ਅਟੈਚੀ ਕੇਸ ਚੁੱਕੀ ਕੁਲਵੰਤ ਸਿੰਘ ਕੋਠੀ ਤੋਂ ਬਾਹਰ ਨਿਕਲਿਆ, ਤੇ ਆਪਣੀ ਕਾਰ ਵਿਚ ਬੈਠ ਗਿਆ। ਡਰਾਈਵਰ ਆ ਗਿਆ ਸੀ, ਪਰ ਕੁਲਵੰਤ ਸਿੰਘ ਦੀ ਪਤਨੀ ਦਿਲਰਾਜ ਕੌਰ ਨੇ ਉਸਨੂੰ ਕਿਸੇ ਹੋਰ ਕੰਮ ਭੇਜ ਦਿੱਤਾ ਸੀ। ਕਾਰ ਤੁਰਨ ਲੱਗੀ ਤਾਂ ਬਾਹਰੋਂ ਸੈਰ ਕਰਕੇ ਸੂਬੇਦਾਰ ਹੁਕਮ ਸਿੰਘ ਆ ਪਹੁੰਚੇ।
”ਚੱਲਿਆਂ ਕੁਲਵੰਤ ਸਿੰਹਾਂ!” ਸੂਬੇਦਾਰ ਨੇ ਪੁੱਛਿਆ।
”ਹਾਂ ,ਬਾਪੂ ਜੀ!”
”ਪਿੱਛੇ ਬਹੂ ਦਿਲਰਾਜ ਕੌਰ ਨੂੰ ਆਪਣਾ ਥਾਂ ਟਿਕਾਣਾ ਦੱਸ ਚੱਲਿਐਂ?”
”ਹਾਂ ਜੀ!”
”ਚੰਗਾ ਨਿਕਲ ਜਾ ਸਵੇਰੇ ਸਵੇਰੇ।”
ਸੂਬੇਦਾਰ ਕਾਰ ਨਾਲ ਉੱਡੀ ਧੂੜ ਨੂੰ ਦੇਖਦਾ ਰਿਹਾ ” ਇਹ ਹੋਣਾ ਈ ਸੀ ” ਸੂਬੇਦਾਰ ਨੇ ਉਦਾਸ ਸ਼ਬਦਾਂ ਵਿਚ ਆਖਿਆ । ਸੂਬੇਦਾਰ ਕੋਠੀ ਦੇ ਅੰਦਰ ਨਹੀਂ ਗਿਆ। ਛੋਟੇ ਪੁੱਤਰ ਧਿਆਨ ਸਿੰਘ ਦੀ ਕੋਠੀ ਵੱਲ ਤੁਰ ਪਿਆ। ਉਸ ਕੋਠੀ ਅੱਗੇ ਸਵੇਰੇ ਸਵੇਰੇ ਹੀ ਕਈ ਕਾਰਾਂ ਖੜੀਆਂ ਸਨ। ਸੂਬੇਦਾਰ ਆਪਣੇ ਆਪ ਵਿਚ ਹੱਸ ਪਿਆ।” ਵੇਲੇ ਵੇਲੇ ਦੀਆਂ ਗੱਲਾਂ।’’ ਸੂਬੇਦਾਰ ਨੇ ਸਿਰ ਮਾਰਦਿਆਂ ਆਖਿਆ।
”ਸੁਬੇਦਾਰ ਸਾਹਿਬ ਅੰਦਰ ਆ ਜਾਉ। ਦੇਖੋ ਅੰਦਰ ਦੀਆਂ ਰੌਣਕਾਂ। ਮੇਲਾ ਲੱਗਾ ਹੋਇਆ ਐ,’’ ਸੂਬੇਦਾਰ ਨੂੰ ਅੰਦਰੋਂ ਦੇਖ ਕੇ ਹਰੀ ਸਿੰਘ ਬੋਲਿਆ।
”ਨਹੀਂ। ਮੈਂ ਤਾਂ ਸੈਰ ਲਈ ਨਿਕਲਿਆ ਸੀ। ਅੰਮ੍ਰਿਤ ਵੇਲੇ ਦਾ ਸਮਾ ਐ। ਇਸ ਵੇਲੇ ਕੁਦਰਤ ਦੇ ਰੰਗ ਢੰਗ ਦੇਖਣ ਨੂੰ ਦਿਲ ਕਰਦਾ ਐ, ਹਰੀ ਸਿੰਹਾਂ।” ਹਰੀ ਸਿੰਘ ਦੀ ਅਗਲੀ ਗੱਲ ਸੁਣੇ ਬਿਨਾ ਸੂਬੇਦਾਰ ਤੀਜੇ ਪੁੱਤਰ ਸੁਚੇਤ ਸਿੰਘ ਦੇ ਘਰ ਵੱਲ ਨੂੰ ਨਿਕਲ ਗਿਆ। ਇਥੇ ਚੁੱਪ-ਚਾਂ ਸੀ। ਲਗਦਾ ਸੀ ਇੱਥੇ ਸਭ ਲੋਕ ਸੁੱਤੇ ਪਏ ਸਨ। ਸੂਬੇਦਾਰ ਇਕ ਵਾਰ ਫੇਰ ਹੱਸ ਪਿਆ। ਵੱਡੇ ਪੁੱਤਰ ਕੁਲਵੰਤ ਸਿੰਘ ਦੇ ਘਰ ਵਾਪਸ ਆ ਕੇ ਸੂਬੇਦਾਰ ਨੇ ਚਾਹ ਦਾ ਕੱਪ ਪੀਤਾ। ਪੋਤੀ ਚਾਂਦ ਅਖਬਾਰ ਰੱਖ ਗਈ। ਅਖਬਾਰਾਂ ਦੀ ਬੱਝੀ ਬਝਾਈ ਤਹਿ ਦੇਖ ਕੇ ਸੂਬੇਦਾਰ ਮਿੰਨਾ੍ਹ ਮੁਸਕਰਾਇਆ।” ਅੱਜ ਘਰ ਵਿਚ ਕਿਸੇ ਨੇ ਅਖਬਾਰ ਖੋਲ੍ਹ ਕੇ ਨਹੀਂ ਦੇਖੇ ਜਾਪਦੇ। ਹੁਣ ਇਨ੍ਹਾਂ ਵਿਚੋਂ ਡਰ ਲਗਦਾ ਹੋਣੈ।”
ਵਿਚਕਾਰਲੇ ਪੁੱਤਰ ਧਿਆਨ ਸਿੰਘ ਦੀ ਕੋਠੀ ਵੱਲੋਂ ਬੈਂਡ ਵਾਜਾ ਵੱਜਣ ਦੀ ਆਵਾਜ਼ ਆਈ। ਨੂੰਹ ਦਿਲਰਾਜ ਕੌਰ ਕੋਠੀ ਦੇ ਗੇਟ ਤੱਕ ਗਈ। ਦਰਾਣੀ ਦੇ ਗੇਟ ਵੱਲ ਝਾਤੀ ਮਾਰੀ ”ਵਾਹ ਕਿੱਡਾ ਵਿਆਹ ਧਰਿਆ ਐ? ਵਾਜੇ ਵਜਾਉਂਦੇ ਐ? ਇਨਸਾਨ ਨੂੰ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ। ਦਿਨ ਸਦਾ ਇਕੋ ਜਿਹੇ ਨਹੀਂ ਰਹਿੰਦੇ” ਦਿਲਰਾਜ ਕੌਰ ਬੁੜਬੁੜਾਈ।
ਕੁਲਵੰਤ ਸਿੰਘ ਨੇ ਕਾਰ ਕਾਲਕਾ ਤੋਂ ਸ਼ਿਮਲੇ ਵਲ ਜਾਂਦੀ ਸ਼ਾਹਰਾਹ ਉੱਤੇ ਪਾਈ, ਤਾਂ ਮਨ ਵਿਚ ਸਵਾਲ ਉਭਰਿਆ, ”ਕਿੱਥੇ ਸਿਰ ਲੁਕਾਇਆ ਜਾਏ? ਚੈਲ? ਹੋਟਲ ਦਾ ਉਹੋ ਮਹਾਰਾਜਾ-ਸੂਟ ਲਵਾਂ, ਜਿੱਥੇ ਪਹਿਲੇ ਰਹਿੰਦਾ ਰਿਹਾ ਹਾਂ” ਪਰ ਫੇਰ ਖ਼ਿਆਲ ਆਇਆ, ਵਿਧਾਨ ਸਭਾ ਦੀ ਚੋਣ ਦੇ ਨਵੇਂ ਜੇਤੂਆਂ ਵਿਚੋਂ ਕਈਆਂ ਨੇ ਚੈਲ ਨੂੰ ਦੌੜਨਾ ਐ, ਤੇ ਰਹਿਣਾ ਵੀ ਇਸੇ ਹੋਟਲ ਵਿਚ ਐ। ਇਹ ਥਾਂ ਮਹਿਫੂਜ਼ ਨਹੀਂ। ਮਹਾਰਾਣੀ-ਐਸਟੇਟ ਚੱਲਾਂ?ਪਰ ਉੱਥੇ ਬਾਂਦਰ ਮੂੰਹੇ ਲਫਟੈਣ ਨੇ ਹੱਸ ਕੇ ਗਲ ਨਹੀਂ ਕਰਨੀ। ਉਹ ਤਾਂ ਪਹਿਲਾਂ ਹੀ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਿਚ ਯਕੀਨ ਰਖਦੈ। ਉਹਨੇ ਵੀ ਨਤੀਜਿਆਂ ਦੀਆਂ ਖ਼ਬਰਾਂ ਸੁਣ-ਪੜ੍ਹ ਲਈਆਂ ਹੋਣੀਆਂ ਐ। ਲੋਕ ਕਿੰਨੇ ਤੋਤਾ ਚਸ਼ਮ ਹੁੰਦੇ ਐ? ਪਿਛਲੇ ਲਿਹਾਜ਼ ਦੀ ਪ੍ਰਵਾਹ ਨਹੀਂ ਕਰਦੇ। ਕਸੌਲੀ ਹੀ ਠੀਕ ਰਹੇਗਾ।
ਉੱਥੇ ਦੀ ਬੇਰੌਣਕੀ ਵਿਚ ਮੈਨੂੰ ਆਪਣੇ ਆਪ ਨੂੰ ਲੁਕਾ ਕੇ ਰੱਖਣਾ ਸੌਖਾ ਰਹੇਗਾ।’’ ਪਿੱਛੇ ਚੋਣ ਜਿੱਤਣ ਦੀਆਂ ਵਧਾਈਆਂ ਦੇਣ ਆ ਰਹੇ ਲੋਕਾਂ ਵਿਚ ਮਲੂਕ ਸਿੰਘ ਧਿਆਨ ਸਿੰਘ ਦੇ ਗਲ ਵਿਚ ਹਾਰ ਪਾਉਂਦਾ-ਪਾਉਂਦਾ ਰੋ ਪਿਆ ਸੀ। ”ਰੋ ਨਾ ਬਈ। ਅਸੀਂ ਸਭ ਨਾਲ ਇਨਸਾਫ ਕਰਾਂਗੇ। ਹੁਣ ਅਨ੍ਹੇਰ-ਖਾਤਾ ਨਹੀਂ ਚਲਦਾ ਰਹਿ ਸਕਦੈ।”
”ਸਰਦਾਰ ਜੀ! ਸਾਨੂੰ ਤਾਂ ਤਬਾਹ ਕਰ ਦਿੱਤਾ ਸਰਕਾਰ ਨੇ। ਕਿਸੇ ਨੇ ਸਾਡੀ ਨਾ ਸੁਣੀ। ਫੜ ਫੜ ਬੰਦੇ ਖੱਸੀ ਕਰੀ ਗਏ।”
”ਸਭ ਪੜਤਾਲਾਂ ਹੋਣਗੀਆਂ, ਮਲੂਕ ਸਿੰਹਾਂ! ਜ਼ਿਆਦਤੀਆਂ ਕਰਨ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਏਗਾ। ਫ਼ਿਕਰ ਨਾ ਕਰ। ਹੌਸਲਾ ਰੱਖ।” ਧਿਆਨ ਸਿੰਘ ਮੁੱਛਾਂ ਨੂੰ ਵੱਟ ਦਿੰਦਾ ਬੋਲਿਆ। ਮਾਸਟਰ ਊਧਮ ਸਿੰਘ ਆਪਣੀ ਅਧਿਆਪਕ ਜਥੇਬੰਦੀ ਦੇ ਮੈਂਬਰਾਂ ਨਾਲ ਹਾਰ ਪਾਉਣ ਆਇਆ। ਉਸ ਨੇ ਧਿਆਨ ਸਿੰਘ ਨੂੰ ਕਿਹਾ, ”ਸਰਦਾਰ ਸਾਹਿਬ। ਅਸੀਂ ਸਾਲ ਸਾਲ ਜੇਲਾਂ੍ਹ ਕੱਟ ਕੇ ਆਏ ਹਾਂ। ਸਿਰਫ ਇਸ ਕਰਕੇ ਕਿ ਅਸੀਂ ਹੜਤਾਲ ਦਾ ਆਪਣਾ ਜਮਹੂਰੀ ਹੱਕ ਨਹੀਂ ਛਡੱਣਾ ਚਾਹੁੰਦੇ ਸਾਂ। ਹੁਣ ਸਾਰੇ ਜਮਹੂਰੀ ਅਧਿਕਾਰ ਵਾਪਸ ਮਿਲਣੇ ਚਾਹੀਦੇ ਐ, ਤੇ ਨਾਲ ਨਾਲ ਖੋਹੀਆਂ ਗਈਆਂ ਸਾਡੀਆ ਨੌਕਰੀਆਂ ਵਾਪਸ ਮਿਲਣੀਆਂ ਚਾਹੀਦੀਆਂ ਐ।”
”ਮਿਲੇਗਾ ਸਭ ਕੁਛ। ਸਾਡੀ ਪਾਰਟੀ ਦਾ ਨਾਮ ”ਜਨਤਾ ਪਾਰਟੀ” ਐ। ਇਸ ਨੇ ਜਨਤਾ ਦੀ ਸੇਵਾ ਕਰਨੀ ਐ। ਕਾਂਗਰਸ ਦੇ ਧੋਣੇ ਧੋਣੇ ਐ।”
ਸੋਫਾ ਸੈਟ ਉੱਤੇ ਬੈਠਾ ਤੇ ਨੌਕਰਾਂ ਵਲੋਂ ਵਰਤਾਈ ਜਾ ਰਹੀ ਗਰਮ ਗਰਮ ਚਾਹ ਦੀਆਂ ਚੁਸਕੀਆਂ ਭਰਦਾ ਸ਼ੇਰ ਸਿੰਘ ਸੋਚ ਰਿਹਾ ਸੀ -ਇੱਥੇ ਬੈਠਿਆਂ ਹਾਰ ਪੁਆਈ ਜਾਣ ਤੇ ਵਾਜੇ ਵਜਾਈ ਜਾਣ ਦਾ ਕੀ ਫਾਇਦਾ ਐ? ਫੌਰਨ ਰਾਜਧਾਨੀ ਜਾਣਾ ਚਾਹੀਦਾ ਐ। ਦੇਖਣਾ ਚਾਹੀਦਾ ਪਾਰਟੀ ਨੇਤਾ ਕੋਣ ਬਣਦਾ ਐ ? ਉਸ ਦੇ ਨੇੜੇ ਜਾਣਾ ਜ਼ਰੂਰੀ ਐ। ਵਜ਼ੀਰੀ ਨਹੀਂ ਲੈਣੀ? ਝੰਡੀ ਵਾਲੀ ਕਾਰ ਤੋਂ ਬਿਨਾ ਇਸ ਦੁਨੀਆ ਵਿਚ ਜਿਉੂਣ ਦਾ ਕੀ ਹੱਜ ਐ? ਅੱਗੇ ਸਰਕਾਰਾਂ ਜੰਮਦੀਆਂ ਸਨ। ਹੁਣ ਸਰਕਾਰਾਂ ਬਣਦੀਆਂ ਐ। ਇਸ ਕਰਕੇ ਚੱਲਣਾ ਚਾਹੀਦਾ ਐ ਤਾਂ ਕਿ ਸਰਕਾਰ ਬਣੀਏ ਤੇ ਬਣਾਈਏ।
ਜਦੋਂ ਅੱਧੀ ਰਾਤ ਨੂੰ ਕਾਰਾਂ ਦਾ ਕਾਫਲਾ ਤੁਰਿਆ, ਤਾਂ ਬਾਪੂ ਹੁਕਮ ਸਿੰਘ ਨੇ ਕਿਹਾ -”ਬਾਬਾ ਸਾਹਿਬ ਸਿੰਘ ਦੇ ਗੋਡੀਂ ਹੱਥ ਲਾ ਜਾ। ਖਾਨਦਾਨੀ ਬਜ਼ੁਰਗਾਂ ਦੀ ਅਸੀਸ ਜ਼ਰੂਰ ਲੈਣੀ ਚਾਹੀਦੀ ਐ।”
”ਬਾਪੂ ਜੀ ਸੁਣਿਆ ਐ, ਉਨਾਂ੍ਹ ਦੀ ਸਿਹਤ ਠੀਕ ਨਹੀਂ। ਕਾਹਨੂੰ ਬੁੱਢੇ ਸਰੀਰ ਨੂੰ ਉਠਾਲ ਕੇ ਬੇਆਰਾਮ ਕਰਨਾ? ਜ਼ਿਆਦਾ ਸਿਹਤ ਖ਼ਰਾਬ ਹੋ ਗਈ ਤਾਂ ਅਸੀਸ ਦੀ ਥਾਂ ਦੁਰ-ਅਸੀਸ ਮਿਲ ਜਾਏਗੀ।”
”ਸਿਹਤ ਨੂੰ ਕੀ ਹੋਇਆ ਐ? ਉਮਰ ਭਾਵੇਂ ਨੱਬੇ ਸਾਲ ਦੀ ਹੋ ਗਈ ਐ, ਸਰੀਰ ਸਰੂ ਵਰਗਾ ਸਿੱਧਾ ਐ, ਤੇ ਮਨ ਦੀ ਸੁਰਤ ਕਾਇਮ ਐ। ਉਮਰ ਭਰ ਦੀਆਂ ਕਮਾਈਆਂ ਕੀਤੀਆਂ ਹੋਈਆਂ ਐ ਸਾਡੇ ਤਾਏ ਨੇ। ਮੌਸਮ ਦੀ ਖ਼ਰਾਬੀ ਕਾਰਨ ਬਾਹਰ ਅੰਦਰ ਘੱਟ ਜਾਂਦੈ ਐ। ਅੱਜ ਵੀ ਮੌਸਮ ਖ਼ਰਾਬ ਐ। ਇਸ ਕਰਕੇ ਅੱਜ ਬਾਹਰ ਨਹੀਂ ਦਿਖਾਈ ਦਿੱਤੇ।”
”ਤਾਂ ਵੀ ਬਾਪੂ ਜੀ ! ਮੈਂ ਸੋਚਨਾਂ, ਅੱਧੀ ਰਾਤ ਵੇਲੇ ਤਕਲੀਫ਼ ਨਾਂ ਦੇਵਾਂ।”
”ਤੇਰੀ ਮਰਜ਼ੀ ਐ ਬਈ, ਤੂੰ ਆਪਣੀ ਮਰਜ਼ੀ ਈ ਕਰਨੀ ਹੁੰਦੀ ਐ।” ਬਾਬਾ ਸਾਹਿਬ ਸਿੰਘ ਸੂਬੇਦਾਰ ਹੁਕਮ ਸਿੰਘ ਦੇ ਪਿਤਾ ਜੀ ਦੇ ਵੱਡੇ ਭਰਾ ਸਨ। ਗਦਰ ਪਾਰਟੀ ਵਿਚ ਹਿੱਸਾ ਲੈਣ ਕਰਕੇ ਪੰਦਰਾਂ ਸਾਲ ਜੇਲ੍ਹ ਕੱਟੀ। ਜਦੋਂ ਬਾਬਾ ਵਸਾਖਾ ਸਿੰਘ ਨੇ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਬਣਾਈ ਤਾਂ ਸਾਹਿਬ ਸਿੰਘ ਇਸ ਕਮੇਟੀ ਵਿਚ ਸਰਗਰਮ ਰਹੇ। ਵਿਆਹ ਦਾ ਸਮਾਂ ਤਾਂ ਜੇਲ੍ਹ ਵਿਚ ਹੀ ਲੰਘ ਗਿਆ ਸੀ। ਆਪਣੇ ਹਿੱਸੇ ਦੀ ਜ਼ਮੀਨ ਪਹਿਲਾਂ ਆਪਣੇ ਭਰਾ ਤੇ ਪਿੱਛੋਂ ਇਕਲੌਤੇ ਭਤੀਜੇ ਸੂਬੇਦਾਰ ਹੁਕਮ ਸਿੰਘ ਦੇ ਹਵਾਲੇ ਕਰ ਛੱਡੀ। 1947 ਤੋਂ ਬਾਅਦ ਦੀ ਸਿਆਸਤ ਵਿਚ ਦਿਲਚਸਪੀ ਲੈਂਦੇ ਰਹੇ, ਪਰ ਵਾਰ ਵਾਰ ਕਹਿੰਦੇ, ਜਿਸ ਹਿੰਦੁਸਤਾਨ ਦੇ ਨਿਰਮਾਣ ਦਾ ਸੁਪਨਾ ਅਸੀਂ ਲਿਆ ਸੀ, ਉਸ ਦਾ ਨਿਰਮਾਣ ਬਿਲਕੁਲ ਨਹੀਂ ਹੋ ਰਿਹਾ ਸੀ। ਉਨਾਂ੍ਹ ਨੂੰ ਸੱਤਾਧਾਰੀ ਨੇਤਾਵਾਂ ਦੇ ਵਿਚਾਰਾਂ ਤੇ ਕੰਮ ਬਾਰੇ ਸਖਤ ਸ਼ਕਾਇਤ ਰਹਿੰਦੀ। ਉਹ ਅਕਸਰ ਕਹਿੰਦੇ, ਇਹ ਲੋਕ ਗੁਫ਼ਤਾਰ ਦੇ ਗ਼ਾਜ਼ੀ ਹਨ, ਕਿਰਦਾਰ ਦੇ ਗ਼ਾਜ਼ੀ ਨਹੀਂ।
ਦਿੱਲੀ ਤੇ ਚੰਡੀਗੜ੍ਹ ਵਿਚ ਜਨਤਾ ਪਾਰਟੀ ਦੀਆਂ ਸਰਕਾਰਾਂ ਬਣ ਗਈਆਂ। ਪੰਜਾਬ ਵਿਚ ਗਿਆਨ ਸਿੰਘ ਮੁੱਖ ਮੰਤਰੀ ਤੇ ਧਿਆਨ ਸਿੰਘ ਸਿੱਖਿਆ ਤੇ ਸਿਹਤ ਮੰਤਰੀ ਬਣਿਆ।
“ਪਿਛਲੀ ਸਰਕਾਰ ਦੀਆਂ ਜਿਆਦਤੀਆਂ ਦੀ ਪੜਤਾਲ ਕੀਤੀ ਜਾਏ।” ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿਚ ਦੀਵਾਨ ਮੋਹਕਮ ਚੰਦ ਨੇ ਮੰਗ ਕੀਤੀ।
“ਉੱਚ ਪੱਧਰੀ ਪੜਤਾਲੀਆ ਕਮਿਸ਼ਨ ਬਣਾ ਰਹੇ ਆਂ। ਚੀਫ਼ ਜਸਟਿਸ ਨਾਲ ਸਲਾਹ ਕਰਕੇ ਜੱਜ ਸਾਹਿਬ ਦੀਆਂ ਸੇਵਾਵਾਂ ਲੈ ਰਹੇ ਆਂ।” ਮੁੱਖ ਮੰਤਰੀ ਨੇ ਉੱਤਰ ਦਿੱਤਾ।
”ਕੀ ਸਾਬਕਾ ਮੁੱਖ ਮੰਤਰੀ ਖੜਕ ਸਿੰਘ ਤੇ ਸਾਬਕਾ ਗ੍ਰਹਿ ਮੰਤਰੀ ਕੁਲਵੰਤ ਸਿੰਘ ਨੂੰ ਉਨ੍ਹਾਂ ਦੀਆਂ ਗ਼ੈਰ-ਕਾਨੂੰਨੀ ਜ਼ਿਆਦਤੀਆਂ ਬਦਲੇ ਗ੍ਰਿਫਤਾਰ ਕੀਤਾ ਜਾਏਗਾ?”
ਵਿਰੋਧੀ ਧਿਰ ਦੇ ਨੇਤਾ ਸ: ਲਹਿਣਾ ਸਿੰਘ ਨੇ ਉੱਠ ਕੇ ਰੋਸ ਪਰਗਟ ਕੀਤਾ। ਬਾਕੀ ਵਿਰੋਧੀ ਮੈਂਬਰ ਵੀ ਮੇਜ਼ਾਂ ਥਪ ਥਪਾ ਕੇ ਰੋਸ ਪਰਗਟ ਕਰਨ ਲੱਗੇ।
”ਜੋ ਵਿਅਕਤੀ ਸਦਨ ਵਿਚ ਹਾਜ਼ਰ ਨਹੀਂ ਤੇ ਆਪਣਾ ਪੱਖ ਨਹੀਂ ਪੇਸ਼ ਕਰ ਸਕਦਾ, ਉਸ ਉੱਤੇ ਬਿਨਾ ਸਬੂਤ ਤੁਹਮਤ ਲਾਉਣੀ ਗ਼ੈਰ-ਪਾਰਲੀਮੈਂਟਰੀ ਕਾਰਵਾਈ ਐ।” ਵਿਰੋਧੀ ਨੇਤਾ ਨੇ ਕਿਹਾ ।
”ਸਬੂਤ ਕਿਉ ਨਹੀਂ ? ਸਬੂਤ ਹੈਨ।” ਸੱਤਾਧਾਰੀ ਮੈਂਬਰਾਂ ਨੇ ਅਵਾਜ਼ਾਂ ਕੱਸੀਆਂ।
ਸਪੀਕਰ ਗੁਰਬਚਨ ਸਿੰਘ ਬਾਜਵਾ ਨੇ ਮੁੱਖ ਮੰਤਰੀ ਗਿਆਨ ਸਿੰਘ ਵਲ ਦੇਖਿਆ । ਮੁੱਖ ਮੰਤਰੀ ਨੀਵੀਂ ਪਾਈ ਕਾਗਜ਼ ਫੋਲਦਾ ਰਿਹਾ।
”ਸਤਿਕਾਰ ਯੋਗ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਗ੍ਰਹਿ ਮੰਤਰੀ ਦੇ ਖ਼ਿਲਾਫ਼ ਲਫ਼ਜ਼ ਵਾਪਸ ਲਏ ਜਾਣ।” ਲਹਿਣਾ ਸਿੰਘ ਨੇ ਮੰਗ ਕੀਤੀ।
”ਸਾਬਕਾ ਮੰਤਰੀਆਂ ਵਿਰੁੱਧ ਬੋਲੇ ਗਏ ਲਫ਼ਜ਼ ਰਿਕਾਰਡ ਵਿਚੋਂ ਕੱਢ ਦਿੱਤੇ ਜਾਣ।” ਸਪੀਕਰ ਨੇ ਫ਼ੈਸਲਾ ਸੁਣਾਇਆ।
ਇੰਨੇ ਨੂੰ ਖ਼ਬਰ ਆਈ ਕਿ ਕੁਲਵੰਤ ਸਿੰਘ ਦਾ ਸਾਲਾ ਪ੍ਰਿਥਵੀ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਜੇ ਦਿਨ ਖ਼ਬਰ ਆਈ ਕਿ ਬਿਜਲੀ ਬੋਰਡ ਦਾ ਸਾਬਕਾ ਚੈਅਰਮੈਨ ਯਸ਼ ਪਾਲ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦਿਨ ਤਾਂ ਸਿਆਸੀ ਹਲਕਿਆਂ ਵਿਚ ਸੰਨਾਟਾ ਛਾ ਗਿਆ, ਜਿਸ ਦਿਨ ਖ਼ਬਰ ਛਪੀ ਕਿ ਚੌਧਰੀ ਬਲਬੀਰ ਸਿੰਘ ਵੀ ਗ੍ਰਿਫਤਾਰ ਕਰ ਲਿਆ ਹੈ। ਉਹ ਪਹਿਲੇ ਮੁੱਖ ਮੰਤਰੀ ਦੀ ਸੱਜੀ ਬਾਂਹ ਤੇ ਸਾਬਕਾ ਉਦਯੋਗ ਮੰਤਰੀ ਸੀ।
ਫੇਰ ਇਹ ਖ਼ਬਰਾਂ ਛਪੀਆਂ ਤਾਂ ਨਹੀਂ, ਪਰ ਮੂੰਹੋਂ ਮੂੰਹ ਫੈਲੀਆਂ ਕਿ ਪੁਲਸ ਸਾਬਕਾ ਸੱਤਾਧਾਰੀ ਨੇਤਾਵਾਂ ਤੋਂ ਪੁੱਛ ਪੜਤਾਲ ਕਰਨ ਲਈ ਉਨਾਂ੍ਹ ਨੂੰ ਮਾਰਦੀ ਕੁੱਟਦੀ ਤਾਂ ਨਹੀਂ, ਤਾਂ ਵੀ ਪ੍ਰਸ਼ਨਾਂ ਦਾ ਉੱਤਰ ਲੈਣ ਲਈ ਨਵਾਂ ਢੰਗ ਵਰਤ ਰਹੀ ਹੈ। ਉਨਾਂ੍ਹ ਦੀਆਂ ਪਤਲੂਨਾਂ ਤੇ ਪਜਾਮਿਆਂ ਵਿਚ ਚੂਹੇ ਵਾੜ ਦਿੰਦੀ ਹੈ। ਚੂਹੇ ਦੰਦੀਆਂ ਵੱਢਦੇ ਹਨ। ਪੁਲਸ ਉਨ੍ਹਾਂ ਤੋਂ ਭੇਤ ਦੀਆਂ ਗੱਲਾਂ ਪੁੱਛ ਲੈਂਦੀ ਹੈ।
ਵਕੀਲ ਅਦਾਲਤਾਂ ਵਿਚ ਪਹੁੰਚ ਗਏ- ”ਸਾਨੂੰ ਆਪਣੇ ਮੁਵੱਕਲਾਂ ਦੇ ਸਾਹਮਣੇ ਹਾਜ਼ਰ ਰਹਿਣ ਦਾ ਮੌਕਾ ਦਿੱਤਾ ਜਾਏ। ਸਾਡੇ ਮੁਵੱਕਲਾਂ ਦੀ ਡਾਕਟਰੀ ਜਾਂਚ ਕਰਵਾਈ ਜਾਏ।”
ਕੁਝ ਦਿਨਾਂ ਬਾਅਦ ਪ੍ਰਿਥਵੀ ਸਿੰਘ ਸਿਵਲ ਹਸਪਤਾਲ ਪਹੁੰਚ ਗਿਆ। ਚੌਧਰੀ ਬਲਬੀਰ ਸਿੰਘ ਦਿਲ ਦੇ ਰੋਗ ਦੀ ਸ਼ਿਕਾਇਤ ਨਾਲ ਕ੍ਰਿਸਚੀਅਨ ਮੈਡੀਕਲ ਕਾਲਜ ਦੇ ਹਸਪਤਾਲ ਵਿਚ ਭੇਜਣਾ ਪਿਆ।
ਹਾਈ ਕੋਰਟ ਦੇ ਜੱਜ ਦੀ ਅਗਵਾਈ ਵਿਚ ”ਜ਼ਿਮਨੀ ਪੜਤਾਲੀਆ ਕਮਿਸ਼ਨ” ਬਣ ਗਿਆ। ਸਭ ਤੋਂ ਪਹਿਲਾਂ ਮਲੂਕ ਸਿੰਘ ਦੇ ਦੋਨਾਂ ਪੁੱਤਰਾਂ ਨਾਲ ਕੀਤੀ ਗਈ ਜ਼ਿਆਦਤੀ ਦਾ ਮਾਮਲਾ ਪੇਸ਼ ਹੋਇਆ। ਸਰਕਾਰੀ ਵਕੀਲ ਨੇ ਕਿਹਾ, ”ਜਨਾਬ ਜੱਜ ਸਾਹਿਬ ! ਇਹ ਮਾਮਲਾ ਉਨਾਂ੍ਹ ਮਾਮਲਿਆਂ ਦੀ ਇਕ ਮਿਸਾਲ ਹੈ, ਜੋ ਪਿਛਲੇ ਸਾਲਾਂ ਵਿਚ ਕਠੋਰ ਹਾਕਮਾਂ ਦੀ ਤਾਨਾਸ਼ਾਹੀ ਦੇ ਕਾਰਨ ਪਿੰਡ ਪਿੰਡ ਵਾਪਰੇ। ਮਲੂਕ ਸਿੰਘ ਸੁਤੰਤਰਤਾ ਸੰਗਰਾਮੀ ਹੈ। ਸਾਰੀ ਉਮਰ ਆਪ ਚਰਖਾ ਕੱਤ ਕੇ ਖੱਦਰ ਬਣਾਉਂਦਾ ਰਿਹਾ ਤੇ ਉਹ ਖੱਦਰ ਇਹ ਆਪ ਤੇ ਇਹਦੀ ਪਤਨੀ ਪਹਿਨਦੇ ਰਹੇ। ਇਹਦੇ ਦੋ ਪੁੱਤਰ ਹੈਨ, ਕਰਮ ਸਿੰਘ ਤੇ ਧਰਮ ਸਿੰਘ। ਪਿਉ ਵਾਂਗ ਹੀ ਦੇਸ਼ ਭਗਤ, ਫ਼ਰਜ਼ ਸ਼ਨਾਸ, ਮਿਹਨਤੀ ਤੇ ਈਮਾਨਦਾਰ। ਕਿੱਤਾ ਵੀ ਬਹੁਤ ਪਵਿੱਤਰ। ਪੜ੍ਹਾਉਣ ਦਾ। ਨੇਸ਼ਨ ਬਿਲਡਿੰਗ ਦਾ। ਕਰਮ ਸਿੰਘ ਦੇ ਘਰ ਭਗਵਾਨ ਦੀ ਕਿਰਪਾ ਨਾਲ ਪਹਿਲਾਂ ਪੁੱਤਰ ਜੰਮਿਆ। ਫੇਰ ਦੋ ਧੀਆਂ-ਧਿਆਣੀਆਂ ਆ ਗਈਆਂ। ਧਰਮ ਸਿੰਘ ਦੇ ਘਰ ਪਹਿਲਾਂ ਦੋ ਧੀਆਂ ਜੰਮੀਆਂ ਤੇ ਫੇਰ ਸੁੱਖਾ ਸੁੱਖਦਿਆਂ ਪੁੱਤਰ ਆ ਗਿਆ। ਕਰਮ ਸਿੰਘ ਤੇ ਧਰਮ ਸਿੰਘ ਦੋਵਂੇ ਆਪਣੇ ਆਪਣੇ ਪਰਿਵਾਰ ਵਿਚ ਸੰਤੁਸ਼ਟ ਤੇ ਖੁਸ਼।
ਮਲੂਕ ਸਿੰਘ ਵੀ ਬੁੱਢੇ ਵਾਰੇ ਕਲੀਆਂ ਵਾਂਗ ਟਹਿਕਦੇ ਪੋਤੇ ਪੋਤੀਆਂ ਦੇ ਬਾਗ ਪਰਿਵਾਰ ਵਿਚ ਖੁਸ਼। ਪਰ ਪਿਛਲੀ ਸਰਕਾਰ ਨੇ ਜਬਰੀ ਨੱਸਬੰਦੀ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਜ਼ਿਲ੍ਹੇ ਵਾਰ ਕੋਟੇ ਨਿਸ਼ਚਿਤ ਹੋ ਗਏ। ਆਓ ਬਈ ਓਪ੍ਰੇਸ਼ਨ ਕਰਵਾਉ। ਪਹਿਲਾਂ ਪ੍ਰੇਰਨਾ ਤੇ ਇਨਾਮ ਦੇ ਲਾਲਚ ਨਾਲ। ਫੇਰ ਨੌਕਰੀਓਂ ਕੱਢਣ ਦੀ ਧਮਕੀ ਨਾਲ। ਕਰਮ ਸਿੰਘ ਤੇ ਧਰਮ ਸਿੰਘ ਨੂੰ ਵੀ ਹੁਕਮ ਹੋ ਗਿਆ, ਤੁਹਾਡੇ ਤਿੰਨ ਤਿੰਨ ਬੱਚੇ ਐ। ਓਪ੍ਰੇਸ਼ਨ ਕਰਵਾਉ। ਮਲੂਕ ਸਿੰਘ ਨੂੰ ਪਾਰਟੀ ਵਲੋਂ ਆਦੇਸ਼ ਹੋਇਆ -ਜੇ ਪੱਕੇ ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਦਾ ਹੁਕਮ ਨਹੀਂ ਮੰਨਣਾ ਤਾਂ ਹੋਰ ਕੌਣ ਮੰਨੇਗਾ? ਲਉ ਜੀ। ਦੋਵੇਂ ਮੁੰਡੇ ਹਸਪਤਾਲ ਪਹੁੰਚ ਗਏ। ਅੱਗੋਂ ਕਿਉਂਕਿ ਡਾਕਟਰਾਂ ਨੂੰ ਵੀ ਹੁਕਮ ਸੀ, ਤੁਸੀਂ ਵੀ ਕੋਟਾ ਪੂਰਾ ਕਰਨਾ ਹੈ। ਦੋਨਾਂ ਮੁੰਡਿਆਂ ਦੇ ਓਪ੍ਰੇਸ਼ਨ ਤਾਂ ਕਰ ਦਿੱਤੇ ਗਏ ਪਰ ਡਾਕਟਰਾਂ ਦੀ ਲਾਪ੍ਰਵਾਹੀ ਨਾਲ ਕੋਈ ਐਸੀ ਛੂਤ ਬੈਠੀ ਕਿ ਦੋਵੇਂ ਮੁੰਡੇ ਦਾਇਮੀ ਮਰੀਜ਼ ਬਣ ਗਏ। ਅਜੇ ਤੱਕ ਵੀ ਹਸਪਤਾਲਾਂ ਦੇ ਗੇੜੇ ਕੱਢਦੇ ਐ।”
ਇਹ ਕਹਿ ਕੇ ਵਕੀਲ ਸਾਹਿਬ ਨੇ ਬੜੇ ਨਾਟਕੀ ਅੰਦਾਜ਼ ਵਿਚ ਜੱਜ ਸਾਹਿਬ ਨੂੰ ਕਿਹਾ -”ਜਨਾਬ! ਫ਼ਾਰਸੀ ਜ਼ਬਾਨ ਦੀ ਕਹਾਵਤ ਹੈ, ‘ਕਹਿਰਿ ਦਰਵੇਸ਼ ਬਰ ਜਾਨਿ ਦਰਵੇਸ਼।’ ਮਲੂਕ ਸਿੰਘ ਦੇ ਦਰਵੇਸ਼ ਪੁੱਤਰਾਂ ਦੀ ਬਦਕਿਸਮਤੀ ਦੀ ਕਹਾਣੀ ਇੱਥੇ ਹੀ ਨਹੀਂ ਮੁੱਕਦੀ । ਐਸੇ ਸਿਖ਼ਰ ਵੱਲ ਨੂੰ ਜਾਂਦੀ ਹੈ ਜੋ ਰੱਬ ਬੁਰੇ ਤੋਂ ਬੁਰੇ ਇਨਸਾਨ ਨੂੰ ਨਾ ਦਿਖਾਏ। ਕਰਮ ਸਿੰਘ ਦਾ ਦਸ ਸਾਲ ਦਾ ਪੁੱਤਰ ਚਾਚੇ ਦੇ ਪੰਜ ਸਾਲ ਦੇ ਪੁੱਤਰ ਸੁਖਦੀਪ ਨੂੰ ਆਪਣੇ ਸਾਈਕਲ ਉੱਤੇ ਬੈਠਾਈ ਸਕੂਲ ਤੋਂ ਘਰ ਆ ਰਿਹਾ ਸੀ ਕਿ ਪੰਜਾਬ ਰੋਡਵੇਜ਼ ਦੀ ਬੱਸ ਦੋਨਾਂ ਬੱਚਿਆਂ ਨੂੰ ਕੀੜੇ ਮਕੌੜਿਆਂ ਵਾਂਗ ਕੁਚਲ ਕੇ ਲੰਘ ਗਈ । ਇਹ ਬੱਸ ਵੀ ਆਮ ਡਿਉੂਟੀ ’ਤੇ ਨਹੀਂ ਸੀ । ਕਾਂਗਰਸ ਪਾਰਟੀ ਦੇ ਚੋਣ ਜਲਸੇ ਲਈ ਇੱਕਠੀ ਕੀਤੀ ਕਰਾਏ ਦੀ ਭੀੜ ਨੂੰ ਢੋਣ ਦਾ ਕੰਮ ਕਰ ਰਹੀ ਸੀ। ਮਲੂਕ ਸਿੰਘ ਦੇ ਦੋਨਾਂ ਪੁੱਤਰਾਂ ਦੇ ਘਰ ਦੇ ਦੀਪਕ ਬੁੱਝ ਗਏ। ਮਲੂਕ ਸਿੰਘ ਦੇ ਸੰਘਰਸ਼ ਨਾਲ ਮਿਲੀ ਅਜ਼ਾਦੀ ਉਹਨੂੰ ਹੀ ਲੈ ਬੈਠੀ। ਹਕੂਮਤ ਦੇ ਨਸ਼ੇ ਵਿਚ ਮਖਮੂਰ ਕਾਂਗਰਸੀ ਸੱਤਾਧਾਰੀ ਮਲੂਕ ਸਿੰਘ ਦਾ ਬਾਗ਼ ਪਰਿਵਾਰ ਉੱਜਾੜ ਗਏ।”
ਇਹ ਕਹਿੰਦਿਆਂ ਵਕੀਲ ਨੇ ਅੱਖਾਂ ਉੱਤੇ ਹੱਥ ਇਉਂ ਫੇਰਿਆ ਜਿਵੇਂ ਅੱਖਾਂ ਵਿਚ ਆ ਗਏ ਹੰਝੂ ਪੂੰਝ ਰਿਹਾ ਹੋਵੇ। ਵਿਰੋਧੀ ਧਿਰ ਦੇ ਵਕੀਲ ਨੇ ਲੰਬਾ ਭਾਸ਼ਨ ਨਹੀਂ ਦਿੱਤਾ। ਸੰਖੇਪ ਜਵਾਬ ਦਿੱਤਾ -”ਜਨਾਬਿ ਆਲਾ। ਮੇਰੇ ਫ਼ਾਜ਼ਲ ਦੋਸਤ ਨੇ ਸਾਧਾਰਨ ਕਹਾਣੀ ਨੂੰ ਜ਼ੁਲਮ ਦੀ ਕਹਾਣੀ ਬਣਾ ਕੇ ਪੇਸ਼ ਕੀਤਾ ਹੈ। ਨਾ ਮਲੂਕ ਸਿੰਘ ਅਨਪੜ੍ਹ ਤੇ ਮਜਬੂਰ ਇਨਸਾਨ ਹੈ, ਨਾ ਉਸਦੇ ਪੁੱਤਰ। ਪੜ੍ਹੇ ਲਿਖੇ ਤੇ ਆਪਣਾ ਨਫਾ ਨੁਕਸਾਨ ਜਾਨਣ ਵਾਲੇ ਲੋਕ ਹਨ। ਕਰਮ ਸਿੰਘ ਤੇ ਧਰਮ ਸਿੰਘ ਦੋਵੇਂ ਅਧਿਆਪਕ। ਜਾਣਦੇ ਹਨ ਕਿ ਤਿੰਨ ਤਿੰਨ ਬੱਚੇ ਕਾਫੀ ਹਨ। ਸੋ, ਆਪ ਹੀ ਓਪ੍ਰੇਸ਼ਨ ਕਰਵਾਉਣ ਗਏ। ਡਾਕਟਰ ਨੇ ਓਪ੍ਰੇਸ਼ਨ ਕਰ ਦਿੱਤੇ। ਜੇ ਪਿੱਛਂੋ ਕੋਈ ਪੇਚੀਦਗੀ ਪੈਦਾ ਹੋਈ ਜਾਂ ਦੋਨਾਂ ਬੱਚਿਆਂ ਦੀ ਅਫਸੋਸਨਾਕ ਮੌਤ ਹੋ ਗਈ, ਤਾਂ ਇਹ ਮਹਿਜ਼ ਹਾਦਸਾ ਸੀ। ਇਸ ਵਿਚ ਸਰਕਾਰ ਦਾ ਜ਼ੁਲਮ ਕਿੱਥੋਂਂ ਆ ਗਿਆ?”
ਇਸ ਮੌਕੇ ਪਹਿਲੇ ਵਕੀਲ ਵਾਲੇ ਅੰਦਾਜ਼ ਵਿਚ ਹੀ, ਇਸ ਵਕੀਲ ਨੇ ਵੀ ਕਰਮ ਸਿੰਘ ਤੇ ਧਰਮ ਸਿੰਘ ਦੇ ਦਸਖਤਾਂ ਵਾਲੇ ਉਨ੍ਹਾਂ ਹਸਪਤਾਲੀ ਫ਼ਾਰਮਾਂ ਦੀਆਂ ਨਕਲਾਂ ਪੇਸ਼ ਕੀਤੀਆਂ, ਜੋ ਹਰ ਓਪ੍ਰੇਸ਼ਨ ਤੋਂ ਪਹਿਲਾਂ ਮਰੀਜ਼ ਜਾਂ ਮਰੀਜ਼ ਦੇ ਵਾਰਿਸ ਪਾਸੋਂ ਭਰਵਾਏ ਜਾਂਦੇ ਹਨ, ਤੇ ਜਿੰਨ੍ਹਾਂ ਵਿਚ ਛਪਿਆ ਹੁੰਦਾ ਹੈ ਕਿ ਓਪ੍ਰੇਸ਼ਨ ਤੋਂ ਨਿਕਲ ਸਕਦੇ ਨੁਕਸਾਨ ਦੇਹ ਨਤੀਜਿਆਂ ਲਈ ਡਾਕਟਰ ਜ਼ੁੰਮੇਵਾਰ ਨਹੀਂ ਹੋਵੇਗਾ।
ਕਮਿਸ਼ਨ ਸਾਹਮਣੇ ਦੂਜਾ ਮਾਮਲਾ ਮਾਸਟਰ ਉਧਮ ਸਿੰਘ ਤੇ ਉਸ ਦੇ ਸਾਥੀ ਅਧਿਆਪਕਾਂ ਦਾ ਪੇਸ਼ ਹੋਇਆ। ਸਰਕਾਰੀ ਵਕੀਲ ਨੇ ਕਿਹਾ, ”ਯੂਨੀਅਨ ਬਣਾਉਣਾ ਤੇ ਬੇਇਨਸਾਫੀ ਵਿਰੁੱਧ ਹੜਤਾਲ ਕਰਨਾ ਹਰ ਵਰਕਰ ਦਾ ਜਮਹੂਰੀ ਹੱਕ ਹੈ। ਪੰਜਾਬ ਟੀਚਰਜ਼ ਯੂਨੀਅਨ ਸਦਾ ਸਰਗਰਮ ਰਹੀ ਹੈ।
ਪਿਛਲੀ ਸਰਕਾਰ ਨੇ ਜਦੋਂ ਆਪਣੀ ਤਾਨਾਸ਼ਾਹੀ ਸ਼ੁਰੂ ਕੀਤੀ, ਤਾਂ ਪੰਜਾਬ ਭਰ ਤੋਂ ਸੈਂਕੜੇ ਸਰਗਰਮ ਟੀਚਰ ਆਗੂ ਗ੍ਰਿਫਤਾਰ ਕਰ ਲਏ। ਟੀਚਰਾਂ ਨੇ ਪੜ੍ਹਾਉਣਾ ਹੁੰਦਾ ਹੈ ਪਰ ਸਰਕਾਰ ਉਨਾਂ੍ਹ ਨੂੰ ਜੇਲਾਂ੍ਹ ਵਿਚ ਭੇਜ ਰਹੀ ਸੀ। ਸਾਲ ਭਰ ਸਕੂਲ ਅਧਿਆਪਕਾਂ ਤੋਂ ਖਾਲੀ ਰਹੇ। ਕਈ ਸਕੂਲਾਂ ਨੂੰ ਜੰਦਰੇ ਲੱਗ ਗਏ। ਕੌਮ ਦਾ ਭਵਿੱਖ ਗਲੀਆਂ ਵਿਚ ਰੁਲਣ ਲਈ ਛੱਡ ਦਿੱਤਾ ਗਿਆ। ਜਨਾਬ ਜੱਜ ਸਾਹਿਬ! ਜਿਹੜੀ ਹਕੂਮਤ ਬੱਚਿਆਂ ਦੇ ਉਸਤਾਦਾਂ ਨੂੰ ਜੇਲਾਂ੍ਹ ਵਿਚ ਡੱਕ ਦਿੰਦੀ ਹੈ, ਤੇ ਸ਼ਰਮ ਨਹੀਂ ਮਹਿਸੂਸ ਕਰਦੀ, ਕੀ ਉਹ ਦੇਸ਼ ਦੇ ਨਾਮ ਉੱਤੇ ਕਲੰਕ ਨਹੀਂ? ਇਹ ਸਾਹਮਣੇ ਖੜੇ ਉਸਤਾਦ ਕੈਦਾਂ ਕੱਟ ਕੇ ਹੀ ਨਹੀਂ ਆਏ, ਇਨਾਂ੍ਹ ਉੱਤੇ ਅਨੁਸ਼ਾਸਣ ਭੰਗ ਕਰਨ ਦਾ ਦੋਸ਼ ਲਾ ਕੇ ਇਨਾਂ੍ਹ ਨੂੰ ਨੋਕਰੀਓਂ ਵੀ ਫ਼ਾਰਗ ਕੀਤਾ ਗਿਆ ਹੈ। ਇਹ ਆਪ ਪਾਸ ਇਨਸਾਫ਼ ਲਈ ਫਰਿਆਦ ਲੈ ਕੇ ਪਹੁੰਚੇ ਹਨ।”
ਵਿਰੋਧੀ ਵਕੀਲ ਬੋਲਿਆ, ”ਹਜ਼ੁੂਰਿ ਆਲਾ! ਬੱਚਿਆਂ ਦੇ ਉਸਤਾਦਾਂ ਨੂੰ ਗ੍ਰਿਫਤਾਰ ਕਰਨਾ ਸੱਚ ਮੁੱਚ ਹੀ ਬੁਰਾ ਕੰਮ ਹੈ, ਪਰ ਉਨਾਂ੍ਹ ਉਸਤਾਦਾਂ ਬਾਰੇ ਤੁਸੀਂ ਕੀ ਕਹੋਗੇ, ਜੋ ਬਾਰਾਂ ਬਾਰਾਂ ਹਜ਼ਾਰ ਤਨਖ਼ਾਹ ਲੈਂਦੇ ਹਨ, ਪਰ ਆਪ ਪੜਾ੍ਹਉਣ ਨਹੀਂ ਜਾਂਦੇ, ਸਗੋਂ ਕਿਸੇ ਬੇਕਾਰ ਅਧਿਆਪਕ ਨੂੰ ਪੰਸ ਸੌ ਰੁਪਏ ਮਹੀਨੇ ਉੱੱਤੇ ਕਿਰਾਏ ਦਾ ਅਧਿਆਪਕ ਬਣਾ ਲੈਂਦੇ ਹਨ ਤੇ ਉਸ ਨੂੰ ਆਪਣੀ ਥਾਂ ਸਕੂਲ ਭੇਜਦੇ ਹਨ।”
”ਕੀ ਇਹ ਸੱਚ ਹੈ?” ਜੱਜ ਨੇ ਬਹੁਤ ਹੈਰਾਨੀ ਨਾਲ ਦੋਨਾਂ ਵਕੀਲਾਂ ਵੱਲ ਦੇਖਦਿਆਂ ਪੁੱਛਿਆ। ਵਿਰੋਧੀ ਵਕੀਲ ਨੇ ਆਪਣੀ ਫਾਈਲ ਵਿਚੋਂ ਗੌਂਸਪੁਰ ਪਿੰਡ ਦੇ ਸਰਪੰਚ ਦਾ ਹਲਫ਼ੀਆ ਬਿਆਨ ਪੇਸ਼ ਕੀਤਾ ਕਿ ਸਾਡੇ ਪਿੰਡ ਦੇ ਸਕੂਲ ਵਿਚ ਅਸਲੀ ਅਧਿਆਪਕ ਨਹੀਂ, ਘੱਟ ਤਨਖਾਹ ਲੈਣ ਵਾਲਾ ਨਕਲੀ ਅਧਿਆਪਕ ਪੜਾ੍ਹਉਣ ਆਉਂਦਾ ਹੈ।
”ਸਰਕਾਰ ਕੀ ਕਰ ਰਹੀ ਹੈ?” ਜੱਜ ਨੇ ਤਿਊੜੀ ਵੱਟ ਕੇ ਪੁੱਛਿਆ। ”ਜਨਾਬ ਨਵੀਂ ਸਰਕਾਰ ਸਿੱਖਿਆ ਮਹਿਕਮਾ ਸੁਧਾਰ ਰਹੀ ਐ।” ਸਰਕਾਰੀ ਵਕੀਲ ਧੀਮੀ ਸੁਰ ਵਿਚ ਬੋਲਿਆ।
ਸਿੱਖਿਆ ਤੇ ਸਿਹਤ ਮੰਤਰੀ ਧਿਆਨ ਸਿੰਘ ਪਹਿਲੀ ਵਾਰ ਆਪਣੇ ਪਿੰਡ ਵਿਧੀਪੁਰ ਆਇਆ। ਹੁਣ ਪਿੰਡ ਦੇ ਵਸੀਮੇ ਉੱਤੇ ਹੀ ਹਾਰ ਪਾ ਕੇ ਉਸ ਦਾ ਸਵਾਗਤ ਕੀਤਾ ਗਿਆ। ਘਰ ਦੀ ਬੈਠਕ ਵਿਚ ਆ ਕੇ ਬੈਠਾ, ਤਾਂ ਕਮਾਂਡੋ ਪੁਲਸ ਕੋਠੀ ਦੇ ਬਨੇਰਿਆਂ ਅਤੇ ਬੈਠਕ ਦੇ ਬਾਹਰ ਖੜੀ ਸੀ।
ਜਿਹੜੇ ਲੋਕ ਸਿਰ ਚੁੱਕ ਕੇ ਅੰਦਰ ਜਾ ਵੜਨ ਦੇ ਆਦੀ ਸਨ, ਉਹ ਹੁਣ ਅੰਦਰ ਜਾਣ ਉੱਤੇ ਲੱਗੀਆਂ ਪਾਬੰਦੀਆਂ ਉੱਤੇ ਖਿੱਝ ਰਹੇ ਸਨ। ਪਰ ਸਮੱਰਥਕ ਅਤੇ ਫਰਿਆਦੀ ਮਿਲਣਾ ਜ਼ਰੂਰ ਚਾਹੁੰਦੇ ਸਨ। ਮਲੂਕ ਸਿੰਘ, ਕਰਮ ਸਿੰਘ ਤੇ ਧਰਮ ਸਿੰਘ ਨੂੰ ਨਾਲ ਲੈ ਕੇ, ਮਿਲਣ ਆਇਆ, ਤਾਂ ਇਕ ਘੰਟੇ ਦੀ ਉਡੀਕ ਬਾਅਦ ਮਿਲਣ ਦੀ ਵਾਰੀ ਆਈ। ਧਿਆਨ ਸਿੰਘ ਨੇ ਮਲੂਕ ਸਿੰਘ ਨਾਲ ਹੱਥ ਮਿਲਾਇਆ, ਪਰ ਜਿਵੇਂ ਪਹਿਲਾਂ ਪਿੰਡ ਦੇ ਬਜ਼ੁਰਗ ਅਜ਼ਾਦੀ ਘੁਲਾਟੀਏ ਨੂੰ ਦੇਖ ਕੇ ਉੱਠ ਕੇ ਆਦਰ ਦਿਆ ਕਰਦੇ ਸੀ, ਅੱਜ ਨਹੀਂ ਉਠਿਆ। ”ਸ: ਧਿਆਨ ਸਿੰਘ ਤੁਹਾਡੀ ਸਰਕਾਰ ਸਾਡੇ ਟੱਬਰ ਦੀ ਮੱਦਦ ਕਰੇਗੀ?” ਮਲੂਕ ਸਿੰਘ ਨੇ ਪੁੱਛਿਆ।
”ਤੁਹਾਡਾ ਮਾਮਲਾ ਹੁਣ ਕਮਿਸ਼ਨ ਦੇ ਸਾਹਮਣੇ ਐ। ਕਮਿਸ਼ਨ ਦੇ ਫੈਸਲੇ ਤੋਂ ਬਾਅਦ ਹੀ ਕੁਝ ਹੋ ਸਕਦਾ ਐ।”
”ਕਮਿਸ਼ਨ ਤਾਂ ਪੜਤਾਲ ਕਰਦਿਆਂ ਕਈ ਸਾਲ ਲਾਏਗਾ।”
”ਕਮਿਸ਼ਨ ਬਣਨ ਨਾਲ ਸਾਡੇ ਹੱਥ ਬੱਝ ਗਏ ਐ। ਲੋਕਾਂ ਦੀ ਮੰਗ ਸੀ, ਜ਼ਿਆਦਤੀਆਂ ਦੀ ਪੜਤਾਲ ਲਈ ਕਮਿਸ਼ਨ ਬਣਾਓ । ਅਸੀਂ ਕਮਿਸ਼ਨ ਬਣਾ ਦਿੱਤਾ। ਹੁਣ ਲੋਕ ਕਾਹਲੇ ਪੈ ਰਹੇ ਐ।”
”ਪਰ ਸ ਧਿਆਨ ਸਿੰਘ ਸਾਡੇ ਮਾਮਲੇ ਦੀ ਪੜਤਾਲ ਦੀ ਕੀ ਲੋੜ ਸੀ? ਤੁਹਾਨੂੰ ਸਾਰੀ ਅਸਲੀਅਤ ਦਾ ਖੁਦ ਪਤਾ ਸੀ। ਆਪਾਂ ਇਕੋ ਪਿੰਡ ਵਿਚ ਰਹਿੰਦੇ ਹਾਂ। ਤੁਹਾਡੇ ਸਾਰੇ ਟੱਬਰ ਨੂੰ ਮੈਂ ਜਾਣਦਾ ਹਾਂ। ਤੁਹਾਥੋਂ ਸਾਡੇ ਟੱਬਰ ਦੀ ਕੋਈ ਗੱਲ ਛੁਪੀ ਨਹੀਂ।”
”ਪਰ ਸ. ਮਲੂਕ ਸਿੰਘ ਜੀ! ਸਰਕਾਰ ਵਿਚ ਟੱਬਰ-ਪਰਵਰੀ ਨਹੀਂ ਚੱਲ ਸਕਦੀ। ਟੱਬਰ ਪਰਵਰੀ ਤਾਂ ਭ੍ਰਿਸ਼ਟਾਚਾਰ ਐ। ਇੱਥੇ ਤਾਂ ਕਾਨੂੰਨ ਚਲਦਾ ਹੈ। ਤੁਹਾਡੇ ਟੱਬਰ ਦਾ ਮਾਮਲਾ, ਹੋਰ ਹਜ਼ਾਰਾਂ ਮਾਮਲਿਆਂ ਸਮੇਤ, ਕਮਿਸ਼ਨ ਦੇ ਸਾਹਮਣੇ ਐ। ਕਮਿਸ਼ਨ ਅਦਾਲਤ ਹੈ। ਉਹਦਾ ਫੈਸਲਾ ਉਡੀਕਣਾ ਪਵੇਗਾ।”
ਮਲੂਕ ਸਿੰਘ ਧਿਆਨ ਸਿੰਘ ਦੇ ਮੂੰਹ ਵੱਲ ਦੇਖਦਾ ਰਿਹਾ। ਉਹਦਾ ਬਹੁਤ ਕੁਝ ਕਹਿਣ ਨੂੰ ਦਿਲ ਕਰਦਾ ਸੀ, ਜਿਵੇਂ ਉਹ ਉਦੋਂ ਕਹਿ ਲੈਂਦਾ ਸੀ, ਜਦੋਂ ਧਿਆਨ ਸਿੰਘ ਵਿਧਾਨਕਾਰ ਤੇ ਮੰਤਰੀ ਨਹੀਂ ਬਣਿਆ ਸੀ।
”ਬਜ਼ੁਰਗੋ! ਵਜ਼ੀਰ ਸਾਹਿਬ ਠੀਕ ਫਰਮਾ ਰਹੇ ਐ। ਕਮਿਸ਼ਨ ਦੀ ਪੜਤਾਲ ਦੀ ਉਡੀਕ ਕਰੋ।” ਸ਼ੇਰ ਸਿੰਘ ਬੋਲਿਆ। ਮਲੂਕ ਸਿੰਘ ਨੇ ਘੁੂਰਦੀਆਂ ਨਜ਼ਰਾਂ ਨਾਲ ਸ਼ੇਰ ਸਿੰਘ ਨੂੰ ਦੇਖਿਆ। ਉਸਦਾ ਜੀਅ ਕੀਤਾ, ਕਹੇ, ”ਸਾਲਿਆ ਰਾਣੀ ਖਾਂ ਦਿਆ! ਧਿਆਨ ਸਿੰਘ ਦਾ ਸਾਲਾ ਹੋਣ ਕਰਕੇ ਤੂੰ ਵਜ਼ੀਰ ਦਾ ਰਾਜਨੀਤਕ ਸਕੱਤਰ ਬਣਿਆ ਬੈਠਾ ਹੈਂ। ਸਰਕਾਰੀ ਕਾਰ ਲਈ ਫਿਰਦੈਂ। ਪਹਿਲਾਂ ਬੇਕਾਰ ਤੁਰਿਆ ਫਿਰਦਾ ਸੀ। ਮੈਨੂੰ ਕਿਤੇ ਤੇਰਾ ਭੇਤ ਨਹੀਂ? ਧਿਆਨ ਸਿੰਘ ਵੀ, ਉਦੋਂ, ਤੇਰੇ ਉਤੇ ਖਿਝਦਾ ਸੀ। ਅਖੇ ਆਪਣੇ ਘਰ ਬੈਠ ਕੇ ਕੰਮ ਕਾਰ ਨਹੀਂ ਕਰਦਾ। ਨਿੱਤ ਭੈਣ ਦੇ ਘਰ ਤੁਰਿਆ ਰਹਿੰਦੈ।”
ਸ਼ੇਰ ਸਿੰਘ ਨੇ ਮੇਜ਼ ਦੀ ਘੰਟੀ ਵਜਾਈ। ਮਲੂਕ ਸਿੰਘ ਚੁੱਪ ਬੈਠੇ ਪੁੱਤਰਾਂ ਸਮੇਤ ਉੱਠ ਖੜਾ ਹੋਇਆ। ਮਾਸਟਰ ਊਧਮ ਸਿੰਘ ਆਪਣੇ ਯੂਨੀਅਨ ਸਾਥੀਆਂ ਨਾਲ ਆਇਆ। ਧਿਆਨ ਸਿੰਘ ਨੇ ਊਧਮ ਸਿੰਘ ਨਾਲ ਹੱਥ ਨਹੀਂ ਮਿਲਾਇਆ।
”ਸਰਦਾਰ ਸਾਹਿਬ ! ਤੁਹਾਡੀ ਸਰਕਾਰ ਪੀੜਤ ਅਧਿਆਪਕਾਂ ਬਾਰੇ ਕਦੋਂ ਫੈਸਲਾ ਕਰੇਗੀ ?”
”ਬਈ ਊਧਮ ਸਿੰਘ! ਤੁਹਾਡਾ ਮਾਮਲਾ ਕਮਿਸ਼ਨ ਸਾਹਮਣੇ ਜਾਣ ਨਾਲ ਕਮਜ਼ੋਰ ਹੋ ਗਿਆ ਐ।
ਕਮਿਸ਼ਨ ਨੇ ਸਰਕਾਰ ਨੂੰ ਝਾੜ ਪਾਈ ਹੈ, ਪਈ ਅਧਿਆਪਕ ਸਕੂਲਾਂ ਵਿਚ ਜਾਂਦੇ ਈ ਨਹੀਂ।”
”ਸਰਦਾਰ ਜੀ! ਕਾਲੀਆਂ ਭੇਡਾਂ ਹਰ ਮਹਿਕਮੇ ਵਿਚ ਹੁੰਦੀਆਂ ਐ। ਜੇ ਕੁਛ ਅਧਿਆਪਕ ਨਹੀਂ ਪੜ੍ਹਾਉਂਦੇ ਤਾਂ ਇਹਦਾ ਮਤਲਬ ਇਹ ਨਹੀਂ, ਸਾਰੇ ਹਜ਼ਾਰਾਂ ਅਧਿਆਪਕ ਨਹੀਂ ਪੜ੍ਹਾਉਂਦੇ।”
”ਸੱਚੀ ਗੱਲ ਦੱਸਾਂ? ਬਹੁਤੇ ਵਿਧਾਨਕਾਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਅਧਿਆਪਕਾਵਾਂ ਦੇ ਨਾ ਪੜ੍ਹਾਉਣ ਦੀ ਸ਼ਕਾਇਤ ਕਰਦੇ ਐ।”
”ਇਹਦਾ ਮਤਲਬ ਐ, ਤੁਹਾਡੀ ਸਰਕਾਰ ਵੀ ਅਧਿਆਪਕ ਭਾਈਚਾਰੇ ਦੇ ਖਿਲਾਫ਼ ਐ?” ਐਤਕੀਂ ਊਧਮ ਸਿੰਘ ਦੀ ਆਵਾਜ਼ ਵਿਚ ਸੰਗਠਨ ਆਗੂ ਵਾਲੀ ਕਰੜਾਈ ਸੀ ।
”ਤੁਹਾਡੀ ਜਥੇਬੰਦੀ ਅਧਿਆਪਕਾਂ ਦੇ ਜ਼ਰਾ ਕੰਨ ਖਿੱਚੇ, ਪਈ ਪੜ੍ਹਾਉਣ। ਇਹਦੇ ਨਾਲ ਸਿੱਖਿਆ ਮੰਤਰੀ ਦੇ ਤੌਰ ’ਤੇ ਮੇਰੇ ਹੱਥ ਮਜ਼ਬੂਤ ਹੋਣਗੇ।”
”ਹੱਥ ਤਾਂ ਅਸੀਂ ਮਜ਼ਬੂਤ ਕਰਾਂਗੇ ਜੀ।” ਊਧਮ ਸਿੰਘ ਇਹ ਕਹਿ ਕੇ ਉੱਠ ਆਇਆ।
”ਮਾਮਾ ਹੜਤਾਲ ਦੀ ਧਮਕੀ ਦੇ ਕੇ ਗਿਐ।” ਸ਼ੇਰ ਸਿੰਘ ਨੇ ਧਿਆਨ ਸਿੰਘ ਵੱਲ ਦੇਖਦਿਆਂ ਆਖਿਆ।
ਮਲੂਕ ਸਿੰਘ ਪੁੱਤਰਾਂ ਨੂੰ ਘਰ ਤੋਰ ਕੇ ਬਾਬਾ ਸਾਹਿਬ ਸਿੰਘ ਦੀ ਬਗੀਚੀ ਵਿਚ ਜਾ ਬੈਠਾ। ਬਾਬਾ ਜੀ ਸੰਘਣੀ ਛਾਂ ਵਾਲੇ ਤੂਤ ਹੇਠਾਂ ਮੰਜੀ ਉੱਤੇ ਬੈਠੇ ਮੋਟੇ ਅੱਖਰਾਂ ਵਿਚ ਛਪੀ ਕੋਈ ਪੁਰਾਣੀ ਕਿਤਾਬ ਪੜ੍ਹ ਰਹੇ ਸਨ। ਅੱਖਾਂ ਉੱਤੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਲੱਗੀ ਹੋਈ ਸੀ ”ਸੁਣਾ ਬਈ ਮਲੂਕ ਸਿੰਹਾਂ ਜ਼ਮਾਨੇ ਦੀ ਕੋਈ ਖ਼ਬਰ। ਤੇਰੀ ਅਜ਼ਾਦੀ ਕੀ ਕਹਿੰਦੀ ਐ?”
”ਛੱਡੋ ਬਾਬਾ ਜੀ ਮੇਰੀ ਅਜ਼ਾਦੀ ਨੂੰ। ਤੁਸੀਂ ਸੁਣਾਉ ਕੀ ਪੜ੍ਹ ਰਹੇ ਓਂ?”
”ਮੈਂ ਤਾਂ ਇਕ ਸਾਖੀ ਪੜ੍ਹੀ ਐ।”
”ਸੁਣਾਉ!” ਮਲੂਕ ਸਿੰਘ ਆਪਣੀ ਅੱਜ ਦੀ ਵਿਥਿਆ ਬਾਬਾ ਜੀ ਨੂੰ ਨਹੀਂ ਸੁਣਾਉਣਾ ਚਾਹੁੰਦਾ ਸੀ। ਇਹ ਵਿਥਿਆ ਉਸਨੂੰ ਆਪਣੀ ਬੇਬਸੀ ਯਾਦ ਕਰਾਉਂਦੀ ਸੀ। ਉਸਨੂੰ ਕਲਪਾਉਂਦੀ ਸੀ।
ਕਲਪੀ ਜਾਣ ਨਾਲ ਕੀ ਸੰਵਰੇਗਾ? ਬਾਬਾ ਜੀ ਦੀ ਗੱਲਬਾਤ ਨਾਲ ਧਿਆਨ ਹੋਰ ਪਾਸੇ ਪਏਗਾ। ਘੜੀ ਸੌਖੀ ਲੰਘੇਗੀ।
”ਮੇਰੇ ਲਈ ਤਾਂ ਹੁਣ ਘੜੀਆਂ ਲੰਘਾਉਣੀਆਂ ਵੀ ਔਖੀਆਂ ਹੁੰਦੀਆਂ ਜਾਂਦੀਆਂ ਹਨ। ਕਿੰਨਾ ਸਾਹ ਘੁੱਟਵਾਂ ਵਾਤਾਵਰਣ ਬਣਦਾ ਜਾ ਰਿਹਾ ਐ?”
”ਇਕ ਰਾਜਾ ਸ਼ਿਕਾਰ ਖੇਲ੍ਹਦਾ ਖੇਲ੍ਹਦਾ ਜੰਗਲ ਵਿਚ ਰੁਕਿਆ’’, ਬਾਬਾ ਜੀ ਨੇ ਪੜ੍ਹੀ ਸਾਖੀ ਸੁਣਾਉਣੀ ਸ਼ੁਰੂ ਕੀਤੀ, ਨੇੜੇ ਇਕ ਕੱਚੀ ਮਿੱਟੀ ਦਾ ਥੜ੍ਹਾ ਸੀ। ਇਕ ਜਾਂਗਲੀ ਪੁਰਖ ਆਇਆ ਤੇ ਉਸਨੇ ਹੱਥ ਵਿਚ ਫੜੇ ਕੇਸੂ ਦੇ ਫੁੱਲ ਥੜ੍ਹੇ ਉਤੱੇ ਰੱਖ ਕੇ ਮੱਥਾ ਟੇਕਿਆ।”
”ਇਹ ਕਿਹੜੀ ਥਾਂ ਐ?” ਰਾਜੇ ਨੇ ਪੁੱਛਿਆ।
”ਰਾਜੇ ਬਿਕਰਮਾਜੀਤ ਦੀ।”
”ਰਾਜੇ ਬਿਕਰਮਾਜੀਤ ਦੀ ?”
”ਹਾਂ ਮਹਾਰਾਜ! ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ, ਇੱਥੇ ਰਾਜੇ ਬਿਕਰਮਾਜੀਤ ਦਾ ਤਖਤ ਸੀ। ਉਹ ਇੱਥੇ ਬੈਠ ਕੇ ਇਨਸਾਫ਼ ਕਰਿਆ ਕਰਦੇ ਸਨ।”
”ਰਾਜਾ ਉਸ ਆਦਿਵਾਸੀ ਆਦਮੀ ਦੀ ਗਲ ਸੁਣ ਕੇ ਰਾਜਧਾਨੀ ਮੁੜ ਗਿਆ। ਆਪਣੇ ਅਹਿਲਕਾਰ ਭੇਜ ਕੇ ਉਸ ਕੱਚੇ ਚਬੂਤਰੇ ਦੀ ਥਾਂ ਪੁਟਵਾਈ। ਹੇਠੋਂ ਸੱਚ ਮੁੱਚ ਹੀ ਪੱਥਰ ਦਾ ਬਣਿਆ ਹੋਇਆ ਤਖ਼ਤ ਨਿਕਲਿਆ। ਜੰਗਲ ਦੇ ਲੋਕ ਨਾਰਾਜ਼ ਹੋਏ। ਇਨਾਂ੍ਹ ਨੇ ਇਹ ਥਾਂ ਕਿਉਂ ਪੁੱਟੀ?
ਤਖ਼ਤ ਕਿਉਂ ਕੱਢਿਆ? ਇਹ ਸਾਡੇ ਕਬੀਲੇ ਦਾ ਪਵਿੱਤਰ ਅਸਥਾਨ ਸੀ। ਇਸ ਤਖ਼ਤ ਉੱਤੇ ਅੱਜ ਕੱਲ੍ਹ ਦੇ ਰਾਜੇ ਬੈਠਣ ਦੇ ਹੱਕਦਾਰ ਨਹੀਂ। ਪਰ ਜੰਗਲ ਦੇ ਲੋਕਾਂ ਦੇ ਰੋਸ ਨੂੰ ਰਾਜੇ ਦੇ ਅਹਿਲਕਾਰ ਕਿੱਥੇ ਗੌਲਦੇ ਸਨ? ਉਹ ਤਖ਼ਤ ਚੁਕਵਾ ਕੇ ਦਰਬਾਰ ਵਿਚ ਲੈ ਗਏ। ਰਾਜੇ ਨੇ ਦੇਖਿਆ, ਤਖ਼ਤ ਹੇਠਾਂ ਪਾਵਿਆਂ ਦੀ ਥਾਂ ਚਾਰ ਦੇਵਤਿਆਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਸਨ। ਰਾਜਾ ਖੁਸ਼ ਖੁਸ਼ ਤਖ਼ਤ ਉੱਤੇ ਬੈਠਣ ਲੱਗਾ, ਤਾਂ ਤਖ਼ਤ ਵਿਚੋਂ ਆਵਾਜ਼ ਆਈ, ”ਹੇ ਰਾਜਾ! ਬੈਠਣ ਤੋਂ ਪਹਿਲਾਂ ਇਕ ਸਵਾਲ ਦਾ ਜਵਾਬ ਦੇ। ਰਾਜੇ ਦਾ ਪਹਿਲਾ ਫ਼ਰਜ਼ ਹੁੰਦਾ ਐ, ਉਹ ਆਪਣੀ ਪਰਜਾ ਦੀ ਰੱਖਿਆ ਕਰੇ। ਕੀ ਤੂੰ ਪੀੜਤ ਪਰਜਾ ਦੀ ਪੀੜਾ ਹਰਨ ਦਾ ਫ਼ਰਜ਼ ਪਾਲਦਾ ਰਿਹਾ ਐਂ?”
”ਰਾਜੇ ਨੇ ਨਾ ਨਾਂਹ ਕਹੀ ਨਾ ਹਾਂ।”
”ਰਾਜਾ ਜਾਹ ਆਪਣੇ ਮਨ ਦੀ ਬੁੱਕਲ ਵਿਚ ਝਾਤੀ ਮਾਰ। ਭੁੱਲਾਂ ਲਈ ਪਛਤਾਵਾ ਕਰ।”
”ਕੁਛ ਸਮਾਂ ਲੰਘ ਗਿਆ। ਰਾਜਾ ਇਕ ਵਾਰ ਫੇਰ ਤਖ਼ਤ ਵੱਲ ਵਧਿਆ। ਇਕ ਵਾਰ ਫੇਰ ਆਵਾਜ਼ ਆਈ, ” ਰਾਜਾ ਪਰਜਾ ਤੋਂ ਜਾਇਜ਼ ਕਰ ਵਸੂਲਣ ਦਾ ਹੱਕਦਾਰ ਹੁੰਦੈ। ਪਰ ਰਾਜਿਆਂ ਵਿਚ ਧਨ ਦੌਲਤ ਇੱਕਠਾ ਕਰਨ ਦਾ ਲੋਭ ਵੀ ਪੈਦਾ ਹੋ ਜਾਂਦੈ। ਕੀ ਤੇਰੇ ਵਿਚ ਇਹ ਲੋਭ ਐ?”
”ਰਾਜੇ ਨੇ ਨਾਂਹ ਨਹੀਂ ਕਹੀ।”
”ਰਾਜਾ ! ਇਕ ਵਾਰ ਫੇਰ ਜਾਹ। ਆਪਣੀਆਂ ਭੁੱਲਾਂ ਲਈ ਪਛਤਾ ਤੇ ਨੇਕ ਕੰਮ ਕਰ।”
”ਕਈ ਮਹੀਨੇ ਲੰਘਣ ਬਾਅਦ ਰਾਜਾ ਤੀਜੀ ਵਾਰ ਤਖ਼ਤ ਉੱਤੇ ਬੈਠਣ ਲੱਗਾ, ਅੰਦਰੋਂ ਆਵਾਜ਼ ਆਈ, ਆਪਣੀ ਰਿਆਸਤ ਦੀ ਰਾਖੀ ਲਈ ਯੁੱਧ ਲੜਨ ਤੇ ਦੁਸ਼ਮਣ ਨੂੰ ਯੁੱਧ ਵਿਚ ਜਿੱਤਣਾ ਰਾਜੇ ਦਾ ਧਰਮ ਹੈ, ਪਰ ਰਾਜੇ ਆਪਣੇ ਤਖ਼ਤ ਦੇ ਲਾਲਚ ਵਿਚ ਆਪਣੇ ਸਕਿਆਂ ਅਤੇ ਹੋਰ ਨਿਰਦੋਸ਼ਾਂ ਨੂੰ ਵੀ ਮਾਰਦੇ ਮਰਵਾਂਦੇ ਹਨ। ਕੀ ਤੂੰ ਵੀ ਨਿਰਦੋਸ਼ ਲੋਕਾਂ ਨੂੰ ਕਤਲ ਕਰਵਾਉਂਣ ਦਾ ਪਾਪ ਕਮਾਇਆ ਹੈ?’’
”ਰਾਜਾ ਐਤਕੀਂ ਵੀ ਖਾਮੌਸ਼ ਰਿਹਾ।”
ਇਕ ਹੋਰ ਲੰਬਾ ਸਮਾਂ ਬੀਤਣ ਤੋਂ ਬਾਅਦ ਜਦੋਂ ਰਾਜਾ ਚੌਥੀ ਵਾਰ ਤਖ਼ਤ ਉੱਤੇ ਚੜ੍ਹਨ ਲੱਗਾ, ਤਾਂ ਆਵਾਜ਼ ਆਈ-”ਹੇ ਰਾਜਾ ਸਿਆਣੇ ਲੋਕ ਕਹਿੰਦੇ ਐ, ਅਸਲੀ ਬਾਦਸ਼ਾਹ ਬੱਚਾ ਹੁੰਦਾ ਐ। ਉਸ ਲਈ ਨਾ ਕੋਈ ਵੈਰੀ ਹੁੰਦਾ ਨਾ ਬੇਗਾਨਾ। ਉਸ ਦਾ ਮਨ ਰੱਬ ਵਾਂਗ ਬਖਸ਼ਣ ਹਾਰ ਹੁੰਦਾ ਹੈ। ਉਹ ਸਾਫ਼ ਮਨ ਵਾਲਾ ਜੀਵ ਹੁੰਦਾ ਹੈ। ਕੀ ਤੂੰ ਇਨ੍ਹਾਂ ਗੁਣਾਂ ਦਾ ਮਾਲਕ ਹਂੈ।”
”ਰਾਜਾ ਚੁੱਪ ਰਿਹਾ। ਇਸ ਵੇਲੇ ਇਕ ਕੌਤਕ ਵਰਤਿਆ। ਚਾਰੇ ਦੇਵਤੇ ਤਖ਼ਤ ਨੂੰ ਉਡਾ ਕੇ ਲੈ ਗਏ।’’
ਸਾਖੀ ਸੁਣਾ ਕੇ ਬਾਬਾ ਜੀ ਮੰਜੀ ਉੱਤੇ ਲੇਟ ਗਏ। ਮਲੂਕ ਸਿੰਘ ਕੁਝ ਦੇਰ ਛਾਂ ਵਿਚ ਬੈਠਾ ਰਿਹਾ। ਫੇਰ ਉੱਠ ਕੇ ਘਰ ਆ ਗਿਆ। ਉਹ ਬਾਬਾ ਜੀ ਦਾ ਪੁਰਾਣਾ ਜੀਵਨ ਤੇ ਆਪਣਾ ਪੁਰਾਣਾ ਜੀਵਨ ਯਾਦ ਕਰ ਰਿਹਾ ਸੀ।
1942 ਦੀ ਭਾਰਤ ਛੱਡੋ ਲਹਿਰ ਵਿਚ ਤਿੰਨ ਸਾਲ ਦੀ ਕੈਦ ਕੱਟਕੇ ਮਲੂਕ ਸਿੰਘ ਪਿੰਡ ਆਇਆ ਸੀ, ਤੇ ਉਸ ਨੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਜਿਤਾਉਣ ਲਈ ਬੜਾ ਜ਼ੋਰ ਲਾਇਆ ਸੀ। ਫੌਜ ਵਿਚ ਨਾਮ ਕੱਟੇ ਜਾਣ ਤੋਂ ਬਾਅਦ ਸੂਬੇਦਾਰ ਹੁਕਮ ਸਿੰਘ ਵੀ ਉਦੋਂ ਹੀ ਪਿੰਡ ਆਇਆ ਸੀ। ਮਲੂਕ ਸਿੰਘ ਨੇ ਹੁਕਮ ਸਿੰਘ ਨੂੰ ਨਾਲ ਤੁਰਨ ਲਈ ਆਖਿਆ ਸੀ। ”ਯਾਰਾ ! ਅਸੀ ਬੰਦੂਕਾਂ ਵਾਲੀਆਂ ਬੜੀਆਂ ਲੜਾਈਆਂ ਲੜ ਆਏ ਆਂ। ਇਹ ਬੁੱਲਟ ਦੀ ਥਾਂ ਬੈਲਟ ਦੀ ਲੜਾਈ ਐ। ਇਹ ਤੂੰ ਹੀ ਲੜ ਲੈ। ਮੈਂ ਆਪਣੀ ਖੇਤੀ ਪੱਤੀ ਸਾਂਭਾਂ ਹੁਣ।” ਪਰ ਮਲੂਕ ਸਿੰਘ ਨੇ ਹੁਕਮ ਸਿੰਘ ਨੂੰ ਤੋਰ ਲਿਆ ਸੀ ।
ਪਿੱਛੋਂ ਆਜ਼ਾਦ ਮੁਲਕ ਦੀਆਂ ਪਹਿਲੀਆਂ ਚੁਣੀਆਂ ਹੋਈਆਂ ਪੰਚਾਇਤਾਂ ਬਣੀਆਂ। ਮਲੂਕ ਸਿੰਘ ਵਿਧੀਪੁਰ ਪਿੰਡ ਦਾ ਪਹਿਲਾ ਚੁਣਿਆ ਹੋਇਆ ਸਰਪੰਚ ਬਣਿਆ। ਬਾਬਾ ਸਾਹਿਬ ਸਿੰਘ ਤੋਂ ਅਸੀਸ ਲੈਣ ਗਿਆ, ਤਾਂ ਬਾਬਾ ਜੀ ਬੋਲੇ-‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।’
ਪਰ ਪਿੱਛੋਂ ਜਦੋਂ ਮਲੂਕ ਸਿੰਘ ਨੇ ਪਿੰਡ ਦੀਆਂ ਗਲੀਆਂ, ਨਾਲੀਆਂ ਅਤੇ ਫਿਰਨੀ ਪੱਕੀ ਕਰਵਾਈ, ਸਕੂਲ ਦੀ ਇਮਾਰਤ ਬਣਵਾਈ ਤਾਂ ਬਾਬਾ ਜੀ ਉਸ ਨਾਲ ਗੱਲਾਂ ਕਰਕੇ ਖੁਸ਼ ਹੁੰਦੇ। ਮਲੂਕ ਸਿੰਘ ਤਿੰਨ ਵਾਰ ਬਿਨਾ ਮੁਕਾਬਲਾ ਸਰਪੰਚ ਚੁਣਿਆ ਜਾਂਦਾ ਰਿਹਾ ਪਰ 1967 ਤੋਂ ਬਾਅਦ ਜਦੋਂ ਕਾਂਗਰਸ ਦੋ ਫਾੜ ਹੋ ਗਈ, ਤਾਂ ਮਲੂਕ ਸਿੰਘ ਘਰ ਬੈਠ ਗਿਆ।
ਨਵੀਂ ਕਾਂਗਰਸ ਵਿਚ ਸੂਬੇਦਾਰ ਹੁਕਮ ਸਿੰਘ ਦਾ ਵੱਡਾ ਪੁੱਤਰ ਕੁਲਵੰਤ ਸਿੰਘ, ਐਮ ਏ ਰਾਜਨੀਤੀ ਸ਼ਾਸ਼ਤਰ ਤੇ ਐਮ ਏ ਅਰਥ ਸ਼ਾਸ਼ਤਰ ਕਰਕੇ, ਪਹਿਲਾਂ ਯੂਥ ਕਾਂਗਰਸ ਦਾ ਆਗੂ ਬਣਿਆ ਤੇ ਫੇਰ 1972 ਵਿਚ ਨਵੀਂ ਕਾਂਗਰਸ ਦਾ ਟਿਕਟ ਲੈ ਕੇ ਵਿਧਾਨਕਾਰ ਤੇ ਮੰਤਰੀ ਬਣਿਆ। ਉਸ ਸਮੇਂ ਦੇ ਕਾਂਗਰਸੀ ਮੁੱਖ ਮੰਤਰੀ ਖੜਕ ਸਿੰਘ ਦਾ ਵਿਰੋਧ ਬਹੁਤ ਸੀ। ਆਮ ਰਾਏ ਸੀ, ਇਹ ਕਮਜ਼ੋਰ ਆਗੂ ਹੈ। ਇਹ ਪੰਜਾਬ ਉੱਤੇ ਰਾਜ ਨਹੀਂ ਚਲਾ ਸਕਦਾ। ਪਰ ਉਸਨੇ ਪੰਜ ਸਾਲ ਖੂਬ ਰਾਜ ਕੀਤਾ। ਤਾਨਾਸ਼ਾਹੀ ਉਸੇ ਦੇ ਰਾਜ ਕਾਲ ਵਿਚ ਦੇਸ਼ ਭਰ ਵਿਚ ਲਾਗੂ ਹੋਈ। ਤਾਨਾਸ਼ਾਹੀ ਵਾਲੀਆਂ ਜ਼ਿਆਦਤੀਆਂ ਪੰਜਾਬ ਵਿਚ ਵੀ ਹੋਈਆਂ ਪਰ ਖੜਕ ਸਿੰਘ ਨਿੱਜੀ ਬਦਨਾਮੀ ਤੋਂ ਬਚਿਆ ਰਿਹਾ। ਹੁਣ ਲੋਕ ਕਹਿੰਦੇ, ”ਇਹ ਕਮਜ਼ੋਰ ਨਹੀਂ, ਚਲਾਕ ਆਗੂ ਐ। ਮਾੜੇ ਕੰਮ ਕਰਨ ਲਈ ਉਸਨੇ ਕੁਲਵੰਤ ਸਿੰਘ, ਬਲਬੀਰ ਸਿੰਘ ਤੇ ਯਸ਼ ਪਾਲ ਅੱਗੇ ਕੀਤੇ ਹੋਏ ਐ। ਆਪ ਇਮਾਨਦਾਰ ਤੇ ਸ਼ਰੀਫ਼ ਬਣਿਆ ਰਹਿੰਦਾ ਐ।”
ਸ਼ਨਿੱਚਰ, ਐਤਵਾਰ ਪਿੰਡ ਕੱਟਕੇ ਧਿਆਨ ਸਿੰਘ ਰਾਜਧਾਨੀ ਪਹੁੰਚਿਆ, ਤਾਂ ਮੁੱਖ ਮੰਤਰੀ ਸ: ਗਿਆਨ ਸਿੰਘ ਨੇ ਵਜ਼ਾਰਤ ਦੀ ਇੱਕਤਰਤਾ ਬੁਲਾ ਲਈ। ਸ: ਗਿਆਨ ਸਿੰਘ ਨੇ ਕਿਹਾ, ”ਸਰਕਾਰ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਵਿਚ ਨੁਕਤਾਚੀਨੀ ਵਧ ਰਹੀ ਐ। ਵਿਧਾਨ ਸਭਾ ਦਾ ਵਰਖਾ ਰੁੱਤ ਦਾ ਸਮਾਗਮ ਆ ਰਿਹਾ ਐ। ਸਭ ਮਹਿਕਮਿਆਂ ਦੇ ਮੰਤਰੀ ਆਪਣੇ ਆਪਣੇ ਮਹਿਕਮਿਆਂ ਦੇ ਕੰਮਾਂ ਵਲ ਧਿਆਨ ਦੇਣ। ਸ: ਧਿਆਨ ਸਿੰਘ ਤੁਹਾਡੇ ਦੋਨੋਂ ਮਹਿਕਮੇ ਲੋਕ ਰਾਏ ਬਣਾਉਣ ਤੇ ਵਿਗਾੜਨ ਵਾਲੇ ਐ। ਹਜ਼ਾਰਾਂ ਡਾਕਟਰ ਤੇ ਅਧਿਆਪਕ ਪੜ੍ਹੇ ਲਿਖੇ ਲੋਕ ਐ। ਇਨਾਂ੍ਹ ਉੱਤੇ ਸਰਕਾਰ ਦਾ ਚੰਗਾ ਅਸਰ ਪੈਣਾ ਚਾਹੀਦਾ ਐ।”
”ਜਨਾਬ ਡਾਕਟਰ ਤੇ ਅਧਿਆਪਕ ਦੋ ਹੀ ਗੱਲਾਂ ਚਾਹੁੰਦੇ ਐ। ਕੰਮ ਕਰਨ ਲਈ ਕਹੋ ਨਾ, ਤੇ ਬਦਲੀਆਂ ਸਾਡੀ ਮਰਜ਼ੀ ਨਾਲ ਕਰੋ।”
”ਜਾਇਜ਼ ਬਦਲੀਆਂ ਜ਼ਰੂਰ ਕਰੋ।”
”ਪਿਛਲੀ ਸਰਕਾਰ ਵੱਲੋਂ ਕੱਢੇ ਗਏ ਅਧਿਆਪਕ ਨੌਕਰੀਆਂ ਵਾਪਸ ਮੰਗਦੇ ਐ।”
”ਉਹ ਤਾਂ ਦੋਸ਼ ਪੱਤਰ ਦੇ ਕੇ ਕੱਢੇ ਗਏ ਸਨ। ਉਹ ਅਦਾਲਤਾਂ ਵਿਚ ਜਾ ਕੇ ਦੋਸ਼ ਪੱਤਰਾਂ ਨੂੰ ਗ਼ਲਤ ਸਾਬਤ ਕਰਨ ਤਾਂ ਹੀ ਨੌਕਰੀਆਂ ਵਾਪਸ ਲੈ ਸਕਦੇ ਐ।”
”ਉਹ ਤਾਂ ਪੜਤਾਲੀਆ ਕਮਿਸ਼ਨ ਦੀ ਪੜਤਾਲ ਦਾ ਨਤੀਜਾ ਵੀ ਉਡੀਕਣ ਲਈ ਤਿਆਰ ਨਹੀਂ।”
”ਪਿੰਡਾਂ ਦੇ ਵਿਕਾਸ ਲਈ ਤੇ ਰੁਜ਼ਗਾਰ ਪੈਦਾ ਕਰਨ ਲਈ ਕੋਈ ਨਵੀਆਂ ਯੋਜਨਾਵਾਂ ਸੋਚਣੀਆਂ ਤੇ ਲਾਗੂ ਕਰਨੀਆਂ ਚਾਹੀਦੀਆਂ ਐ।” ਨੌਜਵਾਨ ਰਾਜ ਮੰਤਰੀ ਸਰਵਨ ਸਿੰਘ ਨੇ ਕਿਹਾ। ਪਰ ਕਿਸੇ ਨੇ ਸਰਵਨ ਸਿੰਘ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਅਖੀਰ ਮੁੱਖ ਮੰਤਰੀ ਦੇ ਕਹਿਣ ਉੱਤੇ ਪਾਸ ਹੋਇਆ- ”ਚੋਣਵੇਂ ਪਿੰਡਾਂ ਨੂੰ ਮਾਡਲ ਗਰਾਮ ਬਣਾਈਏ ਤੇ ਦਲਿਤਾਂ ਲਈ ਧਰਮਸ਼ਾਲਾਵਾਂ ਬਣਵਾਈਏ।”
”ਲੋਕ ਸੰਪਰਕ ਮਹਿਕਮਾ ਸਰਕਾਰ ਦੇ ਕੰਮਾਂ ਦਾ ਜ਼ੋਰਦਾਰ ਪ੍ਰਚਾਰ ਕਰੇ। ਪ੍ਰਚਾਰ ਢਿੱਲਾ ਹੈ।” ਧਿਆਨ ਸਿੰਘ ਨੇ ਲੋਕ ਸੰਪਰਕ ਮੰਤਰੀ ਪ੍ਰਤਾਪ ਸਿੰਘ ਵੱਲ ਦੇਖ ਕੇ ਆਖਿਆ। ਮੰਤਰੀ ਮੰਡਲ ਦੀ ਮੀਟਿੰਗ ਖ਼ਤਮ ਹੋਈ ਤਾਂ ਧਿਆਨ ਸਿੰਘ ਸੋਚਣ ਲੱਗਾ, ਜੇ ਮੇਰੇ ਭਰਾ ਜੀ ਪੰਜ ਸਾਲ ਰਾਜ ਕਰ ਸਕਦੇ ਐ, ਤਾਂ ਮੈਂ ਕਿਉਂ ਨਹੀਂ ਕਾਮਯਾਬ ਹੋ ਸਕਦਾ?
ਉਮਰ ਵਿਚ ਕੁਲਵੰਤ ਸਿੰਘ ਧਿਆਨ ਸਿੰਘ ਤੇ ਸੁਚੇਤ ਸਿੰਘ ਵਿਚ ਦੋ ਦੋ ਸਾਲ ਦਾ ਫ਼ਰਕ ਸੀ।
ਵੱਡੇ ਦੋਵੇਂ ਸੂਬੇਦਾਰ ਹੁਕਮ ਸਿੰਘ ਵਾਂਗ ਸਰੀਰੋਂ ਲੰਬੇ ਤੇ ਗਠੀਲੇ ਸਨ। ਸੁਚੇਤ ਸਿੰਘ ਮਾਂ ਚਿੰਤ ਕੌਰ ਵਾਂਗ ਸਰੀਰੋਂ ਹਲਕਾ ਪਰ ਮਨੋਂ ਚੁਸਤ ਸੀ। ਉਹ ਤਿੰਨੇ ਵਾਰੀ ਵਾਰੀ ਪਿੰਡ ਦੇ ਸਕੂਲ ਵਿਚ ਪੜ੍ਹਨ ਪਏ। ਸਕੂਲ ਦਾ ਵੱਡਾ ਅਧਿਆਪਕ ਅਮਰ ਸਿੰਘ ਆਪ ਵੀ ਲੰਬਾ ਤੇ ਗੱਠੇ ਹੋਏ ਸਰੀਰ ਵਾਲਾ ਵਿਅਕਤੀ ਸੀ। ਭੁੱਲਾਰਾਈ ਪਿੰਡ ਤੋਂ ਰੋਜ਼ ਤਿੰਨ ਮੀਲ ਪੈਦਲ ਆਉਂਦਾ ਸੀ ਤੇ ਤਿੰਨ ਮੀਲ ਪੈਦਲ ਜਾਂਦਾ ਸੀ। ਸਾਰਾ ਦਿਨ ਵੀ ਫੁਰਤੀਲਾ ਰਹਿੰਦਾ। ਕੁਲਵੰਤ ਸਿੰਘ ਤੇ ਧਿਆਨ ਸਿੰਘ ਦੇ ਵਾਹਵਾ ਪਲੇ ਹੋਏ ਸਰੀਰ ਦੇਖ ਕੇ ਬੜਾ ਖੁਸ਼ ਹੋਇਆ।
”ਬੱਚੇ ਦੀ ਦੇਹ ਹੋਵੇ, ਤਾਂ ਇਹੋ ਜਹੀ। ਦੇਹ ਨਰੋਈ ਨਹੀਂ ਤਾਂ ਦਿਮਾਗ਼ ਨਰੋੲਾ ਕਿੱਥੋਂ ਆਏਗਾ?” ਅਮਰ ਸਿੰਘ ਕਹਿੰਦਾ।
”ਸਹੁਰੀ ਦਿਓ! ਚਾਰ ਚਾਰ ਰੋਟੀਆਂ ਖਾਇਆ ਕਰੋ। ਲੱਸੀ ਦਾ ਛੰਨਾ ਛੰਨਾ ਪੀਆ ਕਰੋ।
ਵਿਧੀ ਪੂਰੀਆਂ ਪਾਸ ਖਾਣ ਲਈ ਅੰਨ ਦੀ ਕੋਈ ਘਾਟ ਐ? ਝੋਟੇ ਦੇ ਸਿਰ ਵਰਗੀ ਜ਼ਮੀਨ ਐ ਵਿਧੀਪੁਰ ਦੀ। ਬੀਜੀ ਹੋਈ ਕਣਕ ਧੂੰਏ ਵਾਂਗ ਉੱਪਰ ਨੂੰ ਉੱਠਦੀ ਐ। ਬੋਤਿਆਂ ਵਰਗੀਆਂ ਮੱਝਾਂ ਬੰਨੀ੍ਹਆਂ ਹੋਈਆਂ ਘਰ ਘਰ। ਦੇਹਾਂ ਕੱਢੋ ਜ਼ਰਾ। ਫੇਰ ਦੇਖੋ ਮੈਂ ਕਿੱਦਾਂ ਚੰਡਦਾਂ ਤੁਹਾਡੇ ਦਿਮਾਗ਼। ਜੇ ਖੁੰਢੇ ਵੀ ਹੋਏ ਤਾਂ ਤਿੱਖੇ ਕਰ ਦਊਂਗਾ। ਸਾਰੇ ਇਲਾਕੇ ਦਾ ਸਿਰਕੱਢ ਪਿੰਡ ਹੈ ਵਿਧੀਪੁਰ। ਬਾਬੇ ਸਾਹਿਬ ਸਿੰਘ ਤੇ ਮਲੂਕ ਸਿੰਘ ਦਾ ਪਿੰਡ।” ਅਮਰ ਸਿੰਘ ਜਮਾਤ ਦੇ ਉਨ੍ਹਾਂ ਬੱਚਿਆਂ ਨੂੰ ਕਹਿੰਦਾ, ਜੋ ਸਰੀਰੋਂ ਕਮਜ਼ੋਰ ਨਜ਼ਰ ਆਉਂਦੇ। ਬਹੁਤੇ ਬੱਚਿਆਂ ਦੇ ਕੱਪੜੇ ਸਾਫ਼ ਨਾ ਹੁੰਦੇ। ਕਈਆਂ ਦੇ ਸਿਰ ਦੇ ਵਾਲ ਖਿਲਰੇ ਹੁੰਦੇ। ਪੈਰੋਂ ਨੰਗੇ ਤਾਂ ਅੱਧੇ ਮੁੰਡੇ ਆਉਂਦੇ। ਅਮਰ ਸਿੰਘ ਇਨਾਂ੍ਹ ਗੱਲਾਂ ਦੀ ਪ੍ਰਵਾਹ ਨਾ ਕਰਦਾ ਪਰ ਜੇ ਸਰੀਰੋਂ ਭੁੱਖੇ ਭੁੱਖੇ ਨਜ਼ਰ ਆਉਂਦੇ, ਤਾਂ ਕਹਿੰਦਾ -”ਖੇਲ੍ਹਣ ਲਈ ਵਿਹਲ ਮਿਲ ਜਾਂਦੀ ਐ, ਦੁੱਪੜਾਂ ਖਾਣ ਲਈ ਵਿਹਲ ਨਹੀਂ ਮਿਲਦੀ? ਸਹੁਰੀ ਦਿਓ! ਰਾਹ ’ਚ ਕਮਾਦੀ ਦੇ ਚਾਰ ਗੰਨੇ ਹੀ ਭੰਨ ਕੇ ਚੂਪ ਆਇਆ ਕਰੋ।”
ਜਮਾਤ ਦੇ ਇਕੋ ਇਕ ਦਲਿਤ ਮੁੰਡੇ ਜੀਤੂ ਦੇ ਸਾਂਵਲੇ ਪਰ ਨਰੋਏ ਤਨ ਨੂੰ ਦੇਖਕੇ ਖਿੜ ਜਾਂਦਾ
-”ਰੰਘਰੇਟੇ ਗੁਰੂ ਕੇ ਬੇਟੇ!”
ਅਸਲ ਵਿਚ ਮਾਸਟਰ ਅਮਰ ਸਿੰਘ ਨੂੰ ਖਾਣ-ਪੀਣ ਦੀ ਗੱਲ ਆਨੰਦ ਦਿੰਦੀ। ਜਦੋਂ ਇਕ ਦਿਨ ਸ਼ੇਰਗਿੱਲਾਂ ਦੇ ਮੁੰਡੇ ਗੰਗੇ ਨੇ ਸ਼ਿਕਾਇਤ ਕੀਤੀ- ”ਅੱਧੀ ਛੁੱਟੀ ਵੇਲੇ ਖਾਣ ਲਈ ਲਿਆਂਦੀ ਮੇਰੀ ਚੂਰੀ ਧਿਆਨੇ ਨੇ ਖਾ ਲਈ ਹੈ” ਤਾਂ ਅਮਰ ਸਿੰਘ ਹੱਸ ਪਿਆ, ”ਸਹੁਰੀ ਦਿਆ! ਚੂਰੀ ਤਾਂ ਰਾਂਝੇ ਨੇ ਨਾ ਛੱਡੀ। ਤੇਰੀ ਚੂਰੀ ’ਚੋਂ ਘਿਉ ਦੀ ਮਹਿਕ ਆਉਂਦੀ ਹੋਣੀ ਐ?”
ਜਦੋਂ ਮੁੰਡੇ ਸਕੂਲ ਤੋਂ ਦਿੱਤਾ ਕੰਮ ਕਰ ਕੇ ਨਾ ਆਉਂਦੇ, ਤਾਂ ਅਮਰ ਸਿੰਘ ਨਾ ਚਪੇੜ ਮਾਰਦਾ, ਨਾ ਸੋਟੀ। ਦੌੜ ਲਾ ਕੇ ਆਉਣ ਦੀ ਸਜ਼ਾ ਦਿੰਦਾ। ” ਜਾਓ ਔਸ ਆਖਰੀ ਅੰਬ ਦੇ ਉੱਤੋਂ ਦੀ ਦੌੜ ਲਾ ਕੇ ਆਓ। ਤੁਹਾਡੇ ਜ਼ਰਾ ਹੱਡ ਖੁੱਲ੍ਹਣ।”
ਜਦੋਂ ਇਕ ਵਾਰ ਦੌੜ ਧਿਆਨ ਸਿੰਘ ਕੁਲਵੰਤ ਸਿੰਘ ਤੋਂ ਪਹਿਲਾਂ ਮੁਕਾ ਕੇ ਪਹੁੰਚ ਗਿਆ, ਤਾਂ ਕੁਲਵੰਤ ਸਿੰਘ ਨੇ ਸ਼ਕਾਇਤ ਲਾਈ, ਮਾਸਟਰ ਜੀ, ਇਹ ਅਖੀਰਲੇ ਅੰਬ ਤੋਂ ਪਹਿਲਾਂ ਵਾਲੇ ਅੰਬ ਉੱਤੋਂ ਦੀ ਗੇੜਾ ਲਾ ਕੇ ਮੁੜ ਆਇਆ ਹੈ, ਤਾਂ ਅਮਰ ਸਿੰਘ ਦੀਆਂ ਵੜਾਛਾਂ ਖਿੜ ਗਈਆਂ, ”ਅੱਛਾ! ਇਹ ਧਿਆਨਾ ਖਚਰਾ ਵੀ ਐ ਸਹੁਰੀ ਦਾ! ਕੁਲਵੰਤਿਆਂ! ਤੂੰ ਬਚ ਕੇ ਰਹੀਂ। ਵੱਡਾ ਹੋ ਕੇ ਇਹ ਠੱਗੀ ਨਾਲ ਹੀ ਤੈਥੋਂ ਦੌੜ ਨਾ ਜਿੱਤੀ ਜਾਏ?”
ਕਦੇ ਕਦੇ ਡੂੰਘੀਆਂ ਸੋਚਾਂ ਵਿਚ ਲਹਿ ਕੇ ਮਾਸਟਰ ਅਮਰ ਸਿੰਘ ਕਹਿੰਦਾ- ”ਸੁਹਰੀ ਦਿਓ! ਦੁਨੀਆ ਗੋਲ ਐ। ਦੇਖਣ ਨੂੰ ਚਪਟੀ ਤੇ ਪੱਧਰੀ ਲਗਦੀ ਐ, ਪਰ ਹੈ ਗੋਲ। ਗੋਲ ਦੁਨੀਆ ਦਾ ਕੋਈ ਹੱਦ ਬੰਨਾ ਨਹੀਂ ਹੁੰਦਾ। ਕੋਈ ਆਖ਼ਰੀ ਮੰਜ਼ਿਲ ਨਹੀਂ ਹੁਂੰਦੀ। ਇਸ ਲਈ ਸਾਰੀ ਉਮਰ ਬੰਦੇ ਨੂੰ ਦੌੜੀ ਜਾਣਾ ਪੈਂਦਾ ਐ। ਐਵੇਂ ਭੁਲੇਖਾ ਹੀ ਲਗਦਾ ਰਹਿੰਦਾ ਐ, ਮੈਂ ਦੌੜ ਜਿੱਤੀ ਕਿ ਜਿੱਤੀ। ਪਰ ਇਹ ਜਿੱਤੀ ਨਹੀਂ ਜਾਂਦੀ, ਹਾਰਿਆ ਸੋ ਮਾਰਿਆ। ਇਸ ਲਈ ਪਿੰਡਾਂ ਤੋਂ ਸਕੂਲ ਨੂੰ ਆਉਂਦਿਆਂ ਹੌਸਲੇ ਨਾਲ ਤੇ ਖੁਸ਼ੀ ਨਾਲ ਦੌੜ ਦੌੜਦੇ ਦੌੜਦੇ ਆਇਆ ਕਰੋ। ਦੌੜਦੇ ਦੌੜਦੇ ਜਾਇਆ ਕਰੋ।”
ਜਦੋਂ ਛੋਟੇ ਸਕੂਲੋਂ ਪਾਸ ਕਰਕੇ ਵੱਡੇ ਸਕੂਲ ਜਾਣ ਲੱਗੇ, ਤਾਂ ਮਾਸਟਰ ਅਮਰ ਸਿੰਘ ਨੇ ਸੂਬੇਦਾਰ ਹੁਕਮ ਸਿੰਘ ਨੂੰ ਕਿਹਾ, ”ਮੈਂ ਰੰਬੇ ਵਾਂਗ ਚੰਡ ਦਿੱਤੇ ਐ ਤੇਰੇ ਪੁੱਤ ਸੂਬੇਦਾਰਾ! ਹੁਣ ਇਹ ਕਿਸੇ ਨੂੰ ਡਾਹੀ ਨਹੀਂ ਦੇਣਗੇ।”
ਮਾਸਟਰ ਜੀ ਦੀ ਗਲ ਠੀਕ ਨਿਕਲੀ। ਉਹ ਬਿਨਾਂ ਫੇਲ੍ਹ ਹੋਇਆਂ ਪਹਿਲਾਂ ਦਸਵੀ ਪਾਸ ਕਰ ਗਏ, ਫੇਰ ਬੀ. ਏ. ਤੇ ਐਮ. ਏ.। ਬਹੁਤੇ ਨੰਬਰ ਕਦੇ ਨਹੀਂ ਲਏ ਤਾਂ ਵੀ ਰਹੇ ਹਰ ਜਮਾਤ ਵਿਚ ਸਿਰਕੱਢ। ਦੂਜਿਆਂ ਵਿਚ ਘੁਲ ਮਿਲ ਜਾਣ ਵਾਲੇ। ਖਾਮਖਾਹ ਹੀ ਜਮਾਤ ਦੇ ਆਗੂ ਬਣੇ ਰਹਿਣ ਵਾਲੇ। ਇਸੇ ਕਰਕੇ ਕੁਲਵੰਤ ਸਿੰਘ ਸਹਿਜ ਸੁਭਾਅ ਕਾਂਗਰਸ ਵਿਚ ਜਾ ਦਾਖਲ ਹੋਇਆ ਤੇ ਫੇਰ ਟਿਕਟ ਲੈ ਕੇ ਵਿਧਾਨਕਾਰ ਤੇ ਮੰਤਰੀ ਬਣ ਗਿਆ। ਧਿਆਨ ਸਿੰਘ ਕਾਂਗਰਸ ਵਿਚ ਨਹੀਂ ਗਿਆ, ਪਰ ਰਾਜਨੀਤੀ ਵਿਚ ਭਰਾ ਦੇ ਪਿੱਛੇ ਪਿੱਛੇ ਰਿਹਾ। ਜਦੋਂ ਕਾਂਗਰਸ ਬਦਨਾਮ ਹੋ ਗਈ ਤੇ ਜਨਤਾ ਪਾਰਟੀ ਬਣੀ, ਤਾਂ ਉਸ ਨੇ ਛਾਲ ਮਾਰੀ, ਤੇ ਜਨਤਾ ਪਾਰਟੀ ਦਾ ਨੌਜਵਾਨ ਆਗੂ ਬਣ ਗਿਆ। ਦੋਨਾਂ ਭਰਾਵਾਂ ਨੂੰ ਵਾਰੀ ਵਾਰੀ ਰਾਜਨੀਤੀ ਵਿਚ ਆਉਂਦਿਆਂ ਦੇਖ ਕੇ ਉਨਾਂ੍ਹ ਦੇ ਜਮਾਤੀ ਯੂਨੀਵਰਸਿਟੀ ਦੀਆਂ ਦੋ ਘਟਨਾਵਾਂ ਅਕਸਰ ਯਾਦ ਕਰਦੇ ਹਨ। ਯੂਨੀਵਰਸਿਟੀ ਵਿਚ ਅਰਥ ਸ਼ਾਸ਼ਤਰ ਦੇ ਪ੍ਰਸਿੱਧ ਪ੍ਰੋਫੈਸਰ ਮਿੱਢਾ ਨੇ ਯੂਨੀਵਰਸਿਟੀ ਪਾਰਲੀਮੈਂਟ ਬਣਾਈ ਹੋਈ ਸੀ। ਵਿਦਿਆਰਥੀ ਲੋਕ ਸਭਾ ਜਿਸ ਵਿਚ ਦਿੱਲੀ ਵਾਲੀ ਲੋਕ ਸਭਾ ਵਾਂਗ ਹੀ ਦੇਸ਼ ਦੇ ਮਾਮਲੇ ਤੇ ਉਨ੍ਹਾਂ ਦੇ ਸੰਭਾਵੀ ਹੱਲ ਬਾਰੇ ਚਰਚਾ ਹੁੰਦੀ। ਇਕ ਸਰਦ ਰੁੱਤ ਵਿਚ ਵਿਦਿਆਰਥੀ-ਸਮਾਗਮ ਬੜਾ ਚਰਚਿਤ ਹੋਇਆ।
1967 ਵਿਚ ਕਾਂਗਰਸ ਹਾਰ ਗਈ ਸੀ। ਬਹੁਤ ਸਾਰੇ ਸੂਬਿਆਂ ਵਿਚ ਸਾਂਝੇ ਮੋਰਚੇ ਦੀਆਂ ਸਰਕਾਰਾਂ ਕਾਇਮ ਹੋ ਗਈਆਂ ਸਨ। ਪ੍ਰੋਫੈਸਰਾਂ ਤੇ ਵਿਦਿਆਰਥੀਆਂ ਵਿਚ ਸੁਭਾਵਕ ਹੀ ਨਵੀਆਂ ਤੇ ਪੁਰਾਣੀਆਂ ਨੀਤੀਆਂ ਬਾਰੇ ਤਿੱਖਾ ਵਾਦ -ਵਿਵਾਦ ਸੀ। ਮਾਰਕਸਵਾਦੀ ਵਿਦਿਆਰਥੀ ਰਮਾ ਕਾਂਤ ਮਿੰਨੀ ਲੋਕ ਸਭਾ ਦੇ ਸਰਦ ਰੁੱਤ ਦੇ ਸੈਸ਼ਨ ਵਿਚ ਹਿੱਸਾ ਲੈਂਦਿਆਂ ਬੋਲਿਆ -”ਪਿਛਲੇ ਵੀਹ ਸਾਲ ਕਾਂਗਰਸ ਨੇ ਜ਼ਾਇਆ ਕਰ ਦਿੱਤੇ ਐ। ਸਭ ਤੋਂ ਪਹਿਲੀ ਲੋੜ ਸੀ- ਸਹੀ ਤੇ ਤਿੱਖੇ ਜ਼ਮੀਨੀ ਸੁਧਾਰਾਂ ਦੀ ਤਾਂ ਕਿ ਜਾਗੀਰਦਾਰੀ ਦਾ ਖਾਤਮਾ ਹੋ ਜਾਂਦਾ, ਤੇ ਨਵੇਂ ਸਮਾਜ ਦਾ ਨਿਰਮਾਣ ਸ਼ੁਰੂ ਹੋ ਜਾਂਦਾ। ਪਰ ਭਾਰਤ ਦੀ ਸਰਮਾਇਦਾਰੀ ਨੇ ਵੇਲਾ ਵਿਹਾ ਚੁੱਕੀ ਜਾਗੀਰਦਾਰੀ ਨਾਲ ਸਮਝੌਤਾ ਕਰ ਲਿਆ। ਇਓਂ ਨਵੇਂ ਸਮਾਜ ਦਾ ਨਿਰਮਾਣ ਹੋ ਹੀ ਨਹੀਂ ਸਕਿਆ।”
ਯੂਥ ਕਾਂਗਰਸ ਨੇਤਾ ਵਿਨੋਦ ਸ਼ਰਮਾ ਨੇ ਜਵਾਬ ਵਿਚ ਆਖਿਆ, ”ਮੇਰਾ ਮਿੱਤਰ ਰਮਾਂ ਕਾਂਤ ਕਿਤਾਬੀ ਗਿਆਨ ਛਾਂਟ ਰਿਹਾ ਹੈ। ਇਸ ਨੂੰ ਨਾ ਸੋਵੀਅਤ ਯੂਨੀਅਨ ਅੰਦਰਲੀ ਹਾਲਤ ਦਾ ਗਿਆਨ ਹੈ, ਨਾ ਭਾਰਤ ਵਿਚ ਹੋਈ ਤਬਦੀਲੀ ਦੀ ਸਮਝ ਹੈ। ਸੋਵੀਅਤ ਯੂਨੀਅਨ ਵਿਚ ਕੋਈ ਸਮਾਜਵਾਦੀ ਸਮਾਜ ਨਹੀਂ। ਕੁਝ ਆਗੂਆਂ ਦੀ ਡਿਕਟੇਟਰਸ਼ਿਪ ਹੈ, ਜਦੋਂ ਕਿ ਭਾਰਤ ਸ਼ਾਂਤਮਈ ਤਬਦੀਲੀ ਰਾਹੀਂ ਲੋਕ ਰਾਜ ਵਲ ਵਧ ਰਿਹਾ ਹੈ।”
ਕੁਲਵੰਤ ਸਿੰਘ ਉਠਿਆ, ”ਮੈਂ ਬਹੁਤੀਆਂ ਗੱਲਾਂ ਕਰਨੀਆਂ ਨਹੀਂ ਜਾਣਦਾ। ਮੈਨੂੰ ਦੱਸੋ, ਜੇ ਪੰਜਾਬ ਦੀ ਸਰਕਾਰ ਤੁਹਾਡੇ ਹੱਥ ਵਿਚ ਆਵੇ, ਤਾਂ ਤੁਸੀ ਕੀ ਕਰੋ? ਐਵੇਂ ਥੀਊਰੀਆਂ ਨਹੀਂ ਘੋਟੋ।”
”ਮੈਂ ਜ਼ਮੀਨੀ ਸੁਧਾਰ ਕਰਾਂ। ਫਾਲਤੂ ਜ਼ਮੀਨ ਬੇਜ਼ਮੀਨੇ ਕਿਰਸਾਣਾਂ ਵਿਚ ਵੰਡਾਂ।” ਰਮਾਂ ਕਾਂਤ ਨੇ ਕਿਹਾ।
”ਕਿਹੜੀ ਫਾਲਤੂ ਜ਼ਮੀਨ ?’
”ਜੋ ਜਾਗੀਰਦਾਰਾਂ ਪਾਸ ਹੈ।”
”ਕਿਹੜੇ ਜਾਗੀਰਦਾਰਾਂ ਪਾਸ? ਪੰਜਾਬ ਦੇ ਕਿਸੇ ਇਕ ਜਾਗੀਰਦਾਰ ਦਾ ਨਾਮ ਲੈ।” ਰਮਾਂ ਕਾਂਤ ਨਹੀਂ ਬੋਲਿਆ।
”ਵੀਰ ਮੇਰਿਆ ! ਅਸੀ ਕਿਰਸਾਣ ਹਾਂ। ਸਾਡੇ ਪਿਤਾ ਜੀ ਜਵਾਨੀ ਫੌਜ ਵਿਚ ਗਾਲ ਕੇ ਆਏ। ਹੁਣ ਉਹ ਆਪ ਹੱਥੀਂ ਖੇਤੀ ਕਰਦੇ ਐ। ਮੈਨੂੰ ਠੀਕ ਗਿਣਤੀ ਮਿਣਤੀ ਦਾ ਪਤਾ ਨਹੀਂ। ਸ਼ਾਇਦ ਪਿਤਾ ਜੀ ਦੀ ਜ਼ਮੀਨ ਅਠਾਰਾਂ ਸਟੈਂਡਰਡ ਏਕੜ ਤੋਂ ਵੱਧ ਹੋਵੇ। ਪਰ ਅਸੀਂ ਤਿੰਨ ਭਰਾ ਹਾਂ। ਸਾਡੇ ਤਿੰਨਾਂ ਦੇ ਹਿੱਸੇ ਕਿੰਨੀ ਕਿੰਨੀ ਜ਼ਮੀਨ ਆਏਗੀ? ਪਿਤਾ ਜੀ ਦੇ ਤਾਏ ਨੇ ਵਿਆਹ ਨਹੀਂ ਕਰਵਾਇਆ। ਉਨਾਂ੍ਹ ਦੀ ਜ਼ਮੀਨ ਵੀ ਪਿਤਾ ਜੀ ਵਾਹੁੰਦੇ ਐ। ਉਨਾਂ੍ਹ ਦੀ ਜ਼ਮੀਨ ਸਾਨੂੰ ਮਿਲੇਗੀ। ਤਾਂ ਵੀ ਸਾਡੇ ਵਿਚੋਂ ਕਿਸੇ ਦੀ ਜ਼ਮੀਨ ਵੀ ਅਠਾਰਾਂ ਸਟੈਂਡਰਡ ਏਕੜਾਂ ਤੋਂ ਵੱਧ ਨਹੀਂ ਹੋਣੀ। ਇਹੋ ਹਾਲ ਸਾਡੇ ਪਿੰਡ ਦੇ ਸਾਰੇ ਕਿਰਸਾਣਾਂ ਦਾ ਹੈ। ਪਹਿਲਾਂ ਫਿਰ ਤੁਰ ਕੇ ਪੰਜਾਬ ਦੇ ਹਾਲਾਤ ਦੇਖੋ। ਫੇਰ ਥਿਊਰੀ ਘੜੋ।”
”ਤੇਰੇ ਖ਼ਿਆਲ ਵਿਚ ਦੇਸ਼ ਦਾ ਕਿਹੜਾ ਮਸਲਾ ਪਹਿਲ ਮੰਗਦਾ ਹੈ?” ਸਪੀਕਰ ਦੀ ਕੁਰਸੀ ਉੱਤੇ ਬੈਠੇ ਰਾਜਨੀਤੀ ਸ਼ਾਸ਼ਤਰ ਦੇ ਪ੍ਰੋਫੈਸਰ ਅਰਜਨ ਸਿੰਘ ਨੇ ਪ੍ਰਸ਼ਨ ਪੁੱਛਿਆ।
”ਕੰਮ ਨਾ ਕਰਨ ਦੀ ਆਦਤ। ਭਾਰਤ ਦਾ ਕਿਰਸਾਣ ਬਹੁਤ ਮਿਹਨਤ ਕਰਦਾ ਹੈ, ਪਰ ਭਾਰਤ ਦਾ ਸ਼ਹਿਰੀ ਤਬਕਾ ਬਹੁਤ ਘੱਟ ਕੰਮ ਕਰਦਾ ਹੈ। ਜਦੋਂ ਕਿਰਸਾਣ ਤੜਕੇ ਉੱਠ ਕੇ ਹਲ ਵਾਹ ਰਹੇ ਹੁੰਦੇ ਐ, ਸ਼ਹਿਰੀ ਲੋਕ ਘੂਕ ਸੁੱਤੇ ਪਏ ਹੁੰਦੇ ਐ। ਦਿਨ ਵੇਲੇ ਵੀ ਉਹ ਕਿੰਨਾ ਕੁ ਕੰਮ ਕਰਦੇ ਐ, ਇਸ ਦਾ ਅੰਦਾਜ਼ਾ ਸ਼ਹਿਰ ਦੇ ਕਿਸੇ ਦਫਤਰ ਵਿਚ ਜਾ ਕੇ ਲੱਗ ਸਕਦਾ ਹੈ। ਦੁਨੀਆ ਭਰ ਵਿਚ ਸ਼ਾਇਦ ਹੀ ਕੋਈ ਲੋਕ ਇੰਨਾ ਘੱਟ ਕੰਮ ਕਰਦੇ ਹੋਣ, ਜਿੰਨਾ ਘੱਟ ਸਾਡੇ ਸਾਰੇ ਸਰਕਾਰੀ ਦਫਤਰਾਂ ਦੇ ਬਾਬੂ ਕਰਦੇ ਹਨ। ਮੁਲਕ ਕਿਵੇਂ ਤਰੱਕੀ ਕਰੇਗਾ, ਜੇ ਇਹ ਲੋਕ ਕੰਮ ਈ ਨਹੀਂ ਕਰਨਗੇ?”
”ਇਸ ਸਮੱਸਿਆ ਦਾ ਹੱਲ ਕੌਣ ਕਰੇਗਾ?”
”ਹਾਕਮ ਲੋਕ ਕਰਨ। ਇਨਾਂ੍ਹ ਤੋਂ ਸਖ਼ਤੀ ਨਾਲ ਕੰਮ ਲੈਣ। ਗਵਰਨਮੈਂਟ ਮਸਟ ਗਵਰਨ।”
“ਧਿਆਨ ਸਿੰਹਾਂ! ਤੂੰ ਆਪਣੇ ਭਰਾ ਦੀ ਸਖ਼ਤੀ ਦੀ ਨੀਤੀ ਨਾਲ ਸਹਿਮਤ ਹੈ?” ਪ੍ਰੋ:ਅਰਜਨ ਸਿੰਘ ਨੇ ਮੁਸਕਰਾ ਕੇ ਸਵਾਲ ਕੀਤਾ। ਮੱਥੇ ਉੱਤੇ ਹੱਥ ਫੇਰਦਿਆਂ ਅਤੇ ਕੁਝ ਸੋਚਦਿਆਂ ਧਿਆਨ ਸਿੰਘ ਬੋਲਿਆ-”ਸਰ! ਮੈਨੂੰ ਪਤਾ ਨਹੀਂ, ਸਖ਼ਤੀ ਨਾਲ ਮਸਲਾ ਹੱਲ ਹੋਏਗਾ ਕਿ ਨਹੀਂ, ਪਰ ਮਸਲੇ ਹੈਂ ਬਹੁਤ। ਅਸੀਂ ਜਦੋਂ ਕੁਝ ਦਿਨ ਪਿੰਡ ਰਹਿ ਕੇ ਸ਼ਹਿਰ ਆਉਂਦੇ ਹਾਂ ਤਾਂ ਇਉਂ ਮਹਿਸੂਸ ਕਰਦੇ ਹਾਂ, ਜਿਵੇਂ ਨਰਕ ਵਿਚੋਂ ਨਿਕਲ ਕੇ ਸਵਰਗ ਵਿਚ ਆ ਗਏ ਹਾਂ।”
”ਆਪਣੇ ਪਿੰਡਾਂ ਨੂੰ ਨਰਕ ਕਹਿੰਦਾ ਹਂੈ?’’ ਵਿਨੋਦ ਸ਼ਰਮਾ ਨੇ ਟੋਕਿਆ।
”ਪੰਡਤਾ! ਤੈਨੂੰ ਅਸਲੀਅਤ ਦਾ ਕੀ ਪਤਾ ਹੈ ? ਪਿੰਡਾਂ ਵਿਚ ਨਾ ਪੱਕੀਆਂ ਸੜਕਾ ਹੈਨ ਨਾ ਚੌਵੀ ਘੰਟੇ ਬਿਜਲੀ ਮਿਲਦੀ ਹੈ। ਪਾਣੀ ਦੀਆਂ ਟੂਟੀਆਂ ਹੈ ਹੀ ਨਹੀਂ। ਇਹ ਫ਼ਰਕ ਕਿਉਂ ਹੈ? ਕੀ ਪਿੰਡਾਂ ਦੇ ਲੋਕ ਇਨਸਾਨ ਨਹੀਂ? ਪਿੰਡ ਸ਼ਹਿਰਾਂ ਦੇ ਬਰਾਬਰ ਕਿਉਂ ਨਾ ਲਿਆਂਦੇ ਜਾਣ? ਸਵੇਰੇ ਮੈਂ ਹੋਸਟਲ ਤੋਂ ਦੌੜ ਲਾਉਂਦਾ ਲਾਉਂਦਾ ਕੈਂਪਸ ਤੋਂ ਬਾਹਰ ਨਿਕਲ ਜਾਂਦਾ ਆਂ। ਦੂਰ ਦੂਰ ਤੱਕ ਮਜ਼ਦੂਰਾਂ ਦੀਆਂ ਝੁੱਗੀਆਂ ਨਜ਼ਰ ਆਉਂਦੀਆਂ ਹਨ। ਇਕ ਇਕ ਝੁੱਗੀ ਵਿਚ ਕਈ ਕਈ ਨਿਆਣੇ ਕੁਰਬਲ ਕੁਰਬਲ ਕਰਦੇ ਐ। ਜਿਨਾਂ੍ਹ ਪਾਸ ਰਹਿਣ ਲਈ ਇਕ ਪੱਕਾ ਕਮਰਾ ਨਹੀਂ, ਉਹ ਧੜਾ ਧੜ ਬੱਚੇ ਜੰਮੀ ਜਾਂਦੇ ਐ। ਇਨਾਂ੍ਹ ਸਭ ਲੋਕਾਂ ਨੂੰ ਜ਼ਿੰਦਗੀ ਦੀਆਂ ਸਹੂਲਤਾਂ ਕਦਂੋ ਤੇ ਕਿਵੇਂ ਮਿਲਣਗੀਆਂ?”
”ਇਨ੍ਹਾਂ ਸਭ ਸਮੱਸਿਆਵਾਂ ਦਾ ਇਲਾਜ ਸਮਾਜਵਾਦ ਵਿਚ ਐ।” ਰਮਾ ਕਾਂਤ ਬੋਲਿਆ।
”ਪੰਡਿਤ ਨਹਿਰੂ ਸਤਾਰਾਂ ਸਾਲ ਇਹੋ ਗਲ ਕਹਿੰਦੇ ਰਹੇ ਪਰ ਨਤੀਜਾ ਕੀ ਨਿਕਲਿਆ?’’
।।।।।
ਇਨ੍ਹਾਂ ਦਿਨਾਂ ਵਿਚ ਰਾਜਨੀਤੀ ਤੇ ਅਰਥ ਸ਼ਾਸ਼ਤਰ ਦੇ ਵਿਦਿਆਰਥੀ ਇਕ ਨਿਜੀ ਬੱਸ ਕਰਕੇ ਪਿਕਨਿਕ ਮਨਾਉਣ ਲਈ ਚੰਡੀਗੜ੍ਹੋਂ ਕਸੌਲੀ ਲਈ ਤੁਰੇ। ਜਦੋਂ ਕਾਲਕਾ ਲੰਘੇ, ਤਾਂ ਸਾਥੀਆਂ ਦੀ ਫਰਮਾਇਸ਼ ਉੱਤੇ ਚਰਨਜੀਤ ਕੌਰ, ਜਿਸ ਦੀ ਆਵਾਜ਼ ਬਹੁਤ ਸੰਗੀਤਮਈ ਸੀ, ਪੰਜਾਬੀ ਗੀਤ ਗਾਉਣ ਲੱਗ ਪਈ। ਗਾਉਣ ਦੇ ਲੋਰ ਵਿਚ ਉਸਨੇ ਖੱਬੀ ਬਾਂਹ ਕੂਹਣੀ ਕੋਲੋਂ ਬੱਸ ਦੇ ਸ਼ੀਸੇ ’ਚੋਂ ਬਾਹਰ ਕੱਢ ਲਈ। ਤੇਜ਼ ਬੱਸ ਮੋੜ ਕੱਟਦੀ, ਸੜਕ ਕਿਨਾਰੇ ਬੋਰੀਆਂ ਨਾਲ ਲੱਦੇ ਹੋਏ ਟਰੱਕ ਦੇ ਕੁੰਡਿਆਂ ਨਾਲ ਘਸਰਦੀ ਇਉਂ ਲੰਘੀ ਕਿ ਚਰਨਜੀਤ ਦੀ ਬਾਂਹ ਕੂਹਣੀ ਕੋਲੋਂ ਬੁਰੀ ਤਰ੍ਹਾਂ ਵੱਢੀ ਗਈ। ਥੋੜ੍ਹਾ ਜਿਹਾ ਮਾਸ ਹੀ ਜੁੜਿਆ ਰਹਿ ਗਿਆ। ਚੀਖ ਚਿਹਾੜਾ ਪੈ ਗਿਆ। ਪ੍ਰੋਫੈਸਰ ਤੱਕ ਘਬਰਾ ਗਏ । ਕੋਈ ਕਹੇ ਅੱਗੇ ਚੱਲੋ, ਤੇ ਕਿਸੇ ਅਗਲੇ ਹਸਪਤਾਲ ਪਹੁੰਚੋ। ਕਿਸੇ ਨੇ ਕਿਹਾ, ਪਿੱਛੇ ਮੁੜੋ। ਕਾਲਕਾ ਦੇ ਹਸਪਤਾਲ ਵਿਚ ਚੱਲੋ।
”ਇੰਨੇ ਪੜ੍ਹੇ ਲਿਖੇ ਹੋ ਕੇ ਵੀ ਮਾਮਲੇ ਦੀ ਨਜ਼ਾਕਤ ਨੂੰ ਕਿਉਂ ਨਹੀਂ ਸਮਝਦੇ? ਬਾਂਹ ਲੱਗ ਪੱਗ ਨਾਲੋਂ ਲੱਥੀ ਪਈ ਐ। ਫੌਰਨ ਚੰਡੀਗੜ੍ਹ ਮੁੜੋ੍ਹ। ਹੋਰ ਕਿਤੇ ਇਲਾਜ ਨਹੀਂ ਹੋਣਾ।”
ਕੁਲਵੰਤ ਸਿੰਘ ਉੱਚੀ ਬੋਲਿਆ। ਉਸਨੇ ਡਰਾਈਵਰ ਨੂੰ ਕਿਹਾ, ”ਸਰਦਾਰ ਜੀ ਫੌਰਨ ਬੱਸ ਮੋੜੋ।’’ ਕੁੜੀਆਂ ਨੂੰ ਕਿਹਾ, ”ਦੋ ਭਾਰੀਆਂ ਚੁੰਨੀਆਂ ਸਿਰਾਂ ਤੋਂ ਲਾਹੋ। ਲਟਕਦੀ ਬਾਂਹ ਘੁੱਟ ਕੇ ਬੰਨ੍ਹੀਏ। ਵਗਦਾ ਖੁੂਨ ਰੋਕਣ ਦੀ ਕੋਸ਼ਿਸ਼ ਕਰੀਏ।”
ਉਸ ਦੇ ਹੱਥ ਤੇ ਕੱਪੜੇ ਖੂਨ ਨਾਲ ਲੱਥ ਪੱਥ ਹੋ ਗਏ ਪਰ ਉਸ ਨੇ ਬਾਂਹ ਚੰਗੀ ਤਰ੍ਹਾਂ ਬੰਨ੍ਹ ਦਿੱਤੀ। ਚਰਨਜੀਤ ਲੱਗ ਪੱਗ ਬੇਹੋਸ਼ ਸੀ। ”ਇਸ ਨੂੰ ਆਪਣੀ ਚੁੰਨੀ ਨਾਲ ਝੱਲ ਮਾਰੋ।”
ਚੁੰਨੀ ਵਾਲੀ ਇਕ ਜਮਾਤਣ ਨੂੰ ਕਿਹਾ। ਚੰਡੀਗੜ੍ਹ ਐਮਰਜੈਂਸੀ ਵਾਰਡ ਵਿਚ ਪਹੁੰਚੇ ਤਾਂ ਸਰਜਨ ਡਾਕਟਰ ਘਰ ਜਾ ਚੁੱਕਾ ਸੀ। ਉਸ ਦੇ ਘਰੋਂ ਟੈਲੀਫੂਨ ਕੋਈ ਚੁੱਕ ਨਹੀਂ ਸੀ ਰਿਹਾ। ਕੁਲਵੰਤ ਸਿੰਘ ਆਪ ਸਟਾਫ਼ ਕੁਆਟਰਜ਼ ਵੱਲ ਦੌੜਿਆ। ਇਕ ਯੂਨੀਅਰ ਡਾਕਟਰ ਨੇ ਕਿਹਾ- ”ਕਈ ਬੋਤਲਾਂ ਖੂਨ ਦੀ ਲੋੜ ਪੈਣੀ ਐ। ਕੌਣ ਕੋਣ ਖੂਨ ਦੇਵੇਗਾ?”
”ਚਰਨਜੀਤ ਨੂੰ ਪੁੱਛੋ, ਇਸ ਦੇ ਖੁਨ ਦਾ ਗਰੁੱਪ ਕੀ ਹੈ?” ਪ੍ਰੋ:ਅਰਜਨ ਸਿੰਘ ਬੋਲੇ।
”ਨਹੀਂ ਸਰ! ਅਸੀਂ ਬਲੱਡ ਬੈਂਕ ਚਲਦੇ ਆ, ਅਸੀਂ ਖੂਨ ਦਿੰਦੇ ਆਂ। ਇਹ ਭਿਆਨਕ ਐਮਰਜੈਂਸੀ ਹੈ। ਹਸਪਤਾਲ ਵਾਲੇ ਆਪੇ ਬਲੱਡ ਗਰੁੱਪ ਮੇਲਦੇ ਰਹਿਣਗੇ। ਕੁੜੀ ਦੀ ਜਾਨ ਬਚਾਉਣ ਦਾ ਸਵਾਲ ਐ।” ਧਿਆਨ ਸਿੰਘ ਇਹ ਕਹਿੰਦਾ ਹੋਇਆ ਇਕ ਨਰਸ ਦੀ ਅਗਵਾਈ ਵਿਚ ਬਲੱਡ ਬੈਂਕ ਨੂੰ ਤੁਰ ਪਿਆ। ਪਿੱਛੇ ਹੋਰ ਮੁੰਡੇ ਕੁੜੀਆਂ ਤੁਰ ਪਏ ।
”ਇਨਾਂ੍ਹ ਦੋਨਾਂ ਭਰਾਵਾਂ ਦੇ ਦਿਲ ਕਰੜੇ ਐ” ਪ੍ਰੋ ਮਿੱਢਾ ਨੇ ਅਰਜਨ ਸਿੰਘ ਦੇ ਕੰਨ ਵਿਚ ਕਿਹਾ, ”ਮੈਥੋਂ ਤਾਂ ਕੁੜੀ ਦਾ ਜ਼ਖ਼ਮ ਨਹੀਂ ਸੀ ਦੇਖਿਆ ਜਾ ਰਿਹਾ।”
”ਲੀਡ ਕਰਨ ਦੀ ਯੋਗਤਾ ਵੀ ਹੈ” ਪ੍ਰੋ: ਅਰਜਨ ਸਿੰਘ ਬੋਲੇ। ਦੋ ਘੰਟਿਆਂ ਬਾਅਦ ਚਰਨਜੀਤ ਦੀ ਬਾਂਹ ਬੰਨ੍ਹ ਦਿੱਤੀ ਗਈ ਸੀ।
ਪਰ ਅੱਜ ਕੁਲਵੰਤ ਸਿੰਘ ਗ੍ਰਿਫਤਾਰੀ ਦੇ ਡਰੋਂ ਲੁਕਿਆ ਹੋਇਆ ਸੀ ਤੇ ਗਿਆਨ ਸਿੰਘ ਤੇ ਧਿਆਨ ਸਿੰਘ ਦੀ ਜਨਤਾ ਸਰਕਾਰ ਡੋਲ ਰਹੀ ਸੀ। ਇਨਾਂ੍ਹ ਦਿਨਾਂ ਵਿਚ ਲੁਧਿਆਣਾ ਦੇ ਜੈਨੀ ਵਪਾਰੀਆਂ ਦਾ ਪ੍ਰਤੀਨਿਧ ਮੰਡਲ ਧਿਆਨ ਸਿੰਘ ਨੂੰ ਮਿਲਿਆ। ਧਿਆਨ ਸਿੰਘ ਦਾ ਰਹਿ ਚੁੱਕਾ ਜਮਾਤੀ ਰੂਪ ਲਾਲ ਜੈਨ ਪ੍ਰਤੀਨਿਧ ਮੰਡਲ ਵਿਚ ਸ਼ਾਮਲ ਸੀ।
”ਇੰੰਪਰੂਵਮੈਂਟ ਟਰੱਸਟ ਲੁਧਿਆਣਾ, ਜੋ ਇਕ ਹਜ਼ਾਰ ਪਲਾਟਾਂ ਵਾਲਾ ਨਵਾਂ ਨਗਰ ਵਸਾਉਣ ਲੱਗਾ ਹੈ, ਉਸ ਵਿਚ ਜੈਨ ਮੰਦਰ ਲਈ ਇਕ ਹਜ਼ਾਰ ਵਰਗ ਗਜ਼ ਦਾ ਪਲਾਟ ਦੇਣ ਦੀ ਕਿਰਪਾ ਕੀਤੀ ਜਾਏ। ਨਾਲ ਹੀ ਇਸ ਨਗਰ ਦਾ ਨਾਮ ਮਹਾਂਵੀਰ ਨਗਰ ਰੱਖਿਆ ਜਾਏ।” ਪ੍ਰਤੀਨਿਧ ਮੰਡਲ ਨੇ ਮੰਗ ਕੀਤੀ।
”ਬਈ ਬਾਕੀ ਬਰਾਦਰੀਆਂ ਇਤਰਾਜ਼ ਕਰਨਗੀਆਂ ਇਹ ਮੰਗ ਮੰਨ ਲੈਣ ਉੱਤੇ।”
”ਜਨਾਬ! ਭਗਵਾਨ ਮਹਾਂਵੀਰ ਭਾਰਤ ਦੇ ਬਹੁਤ ਵੱਡੇ ਮਹਾਂਪੁਰਖ ਹੋਏ ਐ। ਪੰਜਾਬ ਵਿਚ ਘੱਟ ਤੋਂ ਘੱਟ ਇਕ ਨਗਰ ਤਾਂ ਉਨ੍ਹਾਂ ਦੀ ਯਾਦ ਵਿਚ ਵਸਾਉਣਾ ਈ ਚਾਹੀਦੈ।”
”ਸ ਧਿਆਨ ਸਿੰਘ ਜੀ ਮੈਂ ਇਕ ਹੋਰ ਬੇਨਤੀ ਕਰਨੀ ਹੈ। ਕਾਲਜ ਤੇ ਯੂਨੀਵਰਸਿਟੀ ਵਿਚ ਤੁਸੀਂ ਸਾਡੇ ਏਨੇ ਡਾਈਨੈਮਿਕ ਸਾਥੀ ਹੁੰਦੇ ਸੀ। ਅਸੀਂ ਅੱਜਕੱਲ੍ਹ ਤੁਹਾਡੀਆਂ ਸਿਫ਼ਤਾਂ ਯਾਦ ਕਰਦੇ ਹੁੰਦੇ ਆਂ। ਤੁਸੀਂ ਜਨਤਾ ਪਾਰਟੀ ਤੇ ਜਨਤਾ ਸਰਕਾਰ ਨੂੰ ਵੀ ਡਾਇਨੈਮਿਕ ਬਣਾਓ। ਕਾਂਗਰਸ ਦਾ ਮੁਕਾਬਲਾ ਕਰੋ। ਭਾਰਤ ਵਿਚ ਦੋ ਪਾਰਟੀ ਸਿਸਟਮ ਵਧੇ ਫੁੱਲੇ। ਇਸ ਵੇਲੇ ਪਾਰਟੀ ਵੀ ਢਿੱਲੀ ਢਿੱਲੀ ਹੈ, ਤੇ ਸਰਕਾਰ ਵੀ।” ਰੂਪ ਲਾਲ ਜੈਨ ਨੇ ਕਿਹਾ।
ਧਿਆਨ ਸਿੰਘ ਨੂੰ ਆਪਣੇ ਡਾਇਨੈਮਿਕ ਹੋਣ ਦੀ ਤੇ ਪਾਰਟੀ ਨੂੰ ਡਾਇਨੈਮਿਕ ਬਣਾਉਣ ਦੀ ਗਲ ਚੰਗੀ ਲੱਗੀ। ”ਤੂੰ ਪਾਰਟੀ ਕੰਮ ਵਿਚ ਸਾਡੀ ਮੱਦਦ ਕਰ।” ਧਿਆਨ ਸਿੰਘ ਨੇ ਰੂਪ ਲਾਲ ਨੂੰ ਕਿਹਾ।
”ਜੇ ਸਰਕਾਰ ਜੈਨ ਮੰਦਰ ਤੇ ਜੈਨ ਨਗਰ ਵਾਲੀ ਸਾਡੀ ਗਲ ਮੰਨ ਲਵੇ ਤਾਂ ਸਾਡਾ ਵਪਾਰ ਮੰਡਲ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕਵੰਜਾ ਲੱਖ ਰੁਪਏ ਪਾਰਟੀ ਫੰਡ ਦੇਣ ਲਈ ਤਿਆਰ ਹੈ।” ਪ੍ਰਤੀਨਿਧ ਮੰਡਲ ਦੇ ਮੁਖੀ ਲਾਲਾ ਧਰਮ ਪਾਲ ਨੇ ਆਖਿਆ।
”ਠੀਕ ਹੈ, ਮੈਂ ਮੁੱਖ ਮੰਤਰੀ ਨਾਲ ਗਲ ਕਰਾਂਗਾ।”
ਪਿੱਛੋਂ ਜੈਨ ਨਗਰ ਦਾ ਨੀਂਹ ਪੱਥਰ ਰੱਖਣ ਲਈ ਸ: ਗਿਆਨ ਸਿੰਘ ਤੇ ਸ: ਧਿਆਨ ਸਿੰਘ ਦੋਵੇ ਪਹੁੰਚੇ। ਪਾਰਟੀ ਫੰਡ ਲਈ ਥੈਲੀ ਲੈ ਕੇ ਲੁਧਿਆਣੇ ਵਿਚ ਹੀ ਜਨਤਾ ਭਵਨ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ।
ਕੁਝ ਦਿਨਾਂ ਬਾਅਦ ਪਰਦੇ ਨਾਲ ਰੂਪ ਲਾਲ ਜੈਨ ਵਪਾਰ ਮੰਡਲ ਵਲੋਂ ਸ਼ੁਕਰਾਨੇ ਵਜੋਂ ਪੰਜ ਲੱਖ ਰੁਪਏ ਧਿਆਨ ਸਿੰਘ ਨੂੰ ਫੜਾ ਗਿਆ। ਹੁਣ ਵੱਖ ਵੱਖ ਸ਼ਹਿਰਾਂ ਦੇ ਵਪਾਰੀ ਨਿੱਜੀ ਤੇ ਸਾਂਝੇ ਸਮਾਗਮਾਂ ਲਈ ਸੱਦੇ ਭੇਜਦੇ। ਧਿਆਨ ਸਿੰਘ ਚਲਾ ਜਾਂਦਾ। ਪਾਰਟੀ ਫੰਡ ਤੇ ਨਿੱਜੀ ਥੈਲੀਆਂ ਲੈ ਲੈਂਦਾ। ਇਨ੍ਹਾਂ ਦਿਨਾਂ ਵਿਚ ਪਾਰਟੀ ਨੂੰ ਸਰਗਰਮ ਕਰਨ ਲਈ ਉਸਨੇ ਸੂਬੇ ਭਰ ਦਾ ਦੌਰਾ ਆਰੰਭਿਆ। ਇਕ ਸੌ ਸਤਾਰਾਂ ਹਲਕਿਆਂ ਵਿਚ ਇਕ ਸੌ ਸਤਾਰਾਂ ਜਲਸੇ ਸੰਬੋਧਨ ਕਰਨ ਦਾ ਟੀਚਾ ਸ਼ੁਰੂ ਕੀਤਾ।
ਹਰ ਸਮਾਗਮ ਵਿਚ ”ਲੋਕਾਂ ਦੀ ਹਿੱਸੇਦਾਰੀ ਵਾਲਾ ਲੋਕ ਤੰਤਰ” ਦਾ ਨਾਅਰਾ ਦਿੰਦਾ। ਪਾਰਟੀ ਵਿਚ ਸ਼ਾਮਲ ਹੋਵੋ। ਅਸੀਂ ਇੱਕਲੇ ਕੁਝ ਨਹੀਂ ਕਰ ਸਕਦੇ। ਤੁਸੀਂ ਸਾਡੀਆ ਬਾਹਾਂ ਹੋ। ਸਾਡੇ ਹੱਥ ਮਜ਼ਬੂਤ ਕਰੋ। ਰਲ ਮਿਲ ਕੇ ਦੇਸ਼ ਨੂੰ ਅੱਗੇ ਲਿਜਾਵਾਂਗੇ।
ਇਕ ਹੋਰ ਨਾਅਰਾ ਵੀ ਦਿੱਤਾ, ”ਗੱਲਾਂ ਘੱਟ, ਕੰਮ ਜ਼ਿਆਦਾ।” ਇਹ ਨਾਅਰਾ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਕੁਲਵੰਤ ਸਿੰਘ ਨੇ ਵੀ ਦਿੱਤਾ ਸੀ।
ਧਿਆਨ ਸਿੰਘ ਦੇ ਪ੍ਰਸੰਸਕ ਕਹਿੰਦੇ, ”ਪੰਜਾਬ ਵਿਚ ਜਨਤਾ ਪਾਰਟੀ ਦਾ ਅਸਲ ਆਗੂ ਧਿਆਨ ਸਿੰਘ ਹੈ। ਅਗਲਾ ਮੁੱਖ ਮੰਤਰੀ ਧਿਆਨ ਸਿੰਘ ਬਣੇਗਾ।” ਧਿਆਨ ਸਿੰਘ ਵੀ ਸੋਚਦਾ, ”ਮੈਂ ਪਾਰਟੀ ਤੇ ਸਰਕਾਰ ਵਿਚ ਛਾ ਗਿਆ ਹਾਂ।” ਦੋ ਸਾਲ ਹੋਰ ਲੰਘ ਗਏ।
ਪੜਤਾਲੀਆ ਕਮਿਸ਼ਨ ਦੀ ਰਿਪੋਰਟ ਆ ਗਈ। ਪਰ ਸਰਕਾਰ ਨੇ ਜਾਰੀ ਕਰਨ ਦੀ ਥਾਂ ਰਿਪੋਰਟ ਦੱਬ ਲਈ।
ਕੁਲਵੰਤ ਸਿੰਘ ਰੂਪੋਸ਼ੀ ਛੱਡ ਕੇ ਪਰਗਟ ਹੋ ਗਿਆ। ਉਸਨੇ ਕਾਂਗਰਸ ਵੱਲੋਂ ਜਨਤਾ ਸਰਕਾਰ ਦੀਆਂ ਨਾਲਾਇਕੀਆਂ ਬਾਰੇ ਬਿਆਨਬਾਜ਼ੀ ਸ਼ੁਰੂ ਕਰ ਲਈ।
ਮਾਸਟਰ ਊਧਮ ਸਿੰਘ ਨੇ ਕੱਢੇ ਗਏ ਅਧਿਆਪਕਾਂ ਤੇ ਬੇਕਾਰ ਅਧਿਆਪਕਾਂ ਦੀ ਸੂਬਾ ਪੱਧਰ ਦੀ ਰੈਲੀ ਚੰਡੀਗੜ੍ਹ ਵਿਚ ਕੀਤੀ । ਰਾਜਧਾਨੀ ਚੰਡੀਗੜ੍ਹ ਦੇ ਲੋਕਾਂ ਨੇ ਪਹਿਲੀ ਵਾਰ ਏਨਾ ਵੱਡਾ ਇੱਕਠ ਤੇ ਜਲੂਸ ਸੜਕਾਂ ਉੱਤੋਂ ਦੀ ਲੰਘਦਾ ਦੇਖਿਆ। ਅਧਿਆਪਕਾਂ ਦੇ ਇਸ ਵੱਡੇ ਜਲਸੇ ਦਾ ਮੁੱਖ ਬੁਲਾਰਾ ਕੁਲਵੰਤ ਸਿੰਘ ਤੇ ਧਿਆਨ ਸਿੰਘ ਦਾ ਛੋਟਾ ਭਰਾ ਸੁਚੇਤ ਸਿੰਘ ਸੀ।-
”ਇਸ ਸਰਕਾਰ ਦੀ ਨਾ ਕੋਈ ਰਾਜਨੀਤਿਕ ਨੀਤੀ ਹੈ, ਨਾ ਆਰਥਕ। ਕਾਂਗਰਸ ਨੇ ‘ਗਰੀਬੀ ਹਟਾਓ’ ਦਾ ਨਾਅਰਾ ਮਾਰ ਕੇ ਅਸਲ ਵਿਚ ਗਰੀਬ ਮਾਰੇ। ਜਨਤਾ ਸਰਕਾਰ ਨੇ ਲੋਕਤੰਤਰ ਬਹਾਲ ਕਰਕੇ ਲੋਕਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ। ਇਹ ਲੋਕ ਕਾਂਗਰਸੀਆਂ ਵਾਂਗ ਹੀ ਧਨ ਇੱਕਠਾ ਕਰ ਰਹੇ ਐ, ਤੇ ਬਰਾਦਰੀਵਾਦ ਫੈਲਾ ਰਹੇ ਐ। ਤੁਸੀਂ ਜਦੋਂ ਤੱਕ ਆਪ ਸੰਗੱਠਤ ਹੋ ਕੇ ਸੰਘਰਸ਼ ਨਹੀਂ ਕਰਦੇ, ਤੁਹਾਡੀ ਕੋਈ ਮੰਗ ਨਹੀਂ ਮੰਨੀ ਜਾਣੀ। ਲੋਕੋ! ਅਸਲ ਤਾਕਤ ਤੁਹਾਡੇ ਹੱਥਾਂ ਵਿਚ ਹੈ।” ਸੁਚੇਤ ਸਿੰਘ ਨੇ ਕਿਹਾ ।
ਦਿੱਲੀ ਵਿਚ ਵੀ ਹਿਲ ਜੁੱਲ ਹੋ ਰਹੀ ਸੀ। ਕੇਂਦਰੀ ਜਨਤਾ ਸਰਕਾਰ ਤੋਂ ਅਸਤੀਫ਼ਾ ਦੇ ਗਏ ਸਿਹਤ ਮੰਤਰੀ ਹਨੂਮਾਨ ਸਿੰਘ ਨੇ ਬਿਆਨ ਦਿੱਤਾ, ”ਸਾਡਾ ਪ੍ਰਧਨ ਮੰਤਰੀ ਦੋ ਹੀ ਕੰਮ ਕਰਨਾ ਜਾਣਦਾ ਹੈ। ਆਪਣਾ ਕਰੂਰਾ ਰੋਜ਼ ਪੀਣਾ, ਤੇ ਜਦੋਂ ਮੌਕਾ ਮਿਲੇ,ਜਨਤਾ ਦਾ ਖੂਨ ਪੀਣਾ।
ਮਹਾਂਰਾਸ਼ਟਰ ਬਣਾਏ ਜਾਣ ਦੇ ਹੱਕ ਵਿਚ ਚੱਲੇ ਸਤਿਆਗ੍ਰਹਿ ਵਿਚ ਲੋਕਾਂ ਉੱਤੇ ਗੋਲੀਆਂ ਚਲਾ ਕੇ ਇਸ ਨੇ ਚਾਰ ਸੌ ਬੰਦੇ ਮਾਰੇ ਸਨ।”
ਕਾਂਗਰਸ ਨੇ ਦਿੱਲੀ ਵਿਚ ”ਨਿਕੰਮੀ ਸਰਕਾਰ ਹਟਾਓ’’ ਦਾ ਨਾਅਰਾ ਲਾ ਕੇ ”ਜੇਲ੍ਹ ਭਰੋ ਅੰਦੋਲਨ” ਸ਼ੁਰੂ ਕਰ ਦਿੱਤਾ। ਜਨਤਾ ਸਰਕਾਰ ਪੰਜ ਸਾਲ ਪੂਰੇ ਕੀਤੇ ਬਿਨਾ ਟੁੱਟ ਗਈ । ਮੱਧਕਾਲੀ ਚੋਣਾਂ ਦਾ ਐਲਾਨ ਹੋ ਗਿਆ । ਕੁਲਵੰਤ ਸਿੰਘ ਨੇ ਕਾਂਗਰਸ ਵਲੋਂ, ਧਿਆਨ ਸਿੰਘ ਨੇ ਜਨਤਾ ਪਾਰਟੀ ਵੱਲੋਂ ਅਤੇ ਸੁਚੇਤ ਸਿੰਘ ਨੇ ਨਵੀਂ ਬਣਾਈ ਕਿਸਾਨ ਮਜ਼ਦੂਰ ਪਾਰਟੀ ਵੱਲੋਂ ਚੋਣ ਲੜੀ। ਕੁਲਵੰਤ ਸਿੰਘ ਤੇ ਧਿਆਨ ਸਿੰਘ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਹਾਰ ਸੁਚੇਤ ਸਿੰਘ ਵੀ ਗਿਆ, ਪਰ ਉਸ ਦੀ ਜ਼ਮਾਨਤ ਜ਼ਬਤ ਨਹੀਂ ਹੋਈ। ਅਜ਼ਾਦ ਉਮੀਦਵਾਰ ਤੇ ਤੌਰ ’ਤੇ ਮਲੂਕ ਸਿੰਘ ਦਾ ਵੱਡਾ ਪੁੱਤਰ ਕਰਮ ਸਿੰਘ ਵਿਧਾਨਕਾਰ ਬਣ ਗਿਆ।
ਜਦੋਂ ਕਿਸੇ ਨੇ ਬਾਬਾ ਸਾਹਿਬ ਸਿੰਘ ਨੂੰ ਚੋਣ ਨਤੀਜਿਆਂ ਬਾਰੇ ਦੱਸਿਆ, ਤਾਂ ਉਹ ਬੋਲੇ-”ਸ਼ੁਕਰ ਕਰਨ, ਤਖਤਾ ਨਹੀਂ ਮਿਲਿਆ। ਤਖ਼ਤ ਹੀ ਖੁੱਸਿਆ ਹੈ।”
ਪਿਆਰਾ ਸਿੰਘ ਭੋਗਲ ਬਹੁ-ਦਿਸ਼ਾਵੀ ਸਾਹਿਤਕਾਰ ਹੈ। ਪਿਛਲੇ 12 ਕੁ ਸਾਲਾਂ ਤੋਂ ਉਹਨੇ ਕਹਾਣੀਆਂ ਦੇ ਨਾਲ ਨਾਲ ਨਾਵਲ ਵੀ ਲਿਖੇ ਹਨ। ਉਹਦੀਆਂ ਕਹਾਣੀਆਂ ਤੇ ਨਾਵਲ ਪੰਜਾਬੀ ਜੀਵਨ ਦਾ ਅਣਛੁਹ ਯਥਾਰਥ ਪੇਸ਼ ਕਰਦੇ ਹਨ।