ਸ਼ਬਦ
ਹੁਣੇ-ਹੁਣੇ ਕਾਲੇ ਸਮੁੰਦਰ
ਦੇ ਕੰਨ ’ਚ
ਨਾਰੀਅਲ ਨੇ ਕੁਝ ਕਿਹਾ ਹੈ
ਗਿੱਲੀ ਰੇਤ ’ਤੇ
ਨੰਗੇ ਕੁਆਰੇ ਪੈਰਾਂ ਦੀ ਛਾਪ ਨੇ
ਥਰਥਰਾਹਟ ਛੇੜੀ ਹੈ
ਇਕ ਬੱਚਾ
ਪਤੰਗ ਨਾਲ ਅਕਾਸ਼ ਦੀ ਅਨੰਤਤਾ ’ਚ ਉੱਡ ਗਿਆ ਹੈ
ਪਾਣੀ ਦੀ ਛਲ ਨਾਲ ਆਏ
ਕੁਝ ਸ਼ਬਦ ਚੁੱਕ ਕੇ
ਮੈਂ ਬੋਝੇ ਪਾ ਲਏ ਨੇ….
ਸਮੁੰਦਰ
ਫੁੱਟਪਾਥ ’ਤੇ ਤੁਰਦਾ ਸਮੁੰਦਰ
ਟਰਾਮਾਂ ’ਚ ਦੌੜਦਾ ਸਮੁੰਦਰ
ਲੋਕਾਂ ਦੀ ਜੇਬ ’ਚ ਸਮੁੰਦਰ
ਬੈਗਾਂ ’ਚ ਸਮੁੰਦਰ
ਆਦਮੀ ਦੇ ਅੰਦਰਲਾ
ਸਮੁੰਦਰ ਖ਼ੁਸ਼ਕ ਹੈ….
ਚੰਨ
ਚੱਪੂਆਂ ਦੀ ਸ਼ਪ ਸ਼ਪ…
ਮੱਛੀ ਦੀ ਅੱਖ ’ਚੋਂ
ਭਵਿੱਖ ਪੜ੍ਹਦੇ ਮਛੇਰੇ
ਮੋਢੇ ’ਤੇ ਜਾਲ ਸੁੱਟੀ
ਮਛੇਰਨ ਦੀ ਧੁੰਨੀ ’ਚੋਂ
ਹੌਲੀ-ਹੌਲੀ ਨਿਕਲਦਾ ਚੰਨ….
ਦਰਿਆ
ਮਲ੍ਹਕ-ਮਲ੍ਹਕ ਤੁਰ ਰਿਹਾ ਸਾਂ
ਦੁਪਹਿਰ ਦੀ ਸੁੱਤੀ ਹੋਈ ਧੁੱਪ
ਸਿਰ ’ਤੇ
ਦਸੰਬਰੀ ਅਕਾਸ਼ ਦੀ ਛਤਰੀ
ਉੱਡਦੀਆਂ ਤਿਤਲੀਆਂ
ਮੈਂ ਹੁਣ ਫੇਰ ਇੱਥੇ ਆ ਗਿਆ
ਜਿੱਥੇ ਭਰ-ਵਹਿੰਦਾ ਦਰਿਆ….
ਪੱਥਰ
ਪੱਥਰ ਉਛਾਲਦਾ ਹੈ ਹੱਥਾਂ ’ਤੇ
ਪੱਥਰ ਨੂੰ
ਪੱਥਰ ਨੂੰ
ਛਾਤੀ ਨਾਲ ਘੁੱਟਦਾ ਹੈ ਪੱਥਰ
ਪੱਥਰ ’ਚ ਬਲਦੀ ਹੈ ਉਤੇਜਨਾ
ਪੱਥਰ ਨੂੰ ਚੁੰਮਦਾ ਹੈ ਪੱਥਰ
ਪੱਥਰ ਪੀਸਦਾ ਹੈ ਪੱਥਰ ਨੂੰ
ਸਮਾਧੀ ’ਚ ਉਤਰਦਾ ਹੈ ਪੱਥਰ
ਪੱਥਰ ਕੰਬਦਾ ਹੈ
ਪੱਥਰ ਰੋਂਦਾ ਹੈ
ਪੱਥਰ ਗੌਂਦਾ ਹੈ
ਵਿਛੜ ਕੇ ਜਾ ਰਹੇ ਨੂੰ
ਪਿੱਛੋਂ ’ਵਾਜ ਮਾਰਦਾ ਹੈ ਪੱਥਰ
ਮੁੜ ਆ ਪੱਥਰ
ਪਰਤ ਆ ਪੱਥਰ
ਖ਼ੈਰ ਮੰਗਦਿਆਂ
ਅਚਾਨਕ
ਬਿਜਲੀ ਕੜਕੀ
ਸ਼ਹਿਤੂਤ ਦੀ ਟਾਹਣੀ ਤੋਂ
ਘਬਰਾ ਕੇ ਚਿੜੀ ਉੱਡੀ
‘ਧੱਕ’ ਕਰਕੇ ਰਹਿ ਗਿਆ ਮੇਰਾ ਦਿਲ
ਤੂੰ ਜਿੱਥੇ ਵੀ ਹੋਵੇਂ
ਸੁਖੀ ਹੋਵੇਂ
ਸਮਾਂ
ਮੈਂ ਰੰਦੇ ਨਾਲ
ਸਮੇਂ ਨੂੰ ਘੜਦਾ ਹਾਂ
ਪਹਿਲਾਂ ਗੋਲ ਕਰਦਾਂ
ਫੇਰ ਚੌਰਸ
ਤੇ ਅੰਤ ਨੂੰ ਤਿਕੋਣਾ
ਸਵੇਰ ਤੋਂ ਸ਼ਾਮ ਤੱਕ
ਮੈਂ ਗੁੱਟ ਤੋਂ ਘੜੀ ਲਾਹ
ਸੂਰਜ ਦੀ ਪਿੱਠ ’ਤੇ
ਟੰਗ ਦਿੱਤੀ ਹੈ…
ਰਾਤ
ਰਾਤ ਪਿਛਲੀ ਪੌੜੀ ਤੋਂ
ਉਤਰ ਗਈ ਹੈ
ਤਿੜਕੇ ਚਿਹਰੇ ਵਾਲਾ ਸ਼ੀਸ਼ਾ
ਹੱਸਿਆ ਹੈ
ਸਾਹਮਣੇ ਆ ਖੜ੍ਹਾ ਹੈ
ਇਕ ਹੋਰ
ਬੇਸ਼ਰਮ ਦਿਨ…