ਕੁਝ ਮਹੀਨੇ ਪਹਿਲਾਂ ਮੈਨੂੰ ਮਿਲਣ ਆਏ ਮੇਰੇ ਦੋਸਤ ਅਵਤਾਰ ਸਿੰਘ ਜੌਹਲ, ਜਨਰਲ ਸੈਕਟਰੀ ਇੰਡੀਅਨ ਵਰਕਰਜ਼ ਐਸੋਸ਼ੀਅਨ ਗਰੇਟ ਬਰਿਟਨ ‘ਹੁਣ’ ਦਾ ਇਕ ਪਰਚਾ ਵੀ ਲਿਆਏ| ਫਾਰਸੀ ਦੇ ਆਲਮ ਫਾਜ਼ਲ ਸਰਦਾਰ ਲਕਸ਼ਵੀਰ ਜੀ ਬਾਰੇ ਹਰਪਾਲ ਸਿੰਘ ਪੰਨੂੰ ਦਾ ਲੇਖ ਉਹਨਾਂ ਨੇ ਆਪ ਪੜ੍ਹ ਕੇ ਮੈਨੂੰ ਸੁਣਾਇਆ| ਪਰਚੇ ਦੇ ਪੱਤਰੇ ਉਲੱਦ ਪਲੱਦ ਕਰਦਿਆਂ ਪਿੰਡ ਛੱਜਲਵੱਡੀ ਤੇ ਗਹਿਲ ਸਿੰਘ ਦਾ ਨਾਂ ਨਜ਼ਰੀ ਪਿਆ| ਮੇਰੇ ਮੱਥੇ ’ਚ ਕੁਝ ਖੁਰਕ ਹੋਈ| ਇਸ ਨਾਂ ਤੇ ਥਾਂ ਤੋਂ ਮੈਂ ਵਾਕਿਫ ਹਾਂ| ਯਾਦ ਦੇ ਦਿਸਹੱਦੇ ’ਤੇ ਕੁਛ ਪੁਰਾਣੀਆਂ ਘਟਨਾਵਾ ਉਭਰਨ ਲੱਗੀਆ| ਮੈਂ ਛੱਜਲਵੱਡੀ ਤੇ ਗਹਿਲ ਸਿੰਘ ਨੂੰ ਕਿੱਦਾ ਜਾਣਦਾ ਹਾਂ|
ਯਾਦ ਆਇਆ| ਬਾਬਾ ਸੋਹਣ ਸਿੰਘ ਭਕਨਾ ਦੇ ਪਿੰਡ 1943 ਸਰਬ ਹਿੰਦ ਕਿਸਾਨ ਸਭਾ ਦੀ ਸਾਲਾਨਾ ਕਾਨਫਰੰਸ ਸੀ| ਭਕਨਾ ਜੀ ਉਸ ਵੇਲੇ ਲੰਮੇ ਸਮੇਂ ਤੋਂ ਜੇਲ੍ਹ ਵਿਚ ਬੰਦ ਸਨ| ਪਰ ਸਿਆਸੀ ਵਾਤਾਵਰਨ ਏਹੋ ਜਹੀਆਂ ਅਵਾਈਆਂ ਨਾਲ ਵੀ ਗੱਭਣ ਸੀ ਕਿ ਬਾਬਾ ਸੋਹਣ ਸਿੰਘ ਜੀ ਰਿਹਾਅ ਹੋ ਕੇ ਆਪਣੇ ਪਿੰਡ ਹੋ ਰਹੇ ਸਰਬ ਹਿੰਦ ਕਿਸਾਨ ਸਭਾ ਦੇ ਅਜਲਾਸ ਦੇ ਐਨ ਮੌਕੇ ਪਹੁੰਚ ਰਹੇ ਹਨ| ਗਦਰੀ ਪਾਰਟੀ ਦੇ ਪਹਿਲੇ ਪ੍ਰਧਾਨ ਦੀ ਇਕ ਝਲਕ ਦੇਖ ਲੈਣ ਦਾ ਚਾਅ ਮੇਰੇ ਵਰਗੇ ਨੌਜਵਾਨਾਂ ਦੇ ਦਿਲਾਂ ਵਿਚ ਠਾਠਾਂ ਮਾਰ ਰਿਹਾ ਸੀ| ਉਸ ਜ਼ਮਾਨੇ ਵਿਚ ਦੇਸ਼ ਭਰ ਵਿਚ ਕਿਸਾਨਾਂ ਦੀ ਇਕੋ ਜੱਥੇਬੰਦੀ ਸਰਬ ਹਿੰਦ ਕਿਸਾਨ ਸਭਾ,ਮਜ਼ਦੂਰਾਂ ਦੀ ਇਕ ਜਥੇਬੰਦੀ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਤੇ ਵਿਦਿਆਰਥੀਆਂ ਦੀ ਇਕੋ ਇਕ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਹੁੰਦੀ ਸੀ| ਇਹ ਤਿੰਨੇ ਜੱਥੇਬੰਦੀਆਂ ਅਪਣੇ ਅਪਣੇ ਕਾਰਜ ਖੇਤਰ ਵਿਚ ਬੜੀਆਂ ਮਜ਼ਬੂਤ ਤੇ ਬੜਾ ਤਕੜਾ ਅਸਰ ਰੱਖਦੀਆਂ ਸੀ। ਹੁਣ ਐਸ ਵੇਲੇ ਤਾਂ ਕੋਈ ਤੀਹ ਦੇ ਕਰੀਬ ਕਮਿਊਨਿਸਟ ਪਾਰਟੀਆਂ ਦੱਸੀਆਂ ਜਾਂਦੀਆਂ ਹਨ ਤੇ ਇਨ੍ਹਾਂ ਸਾਰੀਆਂ ਹੀ ਪਾਰਟੀਆਂ ਦੀਆਂ ਵੱਖੋ ਵੱਖਰੀਆਂ ਕਿਸਾਨ ਕਮੇਟੀਆਂ, ਮਜ਼ਦੂਰ ਯੂਨੀਅਨਾਂ ਅਤੇ ਸਟੂਡੈਂਟ ਜਥੇਬੰਦੀਆਂ ਹਨ| ਉਰਦੂ ਦਾ ਇਹ ਸ਼ੇਅਰ ਇਨ੍ਹਾਂ ’ਤੇ ਖੂਬ ਢੁੱਕਦਾ ਹੈ,
“ਹਰ ਬੁਲਹਵਸ ਨੇ ਹੁਸਨ ਪਰੱਸਤੀ ਸ਼ੁਆਰ ਕੀ ,
ਅਬ ਆਬਰੂਏ ਸ਼ੇਵਾਏ ਐਹਲੇ ਨਜ਼ਰ ਗਈ |”
ਜੱਥੇਬੰਦੀਆਂ ਥੋੜ੍ਹੀਆਂ ਹਨ ਔਹਦੇਦਾਰੀਆਂ ਦੇ ਚਾਹਵਾਨ ਬਹੁਤੇ ਹਨ| ਦੋ ਢਾਈ ਦਰਜਨ ਸਰੋਤਿਆਂ ਦੀ ਮੀਟਿੰਗ ਦੀ ਪ੍ਰਧਾਨਗੀ ਲਈ ਇਕ ਦੀ ਬਜਾਏ ਚਾਰ ਪੰਜ ਬੰਦਿਆਂ ਦਾ ਪ੍ਰਧਾਨਗੀ ਮੰਡਲ ਸਟੇਜ ’ਤੇ ਬਿਠਾਇਆ ਜਾਂਦਾ ਹੈ|
ਫੇਰ ਭਕਨੇ ਵਲ ਪਰਤਦੇ ਹਾਂ। ਦੇਸ਼ ਭਰ ਕਿਸਾਨ ਆਗੂ ਤੇ ਸਰਗਰਮ ਕਾਰਕੁਨ ਅੰਮ੍ਰਿਤਸਰ ਪਹੁੰਚ ਕੇ ਗੋਲਡਨ ਟੈਂਪਲ ਦੇਖ ਕੇ, ਜੱਲਿਆਵਾਲਾ ਬਾਗ ਦੀ ਕੌਮੀ ਯਾਦਗਾਰ ਦੇਖਦੇ ਤੇ ਫੇਰ ਭਕਨੇ ਪਹੁੰਚਦੇ| ਆਪਣੇ ਇਲਾਕੇ ਦੇ ਜੱਥੇ ਨਾਲ ਮੈਂ ਵੀ ਸ਼ਾਮਲ ਸੀ| ਝੰਡੇ ਫੜੀ ਇਨਕਲਾਬੀ ਗੀਤ ਗਾਉਂਦੇ ਪਿੰਡਾਂ ਵਿਚੀ ਘੁੰਮਦੇ ਕਾਨਫਰੰਸ ਦਾ ਪ੍ਰਚਾਰ ਕਰਦੇ ਅਸੀਂ ਬਾਬਾ ਬਕਾਲਾ, ਬਿਆਸ ਤੋਂ ਹੁੰਦੇ ਹੋਏ ਛੱਜਲਵੱਡੀ ਪਹੁੰਚ ਗਏ| ਬਹੁਤ ਵੱਡਾ ਮਹੱਲ ਵਰਗਾ ਖੁੱਲਾ ਡੁੱਲਾ ਘਰ, ਵਿਹੜੇ ਵਿਚ ਮਾਲ ਡੰਗਰ ਤੇ ਖੇਤੀ ਪੱਤੀ ਦਾ ਹੋਰ ਖਲਾਰਾ| ਇਹ ਪਹਿਲੀ ਵਾਰ ਸੀ ਗਹਿਲ ਸਿੰਘ ਤੇ ਉਹਨਾਂ ਦੇ ਪਰਿਵਾਰ ਨੂੰ ਦੇਖਣ ਮਿਲਣ ਤੇ ਜਾਨਣ ਦਾ ਮੌਕਾ| ਅੰਨ ਪਾਣੀ ਛੱਕ ਕੇ ਸਾਡਾ ਜੱਥਾ ਜਿਸ ਵਿਚ ਕੁੜੀਆਂ ਬੁੜੀ੍ਹਆਂ ਵੀ ਸਨ, ਭਕਨੇ ਪਹੁੰਚ ਗਿਆ| ਬਾਬਾ ਸੋਹਣ ਸਿੰਘ ਭਕਨਾ ਜੀ ਦੇ ਸੁਆਗਤ ਵਿਚ ਬਹੁਤ ਸ਼ਾਨਦਾਰ ਜਲੂਸ ਕੱਢਿਆ ਗਿਆ | ਕੁਝ ਮਹੀਨੇ ਬਾਅਦ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਿਚ ਪੰਜਾਬ ਦੇ ਸਰਗਰਮ ਕਾਰਕੁਨਾਂ ਦੀ ਟਰੇਨਿੰਗ ਲਈ ਅੰਮ੍ਰਿਤਸਰ ਜ਼ਿਲੇ ਵਿਚ ਇਕ ਸਟੱਡੀ ਸਰਕਲ ਹਫਤੇ ਭਰ ਲਈ ਲਾਇਆ ਗਿਆ| ਮੈਂ ਵੀ ਉਸ ਸਟੱਡੀ ਸਰਕਲ ਵਿਚ ਸ਼ਾਮਲ ਸੀ| ਸਟੱਡੀ ਸਰਕਲ ਮੁੱਕਣ ਮਗਰੋਂ ਘੁੰਮਦਾ ਘੁਮਾਉਂਦਾ ਮੈਂ ਦੂਜੀ ਵਾਰ ਛੱਜਲਵੱਡੀ ਰਾਤ ਰਿਹਾ| ਗਹਿਲ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਦਾ ਖੁੱਲ੍ਹਾ ਮੌਕਾ ਮਿਲਿਆ| ਸਾਰਾ ਹੀ ਪਰਿਵਾਰ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਹੋਇਆ ਸੀ| ਗਹਿਲ ਸਿੰਘ ਹੋਰੀਂ ਘਰ ਨਾ ਵੀ ਹੋਣ ਤਾਂ ਵੀ ਆਏ ਹਰ ਕਾਮਰੇਡ ਨੂੰ ਅੰਨ ਪਾਣੀ ਤੇ ਮੰਜਾ ਬਿਸਤਰਾ ਜਰੂਰ ਮਿਲਦਾ ਸੀ|
ਮੈਨੂੰ ਇਹ ਤਾਂ ਪਤਾ ਸੀ ਕਿ ਬਹੁਤ ਸਾਰੇ ਹੋਰ ਕਾਮਰੇਡਾਂ ਵਾਂਗ ਧਾਰਮਕ ਜਨੂੰਨੀ ਲੁਟੇਰਿਆਂ ਨੇ ਗਹਿਲ ਸਿੰਘ ਨੂੰ ਮਾਰ ਮੁਕਾਇਆ ਸੀ ਪਰ ਉਹਨਾਂ ਦੀ ਸ਼ਹਾਦਤ ਕਿਹਨਾਂ ਹੱਥੋਂ ਕਦੋਂ ਹੋਈ ਇਹ ‘ਹੁਣ’ ਪੜ ਕੇ ਪਤਾ ਲੱਗਾ|
25 ਸਾਲ ਪਹਿਲਾਂ ਅਕਾਲੀ ਲਹਿਰ ਦੇ ਸਮੇਂ ਹਸਨ ਅਬਦਾਲ ਰੇਲਵੇ ਸਟੇਸ਼ਨ ’ਤੇ ਇਕ ਇਤਿਹਾਸਕ ਘਟਨਾ ਵਾਪਰ ਚੁੱਕੀ ਸੀ | ਅੰਗਰੇਜ਼ਾਂ ਦੇ ਪਿੱਠੂ ਬਦਚਲਣ ਬਦਕਾਰ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਾਉਣ ਸਮੇਂ ਗੁਰੁ ਕੇ ਬਾਗ ਤੋਂ ਫੜੇ ਫੌਜੀ ਪੈਨਸ਼ਨੀਏ ਗੱਡੀ ਵਿਚ ਬੰਦ ਕਰਕੇ ਲਿਜਾਏ ਜਾ ਰਹੇ ਸੀ| ਕੈਦੀ ਕਈ ਦਿਨਾਂ ਦੇ ਭੁੱਖੇ ਤਿਹਾਏ ਸੀ| ਪੰਜਾ ਸਾਹਿਬ ਗੁਰਦੁਆਰੇ ਇੱਕਠੀ ਹੋਈ ਸੰਗਤ ਨੇ ਹਸਨ ਅਬਦਾਲ ਰੇਰਵੇ ਸਟੇਸ਼ਨ ਮਾਸਟਰ ਨੂੰ ਬੇਨਤੀ ਕੀਤੀ ਕਿ ਏਥੇ ਕੁਝ ਦੇਰ ਗੱਡੀ ਰੋਕ ਕੇ ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਦੀ ਆਗਿਆ ਦਿੱਤੀ ਜਾਵੇ| ਸਟੇਸ਼ਨ ਮਾਸਟਰ ਨੇ ਸਾਫ ਇਨਕਾਰ ਕਰ ਦਿੱਤਾ। ਹਸਨ ਅਬਦਾਲ ਦੇ ਆਲੇ-ਦੁਆਲੇ ਪਿੰਡਾਂ ਤੋਂ ਆਏ ਸਿੱਖ ਰੇਲਵੇ ਲਾਈਨ ’ਤੇ ਲੇਟ ਗਏ ਗੱਡੀ ਦਨਦਨਾੳਂੁਦੀ ਆਈ, ਜਥੇਦਾਰ ਤੇ ਕੁਝ ਸਿੱਖ ਕੁਚਲੇ ਗਏ| ਪਰ ਗੱਡੀ ਰੁਕ ਗਈ| ਭੁੱਖੇ ਪਿਆਸੇ ਕੈਦੀਆਂ ਨੂੰ ਪਰਸ਼ਾਦ ਛਕਾਇਆ ਗਿਆ- “ਪਹੀਏ ਬੱਝ ਗਏ ਇੰਜਣ ਦੇ ਸਾਰੇ, ਗਾੜ੍ਹੀ ਰੱਤ ਖਾਲਸੇ ਦੀ” ਗਾਣਾ ਇਸ ਘਟਨਾ ਤੋਂ ਉਤਪੰਨ ਹੋਇਆ ਸੀ| ਉਨ੍ਹਾਂ ਦਿਨਾਂ ਵਿਚ ਜਦੋ ਮੈਂ ਪੰਜਾ ਸਾਹਿਬ ਹਸਨ ਅਬਦਾਲ ਗਿਆ ਸੀ, ਉੱਥੇ ਆਲੇ ਦੁਆਲੇ ਦੇ ਇਲਾਕੇ ਵਿਚ ਹਿੰਦੂਆਂ ਸਿੱਖਾਂ ਦੀ ਲੁੱਟ ਮਾਰ ਤੇ ਵੱਢ-ਟੁਕ ਦੇ ਇਕਾ-ਦੁੱਕਾ ਵਾਕਿਆਤ ਹੋ ਚੁੱਕੇ ਸੀ| ਇਲਾਕੇ ਦੀ ਵਧੇਰੇ ਵਸੋਂ ਮੁਸਲਮਾਨਾਂ ਦੀ ਸੀ| ਹਾਲਾਤ ਤੇਜ਼ੀ ਨਾਲ ਵਿਗੜ ਰਹੇ ਸੀ| 1931 ਵਿਚ ਫਾਂਸੀ ਲੱਗਣ ਤੋਂ ਕੁਝ ਦਿਨ ਪਹਿਲਾਂ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ- “ ਅੰਗਰੇਜ਼ ਬੁਖਲਾਏ ਹੋਏ ਹਨ| ਇਨ੍ਹਾਂ ਦੇ ਪੈਰ ਉੱਖੜ ਚੁੱਕੇ ਹਨ| ਇਕ ਸਮਝੋਤਾ ਹੋਵੇਗਾ ਪਰ ਆਮ ਲੋਕਾਂ ਨੂੰ ਇਸ ਵਿਚੋਂ ਕੁਝ ਵੀ ਹਾਸਲ ਨਹੀਂ ਹੋਵੇਗਾ| ਤਕਰੀਬਨ ਪੰਦਰਾਂ ਸਾਲਾਂ ਵਿਚ ਅੰਗਰੇਜ਼ ਇਹ ਮੁਲਕ ਛੱਡ ਜਾਣਗੇ| ਕੁਝ ਚਿਰ ਗਧੌਲਾ ਜਿਹਾ ਪਿਆ ਰਹੇਗਾ| ਉਦੋਂ ਲੋਕ ਮੈਨੂੰ ਯਾਦ ਕਰਨਗੇ”- ਇਹ ਭਵਿੱਖ ਬਾਣੀ ਕਿੰਨੀ ਸੱਚ ਸਾਬਤ ਹੋਈ| ਦੂਜੀ ਵੱਡੀ ਜੰਗ ਖਤਮ ਹੁੰਦਿਆਂ ਹੀ ਇੰਡੀਅਨ ਆਰਮੀ, ਨੇਵੀ ਤੇ ਏਅਰਫੋਰਸ ਦੀਆਂ ਬਗਾਵਤਾਂ ਸ਼ੁਰੂ ਹੋ ਗਈਆਂ| ਅੰਗਰੇਜ਼ਾਂ ਨੇ ‘ਸਾਰਾ ਧਨ ਜਾਂਦਾ ਦੇਖੀਏ ਅੱਧਾ ਦਈਏ ਲੁਟਾ’ ’ਤੇ ਅਮਲ ਕਰਦਿਆਂ ਸੰਪਰਰਦਾਇਕ ਦੰਗਿਆਂ ਨੂੰ ਹਵਾ ਦਿੱਤੀ| ‘ਹਰ ਹਰ ਮਹਾਦੇਵ’ ‘ਅਖੰਡ ਭਾਰਤ’- ‘ਬੋਲੇ ਸੋ ਨਿਹਾਲ’ ਦੇ ਨਾਹਰਿਆਂ ਦੇ ਮੁਕਾਬਲੇ ‘ਲੈ ਕੇ ਰਹੇਗੇ ਪਾਕਿਸਤਾਨ’- ‘ਦੇਨਾ ਪੜੇਗਾ ਪਾਕਿਸਤਾਨ’- ‘ਕਟਕੇ ਰਹੇਗਾ ਹਿੰਦੁਸਤਾਨ ਬਟ ਕੇ ਰਹੇਗਾ ਹਿੁੰਦਸਤਾਨ’- ਦੇ ਕੰਨ ਪਾੜ੍ਹਵੇਂ ਨਾਹਰੇ ਲੱਗਣ ਲੱਗੇ| ਸ਼ਹਿਰਾਂ ਵਿਚ ਕਤਲੋ ਗਾਰਤ ਲੁਟ ਮਾਰ ਤੇ ਸਾੜ ਫੂਕ ਦੀਆਂ ਵਾਰਦਾਤਾਂ ਸ਼ੁਰੂ ਹੋ ਗਈਆਂ| ‘ਫਲਾਣੇ ਪਿੰਡ ਮੁਸਲਮਾਨਾਂ ਨੇ ਆਹ ਕਰ ਦਿੱਤਾ, ਫਲਾਣੇ ਥਾਂ ਆਹ ਕਰ ਦਿੱਤਾ’- ਅਫਵਾਹਾਂ ਫੈਲ ਰਹੀਆਂ ਸਨ| ਪਿੰਡਾਂ ਵਿਚ ਮੁਸਲਮਾਨਾਂ ਦੇ ਕਤਲੇਆਮ ਲਈ ਮਹਾਰਾਜਾ ਪਟਿਆਲਾ ਨੇ ਊਧਮ ਸਿੰਘ ਨਾਗੋਕੇ ਤੇ ਉਹਦੀ ਜੁੰਡਲੀ ਨੂੰ ਪੈਸਾ ਤੇ ਹਥਿਆਰ ਦਿੱਤੇ| ਸੂਬੇ ਭਰ ਦੇ ਕਮਿਊਨਿਸਟਾਂ ਵਾਂਗ ਅਸੀਂ ਵੀ ਆਪਣੇ ਇਲਾਕੇ ਦੇ ਪਿੰਡ ਪਿੰਡ ਘੁੰਮ ਕੇ ਅਮਨ ਕਮੇਟੀਆਂ ਬਣਾ ਕੇ ਅਮਨ ਕਾਇਮ ਰੱਖਣ ਦੀ ਮੁੰਹਿਮ ਸ਼ੁਰੂ ਕੀਤੀ| ਹਿੰਦੂ ਸਿੱਖ ਫਿਰਕਾਪ੍ਰਸਤ ਧਾਰਮਕ ਜਨੂੰਨੀ ਸਾਡੀ ਇਸ ਮੁਹਿੰਮ ਤੋਂ ਬਹੁਤ ਔਖੇ ਸੀ| ਉਹਨੀਂ ਫੈਸਲਾ ਕੀਤਾ ਕਿ ਜਦ ਤਕ ਕਮਿਊਨਿਸਟਾਂ ਦਾ ਸਫਾਇਆ ਨਹੀਂ ਕੀਤਾ ਜਾਂਦਾ ਓਨਾ ਚਿਰ ਮੁਸਲਮਾਨਾਂ ਦੀ ਮਾਰ ਵੱਡ ਤੇ ਲੁੱਟ ਮੁਸ਼ਕਿਲ ਹੈ| ਉਹਨਾਂ ਦਾ ਨਾਹਰਾ ਸੀ ਕਿ ਇਕ ਕਮਿਉਨਿਸਟ ਨੂੰ ਮਾਰ ਮੁਕਾਉਣਾ ਸੌ ਮੁਸਲਮਾਨਾਂ ਦੇ ਕਤਲ ਦੇ ਬਰਾਬਰ ਹੈ| ਅਮਨ ਮੁਹਿੰਮ ਨੇ ਬਹੁਤ ਚਿਰ ਪਿੰਡਾਂ ਵਿਚ ਅਮਨ ਬਣਾਈ ਰੱਖਿਆ, ਪਿੰਡਾਂ ਦੇ ਮੁਸਲਮਾਨਾਂ ਨੂੰ ਬਚਾਈ ਰੱਖਿਆ ਪਰ ਆਖਰ ਕਦ ਤੱਕ। ਅਫਵਾਹਾਂ ਦੇ ਜੋLਰ ’ਤੇ ਫਸਾਦ ਭੜਕ ਉੱਠੇ। ਮੁਸਲਮਾਨਾਂ ਦੇ ਪਿੰਡ ਉੱਜੜਨੇ ਸ਼ੁਰੂ ਹੋ ਗਏ ਤੇ ਨਿਹੱਥੇ ਮੁਸਲਮਾਨਾਂ ਦੇ ਕਤਲ ਵੀ| ਸਾਡੇ ਪਿੰਡ ਵਿਚ ਲੁਹਾਰਾਂ, ਮਰਾਸੀਆਂ, ਜੁਲਾਹਿਆਂ ਤੇ ਘੁਮਾਰਾਂ ਦੇ ਦਰਜਣਾਂ ਘਰ ਸੀ | ਨਿਆਜ ਲੁਹਾਰ ਦੀ ਭੱਠੀ ਦਿਨ ਰਾਤ ਚਲਦੀ ਸੀ| ਉਨ੍ਹਾਂ ਨੂੰ ਹੀ ਕਤਲ ਕਰਨ ਲਈ ਜਨੂੰਨੀ ਉਨ੍ਹਾਂ ਕੋਲੋਂ ਹੀ ਧੜਾ ਧੜ ਤਲਵਾਰਾਂ ਬਣਵਾ ਰਹੇ ਸੀ| ਸਾਡੇ ਪਿੰਡ ਦਾ ਇਕ ਜਮਾਂਦਾਰ ਫੌਜੀ ਪੈਨਸ਼ਨੀਆਂ ਦਾਹਵਾ ਕਰਦਾ ਸੀ ਕਿ ਵੀਹ ਵੀਹ ਕੋਹ ਆਲੇ ਦੁਆਲੇ ਦੇ ਇਲਾਕੇ ਦਾ ਹਾਕਮ ਉਹਨੂੰ ਥਾਪਿਆ ਗਿਆ ਹੈ। ੳਹੁਨੇ ਮੇਰੇ ਕਤਲ ਦਾ ਮਨਸੂਬਾ ਬਣਾਇਆ। ਮੈਂ ਪਿੰਡੋ ਬਾਹਰ ਆਪਣੇ ਖੇਤਾਂ ਵਿਚ ਸੀ ਕਿ ਮੈਨੂੰ ਮੇਰੇ ਕਤਲ ਦੀ ਸਾਜ਼ਸ ਦੀ ਖਬਰ ਮਿਲੀ| ਮੈਂ ਸਿੱਧੇ ਰਸਤੇ ਪਿੰਡ ਨੂੰ ਆਉਣ ਦੀ ਬਜਾਏ ਨਾਲ ਦੇ ਪਿੰਡ ਵਿਚੀ ਹੁੰਦਾ ਹੋਇਆ ਘਰ ਪੁੱਜਾ| ਪਾਰਟੀ ਦੇ ਫੈਸਲੇ ਮੁਤਾਬਕ ਮੈਨੂੰ ਅਪਣਾ ਪਿੰਡ ਛੱਡ ਕੇ ਮਾਸਟਰ ਹਰੀ ਸਿੰਘ ਧੂਤ ਕਲਾਂ ਪਾਸ ਜਾਕੇ ਰਹਿਣਾ ਪਿਆ| ਉਹ ਜਨੂੰਨੀ ਫੌਜੀ ਮੇਰੀ ਮਾਂ ਨੂੰ ਬੜੇ ਰੋਹਬ ਨਾਲ ਪੁੱਛਿਆ ਕਰੇ- “ ਕਿੱਥੇ ਲਕੋਇਆ ਹੈ ਤੂੰ ਆਪਣੇ ਪੁੱਤ ਨੂੰ?” ਮੇਰੀ ਮਾਂ ਨੇ ਕਹਿਣਾ ਉਹ ਏਥੇ ਹੀ ਹੈ ਤੂੰ ਟੋਲ੍ਹ ਲੈ| ਉਦੋਂ ਘਾਹ ਵੱਢਣਾ ਔਖਾ ਤੇ ਬੰਦਾ ਵੱਡ ਦੇਣਾ ਸੁਖਾਲਾ ਸੀ| ਇਕ ਰਾਤ ਸਾਡੇ ਪਿੰਡ ਵਾਲਿਆਂ ਦਾ ਇੱਕਠ ਬੁਲਾਇਆ ਗਿਆ ਕਿ ਪਿੰਡ ਦੇ ਮੁਸਲਮਾਨਾਂ ਦਾ ਕੀ ਕੀਤਾ ਜਾਏ| ਧਾਰਮਕ ਫਸਾਦੀ ਲੁਟੇਰੇ ਸਾਰੇ ਮੁਸਲਮਾਨਾਂ ਨੂੰ ਕਤਲ ਕਰਨ ਲਈ ਜ਼ੋਰ ਪਾ ਰਹੇ ਸੀ। ਮੈਂ ਇਕੱਲਾ ੳਹੁਨਾਂ ਨੂੰ ਪਿੰਡ ਵਿਚ ਵਸੇ ਰਹਿਣ ਦੇ ਹੱਕ ਵਿਚ ਬੋਲ ਰਿਹਾ ਸੀ| ਆਖਰ ਮਾਮਲਾ ਕੁਝ ਦਿਨ ਹੋਰ ਸੋਚਣ ਲਈ ਟਾਲ ਦਿੱਤਾ ਗਿਆ। ਉਸ ਰਾਤ ਮਗਰੋਂ ਪਿੰਡ ਦੇ ਕੁਝ ਮੁਸਲਮਾਨ ਪਿੰਡ ਛੱਡ ਕੇ ਨਿਕਲ ਗਏ ਪਰ ਭਾਰਾਈ, ਮਰਾਸੀ ਤੇ ਜੁਲਾਹੇ ਬੈਠੇ ਰਹੇ| ਜਦ ਹਾਲਾਤ ਅਮਨ ਕਮੇਟੀਆਂ ਦੀ ਆਸ ਦੇ ਉਲਟ ਬਿਗੜਦੇ ਹੀ ਚਲੇ ਗਏ ਤਾਂ ਮੈਂ ਸਾਰੇ ਭਰਾਈ, ਮਰਾਸੀ, ਜੁਲਾਹਿਆਂ ਨੂੰ ਤੁਰਨ ਦੀ ਤਿਆਰੀ ਕਰ ਲੈਣ ਦੀ ਤਾਕੀਦ ਕਰਕੇ ਪਿੰਡੋ ਤੀਹ ਮੀਲ ਜਲੰਧਰ ਛਾਉਣੀ ਪਹੁੰਚਾ| ਬਲੋਚ ਰਜਮੈਂਟ ਦੇ ਕਮਾਂਡਰ ਨੂੰ ਆਪਣੇ ਪਿੰਡ ਦੇ ਮੁਸਲਮਾਨਾਂ ਬਾਰੇ ਦੱਸਿਆ। ਹਾਲਾਤ ਅਜਿਹੇ ਸਨ ਕਿ ਛਾਉਣੀ ਵਿਚ ਮੈਨੂੰ ਕੋਈ ਗੋਲੀ ਵੀ ਮਾਰ ਸਕਦਾ ਸੀ| ਕਮਾਂਡਰ ਨੇ ਬਲੋਚ ਫੋਜੀਆਂ ਸਮੇਤ ਚਾਰ ਫੌਜੀ ਟਰੱਕ ਮੇਰੇ ਨਾਲ ਤੋਰ ਦਿੱਤੇ| ਮੈਂ ਬਲੋਚ ਫੋਜੀਆਂ ਨੂੰ ਮੁਸਲਮਾਨ ਘਰਾਂ ਦੀ ਨਿਸ਼ਾਨਦੇਹੀ ਸਮਝਾ ਦਿੱਤੀ ਸੀ| ਮੈਂ ਟਰੱਕਾਂ ਨਾਲ ਪਿੰਡ ਆਉਣ ਦੀ ਬਜਾਏ ਪਿੱਛੇ ਹੀ ੳੁੱਤਰ ਕੇ ਆਪਣੇ ਖੂਹ ਨੂੰ ਚਲਾ ਗਿਆ| ਟਰੱਕ ਮੇਰੇ ਦੱਸੇ ਟਿਕਾਣੇ ਜਾ ਖੜੇ ਹੋਏ| ਚੰਦ ਮਿੰਟਾਂ ਵਿਚ ਭਰਾਈ, ਮਰਾਸੀ, ਜੁਲਾਹੇ ਟਰੱਕਾਂ ਵਿਚ ਸਵਾਰ ਹੋ ਗਏ| ਪਿੰਡ ਵਾਲੇ ਦੇਖਦੇ ਹੀ ਰਹਿ ਗਏ| ਕੋਈ ਚਾਰ ਘੰਟੇ ਬਾਅਦ ਮੈਂ ਪਿੰਡ ਆਇਆ ਤਾਂ ਫਸਾਦੀ ਸਿੱਖ ਮੈਨੂੰ ਤਾਹਨੇ ਦੇਣ ਲੱਗ ਪਏ,- ‘ਦੇਖਿਆ ਜਿਨਾਂ੍ਹ ਦੀ ਤੂੰ ਮਦਦ ਕਰਦਾ ਸੀ ਆਖਰ ਦਗਾ ਦੇ ਕਿ ਚਲੇ ਗਏ|’ ਮੈਂ ਅਣਜਾਣ ਬਣ ਕੇ ਹੈਰਾਨੀ ਜਾਹਰ ਕੀਤੀ| ਮੇਰੇ ਪਿੰਡ ਵਿਚ ਕੋਈ ਮੁਸਲਮਾਨ ਕਤਲ ਨਹੀਂ ਹੋਇਆ| ਟਰੱਕਾਂ ’ਚ ਬੈਠੇ ਕਿਸੇ ਕੈਂਪ ’ਚ ਨਹੀਂ ਸਿੱਧੇ ਪਾਕਿਸਤਾਨ ਪਹੁੰਚ ਗਏ ਸਨ|
ਹੁਣ ਗੱਲ ਕਰੀਏ ਗਹਿਲ ਸਿੰਘ ਬਾਰੇ| 23-7-07 ਨੂੰ ਜਗਜੀਤ ਸਿੰਘ ਲਾਇਲਪੁਰੀ ਆਪਣੇ ਨੂੰਹ ਪੁੱਤ ਨਾਲ ਮੈਨੂੰ ਮਿਲਣ ਮੇਰੇ ਘਰ ਆਏ| ਮੈਂ ਗਹਿਲ ਸਿੰਘ ਹੋਰਾਂ ਬਾਰੇ ਗਲ ਚਲਾਈ| ਉਨ੍ਹਾਂ ਦੱਸਿਆ ਕਿ ਗਹਿਲ ਸਿੰਘ ਦਾ ਬਾਪ ਬਹੁਤ ਵੱਡਾ ਸਫਲ ਠੇਕੇਦਾਰ ਸੀ| ਛੱਜਲਵੱਡੀ ਦੁਆਲੇ ਦੇ ਪਿੰਡਾਂ ਵਿਚ ਉਹਨੇ ਕਾਫੀ ਜ਼ਮੀਨ ਖਰੀਦੀ ਹੋਈ ਸੀ| ਕੱਲੇ ਗਹਿਲ ਸਿੰਘ ਦੇ ਹਿੱਸੇ 40 ਏਕੜ ਆਉਂਦੇ ਸੀ| ਬਹੁਤ ਵੱਡਾ ਮਹਿਲ ਵਰਗਾ ਘਰ ਬਣਾ ਲਿਆ ਸੀ| ਇਕ ਬਾਰ ਗਹਿਲ ਸਿੰਘ ਦਾ ਬਾਪ ਠੇਕੇਦਾਰੀ ਦੇ ਕੰਮਾਂ ’ਚੋ ਵਿਹਲ ਕੱਢਕੇ ਆਪਣੇ ਪਿੰਡ ਛੱਜਲਵੱਡੀ ਆਇਆ ਹੋਇਆ ਸੀ। ਨਾਲ ਦੇ ਪਿੰਡ ਦਾ ਇਕ ਗਰੀਬ ਬੰਦਾ ਆਪਣੇ 17-18 ਸਾਲ ਦੇ ਮੁੰਡੇ ਨੂੰ ਨਾਲ ਲੈਕੇ ਗਹਿਲ ਸਿੰਘ ਦੇ ਬਾਪ ਨੂੰ ਮਿਲਣ ਆਇਆ| ਫਤਿਹ ਬੁਲਾ ਕੇ ਬੜੀ ਹੀ ਅਧੀਨਗੀ ਨਾਲ ਠੇਕੇਦਾਰ ਨੂੰ ਕਹਿਣ ਲੱਗਾ- “ਸਰਦਾਰ ਜੀ ਮੇਰੇ ਏਸ ਮੁੰਡੇ ਨੇ ਦਸਵੀ ਪਾਸ ਕੀਤੀ ਹੈ| ਤੁਹਾਡੇ ਬੜੇ ਬੜੇ ਕਾਰੋਬਾਰ ਚੱਲਦੇ ਆ ਤੁਹਾਡੇ ’ਤੇ ਗੁਰੁ ਮਹਾਰਾਜ ਦੀ ਬੜੀ ਕਿਰਪਾ ਐ, ਜੇ ਮੇਰੇ ਮੁੰਡੇ ਨੂੰ ਆਪਣੇ ਨਾਲ ਲੈ ਜਾਵੋਂ ਤਾਂ ਤੁਹਾਡੇ ਆਸਰੇ ਇਹਦੀ ਜ਼ਿੰਦਗੀ ਬਣ ਜਾਵੇਗੀ|” ਠੇਕੇਦਾਰ ਆਪਣੇ ਪੁੱਤ ਗਹਿਲ ਸਿੰਘ ਨਾਲ ਉਸ ਮੁੰਡੇ ਨੂੰ ਵੀ ਅਪਣੇ ਨਾਲ ਲੈ ਗਿਆ| ਤੇ ਉਸ ਮੁੰਡੇ ਨਾਲ ਵੀ ਪੁੱਤ ਵਰਗਾ ਸਲੂਕ ਕੀਤਾ। ਕੱਠੇ ਕੰਮ ਕਰਦੇ ਗਹਿਲ ਸਿੰਘ ਤੇ ਉਹ ਮੁੰਡਾ ਸਕੇ ਭਰਾ ਅਖਵਾਉਣ ਲੱਗੇ| ਗਹਿਲ ਸਿੰਘ ਅਪਣੀ ਉਪਰਾਮ ਤਬੀਅਤ ਕਰਕੇ ਠੇਕੇਦਾਰੀ ਛੱਡ ਕੇ ਪਿੰਡ ਆ ਗਿਆ ਤੇ ਸਮਾਜ ਸੇਵਾ ਵਿਚ ਜੁੱਟ ਗਿਆ| ਉਹ ਮੁੰਡਾ ਠੇਕੇਦਾਰ ਨਾਲ ਕੰਮ ਕਰਦਾ, ਉਹਦਾ ਪੱਕਾ ਵਿਸ਼ਵਾਸ ਪਾਤਰ ਬਣ ਗਿਆ| ਉਹਨੇ ਇਮਾਨਦਾਰੀ ਨਾਲ ਏਨਾ ਜੀਅ ਤੋੜ ਕੰਮ ਕੀਤਾ ਕਿ ਉਹ ਠੇਕੇਦਾਰੀ ਦਾ ਮਾਹਰ ਬਣ ਗਿਆ| ਜਦੋਂ ਠੇਕੇਦਾਰ (ਗਹਿਲ ਸਿੰਘ ਦਾ ਬਾਪ) ਅਕਾਲ ਚਲਾਣਾ ਕਰ ਗਿਆ ਤਾਂ ਸੰਤ ਸੁਭਾਅ ਗਹਿਲ ਸਿੰਘ ਨੂੰ ਜਾਇਦਾਦ ਨਾਲ ਕੋਈ ਦਿਲਚਸਪੀ ਨਾ ਹੋਣ ਕਰਕੇ ਠੇਕੇਦਾਰੀ ਦਾ ਸਾਰਾ ਖਲਾਰਾ ਗਹਿਲ ਸਿੰਘ ਦੇ ਮੂੰਹ ਬੋਲੇ ਧਰਮ ਭਰਾ ਉਸ ਮੁੰਡੇ ਦੀ ਸਾਂਭ ਸੰਭਾਲ ਵਿਚ ਆ ਗਿਆ| ਜਦ ਈਸਟ ਇੰਡੀਆ ਕੰਪਨੀ ਨੇ ਕਲਕੱਤੇ ਦੀ ਬਜਾਏ ਦਿੱਲੀ ਨੂੰ ਹਿੰਦੁਸਤਾਨ ਦੀ ਰਾਜਧਾਨੀ ਬਣਾਉਣ ਦਾ ਫੈਸਲਾ ਕਰ ਲਿਆ ਤਾਂ ਨਵੀਂ ਦਿੱਲੀ ਉਸਾਰਨ ਦਾ ਨਕਸ਼ਾ ਤਿਆਰ ਕੀਤਾ ਗਿਆ| ਕਿਹਾ ਜਾਂਦਾ ਹੈ ਕਿ ਖੁਸ਼ਵੰਤ ਸਿੰਘ ਦੇ ਬਾਪ ਨੂੰ ਕੰਮ ਦਾ ਠੇਕਾ ਮਿਲਿਆ| ਪਾਰਲੀਮੈਂਟ, ਰਾਸ਼ਟਰਪਤੀ ਭਵਨ ਤੇ ਹੋਰ ਅਨੇਕ ਸਰਕਾਰੀ ਇਮਾਰਤਾਂ ਦੀ ਉਸਾਰੀ ਵਿਚ ਖੁਸ਼ਵੰਤ ਸਿੰਘ ਦੇ ਬਾਪ ਦੇ ਨਾਲ ਨਾਲ ਉਸਦੀ ਟੱਕਰ ਦਾ ਇਕ ਹੋਰ ਠੇਕੇਦਾਰ ਵੀ ਸੀ ਜਿਸ ਦਾ ਨਾਂ ਸੀ ਬੈਸਾਖਾ ਸਿੰਘ, ਜਿਸ ਨੂੰ ਨਵੀਂ ਦਿੱਲੀ ਉੱਸਰ ਜਾਣ ਤੇ ਰਾਏ ਬਹਾਦਰ ਦਾ ਖਿਤਾਬ ਅੰਗਰੇਜ਼ਾਂ ਨੇ ਦਿੱਤਾ। ਇਹ ਰਾਏ ਬਹਾਦਰ ਬੈਸਾਖਾ ਸਿੰਘ ਉਹ ਹੀ ਮੁੰਡਾ ਸੀ ਜਿਸ ਨੂੰ ਉਹਦਾ ਬਾਪ ਗਹਿਲ ਸਿੰਘ ਦੇ ਠੇਕੇਦਾਰ ਬਾਪ ਪਾਸ ਛੱਡ ਗਿਆ ਸੀ| ਬੈਸਾਖਾ ਸਿੰਘ ਗਹਿਲ ਸਿੰਘ ਦੇ ਪਰਿਵਾਰ ਨਾਲ ਭਰਾਵਾਂ ਵਾਂਗ ਵਰਤਦਾ ਰਿਹਾ| ਜਦ ਉਹਨੂੰ ਪਤਾ ਲੱਗਾ ਕਿ ਗਹਿਲ ਸਿੰਘ ਅਪਣੀ ਧੀ ਦਾ ਵਿਆਹ ਬਗੈਰ ਦਾਜ ਦਹੇਜ ਦੇ ਕੋਈ ਵੀ ਖਰਚ ਕੀਤੇ ਬਗੈਰ ਬੜੇ ਹੀ ਸਾਦਾ ਢੰਗ ਨਾਲ ਕਰ ਰਿਹਾ ਹੈ, ਤਾਂ ਉਸ ਨੇ ਇਸ ਵਿਚ ਆਪਣੀ ਬੜੀ ਹਾਨੀ ਮਹਿਸੂਸ ਕੀਤੀ ਕਿ ਰਾਏ ਬਹਾਦਰ ਬੈਸਾਖਾ ਸਿੰਘ ਦੀ ਭਤੀਜੀ ਦਾ ਵਿਆਹ ਹੋਵੇ ਤੇ ਸਜ-ਧਜ ਤੇ ਧੂਮ-ਧਾਮ ਨਾ ਹੋਵੇ। ਉਹਨੇ ਗਹਿਲ ਸਿੰਘ ਨੂਂ ਚਿੱਠੀ ਲਿਖੀ ਕਿ ਅਪਣੀ ਭਤੀਜੀ ਦੇ ਵਿਆਹ ਦਾ ਸਾਰਾ ਖਰਚ ਮੈਂ ਕਰਾਂਗਾ, ਵਿਆਹ ਐਸੀ ਸ਼ਾਨੋ ਸ਼ੌਕਤ ਨਾਲ ਹੋਵੇ ਕਿ ਯਾਦਗਾਰ ਰਹੇ| ਗਹਿਲ ਸਿੰਘ ਨੇ ਉਹਨੂੰ ਜਵਾਬ ਦਿੱਤਾ ਕਿ ਤੂੰ ਵਿਆਹ ’ਤੇ ਆ ਜੀ ਸਦਕੇ, ਪਰ ਤੂੰ ਕੋਈ ਖਰਚ ਨਹੀਂ ਕਰੇਂਗਾ, ਵਿਆਹ ਬਿਲਕੁਲ ਸਾਦਾ ਹੀ ਹੋਵੇਗਾ| ਤੇ ਵਿਆਹ ਬਿਲਕੁਲ ਸਾਦਾ ਹੀ ਹੋਇਆ| ਜਗਜੀਤ ਸਿੰਘ ਲਾਇਲਪੁਰੀ ਹੋਰੀਂ ਦੱਸਦੇ ਹਨ ਕਿ ਪਾਰਟੀ ਵਰਕਰ ਹੋਣ ਕਰਕੇ ਗਹਿਲ ਸਿੰਘ ਨਾਲ ਉਹਨਾਂ ਦਾ ਗੂੜਾ ਮੇਲ ਸੀ। ਉਹਨਾਂ ਦਾ ਕਤਲ ਊਧਮ ਸਿੰਘ ਨਾਗੋਕੇ ਅਤੇ ਈਸ਼ਰ ਸਿੰਘ ਮਝੈਲ ਦੇ ਟੋਲੇ ਨੇ ਕੀਤਾ ਪਰ ਉਨਾਂ੍ਹ ਦੀ ਲਾਸ਼ ਕਿਸੇ ਨੂੰ ਨਹੀਂ ਮਿਲੀ। ਟੱਬਰ ਨਾਲੋਂ ਪਾਰਟੀ ਨੂੰ ਵਧੇਰੇ ਇਸ ਗਲ ਦਾ ਸੁਰਾਗ ਲਾਉਣ ਦੀ ਕਾਹਲ ਸੀ ਕਿ ਇਸ ਲਾਸਾਨੀ ਯੋਧੇ ਦੀ ਲਾਸ਼ ਕਿੱਥੇ ਖਪਾਈ ਗਈ ਪਰ ਕੋਈ ਪਤਾ ਨਹੀਂ। ‘ਹੁਣ’ ਵਿਚ ਛਪੀ ਗਲ ਨੂੰ ਉਹਨਾਂ ਨੇ ਨਾਵਲ ਕਹਾਣੀ ਕਿਹਾ|
ਗਹਿਲ ਸਿੰਘ ਅਮਲੀ ਤੌਰ ’ਤੇ ਛੂਤ ਛਾਤ ਦੇ ਵਿਰੁੱਧ ਸੀ| ਉਹ ਅਛੂਤਾਂ ਦੀ ਮਦਦ ਕਰਦੇ| ਉਹ ਸ਼ੁਰੂ ਤੋਂ ਹੀ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਗਏ ਸੀ| ਉਹ ਸਿਰਫ ਧਾਰਮਕ ਸੁਧਾਰਵਾਦੀ ਸਿਆਸੀ ਛੂਤ ਛਾਤ ਵਿਰੋਧੀ ਖਿਆਲਾਤ ਹੀ ਨਹੀਂ ਰੱਖਦੇ ਸੀ, ੳਹੁਨਾਂ ਤੇ ਬੜੀ ਸਖਤੀ ਨਾਲ ਅਮਲ ਵੀ ਕਰਦੇ ਸੀ। ਅਪਣੀ ਮਿਸਾਲੀ ਜ਼ਿੰਦਗੀ ਕਾਰਨ ਆਲੇ ਦੁਆਲੇ ਦੇ ਪਿੰਡਾਂ ਵਿਚ ਉਹਨਾਂ ਦੀ ਬੜੀ ਇੱਜਤ ਸੀ| ਉਹ ਸੰਤ ਸਿਪਾਹੀ ਸੀ| ਸੁਧਾਰਵਾਦੀ, ਧਾਰਮਕ, ਗਦਰ ਪਾਰਟੀ, ਬੱਬਰ ਅਕਾਲੀ ਤੇ ਕਾਂਗਰਸੀ ਸਿਆਸਤ ਵਿਚੋਂ ਗੁਜ਼ਰਦੇ ਹੋਏ ਉਹ ਕਮਿਊਨਿਸਟ ਬਣੇ ਸਨ| ਸਾਰਾ ਜੀਵਨ ਉਹ ਲੋਕਾਂ ਦੇ ਲੇਖੇ ਲਾ ਗਏ| ਮੈਨੂੰ ਇਹ ਮਾਣ ਪ੍ਰਾਪਤ ਹੈ ਕਿ ਮੈਂ ਇਸ ਸ਼ਹੀਦ ਨੂੰ ਮਿਲਿਆ ਹਾਂ| ਇਸ ਸ਼ਹੀਦ ਨੂੰ ਮੇਰਾ ਪ੍ਰਨਾਮ
ਨਿੱਕਾ ਬੀਰ ਸਿੰਘ
ਮੈਂ 1940 ਵਿਚ ਦਸਵੀਂ ਪਾਸ ਕੀਤੀ ਸੀ| ਮੇਰੀ ਪੜ੍ਹਾਈ ਬੱਸ ਏਨ੍ਹੀ ਹੀ ਹੈ| ਮੈਂ ਉਰਦੂ ਫ਼ਾਰਸੀ ਪੜ੍ਹੀ ਹੈ| ਪੰਜਾਬੀ ਕਿਸੇ ਤੋਂ ਨਹੀਂ ਪੜ੍ਹੀ| ਬਸ ਆਪ ਹੀ ਲੱਲਾ ਫ਼ੱਫਾ ਜੋੜ ਸਕਦਾ ਹਾਂ| ਮੈਂ ‘ਹੁਣ’ ਦਾ ਪਾਠਕ ਪਹਿਲਾਂ ਤੋਂ ਹਾਂ ਤੇ ਹੁਣ ਪੱਕਾ ਗਾਹਕ ਬਣ ਗਿਆ ਹਾਂ| ‘ਹੁਣ’ ਦੀ ਪੁਸਤਕ ਲੜੀ 7 ਸਿੱਧੀ ਮੇਰੇ ਨਾਂ ਪੁੱਜੀ ਹੈ| ਸੁਸ਼ੀਲ ਦੁਸਾਂਝ ਦਾ ਸ਼ਹੀਦ ਨਿੱਕਾ ਬੀਰ ਸਿੰਘ ਵਾਰ ਲਿਖਿਆ ਪੜ੍ਹ ਕੇ ਜੰਡਿਆਲਵੀ ਨੂੰ ਮੈਂ ਫੋਨ ਕੀਤਾ ਕਿ ਮੈਂ ਬਾਬਾ(ਨਿੱਕਾ) ਬੀਰ ਸਿੰਘ ਨੂੰ ਵੀ ਜਾਣਦਾ ਹਾਂ| ਉਹਨਾਂ ਕਿਹਾ ਜੋ ਤੈਨੂੰ ਪਤਾ ਤੂੰ ਲਿਖ, ਗਲਤੀਆਂ ਅਸੀਂ ਆਪੇ ਠੀਕ ਕਰ ਲਵਾਂਗੇ| ਜਥੇਦਾਰ ਵੀਰ ਸਿੰਘ ਪੁਆਦੜਾ ਨੂੰ ਵੀ ਮੈਂ ਦੇਖਿਆ ਹੋਇਆ ਹੈ ਜਦ ਉਹ ਤਖਤ ਕੇਸਗ੍ਹੜ ਦੇ ਜਥੇਦਾਰ ਸਨ| ਉਹਨਾਂ੍ਹ ਦਾ ਕੱਦ ਲੰਮਾ ਤੇ ਉਹ ਦਰਸ਼ਣੀ ਜੁਆਨ ਸਨ| ਦੋਨੋਂ ਬੀਰ ਸਿੰਘ ਸਿਆਸੀ ਧਾਰਾ ਦੇ ਦੋ ਵਿਪਰੀਤ ਕਿਨਾਰੇ ਸਨ| ਬਾਬਾ ਬੀਰ ਸਿੰਘ ਦਾ ਕੱਦ ਛੋਟਾ ਸੀ ਤੇ ਸਰੀਰ ਬੜਾ ਹਲਕਾ ਫੁਲਕਾ ਪਰ ਕੁਰਬਾਨੀ ਆਪਣੀ ਕੀਰਤੀ ਤੇ ਕਿਰਦਾਰ ਪੱਖੋਂ ਬਹੁਤ ਵੱਡੀ ਸ਼ਖਸ਼ੀਅਤ ਸਨ| ਉਹਨਾਂ ਦੀ ਮੌਤ ਕਿੱਦਾਂ ਹੋਈ ਇਹ ਮੈਨੂੰ ‘ਹੁਣ’ 7 ਪੜ੍ਹ ਕੇ ਹੀ ਪਤਾ ਲੱਗਾ| ਉਹਨਾਂ ਦੀ ਮੌਤ ਬਾਰੇ ਪੜ੍ਹ ਕੇ ਮੈਂ ਕਹਿ ਸਕਦਾ ਹਾਂ ਲੋਕਾਂ ਦੇ ਲਈ ਉਹ ਜੀਵਿਆ ਲੋਕਾਂ ਦੇ ਲਈ ਉਹ ਮਰ ਗਿਆ। ਸਾਥੀ ਲੈਨਨ ਦੇ ਕਥਨ ਦਾ ਹੱਕ ਅਦਾ ਉਹ ਕਰ ਗਿਆ| ਮੈਂ ਜ਼ਿਲਾ ਹੁਸ਼ਿਆਰਪੁਰ ਤੋਂ ਹਾਂ| ਕਿਰਤੀ ਪਾਰਟੀ ਦਾ ਮੈਂਬਰ ਰਿਹਾ ਹਾਂ| ਪਾਰਟੀ ਵੱਲੋਂ ਮੇਰੀ ਡਿਊਟੀ ਜਲੰਧਰ ਦੀ ਤਹਿਸੀਲ ਫਿਲੌਰ ਵਿਚ ਲੱਗੀ ਹੋਈ ਸੀ| ਬਾਬਾ ਬੀਰ ਸਿੰਘ ਜ਼ਿਲਾ ਜਲੰਧਰ ਕਿਸਾਨ ਕਮੇਟੀ ਦੇ ਪ੍ਰਧਾਨ ਸੀ। ਤਹਿਸੀਲ ਫਿਲੌਰ ਕਿਸਾਨ ਕਮੇਟੀ ਦਾ ਜਨਰਲ ਸੈਕਟਰੀ ਅੱਪਰੇ ਦਾ ਮੌਲਵੀ ਮੁਹੰਮਦ ਅਨਵਰ ਸੀ ਤੇ ਮੈਂ ਤਹਿਸੀਲ ਦਾ ਮੀਤ ਸਕੱਤਰ ਸਾਂ| ਅੱਪਰੇ ਦੇ ਰਹਿਣ ਵਾਲਾ ਮੌਲਵੀ ਮੁਹੰਮਦ ਅਨਵਰ ਅੱਪਰੇ ਦੀ ਖੋਜਾ ਬਰਾਦਰੀ ਦੀ ਮਸਜਦ ਦਾ ਅਮਾਮ ਸੀ| ਅਨਵਰ ਦੇ ਪਰਿਵਾਰ ਦਾ ਰਿਜ਼ਕ ਖੋਜਿਆਂ ’ਤੇ ਨਿਰਭਰ ਕਰਦਾ ਸੀ| ਖੋਜਾ ਬਰਾਦਰੀ ਇਸ ਗੱਲੋਂ ਕਤਈ ਅਣਜਾਣ ਸੀ ਕਿ ਉਹਨਾਂ ਦੀ ਮਸਜਦ ਦਾ ਮੌਲਵੀ ਕਾਮਰੇਡ ਵੀ ਹੈ| ਪਾਰਟੀ ਦਾ ਖੁਫ਼ੀਆਂ ਲਟਰੇਚਰ ਰੱਖਣ ਤੇ ਮਫਰੂਰ ਕਾਮਰੇਡਾਂ ਦੇ ਇਕ ਅੱਧੀ ਰਾਤ ਕੱਟਣ ਲਈ ਇਹ ਮਸਜਦ ਬੜਾ ਮਹਿਫੂਜ਼ ਅੱਡਾ ਹੁੰਦਾ ਸੀ| ਮੌਲਵੀ ਅਨਵਰ ਦੇ ਨਾਲ ਰਹਿੰਦਿਆਂ ਮੈਂ ਅਰਬੀ ਪੜ੍ਹਨੀ ਸਿੱਖੀ| ਮੈਂ ਕੁਰਾਨ ਸ਼ਰੀਫ ਦੀ ਅਬਾਰਤ ਚੰਗੀ ਤਰਾਂ ਪੜ੍ਹ ਸਕਦਾ ਸੀ ਪਰ ਅਰਥ ਮੈਨੂੰ ਬਿਲਕੁਲ ਨਹੀਂ ਸੀ ਆਉਂਦੇ। ਇਕ ਵਾਰ ਜਲੰਧਰ ਜ਼ਿਲਾ ਪੱਧਰ ’ਤੇ ਕਿਸਾਨ ਕਮੇਟੀ ਦੇ ਜਲਸਿਆਂ ਦਾ ਪ੍ਰੋਗਰਾਮ ਰੱਖਿਆ ਗਿਆ| ਤਹਿਸੀਲ ਫਿਲੌਰ ਵਿਚ ਹੋਣ ਵਾਲੇ ਜਲਸਿਆਂ ਸਮੇਂ ਮੌਲਵੀ ਅਨਵਰ ਨਾਲ ਮੈਨੂੰ ਵੀ ਬਾਬਾ ਬੀਰ ਸਿੰਘ ਦੇ ਸਾਥ ਦਾ ਮਾਣ ਪ੍ਰਾਪਤ ਹੋਇਆ| ਪੁਆਦੜਿਆਂ ਵਾਲਾ ਤਾਲਬ ਉਥੇ ਦੇ ਭਾਗ ਮਰਾਸੀ ਦਾ ਪੁੱਤ ਸੀ| ਕਿਸਾਨ ਕਮੇਟੀ ਦੇ ਕਿਸੇ ਵੀ ਜਲਸੇ ਵਿਚ ਤਾਲਬ ਦੀ ਸ਼ਮੂਲੀਅਤ ਜਲਸੇ ਦੀ ਸਫਲਤਾ ਦੀ ਗਰੰਟੀ ਹੁੰਦੀ ਸੀ| ਉਹਦੀ ਆਵਾਜ਼ ਬੜੀ ਸੁਰੀਲੀ ਸੀ| ਉਹਦੀ ਇਹ ਕਵਿਤਾ ਬੜੀ ਮਸ਼ਹੁਰ ਸੀ|
“ਤਾਂਘਾ ਸੋਸ਼ਲਇਜ਼ਮ ਦੀਆਂ ਲੱਗੀਆਂ ਨੇ- ਕਦ ਆਵੇ ਸੁਖ ਮਾਣਾ ,
ਤਾਲਬ ਮੇਰਾ ਹਮਉਮਰ ਸੀ ਤੇ ਦੋਸਤ ਬਣ ਗਿਆ ਸੀ| ਇਹ ਜਾਣ ਕਿ ਖੁਸ਼ੀ ਹੋਈ ਕਿ ਉਹ ਪਾਕਿਸਤਾਨ ਚਲਾ ਗਿਆ ਸੀ ਪਰ ਮੌਲਵੀ ਅਨਵਰ ਦਾ ਹਸ਼ਰ ਕੀ ਹੋਇਆ ਕੋਈ ਪਤਾ ਨਹੀਂ|
ਤਹਿਸੀਲ ਫਿਲੌਰ ਦੇ ਜਿਹਨਾਂ ਪਿੰਡਾਂ ਵਿਚ ਕਿਸਾਨ ਕਮੇਟੀਆਂ ਸਨ ਉਹਨਾਂ ਸਾਰੇ ਪਿੰਡਾਂ ਦੀ ਮੈਂਬਰਸ਼ਿਪ ਦਾ ਮੇਰੇ ਹੱਥ ਦਾ ਲਿਖਿਆ ਰਜਿਸਟਰ ਦੇਸ਼ ਭਗਤ ਯਾਦਗਾਰ ਜਲੰਧਰ ਵਿਚ ਰੱਖਿਆ ਹੋਇਆ ਹੈ। ਇਹ ਮੈਨੂੰ ਬਾਬਾ ਭਗਤ ਸਿੰਘ ਬਿਲਗਾ ਨੇ 1980 ਵਿਚ ਮੇਰੀ ਪਹਿਲੀ ਭਾਰਤ ਫੇਰੀ ਸਮੇਂ ਦਖਾਲਿਆ ਸੀ| ਫਾਰਸੀ ਅੱਖਰਾਂ ਵਿਚ ਲਿਖੀ ਮੇਰੀ ਖੁਸ਼ਪੱਤੀ ਚਾਪੇਖਾਨੇ ਵਰਗੀ ਹੈ|
‘ਹੁਣ’7 ਵਿਚ ਪੁਆਦੜੀਆਂ ’ਤੇ ਤਲਬਣ ਦੇ ਹਮਲੇ ਬਾਰੇ ਪੜ੍ਹ ਕੇ ਮੈਂ ਆਪਣੇ ਸ਼ਹਿਰ ਨੋਟਿੰਘਮ ਵਿਚ ਰਹਿੰਦੇ ਨੰਦ ਸਿੰਘ ਦੁਸਾਂਝ ਨੂੰ ਸ਼ਹਿਰ ਦੇ ਗੁਰਦੁਆਰੇ ਜਾ ਕੇ ਮਿਲਿਆ| ਉਸ ਲੇਖ ਬਾਰੇ ਦੱਸ ਕੇ ਉਹਨਾਂ ਨੂੰ ਸ਼ਹੀਦਾਂ ਦੀ ਸਾਰੀ ਲਿਸਟ ਪੜ੍ਹ ਕੇ ਸੁਣਾਈ ਤੇ ਉਹਨਾਂ ਤੋਂ ਹੋਰ ਜਾਣਕਾਰੀ ਲਈ। ਨੰਦ ਸਿੰਘ ਮੇਰੇ ਹਮਉਮਰ ਹਨ| ਮੇਰੇ ਵਾਂਗ ਉਨਾਂ੍ਹ ਦਾ ਜਨਮ ਵੀ 1923 ਦਾ ਹੈ | 1947 ਦੇ ਫਸਾਦਾਂ ਸਮੇਂ ਉਹ 24 ਸਾਲ ਦੇ ਗੱਭਰੂਟ ਸਨ| ਉਹ ਦੱਸਦੇ ਹਨ ਕਿ ਤਲਬਣ ਵਾਲੇ ਧਰਮ ਯੁੱਧ ਵਿਚ ਉਹ ਚਾਰ ਦਿਨ ਮੋਰਚੇ ’ਤੇ ਜਾਂਦੇ ਰਹੇ ਸੀ| ਜੋ ਦੋ ਕੁੜੀਆਂ ਮੁਸਲਮਾਨਾ ਦੀਆਂ ਚੱਕ ਲਿਆਦੀਆਂ ਸੀ ਉਹਨਾਂ ’ਚੋ ਇਕ ਸੰਗੋਵਾਲ ਪਿੰਡ ਦੇ ਕਾਕੂ ਗੁੱਜਰ ਦੀ ਭੈਣ ਸੀ| ਮੋੜ ਦੇਣ ਲਈ ਇਹ ਕੁੜੀ ਮੇਹਰ ਸਿੰਘ ਲੰਬੜਦਾਰ ਪਾਸ ਸੀ| ਦੂਜੀ ਕੁੜੀ ਭੂੰਡਰੀ ਵਾਲੇ ਫਜੰਦ ਗੁੱਜਰ ਦੀ ਕੁੜੀ ਸੀ ਉਹਨੁੰ ਬਿਲਗੇ ਵਾਲੇ ਲੈ ਗਏ ਸੀ| ਅਮਨ ਚੈਨ ਹੋਣ ’ਤੇ ਕਾਕੂ ਗੁੱਜਰ ਦੀ ਭੈਣ ਪਾਕਿਸਤਾਨ ਚਲੇ ਗਈ ਸੀ| ਪਰ ਫਰਜੰਦ ਗੁੱਜਰ ਦੀ ਕੁੜੀ ਇੰਡੀਆ ਹੀ ਰਹੀ, ਉਹ ਪਾਕਿਸਤਾਨ ਜਾਣੋ ਨਾਂਹ ਕਰ ਗਈ ਸੀ| ਨੰਦ ਸਿੰਘ ਦਾ ਬਿਆਨ ਹੈ ਕਿ ਪੰਜ ਕੁੜੀਆਂ ਹੋਰ ਵੀ ਚੁੱਕ ਲਿਆਦੀਆਂ ਸਨ, ਉਹ ਚਹੇੜੂ ਵਾਲਿਆਂ ਨੂੰ ਦੇ ਦਿੱਤੀਆਂ ਸੀ| ਮੇਹਰ ਸਿੰਘ ਦੀ ਪਤਨੀ ਨਸੀਬ ਕੌਰ ਖੂਹ ’ਤੇ ਮਾਰੀ ਗਈ| ਗੋਲੀ ਦਾ ਛੱਰਾ ਨੰਦ ਸਿੰਘ ਦੇ ਵੀ ਲੱਗਾ ਜਿਸਦਾ ਨਿਸ਼ਾਨ ਅਜੇ ਬਾਕੀ ਹੈ। ਇਕ ਗੋਲੀ ਨੰਦ ਸਿੰਘ ਦੇ ਭਰਾ ਦੀ ਅੱਖ ਵਿਚ ਲੱਗੀ ਤੇ ਉਹਦੀ ਅੱਖ ਜਾਂਦੀ ਲੱਗੀ| ਉਹਨਾਂ ਦਾ ਇਹ ਵੀ ਕਹਿਣ ਹੈ ਕਿ ਤਲਬਣ ਵਾਲਿਆਂ ਦੇ ਪੁਆਦੜੇ ’ਤੇ ਹਮਲੇ ਵਿਚ ਸੱਤਰ ਦੇ ਕਰੀਬ ਬੰਦੇ ਮਰੇ ਸੀ| ਭੁਜੰਗੀ ਸਿੰਘ ਨੰਦ ਸਿੰਘ ਹੁਰਾਂ ਵਿਚੋਂ ਹੀ ਸੀ| ਵੱਡੇ ਅਖੀਰਲੇ ਹਮਲੇ ਸਮੇਂ ਤਲਬਣ ਵਿਚ ਮਾਰੇ ਗਏ ਮੁਸਲਮਾਂਨਾ ਦੀ ਗਿਣਤੀ ਕਿਤੇ ਵੱਧ ਸੈਂਕੜਿਆਂ ਵਿਚ ਦੱਸਦੇ ਹਨ| ਇਹ ਪੁਛਣ ’ਤੇ ਕਿ ਕੀ ਉਸ ਸਮੇਂ ਤੁਸੀਂ ਆਪਣੇ ਪਿੰਡ ਕਿਸੇ ਮੁਸਲਮਾਨ ਨੂੰ ਸਿੱਖ ਵੀ ਬਣਾਇਆ ਸੀ ? ਤਾਂ ਉਨਾਂ੍ਹ ਕਿਹਾ ਕਿ ਕਿਸੇ ਨੂੰ ਜਬਰਦਸਤੀ ਸਿੱਖ ਨਹੀਂ ਬਣਾਇਆ ਗਿਆ ਪਰ ਉਨਾਂ੍ਹ ਨੇ ਰਹਿਮੇ ਨਾਂ ਦੇ ਇਕ ਮੁਸਲਮਾਨ ਬਾਰੇ ਦੱਸਿਆ ਕਿ ਉਸ ਪਾਸ ਦੋ ਬਲਦ ਹੁੰਦੇ ਸਨ ਤੇ ਉਹ ਲੋਕਾਂ ਤੋਂ ਜਮੀਨ ਲੈ ਕੇ ਖੇਤੀ ਕਰਦਾ ਸੀ| ਉਹ ਆਪ ਅੰਮ੍ਰਿਤ ਛਕ ਕੇ ਸਿੱਖ ਬਣ ਗਿਆ ਸੀ| ਉਹ ਪਿੰਡ ਟਿਕਿਆ ਰਿਹਾ| ਅਮਨ ਦੀਆਂ ਕੋਸ਼ਿਸ਼ਾਂ ਕਰਦਾ ਬਾਬਾ ਬੀਰ ਸਿੰਘ ਖੂਹ ਤੋਂ ਆਉਂਦਾ ਮਾਰਿਆ ਗਿਆ। ਨਾਲ ਬਾਬੇ ਦੇ ਤਾਏ ਚਾਚੇ ਦਾ ਪੁੱਤ ਵਤਨ ਸਿੰਘ ਵੀ ਮਾਰਿਆ ਗਿਆ| ਮੈਨੂੰ ਆਪ ਨੂੰ ਬਾਬੇ ਨਾਲ ਪੁਆਦੜੇ ਜਾਣ ਤੇ ਬਾਬੇ ਦੇ ਘਰ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਸੀ| ਮੈਂ ਬਾਬੇ ਦੇ ਭਤੀਜੇ ਕਾਮਰੇਡ ਹਰਕਿਸ਼ਨ ਸਿੰਘ ਨੂੰ ਵੀ ਮਿਲਿਆ ਹਾਂ| ਬਾਬਾ ਬੀਰ ਸਿੰਘ ਜੀ ਦੀ ਇੱਕੋ ਇਕ ਉਲਾਦ ਨੰਜੋ ਨਾਂ ਦੀ ਲੜਕੀ ਸੀ ਜੋ ਬਾਬਾ ਕਰਮ ਸਿੰਘ ਚੀਮਾ ਦੇ ਪੋਤੇ ਨੂੰ ਵਿਆਹੀ ਹੋਈ ਸੀ| ਬਾਬਾ ਬੀਰ ਸਿੰਘ ਦੀ ਮੌਤ ਬਾਰੇ ਏਹੀ ਕਿਹਾ ਜਾ ਸਕਦਾ ਹੈ ‘ਵੋਹ ਜੋ ਗੁਮਨਾਮ ਰਾਹੋਂ ਮੇ ਮਾਰੇ ਗਏ’|
ਚੈਂਚਲ ਸਿੰਘ ਬਾਬਕ
ਨੋਟਿਘੰਮ ਯੂ ਕੇ
ਮਈ ਅਗਸਤ 2007 ਦੇ ‘ਹੁਣ’ ਵਿਚ ਗਹਿਲ ਸਿੰਘ ਛੱਜਲਵੱਡੀ ਬਾਰੇ ਪੜ੍ਹ ਕੇ ਤੁਹਾਨੂੰ ਦਾਦ ਦਿੰਦਾ ਹੋਇਆ ਉਸਦੇ ਜੀਵਨ ਬਾਰੇ ਕੁਝ ਹੋਰ ਅਹਿਮ ਪਹਿਲੂਆਂ ਤੋਂ ਜਾਣੂ ਕਰਵਾਉਣਾ ਚਾਹੁੰਦਾ ਹਾਂ, ਜਿਨ੍ਹਾਂ ਉਸ ਨੂੰ ਲੋਕਾਂ ਦਾ ਨਾਇਕ ਅਤੇ ਕੁਰਬਾਨੀ ਦਾ ਪੁੰਜ ਬਣਾਇਆ| ਕਿਰਤੀ ਲਹਿਰ ਸਮੇਂ ਪਹਿਲੀ ਜੇਲ੍ਹਬੰਦੀ ਦੌਰਾਨ ਗਹਿਲ ਸਿੰਘ ਛੱਜਲਵੱਡੀ ਗਦਰੀ ਦੇਸ਼ ਭਗਤਾਂ ਨਾਲ ਹੋਏ ਮੇਲ ਮਿਲਾਪ ਕਾਰਨ ਮਾਰਕਸਵਾਦੀ ਵਿਚਾਰਾਂ ਦੇ ਧਾਰਨੀ ਬਣੇ| ਬਾਬਾ ਸੋਹਣ ਸਿੰਘ ਭਕਨਾ, ਬਾਬਾ ਜੁਆਲਾ ਸਿੰਘ, ਬਾਬਾ ਕੇਸਰ ਸਿੰਘ ਆਦਿ ਰਿਹਾਅ ਹੋਕੇ ਆਏ ਤਾਂ ਉਹ ਕਿਸਾਨਾਂ ਮਜ਼ਦੂਰਾਂ ਨੂੰ ਜਥੇਬੰਦ ਕਰਨ ਵਿਚ ਜੁੱਟ ਪਏ| ਗਹਿਲ ਸਿੰਘ ਦੀ ਕਿਸਾਨ ਕਮੇਟੀਆਂ ਗਠਤ ਕਰਨ ਵਿਚ ਵਿਸ਼ੇਸ਼ ਭੂਮਿਕਾ ਸੀ| ਉਹ ਘੰਟਿਆਂ ਬੱਧੀ ਮੀਟਿੰਗ ਵਿਚ ਲੈਕਚਰ ਕਰਕੇ ਸਰੋਤਿਆਂ ਨੂੰ ਕੀਲਣ ਦੀ ਮੁਹਾਰਤ ਰੱਖਦੇ ਸਨ| ਤਰਨ ਤਾਰਨ ਤੇ ਦਰਬਾਰ ਸਾਹਿਬ ਵਿਚ ਤਾਂ ਉਹ ਸੰਗਰਾਂਦ ਮੱਸਿਆ ਨੂੰ ਪੁੱਜਕੇ ਦੀਵਾਨ ਵਿਚ ਅੰਗਰੇਜ਼ੀ ਹਕੂਮਤ ਵਿਰੁੱਧ ਸੰਗਤਾਂ ਨੂੰ ਪ੍ਰੇਰਦੇ ਸਨ| ਕਿਸਾਨ ਮੋਰਚੇ ਦੇ ਜਰਨੈਲ ਵਜੋਂ ਉਸ ਦੇ ਜੀਵਨ ਦੀਆਂ ਦੋ ਘਟਨਾਵਾਂ ਬੜੀਆਂ ਮਹੱਤਵਪੂਰਨ ਹਨ| ਪਹਿਲੀ 1938 ਦੀ ਜਦੋਂ ਪੰਜਾਬ ਸਰਕਾਰ ਵਲੋਂ ਨਵੇਂ ਬੰਦੋਬਸਤ ਤਹਿਤ ਜ਼ਮੀਨ ਮਾਲੀਆ ਤੇ ਆਬਿਆਨਾ ਵਧਾਉਣ ਦੇ ਖ਼ਿਲਾਫ਼ ਜਬਰਦਸਤ ਕਿਸਾਨ ਸੰਘਰਸ਼ ਵਿਢਿਆ ਗਿਆ। ਪ੍ਰਤਾਪ ਸਿੰਘ ਕੈਰੋਂ, ਸੋਹਣ ਸਿੰਘ ਜੋਸ਼, ਬਾਬਾ ਸੋਹਣ ਸਿੰਘ ਭਕਨਾ, ਹਕੀਮ ਸਿੰਕਦਰ ਖਿਜ਼ਰ ਤੇ ਦਰਸ਼ਨ ਸਿੰਘ ਫੇਰੂਮਾਨ ’ਤੇ ਅਧਾਰਤ ਬੰਦੋਬਸਤ ਵਿਰੋਧੀ ਕਮੇਟੀ ਦਾ ਗਠਨ ਕੀਤਾ ਗਿਆ ਸੀ| ਇਕ ਇਸ਼ਤਿਹਾਰ ਛਾਪ ਕੇ ਸਰਕਾਰ ਨੂੰ ਖੁੱਲ੍ਹਾ ਚੈਲੰਜ ਕੀਤਾ ਗਿਆ ਸੀ| ਸਰਕਾਰ ਨਾਲ ਟੱਕਰ ਲੈਣ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਗਹਿਲ ਸਿੰਘ ਨੇ ਰਾਤ ਦਿਨ ਇਕ ਕਰ ਦਿੱਤਾ ਸੀ| 20 ਜੁਲਾਈ 1938 ਨੂੰ ਕਿਸਾਨ ਸਭਾ ਵੱਲੋਂ ਅੰਮ੍ਰਿਤਸਰ ਵਿਚ ਵੱਡਾ ਪ੍ਰਦਰਸ਼ਨ ਕਰਨ ਦੇ ਐਲਾਨ ਤੋਂ ਘਬਰਾ ਕੇ ਸਰਕਾਰ ਨੇ ਸ਼ਹਿਰ ਵਿਚ ਦਫਾ 144 ਲਾਕੇ ਆਗੂਆਂ ਦੀਆਂ ਗ੍ਰਿਫਤਾਰੀਆਂ ਸ਼ੂਰੂ ਕਰ ਦਿੱਤੀਆਂ ਸਨ| ਐਕਸ਼ਨ ਕਮੇਟੀ ਵੱਲੋਂ ਦਫਾ 144 ਦੀਆਂ ਧੱਜੀਆਂ ਉਡਾਉਣ ਦਾ ਫੈਸਲਾ ਕਰਕੇ 20 ਜੁਲਾਈ ਨੂੰ ਬਾਬਾ ਸੋਹਣ ਸਿੰਘ ਭਕਨਾ, ਊਧਮ ਸਿੰਘ ਨਾਗੋਕੇ ਦੀ ਅਗਵਾਈ ਵਿਚ ਜਲਿ੍ਹਆਵਾਲਾ ਬਾਗ ਤੋਂ ਇਕ ਭਾਰੀ ਜਲੂਸ ਡੀ ਸੀ ਨੂੰ ਮੰਗ ਪੱਤਰ ਦੇਣ ਲਈ ਕਚਹਿਰੀਆਂ ਵੱਲ ਨੂੰ ਕੂਚ ਕੀਤਾ ਤਾਂ ਭੰਡਾਰੀ ਪੁਲ ੳੁੱਪਰ ਪੁਲਿਸ ਨੇ ਜਲੂਸ ਨੂੰ ਰੋਕ ਕੇ ਤਸ਼ੱਦਦ ਕੀਤਾ ਸੀ। ਘੋੜ ਸਵਾਰ ਪੁਲਸ ਵਲੋਂ ਸਤਿਆਗ੍ਰਹੀਆਂ ਨੂੰ ਦਰੜਿਆ ਗਿਆ ਸੀ| ਲੱਗ ਭਗ 1300 ਪ੍ਰਦਰਸ਼ਨਕਾਰੀ ਸਖ਼ਤ ਜਖ਼ਮੀ ਹੋ ਗਏ ਸਨ| ਫੱਟੜਾਂ ਵਿਚ ਗ੍ਰਿਫਤਾਰ ਕੀਤਾ ਗਹਿਲ ਸਿੰਘ ਵੀ ਸੀ| ਕਿਸਾਨ ਲਹਿਰ ਦੇ ਇਤਿਹਾਸ ਵਿਚ ਜਬਰ ਤੇ ਸਬਰ ਵਿਚਕਾਰ ਮੁਕਾਬਲੇ ਦੀ ਇਸ ਘਟਨਾ ਨੂੰ ਉਸ ਸਮੇਂ ਮੇਰਠ ਤੋਂ ਛਪਦੇ ‘ਕਿਰਤੀ ਲਹਿਰ’ ਨੇ 14 ਅਗਸਤ 1938 ਨੂੰ ਕਿਸਾਨ ਸਭਾ ਦੇ ਇਤਿਹਾਸ ਦਾ ਮੀਲ ਪੱਥਰ ਲਿਖਿਆ ਸੀ|
ਦੂਜੀ ਘਟਨਾ 21-22 ਸਤੰਬਰ 1941 ਦੀ ਹੈ। ਮੋਗੇ ਨੇੜੇ ਪਿੰਡ ਫਤਿਹਗੜ੍ਹ ਕੋਰੋਟੋਨਾ ਵਿਚ ਪੰਜਾਬ ਕਿਸਾਨ ਸਭਾ ਦੀ ਚੌਥੀ ਸਾਲਾਨਾ ਕਾਨਫ੍ਰੰਸ ਹੋਣੀ ਨਿਯਤ ਹੋਈ| ਦੂਜੀ ਸੰਸਾਰ ਜੰਗ ਜੋਰਾਂ ’ਤੇ ਸੀ| ਸਰਕਾਰ ਕਿਸਾਨ ਸਭਾ ਦੇ ਸੰਗਠਨ ਨੂੰ ਖ਼ਤਰਨਾਕ ਦੁਸ਼ਮਣ ਸਮਝਦੀ ਸੀ ਅਤੇ ਇਸ ਕਾਨਫਰੰਸ ਨੂੰ ਰੋਕਣ ਦੇ ਪ੍ਰਬੰਧ ਕਰਕੇ ਆਗੂਆਂ ਦੀ ਫੜੋਫੜੀ ਸ਼ੁਰੂ ਕਰ ਦਿੱਤੀ ਸੀ| ਸਤਲੁਜ ਦੇ ਪੱਤਣਾਂ ’ਤੇ ਪੁਲਾਂ ਉੱਪਰ ਘੋੜ ਸਵਾਰ ਪੁਲਸ ਦੇ ਪਹਿਰੇ ਲਾ ਦਿੱਤੇ ਸਨ। ਪਿੰਡ ਪਿੰਡ ਡੌਂਡੀਆਂ ਪਿਟਵਾ ਕੇ ਲੋਕਾਂ ਉੱਪਰ ਦਹਿਸ਼ਤ ਪਾਈ ਗਈ ਕਿ ਕਾਨਫਰੰਸ ਵਾਲੀ ਥਾਂ ਜਾਣ ਵਾਲਿਆਂ ਨੂੰ ਗੋਲੀਆਂ ਨਾਲ ਮਾਰਿਆਂ ਜਾਵੇਗਾ| ਕਾਨਫਰੰਸ ਵਾਲੀ ਥਾਂ ਪਹੁੰਚਣ ਵਾਲੇ ਪਹਿਲੇ ਜਥੇ ਦੇ ਆਗੂ ਤੇਜਾ ਸਿੰਘ ਚੂੜਕਾਣਾ ਨੂੰ ਗ੍ਰਿਫਤਾਰ ਕੀਤਾ ਗਿਆ| ਇਸ ਤਰ੍ਹਾਂ ਉੱਪਰੋਂ ਥਲੀ ਨੌ ਪ੍ਰਧਾਨ ਫੜੇ ਗਏ| ਚੁਫੇਰਿਉਂ ਆ ਰਹੇ ਜੱਥਿਆਂ ਦੀ ਮਾਰਕੁਟਾਈ ਕੀਤੀ ਜਾ ਰਹੀ ਸੀ ਤਾਂ ਇਸ ਨਾਜ਼ੁਕ ਸਮੇਂ ਕਾਨਫਰੰਸ ਹਾਲ ਵਿਚ ਖਾਲੀ ਪਈ ਪ੍ਰਧਾਨਗੀ ਦੀ ਕੁਰਸੀ ਦੇਸ਼ ਭਗਤਾਂ ਲਈ ਵੱਕਾਰ ਦਾ ਸਵਾਲ ਬਣ ਗਈ ਸੀ ਤਾਂ ਗਹਿਲ ਸਿੰਘ ਛੱਜਲਵੱਡੀ ਨੇ ਪੁਲਿਸ ਦੀ ਅੱਖੀਂ ਘੱਟਾ ਪਾ ਕੇ ਨਾਟਕੀ ਢੰਗ ਨਾਲ ਪ੍ਰਧਾਨਗੀ ਵਾਲੀ ਕੁਰਸੀ ਸੰਭਾਲ ਕੇ ਕਾਨਫਰੰਸ ਸਫਲ ਕਰ ਲਈ ਸੀ| ਇਸ ਘਟਨਾ ਨੇ ਕਾਮਰੇਡ ਗਹਿਲ ਸਿੰਘ ਦਾ ਨਾਂ ਕਿਸਾਨ ਨੇਤਾ ਦੇ ਤੌਰ ’ਤੇ ਰੋਸ਼ਨ ਕਰ ਦਿੱਤਾ ਸੀ| ਇਸ ਘਟਨਾ ਦੇ ਚਸ਼ਮਦੀਦ ਗਵਾਹ ਵਤਨ ਸਿੰਘ ਮਾਹਲ ਗਹਿਲਾਂ ਨੇ ਆਪਣੇ ਬਿਆਨ ਵਿਚ ਲਿਖਿਅ ਹੈ- “ਕੋਰੋਟਟਾਨਾ ਦੀ ਕਿਸਾਨ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਵਲੰਟੀਅਰਾਂ ਦੀਆਂ ਟੁਕੜੀਆਂ ਪਿੰਡ ਪਿੰਡ ਪ੍ਰਚਾਰ ਲਈ ਤੁਰ ਪਈਆਂ ਦੂਜੇ ਪਾਸੇ ਘੋੜ ਸਵਾਰਾਂ ਨੇ ਆਪਣੇ ਤੰਬੂ ਕਾਨਫਰੰਸ ਦੇ ਲਾਗੇ ਗੱਡ ਲਏ ਸਨ ਜਿਹੜਾ ਵੀ ਕਾਨਫਰੰਸ ਦਾ ਪ੍ਰਧਾਨ ਬਣਦਾ ਉਹ ਗ੍ਰਿਫਤਾਰ ਕਰ ਲਿਆ ਜਾਂਦਾ। ਤਿੰਨਾਂ ਦਿਨਾਂ ਵਿਚ 9 ਪ੍ਰਧਾਨ ਗ੍ਰਿਫਤਾਰ ਕੀਤੇ ਗਏ ਸਨ| ਮੈਂ ਅੱਜ ਤੱਕ ਪਹਿਲਾਂ ਕਿਸੇ ਵੀ ਕਾਨਫਰੰਸ ਵਿਚ ਏਨੀ ਨਿਡੱਰਤਾ ਦਾ ਪ੍ਰਭਾਵ ਨਹੀਂ ਵੇਖਿਆ। ਮੈਨੂੰ ਅੱਜ ਵੀ ਉਸ ਵਕਤ ਨੂੰ ਚੇਤੇ ਕਰ ਕੇ ਹੈਰਾਨੀ ਹੁੰਦੀ ਹੈ।”
ਅਪ੍ਰੈਲ 1945 ਨੂੰ ਨਿਤਰਾਕੋਨਾ (ਬੰਗਾਲ ਵਿਚ) ਆਲ ਇੰਡੀਆਂ ਕਿਸਾਨ ਸਭਾ ਦੇ ਅਜਲਾਸ ਸਮੇਂ ਕਾਮਰੇਡ ਗਹਿਲ ਸਿੰਘ ਸੂਬਾ ਕਿਸਾਨ ਕਮੇਟੀ ਦੇ ਮੈਂਬਰ ਚੁਣੇ ਗਏ ਸਨ| ਇਤਿਹਾਸ ਵਿਚ ਨਾਇਕਾਂ,ਮਹਾਂਪੁਰਸ਼ਾ ਦੀਆਂ ਬਾਤਾਂ ਪਾਈਆਂ ਜਾਂਦੀਆ ਹਨ| ਗਹਿਲ ਸਿੰਘ ਛੱਜਲਵੱਡੀ ਦਾ ਰੁਤਬਾ ਉਨ੍ਹਾਂ ਤੋਂ ਘੱਟ ਨਹੀਂ| ਸੱਚ ਨੂੰ ਫਾਂਸੀ ਵਾਲੀ ਕਹਾਵਤ ਦਾ ਉਸਨੂੰ ਪੂਰਾ ਗਿਆਨ ਸੀ| ਇਸੇ ਕਰਕੇ ਖਤਰਿਆਂ ਭਰੇ ਵਾਤਾਵਰਨ ਵਿਚ ਉਹ ਜਾਣਦਿਆਂ ਹੋਇਆਂ ਵੀ ਆਪਣੇ ਅਕੀਦੇ ਤੋਂ ਡੋਲਿਆ ਨਹੀਂ| ਸੰਨ ਸੰਤਾਲੀ ਦੀ ਮਾਰ ਕਾਟ ਸਮੇਂ ਕਟੜਪੰਥੀਆਂ ਵਲੋਂ ਕੀਤੇ ਕੁਕਰਮਾਂ ਨੂੰ ਦੂਜਿਆਂ ਵਾਂਗ ਉਹ ਆਪਣੀ ਜਾਨ ਬਚਾਉਣ ਲਈ ਅਣਦੇਖੀ ਨਾ ਕਰ ਸਕਿਆ| ਉਸਨੇ ਆਪਣੀ ਮਾਂ ਨੂੰ ਸਾਫ਼ ਸਾਫ਼ ਦੱਸ ਦਿੱਤਾ ਸੀ ਕਿ ਲੋਕ ਸੇਵਾ ਫਕੀਰੀ ਦਾ ਰਾਹ ਹੈ, ਇਹ ਇਕ ਪੁੰਨ ਹੈ, ਇਸ ਰਾਹ ਉੱਤੇ ਆਪਣਾ ਭਲਾ-ਬੁਰਾ ਨਹੀਂ ਵਿਚਾਰ ਹੁੰਦਾ| ਅਫਸੋਸ ਕਿ ਉਸ ਮਹਾਨ ਪੁਰਖ ਦੀ ਕਿਸੇ ਨੇ ਬਾਤ ਨਾ ਪਾਈ| ਕਿਉਂ? ਇਹ ਇਕ ਅਹਿਮ ਸਵਾਲ ਸਾਡੇ ਸਾਮ੍ਹਣੇ ਹੈ| ਤੁਸੀਂ ਵੱਡਾ ਉਪਰਾਲਾ ਕਰਕੇ ਉਸ ਦੀ ਜੀਵਨ ਗਾਥਾ ਪਾਠਕਾਂ ਸਨਮੁੱਖ ਕਰਨ ਦਾ ਪਵਿੱਤਰ ਕਾਰਜ਼ ਨਿਭਾਇਆ ਹੈ|
ਚਰੰਜੀ ਲਾਲ ਕੰਗਣੀਵਾਲ
ਦੇਸ਼ ਭਗਤ ਯਾਦਗਾਰ, ਹਾਲ ਜਲੰਧਰ