ਨਿੱਕੀ ਸਲੇਟੀ ਸੜਕ ਕਿਨਾਰੇ
ਪਿੰਡ ਵਸਦਾ, ਜਿਥੇ ਵਸਣ ਪਿਆਰੇ।
ਨਿੱਕੀ ਸਲੇਟੀ ਸੜਕ ਦਾ ਟੋਟਾ
ਓਨਾ ਪਿਆਰਾ, ਜਿੰਨਾ ਛੋਟਾ
ਕੰਨੀਆਂ ਉਤੇ ਬਿਰਛ ਖਲੋਤੇ
ਲੰਮੇ, ਮਧਰੇ, ਛਿਦਰੇ, ਸੰਘਣੇ
ਸੀਹੋਂ,ਕਿੱਕਰ, ਧਰੇਕ, ਫੁਲਾਹੀਆਂ
ਨਾਲ ਅੰਬਾਂ ਸਿਰ ਜੋੜੇ ਖੜ੍ਹੀਆਂ
ਕਿਤੇ ਕਿਤੇ ਹਿੱਲਣ ਮਧ-ਮੱਤੇ
ਸਾਗਵਾਨ ਦੇ ਚੌੜੇ ਪੱਤੇ।
ਘਣੀਆਂ ਘਣੀਆਂ ਗੂੜ੍ਹੀਆਂ ਛਾਵਾਂ
ਵਿਛੀਆਂ ਨੇ ਚਿਤਕਬਰੀਆਂ ਜਿਹੀਆਂ
ਲਗਰਾਂ ਵਿਚ ਜਦ ਬੁੱਲ੍ਹੇ ਖਹਿੰਦੇ
ਬੂਰ ਵਣਾਂ ਦੇ ਝੜ ਝੜ ਪੈਂਦੇ
ਖੇੜੇ ਦੀ ਅਲਸਾਈ ਰੁੱਤੇ
ਨਿੱਕੀ ਸਲੇਟੀ ਸੜਕ ਦੇ ਉਤੇ।
ਨਿੱਕੀ ਸਲੇਟੀ ਸੜਕ ਕਿਨਾਰੇ
ਪਿੰਡ ਵਸਦਾ, ਜਿਥੇ ਵਸਣ ਪਿਆਰੇ।
ਪਹਿਲੀ ਵਾਰ, ਚੇਤਰ ਦੀ ਰੁੱਤੇ
ਅਸੀਂ ਤੁਰੇ ਇਸ ਟੋਟੇ ਉਤੇ
ਠੁਮਕ ਠੁਮਕ ਤੁਰੀਆਂ ਤਰਕਾਲਾਂ
ਉੱਡਣ ਛੱਤੇ ਨਾਜ਼ ਵਿੱਗੁਤੇ
ਨੀਲੀ ਚੁੰਨੀ ਦੇ ਲੜ ਢਿਲਕੇ
ਬੁੱਕਲ ਵਿਚੋਂ ਝੜੇ ਸਿਤਾਰੇ
ਸਜਣਾਂ ਦੇ ਝੁਰਮਟ ਵਿਚ ਕੀਲੇ
ਲੋਰ ਲੋਰ ਵਿਚ ਸੁੱਤ-ਅਣੀਂਦੇ
ਵਾਂਗ ਸ਼ਰਾਬੀ ਖਿੰਡ ਖਿੰਡ ਜਾਂਦੇ
ਹੱਥਾਂ ਦੇ ਨਾਲ ਹੱਥ ਛੁਹਾਂਦੇ
ਪਾ ਪਾ ਪੱਜ, ਬਹਾਨੇ, ਹੀਲੇ
ਨਿੱਕੀ ਸਲੇਟੀ ਸੜਕ ਦੇ ਉਤੇ
ਅਸੀਂ ਤੁਰੇ ਚੇਤਰ ਦੀ ਰੁੱਤੇ।
ਨਿੱਕੀ ਸਲੇਟੀ ਸੜਕ ਕਿਨਾਰੇ
ਪਿੰਡ ਵਸਦਾ, ਜਿਥੇ ਵੱਸਣ ਪਿਆਰੇ।
ਨਿੱਕੀ ਸਲੇਟੀ ਸੜਕ ਦੇ ਉਤੇ
ਫੇਰ ਤੁਰੇ ਭਾਦੋਂ ਦੀ ਰੁੱਤੇ
ਪਹੁ ਨਣਦੀ ਨੇ ਛੇੜ ਛੇੜ ਕੇ
ਸੀ ਭਾਬੋ-ਪਰਭਾਤ ਜਗਾਈ
ਸਿਰ ’ਤੇ ਲੈ ਅੰਬਰਸੀਆ ਲੀੜਾ
ਉੱਠੀ ਸਰਘੀ ਲੈ ਅੰਗੜਾਈ
ਸਿਰ ’ਤੇ ਰਖ ਚਾਨਣ ਦਾ ਭੱਤਾ
ਬੰਨੇ ਬੰਨੇ ਤੁਰੀ ਸਲੇਟੀ।
ਅਸੀਂ ਤੁਰੇ ਭਾਦੋਂ ਦੀ ਰੁੱਤੇ
ਨਿੱਕੀ ਸਲੇਟੀ ਸੜਕ ਦੇ ਉਤੇ
ਇਕ ਸੱਜਣ ਸਾਡੇ ਸੱਜੇ ਪਾਸੇ
ਇਕ ਸੱਜਣ ਸਾਡੇ ਖੱਬੇ ਪਾਸੇ
ਇਕ ਮੁਖੜਾ ਜਿਹੜਾ ਹਸ ਹਸ ਪੈਂਦਾ
ਇਕ ਮੁਖੜਾ ਜਿਦ੍ਹੇ ਨਾਲ ਪ੍ਰੀਤਾਂ
ਤੁਰਦੇ ਤੋਰ ਲਟੋਰਾਂ ਵਾਲੀ
ਝੱਲ ਵੱਲਲੀਆਂ ਕਰਦੇ ਗੱਲਾਂ
ਪੱਛੋਂ ਦੇ ਸਾਹ ਨਿੱਕੇ ਨਿੱਕੇ
ਬਣ ਜਾਂਦੇ ਲਟਬੌਰੇ ਬੁੱਲ੍ਹੇ
ਹੰਸਾਂ ਵਾਂਗੂੰ ਫੜਕਣ ਲੀੜੇ
ਨਿੱਕੀ ਸਲੇਟੀ ਸੜਕ ਦੇ ਉਤੇ।
ਨਿੱਕੀ ਸਲੇਟੀ ਸੜਕ ਦਾ ਟੋਟਾ
ਓਨਾ ਪਿਆਰਾ, ਜਿੰਨਾ ਛੋਟਾ
ਨਿੱਕੀ ਸਲੇਟੀ ਸੜਕ ਕਿਨਾਰੇ
ਪਿੰਡ ਵਸਦਾ, ਜਿਥੇ ਵਸਣ ਪਿਆਰੇ।
ਨਿੱਕੀ ਸਲੇਟੀ ਸੜਕ ਦਾ ਟੋਟਾ
ਜਿਸ ਦੇ ਉਤੇ ਗੂੜ੍ਹੀਆਂ ਛਾਵਾਂ
ਜਿਸ ਦੇ ਉਤੋਂ ਲੰਘਦੇ ਪ੍ਰੇਮੀ
ਜਿਸ ਦੇ ਦੁਆਲੇ ਗੁਟਕਣ ਪੰਛੀ
ਜਿਥੇ ਆਸ਼ਿਕ ਕੌਲ ਕਰੇਂਦੇ
ਜਿਥੇ ਪੁੱਗਣ ਅੱਖੀਆਂ ਲਾਈਆਂ
ਨਿੱਕੀ ਸਲੇਟੀ ਸੜਕ ਕਿਨਾਰੇ
ਪਿੰਡ ਵਸਦਾ, ਜਿਥੇ ਵਸਣ ਪਿਆਰੇ।
ਕਦੇ ਕਦੇ ਇਸ ਟੋਟੇ ਉਤੋਂ
ਉਡੇ ਕਾਂ ਕੋਈ ਕੁਰਲਾਂਦਾ
ਕਦੇ ਕਦੇ ਕੋਈ ਇਲ੍ਹ ਮੰਡਲਾਂਦੀ
ਮਾਰ ਮਾਰ ਲੰਮੀ ਕਲਕਾਰੀ
ਕਦੇ ਕਦੇ ਚਮਗਾਦੜ ਫੜ੍ਹਕੇ
ਕਦੇ ਕਦੇ ਕੋਈ ਵਿਸੀਅਰ ਲੰਘੇ
ਕਦੇ ਕਦੇ ਕੋਈ ਬਿਜਲੀ ਕੜਕੇ
ਕਦੇ ਕਦੇ ਕੋਈ ਬੱਦਲ ਘੋਰੇ।
ਇਸ ਟੋਟੇ ਨੂੰ ਕਿਥੇ ਸਾਂਭਾਂ?
ਇਸ ਟੋਟੇ ਨੂੰ ਕਿਥੇ ਲੁਕਾਵਾਂ?
ਇਸ ਟੋਟੇ ਨੂੰ ਹਿੱਕ ਵਿਚ ਸਾਂਭਾਂ
ਇਸ ਟੋਟੇ ਨੂੰ ਦਿਲ ਵਿਚ ਪਾ ਲਾਂ।
ਕਰੋ ਮਿਆਨਾਂ ਵਿਚ ਤਲਵਾਰਾਂ
ਠਾਕ ਦਿਓ ਰਫ਼ਲਾਂ ਦੇ ਕੁੰਦੇ
ਇਸ ਦੁਨੀਆਂ ’ਚੋਂ ਬੰਬ ਹਟਾਓ
ਇਸ ਦੁਨੀਆਂ ’ਚੋਂ ਜ਼ਹਿਰਾਂ ਚੂਸੋ!
ਇਹ ਦੁਨੀਆਂ ਤਾਂ ਬੜੀ ਪਿਆਰੀ
ਇਹ ਦੁਨੀਆਂ ਫੁੱਲਾਂ ਦੀ ਖਾਰੀ
ਇਸ ਦੁਨੀਆਂ ਵਿਚ ਦੇਸ ਸਜਣ ਦਾ
ਦੇਸ ਕਿ ਜਿਸ ਦੀ ਧੂੜ ਗੁਲਾਬੀ
ਦੇਸ ਕਿ ਜਿਥੇ ਝੁੰਡ ਅੰਬੀਆਂ ਦੇ
ਨਿੱਕੀ ਸਲੇਟੀ ਸੜਕ ਦਾ ਟੋਟਾ।
ਉਸ ਦੁਨੀਆਂ ਵਿਚ ਰੱਤ ਵਹੇਗੀ
ਜਿਸ ਦੁਨੀਆਂ ਵਿਚ ਦੇਸ ਸਜਨ ਦਾ?
ਲਹੂਆਂ ਦੇ ਵਿਚ ਡੁੱਬ ਜਾਏਗਾ
ਨਿੱਕੀ ਸਲੇਟੀ ਸੜਕ ਦਾ ਟੋਟਾ?
ਜਦ ਤਕ ਸਾਡਾ ਸੀਸ ਤਲੀ ’ਤੇ
ਇਹ ਅਨਹੋਣੀ ਹੋ ਨਹੀਂ ਸਕਦੀ
ਜਦ ਤਕ ਦਿਲ ਆਸ਼ਿਕ ਦਾ ਧੜਕੇ
ਪਿਆਰ ਦੀ ਸੁੱਚੀ ਧਰਤੀ ਉਤੇ
ਬੂੰਦ ਲਹੂ ਦੀ ਚੋ ਨਹੀਂ ਸਕਦੀ।
ਨਿੱਕੀ ਸਲੇਟੀ ਸੜਕ ਦਾ ਟੋਟਾ
ਓਨਾ ਪਿਆਰਾ, ਜਿੰਨਾ ਛੋਟਾ।
ਨਿੱਕੀ ਸਲੇਟੀ ਸੜਕ ਕਿਨਾਰੇ
ਪਿੰਡ ਵਸਦਾ, ਜਿਥੇ ਵਸਣ ਪਿਆਰੇ।
(29 ਅਗਸਤ 1956 ‘ਬਿਰਹੜੇ’ ਵਿਚੋਂ)