ਜਦੋਂ ਕਿਸੇ ਨੂੰ ਇਹ ਪੁੱਛਿਆ ਜਾਵੇ ਕਿ ਅੱਜ ਕੱਲ੍ਹ ਉਹਨੇ ਕਿਹੜੀ ਵਧੀਆ ਕਿਤਾਬ ਪੜ੍ਹੀ ਹੈ, ਤਾਂ ਪੰਜਾਹ ਸਾਲ ਪਹਿਲਾਂ ਛਪੀ ਕਿਤਾਬ ਦਾ ਜ਼ਿਕਰ ਕਰਨਾ ਅਜੀਬ ਲਗਦਾ ਹੈ। ਪਰ ਜ਼ਰਾ ਕੁ ਸੋਚਣ ਤੋਂ ਬਾਅਦ ਮੇਰਾ ਮਨ ਬਣਿਆ ਹੈ ਕਿ ‘ਹੁਣ’ ਦੇ ਪਾਠਕਾਂ ਨਾਲ਼ ਨਿਰਮਲ ਕੁਮਾਰ ਬੋਸ (1901-1972) ਦੀ ਅੰਗਰੇਜ਼ੀ ਵਿਚ ਛਪੀ ਪੁਸਤਕ ‘ਗਾਂਧੀ ਨਾਲ ਗੁਜ਼ਾਰੇ ਮੇਰੇ ਦਿਨ’ (1953) ਦੀ ਗੱਲ ਕਰਾਂ, ਜਿਹੜੀ ਮੈਂ ਹੁਣ ਵੀਹ ਸਾਲਾਂ ਬਾਅਦ ਦੁਬਾਰਾ ਵਾਚੀ ਹੈ। ਪ੍ਰੋਫ਼ੈਸਰ ਬੋਸ ਭਾਰਤ ਦਾ ਸਿਰਕੱਢ ਮਾਨਵ-ਵਿਗਿਆਨੀ ਹੋਇਆ ਹੈ। ਉਹ ਭਾਰਤ ਦੇ ਮਾਨਵ-ਵਿਗਿਆਨ ਸਰਵੇ ਵਿਭਾਗ ਦਾ ਡਾਇਰੈਕਟਰ ਵੀ ਰਿਹਾ। ਕਿਹਾ ਜਾਂਦਾ ਹੈ ਕਿ ਅਰਥ-ਵਿਗਿਆਨੀ ਜੇ. ਕੁਮਾਰੱਪਾ ਦੇ ਨਾਲ਼-ਨਾਲ਼ ਭਾਰਤ ਦੇ ਬੁੱਧੀਮਾਨਾਂ ਚੋਂ ਬੋਸ ਹੀ ਸ਼ਾਇਦ ਇਜੇਹਾ ਸੀ, ਜੋ ਸੱਚਾ ਗਾਂਧੀਵਾਦੀ ਬਣ ਸਕਿਆ।
16 ਅਗਸਤ 1946 ਨੂੰ ਮੁਸਲਮ ਲੀਗ ਦੇ ‘ਡਾਇਰੈਕਟ ਐਕਸ਼ਨ’ ਦੇ ਸੱਦੇ ਪਿੱਛੋਂ ਦੇਸ ਵਿਚ ਵੱਡੇ ਪੱਧਰ ‘ਤੇ ਫ਼ਿਰਕੂ ਫ਼ਸਾਦ ਛਿੜਨ ਕਰਕੇ ਅਕਤੂਬਰ ਦੇ ਮਹੀਨੇ ਗਾਂਧੀ ਜੀ ਕਲਕੱਤੇ ਚਲੇ ਗਏ ਸਨ; ਫੇਰ ਨੋਆਖਲੀ ਛੱਪਰਾ ਤੇ ਅੱਗੋਂ ਕਈ ਹੋਰ ਥਾਈਂ। ਉਨ੍ਹਾਂ ਨੇ ਬੋਸ ਨੂੰ ਅਪਣਾ ਸਕੱਤਰ, ਬੰਗਾਲੀ ਅਧਿਆਪਕ ਅਤੇ ਦੁਭਾਸ਼ੀਆ ਬਣਕੇ ਉਨ੍ਹਾਂ ਦੇ ਨਾਲ ਰਹਿਣ ਦੀ ਬੇਨਤੀ ਕੀਤੀ। ਜਦੋਂ ਬੋਸ ਨੇ ਗਾਂਧੀ ਜੀ ਨੂੰ ਕਿਹਾ ਕਿ ਉਹਦਾ ਰੱਬ ਵਿਚ ਵਿਸ਼ਵਾਸ ਨਹੀਂ ਅਤੇ ਪ੍ਰਾਰਥਨਾ ਸਭਾਵਾਂ ਵਿਚ ਉਹਦੀ ਕੋਈ ਰੁਚੀ ਨਹੀਂ; ਤਾਂ ਗਾਂਧੀ ਜੀ ਪਹਿਲਾਂ ਤਾ ਚੁੱਪ ਰਹੇ ਤੇ ਫੇਰ ਪੁੱਛਣ ਲੱਗੇ, “ਤੇਰਾ ਕਿਸੇ ਚੀਜ਼ ਵਿਚ ਵਿਸ਼ਵਾਸ ਹੈ ਵੀ?’’
“ਹਾਂ, ਸਾਇੰਸਦਾਨ ਹੋਣ ਕਰਕੇ ਮੇਰਾ ਸੱਚ ਵਿਚ ਵਿਸ਼ਵਾਸ ਹੈ,’’ ਬੋਸ ਨੇ ਜਵਾਬ ਦਿੱਤਾ ਸੀ।
“ਬੱਸ, ਏਨਾ ਕਾਫ਼ੀ ਹੈ,’’ ਗਾਂਧੀ ਜੀ ਤੁਰੰਤ ਬੋਲੇ।
ਕਲਕੱਤੇ ਯੂਨੀਵਰਸਟੀ ਤੋਂ ਛੁੱਟੀ ਲੈ ਕੇ ਬੋਸ ਉਹ ਸਾਰਾ ਸਮਾਂ ਗਾਂਧੀ ਜੀ ਨਾਲ਼ ਰਿਹਾ, ਜਿਹੜਾ ਉਨ੍ਹਾਂ ਲਈ ਸਭ ਤੋਂ ਵਧ ਬਿਖੜਾ ਸੀ; ਜਿਨ੍ਹੀਂ ਦਿਨੀ ਉਹ ਪੂਰਬੀ ਬੰਗਾਲ ਦੇ ਫ਼ਸਾਦਾਂ ਨਾਲ਼ ੳੁੱਜੜੇ ਹੋਏ ਪਿੰਡਾਂ ਦੇ ਦੌਰੇ ‘ਤੇ ਵੀ ਗਏ ਤੇ ਸ਼ਾਇਦ ਇਹ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵਧ ਹਿੰਮਤੀ ਵੇਲਾ ਵੀ ਸੀ।
ਗਾਂਧੀ ਜੀ ਨੇ ਇਨ੍ਹਾਂ ਘਿਣਾਉਣੇ ਫ਼ਿਰਕੂ ਪਾਗਲਪਨ ਤੇ ਵਹਿਸ਼ੀਆਨਾ ਦਿਨਾਂ ਵਿਚ ਅਮਨ ਤੇ ਹੋਸ਼-ਹਵਾਸ ਬਹਾਲ ਕਰਨ ਲਈ ਕੀ ਭਰਪੂਰ ਯਤਨ ਕੀਤੇ, ਇਨ੍ਹਾਂ ਦਾ ਨਿਝੱਕ ਤੇ ਕੋਮਲਭਾਵੀ ਵਿਸਤਾਰ ਇਸ ਪੁਸਤਕ ਵਿਚ ਹੈ। ਇਥੇ ਸਾਨੂੰ ਉਨ੍ਹਾਂ ਘਟਨਾਵਾਂ ਦੀ ਦਿਲ ਹਿਲਾ ਦੇਣ ਵਾਲ਼ੀ ਤਸਵੀਰ ਮਿਲ਼ਦੀ ਹੈ, ਜੋ ਗਾਂਧੀ ਜੀ ਦੇ ਨਾਲ਼ ਵਾਪਰੀਆਂ ਸਨ। ਬਦਲੇ ਲਈ ਰੌਲ਼ਾ ਪਾਉਂਦੇ ਟੋਲੇ; ਲਾਠੀ ਦਾ ਵਾਰ ਜੋ ਵਾਲ਼ ਕੁ ਦੀ ਦੂਰੀ ਤੋਂ ਲੰਘ ਗਿਆ; ਇੱਟ ਜੋ ਉਨ੍ਹਾਂ ਵੱਲ ਸੁੱਟੀ ਗਈ ਸੀ ਤੇ ਉਨ੍ਹਾਂ ਦੇ ਨਾਲ਼-ਦੇ ਨੂੰ ਜਾ ਵੱਜੀ। ਕਿਵੇਂ ਉਹ ਹਥਿਆਰਾਂ ਨਾਲ਼ ਲੈਸ ਗ਼ੁੰਡਿਆਂ ਅਤੇ ਉਨ੍ਹਾਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਮਿਲ਼ਦੇ ਸੀ ਅਤੇ ਮਿਲ਼ ਕੇ ਉਨ੍ਹਾਂ ਨੂੰ ਕੀ ਕਹਿੰਦੇ ਸੀ; ਕਿਸ ਤਰ੍ਹਾਂ ਦੀਆਂ ਸਲਾਹਾਂ ਦਿੰਦੇ; ਕਿਸ ਤਰ੍ਹਾਂ ਦੇ ਇਕਬਾਲ ਕਰਦੇ। ਉਨ੍ਹਾਂ ਦੀ ਅਪਣੇ ਸਾਥੀਆਂ ਬਾਰੇ ਭਰਮ-ਨਵਿਰਤੀ, ਉਨ੍ਹਾਂ ਦਾ ਅਪਣਾ ਇਕਲਾਪਾ ਤੇ ਅਪਣੇ ਮਨ ਦੀਆਂ ਗੱਲਾਂ ਨੂੰ ਦੁਬਾਰਾ ਵਿਚਾਰਨਾ, ਇਹ ਸਭ ਕੁਝ ਇਸ ਕਿਤਾਬ ਵਿਚ ਦਰਜ ਹੈ। ਕਈ ਵਾਰੀ ਉਨ੍ਹਾਂ ਨੇ ਅਪਣੇ ਆਪ ਨੂੰ ਪੁੱਛਿਆ, “ਕੀ ਆਜ਼ਾਦ ਭਾਰਤ ਨੂੰ ਮੇਰੀ ਉਵੇਂ ਹੀ ਲੋੜ ਹੈ, ਜਿਵੇਂ ਜ਼ੰਜੀਰਾਂ ਚ ਜਕੜੇ ਭਾਰਤ ਨੂੰ ਸੀ?’’
ਅਪਣੇ ਬਹੁਤ ਨੇੜੇ ਦੇ ਬੰਦਿਆਂ ਨੇ ਵੀ ਗਾਂਧੀ ਜੀ ‘ਤੇ ਇਲਜ਼ਾਮ ਲਾਇਆ ਸੀ ਕਿ ਉਹ ਹਿੰਦੂਆਂ ਨਾਲ਼ੋਂ ਮੁਸਲਮਾਨਾਂ ਦਾ ਵਧੇਰੇ ਫ਼ਿਕਰ ਕਰਦੇ ਸੀ, ਜਿਨ੍ਹਾਂ ਨੇ ਕਿ ਫ਼ਸਾਦ ਸ਼Lੁਰੂ ਕੀਤੇ ਸਨ ਅਤੇ ਮੁਲਕ ਦੀ ਵੰਡ ਕਰਵਾਈ ਸੀ। ਕੁਲ ਮਿਲ਼ਾ ਕੇ ਜੋ ਗੰਭੀਰ ਨਿਰੀਖਣ ਸਾਹਮਣੇ ਆਉਂਦਾ ਹੈ, ਉਹਦੇ ਵਿੱਚੋਂ ਬੋਸ ਨੂੰ ਅਨੁਭਵ ਹੋਇਆ ਗਾਂਧੀ ਜੀ ਦਾ ਸੁਭਾਅ ਹੀ ਐਸਾ ਸੀ ਕਿ ਉਹ ਸਦਾ ਨਤਾਣਿਆਂ ਦਾ ਸਾਥ ਦਿੰਦੇ ਸੀ। – ਜਦੋਂ ਉਹ ਫ਼ਸਾਦ ਬੰਦ ਨਾ ਕਰਵਾ ਸਕੇ, ਤਾਂ ਬੇਬਸੀ ਵਿਚ ਉਨ੍ਹਾਂ ਨੇ ਵਰਤ ਰੱਖ ਲਿਆ, ਕਿਉਂਕਿ ਉਨ੍ਹਾਂ ਦਾ ਖ਼ਿਆਲ ਸੀ ਜੋ ਕੰਮ ਮੇਰੇ ਬੋਲੇ ਸ਼ਬਦ ਨਹੀਂ ਕਰ ਸਕੇ, ਉਹ ਖਬਰੇ ਵਰਤ ਨਾਲ਼ ਹੀ ਹੋ ਜਾਵੇ।
ਗਾਂਧੀ ਜੀ ਕੋਲ਼ ਇਜੇਹੇ ਨੌਜਵਾਨ ਵੀ ਆਏ, ਜੋ ਯਕੀਨ ਦਿਵਾ ਰਹੇ ਸਨ ਕਿ ਉਨ੍ਹਾਂ ਦੇ ਹੁੰਦਿਆਂ ਮੁਸਲਮਾਨਾਂ ਨੂੰ ਕੋਈ ਹਾਨੀ ਨਹੀਂ ਪਹੁੰਚੇਗੀ, ਪਰ ਇਜੇਹਾ ਕਰਨ ਲਈ ਉਨ੍ਹਾਂ ਨੂੰ ਰਾਤ ਸਮੇਂ ਗ਼ੈਰ-ਕਾਨੂੰਨੀ ਹਥਿਆਰ ਰੱਖਣੇ ਪੈਣਗੇ ਤੇ ਗਾਂਧੀ ਜੀ ਪੁਲਸ ਨੂੰ ਇਹ ਕਹਿ ਦੇਣ ਕਿ ਉਨ੍ਹਾਂ ਨੂੰ ਇਸ ਕਾਰਣ ਗ੍ਰਿਫ਼ਤਾਰ ਨਾ ਕੀਤਾ ਜਾਵੇ। ਕਈਆਂ ਨੂੰ ਇਹ ਜਾਣ ਕੇ ਬੇਹੱਦ ਹੈਰਾਨੀ ਹੋਈ ਸੀ, ਜਦੋਂ ਅਹਿੰਸਾ ਦੇ ਇਸ ਪੈਰੋਕਾਰ ਨੇ ਉਨ੍ਹਾਂ ਨੌਜੁਆਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ਼ ਹਾਂ।
“ਜੇ ਅਪਣੀਆਂ ਸਰਕਾਰੀ ਫ਼ੌਜਾਂ ਦੇ ਬਾਵਜੂਦ ਮੁੱਖ ਮੰਤਰੀ ਪ੍ਰਫੁੱਲ ਬਾਬੂ ਘੱਟ-ਗਿਣਤੀ ਮੁਸਲਮਾਨਾਂ ਦੀ ਰੱਖਿਆ ਨਹੀਂ ਕਰ ਸਕਦਾ ਅਤੇ ਇਹ ਨੌਜੁਆਨ ਅਜਿਹਾ ਕਰਨ ਦਾ ਫ਼ੈਸਲਾ ਕਰਦੇ ਹਨ, ਤਾਂ ਮੈਂ ਇਨ੍ਹਾਂ ਦੇ ਨਾਲ਼ ਖਲੋਤਾ ਹਾਂ,’’ ਗਾਂਧੀ ਜੀ ਨੇ ਆਖਿਆ ਸੀ।
ਇਸ ਪੁਸਤਕ ਵਿਚ ਬੜੇ ਧਿਆਨ ਨਾਲ਼ ਰੀਕਾਰਡ ਕੀਤੀਆਂ ਕੁਝ ਮੁਲਾਕਾਤਾਂ ਵੀ ਹਨ; ਜਦੋਂ ਗਾਂਧੀ ਜੀ ਕਈ ਲੋਕਾਂ ਦੀਆਂ ਵੱਖਰੀਆਂ-ਵੱਖਰੀਆਂ ਸਮੱਸਿਆਵਾਂ ਸੁਣਦੇ ਸਨ ਅਤੇ ਉਨ੍ਹਾਂ ਦਾ ਹੱਲ ਲੱਭਣ ਵਿਚ ਮਦਦ ਕਰਦੇ ਸਨ। ਇਨ੍ਹਾਂ ਮੁਲਾਕਾਤਾਂ ਵਿਚ ਉਨ੍ਹਾਂ ਦੀ ਕੋਮਲਤਾ ਦਿਸਦੀ ਹੈ। ਸਾਇੰਸਦਾਨ ਵਜੋਂ ਬੋਸ ਗਾਂਧੀ ਜੀ ਨਾਲ਼ ਉਨ੍ਹਾਂ ਸਵਾਲਾਂ ਬਾਰੇ ਵੀ ਵਿਚਾਰਾਂ ਕਰਦਾ ਹੈ, ਜਿਨ੍ਹਾਂ ਤੋਂ ਉਹ ਖਿੱਝਦਾ ਸੀ; ਜਿਵੇਂ ਬ੍ਰਹਮਚਰੀਆ ਦੇ ਬਹੁਤ ਸਾਰੇ ਕੀਤੇ ਤਜਰਬਿਆਂ ਬਾਰੇ ਗੱਲਬਾਤ।
ਗਾਂਧੀ ਜੀ ਦੀਆਂ ਦਿੱਤੀਆਂ ਦਲੀਲਾਂ ਨਾਲ਼ ਤਸੱਲੀ ਨਾ ਹੋਣ ਕਾਰਣ ਬੋਸ ਨੇ ਮਾਰਚ 1947 ਵਿਚ ਉਨ੍ਹਾਂ ਦਾ ਸਾਥ ਛੱਡ ਦਿੱਤਾ ਤੇ ਅਪਣੀ ਯੂਨੀਵਰਸਟੀ ਵਾਪਿਸ ਚਲਾ ਗਿਆ ਸੀ। ਪਰ ਉਹਦਾ ਇਸ ਮਨੁੱਖ ਨਾਲ਼ ਮੇਲ਼ ਹੁੰਦਾ ਰਿਹਾ, ਜਿਹੜਾ ਉਹਨੂੰ “ਪੁੱਜ ਕੇ ਮਨੁੱਖੀ’’ ਲੱਗਾ ਸੀ, ਜੋ ਅਪਣੀਆਂ ਵਿਰੋਧੀ ਤੇ ਆਪਾ-ਵਿਰੋਧੀ ਰੁਚੀਆਂ ‘ਤੇ ਹਾਵੀ ਸੀ; ਅਪਣੀਆਂ ਕਮਜ਼ੋਰੀਆਂ ਮੰਨਣ ਲਈ ਤਿਆਰ ਰਹਿੰਦਾ ਸੀ ਤੇ ਕੁਝ ਵੀ ਨਹੀਂ ਸੀ ਲੁਕਾਉਂਦਾ।
ਜਦੋਂ ਕਿਸੇ ਕਾਂਗਰਸੀ ਨੇ ਗਾਂਧੀ ਜੀ ਨੁੰ ਕੋਈ ਸੁਨੇਹਾ ਦੇਣ ਲਈ ਕਿਹਾ, ਤਾਂ ਉਨ੍ਹਾਂ ਦੇ ਲਫ਼ਜ਼ ਸਨ – “ਮੇਰੀ ਜ਼ਿੰਦਗੀ ਹੀ ਮੇਰਾ ਸੁਨੇਹਾ ਹੈ।’’ ਬੋਸ ਇਸ ਪੁਸਤਕ ਵਿਚ ਸੁਨੇਹਾ ਖ਼ਾਸ ਤੇ ਨਿਖੜਵੇਂ ਢੰਗ ਨਾਲ਼ ਦਿੰਦਾ ਹੈ; ਇਸ ਵਿਚ ਹਾਸਾ-ਠੱਠਾ ਵੀ ਹੈ। ਤੇ ਤੁਸੀਂ ਆਈਨਸ਼ਟਾਈਨ ਦੇ ਲਿਖੇ ਦਿਲ ਨੂੰ ਛੁਹ ਜਾਣ ਵਾਲ਼ੇ ਉਹ ਸ਼ਬਦ ਵੀ ਸਮਝ ਸਕਦੇ ਹੋ ਅਤੇ ਜੌਰਜ ਓਰਵੈੱਲ ਦਾ ਨਿਰੀਖਣ ਵੀ ਕਿ ਗਾਂਧੀ ਦੇ ਹੋਣ ਨਾਲ਼ “ਸੰਸਾਰ ਮਾਲਾ-ਮਾਲ ਹੋ ਗਿਆ”।