ਪੰਜਾਬੀ ਕਾਵਿ-ਸਾਹਿਤ ਗੀਤ-ਪ੍ਰਗੀਤ ਦਾ ਅਥਾਹ ਭੰਡਾਰ ਹੈ| ਮੱਧਕਾਲ ਦੀ ਸਮੁੱਚੀ ਕਵਿਤਾ ਵਿਚ ਸੁਰ-ਸੰਗੀਤ ਪ੍ਰਧਾਨ ਹੈ| ਮੱਧਕਾਲ ਦੀਆਂ ਦੋਵੇਂ ਪ੍ਰਮੁੱਖ ਕਾਵਿ-ਧਾਰਾਵਾਂ ਗੁਰਮਤਿ ਕਾਵਿ-ਧਾਰਾ ਅਤੇ ਸੂਫੀ ਕਾਵਿ-ਧਾਰਾ ਵਿਚਲੀਆਂ ਗਾਇਨ ਸ਼ੈਲੀਆਂ ਕਾਇਲ ਕਰਨ ਵਾਲੀਆਂ ਹਨ| ਗਾਇਨ ਰਾਹੀਂ ਮੱਧ ਕਾਲ ਦੇ ਸੰਤਾਂ ਸੂਫ਼ੀਆਂ ਤੇ ਫਕੀਰਾਂ ਨੇ ਰੂਹਾਨੀਅਤ ਦਾ ਸੰਦੇਸ਼ ਘਰ ਘਰ ਪੁਹੰਚਾਇਆ ਅਤੇ ਜਨ ਜਾਗਰਣ ਦੀ ਇਕ ਜ਼ੋਰਦਾਰ ਲਹਿਰ ਚਲਾਈ| ਇਹ ਸਿਲਸਿਲਾ ਨਿਰੰਤਰ ਬਣਿਆ ਰਿਹਾ ਅਤੇ ਆਧੁਨਿਕ ਕਾਲ ਵਿਚ ਵੀ ਪ੍ਰਮੁੱਖ ਪੰਜਾਬੀ ਕਵੀਆਂ ਨੇ ਸੁੰਦਰ ਗੀਤਾਂ ਦੀ ਰਚਨਾ ਕੀਤੀ| ਛੰਦਾ ਬੰਦੀ ਦਾ ਖੂਬ ਪ੍ਰਯੋਗ ਕੀਤਾ ਗਿਆ, ਸਿੱਟੇ ਵਜੋਂ ਇਸ ਦੌਰ ਵਿਚ ਰਚੇ ਗਏ ਗੀਤਾਂ ਦਾ ਸਰੂਪ ਲੋਕ ਗੀਤਾਂ ਵਰਗਾ ਬਣ ਗਿਆ, ਪ੍ਰੰਤੂ ਇਨ੍ਹਾਂ ਗੀਤਾਂ ਵਿਚ ਵਿਸ਼ੇ ਪੱਖੋਂ ਵਿਵਿਧਤਾ, ਅਹਿਸਾਸ ਪੱਖੋਂ ਸੂਖ਼ਮਤਾ ਅਤੇ ਖ਼ਿਆਲ ਪੱਖੋਂ ਬੇਹੱਦ ਗਹਿਰਾਈ ਸੀ|
ਜਿਥੇ ਪੰਜਾਬੀ ਗੀਤ ਪ੍ਰਗੀਤ ਦੀ ਸਿਰਜਣਾ ਵਿਚ ਪੰਜਾਬੀ ਦੇ ਪ੍ਰਮੁੱਖ ਕਵੀਆਂ ਦੀ ਦਿਲਚਸਪੀ ਰਹੀ ਹੈ, ਉੱਥੇ ਆਧੁਨਿਕ ਕਾਲ ਵਿਚ ਪੰਜਾਬੀ ਸਾਹਿਤਕ ਗਾਇਕੀ ਲਗਭਗ ਨੁੱਕਰੇ ਲੱਗੀ ਰਹੀ ਹੈ| ਵਾਰਾਂ-ਢੋਲਿਆਂ-ਲੋਕ ਗਥਾਵਾਂ ਦੇ ਗਾਇਨ ਦੀ ਪ੍ਰਥਾ ਮੱਧਮ ਪੈਣ ਪਿੱਛੋਂ ਕੁਝ ਸਮਾਂ ਪੰਜਾਬੀ ਦੇ ਪ੍ਰਤਿਭਾਵਾਨ ਗਾਇਕਾਂ ਨੇ ਸਾਹਿਤਕ ਗੀਤਾਂ ਦੇ ਗਾਇਨ ਵਿਚ ਰੁਚੀ ਦਿਖਾਈ| ਉਨ੍ਹਾਂ ਅੰਮ੍ਰਿਤਾ ਪ੍ਰੀਤਮ, ਪ੍ਰੋ.ਮੋਹਨ ਸਿੰਘ ਆਦਿ ਕਵੀਆਂ ਦੇ ਗੀਤ ਗਾਏ| ਪ੍ਰੰਤੂ ਫਿਰ ਸ਼ਿਵ ਕੁਮਾਰ ਦਾ ਦੌਰ ਆ ਗਿਆ| ਗਾਇਕ/ ਗਾਇਕਾਵਾਂ ਵਿਚ ਸ਼ਿਵ ਕੁਮਾਰ ਤੇ ਸਿਰਫ਼ ਸ਼ਿਵ ਕੁਮਾਰ ਨੂੰ ਗਾਉਣ ਦੀ ਹੋੜ ਲੱਗ ਗਈ| ਸ਼ਿਵ ਖ਼ੁਦ ਗਾਉਂਦਾ ਸੀ| ਗਾਇਕ / ਗਾਇਕਾਵਾਂ ਨੂੰ ਬਣੀਆਂ ਬਣਾਈਆਂ ਤਰਜ਼ਾਂ ਮਿਲ ਜਾਂਦੀਆਂ ਸੀ| ਉਨ੍ਹਾਂ ਨੂੰ ਸਹੂਲਤ ਹੋ ਗਈ| ਪੰਜਾਬੀ ਦਾ ਗੀਤ ਪ੍ਰਗੀਤ ਵਿਰਸਾ ਉਨ੍ਹਾਂ ਨੇ ਵਿਸਾਰ ਹੀ ਦਿੱਤਾ|
ਪੰਜਾਬੀ ਦੀ ਸਾਹਿਤਕ ਗਾਇਕੀ ਦੇ ਚੰਗੇਰੇ ਭਵਿੱਖ ਦੀ ਆਸ ਉਦੋਂ ਬੱਝੀ ਜਦੋਂ ਉਪਕਾਰ ਸਿੰਘ ਦਾ ਸਾਹਿਤਕ ਗੀਤਾਂ ਦਾ ਗਾਇਨ ਸਾਹਮਣੇ ਅਇਆ| ਉਪਕਾਰ ਸਿੰਘ, ਪਾਤਰ ਘਰਾਣੇ ਦਾ ਗਾਇਕ ਹੈ| ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਉਸਦੇ ਸਕੇ ਭਰਾ ਹਨ ਅਤੇ ਪ੍ਰਸਿੱਧ ਗਾਇਕ ਦੀਦਾਰ ਸਿੰਘ ਪਰਦੇਸੀ ਉਸ ਦੇ ਚਚੇਰੇ ਭਰਾ ਹਨ| ਪੱਤੜ ਕਲਾਂ ਜ਼ਿਲ੍ਹਾ ਜਲੰਧਰ ਵਿਚ 1949 ਨੂੰ ਜਨਮਿਆ ਉਪਕਾਰ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ.ਐਸ.ਸੀ ਫਿਜ਼ਿਕਸ ਕਰਕੇ ਕੀਨੀਆ ਚਲਾ ਗਿਆਂ, ਉੱਥੇ ਉਸਦੇ ਪਿਤਾ ਜੀ ਗਿਆਨੀ ਹਰਭਜਨ ਸਿੰਘ ਨੌਕਰੀ ਕਰਦੇ ਸਨ| ਉਪਕਾਰ ਸਿੰਘ ਕਨਿਆਟਾ ਯੂਨੀਵਰਸਿਟੀ ਨੈਰੋਬੀ ਵਿਚ ਲੈਕਚਰਾਰ ਲੱਗ ਗਿਆ|
ਸੰਗੀਤ ਉਸ ਨੂੰ ਵਿਰਸੇ ਵਿਚ ਮਿਲਿਆ| ਮੁਢਲੀ ਪ੍ਰੇਰਣਾ ਅਪਣੇ ਪਿਤਾ ਦੇ ਗੁਰਬਾਣੀ ਗਾਇਨ ਤੋਂ ਅਪਣੇ ਵੀਰ ਸੁਰਜੀਤ ਪਾਤਰ ਦੇ ਦਿਲਕਸ਼ ਤਰੰਨੁਮ ਅਤੇ ਦੀਦਾਰ ਸਿੰਘ ਪ੍ਰਦੇਸੀ ਦੀ ਗਾਇਕੀ ਤੋਂ ਉਹ ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਹੋਇਆ| ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਦਿਆਂ ਹੀ ਪ੍ਰਤੀਯੋਗਤਾਵਾਂ ਵਿਚ ਇਨਾਮ ਹਾਸਲ ਕਰਕੇ ਉਪਕਾਰ ਸਿੰਘ ਨੇ ਅਪਣੀ ਗਾਇਨ ਪ੍ਰਤਿਭਾ ਦਾ ਪ੍ਰਮਾਣ ਦੇ ਦਿੱਤਾ ਸੀ|
ਕੀਨੀਆ ਜਾ ਕੇ ਉਪਕਾਰ ਸਿੰਘ ਨੇ ਉਸਤਾਦ ਬਸ਼ੀਰ ਬੱਟ ਤੋਂ ਬਕਾਇਦਾ ਸਿੱਖਿਆ ਹਾਸਲ ਕੀਤੀ ਤੇ ਛੇਤੀ ਉਰਦੂ ਗ਼ਜ਼ਲ ਦੀਆਂ ਮਹਿਫ਼ਲਾਂ ਦਾ ਸ਼ਿੰਗਾਰ ਬਣ ਗਿਆ| ਪਰ ਹਰ ਉਰਦੂ ਮਹਿਫ਼ਲ ਵਿਚ ਇਕ-ਦੋ ਪੰਜਾਬੀ ਗ਼ਜ਼ਲਾਂ ਵੀ ਸੁਣਾਉਂਦਾ| ਜਿਨ੍ਹਾਂ ਦੇ ਵੱਖਰੇ ਰੰਗ ਦੀ ਭਰਪੂਰ ਪ੍ਰਸੰਸਾ ਹੋਈ|
1980 ਵਿਚ ਉਸਨੇ ਅਪਣੀ ਆਵਾਜ਼ ਵਿਚ ਉਰਦੂ ਤੇ ਪੰਜਾਬੀ ਗੀਤਾਂ ਗ਼ਜ਼ਲਾਂ ਦੀ ਸਾਂਝੀ ਕੈਸਿਟ ‘ਦਹਿਲੀਜ਼’ ਰਿਲੀਜ਼ ਕੀਤੀ ਇਸ ਵਿਚ ਉਸਨੇ ਕਤੀਲ ਸ਼ਿਫ਼ਾਈ, ਅਜਾਇਬ ਚਿਤ੍ਰਕਾਰ, ਸ਼ਿਵ ਕੁਮਾਰ ਤੇ ਸੁਰਜੀਤ ਪਾਤਰ ਦਾ ਕਲਾਮ ਗਾਇਆ| ਸ਼ਿਵ ਕੁਮਾਰ ਦੇ ਗੀਤ ‘ਚੀਰੇ ਵਾਲਿਆ ਦਿਲਾਂ ਦਿਆ ਕਾਲਿਆ’ ਸੁਰਜੀਤ ਪਾਤਰ ਦੀ ਗ਼ਜ਼ਲ ‘ਜਿਸ ’ਚ ਸੂਲੀ ਦਾ ਇੰਤਜ਼ਾਮ ਨਹੀਂ’ ਅਜਾਇਬ ਚਿਤਰਕਾਰ ਦੀ ਉਰਦੂ ਗ਼ਜ਼ਲ ‘ਬਾਇਸੇ ਤਸਕੀਨ ਤੇਰਾ ਆਜ ਮੈਖ਼ਾਨਾ ਤੋਂ ਹੈ, ਅਪਨਾ ਘਰ ਫਿਰ ਅਪਨਾ ਘਰ ਹੈ ਅਪਨੇ ਘਰ ਜਾਨਾ ਤੋਂ ਹੈ’ ਦੇ ਗਾਇਨ ਲਈ ਉਸ ਨੂੰ ਭਰਪੂਰ ਦਾਦ ਮਿਲੀ|
ਲੰਬੇ ਅੰਤਰਾਲ ਬਾਅਦ 1990 ਵਿਚ ਉਸਨੇ ਨਿਰੋਲ ਪੰਜਾਬੀ ਸਾਹਿਤਕ ਕਲਾਮ ਗਾਇਆ ਅਤੇ ਛੇ ਗੀਤਾਂ ਦੀ ਖੂਬਸੂਰਤ ਆਡੀਉ ਕੈਸਿਟ ‘ਚਾਨਣ ਦੀ ਫੁਲਕਾਰੀ’ ਰਿਲੀਜ਼ ਕੀਤੀ| ਇਸ ਵਿਚ ਪੰਜਾਬੀ ਦੇ ਨਾਮਵਰ ਕਵੀਆਂ ਅੰਮ੍ਰਿਤਾ ਪ੍ਰੀਤਮ, ਡਾ ਹਰਿਭਜਨ ਸਿੰਘ , ਜਸਵੰਤ ਸਿੰਘ ਨੇਕੀ, ਪ੍ਰੋ ਮੋਹਨ ਸਿੰਘ, ਸੁਰਜੀਤ ਪਾਤਰ ਅਤੇ ਬਾਵਾ ਬਲਵੰਤ ਦੇ ਗੀਤਾਂ ਗ਼ਜ਼ਲਾਂ ਨੂੰ ਅਪਣੀ ਰੂਹ ਵਿਚ ਰਚਾ ਕੇ ਗਾਇਆ| ਅੰਮ੍ਰਿਤਾ ਪ੍ਰੀਤਮ ਦਾ ਗੀਤ ‘ਚਾਨਣ ਦੀ ਫੁਲਕਾਰੀ’ ਭਾਵੇਂ ਪਹਿਲਾਂ ਵੀ ਵੱਡੇ ਗਾਇਕਾਂ ਦੁਆਰਾ ਗਾਇਆ ਗਿਆ ਹੈ ਪਰ ਉਪਕਾਰ ਦਾ ਤਾਂ ਰੰਗ ਹੀ ਵੱਖਰਾ ਹੈ| ਪ੍ਰੋ ਮੋਹਨ ਸਿੰਘ ਅਤੇ ਬਾਵਾ ਬਲਵੰਤ ਦੇ ਗੀਤਾਂ ਵਿਚਲੀ ਦਾਰਸ਼ਨਿਕ ਗਹਿਰਾਈ ਨੂੰ ਉਜਾਗਰ ਕਰਨ ਵਿਚ ਉਹ ਕਸਰ ਬਾਕੀ ਨਹੀਂ ਛੱਡਦਾ| ਸੁਰਜੀਤ ਪਾਤਰ ਦੀਆਂ ਇਹ ਸਤਰਾਂ ਜਦ ਉਹ ਗਾਉਂਦਾ ਹੈ, “ਨੰਗੀਆਂ ਸ਼ਾਖ਼ਾਂ ਨੂੰ ਮੇਰੇ ਮਾਲਕਾ ,ਦੇ ਦੇ ਦੋ ਤਿੰਨ ਪੱਤੀਆਂ ਪਹਿਨਣ ਲਈ” ਤਾਂ ਮੇਰੇ ਕਾਲਜੇ ਨੂੰ ਧੂਹ ਪੈਂਦੀ ਹੈ|
‘ਚਾਨਣ ਦੀ ਫੁਲਕਾਰੀ’ ਵਰਗੀਆਂ ਹੋਰ ਵੀ ਦੁਰਲੱਭ ਕੈਸਿਟਾਂ ਉਪਕਾਰ ਸਿੰਘ ਭਵਿੱਖ ਵਿਚ ਰਿਕਾਰਡ ਕਰਵਾਏਗਾ ਅਤੇ ਸਾਹਿਤਕ ਗੀਤਕਾਰੀ ਨਾਲ ਲਗਾਵ ਰੱਖਣ ਵਾਲੇ ਸਰੋਤਿਆਂ ਦੀ ਸੁਹਜ ਤ੍ਰਿਪਤੀ ਕਰੇਗਾ|