ਮਹਾਨ ਵਿਚਾਰਕ ਟੈਗੋਰ ਅਤੇ ਆਈਨਸ਼ਟਾਈਨ ਸਾਹਿਤ ਤੇ ਫ਼ਿਜ਼ਿਕਸ ਦੇ ਨੋਬੇਲ-ਇਨਾਮ ਵਿਜੇਤਾ ਤਾਂ ਸਨ ਹੀ,ਪਰ ਇਨ੍ਹਾਂ ਦੀ ਸੋਚ ਸਾਹਿਤ ਜਾਂ ਸਾਇੰਸ ਦੀ ਸੀਮਾ ਵਿਚ ਕੈਦ ਨਹੀਂ ਸੀ। ਇਹ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਜਾਗਰੂਕ ਸਨ। ਦੋਵੇਂ ਬੜੇ ਪ੍ਰਤਿਭਾਵਾਨ ਸੰਗੀਤਕਾਰ ਵੀ ਸਨ। ਟੈਗੋਰ ਨੇ ਅਪਣੇ ਅਨੇਕ ਗੀਤਾਂ ਨੂੰ ਆਪ ਹੀ ਭਾਰਤੀ ਸ਼ਾਸਤ੍ਰੀ ਸੰਗੀਤ ਵਿਚ ਸੁਰਬੱਧ ਕੀਤਾ। ਆਈਨਸ਼ਟਾਈਨ ਸਿਰਫ਼ ਚੰਗੇ ਵਾਇਲਨ ਵਾਦਕ ਹੀ ਨਹੀਂ, ਸਗੋਂ ਚੰਗੇ ਸੰਗੀਤ-ਸ਼ਾਸਤ੍ਰੀ (ਮਿਊਜ਼ੀਕੋਲੋਜਿਸਟ) ਵੀ ਸਨ। ਇਨ੍ਹਾਂ ਦੋਹਾਂ ਮਹਾਨ ਪ੍ਰਤਿਭਾਵਾਂ ਦਾ ਮੇਲਾ ਜੁਲਾਈ 1930 ਵਿਚ ਹੋਇਆ। ਇਨ੍ਹਾਂ ਨੇ ਕਈ ਵਿਸ਼ਿਆਂ ਬਾਰੇ ਲੰਮੀ ਗੁਫ਼ਤਗੂ ਕੀਤੀ, ਜਿਹਦੇ ਨੋਟ ਕਿਸੇ ਦੋਸਤ ਨੇ ਲਿਖ ਲਏ। ਇਸ ਗੁਫ਼ਤਗੂ ਦੇ ਜ਼ਿਆਦਾਤਰ ਹਿੱਸੇ ਫ਼ਲਸਫ਼ੇ ਬਾਰੇ ਹਨ।
ਟੈਗੋਰ ਆਈਨਸ਼ਟਾਈਨ ਬਾਰੇ
ਆਈਨਸ਼ਟਾਈਨ ਨੂੰ ਅਕਸਰ ਕੱਲ-ਮੁਕੱਲਾ ਇਨਸਾਨ ਆਖਿਆ ਜਾਂਦਾ ਹੈ। ਮੇਰਾ ਖ਼ਿਆਲ ਹੈ ਕਿ ਜਿੱਥੋਂ ਤਕ ਗਣਿਤ ਦਰਸ਼ਨ ਮਨ ਨੂੰ ਰੋਜ਼ਮੱਰਾ ਜ਼ਿੰਦਗੀ ਦੇ ਛੋਟੇ-ਮੋਟੇ ਝੰਜਟਾਂ ਦੇ ਭੀੜ-ਭੜੱਕੇ ਤੋਂ ਮੁਕਤ ਕਰਦਾ ਹੈ, ਆਈਨਸ਼ਟਾਈਨ ਸੱਚੀਂ ਕੱਲ-ਮੁਕੱਲੇ ਇਨਸਾਨ ਹਨ। ਇਸ ਦਰਸ਼ਨ ਨੂੰ ਪਾਰਗਾਮੀ ਭੌਤਿਕਵਾਦ ਆਖਿਆ ਜਾ ਸਕਦਾ ਹੈ, ਜਿਹਦੀ ਪਹੁੰਚ ਗੂੜ੍ਹ ਗਿਆਨ ਦੀਆਂ ਅੰਤਮ ਸੀਮਾਵਾਂ ਤਕ ਹੈ, ਜਿੱਥੇ ਹਉਮੈ ਦੇ ਸੰਸਾਰ ਦੇ ਤਾਣੇ-ਬਾਣੇ ਤੋਂ ਪੂਰਣ ਮੁਕਤੀ ਮਿਲ਼ ਜਾਂਦੀ ਹੈ। ਵਿਗਿਆਨ ਅਤੇ ਕਲਾ ਦੋਵੇਂ ਮੈਨੂੰ ਅਪਣੀ ਰੂਹਾਨੀਅਤ ਦਾ ਪ੍ਰਗਟਾਵਾ ਜਾਪਦੇ ਹਨ, ਜੋ ਸਾਨੂੰ ਸਰੀਰ ਜੀਵਨ ਦੀਆਂ ਲੋੜਾਂ ਤੋਂ ਉਤਾਂਹ ਚੁੱਕ ਕੇ ਅੰਤਿਮ ਸੱਚ ਤਕ ਲੈ ਜਾਂਦੇ ਹਨ। ਆਈਨਸ਼ਟਾਈਨ ਮਹਾਨ ਖੋਜੀ ਹਨ। ਅਸੀਂ ਬੜੀ ਦੇਰ ਮੇਰੇ ਫ਼ਲਸਫ਼ੇ ‘ਮਨੁੱਖ ਦਾ ਧਰਮ’ ਬਾਰੇ ਗੱਲਬਾਤ ਕੀਤੀ। ਉਹ ਮੇਰੇ ਵਿਚਾਰਾਂ ਦੀ ਲੜੀ ਵਿਚ ਅਪਣੀਆਂ ਸੰਖੇਪ ਟਿੱਪਣੀਆਂ ਦਾ ਹੁੰਗਾਰਾ ਭਰਦੇ ਸਨ ਅਤੇ ਉਨ੍ਹਾਂ ਦੇ ਸਵਾਲਾਂ ਤੋਂ ਹੀ ਮੈਂ ਉਨ੍ਹਾਂ ਦੀ ਸੋਚ ਦੀ ਡੂੰਘਾਈ ਨਾਪ ਸਕਦਾ ਸਾਂ।
ਆਈਨਸ਼ਟਾਈਨ ਟੈਗੋਰ ਬਾਰੇ
ਤੁਹਾਨੂੰ ਅਹਿਸਾਸ ਹੈ ਕਿ ਲੋੜ ਅਤੇ ਗਹਿਰੀਆਂ ਇੱਛਾਵਾਂ ਵਿਚੋਂ ਉਪਜਣ ਵਾਲੀਆਂ ਉੱਗਰ ਭਾਵਨਾਵਾਂ ਨਾਲ਼ ਸੰਘਰਸ਼ ਕਰਨਾ ਕਿਹੋ ਜਿਹਾ ਲਗਦਾ ਹੈ। ਤੁਸੀਂ ਸ਼ਾਂਤ ਸਮਾਧੀ ਅਤੇ ਕੁਦਰਤ ਦੀ ਸਕ੍ਰਿਅ ਸੁੰਦਰਤਾ ’ਚੋਂ ਮੁਕਤੀ ਭਾਲ਼ਦੇ ਹੋ। ਇਨ੍ਹਾਂ ਭਾਵਨਾਵਾਂ ਨੂੰ ਪਾਲ਼-ਪਲ਼ੋਸ ਕੇ ਤੁਸੀਂ ਅਪਣੇ ਲੰਮੇ ਸਾਰਥਕ ਜੀਵਨ ਵਿਚ ਮਨੁੱਖਤਾ ਦੀ ਸੇਵਾ ਕੀਤੀ ਹੈ, ਅਜਿਹੀ ਸਹਿਜ ਭਾਵਨਾ ਨੂੰ ਫੈਲਾਇਆ ਹੈ, ਜਿਹਦੀ ਪ੍ਰਸੰਸਾ ਤੁਹਾਡੇ ਸਿਆਣੇ ਲੋਕਾਂ ਨੇ ਕੀਤੀ ਹੈ।
(ਗਾਂਧੀ ਅਤੇ ਰੋਮਾਂ ਰੋਲਾਂ ਦੇ ਸਹਿਯੋਗ ਨਾਲ਼ ਲਿਖੇ ਗਏ)
ਉਹ ਸਾਡੇ ਲਈ ਰੂਹਾਨੀਅਤ, ਪ੍ਰਕਾਸ਼ ਅਤੇ ਇਕਸੁਰਤਾ ਦੇ ਪ੍ਰਤੀਕ ਰਹੇ ਹਨ – ਅਜਿਹੇ ਮਹਾਨ ਆਜ਼ਾਦ ਪੰਛੀ, ਜੋ ਤੂਫ਼ਾਨਾਂ ਵਿਚ ਵੀ ਉੱਚੀਆਂ ਉੜਾਨਾਂ ਭਰਦੇ ਰਹੇ – ਦੱਬੇ ਹੋਏ ਮਨੋਵੇਗਾਂ ਦੇ ਸਮੁੰਦਰ ਤੋਂ ਉੱਪਰ ਉੱਠ ਕੇ ਸੁਨਹਿਰੀ ਹਾਰਪ ’ਤੇ ਅਮਰ ਗੀਤ ਗਾਉਣ ਵਾਲੇ ਫ਼ਰਿਸ਼ਤੇ। ਪਰ ਉਨ੍ਹਾਂ ਦੀ ਕਲਾ ਕਦੇ ਵੀ ਮਨੁੱਖੀ ਕਸ਼ਟਾਂ ਅਤੇ ਸੰਘਰਸ਼ਾਂ ਤੋਂ ਅਭਿੱਜ ਨਹੀਂ ਰਹੀ। ਉਹ ‘ਮਹਾਨ ਪਹਿਰੇਦਾਰ’ ਹਨ। ਅਸੀਂ ਜੋ ਵੀ ਅਤੇ ਜੋ ਵੀ ਅਸੀਂ ਕਰ ਸਕਦੇ ਹਾਂ, ਉਹਦੀਆਂ ਜੜ੍ਹਾਂ ਤੇ ਟਹਿਣੀਆਂ ਕਵਿਤਾ ਅਤੇ ਪਿਆਰ ਦੀ ਉਸੇ ਮਹਾਨ ਗੰਗਾ ’ਚੋਂ ਉਗਮੀਆਂ ਹਨ।
ਟੈਗੋਰ: ਭਾਰਤੀ ਸੰਗੀਤ ਦੀ ਰੀਤ ਓਨੀ ਸਖ਼ਤੀ ਨਾਲ਼ ਨਿਸਚਿਤ ਨਹੀਂ ਕੀਤੀ ਹੋਈ, ਜਿੰਨੀ ਪੱਛਮੀ ਸੰਗੀਤ ਦੀ ਰੀਤ ਹੈ। ਸਾਡੇ ਸੰਗੀਤ ਸਿਰਜਕ ਨੂੰ ਥੋੜ੍ਹੇ ਜਿਹੇ ਨਿਸਚਿਤ ਢਾਂਚੇ, ਧੁਨ ਅਤੇ ਤਾਲ ਦੀ ਲੋੜ ਹੁੰਦੀ ਹੈ, ਜਿਨ੍ਹਾਂ ਦੀਆਂ ਸੀਮਾਵਾਂ ਦੇ ਅੰਦਰ ਰਹਿ ਕੇ ਕੁਝ ਹੱਦ ਤਕ ਸੰਗੀਤਕਾਰ ਸੁਤੰਤਰਤਾ ਨਾਲ਼ ਸੰਗੀਤ ਸਿਰਜਣਾ ਕਰ ਸਕਦਾ ਹੈ। ਉਹਨੂੰ ਉਸ ਖ਼ਾਸ ਧੁਨ ਜਾਂ ਰਾਗ ਦੇ ਨਿਯਮਾਂ ਨਾਲ਼ ਇਕਸੁਰ ਹੋਣਾ ਪੈਂਦਾ ਹੈ, ਫਿਰ ਉਹ ਇਹਦੇ ਨਿਸਚਿਤ ਨਿਯਮਾਂ ਦਾ ਪਾਲਣ ਕਰਦਿਆਂ ਅਪਣੀਆਂ ਸੰਗੀਤਕ ਭਾਵਨਾਵਾਂ ਨੂੰ ਬੇਰੋਕ ਪ੍ਰਗਟ ਕਰ ਸਕਦਾ ਹੈ। ਅਸੀਂ ਉਸ ਸੰਗੀਤਕਾਰ ਦੀ ਪ੍ਰਸੰਸਾ ਕਰਦੇ ਹਾਂ, ਜਿਸ ਵਿਚ ਰਾਗਾਂ ਜਾਂ ਧੁਨਾਂ ਦਾ ਮੂਲ ਆਧਾਰ ਉਸਾਰਨ ਦੇ ਨਾਲ਼-ਨਾਲ਼ ਉਹਦੇ ’ਤੇ ਸੰਗੀਤ-ਭਵਨ ਉਸਾਰਨ ਦੀ ਪ੍ਰਤਿਭਾ ਵੀ ਹੋਵੇ; ਪਰ ਅਸੀਂ ਉਸ ਸੰਗੀਤਕਾਰ ਤੋਂ ਇਹ ਆਸ ਰੱਖਦੇ ਹਾਂ ਕਿ ਉਹ ਅਪਣੀ ਰਚਨਾ ਨੂੰ ਸਵੈ-ਸਿਰਜਿਤ ਰਾਗ-ਅੰਸ਼ਾਂ ਨਾਲ਼ ਉਸਾਰੇ ਅਤੇ ਸਵੈ-ਸਿਰਜਿਤ ਅਲੰਕਾਰਾਂ ਨਾਲ਼ ਸਜਾਏ। ਸੰਗੀਤ ਸਿਰਜਣ ਵੇਲੇ ਅਸੀਂ ਕਿਸੇ ਰਾਗ ਜਾਂ ਧੁਨ ਦੇ ਮੂਲ ਨਿਯਮ ਦਾ ਪਾਲਣ ਕਰਦੇ ਹਾਂ, ਅਸੀਂ ਇਹਤੋਂ ਭਟਕਦੇ ਨਹੀਂ; ਪਰ ਅਪਣੀ ਸ਼ਖ਼ਸੀਅਤ ਦੀਆਂ ਸੀਮਾਵਾਂ ਦੇ ਅੰਦਰ ਰਹਿੰਦਿਆਂ ਹੋਇਆਂ ਸਾਨੂੰ ਮੁਕੰਮਲ ਆਤਮ-ਪ੍ਰਗਟਾਵੇ ਦੀ ਪੂਰੀ ਖੁੱਲ੍ਹ ਹੁੰਦੀ ਹੈ।
ਆਈਨਸ਼ਟਾਈਨ: ਅਜਿਹਾ ਤਦ ਹੀ ਮੁਮਕਿਨ ਹੈ ਜੇ ਲੋਕਾਂ ਦੇ ਮਨਾਂ ਦਾ ਮਾਰਗ-ਦਰਸ਼ਨ ਕਰਨ ਲਈ ਸੰਗੀਤ ਦੀ ਤਕੜੀ ਰਵਾਇਤ ਹੋਵੇ। ਯੂਰਪ ਵਿਚ ਸੰਗੀਤ ਲੋਕ-ਕਲਾ ਅਤੇ ਲੋਕ-ਭਾਵਨਾਵਾਂ ਤੋਂ ਇੰਨਾ ਦੂਰ ਆ ਚੁੱਕਿਆ ਹੈ ਕਿ ਇਹ ਕੋਈ ਗੂੜ੍ਹ ਵਿੱਦਿਆ ਬਣ ਕੇ ਰਹਿ ਗਿਆ ਹੈ, ਜਿਹਦੀਆਂ ਖ਼ੁਦ ਅਪਣੀਆਂ ਹੀ ਰਵਾਇਤਾਂ ਹਨ।
ਟੈਗੋਰ: ਤਾਂ ਫਿਰ ਤੁਹਾਨੂੰ ਇਸ ਅਤਿ ਗੁੰਝਲ਼ਦਾਰ ਸੰਗੀਤ ਦਾ ਪੂਰੀ ਦਾਸਤਾ ਨਾਲ਼ ਪਾਲਣ ਕਰਨਾ ਪੈਂਦਾ ਹੈ। ਭਾਰਤ ਵਿਚ ਕਿਸੇ ਗਾਇਕ ਦੀ ਸੁਤੰਤਰਤਾ ਦਾ ਮਾਨਦੰਡ ਉਹਦੀ ਅਪਣੀ ਸ਼ਖ਼ਸੀਅਤ ਹੁੰਦਾ ਹੈ। ਉਹ ਸੰਗੀਤ ਸਿਰਜਕ ਦੇ ਗੀਤ ਨੂੰ ਅਪਣਾ ਬਣਾ ਕੇ ਗਾ ਸਕਦਾ ਹੈ, ਜੇ ਉਹ ਸੰਗੀਤ ਦੇ ਨਿਯਮਾਂ ਦਾ ਪਾਲਣ ਕਰਦਾ ਹੋਇਆ ਉਸ ਗੀਤ ਦੀ ਧੁਨ ਨੂੰ ਅਪਣੇ ਕ੍ਰਿਆਤਮਕ ਢੰਗ ਨਾਲ਼ ਢਾਲ਼ ਸਕੇ।
ਆਈਨਸ਼ਟਾਈਨ: ਮੂਲ ਸੰਗੀਤ ਪਰਿਵਰਤਨ ਪੇਸ਼ ਕਰਨ ਲਈ ਉਹਦੇ ਵਿਚਲੀਆਂ ਮਹਾਨ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਬਹੁਤ ਹੀ ਉੱਚੇ ਪੱਧਰ ਦੀ ਕਲਾਤਮਕ ਪ੍ਰਤਿਭਾ ਦੀ ਲੋੜ ਪੈਂਦੀ ਹੈ। ਸਾਡੇ ਦੇਸ਼ ਵਿਚ ਅਕਸਰ ਇਹ ਪਰਿਵਰਤਨ ਵੀ ਨਿਸਚਿਤ ਕਰਕੇ ਲਿਖੇ ਹੁੰਦੇ ਹਨ।
ਟੈਗੋਰ: ਅਪਣੇ ਕਾਰ-ਵਿਹਾਰ ਵਿਚ ਅਸੀਂ ਚੰਗਿਆਈ ਦੇ ਅਸੂਲ ਦਾ ਪਾਲਣ ਕਰਦੇ ਹਾਂ, ਸਾਨੂੰ ਸਵੈ-ਪ੍ਰਗਟਾਵੇ ਦੀ ਅਸਲ ਆਜ਼ਾਦੀ ਹੁੰਦੀ ਹੈ। ਕਾਰ-ਵਿਹਾਰ ਦਾ ਨਿਯਮ ਜ਼ਰੂਰ ਹੈ, ਪਰ ਸਾਡਾ ਅਪਣਾ ਕਿਰਦਾਰ ਇਹਨੂੰ ਸੱਚਾ ਅਤੇ ਕ੍ਰਿਆਤਮਕ ਰੂਪ ਦਿੰਦਾ ਹੈ। ਸਾਡੇ ਸੰਗੀਤ ਵਿਚ ਦੋ ਪੱਖਾਂ ਸੁਤੰਤਰਤਾ ਅਤੇ ਨਿਯਮਬੱਧਤਾ ਦਾ ਸੰਗਮ ਹੈ।
ਆਈਨਸ਼ਟਾਈਨ: ਕੀ ਗੀਤ ਦੇ ਸ਼ਬਦਾਂ ਵਿਚ ਵੀ ਸੁਤੰਤਰਤਾ ਹੁੰਦੀ ਹੈ। ਮੇਰੇ ਕਹਿਣ ਦਾ ਮਤਲਬ ਹੈ, ਕੀ ਗਾਇਕ ਗਾਉਣ ਵੇਲੇ ਗੀਤ ਵਿਚ ਅਪਣੇ ਸ਼ਬਦ ਵੀ ਭਰ ਸਕਦਾ ਹੈ?
ਟੈਗੋਰ: ਬੰਗਾਲ ਵਿਚ ਖ਼ਾਸ ਸੰਗੀਤ ਸ਼ੈਲੀ ਹੈ ਜਿਹਨੂੰ ਅਸੀਂ ਕੀਰਤਨ ਆਖਦੇ ਹਾਂ – ਜਿਹਦੇ ਵਿਚ ਗਾਇਕ ਵਿਚ-ਵਿਚਾਲੇ ਵਿਸਤਾਰ ਲਈ ਅਪਣੇ ਸ਼ਬਦ ਵੀ ਭਰ ਸਕਦਾ ਹੈ, ਜਿਹੜੇ ਮੂਲ ਗੀਤ ਵਿਚ ਨਹੀਂ ਹੁੰਦੇ। ਇਹਦੇ ਨਾਲ਼ ਸੰਗੀਤ ਵਲਵਲੇ-ਭਰਪੂਰ ਬਣ ਜਾਂਦਾ ਹੈ, ਕਿਉਂਕਿ ਖ਼ੁਦ ਗਾਇਕ ਦੀਆਂ ਪੇਸ਼ ਕੀਤੀਆਂ ਨਵੀਆਂ ਸੁੰਦਰ ਭਾਵਨਾਵਾਂ ਨਾਲ਼ ਸਰੋਤੇ ਝੂਮ ਉੱਠਦੇ ਹਨ।
ਆਈਨਸ਼ਟਾਈਨ: ਕੀ ਤਾਲ ਜਾਂ ਛੰਦੇ ਨਿਯਮ ਕਾਫ਼ੀ ਸ਼ਖਤ ਹਨ?
ਟੈਗੋਰ: ਹਾਂ, ਕਾਫ਼ੀ ਸਖ਼ਤ। ਤੁਸੀਂ ਛੰਦ ਤੋਂ ਬਾਹਰ ਨਹੀਂ ਜਾ ਸਕਦੇ। ਗਾਇਕ ਕਿੰਨੇ ਵੀ ਪਰਿਵਰਤਨ ਕਰੇ, ਉਹਨੂੰ ਤਾਲ ਅਤੇ ਸਮੇਂ ਦੇ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ, ਜੋ ਨਿਸਚਿਤ ਹੁੰਦਾ ਹੈ। ਯੂਰਪ ਵਿਚ ਤਾਲ ਜਾਂ ਸਮੇਂ ਬਾਰੇ ਕੁਝ ਵੱਧ ਆਜ਼ਾਦੀ ਹੈ, ਪਰ ਧੁਨ ਬਦਲਣ ਦੀ ਨਹੀਂ। ਭਾਰਤ ਵਿਚ ਧੁਨ ਦੀ ਆਜ਼ਾਦੀ ਹੈ, ਪਰ ਸਮੇਂ ਜਾਂ ਤਾਲ ਦੀ ਨਹੀਂ।
ਆਈਨਸ਼ਟਾਈਨ: ਕੀ ਭਾਰਤੀ ਸੰਗੀਤ ਸ਼ਬਦਾਂ ਤੋਂ ਬਿਨਾਂ ਵੀ ਗਾਇਆ ਜਾ ਸਕਦਾ ਹੈ? ਕੀ ਸ਼ਬਦਾਂ ਤੋਂ ਬਿਨਾਂ ਵੀ ਗੀਤ ਨੂੰ ਸਮਝਿਆ ਜਾ ਸਕਦਾ ਹੈ?
ਟੈਗੋਰ: ਹਾਂ, ਸਾਡੇ ਅਰਥਹੀਣ ਸ਼ਬਦਾਂ ਵਾਲੇ ਗੀਤ ਵੀ ਹਨ, ਉਹ ਆਵਾਜ਼ਾਂ ਜੋ ਸਿਰਫ਼ ਸੁਰਾਂ ਨੂੰ ਪੇਸ਼ ਕਰਨ ਲਈ ਹੀ ਵਰਤੀਆਂ ਜਾਂਦੀਆਂ ਹਨ। ਉੱਤਰੀ ਭਾਰਤ ਵਿਚ ਸੰਗੀਤ ਸੁਤੰਤਰ ਕਲਾ ਹੈ, ਬੰਗਾਲ ਵਾਂਙ ਸ਼ਬਦਾਂ ਅਤੇ ਖ਼ਿਆਲਾਂ ਨੂੰ ਪੇਸ਼ ਕਰਨ ਦਾ ਸਾਧਨ ਹੀ ਨਹੀਂ। ਇਹ ਸੰਗੀਤ ਬਹੁਤ ਪੇਚੀਦਾ ਅਤੇ ਸੂਖ਼ਮ ਹੈ ਅਤੇ ਇਹ ਅਪਣੇ ਆਪ ਵਿਚ ਹੀ ਰਾਗਾਂ ਦਾ ਸੰਸਾਰ ਹੈ।
ਆਈਨਸ਼ਟਾਈਨ: ਕੀ ਇਹ ਪੋਲੀਫ਼ੋਨਿਕ ਨਹੀਂ?
ਟੈਗੋਰ: ਸਾਜ਼ਾਂ ਦੀ ਵਰਤੋਂ ਸੁਰ-ਮਿਲਾਪ (ਹਾਰਮਨੀ) ਪੈਦਾ ਕਰਨ ਲਈ ਨਹੀਂ, ਸਗੋਂ ਤਾਲ ਕਾਇਮ ਰੱਖਣ ਲਈ ਅਤੇ ਸੰਗੀਤ ਵਿਚ ਉਚਾਈ ਅਤੇ ਡੂੰਘਾਈ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਕੀ ਤੁਹਾਡੇ ਸੰਗੀਤ ਵਿਚ ਸੁਰ-ਮਿਲਾਪ ਦੇ ਆਉਣ ਨਾਲ਼ ਧੁਨ (ਮੈਲੋਡੀ) ’ਤੇ ਨੂੰ ਕੋਈ ਨੁਕਸਾਨ ਪਹੁੰਚਿਆ ਹੈ?
ਆਈਨਸ਼ਟਾਈਨ: ਕਈ ਵਾਰ ਬਹੁਤ ਨੁਕਸਾਨ ਪਹੁੰਚਦਾ ਹੈ। ਕਈ ਵਾਰ ਸੁਰ-ਮਿਲਾਪ ਧੁਨ ਨੂੰ ਪੂਰੀ ਤਰ੍ਹਾਂ ਨਿਗਲ਼ ਜਾਂਦਾ ਹੈ।
ਟੈਗੋਰ: ਧੁਨ ਅਤੇ ਸੁਰ-ਮਿਲਾਪ ਦੀ ਤੁਲਨਾ ਤਸਵੀਰਾਂ ਵਿਚਲੀਆਂ ਲਾਈਨਾਂ ਨਾਲ਼ ਕੀਤੀ ਜਾ ਸਕਦੀ ਹੈ। ਸਿਰਫ਼ ਲਕੀਰਾਂ ਨਾਲ਼ ਬਣੀ ਤਸਵੀਰ ਵੀ ਬਹੁਤ ਸੋਹਣੀ ਹੋ ਸਕਦੀ ਹੈ; ਇਹਦੇ ਵਿਚ ਰੰਗ ਭਰਨ ਨਾਲ਼ ਇਹ ਅਸਪਸ਼ਟ ਅਤੇ ਕੁਹਜੀ ਬਣ ਸਕਦੀ ਹੈ। ਪਰ ਇਹ ਵੀ ਹੋ ਸਕਦਾ ਹੈ ਕਿ ਲਾਈਨਾਂ ਅਤੇ ਰੰਗ ਮਿਲ਼ ਕੇ ਕਿਸੇ ਤਸਵੀਰ ਨੂੰ ਮਹਾਨ ਬਣਾ ਸਕਣ, ਜਦ ਤਕ ਇਹਦੇ ਕਰਕੇ ਦੋਹਾਂ ਦਾ ਸੁਹੱਪਣ ਘਟਣ ਨਾਲ਼ ਤਸਵੀਰ ਦਾ ਸੱਤਿਆਨਾਸ ਨਾ ਹੋਵੇ।
ਆਈਨਸ਼ਟਾਈਨ: ਇਹ ਬਹੁਤ ਵਧੀਆ ਤਸ਼ਬੀਹ ਹੈ; ਲਾਈਨਾਂ ਦੀ ਵਰਤੋਂ ਰੰਗ ਨਾਲ਼ੋਂ ਬਹੁਤ ਜ਼ਿਆਦਾ ਪ੍ਰਾਚੀਨ ਹੈ। ਜਾਪਦਾ ਹੈ ਕਿ ਤੁਹਾਡੇ ਸੰਗੀਤ ਵਿਚ ਧੁਨ ਦੀ ਬਣਤਰ ਸਾਡੇ ਸੰਗੀਤ ਨਾਲ਼ੋਂ ਬਹੁਤ ਜ਼ਿਆਦਾ ਵਿਕਸਿਤ ਹੈ। ਜਾਪਾਨੀ ਸੰਗੀਤ ਵੀ ਇਹੋ ਜਿਹਾ ਜਾਪਦਾ ਹੈ।
ਟੈਗੋਰ: ਪੂਰਬੀ ਅਤੇ ਪੱਛਮੀ ਸੰਗੀਤ ਦੇ ਮਨ ’ਤੇ ਪੈਣ ਵਾਲੇ ਪ੍ਰਭਾਵ ਦਾ ਵਿਸ਼ਲੇਸ਼ਣ ਕਰਨਾ ਮੁਸ਼ਕਿਲ ਹੈ। ਮੈਨੂੰ ਪੱਛਮੀ ਸੰਗੀਤ ਵੀ ਬਹੁਤ ਚੰਗਾ ਲੱਗਦਾ ਹੈ – ਮੈਨੂੰ ਇਹ ਮਹਾਨ ਸੰਗੀਤ ਜਾਪਦਾ ਹੈ, ਇਹਦਾ ਢਾਂਚਾ ਵਿਸ਼ਾਲ ਹੈ ਅਤੇ ਇਹਦੀ ਬਣਤਰ ਸ਼ਾਹਾਨਾ ਹੈ। ਸਾਡਾ ਸੰਗੀਤ ਅਪਣੀ ਗੀਤਮਈ ਮਧੁਰਤਾ ਕਾਰਣ ਮੇਰੇ ਮਨ ਨੂੰ ਟੁੰਬਦਾ ਹੈ। ਯੂਰਪੀ ਸੰਗੀਤ ਦਾ ਸੁਭਾਓ ਮਹਾਂ-ਕਾਵਿਕ ਹੈ ਅਤੇ ਇਹਦਾ ਢਾਂਚਾ ਕਿਸੇ ਗੋਥਿਕ ਇਮਾਰਤ ਵਾਂਙ ਵਿਸ਼ਾਲ ਹੈ।
ਆਈਨਸ਼ਟਾਈਨ: ਹਾਂ, ਹਾਂ, ਬਿਲਕੁਲ ਸਹੀ। ਤੁਸੀਂ ਪਹਿਲੀ ਵਾਰ ਪੱਛਮੀ ਸੰਗੀਤ ਕਦ ਸੁਣਿਆ ਸੀ?
ਟੈਗੋਰ: ਸਤਾਰਾਂ ਸਾਲ ਦੀ ਉਮਰ ਚ, ਜਦ ਮੈਂ ਪਹਿਲੀ ਵਾਰ ਯੂਰਪ ਆਇਆ। ਤਦ ਮੈਂ ਇਹਨੂੰ ਨੇੜਿਓਂ ਮਾਣਿਆ, ਪਰ ਇਹਤੋਂ ਪਹਿਲਾਂ ਵੀ ਮੈਂ ਅਪਣੇ ਘਰ ਵਿਚ ਯੂਰਪੀ ਸੰਗੀਤ ਸੁਣਦਾ ਸੀ। ਮੈਂ ਬਚਪਨ ਵਿਚ ਸ਼ੌਪਿਨ ਅਤੇ ਹੋਰਨਾਂ ਦਾ ਸੰਗੀਤ ਸੁਣਿਆ ਸੀ।
ਆਈਨਸ਼ਟਾਈਨ: ਇਸ ਸਵਾਲ ਦਾ ਸਹੀ ਜਵਾਬ ਅਸੀਂ ਯੂਰਪੀ ਲੋਕ ਨਹੀਂ ਦੇ ਸਕਦੇ, ਕਿਉਂਕਿ ਅਸੀਂ ਅਪਣਾ ਸੰਗੀਤ ਸੁਣਨ ਦੇ ਇੰਨੇ ਜ਼ਿਆਦਾ ਆਦੀ ਹੋ ਗਏ ਹਾਂ। ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਸਾਡਾ ਸੰਗੀਤ ਰਵਾਇਤੀ ਹੈ ਜਾਂ ਮੂਲ ਮਨੁੱਖੀ ਭਾਵਨਾ? ਕੀ ਸੁਰਾਂ ਦਾ ਸੁਮੇਲ ਜਾਂ ਕੁਮੇਲ ਕੁਦਰਤੀ ਹੈ ਜਾਂ ਸਿਰਫ਼ ਅਜਿਹੀ ਰਵਾਇਤ ਹੀ ਹੈ ਜੋ ਅਸੀਂ ਸਵੀਕਾਰ ਕਰ ਲਈ ਹੈ?
ਟੈਗੋਰ: ਪਤਾ ਨਹੀਂ ਕਿਉਂ ਪਿਆਨੋ ਨਾਲ਼ ਮੇਰੀ ਸੂਝ-ਬੂਝ ਹਿੱਲ ਜਾਂਦੀ ਹੈ। ਵਾਇਲਨ ਮੈਨੂੰ ਕਾਫ਼ੀ ਜ਼ਿਆਦਾ ਪਸੰਦ ਹੈ।
ਆਈਨਸ਼ਟਾਈਨ: ਕਿਸੇ ਅਜਿਹੇ ਵਿਅਕਤੀ ’ਤੇ ਪੈਣ ਵਾਲੇ ਪੱਛਮੀ ਸੰਗੀਤ ਦਾ ਅਧਿਐਨ ਕਰਨਾ ਬੜਾ ਦਿਲਚਸਪ ਵਿਸ਼ਾ ਹੋਏਗਾ, ਜਿਸ ਵਿਅਕਤੀ ਨੇ ਇਹ ਸੰਗੀਤ ਬਚਪਨ ਵਿਚ ਕਦੇ ਨਾ ਸੁਣਿਆ ਹੋਵੇ।
ਟੈਗੋਰ: ਇਕ ਵਾਰੀ ਮੈਂ ਕਿਸੇ ਅੰਗਰੇਜ਼ ਸੰਗੀਤਕਾਰ ਨੂੰ ਆਖਿਆ ਕਿ ਉਹ ਮੈਨੂੰ ਸਮਝਾਏ ਕਿ ਪੱਛਮੀ ਸ਼ਾਸ਼ਤ੍ਰੀ ਸੰਗੀਤ ਦੀ ਸੁੰਦਰਤਾ ਦਾ ਕਾਰਣ ਉਹਦੇ ਕਿਹੜੇ ਅੰਸ਼ ਸਨ?
ਆਈਨਸ਼ਟਾਈਨ: ਮੁਸ਼ਕਿਲ ਇਹ ਹੈ ਕਿ ਮਹਾਨ ਸੰਗੀਤ ਦਾ ਵਿਸ਼ਲੇਸ਼ਣ ਕੀਤਾ ਹੀ ਨਹੀਂ ਸਕਦਾ, ਭਾਵੇਂ ਉਹ ਪੂਰਬੀ ਸੰਗੀਤ ਹੋਵੇ ਜਾਂ ਪੱਛਮੀ ਸੰਗੀਤ।
ਟੈਗੋਰ: ਸ੍ਰੋਤੇ ’ਤੇ ਜਿਸ ਚੀਜ਼ ਦਾ ਅਸਰ ਸਭ ਤੋਂ ਵੱਧ ਡੂੰਘਾ ਹੁੰਦਾ ਹੈ, ਉਹ ਚੀਜ਼ ਉਹਦੀ ਸਮਝ ਤੋਂ ਪਰ੍ਹਾਂ ਹੁੰਦੀ ਹੈ।
ਆਈਨਸ਼ਟਾਈਨ: ਇਹੋ ਅਨਿਸਚਿਤਤਾ ਅਜਿਹੀ ਸਾਡੇ ਅਨੁਭਵ ਦੀ ਹਰ ਆਧਾਰ-ਭੂਤ ਸੰਵੇਦਨਾ ਬਾਰੇ ਵੀ ਹੋਏਗੀ, ਯਾਨੀ ਕਲਾ ਦੇ ਸਾਡੇ ’ਤੇ ਪੈਣ ਵਾਲੇ ਅਸਰ ਬਾਰੇ – ਪੂਰਬ ਵਿਚ ਵੀ ਤੇ ਪੱਛਮ ਵਿਚ ਵੀ। ਸਾਡੇ ਸਾਹਮਣੇ ਮੇਜ਼ ’ਤੇ ਜਿਹੜਾ ਲਾਲ ਫੁੱਲ ਪਿਆ ਮੈਨੂੰ ਦਿਸਦਾ ਹੈ, ਹੋ ਸਕਦਾ ਹੈ ਕਿ ਉਹ ਤੁਹਾਡੇ ਲਈ ਕੁਝ ਹੋਰ ਹੋਵੇ ਅਤੇ ਮੇਰੇ ਲਈ ਕੁਝ ਹੋਰ।
ਟੈਗੋਰ: ਪਰ ਇਨ੍ਹਾਂ ਦੋਹਾਂ ਅਨੁਭੂਤੀਆਂ ਵਿਚਕਾਰ ਹਮੇਸ਼ਾ ਸਮਝੌਤਾ ਹੁੰਦਾ ਰਹੇਗਾ, ਨਿਜੀ ਸੁਹਜ-ਸਵਾਦ ਸਰਬ-ਸਾਂਝੇ ਮਿਆਰ ਮੁਤਾਬਿਕ ਢਲ਼ਦੇ ਰਹਿਣਗੇ।