ਯਾਦ ਨਹੀਂ ਆਉਂਦਾ ਕਿ ਮੈਂ ਡੀਗੋ ਰਿਵੇਰਾ ਦਾ ਨਾਂ ਕਦੋਂ ਸੁਣਿਆ ਸੀ? ਜਵਾਨੀ ਵੇਲੇ ਸ਼ਾਇਦ ਨਵਤੇਜ ਸਿੰਘ ਦੇ ਉਦਮਾਂ ਕਾਰਨ ‘ਪ੍ਰੀਤ-ਲੜੀ’ ਰਾਹੀਂ ਉਸ ਦਾ ਨਾਂ ਮੇਰੇ ਤੀਕ ਪਹੁੰਚਿਆ ਹੋਵੇ। ਪਰ ਮੈਂ ਉਸ ਦੀ ਮਹਿਮਾ ਹੀ ਸੁਣੀ ਸੀ, ਉਸ ਦਾ ਕੋਈ ਚਿਤਰ ਨਹੀਂ ਸੀ ਵੇਖਿਆ। ਉਸ ਦੀ ਮਹਿਮਾ ਮਨ ਦੇ ਕੰਪਿਊਟਰ ਵਿਚ ਭਰੀ ਰਹੀ।
ਜਦੋਂ ਮੈਂ ਟਰਾਸਟਕੀ ਦੀ ਸਵੈ-ਜੀਵਨੀ My Life ਲਿਆ ਕੇ ਪੜ੍ਹੀ ਤਾਂ ਇਸੇ ਪੁਸਤਕ ਵਿਚੋਂ ਪਤਾ ਲੱਗਾ ਕਿ ਟਰਾਟਸਕੀ ਨੂੰ ਮੈਕਸੀਕੋ ਵਿਚ ਸ਼ਰਨ ਦਿਵਾਉਣ ਲਈ ਚਿਤਰਕਾਰ ਡੀਗੋ ਰਿਵੇਰਾ ਨੇ ਬੜੀ ਸਹਾਇਤਾ ਕੀਤੀ ਸੀ।
ਮੇਰੇ ਮਨ ਵਿਚ ਇਹ ਜਾਨਣ ਦੀ ਉਤਸੁਕਤਾ ਪੈਦਾ ਹੋਈ ਕਿ ਕਿਵੇਂ ਕਮਿਉੂਨਿਸਟ ਚਿੱਤਰਕਾਰ ਦੀ ਸਰਕਾਰੇ-ਦਰਬਾਰੇ ਏਨੀ ਪ੍ਰਤਿਸ਼ਟਤਾ ਸੀ ਕਿ ਉਹ ਆਪਣੇ ਵਾਕਫ਼ਕਾਰ ਦੀ ਸੁਰੱਖਿਆ ਲਈ ਏਨਾ ਉਦੱਮ ਕਰ ਸਕੇ। ਦੇਰ ਤੀਕ ਇਸ ਪ੍ਰਸ਼ਨ ਦੇ ਉੱਤਰ ਦੀ ਭਾਲ ਮਨ ਦੇ ਕਿਸੇ ਕੋਨੇ ਵਿਚ ਸਾਂਭੀ ਰਹੀ, ਪਰ ਇਸ ਦਾ ਢੁੱਕਵਾਂ ਉੱਤਰ ਨਾ ਲੱਭਾ।
ਫਿਰ 1983 ਦੇ ਸਾਲ ਵਿਚ ਪਾਬਲੋ ਨੇਰੂਦਾ ਦੀਆਂ ਕਾਵਿ-ਪੁਸਤਕਾਂ ਦੀ ਭਾਲ ਕਰਦੇ ਕਰਦੇ ਮੈਨੂੰ ਨੇਰੁੂਦਾ ਦੀ ਸਵੈ-ਜੀਵਨੀ ਹੱਥ ਲੱਗੀ। ਇਸ ਵਿਚ ਮੈਕਸੀਕੋ ਦੇ ਹੋਰ ਚਿੱਤਰਕਾਰਾਂ ਦਾ ਜ਼ਿਕਰ ਕਰਕੇ ਨੇਰੂਦਾ ਨੇ ਡੀਗੋ ਰਿਵੇਰਾ ਦੇ ਸੁਭਾਅ ਤੇ ਚਿੱਤਰਕਲਾ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ। ਨੇਰੂਦਾ ਲਿਖਦਾ ਹੈ ;
”ਇਸ ਸਮੇਂ ਤੀਕ ਡੀਗੋ ਰਿਵੇਰਾ ਨੇ ਏਨਾ ਕੰਮ ਕਰ ਲਿਆ ਸੀ ਤੇ ਹਰ ਇਕ ਨਾਲ ਏਨੇ ਕਲੇਸ਼ ਸਹੇੜ ਲਏ ਸਨ ਕਿ ਇਹ ਹੱਟਾ ਕੱਟਾ ਚਿੱਤਰਕਾਰ ਦੇਵ-ਮਾਲਾ ਦਾ ਇਕ ਪਾਤਰ ਬਣ ਚੁੱਕਾ ਸੀ। . . . . . . . ਉਹ ਮਨੁੱਖੀ ਮਾਸ ਨੂੰ ਸਿਹਤ ਮੰਦ ਖੁਰਾਕ ਵਜੋਂ ਖਾਣ ਦੀ ਸ਼ਿਫਾਰਿਸ਼ ਕਰਦਾ ਤੇ ਕਹਿੰਦਾ ਸੀ, ਭੋਜਣ ਦੇ ਸਭ ਤੋਂ ਵੱਡੇ ਰਸੀਏ ਇਸ ਨੂੰ ਬਹੁਤ ਪਸੰਦ ਕਰਦੇ ਨੇ। ਉਹ ਹਰ ਉਮਰ ਦੇ ਬੰਦਿਆਂ ਨੂੰ ਰਿੰਨ੍ਹ-ਪਕਾ ਕੇ ਖਾਣ ਦੇ ਨੁਸਖੇ ਦੱਸਦਾ ਸੀ। ਕਿਸੇ ਹੋਰ ਮੌਕੇ ’ਤੇ ਉਹ ਸਮਲਿੰਗੀ ਪਿਆਰ ਬਾਰੇ ਲੰਮੇ ਚੌੜੇ ਸਿਧਾਂਤ ਪੇਸ਼ ਕਰਦਾ ਹੈ, ਤੇ ਕਹਿੰਦਾ ਹੈ ਕਿ ਇਹ ਇਕੋ ਇਕ ਆਮ ਮਨੁੱਖੀ ਰਿਸ਼ਤਾ ਹੈ, ਜਿਸ ਨੂੰ ਖੁਦਾਈ ਸਮੇਂ ਉਸ ਦੀ ਨਿਗਰਾਨੀ ਹੇਠ ਪ੍ਰਾਚੀਨ ਇਤਿਹਾਸਕ ਖੋਜਾਂ ਨੇ ਠੀਕ ਸਿੱਧ ਕੀਤਾ ਹੈ।’’
ਨੇਰੂਦਾ ਉਸ ਦੇ ਘੁਮੱਕੜ ਤੇ ਫੱਕੜ ਸੁਭਾਅ ਬਾਰੇ ਹੋਰ ਦਿਲਚਸਪ ਵੇਰਵੇ ਦਿੰਦਾ ਲਿਖਦਾ ਹੈ:
”ਕਈ ਵਾਰ ਉਹ ਘੰਟਿਆਂ ਬੱਧੀ ਆਵਾਰਾ ਘੁੰਮਦਾ ਰਹਿੰਦਾ, ਆਪਣੀਆਂ ਢੱਕੀਆਂ ਹੋਈਆਂ ਆਦਿ-ਵਾਸੀਆਂ ਵਾਲੀਆਂ ਅੱਖਾਂ ਨਾਲ ਕੰਮ ਕਰਦਾ, ਮੈਨੂੰ ਆਪਣੇ ਯਹੂਦੀ ਪਿਛੋਕੜ ਬਾਰੇ ਸਭ ਕੁਝ ਦੱਸਦਾ। ਕਿਸੇ ਹੋਰ ਮੌਕੇ, ਪਹਿਲੀਆਂ ਵਾਰਤਾਲਾਪਾਂ ਨੂੰ ਭੁੱਲ ਕੇ ਉਹ ਮੇਰੇ ਕੋਲ ਸੌਹਾਂ ਖਾਂਦਾ ਕਿ ਉਹ ਜਨਰਲ ਰੂਮੇਲ ਦਾ ਪਿਓ ਸੀ। ਪਰ ਉਸ ਦੇ ਇਸ ਵਿਸ਼ਵਾਸ ਨੂੰ ਬਹੁਤ ਗੁਪਤ ਰੱਖਿਆ ਜਾਵੇ, ਕਿਉਂਕਿ ਇਸ ਭੇਤ ਦੇ ਖੁੱਲ੍ਹਣ ਨਾਲ ਭਿਆਨਕ ਕੌਮਾਂਤਰੀ ਸਿੱਟੇ ਨਿਕਲਣਗੇ।”
ਰਿਵੇਰਾ ਦੇ ਇਸ ਗਪੌੜੀ ਸੁਭਾਅ ਬਾਰੇ ਪੜ੍ਹ ਕੇ ਮੈਨੂੰ ਇਸ ਸੰਸਾਰ ਪਸਿੱਧ ਚਿੱਤਰਕਾਰ ਬਾਰੇ ਹੋਰ ਵਧੇਰੇ ਜਾਨਣ ’ਤੇ ਸਮਝਣ ਦੀ ਉਤਸੁਕਤਾ ਪੈਦਾ ਹੋਈ। ਚਿੱਤਰਕਲਾ ਵਿਚ ਪੈਦਾ, ਹੋਈ ਮੇਰੀ ਖ਼ਬਤੀ ਰੁਚੀ ਨੇ ਮੈਨੂੰ ਇਸ ਵਿਸ਼ੇ ਤੇ ਚਿੱਤਰਕਲਾ ਬਾਰੇ ਪੁਸਤਕਾਂ ਇਕੱਠੀਆ ਕਰਨ ਵੱਲ ਲਾ ਦਿੱਤਾ। ਪਹਿਲਾਂ ਰੁੂਸੀ ਤੇ ਫਿਰ ਯੂਰਪੀ ਆਰਟ-ਗੈਲਰੀਆਂ ਬਾਰੇ ਇਕੱਠੀਆਂ ਕੀਤੀਆਂ ਪੁਸਤਕਾਂ ਵਿਚੋਂ ਉਸ ਬਾਰੇ ਇਕ ਸ਼ਬਦ ਵੀ ਨਾ ਮਿਲਦਾ ਤੇ ਮੈਂ ਆਪਣੀ ਭਾਲ ਨੂੰ ਵਿਚਾਲੇ ਛੱਡ ਨਿਰਾਸ ਹੋ ਕੇ ਬੈਠ ਜਾਂਦਾ।
ਪੰਜਾਬੀ ਦਾ ਮੁਹਾਵਰਾ ਹੈ, ”ਜਿਥੇ ਚਾਹ ਉਥੇ ਰਾਹ।’’ ਪਰ ਕਈ ਵਾਰ ਇਹ ਰਾਹ ਬਹੁਤ ਹੀ ਔਝੜ ਮੋੜ ਵਾਲੇ ਹੁੰਦੇ ਨੇ ਤੇ ਹਰ ਮੋੜ ’ਤੇ ਖਲੋ ਕੇ ਤੁਹਾਨੂੰ ਮੁੜ ਮੁੜ ਅੱਗੇ ਪਿੱਛੇ ਝਾਕਣਾ ਤੇ ਕਿਸੇ ਆਏ ਗਏ ਨੂੰ ਪੁੱਛਣਾ ਪੈਂਦਾ ਹੈ। ਕਈ ਵਾਰ ਇਸ ਤਲਾਸ਼ ਦਾ ਹਸ਼ਰ ਮਾਰੂਥਲ ਵਿਚ ਦੀ ਗੁਜ਼ਰਦੀ ਉਸ ਨਦੀ ਵਰਗਾ ਹੁੰਦਾ ਹੈ, ਜਿਹੜੀ ਪਹਾੜਾਂ ਤੋਂ ਸਮੁੰਦਰ ਤੀਕ ਦੀ ਔਝੜ ਤੇ ਬਿਖੜੀ ਯਾਤਰਾ ’ਤੇ ਤੁਰਦੀ ਹੈ ਪਰ ਉਸ ਨੂੰ ਰਾਹ ਵਿਚ ਮਾਰੂ ਥਲ ਦੀ ਅਥਾਹ ਰੇਤ ਚਟਮ ਕਰ ਜਾਂਦੀ ਹੈ।
ਪਰ ਮੇਰੇ ਸਾਹਮਣੇ ਮੇਰਾ ਆਪਣਾ ਵੀ ਇਕ ਤਜ਼ਰਬਾ ਸੀ। ਜੋ ਮੈਨੂੰ ਬੜਾ ਧਰਵਾਸ ਦਿੰਦਾ ਸੀ। ਪਾਬਲੋ ਨੇਰੂਦਾ ਦੀ ਜੀਵਨੀ ਪੜ੍ਹਦਿਆਂ ਉਸ ਦੇ ਆਖਰੀ ਕਾਂਡ ‘ਕਵਿਤਾ ਇਕ ਕਿੱਤਾ ਹੈ’ ਦੇ ਮੁੱਢ ਵਿਚ ਇਕ ਨਿਬੰਧ ਆਉਂਦਾ ਹੈ, ਜਿਸ ਦਾ ਸਿਰਲੇਖ ਹੈ, ‘ਕਵਿਤਾ ਦੀ ਸ਼ਕਤੀ’। ਇਸ ਵਿਚ ਇਕ ਘਟਨਾ ਤੀਨਾ ਮਾਦੋਡੀ ਬਾਰੇ ਹੈ। ਉਸ ਬਾਰੇ ਨੇਰੂਦਾ ਦੀ ਟਿੱਪਣੀ ਪੜ੍ਹ ਕੇ ਮੈਂ ਉਹ ਕਵਿਤਾ ਲੱਭਣ ਦੀ ਕੋਸ਼ਿਸ਼ ਕੀਤੀ ਜਿਹੜੀ ਨੇਰੂਦਾ ਨੇ ਉਸ ਦੀ ਮੌਤ ਬਾਰੇ ਲਿਖੀ ਸੀ। ਨੇਰੂਦਾ ਦੇ ਕਾਵਿ-ਸੰਗ੍ਰਹਿ Residence On Earth ਵਿਚੋਂ ਇਹ ਕਵਿਤਾ ਪ੍ਰਾਪਤ ਹੋਈ ਤੇ ਮੈਂ ਉਸ ਦਾ ਪੰਜਾਬੀ ਅਨੁਵਾਦ ਕਰ ਦਿੱਤਾ। ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਯੂ.ਕੇ. ਦੇ ਮਈ 1993 ਦੇ ਫੇਰੀ ਸਮੇਂ ਉਥੋਂ ਦੀ ਇਕ ਅਖ਼ਬਾਰ Guardian (9-11-93) ਵਿਚ ਤੀਨਾ ਮਾਦੋਤੀ ਬਾਰੇ ਛਪੀਆਂ ਤਿੰਨ ਪੁਸਤਕਾਂ ਦੀ ਸੂਚਨਾ ਮਿਲ ਗਈ।
ਡੀਗੋ ਰਿਵੇਰਾ ਬਾਰੇ ਵੀ ਮੇਰੀ ਤਲਾਸ਼ ਇੰਝ ਹੀ ਚਲਦੀ ਰਹੀ ਤੇ ਅਖੀਰ ਮੈਂ ਉਸ ਬਾਰੇ ਵਡਮੁੱਲੀ ਲੋੜੀਂਦੀ ਜਾਣਕਾਰੀ ਦੇ ਨਾਲ ਨਾਲ ਉਸ ਦੇ ਕੁਝ ਕੰਧ ਚਿੱਤਰਾਂ ਦੀਆਂ ਫੋਟੋ ਕਾਪੀਆਂ ਲੱਭਣ ਵਿਚ ਸਫ਼ਲ ਹੋ ਗਿਆ।
ਡੀਗੋ ਰਿਵੇਰਾ ਵੀਹਵੀਂ ਸਦੀ ਦੀ ਬੜੀ ਰੰਗਦਾਰ ਤੇ ਕ੍ਰਿਸ਼ਮਈ ਸਖਸ਼ੀਅਤ ਸੀ। ਜੰਮਿਆ ਭਾਵੇਂ ਉਹ ਮੈਕਸੀਕੋ ਵਿਚ ਸੀ ਪਰ ਚੜ੍ਹਦੀ ਜਵਾਨੀ ਵਿਚ ਉਹ ਫਰਾਂਸ ਚਲਾ ਗਿਆ ਤੇ ‘ਕਿਊਬ ਵਾਦੀ’ ਕਲਾ ਦ੍ਰਿਸ਼ਟੀ ਦਾ ਧਾਰਨੀ ਬਣ ਦੇਸ਼ ਵਾਪਸ ਪਰਤਿਆ। ਛੇਤੀ ਹੀ ਡੀਗੋ ਰਿਵੇਰਾ ਦੇ ਕੰਧ ਚਿੱਤਰਾਂ ਨੇ ਮੈਕਸੀਕਨ ਜਨ ਜੀਵਨ ਵਿਚ ਤਰੱਥਲੀ ਜਿਹੀ ਮਚਾ ਦਿੱਤੀ ਸੀ। ਆਖਰ ਇਸ ਦਾ ਕੀ ਕਾਰਨ ਸੀ?
ਡੀਗੋ ਰਿਵੇਰਾ 13 ਦਸੰਬਰ 1886 ਨੂੰ ਇਕ ਪੜ੍ਹੇ ਲਿਖੇ ਤੇ ਰਾਜਸੀ ਤੌਰ ’ਤੇ ਆਜ਼ਾਦ ਖਿਆਲਾਂ ਵਾਲੇ ਪਰਿਵਾਰ ਵਿਚ ਜੰਮਿਆ। ਉਸ ਸਮੇਂ ਦੇਸ਼ ਉਤੇ ਰਾਸ਼ਟਰਪਤੀ ਪੌਰਫੀਰੀਓ ਡਿਆਜ਼ ਦਾ ਤਾਨਾਸ਼ਾਹੀ ਰਾਜ ਸੀ। ਸੈਂਸਰਸ਼ਿਪ ਬੜੀ ਕਰੜੀ ਸੀ ਤੇ ਸਜ਼ਾਵਾਂ ਬੜੀਆਂ ਸਖ਼ਤ ਸਨ। ਰਿਵੇਰਾ ਦੇ ਪਿਤਾ ਨੇ ਸਰਕਾਰੀ ਨੀਤੀਆਂ ਦੇ ਵਿਰੁੱਧ ਆਪਣੇ ਖੱਬੇ ਪੱਖੀ ਪਾਟਵੇਂ ਵਿਚਾਰਾਂ ਦਾ ਪ੍ਰਗਟਾਵਾ ਇਕ ਅਖ਼ਬਾਰ ਵਿਚ ਕੀਤਾ। ਸਿੱਟੇ ਵਜੋਂ ਉਸ ਨੂੰ ਬਚਾਅ ਲਈ ਆਪਣਾ ਜੱਦੀ ਘਰ ਘਾਟ ਛੱਡਣਾ ਪਿਆ ਤੇ ਉਹ ਰਾਜਧਾਨੀ ਵਿਚ ਜਾ ਵਸੇ। ਏਥੇ ਉਸ ਨੂੰ ਕਿਸੇ ਆਰਟ-ਸਕੂਲ ਵਿਚ ਪੜ੍ਹਨੇ ਪਾਇਆ ਗਿਆ।
ਡਰਾਇੰਗ ਵਿਚ ਰਿਵੇਰਾ ਦੀ ਰੁਚੀ ਜਮਾਂਦਰੂ ਸੀ। ਉਹ ਹਰ ਸਮੇਂ ਕੰਧਾਂ ਉਤੇ ਚਾਕ ਤੇ ਪੈਨਸਿਲਾਂ ਨਾਲ ਲਕੀਰਾਂ ਵਾਹੁੰਦਾ ਰਹਿੰਦਾ ਸੀ। ਜਿਸ ਨਾਲ ਸਾਰੀਆਂ ਕੰਧਾਂ ਖਰਾਬ ਹੋ ਰਹੀਆਂ ਸਨ। ਉਸ ਦੀ ਇਹ ਰੁਚੀ ਵੇਖ ਕੇ ਉਸ ਦੇ ਪਿਤਾ ਨੇ ਉਸ ਨੂੰ ਇਕ ਕਮਰਾ ਅਲਾਟ ਕਰ ਦਿੱਤਾ ਤੇ ਹਰ ਤਰ੍ਹਾਂ ਦੀਆਂ ਲਕੀਰਾਂ ਵਾਹੁਣ ਦੀ ਖੁੱਲ੍ਹ ਦੇ ਦਿੱਤੀ। ਆਪਣੇ ਬਚਪਨ ਦੀਆਂ ਯਾਦਾਂ ਬਾਰੇ ਲਿਖਦਿਆਂ ਰਿਵੇਰਾ ਨੇ ਆਪਣੇ ਸਵੈ-ਜੀਵਨੀ My Art, My Life ਵਿਚ ਲਿੱਖਿਆ ਹੈ;
”ਜਿਥੋਂ ਤੀਕ ਮੈਨੂੰ ਯਾਦ ਹੈ ਮੈਂ ਲੀਕਾਂ ਵਾਹੁੰਦਾ ਹੁੰਦਾ ਸੀ। ਮੇਰੇ ਪਿਤਾ ਨੇ ਮੇਰੇ ਲਈ ਇਕ ਵਿਸ਼ੇਸ਼ ਕਮਰਾ ਅਲਾਟ ਕਰ ਦਿੱਤਾ ਸੀ। ਉਹ ਮੇਰਾ ਪਹਿਲਾ ਸਟੂਡੀਓ ਸੀ। ਏਥੇ ਮੈਂ ਪਹਿਲੇ ਕੰਧ ਚਿੱਤਰ ਵਾਹੇ।’’
ਰਿਵੇਰਾ ਦੇ ਮਾਤਾ-ਪਿਤਾ ਅਧਿਆਪਕ ਸਨ। ਇਸੇ ਕਾਰਨ ਉਹ ਵੀ ਮੁਢਲੀ ਪੜ੍ਹਾਈ ਵਿਚ ਬੜਾ ਲਾਇਕ ਨਿਕਲ ਆਇਆ ਤੇ ਉਸ ਨੂੰ ਛੋਟੇ ਹੁੰਦਿਆਂ ਤੋਂ ਹੀ ਇਕ ਆਰਟ ਸਕੂਲ ਵਿਚ ਦਾਖਲ ਕਰਵਾ ਦਿੱਤਾ ਗਿਆ। 12 ਸਾਲ ਦੀ ਉਮਰ ਵਿਚ ਉਸ ਨੇ ਸਾਰੀ ਮੁਢਲੀ ਪੜ੍ਹਾਈ ਮੁਕਾ ਲਈ ਤੇ ਪਿਤਾ ਦੀ ਚੋਣ ਅਨੁਸਾਰ ਉਹਨੂੰ ਅਫ਼ਸਰ ਬਣਨ ਲਈ ਇਕ ਸੈਨਿਕ ਕਾਲਜ ਵਿਚ ਦਾਖਲ ਕਰਵਾ ਦਿੱਤਾ ਗਿਆ। ਪਰ ਰਿਵੇਰਾ ਦੀ ਰੁਚੀ ਤਾਂ ਕਲਾਕਾਰ ਬਣਨ ਵੱਲ ਸੀ। ਦੋ ਹਫ਼ਤੇ ਬਾਅਦ ਹੀ ਉਹ ਇਸ ਕਾਲਜ ਵਿਚ ਪੜ੍ਹਨ ਤੋਂ ਬਾਗੀ ਹੋ ਗਿਆ ਤੇ ਉਸ ਨੂੰ ਆਰਟ ਅਕੈਡਮੀ ਵਿਚ ਦਾਖਲੇ ਲਈ ਵਜ਼ੀਫਾ ਮਿਲ ਗਿਆ। ਏਥੇ ਉਹ 7 ਸਾਲ ਤੀਕ ਆਰਟੀ ਦੀ ਪੜ੍ਹਾਈ ਕਰਦਾ ਰਿਹਾ। ਅਕਾਡਮੀ ਦੀ ਪੜ੍ਹਾਈ ਕਰਦਿਆਂ ਉਹ ਜਵਾਨ ਹੋ ਗਿਆ। ਉਸ ਦਾ ਕੱਦ 6 ਫੁੱਟ ਤੋਂ ਉਤਾਂਹ ਨਿਕਲ ਗਿਆ। ਉਹ ਬੜੀ ਛੇਤੀ ਹਮ ਉਮਰ ਲੜਕਿਆਂ ਨਾਲ ਯਾਰੀਆਂ ਗੰਢ ਲੈਂਦਾ ਸੀ ਤੇ ਇਸ ਉਮਰ ਵਿਚ ਹੀ ਉਸਨੂੰ ਵੰਨ ਸੁਵੰਨੀਆਂ ਕਹਾਣੀਆਂ ਜੋੜਨ ਤੇ ਗੱਪਾਂ ਮਾਰਨ ਦੀ ਆਦਤ ਪੈ ਗਈ ਸੀ। ਉਸ ਦੀਆਂ ਅੱਖਾਂ ਬਾਰੇ ਕਈ ਲੋਕਾਂ ਨੇ ਲਿਖਿਆ ਹੈ ਕਿ ਉਸ ਦੇ ਡੇਲੇ ਬੜੇ ਵੱਡੇ ਸਨ ਤੇ ਇਹ ਡੱਡੂਆਂ ਵਾਂਗ ਬਾਹਰ ਨੂੰ ਨਿਕਲੇ ਹੋਏ ਪ੍ਰਤੀਤ ਹੁੰਦੇ ਸਨ।
ਜਨਵਰੀ 1907 ਵਿਚ ਕਲਾ ਦੀ ਉਚੇਰੀ ਪੜ੍ਹਾਈ ਲਈ ਉਸ ਨੂੰ ਇਕ ਗਵਰਨਰ ਦੀ ਸਹਾਇਤਾ ਨਾਲ ਯੂਰਪ ਜਾਣ ਲਈ ਚਾਰ ਸਾਲਾਂ ਵਾਸਤੇ ਸਰਕਾਰੀ ਵਜ਼ੀਫ਼ਾ ਮਿਲ ਗਿਆ ਤੇ ਉਹ ਸਪੇਨ ਦੇ ਸ਼ਹਿਰ ਮੈਡਰਿਡ ਚਲਾ ਗਿਆ। ਦੋ ਸਾਲ ਬਾਅਦ ਉਹ ਪੈਰਿਸ ਜਾ ਪਹੁੰਚਿਆ । ਇਥੇ ਉਹ 12 ਸਾਲ ਤੀਕ ਕਲਾ ਦੀ ਉਚੇਰੀ ਪੜ੍ਹਾਈ ਵਿਚ ਜੁਟਿਆ ਰਿਹਾ ਤੇ ਚਿੱਤਰਕਲਾ ਦੀ ਸਿਖਲਾਈ ਲੈਂਦਾ ਰਿਹਾ।
ਪੈਰਿਸ ਵਿਚ ਉਹ ਆਰਟ ਗੈਲਰੀਆਂ ਵਿਚ ਸੰਭਾਲੇ ਕਲਾ ਦੇ ਅਦਭੁਤ ਖ਼ਜ਼ਾਨਿਆਂ ਗਹੁ ਨਾਲ ਅਧਿਐਨ ਕਰਦਾ ਰਿਹਾ ਤੇ ਕਲਾਕਾਰਾਂ ਵਿਚ ਚਲਦੀਆਂ ਬਹਿਸਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ। ਪੈਰਿਸ ਵਿਚ ਉਸ ਸਮੇਂਚੁਬਸਿਮ ਦਾ ਜ਼ੋਰ ਸੀ। ਰਿਵੇਰਾ ਦੀਆਂ ਮੁਢਲੀਆਂ ਕਲਾ ਕਿਰਤਾਂ ਉਤੇ ਇਹਨਾ ਰੁਝਾਨਾਂ ਦਾ ਡੂੰਘਾ ਪ੍ਰਭਾਵ ਪਿਆ।
ਪੈਰਿਸ ਰਹਿੰਦਿਆਂ, ਯੂਰਪ ਦੇ ਹੋਰ ਦੇਸ਼ਾਂ ਵਿਚ ਘੁੰਮਦਿਆਂ, ਲੜਦਿਆਂ, ਝਗੜਿਆਂ ਤੇ ਸਿੱਖਦਿਆਂ ਉਸ ਵਿਚਲਾ ਕਲਾਕਾਰ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਸੀ। ਉਹ ਮੌਲਿਕ ਰੂਪ ਵਿਚ ਚਿੱਤਰ ਬਣਾਉਣ ਦੇ ਕਾਬਲ ਹੋ ਗਿਆ ਸੀ। ਏਥੇ ਰਹਿੰਦਿਆਂ ਉਸ ਦੇ ਕੰਮ ਦੀ ਮਹਿਮਾ ਸੰਸਾਰ ਪ੍ਰਸਿੱਧ ਚਿੱਤਰਕਾਰ ਪਿਕਾਸੋ ਤੀਕ ਵੀ ਪਹੁੰਚ ਚੁੱਕੀ ਸੀ। ਪਿਕਾਸੋ ਖੁਦ ਉਸ ਦਾ ਕੰਮ ਵੇਖਣ ਲਈ ਰਿਵੇਰਾ ਦੇ ਸਟੂਡੀਓ ਵਿਚ ਆਇਆ ਤੇ ਉਸ ਦੀ ਡੂੰਘੀ ਪ੍ਰਸੰਸਾ ਕੀਤੀ।
14 ਸਾਲ ਯੂਰਪ ਤੇ ਖਾਸ ਤੌਰ ’ਤੇ ਸੰਸਾਰ ਦੀ ਕਲਾ ਰਾਜਧਾਨੀ ਪੈਰਿਸ ਵਿਚ ਗੁਜ਼ਾਰ 1921 ਵਿਚ ਰਿਵੇਰਾ ਆਪਣੇ ਵਤਨ ਮੈਕਸੀਕੋ ਵਾਪਸ ਪਰਤਿਆ। ਹੁਣ ਤੀਕ ਉਹ ਕਈ ਮੌਲਿਕ ਚਿੱਤਰ ਬਣਾ ਕੇ ਕਲਾ ਹਲਕਿਆਂ ਵਿਚ ਨਾਮਣਾ ਖੱਟ ਚੁੱਕਿਆ ਸੀ। ਉਸ ਦੀ ਕਲਪਨਾ ਉਡਾਰੀ ਰਚਨਾਤਮਕ ਸ਼ਕਤੀ ਤੇ ਵਿਚਾਰਾਂ ਵਿਚ ਪਕਿਆਈ ਆ ਚੁੱਕੀ ਸੀ।
ਪਰ ਆਪਣੇ ਵਤਨ ਵਾਪਸ ਪਰਤਣ ਦੇ ਆਖ਼ਰੀ ਡੇਢ ਸਾਲ ਰਿਵੇਰਾ ਨੇ ਇਟਲੀ ਵਿਚ ਬਿਤਾਏ। ਇਟਲੀ ਦੀ ਕੰਧ ਚਿੱਤਰਕਲਾ (Fres-coes) ਤੋਂ ਉਸ ਨੇ ਬੜਾ ਕੁਝ ਕੀਮਤੀ ਸਿੱਖਿਆ, ਜੋ ਵਾਪਸ ਮੈਕਸੀਕੋ ਪਰਤ ਕੇ ਉਸ ਲਈ ਬੜਾ ਕੰਮ ਆਇਆ। ਮਾਈਕਲ ਐਂਜਲੋ ਵਰਗੇ ਮਹਾਨ ਕਲਾਕਾਰਾਂ ਦਾ ਗਿਰਜਿਆਂ ਦੀਆਂ ਛੱਤਾਂ ਅਤੇ ਕੰਧਾਂ ਉਤੇ ਕੀਤਾ ਕੰਮ ਉਸ ਲਈ ਅੱਗੇ ਜਾ ਕੇ ਰਾਹ ਦਰਸਾਊ ਬਣ ਗਿਆ। ਪਰ ਉਸ ਲਈ ਪ੍ਰਸ਼ਨ ਇਹ ਸੀ ਕਿ ਉਹ ਹੁਣ ਕਿਸ ਦੇਸ਼ ਵਿਚ ਰਹਿ ਕੇ ਕੰਧ ਚਿੱਤਰਾਂ ਦਾ ਕੰਮ ਅਰੰਭ ਕਰੇ।
ਉਨ੍ਹਾਂ ਵਰ੍ਹਿਆਂ ਵਿਚ ਮੈਕਸੀਕੋ ਵਿਚ ਵੀ ਰਾਜਸੀ ਕ੍ਰਾਂਤੀ ਆ ਚੁੱਕੀ ਸੀ। ਇਹ ਕਿਸਾਨੀ ਇਨਕਲਾਬ ਸੀ। ਜੋ ਰੂਸ ਦੀ ਕ੍ਰਾਂਤੀ ਤੋਂ ਪਹਿਲਾਂ ਹੋ ਚੁੱਕਾ ਸੀ। ਤਾਨਾਸ਼ਾਹੀ ਦੇ ਖਾਤਮੇ ਪਿੱਛੋਂ ਦੇਸ਼ ਵਿਚ ਲੋਕ ਰਾਜ ਸਥਾਪਤ ਹੋ ਚੁੱਕਾ ਸੀ। ਦੇਸ਼ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਸੀ। ਨਵੀਆਂ ਇਮਾਰਤਾਂ, ਭਵਨ ਤੇ ਸੰਸਥਾਵਾਂ ਬਣ ਰਹੀਆਂ ਸਨ। ਹਰ ਵੱਡੀ ਇਮਾਰਤ ਦੀਆਂ ਉੱਚੀਆਂ ਕੰਧਾਂ ’ਤੇ ਸਰਕਾਰੀ ਪ੍ਰੇਰਣਾ ਨਾਲ ਕੰਧ ਚਿੱਤਰ ਬਣ ਰਹੇ ਸਨ। ਦੇਸ਼ ਦਾ ਸਿੱਖਿਆ ਮੰਤਰੀ ਕਲਾ ਦਾ ਪ੍ਰੇਮੀ ਸੀ। ਉਸਨੇ ਰਿਵੇਰਾ ਨੂੰ ਵੀ ਕਲਾ ਦੀ ਇਸ ਪੁਨਰ ਜਾਗਰਣ ਦੀ ਲਹਿਰ ਵਿਚ ਆਪਣਾ ਕਲਾਤਮਕ ਹਿੱਸਾ ਪਾਉਣ ਲਈ ਪ੍ਰੇਰਿਆ । ਰਿਵੇਰਾ ਆਪਣੇ ਕਲਾ ਲਕਸ਼ ਪ੍ਰਤੀ ਕਾਫ਼ੀ ਸੁਚੇਤ ਹੋ ਚੁੱਕਾ ਸੀ ਤੇ ਕਮਿਉਨਿਸਟ ਵਿਚਾਰਧਾਰਾ ਦੇ ਪ੍ਰਭਾਵ ਹੇਠ ਆ ਚੁੱਕਾ ਸੀ। ਉਸ ਦੀ ਰਾਏ ਸੀ ਕਿ ਸਿਰਫ਼ ਕੰਧ ਚਿੱਤਰ ਹੀ ਕਲਾ ਦਾ ਐਸਾ ਮਾਧਿਅਮ ਹੈ ਜਿਸ ਰਾਹੀਂ ਪੇਂਟਿੰਗ ਆਮ ਲੋਕਾਂ ਤੀਕ ਜਾ ਸਕਦੀ ਹੈ। ਇਨ੍ਹਾਂ ਵਰਿ੍ਹਆਂ ਦੀ ਆਪਣੀ ਮਾਨਸਿਕ ਅਵਸਥਾ ਬਾਰੇ ਰਿਵੇਰਾ ਲਿਖਦਾ ਹੈ:
”ਮੈਂ ਜਿਹੜੀ ਵੀ ਚੀਜ਼ ਵੇਖਦਾ ਸੀ, ਉਸ ਵਿਚ ਲੁਪਤ ਕਲਾ ਸ਼ਾਹਕਾਰ ਵਿਖਾਲੀ ਦਿੰਦਾ ਸੀ। ਭੀੜਾਂ, ਮੰਡੀਆਂ, ਤਿਉਹਾਰਾਂ, ਕੁੂਚ ਕਰਦੀਆਂ ਪਲਟਨਾਂ, ਖੇਡਾਂ ਤੇ ਦੁਕਾਨਾਂ ਵਿਚ ਕੰਮ ਕਰਦੇ ਮਜ਼ਦੂਰ ਗੱਲ ਕੀ ਹਰ ਨੂਰਾਨੀ ਚਿਹਰੇ ’ਤੇ ਹਰ ਬੱਚੇ ਵਿਚ ਇਹ ਸਾਰਾ ਕੁੱਝ ਮੈਨੂੰ ਇਲਹਾਮ ਵਰਗਾ ਲੱਗਦਾ ਸੀ। ਮੇਰਾ ਵਿਸ਼ਵਾਸ ਸੀ ਕਿ ਜੇ ਮੈਂ ਸੌ ਜੀਵਨ ਵੀ ਜੀਵਾਂ ਤਾਂ ਵੀ ਮੈਂ ਇਸ ਪ੍ਰਸੰਨ ਚਿੱਤ ਸੁੰਦਰਤਾ ਦੇ ਭੰਡਾਰ ਵਿਚੋਂ ਰੰਚਕ ਮਾਤਰ ਵੀ ਆਪਣੀ ਵਰਤੋਂ ਵਿਚ ਨਹੀਂ ਸੀ ਲਿਆ ਸਕਦਾ।’’
ਉਸ ਸਮੇਂ ਤੀਕ ਰਿਵੇਰਾ ਆਪਣੇ ਦੇਸ਼ ਦੀ ਪ੍ਰਾਚੀਨ ਕੰਧ ਚਿਤਰਾਵਲੀ ਅਤੇ ਲੋਕ ਕਲਾ ਤੋਂ ਵੀ ਪ੍ਰਭਾਵਤ ਹੋ ਚੁੱਕਾ ਸੀ। ਪੁਰਾਤਨ ਕਲਾ-ਵਿਰਾਸਤ ਨੂੰ ਨਵੀਆਂ ਲੋੜਾਂ ਅਤੇ ਨਵੇਂ ਪ੍ਰਸੰਗਾਂ ਵਿਚ ਇਸ ਦੀ ਵਰਤੋਂ ਕਿਵੇਂ ਕਰਨੀ ਹੈ, ਉਸਨੂੰ ਇਸ ਦਾ ਕਾਫ਼ੀ ਗਿਆਨ ਪ੍ਰਾਪਤ ਹੋ ਚੁੱਕਾ ਸੀ।
ਡੀਗੋ ਦੇ ਆਪਣੇ ਵਤਨ ਵਾਪਸ ਪਰਤਦੇ ਹੀ ਜਿਵੇਂ ਕਲਾ ਦਾ ਕੰਮ ਉਸਨੂੰ ਉਡੀਕ ਰਿਹਾ ਸੀ । ਸਰਕਾਰੀ ਪੱਧਰ ’ਤੇ ਮੈਕਸੀਕੋ ਦੇ ਕਲਾਕਾਰਾਂ ਨੂੰ ਕੰਧ ਚਿੱਤਰ ਬਣਾਉਣ ਲਈ ਠੇਕੇ ਦਿੱਤੇ ਜਾ ਰਹੇ ਸਨ। ਉਸ ਨੂੰ ਵੀ ਕੰਮ ਮਿਲਣ ਵਿਚ ਕੋਈ ਔਕੜ ਨਹੀਂ ਆਈ। ਨਾਲ ਉਸਦੇ ਦੋ ਚਾਰ ਸਹਾਇਕ ਕਲਾਕਾਰ ਵੀ ਹੁੰਦੇ ਸਨ। ਰਿਵੇਰਾ ਦੇ ਕੰਧ ਚਿੱਤਰਾਂ ਦੇ ਕੀਤੇ ਕੰਮ ਦਾ ਵੇਰਵਾ ਦੇਣਾ ਸੌਖਾ ਕੰਮ ਨਹੀਂ ਹੈ। ਇਨ੍ਹਾਂ ਚਿੱਤਰਾਂ ਨੂੰ ਤਿਆਰ ਕਰਨ ਵੇਲੇ ਕਲਾਕਾਰਾਂ, ਮਿਸਤਰੀਆਂ, ਇਮਾਰਤੀ ਕਾਮਿਆਂ, ਰੰਗ ਤਿਆਰ ਕਰਨ ਵਾਲੇ ਕਿਰਤੀਆਂ ਦਾ ਵੱਡਾ ਜੱਥਾ ਦਰਕਾਰ ਹੁੰਦਾ ਸੀ। ਚਿੱਤਰ ਸੀਮੇਂਟ ਦੇ ਤਾਜ਼ਾ ਕੀਤੇ ਪਲੱਸਤਰ ਤੇ ਜਲ ਚਿੱਤਰਾਂ ਦੇ ਰੂਪ ਵਿਚ ਬਣਾਏ ਜਾਂਦੇ ਸਨ। ਰਿਵੇਰਾ ਕੰਮ ਦੇ ਮਾਮਲੇ ਵਿਚ ਅਣਥੱਕ ਆਦਮੀ ਸੀ। ਗੋਅ ਜਾਂ ਪਉੜੀ Sਚਆਾੋਲਦ ਉੱਤੇ ਚੜ੍ਹ ਕੇ ਉੱਚੀਆਂ ਇਮਾਰਤਾਂ ’ਤੇ ਕੰਮ ਕਰਨਾ ਜਾਨ ਨੂੰ ਖਤਰੇ ਵਿਚ ਪਾਉਣਾ ਹੁੰਦਾ ਸੀ। ਜਦੋਂ ਕੰਮ ਸ਼ੁਰੂ ਹੋ ਜਾਂਦਾ ਤਾਂ ਰਿਵੇਰਾ ਲਈ ਰੁਕ ਕੇ ਸਾਹ ਲੈਣਾ ਜਾਂ ਸੁਸਤਾਉਣਾ ਅਸੰਭਵ ਹੁੰਦਾ ਸੀ। ਕਈ ਵਾਰ ਉਸ ਦੀ ਟੀਮ ਦੇ ਮੈਂਬਰ ਥੱਕ ਜਾਂ ਅੱਕ ਜਾਂਦੇ ਸੀ ਪਰ ਰਿਵੇਰਾ ਨੂੰ ਚੰਮ ਨਹੀਂ ਕੰਮ ਪਿਆਰਾ ਹੁੰਦਾ ਸੀ। ਉਹ ਗੋਅ ਉਤੇ ਹੀ ਆਰਾਮ ਕਰ ਲੈਂਦਾ ਸੀ ਤੇ ਉਸਨੂੰ ਖਾਣਾ-ਪੀਣਾ ਭੁੱਲ ਜਾਂਦਾ ਸੀ। ਕਿਸੇ ਨੇ ਉਸ ਬਾਰੇ ਲਿਖਿਆ ਸੀ, ”ਕੰਮ ਉਸ ਲਈ ਇਕ ਤਰ੍ਹਾਂ ਦਾ ਨਸ਼ਾ ਸੀ ਤੇ ਕੰਮ ਵਿਚ ਰੁਕਾਵਟ ਉਸ ਨੂੰ ਚਿੜ੍ਹਾ ਦਿੰਦੀ ਸੀ।’’
ਉਹ ਭੋਜਨ ਵੀ ਗੋਅ ਉਤੇ ਹੀ ਕਰਦਾ ਸੀ। ਇਕ ਵਾਰ ਕੰਮ ਕਰਦੇ ਕਰਦੇ 1927 ਵਿਚ ਉਹ ਪੌੜੀ ਤੋਂ ਹੇਠਾਂ ਡਿੱਗ ਪਿਆ ਸੀ ਤੇ ਬੇਹੋਸ਼ ਹੋ ਗਿਆ। ਉਹ ਲਗਾਤਾਰ 15-15 ਘੰਟੇ ਕੰਮ ਕਰਦਾ ਰਹਿੰਦਾ ਤੇ ਪੌੜੀ ਤੋਂ ਹੇਠਾਂ ਉਤਰਨ ਦਾ ਨਾਂਅ ਨਹੀਂ ਸੀ ਲੈਂਦਾ ਹੁੰਦਾ।
ਉਸ ਦੀ ਪ੍ਰੇਮਕਾ ਤੇ ਪਤਨੀ ਫਰੀਦਾ ਕਾਹਲੋਂ ਰਿਵੇਰਾ ਬਾਰੇ ਆਪਣੀਆਂ ਯਾਦਾਂ ਵਿਚ ਲਿਖਦੀ ਹੈ ਕਿ, ”ਡੀਗੋ ਲਈ ਪੇਂਟਿੰਗ ਹੀ ਸਭ ਕੁਝ ਹੈ, ਉਹ ਸੰਸਾਰ ਵਿਚ ਹੋਰ ਕਿਸੇ ਵੀ ਚੀਜ਼ ਨਾਲੋਂ ਕੰਮ ਨੂੰ ਪਹਿਲ ਦਿੰਦਾ ਸੀ। ਇਹ ਉਸ ਦਾ ਇਕੋ ਇਕ ਪੇਸ਼ਾ ਸੀ। ਜਿਥੋਂ ਤੀਕ ਮੈਨੂੰ ਪਤਾ ਹੈ ਉਸਨੇ ਜਾਗਦੇ ਰਹਿਣ ਦਾ ਵਧੇਰੇ ਸਮਾਂ ਪੇਂਟਿੰਗ ਵਿਚ ਹੀ ਲਾਇਆ ਸੀ, ਕਈ ਵਾਰ 12 ਤੋਂ 18 ਘੰਟੇ ਤੀਕ ਵੀ। ਇਹੀ ਕਾਰਨ ਹੈ ਕਿ ਉਹ ਸਧਾਰਨ ਜੀਵਨ ਬਤੀਤ ਨਹੀਂ ਸੀ ਕਰ ਸਕਦਾ ਹੁੰਦਾ। ਨਾ ਹੀ ਉਸ ਕੋਲ ਇਹ ਸੋਚਣ ਦਾ ਵਕਤ ਸੀ ਕਿ ਜੀਵਨ ਵਿਚ ਕੀ ਆਚਰਨ ਵਾਲੀ ਗੱਲ ਹੈ ਤੇ ਕੀ ਅਚਾਰਨਿਕ। ਉਸ ਦਾ ਇਕੋ ਇਕ ਸਰੋਕਾਰ ਹੁੰਦਾ ਸੀ ਕਿ ਮੈਕਸੀਕੋ ਦੇ ਆਮ ਲੋਕਾਂ ਦੇ ਜੀਵਨ ਨੂੰ ਕਲਾ ਦੇ ਮਾਧਿਅਮ ਰਾਹੀਂ ਉਪਰ ਕਿਵੇਂ ਚੁੱਕਣਾ ਹੈ। ਇਹ ਲੋਕ-ਪਿਆਰ ਉਸਨੇ ਇਕ ਤੋਂ ਬਾਅਦ ਇਕ ਪੇਂਟਿੰਗ ਵਿਚ ਪੇਸ਼ ਕੀਤਾ ਹੈ।’’
ਰਿਵੇਰਾ ਦਾ ਜੀਵਨ ਵਿਚ ਇਹ ਟੀਚਾ ਜਾਂ ਲਕਸ਼ ਸੀ ਕਿ ਉਸਦੀਆਂ ਕਲਾ ਕਿਰਤੀਆਂ ਰਾਹੀਂ ਮੈਕਸੀਕੋ ਦੇਸ਼ ਦੀ ਧਰਤੀ ਦਾ ਹਰ ਸਕੂਲ, ਡਾਕਖਾਨਾ, ਹਸਪਤਾਲ, ਰੇਲਵੇ ਸਟੇਸ਼ਨ, ਥੀਏਟਰ ਅਤੇ ਪਬਲਿਕ ਇਮਾਰਤਾਂ ਕੰਧ ਚਿੱਤਰਾਂ ਦੇ ਹੁਨਰ ਨਾਲ ਜਗਮਗਾ ਉੱਠਣ ਅਤੇ ਪੇਂਟਿੰਗ ਦੀ ਕਲਾ ਆਰਟ ਗੈਲਰੀਆਂ ਵਿਚ ਕੁਝ ਚੋਣਵੇਂ ਕਲਾ ਪ੍ਰੇਮੀਆਂ ਦੀ ਦਿਲਚਸਪੀ ਦਾ ਕੇਂਦਰ ਨਾ ਰਹੇ, ਸਗੋਂ ਮੁਸ਼ੱਕਤ ਕਰਦੇ ਸਧਾਰਨ ਮਜ਼ਦੂਰਾਂ, ਖੇਤਾਂ ਵਿਚ ਕਿਸਾਨ ਅਤੇ ਮੁਲਾਜ਼ਮ ਲੋਕ ਵੀ ਇਸ ਦੇ ਹੁਸਨ ਦਾ ਆਨੰਦ ਲੈ ਸਕਣ ਅਤੇ ਆਪਣੇ ਵਿਚ ਕਲਾਤਮਕ ਰੁਚੀਆਂ ਵਿਕਸਿਤ ਕਰ ਸਕਣ। ਉਸਨੇ ਇਸ ਕਾਰਜ ਲਈ ਆਪਣੇ ਜੀਵਨ ਦਾ ਹਰ ਪਲ ਕਲਾ ਨੂੰ ਅਰਪਿਤ ਕਰ ਦਿੱਤਾ, ਦੇ ਬਹਿੰਦੇ, ਸੁੱਤੇ-ਜਾਗਦੇ, ਹੱਸਦੇ-ਖੇਡਦੇ ਤੇ ਸਰੀਰਕ ਥਕਾਵਟ ਨਾ ਹੁੰਦੇ ਸਮੇਂ ਕਲਾ ਹੀ ਉਸਦੀ ਸੋਚ ਅਤੇ ਕਲਪਣਾ ਉਤੇ ਭਾਰੂ ਰਹਿੰਦੀ ਸੀ। ਇਹ ਉਸੇ ਦੀ ਲਗਨ ਦਾ ਸਦਕਾ ਸੀ। ਪੇਂਟਿੰਗ ਵਰਗੀ ਕਲਾ, ਗੈਲਰੀਆਂ ਦੇ ਬੰਦ ਭਵਨਾਂ ਵਿਚੋਂ ਬਾਹਰ ਨਿਕਲ ਕੇ ਆਮ ਲੋਕਾਂ ਵਿਚ ਪਹੁੰਚ ਸਕੀ। ਕਲਾ ਦੇ ਸਮੁੱਚੇ ਇਤਿਹਾਸ ਵਿਚ ਡੀਗੋ ਦਾ ਇਹ ਕੰਮ ਇਕ ਸਭਿਆਚਾਰਕ ਕ੍ਰਾਂਤੀ ਤੋਂ ਘੱਟ ਨਹੀਂ ਸੀ। ਕੰਧ ਚਿੱਤਰਾਂ ਦੀ ਕਲਾ ਦੇ ਖੇਤਰ ਵਿਚ ਮੈਕਸੀਕੋ ਵਿਚ ਰਿਵੇਰਾ ਇਕੱਲਾ ਹੀ ਨਹੀਂ ਸੀ ਜੁਟਿਆ ਹੋਇਆ, ਸਗੋਂ ਉਸਦੇ ਹੋਰ ਵੀ ਸਮਕਾਲੀ ਸਨ, ਜਿਹੜੇ ਉਸਦੇ ਬਰਾਬਰ ਦੇ ਹੀ ਸਨ। ਕਲਾ ਦੇ ਇਸ ਨਵ-ਜਾਗਰਣ ਦੀ ਚਰਚਾ ਯੂਰਪ ਵਿਚ ਵੀ ਹੋਣ ਲੱਗ ਪਈ ਸੀ ਤੇ ਅਮਰੀਕਾ ਦੀਆਂ ਕਈ ਸੰਸਥਾਵਾਂ ਵਲੋਂ ਮੈਕਸੀਕੋ ਦੇ ਕਲਾਕਾਰਾਂ ਨੂੰ ਕੰਧ ਚਿੱਤਰਾਂ ਲਈ ਸੱਦੇ ਆਉਣ ਲੱਗ ਪਏ ਸਨ।
ਇਸ ਕਲਾ-ਅੰਦੋਲਨ ਨਾਲ ਕਲਾਕਾਰਾਂ ਨੂੰ ਇਕ ਹੋਰ ਮਾਇਕ ਲਾਭ ਵੀ ਹੋਣ ਲੱਗ ਪਿਆ ਸੀ। ਹੁਣ ਕਲਾ ਕਿਰਤਾਂ ਵੇਚਣ ਲਈ ਉਸਨੂੰ ਕਲਾ ਦੇ ਦਲਾਲਾਂ ਜਾਂ ਅਜਾਇਬ ਘਰਾਂ ਦੇ ਮਾਲਕਾਂ ਮਗਰ ਭੱਜਣਾ ਜਾਂ ਭਟਕਣਾ ਨਹੀਂ ਸੀ ਪੈ ਰਿਹਾ। ਇੰਝ ਉਨ੍ਹਾਂ ਦੀ ਲੁੱਟ ਖਤਮ ਹੋ ਗਈ ਸੀ। ਇਸ ਬਾਰੇ ਡੀਗੋ ਨੇ ਆਪਣੇ ਤਜ਼ਰਬਿਆਂ ਬਾਰੇ ਲਿਖਿਆ ਹੈ;
”ਮੈਂ ਬੁਰਜੁਆਜ਼ੀ ਲਈ ਪੇਟਿੰਗ ਬਣਾਉਣ ਤੋਂ ਅੱਕ ਚੁੱਕਾ ਹਾਂ। ਮੱਧ ਸ਼੍ਰੇਣੀ ਦਾ ਕੋਈ ਸੋਹਜ-ਸਵਾਦ ਨਹੀਂ ਹੈ ਤੇ ਮੈਕਸੀਕੋ ਦੀ ਮੱਧ ਸ਼੍ਰੇਣੀ ਵਿਚ ਉਸ ਤੋਂ ਵੀ ਘੱਟ। ਉਹ ਸਾਰੇ ਹੀ ਆਪਣਾ ਜਾਂ ਆਪਣੀ ਪਤਨੀ ਅਤੇ ਪ੍ਰੇਮਕਾ ਦਾ ਚਿੱਤਰ ਬਣਾਉਣਾ ਚਾਹੁੰਦੇ ਹਨ। ਬਹੁਤ ਹੀ ਘੱਟ ਵਿਅਕਤੀ ਹਨ ਜੋ ਉਸ ਤਰ੍ਹਾਂ ਦੇ ਚਿੱਤਰਾਂ ਨੂੰ ਪਸੰਦ ਕਰਨ, ਜਿਵੇਂ ਕਿ ਮੈਂ ਉਸ ਨੂੰ ਤੱਕਦਾ ਹਾਂ। ਜੇ ਮੈਂ ਉਸ ਨੂੰ ਉਸ ਤਰ੍ਹਾਂ ਪੇਂਟ ਕਰਦਾ ਹਾਂ ਜਿਵੇਂ ਉਸ ਦੀ ਇੱਛਾ ਹੁੰਦੀ ਹੈ ਤਾਂ ਉਹ ਬਨਾਵਟੀ ਅਤੇ ਖੋਟੀ ਕਿਰਤ ਬਣਦੀ ਹੈ। ਜੇ ਮੈਂ ਉਸਨੂੰ ਉਸ ਤਰ੍ਹਾਂ ਪੇਂਟ ਕਰਦਾ ਹਾਂ, ਜਿਵੇਂ ਮੇਰੀ ਇੱਛਾ ਹੈ ਤਾਂ ਉਹ ਪੈਸੇ ਦੇਣ ਤੋਂ ਇਨਕਾਰੀ ਹੋ ਜਾਂਦੇ ਹਨ। ਕਲਾ ਦੇ ਨੁਕਤੇ ਤੋਂ ਜ਼ਰੂਰੀ ਹੈ ਕਿ ਇਸ ਦਾ ਕੋਈ ਹੋਰ ਸਰਪ੍ਰਸਤ ਲੱਭਿਆ ਜਾਵੇ।’’
ਰਿਵੇਰਾ ਇਕ ਕਮਿਉਨਿਸਟ ਇਨਕਲਾਬੀ ਕਲਾਕਾਰ ਸੀ ਤੇ ਪਾਰਟੀ ਦਾ ਉੱਘਾ ਆਗੂ ਸੀ । ਉਹ ਚਿੱਤਰਕਾਰਾਂ ਤੇ ਕਲਾਕਾਰਾਂ ਦਾ ਵੀ ਲੀਡਰ ਸੀ ਤੇ ਪਾਰਟੀ ਦਾ ਸੈਂਟਰਲ ਕਮੇਟੀ ਦਾ ਮੈਂਬਰ ਸੀ ਪਰ 1936 ਵਿਚ ਜਦੋਂ ਕਮਿਉਨਿਸਟ ਆਗੂ ਟਰਾਟਸਕੀ ਯੂਰਪ ਵਿਚਲੇ ਕਈ ਦੇਸ਼ਾਂ ਤੋਂ ਕੱਢਿਆ ਗਿਆ ਤਾਂ ਉਹ ਮੈਕਸੀਕੋ ਰਾਜਸ਼ੀ ਸ਼ਰਨ ਲੈਣ ਲਈ ਆ ਗਿਆ। ਰਿਵੇਰਾ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਨਿੱਜੀ ਤੌਰ ’ਤੇ ਮਿਲ ਕੇ ਬੇਨਤੀ ਕੀਤੀ ਕਿ ਟਰਾਸਟਕੀ ਨੂੰ ਰਾਜਸੀ ਸ਼ਰਨ ਦਿੱਤੀ ਜਾਵੇ। ਪਾਰਟੀ ਨੂੰ ਇਤਰਾਜ਼ ਤੇ ਸ਼ੰਕਾ ਸੀ ਕਿ ਡੀਗੋ ਰਾਜਸੀ ਤੌਰ ’ਤੇ ਟਰਾਸਟਕੀ ਦੇ ਵਧੇਰੇ ਨੇੜੇ ਹੈ। ਇਸ ਸ਼ੰਕੇ ਕਾਰਨ ਅਤੇ ਪਾਰਟੀ ਨਾਲ ਹੋਰ ਕਈ ਮੁੱਦਿਆਂ ’ਤੇ ਮੱਤਭੇਦ ਤੇ ਵਿਰੋਧ ਕਾਰਨ ਡੀਗੋ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਡੀਗੋ ਕੌਮਾਂਤਰੀ ਪ੍ਰਸਿੱਧੀ ਵਾਲਾ ਕ੍ਰਾਂਤੀਕਾਰੀ ਚਿੱਤਰਕਾਰ ਸੀ ਤੇ ਉਸ ਨੇ ਪਾਰਟੀ ਪ੍ਰਤੀ ਆਪਣੀ ਵਫਾਦਾਰੀ ਕਾਰਨ ਕਈ ਵਾਰ ਬਿਨੈ ਕੀਤੀ ਕਿ ਉਸ ਦੀ ਪਾਰਟੀ ਮੈਂਬਰੀ ਬਹਾਲ ਕੀਤੀ ਜਾਵੇ। ਅਖੀਰ 1955 ਵਿਚ ਉਸ ਨੂੰ ਦੁਬਾਰਾ ਮੈਂਬਰ ਲੈ ਲਿਆ ਗਿਆ। ਮੈਂਬਰ ਬਣ ਕੇ ਡੀਗੋ ਨੂੰ ਬੇਹੱਦ ਖੁਸ਼ੀ ਹੋਈ। ਡੀਗੋ ਨੇ ਆਪਣੇ ਹਰ ਕੰਧ-ਚਿੱਤਰ ਰਾਹੀਂ ਮੈਕਸੀਕੋ ਦੇ ਆਮ ਲੋਕਾਂ ਦੇ ਜੀਵਨ, ਉਨ੍ਹਾਂ ਦੀਆਂ ਤਾਂਘਾਂ ਅਤੇ ਸ਼ੰਘਰਸ਼ਾਂ ਨੂੰ ਪੇਂਟ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਸਦੇ ਵਾਪਸ ਪਾਰਟੀ ਵਿਚ ਆਉਣ ਨਾਲ ਪਾਰਟੀ ਦਾ ਵੱਕਾਰ ਵਧਦਾ ਸੀ। ਹੋਰਨਾਂ ਬੁੱਧੀਜੀਵੀਆਂ ਉਤੇ ਵੀ ਇਸ ਦਾ ਚੰਗੇਰਾ ਪ੍ਰਭਾਵ ਪਿਆ।
ਡੀਗੋ ਰਿਵੇਰਾ ਦੇ ਕੰਧ ਚਿੱਤਰਾਂ ਬਾਰੇ ਅਕਸਰ ਹੀ ਤਿੱਖੀ ਅਲੋਚਨਾ ਭੰਡੀ ਤੇ ਵਾਦ-ਵਿਵਾਦ ਉਪਜਦੇ ਰਹੇ ਹਨ। ਆਖ਼ਰ ਇਸ ਦਾ ਕਾਰਨ ਕੀ ਸੀ? ਡੀਗੋ ਆਪਣੇ ਹਰ ਕੰਧ-ਚਿੱਤਰ ਵਿਚ ਕਿਤੇ ਨਾ ਕਿਤੇ ਆਪਣੀ ਵਿਚਾਰਧਾਰਾ ਨੂੰ ਕਲਾ ਦਾ ਰੂਪ ਦੇਣ ਦੀ ਸੁਚੇਤ ਕੋਸ਼ਿਸ਼ ਕਰਦਾ ਸੀ। ਉਹ ਮਜ਼ਦੂਰ ਜਗਤ ਦੀ ਸੋਚ ਨੂੰ ਕਦੇ ਵੀ ਤਿਆਗਦਾ ਨਹੀਂ ਸੀ। ਅਮਰੀਕਾ ਦੇ ਉਘੇ ਪੂੰਜੀਪਤੀ ਨੈਲਸਨ ਰਾਕ ਫੈਲਰ ਨੇ ਆਪਣੇ ਵਲੋਂ ਉਸਾਰੀ ਆਰ.ਸੀ.ਏ. ਦੀ ਰੇਡੀਓ ਸਿਟੀ ਵਾਲੀ ਇਮਾਰਤ ਦਾ ਕੰਧ ਚਿੱਤਰ ਬਣਾਉਣ ਲਈ ਡੀਗੋ ਨਾਲ ਇਕਰਾਰ ਨਾਮਾ ਕੀਤਾ। ਇਸ ਕੰਧ ਚਿੱਤਰ ਲਈ 21 ਹਜ਼ਾਰ ਅਮਰੀਕੀ ਡਾਲਰ ਦਾ ਠੇਕਾ ਹੋਇਆ। ਇਸ ਕੰਧ ਚਿੱਤਰ ਦਾ ਨਾਂਅ ਸੀ, ”ਚੁਰਸਤੇ ਵਿਚ ਖਲੋਤਾ ਮਨੁੱਖ, ਜੋ ਨਵੇਂ ਤੇ ਚੰਗੇਰੇ ਭਵਿੱਖ ਦੀ ਚੋਣ ਕਰਨ ਲਈ ਉੱਚੀ ਦ੍ਰਿਸ਼ਟੀ ਤੇ ਉਮੀਦ ਨਾਲ ਵੇਖ ਰਿਹਾ ਹੈ’’। ਡੀਗੋ ਨੇ ਨੇਮਾਂ ਅਨੁਸਾਰ ਇਸ ਕੰਧ ਚਿੱਤਰ ਦਾ ਵੇਰਵੇ ਸਾਹਿਤ ਖਾਕਾ ਤਿਆਰ ਕਰਕੇ ਪ੍ਰਵਾਨਗੀ ਵਾਸਤੇ ਰਾਕ ਫੈਲਰ ਨੂੰ ਪੇਸ਼ ਕੀਤਾ ਜੋ ਪ੍ਰਵਾਨ ਕਰ ਲਿਆ ਗਿਆ। ਚਿੱਤਰ ਵਿਚ ਇਕ ਥਾਂ ਲੇਨਿਨ ਦੀ ਸੰਕੇਤਕ ਤਸਵੀਰ ਸੀ , ਜਿਸ ਵਿਚ ਲੈਨਿਨ ਕਾਲੇ ਅਮਰੀਕਨ ਤੇ ਚਿੱਟੇ ਰੂਸੀ ਸਿਪਾਹੀ, ਮਜ਼ਦੂਰ ਨਾਲ ਹੱਥ ਮਿਲਾ ਰਿਹਾ ਹੈ। ਜਦੋਂ ਇਹ ਕੰਧ ਚਿੱਤਰ ਮੁਕੰਮਲ ਹੋਣ ਦੇ ਪੜਾਅ ’ਤੇ ਪਹੁੰਚ ਗਿਆ ਤਾਂ ਪੱਤਰਕਾਰਾਂ ਦੀ ਉਕਸਾਹਟ ਤੇ ਸ਼ਰਾਰਤ ਸਦਕਾ ਇਸ ਦੀ ਪ੍ਰੈਸ ਵਿਚ ਚਰਚਾ ਹੋਣ ਲੱਗ ਪਈ। ਚਰਚਾ ਵੇਖ ਕੇ ਰਾਕ ਫੈਲਰ ਨੇ ਡੀਗੋ ਨੂੰ ਲੇਨਿਨ ਦੀ ਮਿੰਨੀ ਮੂਰਤੀ ਹਟਾ ਦੇਣ ਦਾ ਹੁਕਮ ਦਿੱਤਾ। ਪਰ ਡੀਗੋ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ । ਟਕਰਾਅ ਵਧ ਗਿਆ। ਰਾਕ ਫੈਲਰ ਨੇ ਆਪਣੀ ਨਿੱਜੀ ਸੈਨਾ ਨੂੰ ਕੰਧ ਚਿੱਤਰ ਦਾ ਕੰਮ ਰੋਕਣ ਲਈ ਭੇਜ ਦਿੱਤਾ। ਡੀਗੋ ਨੂੰ ਪਉੜੀ ਤੋਂ ਉਤਾਰ ਦਿੱਤਾ ਗਿਆ ਤੇ ਸਿਪਾਹੀਆਂ ਨੇ ਚਿੱਤਰ ਦੁਆਲੇ ਕਰੜਾ ਪਹਿਰਾ ਲਾ ਦਿੱਤਾ।
ਅਖੀਰ ਰਾਕ ਫੈਲਰ ਨੇ ਕੰਧ ਚਿੱਤਰ ਦੇ ਠੇਕੇ ਦੀ 21 ਹਜ਼ਾਰ ਡਾਲਰ ਦੀ ਰਕਮ ਕਲਾਕਾਰ ਨੂੰ ਅਦਾ ਕਰ ਦਿੱਤੀ ਤੇ ਅੱਗੋਂ ਤੋਂ ਕੰਮ ਬੰਦ ਕਰਵਾ ਦਿੱਤਾ। ਪਰ ਡੀਗੋ ਆਪਣੇ ਪੈਂਤੜੇ ’ਤੇ ਦ੍ਰਿੜ ਰਿਹਾ ਤੇ ਇਕ ਇੰਚ ਵੀ ਪਿੱਛੇ ਨਾ ਹਟਿਆ। ਆਪਣੀਆਂ ਯਾਦਾਂ ਵਿਚ ਡੀਗੋ ਲਿਖਦਾ ਹੈ, ”ਇਕ ਤਬਦੀਲੀ ਕਰਨ ਨਾਲ ਹੋਰ ਕਈ ਮੰਗਾਂ ਉਠ ਪੈਂਣੀਆਂ ਸਨ ਤੇ ਕੀ ਹਰ ਕਲਾਕਾਰ ਨੂੰ ਇਹ ਹੱਕ ਨਹੀਂ ਸੀ ਕਿ ਉਹ ਆਪਣੀ ਪੇਟਿੰਗ ਵਿਚ ਜਿਹੜੇ ਵੀ ਮਾਡਲ ਚਾਹੇ ਵਰਤੇ’’।
ਆਪਣੀ ਲੰਮੀ ਜ਼ਿੰਦਗੀ ਵਿਚ ਡੀਗੋ ਦਾ ਕਈ ਔਰਤਾਂ ਨਾਲ ਪਿਆਰ ਸਬੰਧ ਰਿਹਾ। ਭਾਵੇਂ ਉਹ ਸ਼ਕਲ ਵਜੋਂ ਰਤਾ ਵੀ ਸੁੰਦਰ ਨਹੀਂ ਸੀ, ਪਰ ਸਰੀਰਕ ਸ਼ਕਤੀ ਅਤੇ ਕੱਦ ਪੱਖੋਂ ਉਹ ਤਾਕਤ ਦਾ ਭੰਡਾਰ ਸੀ। ਉਸ ਦੀਆਂ ਅੱਖਾਂ ਦੇ ਡੱਡੂ ਵਰਗੇ ਡੇਲਿਆਂ ਦਾ ਕਈ ਇਸਤਰੀਆਂ ਨੇ ਜ਼ਿਕਰ ਕੀਤਾ ਹੈ, ਪਰ ਇਹ ਤੱਥ ਵੀ ਧਿਆਨਯੋਗ ਹੈ ਕਿ ਉਸ ਦੀ ਕਲਾ ਦੇ ਖੇਤਰ ਵਿਚ ਪ੍ਰਸਿੱਧੀ ਕਾਰਨ ਸੁੰਦਰ ਔਰਤਾਂ ਉਸ ਪ੍ਰਤੀ ਆਕਰਸ਼ਤ ਹੋ ਜਾਂਦੀਆਂ ਸਨ ਤੇ ਉਸ ਦੇ ਚਿਤਰਾਂ ਵਿਚ ਮਾਡਲ ਬਣ ਕੇ ਖੁਸ਼ ਹੁੰਦੀਆਂ ਸਨ।
ਪੈਰਿਸ ਰਹਿੰਦਿਆਂ ਡੀਗੋ ਦੇ ਜੀਵਨ ਵਿਚ ਇਕ ਰੂਸੀ ਔਰਤ ਆਈ, ਜਿਸ ਦਾ ਨਾਂ ਐਜਲਾਈਨ ਬੀਲੋਫ ਸੀ। ਉਹ ਪੇਂਟਿੰਗ ਦੀ ਸਿੱਖਿਆ ਪ੍ਰਾਪਤ ਕਰਨ ਲਈ ਰੂਸ ਤੋਂ ਆਈ ਸੀ ਤੇ ਬਹੁਤ ਹੀ ਇਕੱਲੀ ਅਤੇ ਉਦਾਸ ਸੀ। ਉਨ੍ਹਾਂ ਦੋਵਾਂ ਨੇ ਸ਼ਾਦੀ ਕਰ ਲਈ। ਇਹ ਡੀਗੋ ਦੇ ਜਵਾਨੀ ਦੇ ਵਰ੍ਹੇ ਸਨ, ਜਦ ਹਾਲੀ ਉਸ ਦੀ ਕੋਈ ਬੱਝਵੀਂ ਆਮਦਨ ਨਹੀਂ ਸੀ। ਸਿੱਟੇ ਵਜੋਂ ਦੋਹਾਂ ਨੂੰ ਕਈ ਵਾਰੀ ਫਾਕੇ ਕੱਟਣੇ ਪੈਂਦੇ। ਡੀਗੋ ਨਾਲ ਬੀਲੋਫ ਨੇ ਯੂਰਪ ਦੇ ਸਾਰੇ ਹੀ ਕਲਾ ਭਵਨਾਂ, ਅਜਾਇਬ ਘਰਾਂ ਤੇ ਗੈਲਰੀਆਂ ਦੀ ਸੈਰ ਕੀਤੀ ਤੇ ਕਲਾ ਦੀਆਂ ਪੇਚੀਦਗੀਆਂ ਨੂੰ ਸਮਝਿਆ । ਡੀਗੋ ਦੀ ਸੰਗਤ ਵਿਚ ਉਹ ਉਸ ਯੁਗ ਦੇ ਪਿਕਾਸੋ ਤੇ ਮੈਤੀਸ ਵਰਗੇ ਮਹਾਂ ਕਲਾਕਾਰਾਂ ਨੂੰ ਮਿਲੀ। ਪਰ ਡੀਗੋ ਜਦੋਂ ਕਈ ਸਾਲਾਂ ਬਾਅਦ ਆਪਣੇ ਵਤਨ ਮੈਕਸੀਕੋ ਪਰਤਿਆ ਤਾਂ ਬੀਲੋਫ ਪਿੱਛੇ ਪੈਰਿਸ ਹੀ ਰਹਿ ਗਈ।
ਮੈਕਸੀਕੋ ਪਰਤ ਕੇ ਜਿਸ ਔਰਤ ਨਾਲ ਡੀਗੋ ਦੇ ਨਵੇਂ ਪਿਆਰ ਸਬੰਧ ਬਣੇ, ਉਹ ਲੂਪੇ ਮਾਰਿਨ (Lupe Marin) ਸੀ। ਇਹ ਸਬੰਧ ਸੱਤ ਸਾਲ ਰਹੇ। ਲੂਪੇ ਮਾਰਿਨ ਸੁਭਾਅ ਦੀ ਤੇਜ਼ ਤੇ ਗੁਸੈਲ ਸੀ ਤੇ ਛੇਤੀ ਹੀ ਵਿੱਟਰ ਜਾਂਦੀ ਸੀ। ਪਰ ਡੀਗੋ ਹੱਸ ਛੱਡਦਾ ਸੀ। ਉਨ੍ਹਾਂ ਦੇ ਦੋ ਲੜਕੀਆਂ ਜੰਮੀਆਂ । ਡੀਗੋ ਨੇ ਲੂਪੇ ਦੇ ਕਮਾਲ ਦੇ ਨਗਨ ਚਿੱਤਰ ਬਣਾਏ। ਉਨ੍ਹਾਂ ਦੇ ਆਪਸੀ ਤੋੜ ਵਿਛੋੜੇ ਦਾ ਕਾਰਨ ਡੀਗੋ ਦਾ ਸੰਸਾਰ ਪ੍ਰਸਿੱਧ ਫੋਟੋ ਗਰਾਫਰ ਤੇ ਕ੍ਰਾਂਤੀਕਾਰੀ ਸੁੰਦਰੀ ਤੀਨਾ ਮਦੋਤੀ ਨਾਲ ਪਿਆਰ ਸਬੰਧ ਬਣੇ।
ਇਨ੍ਹਾਂ ਵਰਿ੍ਹਆਂ ਵਿਚ ਇਕ ਹੋਰ ਰੂਸੀ ਔਰਤ ਮੇਰੀਵਨਾ ਨਾਲ ਵੀ ਡੀਗੋ ਦੇ ਪਤੀ ਪਤਨੀ ਵਾਲੇ ਸਬੰਧ ਬਣੇ ਪਰ ਇਹ ਸਬੰਧ ਸਾਲ ਤੋਂ ਵੱਧ ਨਾ ਰਹੇ। ਮੇਰੀਵਨ ਬੜੀ ਬਦਲੇਖੋਰ ਔਰਤ ਸੀ। ਡੀਗੋ ਤੋਂ ਵਿਛੜਨ ਵੇਲੇ ਉਸ ਨੇ ਜੇਬ ਵਿਚ ਲੁਕਾਏ ਚਾਕੂ ਨਾਲ ਡੀਗੋ ਉਤੇ ਵਾਰ ਕੀਤੇ ਤੇ ਬਾਅਦ ਵਿਚ ਆਪਣੇ ਆਪ ਨੂੰ ਵੀ ਮਾਰਿਆ ਪਰ ਦੋਵੇਂ ਮਰਨੋਂ ਬਚ ਗਏ।
ਚੌਥੀ ਔਰਤ ਅਤਿ ਦੀ ਪ੍ਰਤਿਭਾਸ਼ੀਲ ਚਿੱਤਰਕਾਰ ਫਰੀਦਾ ਕਾਹਲੋਂ ਸੀ, ਜਿਸ ਨਾਲ ਡੀਗੋ ਨੇ ਆਪਣੀ ਜ਼ਿੰਦਗੀ ਦਾ ਵਡੇਰਾ ਭਾਗ ਪਤੀ ਪਤਨੀ ਵਾਂਗ ਬਿਤਾਇਆ। ਵਿਆਹ ਸਮੇਂ ਫਰੀਦਾ ਦੀ ਉਮਰ ਡੀਗੋ ਨਾਲੋਂ ਅੱਧੀ ਸੀ ਤੇ ਉਹ ਕੱਦ ਕਾਠ ਦੀ ਵੀ ਬਹੁਤ ਹੀ ਛੋਟੀ ਜਿਹੀ ਸੀ। ਫਰੀਦਾ ਦੇ ਮਾਪੇ ਮਖੌਲ ਨਾਲ ਕਹਿੰਦੇ ਹੁੰਦੇ ਸਨ ਕਿ ਫਰੀਦਾ ਦਾ ਡੀਗੋ ਨਾਲ ਮੇਲ ਹਾਥੀ ਤੇ ਘੁੱਗੀ ਦੇ ਵਿਆਹ ਵਾਂਗ ਹੈ। ਪਰ ਫਰੀਦਾ ਡੀਗੋ ਨੂੰ ਅਪਾਰ ਪਿਆਰ ਕਰਦੀ ਸੀ।
ਇਕ ਭਿਆਨਕ ਹਾਦਸੇ ਵਿਚ ਫਰੀਦਾ ਇਕ ਤਰ੍ਹਾਂ ਨਾਲ ਅਪਾਹਜ ਹੋ ਕੇ ਰਹਿ ਗਈ ਸੀ, ਪਰ ਡੀਗੋ ਪ੍ਰਤੀ ਉਸ ਦੇ ਪਿਆਰ ਵਿਚ ਫਰਕ ਨਹੀਂ ਪਿਆ। ਕੁਝ ਸਾਲ ਨਾਰਾਜ਼ਗੀ ਕਾਰਨ ਉਹ ਦੋਵੇਂ ਅਲੱਗ ਅਲੱਗ ਵੀ ਰਹੇ। ਪਰ ਕੁਝ ਦੇਰ ਬਾਅਦ ਵੱਖਰੇ ਰਹਿਣ ਪਿਛੋਂ ਉਨ੍ਹਾਂ ਫਿਰ ਦੁਬਾਰਾ ਸ਼ਾਦੀ ਕਰਾ ਲਈ। ਕਲਾ ਦੇ ਗੰਭੀਰ ਹਲਕਿਆਂ ਵਿਚ ਅੱਜ ਵੀ ਫਰੀਦਾ ਦੇ ਬਣਾਏ ਚਿੱਤਰਾਂ ਦੀ ਚਰਚਾ ਹੁੰਦੀ ਹੈ। ਫਰੀਦਾ ਨਾਲ ਡੀਗੋ ਦੀ ਲੰਬੀ ਨੇੜਤਾ ਦੇ ਦੋ ਕਾਰਨ ਸਨ, ਪਹਿਲਾ ਉਹ ਇਕ ਹੋਣਹਾਰ ਪੇਂਟਰ ਸੀ ਤੇ ਡੀਗੋ ਦੇ ਰਚਨਾਤਮਕ ਕਾਰਜ ਦੀ ਸੂਝਵਾਨ ਕਦਰਦਾਨ ਸੀ। ਨਾਲ ਹੀ ਉਹ ਮੈਕਸੀਕੋ ਦੀ ਕਮਿਉਨਿਸਟ ਪਾਰਟੀ ਦੀ ਮੈਂਬਰ ਹੋਣ ਕਾਰਨ ਡੀਗੋ ਦੇ ਕ੍ਰਾਂਤੀਕਾਰੀ ਵਿਚਾਰਾਂ ਦੀ ਸਮਰਥਕ ਸੀ। ਕਾਹਲੋਂ ਦੀ ਮੌਤ ਨਾਲ ਡੀਗੋ ਕੱਲਾ ਕਾਰਾ ਰਹਿ ਗਿਆ ਸੀ।
ਈਮਾ ਹਰਤਾਦੋ ਆਖਰੀ ਔਰਤ ਸੀ, ਜੋ ਡੀਗੋ ਦੀ ਪਤਨੀ ਦੇ ਰੁੂਪ ਵਿਚ ਵਿਚਰੀ। ਉਨ੍ਹੀਂ ਦਿਨੀ ਡੀਗੋ ਦੀ ਉਮਰ 68 ਸਾਲ ਦੇ ਕਰੀਬ ਹੋ ਚੁੱਕੀ ਸੀ। ਈਮਾ ਦੇਰ ਤੋਂ ਡੀਗੋ ਦੀ ਵਾਕਫ਼ ਸੀ। 10 ਸਾਲ ਪਹਿਲਾਂ ਉਸਨੇ ਡੀਗੋ ਦੇ ਚਿੱਤਰ ਪ੍ਰਦਰਸ਼ਿਤ ਕਰਨ ਤੇ ਵੇਚਣ ਲਈ ਇਕ ਦੁਕਾਨ ਖੋਲ੍ਹੀ ਸੀ। ਸੋ ਦੋਹਾਂ ਵਿਚਕਾਰ ਆਪਸੀ ਭਾਵਨਾ ਬਣੀ ਹੋਈ ਸੀ। ਉਨ੍ਹਾਂ ਨੇ ਇਹ ਵਿਆਹ ਗੁਪਤ ਰੂਪ ਵਿਚ ਕੀਤਾ ਸੀ।
ਛੇਤੀ ਹੀ ਡੀਗੋ ਨੂੰ ਕੈਂਸਰ ਦੇ ਇਲਾਜ ਲਈ ਰੂਸ ਜਾਣਾ ਪਿਆ । ਉਥੇ ਉਹ ਦੋਵੇਂ ਸੱਤ ਮਹੀਨੇ ਦੇ ਕਰੀਬ ਰਹੇ। ਠੀਕ ਹੋਣ ਪਿੱਛੋਂ ਜਦੋਂ ਦੋਵੇਂ ਵਾਪਸ ਮੈਕਸੀਕੋ ਪਰਤੇ ਤਾਂ ਡੀਗੋ ਵਿਚ ਕੰਮ ਕਰਨ ਦੀ ਇਕ ਅੱਚਵੀ ਜਿਹੀ ਪੈਦਾ ਹੋ ਚੁੱਕੀ ਸੀ।
ਸਪਸ਼ਟ ਸੀ ਕਿ ਪਰਿਵਾਰਕ ਸੁੱਖ ਦੇ ਪੱਖੋਂ ਡੀਗੋ ਨੇ ਕੋਈ ਸੰਤੁਸ਼ਟ ’ਤੇ ਸੁਖਦਾਇਕ ਜ਼ਿੰਦਗੀ ਨਹੀਂ ਸੀ ਬਿਤਾਈ। ਰੁੂਸ ਦੇ ਹਸਪਤਾਲ ਵਿਚ ਮੰਜੇ ਤੇ ਪਿਆਂ ਡੀਗੋ ਨੇ ਆਪਣੀ ਬੀਤੀ ਜ਼ਿੰਦਗੀ ’ਤੇ ਝਾਤ ਪਾਉਂਦਿਆਂ ਲਿਖਿਆ ਸੀ,
”ਜਦ ਮੈਂ ਹਸਪਤਾਲ ਵਿਚ ਲੇਟਿਆ ਹੋਇਆ ਸੀ ਤਾਂ ਮੈਂ ਆਪਣੀ ਜ਼ਿੰਦਗੀ ਦੇ ਅਰਥਾਂ ਦਾ ਨਿਚੋੜ ਕੱਢਣ ਦਾ ਯਤਨ ਕੀਤਾ। ਮੈਨੂੰ ਪਤਾ ਲੱਗਾ ਕਿ ਜਿਸ ਨੂੰ ਆਮ ਲੋਕ ‘ਖੁਸ਼ੀ’ ਕਹਿੰਦੇ ਹਨ, ਮੈਂ ਕਦੇ ਉਸ ਦਾ ਆਨੰਦ ਨਹੀਂ ਸੀ ਮਾਣਿਆ।’’
ਡੀਗੋ ਰਿਵੇਰਾ ਦੇ ਕ੍ਰਾਂਤੀ ਕਾਰੀ ਕੰਧ ਚਿੱਤਰਾਂ ਦੀ ਮਹਿਮਾ ਯੂਰਪ ਨੂੰ ਟੱਪ ਕੇ ਸੋਵੀਅਤ ਰੂਸ ਦੇ ਕਲਾ ਹਲਕਿਆਂ ਤੀਕ ਪਹੁੰਚ ਚੁੱਕੀ ਸੀ। ਚਿੱਤਰਕਲਾ ਨੂੰ ਸਟੂਡੀਓ ਵਿਚੋਂ ਕੱਢ ਕੇ ਗਲੀਆਂ, ਬਜ਼ਾਰਾਂ ਤੇ ਆਮ ਲੋਕਾਂ ਤੀਕ ਲੈ ਜਾਣ ਦਾ ਕੀਤਾ ਜਾ ਰਿਹਾ ਮੈਕਸੀਕੋ ਦੇਸ਼ ਵਿਚਲਾ ਅਨੋਖਾ ਤਜ਼ਰਬਾ ਸੋਵੀਅਤ ਰੂਸ ਦੀ ਸਰਕਾਰ ਲਈ ਇਕ ਵਚਿੱਤਰ ਘਟਨਾ ਸੀ। 1927 ਵਿਚ ਰੂਸ ਦੇ ਉੱਘੇ ਕਲਾ ਚਿੰਤਕ ਅਤੇ ਸਿੱਖਿਆ ਮੰਤਰੀ ਲੂਣਾ ਚਰਸਕੀ ਨੇ ਡੀਗੋ ਨੂੰ ਮਾਸਕੋ ਸੱਦਿਆ ਅਤੇ ਉਸ ਨੂੰ ਰੈਡ ਆਰਮੀ ਕਲੱਬ ਦੀ ਸਾਮ੍ਹਣੇ ਵਾਲੀ ਕੰਧ ਉਤੇ ਕੰਧ ਚਿੱਤਰ ਬਣਾਉਣ ਲਈ ਇਕਰਾਰ ਨਾਮੇ ਉਤੇ ਦਸਤਖਤ ਕੀਤੇ। ਸੋਵੀਅਤ ਰੂਸ ਦੇ ਸਮਾਜਕ ਤੇ ਰਾਜਸੀ ਵਾਤਰਵਣ ਨੂੰ ਗ੍ਰਹਿਣ ਕਰਨ ਲਈ ਡੀਗੋ ਨੇ ਘੁੰਮ ਫਿਰ ਕੇ ਸਾਰੀ ਸਥਿਤੀ ਨੂੰ ਸਮਝਣ ਲਈ ਕਈ ਸਕੈਚ ਬਣਾਏ । ਉਸ ਨੇ ਸੰਪਾਦਕਾਂ ਦੀ ਮੰਗ ਉਤੇ ਪੇਂਟਿੰਗ ਅਤੇ ਕੰਧ ਚਿੱਤਰ ਕਲਾ ਦੇ ਰਹੱਸਾਂ ਅਤੇ ਮਹੱਤਵ ਨੂੰ ਦੱਸਣ ਲਈ ਅਖਬਾਰਾਂ ਅਤੇ ਰਸਾਲਿਆਂ ਵਿਚ ਲੇਖ ਲਿਖੇ ਅਤੇ ਕਲਾਕਾਰਾਂ ਨਾਲ ਖੁੱਲ੍ਹੀ ਵਿਚਾਰ ਚਰਚਾ ਕਰਨ ਲਈ ਸਮਾਗਮ ਕੀਤੇ। ਸੋਵੀਅਤ ਰੂਸ ਦੇ ਕਲਾਤਮਿਕ ਹਲਕਿਆਂ ਵਿਚ ਡੀਗੋ ਦੇ ਵਿਚਾਰਾਂ ਬਾਰੇ ਵਾਦ-ਵਿਵਾਦ ਚੱਲ ਪਿਆ।
ਜਿਸ ਇਮਾਰਤ ਉੱਤੇ ਕੰਧ ਚਿਤਰ ਬਣਾਉਣ ਲਈ ਕਿਹਾ ਗਿਆ ਸੀ, ਉਹ ਬੜੀ ਪੁਰਾਣੀ ਸੀ ਤੇ ਡੀਗੋ ਦੀਆਂ ਕਲਾਤਮਿਕ ਲੋੜਾਂ ਦੇ ਅਨੁਕੂਲ ਨਹੀਂ ਸੀ । ਉਸ ਵਿਚ ਭੰਨ ਤੋੜ ਕਰਕੇ ਤਬਦੀਲੀਆਂ ਕਰਨੀਆਂ ਪੈਣੀਆਂ ਸਨ, ਜਿਸ ਨਹੀ ਸੋਵੀਅਤ ਅਧਿਕਾਰੀ ਤਿਆਰ ਨਹੀਂ ਸਨ। ਨਾਲ ਹੀ ਡੀਗੋ ਨੂੰ ਅਜਿਹੇ ਸਹਾਇਕ ਕਲਾਕਾਰ ਨਹੀਂ ਸੀ ਮਿਲ ਰਹੇ ਜੋ ਕੰਧ ਚਿੱਤਰਾਂ ਦੀ ਕਲਾ ਨੂੰ ਜਾਣਦੇ ਹੋਣ ਜਾਂ ਨਵੀਂ ਜੁਗਤ ਨੂੰ ਸਿੱਖਣ ਲਈ ਤਿਆਰ ਹੋਣ। ਸਿੱਟੇ ਵਜੋਂ ਇਸ ਕੰਧ ਚਿੱਤਰ ਦੀ ਯੋਜਨਾ ਸਿਰ੍ਹੇ ਨਾ ਚੜ੍ਹੀ ਤੇ ਨਿਰਾਸ਼ ਹੋਇਆ ਡੀਗੋ ਆਪਣੇ ਵਤਨ ਵਾਪਸ ਪਰਤ ਗਿਆ। ਉਸ ਦੀ ਰੂਸ ਯਾਤਰਾ ਨਿਸਫਲ ਗਈ ਸੀ। ਸ਼ਾਇਦ ਇਸ ਦਾ ਕਾਰਨ ਉਥੋਂ ਦੀ ਪੇਚੀਦਾ ਰਾਜਸੀ ਸਥਿਤੀ ਅਤੇ ਉਥੋਂ ਦੀਆਂ ਵੱਖਰੀਆਂ ਕਲਾ ਪ੍ਰੰਪਰਾਵਾਂ ਹੋਣ।
ਡੀਗੋ ਰਿਵੇਰਾ ਦੇ ਸ਼ੌਕ ਅਜੀਬ ਸਨ। ਉਹ ਜਿੱਥੇ ਜਾਂਦਾ, ਕਲਾ-ਕਿਰਤਾਂ, ਖ੍ਰੀਦਦਾ ਤੇ ਇਕੱਠੀਆਂ ਕਰਦਾ ਰਹਿੰਦਾ ਸੀ। ਆਖ਼ਰੀ ਉਮਰ ਵਿਚ ਉਸ ਕੋਲ ਮੈਕਸੀਕੋ ਦੀ ਪ੍ਰਾਚੀਨ ਬੁੱਤ-ਕਲਾ ਦੇ ਅਤੇ ਲੋਕ ਕਲਾ ਦੇ ਏਨੇ ਨਮੂਨੇ ਇਕੱਤਰ ਹੋ ਗਏ ਕਿ ਇਨ੍ਹਾਂ ਨੂੰ ਰੱਖਣ ਤੇ ਸਾਂਭਣ ਲਈ ਘਰ ਵਿਚ ਕੋਈ ਥਾਂ ਨਾ ਰਹੀ। ਇਸ ਖੇਤਰ ਵਿਚ ਉਸ ਦੀ ਇਹ ਲਗਨ ਚਿੱਲੀ ਕਵੀ ਪਾਬਲੋ ਨੇਰੂਦਾ ਨਾਲ ਮਿਲਦੀ ਸੀ। ਨੇਰੂਦਾ ਕੋਲ ਘੋਗੇ ਸਿੱਪੀਆਂ ਦੇ ਏਨੇ ਨਮੂਨੇ ਜਮ੍ਹਾਂ ਹੋ ਗਏ ਕਿ ਅਖੀਰ ਉਸ ਨੂੰ ਇਹ ਯੂਨੀਵਰਸਿਟੀ ਨੂੰ ਦਾਨ ਦੇਣੇ ਪਏ। ਪਰ ਡੀਗੋ ਕੋਲ ਘੋਗੇ ਸਿੱਪੀਆਂ ਨਹੀਂ, ਬੁੱਤ-ਕਲਾ ਦੇ ਨਮੂੰਨੇ ਸਨ। ਅਖੀਰ ਵਿਚ ਉਸ ਨੇ ਇਨ੍ਹਾਂ ਨੂੰ ਸੰਭਾਲਣ ਲਈ ਆਪਣਾ ਅਜਾਇਬ ਘਰ ਬਣਾਉਣ ਦਾ ਫੈLਸਲਾ ਕੀਤਾ। ਜ਼ਮੀਨ ਖਰੀਦ ਕੇ ਉਸਾਰੀ ਆਰੰਭ ਹੋਈ। ਸਾਰੇ ਸਾਧਨਾਂ ਤਂੋ ਇਕੱਤਰ ਕਰਕੇ ਲਾਈ ਪੂੰਜੀ ਇਕ ਲੱਖ ਡਾਲਰ ਦੇ ਕਰੀਬ ਬਣਦੀ ਸੀ। ਇਸ ਵਿਚ ਉਸ ਵਿਚ ਉਸ ਦੀਆਂ ਇਕੱਤਰ ਕੀਤੀਆਂ ਸਾਰੀਆਂ ਕਲਾ ਕਿਰਤਾਂ ਰੱਖੀਆਂ ਗਈਆਂ ਤੇ ਉਸ ਨੇ ਇਹ ਅਜਾਇਬ ਘਰ ਆਪਣੇ ਦੇਸ਼ ਨੂੰ ਦਾਨ ਕਰ ਦਿੱਤਾ।
ਡੀਗੋ ਰਿਵੇਰਾ ਦੇ ਜੀਵਨ ਭਰ ਦੇ ਸਮੁੱਚੇ ਕੀਤੇ ਕੰਮ ਦਾ ਵੇਰਵਾ ਦੇਣਾ ਸੰਭਵ ਨਹੀਂ। ਉਸ ਦੇ ਕੰਧ ਚਿੱਤਰਾਂ ਤੋਂ ਬਿਨਾਂ ਸੈਂਕੜੇ ਹੀ ਚਿੱਤਰ ਅਤੇ ਸਕੈੱਚ ਦੁਨੀਆਂ ਭਰ ਦੀਆਂ ਗੈਲਰੀਆਂ ਅਤੇ ਕਲਾ ਭਵਨਾਂ ਵਿਚ ਸਾਂਭੇ ਤੇ ਖਿੰਡਰੇ ਪਏ ਹਨ। ਪੈਰਿਸ ਵਿਚ ਬਿਤਾਏ ਸਾਲਾਂ ਦੇ ਬਹੁਤ ਚਿੱਤਰ ਫਰਾਂਸ ਦੀਆਂ ਗੈਲਰੀਆਂ ਵਿਚ ਹਨ। ਉਸ ਤੋਂ ਬਿਨਾਂ ਅਮਰੀਕਾ ਤੇ ਮੈਕਸੀਕੋ ਦੇ ਕਲਾ ਭਵਨਾਂ ਵਿਚ ਸੈਂਕੜੇ ਹੀ ਚਿੱਤਰ, ਸਕੈੱਚ ਤੇ ਪੋਰਟਰੇਟ ਪਏ ਹੋਏ ਹਨ। ਕੰਧ ਚਿੱਤਰਾਂ ਦੀਆਂ ਤਸਵੀਰਾਂ ਫੋਟੋ-ਕਾਪੀਆਂ, ਉਤਾਰੇ ਤੇ ਸਕੈੱਚ, ਨਕਸ਼ੇ ਆਦਿ ਦਾ ਵੇਰਵਾ ਦੇਣ ਲਈ ਕਈ ਪੁਸਤਕਾਂ ਦੇ ਪੰਨੇ ਭਰੇ ਜਾ ਸਕਦੇ ਹਨ। ਅਮਰੀਕਾ ਤੇ ਮੈਕਸੀਕੋ ਦੇ ਭਵਨਾਂ ਦੀਆਂ ਕੰਧਾਂ ਉਤੇ ਬਣੇ ਕੰਧ ਚਿੱਤਰਾਂ ਦੀ ਲੰਬਾਈ ਤੇ ਚੌੜਾਈ ਦਾ ਅਨੁਮਾਨ ਲਾਇਆ ਗਿਆ ਹੈ।
ਇਕ ਅਨੁਮਾਨ ਅਨੁਸਾਰ ਇਹ ਲੰਬਾਈ ਤਕਰਬੀਨ ਚਾਰ ਕਿਲੋਮੀਟਰ ਲੰਬੀ ਤੇ ਇਕ ਮੀਟਰ ਚੌੜੀ ਬਣਦੀ ਹੈ, ਅਰਥਾਤ ਢਾੲਂੀ ਮੀਲ ਲੰਮੀ ਜਾਂ 39,69,39 ਮੁਰੱਬਾ ਮੀਟਰ ਤੇ ਇਕ ਗਜ਼ ਡੂੰਘੀ ਅਥਵਾ ਚੌੜੀ। ਅਤੇ ਇਹ ਕੰਧ ਚਿੱਤਰ ਉਨੀ ਦੇਰ ਜੀਉਂਦੇ ਰਹਿਣਗੇ ਜਿੰਨੀ ਦੇਰ ਉਹ ਕੰਧਾਂ ਕਾਇਮ ਹਨ। ਏਨੀ ਮਾਤਰਾ ਵਿਚ ਸੰਸਾਰ ਦੇ ਹੋਰ ਕਿਸੇ ਕਲਾਕਾਰ ਨੇ ਕੰਮ ਨਹੀਂ ਕੀਤਾ। ਪਿਕਾਸੋ ਵਰਗੇ ਵੱਡੇ ਚਿੱਤਰਕਾਰ ਨੇ ਵੀ ਨਹੀਂ। ਉਸ ਦੇ ਬਾਕੀ ਚਿੱਤਰ ਤੇ ਰੇਖਾ ਚਿੱਤਰ ਇਸ ਤੋਂ ਵੱਖਰੇ ਹਨ। ਫਿਰ ਕਮਾਲ ਦੀ ਗੱਲ ਇਹ ਕਿ ਡੀਗੋ ਨੇ ਆਪਣੇ ਦੇਸ਼ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਕੰਧ ਚਿੱਤਰਾਂ ਰਾਹੀਂ ਰੂਪਮਾਨ ਤੇ ਜੀਵਤ ਕਰਨ ਦਾ ਕ੍ਰਿਸ਼ਮਾ ਕਰ ਵਿਖਾਇਆ ਸੀ। ਡੀਗੋ ਨੇ ਸੁਹਜ-ਸ਼ਾਸਤਰ ਦੇ ਗੰਭੀਰ ਤੇ ਸੰਵੇਦਨਸ਼ੀਲ ਮੁੱਦਿਆਂ ਨੂੰ ਪਬਲਿਕ ਦੇ ਮੁੱਦੇ ਬਣਾ ਦਿੱਤਾ ਹੈ। ਕਲਾ ਦੇ ਹੁਸਨ ਨੂੰ ਬੰਦ ਭਵਨਾਂ ਵਿਚੋਂ ਕੱਢ ਕੇ ਆਮ ਲੋਕਾਂ ਦੀ ਪਹੁੰਚ ਵਿਚ ਲਿਆ ਧਰਿਆ ਹੈ। ਉਸ ਨੇ ਕੰਧਾਂ ਤੇ ਕਾਗਜ਼ਾਂ ਨੂੰ ਬੋਲਣਾ ਸਿਖਾ ਦਿੱਤਾ ਸੀ। ਨਿਸ਼ਚੇ ਹੀ ਇਸ ਵਿਧੀ ਰਾਹੀਂ ਡੀਗੋ ਨੇ ਪੇਂਟਿੰਗ ਨਾਲ ਸਬੰਧਤ ਨਵੇਂ ਸੁਹਜ-ਸਿਧਾਂਤਾਂ ਦਾ ਨਿਰਮਾਣ ਕਰਨ ਵਿਚ ਵਡਮੁੱਲਾ ਤੇ ਚਿਰਸਥਾਈ ਵਾਧਾ ਕੀਤਾ ਹੈ। ਡੀਗੋ ਦੇ ਹੱਥਾਂ ਤੇ ਅੱਖਾਂ ਨੂੰ ਆਪਣੇ ਹਮਵਤਨੀਆਂ ਤੇ ਸੰਸਾਰ ਦੇ ਕਲਾ ਕਦਰਦਾਨਾਂ ਨੂੰ ਸਿਖਾਇਆ ਕਿ ਸੁੰਤਰਤਾ ਦਾ ਆਨੰਦ ਕਿਵੇਂ ਲੈਣਾ ਹੈ। ਤੇ ਇਸ ਦੀ ਤਲਾਸ਼ ਕਿਵੇਂ ਕਰਨੀ ਹੈ। ਉਸ ਨੇ ਕਲਾ ਦਰਸ਼ਕਾਂ ਦੀ ਦ੍ਰਿਸ਼ਟੀ ਨੂੰ ਤੀਬਰ ਤੇ ਤਿੱਖਾ ਕਰਨ ਵਿਚ ਯੋਗਦਾਨ ਪਾਇਆ ਹੈ ਤੇ ਅਦੁੱਤੀ ਕਲਾ ਦੇ ਨਮੂਨਿਆਂ ਨੂੰ ਆਮ ਲੋਕਾਂ ਦੀ ਪਹੁੰਚ ਵਿਚ ਲਿਆਂਦਾ ਹੈ। ਇੰਝ ਬੁੱਤ ਕਲਾ ਤੇ ਪੇਟਿੰਗ ਦੀ ਆਮ ਲੋਕਾਂ ਨਾਲ ਦੂਰੀ ਨੂੰ ਘਟਾਇਆ ਤੇ ਮਿਟਾਇਆ ਹੈ। ਆਪਣੇ ਕੰਮ ਬਾਰੇ ਜੀਵਨ ਦੇ ਅੰਤਲੇ ਸਾਲਾਂ ਵਿਚ ਡੀਗੋ ਨੇ ਟਿੱਪਣੀ ਕਰਦਿਆਂ ਕਿਹਾ ਸੀ,
”ਆਪਣੇ ਕੀਤੇ ਕੰਮ ਬਾਰੇ ਅੱਜ ਪਿਛਲ ਝਾਤ ਮਾਰਦਿਆਂ ਮੈਂ ਸੋਚਦਾ ਹਾਂ ਕਿ ਸਭ ਤੋਂ ਉੱਤਮ ਕੰਮ ਜੋ ਮੈਂ ਕੀਤਾ ਹੈ ਉਹ ਉਨ੍ਹਾਂ ਗੱਲਾਂ ਵਿਚੋਂ ਨਿਕਲਿਆ ਹੈ ਜੋ ਮੈਂ ਡੂੰਘੀ ਤਰ੍ਹਾਂ ਅਨੁਭਵ ਕੀਤੀਆਂ ਸਨ ਅਤੇ ਮੇਰਾ ਸਭ ਤੋਂ ਮਾੜਾ ਕੰਮ ਉਹ ਸੀ ਜੋ ਮੇਰੀ ਪ੍ਰਤਿਭਾ ਦੇ ਅਭਿਮਾਨ ਵਿਚ ਨਿਕਲਿਆ ਹੈ।’’
ਇਸ ਮਹਾਨ ਕਲਾਕਾਰ ਦੀ ਮੌਤ 24 ਨਵੰਬਰ 1957 ਨੂੰ ਹੋਈ।
ਅੰਤਿਕਾ
ਆਪਣਾ ਇਹ ਖੋਜ ਪੱਤਰ ਮੈਂ ਡੀਗੋ ਰਿਵੇਰਾ ਦੇ ਜੀਵਨ ਕਾਲ ਬਰਟ ਰਾਮ.ਡੀ. ਬੁਲਫੇ (Bertram. D Bolfe) ਦੀ ਲਿਖੀ ਟੂਕ ਨਾਲ ਖਤਮ ਕਰਨਾ ਚਾਹਾਂਗਾ।
‘‘ਉਸ ਦੀ ਅਲੇਖਣ ਯੋਗਤਾ (draughts-manship) ਦੀ ਸੀ, ਉਸ ਦੀ ਕਲਾਤਮਿਕ ਸੰਵੇਦਨਸ਼ੀਲਤਾ ਮਹਾਨ ਸੀ। ਜੀਵਨ ਦੇ ਅੰਤ ਤੀਕ ਉਸ ਦੇ ਕੰਮ ਕਰਨ ਦੀ ਸਮਰਥਾ ਇਕ ਅਣਥੱਕ ਦੈਂਤ ਜਿਤਨੀ ਸੀ। ਨਿਰਸੰਦੇਹ ਉਹ ਕੁਦਰਤ ਦਾ ਦੈਂਤ ਸੀ। ਉਸ ਦੀ ਉਪਜਾਊ ਸ਼ਕਤੀ ਅਚੰਭਾ ਜਨਕ ਸੀ। ਤੇ ਉਸ ਵਿਚ ਸਿਰਜਨ ਦੀ ਬੇਇੰਤਹਾ ਸਮਰਥਾ ਸੀ। ਅਜਿਹੀ ਸਮਰੱਥਾ ਮਨੁੱਖੀ ਇਤਿਹਾਸ ਵਿਚ ਕਦੇ ਕਦੇ ਹੀ ਮਿਲਦੀ ਹੈ। ਅਜਿਹੇ ਮਨੁੱਖ ਆਪਣੇ ਕੰਮ ਦੀ ਸੌਖ ਮਾਤਰਾ ਤੇ ਉੱਤਪਮਾ ਸਦਕਾ ਮਨੁੱਖ ਦੀ ਕੰਮ ਕਰਨ ਦੀ ਯੋਗਤਾ ਵਿਚ ਸਾਡਾ ਵਿਸ਼ਵਾਸ ਪੱਕਾ ਕਰਦੇ ਹਨ।’’