ਘੋੜਿਆਂ ਵਾਲੇ
ਸ਼ਾਹ ਅਸਵਾਰ ਆਏ ਸੀ
ਬਾਰੂਦ ਨੂੰ ਪਲੀਤੀ ਲਾਉਣ
ਪਲੀਤੀ ਤਾਂ ਉਹ ਲਾ ਗਏ
ਪਰ ਹੁਣ
ਅੰਨ੍ਹੇ ਹੋ ਕੇ
ਘਰਾਂ ਨੂੰ ਪਰਤ ਰਹੇ ਨੇ
………………।।
ਉੱਲੂ
ਉਹ ਸਾਰੀ ਰਾਤ ਜਾਗਦੇ
ਤੇ ਸੂਹੀ ਸਵੇਰ ਦੀਆਂ ਬਾਤਾਂ ਪਾਉਂਦੇ
ਅਲਖ ਜਗਾਉਂਦੇ
ਨੇ੍ਹਰ ਢੋਂਦੇ ਰਹੇ
ਪਹੁ-ਫੁੱਟਣ ਲੱਗੀ
ਤਾਂ ਸੌਂ ਗਏ
ਲਗਦੈ ਆਥਣੇ ਜਿਹੇ ਉਠਣਗੇ
ਇਕ ਦੂਜੇ ਉਪਰ
ਤੋਹਮਤਾਂ ਦੀ ਵਾਛੜ ਕਰਨਗੇ
ਤੇ ਫੇਰ ਤਿਆਰੀ ਕਰਨਗੇ
ਨੇ੍ਹਰਾ ਢੋਣ ਦੀ
ਅਲਖ ਮੁਕਾਉਣ ਦੀ
ਬੱਚਾ
ਕਦੇ ਮੱਛਰਦਾ ਹਾਂ
ਕਦੇ ਖਿੱਝਦਾ ਹਾਂ
ਮਾਂ ਆਖਦੀ ਹੈ
ਐਵੇਂ ਮੱਛਰਿਆਂ ਨਾ ਕਰ
ਹੁਣ ਤੂੰ ਬੱਚਾ ਨਹੀਂ ਰਿਹਾ
ਬੀਵੀ ਆਖਦੀ ਹੈ
ਐਵੇਂ ਖਿੱਝਿਆ ਨਾ ਕਰ
ਹੁਣ ਤੂੰ ਬੱਚਾ ਨਹੀਂ ਰਿਹਾ
ਸੋਚਦਾ ਹਾਂ
ਇਸ ਘਰੋਂ ਦੌੜ ਜਾਵਾਂ
ਤੇ ਧੁਦਲ ’ਚ ਲੱਥ ਪੱਥ
ਤਾਰਿਆਂ ’ਚ ਲੁਕ ਜਾਵਾਂ