ਉਰਦੂ, ਪੰਜਾਬੀ ਸ਼ਾਇਰ ਅਤੇ ਜਰਨਲਿਸਟ ਅੱਜਕੱਲ੍ਹ ਸ਼ਿਕਾਗੋ ਵਿਚ ਰੇਡੀਓ ਵੀ ਚਲਾ ਰਿਹਾ ਹੈ।
ਕਿਹੜੇ ਲੇਖਕਾਂ ਨੂੰ ਪੜ੍ਹ ਕੇ ਤੁਹਾਡੀ ਸੋਚ ਬਣੀ?
ਕ੍ਰਿਸ਼ਨ ਚੰਦਰ, ਕੁਰਾਤੁਲ ਐਨ ਹੈਦਰ, ਇਸਮਤ ਚੁਗ਼ਤਾਈ, ਰਾਜਿੰਦਰ ਸਿੰਘ ਬੇਦੀ, ਪ੍ਰੋ. ਮੋਹਨ ਸਿੰਘ ਅਤੇ ਅਮ੍ਰਿਤਾ ਪ੍ਰੀਤਮ।
ਕਿਸੇ ਫ਼ਿਲਮ, ਕਿਤਾਬ ਦਾ ਨਾਮ ਲਓ ਜੋ ਤੁਸੀਂ ਚਾਹੁੰਦੇ ਹੋ ਕਿ ਹਰ ਕੋਈ ਦੇਖੇ ਜਾਂ ਪੜ੍ਹੇ?
ਹਿੰਦੋਸਤਾਨੀ ਫਿਲਮਾਂ ‘ਮੇਲਾ’ ਅਤੇ ‘ਸੰਗ-ਦਿਲ’। ਕੁਰਾਤੁਲ ਐਨ ਹੈਦਰ ਦਾ ‘ਆਗ ਕਾ ਦਰਿਆ’ ਅਤੇ ਪ੍ਰੋ. ਮੋਹਨ ਸਿੰਘ ਦੀ ਕਿਤਾਬ ‘ਸਾਵੇ-ਪੱਤਰ’।
ਨਿੱਕੇ ਹੁੰਦਿਆਂ ਤੁਹਾਡੇ ‘ਤੇ ਕਿਸ ਬੰਦੇ ਦਾ ਉਘੜਵਾਂ ਅਸਰ ਪਿਆ?
ਮੇਰੇ ਵਾਲਿਦ ਖ਼ਲੀਕ ਕੁਰੈਸ਼ੀ ਦਾ, ਜੋ ਪੱਤਰਕਾਰ ਤੇ ਸ਼ਾਇਰ ਸਨ ਅਤੇ ਦੂਸਰਾ ਸ਼ਾਇਰ ਅਦੀਮ ਹਾਸ਼ਮੀ ਦਾ।
ਹੁਣ ਤੱਕ ਕਿਹੜੀ ਘਟਨਾ ਦਾ ਤੁਹਾਡੇ ਸਿਆਸੀ ਏਤਕਾਦ ਉਪਰ ਉਘੜਵਾਂ ਅਸਰ ਪਿਆ?
ਤਰੱਕੀ ਪਸੰਦ ਲਹਿਰ ਦਾ ਬਹੁਤ ਅਸਰ ਪਿਆ। ਭਾਵੇਂ ਕਿ ਮੈਨੂੰ ਪਤਾ ਹੈ ਕਿ ਤਰੱਕੀ-ਪਸੰਦ ਲਹਿਰ ਨਾਲ ਜੁੜੇ ਬਹੁਤ ਸਾਰੇ ਲੋਕ ਆਪਣੇ ਅਕੀਦੇ ਵਿਚ ‘ਮੌਲਵੀ’ ਬਣ ਜਾਂਦੇ ਹਨ।
ਰੱਬ ਬਾਰੇ ਤੁਹਾਡਾ ਕੀ ਵਿਚਾਰ ਹੈ?
ਰੱਬ ਦੀ ਹੋਂਦ ਪ੍ਰਤੀ ਮੈਂ ਸੰਦੇਹਵਾਦੀ ਹਾਂ।
ਕਿਹੜਾ ਸਿਆਸਤਦਾਨ ਜੀਊਂਦਾ ਜਾਂ ਮੋਇਆ ਤੁਹਾਨੂੰ ਚੰਗਾ ਲੱਗਦਾ ਹੈ?
ਕੋਈ ਵੀ ਨਹੀਂ। ਸਿਆਸਤਦਾਨ ਕਦੇ ਵੀ ਮੇਰੇ ਮਨਪਸੰਦ ਨਹੀਂ ਰਹੇ।
ਜੇ ਤੁਸੀਂ ਇਤਿਹਾਸ ਦੇ ਕਿਸੇ ਯੁਗ ਵਿਚ ਜਾ ਸਕੋ ਤਾਂ ਕਿਹੜੇ ਵਿਚ ਜਾਣਾ ਚਾਹੋਗੇ?
ਵਿਕਟੋਰੀਅਨ ਕਾਲ ਵਿਚ। ਪਰ ਅਸਲ ਵਿਚ ਮੈਨੂੰ ਅਪਣਾ ਵਰਤਮਾਨ ਬੇਹੱਦ ਪਿਆਰਾ ਹੈ, ਭਾਵੇਂ ਕਿ ਇਸ ਵਿਚ ਅਨੇਕ ਖ਼ਾਮੀਆਂ ਹਨ।
ਇਸ ਵੇਲੇ ਸ਼ਖ਼ਸੀ ਆਜ਼ਾਦੀ ਨੂੰ ਸਭ ਤੋਂ ਵੱਡਾ ਖ਼ਤਰਾ ਕਿਸ ਤੋਂ ਹੈ?
ਧਾਰਮਿਕ ਕੱਟੜਤਾ ਤੋਂ।
ਜੇ ਤੁਸੀਂ ਕੋਈ ਕਾਨੂੰਨ ਬਣਾ ਸਕੋ ਤਾਂ ਕਾਹਦਾ ਬਣਾਓਗੇ?
ਰੰਗ, ਨਸਲ, ਧਰਮ ਨੂੰ ਖ਼ਤਮ ਕਰਕੇ ਸਭ ਨੂੰ ਇਕ ਨਜ਼ਰ ਨਾਲ ਦੇਖਣ ਦਾ। ਕਿਸੀ ਤਰਹ ਕੀ ਭੀ ਦੀਵਾਰ ਦਰਮਿਆਂ ਮੇਂ ਨਾ ਹੋ,
ਤਮਾਮ ਸ਼ਹਿਰ ਕੋ ਆਬਾਦ ਇਸ ਤਰਹ ਕਰਨਾ।
ਕੀ ਤੁਸੀਂ ਚਾਹੁੰਦੇ ਹੋ ਕਿ ਮਗ਼ਰਬੀ ਤੇ ਮਸ਼ਰਕੀ ਪੰਜਾਬ ਮੁੜ੍ਹ ਇਕ ਹੋ ਜਾਵੇ?
ਨਹੀਂ। ਅਗਰ ਇਹ ਇਕੱਠੇ ਰਹਿ ਸਕਦੇ ਤਾਂ ਜੁਦਾ ਹੀ ਨਹੀਂ ਸਨ ਹੋਣੇ।
ਵੀਹਵੀਂ ਸਦੀ ਦੇ ਪੰਜਾਬ ਦਾ ਸਭ ਤੋਂ ਵੱਡਾ ਦਾਨਿਸ਼ਵਰ ਕੌਣ ਹੈ?
ਅੰਮ੍ਰਿਤਾ ਪ੍ਰੀਤਮ ਅਤੇ ਨਜਮ ਹੁਸੈਨ ਸਈਅਦ।