ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,
ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ।
ਉਹ ਸਾਰੀ ਰਾਤ ਉਸ ਤੋਂ ਰੌਸ਼ਨੀ ਦੀ ਮੰਗ ਕਰਦਾ ਹੈ,
ਬਿਸ਼ਕ ਉਸ ਮੋਮਬੱਤੀ ਦਾ ਬਦਨ ਸਾਰਾ ਪਿਘਲ ਜਾਵੇ।
ਕਰੋਗੇ ਕੀ ਤੁਸੀਂ ਉਪਚਾਰ ਇਸ ਸੰਗੀਨ ਮੌਸਮ ਦਾ,
ਦਿਨੇ ਇਹ ਹਾਦਸੇ ਦੇਵੇ ਤੇ ਰਾਤੀਂ ਰਾਹ ਨਿਗਲ ਜਾਵੇ।
ਹਿਫ਼ਾਜ਼ਤ ਦੀਵਿਆਂ ਦੀ ਆਲਿਆਂ ਤੋਂ ਖੋਹਣ ਤੋਂ ਪਹਿਲਾਂ,
ਜ਼ਰਾ ਧੀਰਜ਼ ਧਰੋ, ਸ਼ਾਇਦ ਹਵਾ ਦਾ ਰੁਖ ਬਦਲ ਜਾਵੇ।
ਅਸੀਂ ਮੰਜ਼ਿਲ ਦੇ ਰਾਹ ਵਿਚ, ਮਿੰਟ ਵੀ ਬਰਬਾਦ ਕਿਉਂ ਕਰੀਏ,
ਜਾਂ ਆ ਜਾਵੇ ਨਦੀ ਨੇੜੇ, ਜਾਂ ਸਾਡੀ ਪਿਆਸ ਟਲ ਜਾਵੇ।
ਮੁਹੱਬਤ ਦੇ ਝਨਾਂ ਅੰਦਰ, ਘੜਾ ਕੱਚਾ ਹੀ ਮਿਲਦਾ ਹੈ,
ਹੁਣੇ ਹੀ ਵਰਜ਼ ਸੋਹਣੀ ਨੂੰ, ਸੁਧਰ ਜਾਵੇ, ਸੰਭਲ ਜਾਵੇ।
ਪਰਿੰਦੇ ਪਰਤਦੇ ਵੇਖਾਂ, ਜਦੋਂ ਪੱਛਮ ’ਚੋਂ ਪੂਰਬ ਨੂੰ,
ਤਾਂ ਇਕ ਹਉਕਾ ਜਿਹਾ ਉੱਠੇ, ਤੇ ਡਾਰਾਂ ਨਾਲ ਰਲ ਜਾਵੇ।
ਅਚਾਨਕ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਈ ਵਾਰੀ,
ਕੋਈ ਅਪਣਾ, ਜਿਵੇਂ ਕੋਲੋਂ, ਹਵਾ ਬਣ ਕੇ ਨਿਕਲ ਜਾਵੇ।
ਬਣਾ ਲੈ ਠੋਸ ਆਪਣੇ ਆਪ ਨੂੰ ਤੂੰ ਪੱਥਰਾਂ ਵਰਗਾ,
ਇਹ ਸੰਭਵ ਹੈ, ਕੋਈ ਫੁਲ ਸਮਝ ਕੇ ਪੈਰੀਂ ਮਸਲ ਜਾਵੇ।
ਉਦ੍ਹੀ ਪਹਿਚਾਣ ‘ਦਾਦਰ’ ਭੀੜ ਦੇ ਅੰਦਰ ਨਹੀਂ ਰੁਲਦੀ,
ਜੋ ਲੈ ਕੇ ਜਾਗਦਾ ਸਿਰ ਭੀੜ ’ਚੋਂ ਵਖਰਾ ਨਿਕਲ ਜਾਵੇ।