ਪ੍ਰਯੋਗਸ਼ੀਲ ਲਹਿਰ ਨਾਲ਼ ਜੁੜੀਆਂ ਕੁਝ ਖੱਟੀਆਂ-ਮਿੱਠੀਆਂ ਯਾਦਾਂ
ਵੀਹਵੀਂ ਸਦੀ ਦੇ ਛੇਵੇਂ ਦਹਾਕੇ ਵਿਚ ਪੰਜਾਬੀ ਕਵਿਤਾ ਵਿਚ ਪ੍ਰਯੋਗਸ਼ੀਲ ਲਹਿਰ ਰਾਹੀਂ ਆਧੁਨਿਕਤਾ ਦਾ ਪ੍ਰਵੇਸ਼ ਹੋਇਆ; ਆਧੁਨਿਕਤਾ ਅਥਵਾ ਪ੍ਰਯੋਗਸ਼ੀਲਤਾ ਦੀ ਸਤਵੇਂ ਦਹਾਕੇ ਤਕ ਚੜ੍ਹਤ ਰਹੀ। ਭਾਵੇਂ ਅਸੀਂ ਇਸ ਨਵੀਂ ਪੰਜਾਬੀ ਕਵਿਤਾ ਨੂੰ ਇਸ ਤੋਂ ਪਹਿਲੇ ਦੀਆਂ ਕਾਵਿ-ਧਾਰਾਵਾਂ, ਖ਼ਾਸਕਰ ਪ੍ਰਗਤੀਵਾਦੀ-ਰੁਮਾਂਸਵਾਦੀ ਧਾਰਾ ਤੋਂ ਮੂਲਿਕ ਤੌਰ ’ਤੇ ਵੱਖਰੀ ਕਿਸਮ ਦੀ ਕਵਿਤਾ ਦਰਸਾਉਂਦੇ ਸਾਂ ਅਤੇ ਪ੍ਰਯੋਗਸ਼ੀਲਤਾ ਨੂੰ ਪਰੰਪਰਾ ਤੋਂ ਅਲੱਗ ਸਥਿਤ ਕਰਦੇ ਸਾਂ; ਪਰ ਹੁਣ ਜਦੋਂ ਪਿੱਛੇ ਮੁੜ ਕੇ ਵੇਖਦਾ ਹਾਂ, ਤਾਂ ਮਹਿਸੂਸ ਹੁੰਦਾ ਹੈ ਕਿ (ਪ੍ਰੋਫ਼ੈਸਰ) ਮੋਹਨ ਸਿੰਘ ਦੀ ਇਸ ਨਵੀਂ ਕਵਿਤਾ ਬਾਰੇ ਧਾਰਨਾ ਵਧੇਰੇ ਸਹੀ ਅਤੇ ਸਾਰਥਿਕ ਸੀ। ਉਨ੍ਹਾਂ ਅਨੁਸਾਰ ਦਰਿਆਵਾਂ ਦੇ ਮੋੜਾਂ ਵਾਂਗ ਹੀ ਕਾਵਿ-ਧਾਰਾ ਦੇ ਵਹਾਓ ਵਿਚ ਵੀ ਮੋੜ ਆਉਂਦੇ ਹਨ, ਪਰ ਇਨ੍ਹਾਂ ਮੋੜਾਂ ਦੇ ਬਾਵਜੂਦ-ਜਾਂ ਇਨ੍ਹਾਂ ਮੋੜਾਂ ਕਾਰਣ ਹੀ ਦਰਿਆਵਾਂ ਦੀ ਰਵਾਨੀ ਅਤੇ ਨਿਰੰਤਰਤਾ ਬਣੀ ਰਹਿੰਦੀ ਹੈ। ਜਦੋਂ ਮੋਹਨ ਸਿੰਘ ਨੇ ਅਪਣਾ ਮਾਸਿਕ ਪੱਤਰ ਪੰਜ ਦਰਿਆ ਮੈਨੂੰ ਸੌਂਪਿਆ, ਤਾਂ ਉਨ੍ਹਾਂ ਦੇ ਆਖ਼ਿਰੀ ਸੰਪਾਦਕੀ ਦਾ ਸਿਰਲੇਖ ਸੀ – ਦਰਿਆਵਾਂ ਦੇ ਮੋੜ।
ਕਾਵਿ-ਖੇਤਰ ਵਿਚ ਸਭ ਤੋਂ ਪਹਿਲੋਂ ਮੋਹਨ ਸਿੰਘ ਨੇ ਹੀ ਸਾਡੀ ਨਵੀਂ ਪੀੜ੍ਹੀ ਦੇ ਕਵੀਆਂ ਨੂੰ ਖਿੜ੍ਹੇ ਮੱਥੇ ਸਵੀਕਾਰਿਆ। ਪੰਜ ਦਰਿਆ ਸੌਂਪਣ ਵੇਲੇ ਮੋਹਨ ਸਿੰਘ ਨੇ ਮੈਨੂੰ ਨਸੀਹਤ ਵੀ ਕੀਤੀ ਕਿ ਕਾਵਿ-ਜੋਤ ਅੱਗੇ ਤੋਂ ਅੱਗੇ ਚੱਲਦੀ ਰਹੇ; ਇਸ ਵਿਚ ਕੋਈ ਰੋਕ ਨਾ ਆਵੇ; ਕੋਈ ਖੜ੍ਹੋਤ ਨਾ ਆਵੇ। ਅੱਜ ਜਦ ਮੈਂ ਖ਼ਾਸਕਰ ਪੰਜਾਬੀ ਆਲੋਚਨਾ ਅਤੇ ਪੰਜਾਬੀ ਕਵਿਤਾ ਵਿਚ ਇਕ ਤਰ੍ਹਾਂ ਦੀ ਖੜ੍ਹੋਤ ਮਹਿਸੂਸ ਕਰਦਾ ਹਾਂ, ਤਾਂ ਮੈਨੂੰ ਮੋਹਨ ਸਿੰਘ ਦੀ ਨਸੀਹਤ ਯਾਦ ਆਉਂਦੀ ਹੈ।
ਮੋਹਨ ਸਿੰਘ ਕਵੀ ਦੇ ਤੌਰ ’ਤੇ ਤਾਂ ਮਹਾਨ ਹਨ ਹੀ ਪਰ ਇਨਸਾਨ ਦੇ ਤੌਰ ’ਤੇ ਹੋਰ ਵੀ ਮਹਾਨ ਸਨ; ਜਿਸ ਦਾ ਮੈਨੂੰ ਇੱਕ ਅਭੁੱਲ ਘਟਨਾ ਤੋਂ ਅਹਿਸਾਸ ਹੋਇਆ ਹੈ। ਉਨ੍ਹਾਂ ਦਿਨਾਂ ਵਿਚ ਯਾਨੀ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਦੇ ਮੁੱਢਲੇ ਸਾਲਾਂ ਵਿਚ ਮੈਂ ਜਲੰਧਰ ਜੁਡੀਸ਼ੀਅਲ ਮੈਜਿਸਟਰੇਟ ਨਿਯੁਕਤ ਸਾਂ। ਅਸੀਂ ਪ੍ਰਯੋਗਸ਼ੀਲ ਲਹਿਰ ਦੇ ਪ੍ਰਚਲਨ ਲਈ ਲਗਾਤਾਰ ਗੋਸ਼ਟੀਆਂ ਕਰਵਾਉਂਦੇ ਹੁੰਦੇ ਸਾਂ, ਜਿਨ੍ਹਾਂ ਵਿਚ ਪ੍ਰਗਤੀਵਾਦੀ-ਰੁਮਾਂਸਵਾਦੀ ਧਾਰਾ ਦੇ ਸਾਰੇ ਦੇ ਸਾਰੇ ਪ੍ਰਮੁੱਖ ਲੇਖਕ ਹੁੰਮ-ਹੁੰਮਾ ਕੇ ਭਾਗ ਲੈਂਦੇ ਸਨ। ਸ਼ਾਇਦ ਦੋ ਧਰਾਵਾਂ ਵਿਚਕਾਰ ਅਜਿਹਾ ਸੰਵਾਦ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਸੀ ਤੇ ਸ਼ਾਇਦ ਇਸ ਸੰਵਾਦ ਤੋਂ ਬਾਅਦ ਇਸ ਕਿਸਮ ਦਾ ਆਦਾਨ-ਪ੍ਰਦਾਨ ਫਿਰ ਹੋਇਆ ਹੀ ਨਹੀਂ। ਪਿਛਲੇ ਕੁਝ ਦਹਾਕਿਆਂ ਦੇ ਸੰਵਾਦ-ਜਿਹਨਾਂ ਵਿਚ ਸੰਰਚਨਾਵਾਦ, ਉੱਤਰ-ਸੰਰਚਨਾਵਾਦ ਦਾ ਜ਼ਿਕਰ ਚੱਲਦਾ ਰਿਹਾ ਹੈ – ਪੱਛਮ ਤੋਂ ਉਧਾਰ ਲਏ ਵਿਚਾਰਾਂ ਤੇ ਇਨ੍ਹਾਂ ਨੂੰ ਮਕੈਨਿਕੀ ਢੰਗ ਨਾਲ਼ ਸਾਹਿਤਕ ਰਚਨਾਵਾਂ ਉੱਪਰ ਠੋਸਣ ਦੀ ਪ੍ਰਕਿਰਿਆ ਤੋਂ ਵੱਧ ਕੁਝ ਨਹੀਂ ਰਹੇ। ਇਸੇ ਲਈ ਇਹ ਸੰਵਾਦ ਨਾ ਕਿਸੇ ਸਾਹਿਤ-ਬੋਧ ਨੂੰ ਜਨਮ ਦੇ ਸਕੇ ਹਨ ਅਤੇ ਨਾ ਹੀ ਸਿਰਜਣਾਤਮਿਕਤਾ ਨੂੰ। ਅਜਿਹੇ ਆਲੋਚਕਾਂ ਨੇ ਸੰਰਚਨਾਵਾਦੀ, ਉੱਤਰ-ਸੰਰਚਨਾਵਾਦੀ, ਵਿਰਚਨਾਵਾਦੀ ਜਾਂ ਉੱਤਰ-ਆਧੁਨਿਕਤਾਵਾਦੀ ਵਿਧੀਆਂ ਰਾਹੀਂ ਕਿਸੇ ਇਕ ਵੀ ਰਚਨਾ ਦੇ ਕੋਈ ਇਸ ਪ੍ਰਕਾਰ ਦੇ ਨਵੇਂ ਅਰਥ ਜਾਂ ਅਰਥਾਂ ਦੀਆਂ ਅਣ-ਪਛਾਤੀਆਂ ਪਰਤਾਂ ਸਾਹਮਣੇ ਨਹੀਂ ਲਿਆਂਦੀਆਂ, ਜੋ ਇਨ੍ਹਾਂ ਪ੍ਰਣਾਲੀਆਂ ਤੋਂ ਬਿਨਾਂ ਵੀ ਸਾਧਾਰਣ ਪਾਠਕਾਂ ਦੀ ਸਮਝ ਤੋਂ ਪਰੇ ਹੋਣ। ਅਸਾਂ ਵੀ ਆਧੁਨਿਕਤਾ ਦੀ ਪੱਛਮੀ ਪਰਿਭਾਸ਼ਾ ਤੋਂ ਪ੍ਰਭਾਵਿਤ ਸਾਂ ਅਤੇ ਹਿੰਦੀ ਦੇ ਪ੍ਰਯੋਗਵਾਦ ਦਾ ਅਸਰ ਵੀ ਕਬੂਲਿਆ ਸੀ। ਪਰ ਫਿਰ ਵੀ ਅਸੀਂ ਪੱਛਮੀ ਵਿਚਾਰਾਂ ਜਾਂ ਹਿੰਦੀ ਪ੍ਰਯੋਗਵਾਦ ਦੇ ਸੰਬੋਧਾਂ ਨੂੰ ਮਕੈਨਿਕੀ ਢੰਗ ਨਾਲ਼ ਪੰਜਾਬੀ ਸਾਹਿਤਕ ਰਚਨਾਵਾਂ ’ਤੇ ਲਾਗੂ ਨਹੀਂ ਕੀਤਾ, ਸਗੋਂ ਇਨ੍ਹਾਂ ਵਿਚਾਰਾਂ ਅਤੇ ਸੰਬੋਧਾਂ ਰਾਹੀਂ ਪੰਜਾਬੀ ਸਾਹਿਤ ਦੀ ਅੰਦਰਲੀ ਸਥਿਤੀ ਅਤੇ ਇਸ ਦੇ ਬਾਹਰੀ ਪਰਿਪੇਖ ਨੂੰ ਸਮਝਣ ਦਾ ਯਤਨ ਕੀਤਾ ਸੀ। ਵਿਚਾਰਧਾਰਕ ਆਧਾਰ ਬਿਲਕੁਲ ਨਵਾਂ ਅਤੇ ਮੌਲਿਕ ਸੀ। ਮਿਸਾਲ ਵਜੋਂ ਅਸੀਂ ਪ੍ਰਗਤੀਵਾਦੀ-ਰੁਮਾਂਸਵਾਦੀ ਕਵਿਤਾ ਦਾ ਇਸ ਕਰਕੇ ਵਿਰੋਧ ਕਰਦੇ ਸਾਂ ਕਿ ਦੋ-ਮੂੰਹੀ ਲਹਿਰ ਕ੍ਰਾਂਤੀਕਾਰੀ ਸ਼ਕਤੀਆਂ ਅਤੇ ਮੱਧ-ਵਰਗੀ ਵਿਅਕਤੀਵਾਦ ਦੀ ਆਪਸੀ ਵਕਤੀ ਸੰਧੀ ਦੀ ਉਪਜ ਸੀ, ਕਿ ਜਦੋਂ ਵਕਤੀ ਸੰਧੀ ਅਪਣੀ ਅਉਧ ਹੰਢਾ ਬੈਠੀ ਹੈ, ਤਾਂ ਇਹ ਧਾਰਾ ਇਕ ਪਾਸੇ ਕ੍ਰਾਂਤੀਕਾਰੀ ਨਾਅਰੇਬਾਜ਼ੀ ਦੇ ਪੱਧਰ ’ਤੇ ਆ ਗਿਰੀ ਹੈ ਤੇ ਦੂਸਰੇ ਪਾਸੇ ਅੱਤਭਾਵਕਤਾ ਦੇ ਪੱਧਰ ’ਤੇ। ਇਸ ਪ੍ਰਸੰਗ ਵਿਚ ਅਸਾਂ ਇਸ ਗੱਲ ’ਤੇ ਬਲ ਦਿੱਤਾ ਕਿ ਹੁਣ ਜਦ ਕਿ ਦੇਸ਼ ਵਿਚ ਉਦਯੋਗਵਾਦੀ ਨਾਗਰਿਕ ਸਭਿਅਤਾ ਦਾ ਪ੍ਰਵੇਸ਼ ਹੋ ਰਿਹਾ ਹੈ ਤਾਂ ਇਸ ਸੰਦਰਭ ਵਿਚ ਹੀ ਨਵਾਂ ਸਾਹਿਤ ਸਿਰਜਿਆ ਜਾਵੇ-ਅਰਥਾਤ ਉਹ ਨਵਾਂ ਸਾਹਿਤ, ਜੋ ਇਸ ਨਵੀਂ ਸਭਿਅਤਾ ਨਾਲ਼ ਪੈਦਾ ਹੋਏ ਵਿਸ਼ਿਆਂ ਨੂੰ ਪ੍ਰਗਟਾਏ ਅਤੇ ਪ੍ਰਗਟਾਅ-ਵਿਧੀਆਂ ਲਈ ਉਦਯੋਗਵਾਦੀ ਨਾਗਰਿਕ ਸਭਿਅਤਾ ਦੇ ਚੌਖਟੇ ਵਿਚੋਂ ਲਏ ਬਿੰਬਾਂ ਅਤੇ ਪ੍ਰਤੀਕਾਂ ਨੂੰ ਵਰਤੇ ਅਤੇ ਨਾਲ਼ ਹੀ ਮਿਥਿਹਾਸ ਵਿਚੋਂ ਲਏ ਮਿੱਥਾਂ, ਬਿੰਬਾਂ ਅਤੇ ਪ੍ਰਤੀਕਾਂ ਨੂੰ ਅਰਥ-ਵਿਸਤਾਰਨ ਲਈ ਵਰਤੇ ਨਵੇਂ ਅਤੇ ਪੁਰਾਣੇ ਬਿੰਬ ਵਿਧਾਨਾਂ ਦਾ ਸੰਜੋਗ ਕਰੇ। ਜੇਕਰ ਅੱਜ ਪੰਜਾਬੀ ਸਾਹਿਤਕ ਖੇਤਰ ਵਿਚ ਇਕ ਤਰ੍ਹਾਂ ਦੀ ਖੜ੍ਹੋਤ ਆਈ ਨਜ਼ਰ ਆਉਂਦੀ ਹੈ ਤਾਂ ਉਸ ਦਾ ਇਕ ਕਾਰਣ ਇਹ ਵੀ ਹੈ ਕਿ ਵਿਸ਼ਵੀਕਰਨ ਦੀਆਂ ਪ੍ਰਕਿਰਿਆਵਾਂ ਨਾਲ਼ ਜੋ ਸਮਾਜਕ, ਆਰਥਿਕ, ਰਾਜਨੀਤਕ ਪਰਿਵਰਤਨ ਆਏ ਹਨ ਅਤੇ ਇਕ ਖਪਤਮਈ ਕਲਚਰ ਪੈਦਾ ਹੋ ਰਹੀ ਹੈ ਅਤੇ ਜਿਹਨਾਂ ਦੇ ਸਮੁੱਚੇ ਪ੍ਰਭਾਵ ਹੇਠਾਂ ਨਵੇਂ-ਨਵੇਂ ਮਾਨਸਿਕ ਤਣਾਉ, ਸੰਪਰਜਾਤੀ ਤਣਾਉ, ਧਾਰਮਿਕ ਤਣਾਉ, ਅੰਤਰਰਾਸ਼ਟਰੀ ਤਣਾਉ ਪੈਦਾ ਹੋ ਰਹੇ ਹਨ; ਉਨ੍ਹਾਂ ਨੂੰ ਕਿਸੇ ਇਕ ਵਿਚਾਰਧਾਰਕ ਸੂਤਰ ਵਿਚ ਪਰੋ ਕੇ ਵੇਖਣ ਦਾ ਯਤਨ ਨਹੀਂ ਕੀਤਾ ਗਿਆ, ਹਾਲਾਂਕਿ ਵਿਸ਼ਵੀਕਰਨ ਆਰਥਿਕ ਵਰਤਾਰਾ ਹੀ ਨਹੀਂ, ਵਿਚਾਰਧਾਰਾ ਵੀ ਹੈ। ਵਿਸ਼ਵੀਕਰਨ ਨਾਲ਼ ਪੈਦਾ ਹੋਈਆਂ ਸਥਿਤੀਆਂ ਦਾ ਉਤਰ ਆਧੁਨਿਕਤਾਵਾਦ ਨੇ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਹੈ, ਪਰ ਦ੍ਰਿਸ਼ਟੀਕੋਣਾਂ ਦੀ ਵਿਭਿੰਨਤਾ ਕਾਰਣ ਉਤਰ-ਆਧੁਨਿਕਤਾਵਾਦ ਦਾ ਵੀ ਕੋਈ ਇਕਾਗਰ ਬਿੰਬ ਸਾਹਮਣੇ ਨਹੀਂ ਆਇਆ, ਜੋ ਅੱਜ ਦੀਆਂ ਸਥਿਤੀਆਂ ਨੂੰ ਸਮਝਣ ਲਈ ਕੋਈ ਪਰਿਪੇਖ ਹੋਂਦ ਵਿਚ ਲਿਆ ਸਕਦਾ ਹੋਵੇ (ਮੇਰੀ ਧਾਰਣਾ ਅਨੁਸਾਰ ਤਾਂ ਉਤਰ-ਆਧੁਨਿਕਤਾਵਾਦ ਤੋਂ ਵੀ ਹੁਣ ਅੱਗੇ ਜਾਣ ਦੀ ਲੋੜ ਹੈ, ਜਿਸ ਦਾ ਵਿਸ਼ਲੇਸ਼ਣ ਮੈਂ ਅਪਣੇ ਵੱਡ-ਆਕਾਰੀ ਲੇਖ Beyond Postmodernism ਵਿਚ ਕੀਤਾ ਹੈ, ਜਿਸਨੂੰ ਪੰਜਾਬੀ ਯੂਨੀਵਰਸਿਟੀ ਪ੍ਰਕਾਸ਼ਿਤ ਕਰ ਚੁੱਕੀ ਹੈ।)
ਪ੍ਰਗਤੀਵਾਦੀ-ਰੁਮਾਂਸਵਾਦੀ ਧਾਰਾ ਦਾ ਨਾਮਕਰਨ
ਗੱਲ ਉਸ ਘਟਨਾ ਦੇ ਸੰਕੇਤ ਤੋਂ ਆਰੰਭ ਹੋਈ ਸੀ, ਜਿਸ ਨੇ ਮੇਰੇ ਮਨ ’ਤੇ ਅਮਿੱਟ ਅਸਰ ਛੱਡਿਆ ਕਿ ਮੋਹਨ ਸਿੰਘ ਮਹਾਨ ਕਵੀ ਹੋਣ ਤੋਂ ਇਲਾਵਾ ਮਹਾਨਤਮ ਇਨਸਾਨ ਵੀ ਹਨ। ਪਰ ਗੱਲ ਸ਼ੁਰੂ ਹੋ ਕੇ ਕਿਧਰੇ ਹੋਰ ਹੀ ਪਾਸੇ ਤੁਰ ਪਈ, ਵਿਭਿੰਨ ਦਿਸ਼ਾ ਵਲ। ਸ਼ਾਇਦ ਇਹ ਉਤਰ-ਆਧੁਨਿਕਤਾ ਦਾ ਅਚੇਤ ਅਸਰ ਹੈ, ਕਿਉਂਕਿ ਉਤਰ-ਆਧੁਨਿਕਤਾ ਅਨੁਸਾਰ ਸਤਿ ਇਕਤ੍ਵ ਨਹੀਂ, ਵਿਭਿੰਨਤਾ ਹੈ। ਸੰਕੇਤ-ਅਧੀਨ ਘਟਨਾ ਇਸ ਤਰ੍ਹਾਂ ਵਾਪਰੀ ਕਿ ਅਸਾਂ ਜਲੰਧਰ ਦੇ ਟਾਊਨ ਹਾਲ ਵਿਚ ਪਰੰਪਰਾ, ਪ੍ਰਗਤੀ ਅਤੇ ਪ੍ਰਯੋਗ ਬਾਰੇ ਸੈਮੀਨਾਰ ਕੀਤਾ ਸੀ, ਜਿਹਦੀ ਪ੍ਰਧਾਨਗੀ ਲਈ ਉਸ ਵੇਲੇ ਦੇ ਪੰਜਾਬ ਦੇ ਸਿੱਖਿਆ ਮੰਤਰੀ ਯਸ਼ ਪਧਾਰੇ ਸਨ। ਟਾਊਨ ਹਾਲ ਵਿਚ ਨਵੇਂ ਲੇਖਕਾਂ ਨਾਲ਼ੋਂ ਪੁਰਾਣੇ ਲੇਖਕਾਂ ਦੀ ਗਿਣਤੀ ਵੱਧ ਸੀ, ਕਿਉਂਕਿ ਪ੍ਰਗਤੀਵਾਦੀ-ਰੁਮਾਂਸਵਾਦੀ ਲੇਖਕ ਸਾਡੀ ਧਾਰਾ ਦਾ ਜ਼ਬਰਦਸਤ ਵਿਰੋਧ ਲਗਾਤਾਰ ਕਰ ਰਹੇ ਸੀ। ਸਾਰਾ ਹਾਲ ਸਰੋਤਿਆਂ ਨਾਲ਼ ਭਰ ਚੁੱਕਿਆ ਸੀ। ਤਿੱਲ ਧਰਨ ਲਈ, (ਜਾਂ ਪ੍ਰਯੋਗਮਈ ਮੁਹਾਵਰੇ ਵਿਚ ਪਲਾਸਟਿਕ ਦੀ ਬਿੰਦੀ ਧਰਨ ਲਈ) ਵੀ ਥਾਂ ਨਹੀਂ ਸੀ। ਮੋਹਨ ਸਿੰਘ ਜੀ ਪਹਿਲੀ ਕਤਾਰ ਵਿਚ ਬੈਠੇ ਸਨ। ਸਟੇਜ ’ਤੇ ਯਸ਼ ਜੀ ਪ੍ਰਧਾਨਗੀ ਕੁਰਸੀ ’ਤੇ ਬਿਰਾਜਮਾਨ ਸਨ। ਜੋਸ਼ੀਲੇ ਸਟੇਜ ਸਕੱਤਰ ਨੇ ਯਸ਼ ਜੀ ਬਾਰੇ ਸੁਆਗਤੀ ਸ਼ਬਦ ਕਹਿੰਦਿਆਂ ਇਹ ਵੀ ਕਹਿ ਦਿੱਤਾ ਕਿ ਨਵੀਂ ਧਾਰਾ ਦੇ ਲਘੂ ਤੋਂ ਲਘੂ ਕਵੀ ਦੀ ਲਘੂ-ਕਵਿਤਾ ਪ੍ਰਗਤੀਵਾਦੀ-ਰੁਮਾਂਸਵਾਦੀ ਧਾਰਾ ਤੇ ਮਹਾਨ ਤੋਂ ਮਹਾਨ ਕਵੀ ਦੀ ਮਹਾਨ ਕਵਿਤਾ ਤੋਂ ਵੀ ਵੱਧ ਮਹਾਨ ਹੈ। ਹਾਲ ਵਿਚ ਇਕਦਮ ਹੰਗਾਮਾ ਸ਼ੁਰੂ ਹੋ ਗਿਆ। ਸਥਿਤੀ ਨੂੰ ਸੰਭਾਲਣ ਲਈ ਯਸ਼ ਨੇ ਮੈਨੂੰੂ ਅਪਣਾ ਮੁੱਖ ਭਾਸ਼ਣ ਦੇਣ ਲਈ ਮੰਚ ’ਤੇ ਸੱਦਿਆ। ਜਦੋਂ ਮੈਂ ਮਾਈਕ ’ਤੇ ਅਜੇ ਆਰੰਭਕ ਸ਼ਬਦ ਹੀ ਕਹਿਣ ਲੱਗਿਆ ਸਾਂ, ਤਾਂ ਹਾਲ ਵਿਚ ਬੈਠੇ ਬਹੁਤ ਸਾਰੇ ਲੇਖਕਾਂ ਨੇ ਸ਼ੋਰ ਪਾਇਆ ਕਿ ਪਹਿਲੋਂ ਸਟੇਜ ਸਕੱਤਰ ਦੇ ਕਹੇ ਸ਼ਬਦ ਵਾਪਿਸ ਲਏ ਜਾਣ, ਮੋਹਨ ਸਿੰਘ ਵੀ ਉੱਚੇ ਸੁਰ ਵਿਚ ਇਹੋ ਗੱਲ ਕਹਿ ਰਹੇ ਸਨ। ਮੈਂ ਅਪਣਾ ਭਾਸ਼ਣ ਜਾਰੀ ਰੱਖਣ ਦਾ ਨਿਰਣਾ ਕੀਤਾ ਅਤੇ ਕਿਹਾ ਕਿ ਹੁਣ ਪੁਰਾਣੀ ਪੀੜ੍ਹੀ ਸਮੇਂ ਦੇ ਹਾਣ ਦੀ ਨਹੀਂ ਰਹੀ ਅਤੇ ਅੰਮ੍ਰਿਤਾ-ਮੋਹਨ ਸਿੰਘ ਧਾਰਾ ਦੀ ਥਾਂ ਪ੍ਰਯੋਗਸ਼ੀਲ ਧਾਰਾ ਨੇ ਲੈ ਲਈ ਹੈ। ਮੇਰਾ ਭਾਸ਼ਣ ਲਿਖਿਆ ਹੋਇਆ ਨਹੀਂ ਸੀ। ਅੰਮ੍ਰਿਤਾ-ਮੋਹਨ ਸਿੰਘ ਧਾਰਾ ਦਾ ਨਾਮਕਰਨ ਪਹਿਲੀ ਵਾਰ ਉਸ ਗੋਸ਼ਟੀ ਵਿਚ ਸਹਿਜ ਸੁਭਾਏ ਹੀ ਹੋ ਗਿਆ, ਜਿਸ ਬਾਰੇ ਮੈਂ ਪਹਿਲੋਂ ਕਦੇ ਵੀ ਨਹੀਂ ਸੋਚਿਆ ਕਿ ਪੁਰਾਣੀ ਪ੍ਰਗਤੀਵਾਦੀ-ਰੁਮਾਂਸਵਾਦੀ ਧਾਰਾ ਨੂੰ ਅਜਿਹਾ ਨਾਮ ਦੇ ਦਿੱਤਾ ਜਾਵੇ, ਜੋ ਬਾਅਦ ਵਿਚ ਬਹੁਤ ਪ੍ਰਚਲਿਤ ਹੋ ਗਿਆ ਅਤੇ ਪੰਜਾਬੀ ਆਲੋਚਨਾ ਦਾ ਅੰਗ ਬਣ ਗਿਆ। ਹਾਲ ਵਿਚ ਸ਼ੋਰ ਤਾਂ ਖ਼ਤਮ ਨਾ ਹੋਇਆ, ਪਰ ਮੋਹਨ ਸਿੰਘ ਦੇ ਚਿਹਰੇ ’ਤੇ ਇਕ ਤਰ੍ਹਾਂ ਦਾ ਨੂਰ ਛਾ ਗਿਆ, ਜਦੋਂ ਉਨ੍ਹਾਂ ਆਪਣਾ ਨਾਮ ਅੰਮ੍ਰਿਤਾ ਪ੍ਰੀਤਮ ਨਾਲ਼ ਸੰਜੋਗਿਆ ਸੁਣਿਆ। ਮੋਹਨ ਸਿੰਘ ਤਾਂ ਮੁਗਧ ਹੀ ਹੋ ਗਏ, ਅਪਣੇ ਆਲ਼ੇ-ਦੁਆਲ਼ੇ ਦੇ ਸ਼ੋਰ-ਸ਼ਰਾਬੇ ਤੋਂ ਬਿਲਕੁਲ ਨਿਰਲੇਪ। ਮੈਂ ਸ਼ੋਰ ਪਾਉਣ ਵਾਲੇ ਲੇਖਕਾਂ ਨੂੰ ਕਿਹਾ ਕਿ ਇਹ ਵਿਦਵਾਨਾਂ ਦੀ ਗੋਸ਼ਟੀ ਹੈ, ਵਿਧਾਨ ਸਭਾ ਦਾ ਸੈਸ਼ਨ ਨਹੀਂ; ਜਿੱਥੇ ਅਜਿਹਾ ਸ਼ੋਰ ਪਾਇਆ ਜਾਵੇ। ਸ਼ਾਇਦ ਇਹ ਗੱਲ ਯਸ਼ ਜੀ ਨੂੰ ਚੰਗੀ ਨਾ ਲੱਗੀ ਤੇ ਉਹ ਗੋਸ਼ਟੀ ਦੀ ਸਮਾਪਤੀ ਦਾ ਐਲਾਨ ਕਰਦੇ ਹੋਏ ਨੀਚੇ ਉਤਰ ਗਏ। ਉਨ੍ਹਾਂ ਨਾਲ਼ ਹੀ ਸ੍ਰੋਤੇ ਵੀ ਬਾਹਰ ਜਾਣ ਲੱਗ ਪਏ। ਚੱਲਦਿਆਂ-ਚੱਲਦਿਆਂ ਈਸ਼ਰ ਸਿੰਘ ਅਟਾਰੀ ਨੇ ਕਿਹਾ ਕਿ ਚਲੋ ਅੱਜ ਦੀ ਇਸ ਗੋਸ਼ਟੀ ਦਾ ਇਕ ਚੰਗਾ ਨਤੀਜਾ ਤਾਂ ਨਿਕiਲ਼ਆ ਕਿ ਹੁਣ ਮੋਹਨ ਸਿੰਘ ਅਤੇ ਆਹਲੂਵਾਲੀਏ ਦੀਆਂ ਸ਼ਾਮ ਦੀਆਂ ਆਪਸੀ ਮਹਿਫ਼ਲਾਂ ਤਾਂ ਖ਼ਤਮ ਹੋਈਆਂ। (ਉਨ੍ਹਾਂ ਦਿਨਾਂ ਵਿਚ ਜਦੋਂ ਜਲੰਧਰ ਦੇ ਸਾਰੇ ਲੇਖਕ ਮੋਹਨ ਸਿੰਘ ਦੀ ਸੰਗਤ ਮਾਨਣ ਦੇ ਇਛੁੱਕ ਰਹਿੰਦੇ ਸਨ, ਤਾਂ ਪ੍ਰੋਫ਼ੈਸਰ ਸਾਹਿਬ ਅਤੇ ਮੈਂ ਸ਼ਾਮ ਨੂੰ ਦੋਵੇਂ ਇਕੱਠਿਆਂ ਮਹਿਫ਼ਲ ਸਜਾਉਂਦੇ ਹੁੰਦੇ ਸਾਂ। ਇਕ ਦਿਨ ਮੇਰੇ ਘਰ, ਦੂਸਰੇ ਦਿਨ ਪ੍ਰੋਫ਼ੈਸਰ ਸਾਹਿਬ ਦੇ ਗ੍ਰਹਿ ਵਿਖੇ।) ਜਦੋਂ ਈਸ਼ਰ ਸਿੰਘ ਅਟਾਰੀ ਅਪਣੀ ਗੱਲ ਕਹਿ ਰਿਹਾ ਸੀ, ਤਾਂ ਉਸ ਤੋਂ ਅੱਗੇ ਮੋਹਨ ਸਿੰਘ ਜਾ ਰਹੇ ਸਨ ਅਤੇ ਅਟਾਰੀ ਦੇ ਪਿੱਛੇ ਮੈਂ ਸੀ। ਮੋਹਨ ਸਿੰਘ ਈਸ਼ਰ ਸਿੰਘ ਅਟਾਰੀ ਦੀ ਗੱਲ ਸੁਣਦਿਆਂ ਪਿਛਾਂਹ ਪਰਤੇ ਅਤੇ ਮੈਨੂੰ ਗੱਲਵਕੜੀ ਵਿਚ ਲੈ ਕੇ ਕਹਿਣ ਲੱਗੇ: ”ਆਹਲੂਵਾਲੀਆ, ਦੱਸ ਅੱਜ ਤੇਰੇ ਘਰ ਮਹਿਫ਼ਲ ਜੰਮੇਗੀ ਜਾਂ ਮੇਰੇ ਘਰ? ਚੱਲ ਅੱਜ ਮੇਰੇ ਘਰ ਬੈਠਾਂਗੇ; ਮੇਰੇ ਕਿਸੇ ਦੋਸਤ ਨੇ ਘਰ ਦੀ ਕੱਢੀ ਖ਼ਾਸ ਸ਼ਰਾਬ ਦੀ ਬੋਤਲ ਦਿੱਤੀ ਹੈ, ਜਿਸ ਵਿਚ ਕਈ ਜੜੀ-ਬੂਟੀਆਂ ਦਾ ਪ੍ਰਯੋਗ ਕੀਤਾ ਗਿਆ ਹੈ, ਤੈਨੂੰ ਅੱਜ ਪ੍ਰਯੋਗਸ਼ੀਲ ਪੈੱਗ ਪਿਲਾਵਾਂਗਾ।’’ ਈਸ਼ਰ ਸਿੰਘ ਅਟਾਰੀ ਤਾਂ ਨਮੋਸ਼ੀ ਵਿਚ ਇਕ ਪਾਸੇ ਹੋ ਗਿਆ, ਪਰ ਮੇਰੇ ਮਨ ’ਤੇ ਮੋਹਨ ਸਿੰਘ ਦੇ ਇਨ੍ਹਾਂ ਸ਼ਬਦਾਂ ਦਾ ਅਕਹਿ ਅਸਰ ਹੋਇਆ: ਕਿੰਨਾ ਮਹਾਨ ਹੈ ਇਹ ਸ਼ਖ਼ਸ ਜਿਸ ਉੱਪਰ ਸਟੇਜ ਸਕੱਤਰ ਦੇ ਕਹੇ ਲਫ਼ਜ਼ਾਂ ਜਾਂ ਮੇਰੇ ਸ਼ਬਦਾਂ ਦਾ ਕਿ ਪੁਰਾਣੀ ਪੀੜ੍ਹੀ ਹੁਣ ਸਮੇਂ ਦੇ ਹਾਣ ਦੀ ਨਹੀਂ ਰਹੀ, ਕੋਈ ਬੁਰਾ ਅਸਰ ਨਹੀਂ ਹੋਇਆ।
ਜਦੋਂ ਮੋਹਨ ਸਿੰਘ ਅਤੇ ਮੈਂ ਸ਼ਾਮ ਨੂੰ ਉਨ੍ਹਾਂ ਦੇ ਘਰ ਇਕੱਠੇ ਹੋਏ, ਤਾਂ ਪ੍ਰੋਫ਼ੈਸਰ ਸਾਹਿਬ ਪੁਰਾਣੀ ਕਵਿਤਾ ਦੇ ਨਾਮਕਰਨ (ਅੰਮ੍ਰਿਤਾ-ਮੋਹਨ ਸਿੰਘ ਧਾਰਾ) ਤੋਂ ਬਹੁਤ ਖ਼ੁਸ਼ ਨਜ਼ਰ ਆਏ; ਚਿਹਰੇ ’ਤੇ ਅਜੇ ਵੀ ਮਦਹੋਸ਼ੀ ਸੀ। ਉਸ ਤੋਂ ਵੀ ਵੱਧ ਦੀਵਾਨਗੀ ਦੀ ਹੱਦ ਤਕ ਮਦਹੋਸ਼ੀ ਮੈਂ ਮੋਹਨ ਸਿੰਘ ਦੇ ਚਿਹਰੇ ’ਤੇ ਉਦੋਂ ਵੇਖੀ, ਜਦੋਂ ਜਲੰਧਰ ਦੂਰਦਰਸ਼ਨ ਦੇ ਵਿਹੜੇ ਵਿਚ ਪੰਜਾਬੀ ਕਵੀ ਦਰਬਾਰ ਹੋ ਰਿਹਾ ਸੀ। ਉਨ੍ਹਾਂ ਦਿਨਾਂ ਵਿਚ ਸ.ਸ. ਮੀਸ਼ਾ ਜਲੰਧਰ ਦੂਰਦਰਸ਼ਨ ਵਿਖੇ ਪ੍ਰੋਡਿਊਸਰ ਦੀ ਸੇਵਾ ਨਿਭਾ ਰਿਹਾ ਸੀ। ਮੀਸ਼ੇ ਦੀ ਕਵਿਤਾ ਪ੍ਰਯੋਗ ਅਤੇ ਪਰੰਪਰਾ (ਅਰਥਾਤ ਪ੍ਰਗਤੀਵਾਦ) ਦਾ ਸੁਮੇਲ ਸੀ। ਪਰ ਸਾਡੇ ਉਸ ਵੇਲੇ ਦੇ ਕਾਵਿ-ਬੋਧ ਵਿਚ ਅਜਿਹੇ ਸੁਮੇਲ ਦੀ ਗੁੰਜਾਇਸ਼ ਨਹੀਂ ਸੀ ਦਿਸਦੀ; ਇਸ ਲਈ ਅਸੀਂ ਮੀਸ਼ੇ ਨੂੰ “ਸਮਝੌਤਾਕਾਰ’’ ਕਹਿੰਦੇ ਹੁੰਦੇ ਸਾਂ। ਇਸ ਬਾਰੇ ਉਹਨੇ ਅਪਣੀ ਕਿਸੇ ਕਵਿਤਾ ਵਿਚ ਵੀ ਜ਼ਿਕਰ ਕੀਤਾ ਹੈ। ਮੀਸ਼ਾ ਹਰ ਸਾਲ ਤ੍ਰੈ-ਭਾਸ਼ਾਈ ਮੁਸ਼ਾਇਰਾ ਕਰਵਾਇਆ ਕਰਦਾ ਸੀ – ਹਿੰਦੀ, ਪੰਜਾਬੀ ਅਤੇ ਉਰਦੂ ਵਿਚ – ਜੋ ਤਿੰਨੇ ਦਿਨ ਲਾਈਵ ਬ੍ਰੌਡਕਾਸਟ ਹੁੰਦਾ ਸੀ। ਮੀਸ਼ੇ ਦੇ ਕਰਵਾਏ ਜਾਂਦੇ ਅਜਿਹੇ ਕਵੀ-ਦਰਬਾਰਾਂ ਦਾ ਇਹ ਆਖ਼ਿਰੀ ਕਵੀ-ਦਰਬਾਰ ਸੀ। ਇਸ ਤੋਂ ਬਾਅਦ ਮੀਸ਼ਾ ਕਪੂਰਥਲੇ ਨੇੜੇ ਬੇਈਂ ਵਿਚ ਡੁੱਬ ਮੋਇਆ। ਉਸ ਦੇ ਕਰਵਾਏ ਆਖ਼ਿਰੀ ਕਵੀ-ਦਰਬਾਰ ਵਿਚ ਉਰਦੂ ਮੁਸ਼ਾਇਰਿਆਂ ਦੀ ਰਵਾਇਤ ਅਨੁਸਾਰ ਸਭ ਤੋਂ ਅਖ਼ੀਰ ਵਿਚ ਸਭ ਤੋਂ ਮਹਾਨ ਕਵੀ ਨੂੰ ਅਪਣੀ ਕਵਿਤਾ ਪੜ੍ਹਨ ਲਈ ਬੁਲਾਇਆ ਜਾਂਦਾ ਸੀ। ਇਸੇ ਰਵਾਇਤ ਅਨੁਸਾਰ ਸਭ ਤੋਂ ਅਖ਼ੀਰ ਵਿਚ ਮੋਹਨ ਸਿੰਘ ਨੂੰ ਅਪਣੀ ਕਵਿਤਾ ਪੜ੍ਹਨ ਲਈ ਸੱਦਿਆ ਗਿਆ। ਮੋਹਨ ਸਿੰਘ ਮੰਚ ’ਤੇ ਬੈਠ ਕੇ ਹੀ ਕਵਿਤਾ ਪੜ੍ਹਿਆ ਕਰਦੇ ਸਨ। ਉਸ ਸ਼ਾਮ ਵੀ ਪ੍ਰੋਫ਼ੈਸਰ ਸਾਹਿਬ ਨੇ ਬੈਠ ਕੇ ਹੀ ਅਪਣੀ ਕਵਿਤਾ ਪੜ੍ਹਨੀ ਸ਼ੁਰੂ ਕੀਤੀ। ਜਦੋਂ ਆਖ਼ਿਰੀ ਬੰਦ ’ਤੇ ਪਹੁੰਚੇ, ਤਾਂ ਲਗਾਤਾਰ ਉਸੇ ਬੰਦ ਨੂੰ ਦੁਹਰਾਉਂਦੇ ਗਏ। ਦੀਵਾਨਗੀ ਵਿਚ ਮਦਹੋਸ਼ੀ ਵਿਚ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਕਿਰ ਰਹੇ ਸਨ। ਸਰੋਤਿਆਂ ਦੀਆਂ ਅੱਖਾਂ ਵੀ ਹੰਝੂਆਂ ਨਾਲ਼ ਭਰ ਗਈਆਂ, ਜਦੋਂ ਮੋਹਨ ਸਿੰਘ ਅਪਣੀ ਕਵਿਤਾ ਦੇ ਅੰਤਲੇ ਬੰਦ ਨੂੰ ਦੁਹਰਾਉਂਦੇ ਗਏ, ਦੁਹਰਾਉਂਦੇ ਗਏ :
ਮੱਥਾ ਭੰਨ ਲਿਆ ਦਿੱਲੀ ਦੇ ਚੁਬਾਰਿਆਂ ਦੇ ਨਾਲ਼
ਚਲੋ ਸਾਡੇ ਵਲੋਂ ਨਿਭ ਗਈ ਪਿਆਰਿਆਂ ਦੇ ਨਾਲ਼
ਆਲੋਚਨਾ ਦੇ ਖੇਤਰ ਵਿਚ ਸਭ ਤੋਂ ਪਹਿਲੋਂ ਸੰਤ ਸਿੰਘ ਸੇਖੋਂ ਨੇ ਨਵੀਂ ਲਹਿਰ ਨੂੰ ਜੀ-ਆਇਆਂ ਆਖਿਆ। ਇਸ ਸੰਦਰਭ ਵਿਚ ਅਪਣੇ ਕਿਸੇ ਲੇਖ ਵਿਚ ਸੰਤ ਸਿੰਘ ਸੇਖੋਂ ਨੇ ਲਿਖਿਆ: ”ਜਸਬੀਰ ਸਿੰਘ ਆਹਲੂਵਾਲੀਆ ਦੇ ਇਸ ਜਲੂਸ ਵਿਚ ਤਾਂ ਕਦੀ-ਕਦੀ ਤੇ ਕੁਝ ਚਿਰ ਲਈ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਹਰਿਭਜਨ ਸਿੰਘ ਜਿਹੇ ਖਿਆਤਿਪਤੀ ਵੀ ਸ਼ਾਮਲ ਹੋ ਜਾਂਦੇ ਹਨ, ਸ਼ਾਇਦ ਇਸ ਡਰ ਤੋਂ ਕਿ ਇਹ ਜਲੂਸ ਹੀ ਨਾ ਆਪਣੇ ਨਾਲ਼ ਸਾਰੀ ਜਨਤਾ ਨੂੰ ਲੈ ਤੁਰੇ।’’ ਪ੍ਰਤੀਕਰਮ ਵਜੋਂ ਮੈਂ ਅਪਣੀ ਕਵਿਤਾ ‘ਸਚ ਕੀ ਬੇਲਾ’ ਵਿਚ ਇਉਂ ਲਿਖਿਆ ਸੀ :
ਸਾਨੂੰ ਵੇਖ ਬਹੁਤ ਹੈਰਾਨੀ ਹੋਈ।
ਸਾਡਾ ਨਾਅਰਾ ਚੜ੍ਹ ਪਰਵਾਨ ਗਿਆ
ਵਿਚ ਸਚ ਖੰਡ ਵੀ ਸਨਮਾਨ ਲਿਆ।
ਪਰ ਸੇਖੋਂ ਦੇ ਉਪਰੋਕਤ ਵਿਚਾਰਾਂ ਕਾਰਣ ਅੰਮ੍ਰਿਤਾ ਪ੍ਰੀਤਮ, ਪ੍ਰੋਫ਼ੈਸਰ ਸਾਹਿਬ ਨਾਲ਼ ਅਤੇ ਮੇਰੇ ਨਾਲ਼ ਅਪਣੇ ਆਖ਼ਿਰੀ ਦਮ ਤਕ ਨਾਰਾਜ਼ ਰਹੀ। ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਹੋਇਆ, ਤਾਂ ਉਸ ਦੌਰਾਨ ਕਈ ਵਾਰ ਕੋਸ਼ਿਸ਼ ਕੀਤੀ ਕਿ ਮੈਂ ਯੂਨੀਵਰਸਿਟੀ ਵਲੋਂ ਅੰਮ੍ਰਿਤਾ ਪ੍ਰੀਤਮ ਨੂੰ ਉੱਚੇ ਤੋਂ ਉੱਚਾ ਸਨਮਾਨ ਦੇਵਾਂ; ਕਈ ਸੁਨੇਹੇ ਭੇਜੇ; ਪਰ ਕਦੇ ਵੀ ਹੁੰਗਾਰਾ ਨਾ ਮਿiਲ਼ਆ। ਮੈਨੂੰ ਇਸ ਗੱਲ ਦਾ ਹਮੇਸ਼ਾ ਅਫ਼ਸੋਸ ਰਿਹਾ ਹੈ।
ਜਲੰਧਰ ਦੀ ਅਪਣੀ ਨਿਯੁਕਤੀ ਤੋਂ ਪਹਿਲੋਂ ਮੈਂ ਡਲਹੌਜ਼ੀ ਵਿਖੇ ਕੈਨਟੋਨਮੈਂਟ ਐਗਜ਼ੀਕਿਊਟਿਵ ਆਫ਼ੀਸਰ ਲੱਗਿਆ ਸਾਂ। ਇਸ ਦੌਰਾਨ ਡਲਹੌਜ਼ੀ ਵਿਖੇ ਪਰੰਪਰਾ, ਪ੍ਰਯੋਗ ਅਤੇ ਪ੍ਰਗਤੀ ਬਾਰੇ ਸੈਮੀਨਾਰ ਕਰਵਾਇਆ; ਜਿਹਦੀ ਪ੍ਰਧਾਨਗੀ ਉਸ ਵੇਲੇ ਦੇ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ ਨੇ ਕੀਤੀ। ਗਿਆਨੀ ਜੀ ਵੀ ਨਵੀਂ ਲਹਿਰ ਬਾਰੇ ਬਹੁਤ ਉਤਸ਼ਾਹਿਤ ਸਨ। ਉਸ ਸਮੇਂ ਭਾਸ਼ਾ ਵਿਭਾਗ ਆਪਣੀ ਚੜ੍ਹਤ ਵਿਚ ਸੀ ਅਤੇ ਹਰ ਸਾਲ ਇਕ ਉੱਚ ਪੱਧਰ ਦੀ ਵਿਚਾਰ ਗੋਸ਼ਟੀ ਇਸ ਵਿਭਾਗ ਵਲੋਂ ਕਰਵਾਈ ਜਾਂਦੀ ਸੀ। ਜਦੋਂ ਕਿਸੇ ਗੋਸ਼ਟੀ ਵਿਚ ਗਿਆਨੀ ਜੀ ਨੇ ਪੰਜਾਬੀ ਸਾਹਿਤ ਬਾਰੇ ਮੇਰੇ ਵਿਚਾਰ, ਗੋਸ਼ਟੀ ਦੇ ਵਿਚਾਰ-ਵਟਾਂਦਰੇ ਦੌਰਾਨ ਸੁਣੇ, ਤਾਂ ਮੈਨੂੰ ਅਗਲੇ ਸਾਲ ਦੀ ਵਾਰਸ਼ਿਕ ਗੋਸ਼ਟੀ ਲਈ ਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਯੋਗਸ਼ੀਲਤਾ ਦੇ ਵਿਸ਼ੇ ’ਤੇ ਮੁੱਖ ਭਾਸ਼ਣ ਦੇਣ ਲਈ ਸੱਦਾ ਦਿੱਤਾ; ਪਰ ਨਾਲ਼ ਹੀ ਇਹ ਵੀ ਕਿਹਾ ਕਿ ਇਹ ਪੇਪਰ ਵੱਡ-ਆਕਾਰੀ ਹੋਵੇ, ਤਾਂ ਕਿ ਇਸ ਨੂੰ ਪੰਜਾਹ-ਸੱਠ ਸਫ਼ਿਆਂ ਦੀ ਪੁਸਤਕ ਦੇ ਰੂਪ ਵਿਚ ਵਿਭਾਗ ਵਲੋਂ ਛਾਪਿਆ ਜਾ ਸਕੇ। ਨਵੀਂ ਲਹਿਰ ਨੂੰ ਸਾਹਿਤਕ ਐਸਟੈਬਲਿਸ਼ਮੈਂਟ ਵਲੋਂ ਇਹ ਪਹਿਲੀ ਪ੍ਰਵਾਨਗੀ ਸੀ, ਉਸ ਤੋਂ ਬਾਅਦ ਉੱਤਰੀ ਖੇਤਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਇਸ ਵਿਸ਼ੇ ਬਾਰੇ ਵਿਚਾਰ ਗੋਸ਼ਟੀਆਂ ਦਾ ਸਿਲਸਿਲਾ ਆਰੰਭ ਹੋ ਗਿਆ ਅਤੇ ਦੋ-ਤਿੰਨ ਸਾਲਾਂ ਵਿਚ ਹੀ ਨਵੀਂ ਕਵਿਤਾ ਉੱਤਰੀ ਖੇਤਰ ਦੀਆਂ ਤਕਰੀਬਨ ਸਾਰੀਆਂ ਯੂਨੀਵਰਸਿਟੀਆਂ ਦੇ ਐੱਮ.ਏ. (ਪੰਜਾਬੀ ਕੋਰਸ) ਵਿਚ ਸਮਿਲਤ ਹੋ ਗਈ। ਨਵੀਂ ਅਰਥਾਤ ਪ੍ਰਯੋਗਸ਼ੀਲ ਕਵਿਤਾ ਬਾਰੇ ਪੀਅੱੈਚ.ਡੀ. ਦੇ ਥੀਸਿਸ ਵੀ ਖੋਜ ਦਾ ਕੇਂਦਰ ਬਣੇ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਅਧਿਆਪਕ ਪ੍ਰੋਫ਼ੈਸਰ ਪਵਨ ਸੁਮੀਰ ਨੇ ਇਸ ਵਿਸ਼ੇ ਬਾਰੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਦਾ ਪਹਿਲਾ ਯਤਨ ਕੀਤਾ। ਪੰਜਾਬ ਯੂਨੀਵਰਸਿਟੀ ਦੀ ਅਮਨਦੀਪ ਕੌਰ ਨੇ ”ਡਾ. ਜਸਬੀਰ ਸਿੰਘ ਆਹਲੂਵਾਲੀਆ ਦੀ ਕਵਿਤਾ: ਇਕ ਆਲੋਚਨਾਤਮਿਕ ਅਧਿਐਨ’’ ਦੇ ਵਿਸ਼ੇ ’ਤੇ ਪੀਐੱਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। ਕਹਿਣ ਦਾ ਭਾਵ ਇਹ ਹੈ ਕਿ ਤੂਫ਼ਾਨ ਵਾਂਗੂ ਉੱਠੀ ਇਹ ਲਹਿਰ ਸਮੇਂ ਦੇ ਹਾਣ ਦੀ ਹੋਣ ਕਰਕੇ ਬਹੁਤ ਛੇਤੀ ਸਥਾਪਤੀ ਦੀ ਸਿਖਰ ’ਤੇ ਪਹੁੰਚ ਗਈ ਸੀ।
ਡਲਹੌਜ਼ੀ ਗੋਸ਼ਟੀ ਦੌਰਾਨ ਹਰਿਭਜਨ ਸਿੰਘ ਨੇ ਬਹੁਤ ਚੰਗੀ ਕਵਿਤਾ ਲਿਖੀ: ‘ਨਰਸਿੰਗ ਘਰ ਤੋਂ ਹਰਿਮੰਦਰ ਤਕ’। ਇਹ ਕਵਿਤਾ ਨਵੀਂ ਲਹਿਰ ਦੇ ਉੱਚ-ਪੱਧਰੀ ਕਾਵਿ ਦਾ ਅੰਗ ਬਣ ਗਈ। ਨਵੀਂ ਲਹਿਰ ਦੇ ਚੜ੍ਹਤ ਦੇ ਸਾਲਾਂ ਵਿਚ ਸ਼ਿਵ ਕੁਮਾਰ ਬਟਾਲਵੀ ਵੀ ਅਭਿੱਜ ਨਾ ਰਹਿ ਸਕਿਆ, ਭਾਵੇਂ ਕਿ ਉਹ ਅਪਣੀ ਨਿਵੇਕਲੀ ਸ਼ੈਲੀ ਵਿਚ ਕਵਿਤਾ ਰਚਦਿਆਂ ਬਹੁਤ ਮਾਨਤਾ ਪ੍ਰਾਪਤ ਕਰ ਚੁੱਕਿਆ ਸੀ। ਇਕ ਦਿਨ ਉਹ ਮੇਰੇ ਪਾਸ ਆਇਆ ਤੇ ਅਪਣੇ ਭੋਲ਼ੇ ਅੰਦਾਜ਼ ਵਿਚ ਕਹਿਣ ਲੱਗਾ: ”ਜਸਬੀਰ, ਮੈਨੂੰ ਵੀ ਪ੍ਰਯੋਗਸ਼ੀਲ ਲਹਿਰ ਦਾ ਮੈਂਬਰ ਬਣਾ ਲੈ।’’ ਮੈਂ ਕਿਹਾ: ”ਸ਼ਿਵ, ਇਹ ਲਹਿਰ ਕੋਈ ਕਲੱਬ ਨਹੀਂ, ਜਿਸ ਦੀ ਮੈਂਬਰਸ਼ਿਪ ਫ਼ਾਰਮ ਭਰ ਕੇ ਪ੍ਰਾਪਤ ਕਰਨੀ ਹੋਵੇ।” ਉਸ ਕਿਹਾ: ”ਮੇਰਾ ਮਤਲਬ ਹੈ ਕਿ ਤੂੰ ਮੇਰੇ ਨਵੇਂ ਕਾਵਿ-ਸੰਗ੍ਰਹਿ ‘ਆਟੇ ਦੀਆਂ ਚਿੜੀਆਂ’ ਦਾ ਮੁੱਖਬੰਦ ਲਿਖੇਂ ਕਿਉਂਕਿ ਇਸ ਵਿਚ ਮੈਂ ਪਰੰਪਰਾ ਤੋਂ ਹਟ ਕੇ ਨਵੇਂ ਪ੍ਰਯੋਗ ਕੀਤੇ ਹਨ।’’ ਮੈਂ ਉਸ ਨੂੰ ਸਮਝਾਇਆ ਕਿ ਸ਼ਿਵ ਤੂੰ ਅਪਣੀ ਸ਼ੈਲੀ ਵਿਚ ਉੱਚ-ਕੋਟੀ ਦੀ ਕਵਿਤਾ ਲਿਖ ਰਿਹਾ ਹੈਂ, ਤੂੰ ਇਸੇ ਸ਼ੈਲੀ ਵਿਚ ਕਵਿਤਾ ਲਿਖਦਾ ਰਹਿ, ਨਵੇਂ ਪ੍ਰਯੋਗ ਸਹਿਜ ਸੁਭਾਏ ਹੀ ਤੇਰੀ ਕਵਿਤਾ ਵਿਚ ਆ ਜਾਣਗੇ, ਇਸ ਲਈ ਉਚੇਚੇ ਤੌਰ ’ਤੇ ਸੁਚੇਤ ਯਤਨ ਕਰਨ ਦੀ ਲੋੜ ਨਹੀਂ। ਪਰ ਸ਼ਿਵ ਬਜ਼ਿਦ ਸੀ ਅਤੇ ਕਹਿਣ ਲੱਗਾ ਕਿ ਹਰਿਭਜਨ ਸਿੰਘ ਨੇ ਵੀ ਤਾਂ ਸੁਚੇਤ ਯਤਨ ਕਰਕੇ ‘ਨਰਸਿੰਗ ਘਰ ਤੋਂ ਹਰਿਮੰਦਰ ਤਕ’ ਕਵਿਤਾ ਲਿਖੀ ਹੈ, ਜਿਸ ਦੀ ਬਹੁਤ ਸ਼ਲਾਘਾ ਹੋ ਰਹੀ ਹੈ। ਮੈਂ ਕਿਹਾ ਕਿ ਹਰਿਭਜਨ ਸਿੰਘ ਉੱਚ-ਪਾਏ ਦਾ ਕਲਾਕਾਰ ਹੀ ਨਹੀਂ, ਸਗੋਂ ਸਫਲ ਕਰਾਫ਼ਟਸਮੈਨ ਵੀ ਹੈ। ਇਹ ਗੱਲ ਸ਼ਿਵ ਦੀ ਸਮਝ ਵਿਚ ਨਾ ਆਈ ਤੇ ਮੈਂ ਉਸ ਨੂੰ ਇਕ ਮਿਸਾਲ ਦੇ ਕੇ ਸਮਝਾਇਆ ਕਿ ਜੇ ਤਰਖਾਣ ਚੰਗਾ ਕਲਾਕਾਰ ਵੀ ਹੋਵੇ ਤੇ ਚੰਗਾ ਕਰਾਫ਼ਟਸਮੈਨ ਵੀ, ਤਾਂ ਉਹ ਅਜਿਹਾ ਫ਼ਰਨੀਚਰ ਬਣਾ ਸਕਦਾ ਹੈ, ਜਿਸ ਵਿਚ ਰਾਜੇ-ਮਹਾਰਾਜਿਆਂ ਦੇ ਮਹਿਲਾਂ ਦੇ ਰਵਾਇਤੀ ਫ਼ਰਨੀਚਰ ਅਤੇ ਆਧੁਨਿਕ ਕੰਪਨੀਆਂ ਦੇ ਦਫ਼ਤਰਾਂ ਲਈ ਨਵੀਂ ਕਿਸਮ ਦੇ ਫ਼ਰਨੀਚਰ ਦਾ ਸੁਚੱਜਾ ਸੁਮੇਲ ਹੋਵੇ। ਸ਼ਿਵ ਝੱਟਪੱਟ ਮੇਰੀ ਗੱਲ ਸਮਝ ਗਿਆ; ‘ਆਟੇ ਦੀਆਂ ਚਿੜੀਆਂ’ ਦਾ ਕਾਵਿ-ਸੰਗ੍ਰਹਿ ਤਾਂ ਜ਼ਰੂਰ ਛਪਵਾਇਆ, ਪਰ ਵਾਪਿਸ ਅਪਣੀ ਸ਼ੈਲੀ, ਅਪਣੀ ਵਿਧੀ ਵਲ ਪਰਤ ਗਿਆ।
ਪਾਉਂਟਾ ਸਾਹਿਬ ਚ ਪ੍ਰਯੋਗੀ ਕਵਿਤਾ
ਵੀਹਵੀਂ ਸਦੀ ਦੇ ਛੇਵੇਂ ਦਹਾਕੇ ਵਿਚ ਹੀ ਨਵੀਂ ਕਾਵਿ ਲਹਿਰ ਯੂਨੀਵਰਸਿਟੀਆਂ ਵਿਚ ਪ੍ਰਵੇਸ਼ ਕਰ ਗਈ ਸੀ। ਸੰਨ 1965 ਵਿਚ ਮੈਂ ਪਟਿਆਲੇ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਉਂਤ ਅਤੇ ਵਿਕਾਸ ਵਿਭਾਗ ਦਾ ਬਾਨੀ ਡਾਇਰੈਕਟਰ ਨਿਯੁਕਤ ਹੋਇਆ ਸਾਂ। ਉਸ ਵੇਲੇ ਦੇ ਵਾਈਸ ਚਾਂਸਲਰ ਕਿਰਪਾਲ ਸਿੰਘ ਨਾਰੰਗ ਸਨ, ਜੋ ਬਹੁਤ ਦੂਰ-ਅੰਦੇਸ਼ ਅਤੇ ਗਤੀਸ਼ੀਲ ਸ਼ਖ਼ਸੀਅਤ ਸਨ। ਉਸ ਵੇਲੇ ਮੇਰੇ ਵਿਭਾਗ ਵਲੋਂ ਪਾਉਂਟਾ ਸਾਹਿਬ ਵਿਖੇ ਨਵੀਂ ਕਵਿਤਾ ਬਾਰੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਤਕਰੀਬਨ ਸਾਰੇ ਆਲੋਚਕਾਂ ਅਤੇ ਕਵੀਆਂ ਨੇ ਭਾਗ ਲਿਆ। ਸੈਮੀਨਾਰ ਦੇ ਉਦਘਾਟਨ ਲਈ ਸ਼ਿਮਲੇ ਵਾਲ਼ੀ ਇੰਸਟੀਚਿਊਟ ਆੱਵ ਐਡਵਾਂਸਡ ਸਟੱਡੀ ਦੇ ਡਾਇਰੈਕਟਰ ਨਿਹਾਰ ਰੰਜਨ ਰੇਅ ਨੂੰ ਸੱਦਿਆ ਗਿਆ। ਸ਼ਾਮ ਨੂੰ ਸਾਰੇ ਲੇਖਕ ਅਤੇ ਮਹਿਮਾਨ ਪਹੁੰਚ ਚੁੱਕੇ ਸਨ। ਨਿਹਾਰ ਰੰਜਨ ਰੇਅ ਵੀ ਪਧਾਰ ਚੁੱਕੇ ਸਨ; ਗੋਸ਼ਟੀ ਦਾ ਉਦਘਾਟਨ ਅਗਲੀ ਸਵੇਰ ਹੋਣਾ ਸੀ। ਪਹਿਲੀ ਸ਼ਾਮ ਨੂੰ ਕਿਰਪਾਲ ਸਿੰਘ ਨਾਰੰਗ ਨੇ (ਸਮੇਤ ਨਿਹਾਰ ਰੰਜਨ ਰੇਅ) ਸਾਰਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਪਾਉਂਟਾ ਸਾਹਿਬ ਬਹੁਤ ਪਵਿੱਤਰ ਅਸਥਾਨ ਹੈ, ਇਸ ਲਈ ਗੋਸ਼ਟੀ ਦੇ ਦਿਨਾਂ ਵਿਚ ਕੋਈ ਵੀ ਲੇਖਕ ਸ਼ਰਾਬ ਨਹੀਂ ਪੀਵੇਗਾ। ਜਦੋਂ ਅਸੀਂ ਸਾਰੇ ਪੀ.ਡਬਲਿਯੂ.ਡੀ. ਦੇ ਗੈਸਟ ਹਾਊਸ ਵਿਖੇ ਰਾਤ ਦੇ ਖਾਣੇ ਦੇ ਵੱਡੇ ਮੇਜ਼ ਦੁਆਲ਼ੇ ਇਕੱਠੇ ਹੋਏ, ਤਾਂ ਅਸੀਂ ਡਾਕਟਰ ਰੇਅ ਦਾ ਇੰਤਜ਼ਾਰ ਕਰ ਰਹੇ ਸਾਂ, ਜੋ ਉਪਰਲੇ ਕਮਰੇ ਵਿਚ ਠਹਿਰੇ ਹੋਏ ਸਨ। ਕਈ ਸੁਨੇਹੇ ਭੇਜਣ ਤੋਂ ਬਾਅਦ ਰੇਅ ਹੱਥ ਵਿਚ ਵਿਸਕੀ ਦਾ ਗਲਾਸ ਫੜੀ ਪੌੜੀਆਂ ਤੋਂ ਹੇਠਾਂ ਖਾਣੇ ਵਾਲੇ ਕਮਰੇ ਵਲ ਆਉਂਦੇ ਨਜ਼ਰ ਆਏ। ਡਾਕਟਰ ਰੇਅ ਦੇ ਹੱਥ ਵਿਚ ਵਿਸਕੀ ਦਾ ਗਲਾਸ ਵੇਖਦਿਆਂ ਨਾਰੰਗ ਸਾਹਿਬ ਦੇ ਚੇਹਰੇ ਦਾ ਰੰਗ ਉੜ ਗਿਆ। ਰੇਅ ਦੇ ਹੱਥ ਵਿਚ ਫੜਿਆ ਵਿਸਕੀ ਦਾ ਗਲਾਸ ਇਕ ਤਰ੍ਹਾਂ ਨਾਲ਼ ਐਸਟੈਬਲਿਸ਼ਮੈਂਟ ਦੇ ਸਨਮੁੱਖ ਵਿਦਰੋਹ ਦਾ ਪ੍ਰਤੀਕ ਸੀ। ਇਸ ਕਿਸਮ ਦਾ ਵਿਦਰੋਹ ਪੰਜਾਬੀ ਲੇਖਕਾਂ ਵਿਚ ਬਹੁਤ ਘੱਟ ਵਿਖਾਈ ਦਿੰਦਾ ਹੈ, ਭਾਵੇਂ ਉਹ ਅਪਣੀ ਕ੍ਰਾਂਤੀਕਾਰੀ ਰਚਨਾਵਾਂ ਵਿਚ ਵੀਅਤਨਾਮ ਵਿਚ ਅਮਰੀਕੀ ਸਾਮਰਾਜ ਦੇ ਆਕਰਮਣ ਖ਼ਿਲਾਫ਼ ਸ਼ਾਬਦਿਕ ਮਿਜ਼ਾਈਲ ਛੱਡਦੇ ਰਹੇ ਹੋਣ ਜਾਂ ਸਾਉਥ ਅਫ਼ਰੀਕਾ ਵਿਚ ਨਸਲਵਾਦ ਵਿਰੁੱਧ ਸ਼ਬਦ-ਬਾਣ ਚਲਾਉਂਦੇ ਰਹੇ ਹੋਣ। ਪਰ ਜਦੋਂ ਅਪਣੇ ਆਸ-ਪਾਸ ਅਜਿਹੀਆਂ ਘਟਨਾਵਾਂ ਵਾਪਰਨ, ਜਿਹਨਾਂ ਬਾਰੇ ਸਥਾਪਤੀ ਅਥਵਾ ਸਿਸਟਮ ਖ਼ਿਲਾਫ਼ ਜੂਝਣ ਦੀ ਲੋੜ ਹੋਵੇ, ਤਾਂ ਉਹ ਮੋਨਧਾਰੀ ਬਣ ਜਾਂਦੇ ਹਨ:
ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ॥ ਮਹਲਾ ੫
ਪ੍ਰਯੋਗਸ਼ੀਲਤਾ ਰਾਹੀਂ ਪ੍ਰਵੇਸ਼ਿਤ ਆਧੁਨਿਕਤਾਵਾਦ ਦੀ ਪ੍ਰਗਤੀਵਾਦੀ-ਰੁਮਾਂਸਵਾਦੀ ਬਾਰੇ ਇਕ ਧਾਰਣਾ ਇਹ ਵੀ ਸੀ ਕਿ ਇਨ੍ਹਾਂ ਕਵੀਆਂ ਦਾ ਕ੍ਰਾਂਤੀ ਵਲ ਰਵੱਈਆ ਰੁਮਾਂਟਿਕ ਸੀ, ਅੱਤਭਾਵੁਕ ਸੀ। ਉਹ ਸਾਗਰ-ਕਿਨਾਰੇ ਬੈਠ ਤੂਫ਼ਾਨੀ ਲਹਿਰਾਂ ਦਾ ਮੁਕਾਬਿਲਾ ਕਰਨ ਲਈ ਸ਼ਬਦਾਂ ਨੂੰ ਹੀ ਮੋਹਰਾ ਬਣਾਉਂਦੇ ਹਨ। (“ਕੁਛ ਲੋਗ ਕਿਨਾਰੇ ਪਰ ਬੈਠੇ ਤੂਫ਼ਾਂ ਕਾ ਨਜ਼ਾਰਾ ਕਰਤੇ ਹੈਂ’’)।
ਸਾਡੇ ਕਾਗ਼ਜ਼ੀ ਸ਼ੇਰਾਂ ’ਤੇ ਕਟਾਖਸ਼ ਕਰਦਿਆਂ ਮੈਂ ਅਪਣੀ ਕਿਸੇ ਨਵੀਂ ਕਵਿਤਾ ਵਿਚ ਇਸ ਸਥਿਤੀ ਨੂੰ ਇਉਂ ਦਰਸਾਇਆ ਹੈ :
ਕੋਈ ਹਰਿਆ ਬੂਟੁ ਰਹਿਓ ਰੀ?
ਮੇਰੇ ਵਿਚ ਤਾਂ ਸਾਹਿਬਜ਼ਾਦਿਆਂ ਵਾਲਾ
ਕੋਈ ਵੀ ਦੈਵੀ ਗੁਣ ਨਹੀਂ
ਫਿਰ ਮੈਨੂੰ ਕਿਉਂ ਢੂੰਡ ਰਹੇ ਹੋ
ਨੀਹਾਂ ’ਚ ਚਿਨਣ ਲਈ?
ਉਹ ਬੋਲੇ :
ਇਹ ਵੇਖਣ-ਵਿਖਾਉਣ ਲਈ ਕਿ
“ਹਾਅ’’ ਦਾ ਨਾਅਰਾ ਮਾਰਨ ਵਾਲਾ
ਕੋਈ ਜਿਉਂਦਾ ਜਾਗਦਾ ਬਾਕੀ ਹੈ
ਜਾਂ
ਸਭੈ ਤਾਲ ਪੂਰੇ ਕਰ ਰਹੇ ਹਨ
ਰੋਟੀਆਂ ਕਾਰਣ!
ਪਰ ਕਿਧਰੇ-ਕਿਧਰੇ, ਕਦੇ-ਕਦੇ ਕੋਈ ਅਜਿਹੀ ਆਵਾਜ਼ ਸੁਣਾਈ ਦਿੰਦੀ ਹੈ, ਜੋ “ਕੋਈ ਹਰਿਆ ਬੂਟੁ ਰਹਿਓ ਰੀ’’ ਦਾ ਧਰਵਾਸ ਬਣਦੀ ਹੈ। ਪਾਉਂਟਾ ਸਾਹਿਬ ਦੀ ਗੋਸ਼ਟੀ ਤੋਂ ਵਾਪਸ ਆ ਕੇ ਵਾਈਸ ਚਾਂਸਲਰ ਨਾਰੰਗ ਸਾਹਿਬ ਨੇ ਉਨ੍ਹਾਂ ਪੰਜਾਬੀ ਲੇਖਕਾਂ ਨਾਲ਼ ਮੀਟਿੰਗ ਕੀਤੀ, ਜੋ ਪੰਜਾਬੀ ਭਾਸ਼ਾ ਬਾਰੇ ਚੱਲ ਰਹੇ ਵਾਦ-ਵਿਵਾਦ ਬਾਰੇ ਰੱਖੀ ਗਈ ਸੀ। ਕੁਝ ਭਾਸ਼ਾ ਵਿਗਿਆਨੀ ਲਿਖਣ ਅਤੇ ਬੋਲਣ ਵਿਚਕਾਰ ਕੁਦਰਤੀ ਫ਼ਰਕ ਨੂੰ ਪਹਿਚਾਣਦਿਆਂ ਲਿਖਤੀ ਪੰਜਾਬੀ ਲਈ ਨਿਯਮਾਂ ’ਤੇ ਜ਼ੋਰ ਦੇ ਰਹੇ ਸਨ। ਦੂਜੇ ਪਾਸੇ ਉਹ ਲੇਖਕ ਸਨ, ਜਿਹਨਾਂ ਦੀ ਧਾਰਣਾ ਇਹ ਸੀ ਕਿ ਜਿਵੇਂ ਬੋਲੋ ਤਿਵੇਂ ਲਿਖੋ। ਵਿਸ਼ਵਾਨਾਥ ਤਿਵਾੜੀ ਦੂਜੇ ਪਾਸੇ ਦੇ ਵੱਡੇ ਬੁਲਾਰੇ ਸਨ ਅਤੇ ਇਹ ਧਾਰਣਾ ਰੱਖਦੇ ਸਨ ਕਿ ਬੋਲੀ ਜਾਂਦੀ ਪੰਜਾਬੀ ਨੂੰ ਹੀ ਲਿਖੀ ਜਾਂਦੀ ਪੰਜਾਬੀ ਦਾ ਆਧਾਰ ਬਣਾਇਆ ਜਾਵੇ (ਲਿਖਤ ਵਿਚ “ਜਾਂਦਾ ਹੈ’’ ਨੂੰ “ਜਾਂਦੈ’’ ਲਿਖਿਆ ਜਾਵੇ।) ਭਾਵੇਂ ਭਾਸ਼ਾ ਵਿਗਿਆਨ ਮੇਰਾ ਖੇਤਰ ਨਹੀਂ ਸੀ, ਪਰ ਇਹ ਵਿਸ਼ਾ ਮੇਰੇ ਵਿਭਾਗ ਦੇ ਅੰਤਰਗਤ ਸੀ ਅਤੇ ਯੂਨੀਵਰਸਿਟੀ ਦੀ ਭਾਸ਼ਾ ਵਿਗਿਆਨੀਆਂ ਦੀ ਤਿਆਰ ਕੀਤੀ ਪੰਜਾਬੀ ਭਾਸ਼ਾ ਨੀਤੀ ਦਾ ਪਸਾਰ ਮੇਰੇ ਵਿਭਾਗ ਦਾ ਕਰਤਵ ਸੀ ਕਿ ਲਿਖਤ (ਪ੍ਰੋਜ਼) ਵਿਚ, ਮਿਸਾਲ ਵਜੋਂ “ਜਾਂਦੈ’’ ਦੀ ਥਾਂ “ਜਾਂਦਾ ਹੈ’’ ਲਿਖਿਆ ਜਾਵੇ; ਭਾਵੇਂ ਕਵਿਤਾ, ਕਹਾਣੀ, ਨਾਵਲ ਜਾਂ ਨਾਟਕ ਵਿਚ ਲੋੜ ਅਨੁਸਾਰ “ਜਾਂਦੈ’’ ਲਿਖਿਆ ਜਾਵੇ। ਯੂਨੀਵਰਸਿਟੀ ਦੀ ਇਸ ਪ੍ਰਵਾਨਿਤ ਨੀਤੀ ਦਾ ਉੱਚੇ ਸੁਰੀਂ ਵਿਰੋਧ ਹੋ ਰਿਹਾ ਸੀ। ਨਾਰੰਗ ਸਾਹਿਬ ਨੇ ਵਿਰੋਧ ਦਾ ਰੁਖ਼ ਮੇਰੇ ਵਲ ਮੋੜਨ ਲਈ ਪਾਉਂਟਾ ਸਾਹਿਬ ਤੋਂ ਵਾਪਸੀ ਉਪਰੰਤ ਸੱਦੀ ਮੀਟਿੰਗ ਵਿਚ ਮੈਨੂੰ ਝਟਕੇ ਦੇਣੇ ਸ਼ੁਰੂ ਕੀਤੇ ਅਤੇ ਕਹਿਣ ਲੱਗੇ ਕਿ ਆਹਲੂਵਾਲੀਏ ਨੇ ਪਾਉਂਟਾ ਸਾਹਿਬ ਵਿਖੇ ਜੋ ਸੈਮੀਨਾਰ ਕਰਵਾਇਆ ਹੈ, ਉਸ ਵਿਚ ਪ੍ਰਸਤੁਤ ਕੀਤੇ ਸਾਰੇ ਦੇ ਸਾਰੇ ਲੇਖਾਂ ਵਿਚ ਅਪਣੀ ਹੀ ਮਹਿਮਾ ਕਰਵਾਈ ਹੈ। ਯੂਨੀਵਰਸਿਟੀ ਦੀ ਭਾਸ਼ਾਈ ਨੀਤੀ ਬਾਰੇ ਭਾਵੇਂ ਤਿਵਾੜੀ ਲਗਾਤਾਰ ਮੈਨੂੰ ਕੋਸਦੇ ਰਹਿੰਦੇ ਸਨ, ਪਰ ਉਸ ਮੀਟਿੰਗ ਵਿਚ ਨਾਰੰਗ ਸਾਹਿਬ ਦੇ ਪਾਉਂਟਾ ਸਾਹਿਬ ਗੋਸ਼ਟੀ ਬਾਰੇ ਕਹੇ ਸ਼ਬਦਾਂ ਖ਼ਿਲਾਫ਼ ਭੜਕ ਕੇ ਅਪਣੀ ਕੁਰਸੀ ਤੋਂ ਉੱਠ ਨਾਰੰਗ ਸਾਹਿਬ ਵਲ ਉਂਗਲੀ ਕਰਦਿਆਂ ਇਕਦਮ ਬੋਲੇ: “ਨਾਰੰਗ ਸਾਹਿਬ, ਮੈਂ ਤੁਹਾਡੇ ਇਸ ਵਿਚਾਰ ਨਾਲ਼ ਬਿਲਕੁਲ ਸਹਿਮਤ ਨਹੀਂ ਕਿ ਆਹਲੂਵਾਲੀਆ ਨੇ ਅਪਣੀ ਮਹਿਮਾ ਵਿਚ ਲੇਖਕਾਂ ਤੋਂ ਲੇਖ ਲਿਖਵਾਏ; ਜੇਕਰ ਮੈਨੂੰ ਵੀ ਲੇਖ ਪ੍ਰਸਤੁਤ ਕਰਨ ਲਈ ਸੱਦਿਆ ਜਾਂਦਾ, ਤਾਂ ਮੈਂ ਵੀ ਨਵੀਂ ਲਹਿਰ ਦੇ ਮੋਢੀ ਆਹਲੂਵਾਲੀਆ ਨੂੰ ਬਤੌਰ ਕਵੀ, ਬਤੌਰ ਆਲੋਚਕ, ਆਵੱਸ਼ਕ ਹੀ ਸਤਿਕਾਰਦਾ। ਭਗਵੰਤ ਸਿੰਘ ਨੇ ਠੀਕ ਹੀ ਆਹਲੂਵਾਲੀਆ ਨੂੰ ਪ੍ਰਯੋਗ-ਪਿਤਾਮਾ ਕਿਹਾ ਹੈ!’’
ਇੰਦਰਾ ਗਾਂਧੀ ਵਾਲ਼ੀ ਵਿਸ਼ਵ ਪੰਜਾਬੀ ਕਾਨਫ਼ਰੰਸ
ਤਿਵਾੜੀ ਦਾ ਰਿਣ ਕੁਝ ਹੱਦ ਤਕ ਉਤਾਰਨ ਦਾ ਮੌਕਾ ਮੈਨੂੰ ਦਿੱਲੀ ਵਿਖੇ ਸਾਲ 1983 ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਆਯੋਜਨ ਵੇਲੇ ਪ੍ਰਾਪਤ ਹੋਇਆ। ਇਸ ਕਾਨਫ਼ਰੰਸ ਦੀ ਤਿਆਰੀ ਕਮੇਟੀ ਦਾ ਪ੍ਰਧਾਨ ਪ੍ਰੋਫ਼ੈਸਰ ਤਿਵਾੜੀ ਨੂੰ ਬਣਾਇਆ ਗਿਆ ਸੀ ਅਤੇ ਜਨਰਲ ਸਕੱਤਰ ਵਜੋਂ ਸੇਵਾ ਮੈਨੂੰ ਸੌਂਪੀ ਗਈ ਸੀ। ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਕਾਨਫ਼ਰੰਸ ਦਾ ਉਦਘਾਟਨ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਸੀ। ਦਿੱਲੀ ਵਿਖੇ ਕਾਨਫ਼ਰੰਸ ਦੀਆਂ ਜ਼ਬਰਦਸਤ ਤਿਆਰੀਆਂ ਚੱਲ ਰਹੀਆਂ ਸਨ। ਵਿਦੇਸ਼ਾਂ ਤੋਂ ਲੇਖਕਾਂ ਦੇ ਵਫ਼ਦ ਪਹੁੰਚ ਰਹੇ ਸਨ; ਸਭ ਤੋਂ ਵੱਡਾ ਡੈਲੀਗੇਸ਼ਨ ਯੂ.ਕੇ. ਤੋਂ ਆਇਆ ਸੀ। ਕੁਝ ਹਉਮੈਂ-ਗ੍ਰਸਤ ਪ੍ਰਬੰਧਕ ਅੰਦਰੋਂ ਖ਼ੋਰਾ ਲਾ ਰਹੇ ਸਨ ਅਤੇ ਯੂ.ਕੇ. ਦੇ ਡੈਲੀਗੇਸ਼ਨ ਦੇ ਕੁਝ ਮੈਂਬਰਾਂ ਦੀ ਸੁਰ ਵੀ ਬੇਸੁਰੀ ਹੋ ਰਹੀ ਸੀ; ਉਹ ਅਪਣਾ ਅਲੱਗ ਰਾਗ ਅਲਾਪ ਰਹੇ ਸਨ। ਉਦਘਾਟਨੀ ਸਵੇਰ ਤੋਂ ਪਹਿਲੋਂ ਦੀ ਸ਼ਾਮ ਤਕ ਹਾਲਾਤ ਇਸ ਹੱਦ ਤਕ ਵਿਗੜ ਗਏ ਕਿ ਯੂ.ਕੇ. ਦੇ ਡੈਲੀਗੇਸ਼ਨ ਨੇ ਕਾਨਫ਼ਰੰਸ ਦੇ ਬਾਈਕਾਟ ਦਾ ਐਲਾਨ ਕਰਨ ਦਾ ਮਨ ਬਣਾ ਲਿਆ। ਏਧਰੋਂ ਬਾਗ਼ੀ ਅੰਸ਼ਾਂ ਨੇ ਤਾਂ ਕਾਨਫ਼ਰੰਸ ਦੇ ਆਡੀਟੋਰੀਅਮ ਵਿਚ ਘੁਸਪੈਠ ਕਰਕੇ ਸਾਰੇ ਬੈਨਰ ਪਾੜ ਦਿੱਤੇ, ਸਟੇਜ ਨੂੰ ਤੋੜ-ਤਾੜ ਦਿੱਤਾ, ਆਡੀਟੋਰੀਅਮ ਦੇ ਬਾਹਰ ਲੱਗੇ ਰੰਗੀਨ ਝੰਡਿਆਂ ਨੂੰ ਉਖਾੜ ਦਿੱਤਾ। ਜਦੋਂ ਤਿਵਾੜੀ ਨੂੰ ਇਸ ਸਾਰੇ ਕੁਕਰਮ ਦਾ ਪਤਾ ਲੱਗਿਆ, ਤਾਂ ਗਹਿਰੇ ਤਣਾਓ ਵਿਚ ਉਹ ਪੰਜਾਬ ਭਵਨ ਵਿਚ ਜਿੱਥੇ ਮੈਂ ਠਹਿਰਿਆ ਹੋਇਆ ਸੀ ਮੈਨੂੰ ਮਿਲਣ ਆਇਆ। ਉਸ ਨੂੰ ਦਿਲਾਸਾ ਦਿੰਦੇ ਹੋਏ ਮੈਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਤੂੰ ਸਿਰਫ਼ ਸ੍ਰੀਮਤੀ ਇੰਦਰਾ ਗਾਂਧੀ ਨੂੰ ਕਾਇਮ ਰੱਖ ਕਿ ਉਹ ਉਦਘਾਟਨ ਕਰਨ ਲਈ ਜ਼ਰੂਰ ਪਹੁੰਚੇ। ਪਰ ਤਿਵਾੜੀ ਦੀ ਇਹ ਵੀ ਘਬਰਾਹਟ ਸੀ ਕਿ ਜੇਕਰ ਯੂ.ਕੇ. ਦੇ ਡੈਲੀਗੇਸ਼ਨ ਨੇ ਬਾਈਕਾਟ ਦੀ ਪ੍ਰੈੱਸ ਸਟੇਟਮੈਂਟ ਦੇ ਦਿੱਤੀ, ਜੋ ਉਦਘਾਟਨ ਵਾਲੇ ਦਿਨ ਛਪ ਸਕਦੀ ਹੈ, ਤਾਂ ਬਹੁਤ ਬੁਰਾ ਅਸਰ ਪਏਗਾ। ਮੈਂ ਤਿਵਾੜੀ ਨੂੰ ਕਿਹਾ ਕਿ ਯੂ.ਕੇ. ਦਾ ਵਫ਼ਦ ਕਿਸੇ ਵੀ ਹਾਲਤ ਵਿਚ ਕਾਨਫ਼ਰੰਸ ਦਾ ਬਾਈਕਾਟ ਨਹੀਂ ਕਰੇਗਾ, ਕਿਉਂਕਿ ਉਨ੍ਹਾਂ ਨੇ ਤਾਂ ਸ੍ਰੀਮਤੀ ਇੰਦਰਾ ਗਾਂਧੀ ਨਾਲ਼ ਫ਼ੋਟੋਆਂ ਖਿਚਵਾ ਕੇ ਵਾਪਸ ਅਪਣੇ ਦੇਸ਼ ਯੂ.ਕੇ. ਦੀ ਸਥਾਪਤੀ ਤੋਂ ਅਪਣਾ-ਆਪਣਾ ਮੁੱਲ ਵਧਾਉਣਾ ਹੈ; ਇਸ ਲਈ ਉਹ ਇਹ ਮੌਕਾ ਹੱਥੋਂ ਜਾਣ ਨਹੀਂ ਦੇਣਗੇ। ਮੈਂ ਅਪਣੀ ਗੱਲ ਜਾਰੀ ਰੱਖਦੇ ਹੋਏ ਇਹ ਵੀ ਕਿਹਾ: ”ਤਿਵਾੜੀ, ਕੀ ਤੂੰ ਸੱਚਮੁੱਚ ਸਮਝਦਾ ਹੈਂ ਕਿ ਅਜਿਹੀਆਂ ਕਾਨਫ਼ਰੰਸਾਂ ਪੰਜਾਬੀ ਸਾਹਿਤ ਤੇ ਪੰਜਾਬੀਅਤ ਬਾਰੇ ਗੰਭੀਰ ਬਹਿਸਾਂ ਲਈ ਕਰਵਾਈਆਂ ਜਾਂਦੀਆਂ ਹਨ – ਸਮੇਤ ਸਾਡੀ ਕਾਨਫ਼ਰੰਸ ਦੇ? ਸਾਡੀਆਂ ਕਾਨਫ਼ਰੰਸਾਂ, ਗੋਸ਼ਟੀਆਂ, ਸਾਹਿਤਕ ਮਿਲਣੀਆਂ ਵਿਚ ਇਕ ਦੂਜੇ ਦੀ ਪ੍ਰਸੰਸਾ ਕੀਤੀ ਜਾਂਦੀ ਹੈ ਜਾਂ ਬੋਲ-ਕਬੋਲ ਕਹੇ ਜਾਂਦੇ ਹਨ ਜਾਂ ਫਿਰ ਸਵੈ-ਪ੍ਰਚਾਰ, ਸੈਲਫ਼-ਪ੍ਰੋਜੈਕਸ਼ਨ ਹੁੰਦੇ ਹਨ।’’ ਤਿਵਾੜੀ ਨੇ ਮੇਰੀ ਇਸ ਗੱਲ ਦਾ ਤਾਂ ਕੋਈ ਜਵਾਬ ਨਾ ਦਿੱਤਾ, ਪਰ ਉਸ ਨੂੰ ਤਸੱਲੀ ਹੋ ਗਈ ਕਿ ਯੂ.ਕੇ. ਦਾ ਡੈਲੀਗੇਸ਼ਨ ਕਾਨਫ਼ਰੰਸ ਵਿਚ ਜ਼ਰੂਰ ਭਾਗ ਲਵੇਗਾ (ਅਤੇ ਇਸ ਤਰ੍ਹਾਂ ਹੀ ਹੋਇਆ)। ਬਾਕੀ ਦੇ ਸਾਰੇ ਪ੍ਰਬੰਧ ਨਵੇਂ ਸਿਰਿਓਂ ਕਰਨ ਦੀ ਜ਼ਿੰਮੇਵਾਰੀ ਮੈਂ ਅਪਣੇ ਸਿਰ ਲੈ ਲਈ, ਕਿਉਂਕਿ ਉਸ ਵੇਲੇ ਮੈਂ ਜਿਸ ਕਾਰਪੋਰੇਸ਼ਨ ਦਾ ਮੁਖੀ ਸਾਂ; ਉਸ ਦਾ ਕਾਫ਼ੀ ਅਮਲਾ ਦਿੱਲੀ ਵਿਚ ਤਾਇਨਾਤ ਸੀ। ਮੈਂ ਉਸ ਸਾਰੇ ਸਟਾਫ਼ ਨੂੰ ਡਿਊਟੀਆਂ ਵੰਡ ਦਿੱਤੀਆਂ ਅਤੇ ਸਾਰੀ ਰਾਤ ਨਵੇਂ ਸਿਰਿਓਂ ਤਿਆਰੀਆਂ ਕਰਕੇ ਆਡੀਟੋਰੀਅਮ ਨੂੰ ਅੰਦਰੋਂ ਬਾਹਰੋਂ ਪਹਿਲਾਂ ਨਾਲ਼ੋਂ ਵੀ ਵਧ ਚੜ੍ਹ ਕੇ ਸਜਾ ਦਿੱਤਾ। ਜਦੋਂ ਸਵੇਰ ਦੇ ਛੇ ਵਜੇ ਤਿਵਾੜੀ ਅਤੇ ਮੈਂ ਆਡੀਟੋਰੀਅਮ ਦਾ ਨਿਰੀਖਣ ਕਰਨ ਲਈ ਗਏ, ਤਾਂ ਖ਼ੁਸ਼ੀ ਨਾਲ਼ ਤਿਵਾੜੀ ਦੀਆਂ ਅੱਖਾਂ ਵਿਚੋਂ ਹੰਝੂ ਆ ਰਹੇ ਸਨ। ਤਿਵਾੜੀ, ਜੋ ਉਸ ਵੇਲੇ ਪਾਰਲੀਮੈਂਟ ਦਾ ਮੈਂਬਰ ਵੀ ਸੀ, ਕਹਿਣ ਲੱਗਾ: “ਜਸਬੀਰ, ਤੂੰ ਅੱਜ ਮੇਰੀ ਇੱਜ਼ਤ ਬਚਾ ਲਈ ਹੈ।’’ ਮੈਨੂੰ ਉਸ ਵੇਲੇ ਵਾਈਸ ਚਾਂਸਲਰ ਨਾਰੰਗ ਸਾਹਿਬ ਦੇ ਰੂ-ਬ-ਰੂ ਤਿਵਾੜੀ ਦੇ ਦਲੇਰਾਨਾ ਸ਼ਬਦ ਯਾਦ ਆ ਰਹੇ ਸਨ।
ਸ਼ਕਤੀਵਾਦ ਦਾ ਜਨਮ
ਸੁਖਪਾਲਵੀਰ ਸਿੰਘ ਹਸਰਤ ਦੇ ਸ਼ਕਤੀਵਾਦ ਦਾ ਨਿਕਾਸ ਵੀ ਇਕ ਅਭੁੱਲ ਘਟਨਾ ਚੋਂ ਹੋਇਆ। ਬਟਾਲੇ ਵਿਖੇ ਕਾਵਿ-ਸੰਮੇਲਨ ਹੋਇਆ, ਜਿਸ ਵਿਚ ਸੁਖਪਾਲਵੀਰ ਸਿੰਘ ਹਸਰਤ ਨੂੰ ਸਨਮਾਨਿਆ ਗਿਆ; ਇਕ ਸਨਮਾਨ ਚਿੰਨ੍ਹ ਅਤੇ ਥੈਲੀ ਭੇਂਟ ਕੀਤੀ ਗਈ। ਸਨਮਾਨ ਦੀ ਰਸਮ ਤੋਂ ਫ਼ੌਰਨ ਬਾਅਦ ਸਟੇਜ ਪਿੱਛੋਂ ਕੁਝ ਰੌਲ਼ਾ-ਗੌਲ਼ਾ ਸੁਣਾਈ ਦਿੱਤਾ। ਕੁਝ ਕਵੀ ਅਤੇ ਪ੍ਰਬੰਧਕ ਹਸਰਤ ਨਾਲ਼ ਹਾਥੋਪਾਈ ਹੋ ਰਹੇ ਸਨ। ਕਾਰਣ? ਉਹ ਥੈਲੀ ਖੋਹ ਰਹੇ ਸਨ – ਪਤਾ ਨਹੀਂ ਕਿਉਂ? ਸੁਖਪਾਲਵੀਰ ਸਿੰਘ ਹਸਰਤ ਇਕਦਮ ਸਟੇਜ ’ਤੇ ਪਰਤ ਆਇਆ ਤੇ ਕਹਿਣ ਲੱਗਾ : “ਵੇਖੋ, ਪ੍ਰਯੋਗਸ਼ੀਲ ਲਹਿਰ ਦੇ ਇਕ ਮਹਾਨ ਕਵੀ ਨਾਲ਼ ਪੁਰਾਣੀ ਪੀੜ੍ਹੀ ਦੇ ਲਘੂ ਕਵੀ ਕਿਵੇਂ ਹਾਥਾਪਾਈ ਕਰ ਰਹੇ ਹਨ। ਇਸ ਤੋਂ ਜ਼ਾਹਿਰ ਹੈ ਕਿ ਹੁਣ ਸ਼ਕਤੀ ਦੀ ਲੋੜ ਹੈ, ਇਸ ਲਈ ਅੱਜ ਤੋਂ ਬਾਅਦ ਮੈਂ ਪ੍ਰਯੋਗਮਈ ਕਵਿਤਾ ਤੋਂ ਅੱਗੇ ਜਾ ਕੇ ਸ਼ਕਤੀਵਾਦੀ ਕਵਿਤਾ ਲਿਖਣ ਦਾ ਐਲਾਨ ਕਰਦਾ ਹਾਂ।’’ ਜੇਕਰ ਬਟਾਲੇ ਵਿਖੇ ਹਾਥਾਪਾਈ ਦਾ ਇਹ ਹਾਦਸਾ ਨਾ ਹੋਇਆ ਹੁੰਦਾ, ਤਾਂ ਸ਼ਾਇਦ ਹਸਰਤ ਦੇ ਸ਼ਕਤੀਵਾਦ ਦਾ ਅਵਤਰਨ ਹੀ ਨਾ ਹੁੰਦਾ। ਵੀਹਵੀਂ ਸਦੀ ਦੇ ਪ੍ਰਸਿੱਧ ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਕਿਹਾ ਕਰਦੇ ਸਨ ਕਿ ਕਾਰਲ ਮਾਰਕਸ ਦੀ ਪਿੱਠ ਦੇ ਨਿਚਲੇ ਹਿੱਸੇ ਹੇਠਾਂ, ਯਾਨੀ ਪੱਟਾਂ ’ਤੇ ਫੋੜੇ ਲਾਇਲਾਜ ਬਣ ਚੁੱਕੇ ਸਨ ਅਤੇ ਉਹ ਬੜੀ ਮੁਸ਼ਕਿਲ ਨਾਲ਼ ਕੁਰਸੀ ’ਤੇ ਬੈਠ ਸਕਦਾ ਸੀ। ਇਸ ਕਾਰਣ ਕਾਰਲ ਮਾਰਕਸ ਇਹ ਦ੍ਰਿੜ੍ਹ ਇਰਾਦਾ ਕਰ ਬੈਠਾ ਸੀ ਕਿ ਜਿਵੇਂ ਇਹ ਫੋੜੇ ਮੈਨੂੰ ਟਿਕਣ ਨਹੀਂ ਦਿੰਦੇ; ਮੈਂ ਵੀ ਇਸ ਪੂੰਜੀਵਾਦੀ ਨਿਜ਼ਾਮ ਨੂੰ, ਜਿਸ ਵਿਚ ਮੇਰੇ ਫੋੜੇ ਪੈਦਾ ਹੋਏ ਹਨ, ਟਿਕਣ ਨਹੀਂ ਦੇਵਾਂਗਾ। ਸਿਰਦਾਰ ਕਪੂਰ ਸਿੰਘ ਦੇ ਕਹਿਣ ਦਾ ਭਾਵ ਇਹ ਸੀ ਕਿ ਅਕਸਰ ਵੱਡੀਆਂ-ਵੱਡੀਆਂ ਘਟਨਾਵਾਂ ਬਹੁਤ ਛੋਟੀਆਂ-ਛੋਟੀਆਂ ਘਟਨਾਵਾਂ ਦੀ ਪੈਦਾਵਾਰ ਹੁੰਦੀਆਂ ਹਨ। ਜੇਕਰ ਸ਼ਹਿਜ਼ਾਦਾ ਸਿੱਧਾਰਥ ਗੌਤਮ ਮਹਿਲਾਂ ਤੋਂ ਬਾਹਰ ਬੀਮਾਰੀ, ਗ਼ੁਰਬਤ, ਬ੍ਰਿਧ-ਅਵਸਥਾ ਅਤੇ ਮੌਤ ਦੇ ਦ੍ਰਿਸ਼ ਨਾ ਵੇਖਦਾ; ਤਾਂ ਸ਼ਾਇਦ ਉਹ ਸ਼ਾਹੀ ਜੀਵਨ ਛੱਡ ਕੇ ਨਵੇਂ ਬੋਧ ਦੀ ਤਲਾਸ਼ ਵਿਚ ਜੰਗਲਾਂ ਵਿਚ ਵਾਸਾ ਨਾ ਕਰਦਾ। ਜੇਕਰ ਮੋਹਨਦਾਸ ਕਰਮ ਚੰਦ ਗਾਂਧੀ ਨੂੰ ਸਾਊਥ ਅਫ਼ਰੀਕਾ ਵਿਖੇ ਕੋਈ ਨਸਲਵਾਦੀ ਗੋਰਾ ਰੇਲ ਦੇ ਫ਼ਸਟ ਕਲਾਸ ਡੱਬੇ ’ਚੋਂ ਧੱਕੇ ਮਾਰ ਕੇ ਨਾ ਕੱਢਦਾ, ਤਾਂ ਸ਼ਾਇਦ ਦੁਨੀਆਂ ਨੂੰ ‘ਮਹਾਤਮਾ ਗਾਂਧੀ’ ਨਸੀਬ ਨਾ ਹੁੰਦਾ। ਕਈ ਵਾਰ ਮੈਂ ਵੀ ਸੋਚਦਾ ਹਾਂ ਕਿ ਜੇਕਰ ਆਪਣੇ ਕਾਲਜ ਦੇ ਦਿਨਾਂ ਵਿਚ ਮੈਂ ਮੋਹਨ ਸਿੰਘ ਜਾਂ ਅੰਮ੍ਰਿਤਾ ਪ੍ਰੀਤਮ ਵਰਗੀ ਕਵਿਤਾ ਲਿਖ ਸਕਦਾ ਹੁੰਦਾ (ਜਿਸ ਦਾ ਮੈਂ ਬਹੁਤ ਯਤਨ ਕੀਤਾ), ਤਾਂ ਸ਼ਾਇਦ ਮੇਰਾ ਰੁਜਹਾਨ ਨਵੀਂ ਕਵਿਤਾ ਲਿਖਣ ਵਲ ਨਾ ਹੁੰਦਾ।
ਕਾਵਿ-ਮੁਲਾਂਕਣ ਲਈ ਜਿੰਨੇ ਮਰਜ਼ੀ-ਪੱਛਮੀ ਜਾਂ ਪੂਰਬੀ-ਆਲੋਚਨਾ-ਸ਼ਾਸਤਰ ਘੜ ਲਏ ਜਾਣ ਪਰ ਮੋਹਨ ਸਿੰਘ ਦੇ ਤਿੰਨ-ਸ਼ਬਦੀ ਸੰਬੋਧ -ਦਰਿਆਵਾਂ ਦੇ ਮੋੜ- ਦਾ ਕੋਈ ਮੁਕਾਬਿਲਾ ਨਹੀਂ ਹੋ ਸਕਦਾ। ਇਸ ਸੰਬੋਧ ਵਿਚ ਵਿਸ਼ੇਸ਼ ਦ੍ਰਿਸ਼ਟੀ ਵਿਦਮਾਨ ਹੈ ਕਿ ਸਾਹਿਤਕ ਧਾਰਾ ਨਦੀ-ਧਾਰਾ ਵਾਂਗ ਹੈ, ਜਿਸ ਵਿਚ ਕਈ ਮੋੜ ਆਉਂਦੇ ਹਨ, ਕਈ ਉਤਾਰ-ਚੜ੍ਹਾਅ ਆਉਂਦੇ ਹਨ, ਪਰ ਨਦੀ ਦੀ ਨਿਰੰਤਰਤਾ ਵਹਾਓ, ਹੀ ਉਸ ਦੀ ਹਸਤੀ ਹੈ, ਉਸ ਦੀ ਪਹਿਚਾਣ ਹੈ। ਪਰ ਅਸੀਂ ਸਾਹਿਤਕ ਧਾਰਾ ਦੇ ਮੋੜਾਂ ਨੂੰ ਇਕ ਦੂਸਰੇ ਤੋਂ ਵੱਖ-ਵੱਖ ਕਰਕੇ ਵੇਖਦੇ ਹਾਂ, ਖੰਡਿਤ ਕਰਕੇ ਵੇਖਦੇ ਹਾਂ; ਹਰੇਕ ‘ਖੰਡ’ ਦੇ ਹਮੇਸ਼ਾ ਹਮੇਸ਼ਾ ਲਈ ਚਿਹਨ-ਚੱਕਰ ਨਿਸ਼ਚਿਤ ਕਰ ਦਿੰਦੇ ਹਾਂ। ਇਹੋ ਹਾਲ ਭਾਈ ਵੀਰ ਸਿੰਘ ਤੋਂ ਸ਼ੁਰੂ ਹੁੰਦੀ ਨਵੀਂ ਕਵਿਤਾ ਦਾ ਅਤੇ ਰੋਮਾਂਸਵਾਦੀ ਕਵਿਤਾ, ਪ੍ਰਗਤੀਵਾਦੀ ਕਵਿਤਾ, ਪ੍ਰਯੋਗਵਾਦੀ-ਆਧੁਨਿਕਤਾਵਾਦੀ ਕਵਿਤਾ ਦਾ ਹੋਇਆ ਹੈ; ਭਾਵੇਂ ਸਾਡੇ ਆਲੋਚਕਾਂ ਨੇ ਪੱਛਮ ਤੋਂ ਆਲੋਚਨਾ ਪ੍ਰਣਾਲੀਆਂ ਉਧਾਰੀਆਂ ਲੈਣ ਵਿਚ ਕੋਈ ਕਸਰ ਨਹੀਂ ਛੱਡੀ, ਬਾਵਜੂਦ ਇਸ ਹਕੀਕਤ ਦੇ ਕਿ ਇਨ੍ਹਾਂ ਉਧਾਰ ਲਈਆਂ, ਅੱਧ-ਪਚੱਧੀਆਂ ਹਜ਼ਮ ਕੀਤੀਆਂ ਵਿਧੀਆਂ ਨਾਲ਼ ਕਾਵਿ-ਧਾਰਾ ਦੇ ਵੱਖ-ਵੱਖ ਮੋੜਾਂ ਬਾਰੇ ਕੋਈ ਇਕ ਵੀ ਮੌਲਿਕ ਧਾਰਣਾ ਜਾਂ ਵਿਆਖਿਆ ਪ੍ਰਸਤੁਤ ਨਹੀਂ ਕੀਤੀ। ਸਿੱਟੇ ਵਜੋਂ ਸਾਡੇ ਤਕਰੀਬਨ ਸਾਰੇ ਦੇ ਸਾਰੇ ਆਲੋਚਕਾਂ ਲਈ ਭਾਈ ਵੀਰ ਸਿੰਘ ਅਧਿਆਤਮਵਾਦ ਨੂੰ ਪ੍ਰਗਟਾਉਂਦੇ ਹਨ; ਰੋਮਾਂਸਵਾਦੀ ਕਵੀ ਮੱਧਵਰਗੀ ਵਿਅਕਤੀਵਾਦ ਨੂੰ ਰੂਪਮਾਨ ਕਰਦੇ ਹਨ; ਪ੍ਰਗਤੀਵਾਦੀ ਕਵੀ ਬਾਹਰਮੁਖੀ ਪਦਾਰਥਕ ਯਥਾਰਥਵਾਦ ਦੀ ਤਰਜਮਾਨੀ ਕਰਦੇ ਹਨ; ਆਧੁਨਿਕਤਾਵਾਦੀ-ਪ੍ਰਯੋਗਵਾਦੀ ਕਵੀ ਅੰਤਰਮੁਖੀ ਯਥਾਰਥ ਨੂੰ ਪ੍ਰਤੀਬਿੰਬਤ ਕਰਦੇ ਹਨ। ਸਾਂਚੇ-ਬੱਧ ਆਲੋਚਨਾ ਸਾਂਚੇ-ਬੱਧ ਧਾਰਣਾਵਾਂ ਤੋਂ ਬਾਹਰ ਜਾਣੋ ਅਸਮਰੱਥ ਹੈ। ਪਿਛਲੇ ਕੁਝ ਦਹਾਕਿਆਂ ਵਿਚ ਕਈ ਪੱਛਮੀ ਪ੍ਰਣਾਲੀਆਂ – ਜਿਵੇਂ ਕਿ ਰੂਪਵਾਦ (ਰੂਸੀ/ਅਮਰੀਕੀ), ਸੰਰਚਨਾਵਾਦ, ਭਾਸ਼ਾਈ ਚਿੰਨ੍ਹ ਵਿਗਿਆਨ, ਉੱਤਰ-ਸੰਰਚਨਾਵਾਦ, ਵਿਰਚਨਾਵਾਦ, ਉੱਤਰ-ਆਧੁਨਿਕਤਾਵਾਦ – ਦਾ ਮਿਲ਼ਗੋਭਾ ਹੀ ਪਰੋਸਿਆ ਜਾਂਦਾ ਰਿਹਾ ਹੈ। ਪਰ ਇੱਥੇ ਸੰਰਚਨਾਵਾਦ ਅਤੇ ਉੱਤਰ-ਸੰਰਚਨਾਵਾਦ ਬਾਰੇ, ਜਿਨ੍ਹਾਂ ਦਾ ਪੰਜਾਬੀ ਆਲੋਚਨਾ ਵਿਚ ਪਿਛਲੇ ਦਹਾਕਿਆਂ ਵਿਚ ਬਹੁਤ ਜ਼ਿਕਰ ਚੱਲਦਾ ਰਿਹਾ ਹੈ, ਸੰਕੇਤਕ ਰੂਪ ਵਿਚ ਕੁਝ ਸ਼ਬਦ ਲਿਖਣੇ ਉਚਿਤ ਹੋਣਗੇ।
ਸੰਰਚਨਾਵਾਦ ਅਤੇ ਕੁਝ ਹੱਦ ਤਕ ਉੱਤਰ-ਸੰਰਚਨਾਵਾਦ ਦਾ ਬਲ ਇਸ ਨੁਕਤੇ ’ਤੇ ਰਿਹਾ ਹੈ ਕਿ ਜਿਵੇਂ ਨਿਊਟਨਵਾਦੀ ਫ਼ਲਸਫ਼ੇ ਅਨੁਸਾਰ (ਪਦਾਰਥਕ) ਯਥਾਰਥ ਦੀ ਮੁੱਢਲੀ ਆਖੰਡ ਇਕਾਈ ਅਣੁੂ ਹੈ, ਇਸ ਤੋਂ ਅੱਗੇ ਚੱਲ ਕੇ ਨਵ-ਚਿੰਤਨ ਅਨੁਸਾਰ ਭੌਤਿਕ ਜਾਂ ਪ੍ਰਾਭੌਤਿਕ ਯਥਾਰਥ ਦੀ ਮੁੱਢਲੀ ਵਿਚਾਰ-ਇਕਾਈ ਸੰਰਚਨਾ ਹੈ। ਹਰ ਖੇਤਰ ਵਿਚ, ਭਾਵੇਂ ਪ੍ਰਕ੍ਰਿਤੀ ਹੋਵੇ ਜਾਂ ਸੰਸਕ੍ਰਿਤੀ, ਭਾਸ਼ਾ ਹੋਵੇ ਜਾਂ ਸਾਹਿਤ, ਸਭਿਆਚਾਰ ਹੋਵੇ ਜਾਂ ਆਰਥਿਕ-ਸਮਾਜਿਕ ਬਣਤਰ ਸੰਰਚਨਾ ਹੀ ਮੁੱਢਲੀ ਇਕਾਈ ਹੈ। ਸਾਹਿਤ ਵਿਚ ਰਚਨਾ ਇਕ ਸੰਰਚਨਾ ਹੈ ਤੇ ਸੰਰਚਨਾ ਵਜੋਂ ਹੀ ਇਸ ਦਾ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ। ਇਹ ਵਿਸ਼ਲੇਸ਼ਣ ਰਚਨਾ ਦਾ ਸੰਦਰਭ-ਮੂਲਕ (Context-oriented) ਨਹੀਂ ਸਗੋਂ ਪਾਠ-ਮੂਲਕ (Text-oriented) ਵਿਆਖਿਆ ਹੈ, ਜਿਸ ਵਿਚ ਰਚਨਾ ਨੂੰ, ਉਹਦੀ ਟੈਕਸਟ ਨੂੰ ਸਿਰਫ਼ ਸਮਾਜਿਕ, ਸਭਿਆਚਾਰਕ, ਰਾਜਨੀਤਕ ਅਤੇ ਇਤਿਹਾਸਕ ਸੰਦਰਭਾਂ ਤੋਂ ਹੀ ਨਹੀਂ ਵਿਛੋੜਿਆ ਜਾਂਦਾ, ਸਗੋਂ ਰਚਨਹਾਰ ਤੋਂ, ਰਚਨਹਾਰ ਦੇ ਮਨੋਰਥ ਤੋਂ, ਰਚਨਹਾਰ ਦੀ ਮਾਨਸਿਕ ਪ੍ਰਕਿਰਿਆ ਤੋਂ ਵੀ ਵਿਯੋਗਿਆ ਜਾਂਦਾ ਹੈ। ਵਿਰਚਨਾਵਾਦ ਤਾਂ ਰਚਨਾ ਦੇ ਕੇਂਦਰੀ ਬਿੰਦੂ ਨੂੰ ਹਾਸ਼ੀਏ ’ਤੇ ਲਿਜਾ ਕੇ ਇਸ ਦੀ ਥਾਂ ’ਤੇ ਨਾਮ-ਮਾਤਰ ਸੰਕੇਤਾਂ ਜਾਂ ਅਰਧ-ਸੰਕੇਤਾਂ ਨੂੰ ਬਿਠਾ ਦਿੰਦਾ ਹੈ। ਇਸ ਧਾਰਾ ਦੇ ਆਲੋਚਕ ਤਾਂ ਅੰਮ੍ਰਿਤਾ ਪ੍ਰੀਤਮ ਦੀ, “ਅੱਜ ਆਖਾਂ ਵਾਰਸ ਸ਼ਾਹ ਨੂੰ’’ ਨਾਂ ਦੀ ਕਵਿਤਾ ਦੀ ਇਸ ਪ੍ਰਕਾਰ ਦੀ ਵਿਆਖਿਆ ਕਰਨ ਤਕ ਜਾ ਸਕਦੇ ਹਨ ਕਿ ਇਸ ਵਿਚ ਅੰਮ੍ਰਿਤਾ ਪ੍ਰੀਤਮ 1947 ਵਿਚ ਦੇਸ਼-ਵੰਡ ਵੇਲੇ ਦੀ ਤ੍ਰਾਸਦੀ ਦੇ ਦਰਦ ਨੂੰ ਨਹੀਂ ਪ੍ਰਗਟਾ ਰਹੀ (ਜੋ ਤ੍ਰਾਸਦੀ ਇਸ ਦਾ ਕੇਂਦਰੀ ਬਿੰਦੂ ਹੈ) ਸਗੋਂ ਉਹ ਹਾਸ਼ੀਏ ’ਤੇ ਜਾ ਕੇ ਇਸ ਕਵਿਤਾ ਵਿਚਲੇ ”ਕਿਤਾਬ-ਇਸ਼ਕ’’ ਦੇ ਜ਼ਿਕਰ ਨੂੰ ਪਕੜ, ਹੀਰ ਦੇ ਸਹੁਰੇ ਘਰੋਂ ਰਾਂਝੇ ਨਾਲ਼ ਭੱਜ ਜਾਣ ਦੀ ਗਾਥਾ ਨਹੀਂ ਅਪਣੇ ਵਿਆਹੁਤਾ (ਗ੍ਰਹਿਸਥੀ) ਜੀਵਨ ਤੋਂ ਭਾਂਝ ਨੂੰ ਹੱਕ-ਬਜਾਨਬ ਠਹਿਰਾ ਰਹੀ ਹੈ ਅਤੇ ਅਪਣੇ ਅਰਧ-ਚੇਤਨ ਵਿਚ ਰਮ ਰਹੀ ਗਿਲਟ (Guilt) ਤੋਂ ਮੁਕਤੀ ਭਾਲ ਰਹੀ ਹੈ।
ਸੰਰਚਨਾਵਾਦੀ/ਉੱਤਰ-ਸੰਰਚਨਾਵਾਦੀ ਆਲੋਚਕ ਕਿਸੇ ਵੀ ਰਚਨਾ, ਖ਼ਾਸਕਰ ਸਿਰਜਣਾਤਮਕ ਰਚਨਾ ਵਿਚ ਵਸਤੂ ਅਤੇ ਰੂਪ ਦਾ ਦਵੈਤ ਨਹੀਂ ਸਵੀਕਾਰਦੇ, ਕਿਉਂਕਿ ਸੰਰਚਨਾ ਦੇ ਤੌਰ ’ਤੇ ਰਚਨਾ ਅਖੰਡ ਤੱਤਾਂ ਦੀ ਅੰਤਰ-ਸੰਬੰਧਤਾ ਹੁੰਦੀ ਹੈ। ਰਚਨਾ ਦੇ ਅਰਥ ਅੰਦਰੂਨੀ ਅੰਤਰ-ਸੰਬੰਧਤਾ ਵਿਚ ਹੀ ਨਿਹਿਤ ਹਨ, ਕਿਸੇ ਬਾਹਰੀ ਪਰਿਪੇਖ ਵਿਚ ਨਹੀਂ; ਭਾਵੇਂ ਉਹ ਪਰਿਪੇਖ ਜਾਂ ਸੰਦਰਭ ਸਭਿਆਚਾਰਕ, ਸਮਾਜਿਕ, ਆਰਥਿਕ, ਰਾਜਨੀਤਕ ਹੋਵੇ ਜਾਂ ਇਤਿਹਾਸਕ। ਕਿਉਂਕਿ ਹਰੇਕ ਸੰਰਚਨਾ ਆਤਮ-ਸੰਕੇਤਕ (Self referential) ਹੁੰਦੀ ਹੈ। ਇਸ ਦਾ ਕਾਰਣ ਇਹ ਹੈ ਕਿ ਰਚਨਾ ਦੇ ਸ਼ਬਦ ਇਕ ਦੂਸਰੇ ਨਾਲ਼ ਆਪਣੇ ਆਂਤਰਿਕ ਸੰਜੋਗ ਤੋਂ ਅਥਵਾ ਸੰਜੋਗਿਤ ਚਿਹਨਾਂ ਦੇ ਆਪਸੀ ਵੱਖਰੇਪਨ ਤੋਂ ਅਰਥ ਗ੍ਰਹਿਣ ਕਰਦੇ ਹਨ, ਨਾ ਕਿ ਅਪਣੇ ਤੋਂ ਕਿਸੇ ਵੱਖਰੀ ਜਾਂ ਬਾਹਰੀ ਵਸਤ ਤੋਂ, ਜਿਹਦਾ ਕਿ ਇਹ ਸ਼ਬਦ ਕੇਵਲ ਨਾਮਕਰਨ ਕਰਦੇ ਹਨ। ਅਕਸਰ ਇਹ ਮਿਸਾਲ ਦਿੱਤੀ ਜਾਂਦੀ ਹੈ ਕਿ ਕਿਸੇ ਰਚਨਾ ਵਿਚ ਵਰਤੇ ਸ਼ਬਦ ‘ਰੁੱਖ’ ਦਾ ਅਰਥ ਅਤੇ ਰਹੱਸ ਸੰਰਚਨਾ ਅੰਦਰਲੇ ਦੂਸਰੇ ਸ਼ਬਦਾਂ ਦੇ ਸੰਜੋਗ ਚ ਹੀ ਵਿਦਮਾਨ ਹੈ; ਨਾ ਕਿ ਦ੍ਰਿਸ਼ਟਮਾਨ ਸੰਸਾਰ ਦੀ ਧਰਤ ’ਤੇ ਉੱਗੇ ਰੁੱਖ ਵਿਚ। ਦੂਸਰੇ ਸ਼ਬਦਾਂ ਵਿਚ ਇਹ ਧਾਰਣਾ ਪ੍ਰਸਤੁਤ ਕੀਤੀ ਜਾਂਦੀ ਹੈ ਕਿ ਚਿਹਨ ਦੇ ਦੋ ਪਹਿਲੂ ਹਨ: ਚਿਹਨਕ (signifier) ਅਤੇ ਚਿਹਨਤ (signified)। ਦੋਹਾਂ ਵਿਚਕਾਰ ਬਾਹਰੀ ਸਬੱਬੀ ਸੰਬੰਧ ਹੈ। ਚਿਹਨ ਵਿਚ ਚਿਹਨਕ, ਚਿਹਨਤ ਦੀ ਯਥਾਰਥਿਕਤਾ ਦੀ ਅਭਿਵਿਅੰਜਨਾ ਨਹੀਂ ਕਰਦਾ। ਚਿਹਨਕ ਅਤੇ ਚਿਹਨਤ ਵਿਚਕਾਰ ‘ਦੂਈ’ ਦੀ ਪਾਲ ਬਣੀ ਰਹਿੰਦੀ ਹੈ। (ਕਿਵ ਤੁਟੈ ਪਾਲਿ ਦਾ ਜਵਾਬ ਸੰਰਚਨਾਵਾਦ ਜਾਂ ਉੱਤਰ-ਸੰਰਚਨਾਵਾਦ ਪਾਸ ਨਹੀਂ)। ਸੰਰਚਨਾਵਾਦ ਅਥਵਾ ਉੱਤਰ-ਸੰਰਚਨਾਵਾਦ ਕਾਂਤਵਾਦੀ ਪ੍ਰਤਿਭਾਸਿਕਵਾਦ (Kantian phenomenalism) ਦੀ ਪਿੱਠਭੂਮੀ ਵਿਚ ਹੀ ਸਮਝਿਆ ਜਾ ਸਕਦਾ ਹੈ। ਕਾਂਤ ਅਨੁਸਾਰ ਗ੍ਰਹਿਣ-ਪ੍ਰਕਿਰਿਆ ਵਿਚ ਮਨ ਦੇ ਪੂਰਬਲੇ ਸੰਬੋਧਾਂ (a priori categories) ਦਾ “ਅਪਣੇ-ਆਪ-ਵਿਚ ਯਥਾਰਥ’’ ਉਪਰ ਅਧਿਆਸ (Superimposition) ਹੁੰਦਾ ਹੈ। ਅਸੀਂ “ਅਪਣੇ-ਆਪ-ਵਿਚ ਯਥਾਰਥ’’ (thing-in-itself) ਦਾ ਪ੍ਰਤਿਭਾਸਿਕ ਰੂਪ ਜਾਂ ਰੂਪਾਂਤਰਨ ਵੇਖਦੇ ਹਾਂ ਅਤੇ ਇਸ ਤਰ੍ਹਾਂ ਦੇ ਦ੍ਰਿਸ਼ਟਮਾਨ ਸੰਸਾਰ ਨੂੰ ਹੀ ਹਕੀਕੀ ਯਥਾਰਥ ਮੰਨ ਲੈਂਦੇ ਹਾਂ। ਮਿਸਾਲ ਵਜੋਂ ਅਸੀਂ ਦ੍ਰਿਸ਼ਟਮਾਨ ਸੰਸਾਰ ਦੀ ਹਰ ਵਸਤੂ ਨੂੰ ਸਮੇਂ ਅਤੇ ਸਥਾਨ ਦੇ ਅੰਤਰਗਤ ਵੇਖਦੇ ਹਾਂ ਪਰ ਕਾਂਤ ਅਨੁਸਾਰ ਸਮਾਂ ਅਤੇ ਸਥਾਨ ਤਾਂ ਮਨ ਦੇ ਪੂਰਬਲੇ ਸੰਬੋਧ ਹਨ, ਜੋ ਗ੍ਰਹਿਣ ਪ੍ਰਕਿਰਿਆ ਵਿਚ ਮਨ (Subject) “ਅਪਣੇ-ਆਪ-ਵਿਚ ਵਸਤ’’ (Object-in-itself) ਨੂੰ ਪ੍ਰਦਾਨ ਕਰਦਾ ਹੈ; ਜਿਸ ਕਾਰਣ ਪ੍ਰਤਿਭਾਸਿਕ, ਦ੍ਰਿਸ਼ਟਮਾਨ ਸੰਸਾਰ ਨੂੰ ਅਸੀਂ ਸਮੇਂ ਅਤੇ ਸਥਾਨ ਵਿਚ ਸੁਵਿਵਸਥਿਤ ਵੇਖਦੇ ਹਾਂ। ਪਰ “ਅਪਣੇ-ਆਪ-ਵਿਚ ਯਥਾਰਥ’’ ਤਕ ਮਾਨਸਿਕ ਗ੍ਰਹਿਣ ਪ੍ਰਕਿਰਿਆ ਦੀ ਪਹੁੰਚ ਨਹੀਂ ਹੁੰਦੀ, ਕੇਵਲ ਇਹ ਹੀ ਮਿੱਥਿਆ ਜਾ ਸਕਦਾ ਹੈ ਕਿ ਗ੍ਰਹਿਣਕਾਰੀ ਮਨ ਤੋਂ ਬਾਹਰ “ਅਪਣੇ-ਆਪ-ਵਿਚ ਯਥਾਰਥ’’ ਜਾਂ ਯਥਾਰਥ-ਵਸਤੂਆਂ ਹਨ ਜਿਨ੍ਹਾਂ ਤੋਂ ਮਨ ਅਣੂ ਰੂਪ ਵਿਚ ਇੰਦ੍ਰੀਆਂ ਰਾਹੀਂ ਪ੍ਰਾਪਤ (ਰੇਤ ਦੇ ਕਿਣਕਿਆਂ ਵਾਂਗ) ਇੰਦ੍ਰਿਆਵੀ ਸਾਮੱਗਰੀ ਪ੍ਰਾਪਤ ਕਰਦਾ ਹੈ ਅਤੇ ਇਸ ਸਾਮੱਗਰੀ ਨੂੰ ਪੂਰਬਲੇ ਸੰਬੋਧਾਂ ਵਿਚ ਸੁਵਿਵਸਥ ਕਰਕੇ ਦ੍ਰਿਸ਼ਟਮਾਨ ਸੰਸਾਰ ਪੈਦਾ ਕਰਦਾ ਹੈ, ਜਿਵੇਂ ਰੇਤ ਦੇ ਕਿਣਕਿਆਂ ਨੂੰ ਸੀਮਿੰਟ ਸੰਰਚਨਾ ਦਾ ਰੂਪ ਦਿੰਦਾ ਹੈ। ਪ੍ਰਤਿਭਾਸਿਕਵਾਦ ਦਾ ਅੱਗੋਂ ਕਈ ਦਿਸ਼ਾਵਾਂ ਵਿਚ ਵਿਕਾਸ ਹੋਇਆ ਹੈ। ਰੈਡੀਕਲ ਇੰਮਪੀਰਿਸਿਜ਼ਮ ਅਨੁਸਾਰ ਮਨ ਅਣੁੂਰੂਪੀ (ਰੇਤ ਦੇ ਕਿਣਕਿਆਂ ਵਾਂਗ) ਇੰਦ੍ਰਿਆਵੀ ਸਮੱਗਰੀ ਗ੍ਰਹਿਣ ਨਹੀਂ ਕਰਦਾ, ਸਗੋਂ ਇਹ ਸਮੱਗਰੀ ਅਪਣੇ-ਆਪ, ਅਪਣੀ ਸ੍ਵੈ-ਲੀਲ੍ਹਾ ਨਾਲ਼, ਅਪਣੇ ਅੰਤਰ-ਸੰਬੰਧਾਂ ਵਿਚ ਸੁਵਿਵਸਥਿਤ ਹੋ ਕੇ ਇਕ ਪਰਸੈੱਪਸ਼ਨ ਦੇ ਰੂਪ ਵਿਚ ਪ੍ਰਾਪਤ ਹੁੰਦੀ ਹੈ (ਮਿਸਾਲ ਵਜੋਂ ਜਦੋਂ ਅਸੀਂ ਕਿਸੇ ਪੇਂਟਿੰਗ ਨੂੰ ਵੇਖਦੇ ਹਾਂ ਤਾਂ ਉਸਦੀ ਸਮੁੱਚੀ ਪਰਸੈਪਸ਼ਨ ਗ੍ਰਹਿਣ ਕਰਦੇ ਹਾਂ; ਨਾ ਕਿ ਰੰਗਾਂ, ਲਕੀਰਾਂ, ਬਿੰਦੀਆਂ, ਗੋਲਾਈਆਂ ਆਦਿ ਦੀਆਂ ਵੱਖ ਵੱਖ ਅਣੁ-ਰੂਪੀ ਸੈਂਸੇਸ਼ਨਜ਼ ਜਾਂ ਸੈਂਸ-ਡੇਟਾ)। ਪ੍ਰਾਪਤ ਪਰਸੈਪਸ਼ਨਜ਼ ਹੀ ਰਲ਼-ਮਿਲ਼ ਕੇ ਪ੍ਰਤਿਭਾਸਿਕ ਸੰਸਾਰ ਉਪਜਦੇ ਹਨ। ਇਸ ਤਰ੍ਹਾਂ ਗ੍ਰਹਿਣ ਪ੍ਰਕਿਰਿਆ ਵਿਚ ਕਾਂਤਵਾਦੀ ਪੂਰਬਲੇ ਸੰਬੋਧਾਂ ਦੀ ਆਵਸ਼ਕਤਾ ਨਹੀਂ ਰਹਿੰਦੀ। ਜੋ ਰੋਲ ਕਾਂਤ ਨੇ ਪੂਰਬਲੇ ਸੰਬੋਧਾਂ ਨੂੰ ਪ੍ਰਦਾਨ ਕੀਤਾ ਸੀ, ਤਕਰੀਬਨ ਅਜਿਹਾ ਰੋਲ ਹੀ ਸੰਰਚਨਾਵਾਦੀਆਂ, ਉੱਤਰ-ਸੰਰਚਨਾਵਾਦੀਆਂ ਨੇ, ਭਾਸ਼ਾਈ-ਸੰਰਚਨਾਵਾਂ, ਚਿਹਨਾਂ, ਮਿੱਥਾਂ ਆਦਿ ਨੂੰ ਦਿੱਤਾ ਹੈ, ਜਿਨ੍ਹਾਂ ਦੀ ਕਿਰਿਆਸ਼ੀਲਤਾ ਰਾਹੀਂ ਭਾਸ਼ਾ ਆਪਣਾ ਸੰਸਾਰ ਘੜਦੀ ਹੈ, ਜਿਹਦਾ ਬਾਹਰੀ ਯਥਾਰਥ ਨਾਲ਼ ਵਾਸਤਵਿਕ ਰਿਸ਼ਤਾ ਨਹੀਂ, ਕੇਵਲ ਸਬੱਬੀ ਰਿਸ਼ਤਾ ਹੀ ਹੈ। ਇਸੇ ਲਈ ਸਸਿਊਰ (Ferdinand de Saussure) ਨੇ ਭਾਸ਼ਾ ਨੂੰ ਰੂਪ (form) ਦਰਸਾਇਆ ਹੈ। ਇਸ ਪੱਖ ਤੋਂ ਭਾਸ਼ਾਈ ਸ਼ਬਦ, ਚਿਹਨ ਜਾਂ ਵਿਸ਼ਾਲ ਅਰਥਾਂ ਵਿਚ ਭਾਸ਼ਾਈ ਸੰਰਚਨਾ ਬਾਹਰੀ ਯਥਾਰਥਿਕ ਸੰਸਾਰ ਦੀ ਅਭਿਵਿਅਕਤੀ ਜਾਂ ਪ੍ਰਤਿਬਿੰਬ ਨਹੀਂ। ਦੂਸਰੇ ਸ਼ਬਦਾਂ ਵਿਚ ਭਾਸ਼ਾ ਜੋ ਚਿਹਨਕ੍ਰਿਤ ਰੂਪਾਂਤਰਣ ਵਿਅਕਤ ਕਰਦੀ ਹੈ; ਉਹ ਯਥਾਰਥਿਕਤਾ ਦੀ ਤਸਵੀਰ, ਅਭਿਵਿਅਕਤੀ ਜਾਂ ਪ੍ਰਤਿਬਿੰਬ ਨਹੀਂ। ਇਸੇ ਲਈ ਸੰਰਚਨਾਵਾਦੀਆਂ ਅਤੇ ਕਿਸੇ ਹੱਦ ਤਕ ਉੱਤਰ-ਸੰਰਚਨਾਵਾਦੀਆਂ ਅਨੁਸਾਰ ਰਚਨਾ ਦੇ ਅਰਥ ਸੰਰਚਨਾ ਦੀ ਅੰਦਰਲੀ ਅੰਤਰ-ਸਬੰਧਤਾ ਵਿਚ ਰਮ ਰਹੇ ਹੁੰਦੇ ਹਨ; ਜਿਨ੍ਹਾਂ ਦਾ ਬਾਹਰੀ ਪਰਿਪੇਖਾਂ ਜਾਂ ਸੰਦਰਭਾਂ-ਸਭਿਆਚਾਰਕ, ਆਰਥਿਕ, ਸਮਾਜਿਕ, ਰਾਜਨੀਤਿਕ, ਇਤਿਹਾਸਕ ਆਦਿ ਨਾਲ਼ ਕੋਈ ਸਰੋਕਾਰ ਨਹੀਂ ਹੁੰਦਾ। ਪ੍ਰਤਿਭਾਸਿਕਵਾਦ ਦੇ ਇਤਿਹਾਸਵਾਦੀ ਰੂਪ ਨੂੰ ਮੈਂ ਅਪਣੀ ਪੁਸਤਕ Marxism and Contemporary Reality ਵਿਚ ਦਰਸਾਇਆ ਹੈ, ਜਿਸ ਨੂੰ historicist phenomenalism ਕਿਹਾ ਜਾ ਸਕਦਾ ਹੈ। ਇਸ ਅਨੁਸਾਰ ਜਿਹਨਾਂ ਕੈਟਾਗਰੀਜ਼ ਰਾਹੀਂ ਅਸੀਂ ਇੰਦ੍ਰਿਆਵਾਂ ਦੇ ਮਾਧਿਅਮ ਰਾਹੀਂ, ਇੰਦ੍ਰਿਆਵੀ ਸਮੱਗਰੀ ਨੂੰ ਦ੍ਰਿਸ਼ਟਮਾਨ ਸੰਸਾਰ ਵਿਚ ਸਿਰਜਦੇ ਹਾਂ, ਉਹ ਕੈਟਾਗਰੀਜ਼ ਨਾ ਤਾਂ ਮਨ ਦੇ ਪੂਰਬਲੇ ਸੰਕਲਪ ਹਨ ਨਾ ਹੀ ਉਹ “ਆਪਣੇ ਆਪ ਵਿਚ ਪਦਾਰਥ’’ (Object) ਦੇ ਆਂਤਰਿਕ ਗੁਣ ਜਾਂ ਸੰਬੰਧ ਹਨ। ਇਹ ਕੈਟਾਗਰੀਜ਼ ਤਾਂ ਗ੍ਰਹਿਣ ਪ੍ਰਕਿਰਿਆ ਵਿਚ ਗ੍ਰਹਿਣਕਾਰ ਅਤੇ ਗ੍ਰਹਿਣ-ਵਸਤੂ ਦੇ ਸੰਯੋਗ ’ਚੋਂ ਉਪਜਦੀਆਂ ਹਨ। ਇਸ ਲਈ ਇਨ੍ਹਾਂ ਰਾਹੀਂ ਪ੍ਰਾਪਤ ਪ੍ਰਤਿਭਾਸਿਕ ਯਥਾਰਥ ਅਤੇ “ਆਪਣੇ-ਆਪ-ਵਿਚ ਯਥਾਰਥ’’ ਵਿਚ ਕੋਈ ਦੂਈ ਜਾਂ ਦੀਵਾਰ ਨਹੀਂ ਰਹਿੰਦੀ। ਦੂਸਰੇ ਸ਼ਬਦਾਂ ਵਿਚ ਅਜਿਹੀਆਂ ਕੈਟਾਗਰੀਜ਼ ਰਾਹੀਂ ਨਿਰਾਕਾਰ ਯਥਾਰਥ ਸਾਕਾਰ (ਪ੍ਰਤਿਭਾਸਿਕ) ਯਥਾਰਥ ਰਾਹੀਂ ਸਾਪੇਖਕ ਰੂਪ ਵਿਚ ਪ੍ਰਗਟ ਹੁੰਦਾ ਹੈ। ਮਿਸਾਲ ਵਜੋਂ ਮਨੁੱਖਤ੍ਵ ਦਾ ਨਿਰਾਕਾਰ ਸੰਬੋਧ ਪਿਤਾ, ਪੁੱਤਰ, ਭਰਾ, ਮਿੱਤਰ ਆਦਿ ਵਿਚ ਸਾਕਾਰ ਰੂਪ ਵਿਚ ਪ੍ਰਤੱਖ ਹੁੰਦਾ ਹੈ। ਗ੍ਰਹਿਣਕਾਰ (subject) ਅਤੇ ਗ੍ਰਹਿਣ-ਵਸਤ (object) ਦੇ ਆਪਸੀ ਰਿਸ਼ਤੇ (subject-object relations) ਇਤਿਹਾਸ ਦੇ ਵਿਕਾਸ ਨਾਲ਼ ਪਰਿਵਰਤਿਤ ਹੁੰਦੇ ਰਹਿੰਦੇ ਹਨ। ਇਸ ਲਈ ਇਨ੍ਹਾਂ ਰਿਸ਼ਤਿਆਂ ’ਚੋਂ ਉਪਜੀਆਂ ਕੈਟਾਗਰੀਜ਼ ਵੀ ਬਦਲਦੀਆਂ ਰਹਿੰਦੀਆਂ ਹਨ।
ਪ੍ਰਯੋਗਵਾਦ: ਬਿਨਾਂ ਧਾਗੇ ਦੀ ਮੋਮਬੱਤੀ ਜੋ ਵਿਅਕਤੀ ਬੁਨਿਆਦੀ ਤੌਰ 'ਤੇ ਕਲਾਕਾਰ ਹੁੰਦਾ ਹੈ, ਉਹ ਤਾਂ ਹਰ ਨਵੀਂ ਸਾਹਿਤਕ ਲਹਿਰ ਤੋਂ ਲੋੜ ਅਨੁਸਾਰ ਲਾਹਾ ਉਠਾ ਲੈਂਦਾ ਹੈ। ਪਰ ਜੋ ਅਖਾਉਤੀ ਕਲਾਕਾਰ ਹੁੰਦੇ ਹਨ, ਭਾਵੇਂ ਉਹ ਕਿਸੇ ਨਵੀਂ ਸਾਹਿਤਕ ਲਹਿਰ ਦੇ ਮੋਢੀ ਹੀ ਕਿਉਂ ਨਾ ਹੋਣ, ਉੱਚੀ ਕਲਾ ਪੈਦਾ ਨਹੀਂ ਕਰ ਸਕਦੇ। ਅੱਜ ਤੋਂ ਤੀਹ ਸਾਲ ਪਹਿਲੇ ਕਾਵਿ-ਰੂਪ ਦੀ ਕੈਦ ਵਿਰੁਧ ਅੰਦੋਲਨ ਹੋਇਆ ਸੀ। ਬੜੇ ਲੋਕਾਂ ਨੇ ਮੁਕਤ ਕਾਵਿ ਦੇ ਤਜਰਬੇ ਕੀਤੇ, ਪਰ ਸਫਲ ਕੇਵਲ ਪੂਰਨ ਸਿੰਘ ਹੀ ਹੋਇਆ। ਕੁਝ ਸਾਲ ਹੋਏ ਪ੍ਰਯੋਗਵਾਦ ਦੀ ਲਹਿਰ ਚੱਲੀ। ਇਸ ਦੇ ਸੰਚਾਲਕ ਕੋਈ ਜੀਊਣ-ਜੋਗੀ ਰਚਨਾ ਪੈਦਾ ਨਹੀਂ ਕਰ ਸਕੇ ਤੇ ਉਨ੍ਹਾਂ ਦੀ ਕਵਿਤਾ ਮਾਨਸਿਕ ਬਾਜ਼ੀਗਰੀ ਤੋਂ ਅੱਗੇ ਨਾ ਗਈ "ਮੈਂਟਲ ਜਿਮਨਾਸਟਿਕ।" ਮੋਮਬੱਤੀ ਵਿੱਚੋਂ ਧਾਗਾ ਕੱਢ ਲਵੋ, ਉਹ ਪਈ ਹੋਈ ਸੁਹਣੀ ਲੱਗੇਗੀ, ਪਰ ਬਲ਼ੇਗੀ ਨਹੀਂ। ਉਨ੍ਹਾਂ ਦੀ ਪ੍ਰਯੋਗਵਾਦੀ ਕਵਿਤਾ ਬਿਨਾਂ ਧਾਗੇ ਦੀ ਮੋਮਬੱਤੀ ਸੀ। ਮੋਹਨ ਸਿੰਘ ਦਾ ਬਿਆਨ ਅੰਮ੍ਰਿਤਾ ਪ੍ਰੀਤਮ ਨਾਲ਼ ਗੱਲਬਾਤ ਵਿੱਚੋਂ; 'ਨਾਗਮਣੀ' ਦੇ ਸੰਨ 1970 ਤੋਂ ਪਹਿਲਾਂ ਦੇ ਕਿਸੇ ਅੰਕ ਵਿਚ. ਸਫ਼ਰਨਾਮਾ. ਅੰਮ੍ਰਿਤਾ ਪ੍ਰੀਤਮ. ਸ਼ਿਲਾਲੇਖ. 2005
ਪ੍ਰਯੋਗਸ਼ੀਲ ਆਲੋਚਨਾ ਨੇ ਵੀ ਸਿਰਜਣਾਤਮਕ ਰਚਨਾ ਦੇ ਵਸਤੂ ਅਤੇ ਰੂਪ ਦੇ ਦਵੈਤ ਨੂੰ ਰੱਦ ਕੀਤਾ ਸੀ, ਰਚਨਾ ਦੀ ਸ੍ਵੈ-ਗੋਚਰਤਾ ਤੇ ਬਲ ਦਿੱਤਾ ਸੀ, ਪਰ ਇਸ ਸ੍ਵੈ-ਗੋਚਰਤਾ ਨੂੰ ਅਪਣੇ ਤੋਂ ਵੱਖਰੇ ਅਤੇ ਬਾਹਰੀ ਪਰਿਪੇਖਾਂ ਅਤੇ ਸੰਦਰਭਾਂ ਤੋਂ ਵੱਖ ਕਰਕੇ ਨਹੀਂ ਸੀ ਵੇਖਿਆ; ਸਗੋਂ ਬਾਹਰੀ ਪਰਿਪੇਖਾਂ ਅਤੇ ਸੰਦਰਭਾਂ ਦੀ ਮਹੱਤਤਾ ’ਤੇ ਬਲ ਦਿੱਤਾ ਸੀ; ਇਹ ਨੁਕਤਾ ਵੀ ਉਠਾਇਆ ਸੀ ਕਿ ਬਾਹਰੀ ਪਰਿਪੇਖਾਂ ਅਤੇ ਸੰਦਰਭਾਂ ਵਿਚ ਪਰਿਵਰਤਨ ਆਉਣ ਨਾਲ਼ ਸਾਹਿਤਕਤਾ ਦਾ ਕਿਰਦਾਰ ਅਤੇ ਰੂਪ ਵੀ ਪਰਿਵਰਤਤ ਹੁੰਦਾ ਹੈ। ਪ੍ਰਯੋਗਸ਼ੀਲ ਆਲੋਚਨਾ ਨੇ ਵਸਤੂ ਅਤੇ ਰੂਪ ਦੇ ਅਦਵੈਤ ਦੀ ਧਾਰਨਾ ਨੂੰ, ਜਾਂ ਦੂਸਰੇ ਸ਼ਬਦਾਂ ਵਿਚ ਸਿਰਜਣਾਤਮਕ ਪ੍ਰਕਿਰਿਆ ਨੂੰ, (ਜਿਸ ਵਿਚੋਂ ਵਸਤੂ ਅਤੇ ਰੂਪ ਇਕਾਗਰ ਸੂਰਤ ਵਿਚ ਪ੍ਰਗਟ ਹੁੰਦੇ ਹਨ) mode of perception ਨਾਲ਼ ਜੋੜਿਆ ਸੀ। ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪਹਿਲੀ ਵਾਰ ਅਨੁਭਵ-ਪ੍ਰਣਾਲੀਆਂ, ਪ੍ਰਤੱਖਣ-ਵਿਧੀਆਂ (mode of perception) ਨੂੰ ਮੁਲਾਂਕਣ ਅਤੇ ਆਲੋਚਨਾ ਦਾ ਆਧਾਰ ਬਣਾਇਆ ਗਿਆ ਸੀ। ਜਿਸ ਤਰ੍ਹਾਂ ਇਤਿਹਾਸ-ਵਿਕਾਸ ਦੇ ਅੰਤਰਗਤ ਉਤਪਾਦਨ ਵਿਧੀ (mode of perception) ਵਿਚ ਪਰਿਵਰਤਨ ਆਉਣ ਨਾਲ਼ ਆਰਥਿਕ ਬਣਤਰ, ਉਤਪਾਦਕ ਸ਼ਕਤੀਆਂ ਅਤੇ ਆਰਥਿਕ ਰਿਸ਼ਤਿਆਂ ਵਿਚ ਤਬਦੀਲੀ ਆਉਂਦੀ ਹੈ, ਕੁਝ ਇਸੇ ਤਰ੍ਹਾਂ ਦੀ ਹੀ ਭੂਮਿਕਾ ਸਾਹਿਤਕ ਪ੍ਰਕਿਰਿਆ ਵਿਚ ਅਨੁਭਵ-ਪ੍ਰਣਾਲੀਆਂ, ਪ੍ਰਤੱਖਣ-ਵਿਧੀਆਂ ਦੀ ਹੁੰਦੀ ਹੈ। ਨਵਾਂ ਯਥਾਰਥ ਨਵੀਆਂ ਅਨੁਭਵ-ਪ੍ਰਣਾਲੀਆਂ, ਪ੍ਰਤੱਖਣ-ਵਿਧੀਆਂ ਦੀ ਮੰਗ ਕਰਦਾ ਹੈ। ਇਸੇ ਲਈ ਜਦੋਂ ਭਾਰਤ ਵਿਚ ਪਹਿਲੀ ਵਾਰ ਨਾਗਰਿਕ-ਉਦਯੋਗਵਾਦੀ ਸਭਿਅਤਾ ਦੇ ਪ੍ਰਵੇਸ਼ ਨਾਲ਼ ਨਵੇਂ ਯਥਾਰਥ ਦਾ ਆਗਮਨ ਹੋਇਆ ਤਾਂ ਇਹ ਅਵੱਸ਼ਕ ਹੋ ਗਿਆ ਸੀ ਕਿ ਨਵੀਆਂ ਅਨੁਭਵ-ਪ੍ਰਣਾਲੀਆਂ, ਪ੍ਰਤੱਖਣ-ਵਿਧੀਆਂ ਨੂੰ ਅਪਣਾਇਆ ਜਾਵੇ-ਇਹ ਸੀ ਪ੍ਰਯੋਗਸ਼ੀਲਤਾ ਦਾ ਆਧਾਰ। ਅਜੋਕੀ ਆਲੋਚਨਾ ਦੇ ਸੰਕਟ ਵਿਚੋਂ ਬਾਹਰ ਆਉਣ ਲਈ ਨਵੇਂ ਸਿਰਿਓਂ ਮੋਡ ਆੱਵ ਪਰਸੈਪਸ਼ਨ ਦੇ ਪ੍ਰਸ਼ਨ ਨੂੰ ਉਜਾਗਰ ਕਰਨਾ ਹੋਵੇਗਾ, ਅਰਥਾਤ ਸਿਸਟਮ-ਮੁਖੀ ਸੋਚ (systems thinking) ਅਤੇ ਸਰਗੁਣ ਸਮੂਹ-ਅੰਦਰ-ਸਮੂਹ (wholes-within-wholes) ਦੇ ਸੰਬੋਧਾਂ ਨੂੰ ਕੇਂਦਰੀ-ਬਿੰਦੂ ਬਣਾਉਣਾ ਹੋਵੇਗਾ। ਆਧੁਨਿਕ ਬੋਧ ਦੇ ਇਨ੍ਹਾਂ ਸੰਕਲਪਾਂ ਦੇ ਵਿਸਥਾਰ, ਮੈਂ ਆਪਣੇ ਇਕ ਵੱਖਰੇ, ਨਵੇਂ ਪੂਰਨੇ ਪਾਉਂਦੇ, ਲੇਖ ਵਿਚ ਕਰਾਂਗਾ। ਇਹ ਲੇਖ ਮੇਰੇ ਸਾਹਿਤਕ ਵਹਾਉ ਵਿਚ, ਮੋਹਨ ਸਿੰਘ ਦੇ ਲਫ਼ਜ਼ਾਂ ਵਿਚ, ਨਵੇਂ ਮੋੜ ਦਾ ਆਗ਼ਾਜ਼ ਹੋਵੇਗਾ। ਕੁਝ ਹਫਤੇ ਪਹਿਲੋਂ ਚੰਡੀਗੜ੍ਹ ਵਿਖੇ ਅਵਤਾਰ ਜੰਡਿਆਲਵੀ ਨਾਲ਼ ਫ਼ੋਨ ’ਤੇ ਗੁਫ਼ਤਗੂ ਹੋਈ; ਉਹਨੇ ਪੁੱਛਿਆ ਕਿ ਮੈਂ ਪੰਜਾਬੀ ਸਾਹਿਤ ਨੂੰ ਛੱਡ ਕੇ ਪੂਰੇ ਦਾ ਪੂਰਾ ਸਿੱਖ ਅਧਿਐਨ ਵਲ ਕਿਉਂ ਲੱਗ ਗਿਆ ਹਾਂ? (ਇਸ ਗੁਫ਼ਤਗੂ ਤੋਂ ਕੁਝ ਦਿਨ ਪਹਿਲੋਂ ਸੰਤੋਖ ਸਿੰਘ ਧੀਰ ਨੇ ਵੀ ਮੈਨੂੰ ਇਹੋ ਸਵਾਲ ਪੁੱਛਿਆ ਸੀ)। ਮੈਂ ਦੋਹਾਂ ਮਿੱਤਰਾਂ ਨੂੰ ਕਿਹਾ ਕਿ ਮੈਂ ਕਵਿਤਾ ਤਾਂ ਲਿਖਦਾ ਆ ਰਿਹਾ ਹਾਂ; ਕੁਝ ਸਮਾਂ ਪਹਿਲੋਂ ਛਪੇ ਕਾਵਿ-ਸੰਗ੍ਰਹਿ- ‘ਕਾਇਆ ਕਪੜੁ ਟੁਕੁ ਟੁਕੁ ਹੋਸੀ’ ਤੋਂ ਬਾਅਦ ਨਵਾਂ ਕਾਵਿ-ਸੰਗ੍ਰਹਿ ‘ਜਿਉਂ ਪਸਰੀ ਸੂਰਜ ਕਿਰਣਿ ਜੋਤਿ’ ਤਿਆਰ ਹੈ, ਪਰ ਪੰਜਾਬੀ ਆਲੋਚਨਾ ਵਲ ਜ਼ਰੂਰ ਧਿਆਨ ਨਹੀਂ ਦਿੱਤਾ ਗਿਆ, ਕਿਉਂਕਿ ਪਿਛਲੇ ਕੁਝ ਸਾਲਾਂ ਦੌਰਾਨ ਜਦੋਂ ਮੈਂ ਸਿੱਖ ਅਧਿਐਨ ਨੂੰ ਘੋਖਿਆ, ਤਾਂ ਮਹਿਸੂਸ ਕੀਤਾ ਕਿ ਇਸ ਖੇਤਰ ਵਿਚ ਘੋਰ ਸੰਕਟ ਵਿਆਪਕ ਹੈ। ਪ੍ਰਯੋਗਸ਼ੀਲ ਲਹਿਰ ਦੇ ਆਗਮਨ ਤੋਂ ਪਹਿਲੋਂ ਵੀ ਪੰਜਾਬੀ ਸਾਹਿਤ ਸੰਕਟ ਗ੍ਰਸਤ ਸੀ। ਸਿੱਖ ਅਧਿਐਨ ਵਿਚ ਪਸਰੇ ਗਹਿਰੇ ਸੰਕਟ ਨੂੰ ਵੇਖਦਿਆਂ ਮੈਂ ਇਸ ਖੇਤਰ ਵਲ ਰੁਚਿਤ ਹੋਇਆ। ਸਿੱਖ ਅਧਿਐਨ ਦੇ ਸੰਕਟ ਦੀਆਂ ਇਕ ਦੋ ਮਿਸਾਲਾਂ ਹੀ ਕਾਫ਼ੀ ਹੋਣਗੀਆਂ। ਅਜੇ ਤਕ ਪੁਰਾਣੇ ਜਾਂ ਨਵੇਂ, ਭਾਰਤ ਦੇ ਜਾਂ ਵਿਦੇਸ਼ੀ ਸਿੱਖ ਵਿਦਵਾਨ ੴ ਦੀ ਇਕਸੁਰ ਵਿਆਖਿਆ ’ਤੇ ਨਹੀਂ ਪਹੁੰਚ ਸਕੇ। ਬਾਬਰਵਾਣੀ ਵਿਚਲੇ ਗੁਰੂ ਨਾਨਕ ਸਾਹਿਬ ਦੇ ਮਹਾਂਵਾਕ – ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ – ਦੀ ਵਿਆਖਿਆ ਕਰਦਿਆਂ ਸਾਰੇ ਦੇ ਸਾਰੇ ਸਿੱਖ ਵਿਦਵਾਨ ਅੱਗੋ ਲਫ਼ਜ਼ ਨੂੰ ਪ੍ਰਲੋਕ ਨਾਲ਼ ਜੋੜਦੇ ਹਨ ਅਰਥਾਤ ਉਨ੍ਹਾਂ ਅਨੁਸਾਰ ਜੇਕਰ ਉਸ ਵੇਲੇ ਦੇ ਭਾਰਤਵਾਸੀ ਪ੍ਰਲੋਕ ਬਾਰੇ, ਪ੍ਰਭੂ ਬਾਰੇ, ਸੋਚਦੇ ਹੁੰਦੇ; ਤਾਂ ਉਨ੍ਹਾਂ ਨੂੰ ਬਾਬਰ ਦੇ ਜਹਰੁ ਕਹਰੁ ਸਵਾ ਪਹਰੁ ਨੂੰ ਨਾ ਸਹਿਣਾ ਪੈਂਦਾ। ਜੇਕਰ ਬਾਬਰਵਾਣੀ ਦੇ ਸੰਦਰਭ ਨੂੰ ਧਿਆਨ ਵਿਚ ਰੱਖੀਏ, ਤਾਂ ਅੱਗੋ ਸ਼ਬਦ ਦਾ ਅਰਥ ਭਵਿੱਖ, ਯਾਨੀ ਇਸ ਸੰਸਾਰ ਵਿਚ ਆਉਣ ਵਾਲ਼ਾ ਸਮਾਂ, ਉਚਿਤ ਨਜ਼ਰ ਆਵੇਗਾ।
ਸਿੱਖ ਅਧਿਐਨ ਦੇ ਸੰਕਟ ਦਾ ਜਾਂ ਭੰਬਲਭੂਸੇ ਦਾ ਇਕ ਕਾਰਣ ਇਹ ਵੀ ਹੈ ਕਿ ਸਿਵਲ ਜਾਂ ਫ਼ੌਜ ਦਾ ਕੋਈ ਵੀ ਅਧਿਕਾਰੀ ਜੋ ਗੁਰਮੁਖੀ ਦੇ ਪੈਂਤੀ ਅੱਖਰ ਜਾਣਦਾ ਹੈ, ਸੇਵਾ-ਮੁਕਤੀ ਉਪਰੰਤ ਸਿੱਖਮਤਿ ਦੀ ਵਿਆਖਿਆ ਨੂੰ ਟੁੱਟ ਕੇ ਪੈ ਜਾਂਦਾ ਹੈ ਅਤੇ ਅਪਣੇ ਆਪ ਨੂੰ ਸ਼੍ਰੋਮਣੀ ਵਿਦਵਾਨ ਸਮਝਣ ਲੱਗ ਪੈਂਦਾ ਹੈ। ਕਹਾਵਤ ਅਨੁਸਾਰ ਖੋਟਾ ਸਿੱਕਾ ਖਰੇ ਸਿੱਕੇ ਨੂੰ ਮਾਰਕੀਟ ਵਿੱਚੋਂ ਕੱਢ ਦਿੰਦਾ ਹੈ। ਇਸੇ ਤਰ੍ਹਾਂ ਅਜਿਹੇ ਅਖੌਤੀ ਵਿਦਵਾਨਾਂ ਨੇ ਗਹਿਰ-ਗੰਭੀਰ ਸਿੱਖ ਵਿਦਵਾਨਾਂ ਨੂੰ ਹਾਸ਼ੀਏ ’ਤੇ ਲਿਆ ਛੱਡਿਆ ਹੈ। ਰਹਿੰਦੀ-ਖੂੰਹਦੀ ਕਸਰ ਦੇਸੀ-ਵਿਦੇਸ਼ੀ ਯੂਨੀਵਰਸਿਟੀਆਂ ਵਿਚ ਕਾਇਮ ਸਿੱਖ ਅਧਿਐਨ ਦੇ ਵਿਭਾਗਾਂ ਅਤੇ ਚੇਅਰਜ਼ ਨੇ ਕੱਢ ਦਿੱਤੀ ਹੈ, ਜਿਸ ਕਾਰਣ “ਗਿਣਤੀ’’ “ਗੁਣਤਾ’’ ’ਤੇ ਭਾਰੂ ਹੋ ਗਈ ਹੈ।
ਸਿੱਖ ਅਧਿਐਨ ਦਾ ਸੰਕਟ
ਸਿੱਖ ਅਧਿਐਨ ਦਾ ਹੁਣ ਤਕ ਚੱਲਿਆ ਆ ਰਿਹਾ ਸੰਕਟ ਮੂਲ ਰੂਪ ਵਿਚ ਵਿਧੀਆਤਮਿਕ ਹੈ, ਅਰਥਾਤ ਸਿੱਖਮਤਿ ਦੀ ਵਿਆਖਿਆ ਨੂੰ ਇਹਦੀ ਪ੍ਰਸੰਗਿਕ ਵਿਆਖਿਆ-ਵਿਧੀ ਪ੍ਰਾਪਤ ਨਹੀਂ ਸੀ ਹੋਈ। ਸਾਰੀਆਂ ਦੀਆਂ ਸਾਰੀਆਂ ਪੁਰਾਣੀਆਂ ਅਤੇ ਨਵੀਆਂ ਵਿਆਖਿਆਵਾਂ ਭਾਰਤ ਦੇ ਧਾਰਮਿਕ ਫ਼ਲਸਫ਼ੇ ਦੀ ਕਲਾਸਿਕੀ ਅਧਿਆਤਮਵਾਦੀ-ਵਿਚਾਰਵਾਦੀ ਪ੍ਰਣਾਲੀ ਦੇ ਅੰਤਰਗਤ ਹੀ ਹੋਈਆਂ ਹਨ। ਮੈਂ ਮਹਿਸੂਸ ਕੀਤਾ ਕਿ ਇਸ ਸਨਾਤਨੀ ਪ੍ਰਣਾਲੀ ਤੋਂ ਹੱਟ ਕੇ ਗੁਰਬਾਣੀ ਦੇ ਅਨੁਕੂਲ ਨਵੀਂ ਅਧਿਆਤਮਵਾਦੀ-ਪਦਾਰਥਵਾਦੀ ਪ੍ਰਣਾਲੀ ਨੂੰ ਵਿਕਸਿਤ ਕੀਤਾ ਜਾਵੇ। ਅਪਣੇ ਸਿੱਖ ਅਧਿਐਨ ਵਿਚ ਮੈਂ ਇਸ ਨਵੀਂ ਪ੍ਰਣਾਲੀ ਨੂੰ ਵਿਕਸਿਤ ਕੀਤਾ ਅਤੇ ਇਸ ਪੱਖੋਂ ਸਿੱਖ ਫ਼ਲਸਫ਼ੇ ਦੀ ਵਿਆਖਿਆ ਕੀਤੀ; ਇਸ ਦੀ ਮੌਲਿਕ, ਦਾਰਸ਼ਨਿਕ ਪ੍ਰਭੁਤਾ (Doctrinal Sovereignty) ਨੂੰ ਉਜਾਗਰ ਕੀਤਾ।
ਸਿੱਖ ਅਧਿਐਨ ਦਾ ਸੰਕਟ ਵਿਸ਼ਾਲ ਅਰਥਾਂ ਵਿਚ ਸਮਕਾਲੀ ਸਿੱਖਮਤਿ ਦਾ ਵਡੇਰਾ ਪੰਜ-ਵਿਕਾਰੀ ਸਮੂਹਕ ਸੰਕਟ ਹੈ। ਇਹ ਪੰਜ ਸਮੂਹਕ ਵਿਕਾਰ ਹਨ: ਸਮਕਾਲੀ ਸਿੱਖੀ ਵਿਚ ਪੁਜਾਰੀਵਾਦ ਦੀ ਚੜ੍ਹਤ; ਸੰਤਗੀਰੀ; ਡੇਰਾਵਾਦ; ਮੀਰੀ-ਪੀਰੀ ਸੰਕਲਪ ਦੀ ਦੁਰਵਰਤੋਂ ਕਰਦਿਆਂ ਸਿਆਸੀ ਅਤੇ ਧਾਰਮਿਕ ਸੰਗਠਨਾਂ ਦਾ ਇਕ ਦੂਸਰੇ ’ਤੇ ਨਿਰਭਰ ਹੋਣਾ, ਇਕ ਦੂਸਰੇ ਦਾ ਸ਼ੋਸ਼ਣ ਕਰਨਾ (Symboisis), ਅਤੇ ਦਿਨ-ਬ-ਦਿਨ ਸੰਕੀਰਨ ਹੁੰਦੀ ਜਾ ਰਹੀ ਰੂੜ੍ਹੀਵਾਦੀ ਰਹਿਤ-ਮਰਿਆਦਾ ਜਿਸ ਵਿਚ ਹੁਣ ਉਦਾਰਮਈ ਨਵੇਂ ਵਿਚਾਰਾਂ ਨੂੰ ਧਾਰਮਿਕ ਸਥਾਪਤੀ ਵਲੋਂ ਸਹਿਣ ਨਹੀਂ ਕੀਤਾ ਜਾ ਰਿਹਾ। 19ਵੀਂ ਸਦੀ ਦੇ ਅੰਤਲੇ ਅਤੇ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਕਿਰਿਆਸ਼ੀਲ ਪਹਿਲੀ ਸਿੱਖ ਜਾਗ੍ਰਤੀ ਵੇਲੇ ਗੁਰਧਾਮਾਂ ਨੂੰ ਜੱਦੀ ਮਹੰਤਾਂ ਤੋਂ ਆਜ਼ਾਦ ਕਰਵਾਇਆ ਗਿਆ ਸੀ। ਹੁਣ ਦੂਸਰੀ ਸਿੱਖ ਜਾਗ੍ਰਤੀ ਦੀ ਲੋੜ ਹੈ-ਸਿੱਖੀ ਨੂੰ ”ਸਿੱਖਾਂ’’ ਤੋਂ ਆਜ਼ਾਦ ਕਰਵਾਉਣਾ, ਅਰਥਾਤ ਪੰਜ-ਵਿਕਾਰਾਂ; ਦੇ ਧਾਰਣੀ ਸਿੱਖਾਂ ਤੋਂ ਮੁਕਤ ਕਰਾਉਣਾ। ਇਸ ਵਿਸ਼ੇ ਉੱਪਰ ਆਪਣੇ ਵਿਚਾਰ ਮੈਂ ਪਿਛਲੇ ਸਾਲ ਛਪੀ ਪੁਸਤਕ Liberating Sikhism from ‘the Sikhs’ ਵਿਚ ਪ੍ਰਸਤੁਤ ਕੀਤੇ ਹਨ। ਜੇਕਰ ਦੂਸਰੀ ਸਿੱਖ ਜਾਗ੍ਰਤੀ ਨੂੰ ਉਭਰਨ ਜਾਂ ਸਫ਼ਲ ਹੋਣ ਨਾ ਦਿੱਤਾ ਗਿਆ ਤਾਂ ਸਿੱਖ ਰਹਿਣਗੇ ਪਰ ਸਿੱਖੀ ਨਹੀਂ। ਸ਼ਤਾਬਦੀਆਂ ਅਤੇ ਗੁਰਪੁਰਬ ਹੁੰਮ-ਹੁਮਾ ਕੇ ਮਨਾਏ ਜਾਂਦੇ ਰਹਿਣਗੇ; ਘਰ ਬੈਠਿਆਂ ਮਾਇਆ ਭੇਟਾ ਕਰਕੇ ਗੁਰਦੁਆਰਿਆਂ ਵਿਚ ਅਖੰਡ ਪਾਠਾਂ ਦੇ ਸਿਲਸਿਲੇ ਚਲਦੇ ਰਹਿਣਗੇ; ਕੜਾਹ ਪ੍ਰਸ਼ਾਦ ਦੀਆਂ ਪਰਚੀਆਂ (ਕੱਚੀਆਂ-ਪੱਕੀਆਂ) ਕੱਟੀਆਂ ਜਾਂਦੀਆਂ ਰਹਿਣਗੀਆਂ; ਸਿੱਖਮਤਿ ਵਿਚ ਔਰਤ ਅਤੇ ਮਰਦ ਦੀ ਬਰਾਬਰੀ ਦਾ ਸਹੀ ਦਾਅਵਾ ਕਰਨ ਦੇ ਬਾਵਜੂਦ ਲਾਵਾਂ ਵੇਲੇ ਲਾੜਾ ਅੱਗੇ-ਅੱਗੇ ਚੱਲੇਗਾ ਅਤੇ ਲਾੜੀ ਪਿੱਛੇ-ਪਿੱਛੇ; ਮਾਰਬਲੀ ਗੁਰਦੁਆਰੇ ਉਸਰਦੇ ਰਹਿਣਗੇ, ਆਦਿ। ਪਰ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਬਦਾਂ ਵਿਚ ਦਰਸਾਈ ਆਤਮ ਕੀ ਰਹਤ ਪੰਖ ਲਾ ਉੱਡ ਚੁੱਕੀ ਹੋਵੇਗੀ, ਸਿਰਫ਼ ਬਾਹਰੀ ਚਿੰਨ੍ਹਾਂ ’ਤੇ ਹੀ ਬਲ ਦਿੱਤਾ ਜਾਂਦਾ ਰਹੇਗਾ। ਦੀਵਾ ਹੋਵੇਗਾ, ਬਾਤੀ ਹੋਵੇਗੀ, ਦੀਵੇ ਵਿਚ ਤੇਲ ਹੋਵੇਗਾ; ਪਰ ਜੋਤ ਬੁੱਝ ਚੁੱਕੀ ਹੋਵੇਗੀ। ਇਕ ਤਰ੍ਹਾਂ ਨਾਲ਼ ਜੇ ਹੁਣ ਵਾਲੀ ਹਾਲਤ ਰਹੀ ਤਾਂ ਸਿੱਖੀ ਦੀ ਹੋਣੀ ਬੁੱਧ ਧਰਮ ਦੀ ਹੋਣੀ ਦਾ ਉਲਟਿਆ ਰੂਪ ਹੋਵੇਗੀ। ਭਾਰਤ ਦੇ ਧਰਮਾਂ ਵਿਚ ਬੁੱਧ ਧਰਮ, ਬੁੱਧ ਫ਼ਲਸਫ਼ੇ ਦੀ ਚੜ੍ਹਤ ਹੈ, ਪਰ ਬੋਧੀ ਬਹੁਤੇ ਨਹੀਂ ਰਹੇ। ਜੇ ਮੌਜੂਦਾ ਸੰਕਟ ਦਾ ਨਿਵਾਰਣ ਨਾ ਹੋਇਆ, ਤਾਂ ਬਾਹਰਲੀ ਮਰਿਆਦਾ ਦੇ ਧਾਰਣੀ ‘ਸਿੱਖ’ ਤਾਂ ਰਹਿਣਗੇ, ਪਰ ਸਿੱਖੀ ਨਹੀਂ; ਸ਼ਾਇਦ ਹੌਲ਼ੀ-ਹੌਲ਼ੀ ਇਸ ਤਰ੍ਹਾਂ ਸਿੱਖ ਹਿੰਦੂ ਸਮੂਹ ਦੀ ਇਕ ਸੰਪਰਦਾਇ ਹੀ ਬਣ ਕੇ ਰਹਿ ਜਾਣ। ਕਿਧਰੇ ਸਿੱਖੀ ਦਾ ਠਾਠਾਂ ਮਾਰਦਾ ਦਰਿਆ ਕਿਸੇ ਅਜਿਹੇ ਮੋੜ ’ਤੇ ਨਾ ਪਹੁੰਚ ਜਾਵੇ, ਜਿੱਥੇ ਇਹ ਸੁੱਕ ਹੀ ਜਾਵੇ। ਪਰ ਮੋਹਨ ਸਿੰਘ ਨੇ ਦਰਿਆਵਾਂ ਦਾ ਕੋਈ ਅਜਿਹਾ ਮੋੜ ਨਹੀਂ ਸੀ ਚਿਤਵਿਆ।