏ ਬੈਠੇ ਹੋਏ ਤਾਂ ਮੈਨੂੰ ਤਾਂ ਗੱਲਾਂ ਕਰਨ ਖਾਤਰ ਵੇਲਾ ਈ ਨ੍ਹੀ ਮਿਲਣਾ। ਜਦ ਬੂਹੇ ਮੂਹਰੇ ਰਿਕਸ਼ਾ ਖਲਿ੍ਹਆਰਿਆ ਗਿਆ ਤਾਂ ਲੋਹੇ ਦੇ ਕਾਲੇ ਤਖਤੇ ਭਿੜੇ ਹੋਏ ਸਨ। ਘੰਟੀ ਵਜਾਉਣ ਤੇ ਬੂਹਾ ਖੋਲ੍ਹਣ ਵਾਲੇ ਨੇ ਨਾਲ ਹੀ ਆਖਿਆ, ”ਉੱਪਰ ਚੜ੍ਹ ਜਾਓ ਜੀ, ਪੌੜੀਆਂ… ਉੱਪਰ ਬੈਠੇ ਆ ਗੁਰੂ ਜੀ।’ ’ ”ਆ ਬੇਟਾ ਆ, ਚੰਨ ਦਿਆ ਟੁਕੜਿਆ…ਆ ਜਾ, ਮੈਂ ਅੱਜ ਬਹੁਤਾ ਈ ਉਦਾਸ ਹੋਇਆ ਰਿਹਾਂ…. ਮੈਨੂੰ ਉਡੀਕ ਸੀ ਅੱਜ ਤੇਰੇ ਵਰਗੇ ਸੁਲੱਖਣੇ ਜੀਅ ਦੇ ਆਉਣ ਦੀ…ਜੀ ਆਇਆਂ ਨੂੰ ਬੇਟਾ…ਕੁੜੇ ਮਥਰੋ ਨੀ, ਆਹ ਮੁੰਡਾ ਆ ਗਿਆ ਪਟਿਆਲਿਓਂ…ਲਿਆਓ ਕੁੜੇ ਕੁੜੀਉ ਚਾਹ ਚੂਹ… ਸੁਰੀਲੀ ਜਿਹੀ ਚਾਹ ਬਣਾਇਓ ਮੇਰੇ ਬੇਟੇ ਵਾਸਤੇ ਵਾਹ… ਵਾਹ…।’ ’ ਸ਼ਾਹਕੋਟੀ ਨੂੰ ਜਿਵੇਂ ਸੱਚ-ਮੁੱਚ ਹੀ ਚਾਓ ਚੜ੍ਹਿਆ ਹੋਇਆ ਸੀ। ਕੋਸੀ-ਕੋਸੀ ਧੁੱਪੇ, ਕੋਠੇ ਦੀ ਛੱਤ ਉੱਪਰ ਗਦੈਲੈ ਵਿਛਾਏ ਹੋਏ ਸਨ ਤੇ ਕੰਧ ਨੂੰ ਢੋਅ ਲਗਾਇਆ ਹੋਇਆ ਸੀ, ਕੋਲ ਬਾਜਾ ਵੀ ਪਿਆ ਸੀ ਤੇ ਸਿਗਰਟਾਂ ਦੀਆਂ ਡੱਬੀਆਂ ਵਾਲਾ ਛਿੱਕੂ ਵੀ। ਬੀਬੀ ਮਥਰੋ ਲਾਗੇ ਬੈਠੀ ਸਾਗ ਚੀਰ ਰਹੀ ਸੀ। ਨਿੱਕੇ ਜੁਆਕ ਖੇਲ੍ਹ ਰਹੇ ਸਨ। ਸਾਰਾ ਪਰਿਵਾਰ ਉੱਡ ਕੇ ਮਿਲਿਆ। ਗੱਲਾਂ ਹੁੰਦੀਆਂ ਰਹੀਆਂ ਲੰਮੀਆਂ ਵੀ ਤੇ ਛੋਟੀਆਂ ਵੀ। ਆਥਣੇ ਜਿਹੇ ਸਲੀਮ ਤੇ ਮੈਂ ਲਾਗਲੀ ਦੁਕਾਨਤੇ ਗਏ ਤੇ ਉਥੋਂ ਕਾਗਜ਼-ਪੈੱਨ ਵਗੈਰਾ ਲੈ ਆਏ। ਸ਼ਾਹਕੋਟੀ ਗੱਲਾਂ ਕਰਦਾ, ਮੈਂ ਨੋਟ ਕਰੀ ਜਾਂਦਾ। ਲੰਮੀ ਗੱਲ ਰਿਕਾਰਡ ਕਰ ਲੈਂਦਾ। ਜਿੱਧਰ ਨੂੰ ਜਾਂਦੇ, ਨਾਲ-ਨਾਲ ਤੁਰਿਆ ਫਿਰਦਾ, ਕਈ ਥਾਵੀਂ ਗਿਆ, ਕਿਤੇ ਖੁਸ਼ੀ ਦੇ ਮੌਕੇ, ਕਿਤੇ ਗ਼ਮੀ ਦੇ, ਇਉਂ ਇਨ੍ਹਾਂ ਦੇ ਸਾਰੇ ਜਾਣੂੰਆਂ ਨਾਲ ਵੀ ਜਾਣ-ਪਛਾਣ ਹੁੰਦੀ ਗਈ ਤੇ ਇਉਂ ਹੀ ਮੈਂ ਸ਼ਾਹਕੋਟੀ ਦੀ ਜ਼ਿੰਦਗੀ ਦੇ ਨੇੜਲੇ ਅਤੇ ਅਹਿਮ ਪੱਖ ਜਾਣਨ ਦੇ ਯਤਨ ਕਰਦਾ ਉਹਨਾਂ ਦੇ ਨੇੜਲਿਆਂ ਤੋਂ ਗੱਲਾਂ-ਬਾਤਾਂ ਪੁੱਛਦਾ ਰਿਹਾ। ਆਏ-ਗਏ ਨਾਲ ਉਸਦੀਆਂ ਹੁੰਦੀਆਂ ਗੱਲਾਂ ਸੁਣਦਾ। ਇਨ੍ਹਾਂ ਆਇਆਂ-ਗਿਆਂ ਵਿੱਚ ਬਹੁਤੇ ਸਿਖਾਂਦਰੂ ਜਾਂ ਸੰਗੀਤ ਦੇ ਸ਼ੌਂਕੀ ਤੇ ਸ਼ਾਹਕੋਟੀ ਦੇ ਸ਼ਰਧਾਲੂ ਹੁੰਦੇ। ਜਦ ਸ਼ਾਹਕੋਟੀ ਬਾਜਾ ਖੋਲ੍ਹ ਕੇ ਗਾਉਣ ਲੱਗਦਾ, ਮੈਂ ਲਿਖਣਾ ਛੱਡ ਕੇ ਉਹਨੂੰ ਸੁਣਨ ਲੱਗਦਾ। ਕਦੀ ਸ਼ਾਹਕੋਟੀ ਅਜਿਹੀ ਹਾਸ-ਭਰਪੂਰ ਗੱਲ ਸੁਣਾਉਂਦਾ ਕਿ ਸੁਣਨ ਵਾਲਾ ਲੋਟ-ਪੋਟ ਹੀ ਹੁੰਦਾ ਜਾਂਦਾ।
ਹੁਣ ਸ਼ਾਹਕੋਟੀ ਦਾ ਡੇਰਾ ਮੈਨੂੰ ਘਰ ਵਾਂਗ ਹੀ ਜਾਪਣ ਲੱਗਿਆ ਸੀ। ਜਦੋਂ ਜੀ ਕਰੇ ਪਿੰਡ ਚਲੇ ਜਾਂਦਾ।
ਇਕ ਦਿਨ ਸਾਗ ਵਿੱਚ ਮਿਰਚਾਂ ਕੁਝ ਵਧੇਰੇ ਹੀ ਪੈ ਗਈਆਂ ਸਨ, ਮੈਂ ਤੇ ਸ਼ਾਹਕੋਟੀ ਰੋਟੀ ਖਾ ਰਹੇ ਸਾਂ। ਮਿਰਚਾਂ ਨੇ ਮੂੰਹ ਐਸਾ ਮਚਾਇਆ ਕਿ ਮੈਥੋਂ ਆਖੇ ਬਿਨਾ ਨਾ ਰਹਿ ਹੋਇਆ, ”ਲਓ ਦੇਖੋ ਗੁਰੂ ਜੀ, ਸਾਗ ਚ ਐਨੀਆਂ ਮਿਰਚਾਂ ਪਾ ਦਿੱਤੀਆਂ ਓ ਹੋ ਹੋ…।’ ’ ਸ਼ਾਹਕੋਟੀ ਨੇ ਆਖਿਆ, ”ਨਹੀਂ-ਨਹੀਂ ਬੇਟਾ, ਸਾਗਚ ਮਿਰਚਾਂ ਨਹੀਂ ਪਾਈਆਂ… ਮੈਨੂੰ ਤਾਂ ਏਦਾਂ ਲੱਗਦਾ ਬਈ ਜਿੱਦਾਂ ਮਿਰਚਾਂ ਵਿੱਚ ਸਾਗ ਪਾ ਦਿੱਤਾ ਮਥਰੋ ਨੇ…। ਫਿਰ ਉਸ ਲਾਗੇ ਫਿਰਦੇ ਜੁਆਕ ਨੂੰ ਘੂਰਿਆ, ”ਉਏ ਤੂੰ ਐਥੇ ਕੀ ਕਰਦਾ ਫਿਰਦਾਂ… ਨੱਕ ਵਿੱਚ ਉਂਗਲਾਂ ਜਹੀਆਂ ਮਾਰੀ ਜਾਨੈਂ… ਨੱਕ ’ ਚੋਂ ਉਂਗਲ ਕੱਢ, ਤੇ ਮੁੰਡੇ ਲਈ ਰੋਟੀ ਹੋਰ ਲਿਆ… ਲਿਆਈਂ ਹੱਥ ਧੋ ਕੇ…ਕੁੜੀ ਯ੍ਹਾਵਾ ਕਦੇ ਕੱਛਾਂ ਖੁਰਕਦਾ…ਕਦੇ ਚੱਡੇ ਜਿਹੇ ਖੁਰਕਦਾ ਫਿਰਦਾ…ਕਦੇ ਚਿੱਤੜਾਂ ‘ਚ ਉਂਗਲ ਲੈਂਦਾ ਆ…। ਇਹ ਸੁਣ ਨਾ ਮੈਂ ਹੱਸਣ ਜੋਗਾ, ਨਾ ਅੱਖੋਂ ਤੇ ਨੱਕੋਂ ਵਗਦਾ ਪਾਣੀ ਪੂੰਝਣ ਜੋਗਾ, ਨਾ ਮਿਰਚਾਂ ਵਾਲਾ ਸਾਗ ਖਾਣ ਜੋਗਾ!

ਜਦੋਂ ਮੈਂ ਲਿਖਦਾ, ਤਾਂ ਪੂਰਨ ਹੈਰਾਨ ਹੋ ਕੇ ਬੀਬੀ ਮਥਰੋ ਨੂੰ ਆਖਦਾ, ”ਨੀਂ ਮਥਰੋ, ਸੁਣ ਮੇਰੀ ਗੱਲ…ਨੀ ਏਹੋ ਮੁੰਡਾ ਕੇਹੜੀ ਮਿੱਟੀ ਦਾ ਬਣਿਆ ਆਂ…ਮੈਨੂੰ ਤਾਂ ਸਮਝ ਈ ਨਈਂ ਆਉਂਦੀ ਨੀ…ਨਾ ਏਹੋ ਖਾਂਦਾ-ਪੀਂਦਾ, ਨਾ ਚੱਜ ਨਾਲ ਸੌਂਦਾ, ਨਾ ਬੋਲਦਾ… ਨੀ ਏਹ ਲਿਖੀ ਤੁਰਿਆ ਜਾਂਦਾ… ਲਿਖੀ ਈ ਜਾਂਦਾ…ਹਲਵਾਈ ਦੇ ਆਲੇ-ਦੁਆਲੇ ਮਠਿਆਈਆਂ ਤੇ ਰਾਸ਼ਨ ਦਾ ਖਲਾਰਾ ਹੁੰਦਾ ਤੇ ਮਿਸਤਰੀ ਦੇ ਦੁਆਲੇ ਸੰਦ ਪਏ ਹੁੰਦੇ ਆ, ਤੇ ਏਹ ਲਖਾਰੀ ਦੇ ਦੁਆਲੇ ਕਾਗਜ਼ ਤੇ ਕਿਤਾਬਾਂ… ਦੇਖ ਨੀਂ ਮਥਰੋ…।ਤੇ ਫੇਰ ਉਹ ਅਚਾਨਕ ਹੀ ਭਾਵੁਕਤਾ ਦੀਆਂ ਹੱਦਾਂ ਟੱਪ ਕੇ ਬੋਲਦਾ, “ਓ “”“ਬੇਟਾ, ਤੂੰ ਮੰਗ ਤੇ ਸਹੀ ਕੀ ਮੰਗਦਾਂ… ਕੀ ਚਾਹੀਦਾ…ਮੂੰਹੋਂ ਬੋਲ ਬੇਟਾ…ਮੈਂ ਤੇਰੀ ਖਾਤਰ ‘ਚਿੜੀ ਦਾ ਦੁੱਧ ਲਿਆਊਂ… ਤੇਰੇ ਵਾਸਤੇ… ਆਕਾਸ਼ਾਂ ’ ਚੋਂ ਤਾਰੇ ਤੋੜ ਲਿਆਊਂ ਮੈਂ… ਮੰਗ ਤੂੰ, ਕੀ ਹਾਜ਼ਰ ਕਰਾਂ, ਮੈਂ ਪੂਰਨ ਆਂ ਪੂਰਨ।
ਖਰੜਾ ਤਿਆਰ ਹੋਇਆ, ‘ਕੁੱਲੀ ਵਾਲਾ ਫ਼ਕੀਰ’ ਪੁਸਤਕ ਦਾ ਨਾਂ ਰੱਖ ਦਿੱਤਾ। ਹੁਣ ਛਪਵਾਈ ਖਾਤਰ ਪੈਸਿਆਂ ਦਾ ਪ੍ਰਬੰਧ ਕੌਣ ਕਰੇ? ਸ਼ਾਹਕੋਟੀ ਆਖਣ ਲੱਗਿਆ, ”ਬੇਟਾ, ਦੇਖ…ਤਿੰਨ ਮੁੰਦੀਆਂ ਨੇ ਅਪਣੇ ਕੋਲ…ਇੱਕ ਮੇਰੇ ਕੋਲ ਆ…ਮੇਰੇ ਇੱਕ ਸ਼ਾਗਿਰਦ ਨੇ ਪਾਈ ਸੀ…ਇੱਕ ਸਲੀਮ ਕੋਲ ਆ…ਇੱਕ ਮਥਰੋ ਕੋਲ ਆ…ਏਹ ਤਿੰਨੇ ਵੇਚ ਲੈਨੇ ਆਂ… ਤੇ ਛਪਵਾਈ ਲਈ ਕਿਤਾਬ ਭੇਜ ਦਿੰਨੇ ਆਂ। ਇਹ ਸੁਣਦਿਆਂ ਮੇਰੇ ਕਲੇਜੇ ਦਾ ਰੁੱਗ ਭਰਿਆ ਗਿਆ, ”ਨਾ ਜੀ, ਏਡਾ ਜ਼ੁਲਮ? ਮੈਂ ਕਰਦਾਂ ਆਪੇ ਕੋਈ ਪ੍ਰਬੰਧ…ਸੋ, ਆਖ-ਵੇਖ ਕੇ ਬਰਨਾਲੇ ਦੇ ਵਿਸ਼ਵਭਾਰਤੀ ਪ੍ਰਕਾਸ਼ਨ ਨੇ ਕਿਤਾਬ ਮੁਫ਼ਤ ਛਾਪ ਦਿੱਤੀ। ਜਿੱਦਣ ਕਿਤਾਬ ਛਪੀ, ਮੈਂ ਪੰਜ ਕਾਪੀਆਂ ਲੈ ਕੇ ਸ਼ਾਹਕੋਟੀ ਨੂੰ ਭੇਟਾ ਕਰਨ ਗਿਆ। ਉਹ ਅੱਖਾਂ ਭਰ ਆਇਆ, ”ਬੇਟਾ, ਮੈਨੂੰ ਤੂੰ ਕਲਮਬੱਧ ਕੀਤਾ… ਸ਼ਬਦਾਂ ਰਾਹੀਂ… ਸ਼ਬਦ ਦੀ ਹੋਂਦ ਸਦੀਵੀ ਹੁੰਦੀ ਆ…ਸ਼ਬਦ ਨੂੰ ਦੁਨੀਆ ਦੀ ਕੋਈ ਸ਼ੈਅ ਨਹੀਂ ਮਿਟਾ ਸਕਦੀ…ਸਰੀਰ ਤੇ ਹੋਰ ਸਭ ਕੁਝ ਅੱਗ ਵਿੱਚ ਬਲ ਜਾਂਦਾ… ਸ਼ਬਦ ਸਦਾ ਈ ਰਹਿੰਦਾ ਆ…।
ਬੀਬੀ ਮਥਰੋ ਇੱਕ ਲਿਫ਼ਾਫ਼ਾ ਫੜੀ ਖਲੋਤੀ ਸੀ, ”ਲੈ ਵੇ ਪੁੱਤਰ, ਆਹ ਤੇਰਾ ਮਾਣ ਆਂ। ਮੈਂ ਸੰਗਿਆ, ”ਨਾ ਜੀ, ਮੇਰਾ ਕਾਹਦਾ ਮਾਣ? ਸ਼ਾਹਕੋਟੀ ਉੱਚੀ ਦੇਣੇ ਚੀਕਿਆ, ”ਰੱਖ ਲੈ ਉਏ ਬੇਟਾ… ਅੱਗੇ ਨਾ ਬੋਲੀਂ, ਓ ਪੁੱਤਰ ਮੇਰੇ…।’ ’

ਮੈਂ ਦੇਖਿਆ, ਇੱਕ ਕੁੜਤੇ ਪਜਾਮੇ ਦਾ ਟੋਟਾ ਸੀ। ਇੱਕ ਗਰਮ ਸ਼ਾਲ ਤੇ ਇੱਕ ਸੌ ਰੁਪਈਆ। ਮੈਂ ਅਪਣੇ ਆਪ ਨੂੰ ਮਾਣ ਨਾਲ ਭਰਿਆ-ਭਰਿਆ ਮਹਿਸੂਸ ਕਰ ਰਿਹਾ ਸਾਂ। ਉਹ ਸੂਟ ਮੈਂ ਕਿਸੇ ਖਾਸ ਮੌਕੇ ਸਿਰ ਪਾਉਂਦਾ ਰਿਹਾ । ਸ਼ਾਲ ਮੈਂ ਮਾਂ ਨੂੰ ਦੇ ਦਿਤਾ ਤੇ ਸੌ ਰੁਪਈਆ ਮੈਂ ਯਾਦ ਵਜੋਂ ਸਾਂਭ ਕੇ ਬਟੂਏ ਦੀ ਅੰਦਰਲੀ ਤਹਿ ਵਿੱਚ ਰੱਖਿਆ ਹੋਇਆ ।

ਪੂਰਨ ਸ਼ਾਹਕੋਟੀ ਦਾ ਜੀਵਨ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਹੈ, ਕੋਈ ਲੁੱਕ-ਲਪੇਟ ਨਹੀਂ। ਕਈ ਵਾਰੀ ਉਹ ਕੌੜਾ ਬੋਲ ਜਾਂਦਾ ਹੈ, ਫਿਰ ਪਛਤਾਉਂਦਾ ਹੈ, ”ਮੈਂ ਕੌੜਾ ਕਾਹਨੂੰ ਬੋਲਿਆ-ਵਗਦੀ ਏ ਰਾਵੀ ਵਿੱਚ ਸੁਰਮਾ ਕੀਹਨੇ ਡੋਲਿਆ…।ਬੇਸੁਰਾ ਗਾਉਣ ਵਾਲਿਆਂ ਨੂੰ ਉਹ ਆੜੇ ਹੱਥੀਂ ਲੈਂਦਾ ਹੈ, ਉਸ ਤੋਂ ਬੇਸੁਰਾ ਗਾਣਾ ਬਰਦਾਸ਼ਤ ਹੁੰਦਾ ਹੀ ਨਹੀਂ, ਉਹ ਅਗਲੇ ਦੇ ਮੂੰਹ ਉੱਤੇ ਹੀ ਆਖ ਸੁਣਾਉਂਦਾ ਹੈ, ”ਕਿਉਂ ਧੱਕਾ ਕਰ ਰਹੇ ਓ ਬੇਟਾ…! ਗਾਉਣਾ ਤੁਹਾਡੇ ਵੱਸ ਦਾ ਰੋਗ ਨਹੀਂ…ਕੋਈ ਹੋਰ ਕੰਮ ਕਰ ਲਓ ਬੇਟਾ।

ਸੁਰ ਤੇ ਤਾਲ ਦਾ ਉਹ ਇਸ ਹੱਦ ਤੀਕ ਏਨਾ ਤਕੜਾ ਪਾਰਖੂ ਹੈ ਕਿ ਸੁਰ ਪਛਾਨਣ ਲੱਗਾ ਅੱਧੀ ਸਕਿੰਟ ਹੀ ਲਾਉਂਦਾ ਹੈ। ਜੇ ਉਹਨੂੰ ਕੋਈ ਸੁਰ ਭਾ ਜਾਏ ਤਾਂ ਫਿਰ ਜਿਵੇਂ ਉਹਨੂੰ ‘ਪਟਮੇਲੀਹੀ ਪੈ ਜਾਂਦੀ ਹੈ। ਉਹ ਮਦਮਸਤ ਜਿਹਾ ਹੋ ਜਾਂਦਾ ਹੈ ਤੇ ਵੰਨ-ਸੁਵੰਨੀਆਂ ਹਰਕਤਾਂ ਕਰਨ ਡਹਿ ਪੈਂਦਾ ਹੈ, ”ਓ ਹੋ-ਹੋ-ਹੋ, ਹਾਏ-ਹਾਏ-ਹਾਏ… ਮੈਂ ਮਰ ਮੁੱਕ ਜਾਂ…ਇਤਨੀ ਖ਼ਤਰਨਾਕ ਸੁਰ? ਹਾਏ ਨੀਂ ਜਿੰਦੇ ਮੇਰੀਏ ! ਬੜੀ ਜ਼ਾਲਮ ਸੁਰ, ਖ਼ਤਰਨਾਕ! ਕਹਿਰ ਹੋ ਗਿਆ ਏਹ ਤਾਂ…।’ ’ ਅੱਖਾਂ ਮੁੰਦਕੇ ਛਾਤੀ ਉੱਤੇ ਹੱਥ ਧਰ ਕੇ ਉਹ ”ਸੁਰ ਦਾ ਸੁਆਦ’ ’ ਲੈਣ ਲਗਦਾ ਹੈ। ਉਸਦੇ ਕਮਰੇ ਵਿੱਚ ਕੋਈ ‘ਸਪੈਸ਼ਲਤਾ ਨਹੀਂ, ਜਿਵੇਂ ਸਾਡੇ ਕਰੋੜਾਂ-ਪਤੀ ਗਵੱਈਆਂ ਨੇ ਅਪਣੀਆਂ ਕੋਠੀਆਂ ਵਿੱਚ ਰਿਆਜ਼ ਕਰਨ ਲਈ ‘ਸਪੈਸ਼ਲ-ਰੂਮ ਬਣਾਏ ਹੋਏ ਹਨ, ਉਵੇਂ ਏਸ ਫ਼ਕੀਰ ਨੇ ਅਪਣੇ ਸਾਧਾਰਨ ਜਿਹੇ ਘਰ ਦਾ ਇਕ ਵੱਡਾ ਕਮਰਾ ਅਪਣੇ ਲਈ ਰਾਖਵਾਂ ਰੱਖਿਆ ਹੋਇਆ ਹੈ। ਉਸੇ ਵਿੱਚ ਹੀ ਉਸਦੇ ਸਾਜ਼ ਹਨ, ਉਸੇ ਵਿਚ ਮਾਣ-ਸਨਮਾਨ ਵਾਲੀਆਂ ਯਾਦ-ਨਿਸ਼ਾਨੀਆਂ, ਕੁਝ ਕਿਤਾਬਾਂ ਤੇ ਕੁਝ ਕੈਸਟਾਂ। ਉਸਦੇ ਮੇਜ਼ ਉੱਪਰ ਡੈੱਕ ਤੋਂ ਇਲਾਵਾ ਇੱਕ ਅੱਧ ਡਾਇਰੀ ਤੇ ਚਾਹ ਪੀ ਕੇ ਧਰਿਆ ਕੱਚ ਦਾ ਗਲਾਸ ਦਿਸੇਗਾ। ਇੱਕ ਪਾਸੇ ਸਬਜ਼ੀ ਵਾਲੀ ਕੌਲੀ ਪਈ ਹੈ, ਜੁਆਕ ਨੇ ਹੀ ਚੁੱਕ ਕੇ ਪਰ੍ਹੇ ਸੁੱਟੀ ਹੈ, ਸਿਗਰਟਾਂ ਵਾਲੀ ਖਾਲੀ ਡੱਬੀ ਦੇ ਕਵਰ ਤੋਂ ਬਿਨਾ ਤਬਲੇ ਹੇਠਾਂ ਰੱਖਣ ਵਾਲਾ ‘ਇਨੂੰਵੀ ਪਿਆ ਹੈ। ਮਾਚਿਸ ਵੀ ਜੁਆਕਾਂ ਨਂੇ ਹੀ ਖਿੰਡਾਈ ਹੈ। ਸਿਰਹਾਣੇ ਹੇਠੋਂ ਟੋਪੀ ਲਮਕ ਰਹੀ ਹੈ। ਕੋਈ ਉਚੇਚ ਨਹੀਂ, ਕੋਈ ਵਿਖਾਵਾ ਨਹੀਂ। ਸਾਦਗੀ ਤੇ ਬੇਪਰਵਾਹੀ ਉਹਨਾਂ ਦੇ ਘਰ ਦੀ ਇੱਕ-ਇੱਕ ਚੀਜ਼ ਵਿੱਚੋਂ ਲਭਦੀ ਹੈ, ਸਿਗਰਟ ਵੀ ਉਹ ਸਿਰਹਾਣੇ ਵਾਲੇ ਪਾਸੇ ਦੀ ਕੰਧ ਨਾਲ ਘਸਿਆ ਕੇ ਹੀ ਬੁਝਾ ਦਿੰਦਾ ਹੈ। ਜਿੰਨੀ ਉਹ ‘ਸੌਣ ਤੇ ‘ਗਾਉਣਨੂੰ ਤਰਜੀਹ ਦਿੰਦਾ ਹੈ, ਓਨੀ ਕਿਸੇ ਹੋਰ ਕੰਮ ਨੂੰ ਨਹੀਂ। ਕਿਸੇ ਦੀ ਚੁਗਲੀ ਕਰਨ ਦੀ ਬਜਾਏ ਮੂੰਹ ਉੱਤੇ ਗਾਲ੍ਹਾਂ ਕੱਢਣੀਆਂ ਉਸ ਨੂੰ ਚੰਗੀਆਂ ਲੱਗਦੀਆਂ ਹਨ। ਕਿਉਂ? ਹੈ ਨਾ ਪੂਰਨ ਫ਼ੱਕਰ! ਸੁਰਾਂ ਦਾ ”ਬਾਦਸ਼ਾਹ ਪੂਰਨ…।’ ’ ਮੈਂ ਧਿਆਨ ਧਰਿਆ ਕਿ ਉਹ ਦਿਨ ਭਰ ਵਿੱਚ ਕਿਹੜੀਆਂ-ਕਿਹੜੀਆਂ ਵਸਤਾਂ ਦੇ ਨਾਮ ਬਹੁਤੀ ਵਾਰ ਲੈਂਦਾ ਹੈ, ਤਮਾਮ ਦੁਨੀਆ, ਰਾਸ਼ਟਰਪਤੀ, ਖ਼ਤਰਨਾਕ, ਜ਼ਾਲਮ, ਕਹਿਰ, ਜ਼ੁਲਮ, ਮੁਰਸ਼ਦ, ਅੱਲਾ, ਸਿਗਰਟ, ਮੀਟ, ਸ਼ਰਾਬ, ਬਾਜਾ, ਤਬਲਾ, ਮਰਦੰਗ, ਤਾਲ, ਸੁਰ, ਲਿਆਕਤ, ਹੰਸ, ਅਲਫਾਜ਼ ਤੇ ਮਥਰੋ। ਇਹ ਨਾਮ ਉਹ ਦਿਨ ਵਿੱਚ ਅਨੇਕਾਂ ਵਾਰੀ ਲੈਂਦਾ ਹੈ ਅਤੇ ‘ਹਾਏ ਸ਼ਬਦ ਆਖ ਦੇਣਾ ਵੀ ਉਹਦੀ ਪੱਕ ਚੁੱਕੀ ਆਦਤ ਹੈ। ਮੈਂ ਪੁੱਛਿਆ, ”ਹਰੇਕ ਗੱਲ ਵਿਚ ‘ਸ਼ਾਇਦਕਿਉਂ ਵਾੜ ਦੇਂਦੇ ਓ?’ ’ ਉਸ ਦੱਸਿਆ, ”ਬੇਟਾ ਜੀ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਪਲ ਆ, ਪੰਜ ਹਫ਼ਤੇ ਆ, ਪੰਜ ਦਿਨ ਆ, ਪੰਜ ਸਾਲ ਆ ਜਾਂ ਪੰਜਾਹ ਸਾਲ ਆ…ਕੋਈ ਪੱਕਾ ਪਤਾ ਨਹੀਂ ….’ਸ਼ਾਇਦ…।’ ’

ਸਿਗਰਟ ਉਹਦੀ ਉਦੋਂ ਬੁਝਦੀ ਹੈ, ਜਦੋਂ ਸੁੱਤਾ ਹੋਵੇ। ਦਾਰੂ ਉਦੋਂ ਨਹੀਂ ਪੀਵੇਗਾ ਜਦੋਂ ਪੈਸੇ ਨਾ ਹੋਣ। ਜਦੋਂ ਵੀ ਕੋਈ ਚੀਜ਼ ਚਾਹੀਦੀ ਹੋਵੇ, ਪਹਿਲਾਂ ਆਵਾਜ਼ ਮਥਰੋ ਨੂੰ ਹੀ ਮਾਰਦਾ ਹੈ ਤੇ ਉਹ ਅੱਗੋਂ ਆਪੇ ਕਿਸੇ ਨੂੰ ਭੇਜੇ ਜਾਂ ਪ੍ਰਬੰਧ ਕਰੇ। ਜਦ ਉਹ ਉਦਾਸ ਤੇ ਦੁਖੀ ਹੋਵੇ, ਰੋਂਦਾ ਹੈ। ਲੱਖ ਵਾਰੀ ਮਿੰਨਤ ਕਰੋ, ਅੜੀ ਫੜ੍ਹ ਬਹਿੰਦਾ ਹੈ। ਬੋਲੇਗਾ ਨਹੀਂ, ਅੰਦਰੇ-ਅੰਦਰ ਰਿੱਝੀ ਜਾਏਗਾ। ਜਦ ਮੂਡ ਬਹੁਤਾ ਈ ਠੀਕ ਹੋਵੇ ਤਾਂ ਫਿਰ ਗੱਲਾਂ ਤੇ ‘ਸੁਰਾਂ’ ਦੇ ਗਲੋਟੇ ਹੀ ਲਹਿੰਦੇ ਤੁਰੇ ਆਉਂਦੇ ਹਨ। ਭਾਂਤ-ਭਾਂਤ ਤੇ ਰਾਗ ਅਹੁੜਦੇ ਹਨ, ਫਿਰ ਕੋਈ ਮਰੇ, ਕੋਈ ਜੀਵੇ, ਕੇਵਲ ‘ਪੂਰਨ ਤੇ ‘ਸੁਰ ਤੇ ਪੂਰਨ’ ।

ਅੱਠਵੀਂ ਜਮਾਤੇ ਪੜ੍ਹਦਿਆਂ ਉਹਨੂੰ ਜਾਪਣ ਲੱਗਿਆ ਕਿ ਜਿਵੇਂ ਉਹ ਕੁਝ ਕੁਝ ਜੁਆਨ ਹੋ ਰਿਹਾ ਹੈ। ਘੰਡੀ ਫੁੱਟ ਪਈ ਹੈ, ਬਾਲ ਆਵਾਜ਼ ਖ਼ਤਮ ਤੇ ਮਰਦਾਨਾ ਆਵਾਜ਼ ਬਣਦੀ ਜਾਂਦੀ ਹੈ। ਉਹਦਾ ਗਲਾ ਹੋਰ ਵੀ ਪਿਘਲ ਗਿਆ ਤੇ ਉਹ ਗਾਉਣ ਲਈ ਜਿਵੇਂ ਵਹਿ ਤੁਰਿਆ। ਹਰ ਸਮੇਂ ਰਾਗ ਅਲਾਪਦਾ, ਸੁਰਾਂ ਲਾਉਂਦਾ, ‘ਸਾ ਰੇ ਗਾ ਮਾ ਪਾ…। ਹਾਲੇ ਉਹ ਪਿਆਰ ਦੇ ਅਰਥ ਵੀ ਚੰਗੀ ਤਰ੍ਹਾਂ ਨਹੀਂ ਸੀ ਜਾਣਦਾ ਕਿ ਇੱਕ ਕੁੜੀ ਉਹਨੂੰ ਪਿਆਰ ਕਰਨ ਲੱਗ ਪਈ, ਕੁੜੀ ਬਰਾਦਰੀ ਵਿਚੋਂ ਹੀ ਸੀ। ਕੋਰੀ ਅਨਪੜ੍ਹ। ਪੂਰਨ ਦੀ ਪੜ੍ਹਾਈ ਵਿੱਚ ਉਹ ‘ਪੱਕਾ ਰੋੜਾ ਬਣ ਅੜੀ। ਉਸ ਦਸਵੀਂ ਦੇ ਪੇਪਰ ਦਿੱਤੇ, ਕੰਪਾਰਟਮੈਂਟ ਆ ਗਈ। ਲਿਖਾਈ ਉਹਦੀ ਬੜੀ ਸੁੰਦਰ ਹੋ ਗਈ ਸੀ। ਮਾਸਟਰ ਲੇਖ ਲਿਖਾਉਂਦੇ ਤਾਂ ਪੰਨਿਆਂ ਦੇ ਪੰਨੇ ਭਰਦਾ ਜਾਂਦਾ। ਹਿਸਾਬ ਦੇ ਵਿਸ਼ੇ ਤੋਂ ਪੂਰਨ ਬੜਾ ਚਾਲੂ ਸੀ। ਪ੍ਰੇਮਿਕਾ ਕੁੜੀ ਵੱਲੋਂ ਧਿਆਨ ਹਟਾ ਕੇ ਉਸ ਦਸਵੀਂ ਪਾਸ ਕਰ ਹੀ ਲਈ। ਘਰਦਿਆਂ ਨੇ ਸਖ਼ਤੀ ਨਾਲ ਵਰਜ ਦਿੱਤਾ ਸੀ, ”ਸਿੱਧਾ ਹੋ ਕੇ ਪੜ੍ਹਾਈ ਕਰ, ਲੱਤਾਂ ਭੰਨ ਦਿਆਂਗੇ ਜੇ ਕੁੜੀ ਮਗਰ ਗਿਆਂ ਤਾਂ। ਕੁੜੀਆਂ ਵੰਨੀ ਤਾਂ ਝਾਕਣਾ ਈ ਨੀ…ਜੇ ਕੋਈ ਕੁੜੀ ਆਪ ਝਾਕ ਕੇ ਹੱਸੇ ਤਾਂ ਨੀਵੀਂ ਪਾ ਲੈਣੀ ਐਂ।ਦਾਦੇ ਸਰਦਾਰੇ ਨੇ ਸਖ਼ਤ ਹਦਾਇਤ ਕਰ ਦਿੱਤੀ ਸੀ। “ਮਰਾਸੀਆਂ ਦੇ ਜੁਆਕ ਸਕੂਲ ਨੂੰ ਜ਼ੇਲ੍ਹ ਸਮਝਦੇ ਹਨ। ਜਿੱਦਣ ਘਰ ਦਿਆਂ ਨੇ ਪੂਰਨ ਨੂੰ ਸਕੂਲੇ ਤੋਰਨਾ ਸੀ, ਓਦਣ ਉਹਦੇ ਦਾਦੇ ਸਰਦਾਰੇ ਨੇ ਉਹਨੂੰ ਗੰਨੇ ਦੀਆਂ ਗਨੇਰੀਆਂ ਦਿੰਦਿਆਂ ਆਖਿਆ ਸੀ, ”ਪੂਰਨ ਪੁੱਤਰ, ਤੈਨੂੰ ਪੜ੍ਹਨ ਲਾਉਣਾ ਏਂ…. ਰੋਜ਼ ਦਿਹਾੜੀ ਗਨੇਰੀਆਂ ਦੇਊਂ। ਸਕੂਲ ਦੇ ਨਾਂ ਤੋਂ ਉਸ ਕਈ ਦਿਨ ਰੋਟੀ ਨਹੀਂ ਸੀ ਖਾਧੀ, ਸਕੂਲ ਭਾਵੇਂ ਜਾਣ ਲੱਗ ਪਿਆ ਸੀ ਪਰ ਟਿਕ ਕੇ ਨਹੀਂ ਸੀ ਬਹਿੰਦਾ, ਰਾਗਣੀਆਂ ਕੱਢੀ ਜਾਂਦਾ। ਮਾਸਟਰ ਖੁਸ਼ ਹੁੰਦੇ। ਸਕੂਲੋਂ ਬਾਹਰ ਮਦਾਰੀ ਤਮਾਸ਼ਾ ਕਰ ਰਿਹਾ ਸੀ। ਪੂਰਨ ਮਾਸਟਰਾਂ ਨੂੰ ਦੱਸੇ-ਪੁੱਛੇ ਬਿਨਾਂ ਹੀ ਤਮਾਸ਼ਾ ਦੇਖਣ ਭੱਜ ਗਿਆ। ਜਦ ਮੁੜਿਆ ਤਾਂ ਮਾਸਟਰ ਨੇ ਆਖਿਆ, ”ਜੇ ਅੱਗੇ ਤੋਂ ਬਿਨਾਂ ਪੁੱਛੇ ਗਿਆ, ਇਹੋ-ਜਿਹੀ ਗ਼ਲਤੀ ਕੀਤੀ ਤਾਂ ਸੋਚ ਲਵੀਂ। ਜਿੱਥੇ ਜਾਣਾ, ਪੁੱਛ ਕੇ…ਸਕੂਲ ਵਿੱਚ ਗੁਰੂਆਂ ਦਾ ਹੁਕਮ ਮੰਨਣ ਆਈਦਾ ਹੈ। ਉਹ ਦਿਨ ਤੇ ਅਹਿ ਦਿਨ, ਪੂਰਨ ਸ਼ਾਹਕੋਟੀ ਗੁਰੂਆਂ ਦੇ ਹੁਕਮ ਮੰਨਦਾ ਆਇਆ ਹੈ। ਸਕੂਲ ਵਿੱਚ ਇੱਕ ਛੋਟਾ ਜਿਹਾ ਸਮਾਗਮ ਸੀ, ਪੂਰਨ ਤੇ ਉਸਦੇ ਜਮਾਤੀ ਪ੍ਰਕਾਸ਼ ਨੂੰ ਮਾਸਟਰਾਂ ਨੇ ਮੁੰਡੇ ਕੁੜੀ ਦੇ ਭੇਸ ਵਿਚ ਸਟੇਜ ਉੱਤੇ ਚਾੜ੍ਹਿਆ, ਉਹਨਾਂ ਦੀਆਂ ਪਿੱਠਾਂ ਪਿੱਛੇ ਭੰਬੀਰੀਆਂ ਵਾਲੇ ਭੂਪੜੇ ਬੰਨ੍ਹ ਦਿੱਤੇ, ਪ੍ਰਕਾਸ਼ ਤੇ ਪੂਰਨ ਨੇ ਰਲ ਕੇ ਗੀਤ ਗਾਇਆ: ਲੈ ਲੌ ਜੀ ਭੰਬੀਰੀਆ, ਲੈ ਲੌ ਜੀ ਭੰਬੀਰੀਆਂ ਜੰਮਦਿਆਂ ਹੀ ਸਾਡੇ ਪੱਲੇ, ਪੈ ਗਈਆਂ ਫ਼ਕੀਰੀਆਂ ਪੂਰਨ ਦਾ ਦਾਦਾ ਸਰਦਾਰਾ ਉਸਦੀ ਕਲਾਮਈ ਰੁਚੀ ਨੂੰ ਪ੍ਰਫੁਲਤ ਹੁੰਦੀ ਦੇਖ-ਦੇਖ ਪ੍ਰਸੰਨ ਹੁੰਦਾ। ਦਾਦੇ ਨੂੰ ਗਾਉਂਦਿਆਂ ਸੁਣ ਕੇ ਪੂਰਨ ਮਸਤ ਜਾਂਦਾ ਸੀ। ਕਾਲੇ ਰੰਗ ਦੇ ਬਾਜੇ ਨਾਲ ਪੂਰਨ ਦਾ ਪਿਉ ਤੇ ਦਾਦਾ ਰਲ ਕੇ ਗਾਉਂਦੇ ਸਨ। ਮਰਾਸੀਆਂ ਦੇ ਮੁਹੱਲੇ, ਘਰ-ਬਾਰ, ਸੁਰ-ਲੈਅ ਹੀ ਫੈਲਿਆ ਹੋਇਆ ਸੀ। ਪੂਰਨ ਸ਼ਾਹਕੋਟੀ ਦਾ ਜਨਮ 22 ਸਤੰਬਰ 1952 ਦਾ ਹੈ। ਜਨਮ ਅਸਥਾਨ ਸ਼ਾਹਕੋਟ, ਜ਼ਿਲ੍ਹਾ ਜਲੰਧਰ। ਮਾਂ ਦਾ ਨਾਂ ਲਾਜਵੰਤੀ (ਲਾਜੋ) ਤੇ ਪਿਤਾ ਨਰੰਜਣ ਦਾਸ (ਨੰਜੂ)। ਪੂਰਨ ਦੇ ਜਨਮ ਮਗਰੋਂ ਦੋ ਭਰਾ ਹੋਰ ਜਨਮੇ ਸਨ, ਮਹਿਤਾ ਤੇ ਸਾਗਰ। ਦੋਵੇਂ ਹੀ ਚੱਲ ਵਸੇ ਸਨ। ਉਸ ਮਗਰੋਂ ਭਰਾ ਰੇਸ਼ਮ ਲਾਲ (ਰੇਸ਼ੀ), ਕੇਸ਼ਮ ਲਾਲ (ਕੇਸ਼ੀ) ਤੇ ਭੈਣਾਂ ਮੱਤੀ, ਛੱਤੀ ਤੇ ਫੱਤੀ ਜਨਮੀਆਂ। ਜਿਉਂ-ਜਿਉਂ ਪੂਰਨ ਸਿਆਣਾ ਹੁੰਦਾ ਜਾਏ, ਮੁਹੱਲੇ ਵਾਲੇ ਕਈ ਖਾਰ ਖਾਣ ਲੱਗੇ, ਕੋਈ ਆਖਦੀ, ”ਕੱਲ੍ਹ ਦਾ ਛੋਕਰੂ ਏ, ਤੇ ਵੱਡਿਆਂ-ਵੱਡਿਆਂ ਨੂੰ ਮੱਤੀਂ ਦੇਂਦਾ ਫਿਰਦਾ ਏ। ਪੂਰਨ ਅਪਣੀ ਬਰਾਦਰੀ ਦੇ ਉਹਨਾਂ ਲੋਕਾਂ ਦੀ ਆਲੋਚਨਾ ਕਰਦਾ, ਜੋ ਹਲਕਾ ਗਾਣਾ ਪੇਸ਼ ਕਰਕੇ ‘ਵਾਹ ਵਾਹਖੱਟਦੇ ਸਨ। ਇਉਂ ਹੀ ਉਹ ਪੂਰਨਤੇ ਔਖੇ ਹੁੰਦੇ। ਪੂਰਨ ਰਾਗ-ਵਿੱਦਿਆ ਤੇ ਗਾਣੇ ਵਿੱਚ ਨਿਪੁੰਨ ਹੁੰਦਾ ਗਿਆ ਤੇ ਫਿਰ ਉਹ ਸਮਾਂ ਆਣ ਢੁੱਕਾ, ਜਦੋਂ ਸ਼ਾਹਕੋਟ ਵਿੱਚ ਕੋਈ ਵੀ ਸੰਗੀਤ ਮਹਿਫ਼ਲ ਜੁੜਦੀ, ਪੂਰਨ ਨੂੰ ਬੁਲਾਵਾ ਆਉਂਦਾ। ਡਾਕਟਰ ਸੋਮਪੁਰੀ ਡਰਾਮੈਟਿਕ ਸੁਧਾਰ ਕਲੱਬ ਦੇ ਮੁਖੀ ਸਨ, ਪੂਰਨ ਉਹਨਾਂ ਦੀ ਨਜ਼ਰੀਂ ਪੈ ਗਿਆ, ਉਹ ਅਪਣੇ ਨਾਲ ਸਮਾਰੋਹਾਂ ਉੱਤੇ ਲਈ ਫਿਰਦੇ ਤੇ ਆਰਥਿਕ ਪੱਖ ਤੋਂ ਵੀ ਪੂਰੀ ਸਹਾਇਤਾ ਦੇਂਦੇ। ਪੂਰਨ ਦੇ ਮਾਂ-ਪਿਉ ਸ਼ਾਹਕੋਟ ਤੋਂ ਜਲੰਧਰ ਆਬਾਦਪੁਰੇ ਆਣ ਕੇ ਰਹਿਣ ਲੱਗੇ। ਪੂਰਨ ਅਪਣੇ ਦਾਦੇ-ਦਾਦੀ ਕੋਲ ਸੀ। ਦਾਦੀ ਨੱਥੋ ਉਹਨੂੰ ਅੰਤਾਂ ਦਾ ਪਿਆਰ ਕਰਦੀ। ਪੂਰਨ ਉਹਦੇ ਬਿਨਾਂ ਰਹਿੰਦਾ ਨਾ। ਦਾਦੀ ਨੂੰ ਕੈਂਸਰ ਹੋ ਗਿਆ ਤੇ ਉਹ ਚੱਲ ਵਸੀ। ਦਾਦੀ ਦੀ ਦੇਹ ਦੁਆਲੇ ਬੈਠਾ ਪੂਰਨ ਰੋ-ਰੋ ਆਖ ਰਿਹਾ ਸੀ, ”ਮੇਰੀਏ ਦਾਦੀਏ! ਬੋਲਦੀ ਕਿਉਂ ਨਹੀਂ… ਬੋਲਦੀ ਨੀ… ਕਿੱਥੇ ਆਂ ਤੂੰ ਦਾਦੀ ਨੱਥੋ…।ਅਪਣੀ ਦਾਦੀ ਨੂੰ ਚੇਤੇ ਕਰਦਿਆਂ ਪੂਰਨ ਦਾ ਮਨ ਭਰ ਆਇਆ ਤੇ ਲੰਮੀਆਂ ਗੱਲਾਂ ਵਿੱਚ ਉਹ ਕਾਫੀ ਚਿਰ ਦਾਦੀ ਦੀ ਸ਼ੋਭਾ-ਸਿਫ਼ਤ ਕਰਦਾ ਹੰਝੂ ਕੇਰਦਾ ਰਿਹਾ। ਫਿਰ ਮੁੜ ਕੇ ਦਾਦਾ ਤੇ ਪੂਰਨ ਵੀ ਜਲੰਧਰ ਆਬਾਦਪੁਰੇ ਆ ਗਏ, ਇੱਥੇ ਝੁੱਗੀ ਛੱਤੀ ਹੋਈ ਸੀ। ਕੁਵਾਲੀ ਗਾਉਣ ਲਈ ਮੇਲਿਆਂ-ਮੁਸਾਹਬਿਆਂ ਤੇ ਪੀਰਾਂ-ਫਕੀਰਾਂ ਦੀਆਂ ਦਰਗਾਹਾਂ ’ ਤੇ ਤੁਰੇ ਰਹਿੰਦੇ। ਇਵੇਂ ਹੀ ਤੁਰਦਾ-ਫਿਰਦਾ ਪੂਰਨ ਹਲਟੀ ਵਾਲੇ ਬਾਬਾ ਜੀ ਨੂੰ ਮਿਲ ਗਿਆ, ਉਹ ਕਲਾਸੀਕਲ ਸੰਗੀਤ ਦੇ ਚੰਗੇ ਗਿਆਨੀ ਸਨ, ਉਹਨਾਂ ਤੋਂ ਸੰਗੀਤ ਸਿੱਖਣ ਲੱਗਿਆ। ਇਹਨਾਂ ਨਾਲ ਫਿਰਦਿਆਂ ਹੀ ਸਾਈਂ ਢੇਰੀਆਂ ਵਾਲੇ ਨਾਲ ਮੇਲ ਹੋ ਗਿਆ, ਸਾਈਂ ਜੀ ਦਾ ਅਸਲੀ ਨਾਂ ਗੁਰਦਾਸ ਸੀ, ਤਬਲਾ ਤੇ ਬਾਜਾ ਚੰਗਾ ਵਜਾ ਲੈਂਦੇ ਸਨ ਸਾਈਂ ਜੀ। ਸੁਭਾਅ ਸਾਈਂ ਜੀ ਦਾ ਬਹੁਤ ਅਬੈੜਾ ਸੀ, ਕੋਈ ਵੀ ਚੇਲਾ ਉਹਨਾਂ ਕੋਲ ਬਹੁਤ ਸਮਾਂ ਨਹੀਂ ਸੀ ਕੱਟਦਾ। ਇੰਝ ਉਨ੍ਹਾਂ ਦੇ ਚੇਲੇ ਬਣਦੇ ਸਾਰ ਹੀ ਭੱਜਦੇ ਹੁੰਦੇ। ਕੁੱਟ ਮਾਰ ਦੇ ਨਾਲ-ਨਾਲ ਸਾਈਂ ਜੀ ਗਾਲ੍ਹਾਂ ਦਾ ਵੀ ਚੋਖਾ ਪ੍ਰਸ਼ਾਦਿ ਦੇਂਦੇ ਸਨ। ਪ੍ਰੰਤੂ ਪੂਰਨ ਨੇ ਤਾਂ ਸਿਰਾ ਹੀ ਲਾ ਦਿੱਤਾ, ਢਾਈ ਵਰ੍ਹੇ ਤੀਕ ਉਹ ਸਾਈਂ ਜੀ ਦੇ ਨਾਲ ਰਿਹਾ। ਸਿੱਖਿਆ ਵੀ। ਬਾਜਾ ਵਜਾਉਣਾ ਸਾਈਂ ਜੀ ਨੇ ਸਿਖਾਇਆ। ਕਦੀ ਗੁੱਸੇ ਵਿੱਚ ਆਇਆ ਸਾਈਂ ਅੱਗਾ-ਪਿੱਛਾ ਨਹੀਂ ਸੀ ਦੇਖਦਾ ਤੇ ਆਖਦਾ, ”ਓ ਹਰਾਮਜ਼ਾਦਿਆ, ਕੁੱਤਿਆ ਮਰਾਸੀਆ, ਕਿੱਥੋਂ ਮੇਰੇ ਪੱਲੇ ਪੈ ਗਿਆ ਏਂ, ਮੈਂ ਤੇਰੇ ਬਾਪ ਦਾ ਕੀ ਦੇਣਾ ਸੀ…।
ਸਾਈਂ ਜੀ ਦੀਆਂ ਗਾਲ੍ਹਾਂ ਪੂਰਨ ਨੂੰ ਹੁਣ ਵੀ ਚੇਤੇ ਹਨ। ਉਹ ਝੱਟ ਚ ਹੀ ਸਾਈਂ ਜੀ ਦੇ ਪੈਰੀਂ ਪੈ ਕੇ ਮਾਫ਼ੀ ਮੰਗ ਲੈਂਦਾ। ਉਹਦੇ ਨਾਲੇ-ਨਾਲ ਹੀ ਤੁਰਿਆ ਰਹਿੰਦਾ। ਸਵੇਰੇ ਬੜੀ ਸਾਝਰੇ ਹੀ ਸਾਈਂ ਪੂਰਨ ਨੂੰ ਗੂੜ੍ਹੀ ਨੀਂਦੋਂ ਜਗ੍ਹਾ ਲੈਂਦਾ ਤੇ ਰਿਆਜ਼ ਕਰਨ ਬਿਠਾਉਂਦਾ। ਆਖਿਰ ਇਕ ਦਿਨ ਪੂਰਨ ਸਾਈਂ ਜੀ ਨੂੰ ਛੱਡ ਟੁਰਿਆ। ਰੋਜ਼ਗਾਰ ਦਫ਼ਤਰ ਵਿੱਚ ਅਪਣਾ ਨਾਮ ਦਰਜ ਕਰਵਾਇਆ। ਲੋਕ ਸੰਪਰਕ ਵਿਭਾਗ ਦੇ ਕਿਸੇ ਕਲਾਕਾਰ ਨੇ ਛੇ ਮਹੀਨੇ ਦੀ ਛੁੱਟੀਤੇ ਜਾਣਾ ਸੀ, ਉਹਦੀ ਥਾਵੇਂ ਪੂਰਨ ਨੂੰ ਰੱਖ ਲਿਆ ਗਿਆ ਤੇ ਛੇ ਮਹੀਨਿਆਂ ਵਿੱਚ ਹੀ ਉਹਨੇ ਕਾਫ਼ੀ ਸਾਰੇ ਪ੍ਰੋਗਰਾਮ ਦੇ ਕੇ ਮਹਿਕਮੇ ਵਿੱਚ ਆਪਣੀ ਚੋਖੀ ਭੱਲ ਬਣਾ ਲਈ। ਬੜੀਆਂ ਚੰਗੀਆਂ ਥਾਵਾਂ ਉੱਤੇ ਉਹਨੂੰ ਗਾਉਣ ਲਈ ਮੌਕਾ ਮਿਲਿਆ। ਉਸਤਾਦ ਲਾਲ ਚੰਦ ਯਮਲਾ ਜੱਟ, ਬੀਬਾ, ਭੰਵਰਾ, ਰਾਜਨ, ਸੁਰਿੰਦਰ ਕੌਰ, ਰੰਜਨਾ, ਸਵਰਨ ਲਤਾ, ਸੁਰੇਸ਼ ਕਪੂਰ ਤੇ ਚੰਦਰ ਕਾਂਤਾ ਆਦਿ ਦੀਆਂ ਸਟੇਜਾਂ ਉੱਤੇ ਉਹਨੇ ਗਾਇਆ। ਉਹ ਗਾਉਂਦਾ ਹੁੰਦਾ :

ਮੇਰਿਆ ਢੋਲਾ, ਤੈਨੂੰ ਰੱਬ ਦੀਆਂ ਰੱਖਾਂ

ਅੱਜ ਤਕਦੀਆਂ ਤੈਨੂੰ, ਸਾਰੇ ਜਗ ਦੀਆਂ ਅੱਖਾਂ

ਤੇਰੇ ਹਰੇ ਖੇਤ, ਤੇਰੇ ਭਰੇ ਖੇਤ,
ਤੇਰੀ ਕੋਠੀ ਦੇ ਵਿੱਚ ਦਾਣੇ ਨੇ
ਤੇਰੇ ਰੰਗਲੇ ਮਹਿਲ ਵਿੱਚ ਚਹਿਲ-ਪਹਿਲ,

ਤੇਰੇ ਕਮਲੇ ਸਿਆਣੇ ਨੇ…

1975 ਦਾ ਵਰ੍ਹਾ ਸੀ। ਪੂਰਨ ਦੀ ਬਰਾਦਰੀ ਵਿੱਚੋਂ ਹੀ ਇਕ ਕੁੜੀ ਸੀ ਛਿੰਦੋ। ਪੂਰਨ ਉਹਨੂੰ ਵਿਆਹ ਲਿਆਇਆ। ਮਾਪੇ ਨਾ ਖੁਸ਼ ਸਨ, ਕਿਉਂਕਿ ਉਸ ਨੇ ਬਿਨਾਂ ਪੁੱਛੇ-ਦੱਸੇ ਹੀ ਵਿਆਹ ਕਰਵਾਇਆ ਸੀ ਤੇ ਕਾਹਲੀ ਕੀਤੀ ਸੀ। ਦਿਨ ਟੱਪਦੇ ਗਏ, ਦੋ ਬੱਚੇ ਹੋ ਗਏ ਟੋਨੀ ਤੇ ਕਾਲੂ। ਪੂਰਨ ਗਾਉਂਦਾ ਤੇ ਛਿੰਦੋ ਮੁੰਡਾ ਕੁੱਛੜ ਚੁੱਕੀ, ਮੁਹੱਲੇ ਦੇ ਸਤਾਰਵੇਂ ਘਰ ਆਖ ਰਹੀ ਹੁੰਦੀ, ”ਪੂਰਨ ਤਾਂ ਰੌਲੀ ਬੜੀ ਪਾਉਂਦਾ ਦੇ, ਸਾਰਾ ਦਿਨ ਆਂ-ਆਂ-ਆਂ…।ਪੂਰਨ ਤੇ ਛਿੰਦੋ ਦੀ ਅਣਬਣ ਹੋ ਗਈ। ਧੂਹ ਘੜੀਸ ਸ਼ੁਰੂ ਹੋਈ। ਪੂਰਨ ਸੁਰਾਂ ਲਾਉਂਦਾ ਨਾ ਥਕਦਾ, ”ਸਾ ਰੇ ਗਾ ਮਾ ਪਾ। ਛਿੰਦੋ ਕੁੜ-ਕੁੜ ਬੁੜ-ਬੁੜ ਕਰਦੀ ਨਾ ਥੱਕਦੀ। ਪੂਰਨ ‘ਗਵੱਈਆਤੇ ਛਿੰਦੋ ‘ਚੁੱਪ ਚਾਹੁੰਦੀ ਸੀ, ਆਖਿਰ ਉਹ ਵੱਖ-ਵੱਖ ਹੋ ਗਏ।
ਇੱਕ ਰਾਤ, ਮਾਡਲ ਟਾਊਨ ਜਲੰਧਰ ਵਿਚ ਰਾਮ ਲੀਲਾ ਦਾ ਅਖੀਰਲਾ ਦਿਨ ਸੀ। ਟਿਕੀ ਹੋਈ ਰਾਤ ਵਿੱਚ ਸ਼ਾਹਕੋਟੀ ਗਾ ਰਿਹਾ ਸੀ

ਕਿੱਥੋਂ ਸਿੱਖਿਆ ਫ਼ਕੀਰਾਂ ਨੂੰ ਸਤਾਉਣਾ
ਮੁੜ ਜੋਗੀਆਂ ਨੇ ਖੇੜੀਂ ਨਹੀਂਉਂ ਆਉਣਾ
ਮੂੰਹੋਂ ਨਾ ਮੰਦਾ ਬੋਲ ਸਹਿਤੀਏ

ਸ਼ਾਹਕੋਟੀ ਨੇ ਗਾਉਂਦੇ-ਗਾਉਂਦੇ ਦੇਖਿਆ ਕਿ ਲੋਕਾਂ ਦੇ ਇਕੱਠ ਦੇ ਪਿਛਲੇ ਪਾਸੇ ਇੱਕ ਚਿੱਟੇ ਰੰਗ ਦੀ ਅੰਬੈਸਡਰ ਕਾਰ ਆਣ ਰੁਕੀ। ਉਸ ਵਿਚੋਂ ਇੱਕ ਬਾਊ-ਅਫ਼ਸਰ ਤੇ ਉਹਦੀ ਪਤਨੀ ਤੇ ਪੁੱਤਰ ਨਿਕਲੇ ਤੇ ਸਿੱਧੇ ਸਟੇਜ ਵੱਲ ਆ ਗਏ। ਇਹ ਕੌਣ ਸਨ? ਸ਼ਾਹਕੋਟੀ ਨਹੀਂ ਸੀ ਜਾਣਦਾ, ਇਹ ਸ਼ਾਹਕੋਟੀ ਦੀ ਆਵਾਜ਼ ਸੁਣ ਕੇ ਹੀ ਏਧਰ ਆ ਨਿਕਲੇ ਸਨ, ਇਹ ਸ੍ਰੀ ਨਰਿੰਦਰ ਮੋਹਨ ਭਾਟੀਆ ਡਾਇਰੈਕਟਰ ਆਲ ਇੰਡੀਆ ਰੇਡੀਓ ਜਲੰਧਰ ਸਨ। ਇਨ੍ਹਾਂ ਆਉਂਦੇ ਸਾਰ ਹੀ ਸਟੇਜ ਸਕੱਤਰ (ਦੀਦਾਰ) ਨੂੰ ਪੁੱਛਿਆ, ”ਏਹ ਗਾਣ ਵਾਲਾ ਕੌਣ ਆਦਮੀ ਏਂ? ਬੜਾ ਸੁਰੀਲਾ ਗਾਂਦਾ ਏ, ਇਸ ਨੂੰ ਇੱਕ ਗੀਤ ਹੋਰ ਗਾਣ ਲਈ ਵਕਤ ਦੇਵੋ। ਦੀਦਾਰ ਨੇ ਆਖਿਆ, ”ਸਾਡੇ ਕੋਲ ਵਿਹਲਾ ਵਕਤ ਹੈ ਨਹੀਂ, ਅਗਲੇ ਸੀਨ ਲਈ ਕਲਾਕਾਰ ਬਿਲਕੁਲ ਤਿਆਰ ਹਨ।
ਇਹ ਸੁਣ ਕੇ ਭਾਟੀਆ ਨੇ ਆਖਿਆ, ”ਮੈਂ ਰੇਡੀਉ ਡਾਇਰੈਕਟਰ ਹਾਂ, ਇਸ ਕਲਾਕਾਰ ਦੀ ਆਵਾਜ਼ ਮੈਨੂੰ ਬੜੀ ਭਾਈ ਏ, ਪਲੀਜ਼ ਇੱਕ ਗੀਤ…।’ ਇਹ ਸਭ ਗੱਲਾਂ ਪੂਰਨ ਸ਼ਾਹਕੋਟੀ ਵੀ ਪਰਦੇ ਪਿੱਛੇ ਖਲੋਤਾ ਸੁਣ ਰਿਹਾ ਸੀ। ਆਖਿਰ ਸਟੇਜ ਸਕੱਤਰ ਮੰਨ ਗਿਆ। ਹੁਣ ਪੂਰਨ ਗਾ ਰਿਹਾ ਸੀ : ਮੇਰੇ ਸ਼ੌਕ ਦਾ ਨਹੀਂ ਇਕਬਾਰ ਤੈਨੂੰ ਆ ਦੇਖ, ਮੇਰਾ ਇੰਤਜ਼ਾਰ ਆ ਜਾ ਭਾਟੀਆ ਸਾਹਿਬ ਬੜੇ ਖੁਸ਼ ਹੋਏ, ਉਹਨਾਂ ਸ਼ਾਹਕੋਟੀ ਨੂੰ ਇੱਕ ਚਿੱਟ ਦਿੱਤੀ ਤੇ ਅਗਲੇ ਦਿਨ ਗਿਆਰਾਂ ਵਜੇ ਰੇਡੀਉ ਸਟੇਸ਼ਨ ਬੁਲਾ ਲਿਆ। ਇਸ ਤੋਂ ਪਹਿਲੋਂ ਸ਼ਾਹਕੋਟੀ ਨੇ ਪੰਜਾਹ ਗੇੜੇ ਰੇਡੀਓ ਸਟੇਸ਼ਨ ਦੇ ਕੱਢੇ ਸਨ, ਪਰ ਕਿਸੇ ਅੰਦਰ ਨਹੀਂ ਸੀ ਲੰਘਣ ਦਿੱਤਾ। ਕਮਾਲ ਹੋ ਗਈ, ਹੁਣ ਖੁਦ ਰੇਡੀਓ ਦਾ ਮੁਖੀ ਸੱਦਾ ਦੇ ਗਿਆ ਸੀ। ਪੂਰਨ ਸ਼ਾਹਕੋਟੀ ਨੇ ਚਾਅ-ਚਾਅ ਵਿੱਚ ਰਾਤ ਔਖੀ ਹੀ ਕੱਢੀ, ਰਾਤ ਨੂੰ ਉਹ ਜਗਤ ਸਿੰਘ ਜੱਗਾ ਦੇ ਘਰ ਰਿਹਾ। ਸਵੇਰੇ ਜੱਗੇ ਨੇ ਅਪਣੀ ਕਾਰ ਸਟਾਰਟ ਕੀਤੀ ਤੇ ਰੇਡੀਓਤੇ ਪੁੱਜੇ, ਸਿੱਧੇ ਭਾਟੀਆ ਸਾਹਿਬ ਦੇ ਕਮਰੇ ਵਿੱਚ ਗਏ। ਚਾਹ-ਪਾਣੀ ਮਗਰੋਂ ਇੱਕ ਰਸਮੀਂ ਟੈਸਟ ਹੋਇਆ, ਪੂਰਨ ਨੇ ਗਾ ਕੇ ਸੁਣਾਇਆ। ਡਾਇਰੈਕਟਰ ਨੇ ਹੋਰ ਅਧਿਕਾਰੀ ਤੇ ਕਰਮਚਾਰੀ ਸਟੂਡੀਉ ਵਿੱਚ ਬੁਲਾ ਲਏ। ਸ਼ਾਹਕੋਟੀ ਨਾਲ ਤਬਲੇ ਉੱਤੇ ਸੰਗਤ ਉਸਤਾਦ ਮੋਹਨ ਸਿੰਘ ਜੀ ਨੇ ਕੀਤੀ। ਐਨ ਮੌਕੇ ਸਿਰ ਢੁਕਦੇ ਬੋਲ ਪੂਰਨ ਨੇ ਗਾਏ:

ਡੂੰਘੇ ਪੈਂਡੇ ਥਲਾਂ ਵਾਲੇ ਮੁੱਕਦੇ ਨਹੀਂ
ਪੈਰੀਂ ਪੈ ਗਏ ਨੇ ਛਾਲੇ, ਹੰਝੂ ਰੁਕਦੇ ਨਹੀਂ

ਥੋੜ੍ਹੇ ਦਿਨਾਂ ਮਗਰੋਂ ਹੀ ਉਹਨੂੰ ਬੀ-ਹਾਈ ਗਰੇਡ ਮਿਲ ਗਿਆ, (ਅੱਜ ਵੀ ਬੀ ਹਾਈ ਗਰੇਡ ਵਿੱਚ ਹੀ ਹੈ, ਜਿਸ ਵਿਚ ਚੋਟੀ ਦੇ ਕਲਾਕਾਰ ਗਾਉਂਦੇ ਹਨ) ਸ਼ਾਹਕੋਟੀ ਜਿਉਂ ਜਿਉਂ ਰੇਡੀਓ ਤੋਂ ਪ੍ਰੋਗਰਾਮ ਦੇਣ ਲੱਗਿਆ ਤਿਉਂ ਤਿਉਂ ਉਸਦੇ ਸਰੋਤਿਆਂ ਦਾ ਘੇਰਾ ਵੀ ਵਿਸ਼ਾਲ ਹੁੰਦਾ ਗਿਆ। ਭਾਟੀਆ ਸਾਹਿਬ ਉਸ ਨੂੰ ਇਕ ਫਰਿਸ਼ਤਾ ਜਾਪੇ, ਜਿਨ੍ਹਾਂ ਛੁਪੇ ਹੋਏ ਕਲਾਕਾਰ ਨੂੰ ਆਣ ਲੱਭਿਆ ਸੀ।

ਫਗਵਾੜੇ ਨੇੜੇ ਪੀਰ ਅਬਦੁੱਲੇ ਸ਼ਾਹ ਦੇ ਦਰਬਾਰ ਉੱਤੇ ਮੰਢਾਲੀ ਸ਼ਰੀਫ ਮੇਲਾ ਜੁੜਿਆ ਹੋਇਆ ਸੀ। ਉਹਨੀਂ ਦਿਨੀਂ ਬਾਬਾ ਅਲੀ ਅਹਿਮਦ ਗੱਦੀ ਨਸ਼ੀਨ ਸਨ। ਪੂਰਨ ਮੇਲਾ ਦੇਖਣ ਗਿਆ ਸੀ ਤੇ ਉਹਦੇ ਮਨ ਅੰਦਰ ਥੋੜ੍ਹੀ-ਥੋੜ੍ਹੀ ਇਹ ”’ਤੜਿਆਈ ਵੀ ਆਣ ਵੜੀ ਸੀ ਕਿ ਉਹ ਆਲ ਇੰਡੀਆ ਰੇਡੀਓ ਵਿੱਚ ਬੀ-ਹਾਈ ਕਲਾਸ ਦਾ ਕਲਾਕਾਰ ਹੈ। ਮੇਲੇ ਵਿੱਚ ਬੜੇ ਹੰਢੇ ਹੋਏ ਗਵੱਈਏ ਪੁੱਜੇ ਹੋਏ ਸਨ। ਕੁਵਾਲਾਂ ਦੇ ਮੁਕਾਬਲੇ, ਵਾਜਿਆਂ ਤੇ ਢੋਲਾਂ ਵਾਲਿਆਂ ਦੇ ਮੁਕਾਬਲੇ ਹੁੰਦੇ, ਨਕਲੀਏ ਨਕਲਾਂ ਲਾਹੁੰਦੇ, ਭਾਰੀ ਇਕੱਠ ਤੇ ਖੂਬ ਰੌਣਕਾਂ। ਵਿਦਵਾਨ ਕਲਾਕਾਰ, ਜੱਜਮੈਂਟ ਲਈ ਬੈਠਦੇ। ਪਟਿਆਲਾ ਸੰਗੀਤ ਘਰਾਣੇ ਦੇ ਉਸਤਾਦ ਬਾਕਰ ਹੁਸੈਨ ਖਾਂ ਵੀ ਜੱਜ ਵਜੋਂ ਪੁੱਜੇ ਹੋਏ ਸਨ।
ਰਾਤ ਹੋਈ, ਲੋਕ ਸੌਣ ਲੱਗੇ। ਪੂਰਨ ਸ਼ਾਹਕੋਟੀ ਤੇ ਉਹਦੀ ਭੂਆ ਤਾਰੋ ਆਣ ਕੇ ਕੁਵਾਲਾਂ ਵਾਲੇ ਤਖਤਪੋਸ਼ਾਂ ਉੱਤੇ ਬੈਠ ਗਏ, ਬਾਜੇ ਨਾਲ ਗਾਉਣ ਲੱਗੇ:

ਤੱਕ ਪੱਤਰੀ ਵਾਲਿਆ ਲੇਖ ਮੇਰੇ
ਮੇਰੇ ਹੱਥ ਵਿੱਚ ਕਿੰਨੀਆਂ ਲੀਕਾਂ ਨੇ
ਕਦੋਂ ਦਿਲ ਦਾ ਮਹਿਰਮ ਆਵੇਗਾ
ਅਜੇ ਕਿੰਨੀਆਂ ਦੂਰ ਤਰੀਕਾਂ ਨੇ…

ਲੋਕ ਟਿਕੇ ਬੈਠੇ ਸੁਣ ਰਹੇ ਸਨ। ਮੰਨ੍ਹਾ ਨਾਂ ਦਾ ਇਕ ਬੰਦਾ ਆਵਾਜ਼ ਨੇ ਕੀਲ ਲਿਆ। ਟਿਕੀ ਹੋਈ ਰਾਤ ਵਿੱਚ ਸਪੀਕਰ ਦੀ ਆਵਾਜ਼ ਦਿਸ਼ਾਵਾਂ ਬਦਲ ਰਹੀ ਸੀ, ਕਦੀ ਕਿਧਰੋਂ ਆਉਂਦੀ, ਕਦੀ ਕਿਧਰੋਂ। ਮੰਨ੍ਹਾਂ ਭੰਬਲ ਭੂਸੇ ਵਿੱਚ ਪਿਆ ਹੋਇਆ ਸੀ, ਕਿੱਧਰ ਜਾਵੇ, ਕਿੱਧਰ ਨਾ। ਆਖਰ ਮੰਨ੍ਹਾਂ ਆਵਾਜ਼ ਦੀ ਸੇਧ ਲੈ ਕੇ ਟੁਰ ਪਿਆ। ਪ੍ਰੋਗਰਾਮ ਵਾਲੀ ਥਾਵੇਂ ਆ ਪੂਰਨ ਨੂੰ ਲੱਭਿਆ। ਉਂਜ ਇਹ ਇਕ ਦੂਜੇ ਨੂੰ ਉਹ ਥੋੜ੍ਹਾ-ਥੋੜ੍ਹਾ ਪਹਿਲੋਂ ਵੀ ਜਾਣਦੇ ਸਨ। ਉਸ ਦਿਨ ਮੰਨ੍ਹੇ ਦਾ ਦਿਲ ਪੂਰਨ ਵੱਲ ਏਨੇ ਪਿਆਰ ਨਾਲ ਭਰ-ਭਰ ਕੇ ਉੱਛਲ ਰਿਹਾ ਸੀ ਜਿੰਨਾ ਪਹਿਲਾਂ ਕਦੀ ਨਹੀਂ। ਮੰਨ੍ਹੇ ਨੇ ਅਪਣੀ ਬੇਟੀ ਮਥਰੋ ਪੂਰਨ ਦੇ ਲੜ ਲਾ ਦਿੱਤੀ। ਮਥਰੋ ਨੇ ਪੂਰਨ ਦੀ ‘ਸੁਰਅਜਿਹੀ ਪਛਾਣੀ ਕਿ ਰੰਗ-ਭਾਗ ਹੀ ਲੱਭ ਗਏ। ਸਲੀਮ, ਪਰਵੇਜ਼ ਬੇਟੇ ਤੇ ਪਰਵੀਨ ਬੇਟੀ ਪੈਦਾ ਹੋਏ। ਪੂਰਨ ਸ਼ਾਹਕੋਟੀ ਅਦਬੀ ਮਹਿਫ਼ਲਾਂ ਦਾ ਸ਼ਿੰਗਾਰ ਬਣ ਗਿਆ। ਸੂਫ਼ੀਆਨਾ ਕਲਾਮ ਉਸ ਦੇ ਮੂੰਹੋਂ ਅਜਿਹੇ ਫਬਦੇ ਕਿ ਲੋਕ ਉਸ ਨੂੰ ਸੂਫ਼ੀ ਗਵੱਈਆ ਸੱਦਣ ਲੱਗੇ। ਸ੍ਰੀਨਗਰ ਰੇਡੀਓ ਤੋਂ ਨਰਿੰਦਰ ਬੀਬਾ ਨਾਲ ਚਾਰ ਗੋਜਰੀ ਗੀਤ ਗਾਏ। ਬੰਬੇ ਵਿਸਾਖੀ ਮੇਲੇ ਦੀਆਂ ਰਾਤਾਂ ਵਿੱਚ ਗਾਉਣ ਗਿਆ, ਖਾਸੀ ਸ਼ੋਭਾ-ਸਿਫ਼ਤ ਹੋਈ। ਜਗਜੀਤ ਸਿੰਘ, ਖਯਾਮ ਸਾਹਿਬ, ਸਾਗਰ ਸਰਹੱਦੀ, ਦੀਪਕ ਪਰਾਸ਼ਰ ਤੇ ਮਨਮੋਹਨ ਕ੍ਰਿਸ਼ਨ ਨੇ ਦਿਲੋਂ ਪਿਆਰਿਆ-ਸਤਿਕਾਰਿਆ। ਦੂਰਦਰਸ਼ਨ ਜਲੰਧਰ ਤੋਂ ਪ੍ਰਕਾਸ਼ ਕੌਰ ਢਿੱਲੋਂ ਨੇ ਵਾਰਿਸ ਦੀ ਹੀਰਤੇ ਇੱਕ ਲੜੀਵਾਰ ਫੀਚਰ ਪੇਸ਼ ਕਰਨਾ ਆਰੰਭਿਆ, ਇਹ ਡੇਢ ਸਾਲ ਤੱਕ ਚੱਲਿਆ। ਇਸ ਵਿੱਚ ਮੁਹੰਮਦ ਰਫ਼ੀ ਨੇ ਵੀ ਹੀਰ ਗਾਈ, ਬੀਬਾ ਨੇ ਵੀ ਤੇ ਪੂਰਨ ਸ਼ਾਹਕੋਟੀ ਨੇ ਵੀ। ਇੱਥੋਂ ਹੀ ਪੂਰਨ ਦੀ ਗਾਈ ਹੀਰ ਪ੍ਰਵਾਨ ਚੜ੍ਹੀ। 1980 ਸੀ, ਪੂਰਨ ਸ਼ਾਹਕੋਟੀ ਦੀ ਪ੍ਰਸਿੱਧੀ ਸਿਖ਼ਰਾਂ ਉੱਤੇ ਸੀ। ਨਾਨਕ ਸਿੰਘ ਦੇ ਨਾਵਲ ”ਚਿੱਟਾ ਲਹੂਉੱਤੇ ਅਧਾਰਿਤ ਨਾਟਕ ਜਲੰਧਰ ਦੂਰਦਰਸ਼ਨ ਤੋਂ ਦਿਖਾਇਆ ਗਿਆ ਤਾਂ ਜਸਵੰਤ ਦੀਦ ਦਾ ਲਿਖਿਆ ਤੇ ਪੂਰਨ ਸ਼ਾਹਕੋਟੀ ਦਾ ਗਾਇਆ ਇਹ ਗੀਤ ਹਰੇਕ ਪੰਜਾਬੀ ਦੀ ਜ਼ੁਬਾਨ ਉੱਪਰ ਚੜ੍ਹਿਆ ਹੋਇਆ ਸੀ : ਫੱਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਜਗ ਭੈੜਾ ਐਵੇਂ ਸਾਨੂੰ ਤਾਹਨੇ ਕੱਸਦਾ ਇਸੇ ਨਾਟਕ ਵਿੱਚ ਹੀ ਸ਼ਾਹਕੋਟੀ ਨੇ ਗਾਇਆ : ਕਿਹਨੇ ਹਾਕ ਮਾਰਨੀ ਸੀ, ਕਿਹਨੇ ਮੁੜ ਆਉਣਾ ਸੀ ਚੰਦਰੇ ਮਨਾਂ ਤੂੰ ਸਾਨੂੰ ਐਵੇਂ ਕਿਉਂ ਰੁਲਾਉਣਾ ਸੀ। ਇੱਕ ਦਿਨ ਪੂਰਨ ਸ਼ਾਹਕੋਟੀ ਨੂੰ ਅਪਣੇ ਗੀਤ ਤਵਿਆਂ ਵਿੱਚ ਰਿਕਾਰਡ ਕਰਵਾਉਣ ਦੀ ਸੁੱਝੀ ਤੇ ਉਹ ਐਚ.ਐਮ.ਵੀ. ਵਾਲਿਆਂ ਦੇ ਦਿੱਲੀ ਚਲਿਆ ਗਿਆ। ਜ਼ਹੀਰ ਅਹਿਮਦ ਜ਼ਹੀਰ ਉੱਥੇ ਡਾਇਰੈਕਟਰ ਸਨ। ਪੂਰਨ ਦੇ ਸੂਫ਼ੀਆਨਾ ਤੇ ਸਾਹਿਤਕ ਕਲਾਮ ਸੁਣ ਕੇ ਉਹ ਖ਼ਸਿਆਨੀ ਜਿਹੀ ਹਾਸੀ ਹੱਸੇ ਤੇ ਬੋਲੇ, ”ਕੌਣ ਸੁਣੇਗਾ ਤੁਮਾਰਾ ਯੇ ਗਾਨਾ? ਕੰਪਨੀ ਕਹਾਂ ਸੇ ਇਤਨੇ ਪੈਸੇ ਲਾਏ… ਨਸ਼ਟ ਕਰਨੇ ਕੇ ਲੀਏ… ਹੂੰ… ਬੋਲੋ।
ਪੂਰਨ ਚੁੱਪ ਸੀ ਤੇ ਉਹ ਉਵੇਂ ਹੀ, ਬਿਨਾਂ ਕੁਝ ਬੋਲੇ ਭਰਿਆ ਪੀਤਾ, ਬਾਜਾ ਚੁੱਕ ਕੇ ਪਿਛਾਂਹ ਮੁੜ ਪਿਆ, ਸਾਰੀ ਉਮਰ ਲਈ ਤਵਿਆਂ ਵਿੱਚ ਰਿਕਾਰਡ ਭਰਵਾਉਣ ਦੀ ਇੱਛਾ ਮਨੋਂ ਹੀ ਕੱਢ ਮਾਰੀ।
ਪੂਰਨ ਸ਼ਾਹਕੋਟੀ ਦੀ ਸਾਹਿਤਕ ਹਲਕਿਆਂ ਵਿੱਚ ਖੂਬ ਚਰਚਾ ਹੋਣ ਲੱਗੀ ਤੇ ਸਾਹਿਤਕਾਰਾਂ ਨਾਲ ਮੇਲ ਜੋਲ ਵੀ ਵਧ ਗਿਆ। ਇੱਕ ਵਾਰ ਉਹਨੇ ‘ਨਾਗਮਣੀਚੋਂ ਦਵਿੰਦਰ ਸਤਿਆਰਥੀ ਦਾ ਲਿਖਿਆ ਹੋਇਆ ਪੜ੍ਹਿਆ, ”ਬਾਜੀਆਂ-ਬਾਜੀਆਂ ਤੀਵੀਆਂ, ਪਾਉਣ ਕਦੇ ਨਾ ਨੀਵੀਆਂ, ਹਾਏ ਓ ਮੇਰਿਆ ਰੱਬਾ, ਹਾਏ ਓ ਮੇਰਿਆ ਰੱਬਾ।ਪੂਰਨ ਦੇ ਮਨ ਬੜਾ ਭਾਇਆ, ਕੁਝ ਵਰਿ੍ਹਆਂ ਪਿੱਛੋਂ ਸਤਿਆਰਥੀ ਜੀ ਦੂਰਦਰਸ਼ਨ ਕੇਂਦਰ ਆਏ ਮਿਲ ਗਏ, ਪੂਰਨ ਨੇ ਆਖਿਆ, ”ਪੂਰੇ ਪੈਰ੍ਹੇ ਲਿਖ ਦੇਂਦੇ, ਮੈਂ ਗਾਉਂਦਾ। ਹੁਣ ਮੈਂ ਏਨਾ ਕੁ ਗਾ ਕੇ ਹੀ ਗੁਜ਼ਾਰਾ ਕਰ ਲੈਂਦਾ ਹਾਂ… ਹਾਏ.. ਬਾਜੀਆਂ-ਬਾਜੀਆਂ ਤੀਵੀਆਂ…। ਸ਼ਾਹਕੋਟੀ ਖਲੋਤਾ ਹੀ ਗਾਉਣ ਲੱਗ ਪਿਆ। ਸਤਿਆਰਥੀ ਅਜਿਹਾ ਨਿਹਾਲ ਹੋਇਆ ਕਿ ਪੂਰਨ ਦੇ ਪਿਛਿਉਂ ਹੀ ਨਾ ਲੱਥਣ ਚ ਆਵੇ। ਇੱਕ ਵਾਰ ਸੁਰਜੀਤ ਰਾਮਪੁਰੀ ਨੇ ਇੱਕ ਖ਼ਤ ਵਿੱਚ ਸ਼ਾਹਕੋਟੀ ਨੂੰ ਲਿਖ ਭੇਜਿਆ : ”ਗਾਉਣ ਵਾਲਿਓ, ਸ਼ਾਇਰਾਂ ਦੇ ਪਰਾਂ ਉੱਤੇ ਉੱਡਣਾ ਸਿੱਖੋ।’ ’ (ਹਰੀ ਸਿਆਹੀਚ ਉਕਰੀਆਂ ਉਪਰੋਕਤ ਸਤਰਾਂ ਅੱਜ ਵੀ ਪੂਰਨ ਨੇ ਸਾਂਭੀਆਂ ਹੋਈਆਂ ਹਨ)
ਅਬਾਦਪੁਰੇ ਪੂਰਨ ਸ਼ਾਹਕੋਟੀ ਦੀ ਕੁੱਲੀ ਮਸ਼ਹੂਰ ਹੋ ਗਈ। ਆਉਣ-ਜਾਣ ਵਾਲਿਆਂ ਅਦੀਬ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ।
ਇੱਕ ਦਿਨ ਪੂਰਨ ਸ਼ਾਹਕੋਟੀ ਬਾਹਰੋਂ ਤੁਰਦਾ-ਫਿਰਦਾ ਘਰ ਵੜਿਆ ਹੀ ਸੀ ਕਿ ਉਸ ਦੇਖਿਆ ਕਿ ਇੱਕ ਛੋਟਾ ਜਿਹਾ ਮੁੰਡਾ, ਬਾਰਾਂ ਕੁ ਸਾਲ ਉਮਰ, ਬੜਾ ਹੀ ਸੁਹਣਾ, ਅੰਗਰੇਜ਼ਾਂ ਦੇ ਜੁਆਕਾਂ ਵਰਗਾ, ਵਾਲ ਉਹਦੇ ਸਿਰ ਦੇ ਭੂਰੇ, ਭੋਲਾ-ਭਲਾ ਜਿਹਾ, ਉਹਦੇ ਘਰ ਆਏ ਬੈਠੇ ਹਨ, ਨਾਲ ਉਸ ਮੁੰਡੇ ਦੇ ਉਹਦਾ ਬਾਪੂ ਵੀ ਹੈ। ਸ਼ਾਹਕੋਟੀ ਦਾ ਸਾਰਾ ਪਰਿਵਾਰ ਵੀ ਬੈਠਾ ਹੋਇਆ ਹੈ। ਪੂਰਨ ਦੇ ਬਾਪ ਨੰਜੂ ਨੇ ਕਿਹਾ, ”ਪੁੱਤਰ ਪੂਰਨ, ਏਹ ਭਾਈ ਸਾਹਿਬ ਦਾ ਨਾਂ ਅਰਜਨ ਸਿੰਘ ਏ, ਇਹ ਸਫੀਪੁਰ ਤੋਂ ਆਏ ਨੇ। ਏਸ ਬੱਚੇ ਨੂੰ ਤੇਰਾ ਸ਼ਾਗਿਰਦ ਪਾਉਣ ਲਈ। ”ਬਾਪੂ! ਮੈਂ ਇਹਨੂੰ ਸ਼ਿਸ਼ ਕਿੱਦਾਂ ਬਣਾਵਾਂਗਾ, ਮੈਂ ਤੇ ਹਾਲੇ ਆਪ ਸਿਖ ਰਿਹਾਂ…।
ਸਾਰਿਆਂ ਵੱਲੋਂ ਜ਼ੋਰ ਦੇਣ ਤੇ, ”ਕੋੲਂੀ ਨਹੀਂ ਐਸੀ ਗੱਲ, ਬੱਚੇ ਨੂੰ ਸ਼ਾਗਿਰਦ ਬਣਾ ਅਪਣਾ।’ ’ ਪੂਰਨ ਸ਼ਾਹਕੋਟੀ ਨੇ ਮੰਨ ਲਿਆ। ਉਸ ਆਖਿਆ,”ਬੇਟਾ ਸੁਣਾ ਕੁਝ ਮੈਨੂੰ।’ ’ ਇਹ ਸੁਣਦੇ ਸਾਰ ਮੁੰਡੇ ਨੇ ਅਪਣੇ ਝੋਲੇ ਵਿਚੋਂ ਤੂੰਬੀ ਕੱਢੀ, ਪੂਰਨ ਨੇ ਲਾਗੇ ਪਿਆ ਬਾਜਾ ਤੂੰਬੀ ਦੀ ਸੁਰ ਨਾਲ ਮੇਲਿਆ, ਪੂਰਨ ਦੇ ਭਰਾ ਰੇਸ਼ੀ ਨੇ ਢੋਲਕ ਗੋਡੇ ਹੇਠ ਲੈ ਲਈ। ਮੁੰਡਾ ਤੁੂੰਬੀ ਉੱਤੇ ਗਾ ਰਿਹਾ ਸੀ : ਅਪਣੇ ਨੂੰ ਰੋਂਦਾ ਏ, ਕੋਈ ਕਿਸੇ ਲਈ ਨਹੀਂ ਰੋ ਰਿਹਾ ਅੱਖਾਂ ਨਾਲ ਵੇਖੋ, ਏਸ ਜੱਗਤੇ ਕੀ ਹੋ ਰਿਹਾ…
ਉਸਤਾਦ ਲਾਲ ਚੰਦ ਯਮਲਾ ਜੱਟ ਦੀ ਗਾਇਕੀ ਵਾਲਾ ਰੰਗ ਸੀ। ਸੁਰ ਮਿੱਠਾ ਤੇ ਵੈਰਾਗ ਭਰਿਆ ਸੀ, ਲਫ਼ਜ਼ ਵੀ ਦਰਦੀਲੇ ਸਨ। ਮੁੰਡਾ ਐਨ ਰੁੂਹ ਨਾਲ ਗਾ ਰਿਹਾ ਸੀ। ਸਭਨਾਂ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਪੂਰਨ ਸ਼ਾਹਕੋਟੀ ਬਾਜੇ ਦਾ ਪੱਖਾ ਫੇਰਦਾ-ਫੇਰਦਾ ਤੇ ਰੇਸ਼ੀ ਢੋਲਕ ਵਜਾਉਂਦਾ-ਵਜਾਉਂਦਾ, ਅਪਣੇ ਅੱਥਰੂ ਪੂੰਝ ਲੈਂਦੇ ਸਨ। ਲਾਗੇ ਬੈਠੀ, ਮਾਂ ਲਾਜੋ ਤੇ ਬਾਪੂ ਨੰਜੂ ਹੋਰੀਂ ਵੀ ਰੋ ਰਹੇ ਸਨ। ਗੀਤ ਮੁੱਕਿਆ, ਪੂਰਨ ਬੋਲਿਆ, ”ਪੁੱਤ ਹੋਰ ਗਾ, ਇਹੋ ਗਾ ਹੋਰ। ਮੁੰਡਾ ਫੇਰ ਗਾਉਣ ਲੱਗਿਆ। ਕਈ-ਕਈ ਵਾਰ ਇਹੋ ਗੀਤ ਸੁਣਿਆ ਗਿਆ ਉਸ ਪਾਸੋਂ। ਪੂਰਨ ਨੇ ਪੁੱਛਿਆ, ”ਬੇਟਾ ਤੇਰਾ ਨਾਂ ਕੀ ਏ?
”ਜੀ ਗੁਰੂ ਜੀ, ਮੇਰਾ ਨਾਂ ਹੰਸ ਰਾਜ ਏ। ”ਇੱਥੇ ਕਿੱਦਾਂ ਆ ਗਿਆ?
”ਗੁਰੂ ਜੀ, ਮੈਨੂੰ ਜਗਤਾਰ ਪਰਵਾਨਾ ਜੀ ਨੇ ਭੇਜਿਆ ਏ ਆਪ ਜੀ ਕੋਲ, ਮੈਨੂੰ ਅਪਣਾ ਸ਼ਾਗਿਰਦ ਪਾ ਲਵੋ ਜੀ।ਮੁੰਡੇ ਨੇ ਪੋਲਾ ਜਿਹਾ ਮੂੰਹ ਬਣਾ ਕੇ ਆਖਿਆ। ”ਪੁੱਤਰ ਹੰਸ ਰਾਜ। ਸ਼ਾਗਿਰਦ ਤਾਂ ਕੀ, ਮੈਨੂੰ ਢਿੱਡੋਂ ਜੰਮਿਆਂ ਈ ਲੱਗਦਾ ਏਂ ਤੂੰ।
ਉਸ ਦਿਨ ਹੰਸ ਰਾਜ ਅਪਣੇ ਪਿਤਾ ਨਾਲ ਵਾਪਸ ਪਿੰਡ ਮੁੜ ਪਿਆ। ਦੂਸਰੇ ਦਿਨ ਇਕੱਲਾ ਹੀ ਆ ਗਿਆ। ਆਣ ਕੇ ਪੁੱਛਦਾ ਹੈ, ”ਵਾਜਾ ਕਿਥੋਂ ਮਿਲਦਾ ਏ ਗੁਰੂ ਜੀ? ਪੂਰਨ ਦੀ ਨੀਤ ਫਿੱਟ ਗਈ ਸੀ। ਉਹਦਾ ਪੁਰਾਣਾ ਬਾਜਾ ਅੜੀਆਂ-ਫੜੀਆਂ ਕਰਨ ਲੱਗ ਪਿਆ ਸੀ, ਖਰਾਬ ਹੀ ਰਹਿੰਦਾ। ਉਸ ਨੇ ਸੋਚਿਆ, ”ਏਹ ਬਾਜਾ ਹੰਸ ਰਾਜ ਨੂੰ ਵੇਚਿਆ ਜਾਏ। ਇਹਦੇ ਵਾਲੇ ਤੇ ਕੁਝ ਪੈਸੇ ਹੋਰ ਪਾ ਕੇ… ਮੈਂ ਨਵਾਂ ਲੈ ਲਵਾਂਗਾ।
ਦੋ ਕੁ ਦਿਨਾਂ ਮਗਰੋਂ ਹੰਸ ਰਾਜ ਇਕ ਸੌ ਸੱਤ ਰੁਪਏ ਪੂਰਨ ਸ਼ਾਹਕੋਟੀ ਨੂੰ ਦੇ ਕੇ ਬਾਜਾ ਅਪਣੇ ਪਿੰਡ ਲੈ ਗਿਆ। ਪੂਰਨ ਨੇ ਅਪਣੇ ਲਈ ਨਵਾਂ ਬਾਜਾ ਲੈ ਆਂਦਾ।
ਪੂਰਨ ਸ਼ਾਹਕੋਟੀ ਅੱਖਾਂ ਭਰ ਕੇ ਤੇ ਪੀੜ ਪਰੁੱਚਿਆ ਜਿਹਾ ਹੋ ਕੇ ਆਖਦਾ ਹੈ :
”ਹਾਏ, ਹਾਏ! ਮੈਂ ਹੰਸ ਨਾਲ ਓਦਣ ਇੰਝ ਕੀਤੀ ਸੀ… ਹਾਏ, ਕਿਉਂ ਕੀਤੀ ਮੈਂ ਇੰਝ ਓਸ ਨਾਲ, ਧੋਖਾ…?’ ’

ਮਹਿਤਪੁਰ ਵਿਖੇ ਇੱਕ ਪ੍ਰੋਗਰਾਮ ਸੀ। ਹੰਸ ਬਾਜਾ ਲੈ ਕੇ ਪੂਰਨ ਦੇ ਬਰਾਬਰ ਬੈਠਾ ਹੋਇਆ ਸੀ। ਕੁਵਾਲੀ ਗਾ ਰਹੇ ਸਨ। ਇੱਕ ਸੁਰ ਬੜਾ ਔਖਾ ਸੀ। ਹੰਸ ਤੋਂ ਦੋ ਕੁ ਵਾਰੀ ਸੁਰ ਥਿੜਕਿਆ। ਪੂਰਨ ਨੇ ਅਣਗੌਲਿਆਂ ਕਰ ਦਿੱਤਾ। ਜਦ ਤੀਜੀ ਵਾਰੀ ਥਿੜਕਿਆ ਤਾਂ ਪੂਰਨ ਨੇ ਐਸੀ ਘੂਰੀ ਵੱਟੀ ਤੇ ਕੜਕਿਆ, ”ਚਲੋ ਏਥੋਂ, ਸਾਹਮਣੇ ਬੈਠ ਕੇ ਸੁਣ ਮੈਨੂੰ।ਪੂਰਨ ਨੂੰ ਬੇਅੰਤ ਗੁੱਸਾ ਚੜ੍ਹਿਆ ਹੋਇਆ ਸੀ। ਹੰਸ ਡਰ ਗਿਆ ਤੇ ਉੱਠ ਕੇ ਸਾਹਮਣੇ ਬੈਠ ਗਿਆ। ਜਿੰਨਾ ਚਿਰ ਗਾਈ ਗਏ, ਉਹ ਸੁਣੀ ਗਿਆ। ਰੋ-ਰੋ ਕੇ ਅੱਖਾਂ ਸੁਜਾ ਲਈਆਂ, ਘਰ ਮੁੜੇ ਤਾਂ ਮਾਂ ਲਾਜੋ ਨੇ ਪੁੱਛਿਆ,’ਪੁੱਤਰ, ਰੋਇਆ ਕਿਉਂ ਏ? ਉਸ ਰੋਂਦੇ ਹੀ ਦੱਸਿਆ, ”ਮਾਂ, ਅੱਜ ਮੇਰੇ ਮੂਰਖ ਦੀ ਵਜ੍ਹਾ ਕਾਰਣ ਮੇਰੇ ਗੁਰੂ ਜੀ ਦੀ ਆਤਮਾ ਨੂੰ ਠੇਸ ਪੁੱਜੀ ਏ… ਮੈਂ ਤਦੇ ਰੋਨਾਂ…।’ ’

ਪੂਰਨ ਸ਼ਾਹਕੋਟੀ ਅਪਣੀ ਕਲਾ ਵਿਚ ਮਸਤ ਸੀ। ਉਹ ਨਹੀਂ ਸੀ ਜਾਣਦਾ ਕਿ ਆਉਣ ਵਾਲਾ ਸਮਾਂ ਉਸ ਲਈ ਵੰਨ ਸੁਵੰਨੇ ਤੇ ਭੈੜੇ ਚੰਗੇ ਦਿਨ ਲੈ ਕੇ ਆ ਰਿਹਾ ਹੈ।

ਬਠਿੰਡਾ ਵਿਖੇ ਦੂਰਦਰਸ਼ਨ ਕੇਂਦਰ ਦਾ ਉਦਘਾਟਨ ਹੋਣਾ ਹੈ। ਉੱਥੇ ਹੋਣ ਵਾਲੇ ਸੰਗੀਤਕ ਪ੍ਰੋਗਰਾਮਾਂ ਲਈ ਪੂਰਨ ਸ਼ਾਹਕੋਟੀ ਮੁੱਖ ਸਲਾਹਕਾਰ ਹੈ। ਇਸ ਲਈ ਕਲਾਕਾਰਾਂ ਦੀ ਤਿਆਰੀ ਕਰਵਾਉਣ ਖਾਤਰ ਉਹ ਦੂਰਦਰਸ਼ਨ ਜਲੰਧਰ ਦੇ ਰਿਹਰਸਲ ਰੂਮ ਵਿੱਚ ਅਪਣੇ ਬੱਚਿਆਂ ਨਾਲ ਪੁੱਜਾ ਹੋਇਆ ਹੈ। ਸਲੀਮ ਵੀ ਨਾਲ ਹੈ। ਬਠਿੰਡਾ ਵਿਖੇ ਹੋਣ ਵਾਲੇ ਸਮਾਗਮ ਵਿਚ ਇਕ ਦਿਨ ਹੀ ਵਿਚਾਲੇ ਰਹਿੰਦਾ ਹੈ। ਪੂਰਨ ਬਾਜਾ ਵਜਾ ਰਿਹਾ ਹੈ ਤੇ ਉਹਦੇ ਬਰਾਬਰ ਬੈਠਾ ਬਾਰਾਂ ਕੁ ਵਰਿ੍ਹਆਂ ਦਾ ਸਲੀਮ ਅਪਣੇ ਗੋਡੇ ਉੱਪਰ ਹੱਥ ਥਪਥਪਾ ਕੇ ਨਾਲ ਨਾਲ ਤਾਲ ਦੇਣ ਲੱਗਿਆ ਹੈ। ਦੂਰਦਰਸ਼ਨ ਕੇਂਦਰ ਦੇ ਅਧਿਕਾਰੀ ਸੰਤੋਸ਼ ਮਿਸ਼ਰਾ ਦੀ ਨਿਗ੍ਹਾ ਸਲੀਮ ਉੱਤੇ ਜਾ ਟਿਕੀ, ਇੰਜ ਕਰ ਰਿਹਾ ਛੋਟਾ ਜਿਹਾ ਬਾਲ ਉਸ ਨੂੰ ਬੜਾ ਚੰਗਾ ਲੱਗਿਆ।

”ਪੂਰਨ! ਏਹ ਬੱਚਾ ਕੌਣ ਹੈ? ”ਏਹ ਮੇਰਾ ਬੇਟਾ ਸਲੀਮ ਏ ਜੀ।

”ਏਹ ਵੀ ਗਾ ਲੈਂਦਾ ਏ?ਮਿਸ਼ਰਾ ਨੇ ਪੁੱਛਿਆ। ਪੂਰਨ ਸ਼ਾਹਕੋਟੀ ਦੇ ਹਾਂ ਜਾਂ ਨਾਂਹ ਕਰਨ ਤੋਂ ਪਹਿਲੋਂ ਹੀ ਸਲੀਮ ਬੋਲ ਪਿਆ, ”ਹਾਂ ਜੀ, ਮੈਂ ਵੀ ਗਾ ਲੈਨਾ ਆਂ।

ਪੂਰਨ ਇਕਦਮ ਹੈਰਾਨ ਹੋਇਆ, ਉਹਨੇ ਕਿੱਥੇ ਸੁਣਿਆ ਸੀ ਸਲੀਮ ਗਾਉਂਦਾ। ਸਲੀਮ ਕਿਤੇ ਨੁਸਰਤ ਸਾਹਿਬ ਨੂੰ ਯਾਦ ਕਰੀ ਫਿਰਦਾ ਸੀ ਆਪ-ਮੁਹਾਰਾ। ”ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ। ਮਿਸ਼ਰਾ ਨੇ ਕਿਹਾ, ”ਗਾ ਬੇਟਾ, ਜੇ ਗਾ ਲਏਂਗਾ ਤਾਂ।

ਸਲੀਮ ਨੇ ਪੂਰਨ ਨੂੰ ਕਿਹਾ, ”ਡੈਡੀ ਜੀ, ਸੁਰ ਰੱਖੋ ਤੁਸੀਂ। ਹਾਜ਼ਰ ਸਰੋਤੇ, ਕਲਾਕਾਰ ਤੇ ਅਫਸਰ ਹੈਰਾਨ ਸਨ। ਜਦ ਉਸ ਇਹੋ ਗਾਇਆ, ‘ਮਾਹੀਆ ਮੈਨੂੰ ਯਾਦ ਆਂਵਦਾ, ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ। ਤਾਂ ਕਿਆ ਕਮਾਲ ਹੋਈ। ਬਾਗੋ ਬਾਗ ਹੋ ਗਏ। ਸਭ ਨੇ ਬਾਹਵਾਂ ਉੱਚੀਆਂ ਕਰ ਕੇ ਪ੍ਰਵਾਨਗੀ ਦਿੱਤੀ ਕਿ, ”ਬਠਿੰਡੇ ਵਾਲੇ ਸਮਾਗਮ ਵਿੱਚ ਸਲੀਮ ਜ਼ਰੂਰ ਗਾਵੇ। ਚੰਗਾ ਇਕੱਠ ਹੈ। ”ਵਸਦਾ ਰਹੇ ਪੰਜਾਬ, ਪਹਿਲਾਂ ਬੈਲੇ ਹੋਇਆ ਤੇ ਫਿਰ ਰੌਣਕੀ ਰਾਮ (ਬਲਵਿੰਦਰ ਬਿੱਕੀ) ਸਲੀਮ ਨੂੰ ਅਪਣੇ ਮੋਢਿਆਂ ਉੱਤੇ ਚੁੱਕੀ ਆ ਰਿਹਾ ਹੈ। ਸਲੀਮ ਦੇ ਨੀਲੇ ਰੰਗ ਦਾ ਚਮਕਦਾਰ ਕੁਰਤਾ-ਪਜਾਮਾ ਪਹਿਨਿਆ ਹੋਇਆ ਹੈ, ਗਿੱਧੇ ਵਾਲੀਆਂ ਕੁੜੀਆਂ ਨੇ ਉਸ ਨੂੰ ਮੇਕਅਪ ਕਰ ਕੇ ਹੋਰ ਵੀ ਸ਼ਿੰਗਾਰ ਦਿੱਤਾ ਹੈ, ਸਲੀਮ ਗਾ ਰਿਹਾ ਹੈ :
ਮਾਹੀਆ ਮੈਨੂੰ ਯਾਦ ਆਂਵਦਾ…

ਨਜ਼ਾਰੇ ਲਿਆ ਦਿੱਤੇ ਹਨ। ਅਸ਼-ਅਸ਼ ਕੀਤੀ ਲੋਕਾਂ। ਪ੍ਰੋਗਰਾਮ ਨਾਲੋ-ਨਾਲ ਟੀ ਵੀ ਟੈਲੀਕਾਸਟ ਹੋ ਰਿਹਾ ਹੈ। ਉਸ ਦਿਨ ਤੋਂ ਸਲੀਮ ਗਾਇਕੀ ਦੇ ਅੰਬਰ ਉੱਤੇ ਚੜ੍ਹ ਕੇ ਲੋਕ ਮਨਾਂ ਤੇ ਛਾ ਗਿਆ। ਪੂਰਨ ਬੜਾ ਪ੍ਰਸੰਨ ਸੀ। ਸਲੀਮ ਦਿਨੋ ਦਿਨ ਖੁੱਲ੍ਹਦਾ ਜਾ ਰਿਹਾ ਸੀ। ਵੱਡੇ-ਵੱਡੇ ਕਲਾਕਾਰ ਹੈਰਾਨ ਹੋਣ ਲੱਗੇ। ਪੂਰਨ ਡਰਦਾ, ”ਕਿਧਰੇ ਨਜ਼ਰ ਈ ਨਾ ਲੱਗ ਜਾਏ।’ ’ ਪੂਰਨ ਸੋਚਦਾ, ”ਹੁਣ ਮੇਰੇ ਦਿਨ ਫਿਰਨਗੇ, ਗਰੀਬੀ ਨਿਕਲੇਗੀ। ਸਲੀਮ ਪੈਸੇ ਕਮਾਏਗਾ, ਸੌਖੇ ਹੋ ਜਾਵਾਂਗੇ।’ ’ 1990 ਸੀ। ਪੂਰਨ ਸ਼ਾਹਕੋਟੀ ਨੇ ਨਵਾਂ ਹੀਰੋ ਹਾਂਡਾ ਖਰੀਦ ਲਿਆ। ਵੀਰਵਾਰ ਦੇ ਦਿਨ ਉਹ ਨਕੋਦਰ ਵਾਲੇ ਬਾਬਾ ਜੀ ਦੀ ਸੁੱਖਣਾ ਲਾਹੁਣ ਲਈ ਚੱਲ ਪਿਆ, ਹੀਰੋ ਹਾਂਡੇ ਉੱਤੇ ਚੜ੍ਹ ਕੇ। ਉਸ ਦੇ ਨਾਲ ਮਥਰੋ ਤੇ ਸਲੀਮ ਵੀ ਬੈਠੇ ਸਨ। ਬਾਬਾ ਜੀ ਦੇ ਦਰਸ਼ਨ ਕਰਕੇ ਤੇ ਪ੍ਰਸ਼ਾਦਿ ਲੈ ਕੇ ਉਹ ਜਲੰਧਰ ਨੂੰ ਪਰਤ ਗਏ, ਨਿੱਕੀ-ਨਿੱਕੀ ਕਣੀ ਦਾ ਮੀਂਹ ਪੈਣ ਲੱਗਿਆ। ਨਕੋਦਰ, ਜਲੰਧਰ ਰੋਡ ਵਾਲੀ ਚੁੰਗੀ ਪੁਲ ਤੋਂ ਮੋੜ ਮੁੜਦਿਆਂ ਉਹ ਭੱਜੇ ਆ ਰਹੇ ਇਕ ਟਰੱਕ ਨਾਲ ਟਕਰਾ ਗਏ। ਪੂਰਨ ਲਾਸ਼ ਵਾਂਗ ਪਿਆ ਸੀ ਤੇ ਮਥਰੋ ਵੀ ਬੇਹੋਸ਼ ਸੀ। ਸਲੀਮ ਬਾਲ ਨੂੰ ਕੀ ਸੁਝਦਾ। ਉਹ ਲੋਕਾਂ ਦੀ ਭੀੜ ਅੱਗੇ ਤਰਲੇ ਕਰ ਰਿਹਾ ਸੀ, ”ਮੇਰੇ ਡੈਡੀ ਮੰਮੀ ਨੂੰ ਬਚਾ ਲੋ ਜੀ, ਹਾਏ ਡੈਡੀ, ਹਾਏ ਮੰਮੀ।’ ’ ਪਰ ਭੀੜ ਖਲੋਤੀ ਦੇਖ ਰਹੀ ਸੀ, ਕੁਝ ਜਾ-ਆ ਰਹੇ ਸਨ। ਕੋਈ ਹੱਥ ਨਹੀਂ ਸੀ ਪਾ ਰਿਹਾ। ਮਥਰੋ ਦੀ ਹੋਸ਼ ਸੰਭਲੀ ਤਾਂ ਉੱਠ ਕੇ ਉਹ ਵੀ ਕੁਰਲਾਣ ਲੱਗੀ, ”ਏ ਵੇ ਪੂਰਨਾ, ਬੋਲ ਤੇ ਸਈ…।’ ’ ਪੂਰਨ ਪਿਆ ਹੋਇਆ ਸੀ। ਉਸਦਾ ਜਭ੍ਹਾੜਾ ਬੁਰੀ ਤਰ੍ਹਾਂ ਫਟ ਗਿਆ ਸੀ। ਸੱਜੀ ਲੱਤ ਬੁਰੀ ਤਰ੍ਹਾਂ ਟੁੱਟ ਗਈ ਸੀ। ਦੋ ਜਾਣੂੰ ਮੁੰਡਿਆਂ ਨੇ ਸਲੀਮ ਰੋਂਦਾ ਦੇਖਿਆ ਤੇ ਫਿਰ ਪੂਰਨ ਨੂੰ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ। ਸਭ ਜਾਣਦੇ ਹੀ ਸਨ ਕਿ ਪੂਰਨ ਸ਼ਾਹਕੋਟੀ ਹੈ। ਡਾਕਟਰ ਵੀ ਰੋਵੇ, ਨਰਸ ਤੋਂ ਵੀ ਉਹਦਾ ਬਿਗੜਿਆ ਹਾਲ ਦੇਖਿਆ ਨਾ ਜਾਏ। ਪੂਰਨ ਦਾ ਸਹੁਰਾ ਮੰਨ੍ਹਾਂ ਆਖਦਾ, ”ਏਹਨੂੰ ਜੇ ਬਚਾਉਣਾ ਈਂ ਤਾਂ ਨਿਜ਼ਾਮੂਦੀਨ ਦੇ ਲੈ ਚੱਲੀਏ ਮਲੇਰਕੋਟਲੇ ਨੂੰ।’ ’ ਡਾਕਟਰ ਨੇ ਆਖਿਆ, ”ਲੱਤ ਨੂੰ ਠੀਕ ਕਰਵਾ ਕੇ ਕੀ ਕਰੋਂਗੇ, ਪਹਿਲੋਂ ਮੂੰਹ ਤਾਂ ਠੀਕ ਕਰਵਾਓ, ਮੂੰਹ ਜ਼ਰੂਰੀ ਏ ਕਿ ਲੱਤ? ਪੂਰਨ ਨੇ ਜੂਸ ਮੰਗਿਆ, ਜਦ ਲਿਆ ਕੇ ਮੂੰਹ ਵਿੱਚ ਪਾਇਆ ਗਿਆ ਤਾਂ ਫਟੇ ਜਭ੍ਹਾੜੇ ਕਾਰਣ ਬਾਹਰ ਹੀ ਡੁੱਲ੍ਹ ਗਿਆ। ਉੱਥੋਂ ਫਿਰ ਡਾ. ਸ਼ੰਗਾਰਾ ਸਿੰਘ ਕੋਲ ਜਲੰਧਰ ਲਿਆਂਦਾ ਗਿਆ। ਸ਼ੰਗਾਰਾ ਸਿੰਘ ਨੇ ਚੰਗੇ-ਢੰਗ ਨਾਲ ਇਲਾਜ ਕੀਤਾ। ਹੰਸ ਰਾਜ ਰੋਂਦਾ, ਪੂਰਨ ਆਖਦਾ, ”ਬੇਟਿਆ, ਹੁਣ ਮੈਂ ਠੀਕ ਆਂ, ਤੂੰ ਰੋ ਨਾ… ਮੈਨੂੰ ਛੁੱਟੀ ਦੁਆ ਕੇ ਘਰੇ ਲੈ ਚੱਲ, ਮੈਂ ਬਚ ਗਿਆ।’ ’ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਡਾ. ਵਾਲੀਆ ਨੇ ਬੜੀ ਮੱਦਦ ਕੀਤੀ। ਪੂਰਨ ਦੀ ਲੱਤ ਵਿੱਚ ਨੇਲ ਪਾਏ ਗਏ। ਕਈ ਬੋਤਲਾਂ ਖੂਨ ਚੜ੍ਹਾਇਆ। ਉਹਦਾ ਸੁਰਾਂ ਨਾਲੋਂ ਵਿਛੋੜਾ ਪੈ ਗਿਆ ਸੀ। ਉਹ ਪਿਆ ਤੜਫਦਾ ਰਹਿੰਦਾ। ਉਹਨੂੰ ਜਾਪਦਾ, ”ਹੁਣ ਪਾਗਲ ਹੋ ਜਾਵਾਂਗਾ, ਇਵੇਂ ਈ ਮੌਤ ਹੋ ਜਾਏਗੀ, ਹਾਏ, ਰੱਬਾ! ਏਹ ਕੀ ਰੰਗ ਵਿਖਾਇਆ… ਮੈਂ ਪਾਗਲ ਨਾ ਹੋਵਾਂ… ਏ ਸੁਰੋ… ਏ ਰਾਗੋ… ਏ ਸ਼ਬਦੋ… ਆਓ ਮੇਰੇ ਕੋਲ… ਮੇਰੇ ਕੋਲੋਂ ਦੂਰ ਕਿਉਂ ਚਲੇ ਗਏ ਓ…?’ ’ ਡਾਕਟਰ ਪਲੱਸਤਰ ਲਾਉਂਦੇ, ਉਹ ਕੂਕਾਂ ਮਾਰਨ ਲੱਗਦਾ, ਲਾਗੇ-ਚਾਗੇ ਦੇ ਮਰੀਜ਼ ਗੱਲਾਂ ਕਰਦੇ, ”ਏਹ ਸ਼ਾਹਕੋਟੀ ਹੈ, ਜੇਹੜਾ ਟੀ.ਵੀ. ਉੱਤੇ ਗਾਉਂਦਾ ਹੈ, ਬਿਚਾਰਾ ਮਰਦਾ-ਮਰਦਾ ਮਸੀਂ ਬਚਿਆ ਹੈ…।’ ’ ਉਹ ਸੇਬ ਕੱਟਣ ਲਈ ਰੱਖੀ ਛੁਰੀ ਚੁਕ ਕੇ ਅਪਣੇ ਪਲੱਸਤਰ ਕੱਟਣ ਲੱਗਦਾ, ਨਰਸਾਂ ਰੋਕਦੀਆਂ ਤਾਂ ਉਹਨਾਂ ਨੂੰ ਵੀ ਬੁਰਾ-ਭਲਾ ਬੋਲਦਾ। ਸਭ ਉਸਦੇ ਚਹੇਤੇ ਸਨ, ਇਸ ਲਈ ਕੋਈ ਬੁਰਾ ਨਹੀਂ ਸੀ ਮਨਾਉਂਦਾ। ਇਕ ਦਿਨ ਤਾਂ ਕਹਿਰ ਹੀ ਹੋ ਜਾਣਾ ਸੀ, ਪੂਰਨ ਦਿਮਾਗੀ ਤੌਰਤੇ ਬੁਰੀ ਤਰ੍ਹਾਂ ਹਿੱਲ ਚੁੱਕਾ ਸੀ। ਉਸ ਛੁਰੀ ਚੁੱਕੀ ਤੇ ਲਾਗੇ ਖਲੋਤੀ ਨਰਸ ਦੇ ਖੋਭਣ ਲੱਗਾ, ਫੜ੍ਹ ਲਿਆ ਗਿਆ।

ਉਸਦੀ ਹਿਫਾਜ਼ਤ ਹੁੰਦੀ ਰਹੀ, ਕੁਝ ਠੀਕ ਹੋਇਆ। ਵੈਸਾਖੀਆਂ ਤੋਂ ਬਿਨਾ ਟੁਰਨਾ ਔਖਾ ਸੀ। ਉਹ ਅਪਣੇ ਟੇਢੇ ਹੋਏ ਤਬਲੇ ਵੱਲ ਘੂਰ-ਘੂਰ ਕੇ ਝਾਕਦਾ ਤੇ ਮੂੰਹ ਵਿੱਚ ਇਹੋ ਬੁੜਬੁੜਾਉਂਦਾ ਰਹਿੰਦਾ, ”ਤਬਲੇ ਮੂਧੇ ਨਾ ਵੱਜਦੇ ਤਾਂ ਚੰਗਾ ਸੀ… ਤਬਲੇ ਮੂਧੇ ਨਾ ਵਜਦੇ ਤਾਂ ਚੰਗਾ ਸੀ…।’ ’ ਮਥਰੋਂ ਉਸਦਾ ਭੋਰਾ ਭਰ ਵੀ ਵਸਾਹ ਨਾ ਖਾਂਦੀ। ਪੂਰਨ ਰਾਜ਼ੀ ਹੋ ਕੇ ਸਲੀਮ ਨਾਲ ਨਿੱਕੇ-ਮੋਟੇ ਪ੍ਰੋਗਰਾਮਾਂ ਉੱਤੇ ਜਾਣ ਲੱਗ ਪਿਆ।

ਪੂਰਨ ਸ਼ਾਹਕੋਟੀ ਦੇ ਕੁਝ ਨੇੜਲੇ ਮਿੱਤਰਾਂ ਦੀ ਮਿਹਨਤ ਨੇ ਰੰਗ ਲਿਆਂਦਾ। ਉਹਨਾਂ ਮਿੱਤਰਾਂ ਦੇ ਯਤਨਾਂ ਸਦਕਾ ਸਲੀਮ ਦੀ ਕੈਸਿਟ ‘ਚਰਖੇ ਦੀ ਘੂਕ’ ਪੇਸ਼ ਹੋਈ। ਸਲੀਮ ਸਟਾਰ ਬਣ ਗਿਆ। ਪ੍ਰੋਗਰਾਮ ਏਨੇ ਕਿ ਬੇਹਿਸਾਬੇ, ਦਿਨ-ਰਾਤ ਪ੍ਰੋਗਰਾਮ। ਸਲੀਮ ਨੇ ਉਹਦੇ ਸਾਰੇ ਧੋਣੇ ਧੋ ਸੁੱਟੇ। ਸੌਖੇ ਹੋਏ। ਘਰ ਚੰਗਾ ਬਣ ਗਿਆ। ਕਾਰਾਂ ਲੈ ਲਈਆਂ। ਕੰਪਨੀਆਂ ਵਾਲਿਆਂ ਉਹਦੇ ਘਰ ਵੱਲ ਵਹੀਰਾਂ ਘੱਤ ਲਈਆਂ, ਜਿਹੜੇ ਕਦੀ ਖੁੰਝੇ-ਖੁੰਝਾਏ ਤੇ ਭੁੱਲ-ਭੁਲੇਖੇ ਵੀ ਪੂਰਨ ਦੀ ਗਲੀ ਨਹੀਂ ਸਨ ਲੰਘੇ, ਉਹ ਮਿੰਨਤਾਂ ਕਰਨ ਲੱਗੇ, ”ਸਲੀਮ ਦੀ ਕੈਸਿਟ ਅਸਾਂ ਕਰਨੀ ਏਂ, ਮੰਗੋ ਕੀ ਚਾਹੀਦੈ ਮੂੰਹੋਂ ਮੰਗੋ…।’ ’

ਆਕਾਸ਼ਵਾਣੀ ਵਿੱਚ ਇਕ ਮੁਲਾਕਾਤ ਵਿੱਚ ਪੂਰਨ ਸ਼ਾਹਕੋਟੀ ਆਖ ਰਿਹਾ ਸੀ, ”ਮੈਂ ਗਾਣੇ ਨਾਲ ਇਸ਼ਕ ਕਰ ਰਿਹਾਂ… ਕਲਾ ਨੂੰ ਪੂਜਾ ਮੰਨ ਕੇ ਤੁਰਿਆ ਸਾਂ…ਮੇਰਾ ਜੀਵਨ ਕਲਾ ਲਈ ਹੈ…ਕਲਾ ਦੀ ਭਰਪੂਰਤਾ ਵਿੱਚ ਹੀ ਮੈਨੂੰ ਆਨੰਦ ਆਉਂਦਾ ਹੈ…ਭੁੱਖਾ ਭਾਵੇਂ ਮਰ ਜਾਵਾਂ, ਮਾੜਾ ਨਹੀਂ ਗਾਉਣਾ…।’ ’

ਸਪੱਸ਼ਟ ਹੈ ਕਿ ਉਸ ਨੇ ਪੈਸੇ ਖਾਤਰ ਨਹੀਂ ਗਾਇਆ। ਗਾਉਂਦਿਆਂ-ਗਾਉਂਦਿਆਂ ਜੋ ‘ਤਿਲ-ਫੁਲ ਮਿਲ ਗਿਆ ਉਸ ਨਾਲ ਗੁਜ਼ਾਰਾ ਟਪਾ ਲਿਆ। ਹੁਣ ਵੀ ਇਵੇਂ ਹੀ ਹੈ, ਸਲੀਮ ਗਾਉਂਦਾ ਹੈ, ਜਿਹੜੇ ਕੁਝ ਪੈਸੇ ਪ੍ਰੋਗਰਾਮ ਦੇ ਲਭਦੇ ਹਨ, ਉਹਦੇ ਨਾਲ ਵੱਡੇ ਪਰਿਵਾਰ ਦੀ ਆਈ-ਚਲਾਈ ਚਲਦੀ ਹੈ। ਜੇ ਪ੍ਰੋਗਰਾਮ ਨਾ ਵੀ ਮਿਲੇ ਤਾਂ ਘਰ ਤਾਂ ਚਲਾਉਣਾ ਹੀ ਹੋਇਆ, ਕੋਈ ਗਹਿਣਾ ਵਗੈਰਾ ਧਰਕੇ ਪੈਸੇ ਪ੍ਰਾਪਤ ਕਰ ਲੈਂਦੇ ਹਨ, ਪ੍ਰੋਗਰਾਮ ਮਿਲਣ ’ ਤੇ ਗਹਿਣਾ ਛੁਡਵਾ ਲਿਆ ਜਾਂਦਾ ਹੈ। ਹੁਣ ਤਾਂ ਸਲੀਮ ਦੀ ਬੱਲੇ-ਬੱਲੇ ਹੈ। ਉਹ ਵੱਡੇ-ਵੱਡੇ ਗਵੱਈਆਂ ਦੇ ਕੰਨ ਕੁਤਰਦਾ ਹੈ ਤੇ ਮਸ਼ਕਰੀਆਂ ਵੀ ਗੁੱਝੀਆਂ ਕਰਦਾ ਹੈ। ਬਹੁਤ ਸਾਰੇ ਹਿੱਟ ਗੀਤ ਗਾ ਚੁੱਕਾ ਹੇ ਤੇ ਫਿਲਮਾਂ ਲਈ ਵੀ ਗਾ ਰਿਹਾ ਹੈ।

ਪੂਰਨ ਸ਼ਾਹਕੋਟੀ ਦੀ ਭਾਵੁਕਤਾ ਦੀ ਥਾਹ ਕੋਈ ਨਹੀਂ, ਦੋ ਮਿੰਟ ਪਹਿਲੋਂ ਉਹ ਧਮਕੀ ਦੇ ਰਿਹਾ ਹੈ, ”ਜ਼ਾਲਿਮ! ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ… ਗੋਲੀ ਮਾਰ ਸੁੱਟ੍ਹਾਂਗਾਂ… ਭੈਣ ਲਿਆ ਖਸਮਾਂ। ਦੋ ਮਿੰਟ ਮਗਰੋਂ, ਉਸੇ ਆਦਮੀ ਨੂੰ ਜੱਫੀ ਵਿੱਚ ਲੈ ਕੇ ਆਖ ਰਿਹਾ ਹੈ, ”ਤੂੰ ਮੇਰੀ ਜਾਨ ਆਂ… ਤੇਰੇ ਨਾ ਆਉਣ ’ ਤੇ ਮੈਂ ਡਾਹਢਾ ਉਦਾਸ ਹੋ ਜਾਨਾਂ… ਹਾਏ। ਤੇਰੀ ਕੀ ਸੇਵਾ ਹੋਵੇ… ਉਏ ਮੁੰਡਿਓ, ਕੁੜੇ ਕੁੜੀਓ, ਨੀਂ ਮਥਰੋ, ਆਹ ਲਿਆਓ, ਅਹੁ ਲਿਆਓ… ਫਟਾਫਟ ਹਾਜ਼ਰ ਕਰੋ ਇਹ ਸਭ ਚੀਜ਼ਾਂ… ਮੇਰਾ ਹੁਕਮ ਆਂ, ਪੂਰਨ ਦਾ ਹੁਕਮ…। ਸੇਵਾ ਕਰੋ, ਘਰ ਮਹਿਮਾਨ ਆਇਐ… ਭੱਜੋ … ਭੱਜੋ…।
ਉਸਦਾ ਹੁਕਮ ਸੁਣ ਕੇ ਘਰ ਦੇ ਸਾਰੇ ਜੀਅ ਇੱਧਰ ਉੱਧਰ ਭੱਜਣ ਲੱਗਦੇ ਹਨ, ਮਥਰੋ, ਪਰਵੇਜ਼, ਸਲੀਮ, ਨੀਲਮ ਤੇ ਹੋਰ ਸਾਰੇ ਚੇਲੇ-ਬਾਲਕੇ।
ਸਲੀਮ ਦਾ ਵਿਆਹ ਗਰਮੀਆਂ ਦੀ ਰੁੱਤ ਵਿਚ ਸੀ। ਪੂਰਨ ਕੇਵਲ ਧੋਤੀ ਬੰਨ੍ਹ ਕੇ ਹੀ ਬਰਾਤੇ ਗਿਆ, ਨੰਗੇ ਪਿੰਡੇ, ਨੰਗੇ ਪੈਰੀਂ, ਗਲ ਵਿਚ ਮਾਲਾ।
ਕਈ ਵਾਰ, ਅੱਧੀ ਰਾਤ ਨੂੰ ਉਹ ਆਖੇਗਾ, ”ਨੀਂ ਮਥਰੋ, ਉੱਠ, ਉੱਠ ਕੇ ਸੇਵੀਆਂ ਬਣਾ ਕੁੜੇ… ਮੇਰਾ ਸੇਵੀਆਂ ਖਾਣ ਨੂੰ ਬਹੁਤ ਈ ਜੀ ਕਰਦਾ। ਮੈਂ ਪੁੱਛਿਆ, ”ਕਿਸ-ਕਿਸ ਦਾ ਕੀ-ਕੀ ਸੁਣਦੇ ਓ?

ਉਸ ਇਕੋ ਸਾਹੇ ਸਭ ਦੇ ਨਾਂ ਗਿਣਵਾ ਦਿੱਤੇ, ”ਮੈਂ ਪੰਡਤ ਜਸਰਾਜ ਜੀ, ਬੇਗਮ ਪ੍ਰਵੀਨ, ਸੁਲਤਾਨਾ ਸਾਹਿਬਾਂ, ਭੀਮ ਸੈਨ ਜੋਸ਼ੀ ਦਾ ਗਾਇਨ ਸੁਣਦਾ ਹਾਂ, ਇਨ੍ਹਾਂ ਸਾਰਿਆਂ ਦੀਆਂ ਟੇਪਾਂ ਨੇ ਮੇਰੇ ਕੋਲ…ਇਹ ਸੱਪ ਨੇ ਸੱਪ! ਖ਼ਤਰਨਾਕ…ਹਰੀ ਪ੍ਰਸ਼ਾਦਿ ਚੌਰਸੀਆ ਦੀ ਬੰਸਰੀ ਸੁਣਦਾ ਹਾਂ ਤੇ ਜ਼ਾਕਿਰ ਖਾਂ ਸਾਹਿਬ ਦਾ ਤਬਲਾ… ਅਮਜ਼ਦ ਅਲੀ ਖਾਂ ਸਾਹਿਬ ਦੀ ਸਰੋਦ ਤੇ ਪੰਡਤ ਸ਼ਿਵ ਕੁਮਾਰ ਸ਼ਰਮਾ ਦਾ ਸੰਤੂਰ ਸੁਣ ਕੇ ਰੂਹ ਨਸ਼ਿਆਉਂਦਾ ਹਾਂ…ਉਸਤਾਦ ਬਿਸਮਿੱਲਾ ਖਾਂ ਦੀ ਸ਼ਹਿਨਾਈ ਤੇ ਐਮ ਰਾਜਨ ਬੀਬਾ ਦਾ ਵਾਇਲਨ… ਇਕਾਂਤ ਤੇ ਇਕਾਗਰਤਾ ਵੀ ਮੇਰੀ ਖੁਰਾਕ ਨੇ ਪਰ ਇਹ ਬੜਾ ਘੱਟ ਮਿਲਦੇ ਨੇ… ਏਹ ਮੇਰੇ ਕੋਲੋਂ ਖੋਹਣ ਲਈ ਬੜੇ ਲੋਕੀਂ ਆਉਂਦੇ ਨੇ… ਹਾਭ੍ਹੜੇ ਹੋਏ, ਹਲ੍ਹਕੇ ਹੋਏ, ਕਲਾਕਾਰ ਢੂੰਡਦਾ ਹਾਂ ਗਲੀ ਵਿੱਚ ਫਿਰਦੇ ਮੰਗਤੇ ਨੂੰ ਘਰ ਸੱਦ ਕੇ, ਉਹਦੀ ਸੇਵਾ ਕਰਕੇ ਉਹਤੋਂ ਗਾਣਾ ਸੁਣਦਾ ਹਾਂ, ਜੇ ਉਹ ਸੱਚੀਓਂ ਈ ਕਲਾਕਾਰ ਹੋਵੇ ਉਹਦੇ ਪੈਰੀਂ ਡਿੱਗ ਪੈਂਦਾ ਹਾਂ…ਏਦਾਂ ਮੈਂ ਬੜੇ ਕਲਾਕਾਰ ਲੱਭੇ ਨੇ…ਇਹੋ-ਜਿਹੇ ਬੜੇ ਖ਼ਤਰਨਾਕ ਹੁੰਦੇ ਨੇ, ਸੁਰੱਈਏ… ਦੁਰਲਭ ਸੁਰਾਂ ਸਾਂਭੀ ਫਿਰਦੇ ਹੁੰਦੇ ਨੇ! ਜ਼ਾਲਿਮ … ਤਬਾਹ ਕਰ ਸੁੱਟਣ ਵਾਲੇ…ਜੇਹੜੇ ਸਵੇਰੇ-ਸਵੇਰੇ ਮੰਗਦੇ ਆ, ਮੂੰਹ ਨ੍ਹੇਰੇ ਗਾਉਂਦੇ ਆ… ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿੰਬਲਾ ਤੂੰ ਮਾਣ ਨਾ ਕਰੀਂ… ਉਹੋ ਜਿਹੇ ਬੋਲ… ਹੋਰ ਬੜਾ ਕੁਝ।’ ’

ਜਦ ਮੈਂ ਜਲੰਧਰੋਂ ਅਪਣੇ ਪਿੰਡ ਆ ਗਿਆ ਤਾਂ ਸ਼ਾਹਕੋਟੀ ਨਾਲ ਮੇਲ-ਗੇਲ ਘਟ ਹੋ ਗਿਆ। ਮੈਂ ਉਹਨੂੰ ਪੋਸਟ-ਕਾਰਡ ਵੀ ਲਿਖਦਾ ਤੇ ਫ਼ੋਨ ਵੀ ਕਰਦਾ। ਇੱਕ ਦਿਨ ਕਿਸੇ ਜੁਆਕ ਨੇ ਫ਼ੋਨ ਚੁੱਕਿਆ ਤੇ ਕਿਹਾ, “ਭਾਪਾ ਜੀ ਆਹ ਗੱਲ ਕਰੋ…ਘੁਗਿਆਣਵੀ ਨਾਲ।” ਹੋਲਡ ਫ਼ੋਨ ਵਿੱਚੋਂ ਵਾਜ ਆਈ ਉਸਤਾਦ ਜੀ ਦੀ- “ਕਹਿ ਦਿਓ ਕਿ ਮੈਂ ਘਰ ਨਹੀਂ।” ਮੇਰਾ ਮਨ ਬੁਝ ਜਿਹਾ ਗਿਆ। ਮੈਨੂੰ ਇਹ ਵੀ ਗ਼ਿਲਾ ਹੈ ਕਿ ਉਸਤਾਦ ਜੀ ਦੀਆਂ ਬਹੁਤ ਮੁਲਾਕਾਤਾਂ ਛਪਦੀਆਂ ਨੇ ਪਰ ਕਦੇ ਉਹਨਾਂ ਲਿਖੀ ਗਈ ਕਿਤਾਬ ਦਾ ਜ਼ਿਕਰ ਨਹੀਂ ਕੀਤਾ। ਖੈਰ…।
ਬੜੇ ਚਿਰ ਬਾਅਦ, ਇੱਕ ਦਿਨ ਮੈਂ ਉਹਨੂੰ ਮਿਲਣ ਗਿਆ। ਹਾਲੇ ਉਹਦੇ ਕਮਰੇ ਵਿੱਚ ਵੜਨ ਹੀ ਲੱਗਾ ਸਾਂ ਕਿ ਮੰਜੇ ਉੱਤੇ ਬੈਠੇ ਨੇ ਉਹਨੇ ਇਤਨੀਂ ਉੱਚੀ ਤੇ ਲੰਬੀ ਕੂਕ ਮਾਰੀ ਕਿ ਸੁਣਦੇ ਸਾਰ ਹੀ ਮੈਂ ਪਿਛਾਂਹ ਨੂੰ ਭੱਜ ਲਿਆ। ਮੈਂ ਡਰਿਆ ਹੋਇਆ ਭੱਜ ਰਿਹਾ ਸਾਂ। ਬੀਬੀ ਮਥਰੋ ਨੇ ਪਿੱਛਿਓਂ ਆਵਾਜ਼ ਮਾਰ ਕੇ ਆਖਿਆ… ”ਵੇ ਪੁੱਤਰ ਮੁੜ ਆ… ਮੁੜ ਆ। ਕੁਛ ਨ੍ਹੀ ਆਂਹਦਾ ਪੂਰਨ ਤੈਨੂੰ, ਇਹ ਤਾਂ ਅੱਜ ਮੌਜ ’ ਚ ਆਇਆ… ਤਦੇ ਈ ਚੀਕ ਮਾਰੀ ਆ…।’ ’
ਜਦ ਮੈਂ ਕੋਲ ਗਿਆ ਤਾਂ ਉਸ ਜੱਫੀ ਵਿੱਚ ਲੈ ਕੇ ਆਖਿਆ, ”ਮੇਰੇ ਬੇਟੇ, ਮੈਂ ਜਦ ਤੈਨੂੰ ਵੇਖਿਆ, ਬੂਹੇ ਵੜਿਆ… ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਈ ਨਾ ਰਿਹਾ, ਬੇਟਾ, ਮੈਂ ਉਦਾਸ ਸਾਂ, ਬੜਾ ਉਦਾਸ ਸਾਂ ਤੈਨੂੰ ਦੇਖ ਚਾਅ ਚੜ੍ਹ ਗਿਆ…ਮੇਰਾ ਬੱਚਾ ਕਿੱਥੇ ਰਿਹਾ ਏਨਾ ਚਿਰ?ਮੇਰਾ ਦਿਲ ਖੁਸ਼ ਹੋਵੇ ਤਾਂ ਮੈਂ ਚੀਕਾਂ ਮਾਰਦਾਂ… ਤੈਨੂੰ ਪਤਾ ਤਾਂ ਹੈ।

ਨਿੰਦਰ ਘੁਗਿਆਣਵੀ



LEAVE A REPLY

Please enter your comment!
Please enter your name here

spot_img

Related articles

Free Spin Veren Siteler +100 Bedava Dönüş Kazandıran Siteler

Evet, ücretsiz çevirmelerinizi kullanmaya başlamadan önce bir online casino sitesine kaydolmanız gerekecek. Pek çok kumarhane para yatırmanızı istemez,...

Nejlepší Online Casino Legální České Stránky 2024

Nejlepší Online Casino Legální České Stránky 2024""John & Co On Line Casino Tourbillon 44 Logistik Watch In Dark-colored...

Mostbet Giriş ️ Resmi Casino Empieza Spor Bahisler

Mostbet Giriş ️ Resmi Casino Empieza Spor BahisleriMostbet Türkiye Uygulaması Mostbet Türkiyede Bahis Ve Slot Oyunları Için 1...

تنزيل 1xbet => جميع إصدارات 1xbet V 1116560 تطبيقات المراهنات + مكافأة مجاني

تنزيل 1xbet => جميع إصدارات 1xbet V 1116560 تطبيقات المراهنات + مكافأة مجانية"1xbet لـ Android قم بتنزيل تطبيق...
error: Content is protected !!