ਤੁਹਾਡੇ ਹੁਣ ਤਕ ਦੇ ਅੰਕਾਂ ਦਾ ਗਹਿਰਾ ਮੁਤਾਲਿਆ ਕਰਨ ਦੇ ਬਾਅਦ ਮੈਂ ਇਹ ਕਹਿ ਸਕਦਾ ਹਾਂ ਕਿ ਹੁਣ ਸਾਰੇ ਅਦਬੀ ਰਸਾਲਿਆਂ ਚੋਂ ਸਿਰਕੱਢਵਾਂ ਹੈ।
ਹੁਣ ਤਕ ਛਪੇ ਮੈਟਰ ਬਾਰੇ ਮੇਰੀ ਰਾਏ ਹੈ ਕਿ ਇਹਦੀ ਚਰਚਾ ਦਾ ਬਾਇਸ ਹਰ ਅੰਕ ਵਿਚ ਛਪੀਆਂ ਨਾਮਵਰ ਲੇਖਕਾਂ ਦੀਆਂ ਗੱਲਾਂ ਹੀ ਹਨ। ਕੁਝ ਸਥਾਈ ਕਾਲਮ ਨਿਵੇਕਲੇ-ਨਿਆਰੇ ਹਨ; ਜਿਵੇਂ ਵਿਦੇਸ਼ੀ ਕਵਿਤਾ ਦੇ ਅਨੁਵਾਦ, ਸਮਕਾਲ, ਮੂਰਤਾਂ ਆਦਿ। ਸ਼ਰਾਬ ਤੇ ਹੋਰ ਨਸ਼ਿਆਂ ਦੀ ਮਹਿਮਾ ਤੋਂ ਬਿਨਾਂ ਕੀ ਪੰਜਾਬੀ ਲੇਖਕਾਂ ਕੋਲ਼ ਅਪਣੀਆਂ ਯਾਦਾਂ ਵਿਚ ਕੁਝ ਹੋਰ ਮਾਅਨੀਖ਼ੇਜ਼ ਗੱਲ ਕਰਨ ਦੀ ਕੁਵਤ ਨਹੀਂ ਹੈ? ਮੋਹਨ ਸਿੰਘ ਕਵੀਸ਼ਰ ਜਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਇਨਕਲਾਬੀ ਪੋਤੀਆਂ ਬਾਰੇ ਲੇਖ ਯਾਦਗਾਰੀ ਹਨ। ਮਨਿੰਦਰ ਕਾਂਗ ਦੀ ਲਿਖਤ ਵਾਲ਼ਾ ਕਥਾ ਰਸ (ਸਟੋਰੀ ਟੈਲਿੰਗ) ਸਾਡੇ ਕਿਸੇ ਹੋਰ ਕਥਾਕਾਰ ਦੀ ਲਿਖਤ ਵਿਚ ਨਹੀਂ ਮਿਲ਼ਦਾ। ਜ਼ੁਬੈਰ ਅਹਿਮਦ ਦੀਆਂ ਨਿਆਰੀਆਂ ਕਹਾਣੀਆਂ ਹੋਰ ਪਰਚਿਆਂ ਵਿਚ ਵੀ ਛਪੀਆਂ ਹਨ।
ਪਹਿਲੇ ਅੰਕ ਵਿਚ ਅਮਰਜੀਤ ਚੰਦਨ ਦੀਆਂ ਗੱਲਾਂ ਚ ਈਮਾਨਦਾਰੀ ਤੇ ਹਲੀਮੀ ਸੀ। ਪਰ ਇਸਦੀ ਚਰਚਾ ਸਾਹਿਤਕ ਨਾ ਹੋ ਕੇ, ਬਹੁਤੀ ਸਿਆਸਤ ਦੇ ਸ਼ੋਰ ਵਿਚ ਗੁੰਮ ਗਈ; ਕਿਉਂਕਿ ਚੰਦਨ ਨੇ ਨਕਸਲੀ ਲਹਿਰ ਬਾਰੇ ਐਸੀਆਂ ਗੱਲਾਂ ਆਖੀਆਂ, ਜਿਹਦੀ ਹਿੰਮਤ ਉਸ ਦੌਰ ਦੇ ਕਿਸੇ ਵੀ ਸਿਆਸੀ ਜਾਂ ਸਾਹਿਤਕ ਵਿਅਕਤੀ ਵਿਚ ਨਹੀਂ। ਇਸਦੇ ਉਠਾਏ ਸਾਹਿਤਕ ਨੁਕਤਿਆਂ ਦੀ ਗੱਲ ਕਦੋਂ ਹੋਣ ਲੱਗੇਗੀ ਅਤੇ ਕੌਣ ਕਰੇਗਾ?
ਦੂਸਰੀ ਮੁਲਾਕਾਤ ਅਪਣੇ ਆਪ ਨੂੰ ਜਦੀਦੀ (ਮਾਡਰਨਿਸਟ) ਸ਼ਾਇਰ ਆਖਣ ਵਾਲੇ ਪੰਡਤ ਸਤੀ ਕੁਮਾਰ ਦੀ ਹੈ, ਪਰ ਤੁਸੀਂ ਵੀ ਜਾਣਦੇ ਹੀ ਹੋਵੋਗੇ ਕਿ ਇਸਦੀ ਚਰਚਾ ਸਿਰਫ਼ ਤੇ ਸਿਰਫ਼ ਅੰਮ੍ਰਿਤਾ ਪ੍ਰੀਤਮ ਕਰਕੇ ਹੀ ਹੋਈ ਹੈ। ਇਸ ਮੁਲਾਕਾਤ ਵਿੱਚੋਂ ਅੰਮ੍ਰਿਤਾ ਪ੍ਰੀਤਮ ਦਾ ਨਾਂ ਕੱਟ ਦਿੱਤਾ ਜਾਏ, ਤਾਂ ਬਾਕੀ ਸ਼ਾਇਦ ਕੁਝ ਵੀ ਨਹੀਂ ਬਚੇਗਾ; ਜੇ ਕੁਝ ਬਚਦਾ ਹੈ, ਤਾਂ ਉਹ ਜਾਣਨ ਦੀ ਆਮ ਸੁਜੱਗ ਪਾਠਕ ਨੂੰ ਕੋਈ ਇੱਛਾ ਨਹੀਂ। ਇਹ ਨੋਟ ਕਰਨ ਵਾਲ਼ੀ ਗੱਲ ਹੈ ਕਿ ਇਸ ਇੰਟਰਵੀਊ ਵਿਚ ਅੰਮ੍ਰਿਤਾ ਪ੍ਰੀਤਮ ਦਾ ਨਾਮ ਕਿੰਨੀ ਵਾਰ ਆਇਆ ਹੈ! ਸਤੀ ਕੁਮਾਰ ਦੀ ਗੱਦ ਵਿਚ ਤਾਂ ਕੁਝ ਤਰਕ ਹੈ ਤੇ ਕੁਝ ਨਿਜੀ ਸ਼ੈਲੀ ਹੈ; ਪਰ ‘ਕਵਿਤਾ’ ਵਿਸ਼ੁੱਧ ਸੈਰਿਬਰਲ; ਕਿੱਲ੍ਹ-ਕਿੱਲ੍ਹ ਕੇ ਲਿਖੀ ਹੋਈ। ਜਿਸਦੇ ਕੁਝ ਅਰਥ ਸ਼ਾਇਦ ਸਵੀਡੀ ਜਾਂ ਬੁਲਗਾਰੀ ਭਾਸ਼ਾ ਦੇ ਅਨੁਵਾਦ ਵਿਚ ਤਾਂ ਬਣਦੇ ਹੋਣਗੇ, ਪਰ ਪੰਜਾਬੀ ਵਿਚ ਤਾਂ ਕੁਝ ਹੱਥ ਨਹੀਂ ਆਉਂਦਾ।
ਲਗਦਾ ਹੈ ਕਿ ਸਤੀ ਕੁਮਾਰ ਜੀ ਪਾਠਕਾਂ ਨੂੰ ‘ਹੁਣ’ ਦੇ ਹਰ ਅੰਕ ਵਿਚ ਅੰਨ੍ਹੀ-ਕਮਿਉਨਿਸਟ ਦੁਸ਼ਮਣੀ ਦੇ ਛਾਂਦੇ ਵਰਤਾਉਂਦੇ ਰਹਿਣਗੇ। ਇਸ ਪ੍ਰਸੰਗ ਵਿਚ ‘ਹੁਣ’ ਦੀ ਅਪਣੀ ਪੁਜ਼ੀਸ਼ਨ ਕੀ ਹੈ; ਇਹ ਹਾਲੇ ਸਾਫ਼ ਨਹੀਂ ਹੈ। ਹੋ ਸਕਦਾ ਹੈ ਤੁਹਾਡੀ ਨੀਤੀ ਇਹ ਹੋਵੇ: ਜੋ ਆਵੇ, ਸੋ ਰਾਜ਼ੀ ਜਾਵੇ। ਹਾਂ ਇਕ ਹੋਰ ਗੱਲ -ਕੀ ਇਨ੍ਹਾਂ ਨੇ ਸਾਰੀ ਰਾਮਾਇਣ ਤੇ ਮਹਾਭਾਰਤ ਦਾ ਬੁਲਗਾਰੀ ਭਾਸ਼ਾ ਵਿਚ ਅਨੁਵਾਦ ਕੀਤਾ ਸੀ, ਜਾਂ ਚੋਣਵੇਂ ਅਧਿਆਇਵਾਂ ਦਾ? ਜਿਸ ਸਮੁੱਚੇ ਅਨੁਵਾਦ ਵਾਸਤੇ ਸਾਰੀ ਉਮਰ ਲਗ ਸਕਦੀ ਹੈ, ਉਹ ਇਨ੍ਹਾਂ ਨੇ ਕਿੰਨੇ ਸਾਲਾਂ ਵਿਚ ਕਰ ਲਿਆ ਸੀ? ਘੱਟੋ-ਘੱਟ ਇਹ ਉਸਦੇ ਬੁਲਗਾਰੀ ਸੰਸਕਰਣ ਦੇ ਟਾਈਟਲ ਦੀ ਤਸਵੀਰ ਹੀ ਦਿਖਾ ਦੇਣ।
ਡਾ: ਪਰੇਮ ਸਿੰਘ ਦੀ ਡਾ: ਰਣਧੀਰ ਸਿੰਘ ਦੀ ਇਕ ਹਜ਼ਾਰ ਸਫ਼ਿਆਂ ਦੀ ਪੁਸਤਕ ਪੜਚੋਲ ਪੜ੍ਹ ਕੇ ਮਨ ਵਿਚ ਪ੍ਰਸ਼ਨ ਪੈਦਾ ਹੋਇਆ ਕਿ ਕਾਸ਼ ਰੂਸੀਆਂ ਨੇ ਦੋਹਵਾਂ ਪੰਜਾਬੀ ਡਾਕਟਰਾਂ ਨੂੰ ਰੂਸ ਸੱਦ ਕੇ ਇਨ੍ਹਾਂ ਦੀ ਅਕਲ ਵਰਤਣ ਲਈ ਰਖ ਲਿਆ ਹੁੰਦਾ, ਤਾਂ ਸੋਵੀਅਤ ਪ੍ਰਬੰਧ ਦਾ ਬੇੜਾ ਤਾਂ ਨਾ ਗ਼ਰਕ ਹੁੰਦਾ।
ਗੁਰਦਿਆਲ ਸਿੰਘ ਨੇ ਵੀ ਅਪਣੀਆਂ ਗੱਲਾਂ ਵਿਚ ਮਾਰਕਸ ਦਾ ਹਵਾਲਾ ਦੇਣ ਲੱਗਿਆਂ ਇਹ ਨਹੀਂ ਸੋਚਿਆ ਕਿ ਮਨੁੱਖੀ ਪਰਿਵਾਰਕ ਸੰਬੰਧਾਂ ਵਿਚ ਤਰੇੜਾਂ ਪੂੰਜੀਵਾਦ ਦੇ ਦੌਰ ਤੋਂ ਹਜ਼ਾਰਾਂ ਸਾਲਾਂ ਪਹਿਲਾਂ ਵੀ ਪੈਂਦੀਆਂ ਸਨ। ਜੀਵਨ ਦੀ ਆਮ ਪਰਵਾਨਿਤ ਸੱਚਾਈ ਵਾਸਤੇ ਮਾਰਕਸ ਨੂੰ ਵਿਚ ਧੂਹਣ ਦੀ ਕੀ ਲੋੜ ਸੀ? ਮਾਯੂਸ ਕਰਨ ਵਾਲ਼ੀ ਇਸ ਇੰਟਰਵੀਊ ਵਿਚ ਜਦ ਵੀ ਬੋਲਣ ਦਾ ਸਮਾਂ ਆਇਆ, ਤਾਂ ਪਦਮਸ਼੍ਰੀ ‘ਚੁੱਪ ਹੀ ਭਲੀ’ ਆਖ ਕੇ ਟਾਲ਼ੇ ਮਾਰਦੇ ਰਹੇ। ਦੇਖੀਏ ਪਟਕੇ ਦਾ ਅਗਲਾ ਘੋਲ਼ ਕਿਹੜਾ ਭਲਵਾਨ ਲੜੇਗਾ?
ਗੁਰਬੰਸ ਸੋਢੀ, ਡੋਈਵਾਲਾ, ਦੇਹਰਾਦੂਨ
‘ਹੁਣ’ ਦੀਆਂ ਠੋਸ ਰਚਨਾਵਾਂ ਦਾ ਪਾਠ ਅਹਿਸਤਾ-ਅਹਿਸਤਾ ਹੀ ਸੰਭਵ ਹੈ। ਵੱਡ-ਆਕਾਰੀ ਰਸਾਲੇ ਦਾ ਹਰ ਪੰਨਾ ਜਾਣਕਾਰੀ-ਲਬਰੇਜ਼ ਹੈ। ਆਹਲਾ ਚੋਣ ਲਈ ‘ਹੁਣ’ ਮੁਬਾਰਕਾਂ ਦਾ ਹੱਕਦਾਰ ਹੈ।
ਸੰਪਾਦਕੀ ਵਿਚਲੀ ਨਾਮ-ਨਿਹਾਦ ਆਲੋਚਕਾਂ ਨੂੰ ਪਾਈ ਝਾੜ ਸ਼ਾਇਦ ਪੰਜਾਬੀ ਆਲੋਚਨਾ ਵਿਚ ਕੋਈ ਨਿਖਾਰ ਲਿਆ ਸਕੇ। ਆਲੋਚਨਾ ਦੇ ਖੇਤਰ ਵਿਚ ਆਏ ਇਸ ਵਾਇਰਸ ਦਾ ਇਲਾਜ ਜ਼ਰੂਰੀ ਹੈ। ਗੁਆਂਢ ਵਸਦੇ ਮਹਾਨ ਲੇਖਕ ਗੁਰਦਿਆਲ ਸਿੰਘ ਨਾਲ਼ ਲੰਮੀਆਂ ਗੱਲਾਂ ਨਿੱਠ ਕੇ ਪੜ੍ਹੀਆਂ। ਵੱਡੇ ਲੇਖਕਾਂ ਦੀਆਂ ਪੁਰਾਣੀਆਂ ਫ਼ੋਟੋਆਂ ਸਮੇਤ ਮੁੱਢੋਂ ਜਾਣਕਾਰੀ ਅਤੇ ਅਣ-ਸੁਣੀਆਂ ਘਟਨਾਵਾਂ ਇਨ੍ਹਾਂ ਦਾ ਕੱਦ ਹੋਰ ਵੀ ਉੱਚਾ ਕਰਦੀਆਂ ਹਨ। ਸਰਬਾਂਗੀ ਲੇਖਕ ਸੁਖਬੀਰ ਦੀਆਂ ਕਵਿਤਾਵਾਂ ਰੱਬ, ਦਿਲ ਮੰਦਰ-ਮਸਜਿਦਾਂ ਦੇ ਅਰਥਾਂ ਬਾਰੇ ਸਹੀ ਤਸਵੀਰ ਪੇਸ਼ ਕਰਦੀਆਂ ਹਨ। ਸੰਤੋਖ ਸਿੰਘ ਧੀਰ ਦੀ ਕਹਾਣੀ ਸਟਰਿੰਗਰ, ਜਸਵੰਤ ਸਿੰਘ ਵਿਰਦੀ ਦੀ ਸਿਰ ਬੁਲੰਦ ਅਸਲੋਂ ਹੀ ਨਵੇਂ ਵਿਸ਼ਿਆਂ ਵਾਲ਼ੀਆਂ ਕਹਾਣੀਆਂ ਹਨ।
ਅੰਮ੍ਰਿਤਾ ਪ੍ਰੀਤਮ ਦੇ ਤੁਰ ਜਾਣ ਤੋਂ ਬਾਅਦ ਹੁਣ ਉਸ ਨਾਲ਼ ਜੁੜੀਆਂ ਬਹੁਤੀਆਂ ਘਟਨਾਵਾਂ, ਹਕੀਕਤਾਂ ਅਤੇ ਹੋਰ ਹੈਰਾਨੀਜਨਕ ਪਹਿਲੂ ਸਾਹਮਣੇ ਆ ਰਹੇ ਹਨ। ਪਰ ਇਹ ਸਿਲਸਿਲਾ ਕਦੋਂ ਤੱਕ ਚਲਦਾ ਰਹੇਗਾ? ਆਖ਼ਰ ਅੰਮ੍ਰਿਤਾ ਤਾਂ ਅੰਮ੍ਰਿਤਾ ਹੀ ਸੀ। ਤੇਜਵੰਤ ਸਿੰਘ ਗਿੱਲ ਦਾ ਅੰਮ੍ਰਿਤਾ ਸ਼ੇਰਗਿੱਲ ਬਾਰੇ ਰੇਖਾ ਚਿੱਤਰ, ਸਤੀ ਕੁਮਾਰ ਦਾ ਕਾਰਲ ਮਾਰਕਸ ਤੇ ਭਸਮਾਸੁਰ, ਚੰਦਨ ਦੀ ਮਹਾਰਾਜਾ ਰਣਜੀਤ ਸਿੰਘ ਦੀ ਇਨਕਲਾਬੀ ਪੋਤੀ ਗਿਆਨੋ ਬਾਰੇ ਜਾਣਕਾਰੀ ਅਤੇ ਰਮਨ ਦਾ ਸੇਖੋਂ ਬਾਰੇ ਲੇਖ, ਇਹ ਸਭ ਰਚਨਾਵਾਂ ਪਾਠਕਾਂ ਦੇ ਮਨਾਂ ਵਿਚ ਡੂੰਘੀਆਂ ਲਹਿੰਦੀਆਂ ਹਨ। ਪਰ ਜਸਵੰਤ ਦੀਦ ਵੱਲੋਂ ਹਰਨਾਮ, ਤਾਰਾ ਸਿੰਘ ਤੇ ਹੋਰਾਂ ਬਾਰੇ ਹਲਕੀਆਂ-ਹਲਕੀਆਂ ਗੱਲਾਂ ਲਿਖਣੀਆਂ ਅਸ਼ਲੀਲਤਾ ਦਾ ਖੂਹ ਗੇੜਨ ਵਾਲੀ ਗੱਲ ਹੈ।
ਉਦੈ ਪ੍ਰਕਾਸ਼ ਦੀ ਲੰਮੀ ਕਹਾਣੀ ਮੋਹਨ ਦਾਸ ਦਾ ਪੰਜਾਬੀ ਅਨੁਵਾਦ ਇਸ ਪਰਚੇ ਦਾ ਹਾਸਿਲ ਹੈ। ਰਬਿੰਦਰ ਸਿੰਘ ਬਾਠ ਇਸ ਲਈ ਸ਼ਾਬਾਸ਼ੀ ਯੋਗ ਹੈ।
ਦਮਜੀਤ ਦਰਸ਼ਨ, ਬਠਿੰਡਾ
ਪਹਿਲੇ ਅੰਕਾਂ ਵਾਂਗ ਹੀ ਇਸ ਅੰਕ ਦਾ ਮੈਟਰ ਵੀ ਚੜ੍ਹਦੇ ਤੋਂ ਚੜ੍ਹਦਾ ਹੈ। ਧੰਨ ਹੋ ਤੁਸੀਂ ਜਿਹੜੇ ਐਨੇ ਥੋੜ੍ਹੇ ਸਮੇਂ ’ਚ ਐਨੇ ਉੱਚ ਪਾਏ ਦੀ ਸਮੱਗਰੀ ਇਕੱਤਰ ਕਰ ਲੈਂਦੇ ਹੋ। ਗੁਰਦਿਆਲ ਸਿੰਘ ਨਾਲ਼ ਮੁਲਾਕਾਤ ਅਤੇ ਉਦੈ ਪ੍ਰਕਾਸ਼ ਦੀ ਕਹਾਣੀ ਮੋਹਨ ਦਾਸ ਨੇ ਤਾਂ ਇਕ ਵਾਰੀ ਰੱਜ ਹੀ ਲਿਆ ਦਿੱਤਾ। ‘ਹੁਣ‘ ਪੜ੍ਹ ਕੇ ਅੰਦਰ ਉਬਾਲ ਤਾਂ ਬਥੇਰਾ ਉੱਠਦਾ ਹੈ, ਅਜਿਹੀ ਵਾਰਤਕ ਲਿਖਣ ਨੂੰ ਪਰ ਪੇਸ਼ ਨਹੀਂ ਜਾਂਦੀ। ਸ਼ਾਇਦ ਕਦੇ ਹੌਸਲਾ ਪੈ ਜਾਏ।
ਬਲਦੇਵ ਸਿੰਘ ਧਾਲੀਵਾਲ, ਪਟਿਆਲਾ
‘ਹੁਣ’ ਸਹੀ ਅਰਥਾਂ ਵਿਚ ਗਲੋਬਲ ਪੱਧਰ ਦਾ ਅਜਿਹੀ ਦਿੱਖ ਵਾਲਾ ਪਹਿਲਾ ਪੰਜਾਬੀ ਰਸਾਲਾ ਹੈ। ਸੰਤੋਖ ਸਿੰਘ ਧੀਰ ਦੀ ਸਟਰਿੰਗਰ ਅਤੇ ਗੁਲਜ਼ਾਰ ਸਿੰਘ ਸੰਧੂ ਦੀ ਚਹੁੰ ਬਿੱਘਿਆਂ ਦੀ ਮਾਲਕੀ ਵਧੀਆ ਕਹਾਣੀਆਂ ਹਨ। ਸੰਧੂ ਨੇ ਨਾਵਲ ਆਕਾਰ ਦੇ ਪਲਾਟ ਨੂੰ ਛੋਟੀ ਕਹਾਣੀ ਵਿਚ ਬਹੁਤ ਹੀ ਵਧੀਆ ਤਰੀਕੇ ਨਾਲ਼ ਸਮੇਟਿਆ ਹੈ। ਕਹਾਣੀ ਦੇ ਅੰਤ ਵਿਚ ਕਹਾਣੀ ਦੇ ਪਾਤਰ ਬਲਬੀਰ ਦਾ ਪੱਗ ਵਿਚ ਮੋਰ ਖੰਭ ਦੀ ਕਲਗੀ ਲਾਉਣ ਦਾ ਪ੍ਰਸੰਗ ਕਹਾਣੀ ਦਾ ਸਿਖਰ ਹੈ।
ਇੱਕ ਗੱਲ ਮੈਨੂੰ ਸਮਝ ਨਹੀਂ ਲੱਗਦੀ ਕਿ ਕਿਉਂ ਪੰਜਾਬੀ ਮਰਦ ਲੇਖਕ ਵਿਦੇਸ਼ਾਂ ਵਿਚ ਅਪਣੇ ਸਵੇਰ ਤੋਂ ਸ਼ਾਮ ਤੱਕ ਸ਼ਰਾਬ ਪੀਣ, ਸਟੀਮ ਬਾਥ ਵਿਚ ਨੰਗੇ ਨਹਾਉਣ ਅਤੇ ਟੌਪ ਲੱੈਸ ਬਾਰ ਵਿਚ ਜਾਣ ਦੇ ਕਿੱਸੇ ਬੜੇ ਮਾਣ ਨਾਲ਼ ਸੁਣਾਉਂਦੇ ਨੇ?
ਜਸਵੰਤ ਸਿੰਘ ਵਿਰਦੀ ਦੀ ਕਹਾਣੀ ਸਿਰ ਬੁਲੰਦ ਦੀ ਨਾਇਕਾ ਨੰਗਿਆਂ ਹੋ ਕੇ ਸਕੂਲੀ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਵੀ ਸਿਰ ਬੁਲੰਦ ਰਹਿੰਦੀ ਹੈ, ਪਰ ਕਿਸੇ ਪੰਜਾਬੀ ਲੇਖਿਕਾ ਦਾ ਸਿਗਰਟ ਪੀਣਾ, ਸ਼ਰਾਬ ਪੀਣਾ, ਸਾਡੇ ‘ਖੁੱਲ੍ਹੇ ਦਿਮਾਗ’ ਵਾਲੇ ਲੇਖਕਾਂ ਨੂੰ ਨਹੀਂ ਖਲਦਾ। ਸ਼ਾਇਦ ਇਹ ਸਾਡੀ ਪੰਜਾਬੀਆਂ ਦੀ ਮਾਨਸਿਕ ਸਮੱਸਿਆ ਹੈ।
ਜੈਨਿੰਦਰ ਚੌਹਾਨ, ਨਾਭਾ
‘ਹੁਣ’ ਵਿਚ ਗੁਰਦਿਆਲ ਸਿੰਘ ਨਾਲ਼ ਇੰਟਰਵਿਊ ਪੜ੍ਹੀ। ਬਹੁਤ ਸਾਰੀ ਜਾਣਕਾਰੀ ਮਿਲੀ। ਗੁਰਦਿਆਲ ਸਿੰਘ ਜੀ ਸਾਡੇ ਸਤਿਕਾਰਤ ਲੇਖਕ ਹਨ ਅਤੇ ਉਹ ਆਪਣੀ ਸਾਦਗੀ ਤੇ ਨਿਮਰਤਾ ਲਈ ਵੀ ਜਾਣੇ ਜਾਂਦੇ ਹਨ, ਗਿਆਨਪੀਠ ਤੱਕ ਪਹੁੰਚੇ ਹਨ।
ਪਰ ਇੰਟਰਵਿਊ ਕਰਤਾ ਵੱਲੋਂ ਉਹਨਾਂ ਨੂੰ ਤੂੰ-ਤੂੰ ਤੈਨੂੰ-ਤੇਰੀ-ਵਰਗੇ ਸੰਬੋਧਨੀ ਸ਼ਬਦਾਂ ਨਾਲ਼ ਪੁਕਾਰਨਾ ਬੜਾ ਅਖਰਦਾ ਰਿਹਾ ਤੇ ਰਹੇਗਾ ਵੀ। ਕਦੀ-ਕਦੀ ਮੈਂ ਸੋਚਦਾਂ ਕਿ ਪੰਜਾਬੀ ਦੇ ਇਸ ਸਿਰਮੌਰ ਲੇਖਕ ਨਾਲ਼ੋਂ ਤਾਂ ਕ੍ਰਿਕਟ ਦੇ ਖਿਡਾਰੀ ਹੀ ਚੰਗੇ ਹਨ-ਮੈਚ ਦੌਰਾਨ-ਕੁਮੈਂਟੇਟਰ-ਹਮੇਸ਼ਾ ਖਿਡਾਰੀ ਨੂੰ ਤੁਸੀਂ ਕਹਿ ਕੇ ਇੱਜ਼ਤ ਨਾਲ਼ ਬੁਲਾਉਂਦੇ ਹਨ। ਪਰ ਸਾਡੇ ਮਹਾਨ ਲੇਖਕ ਗੁਰਦਿਆਲ ਸਿੰਘ ਨੂੰ ਅੱਜ ਵੀ ਤੂੰ-ਤੂੰ ਨਾਲ਼ ਯਾਦ ਕੀਤਾ ਜਾਂਦਾ ਹੈ। ਸ਼ਾਇਦ ਉਹੀ ਮਾਨਸਿਕਤਾ ਕੰਮ ਕਰ ਰਹੀ ਹੈ ਕਿ ਪੰਜਾਬ ਦੇ ਪਿੰਡਾਂ ਵਿਚ ਜਾਂ ਕਣਕ ਹੁੰਦੀ ਹੈ ਤੇ ਜਾਂ ਜੱਟ।
ਮੋਹਨ ਲਾਲ ਫਿਲੌਰੀਆ, ਚੰਡੀਗੜ੍ਹ
‘ਹੁਣ’ ਵਿਚ ਮੈਨੂੰ ਸਭ ਤੋਂ ਵਧੀਆ ਰਚਨਾ ਪ੍ਰੀਤਮ ਸਿੰਘ ਦੀ ਦੋ ਖ਼ਤਾਂ ਦੇ ਆਰ-ਪਾਰ ਲੱਗੀ ਹੈ। ਲੇਖਕ ਨੇ ਖ਼ਤਾਂ ਦੇ ਵੇਰਵੇ ਨਾਲ਼ ਅੰਮ੍ਰਿਤਾ ਪ੍ਰੀਤਮ ਦੀ ਪ੍ਰਸੰਸਾ-ਭੁੱਖ ਦਾ ਜੋ ਭੇਤ ਖੋਲਿ੍ਹਆ ਹੈ, ਇਹ 100 ਪ੍ਰਤੀਸ਼ਤ ਸਹੀ ਹੈ। ਉਂਜ ਵੀ ਅੰਮ੍ਰਿਤਾ ਨੇ ਬਹੁਤੀਆਂ ਪੁਸਤਕਾਂ ਵਿਚ ਤਾਂ ਆਪਣੇ ਇਸ਼ਕ ਭਾਵ ਸਾਹਿਰ ਲੁਧਿਆਣਵੀ ਦਾ ਹੀ ਰੋਣਾ ਰੋਇਆ ਹੈ। ਹੋਰ ਕੁਝ ਨਹੀਂ ਲੱਭਦਾ।’ ਇਨ੍ਹਾਂ ਪੁਸਤਕਾਂ ਵਿੱਚੋਂ। ਸਾਹਿਤ ਮਹਾਨ ਤਦ ਹੀ ਬਣਦਾ ਹੈ, ਜਦੋਂ ਲੋਕਾਂ ਦੇ ਦੁੱਖ-ਦਰਦ ਇਸ ਵਿਚ ਪੇਸ਼ ਕੀਤੇ ਹੋਣ; ਜਿਵੇਂ ਗੁਰਦਿਆਲ ਸਿੰਘ ਦਿਆਂ ਨਾਵਲਾਂ ਵਿਚ ਪੇਸ਼ ਕੀਤੇ ਹੋਏ ਹਨ ਤੇ ਰਹੀ ਗੱਲ ਕਵਿਤਾ ਦੀ; ਇਸ ਵਿਚ ਵੀ ਅੰਮ੍ਰਿਤਾ ਨੇ ਖੱਟੀ ਖੱਟੀ ਹੈ। ਬਾਵਾ ਬਲਵੰਤ ਜੋ ਇਸ ਨਾਲ਼ੋਂ ਕਿਤੇ ਵੱਡਾ ਕਵੀ ਸੀ, ਅਜਿਹੀ ਖੱਟੀ ਨਹੀਂ ਖੱਟ ਸਕਿਆ। ਕੀ ਬਾਵਾ ਬਲਵੰਤ ਦੀ ਰਚਨਾ ਮਹਾਂ-ਨਾਚ ਤੇ ਬੰਦਰਗਾਹ ਵਰਗੀ ਕਵਿਤਾ ਕਿਧਰੇ ਹੋਰ ਪੰਜਾਬੀ ਜਗਤ ਵਿਚ ਲੱਭ ਸਕੇਗੀ? ਉਹ ਅਜਿਹਾ ਅਣਖੀਲਾ ਤੇ ਸਵੈਮਾਣ ਵਾਲਾ ਸਾਡਾ ਮਹਾਨ ਕਵੀ ਸੀ, ਜੋ ਸਦੀ ਦੀ ਹਿੱਕ ’ਤੇ ਅਮਿੱਟ ਪੈੜਾਂ ਛੱਡ ਕੇ ਤੇ ਸਾਦਾ ਜ਼ਿੰਦਗੀ ਜੀਅ ਕੇ ਇਸ ਸੰਸਾਰ ਤੋਂ ਚੱਲਦਾ ਬਣਿਆ। ਪੰਜਾਬੀ ਬੋਲੀ ਦੀ ਸੇਵਾ ਕਰਦਾ ਰਿਹਾ, ਪਰ ਉਹ ਨਾਮਣਾ ਤੇ ਆਰਥਿਕ ਖੁਸ਼ਹਾਲੀ ਉਸ ਨੂੰ ਨਾ ਮਿਲ ਸਕੀ, ਜਿਸ ਦਾ ਉਹ ਹੱਕਦਾਰ ਸੀ। ਕਿਸੇ ਵਿਦਿਅਕ-ਸੰਸਥਾ ਜਾਂ ਯੂਨੀਵਰਸਿਟੀ ਨੇ ਵੀ ਉਸ ’ਤੇ ਦਯਾ ਨਾ ਕੀਤੀ।
ਇਸੇ ਅੰਕ ਵਿਚ ਗੁਰਦਿਆਲ ਸਿੰਘ ਨਾਲ਼ ਏਨੀ ਲੰਬੀ ਵਾਰਤਾਲਾਪ ਕੀਤੀ ਗਈ ਹੈ, ਜੋ ਅਵੱਸ਼ ਹੀ ਪੰਜਾਬੀ-ਪਾਠਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਗੁਰਦਿਆਲ ਸਿੰਘ ਅਜਿਹਾ ਕਲਮਕਾਰ ਹੈ, ਜਿਹਨੇ ਭੁੱਖਾਂ-ਦੁੱਖਾਂ ਵਿਚੋਂ ਲੰਘ ਕੇ ਮਹਾਨ ਸਾਹਿਤ ਰਚਿਆ ਹੈ। ਪੰਜਾਬੀ ਬੋਲੀ ਦਾ ਖ਼ਜ਼ਾਨਾ ਭਰਿਆ ਹੈ। ਸੰਤੋਖ ਸਿੰਘ ਧੀਰ ਵੀ ਵੱਡਾ ਲੇਖਕ ਹੈ ਪੰਜਾਬੀ ਦਾ; ਉਸ ਨੇ ਜਿਸ ਵਿਸ਼ੇ ’ਤੇ ਵੀ ਹੱਥ ਆਜ਼ਮਾਇਆ ਹੈ, ਚਾਹੇ ਉਹ ਕਹਾਣੀ ਹੈ, ਚਾਹੇ ਨਾਵਲ ਜਾਂ ਕਵਿਤਾ ਕਮਾਲ ਕਰ ਵਿਖਾਈ ਹੈ। ਕਿੰਨਾ ਚੰਗਾ ਹੁੰਦਾ, ਜੇ ‘ਹੁਣ’ ਵਿਚ ਧੀਰ ਦੀਆਂ ਕਵਿਤਾਵਾਂ ਵੀ ਛਪ ਸਕਦੀਆਂ। ਗੁਰਬਚਨ ਸਿੰਘ ਭੁੱਲਰ ਹੁਰਾਂ ਦਾ ਸੱਚੋ-ਸੱਚ ਸ਼ਲਾਘਾਯੋਗ ਹੈ।
ਅਜੀਤ ਸਿੰਘ ਚੰਦਨ, ਲੁਧਿਆਣਾ
ਹੁਣ-2 ਖ਼ਾਸਾ ਮਾਯੂਸ ਕਰਨ ਵਾਲ਼ਾ ਹੋ ਨਿਬੜਿਆ ਏ| ਪਹਿਲੇ ਅੰਕ ਨੇ ਜੋ ਆਸ ਜਗਾਈ ਸੀ, ਉਹ ਢਹਿ-ਢੇਰੀ ਹੁSਦੀ ਜਾਪਦੀ ਹੈ| ਜੇਕਰ ਸਤਪਾਲ ਗੌਤਮ ਦਾ ਸਾਰਤ੍ਰ ਵਾਲ਼ਾ ਲੇਖ ਕਢ ਲਿਆ ਜਾਵੇ, ਤਾਂ ਸ਼ਾਇਦ ਕੁਝ ਵੀ ਨਹੀਂ ਬਚਦਾ ਏਸ ਪਰਚੇ ‘ਚ|
ਭਲਾ ਦੱਸੋ, ਸਤੀ ਕੁਮਾਰ ਦੀ ਸਾਰਤ੍ਰ ਨਾਲ ਹੋਈ ਅਖੌਤੀ ਮੁਲਾਕਾਤ ਇਹਨੂੰ ਹੈ ਕੋਈ ਛਾਪਣ ਦਾ ਮਤਲਬ? ਨਿਰਾਪੁਰੀ ਬਚਗਾਨੀ ਹਰਕਤ ਹੈ ਇਹ| ਬਾਕੀ ਸਤੀ ਹੁਰਾਂ ਦੀ ਸ਼ਾਨ ਚ ਜੇਕਰ ਕੁਝ ਨਾ ਹੀ ਕਹਾਂ, ਤਾਂ ਚSਗਾ ਰਹੂ| ਇਨ੍ਹਾਂ ਦੀ ਸ਼ਾਇਰੀ ਅਤੇ ਵਿਚਾਰਾਂ ਨੂੰ ਲੈ ਕੇ ਮੇਰੇ ਮਨ ‘ਚ ਉੱਕਾ ਈ ਕੋਈ ਉਤਸਾਹ ਨਹੀਂ ਜਾਗਦਾ| ਨਿਹਾਇਤ ਹੀ ਦਰਮਿਆਨੇ ਕਵੀ ਹੋ ਨਿਬੜਦੇ ਨੇ ਭਾਵੇਂ ਕਨਵੈਂਸ਼ਨਲ ਸੈਂਸ ‘ਚ ਲਵੋ, ਜਾਂ ਫ਼ੇਰ ਕੈਨੌਨਿਕਲ ਸੈਂਸ ‘ਚ, ਜਾਂ ਕਿਸੇ ਹੋਰ ਵਸੀਹ ਕਲਚਰਲ ਕੌਂਨਟੈਕਸਟ ਚ| ਨਾ ਇਨ੍ਹਾਂ ਤੋਂ ਚੱਜ ਦਾ ਮੈਟਾਫ਼ਰ ਬਣਦਾ ਏ ਤੇ ਨਾ ਹੀ ਇਨ੍ਹਾਂ ਨੂੰ ਮੈਟਾਨਿਮੀ ਦੀ ਕੋਈ ਜੀਵੰਤ ਸਮਝ ਹੈ| ਨਸਰ ਇਨ੍ਹਾਂ ਦੀ ਇਹਤੋਂ ਵੀ ਗਈ ਗੁਜ਼ਰੀ ਏ| ਸੁਸਤ ਬੇਢਬੇ ਫ਼ਿਕ੍ਰੇ ਆਇਡੀਆਜ਼ ਤੋਂ ਸੱਖਣੇ, ਗ਼ੁਸਤਾਖ਼ ਹੋਣ ਦਾ ਕੋਈ ਕਾਰਗਰ ਫ਼ਾਰਮੂਲਾ ਲਭਦੇ ਹੋਏ| ਗਾਰਗੀ ਦਾ ਕਲੋਨ!
ਨਾ ਹੂਆ ਪਰ ਨਾ ਹੂਆ ਮੀਰ ਕਾ ਅੰਦਾਜ਼ ਨਸੀਬ/
ਜ਼ੌਕ ਯਾਰੋਂ ਨੇ ਬਹੁਤ ਜ਼ੋਰ ਗ਼ਜ਼ਲ ਮੇਂ ਮਾਰਾ|
ਹੁਣ ਸਤੀ ਸਾਹਿਬ ਦੀ ਸ਼ਕਲ ਤੇ ਵਾਲ਼ਾਂ ਦੇ ਸਟਾਇਲ ਨੂੰ ਫ਼ੇਂਟੈਸਾਈਜ਼ ਕਰਨ ਤੋਂ ਕੁਝ ਨਹੀਂ ਹਾਸਿਲ| ਘੱਟੋ-ਘਟ ਮੇਰੀ ਸੋਚ ਏਸ ਮਾਮਲੇ ਚ ਭਾਪਾ ਪ੍ਰੀਤਮ ਸਿSਘ, ਰੇਣੂਕਾ ਸਿSਘ, ਅੰਮ੍ਰਿਤਾ ਪ੍ਰੀਤਮ ਅਤੇ ਹਰਿਭਜਨ ਸਿੰਘ ਨਾਲੋਂ ਵੱਖਰੀ ਹੈ| ਤੇ ਮੈਨੂੰ ਜਾਪਦੈ ਕਿ ਇਕੇਰਾਂ ਤੇ ਮੈਂ ਬਿਲਕੁਲ ਠੀਕ ਹਾਂ ਅਤੇ ਇਹ ਸਾਰੇ ਦੇ ਸਾਰੇ ਪਤਵSਤੇ ਬਿਲਕੁਲ ਹੀ ਗ਼ਲਤ|
ਸਤੀ ਕੁਮਾਰ ਨੂੰ ਕਿਵੇਂ ਕੋਈ ਮਾਡਰਨਿਸਟ ਪੋਇਟ ਮੰਨ ਸਕਦੈ ਮੇਰੀ ਸਮਝ ਤੋਂ ਪਰ੍ਹੇ ਏ| ਇਨ੍ਹਾਂ ਅਤੇ ਦੇਵ ਦੀਆਂ ਫ਼ਾਈਲਾਂ ਮੁੜ ਖੋਲ੍ਹਣ ਦੀ ਲੋੜ ਏ| ਉਂਜ ਵੀ ਪSਜਾਬੀ ‘ਚ ਗਿਣੇ-ਚੁਣੇ ਈ ਸ਼ਾਇਰ ਨੇ| ਮੇਰੀ ਨਜ਼ਰੇ, ਜੇ ਬਹੁਤਾ ਏਮਬੈਰਸਿSਗ ਨਾ ਲੱਗੇ, ਤਾਂ ਤੀਸਰੀ ਪੀੜ੍ਹੀ ਦੇ ਅਮਰਜੀਤ ਚSਦਨ ਬਾਅਦ ਪSਜਾਬੀ ਚ ਕੋਈ ਔਥੈਂਟਿਕ/ ਵਜ਼ਨਦਾਰ/ ਰੈਸੋਨੈਂਟ ਸ਼ਾਇਰ ਨਹੀਂ ਹੋਇਆ| ਇਹ ਕਾਫ਼ੀ ਚਿSਤਾ ਵਾਲੀ ਗੱਲ ਏ|
ਅਪਣੇ ਜਿਸ ਲੇਖ ਦਾ ਜ਼ਿਕ੍ਰ ਨੋਬੇਲ ਪ੍ਰਾਈਜ਼ ਨੂੰ ਲੈ ਕੇ ਸਤੀ ਕਰਦੈ ਟਾਈਮਜ਼ ਆੱਵ ਇSਡੀਆ ਚ ਛਪਿਆ ਓਸ ਦਾ ਆਰਥਰ ਲੁSਡਕਵਿਸਟ ਨਾਲ਼ ਇSਟਰਵਿਯੂ। ਇਹਦਾ ਅSਗ੍ਰੇਜ਼ੀ ਤਰਜਮਾ ਮੈਂ ਹੀ ਕੀਤਾ ਸੀ| ਏਸ ਕSਮ ਲਈ ਮੈਨੂੰ ਨਿਹਾਇਤ ਹਾਸੋਹੀਣੀ ਰਕਮ ਦਿੱਤੀ ਗਈ ਸੀ ਚਲੋ ਇਹ ਤਾਂ ਖ਼ੈਰ ਤੁੱਛ-ਜਿਹੀ ਗੱਲ ਏ| ਉਸ ਵੇਲੇ ਮੈਂ ਛੋਟਾ-ਜਿਹਾ ਬੱਚਾ ਸਾਂ ਖ਼ਾਸਾ ਇSਮਪ੍ਰੈਸ਼ਨੇਬਲ| ਪਰ ਓਦੋਂ ਵੀ ਮੈਨੂੰ ਲੱਗਾ ਸੀ ਕਿ ਇਸ ਨਾਮ-ਨਿਹਾਦ ਬੁਲਾਰੇ ਨੂੰ ਬੇਵਜਾ੍ਹ ਅਹਿਮੀਅਤ ਦਿੱਤੀ ਜਾ ਰਹੀ ਏ| ਆਖ਼ਿਰਕਾਰ ਹੈ ਕੌਣ ਇਹ ਲੂSਡਕਵਿਸਟ ਤੇ ਕਿਉਂ ਖ਼ਾ੍ਹਮਖ਼ਾਹ ਦਈ ਜਾ ਰਿਹਾ ਏ ਸਰਟੀਫ਼ੀਕੇਟ ਆੱਵ ਡੀਮੈਰਿਟ ਟੈਗੋਰ ਨੂੰ? ਤੇ ਨਾਲ਼ੇ ਸਤੀ ਕੁਮਾਰ ਵੀ ਕਿਆ ਵਸਤ ਹੈ ਕਿ ਸ਼ਰਧਾ-ਭਾਵ ਨਾਲ਼ ਸੁਣੀ ਜਾ ਰਿਹਾ ਏ ਇਹਦੀਆਂ ਬੇਥਵ੍ਹੀਆਂ| ਲੂਕਾਚ ਨੇ ਬਾਅਦ ਚ ਈ ਐੱਮ ਫ਼ੋਸਟਰ ਨੇ ਵੀ ਟੈਗੋਰ ਨੂੰ ਲੈ ਕੇ ਇਹੋ ਘੀਚ-ਘਚੋਲ਼ਾ ਪਾਇਆ ਸੀ|
ਅਪਣੇ ‘ਹੁਣ’ ਵਾਲੇ ਇSਟਰਵਿਯੂ ਚ ਮੌਰੈਲਿਟੀ ਨੂੰ ਲੈ ਕੇ ਹਿSਦੁਸਤਾਨੀ ਦਾਨਿਸ਼ਵਰਾਂ ਦਾ ਜੋ ਕ੍ਰੀਟੀਕ ਸਤੀ ਹੁਰੀਂ ਪੇਸ਼ ਕਰਦੇ ਨੇ; ਆਪ ਓਸੇ ਦੀ ਮਿਸਾਲ ਬਣ ਕੇ ਉੱਭਰਦੇ ਨੇ, ਜਦੋਂ ਇਹ ਅਪਣੇ ਆਪ ਨੂੰ ਸੁਪਰ-ਸਬਜੈਕਟ ਬਣਾ ਕੇ ਪੇਸ਼ ਕਰਦੇ ਨੇ: ਅਖੇ ਮੇਰੀ ਪੁਜ਼ੀਸ਼ਨ ਮਾੱਰਲ ਸੀਗੀ; ਅੰਮ੍ਰਿਤਾ ਅਤੇ ਹਰਿਭਜਣ ਦੀ ਨਹੀਂ| ਓਹ ਮੇਰੇ ਪਿੱਛੇ ਭੱਜਦੀ ਸੀਗੀ; ਮੈਂ ਨਹੀਂ| ਸਤੀ ਨੇ ਬਹੁਤ ਹੀ ਵਿਚਾਰਹੀਨ ਪ੍ਰੋਫ਼ਾਈਲ ਪੇਸ਼ ਕੀਤਾ ਏ ਅਪਣੇ-ਆਪ ਦਾ| ਸਾਰੇ ਇSਟਰਵਿਯੂ ਚ ਜੇ ਕੋਈ ਇਕ ਗੱਲ ਸਟੈਂਡ ਆਉਟ ਕਰਦੀ ਏ, ਤਾਂ ਓਹ ਹੈ ਪੀਪਣੀਆਂ ਵਾਲੇ ਚਾਚੇ ਬਾਵਾ ਬਲਵSਤ ਦਾ ਜ਼ਿਕਰ
ਨਵਤੇਜ ਭਾਰਤੀ ਹੁਰਾਂ ਦਾ ਕਵੀਸ਼ਰ ਮੋਹਨ ਸਿੰਘ ਬਾਰੇ ਲੇਖ ਕਮਾਲ ਏ|
ਹੁਣ-3 ਮੈਨੂੰ ਹੁਣ ਤਕ ਦੀ ਸਭ ਤੋਂ ਕਮਜ਼ੋਰ ਪੇਸ਼ਕਸ਼ ਲੱਗੀ ਏ| ਕਦੇ-ਕਦਾਈਂ ਢਿੱਲਾ ਅੰਕ ਵੀ ਕੋਈ ਇਨੀਂ ਮਾੜੀ ਗੱਲ ਨਹੀਂ ਹੁੰਦੀ, ਪਰ ਤੁਹਾਡਾ ਰਸਾਲਾ ਟ੍ਰੀਵੀਆ ਜੈਨੇਰੇਟ ਕਰਨ ਵਲ ਕੁਝ ਵਧੇਰੇ ਹੀ ਉਤਸਾਹੀ ਜਾਪਦਾ ਹੈ| ਖ਼ੈਰ, ਮੇਰੀ ਰਾਏ ਦੀ ਕੋਈ ਅਹਿਮੀਅਤ ਨਹੀਂ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਪSਜਾਬੀ ਸਾਹਿਤ ਸੰਸਾਰ ਨੂੰ ਠੀਕ ਤਰ੍ਹਾਂ ਸਮਝਣ ਦੀ ਨੁਮਾਇਆਂ ਕLਾਬਲੀਅਤ ਰਖਦਾ ਹਾਂ| ਪਿਛਲੇ ਦੋ ਅੰਕਾਂ ‘ਚ ਘੱਟੋ-ਘੱਟ ਮੇਰੇ ਲਈ ਇਕ ਗੱਲ ਬਹੁਤ ਸਾਫ਼ ਤੌਰ ‘ਤੇ ਉੱਭਰੀ ਹੈ ਤੇ ਉਹ ਇਹ ਕਿ ਜੋ ਸ਼ਾਇਰ ਹਰਿਭਜਨ ਸਿSਘ ਕਹਾਉਂਦਾ ਸੀ, ਉਹ ਖ਼ਾਸਾ ਦਰਮਿਆਨਾ ਕਿਸਮ ਦਾ ਸ਼ਾਇਰ ਸੀ ਅਤੇ ਬੜੀ ਹੀ ਮੁਸ਼ਕਿਲ ਨਾਲ ਟੌਲਰੇਬਲ ਇਨਸਾਨ| ਚੂੰਕਿ ਇਹ ਸ਼ਖ਼ਸ ਮੇਰਾ ਪਿਤਾ ਵੀ ਸੀ, ਇਸ ਕਰਕੇ ਤੁਸੀਂ ਅSਦਾਜ਼ਾ ਲਾ ਹੀ ਸਕਦੇ ਹੋ ਕਿ ਇਹ ਜਾਣਕਾਰੀ ਮੇਰੇ ਲਈ ਕਿSਨੀ ਕੁ ਦਿਲ-ਤੋੜਵੀਂ ਹੈ|
ਮੇਰੇ ਯਕਦਮ ਨਿਰਾਸ ਹੋਣ ਦੀ ਕੋਈ ਖ਼ਾਸ ਵਜ੍ਹਾ ਨਹੀਂ ਪਰ ਮੈਨੂੰ ਸ਼ਿਵ ਦੇ ਸ਼ਰਾਬਖ਼ੋਰੀ ਦੇ ਕਿੱਸਿਆਂ ਤੋਂ ਲੈ ਕੇ ਹਰਨਾਮ ਦੇ ਸ਼ਰਾਬਬਾਜ਼ੀ (ਹਰਨਾਮ ਕਦੇ ਵੀ ਸ਼ਰਾਬਨੋਸ਼ ਨਹੀਂ ਬਣ ਸਕਿਆ) ਦੇ ਮਿਸਐਡਵੈਂਚਰਜ਼ ਬਾਰੇ ਲਿਖਣ ਤੋਂ ਸਖ਼ਤ ਚਿੜ੍ਹ ਹੈ| ਸ਼ਿਵ ਆਖ਼ਿਰਕਾਰ ਨਿਹਾਇਤ ਗ਼ਰੀਬ ਕਿLਸਮ ਦਾ ਅਪੌਲੋਨੀਅਨ ਹੋ ਨਿੱਬੜਦਾ ਹੈ ਬਕLੌਲ ਸੇਖੋਂ “ਪSਜਾਬੀ ਦਾ ਕੀਟਸ” (ਕੁਛ ਨਾ ਸਮਝੇ ਖ਼ੁਦਾ ਕਰੇ ਕੋਈ) ਅਤੇ ਹਰਨਾਮ ਬਿਲਕੁਲ ਆਪਹੁਦਰਾ ਡਾਓਨੀਸਿਅਸ ਪSਜਾਬੀ ਦਾ ਗਿSਜ਼ਬਰਗੀਅਨ ਮਸਖਰਾ| ਪਰ ਦੋਹਾਂ ਦੀ ਉਪਨਿਸ਼ਦਿਕ ਨੀਯਤੀ ਅSਤ ਨੂੰ ਦੇਵਦਾਸੀ ਰਾਹ ਜਾ ਫੜਦੀ ਹੈ| ਦੋਹਾਂ ਕੋਲ ਹੈਬੀਟਸ ਦੀ ਅਣਹੋਂਦ ਹੈ ਕਮਿਊਨਿਟੀ ਦਾ ਕੋਈ ਸੰਬੋਧ ਨਹੀਂ, ਇSਸਟੌਲੇਟਿਵ ਕLੂਵਤ ਨਹੀਂ| ਇਨ੍ਹਾਂ ਦੀ “ਮੈਂ ਮੈਂ” ਕਰਦੀ ਸ਼ਾਇਰੀ ਤੋਂ ਮੈਨੂੰ ਡਰ ਔਂਦਾ ਹੈ ਤੇ ਕਦੀ-ਕਦੀ ਖਿੱਝ ਵੀ| ਫ਼ਰਕL ਦੋਹਾਂ ‘ਚ ਇਹ ਹੈ ਕੋਈ ਮਾੜਾ-ਮੋਟਾ ਫ਼ਰਕ ਨਹੀਂ ਕਿ ਹਰਨਾਮ ਦੀ ਸ਼ਰਾਬਨੋਸ਼ੀ ਲਗਭਗ ਬ੍ਰੈਖ਼ਤੀਅਨ ਅSਡਰਗ੍ਰਾਊਂਡ ਦਾ ਭਾਅ ਮਾਰਦੀ ਹੈ (ਭਾਵੇਂ ਹਰਨਾਮ ਬੈਕਿਟ ਬੈਕਿਟ ਬਹੁਤ ਉਚਾਰਦਾ ਸੀ ਤੇ ਉਹਨੇ ਮੈਥੋਂ ਬੈਕਿਟ ਦੇ ਕਿਸੇ ਨਾਟਕ ਦਾ ਅਤਿਅSਤ ਹਾਸੋਹੀਣਾ ਤਰਜਮਾ ਵੀ ਕਰਵਾਇਆ ਸੀ), ਜਦ ਕਿ ਸ਼ਿਵ ਦੀ ਸ਼ਰਾਬਖ਼ੋਰੀ ਓਵਰਗ੍ਰਾਊਂਡ ਛੋਟੇ-ਸ਼ਹਿਰੀ ਕਬਾੜੀਆਂ ਦੀ ਸੰਗਤ ਤੋਂ ਅਗਾਂਹ ਨਹੀਂ ਜਾਂਦੀ| ਪSਜਾਬੀ ਸਾਹਿਤ ਦੀ ਰਿਸਾਲੇਦਾਰੀ ਅਜੇ ਵੀ ਸ਼ਰਾਬਾਂ, ਕੁੱਕੜਾਂ ਅਤੇ ਗਾ੍ਹਲਾਂ ਦੀ ਇਕਰਸਤਾ ਤਕ ਮਹਿਦੂਦ ਹੈ| ਇਹ ਕੋਈ ਛੋਟੀ-ਮੋਟੀ ਚਿSਤਾ ਦਾ ਵਿਸ਼ਾ ਨਹੀਂ|
ਪSਜਾਬੀ ‘ਚ ਚੰਗਾ ਕੰਮ ਕਰਨ ਲਈ ਸਿਨੀਕਲ ਯੂਫ਼ੋਰੀਆ ਦਰਕਾਰ ਹੈ ਨਹੀਂ ਤਾਂ ਇਨ੍ਹਾਂ ਦਲਿੱਦਰਾਂ ਦੀ ਸਾਰੀ ਉਮਰ ਸ਼ਰਾਬਾਂ, ਕੁੱਕੜਾਂ, “ਪਿਆਰ ਨਾਲ਼” ਕੱਢੀਆਂ ਗਾ੍ਹਲ਼ਾਂ ‘ਚ ਗ਼ਰਕ ਹੋ ਚੁੱਕੀ ਹੈ ਤੇ ਇਨ੍ਹਾਂ ਨੂੰ ਮੁੜ ਸੁਰਜੀਤ ਕਰਨ ਦਾ ਉੱਦਮ ਕੋਈ ਐਸਾ ਬੰਦਾ ਹੀ ਕਰ ਸਕਦਾ, ਜਿਹਨੂੰ ਐਲਬੈਟ੍ਰੌਸ ਅਤੇ ਫ਼ੀਨਿਕਸ ਦਾ ਫ਼ਰਕL ਨਹੀਂ ਪਤਾ| ਗੱਲ ਮੁੱਕਦੀ ਇਹ ਹੈ ਕਿ ਪSਜਾਬੀ ਲੇਖਕਾਂ ਦੀ ਰਹਿSਦ-ਖੂSਹਦ ਨਾਲ਼ ਗੱਲ ਸਿਰੇ ਨਹੀਂ ਚੜ੍ਹਨੀ ਲਿਖਣ ਵਾਲ਼ੇ ਨਵੇਂ ਬੰਦੇ ਲੱਭਣੇ ਪੈਣਗੇ| ਪੰਜਾਬੀਅਤ ਦੇ ਇਸ ਵੇਲੇ ਦੇ ਘੋਰ ਸੰਕਟ ਵਿਚ ‘ਹੁਣ’ ਤੋਂ ਸਾਨੂੰ ਸਾਰਿਆਂ ਨੂੰ ਬੜੀਆਂ ਆਸਾਂ ਹਨ।
ਮਦਨ ਗੋਪਾਲ ਸਿੰਘ, ਨਈ ਦਿੱਲੀ
ਹੁਣ-3 ਵਿਚ ਛਪੇ ਸਤੀ ਕੁਮਾਰ, ਸਤਪਾਲ ਗੌਤਮ ਦੇ ਲੇਖ ਵਿਚ-ਵਿਚਾਲੇ ਦੇ ਨੇ। ਇਨ੍ਹਾਂ ਤੋਂ ਇਹੋ ਜਿਹੇ ਲੇਖ ਨਾ ਲਿਖਵਾਉ। ਮੇਰੇ ਮਨ ਵਿਚ ਦੋਨਾਂ ਦੀ ਇਜ਼ਤ ਬਣੀ ਰਹਿਣ ਦਿਉ। ਸਤੀ ਜੀ ਪੂੰਜੀਵਾਦ ਪ੍ਰਬੰਧ ਬਾਰੇ ਕਦੇ ਕੁਝ ਕਿਉਂ ਨਹੀਂ ਉਚਰਦੇ? ਇਨ੍ਹਾਂ ਦਾ ਲੇਖ ਫੇਰ ਪੜਿਆ ਹੈ। ਲੱਬੇ ਲਬਾਬ ਯਹ ਹੈ ਕਿ ਰਸਾਲਿਆਂ ਦੇ ਪਾਠਕ ਲਈ ਇਹਦਾ ਕੀ ਮਤਲਬ? ਤੇ ਐਕਡੈਮਕ ਕੋਈ ਐਸੇ ਲੇਖ ਨੂੰ ਛਾਪੇਗਾ ਨਹੀਂ। ਸਤੀ ਤੇ ਗੌਤਮ ਵਰਗੇ ਬੰਦਿਆਂ ਤੋਂ ਜਦੋਂ ਦੋਨੇ ਪਾਸਿਆਂ ’ਚੋਂ ਕਿਸੇ ਪਾਸੇ ਦਾ ਲੇਖ ਨਾ ਲਿਖਿਆ ਜਾਵੇ, ਤਾਂ ਫੇਰ ਮੇਰੇ ਵਰਗੇ ਪਾਠਕ ਨੇ ਤਾਂ ਕਹਿਣਾ ਹੋਇਆ ਕਿ ਭਾਈ ਸਿਆਣੇ ਬੰਦਿਆਂ ਤੋਂ ਨਾ ਅਜਿਹਾ ਕੁਝ ਕਰਵਾਉ।
ਗੌਤਮ ਜੀ ਨੇ ਜੋ ਚੰਦਨ ਦੀ ਕਿਤਾਬ ਛੰਨਾ ਦੇ ਮੁੱਖਬੰਧ ’ਚ ਗੱਲਾਂ ਫੜੀਆਂ ਸੀ, ਉਹ ਤਾ ਲੇਖ ਹੋਇਆ। ਚੰਦਨ ਦਾ ਲੇਖ ਗਿਆਨੋ ਵੀ ਤਾਂ ਹੈਗਾ। ਅੱਗੇ ਵੀ ਪੜ੍ਹਿਆ, ਹੁਣ ਦੋ ਵਾਰ ਪੜ੍ਹਿਆ। ਇਹਦੀ ਜੈ ਜੈ ਕਾਰ ਹੋਵੇ।
ਅਜਮੇਰ ਸਿੰਘ ਔਲਖ ਦਾ ਲੇਖ ਮੈਂ ਮੋਗੇ ਬਾਰ੍ਹਵੀਂ ਜਮਾਤ ’ਚ ਪੜ੍ਹਦੇ ਅਪਣੇ ਭਤੀਜੇ ਗੁਰਪ੍ਰਕਾਸ਼ ਨੂੰ ਪੇਪਰਾਂ ਦੀ ਤਿਆਰੀ ਲਈ ਭੇਜ ਦਿੱਤਾ ਹੈ। ਐੱਮ ਬੀ ਡੀ ’ਚੋਂ ਤਿਆਰੀ ਕਰਕੇ 70 ਨੰਬਰ ਲੈਣ ਵਾਲੇ ਹੋਣਹਾਰ ਮੁੰਡੇ ਨੇ ਏਸ ਲੇਖ ਨਾਲ 75 ਨੰਬਰ ਲੈ ਲੈਣੇ ਹਨ।
ਨਵਤੇਜ ਭਾਰਤੀ ਸਾਹਿਬ ਸਾਡੇ ਟਰੋਨੋ ਦੇ ਪਿਆਰੇ-ਸਤਿਕਾਰੇ ਬਜ਼ੁਰਗ ਚਿੰਤਕ ਹਨ। ਮੋਹਣ ਸਿੰਘ ਕਵੀਸ਼ਰ ਵਾਲ਼ਾ ਇਨ੍ਹਾਂ ਦਾ ਲੇਖ ਯਾਦਗਾਰੀ ਹੈ। ਜਾਪਦਾ ਹੈ ਕਿ ਪਰਮਾਤਮਾ ਨੇ ਇਨ੍ਹਾਂ ਦੀ ਕਲਮ ਫੜ ਕੇ ਇਨ੍ਹਾਂ ਪਾਸੋਂ ਲਿਖਵਾਇਆ ਹੈ। ਲਿਖਾਰੀ ਕਵੀਸ਼ਰ ਦੇ ਨਾਲ਼ ਅਮਰ ਹੋ ਗਿਆ ਹੈ।
ਸੰਤੋਖ ਸਿੰਘ ਧੀਰ ਤੇ ਗੁਲਜਾਰ ਸਿੰਘ ਸੰਧੂ ਵਗ਼ੈਰਾ ਤੋਂ 60ਵਿਆਂ ਦੀ ਕਹਾਣੀ ਲਿਖਵਾਉਣ ਨਾਲੋਂ ਯਾਦਾਂ ਲਿਖਵਾਉ। ਦੇਖੋ, ਰੰਗ ਜ਼ਮਾਨੇ ਦੇ ਕਿ ਲਤਾ ਮੰਗੇਸ਼ਕਰ ਦੀ ਆਵਾਜ਼ ਬੁੱਢੀ ਤੇ ਬੇਸੁਰੀ ਹੋ ਚੁੱਕੀ ਹੈ, ਤਾਂ ਵੀ ਗਉਣੋਂ ਨਹੀਂ ਹਟਦੀ। ਕਹਾਣੀ ਲਿਖਣ ਦਾ ਕੰਮ ਨਵੇਂ ਮੁੰਡਿਆਂ ਤੇ ਕੁੜੀਆਂ ਨੂੰ ਸੌਂਪ ਦਿਉ।
ਸੰਪਾਦਕ ਅਵਤਾਰ ਜੀ, ਤੁਹਾਡਾ ਪਰਚਾ ਜੋ ਵੀ ਕੋਈ ਦੇਖਦਾ ਹੈ, ਪਹਿਲਾਂ ਹੈਰਾਨ ਤੇ ਫਿਰ ਖ਼ੁਸ਼ ਹੁੰਦਾ ਹੈ। ਤੁਹਾਡਾ ਨਾਂ ਸਮਕਾਲ ਵਿਚ ਆਉਂਦਾ ਹੈ, ਜਾਣ ਕੇ ਖ਼ੁਸ਼ੀ ਹੋਈ। ਕੋਈ ਆਵਦੀ ਸੱਜਰੀ ਰਚਨਾ ਵੀ ਪੇਸ਼ ਕਰੋ। ਸੁਖਬੀਰ ਜੀ ਹਰ ਪਰਚੇ ਨੂੰ ਚਿੱਠੀਆਂ ਲਿਖ-ਲਿਖ ਅਪਣੀ ਲਿਖਤ ਸਮਝਾਉਣ ਲੱਗੇ ਹੋਏ ਹਨ। ਮੁਆਫ਼ ਕਰਨਾ, ਮੈਂ ਸੰਗਰੂਰ ਵਾਲ਼ਾ ਧਰਮ ਸਿੰਘ ਗੁਲਾਟੀ ਨਹੀਂ, ਇਸ ਲਈ ਚਿੱਠੀ ਇਥੇ ਹੀ ਬੰਦ ਕਰਦਾ ਹਾਂ।
ਸਰਬਜੀਤ ਭੁੱਲਰ, ਟਰੋਂਟੋ
ਮਾਰਕਸਵਾਦ ਦੇ ਜਨਮ ਤੋਂ ਹੀ ਮਾਰਕਸਵਾਦ ਦੀ ਮੌਤ ਦਾ ਏਲਾਨ ਹੁੰਦਾ ਆਇਆ ਹੈ। ਅੱਜ ਵੀ ਪੰਜਾਬੀ ਦੇ ਸਾਹਿਤਕ ਪਰਚੇ ਵੀ ਮਾਰਕਸਵਾਦ ਦੀ ਭੰਡੀ ਕਰਨ ਚ ਪਿੱਛੇ ਨਹੀਂ ਹਨ। ਕੁਝ ਐਸੇ ਹਨ, ਜੋ ਅਪਣੇ-ਆਪ ਨੂੰ ਮਾਰਕਸਵਾਦੀ ਆਖਦਿਆਂ ਨਵ-ਮਾਰਕਸਵਾਦ, ਸੋਧਵਾਦ, ਸੁਧਾਰਵਾਦ, ਉੱਤਰ-ਆਧੁਨਿਕਵਾਦ ਦੀ ਖਿਚੜੀ ਰਿੰਨ੍ਹੀ ਜਾਂਦੇ ਹਨ ਅਤੇ ਸਾਹਿਤ ਵਿਚ ਲੋਕ-ਪੱਖ ਤੇ ਲੋਕ-ਦੁਸ਼ਮਣੀ ਦੀ ਨਿਖੇੜੇ ਦੀ ਲੀਕ ਧੁੰਦਲੀ ਕਰੀ ਜਾਂਦੇ ਹਨ।
ਸਤੀ ਕੁਮਾਰ ਦਾ ਲੇਖ (ਹੁਣ-3) ਕਾਰਲ ਮਾਰਕਸ ਅਤੇ ਭਸਮਾਸੁਰ ਬਿਲਕੁਲ ਸਤੱਹੀ ਲਿਖਤ ਹੈ। ਇਹਦੀ ਚਰਚਾ ਕਰਨੀ ਬਣਦੀ ਹੈ, ਕਿਉਂਕਿ ਸਤੀ ਕੁਮਾਰ ਵਰਗਿਆਂ ਦੇ ਐਸੇ ਗੰਧਲੇ ਵਿਚਾਰ ਸਾਡੇ ਸਮਾਜ ਦੇ ਅੱਛੇ-ਖਾਸੇ ਪਾਠਕਾਂ ‘ਤੇ ਅਸਰ ਕਰਦੇ ਹਨ।
ਬਿਨਾਂ ਸ਼ੱਕ ਮਾਰਕਸਵਾਦ ਦਾ ਇਹ ਦ੍ਰਿੜ੍ਹ ਮਤ ਹੈ ਕਿ ਕਿ ਸਮਾਜਵਾਦ ਕਾਇਮ ਕਰਨ ਲਈ ਬੁਰਯੁਆ ਸਟੇਟ ਮਸ਼ੀਨਰੀ ਨੂੰ ਚਕਨਾਚੂਰ ਕਰਨਾ ਜ਼ਰੂਰੀ ਹੈ। ਹਿੰਸਾ ਤੋਂ ਬਿਨਾਂ ਮਜ਼ਦੂਰ ਤਬਕਾ ਅਪਣੇ ਇਸ ਮਕਸਦ ਵਿਚ ਕਾਮਯਾਬ ਨਹੀਂ ਹੋ ਸਕਦਾ। ਇਸ ਮੱਤ ਪਿੱਛੇ ਪੂਰੇ ਇਤਿਹਾਸ ਖ਼ਾਸ ਕਰਕੇ ਪਿਛਲੇ ਦੋ ਸੌ ਸਾਲਾਂ ਦਾ ਤਜਰਬਾ ਹੈ। ਬੁਰਯਵਾ ਰਾਜ ਛੋਟੇ-ਮੋਟੇ ਹੱਕ ਮੰਗਦੀਆਂ ਮਜ਼ਦੂਰ ਲਹਿਰਾਂ ਨੂੰ ਲਹੂ ਦੀਆਂ ਨਦੀਆਂ ਚ ਡੁਬੋਂਦੇ ਰਹੇ ਹਨ। ਜਿਨ੍ਹਾਂ ਵੀ ਦੇਸਾਂ ਵਿਚ ਮਜ਼ਦੂਰਾਂ ਦੇ ਆਗੂਆਂ ਨੇ ਪਾਰਲੀਮੈਂਟਰੀ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਸਮਾਜਵਾਦ ਲਿਆਉਣ ਦਾ ਭੁਲੇਖਾ ਪਾiਲ਼ਆ; ਓਥੇ ਜਾਂ ਤਾਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੁਰਯੁਵਾ ਸਟੇਟ ਨੇ ਕੁਚਲ ਕੇ ਰਖ ਦਿੱਤਾ ਜਾਂ ਅੜਿੱਕੇ ਡਾਹ ਕੇ ਬੁਰਯਵਾ ਚੋਣਾਂ ਵਿਚ ਹਿੱਸਾ ਲੈਣੋਂ ਰੋਕਿਆ। ਇੰਡੋਨੇਸ਼ੀਆ ਅਤੇ ਚਿੱਲੀ ਦੀਆਂ ਮਿਸਾਲਾਂ ਉੱਘੜਵੀਆਂ ਹਨ।
ਮਾਰਕਸਵਾਦੀ ਹਿੰਸਾ ਦੇ ਉਪਾਸ਼ਕ ਨਹੀਂ। ਇਹ ਹਿੰਸਾ ਨੂੰ ਆਖ਼ਿਰੀ ਹੀਲਾ ਸਮਝਦੇ ਹਨ। ਲੇਨਿਨ ਨੇ ਕਿਹਾ ਸੀ ਕਿ ਮਜ਼ਦੂਰ ਤਬਕਾ ਪੁਰਅਮਨ ਤਰੀਕੇ ਨਾਲ਼ ਹਕੂਮਤ ਕਰਨੀ ਚਾਹੁੰਦਾ ਹੈ, ਪਰ ਬੁਰਯਵਾਜ਼ੀ ਇੰਜ ਹੋਣ ਨਹੀਂ ਦੇਣਾ ਚਾਹੁੰਦੀ। ਅਸਲ ਵਿਚ ਹਿੰਸਾ ਦੀ ਲੋੜ ਬੁਰਯਵਾਜ਼ੀ ਨੂੰ ਹੀ ਹੈ।
ਮਾਰਕਸਵਾਦੀਆਂ ਦੀ ਲੁਟੇਰੇ ਤਬਕਿਆਂ ਖ਼ਿਲਾਫ਼ ਹਿੰਸਾ ਤੋਂ ਸਤੀ ਕੁਮਾਰ ਜਿਹੇ ਬਹੁਤ ਖ਼ਫ਼ਾ ਹੁੰਦੇ ਹਨ, ਪਰ ਇਹ 1830 ਦੇ ਲੀਓਨ, ਅਤੇ 1848 ਤੇ 1871 ਦੇ ਪੈਰਿਸ ਨੂੰ ਭੁੱਲ ਜਾਂਦੇ ਹਨ। ਇਹ ਮਿਹਨਤਕਸ਼ ਲੋਕਾਂ, ਕਮਿਉਨਿਸਟਾਂ ਅਤੇ ਇਨ੍ਹਾਂ ਦੀ ਧਿਰ ਬਣੇ ਲੇਖਕਾਂ ਕਲਾਕਾਰਾਂ ਦਾ ਘਾਣ ਕਰਨ ਵਾਲ਼ੇ ਹਿਟਲਰ, ਮੁਸੋਲਿਨੀ, ਫ਼ਰੈਂਕੋ, ਸਾਲਾਜ਼ਾਰ, ਸੁਹਾਰਤੋ, ਪਿਨੋਸ਼ੇ ਅਤੇ ਕਸਿੰਜਰ ਵਰਗਿਆਂ ਦਾ ਨਾਂ ਤਕ ਨਹੀਂ ਲੈਂਦੇ।
ਸਤੀ ਕੁਮਾਰ ਨੇ ਧਨਾਢਾਂ, ਕੰਮਚੋਰ ਵਿਹਲੜਾਂ ਖ਼ਿਲਾਫ਼ ਹਿੰਸਾ ਵਰਤਣ ਬਾਰੇ ਲੇਨਿਨ ਦਾ ਹਵਾਲਾ ਵੀ ਦਿੱਤਾ ਹੈ। ਇਹ ਲੇਨਿਨ ਦੀਆਂ ਲਿਖਤਾਂ ਦੀ 16ਵੀਂ ਸੈਂਚੀ ਦੇ ਹਵਾਲੇ ਨਾਲ਼ ਦਸਦਾ ਹੈ ਕਿ ਲੇਨਿਨ ਦਾ ਇਹ ਲੇਖ ਉਹਦੀ ਮੌਤ ਦੇ ਚਾਰ ਸਾਲ ਬਾਅਦ ‘ਪਰਾਵਦਾ’ ਵਿਚ 1928 ਵਿਚ ਕਿਸ ਮਕਸਦ ਲਈ ਛਪਿਆ ਸੀ। ਲੇਨਿਨ ਦੀ ਇਹ ਸੈਂਚੀ ਅਪਣੇ ਕੋਲ਼ ਹੋਣ ਨਾ ਕਰਕੇ ਮੈਂ ਇਹਦੀ ਘੋਖ ਤਾਂ ਨਹੀਂ ਕਰ ਸਕਦਾ, ਪਰ ਸਤੀ ਕੁਮਾਰ ਦੀ ਝੂਠੇ ਹਵਾਲੇ ਦੇਣ ਦੀ ਉੱਘੜਵੀਂ ਮਿਸਾਲ ਮਾਰਕਸ ਦੇ ਕਿਸੇ ਖ਼ਤ ਦੀ ਹੈ। ਆਪ ਲਿਖਦੇ ਹਨ ਕਿ ਮਾਰਕਸਵਾਦ ਦੀ ਸਭ ਤੋਂ ਵੱਡੀ ਸਮੱਸਿਆ ਇਸ ਨਾਲ਼ ਜੁੜਿਆ ਰੂੜ੍ਹੀਵਾਦ ਹੈ। ਮਾਰਕਸਵਾਦ ਨੂੰ ਅੰਤਿਮ ਸੱਚ ਮੰਨਿਆ ਜਾਂਦਾ ਰਿਹਾ ਹੈ। ਇਹ ਨਾ ਸਵਾਲ ਝੱਲਦਾ ਹੈ ਅਤੇ ਨਾ ਹੀ ਸਵਾਲੀਆਂ ਨੂੰ। ਇਸ ਸਿਧਾਂਤ ਦੇ ਮੂਲ ਨਜ਼ੱਰੀਏ ਵਰਗ ਸੰਘਰਸ਼ ‘ਤੇ ਪ੍ਰਸ਼ਨ-ਚਿੰਨ੍ਹ ਲਾਉਣ ਦੀ ਮਨਾਹੀ ਸੀ। (ਕੁਗਲਮੈਨ ਨੂੰ ਮਾਰਕਸ ਦਾ 11।07।1868 ਦਾ ਖ਼ਤ)।
ਮੇਰੀ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਇਹ ਖ਼ਤ ਜ਼ਰੂਰ ਪੜ੍ਹਨ; ਇਸ ਵਿਚ ਐਸੀ ਮਨਾਹੀ ਦਾ ਕਿਤੇ ਕੋਈ ਜ਼ਿਕ੍ਰ ਨਹੀਂ ਹੈ। ਵਰਗ ਸੰਘਰਸ਼ ਇਸ ਖ਼ਤ ਦਾ ਤਾਂ ਵਿਸ਼ਾ ਹੀ ਨਹੀਂ ਹੈ। ਮਾਰਕਸ ਨੇ ਇਹ ਖ਼ਤ ਵਾਫ਼ਰ ਕਦਰ (ਸਰਪਲੱਸ ਵੈਲਿਯੂ) ਬਾਬਤ ਲਿਖਿਆ ਸੀ।
ਮਾਰਕਸਵਾਦ ਦਾ ਸੁਭਾਅ ਹੀ ਆਲੋਚਨਾਤਮਕ ਅਤੇ ਇਨਕਲਾਬੀ ਹੈ। ਹਰ ਗੱਲ ‘ਤੇ ਸ਼ੱਕ ਕਰੋ, ਵਜੂਦ ਚ ਆਈ ਹਰ ਗੱਲ ਦੀ ਬੇਕਿਰਕ ਆਲੋਚਨਾ ਮਾਰਕਸ ਦੇ ਮਨਪਸੰਦ ਮੌਟੋ (ਆਦਰਸ਼) ਸਨ। ਮਾਰਕਸ ਇਨ੍ਹਾਂ ਗੱਲਾਂ ਨੂੰ ਅਪਣੇ ‘ਤੇ ਵੀ ਲਾਗੂ ਕਰਦਾ ਸੀ। ਮਾਰਕਸ ਤੋਂ ਬਾਅਦ ਲੇਨਿਨ ਤੇ ਫਿਰ ਮਾਓ ਨੇ ਮਾਰਕਸਵਾਦ ਦਾ ਵਿਕਾਸ ਕੀਤਾ। ਇਸ ਵਿਕਾਸ ਵਿਚ ਨਿਖੇਧ ਦਾ ਤੱਤ ਵੀ ਹੈ। ਸਵੈ-ਸਿੱਧ ਹੈ ਕਿ ਜੇ ਮਾਰਕਸਵਾਦ ਦਾ ਅਗਾਂਹ ਵਿਕਾਸ ਹੋਇਆ ਹੈ; ਤਾਂ ਇਹਦੀਆਂ ਕੁਝ ਧਾਰਨਾਵਾਂ, ਜੋ ਬਦਲੇ ਹਾਲਾਤ ‘ਤੇ ਲਾਗੂ ਨਹੀਂ ਹੁੰਦੀਆਂ, ਉਨ੍ਹਾਂ ਦਾ ਵੀ ਨਿਖੇਧ ਹੋਇਆ ਹੈ। ਮਾਰਕਸਵਾਦ ਕੱਟੜਵਾਦ ਦਾ ਵੀ ਓਨਾ ਹੀ ਵੈਰੀ ਹੈ, ਜਿੰਨਾ ਸੋਧਵਾਦ ਦਾ। ਮਾਰਕਸਵਾਦੀਆਂ ਲਈ ਕੋਈ ਵੀ ਗੱਲ ਅੰਤਿਮ-ਸੱਚ ਨਹੀਂ ਹੈ। ਇਹ ਸਤੀ ਕੁਮਾਰ ਵਰਗਿਆਂ ਦੀ ਦਿਮਾਗ਼ੀ ਘਾੜਤ ਹੈ। ਇਹ ਸ਼ਾਇਦ ਮਾਓ ਦੇ ‘ਸੌ ਫੁੱਲ ਖਿੜਨ ਦਿਓ, ਸੌ ਵਿਚਾਰ ਭਿੜਨ ਦਿਓ’ ਦੇ ਨਾਅਰੇ ਨੂੰ ਭੁੱਲ ਗਏ ਹਨ। ਚੀਨ ਦੇ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ ਦੌਰਾਨ ਕਮਿਉਨਿਸਟ ਪਾਰਟੀ ਦੀ ਨੌਕਰਸ਼ਾਹੀ ਵਿਰੁਧ ਵੱਡੀ ਲਹਿਰ ਬਣ ਗਈ ਸੀ। ਇਤਿਹਾਸ ਵਿਚ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਹੁਕਮਰਾਨ ਪਾਰਟੀ ਨੇ ਅਪਣੀ ਪਾਰਟੀ ਦੀ ਸੱਤਾ ਵਿਰੁਧ ਹੀ ਲੋਕਾਂ ਨੂੰ ਉੱਠ ਖੜ੍ਹੇ ਹੋਣ ਦਾ ਸੱਦਾ ਦਿੱਤਾ। ਇਹੋ ਜਿਹੀ ਜਮਹੂਰੀਅਤ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਸੀ ਆਈ।
ਅੱਗੇ ਸਤੀ ਕੁਮਾਰ ਮਿਸਾਲਾਂ ਦੇ ਕੇ ਲਿਖਦਾ ਹੈ: ਮਾਰਕਸਵਾਦ ਮਨੁੱਖੀ ਆਜ਼ਾਦੀ ਦਾ ਰਾਹ ਦਰਸਾਉਂਦਾ ਹੈ, ਪਰ ਇਸ ਦੇ ਲੌਜੀਕਲ ਢਾਂਚੇ ਚ ਕਿਤੇ ਅਜੇਹਾ ਵਿਰੋਧਾਭਾਸ ਹੈ, ਜੋ ਕਿ ਇਸਦੇ ਅਪਣੇ ਮਕਸਦ ਤੋਂ ਉਲ਼ਟ ਜਾਂਦਾ ਹੈ।
ਮਾਓ ਦਾ ਮਸ਼ਹੂਰ ਕਥਨ ਹੈ: ਬਗ਼ਾਵਤ ਕਰਨਾ ਇਨਸਾਨ ਦਾ ਹੱਕ ਹੈ। ਜੇ ਬਗ਼ਾਵਤ ਕਰਨਾ ਹੱਕ ਹੈ, ਤਾਂ ਇਹ ਹੁਕਮ ਦੇਣ ਵਾਲ਼ੇ ਮਾਓ ਦੇ ਖ਼ਿਲਾਫ਼ ਬਗ਼ਾਵਤ ਕਰਨੀ ਵੀ ਹੱਕ-ਬਜਾਨਿਬ ਹੋਈ। ਪਰ ਜੇ ਮਾਓ ਦੇ ਖ਼ਿਲਾਫ਼ ਬਗ਼ਾਵਤ ਦਾ ਕਿਸੇ ਨੂੰ ਹੱਕ ਨਹੀਂ, ਤਾਂ ਇਹਦਾ ਮਤਲਬ ਇਹ ਹੋਇਆ ਕਿ ਬਗ਼ਾਵਤ ਦੇ ਹੱਕ ਵਾਲ਼ੀ ਗੱਲ ਹੀ ਝੂਠੀ ਹੈ।
ਉਪਰਲੀ ਮਿਸਾਲ ਮਾਰਕਸ ‘ਤੇ ਵੀ ਲਾਗੂ ਕੀਤੀ ਜਾ ਸਕਦੀ ਹੈ। ਇਹ ਕਹਿੰਦਾ ਹੈ ਕਿ ਉਸ ਹਾਲਤ ਨੂੰ ਮਿਟਾਉਣਾ ਜ਼ਰੂਰੀ ਹੈ, ਜੋ ਮਨੁੱਖ ਦੀ ਲੁੱਟ ਤੇ ਦਮਨ ਕਰਦੀ ਹੈ। ਇਸਦੇ ਇਹ ਅਰਥ ਨਿਕਲ਼ੇ ਕਿ ਜੇ ਮਾਰਕਸਵਾਦ ਆਪ ਮਨੁੱਖ ਦੀ ਲੁੱਟ ਤੇ ਦਮਨ ਕਰੇ, ਤਾਂ ਇਹਨੂੰ ਵੀ ਮਿਟਾਉਣਾ ਜ਼ਰੂਰੀ ਹੈ।
ਮਜ਼ਦੂਰ ਤਬਕਾ ਪੂੰਜੀਵਾਦ ਖ਼ਿਲਾਫ਼ ਬਗ਼ਾਵਤ ਜਦ ਹੁਕਮਰਾਨ ਬਣਦਾ ਹੈ, ਤਾਂ ਬੁਰਯਵਾਜ਼ੀ ਮੁੜ ਤਾਕਤ ਹਥਿਆਉਣ ਲਈ ਹਰ ਹਰਬਾ ਵਰਤਦੀ ਹੈ। ਇਸ ਲਈ ਬੁਰਯਵਾਜ਼ੀ ਦੀਆਂ ਐਸੀਆਂ ਹਰਕਤਾਂ ਨੂੰ ਬੇਰਹਿਮੀ ਨਾਲ਼ ਦਬਾਉਣਾ ਬਿਲਕੁਲ ਜਾਇਜ਼ ਹੈ। 1917 ਤੋਂ ਲੈ ਕੇ 1956 ਦਾ ਰੂਸ ਅਤੇ 1946 ਤੋਂ ਲੈ ਕੇ 1970 ਦੇ ਚੀਨ ਦਾ ਇਤਿਹਾਸ ਮਜ਼ਦੂਰ ਤਬਕੇ ਖ਼ਿਲਾਫ਼ ਬੁਰਯਵਾਜ਼ੀ ਦੀਆਂ ਬਗ਼ਾਵਤਾਂ ਨਾਲ਼ ਭਰਿਆ ਪਿਆ ਹੈ। ਸਤੀ ਕੁਮਾਰ ਨੂੰ ਚਾਹੀਦਾ ਹੈ ਕਿ ਇਤਿਹਾਸ ‘ਤੇ ਨਜ਼ਰ ਮਾਰੇ ਅਤੇ ਬਿਨਾਂ ਕਿਸੇ ਪ੍ਰਸੰਗ ਦੇ ਕੁਝ ਫ਼ਿਕਰੇ ਮਾਰਕਸ ਜਾਂ ਮਾਓ ਦੇ ਮੂੰਹ ਚ ਨਾ ਪਾਈ ਜਾਵੇ।
ਅੱਗੇ ਸਤੀ ਕੁਮਾਰ ਸਵੀਡਨ ਦੀ ਸੋਸ਼ਲ-ਡੈਮੋਕ੍ਰੇਸੀ ਦੀ ਗੱਲ ਕਰਦਿਆਂ ਕਹਿੰਦਾ ਹੈ ਕਿ ਓਥੇ ਲੋਕਾਂ ਦੀ ਆਜ਼ਾਦੀ ਖੋਹੇ ਬਿਨਾਂ ਕਲਾਸਲੈੱਸ ਸੁਸਾਇਟੀ ਉਸਰ ਗਈ ਹੈ। ਪਰ ਇਸਨੇ ਕੋਈ ਤੱਥ ਨਹੀਂ ਪੇਸ਼ ਕੀਤਾ ਕਿ ਸਵੀਡਨ ਕਲਾਸਲੈੱਸ ਸਮਾਜ ਕਿਵੇਂ ਹੈ? ਕੀ ਓਥੇ ਮਾਲਿਕ ਤੇ ਮਜ਼ਦੂਰ ਨਹੀਂ ਹਨ? ਲਗਦਾ ਹੈ ਕਿ ਸਤੀ ਕੁਮਾਰ ਨੂੰ ਵਰਗ/ਸ਼੍ਰੇਣੀ/ਤਬਕੇ ਦੀ ਵਿਆਖਿਆ ਦਾ ਨਹੀਂ ਪਤਾ।
ਦੂਜੀ ਜੰਗ ਪਿੱਛੋਂ ਪੱਛਮ ਯੂਰਪ ਤੇ ਅਮਰੀਕਾ ਨੇ ਕੀਨਜ਼ਵਾਦੀ ਮਾਡਲ ਦੀ ਵੈੱਲਫ਼ੇਅਰ ਸਟੇਟ ਬਣਾਈ। ਮਜ਼ਦੂਰ ਤਬਕੇ ਨੂੰ ਵੀ ਕਈ ਸੁੱਖ-ਸਹੂਲਤਾਂ ਮਿਲ਼ੀਆਂ। ਜੀਵਨ ਮਿਆਰ ਉੱਚਾ ਹੋਇਆ। ਅਸਲ ਵਿਚ ਇਹ ਵੀ ਮਜ਼ਦੂਰਾਂ ਦੇ ਸੰਘਰਸ਼ ਸਦਕੇ ਹੀ ਹੋਇਆ ਸੀ। ਇਹਨੇ ਕਈ ਕਮਅਕLਲ ਬੁੱਧੀਜੀਵਾਂ ਨੂੰ ਗੁਮਰਾਹ ਕੀਤਾ ਕਿ ਇਹ ਸਮਾਜਵਾਦ ਹੈ। ਹੁਣ ਦੇ ਦੌਰ ਵਿਚ ਇਹ ਵੈੱਲਫ਼ੇਅਰ ਸਟੇਟ ਵੀ ਟੁੱਟ ਰਹੀ ਹੈ। ਉੱਨੀਵੀਂ ਸਦੀ ਦੇ ਅਖ਼ੀਰ ਵਾਲ਼ਾ ਬਰਬਰ ਪੂੰਜੀਵਾਦ ਫਿਰ ਸਿਰ ਚੁੱਕ ਰਿਹਾ ਹੈ। ਸਤੀ ਕੁਮਾਰ ਨੇ ਇਹ ਬੇਥਵ੍ਹੀਆਂ ਅੱਜ ਤੋਂ ਵੀਹ-ਪੱਚੀ ਸਾਲ ਪਹਿਲਾਂ ਮਾਰੀਆਂ ਹੁੰਦੀਆਂ, ਤਾਂ ਸ਼ਾਇਦ ਕਿਸੇ ਨੂੰ ਭਰਮਾਅ ਲੈਂਦਾ।
ਸੁਖਵਿੰਦਰ, ਲੁਧਿਆਣਾ
ਲਗਦਾ ਹੈ ਕਿ ‘ਹੁਣ’ ਅੰਮ੍ਰਿਤਾ ਪ੍ਰੀਤਮ ਵਿਰੁੱਧ ਕੋਈ ਪੁਰਾਣੀ ਰੰਜਿਸ਼ ਕਢ ਰਿਹਾ ਹੈ। ਜੋ ਥੋਹੜੀ-ਬਹੁਤ ਕਸਰ ਸਤੀ ਕੁਮਾਰ ਨੇ ਛੱਡੀ ਸੀ, ਉਹ ਹੁਣ ਆਈ।ਏ।ਐੱਸ। ਪ੍ਰੀਤਮ ਸਿੰਘ ਨੇ ਸੁਰਜੀਤ ਸਿੰਘ ਸੇਠੀ ਦੇ ਲਿਖੇ ਖ਼ਤ ਨਾਲ਼ ਪੂਰੀ ਕਰ ਦਿੱਤੀ ਹੈ। ਇਸ ਵਿਚ ਜੋ ਤਸਵੀਰ ਦਿਸਦੀ ਹੈ, ਉਹ ਕਵਿਤਰੀ ਅੰਮ੍ਰਿਤਾ ਦੀ ਨਹੀਂ; ਸਗੋਂ ਹੁਸੀਨਾ ਅਭਿਨੇਤਰੀ ਦੀ ਹੈ, ਜਿਸਨੂੰ ਵੇਖ-ਵੇਖ ਪੰਜਾਬੀ ਸਾਹਿਤ ਦੇ ਮਹਾਰਥੀ ਸੁੰਨ ਹੁੰਦੇ ਰਹੇ ਗੁਰਬਖ਼ਸ਼ ਸਿੰਘ, ਕਰਤਾਰ ਸਿੰਘ ਦੁੱਗਲ਼, ਪ੍ਰੀਤਮ ਸਿੰਘ ਸਫ਼ੀਰ, ਖ਼ੁਸ਼ਵੰਤ ਸਿੰਘ, ਸੰਤੋਖ ਸਿੰਘ ਧੀਰ, ਸੁਰਜੀਤ ਸਿੰਘ ਸੇਠੀ ਅਤੇ ਖ਼ੁਦ ਲੇਖਕ ਆਈ।ਏ।ਐੱਸ। ਪ੍ਰੀਤਮ ਸਿੰਘ। ਅੰਗਰੇਜ਼ੀ ਲੇਖਕ ਡੀ ਐੱਚ ਲੌਰੈਂਸ ਨੇ ਕਿਹਾ ਸੀ: ਫ਼ੌਲੋ ਦ’ ਪੋਇਮ, ਨੌਟ ਦ’ ਪੋਇਟ, ਯਾਨੀ ਕਵਿਤਾ ਪੜ੍ਹੋ, ਕਵੀ ਨੂੰ ਨਹੀਂ। ਕ੍ਰਿਪਾ ਕਰਕੇ ਦੱਸਣਾ ਕਿ ਅੰਮ੍ਰਿਤਾਘਾਤ ਦੀ ਇਹ ਕਿਹੜੀ ਨਵੀਂ ਸਾਹਿਤ-ਸਿਨਫ਼ ਹੈ?
ਸੁਰਜੀਤ ਮਾਨ, ਸੰਗਰੂਰ
‘ਹੁਣ’ ਪੰਜਾਬੀ ਪੱਤਰਕਾਰੀ ਦਾ ਬੁਲੰਦ ਪਰਚਮ ਹੈ। ਸਿਰਮੌਰ ਸਾਹਿਤਕਾਰ ਗੁਰਦਿਆਲ ਸਿੰਘ ਨਾਲ਼ ਕੀਤੀਆਂ ਗੱਲਾਂ, ਤਸਵੀਰਾਂ ਸਮੇਤ, ਵੱਡੀ ਪ੍ਰਤਿਭਾ ਦੇ ਮੌਲਣ ਦਾ ਇਤਿਹਾਸ ਸਿਰਜਦੀਆਂ ਹਨ। ਗੁਰਬਚਨ ਸਿੰਘ ਭੁੱਲਰ ਨੇ ਸਾਹਿਤਕ ਚੋਰੀ ਦਾ ਵਿਸ਼ਾ ਨਿਭਾ ਕੇ ਸਾਹਿਤਕ ਸੰਖ (ਮਈ-ਜੂਨ 2005) ਅੰਕਾਂ ਵਾਂਗ ਇਸ ਵਿਸ਼ੇ ਦਾ ਇਕ ਹੋਰ ਵਿਸਤਾਰ ਸਿਰਜਿਆ ਹੈ, ਕਿਉਂਕਿ ਭੁੱਲਰ ਨੇ ਅਕਾਦਮਿਕ ਚੋਰੀ ਬਾਰੇ ਵੀ ਵਾਕਫ਼ੀਅਤ ਕਰਾਈ ਹੈ। ਪਰ ਜਿੱਥੋਂ ਤੱਕ ਨਾਟਕ ਲਿਖਣ ਵਾਲਿਆਂ ’ਤੇ ਸਾਹਿਤਕ ਚੋਰੀ ਦੀ ਥਿਉਰੀ ਥੋਪਣ ਦਾ ਤਾਅਲੁਕ ਹੈ; ਇਸ ਬਾਰੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਨਾਟਕ ਇੱਕੋ ਮਿਥਿਹਾਸਕ, ਇਤਿਹਾਸਕ, ਲੋਕਧਾਰਾਈ ਘਟਨਾਵਲੀ ਉੱਤੇ ਆਧਾਰਿਤ ਹੋ ਕੇ ਵਿਵਿਧ ਰੂਪਾਂ ’ਚ ਕਈ ਵਾਰ ਜਨਮ ਲੈ ਸਕਦਾ ਹੈ। ਸੰਤ ਸਿੰਘ ਸੇਖੋਂ ਬਾਰੇ ਰਮਨ ਦਾ ਲੇਖ ‘ਭਲੇ’ ਵਕਤਾਂ ਦੇ ਮਹਾਨ ‘ਭਲੇ’ ਵਿਦਵਾਨਾਂ ਅਤੇ ਸਾਹਿਤਕ ਥੰਮ੍ਹਾਂ ਦੀ ਯਾਦ ਨੂੰ ਚੇਤਿਆਂ ’ਚ ਤਾਜ਼ਾ ਕਰਾਉਣ ਲਈ ਕੀਤਾ ਭਲਾ ਕਰਮ ਹੈ। ਅਜਮੇਰ ਸਿੰਘ ਔਲਖ ਦਾ ਸੈਮੁਅਲ ਬੈਕਟ ਬਾਰੇ ਲੇਖ ਬੈਕਟ ਤੇ ਉਸ ਦੇ ਐਬਸਰਡਵਾਦ ਬਾਰੇ ਜਾਣਕਾਰੀ ਦੇਣ ਵਾਲ਼ਾ ਹੈ; ਸਿਵਾਇ ਇਕ ਗੱਲ ਦੇ ਕਿ ਉਹਦੀ ਲਿਖਤ ਦਾ ਪੰਜਾਬੀ ਸਾਹਿਤ ਉੱਤੇ ਕੋਈ ਬਹੁਤਾ ਗੰਭੀਰ ਤੇ ਡੂੰਘਾ ਪ੍ਰਭਾਵ ਦ੍ਰਿਸ਼ਟਮਾਨ ਨਹੀਂ। ਸੁਰਜੀਤ ਸਿੰਘ ਸੇਠੀ ਦਾ ਨਾਵਲ ਈਦਰਾ ਕਾਦੀਬਾਰਾ ਨਹੀਂ, ਸਗੋਂ ਉਨ੍ਹਾਂ ਦਾ ਨਾਵਲ ਕਿੰਗ ਮਿਰਜ਼ਾ ਤੇ ਸਪੇਰਾ ਬੈਕਟ ਦੇ ਵੇਟਿੰਗ ਫ਼ਾਰ ਗੋਦੋ ਤੋਂ ਪ੍ਰਭਾਵਿਤ ਰਚਨਾ ਹੈ। ਉਂਜ ਐਬਸਰਡਵਾਦ ਹੋਵੇ ਜਾਂ ਹੋਰ ਕੋਈ ਵਾਦ, ਉਸ ਦਾ ਪ੍ਰਭਾਵ ਨਾਟਕ ਅਤੇ ਰੰਗਮੰਚ ਲਈ ਤਦ ਹੀ ਕਾਰਗਰ ਹੈ; ਜੇ ਉਹ ਥੀਏਟਰ ਦੀ ਪੇਸ਼ਕਾਰੀ ਵਿਚ ਕੁਝ ਨਵਾਂ ਕਰਨ ਲਈ ਪ੍ਰੇਰੇ। ਇਸ ਪੱਖੋਂ ਐਬਸਰਡ ਥੀਏਟਰ ਨੇ ਅਪਣੀ ਇਕ ਦਹਾਕੇ ਦੀ ਥੋੜ੍ਹਚਿਰੀ ਹੋਂਦ ਦੇ ਬਾਵਜੂਦ ਪੰਜਾਬੀ ਹੀ ਨਹੀਂ, ਸਗੋਂ ਦੁਨੀਆ ਭਰ ਦੇ ਥੀਏਟਰ ਲਈ ਪੈੜਾਂ ਛੱਡੀਆਂ ਹਨ।
ਪਰ ਜਸਵੰਤ ਦੀਦ ਦਾ ਕਿਸਮਤ ਅਤੇ ਸਿਆਸਤ ਦੇ ਧਨੀ ਦੋ ਪਿਆਕੜ ਵਿਅਕਤੀਆਂ, ਹਰਨਾਮ ਅਤੇ ਤਾਰਾ ਸਿੰਘ ਬਾਰੇ ਲਿਖਿਆ ਅਨੁਭਵ ਦੀ ਤਾਜ਼ਗੀ ਨਹੀਂ ਦੇ ਸਕਿਆ।
ਕਮਲੇਸ਼ ਉੱਪਲ, ਪਟਿਆਲਾ
ਅਵਤਾਰ ਜੰਡਿਆਲਵੀ ਨੇ ਗੁਰਦਿਆਲ ਸਿੰਘ ਨਾਵਲਕਾਰ ਨਾਲ਼ ਬਹੁਤ ਵਿਸਥਾਰ ਨਾਲ਼ ਗੱਲਬਾਤ ਕੀਤੀ। ਪੜ੍ਹਨ ਵਾਲੇ ਬੰਦੇ ਨੂੰ ਉਹਦੀ ਜਵਾਨੀ ਤੋਂ ਲੈ ਕੇ ਹੁਣ ਤੀਕਰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਟੀਚਰ ਤੋਂ ਲੈ ਕੇ ਅਪਣੀ ਮਿਹਨਤ ਤੇ ਲਗਨ ਨਾਲ਼ ਨਿਵੇਕਲਾ ਸਥਾਨ ਬਣਾਇਆ। ਹਰੇਕ ਲੇਖਕ ਦੀ ਤਰ੍ਹਾਂ ਸਾਡੇ ਬੜੇ ਬਾਈ ਜੀ ਨੇ ਜ਼ਿੰਦਗੀ ਵਿਚ ਤੰਗੀਆਂ ਤੁਰਸ਼ੀਆਂ ਝੱਲੀਆਂ। ਭਾਸ਼ਾ ਵਿਭਾਗ ਦੇ ਇਨਾਮਾਂ ਤੋਂ ਲੈ ਕੇ ਗਿਆਨਪੀਠ ਇਨਾਮ ਪ੍ਰਾਪਤ ਕਰਨ ਵਿਚ ਗੁਰਦਿਆਲ ਸਿੰਘ ਦੀ ਜੀਵਨ ਸਾਥਣ ਬਲਵੰਤ ਕੌਰ ਦਾ ਬਹੁਤ ਵੱਡਾ ਹੱਥ ਹੈ।
ਹਕੀਕਤਾਂ ਵਿਚ ਦੋ ਖ਼ਤਾਂ ਦੇ ਆਰ ਪਾਰ ਪੜ੍ਹਕੇ ਆਮ ਬੰਦੇ ਦੇ ਮਨ ਵਿਚ ਜਿੰਨਾ ਅੰਮ੍ਰਿਤਾ ਪ੍ਰੀਤਮ ਬਾਰੇ ਸਤਿਕਾਰ ਸੀ ਤੇ ਉਹ ਸਾਰੀ ਇੱਜ਼ਤ ਮਨ ਵਿਚੋਂ ਖ਼ਤਮ ਹੋ ਗਈ। ਜਿਹੜਾ ਇਨਸਾਨ ਤਾਰੀਫ਼ ਸੁਣਨ ਦਾ ਆਦੀ ਹੋ ਜਾਵੇ, ਉਹ ਆਲੋਚਨਾ ਬਰਦਾਸ਼ਤ ਨਹੀਂ ਕਰ ਸਕਦਾ। ਹਰਦਿਆਲ ਸਿੰਘ ਪੂਨੀ ਨੇ ਪਾਸ਼ ਦੀਆਂ ਅੱਲ ਵਲੱਲੀਆਂ ਰਾਹੀਂ ਪਾਸ਼ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਾ ਦਿੱਤੀਆਂ। ਮੁੰਡਾ ਭੋਲ਼ਾ-ਭਾਲ਼ਾ ਲੱਗਦਾ ਸੀ, ਉਸਦੇ ਮਾਸੂਮ ਚਿਹਰੇ ਨੂੰ ਤੱਕ ਬੰਦਾ ਵੱਡੀਆਂ ਤੋਂ ਵੱਡੀਆਂ ਗ਼ਲਤੀਆਂ ਮਾਫ਼ ਕਰ ਦਿੰਦਾ ਸੀ।
ਰਾਮ ਸਰੂਪ ਅਣਖੀ ਜੰਮੀ-ਅਣਜੰਮੀ ਜ਼ਿੰਦਗੀ ਦੀ ਦੁਖਦਾਈ ਯਾਦ ਸੀ। ਕਮਲਪ੍ਰੀਤ ਕੌਰ ਦੁਸਾਂਝ ਨੇ ਆਪਣੇ ਨਿਜ ਦੀ ਪੀੜਾ ਦਾ ਜ਼ਿਕਰ ਕੀਤਾ ਹੈ। ਦੁੱਖ ਵਿਚ ਪਤਾ ਲੱਗਦਾ ਹੈ ਕਿ ਕੌਣ ਅਪਣਾ ਤੇ ਕੌਣ ਬੇਗਾਨਾ ਹੈ। ਇਹ ਵੀ ਜ਼ਿੰਦਗੀ ਦਾ ਇਮਤਿਹਾਨ ਹੈ। ਫਿਰ ਵੀ ਕੋਈ ਨਾ ਕੋਈ ਫਰਿਸ਼ਤਾ ਮਦਦ ਲਈ ਪਹੁੰਚ ਹੀ ਜਾਂਦਾ ਹੈ।
ਸੰਤੋਖ ਸਿੰਘ ਧੀਰ, ਗੁਲਜ਼ਾਰ ਸਿੰਘ ਸੰਧੂ ਤੇ ਵਿਰਦੀ ਦੀਆਂ ਕਹਾਣੀਆਂ ਮਨ ਨੂੰ ਟੁੰਬਦੀਆਂ ਨੇ। ਤਿੰਨੇ ਕਲਮਕਾਰਾਂ ਨੂੰ ਉਹਨਾਂ ਦੀ ਰਚਨਾ ਲਈ ਮੁਬਾਰਕਬਾਦ।
ਹੁਣ-2 ਵਿਚ ਨਵਤੇਜ ਸਿੰਘ ਭਾਰਤੀ ਨੇ ਕਵੀਸ਼ਰ ਮੋਹਣ ਸਿੰਘ ਰੋਡੇ ਨਾਲ਼ ਵਧੀਆ ਜਾਣ ਪਹਿਚਾਣ ਕਰਵਾਈ ਹੈ। ਮਨਿੰਦਰ ਸਿੰਘ ਕਾਂਗ ਦੀ ਕਹਾਣੀ ਦੋ ਤਲਵਾਰਾਂ ਮਨ ’ਤੇ ਗਹਿਰਾ ਅਸਰ ਛੱਡ ਗਈ।
‘ਹੁਣ’ ਦਾ ਪਹਿਲਾ ਅੰਕ ਮਿਲਿਆ ਨਹੀਂ। ਇਹਨੇ ਮੈਨੂੰ ਤੀਹ ਸਾਲ ਪਹਿਲਾਂ ਬੰਬਈ ਤੋਂ ਨਿਕਲਦੇ ਚੇਤਨਾ ਪਰਚੇ ਦੀ ਯਾਦ ਤਾਜ਼ਾ ਕਰਾ ਦਿੱਤੀ। ‘ਹੁਣ’ ਨੇ ਦੱਸਿਆ ਹੈ ਕਿ ਲੀਕ ਤੋਂ ਹਟ ਕੇ ਪਾਠਕਾਂ ਨੂੰ ਮਿਲੋ ਪਾਠਕ ਪੈਸੇ ਖ਼ਰਚ ਕੇ ਵੀ ਪੜ੍ਹਦਾ ਹੈ। ਮੈਂ ‘ਹੁਣ’ ਲਈ ਅਵਤਾਰ ਤੇ ਸੁਸ਼ੀਲ ਦੁਸਾਂਝ ਦੀ ਮਿਹਨਤ ਦੀ ਦਾਦ ਦਿੰਦਾ ਹਾਂ।
ਹਰਚੰਦ ਗਿੱਲ ਮਿਆਣੀ, ਮਾਛੀਵਾੜਾ
ਤੁਹਾਡੇ ਸੰਪਾਦਕੀ ਵਿਚਾਰ ਜੀਵਨ ਨੂੰ ਉੱਦਮ ਤੇ ਉਤਸ਼ਾਹ ਬਖਸ਼ਣ ਵਾਲੇ ਹਨ। ਤੁਸੀਂ ਪੰਜਾਬੀ ਸਾਹਿਤ ਵਿਚ ਆਏ ਨਿਘਾਰ ਬਾਰੇ ਚਾਨਣਾ ਪਾਇਆ ਹੈ। ਇਹ ਸੱਚ ਹੈ ਕਿ ਸਾਹਿਤ ਦੇ ਖੇਤਰ ਵਿਚ ਹੀ ਨਹੀਂ, ਸਗੋਂ ਸਮਾਜ ਦੇ ਹਰ ਖੇਤਰ ਵਿਚ ਇਹ ਨਿਘਾਰ ਆ ਚੁੱਕਾ ਹੈ। ਸੱਚਮੁੱਚ ਵਾਵਰੋਲਿਆਂ ਦੀ ਚੜ੍ਹਤ ਦੇ ਇਸ ਦੌਰ ਵਿਚ ਰੁਮਕਦੀਆਂ ਪੌਣਾਂ ਦੀ ਉਡੀਕ ਹੈ। ਅਵਤਾਰ ਜੰਡਿਆਲਵੀ ਦੀਆਂ ਗੁਰਦਿਆਲ ਸਿੰਘ ਨਾਲ਼ ਗੱਲਾਂ ਪੜ੍ਹਕੇ ਮਨ ਨੂੰ ਸਕੂਨ ਮਿਲਦਾ ਹੈ।
ਨਿਰਮਲ ਸਿੰਘ ਲਾਲੀ, ਯੂ ਐੱਸ ਏ
ਹੁਣ-3 ਵਿਚ ਗੁਰਦਿਆਲ ਸਿੰਘ ਨਾਲ਼ ਵਿਸਤਾਰ ਨਾਲ਼ ਗੱਲਾਂ ਹੋਈਆਂ ਹਨ। ‘ਹੁਣ’ ਵਿਚ ਵਿਸ਼ਵ ਪੱਧਰ ਦਾ ਉੱਤਮ ਸਾਹਿਤ ਛਪਣ ਦੇ ਉਪਰਾਲੇ ਜਾਰੀ ਰੱਖਣੇ ਚਾਹੀਦੇ ਹਨ। ਸਾਡੀ ਮਾਨਸਿਕ ਸੋਚ ਬਦਲਣੀ ਬਹੁਤ ਹੀ ਜ਼ਰੂਰੀ ਹੈ। ਅਸੀਂ ਘੁੰਮਣਘੇਰੀ ਵਿਚ ਹੀ ਫਸੇ ਹੋਏ ਹਾਂ। ਸਾਡੇ ਸਿਆਸਤਦਾਨ ਸਾਨੂੰ ਪੁਰਾਣੇ ਢਾਂਚੇ ਵਿਚ ਹੀ ਫਿੱਟ ਰੱਖਣਾ ਚਾਹੁੰਦੇ ਹਨ। ਸਮਾਂ ਤਬਦੀਲੀ ਦੀ ਮੰਗ ਕਰਦਾ ਹੈ। ਚੰਗੇ ਸਾਹਿਤ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਸੁਚੇਤ ਕਰੇ। ਮਾਨਸਿਕ ਤੌਰ ’ਤੇ ਸੁਚੇਤ ਹੋਣਾ, ਲੋਕਾਂ ਲਈ, ਸਮਾਜ ਲਈ ਅਤੇ ਕੌਮ ਲਈ ਲਾਹੇਵੰਦ ਹੈ।
ਦਰਸ਼ਨ ਸਿੰਘ ਰਾਹੀ, ਮੁਕਤਸਰ
ਹੁਣ-2 ਅਤੇ 3 ਲੈ ਕੇ ਪੜ੍ਹੇ ਹਨ। ਐੱਸ ਸਵਰਨ ਦੀ ਚੇਤਨਾ ਦੀ ਯਾਦ ਆ ਗਈ, ਜੋ ਉਸ ਵੇਲੇ ਦਾ ਅਭੁੱਲ ਪਰਚਾ ਸੀ। ਏਸੇ ਤਰ੍ਹਾਂ ‘ਹੁਣ’ ਪਰਚਾ ਦੇਖਣ ’ਚ ਆਇਆ ਹੈ। ਸ਼ਲਾਘਾਯੋਗ ਨਵਾਂ ਤੇ ਨਵੇਕਲਾ ਕਦਮ ਹੈ। ਸਤੀ ਕੁਮਾਰ ਦੀਆਂ ਬੇਬਾਕ ਤੇ ਕਮਾਲ ਦੀਆਂ ਸੱਚੀਆਂ ਤੇ ਖਰੀਆਂ-ਖਰੀਆਂ ਗੱਲਾਂ ਹਨ। ਤਿੰਨੋ ਕਹਾਣੀਆਂ ਵਧੀਆ ਹਨ। ਪਰ ਗੁਰਦਿਆਲ ਸਿੰਘ ਦੀ ਕਹਾਣੀ ਕਾਫ਼ੀ ਦੇਰ ਬਾਅਦ ਆਈ ਹੈ। ਪ੍ਰੀਤਮ ਸਿੰਘ ਦੀ ਅਨੋਖੀ ਸ਼ਨਾਖ਼ਤੀ ਪਰੇਡ ਪੜ੍ਹ ਕੇ ਰਾਮ ਸਰਨ ਦਾਸ ਨਾਲ਼ ਹਮਦਰਦੀ ਤੇ ਉਸ ਵੇਲੇ ਦੇ ਹਾਕਮਾਂ ’ਤੇ ਗ਼ੁੱਸਾ ਆਇਆ ਹੈ। ਦਲੀਪ ਕੌਰ ਟਿਵਾਣਾ ਦਾ ਨਵਾਂ ਨਾਵਲ ਕਾਂਡ ਦਿਲਚਸਪ ਲੱਗਾ। ਅਮਰਜੀਤ ਚੰਦਨ ਦੀ ਕਵਿਤਾ ਦੀ ਕੋਈ ਰੀਸ ਨਹੀਂ। ਮਨਿੰਦਰ ਕਾਂਗ ਦਾ ਨਾਵੇਲਾ ਦੋ ਤਲਵਾਰਾਂ ਬੱਧੀਆਂ ਠੀਕ-ਠਾਕ ਹੈ। ਪਰ ਹੁਣ-3 ਵਿਚ ਜੋ ਉਦੈ ਪ੍ਰਕਾਸ਼ ਦੀ ਲੰਮੀ ਕਹਾਣੀ ਮੋਹਨ ਦਾਸ ਨੇ ਝੰਜੋੜਿਆ ਹੈ, ਹੋਰ ਕਿਸੇ ਨੇ ਨਹੀਂ। ਲੁੱਟ-ਖਸੁੱਟ, ਧੋਖਾ, ਸੀਨਾ-ਜ਼ੋਰੀ ਕਾਰਨ ਮਨੁੱਖ ਦੀ ਪਛਾਣ ਹੀ ਮਿਟਦੀ ਜਾ ਰਹੀ ਹੈ। ਰਾਬਿੰਦਰ ਬਾਠ ਨੇ ਅਣਥੱਕ ਮਿਹਨਤ ਕਰਕੇ ਪਹਿਲਾਂ ਤਾਂ ਅਜਿਹੀ ਕਹਾਣੀ ਲੱਭੀ, ਫਿਰ ਮੁਸ਼ਕਲ ਕੰਮ ਅਨੁਵਾਦ ਕਰਕੇ ਪੰਜਾਬੀ ’ਚ ਲਿਆਂਦੀ ਹੈ। ਜਸਵੰਤ ਦੀਦ ਨੇ ਹਰਨਾਮ ਤੇ ਤਾਰਾ ਸਿੰਘ ਬਾਰੇ ਵਧੀਆ ਲਿਖਿਆ ਹੈ। ਗੁਰਬਚਨ ਭੁੱਲਰ ਨੇ ਸਾਹਿਤਕ ਚੋਰੀ ਦੇ ਕਾਫ਼ੀ ਪਾਜ ਉਧੇੜੇ ਹਨ। ਰਾਮ ਸਰੂਪ ਅਣਖੀ ਦਾ ਜੰਮੀ ਅਣਜੰਮੀ ਪੜ੍ਹਕੇ ਉਸ ਨਾਲ਼ ਹਮਦਰਦੀ ਹੋਈ ਹੈ ਤੇ ਦੁੱਖ ਵੀ। ਗੁਰਦਿਆਲ ਅਤੇ ਪ੍ਰੀਤਮ ਸਿੰਘ ਦੇ ਖ਼ਤ ਪੜ੍ਹਕੇ ਵਾਕਫ਼ੀਅਤ ਵਿਚ ਵਾਧਾ ਹੋਇਆ ਹੈ। ਉਹਨਾਂ ਨੇ ਨਿਰਸੰਕੋਚ ਮਾਅਰਕੇ ਦੀਆਂ ਗੱਲਾਂ ਕਹੀਆਂ ਹਨ। ਸੋ ਹੁਣ ਤੋਂ ਬਹੁਤ ਸਾਰਾ ਮੈਟਰ ਇਕ ਥਾਂ ਹੀ ਪੜ੍ਹਨ ਲਈ ਮਿਲ਼ਦਾ ਹੈ, ਵਧੀਆ ਗੱਲ ਹੈ।
ਮੁਖਤਿਆਰ ਸਿੰਘ, ਖੰਨਾ
ਹੁਣ-3 ਦੀ ਸੰਪਾਦਕੀ ’ਚ ਤੁਸੀਂ ਸ਼ਬਦ ਦੇ ਆਸਰੇ ਦੀ ਗੱਲ ਕੀਤੀ ਹੈ। ਅੱਜ ਦਾ ਪੰਜਾਬੀ ਸਾਹਿਤ ਸੁਰ-ਸੰਗੀਤ ਘੱਟ ਅਤੇ ਅ-ਸੁਰ-ਅ-ਸੰਗੀਤ ਜ਼ਿਆਦਾ ਪੈਦਾ ਕਰ ਰਿਹਾ ਹੈ। ਲੱਗਦਾ ਹੈ ਕਿ ਸਾਹਿਤ ਦੇ ਮਾਫ਼ੀਏ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਹ,ੈ ਜਿਹਨੂੰ ਜ਼ਿਆਦਾਤਰ ਸੱਚ ਨੂੰ ਲੁਕਾਉਣ ਅਤੇ ਝੂਠ ਦੇ ਪਰਚਾਰ ਲਈ ਵਰਤਿਆ ਜਾਂਦਾ ਹੈ। ਡੇਰਾਵਾਦੀ, ਠੇਕੇਦਾਰੀ ਸਿਸਟਮ ਦੇ ਲੇਖਕ/ਆਲੋਚਕ ਆਪਣੇ ਦਾਇਰੇ ਦੇ ਲੇਖਕਾਂ ਨੂੰ ਤਾਂ ਚੁੱਕਦੇ ਹੀ ਹਨ; ਨਾਲ਼ ਹੀ ਜੇ ਉਹਨਾਂ ਦੇ ਦਾਇਰੇ ਦੇ ਬਾਹਰ ਖੜ੍ਹਾ ਲੇਖਕ ਜ਼ਰਾ ਉੱਪਰ ਉੱਠ ਖੜ੍ਹਾ ਹੋਵੇ, ਤਾਂ ਉਹਨਾਂ ਲਈ ਅਸਹਿ ਹੋ ਜਾਂਦਾ ਹੈ। ਗੁਰਦਿਆਲ ਸਿੰਘ ਨੇ ਵੀ ਆਪਣੇ ਇੰਟਰਵਿਊ ’ਚ ਕਿਹਾ ਹੈ ਕਿ ‘ਸਾਡੀ ਮਹਾਨ ਸੰਸਕ੍ਰਿਤੀ’ ਦੇ ਦਮਗੱਜੇ ਮਾਰਨ ਵਾਲੇ ਲੋਕ ਵੀ ਅੰਦਰੋਂ ਕਿੰਨੇ ਥੋਥੇ ਹਨ ਕਿ ਕਿਸੇ ਬੰਦੇ ਦਾ ਦੋ ਕਦਮ ਅਗਾਂਹ ਲੰਘਣਾ ਵੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਇਸੇ ਸੰਦਰਭ ’ਚ ਗੁਰਦਿਆਲ ਸਿੰਘ ਕਹਿੰਦਾ ਹੈ ਕਿ ‘ਸਭ ਤੋਂ ਵੱਧ ਸਾਹਿਤ ਲੱਚਰ ਦ੍ਰਿਸ਼ਾਂ ਵਾਲਾ ਵਿਕਦਾ ਹੈ।’ ਸਾਡੇ ਪੰਜਾਬੀਆਂ ਦੀ ਮਾਨਸਿਕਤਾ ਉੱਤੇ ਸਰਮਾਏਦਾਰੀ ਸਿਸਟਮ ਦਾ ਸਭ ਤੋਂ ਵੱਧ ਅਸਰ ਹੋਇਆ। ਲੱਗਦਾ ਹੈ ਕਿ ਜਿਸ ਕਾਰਣ ਆਮ ਤੋਂ ਲੈ ਕੇ ਖ਼ਾਸ ਬੰਦੇ ਤੱਕ, ਗ਼ਰੀਬ ਤੋਂ ਅਮੀਰ ਤੱਕ, ਅਨਪੜ੍ਹ ਤੋਂ ਬਹੁਤ ਪੜ੍ਹੇ ਲਿਖੇ ਤੱਕ ਇੰਨੇ ਪਦਾਰਥਵਾਦੀ ਹੁੰਦੇ ਜਾ ਰਹੇ ਹਨ ਕਿ ਉਨ੍ਹਾਂ ਨੂੰ ਅਪਣੇ ਜੀਵਨ ਅਤੇ ਸਾਹਿਤ ਵਿਚ ਪੈਸਾ, ਔਰਤ ਅਤੇ ਸ਼ਰਾਬ ਦੇ ਇਲਾਵਾ ਹੋਰ ਕੁਝ ਸੁਝਦਾ ਹੀ ਨਹੀਂ।
ਦੋ ਖ਼ਤਾਂ ਦੇ ਆਰ ਪਾਰ ਸਿਰਲੇਖ ਹੇਠਾਂ ਸੁਰਜੀਤ ਸਿੰਘ ਸੇਠੀ ਦੇ ਅੰਮ੍ਰਿਤਾ ਪ੍ਰੀਤਮ ਨੂੰ ਲਿਖੇ ਖ਼ਤ ’ਚ ਪਹਿਲੀ ਵਾਰੀ ਪੜ੍ਹਨ ’ਚ ਕੁਝ ਐਸਾ ਨਹੀਂ ਲੱਗਦਾ, ਜਿਹਨੂੰ ਇਤਰਾਜ਼ਜਨਕ ਕਿਹਾ ਜਾ ਸਕੇ। ਪਰ ਦੁਬਾਰਾ ਧਿਆਨ ਨਾਲ਼ ਪੜ੍ਹਨ ਅਤੇ ਅਪਣੇ ਆਪ ਨੂੰ ਅੰਮ੍ਰਿਤਾ ਪ੍ਰੀਤਮ ਦੀ ਥਾਵੇਂ ਰੱਖਦਿਆਂ ਕੁਝ ਕੁ ਫ਼ਿਕਰੇ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੂੰ ਲੁਕੀ ਹੋਈ ਟਿੱਚਰਬਾਜ਼ੀ ਜਾਂ ਘਟੀਆ ਮਜ਼ਾਕ ਕਿਹਾ ਜਾ ਸਕਦਾ ਹੈ। ਇਸ ਦੇ ਇਲਾਵਾ ਮੈਨੂੰ ਇਸ ਖ਼ਤ ਦੇ ਲਿਖੇ ਜਾਣ ਦਾ ਮਕਸਦ ਹੀ ਸਮਝ ਨਹੀਂ ਆਇਆ। ਕੋਈ ਖ਼ਾਸ ਸੂਝ ਵਾਲ਼ੀ ਗੱਲ ਇਸ ਵਿਚ ਨਹੀਂ ਦਿਸੀ। ਸੇਠੀ ਆਪ ਡੂੰਘਾ ਬੰਦਾ ਨਹੀਂ ਸੀ।
ਤੇਜਵੰਤ ਸਿੰਘ ਗਿੱਲ ਦਾ ਅੰਮ੍ਰਿਤਾ ਸ਼ੇਰਗਿੱਲ ਬਾਰੇ ਲੇਖ ਬਹੁਤ ਜਾਣਕਾਰੀ ਭਰਪੂਰ ਹੋਣ ਦੇ ਨਾਲ਼-ਨਾਲ਼ ਉੱਚ-ਪੱਧਰ ਦੀ ਵਾਰਤਕ ਵੀ ਹੈ। ਸੁਭਾਸ਼ ਪਰਿਹਾਰ ਦੀਆਂ ਤਸਵੀਰਾਂ ਉਸ ਦੀ ਕਲਾਤਮਕ ਅੱਖ ਦਾ ਪ੍ਰਮਾਣ ਹਨ।
ਸਤੀ ਕੁਮਾਰ ਸੁਲਝਿਆ ਹੋਇਆ ਬੁੱਧੀਜੀਵੀ ਹੈ। ਇਹਨੇ ਕਈ ਬੁੱਧੀਜੀਵੀਆਂ ਦੇ ਹਵਾਲੇ ਦੇ ਕੇ ਅਪਣੀ ਸੁਲਝੀ ਹੋਈ ਵਿਸ਼ਲੇਸ਼ਣ ਸ਼ਕਤੀ ਨਾਲ਼ ਮਾਰਕਸਵਾਦ ਅਤੇ ਪੂੰਜੀਵਾਦ ਬਾਰੇ ਬਹੁਤ ਕੁਝ ਸਾਫ਼ ਕੀਤਾ ਹੈ। ਆਪਣੇ ‘ਵਾਦ’, ਆਦਰਸ਼ਾਂ ਜਾਂ ਧਾਰਣਾਵਾਂ ਨੂੰ ਸਰਵਸ਼੍ਰੇਸਠ ਸਮਝਣਾ ਇਸੇ ਤਰ੍ਹਾਂ ਹੈ, ਜਿਵੇਂ ਪੂੰਜੀਵਾਦੀ ਡੈਮਰੋਕਰੇਸੀ ਨੂੰ ਉਸਾਮਾ ਬਿਨ-ਲਾਦੇਨ ਅਪਣੇ ਇਸਲਾਮ ਨੂੰ, ਬ੍ਰਾਹਮਣ ਅਪਣੇ ਪੁਰਾਣ ਅਤੇ ਜ਼ਾਤ-ਪਾਤ ਦੇ ਵਹਿਮਾਂ ਨੂੰ ਸਰਵਸ੍ਰੇਸ਼ਠ ਸਮਝਦਾ ਹੈ। ਅਸਲੀਅਤ ਇਹ ਹੈ ਕਿ ਕੁਝ ਬਹੁਤ ਚਲਾਕ ਲੋਕ ਅਪਣੇ ਸ਼ਬਦਾਂ ਰਾਹੀਂ ਆਮ-ਖ਼ਾਸ ਲੋਕਾਂ ਉੱਤੇ ਇਸ ਤਰ੍ਹਾਂ ਦਾ ਪ੍ਰਭਾਵ ਪਾਉਣ ’ਚ ਸਫਲ ਹੋ ਜਾਂਦੇ ਹਨ ਕਿ ਉਨ੍ਹਾਂ ’ਚ ਹੋਰ ਕੁਝ ਸੋਚਣ ਜਾਂ ਵਿਸ਼ਲੇਸ਼ਣ ਕਰਨ ਦੀ ਸ਼ਕਤੀ ਰਹਿੰਦੀ ਹੀ ਨਹੀਂ। ਕਿਸੇ ਵਿਚਾਰਕ ਨੇ ਕਿਹਾ ਹੈ ਕਿ ਸੱਚ ਉਹ ਹੈ ਜਿਸ ਨੂੰ ਬਹੁਤ ਲੋਕ ਸੱਚ ਕਰਕੇ ਮੰਨ ਲੈਣ। ਪਰ ‘ਸੱਚ’ ਨਾਲ਼ ਉਸ ਦਾ ਕੋਈ ਵਾਸਤਾ ਨਹੀਂ ਹੁੰਦਾ।
ਗੁਰਬਚਨ ਸਿੰਘ ਭੁੱਲਰ ਦਾ ‘ਜਾਣੇ ਅਣਜਾਣੇ ਕਲਾ ਚੋਰ’ ਰੌਚਿਕ ਲੇਖ ਵੀ ਹੈ। ਵਿਸ਼ਵਵਿਦਿਆਲੇ, ਪ੍ਰੋਫ਼ੈਸਰ, ਸਾਹਿਤ ਦੇ ਡਾਕਟਰ ਕਿਸੇ ਕੌਮ ਦੀ ਸਿਆਣਪ ਅਤੇ ਗਿਆਨ ਦੇ ਪ੍ਰਤੀਨਿਧੀ ਸਮਝੇ ਜਾਂਦੇ ਹਨ। ਕੁਝ ਮਹੀਨੇ ਪਹਿਲਾਂ ਨਵਾਂ ਜ਼ਮਾਨਾ ’ਚ ਸਾਹਿਤਕ-ਅਕਾਦਮਿਕ ਖੇਤਰ ’ਚ ਹੋ ਰਹੀਆਂ ਘਪਲੇਬਾਜ਼ੀਆਂ ਦਾ ਪਰਦਾਫ਼ਾਸ਼ ਹੋਣ ’ਤੇ ਵੀ ਉਸ ਹਲਕੇ ’ਚ ਭੁਚਾਲ ਤਾਂ ਕੀ ਆਉਣਾ, ਜੂੰ ਤੱਕ ਨਹੀਂ ਸਰਕੀ। ਇਸ ਦਾ ਕਾਰਣ ਇਹ ਨਹੀਂ ਕਿ ਸਿਰਫ਼ ਇਨ੍ਹਾਂ ਲੋਕਾਂ ਦੀ ਮਾਨਸਿਕਤਾ ’ਚ ਨਿਘਾਰ ਆ ਗਿਆ ਹੋਇਆ ਹੈ, ਬਲਕਿ ਅਸਲੀਅਤ ਇਹ ਹੈ ਕਿ ਪੰਜਾਬ ਦੇ ਸਰਕਾਰੀ ਅਦਾਰਿਆਂ, ਸਿਆਸਤਦਾਨਾਂ ਤੋਂ ਲੈ ਕੇ ਪਟਵਾਰੀਆਂ, ਲੇਖਕਾਂ, ਦੁਕਾਨਦਾਰਾਂ, ਕਲਰਕਾਂ, ਅਫ਼ਸਰਾਂ, ਗੱਲ ਕੀ ਹਰ ਪਾਸੇ, ਹਰ ਕਿਸੇ ਦੀ ਮਾਨਸਿਕਤਾ, ਇਸ ਤਰ੍ਹਾਂ ਧਰਾਤਲ ਵੱਲ ਜਾ ਰਹੀ ਹੈ ਕਿ ਡਰ ਲੱਗਣ ਲੱਗਦਾ ਹੈ ਕਿ ਇਸ ਦਾ ਅੰਤ ਕਿੱਥੇ ਜਾ ਕੇ ਹੋਵੇਗਾ?
ਭਾਇਰੱਪਾ ਦੇ ਪਰਵ ਅਤੇ ਸ਼ੈਕਸਪੀਅਰ ਆਦਿ ਦੇ ਹਵਾਲੇ ਦੇ ਕੇ ਭੁੱਲਰ ਨੇ ਇਹ ਵੀ ਸਾਫ਼ ਕਰਨ ਦਾ ਯਤਨ ਕੀਤਾ ਹੈ ਕਿ ਕਿਸੇ ਲਿਖਤ ਤੋਂ ਪਰੇਰਣਾ ਲੈ ਕੇ, ਕਿਸੇ ਨਵੇਂ-ਸਜਰੇ ਦ੍ਰਿਸ਼ਟੀਕੋਣ ਤੋਂ ਅਤੇ ਨਵੀਂ ਸ਼ੈਲੀ ਵਿਚ ਪੁਨਰਸਿਰਜਣਾ ਕਿਵੇਂ ਕੀਤੀ ਜਾ ਸਕਦੀ ਹੈ।
ਰਾਮ ਸਰੂਪ ਅਣਖੀ ਦਾ ਜੰਮੀ-ਅਣਜੰਮੀ, ਪਾਤਰਿਸ ਲੰਮੂਬਾ, ਮਹਾਰਾਜਾ ਰਣਜੀਤ ਸਿੰਘ ਦੀਆਂ ਇਨਕਲਾਬੀ ਪੋਤੀਆਂ, ਕਹਾਣੀਆਂ, ਕਵਿਤਾਵਾਂ, ਸਾਰੀਆਂ ਹੀ ਪੜ੍ਹਨਯੋਗ ਹਨ। ਖ਼ਾਸ ਗੱਲ ਇਹ ਕਿ ਪੰਜਾਬੀ ਹੀ ਨਹੀਂ, ਬਲਕਿ ਦੁਨੀਆ ’ਚ ਭਾਰਤੀ ਭਾਸ਼ਾਵਾਂ ’ਚ ਪ੍ਰਕਾਸ਼ਤ ਹੋਣ ਵਾਲਾ ਇਹ ਨਿਵੇਕਲਾ ਪਰਚਾ ਹੈ; ਜਿਸ ’ਚ ਪਾਠਕ ਨੂੰ ਵੱਖ-ਵੱਖ ਵਿਸ਼ਿਆਂ, ਵਿਅਕਤੀਆਂ ਬਾਰੇ ਐਨਾ ਕੁਝ ਪੜ੍ਹਨ ਲਈ ਮਿਲਦਾ ਹੈ। ‘ਹੁਣ’ ਦੇ ਪ੍ਰਕਾਸ਼ਤ ਹੋਣ ਨੂੰ ਪੰਜਾਬੀ ਸਾਹਿਤ ’ਚ ‘ਵਿਸ਼ੇਸ਼ ਘਟਨਾ’ ਕਿਹਾ ਜਾਵੇ, ਤਾਂ ਅਤਿਕਥਨੀ ਨਹੀਂ ਹੋਵੇਗੀ।
ਮਨਮੋਹਨ ਬਾਵਾ, ਡਲਹੌਜ਼ੀ
‘ਹੁਣ’ ਦਾ ਹੁਣ ਵਾਲਾ ਅੰਕ ਪੜ੍ਹਿਆ-ਲਾ ਜਵਾਬ ਹੈ। ਦੀਦ ਨੇ ਦਿੱਲੀ ਵਾਲੇ ਲੇਖ ’ਚ ਕਮਾਲ ਕੀਤੈ। ਹਰਨਾਮ ਨਾਲ਼ ਮੇਰੀ ਵੀ ਬੜੀ ਸਾਂਝ ਰਹੀ। ਉਹ ਇਕੋ ਸਮੇਂ ਦੋਸਤ ਵੀ ਸੀ, ਵੱਡਾ ਭਰਾ ਵੀ ਤੇ ਪਿਤਾ ਵਰਗਾ ਅਹਿਸਾਸ ਵੀ! ਦੀਦ ਨੇ ਠੀਕ ਲਿਖਿਆ ਕਿ ਉਸ ਦਾ ਯੋਗ ਮੁਲੰਕਣ ਨਹੀਂ ਹੋਇਆ-ਹੋਣਾ ਚਾਹੀਦੈ। ਹਰਨਾਮ ਵਰਗੇ ਆਧੁਨਿਕ ਮਲੰਗ ਸ਼ਾਇਰ, ਰੋਜ਼ ਨਹੀਂ ਜੰਮਦੇ!
ਪਰਵੇਸ਼, ਲੁਧਿਆਣਾ
ਆਰਸੀ ਤੇ ਨਾਗਮਣੀ ਦੇ ਬੰਦ ਹੋਣ ਕਾਰਣ ਪੰਜਾਬੀ ਸਾਹਿਤ ਵਿਚ ਜਿਹੜਾ ਖ਼ਲਾਅ ਪੈਦਾ ਹੋ ਗਿਆ ਸੀ, ਤੁਸੀਂ ‘ਹੁਣ’ ਜਿਹਾ ਸ਼ਕਤੀਸ਼ਾਲੀ ਰਸਾਲਾ ਕੱਢ ਕੇ ਉਸ ਘਾਪੇ ਨੂੰ ਪੂਰ ਦਿੱਤਾ ਹੈ।
ਗੁਰਦਿਆਲ ਸਿੰਘ ਨਾਲ਼ ਮੁਲਾਕਾਤ ਸਲਾਹੁਣਯੋਗ ਸੀ। ਪਰ ਤੁਹਾਨੂੰ ਕਿਸੇ ਵੀ ਲੇਖਕ ਨਾਲ਼ ਗੱਲਬਾਤ ਕਰਦਿਆਂ “ਤੂੰ” ਕਹਿ ਕੇ ਸਵਾਲ ਕਰਨ ਦੀ ਥਾਂ, ਤੁਸੀਂ ਆਖਣਾ ਚਾਹੀਦਾ ਹੈ। ਇਸ ਨਾਲ਼ ਦੋਹਾਂ ਦਾ ਮਾਣ ਵਧਦਾ ਹੈ।
ਇਸ ਵਾਰ ਕਹਾਣੀ ਪੱਖ ਕਮਜ਼ੋਰ ਰਿਹਾ ਹੈ। ਪੁਰਾਣੇ ਲੇਖਕਾਂ ਦੀਆਂ ਕਹਾਣੀਆਂ ਲਾਉਣੀਆਂ ਤੁਹਾਡੀ ਮਜਬੂਰੀ ਹੋ ਸਕਦੀ ਹੈ; ਪਰ ਫਿਰ ਵੀ ਜਸਵੰਤ ਸਿੰਘ ਵਿਰਦੀ ਲਾਜ ਰੱਖ ਗਿਆ। ਪ੍ਰੀਤਮ ਸਿੰਘ ਨੇ ਦੋ ਖ਼ਤਾਂ ਦੇ ਆਰ ਪਾਰ ’ਚ ਚੰਗੀ ਅਸਲੀਅਤ ਉਘਾੜੀ ਹੈ। ਲਮੂੰਬਾ ਬਾਰੇ ਜਾਣਕਾਰੀ ਭਰਪੂਰ ਲੇਖ ਦੇਣ ਲਈ ਤੁਸੀਂ ਪ੍ਰਸੰਸਾ ਦੇ ਹੱਕਦਾਰ ਹੋ। ਉਸ ਦੇ ਪਹਿਲੇ ਭਾਸ਼ਣ ਤੋਂ ਹੀ ਸੀ.ਆਈ.ਏ. ਉਸ ਦੇ ਮਗਰ ਪੈ ਗਈ ਸੀ ਅਤੇ ਛੇਤੀ ਹੀ ਉਸ ਨੂੰ ਗੋਲ਼ੀ ਦਾ ਸ਼ਿਕਾਰ ਬਣਾਉਣ ਵਿਚ ਸਫਲ ਹੋ ਗਈ ਸੀ। ਸਾਰੇ ਲੇਖ ਹੀਰਿਆਂ ਵਾਂਗ ਜੜੇ ਹੋਏ ਹਨ। ਗੁਰਬਚਨ ਸਿੰਘ ਭੁੱਲਰ ਕਈ ਪਰਦੇਫਾਸ਼ ਕਰ ਗਿਆ ਹੈ। ਅਨੂਪ ਵਿਰਕ ਦਾ ਬਾਬਾ ਵਿਰਸਾ ਸਿੰਘ ਕਮਾਲ ਦਾ ਪਾਤਰ ਹੈ। ਸ਼ਹੀਦ ਭਗਤ ਸਿੰਘ ਬਾਰੇ ਅਵਤਾਰ ਜੰਡਿਆਲਵੀ ਦਾ ਲੇਖ ਖੋਜੀ ਵਿਰਤੀ ਨਾਲ਼ ਚੰਗਾ ਲਿਖਿਆ ਹੈ। ਸੁਭਾਸ਼ ਪਰਿਹਾਰ ਦੀਆਂ ਖਿੱਚੀਆਂ ਅੱਠ ਤਸਵੀਰਾਂ ਰਸਾਲੇ ਦੀ ਜਿੰਦ-ਜਾਨ ਹਨ; ਖ਼ਾਸ ਕਰਕੇ ਪਟੜੀ ਦੀ ਛਾਲ਼ ਲਾਉਂਦਾ ਬਾਜ਼ੀਗਰ। ਹੁਣ ਪਿੰਡਾਂ ਵਿਚ ਬਾਜ਼ੀਗਰ ਬਾਜ਼ੀ ਨਹੀਂ ਪਾਉਂਦੇ।
ਉਦੈ ਪ੍ਰਕਾਸ਼ ਦੀ ਕਹਾਣੀ ਮੋਹਨ ਦਾਸ ਅਪਣੇ ਆਪ ਵਿਚ ਨਾਵਲ ਦਾ ਮਸਾਲਾ ਸਮੋਈ ਬੈਠੀ ਹੈ, ਇਸ ਦੇ ਕਾਂਡ ਬਣਾ ਕੇ ਥੋੜ੍ਹਾ ਜਿਹਾ ਵਿਸਤਾਰ ਦੇਣ ਨਾਲ਼ ਹੀ ਵਧੀਆ ਨਾਵਲ ਬਣ ਸਕਦਾ ਹੈ। ਸੁਖਬੀਰ ਸਮੇਤ ਕਵਿਤਾ ਭਾਗ ਸਲਾਹੁਣਯੋਗ ਹੈ। ਸੌ ਹੱਥ ਰੱਸਾ ਸਿਰੇ ’ਤੇ ਗੰਢ, ਵੰਨ ਸੁਵੰਨੇ ਮਸਾਲੇ ਕਾਰਣ ‘ਹੁਣ’ ਸਾਂਭਣਯੋਗ ਪਰਚਾ ਹੈ।
ਅਵਤਾਰ ਸਿੰਘ ਹੰਸਰਾ, ਕਮਾਲਪੁਰਾ, ਲੁਧਿਆਣਾ
ਵਾਰੇ ਜਾਈਏ ਜਸਵੰਤ ਦੀਦ ਦੇ! ਚੰਗਾ ਕਵੀ ਲੇਖਕ ਬਣਨ ਲਈ ਹਰਾਮਜ਼ਾਦਾ ਹੋਣਾ ਜ਼ਰੂਰੀ ਹੈ। ਇਹਤੋਂ ਵੀ ਸਿਰੇ ਦੀ ਗੱਲ! ਹਰਿਭਜਨ ਹਰਾਮਜ਼ਾਦਾ ਹੈ, ਸੋ ਮਾੜਾ ਹੈ। ਦੀਦ, ਅਮਿਤੋਜ, ਐੱਸ. ਬਲਵੰਤ, ਹਰਨਾਮ ਹਰਾਮਜ਼ਾਦੇ ਹਨ, ਸੋ ਚੰਗੇ ਹਨ। ਇਹਨੂੰ ਕਹਿੰਦੇ ਨੇ ਘੁੰਡੀ। ਹੁਣ ਲੈ-ਦੇ ਕੇ ਸਾਡੇ ਕੋਲ ਦੋ ਹਰਾਮਜ਼ਾਦੇ ਬਚੇ ਹਨ। ਪਾਠਕ ਅਰਦਾਸ ਕਰਨ, ਇਨ੍ਹਾਂ ਦੀ ਹਰਾਮਜ਼ਦਗੀ ਤੋੜ ਤੀਕ ਨਿਭੇ! ਘੱਟੋ-ਘੱਟ ਦੀਦ ਦੀ। ਸ਼ੋਭਾ ਖੱਟਣ ਦਾ ਇਹ ਚੋਣ ਰਾਹ ਹੈ।
ਤੁਹਾਨੂੰ ਹੁਣ ਤੀਕ ਕਹਾਣੀ ਨਹੀਂ ਲੱਭੀ। ਥੇਹਾਂ ਟੋਲ਼ਦੇ ਫਿਰਦੇ ਹੋ। ਜਸਵੰਤ ਸਿੰਘ ਵਿਰਦੀ ਕੋਲੋਂ ਜੁੱਗਾਂ ਪਹਿਲਾਂ ਕਹਾਣੀ ਖੁੱਸ ਚੁੱਕੀ ਹੈ। ਅਖ਼ਬਾਰਾਂ ਵਿਚ ਆਈਆਂ, ਕਲਾਸਰੂਮਾਂ ਵਿਚ ਵਾਪਰੀਆਂ ਘਟਨਾਵਾਂ ਨੂੰ ਵਾਰਤਾਲਾਪੀ ਸਿਲਸਿਲੇ ਨਾਲ਼ ਰਬੜ ਵਾਂਗ ਖਿੱਚੀ ਜਾਂਦਾ ਹੈ। ਸੰਤੋਖ ਸਿੰਘ ਧੀਰ ਦੀ ਸਟਰਿੰਗਰ ਕੁਚੈਲੀ ਹੈ; ਡੋਰੀ ਨਾਲ਼ ਫਾਹ ਲੈਣ ਨੂੰ ਜੀਅ ਕਰਦਾ ਹੈ।
ਗੁਰਦਿਆਲ ਸਿੰਘ ਡਿਪ੍ਰੈੱਸ ਕਰਦਾ ਹੈ। ਸਹਿਜ-ਸਿਆਣਾ ਹੁੰਦਾ, ਤਾਂ ‘ਸਕੇ’ ਲਈ ਦੁਰਬਚਨ ਨਾ ਬੋਲਦਾ। ਬਚਨ ਘਾੜਤ ਹੈ, ਦੁਰਬਚਨ ਸੁਘਾੜਤ। ਤੁਸੀਂ ਟੋਂਹਦੇ ਰਹੇ, ਉਹ ਟੁੱਬੀ ਲਾਉਂਦਾ ਰਿਹਾ। ਲੋਰਕਾ ਚੰਗਾ ਹੈ, ਅਮਰਜੀਤ ਚੰਦਨ ਦੀਆਂ ਅੰਨਜਲੀ ਕਵਿਤਾਵਾਂ ਵੀ ਅਤੇ ਸੁਭਾਸ਼ ਪਰਿਹਾਰ ਦੀਆਂ ਸੱਤੇ ਮੂਰਤਾਂ। ਜਿਊਂਦੇ ਰਹੋ।
ਸ਼ੁੰਨੇ-ਸ਼ੁੰਨੇ, ਬੰਧੂ ਵਿਹਾਰ, ਦਿੱਲੀ
ਹਿੰਦੂ ਧਰਮ ਮਰੇ ਆਦਮੀ ਦੀ ਮਿੱਟੀ ਫਰੋਲਣੀ ਪਾਪ ਸਮਝਦਾ ਹੈ; ਭਾਰਤੀ ਕਾਨੂੰਨ ਵੀ; ਸਾਧਾਰਣ ਮਨੁੱਖ ਵੀ। ਉਮਰ ਦੇ ਇਸ ਪੜਾਅ ਉੱਤੇ, ਸਤੀ ਕੁਮਾਰ ਨੂੰ ਚੀਕਾਂ ਮਾਰਨੀਆ ਸ਼ੋਭਾ ਨਹੀਂ ਦਿੰਦੀਆਂ। ਅਵਤਾਰ ਜੰਡਿਆਲਵੀ ਨੂੰ ਸਤੀ ਕੁਮਾਰ ਨਾਲ਼ ਕੀਤੀ ਇੰਟਰਵਿਊ, ਅੰਮ੍ਰਿਤਾ ਪ੍ਰੀਤਮ ਦੇ ਜੀਵਨਕਾਲ ਵਿਚ ਛਾਪਣੀ ਚਾਹੀਦੀ ਸੀ। ਜੇ ਉਹ ਅਜਿਹਾ ਨਹੀਂ ਕਰ ਸਕੇ, ਤਾਂ ਉਨ੍ਹਾਂ ਨੂੰ ਅੰਮ੍ਰਿਤਾ ਬਾਰੇ ਵਰਤੇ ਇਤਰਾਜ਼ਯੋਗ ਸ਼ਬਦ ਕੱਟ ਦੇਣੇ ਚਾਹੀਦੇ ਸੀ। ਅਪਣੀ ਇਸ ਇੰਟਰਵਿਊ ਵਿਚ ਸਤੀ ਕੁਮਾਰ ਅਪਣੇ ਆਪ ਨੂੰ ਬਹੁਤ ਵੱਡਾ ਪੇਸ਼ ਕਰ ਰਿਹਾ ਹੈ; ਸਿਰਫ਼ ਅਪਣੀ ਸ਼ਾਬਦਿਕ ਚਲਾਕੀ ਨਾਲ਼। ਸਿਆਣੇ ਪਾਠਕਾਂ ਨੂੰ ਇਹ ਗੱਲ ਭਲੀ-ਭਾਂਤ ਸਮਝ ਆ ਰਹੀ ਹੈ। ਜੇ ਕੋਈ ਅੰਮ੍ਰਿਤਾ ਪ੍ਰੀਤਮ ਦੀ ਹਿਮਾਇਤ ਕਰਦਾ ਹੈ, ਤਾਂ ਉਸ ਨੂੰ ‘ਗੀਗੇ ਪਾਠਕ’, ਮਿਰਚਾਂ ਲੱਗਦੀਆਂ’… ਆਦਿ ਸ਼ਬਦਾਂ ਨਾਲ਼ ਸੰਬੋਧਨ ਕਰਦਾ ਹੈ। ਗ਼ੁੱਸਾ ਸਹੀ ਸਮੇਂ, ਸਹੀ ਸਥਾਨ, ਸਹੀ ਵਿਅਕਤੀ ਉੱਤੇ ਕਰਨਾ ਚਾਹੀਦਾ ਹੈ। ਆਮ ਤੌਰ ’ਤੇ ਇਹ ਤਿੰਨੋ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ; ਇਸ ਲਈ ਗ਼ੁੱਸਾ ਕਰਨਾ ਹੀ ਨਹੀਂ ਚਾਹੀਦਾ।
ਸਤੀ ਕੁਮਾਰ ਮਿੱਤਰਤਾ ਦੇ ਨਾਮ ਉੱਤੇ-ਅਨੈਤਿਕ ਗੱਲਾਂ ਕਰਕੇ ਆਪਦੇ ਮੋਢੇ ’ਤੇ ਕਿਹੜੀ ਫੀਤੀ ਲਾਉਣਾ ਚਾਹੁੰਦਾ ਹੈ-ਸਮਝ ਤੋਂ ਬਾਹਰ ਹੈ। ਕਹਿੰਦੇ ਨੇ, ਜਿੰਨਾ ਚਿਰ ਸ਼ਰਮ ਹੋਵੇ; ਉਨਾ ਚਿਰ ਡਰ ਹੁੰਦਾ ਹੈ ਤੇ ਜਿੰਨਾ ਚਿਰ ਡਰ ਹੋਵੇ, ਉਨਾਂ ਚਿਰ ਸ਼ਰਮ ਹੁੰਦੀ ਹੈ। ਸ਼ਾਇਦ ਇਸ ਮਹਾਨ ਲੇਖਕ ਨੂੰ ਨਾ ਰੱਬ ਦਾ ਡਰ ਹੈ, ਨਾ ਸਮਾਜ ਦੀ ਸ਼ਰਮ। ਪਤਾ ਨਹੀਂ ਇਸ ਧਰਤੀ ’ਤੇ ਕਿੰਨੇ ਲੋਕ ਮੁਹੱਬਤਾਂ ਕਰਦੇ ਸਨ -ਕਿੰਨੇ ਲੋਕ ਮੁਹੱਬਤਾਂ ਕਰ ਰਹੇ ਨੇ ਪਰ ਸਤੀ ਕੁਮਾਰ (ਅ)ਕ੍ਰਿਤਘਣ ਦੀ ਪ੍ਰਮੁੱਖ ਮਿਸਾਲ ਬਣ ਕੇ ਉੱਭਰਿਆ ਹੈ। ਅਜਿਹੇ ਤੱਥ, ਨਵੀਂ ਪੀੜ੍ਹੀ ਨੂੰ ਕਿਹੜਾ ਚੰਗਾ ਸੰਕੇਤ ਦਿੰਦੇ ਹਨ, ਸ਼ਾਇਦ ਇਹ ਸਤੀ ਕੁਮਾਰ ਹੀ ਵਿਸਤਾਰਪੂਰਵਕ ਦੱਸ ਸਕਦਾ ਹੈ। ਕਿਸੇ ਨੂੰ ਨੀਵਾਂ ਦਿਖਾ ਕੇ ਅਪਣੇ ਆਪ ਨੂੰ ਉੱਚਾ ਚੁੱਕਣਾ ਕਿਸੇ ਈਮਾਨਦਾਰ ਮਨੁੱਖ ਦਾ ਕਾਰਜ ਨਹੀਂ। ਨਾਲ਼ੇ ਦੋਸਤ ਤਾਂ ਸਦਾ ਦੋਸਤ ਹੁੰਦਾ ਹੈ; ਭਾਵੇਂ ਉਹ ਗ਼ਲਤ ਹੋਵੇ, ਭਾਵੇਂ ਠੀਕ। ਬਲਵੰਤ ਗਾਰਗੀ ਨੇ ਵੀ ਨੰਗੀ ਧੁੱਪ ਵਿਚ ਅਜਿਹਾ ਕੀਤਾ ਸੀ। ਜਦ ਨੰਗੀ-ਧੁੱਪ ਵਾਲ਼ੀ ਔਰਤ ਨੇ ਪੰਜਾਬੀ ਦੇ ਕਿਸੇ ਲੀਡਿੰਗ ਅਖ਼ਬਾਰ ਵਿਚ ਅਪਣੀ ਸਵੈ-ਜੀਵਨੀ ਛਾਪਣ ਦਾ ਇਸ਼ਤਿਹਾਰ ਦਿੱਤਾ, ਤਾਂ ਬਲਵੰਤ ਗਾਰਗੀ ਉਸ ਕੁੜੀ ਦੇ ਤਲੇ ਚੱਟਣ ਚੰਡੀਗੜ੍ਹ ਪਹੁੰਚ ਗਿਆ। ਸਤੀ ਕੁਮਾਰ ਦੁਨੀਆ ਦਾ ਕੋਈ ਵੱਖਰਾ ਲੇਖਕ/ਇਨਸਾਨ ਨਹੀਂ। ਹਰ ਵਿਅਕਤੀ ਕੋਲ਼, ਹਜ਼ਾਰਾਂ ਰਾਜ਼ ਹਨ; ਪਰ ਕਮੀਨਗੀ ਦੀ ਆਖ਼ਰੀ ਸੀਮਾ ਇਹ ਹੀ ਨਹੀਂ ਹੁੰਦੀ; ਇਹ ਲੇਖਕ ਦਾ ਨਹੀਂ, ਫ਼ੁਕਰਿਆਂ ਦਾ ਕੰਮ ਹੁੰਦਾ ਹੈ।
ਅਜਿਹੀ ਰਚਨਾ ਦਾ ਕੀ ਅਰਥ ਰਹਿ ਜਾਂਦਾ ਹੈ; ਜਿਸ ਰਚਨਾ ਤੋਂ ਬਾਅਦ, ਤੁਹਾਨੂੰ ‘ਪੋਸਟ-ਸਕ੍ਰਿਪਟ’ ਲਿਖਣ ਦੀ ਜ਼ਰੂਰਤ ਪਵੇ। ਅੱਖਰ ਵਿਚ ਛਪਿਆ-ਰੂਪ ਵਤੀ/ਸਤੀ ਕੁਮਾਰ ਉਦਾਹਰਣ ਵਜੋਂ ਦੇਖਿਆ ਜਾ ਸਕਦਾ ਹੈ। ਜਿਹੜਾ ਬੱਚਾ ਅਪਣੀ ਮਾਂ ਵੱਲ ਤੱਤੀ ਚਾਹ ਵਗਾਹ ਕੇ ਮਾਰ ਸਕਦਾ ਹੈ, ਉਸ ਕੋਲ਼ੋਂ ਕਿਸੇ ਔਰਤ ਦੀ ਮਰਿਆਦਾ ਬਾਰੇ ਕੀ ਆਸ ਰੱਖੀ ਜਾ ਸਕਦੀ ਹੈ? ਸਤੀ ਕੁਮਾਰ ਦੀ ਜ਼ਿੰਦਗੀ ਵਿਚ ‘ਔਰਤ ਅਤੇ ਸੈਕਸੁਐਲਿਟੀ’ ਦਾ ਵਿਸ਼ੇਸ਼ ਸਥਾਨ ਹੈ! ਔਰਤ ਦਾ ਨਹੀਂ, ਸਿਰਫ਼ ‘ਸੈਕਸੁਐਲਿਟੀ’ ਦਾ। ਉਹ ਅੰਮ੍ਰਿਤਾ ਬਾਰੇ ਕਹਿੰਦਾ ਹੈ: ਪੰਜਾਹਾਂ ਤੋਂ ਉੱਪਰ ਪਹੁੰਚੀ ਅੰਮ੍ਰਿਤ ਨੂੰ ਇਵਾਂਕਾ ਥਰੈੱਟ ਜਾਪਦੀ ਸੀ। ਪਰ ਸਤੀ ਕੁਮਾਰ ਨੂੰ ਅਜੇ ਤੱਕ ਔਰਤ ਦੀ ਊਰਜਾ ਦਾ ਪਤਾ ਨਹੀਂ ਲੱਗ ਸਕਿਆ। ਜੇ ਔਰਤ ਚਾਹੇ, ਤਾਂ ਵੱਡੇ ਤੋਂ ਵੱਡੇ ਮਰਦ ਨੂੰ ਆਸਾਨੀ ਨਾਲ਼ ਪ੍ਰਾਪਤ ਕਰ ਸਕਦੀ ਹੈ। ਜੇ ਮਰਦ ਚਾਹੇ ਤਾਂ ਛੋਟੀ ਤੋਂ ਛੋਟੀ ਔਰਤ ਨੂੰ ਵੀ ਆਸਾਨੀ ਨਾਲ਼ ਪ੍ਰਾਪਤ ਨਹੀਂ ਕਰ ਸਕਦਾ। ਜੇ ਸਤੀ ਕੁਮਾਰ ਲੇਵਿਆਂ ਨੂੰ ਬਾਲ ਕੇ ਸਰਕਾਰੀ ਕਰੰਸੀ ਤਬਾਹ ਕਰ ਸਕਦਾ ਹੈ, ਤਾਂ ਔਰਤ ਦੇ ਵੱਕਾਰ ਬਾਰੇ ਉਹ ਕਿੰਨਾ ਕੁ ਸੰਜੀਦਾ ਹੋਵੇਗਾ, ਪਾਠਕ ਜ਼ਰੂਰ ਸਮਝ ਗਏ ਹੋਣਗੇ।
ਮੈਨੂੰ ਯਾਦ ਆਇਆ-ਇਕ ਵਾਰ ਸਾਡੇ ਸ਼ਹਿਰ ਕੋਈ ਆਦਮੀ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਕਪੜੇ ਉਤਾਰਨ ਲੱਗਿਆ। ਪੁਲਿਸ ਆਈ। ਅਲਫ਼ ਨੰਗੇ ਨੂੰ ਬੜੀ ਮੁਸ਼ਕਿਲ ਨਾਲ਼ ਹੇਠਾਂ ਲਾਹਿਆ। ਥਾਣੇ ਜਾਣ ਲੱਗਿਆ ਕਹਿੰਦਾ: ਹੁਣ ਖਰੈਤੀ ਲਾਲ ਨੂੰ ਸਾਰੇ ਜਾਨਣਗੇ।
ਸੁਸ਼ੀਲ ਰਹੇਜਾ, ਫ਼ੀਰੋਜ਼ਪੁਰ
‘ਹੁਣ’ ਦੇ ਸਾਰੇ ਹੀ ਲੇਖ ਲਾਜਵਾਬ ਹਨ। ਲੇਖ ਤਾਂ ਕੀ ਇਕ-ਇਕ ਸਤਰ ਦਾ ਮੁੱਲ ਏ!
ਅਵਤਾਰ ਜੰਡਿਆਲਵੀ ਦੀ ਸੰਪਾਦਕੀ ‘ਹੁਣ ਨੂੰ ਪਏ ਫੁੱਲ ਪੱਥਰ’ ਵਿਚ ਜਿੱਥੇ ਪਾਠਕਾਂ ਦੀ ਦਿਲਚਸਪੀ ਦਾ ਜ਼ਿਕਰ ਹੈ, ਉੱਥੇ ਹੁਣ ਦੀਆਂ ਸਾਹਿਤਕ ਬੁਲੰਦੀਆਂ ਦੀਆਂ ਤੈਹਾਂ ਵੀ ਫਰੋਲ਼ੀਆਂ ਹਨ। ਸ਼ਾਇਦ ਇਹ ਹੀ ਕਾਰਣ ਹੈ ਕਿ ਇਸ ਨੂੰ ਦੁਬਾਰਾ ਛਾਪਣ ਦੀ ਨੌਬਤ ਆ ਗਈ। ਓਕਤਾਵਿਉ ਪਾਜ਼ ਦੀਆਂ ਨਜ਼ਮਾਂ ਇਸ ਅੰਕ ਦਾ ਮੰਗਲਾਚਰਣ ਕਹੀਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਮੈਂ ਸਤੀ ਬਾਰੇ ਕੁਝ ਵੀ ਨਹੀਂ ਜਾਣਦਾ ਸੀ, ਪਰ ਅੰਮ੍ਰਿਤਾ ਦੀ ਕਾਵਿ-ਵਿਸ਼ੇਸ਼ਤਾ ਪਿੱਛੇ ਕੀ ਕਾਰਣ ਹਨ? ਉਸਦਾ ਸਹੀ ਅੰਦਾਜ਼ਾ ‘ਗੱਲਾਂ’ ਤੋਂ ਹੀ ਲਾਇਆ ਜਾ ਸਕਦਾ ਹੈ। ਅੰਮ੍ਰਿਤਾ ਦੀ ਜੀਵਨ-ਝਾਕੀ ਸਤੀ ਕੁਮਾਰ ਦੀਆਂ ਇਨ੍ਹਾਂ ਗੱਲਾਂ ਤੋਂ ਬਿਨਾ ਅਧੂਰੀ ਹੈ। ਜੇ ਅੰਮ੍ਰਿਤਾ ਦੀ ਸਹੀ ਤਸਵੀਰ ਦੇਖਣੀ ਹੈ, ਤਾਂ ‘ਹੁਣ’ ਦਾ ਇਹ ਅੰਕ ਪੜ੍ਹਨਾ ਜ਼ਰੂਰੀ ਹੈ। ਜਸਵਿੰਦਰ ਦਾ ਦੁੱਲਾ ਕਮਾਲ ਦਾ ਹੈ। ਯਾਨਿਸ ਰਿਤਸੋਸ ਦੀ ਕਵਿਤਾ ਵੀ ਕਾਇਮ ਹੈ। ਸੁਖਪਾਲ ਦੀਆਂ ਪੰਜ ਕਵਿਤਾਵਾਂ ਜਾਨਵਰਾਂ ਪ੍ਰਤੀ ਹਮਦਰਦੀ ਦੀਆਂ ਲਖਾਇਕ ਹਨ।
ਤਕੀਆ ਕਲਾਮ ਚਿੰਨ੍ਹਵਾਦੀ ਕਹਾਣੀ ਹੈ, ਪ੍ਰਕ੍ਰਿਤੀ ਨਾਲ਼ ਮੋਹ ਮਨਮੋਹਨ ਬਾਵੇ ਦਾ ਝਲਕਦਾ ਹੈ। ਪੁਰਾਣੀਆਂ ਯਾਦਾਂ ਨੂੰ ਸਮੇਟਦੀ ਕਹਾਣੀ ਕਬੂਤਰ, ਬਨੇਰੇ ਤੇ ਗਲੀਆਂ (ਜ਼ੁਬੈਰ ਅਹਿਮਦ) ਵੀ ਖਿੱਚ ਦਾ ਕੇਂਦਰ ਬਣਦੀ ਹੈ।
ਨੋਬੇਲ ਲੈਕਚਰ ਵਿਚ ਹੈਰਲਡ ਪਿੰਟਰ ਦੇ ਵਿਚਾਰਾਂ ਨੂੰ ਜੇ ਚਿੰਤਨ ਦਾ ਥੀਮ ਕਹਿ ਦਿੱਤਾ ਜਾਵੇ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਭਾਈ ਜੋਧ ਸਿੰਘ ਬਾਰੇ ਸ. ਪ੍ਰੀਤਮ ਸਿੰਘ ਜੀ ਨੇ ਜੋ ਚਾਨਣਾ ਪਾਇਆ ਹੈ, ਉਹ ਕਈ ਵਿਅਕਤੀਆਂ ਦੀ ਸ਼ਖ਼ਸੀਅਤ ’ਚ ਨਿਖਾਰ ਲਿਆਵੇਗਾ।
ਸਮਕਾਲ : ਹਮ ਜੋ ਤਾਰੀਕL ਰਾਹੋ ਮੇ ਮਾਰੇ ਗਏ (ਰੋਜ਼ਨਬਰਗ ਜੋੜਾ) ਵਿਚ ਤਸਵੀਰਾਂ ਰਾਹੀਂ ਸਾਹਿਤਕ/ਇਤਿਹਾਸਕ ਜਾਣਕਾਰੀ ਦੇਣਾ ਪੰਜਾਬੀ ਸੰਪਾਦਕੀ ਦਾ ਪਹਿਲਾ ਨਮੂਨਾ ਹੈ।
ਭਾਖਾ ’ਚ ਮੰਗਤ ਰਾਏ ਭਾਰਦਵਾਜ ਦਾ ਲੇਖ ਅਜੇ ਵੀ ਰੋਣੇ ਰੋਂਦਾ ਹੈ ਕਿ ਪੰਜਾਬੀ ਵਿਆਕਰਣ ’ਚ ਸੁਧਾਰ ਦੀ ਲੋੜ ਹੈ। ਗੁਸਤਾਖ਼ੀ ਮਾਫ਼ ਭਾਰਦਵਾਜ ਨੇ ਵਿਆਕਰਣ ਸ਼ਬਦ ਇਸ ਤਰ੍ਹਾਂ ਲਿਖਿਆ ਹੈ ਜਦੋਂ ਕਿ ਪੰਜਾਬੀ ’ਚ ਅਸੀਂ ਸਾਰੇ ‘ਵਿਆਕਰਨ’ ਕਰਕੇ ਵਰਤਦੇ ਹਾਂ ਤੇ ਦਲੀਲ ਦਿੰਦੇ ਹਾਂ ਕਿ ‘ਰ’ ਤੋਂ ਬਾਅਦ ‘ਣ’ ਨਹੀਂ ‘ਨ’ ਆਉਂਦਾ ਹੈ ਹਾਂ ਨਾਮ ਵਿਚ ‘ਣ’ (ਨਾਣਾ) ਆ ਸਕਦਾ ਹੈ; ਜਿਵੇਂ ‘ਰਣਜੀਤ’ ਇਹ ਰੋਲ਼-ਘਚੋਲ਼ਾ ਵਿਵਾਦ ਦਾ ਵਿਸ਼ਾ ਹੈ। ਸੰਪਾਦਕ ਨੂੰ ਇਸ ਲੇਖ ਦੀ ਮੁਬਾਰਕਬਾਦ ਦੇਣੀ ਬਣਦੀ ਹੈ ਤੇ ਭਾਰਦਵਾਜ ਨੂੰ ਇਸ ਵੱਲ ਸੁਲਝਾਉਤਮਕ ਤਕਨੀਕ ਲਿਆਉਣ ਦੀ ਖੇਚਲ ਕਰਨੀ ਚਾਹੀਦੀ ਹੈ।
ਨਵਤੇਜ ਭਾਰਤੀ ਦਾ ਰੋਡੇ ਬਾਰੇ ਲਿਖਿਆ ਲੇਖ ਕਵੀਸ਼ਰੀ ਦੀ ਜਾਣਕਾਰੀ ਦਿੰਦਾ ਹੈ। ਕਵੀਸ਼ਰੀ ਦੇ ਰੰਗ ਅਜੋਕੀ ਗੀਤਕਾਰ ’ਚ ਵੀ ਹਨ, ਪਰ ਉਨ੍ਹਾਂ ਦੀ ਪੁਣ-ਛਾਣ ਅਸੀਂ ਸਹੀ ਢੰਗ ਨਾਲ਼ ਨਹੀਂ ਕਰ ਰਹੇ। ਇਹ ਲੇਖ ਪ੍ਰੇਰਿਤ ਕਰੇਗਾ।
ਸੁਝਾਅ: ਜੇ ਸਭਿਆਚਾਰ ਨਾਲ਼ ਕੁਝ ਮਸਾਲਾ ਹੋਰ ਵੀ ਜੋੜ ਦਿੱਤਾ ਜਾਵੇ ਤਾਂ ਰੰਗ ਹੀ ਬੱਝ ਜਾਊਗਾ। ਜੋ ਫ਼ੋਟੋਆਂ ਇਸ ’ਚ ਛਾਪੀਆਂ ਹਨ, ਇਸ ਤਰ੍ਹਾਂ ਹੀ ਛਪਦੀਆਂ ਰਹਿਣ। ਇਹ ਖਿੱਚ ਦਾ ਕੇਂਦਰ ਹਨ। ਇਕ ਵਾਰ ਫਿਰ ਲੱਖ-ਲੱਖ ਵਧਾਈਆਂ।
ਚੰਦਰ ਹਰਟਬੀਟ, ਢਾਬਾ ਕੋਕਰੀਆ, ਅਬੋਹਰ
ਹੁਣ-3 ਪੜ੍ਹਿਆ, ਤਾਂ ਡਾਹਢੀ ਤਸੱਲੀ ਹੋਈ। ਪਿਛਲੇ ਤਿੰਨਾਂ ਅੰਕਾਂ ਵਿਚ ਆਪ ਨੇ ਮੈਟਰ ਦਾ ਜੋ ਮਿਆਰ ਕਾਇਮ ਰੱਖਿਆ ਹੈ, ਉਸ ਲਈ ਵਧਾਈ ਦੇ ਹੱਕਦਾਰ ਹੋ। ਪੰਜਾਬੀ ਭਾਸ਼ਾ ਵਿਚ ਅਜਿਹੇ ਜਾਣਕਾਰੀ ਭਰਪੂਰ ਲੇਖਾਂ ਦੀ ਅਤਿਅੰਤ ਲੋੜ ਹੈ। ਮੌਜੂਦਾ ਸਮੇਂ ਬਹੁਗਿਣਤੀ ਪੰਜਾਬੀ ਮੈਗਜ਼ੀਨ ਕਹਾਣੀ, ਕਵਿਤਾ ਅਤੇ ਅਜਿਹੀਆਂ ਹੋਰ ਵਿਧਾਵਾਂ ਦਾ ਦੁਹਰਾਉ ਹੀ ਕਰ ਰਹੇ ਹਨ। ਅਜਿਹੇ ਮੌਕੇ ਹੁਣ ਨੂੰ ਜੀ ਆਇਆਂ ਕਹਿਣਾ ਬਣਦਾ ਹੈ। ਗੁਰਦਿਆਲ ਸਿੰਘ ਦੀ ਮੁਲਾਕਾਤ ਅਤੇ ਸੁਭਾਸ਼ ਪਰਿਹਾਰ ਦੀਆਂ ਫ਼ੋਟੋਆਂ ਅੰਕ ਦਾ ਹਾਸਲ ਰਹੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੀ ਇਨਕਲਾਬੀ ਪੋਤੀਆਂ ਅਤੇ ਅੰਮ੍ਰਿਤਾ ਸ਼ੇਰਗਿੱਲ ਸਬੰਧੀ ਲੇਖ ਵੀ ਉੱਚਕੋਟੀ ਦੇ ਅਤੇ ਸਾਂਭਣਯੋਗ ਹਨ। ਪ੍ਰੀਤਮ ਸਿੰਘ ਦਾ ਦੋ ਖ਼ਤਾਂ ਦੇ ਆਰ-ਪਾਰ ਅਤੇ ਹਰਦਿਆਲ ਪੂਨੀ ਦਾ ਲੇਖ ਪਾਸ਼ ਦੀਆਂ ਅੱਲਵਲੱਲੀਆਂ ਵੀ ਜਾਣਕਾਰੀ ਭਰਪੂਰ ਸਨ। ਗੁਰਬਚਨ ਸਿੰਘ ਭੁੱਲਰ ਦਾ ਲੇਖ ਜਾਣੇ ਅਣਜਾਣੇ ਕਲਾਚੋਰ ਅਤੇ ਰਮਨ ਦਾ ਸੰਤ ਸਿੰਘ ਸੇਖੋਂ ਬਾਰੇ ਲੇਖਾਂ ’ਚੋਂ ਨਵੀਂ ਜਾਣਕਾਰੀ ਮਿਲੀ। ਗੱਲ ਕੀ ਸਮੁੱਚਾ ਅੰਕ ਹੀ ਸਲਾਹੁਣਯੋਗ ਸੀ। ਜੇ ਪਰਚੇ ’ਚ ਇਸੇ ਮਿਆਰ ਨੂੰ ਕਾਇਮ ਰੱਖਿਆ ਜਾਵੇ ਤਾਂ ਪੰਜਾਬੀ ਪਾਠਕਾਂ ਲਈ ਵੱਡਭਾਗਾ ਹੋਵੋਗੇ। ਅਮਰਜੀਤ ਚੰਦਨ ਦੀ ਮਿਹਨਤ ਨੂੰ ਵੀ ਦਾਦ ਦੇਣੀ ਬਣਦੀ ਹੈ। ਸਮੁੱਚੀਆਂ ਫ਼ੋਟੋਆਂ ਵੀ ਅੰਕ ਦਾ ਹਾਸਲ ਹਨ। ‘ਹੁਣ’ ਦੀਆਂ ਪੰਜ ਕਾਪੀਆਂ ਮੇਰੇ ਜ਼ਿੰਮੇ ਲਾ ਦਿਓ।
ਖ਼ੁਸ਼ਵੰਤ ਬਰਗਾੜੀ, ਫ਼ਰੀਦਕੋਟ
ਪੰਜਾਬੀ ਸਾਹਿਤ ਜਗਤ ਵਿਚ ਜਿਸ ਗੱਲ ਦੀ ਘਾਟ ਸੀ, ਉਹ ‘ਹੁਣ’ ਨੇ ਪੂਰੀ ਕੀਤੀ ਹੈ। ਪਹਿਲਾਂ ਨਿਕਲਣ ਵਾਲ਼ ਪੰਜਾਬੀ ਮੈਗਜ਼ੀਨਾਂ ਦੀ ਪਹੁੰਚ ਇਧਰਲੇ ਪੰਜਾਬ ਜਾਂ ਹੱਦੋਂ ਵੱਧ ਪਾਕਿਸਤਾਨ ਤਕ ਰਹੀ ਹੈ, ਪਰ ‘ਹੁਣ’ ਮਹਾਂ ਪੰਜਾਬ ਤੱਕ ਪਹੁੰਚ ਰੱਖਦਾ ਹੈ। ਉਸ ਮਹਾਂ-ਪੰਜਾਬ ਤੱਕ ਜੋ ਦੋਹਾਂ ਪੰਜਾਬਾਂ ਤੋਂ ਉੱਠ ਕੇ ਵਿਦੇਸ਼ਾਂ ਵਿਚ ਵੀ ਜਾ ਵੱਸਿਆ ਹੈ। ‘ਹੁਣ’ ਦੇ ਸਾਰੇ ਲੇਖ ਤੇ ਬਾਕੀ ਸਾਰੀ ਸਾਮੱਗਰੀ ਕਾਬਲੇ-ਤਾਰੀਫ਼ ਹੈ। ਖ਼ਾਸ ਕਰ ਸਤੀ ਕੁਮਾਰ ਨਾਲ਼ ਕੀਤੀ ਗਈ ਇੰਟਰਵਿਊ। ਇਸ ਵਿਚ ਉਹ ਸਾਰਾ ਕੁਝ ਹੈ, ਜੋ ਪੰਜਾਬੀ ਪਰਚੇ ਵਿਚ ਹੋਣਾ ਚਾਹੀਦਾ ਹੈ। ਇਹ ਸਿਰਫ਼ ਲਫ਼ਜ਼ੀ ਗੱਲਾਂ ਨਹੀਂ ਹਨ। ‘ਹੁਣ’ ਦੇ ਮਾਰਕੀਟ ’ਚ ਆਉਣ ਨਾਲ਼ ਪੰਜਾਬੀ ਭਾਸ਼ਾ ਅੰਤਰਰਾਸ਼ਟਰੀ ਪੱਧਰ ’ਤੇ ਵੱਖਰੀ ਨੁਹਾਰ ’ਚ ਪੇਸ਼ ਹੋ ਰਹੀ ਹੈ।
ਮਨਦੀਪ ਕੌਰ, ਦਸੂਹਾ
ਲੇਖਕ ਆਮ ਆਦਮੀ ਨਾਲ਼ੋਂ ਜ਼ਿਆਦਾ ਜਾਗਰੂਕ ਹੁੰਦਾ ਹੈ। ਉਹ ਅਪਣੀਆਂ ਲਿਖਤਾਂ ਵਿਚ ਹਰ ਤਰ੍ਹਾਂ ਦੀਆਂ ਸਮਾਜਿਕ, ਮਾਨਸਿਕ, ਰਾਜਨੀਤਕ, ਬੌਧਿਕ, ਬਾਹਰੀ ਤੇ ਅੰਦਰੂਨੀ ਸਮੱਸਿਆਵਾਂ ਨੂੰ ਉਭਾਰਦਾ ਹੈ। ਸਮਾਜ ਵਿਚ ਵਾਪਰਦੇ ਕਿਸੇ ਵੀ ਦੁਖਾਂਤ ’ਤੇ ਉਹਦਾ ਮਨ ਕਲਪਦਾ ਹੈ। ਉਸਦੀ ਕਲਮ ਜਬਰ, ਜਾਬਰ ਤੇ ਜ਼ੁਲਮ ਦਾ ਵਿਰੋਧ ਕਰਦੀ ਹੈ। ਪਰ ਉਹ ਇਹ ਉਸ ਸਭ ਕੁਝ ਸਾਹਿਤਕ ਵਲਗਣ ਦੇ ਅੰਦਰ ਹੀ ਕਰਦਾ ਹੈ। ਇਸ ਬਾਰੇ ਚਰਚਾ ਵੀ ਸਾਹਿਤਕ ਖੇਤਰ ਵਿਚ ਹੀ ਹੁੰਦੀ ਹੈ ਜਾਂ ਸੀਮਤ ਪਾਠਕਾਂ ਤਕ। ਅਖ਼ਬਾਰੀ ਕਾਲਮ ਲਿਖਣ ਵਾਲੇ ਲੇਖਕ ਇਨ੍ਹਾਂ ਸਮੱਸਿਆਵਾਂ ਨੂੰ ਆਮ ਲੋਕਾਂ ਤਕ ਵੀ ਲੈ ਜਾਂਦੇ ਹਨ। ਲੇਖਨੁਮਾ ਇਹ ਰਚਨਾਵਾਂ ਆਮ ਲੋਕਾਂ ਦੀ ਆਵਾਜ਼ ਤਾਂ ਬਣਦੀਆਂ ਹਨ, ਸਾਥ ਨਹੀਂ। ਇਸ ਸੰਦਰਭ ਵਿਚ ਮੇਰਾ ਸਵਾਲ ਹੈ ਕਿ ਲੇਖਕ ਕਿਉਂ ਨਹੀਂ ਖੁੱਲ੍ਹ ਕੇ ਆਮ ਲੋਕਾਂ ਦੇ ਨਾਲ਼ ਉਨ੍ਹਾਂ ਦੇ ਵਿਹੜਿਆਂ ’ਚ, ਸੜਕਾਂ, ਸੱਥਾਂ ਤੇ ਚੌਰਾਹਿਆਂ ’ਚ ਖੜ੍ਹਦੇ? ਲੇਖਕ ਉਨ੍ਹਾਂ ਦੇ ਧਰਨਿਆਂ, ਮੁਜ਼ਾਹਰਿਆਂ, ਸੰਘਰਸ਼ਾਂ ਅਤੇ ਕਾਨਫ਼ਰੰਸਾਂ ਵਿਚ ਆਪ ਕਿਉਂ ਸ਼ਾਮਲ ਨਹੀਂ ਹੁੰਦੇ? ਪੀੜਿਤਾਂ ਨਾਲ਼ ਉਨ੍ਹਾਂ ਦੇ ਪੱਧਰ ’ਤੇ ਆਹਮੋ-ਸਾਹਮਣੀਆਂ ਗੱਲਾਂ ਕਿਉਂ ਨਹੀਂ ਕਰਦੇ? ਆਮ ਲੋਕਾਂ ਦੀਆਂ ਗੱਲਾਂ ਕਰਨ ਵਾਲ਼ੇ ਲੇਖਕ ਆਮ ਲੋਕਾਂ ਨੂੰ ਅਜੇ ਵੀ ‘ਵੱਡੀਆਂ ਗੱਲਾਂ’ ਕਰਨ ਵਾਲ਼ੇ ਓਪਰੇ ਬੰਦੇ ਕਿਉਂ ਜਾਪਦੇ ਨੇ?
ਗੁਰਸੇਵਕ ਸਿੰਘ ਪ੍ਰੀਤ, ਮੁਕਤਸਰ
ਸਤੀ ਕੁਮਾਰ ਦਾ ਕਾਲਮ ‘ਮੇਰੇ ਖੱਬੇ ਵਗਦੀ ਹਵਾ’ ਬਹੁਤ ਉਚਪਾਏ ਦਾ ਹੁੰਦਾ ਹੈ । ਪੰਜਾਬੀ ‘ਚ ਅਜੇਹੇ ਵਿਦਵਾਨ ਤੇ ਇਸ ਤਰ੍ਹਾਂ ਦੀਆਂ ਤੇਜ਼-ਤਰਾਰ ਗੱਲਾਂ ਕਰਣ ਵਾਲੇ ਬਹੁਤੇ ਨਹੀਂ। ਉਹ ਸੱਚ ਪਰੋਸਦਾ ਹੈ ।
ਮਸਲਾ ਇਹ ਹੈ ਕਿ ਪੰਜਾਬੀ ‘ਚ ਵਿਚਾਰਧਾਰਕ-ਕਟੁੰਬਵਾਦ ਚੱਲਦਾ ਹੈ। ਸਤੀ ਕੁਮਾਰ ਦੇ ਮਾਰਕਸਵਾਦ ਨੂੰ ਲੈ ਕੈ ਪ੍ਰਗਟਾਏ ਵਿਚਾਰ ਸਾਡੇ ਅਮਰਿਤਧਾਰੀ ਕਾਮਰੇਡਾਂ ਦੇ ਲਏ ਸਬਕਾਂ ਤੋਂ ਵੱਖਰੇ ਵੀ ਤੇ ਉਲਟੇ ਵੀ ਹਨ।। ਸਤੀ ਯੂਰਪੀਨ ਪੱਧਰ ਦਾ ਕਵੀ ਤੇ ਬੁੱਧੀਜੀਵੀ ਹੈ। ਅਜੇਹੇ ਵਿਚਾਰਵਾਨਾਂ ’ਤੇ ਸਾਨੂੰ ਥੁਕੱਣ ਦੀ ਆਦਤ ਹੈ। ਵੇਖੋ ਵੀ .ਐਸ .ਨਾਇਪਾਲ ਨੂੰ ਨੋਬਲ ਪੁਰਸਕਾਰ ਮਿਲਿਆ ਹੋਇਆ ਹੈ, ਪਰ ਭਾਰਤ ਦੇ ਪੱਛੜੇਪਨ, ਸਮਾਜਵਾਦੀ ਤਾਨਾਸ਼ਾਹੀ, ਅੱਤਵਾਦ ਅਤੇ ਇਸਲਾਮਿਸਟਾਂ ਦਾ ਵਿਰੋਧੀ ਹੋਣ ਕਾਰਨ ਭਾਰਤ ‘ਚ ਉਸਦੀ ਕੋਈ ਮਾਨਤਾ ਨਹੀਂ।
ਸਤੀ ਤਾਂ ਦੂਰ ਬੈਠਾ ਹੈ, ਸਵੀਡਨ ਦੇ ਮਾਹੌਲ ‘ਚ। ਤੁਸੀਂ ਉਸ ਵਰਗੇ ਲੇਖਕ ਨੂੰ ’ਹੁਣ’ ਦੇ ਪੰਨਿਆਂ ‘ਚ ਥਾਂ ਦੇ ਕੇ ਸਾਹਸ ਦਾ ਸਬੂਤ ਹੀ ਨਹੀਂ ਦੇ ਰਹੇ ਹੋ, ਨਵਾਂ ਇਤੀਹਾਸ ਵੀ ਸਿਰਜ ਰਹੇ ਹੋ।
ਐਸ. ਅਗਰਵਾਲ, ਬਠਿੰਡਾ
‘ਹੁਣ’ ਦੀ ਚਰਚਾ ਮੇਰੀ ਜਾਚੇ ਹਰ ਅੰਕ ‘ਚ ਛਪੀ ਇਂੰਟਰਵਿਊ ਕਰ ਕੇ ਹੁੰਦੀ ਹੈ। ਸਤੀ ਕੁਮਾਰ ਦੀ ਇਂੰਟਰਵਿਊ ਨੇ ਜੋ ਪੱਧਰ ਕਾਇਮ ਕਰ ਦਿਤੀ ਹੈ, ਉਥੇ ਅਜੇ ਤਾਈਂ ਤਾਂ ਕੋਈ ਹੋਰ ਨਹੀਂ ਪਹੁੰਚਿਆ। ਪ੍ਰੀਤਮ ਸਿੰਘ ਪੀ. ਸੀ. ਐਸ ਨੂੰ ਫੜ ਕੇ ਬਿਠਾ ਲਵੋਂ ਤਾਂ ਸ਼ਾਇਦ ਗੱਲ ਬਣ ਜਾਏ। ਚੰਦਨ ਨੇ ਅੱਖਾਂ ‘ਚ ਘੱਟਾ ਝੋਂਕਿਆ ਹੈ, ਅਤੇ ਨਾਵਲਕਾਰ ਗਰੁਦਿਆਲ ਸਿੰਘ ਮਿਆਊ ਕਹਿਕੇ ਚੁੱਪ ਹੋ ਗਿਆ। ਜੀਊਂਦੇ ਲੇਖਕ ਲੱਭੋ!
ਯੁਗਿਂੰਦਰ ਲਾਲ,ਅਬੋਹਰ।
ਸਤੀ ਕੁਮਾਰ ਦਾ ਕਾਲਮ ‘ਕਾਰਲ ਮਾਰਕਸ ਅਤੇ ਭਸਮਾਸੁਰ’ ਪੰਜਾਬੀ ‘ਚ ਨਵੀਂ ਸੋਚ ਹੈ। ਉਸਦੀ ਕਲਮ ਵੰਗਾਰਦੀ ਹੈ ਤੇ ਇਸਦੀ ਪ੍ਰਤੀਕ੍ਰਿਆ ਵੀ ਅੱਗੋਂ ਜਾ ਕੇ ਸ਼ਾਇਦ ਬਹੁਤ ਤੱਤੀ ਹੋਵੇ। ਇਹ ਸੀਰਿਆਸ ਡਿਬੇਟ ਦਾ ਵਿਸ਼ਾ ਹੈ।
ਸਤੀ ਦੀ ਵਿਚਾਰਧਾਰਾ ਨੂੰ ਇਸ ਸਵਾਲ ‘ਚ ਢਾਲਿਆ ਜਾ ਸਕਦਾ ਹੈ: ਕਾਰਲ ਮਾਰਕਸ ਦੀ ਅੱਜ ਕੀ ਪ੍ਰਾਸਂਗਿਕਤਾ ਹੈ? ਜਾਂ ਅੱਜ ਉਸ ਕੋਲ ਸਾਨੂੰ ਦੇਣ ਲਈ ਕੀ ਹੈ?
ਇਹ ਸਵਾਲ ਅਸਾਨ ਨਹੀਂ ਹਨ। ਜਵਾਬ ਹੋਰ ਵੀ ਔਖਾ ਹੈ। ਸਤੀ ਜਵਾਬ ਲੱਭਦਾ ਵੀ ਨਹੀਂ। ਉਸਦੀ ਰੁਚੀ ਸਵਾਲਾਂ ਨੂੰ ਉਜਾਗਰ ਕਰਣ ਤਕ ਹੈ। ਇਕ ਚੰਗੇ ਬੁੱਧੀਜੀਵੀ ਤੋਂ ਇਸ ਤੋਂ ਵੱਧ ਉਮੀਦ ਵੀ ਨਹੀਂ ਕਰਨੀ ਚਾਹੀਦੀ।
ਸਤੀ ਲਿਖਤਾਂ ਦੀ ਸ਼ਕਤੀ ਕਮਿਉਨਿਸਟ ਦੇਸ਼ਾਂ ਦਾ ਉਸਦਾ ਜਾLਤੀ ਅਨੁਭਵ ਅਤੇ ਡੂਂਘਾ ਅਧਿਐਨ ਹੈ। ਉਹ ਸਿਰਜਕੀ ਬੰਦਾ ਹੈ ਤੇ ਉਸਨੂੰ ਆਪਣੀ ਗੱਲ ਕਹਿਣੀ ਵੀ ਆਂਉਦੀ ਹੈ। ਉਸਦੀ ਇੰਟਰਵਿਊ ‘ਚ ਵੀ ਅਮ੍ਰਿਤਾ ਪ੍ਰੀਤਮ ਤੋਂ ਇਲਾਵਾ ਮਾਰਕਸਵਾਦ ਅਤੇ ਨਵੀਂ ਕਵਿਤਾ ਬਾਰੇ ਬਹੁਤ ਸਾਰੇ ਅਹਿਮ ਸਵਾਲ ਉਠਾਏ ਗਏ ਸੀ। ਅਮ੍ਰਿਤਾ ਉਸ ਗੱਲਬਾਤ ਦਾ ਕੇਂਦਰੀ ਥੀਮ ਨਹੀਂ ਇਕ ਬਿੰਦੂ ਸੀ। ਭਸਮਾਸੁਰ ‘ਚ ਉਠਾਏ ਗਏ ਸਵਾਲ ਉਸ ਇਂਟਰਵਿਊ ‘ਚ ਵੀ ਬਿLਖਰੇ ਪਏ ਹਨ।
ਵੇਖਿਆ ਜਾਏ ਤਾਂ ਸਤੀ ਮਾਰਕਸ ਦਾ ਇੰਨਾ ਵਿਰੋਧੀ ਨਹੀਂ ਜਿੰਨਾਂ ਖਾਸ ਕਿਸਮ ਦੇ ਮਾਰਕਸਵਾਦੀਆਂ ਦਾ। ਉਸਦਾ ਵਿਰੋਧ ਮਾਰਕਸੀ ਵਿਆਖਿਆ ਦੀ ਮਨੋਪਲੀ ਰੱਖਣ ਵਾਲਿਆਂ ਨਾਲ ਹੈ। ਇਹੋ ਵਿਰੋਧ ਕਾਮੂ ਨੂੰ ਸਾਰਤਰ ਨਾਲ ਸੀ।
ਮਾਰਕਸ ਇਕ ਤੋਂ ਵੱਧ ਹਨ। ਅਸੀਂ ਇਕੋ ਤੋਂ ਵਾਕਿਫ ਹਾਂ। ਇਹ ਧਾਰਨਾ ਸਤੀ ਦੀ ਹੀ ਨਹੀਂ, ਹੋਰ ਬਹੁਤ ਸਾਰੇ ਜਗਤ ਪ੍ਰਸਿੱਧ ਬੁੱਧੀਜੀਵੀਆਂ ਦੀ ਵੀ ਹੈ। ਇਥੇ ਮੈਂ ਸਿਰਫ ਇਕੋ ਉਦਾਹਰਣ ਦਿੰਦਾ ਹਾਂ:
ਇਕ ਪ੍ਰਸਿਧ ਮਾਰਕਸਵਾਦੀ ਅਰਥਸ਼ਾਸਤਰੀ ਦਾ ਨਾਂ ਹੈ ਮੇਘਨਾਦ ਦੇਸਾਈ ਜੋ ਲੰਡਨ ਸਕੂਲ ਆਫ ਐਕਨੋਮਮਿਕਸ ਵਿਚ ਹੈ। ਉਸਦੀ ਬਹੁ-ਚਰਚਿਤ ਕਿਤਾਬ ਦਾ ਨਾਂ ਹੈ ‘ੰਅਰਣ’ ੍ਰੲਵੲਨਗੲ’ । ਇਸ ਕਿਤਾਬ ਅਨੁਸਾਰ ਮਾਰਕਸ ਪੂੰਜੀਵਾਦ ਦਾ ਵਿਰੋਧੀ ਤਾਂ ਹੈ ਹੀ ਸੀ, ਪਰ ਇਸ ਦੇ ਨਾਲ ਹੀ ਕਿਤੇ ਕਿਤੇ ਉਸਨੂੰ ਪੂੰਜੀਵਾਦ ਦਾ ਸਮਰਥਣ ਕਰਦਿਆਂ ਵੀ ਵੇਖਿਆ ਜਾ ਸਕਦਾ ਹੈ।
ਇਸ ਪ੍ਰਸੰਗ ‘ਚ ਦੇਸਾਈ ਮਾਰਕਸ ਦੀਆਂ ਭਾਰਤ ਬਾਰੇ ਲਿਖੀਆਂ ਰਿਪੋਰਟਾਂ ਦਾ ੳਦਾਹਰਣ ਦਿੰਦਾ ਹੈ। ਮਾਰਕਸ ਉਦੋਂ ਂੲੱ ੈੋਰਕ ੍ਹੲਰਅਲਦ ਠਰਬਿੁਨੲ ਦਾ ਪੱਤਰ-ਪ੍ਰੇਰਕ ਹੁੰਦਾ ਸੀ। (ਉਸਨੂੰ ਉਦੋਂ ਸਤਰਾਂ ਗਿਣਕੇ ਮਿਹਣਤਾਨਾ ਦਿਤਾ ਜਾਂਦਾ ਸੀ ਜਿਸ ਕਰ ਕੇ, ਹੱਥ ਤੰਗ ਹੋਣ ਕਾਰਨ , ਉਹ ਰਿਪੋਰਟਾਂ ਲਿਖਦਾ ਹੁੰਦਾ ਸੀ । ਇਕ ਰਿਪੋਰਟ ‘ਚ ਉਹ Sੲਪੋੇ-ਮੁਟਨਿੇ (1857) ਬਾਰੇ ਲਿਖਦਾ ਹੈ। ਇਸ ਰਿਪੋਰਟ ‘ਚ ਉਹ ਇਹ ਦਾਅਵਾ ਕਰਦਾ ਹੈ ਕਿ ਅੰਗਰੇਜਾਂ ਦਾ ਪੂਂਜੀਵਾਦ ਭਾਰਤ ਦੇ ਵਿਕਾਸ ਦੀ ਇਕੋ ਇਕ ਸਂਭਾਵਨਾ ਸੀ, ਕਿ ਪੱਛਮ ਵਾਂਗ ਭਾਰਤ ਦਾ ਕੋਈ ਇਤਿਹਾਸ ਨਹੀਂ ਸੀ, ਤੇ ਸਦੀਆਂ ਤੋਂ ਸੌਂ ਰਹੇ ਇਸ ਦੇਸ਼ ‘ਚ ਭੁੱਖ ਅਤੇ ਪਲੇਗ ਧਾਵਾ ਕਰਦੇ ਰਹਿੰਦੇ ਸੀ
ਮਾਰਕਸ ਦੇ ਇਹੋ ਜੇਹੇ ਕਥਨ ਲਾਤੀਨ ਅਮਰੀਕਾ ਦੇ ਮਾਰਕਸਵਾਦੀਆਂ ਨੂੰ ਕਾਫੀ ਪਰੇਸ਼ਾਨ ਕਰਦੇ ਸੀ, ਕਿਉ iਂਕ ਉਨ੍ਹਾਂ ਅਨੁਸਾਰ ਪੂੰਜੀਵਾਦ ਹੇਠ ਕਿਸੇ ਕਿਸਮ ਦਾ ਵੀ ਵਿਕਾਸ ਸੰਭਵ ਨਹੀਂ ਸੀ।
ਇਸ ਮਾਰਕਸ ਬਾਰੇ ਸਾਡੇ ਬੁੱਧੀਜੀਵੀ ਚੁੱਪ ਹੀ ਰਹਿੰਦੇ ਹਨ।
ਜੁਗਿੰਦਰ ਲਾਲ , ਧੂਰੀ
ਮੇਰੀ ਉਮਰ ਅਜੇ ਛੱਬੀ ਸਾਲ ਦੀ ਹੈ । ਮੈਂ ਸਾਇੰਸ ਦੀ ਪੜ੍ਹਾਈ ਕੀਤੀ ਹੈ ਪਰ ਪੰਜਾਬੀ ਸਾਹਿਤ ਵਿਚ ਡੂੰਘੀ ਦਿਲਚਸਪੀ ਰੱਖਦਾ ਹਾਂ । ਮੈਂ ਕੁਝ ਚੰਗੀਆਂ ਕਿਤਾਬਾਂ ਵੀ ਪੜ੍ਹੀਆਂ ਹਨ ਪਰ ਅੱਜ ਕਲ ਪੰਜਾਬੀ ਦੇ ਬਹੁਤ ਸਾਰੇ ਅਖਬਾਰ, ਰਿਸਾਲੇ ਛਪਦੇ ਹਨ ਜਿਨ੍ਹਾਂ ਵਿਚ ਸ਼ਾਮਲ ਕਹਾਣੀਆਂ ਕਵਿਤਾਵਾਂ ਤੋਂ ਦੂਰ ਨੱਸ ਜਾਣ ਨੂੰ ਦਿਲ ਕਰਦਾ ਹੈ।
ਇਸੇ ਕਰਕੇ ਸਾਡਾ ਪੋਚ ਆਪਣੇ ਗੌਰਵਮਈ ਵਿਰਸੇ ਤੋਂ ਕੋਰਾ ਰਹਿ ਰਿਹਾ ਹੈ ਤੇ ਇਉਂ ਲੱਗਣ ਲਗਦਾ ਹੈ ਕਿ ਪੰਜਾਬੀ ਅਨਪੜ੍ਹਾਂ ਦੀ ਜ਼ਬਾਨ ਹੈ ।
ਏਦਾਂ ਕਦੀ ਨਹੀਂ ਹੋਵੇਗਾ ਜੇਕਰ ਸਾਡੀ ਪੀੜ੍ਹੀ ਨੂੰ ’ਹੁਣ’ ਵਿਚ ਛਪੀਆਂ ਲਿਖਤਾਂ ਜਿਵੇਂ ਫੈਜ਼ ਅਹਿਮਦ ਫੈਜ਼ ਬਾਰੇ ਸੰਤ ਸਿੰਘ ਸੇਖੋਂ ਦਾ ਲੇਖ ਜਾਂ ਹੈਰਲਡ ਪਿੰਟਰ ਦਾ ਨੋਬਲ ਲੈਕਚਰ ਵਰਗੀਆਂ ਲਿਖਤਾਂ ਪੜ੍ਹਨ ਨੂੰ ਮਿਲਣ । ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਓਕਤਾਵੀਉ ਪਾਜ਼ ਵਰਗੇ ਲੇਖਕ ਨਾਲ ਮਿਲਾਇਆ । ਮੇਰੀ ਇੱਛਾ ਹੈ ਕਿ ਜੇਕਰ ਤੁਸੀਂ ’ਹੁਣ’ ਵਿਚ ਮੇਰੇ ਵਰਗੇ ਪਾਠਕਾਂ ਲਈ ਇਕ ਦੋ ਪੰਨੇ ਰਾਖਵੇਂ ਰੱਥ ਸਕੋ ਤਾਂ ਪੰਜਾਬੀ ਨੌਜੁਆਨਾਂ ’ਤੇ ਤੁਹਾਡਾ ਵੱਡਾ ਅਹਿਸਾਨ ਹੋਵੇਗਾ ।
ਮਨਸਿਮਰਨ ਸਿੰਘ, ਕਬੀਰ ਪਾਰਕ, ਅਮ੍ਰਿਤਸਰ ।
‘ਹੁਣ’ ਦਾ ਤੀਜਾ ਅੰਕ ਖਰੀਦਣ ਪਿੱਛੋਂ ਜਦ ਪੜ੍ਹਨਾ ਸ਼ੁਰੂ ਕੀਤਾ ਤਾਂ ਸੱਚ ਜਾਣਿਉ ਇੰਜ ਲੱਗਾ, ਜਿਵੇਂ ਪਿਛਲੇ ਅੰਕ ਨਾ ਖਰੀਦ ਕੇ ਬਹੁਤ ਬੱਜਰ ਗ਼ਲਤੀ ਕਰ ਲਈ ਹੋਵੇ । ਪੰਜਾਬੀ ਵਿਚ ਇੰਨਾਂ ਮਿਆਰੀ ਸਾਹਿਤਕ ਅਤੇ ਛਪਾਈ ਪੱਖੋਂ ਇੰਨਾਂ ਸਾਫ-ਸੁਥਰਾ ਪਰਚਾ ਵੀ ਨਿਕਲੇਗਾ, ਚਿੱਤ-ਚੇਤੇ ਵੀ ਨਹੀਂ ਸੀ । ਪਿਛਲੇ ਦੋ ਅੰਕ ਅਜਾਂਈ ਗਵਾਉਣ ਦਾ ਪਛਤਾਵਾ ਬਹੁਤ ਲੱਗਾ, ਬਹੁਤ ਯਤਨਾਂ ਨਾਲ ਕਿਸੇ ਤਰੀਕੇ ਦੂਜਾ ਅੰਕ ਤਾਂ ਆਪ ਜੀ ਵੱਲੋਂ ਪ੍ਰਾਪਤ ਹੋ ਗਿਆਂ, ਪਰ ਪਹਿਲੇ ਅੰਕ ਦਾ ਨਾ ਮਿਲਣਾ ਹਾਲੇ ਤੀਕ ਰੜ੍ਹਕ ਰਿਹਾ ਹੈ ।
‘ਹੁਣ’ ਵਿਚ ਛਪੀਆਂ ਰਚਨਾਵਾ ਵਾਕਿਆ ਹੀ ਸਾਂਭਣਯੋਗ ਹਨ । ਖਾਸ ਕਰਕੇ ‘ਹਕੀਕਤਾਂ’ ਨਾਂ ਦੇ ਹਿੱਸੇ ਵਿਚ ਜੋ ਰਚਨਾਵਾਂ ਛਾਪੀਆਂ ਗਈਆਂ ਨੇ, ਉਹ ਤਾ ਸਿੱਧੀਆਂ ਈ ਦਿਲ ਨੂੰ ਛੂਹੰਦੀਆਂ ਸਨ । ‘ਦੋ ਖਤਾਂ ਦੇ ਆਰ-ਪਾਰ’ ਵਿਚ ਅੰਮ੍ਰਿਤਾ ਪ੍ਰੀਤਮ ਦਾ ਜੋ ਰੂਪ ਸਾਹਮਣੇ ਆਇਆ, ਉਹ ਵਾਕਿਆ ਈ ਹੈਰਾਨਕੁੰਨ ਸੀ । ਕਮਲਪ੍ਰੀਤ ਕੌਰ ਦੁਸਾਂਝ ਨੇ ‘ਕੱਚ ਤੇ ਸੱਚ ਦੇ ਅੰਦਰ ਬਾਹਰ’ ਵਿਚ ਜੋ ਸੰਘਰਸ਼ ਦੀ ਤਸਵੀਰ ਪੇਸ਼ ਕੀਤੀ, ਰੌਂਗਟੇ ਖੜੇ ਕਰਨ ਦੇ ਸਮਰੱਥ ਸੀ । ਕਹਾਣੀਆਂ ਵੀ ਰੌਚਕ ਅਤੇ ਅਰਥ ਰੱਖਦੇ ਵਿਸਿਆਂ ਨਾਲ ਭਰਪੂਰ ਸਨ। ‘ਮੋਹਨ ਦਾਸ’ ਦੀ ਕਹਾਣੀ ਨੇ ਜੋ ਅੱਜ ਦੇ ਸਮਾਜ ਨੂੰ ਨੰਗਿਆਂ ਕੀਤਾ, ਉਹ ਕਾਬਲ-ਏ-ਤਾਰੀਫ ਸੀ । ਸ਼ਬਦ-ਚਿੱਤਰ ‘ਚੋਂ ਬਾਬਾ ਵਿਰਸਾ ਸਿੰਘ ਬਹੁਤ ਵਧੀਆ ਸੀ । ਪੰਜਾਬੀ ਬਾਬਿਆਂ ਦਾ ਕਿਆ ਖੂਬ ਸ਼ਬਦ-ਚਿੱਤਰ ਉਲੀਕਿਆ ਅਨੂਪ ਵਿਰਕ ਜੀ ਨੇ, ਕਮਾਲ ਸੀ । ਪੰਜਾਬ ਦੇ ਇਤਿਹਾਸ ਦੇ ਅਣਗੌਲੇ ਗਏ ਪੰਨੇ, ਮਹਾਰਾਜਾ ਰਣਜੀਤ ਸਿੰਘ ਦੀਆਂ ਪੋਤੀਆਂ ਬਾਰੇ ਅਮਰਜੀਤ ਚੰਦਨ ਦਾ ਲੇਖ ਜਾਣਕਾਰੀ ਭਰਪੂਰ ਸੀ । ਕਿਹੜੀ-ਕਿਹੜੀ ਰਚਨਾ ਦਾ ਜ਼ਿਕਰ ਕਰਾਂ ਬਸ ਸਭ ਕਮਾਲ ਸੀ ।
ਪਰ, ਕਵਿਤਾਵਾਂ ਮੇਰੀ ਸਮਝ ਮੁਤਾਬਿਕ, ਸਿਰਫ ਵਿਦਵਾਨਾਂ-ਦਾਨਿਆਂ ਲਈ ਹੀ ਸਨ । ਇਹ ਮੇਰੇ ਜਿਹੇ ਆਮ ਪਾਠਕਾਂ ਦੀ ਸਮਝ ਤੋਂ ਬਾਹਰ ਸਨ । ਸਾਡੇ ਕਵੀ-ਜਨ ਆਮ ਪਾਠਕਾਂ ਲਈ ਲਿਖਣਾ ਕਦੋਂ ਸ਼ੁਰੂ ਕਰਨਗੇ ਜੀ?? ਸੋ ਇਕ ਬੇਨਤੀ ਹੈ ਕਿ ਕੋਈ ਉਹ ਕਵਿਤਾ ਵੀ ਛਾਪੋ ਜੋ ਆਮ ਲੋਕਾਂ ਦੀ ਭਾਵਨਾ ਦੀ ਤਰਜਮਾਨੀ ਤਾਂ ਕਰੇ ਹੀ ਸਗੋਂ ਉਹਨਾਂ ਦੀ ਸਮਝ ਵੀ ਪਵੇ ਕਿ ਕੋਈ ਉਹਨਾਂ ਦੀ ਗੱਲ ਕਰ ਰਿਹਾ ਹੈ ।
ਖੈਰ ਅਗਲੇ ਪਰਚੇ ਦੀ ਉਡੀਕ ਕਰ ਰਿਹਾਂ ਹਾਂ । ਤੁਹਾਡੀ ਮਿਹਨਤ ਨੂੰ ਫਲ ਲੱਗੇ ।
ਹਰਪ੍ਰੀਤ ਸਿੰਘ ਸੰਧੂ,
ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ,
ਫਤਿਹਗੜ੍ਹ ਸਾਹਿਬ ।