ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜੱਗ ਭਲੀ ਭਾਂਤੀ ਜਾਣਦਾ ਹੈ। ਬਾਲੇ ਅਤੇ ਮਰਦਾਨੇ ਬਾਰੇ ਵੀ ਇਵੇਂ ਹੀ ਹੈ। ਲੇਕਿਨ ਮਰਦਾਨੇ ਦੀ ਰਬਾਬ ਬਾਰੇ ਮੈਂ ਕੁਝ ਵਿਸ਼ੇਸ਼ ਕਹਿਣਾ ਚਾਹਵਾਂ ਤਾਂ ਕਹਿਣ ਦਿਉ। ਮੈਂ ਵੀ ਕਹਿ ਨਹੀਂ ਰਿਹਾ ਹਾਂ, ਜੋ ਵੇਖਿਆ ਸੋ ਕਹਿ ਰਿਹਾ ਹਾਂ। ਬਾਬੇ ਦੀਆਂ ਜਨਮ ਸਾਖੀਆਂ ਬਾਰੇ ਵੀ ਵਿਦਵਾਨਾਂ ਨੇ ਇਕ ਦਿਲਚਸਪ ਚੀਜ਼ ਸਾਹਮਣੇ ਲਿਆਂਦੀ ਹੈ। ਉਹ ਹੈ ਗੁਰੂ ਸਾਹਿਬ ਦੀ ਜਨਮ ਸਾਖੀ ਦੀਆਂ ਪੰਜ ਪੋਥੀਆਂ, ਭਾਵ ਪੰਜ ਪਰੰਪਰਾਵਾਂ। ਇਹ ਪੰਜ ਜਨਮ ਸਾਖੀਆਂ ਹਨ
1. ਵਲਾਇਤ ਵਾਲੀ ਜਨਮ ਸਾਖੀ;
2. ਮਿਹਰਬਾਨ ਵਾਲੀ ਜਨਮ ਸਾਖੀ;
3. ਆਦਿ ਸਾਖੀਆਂ;
4. ਬਾਲੇ ਵਾਲੀ ਜਨਮ ਸਾਖੀ;
5. ਭਾਈ ਮਨੀ ਸਿੰਘ ਵਾਲੀ ਜਨਮ ਸਾਖੀ।
ਵਿਦਵਾਨਾਂ ਤੇ ਦਾਨਸ਼ਵਰਾਂ ਲਈ ਇਹ ਗੱਲ ਮੈਂ ਸਿਰਫ਼ ਉਹਨਾਂ ਨੂੰ ਦੱਸਣੀ ਸੀ ਜਿਹਨਾਂ ਨੂੰ ਇਸ ਦਾ ਇਲਮ ਨਾ ਹੋਵੇ। ਕੱਲ੍ਹ ਨੂੰ ਇਹ ਗਿਣਤੀ ਵੱਧ ਘੱਟ ਵੀ ਹੋ ਸਕਦੀ ਹੈ। ਲੇਕਿਨ ਇਹਨਾਂ ਵਿਚੋਂ ਹਾਲ ਤੱਕ ਸਭ ਤੋਂ ਵੱਧ ਪੜ੍ਹੀ/ਸੁਣੀ ਜਾਂਦੀ ਜਨਮ ਸਾਖੀ ਹੈ ਬਾਲੇ ਵਾਲੀ। ਇਸ ਜਨਮ ਸਾਖੀ ਵਿਚ ਚਲੋ-ਚਾਲ ਚਲੇ ਜਾਂਦੇ ਹਨ, ਕੇਵਲ ਗੁਰੂ ਸਾਹਿਬ ਅਤੇ ਬਾਲਾ, ਮਰਦਾਨਾ। ਸਾਖੀ, ਸਾਕਸ਼ੀ ਬਣਦੀ ਹੈ ਮਰਦਾਨੇ ਕਰਕੇ ਤੇ ਮਰਦਾਨਾ ਹੈ ਰਬਾਬ ਕਰਕੇ ਅਤੇ ਇਹ ਰਬਾਬ ਹੈ ਗੁਰੂ ਸਾਹਿਬ ਦੀ ਬਾਣੀ ਕਰਕੇ। ਜਦੋਂ ਗੁਰੂ ਨੇ ‘ਕਲਿ ਤਾਰਨ’ ਤੁਰਨਾ ਹੈ ਤਾਂ ਤਾਰਨ ਹਾਰਿਆਂ ਦੇ ਪਰਥਾਇ ਕਿਸੇ ‘ਸ਼ਬਦ’ ਦੀ ਜ਼ਰੂਰਤ ਪੈਂਦੀ ਹੈ। ‘ਸ਼ਬਦ’ ਨੂੰ ਰਾਗ ਦਾ ਰੂਪ ਦੇਣਾ ਹੈ ਮਰਦਾਨੇ ਦੀ ਰਬਾਬ ਨੇ। ਮੈਂ ਏਸ ਰਬਾਬ ਨੂੰ ਨਮਸਕਾਰ ਕਰਨੀ ਹੈ ਬਾਬਾ ਅਟੱਲ ਦੇ ਮੰਦਿਰ ਅੰਦਰ ‘ਸਿੱਖ’ ਚਿਤਰਕਾਰਾਂ ਦੇ ਬਣਾਏ ਉਨੀਵੀਂ ਸਦੀ ਦੇ ਚਿਤਰਾਂ ਦੇ ਰਸਤੇ।
ਬਾਲੇ ਵਾਲੀ ਜਨਮ ਸਾਖੀ ਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਤੋਂ ਇਲਾਵਾ ਬਾਕੀ ਤਿੰਨ ਪਰੰਪਰਾਵਾਂ ਵਿਚ ਬਾਲਾ ਨਹੀਂ ਆਉਂਦਾ। ਇਸ ਵਿਚ ਬਾਲਾ ਆਉਂਦਾ ਹੈ, ਲੇਕਿਨ ਇਸਦਾ ਕੋਈ ਵਿਸ਼ੇਸ਼ ਰੋਲ ਨਹੀਂ ਅਤੇ ਇਸ ਲਿਖਤ ਵਿਚ ਇਸ ਬਾਰੇ ਕੋਈ ਗਿਣਤੀ ਮਿਣਤੀ ਕਰਨੀ ਸਾਡਾ ਮਕਸਦ ਵੀ ਨਹੀਂ। ਬਾਲੇ ਦਾ ਕਿਤੇ ਕਿਤੇ ਜ਼ਿਕਰ ਹੈ, ਪਰ ਇਸ ਸਾਖੀ ਦੇ ਚਿਤਰ ਵਿਚ ਬਾਲੇ ਦਾ ਇਕ ਵਿਸ਼ੇਸ਼ ਅਤੇ ਮੂਲ-ਰੋਲ ਵੀ ਮਿਲਦਾ ਹੈ।
ਜਨਮ ਸਾਖੀਆਂ ਵਿਚ ਲਿਖਿਆ ਹੈ, ਗੁਰੂ ਨਾਨਕ ਦੀਆਂ ਬਚਪਨ ਤੋਂ ‘ਉਦਾਸੀਆਂ’ ਬਾਰੇ। ਕਿਤੇ ਬਾਬਾ ਮੱਝਾਂ ਚਾਰਦਿਆਂ ਖੇਤ ਉਜਾੜ ਦੇਂਦਾ ਹੈ ਤੇ ਫੇਰ ਖੇਤ ਹਰਾ ਹੋ ਜਾਂਦਾ ਹੈ। ਕਾਜ਼ੀ, ਪੰਡਤ ਤੋਂ ਪੜ੍ਹਨ ਗਿਆਂ, ਉਹਨਾਂ ਨੂੰ ਪੜ੍ਹਨੇ ਪਾ ਆਉਂਦਾ ਹੈ। ਪਿਤਾ ਵਪਾਰ ਕਰਨ ਨੂੰ ਕਹਿੰਦਾ ਹੈ ਤਾਂ ਸਾਰੀ ਮਾਇਆ ‘ਭੁੱਖੇ’ ਸਾਧੂਆਂ ਨੂੰ ਖਲ਼ਾ ਆਉਂਦਾ ਹੈ। ਪਿਤਾ ਨਹੀਂ ਸਮਝ ਸਕਦਾ। ਹਾਰ ਕੇ ਵੱਡੀ ਭੈਣ ਕੋਲ ਭੇਜ ਦੇਂਦਾ ਹੈ ਸੁਲਤਾਨਪੁਰ ਲੋਧੀ। ਬਾਬੇ ਦਾ ਭਣਵੱਈਆ ਹੈ ਜੈ ਰਾਮ, ਸਰਕਾਰੇ ਦਰਬਾਰੇ ਸਰਦੀ ਪੁੱਗਦੀ ਥਾਂ ’ਤੇ। ਬਾਬੇ ਨਾਨਕ ਨੂੰ ਮੋਦੀਖਾਨੇ ਦੀ ਨੌਕਰੀ ਮਿਲਦੀ ਹੈ। ਪਰ ਏਥੇ ਕੀ ਹੈ? ਕਿੱਥੇ ਕੋਈ ਖਾਂਦਾ ਨਹੀਂ ਰੱਜਦਾ, ਕੋਈ ਸ਼ਾਮ ਸਵੇਰੇ ਦੇ ਝੁਲਕੇ ਦੇ ਫ਼ਿਕਰਾਂ ਵਿਚ ਵੀ ਹੈ। ਇਹ ਕੀ? ਬਾਬਾ ਤੇਰਾਂ ਤੇ ਆਉਂਦਾ ‘ਤੇਰਾ ਤੇਰਾ’ ਕਰਕੇ ਨਿਰੰਕਾਰ ਵਿਚ ਜੁੜ ਜਾਂਦਾ, ਬਾਕੀ ਸਾਰਿਆਂ ਨੂੰ ਇਹ ਸਮਝ ਨਹੀਂ ਆਉਂਦਾ ਕੀ ਕਰਦਾ ਹੈ। ਸਾਰੇ ਬਰਾਬਰ ਹੋ ਗਏ? ਤੇਰਾਂ ਤੇ ਤੇਰਾ ਦਾ ਕੋਈ ਫ਼ਿਕਰ ਨਹੀਂ? ਹਿਸਾਬ ਤਾਂ ਹਿੰਦਸਿਆਂ ਆਸਰੇ ਤੁਰਦਾ ਹੈ, ਕੀ ਹਿੰਦਸਿਆਂ ਦਾ ਕੋਈ ਮਤਲਬ ਨਹੀਂ? ਇੰਝ ਨਹੀਂ ਹੋ ਸਕਦਾ।
‘ਨਾਨਕ ਜੀ ਦੀ ਚਾਲੀ, ਓਹ ਕਦੀ ਮਿਰਾਸੀ ਕੋਈ ਆਵੈ, ਖਾਲੀ ਕਿਸੇ ਨੂੰ ਛੱਡੇ ਨਾਹੀ। ਲੋਕਾਂ ਵਿਚਿ ਗਲਾਂ ਪਈਆਂ ਹੋਵਨਿ। ਨਾਨਕ ਅਜ ਕਲਿ ਨਸਿ ਜਾਂਦਾ ਹੈ। ਆਇ ਨਾਨਕੀ ਅਤੇ ਜੈ ਰਾਮ ਨੂੰ ਲੋਕ ਸੁਣਾਵਣਿ ਲਗੇ। ਨਾਨਕੀ ਜੈ ਰਾਮ ਨੂੰ ਆਖੇ ਦੇਖੀਂ ਲੋਕਾਂ ਦੇ ਆਖੇ ਭਰਮਦਾ ਹੋਵੇ। ਜੈ ਰਾਮ ਗਿਣਤੀ ਖਾਏ, ਬਾਹਰ ਸਾਹੁ ਨਾ ਕਢੇ। ਫੇਰਿ ਨਾਨਕ ਜੀ ਆਖਿਆ, ਜੀਜਾ ਹਿਸਾਬ ਸਿਰਕਾਰ ਕਾ ਦਿਵਾਈਐ। ਬਹੁਤ ਦਿਨ ਹੋਏ ਹੈ ਕਿ ਤਾਂ ਜੈ ਰਾਮ ਨਬਾਬ ਪਾਸ ਅਰਜ ਕੀਤੀ, ਨਬਾਬ ਸਲਾਮਤਿ ਮੋਦੀ ਨਾਨਕ ਕਹੰਦਾ ਹੈ, ਹਿਸਾਬ ਲੈ ਤਾਂ ਭਲਾ ਹੈ। ਨਬਾਬ ਕਹਿਆ ਜੈ ਰਾਮ ਬੁਲਾਇ ਨਾਨਕ ਜੀ ਕਉ। ਜੈ ਰਾਮ ਨਿਬੇ ਬਾਮਣ ਨੂੰ ਭੇਜਿ ਕਰਿ ਸਦਾਇ ਲੀਤਾ। ਕਿਸੇ ਕਹਿਆ ਭਾਈ ਜੀ ਵਹੀ ਲੈ ਆਉ, ਹਿਸਾਬ ਦੇਹਿ। ਨਾਨਕ ਖੁਸ਼ੀ ਹੋਇ ਕਰਿ ਆਇਆ। ਨਬਾਬ ਦਉਲਤ ਖਾਂ ਅਗੋਂ ਲੋਕ ਦੁਸਟ ਕੰਨ ਭਰਦੇ ਆਹੇ। ਇਤਨੀ ਬਾਤ ਤੀਨ ਸੈ ਇਕਤੀ ਰੁਪਈਯੈ ਨਾਨਕ ਜੀ ਦੇ ਜਾਫਾ ਉਠੇ।
(ਜਨਮ ਸਾਖੀ ਪਰੰਪਰਾ ਅੰਤਕਾ, ਪੰ. 236)
ਹਾਂ ਤੇ ਕਹਾਣੀ ਇਉਂ ਮਿਲਦੀ ਹੈ, ਝੂਠੇ ਸੱਚੇ ਦੀ ਪਰਖ ਹੋਣ ਲੱਗਦੀ ਹੈ। ਨਬਾਬ ਨੂੰ ਨਾਨਕ ਝੂਠ ਲਗਦਾ ਪਰ ਪਹਿਲੋਂ ਕਦੀ ਨਬਾਬ ਵੀ ਨਹੀਂ ਸੀ ਬੋਲਿਆ। ਭਣਵੱਈਆ ਕਹਿੰਦਾ ਹੈ ਕਿ ‘ਨਬਾਬ ਸਲਾਮਤਿ ਲੋਕ ਦੁਸ਼ਮਨੀ ਨਾਨਕ ਜੀ ਸਾਥਿ ਬਹੁਤ ਕਰਤੇ ਹੈ। ਭਵਾਨੀ ਦਾਸ ਖਜਾਨਚੀ ਨੂੰ ਬੁਲਾਉਂਦੇ ਹਨ। ਗਿਣਤੀ ਸ਼ੁਰੂ ਹੁੰਦੀ। ਹੱਟੀ ਖੁੱਲ੍ਹਦੀ ਹੈ ਤੇ ਤਿੰਨ ਹਜ਼ਾਰ ਸਗੋਂ ਨਬਾਬ ਵੱਲ ਨਿਕਲਦੇ ਹਨ।
ਜੈ ਰਾਮ ਨਬਾਬ ਕਉ ਸਲਾਮ ਕਰ ਕੈ ਘਰ ਆਇਆ।
ਬਹੁਤ ਖੁਸ਼ੀ ਆਇਆ, ਅਗੋਂ ਨਾਨਕੀ ਪੁੱਛਿਆ
ਕਹੋ ਜੀ! ਹਿਸਾਬ ਹੋਇਆ। ਜੈ ਰਾਮ ਕਹਿਆ, ਹੋਆ।
… ਮੈਂ ਜਾਣਦਾ ਹਾਂ ਜੋ ਨਾਨਕ ਪੈਸੇ ਲੁਟਾਵਤਾ ਹੈ।
ਜਾ ਹਿਸਾਬ ਹੋਤਾ ਹੈ ਤਾਂ ਹਥੋਂ ਵਧਿ ਨਿਕਲਦਾ ਹੈ।
(ਉਹੀ, ਪੰ. 237)
ਇਸ ਕਥਾ ਤੋਂ ਮਗਰੋਂ ਗੁਰੂ ਜੀ ਦਾ ਵਿਆਹ ਹੁੰਦਾ। ਗੱਲਾਂ ਹੁੰਦੀਆਂ ਹਨ, ਇਥੋਂ ਤੱਕ ਕਿ ਗੁਰੂ ਸਾਹਿਬ ਦੀ ਸੱਸ, ਬਾਬੇ ਦੀ ਭੈਣ ਨੂੰ ਕਹਿੰਦੀ ਹੈ ਕਿ ‘ਤੁਸਾਂ ਮੇਰੀ ਧੀ ਨੂੰ ਪਾਇ ਡੋਬਾਇਆ… ਕਿਉਂ ਤੁਸੀਂ ਏਹੋ ਜੇਹੇ ਹੋ ਹਕੂਮਤਿ ਲਗੇ ਕਰਣ। ਜੋ ਪਰਾਈਆਂ ਧੀਆਂ ਲਾਗੇ ਗਾਲਣਿ।’ ਫੇਰ ਭੈਣ ਸਮਝਾਉਂਦੀ ਹੈ। ਬਾਬਾ ਬੱਤੀਆਂ ਵਰਿ੍ਹਆਂ ਦਾ। ਫੇਰ ਪੁੱਤਰ ਦਾ ਜਨਮ। ਸੰਸਾਰ ਦੇ ਸੰਸਕਾਰ ਪੂਰੇ ਤੇ ਵੇਈਂ ਪਰਵੇਸ਼। ਬਾਬਾ ਤੀਜੇ ਦਿਨ ਬਾਹਰ ਨਿਕਲਿਆ। ਵੇਈਂ ਪਰਵੇਸ਼ ਤੋਂ ਵਾਪਸੀ ਮਗਰੋਂ ਸਭ ਕੁਝ ਬਦਲ ਜਾਂਦਾ ਹੈ। ‘ਨਾ ਕੋਈ ਹਿੰਦੂ ਨਾ ਮੁਸਲਮਾਨ’। ਸ਼ਬਦ ਪਰਾਪਤੀ ਹੋਆ
ਰਾਜਾ, ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲਿ ਪਿਆਰੋ
(ਬਸੰਤ ਹਿੰਡੋਲ ਮਹਲ ੧, ਪੰ. 1171)
ਸਰਕਾਰ ਤੋਂ ਵੀ ਬਗ਼ਾਵਤ। ਨਿਮਾਜ਼ ਲਈ ਗਏ ਨਬਾਬ ਨੂੰ ਸਲਾਮਤ ਕਰਨ ਤੋਂ ਇਨਕਾਰ। ਕਾਜ਼ੀ ਤੋਂ ਇਨਕਾਰ। ਭੈਣ ਕੋਲੋਂ ਆਗਿਆ ਲੈ ਕੇ ਉਦਾਸੀਆਂ ਲਈ ਤਿਆਰੀਆਂ ਅਤੇ ਫਿਰੰਦੇ ਕੋਲੋਂ ਰਬਾਬ ਲੈਣੀ।
ਇਸ ਇਨਕਾਰੀ ਸਰੋਕਾਰਾਂ ਵਿਚੋਂ ਇਕ ਰਾਗ ਆਉਣਾ ਹੈ। ਉਦਾਸੀ ਵਿਚੋਂ ਇਕ ਰਾਗ ਉਗਮਦਾ ਹੈ, ਵੈਰਾਗ ਵਿਚੋਂ ਵੀ। ਰਾਗ ਵਾਲੇ ਨੂੰ ਸਾਜ਼ਾਂ ਬਾਰੇ ਪਤਾ ਹੈ। ਕਈ ਵਾਰ ਰਾਗ ਬਣਾਉਣ ਵਾਲਾ ਜਾਣ ਸਕਦਾ ਹੈ ਕਿ ਇਹ ਸਾਜ਼ ਕਿਸ ਲਈ ਬਣਨਾ ਹੈ ਜਾਂ ਬਣ ਜਾਣਾ ਚਾਹੀਦਾ ਹੈ। ਜਦੋਂ ਗੁਰੂ ਨਾਨਕ ਨੂੰ ‘ਭੂਤਨਾ, ਬੈਤਾਲਾ’ ਕਿਹਾ ਜਾਂਦਾ ਹੈ ਤਾਂ ਕਹਿਣ ਵਾਲਾ ਗੁਰੂ ਨਾਨਕ ਦੇ ਸ਼ਬਦਾਂ, ਰਾਗਮਈ ਬਾਣੀ ਤੋਂ ਖ਼ੌਫਜ਼ਦਾ ਹੁੰਦਾ ਹੈ। ਭਾਈ ਫਿਰੰਦਾ ਰਬਾਬਾਂ ਬਣਾਉਣ ਦਾ ਮਹਾਰਾਥੀ ਹੈ। ਉਹ ਇਕ ਬਣਾ ਲੈਂਦਾ ਹੈ, ਜਿਸ ਵਿਚੋਂ ‘ਨਿਰੰਕਾਰ’ ਦੀ ਆਵਾਜ਼ ਆਉਂਦੀ ਹੈ ਤੇ ਉਹ ਰਬਾਬ ਕੰਧ ’ਤੇ ਟੁੰਗ ਦੇਂਦਾ ਹੈ। ਜਿਸ ਦੀ ਆਵਾਜ਼ ਘਰ ਘਰ ਕਿਰਤੀਆਂ ਤੱਕ ਪਹੁੰਚ ਜਾਂਦੀ ਹੈ, ਉਹ ਕੇਵਲ ਨਾਨਕ ਹੀ ਹੋ ਸਕਦਾ ਹੈ ਜੋ ਕਿਰਤ ਦੇ ਰਾਗ ਨੂੰ ਵੀ ਜਾਣ ਸਕਦਾ ਹੈ ਅਤੇ ਕਿਰਤੀ ਦੀ ਆਭਾ ਨੂੰ ਵੀ।
ਗੁਰੂ ਨਾਨਕ ਉਦਾਸੀ ’ਤੇ ਜਾਣ ਤੋਂ ਪਹਿਲਾਂ ਇਕ ਰਬਾਬ ਤੇ ਰਬਾਬੀ ਦੀ ਤਲਾਸ਼ ਕਰਦਾ ਹੈ। ਰਬਾਬੀ ਮਰਦਾਨਾ ਤਾਂ ਮਿਲ ਗਿਆ ਲੇਕਿਨ ਰਬਾਬ ਫਿਰੰਦੇ ਤੋਂ ਹੀ ਮਿਲਣੀ ਹੈ। ਮਰਦਾਨਾ ਤਲਾਸ਼ ਕਰਦਿਆਂ ਕਰਦਿਆਂ ਭਾਈ ਫਿਰੰਦੇ ਪਾਸ ਪਹੁੰਚ ਗਿਆ। ਰਬਾਬਾਂ ਵੇਖੀਆਂ। ਕੰਧ ’ਤੇ ਟੰਗੀ ਰਬਾਬ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਮਰਦਾਨਾ ਜਿੱਥੇ ਕਿਤੇ ਜਾਵੇ ਤੇ ਰਬਾਬ ਮੰਗੇ ‘ਜਿੱਥੇ ਜਾਏ ਤਿਥਾਉਂ ਮਿਰਾਸੀ ਅਗੋ ਆਖਨਿ ਆਇਆ ਹੀ ਕੁਰਾਹੀ ਦਾ ਡੁਮ।’ ਇਸ ਬਾਰੇ ਗੁਰੂ ਨੇ ਦੱਸਿਆ ‘ਜੰਗਲ ਵਿਖੇ ਗਿਰਾਉ ਜਟ ਦਾ ਹੈਈ ਦੁਹਾਂ ਨਦੀਆਂ ਦੇ ਵਿਚਿ। ਗਿਰਾਉ ਦਾ ਨਾਉ ਆਸਕਪੁਰ ਹੈ। ਉਸ ਵਿਚਿ ਏਕ ਰਬਾਬੀ ਰਹਦਾ ਹਈ ਨਾਉ ਉਸਦਾ ਫਿਰੰਦਾ ਹਿੰਦੂ ਸਦਦੇ ਹੈਨਿ। … ਤੂੰ ਉੱਥੇ ਜਾਇਕੇ ਅਸਾਡਾ ਨਾਉ ਲਈ’। ਤਿੰਨ ਦਿਨ ਲੱਭਣ ਵਿਚ ਲੱਗ ਗਏ। ਮਰਦਾਨੇ ਨੂੰ ਲੱਭਦਿਆਂ-ਲੱਭਦਿਆਂ ਭਾਈ ਫੇਰੂ ਲੱਭ ਪੈਂਦਾ ਹੈ। ਜਦੋਂ ਪਤਾ ਲੱਗਦਾ ਹੈ ਕਿ ਬਾਬੇ ਨੇ ਰਬਾਬ ਲੈਣ ਮਰਦਾਨੇ ਨੂੰ ਭੇਜਿਆ ਤਾਂ ਭਾਈ ਫੇਰੂ ਨੇ ਬਿਨਾ ਕਿਸੇ ਮੁਲ ਲੈਣ ਦੇ ਰਬਾਬ ਮਰਦਾਨੇ ਨੂੰ ਸੌਂਪੀ ਤੇ ਨਾਲੇ ਨਾ ਮੁੱਲ ਤਾਰਨ ਦਾ ਸਬੱਬ ਦੱਸਿਆ ‘ਮਰਦਾਨੇ ਏਹੁ ਰਬਾਬੁ ਅਸਾਨੂ ਕੁਦਰਤਿ ਨਾਲ ਹਥਿ ਆਇਆ ਹੈ। ਅਵਾਜ ਏਸ ਦੀ ਏਹੀ ਨਿਕਲੀ ਜੋ ਫਿਰੰਦਾ ਇਹੁ ਰਬਾਬ ਹੋਰਸੁ ਅਗੇ ਵਜਾਵਣਾ ਨਾਹੀ। ਹਿਕੁ ਨਾਨਕ ਵੇਦੀ ਖਤ੍ਰੀ ਹੋਸੀ ਏਹੁ ਰਬਾਬ ਉਸਦੇ ਅਗੇ ਵਜਾਵਣੀ ਤੂੰ ਉਸ ਅੱਗੇ ਵਜਾਵੇ। … । ਪਰ ਭਾਈ ਚਲੁ ਦੇਖ ਉਹ ਨਾਨਕ ਹੈ ਕਿ ਕੋਈ ਹੋਰੁ ਹੈ।’ ਦੋਵੇੋਂ ਰਬਾਬ ਲੈ ਕੇ ਬਾਬੇ ਵੱਲ ਚਲਦੇ ਹਨ। ਮਰਦਾਨਾ ਡੂਮ ਹੈ। ਰਹਿ ਨਹੀਂ ਸਕਦਾ ਕਹਿੰਦਾ ‘ਪਰ ਜੇ ਹੁਕਮ ਹੋਵੇ ਤਾਂ ਮੈਂ ਇਕ ਵਾਰੀ ਵਜਾਏ ਦੇਖਾ। ਤਾਂ ਫਿਰੰਦੇ ਕਹਿਆ ਭਾਈ ਹੋਰਸੁ ਆਗੇ ਹੁਕਮ ਨਾਹੀ। ਮਰਦਾਨੇ ਕਹਿਆ। ਜੀ ਮੈਨੂ ਉਸੇ ਨਾਨਕ ਭੇਜਿਆ ਹੈ। ਤਾਂ ਫਿਰੰਦੇ ਕਹਿਆ ਭਾਈ ਤੂ ਜਾਣ’ ਮਰਦਾਨੇ ਨੇ ਜਦੋਂ ਸੁਰ ਕਰ ਕੇ ਤਾਰ ਵਜਾਈ, ਆਵਾਜ਼ ਆਵੇ ਨਿਰੰਕਾਰ, ਨਿਰੰਕਾਰ। ਤਿੰਨ ਦਿਨਾਂ ਮਗਰੋਂ ਰਬਾਬ ਲਿਆਂਦੀ। ਸ਼ਾਇਦ ਅਸੀਂ ਕੁਝ ਜਾਣ ਸਕੀਏ ਕਿ ਤਿੰਨ ਦਿਨ ਵੇਈਂ ਵਿਚੋਂ ਬਾਹਰ ਆਉਣ ਨੂੰ ਲੱਗੇ ਤੇ ਤਿੰਨ ਹੀ ਦਿਨ ਰਬਾਬ ਲਿਆਉਣ ’ਤੇ। ਤੇ ਜਦੋਂ ਮਰਦਾਨਾ ਬਾਬੇ ਦੇ ਹੁਕਮ ’ਤੇ ਰਬਾਬ ਵਜਾਉਣ ਲੱਗਾ ਤਾਂ ਸਮਾਧੀ-ਗ੍ਰਸਤ ਗੁਰੂ ਬਾਬੇ ਨੇ ਤੀਸਰੇ ਦਿਨ ਹੀ ਪਲਕਾਂ ਖੋਲ੍ਹੀਆਂ।
ਏਥੇ, ਇਸ ਤਸਵੀਰ ਵਿਚ ਗੁਰੂ ਬਾਬਾ ਬੈਠਾ ਹੈ ਅਤੇ ਮਰਦਾਨੇ ਨਾਲ ਭਾਈ ਫਿਰੰਦੇ ਨੇ ਰਬਾਬ ਗੁਰੂ ਦੇ ਚਰਨਾਂ ਵਿਚ ਭੇਟ ਕੀਤੀ। ਭਾਈ ਫਿਰੰਦੇ ਨੇ ਰਬਾਬ ਭੇਟ ਕੀਤੀ। ਲੇਕਿਨ ਭਾਈ ਮਰਦਾਨੇ ਨੇ ਇਸ ਨਾਲ ਨਿਭਾਉਣੀ ਹੈ। ਗੁਰੂ ਦੇ ਫੁਰਮਾਨ ਤੇ ਰਬਾਬ ਦੀਆਂ ਤਾਰਾਂ ਨੇ ਨਿਰੰਕਾਰ ਨਾਲ ਸੁਰਤ ਜੋੜਨੀ ਹੈ ਤੇ ਫੇਰ ਗੁਰੂ ਨਾਨਕ ਨੇ ਸ਼ਬਦ ਰੂਪ ਵਿਚ ਨਿਰੰਕਾਰ ਦੀ ਸੋਝੀ ਕਰਾਉਣੀ ਹੈ ਲੋਕਾਈ ਨੂੰ। ਏਨੀ ਵੱਡੀ ਸਾਖੀ ਨੂੰ ਇਕ ਪੇਂਟਿੰਗ ਵਿਚ ਸਮੇਟਣਾ ਆਸਾਨ ਕਾਰਜ ਨਹੀਂ। ਜਨਮ ਸਾਖੀਆਂ ਵਿਚੋਂ ਇਸਦੀ ‘ਸੰਪਾਦਨ ਕਲਾ’ ਦਾ ਅਤਿਅੰਤ ਪ੍ਰਮਾਣੀਕ ਰੂਪ ਬਣਦਾ ਹੈ। ਏਥੋਂ ਹੀ ਉਦਾਸੀਆਂ ਸ਼ੁਰੂ ਹੁੰਦੀਆਂ ਹਨ। ਰਬਾਬ ਦੇਣ ਵਾਲਾ ਭਾਈ ਫਿਰੰਦਾ ਜਾਂ ਫੇਰੂ ਇਸ ਨਾਮ ਦੀ ਆਪਣੀ ਸੀਮੌਟਿਕ ਪਛਾਣ ਦੇਂਦਾ ਹੈ। ਏਥੋਂ ਫੇਰੀਆਂ, ਉਦਾਸੀਆਂ, ਸ਼ੁਰੂ ਹੋਈਆਂ ਹਨ। ਇਹ ਰਬਾਬ ‘ਕੁਦਰਤੀ’ ਰਬਾਬ ਹੈ (ਇਹ ਰਬਾਬੁ ਅਸਾਨੂ ਕੁਦਰਤਿ ਨਾਲ ਹਥਿ ਆਇਆ ਹੈ : ਸਾਖੀ)। ਕੁਦਰਤੀ ਰਬਾਬ ਨਾਲ ਕੁਦਰਤ ਦੇ ਕਰੀਬ ਲਿਆਏਗੀ ਨਾਨਕ ਦੀ ਬਾਣੀ। ਰਬਾਬ ਦੀ ਧੁਨ, ਮਰਦਾਨਾ ਤੇ ਬਾਬੇ ਦੀ ਬਾਣੀ, ਸੰਸਾਰੀ-ਕਰਤਾਰੀ, ਪੁਰਖ ਦੇ ਸਰਬੰਗ ਨਿਸ਼ਾਨ। ਇਹ ਭਾਈ ਰਿਫੰਦੇ ਨੂੰ ਕਰਤਾਰੀ ਰਬਾਬ ਤਾਂ ਮਿਲ ਜਾਂਦੀ ਹੈ ਨਿਰੰਕਾਰ ਦੀ ਧੁਨੀ ਨਾਲ ਤਾਂ ਮਿਲਾ ਦੇਂਦੀ ਹੈ, ਉਸ ਲਈ ਹੈਰਾਨੀ ਤਾਂ ਦੇ ਦਿੰਦੀ ਹੈ, ਪਰ ਇਹ ਧੁਨੀ ਕਿਸ ਲਈ ਆਉਂਦੀ ਹੈ, ਇਸ ਦੇ ਮਾਅਨੇ ਕੀ ਹੈਨ, ਇਸ ਨੇ ਕਰਨਾ ਕੀ ਹੈ, ਇਸ ਦੀ ਤਲਾਸ਼ ਫਿਰੰਦੇ ਨੂੰ ਵੀ ਹੈ ਤੇ ਮਰਦਾਨੇ ਨੂੰ ਵੀ। ਫਿਰੰਦੇ ਨੂੰ ‘ਆਵਾਜ਼’ ਆ ਚੁੱਕੀ ਹੈ ਕਿ ਇਹ ਰਬਾਬ ‘ਕੇਵਲ ਤੇ ਕੇਵਲ’ ਨਾਨਕ ਦੇ ਸਾਹਮਣੇ ਵਜਾਉਣੀ ਹੈ। ਕਿਸੇ ਹੋਰ ਸਾਹਮਣੇ ਨਹੀਂ। ਪਰ ਨਾਨਕ ਕੌਣ ਹੈ? ਇਸ ਦੀ ਪਹਿਚਾਣ ਭਾਈ ਫਿਰੰਦੇ ਨੂੰ ਨਹੀਂ। ਇਹ ਪਹਿਚਾਣ ਮਰਦਾਨੇ ਨੇ ਕਰਾਵਣੀ ਹੈ ਤੇ ਇਹ ਘੜੀ ਆਣ ਪਹੁੰਚੀ, ਜਦੋਂ ਮਰਦਾਨਾ ਭਾਈ ਫਿਰੰਦੇ ਦਾ ਗੁਰੂ ਨਾਨਕ ਨਾਲ ਮੇਲ ਹੁੰਦਾ ਹੈ।
ਦਰਖ਼ਤ ਦੇ ਹੇਠਾਂ ਬਾਬਾ ਆਪਣੇ ਆਸਣ ’ਤੇ ਬਿਰਾਜਮਾਨ ਹੈ। ਰਬਾਬ ਬਾਬੇ ਦੇ ਆਸਣ ਦੇ ਐਨ ਲਾਗੇ। ਟੁਣਕਾਰ ਦੇਣ ਦੀ ਮੁਦ੍ਰਾ ਵਿਚ। ਬਾਬਾ ਦੂਰ ਨਜ਼ਰ ਟਿਕਾ ਕੇ ਬੈਠਾ ਹੈ। ਭਾਈ ਫਰਿੰਦਾ ਨਮਸਕਾਰੀ ਮੁਦ੍ਰਾ ਵਿਚ, ਰਬਾਬ ਦੇ ਸਿਰ ਲਾਗੇ, ਗੁਰੂ ਵੱਲ, ਲੇਕਿਨ ਚਿਹਰੇ ਤੱਕ ਨਹੀਂ ਜਾਂਦਾ। ਸ਼ਾਂਤ ਅਵਸਥਾ। ਜਿਵੇਂ ਜੋ ਚਾਹਿਆ, ਸੋ ਮਿਲ ਗਿਆ। ਨਾ ਕੋਈ ਸਵਾਲ ਨਾ ਕੋਈ ਉਤਕੰਠਾ। ਇਹ ਚਿਹਰਾ ਬੁਢਾਪੇ ਦਾ ਸੰਤਾਪ ਨਹੀਂ ਦੇਂਦਾ, ਸੰਤੋਖ ਦੇਂਦਾ ਹੈ। ਜੁੜੇ ਹੱਥ, ਸੰਪੂਰਨਤਾ ਦਾ ਨਮੂਨਾ ਹੈਨ। ਭਾਈ ਮਰਦਾਨਾ, ਭਾਈ ਫਿਰੰਦੇ ਦੀ ਪਿੱਠ ਪਿੱਛੇ, ਰਬਾਬ ਤੋਂ ਅਖੀਰ ’ਤੇ ਬੈਠਾ ਹੇ। ਬਾਬੇ ਵੱਲ ਵੇਖ ਰਿਹਾ ਹੈ। ਦੋ ਉਂਗਲਾਂ ਭਾਈ ਫਿਰੰਦਾ ਦੀ ਪਿੱਠ ’ਤੇ ਰੱਖ ਕੇ ਜਿਵੇਂ ਕੋਈ ਸਵਾਲ ਨਹੀਂ, ਜਵਾਬ ਹੋਵੇ, ‘ਲੈ ਬਾਬਾ, ਵੇਖ ਏਹੋ ਨੇ ਭਾਈ ਫਿਰੰਦਾ ਤੇ ਇਹ ਰਬਾਬ!’ ਭਾਈ ਫਿਰੰਦੇ ਉੱਤੇ ਚਿਤਰਕਾਰ ਨੇ ਲਿਖਿਆ ਵੀ ਹੈ, ‘ਭਾਈ ਫਿਰੰਦੇ ਨੇ ਰਬਾਬ ਭੇਟ ਕੀਤਾ।’
ਇਹ ‘ਪੰਥ’ ਦੀ ਸ਼ੁਰੂਆਤ ਹੈ। ਰਬਾਬ, ਕਰਤਾਰੀ, ਬਾਬੇ ਦੇ ਐਨ ਕੋਲ ਹੈ ਤੇ ‘ਬਾਣੀ ਆਉਣ’ ਦੀ ਸ਼ੁਰੂਆਤ। ਇਸ ਪਿੱਛੋਂ ਬਾਬਾ ਅਟੱਲ ਦੇ ਚਿਤਰਾਂ ਵਿਚ ਭਾਈ ਫਿਰੰਦਾ ਨਹੀਂ ਆਵੇਗਾ। ਫਿਰੰਦੇ ਦਾ ਉਹ ਰੋਲ, ਖ਼ਤਮ ਹੋ ਗਿਆ ਹੈ। ਸਾਹਮਣੇ, ਸ਼ਹਿਰੋਂ ਬਾਹਰ, ਬਾਬਾ ਤੇ ਮਰਦਾਨਾ, ‘ਉਦਾਸੀਆਂ’ ’ਤੇ ਨਿਕਲ ਤੁਰਨਗੇ। ਰਬਾਬ ਮਰਦਾਨੇ ਦੇ ਹਰ ਸਮੇਂ ਨਾਲ ਰਹੇਗੀ, ਸਿਰਫ ਇਕ ਥਾਂ ਨਹੀਂ ਹੋਵੇਗੀ ਜਦੋਂ ਮਰਦਾਨਾ ਮੱਕੇ ਦੀ ਜ਼ਿਆਰਤ ਕਰਨ ਤੁਰੇਗਾ। ਉਦੋਂ ਰਬਾਬ ਫਿਰ ਬਾਬੇ ਪਾਸ ਹੋਵੇਗੀ। ਨਿਰੰਕਾਰ ਦੀ ਆਵਾਜ਼ ਰਬਾਬ ਵਿਚੋਂ ਹੀ ਨਿਕਲ ਸਕਦੀ ਹੈ, ‘ਹਿੰਦੂ’ ਜਾਂ ‘ਮੁਸਲਿਮ’ ਅਸਥਾਨਾਂ ਤੇ ਨਹੀਂ।
ਲੇਕਿਨ ਮਰਦਾਨਾ ਹੁਣ ਚੜ੍ਹਦੀ ਉਮਰ ਦਾ ਹੈ, ਬਾਬੇ ਵਰਗਾ ਹੀ, ਉਮਰੋਂ ਕੁਝ ਵਡੇਰਾ। ਲੇਕਿਨ ਉਹ ਧਰਤੀ ਦਾ ਜੀਵ ਹੈ, ਉਸ ਨੇ ਮਰਨਾ ਵੀ ਹੈ, ‘ਪੂਰਾ’ ਵੀ ਹੋਣਾ ਹੈ। ਬਹੁਤ ਸਾਰੀਆਂ ਤਸਵੀਰਾਂ, ਚਿਤਰਾਂ ਨੂੰ ਲੰਘ ਕੇ, ਬੁੱਢਾ ਮਰਦਾਨਾ ਤੇ ਬੁੱਢਾ ਬਾਬਾ ਖੁਰਮ ਸ਼ਹਿਰ ਪਹੁੰਚਦੇ ਹਨ, ਕੰਧਾਰ ਲਾਗੇ। ਉਦਾਸੀਆਂ ਪੂਰੀਆਂ ਹੋਈਆਂ ਹਨ। ਪਰ ਮਰਦਾਨਾ ਪਹਿਲਾਂ ‘ਪੂਰਾ’ ਹੋ ਜਾਂਦਾ।
ਭਲਾ ਵੇਖੀਏ ਮਰਦਾਨੇ ਦੇ ਪੂਰੇ ਹੋਣ ਤੋਂ ਪਹਿਲਾਂ ਸਾਖੀਕਾਰ ਕੀ ਆਂਹਦਾ ਏ?
‘ਤਾਂ ਮਰਦਾਨੇ ਆਖਿਆ, ਜੀ ਮੇਰੀ ਦੇਹਿ ਕਿੱਥੇ ਛੁਟੇਗੀ। ਤਾਂ ਗੁਰੂ ਨਾਨਕ ਕਹਿਆ ਮਰਦਾਨਾ ਤੇਰੀ ਦੇਹ ਭਲੀ ਜਹਗਾ ਛੁਟੇਗੀ। ਭਖਰ ਤੇ ਕੰਧਾਰ ਤੇ ਵਿਚਿ। ਤਾਂ ਫੇਰ ਮਰਦਾਨੇ ਕਹਿਆ, ਜੀ ਕਦੋਂ ਛੁਟੇਗੀ। ਤਾਂ ਗੁਰੂ ਨਾਨਕ ਕਹਿਆ ਮਰਦਾਨਾ ਪੰਜਾਂ ਦਿਹਾਂ ਨੂੰ ਤ੍ਰੈ ਘੜੀਆਂ ਦਿਨ ਰਹਦੇ। ਤਾਂ ਫੇਰ ਮਰਦਾਨੇ ਪੁੱਛਿਆ, ਜੀ ਤੁਸੀਂ ਹਾਜ਼ਰ ਹੋਸੋ ਨਾ। ਤਾਂ ਗੁਰੂ ਨਾਨਕ ਕਹਿਆ, ਮਰਦਾਨਾ ਅਸੀਂ ਤੇਰਾ ਕੰਮ ਕਰਕੇ ਜਾਸੀਏ। ਤਾਂ ਫੇਰ ਮਰਦਾਨੇ ਪੁੱਛਿਆ ਜੀ ਸਾੜੋਗੇ ਕਿ ਦੱਬੋਗੇ ਤਾਂ ਗੁਰੂ ਕਹਿਆ, ਮਰਦਾਨਾ ਜੋ ਤੂੰ ਆਖੇ ਸੋ ਕਰੀਏ।’
ਸਾਖੀਕਾਰ ਮੁਤਾਬਕ ਮਰਦਾਨਾ ਸਾੜਨ ਦੀ ਇੱਛਾ ਜ਼ਾਹਰ ਕਰਦਾ ਹੈ। ਇਥੋਂ ਚਿਤਰਕਾਰ ਫੇਰ ਆਪਣਾ ਕੰਮ ਆਰੰਭਦਾ ਹੈ। ਚਿਤਰ ਹੈ ਬਾਬਾ ਆਸਣ ਤੇ ਬਿਰਾਜਮਾਨ ਹੈ। ਪਿਛੇ ਤਕੀਆ ਹੈ। ਪਹਿਲੇ ਚਿਤਰ ਵਿਚ ਭਾਈ ਫਿਰੰਦੇ ਸਾਹਮਣੇ ਗੁਰੂ ਨਾਨਕ ਤਕੀਏ ਤੇ ਨਹੀਂ ਸਨ। ਰੁੱਖ ਦੇ ਤਣੇ ਤੋਂ ਜ਼ਰਾ ਹਟਵੇਂ ਸਨ। ਰਬਾਬ ਬਿਲਕੁਲ ਲਾਗੇ। ਦੂਰ ਤੋਂ ਕਿਸੇ ਸ਼ਹਿਰ ਤੋਂ ਸਿਰਫ਼ ਗੇਟ ਜਿਹਾ ਤੇ ਮਗਰ ਥੋੜ੍ਹੀ ਜਿਹੀ ਬਸਤੀ ਇਕ ਡਾਟ ਤੋਂ ਕਿਸੇ ਆਬਾਦੀ ਦਾ ਭੁਲੇਖਾ ਜਿਹੀ ਪਾਉਂਦੀ ਸੀ। ਲੇਕਿਨ ਮਰਦਾਨੇ ਦੇ ਸਸਕਾਰ ਸਮੇਂ, ਸਥਾਨ ਦਾ ਰੂਪ ਕੁਝ ਹੋਰ ਹੈ। ਇਕ ਡਾਟ ਦੇ ਲਾਗੇ, ਦੂਰ ਕਿਸੇ ਭਰਵੀਂ ਆਬਾਦੀ ਦਾ ਜ਼ਿਕਰ ਹੈ। ਗੁਰੂ ਸਾਹਿਬ ਵੱਲ ਆਉਂਦਿਆਂ ਭਰਵਾਂ ਜੰਗਲ ਹੈ, ਪਰ ਸ਼ਹਿਰ ਤੋਂ ਦੂਰ ਅਤੇ ਬਾਬਾ ਨਾਨਕ ਦੇ ਕਰੀਬ। ਉਂਝ ਥੋੜ੍ਹੀ ਜਿਹੀ ਫਸੀਲ ਜਿਹੀ ਵੀ ਨਜ਼ਰ ਆਉਂਦੀ ਹੈ। ਲੇਕਿਨ ਫਸੀਲ ਵੀ ਬਾਹਰ, ਅੰਦਰ ਦੇ ਫਾਸਲੇ/ਫੈਸਲੇ ਦੀ ਕਥਾ ਹੀ ਹੁੰਦੀ ਹੈ।
ਮਗਰ ਇਸ ਪੇਂਟਿੰਗ ਦਾ ਚਮਤਕਾਰੀ ਕਲਾਈਮੈਕਸ। ਸਸਕਾਰ, ਮਰਦਾਨੇ ਦੇ ਸਸਕਾਰ ਦੀ ਤਿਆਰੀ। ਗੁਰੂ ਸਾਹਿਬ ਦੇ ਸਾਹਮਣੇ, ਮਰਦਾਨੇ ਦੀ ਲਾਸ਼ ਪਈ ਹੈ। ਹੇਠਾਂ ਰੰਗਦਾਰ ਵਿਛਾਉਣਾ ਤੇ ਨਵੀਂ ਨਕੋਰ ਚਾਦਰ ਵਿਚ ਵਲ੍ਹੇਟਿਆ ਮਰਦਾਨਾ ਤੇ ਮਰਦਾਨੇ ਦੀ ਲਾਸ਼ ਦੇ ਸਿਰ ਹੇਠਾਂ ਸਿਰਹਾਣੇ ਦੀ ਥਾਂ ਸੰਤੋਖੀ ਹੋਈ ਰਬਾਬ। ਇਹ ਗੁਰੂ ਦੇ ਆਸਣ ਤੋਂ ਥੋੜ੍ਹੀ ਕੁ ਦੂਰੀ, ਐਨ ਨਜ਼ਰਾਂ ਦੇ ਸਾਹਮਣੇ ਭਾਈ ਫੇਰੂ, ਫਿਰੰਦੇ ਵਲੋਂ ਅਜੇ ਧਰਤੀ ਨੂੰ ਸੁਰ, ਸੁਰਤ ਸਿਰ ਸ਼ੁਰੂ ਕਰਨ ਵਾਲੀ ਰਬਾਬ, ਜਿਸ ਨੂੰ ਸਾਰੀ ਉਮਰ ਵਜਾਵਣਾ ਹੈ ਤਾਂ ਸਿਰਫ਼ ਮਰਦਾਨੇ ਨੇ। ਮਰਦਾਨਾ ਹੀ ਨਹੀਂ ਰਿਹਾ, ਫੇਰ ਰਬਾਬ ਕਿਵੇਂ ਰਹਿਸੀ। ਸਾਖੀਕਾਰ ਮੁਤਾਬਕ ਮਰਦਾਨੇ ਨੂੰ ਅਗਨੀ ਭੇਟ ਕੀਤਾ ਜਾਣਾ ਹੈ। ਇਸ ਲਈ ਬੱਸ ਲਾਗੇ ਹੀ ਭਾਈ ਬਾਲਾ ਲੱਕੜਾ ਇਕੱਠੀਆਂ ਕਰ ਰਿਹਾ ਹੈ। ਸਮੇਤ ਰਬਾਬ ਦੇ ਮਰਦਾਨੇ ਨੂੰ ਅਗਨ ਭੇਟ ਕਰਨ ਦਾ ਚਿਤਰ ਚੱਲ ਰਿਹਾ ਹੈ। ਬਾਲੇ ਨੇ ਇਕ ਲੱਕੜ ਮੋਢੇ ਚੁੱਕੀ ਹੋਈ ਹੈ। ਕਮਾਲ, ਇਹ ਵੀ ਕਿਸੇ ਰਬਾਬ ਦੀ ਪਰਛਾਈ ਵਰਗੀ ਹੀ ਨਜ਼ਰ ਆਉਂਦੀ ਹੈ, ਉਹ ਸੁੱਕੀ ਲੱਕੜ, ਜੋ ਸੁਰ ਹੋਇਆ ਕੋਈ ਸਾਜ਼ ਹੀ ਜਾਪਦੀ ਹੈ। ਮਰਦਾਨਾ ਨਹੀਂ ਰਹਿਣਾ, ਰਬਾਬ ਨਹੀਂ ਰਹਿਣੀ, ਬਾਲੇ ਦੇ ਕੰਧੇ ਬੈਠੀ ਰਬਾਬ-ਨੁਮਾ ਲੱਕੜ ਵੀ ਨਹੀਂ ਰਹਿਣੀ। ਬਾਲੇ ਅਤੇ ਬਾਬੇ ਵੀ ਨਹੀਂ ਰਹਿਣਾ। ਲੇਕਿਨ ਇਸ ਸੰਤੋਖੀ ਹੋਈ ਰਬਾਬ, ਪਰਛਾਵੇਂ ਵਰਗੀ ਲੱਕੜ ਦੀਆਂ ਰਬਾਬਾਂ ਕੁਦਰਤ ਨੇ ਬੇਸ਼ੁਮਾਰ ਬਖਸ਼ਣੀਆਂ ਹਨ। ਗੁਰੂ ਦੀ ਬਾਣੀ ਦੀਆਂ ਆਵਾਜ਼ਾਂ, ਮਰਦਾਨੇ ਦੀ ਬਾਣੀ ਦੀਆਂ ਆਵਾਜ਼ਾਂ ਲਈ ‘ਸੰਤੋਖੀ ਰਬਾਬ’ ਦੀਆਂ ਕਰਤਾਰੀ ਧੁਨਾ ਆਉਂਦੀਆਂ ਹੀ ਰਹਿਣਗੀਆਂ ਕਿਉਂਕਿ ਬਾਣੀ ਤੇ ਰਬਾਬ ਲੋਕਾਈ ਤੱਕ ਪਹੁੰਚ ਚੁੱਕੀਆਂ। ਰਬਾਬ ਤੇ ਬਾਣੀ ਦਾ ਸੰਜੋਗ ‘ਕਲਜੁਗ’ ਨੂੰ ਰਾਹ ਵਿਖਾਵਣ ਲਈ ਹੀ ਤੇ ਹੋਇਆ ਸੀ।