1988 ਦੀ ਗੱਲ ਹੈ, ਰਾਮਪੁਰਾ ਫੂਲ ਤੋਂ ‘ਪੰਜਾਬੀ ਟ੍ਰਿਬਿਊਨ’ ਵਿਚ ਇਕ ਖ਼ਬਰ ਲੱਗੀ ਕਿ ਪੰਜਾਬ ਵਿਚੋਂ ਅੱਠ ਬੰਦੇ ਬਿਹਾਰ ਵਿਚ ਹੋਣ ਵਾਲੀ ਇਕ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਨ। ਇਹ ਕਾਨਫਰੰਸ ਕਿਸੇ ਕ੍ਰਾਂਤੀਕਾਰੀ ਸੰਗਠਨ ਵੱਲੋਂ ਸੀ। ਅੱਠਾਂ ਬੰਦਿਆਂ ਦੇ ਨਾਂ ਦਿੱਤੇ ਹੋਏ ਸਨ, ਜਿਹਨਾਂ ਵਿਚ ਇਕ ਨਾਂ ਰਾਮ ਸਰੂਪ ਅਣਖੀ ਦਾ ਵੀ ਸੀ। ਆਪਣਾ ਨਾਂ ਪੜ੍ਹ ਕੇ ਪਹਿਲਾਂ ਤਾਂ ਮੈਂ ਹੈਰਾਨ ਹੋਇਆ ਅਤੇ ਸੋਚਣ ਲੱਗਿਆ ਕਿ ਮੇਰਾ ਨਾਂ ਇਹਨਾਂ ਵਿਚ ਕਿਵੇਂ ਆ ਗਿਆ? ਪੰਜਾਬ ਵਿਚ ਮੈਂ ਤਾਂ ਕਿਸੇ ਵੀ ਕ੍ਰਾਂਤੀਕਾਰੀ ਗਰੁੱਪ ਨਾਲ ਨਹੀਂ ਜੁੜਿਆ ਹੋਇਆ। ਫੇਰ ਸਮਝ ਆਈ ਕਿ ਇੱਕ ਮੁੰਡਾ ਮਾਨਸਾ ਵੱਲ ਦਾ ਹੈ, ਜੋ ਆਪਣੇ ਆਪ ਨੂੰ ਰਾਮ ਸਰੂਪ ਅਣਖੀ ਲਿਖਦਾ ਹੈ। ਉਹਦੇ ਗੀਤ ਵੀ ਏਧਰ-ਓਧਰ ਕਦੇ-ਕਦੇ ਛਪਦੇ ਰਹਿੰਦੇ ਹਨ। ਇਹ ਉਹ ਰਾਮ ਸਰੂਪ ਅਣਖੀ ਹੋਵੇਗਾ। ਚਲੋ ਛੱਡੋ। ਪਰ ਦਸ ਕੁ ਦਿਨਾਂ ਬਾਅਦ ਮੇਰੇ ਘਰ ਸੀ.ਆਈ.ਡੀ. ਵਾਲੇ ਆ ਗਏ। ਪੁੱਛਣ ਲੱਗੇ ਕਿ ਤੁਸੀਂ ਕਦੋਂ ਬਿਹਾਰ ਜਾ ਰਹੇ ਹੋ? ਮੈਂ ਹੱਸਣ ਲੱਗਿਆ। ਉਹਨਾਂ ਨੂੰ ਦੱਸਿਆ ਕਿ ਮੈਂ ਬਿਹਾਰ ਨਹੀਂ ਜਾਣਾ। ਉਹ ਕਹਿੰਦੇ, ”ਅਖਬਾਰ ਵਿਚ ਖ਼ਬਰ ਹੈ। ਉੱਤੋਂ ਇਨਕੁਆਰੀ ਆਈ ਹੈ।’’ ਉਹਨਾਂ ਨੇ ਮੈਨੂੰ ਅਖਬਾਰ ਵੀ ਦਿਖਾਇਆ, ਜੋ ਮੈਂ ਪਹਿਲਾਂ ਹੀ ਦੇਖਿਆ ਹੋਇਆ ਸੀ। ਮੈਂ ਉਹਨਾਂ ਨੂੰ ਸਮਝਾਇਆ ਕਿ ਇਹ ਮੈਂ ਨਹੀਂ ਹਾਂ। ਮਾਨਸਾ ਵੱਲ ਦਾ ਏਸੇ ਨਾਂ ਦਾ ਇਕ ਮੁੰਡਾ ਹੈ, ਉਹ ਹੋਵੇਗਾ। ਓਥੋਂ ਪਤਾ ਕਰੋ। ਪਰ ਉਹ ਮੇਰਾ ਖਹਿੜਾ ਨਹੀਂ ਛੱਡ ਰਹੇ ਸਨ। ਆਖਦੇ ਸਨ ਕਿ ਐਡਰੈਸ ਤੁਹਾਡਾ ਬਰਨਾਲੇ ਦਾ ਹੈ। ਇਹ ਤਾਂ ਚੰਡੀਗੜ੍ਹ ਤੋਂ ਲਿਖਿਆ ਆਇਆ ਹੈ ਕਿ ਪਤਾ ਕਰੋ ਇਹ ਬੰਦਾ ਕੌਣ ਹੈ? ਖ਼ੈਰ… ਉਹਨਾਂ ਨੇ ਮੇਰੇ ਬਾਰੇ ਸਭ ਕੁਝ ਲਿਖਿਆ। ਮੈਂ ਦੱਸੀ ਗਿਆ। ਮੈਂ ਇਹ ਵੀ ਲਿਖਵਾਇਆ ਕਿ ਮੇਰਾ ਕਦੇ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਰਿਹਾ। ਕਿਸੇ ਵੀ ਕਮਿਊਨਿਸਟ ਪਾਰਟੀ ਦਾ ਮੈਂ ਕਾਰਡ ਹੋਲਡਰ ਨਹੀਂ ਹਾਂ। ਮੈਂ ਕਦੇ ਕਿਸੇ ਰਾਜਨੀਤੀ ਵਿਚ ਹਿੱਸਾ ਨਹੀਂ ਲਿਆ। ਹਾਂ, ਨਾਵਲ-ਕਹਾਣੀਆਂ ਲਿਖਦਾ ਹਾਂ, ਜੋ ਪਿੰਡਾਂ ਦੀ ਕਲਚਰ ਬਾਰੇ ਹਨ।
ਮੈਨੂੰ ਪਰੇਸ਼ਾਨੀ ਹੋਈ। ਖਿਝ ਕੇ ਮੈਂ ‘ਜੱਗਬਾਣੀ’ ਵਿਚ ਇਕ ਲੇਖ ਲਿਖਿਆ। ਜਿਸ ਵਿਚ ਆਪਣੇ ਉੱਤੇ ਹੀ ਤਿੱਖੇ ਵਿਅੰਗ ਸਨ। ਪਰ ਉਸ ਮੁੰਡੇ ਨੇ ਬੁਰਾ ਮਨਾਇਆ ਅਤੇ ਮੈਨੂੰ ਉਹਦੇ ਵਕੀਲ ਵਲੋਂ ਮਾਨਹਾਨੀ ਦਾ ਨੋਟਿਸ ਆ ਗਿਆ। ਇਕ ਪਾਸੇ ਪੁਲਿਸ ਦੀ ਇਨਕੁਆਰੀ ਅਤੇ ਦੂਜਾ ਇਹ ਮਾਨਹਾਨੀ ਦਾ ਨੋਟਿਸ, ਮੈਂ ਤਾਂ ਤਣਾਓ ਵਿਚ ਸੀ। ਮੈਂ ਤੇ ਬੂਟਾ ਸਿੰਘ ਚੌਹਾਨ ਉਸ ਮੁੰਡੇ ਦੇ ਪਿੰਡ ਗਏ। ਉਹਨੂੰ ਪੁੱਛਿਆ ਕਿ ਤੂੰ ਆਪਣਾ ਨਾਂ ਰਾਮ ਸਰੂਪ ਅਣਖੀ ਕਿਉਂ ਰੱਖ ਲਿਆ ਹੈ ਅਤੇ ਕੀ ਤੈਨੂੰ ਪਤਾ ਨਹੀਂ ਸੀ ਕਿ ਰਾਮ ਸਰੂਪ ਅਣਖੀ ਨਾਂ ਦਾ ਪਹਿਲਾਂ ਹੀ ਇਕ ਲੇਖਕ ਹੈ ਜਿਸਦੀਆਂ ਕਈ ਕਿਤਾਬਾਂ ਛਪੀਆਂ ਹੋਈਆਂ ਹਨ?
ਉਹ ਕਹਿੰਦਾ, ”ਪਤਾ ਸੀ।’’
ਮੈਂ ਕਿਹਾ, ”ਤੂੰ ਆਪਣਾ ਨਾਉਂ ਬਦਲ ਲੈ। ਮੈਨੂੰ ਪਰੇਸ਼ਾਨੀ ਹੁੰਦੀ ਐ। ਸੀ.ਆਈ.ਡੀ. ਵਾਲੇ ਮੇਰੇ ਮਗਰ ਪਏ ਫਿਰਦੇ ਨੇ।’’
ਉਹ ਕਹਿੰਦਾ, ”ਤੁਸੀਂ ਬਦਲ ਲਓ, ਆਪਣਾ ਇਹ ਨਾਂ। ਮੈਂ ਤਾਂ ਨੀ ਹੁਣ ਬਦਲ ਸਕਦਾ।’’
ਬੂਟਾ ਸਿੰਘ ਪੁੱਛਣ ਲੱਗਿਆ, ”ਤੂੰ ਕਿਉਂ ਰੱਖਿਆ ਇਹ ਨਾਂ, ਹੋਰ ਕੋਈ ਰੱਖ ਲੈਂਦਾ?’’
ਉਹ ਮੁੰਡਾ ਬਹੁਤ ਤਹਿਜ਼ੀਬ ਨਾਲ ਗੱਲ ਕਰ ਰਿਹਾ ਸੀ। ਉਹਦੀ ਗਲਬਾਤ ਵਿੱਚ ਕੋਈ ਤਲਖ਼ੀ ਨਹੀਂ ਸੀ। ਅਸੀਂ ਵੀ ਆਪਣਿਆਂ ਵਾਂਗ ਗੱਲਾਂ ਕੀਤੀਆਂ। ਪਰ ਗੱਲ ਕਿਸੇ ਸਿਰੇ ਨਾ ਲੱਗੀ।
ਫੇਰ ਪੰਦਰਾਂ ਕੁ ਦਿਨਾਂ ਬਾਅਦ ਮੈਂ ਤੇ ਅਜਮੇਰ ਔਲਖ ਉਹਦੇ ਪਿੰਡ ਗਏ। ਉਸ ਪਿੰਡ ਵਿਚ ਅਜਮੇਰ ਦੀ ਧੀ ਵਿਆਹੀ ਹੋਈ ਸੀ। ਪ੍ਰਾਹੁਣੇ ਨੂੰ ਅਸੀਂ ਨਾਲ ਲੈ ਲਿਆ। ਮੈਂ ਨਹੀਂ ਬੋਲਿਆ। ਅਜਮੇਰ ਤੇ ਪ੍ਰਾਹੁਣਾ ਹੀ ਉਹਨੂੰ ਸਮਝਾ ਰਹੇ ਸਨ। ਆਖ ਰਹੇ ਸਨ, ”ਮੁਕੱਦਮੇ ’ਚੋਂ ਕੁੱਛ ਨਿਕਲਣਾ ਤਾਂ ਹੈ ਨੀ। ਆਖਰ ਨੂੰ ਸਮਝੌਤਾ ਹੋਊਗਾ। ਸਮਝੌਤਾ ਵੀ ਅਸੀਂ ਕਰਵਾਂਗੇ।’’ ਅਜਮੇਰ ਔਲਖ ਦੇ ਕਹੇ ਤੋਂ ਉਹਨੇ ਮੰਨ ਲਿਆ ਕਿ ਉਹ ਕੇਸ ਨਹੀਂ ਕਰੇਗਾ ਪਰ ਆਪਣਾ ਨਾਂ ਰਾਮ ਸਰੂਪ ਸਿੰਘ ਅਣਖੀ ਹੀ ਲਿਖਿਆ ਕਰੇਗਾ।
ਮੁੰਡੇ ਨੇ ਦੱਸਿਆ ਸੀ ਕਿ ਉਹ ਮਾਨਸਾ ਕਾਲਜ ਵਿਚ ਪੜ੍ਹਦਾ ਸੀ। ਉਹਦਾ ਅਸਲੀ ਤੇ ਪੂਰਾ ਨਾਂ ਤਾਂ ਰਾਮ ਸਰੂਪ ਸਿੰਘ ਹੈ। ਉਹਦੇ ਜਮਾਤੀ ਮੁੰਡੇ ਉਹਨੂੰ ‘ਅਣਖੀ-ਅਣਖੀ’ ਆਖੀ ਜਾਇਆ ਕਰਨ। ਓਏ ਰਾਮ ਸਰੂਪ ਅਣਖੀ, ਓਏ ਰਾਮ ਸਰੂਪ ਅਣਖੀ, ਫੇਰ ਮੈਂ ਆਪ ਹੀ ਆਪਣੇ ਨਾਂ ਨਾਲ ਅਣਖੀ ਜੋੜ ਲਿਆ। ਇਹ ਅਣਖੀ ਸ਼ਬਦ ਹੁਣ ਮੇਰੇ ਨਾਂ ਨਾਲ ਪੱਕ ਗਿਆ ਹੈ।
ਮਾਨਸਾ, ਘਰ ਆ ਕੇ ਅਜਮੇਰ ਔਲਖ ਨੇ ਮੈਨੂੰ ਝਿੜਕਿਆ, ”ਇਹ ਮੁੰਡਾ ਲਿਖੀ ਜਾਂਦੈ ਆਪਣੇ ਆਪ ਨੂੰ ਰਾਮ ਸਰੂਪ ਅਣਖੀ, ਲਿਖੀ ਜਾਵੇ। ਤੈਨੂੰ ਕੀ ਹੁੰਦੈ ਇਹਦੇ ਨਾਲ । ਤੈਨੂੰ ਤਾਂ ਸਾਰੀ ਦੁਨੀਆਂ ਜਾਣਦੀ ਐ।’’
ਅਗਲੇ ਸਾਲ ਸੀ.ਆਈ.ਡੀ. ਦਾ ਹੌਲਦਾਰ ਫੇਰ ਆਇਆ। ਪਿਛਲੇ ਸਾਲ ਵਾਂਗ ਹੀ ਉਹ ਮੇਰੇ ਬਾਰੇ ਪੁੱਛਗਿੱਛ ਕਰ ਰਿਹਾ ਸੀ। ਪੁੱਛ ਰਿਹਾ ਸੀ, ਹੁਣ ਤੁਹਾਡੀਆਂ ਕੀ ਸਰਗਰਮੀਆਂ ਹਨ? ਮੈਂ ਵਾਰ-ਵਾਰ ਇਹੀ ਆਖਦਾ ਕਿ ਮੇਰੀ ਕੀ ਸਰਗਰਮੀ ਹੋਣੀ ਸੀ। ਮੈਂ ਤਾਂ ਸਿਰਫ ਲੇਖਕ ਹਾਂ। ਮੇਰਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ।
ਤੀਜੇ ਸਾਲ ਦੋ ਸਿਪਾਹੀ ਸਾਡੇ ਘਰ ਆਏ ਅਤੇ ਮੇਰੀਆਂ ਚਾਰ ਫੋਟੋਆਂ ਲੈ ਗਏ। ਮੈਨੂੰ ਕੋਈ ਸਮਝ ਨਹੀਂ ਸੀ ਕਿ ਇਹ ਮੇਰੀਆਂ ਫੋਟੋਆਂ ਉਹਨਾਂ ਨੇ ਕੀ ਕਰਨੀਆਂ ਹਨ। ਮੈਨੂੰ ਕਿਸੇ ਨੇ ਦੱਸਿਆ ਕਿ ਪੁਲਿਸ ਰਿਕਾਰਡ ਵਿਚ ਤੈਨੂੰ ਖ਼ਤਰਨਾਕ ਕ੍ਰਾਂਤੀਕਾਰੀ ਮੰਨ ਲਿਆ ਗਿਆ ਹੈ। ਤੇਰੀ ਫਾਈਲ ਬਣ ਚੁੱਕੀ ਹੈ। ਤੇਰੀ ਫਾਈਲ ਵਿਚ ਤੇਰੀ ਫੋਟੋ ਵੀ ਹੈ। ਕਿਸੇ ਵਾਰਦਾਤ ਵੇਲੇ ਤੈਨੂੰ ਤਲਬ ਕੀਤਾ ਜਾਵੇਗਾ।
ਖੈਰ ਮੈਨੂੰ ਇਹਨਾਂ ਪੁਲਿਸ ਇਨਕੁਆਰੀਆਂ ਦੀ ਮੇਰੇ ਰਿਟਾਇਰ ਹੋਣ ਤੱਕ ਚਿੰਤਾ ਸੀ। ਬਾਅਦ ਵਿਚ ਕੋਈ ਡਰ ਨਹੀਂ ਰਿਹਾ। ਕਈਆਂ ਨੇ ਦੱਸਿਆ ਕਿ ਜਿਸ ਕਿਸੇ ਦੀ ਫਾਈਲ ਬਣ ਜਾਵੇ, ਸੀ.ਆਈ.ਡੀ. ਵਾਲੇ ਸਿਵਿਆਂ ਤੱਕ ਉਹਦਾ ਖਹਿੜਾ ਨਹੀਂ ਛੱਡਦੇ।
ਫੇਰ ਕਦੇ ਨਹੀਂ ਆਏ, ਸੀ.ਆਈ.ਡੀ. ਵਾਲੇ। ਪਰ ਚਾਰ-ਪੰਜ ਸਾਲਾਂ ਬਾਅਦ ਫੇਰ ਓਹੀ ਗੱਲ। ਪੁਲਿਸ ਦਾ ਬੰਦਾ ਮੈਥੋਂ ਮੇਰੀਆਂ ਸਰਗਰਮੀਆਂ ਬਾਰੇ ਪੁੱਛ ਰਿਹਾ ਸੀ। ਮੈਂ ਕੀ ਦੱਸਦਾ। ਪੁਲਿਸ ਵਾਲਾ ਬੜਾ ਭਲਾਮਾਣਸ ਬੰਦਾ ਸੀ। ਉਹਨੇ ਦੋ ਬੰਦਿਆਂ ਦੀ ਗਵਾਹੀ ਪਵਾ ਕੇ ਮੇਰੇ ਬਾਰੇ ਲਿਖਿਆ ਕਿ ਇਹ ਜ਼ਈਫ (ਬੁੱਢਾ) ਆਦਮੀ ਹੈ ਅਤੇ ਜਿਵੇਂ ਕਿਵੇਂ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ।
ਹੁਣ ਵੀ ਤੀਜੇ-ਚੌਥੇ ਸਾਲ ਅਚਾਨਕ ਮੈਨੂੰ ਕਿਧਰੋਂ ਫੋਨ ਆਉਂਦਾ ਹੈ। ਕੋਈ ਆਖਦਾ ਹੈ ਕਿ ਉਹ ਇੰਟੈਲੀਜੈਂਸ ਤੋਂ ਬੋਲ ਰਿਹਾ ਹੈ। ਦੱਸਦਾ ਹੈ, ”ਅਣਖੀ ਜੀ, ਬੱਸ ਤੁਹਾਡੀ ਹਾਜ਼ਰੀ ਲਾਉਣੀ ਸੀ।’’ ਪੁੱਛਦਾ ਹੈ, ”ਅੱਜ ਕੱਲ੍ਹ ਕੀ ਚੱਲ ਰਿਹਾ ਹੈ?’’ ਮੈਂ ਜਵਾਬ ਦਿੰਦਾ ਹਾਂ, ”ਕੁਝ ਵੀ ਨਹੀਂ। ਬੱਸ ਪੈਨਸ਼ਨ ਖਾ ਰਹੇ ਆਂ।’’
ਜਲੰਧਰ-ਕਪੂਰਥਲਾ ਰੋਡ ਉੱਤੇ ਮੇਰੀ ਇਕ ਫੈਨ ਹੈ-ਮਹਿੰਦਰ ਕੌਰ। ਉਹ ਮੇਰੇ ਪਰਚੇ ‘ਕਹਾਣੀ ਪੰਜਾਬ’ ਦੀ ਜੀਵਨ ਮੈਂਬਰ ਵੀ ਹੈ, ਹੋਰ ਲੇਖਕਾਂ ਨੂੰ ਵੀ ਪੜ੍ਹਦੀ ਰਹਿੰਦੀ ਹੈ। ਮੈਂ ਦੋ-ਚਾਰ ਵਾਰ ਉਹਦੇ ਘਰ ਵੀ ਗਿਆ ਹਾਂ। ਉਹਦਾ ਪੁੱਤਰ ‘ਜੈਸਟ ਇੰਡਸਟਰੀਜ਼’ ਦਾ ਮਾਲਕ ਹੈ। ਉਹ ਅਕਸਰ ਮੁੰਬਈ ਵੀ ਜਾਂਦੀ ਰਹਿੰਦੀ ਹੈ। ਸੁਖਬੀਰ ਜੀ ਨੂੰ ਵੀ ਮਿਲਦੀ ਹੈ। ਦੋ ਕੁ ਸਾਲ ਪਹਿਲਾਂ ਜਲੰਧਰੋਂ ਉਹਦਾ ਫੋਨ ਆਇਆ। ”ਅਣਖੀ ਜੀ, ਤੁਸੀਂ ਆਪ ਬੋਲ ਰਹੇ ਓ?’’
ਮੈਂ ਕਿਹਾ, ”ਹਾਂ, ਮੈਂ ਅਣਖੀ ਈ ਬੋਲਦਾਂ।’’
”ਆਏ-ਹਾਏ! ਸ਼ੁਕਰ ਐ, ਮੈਂ ਤੁਹਾਡੀ ਆਵਾਜ਼ ਸੁਣਦੀ ਪਈ ਹਾਂ।’’ ਉਹ ਆਖ ਰਹੀ ਸੀ।
ਮੈਂ ਹੱਸਿਆ, ”ਕਿਉਂ ਜੀ, ਕੀ ਗੱਲ?’’
”ਪਿਛਲੇ ਦਿਨਾਂ ਵਿਚ ਮੈਂ ਮੁੰਬਈ ਰਹੀ ਆਂ। ਮੇਰੇ ਪੋਤਰੇ ਦਾ ਫੋਨ ਗਿਆ ਕਿ ਉਹ ਰਾਮ ਸਰੂਪ ਅਣਖੀ ਜਿਹਨਾਂ ਦੀਆਂ ਤੁਸੀਂ ਕਿਤਾਬਾਂ ਪੜ੍ਹਦੇ ਓ ਤੇ ਜਿਹੜੇ ਤੁਹਾਡੇ ਕੋਲ ਇੱਥੇ ਆਉਂਦੇ ਹੁੰਦੇ ਸਨ, ਉਹ ਸਵਰਗਵਾਸ ਹੋ ਗਏ। ਉਹਨਾਂ ਦਾ ਤਾਂ ਭੋਗ ਵੀ ਪੈ ਗਿਆ।’’
ਮੈਂ ਫੇਰ ਵੀ ਹੱਸ ਰਿਹਾ ਸੀ। ਇਹ ਖ਼ਬਰ ਪੰਜਾਬੀ ਦੇ ਦੋ-ਤਿੰਨ ਅਖ਼ਬਾਰਾਂ ਵਿਚ ਛਪੀ ਸੀ ਅਤੇ ਮੈਂ ਵੀ ਪੜ੍ਹੀ ਸੀ। ਅਸਲ ਵਿਚ ਉਹ ਮਾਨਸਾ ਵਾਲਾ ਰਾਮ ਸਰੂਪ ਅਣਖੀ ਮਰ ਗਿਆ ਸੀ। ਮੈਨੂੰ ਖ਼ੁਦ ਨੂੰ ਵੀ ਉਹਨਾਂ ਦਿਨਾਂ ਵਿਚ ਦੋ ਫੋਨ ਆਏ ਸਨ।
ਮਹਿੰਦਰ ਕੌਰ ਹਉਕੇ ਲੈ-ਲੈ ਅੱਗੇ ਗੱਲ ਕਰ ਰਹੀ ਸੀ, ”ਮੈਂ ਸੁਖਬੀਰ ਹੁਰਾਂ ਨੂੰ ਫੋਨ ਕੀਤਾ ਅਤੇ ਪੁੱਛਿਆ, ਤੁਹਾਨੂੰ ਨਹੀਂ ਪਤਾ ਅਣਖੀ ਜੀ ਨਹੀਂ ਰਹੇ! ਉਹ ਕਹਿੰਦੇ, ਅਣਖੀ ਦਾ ਪੁੱਤਰ ਕਰਾਂਤੀਪਾਲ ਅਤੇ ਉਹਨਾਂ ਦੀ ਨੂੰਹ-ਰਾਣੀ ਜਸਵਿੰਦਰ, ਪੋਤਰਾ ਮੁਬਾਰਕ ਗੋਆ ਗਏ ਸਨ, ਉਹ ਮੁੰਬਈ ਰਹਿ ਕੇ ਗਏ ਨੇ, ਏਥੇ ਉਹਨਾਂ ਦੀ ਕੋਈ ਰਿਸ਼ਤੇਦਾਰੀ ਹੈ, ਇਕ ਦਿਨ ਮੈਨੂੰ ਮਿਲਣ ਵੀ ਆਏ ਸਨ। ਜੇ ਕੋਈ ਅਜਿਹੀ ਗੱਲ ਹੁੰਦੀ ਤਾਂ ਕਰਾਂਤੀਪਾਲ ਦੱਸਦਾ ਨਾ ਅਤੇ ਐਥੇ ਕਿਉਂ ਤੁਰਿਆ ਫਿਰਦਾ।’’
ਮੈਂ ਸਾਰੀ ਗੱਲ ਸੁਣ ਕੇ ਚੁੱਪ ਸੀ ਅਤੇ ਮਨ ਵਿਚ ਆਖ ਰਿਹਾ ਸੀ, ਉਹ ਮਰ ਕੇ ਵੀ ਇਹ ਆਖਰੀ ਦੁੱਖ ਦੇ ਗਿਆ।
ਮਹਿੰਦਰ ਕੌਰ ਬੋਲਦੀ ਜਾ ਰਹੀ ਸੀ, ”ਅੱਜ ਤੁਹਾਡੀ ਆਵਾਜ਼ ਆਪਣੇ ਕੰਨਾਂ ਨਾਲ ਸੁਣ ਕੇ ਮੈਨੂੰ ਤਸੱਲੀ ਹੋਈ, ਨਹੀਂ ਤਾਂ….’’