ਕੋਲ਼ ਹਵੇਲੀਆਂ ਦੇ
ਚਿੱਟੇ ਬੁਰਜ ਮਸੀਤ ਦੇ
ਕੋਲ ਹਵੇਲੀਆਂ
ਪੌਣ ਸਮੋਏ ਚਾਅ
ਕਰੇ ਅਠਖੇਲੀਆਂ
ਸਗਲੇ ਪਾ ਕੇ ਪੈਰ ਬਾਗੀਂ ਝੂਮਦੀ
ਢੁੱਕੀ ਹੀਰ ਸਿਆਲ
ਲੱਦ ਸਹੇਲੀਆਂ
ਕੀ ਨੈਣਾਂ ’ਤੇ ਜ਼ੋਰ
ਵਾਂਗ ਪਹੇਲੀਆਂ
ਬੁੱਝਣੋਂ ਪਹਿਲੋਂ, ਲੋਚ
ਬਾਅਦ ਕੁਵੇਲੀਆਂ
ਉੱਡਣਾ ਵਿੱਚ ਅਕਾਸ਼ ਜਾਣੀ ਲੋਚਦੀ
ਖੰਭੋਂ ਨਾਜ਼ੁਕ ਨਾਰ
ਕਰੇ ਅਠਖੇਲੀਆਂ।
ਉੱਡਦੇ ਪੰਛੀ ਲੌਣ੍ਹ
ਮਸਤ ਅਲਬੇਲੀਆਂ
ਵਿੱਚ ਸੋਹਣੇ ਦੇ ਬਾਗ
ਚੰਦਨ ਗੇਲੀਆਂ
ਚੜ੍ਹਨ ਛਿਪਣ ਦੀ ਬਾਤ ਸੂਰਜ ਫੱਬਦੀ
ਇਹ ਰਿਸ਼ਮਾਂ ਤੋਂ ਪਾਰ
ਰਿਸ਼ਮ ਨਵੇਲੀਆਂ।
ਜੰਗਲੀਂ ਭਾਉਂਦੇ ਮਿਰਗ
ਵਾਂਗ ਲਚਕੀਲੀਆਂ
ਖੇਡਣ ਪਾਣੀ ਨਾਲ
ਮਸਤ ਨਸ਼ੀਲੀਆਂ
ਕੁਲ ਧਰਤੀ ਦੀ ਸ਼ਾਨ
ਠੋਕਰ ਲੋਚਦੀ
ਬੱਸ ਵੰਞਲੀ ਦੇ ਬੋਲ
ਏ ਜਾਵਣ ਕੀਲੀਆਂ।
ਕਿਣਕਾ ਕੁ ਤੇਰਾ ਸੀ ਨਾਲ
ਸਮੇਂ ਦੀ ਛਾਤੀ
ਡਾਢੀ ਵੇ ਲੋਕਾ!
ਜਰ ਗਿਆ ਪੂਰਾਂ ਦੇ ਪੂਰ।
ਮਿੱਟੀ ‘ਤੇ ਸ਼ਿਕਵਾ
ਉਹਨਾਂ ਦਾ ਫੱਬੇ
ਜਿਨ੍ਹਾਂ ਨੇ ਜਾਣਾ ਨਾ ਦੂਰ।
ਕੱਚੀ ਕਲੀ ਸੀ
ਚਾਵੀਂ ਪਲੀ ਸੀ
ਖੁਸ਼ਬੂ ਦਾ ਚਰਚਾ
ਗਲੀ ਗਲੀ ਸੀ।
ਤੱਕਿਆ ਜ਼ਮਾਨਾ
ਉੱਚੀਆਂ ਸੀ ਨਜ਼ਰਾਂ
ਆਖਣ ਭਲੀ ਸੀ
ਜ਼ਰਾ ਮਨਚਲੀ ਸੀ।
ਸੰਗਾਂ ਤੇ ਸ਼ਰਮਾਂ
ਲੁੱਟਿਆ ਵੇ ਲੋਕਾ
ਭਾਵੇਂ ਬਲੀ ਸੀ
ਫਿਰ ਵੀ ਜਲੀ ਸੀ।
ਸੰਗਾਂ ਦੇ ਸਰਦਲ ’ਤੇ
ਮੰਜ਼ਿਲ ਖਲੀ ਸੀ।
ਜਿੰਦੜੀ ਦਾ ਝੋਰਾ
ਜੀਣਾ ਵੀ ਥੋੜ੍ਹਾ
ਮਿੱਟੀ ਦੇ ਆਂਚਲ ’ਚ
ਸਮਿਆਂ ਦਾ ਸ਼ੋਰਾ
ਖੁਆਬੋ ਉਡੀਕੋ
ਉਹ ਪਰਤੇਗਾ ਪੰਛੀ
ਉਹ ਦੀਦਾਂ ਦੀ ਲੋਰਾ
ਉਹ ਜਲਵੇ ਦਾ ਭੌਰਾ।
ਕਦੀ ਕਦਾਈਂ ਆ
ਯਾਦਾਂ ਦਾ ਰੁਮਕਾ
ਨੈਣਾਂ ’ਚ ਭਰਦਾ ਉਛਾਲ
ਐਵੇਂ ਤੇ ਯਾਰਾ
ਜ਼ਮਾਨਾ ਨਹੀਂ ਕਹਿੰਦਾ
ਕਿਣਕਾ ਕੁ ਤੇਰਾ ਸੀ ਨਾਲ
ਕਿਣਕਾ ਕੁ ਤੇਰਾ ਸੀ ਨਾਲ।।
ਮਨ ਦੀ ਮੌਜ (ਡਿਊਢ)
ਮਨ ਦੀ ਮੌਜ ਹਰਿਆਵਲ ਪਹਿਲੀ
ਸੁਖਨਵਰਾਂ ਨੂੰ ਆਈ
ਵਾਹ ਤੇਰੀ ਵਡਿਆਈ।
ਸਾਵਿਆਂ, ਭਰਿਆਂ ਬਾਗਾਂ ਦੇ ਵਿੱਚ
ਗੂੰਜੇ ਸਿਫ਼ਤ ਸਲਾਈ
ਇਹ ਪੁਰਵਾਈ।
ਮਨ ਦੀ ਮੌਜ ਸ਼ਹਿਦ ਤਾਸੀਰੀ
ਰਾਗੀ ਨਾਦੀ ਪਾਈ
ਸੁਰਤ ਟਿਕਾਈ।
ਖੁੱਲਿ੍ਹਆ ਉੱਚ ਮੰਡਲ ਦਾ ਬੂਹਾ
ਭਿੰਨੜੇ ਬੋਲਾਂ ਗਾਈ
ਸਹਿਜ ਸਮਾਈ।
ਮਨ ਦੀ ਮੌਜ ਕੋਈ ਵਖਰ ਰੰਗੋਲੀ
ਚਿਤਰਪਟੀ ਰੰਗ ਵਾਹਵੇ
ਤੇ ਮਿਟ ਜਾਵੇ।
ਚੁੱਪ ਚੁਫੇਰਿਉਂ ਨੀਲ ਅੰਬਰ ਵਿੱਚ
ਵੰਞਲੀ ਕੋਈ ਬਣਾਵੇ
ਜਮੁਨ ਸਮਾਵੇ।।
ਮਨ ਦੀ ਮੌਜ ਦਰਵੇਸ਼ਾਂ ਦੇ
ਵਿਹੜੇ ਦੀ ਰੁਸ਼ਨਾਈ
ਗੈਬੋਂ ਆਈ।
ਨਿੱਕੀਆਂ ਕਣੀਆਂ ਕਰੇ ਸਮੁੰਦਰ
ਸਾਹਿਬ ਹੱਥ ਵਡਿਆਈ
ਪਰਬਤ, ਰਾਈ।
ਮਨ ਦੀ ਮੌਜ ਸਤਿਗੁਰਾਂ ਵਾਲੀ
ਵਿਰਲਾ ਕੋਈ ਜਾਣੇ
ਦੂਰ ਟਿਕਾਣੇ
ਜੋਗੀ, ਭੋਗੀ, ਤਖਤਾਂ ਦੇ ਰਸ
ਵਣ ਦੇ ਟਿੰਡ ਸਰ੍ਹਾਣੇ
ਸਭ ਕਿਛੁ ਤਾਣੇ।
ਮਨ ਦੀ ਮੌਜ, ਜਿਸ ਦਰ ‘ਤੇ ਵੀ
ਰਾਜ ਰੰਕ ਨਾ ਝੇੜਾ
ਸਭ ਕਿਛ ਤੇਰਾ
ਸਚੁ ਸਿਉਂ ਐਸਾ ਮੂਲ ਪਛਾਤਾ
ਛੇਤੀ ਕਰਉ ਨਿਬੇਰਾ
ਬਹੁਰ ਨਾ ਫੇਰਾ।
ਧਰਤ ਸੁਹਾਗਣ
ਨਿੱਖਰ ਧਰਤੀ ਅਰਸ਼ ਦੀ
ਗਾਵੇ ਨੇਹ ਦੇ ਗੀਤ
ਚੰਨ ਦੁਆਵਾਂ ਦਿੱਤੀਆਂ
ਜੀਣ ਤੁਸਾਂ ਦੇ ਮੀਤ।
ਸਰਘੀ ਦਾ ਛਿਣ ਵੱਖਰਾ
ਸੱਜਰੀ ਸੱਜਰੀ ਪੌਣ
ਕੰਜਕਾਂ ਸੱਜ ਵਿਆਹੀਆਂ
ਪੀਆ ਦੇ ਨਾਂ ਅਲਾਉਣ।
ਧਰਤੀ ਦਾ ਪਿੜ ਰੰਗਲਾ
ਸੂਹੇ ਸੂਹੇ ਵੇਸ
ਕਾਸਦ ਪੌਣਾਂ ਢੁੱਕੀਆਂ
ਲੈ ਪੀਅ ਦਾ ਸੰਦੇਸ਼।
ਨਿਰਮਲ ਜਲ ਦੀ ਤੋਰ ਦੇ
ਸਗਲੇ ਪਾਏ ਪੈਰ
ਵੀਣੀ ਕੇਸੂ ਫੱਬਿਆ
ਪੀਅ ਦੀ ਮੰਗੇ ਖ਼ੈਰ।
ਜਗਮਗ ਜਗਮਗ ਦੀਪ ਦੀ
ਲੋਅ ਦੇ ਰੰਗ ਅਨੰਤ
ਸਾਵੇ ਬਾਗੀਂ ਬੂਰ ਹੋ
ਉਚਾਂ ਮੇਰੇ ਕੰਤ।
ਖਿੱਚੇ ਚਾਨਣ ਪਹਿਰ ਨੂੰ
ਪਾ ਗੀਤਾਂ ਦੀ ਬਾਤ
ਪੱਤਣ ਛੱਡ ਵਿਜੋਗ ਦਾ
ਰੌਸ਼ਨ ਹੋਈ ਰਾਤ।
ਅਰਘ ਚੜ੍ਹੇ ਚੰਨ ਚਾਨਣੀ
ਸਜੀ ਸਖੀ ਦੇ ਬੋਲ:
ਕਿੰਞ ਰਿਝਾਵੇ ਨੰਢੜਾਂ
ਕੰਤ ਨਾ ਜਿਸ ਦੇ ਕੋਲ।
ਧਰਤ ਸੁਹਾਗਣ ਰੱਤੜੀ
ਪੋਟੇ ਪੋਟੇ ਚਾਅ
ਅਰਸ਼ੀਂ ਪ੍ਰੀਤਮ ਲੁਕਿਆ
ਚੰਨ ਦਾ ਰੂਪ ਵਟਾ।