ਸ੍ਰਿਸ਼ਟੀ
ਬਹੁਤ ਮਿੱਟੀ ਪਿਆਸੀ ਹੈ
ਤਪੀ ਤੇ ਤਪ ਰਹੀ ਮਿੱਟੀ
ਇਹ ਸਭ ਕੁਝ ਬੂੰਦ ਜਾਣੇਗੀ
ਜਦੋਂ ਮਿੱਟੀ ਨੂੰ ਛੋਹੇਗੀ
ਕਿਤੇ ਇਕ ਬੀਜ ਉਗਮੇਗਾ
ਹਵਾ ਵਿਚ ਖ਼ੂਬ ਰੁਮਕੇਗਾ
ਅਗਨ ਮਿੱਟੀ ਤੇ ਪਾਣੀ ਦੇ
ਮਿਲਣ ਦੀ ਗੱਲ ਆਖਣ ਲਈ
ਕਹਾਣੀ ਫਿਰ ਕੋਈ
ਅਕਾਸ਼ ਦੇ ਸੀਨੇ ’ਤੇ ਖਿੱਲਰੇਗੀ
ਸ੍ਰਿਸ਼ਟੀ ਫਿਰ ਰਚੇਗੀ
ਅੱਗ ਕੋਈ ਦੇਰ ਤੱਕ ਬਲਦੀ ਰਹੇਗੀ
ਪੰਨਾ ਚੁੱਰਾਸੀ
ਬੜਾ ਏ ਰੌਲਾ
ਚੁੱਰਾਸੀ ਦੇ ਗੇੜ ਦਾ
ਚਰਚਾ ’ਚ ਏ
ਤੇਰੀ ਕਵਿਤਾ ਦੀ ਕਿਤਾਬ ਦਾ
ਪੰਨਾ ਚੁੱਰਾਸੀ
ਪੰਨੇ ਚੁੱਰਾਸੀ ਤੱਕ ਪੁੱਜ ਗਈ ਹਾਂ
ਅੰਤ ਨੇੜੇ ਹੈ
ਕਵਿਤਾ ਆਪਣੀਆਂ ਸਿਖ਼ਰਾਂ
ਛੋਹ ਰਹੀ….
ਨਾਇਕਾ ਦੀ ਭਿੱਜੀ ਚੁੰਨੀ
ਹਵਾ ’ਚ ਉੱਡਦੀ
ਸੁੱਕਦੀ ਜਾ ਰਹੀ
ਅਜਬ ਸੀਨ ਹੈ ਪੰਨਾ ਚੁੱਰਾਸੀ ‘ਤੇ…
ਹਨੇਰੀ ਵਗ ਰਹੀ ਏ
ਟੁੱਟਦੇ ਪੱਤੇ, ਉੱਡਦੇ ਤਿਣਕੇ
ਆਲ੍ਹਣਿਆਂ ’ਚੋਂ
ਸੁਪਨਿਆਂ ਦੇ ਸਾਰੇ ਰੰਗ
ਚੋਅ ਪਏ ਨੇ
ਮਿੱਟੀ ਨੇ ਸਾਂਭ ਲਏ ਨੇ
ਮਿੱਟੀ ਦਾ ਤਾਂ ਇਕੋ ਰੰਗ
ਇਕੋ ਰੰਗ ਅੰਗ-ਅੰਗ ’ਤੇ ਚੜ੍ਹਿਐ
ਅਜਬ ਸੀਨ ਹੈ ਪੰਨਾ ਚੁੱਰਾਸੀ ‘ਤੇ….
ਸੱਪ
ਦਹਿਲੀਜ਼ ‘ਤੇ ਬੈਠੇ ਸੱਪ
ਮੰਗਦੇ ਸੀ
ਲੰਘਣ ਦੀ ਉਜ਼ਰਤ
ਇਕ ਇਕ ਡੰਗ
ਲੰਘਣਾ ਤਾਂ ਸੀ
ਦਰਵਾਜ਼ਿਆਂ ਤੋਂ ਪਾਰ…
ਪਤਾ ਸੀ
ਰਾਹਾਂ ਦਾ ਹਸ਼ਰ
ਬਾਹਰ ਵੀ
ਜ਼ਰੂਰੀ ਸੀ ਰੁਲਣਾ ਇਕ ਵਾਰ
ਜ਼ਰੂਰੀ ਸੀ
ਤੇਰੇ ਕੋਲ ਆਉਣਾ
ਤੱਕਣਾ ਮੁਸਕੌਣਾ
ਖਲੋਣਾ ਤੇ ਲੰਘ ਜਾਣਾ…
ਕਈ ਵਾਰ
ਖਲੋ ਕੇ ਹੀ ਸਮਝ ਆਉਂਦਾ
ਕਿ ਲੰਘਣ ਲਈ ਖਲੋਣਾ
ਕਿੰਨਾ ਲਾਜ਼ਮੀ ਹੁੰਦਾ
ਪਤਾ ਸੀ
ਮੰਗਤੇ ਦੇ ਕਾਸੇ ’ਚ ਹੁੰਦੈ
ਲਿੱਬੜੀ ਭੁੱਖ ਦਾ ਸੇਕ
ਤੇਰੇ ਹੱਥਾਂ ਦਾ ਸੇਕ…
ਛਿੜੀਆਂ ਕੰਬਣੀਆਂ ਨੂੰ
ਤਾਉਣਾ ਤਾਂ ਸੀ
ਜਿਵੇਂ ਵੀ…।