ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘ
ਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ
‘ਜਿਨਿ ਨਾਮੁ ਲਿਖਾਇਆ ਸਚੁ’ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਸਰੀ ਸ਼ਤਾਬਦੀ ਨੂੰ ਸਮਰਪਿਤ ਇਕ ਸੰਪਾਦਿਤ ਕੀਤੀ ਗਈ ਖੋਜ ਪੁਸਤਕ ਹੈ ਜਿਸ ਵਿਚ ਪ੍ਰਮਾਣਿਕ ਤੇ ਪ੍ਰਵਾਨਿਤ ਸਿੱਖ ਵਿਦਵਾਨਾਂ ਦੇ ੩੫ ਖੋਜ ਨਿਬੰਧ ਸ਼ਾਮਲ ਹਨ। ਇਹ ਖੋਜ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਬਾਣੀਕਾਰਾਂ ਬਾਰੇ ਪ੍ਰਮਾਣਿਕ ਜਾਣਕਾਰੀ ਦੇਣ ਦਾ ਇਕ ਚੰਗਾ ਯਤਨ ਤੇ ਸਾਰਥਕ ਉੱਦਮ ਹੈ। ਛੇ ਗੁਰੂ ਸਾਹਿਬਾਨ ਦੇ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰਮਤਿ ਵਿਚਾਰਧਾਰਾ ਨਾਲ ਪੂਰਨ ਇਕਸੁਰਤਾ ਰੱਖਣ ਵਾਲੇ ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਗੁਰੂ-ਘਰ ਦੇ ਨਿਕਟਵਰਤੀ ਗੁਰਸਿੱਖਾਂ ਦੀ ਬਾਣੀ ਸ਼ਾਮਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਰਚਿਤ ਪਾਵਨ ਬਾਣੀਆਂ ਬਾਰੇ ਸਟੀਕ ਜਾਣਕਾਰੀ ਦੇਣ ਦੇ ਮਨੋਰਥ ਦੀ ਪੂਰਤੀ ਕਰਦੀ ਇਹ ਪੁਸਤਕ ਤੀਸਰੀ ਸ਼ਤਾਬਦੀ ਦੇ ਇਸ ਚੱਲ ਰਹੇ ਸੁਭਾਗੇ ਵਰ੍ਹੇ ਦੌਰਾਨ ਸਿੱਖ ਸੰਗਤਾਂ ਅਤੇ ਸਮੂਹ ਪੰਜਾਬੀ ਪਾਠਕਾਂ ਦੀ ਅਦੁੱਤੀ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਚਨਾਕਾਰਾਂ ਬਾਰੇ ਵੱਧ ਤੋਂ ਵੱਧ ਜਾਣਨ ਦੀ ਜਿਗਿਆਸਾ ਤੇ ਲੋੜ ਨੂੰ ਪੂਰਦੀ ਹੈ। ਰੂਹਾਨੀ ਅਨੁਭਵ ਤੇ ਗਿਆਨ ਦੇ ਅਸੀਮ ਖਜ਼ਾਨੇ ਦੇ ਪ੍ਰਮੁੱਖ ਸਦਾਚਾਰਕ ਮਾਨਵਤਾਵਾਦੀ ਅਤੇ ਰੂਹਾਨੀ ਸਰੋਕਾਰਾਂ ਨੂੰ ਇਸ ਪੁਸਤਕ ਦੇ ਵੱਖ-ਵੱਖ ਖੋਜ ਨਿਬੰਧਾਂ ‘ਚ ਛੋਹ ਕੇ ਉਨ੍ਹਾਂ ਦੀ ਸੰਖੇਪ ਤੇ ਭਾਵਪੂਰਤ ਵਿਆਖਿਆ ਵੀ ਕੀਤੀ ਗਈ ਹੈ।
ਪੁਸਤਕ ‘ਚ ਪਹਿਲਾਂ ਸਿੱਖ ਗੁਰੂ ਸਾਹਿਬਾਨ, ਫਿਰ ਭਗਤ ਸਾਹਿਬਾਨ, ਫਿਰ ਭੱਟ ਸਾਹਿਬਾਨ ਅਤੇ ਅੰਤ ਵਿਚ ਗੁਰੂ-ਘਰ ਦੇ ਨਿਕਟਵਰਤੀ ਗੁਰਸਿੱਖਾਂ ਬਾਰੇ ਨਿਬੰਧ ਅੰਕਤ ਹਨ। ਵਿਸ਼ੇ-ਵਸਤੂ ਅਤੇ ਪਹੁੰਚ-ਦ੍ਰਿਸ਼ਟੀ ਪੱਖੋਂ ਇਨ੍ਹਾਂ ਨਿਬੰਧਾਂ ਵਿਚ ਕੁਝ ਵੰਨ-ਸੁਵੰਨਤਾ ਦੇ ਵੀ ਦਰਸ਼ਨ ਹੁੰਦੇ ਹਨ। ਉਦਾਹਰਣ ਦੇ ਤੌਰ ‘ਤੇ ਪਹਿਲੇ ਦੋਨੋਂ ਲੇਖ ਕ੍ਰਿਤ ਡਾ. ਸੁਖਦਿਆਲ ਸਿੰਘ ਅਤੇ ਡਾ. ਦਲਵਿੰਦਰ ਸਿੰਘ ਵਿਸ਼ੇ-ਵਸਤੂ ਪੱਖੋਂ ਜੀਵਨੀ ਮੂਲਕ, ਇਤਿਹਾਸ ਅਤੇ ਖੋਜਮੁਖੀ ਹਨ ਅਤੇ ਡਾ. ਦਲਵਿੰਦਰ ਸਿੰਘ ਦੀ ਕਲਮ ਤੋਂ ਲਿਖਿਆ ਲੇਖ ‘ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਰਚਨਾ-ਸਾਰ ਗੁਰੂ ਸਾਹਿਬ ਦੇ ਜੀਵਨ ਦੇ ਪ੍ਰਚਾਰ-ਯਾਤਰਾਵਾਂ ਦਾ ਵਿਵਰਣ ਦੇਣ ਦੇ ਨਾਲ-ਨਾਲ ਵਿਚਾਰਧਾਰਕ ਅਤੇ ਰੂਪਕ ਜਾਂ ਕਲਾ ਪੱਖ ਸਬੰਧੀ ਵੀ ਵਿਸ਼ਲੇਸ਼ਣ ਕਰਦਾ ਹੋਇਆ ਇਕ ਤ੍ਰੈਮੁਖੀ ਬਹੁਪਾਸਾਰੀ ਖੋਜ-ਨਿਬੰਧ ਦੇ ਸਾਂਚੇ ਵਿਚ ਢਲਿਆ ਹੋਇਆ ਹੈ।
ਅਲੱਗ-ਅਲੱਗ ਭਗਤ ਸਾਹਿਬਾਨ ਬਾਰੇ ਲੇਖਾਂ ਤੋਂ ਪਹਿਲਾਂ ਸੁਪ੍ਰਸਿੱਧ ਸਿੱਖ ਵਿਦਵਾਨਾਂ ਪ੍ਰੋ. ਪਿਆਰਾ ਸਿੰਘ ਪਦਮ ਅਤੇ ਡਾ. ਜੋਧ ਸਿੰਘ ਦੁਆਰਾ ਲਿਖੇ ਦੋ ਲੇਖ ਕ੍ਰਮਵਾਰ ‘ਭਗਤੀ ਲਹਿਰ ਦਾ ਮੂਲ ਤੇ ਵਿਕਾਸ’ਅਤੇ ‘ਸੰਤ ਭਗਤ ਪਰੰਪਰਾ ਦੀ ਉਤਪਤੀ ਅਤੇ ਵਿਕਾਸ’ਅੰਕਿਤ ਕੀਤੇ ਗਏ ਹਨ ਜੋ ਭਗਤੀ ਲਹਿਰ ਦਾ ਇਤਿਹਾਸਕ, ਵਿਚਾਰਧਾਰਕ ਪ੍ਰਸੰਗ ਉਜਾਗਰ ਕਰਦੇ ਹਨ। ਪੁਸਤਕ ਵਿਚ ਤਿੰਨ ਲੇਖ ਇਕ ਤੋਂ ਵਧੇਰੇ ਭਗਤ ਸਾਹਿਬਾਨ ਬਾਰੇ ਇੱਕੋ ਸਮੇਂ ਜਾਣਕਾਰੀ ਦਿੰਦੇ ਹੋਏ ਪਾਠਕਾਂ ਨੂੰ ਥੋੜ੍ਹੇ ਵਿਚ ਬਹੁਤਾ ਕੁਝ ਦੇਣ ਦੀ ਸੰਜਮਈ ਨੀਤੀ ਤੇ ਸੁਘੜ ਸੰਪਾਦਨਾ ਦਾ ਨਿੱਗਰ ਸਬੂਤ ਪ੍ਰਸਤੁਤ ਕਰਦੇ ਹਨ। ਕੁਝ ਬਾਣੀਕਾਰਾਂ ਬਾਰੇ ਦੋ-ਦੋ ਲੇਖ ਵੀ ਅੰਕਿਤ ਹਨ। ਕੁੱਲ ਮਿਲਾ ਕੇ ਸੀਮਾਵਾਂ ਵਿਚ ਰਹਿੰਦਿਆਂ ਇੱਕੋ ਪੁਸਤਕ ਵਿਚ ਵੱਧ ਤੋਂ ਵੱਧ ਅਨੁਕੂਲ ਜਾਣਕਾਰੀ ਦੇਣ ਦੇ ਮਨੋਭਾਵ ਤੇ ਮਨੋਰਥ ਸਹਿਤ ਰਚੀ ਅਥਵਾ ਸੰਪਾਦਿਤ ਕੀਤੀ ਗਈ ਪੁਸਤਕ ਸ਼ਤਾਬਦੀ ਵਰ੍ਹੇ ਦੀ ਇਕ ਕੀਮਤੀ ਸੌਗਾਤ ਮੰਨੀ ਜਾ ਸਕਦੀ ਹੈ।
-ਸੁਰਿੰਦਰ ਸਿੰਘ ਨਿਮਾਣਾ