ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹ ਥੀਂ ਫੱਬੇ
ਜਿਹਨੂੰ ਸੱਟ ਇਸ਼ਕ ਦੀ ਲੱਗੇ
ਵੀਰ ਮੇਰਿਆ ਜੁਗਨੀ ਕਹਿੰਦੀ ਆ, ਓ ਨਾਮ ਸੱਜਣ ਦਾ ਲੈਂਦੀ ਆ…
ਇਸ ਲਿਖਤ ਵਿਚ ਮੈਂ ਜੁਗਨੀ ਦਾ ਰੂਪਕ ਕਈ ਰੰਗਾਂ ਚ ਵਰਤਿਆ ਹੈ। ਕਿਤੇ ਇਹਦਾ ਮਤਲਬ ਹੈ ਵੀਹਵੀਂ ਸਦੀ ਦੇ ਪੰਜਾਬ ਦੀ ਤਾਰੀਖ਼। ਕਿਤੇ ਇਸ ਸਦੀ ਦੀ ਚੁੱਪ ਬੇਵਸ ਚਸ਼ਮਦੀਦ ਗਵਾਹੀ। ਹੋਣੀ। ਹਮਾਤੜ। ਨਵੀਂ ਸੋਚ। ਪੂੰਜੀਵਾਦ ਦਾ ਪੰਜਾਬ ਚ ਆਗਮਨ। ਸੰਭਾਵਨਾ।
ਜੁਗਨੀ ਗਾਵਣ ਦਾ ਮੁੱਢ ਸੰਨ 1906 ਵਿਚ ਬੱਝਾ ਦੱਸਿਆ ਜਾਂਦਾ ਹੈ, ਜਦ ਫ਼ਰੰਗੀਆਂ ਨੇ ਮਲਿਕਾ ਵਿਕਟੋਰੀਆ ਦੀ ਤਾਜਪੋਸ਼ੀ ਦੀ ਗੋਲਡਨ ਜੁਬਲੀ ਵੇਲੇ ‘ਜੁਬਲੀ ਫ਼ਲੇਮ’ (ਜੋਤੀ) ਸਾਰੇ ਸਾਮਰਾਜ ਵਿਚ ਧੁਮਾਈ ਸੀ। ਸ਼ਹਿਰੋ-ਸ਼ਹਿਰ ਫਿਰਦੀ ਫ਼ਲੇਮ ਦੇ ਨਾਲ਼-ਨਾਲ਼ ਦੋ ਮਝੈਲ ਬਿਸ਼ਨਾ ਤੇ ਮੰਦ੍ਹਾ (ਮੁਹੰਮਦ) ‘ਖਾੜੇ ਲਾਉਂਦੇ ਹੁੰਦੇ ਸੀ। ਮੰਦ੍ਹਾ ਢੱਡ ਵਜਾਉਂਦਾ ਸੀ ਤੇ ਬਿਸ਼ਨਾ ਕਿੰਗ। ਇਨ੍ਹਾਂ ਨੇ ਜੁਬਲੀ ਨੂੰ ਜੁਗਨੀ ਬਣਾ ਦਿੱਤਾ। ਜੁਗਨੀ ਦਾ ਨਾਂ ਹਰ ਮੂੰਹ ‘ਤੇ ਚੜ੍ਹ ਗਿਆ, ਅੱਧੀ ਸਦੀ ਮਗਰੋਂ ਜਿਹਨੂੰ ਆਲਮ ਲੁਹਾਰ ਨੇ ਨਵੇਂ ਰੰਗ ਚ ਗਾਉਣਾ ਸੀ ਅਤੇ ਫੇਰ ਅੱਧੀ ਸਦੀ ਪਿੱਛੋਂ ਉਹਦੇ ਪੁੱਤ ਆਰਿਫ਼ ਨੇ। ਜੁਗਨੀ ਮੁਲਤਾਨ ਹੁੰਦੀ ਹੋਈ ਮਿਰਕਣ ਪੁੱਜ ਗਈ। ਆਰਿਫ਼ ਦੀ ਸੰਨ 2006 ਵਿਚ ਗਾਈ ਜੁਗਨੀ ਦੀ ਵੀਡੀਓ ਨੀਊ ਯੌਰਕ ਚ ਬਣੀ ਹੈ। ਆਰਿਫ਼ ਨੇ ਮੈਨੂੰ ਇਸ ਲੇਖ ਦੀ ਤੰਦ ਫੜਾਈ ਹੈ। ਜੁਗਨੀ ਦੇ ਬਹਾਨੇ ਮੈਂ ਪਿਛਲੀ ਸਦੀ ਦੇ ਪੰਜਾਬ ਦੀ ਗੱਲ ਕਰਨੀ ਹੈ।
ਹਰ ਹਭੀ-ਨਭੀ ਵੇਲੇ ਜੁਗਨੀ ਜਿਥੇ-ਜਿਥੇ ਵੀ ਸੀ, ਮੈਂ ਉਹਦੇ ਨਾਲ਼-ਨਾਲ਼ ਯਾਤ੍ਰਾ ਕਰਨੀ ਹੈ। ਆਪਾਂ ਅਪਣੇ ਜਨਮ ਤੋਂ ਵੀ ਪਹਿਲਾਂ ਹੋਈਆਂ ਘਟਨਾਵਾਂ ਵੇਲੇ ਹਰ ਥਾਂ ਮੌਜੂਦ ਹੋਵਾਂਗੇ, ਉਵੇਂ ਜਿਵੇਂ ਤਾਰੀਖ਼ ਦਾ ਹਰ ਪਾਠਕ ਸਦੀਆਂ ਪਹਿਲਾਂ ਦੀਆਂ ਘਟਨਾਵਾਂ ਨੂੰ ਚਿਤਾਰ ਲੈਂਦਾ ਹੈ। ਜੁਗਨੀ ਦਮੋਦਰ-ਕਿਆਂ ਚੋਂ ਹੈ, ਜਿਨ੍ਹਾਂ ਨੂੰ ਅੱਖੀ ਡਿੱਠੇ ਨੂੰ ਆਖਣ ਦੀ ਦਾਤ ਮਿਲ਼ੀ ਹੋਈ ਹੈ।
ਸੰਨ 1906 ਵਿਚ ‘ਜੁਬਲੀ ਫ਼ਲੇਮ’ ਦੇ ਆਉਣ ਤੋਂ ਪਹਿਲਾਂ ਤੇ ਮਗਰੋਂ ਪੰਜਾਬ ਵਿਚ ਅੱਪੜੀਆਂ ਨਵੇਂ ਜੁੱਗ ਦੀਆਂ ਨਿਹਮਤਾਂ ਦੀਆਂ ਤਾਰੀਖ਼ਾਂ ਨਾਲ਼ ਇਸ ਲਿਖਤ ਦਾ ਪਨ੍ਹਾਂ ਬਣਦਾ ਹੈ ਸੰਨ 1850 ਵਿਚ ਲੁਧਿਆਣੇ ਛਾਪਾਖ਼ਾਨਾ ਲੱਗਣਾ ਤੇ ਪੰਜਾਬੀ ਵਿਚ ਅੰਜੀਲ ਦਾ ਛਪਣਾ; ਸ਼ਿਮਲੇ ਚ ਕੈਮਰੇ ਨਾਲ਼ ਖਿੱਚੀ ਸਭ ਤੋਂ ਪਹਿਲੀ ਤਸਵੀਰ 1850 ਦੀ ਮਿਲ਼ਦੀ ਹੈ; ਇਸੇ ਸਾਲ ਘੰਟੇਘਰਾਂ ਚ ਵੱਡੀਆਂ ਘੜੀਆਂ ਲਗ ਗਈਆਂ; 1884 ਵਿਚ ਫ਼ਰੀਦਕੋਟੋਂ ਦਿੱਲੀ ਰੇਲਗੱਡੀ ਚਲ ਪਈ ਸੀ; 1886 ਵਿਚ ਲਹੌਰੋਂ ਪੰਜਾਬੀ ਦਾ ਪਹਿਲਾ ਅਖ਼ਬਾਰ ਖ਼ਾਲਸਾ ਅਖ਼ਬਾਰ ਛਪਣ ਲੱਗਾ ਸੀ।
ਨਾਲ਼ ਦੀ ਨਾਲ਼ ਪੰਜਾਬੀਆਂ ਨੇ ਅਪਣੀ ਧਰਤੀ ਦੀ ਲੱਜ ਪਾਲਣ ਲਈ ਸਿਰ-ਧੜ ਦੀ ਬਾਜ਼ੀ ਲਾ ਰੱਖੀ ਸੀ। ਪੰਜਾਬ ਦੀਆਂ ਇਨ੍ਹਾਂ ਥਾਵਾਂ ਦੇ ਨਾਮ ਸ਼ਹੀਦਾਂ ਦੇ ਨਾਵਾਂ ਵਰਗੇ ਹੀ ਪਵਿਤਰ ਹਨ: ਮੁਦਕੀ। ਫੇਰੂ। ਬੱਦੋਵਾਲ਼। ਲੁਧਿਆਣਾ। ਅਲੀਵਾਲ਼। ਸਭਰਾਉਂ। ਮੁਲਤਾਨ। ਰਾਮਨਗਰ ਗੁੱਜਰਾਂਵਾਲ਼ਾ। ਸਰਦੂਲਪੁਰ। ਚਿੱਲਿਆਂਵਾਲ਼ਾ। ਭੈਣੀ। ਮਲੇਰਕੋਟਲ਼ਾ।
1903 ਵਿਚ ਕਪੂਰਥਲੇ ਬਿਜਲੀ ਲਗ ਗਈ ਸੀ; 1905 ਵਿਚ ਪੰਜਾਬੀ ਦਾ ਪਹਿਲਾ ਤਵਾ (ਗਰਾਮੋਫ਼ੋਨ ਰਿਕੌਰਡ) ਬਣਿਆ; 1910 ਵਿਚ ਸਮੁੰਦਰ ਹੇਠ ਵਿਛਾਈ ਤਾਂਬੇ ਦੀ ਤਾਰ ਨਾਲ਼ ਲੰਡਨ ਤੇ ਦਿੱਲੀ ਸ਼ਿਮਲੇ ਦੀਆਂ ਤਾਰਾਂ ਜੁੜ ਗਈਆਂ; ਓਦੋਂ ਕੁ ਹੀ ਲੌਰੀਆਂ ਤੇ ਮੋਟਰਕਾਰਾਂ ਦੇ ਨਾਲ਼-ਨਾਲ਼ ਬਾਈਸਿਕਲ ਸੜਕਾਂ ‘ਤੇ ਚਲਣ ਲਗ ਪਿਆ ਸੀ। ਸੰਨ 25 ਵਿਚ ਲਹੌਰ ਬਾਈਸਕੋਪ ਚੁੱਪ ਫ਼ਿਲਮਾਂ (ਖੇਲ) ਤੇ ਮੈਜਿਕ ਲੈਂਟਰਨ ਜਗਦੀ ਸੀ ਅਤੇ ਪੰਜ ਸਾਲਾਂ ਪਿੱਛੋਂ ਫ਼ਿਲਮਾਂ (ਟੌਕੀਜ਼) ਬੋਲਣ ਲਗ ਪਈਆਂ ਸਨ। ਓਦੋਂ ਲਹੌਰ ਵਿਚ ਹੀਰਾ ਰਾਮ ਸੇਠੀ ਦੀ ਪੰਜਾਬ ਫ਼ਿਲਮ ਕੰਪਨੀ ਅਤੇ ਏ. ਆਰ. ਕਾਰਦਾਰ ਯੁਨਾਇਟਡ ਪਲੇਅਰਜ਼ ਕੌਰਪੋਰੇਸ਼ਨ ਨਾਂ ਦੇ ਫ਼ਿਲਮ ਸਟੂਡੀਓ ਚੱਲਣ ਲੱਗੇ ਸੀ।
ਭਗਤ ਸਿੰਘ ਤੇ ਸੁਖਦੇਵ ਖੇਲ ਦੇਖਣ ਦੇ ਬੜੇ ਸ਼ੁਕੀਨ ਸਨ। ਇਹ ਭੁੱਖੇ ਰਹਿ ਕੇ ਚੋਰੀ-ਚੋਰੀ ਖੇਲ ਦੇਖਣ ਜਾਂਦੇ ਸੀ ਅਤੇ ਫੇਰ ਚੰਦਰ ਸ਼ੇਖਰ ਆਜ਼ਾਦ ਦੀਆਂ ਝਿੜਕਾਂ ਖਾਂਦੇ ਹੁੰਦੇ ਸੀ। ਇਨ੍ਹਾਂ ਅੰਕਲ ਟੌਮਜ਼ ਕੇਬਿਨ ਫ਼ਿਲਮ ਦੇਖੀ ਦੱਸੀ ਜਾਂਦੀ ਹੈ ਅਤੇ ਇਨ੍ਹਾਂ ਨੇ ਚਾਰਲੀ ਚੈਪਲਿਨ ਦੀਆਂ ਚੁੱਪ ਫ਼ਿਲਮਾਂ ਵੀ ਦੇਖੀਆਂ। ਫ਼ਰੰਗੀਆਂ ਦੇ ਸਿਰ ਚੜ੍ਹ ਕੇ ਮਰੇ ਦੇਸ਼ਭਗਤਾਂ ਦੀਆਂ ਸਲਾਈਡਾਂ ਭਗਤ ਸਿੰਘ ਮੈਜਿਕ ਲੈਂਟਰਨ ਨਾਲ਼ ਲੋਕਾਂ ਨੂੰ ਦਿਖਾਉਂਦਾ ਹੁੰਦਾ ਸੀ। ਇਹ ਨਾਲ਼-ਨਾਲ਼ ਜੋ ਬੋਲਦਾ ਹੋਵੇਗਾ, ਉਹ ਇਹਦੇ ਲਿਖੇ ਲੇਖਾਂ ਚ ਦਰਜ ਹੈ।
ਭਗਤ ਸਿੰਘ ਨੇ ਅਮਰੀਕਾ ਪੜ੍ਹਨ ਗਏ ਅਪਣੇ ਗਰਾਈਂ ਅਮਰ ਚੰਦ ਨੂੰ ਉਰਦੂ ਵਿਚ ਚਿੱਠੀ ਲਿਖੀ ਸੀ: ‘ਭਾਈ ਮੇਰੀ ਗ਼ੈਰਮੁਮਾਲਿਕ ਮੇਂ ਜਾ ਕਰ ਤਾਲੀਮ ਹਾਸਿਲ ਕਰਨੇ ਕੀ ਖ਼ਾਹਿਸ਼ ਖ਼ੁੂਬ ਪਾਯਮਾਲ ਹੂਈ। ਅੱਛਾ, ਤੁਮਹੇਂ ਮੁਬਾਰਕ ਹੋ।’ (ਪਾਯਮਾਲ ਦਾ ਮਤਲਬ ਹੁੰਦਾ ਹੈ ਪੈਰਾਂ ਚ ਰੁਲ਼ ਜਾਣਾ)। ਭਗਤ ਸਿੰਘ ਇੰਗਲੈਂਡ ਦੀਆਂ ਬਣੀਆਂ ਫ਼ਿਲਮਾਂ ਦੇਖਦਾ ਅੰਨ੍ਹੇਰੇ ਵਿਚ ਰੌਸ਼ਨ ਖੁੱਲ੍ਹੀ ਬਾਰੀ ਥਾਣੀਂ ਗਿਆਨ ਦੀ ਭਾਲ਼ ਦੀ ਸੰਭਾਵਨਾ ਵੀ ਦੇਖਦਾ ਹੋਵੇਗਾ। ਜ਼ਰਾ ਗਹੁ ਨਾਲ਼ ਅਪਣੇ ਇਸ ਇਨਕਲਾਬੀ ਦੀਆਂ ਅੰਨ੍ਹੇਰੇ ਵਿਚ ਜਗਦੀਆਂ ਅੱਖਾਂ ਦੇਖੋ। ਪਰ ਇਹ ਦਰਸ਼ਨੀ ਤਾਕੀ ਭਗਤ ਸਿੰਘ ਦੀਆਂ ਅੱਖਾਂ ਦੇ ਨਾਲ਼ ਹੀ ਮੁੰਦੀ ਗਈ। ਇਹਦੇ ਹਾਣ ਦੇ ਬਹੁਤੇਰੇ ਪੰਜਾਬੀ ਵਲਾਇਤ ਪੜ੍ਹਾਈ ਕਰਨ ਗਏ। ਕੁਝ ਇੰਡੀਅਨ ਸਿਵਿਲ ਸਰਵਿਸ ਦੇ ਨੌਕਰਸ਼ਾਹ ਬਣ ਗਏ; ਬੈਰਿਸਟਰੀ ਕਰਕੇ ਕਈ ਦੇਸ ਮੁੜ ਕੇ ਸਿਆਸਤਦਾਨ ਹੋ ਗਏ; ਪਰ ਮੁਲਕ ਦੀ ਤਕਦੀਰ ਬਦਲਣ ਵਾਲ਼ਾ ਕੋਈ ਨਾ ਬਣਿਆ।
ਆਜ਼ਾਦੀ ਦੀ ਜੰਗ ਵਿਚ ਪੰਜਾਬ ਦੀ ਕੁਰਬਾਨੀ ਜੇ ਲਾਮਿਸਾਲ ਹੈ, ਤਾਂ ਇਹਦੀ ਅੰਗਰੇਜ਼-ਭਗਤੀ ਵੀ ਘਟ ਮਿਸਾਲੀ ਨਹੀਂ। ਸੰਨ 1857 ਦੇ ਗ਼ਦਰ ਵੇਲੇ ਪਟਿਆਲ਼ੇ ਤੇ ਹੋਰ ਸਿੱਖ ਰਿਆਸਤਾਂ ਦੇ ਰਾਜਿਆਂ ਨੇ ਦਿੱਲੀ ਦੀ ਬਗ਼ਾਵਤ ਕੁਚਲੀ ਸੀ। ਫ਼ਰੰਗੀਆਂ ਦੀ ਫ਼ੌਜ ਚ ਸਿੱਖਾਂ ਦੀ ਭਰਤੀ 1846 ਚ ਹੀ ਹੋਣ ਲੱਗ ਪਈ ਸੀ। ਸੰਨ 1853-54 ਵਿਚ ਇਨ੍ਹਾਂ ਗੰਗਾ ਘਾਟੀ ਵਿਚ ਸੰਥਾਲਾਂ ਦੀ ਬਗ਼ਾਵਤ ਕੁਚਲੀ। ‘ਲੁਧੀਆਹ’ (ਲੁਧਿਆਣਾ) ਰਜਮੰਟ ਨੇ 1860 ਵਿਚ ਹਾਂਙਕਾਂਙ ਤੇ ਬੀਜਿੰਗ ਫ਼ਤਹ ਕੀਤਾ। ਸਿੱਖ ਫ਼ੌਜੀ ਅੱਧੀ ਸਦੀ ਤਕ ਸਰਹੱਦੀ ਸੂਬੇ ਵਿਚ ਪਠਾਣਾਂ ਦੀਆਂ ਬਗ਼ਾਵਤਾਂ ਦਬਾਉਂਦੇ ਰਹੇ। ਫੇਰ ਅਬੇਸੀਨੀਆ (1867), ਮਲਾਇਆ ਮਿਸਰ (1882-1885), ਅਫ਼ਗ਼ਾਨਿਸਤਾਨ (1878-1880), ਪੂਰਬੀ ਤੇ ਕੇਂਦਰੀ ਤੇ ਦੱਖਣੀ ਅਫ਼ਰੀਕਾ (1891-1898) ਵਿਚ ਫ਼ਰੰਗੀ ਦੀ ਫ਼ੌਜ ਦੀ ਜਾਨ ਮਾਰ ਕੇ ਸੇਵਾ ਕਰਦੇ ਰਹੇ। ਪੰਜਾਬੀਆਂ ਨੂੰ ਪਰਦੇਸ ਦਾ ਰੋਗ ਫ਼ਰੰਗੀ ਦੀ ਫ਼ੌਜ ਦਾ ਹੀ ਲਾਇਆ ਹੋਇਆ ਹੈ। ਨਾਮਕਟੇ ਫ਼ੌਜੀ ਪਰਦੇਸੀਂ ਧੁਰ ਪੂਰਬ ਤੇ ਕਨੇਡੇ ਟਿਕ ਗਏ ਸੀ। ਸੰਨ 1895 ਵਿਚ ਪਹਿਲੇ ਪੰਜਾਬੀ ਕਾਰੀਗਰਾਂ ਨੇ ਪੂਰਬੀ ਅਫ਼ਰੀਕਾ ਨੂੰ ਚਾਲੇ ਪਾਏ ਸੀ।
ਪਹਿਲੀ ਆਲਮੀ ਜੰਗ ਵੇਲੇ ਸਦੀ ਦਾ ਪਹਿਲਾ ਸਭ ਤੋਂ ਵੱਡਾ ਕਹਿਰ ਪੋਠੋਹਾਰ ‘ਤੇ ਝੁੱਲਿਆ ਸੀ, ਜਿਥੇ ਫ਼ਰੰਗੀਆਂ ਨੇ ਇਕ ਲੱਖ ਵੀਹ ਹਜ਼ਾਰ ਨੌਜਵਾਨ ਭਰਤੀ ਕੀਤੇ ਅਤੇ ਜੰਗ ਦੌਰਾਨ ਹੋਰ ਵੀ ਬਹੁਤ ਸਾਰੇ। ਓਦੋਂ ਪਟਿਆਲ਼ੇ ਵਾਲ਼ੇ ਛੈਲੇ ਦਾ ਗੰਵਿਆਂ ਇਹ ਤਵਾ ਵੱਜਦਾ ਸੀ:
ਭਰਤੀ ਹੋ ਜਾ ਵੇ, ਬਾਹਰ ਖੜ੍ਹੇ ਰੰਗਰੂਟ (ਟੇਕ)
ਏਥੇ ਖਾਵੇਂ ਸੁੱਕੀ ਹੋਈ ਰੋਟੀ, ਓਥੇ ਖਾਵੇਂ ਫਰੂਟ…
ਏਥੇ ਪਾਵੇਂ ਫਟੇ ਹੋਏ ਲੀੜੇ, ਓਥੇ ਪਾਵੇਂ ਸੂਟ…
ਏਥੇ ਪਾਵੇਂ ਟੁੱਟੀ ਹੋਈ ਜੁੱਤੀ, ਓਥੇ ਪਾਵੇਂ ਬੂਟ…
ਇਸ ਜੰਗ ਬਾਬਤ ਕਈ ਲੋਕ ਗੀਤ ਹੁਣ ਕਿਤਾਬਾਂ ਵਿਚ ਦਰਜ ਬੰਦ ਪਏ ਹਨ। ਇਨ੍ਹਾਂ ਨੂੰ ਕੋਈ ਨਹੀਂ ਗਾਉਂਦਾ। ਇਸ ਜੰਗ ਵਿਚ ਬਸਰੇ, ਗੈਲੀਪੌਲੀ ਤੁਰਕੀ ਤੇ ਫ਼ਰਾਂਸ ਦੇ ਮੋਰਚੇ ਵਿਚ ਭੰਗ ਦੇ ਭਾੜੇ ਮਰੇ ਹਜ਼ਾਰਾਂ ਪੰਜਾਬੀ ਨੌਜਵਾਨਾਂ ਦਾ ਦੁੱਖ ਕਿਸੇ ਨਹੀਂ ਲਿਖਿਆ।
ਫ਼ੌਜੀਆਂ ਦੇ ਆਸਰੇ ਫ਼ਰਵਰੀ 1915 ਵਿਚ ਫ਼ਰੰਗੀਆਂ ਖ਼ਿਲਾਫ਼ ਬਗ਼ਾਵਤ ਕਰਨ ਦੀ ਗ਼ਦਰ ਪਾਰਟੀ ਦੀ ਵਿਉਂਤ ਸਿਰੇ ਨਹੀਂ ਸੀ ਚੜ੍ਹੀ। ਸੰਨ 13 ਵਿਚ ਬਣੀ ਗ਼ਦਰ ਪਾਰਟੀ ਦੇ ਕਾਰਕੁੰਨ ਅਮਰੀਕਾ ਤੇ ਹੋਰ ਮੁਲਕਾਂ ਤੋਂ ਲਲਕਾਰੇ ਮਾਰਦੇ ਹਿੰਦੁਸਤਾਨ ਚੱਲੇ ਸੀ ਕਿ ਅਸੀਂ ਜਾ ਕੇ ਬਗ਼ਾਵਤ ਕਰਨੀ ਹੈ। ਬਹੁਤੇ ਰਾਹ ਚ ਫੜੇ ਗਏ। ਜਿਹੜੇ ਘਰੀਂ ਪੁੱਜੇ, ਉਨ੍ਹਾਂ ਦਾ ਪੁਲਸ ਟੋਡੀਆਂ ਨਾਲ਼ ਵੈਰ ਪੈ ਗਿਆ। ਉਹ ਉਨ੍ਹਾਂ ਨੂੰ ਕਤਲ ਕਰਨ ਲੱਗੇ। ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸਾਰੇ ਬੰਦੇ ਅਮਰੀਕਾ ਕਨੇਡਾ ਛੱਡ ਕੇ ਆਏ ਹਨ। ਅੰਤ ਨੂੰ ਅੰਗਰੇਜ਼ਾਂ ਨੇ ਡੇੜ੍ਹ ਸੌ ਗ਼ਦਰੀ ਫਾਂਸੀ ਦੇ ਕੇ ਜਾਨੋਂ ਮਾਰ ਦਿੱਤੇ, 3 ਸੌ ਨੂੰ 14 ਸਾਲ ਤੋਂ ਵਧ ਸਜ਼ਾਵਾਂ ਹੋਈਆਂ; ਕਈਆਂ ਨੇ ਕਾਲ਼ੇ ਪਾਣੀ ਦਾ ਨਰਕ ਕੱਟਿਆ। ਘਰ ਜਾਇਦਾਦ ਦੀ ਕੁਰਕੀ ਵੱਖਰੀ ਹੋਈ। ਉਨ੍ਹਾਂ ਦੇ ਘਰਦਿਆਂ ਜੋ ਮੁਸੀਬਤਾਂ ਝੱਲੀਆਂ, ਉਨ੍ਹਾਂ ਦੀ ਕੋਈ ਗੱਲ ਨਹੀਂ ਕਰਦਾ। ਉਹ ਗ਼ਦਰ ਨਾਂ ਦਾ ਅਖ਼ਬਾਰ ਕੱਢਦੇ ਸਨ, ਜਿਹਦੇ ਅਖ਼ੀਰ ਵਿਚ ਲਿਖਿਆ ਹੁੰਦਾ ਸੀ – ਇਹ ਕਾਗਦੁ ਨਹੀਂ, ਲੜਾਈ ਦਾ ਝੰਡਾ ਹੈ।
ਇੰਗਲੈਂਡ ਵਿਚ ਵੀਹਵੀਂ ਸਦੀ ਦੇ ਸ਼ੁਰੂ ਵਿਚ ਔਰਤਾਂ ਦੀ ਆਜ਼ਾਦੀ ਦੀ ਲਹਿਰ ਸਫ਼ਰਾਜੈੱਟ ਚੱਲੀ ਸੀ। ਇਸੇ ਲਹਿਰ ਨੇ ਦੁਨੀਆ-ਭਰ ਦੀਆਂ ਔਰਤਾਂ ਨੂੰ ਵੋਟ ਦੇਣ ਦਾ ਹੱਕL ਲੈ ਕੇ ਦਿੱਤਾ ਸੀ। ਪੰਜਾਬ ਦੇ ਬਾਦਸ਼ਾਹ ਰਣਜੀਤ ਸਿੰਘ ਦੀ ਪੋਤੀ ‘ਗਿਆਨੋ’ ਯਾਨੀ ਸੋਫ਼ੀਆ ਇਸ ਇਨਕLਲਾਬੀ ਲਹਿਰ ਦੀ ਆਗੂ ਸੀ। ਇਸ ਸਦੀ ਵਿਚ ਪੰਜਾਬ ਦੀ ਕੋਈ ਇਕ ਵੀ ਔਰਤ ਸਿਰਕੱਢ ਕੌਮੀ ਲੀਡਰ ਨਹੀਂ ਬਣੀ। ਇਕ ਸੌ ਸਾਲਾਂ ਵਿਚ ਪੰਜਾਬ ਚ ਸਾਇੰਸ ਦੀ ਤਰੱਕੀ ਨਾਲ਼ ਏਨਾ ਫ਼ਰਕ ਪੈ ਗਿਆ ਹੈ ਕਿ ਪਹਿਲਾਂ ਪੰਜਾਬੀ ਜੰਮਦੀ ਕੁੜੀ ਦਾ ਗਲ਼ ਘੁੱਟ ਦਿੰਦੇ ਸੀ ਤੇ ਹੁਣ ਜੰਮਣੋਂ ਪਹਿਲਾਂ ਹੀ ਮਾਰ ਦਿੰਦੇ ਹਨ।
ਸੰਨ 1930 ਦੀ ਰਾਤ ਨਕੋਦਰ ਸ਼ਹਿਰ ਦੇ ਲੋਕ ਹੈਰਾਨ ਹਨ ਤੰਬੂ ਵਿਚ ਗੂੰਗੀ ਫ਼ਿਲਮ ਦਾ ਖੇਲ ਚਲ ਰਿਹਾ ਹੈ ਤੇ ਨਾਲ਼-ਨਾਲ਼ ਚਾਚਾ ਮੋਹਨ ਸਿੰਘ ਵਾਜਾ ਵਜਾ ਰਿਹਾ ਹੈ ਨੇਰ੍ਹੇ ਦੀ ਕੰਧ ਵਿਚ ਬਾਰੀ ਖੁੱਲ੍ਹੀ ਹੋਈ ਹੈ ਸ਼ੈਆਂ ਬੋਲਦੀਆਂ ਹਨ ਪਰ ਵਾਜ ਨਹੀਂ ਆਉਂਦੀ ਫੁੱਲ ਜਦ ਖਿੜਦਾ ਹੈ ਤਾਂ ਚੁਪ-ਚੁਪੀਤਾ ਤੁਰਦੇ ਜਾਂਦੇ ਬੰਦੇ ਵੀ ਨੱਸਦੇ ਜਾਂਦੇ ਲਗਦੇ ਹਨ ਲੋਕ ਨੀਂਦਰ ਵਾਲੇ ਸੁਪਨੇ ਨੂੰ ਦੇਖ ਲੋਟ-ਪੋਟ ਹੋ ਰਹੇ ਹਨ ਚਾਚਾ ਮੋਹਨ ਸਿੰਘ ਵਾਜੇ 'ਤੇ ਉਨ੍ਹਾਂ ਦੀ ਸੰਗਤ ਕਰ ਰਿਹਾ ਹੈ ਤੇ ਫੁੱਲ ਖਿੜਾ ਰਿਹਾ ਹੈ ਅੱਜ ਦੀ ਰਾਤ ਨਕੋਦਰ ਸ਼ਹਿਰ ਦੇ ਲੋਕ ਇਕੱਠੇ ਰਲ਼ ਕੇ ਸੁਪਨਾ ਲੈ ਰਹੇ ਹਨ ਹੱਸ ਰਹੇ ਹਨ ਤੇ ਹੈਰਾਨ ਹਨ (ਚਾਚਾ ਮੋਹਨ ਸਿੰਘ ਨਾਂ ਦੀ ਕਵਿਤਾ. ਬੀਜਕ. ਨਵਯੁਗ. 1996)
ਕੈਮਰਾ ਸੰਨ 1850 ਦਾ ਪੰਜਾਬ ਵਿਚ ਆਇਆ ਹੋਇਆ ਹੈ। ਓਦੋਂ ਦੀ ਸਭ ਤੋਂ ਪਹਿਲੀ ਤਸਵੀਰ ਸ਼ਿਮਲੇ ਵਿਚ ਖਿੱਚੀ ਹੋਈ ਮਿਲ਼ਦੀ ਹੈ। ਪਰ ਇਤਿਹਾਸਕ ਪਲਾਂ ਦੀਆਂ ਦੋ ਵਿਰਲੀਆਂ ਤਸਵੀਰਾਂ ਮਿਲ਼ਦੀਆਂ ਹਨ: ਇਕ ਤਾਂ ਪੰਜਵੀਂ ਪਾਤਸ਼ਾਹੀ ਦੇ ਸ਼ਾਂਤਮਈ ਆਦਰਸ਼ ਨੂੰ ਪਰਣਾਏ ਗੁਰੂ ਕੇ ਬਾਗ਼ ਦੇ ਮੋਰਚੇ ਦੀ ਹੈ। ਇਸ ਵਿਚ ਦੇਸੀ ਪੁਲ਼ਸੀਆਂ ਦੀਆਂ ਉੱਘਰੀਆਂ ਲਾਠੀਆਂ ਹੀ ਦਿਸਦੀਆਂ ਹਨ ਅਤੇ ਜਿਹਦੇ ਵੱਜ ਰਹੀਆਂ ਹਨ, ਉਹ ਬਹੁਤ ਹੀ ਧੁੰਦਲਾ। ਓਦੋਂ ਜ਼ਿਲੇ ਦੇ ਫ਼ਰੰਗੀ ਹਾਕਮ ਬੀ.ਟੀ. ਬਾਰੇ ਸੰਗਤਾਂ ਇਹ ਗੀਤ ਗਾਉਂਦੀਆਂ ਗੁਰੂ ਕੇ ਬਾਗ਼ ਨੂੰ ਜਾਂਦੀਆਂ ਹੁੰਦੀਆਂ ਸੀ: ਮਾਰ ਲੈ ਬੀ ਟੀ ਡਾਂਗਾਂ…। ਇਸ ਵੇਲੇ ਦੀ ਲੰਦਨ ਦੀ ਮੂਵੀਟੋਨ ਕੰਪਨੀ ਦੀ ਲਾਇਬ੍ਰੇਰੀ ਵਿਚ ਝਉਲ਼ੀ-ਜਿਹੀ ਮੂਵੀ-ਫ਼ਿਲਮ ਵੀ ਪਈ ਹੈ, ਜਿਸ ਦਾ ਤਨ-ਮਨ ਨੂੰ ਝੰਜੋੜਨ ਵਾਲ਼ਾ ਬਿੰਬ ਹੈ ਕਿਸੇ ਸਿੰਘ ‘ਤੇ ਡਾਂਗ ਵਰ੍ਹਦੀ ਹੈ ਤੇ ਉਹ ਡਿਗ ਪੈਂਦਾ ਹੈ। ਇਹ ਚਾਰ-ਪੰਜ ਸਕਿੰਟਾਂ ਦੀ ਫ਼ਿਲਮ ਵਿਚ ਡੋਰ ਵਾਲ਼ੀ ਡਿਗਦੀ ਪੁਤਲੀ ਵਰਗਾ ਝਉਲ਼ਾ ਪੈਂਦਾ ਹੈ; ਜਿਵੇਂ ਕੋਈ ਅਞਾਣਾ ਅਪਣੇ ਬਾਪ ਦੀ ਹੋ ਰਹੀ ਬੇਪਤੀ ਦੇਖ ਰਿਹਾ ਹੈ। ਓਦੋਂ ਕੈਮਰੇ ਦੀ ਰਫ਼ਤਾਰ ਸਹੀ ਨਹੀਂ ਸੀ ਹੁੰਦੀ ਅਤੇ ਮੰਦ-ਰਫ਼ਤਾਰ ਨਾਲ਼ ਬਣਾਈ ਮੂਵੀ ਵਿਚ ਜਣੇ ਚਾਬੀ ਦਿੱਤੇ ਖਿਡੌਣਿਆਂ ਵਾਂਙ ਨੱਸਦੇ ਜਾਂਦੇ ਲਗਦੇ ਹਨ। ਪੰਜਾਬ ਦੇ ਇਤਿਹਾਸਕ ਮੌਕਿਆਂ ਦੀਆਂ ਫ਼ੋਟੋਆਂ ਨਾਂ-ਮਾਤ੍ਰ ਹੀ ਮਿਲ਼ਦੀਆਂ ਹਨ ਕਿਸਾਨ ਮੋਰਚਿਆਂ, ਸੰਨ ਸੰਤਾਲ਼ੀ, ਸੰਨ 65 ਤੇ 71 ਦੀਆਂ ਜੰਗਾਂ ਦੀਆਂ, ਚੁਰਾਸੀ ਦੇ ਵਰਤੇ ਭਾਣੇ ਦੀਆਂ।
ਇਤਿਹਾਸ ਤੇ ਸਾਹਿਤ-ਕਲਾ ਦੇ ਨੇਮ ਇੱਕੋ-ਜਿਹੇ ਨਹੀਂ ਹੁੰਦੇ। ਇਤਿਹਾਸ ਜਿਵੇਂ ਕੋਈ ਫ਼ਿਲਮ ਹੁੰਦੀ ਹੈ, ਜੋ ਪਰਦਾ-ਏ-ਸਕ੍ਰੀਨ ‘ਤੇ ਚੁੱਪ-ਚਾਪ ਚੱਲੀ ਜਾਂਦੀ ਹੈ। ਸਾਹਿਤਕਾਰ-ਕਲਾਕਾਰ ਦਾ ਕੰਮ ਸ਼ਾਇਦ ਚਾਚੇ ਮੋਹਨ ਸਿੰਘ ਵਾਂਙ ਨਾਲ਼-ਨਾਲ਼ ਵਾਜਾ ਵਜਾਉਣਾ ਹੁੰਦਾ ਹੈ। ਅੰਗਰੇਜ਼ੀ ਕਵੀ ਔਡਨ ਨੇ ਕਿਸੇ ਥਾਂ ਲਿਖਿਆ ਹੈ: ਕਲਾ ਇਤਿਹਾਸ ਚੋਂ ਨਿਕਲ਼ਦੀ ਹੈ; ਕਲਾ ਨਾਲ਼ ਇਤਿਹਾਸ ਨਹੀਂ ਬਣਦਾ। – ਜੇ ਨਾਨਕ ਜੀ ਬਾਬਰਵਾਣੀ ਨਾ ਵੀ ਲਿਖਦੇ; ਪ੍ਰਾਣ ਨਾਥ ਮਾਗੋ ਸੰਨ ਸੰਤਾਲ਼ੀ ਦੇ ਸਾਕੇ ਦੇ ਚਿਤ੍ਰ ਨਾ ਵੀ ਬਣਾਉਂਦੇ; ਤਾਂ ਵੀ ਪੰਜਾਬ ਦਾ ਲਿਖਿਆ-ਅਣਲਿਖਿਆ ਇਤਿਹਾਸ ਓਹੀ ਹੋਣਾ ਸੀ, ਜੋ ਅੱਜ ਹੈ।
ਹੁਣ ਲਗਦਾ ਹੈ, ਪੂੰਜੀਵਾਦ ਵਾਂਙ ਬਸਤੀਵਾਦ ਵੀ ਇਤਿਹਾਸ ਦਾ ਅਰੁੱਕ ਵਰਤਾਰਾ ਸੀ। ਬੀਤ ਗਈ ਘਟਨਾ ਮਗਰੋਂ ਅਟੱਲ ਹੀ ਲਗਦੀ ਹੁੰਦੀ ਹੈ ਕਿ ਇੰਜ ਹੀ ਹੋਣਾ ਸੀ। ਜਦ ਪੰਜਾਬ ਵਿਚ ਅੰਗਰੇਜ਼ਾਂ ਦਾ ਆਗਮਨ ਹੋਇਆ; ਨਾਲ਼ ਅੰਗਰੇਜ਼ੀ ਦਾ ਬੋਲਬਾਲਾ ਵੀ ਹੋਣਾ ਸੀ। ਅੰਗਰੇਜ਼ੀ ਪੰਜਾਬੀ ਨੂੰ ਖਾਣ ਲਗ ਪਈ। ਹੁਣ ਲਿਖਾਰੀ ਪੰਜਾਬੀ ਦਾ ਵਾਕ ਅੰਗਰੇਜ਼ੀ ਦੇ ਵਾਕ ਵਾਂਙ ਲਿਖਦੇ ਹਨ; ਪੰਜਾਬੀ ਦੀ ਵਿਆਕਰਣ ਹੀ ਬਦਲ ਗਈ ਹੈ। ਪੰਜਾਬ ਦੀ ਕੰਧ ਵਿਚ ਸੰਭਾਵਨਾ ਦੀ ਨਵੀਂ ਬਾਰੀ ਲੱਗ ਗਈ, ਜੋ ਪੱਛਮ ਵਲ ਖੁੱਲ੍ਹਦੀ ਸੀ। ਮਾਰਕਸ ਨੇ ਆਖਿਆ ਸੀ ਕਿ ਸਾਮਰਾਜੀ ਜਿਥੇ ਵੀ ਜਾਂਦੇ ਹਨ, ਅਪਣੇ ਨਾਲ਼ ਰੇਲ ਦਾ ਇੰਜਣ ਲੈ ਕੇ ਜਾਂਦੇ ਹਨ; ਜਿਸ ਨਾਲ਼ ਮਜ਼ਦੂਰ ਜਮਾਤ ਬਣਦੀ ਹੈ ਅਤੇ ਇਤਿਹਾਸ ਦੀ ਰੇਲ ਅੱਗੇ ਨੂੰ ਚਲਣ ਲਗਦੀ ਹੈ।
ਵੀਹਵੀਂ ਸਦੀ ਦੇ ਜਿਹੜੇ ਪਹਿਲਕੇ ਪੰਜਾਬੀ ਪਰਦੇਸ ਨੂੰ ਗਿਆਨ ਤੇ ਇਨਕਲਾਬ ਦੀ ਅੱਗ ਲੈਣ ਗਏ ਸਨ, ਉਨ੍ਹਾਂ ਚ ਐਬਟਾਬਾਦੋਂ ਜਾਪਾਨ ਪੜ੍ਹਾਈ ਕਰਨ ਗਿਆ ਪੂਰਨ ਸਿੰਘ ਸੀ ਅਤੇ ਮਸਤੂਆਣੇ ਤੋਂ ਸੰਤ ਤੇਜਾ ਸਿੰਘ। ਅਮਰੀਕਾ ਪੜ੍ਹਨ ਗਿਆ ਸੰਤੋਖ ਸਿੰਘ ਸਾਨਫ਼ਰਾਂਸਿਸਕੋ ਗ਼ਦਰ ਸਾਜ਼ਿਸ਼ ਮੁਕੱਦਮੇ ਚ ਦੋ ਸਾਲ ਕੈਦ ਕਟ ਕੇ ਦੇਸ ਪਰਤ ਕੇ ਸੰਨ 1926 ਵਿਚ ਪੰਜਾਬੀ ਦਾ ਪਹਿਲਾ ਮਾਰਕਸੀ ਪਰਚਾ ਕਿਰਤੀ ਛਾਪਣ ਲੱਗਾ ਸੀ। ਪਰ ਉਹ ਅਗਲੇ ਸਾਲ ਹੀ ਪੈਂਤੀ ਸਾਲ ਦੀ ਉਮਰੇ ਤਪਦਿਕ ਨਾਲ਼ ਪੂਰਾ ਹੋ ਗਿਆ। ਭਗਤ ਸਿੰਘ ਤੇਈ ਸਾਲ ਦੀ ਉਮਰ ਚ ਫਾਂਸੀ ਚੜ੍ਹ ਗਿਆ। ਉਨ੍ਹਾਂ ਦਿਨਾਂ ਚ ਹੀ ਯੂਨਾਨੀ ਤੇ ਸੰਸਕ੍ਰਿਤ ਦਾ ਵਿਦਵਾਨ ਧਰਮ ਅਨੰਤ ਸਿੰਘ ਲੰਦਨ ਵਿਚ ਅਫ਼ਲਾਤੂਨ ਤੇ ਸਿੱਖੀ ਬਾਰੇ ਕਿਤਾਬਾਂ ਲਿਖ ਕੇ ਛਪਵਾ ਰਿਹਾ ਸੀ। ਅੰਗਰੇਜ਼ੀਦਾਨ ਮੁਲਕ ਰਾਜ ਆਨੰਦ ਫ਼ਲਸਫ਼ੇ ਦੀ ਡਾਕਟਰੀ ਕਰਦਾ ਸੀ। ਪਰਦੇਸ ਵਿਚ ਤਾਲੀਮ ਹਾਸਿਲ ਕਰਦੇ ਮੁਹੰਮਦ ਇਕLਬਾਲ ਨੂੰ ਪੰਜਾਬ ਤੇ ਪੰਜਾਬੀ ਦਾ ਕੋਈ ਸੇਕ ਨਹੀਂ ਸੀ। ਗੁਰਬਖ਼ਸ਼ ਸਿੰਘ ਨੇ ਅਮਰੀਕਾ ਚ ਇੰਜੀਨੀਅਰੀ ਕਰ ਕੇ ਦੇਸ ਪਰਤ ਕੇ ਸਿੱਖਾਂ ਦੀਆਂ ਪੂਰੀਆਂ ਦੋ ਪੀੜ੍ਹੀਆਂ ਦੀ ਬੌਧਿਕ ਅਗਵਾਈ ਕਰਨੀ ਸੀ। (ਇੰਜਣ ਨਾਲ਼ ਚਲਦੇ ਹਲ਼ ਟਰੈਕਟਰ- ਨਾਲ਼ ਵਾਹੀ ਕਰਨ ਵਾਲ਼ਾ ਪਹਿਲਾ ਪੰਜਾਬੀ ਵੀ ਸ਼ਾਇਦ ਗੁਰਬਖ਼ਸ਼ ਸਿੰਘ ਹੀ ਸੀ)।
ਪੂਰੀ ਸਦੀ ਦਾ ਪੰਜਾਬ ਜਿਵੇਂ ਮੱਸਿਆ ਦੀ ਰਾਤ ਹੈ; ਜਿਸ ਵਿਚ ਚਿੰਤਨਸਾਧਨਾ ਦੇ ਕੁਝ ਜੁਗਨੂ ਹੀ ਦਿਸਦੇ ਹਨ, ਚਾਨਣ ਨਹੀਂ ਦਿਸਦਾ। ਕੀ ਨੋਬੇਲ ਇਨਾਮਯਾਫ਼ਤਾ ਸਾਇੰਸਦਾਨ ਹਰਗੋਬਿੰਦ ਖੁਰਾਣੇ ਤੇ ਅਬਦੁੱਸ ਸਲਾਮ ਨੂੰ ਅਪਣੇ ਪੰਜਾਬੀ ਹੋਣ ਦਾ ਮਾਣ ਹੈ ਸੀ?
ਵੀਹਵੀਂ ਸਦੀ ਵਿਚ ਪੰਜਾਬ ਨਾਲ਼ ਬੜੇ ਵੱਡੇ-ਵੱਡੇ ਧ੍ਰੋਹ ਹੋਏ। ਕੁਝ ਹੋਣੀ ਨੇ ਕੀਤੇ; ਕੁਝ ਬੇਗ਼ਾਨਿਆਂ ਨੇ ਕੀਤੇ ਅਤੇ ਕੁਝ ਪੰਜਾਬੀਆਂ ਨੇ ਆਪ। ਭਗਤ ਸਿੰਘ ਦਾ ਤੇਈ ਸਾਲ ਦੀ ਉਮਰ ਚ ਫਾਹੇ ਲੱਗਣਾ ਅਤੇ ਦਸਾਂ ਸਾਲਾਂ ਮਗਰੋਂ ਲਹੌਰ ਵਿਚ ਹੀ ਅਮ੍ਰਿਤਾ ਸ਼ੇਰਗਿੱਲ ਦਾ ਅਠਾਈ ਸਾਲ ਦੀ ਉਮਰ ਚ ਪੂਰੇ ਹੋ ਜਾਣਾ ਪੰਜਾਬੀ ਸੋਚ ਤੇ ਸੁਹਜ ਦੇ ਦੋ ਮਹਾਨ ਦੁਖਾਂਤ ਹਨ। ਭਗਤ ਸਿੰਘ ਜਿੱਡਾ ਦਾਨਾਬੀਨਾ ਅਤੇ ਅਮ੍ਰਿਤਾ ਸ਼ੇਰਗਿਲ ਜਿੱਡੀ ਸੁਹਜਵੰਤੀ ਪੰਜਾਬ ਨੂੰ ਮੁੜ ਕੇ ਨਸੀਬ ਨਹੀਂ ਹੋਈ। ਭਗਤ ਸਿੰਘ ਦਾ ਤਾਂ ਇੰਜ ਹਿਰਖ ਹੁੰਦਾ ਹੈ, ਜਿਵੇਂ ਘਰ ਦੇ ਕਿਸੇ ਜੀਅ ਨੇ ਆਤਮਘਾਤ ਕਰ ਲਿਆ ਹੋਵੇ। ਭਗਤ ਸਿੰਘ ਇਨਕਲਾਬ ਦੀ ਤਲਵਾਰ ਅਕਲ ਦੀ ਸਾਣ ‘ਤੇ ਤਿੱਖੀ ਕਰਨ ਹੀ ਲੱਗਾ ਸੀ ਕਿ ਤਲਵਾਰ ਇਹਦੇ ਹੱਥੋਂ ਡਿਗ ਪਈ। ਮੰਝਧਾਰ ਚ ਫਸੀ ਪੰਜਾਬ ਦੀ ਬੇੜੀ ਨੂੰ ਪਾਰ ਲੰਘਾਉਣ ਵਾਲ਼ਾ ਜਾਂ ਤਾਂ ਅਜੀਤ ਸਿੰਘ ਹੋ ਸਕਦਾ ਸੀ ਤੇ ਜਾਂ ਲਾਜਪਤ ਰਾਏ। ਲਾਜਪਤ ਨੂੰ ਵੀ ਹੋਣੀ ਨੇ ਖੋਹ ਲਿਆ ਅਤੇ ਲੋਕ ਲਹਿਰ ਦਾ ਵੱਡਾ ਆਗੂ ਅਜੀਤ ਸਿੰਘ ਉੱਠ ਕੇ ਪਰਦੇਸ ਤੁਰ ਗਿਆ ਅਤੇ ਸਾਰੀ ਉਮਰ ਆਪ-ਸਹੇੜੀ ਜਲਾਵਤਨੀ ਚ ਲੰਘਾ ਛੱਡੀ। ਜਦ ਅਜੀਤ ਸਿੰਘ ਆਖ਼ਰੀ ਸਾਹ ਲੈਣ ਵਤਨ ਪਰਤਿਆ, ਤਾਂ ਪੰਜਾਬ ਦੀ ਪੱਗੜੀ ਪੈਰਾਂ ਚ ਰੁਲ਼ਦੀ ਪਈ ਸੀ। ਜੁਗਨੀ ਦਾ ਉਸ ਵੇਲੇ ਦਾ ਦੁੱਖ ਅੰਮ੍ਰਿਤਾ ਪ੍ਰੀਤਮ ਨੇ ਅਪਣੀ ਉਸ ਕਵਿਤਾ ਵਿਚ ਦੱਸਿਆ ਸੀ।
ਗੁਰਮਤਿ ਸੰਗੀਤ ਦੇ ਦੋ ਸੰਬੋਧ ਹਨ ਪੜਤਾਲ ਅਤੇ ਤਕਰਾਰ। ਸੰਗੀਤ ਧਿਆਨ-ਚਿੱਤ ਲਾ ਕੇ ਸੁਰ ਵਿਚ ਕੀਤਾ ਚਿੰਤਨ ਹੀ ਹੁੰਦਾ ਹੈ। ਪੜਤਾਲ ਯਾਨੀ ਖੋਜ ਅਤੇ ਤਕਰਾਰ ਯਾਨੀ ਗੋਸ਼ਟਿ, ਬਹਿਸ – ਕਿਛੁ ਕਹਿਣਾ ਕਿਛੁ ਸੁਣਨਾ। ਸਾਰੀ ਸਦੀ ਸਿੱਖ ਪੰਥ ਦਾ ਧਿਆਨ ਸਿਆਸਤ ਵਲ ਲੱਗਾ ਰਿਹਾ। ਕੋਈ ਸਿੱਖ ਚਿੰਤਕ ਵਿਰਲਾ ਹੀ ਦਿਸਦਾ ਹੈ। ਮੁਸਲਮਾਨ ਅਣਭਿੱਜ ਰਹੇ; ਸਰ ਮੁਹੰਮਦ ਇਕLਬਾਲ ਤਾਂ ਨਿਤਸ਼ੇ ਮਰਦ-ਏ-ਮੋਮਿਨ ਪਾਕਿਸਤਾਨ ਦੇ ਖ਼ਾਬ ਲੈਂਦਾ ਸੰਨ 38 ਚ ਪੂਰਾ ਹੋ ਗਿਆ ਸੀ। ਸੰਤੋਖ ਸਿੰਘ-ਭਗਤ ਸਿੰਘ ਤੋਂ ਪਿੱਛੋਂ ਪੰਜਾਬੀ ਮਾਰਕਸਵਾਦੀ ਚਿੰਤਨ ਦੀ ਥਾਂ ਸਤਾਲਿਨਵਾਦ ਨੇ ਲਈ ਰੱਖੀ, ਜਿਸ ਵਿਚ ਖੋਜ ਤੇ ਗੋਸ਼ਟਿ ਦੀ ਥਾਂ ਨਹੀਂ ਹੈ। ਪਾਸ਼ ਨੇ ਲਿਖਿਆ ਸੀ ਕਿ ਪੰਜਾਬੀ ਸਤਾਲਿਨਵਾਦੀ ‘ਕਿਸੇ ਦੀ ਮਿੱਟੀ ਪਲੀਤ ਕਰ ਸਕਦੇ ਹਨ; ਸੰਵਾਦ ਨਹੀਂ ਕਰ ਸਕਦੇ; ਅਪਣੀ ਮਿੱਟੀ ਇਨ੍ਹਾਂ ਕੋਲ਼ ਹੈ ਈ ਨਹੀਂ’। ਸਤਾਲਿਨਵਾਦ ਪੰਜਾਬੀ ਕਮਿਉਨਿਸਟਾਂ ਦਾ ਨਵਾਂ ਧਰਮ ਸੀ ਅਤੇ ਇਨ੍ਹਾਂ ਮਾਰਕਸ ਦੀ ‘ਹਰ ਗੱਲ ਦੀ ਸ਼ੱਕ ਕਰਨ’ ਦੀ ਸੰਥਿਆ ਜਾਣੀ-ਸਮਝੀ ਹੀ ਨਾ। ਲੇਨਿਨ-ਸਤਾਲਿਨ ਵਿਚ ਕਿਹੜੀ ਐਸੀ ‘ਰੂਹਾਨੀ’ ਸ਼ਕਤੀ ਸੀ ਕਿ ਤੇਜਾ ਸਿੰਘ ਸੁਤੰਤਰ, ਸੋਹਣ ਸਿੰਘ ਜੋਸ਼ ਵਰਗੇ ਅਕਾਲੀ ਸਿਆਸਤ ਵਿਚ ਪਰਵਾਨ ਚੜ੍ਹੇ ਅਪਣੀ ਸਿੱਖੀ ਰੀਤ ਨੂੰ ਤਿਲਾਂਜਲੀ ਦੇ ਬੈਠੇ ਅਤੇ ਅਪਣੇ ਆਪ ਨੂੰ ਨਾਸਤਿਕਾਂ ਤੋਂ ਵੀ ਵਧ ਨਾਸਤਿਕ ਅਖਵਾ ਕੇ ਹੁੱਬਣ ਲੱਗੇ ਸੀ? ਸਾਡੇ ਪਹਿਲੇ ਮਾਰਕਸੀ ਲਿਖਾਰੀ ਭਾਈ ਸੰਤੋਖ ਸਿੰਘ ਦੀਆਂ ਲਿਖਤਾਂ ਦੇ ਨਾਂ ਪੜ੍ਹਨ ਵਾਲ਼ੇ ਹਨ: ‘ਉਬਲ਼ਦੀ ਦੇਗ਼ ਵਿਚ ਬੈਠਾ ਅੱਲ੍ਹਾ ਦਾ ਨੂਰ ਪਿਆਰਾ ਹੈ ਸੀ੍ਰ ਗੁਰੂ ਅਰਜਨ ਦੇਵ ਜੀ’। ਭਾਈ ਜੀ ਦੇ ਨਵੇਂ-ਘੜੇ ਇਹ ਸ਼ਬਦ ਚੱਲੇ ਨਹੀਂ: ਲੋਕਭਗਤ, ਪਰਜਾਭਗਤ, ਨਿਰਮਲ ਪਰਉਪਕਾਰੀ, ਗ੍ਰਹਿਸਤੀ ਫ਼ਕੀਰ, ਧਰਮੀ, ਵਤਨ-ਸਪੁੱਤਰ। ਭਾਈ ਜੀ ਦੇ ਨਾਲ਼ ਹੀ ਭਾਈ ਜੀ ਵਰਗੀ ਸਰਬ-ਉੱਚ ਉਪਾਧੀ ਅਲੋਪ ਹੋ ਗਈ ਅਤੇ ਓਪਰੀ ਉਪਾਧੀ ‘ਕਾਮਰੇਡ’ ਪ੍ਰਚਲਿਤ ਹੋ ਗਈ। ਨਿਮਖ ਚਿਤਵਣ ਨਿਮਖ ਸਲਾਹਵਣ ਦੀ ਸਿੱਖ ਦਾਨਿਸ਼ਮੰਦਾਂ ਨੂੰ ਕੋਈ ਚਿੰਤਾ ਨਹੀਂ ਸੀ। ਮਨਮੁੱਖ ਗੁਰਮੁੱਖ ਤੱਥ ਨਿਵਾਰਕਾਂ ਨੂੰ ਅਕਾਲ ਤਖ਼ਤ ਸੱਦ ਕੇ ਡੰਨ ਲਾਉਂਦੇ ਰਹੇ। ਆਖ਼ਰੀ ਤਿੰਨ ਦਹਾਕਿਆਂ ਚ ਚੱਲੀਆਂ ਦੋ ਅੱਤਵਾਦੀ ਆਤਮਘਾਤੀ ਲਹਿਰਾਂ ਵਿਚ ਹਜ਼ਾਰਾਂ ਨੌਜਵਾਨਾਂ ਦਾ ਲਹੂ ਵੱਗਿਆ। ਜੁਗਨੀ ਵੀਰਾਨਿਆਂ ਚ ਭਟਕਦੀ ਰਹੀ। ਇਹਨੂੰ ਵਰਨ ਵਾਲ਼ਾ ਕੋਈ ਨਾ ਮਿiਲ਼ਆ।
ਸਾਕਿਆਂ ਨਾਲ਼ ਭਰੀ ਪੂਰੀ ਸਦੀ ਵੀਰਾਨ ਰੇਗਿਸਸਤਾਨ ਦਿਸਦੀ ਹੈ, ਜਿਸ ਵਿਚ ਮਿਰਗਾਂ ਦੀ ਡਾਰ ਭੱਜੀ ਜਾਂਵਦੀ ਹੈ; ਤ੍ਰਿਸ਼ਨਾ ਨਾਲ਼ ਮਰਦੀ। ਟਾਵੇਂ-ਟਾਵੇਂ ਨਖ਼ਲਿਸਤਾਨ ਹਨ। ਪਹਿਲੇ ਪੱਖ ਵਿਚ ਫ਼ਰੰਗੀਆਂ ਦੀ ਗ਼ੁਲਾਮੀ ਨੇ ਮੱਤ ਮਾਰੀ ਰੱਖੀ ਅਤੇ ਦੂਜੇ ਪੱਖ ਵਿਚ ਸੰਨ ਸੰਤਾਲ਼ੀ ਦੇ ਫੱਟ ਭਰਦਿਆਂ ਲੰਘ ਗਏ; ਫੇਰ ਭਰਦੇ ਫੱਟ ਏ. ਕੇ. ਸੰਤਾਲ਼ੀ ਨੇ ਉਚੇੜ ਘੱਤੇ। ਕੁਝ-ਕੁ ਰੱਬ ਦੇ ਬੰਦਿਆਂ ਨੇ ਝੱਖੜਾਂ ਵਿਚ ਵੀ ਗੁਰੂਆਂ-ਪੀਰਾਂ-ਰਾਂਝਿਆਂ-ਹੀਰਾਂ ਦੀ ਜੋਤ ਬੁੱਝਣ ਨਹੀਂ ਦਿੱਤੀ ਪੂਰਨ ਸਿੰਘ, ਅਮ੍ਰਿਤਾ ਸ਼ੇਰਗਿੱਲ, ਭਾਈ ਸਮੁੰਦ ਸਿੰਘ ਸੰਤਾ ਸਿੰਘ, ਮੋਹਨ ਸਿੰਘ, ਧਨੀ ਰਾਮ ਚਾਤ੍ਰਿਕ, ਗੁਰਬਖ਼ਸ਼ ਸਿੰਘ, ਨਜਮ ਹੁਸੈਨ ਸੱਯਦ, ਬੜੇ ਗ਼ੁਲਾਮ ਅਲੀ ਖ਼ਾਂ ਅਤੇ ਅੱਲਾ ਰੱਖਾ ਇਨ੍ਹਾਂ ਦੀ ਸੰਗਤ ਪਏ ਕਰਦੇ ਹਨ।
ਸੰਨ ਸੰਤਾਲ਼ੀ ਏਨਾ ਵੱਡਾ ਘੱਲੂਘਾਰਾ ਸੀ ਕਿ ਅੱਧੀ ਸਦੀ ਲੰਘ ਜਾਵਣ ’ਤੇ ਵੀ ਇਹ ਲੇਖਕਾਂ ਦੀ ਪਕੜ ਵਿਚ ਨਹੀਂ ਆਇਆ। ਬਹੁਤਾ ਸਾਹਿਤ ਪੰਜਾਬੀ ਚ (ਪੰਜਾਬੀ ਤੇ ਫ਼ਾਰਸੀ ਲਿਪੀ ਚ) ਲਿਖਿਆ ਗਿਆ ਹੈ। ਭਾਰੂ ਪੱਖ ਕਹਾਣੀ ਦਾ ਹੈ। ਇਸ ਦੌਰ ਦੀਆਂ ਚਾਰ ਸ਼ਾਹਕਾਰ ਕਹਾਣੀਆਂ ਹਨ ਟੋਭਾ ਟੇਕ ਸਿੰਘ (ਮੰਟੋ), ਗਡੱਰੀਆ (ਅਸ਼ਫ਼ਾਕ ਅਹਿਮਦ), ਲਾਜਵੰਤੀ (ਰਾਜਿੰਦਰ ਸਿੰਘ ਬੇਦੀ) ਅਤੇ ਖੱਬਲ਼ (ਕੁਲਵੰਤ ਸਿੰਘ ਵਿਰਕ)। ਵੱਡੇ ਰੌiਲ਼ਆਂ ਬਾਰੇ ਦੋ-ਤਿੰਨ ਕਵਿਤਾਵਾਂ ਹੀ ਮਿਲ਼ਦੀਆਂ ਹਨ; ਜਦ ਕਿ ਸੰਨ ਚੁਰਾਸੀ ਬਾਰੇ ਬੜੀ ਕਵਿਤਾ ਲਿਖੀ ਗਈ ਹੈ। ਸੰਨ ਸੰਤਾਲ਼ੀ ਬਾਰੇ ਅੰਗਰੇਜ਼ੀ ਕਵੀ ਔਡਨ ਦੀ ਕਵਿਤਾ ਪਾਰਟੀਸ਼ਨ ਵਰਗੀ ਕਵਿਤਾ ਪੰਜਾਬੀ ਸਾਹਿਤ ਵਿਚ ਨਹੀਂ ਮਿਲ਼ਦੀ। ਫ਼ੈਜ਼ ਦੀ ਨਜ਼ਮ ਸੁਬਹ-ਏ-ਆਜ਼ਾਦੀ ਤੇ ਅੰਮ੍ਰਿਤਾ ਪ੍ਰੀਤਮ ਦੀ ਉਸ ਨਜ਼ਮ ਤੋਂ ਛੁਟ ਪੰਜਾਬੀ ਸਾਹਿਤ ਵਿਚ ਕੋਈ ਕਲਾਸਿਕ ਰਚਨਾ ਨਹੀਂ। ਇਸ ਬਾਰੇ ਕੋਈ ਲੋਕਗੀਤ ਵੀ ਨਹੀਂ ਬਣਿਆ। ਕਾਰਣ? ਸ਼ਾਇਦ ਸ਼ਾਇਰੀ ਦਿਲ ਦੇ ਵਧ ਨੇੜੇ ਹੁੰਦੀ ਹੈ। ਵੱਡੇ ਰੌiਲ਼ਆਂ ਚ ਕਿਸੇ ਵੀ ਫ਼ਿਰਕੇ ਦੇ ਲੋਕਾਂ ਨੇ ਘਟ ਨਹੀਂ ਸੀ ਕੀਤੀ। ਪੰਜਾਬੀ ਅਪਣੇ ਹੀ ਅੱਗੇ ਸ਼ਰਮਸਾਰ ਹਨ; ਕਸੂਰਵਾਰ ਕਿਹਨੂੰ ਆਖਣ? ਜਾਂ ਕੀ ਇਹ ਸਭ ਕੁਝ ਭੁਲ-ਭੁਲਾ ਦੇਣਾ ਚਾਹੁੰਦੇ ਹਨ? ਕੀ ਕੋਈ ਭੁਲਾ ਸਕਦਾ ਹੈ? ਸਿੱਖਾਂ ਨੇ ਅਪਣੀ ਅਰਦਾਸ ਵਿਚ ਤਾਂ ਕੁਝ ਨਹੀਂ ਭੁਲਾਇਆ।
ਸੰਤਾਲ਼ੀ ਬਾਰੇ ਤਕਰੀਬਨ ਸਾਰਾ ਪੰਜਾਬੀ ਸਾਹਿਤ ਫ਼ਿਰਕੂ ਫ਼ਸਾਦਾਂ ਬਾਰੇ ਹੈ; ਪਰ ਕੋਈ ਵਿਰਲੀ ਰਚਨਾ ਤਕਸੀਮ ਦੀ ਜੜ੍ਹ ਨੂੰ ਫੜਦੀ ਹੈ। ਤਕਸੀਮ ਫ਼ਸਾਦਾਂ ਕਰਕੇ ਨਹੀਂ ਸੀ ਹੋਈ, ਸਗੋਂ ਤਕਸੀਮ ਕਰਕੇ ਫ਼ਸਾਦ ਹੋਏ ਸਨ। ਫ਼ਿਰਕਾਪ੍ਰਸਤ ਸਿਆਸਤ ਲਈ ਇਹ ਬੜਾ ਚੰਗਾ ਮੌਕਾ ਸੀ। ਇਹ ਤਕਸੀਮ ਦਿਲਾਂ ਚ ਸਦੀਆਂ ਦੀ ਹੋਈ ਪਈ ਸੀ। ਸਿੱਖ ਤੇ ਹਿੰਦੂ ਮੁਸਲਮਾਨਾਂ ਦੀ ਪੂਰੀ ਭਿੱਟ ਮੰਨਦੇ ਸਨ (ਰੋਟੀ ਬੇਟੀ ਦੀ ਸਾਂਝ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੋ ਸਕਦਾ)। ਮੈਂ ਮੰਟੋ ਤੋਂ ਛੁਟ ਹੋਰ ਕਿਸੇ ਪੰਜਾਬੀ ਮੁਸਲਮਾਨ ਦੀ ਐਸੀ ਕੋਈ ਲਿਖਤ ਨਹੀਂ ਪੜ੍ਹੀ, ਜਿਸ ਚ ਉਹਨੇ ਪਾਕਿਸਤਾਨ ਬਣਨ ਨੂੰ ਗ਼ਲਤ ਆਖਿਆ ਹੋਏ। ਸਾਰੀਆਂ ਕਹਾਣੀਆਂ ਦਾ ਨਕਸ਼ਾ ਇੱਕੋ-ਜਿਹਾ ਹੁੰਦਾ ਹੈ – ਜਬਰਜਨਾਹ, ਕLਤਲ, ਲੁੱਟਖੋਹ ਅਤੇ ਅਖ਼ੀਰ ਚ ਇਨਸਾਨੀ ਭਾਈਚਾਰੇ ਦਾ ਪ੍ਰਵਚਨ। ਮੰਟੋ ਵਰਗਾ ਕਥਾਕਾਰ ਵੀ ਇਸ ਜ਼ਮੀਨ ’ਤੇ ਤਿਲ੍ਹਕ ਜਾਂਦਾ ਹੈ – ਖੋਲ੍ਹ ਦੋ ਵਰਗੇ ਉਹਦੇ ਲਿਖੇ ਖ਼ਾਕੇ ਪੜ੍ਹ-ਪੜ੍ਹ ਲੋਕ ਜਿਨਸੀ ਮਜ਼ਾ ਲੈਂਦੇ ਹਨ।
ਹਿੰਦੁਸਤਾਨ ਦੇ ਆਖ਼ਿਰੀ ਵੌਇਸਰੌਏ ਮਾਉਂਟਬੈਟਨ ਦੇ ਹੁਣ ਤਕ ਖ਼ੁਫ਼ੀਆ ਰਹੇ ਕਾਗ਼ਜ਼ਾਤ ਚੋਂ ਇਹ ਤੱਥ ਮਿiਲ਼ਆ ਹੈ ਕਿ ਅੰਗਰੇਜ਼ਾਂ ਨੇ ਪੰਜਾਬ ਤੇ ਬੰਗਾਲ ਨੂੰ ਵੰਡਣ ਦਾ ਫ਼ੈਸਲਾ ਸੰਨ 1939 ਵਿਚ ਹੀ ਕਰ ਲਿਆ ਸੀ ਅਤੇ ਇਸ ਸਾਜ਼ਿਸ਼ ਦਾ ਨਾਂ ‘ਔਪਰੇਸ਼ਨ ਸਕੱਟਲ’ ਰੱਖਿਆ ਸੀ। ਅੰਗਰੇਜ਼ੀ ਸ਼ਬਦ ਸਕੱਟਲ ਦਾ ਅਰਥ ਹੈ ਨਿੱਕੇ-ਨਿੱਕੇ ਕਦਮ ਭਰਦਿਆਂ ਛੋਹਲ਼ੇ ਪੈਰੀਂ ਨੱਸਣਾ। ਇਕ ਪਾਸੇ ਆਲਮੀ ਜੰਗ ਲੱਗੀ ਹੋਈ ਸੀ ਅਤੇ ਦੂਜੇ ਪਾਸੇ ਅੰਗਰੇਜ਼ਾਂ ਨੂੰ ਪੰਜਾਬ ਦੇ ਟੋਟੇ ਕਰਨ ਦੀ ਕਾਹਲ਼ ਵੀ ਸੀ। ਜਾਬਰ ਹੁਕਮਰਾਨ ਕਹਿਰ ਢਾਹੁਣ ਵਾਲ਼ੀਆਂ ਕਰਤੂਤਾਂ ਨੂੰ ਔਪਰੇਸ਼ਨ ਕਿਉਂ ਆਖਦੇ ਹਨ? ਔਪਰੇਸ਼ਨ ਸਕੱਟਲ। ਔਪਰੇਸ਼ਨ ਬਲਿਊ ਸਟਾਰ। ਔਪਰੇਸ਼ਨ ਬਲੈਕ ਥੰਡਰ। ਇਸ ਲਿਹਾਜ਼ ਨਾਲ਼ ਪੰਜਾਬੀ ਕਮਿਉਨਿਸਟਾਂ ਦਾ ਧਰਮ ਨੂੰ ਕੌਮ ਬਣਾ ਕੇ ਪਾਕਿਸਤਾਨ ਤੇ ‘ਸਿੱਖ ਦੇਸ਼ਭੂਮੀਆ’ ਦੇ ਪਹਿਲਾਂ ਪਟਵਾਰੀ ਬਣਨਾ ਤੇ ਫੇਰ ਅਪਣੀ ਭੁੱਲ ਵੀ ਮੰਨ ਲੈਣੀ ਅਤੇ ਵੌਇਸਰੌਏ ਦਾ ਕੌਮੀ ਆਗੂਆਂ ਨੂੰ ਸ਼ਿਮਲੇ ਸੱਦ ਕੇ ਗੱਲਾਂ ਚ ਉਲ਼ਝਾਈ ਰੱਖਣਾ ਨਿਰਾ ਨਾਟਕ ਤੇ ਮਾਰੇ ਗਏ ਪੰਜ ਲੱਖ ਜੀਆਂ ਨਾਲ਼ ਕੀਤਾ ਮਖੌਲ ਹੀ ਲਗਦਾ ਹੈ।
ਵੀਹਵੀਂ ਸਦੀ ਵਿਚ ਪੰਜਾਬਣ ਜੁਗਨੀ ਲਟਲਟ ਨਹੀਂ ਬਲ਼ੀ। ਪੰਜਾਬ ਦਾ ਕੋਈ ਸਤਯਜੀਤ ਰੇਅ ਨਹੀਂ ਹੋਇਆ। ਪੰਜਾਬ ਦਾ ਟਾਕਰਾ ਰੂਸ, ਇਟਲੀ ਤੇ ਫ਼ਰਾਂਸ ਦੇ ਫ਼ਿਲਮਸਾਜ਼ਾਂ ਨਾਲ਼ ਕਰਨਾ ਬੇਥਵ੍ਹੀ ਗੱਲ ਹੈ। ਜੇ ਚਲਦੀ ਜੁਗਨੀ ਸੰਨ ਸੰਤਾਲ਼ੀ ਚ ਨਾ ਟੁੱਟਦੀ, ਤਾਂ ਸ਼ਾਇਦ ਕੋਈ ਜਲਵਾ ਹੋ ਜਾਂਦਾ। ਇੱਕੋ ਕੰਮ ਦੀ ਪੰਜਾਬੀ ਫ਼ਿਲਮ ਬਣੀ ਹੈ ਸੰਨ ਸੰਤਾਲ਼ੀ ਬਾਰੇ ਖ਼ਾਮੋਸ਼ ਪਾਣੀ, ਪਰ ਇਹ ਕਿਸੇ ਸਿੰਧਣ ਨੇ ਬਣਾਈ ਹੈ। ਸੰਤਾਲ਼ੀ ਪਿੱਛੋਂ ਲਹੌਰ ਛੱਡ ਕੇ ਦਿੱਲੀ ਜਾ ਵੱਸੇ ਸਾਹਿਤਕਾਰਾਂ-ਕਲਾਕਾਰਾਂ ਦਾ ਪੰਜਾਬ ਨਾਲ਼ ਜੀਵੰਤ ਸਾਕ ਮੁੱਕ ਗਿਆ। ਦਿੱਲੀ ਵੱਸਦੇ ਅੰਮ੍ਰਿਤਾ ਪ੍ਰੀਤਮ ਤੇ ਹਰਿਭਜਨ ਸਿੰਘ ਪੰਜਾਬ ਦੀ ਗੱਲ ਅਪਣੀ ਸਿਮਰਤੀ ਆਸਰੇ ਕਰਦੇ ਰਹੇ; ਓਵੇਂ ਜਿਵੇਂ ਹੁਣ ਵਲਾਇਤ ਬੈਠੇ ਲੇਖਕ ਕਰ ਰਹੇ ਹਨ। ਪੂਰੀ ਸਦੀ ਚ ਕੋਈ ਭਾਗਾਂ ਵਾਲ਼ਾ ਹੀ ਲਿਖਾਰੀ ਹੋਵੇਗਾ, ਜਿਹਨੂੰ ਅਪਣਾ ਘਰ ਨਹੀਂ ਛੱਡਣਾ ਪਿਆ। ਨਜਮ ਹੁਸੈਨ ਦੀ ਰਚਨਾ ਉਨੰਜਾ ਜੇਲ ਰੋਡ ਲਹੌਰ ਦੀ ਹਰ ਬੁੱਧਵਾਰ ਜੁੜਦੀ ਸੰਗਤ ਤੋਂ ਬਾਹਰ ਨਹੀਂ ਬਹੁਤੀ ਪਸਰੀ। ਹੁਣ ਮਦਨ ਗੋਪਾਲ ਸਿੰਘ, ਰੱਬੀ ਸ਼ੇਰਗਿੱਲ ਅਤੇ ਆਰਿਫ਼ ਲੁਹਾਰ ਅਪਣੇ ਵਡੇਰਿਆਂ ਦੀ ਸਿਮਰਤੀ ਹੰਢਾ ਰਹੇ ਹਨ। ਗਾਇਕ ਕਿੰਨਾ ਕੁ ਚਿਰ ਬੁੱਲ੍ਹਾ ਗਾਈ ਜਾਣਗੇ?
ਪੰਜਾਬ ਦੀ ਗੱਲ ਕਰਨੀ, ਕਾਲ਼ਾ ਨਾਗ ਛੇੜਨ ਵਾਲ਼ੀ ਗੱਲ ਹੈ। ਪੰਜਾਬ ਦੀ ਤਾਰੀਖ਼ ਦੁਰਸੀਸਾਂ ਦੇ ਘਾਉ ਮੁੜ-ਮੁੜ ਹਰੇ ਹੋਣ ਦੀ ਤਾਰੀਖ਼ ਹੈ। ਧਾਗੇ ਦਾ ਸਿਰਾ ਨਹੀਂ ਮਿਲ਼ਦਾ। ਸਿਕੰਦਰ ਦੇ ਹੱਲੇ ਤੋਂ ਲੈ ਕੇ ਅੰਗਰੇਜ਼ਾਂ ਦੇ ਹੱਲੇ ਤੇ ਵੀਹਵੀਂ ਸਦੀ ਵਿਚ ਪਈਆਂ ਮਾਰਾਂ ਦੀ ਗੱਲ ਸ਼ੁਰੂ ਕਰਨ ਲਈ ਕੋਈ ਹੱਥੀਂ ਵਾਹੀ ਜਾਂ ਖਿੱਚੀ ਤਸਵੀਰ ਵੀ ਨਹੀਂ ਮਿਲ਼ਦੀ। ਸ਼ਾਇਰੀ ਦੇ ਕੁਝ ਹਵਾਲੇ ਮਿਲ਼ ਜਾਂਦੇ ਹਨ। ਨਾਨਕ ਜੀ ਦੀ ਬਾਬਰਵਾਣੀ ਦੇ ਮੇਚ ਦੀ ਕੋਈ ਹੋਰ ਲਿਖਤ ਨਹੀਂ ਹੋ ਸਕਦੀ।
ਵੀਹਵੀਂ ਸਦੀ ਚੜ੍ਹੀ, ਤਾਂ ਪੰਜਾਬ ਨੂੰ ਪਲੇਗ ਦੀ ਮਹਾਮਾਰੀ ਨੇ ਗ੍ਰੱਸ ਲਿਆ; ਚਾਲ਼ੀ ਲੱਖ ਲੋਕ ਮਰ ਗਏ। ਫੇਰ ਵੱਡੀ ਲਾਮ ਲਗ ਗਈ। ਸਿਰਫ਼ ਪੋਠੋਹਾਰ ਦੇ ਇਕ ਲੱਖ ਫ਼ੌਜੀ – ਮੁਸਲਮਾਨ ਤੇ ਸਿੱਖ – ਰਤਾ ਗਿਣਤੀ ਵਲ ਧਿਆਨ ਦਿਓ: ਇਕ ਲੱਖ ਪੰਜਾਬੀ ਫ਼ਰੰਗੀ ਧਾੜਵੀਆਂ ਦੀ ਚਾਕਰੀ ਕਰਦਿਆਂ ਮਾਰੇ ਗਏ। ਅੱਜ ਉਨ੍ਹਾਂ ਨੂੰ ਕੌਣ ਯਾਦ ਕਰਦਾ ਹੈ? (ਇਨ੍ਹਾਂ ਫ਼ੌਜੀਆਂ ਦੀਆਂ ਫ਼ਰਾਂਸ ਤੇ ਇੰਗਲੈਂਡ ਚ ਹੁੰਦਿਆਂ ਦੀਆਂ ਤਸਵੀਰਾਂ ਤੇ ਉਰਦੂ ਪੰਜਾਬੀ ਵਿਚ ਘਰ ਨੂੰ ਲਿਖੀਆਂ ਤੇ ਰਾਹ ਵਿਚ ਫੜੀਆਂ ਚਿੱਠੀਆਂ ਬ੍ਰਿਟਿਸ਼ ਲਾਇਬ੍ਰੇਰੀ ਚ ਪਈਆਂ ਹਨ।) ਉਸ ਵੇਲੇ ਦੀ ਪੰਜਾਬਣ ਦਾ ਕੀਤਾ ਵਿਰਲਾਪ ਲੋਕ ਗੀਤਾਂ ਦੀਆਂ ਕਿਤਾਬਾਂ ਚ ਦਰਜ ਖੋਜੀਆਂ ਦੇ ਪੜ੍ਹਨ ਲਈ ਬੰਦ ਪਿਆ ਹੈ। ਜਲਿ੍ਹਆਂਵਾਲ਼ੇ ਬਾਗ਼ ਦੇ ਗੋਲ਼ੀਆਂ ਦੇ ਨਿਸ਼ਾਨ ਬਾਕੀ ਰਹਿ ਗਏ। ਕਰਤਾਰ ਸਿੰਘ, ਭਗਤ ਸਿੰਘ, ਊਧਮ ਸਿੰਘ ਨੇ ਜਦ ਅਪਣੀਆਂ ਵਾਰੀਆਂ ਪੁਗਾ ਲਈਆਂ, ਤਾਂ ਸੰਨ ਸੰਤਾਲ਼ੀ ਦਾ ਸਾਕਾ ਵਰਤ ਗਿਆ। ਮੁਲਕ ਦੀ ਆਜ਼ਾਦੀ ਤੋਂ ਵੱਡਾ ਮੌਕਾ ਹੋਰ ਕਿਹੜਾ ਹੋ ਸਕਦਾ ਸੀ; ਵਿਆਹ ਚ ਮੁਕਾਣ ਆ ਗਈ – ਸੰਨ ਸੰਤਾਲ਼ੀ ਦੀ ਖ਼ਾਨਾਜੰਗੀ ਵਿਚ ਪੰਜ ਲੱਖ ਪੰਜਾਬੀ ਮਰ ਖਪ ਗਏ; ਲੱਖਾਂ ਉੱਜੜ ਗਏ। ਦੋ-ਤਿੰਨ ਹਜ਼ਾਰ ਸਾਲਾਂ ਚ ਪੰਜਾਬ ਨੇ ਕਦੇ ਚੰਗੇ ਦਿਨ ਵੀ ਵੇਖੇ ਹੋਣਗੇ?
ਸੰਨ ਸੰਤਾਲ਼ੀ ਬਾਰੇ ਕੁਝ-ਕੁ ਸ਼ਾਹਕਾਰ ਕਹਾਣੀਆਂ ਤੇ ਇਕ-ਅੱਧ ਕਵਿਤਾ ਪਾ-ਲਾਹ ਕੇ ਸਾਡੇ ਕੋਲ਼ ਹੈ। ਲੋਕਗੀਤ ਇਕ ਵੀ ਨਹੀਂ ਬਣਿਆ। ਸਤੀਸ਼ ਗੁਜਰਾਲ ਨੇ ਕੁਝ ਤਸਵੀਰਾਂ ਓਦੋਂ ਬਣਾਈਆਂ ਤੇ ਬਣਾ ਕੇ ਪੰਜਾਬ ਨੂੰ ਭੁੱਲ ਗਿਆ। ਪ੍ਰਾਣ ਨਾਥ ਮਾਗੋ ਦੀਆਂ ਬਣਾਈਆਂ ਤਸਵੀਰਾਂ ਚੰਦ-ਕੁ ਪੰਜਾਬੀਆਂ ਨੇ ਦੇਖੀਆਂ ਹੋਣਗੀਆਂ।
ਸੰਨ ਚੁਰਾਸੀ ਦਾ ਸਾਕਾ ਹਾਲੇ ਕੱਲ੍ਹ ਹੀ ਹੋ ਕੇ ਹਟਿਆ ਹੈ। ਅੰਕੜਿਆਂ ਵਾਲ਼ੇ ਦੱਸਦੇ ਹਨ – ਪੱਚੀ ਹਜ਼ਾਰ ਕਸੂਰੇ-ਬੇਕਸੂਰੇ ਲੋਕ ਮਾਰੇ ਗਏ। ਰਹਿੰਦੀ ਕਸਰ ਇੰਦਰਾ ਗਾਂਧੀ ਨੇ ਮਰ ਕੇ ਪੂਰੀ ਕਰ ਦਿੱਤੀ। ਅੱਜ ਉਸ ਦੌਰ ਦੀ ਗੱਲ ਕਰਨਾ ਅਪਣੇ ਫੱਟ ਉਚੇੜਨ ਦੇ ਤੁੱਲ ਹੈ।
ਖਾ ਗਈ ਪੂਰਾ ਦਹਾਕਾ ਪੰਜਾਬੀਆਂ ਦਾ।
ਗਲ਼ ਵਿਚ ਟਾਇਰ ਪਾ ਕੇ ਦਿੱਲੀ ਸੜੀ ਚਿੰਤਾ॥
ਭੂਸ਼ਣ ਧਿਆਨਪੁਰੀ ॥
ਇਸ ਦੌਰ ਨੂੰ ਪੰਜਾਬੀ ਲਿਖਾਰੀ ‘ਕਾਲ਼ੇ ਦਿਨ’ ਕਰਕੇ ਯਾਦ ਕਰਦੇ ਹਨ। ਮੈਂ ਉਨ੍ਹਾਂ ਦਿਨਾਂ ਦੀਆਂ ਗੱਲਾਂ ਤਿੰਨ ਤਸਵੀਰਾਂ ਨਾਲ਼ ਕਰਨ ਲੱਗਾ ਹਾਂ – ਇਕ ਰੰਗੀਨ ਤਸਵੀਰ ਵਿਚ ਵਗਦਾ ਲਹੂ ਵੀ ਦਿਸਦਾ ਹੈ। ਪਹਿਲੀ – ਕਾਲ਼ੇ ਦਿਨਾਂ ਦੀ ਬੋਲੀ ਵਿਚ – ‘ਫ਼ਾਰਮ ਹਾਉਸ’ ਦੀ ਤਸਵੀਰ ਫ਼ੋਟੋੋਕਾਰ ਵਿਜੇ ਓਜ਼ੋ ਦੇ ਦੱਸਣ ਤੋਂ ਬਿਨਾਂ ਵੀ ਮੂੰਹੋਂ ਬੋਲਦੀ ਹੈ ਕਿ ਇਹ ਕਿਸ ਵੇਲੇ ਤੇ ਕਿਹੜੀ ਥਾਂ ਦੀ ਤਸਵੀਰ ਹੋਣੀ ਹੈ। ਓਦੋਂ ਬਿਹਾਰੀ ‘ਭਈਆ’ ਨੰਦ ਕਿਸ਼ੋਰ ਪੰਜਾਬ ਆ ਕੇ ਅਪਣੀ ਜੜ੍ਹ ਲਾ ਚੁੱਕਾ ਸੀ; ਉਹਦੀ ਧੀ ਮਾਧੁਰੀ ਪੰਜਾਬ ਚ ਜਨਮੀ ਸੀ। ਨੰਦ ਕਿਸ਼ੋਰ ਨੇ ਸਿੱਖਾਂ ਦੀ ਰੀਸੇ ਅਪਣੀ ਧੀ ਨੂੰ ਕੁੱਖ ਵਿਚ ਨਹੀਂ ਸੀ ਮਾਰਿਆ। ਸਰਮਾਏ ਦੇ ਪਸਾਰੇ ਮਗਰੋਂ ਪਿੰਡ-ਪਿੰਡ ਖੂਹਾਂ ’ਤੇ ਇਹੋ-ਜਿਹੇ ਕੁਹਜੇ ਲੰਬੂਤਰੇ ਪੱਕੇ ਕੋਠੇ ਬਣੇ ਸੀ। ਇਹ ਕਾਤਲਾਂ ਦੀਆਂ ਠਾਹਰਾਂ ਬਣ ਗਏ, ਜਦ ਦਿੱਲੀ ਦਾ ਛੇੜਿਆ ਨਾਗ ਇਸਲਾਮਾਬਾਦ ਦੀ ਬੀਨ ‘ਤੇ ਮੇਲ਼੍ਹ ਰਿਹਾ ਸੀ। ਤਸਵੀਰ ਵਿਚ ਯਰਕੇ ਹੋਏ ਲੋਕਾਂ ਦੇ ਇੱਟਾਂ ਨਾਲ਼ ਆਪੇ ਪੂਰੇ ਹੋਏ ਬਾਰ-ਬਾਰੀਆਂ, ਸਹਿਮੇ ਸੋਚੀਂ ਪਏ ਕੀਲਿਆਂ ਨਾਲ਼ ਬੱਝੇ ਡੰਗਰ ਦਿਸਦੇ ਹਨ; ਨਾਲ਼ ਉਨ੍ਹਾਂ ਦੇ ਕੱਟੜੂ। ਅੰਦਰ ਕੀ ਹੈ? ਕੁਝ ਨਹੀਂ ਪਤਾ। ਨਾ ਕੋਈ ਬੰਦਾ, ਨਾ ਬੰਦੇ ਦੀ ਜ਼ਾਤ। ਹਿੰਸਾ ਦਾ ਇੱਕੋ ਬਿੰਬ ਟੋਕੇ ਵਾਲ਼ੀ ਮਸ਼ੀਨ ਹੈ। ਕੀ ਕੋਈ ਭਾਣਾ ਵਰਤ ਕੇ ਹਟਿਆ ਹੈ? ਮੁਕਾਬਿਲਾ ਹੁੰਦਾ ਸੀ? ਨੇਰ੍ਹੇ ਵਿਚ ਕੋਠਾ ਲਿਸ਼ਕਦਾ ਹੈ; ਬਿਜਲੀ ਚਮਕੀ ਹੈ? ਧਮਾਕਾ ਹੋਇਆ ਹੈ? ਕਿੰਨੇ ਮਰੇ? ਉਨ੍ਹਾਂ ਦੇ ਤੇ ਉਨ੍ਹਾਂ ਦੇ? ਕਿਤੇ ਇਹ ਪਾਸ਼ ਦਾ ਖੂਹ ਤਾਂ ਨਹੀਂ?
ਕਹਾਣੀਕਾਰ ਵਾਂਙ ਫ਼ੋਟੋਗਰਾਫ਼ਰ ਵੀ ਮੌਕੇ ਦਾ ਗਵਾਹ ਹੈ। ਹੋਏ ਵਕੂਏ ਦੀ ਫ਼ੋਟੋ ਖਿੱਚ ਕੇ ਸਾਹਮਣੇ ਰਖ ਦਿੱਤੀ ਹੈ। ਪੱਕਾ ਸਬੂਤ। ਹੁਣ ਕੌਣ ਮੁੱਕਰ ਸਕਦਾ ਹੈ? ਕਾਤਿਲ ਵੀ ਲੱਦ ਗਏ। ਫ਼ੈਸਲਾ ਹੋਣ ਨੂੰ ਸਦੀਆਂ ਲਗ ਜਾਣੀਆਂ ਹਨ। ਇਤਿਹਾਸ ਦੇ ਮੁਕੱਦਮਿਆਂ ਦੀਆਂ ਤਾਰੀਖ਼ਾਂ ਬੜੀਆਂ ਲੰਮੀਆਂ ਪੈਂਦੀਆਂ ਹੁੰਦੀਆਂ ਹਨ। ਜਾਂ ਇਹ ਰੰਗਮੰਚ ਹੈ? ਦਸ ਸਾਲ ਲੰਮਾ ਡਰਾਮਾ ਹੋਣਾ ਹੈ। ਪਰਦਾ ਉੱਠਿਆ ਹੈ ਤੇ ਪਿਛੋਕੜ ਵਿਚ ਇੰਦਰਾ-ਜ਼ੈਲਸਿੰਘ-ਭਿੰਡਰਾਂਵਾਲ਼ੇ ਦੀਆਂ ਟੇਪਾਂ ਨੇ ਚੱਲੀ ਜਾਣਾ ਹੈ। ਪਿੱਛੇ ਬੰਸਰੀ ਜਾਂ ਸਾਰੰਗੀ ਨਹੀਂ ਵੱਜਦੀ; ਦਿੱਲੀ ਦੇ ਫ਼ਸਾਦਾਂ ਵਿਚ ਮਰਿਆਂ ਦੀਆਂ ਮਾਵਾਂ ਧੀਆਂ ਭੈਣਾਂ ਤੇ ਵਿਧਵਾਵਾਂ ਦਾ ਵਿਰਲਾਪ ਹੈ। ਬਾਕੀ ਜੋ ਹੋਣਾ ਹੈ; ਉਹ ਪਤਾ ਹੀ ਹੈ।
ਇਤਿਹਾਸਕਾਰ ਆ ਕੇ ਬੋਲਦਾ ਹੈ: ‘ਯਥਾਰਥ ਦਾ ਮੈਨੂੰ ਪਤਾ ਹੈ। ਜੋ ਨੱਸ ਗਏ, ਉਹ ਖ਼ਾਲਿਸਤਾਨੀ ਨਹੀਂ ਸਨ। ਉਹ ਬਾਹਮਣ ਸਨ, ਈਸਾਈ ਤੇ ਮਜ਼ਹਬੀ। ਬੰਦੂਕਚੀਆਂ ਨੇ ਸਿੱਖ ਬਹੁਤੇ ਮਾਰੇ, ਹੋਰ ਥੋਹੜੇ। ਸਿੱਖਾਂ ਨੂੰ ਮਾਰ ਕੇ ਖ਼ਾਲਿਸਤਾਨ ਨਹੀਂ ਬਣਦਾ। ਸ਼ਾਇਰ ਵੀ ਲੀਡਰਾਂ ਵਾਂਙ ਯਥਾਰਥ ਤੋਂ ਦੂਰ ਸਨ। ਇਸ ਕਰਕੇ ਪੰਜਾਬ ਦੇ ਇਸ ਸੰਕਟ ਦੀ ਸ਼ਾਇਰੀ ਬੋਗਸ ਹੈ।’
ਸੰਨ ਸੰਤਾਲ਼ੀ ਦੇ ਸਾਕੇ ਵੇਲੇ ਵਾਰਿਸ ਸ਼ਾਹ ਨੂੰ ਹਾਕਾਂ ਮਾਰਨ ਵਾਲੀ ਕਵਿਤਰੀ ਸੰਨ ਚੁਰਾਸੀ ਵਿਚ ਚੁੱਪ ਰਹੀ। ਉਹਦੇ ਸਿਰਹਾਣੇ ਪਈ ਇੰਦਰਾ ਗਾਂਧੀ ਦੀ ਤਸਵੀਰ ਮੈਂ ਅੱਖੀਂ ਡਿੱਠੀ ਸੀ।
ਇਨ੍ਹੀਂ ਦਿਨੀਂ ਇਕ ਹੋਰ ਮਹਾਨ ਧ੍ਰੋਹ ਹੋਇਆ। ਇਸ ਧ੍ਰੋਹ ਦੀ ਕੋਈ ਤਸਵੀਰ ਵਾਹ ਕੇ ਨਹੀਂ ਦਿਖਾ ਸਕਦਾ। ਕਾਲ਼ੀ ਬੋਲੀ ਦੇ ਲਿੱਬੜੇ ਸ਼ਬਦ ਪੰਜਾਬੀ ਨੂੰ ਭਿੱਟਣ ਲੱਗੇ ਏ.ਕੇ. ਸੰਤਾਲ਼ੀ, ਬਰਸਟ, ਮੁੰਡੇ, ਖਾੜਕੂ, ਅੱਤਵਾਦੀ, ਅਖੰਡਤਾ, ਫਿਰੌਤੀਆਂ, ਫ਼ਾਰਮ ਹਾਉਸ, ਗਲਿਆਰਾ। ਫੇਰ ਸਿੱਖ ਮਾਵਾਂ ਅਪਣੇ ਬੱਚਿਆਂ ਨਾਲ਼ ਹਿੰਦੀ ਬੋਲਣ ਲੱਗੀਆਂ। ਨਵੀਂ ਬੇਜ਼ਬਾਨ ਪੀੜ੍ਹੀ ਜੰਮ ਕੇ ਜਵਾਨ ਹੋ ਗਈ; ਜਿਹਨੂੰ ਨਾ ਪੰਜਾਬੀ ਆਵੇ, ਨਾ ਹਿੰਦੀ ਤੇ ਨਾ ਅੰਗਰੇਜ਼ੀ। ਪਹਿਲੀਆਂ ਚ ਭਾਈ ਕਾਹਨ ਸਿੰਘ ਤੇ ਲਾਲਾ ਲਾਜਪਤ ਰਾਏ ਅਪਣੇ ਘਰੀਂ ਹਿੰਦੀ ਬੋਲਦੇ ਹੁੰਦੇ ਸਨ; ਕਾਲ਼ੇ ਦਿਨਾਂ ਤੋਂ ਬਾਅਦ ਘਰ-ਘਰ ਹਿੰਦੀ ਬੋਲੀ ਜਾਣ ਲੱਗੀ। ਇਕ ਸਦੀ ਪਹਿਲਾਂ ਗੁਜਰਾਤੋਂ ਪੰਜਾਬ ਆ ਕੇ ਆਰੀਆ ਸਮਾਜੀ ਦਇਆ ਨੰਦ ਨੇ ਪੰਜਾਬੀਅਤ ਦੀਆਂ ਜੜ੍ਹਾਂ ਚ ਤੇਲ ਦਿੱਤਾ ਸੀ। ਹੁਣ ਉਹਨੂੰ ਕਾਹਦਾ ਮਿਹਣਾ?
ਦੋ ਪੰਜਾਬੀ ਕਹਾਣੀਆਂ ਇਸ ਦੌਰ ਦੀਆਂ ਮਿਸਾਲੀ ਕਹਾਣੀਆਂ ਹਨ – ਜੀਉਂਦਿਆਂ ਦੇ ਮੇਲੇ (ਗੁਰਦਿਆਲ ਸਿੰਘ) ਤੇ ਕਾਨ੍ਹੀ (ਪ੍ਰੇਮ ਪ੍ਰਕਾਸ਼)। ਮੇਲੇ ਕਹਾਣੀ ਉੱਨੀ ਸੌ ਸੱਠਾਂ ਦੀ ਲਿਖੀ ਹੋਈ ਹੈ, ਜਦ ਭਿੰਡਰਾਂਵਾਲ਼ੇ ਦਾ ਕਿਸੇ ਨਾਂ ਵੀ ਨਹੀਂ ਸੀ ਸੁਣਿਆ ਤੇ ਕਾਨ੍ਹੀ ਵੀਹ ਸਾਲ ਮਗਰੋਂ ਦੀ ਲਿਖੀ ਹੋਈ। ਮੇਲੇ ਦੀ ਕਹਾਣੀ ਇੰਜ ਹੈ: ਸਿੰਘਾਂ ਦੇ ਜੱਥੇ ਚ ਭਾਗਣ ਦੇ ਪੇਟ-ਘਰੋੜੀ ਦੇ ਪੁੱਤ ਨੇ ਪਿੰਡ ਆਉਣਾ ਸੀ। ਉਹ ਆਏ। ਭਾਗਣ ਨੂੰ ਬੰਦਿਆਂ ਦੇ ਝੌਲ਼ੇ-ਝੌਲ਼ੇ ਮੁਹਾਂਦਰੇ ਦਿਸ ਪਏ ਸਨ, ਪਰ ਕਿਸੇ ਦੀ ਪਛਾਣ ਨਹੀਂ ਸੀ ਆ ਰਹੀ। ਸਭ ਦੇ ਨੀਲੇ, ਚਿੱਟੇ ਕਪੜੇ ਤੇ ਗਾਤਰੇ ਪਾਈਆਂ ਕਿਰਪਾਨਾਂ ਕਰਕੇ ਇੱਕੋ-ਜਿਹੇ ਲਗਦੇ ਸਨ। ਪੁੱਤ ਨੇ ਮਾਂ ਵਲ ਦੇਖਿਆ ਤਕ ਨਹੀਂ। ‘ਮਾਂ ਪੈਰੀਂ ਪੈਨਾਂ’ ਸੁਣਨ ਦੀ ਉਡੀਕ ਕਰਦੀ ਦੇ ਕੋਲ਼ੋਂ ਸ਼ਬਦ ਗਾਉਂਦਾ ਜੱਥਾ ਲੰਘ ਗਿਆ – ਉਹਦਾ ਪੁੱਤ ਵੀ, ਨੂੰਹ ਵੀ, ਦੋਵੇਂ ਪੋਤੇ ਵੀ; ਸਾਰੇ ਲੰਘ ਗਏ; ਉਹ ਖੜੋਤੀ ਰਹੀ।…ਅਵੱਲਾ ਜਿਹਾ ਜੱਥਾ ਸੀ। ਪੰਜ ਬੰਦੇ ਸਨ। ਸਭ ਦੇ ਸਿਰ ਨੀਲੀਆਂ ਪੱਗਾਂ, ਚਿੱਟੇ ਚੋਲ਼ੇ ਤੇ ਗਾਤਰੇ ਕਿਰਪਾਨਾਂ। ਚਾਰ ਤੀਵੀਂਆਂ ਸਨ। ਸਿਰਾਂ ਉੱਤੇ ਕਾਲ਼ੀਆਂ ਪੱਗਾਂ, ਚਿੱਟੇ ਚੋਲ਼ੇ ਤੇ ਸਲਵਾਰਾਂ। ਨਿੱਕੇ-ਨਿੱਕੇ ਤਿੰਨ ਮੁੰਡੇ ਸਨ। ਉਨ੍ਹਾਂ ਨੇ ਵੀ ਇਹੋ-ਜਿਹਾ ਨੀਲਾ ਬਾਣਾ ਪਾਇਆ ਹੋਇਆ ਸੀ। ਨਿੱਕੀਆਂ ਕਿਰਪਾਨਾਂ ਪਾਈ ਜੱਥੇ ਨਾਲ਼ ਰਲ਼ ਕੇ ਸ਼ਬਦ ਗਾਉਂਦੇ ਜਾਂਦੇ ਸਨ। ਪੁੱਤ ਨੇ ਮਾਂ ਦੇ ਹੱਥ ਦੀ ਪੱਕੀ ਰੋਟੀ ਨਾ ਖਾਧੀ: ‘ਅਮ੍ਰਿਤਧਾਰੀ ਸਿੰਘ ਸਿੰਘਣੀਆਂ ਕਿਸੇ ਹੋਰ ਦੇ ਹੱਥ ਦਾ ਸਜਾਇਆ ਪਰਸ਼ਾਦਾ ਨਹੀਂ ਛਕ ਸਕਦੇ।’ ਪੁੱਤ ਨੇ ਮਾਂ ਨਾਲ਼ ਗੱਲ ਤਕ ਨਹੀਂ ਕੀਤੀ: ਉਹਦਾ ‘ਕੂੜੇ ਸੰਸਾਰ ਵਿਚ ਕਿਸੇ ਨਾਲ਼ ਕੋਈ ਰਿਸ਼ਤਾ ਨਹੀਂ ਸੀ।’ ਜੱਥਾ ਜਿਵੇਂ ਕੀਰਤਨ ਕਰਦਾ ਆਇਆ ਸੀ, ਉਵੇਂ ਤੁਰ ਗਿਆ। ਉਹ ਹਿੰਮਤ ਕਰਕੇ ਜੱਥੇ ਦੇ ਪਿੱਛੇ ਗਈ, ਪਰ ਗਲ਼ੀ ਤਕ ਅਪੜਦਿਆਂ ਉਹਦੀਆਂ ਲੱਤਾਂ ਝੂਠੀਆਂ ਪੈ ਗਈਆਂ।
ਉੱਨੀ ਸੌ ਅੱਸੀਆਂ ਦੇ ਘਰੋਂ ਮਰਨ ਤੁਰੇ ਅਮ੍ਰਿਤਧਾਰੀ ਸਿੱਖ ਦੇ ਮਨ ਦੀ ਤਸਵੀਰ ਗੁਰਦਿਆਲ ਸਿੰਘ ਤੋਂ ਬਿਨਾਂ ਹੋਰ ਕੋਈ ਨਹੀਂ ਖਿੱਚ ਸਕਿਆ। ਪੰਦਰਾਂ-ਵੀਹ ਸਾਲ ਪਹਿਲਾਂ ਲਿਖੀ ਕਹਾਣੀ ਆਉਣ ਵਾਲ਼ੇ ਮਨਮੁੱਖ ਵਰਤਾਰੇ ਦੀ ਕਿੰਨੀ ਸੱਚੀ ਭਵਿਖਬਾਣੀ ਹੈ। ਅਮ੍ਰਿਤਸਰ ਵਿਚ ਨਿਰੰਕਾਰੀਆਂ ਨਾਲ਼ ਆਢਾ ਲੈਣ ਗਿਆਂ ਦੇ ਨਾਲ਼ ਮਾਂ ਦੇ ਉਸ ਪੁੱਤ ਦਾ ਹੋਣਾ ਜ਼ਰੂਰੀ ਸੀ। ਪੁੱਤ ਨੇ ਮਾਂ ਵਲ ਦੇਖਿਆ ਤਕ ਨਹੀਂ। ਪੁੱਤ ਨੇ ਮਾਂ ਦੇ ਹੱਥ ਦੀ ਪੱਕੀ ਰੋਟੀ ਨਾ ਖਾਧੀ। ਪੁੱਤ ਨੇ ਮਾਂ ਨਾਲ਼ ਗੱਲ ਤਕ ਨਹੀਂ ਕੀਤੀ। ਮਾਂ ਪੁੱਤ ਦੀ ਕੁਛ ਨਾ ਸੀ ਲਗਦੀ। ਦਹਿਸ਼ਤਵਾਦ ਦਾ ਪਹਿਲਾ ਸਬਕ ਹੁੰਦਾ ਹੈ – ਇਨਸਾਨ ਨੂੰ, ਇਨਸਾਨੀਅਤ ਨੂੰ ਘੋਰ ਨਫ਼ਰਤ ਕਰੋ। ਬੇਕਿਰਕ ਹੋ ਜਾਉ।
ਉੱਨੀ ਸੌ ਅੱਸੀਆਂ ਚ ਲਿਖੀ ਕਹਾਣੀ ਕਾਨ੍ਹੀ ਪੰਜਾਬ ਨੂੰ ਪੈਂਦੇ ਰਹਿੰਦੇ ਝੱਲ ਦੀ ਤਸਵੀਰ ਹੈ – ਉਹ ਤਾਂ ਅਸ਼ਵਥਾਮਾ ਹੈ, ਮਹਾਭਾਰਤ ਦੇ ਵੇਲੇ ਦਾ ਫਿਰਦਾ। ਉਹ ਕਦੇ ਬੌਣਾ ਹੋ ਜਾਂਦਾ ਹੈ, ਗਿਠਮੁਠੀਆ ਤੇ ਕਦੇ ਹੋ ਜਾਂਦੈ ਕਿੱਕਰ ਜਿੱਡਾ। ਉਹਦੇ ਮੱਥੇ ’ਤੇ ਉਵੇਂ ਘਾਉ ਦਿਸਦੈ। ਉਹਦੇ ਹੱਥ ਚ ਮਲ੍ਹਮ ਵਾਲ਼ਾ ਠੂਠਾ ਹੁੰਦੈ। ‘’ਰਾਮ ਨੀਂ ਆਇਆ, ਹੁਣ ਥਈਂ…ਹਜ਼ਾਰਾਂ ਸਾਲ ਹੋ ਗਏ ਨੇ ਬਾਣ ਲੱਗੇ ਨੂੰ। ’ਰਾਮ ਕਿੱਥੋਂ ਆਉਣਾ ਸੀ? ਦੁਰਸੀਸਾਂ ਦੇ ਘਾਉ ਨੇ, ਮੁੜ-ਮੁੜ ਹਰੇ ਹੁੰਦੇ ਰਹਿੰਦੇ ਨੇ।’ ਪਾਤਰ ਹਿੱਲੇ ਹੋਏ ਹਨ। ਉਨ੍ਹਾਂ ਨੂੰ ਓਪਰੀਆਂ ਸ਼ੈਆਂ ਦਿਸਦੀਆਂ ਹਨ। ਉਨ੍ਹਾਂ ਨੂੰ ਪਾਟੀ ਜੀਭ ਚੋਂ ਨਿਕਲ਼ਦੀਆਂ ਆਵਾਜ਼ਾਂ ਸੁਣਦੀਆਂ ਹਨ। ਕਤਲ ਹੋਇਆਂ ਦੇ ਸਸਕਾਰ ਕਰ-ਕਰ ਹੰਭ ਗਿਆ ਬੰਦਾ ਸਲਾਹ ਦਿੰਦਾ ਹੈ: ਮੈਂ ਤਾਂ ਕਹਿੰਦੈਂ, ਆਪਾਂ ਸਾਰੇ ਏਥੇ ਹੀ ਨਾ ਰਹਿਣ ਲਗ ਜਾਈਏ? ਅਰਥੀਆਂ ਚੱਕਣ ਦੀ ਲੋੜ ਈ ਨ੍ਹੀਂ ਰਹਿਣੀ। ਕਾਨ੍ਹੀ ਵਿਚਾਰੇ ਥੱਕ ਜਾਂਦੇ ਨੇ। – ਅਕਲਮੰਦ ਕਹਿੰਦਾ ਹੈ: ਤੂੰ ਚਿੰਤਾ ਨਾ ਕਰ ਰਾਜੇ। ਆਪਾਂ ਗੱਡੀਉ ਲੈ ਆਉਣੀ ਐ, ਰੈੱਡ ਕ੍ਰਾਸ ਵਾਲ਼ੀ। ਫੇਰ ਤਾਂ ਛੇ-ਛੇ ਮੀਲਾਂ ਤੋਂ ਮੁਰਦੇ ਐਥੇ ਈ ਲਿਆਉਣਗੇ। ਰੌਣਕਾਂ ਲਗ ਜਾਣਗੀਆਂ।
ਏਦੂੰ ਕਿਤੇ ਵਧ ਰੌਣਕਾਂ ਸੰਨ ਸੰਤਾਲ਼ੀ ਚ ਲੱਗੀਆਂ ਸਨ। ਓਦੋਂ ਪੰਜ ਲੱਖ ਪੰਜਾਬੀ ਮਰੇ; ਖ਼ਾਲਿਸਤਾਨੀਆਂ ਵੇਲੇ ਤਾਂ ਸਿਰਫ਼ ਪੱਚੀ ਹਜ਼ਾਰ ਹੀ ਮਰੇ ਦਸਦੇ ਹਨ। ਮਨੁੱਖ ਦੇ ਕੀਤੇ ਨਾਸ ਦੀ ਇੰਜ ਪੰਜ-ਪੱਚੀ ਦੀ ਗਿਣਤੀ ਚ ਗੱਲ ਕਰਨੀ ਭਾਸ਼ਾ ਦੀ ਸਭ ਤੋਂ ਵਧ ਘਿਣਾਉਣੀ ਹਿੰਸਾ ਹੈ।
ਮਰਨ-ਮਾਰਨ ਦੇ ਸੁਭਾਅ ਦੀ ਗੱਲ ਤਾਂ ਸਿੱਖ ਇਤਿਹਾਸ ਤੋਂ ਕਿਤੇ ਪਹਿਲਾਂ ਮਹਾਭਾਰਤੀ ਅਸ਼ਵਥਾਮਾ ਤਕ ਜਾਂਦੀ ਹੈ। ਇਹ ਗੱਲ ਪ੍ਰੇਮ ਪ੍ਰਕਾਸ਼ ਤੋਂ ਪਹਿਲਾਂ ਕਿਸੇ ਨਹੀਂ ਸੀ ਫੜੀ।
ਏਕ ਚਾਦਰ ਮੈਲੀ ਸੀ ਨਾਵਲ ਦੇ ਸ਼ੁਰੂ ਵਿਚ ਕਬੂਤਰ ਪ੍ਰਬੋਧ ਤੇ ਕਬੂਤਰੀ ਮੈਤ੍ਰੀ ਬੈਠੇ ਚੁਹਲ-ਮੁਹਲ ਕਰਦੇ ਉਰਦੂ ਵਿਚ ਪੰਜਾਬ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਪੰਜਾਬ ਦੀ ਵਹਿਸ਼ਤ ਨੂੰ ਵੇਖਦਿਆਂ ਅੱਖਾਂ ਮੀਟ ਲੈਂਦੇ ਹਨ। ਇਹ ਬਿੱਲੀ ਮਿਆਊਂ-ਮਿਆਊਂ ਨਹੀਂ ਕਰਦੀ, ਭੌਂਕਦੀ ਹੈ। ਇਹ ਵੱਢਦੀ ਵੀ ਹੈ। ਰਾਜਿੰਦਰ ਸਿੰਘ ਬੇਦੀ ਦੇ ਕਬੂਤਰਾਂ ਨੂੰ ‘ਸਿਵਿਆਂ ਚ ਲੱਗੀਆਂ ਰੌਣਕਾਂ’ ਤੋਂ ਡਰ ਲਗਦਾ ਹੈ। ਇੰਦਰਾ-ਜ਼ੈਲਸਿੰਘ-ਭਿੰਡਰਾਂਵਾਲ਼ੇ ਦੀਆਂ ਲਾਈਆਂ ਰੌਣਕਾਂ ਪੰਜਾਬੀ ਰਹਿੰਦੀ ਦੁਨੀਆ ਤਾਈਂ ਨਹੀਂ ਭੁੱਲਣ ਲੱਗੇ। ਉਨ੍ਹਾਂ ਦੇ ਵੇਲੇ ਨੇਕੀ ਤੇ ਬਦੀ ਦਾ ਫ਼ਰਕ ਮਿਟ ਚੁੱਕਾ ਸੀ। ਸਕਤੇ ਨੂੰ ਸਕਤਾ ਮਾਰੀ ਜਾਂਦਾ ਸੀ। ਵਿਚਾਲ਼ੇ ਘਾਣ ਨਿਰਦੋਸ਼ਾਂ ਦਾ ਹੋਇਆ, ਰੋਸ ਉਸ ਗੱਲ ਦਾ ਹੈ।
ਮੈਕਸੀਕੋ ਦੇਸ ਦਾ ਨਾਵਲਕਾਰ ਕਾਰਲੋਸ ਫ਼ੂਏਨਤੇਸ ਵੀਹਵੀਂ ਸਦੀ ਵਿਚ ਦੁਖਾਂਤ ਦੀ ਅਣਹੋਂਦ ਦੀ ਗੱਲ ਕਰਦਾ ਹੈ:
ਪੁਰਾਣੇ ਵੇਲਿਆਂ ਚ ਦੁਖਾਂਤ ਨਾਲ਼ ਨੇਕੀ ਤੇ ਬਦੀ ਦਾ ਰਿਸ਼ਤਾ ਬਣਦਾ ਸੀ। ਗਰੀਕ ਦੁਖਾਂਤ ਚ ਦੋਹਵੇਂ ਧਿਰਾਂ ਸਹੀ ਹੋ ਸਕਦੀਆਂ ਹਨ ਕਿ ਦੁਸ਼ਟ ਕਰੀਔਨ ਰਿਆਸਤ ਦਾ ਕਾਨੂੰਨਪਾਲ ਹੋਣ ਕਰਕੇ ਸਹੀ ਹੈ ਅਤੇ ਬੰਦੇ ਦੇ ਹੱਕਾਂ ਲਈ ਡਟਦੀ ਐਂਟੀਗਨੀ ਵੀ ਸਹੀ ਹੈ। ਪਰ ਜਦ ਕੋਈ ਸਮਾਜ ਧਰਤੀ ’ਤੇ ਸਵਰਗ ਬਣਾਉਣ ਚ ਯਕੀਨ ਕਰਨ ਲਗਦਾ ਹੈ, ਤਾਂ ਦੁਖਾਂਤ ਅਲੋਪ ਹੋ ਜਾਂਦਾ ਹੈ। ਦੁਖਾਂਤ ਦੀ ਥਾਂ ਜੁਰਮ ਦੀ ਚੜ੍ਹ ਮਚ ਜਾਂਦੀ ਹੈ ਅਤੇ ਵੀਹਵੀਂ ਸਦੀ ਦੇ ਜੁਰਮ ਲਾਸਾਨੀ ਹਨ।
ਵੱਡੇ ਦੁਖਾਂਤ ਅੰਕੜੇ ਤੇ ਵਰ੍ਹੇ ਗੰਢਾਂ ਬਣ ਕੇ ਰਹਿ ਜਾਂਦੇ ਹਨ।
ਅੰਕੜੀਏ ਦੱਸਦੇ ਹਨ: ਪੂਰਬੀ ਪੰਜਾਬ ਵਿਚ ਕੁਲ ਪਿੰਡ ਹਨ 12 ਹਜ਼ਾਰ। ਕੋਈ 7 ਸੌ ਪਿੰਡ ਅੱਤਵਾਦ ਦੀ ਮਾਰ ਹੇਠ ਆਏ। ਇਨ੍ਹਾਂ ਚੋਂ 268 ਪਿੰਡਾਂ ਦਾ ਹਾਲ ਵਧ ਮਾੜਾ ਸੀ। ਇਹ ਦਰ ਮਸਾਂ 3 ਫ਼ੀ ਸਦ ਬਣਦੀ ਹੈ। 25 ਹਜ਼ਾਰ ਬੰਦੇ ਸ਼ਹੀਦ ਹੋਏ। (ਪੰਜਾਬ ਵਿਚ ਜੋ ਵੀ ਲੜਦਾ ਮਰ ਜਾਏ, ਉਹ ਸ਼ਹੀਦ ਹੀ ਅਖਵਾਉਂਦਾ ਹੈ)। ਕੋਈ 4 ਕੁ ਸੌ ‘ਮੁੰਡਿਆਂ’ ਨੇ ਸਾਰਾ ਪੰਜਾਬ ਪੂਰੇ 10 ਸਾਲ ਸੁੱਕਣੇ ਪਾਈ ਰੱਖਿਆ। ਕੋਈ ਬੰਦਾ ਅਪਣੀ ਜਾਨ ਤਲੀ ’ਤੇ ਕਿਉਂ ਰਖ ਲੈਂਦਾ ਹੈ? ਕੋਈ ਖ਼ੁਦਕੁਸ਼ੀ ਕਿਉਂ ਕਰਦਾ ਹੈ?
ਅੰਕੜੀਏ ਜਵਾਬ ਦਿੰਦੇ ਹਨ: ਇਹ ਸਵਾਲ ਬ੍ਰਹਮਗਿਆਨ ਦਾ ਹੈ। ਸਾਤੋਂ ਨਾ ਪੁੱਛੋ।
ਪੰਜਾਬ ਦਿੱਲੀ ਦੇ ਹੁਕਮਰਾਨ ਕੁਝ ਨਹੀਂ ਦੱਸਣ ਜੋਗੇ। ਉਹ ਹੁਕਮਰਾਨ ਕਾਹਦਾ, ਜੋ ਜਵਾਬ ਦੇਣ ਲਗ ਪਏ?
ਦਾਨੇਬੀਨੇ ਦਸਦੇ ਹਨ – ਪੰਜਾਬ ਚ ਇੰਡਸਟਰੀ ਹੈ ਨਹੀਂ। ਪੂੰਜੀਵਾਦ ਲੰਙੜਾ ਹੈ। ਖੇਤੀ ਘਾਟੇ ਵਾਲ਼ਾ ਸੌਦਾ ਹੈ। ਜ਼ਮੀਨਾਂ ਸੁੰਗੜ ਰਹੀਆਂ ਹਨ। ਇਹ ਕੰਗਾਲ ਹੋ ਰਹੇ ਜੱਟਾਂ ਦੀ ਤਕੜੇ ਜੱਟਾਂ ਖਿਲ਼ਾਫ਼ ਲੜਾਈ ਸੀ। ਇਸ ਡਰਾਮੇ ਦੇ ਪਾਤਰਾਂ ਦਾ ਲਿਬਾਸ ਅਠਾਰ੍ਹਵੀਂ ਸਦੀ ਵਾਲ਼ਾ ਸੀ। ਧਰਮ ਉਨ੍ਹਾਂ ਦਾ ਹਥਿਆਰ ਸੀ। ਧਰਮ ਤੇ ਸਿਆਸਤ ਦਾ ਕੋਈ ਮੇਲ਼ ਨਹੀਂ। ਸਿੱਖ ਕੌਮ ਨਹੀਂ ਹਨ। ਸਿੱਖ ਪੰਥ ਵੱਖਰਾ ਧਰਮ ਜ਼ਰੂਰ ਹੈ। ਜੇ ਧਰਮ ਦੇ ਨਾਂ ’ਤੇ ਕੌਮੀਅਤ ਮੰਨੀਏ, ਤਾਂ ਦੁਨੀਆ ਦੇ ਸਾਰੇ ਮੁਸਲਮਾਨਾਂ ਤੇ ਈਸਾਈਆਂ ਦੀ ਕੌਮ ਇੱਕੋ ਹੋਣੀ ਚਾਹੀਦੀ ਹੈ। ਪੰਜਾਬੀ ਵਿਚ ਤਾਂ ਜ਼ਾਤ ਨੂੰ ਵੀ ਕੌਮ ਆਖੀਦਾ ਹੈ। ਹਿੰਦੂ ਸਿੱਖ ਮੁਸਲਮਾਨ ਈਸਾਈ ਪੰਜਾਬੀਆਂ ਦੀ ਕੌਮੀਅਤ ਪੰਜਾਬੀ ਹੈ। ਹੁਣ ਮਾਰੋ-ਮਾਰ ਕਰਦੀ ਆਲਮੀ ਸਰਮਾਏ ਦੀ ਸਿਉਂਕ ਹਰ ਕੌਮ ਦੇ ਨਰੋਏ ਕਲਚਰ ਨੂੰ ਖਾਈ ਜਾਂਦੀ ਹੈ। ਸਾਮਰਾਜ ਦੀ ਬੋਲੀ ਅੰਗਰੇਜ਼ੀ ਤੋਂ ਖ਼ਤਰਾ ਜਿੰਨਾ ਪੰਜਾਬੀ ਨੂੰ ਹੈ, ਓਨਾ ਹੀ ਹਿੰਦੀ ਤੇ ਹੋਰਨਾਂ ਬੋਲੀਆਂ ਨੂੰ ਹੈ। ਰਾਜਭਾਗ ਦਾ ਆਵਾ ਊਤਿਆ ਹੋਇਆ ਹੈ। ਕੁਰੱਪਸ਼ਨ ਹੱਦਾਂ ਤੋੜ ਹੈ। ਕਾਨੂੰਨ ਨਿਰਾ ਨਾਂ ਦਾ ਹੈ। ਤਾਲੀਮ ਬੇਮਤਲਬ ਹੈ। ਰੁਜ਼ਗਾਰ ਕੋਈ ਨਹੀਂ। ਇੰਗਲੈਂਡ ਅਮਰੀਕਾ ਬੰਦ ਹੈ। ਸਾਰੇ ਦਰ ਬੰਦ ਹਨ। ਨਿਰਾਸ ਹੋਇਆਂ ਨੇ ਏ.ਕੇ. ਸੰਤਾਲ਼ੀ ਫੜ ਲਈ।
ਦਲਿਤ ਕਹਿੰਦੇ ਸੀ – ਖ਼ਾਲਿਸਤਾਨ ਦਾ ਮਤਲਬ ਹੈ: ਜੱਟਸਤਾਨ। ਪੁਲ਼ਸੀਆ ਕੰਵਰਪਾਲ ਸਿੰਘ ਗਿੱਲ ਦਸਦਾ ਸੀ: ਇਹ ਜੱਟ-ਜੱਟਾਂ ਦੀ ਲੜਾਈ ਹੈ। ਇਹਨੂੰ ਕੋਈ ਜੱਟ ਹੀ ਸਮਝ ਸਕਦਾ ਹੈ।
ਸਾਂਝੇ ਪੰਜਾਬ ਦੀ ਗੱਲ ਦਾ ਗ਼ਦਰੀਆਂ ਨੂੰ ਅਚੇਤ ਪਤਾ ਸੀ। ਆਜ਼ਾਦੀ ਖ਼ਾਤਿਰ ਹਿੰਦੂ ਸਿੱਖ ਮੁਸਲਮਾਨ ਪੰਜਾਬੀਆਂ ਦਾ ਇਕੱਠਿਆਂ ਫਾਹੇ ਲਗਣਾ ਇਸ ਸੋਝੀ ਦੀ ਬਿਹਤਰੀਨ ਮਿਸਾਲ ਸੀ। ਸੰਨ ਸੰਤਾਲ਼ੀ ਦਾ ਵਿਰਲਾਪ ਪੰਜਾਬੀ ਲਿਖਾਰੀ ਹੀ ਕਰਦਾ ਹੈ; ਸਿਆਸਤਦਾਨ ਨੂੰ ਕੋਈ ਦੁੱਖ ਨਹੀਂ। ਪੰਜਾਬ ਇਕ ਰਹਿੰਦਾ, ਤਾਂ ਸਿੱਖਾਂ ਨੇ ਕਿੱਥੇ ਹਕੂਮਤ ਕਰ ਸਕਣੀ ਸੀ? ਗੁੱਜਰਾਂਵਾਲ਼ੇ ਦੇ ਪਿੰਡ ਬੱਦੋਕੀ ਗੁਸਾਈਆਂ ਦੇ ਜੰਮਪਲ਼ ਗੁਲਜ਼ਾਰੀ ਲਾਲ ਨੰਦੇ ਨੇ ਪੰਜਾਬ ਦੇ ਪੂਰਬੀ ਅੰਗ ਨੂੰ ਕੁਹਾੜੇ ਨਾਲ਼ ਹੋਰ ਛਾਂਗ ਦਿੱਤਾ। ਹੁਣ ਵਾਲ਼ੇ ਪੂਰਬੀ ਪੰਜਾਬ ਦਾ ਰਕਬਾ ਸਾਂਝੇ ਪੰਜਾਬ ਦੇ ਰਕਬੇ ਨਾਲ਼ੋਂ ਛੇ ਗੁਣਾ ਘਟ ਹੈ। ਪੰਜਾਬ ਦੇ ਮੁੜ ਇਕ ਹੋਣ ਦੀ ਗੱਲ ਕੋਈ ਪੰਜਾਬੀ ਕਵੀ ਵੀ ਨਹੀਂ ਕਰਦਾ। ਸੰਤ ਸਿੰਘ ਸੇਖੋਂ ਕਹਿੰਦਾ ਸੀ – ਸਿਰਫ਼ ਸਿੱਖ ਹੀ ਪੰਜਾਬ ਦੇ ਸਕੇ ਹਨ। ਸਿੱਖੀ ਪਛਾਣ ਦਾ ਮਤਲਬ ਹੈ, ਪੰਜਾਬੀ ਪਛਾਣ। ਪੰਜਾਬੀਅਤ ਤੇ ਪੰਜਾਬੀ ਬੋਲੀ ਸਿੱਖੀ ਨਾਲ਼ ਰਲ਼ਗੱਡ ਹੋ ਗਈ। ਉਹਦੇ ਸੋਚੇ ਖ਼ਾਲਿਸਤਾਨ ਦੇ ਨਕਸ਼ੇ ਵਿਚ ਪਾਕਪਟਨ ਨਨਕਾਣੇ ਹਸਨ ਅਬਦਾਲ ਵਾਲਾ ਪੱਛਮੀ ਪੰਜਾਬ ਨਹੀਂ ਸੀ, ਪਰ ਕਰਾਚੀ ਹੈ ਸੀ। ਸਿੱਖਾਂ ਦੀ ਮਾੜੀ ਕਿਸਮਤ ਨੂੰ ਤਾਰਾ ਸਿੰਘ ਫ਼ਤਿਹ ਸਿੰਘ ਜਰਨੈਲ ਸਿੰਘ ਵਰਗੇ ਆਗੂ ਮਿਲ਼ੇ। (ਹਰਕਿਸ਼ਨ ਸਿੰਘ ਸੁਰਜੀਤ ਵੀ ਸਿੱਖਾਂ ਦਾ ਹੀ ਲੀਡਰ ਹੈ)। ਪ੍ਰਤਾਪ ਸਿੰਘ ਕੈਰੋਂ ਮਹਿੰਦਰ ਸਿੰਘ ਰੰਧਾਵੇ ਤੋਂ ਛੁੱਟ ਹੋਰ ਕਿਸੇ ਨੇ ਪੰਜਾਬ ਦਾ ਕੱਖ ਨਹੀਂ ਸਵਾਰਿਆ। ਇਸ ਵੇਲੇ ਪੰਜਾਬੀ ਕੌਮ ਦਾ – ਵਾਹਗੇ ਦੇ ਦੋਹਵੇਂ ਪਾਸੇ ਦੇ ਪੰਜਾਬ ਦਾ ਹਾਲ ਖੂਹ ਵਿਚ ਸੁੱਟੇ ਵੱਢੇ-ਟੁੱਕੇ ਪੂਰਨ ਵਰਗਾ ਹੈ। ਜੁਗਨੀ ਖੜ੍ਹੀ ਬਿਟ-ਬਿਟ ਤੱਕੀ ਜਾਂਦੀ ਹੈ। ਸਿੱਖ ਅੱਤਵਾਦੀ ਲਹਿਰ ਨੇ ਕਹਿਣੀ ਤੇ ਕਰਨੀ ਨਾਲ਼ ਇਹ ਸਾਬਤ ਕੀਤਾ ਕਿ ਜੋ ਸੰਤਾਲ਼ੀ ਚ ਹੋਇਆ, ਉਹ ਸਹੀ ਸੀ।
ਇਸ ਮੁੰਡੇ ਦਾ ਇਹ ਹਾਲ ਜਸਵੰਤ ਸਿੰਘ ਕੰਵਲ ਦੇ ਨਾਵਲ ਪੜ੍ਹ ਕੇ ਹੋਇਆ ਹੈ। ਪੂਰਨ ਸਿੰਘ ਨੇ ਇਹਨੂੰ ਬਹੁਤੇਰਾ ਸਮਝਾਇਆ; ਪੁਰਾਣੇ ਪੰਜਾਬ ਦੇ ਵਾਸਤੇ ਵੀ ਪਾਏ; ਪਰ ਇਹਨੇ ਇਕ ਨਾ ਸੁਣੀ। ਨਿੱਕੇ ਹੁੰਦਿਆਂ ਤੋਂ ਕੰਨੀਂ ਪੈਂਦੀ ਰਹੀ ਅਰਦਾਸ ਨੇ, ਢਾਡੀਆਂ ਦੀਆਂ ਵਾਰਾਂ ਨੇ ਵੀ ਤਾਂ ਅਪਣਾ ਰੰਗ ਦਿਖਾਉਣਾ ਸੀ। ਕੈਨੇਡੇ ਦੇ ਕਿਸੇ ਖ਼ਾਲਿਸਤਾਨੀ ਅਖ਼ਬਾਰ ਵਿਚ ਉਨ੍ਹੀਂ ਦਿਨੀਂ ਕਿਸੇ ਬੀਬੀ ਦੀ ਚਿੱਠੀ ਛਪੀ ਸੀ; ਜਿਸ ਵਿਚ ਸੰਪਾਦਕ ਨੂੰ ਬੇਨਤੀ ਕੀਤੀ ਹੋਈ ਸੀ: ਸ਼ਹੀਦਾਂ ਦੀਆਂ ਤਸਵੀਰਾਂ ਰੰਗੀਨ ਛਾਪਿਆ ਕਰੋ। ਮੈਨੂੰ ਸ਼ਹੀਦਾਂ ਦੀਆਂ ਤਸਵੀਰਾਂ ਲਹੂ ਦੇ ਰੰਗ ਵਿਚ ਦੇਖ ਕੇ ਚਾਅ ਚੜ੍ਹਦਾ ਹੈ। – ਸਿੱਖ ਪੰਥ ਸ਼ਹੀਦਾਂ ਦਾ ਪੰਥ ਹੈ। ਸ਼ਹੀਦਾਂ ਦਾ ਵੱਸ ਕੀਤਾ ਇਹ ‘ਮੁੰਡਾ’ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰ ਪਿਆ। ਇਤਿਹਾਸ ਦੀ ਪੰਡ ਢੋਈ ਜਾਂਦਾ ਨਾਸ਼ਵਾਨ ਅਮਰ ਹੋਣਾ ਚਾਹੁੰਦਾ ਸੀ; ਹੁਣ ਲਹੂ-ਲੁਹਾਣ ਹੋਇਆ ਬੈਠਾ ਹੈ। ਏਨਾ ਪਿਆਰਾ ਮੁੰਡਾ ਕਿਸੇ ਦੀ ਜਾਨ ਕਿਵੇਂ ਲੈ ਸਕਦਾ ਹੈ? ਇਹਦੇ ਹਿੱਸੇ ਕਿੰਨੇ ਹਿੰਦੂ ਕਿੰਨੇ ਲੱਲੀ-ਛੱਲੀ ਆਏ ਹੋਣਗੇ? ਕੀ ਇਹ ਰਵੀ, ਪਾਸ਼ ਤੇ ਸੁਮੀਤ ਦੇ ਕਾਤਿਲਾਂ ਨੂੰ ਜਾਣਦਾ ਹੈ? ਰੱਬ ਕਰੇ, ਇਸ ਮੁੰਡੇ ਦੀ ਵਧੀ ਹੋਵੇ। ਇਹਨੂੰ ਲਭ ਕੇ ਇਹਦੇ ਨਾਲ਼ ਗੱਲਾਂ ਕਰਨ ਨੂੰ ਜੀਅ ਕਰਦਾ ਹੈ। ਕਿਤੇ ਇਹ ਭਾਗਣ ਦਾ ਪੋਤਾ ਤਾਂ ਨਹੀਂ?
ਇਹ ਤਸਵੀਰ ਉਸ ਵੇਲੇ ਦੀ ਹੈ, ਜਿਸ ਦਿਨ ਦਿੱਲੀ ਦੇ ਹਾਕਮਾਂ ਨੇ ਜੂਨ ਚੁਰਾਸੀ ਦੇ ਸਾਕੇ ਪਿੱਛੋਂ ਸੰਗਤਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਿੱਤੇ ਸਨ। ਦਰਸ਼ਨੀ ਡਿਉੜ੍ਹੀ ਚ ਖੜੋਤਾ ਯੋਗ ਜੌਏ ਅਪਣੇ ਕੈਮਰੇ ਥਾਣੀਂ ਸਾਨੂੰ ਸੰਗਤਾਂ ਦੇ ਦਰਸ਼ਨ ਕਰਵਾ ਰਿਹਾ ਹੈ। ਸਮੇਂ ਦਾ ਕੜ ਪਾਟ ਗਿਆ ਹੈ; ਕੋਈ ਜੇਲ ਟੁੱਟ ਗਈ ਹੈ; ਪੰਛੀ ਪਿੰਜਰੇ ਚੋਂ ਉੜਨ ਲੱਗੇ ਹਨ। ਸੰਗਤਾਂ ਜਲਿ੍ਹਆਂਵਾਲ਼ੇ ਬਾਗ਼ ਪਾਸਿਉਂ ਹੱਸਦੀਆਂ ਨੱਸਦੀਆਂ ਜਦ ਦਰਸ਼ਨੀ ਡਿਉੜ੍ਹੀ ਲੰਘੀਆਂ, ਤਾਂ ਇਨ੍ਹਾਂ ਤਬਾਹੀ ਵੇਖ ਕੇ ਭੁੱਬਾਂ ਮਾਰ ਕੇ ਰੋਣ ਲਗ ਜਾਣਾ ਹੈ। ਕੋਈ ਚੁੱਪ ਕਰਵਾਣ ਵਾਲ਼ਾ ਵੀ ਨਹੀਂ ਹੋਣਾ। ਵੱਡੇ ਸਾਕਿਆਂ ਦੇ ਚਸ਼ਮਦੀਦ ਗਵਾਹ ਸਰਾਪੇ ਹੋਏ ਲੋਕ ਹੁੰਦੇ ਹਨ। ਇਨ੍ਹਾਂ ਚੋਂ ਵਿਰਲਿਆਂ ਨੂੰ ਅੱਖੀਂ ਡਿੱਠਾ ਹਾਲ ਸੁਣਾਉਣ, ਜੀਉਂਦੇ ਬਚੇ ਰਹਿ ਜਾਣ, ਬਾਤਾਂ ਪਾਉਣ ਦੀ ਦਾਤ ਮਿਲ਼ੀ ਹੁੰਦੀ ਹੈ। ਦਮੋਦਰੀਏ। ਜੁਗਨੀ।
ਅਮ੍ਰਿਤਾ ਸ਼ੇਰਗਿੱਲ ਦਾ ਬਣਾਇਆ ਆਖ਼ਿਰੀ ਚਿਤ੍ਰ ਅਧੂਰਾ ਹੈ। ਕਾਹਲ਼ੀ ਮੌਤ ਨੇ ਇਹ ਪੂਰਾ ਨਹੀਂ ਸੀ ਕਰਨ ਦਿੱਤਾ। ਅਧੂਰੇ ਹੋਣ ਕਾਰਣ ਇਹ ਹੋਰ ਵੀ ਮਨ ਨੂੰ ਟੁੰਬਦਾ ਹੈ। ਇਹਦਾ ਨਾਂ ਹੁਣ ਅਮ੍ਰਿਤਾ’ਜ਼ ਲਾਸਟ ਪੇਂਟਿੰਗ ਪੈ ਚੁੱਕਾ ਹੈ। ਅਮ੍ਰਿਤਾ ਇਹ ਤਸਵੀਰ ਲਹੌਰ ਦੇ ਸਰ ਗੰਗਾ ਰਾਮ ਮੈਨਸ਼ਨ ਵਾਲ਼ੇ ਅਪਣੇ ਘਰ ਦੀ ਉਤਲੀ ਮੰਜ਼ਿਲ ਤੋਂ ਵੇਖਦੀ ਹੇਠਾਂ ਵਾਲ਼ੀ ਬੀਹੀ ਚਿਤਰ ਰਹੀ ਸੀ ਵਿਹੜੇ ਵਿਚ ਚਾਰ ਸੋਚੀਂ ਪਈਆਂ ਮੱਝਾਂ ਬੱਝੀਆਂ ਹੋਈਆਂ ਹਨ; ਪਾਸੇ ਕਿਸੇ ਹੋਰ ਘਰ ਵਿਚ ਕੋਈ ਸੁਆਣੀ ਪਾਥੀਆਂ ਪੱਥ ਰਹੀ ਹੈ। ਇਸ ਵਿਚ ਬਹੁਤਾ ਕੁਝ ਨਹੀਂ ਹੋ ਰਿਹਾ। ਇਸ ਵਿਚ ਤ੍ਰਿਕਾਲ ਸੰਧਯਾ ਦੀ ਚੁੱਪ ਤੇ ਸਿਆਹੀ ਭਾਰੂ ਹੈ। ਖੜ੍ਹੀ ਮੱਝ ਦੇ ਸਿਰ ‘ਤੇ ਕਾਂ ਜਿਵੇਂ ਹਵਾ ਚ ਲਟਕਿਆ ਬੈਠਾ ਹੈ; ਕਾਂ ਦੇ ਪਹੁੰਚੇ ਨਹੀਂ ਦਿਸਦੇ। ਸਿੰਙ ਤੇ ਕਾਂ ਦੀ ਆਕ੍ਰਿਤੀ ਇਸ ਚਿਤ੍ਰ ਦੇ ਕੋਮਲ ਸੁਰ ਹਨ। ਮੱਝ ਦਾ ਕੋਈ ਰੂਪਕ ਵੀ ਨਹੀਂ ਬਣਦਾ ਜਿਵੇਂ ਰਾਂਝੇ ਦੇ ਵੱਗ ਦੀ ਮੱਝ ਦਾ; ਯਮਰਾਜ ਦੇ ਵਾਹਨ ਝੋਟੇ ਦਾ। ਇਹ ਤਸਵੀਰ ਪੰਜਾਬ ਦੇ ਵੀਹਵੀਂ ਸਦੀ ਦੇ ਅਧੂਰੇ ਰਹਿ ਗਏ ਮਹਾਨ ਪ੍ਰੌਜੈਕਟ ਦੀ ਤਸਵੀਰ ਹੈ।
ਕੌਣ ਜਾਣੇ, ਕਿਹਦੇ ਹੱਥਾਂ ਨਾਲ਼ ਇੱਕੀਵੀਂ ਸਦੀ ਦੇ ਸਾਂਝੇ ਪੰਜਾਬ ਦੀ ਸੰਪੂਰਣ ਤਸਵੀਰ ਬਣੇਗੀ? ਸ਼ਾਇਦ ਜੁਗਨੀ ਜਾਣਦੀ ਹੈ।
ਅਪ੍ਰੈਲ 2007
ਧਿਆਨਜੋਗ: ਇਸ ਲੇਖ ਵਿਚਲੇ ਕੁਝ ਤੱਥਾਂ ਤੇ ਤਾਰੀਖ਼ਾਂ ਦੀ ਤਸਦੀਕ ਇਨ੍ਹਾਂ ਸੱਜਣਾਂ ਨੇ ਕੀਤੀ: ਮਦਨ ਗੋਪਾਲ ਸਿੰਘ (ਦਿੱਲੀ), ਸੰਤੋਖ ਸਿੰਘ ਸ਼ਹਰਯਾਰ (ਅਮ੍ਰਿਤਸਰ), ਸੁਭਾਸ਼ ਪਰਿਹਾਰ (ਕੋਟਕਪੂਰਾ), ਮੁਨੀਬ ਅਨਵਰ ਤੇ ਨਸੀਰ ਸ਼ੇਖ਼ (ਲੰਦਨ) ਅਤੇ ਹਰਜਾਪ ਸਿੰਘ ਔਜਲਾ (ਨੀਊ ਜਰਸੀ)। ਪ੍ਰੇਮ ਸਿੰਘ (ਦਿੱਲੀ) ਤੇ ਵਿਜੇ ਓਜ਼ੋ (ਚੰਡੀਗੜ੍ਹ) ਨੇ ਤਸਵੀਰਾਂ ਲੱਭ ਕੇ ਦਿੱਤੀਆਂ। ਮੈਂ ਇਨ੍ਹਾਂ ਸਾਰਿਆਂ ਦਾ ਅਹਿਸਾਨਮੰਦ ਹਾਂ। ਚੰਗਾ ਹੋਵੇ, ਜੇ ਕੋਈ ਯੋਗ ਜੌਏ ਦੀ ਤਸਵੀਰ ਵਿਚਲੇ ਸੰਗਤੀਆਂ ਦੀ ਦਸ ਪਾ ਸਕੇ। ਇਨ੍ਹਾਂ ਨੂੰ ਮਿਲ਼ਣ ਦੀ ਮੇਰੀ ਤਾਂਘ ਹੈ। ਅ.ਚੰ.