ਪਹਿਲੀ ਵਾਰ ਮਿਲਣ ਲਈ ਡਾਕਟਰ ਤਾਰਿਕ ਕਿਫ਼ਾਇਤੁੱਲਾ ਸਮੇਤ ਪਰਿਵਾਰਾਂ ਨਾਲ ਜਦੋਂ ਚੈਲ ਵਲ 31 ਅਕਤੂਬਰ 2006 ਨੂੰ ਤੁਰੇ, ਤਾਂ ਤੁਰਨ ਤੋਂ ਪਹਿਲਾਂ ਇਕ ਵਾਰ ਫਿਰ ਭਾਈ ਲਕਸ਼ਵੀਰ ਸਿੰਘ ਦੇ ਬੇਟੇ ਕ੍ਰਿਸ਼ਣਵੀਰ ਸਿੰਘ ਨੂੰ ਫੋਨ ਕਰਕੇ ਪੁੱਛਿਆ- ਤੁਹਾਡੀ ਕੋਠੀ ਲੱਭਾਂਗੇ ਕਿਵੇਂ? ਉਹ ਹੱਸ ਪਿਆ, ਕਿਹਾ- ਮੁਸ਼ਕਲ ਨਹੀਂ ਆਏਗੀ। ਸਾਡੇ ਕੋਲ ਸਿਰਨਾਵਾਂ 1969 ਵਿਚ ਪ੍ਰਕਾਸ਼ਿਤ ਹੋਈ ਫ਼ਾਰਸੀ ਦੀ ਕਿਤਾਬ ’ਮੁਨਾਜਾਤਿ ਬਾਮਦਾਦੀ’ ਦੇ ਕਰਤਾ ਦਾ ਸੀ, ਕੇਵਲ ਏਨਾ- ਵੀਰ ਨਿਵਾਸ, ਸ਼ਿਮਲਾ ਹਿੱਲਜ਼, ਚੈਲ।
ਉਥੇ ਪੁੱਜ ਕੇ ਪਤਾ ਲੱਗਾ ਕਿ ਨਾਭਾ ਰਿਆਸਤ ਦਾ 90 ਸਾਲਾ ਇਹ ਸਰਦਾਰ ਅੱਧੇ ਚੈਲ ਦਾ ਮਾਲਕ ਹੈ। ਦੁਪਹਿਰ ਡੇਢ ਵਜੇ ਉਨ੍ਹਾਂ ਦੇ ਕਮਰੇ ਵਿਚ ਦਾਖਲ ਹੋਏ। ਹਵੇਲੀ ਦਾ ਸੈਂਟਰਲ ਹਾਲ 25×25 ਫੁੱਟ ਡਰਾਇੰਗ ਰੂਮ ਵੀ ਹੈ, ਭਾਈ ਸਾਹਿਬ ਦਾ ਬੈਡੱਰੂਮ ਵੀ। ਦੋ ਸੋਫਾ ਸੈਟੱ ਹਨ ਤੇ ਕੰਧ ਨਾਲ ਲੱਗੇ ਦੀਵਾਨ ਉਪਰ ਭਾਈ ਲਕਸ਼ਵੀਰ ਸਿੰਘ ਲੇਟੇ ਪਏ ਸਨ। ਸਾਨੂੰ ਦੇਖ ਕੇ ਦੀਵਾਨ ਉਪਰ ਬੈਠ ਗਏ ਤੇ ਖੜ੍ਹੇ ਹੋਣ ਦਾ ਯਤਨ ਕਰਨ ਲੱਗੇ। ਬਾਹਾਂ ਭਾਰ ਨਾ ਚੁੱਕ ਸਕੀਆਂ ਤਾਂ ਤਾਰਿਕ ਅਤੇ ਮੈਂ ਸਹਾਰਾ ਦੇਣ ਲਈ ਤੇਜ਼ੀ ਨਾਲ ਅੱਗੇ ਆਏ। ਅਸੀਂ ਸੋਚਿਆ ਸ਼ਾਇਦ ਗ਼ੁਸਲਖ਼ਾਨੇ ਜਾਣਾ ਹੋਵੇ। ਜਦੋਂ ਅਸੀਂ ਚਰਨ ਛੁਹੇ, ਖਲੋਤਿਆਂ-ਖਲੋਤਿਆਂ ਉਨ੍ਹਾਂ ਨੇ ਅਸੀਸਾਂ ਦਿਤੀਆਂ। ਮੈਂ ਪੁੱਛਿਆ – ਕਿਸ ਪਾਸੇ ਜਾਣਾ ਹੈ ਭਾਈ ਸਾਹਿਬ? ਕਹਿਣ ਲੱਗੇ- ਕਿਸੇ ਪਾਸੇ ਨਹੀਂ। ਹੁਣ ਸਹਿਜੇ-ਸਹਿਜੇ ਬਿਠਾ ਦਿਉ। ਬਿਠਾ ਦਿੱਤੇ। ਫਿਰ ਪੁੱਛਿਆ – ਭਾਈ ਸਾਹਿਬ ਖੜ੍ਹੇ ਕਿਉਂ ਹੋਏ ਸੀ ਤੁਸੀਂ? ਕਹਿਣ ਲੱਗੇ – ਏਡੇ ਵਡੇ ਮਹਿਮਾਨ ਏਨੀ ਦੂਰੋਂ ਆਏ ਹੋਣ ਤਾਂ ਮੇਜ਼ਬਾਨ ਉਠੇਗਾ ਵੀ ਨਾ? ਸਾਡੇ ਘਰ ਇਸ ਤਰਾਂ ਦਾ ਦਸਤੂਰ ਨਹੀਂ ਭਾਈਓ। ਮਹਿਮਾਨ, ਘਰ ਅੰਦਰ ਕਦਮ ਰੱਖੇ, ਮੈਂ ਖਲੋ ਕੇ ਆਦਰ ਕਰਨ ਜੋਗਾ ਨਾਂ ਰਹਾਂ, ਇਸ ਤੋਂ ਪਹਿਲਾਂ ਫਿਰ ਮਹਾਰਾਜ ਮੈਨੂੰ ਆਪਣੇ ਕੋਲ ਹੀ ਬੁਲਾ ਲੈਣ।
ਦੇਰ ਪਹਿਲਾਂ ਪੜ੍ਹੀ ਜਨਮਸਾਖੀ ਦਾ ਦ੍ਰਿਸ਼ ਯਾਦ ਆਇਆ ਜੋ ਇਸ ਪ੍ਰਕਾਰ ਹੈ –
ਗੁਰੂ ਨਾਨਕ ਦੇਵ ਜੀ ਲੰਮੀ ਯਾਤਰਾ ਤੋਂ ਵਾਪਸ ਪਰਤੇ, ਤਾਂ ਆਪਣੇ ਘਰ ਨਹੀਂ ਗਏ। ਰਾਇ ਬੁਲਾਰ ਖਾਂ ਜੀ ਦੀ ਹਵੇਲੀ ਪੁੱਜੇ। ਰਾਇ ਮੰਜੀ ਉਪਰ ਬੈਠੇ ਸਨ। ਉਡੀਕ ਹੋ ਰਹੀ ਸੀ। ਮਹਾਰਾਜ ਨੂੰ ਦੇਖਦਿਆਂ ਮੰਜੀ ਤੋਂ ਉਠਣ ਦਾ ਯਤਨ ਕਰਨ ਲੱਗੇ ਪਰ ਉਠਿਆ ਨਾ ਗਿਆ। ਬਾਬਾ ਜੀ ਤੇਜ਼ ਕਦਮੀ ਅਗੇ ਆਏ ਤੇ ਰਾਇ ਬੁਲਾਰ ਜੀ ਦੇ ਗੋਡਿਆਂ ਉਪਰ ਦੋਵੇਂ ਹੱਥ ਰੱਖੇ।
ਰਾਇ ਨੇ ਕਿਹਾ, “ਬਾਬਾ ਵੱਡਾ ਜੁਲਮ ਕੀਤੋ ਮੈਂ ਉਪਰ। ਤੁਸਾਂ ਨੂੰ ਸੱਦਿਆ ਸੀ, ਜੋ ਕਦਮ ਚੁੰਮਾਂ। ਸਾਡੀ ਦੇਹ ਨੂੰ ਹੱਥ ਕਿਉਂ ਲਾਇਆ? ਬਾਬਾ ਸਾਨੂੰ ਮਾਰ ਨਾਂਹ। “
ਮਹਾਰਾਜ ਨੇ ਫੁਰਮਾਇਆ, “ਰਾਇ ਜੀ ਤੁਸੀਂ ਵੱਡੇ ਹੋ। ਅਸੀਂ ਤੁਹਾਡੀ ਪਰਜਾ ਹਾਂ। “ਰਾਇ ਬੋਲੇ, “ਬਾਬਾ ਮੈਨੂੰ ਤੂੰ ਬਖਸ਼। ਅਰ ਕਰਤਾਰ ਤੋਂ ਬੀ ਬਖਸ਼ਾ। “ ਗੁਰੂ ਬਾਬੇ ਬੋਲੇ, “ਤੁਸੀਂ ਧੁਰੋਂ ਬਖਸੇ ਹੋਏ ਹੋ। “ ਰਾਇ ਨੇ ਫਿਰ ਕਿਹਾ, “ਮੈ’ ਉਪਰ ਆਪਣੀ ਬੀ ਕੁਛ ਮਿਹਰਬਾਨੀ ਕਰ ਬਾਬਾ ਜਾਂ ਫਿਰ ਇਹ ਦਸ ਮੈ’ ਮਿਹਰਬਾਨੀ ਦਾ ਹੱਕਦਾਰ ਨਹੀ’। “ ਬਾਬੇ ਫਰਮਾਇਆ, “ਰਾਇ ਜੀ ਜਿਥੈ ਅਸੀਂ ਤਿਥੈ ਤੁਸੀਂ। ਰਾਇ ਨੇ ਕਿਹਾ, “ਰੀਝ ਪੂਰੀ, ਤਾਂ ਹੋਵੈ ਬਾਬਾ ਜੇ ਮੱਥਾ ਕਦਮਾਂ ਉਪਰ ਰੱਖਣ ਦੀ ਇਜਾਜ਼ਤ ਮਿਲੇ। “ਰਾਇ ਬਹੁਤ ਅਧੀਰ ਹੋਇਆ ਤਾਂ ਬਾਬੇ ਦੀ ਆਗਿਆ ਨਾਲ ਸਿਰ ਕਦਮਾਂ ਤੇ ਰੱਖਿਆ ਅਰ ਬਹੁਤ ਬਿਗਸਿਆ। ਬਾਬੇ ਨੇ ਅਸੀਸਾਂ ਦਿੱਤੀਆਂ।
ਤਾਰਿਕ ਅਤੇ ਮੈਂ ਲਗਾਤਾਰ ਮਹਿਸੂਸ ਕਰਦੇ ਰਹੇ ਕਿ ਜਿੰਨੀ ਖਾਤਰਦਾਰੀ, ਸਲੀਕੇ ਨਾਲ ਇਹ ਪਰਿਵਾਰ ਕਰ ਰਿਹਾ ਹੈ, ਅਸੀਂ ਉਸ ਦੇ ਉੱਨੇ ਹੱਕਦਾਰ ਨਹੀਂ ਹਾਂ। ਉਨ੍ਹਾਂ ਤੋਂ ਤਾਂ ਸਿੱਖਣ ਆਏ ਹਾਂ ਬੜਾ ਕੁੱਝ। ਸਿਖਾਂਦਰੂ ਕਿੰਨੇ ਸਨਮਾਨਯੋਗ ਹੁੰਦੇ ਹਨ, ਇਸ ਹਵੇਲੀ ਵਿਚੋਂ ਪਤਾ ਲੱਗਾ। ਕਾਲੀਦਾਸ ਮੇਘਦੂਤ ਨੂੰ ਮੁਖਾਤਿਬ ਹੋਕੇ ਆਖਦਾ ਹੈ:
ਰਸਤੇ ਵਿਚ ਕੈਲਾਸ਼ ਪਰਬਤ ਆਉਣਗੇ ਹੇ ਮੇਘ। ਧਿਆਨ ਨਾਲ ਹੇਠਾਂ ਦੇਖਦਾ ਜਾਈਂ। ਇਕ ਸ਼ਿਲਾ ਅਜਿਹੀ ਹੈ ਜਿਸ ਉਪਰ ਸ਼ਿਵਜੀ ਦੇ ਚਰਨਾ ਦੇ ਨਿਸ਼ਾਨ ਉਕਰੇ ਹੋਏ ਸਾਫ ਦਿਖਾਈ ਦਿੰਦੇ ਹਨ। ਇਸ ਸ਼ਿਲਾ ਨੂੰ ਪ੍ਰਣਾਮ ਤੇ ਪਹਾੜੀ ਦੁਆਲੇ ਪਰਿਕਰਮਾ ਕਰੀਂ। ਹੋ ਸਕਦਾ ਹੈ ਸ਼ਿਵ ਦੀ ਤਲਾਸ਼ ਵਿਚ ਪਾਰਬਤੀ ਇਧਰ ਉਧਰ ਭਟਕਦੀ ਦਿਸੇ। ਜੇ ਦਿੱਸ ਪਵੇ ਤਾਂ ਮੂਰਖਾਂ ਵਾਂਗ ਉਸ ਦੇ ਸਿਰ ਉਪਰ ਮੰਡਰਾਂਦਾ ਨਾ ਫਿਰੀਂ। ਤੁਰੰਤ ਬਰਫ ਬਣਕੇ ਗੋਰੀ ਮਾਂ ਦੇ ਕਦਮਾਂ ਹੇਠ ਵਿਛ ਜਾਈਂ। ਹੱਥਾਂ ਤੋਂ ਸੱਪਾਂ ਦੇ ਕੰਗਣ ਉਤਾਰ ਕੇ ਸ਼ਿਵ ਜੀ ਜਦੋਂ ਗੋਰੀ ਮਾਂ ਨੂੰ ਪਹਾੜੀ ਉਪਰ ਚੜ੍ਹਨ ਲਈ ਹੱਥ ਦਾ ਸਹਾਰਾ ਦੇਣ ਲੱਗਣ, ਤਾਂ ਕਦਮਾ ਹੇਠ ਪੌੜੀਆਂ ਬਣਕੇ ਵਿਛਦਾ ਜਾਈਂ। ਫੇਰ ਤੂੰ ਇਸ ਤਰਾਂ ਕਰੀਂ ਹੇ ਮੇਘ।
ਇਸ ਸ਼ਲੋਕ ਵਿਚ ਗੋਰੀ ਮਾਂ ਤਾਲਿਬੇ-ਇਲਮ ਹੈ ਤੇ ਸ਼ਿਵ, ਵਿਦਿਆ ਮਾਰਤੰਡ। ਕਾਲੀਦਾਸ ਦੇ ਹਿਰਦੇ ਵਿਚ ਵਿਦਿਆਰਥੀ ਲਈ ਉੱਨਾ ਆਦਰ ਹੈ ਜਿੰਨਾ ਗੋਰੀ ਮਾਂ ਲਈ। ਵੀਰ ਨਿਵਾਸ ਵਿਚ ਵਿੱਦਿਆ ਦਾ ਦਰਿਆ ਵਗ ਰਿਹਾ ਹੈ। ਅਸੀਂ ਇਥੇ ਇਸ਼ਨਾਨ ਕਰਕੇ ਵਾਪਸ ਪਰਤੇ ਹਾਂ। ਵਾਪਸੀ ਵਕਤ ਬਾਰ ਬਾਰ ਦਿਲ ਉਪਰ ਇਹ ਖਿਆਲ ਤਾਰੀ ਸੀ- ਜੇ ਇਸ ਨੇਕਬਖ਼ਤ ਇਨਸਾਨ ਦੇ ਚਰਨ ਨਾ ਛੂਹੇ ਹੁੰਦੇ, ਇਹ ਵਿਦਾਅ ਹੋ ਚੁੱਕਾ ਹੁੰਦਾ; ਤਦ ਕਿੰਨੇ ਅਭਾਗੇ ਹੋਣਾ ਸੀ। ਪਤਾ ਨਹੀਂ ਲਗਦਾ ਅਦਿੱਖ ਸ਼ਕਤੀਆਂ ਕਿਵੇਂ ਢੋਅ ਢੁਕਾਉਂਦੀਆਂ ਹਨ। ਜਿਵੇਂ 1782 ਈਸਵੀ ਵਿਚ ਜੰਮੇ ਭਾਈ ਰਤਨ ਸਿੰਘ ਭੰਗੂ ਨੂੰ ਕੋਈ ਪਤਾ ਨਹੀਂ ਸੀ ਕਿ ਇਕ ਮਹਾਨ ਇਤਿਹਾਸਕ ਗ੍ਰੰਥ ਰਚਣਾ ਪਵੇਗਾ। ਇਕ ਸਬੱਬ ਬਣਿਆ ਤੇ ਗ੍ਰੰਥ 1809 ਈਸਵੀ ਵਿਚ ਸ਼ੁਰੂ ਕਰਕੇ 1841 ਵਿਚ ਮੁਕੰਮਲ ਕਰ ਲਿਆ। ਹਥਲੀ ਲਿਖਤ ਵਿਚ ਪਾਠਕ ਨੂੰ ਸ਼ਾਂਤ ਚਿਤ, ਅਨੂਠੇ ਸ਼ਾਇਰ, ਅਰਬੀ ਅਤੇ ਫ਼ਾਰਸੀ ਵਿਦਵਾਨ ਦੇ ਦਰਸ਼ਨ ਅੰਸ਼ਿਕ ਤੌਰ ‘ਤੇ ਹੋਣਗੇ ਪਰ ਪਹਿਲੋਂ ਉਨ੍ਹਾਂ ਨੂੰ ਮਿਲਣ ਦੇ ਸਬੱਬ ਦਾ ਜ਼ਿਕਰ ਕਰੀਏ।
ਇਕ ਸਾਲ ਪਹਿਲਾਂ ਇੱਕ ਵਿਆਹ ‘ਤੇ ਗੱਲਾਂ ਕਰਦਿਆਂ ਸ. ਸਵਰਨ ਸਿੰਘ ਬੋਪਾਰਾਏ ਨੇ ਦੱਸਿਆ – ਇਕ ਗ੍ਰੰਥ ਆਪਣੇ ਪਾਸ ਪੁੱਜਾ ਹੈ। ਬਹੁਤ ਵੱਡੇ ਸਕਾਲਰ ਅਤੇ ਸ਼ਾਇਰ ਨੇ, ਕਦੀ ਜਪੁਜੀ ਦਾ ਫਾਰਸੀ ਨਜ਼ਮ ਵਿਚ ਤਰਜਮਾ ਕੀਤਾ ਸੀ। ਈਰਾਨ ਦੇ ਸ਼ਾਹ ਨੇ ਇਸਦਾ ਪਾਠ ਕੀਤਾ ਤਾਂ ਏਨਾ ਚੰਗਾ ਲੱਗਾ ਕਿ ਇਕ ਲੱਖ ਦੀਨਾਰ ਈਨਾਮ, ਆਉਣ ਜਾਣ ਦਾ ਖਰਚਾ ਤੇ ਸ਼ਾਹੀ ਮਹਿਮਾਨ ਵਜੋਂ ਖਾਤਰਦਾਰੀ ਦੀ ਪੇਸ਼ਕਸ਼ ਕੀਤੀ। ਨਿਮਰਤਾ ਨਾਲ ਸ਼ਾਇਰ ਭਾਈ ਲਕਸ਼ਵੀਰ ਸਿੰਘ ਜੀ ਨੇ ਨਾਂਹ ਕਰਦਿਆਂ ਪੇਸ਼ਕਸ਼ ਤੋਂ ਇਨਕਾਰ ਕੀਤਾ। ਇਹ ਗ੍ਰੰਥ ਆਪਾਂ ਯੂਨੀਵਰਸਿਟੀ ਵਲੋਂ ਨਾ ਛਾਪ ਦੇਈਏ?
ਮੈਂ ਕਿਹਾ – ਉਕਤ ਇਤਲਾਹ ਵਿਚ ਕਿੰਨਾ ਕੁ ਸੱਚ ਹੈ, ਕੀ ਪਤਾ। ਆਪਾਂ ਨੂੰ ਇਸ ਉਪਰ ਵਿਦਵਾਨਾਂ ਦੀ ਰਾਇ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਅਗਲੇ ਦਿਨ ਮੇਰੇ ਪਾਸ ਮੂਲ ਕਿਤਾਬ ਭੇਜ ਦਿੱਤੀ । ਮੈਂ ਆਪਣੀ ਯੂਨੀਵਰਸਟੀ ਦੇ ਪ੍ਰੋਫੈਸਰ ਜੀ.ਐਸ.ਰਿਆਲ ਕੋਲ ਕਿਤਾਬ ਲੈ ਗਿਆ । ਮੇਰੇ ਕੋਲ ਕਿਤਾਬ ਕਿਥੋਂ ਆਈ, ਕਿੰਨੀ ਕੁ ਮਹੱਤਵਪੂਰਨ ਹੈ, ਕੁਝ ਨਹੀਂ ਦੱਸਿਆ। ਕੇਵਲ ਏਨਾ ਕਿਹਾ- ਇਹ ਕਿਤਾਬ ਹੱਥ ਲੱਗੀ ਹੈ ਇਕ। ਦੇਖਿਉ ਭਲਾ ਇਸ ਵਿਚ ਕੁੱਝ ਹੈ ਕਿ ਨਹੀਂ। ਉਨ੍ਹਾਂ ਨੇ ਰੱਖ ਲਈ। ਪੰਜ ਛੇ ਦਿਨਾ ਬਾਦ ਫਿਰ ਗਿਆ। ਮੇਰੇ ਵਲੋਂ ਗੱਲ ਨਹੀਂ ਛਿੜੀ, ਕਹਿਣ ਲੱਗੇ, ਤੂੰ ਜਿਹੜੀ ਕਿਤਾਬ ਦੇ ਗਿਆ ਸੀ ਮੁਨਾਜਾਤਿ ਬਾਮਦਾਦੀ, ਗ਼ਜ਼ਬ ਦੀ ਰਚਨਾ ਦੇਖੀ। ਦੇਰ ਬਾਦ ਚੱਜ ਦੀ ਕੋਈ ਚੀਜ਼ ਪੜ੍ਹਨ ਨੂੰ ਮਿਲੀ। ਤੈਨੂੰ ਪਤੈ ਮੈਂ ਪਾਠ ਨਹੀਂ ਕਰਦਾ। ਲਗਾਤਾਰ ਇਕ ਬੈਠਕ ਵਿਚ ਜਪੁਜੀ ਦਾ ਕਦੀ ਪਾਠ ਨਹੀਂ ਕੀਤਾ। ਮੈਂ ਤਾਂ ਇਕ ਇਕ ਪੰਕਤੀ, ਕਦੀ ਕਦੀ ਇਕੋ ਸ਼ਬਦ ਉਪਰ ਕਈ ਕਈ ਦਿਨ ਲੰਘਾ ਦਿੰਦਾ ਹਾਂ।
ਫ਼ਾਰਸੀ ਵਿਚ ਲਿਖੀ ਇਸ ਲੰਮੀ ਨਜ਼ਮ ਦਾ ਪਾਠ ਮੇਰੇ ਤੋਂ ਇੱਕੋ ਬੈਠਕ ਵਿਚ ਹੋ ਗਿਆ। ਇਹਦੀ ਜ਼ਬਾਨ ਆਮ ਫ਼ਾਰਸੀ ਨਹੀਂ। ਇਸ ਨੂੰ ਅਸੀਂ ਮਖ਼ਮਲੀ ਫ਼ਾਰਸੀ ਕਿਹਾ ਕਰਦੇ ਹਾਂ। ਹਿੰਦੁਸਤਾਨੀ ਕਲਾਸੀਕਲ ਫ਼ਾਰਸੀ ਏਨੀ ਸੂਖਮ ਨਹੀਂ ਹੈ। ਇਸ ਨਜ਼ਮ ਵਿਚ ਵਰਤੀ ਬੋਲੀ ਈਰਾਨੀ ਫ਼ਾਰਸੀ ਹੈ। ਵਡੇ ਅਨੁਭਵ ਵਿਚੋਂ ਉਤਰੀ ਸ਼ਾਇਰੀ ਹੈ। ਅਨਜਾਣ ਆਦਮੀ ਨੂੰ ਪਤਾ ਨਹੀਂ ਲੱਗੇਗਾ ਕਿ ਇਹ ਕਿਸੇ ਹੋਰ ਗ੍ਰੰਥ ਦਾ ਤਰਜਮਾ ਹੈ। ਖੁਦ-ਬ-ਖੁਦ ਇਸ ਵਿਚ ਸੁਤੰਤਰ ਸੰਪੂਰਨਤਾ ਜਲਵਾਨੁਮਾ ਹੈ।
ਇਹ ਸੁਣਕੇ ਮੈਂ ਕਿਹਾ- ਅਪਣੀ ਰਾਇ ਲਿਖ ਕੇ ਦਿਉ। ਉਨ੍ਹਾਂ ਨੇ ਲਿਖ ਦਿਤੀ। ਫਿਰ ਤਾਰਿਕ ਸਾਹਿਬ ਕੋਲ ਗਿਆ। ਉਨ੍ਹਾਂ ਨੂੰ ਕਿਤਾਬ ਦੇ ਪਿਛੋਕੜ ਬਾਬਤ ਕੁਝ ਨਹੀਂ ਦੱਸਿਆ। ਕਿਤਾਬ ਦੇ ਕੇ ਕਿਹਾ- ਦੇਖਣਾ ਭਲਾ ਪ੍ਰੋਫੈਸਰ ਸਾਹਿਬ ਇਸ ਵਿਚ ਕੁਝ ਕੰਮ ਦਾ ਹੈ ਕਿ ਨਹੀਂ। ਚਾਰ ਦਿਨਾਂ ਬਾਦ ਉਨ੍ਹਾਂ ਦਾ ਫੋਨ ਆਇਆ, ਕਿਹਾ- ਤੁਸੀਂ ਆਉਗੇ ਕਿ ਮੈਂ ਆਵਾਂ? ਦਫ਼ਤਰ ਵਿਚ ਬੈਠਾ ਹਾਂ। ਮੈਂ ਚਲਾ ਗਿਆ। ਉਨ੍ਹਾਂ ਕਿਹਾ- ਇਸ ਕਿਤਾਬ ਦੀ ਨਜ਼ਮ, ਈਰਾਨ ਦੀ ਫ਼ਾਰਸੀ ਜ਼ਬਾਨ ਵਿਚ ਲਿਖੀ ਹੈ। ਇਸ ਨੂੰ ਅਸੀਂ ਈਰਾਨੀ ਰੇਸ਼ਮ ਕਹਿੰਦੇ ਹਾਂ। ਹਿੰਦੁਸਤਾਨੀ ਫ਼ਾਰਸੀ ਸੀਜ਼ਨਡ ਸਾਗਵਾਨ ਹੈ ਜਿਸ ਵਿਚੋਂ ਹੰਢਣਸਾਰ ਸੁਹਣਾ ਫਰਨੀਚਰ ਬਣਦਾ ਹੈ। ਈਰਾਨੀ ਫ਼ਾਰਸੀ ਵਿਚ ਬੱਚਿਆਂ ਦੇ ਮਾਸੂਮ ਬੋਲਾਂ ਵਰਗੀ ਕੋਮਲਤਾ ਹੈ, ਵੇਲਾਂ ਅਤੇ ਫੁੱਲਾਂ ਜਿਹੀ ਨਜ਼ਾਕਤ। ਸ਼ਾਇਰ ਦਾ ਖਿਆਲ ਅਤੇ ਹਿਕਮਤ ਦੰਗ ਕਰਦੀ ਹੈ। ਇਹ ਛਪਣੀ ਚਾਹੀਦੀ ਹੈ। ਮੈਂ ਬੇਨਤੀ ਕੀਤੀ ਕਿ ਆਪਣੀ ਰਾਇ ਲਿਖ ਦਿਉ। ਉਨ੍ਹਾਂ ਲਿਖ ਦਿਤੀ। ਜਦੋਂ ਪੁੱਛਿਆ- ਤੁਸੀਂ ਤੇ ਤੁਹਾਡਾ ਫ਼ਾਰਸੀ ਵਿਭਾਗ ਇਸ ਦਾ ਗੁਰਮੁਖੀ ਲਿਪੀਆਂਤਰਣ ਅਤੇ ਤਰਜਮਾ ਪੰਜਾਬੀ ਵਿਚ ਕਰਨ ਲਈ ਰਜ਼ਾਮੰਦ ਹੋ ਜਾਏਗਾ? ਉਨ੍ਹਾਂ ਕਿਹਾ- ਜੇ ਸਾਨੂੰ ਇਹ ਨੇਕ ਕੰਮ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ ਹੈ? ਜਿੰਨਾ ਸਮਾਂ ਇਸ ਉਪਰ ਕੰਮ ਕਰਾਂਗੇ, ਉਹ ਖਾਲਸ ਬੰਦਗੀ ਹੋਵੇਗੀ। ਮੇਰੀਆਂ ਵਿਦਿਆਰਥਣਾ ਮਨਦੀਪ ਕੌਰ ਅਤੇ ਦਲਜੀਤ ਕੌਰ ਮਦਦਗਾਰ ਹੋਣਗੀਆਂ।
ਇਹ ਕੰਮ ਛੇ ਮਹੀਨੇ ਵਿਚ ਪੂਰਾ ਹੋ ਗਿਆ। ਕੰਪਿਊਟਰ ਪ੍ਰਿੰਟ ਲੈ ਲਿਆ ਗਿਆ। ਸਾਡਾ ਸੁਭਾਗ ਕਿ ਸ਼ਾਇਰ ਅਜੇ ਕਾਇਮ ਦਾਇਮ ਹੈ। ਸੋਚਿਆ ਕਿ ਪ੍ਰੈੱਸ ਵਿਚ ਜਾਣ ਤੋਂ ਪਹਿਲੋਂ ਖਰੜਾ ਲੇਖਕ ਪੜ੍ਹ ਲਵੇ ਤਦ ਇਹ ਰਚਨਾ ਜ਼ੀਰੋ ਡਿਫੈਕਟ ਹੋ ਜਾਏਗੀ। ਸਾਡਾ ਆਤਮ ਵਿਸਵਾਸ਼ ਕਾਇਮ ਰੱਖਣ ਲਈ ਵੀ ਇਹ ਗੱਲ ਸਹਾਈ ਹੋਣੀ ਸੀ। ਕਿਤਾਬ ਉਪਰ ਲਿਖੇ ਸਿਰਨਾਵੇਂ- ਵੀਰ ਨਿਵਾਸ, ਚੈਲ ਖਤ ਪਾ ਦਿੱਤਾ। ਫੋਨ ਨੰਬਰ ਨਹੀਂ ਸੀ। ਇਹ ਪਤਾ ਵੀ ਬੜਾ ਪੁਰਾਣਾ ਸੀ। ਪਤਾ ਨਹੀਂ ਜਵਾਬ ਆਏਗਾ ਕਿ ਨਾ। ਮਹੀਨੇ ਬਾਦ ਜਵਾਬ ਆਇਆ, ਭਾਈ ਲਕਸ਼ਵੀਰ ਸਿੰਘ ਦਾ ਖਤ। ਹੱਥ ਲਿਖਤ ਕੰਬਦੇ ਹੱਥਾਂ ਦੀ। ਸਹਿਜੇ ਸਹਿਜੇ ਪੜ੍ਹੀ। ਲਿਖਿਆ ਸੀ- ਉਮਰ ਬਹੁਤ ਹੋ ਗਈ ਹੈ। ਠੀਕ ਨਹੀਂ ਲਿਖ ਹੁੰਦਾ। ਅੱਖ ਦਾ ਆਪ੍ਰੇਸ਼ਨ ਹੋਇਆ ਹੈ। ਅਜੇ ਠੀਕ ਨਹੀਂ ਹਾਂ। ਹਾਲੇ ਨਾ ਆਇਓ। ਹਾਲੇ ਖਰੜਾ ਨਾ ਭੇਜਿਓ। ਛੇ ਮਹੀਨਿਆਂ ਬਾਦ ਫਿਰ ਖਤ ਲਿਖਿਆ ਤੇ ਬੇਨਤੀ ਕੀਤੀ ਕਿ ਆਪਣਾ ਫੋਨ ਨੰਬਰ ਤਾਂ ਦਿਉ। ਮੈਂ ਆਪਣੇ ਫੋਨ ਨੰਬਰ ਖਤ ਵਿਚ ਲਿਖ ਕੇ ਭੇਜ ਦਿਤੇ।
ਦਸ ਕੁ ਦਿਨਾ ਬਾਦ ਉਨ੍ਹਾਂ ਦੇ ਛੋਟੇ ਬੇਟੇ ਕ੍ਰਿਸ਼ਨਵੀਰ ਸਿੰਘ ਦਾ ਫੋਨ ਆ ਗਿਆ। ਚਾਰ ਫੋਨ ਨੰਬਰ ਲਿਖਾਏ ਤੇ ਕਿਹਾ- ਹੁਣ ਪਿਤਾ ਜੀ ਠੀਕ ਹਨ। ਜਦੋਂ ਜੀ ਕਰੇ ਆ ਜਾਇਉ। ਪਹਿਲਾਂ ਸਾਨੂੰ ਫੋਨ ਕਰ ਦੇਣਾ ਜੀ। ਬੋਪਾਰਾਇ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ- ਇਕ ਨਵੰਬਰ 06 ਨੂੰ ਚੈਲ ਚੱਲਾਂਗੇ ਤੇ ਮਿਲਕੇ ਦੋ ਨੂੰ ਵਾਪਸ ਆ ਜਾਵਾਂਗੇ। ਮੈਂ ਕਿਹਾ- ਤੁਸੀਂ ਆ ਜਾਣਾ, ਅਸੀਂ ਹਫਤਾ ਉਥੇ ਰਹਿ ਕੇ ਕੰਮ ਨਿਬੇੜ ਲਵਾਂਗੇ। ਪਰ ਮੇਰੇ ਪਾਸ ਵੀ. ਸੀ. ਆਫਿਸ ਤੋਂ ਸੁਨੇਹਾ ਆ ਗਿਆ ਕਿ ਕੋਈ ਜਰੂਰੀ ਕੰਮ ਸਦਕਾ ਉਹ ਜਾਣ ਤੋਂ ਅਸਮਰਥ ਹਨ। ਮੈਂ ਰਿਆਲ ਅਤੇ ਤਾਰਿਕ ਨੂੰ ਫੋਨ ਕਰਕੇ ਚੱਲਣ ਲਈ ਕਿਹਾ। ਰਿਆਲ ਸਾਹਿਬ ਨੂੰ ਇਸੇ ਦਿਨ ਇਕ ਨਵੰਬਰ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਸਟੇਟ ਐਵਾਰਡ ਮਿਲਣਾ ਸੀ, ਉਹ ਨਾ ਜਾ ਸਕੇ। ਮੈਂ ਅਤੇ ਤਾਰਿਕ ਡੇਢ ਵਜੇ ਚੈਲ ਪੁੱਜੇ। ਜਿਸ ਥਾਂ ਟੈਕਸੀਆਂ ਰੁਕਦੀਆਂ ਹਨ, ਉਥੇ ਇਕ ਜੁਆਨ ਤੇਜ਼ੀ ਨਾਲ ਸਾਡੇ ਵਲ ਆ ਕੇ ਕਹਿਣ ਲੱਗਾ- ਪਟਿਆਲਿਉਂ? ਮੈਂ ਕਿਹਾ- ਕ੍ਰਿਸ਼ਨਵੀਰ ਜੀ?
ਖਾਣਾ ਖਾਧਾ, ਚਾਹ ਪੀਤੀ, ਤਦ ਭਾਈ ਸਾਹਿਬ ਦਾ ਬਾਦ ਦੁਪਹਿਰ ਸੈਸ਼ਨ ਸ਼ੁਰੂ ਹੋਇਆ। ਘੰਟਾ ਕੁ ਹਾਲ ਹਵਾਲ ਪੁੱਛਦੇ ਦੱੱਸਦੇ ਰਹੇ। ਉਨ੍ਹਾਂ ਦੇ ਮੇਜ਼ ਉਪਰੋਂ ਮੈਂ ਖਰੜਾ ਹੱਥ ਵਿਚ ਚੁਕ ਕੇ ਕਿਹਾ – ਫੇਰ ਸ਼ੁਰੂ ਕਰੀਏ ਭਾਈ ਸਾਹਿਬ? ਉਨ੍ਹਾਂ ਕਿਹਾ- ਖਰੜਾ ਜਿਥੋਂ ਚੁੱੱਕਿਆ ਉਥੇ ਰੱਖ ਦਿਉ। ਕੋਈ ਕਾਹਲੀ ਨਹੀਂ ਸਾਨੂੰੰ। ਮੇਰੀ ਕਿਤਾਬ ਹੈ ਨਾ? ਮੈਂ ਬੇਚੈਨ ਨਹੀਂ ਤਾਂ ਤੁਸੀਂ ਬੇਚੈਨ ਕਿਉਂ ਹੋ? ਅੱਜ ਕੋਈ ਕੰਮ ਨਹੀਂ ਕਰਨਾ। ਮੈਂ ਤੁਹਾਨੂੰ ਦੱਸਾਂਗਾ ਮੈਂ ਕੀ ਹਾਂ, ਤੁਹਾਨੂੰ ਪੁੱਛਾਂਗਾ ਤੁਸੀਂ ਕੀ ਹੋ। ਜੇ ਜੀ ਕੀਤਾ ਕੱਲ੍ਹ ਨੂੰ ਕੰਮ ਕਰਾਂਗੇ, ਨਾ ਜੀ ਕੀਤਾ ਕੱਲ੍ਹ ਵੀ ਨਹੀਂ। ਤੁਸੀਂ ਕਦੀ ਦੇਖਿਐ ਬਈ ਹਿਰਨ ਘਾਹ ਇਕੱਠਾ ਕਰਦੇ ਫਿਰਨ? ਤਾਂ ਵੀ ਭੁੱਖ-ਮਰੀ ਨਾਲ ਨਹੀਂ ਮਰਦੇ।
ਤੁਹਾਡਾ ਕੀ ਨਾਮ ਹੈ ਪ੍ਰੋਫੈਸਰ ਸਾਹਿਬ? ਉਤੱਰ- ਤਾਰਿਕ। ਉਹ ਹੱਸ ਪਏ- ਤੁਸੀਂ ਤਾਰਿਕ ਕਦੋਂ ਹੋ? ਤਾਰਿਕ (ਸੰਸਾਰ ਤੋਂ ਵਿਰੱਕਤ) ਤਾਂ ਮੈਂ ਹਾਂ। ਸਤਾਰਾਂ ਸਾਲ ਹੋ ਗਏ ਮੈਂ ਇਸ ਹੁਜਰੇ ਵਿਚੋਂ ਬਾਹਰ ਨਹੀਂ ਨਿਕਲਿਆ। ਕਾਰ ਮੇਰੇ ਐਨ ਦਰਵਾਜੇ ਤੱਕ ਆਉਂਦੀ ਹੈ। ਬੱਘੀ ਅਤੇ ਪਾਲਕੀ ਕਿਹੜਾ ਮੰਗਵਾ ਨਹੀਂ ਸਕਦਾ? ਬੱਸ, ਦੇਖ ਲਈ ਦੁਨੀਆਂ ਬਥੇਰੀ। ਅੱਧਾ ਚੈਲ ਮੇਰੈ। ਬੱਚਾ ਬੱਚਾ ਮੈਨੂੰ ਜਾਣਦੇ। ਕਿਸੇ ਨੂੰ ਪੁੱਛੋਗੇ ਕਿ ਭਾਈ ਲਕਸ਼ਵੀਰ ਕੌਣ ਹਨ, ਜਾਣਦੇ ਹੋ? ਸਭ ਕਹਿਣਗੇ ਜਾਣਦੇ ਹਾਂ। ਫੇਰ ਪੁੱਛੋ- ਕਦੇ ਦੇਖੇ? ਕਿਸੇ ਨੇ ਨਹੀਂ ਦੇਖਿਆ। ਸੋ ਸਹੀ ਤਾਰਿਕ ਮੈਂ ਹਾਂ, ਤੁਸੀਂ ਨਾਮ ਦੇ ਤਾਰਿਕ। ਚੈਲ ਦੀ ਵੀ ਕਹਾਣੀ ਸੁਣ ਲਉ। ਮਹਾਰਾਜਾ ਭੁਪਿੰਦਰ ਸਿੰਘ ਨੇ ਵਾਇਸਰਾਇ ਦੀ ਗੋਰੀ ਛੇੜ ਦਿੱਤੀ ਤਾਂ ਸਰਕਾਰ ਵਲਾਇਤ ਨੇ ਸ਼ਿਮਲੇ ਉਨ੍ਹਾਂ ਦਾ ਦਾਖਲਾ ਬੰਦ ਕਰ ਦਿੱਤਾ। ਉਨ੍ਹਾਂ ਨੇ ਚੈਲ ਵਸਾਉਣ ਦਾ ਫੈਸਲਾ ਕੀਤਾ। ਜਿੰਨੀ ਜਮੀਨ ਉਨ੍ਹਾਂ ਖਰੀਦੀ ਉੱਨੀ ਮੈਂ ਖਰੀਦ ਲਈ। ਬਸ ਐਂਵੇਂਂ ਖਰੀਦ ਲਈ। ਇਹ ਦੱਸਣ ਲਈ ਬਈ ਤੁੂੰ ਤਾਂ ਪਟਿਆਲਾ ਰਿਆਸਤ ਦਾ ਹੋਇਆ ਮਹਾਰਾਜਾ। ਤੇਰੇ ਜਿੰਨੀ ਜ਼ਮੀਨ ਤਾਂ ਨਾਭੇ ਰਿਆਸਤ ਦਾ ਇਕ ਮਾਮੂਲੀ ਸਰਦਾਰ ਖਰੀਦ ਸਕਦੈ। ਦੋਹਾਂ ਰਿਆਸਤਾਂ ਦਾ ਸ਼ਰੀਕਾ ਪੁਰਾਣਾ ਚਲਦਾ ਆਇਐ। ਬਸ ਇਹੋ ਜਿਹੀਆਂ ਫਜ਼ੂਲ ਜਿਹੀਆਂ ਜ਼ਿੱਦਾਂ ਹੋਇਆ ਕਰਦੀਆਂ ਸਨ, ਮੂਰਖਾਂ ਵਾਲੀਆਂ। ਭਲਾ ਇਨ੍ਹਾਂ ਗੱਲਾਂ ਵਿਚ ਕੀ ਪਿਆ ਸੀ? ਇਕ ਪਾਸੇ ਮੇਰੀ ਰੁਚੀ ਉੱਤਮ ਫ਼ਾਰਸੀ ਸਾਹਿਤ ਪੜ੍ਹਨ ਦੀ, ਦੂਜੇ ਪਾਸੇ ਇਹ ਫ਼ਜੂਲ ਜਿਹੇ ਕੰਮ।
“ਪਰ ਜਦੋਂ ਕਦੇ ਆਪਣੀਆਂ ਜ਼ਮੀਨਾ ਦਾ ਦੌਰਾ ਕਰਨ ਆਉਂਦਾ, ਪਹਾੜੀਆਂ ਤੇ ਪਹਾੜਨਾ ਸੁਹਣੀਆਂ ਲਗਦੀਆਂ। ਕਦੀ ਕਦੀ ਹਿਰਨ ਦਾ ਸ਼ਿਕਾਰ ਕਰਦਾ। ਹਿਰਨ ਕਿਹੜਾ ਛੋਟੇ ਹੁੰਦੇ ਸਨ? ਅਜ ਵਾਲੇ ਗਧੇ ਤੋਂ ਵਡੇ ਹੁੰਦੇ ਸਨ ਹਿਰਨ ਉਦੋਂ ਇਥੇ। ਫੇਰ ਇਥੇ ਵਸ ਗਿਆ।
“ਨਾਭੇ ਤੋਂ ਇਥੇ ਜਾਂ ਕਿਤੇ ਹੋਰ, ਘੋੜੇ ਉਤੇ ਆਇਆ ਜਾਇਆ ਕਰਦਾ ਸਾਂ। ਘੋੜਾ ਸੁਹਣਾ ਬੜਾ ਸੀ ਮੇਰਾ। ਰਾੱਇਲ ਸੀ ਉਹਦਾ ਨਾਮ। ਉਪਰੋਂ ਇਕ ਦੂਜੇ ਨਾਲ ਜੁੜੇ ਹੋਏ ਕੰਨ, ਗੁੰਬਦ ਬਣ ਜਾਂਦੇ। ਕੰਨ ਦੇ ਪਿਛਲੇ ਪਾਸੇ ਜੜ ਵਿਚ ਨਿਕੀ ਜਿਹੀ ਭੌਰੀ। ਵਿਸ਼ਵਾਸ਼ ਹੁੰਦਾ ਸੀ ਘੋੜਿਆਂ ਵਾਲਿਆਂ ਦਾ ਕਿ ਭੌਰੀ ਵਾਲਾ ਘੋੜਾ ਬੜਾ ਕਰਮਾਂ ਵਾਲਾ ਹੁੰਦੈ। ਪੂਛ ਧਰਤੀ ਨੂੰ ਛੂੰਹਦੀ ਟੱਬ ਵਿਚ ਦੁੱਧ ਪਾਕੇ ਧੋਈਆਂ ਗਾਜਰਾਂ ਪਾ ਦਿੰਦਾ, ਉਹਦੇ ਖਾਣ ਵਾਸਤੇ। ਆਪ ਛੋਲੀਆ ਵੱਢ ਕੇ ਲਿਆਉਂਦਾ, ਧੋ ਕੇ ਮੰਜੇ ਉਪਰ ਰੱਖਕੇ ਪਾਣੀ ਕੇਰਦਾ ਤੇ ਇਕ ਇਕ ਬੁਰਕੀ ਆਪਣੇ ਹੱਥੀਂ ਖੁਆਂਉਂਦਾ। ਤਕੜਾ ਬੜਾ ਸੀ। ਗਜ਼ਬ ਦੀ ਦੁੜਕੀ ਸੀ ਉਸਦੀ। ਤਿੱਖੀ ਚੜ੍ਹਾਈ ਚੜ੍ਹਦਿਆਂ ਵੀ ਮੈਂ ਉਹਦੀ ਲਗਾਮ ਖਿਚ ਖਿਚ ਰਖਦਾ….. ਕੜ ਕੜ ਕੜ.. ਕੜ… ਕਰਦਾ ਉਹ ਉਡਣਾ ਚਾਹੁੰਦਾ। ਇਤਰਾਜ਼ ਕਰਦਾ ਕਿ ਮੈਂ ਲਗਾਮ ਕਿਉਂ ਖਿਚਕੇ ਰਖਦਾਂ। ਫੁੰਕਾਰੇ ਮਾਰਦਾ, ਪੈਰ ਪਟਕਦਾ, ਪੂਛ ਤੇਜ਼ੀ ਨਾਲ ਹਿਲਾਉਂਦਾ। ਤੌਬਾ, ਬਾਬਾ, ਘੋੜਾ ਕਿਥੇ, ਬਾਜ਼ ਸੀ ਬਾਜ਼। ਇਕ ਦਿਨ ਮੈਂ ਕਿਸੇ ਪਾਸੇ ਨੂੰ ਚੜ੍ਹਦੀ ਪਗਡੰਡੀ ਵੱਲ ਤੋਰ ਲਿਆ। ਚੜ੍ਹਦਾ ਗਿਆ ਹਮੇਸ਼ ਵਾਂਗ ਤਿਖੀ ਚਾਲ। ਇਕ ਥਾਂ ਜਾਕੇ ਰੁਕ ਗਿਆ। ਮੈਂ ਤਾਂ ਹੋਇਆ ਸ਼ਾਇਰ। ਨਿਗਾਹਾਂ ਅਸਮਾਨ ਵਲ ਤੇ ਖ਼ਿਆਲ ਅਸਮਾਨ ਤੋਂ ਪਾਰ। ਇਹ ਤੇਜ਼ਤਰਾਰ ਮੂੰਹਜ਼ੋਰ ਘੋੜਾ ਰੁਕ ਕਿਉਂ ਗਿਆ? ਇਹ ਜਾਣਨ ਵਾਸਤੇ ਇਧਰ ਉਧਰ ਨਜ਼ਰ ਮਾਰੀ ਤਾਂ ਦਹਿਲ ਪੈ ਗਿਆ ਮੈਨੂੰ। ਖੱਬੇ ਪਾਸੇ ਕੰਧ ਵਾਂਗ ਖਲੋਤਾ ਸਿਧਾ ਸਲੇਟ ਪਹਾੜ। ਸੱਜੇ ਪਾਸੇ ਦੋ ਸੌ ਗਜ਼ ਡੂੰਘੀ ਖੱਡ। ਕਿਸੇ ਪਾਸੇ ਉਤਰਨ ਜੋਗਾ ਨਾਂ। ਘੋੜੇ ਨੂੰ ਜਦੋਂ ਪਤਾ ਲੱਗ ਜਾਏ ਕਿ ਪਿਛੇ ਮੁੜਨ ਜੋਗਾ ਰਸਤਾ ਨਹੀਂ, ਉਹ ਉਥੇ ਰੁਕ ਜਾਇਆ ਕਰਦਾ ਹੈ। ਮਸਾਂ ਦੋ ਫੁੱਟ ਚੌੜੀ ਪਗਡੰਡੀ। ਘੋੜਾ ਖੜਾ ਚੁਪਚਾਪ। ਮੈਂ ਸੋਚਿਆ ਦੋਵੇਂ ਨਹੀਂ ਮਰਨੇ ਚਾਹੀਦੇ, ਸਾਡੇ ਵਿਚੋਂ ਇਕ ਜਣਾ ਤਾਂ ਬਚੇ। ਮੈਂ ਉਸਦੀ ਗਰਦਣ ਦੇ ਵਾਲ ਫੜੇ, ਲਮਕ ਕੇ ਗਰਦਣ ਦੇ ਹੇਠ ਉਤਰ ਗਿਆ। ਉਸਨੇ ਇਕ ਪੌੜ ਉਪਰ ਚੁੱਕ ਦਿਤਾ। ਮੈਂ ਉਸਦੇ ਪੇਟ ਹੇਠੋਂ ਦੀ ਸਰਕਦਾ ਹੋਇਆ ਉਸਦੀਆਂ ਪਿਛਲੀਆਂ ਲੱਤਾਂ ਤੱਕ ਪੁੱਜਾ। ਉਸਨੇ ਇਕ ਲੱਤ ਚੁਕ ਦਿਤੀ। ਮੈਂ ਪਿਛੇ ਨਿਕਲ ਗਿਆ। ਆਪ ਪਿਛੇ ਹਟਦਾ ਗਿਆ ਤੇ ਘੋੜੇ ਨੂੰ ਵਾਪਸ ਬੁਲਾਣਾ ਸ਼ੁਰੂ ਕੀਤਾ। ਉਹ ਹੌਲੀ ਹੌਲੀ ਪੁਠ ਪੈਰੀਂ ਪਿਛੇ ਵਲ ਤੁਰਨ ਲੱਗਾ। ਤੁਰਦੇ ਤੁਰਦੇ ਜਦੋਂ ਅਜਿਹੀ ਥਾਂ ਪੁੱਜੇ ਜਿਥੋਂ ਉਹ ਮੁੜ ਸਕਦਾ ਸੀ, ਉਥੋਂ ਅਸੀਂ ਵਾਪਸ ਪਰਤੇ।
“ਇਕ ਪਾਸੇ ਏਨਾ ਮੂੰਹਜ਼ੋਰ ਕਿ ਰਾੱਇਲ ਰੋਕਿਆਂ ਨਾ ਰੁਕਦਾ, ਪਰ ਜੇ ਰਸਤੇ ਵਿਚ ਕੋਈ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਦਿੰਦਾ, ਉਥੀ ਰੁਕ ਜਾਂਦਾ। ਉਸ ਨੂੰ ਪਤਾ ਹੁੰਦਾ ਕਿ ਸਰਦਾਰ ਨੇ ਵੀ ਤਾਂ ਉਸਦਾ ਹਾਲ ਚਾਲ ਪੁੱਛਣਾ ਹੈ। ਨੀਵੀਂ ਪਾਈ ਉਨੀ ਦੇਰ ਖਲੋਤਾ ਰਹਿੰਦਾ ਜਿੱਨੀ ਦੇਰ ਤੁਰਨ ਦਾ ਇਸ਼ਾਰਾ ਨਾ ਮਿਲਦਾ।
“ਇਕ ਦਿਨ ਦੀ ਘਟਨਾ ਦਸਦਾਂ। ਸੈਰ ਕਰਕੇ ਵਾਪਸ ਆ ਰਿਹਾ ਸਾਂ ਤਾਂ ਪੰਜ ਚਾਰ ਸੌ ਬੰਦਿਆਂ ਦਾ ਇਕੱਠ ਦੇਖਿਆ। ਘੋੜਾ ਰੋਕ ਲਿਆ, ਦੇਖੀਏ ਕੀ ਹੋ ਰਿਹੈ। ਕਾਂਗਰਸ ਦਾ ਲੀਡਰ ਹੁੰਦਾ ਸੀ ਇਕ, ਪ੍ਰਿਥਵੀ ਸਿੰਘ ਆਜ਼ਾਦ। ਉਸਨੇ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕਰਨਾ ਸੀ। 1950 ਦੀ ਗੱਲ ਹੈ ਇਹ। ਫਰੀਡਮ ਫਾਈਟਰ ਸਨਮਾਨੇ ਜਾਣ ਲੱਗੇ। ਨਾਮ ਬੋਲਿਆ ਜਾਂਦਾ – ਉਸ ਬਾਰੇ ਕਿਹਾ ਜਾਂਦਾ – ਜਿਵੇਂ ਗੁਰੂ ਅਰਜਨ ਦੇਵ ਨੇ ਤਸੀਹੇ ਝੱਲੇ, ਇਸ ਭਾਈ ਨੇ ਉਵਂੇ ਕਸ਼ਟ ਸਹੇ। ਗਲ ਵਿਚ ਹਾਰ, ਸਨਮਾਨ। ਅਗਲੇ ਦਾ ਨਾਮ ਲਿਆ ਜਾਂਦਾ – ਇਸ ਨੇ ਬਾਬਾ ਦੀਪ ਸਿੰਘ ਵਾਂਗ ਲਕੀਰ ਵਾਹ ਦਿੱਤੀ ਸੀ, ਹਾਰ, ਸਨਮਾਨ। ਆਜ਼ਾਦ ਦੀ ਨਿਗਾਹ ਮੇਰੇ ਵੱਲ ਹੋਈ ਤਾਂ ਕਿਹਾ – ਆ ਜਾਓ ਭਾਈ ਸਾਹਿਬ ਜੀ, ਸਟੇਜ ‘ਤੇ ਆ ਜਾਉ। ਤੁਹਾਡੇ ਬਚਨ ਸੁਣਨੇ ਹਨ। ਆਓ। ਮੈਂ ਕਿਹਾ- ਸਟੇਜ ਉਪਰ ਤਾਂ ਮੈਂ ਆਉਣਾ ਨੀਂ, ਜੇ ਗੁਸਤਾਖੀ ਨਾ ਸਮਝੋ ਤਾਂ ਇਥੇ ਰਾੱਇਲ ਦੀ ਕਾਠੀ ਉਪਰ ਬੈਠਿਆਂ ਬੈਠਿਆਂ ਕੋਈ ਗੱਲ ਕਹਾਂ? ਉਨ੍ਹਾਂ ਕਿਹਾ – ਜੀ ਸਤਿ ਬਚਨ। ਫੁਰਮਾਓ। ਤੁਹਾਡੇ ਬੋਲ ਸਾਡੇ ਲਈ ਮੁੱਲਵਾਨ ਹਨ।
ਮੈਂ ਕਿਹਾ – “ਅਜਿਹਾ ਹੋਣਾ ਸੰਭਵ ਹੈ ਕਿ ਅਭਿਆਸ ਕਰਦਾ ਕਰਦਾ ਕੋਈ ਜੁਆਨ ਏਡਾ ਮਹਾਨ ਤੀਰ ਅੰਦਾਜ਼ ਹੋ ਜਾਏ ਕਿ ਧਰੂ ਤਾਰਾ ਫੁੰਡ ਦਏ। ਹੋ ਸਕਦੈ ਇਹ। ਪਰ ਉਸਦਾ ਨਾਮ ਗੁਰੂ ਗੋਬਿੰਦ ਸਿੰਘ ਨਹੀਂ ਹੋ ਸਕਦਾ। ਵੱਡਿਆਂ ਦੇ ਨਾਮ ਕਿਵੇਂ ਲਈਦੇ ਨੇ, ਜੇ ਤੁਹਾਨੂੰ ਨੀ ਪਤਾ ਫੇਰ ਭਾਈ ਦੁਨੀਆਂ ਨੂੰ ਪਤਾ ਕਿਵੇਂ ਲੱਗੇਗਾ? ਤੁਸੀਂ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਿਤ ਕਰ ਰਹੇ ਹੋ ਕਿ ਅਪਮਾਨਿਤ? ਇਨ੍ਹਾਂ ਨੇ ਚੰਗੇ ਕੰਮ ਕੀਤੇ ਨੇ, ਇਨ੍ਹਾਂ ਦੀ ਭਾਈ ਇੱਜ਼ਤ ਹੋਏ, ਇਹ ਮੇਰੀ ਕਾਮਨਾ ਹੈ, ਪਰ ਇਸ ਇਕੱਠ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਹੋ ਕੀ ਰਿਹੈ? ਮੇਰੇ ਤੋਂ ਲਾਹਨਤਾਂ ਹਾਸਲ ਕਰਨ ਦੇ ਵੀ ਤੁਸੀਂ ਹੱਕਦਾਰ ਨਹੀਂ। ਹਵੇਲੀ ਜਾਕੇ ਖੁਦ ਨੂੰ ਲਾਹਨਤਾਂ ਪਾਵਾਂਗਾ ਕਿ ਮੈਂ ਜਹਾਲਤ ਭਰੀਆਂ ਗੱਲਾਂ ਸੁਣਨ ਲਈ ਉਥੇ ਕਿਉਂਂ ਰੁਕਿਆ। ਇਹ ਗੱਲਾਂ ਦੇਰ ਤੱਕ ਮੈਨੂੰ ਬੇਚੈਨ ਕਰਨਗੀਆਂ।
“ਪੰਨੂ ਸਾਹਿਬ, ਦੇਖਿਆ? ਇਸ ਘਟਨਾ ਨੂੰ ਬੀਤਿਆਂ 56 ਸਾਲ ਹੋ ਗਏ ਨੇ ਅੱਜ। ਮੈਨੂੰ ਅੱਜ ਤੱਕ ਯਾਦ ਐ। ਸੁਣਾ ਦਿਤੀ ਨਾ ਤੁਹਾਨੂੰ? ਯਾਨੀ ਕਿ ਅਜੇ ਤੱਕ ਬੇਚੈਨ ਕਰ ਰਹੀ ਹੈ ਮੈਨੂੰ ਇਹ ਘਟਨਾ। ਮੈਂ ਕਾਹਨੂੰ ਰੁਕਣਾ ਸੀ ਉਥੇ। ਆਪਣੇ ਰਾੱਇਲ ਉਪਰ ਬੈਠਾ ਦੌੜਾਂ ਲਾਉਂਦਾ ਰਹਿੰਦਾ।
“ਰਾੱਇਲ ਬਿਮਾਰ ਹੋ ਗਿਆ ਇਕ ਦਿਨ। ਬੜੇ ਓਹੜ ਪੋਹੜ ਕੀਤੇ। ਹਕੀਮਾਂ ਦੀ ਤੇ ਦਵਾਦਾਰੂ ਦੀ ਕੀ ਘਾਟ ਸੀ? ਪਰ ਦਰਦ ਘਟਦਾ ਨਹੀਂ ਸੀ। ਮੈਂ ਸਮਝ ਗਿਆ ਕਿ ਹੁਣ ਜੋੜ ਵਿਛੜਨਗੇ। ਜਦੋਂ ਕੋਈ ਵਾਹ ਨਾ ਚੱਲੇ, ਉਦੋਂ ਆਪਾਂ ਫੇਰ ਉਹੀ ਕਰਦੇ ਹੁੰਨੇ ਆਂ ਨਾ ਜੋ ਮੈਂ ਕੀਤਾ। ਬੱਚਿਆਂ ਨੂੰ ਆਖ ਦਿਤਾ – ਮੈਨੂੰ ਬੁਲਾਉਣਾ ਨਹੀਂ, ਚਾਹ ਪਾਣੀ ਨਹੀਂ ਪੁਛਣਾ। ਮੈਂਂ ਸੁਖਮਨੀ ਸਾਹਿਬ ਜੀ ਦਾ ਗੁਟਕਾ ਲੈ ਕੇ ਉਸਦੇ ਸਿਰ ਦੇ ਨਜ਼ਦੀਕ ਬੈਠ ਗਿਆ ਤੇ ਪਾਠ ਕਰਨ ਲੱਗਾ। ਪਾਠ ਕਰਦਿਆਂ ਕਰਦਿਆਂ ਉਸਦਾ ਸਿਰ ਪਲੋਸਦਾ। ਉਸਦਾ ਦਰਦ ਘਟਣ ਲੱਗਾ। ਪਰ ਨਾਲ ਨਾਲ ਅੱਖਾਂ ਵੀ ਬੰਦ ਹੋਣ ਲੱਗੀਆਂ। ਚਲੋ ਸ਼ੁਕਰ ਹੈ। ਵਿਛੜਨਾ ਹੈ ਤਾਂ ਵਿਛੜ ਜਾਏ। ਤੜਪਦਾ ਨਹੀਂ ਨਾ ਦੇਖ ਹੁੰਦਾ। ਫਿਰ ਉਸਨੇ ਮੇਰੀ ਗੋਦ ਵਿਚ ਅਖ਼ੀਰਲਾ ਸਾਹ ਲਿਆ।
“ਥੋਡਾ ਖਿਆਲ ਐ ਬਈ ਅਸੀਂ ਟੋਇਆ ਪੁੱਟਿਆ ਤੇ ਫਿਰ ਘੜੀਸ ਕੇ ਰਾੱਇਲ ਨੂੰ ਟੋਏ ਵਿਚ ਦੱਬ ਆਏ? ਇਹ ਰਿਵਾਜ ਨਹੀਂਂ ਏਥੇ। ਉਸ ਦੀ ਅਰਥੀ ਮੋਢਿਆਂ ‘ਤੇ ਚੁਕ ਕੇ ਦਫਨ ਕਰਨ ਗਏ ਸਾਂ ਅਸੀਂ। ਦੇਖ ਲਉ ਭਾਈ। ਸੱਜੇ ਖੱਬੇ, ਉਚਾਣ ਹੈ ਜਾਂ ਢਲਾਣ। ਕਿੰਨੇ ਆਦਮੀ ਲੱਗੇ ਹੋਣਗੇ ਇਸ ਕੰਮ ਵਿਚ ਤੇ ਕਿੰਨੇ ਔਖੇ ਹੋਏ ਹੋਵਾਂਗੇ ਅਸੀਂ ਇਸਨੂੰ ਪਹਾੜੀ ਤੋਂ ਉਤਾਰਦੇ ਹੋਏ। ਫੇਰ ਕੀ ਹੋਇਆ? ਮੈਨੂੰ ਬਿਠਾਕੇ ਬਿਜਲੀ ਦੀ ਲਿਸ਼ਕਾਰ ਵਾਂਗ ਜਿਹੜਾ ਪਹਾੜੀ ਉਪਰ ਚੜ੍ਹਦਾ ਹੁੰਦਾ ਸੀ, ਉਹ ਜਮੀਨ ਹੇਠ ਸ਼ਾਨਾਂ ਨਾਲ ਉਤਰੇਗਾ ਨਾਂ।
“ਕੁਤੇ ਰਖਦਾ ਹੁੰਦਾ ਸਾਂ ਮੈਂ। ਕੁਤੇ ਨੂੰ ਬਾਹਾਂ ਵਿਚ ਚੁਕ ਕੇ ਦਫਨ ਕਰਨ ਜਾਇਆ ਕਰਦਾ ਸਾਂ।
“ਅਹੁ ਦੇਖੋ ਮੇਰਾ ਡਾਬਰਮੈਨ। ਦਿਸਦੈ? ਅੱਖ ਅਤੇ ਜੱਤ ਦੀ ਲਿਸ਼ਕ ਦੇਖੀ? ਸੰਗਲੀ ਖੁਲਾ ਗਿਆ ਇਕ ਦਿਨ। ਕਾਬੂ ਈ ਨਾ ਆਏ। ਕੋਈ ਸੰਗਲੀ ਫੜਕੇ ਨੇੜੇ ਜਾਏ ਤਾਂ ਵੱਢੇ। ਨੱਸਦਾ ਨੱਸਦਾ ਅਹੁ ਜਾ ਬੈਠਾ ਦੋ ਮੀਲ ਉਚੀ ਪਹਾੜੀ ‘ਤੇ। ਭੌਂਕੀ ਜਾਏ, ਹੇਠਾਂ ਨਾ ਆਏ। ਬੱਚੇ ਮੇਰੇ ਕੋਲ ਆਏ ਕਹਿਣ ਲੱਗੇ – ਪਿਤਾ ਜੀ ਤੁਸੀਂ ਕਰੋ ਕੋਈ ਹੀਲਾ। ਸਹਾਰਾ ਦੇ ਕੇ ਮੈਨੂੰ ਉਥੇ ਲੈ ਗਏ ਜਿਥੇ ਰਾੱਲਫ ਨੂੰ ਮੈਂ ਸਾਫ ਦਿਸਦਾ ਸਾਂ। ਇਹ ਜਿਹੜੀ ਸੋਟੀ ਮੇਰੇ ਹੱਥ ’ਚ ਐ ਨਾ ਹੁਣ, ਇਹੋ ਉੱਪਰ ਲਹਿਰਾ ਕੇ ਉਚੀ ਉਚੀ ਕਿਹਾ – ਮਾਰ ਖਾਏਂਗਾ ਰਾਲਫ਼। ਛੇਤੀ ਉੱਤਰ ਹੇਠ। ਮੈਂ ਉਡੀਕ ਰਿਹਾਂ ਤੈਨੂੰ।
ਜਾਨਵਰ ਸੋਟੀ ਦੇਖ ਕੇ ਕਦੀ ਭੱਜਾ ਆਇਆ ਕਰਦੈ? ਸੋਟੀ ਤਾਂ ਜਾਨਵਰ ਨੂੰ ਭਜਾਉਣ ਲਈ ਹੁੰਦੀ ਐ। ਪਰ ਮੇਰੇ ਰਾੱਲਫ਼ ਨੂੰ ਮੇਰਾ ਤੇ ਮੈਨੂੰ ਉਸਦਾ ਪਤੈ। ਉਹ ਪਗਡੰਡੀਆਂ ਉਪਰਦੀ ਨਹੀਂ, ਪਹਾੜ ਤੋਂ ਹੇਠਾਂ ਸਿੱਧਾ ਦੌੜਿਆ। ਮੈਂ ਡਰਿਆ ਬਈ ਕਿਤੇ ਫਿਸਲ ਨਾ ਜਾਵੇ। ਆਕੇ ਮੇਰੀ ਗੋਦੀ ਵਿਚ ਮੂੰਹ ਰੱਖ ਕੇ ਡੁਸਕਣ ਲੱਗਾ। ਮੈਂ ਕਿਹਾ, ਮੈਨੂੰ ਪਤੈ ਪੁੱਤਰ, ਮੈਂ ਕਈ ਦਿਨਾਂ ਤੋਂ ਤੇਰੇ ਨਾਲ ਗੱਲਾਂ ਨੀ ਕੀਤੀਆਂ। ਪਰ ਦੇਖ ਤਾਂ ਜ਼ਰਾ ਮੈਂ ਹੁਣ ਠੀਕ ਨਹੀਂ ਰਹਿੰਦਾ। ਮੇਰੇ ਤੋਂ ਕਿੰਨੇ ਕਿੰਨੇ ਦਿਨ ਅਪਣੇ ਕਮਰੇ ‘ਚੋਂ ਨੀ ਨਿਕਲ ਹੁੰਦਾ। ਬੁਰਾ ਨੀ ਮਨਾਈਂਦਾ ਵੱਡਿਆਂ ਦੀ ਖ਼ਾਮੋਸ਼ੀ ਦਾ ਪੁੱਤਰਾ। ਫਿਰ ਮੈਂ ਬੱਚਿਆਂ ਨੂੰ ਕਿਹਾ – ਲਿਆਉ ਬਈ ਸੰਗਲੀ ਲਿਆਉ। ਜਿਹੜਾ ਜਣਾ ਮਰਜ਼ੀ ਸੰਗਲੀ ਲੈ ਆਏ, ਬੰਨ੍ਹ ਲਏ, ਵਢੇਗਾ ਨਹੀਂ। ਇਕ ਬੱਚੇ ਨੇ ਸੰਗਲੀ ਪਾ ਲਈ। ਚੂੰ ਚੂੰ ਕਰਦਾ ਰਿਹਾ। ਪੂਛ ਹਿਲਾਉਂਦਾ ਰਿਹਾ। ਮੇਰੇ ਤੋਂ ਸਿਵਾ ਕਿਸੇ ਕੋਲੋਂ ਬਿਸਕੁਟ ਨਹੀਂ ਖਾਧੇ ਉਸ ਦਿਨ। ਜਦੋਂ ਮੈਂ ਕਈ ਕਈ ਦਿਨਾ ਬਾਦ ਦੌਰਿਆਂ ਤੋਂ ਵਾਪਸ ਮੁੜਦਾ ਤਾਂ ਆਪਣੇ ਕੁੱਤਿਆਂ ਨੂੰ ਸਫ਼ਰ ਦੀਆਂ ਸਭ ਗੱਲਾਂ ਸੁਣਾਇਆ ਕਰਦਾ ਸਾਂ। ਜੇ ਨਾ ਸੁਣਾਉਂਦਾ ਭੌਂਕਦੇ ਰਹਿੰਦੇ।
“ਪ੍ਰੋਫੈਸਰੋ, ਕਰਨੀ ਸੀ ਕਿਤਾਬ ਦੀ ਕੋਈ ਗੱਲ। ਛੇੜ ਬੈਠਾ ਉਰਲੀਆਂ ਪਰਲੀਆਂ। ਪੰਜਵੀਂ ਜਮਾਤ ਵਿਚ ਮੈਨੂੰ ਅਹਿਸਾਸ ਹੋਣ ਲੱਗ ਪਿਆ ਸੀ ਕਿ ਮੈਂਂ ਕਦੀ ਫ਼ਾਰਸੀ ਦਾ ਸ਼ਾਇਰ ਬਣਾਂਗਾ। ਮੌਲਵੀ ਤਸਨੀਮ ਜੀ ਤੋਂ ਫ਼ਾਰਸੀ ਸਿੱਖੀ। ਮੇਰੇ ਵਲ ਉਂਗਲ ਕਰਕੇ ਕਿਹਾ ਕਰਦੇ ਸੀ – ਕਾਠ ਕਾ ਯੇ ਉੱਲੂ ਫ਼ਾਰਸੀ ਕਾ ਆਹਲਾ ਸ਼ਾਇਰ ਹੋਗਾ ਏਕ ਦਿਨ। ਅੱਠਵੀਂ ਦੇ ਸਰਟੀਫਿਕੇਟ ਉਪਰ ਹੈਡਮਾਸਟਰ ਨੇ ਜੋ ਪੰਕਤੀ ਹੱਥੀਂ ਲਿਖੀ ਉਹ ਹੈ – ਯਹ ਤਾਲਿਬੇ ਇਲਮ ਜਵਾਂ ਹੋਕਰ ਫ਼ਾਰਸੀ ਕਾ ਅਜ਼ੀਮ ਸ਼ਾਇਰ ਹੋ, ਮੇਰੀ ਤਮੰਨਾ ਹੈ। ਆਮੀਨ। ਦਸਖ਼ਤ। ਤੁਸੀਂ ਵੀ ਕਹਿੰਦੇ ਹੋ, ਹੋਰਾਂ ਨੇ ਵੀ ਬੜੀ ਵਾਰ ਕਿਹਾ ਕਿ ਤੁਹਾਨੂੰ ਏਨੀ ਸੁਹਣੀ ਫ਼ਾਰਸੀ ਕਿਥੋਂ ਮਿਲ ਗਈ। ਅਚਾਨਕ ਨਹੀਂ ਮਿਲੀ। ਕਦੀ ਈਰਾਨ ਨਹੀਂ ਗਿਆ। ਮੇਰੇ ਵੱਡੇ ਭਰਾ ਨੇ ਫ਼ਾਰਸੀ ਦੀ ਐਮ. ਏ. ਗੋਲਡ-ਮੈਡਲ ਲੈ ਕੇ ਕੀਤੀ। ਸਾਰੀ ਉਮਰ ਫ਼ਾਰਸੀ ਦੇ ਤਿੰਨ ਵਾਕ ਸਹੀ ਨਹੀਂ ਲਿਖ ਸਕਿਆ। ਮੇਰੇ ਕੋਲ ਆ ਜਾਂਦਾ ਠੀਕ ਕਰਾਉਣ ਲਈ। ਮੈਨੂੰ ਕਦੀ ਕਦੀ ਲਗਦਾ ਹੁੰਦਾ ਜਿਵੇਂ ਪਿਛਲੇ ਜਨਮ ਵਿਚ ਮੈਂ ਈਰਾਨੀ ਹੀ ਨਾ ਕਿਤੇ ਹੋਵਾਂ। ਮੈਨੂੰ ਫ਼ਾਰਸੀ ਤੋਂ ਸਿਵਾਇ ਹੋਰ ਕੋਈ ਮਜਮੂਨ ਭਾਉਂਦਾ ਹੀ ਨਹੀਂ ਸੀ। ਹਿਸਾਬ ਵਿਚ ਕਮਜ਼ੋਰ ਸਾਂ। ਜੋਰ ਲਾਉਂਦਾ ਤਾਂ ਹਿਸਾਬ ਵੀ ਆ ਜਾਂਦਾ। ਇਮਤਿਹਾਨ ਵਿਚ ਜੇ ਦੇਖਦਾ ਹਿਸਾਬ ਵਿੱਚੋਂ ਬਹੁਤ ਸਵਾਲ ਹੱਲ ਕਰਨੇ ਆਉਂਦੇ ਹਨ ਤਾਂ ਵੀ 35-40 ਨੰਬਰਾਂ ਤੋਂ ਵਧ ਨਾ ਆਉਣ, ਇੰਨੇ ਕੁ ਕੱਢ ਆਉਂਦਾ। ਸੋਚਦਾ ਜੇ ਵੱਧ ਨੰਬਰ ਲੈਣ ਲੱਗ ਗਿਆ ਤਾਂ ਬਾਪੂ ਨੇ ਕਹਿਣਾ ਹੈ ਕਿ ਹਿਸਾਬ ਪੜ੍ਹਿਆ ਕਰ। ਮੈਂ ਸੋਚਿਆ ਕਰਦਾ, ਫਿਰ ਫ਼ਾਰਸੀ ਵਿਚ ਸ਼ਾਇਰੀ ਕੌਣ ਕਰੇਗਾ?
ਮੈਂ ਪੁਛਿਆ – ਭਾਈ ਸਾਹਿਬ ਤੁਹਾਡੀ ਨਜ਼ਮ ਬਾਰ ਬਾਰ ਪੜ੍ਹਦਿਆਂ, ਲਗਿਆ, ਤੁਹਾਡੇ ਉੱਪਰ ਭਾਈ ਨੰਦ ਲਾਲ ਜੀ ਦਾ ਅਸਰ ਹੋਵੇ?
ਉਨ੍ਹਾਂ ਕਿਹਾ – ਨਹੀਂ ਜੀ। ਭਾਈ ਨੰਦ ਲਾਲ ਜੀ ਵੱਡੇ ਹਨ, ਉਨ੍ਹਾਂ ਉਪਰ ਹਾਫ਼ਿਜ਼ ਸ਼ੀਰਾਜੀ ਦਾ ਅਸਰ ਹੈ। ਮੇਰੇ ਉਪਰ ਸ਼ੇਖ ਸਾਅਦੀ ਦਾ ਅਸਰ ਹੈ। ਗੈਬੁਲਗੈਬ ਦੇ ਜਹਾਨ ਵਿਚ ਸ਼ੀਰਾਜ਼ੀ ਦਾ ਮਰਾਤਬਾ ਸ਼ੇਖ ਸਾਅਦੀ ਨਾਲੋਂ ਕਿਤੇ ਉਚੇ ਮਕਾਮ ਉਪਰ ਹੈ। ਉਨ੍ਹਾਂ ਵਰਗੀ ਕਿਸਮਤ ਕਿਸ ਨੂੰ ਨਸੀਬ ਹੋਏਗੀ? ਭਾਈ ਨੰਦ ਲਾਲ ਵੱਡਿਆਂ ਦੇ ਮੁਰੀਦ ਸਨ, ਬਹੁਤ ਵਡਿਆਂ ਦੇ, ਕਲਗੀਧਰ ਹਜ਼ੂਰ ਦੇ ਕਦਮ ਛੁਹੇ ਹੋਣ ਜਿਸ ਨੇ, ਕੌਣ ਉਸ ਵਰਗਾ ਹੋ ਸਕੇਗਾ?
ਤਾਂ ਵੀ ਭਾਈ ਸਾਹਿਬ ਬਹੁਤ ਸਾਦਗੀ ਅਤੇ ਕੋਮਲਤਾ ਹੈ ਤੁਹਾਡੀ ਬੋਲੀ ਵਿਚ।
ਉਨ੍ਹਾਂ ਕਿਹਾ – “ਤੁਹਾਡੇ ਵਾਲੀ ਪੀਹੜੀ ਫਾਸਟਫੂਡ ਪੀਹੜੀ ਹੈ। ਤਟਫਟ। ਅਸੀਂ ਹਾਰੇ ਵਿਚ ਧਰੀ ਕਾੜ੍ਹਨੀ ਵਾਂਗ ਹਾਂ। ਸਹਜ। ਗੈਸੀ ਚੁੱਲ੍ਹੇ ਉਪਰ ਗਰਮਾਇਆ ਦੁੱਧ ਕਿਤੇ ਕਾੜ੍ਹਨੀ ਦੇ ਦੁੱਧ ਵਰਗਾ ਹੋ ਸਕਦੈ? ਕਾੜ੍ਹਨੀ ਦੇ ਦੁੱਧ ਵਿਚ ਕੁਦਰਤੀ ਮਿਠਾਸ ਆਈ ਤੇ ਦੇਖੋ ਹੌਲੀ ਹੌਲੀ ਦੁੱਧ ਨੇ ਅੱਗ ਕੋਲੋਂ ਗੁਲਾਬੀ ਰੰਗ ਵੀ ਚੁਰਾ ਲਿਆ। ਲਹੂ, ਦੁਧ ਵਿਚ ਤਬਦੀਲ ਹੋ ਜਾਂਦਾ ਹੈ ਪਰ ਲੰਮਾ ਅਰਸਾ ਲਗਦਾ ਹੈ ਇਸਨੂੰ। ਧੀ ਜੰਮਦੀ ਹੈ, ਖੇਡਦੀ ਖੇਡਦੀ ਜੁਆਨ ਹੁੰਦੀ ਹੈ, ਫਿਰ ਵਰ ਲਭਦੇ ਹਾਂ, ਫਿਰ ਸੰਤਾਨ ਪੈਦਾ ਹੁੰਦੀ ਹੈ। ਇੰਨਾ ਅਰਸਾ ਲਹੂ ਉਡੀਕਦਾ ਰਹਿੰਦਾ ਹੈ ਕਿ ਮੈਂ ਕਦੀ ਦੁੱਧ ਬਣਾਂ। ਥੋੜਾ ਕੁ ਕਰਮਾ ਵਾਲਾ ਹਿੱਸਾ ਦੁੱਧ ਬਣਦਾ ਹੈ, ਸਾਰਾ ਨਹੀਂ। ਸਮਾਂ ਲਗਦਾ ਹੈ। ਹੋ ਜਾਂਦੀ ਹੈ ਕਰਾਮਾਤ, ਮੁਸਲਸਲ ਬੰਦਗੀ ਸਦਕਾ।
“ਤੁਹਾਡੇ ਖ਼ਿਆਲ ਵਿਚ ਸੁਲਤਾਨਪੁਰ ਦੇ ਮੋਦੀ ਖਾਨੇ ਵਿਚ ਗੁਰੂ ਬਾਬਾ ਜੀ ਨੂੰ ਤੇਰਾਂ ਤੋਂ ਅਗੇ ਗਿਣਤੀ ਭੁਲ ਗਈ ਸੀ? ਉਹ ਭਾਈਓ ਬੇਹਿਸਾਬ ਸੀ ਨਾਂ ਜਿਹੜਾ ਉਸ ਨੇ ਹਿਸਾਬਾਂ ਤੋਂ ਖਹਿੜਾ ਛੁਡਾਉਣਾ ਸੀ ਛੁਡਾ ਲਿਆ। ਉਸਨੂੰ ਕੌਣ ਬਨ੍ਹੇਗਾ ਗਿਣਤੀਆਂ ਮਿਣਤੀਆਂ ਵਿਚ।
“ਐਵੇਂ ਨੀ ਆ ਗਈ ਸ਼ੀਰੀਂ ਜ਼ਬਾਨ ਫ਼ਾਰਸੀ ਮੈਨੂੰ। ਦਸਵੀਂ ਜਮਾਤ ਤੱਕ ਕਲਗੀ ਤੋਂ ਲੈਕੇ ਮਹਾਰਾਜ ਦੇ ਜੋੜਿਆਂ ਤੱਕ ਮੈਂ ਫ਼ਾਰਸੀ ਦੇ ਕਸੀਦੇ ਲਿਖ ਲਿਖ ਸਜਾਏ। ਕਸੀਦਾ ਲਿਖਦਾ। ਮਹਾਰਾਜ ਅਗੇ ਅਰਜੋਈ ਕਰਦਾ – ਬਾਬਾ ਜੀ ਥੋੜ੍ਹੀ ਕੁ ਫ਼ਾਰਸੀ ਦੀ ਨਜ਼ਮ ਦੇ ਦਿਉ। ਏਨੀ ਤਾਂ ਮੈਂ ਨੀ ਮੰਗਦਾ ਜਿੰਨੀ ਤੁਸੀਂ ਭਾਈ ਨੰਦ ਲਾਲ ਜੀ ਨੂੰ ਦਿੱਤੀ ਸੀ। ਥੋੜੀ ਕੁ ਤਾਂ ਦਿਉ। ਤੁਹਾਡੇ ਸਾਹਮਣੇ ਪ੍ਰੋਫੈਸਰੋ ਜਿਹੜਾ ਇਹ ਮੰਗਤਾ ਬੈਠਾ ਹੈ, ਇਹਨੂੰ ਪਤਾ ਸੀ ਕਿਵੇਂ ਮੰਗੀਦੈ। ਮਹਾਰਾਜ ਏਨੇ ਮਿਹਰਬਾਨ ਹੋ ਗਏ ਕਿ ਫ਼ਾਰਸੀ ਦੀ ਨਜ਼ਮ ਤਾਂ ਦਿਤੀ ਹੀ, ਅਰਬੀ ਰੁੰਗੇ ਵਿਚ ਮੇਰੇ ਵੱਲ ਸੁੱਟ ਦਿੱਤੀ। ਕਿਸੇ ਖਾਸ ਮਿਹਨਤ ਦੀ ਲੋੜ ਨਹੀਂ ਪਈ।
“ਪਾਕ ਕੁਰਆਨ ਕਿੰਨਾ ਕੁ ਹਿਫਜ਼ (ਯਾਦ) ਹੈ ਤਾਰਿਕ ਸਾਹਿਬ?
ਉੱਤਰ – ਜੀ ਬਸ ਨਮਾਜ਼ ਪੜ੍ਹਨ ਵਾਲੀਆਂ ਆਇਤਾਂ। ਭਾਈ ਸਾਹਿਬ ਨੇ ਹਉਕਾ ਲਿਆ। “ਉਮਰ ਕਰਕੇ ਡਰਦਾ ਹਾਂ ਭਾਈਓ। ਵਡੇ ਦਾਅਵੇ ਜਾਇਜ਼ ਨਹੀਂ ਹੁਣ। ਏਨਾ ਪਾਠ ਕੀਤਾ ਸੀ ਕੁਰਆਨ ਦਾ ਕਿ ਹਿਫਜ਼ ਹੋ ਗਿਆ ਸੀ ਸਾਰਾ।
“ਮੈਂ ਨੀ ਕਿਸੇ ਦੇ ਦਰ ‘ਤੇ ਸਵਾਲੀ ਬਣ ਕੇ ਗਿਆ ਕਦੇ। ਆਏ ਦਾ ਆਦਰ ਕੀਤਾ ਵਿਤ ਮੂਜਬ। ਇਹ ਵੀ ਨਹੀਂ ਕਿ ਇਥੇ ਭੀੜਾਂ ਇਕੱਠੀਆਂ ਹੋਣ ਦਿਆਂ। ਪਹਿਲੋਂ ਵਕਤ ਫਿਕਸ ਕਰੋ, ਕੰਮ ਦਸੋ, ਫਿਰ ਦੇਖਾਂਗੇ। ਇਕ ਵਿਦਵਾਨ ਆ ਗਿਆ ਇਥੇ। ਬੜੇ ਸਾਲ ਹੋ ਗਏ। ਮੈਂ ਪਹਿਲਾਂ ਤਾਂ ਇਹ ਪੁਛਿਆ ਕਿ ਕਿਸਦੀ ਬਦੌਲਤ ਆ ਗਿਆ ਤੂੰ ਇਥੇ? ਉਸਨੇ ਕਿਸੇ ਭਲੇ ਬੰਦੇ ਦਾ ਨਾਮ ਲਿਆ। ਫਿਰ ਉਸਨੇ ਇਕ ਕਿਤਾਬ ਦਿੱਤੀ ਜਿਸਦਾ ਨਾਮ ਗੁਰੂ ਨਾਨਕ ਦਾ ਸ਼ਾਹਕਾਰ ਸੀ। ਮੈਂ ਉਸਨੂੰ ਕੁਝ ਪੁਛਿਆ। ਉਹ ਆਦਮੀ ਮੈਨੂੰ ਫ਼ਾਲਤੂ ਕਿਸਮ ਦਾ ਲੱਗਿਆ। ਇਕ ਵਾਕ ਉਸ ਕੋਲ ਅਜਿਹਾ ਨਹੀਂ ਸੀ ਜਿਸ ਵਿਚ ਵਜ਼ਨ ਹੋਵੇ। ਮੈਂ ਪੁੱਛਿਆ – ਇਸ ਕਿਤਾਬ ਦਾ ਮੈਂ ਕੀ ਕਰਨੈ? ਉਸਨੇ ਕਿਹਾ – ਜੀ ਰੀਵੀਊ ਲਿਖ ਦਿਉ। ਤੁਹਾਡਾ ਵੱਡਾ ਨਾਮ ਹੈ। ਮੈਂ ਕਿਹਾ – ਅਸੀਂ ਫ਼ਕੀਰ ਜਿਸ ਸ਼ਾਹਰਾਹ ‘ਤੇ ਮੁੱਦਤ ਤੋਂ ਤੁਰੇ ਹੋਏ ਹਾਂ, ਉਸ ਤਕ ਜਿਹੜੀ ਪਗਡੰਡੀ ਜਾਂਦੀ ਹੈ ਤੈਨੂੰ ਅਜੇ ਉਹ ਨਹੀਂ ਲੱਭੀ। ਕਿਤਾਬ ਸਮੇਤ ਨਦਾਰਦ।
“ਇਕ ਹੋਰ ਜੋੜੀ ਆਈ। ਯੂਨੀਵਰਸਿਟੀ ਦਾ ਪ੍ਰੋਫੈਸਰ ਅਤੇ ਉਸਦੀ ਬੀਵੀ। ਬੀਵੀ ਕਿਸੇ ਕਾਲਜ ਵਿਚ ਪੜ੍ਹਾਂਉਂਦੀ ਸੀ। ਗੱਲਾਂ ਕਰਦੇ ਰਹੇ। ਮੈਂ ਸੁਣਦਾ ਰਿਹਾ। ਫਿਰ ਮੈਂ ਆਉਣ ਦਾ ਸਬੱਬ ਪੁੱਛਿਆ। ਪ੍ਰੋਫੈਸਰ ਨੇ ਦੱਸਿਆ- ਮੈਂ ਜਪੁਜੀ ‘ਤੇ ਖੋਜ ਕਰ ਰਿਹਾਂ। ਤੁਹਾਡੇ ਤੋਂ ਵੀ ਕੁਝ ਜਾਣਨਾ ਹੈ। ਮੈਂ ਪੁੱਛਿਆ- ਜਪੁਜੀ ਦਾ ਪਾਠ ਠੀਕ ਤਰ੍ਹਾਂ ਕਰਨਾ ਆਉਂਦੈ? ਉਸਨੇ ਕਿਹਾ- ਹਾਂ ਜੀ। ਮੈਂ ਕੋਈ ਗੱਲ ਅਜੇ ਕਰਨ ਹੀ ਵਾਲਾ ਸਾਂ ਕਿ ਉਸਦੀ ਪਤਨੀ ਸਮਝ ਗਈ। ਤੁਹਾਨੂੰ ਪਤੈ ਮੈਂ ਹੌਲੀ ਹੌਲੀ ਗੱਲਾਂ ਕਰਦਾਂ। ਵਿਚੋਂ ਦੀ ਕੋਈ ਦੂਜਾ ਸ਼ਾਮਲ ਹੋ ਸਕਦੈ। ਮੈਂ ਮੌਕਾ ਦਿੰਦਾ ਰਹਿਨਾਂ। ਉਹ ਕਹਿਣ ਲੱਗੀ- ਨਾ ਜੀ ਨਾ। ਸਾਨੂੰ ਦੋਵਾਂ ਨੂੰ ਕੱਖ ਨੀ ਆਉਂਦਾ। ਅਸੀਂ ਤਾਂ ਤੁਹਾਡੇ ਤੋਂ ਸਿਖਣੈ। ਜੇ ਕੁਝ ਆਉਂਦਾ ਹੁੰਦਾ ਫਿਰ ਇਥੇ ਕਿਉਂ ਆਉਂਦੇ? ਖੂਬ ਹੱਸੇ। ਬਚਾਅ ਕਰ ਗਈ ਬੀਬੀ ਆਪਣੇ ਖਾਵੰਦ ਦਾ।
“ਮੈਂ ਜੀ ਚੈਲ ਤੋਂ ਨਾਭੇ ਗਿਆ। ਇਕ ਦਿਨ ਖ਼ਿਆਲ ਆਇਆ, ਚਲੋ ਤਲਵੰਡੀ ਸਾਬੋ ਜਾ ਕੇ ਮੱਥਾ ਟੇਕੀਏ। ਮਹਾਰਾਜ ਦੇ ਬਚਨ ਹਨ ਨਾ ਕਿ ਇਹ ਗੁਰੂ ਕੀ ਕਾਸ਼ੀ ਹੈ। ਇਥੇ ਆਕੇ ਜਾਹਲ ਲੋਕ ਸਨਮਾਨ ਯੋਗ ਵਿਦਵਾਨ ਬਣ ਜਾਣਗੇ। ਸੋਚਿਆ ਜਹਾਲਤ ਦੂਰ ਕਰਨ ਲਈ ਇਹ ਜ਼ਿਆਰਤ ਲਾਜ਼ਮੀ ਹੈ। ਚਲੋਚਾਲ ਚਲੋਚਾਲ ਪੁੱਜ ਗਏ ਤਲਵੰਡੀ। ਰਸਤੇ ਵਿਚੋਂ ਮੈਂ ਸਰਕੜੇ ਦੇ ਕਾਨੇ ਕੱਟ ਕੇ ਲੈ ਗਿਆ ਸਾਂ। ਉਹ ਲਿਖਣ-ਸਰ ਵਿਚ ਡੁਬੋ ਦਿੱਤੇ। ਤੁਹਾਨੂੰ ਦਿਸ ਈ ਰਿਹੈ, ਮੈਂ ਸਿਰ ਮੂੰਹ ਮਨਾ ਰਖਿਐ। ਸਿਰ ‘ਤੇ ਰੁਮਾਲ ਬੰਨ੍ਹਿਆ ਹੋਇਆ ਸੀ। ਪਾਠ ਕੀਤਾ। ਫਿਰ ਕਾਨੇ ਕੱਢ ਕੇ ਟੁਕੜੇ ਕੀਤੇ। ਕਲਮਾਂ ਘੜੀਆਂ। ਇਕ ਇਕ ਕਲਮ ਪਾਣੀ ਵਿਚ ਡਬੋ ਕੇ ਅਰਜ਼ ਕਰਦਾ ਸਾਂ – ਮਹਾਰਾਜ! ਇਨ੍ਹਾਂ ਕਲਮਾਂ ਵਿਚੋਂ ਹਜ਼ੂਰ ਦਾ ਜ਼ਿਕਰ ਸਹੀ ਹੋਵੇ। ਮੇਰੀ ਲਿਖਤ ਸਿਧੀ ਕਰ ਮਾਲਕ। ਤੁਹਾਡੇ ਬਾਬਤ ਲਿਖਣ ਵੇਲੇ ਕੇਵਲ ਹੱਥ ਨਹੀਂ ਵਜੂਦ ਕੰਬਣ ਲਗਦਾ ਹੈ। ਮੈਨੂੰ ਤਾਕਤ ਦਿਉ ਹੇ ਸ਼ਾਹਿ ਸ਼ਹਿਨਸ਼ਾਹ।
ਮੈਂ ਤਾਂ ਖਿਆਲ ਨੀ ਕੀਤਾ, ਪਿਛੇ ਇਕ ਨਿਹੰਗ ਸਿੰਘ ਖਲੋਤਾ ਸੀ। ਮੈਂ ਕੰਮ ਨਿਬੇੜ ਕੇ, ਕਾਨੀਆਂ ਕੋਰੇ ਰੁਮਾਲ ਵਿਚ ਵਲੇਟੀਆਂ ਤਾਂ ਉਸਨੇ ਪੁੱਛਿਆ – ਕੀ ਕਰਦਾ ਹੁੰਨੈ ਜੁਆਨਾ? ਮੈਂ ਕਿਹਾ – ਮਹਾਰਾਜ ਦਾ ਜਸ ਕਰਨਾ ਚਾਹੁੰਨਾ ਬਾਬਾ ਜੀ, ਪਰ ਹੁੰਦਾ ਨੀ ਠੀਕ। ਇਥੇ ਮੱਥਾ ਟੇਕਣ ਆਇਆਂ ਕਿ ਅਸੀਸ ਮਿਲੇ। ਉਸਨੇ ਕਿਹਾ – ਜਦੋਂ ਤੱਕ ਮੈਂ ਵਾਪਸ ਨੀ ਆਉਂਦਾ ਇਥੇ ਰਹੀਂ। ਮੈਂ ਚੁਪ ਚਾਪ ਖਲੋਤਾ ਰਿਹਾ। ਉਹ ਘੋੜੇ ਨੂੰ ਅੱਡੀ ਲਾ ਕੇ ਕਿਸੇ ਪਾਸੇ ਉਡ ਗਿਆ। ਮੈਂ ਦੇਖਦਾ ਰਿਹਾ। ਕੁਝ ਦੇਰ ਬਾਦ ਪਰਤਿਆ। ਮੇਰੇ ਸਿਰ ‘ਤੇ ਹੱਥ ਰੱਖਿਆ। ਫੇਰ ਚੋਲੇ ਦੀ ਜੇਬ ਵਿਚੋਂ ਇਕ ਕੜਾ ਕੱਢ ਕੇ ਮੇਰੇ ਹੱਥ ਪਹਿਨਾ ਦਿਤਾ। ਸੇਰ ਪੱਕੇ ਵਜ਼ਨ ਦਾ ਇਹ ਕੜਾ ਅਗਲੀ ਵੇਰ ਦਿਖਾਵਾਂਗਾ ਤੁਹਾਨੂੰ। ਮੈਨੂੰ ਹੱਸ ਕੇ ਕਹਿੰਦਾ – ਤੂੰ ਕਹਿੰਦਾ ਸੀ ਨਾ ਹੱਥ ਕੰਬਦੈ ਲਿਖਣ ਵੇਲੇ। ਕਾਂਬੇ ਦਾ ਬੰਦੋ ਬਸਤ ਹੋ ਗਿਐ। ਜਾਹ, ਮਹਾਰਾਜ ਸਹਾਈ ਹੋਣਗੇ। ਇਸ ਤਰ੍ਹਾਂ ਦੀਆਂ ਸੁਗਾਤਾਂ ਮਿਲੀਆਂ ਜੀ ਮੈਨੂੰ। ਜਦੋਂ ਨਿਹੰਗ ਸਿੰਘ ਜੀ ਚਲੇ ਗਏ ਤਾਂ ਇਕ ਸ਼ਰਧਾਲੂ ਨੇ ਦੱਸਿਆ – ਇਹ ਗਰਮ ਸੁਭਾਅ ਦਾ ਜਰਨੈਲ ਐ। ਚੱਕਰ ਕਟਦਾ ਰਹਿੰਦੈ ਕਿਧਰੇ ਕੋਈ ਬਿਅਦਬੀ ਤਾਂ ਨੀ ਹੋ ਰਹੀ। ਤੇਰੇ ਵਲ ਦੇਖ ਦੇਖ ਮੈਂ ਹੈਰਾਨ ਹੁੰਦਾ ਰਿਹਾ ਕਿ ਮੋਨੇ ਸਿਖ ਉਪਰ ਇਹ ਕਿੰਨਾ ਮਿਹਰਬਾਨ ਹੋ ਗਿਆ। ਤੂੰ ਕੋਈ ਕਰਮਾਂ ਆਲਾ ਐਂ ਭਾਈ।
“1953 ਵਿਚ ਡਾਕ ਰਾਹੀਂ ਭਾਈ ਵੀਰ ਸਿੰਘ ਜੀ ਨੂੰ ਮੂਲਮੰਤਰ ਦਾ ਫ਼ਾਰਸੀ ਨਜ਼ਮ ਵਿਚ ਤਰਜਮਾ ਕਰਕੇ ਭੇਜਿਆ। ਖਤ ਰਾਹੀਂ ਖਤ ਦਾ ਜਵਾਬ ਨਹੀਂ ਦਿੱਤਾ ਉਨ੍ਹਾਂ ਨੇ। ਦੋ ਬੰਦੇ ਭੇਜੇ ਸਲੀਕੇ ਵਾਲੇ, ਸਾਊ ਤੇ ਸੁਘੜ। ਉਨ੍ਹਾਂ ਨੇ ਭਾਈ ਵੀਰ ਸਿੰਘ ਜੀ ਵੱਲੋਂ ਮੇਰੇ ਬਾਬਤ ਕਹੇ ਮਿੱਠੇ ਸ਼ਬਦ ਦੁਹਰਾਏ ਤੇ ਆਖਿਆ – ਤੁਹਾਨੂੰ ਯਾਦ ਕਰਦੇ ਹਨ ਜੀ। ਚਲੋ। ਮੈਂ ਉਦੀਂ ਤਿਆਰ ਹੋ ਗਿਆ। ਮਿਲਿਆ। ਪਹਿਲਾਂ ਕੇਵਲ ਸੁਣਿਆਂ ਸੀ ਉਨ੍ਹਾਂ ਬਾਬਤ। ਹੁਣ ਮਿਲ ਕੇ ਪਤਾ ਲੱਗਾ, ਉਹ ਕਿਡਾ ਵੱਡਾ ਤਪੱਸਵੀ ਹੈ। ਉਸਤਤਿ ਦੇ ਜੋ ਸ਼ਬਦ ਉਨ੍ਹਾਂ ਮੇਰੇ ਤਰਜਮੇ ਅਤੇ ਨਜ਼ਮ ਬਾਬਤ ਕਹੇ, ਮੈਂ ਉਨ੍ਹਾਂ ਦੇ ਯੋਗ ਨਹੀਂ ਸਾਂ। ਸੁਣ ਸੁਣ ਸੋਚਦਾਂ – ਕਿੰਨਾ ਚੰਗਾ ਹੋਵੇ ਜੇ ਇਹੋ ਜਿਹਾ ਹੋ ਜਾਂ। ਕਹਿਣ ਲੱਗੇ – ਤੁਸੀਂ ਪੂਰੇ ਜਪੁਜੀ ਦਾ ਤਰਜਮਾ ਫ਼ਾਰਸੀ ਨਜ਼ਮ ਵਿਚ ਕਰੋ। ਮੈਂ ਕਿਹਾ – ਜੀ ਅਰਥ ਨੀਂ ਆਉਂਦੇ। ਹੁਣ ਤੱਕ ਦੇ ਸਾਰੇ ਟੀਕੇ ਦੇਖ ਲਏ ਹਨ। ਦਿਲ ਨਹੀਂ ਟਿਕਿਆ ਕਿਸੇ ‘ਤੇ। ਕਹਿਣ ਲੱਗੇ – ਇਥੇ ਰਹੋ ਸਾਡੇ ਪਾਸ। ਅਸੀਂ ਅਰਥ ਦਸਾਂਗੇ।
“ਮੈਨੂੰ ਕੀ ਚਾਹੀਦਾ ਸੀ ਜੀ ਹੋਰ? ਜੋ ਜੋ ਦਸਦੇ, ਵਿਆਖਿਆ ਕਰਦੇ, ਮੈਨੂੰ ਲਗਦਾ, ਲਖ ਲਖ ਨਜ਼ਮਾਂ ਉਤਰ ਰਹੀਆਂ ਹਨ, ਮੈਨੂੰ ਲਗਦਾ, ਹੁਣ ਮੈਂ ਕਰ ਸਕਾਂਗਾ ਇਹ ਕੰਮ। ਜੀ ਹੋ ਗਿਆ ਉਨ੍ਹਾਂ ਦੀ ਕਿਰਪਾ ਨਾਲ। ਜਦੋਂ 1969 ਵਿਚ ਇਹ ਕਿਤਾਬ ਛਪੀ ਸੀ ਉਸਦੇ ਮੁਖ ਬੰਦ ਵਿਚ ਮੈਂ ਐਲਾਨ ਕੀਤਾ ਸੀ ਕਿ ਇਸ ਦਾ ਹਰੇਕ ਸੁਹਣਾ ਹਿੱਸਾ ਭਾਈ ਵੀਰ ਸਿੰਘ ਜੀ ਦੀ ਦਇਆ ਸਦਕਾ ਹੈ, ਇਸ ਵਿਚੋਂ ਕੁੱਝ ਚੰਗਾ ਲੱਗੇ, ਉਨ੍ਹਾਂ ਨੂੰ ਦਾਦ ਦੇਣੀ। ਜੀ ਜਿਹੜੇ ਭਾਈ ਵੀਰ ਸਿੰਘ ਦਾ ਇਸ ਕਰਕੇ ਆਦਰ ਕਰਦੇ ਹਨ ਕਿ ਉਹ ਚੰਗੇ ਸ਼ਾਇਰ ਸਨ, ਉਨ੍ਹਾਂ ਦੀ ਜਾਣਕਾਰੀ ਅਧੂਰੀ ਹੈ। ਨੇਕ ਬਖਤ ਉਹ ਏਡੇ ਵਡੇ ਕਾਮਲ ਫ਼ਕੀਰ ਸਨ ਕਿ ਸਿਰ ‘ਤੇ ਹੱਥ ਰਖ ਕੇ ਤਕਦੀਰਾਂ ਦਾ ਰੁਖ ਬਦਲ ਦਿੰਦੇ ਸਨ। ਮੇਰੇ ਉਪਰ ਉਨ੍ਹਾਂ ਦੀ ਸ਼ਾਇਰੀ ਦਾ ਭੋਰਾ ਅਸਰ ਨਹੀਂ। ਸ਼ਾਇਰੀ ਦਾ ਅਸਰ ਹੁੰਦਾ ਤਾਂ ਮੈਂ ਪੰਜਾਬੀ ਵਿਚ ਨਾ ਉਨ੍ਹਾਂ ਵਰਗੀਆਂ ਨਜ਼ਮਾਂ ਲਿਖਣ ਲੱਗ ਜਾਂਦਾ? ਘੱਟੋ ਘੱਟ ਰੀਸ ਤਾਂ ਕਰਦਾ। ਕਦੀ ਨੀ ਰੀਸ ਕੀਤੀ। ਸਾਡੇ ਸਿਲੇਬਸ ਅੱਡ ਅੱਡ ਸਨ।
“ਮੇਰੇ ਘਰ ਦਾ ਨਾਮ ਵੀਰ ਨਿਵਾਸ ਭਾਈ ਸਾਹਿਬ ਜੀ ਦੇ ਨਾਮ ‘ਤੇ ਹੀ ਮੈਂ ਰੱਖਿਆ ਹੈ। ਉਨ੍ਹਾਂ ਦਾ ਟਿਕਾਣਾ ਹੈ ਇੱਥੇ। ਮੇਰੇ ਬੇਟਿਆਂ ਦੇ ਨਾਵਾਂ ਨਾਲ ਵੀ ਵੀਰ ਸ਼ਬਦ ਮੈਂ ਚੇਤਨ ਹੋਕੇ ਲਾਇਆ ਹੈ, ਸਮਝਦਾ ਹਾਂ ਸਾਰਾ ਉਨ੍ਹਾਂ ਦਾ ਪਰਿਵਾਰ ਹੈ।
“ਇਕ ਸ਼ਾਮ ਅਸੀਂ ਦੋਵੇਂ ਉਨ੍ਹਾਂ ਦੇ ਚੁਬਾਰੇ ਵਿਚ ਬੈਠੇ ਗੱਲਾਂ ਕਰ ਰਹੇ ਸਾਂ। ਇਹ ਉਨ੍ਹਾਂ ਦਾ ਲਿਖਣ-ਦਫ਼ਤਰ ਸੀ। ਮੈਂ ਕਿਹਾ – ਭਾਈ ਸਾਹਿਬ ਜੀ ਜਿਵੇਂ ਕਿਸੇ ਨੂੰ ਹੀਰ ਸੁਹਣੀ ਲਗਦੀ ਹੈ ਕਿਸੇ ਨੂੰ ਸੱਸੀ, ਇਉਂ ਮੈਨੂੰ ਮਹੀਂਵਾਲ ਦੀ ਸੋਹਣੀ ਬਹੁਤ ਫੈਸੀਨੇਟ ਕਰਦੀ ਹੈ। ਮੇਰਾ ਜੀ ਕਰਦੈ ਇਕ ਨਜ਼ਮ ਸੋਹਣੀ ਉਪਰ ਲਿਖਾਂ। ਉਨ੍ਹਾਂ ਕਿਹਾ – ਲਿਖੋ। ਮੈਂ ਕਿਹਾ – ਇਹ ਰੁਮਾਂਟਿਕ ਗੱਲਾਂ ਇਤਰਾਜ਼ਯੋਗ ਤਾਂ ਨਹੀਂ? ਉਨ੍ਹਾਂ ਕਿਹਾ – ਬਿਲਕੁਲ ਨਹੀਂ। ਉਨ੍ਹਾਂ ਦੱਸਿਆ ਕਿ ਬਠਿੰਡੇ ਦੇ ਕਿਲੇ ਵਿਚ ਕਲਗੀਧਰ ਹਜੂਰ ਬਿਰਾਜਮਾਨ ਸਨ। ਉਨ੍ਹਾਂ ਦੇ ਕੰਨੀ ਲੋਕ ਗੀਤਾਂ ਦੀਆਂ, ਸਾਰੰਗੀ ਦੀਆਂ ਧੁਨਾਂ ਪਈਆਂ ਤਾਂ ਸੇਵਕ ਨੂੰ ਕਿਹਾ – ਇਨ੍ਹਾਂ ਗਾਇਕਾਂ ਨੂੰ ਕਿਲੇ ਵਿਚ ਲਿਆਉ। ਗਾਇਕ ਤੇ ਸਾਜ਼ਿੰਦੇ ਆ ਗਏ। ਮਹਾਰਾਜ ਨੇ ਉਹੀ ਸੁਣਨ ਦੀ ਫੁਰਮਾਇਸ਼ ਕੀਤੀ ਜੋ ਉਹ ਗਾ ਕੇ ਹਟੇ ਸਨ। ਗਵੱਈਆਂ ਨੇ ਝਿਜਕਦਿਆਂ ਕਿਹਾ – ਮਹਾਰਾਜ ਇਹ ਕੱਚੀ ਬਾਣੀ ਹੈ। ਤੁਹਾਡੇ ਦਰਬਾਰ ਦੇ ਲਾਇਕ ਨਹੀਂ। ਮਹਾਰਾਜ ਨੇ ਫੁਰਮਾਇਆ – ਤੁਸਾਂ ਸਹੀ ਕਿਹਾ। ਪਰ ਸਮੇਂ ਦੀ ਆਵੀ ਵਿਚ ਦੇਰ ਤੋਂ, ਸਦੀਆਂ ਤੋਂ ਪਕਦੀਆਂ ਪਕਦੀਆਂ ਇਹ ਸੁਰਾਂ ਸੁਹਣੀਆਂ ਹੋ ਗਈਆਂ ਹਨ। ਸਾਡਾ ਸੁਣਨ ਦਾ ਮਨ ਹੈ ਅੱਜ। ਤਦ ਦੇਰ ਤੱਕ ਗਵੱਈਆਂ ਨੇ ਰੋਮਾਂਟਿਕ ਕਿੱਸੇ, ਲੋਕ ਸੁਰਾਂ ਵਿਚ ਸੁਣਾਏ। ਮਹਾਰਾਜ ਨੇ ਅਸੀਸਾਂ ਦਿੱਤੀਆਂ, ਧਨ ਦਿਤਾ ਤੇ ਆਦਰ ਨਾਲ ਵਿਦਾ ਕੀਤੇ।
“ਇਹ ਗੱਲਾਂ ਕਰਦਿਆਂ ਕਰਦਿਆਂ ਖਾਣੇ ਦਾ ਸਮਾਂ ਹੋ ਗਿਆ ਤਾਂ ਅਸੀਂ ਹੇਠਾਂ ਉਤਰੇ। ਭਾਈ ਵੀਰ ਸਿੰਘ ਗੇਟ ਵਲ ਚਲੇ ਗਏ। ਮੈਂ ਵੀ ਨਾਲ ਨਾਲ। ਕਦੀ ਉਨ੍ਹਾਂ ਨੇ ਖਾਣਾ ਖਾਣ ਬਗੈਰ ਨਹੀਂ ਜਾਣ ਦਿਤਾ ਸੀ। ਗੇਟ ਕੋਲ ਆ ਕੇ ਖਲੋ ਗਏ। ਇਹ ਨਹੀਂ ਕਹਿ ਸਕਦੇ ਸਨ ਕਿ ਚਲਾ ਜਾਹ। ਮੈਂ ਕਿਹੜਾ ਬੇਸਮਝ ਸੀ। ਤੁਰ ਆਇਆ। ਕਾਗਜ਼ ਕੱਢੇ। ਕਲਮਾਂ ਘੜੀਆਂ ਤੇ ਸਿਆਹੀ ਦੀ ਦਵਾਤ ਸਾਫ ਕਰਕੇ ਸੋਹਣੀ ਉਪਰ ਨਜ਼ਮ ਲਿਖਣ ਬੈਠ ਗਿਆ। ਜੀ ਕਲਮ ਉਹ ਚੱਲੀ ਕਿ ਦੋ ਪਹਿਰਾਂ ਵਿਚ ਕਿੱਸਾ ਪੂਰਾ ਹੋ ਗਿਆ। ਫਿਰ ਜਿਲਦ ਬੰਨ੍ਹੀ। ਚੁਲ੍ਹੇ ਦੇ ਨੇੜੇ ਮੱਠੇ ਮੱਠੇ ਸੇਕ ਵਿਚ ਸੁਕਾਈ। ਜਦੋਂ ਸੁੱਕ ਗਈ, ਪੰਨੇ ਠੀਕ ਪਲਟਣ ਲੱਗੇ ਤਾਂ ਦੁਬਾਰਾ ਦਾਬ ਦੇਕੇ ਰੋਟੀ ਖਾਧੀ ਤੇ ਸੌਂ ਗਿਆ। ਅੰਮ੍ਰਿਤ ਵੇਲੇ ਜਾਗ ਖੁਲ੍ਹ ਗਈ। ਵਾਹੋਦਾਹੀ ਤੁਰਿਆ ਭਾਈ ਸਾਹਿਬ ਜੀ ਦੀ ਹਵੇਲੀ ਵੱਲ। ਮਿਲਿਆ, ਉਨ੍ਹਾਂ ਦੇ ਹੱਥਾਂ ਵਿਚ ਸੋਹਣੀ ਦਾ ਕਿੱਸਾ ਫੜਾਇਆ। ਫੋਲ ਕੇ ਪੁਛਿਆ – ਝੂਠ ਮਾਰਦੇ ਸੀ ਕਵੀ ਜੀ ਕੱਲ੍ਹ, ਕਿ ਕਿੱਸਾ ਲਿਖਣ ਦੀ ਆਗਿਆ ਦਿਉ? ਤੁਸੀਂ ਤਾਂ ਮਹੀਨਿਆਂ ਤੋਂ ਲਿਖਦੇ ਆ ਰਹੇ ਸੀ। ਮੈਂ ਕਿਹਾ, ਨਹੀਂ ਜੀ। ਤੁਹਾਡੇ ਅਗੇ ਝੂਠ ਬੋਲਣ ਦੀ ਕਿਸ ਦੀ ਤਾਕਤ? ਤੁਹਾਡਾ ਇਸ਼ਾਰਾ ਸਮਝ ਗਿਆ ਸਾਂ ਕੱਲ੍ਹ ਸ਼ਾਮੀ ਕਿ ਬਿਨਾ ਇਕ ਪਲ ਨਸ਼ਟ ਕੀਤੇ ਲਿਖ ਦੇਹ। ਕਿੱਸਾ ਪੂਰਾ ਕਰਕੇ ਸੁੱਤਾ ਜੀ ਰਾਤ।
“ਆਏ ਮਹਿਮਾਨਾ ਨੂੰ ਭਾਈ ਸਾਹਿਬ ਨੇ ਖੁਦ ਕਿਸਾ ਸੁਣਾਇਆ ਤੇ ਫ਼ਾਰਸੀ ਦੇ ਅਰਥ ਪੰਜਾਬੀ ਵਿਚ ਕਰ ਕਰ ਦੱਸੇ। ਨਾਲੇ ਦਾਦ ਦਿਤੀ। ਇਸ ਤੋਂ ਬਾਦ ਤਾਂ ਜਦੋਂ ਖੁਸ਼ ਹੁੰਦੇ ਉਦੀਂ ਕਹਿ ਦਿੰਦੇ – ਕਵੀ ਜੀ, ਸੋਹਣੀ ਦੀਆਂ ਕੁਛ ਗੱਲਾਂ ਕਰੀਏ। ਕਿੱਸਾ ਸੁਣਾਉ। ਉਨ੍ਹਾਂ ਨੇ ਤਾਂੱਅ ਉਮਰ ਮੇਰਾ ਨਾਮ ਨਹੀਂ ਲਿਆ ਜੀ। “ਕਵੀ ਜੀ” ਕਿਹਾ ਕਰਦੇ ਸਨ ਮੈਨੂੰ। ਮੇਰਾ ਇਹੋ ਨਾਮ ਚੱਲ ਪਿਆ ਸੀ ਹਰ ਥਾਂ। ਕਵੀ ਜੀ ਦਾ ਮਤਲਬ ਲਕਸ਼ਵੀਰ ਸਿੰਘ ਤੋਂ ਬਿਨਾਂ ਹੋਰ ਕੋਈ ਨੀਂ ਹੁੰਦਾ ਸੀ।
“ਭਾਈ ਵੀਰ ਸਿੰਘ ਜੀ ਇਕ ਦਿਨ ਮੇਰੀ ਸ਼ਾਇਰੀ ਦੀ ਉਸਤਤ ਕਰਨ ਲੱਗੇ ਤਾਂ ਮੈਂ ਕਿਹਾ ਭਾਈ ਸਾਹਿਬ ਮੈਨੂੰ ਕੋਈ ਜਾਣਦਾ ਤਾਂ ਹੈ ਨੀਂ। ਉਹ ਬੋਲੇ-ਕਵੀ ਜੀ ਮੈਨੂੰ ਕੋਣ ਜਾਣਦੈ, ਮੈਂ ਕਿਹਾ ਜੀ ਤੁਹਾਨੂੰ ਤਾਂ ਸਾਰਾ ਜਹਾਨ ਜਾਣਦੈ। ਉਨ੍ਹਾਂ ਫਰਮਾਇਆ ਮੇਰੇ ‘ਤੇ ਯਕੀਨ ਕਰਨਾ। ਸਮਾਂ ਤੇ ਲੱਗੇਗਾ ਪਰ ਜਿੱਥੇ ਜਿੱਥੇ ਵੀਰ ਸਿੰਘ ਜਾਣਿਆ ਜਾਏਗਾ, ਉਥੇ ਉਥੇ ਕੁਝ ਦੇਰ ਬਾਦ ਸ਼ਾਇਰ ਲਕਸ਼ਵੀਰ ਸਿੰਘ ਪੁਜੇਗਾ।…ਕੁਝ ਦੇਰ ਬਾਦ।
ਪਹਿਲੇ ਦਿਨ ਉਪਰ-ਲਿਖਤ ਗੱਲਾਂ ਦਾ ਆਂਸ਼ਿਕ ਬਿਉਰਾ ਹੈ। ਅਫ਼ਸੋਸ ਕਿ ਮੈਂ ਆਵਾਜ਼ ਰਿਕਾਰਡ ਕਰਨ ਦੀ ਮਸ਼ੀਨ ਕਿਉਂ ਨਾ ਖਰੀਦ ਕੇ ਲੈ ਗਿਆ। ਮੈਂ ਕਿਨੇ ਕੁ ਨੋਟਸ ਲੈ ਸਕਦਾ ਸਾਂ? ਰੱਬ ਦਾ ਸ਼ੁਕਰ ਕਿ ਕਾਫ਼ੀ ਕੁਝ ਮੈਨੂੰ ਫਟਾਫਟ ਯਾਦ ਹੁੰਦਾ ਰਹਿੰਦੈ ਤੇ ਦੇਰ ਤਕ ਯਾਦ ਰਹਿ ਜਾਂਦੈ। ਫਿਰ ਵੀ। ਅਣਮੋਲ ਮੋਤੀ ਇਕ ਵੀ ਸੱਜੇ ਖੱਬੇ ਕਿਰਨਾ ਨਹੀਂ ਚਾਹੀਦਾ। ਅਗੋਂ ਨੂੰ ਖ਼ਿਆਲ ਰੱਖਾਂਗਾ। ਪਹਿਲੀ ਸ਼ਾਮ ਉਨ੍ਹਾਂ ਦੱਸ ਦਿਤਾ ਸੀ- “ਬੁੱਢਿਆਂ ਦਾ ਕਾਹਦਾ ਟਾਈਮ ਟੇਬਲ। ਜਦੋਂ ਨੀਂਦ ਖੁੱਲ੍ਹੀ, ਮਹਾਰਾਜ ਨੂੰ ਯਾਦ ਕੀਤਾ। ਬੀਤੇ ਸਮੇਂ ਦਾ ਸਿਮਰਨ ਵੀ ਹੁੰਦੈ। ਕੌਣ ਬਚ ਸਕਦੈ ਇਸਤੋਂ? ਤੁਸੀਂ ਮੈਨੂੰ ਦਸੋ ਪ੍ਰੋਫੈਸਰੋ ਕਿ ਭੂਤ ਕਿਸਨੂੰ ਨਹੀਂ ਚਿਬੜਿਆ ਹੋਇਆ, ਇਸ ਤੋਂ ਛੁਟਕਾਰਾ ਕੇਵਲ ਬਾਬਾ ਜੀ ਦਾ ਨਾਮ ਦਿਵਾ ਸਕਦਾ ਹੈ। ਫਿਰ ਉਸਦਾ ਨਾਮ ਲੈਣ ਲੱਗ ਜਾਨਾ। ਮਾਲਾ ਫੇਰਨੀ ਸ਼ੁਰੂ ਕੀਤੀ। ਕਈ ਸਾਲ ਇਹ ਕੰਮ ਕਰਦਾ ਰਿਹਾ। ਜਿਸ ਉਂਗਲ ਵਿਚ ਮਾਲਾ ਲਟਕਦੀ ਸੀ, ਇਕ ਦਿਨ, ਨਾ ਕੋਈ ਗੱਲ ਨਾ ਕਹਾਣੀ, ਦੀਵਾਨ ਤੋਂ ਉਠਣ ਲੱਗਾ ਤਾਂ ਕੀ ਪਤਾ ਕਿਵੇਂ ਇਸ ਇਕੋ ਉਂਗਲ ‘ਤੇ ਇਉਂ ਵਜ਼ਨ ਆਇਆ ਕਿ ਪੋਟਾ ਟੁੱਟ ਗਿਆ। ਹੁਣ ਵੀ ਇਹ ਪੋਟਾ ਮੁੜਦਾ ਨਹੀਂ। ਮਹਾਰਾਜ ਨੂੰ ਗਿਣਤੀਆਂ ਪਸੰਦ ਨਹੀਂ ਨਾਂ? ਉਹੀ ਉਂਗਲ ਤੋੜੀ ਜਿਹੜੀ ਮਾਲਾ ਰਾਹੀਂ ਗਿਣਤੀਆਂ ਕਰਦੀ ਸੀ। ਬਚਪਨ ਵਿਚ ਮੈਂ ਗਿਣਤੀ ਤੋਂ ਨਾਬਰ ਹੋਇਆ, ਬੁਢੇ ਵਾਰੇ ਨਾਮ ਦੀ ਗਿਣਤੀ ਕਰਨ ਲੱਗਾ। ਸਾਡੇ ਬਾਬੇ ਕਲਗੀਧਰ ਨੂੰ ਪਖੰਡ ਠੀਕ ਨਹੀਂ ਲਗਦਾ। ਉਹ ਤਾਂ ਗੁੱਟ ਤੋੜ ਸਕਦਾ ਸੀ। ਉਸ ਹਿੱਸੇ ਨੂੰ ਸਜ਼ਾ ਦਿੱਤੀ ਜਿੱਥੇ ਮਾਲਾ ਲਟਕੀ।
“ਇਕ ਕੁੜੀ ਦੁਧ ਦੇ ਮੱਟ ਲਈ ਬੈਠੀ ਸੀ ਤਾਂ ਖਰੀਦਾਰ ਜੁਆਨ ਆਇਆ ਤੇ ਆਪਣਾ ਬਰਤਨ ਉਸ ਅਗੇ ਰੱਖਿਆ। ਕੁੜੀ ਨੇ ਕਈ ਕਟੋਰੀਆਂ ਦੁਧ ਪਾ ਦਿਤਾ। ਜੁਆਨ ਨੇ ਪੁੱਛਿਆ – ਕਿੰਨਾ ਦੁਧ ਪਾਇਆ? ਕੁੜੀ ਬੋਲੀ, ਪਤਾ ਨਹੀਂ। ਮੁੰਡੇ ਨੇ ਫੇਰ ਪੁਛਿਆ, ਕਿੰਨੇ ਪੈਸੇ ਹੋ ਗਏ? ਕੁੜੀ ਨੇ ਕਿਹਾ – ਪਤਾ ਨਹੀਂ। ਮੁੰਡੇ ਨੇ ਪੁੱਛਿਆ – ਹੋਰ ਪਤਾ ਕਿਸ ਨੂੰ ਹੈ? ਤੈਨੂੰ ਕਿਉਂ ਪਤਾ ਨੀਂ? ਕੁੜੀ ਬੋਲੀ – ਜਿਸ ਨੂੰ ਪਿਆਰ ਕਰਦੇ ਹੋਈਏ ਉਸ ਨਾਲ ਹਿਸਾਬ ਕਿਤਾਬ ਨੀ ਕਰੀਦਾ।”
ਪਾਠਕੋ, ਮੈਨੂੰ ਫ਼ਾਰਸੀ ਦੇ ਅਲਿਫ ਬੇ ਦਾ ਪਤਾ ਨਹੀਂ। ਗੁਰਮੁਖੀ ਅੱਖਰਾਂ ਵਿਚ ਜਿਵੇਂ ਆਪ ਮੁਹਾਰੇ ਜ਼ਫਰਨਾਮਾ ਤੇ ਭਾਈ ਨੰਦ ਲਾਲ ਯਾਦ ਹੋਈ ਜਾਂਦੇ ਹਨ, ਇਸ ਤਰਾਂ ਮੈਂ ਮੁਨਾਜਾਤਿ ਬਾਮਦਾਦੀ ਦਾ ਲਗਾਤਾਰ ਪਾਠ ਕਰਦਾ ਰਿਹਾ। ਦੋ ਥਾਵਾਂ ‘ਤੇ ਮੈਨੂੰ ਲੱਗਾ ਜਿਵੇਂ ਵਜ਼ਨ ਵਿਚ ਨੁਕਸ ਹੈ। ਨਿਸ਼ਾਨੀ ਲਾ ਲਈ। ਤਾਰਿਕ ਸਾਹਿਬ ਨਾਲ ਗੱਲ ਕੀਤੀ। ਉਨ੍ਹਾਂ ਨੇ ਚਾਰ ਸ਼ਿਅਰਾਂ ‘ਤੇ ਨਿਸ਼ਾਨੀਆਂ ਲਾਈਆਂ ਹੋਈਆਂ ਸਨ ਜਿਨ੍ਹਾਂ ਵਿਚ ਮੇਰੇ ਵਾਲੇ ਦੋ ਸ਼ਿਅਰ ਵੀ ਸਨ। ਇਹ ਕਹਿਣ ਦੀ ਹਿੰਮਤ ਨਹੀਂ ਸੀ ਕਿ ਸਾਨੂੰ ਤੁਹਾਡੇ ਸ਼ਿਅਰਾਂ ਵਿਚ ਗਲਤੀਆਂ ਦਿਸੀਆਂ। ਤਾਰਿਕ ਨੇ ਕਿਹਾ – ਹਜ਼ੂਰ ਕੁਛ ਏਕ ਅਸ਼ਆਰ ਹਮਸੇ ਠੀਕ ਤਰਹ ਪੜ੍ਹੇ ਨਹੀਂ ਜਾ ਰਹੇ। ਕਿਸ ਤਰ੍ਹਾਂ ਇਨ ਕੋ ਪੜ੍ਹੇਂ? ਉਨ੍ਹਾਂ ਨੇ ਨਿਸ਼ਾਨੀਆਂ ਵਾਲੇ ਸ਼ਿਅਰ ਪੜ੍ਹੇ ਤਾਂ ਭਾਈ ਸਾਹਿਬ ਹੱਸ ਪਏ। ਕਿਹਾ – ਪ੍ਰੋਫੈਸਰੋ ਏਨੀ ਲਿਹਾਜ਼ ਦੀ ਲੋੜ ਨੀ ਏਥੇ। ਸਿੱਧੀ ਤਰ੍ਹਾਂ ਕਹੋ ਵਜ਼ਨ ਠੀਕ ਨੀ। ਮੈਨੂੰ ਪਤੈ ਕਿਥੇ ਕਿਥੇ ਗੜਬੜ ਹੋਈ। ਤੁਸੀਂ ਚਾਰ ਨਿਸ਼ਾਨੀਆਂ ਲਾਈਆਂ ਨੇ ਬਸ। ਦਰਜਣ ਕੁ ਗਲਤੀਆਂ ਹੈਗੀਆਂ। ਬੰਦਿਸ਼ ਬਣੀ ਨਾ। ਬੜੀ ਤਾਕਤ ਲਾਈ। ਨਾ। ਕਿਤੇ ਕਿਤੇ, ਤੁਸੀਂ ਨੋਟ ਕੀਤਾ ਹੋਣੈ, ਬੰਦਿਸ਼ ਠੀਕ ਕਰਨ ਲਈ ਮੈਂ ਅਰਬੀ ਦੇ ਔਖੇ ਅਲਫਾਜ਼ ਵਰਤੇ। ਇਹ, ਗੁਸਤਾਖ਼ੀ ਹੈ। ਅਰਬੀ ਅਰਬੀ ਹੈ, ਫ਼ਾਰਸੀ ਫ਼ਾਰਸੀ। ਦੋਹਾਂ ਦਾ ਕੋਈ ਮੇਲ ਨਹੀਂ। ਪਰ ਅਣਸਰਦੇ ਨੂੰ ਇਹ ਕੰਮ ਕੀਤਾ। ਹੁਣ ਦੇਖਦਾਂ ਭਲਾ ਜੇ ਠੀਕ ਹੋ ਜਾਣ। ਮਿਹਨਤ ਕਰਾਂਗਾ ਇਕ ਵਾਰ ਫੇਰ। ਮੈਂ ਇਕ ਵਾਰ ਆਗਰੇ ਗਿਆ। ਉਥੇ ਤਾਜ-ਮਹਿਲ ਦੇ ਸੰਗਮਰਮਰੀ ਮਾਡਲ ਵਿਕ ਰਹੇ ਸਨ। ਬਹੁਤ ਪੁਰਾਣੇ ਦਿਨਾਂ ਦੀ ਗੱਲ ਹੈ 1932 ਦੀ। ਇਕ ਥਾਂ ਬਹੁਤ ਜ਼ਿਆਦਾ ਸੁਹਣੇ ਮਾਡਲ ਦੇਖੇ। ਕੀਮਤ ਪੁੱਛੀ। ਰੁਪਈਏ ਤੋਂ ਘੱਟ ਕੋਈ ਨਹੀਂ। ਉਦੋਂ ਰੁਪਈਆ ਬੜੀ ਵੱਡੀ ਰਕਮ ਸੀ। ਮੈਂ ਦੇਖਦਾ ਰਿਹਾ। ਇਕ ਮਾਡਲ ਪਸੰਦ ਆਇਆ। ਪੈਸੇ ਥੋੜ੍ਹੇ ਘੱਟ ਕਰਨ ਲਈ ਕਿਹਾ। ਦੁਕਾਨਦਾਰ ਮੰਨਿਆ ਨਾਂ। ਮੈਂ ਮਾਡਲ ਨੂੰ ਹੱਥ ਵਿਚ ਫੜੀ ਧਿਆਨ ਨਾਲ ਦੇਖਿਆ ਤਾਂ ਇਕ ਥਾਂ ਤੇ ਤਰੇੜ ਦਿੱਸੀ। ਕਿਹਾ – ਇਹ ਮਾਡਲ ਤਾਂ ਬਾਰਾਂ ਆਨਿਆਂ ਦਾ ਦੇ ਦੇਹ, ਇਸ ਵਿਚ ਤਰੇੜ ਆਈ ਹੋਈ ਹੈ। ਦੁਕਾਨਦਾਰ ਨੇ ਕਿਹਾ – ਦਿਖਾਉ। ਮੈਂ ਤਰੇੜ ਦਿਖਾਈ ਤਾਂ ਉਸਨੇ ਮਾਡਲ ਜੋਰ ਨਾਲ ਪੱਥਰ ‘ਤੇ ਮਾਰਕੇ ਕੰਕਰ ਸਮੇਟਦਿਆਂ ਕਿਹਾ – ਮਾੜੀ ਚੀਜ਼ ਦੇ ਬਾਰਾਂ ਆਨੇ ਵੀ ਨਹੀਂ ਵਟਾਂਗਾ। ਇਥੇ ਖਰਾ ਸੌਦਾ ਹੁੰਦਾ ਹੈ ਜੀ। ਸੌਦੇਬਾਜ਼ੀ ਕਰਨੀ ਹੈ, ਹੋਰ ਬਥੇਰੀਆਂ ਥਾਵਾਂ ਨੇ ਹਜ਼ੂਰ। ਉਦੋਂ ਦਾ ਮੇਰਾ ਦਿਲ ਕਰਦਾ ਹੁੰਦੈ ਜਿਸ ਸ਼ਿਅਰ ਵਿਚ ਤਰੇੜ ਹੈ ਉਸ ਨੂੰ ਪੱਥਰ ਉਪਰ ਮਾਰਾਂ। ਮੇਰੇ ਨਾਲੋਂ ਤਾਂ ਪੱਥਰਘਾੜਾ ਕਾਰੀਗਰ ਚੰਗਾ, ਨੁਕਸਦਾਰ ਚੀਜ਼ ਤੋੜਨ ਦਾ ਦਰੇਗ ਨਹੀਂ ਕਰਦਾ। ਰਹਿ ਗਈਆਂ ਖਾਮੀਆਂ ਨੂੰ ਦੂਰ ਕਰਨ ਦਾ ਯਤਨ ਕਰਾਂਗਾ। ਤਰਜਮਾ ਦਰੁਸਤ ਤਾਂ ਹੈ, ਚੁਸਤ ਵੀ ਹੋਵੇ। ਲਾ ਦਿਆਂਗਾ ਮਗ਼ਜ਼ੀ ਗੋਟਾ ਸਲਮਾ ਸਿਤਾਰਾ ਲੱਗਣਾ ਚਾਹੀਦਾ ਹੈ। ਮਾਲਕ ਨੂੰ ਜੇ ਪੁਸ਼ਾਕ ਪਸੰਦ ਨਾ ਆਈ ਫੇਰ ਮਿਹਨਤ ਕੀਤੀ ਗਈ ਨਾ ਬੇਕਾਰ? ਜਪੁਜੀ ਦਾ ਮਾਲਕ ਹਾਰ ਸ਼ਿੰਗਾਰ ਨੂੰ ਉਂਜ ਬੇਕਾਰ ਸਮਝਦਾ ਹੈ। ਉਹ ਜੋ ਮਰਜ਼ੀ ਕਰੇ, ਆਪਾਂ ਉਹੋ ਕਰਾਂਗੇ ਜਿਡੇ ਕੁ ਆਪਾਂ ਹੈਗੇ ਆਂ। ਦੇਖਦੇਆਂ ਕੀ ਬਣਦੈ।
ਕੋਈ-ਕੋਈ ਕਾਫ਼ੀਆ ਬੜਾ ਤੰਗ ਕਰਦਾ ਹੁੰਦੈ। ਦਰੁਸਤ ਈ ਨੀ ਹੋਣ ਵਿਚ ਆਉਂਦਾ। ਸਾਡੇ ਵੇਲੇ ਦੇ ਸ਼ਾਇਰ ਇਹੋ ਜਿਹੇ ਸ਼ਿਅਰ ਵੀ ਕਿਹਾ ਕਰਦੇ ਸਨ:
ਕੋਈ ਇਹੋ ਜਿਹਾ ਕਾਫ਼ੀਆ ਤੂੰ ਘੜ ਮਾਮਦੀਨਾ।
ਜੀਹਦੇ ਵਿਚ ਸ਼ਾਇਰ ਖੁਦ ਜਾਏ ਅੜ ਮਾਮਦੀਨਾ।
ਖੂਬ ਹੱਸੇ। ਅੱਜ ਕੱਲ੍ਹ ਹੈਗੇ ਇਹੋ ਜਿਹੇ ਮਾਮਦੀਨ ਕਿ ਨਹੀਂ? ਉਨ੍ਹਾਂ ਨੇ ਪੁੱਛਿਆ। ਮੈਂ ਕਿਹਾ – ਇਸ ਮਾਮਦੀਨ ਨੇ ਤਾਂ ਆਪਣੀ ਥਕਾਵਟ ਲਾਹ ਦਿਤੀ। ਹੁਣ ਦੇ ਮਾਮਦੀਨ ਇਹੋ ਜਿਹੇ ਖੁਸ਼ ਮਜਾਜ਼ ਨਹੀਂ। ਅਜੋਕੀ ਸ਼ਾਇਰੀ ਉਤੇ ਨਾ ਹਾਸਾ ਆਏ ਨਾ ਰੋਣਾ।
ਫਿਰ ਕਹਿਣ ਲੱਗੇ – ਪਰ ਇਥੇ ਕਹਾਣੀ ਹੋਰ ਹੈ। ਇਥੇ ਜਪੁ ਜੀ ਸਾਹਿਬ ਹੈ। ਮੈਂ ਆਪਣੇ ਆਪ ਨੂੰ ਧਰਵਾਸ ਦਿਤਾ ਕਿ ਨੰਬਰ ਇਕ, ਜਿਸ ਮਹਾਰਾਜ ਦੀ ਇਹ ਬਾਣੀ ਹੈ, ਉਸ ਨੂੰ ਸ਼ਿਅਰ ਦੀ ਬੰਦਿਸ਼ ਦਾ ਖ਼ਿਆਲ ਨਹੀਂ, ਉਹ ਇਸ ਗਲੋਂ ਬੇਪਰਵਾਹ ਹੈ। ਦੂਜੀ ਗੱਲ ਇਹ ਕਿ ਵਜ਼ਨ ਠੀਕ ਕਰਦਾ ਕਰਦਾ ਮੈਂ ਫੇਰ ਅਰਥ ਤੋਂ ਦੂਰ ਚਲਾ ਜਾਂਦਾ। ਅਰਥ ਮੇਰੇ ਲਈ ਪਹਿਲਾਂ ਹੈ ਵਜ਼ਨ ਬਾਦ ਵਿਚ। ਮੈਨੂੰ ਪਤੈ ਬਾਬਾ ਜੀ ਦੇ ਬੋਲਾਂ ਲਈ ਸੁਰਖੀਆਂ ਬਿੰਦੀਆਂ ਦੀ ਕੋਈ ਲੋੜ ਨੀ। ਫੇਰ ਵੀ। ਹੁਣ ਮੈਂ ਤਾਕਤ ਲਾਵਾਂਗਾ। ਕੀ ਪਤਾ ਠੀਕ ਹੋ ਜਾਣ ਸ਼ਿਅਰ। ਦੇਖੋ ਸਾਫ ਗੱਲ ਐ। ਮੈਂ ਸ਼ੀਸ਼ੇ ਦਾ ਗਲਾਸ ਬਣਾ ਲਿਆ। ਉਸ ਦੀ ਵਰਤੋਂ ਕਰਦਾ ਹਾਂ। ਇੱਛਾ ਹੈ ਕਿ ਬਲੌਰ ਦਾ ਗਲਾਸ ਬਣੇ। ਯਤਨ ਕਰਾਂਗਾ। ਪਰ ਜਦੋਂ ਤੱਕ ਬਲੌਰ ਦਾ ਗਲਾਸ ਨੀਂ ਬਣਦਾ ਉਦੋਂ ਤੱਕ ਸ਼ੀਸ਼ੇ ਦਾ ਗਲਾਸ ਤਾਂ ਨਹੀਂ ਨਾ ਤੋੜਨਾ ਚਾਹੀਦਾ? ਠੀਕ ਹੈ ਕਿ ਗ਼ਲਤ ਪ੍ਰੋਫੈਸਰੋ? ਤਾਂ ਵੀ, ਮੈਂ ਕਾਫ਼ੀਏ ਦਾ ਖੂਨ ਕਰਾਂਗਾ, ਖ਼ਿਆਲ ਦਾ ਨਹੀਂ। ਗੁਰੂ ਮੇਰਾ ਕਾਫ਼ੀਂਆ ਹੈ, ਗੁਰੂ ਮੇਰਾ ਰਦੀਫ਼। ਗੁਰੂ ਮੇਰਾ ਵਜ਼ਨ ਹੈ, ਗੁਰੂ ਮੇਰੀ ਤਸ਼ਬੀਹ। ਗੁਰੂ ਬਾਬਾ ਚਾਹੀਦਾ ਹੈ ਮੈਨੂੰ ਕੇਵਲ। ਉਸ ਵਿਚ ਕਾਇਨਾਤ ਦੀ ਪੂਰੀ ਸੁੰਦਰਤਾ ਮੌਜੂਦ ਹੈ। ਜਿਸ ਕਲਾਮ ਵਿਚ ਹਜ਼ੂਰ ਦਾ ਜ਼ਿਕਰ ਨਹੀਂ, ਉਸ ਸ਼ਾਇਰੀ ਦਾ ਸੁਹੱਪਣ ਕੋਠੇਵਾਲੀ ਦਾ ਸੁਹੱਪਣ ਹੈ ਜੋ ਅਣਗਿਣਤ ਵਾਰ ਲੱਜਿਤ ਹੋਏਗਾ ਤੇ ਲੱਜਿਤ ਕਰੇਗਾ।
“ਮੇਰਾ ਦੋਸਤ ਹੁੰਦਾ ਸੀ ਨਾਭੇ, ਸੱਯਦ ਇਜ਼ਹਾਰ ਹੁਸੈਨ। ਸਫੈਦ ਲਿਬਾਸ ਪਹਿਨਿਆਂ ਕਰਦਾ ਸੀ। ਸਫੈਦ ਟੋਪੀ, ਸਫੈਦ ਅਚਕਨ, ਸਫੈਦ ਚੂੜੀਦਾਰ ਪਜਾਮਾ, ਸਫੈਦ ਜੁੱਤੀ ਤੇ ਜੁਰਾਬਾਂ, ਹੱਥ ਵਿਚ ਸਫੈਦ ਰੁਮਾਲ। ਨਮਾਜ਼ੀ ਸੀ। ਸੰਤਾਲੀ ਵਿਚ ਦੰਗਾਕਾਰੀਆਂ ਹੱਥੋਂ ਕਤਲ ਹੋ ਗਿਆ। ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਸਫੈਦ ਵਸਤਰ ਨਹੀਂ ਪਹਿਨਿਆਂ। ਕਿੰਨੀਆਂ ਫੋਟੋਆਂ ਨੇ ਇਸ ਕਮਰੇ ਵਿਚ ਪੁਰਾਣੀਆਂ। ਦੇਖ ਲਉ ਜੇ ਕਿਤੇ ਸਫੈਦ ਕੱਪੜਾ ਹੋਵੇ। ਉਹ ਚਲਾ ਗਿਆ ਮੇਰੇ ਕੋਲੋਂ, ਤਾਂ ਮੈਂ ਵੀ ਚਲਾ ਗਿਆ। ਮੈਂ ਕਿਹੜਾ ਇਥੇ ਆਂ ਹੁਣ? ਨਹੀਂ ਹਾਂ ਮੈਂ ਇਥੇ। ਅਪਣੇ ਵਿਆਹ ਵਕਤ ਨਵੇਂ ਕੱਪੜੇ ਨੀ ਸਿਲਾਏ ਮੈਂ। ਜੇ ਹੁਸੈਨ ਹੁੰਦਾ ਫੇਰ ਦੋ ਜੋੜੇ ਨਵੇਂ ਸਿਲਾਉਂਦਾ, ਇਕ ਉਸ ਲਈ ਦੂਜਾ ਆਪਣੇ ਲਈ। ਉਸ ਦੇ ਖਾਨਦਾਨ ਦੀਆਂ ਮੈਂ ਛੇ ਕੁੜੀਆਂ ਬਚਾ ਲਈਆਂ ਤੇ ਤੁਰ ਪਿਆ ਲੈਕੇ ਉਨ੍ਹਾਂ ਨੂੰ ਲਾਹੌਰ ਵੱਲ। ਰਸਤੇ ਵਿਚ ਖੂਨ ਨਾਲ ਲਥਪਥ ਸਿਖਾਂ ਦੇ ਕਾਫਲੇ ਮੈਨੂੰ ਉਧਰ ਜਾਣ ਤੋਂ ਵਰਜਦੇ, ਆਖਦੇ ਮੁਸ਼ਕਲ ਨਾਲ ਥੋੜ੍ਹੇ ਕੁ ਬਚ ਕੇ ਆਏ ਹਾਂ। ਮੇਰੇ ਉਪਰ ਕੋਈ ਪਾਗਲ ਧੁਨ ਸਵਾਰ ਸੀ। ਮੈਂ ਲਾਹੌਰ ਸਲਾਮਤ ਪੁੱਜ ਕੇ ਰਿਸ਼ਤੇਦਾਰਾਂ ਦੇ ਘਰੀਂ ਕੁੜੀਆਂ ਪੁਚਾ ਦਿਤੀਆਂ। ਅਖਬਾਰਾਂ ਵਿਚ ਮੇਰੀ ਚਰਚਾ ਹੋਈ। ਮੁਸਲਮਾਨ ਭਾਰੀ ਗਿਣਤੀ ਵਿਚ ਆ ਆ ਮਿਲਦੇ। ਲਾਹੌਰ ਦਾ ਡੀ. ਸੀ. ਆ ਗਿਆ। ਕਹਿਣ ਲੱਗਾ – ਕਿੰਨੇ ਦਿਨ ਰਹੋਗੇ ਸਰਦਾਰ ਜੀ ਲਾਹੌਰ ਵਿਚ? ਮੈਂ ਕਿਹਾ, ਇਕ ਮਹੀਨਾ ਘੱਟੋ ਘੱਟ। ਵਾਧੂ ਜਿੰਨਾ ਚਿਰ ਤੁਸੀਂ ਰੱਖ ਸਕੋ। ਇਹ ਇਕ ਅਗਸਤ 1947 ਦੀ ਗੱਲ ਹੈ। ਕਹਿਣ ਲੱਗਾ – ਦੋ ਹਫਤੇ ਰਹਿ ਲਵੋ। ਮੈਂ ਕਿਹਾ – ਨਹੀਂ। ਮਹੀਨਾਂ ਰਹਾਂਗਾ। ਉਹ ਹੱਸ ਪਿਆ ਤੇ ਜਾਂਦਾ ਹੋਇਆ ਕਹਿਣ ਲੱਗਾ- ਚੰਗਾ ਇਕ ਦਿਨ ਤੁਹਾਡੇ ਨਾਲ ਮੈਂ ਵੀ ਲਾਹੌਰ ਦੇਖਾਂਗਾ।
“ਉਹ 14 ਅਗਸਤ ਨੂੂੰ ਕਾਰਾਂ ਦਾ ਕਾਫਲਾ ਲੈ ਕੇ ਆ ਗਿਆ। ਮੈਂ ਬੈਠ ਗਿਆ। ਉਹ ਵਾਹਘਾ ਬਾਰਡਰ ਪਾਰ ਕਰਵਾ ਕੇ ਮੈਨੂੰ ਖੁਦਾ ਹਾਫਿਜ਼ ਆਖ, ਪਰਤ ਗਿਆ। 15 ਅਗਸਤ ਨੂੰ ਦੋਵਾਂ ਦੇਸਾਂ ਦੇ ਬਾਰਡਰ ਸੀਲ ਹੋ ਗਏ। ਤਾਰਿਕ ਸਾਹਿਬ, 26 ਸਾਲ ਮੈਂ ਈਦ ਦੇ ਦਿਨ ਈਦਗਾਹ ਵਿਚ ਨਮਾਜ਼ ਅਦਾ ਕਰਨ ਗਿਆ ਕਿਉਂਕਿ ਹੁਸੈਨ ਜਾਇਆ ਕਰਦਾ ਸੀ। ਉਹ ਨਹੀਂ ਤਾਂ ਕੀ? ਮੈਂ ਜੁ ਹਾਂ ਉਸ ਦੀ ਥਾਂ। ਇਹ ਅਰਜ਼ ਕਰਦਾ ਹੁੰਦਾ ਸਾਂ ਪਰਵਰਦਗਾਰ ਅੱਗੇ ਕਿ ਮੇਰੀ ਨਮਾਜ਼ ਦਾ ਸਿਲਾ ਮੇਰੇ ਇਜ਼ਹਾਰ ਹੁਸੈਨ ਨੂੰ ਮਿਲੇ।
ਨੀਲੇ ਦੇ ਸਵਾਰ ਦਾ ਜ਼ਿਕਰ ਕਰਦਿਆਂ ਕਹਿਣ ਲੱਗੇ- ਕਿਸੇ ਤਕੜੇ ਸ਼ਾਹ ਨੂੰ ਪੁੱਛੋ ਕਿ ਕਿੰਨੇ ਪੈਸੇ ਨੇ ਬਈ ਤੇਰੇ ਕੋਲ? ਉਹ ਕਹੇਗਾ- ਮੈਨੂੰ ਕੀ ਪਤਾ। ਮੇਰੇ ਮੁਨੀਮ ਨੂੰ ਪੁੱਛੋ। ਇਉਂ ਹੁੰਦੈ। ਬਾਦਸ਼ਾਹ ਕੀ ਜਾਣਨ ਲੈਣਦਾਰੀਆਂ ਦੇਣਦਾਰੀਆਂ? ਆਪਾਂ ਛੋਟੇ ਮੋਟੇ ਮੁਨੀਮ ਬਸਤੇ ਜਿਹੇ ਚੁਕੀ ਫਿਰਦੇ ਹਾਂ ਜਿਵੇਂ ਸਾਨੂੰ ਉਸ ਦੇ ਖਜ਼ਾਨੇ ਦਾ ਲੇਖਾ ਕਰਨਾ ਆਉਂਦੈ। ਫ਼ਜ਼ੂਲ ਹੈ ਇਹ ਦਾਅਵਾ। ਲੇਖਾ ਕੋਈ ਨੀ ਕੀਤਾ ਆਪਾਂ ਉਹਦਾ। ਗੁਣ ਗਾਏ ਰੱਜ ਕੇ। ਗੁਣਗੁਣਾਉਣ ਲੱਗੇ:
ਦਿਨ ਕੋ ਕੁਛ ਫਿਕਰਿ ਸੁਖਨ ਜ਼ਿਕਰਿ ਖੁਦਾ ਕਰਤਾ ਹੂੰ।
ਰਾਤ ਕੋ ਦਰਦ ਭਰੇ ਗੀਤ ਸੁਨਾ ਕਰਤਾ ਹੂੰ।
ਕਿਧਰੇ ਖਾਤਰਦਾਰੀ ਵਿਚ ਕਸਰ ਰਹਿ ਜਾਏ ਭਾਈਓ ਤਾਂ ਬੁਰਾ ਨਾ ਮਨਾਉਣਾ। ਫਕੀਰਾਂ ਦੀ ਨਿਗਾਹ ਅਸਮਾਨੋ ਪਾਰ ਹੁੰਦੀ ਹੈ ਕਿਧਰੇ ਦੂਰ। ਤੁਰਿਆ ਜਾਂਦਾ ਫਕੀਰ ਰੋੜੇ ਤੋਂ ਤਿਲਕ ਕੇ ਡਿਗੇ ਤਾਂ ਹੱਸੋ ਨਾਹ। ਉਸਦੀ ਨਿਗਾਹ ਧਰਤੀ ‘ਤੇ ਹੈ ਈ ਨੀਂ ਜਦੋਂ, ਫਿਰ ਰੋੜਾ ਕਿਥੇ ਦਿਸਦਾ?
ਭਾਈ ਨੰਦ ਲਾਲ ਜੀ ਨੇ ਹਜ਼ੂਰ ਦੀ ਉਸਤਤਿ ਵਿਚ ਜਿਵੇਂ ਲੰਮੀ ਗ਼ਜ਼ਲ- ਕਾਦਰਿ ਹਰਕਾਰ ਗੁਰੂ ਗੋਬਿੰਦ ਸਿੰਘ। ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ ਰਚੀ ਸੀ ਉਸੇ ਬੰਦਸ਼ ਵਿਚ ਮੈਂ ਲੰਮੀ ਨਜ਼ਮ ਲਿਖੀ-
ਹਸਤ ਜਿੰਦਾਮੀਰ ਭਾਈ ਵੀਰ ਸਿੰਘ
ਮੂਨਸਿ ਦਿਲਗੀਰ ਭਾਈ ਵੀਰ ਸਿੰਘ।
ਯੂਨੀਵਰਸਿਟੀ ਵਿਚੋਂ ਛਪੇਗੀ ਤਾਂ ਤੁਹਾਡੀ ਕਿਤਾਬ ਦੀ ਮਹਿਕ ਦੂਰ ਦੂਰ ਤੱਕ ਫੈਲੇਗੀ- ਮੈਂ ਕਿਹਾ।
ਬੋਲੇ- “ਗੋਸ਼ੇ ਵਿਚੋਂ ਬਾਹਰ ਕੱਢੋਗੇ ਤਾਂ ਬਦਨਾਮ ਹੋਵਾਂਗਾ। ਕਦੀ ਮੋਤੀ ਖੁਦ ਚੱਲ ਕੇ ਦੁਕਾਨ ਵਿਚ ਗਿਆ? ਬਸ ਕੋਈ ਲੈ ਜਾਇਆ ਕਰਦਾ ਹੈ, ਫਿਰ ਮੁੱਲ ਪੈਂਦਾ ਹੈ। ਕੋਈ ਮੁੱਲ ਪਾਉਂਦਾ ਹੈ, ਕੋਈ ਖਰੀਦ ਕੇ ਲੈ ਜਾਂਦੈ। ਮੋਤੀ ਖਾਮੋਸ਼ ਰਹਿਕੇ ਜਗਤ ਤਮਾਸ਼ਾ ਦੇਖਦਾ ਰਹਿੰਦੈ।
“ਅਮੀਰ ਖੁਸਰੋ ਨੇ ਕਿਹਾ ਸੀ- “ਮੈਂ ਦੁੱਧ ਦੰਦਾਂ ਨਾਲ ਕਵਿਤਾ ਲਿਖੀ।” ਦੂਜੀ ਵਾਰ ਇਹ ਗੱਲ ਮੇਰੇ ‘ਤੇ ਵੀ ਲਾਗੂ ਹੋਈ ਮਿੱਤਰੋ। ਸ਼ੁਕਰਗੁਜ਼ਾਰ ਹਾਂ ਗੁਰੂ ਮਹਾਰਾਜ ਦਾ। ਜਿਹੜਾ ਬੰਦਾ ਸ਼ੁਕਰਾਨਾ ਨੀ ਕਰਦਾ, ਉਹ ਰੋਟੀ ਕਿਉਂ ਖਾਂਦੈ ਫੇਰ? ਸ਼ੁਕਰਾਨਾ ਨੀ ਕਰਨਾ ਫੇਰ ਤੂੰ ਰੋਟੀ ਲਈ ਹੱਥ ਨਾ ਫੈਲਾਅ ਭਾਈ।
“ਮੈਂ ਤੁਹਾਨੂੰ ਸ਼ਮਸ ਤਬਰੇਜ਼ ਸੁਣਾਇਆ, ਮਨਸੂਰ, ਜੁਨੈਦ, ਬੈਅਜ਼ੀਦ, ਹਾਫ਼ਿਜ਼ ਸ਼ੀਰਾਜ਼ੀ, ਮੌਲਾਨਾ ਰੂਮ, ਸ਼ੇਖ਼ ਸਾਅਦੀ ਤੇ ਅਮੀਰ ਖ਼ੁਸਰੋ ਬਾਰੇ ਗੱਲਾਂ ਕੀਤੀਆਂ, ਫ਼ਿਰਦੌਸੀ ਤੇ ਉਮਰ ਖ਼ਯਾਮ ਦਾ ਕLਲਾਮ ਸੁਣਾਇਆ। ਮੈਂ ਮੂਰਖਾਂ ਵਾਂਗ ਇਉਂ ਗੱਲਾਂ ਕਰਦਾ ਰਿਹਾ ਜਿਵੇਂ ਤੁਹਾਨੂੰ ਕੁੱਝ ਪਤਾ ਈ ਨਾ ਹੋਵੇ। ਗੁਸਤਾਖ਼ ਹਾਂ ਜੀ। ਤੁਸੀਂ ਸਭ ਕੁਝ ਪੜ੍ਹਿਆ ਹੋਇਐ ਫੇਰ ਵੀ ਇਸ ਬੁੱਢੇ ਨੂੰ ਦੇਰ ਤਕ ਸੁਣਦੇ ਰਹੇ। ਤੁਸੀਂ ਕਿੰਨੇ ਮਿਹਰਬਾਨ ਹੋ।
ਤਾਰਿਕ ਨੂੰ ਕਿਹਾ – “ਸੁਣਾਓ ਕੋਈ ਆਇਤ।” ਤਾਰਿਕ ਸਾਹਿਬ ਨੇ ਅੱਖਾਂ ਨੀਵੀਂਆਂ ਕੀਤੀਆਂ, ਕੁੱਝ ਦੇਰ ਖਾਮੋਸ਼ ਰਹੇ, ਫਿਰ ਇਕ ਆਇਤ ਪੜ੍ਹੀ। ਭਾਈ ਸਾਹਿਬ ਨੇ ਕਿਹਾ ਪਹਿਲਾਂ ਬਿਸਮਿੱਲਾ ਕਿਉਂ ਨਹੀਂ ਪੜ੍ਹਿਆ? ਇਹ ਤਾਂ ਬਿਅਦਬੀ ਹੈ। ਤਾਰਿਕ ਨੇ ਕਿਹਾ – ਦਿਲ ਵਿਚ ਪਹਿਲਾਂ ਬਿਸਮਿੱਲਾ ਪੜ੍ਹਿਆ ਸੀ। ਫਿਰ ਆਇਤ ਪੜ੍ਹੀ, ਕਿਉਂਕਿ ਹੁਕਮ ਤੁਸੀਂ ਆਇਤ ਪੜ੍ਹਣ ਦਾ ਦਿਤਾ ਸੀ। ਤਾਰਿਕ ਦੁਆਰਾ ਪੜ੍ਹੀ ਆਇਤ ਦਾ ਭਾਈ ਸਾਹਿਬ ਨੇ ਉਚਾਰਨ ਦਰੁਸਤ ਕਰਦਿਆਂ ਕਿਹਾ – ਕੋਈ ਸ਼ੱਕ ਹੈ ਤਾਂ ਸਾਬਤ ਕਰਾਂ ਕਿ ਮੈਂ ਠੀਕ ਗੱਲ ਦੱਸੀ ਤੁਸਾਂ ਨੂੰ? ਮੇਰੇ ਦਫ਼ਤਰ ਵਿਚ ਇਮਾਮ ਗਜ਼ਾਲੀ ਤੱਕ ਦਾ ਸਭ ਕੁੱਝ ਪਿਐ। ਕੀ ਕਰਾਂ ਤੁਰਿਆ ਨਹੀਂ ਜਾਂਦਾ। ਕੁਰਸੀ ‘ਤੇ ਨੀ ਬੈਠਿਆ ਜਾਂਦਾ। ਬਿਨਾਂ ਲਾਇਬਰੇਰੀ ਦੇ ਕੋਈ ਕੀ ਕਰੇ? ਕਾਗਜ਼ ਕਲਮ ਤੋਂ ਬਗੈਰ ਹੋਰ ਕੁੱਝ ਕਦੀ ਕੀਤਾ ਈ ਨੀ ਜੀ ਮੈਂ।
“ਨੀਤੀ (ਪ੍ਰਨੀਤ ਕੌਰ ਮਹਾਰਾਣੀ ਪਟਿਆਲਾ) ਦਾ ਫੋਨ ਆਇਆ ਸੀ ਪਟਿਆਲਿਉਂ। ਕਹਿੰਦੀ ਮਿਲਣੈ। ਮੈਂ ਕਿਹਾ- ਨਾ ਧੀਏ। ਹੋ ਗਏ ਮੇਲੇ ਗੇਲੇ ਬਥੇਰੇ। ਹੁਣ ਆਰਾਮ ਕਰੋ ਮਹਿਲਾਂ ਵਿਚ। ਜ਼ਿੱਦ ਕਰਨ ਲੱਗੀ ਤਾਂ ਮੈਂ ਕਿਹਾ- ਮੇਰੇ ਕੋਲ ਖ਼ਾਨਸਾਮਾ ਨਹੀਂ। ਰਾਸ਼ਨ ਨਹੀਂ। ਸਰਦੀਆਂ ਵਿਚ ਸ਼ੱਕਰ ਦੀ ਚਾਹ ਪੀਆ ਕਰਦਾਂ। ਸ਼ੱਕਰ ਵੀ ਨਹੀਂ। ਮੁੱਕੀ ਪਈ ਐ। ਆ ਗਈਆਂ ਜੀ। ਤਿੰਨੇ ਧੀਆਂ ਆ ਗਈਆਂ। ਨੀਤੀ, ਉਹਦੀ ਧੀ, ਅੱਗੋਂ ਉਹਦੀ ਧੀ ਯਾਨੀ ਕਿ ਦੋਹਤੀ। ਸ਼ਕਰ ਦੀ ਥੈਲੀ ਪਟਿਆਲਿਉਂ ਈ ਲੈ ਆਈਆਂ। ਖਾਣ ਚੀਜ਼ਾਂ ਵੀ। ਆਪੇ ਚਾਹ ਪਾਣੀ ਪੀਤਾ। ਏਥੀ ਬੈਠੀਆਂ ਸਨ ਜਿਥੇ ਤੁਸੀਂ ਬੈਠੇ ਓ। ਨੀਤੀ ਕਹਿੰਦੀ- ਅਸੀਸ ਲੈਣ ਆਈਆਂ ਜੀ ਤੁਹਾਥੋਂ। ਮੈਂ ਕਿਹਾ- ਨਾ। ਹੁਣ ਨੀ ਅਸੀਸ ਦੇਣੀ। ਤੁਸੀਂ ਆਹ ਜਿਹੜਾ ਕੁਝ ਲੈ ਕੇ ਆਈਆਂ ਓਂ ਨਾਂ, ਇਹ ਹਜਾਰ ਕੁ ਦਾ ਹੋਏਗਾ ਨਿਕ ਸੁੱਕ। ਹੱਦ ਡੂਢ ਹਜਾਰ। ਇੰਨਾ ਕੁ ਦੇ ਕੇ ਅਸੀਸਾਂ ਦਸ ਦਸ ਲੱਖ ਦੀਆਂ ਲਿਜਾਂਦੀਆਂ ਰਹੀਆਂ ਤੁਸੀਂ। ਮੈਂ ਤਾਂ ਲੁੱਟਿਆ ਗਿਆ। ਦਿਵਾਲੀਆ ਹੋ ਗਿਆਂ। ਹੁਣ ਨੀਂ ਅਸੀਸ ਦੇਣ ਜੋਗਾ ਕਿਉਂਕਿ ਬੰਦਗੀ ਨੀ ਕਰ ਹੁੰਦੀ। ਬਦਲੇ ਵਿਚ ਰੱਬ ਦਾ ਸ਼ੁਕਰਾਨਾ ਕਰਨਾ ਹੁੰਦੈ ਤਾਂ ਈ ਕਰਜ਼ ਉਤਰਦੈ ਨਾ ਜੀ। ਬਾਹਰ ਕਮਰੇ ਵਿਚ ਮਹਾਰਾਜ ਦਾ ਟਿਕਾਣਾ ਹੈ ਨਾ ਜੀ। ਉਨ੍ਹਾਂ ਨੂੰ ਉਥੇ ਲੈ ਗਿਆ। ਕਿਹਾ- ਇਹ ਸਭ ਤੋਂ ਵੱਡਾ ਬਾਬਾ ਐ। ਏਸ ਬਾਬੇ ਦੀ ਸਮਰੱਥਾ ਅਨੰਤ ਹੈ। ਤੁਹਾਨੂੰ ਇਹਨੇ ਦਿਤਾ ਬੜਾ ਸੀ ਪਟਿਆਲੇ ਵਾਲਿਆਂ ਨੂੰ ਪਰ ਤੁਹਾਨੂੰ ਥਾਂ ਥਾਂ ਫਿਰਨ ਦਾ ਸ਼ੌਕ ਐ। ਕੇਵਲ ਇਹਦੇ ਉਪਰ ਈਮਾਨ ਧਰੀ ਰਖਦੇ ਕਿਤੇ ਨਾਂ ਜਾਂਦੇ, ਤਾਕਤ ਤੁਹਾਡੇ ਕੋਲ ਬੜੀ ਰਹਿਣੀ ਸੀ। ਤੁਸੀਂ ਕਦੀ ਸੱਜੇ ਭੱਜੇ ਕਦੀ ਖੱਬੇ, ਕਦੀ ਉਪਰ ਚੜ੍ਹ ਗਏ ਸ਼ੂੰ ਕਰਕੇ, ਕਦੀ ਹੇਠਾਂ ਆ ਗਏ। ਬਸ ਇਹ ਕੰਮ ਰਹਿ ਗਿਆ ਇਕ, ਦੌੜਨ ਭੱਜਣ ਦਾ। ਉਸ ਇਕ ਪਿਤਾ ਉਪਰ ਆਸਥਾ ਰੱਖੋ। ਭਾਈ ਨੰਦ ਲਾਲ ਨੇ ਫੁਰਮਾਇਆ ਤਾਂ ਸੀ- ਆਨੰਦਪੁਰ ਜਾੳਗੇ ਤਾਂ ਦੇਖੋਗੇ ਅਨੰਦਪੁਰ ਦੀਆਂ ਗਲੀਆਂ ਵਿਚ ਘੁੰਮਦੇ ਹੋਏ ਮੰਗਤੇ, ਬਾਦਸ਼ਾਹੀਆਂ ਵੰਡਦੇ ਫਿਰਦੇ ਹਨ।
“ਮੱਥਾ ਟਿਕਾਇਆ। ਅਰਦਾਸ ਕੀਤੀ, ਹੁਕਮਨਾਮਾ ਲਿਆ। ਉਨ੍ਹਾਂ ਵਲੋਂ ਲਿਆਂਦੇ ਮੇਵੇ ਵਿਚੋਂ ਰਤਾ ਕੁ ਪ੍ਰਸ਼ਾਦ ਦਿੱਤਾ ਤੇ ਤੋੋਰ ਦਿੱਤੀਆਂ। ਤੁਸੀਂ ਵੀ ਭਾਈਓ ਮੱਥਾ ਟੇਕੋ ਗੁਰੂ ਦਰਬਾਰ ਵਿਚ, ਫਿਰ ਆਪੋ ਆਪਣੇ ਮਹਿਲਾਂ ਵਿਚ ਵਾਪਸ ਜਾਓ ਪਟਿਆਲੇ। ਅਸੀਂ ਵੀ ਤਿਆਰੀਆਂ ਵਿਚ ਹਾਂ। ਕੀ ਪਤਾ ਕਦੋਂ ਸੁਨੇਹਾ ਮਿਲ ਜਾਏ। ਚੰਗੈ। ਹੁਣ ਜਾਣਾ ਚਾਹੀਦੈ। ਨਾਲੇ ਮੇਰੀ ਯਾਤਰਾ ਸੌਖੀ ਐ। ਮੈਂ ਕਿਹੜਾ ਭਾਰ ਚੁੱਕਣੈ? ਹੱਡ ਮਾਸ ਦਾ ਭਾਰ ਵੀ ਨਹੀਂ। ਨਿਸ਼ਚੇ ਨਾਲ ਕਹਿ ਸਕਦਾਂ, ਕਰਮਾਂ ਦੇ ਭਾਰ ਤੋਂ ਸੌ ਫੀ ਸਦੀ ਮੁਕਤ ਆਂ। ਛਮਕਾਂ ਖਾਣ ਲਈ ਫੇਰ ਵੀ ਤਿਆਰ ਆਂ ਕਿਉਂਕਿ ਸੌ ਫੀ ਸਦੀ ਨੰਬਰ ਆਪੇ ਦੇ ਲਏ ਨੇ ਅਪਣੇ ਆਪ ਨੂੰ, ਹਿਸਾਬ ਕਦੇ ਆਇਆ ਨੀ ਸਾਰੀ ਉਮਰ, ਗੱਲਾਂ ਫੀਸਦੀਆਂ ਦੀਆਂ ਕਰ ਰਿਹਾਂ।
ਪੁੱਛਿਆ – ਤੁਸੀਂ ਕਿਥੋਂ ਦੇ ਹੋ ਤਾਰਿਕ ਸਾਹਿਬ?
ਜੀ ਮਲੇਰ ਕੋਟਲੇ ਦਾ।
ਮਲੇਰ ਕੋਟਲੇ ਕਿਸ ਥਾਂ ‘ਤੇ ਰਿਹਾਇਸ਼?
ਜੀ ਲੁਹਾਰਾਂ ਵਾਲੀ ਗਲੀ।
ਕਦੋਂ ਜਾਓਗੇ ਮਲੇਰ ਕੋਟਲੇ?
ਐਤਵਾਰ ਨੂੰ।
ਅੱਛਾ ਇਹ ਦਸੋ ਇਸੇ ਗਲੀ ਵਿਚ ਰਹਿੰਦੇ ਅਖਤਰ ਪਰਵੇਜ਼ ਦਾ ਕੀ ਹਾਲ ਐ?
ਬਾਕੀ ਸਭ ਠੀਕ ਐ ਜੀ ਉਨ੍ਹਾਂ ਦੀ ਧੀ ਦਾ ਨਿਕਾਹ ਲੇਟ ਹੋ ਰਿਹੈ। ਕਿਤੇ ਗੱਲ ਸਿਰੇ ਨਹੀਂ ਚੜ੍ਹ ਰਹੀ। ਬੜੇ ਫਿਕਰਮੰਦ ਨੇ।
ਚੜ੍ਹੇਗੀ ਸਿਰੇ। ਹੁਣ ਮੈਨੂੰ ਤੁਹਾਥੋਂ ਪਤਾ ਲੱਗੈ। ਮੇਰੀ ਇਸ ਨੇਕਬਖ਼ਤ ਧੀ ਦਾ ਨਿਕਾਹ ਕਿਉਂ ਲੇਟ ਹੋਏ? ਮੈਂ ਦੁਆ ਕਰਾਂਗਾ। ਤੁਸੀਂ ਮਲੇਰ ਕੋਟਲੇ ਜਾਓ ਤਾਂ ਇਨ੍ਹਾਂ ਦੇ ਘਰ ਜਾਣਾ। ਹੋਰ ਕੋਈ ਗੱਲ ਨਾ ਕਰਿਉ, ਬਸ ਇਹ ਆਖਿਓ ਕਿ ਚੈਲ ਜਾਕੇ ਆਏ ਆਂ। ਫੇਰ ਬਾਕੀ ਗੱਲਾਂ ਪਰਵੇਜ਼ ਦੇ ਪਰਿਵਾਰ ਤੋਂ ਸੁਣਨੀਆਂ।
ਪਟਿਆਲੇ ਵਾਪਸ ਆ ਕੇ ਬੋਪਾਰਾਇ ਨੂੰ ਫੋਨ ‘ਤੇ ਦੱਸਿਆ ਕਿ ਮੁਲਾਕਾਤ ਕਰਕੇ ਵਾਪਸ ਪਰਤੇ ਹਾਂ। ਦੋ ਕੁ ਗੱਲਾਂ ਸੁਣਾਈਆਂ, ਤਾਂ ਕਹਿਣ ਲੱਗੇ – ਕੱਲ੍ਹ ਨੂੰ ਛੁੱਟੀ ਹੈ ਕਿਧਰੇ ਜਾਣਾ ਤਾਂ ਨਹੀਂ? ਮੈਂ ਦੱਸਿਆ- ਕਿਤੇ ਨੀ ਜਾਣਾ। ਬੋਲੇ – ਦਸ ਵਜੇ ਆ ਜਾਇਓ, ਆਰਾਮ ਨਾਲ ਸੁਣਾਂਗੇ ਇਸ ਦਾਨਸ਼ਵਰ ਦੀਆਂ ਗੱਲਾਂ। ਉਥੇ ਅਗਲੇ ਦਿਨ ਜੀ. ਐਸ. ਰਿਆਲ, ਤਾਰਿਕ ਕਿਫ਼ਾਇਤੁੱਲਾ, ਬਲਦੇਵ ਸਿੰਘ ਸੰਧੂ ਤੇ ਵਾਈਸ ਚਾਂਸਲਰ ਸਾਹਿਬ ਪਹਿਲੋਂ ਬੈਠੇ ਸਨ। ਸਵਾ ਦੋ ਘੰਟੇ ਨਿਰੰਤਰ ਇਸ ਦਰਵੇਸ਼ ਦੀਆਂ ਗੱਲਾਂ ਸੁਣਾਈਆਂ। ਇਉਂ ਲਗਦਾ ਸੀ, ਜਿਵੇਂ ਰਹੱਸਮਈ ਪ੍ਰਵਚਨ ਸੁਣਦੇ ਹੋਈਏ। ਬੋਪਾਰਾਇ ਨੇ ਸੰਧੂ ਨੂੰ ਪੁੱਛਿਆ – ਏਡੇ ਸ਼ਖਸ ਨੂੰ ਕੀ ਦੇ ਸਕਦੇ ਆਂ ਆਪਾਂ? ਸੰਧੂ ਨੇ ਕਿਹਾ – ਯੂਨੀਵਰਸਿਟੀ ਵਿਚ ਸਭ ਤੋਂ ਵੱਡੀ ਉਪਾਧੀ ਪ੍ਰੋਫ਼ੈਸਰ ਦੀ ਹੈ। ਜ਼ਬਾਨੀ ਫ਼ੈਸਲਾ 4 ਨਵੰਬਰ ਨੂੰ ਹੋਇਆ ਤੇ 10 ਨਵੰਬਰ ਸਿੰਡੀਕੇਟ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਪ੍ਰਵਾਨ ਹੋ ਗਿਆ। ਉਨ੍ਹਾਂ ਨੂੰ ਆਨਰੇਰੀ ਪ੍ਰੋਫ਼ੈਸਰ ਆੱਵ ਪੰਜਾਬੀ ਯੂਨੀਵਰਸਿਟੀ ਦੀ ਉਪਾਧੀ ਦੇਣ ਦਾ ਐਲਾਨ ਹੋਇਆ।
ਇਹ ਖੁਸ਼ਖਬਰੀ ਚੈਲ ਨਿਵਾਸੀ ਭਾਈ ਸਾਹਿਬ ਨੂੰ ਫੋਨ ‘ਤੇ ਸੁਣਾਈ। ਸੁਣ ਕੇ ਫੁਰਮਾਇਆ – ਏਨਾ ਕੁਛ ਕਰਨ ਦੀ ਕੀ ਲੋੜ ਸੀ? ਮੈਂ ਤਾਂ ਕਹਿਨਾ ਜਦੋਂ ਚੈਲ ਆਓਂ, ਦੋ ਹਾਰ ਲੈ ਆਉਣੇ। ਇਕ ਫੁੱਲਾਂ ਦਾ ਜਿਹੜਾ ਸਰੀਰ ਲਈ ਸੁਖਦਾਈ ਹੁੰਦਾ ਹੈ। ਦੂਜਾ ਜੁੱਤੀਆਂ ਦਾ, ਜਿਸ ਨੂੰ ਪਹਿਨ ਕੇ ਮੇਰਾ ਦਿਲ ਦਿਮਾਗ਼ ਦਰੁਸਤ ਰਹੇਗਾ। ਅੱਗੇ ਤੁਹਾਡੀ ਮਰਜ਼ੀ। ਬੁੱਢਿਆਂ ਦੀ ਮਰਜ਼ੀ ਕਦੋਂ ਚਲਦੀ ਹੈ? ਫਿਰ ਆਖਿਆ – ਤਾਰਿਕ ਨੇ ਦੱਸਿਆ ਸੀ ਨਾ ਪੰਨੂ ਸਾਹਿਬ ਕਿ ਅਖ਼ਤਰ ਪਰਵੇਜ਼ ਦੀ ਬੇਟੀ ਦਾ ਨਿਕਾਹ ਨੀ ਹੋ ਰਿਹਾ? ਮੈਂ ਅਰਦਾਸ ਕੀਤੀ ਸੀ ਮਹਾਰਾਜ ਦੀ ਅਦਾਲਤ ਵਿਚ। ਕੱਲ੍ਹ ਵਿਆਹ ਦਾ ਕਾਰਡ ਆ ਗਿਆ। ਮੈਂ ਸ਼ਗਨ ਭੇਜ ਦਿਤਾ। ਕਿਉਂ? ਹੈ ਨਾ ਬੁੱਢਾ ਕਿਸੇ ਕੰਮ ਦਾ ਕਿ ਨਹੀਂ?
ਮੈਂ ਤਾਰਿਕ ਸਾਹਿਬ ਨੂੰ ਫੋਨ ਕੀਤਾ, ਉਨ੍ਹਾਂ ਦੱਸਿਆ, ਹਾਂ ਜੀ ਮੈਂ ਨਕਾਹ ਮੌਕੇ ਵੀ ਗਿਆ ਸੀ, ਪਹਿਲਾਂ ਵੀ ਜਾ ਕੇ ਆਇਆ ਸੀ। ਸਾਰੇ ਜਣੇ ਭਾਈ ਸਾਹਿਬ ਦੀਆਂ ਮਿਹਰਬਾਨੀਆਂ ਯਾਦ ਕਰਦੇ ਥੱਕਣ ਈ ਨਾ। ਪੰਨੂ ਸਾਹਿਬ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਦੀ ਖਬਰ ਸਾਰ ਲੈਣ ਦਾ ਮੈਨੂੰ ਉਨ੍ਹਾਂ ਹੁਕਮ ਕੀਤਾ, ਉਹ ਸਾਰੇ ਗਰੀਬ ਮੁਸਲਮਾਨ ਨੇ। ਜਦੋਂ ਕੋਟਲੇ ਆਉਂਦੇ ਭਾਈ ਸਾਹਿਬ ਤਾਂ ਨਵਾਬ ਸਾਹਿਬ ਦੇ ਮਹਿਮਾਨ ਹੋਇਆ ਕਰਦੇ ਸਨ, ਪਰ ਆਪਣੇ ਨਾਲ ਅਮੀਰਜ਼ਾਦਿਆਂ ਦੀ ਕੋਈ ਗੱਲ ਨੀ ਕੀਤੀ। ਗਰੀਬ ਲੋਕਾਂ ਬਾਬਤ ਕਿਨੇ ਪਰੇਮ ਦੀਆਂ ਗੱਲਾਂ ਕੀਤੀਆਂ ਉਨ੍ਹਾਂ ਨੇ ਆਪਣੇ ਨਾਲ।
ਉਪਰ ਦਰਜ ਗੱਲਾਂ ਯੂਨੀਵਰਸਿਟੀ ਦੇ ਕਾਫੀ ਹਾਉਸ ਵਿਚ ਬੈਠਿਆਂ ਪੰਜ ਸੱਤ ਮਿੱਤਰਾਂ ਨੂੰ ਸੁਣਾ ਰਿਹਾ ਸਾਂ ਤਾਂ ਇਤਿਹਾਸ ਦੇ ਪ੍ਰੋਫੈਸਰ ਐਸ. ਐਮ. ਵਰਮਾ ਆ ਬੈਠੇ, ਥੋੜੀ ਦੇਰ ਬਾਦ ਬੋਲੇ- ਇਹ ਕੀਹਦਾ ਬਿਰਤਾਂਤ ਛੇੜ ਰੱਖਿਐ ਤੂੰ ਅੱਜ? ਮੈਨੂੰ ਵੀ ਪਤਾ ਲੱਗੇ। ਮੈਂ ਕਿਹਾ- ਚੈਲ ਵਿਚ ਇਕ ਸ਼ਾਇਰ ਰਹਿੰਦਾ ਹੈ ਜਿਸ ਦਾ ਨਾਮ ਭਾਈ ਲਕਸ਼ਵੀਰ ਸਿੰਘ ਹੈ। ਉਸ ਨੂੰ ਮਿਲ ਕੇ ਆਇਆਂ। ਉਹ ਕਹਿਣ ਲੱਗੇ- ਕਮਾਲ ਐ ਬਈ। ਉਹ ਤਾਂ ਮੇਰੇ ਚਾਚਾ ਜਾਨ ਹਨ। ਜਿਸ ਰਾੱਇਲ ਘੋੜੇ ਦੀਆਂ ਤੂੰ ਗੱਲਾਂ ਦੱਸੀਆਂ, ਪੰਜ ਸਾਲ ਦੀ ਉਮਰੇ ਮੈਂ ਉਸ ਉਪਰ ਚੈਲ ਜਾ ਕੇ ਝੂਟੇ ਲਏ ਸਨ। ਅੱਗੇ ਅੱਗੇ ਲਗਾਮ ਫੜੀ ਚਾਚਾ ਜੀ, ਘੋੜੇ ‘ਤੇ ਸਵਾਰ ਮੈਂ ਤੇ ਪਿਛੇ ਪਿਛੇ ਮੇਰੇ ਪਾਪਾ, ਅਸੀਂ ਪਹਾੜੀ ਪਗਡੰਡੀਆਂ ਉਪਰ ਸਾਰਾ ਸਾਰਾ ਦਿਨ ਸੈਰ ਸਪਾਟੇ ਲਈ ਤੁਰਦੇ ਫਿਰਦੇ ਗੱਲਾਂ ਕਰਦੇ ਰਹਿੰਦੇ, ਸ਼ਾਇਰੀ ਹੁੰਦੀ ਜਿਸ ਦੀ ਉਦੋਂ ਕੋਈ ਸਮਝ ਨਹੀਂ ਹੁੰਦੀ ਸੀ ਮੈਨੂੰ।
“ਤੁਹਾਡੇ ਚਾਚਾ ਕਿਵੇਂ ਹੋਏ ਉਹ?” ਮੈਂ ਪੁੱਛਿਆ।
-ਗੱਲ ਇਹ ਹੈ ਪੰਨੂ ਸਾਹਿਬ ਕਿ ਸ਼ਾਇਰ ਦਾ ਵੱਡਾ ਭਰਾ ਸੀ ਪ੍ਰੋ. ਬਲਵੀਰ ਸਿੰਘ। ਉਹ ਮੇਰੇ ਪਾਪਾ ਦਾ ਜਮਾਤੀ ਅਤੇ ਮਿੱਤਰ ਸੀ। ਮੇਰੇ ਪਾਪਾ ਜੀ ਚਾਚਾ ਜਾਨ ਤੋਂ ਪੰਜ ਸਾਲ ਵੱਡੇ ਸਨ, ਉਹ ਹੁਣ 93 ਸਾਲ ਦੇ ਹੋ ਗਏ ਹਨ। ਚਾਚਾ ਜੀ ਨੂੰ ਅਸੀਂ ਪਰਿਵਾਰ ਦੇ ਸਾਰੇ ਜੀ ਨਵਾਬ ਸਾਹਿਬ ਕਿਹਾ ਕਰਦੇ ਹਾਂ। ਉਨ੍ਹਾਂ ਦੇ ਵਰਤੋਂ ਵਿਹਾਰ ਵਿਚ ਗਜ਼ਬ ਦੀ ਸ਼ਾਹਾਨਾ ਲਿਆਕਤ ਤੇ ਤਰਜ਼ ਹੁੰਦੀ ਸੀ। ਕਦੀ ਮੇਰੇ ਪਾਪਾ ਨੂੰ ਮਿਲੀਂ। ਬਹੁਤਾ ਮੇਲ ਮਿਲਾਪ ਤਾਂ ਉਨ੍ਹਾਂ ਦਾ ਪ੍ਰੋ. ਬਲਵੀਰ ਸਿੰਘ ਨਾਲ ਰਿਹਾ, ਪਰ ਫੇਰ ਵੀ, ਹੋ ਸਕਦੈ ਕੋਈ ਪੁਰਾਣੀ ਗੱਲ ਯਾਦ ਆ ਜਾਏ।
ਇਕ ਜਨਵਰੀ 2007 ਨੂੰ ਮੈਂ ਅਪਣੇ ਕੁਲੀਗ ਦੇ ਘਰ ਉਨ੍ਹਾਂ ਦੇ ਪਿਤਾ ਪ੍ਰੋ. ਰਾਮ ਗੋਪਾਲ ਵਰਮਾ ਨੂੰ ਮਿਲਣ ਗਿਆ। ਸਵੇਰ ਦਾ ਗਿਆ ਦੁਪਹਿਰ ਬਾਦ ਵਾਪਸ ਪਰਤਿਆ। ਸਭ ਤੋਂ ਪਹਿਲਾਂ ਮੈਂ ਇਹ ਸਵਾਲ ਪੁੱਛਿਆ ਕਿ ਉਨ੍ਹਾਂ ਵਲੋਂ ਜਿੰਨੀ ਸਾਨੂੰ ਦੱਸੀ ਗਈ, ਕੀ ਵਾਕਈ ਭਾਈ ਲਕਸ਼ਵੀਰ ਸਿੰਘ ਉਨੀ ਜਾਇਦਾਦ ਦੇ ਮਾਲਕ ਸਨ ਜਾਂ ਹਨ? ਵਰਮਾ ਜੀ ਹੱਸ ਪਏ। ਕਹਿਣ ਲੱਗੇ- ਸ਼ਾਇਰ ਦਾ ਹਿਸਾਬ ਅਤੇ ਸੱਚ ਆਪਣੇ ਦੁਨੀਆਂਦਾਰਾਂ ਦੇ ਸੱਚ ਅਤੇ ਹਿਸਾਬ ਕਿਤਾਬ ਨਾਲੋਂ ਵੱਖਰਾ ਹੁੰਦੈ। ਸਾਰੀ ਕਥਾ ਵਿਚੋਂ ਜਿੰਨਾਂ ਕੁ ਮੈਨੂੰ ਯਾਦ ਐ ਉਹ ਸੁਣੋ:
“ਇਹ ਨਖਰੇਬਾਜ਼ ਮੁੰਡਾ ਹੁੰਦਾ ਸੀ। ਪੂਰਾ ਆਕੜ ਖਾਂ ਪਰ ਪੜ੍ਹਨ ਨੂੰ ਢਿੱਲਾ। ਦਸਵੀਂ ਕਰਨ ਤੋਂ ਬਾਦ ਟੱਕਰਾਂ ਕਈ ਪਾਸੇ ਮਾਰੀਆਂ ਪਰ ਮੇਰਾ ਨਹੀਂ ਖ਼ਿਆਲ ਕਿ ਕੋਈ ਅਗਲੀ ਜਮਾਤ ਪਾਸ ਵੀ ਕੀਤੀ ਹੋਵੇ। ਸ਼ਾਇਰ ਇਹ ਹੈਗਾ ਸੀ, ਇਸ ਬਾਬਤ ਅਸੀਂ ਸਾਰੇ ਇਸ ਦਾ ਲੋਹਾ ਮੰਨਦੇ। ਇਹਦਾ ਵਡਾ ਭਰਾ ਬਲਵੀਰ ਬਹੁਤ ਮਿਹਨਤੀ ਵਿਦਿਆਰਥੀ ਸੀ ਤੇ ਉਸ ਦੀ ਫ਼ਾਰਸੀ ਉਪਰ ਖੂਬ ਪਕੜ ਸੀ। ਸਹੀ ਅਰਥਾਂ ਵਿਚ ਫ਼ਾਰਸੀ ਦਾ ਵਿਦਵਾਨ ਬਲਵੀਰ ਸੀ। ਪਰ ਇਹ ਖਬਤੀ ਛੋਕਰਾ, ਜਿਸ ਨੂੰ ਅਸੀਂ “ਨਵਾਬ ਸਾਹਿਬ” ਦੀ ਛੇੜ ਪਾਈ ਹੋਈ ਸੀ, ਫ਼ਾਰਸੀ ਦੇ ਕਲਾਸੀਕਲ ਗ੍ਰੰਥ ਪੜ੍ਹਦਾ ਰਹਿੰਦਾ। ਮੈਂ ਜ਼ਾਮਨ ਹਾਂ ਕਿ ਫ਼ਾਰਸੀ ਜਾਂ ਇਥੋਂ ਤੱਕ ਕਿ ਅਰਬੀ ਦਾ ਕੋਈ ਮਸਲਾ ਬਲਵੀਰ ਪਾਸ ਅੜ ਜਾਂਦਾ ਤਾਂ ਉਹ ਲਕਸ਼ਵੀਰ ਸੁਲਝਾ ਦਿੰਦਾ। ਬਲਵੀਰ ਖੁਸ਼ ਵੀ ਹੁੰਦਾ ਦੁਖੀ ਵੀ। ਖੁਸ਼ ਇਸ ਲਈ ਕਿ ਲਕਸ਼ਵੀਰ ਬੁੱਧੀਵਾਨ ਹੈ, ਦੁਖੀ ਇਸ ਕਰਕੇ ਕਿਉਂਕਿ ਪੜ੍ਹਦਾ ਨਹੀਂ ਸੀ, ਜਮਾਤਾਂ ਪਾਸ ਨਹੀਂ ਕਰਦਾ ਸੀ ਸਾਡੇ ਵਾਂਗ।
ਮਾਇਕ ਹਾਲਤ ਠੀਕ ਸੀ ਇਨ੍ਹਾਂ ਦੇ ਪਿਤਾ ਜੀ ਦੀ। ਸਿਆਸਤ ਵਿਚ ਰੁਚੀ ਲੈਂਦੇ ਸਨ। ਨਾਭਾ ਰਿਆਸਤ ਵਿਚ ਚੰਗਾ ਰਸੂਖ ਸੀ। ਮਜੀਠੀਏ ਸਰਦਾਰਾਂ ਵਿਚ ਕਦਰ ਸੀ। ਜਨਰਲ ਹਰਬਖ਼ਸ਼ ਸਿੰਘ ਜਦੋਂ ਪੈਪਸੂ ਵਿਚ ਮੰਤਰੀ ਲਏ ਗਏ ਗਿਆਨ ਸਿੰਘ ਰਾੜੇਵਾਲਾ ਦੀ ਕੈਬਨਿਟ ਵਿਚ ਤਾਂ ਲਕਸ਼ਵੀਰ ਦੇ ਪਿਤਾ ਜੀ ਉਨ੍ਹਾਂ ਦੇ ਪੁਲੀਟਿਕਲ ਸੈਕਟਰੀ ਨਿਯੁਕਤ ਹੋਏ। ਉਨ੍ਹਾਂ ਦੀ ਪਬਲਿਕ ਡੀਲਿੰਗ ਬਹੁਤ ਚੰਗੀ ਸੀ। ਸਤਿਕਾਰੇ ਜਾਂਦੇ ਸਨ। ਉਹ ਵੀ ਲਕਸ਼ਵੀਰ ਤੋਂ ਵਧੀਕ ਬਲਵੀਰ ਉਪਰ ਖੁਸ਼ ਸਨ ਕਿ ਚੰਗਾ ਪੜੂ ਲਿਖੂ ਤੇ ਰੁਜ਼ਗਾਰ ‘ਤੇ ਲੱਗੂ। ਪਿਤਾ ਨੂੰ ਕਿਤੋਂ ਪਤਾ ਲੱਗਾ ਕਿ ਲਕਸ਼ਵੀਰ ਲੋਕਾਂ ਦਾ ਹੱਥ ਦੇਖਦੈ, ਜੋਤਸ਼ ਦਾ ਕੰਮ ਕਰਨ ਲੱਗ ਪਿਐ ਤਾਂ ਨਾਰਾਜ਼ ਹੋਏ, ਕਿਹਾ- ਇਕ ਤਾਂ ਇਹ ਕੰਮ ਸਾਡੇ ਖਾਨਦਾਨ ਦਾ ਹੈ ਈ ਨੀ। ਦੂਜਾ ਲਕਸ਼ਵੀਰ ਨੇ ਇਹ ਵਿਦਿਆ ਕਿਸੇ ਪਾਸੋਂ ਸਿੱਖੀ ਨਹੀਂ। ਜਿਹੜੀ ਵਿੱਦਿਆ ਵਿਧੀਵਤ ਹਾਸਲ ਨਾ ਕੀਤੀ ਹੋਵੇ, ਉਸ ਦੀ ਵਰਤੋਂ ਕਰਨੀ ਸ਼ਰਾਫਤ ਨਹੀਂ ਹੈ। ਪਰ ਥੋੜ੍ਹੇ ਸਮੇਂ ਵਿਚ ਫ਼ਾਰਸੀ ਸ਼ਾਇਰੀ ਵਾਂਗ ਉਸ ਦਾ ਜੋਤਸ਼ ਸ਼ਾਸਤਰ ਵਿਚ ਵੀ ਸਿੱਕਾ ਜਮਿਆ। ਵਡੇ ਵਡੇ ਰਈਸ ਉਸ ਪਾਸੋਂ ਆਪਣਾ ਭਵਿਖ ਪੁੱਛਣ ਚੈਲ ਤੱਕ ਜਾਂਦੇ।
“ਮੈਂ ਤੇ ਬਲਵੀਰ ਪਹਿਲੋਂ ਲਾਹੌਰ ਪੜ੍ਹਨ ਗਏ, ਫੇਰ ਜਦੋਂ ਦੇਸ ਵੰਡ ਹੋਈ ਅਸੀਂ ਵਾਪਸ ਪਟਿਆਲੇ ਆਕੇ ਮਹਿੰਦਰਾ ਕਾਲਜ ਵਿਚ ਦਾਖਲ ਹੋ ਗਏ। ਜਦੋਂ ਬਲਵੀਰ ਨਾਭੇ ਅਤੇ ਮੈਂ ਪਟਿਆਲੇ ਆਪਣੇ ਮਾਪਿਆਂ ਨਾਲ ਪੁਸ਼ਤੈਨੀ ਛੋਟੇ ਘਰਾਂ ਵਿਚ ਰਹਿ ਰਹੇ ਸਾਂ, ਉਦੋਂ ਇਸ ਨਵਾਬ ਨੇ ਚੈਲ ਦੀ ਵਾਦੀ ਵਿਚ ਸ਼ਾਨਦਾਰ ਕੋਠੀ ਬਣਾਈ। ਬਲਵੀਰ ਤੇ ਮੈਂ ਪਟਿਆਲਿਓਂ ਨਾਭੇ, ਸਮਾਣੇ, ਸੁਨਾਮ, ਭਵਾਨੀਗੜ੍ਹ, ਦੋਸਤਾਂ ਰਿਸ਼ਤੇਦਾਰਾਂ ਨੂੰ ਛੁੱਟੀਆਂ ਵਿਚ ਮਿਲਣ ਸਾਈਕਲਾਂ ਉਪਰ ਜਾਇਆ ਕਰਦੇ ਸਾਂ ਪਰ ਇਹਨੇ ਸ਼ਾਨਦਾਰ ਘੋੜੀ ਖਰੀਦੀ ਹੋਈ ਸੀ। ਸ਼ੁਰੂ ਸ਼ੁਰੂ ਵਿਚ ਤਾਂ ਅਸੀਂ ਇਹਨੂੰ ਛੇੜਨ ਵਾਸਤੇ ਨਵਾਬ ਦਾ ਲਕਬ ਬਖਸ਼ਿਆ ਸੀ ਪਰ ਉਹ ਸੱਚਮੁਚ ਦਾ ਨਵਾਬ ਬਣ ਗਿਆ ਤੇ ਅਸੀਂ ਆਪਣੇ ਆਪ ਨੂੰ ਉਸ ਦੀ ਪਰਜਾ ਮੰਨ ਲਿਆ।
“ਸਾਨੂੰ ਉਹ ਚੈਲ ਸੱਦਦਾ, ਕਦੀ ਅਸੀਂ ਆਪਣੀ ਮਰਜ਼ੀ ਨਾਲ ਛੁੱਟੀਆਂ ਕੱਟਣ ਉਸ ਪਾਸ ਚਲੇ ਜਾਂਦੇ ਤਾਂ ਬੜਾ ਖੁਸ਼ ਹੁੰਦਾ। ਉਸ ਦੀ ਕੇਵਲ ਇੱਕ ਇਛਾ ਹੋਇਆ ਕਰਦੀ ਸੀ, ਉਹ ਇਹ ਕਿ ਇਕ ਦਿਨ ਪਹਿਲਾਂ ਉਸ ਨੂੰ ਸਾਡੇ ਪੁੱਜਣ ਦੀ ਇਤਲਾਹ ਮਿਲ ਜਾਵੇ। ਇਸ ਨਾਲ ਉਹ ਮਹਿਮਾਨਾ ਦਾ ਇੰਤਜ਼ਾਮ ਪੂਰੀ ਠਾਠ ਨਾਲ ਕਰ ਸਕਦਾ। ਸਾਡੇ ਪੁੱਜਣ ਵੇਲੇ ਦਰਵਾਜੇ ਉੱਪਰ ਵਰਦੀ ਪਹਿਨੀ ਦਰਬਾਨ ਖਲੋਤਾ ਹੁੰਦਾ ਜੋ ਸੁਆਗਤ ਕਰਦਾ, ਦਰਵਾਜਾ ਖੋਲ੍ਹਦਾ, ਇਥੋਂ ਤੱਕ ਕਿ ਸਾਡੇ ਬੂਟਾਂ ਦੇ ਤਸਮੇ ਆਪ ਖੋਹਲਦਾ। ਫਿਰ ਪੀਣ ਖਾਣ ਦਾ ਸਿਲਸਿਲਾ ਸ਼ੁਰੂ ਤਾਂ ਹੁੰਦਾ ਪਰ ਮੁਕਦਾ ਹੀ ਨਹੀਂ ਸੀ। ਜਿਸ ਕਿਸੇ ਨੇ ਜੋ ਜੋ ਪੀਣਾ ਖਾਣਾ ਹੁੰਦਾ ਸੋ ਸੋ ਹਾਜ਼ਰ ਹੁੰਦਾ ਜਾਂਦਾ। ਕਿਹੜਾ ਮੀਟ ਖਾਣਾ ਹੈ, ਕਿਸ ਕਿਸ ਕਿਸਮ ਦਾ ਖਾਣਾ ਹੈ, ਖਾਨਸਾਮਾ ਨੋਟ ਕਰਦਾ ਜਾਂਦਾ। ਉਸ ਦੀ ਇਕਾਂਤ ਵਿਚਲੀ ਹਵੇਲੀ ਕੋਈ ਰਾਜੇ ਦਾ ਮਹਿਲ ਲਗਦੀ। ਮਜਾਲ ਐ ਕੋਈ ਗੱਲ ਸਲੀਕੇ ਤੋਂ ਉਰੇ ਪਰੇ ਹੋ ਜਾਵੇ। ਕੋਈ ਚੀਜ਼ ਫਜ਼ੂਲ ਦਿਖਾਈ ਨਹੀਂ ਦਿੰਦੀ ਸੀ। ਕੁੱਤਾ ਰੱਖਿਐ ਤਾਂ ਸ਼ੁੱਧ ਨਸਲ ਦਾ ਸ਼ਾਨਦਾਰ। ਘੋੜਾ ਰੱਖਿਐ ਤਾਂ ਉਸ ਵਰਗਾ ਦੂਰ ਦੁਰਾਡੇ ਵੀ ਨਾ ਹੋਵੇ। ਲੰਮਾ ਅਰਸਾ ਹੋ ਗਿਐ ਗਿਆਂ ਨੂੰ ਚੈਲ। ਹੁਣ ਤਾਂ ਸ਼ਾਇਦ ਉਸਦੀ ਹਵੇਲੀ ਪੁਰਾਣੀ ਹੋ ਗਈ ਹੋਵੇ। ਬੜੀ ਸ਼ਾਨ ਸੀ ਉਦੋਂ ਇਸਦੀ।
“ਇਕ ਦਿਨ ਅਸੀਂ ਪਗਡੰਡੀਆਂ ਉਪਰ ਤੁਰੇ ਇਸਦੀਆਂ ਨਜ਼ਮਾਂ ਸੁਣਦੇ ਜਾ ਰਹੇ ਸਾਂ। ਘੋੜਾ ਖੁੱਲ੍ਹਾ ਛੱਡਿਆ ਹੋਇਆ ਸੀ। ਮਸਤਚਾਲ ਤੁਰੇ ਜਾਂਦਿਆਂ ਉਸਦੇ ਹੱਥ ਵਿਚੋਂ ਛੁਟ ਕੇ ਲਗਾਮ ਡਿਗ ਪਿਆ ਜੋ ਫਿਸਲ ਕੇ ਹੇਠਾਂ ਘਾਟੀ ਵਿਚ ਥੋੜੀ ਦੂਰ ਜਾ ਰੁਕਿਆ। ਅਸੀਂ ਯਾਨੀ ਕਿ ਮੈਂ, ਬਲਵੀਰ ਤੇ ਲਕਸ਼ਵੀਰ ਰੁਕ ਕੇ ਦੇਖਦੇ ਰਹੇ। ਲਕਸ਼ਵੀਰ ਗੁੱਸੇ ਨਾਲ ਕਹਿਣ ਲੱਗਾ – ਦੇਖਦੇ ਕੀ ਹੋ ਬਿਟਰ ਬਿਟਰ? ਲਗਾਮ ਡਿਗਿਆ ਦਿਸਦਾ ਨਹੀਂ? ਚੁੱਕਣ ਵਿਚ ਸ਼ਰਮ ਆਉਂਦੀ ਹੈ? ਘੋੜ ਸਵਾਰੀ ਦਾ ਮਜ਼ਾ ਤਾਂ ਲੈਣੈ ਪਰ ਡਿਗਿਆ ਲਗਾਮ ਨੀ ਚੁਕਣਾ? ਕਿਉਂ?
“ਮੈਂ ਅਤੇ ਬਲਵੀਰ ਹੇਠਾਂ ਵਲ ਸਹਿਜੇ ਸਹਿਜੇ ਖਿਸਕ ਕੇ ਲਗਾਮ ਚੁੱਕ ਲਿਆਏ। ਸਾਨੂੰ ਉਸਦੀ ਇਹ ਗੱਲ ਲੱਗੀ ਤਾਂ ਗੁਸਤਾਖੀ ਪੂਰਨ, ਉਹ ਸਾਡੇ ਤੋਂ ਛੋਟਾ ਸੀ, ਉਸ ਲਈ ਅਜਿਹਾ ਕਰਨਾ ਸ਼ੋਭਨੀਕ ਨਹੀਂ ਸੀ, ਪਰ ਉਹ ਵੀ ਜਾਣਦਾ ਸੀ ਤੇ ਅਸੀਂ ਵੀ ਕਿ ਉਹ ਹੈ ਈ ਨਵਾਬ। ਨਵਾਬ ਦਾ ਹੁਕਮ ਪਰਜਾ ਕਿਵੇਂ ਨਾ ਮੰਨਦੀ? ਪ੍ਰੋਫੈਸਰ ਸਾਹਿਬ, ਸੱਚ ਮੰਨਣਾ ਉਹ ਸਾਡੇ ਉਪਰ ਰਾਜ ਕਰਦਾ ਸੀ। ਉਹਦਾ ਸਿੱਕਾ ਖਰਾ ਚਲ ਪਿਆ ਸੀ। ਫਿਰ ਇਥੇ ਉਮਰ ਦਾ ਘਾਟਾ ਵਾਧਾ ਕੀ ਮਾਇਨੇ ਰਖਦਾ? ਉਹ ਸਾਡੀਆਂ ਛੋਟੀਆਂ ਮੋਟੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਤਿਆਰ ਬਰ ਤਿਆਰ ਰਹਿੰਦਾ।
ਮੈਂ ਪੁੱਛਿਆ – ਤੁਹਾਡੀ ਜੁਆਨੀ ਵੇਲੇ ਦਾ ਪੁਰਾਣਾ ਪਟਿਆਲਾ ਬੜਾ ਸੁਹਣਾ ਹੋਵੇਗਾ ਪ੍ਰੋਫੈਸਰ ਸਾਹਿਬ ਕਿਉਂਕਿ ਮਹਾਰਾਜਾ ਭੁਪਿੰਦਰ ਸਿੰਘ ਦੀ ਰਾਜਧਾਨੀ ਸੀ? ਉਹ ਹੱਸ ਪਏ। ਕਿਹਾ – ਕਿਥੇ ਜੀ। ਇਹ ਤੁਹਾਡਾ ਖ਼ਿਆਲ ਐ। ਤੰਗ ਗਲੀਆਂ ਵਿਚ ਤੰਗ ਘਰ। ਸਟੇਟ ਦੀ ਆਮਦਨ ਦਾ ਅੱਸੀ ਫੀਸਦੀ ਤਾਂ ਮਹਾਰਾਜੇ ਦੀਆਂ ਅੱਯਾਸ਼ੀਆਂ ਉਪਰ ਖਰਚ ਹੁੰਦਾ ਸੀ ਫੇਰ ਪਟਿਆਲਾ ਕਿਵੇਂ ਸੁਹਣਾ ਹੁੰਦਾ? ਦਿਨ ਕਟੀ ਹੋ ਰਹੀ ਸੀ ਬਸ। ਹੁਣ ਦਾ ਪਟਿਆਲਾ ਤਾਂ ਉਦੋਂ ਨਾਲੋਂ ਬੜਾ ਸੁਹਣੈ। ਮੈਂ ਮਹਾਰਾਜੇ ਨੂੰ ਉਦੋਂ ਵੀ ਦੇਖਿਆ ਜਦੋਂ ਭਰ ਜਵਾਨੀ ਵਿੱਚ ਉਹ ਪਟਿਆਲਾ ਦਰਸ਼ਨ ਲਈ ਨਿਕਲਿਆ ਸੀ। ਪੂਰਾ ਜਲੌਅ। ਸੁਹਣਾ ਵੀ ਸੀ, ਸਿਆਣਾ ਵੀ, ਵਿਦਵਾਨ ਵੀ। ਗ਼ਜ਼ਬ ਦੀ ਅੰਗਰੇਜ਼ੀ ਸੀ ਉਹਦੀ। ਅੱਯਾਸ਼ੀਆਂ ਨੇ ਉਸ ਨੂੰ ਰਾਖ ਕਰ ਦਿੱਤਾ ਸੀ। ਉਸ ਨੂੰ ਭਿੰਅਕਰ ਲਿੰਗ ਰੋਗਾਂ ਨੇ ਘੇਰ ਲਿਆ। ਮੌਤ ਤੋਂ ਪਹਿਲਾਂ ਉਸਨੇ ਇਕ ਵਾਰ ਅਪਣੀ ਰਾਜਧਾਨੀ ਦੇਖਣ ਦੀ ਇੱਛਾ ਜ਼ਾਹਰ ਕੀਤੀ। ਹਾਥੀ ‘ਤੇ ਸਵਾਰ ਹੋ ਕੇ ਉਹ ਬਜ਼ਾਰਾਂ ਵਿਚੋਂ ਦੀ ਨਿਕਲਿਆ। ਮੈਂ ਉਸਨੂੰ ਆਖਰੀ ਵਾਰ ਨੇੜਿਓਂ ਦੇਖਿਆ। ਰੰਗ ਕਾਲਾ ਸਿਆਹ ਹੋ ਗਿਆ ਸੀ। ਅੱਖਾਂ ਅੰਦਰ ਧਸੀਆਂ ਹੋਈਆਂ, ਨਿਗਾਹਾਂ ਬੇਨੂਰ। ਉਸਦੀ ਸ਼ਕਲ ਦੇਖ ਕੇ ਡਰ ਲਗਦਾ ਸੀ। ਇਕ ਤਾਕਤਵਰ ਅਤੇ ਗੁਣੀ ਮਹਾਰਾਜੇ ਦਾ ਅੰਤ ਖ਼ੌਫ਼ਨਾਕ ਸੀ। ਕੁਝ ਦਿਨਾਂ ਬਾਦ ਪਟਿਆਲੇ ਵਿਚ ਮਾਤਮ ਛਾ ਗਿਆ।
“ਤੁਸੀਂ ਸੱਦਿਆ ਸੀ ਨਾ ਪੰਨੂ ਸਾਹਿਬ ਲਕਸ਼ਵੀਰ ਨੂੰ ਪਿਛਲੇ ਮਹੀਨੇ, ਮੈਨੂੰ ਮਿਲਕੇ ਗਿਆ ਸੀ। ਉਸ ਦੀ ਉਹੀ ਨਵਾਬੀ ਠਾਠ ਦੇਖੀ ਜਿਹੜੀ ਜੁਆਨੀ ਵਿਚ ਸੀ। ਉਸ ਦੇ ਸੁਭਾਅ ਵਿਚ ਵਧੀਕ ਸਹਿਜ ਆ ਗਿਆ ਹੈ ਹੋਰ ਕੋਈ ਫਰਕ ਨੀਂ। ਮੈਨੂੰ ਕਹਿੰਦਾ ਸੀ ਚੈਲ ਆਈਂ, ਉਹੀ ਪੁਰਾਣੀ ਹਕੂਮਤ ਦਿਖਾਵਾਂਗਾ ਜਿਹੜੀ ਬੀਤੇ ਵਿਚ ਕਾਇਮ ਕੀਤੀ ਸੀ ਤੇ ਹੁਣ ਤਕ ਉਵੇਂ ਹੁਕਮ ਚਲਦੈ।”
ਜਿਸ ਸਵੇਰ ਕਵੀ ਜੀ ਨੇ ਮੇਰੀ ਯੂਨੀਵਰਸਿਟੀ ਵਿਚ ਆਉਣਾ ਸੀ ਮੈਨੂੰ ਬੋਪਾਰਾਇ ਨੇ ਕਿਹਾ ਹੋਇਆ ਸੀ- ਉਨ੍ਹਾਂ ਨਾਲ ਸੰਪਰਕ ਰੱਖਣਾ। ਗੈਸੱਟ ਹਾਉਸ ਵਿਚ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਮੈਂ ਪੁੱਜਾਂਗਾ। ਪਟਿਆਲੇ ਤੋਂ 15 ਕਿਲੋਮੀਟਰ ਦੂਰ ਸਨ ਤਾਂ ਮੈਂ ਕੋਠੀ ਵਿਚ ਇਤਲਾਹ ਕਰ ਦਿਤੀ। ਸਰਦਾਰਨੀ ਅਤੇ ਸਰਦਾਰ ਬੋਪਾਰਾਇ ਦੋਵੇਂ ਉਹਨਾ ਦੇ ਸੁਆਗਤ ਲਈ ਪੁੱਜੇ। ਖੈਰ ਸੁੱਖ ਪੁੱਛੀ ਦੱਸੀ। ਉਨ੍ਹਾਂ ਨਾਲ ਚੈਲ ਤੋਂ ਉਨ੍ਹਾਂ ਦਾ ਫੈਮਿਲੀ ਡਾਕਟਰ ਅਇਆ ਸੀ ਤੇ ਛੋਟਾ ਪੁੱਤਰ ਕਿਸ਼ਨਵੀਰ ਪਿਤਾ ਦੇ ਪਿਛੇ ਸਾਵਧਾਨ ਖਲੋ ਗਿਆ। ਇਸ ਵੇਲੇ ਮੈਨੂੰ ਗੱਲ ਦੀ ਪੂਰੀ ਸਮਝ ਲੱਗ ਗਈ। ਜਿਵੇਂ ਗਵਰਨਰ ਦੇ ਪਿੱਛੇ ਉਸ ਦਾ ਏ. ਡੀ. ਸੀ ਖਲੋਤਾ ਹੁੰਦਾ ਹੈ ਬਿਲਕੁਲ ਉਸੇ ਪ੍ਰਕਾਰ ਕਿਸ਼ਨਵੀਰ ਨੇ ਡਿਉਟੀ ਦਿਤੀ ਜੋ ਇਸ ਵਕਤ ਬਤੌਰ ਏ. ਡੀ. ਸੀ ਨਵਾਬ ਸਾਹਿਬ ਪਿਛੇ ਤਣ ਕੇ ਖਲੋਤਾ। ਗੰਭੀਰ, ਸਾਵਧਾਨ, ਚੁਸਤ, ਫੁਰਤੀਲਾ। ਦੋਹਾਂ ਦੇ ਠਾਠਦਾਰ ਲਿਬਾਸ, ਰਵਾਇਤੀ ਢੰਗ ਦੇ, ਖਾਸ ਖਾਸ ਮੌਕੇ ‘ਤੇ ਪਹਿਨਣ ਵਾਲੇ। ਮਾਣ ਪੱਤਰ ਪੜ੍ਹਨ ਉਪਰੰਤ ਜਦੋਂ ਵਾਈਸ-ਚਾਂਸਲਰ ਵਲੋਂ ਉਨ੍ਹਾਂ ਨੂੰ ਆਨਰੇਰੀ ਪ੍ਰੋਫੈਸਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਤਾਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਡੈਲੀਗੇਟਾਂ ਦੀਆਂ ਤਾੜੀਆਂ ਨਾਲ ਸਾਇੰਸ ਆਡੀਟੋਰੀਅਮ ਵਿਚ ਗੁੰਜਾਰ ਪੈ ਗਈ। ਕਵੀ ਜੀ ਨੇ ਦੇਰ ਤੱਕ ਆਪਣਾ ਮੱਥਾ ਮੇਜ਼ ਉਪਰ ਟਿਕਾ ਕੇ ਪਰਵਰਦਗਾਰ, ਮੇਜ਼ਬਾਨ ਯੂਨੀਵਰਸਿਟੀ ਅਤੇ ਸਰੋਤਿਆਂ, ਦਰਸ਼ਕਾਂ ਦਾ ਸ਼ੁਕਰਾਨਾ ਕੀਤਾ।
ਈਰਾਨ ਦੇ ਵਡੇ ਸ਼ਹਿਰ ਕੋਮ ਤੋਂ ਇਕ ਚਾਲੀ ਕੁ ਸਾਲ ਦੀ ਉਮਰ ਦਾ ਖੋਜੀ ਮੁਹੰਮਦ ਰੂਹਾਨੀ ਮੇਰੇ ਕੋਲ ਆਇਆ ਤੇ ਦੋ ਮਹੀਨੇ ਮਈ-ਜੂਨ, 2006 ਰਹਿਣ ਦੀ ਆਗਿਆ ਮੰਗੀ ਤੇ ਲਾਈਬਰੇਰੀ ਵਰਤਣ ਦੀ ਗੁਜ਼ਾਰਿਸ਼ ਕੀਤੀ। ਉਹ ਤੀਖਣ ਬੁੱਧੀਵਾਨ ਤੇ ਮਿਹਨਤੀ ਬੰਦਾ ਸੀ। ਉਸ ਦੇ ਸਵਾਲਾਂ ਵਿਚੋਂ ਤਾਜ਼ਗੀ ਦੀ ਮਹਿਕ ਆਈ। ਮੈਂ ਪੁੱਛਿਆ- ਸਿਖੀ ਬਾਬਤ ਪਹਿਲਾਂ ਪੜ੍ਹੀ ਕੋਈ ਕਿਤਾਬ ਜਿਹੜੀ ਚੰਗੀ ਲੱਗੀ ਹੋਵੇ? ਉਸਦੀਆਂ ਅੱਖਾਂ ਲਿਸ਼ਕੀਆਂ ਕਿਹਾ- ਜੀ, ਮੁਨਾਜਾਤਿ ਬਾਮਦਾਦੀ। ਬਹੁਤ ਮਕਬੂਲ ਔਰ ਬਹੁਤ ਆਹਲਾ ਕਿਤਾਬ ਹੈ ਯੇ। ਬੜੇ ਲੋਗੋਂ ਨੇ ਇਸ ਦਾ ਸਹਾਰਾ ਲੀਆ ਹੈ ਆਪਕਾ ਮਜਹਬ ਜਾਨਨੇ ਕੇ ਲੀਏ। ਕਯਾ ਆਪਨੇ ਦੇਖੀ ਯਹ ਅਜ਼ੀਮ ਕਿਤਾਬ? ਮੁਹੰਮਦ ਰੂਹਾਨੀ ਦੇ ਆਉਣ ਤੋਂ ਛੇ ਮਹੀਨੇ ਪਹਿਲਾਂ ਤੱਕ ਮੈਂ ਜਿਸ ਕਿਤਾਬ ਅਤੇ ਲੇਖਕ ਦਾ ਨਾਮ ਤੱਕ ਨਹੀਂ ਸੁਣਿਆ ਸੀ, ਉਸ ਬਾਬਤ ਦੇਰ ਤੱਕ ਅਸੀਂ ਦੋਵੇ ਗੱਲਾਂ ਕਰਦੇ ਰਹੇ।
ਇਕ ਦਿਨ ਰੂਹਾਨੀ ਕਹਿਣ ਲੱਗਾ- ਆਪ ਮੁਝੇ ਕੈਨਵਸ ਔਰ ਕੱਲਰ ਲਾਕਰ ਦੇ ਦੋ ਤੋ ਮੈਂ ਹਜ਼ਰਤ ਬਾਬਾ ਨਾਨਕ ਅਲਹਿ ਸਲਾਮ ਕੀ ਪੇਂਟਿੰਗ ਬਨਾਨਾ ਚਾਹਤਾ ਹੂੰ।
ਇਸ ਡਰੋਂ, ਕਿ ਕਿਤੇ ਪੈਸੇ ਲੁਆ ਦਏ, ਆਉਂਦਾ ਜਾਂਦਾ ਕੁਝ ਨਾ ਹੋਵੇ, ਪੁੱਛਿਆ- ਆਉਂਦੀ ਹੈ ਚਿਤਰਕਾਰੀ?
ਉਸ ਨੇ ਮੇਰੇ ਤੋਂ ਕਾਗਜ਼ ਮੰਗੇ। ਬਾੱਲ ਪੈਨੱ ਨਾਲ ਦੋ ਦੋ ਮਿੰਟ ਵਿਚ ਤਿੰਨ ਸੁਹਣੇ ਸਕੈਚੱ ਬਣਾ ਕੇ ਮੈਨੂੰ ਦਿਖਾਏ। ਕੀ ਮਜ਼ਾਲ ਕਿਸੇ ਲਕੀਰ ਨੂੰ ਮਿਟਾਉਣ ਦੀ ਲੋੜ ਪਵੇ। ਉਸ ਨੂੰ ਦੁਕਾਨ ‘ਤੇ ਲੈ ਗਿਆ। ਬਾਰਾਂ ਤੇਰਾਂ ਸੌ ਦਾ ਸਮਾਨ ਖਰੀਦਿਆ। ਇਕ ਹਫਤੇ ਵਿਚ ਉਸ ਨੇ ਤਸਵੀਰ ਮੁਕੰਮਲ ਕਰ ਲਈ। ਉਸ ਸਮੇਂ ਦਾ ਦ੍ਰਿਸ਼ ਚਿਤਰਿਆ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਪੁੱਜ ਕੇ ਪ੍ਰਵਚਨ ਕੀਤੇ ਸਨ। ਪਿਛੋਕੜ ਵਿਚ ਸ਼ਾਹੀ ਮਸਜਿਦ ਦੇ ਗੁੰਬਦ ਅਤੇ ਮੀਨਾਰ ਦਿੱਸ ਰਹੇ ਹਨ। ਉਚੇ ਦੀਵਾਨ ਉਪਰ ਬਾਬਾ ਜੀ ਅਤੇ ਸਾਹਮਣੇ ਮੁਸਲਮਾਨ ਸੰਗਤ ਬੈਠੀ ਸੁਣ ਰਹੀ ਹੈ। ਆਲਾ ਦੁਆਲਾ ਵੀਰਾਨਗੀ ਦੀ ਝਲਕ ਵਾਲਾ ਹੈ। ਖਜੂਰ ਦੇ ਦਰੱਖ਼ਤ ਨਜਦੀਕ ਬੈਠੇ ਹਨ। ਝਾੜੀਆਂ ਦੇ ਕੰਡੇ ਹਨ ਪੱਤੇ ਨਹੀਂ, ਕਰੀਰ ਅਤੇ ਥੋਹਰ। ਬਾਬਾ ਜੀ ਦਾ ਜਿਹੜਾ ਕਦਮ ਦੀਵਾਨ ਤੋਂ ਹੇਠਾਂ ਜ਼ਮੀਨ ਨੂੰ ਛੂਹ ਰਿਹਾ ਹੈ ਕੇਵਲ ਉਸ ਲਾਗਲੀ ਝਾੜੀ ਉਪਰ ਕੁੱਝ ਫੁੱਲ ਖਿੜ ਗਏ ਹਨ। ਬਸ! ਮੁਸੱਵਰ ਨੇ ਜੋ ਦੱਸਣਾ ਸੀ ਦੱਸ ਦਿੱਤਾ।
ਭਾਈ ਲਕਸ਼ਵੀਰ ਦਾ ਜ਼ਿਕਰ ਇਥੇ ਬੰਦ ਕਰਨਾ ਠੀਕ ਰਹੇਗਾ ਕਿਉਂਕਿ ਵੱਡਿਆਂ ਦੇ ਲਾਗੇ ਨੀਵਾਂ ਹੋਣ ਅਤੇ ਮੁਰਾਦਾਂ ਮੰਗਣ ਨਾਲ ਸੁਰਤ ਟਿਕਾਣੇ ਰਹਿੰਦੀ ਹੈ। ਸ਼ਾਇਰ ਲਕਸ਼ਵੀਰ ਜੀ ਨੇ ਖੁਦ ਕਿਹਾ ਸੀ- ਆਦਮੀ ਕੀ ਚੀਜ਼ ਹੈ ਆਖਰ? ਇਹਨੂੰ ਤਾਂ ਬੱਚਿਆਂ ਜਿੰਨੀ ਖੇਡ ਖੇਡਣੀ ਨੀ ਆਉਂਦੀ। ਦਾਅਵਾ ਕਰਦੈ ਕਿ ਪੈਗ਼ੰਬਰਾਂ ਦੀ ਖੇਡ ਜਾਣ ਗਿਐ।
ਇਨੇ ਕੁ ਅੱਖਰ ਲਿਖੇ ਸਨ ਤੇ ਭਾਈ ਲਕਸ਼ਵੀਰ ਸਿੰਘ ਜੀ ਅਕਾਲ ਚਲਾਣਾ ਕਰ ਗਏ। ਮੈਂ ਫੋਨ ‘ਤੇ ਦਸੰਬਰ ਜਨਵਰੀ ਵਿੱਚ ਪੁੱਛਦਾ ਰਹਿੰਦਾ ਕਿ ਆਗਿਆ ਦਿਉ ਕਦੋਂ ਆਵਾਂ। ਹਫਤਾ ਭਰ ਰਹਾਂਗਾ। ਤੁਹਾਡੇ ਤੋਂ ਹੋਰ ਬੜਾ ਕੁਝ ਜਾਨਣਾ ਹੈ। ਉਹ ਆਖਦੇ-ਇਕ ਹਫਤੇ ਵਿੱਚ ਕੀ ਜਾਣੋਗੇ? ਦੋ ਮਹੀਨਿਆਂ ਵਿੱਚ ਥੋੜ੍ਹਾ ਬਹੁਤ ਪਤਾ ਲੱਗੇਗਾ। ਬਹੁਤਾ ਕੁਝ ਭਾਈ ਵੀਰ ਸਿੰਘ ਬਾਬਤ ਦੱਸਾਂਗਾ। ਉਨ੍ਹਾਂ ਵਿਚੋਂ ਦੀ ਮੈਂ ਵੀ ਦਿਸਾਂਗਾ। ਕਿਉਂਕਿ ਉਹ ਸਟੇਟ ਹਨ ਤੇ ਮੈਂ ਉਨ੍ਹਾਂ ਦਾ ਇਕ ਸਿਟੀਜ਼ਨ। ਲਗਦੈ ਤੁਹਾਨੂੰ ਇਹ ਸਿਟੀਜ਼ਨ ਚੰਗਾ ਲਗਿਐ। ਤਾਂ ਫੇਰ ਸਟੇਟ ਦੇਖਣੀ ਮੇਰੇ ਵਾਲੀ ਇਕ ਨਜ਼ਰ ਭਰਕੇ।
ਅੰਮ੍ਰਿਤ ਵੇਲੇ ਉਠੇ। ਇਸ਼ਨਾਨ, ਸਿਮਰਨ ਕੀਤਾ। ਹੱਥਾਂ ਵਿੱਚ ਜਪੁਜੀ ਦਾ ਗੁਟਕਾ ਲਈ ਪਾਠ ਕਰਦਿਆਂ ਕਰਦਿਆਂ ਸਵੇਰ 7 ਵਜੇ ਉਹ ਚਲੇ ਗਏ। ਅਮੀਰ ਖੁਸਰੋ ਨੇ ਜਦੋਂ ਅਪਣੇ ਮੁਰਸ਼ਦ ਹਜ਼ਰਤ ਨਿਜ਼ਾਮੁਦੀਨ ਔਲੀਆ ਦੇ ਤੁਰ ਜਾਣ ਦੀ ਖ਼ਬਰ ਸੁਣੀ ਤਾਂ ਇਹ ਬੰਦ ਲਿਖੇ ਸਨ;
ਗੋਰੀ ਸੋਈ ਸੇਜ ਪੈ, ਮੁੱਖ ਪਰ ਡਾਰੇ ਕੇਸ।
ਚਲ ਖੁਸਰੋ ਘਰ ਆਪਨੇ, ਰੈਣ ਭਈ ਸਭ ਦੇਸ।।
(ਜਨਮ-25.12.1918; ਵਿਜੋਗ 15.02.2007)
1949 ਵਿੱਚ ਭਾਈ ਵੀਰ ਸਿੰਘ ਜੀ ਦੀ ਲਕਸ਼ਵੀਰ ਸਿੰਘ ਜੀ ਦੀ ਕਵਿਤਾ ਬਾਰੇ ਟਿੱਪਣੀ ਕਰਦੀ ਇਤਿਹਾਸਕ ਹੱਥ ਲਿਖਤ
ਪਿੱਛਲੇ ਪੰਨੇ ਵਾਲੀ ਭਾਈ ਵੀਰ ਸਿੰਘ ਜੀ ਦੀ ਇਤਿਹਾਸਕ ਹੱਥ ਲਿਖਤ ਦਾ ਲਿੱਪੀਅੰਤਰ
- ਨਾਭਾ ਕੇ ਮਸ਼ਹੂਰ ਸ਼ਾਇਰ ਸ੍ਰੀ ਲਕਸ਼ਵੀਰ ਸਿੰਘ ਜੀ ਮੁਜ਼ਤਰ ਨੇ ਏਕ ਨਜ਼ਮ ਹਾਲ ਹੀ ਮੇਂ ਕਲਮਬੰਦ ਕੀ ਹੈ ਜਿਸ ਕਾ ਨਾਮ ਹੈ ਜਾਮਿ ਸ਼ਹਾਦਤ ਇਸ ਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਛੋਟੇ ਸਾਹਿਬਜ਼ਾਦੋਂ ਕੀ ਸ਼ਹਾਦਤ ਕਾ ਦਿਲਸੋਜ਼ ਤਜ਼ਕਰਾ ਹੈ ਜੋ ਇਸ ਖੂਬੀ ਸੇ ਬਯਾਨ ਕੀਆ ਗਯਾ ਹੈ ਕਿ ਦੋ ਸਦੀਓਂ ਕਾ ਗੁਜ਼ਰਾ ਵਾਕਿਆ ਇਸ ਤਰਹ ਸੇ ਪੇਸ਼ੇ ਨਜ਼ਰ ਹੋ ਜਾਤਾ ਹੈ ਕਿ ਗੋਯਾ ਅਭੀ ਆਂਖੋਂ ਕੇ ਸਾਮਨੇ ਹੋ ਰਹਾ ਹੋ।
- ਯੇ ਮੁਸਲਸਲ ਨਜ਼ਮ ਦੋ ਰੋਜ਼ ਮੇਂ ਹੀ ਸ਼ਾਇਰ ਨੇ ਲਿਖੀ ਹੈ। ਖਸੂਸੀਅਤ ਯੇ ਹੈ ਕਿ ਏਕ ਹੀ ਕਾਫੀਏ ਮੇਂ ਪਾਂਚ ਸੌ ਕੇ ਕਰੀਬ ਅਸ਼ਆਰ ਕਹੇ ਗਏ ਹੈਂ। ਬਲਕਿ ਫਾਰਸੀ ਕਤਆਤ ਭੀ ਉਸੀ ਬਹਰ ਔਰ ਵਜ਼ਨ ਕੇ ਹੈ।
- ਤਸ਼ਬੀਹਾਤ ਔਰ ਇਸ਼ਤਿਆਰਾਤ ਏਕ ਅਨੋਖਾ ਇਮਤਿਆਜ਼ ਰਖਤੇ ਹੈਂ। ਮੁਅਰਬ ਯਾ ਫਾਰਸੀ ਕੇ ਸ਼ੁਅਰਾ ਕੀ ਤਕਲੀਦ ਨਹੀਂ ਕੀ ਗਈ ਬਲਕਿ ਭਾਰਤ ਵਰਸ਼ ਕੇ ਬਜ਼ੁਰਗੋਂ ਔਰ ਮਾਦਰੇ ਵਤਨ ਕੀ ਪਿਆਰੀ ਚੀਜੋਂ ਸ਼ੇ ਤਸ਼ਬੀਹ ਦੀ ਗਈ ਹੈ ਯਾ ਕੁਦਰਤੀ ਮਨਾਜ਼ਰ ਯਾ ਤਾਰੀਖੀ ਵਾਕਯਾਤ ਔਰ ਮੁਨਾਸਿਬ ਹਾਲਿ ਅਸ਼ਯਾ ਕੋ ਸਾਮਨੇ ਰੱਖਾ ਗਯਾ ਹੈ। ਗੈLਰ ਕੁਦਰਤੀ ਔਰ ਬੇਅਸਲ ਚੀਜਂ ਕੋ ਸ਼ਿਅਰ ਮੇਂ ਖਪਾਯਾ ਨਹੀਂ ਗਯਾ। ਤਲਮੀਹਾਤ ਭੀ ਕਾਬਿਲੇ ਤਾਰੀਫ ਹੈ। ਇਸ ਕਦਰ ਤਸ਼ਬੀਹਾਤ ਕੋ ਨਜ਼ਮ ਕਰਨਾ ਆਸਾਨ ਨਹੀਂ।
- ਮੁਹਾਸਿਨੇ ਸੁਖਨ ਕੇ ਲਿਹਾਜ਼ ਸੇ ਯੇ ਨਜ਼ਮ ਖੂਬੀਓਂ ਸੇ ਭਰਪੂਰ ਹੈ। ਤਕਰਾਰਿ ਅਲਫਾਜ਼, ਹੁਸਨੇ ਸਿਦਕ, ਮੁਹਾਵਰਾ, ਸਫਾਈ ਬਯਾਨ, ਸਾਦਗੀਇ ਜ਼ ਕੁਦਰਤਿ ਮਜ਼ਮੂਨ, ਖੂਬੀਇ ਤਰਕੀਬ, ਹੁਸਨਿ ਇਸਤਿਆਰਾ, ਲੁਤਫਿ ਤਸ਼ਬੀਹ, ਵਾਕਿਯਾ ਗੁਜ਼ਾਰੀ, ਜਜ਼ਬਾ ਨਿਗਾਰੀ, ਮਾਮਿਲਾਬੰਦੀ, ਬੁਲੰਦੀਇ ਜਜ਼ਬਾਤ, ਮੁਤਾਬਿਕਤਿ ਅਲਫਾਜ਼ੋ ਮਜ਼ਮੂਨ, ਸੋਜ਼ੋਗੁਦਾਜ਼ ਔਰ ਸਹਲਿ ਮੁਮਤਿਨਾ ਜੈਸੀ ਸਿਫਾਤ ਸੇ ਅਸ਼ਆਰ ਮੁਜ਼ਈਅਨ ਹੈ। ਆਮਤ ਕਾ ਯੇ ਆਲਮ ਹੈ ਕਿ ਦਰਿਆ ਸਾ ਬਹਤਾ ਚਲਾ ਆ ਰਹਾ ਹੈ। ਕਈ ਜਗਾ ਗ਼ਮ ਮੇਂ ਡੂਬੇ ਹੂਏ ਅਸ਼ਆਰ ਐਸੇ ਵਾਕਿਆਤ ਸੁਨਾਤੇ ਹੈਂ ਕਿ ਬੇਇਖਤਿਆਰ ਆਂਖੋਂ ਮੇਂ ਆਂਸੂ ਉਮਡ ਆਤੇ ਹੈਂ।
- ਤਾਰੀਖੀ ਨੁਕਤਾਇ ਨਿਗਾਹ ਸੇ ਭੀ ਯੇ ਨਜ਼ਮ ਦਰੁਸਤ ਹੈ। ਗਲਤੁਲ ਆਮ ਵਾਕਿਆਤ ਸੇ ਇਹਤਰਾਜ਼ ਕਰਕੇ ਸਹੀ ਸਹੀ ਵਾਕਿਆਤ ਕਲਮਬੰਦ ਕੀਏ ਗਏ ਹੈਂ। ਤਾਅਸੁਬ ਯਾ ਰਿਆਇਤ ਕਾ ਦਖਲ ਨਹੀਂ। ਇਨ ਵਾਕਿਆਤ ਪਰ ਕਈ ਅਸਹਾਬ ਨੇ ਖਾਮਾ ਫਰਸਾਈ ਕੀ ਹੈ ਮਗਰ ਹਕੀਕਤ ਮੇਂ ਮੁਜ਼ਤਰ ਕੀ ਨਜ਼ਮ ਸਹੀ ਵਾਕਿਆਤ ਔਰ ਇਹਸਾਸਾਤ ਸੇ ਪੁਰ ਹੈ। ਕਹੀਂ ਕਹੀਂ ਤੋ ਰਾਮਾਇਣ ਔਰ ਭਕਤ ਤੁਲਸੀ ਦਾਸ ਕੇ ਜਜ਼ਬਾਤ ਸਾਮਨੇ ਆ ਜਾਤੇ ਹੈਂ। ਪ੍ਰੇਮ ਔਰ ਭਕਤੀ ਕਾਬਿਲੇ ਤਾਰੀਫ ਹੈ। ਬਤੌਰ ਮੁਜ਼ਤਰ, ”ਉਨਕੀ ਅਸਲ ਉਨਕਾ ਖਲੂਸ ਹੈ ਔਰ ਬਸ।’’
- ਆਪ ਕੇ ਜੱਦੇ ਅਮਜਦ ਭਾਈ ਮੂਲ ਚੰਦ ਜੀ ਆਰਿਫ ਔਰ ਕਾਮਿਲ ਬਜੂਰਗ ਹੁਏ ਹੈਂ। ਮਸ਼ਹੂਰ ਫਾਰਸੀ ਕੇ ਸ਼ਾਇਰ ਔਰ ਗੁਰੂ ਗੋਬਿੰਦ ਸਿੰਘ ਜੀ ਕੇ ਮਲਿਕ ਉਸ਼ ਸ਼ੁਅਰਾ ਭਾਈ ਨੰਦ ਲਾਲ ਜੀ ਗੋਯਾ ਇਨ ਕੇ ਬਜੂਰਗਾਨਿ ਸਲਫ ਮੇਂ ਸੇ ਥੇ। ਗੋਯਾ ਸ਼ਾਇਰੀ ਉਨਕੋ ਵਿਰਸੇ ਮੇਂ ਮਿਲੀ ਹੈ ਔਰ ਜ਼ੌਕਿ ਸਲੀਮ ਨੇ ਆਪਕੋ ਸ਼ਾਇਰ ਬਨਾਯਾ ਹੈ। ਹਰ ਸ਼ਿਅਰ ਜਜ਼ਬਾਤਿ ਹਕੀਕੀ ਕਾ ਆਈਨਾਦਾਰ ਹੈ।
- ਮੇਰਾ ਖ਼ਿਆਲ ਹੈ ਜਾਮਿ ਸ਼ਹਾਦਤ ਹਰ ਗੁਰਦੁਆਰੇ ਮੇਂ ਮੌਜੂਦ ਹੋਨੀ ਚਾਹੀਏ ਔਰ ਹਰ ਖਾਲਸਾ ਸਕੂਲੋਂ ਕੀ ਲਾਇਬਰੇਰੀ ਮੇਂ ਤੁਲਬਾ ਕੇ ਪੜ੍ਹਨੇ ਕੇ ਲੀਏ ਇਸੇ ਰਖਾ ਜਾਵੇ ਤਾਂ ਕਿ ਫਰਜ਼ ਔਰ ਧਰਮ ਕੀ ਸਹੀ ਤਾਲੀਮ ਸੇ ਆਈਂਦਾ ਨਸਲੇਂ ਫਾਇਦਾ ਉਠਾ ਸਕੇਂ। ਵੀਰ ਸਿੰਘ ਡੇਹਰਾਦੂਨ 09-04-1949