ਮਾਸੀ ਦੇਵੀ
ਪਰ੍ਹਾਂ–
ਖ਼ਲਾਅ ਵਿਚ ਦੇਖਦਾਂ
ਬੈਠੀ ਹੈ ਮਾਸੀ ਦੇਵੀ
ਚੁਲ੍ਹੇ ’ਚ ਭਰ ਰਹੀ
ਲੱਕੜ ਦਾ ਬੂਰਾ
ਰੋਟੀਆਂ ਦੇ ਆਹਰ ਲਈ
‘ਰਾਜੇ ਹੁੰਦੇ ਸਾਂ ਮੁਲਤਾਨ’
ਅੱਖਾਂ ਭਰ ਕੇ ਸੁਣਾਂਦੀ ਸੀ–
ਜਦੋਂ ਲਾਲੇ ਨੂੰ ਦਿਹਾੜੀ ਪਿੱਛੋਂ
ਖ਼ਾਲੀ ਮੁੜਦਿਆਂ ਦੇਖਦੀ
ਖੇਡਦੇ-
ਅਕਸਰ ਅਸੀਂ ਉਸ ਦੀ
ਛੱਤ ਥੱਲੇ ਦਿੱਤੀਆਂ
ਥੰਮ੍ਹੀਆਂ ਪਿੱਛੇ ਜਾ ਲੁਕਦੇ
ਲੋਕਾਂ ਦੀ ਮੈਲ ਧੋ ਕੇ
ਕਰਦੀ ਸੀ ਜੁਗਾੜ
ਜਦੋਂ ਕੱਪੜੇ ਵੱਧ ਔਂਦੇ
ਖੁਸ਼ ਹੁੰਦੀ
ਸ਼ਾਮੀਂ ਭਖਦੇ ਕੋਲਿਆਂ ਵਾਂਗ
ਦਗ਼ਦਾ ਚਿਹਰਾ-
ਮੁਹੱਲੇ ਦੇ ਸਾਰੇ ਬੱਚਿਆਂ ਦੀ ਮਾਸੀ
ਅਕਸਰ, ਯਾਦ ਔਂਦੀ ਹੈ
ਚੁੱਲ੍ਹੇ ਮੁੱਢ ਬੈਠੀ…
ਮੁਲਤਾਨ ਰਾਜੇ ਹੁੰਦੇ ਸਾਂ, ਪੁੱਤਰਾ!
ਤੇ ਹੁਣ ਮੇਰਾ ਲਾਲਾ
ਹਜਾਮਤਾਂ ਪਿਆ ਕਰਦੈ…
ਮੇਰੇ ਸਿਰ ਤੋਂ ਲੰਘ ਜਾਂਦਾ ਸੀ
ਉਦੋਂ ਇਹ ਗੁੱਝਾ ਵਿਅੰਗ…
ਬਹੁਤ ਦੂਰ ਜਾ ਚੁੱਕੀ ਹੈ, ਦੇਵੀ ਮਾਸੀ,
ਚੇਤਿਆਂ ਤੋਂ ਦੂਰ ਨਹੀਂ ਜਾ ਸਕਿਆ ਕੋਈ
ਖ਼ਰਗੋਸ਼
ਤੁਸੀਂ ਬੋਝੇ ’ਚੋਂ
ਸ਼ਬਦਾਂ ਦੇ ਖ਼ਰਗੋਸ਼
ਕੱਢ ਕੇ
ਤਲੀਆਂ ’ਤੇ ਰੱਖਦੇ ਹੋ
ਤਾਂ ਕਿ
ਉਹਨਾਂ ਨਾਲ ਖੇਡ ਸਕੋ…
ਪਰ ਅਸਲ ਖ਼ਰਗੋਸ਼
ਤੁਹਾਨੂੰ ਦੇਖ ਕੇ
ਝਾੜੀਆਂ ’ਚ ਛੁਪ ਜਾਂਦੇ ਹਨ
ਉਹ ਜਾਣਦੇ ਹਨ
ਤੁਹਾਡੇ ਅੰਦਰ
ਇਕ ‘ਕਾਤਲ’ ਬੈਠਾ ਹੈ….
ਸਮੁੰਦਰ : ਕੁਝ ਕਵਿਤਾਵਾਂ
1.
ਹਰ ਸ਼ਾਮ
ਮੇਰੇ ਹੱਥਾਂ ’ਚ
ਕਿਤਾਬ ਵਾਂਗ ਖੁਲ੍ਹਦਾ ਹੈ ਸਮੁੰਦਰ
ਰਹਿਰਾਸ ਵਾਂਗ ਕਰਦਾਂ
ਜਿਸ ਦੀਆਂ ਲਹਿਰਾਂ ਦਾ ਪਾਠ…
2.
ਮੋਢੇ ’ਤੇ ਜਾਲ਼ ਵਾਂਗ
ਸੁੱਟ ਲਿਆ ਮਛੇਰਨ ਨੇ ਸਮੁੰਦਰ…
ਰੇਤ ’ਚ ਤੜਪਦੀ ਮੱਛਲੀ ਤੋਂ ਵੱਧ
ਕੌਣ ਜਾਣਦਾ ਹੈ ਸਮੁੰਦਰ ਦੀ ਪੀੜ…
3.
ਕਿਸੇ ਲਿਖੀ ਸਮੁੰਦਰ ’ਤੇ ਕਵਿਤਾ
ਕਿਸੇ ਆਲੋਚਨਾ
ਕਿਸੇ ਸਮੁੰਦਰ ਨੂੰ ਕੋਰਸ ’ਚ ਪੜ੍ਹਾਇਆ
ਕਿਸੇ ਲਿਖਿਆ ਥੀਸਿਸ
ਇਹ ਸਾਰੇ ਸ਼ਾਇਰ, ਆਲੋਚਕ, ਪ੍ਰੋਫੈਸਰ
ਤੰਗ ਗਲੀ ਦੇ ਨਿੱਕੇ ਜਿਹੇ ਘੁਰਨਿਆਂ ’ਚ ਰਹਿਣ ਵਾਲੇ
4.
ਹਜ਼ਾਰਾਂ ਸਾਲ ਪਹਿਲਾਂ
ਇਥੇ ਰਿਸ਼ੀ ਨੇ
ਪੀ ਲਿਆ ਸੀ ਇਕੋ ਡੀਕ ’ਚ ਸਮੁੰਦਰ
ਹੁਣ ਇਕ ਮੱਛਲੀ ਨੇ…
ਮੇਰੀ ਪਿਆਸ ਦੇ ਸਫ਼ੇ ’ਤੇ
ਕੌਣ ਲਿਖੇਗਾ ਇਹ ਕਥਾ! …
5.
ਪੇਂਟ ਕਰਦਾ ਹੈ
ਕੈਨਵਸ ’ਤੇ
ਪਿਕਾਸੋ–ਸਮੁੰਦਰ
ਮੈਂ ਪੇਂਟ ਕਰਦਾ ਹਾਂ
ਪਿਕਾਸੋ ਨੂੰ
ਕਿਸ਼ਤੀ ਦੇ ਬਾਦਬਾਨ ’ਤੇ
6.
ਸੁੱਕੇ ਰਹੇ
ਮੇਰੀ ਇੱਛਾ ਦੇ ਸਮੁੰਦਰ …
ਤੜਪਦੀਆਂ ਰਹੀਆਂ
ਮੇਰੀ ਖਾਹਿਸ਼ ਦੀਆਂ ਮੱਛਲੀਆਂ…
ਫ਼ਾਸਲੇ
ਫ਼ਾਸਲੇ ਖ਼ਤਮ ਹੋਏ
ਤਾਂ ਪੌੜੀਆਂ ਸ਼ੁਰੂ ਹੋ ਗਈਆਂ…
ਕਿੰਨੇ ਸਾਲ ਬੀਤ ਗਏ
ਉਹਨੂੰ ਪਤਾ ਹੀ ਨਾ ਲੱਗਾ
ਅਚਾਨਕ
ਇਕ ਸਵੇਰ
ਇਕ ਟੁੱਟੇ ਜਹੇ ਸ਼ੀਸ਼ੇ ’ਚੋਂ
ਉਹਨੂੰ ਅਪਣੀ ਸ਼ਕਲ ਦਿਸ ਪਈ
ਤੇ ਉਹ ਰੋ ਪਿਆ…
ਫੇਰ ਹੱਸਦਿਆਂ-ਹੱਸਦਿਆਂ ਛਾਲ ਮਾਰ ਦਿੱਤੀ!
ਉਹ
ਲਾਸ਼ ਨਾਲ ਸੌਣ ਤੋਂ ਬਾਅਦ
ਉਸ ਨੇ ਗੋਡੇ ਟੇਕੇ-
ਫਿਰ ਉਹ ਉੱਠਿਆ
ਨੁੱਕਰ ’ਚ ਪਈ ਕੁਹਾੜੀ ਚੁੱਕੀ
ਤੇ ਜੰਗਲ ਵਲ ਟੁਰ ਪਿਆ…।