ਮੋਹ ਮੁਹੱਬਤ ਦੀ ਬਹਾਰ
ਮਿਰੇ ਸੁਪਨੇ ਨੂੰ ਮਿਲੋ,ਸਿਰ ਨੂੰ ਮਿਲੋ
ਗੱਲ ਛੱਡੋ ਕਪੜਿਆਂ ਦੇ ਰੰਗ ਦੀ
ਮੇਰੇ ਜੀਵਨ-ਢੰਗ ਦੀ ।
ਝੁਰੜੀਆਂ ਤੇ ਕਪੜਿਆਂ ਦੀਆਂ ਸਿਲਵਟਾਂ ਨੂੰ ਦੇਖਕੇ
ਮੇਰੀ ਸਾਰੀ ਹੋਂਦ ਤੇ
ਤੁਸੀਂ ਕਾਹਲੀ ਵਿਚ ਨਾ ਮਾਰੋ ਲਕੀਰ
ਮੇਰੇ ਮਨ ਅੰਦਰ ਮਹਿਕਦੇ ਜੋ ਗੁਲਾਬ
ਉਨ੍ਹਾਂ ਦੀ ਸੁਰਖੀ ਦੇ ਰੇਸ਼ਮ ਨੂੰ ਮਿਲੋ।
ਅਮਨ ਦਾ ਜੋ ਖ਼ਾਬ ਅੱਜ ਵੀ ਜਾਗਦਾ ਹੈ
ਆਓ ਉਸ ਦੀ ਗੱਲ ਕਰੀਏ।
ਅੱਜ ਦਾ ਚੰਗੇਜ਼ ਨਾਦਰ ਜਾਂਗਲੀ
ਹੋ ਰਹੇ ਕਤਲਾਮ ਤੇ ਮੁਸਕਾ ਰਿਹਾ ਹੈ
ਆਓ! ਉਸ ਨੂੰ ਨਿੰਦੀਏ ਤੇ ਰੋਕੀਏ
ਉਸਦੀ ਮੂਰਖਤਾ ਨੂੰ ਡੂੰਘਾ ਦੱਬੀਏ
ਫੇਰ ਉਸਦੀ ਕਬਰ ਉਤੇ ਬੀਜੀਏ
ਮੋਤੀਆ, ਨਰਗਸ, ਗੁਲਾਬ
ਅੰਬ ਤੇ ਸ਼ਹਿਤੂਤ,ਬੇਕੰਡਾ ਸਰੂ
ਇਸ਼ਕ-ਪੇਚੇ ਦੀ ਚੜ੍ਹਾਈਏ ਵੇਲ ਓਥੇ ਰੰਗਲੀ
ਫੁੱਲ ਸੰਧੂਰੀ ਖਿੜਨ।
ਬਿਰਛ ਇਹ ਧੂੰਆਂ,ਬਰੂਦੀ ਜ਼ਹਿਰ ਪੀਂਦੇ ਜਾਣਗੇ
ਮੋਹ ਮੁਹੱਬਤ ਦੀ ਬਹਾਰ ਫੇਰ ਮੁੜਕੇ ਆਏਗੀ
ਜਗਤ ਨੂੰ ਮਹਿਕਾਏਗੀ
ਮੇਰੇ ਸੁਪਨੇ ਨੂੰ ਮਿਲੋ,ਸਿਰ ਨੂੰ ਮਿਲੋ।
ਤ੍ਰੈਕਾਲ
ਜੋ ਘੜੀ ਲੰਘੀ ਹੁਣੇ ਹੈ
ਓਸ ਵਿਚ ਜੋ ਹੋ ਗਿਆ ਹੈ
ਉਹ ਬਦਲ ਸਕਦਾ ਨਹੀਂ
ਜ਼ਖ਼ਮ ਜੋ ਕਿ ਬਖ਼ਸ਼ਿਆ ਹੈ ਅਪਣਿਆਂ ਨੇ
ਸੋਚ ਹੁਣ ਉਸਦਾ ਇਲਾਜ
ਪੀੜ ਜੋ ਉਸਦੀ ਬਦੌਲਤ ਹੋ ਰਹੀ ਹੈ
ਉਹ ਜਰਨ ਦੀ ਜਾਚ ਨੂੰ ਆਦਤ ਬਣਾ
ਮਰ ਗਈ ਲੰਘੀ ਘੜੀ
ਮਰ ਰਿਹਾ ਹੈ ਛਿਣ ਹਰੇਕ
ਬੱਸ ਆਉਂਦੇ ਦੀ ਫਿਕਰ ਕਰ
ਓਸ ਨੂੰ ਲੇਖੇ ਲਗਾ
ਹੋ ਸਕੇ ਤਾਂ ਮੁਸਕਰਾ।
ਸੰਧੂਰੀ ਸ਼ਾਮ
ਉਮਰ ਉਤੇ ਸ਼ਾਮ ਤਾਂ ਪੈਣੀ ਹੁੰਦੀ ਹੈ, ਹਜ਼ੂਰ
ਓਸ ਦਾ ਝੋਰਾ ਕਿਹਾ
ਸ਼ਾਮ ਤਾਂ ਸਰਘੀ ਦੀ ਪਹਿਲੀ ਕਿਰਨ ਦੀ ਲਿਸ਼ਕਾਰ ਦੇ
ਪਲ ਤੋਂ ਹੀ ਨੇੜੇ ਆ ਰਹੀ ਹੁੰਦੀ ਸਦਾ
ਯਾਦ ਰੱਖਣਾ ਚਾਹੀਦਾ ਹੈ।
ਖੁੰਝ ਗਈਆਂ ਮਿਲਣੀਆਂ ਲਈ ਹਰ ਕੋਈ ਹੀ ਆਪ ਜ਼ੁੰਮੇਵਾਰ ਹੈ
ਕਿਸੇ ਕੈਦੋਂ ਨੂੰ ਉਲਾਂਭਾ ਦੇਣ ਵਾਲਾ
ਕਾਇਰਤਾ ਅਪਣੀ ਨੂੰ ਹੀ ਕਿਧਰੇ ਲਕੋਂਦਾ ਫਿਰ ਰਿਹਾ ਹੈ।
ਹੀਰ ਨੂੰ ਜੇਕਰ ਬਚਾਉਣਾ ਖੇੜਿਆਂ ਤੋਂ
ਫੇਰ ਮਿਰਜ਼ਾ ਬਣ ਕੇ ਅਪਣੀ ਜਾਨ ਦਾਅ ’ਤੇ ਲਾਉਣ ਬਾਝੌਂ
ਕੋਈ ਵੀ ਚਾਰਾ ਨਹੀਂ।
ਬੀਤ ਗਈ ਉਮਰਾ ਦੇ ਹੋਏ ਹਾਦਸੇ ਦਿਲਚਸਪ ਨੇ
ਇਕ ਸੰਧੂਰੀ ਸ਼ਾਮ ਦੀ ਬੁੱਕਲ ’ਚ ਬਹਿ ਕੇ
ਓਸਦੀ ਮਿਲਣੀ ਦਾ ਸਿਮਰਨ ਇਕ ਅਬਾਦਤ ਵਾਂਗ ਹੈ।
ਏਸ ਨਿਰਬਲ ਤਨ ’ਚ ਮਨ ਤਾਂ ਅਜੇ ਵੀ ਚੰਚਲ ਬੜਾ ਹੈ
ਦਿਲ ਦੇ ਆਖੇ ਲੱਗ ਕੇ ਹੁਣ ਵੀ ਭਰੀ ਮਹਿਫਲ ’ਚ ਜਾਮ
ਹੌਸਲੇ ਵਾਲੇ ਕਈ ਸਾਕੀ ਦੇ ਹੱਥੋਂ ਖੋਹ ਰਹੇ ਹਨ
ਪੀ ਰਹੇ ਹਨ,ਜੀ ਰਹੇ ਹਨ
ਫੈਸਲਾ ਤਾਂ ਸਿਰਫ ਅਪਣੇ ਹੱਥ ਹੈ
ਡਰਦਿਆਂ ਬੀਮਾਰ ਹੋ ਕੇ ਮੁੱਕਣਾ ਹੈ
ਜਾਂ ਕਿਸੇ ਮਹਿਬੂਬ ਦੇ ਸਿਮਰਨ ’ਚ ਡੁੱਬਕੇ ਨੱਚਣਾ ਹੈ
ਆਖਰੀ ਸਾਹ ਤੀਕ ਉਸਨੂੰ ਯਾਦ ਕਰਕੇ ਮੱਚਣਾ ਹੈ।
ਯਾਦ
ਯਾਦ ਤਾਂ ਉਸ ਨੂੰ ਕਰੀਦਾ ਹੈ ਹਜ਼ੂਰ
ਜੀਹਨੂੰ ਭੁੱਲ ਸਕੀਏ ਅਸੀਂ।
ਨਾਲ ਜਿਸਦੇ ਜ਼ਿੰਦਗੀ ਦਾ
ਹੈ ਦੁਪਹਿਰਾ ਕੱਟਿਆ
ਓਸ ਨੂੰ ਕੀ ਭੁੱਲਣਾ!
ਨਾਲ ਉਸਦੇ ਜੋ ਬਹਿਸ਼ਤੀ ਦਿਨ ਗੁਜ਼ਾਰੇ
ਯਾਦ ਉਹਨਾਂ ਦੀ
ਵਿਛੋੜੇ ਦੇ ਨਰਕ ਦੀ ਸ਼ਾਮ ਨੂੰ ਵੀ
ਆਖਰੀ ਸਾਹ ਤੀਕ ਰੌਸ਼ਨ ਕਰੇਗੀ।
ਯਾਦ ਤਾਂ ਉਸਨੂੰ ਕਰੀਦਾ ਹੈ ਹਜ਼ੂਰ
(ਵਿਛੜੀ ਜੀਵਨ-ਸਾਥਣ ,ਸੁਰਜੀਤ ਦੀ ਪਹਿਲੀ ਬਰਸੀ ਤੇ)
ਪਿਆਰ ਵਿਹੂਣੀ ਰਾਤ ਉਮਰ ਦੀ
ਪਿਆਰ ਵਿਹੂਣੀ ਇੱਕ ਹੁਸੀਨਾ
ਬੇਲੋੜੇ ਸਾੜੇ ਵਿਚ ਬਲਦਿਆਂ ਉਮਰ ਗੁਆਈ
ਚੌਗਿਰਦੇ ਮੁਸਕਾਨਾਂ ਉਤੇ ਜ਼ਹਿਰ ਛਿੜਕਿਆ
ਕਿਸੇ ਸਨੇਹੀ ਦੀ ਮੁਸਕਾਹਟ ਸਹਿਜ-ਸੁਭਾਈ
ਕਦੇ ਓਸ ਨੂੰ ਰਾਸ ਨਾ ਆਈ।
ਆਂਢ ਗੁਆਂਢੇ ਮੋਹ ਦੇ ਦੀਵੇ ਦੀ ਰੁਸ਼ਨਾਈ
ਫੂਕ ਮਾਰਕੇ ਓਸ ਬੁਝਾਈ
ਅਪਣੇ ਹਿਰਦੇ ਠੰਡ ਵਰਤਾਈ
ਜਿੱਤ ਦੇ ਭਰਮੀਂ ਭਟਕਦਿਆਂ ਹੀ ਜੀਵਨ ਕੱਟਿਆ
ਪਰ ਉਸਦੀ ਅੰਦਰੂਨੀ ਸੱਖਣ
ਹੋ ਚੁੱਕੀ ਹੁਣ ਦੂਣ ਸਵਾਈ
ਸੇਜਾ ਉਤੇ ਨੀਂਦ-ਵਿਹੂਣੀ
ਰਾਤ ਉਮਰ ਦੀ ਓਸ ਬਿਤਾਈ।
ਕਾਸ਼ ਓਸ ਦੇ ਹਿਰਦੇ ਅੰਦਰ
ਚਾਨਣ ਵੰਡਦੀ ਕਿਰਨ ਜਾਗਦੀ
ਪਿਆਰ ਵੰਡੇਂਦੀ,ਪਿਆਰ ਵਣਜਦੀ।
ਪਰ ਉਹ ਅਪਣੀ ਰੌਸ਼ਨ ਦੋਪਹਿਰੀ ਦੇ ਸੁਪਨ ਸਿਰਜਦੀ
ਮਹਾਂ-ਉਦਾਸੀ ਵਿਚ ਜਾਗਦੀ ਰਾਤਾਂ ਕੱਟਦੀ
ਬੁੱਢੀ ਹੋਈ,ਪਿਆਰ-ਵਿਹੂਣੀ ਇੱਕ ਹੁਸੀਨਾ।
ਅੱਜ ਉਹ ਮਿਲੀ ਤਾਂ ਉਸਨੇ ਅਪਣੇ
ਧੌਲੇ ਮਹਿੰਦੀ ਵਿਚ ਲਕੋਏ
ਬੁਲ੍ਹਾਂ ਤੇ ਮੁਸਕਾਨ ਖਿਲੇਰੀ
ਨੇੜੇ ਆਈ,ਜੱਫੀ ਪਾਈ।
ਮੇਰੇ ਮਨ ਵਿਚ ਉਸਦੀ ਖਾਤਰ ਤਰਸ ਜਾਗਿਆ
ਜੀਅ ਕੀਤਾ ਕਿ ਉਸਨੂੰ ਆਖਾਂ
‘ ਤੂੰ ਚਾਨਣ ਨੂੰ ਆਪਣਿਆਂ ਵਿਚ ਵੰਡਣ ਦੀ ਸਿੱਖ ਜਾਚ ਅਜੇ ਵੀ
ਦੇਖ ਤੇਰੇ ਗੁਲਸ਼ਨ ਵਿਚ ਏਦਾਂ
ਆਥਣ ਨੂੰ ਵੀ ਫੁੱਲ ਖਿੜਨਗੇ’
ਪਰ ਉਹਦੀ ਗਲਵਕੜੀ ਇਕਦਮ
ਅਚਨਚੇਤ ਹੀ ਢਿੱਲੀ ਹੋਈ
ਫੇਰ ਓਸ ਨੇ ਪਿੱਠ ਭੁਆਈ।
ਤੁਰਦੀ ਤੁਰਦੀ ਦੂਰ ਜਾ ਰਹੀ
ਪਿਆਰ ਵਿਹੂਣੀ ਇੱਕ ਹੁਸੀਨਾ
ਹੌਲੀ ਹੌਲੀ ਮੇਰੀ ਅੱਖੋਂ ਉਹਲੇ ਹੋਈ
ਪਿਆਰ ਵਿਹੂਣੀ ਮਹਿੰਦੀ ਰੰਗੀ ਇੱਕ ਹੁਸੀਨਾ।
ਦੋਹੇ
ਨਦੀ ਦੂਧੀਆ ਸੌਂ ਰਹੀ,ਸ਼ੀਰੀਂ ਦੇ ਦਿਲ ਕੋਲ
ਟੱਕਰਾਂ ਮਾਰੇ ਪਰਬਤੀਂ, ਭੋਲਾ ਉਸਦਾ ਢੋਲ।
ਅਣਵੰਡਿਆ ਬ੍ਰਹਿਮੰਡ ਹੈ, ਧਰਤੀ ਲੀਕ ਨਾ ਮਾਰ
ਪਲ ਵਿਚ ਮਾਰੀ ਲੀਕ ਤੋਂ, ਸਦੀਆਂ ਖਾਵਣ ਖਾਰ।
ਰੂਪ ਸੰਧੂਰੀ ਧੜਕਦਾ, ਚੁੰਮਣਾ ਹੈ ਵਰਦਾਨ
ਚੁੰਮਣਾ ਸਾਹ-ਬਿਨ ਓਸਨੂੰ,ਨਰਕੀ ਅਗਨ ਸਮਾਨ।
ਹਾਰੇ ਲੋਕਾਂ ਖਾਤਰੇ, ਕਦੇ ਨਾ ਮੁੱਕਦੀ ਲਾਮ
ਜਿੱਤਣ ਦੇ ਪਲ ਤੀਕਰਾਂ,ਲੜਦੇ ਰਹਿਣ ਅਵਾਮ।
ਜੰਗਲ ਮੁਖੀਆ ਜਾਂਗਲੀ, ਬੋਝੇ ਬ੍ਰਹਮ ਹਥਿਆਰ
ਚੇਤੇ ਮੌਤ ਨਾ ਆਪਣੀ, ਕਰਦਾ ਮਾਰੋ ਮਾਰ।
ਚਿਰ ਹੋਇਆ ਮਰ ਚੁੱਕਿਆ, ਨਾਤੇ ਦਾ ਆਧਾਰ
ਲੋਕਾਚਾਰੀ ਜੀ ਰਹੇ, ਮਰੇ ਹਜ਼ਾਰਾਂ ਵਾਰ ।
ਕਦੇ ਵੀ ਅਪਣੇ ਯਾਰ ਨੂੰ,ਕੌੜਾ ਬੋਲ ਨਾ ਬੋਲ
ਖਬਰੇ ਫੇਰ ਮਨਾਉਣ ਦੀ,ਘੜੀ ਨਾ ਆਵੇ ਕੋਲ।
ਸੌਂਹ,ਸਨੇਹ,ਦੁਬਿਧਾ,ਤਣਾਅ,ਹਿਰਦਾ ਪਾਟੋ ਧਾੜ
ਉਪਰੋਂ ਭੀਸ਼ਮ ਸਾਬਤਾ, ਪਰ ਅੰਦਰੋਂ ਦੋਫਾੜ ।
ਅਗਨ-ਵਰੇਸੇ ਸੋਹਣੀਏ, ਦੀਵੇ ਵਾਂਗੂੰ ਮੱਚ
ਕੇਵਲ ਸੱਚ ਹੀ ਸੁੰਦਰਤਾ,ਸੁੰਦਰਤਾ ਹੀ ਸੱਚ ।
ਹਰ ਲਕੀਰ ਤੋਂ ਅੱਗੇ ਲੰਘ ਜਾ,ਜੀਵਨ ਗੁਜ਼ਰੇ ਖੂਬ
ਗਾਉਂਦਾ ਫਿਰੇ ਫਕੀਰ ਸਾਈਂ ਦਾ, ਹਰ ਖਿੜਕੀ ਮਹਿਬੂਬ।
ਜੱਗ ਨੂੰ ਉਸਦੀ ਗਲੀ ਬਣਾ ਲੈ, ਮੁੜ ਮੁੜ ਗੇੜਾ ਮਾਰ
ਹਰ ਗੇੜੇ ਇੱਕ ਝਲਕ ਬਥੇਰੀ,ਮਨ ਤੇ ਸਦਾ ਬਹਾਰ।