ਮੇਰੀਲਿਨ ਮੁਨਰੋ ਵਾਸਤੇ ਦੁਆ
ਯਾ ਰੱਬ ਇਸ ਕੁੜੀ ਨੂੰ ਅਪਣੇ ਕਦਮਾਂ ਵਿਚ ਥਾਂ ਦੇਵੀਂ
ਜਿਹਨੂੰ ਸਾਰੀ ਦੁਨੀਆ ਮੇਰੀਲਿਨ ਮੁਨਰੋ ਦੇ ਨਾਂ ਨਾਲ਼ ਜਾਣਦੀ ਏ
ਭਾਵੇਂ ਕਿ ਇਹ ਇਹਦਾ ਨਾਂ ਨਹੀਂ ਸੀ
(ਪਰ ਤੂੰ ਤਾਂ ਇਹਦਾ ਅਸਲੀ ਨਾਂ ਜਾਣਦਾ ਏਂ
ਉਸ ਯਤੀਮ ਕੁੜੀ ਦਾ ਨਾਉਂ
ਜਿਹਦੀ ਨੌਂ ਵਰ੍ਹਿਆਂ ਦੀ ਉਮਰੇ ਪੱਤ ਲੁੱਟੀ ਗਈ ਸੀ
ਉਸ ਸ਼ੌਪਗਰਲ ਦਾ ਨਾਉਂ
ਜਿਹੜੀ ਸੋਲਾਂ ਵਰਿ੍ਹਆਂ ਦੀ ਉਮਰੇ ਅਪਣੀ ਜਾਨ ਲੈਣ ਲੱਗੀ ਸੀ)
ਅੱਜ ਇਹ ਤੇਰੇ ਹਜ਼ੂਰ ਮੇਕਅੱਪ ਤੋਂ ਬਿਨਾਂ ਆਈ ਏ
ਅਪਣੇ ਪ੍ਰੈੱਸ ਏਜੰਟ ਤੋਂ ਬਗ਼ੈਰ
ਅਪਣੀਆਂ ਫ਼ੋਟੋਆਂ ਤੋਂ ਬਗ਼ੈਰ
ਇਹ ਅੱਜ ਔਟੋਗਰਾਫ਼ ਦੇਣ ਨਹੀਂ ਆਈ
ਇਹ ਅੱਜ ਇਕੱਲੀ ਉਸ ਹਵਾਬਾਜ਼ ਵਾਂਙ ਆਈ ਏ
ਜਿਹਦੇ ਸਾਹਵੇਂ ਅਨੰਤ ਖ਼ਿਲਾਅ ਦਾ ਸੁੰਨਸਾਨ ਅਨ੍ਹੇਰਾ ਹੁੰਦਾ ਏ
‘ਟਾਈਮ’ ਰਸਾਲੇ ਦੇ ਆਖਣ ਮੂਜਬ
ਜਦ ਇਹ ਨਿੱਕੀ ਹੁੰਦੀ ਸੀ
ਤਾਂ ਇਹਨੂੰ ਸੁਪਨਾ ਆਇਆ ਸੀ ਕਿ ਇਹ ਗਿਰਜੇ ਵਿਚ ਨੰਗੀ ਖੜ੍ਹੀ ਏ
ਇਹਦੇ ਅੱਗੇ ਡੰਡੌਤ ਕਰਦੇ ਬੇਸ਼ੁਮਾਰ ਸ਼ਰਧਾਵਾਨ ਜ਼ਮੀਨ ਨਾਲ਼ ਮੱਥੇ ਰਗੜ ਰਹੇ ਨੇ
ਤੇ ਇਹ ਗਿਰਜੇ ਵਿਚ ਪੱਬਾਂ ਭਾਰ ਤੁਰੀ ਜਾਂਦੀ ਏ
ਮਤੇ ਉਨ੍ਹਾਂ ਸ਼ਰਧਾਲੂਆਂ ਦੀ ਨਜ਼ਰ ਪੈ ਜਾਏ
ਯਾ ਖ਼ੁਦਾ, ਤੂੰ ਸਾਡੇ ਸੁਪਨਿਆਂ ਨੂੰ ਮਾਹਿਰੀਨ-ਨਫ਼ਸੀਆਤ ਨਾਲ਼ੋਂ ਬਿਹਤਰ ਸਮਝਦਾ ਏਂ
ਗਿਰਜਾ ਹੋਵੇ ਜਾਂ ਘਰ ਜਾਂ ਕੋਈ ਗੁਫ਼ਾ
ਇਹ ਸਭ ਕੁੱਖ ਵਾਂਙ ਸਾਨੂੰ ਸਾਂਭੀ ਰਖਦੇ ਨੇ
ਤੇ ਇਸ ਤੋਂ ਵੀ ਵਧ ਕੁਝ ਹੋਰ…
ਜ਼ਾਹਿਰ ਏ, ਉਹ ਸਜਦਾ-ਨਸ਼ੀਂ ਸਿਰ ਸ਼ਾਇਕੀਨ ਨੇ
(ਸਿਨਮੇ ਦੇ ਪਰਦੇ ਦੇ ਨੇਰ੍ਹੇ ਚ ਜੁੜੇ ਬੇਸ਼ੁਮਾਰ ਸਿਰ)
ਪਰ ਉਹ ਗਿਰਜਾ ਟਵੈਂਟੀਅਥ ਸੈਂਚੁਰੀ ਫ਼ੌਕਸ ਦਾ ਸਟੂਡੀਓ ਨਹੀਂ ਏ
ਸੰਗ-ਇ-ਮਰਮਰ ਤੇ ਸੋਨੇ ਦਾ ਬਣਿਆ ਇਹ ਗਿਰਜਾ
ਇਸ ਔਰਤ ਦੇ ਜਿਸਮ ਦਾ ਗਿਰਜਾ ਏ
ਜਿਹਦੇ ਚ ਇਬਨ-ਏ-ਇਨਸਾਨ ਅਪਣੇ ਹੱਥ ਚ ਚਾਬੁਕ ਲਈ ਖੜ੍ਹਾ ਏ
ਜੋ ਟਵੈਂਟੀਅਥ ਸੈਂਚੁਰੀ ਫ਼ੌਕਸ ਦੇ ਪੈਸੇ ਦੇ ਪੁੱਤਾਂ ਨੂੰ
ਇਸ ਗਿਰਜੇ ਚੋਂ ਬਾਹਰ ਕਢ ਰਿਹਾ ਏ
ਜਿਨ੍ਹਾਂ ਤੇਰੀ ਇਬਾਦਤਗਾਹ ਨੂੰ ਚੋਰਾਂ ਦਾ ਅੱਡਾ ਬਣਾਇਆ ਹੋਇਆ ਏ
ਯਾ ਰੱਬ, ਰੇਡੀਓ ਐਕਟੀਵਿਟੀ ਤੇ ਪਾਪ ਨਾਲ਼ ਭਿੱਟੀ ਹੋਈ ਦੁਨੀਆ ਤੋਂ ਆਈ
ਤੂੰ ਇਸ ਸ਼ੌਪਗਰਲ ਨੂੰ ਦੋਸ਼ ਕਤੱਈ ਨਾ ਦੇਵੀਂ
ਜਿਸ ਹਰ ਕਿਸੇ ਸ਼ੌਪਗਰਲ ਵਾਂਙ ਸਟਾਰ ਬਣਨ ਦਾ ਸੁਪਨਾ ਲਿਆ ਸੀ
ਤੇ ਇਹਦਾ ਸੁਪਨਾ ਅਸਲੀਅਤ ਬਣ ਗਿਆ(ਟੈਕਨੀਕਲਰ ਅਸਲੀਅਤ)
ਅਸੀਂ ਜੋ ਅਪਣੀਆਂ ਜ਼ਿੰਦਗੀਆਂ ਦੀ ਸਕ੍ਰਿਪਟ ਇਹਨੂੰ ਦਿੰਦੇ ਰਹੇ
ਇਹ ਉਂਜ ਹੀ ਪੜ੍ਹੀ ਗਈ, ਪਰ ਇਹ ਸਕ੍ਰਿਪਟ ਬੇਮਾਅਨੀ ਸੀ
ਯਾ ਰੱਬ ਇਸ ਕੁੜੀ ਨੂੰ ਮੁਆਫ਼ ਕਰ ਦੇਵੀਂ ਤੇ ਸਾਨੂੰ ਸਾਰਿਆਂ ਨੂੰ ਵੀ
ਸਾਡੀ ਇਸ ਟਵੈਂਟੀਅਥ ਸੈਂਚੁਰੀ ਵਾਸਤੇ
ਅਤੇ ਅਜ਼ੀਮ-ਓ-ਸ਼ਾਨ ਸੁਪਰ ਪ੍ਰੋਡਕਸ਼ਨ ਵਾਸਤੇ
ਜਿਹਨੂੰ ਬਣਾਣ ਚ ਅਸਾਂ ਸਾਰਿਆਂ ਹਿੱਸਾ ਪਾਇਆ ਸੀ
ਇਹ ਕੁੜੀ ਪਿਆਰ ਦੀ ਭੁੱਖੀ ਸੀ
ਤੇ ਅਸੀਂ ਇਹਨੂੰ ਖਾਣ ਨੂੰ ਟ੍ਰੈਂਕਿਉਲਾਈਜ਼ਰਜ਼ ਦਿੰਦੇ ਰਹੇ
ਸਾਨੂੰ ਝੋਰਾ ਸੀ ਅਸੀਂ ਨੇਕੋਕਾਰ ਕਿਉਂ ਨਹੀਂ
ਤੇ ਉਹ ਸਾਨੂੰ ਨਫ਼ਸੀਆਤੀ ਤਜਜ਼ੀਏ ਦੀ ਸਿਫ਼ਾਰਿਸ਼ ਕਰਦੇ ਰਹੇ
ਯਾ ਰੱਬ ਯਾਦ ਰੱਖਣਾ
ਇਸ ਕੁੜੀ ਨੂੰ ਕੈਮਰੇ ਤੋਂ ਬੜਾ ਡਰ ਲਗਦਾ ਸੀ
ਤੇ ਮੇਕਅੱਪ ਤੋਂ ਇਹਨੂੰ ਕਿੰਨੀ ਘਿਣ ਸੀ
(ਭਾਵੇਂ ਹਰ ਸੀਨ ਵਾਸਤੇ ਇਹਨੂੰ ਨਵੇਂ-ਸਿਰਿਓਂ ਮੇਕਅੱਪ ਕਰਨਾ ਪੈਂਦਾ ਸੀ)
ਤੇ ਕਿਵੇਂ ਇਹਦਾ ਡਰ ਵਧਦਾ ਗਿਆ
ਤੇ ਕਿਵੇਂ ਇਹਦੀ ਸਟੂਡੀਓ ਅਪੜਨ ਦੀ ਪਾਬੰਦਗੀ ਘਟਦੀ ਗਈ
ਹਰ ਸ਼ੌਪਗਰਲ ਵਾਂਙ
ਇਹਨੇ ਸਟਾਰ ਬਣਨ ਦਾ ਸੁਪਨਾ ਲਿਆ ਸੀ
ਤੇ ਇਹਦੀ ਜ਼ਿੰਦਗੀ ਉਸ ਸੁਪਨੇ ਵਾਂਙ ਅਸਲੀਅਤ ਤੋਂ ਦੂਰ ਸੀ
ਜਿਹਨੂੰ ਦਿਲਾਂ ਦਾ ਵੈਦ ਪੜ੍ਹ ਕੇ ਫ਼ਾਈਲ ਚ ਟਿਕਾ ਦਿੰਦਾ ਏ
ਇਹਦੀਆਂ ਆਸ਼ਨਾਈਆਂ ਮੁੰਦੀਆਂ ਹੋਈਆਂ ਅੱਖਾਂ ਨਾਲ਼ ਲਈਆਂ ਚੁੰਮੀਆਂ ਸਨ
ਜਦ ਅੱਖਾਂ ਖੁੱਲ੍ਹਦੀਆਂ ਨੇ ਤਾਂ ਪਤਾ ਲਗਦਾ ਏ
ਕਿ ਇਹ ਤਾਂ ਸਪੌਟ ਲਾਈਟਾਂ ਹੇਠ ਹੋਇਆ ਨਾਟਕ ਸੀ
ਹੁਣ ਸਪੌਟ ਲਾਈਟਾਂ ਬੁੱਝ ਗਈਆਂ ਨੇ
ਤੇ ਕਮਰੇ ਦੀਆਂ ਦੋ ਕੰਧਾਂ (ਇਹ ਫ਼ਿਲਮ ਦਾ ਸੈੱਟ ਸੀ) ਖੋਲ੍ਹ ਲਈਆਂ ਗਈਆਂ ਨੇ
ਡਾਇਰੈਕਟਰ ਹੱਥ ਚ ਨੋਟਬੁੱਕ ਫੜੀ ਚਲੇ ਗਿਆ ਏ
ਤੇ ਸੀਨ ਡੱਬਿਆਂ ਚ ਬੰਦ ਹੋ ਗਿਆ ਏ
ਜਾਂ ਇਹ ਚੁੰਮੀਆਂ ਸਮੁੰਦਰੀ ਜਹਾਜ਼ ਦੀ ਸੈਰ
ਸਿੰਘਾਪੁਰ ਦਾ ਬੋਸਾ, ਰੀਓ ਚ ਨੱਚਿਆ ਨਾਚ
ਡੀਊਕ ਐਂਡ ਡੱਚੈੱਸ ਆੱਵ ਵਿੰਡਜ਼ਰ ਦੇ ਮਹਿਲ ਦੀ ਦਾਅਵਤ ਦੀ ਫ਼ਿਲਮ ਵਾਂਙ ਸਨ
ਜੋ ਕੁਹਜੇ ਕਮਰੇ ਦੇ ਉਦਾਸ ਭੱਦੇਪਨ ਵਿਚ ਪਰਦੇ ‘ਤੇ ਵੇਖੀ ਜਾਂਦੀ ਏ
ਫ਼ਿਲਮ ਆਖ਼ਿਰੀ ਚੁੰਮੀ ਦੇ ਬਿਨਾਂ ਈ ਮੁੱਕ ਗਈ
ਇਹ ਬਿਸਤਰੇ ਚ ਮਰੀ ਪਈ ਸੀ ਇਕ ਹੱਥ ਫ਼ੋਨ ‘ਤੇ ਸੀ
ਪੁਲਸ ਦੇ ਸੂਹੀਏ ਇਹ ਜਾਣ ਨ ਸਕੇ ਇਹ ਟੈਲੀਫ਼ੋਨ ‘ਤੇ ਆਖਣਾ ਕੀ ਚਾਂਹਦੀ ਸੀ
ਇਹ ਤਾਂ ਇੰਜ ਸੀ ਜਿਵੇਂ
ਕਿਸੇ ਅਪਣੀ ਇੱਕੋ-ਇਕ ਦੋਸਤ ਆਵਾਜ਼ ਨੂੰ ਡਾਇਲ ਕੀਤਾ ਹੋਵੇ
ਤੇ ਅੱਗੋਂ ਪਹਿਲਾਂ ਰਿਕਾਰਡ ਹੋਈ ਟੇਪ ਬੋਲ ਪਵੇ ਰੌਂਗ ਨੰਬਰ
ਜਾਂ ਧਾੜਵੀਆਂ ਹੱਥੋਂ ਜ਼ਖ਼ਮੀ ਹੋਇਆ
ਕੋਈ ਕੱਟੇ ਹੋਏ ਫ਼ੋਨ ਵਲ ਧਾੱ ਕੇ ਜਾਵੇ
ਯਾ ਰੱਬ
ਜਿਸ ਕਿਸੇ ਨੂੰ ਵੀ
ਇਹ ਫ਼ੋਨ ਕਰਨ ਲੱਗੀ ਸੀ
ਤੇ ਕਰ ਨ ਸਕੀ
(ਤੇ ਖੌਰੇ ਇਹਨੇ ਕਿਸੇ ਨੂੰ ਵੀ ਨਹੀਂ ਸੀ ਕਰਨਾ ਜਾਂ ਉਹਨੂੰ ਫ਼ੋਨ ਕਰਨਾ ਸੀ
ਲੌਸ ਐਂਜਲਸ ਦੀ ਡਾਇਰੈਕਟਰੀ ਚ ਜਿਹਦਾ ਨਾਮ ਸ਼ਾਮਿਲ ਨਹੀਂ ਹੈ)
ਖ਼ੁਦਾਇਆ, ਇਸ ਫ਼ੋਨ ਦਾ ਜਵਾਬ ਦੇਵੀਂ…
ਨੀਲਾ
ਸਭ ਕੁਝ ਨੀਲਾ ਨਜ਼ਰੀਂ ਆਵੇ
ਇਸ ਨਿੱਕੀ-ਜਿਹੀ ਬਾਰੀ ਵਿੱਚੋਂ
ਮਿੱਟੀ ਨੀਲੀ, ਸਬਜ਼ਾ ਨੀਲੀ, ਨੀਲੀ ਜਿਵੇਂ ਅਸਮਾਨ ਹੈ ਨੀਲਾ
ਸਭ ਕੁਝ ਨੀਲਾ ਨਜ਼ਰੀਂ ਆਵੇ
ਨੀਲੱਤਣ ਝੀਲਾਂ, ਨੀਲੇ ਝਰਨੇ ਨੀਲੇ ਮੁੱਖ ਜਵਾਲਾ ਦੇ
ਦਿਸਹੱਦੇ ‘ਤੇ ਧਰਤੀ ਹੋਰ ਵੀ ਨੀਲੀ ਹੁੰਦੀ ਜਾਵੇ
ਨੀਲ ਦੀ ਝੀਲ ਜਜ਼ੀਰੇ ਨੀਲੇ
ਕੈਸਾ ਮੁੱਖੜਾ ਆਜ਼ਾਦ ਸਰਜ਼ਮੀਂ ਦਾ
ਜਿਥੇ ਰਲ਼ ਕੇ ਲੋਕੀਂ ਜੂਝੇ ਪਿਆਰ ਦੀ ਖ਼ਾਤਿਰ ਨਫ਼ਰਤ ਬਾਝੋਂ
ਜ਼ੁਲਮ ਤੋਂ ਵਿਰਵੀ ਜ਼ਿੰਦਗੀ ਖ਼ਾਤਿਰ
ਇਸ ਪਿਆਰੀ ਧਰਤੀ ਦੇ ਉੱਤੇ
ਇਕ ਦੂਜੇ ਨੂੰ ਪਿਆਰਨ ਖ਼ਾਤਿਰ
ਕਿੰਨੀ ਸੁਹਣੀ ਧਰਤੀ ਹੈ ਇਹ
ਧਰਤੀ ਦੇ ਇਨਸਾਨ ਦੀ ਖ਼ਾਤਿਰ
ਦੂਰ ਦਿਸਹੱਦੇ ਤਾਈਂ ਨੀਲੱਤਣ ਛਾਈ
ਜਿਥੇ ਲੋਕੀਂ ਜਾਨਾਂ ਹੂਲ ਗਏ ਸਨ
ਜ਼ੁਲਮ-ਸਿੱਤਮ ਸੀਨੇ ‘ਤੇ ਝੱਲ ਕੇ
ਤਾਂ ਜੁ ਇਸ ਧਰਤੀ ਦੇ ਉੱਤੇ
ਪਿਆਰ ਦੀ ਨਗਰੀ ਵਸਦੀ ਜਾਏ
ਨੀਲੇ ਇਕ ਟੁੱਕੜੇ ਵਿਚ ਕਿੰਨੀ ਸ਼ਿੱਦਤ
ਅੱਖਾਂ ਸਾਹਵੇਂ ਹਰ ਯਲਗ਼ਾਰ ਘੁੰਮ ਰਹੀ ਹੈ
ਤੇ ਇਕ-ਇਕ ਕਰਕੇ ਹਰ ਇਕ ਮੌਤ
ਇਸ ਨਿੱਕੀ-ਜਿਹੀ ਬਾਰੀ ਅੱਗੋਂ ਨੀਲੇ ਸ਼ੀਸ਼ੇ ਵਿੱਚੀਂ
ਸੈਆਂ ਨੀਲ ਰੰਗਾਂ ਦੇ ਵਿਚ ਦੀ…
ਕੱਛੂਕੁੰਮੇ
ਇਹ ਸ਼ਾਂਤ ਮਹਾਸਾਗਰ ਬਹਰ-ਉਲ-ਕਾਹਿਲ ਦੀ ਗੱਲ ਏ
ਨਿਕਰਾਗੁਆ ਦੇ ਸਾਹਿਲ ਵਾਲ਼ੇ ਸਾਗਰ ਦੀ
ਅਸੀਂ ਬੈਠੇ ਲਾਲ ਸਨੈਪਰ ਮੱਛੀਆਂ ਫੜ ਰਹੇ ਸੀ
ਨੀਲੇ ਸਾਗਰ ਵਿਚ ਨੀਲੇ ਆਸਮਾਨ ਹੇਠ
ਨੀਲੀ ਸਿਆਹੀ ਵਰਗਾ ਸੀ ਸਮੁੰਦਰ
ਤੇ ਚਾਨਕ ਅਸੀਂ ਦੋ ਕੱਛੂਕੁੰਮੇ ਵੇਖੇ
ਇਕ ਦੂਜੇ ‘ਤੇ ਚੜ੍ਹੇ ਹੋਏ
ਇਹ ਸਮੁੰਦਰ ਵਿਚ ਸੰਭੋਗ ਜੁਫ਼ਤੀ- ਕਰ ਰਹੇ ਸਨ
ਜਿਵੇਂ ਇਹ ਅਪਣੀ ਨਸਲ ਸ਼ੁਰੂ ਹੋਣ ਵੇਲੇ ਤੋਂ ਕਰ ਰਹੇ ਹੋਣਗੇ
ਅਪਣੀ ਵੇਲ ਹਰੀ ਰਖਣ ਲਈ
ਸਮੁੰਦਰ ਵਿਚ ਇਹ ਕਾਰਜ ਲੱਖਾਂ ਹੀ ਸਾਲਾਂ ਤੋਂ ਹੁੰਦਾ ਆ ਰਿਹਾ ਏ
ਇਨਸਾਨੀ ਨਸਲ ਵਾਸਤੇ ਅਪਣੇ ਪਿਆਰ ਵਾਸਤੇ
ਤੇ ਇਹਦੀ ਆਖ਼ਿਰੀ ਮੰਜ਼ਿਲ ਕਮਿਉਨਿਜ਼ਮ ਵਾਸਤੇ
ਜਿਹਦਾ ਕਾਰਜ ਓਦੋਂ ਤੋਂ ਚਲ ਰਿਹਾ ਏ
ਜਦ ਤੋਂ ਇਹ ਦੁਨੀਆ ਸ਼ੁਰੂ ਹੋਈ ਸੀ
ਅੰਗਰੇਜ਼ੀ ਤੋਂ ਉਲਥਾ : ਅਮਰਜੀਤ ਚੰਦਨ
ਕਾਰਦੇਨਾਲ (ਜਨਮ 1925) ਮਾਰਕਸਵਾਦੀ-ਈਸਾਈ ਪਾਦਰੀ। ਨਿਕਰਾਗੁਆ ਦੀ ਇਨਕਲਾਬੀ ਸਰਕਾਰ ਚ ਕਲਚਰ ਵਜ਼ੀਰ ਹੁੰਦੇ ਸਨ। ਇਨ੍ਹਾਂ ਨੂੰ ਇਸ ਵੇਲੇ ਦਾ ਲਾਤੀਨੀ ਅਮਰੀਕਾ ਦਾ ਮਹਾਨਤਮ ਕਵੀ ਮੰਨਿਆਂ ਜਾਂਦਾ ਹੈ। ਮਈ 2005 ਵਿਚ ਇਨ੍ਹਾਂ ਦਾ ਨਾਂ ਨੋਬੇਲ ਸਾਹਿਤ ਇਨਾਮ ਲਈ ਤਜਵੀਜ਼ ਹੋਇਆ ਸੀ