ਨਿਹਚਾ
ਜਾਲੋ ਐਸੀ ਰੀਤ
ਜਿਸ ਮੈਂ ਪਿਆਰਾ ਵੀਸਰੈ
(ਗੁਰੂ ਨਾਨਕ)
(1)
ਆਵੀਂ, ਜ਼ਰੂਰ ਆਵੀਂ
ਆਵੀਂ, ਕਰੀਬ ਆਵੀਂ
ਗਿਣਤੀ ਤੋਂ ਮੁਕਤ ਹੋ ਕੇ
ਮਿਣਤੀ ਤੋਂ ਮੁਕਤ ਹੋ ਕੇ
ਧਰ ਕੇ ਜ਼ਰੀਬ ਆਵੀਂ
ਆਵੀਂ ਕੁਝ ਇਸ ਤਰ੍ਹਾਂ ਤੂੰ
ਕੋਈ ਡਾਰ ਦੀਵਿਆਂ ਦੀ
ਮਲ੍ਹਕੜੇ ਜਿਹੇ ਆ ਕੇ
ਮੱਲੇ ਜਿਵੇਂ ਬਨੇਰਾ
ਤੇ ਦਿਲ ਦੀ ਚਾਨਣੀ ’ਚੋਂ
ਇਸ ਰੂਹ ਦੀ ਛਾਨਣੀ ’ਚੋਂ
ਜੱਗ ਦੇ ਪੈਮਾਨਿਆਂ ਦਾ
ਅੰਮੀਂ ਦੇ ਤਾਅਨਿਆਂ ਦਾ
ਛਣ ਕੇ ਡਿਗੇ ਹਨੇਰਾ
ਰਾਹੂਆਂ-ਕੇਤੂਆਂ ਦੇ
ਗੁੱਸੇ ਦਾ ਖ਼ੌਫ਼ ਲਾਹ ਕੇ
ਨਿੱਤਰੇ ਹੋਏ ਜਜ਼ਬਿਆਂ ਦੀ
ਕਿਣਮਿਣੀ ’ਚ ਨ੍ਹਾ ਕੇ
ਮੋਈਆਂ ਤੇ ਗਰਦ ਹੋਈਆਂ
ਸਦੀਆਂ ਦੀ ਮੈਲ ਧੋ ਕੇ
ਕਿਸੇ ਮਹੀਂਵਾਲ ਵਰਗਾ
ਤਰਦਾ ਗੁਲਾਬ ਹੋ ਕੇ
ਵਗਦੇ ਝਨਾਂ ਦੀ ਲਹਿਰ ਤੋਂ
ਝੋਲੀ ’ਚ ਸਰਕ ਆਵੀਂ
ਤੇ ਇਸ ਮਿਲਾਪ ਉੱਤੇ
ਅੰਬਰ ਨੂੰ ਝੁਕਣ ਦੇਵੀਂ
ਸੂਰਜ ਨੂੰ ਰੁਕਣ ਦੇਵੀਂ
ਰਾਤਾਂ ਨੂੰ ਮਘਣ ਦੇਵੀਂ
ਆਸਾਂ ਨੂੰ ਜਾਗਣ ਦੇਵੀਂ
(2)
ਇਸ ਪ੍ਰੇਮ-ਖੇਲ ਦੀ ਜੂਹ
ਧਰਕੇ ਤਲੀ ’ਤੇ ਆਵੀਂ
ਕੋਈ ਸਾਫ਼ ਉਜਲਾ ਸ਼ੀਸ਼ਾ
ਮੱਥੇ ’ਚ ਧਰ ਲਿਆਵੀਂ
ਤੇ ਏਸ ਸ਼ੀਸ਼ੇ ਵਿਚੋਂ
ਦੁਨੀਆਂ ਦਾ ਅਕਸ ਤੱਕੀਂ
ਸਭਿਅਤਾ ਦਾ ਕੱਲ੍ਹ ਤੱਕੀਂ
ਸਭਿਅਤਾ ਦਾ ਅੱਜ ਵੇਖੀਂ
ਸਭਿਅਤਾ ਦਾ ਭਲਕ ਤੱਕੀਂ
ਤੱਕੀਂ ਕਿ ਜਿਸ ਘੜੀ ਵੀ
ਗੁੱਸੇ ’ਚ ਤਿਲਮਿਲਾ ਕੇ
ਅੰਧਕਾਰ ਤੜਪਦਾ ਹੈ
ਉਸ ਘੜੀ ਤੋਂ ਪਹਿਲਾਂ
ਝੀਥਾਂ ’ਚੋਂ ਜ਼ਿੰਦਗੀ ਲਈ
ਕੋਈ ਨੂਰ ਸਰਕਦਾ ਹੈ
ਨਾਨਕ ਦੇ ਸੁਖਨ ਅੰਦਰ
ਪ੍ਰੀਤਾਂ ਦੇ ਹੰਸ ਉਡਦੇ
ਯੁੱਗਾਂ ਦੀ ਕਸ਼-ਮ-ਕਸ਼ ’ਚੋਂ
ਪੁੰਗਦੇ ਸੁਪਨਿਆਂ ਦੀ
ਸੱਜਰੀ ਨਕੋਰ ਲੋਅ ਵਿਚ
ਕਿਸੇ ਤਰਕ ਦੇ ਜਲੌਅ ਵਿਚ
ਰੀਤਾਂ ਦੇ ਰੰਗ ਖੁਰਦੇ
(3)
ਸ਼ੀਸ਼ੇ ਨੂੰ ਸਾਂਭ ਰੱਖੀਂ
ਉਜਲੇ ਲਿਬਾਸ ਹੇਠਾਂ
ਕਾਲਖ਼ ਦੇ ਭੇਤ ਵੇਖੀਂ
ਰੱਬੀਂ ਸੁਰਾਂ ਦੀ ਲੈਅ ’ਤੇ
ਗਾਉਂਦਾ ਪ੍ਰੇਤ ਵੇਖੀਂ
ਸੰਗਤ ਦੀ ਲੋਰ ਤੱਕੀਂ
ਨੱਚਦਾ ਤੇ ਪੈਲ ਪਾਉਂਦਾ
ਸ਼ਰਧਾ ਦਾ ਮੋਰ ਤੱਕੀਂ
ਪਾਵਨ-ਤਖ਼ਤ ਦੇ ਦਰ ’ਤੇ
ਮਮਤਾ ਦੀ ਕਬਰ ਉੱਤੇ
ਕਿਸੇ ਮਾਂ ਦੀ ਤਾਜ-ਪੋਸ਼ੀ
ਕਿਸੇ ਧੀ ਦੇ ਸਬਰ ਉੱਤੇ
ਜਮਹੂਰੀਅਤ ਖਲੋਤੀ
ਧਰਮ ਤੇ ਇਖ਼ਲਾਕ ਦੇ
ਚਿੱਲੇ ’ਤੇ ਤੀਰ ਚੜ੍ਹਦੇ
ਚੁੰਗੀਆਂ ਭਰਨ ਤੋਂ ਪਹਿਲਾਂ
ਚਾਵਾਂ ਦੇ ਹਿਰਨ ਮਰਦੇ
(4)
ਹੁਕਮਨਾਮਿਆਂ ਦੇ
ਰਥ ’ਤੇ ਸਵਾਰ ਹੋ ਕੇ
ਆਵੇਗੀ ਰੀਤ-ਸ਼ਾਹੀ
ਸਭਿਅਤਾ ਦੇ ਖ਼ੂਨ ਅੰਦਰ
ਤਰਦੇ ਹਨੇਰਿਆਂ ਨੂੰ
ਆਪਣੇ ਸਿਖਰ ’ਤੇ ਸ਼ੂਕਣ
ਲਾਵੇਗੀ ਰੀਤ-ਸ਼ਾਹੀ
ਆਖੇਗੀ ਤੈਨੂੰ ਕਾਫ਼ਰ
ਦੱਸੇਗੀ ਤੇਰੀ ਹੋਣੀ
ਤੇਰੇ ਲਬਾਂ ਦੀ ਖਾਤਰ
ਭਰ ਕੇ ਜ਼ਹਿਰ ਦਾ ਪਿਆਲਾ
ਲਿਆਵੇਗੀ ਰੀਤ-ਸ਼ਾਹੀ
ਤਾਂ ਵੀ ਜ਼ਰੂਰ ਆਵੀਂ
ਮਿੱਟੀ ਦੀ ਤਹਿ ’ਚ ਧੜਕਦੇ
ਅੰਕੁਰ ਦੀ ਹੋਂਦ ਵਰਗਾ
ਅਹਿਸਾਸ ਲੈ ਕੇ ਆਵੀਂ
ਧਰਵਾਸ ਲੈ ਕੇ ਆਵੀਂ
ਵਿਸ਼ਵਾਸ ਲੈ ਕੇ ਆਵੀਂ
ਮੈਂ ਜ਼ਿੰਦਗੀ ਹਾਂ ਪਿਆਰੇ
ਜ਼ਿੰਦਗੀ ਦੀ ਲਾਜ ਰੱਖੀਂ
ਬਾਹਾਂ ’ਚੋਂ ਜਾਣ ਵੇਲੇ
ਸੁਕਰਾਤ ਹੋ ਕੇ ਜਾਵੀਂ
ਜਾਵੀਂ ਕੁਝ ਇਸ ਤਰ੍ਹਾਂ ਤੂੰ
ਸਭਿਅਤਾ ਦੇ ਸਿਰ ਤੋਂ
ਰੀਤ-ਸ਼ਾਹੀ ਤਾਜ ਤਿਲਕ ਜਾਵੇ
ਜ਼ਿੰਦਗੀ ਤੇ ਸਭਿਅਤਾ ਵਿਚ
ਇਕ ਨਵਾਂ ਅਹਿਦਨਾਮਾ
ਪੌਣਾਂ ’ਚ ਸੁਲਘ ਉੱਠੇ
(5)
ਬਿਫ਼ਰੇ ਹੋਏ ਝਨਾਂ ਨੂੰ
ਪੱਕਾ ਘੜਾ ਛੁਪਾ ਕੇ
ਕੱਚਾ ਘੜਾ ਟਿਕਾਉਂਦੀ
ਭਾਬੋ ਦੀ ਗੋਰੀ ਬਾਂਹ ਨੂੰ
ਆਪਣਾ ਈਮਾਨ ਖੋ ਕੇ
ਸਹਿਬਾਂ ਦੇ ਹੋਸ਼ ਖੋਂਹਦੀ
ਪਿੱਤਰੀ ਲਹੂ ਦੀ ਛਾਂ ਨੂੰ
ਰੰਨਾਂ ’ਤੇ ਦੋਸ਼ ਧਰਦੇ
ਸ਼ਾਇਰਾਂ ਦੀ ਆਤਮਾ ਨੂੰ
ਅੱਥਰੂ ਵਹਾਉਣ ਦੇਵੀਂ
ਰੱਜ ਕੇ ਰੋਣ ਦੇਵੀਂ
ਧਰਤੀ ਨੂੰ ਧੋਣ ਦੇਵੀਂ
ਤੇ ਫੇਰ ਪਰਤ ਆਵੀਂ।