‘ਹੁਣ’ ਮਿਲਿਆ। ਧੰਨਵਾਦ। ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਵਕਤ ਦੀ ਘਾਟ ਹੋਣ ਕਾਰਨ ਸ਼ਾਇਦ ਸਾਰਾ ਨਾ ਪੜ੍ਹ ਸਕਾਂ। ਮੇਰੇ ਬਚਪਨ ਦੇ ਜ਼ਮਾਨੇ ਦੀ ਪੰਜਾਬੀ ’ਚ, ਇੰਨੇ ਔਖੇ ਸ਼ਬਦ ਨਹੀਂ ਹੁੰਦੇ ਸਨ। ਹੁਣ ਤਾਂ ਪੰਜਾਬੀ ਵੀ ਸੰਸਕ੍ਰਿਤ ਹੀ ਲੱਗਦੀ ਹੈ। ਪਰਚਾ ਕਈ ਹਿੱਸਿਆਂ ਵਿਚ ਸਰਲ ਹੈ। ਕਈਆਂ ’ਚ ਨਹੀਂ। – ਇਹ ਨੁਕਤਾਚੀਨੀ ਨਹੀਂ, ਸਿਰਫ਼ ਅਹਿਸਾਸ ਜ਼ਾਹਿਰ ਕਰ ਰਿਹਾ ਹਾਂ। ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀਂ।
ਉੱਜਲ ਦੁਸਾਂਝ, ਵੈਨਕੂਵਰ
‘ਹੁਣ’ ਵਿਚ ਤੁਸੀਂ ਬੜੀ ਮਿਹਨਤ ਨਾਲ਼ ਮਾਣਕ-ਮੋਤੀ ਲਭ-ਲਭ ਕੇ ਪੇਸ਼ ਕਰ ਰਹੇ ਹੋ। ਹਰ ਲਿਖਤ ਉਚ-ਪਾਏ ਦੀ ਹੈ। ਤੁਸੀਂ ਪੰਜਾਬੀ ਪਾਠਕਾਂ ਨੂੰ ਹਾਈ ਡੋਜ਼ ਦੀਆਂ ਗੋਲ਼ੀਆਂ ਦੇਣ ਲੱਗੇ ਹੋ। ਇਹ ਪਚਾ ਵੀ ਲੈਣਗੇ? ‘ਮਨ-ਡੋਲੇ ਤਨ-ਡੋਲੇ’ ਵਾiਲ਼ਆਂ ਨੂੰ ਪੱਕੇ ਰਾਗ ਸਿਖਾਣ ਲੱਗੇ ਹੋ? ਜਿਨ੍ਹਾਂ ਨੂੰ ਅਪਣਿਆਂ ਹੀਰਿਆਂ ਦਾ ਨਹੀਂ ਪਤਾ, ਉਹ ਮੋਜ਼ਾਰਤ ਤੇ ਸ਼ੋਸਤਾਕੋਵਿਚ ਬਾਰੇ ਜਾਣ ਕੇ ਕੀ ਕਰਨਗੇ? ਸੋਭਾ ਸਿੰਘ ਦੇ ਕੈਲੰਡਰੀ ਆਰਟ ਨੂੰ ਪਸਿੰਦ ਕਰਨ ਵਾਲ਼ੇ ਸੇਜ਼ਾਨ ਦੀ ਕੀ ਕਦਰ ਪਾਉਣਗੇ?
ਤੁਸੀਂ ਕਿੰਨੇ ਸਤਿਕਾਰ ਨਾਲ਼ ਬਾਬਾ ਸੋਹਣ ਸਿੰਘ ਭਕਨਾ, ਗੁਰਬਖ਼ਸ਼ ਸਿੰਘ, ਹਰਿਭਜਨ ਸਿੰਘ, ਧਨੀ ਰਾਮ ਜੀ ਚਾਤ੍ਰਿਕ, ਮੋਹਨ ਸਿੰਘ, ਨੰਦ ਲਾਲ ਨੂਰਪੁਰੀ ਨੂੰ ਅਤੇ ਦੁਨੀਆ ਦੀਆਂ ਮਹਾਨ ਹਸਤੀਆਂ ਨੂੰ ਸਮਕਾਲ, ਮੂਰਤਾਂ ਅਤੇ ਹੋਰ ਵੰਨ-ਸੁਵੰਨੇ ਕਾਲਮਾਂ ਵਿਚ ਚੇਤੇ ਕੀਤਾ ਹੈ। ਸਵਾਲ-ਜਵਾਬ ਦੀ ਸ਼ੈਲੀ ਵਿਚ ਸ਼ਾਹਕਾਰ ਪੰਜਾਬੀ ਕਵਿਤਾਵਾਂ ਨੂੰ ਮੁੜ-ਯਾਦ ਕਰਨ ਦਾ ਇਹ ਨਵੇਕਲ਼ਾ ਅੰਦਾਜ਼ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਰਿੰਬੋ ਅਤੇ ਨਰੂਦਾ ਦੀਆਂ ਕਵਿਤਾਵਾਂ ਪੜ੍ਹ ਕੇ ਵੀ ਮਜ਼ਾ ਆ ਗਿਆ। ਭਾਵੇਂ ਕੁਝ ਕਵਿਤਾਵਾਂ ‘ਹੁਣ’ ਦੇ ਹਾਣ ਦੀਆਂ ਨਹੀਂ (ਜਿਵੇਂ ਜਸਬੀਰ ਸਿੰਘ ਆਹਲੂਵਾਲੀਆ ਆਦਿ), ਪਰ ਤੁਹਾਡਾ ਸੰਪਾਦਕੀ ਸੰਜਮ ਸਾਫ਼ ਦਿਸਦਾ ਹੈ। ਸ਼ਹੀਦ ਭਗਤ ਸਿੰਘ ਨੂੰ ਇਨ੍ਹਾਂ ਦੀ ਜਨਮ ਸ਼ਤਾਬਦੀ ਵੇਲੇ ਯਾਦ ਕਰਨ ਲਈ ਤੁਸੀਂ ਲੇਖ ਬੜੀ ਮਿਹਨਤ ਨਾਲ਼ ਲਿਖਿਆ ਹੈ। ਸ਼ਹੀਦ ਵਿਚ ਐਸੀ ਜ਼ਰੂਰ ਕੋਈ ਗੱਲ ਸੀ ਕਿ ਇਹਨੇ ਬ੍ਰਿਟਿਸ਼ ਸਾਮਰਾਜ ਦੇ ਘਰ ਚ ਵੀ ਭੁਚਾਲ਼ ਲਿਆ ਦਿੱਤਾ ਸੀ।
ਅਮਰਜੀਤ ਸਾਥੀ ਦੇ ਤੇਰਾਂ-ਤੇਰਾਂ ਕਰਦੇ ਹਾਇਕੂ ਪੜ੍ਹ ਕੇ ਤਾਂ ਐਂ ਲਗਦਾ ਹੈ ਕਿ ਇਹ ਨਵੇਂ ਨਹੀਂ, ਪੁਰਾਣੇ ਕਵੀ ਹਨ। ‘ਹੁਣ’ ਸਾਂਝੇ ਪੰਜਾਬ ਦਾ ਪਰਚਾ ਹੈ। ਅਸ਼ਫ਼ਾਕL ਅਹਮਦ ਅਤੇ ਆਬਿਦ ਅਮੀਕL ਦੀ ਸ਼ਾਇਰੀ ਪੁਖ਼ਤਾ ਹੈ। ਸੁਰਜੀਤ ਜੱਜ ਦੀ ਤਿੰਨ ਸਫ਼ਿਆਂ ਜਿੱਡੀ ਲਿਖਤ ਵਿਚ ਪਤਾ ਨਹੀਂ ਲਗ ਸਕਿਆ ਕਿ ਇਸ ਵਿਚਲੇ ਮੈਂ, ਅਸੀਂ ਤੇ ਤੁਸੀਂ ਕੌਣ ਹਨ? ਵੈਸੇ ਮੇਰੀ ਜੀਵਨ ਸਾਥਣ ਦਾ ਕਹਿਣਾ ਹੈ ਕਿ ਮੈਨੂੰ ਸੀਰੀਅਸ ਕਵਿਤਾ ਦੀ ਸਮਝ ਨਹੀਂ ਹੈ! ਵਰਿਆਮ ਸਿੰਘ ਜੀ ਸੰਧੂ ਅਤੇ ਬੀਬਾ ਕੁਲਵੰਤ ਦੀਆਂ ਹਕੀਕਤਾਂ ਪੜ੍ਹ ਕੇ ਪੰਜਾਬ ਦਾ ਦਸ ਸਾਲ ਝੱਲੇ ਸੰਤਾਪ ਦਾ ਕੁਝ ਅੰਦਾਜ਼ਾ ਹੋਇਆ। ਸਾਨੂੰ ਪੰਜਾਬੋਂ ਹਜ਼ਾਰਾਂ ਮੀਲ ਦੂਰ ਬੈਠਿਆਂ ਨੂੰ ਤਾਂ ਅੰਦਾਜ਼ਾ ਹੀ ਹੋ ਸਕਦਾ ਹੈ।
ਮਨਿੰਦਰ ਸਿੰਘ ਕਾਂਗ ਦੀ ਕਹਾਣੀ ਦੀਆਂ ਬਾਰੀਕੀਆਂ ਹੈਰਾਨ ਕਰਨ ਵਾਲ਼ੀਆਂ ਹਨ। ਕਿਤੇ ਇਨ੍ਹਾਂ ਨੂੰ ਨਜ਼ਰ ਨਾ ਲਗ ਜਾਵੇ। ਇਹ ਕਹਾਣੀਕਾਰ ਸਾਹਿਤ ਵਿਚ ਨਾਮਣਾ ਖੱਟੇਗਾ।
“ਗੱਲਾਂ” ਵਿਚ ਹੁਣ ਤਕ ਛਪੇ ਸਾਰੇ ਲੇਖਕ ਠੀਕ ਹਨ। ਹਰ ਕੋਈ ਅਪਣੀ ਆਖੀ ਗੱਲ ਦਾ ਆਪ ਜ਼ਿੰਮੇਦਾਰ ਹੁੰਦਾ ਹੈ। ਤਮਾਸ਼ਬੀਨ ਪਾਠਕ ਪਤਾ ਨਹੀਂ, ਲੇਖਕ ਤੋਂ ਕਿਹੜੀਆਂ ਛਾਲ਼ਾਂ ਮਰਵਾਉਣਾ ਚਾਹੁੰਦੇ ਹਨ? ਪਾਤਰ ਸਾਹਿਬ ਦੀਆਂ “ਮੁਕੱਰਰ” ਗੱਲਾਂ ਤੋਂ ਸਾਡੀ ਪੂਰੀ ਨਿਸ਼ਾ ਨਹੀਂ ਹੋਈ। ਇਨ੍ਹਾਂ ਦਾ ਇਕ ਹੋਰ ਇੰਟਰਵੀਊ ਕਰੋ। ਤੁਸੀਂ ਪਹਿਲਾਂ ਹੀ ਦਸ ਦਿਆ ਕਰੋ ਕਿ ਅਗਲੇ ਅੰਕ ਵਿਚ ਕਿਹੜੀ ਹਸਤੀ ਨਾਲ਼ “ਗੱਲਾਂ” ਹੋਣਗੀਆਂ। ਕਈ ਬੁਝਾਰਤਾਂ ਮੇਰੇ ਵਰਗਿਆਂ ਨੂੰ ਪਰੇਸ਼ਾਨ ਕਰਦੀਆਂ ਹੁੰਦੀਆਂ ਹਨ। ਪਰੇਸ਼ਾਨ ਤਾਂ ਉਹ ਲਿਖਾਰੀ ਵੀ ਹੋਣਗੇ, ਜਿਨ੍ਹਾਂ ਨਾਲ਼ ਤੁਸੀਂ ਹਾਲੇ ਗੱਲਾਂ ਨਹੀਂ ਕੀਤੀਆਂ ਅਤੇ ਨਾ ਹੀ ਕਰਨੀਆਂ ਹਨ। ਮੇਰਾ ਵਿਚਾਰ ਹੈ ਕਿ ‘ਹੁਣ’ ਦਾ ਕੀਤਾ ਇੰਟਰਵੀਊ ਸਾਹਿਤ ਅਕਾਡਮੀ ਦੇ ਇਨਾਮ ਤੋਂ ਵੀ ਵੱਡਾ ਇਨਾਮ ਹੈ।
ਹਰਦੇਵ ਸਿੰਘ ਭਾਂਬਰੀ
ਇਲਫ਼ਰਡ, ਇੰਗਲੈਂਡ
‘ਕੁੜਿੱਕੀ ਵਿਚ ਫਸੀ ਜਾਨ’ (ਹੁਣ ਸਤੰਬਰ-ਦਸੰਬਰ 2006) ਵਿਚ ਵਰਿਆਮ ਸੰਧੂ ਦੀ ਕਹਾਣੀ ਰਸ ਵਾਲੀ ਰਚਨਾ ਪੜ੍ਹਨ ਨੂੰ ਮਿਲੀ। ਰਚਨਾ ਵਿਚ ਇਕ ਅਜਿਹੀ ਗੱਲ ਉੱਭਰ ਕੇ ਆਉਂਦੀ ਹੈ, ਜਿਸ ਸਬੰਧੀ ਮੈਂ ਆਪਣੇ ਨਿੱਜੀ ਅਨੁਭਵ ਵਿਚੋਂ ਇਕ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ । ਵਿਧਾਨ ਸਭਾ ਦੀਆਂ ਆਮ ਚੋਣਾਂ ਵਿਚ ਸਾਡੇ ਨਾਲ ਪੁਲਿਸ ਦੇ ਇਕ ਸਹਾਇਕ ਸਬ ਇੰਸਪੈਕਟਰ ਦੀ ਡਿਊਟੀ ਸੀ। ਜਦੋਂ ਥੋੜ੍ਹਾ ਜਿਹਾ ਆਰਾਮ ਅਵਸਥਾ ਵਿਚ ਬੈਠੇ ਸਾਂ ਤਾਂ ਮੈਂ ਉਸ ਨੂੰ ਪੁੱਛਿਆ, ”ਤੁਹਾਡੀ ਆਮ ਬੋਲਚਾਲ ਵਿਚ ਵੀ ਗਾਲ਼ਾਂ ਦੁੱਪੜਾਂ ਵਰਗੇ ਸ਼ਬਦ ਹੀ ਕਿਉਂ ਆਉਂਦੇ ਹਨ?’’ ਉਸ ਨੇ ਜਵਾਬ ਦਿੱਤਾ, ”ਮਾਸਟਰ ਜੀ, ਤੁਸੀਂ ਘਰੋਂ ਨਹਾ ਧੋ ਕੇ ਸਾਫ਼ ਸੁਥਰੇ ਕੱਪੜੇ ਪਾ ਕੇ ਸਕੂਲ ਆਉਂਦੇ ਹੋ। ਅੱਗੋਂ ਤੁਹਾਨੂੰ ਕਿਆਰੀਆਂ ਵਿਚ ਲੱਗੇ ਫੁੱਲ-ਬੂਟੇ ਮਿਲਦੇ ਹਨ ਅਤੇ ਫੁੱਲਾਂ ਵਰਗੇ ਹੀ ਕੋਮਲ ਬੱਚੇ ਮਿਲਦੇ ਹਨ। ਤੁਸੀਂ ਬੱਚਿਆਂ ਨੂੰ ਪਿਆਰ ਨਾਲ ਬੁਲਾਉਂਦੇ ਹੋ ਤੇ ਤੁਹਾਨੂੰ ਅੱਗੋਂ ਕਈ ਗੁਣਾਂ ਵੱਧ ਪਿਆਰ ਮਿਲਦਾ ਹੈ। ਸਾਡਾ ਹਾਲ ਇਹ ਹੈ ਕਿ ਪਹਿਲੀ ਗੱਲ ਤਾਂ ਸਾਡਾ ਘਰੋਂ ਆਉਣ ਜਾਣ ਦਾ ਕੋਈ ਸਮਾਂ ਹੀ ਨਹੀਂ ਹੈ, ਦੂਸਰੀ ਗੱਲ ਸਾਡਾ ਦਿਨ ਰਾਤ ਦਾ ਵਾਹ ਚੋਰਾਂ, ਡਾਕੂਆਂ, ਲੁਟੇਰਿਆਂ, ਕਾਤਲਾਂ ਜਾਂ ਹੋਰ ਬੁਰੇ ਕੰਮ ਕਰਨ ਵਾਲਿਆਂ ਨਾਲ ਪੈਂਦਾ ਹੈ। ਦੱਸੋ! ਸਾਡੀ ਬੋਲ-ਬਾਣੀ ਵਿਚ ਜੇ ਇਹ ਸਭ ਕੁਝ ਨਾ ਆਵੇਗਾ ਤਾਂ ਹੋਰ ਕੀ ਆਵੇਗਾ?’’
ਇਹ ਰਚਨਾ ਤੁਸੀਂ ਹਕੀਕਤਾਂ ਕਾਲਮ ‘ਚ ਛਾਪੀ ਹੈ। ਥੋੜ੍ਹੇ ਜਿਹੇ ਨੂੰ ਛੱਡ ਕੇ ਬਾਕੀ ਕਹਾਣੀ ਵਰਗੀ ਹੀ ਤੋਰ ਤੇ ਕਹਾਣੀ ਵਰਗਾ ਹੀ ਬਿਰਤਾਂਤ ਸੀ। ਇਸ ਲਈ ਜੇ ਇਸ ਨੂੰ ਯਥਾਰਥਵਾਦੀ ਕਹਾਣੀ ਵਿਚ ਰੱਖ ਲੈਂਦੇ ਤਾਂ ਫਿਰ ਵੀ ਇਸ ਨੇ ਖਰੀ ਉਤਰਨਾ ਸੀ। ਵਰਿਆਮ ਸਿੰਘ ਸੰਧੂ ਦੀ ਸ਼ੈਲੀ ਪਾਠਕ ਨੂੰ ਆਪਣੇ ਨਾਲ ਵਹਾਅ ਕੇ ਲਿਜਾਣ ਦੇ ਸਮਰੱਥ ਹੁੰਦੀ ਹੈ। … ਪੁਲਿਸ ਵਾਲੇ ਵੀ ਤਾਂ ਮਨੁੱਖ ਹੀ ਹੁੰਦੇ ਹਨ ਜੇ ਉਹ ਹਾਲਤਾਂ ਦੇ ਵੱਸ ਪੈ ਜਾਂਦੇ ਹਨ ਅਤੇ ਆਪਣੇ ਕਿੱਤੇ ਨਾਲ ਇੱਕ-ਮਿੱਕ ਹੋ ਜਾਂਦੇ ਹਨ ਤਾਂ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਜਸਵੰਤ ਸਿੰਘ ਕੰਵਲ ਦੇ ਨਾਵਲ ‘ਲਹੂ ਦੀ ਲੋਅ’ ਵਿਚ ਵੀ ਤੇ ਖੁਦ ਵਰਿਆਮ ਸਿੰਘ ਸੰਧੂ ਦੀਆਂ ਰਚਨਾਵਾਂ ਵਿਚ ਅਜਿਹੇ ਪੁਲਿਸ ਵਾਲੇ ਵੀ ਮਿਲਦੇ ਹਨ ਜਿਹੜੇ ਮਾਨਵਤਾ ਦੀ ਪਹੁੰਚ ਵਾਲੇ ਵੀ ਹਨ। ਇਥੋਂ ਤੱਕ ਕਿ ਕੁਝ ਇਕ ਪੁਲਿਸ ਵਾਲੇ ਤਾਂ ਨਕਸਲੀ ਵਿਚਾਰਧਾਰਾ ਨੂੰ ਸਲਾਹੁੰਦੇ ਵੇਖੇ ਜਾ ਸਕਦੇ ਹਨ।
ਇਸ ਅੰਕ ਦੀ ਮੁਲਾਕਾਤ (ਸ਼ਬਦਾਂ ਦੀ ਛਾਵੇਂ) ਕਰਕੇ ਤੁਸੀਂ ਕਾਲਜਾਂ, ਯੂਨੀਵਰਸਿਟੀਆਂ (ਸਕੂਲਾਂ ਵੀ) ਅਤੇ ਹੋਰ ਵਿਦਿਅਕ ਸੰਸਥਾਵਾਂ ਵਿਚ ‘ਹੁਣ’ ਭੇਜਣ ਦਾ ਪ੍ਰਬੰਧ ਕਰ ਸਕੋ ਤਾਂ ਬਹੁਤ ਵਧੀਆ ਰਹੇਗਾ ਕਿਉਂਕਿ ਇਸ ਮੁਲਾਕਾਤ ਵਿਚੋਂ ਲੇਖਕ ਦੀ ਸਿਰਜਣ ਪ੍ਰਕਿਰਿਆ ਸਬੰਧੀ ਬਹੁਤ ਕੁਝ ਮਿਲ ਜਾਂਦਾ ਹੋਣ ਕਰਕੇ ਇਹ ਅਧਿਆਪਨ ਕਾਰਜ ਵਿਚ ਬਹੁਤ ਸਹਾਈ ਹੋ ਸਕਦਾ ਹੈ। ਖੋਜ ਕਾਰਜ ਵਾਲਿਆਂ ਲਈ ਤਾਂ ਇਹ ਤੋਹਫ਼ਾ ਸਾਬਤ ਹੋ ਸਕਦਾ ਹੈ। ਲੇਖਨ ਦੀਆਂ ਬੜੀਆਂ ਸੂਖ਼ਮ ਗੱਲਾਂ ਦਾ ਪਤਾ ਲੱਗਦਾ ਹੈ। ਪ੍ਰੋਫ਼ੈਸਰ ਗੁਰਦਿਆਲ ਸਿੰਘ ਅਤੇ ਸੁਰਜੀਤ ਪਾਤਰ ਨਾਲ ਕੀਤੀਆਂ ਮੁਲਾਕਾਤਾਂ ਵਾਕਈ ਸਾਂਭਣਯੋਗ ਹਨ। ਬੇਸ਼ੱਕ ਮੁਲਾਕਾਤ ਕਰਤਾ ਲੇਖਕਾਂ ਨਾਲ ਕਾਫ਼ੀ ਸਾਰੀਆਂ ਗੱਲਾਂ ਕਰ ਜਾਂਦਾ ਹੈ, ਪਰੰਤੂ ਜੇ ਉਹਨਾਂ ਦੀ ਸਿਰਜਣ ਪ੍ਰਕਿਰਿਆ ਸਬੰਧੀ ਥੋੜ੍ਹਾ ਹੋਰ ਵਿਸਥਾਰ ਮਿਲ ਜਾਇਆ ਕਰੇ ਤਾਂ ਹੋਰ ਵੀ ਚੰਗਾ ਲੱਗ ਸਕਦਾ ਹੈ।
ਸੁਰਜੀਤ ਜੱਜ ਦੀ ਲੰਮੀ ਕਵਿਤਾ ‘ਅਸੀਂ ਲਾਸ਼ਾਂ ਦੀ ਗਿਣਤੀ ਨੲ੍ਹੀਂ ਕਰਦੇ’ ਉਸ ਦੀਆਂ ਗ਼ਜ਼ਲਾਂ ਤੋਂ ਅਗਲੇਰਾ ਬੌਧਿਕ ਅਤੇ ਕਾਵਿਕ ਕਦਮ ਹੈ। ਜਿਸ ਕਾਵਿਕ, ਬੌਧਿਕ ਸਮਝ ਅਤੇ ਬੇਬਾਕੀ ਨਾਲ ਜੱਜ ਨੇ ਵਿਸ਼ੇ ਦਾ ਨਿਭਾਅ ਕੀਤਾ ਹੈ ਉਹ ਸੱਚਮੁੱਚ ਹੀ ਸੁਰਜੀਤ ਜੱਜ ਨੂੰ ਪਹਿਲੀ ਕਤਾਰ ਦੇ ਕਵੀਆਂ ਵਿਚ ਲਿਆ ਖੜ੍ਹਾ ਕਰਦੀ ਹੈ। ਇਤਿਹਾਸ, ਮਿਥਿਹਾਸ ਦਾ ਵਰਤਮਾਨ ਨਾਲ ਤੁਲਨਾਤਮਿਕ ਅਧਿਐਨ ਕਰਦੀ ਅਤੇ ਕੌਮੀ ਕੌਮਾਂਤਰੀ ਰਾਜਨੀਤੀ ਦੀਆਂ ਲੂੰਬੜਚਾਲਾਂ ਦਾ ਵਿਸ਼ਲੇਸ਼ਣ ਕਰਦੀ ਕਵਿਤਾ ਵਾਰ-ਵਾਰ ਪੜ੍ਹਨ ਨੂੰ ਜੀਅ ਕਰਦਾ ਹੈ। ਸੁਰਜੀਤ ਜੱਜ ਅਜਿਹੀ ਕਵਿਤਾ ਲਿਖਣ ਲਈ ਅਤੇ ‘ਹੁਣ’ ਇਸ ਨੂੰ ਛਾਪਣ ਲਈ ਵਧਾਈ ਦੇ ਪਾਤਰ ਹਨ।
ਬੀਬਾ ਕੁਲਵੰਤ ਦੀ ਰਚਨਾ ‘ਕਾਲੇ ਦਿਨਾਂ ਦੇ ਨਾਟਕ’ ਵਿਚ ਉਸ ਨੇ ਯਥਾਰਥ ਨੂੰ ਕਲਪਨਾ ਦੀ ਪੁੱਠ ਦੇ ਕੇ ਵਧੀਆ ਨਿਭਾਇਆ ਹੈ। ਕਿਤੇ-ਕਿਤੇ ਕਲਪਨਾ ਭਾਰੂ ਹੋਈ ਲੱਗਦੀ ਹੈ। ਸਾਹਿਤਕਾਰਾਂ ਦਾ ਮੱਕਾ ਜਲੰਧਰ ਦਾ ਕੌਫ਼ੀ ਹਾਊਸ ਸਮੇਤ ਨੰਦ ਨੂਰਪੁਰੀ ਅਤੇ ਧਨੀ ਰਾਮ ਚਾਤ੍ਰਿਕ ਸਬੰਧੀ ਰਚਨਾਵਾਂ ਦੇਣ ਲਈ ਤਾਂ ਤੁਹਾਡਾ ਧੰਨਵਾਦ ਕਰਨਾ ਬਣਦਾ ਹੈ। ਅਜਿਹੇ ਲੇਖ ਸਾਹਿਤ ਦੇ ਇਤਿਹਾਸ ਦੇ ਪੰਨੇ ਬਣਦੇ ਹਨ। ਨਿਰਮਲ ਜਸਵਾਲ ਨੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਹਨ, ਪਰੰਤੂ ਜਿੰਨੀਆਂ ਵੀ ਪੜ੍ਹੀਆਂ ਹਨ ਕਰੀਬ-ਕਰੀਬ ਸਭ ਦਾ ਵਿਸ਼ਾ ਥੋੜ੍ਹੇ ਜਿਹੇ ਫ਼ਰਕ ਨਾਲ ‘ਚੂਹਾ’ ਵਾਲਾ ਵਰਗਾ ਹੀ ਹੁੰਦਾ ਹੈ।
‘ਹੁਣ’ ਛਪਦਾ ਰਹੇ। ਇਹ ਮਿਲਦਾ ਰਹੇ। ਆਮੀਨ।।
ਗੁਰਦੀਪ ਸਿੰਘ ਢੁੱਡੀ, ਫਰੀਦਕੋਟ
ਕਾਇਮ ਓਂ?
ਗੱਲ ਇਹ ਐ ਜਨਾਬ ‘ਹੁਣ’ ਦੇ ਦਰਸ਼ਨ ਕਰਵਾ ਕੇ ਲੱਜ਼ਤ ਲਿਆ ਤੀ। ਤੀਜਾ ਅਤੇ ਚੌਥਾ ਅੰਕ ਈ ਪੜ੍ਹਿਐ ਮੈਂ ਤਾਂ (ਮਿਲੇ ਈ ਇਹ ਨੇ)…
ਪਹਿਲੇ ਦੋ ਨੂੰ ਪੜ੍ਹਨ ਲਈ ਝੁਰ ਰਿਹਾਂ। …
ਸੱਚਮੁੱਚ, ਹੁਣ ਦੀ ਬੁਣਤਰ, ਬਣਤਰ ਮੈਟਰ; ਕਮਾਲ ਹੈ। ਸਾਡੇ ਅਰਗੇ ਪਾਠਕਾਂ ਲਈ ਇਹ ਇਕ ਉਹ ਪਾਣੀ ਦਾ ਛਿੱਟਾ ਹੈ ਜੋ ਦੁਪਹਿਰੇ ਸੁੱਤੇ ਪਏ ਨੂੰ ਜਗਾਉਣ ਲਈ ਮੂੰਹ ’ਤੇ ਮਾਰਿਆ ਜਾਂਦੈ। (ਪਿਆਰ ਨਾਲ ਵੀ ਅਤੇ ਤਲਖ਼ੀ ਨਾਲ ਵੀ)
ਮੈਨੂੰ ਹੁਣ ‘ਹੁਣ’ ਨੇ ਦੁਬਾਰਾ ਪੜ੍ਹਨ ਦੀ ਚੇਟਕ ਲਾਤੀ ਐ।
ਮੁੱਕਦੀ ਗੱਲ
ਪੰਜਾਬੀ ਸਾਹਿਤ ਦੀ ਮਾਲਾ ’ਚ ਪਿਰੋਇਆ ਇਹ ਮਣਕਾ ਆਪਣੀ ਅਲੱਗ ਪਹਿਚਾਣ ਅਤੇ ਦਿੱਖ ਰਚੇਗਾ। ਕਿਉਂਕਿ ਹੁਣ ਦੇ ਵਿਚ ਹੁਣ ਤੱਕ ਛਪਦੇ ਪੰਜਾਬੀ ਰਸਾਲਿਆਂ ਨਾਲੋਂ ਬਹੁਤਾ ਕੁਝ ਵੱਖਰਾ ਹੈ ਜੋ ਮੈਨੂੰ ਹੁਣ ਤੱਕ ਦੇ ਪੰਜਾਬੀ ਮੈਗਜ਼ੀਨਾਂ ਵਿਚ ਨਹੀਂ ਦਿਖਿਆ ਸੀ। ਹੁਣ ਜਦ ‘ਹੁਣ’ ਦੇਖਿਆ ਤੇ ਹੁਣ ਤਸੱਲੀ ਹੋਈ ਬੇਮਾਨੇ ਮੈਗਜ਼ੀਨ ਦੇਖ ਕੇ ਝੁਰਨ ਦੀ ਲੋੜ ਨਹੀਂ ਕਿਉਂਕਿ ‘ਹੁਣ’ ਸਾਡੇ ਕੋਲ ਹੁਣ ਹੈ।
ਰਾਣਾ ਰਣਵੀਰ, ਪਟਿਆਲਾ
ਪੰਜਾਬੀ ਸਾਹਿਤ ਦੇ ਦਰਾਂ ’ਤੇ ‘ਹੁਣ’ ਦੀ ਨਿੱਘ-ਭਰੀ ਦਸਤਕ ਲਈ ਸ਼ੁਕਰੀਆ। ਚਿਰ ਤੋਂ ਅੱਖਾਂ ਅਜਿਹੀ ਪੱਤ੍ਰਿਕਾ ਨੂੰ ਖ਼ੁਸ਼-ਆਮਦੀਦ ਕਹਿਣ ਲਈ ਤਰਸ ਰਹੀਆਂ ਸਨ, ਜੋ ਪੰਜਾਬੀ ਬੋਲੀ ਦੇ ਵਿਭਿੰਨ ਪਾਸਾਰਾਂ ਨੂੰ ਆਪਣੇ ਕਲਾਵੇ ਵਿਚ ਲਵੇ ਅਤੇ ਪੰਜਾਬੀਅਤ ਦਾ ਹਰ ਇਕ ਮੁੱਦਈ ਦਿਲੋਂ ਉਸ ਨੂੰ ਕਬੂਲ ਕਰੇ। ਸ਼ਾਇਦ ‘ਹੁਣ’ ਦੀ ਆਮਦ ਨਾਲ ਇਹ ਸੁਪਨਾ ਸੱਚ ਹੁੰਦਾ ਨਜ਼ਰ ਆ ਰਿਹੈ (‘ਸ਼ਾਇਦ’ ਮੈਂ ਇਸ ਲਈ ਕਿਹਾ ਕਿ ਹਾਲੇ ਵੀ ਕੁਝ ਕਮੀਆਂ ਰੜਕਦੀਆਂ ਹਨ, ਪਰ ਅੰਤ ਨੂੰ ਇਹ ਖ਼ੂਬ ਮੁਕੰਮਲ ਹੋਵੇ, ਦੁਆ ਕਰਦਾ ਹਾਂ।) ਇਸ ‘ਬੂਟੇ’ ਨੂੰ ਨਿਰੰਤਰ ਸਿੰਜਦੇ ਰਹਿਣਾ; ਇਹ ‘ਜੋਤ’ ਸਾਹਿਤ ਦੇ ਹਨੇਰੇ ਕੋਨਿਆਂ ਨੂੰ ਇੰਜ ਹੀ ਰੌਸ਼ਨ ਕਰੇ। ਇਹ ਯਤਨ ਨਿਰੰਤਰ ਕਰਦੇ ਰਹਿਣਾ, ਕਿਉਂਕਿ ਕਿੰਨੀਆਂ ਗੰਭੀਰ ਕੋਸ਼ਿਸ਼ਾਂ ਪਹਿਲਾਂ ਵੀ ਹੋ ਚੁੱਕੀਆਂ ਹਨ; ਮੈਗਜ਼ੀਨ ਕਿੰਨੇ ਹੀ ਨਿਕਲੇ ਤੇ ਪਾਠਕਾਂ ਦੀ ਨਜ਼ਰਅੰਦਾਜ਼ੀ ਵਜੋਂ ਬੰਦ ਵੀ ਹੋਵੇ। ਕਮੀ ਕਿੱਥੇ ਰਹਿ ਜਾਂਦੀ ਹੈ, ਇਹ ਅਵੱਸ਼ ਸੋਚਣ-ਵਿਚਾਰਨ ਦਾ ਵਿਸ਼ਾ ਹੈ… ਪਰ ਸੋਚ-ਵਿਚਾਰ ਦਾ ਵਕਤ ਕਿਸ ਪਾਸ ਕਿ ‘ਬੈਠ ਰਹੇ ਤਸੱਵੁਰੇ-ਜਾਨਾ ਕੀਏ ਹੂਏ’…
ਰੜਕਦੀਆਂ ਕਮੀਆਂ ਬਾਰੇ ਵਧੇਰੇ ਜ਼ਿਕਰ ਤਾਂ ਸ਼ਾਇਦ ਕਿਸੇ ਅਗਲੇ ਖ਼ਤ ਵਿਚ ਹੋ ਸਕੇ, ਪਰ ਇਕ ਕਮੀ ਮੈਨੂੰ ਨਿਰੰਤਰ ਸਾਲਦੀ ਰਹੀ ਕਿ 2005 ਵੀ ਗੁਜ਼ਰ ਗਿਆ ਤੇ 06ਵੀ। ਇਕ ਸਾਲ ਮੁਨਸ਼ੀ ਪ੍ਰੇਮ ਚੰਦ ਦੀ 125ਵੀਂ ਵਰ੍ਹੇ ਗੰਢ ਦਾ ਦਾ ਸੀ ਅਤੇ ਇਹ 70ਵੇਂ ਵਰ੍ਹੀਣੇ ਦਾ। ਤੁਸੀਂ ਕਿਵੇਂ ਭਾਰਤੀ ਸਾਹਿਤ ਦੇ ਇਸ ਮਾਯਾਨਾਜ਼ ਲੇਖਕ ਨੂੰ ਭੁੱਲ ਗਏ, ਜਿਸ ਨੂੰ ਹਿੰਦੀ-ਉਰਦੂ ਕਹਾਣੀ-ਨਾਵਲ ਦਾ ‘ਬਾਬਾ ਬੋਹੜ’ ਹੋਣ ਦਾ ਸ਼ਰਫ਼ ਹਾਸਿਲ ਹੈ। ਅਕਸਰ ਪੰਜਾਬੀ ਵਿਦਵਾਨਾਂ ਤੇ ਲੇਖਕਾਂ ਵਾਂਗ ਤੁਹਾਡੀ ਨਜ਼ਰ ਵੀ ਯੂਰਪੀਅਨ ਸਾਹਿਤ ਅਤੇ ਉਹਨਾਂ ਦੇਸ਼ਾਂ ਦੇ ਲੇਖਕਾਂ ਦੁਆਲੇ, ਆਪਣੀ ਮਿੱਟੀ ਵਿਚੋਂ ਉਗਮੇ ਅਦਬ ਨੂੰ ਭੁੱਲ ਕੇ, ਘੁੰਮਦੀ ਰਹੀ। ਹੈਰਤ ਦੀ ਗੱਲ ਹੈ ਕਿ ਪੰਜਾਬੀ ਤਾਂ ਖ਼ੈਰ ਕੀ, ਹਿੰਦੀ ਲੇਖਕਾਂ ਦਾ ਧਿਆਨ ਵੀ ਉਹਨਾਂ ਦੀ ਅਨੂਠੀ ਰਚਨਾ ਵੱਲ ਨਹੀਂ ਗਿਆ।
ਨਿਹਾਇਤ ਅਦਬ ਨਾਲ ਪੰਜਾਬੀ ਲੇਖਕਾਂ ਦੀ ਵਿਦਵਤਾ ਉੱਪਰ ਕਿੰਤੂ ਨਾ ਕਰਦਿਆਂ ਦੋ ਰਚਨਾਵਾਂ (ਨਹੀਂ ਦੋ ਮੁਲਾਕਾਤਾਂ) ਵਿਚ ਸਵਾਲਾਂ ਸਬੰਧੀ ਦਿੱਤੇ ਜਵਾਬ ਅਤੇ ਉਹਨਾਂ ਦਾ ਅਸਲ ਪਸਮੰਜ਼ਰ ਵਾਸਤਵਿਕ ਅਕਸ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ‘ਬੇ-ਅਦਬੀ’ ਕਰ ਰਿਹਾ ਹਾਂ। ਪਹਿਲਾ ਸਵਾਲ ਜੂਨ-ਨਵੰਬਰ 2005 ਦੇ ‘ਹੁਣ’ ਵਿਚ ਵੀਰ ਰਮਨ ਵਲੋਂ ਸਾਡੇ ਸਥਾਪਿਤ ਕਵੀ ਬਾਈ ਲਾਲ ਸਿੰਘ ਦਿਲ ਨੂੰ ਕੀਤਾ ਗਿਆ ਜਾਤ ਅਤੇ ਜਮਾਤ ਦੇ ਵਰਤਾਰੇ ਦੀ ਇਤਿਹਾਸਕ ਪਿੱਠ-ਭੂਮੀ ਅਤੇ ਇਹਨਾਂ ਦੇ ਅੰਤਰ ਸਬੰਧ ਬਾਰੇ। ਦਿਲਚਸਪ ਉੱਤਰ ਹੈ ਜਿਸ ਨੂੰ ਇਕ ਕਹਾਣੀ ਦੀ ਸ਼ਕਲ ਵਿਚ ‘ਦਿਲ’ ਜੀ ਵਲੋਂ ਰਾਜੇ ਨੂੰ ਰਾਣੀ ਵਲੋਂ ਭੇਂਟ ਕੀਤੇ ਫ਼ਲ (ਜਿਸ ਨੂੰ ਉਹਨਾਂ ਨੇ ਵਸਤੂ ਕਿਹਾ ਹੈ), ਰਾਣੀ ਵੱਲੋਂ ਮਹਾਵਤ ਨੂੰ ਭੇਂਟ ਕੀਤਾ ਜਾਣਾ, ਉਸ ਵਲੋਂ ‘ਰੰਡੀ’ ਨੂੰ ਦੇਣਾ ਅਤੇ ਫਿਰ ਇਸ ਦਾ ਵਾਪਿਸ ਰਾਜੇ ਪਾਸ ਪਹੁੰਚਣਾ-ਨੂੰ ਖਿੱਚ ਕੇ ਆਰੀਆ-ਦ੍ਰਾਵਿੜ ਸਬੰਧਾਂ ਨਾਲ ਜੋੜਦੇ ਹਨ ਅਤੇ ‘ਜਾਤੀ-ਜਮਾਤੀ’ ਚੱਕਰ ਵਿਚ ਉਲਝਾਉਣ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਸਪੱਸ਼ਟ ਰੂਪ ਵਿਚ ਇਹ ਕਹਾਣੀ ਰਾਜਾ ਭਰਥਰੀ ਹਰੀ ਨਾਲ ਜੁੜੀ ਹੋਈ ਹੈ, ਜਿਸ ਦੇ ਇਕ ਸ਼ਲੋਕ ਨੂੰ ਲੈ ਕੇ ਉਰਦੂ ਦੇ ਮਹਾਨ ਸ਼ਾਇਰ ਇਕਬਾਲ ਨੇ ਖ਼ੂਬਸੂਰਤ ਸ਼ਿਅਰ ਸਿਰਜਿਆ ਸੀ :
”ਫੂਲ ਕੀ ਪੱਤੀ ਸੇ ਕਟ ਸਕਤਾ ਹੈ ਹੀਰੇ ਕਾ ਜਿਗਰ;
ਮਰਦੇ ਨਾਦਾਂ ਪਰ ਕਲਾਮ-ਏ-ਨਰਮ-ਓ-ਨਾਜ਼ੁਕ ਬੇ-ਅਸਰ।’’
ਅਤੇ ਉਹ ਆਰੀਆਂ ਦੀ ਆਮਦ ਤੋਂ ਬਹੁਤ ਬਾਅਦ ਕਰੀਬ ਅੱਠਵੀਂ-ਨੌਵੀਂ ਸਦੀ ਵਿਚ ਹੋਇਆ ਮੰਨਿਆ ਜਾਂਦਾ ਹੈ ਤੇ ਇਸ ਕਹਾਣੀ ਦਾ ਸਬੰਧ ਸਮਾਜ ਦੀਆਂ ਢਹਿੰਦੀਆਂ ਕਦਰਾਂ ਕੀਮਤਾਂ ਵਾਂਗ ਔਰਤ ਦੀ ਬੇਵਫ਼ਾਈ, ਉਸਦੀ ਨੀਚਤਾ ਤੇ ਤੁੱਛਤਾ ਨੂੰ ਜ਼ਾਹਿਰ ਕਰਨ ਨਾਲ ਸੀ (ਜਿਵੇਂ ਕਿ ਸਾਡਾ ਮੱਧਕਾਲੀ ਸਾਹਿਤ ਅਜਿਹੀਆਂ ਟੂਕਾਂ ਨਾਲ ਭਰਿਆ ਪਿਆ ਹੈ) ਨਾ ਕਿ ਕਿਸੇ ‘ਜਾਤੀ-ਜਮਾਤੀ’ ਉਲਝਾਅ ਨਾਲ। ਵੀਰ ਰਮਨ ਨੇ ਵੀ ਇਸ ਗ਼ਲਤੀ ਪ੍ਰਤੀ ਕੋਈ ਪ੍ਰਤੀ-ਕਿਰਿਆ ਦਰਸਾਈ ਨਹੀਂ, ਨਾ ਹੀ ਤੁਸੀਂ ਟਿੱਪਣੀ ਦਰਜ ਕੀਤੀ। ਦੂਸਰਾ ਸਾਡੇ ਅਤਿ ਅਜ਼ੀਜ਼ ਸ਼ਾਇਰ ਸ੍ਰੀ ਸੁਰਜੀਤ ਪਾਤਰ ਪੰਨਾ 30-31 (‘ਹੁਣ’ ਦਾ ਸਤੰਬਰ-ਦਸੰਬਰ 2006 ਅੰਕ) ਵਿਚ ਅਵਤਾਰ ਜੀ ਦੇ ਸਵਾਲ ਦੇ ਜਵਾਬ ਵਿਚ ਟੂਕ ਦਾ ਹਵਾਲਾ ਦਿੰਦੇ ਹਨ ‘ਹਾਡ ਮਾਸ ਨਾੜੀ ਕੋ ਪਿੰਜਰਾ’…, ਜਿਸ ਨੂੰ ਉਹ ਨਾਮਦੇਵ ਜੀ ਨਾਲ ਜੋੜਦੇ ਹਨ, ਜਦਕਿ ਮੇਰੀ ਨਾਚੀਜ਼ ਰਾਇ ਮੁਤਾਬਕ ਇਹ ਟੂਕ ਭਗਤ ਰਵੀਦਾਸ ਦੀ ਹੈ।
ਸਾਲ ਦੇ ਕਿਸੇ ਇਕ ਅੰਕ ਵਿਚ ਕਿਸੇ ਵੀ ਭਾਰਤੀ ਜਾਂ ਵਿਦੇਸ਼ੀ ਭਾਸ਼ਾ ਦਾ ਨਾਵਲਿਟ ਅਵੱਸ਼ ਪ੍ਰਕਾਸ਼ਿਤ ਕਰਿਆ ਕਰੋ, ਜੋ ਸਾਡੇ ਪੰਜਾਬੀ ਲੇਖਕਾਂ ਲਈ ‘ਰਾਹ-ਦਰਸਾਊ’ ਹੋ ਸਕੇ ਜਿਵੇਂ ਹਿੰਦੀ ਲੇਖਕ ਉਦੈ ਪ੍ਰਕਾਸ਼ ਦੀ ਕਹਾਣੀ ਪਿਛਲੇ ਅੰਕ ਵਿਚ ਛਾਪੀ। ਭਾਰਤੀ ਭਾਸ਼ਾਵਾਂ ਅਜਿਹੇ ਛੋਟੇ ਖੂਬਸੁੂਰਤ ਨਾਵਲਾਂ ਨਾਲ ਭਰਪੂਰ ਹਨ; ਜਿਵੇਂ ਪੀ ਕੇਸ਼ਵ ਦੇਵ ਦਾ ‘ਓਟਿਅਲ ਨਿੰਨੂ’ (ਲਾਲੀ ’ਚੋਂ) (ਮਲਿਆਲਮ), ਸ੍ਰੀ ਕ੍ਰਿਸ਼ਨ ਆਲਨਹੱਲੀ ਦਾ ‘ਕਾਡੂ’ (ਜੰਗਲ) (ਕੰਨੜ), ਜੈਵੰਤ ਦਲਵੀ ਦਾ ‘ਚੱਕਰ’ (ਮਰਾਠੀ-ਜਿਸ ਉੱਪਰ ਖੂਬਸੂਰਤ ਹਿੰਦੀ ਫ਼ਿਲਮ ‘ਚੱਕਰ’ ਬਣੀ), ਸ਼ਿਵ ਕੁਮਾਰ ਜੋਸ਼ੀ ਦਾ ‘ਕਲੰਕ’ (ਗੁਜਰਾਤੀ), ਵਿਮਲ ਮਿੱਤਰ ਦਾ ‘ਚਾਕਰ ਗਾਥਾ’ (ਬੰਗਾਲੀ), ਟੀ. ਗੋਪੀ ਚੰਦ ਦਾ ਤੈਲਗੂ ‘ਅਸਮਰਥ ਦੀ ਯਾਤਰਾ’ ਆਦਿ ਆਦਿ। ‘ਹੁਣ’ ਦਾ ਕਮਜ਼ੋਰ ਪੱਖ ਕਹਾਣੀ ਹੀ ਲੱਗਦੈ, ‘ਸਵੇਰ ਹੋਣ ਤੱਕ’ ਅਤੇ ‘ਕੋਈ ਇਕ ਸਵਾਰ’ ਵਾਲਾ ਸੰਤੋਖ ਸਿੰਘ ਧੀਰ ਕਿੱਥੇ ਗਾਇਬ ਹੈ? ‘ਸੱਗੀ ਫੁੱਲ’ ਤੇ ‘ਹਾਰ ਗਿਐਂ ਰਤਨਿਆ’ ਵਾਲਾ ਗੁਰਦਿਆਲ ਸਿੰਘ ਉਸੇ ਦਮ-ਖ਼ਮ ਵਿਚ ਕਿਉਂ ਨਹੀਂ? ਗੁਲਜ਼ਾਰ ਸਿੰਘ ਸੰਧੂ ਜੀ ਦੀ ਪੁਰਾਣੀ ਤੇ ਨਵੀਂ ਸਿਰਜਣ ਪ੍ਰਕਿਰਿਆ ਵਿਚ ਅੰਤਰ ਹੈ… ਪਰ ਸਾਡੇ ਇਹਨਾਂ ਮਹਾਨ ਲੇਖਕਾਂ ਬਾਰੇ ਮੇਰੀ ਕੋਈ ਵੀ ਟਿੱਪਣੀ ਛੋਟੀ ਤੇ ਤੁੱਛ ਹੋਏਗੀ, ਕਿਉਂਕਿ ਖੁਦ ਮੈਂ ਇਹਨਾਂ ਤੋਂ ਬਹੁਤ ਛੋਟਾ ਅਤੇ ਇਹਨਾਂ ਦੇ ਸਾਹਿਤ ਦਾ ‘ਵਿਦਿਆਰਥੀ’ ਹਾਂ।
ਐਚ. ਟੀ. ਜੀਤ, ਕੋਟਕਪੂਰਾ
‘ਹੁਣ’ ਪੁਸਤਕ ਲੜੀ ਦੇ ਚਾਰੇ ਅੰਕ ਮੇਰੇ ਸਾਹਮਣੇ ਹਨ। ਪਹਿਲੇ ਦੋ ਅੰਕਾਂ ਸਬੰਧੀ ਮੈਂ ਆਪਣੇ ਪ੍ਰਤੀਕਰਮ ਟੈਲੀਫੂਨ ਰਾਹੀਂ ਸਾਂਝੇ ਕੀਤੇ ਸਨ। ਸਿਹਤ ਦੀ ਖ਼ਰਾਬੀ ਕਾਰਨ ਤੀਜਾ ਅਤੇ ਚੌਥਾ ਸ਼ੁਮਾਰਾ ਪੂਰੀ ਤਰ੍ਹਾਂ ਪੜ੍ਹ ਨਹੀਂ ਸਕਿਆ ਪਰੰਤੂ ਇਹਨਾਂ ਵਿਚੋਂ ਵੀ ਚੋਣਵੀਂ ਸਾਮੱਗਰੀ ਦਾ ਜਾਇਜ਼ਾ ਮੈਂ ਲੈ ਲਿਆ ਹੈ। ਮੈਂ ਇਹ ਦਸਦਿਆਂ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਤੁਸਾਂ ‘ਹੁਣ’ ਦੁਆਰਾ ਪੰਜਾਬੀ ਪੱਤਰਕਾਰੀ ਵਿਚ ਨਵੀਆਂ ਪੈੜਾਂ ਪਾਈਆਂ ਹਨ, ਇਕ ਨਵਾਂ ਇਤਿਹਾਸ ਸਿਰਜਿਆ ਹੈ। ਇਹਨਾਂ ਅੰਕਾਂ ਵਿਚ ਪੇਸ਼ ਕੀਤੀ ਗਈ ਸਮੱਗਰੀ, ਪਰਚਿਆਂ ਦੀ ਗੈਟ-ਅਪ, ਟਾਈਟਲ ਅਤੇ ਛਪਾਈ ਆਦਿ ਦੇ ਪੱਖੋਂ ਤੁਹਾਡੇ ਯਤਨ ਪੂਰੀ ਤਰ੍ਹਾਂ ਸ਼ਲਾਘਾਯੋਗ ਹਨ। ਜੋ ਗੱਲ ਮੈਨੂੰ ਬਹੁਤ ਚੰਗੀ ਲੱਗੀ ਹੈ ਉਹ ਹੈ ਨਵੇਂ ਖੰਡਾਂ ਅਧੀਨ ਨਵੀਆਂ ਰਚਨਾਵਾਂ। ਇੱਥੇ ਇਕੱਲੀ-ਇਕੱਲੀ ਲਿਖਤ ਦਾ ਵਿਸ਼ਲੇਸ਼ਣ ਸੰਭਵ ਨਹੀਂ; ਨਾ ਹੀ ਤਫਸੀਲ ਵਿਚ ਜਾਣ ਦੀ ਲੋੜ ਹੈ, ਕਿਉਂ ਜੋ ਤੁਹਾਡੀ ਚੋਣ ਦਾ ਖੇਤਰ ਕਾਫ਼ੀ ਵਿਸ਼ਾਲ ਹੈ-ਪ੍ਰਤੀਨਿੱਧ ਲੇਖਕਾਂ ਤੇ ਉਹਨਾਂ ਦੀਆਂ ਮੁੱਢਲੀਆਂ ਕਿਰਤਾਂ ਬਾਰੇ ਦੁਰਲਭ ਜਾਣਕਾਰੀ, ਦਾਨਿਸ਼ਵਰਾਂ ਤੇ ਚਿੰਤਕਾਂ ਸਬੰਧੀ ਵਾਕਫ਼ੀਅਤ, ਮੌਲਿਕ ਰਚਨਾਵਾਂ, ਯਾਦਾਂ, ਸਵੈਜੀਵਨੀਆਂ ਅਤੇ ਰਿਵੀਊ ਆਦਿ ਅਤੇ ਹੋਰ ਕਿੰਨਾ ਕੁਝ। ‘ਨਿਰਸੰਦੇਹ’ ਹੁਣ ਮੁੱਢਲੇ ਤੌਰ ’ਤੇ ਸਾਹਿਤਕ ਪਰਚਾ ਹੈ ਜੋ ਪਾਠਕ ਨੂੰ ਸੁਹਜ ਸੁਆਦ ਵੀ ਦੇਂਦਾ ਹੈ; ਹਲੂਣਦਾ ਵੀ ਹੈ ਅਤੇ ਗਿਆਨ ਵਿਚ ਵਾਧਾ ਵੀ ਕਰਦਾ ਹੈ। ਇਸ ਪ੍ਰਾਪਤੀ ਉੱਪਰ ਮੇਰੀ ਦਿਲੀ ਮੁਬਾਰਕ ਕਬੂਲ ਕਰਨੀ। ਸੱਚ ਮੁੱਚ ਹੀ ਇਹ ਪਰਚਾ ਉਹਨਾਂ ਸੁਪਨਿਆਂ ਦੀ ਆਕਾਸੀ ਕਰਦਾ ਹੈ ਜੋ ਤੁਸਾਂ ਪਰਚਾ ਜਾਰੀ ਕਰਨ ਤੋਂ ਪਹਿਲਾਂ ਸਾਂਝੇ ਕੀਤੇ ਸਨ। ਤੁਸੀਂ ਇਸੇ ਤਰ੍ਹਾਂ ਅੱਗੇ ਵਧਦੇ ਰਹੋ। ਮੇਰੀਆਂ ਸ਼ੁਭ-ਇਛਾਵਾਂ ਤੁਹਾਡੇ ਨਾਲ ਹਨ।
ਕਰਨੈਲ ਸਿੰਘ ਥਿੰਦ, ਮੁਹਾਲੀ
ਮੈਂ ਜੋ ਕੁਝ ਵੀ ਲਿਖਣ ਵਾਲਾ ਹਾਂ, ਉਸ ਨੂੰ ਪੜ੍ਹਕੇ ਸ਼ਾਇਦ ਤੁਸੀਂ ਇਸ ਨੂੰ ਵਿਚਾਰ ਗੋਚਰ ਨਾ ਹੀ ਸਮਝੋਂ, ਇਸ ਲਈ ਲਿਖਣ ਤੋਂ ਪਹਿਲੋਂ ਹੀ ਇਸ ਸਬੰਧੀ ਮੁਆਫ਼ੀ ਚਾਹੁੰਦਾ ਹਾਂ।
ਗੱਲ ਕੇਵਲ ਇਹੋ ਹੈ ਕਿ ਅਫ਼ਜ਼ਲ ਤੇ ਬੱਚੇ ਦੀ, ਨਾਲ ਭੇਜੀ ਜਾ ਰਹੀ ਅਖਬਾਰੀ ਫੋਟੋ ਵੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਉਹ ਕਹਿ ਰਿਹਾ ਹੋਵੇ :
ਸੰਸਦ ’ਤੇ ਹਮਲਾ ਤੇ ਬੇਦੋਸ਼ਿਆਂ ਦਾ ਖ਼ੂਨ ਕਰਨਾ ਵਾਕਈ ਅਤੀ ਨਿੰਦਣਯੋਗ ਤੇ ਮਾੜਾ ਕਰਮ ਹੈ। ਪਰ… ਮੇਰੇ ਅੱਬਾ ਦੇ ਅੱਬਾ ਦੇ ਅੱਬਾ ਦੱਸਦੇ ਸੀ ਕਿ ਸਾਡੇ ਵੀ ਕਿਸੇ ਦੇਸ਼ ਪ੍ਰੇਮੀ ਨੇ ਸੱਤ ਸਮੁੰਦਰੋਂ ਪਾਰ ਜਾ ਕੇ ਲੰਡਨ ਦੇ ਪਾਰਲੀਮੈਂਟ ਹਾਊੁਸ ’ਤੇ ਬੰਬ ਚਲਾਇਆ ਸੀ ”ਤੇ ਅਸੀਂ ਸਾਰੇ ਉਹਨਾਂ ਨੂੰ ਪੂਜਦੇ ਰਹੇ ਹਾਂ’’ ਹਾਲਾਤ ਨੂੰ ਮੈਂ ਇਨ ਬਿਨ ਉਹੋ ਤਾਂ ਨਹੀਂ ਕਹਿੰਦਾ, ਮੋੜ ਘੋੜ ਵੀ ਹੋਣਗੇ, ਪਰ ਇਹਨਾਂ ਪਿੱਛੇ ਭਾਵਨਾ ਤਾਂ ਓਹੋ ਹੀ ਹੈ।
ਫੇਰ ਅੱਜ ਮੇਰੇ ਅੱਬਾ ਦੀ ਜਾਨ ਲੈਣ ਲਈ ਓਹੋ ਲੋਕ ਐਨੇ ਤਰਲੋ ਮੱਛੀ ਕਿਉਂ ਹੋਏ ਫਿਰਦੇ ਹਨ, ”ਮੇਰੇ ਅੱਬਾ ਭੁੱਲੜ ਤਾਂ ਹੋ ਸਕਦੇ ਹਨ ਪਰ ਦੁਸ਼ਟ ਤਾਂ ਨਹੀਂ।’’
ਇਹੋ ਨਹੀਂ ਬੁੱਧੀਜੀਵੀਆਂ ’ਚੋਂ ਗਿਣੇ ਜਾਂਦੇ ਇਕ ਭੱਦਰਪੁਰਸ਼ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਇਸ ਦੇਸ਼ ਧਰੋਈ ਨੂੰ ਸਾਰੀ ਉਮਰ ਕੈਦਖਾਨੇ ਵਿਚ ਰੱਖ ਕੇ ਕੈਦੀਆਂ ਦੇ ਪਖ਼ਾਨੇ ਸਾਫ਼ ਕਰਨ ਦੀ ਸਜ਼ਾ ਹੋਣੀ ਚਾਹੀਦੀ ਹੈ।
ਸੈਕੂਲਰਇਜ਼ਮ ਤੇ ਪਰਮੁਖ ਹਾਮੀ ਜਿਹਨਾਂ ਨੇਤਾਵਾਂ ਨੇ ਮਜ਼੍ਹਬ ਦੇ ਨਾਂ ’ਤੇ ਦੇਸ਼ ਦੀ ਵੰਡ ਕਰਾਈ ਜਾਂ ਕਬੂਲੀ, ਜਿਸਦੇ ਨਤੀਜੇ ਵਜੋਂ ਹਜ਼ਾਰਾਂ ਨਹੀਂ ਲੱਖਾਂ ਬੇਦੋਸ਼ਿਆਂ ਨੂੰ ਹੌਲਨਾਕ ਮੌਤੇ ਮਰਨਾ ਪਿਆ, ਅਣਗਿਣਤ ਅਬਲਾਂ ਦੀ ਇੱਜ਼ਤ ਮਿੱਟੀ ਘੱਟੇ ਰੁਲੀ ਤੇ ਕਰੋੜਾਂ ਘਰੋਂ ਬੇਘਰ ਹੋਏ ਉਹ ਤਾਂ ਅੱਜ ਤੱਕ ਨਾ ਹੀ ਦੇਸ਼ ਧਰੋਈ ਗਰਦਾਨੇ ਗਏ ਤੇ ਨਾ ਹੀ ਭੀੜ ਉਹਨਾਂ ਨੂੰ ਫਾਹੇ ਟੰਗਣ ਲਈ ਉਤਵਾਲੀ ਹੋਈ।
ਕਮਿਸ਼ਨ ਦੀਆਂ ਮੋਟੀਆਂ ਰਕਮਾਂ ਲਈ ਦੇਸ਼ ਵਾਸਤੇ ਘਟੀਆ ਅਸਲਾ ਖਰੀਦ ਕੇ ਵੀ ਉਹ ਦੁੱਧ ਧੋਤੇ ਨੇਤਾ ਹੀ ਰਹੇ ਸਗੋਂ ਅਗਲੀਆਂ ਪੀੜ੍ਹੀਆਂ ਲਈ ਦੇਸ਼ ਦੀ ਵਾਗਡੋਰ ਸੰਭਾਲੀ ਰੱਖਣ ਲਈ ਕੁਰਸੀ ਪੱਕੀ ਕਰ ਗਏ।
ਕਿੰਨੇ ਅਫਸੋਸ ਦੀ ਗੱਲ ਹੈ ਕਿ ਸ਼ਬਦਾਂ ਦੇ ਧਨੀ, ਪਰ ਵਿਕਾਊ ਲੋਕ, ਅਜਿਹੇ ਨੇਤਾਵਾਂ ਦੇ ਪੂਰਨਿਆਂ ‘ਤੇ ਚਲਦੇ ਹੋਏ ਜਨਤਾ ਨੂੰ ਮਨੁੱਖਤਾ ਦੇ ਸਬਕ ਦੇਣੋ ਸ਼ਰਮ ਨਹੀਂ ਖਾਂਦੇ… ਖੈਰ…
ਅੱਜ ਇਹ ਮਸੂਮ ਤੇ ਪ੍ਰੇਸ਼ਾਨ ਅੱਖਾਂ ਲੇਖਕਾਂ ਦੀ ਜਾਦੂਮਈ ਤਾਕਤ ਵਾਲੀ ਕਲਮ ਤੋਂ ਇਨਸਾਫ਼ ਲਈ ਤਰਲੇ ਕਰ ਰਹੀਆਂ ਹਨ।
ਮੈਂ ਆਪਣੇ ਦੁਖੀ ਦਿਲ ਦੀ ਹਵਾੜ ਤੁਹਾਡੇ ਧੁਰ ਅੰਦਰ ਤੱਕ ਪਹੁੰਚਾਉਣ ਦੀ ਤਾਂਘ ਨਾਲ ਲਿਖ ਰਿਹਾ ਹਾਂ, ਜੇ ਪ੍ਰਵਾਨ ਨਾ ਵੀ ਚੜ੍ਹੇ ਤਾਂ ਕੋਈ ਗਿਲਾ ਨਹੀਂ ਮੈਂ ਆਪਣੀ ਭੁੱਲ, ਝੋਲੀ ਪੁਆ ਲਵਾਂਗਾ। ਬੱਸ ਤੁਹਾਨੂੰ ਲਿਖ ਲਿਆ ਹੈ ਤੇ ਮੈਂ ਨਿਸਚਿੰਤ ਹਾਂ।
ਗੁਰਦਿਆਲ ਸਿੰਘ ਖੋਸਾ
ਪਿੰਡ : ਖੋਸਾ ਰੰਧੀਰ (ਮੋਗਾ)
ਵੇਖਣ ਨੂੰ ‘ਇਹ’ ਤੇ ‘ਉਹ’ ਨਰਾਜ਼ ਨੇ ਆਪੋ ਵਿਚ ਪਰ ਦੋਹਾਂ ਦੇ ਅਫਸਾਨੇ ਏਨੇ ਰਲਵੇਂ ਨੇ ਇਹ ਚੇਤਿਆਂ ਵਿਚ ਰਲ ਮਿਲ ਗਏ ਨੇ। ਜ਼ਿਹਨ ਵਿਚ ਏਨੇ ਰਲਗੱਡ ਹੋਏ ਨੇ ਕਿ ਯਾਦ ਵੀ ਨਹੀਂ ਆਉਂਦਾ ਕਿ ‘ਇਹ’ ਦੀ ਲਿਖੀ ਕਹਾਣੀ ਕਿਹੜੀ ਹੈ ਤੇ ‘ਉਹ’ ਦੀ ਲਿਖੀ ਕਿਹੜੀ ਹੈ। ‘ਇਹ’ ਨੇ ਸ਼ਬਦ ਵਿਚ ਛਪੀ ‘ਉਹ’ ਦੀ ਕਹਾਣੀ ਦਾ ਜੁਆਬ ਦਿੱਤਾ ਹੈ, ਮੇਰੀ ਜਾਚੇ। ਤੁਸਾਂ ਪਹਿਲੇ ਅੰਕ ਵਿਚ ਸਪੱਸ਼ਟ ਕੀਤਾ ਸੀ ਕਿ ਤੁਸੀਂ ਲੇਖਕਾਂ ਤੋਂ ਖ਼ੁਦ ਮੰਗ ਕੇ ਲਵੋਗੇ ਰਚਨਾਵਾਂ। ਹੋਇਆ ਕੀ, ਮੰਗ ਵੀ ਮੰਗੀ ਤੇ ਰਹੀ ਵੀ ਨੰਗੀ। ਕੀ ਇਹੋ ਕੁਝ ਪਰੋਸੋਗੇ? ਕੀ ਇਹ ਬੀਬੀ (ਕਰਤਾ, ਚੂਹਾ) ਹੀ ਇਸਤਰੀ ਲੇਖਕਾਂ ਦੀ ਪ੍ਰਤੀਨਿਧ ਹੈ? ਚਿੱਕੜ ਵਿਚ ਇੱਟਾਂ, ਰੋੜੇ ਮਾਰਿਆਂ ਛਿੱਟੇ ਪੈਣਗੇ ਹੀ-ਮੈਨੂੰ ਆਪਣਾ ਨਾਂ ਲਿਖਣ ਦੀ ਝਿਜਕ ਹੈ, ਇਸੇ ਲਈ। ਲਿਜ਼ਲਿਜ਼ੀ ਲਿਖਤ ਜੀਅ ਖਰਾਬ ਕਰਦੀ ਹੈ।
ਚੰਡੀਗੜ੍ਹ ਤੋਂ ਪਾਠਕ
‘ਹੁਣ’-4 ਦੀ ਸੰਪਾਦਕੀ ’ਚ ਤੁਸਾਂ ‘ਵਿਸ਼ਵ ਪੰਜਾਬੀ ਕਾਨਫਰੰਸ’ ਲਈ ਕੇਂਦਰੀ ਸੰਸਥਾ ਦੀ ਲੋੜ ਬਾਰੇ ਗੱਲ ਤੋਰੀ ਹੈ। ਸੁਝਾਓ ਜਿੰਨਾ ਸ਼ੁਭ ਹੈ, ਓਨਾ ਹੀ ਇਸਦਾ ਸਿਰੇ ਚੜ੍ਹਨਾ ਮੁਸ਼ਕਿਲ। ਅਨਪੜ੍ਹਅਤੇ ਸਿੱਧੇ-ਸਾਦੇ ਲੋਕਾਂ ਨੂੰ ਤਾਂ ਇਕੱਠਿਆਂ ਕੀਤਾ ਜਾ ਸਕਦਾ ਹੈ ਪਰ ਲੇਖਕਾਂ ਨੂੰ ਇਕ ਮੰਚ ’ਤੇ ਇਕੱਠਾ ਕਰਨਾ ਮੁਸ਼ਕਿਲ, ਕਿਉਂਕਿ ਸਾਰੇ ਹੀ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਅਤੇ ਸਿਆਣਾ ਮੰਨਦੇ ਹਨ। ਜਿਸ ਵੇਲੇ ਤੁਸੀਂ ਸਰਕਾਰੇ-ਦਰਬਾਰੇ ਪੁੱਛ-ਪ੍ਰਤੀਤ ਦੀ ਗੱਲ ਕਰਦੇ ਹੋ ਤਾਂ ਉਸ ਵੇਲੇ ਰਾਜਸੀ ਨੇਤਾਵਾਂ ਦੇ ਦਖ਼ਲ ਬਾਰੇ ਵੀ ਸੋਚਣਾ ਪਵੇਗਾ। ਇਸ ਦੇ ਨਾਲ ਹੀ ਪੰਜਾਬੀ ਦੇ ਸਾਹਿਤਕ ਪਿੜ ’ਚ ਬਰਾਜਮਾਨ ਅਖੌਤੀ ਮੋਹਰੀਆਂ ਤੋਂ ਵੀ ਸਾਵਧਾਨ ਰਹਿਣਾ ਪਵੇਗਾ, ਜਿਨ੍ਹਾਂ ਦਾ ਮੁੱਖ ਕੰਮ ਇਸ ਤਰ੍ਹਾਂ ਦੇ ਸਰਕਾਰੀ ਜਾਂ ਗੈਰ-ਸਰਕਾਰੀ ਅਦਾਰਿਆਂ ਦੀਆਂ ਕੁਰਸੀਆਂ ਮੱਲਣਾ ਹੀ ਰਿਹਾ ਹੈ।
‘ਹੁਣ’ ਦਾ ਚਿੱਠੀਆਂ ਵਾਲਾ ਕਾਲਮ ਹਮੇਸ਼ਾ ਬਹੁਤ ਰੌਚਕ ਹੁੰਦਾ ਹੈ। ਇਸ ’ਚ ਸੂਝਵਾਨ ਪਾਠਕ ਪ੍ਰਕਾਸ਼ਤ ਲਿਖਤਾਂ ਅਤੇ ਸ਼ਖ਼ਸੀਅਤਾਂ ਬਾਰੇ ਆਪਣੇ-ਆਪਣੇ ਪ੍ਰਤਿਕਰਮ ਭੇਜਦੇ ਹਨ। ਇਹਨਾਂ ਖ਼ਤਾਂ ਰਾਹੀਂ ਇਕ ਡਿਬੇਟ ਛਿੜਦੀ ਹੈ। ਹੁਣ-3 ’ਚ ਡਾ. ਹਰਿਭਜਨ ਸਿੰਘ ਬਾਰੇ ਟਿੱਪਣੀਆਂ ਸਬੰਧੀ ਮਦਨ ਗੋਪਾਲ ਸਿੰਘ ਨੇ ਆਪਣੇ ਖ਼ਤ ਵਿਚ ਕੁਝ ਬੇਸਿਕ ਗੱਲਾਂ ਕੀਤੀਆਂ ਹਨ : ਜਿਵੇਂ ਕਿ ਪੰਜਾਬੀ ਸਾਹਿਤ ਦੀ ਰਸਾਲੇਦਾਰੀ ਅਜੇ ਵੀ ਸ਼ਰਾਬਾਂ, ਕੁੱਕੜਾਂ ਅਤੇ ਗਾਲ਼ਾਂ ਦੀ ਇਕਰਸਤਾ ਤੱਕ ਮਹਿਦੂਦ ਹੈ। ਮੇਰਾ ਵਿਚਾਰ ਹੈ ਕਿ ਸਿਰਫ਼ ਰਸਾਲਿਆਂ ਤੱਕ ਹੀ ਨਹੀਂ ਬਲਕਿ ਰਸਮੀ ਅਤੇ ਗੈਰ-ਰਸਮੀ ਸਾਹਿਤਕ ਬੈਠਕਾਂ ਵਿਚ ਵੀ ਇਹੀ ਕੁਝ ਵੇਖਣ ’ਚ ਆਉਂਦਾ ਹੈ। ਪੰਜਾਬੀ ਦੀਆਂ ਬਹੁ-ਗਿਣਤੀ ਕਹਾਣੀਆਂ ’ਚ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਦੀ ਭਰਮਾਰ ਵੇਖੀ ਜਾ ਸਕਦੀ ਹੈ। ਹੋਰ ਵੀ ਸੰਜੀਦਾ ਕਿਸਮ ਦੀਆਂ ਗੱਲਾਂ ਕੀਤੀਆਂ ਹਨ ਮਦਨ ਗੋਪਾਲ ਨੇ ਜਿਸ ’ਤੇ ਧਿਆਨ ਦੇਣ ਦੀ ਲੋੜ ਹੈ।
‘ਆਰਥਰ ਰਿੰਬੋ’, ‘ਪਾਬਲੋ ਨਰੂਦਾ’ ਦੀਆਂ ਕਵਿਤਾਵਾਂ ਦੇ ਇਲਾਵਾ ਸੁਰਜੀਤ ਪਾਤਰ ਨੇ ਆਪਣੇ ਸ਼ਬਦਾਂ ਦੀ ਛਾਂ ’ਚ ਬੜੀ ਸਮਝਦਾਰੀ ਨਾਲ ਸਾਰੇ ਪ੍ਰਸ਼ਨਾਂ ਦੇ ਉੱਤਰਾਂ ਦਾ ਦਾਇਰਾ ਆਪਣੀ ਰਚਨਾ ਅਤੇ ਆਪਣੇ ਆਪ ਤੱਕ ਹੀ ਮਹਿਦੂਦ ਰੱਖਿਆ ਹੈ ਜੋ ਇਕ ਚੰਗੀ ਗੱਲ ਹੈ। ਇਸ ਇੰਟਰਵਿਊ ’ਚ ਪਾਤਰ ਦਾ ਵਿਅਕਤਿਤਵ ਅਤੇ ਸ਼ਾਇਰੀ ਖ਼ੂਬ ਉੱਘੜ ਕੇ ਪਾਠਕਾਂ ਸਾਹਮਣੇ ਆਈ ਹੈ। ਬੀਬਾ ਕੁਲਵੰਤ ਨੂੰ ਮਿਲਣ ਦਾ ਦੋ-ਤਿੰਨ ਵਾਰੀ ਅਵਸਰ ਤਾਂ ਮਿਲਿਆ, ਪਰ ਪੂਰੀ ਜਾਣ-ਪਛਾਣ ‘ਕਾਲੇ ਦਿਨਾਂ ਦੇ ਨਾਟਕ’ ਪੜ੍ਹਕੇ ਹੀ ਹੋਈ ਹੈ। ਕਹਾਣੀਆਂ ’ਚ ਮਨਿੰਦਰ ਕਾਂਗ ਨੇ ਪੀਰ ਤਾਬੇ ਸ਼ਾਹ ਦਾ ਕਰੈਕਟਰ ਅਤੇ ਤਕੀਏ ਦਾ ਮਾਹੌਲ ਪੂਰੀ ਤਰ੍ਹਾਂ ਬੁਣਿਆ ਹੈ। ਲੱਗਦਾ ਹੈ ਕਿ ਜਿਵੇਂ ਲੇਖਕ ਨੇ ਸਾਰੇ ਪਾਤਰਾਂ ਨੂੰ ਬਹੁਤ ਨੇੜਿਓਂ ਵੇਖਿਆ ਹੈ। ਨਿਰਮਲ ਜਸਪਾਲ ਦੀ ‘ਚੂਹਾ’ ਚਾਹੇ ਉਸ ਦੀਆਂ ਪਹਿਲੀਆਂ ਕਹਾਣੀਆਂ ਵਾਂਗ ਔਰਤ-ਮਰਦ ਸਬੰਧਾਂ ਅਤੇ ਸੈਕਸ ਦੀਆਂ ਸਮੱਸਿਆਵਾਂ ਦੀ ਕਹਾਣੀ ਹੈ, ਪਰ ਇਸ ਕਹਾਣੀ ਦੀ ਗੋਂਦ ਅਤੇ ਬਿਰਤਾਂਤ ਪਹਿਲੀਆਂ ਕਹਾਣੀਆਂ ਤੋਂ ਕੁਝ ਵੱਖਰਾ ਹੈ। ਰਚਨਾ ’ਚ ਪਕਿਆਈ ਆ ਗਈ ਲੱਗਦੀ ਹੈ।
ਕਵਿਤਾਵਾਂ ’ਚੋਂ ਸੁਰਜੀਤ ਜੱਜ ਦੀ ਲੰਮੀ ਕਵਿਤਾ ‘ਅਸੀਂ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ’ ਇਕ ਬੌਧਿਕ ਪੱਧਰ ਦੀ ਕਵਿਤਾ ਹੈ ਜਿਸ ’ਚ ਕਵੀ ਅਨੇਕਾਂ ਤਰ੍ਹਾਂ ਦੇ ਇਤਿਹਾਸਕ, ਮਿਥਿਹਾਸਕ ਬਿੰਬ ਸਿਰਜਦਾ ਹੈ। ਕਵਿਤਾ ’ਚ ਵੰਗਾਰ ਹੈ, ਕਵੀ ਦੇ ਅੰਤਰ-ਮਨ ਦੀ ਵੇਦਨਾ ਹੈ ਅਤੇ ਹੋਰ ਵੀ ਬਹੁਤ ਕੁਝ। ਇਸ ਦੇ ਵਿਪਰੀਤ ਅਮਰਜੀਤ ਸਾਥੀ ਦੇ ‘ਹਾਇਕੂ’ ਗੁਲਾਬ ਦੇ ਫੁੱਲਾਂ ਵਾਂਗ ਖੁਸ਼ਬੋਆਂ ਖਲਾਰਦੇ ਦਿਸਦੇ ਹਨ।
ਜ਼ਰੀਨਾ ਪਟੇਲ ਦੀ ਲਿਖੀ ‘ਮੱਖਣ ਸਿੰਘ’ ਦੀ ਜੀਵਨੀ ਚਾਹੇ ਮੈਂ ਪੜ੍ਹੀ ਨਹੀਂ ਪਰ ਕੀਨੀਆ ਵਾਸੀਆਂ ਦੇ ਮੂੰਹੋਂ ਇਸ ਸ਼ਖ਼ਸ ਬਾਰੇ ਸੁਣਿਆ ਬਹੁਤ ਕੁਝ ਹੈ। ਇਹ ਇਕ ਬਹੁਤ ਜੁਝਾਰੂ, ਖ਼ੁਦਦਾਰ ਅਤੇ ਸੁਆਰਥਹੀਣ ਕਿਸਮ ਦਾ ਆਦਮੀ ਸੀ, ਜਿਸ ਦੀ ‘ਕਿਸਮ’ ਪੰਜਾਬ ਦੀ ਧਰਤੀ ਤੋਂ ਅਲੋਪ ਹੁੰਦੀ ਜਾ ਰਹੀ ਹੈ। ਧਿਆਨ ਨਾਲ ਪੜ੍ਹਨ ਵਾਲੀ ਪੁਸਤਕ ਹੋਵੇਗੀ।
ਮਨਮੋਹਨ ਬਾਵਾ, ਡਲਹੌਜੀ/ਦਿੱਲੀ
ਮੈਂ ਜੁਲਾਈ ਵਿਚ 25 ਡਾਲਰ ‘ਹੁਣ’ ਲਈ ਚੰਦਾ ਭੇਜਿਆ ਸੀ। ‘ਹੁਣ’ ਦਾ ਚੌਥਾ ਅੰਕ ਮਿਲ ਗਿਆ ਧੰਨਵਾਦ! ਭਾਵੇਂ ਜਦੋਂ ਮੈਂ ਚੰਦਾ ਭੇਜਿਆ ਸੀ ਤੁਹਾਡਾ ਸਲਾਨਾ ਚੰਦਾ 25 ਡਾਲਰ ਸੀ, ਇਹ ਬਹੁਤ ਥੋੜ੍ਹਾ ਸੀ। ਮੈਂ ਇਸ ਅੰਕ ਵਿਚ ਦੇਖਿਆ ਕਿ ਤੁਸੀਂ ਚੰਦਾ ਵਧਾ ਕੇ 60 ਡਾਲਰ ਕਰ ਦਿੱਤਾ ਹੈ। ਮੈਂ 35 ਡਾਲਰ ਹੋਰ ਭੇਜ ਰਿਹਾਂ। ਪਰਚਾ ਭੇਜਦੇ ਰਹਿਣਾ। ਮੈਨੂੰ ਪਤਾ ਕਿ ਤੁਹਾਡੇ ਕੋਲ ਪਿਛਲੇ ਅੰਕ ਨਹੀਂ ਪਰ ਫੇਰ ਵੀ ਜੇ ਸਭ ਤੋਂ ਪਹਿਲਾ ਅੰਕ ਹੋਵੇ ਤਾਂ ਭੇਜਣ ਦੀ ਖੇਚਲ ਕਰਨੀ। ਬਾਕੀ ਅੰਕ ਮੇਰੇ ਕੋਲ ਹਨ। ਇਕ ਹੋਰ ਬੇਨਤੀ-ਜੋ ਆਪ ਲਿਫ਼ਾਫਾ ‘ਹੁਣ’ ਭੇਜਣ ਲਈ ਵਰਤਦੇ ਹੋ, ਉਸ ਨੂੰ ਬਦਲੋ। ਜਦੋਂ ਤੱਕ ਪੇਪਰ ਮੇਰੇ ਕੋਲ ਪਹੁੰਚਾ, ਲਫ਼ਾਫੇ ਦਾ ਹਾਲ ਇਸ ਤਰ੍ਹਾਂ ਦਾ ਹੋ ਗਿਆ ਸੀ ਜਿਵੇਂ ਪੰਜਾਬ ਪੁਲਿਸ ਦੇ ਅੜਿੱਕੇ ਆਏ ਬੰਦੇ ਦਾ ਹੁੰਦਾ ਹੈ। ਲਿਫ਼ਾਫੇ ਤੇ ਸਿਰਫ਼ ਮੇਰਾ ਐਡਰੈਸ ਹੀ ਦਿਸਦਾ ਸੀ। ਉਹ ਵੀ ਇਥੋਂ ਦੇ ਈਮਾਨਦਾਰ ਡਾਕ ਘਰਾਂ ਨੇ ਰਬੜ ਬੈਂਡ ਲਾ-ਲਾ ਕੇ ਬਚਾਇਆ ਸੀ। ਜੇ ਇਹੋ ਜਿਹੀ ਹਾਲਤ ਵਿਚ ਇਹ ਪੰਜਾਬ ਦੇ ਡਾਕ ਘਰਾਂ ਦੇ ਕੋਲ ਪਹੁੰਚਦਾ ਤਾਂ ਉਹਨਾਂ ਨੇ ਇਹ ਪੰਜਾਬ ਪੁਲਿਸ ਵਾਂਗ ਨਕਲੀ ਮੁਕਾਬਲਾ ਦਿਖਾ ਕੇ ਕਿਤੇ ਸੁੱਟ ਦੇਣਾ ਸੀ। ਬਾਹਰ ਵਾਸਤੇ ਥੋੜ੍ਹੇ ਸਖ਼ਤ ਕੱਪੜੇ ਵਾਲੇ ਲਿਫਾਫ਼ੇ ਵਰਤਿਆ ਕਰੋ। ਮੇਹਰਬਾਨੀ ਹੋਵੇਗੀ।
ਪ੍ਰੇਮ ਸਿੰਘ ਮਾਨ, ਯੂ.ਐਸ.ਏ.
ਬਹੁਤ ਚਿਰਾਂ ਤੋਂ ਜਿਹੋ ਜਿਹਾ ਸਾਹਿਤ ਪੜ੍ਹਨ ਨੂੰ ਦਿਲ ਕਰਦਾ ਸੀ, ‘ਹੁਣ’ ਨੇ ਉਹ ਆਸ ਪੂਰੀ ਕਰ ਦਿੱਤੀ।
‘ਹੁਣ’ ਬੇਸ਼ੱਕ ਲੇਟ ਹੀ ਮਿਲਿਆ ਪਰ ਪਹਿਲੀ ਪੁਸਤਕ ਨਾ ਮਿਲਣ ਦਾ ਦਿਲ ਨੂੰ ਬੇਹੱਦ ਅਫ਼ਸੋਸ ਹੈ।
ਕਹਾਣੀਆਂ ਵਿਚ ਮਨਿੰਦਰ ਕਾਂਗ ਦੀ ‘ਭੇਤ ਵਾਲੀ ਗੱਲ’ ਤੇ ਮੁਖਤਾਰ ਗਿੱਲ ਦੀ ‘ਆਰ ਨਾ ਪਾਰ’ ਸਲਾਹੁਣਯੋਗ ਹਨ। ਆਰ ਨਾ ਪਾਰ ਪੜ੍ਹਕੇ ਇੰਝ ਲੱਗਣ ਲੱਗਾ ਜਿਵੇਂ ਸਾਡੇ ਕੋਲੋਂ ਸਾਡੇ ਹੀ ਪਰਿਵਾਰ ਦਾ ਕੋਈ ਮੈਂਬਰ ਵਿਛੜ ਰਿਹਾ ਹੋਵੇ। ਸੱਚ ਕਹਾਂ ਤਾਂ ਕਹਾਣੀ ਦੇ ਅੰਤ ਵੇਲੇ ਅੱਖਾਂ ਵਿਚੋਂ ਹੰਝੂਆਂ ਦੀ ਝੜੀ ਲੱਗ ਗਈ।
ਹਕੀਕਤਾਂ ਵਿਚੋਂ ‘ਤੇ ਬੱਤੀ ਬੁਝ ਗਈ’ ਅਤੇ ਬੀਬਾ ਕੁਲਵੰਤ ਦਾ ‘ਕਾਲੇ ਦਿਨਾਂ ਦੇ ਨਾਟਕ’ ਵੀ ਵਧੀਆ ਲੱਗੇ।
ਅਵਤਾਰ ਜੰਡਿਆਲਵੀ ਤੇ ਸੁਸ਼ੀਲ ਦੁਸਾਂਝ ਵਧਾਈ ਦੇ ਹੱਕਦਾਰ ਹਨ।
ਮਨਜੀਤ ਕੈਲੇ, ਲੀਲ (ਪੱਖੋਵਾਲ)
ਅਵਤਾਰ ਜੀ ਤੇ ਸੁਸ਼ੀਲ ਜੀ ਲਗਾਤਾਰ ਚੰਗੇ-ਚੰਗੇ ਅੰਕ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਉਪਲਬਧ ਕਰਾਉਣ ਲਈ ਧੰਨਵਾਦ। ਆਪ ਦੀ ਅਣਥੱਕ ਮਿਹਨਤ ਨੂੰ ਸਲਾਮ। ਪਾਤਰ ਦੀ ਮੁਲਾਕਾਤ ਪਸੰਦ ਆਈ, ਬਾਕੀ ਸਾਰਾ ਕੁਝ ਵੀ ਬਹੁਤ ਵਧੀਆ ਸੀ। ‘ਹੁਣ’ ਨੇ ਆਪਣੇ ਚਾਰ ਅੰਕਾਂ ਨਾਲ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਗੱਡ ਦਿੱਤਾ ਹੈ। ‘ਹੁਣ’ ਵਾਕਈ ਪੰਜਾਬੀ ਦਾ ਇਕ ਮਿਆਰੀ ਸਾਹਿਤਕ ਪਰਚਾ ਹੈ। ਵਾਰਿਸਸ਼ਾਹ ਨੂੰ ਬਹੁਤ ਹੀ ਵਧੀਆ ਢੰਗ ਨਾਲ ਯਾਦ ਕੀਤਾ ਗਿਆ। ਇਸੇ ਤਰ੍ਹਾਂ ਚਾਤ੍ਰਿਕ ਜੀ ਬਾਰੇ ਵੀ ਸਾਰੇ ਪੰਨੇ ਬਹੁਤ ਹੀ ਸਾਰਥਿਕ ਸਨ। ਕਦੇ ਇਸੇ ਤਰ੍ਹਾਂ ‘ਸ਼ਰਫ਼’ ਜੀ ਬਾਰੇ ਵੀ ਛਾਪੋ। ਕੌਫ਼ੀ ਹਾਊਸ ਬਾਰੇ ਪ੍ਰੇਮ ਪ੍ਰਕਾਸ਼ ਦਾ ਲੇਖ ਪੜ੍ਹਕੇ ਮਨ ਅਨੰਦਤ ਹੋ ਗਿਆ। ਪਾਕਿਸਤਾਨੀ ਪੰਜਾਬੀ ਸਾਹਿਤ ਨੂੰ ਵੀ ‘ਹੁਣ’ ਰਾਹੀਂ ਪੰਜਾਬੀ ਪਾਠਕਾਂ ਲਈ ਪੇਸ਼ ਕਰੋ।
ਕੰਵਰਜੀਤ ਗਿੱਲ, ਮੁਕਤਸਰ
ਮੈਂ ‘ਹੁਣ’ ਸਤੰਬਰ-ਦਸੰਬਰ 06 ਦਾ ਅੰਕ ਪੜ੍ਹਿਆ, ਜੋ ਮੇਰੇ ਲਈ ਇਨਟਰੋਡਕਟਰੀ ਸੀ। ਪਹਿਲਾਂ ਮੈਂ ਇਸ ਸਤਰ ਦਾ ਕੋਈ ਪੰਜਾਬੀ ਮੈਗਜ਼ੀਨ ਨਹੀਂ ਦੇਖਿਆ-ਸੁਣਿਆ। ਸੋ ਮੇਰਾ ਮਤਲਬ ‘ਹੁਣ’ ਵਧੇ ਫੁੱਲੇ।
ਇਸ ਇਸ਼ੂ ਵਿਚ ਛਪੀਆਂ ਕਹਾਣੀਆਂ ‘ਭੇਤ ਵਾਲੀ ਗੱਲ’, ‘ਚੂਹਾ’ ਇਸ ਕਦਰ ਅਸ਼ਲੀਲ ਹਨ ਕਿ ਕੋਈ ‘ਹੁਣ’ ਦੀ ਇਸ ਕਾਪੀ ਨੂੰ ਕਿਸੇ ਹੋਰ ਨੂੰ ਪੜ੍ਹਨ ਲਈ ਸੋਚ ਸਮਝ ਕੇ ਹੀ ਦੇਵੇਗਾ।
ਜਿਸ ਤਰ੍ਹਾਂ ਕਹਿੰਦੇ ਹਾਂ ”ਟੂ ਬੀ ਕੈਪਟ ਆਊਟ ਆਫ ਰੀਚ ਆਫ ਚਿਲਡਰਨ’’ ਇਹ ਤਾਂ ਪੱਕਾ ਲਾਗੂ ਹੁੰਦਾ ਹੈ ਇਸ ਇਸ਼ੂ ’ਤੇ। ਜਦਕਿ ਅਜਿਹਾ ਨਹੀਂ ਹੋਣਾ ਚਾਹੀਦਾ।
ਮੈਂ ‘ਹੁਣ’ ਦੀ ਇਹ ਕਾਪੀ, ਬਾਈ ਚਾਂਸ, ਇਕ ਗੁਰਬਾਣੀ ਪੜ੍ਹਨਾ ਜਾਣਦੀ ਨਾਨ-ਪੰਜਾਬੀ ਕੁਲੀਗ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਤ ਕਰਨ ਲਈ ਖਰੀਦੀ ਸੀ ਅਤੇ ਉਸ ਨੂੰ ਪੜ੍ਹਨ ਲਈ ਦੇਣੀ ਸੀ, ਪਰ ਇਸ ਵਿਚਲੀਆਂ ਉਪਰੋਕਤ ਕਹਾਣੀਆਂ ’ਚ ਅਸ਼ਲੀਲਤਾ ਇਸ ਕਦਰ ਹੈ ਕਿ ਮੈਂ ਉਸ ਨੂੰ ਇਹ ਕਾਪੀ ਨਹੀਂ ਦੇ ਸਕਿਆ। ਇਹ ਅਸਫ਼ਲਤਾ ਮੇਰੀ ਨਹੀਂ ‘ਹੁਣ’ ਦੀ ਹੀ ਸਮਝੋ।
ਮੈਂ ਜਮਾਂਦਰੂ-ਪੇਂਡੂ ਪੰਜਾਬੀ ਹਾਂ ਤੇ ਜੋ ਵੀ ਇਸ ਕਾਪੀ ’ਚ ਲਿਖਿਆ ਹੈ ਸਭ ਠੀਕ ਹੈ (ਕਹਿ ਸਕਦਾ ਹਾਂ)।
‘ਹੁਣ’ ਨੂੰ ਖ਼ਾਸ ਸਥਿਤੀਆਂ ਨੂੰ ਵੀ ਨਜਿੱਠਣਾ ਚਾਹੀਦਾ ਹੈ; ਜਿਵੇਂ ਕਿ ਮੈਂ ਉੱਪਰ ਲਿਖ ਹੀ ਚੁੱਕਾ ਹਾਂ।
ਬੱਸ ਮੈਂ ਆਪਣੀ ਪੰਜਾਬੀ ਲਿਟਰੇਚਰ ਬਾਰੇ ਜ਼ਿਆਦਾ ਪੜ੍ਹਾਈ ਨਾ ਹੋਣ ਕਰਕੇ ਕੋਈ ਰਾਏ-ਸਲਾਹ ਨਹੀਂ ਦੇ ਰਿਹਾ, ਮੇਰੀਆਂ ਤਾਂ ਬੱਸ ਸ਼ੁਭ ਇਛਾਵਾਂ ‘ਹੁਣ’ ਦੇ ਨਾਲ ਹਨ।
ਕਰਨੈਲ ਸਿੰਘ, ਧੂਰੀ
ਹੁਣ-4 ਪੜ੍ਹਿਆ ਤਾਂ ਰੂਹ ਨੂੰ ਰੱਜ ਜਿਹਾ ਆ ਗਿਆ। ਐਨਾ ਪਾਏਦਾਰ ਮੈਟਰ-ਕਮਾਲ ਹੈ ਮਿੱਤਰੋ। ਪਹਿਲੇ ਤਿੰਨ ਅੰਕ ਵੀ ਪੂਰੀ ਰੂਹ ਨਾਲ ਪੜ੍ਹੇ ਨੇ। ‘ਹੁਣ’ ਦੀ ਇਹ ਕਿੱਡੀ ਖ਼ੂਬਸੂਰਤੀ ਹੈ ਕਿ ਹੱਥਲਾ ਅੰਕ ਪੜ੍ਹਦਿਆਂ ਹੀ ਅਗਲੇ ਅੰਕ ਦੀ ਉਡੀਕ ਸ਼ੁਰੂ ਹੋ ਜਾਂਦੀ ਹੈ। ਭਾਵੇਂ ਅੱਜਕੱਲ੍ਹ ਪੰਜਾਬੀ ਰਸਾਲਿਆਂ ਦੀ ਬਹੁਤ ਹੀ ਭੀੜ ਹੈ (ਚਲੋ ਹੈ ਤਾਂ ਇਹ ਚੰਗੀ ਗੱਲ) ਪਰ ਹੁਣ ਸਭਨਾਂ ਵਿਚੋਂ ਅਲੱਗ ਹੀ ਨਜ਼ਰ ਆਉਂਦਾ ਹੈ।
ਅੰਕ-4 ਵਿਚ ”ਸ਼ਬਦਾਂ ਦੀ ਛਾਵੇਂ’’ ਤੁਰਦਿਆਂ ਸੁਰਜੀਤ ਪਾਤਰ ਨੇ ਖ਼ੂਬਸੂਰਤ ਬਾਤਾਂ ਪਾਈਆਂ ਨੇ। ਇਹ ਮੁਲਾਕਾਤ ਇਕ ਯਾਦਗਾਰੀ ਮੁਲਾਕਾਤ ਹੋ ਨਿੱਬੜੀ ਹੈ। ਖ਼ੂਬਸੂਰਤ ਸੁਆਲ ਤੇ ਉਸ ਤੋਂ ਵੀ ਖ਼ੂਬਸੂਰਤ ਜੁਆਬ-ਕਿਆ ਬਾਤ ਹੈ। ਅਵਤਾਰ ਭਾਅ ਜੀ ਤੇ ਪਾਤਰ ਜੀ ਹੁਰਾਂ ਨੂੰ ਮੁਬਾਰਕਬਾਦ।
ਜੇ ਹਰ ਰਚਨਾ ਬਾਰੇ ਲਿਖਣ ਬੈਠ ਗਿਆ ਤਾਂ ਬਹੁਤ ਹੀ ਖਿਲਾਰਾ ਜਿਹਾ ਪੈ ਜਾਵੇਗਾ ਤੇ ਇਸ ਸਭ ਨੂੰੂ ਸਮੇਟਦਾ ਹੋਇਆ ‘ਹੁਣ’ ਦੀ ਲੰਮੀ ਉਮਰ ਦੀ ਦੁਆ ਕਰਦਾ ਹਾਂ ਤੇ ਤੁਹਾਡੇ ਸਿਰੜ ਨੂੰ ਸਿਜਦਾ ਕਰਦਾ ਹਾਂ।
ਤ੍ਰੈਲੋਚਣ ਲੋਚੀ, ਲੁਧਿਆਣਾ
‘ਹੁਣ’ ਲਈ ਸ਼ੁਕਰੀਆ ਸ਼ਬਦ ਬੇਹੱਦ ਛੋਟਾ ਹੈ। ਇਸ ਬਾਰੇ ਜਿੰਨਾ ਸੁਣਿਆ ਸੀ… ਇਹ ਉਸ ਤੋਂ ਵੀ ਪੰਜ ਰੱਤੀਆਂ ਵੱਧ ਨਿਕਲਿਆ। ਹੈਰਾਨ ਹਾਂ ਤੁਸੀਂ ਏਨੇ ਲਿਸ਼ਕਦੇ ਸੱਚੇ ਸੁੱਚੇ ਹੀਰੇ-ਮੋਤੀ ਕਿਵੇਂ ਇਕੱਠੇ ਕਰ ਲਏ ਤੇ ਇਸ ਖ਼ੂਬਸੂਰਤੀ ਨਾਲ ਪਰੋ ਕੇ ਮਾਂ-ਪੰਜਾਬੀ ਦੇ ਗਲ ਵਿਚ ਸੱਤ-ਲੜਾ ਰਾਣੀ-ਹਾਰ ਪਾ ਦਿੱਤਾ… ਹਰ ਰਚਨਾ ਚੇਤਨਾ ਦੇ ਚਿਰਾਗ਼ ਬਾਲਦੀ ਹੈ… ਸੱਚ ਤਾਂ ਇਹ ਹੈ ਕਿ ਇਸ ਦੇ ਹਰ ਪੰਨੇ ਵਿਚੋਂ ਗੁਜ਼ਰਦਿਆਂ ਇਕ ਸੱਜਰੇਪਨ ਦਾ, ਨਿਵੇਕਲੇਪਨ ਦਾ ਅਹਿਸਾਸ ਹੁੰਦਾ ਹੈ। ਇਹੋ ਜਿਹੀ ਪੇਸ਼ਕਸ਼ ਲਈ ਆਪ ਵਧਾਈ ਦੇ ਪਾਤਰ ਹੋ। ਪਰ ਕੀ ਇਹ ਮਿਆਰ… ਇਹ ਅਨੂਠਾ ਯਤਨ… ਸਥਾਈ ਹੋ ਸਕੇਗਾ?
ਰੱਬ ਕਰੇ ਇੰਜ ਹੀ ਹੋਵੇ…
ਇਹੋ ਜਿਹੀਆਂ ਹਜ਼ਾਰਾਂ ਸ਼ੁਭ ਕਾਮਨਾਵਾਂ ਸਹਿਤ
ਡਾ. ਗੁਰਮਿੰਦਰ ਸਿੱਧੂ, ਮੋਹਾਲੀ
ਮੁਲਾਕਾਤਾਂ ਪਰਚੇ ਦੀ ਜਾਨ ਨੇ। ਤਸਵੀਰਾਂ ਬੜਾ ਨਾਯਾਬ ਤੋਹਫ਼ਾ ਹੈ ਪਾਠਕਾਂ ਲਈ। ਚੌਥੇ ਅੰਕ ਦਾ ਟਾਈਟਲ (ਹੀਰ) ਮੈਂ ਫਰੇਮ ਹੀ ਕਰਵਾ ਲਿਆ ਹੈ। ਚੌਥੇ ਅੰਕ ਵਿਚ ਵਰਿਆਮ ਸੰਧੂ ਹੋਰਾਂ ਦੀ ਰਚਨਾ ਵਾਲਿਆਂ ਪੰਨਿਆਂ ’ਤੇ ਇਕ ਤਸਵੀਰ ਹੈ। ਇਕੱਲੀ ਔਰਤ ਨੂੰ ਸੁਰੱਖਿਆ ਬਲਾਂ ਵਾਲੇ ਬੁਰੀ ਤਰ੍ਹਾਂ ਮਾਰ ਰਹੇ ਨੇ। ਉਸ ਤਸਵੀਰ ਬਾਰੇ ਜੇ ਦੱਸ ਸਕੋ ਕਿ ਕਿਸ ਵੇਲੇ ਦੀ ਹੈ ਤੇ ਕਿੱਥੋਂ ਦੀ ਹੈ-ਤਾਂ ਬੜੀ ਚੰਗੀ ਗੱਲ ਹੋਵੇਗੀ। ਦੂਸਰੀਆਂ ਭਾਸ਼ਾਵਾਂ ਦੇ ਕਵੀਆਂ, ਦੁਰਾਡੇ ਖਿੱਤਿਆਂ ਦੇ ਚਿੰਤਕਾਂ, ਕਲਾਕਾਰਾਂ ਤੇ ਦਾਰਸ਼ਨਿਕਾਂ ਬਾਰੇ ਜਾਣਕਾਰੀ, ਪਰਚੇ ਦੀ ਅਮੀਰੀ ਹੈ। ਰੱਬ ਤੁਹਾਡੀ ਕਮਾਈ ਵਿਚ ਬਰਕਤਾਂ ਪਾਵੇ। ਮੈਨੂੰ ਤਾਂ ਪਾਠਕਾਂ ਦੇ ਖ਼ਤਾਂ ਨੇ ਹੀ ਬੜਾ ਪ੍ਰਭਾਵਿਤ ਕੀਤਾ। ਪਰ ਡਾ. ਮਦਨ ਗੋਪਾਲ ਸਿੰਘ ਹੋਰਾਂ ਦਾ ਖ਼ਤ ਏਨਾ ਔਖਾ ਤੇ ਅੰਗਰੇਜ਼ੀ ਲਫ਼ਜ਼ਾਂ ਨਾਲ ਭਰਪੂਰ ਹੈ ਕਿ ਡਿਕਸ਼ਨਰੀ ’ਚੋਂ ਅਰਥ ਲੱਭਦਿਆਂ ਵੀ ਸਮਾਂ ਲੱਗੇਗਾ। ਬਹੁਤਾ ਪੜ੍ਹਿਆ ਬੰਦਾ ਏਵੇਂ ਹੀ ਗੁੰਝਲਦਾਰ ਹੋ ਜਾਂਦਾ ਹੈ। ਜਿਉਂ-ਜਿਉਂ ਭਿੱਜੇ ਕੰਬਲੀ… ਪਰ ਜੇ ਬੰਦਾ ਆਪਣੀ ਗੱਲ ਹੀ ਦੂਸਰਿਆਂ ਨੂੰ ਸਮਝਾ ਨਾ ਸਕੇ ਤਾਂ ਇਹ ਕਾਹਦੀ ਵਿਦਵਤਾ। ਹਾਲਾਂ ਵੀ ਸਮਝਣਾ ਚਾਹਾਂਗੀ ਜੇ ਕੋਈ ਮਦਦ ਕਰ ਸਕੇ ਤਾਂ। ਬਾਕੀ ਡਾ. ਹਰਿਭਜਨ ਸਿੰਘ ਸਾਡੇ ਮਾਣਮੱਤੇ, ਗੂੜੀਆਂ ਸਮਝਾਂ ਵਾਲੇ ਸ਼ਾਇਰ ਸਨ, ਕਿਸੇ ਤੋਂ ਸਨਦ ਲੈਣ ਦੀ ਲੋੜ ਨਹੀਂ। ਡਾਕਟਰ ਮਦਨ ਗੋਪਾਲ ਸਿੰਘ ਦਾ ਦਿਲਗੀਰ ਹੋਣਾ ਵਾਜਬ ਹੈ।
ਸੁਰਿੰਦਰ ਅਤੈ ਸਿੰਘ
‘ਹੁਣ’ ਲਗਾਤਾਰ ਤਰੱਕੀ ਕਰ ਰਿਹੈ। ਤੁਹਾਡੀ ਹਿੰਮਤ ਅਤੇ ਮਿਹਨਤ ਕਮਾਲ ਹੈ!
ਭੂਸ਼ਨ, ਚੰਡੀਗੜ੍ਹ
ਤੁਸੀਂ ਜਿਹੜੇ ਲੇਖਕ ਦੀ ਮੁਲਾਕਾਤ ਛਾਪਦੇ ਹੋ, ਮੁਲਾਕਾਤ ਕਰਨ ਤੋਂ ਪਹਿਲਾਂ ਲੇਖਕ ਦਾ ਪ੍ਰੀਚੈ ਭਾਵ ਲੇਖਕ ਦੀ ਮੁੱਢਲੀ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ, ਜਿਵੇਂ, ਲੇਖਕ ਦੇ ਮਾਤਾ ਪਿਤਾ, ਪਿੰਡ, ਜ਼ਿਲ੍ਹਾ, ਜਨਮ ਮਿਤੀ, ਵਿੱਦਿਆ, ਕਿੱਤਾ ਆਦਿ। ਪ੍ਰਸ਼ਨਾਂ ਉੱਤਰਾਂ ਦੀ ਲੜੀ ਹੀ ਆਰੰਭ ਕਰ ਲੈਣੀ ਯੋਗ ਨਹੀਂ। ਲੇਖਕ ਦੀ ਮੁੱਢਲੀ ਜਾਣਕਾਰੀ ਵੀ ਦੇਣੀ ਜ਼ਰੂਰੀ ਹੁੰਦੀ ਹੈ।
ਸੁਰਜੀਤ ਪਾਤਰ ਅਤੇ ਜੰਡਿਆਲਵੀ ਦੀ ਗੱਲਬਾਤ ਬਹੁਤ ਹੀ ਵਧੀਆ ਹੈ। ਜੰਡਿਆਲਵੀ ਦੇ ਪੁੱਛੇ ਹੋਏ ਪ੍ਰਸ਼ਨ ਜੰਡਿਆਲਵੀ ਜੀ ਦੀ ਬਹੁਤ ਹੀ ਡੂੰਘੀ ਸੋਚ ਦੇ ਪ੍ਰਤੀਕ ਹਨ ਅਤੇ ਪਾਤਰ ਹੋਰਾਂ ਦੇ ਉੱਤਰ ਵੀ ਬਹੁਤ ਹੀ ਨਿਸੰਗ ਤੇ ਸਪੱਸ਼ਟਵਾਦੀ ਹਨ। ਪਰ ਗੱਲਬਾਤ ਤੋਂ ਪਾਠਕ ਨੂੰ ਜੀਵਨ ਵਿਚ ਬਹੁਤ ਕੁਝ ਸਿੱਖਣ ਨੂੰ ਇੰਨਾ ਨਹੀਂ ਮਿਲਦਾ ਜਿੰਨਾ ਸਤੀ ਤੇ ਗੁਰਦਿਆਲ ਸਿੰਘ ਦੀਆਂ ਗੱਲਾਂਬਾਤਾਂ ਤੋਂ ਮਿਲਿਆ। ਬਾਕੀ ਇਸ ਅੰਕ ਦਾ ਮਿਆਰ ਵੀ ਪਹਿਲੇ ਅੰਕਾਂ ਵਾਂਗ ਬਹੁਤ ਹੀ ਉੱਚ ਪਾਏ ਦਾ ਅਤੇ ਲਾਜਵਾਬ ਹੈ। ਇੰਨਾ ਚੰਗਾ ਪਰਚਾ ਕੱਢਣ ਲਈ ਤੁਸੀਂ ਵਧਾਈ ਦੇ ਪਾਤਰ ਹੋ। ਨਿਬੰਧ ਵੀ ਸਾਹਿਤ ਦਾ ਰੂਪ ਹੈ, ਤੁਹਾਨੂੰ ਕਿਸੇ ਚੰਗੇ ਲੇਖਕ ਦਾ ਨਿਬੰਧ ਵੀ ਪਰਚੇ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਕੋਈ ਅਜਿਹਾ ਲੇਖ ਜਿਸਦਾ ਮਨੁੱਖੀ ਜੀਵਨ ਨਾਲ ਸਬੰਧ ਹੋਵੇ।
ਲੇਖਕ ਦੀ ਰਚਨਾ ਦਾ ਉਦੇਸ਼ ਹੋਣਾ ਚਾਹੀਦਾ ਹੈ ਅਤੇ ਹੁੰਦਾ ਵੀ ਹੈ। ਚੰਗਾ ਸਾਹਿਤ ਉਹ ਹੀ ਹੁੰਦਾ ਹੈ ਜਿਹੜਾ ਮਨੁੱਖ ਅਤੇ ਸਮਾਜ ਦੇ ਨੇੜੇ ਹੋਵੇ, ਭਾਵ ਸਿਰਜਣਾਤਮਿਕ ਸਾਹਿਤ ਦਾ ਉਦੇਸ਼ ਮਨੁੱਖੀ ਹਾਵਾਂ ਭਾਵਾਂ ਤੇ ਦੁੱਖਾਂ ਸੁੱਖਾਂ ਦਾ ਪ੍ਰਗਟਾਵਾ ਕਰਨਾ ਹੁੰਦਾ ਹੈ। ਸਮਾਜ ਤੋਂ ਦੂਰ ਦਾ ਸਾਹਿਤ ਗੁਣਕਾਰੀ ਅਤੇ ਕਲਿਆਣਕਾਰੀ ਨਹੀਂ ਹੁੰਦਾ। ਤੁਹਾਡੇ ਪਰਚੇ ਵਿਚ ਛਪੇ ਵਿਚਾਰ ਇਹਨਾਂ ਸਾਰੇ ਵਿਚਾਰਾਂ ਦੀ ਤਰਜਮਾਨੀ ਕਰਦੇ ਹਨ।
‘ਹੁਣ’ ਪਰਚੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾਈ ਇਹ ਹੈ ਕਿ ਤੁਹਾਡਾ ਕ੍ਰਾਂਤੀਕਾਰੀ ਦਾਰਸ਼ਨਿਕ, ਸ਼ਖ਼ਸੀਅਤਾਂ ਅਤੇ ਉਹਨਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਛਾਪਣ ਦਾ ਬਹੁਤ ਹੀ ਵਧੀਆ ਉਪਰਾਲਾ ਹੈ, ਜਿਹਨਾਂ ਨੇ ਮਨੁੱਖਤਾ ਦੇ ਭਲੇ ਲਈ ਆਪਣਾ ਸਾਰਾ ਜੀਵਨ ਹੀ ਅਰਪਣ ਕੀਤਾ। ਉਹਨਾਂ ਦੇ ਜੀਵਨ ਤੋਂ ਮਨੁੱਖ ਨੂੰ ਮਨੁੱਖਤਾ ਲਈ ਜੀਊਣ ਦੀ ਪ੍ਰੇਰਨਾ ਮਿਲਦੀ ਹੈ।
ਮਾਸਟਰ ਨਿਰਮਲ ਲਾਲੀ, ਯੂ.ਐਸ.ਏ.
‘ਹੁਣ’ ਵਿਚ ਛਪਿਆ ਮੈਟਰ ਤਾਂ ਦਿਮਾਗ ਨੂੰ ਗਰਮਾਉਂਦਾ ਹੀ ਹੈ, ਇਸ ਵਿਚ ਛਪੇ ਖਤ ਵੀ ਘੱਟ ਦਿਲਚਸਪ ਨਹੀਂ ਹੁੰਦੇ। ਸਤੀ ਕੁਮਾਰ ਨੇ ਕੰਟਰੋਵਰਸ਼ਿਅਲ ਗੱਲਾਂ ਨਾਲ ਆਪਣੇ ਮਗਰ ਜਾਪਦਾ ਹੈ ਭਰਿੰਡਾਂ ਪਾ ਲਈਆਂ ਨੇ। ਕਾਸ਼ ਇਹਨਾਂ ਨੂੰ ਬੋਲਣਾ ਵੀ ਆਉਂਦਾ ਹੁੰਦਾ। ਇਸ ਤਰ੍ਹਾਂ ਬੇਸਿਰ ਭਿਣ-ਭਨਾਉਣ ਦਾ ਸਾਹਿਤ ‘ਚ ਕੋਈ ਥਾਂ ਨਹੀਂ।
ਆਪਣੇ ਖਤਾਂ ‘ਚ ਪਾਠਕਾਂ ਨੂੰ ਸਭਿਅ-ਭਾਸ਼ਾ ਵਰਤਣ ਦਾ ਐਲਾਨ ਜਰੂਰ ਕਰੋ।
ਚਲੋ ਸਤੀ ਗ਼ਲਤ ਹੋਵੇਗਾ। ਪਰ ਉਹ ਹਮੇਸ਼ਾ ਸਾਹਿਤਕ ਪੱਧਰ ਤੇ ਬਾਦਲੀਲ ਗੱਲ ਕਰਦਾ ਹੈ। ਗੱਲ ਭਾਵੇਂ ਕਿੰਨੀ ਵੀ ਤਿੱਖੀ ਹੋਵੇ, ਉਸਦੀ ਸ਼ਾਨ ਇਸ ‘ਚ ਹੈ ਕਿ ਉਹ ਸਾਹਿਤਕ ਪੱਧਰ ਕਦੇ ਨਹੀੰ ਛੱਡਦਾ। ਵਿਰੋਧ ਤਦੇ ਸਿਹਤਮੰਦ ਹੁੰਦਾ ਹੈ ਜੇ ਉਹ ਕੰਸਟਰਕਟਿਵ ਹੋਵੇ, ਪਰਸਨਲ ਅਟੈਕ ਨਿਰਾਸ਼ ਹੋ ਚੁੱਕੇ ਲੇਖਕਾਂ ਦਾ ਕਸਬ ਹੈ। ਇਹਨਾਂ ਤੋਂ ਬਚਣਾ ਹੀ ਚੰਗਾ ਹੈ। ਸਾਨੂੰ ਭਾਸ਼ਾਈ ਸਭਿਆਚਾਰ ਨਹੀੰ ਛੱਡਣਾ ਚਾਹੀਦਾ।
ਰੂਸੋ ਦੇ ਛੋਨਾੲਸਸiੋਨਸ ਵਿਸ਼ਵ ਵਿਖਿਆਤ ਨੇ। ੳੇਹ ਲਿਖਦਾ ਹੈ, ” ੀ ਮਅੇ ਬੲ ਨੋ ਬੲਟਟੲਰ, ਬੁਟ ਅਟ ਲੲਅਸਟ ੀ ਅਮ ਦiਾੲਰੲਨਟ” ਰੂਸੋ ਦੀ ਇਹ ਗੱਲ ਸਤੀ ਕੁਮਾਰ ‘ਤੇ ਵੀ ਢੁੱਕਦੀ ਹੈ। ਉਹ ਦੂਜਿਆਂ ਤੋਂ ਚੰਗਾ ਨਾ ਸਹੀ, ਵੱਖਰਾ ਤਾਂ ਹੈ ਹੀ। ਜੇ ਉਹ ਹੋਰਾਂ ਤੋਂ ਭਿੰਨ ਨਾ ਹੁੰਦਾ ਤਾਂ ਉਸ ਦਾ ਇੰਨਾਂ ਵਿਰੋਧ ਨਹੀੰ ਸੀ ਹੋਣਾ ।
ਵੱਖਰੀ ਸੋਚ ਨੂੰ ਥਾਂ ਦੇਣ ਕਰ ਕੇ ਹੀ ‘ਹੁਣ’ ਦੂਜਿਆਂ ਪਰਚਿਆਂ ਤੋਂ ਵੱਖਰਾ ਹੈ। ਸ਼ਾਲਾ ਪੰਜਾਬੀ ‘ਚ ਤੁਹਾਡੇ ਵਰਗੇ ਸਮਰੱਥ ਸੰਪਾਦਕ ਹੋਰ ਵੀ ਪੈਦਾ ਹੋਵਣ!!
ਪ੍ਰੋ ਅੋ ਪੀ ਸ਼ਰਮਾ, ਕੋਲੰਬੀਆ USA
ਗ਼ਾਲਿਬ ਦਾ ਮਤਲਬ
ਹੁਣ-4 ਵਿਚ ਰਿਟਾਇਰਡ ਆਈ ਏ ਐਸ ਪ੍ਰੀਤਮ ਸਿੰਘ ਨੇ ਮੇਰੀ ਕਿਤਾਬ ‘ਅੰਨਜਲ’ ਦੇ ਤਬਸਰੇ ਵਿਚ ਮੈਨੂੰ ਇਸ ਗੱਲੋਂ ਵੀ ਟਿੱਚਰ ਕੀਤੀ ਹੈ ਕਿ ਮੈਨੂੰ ਇਹ ਨਹੀਂ ਪਤਾ ਕਿ ‘ਸਹਰ’ ਦਾ ਮਤਲਬ ਸਵੇਰ ਹੁੰਦੀ ਹੈ; ਮੌਤ ਨਹੀਂ।
ਚੰਗਾ ਹੁੰਦਾ ਕਿ ਮੈਂ ਕਿਤਾਬ ਵਿਚ ਖ਼ਾਸ ਸਰਦਾਰ ਸਾਹਿਬ ਵਾਸਤੇ ਤਸ਼ਰੀਹ ਕਰ ਦਿੰਦਾ ਕਿ ਅLਰਬੀ ਦੇ ਲਫ਼ਜ਼ ‘ਸਹਰ’ ਦੇ ਲੁਗਾਤੀ (ਸ਼ਬਦਕੋਸ਼ ਦੇ) ਮਾਅਨੇ ਤਾਂ ਸਵੇਰ ਹੁੰਦੇ ਨੇ, ਪਰ ਗ਼ਾਲਿਬ ਨੇ ਇਹਨੂੰ ‘ਮੌਤ’ ਕਰਕੇ ਬੰਨਿ੍ਹਆ ਸੀ।
ਕਿਤਾਬ ਵਿਚ ਮੇਰੀ ਲਿਖ ਕੇ ਮੰਨੀ ਗੱਲ ਦਾ ਵੀ ਕਿ ਮੈਂ ਸੰਸਕ੍ਰਿਤ ਉਰਦੂ-ਫ਼ਾਰਸੀ ਵੀ ਨਹੀਂ ਸਿੱਖੀ, ਆਈ ਏ ਐਸ ਹੁਰਾਂ ਮਖੌਲ ਉੜਾਇਆ ਹੈ। ਪਰ ਮੈਂ ਉਰਦੂਦਾਨਾਂ ਨਾਲ਼ ਬਹਿੰਦਾ ਜ਼ਰੂਰ ਰਿਹਾ ਹਾਂ। ਮੈਂ ਹੋਸ਼ਮੰਦ ਉਮਰ ਤੋਂ ਗ਼ਾਲਿਬ ਦਾ ਸ਼ਿਅਰ ‘ਗ਼ਮ-ਏ-ਹਸਤੀ ਕਾ, ਕਿਸ ਸੇ ਹੋ ਜੁਜ਼ ਮਰਗ ਇਲਾਜ/ ਸ਼ਮ੍ਹਾਂ ਹਰ ਰੰਗ ਮੇਂ ਜਲਤੀ ਹੈ ਸਹਰ ਹੋਨੇ ਤਕ’ ਸੁਣਦਾ ਆਇਆ ਹਾਂ। ਅਪਣੇ ਨਕੋਦਰ ਦੇ ਉਸਤਾਦ ਸ਼ਾਇਰ ਲੱਭੂ ਰਾਮ ਜੋਸ਼ ਮਲਸੀਆਨੀ ਪਾਸੋਂ, ਅਪਣੇ ਪਿਤਾ ਤੋਂ ਲੈ ਕੇ ਹੋਰ ਮਾਹਿਰੀਨੇ-ਗ਼ਾਲਿਬੀਆਤ ਕੋਲ਼ੋਂ ਮੈਂ ਇਹੀ ਸੁਣਿਆ ਕਿ ਇਸ ਸਤਰ ਵਿਚ ਗ਼ਾਲਿਬ ਦਾ ‘ਸਹਰ’ ਤੋਂ ਮਤਲਬ ਮੌਤ ਹੀ ਹੈ।
ਗ਼ਾਲਿਬੀਆਤ ਦੇ ਵੱਡੇ ਮਾਹਿਰਾਂ ਵਿਚ ਇਹ-ਇਹ ਨਾਂ ਬੋਲਦੇ ਹਨ: ਸੱਯਦ ਬੇਖ਼ੁਦ ਦਿਹਲਵੀ (ਦਾਗ਼ ਦਾ ਸ਼ਾਗਿਰਦ), ਹਸਰਤ ਮੋਹਾਨੀ ਅਤੇ ਜਲੰਧਰ ਦੇ ਦੋ ਮਾਹਿਰ – ਮੌਲਾਨਾ ਮਿਹਰ ਗ਼ੁਲਾਮ ਰਸੂਲ ਅਤੇ ਜੋਸ਼ ਮਲਸੀਆਨੀ।
ਮੇਰੇ ਖ਼ਿਆਲ ਵਿਚ ਆਈ ਏ ਐਸ ਹੁਰਾਂ ਦੀ ਇਤਲਾਹ ਵਾਸਤੇ ਬੇਖ਼ੁਦ ਦਿਹਲਵੀ ਦਾ ਇਹ ਹਵਾਲਾ ਕਾਫ਼ੀ ਹੋਵੇਗਾ:
ਇਸ ਸ਼ਿਅਰ ਮੇਂ, ਮਿਰਜ਼ਾ ਸਾਹਿਬ ਨੇ ਇਨਸਾਨ ਕੀ ਜ਼ਿੰਦਗੀ ਕੋ ਇਸ ਲਿਹਾਜ਼ ਸੇ ਦੇਖਾ ਹੈ ਕਿ ਜਬ ਤਕ ਮੌਤ ਨਹੀਂ ਆਤੀ, ਉਸ ਕੋ ਗ਼ਮ ਸੇ ਨਿਜਾਤ ਨਹੀਂ ਹੋਤੀ। ਸ਼ਮ੍ਹਾਂ ਸੇ ਤਸ਼ਬੀਹ ਦੀ ਹੈ ਕਿ ਜਬ ਤਕ ਸੁਬਹ ਨਹੀਂ ਹੋਤੀ, ਵੋਹ ਬਰਾਬਰ ਜਲਤੀ ਰਹਿਤੀ ਹੈ। ਐਸੀ ਬਦੀ-ਓ-ਨਾਦਰ (ਨਿਵੇਕਲੀ) ਤਸ਼ਬੀਹਾਤ ਮਿਰਜ਼ਾ ਸਾਹਿਬ ਕੇ ਸਿਵਾ ਦੂਸਰੇ ਸ਼ਖ਼ਸ ਕੋ ਸੂਝਤੀ ਹੀ ਨਹੀਂ (ਮਿਰਾਤ-ਉਲ ਗ਼ਾਲਿਬ, ਉਸਮਾਨੀਆ ਬੁਕ ਡੀਪੋ, ਕਲਕੱਤਾ)। 1985 ਗ਼ਾਲਿਬ ਤੋਂ ਦੋ ਸਦੀਆਂ ਪਹਿਲਾਂ ਸ਼ਾਹ ਹੁਸੈਨ (1538-1599 ਈਸਵੀ) ਨੇ ਪ੍ਰਭਾਤ ਨੂੰ ਮੌਤ ਵਜੋਂ ਦੇਖਿਆ ਸੀ:
“ਜਾਗ ਨਾ ਲੱਧੀਆ ਸੁਣ ਜਿੰਦੂ
ਹੱਭੋ ਵਿਹਾਣੀ ਰਾਤ
ਇਸ ਦਮ ਦਾ ਵੋ ਕੀ ਭਰਵਾਸਾ, ਰਹਿਨ ਸਰਾਈਂ ਰਾਤ
ਵਿਛੁੜੇ ਤਨ ਮਨ ਬਹੁੜ ਨ ਮੇਲਾ, ਜਿਉਂ ਤਰਵਰ ਤੁੱਟੇ ਪਾਤ
ਕਹੇ ਹੁਸੈਨ ਫ਼ਕੀਰ ਸਾਈਂ ਦਾ,
ਹੋਇ ਗਈ ਪਰਭਾਤ॥”
(ਸ਼ਾਹ ਹੁਸੈਨ: ਕਲਾ ਤੇ ਕਲਾਮ. ਜੀ ਐੱਲ ਸ਼ਰਮਾ. ਜਗਜੀਵਨ ਪ੍ਰਕਾਸ਼ਨ, ਅਮ੍ਰਿਤਸਰ. 1975)।
ਮੈਂ ਪ੍ਰੇਮ ਪ੍ਰਕਾਸ਼ ਤੋਂ ਗ਼ਾਲਿਬ ਦੇ ਇਸ ਸ਼ਿਅਰ ਦੀ ਤਸ਼ਰੀਹ ਦਾ ਮੁਤਾਲਬਾ ਕੀਤਾ, ਤਾਂ ਇਹਨੇ ਮੈਨੂੰ ਇਹ ਲਿਖ ਭੇਜਿਆ:
“ਇਹਦੇ ਲਈ ਮੈਂ ਮੀਰ ਦਾ ਸ਼ਿਅਰ ਪੇਸ਼ ਕਰਦਾ ਹਾਂ। ਉਹਨੇ ਸਵੇਰ ਦੇ ਉੱਗਦੇ ਸੂਰਜ ਨੂੰ ਸ਼ੋਅਲਾ ਤੇ ਆਸਮਾਨ ਨੂੰ ਕਿਸੇ ਦਿਲਜਲੇ ਦੀ ਕLLਬਰ ਆਖਿਆ ਏ। ਸ਼ਿਅਰ ਏ-
ਗੋਰ ਕਿਸ ਦਿਲਜਲੇ ਕੀ ਹੈ ਯਹ ਫ਼ਲਕ
ਇਕ ਸ਼ੁਅਲਾ ਸਾ ਹਰ ਸੁਬਹ ਯਾਂ ਸੇ ਉਠਤਾ ਹੈ।
ਜਿਹੜੇ ਸੁਬਹ ਤੇ ਉੱਗਦੇ ਸੂਰਜ ਦੀ ਤਾਰੀਫ਼ ਕਰਦੇ ਹੋਰ ਸ਼ਾਇਰ ਥੱਕਦੇ ਨਹੀਂ ਸਨ, ਉਹਦੇ ਵਿਚ ਦਰਦ ਦੇ ਮਾਰੇ ਮੀਰ ਨੂੰ ਕੀ ਦਿਸ ਪਿਆ। ਸਾਰਾ ਆਸਮਾਨ ਉਹਨੂੰ ਕLਬਰ ਲੱਗਦਾ ਏ।
ਮਿਰਜ਼ਾ ਗ਼ਾਲਿਬ ਨੇ ਬੁਢੇਪੇ ਚ ਮੌਤ ਨੂੰ ਸੁਬਹ ਕਿਹਾ, ਜਦ ਜ਼ਿੰਦਗੀ ਬੋਝ ਬਣ ਗਈ ਹੋਵੇਗੀ। ਉਹ ਰਾਤ ਕੱਟਣ ਨੂੰ ਵੀ ‘ਦੁੱਧ ਦੀ ਨਹਿਰ ਵਗਾਣ ਵਰਗਾ’ ਦੱਸਦਾ ਏ। ਇਹ ਤਾਂ ਸ਼ਾਇਰ ਦੇ ਅਪਣੇ ਮਨ ਦੀ ਕੈਫ਼ੀਅਤ ਹੁੰਦੀ ਏ।
ਹਿੰਦੂ ਸ਼ਾਸਤਰ ਬੰਦੇ ਦੀ ਮੌਤ ਨੂੰ ਜੀਵਨ ਦਾ ਅੰਤ ਨਹੀਂ, ਮੁੱਢ ਮੰਨਦੇ ਨੇ। ਸਾਰੇ ਨੂੰ ਜੀਵਨ ਚੱਕਰ ਕਹਿੰਦੇ ਨੇ। ਉਰਦੂ ਦਾ ਸ਼ਾਇਰ ਚਕਬਸਤ ਮੌਤ ਬਾਰੇ ਕਹਿੰਦਾ ਏ: ਕੁਝ ਚਿਰ ਦਾ ਰੁਕਣਾ ਏ, ਜ਼ਰਾ ਦਮ ਲੈ ਕੇ ਮੈਂ ਫੇਰ ਚੱਲਾਂਗਾ।”
ਮੇਰੇ ਖ਼ਿਆਲ ਚ ਪ੍ਰੀਤਮ ਸਿੰਘ ਦੇ ਤਬਸਰੇ ਦਾ ਜਵਾਬ ਨਹੀਂ ਦੇਣਾ ਚਾਹੀਦਾ। ਉਹਦੀ ਅਪਣੀ ਰਾਏ ਹੈ।”
ਅਮਰਜੀਤ ਚੰਦਨ
25 ਸਾਲ ਹੋ ਗਏ ਹਨ ਪੱਤਰਕਾਰੀ ਦੇ ਫੀਲਡ ਵਿਚ ਕੰਮ ਕਰਦੀ ਨੂੰ ਪਰ ਐਤਕੀਂ ‘ਹੁਣ’ ਵਿਚ ਛਪੇ ਮੇਰੇ ਕਾਲਮ ‘ਕਾਲੇ ਦਿਨਾਂ ਦੇ ਨਾਟਕ’ ਨੇ ਲੋਕਾਂ ’ਤੇ ਪਤਾ ਨਹੀਂ ਕੀ ਅਸਰ ਕੀਤਾ ਹੈ, ਲੋਕ ਮੇਰੇ ਖੰਡਰ ਵਰਗੇ ਘਰ ਨੂੰ ਸਿਜਦਾ ਕਰਨ ਆ ਜਾਂਦੇ ਨੇ…. ਬੇਸ਼ੁਮਾਰ ਖ਼ਤ… ਟੈਲੀਫੋਨ… । ਮੈਨੂੰ ਲਗਦਾ ਹੈ ਇਹ ਮੇਰੀ ਨਹੀਂ ‘ਹੁਣ’ ਦੀ ਪ੍ਰਾਪਤੀ ਹੈ।
ਬੀਬਾ ਕੁਲਵੰਤ, ਲੁਧਿਆਣਾ
ਰੂਹ ਦੀ ਤ੍ਰਿਪਤੀ ਜੇ ਹੋਈ ਹੈ ਤਾਂ ਸਿਰਫ਼ ‘ਹੁਣ’ ਨਾਲ। ਆਪਣੀ ਪਹਿਲੀ ਦਸਤਕ ਨਾਲ ਹੀ ‘ਹੁਣ’ ਪੰਜਾਬੀ ਸਾਹਿਤ ਜਗਤ ਅੰਦਰ ਵਿਲੱਖਣ ਸਥਾਨ ਪ੍ਰਾਪਤ ਕਰ ਗਿਆ ਹੈ। ‘ਹੁਣ’ ਵਿਚ ਸਾਹਿਤ ਦੀ ਹਰ ਵਿਧਾ ਦਾ ਰੰਗ ਮਾਨਣ ਨੂੰ ਮਿਲ ਰਿਹਾ।
‘ਹੁਣ’ ਦੇ ਤਾਜ਼ਾ ਅੰਕ ਵਿਚ ‘ਗੱਲਾਂ’ ਤਹਿਤ ਸ਼ਾਇਰ ‘ਸੁਰਜੀਤ ਪਾਤਰ’ ਨੂੰ ਹੋਰ ਨੇੜਿਓਂ ਹੋ ਕੇ ਤੱਕਣ ਤੇ ਮਾਨਣ ਦਾ ਮੌਕਾ ਮਿਲਿਆ। ਪਾਤਰ ਦੀਆਂ ਢੁੱਕਵੀਆਂ ਤਸਵੀਰਾਂ ਵੀ ਵਿਲੱਖਣ ਪ੍ਰਭਾਵ ਛੱਡਦੀਆਂ ਹਨ। ‘ਹੁਣ’ ਦੇ ਵੱਖ-ਵੱਖ ਕਾਲਮਾਂ ਤਹਿਤ ਅਨਮੋਲ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਹਨ। ਕਿਹੜੀ ਰਚਨਾ ਬਾਰੇ ਗੱਲ ਕਰਾਂ ਤੇ ਕਿਹੜੀ ਛੱਡਾਂ, ਗੱਲ ਕੀ ਸਾਰਾ ਮੈਟਰ ਹੀ ਸਲਾਹੁਣਯੋਗ ਅਤੇ ਸਾਂਭਣਯੋਗ ਹੈ। ਇਸ ਵਿਲੱਖਣ ਅਤੇ ਨੇਕ ਕਾਰਜ ਲਈ ਮੁੱਖ ਸੰਪਾਦਕ ਅਵਤਾਰ ਜੰਡਿਆਲਵੀ ਤੇ ਸੰਪਾਦਕ ਸੁਸ਼ੀਲ ਦੁਸਾਂਝ ਵਧਾਈ ਦੇ ਪਾਤਰ ਹਨ।
ਬੂਟਾ ਸਿੰਘ ਵਾਕਫ਼, ਮੁਕਤਸਰ
ਐਨਾ ਖ਼ੂਬਸੂਰਤ ਮੈਗਜ਼ੀਨ ਨਿਰੰਤਰ ਕੱਢਦੇ ਰਹਿਣ ਲਈ ਤੁਹਾਡਾ ਧੰਨਵਾਦ ਕਰਨਾ ਬਣਦਾ ਹੈ। ਸਾਰੇ ਵਿਸ਼ਿਆਂ ’ਤੇ ਲਿਖਣ ਵਾਲੇ ਸ਼ਾਨਦਾਰ ਲਿਖ ਰਹੇ ਹਨ। ਇੰਟਰਵੀਊ ਕਮਾਲ ਦੀ ਹੁੰਦੀ ਹੈ।
ਦਾਰਸ਼ਨਿਕਾਂ ’ਚੋਂ ਸਤਪਾਲ ਗੌਤਮ ਸਮਝ ਆਉਣ ਵਾਲੀ ਬੋਲੀ ਵਿਚ ਕਾਫੀ ਚੰਗਾ ਲਿਖ ਰਿਹਾ ਹੈ। ਇਸ ਤਰ੍ਹਾਂ ਦੀ ਜਾਣਕਾਰੀ ਦੀ ਪੰਜਾਬੀ ਸਾਹਿਤ ’ਚ ਘਾਟ ਰਹੀ ਹੈ ਹਾਲਾਂਕਿ ਦਰਸ਼ਨ ਸਾਸ਼ਤਰ ਬਗੈਰ ਕੰਮ ਨਹੀਂ ਚੱਲਦਾ ਹੁੰਦਾ। ਗੌਤਮ ਨੂੰ ਚਾਹੀਦਾ ਹੈ ਕਿ ਦਾਰਸ਼ਨਿਕ ਮਸਲਿਆਂ, ਸਕੂਲਾਂ ਅਤੇ ਪ੍ਰੰਪਰਾਵਾਂ ਬਾਰੇ ਪੰਜਾਬੀ ਵਿਚ ਛੋਟੀਆਂ-ਛੋਟੀਆਂ ਕਿਤਾਬਾਂ ਦੀ ਵੀ ਰਚਨਾ ਕਰੇ।
ਰਾਜੇਸ਼ ਸ਼ਰਮਾ, ਪਟਿਆਲਾ
ਪੰਜਾਬੀ ਵਿਚ ਕੋਈ ਵੀ ਪਰਚਾ ਕੱਢਣਾ ਤੇ ਚਲਾਉਣਾ ਬਹੁਤ ਔਖਾ ਕੰਮ ਹੈ ਕਿਉਂਕਿ ਅਪਣੇ ਭਾਈਬੰਦਾਂ ਨੂੰ ਕਿਤਾਬਾਂ ਨਾਲੋਂ ਦਾਰੂ ਨਾਲ ਵਧੇਰੇ ਪਿਆਰ ਹੈ। ਪਰ ‘ਹੁਣ’ ਏਨੀ ਸ਼ਾਨ ਨਾਲ ਨਿਕਲਿਆ ਤੇ ਚੱਲ ਰਿਹਾ ਹੈ ਕਿ ਸਾਰਾ ਪੰਜਾਬੀ ਜਗਤ ਹੈਰਾਨ ਹੈ। ਇਹਦੀ ਸਭ ਪਰਚਿਆਂ ਵਿਚੋਂ ਝੰਡੀ ਹੈ। ਮੈਨੂੰ ਇਹਦੇ ਨਾਲ ਇਸ਼ਕ ਹੋ ਗਿਆ ਹੈ। ਇਹਦੇ ਰਾਹੀਂ ਮੈਂ ਕਲਾਕਾਰ ਹਰੀ ਕਿਸ਼ਨ ਲਾਲ ਨੂੰ ਮਿਲਿਆ ਹਾਂ। ਉਹ ਜੈਪੁਰ ਵਿਚ ਮੇਰੇ ਕੋਲ ਠਹਿਰਿਆ ਸੀ ਤੇ ਜਦੋਂ ਮੈਂ 1960 ਵਿਚ ਬੰਬਈ ਗਿਆ ਤਾਂ ਉਹਨੇ ਮੇਰੀ ਬੜੀ ਆਉ ਭਗਤ ਕੀਤੀ। ਉਦੋਂ ਉਹ ਸੜਕਾਂ ’ਤੇ ਬੈਠਕੇ ਚਾਕ ਨਾਲ ਸਕੈਚ ਬਣਾਉਾਂਦਾ ਹੁੰਦਾ ਸੀ।
ਪ੍ਰੇਮ ਪ੍ਰਕਾਸ਼ ਦਾ ਜਲੰਧਰ ਦੇ ਕਾਫੀ ਹਾਊਸ ਬਾਰੇ ਲਿਖਿਆ ਲੇਖ ਪਸੰਦ ਆਇਆ। ਜ਼ਮਾਨੇ ਬੀਤ ਗਏ ਜਦੋਂ ਲੇਖਕ ਕਾਫੀ ਹਾਊਸਾਂ ਵਿਚ ਮਿਲਦੇ ਹੁੰਦੇ ਸਨ। ਹੁਣ ਤਾਂ ਉਨ੍ਹਾਂ ਦੇ ਝੋਲਿਆਂ ਵਿਚ ਬੋਤਲਾਂ ਖੜਕਦੀਆਂ ਹਨ। ਵਰਿਆਮ ਸੰਧੂ ਨਾਲ ਬੀਤੀਆਂ ਪੜ੍ਹਕੇ ਕਿਹੜਾ ਦਿਲ ਹੈ ਜਿਸ ’ਤੇ ਅਸਰ ਨਹੀਂ ਹੁੰਦਾ। ਪ੍ਰੀਤਮ ਸਿੰਘ ਦੀ ’ਤੇ ਬੱਤੀ ਬੁਝ ਗਈ’, ਅਮਰਜੀਤ ਸਾਥੀ ਦਾ ‘ਹਾਈਕੂ’ ਦਿਲਚਸਪ ਲਿਖਤਾਂ ਹਨ। ਕਹਾਣੀਆਂ ਮੈਂ ਅਜੇ ਪੜਨੀਆਂ ਹਨ ਪਰ ‘ਹੁਣ’ ਵਿਚ ਤਾਂ ਛਪੀ ਹਰ ਲਿਖਤ ਹੀ ਮਾਅਰਕੇ ਦੀ ਹੁੰਦੀ ਹੈ। ਏਸ ਵਾਰੀ ਦੀ ਕਵਰ ’ਤੇ ਲੱਗੀ ਹੀਰ ਦੀ ਤਸਵੀਰ ਨੇ ਤਾਂ ਮੈਨੂੰ ਮੋਹ ਹੀ ਲਿਆ। ਮੈਂ ਅਵਤਾਰ ਜੀ ਦੀ ਲੰਮੀ ਉਮਰ ਦੀ ਅਰਦਾਸ ਕਰਦਾ ਹਾਂ ਜਿਨ੍ਹਾਂ ਨੇ ‘ਹੁਣ’ ਦਾ ਸੁਪਨਾ ਲਿਆ। ਮੇਰੀ ਉਮਰ ਵੀ ਹੁਣ ਇਕ੍ਹੱਤਰ ਸਾਲ ਦੀ ਹੈ ਪਰ ਮੈਂ ਤੇ ਮੇਰੀ ਘਰਵਾਲੀ ਹਰਬੰਸ ਕੌਰ ਪ੍ਰੀਤ ਲੜੀ ਤੋਂ ਲੈ ਕੇ ਪੰਜਾਬੀ ਦਾ ਹਰ ਚੰਗਾ ਪਰਚਾ ਪੜ੍ਹਦੇ ਤੇ ਸੰਭਾਲਦੇ ਰਹੇ ਹਾਂ। ਮੇਰੇ ਕੋਲ ‘ਹੁਣ’ ਦੇ ਚਾਰੇ ਪਰਚੇ ਰੱਖੇ ਹੋਏ ਹਨ।
ਬਖਸ਼ੀਸ਼ ਸਿੰਘ ਅਰੋੜਾ, ਜਲੰਧਰ
ਚਿੰਤਨ ਜਾਂ ਫਲਸਫਾ ਸਾਡੇ ਜੀਵਨ ਦਾ ਸਾਹਿਤ ਜਿੰਨਾ ਹੀ ਮਹਾਨ ਅੰਗ ਹੈ। ਪੰਜਾਬੀ ਵਿੱਚ ‘ਹੁਣ’ ਹੀ ਅਜਿਹਾ ਪਰਚਾ ਹੈ ਜਿਸਨੇ ਇਹ ਗੱਲ ਪਛਾਣੀ ਤੇ ਸਾਨੂੰ ਸੰਸਾਰ ਪੱਧਰ ਦੇ ਚਿੰਤਨ ਪਿਤਾਮਾਵਾਂ ਨਾਲ ਮਿਲਾਇਆ । ਪਰ ਮੈਨੂੰ ਤੁਹਾਡੇ ਛਾਪੇ ਇਨ੍ਹਾਂ ਲੇਖਾਂ ਨਾਲ ਤਸੱਲੀ ਨਹੀਂ ਹੁੰਦੀ । ਮੈਂ ਇਹ ਤਾਂ ਨਹੀਂ ਕਹਿੰਦਾ ਕਿ ਪਰਚੇ ਦਾ ਬਹੁਤਾ ਭਾਗ ਚਿੰਤਨ ਨੂੰ ਦੇ ਦਿਉ ਪਰ ਘੱਟੋ-ਘੱਟ ਏਨਾ ਤਾਂ ਖ਼ਿਆਲ ਰੱਖੋ ਕਿ ਛਪੇ ਲੇਖ ਉੱਚੀ ਪੱਧਰ ਦੇ ਹੋਣ।
ਸਤਿਆਪਾਲ ਗੌਤਮ ਦੇ ਲੇਖ ਬੜੀ ਮਿਹਨਤ ਨਾਲ ਲਿਖੇ ਹੁੰਦੇ ਹਨ ਪਰ ਸਕੂਲੀ ਪੱਧਰ ਦੇ ਲਗਦੇ ਹਨ। ਕਈ ਥਾਵਾਂ ‘ਤੇ ਤਾਂ ਸਿੱਧਾ ਹੀ ਅੰਗਰੇਜ਼ੀ ਤੋਂ ਅਨੁਵਾਦ ਹੁੰਦਾ ਹੈ। ਉਸਨੂੰ ਕਹੋ ਕਿ ਵਿਸ਼ੇ ਵਿੱਚ ਰਚ ਕੇ ਕੁਝ ਨਵਾਂ ਲਿਖਿਆ ਕਰੇ ਨਹੀਂ ਤਾਂ ਇਹ ਕੱਚ ਘਰੜ ਲਿਖਤਾਂ ਬੰਦ ਕਰੋ।
ਨਾਲ ਹੀ ਮੈਂ ਕਹਾਂਗਾਂ ਕਿ ਉਹਨੇ ਪੱਛਮ ਨੂੰ ਹੀ ਕਿਉਂ ਸੰਨ੍ਹ ਲਾਈ ਹੋਈ ਹੈ। ਪੂਰਬ ਵਿੱਚ ਵੀ ਬੜੇ ਚਿੰਤਕ ਹਨ; ਉਨ੍ਹਾਂ ਦੀ ਬਾਤ ਕੋਣ ਪਾਵੇਗਾ?
ਸਕੰਦਰ ਸਿੰਘ – ਚਿੱਟੀ
ਅੱਜ ਕਲ ਜਿਥੇ ਚਾਰ ਕੁ ਪੜੇ ਲਿਖੇ ਪੰਜਾਬੀ ’ਕੱਠੇ ਹੁੰਦੇ ਹਨ ‘ਹੁਣ’ ਦੀ ਗੱਲ ਚੱਲ ਪੈਂਦੀ ਹੈ। ਸਿਫਤਾਂ ਨੂੰ ਛੱਡ ਲਈਏ, ਹਰ ਅੰਕ ਨਾਲ ਸ਼ੰਕਿਆਂ ਦੀ ਸ਼ਕਲ ਬਦਲਦੀ ਜਾਂਦੀ ਹੈ। ਪਹਿਲਾਂ ਕਹਿੰਦੇ ਸਨ ਚੰਦਨ ਨੇ ਲੁਕ ਕੇ ਕਢਿਆ ਪਰਚਾ। ਫੇਰ ਕਹਿੰਦੇ ਏਨਾ ਵੱਡਾ, ਇਹਨੇ ਬੰਦ ਹੋ ਜਾਣਾ। ਅੱਗੇ ਗੱਲ ਤੁਰੀ ਤਾਂ ਕਹਿੰਦੇ – ਇਹਨਾਂ ਵੇਚਣ ਲਈ ਛਟੱਲ ਕਰਨਾ ਹੈ ਨਚਾਰਾਂ ਦੇ ਨੋਟ ਉਗਰਾਉਣ ਵਾਂਗ।
ਅੱਜ ਕਲ੍ਹ ਬਾਜ਼ਾਰ ਗਰਮ ਹੈ ਕਿ ਇਹਦਾ ਮਿਆਰ ਡਿਗਿਆ ਕਿ ਡਿਗਿਆ।
ਸ਼ਾਬਾਸ਼ੇ ਤੁਹਾਡੇ! ‘ਹੁਣ’ ਵਾਲਿਓ।
ਜਗਤਾਰ ਸਿੰਘ – ਬਾਘਾ ਪੁਰਾਣਾ