ਰਾਜਿੰਦਰ ਸਿੰਘ ਚੀਮਾ (ਜਨਮ 28 ਫਰਵਰੀ, 1947) ਪੰਜਾਬ ਦੇ ਐਡਵੋਕੇਟ ਜਨਰਲ ਰਹਿ ਚੁੱਕੇ ਹਨ
? ਕਿਹੜੇ ਲੇਖਕਾਂ ਤੇ ਕਿਹੜੀਆਂ ਕਿਤਾਬਾਂ ਸਦਕਾ ਤੁਹਾਡੀ ਸੋਚ ਬਣੀ ਹੈ?
ਬੁੱਲ੍ਹਾ, ਗ਼ਾਲਿਬ, ਟੈਗੋਰ, ਚੈਖ਼ਵ, ਤਾਲਸਤਾਏ (ਜੰਗ ਤੇ ਅਮਨ, ਮੋਇਆਂ ਦੀ ਜਾਗ) ਕਾਰਲ ਮਾਰਕਸ, ਗਾਰਸੀਆ ਮਾਰਕੁਵੇਜ਼
(ਸੌ ਵਰ੍ਹੇ ਲੰਬੀ ਇੱਕਲ)
? ਕਿਸੇ ਫ਼ਿਲਮ, ਕਿਤਾਬ, ਨਾਟਕ, ਕਵਿਤਾ ਜਾਂ ਸੰਗੀਤ ਦਾ ਨਾਂ ਲਓ; ਜੋ ਤੁਸੀਂ ਚਾਹੁੰਦੇ ਹੋ ਹਰ ਕੋਈ ਦੇਖੇ, ਪੜ੍ਹੇ ਜਾਂ ਸੁਣੇ।
ਮਾਰਕੁਵੇਜ਼ ਦੀ ਕਿਤਾਬ ‘ਸੌ ਵਰ੍ਹੇ ਲੰਮੀ ਇੱਕਲ’
? ਨਿੱਕੇ ਹੁੰਦਿਆਂ ਤੁਹਾਡੇ ‘ਤੇ ਕਿਸ ਬੰਦੇ ਦਾ ਉੱਘੜਵਾਂ ਅਸਰ ਪਿਆ ਸੀ?
ਮੇਰੇ ਨਾਨਾ ਜੀ ਸਰਦਾਰ ਭਾਗ ਸਿੰਘ ਦੀ ਸ਼ਾਨਦਾਰ ਧਾਰਮਿਕ ਰਵਾਇਤਾਂ ਵਿਚ ਰੰਗੀ ਮਾਨਵਵਾਦੀ ਸ਼ਖ਼ਸੀਅਤ ਦਾ, ਜਿਹੜੇ
ਮੇਰੇ ਜਨਮ ਤੋਂ ਥੋੜ੍ਹਾ ਕੁ ਅਰਸਾ ਬਾਅਦ ਤਕਸੀਮ ਵੇਲੇ ਮਾਰੇ ਗਏ ਸਨ। ਪਰ ਮੇਰੀ ਮਾਂ ਨੇ ਅਪਣੇ ਅਸਾਧਾਰਣ ਤਰਜ਼-ਇ-
ਬਿਆਨ ਅਤੇ ਯਾਦ ਸ਼ਕਤੀ ਸਦਕਾ ਉਨ੍ਹਾਂ ਨੂੰ ਮੇਰੇ ਲਈ ਜਿਉਂਦੇ ਹੀ ਰੱਖਿਆ।
? ਹੁਣ ਤਕ ਕਿਹੜੀ ਘਟਨਾ ਦਾ ਤੁਹਾਡੇ ਸਿਆਸੀ ਏਤਕਾਦ ‘ਤੇ ਉੱਘੜਵਾਂ ਅਸਰ ਪਿਆ ਹੈ?
ਸੰਨ ਸੰਤਾਲ਼ੀ ‘ਚ ਹੋਈ ਤਕਸੀਮ, ਵੱਡੇ ਪੱਧਰ ‘ਤੇ ਮਨੁੱਖੀ ਉਜਾੜੇ, ਪੰਜਾਬੀਆਂ, ਸਿੰਧੀਆਂ, ਬੰਗਾਲੀਆਂ ਅਤੇ ਹੋਰਾਂ ਲੋਕਾਂ
ਉਪਰ ਗੁਜ਼ਰੇ ਅਸਹਿ ਤੇ ਅਕਹਿ ਸੰਤਾਪ ਦਾ ਅਤੇ ਉਸ ਵਿੱਚੋਂ ਉਭਰਨ ਵਾਲ਼ੇ ਮਹਾਂ-ਕਾਵਿਕ (ਐਪਿਕ) ਅਨੁਭਵ ਦਾ।
? ਕਿਹੜਾ ਸਿਆਸਤਦਾਨ -ਜੀਉਂਦਾ ਜਾਂ ਮੋਇਆ- ਤੁਹਾਨੂੰ ਸਭ ਤੋਂ ਵਧ ਚੰਗਾ ਲਗਦਾ ਹੈ?
ਹੋ ਚੀ ਮਿੰਨ੍ਹ।
? ਜੇ ਤੁਸੀਂ ਇਤਿਹਾਸ ਦੇ ਕਿਸੇ ਯੁਗ ਚ ਜਾ ਸਕੋ, ਤਾਂ ਕਿਹੜੇ ਚ ਜਾਣਾ ਚਾਹੋਗੇ?
ਅਪਣੇ ਜਨਮ (ਤਕਸੀਮ ਦੇ ਆਸ-ਪਾਸ) ਤੋਂ ਸਿਰਫ਼ ਤੀਹ-ਚਾਲ਼ੀ ਵਰ੍ਹੇ ਪਿੱਛੇ ਜਾਣਾ ਚਾਹਾਂਗਾ, ਤਾਂ ਕਿ ਵੀਹਵੀਂ ਸਦੀ ਦੀਆਂ
ਕਈ ਸਦੀਆਂ ਜਿੱਡੀ ਪੁਲ਼ਾਂਘ ਦਾ ਕਿਆਸ ਲਾ ਸਕਾਂ।
? ਇਸ ਵੇਲੇ ਸ਼ਖ਼ਸੀ ਆਜ਼ਾਦੀ ਨੂੰ ਸਭ ਤੋਂ ਵੱਡਾ ਖ਼ਤਰਾ ਕਿਸ ਤੋਂ ਹੈ?
ਅਤਿ ਦੀ ਗਰੀਬੀ ਤੋਂ, ਜਿਹਦੇ ਕਾਰਣ ਮਨੁੱਖਤਾ ਦਾ ਵੱਡਾ ਹਿੱਸਾ ਗ਼ਰੀਬੀ ਦੀ ਰੇਖਾ ਦੇ ਹੇਠਾਂ ਉਹ ਅਣਮਨੁੱਖੀ ਜੀਵਨ
ਜੀਉਂ ਰਿਹਾ ਹੈ, ਜੋ ਕਿਸੇ ਵੀ ਸਮਾਜ ਦੀ ਬੇਅਮਨੀ, ਅਨਿਆਂ ਅਤੇ ਸ਼ੋਸ਼ਣ ਦਾ ਸਾਮਾਨ ਹੈ।
? ਲੋੜ ਪੈਣ ‘ਤੇ ਤੁਸੀਂ ਕਿਹਦੀ ਸਲਾਹ ਮੰਨਦੇ ਹੋ?
ਹਮ ਨੇ ਤਮਾਮ ਉਮਰ ਅਕੇਲੇ ਸਫ਼ਰ ਕੀਯਾ,
ਹਮ ਪਰ ਕਿਸੀ ਖ਼ੁਦਾ ਕੀ ਇਨਾਇਤ ਨਹੀਂ ਰਹੀ।
? ਜੇ ਤੁਸੀਂ ਕੋਈ ਕਾਨੂੰਨ ਬਣਾ ਸਕੋ, ਤਾਂ ਕਾਹਦਾ ਬਣਾਉਗੇ?
ਕਾਨੂੰਨ ਦੀ ਪਹੁੰਚ ਬੜੀ ਸੀਮਿਤ ਹੁੰਦੀ ਹੈ।
? ਵੀਹਵੀਂ ਸਦੀ ਦੇ ਪੰਜਾਬ ਦਾ ਸਭ ਤੋਂ ਵੱਡਾ ਦਾਨਿਸ਼ਵਰ ਕੌਣ ਹੋਇਆ ਹੈ?
ਕੋਈ ਨਾਂ ਰੜਕ ਨਹੀਂ ਰਿਹਾ।