ਗੁਰੂ ਨਾਨਕ ਮੁਹੱਲੇ ਦੀਆਂ ਤਿੰਨ ਛੱਤਾਂ। ਤਿੰਨ ਔਰਤਾਂ ਦੀਆਂ ਰਾਜ਼ਦਾਨ। ਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਨੀਰਾਂ ਮਲਿਕ, ਘਰੇਲੂ ਸੁਆਣੀਆਂ ਰਾਜਦੀਪ ਢਿੱਲੋਂ ਤੇ ਗੁਰਜੋਤ ਕੌਰ। ਤਿੰਨਾਂ ’ਚ ਇੰਨੀ ਸਾਂਝ ਕਿ ਰੁਝੇਵਿਆਂ ਦੇ ਬਾਵਜੂਦ ਕਿਸੇ ਨਾ ਕਿਸੇ ਬਹਾਨੇ ਛੱਤ ’ਤੇ ਆ ਜਾਂਦੀਆਂ। ਕੱਪੜੇ ਸੁੱਕਣੇ ਪਾਉਣ, ਆਚਾਰ-ਸਬਜ਼ੀਆਂ ਨੂੰ ਧੁੱਪ ਲਵਾਉਣ ਜਾਂ ਹੋਰ ਨਿੱਕੇ ਮੋਟੇ ਕੰਮਾਂ ਲਈ ਛੱਤਾਂ ਉਤੇ ਆਉਂਦੀਆਂ ਤੇ ਅਪਣੇ ਦੁੱਖ-ਸੁੱਖ ਫ਼ਰੋਲ ਲੈਂਦੀਆਂ। ਰਾਜਦੀਪ ਦੇ ਘਰ ਦੀ ਛੱਤ ਵਿਚਕਾਰਲੀ ਹੋਣ ਕਾਰਨ ਉਹ ਅਕਸਰ ਉਥੇ ਹੀ ਬੈਠਦੀਆਂ ।
ਅੱਜ ਡਾ. ਨੀਰਾਂ ਜਦੋਂ ਛੱਤ ’ਤੇ ਆਈ ਤਾਂ ਕੁੱਝ ਉਦਾਸ ਜਿਹੀ ਸੀ। ਉਹਦੀਆਂ ਸਹੇਲੀਆਂ ਨੂੰ ਪਤਾ ਸੀ ਕਿ ਅੱਜ ਫੇਰ ਦੁੱਖਾਂ ਦੀ ਮਾਰੀ ਕੋਈ ਔਰਤ ਇਹਦੇ ਕੋਲ ਇਲਾਜ ਲਈ ਆਈ ਹੋਵੇਗੀ। ਨੀਰਾਂ ਦਾ ਪਤੀ ਵੀ ਡਾਕਟਰ ਸੀ। ਉਨ੍ਹਾਂ ਦੇ ਦੋ ਲੜਕੇ, ਆਮ ਸੁਖੀ ਪਰਿਵਾਰ। ਇਕ ਦੂਜੇ ਦੀ ਤਕਲੀਫ਼ ਦਾ ਅਹਿਸਾਸ ਸੀ ਪਰਿਵਾਰ ਵਿਚ। ਪਤੀ ਖੁਸ਼ਮਿਜਾਜ਼ ਤੇ ਖੁੱਲ੍ਹੇ ਵਿਚਾਰਾਂ ਦਾ ਹੋਣ ਕਰਕੇ ਰਿਸ਼ਤੇ ’ਚ ਕਦੇ ਕੋਈ ਖਟਾਸ ਨਹੀਂ ਸੀ ਆਈ। ਦੋਵੇਂ ਮੁੰਡੇ ਵੀ ਸ਼ਾਂਤ ਸੁਭਾਅ ਦੇ ਤੇ ਪੜ੍ਹਨ ਵਿਚ ਲਾਇਕ। ਪਰ ਨੀਰਾਂ ਅਕਸਰ ਪ੍ਰੇਸ਼ਾਨ ਹੁੰਦੀ ਤੇ ਉਹਦੀ ਪ੍ਰੇਸ਼ਾਨੀ ਦਾ ਕਾਰਨ ਉਹਦੇ ਕੋਲ ਆਉਂਦੀਆਂ ਉਹ ਔਰਤਾਂ ਸਨ ਜਿਨ੍ਹਾਂ ਦੀ ਮਲ੍ਹੱਮ ਪੱਟੀ ਤਾਂ ਉਹ ਕਰ ਸਕਦੀ ਸੀ ਪਰ ਦਿਲ ਦੇ ਜ਼ਖ਼ਮ ਨਹੀਂ ਸੀ ਭਰ ਸਕਦੀ।
ਨੀਰਾਂ ਦਾ ਬੁਝਿਆ ਚਿਹਰਾ ਦੇਖ ਜੋਤ ਨੇ ਪੁੱਛ ਹੀ ਲਿਆ, ‘ਕੀ ਗੱਲ ਅੱਜ ਬਹੁਤ ਬੁਝੀ ਜਿਹੀ ਲੱਗ ਰਹੀ ਏਂ? ਕਿਤੇ ਡਾ. ਸਾਹਿਬ ਨਾਲ…..?’ ਨੀਰਾਂ ਨੇ ਬਿਨਾਂ ਕੁੱਝ ਕਿਹਾਂ ਸਿਰ ਨਾਂਹ ਵਿਚ ਹਿਲਾ ਦਿੱਤਾ। ਫੇਰ ਡਾ. ਨੀਰਾਂ ਦਾ ਗੋਰਾ ਚਿਹਰਾ ਅਚਾਨਕ ਸੁਰਖ਼ ਹੋ ਗਿਆ। ਉਹ ਕਹਿਣ ਲੱਗੀ “…ਅੱਜ ਬਹੁਤ ਡਿਸਟਰਬ ਆਂ ਮੈਂ।’’
“ਕਿਉਂ ਕੀ ਹੋਇਆ?” ਰਾਜ ਨੇ ਗੰਭੀਰਤਾ ਨਾਲ ਪੁੱਛਿਆ।
ਨੀਰਾਂ ਹੌਕਾ ਭਰਦੀ ਬੋਲੀ, ‘ਮੈਂ ਸੋਚ ਰਹੀ ਸੀ, ਮਰਦ ਇਹੋ ਜਿਹੇ ਵੀ ਹੁੰਦੇ ਨੇ। ਸਾਲੇ ਬਾਸਟਰਡ।’ ਜੋਤ ਨੇ ਉਹਦਾ ਗੁੱਸਾ ਠੱਲਣ ਦੀ ਕੋਸ਼ਿਸ਼ ਕਰਦਿਆਂ ਕਿਹਾ, ‘ਕਿਉਂ? ਕਿਸੇ ਨੇ ਤੈਨੂੰ ਕੁਝ ਕਿਹੈ? ਦੱਸ , ਹੁਣੇ ਈ ਬੰਦਾ ਬਣਾ ਦਿੰਨੇ ਆਂ ਹਰਾਮਜ਼ਾਦੇ ਨੂੰ।’
ਨੀਰਾਂ ਨੇ ਹੌਸਲੇ ਵਾਲੀ ਝੂਠੀ ਜਿਹੀ ਮੁਸਕਰਾਹਟ ਲਿਆਉਂਦਿਆਂ ਕਿਹਾ, ‘ਨਈਂ ਨਈਂ ਮੇਰੇ ਨਾਲ ਭਲਾ ਕੌਣ ਪੰਗਾ ਲੈ ਸਕਦੈ।’ ਹੁਣ ਮੈਂ ਛੋਟੀ ਬਾਲੜੀ ਤਾਂ ਨਹੀਂ ਰਹੀ।’
ਰਾਜ ਨੇ ਫ਼ਿਕਰ ਜਾਹਰ ਕਰਦਿਆਂ ਫੇਰ ਉਸਦੀ ਉਦਾਸੀ ਦਾ ਕਾਰਨ ਪੁੱਛਿਆ।
‘ਨਈਂ… ਨਈਂ ਮੈਂ ਉਦਾਸ ਨਈਂ’ ਨੀਰਾਂ ਨੇ ਕਹਿੰਦਿਆਂ ਅੱਖਾਂ ਮੀਟ ਲਈਆਂ। ਤਿੰਨੋ ਜਣੀਆਂ ਅਚਾਨਕ ਚੁੱਪ ਹੋ ਗਈਆਂ। ਜਿਵੇਂ ਇਕ ਦੂਜੀ ਨੂੰ ਬਿਨਾਂ ਬੋਲਿਆਂ ਹੀ ਸਭ ਕੁੱਝ ਸਮਝ ਸਮਝਾ ਰਹੀਆਂ ਹੋਣ। ਫੇਰ ਨੀਰਾਂ ਨੇ ਚੁੱਪੀ ਤੋੜਦਿਆਂ ਕਿਹਾ, ‘ਠਹਿਰੋ! ਮੈਂ ਪਹਿਲਾਂ ਕੁੱਝ ਖਾਣ-ਪੀਣ ਨੂੰ ਮੰਗਵਾ ਲਵਾਂ, ਫੇਰ ਗੱਲ ਕਰਾਂਗੀ।’ ਨੀਰਾਂ ਨੇ ਛੱਤ ਤੋਂ ਹੇਠਾਂ ਝੁੱਕ ਕੇ ਸਰਵੈਂਟ ਨੂੰ ਆਵਾਜ਼ ਮਾਰੀ ਤੇ ਉਹ ਉਪਰ ਅਪਣੀ ਮਾਲਕਣ ਦਾ ਹੁਕਮ ਲੈਣ ਆ ਗਿਆ।
ਨੀਰਾਂ ਨੇ ਸੂਰਜ ਨੂੰ ਤਿਨ ਜੂਸ ਤੇ ਕੁਝ ਖਾਣ ਲਈ ਲੈ ਆਉਣ ਦਾ ਹੁਕਮ ਦਿੱਤਾ।
ਰਾਜ ਤੇ ਜੋਤ ਮੁੜ ਨੀਰਾਂ ਨੂੰ ਕੁਰੇਦਣ ਲੱਗੀਆਂ। ‘ਚੱਲ ਦੱਸ ਆਖ਼ਰ ਹੋਇਆ ਕੀ? ਤੂੰ ਇੰਨੀ ਅਪਸੈਟ ਕਿਉਂ ਐਂ?’
‘ਅੱਜ ਕੁੱਝ ਮਰੀਜ਼ ਔਰਤਾਂ ਅਜਿਹੀਆਂ ਆਈਆਂ ਕਿ ਉਨ੍ਹਾਂ ਦੀ ਤਕਲੀਫ਼ ਦੇਖ ਮੈਂ ਅੰਦਰ ਤੱਕ ਹਿੱਲ ਗਈ, ਘਿਣ ਆਉਂਦੀ ਐ ਏਦਾਂ ਦੇ ਮਰਦਾਂ ਤੋਂ। ਨੀਰਾਂ ਨੇ ਅਪਣੀ ਬੇਚੈਨੀ ਉਧੇੜਨੀ ਸ਼ੁਰੂ ਕੀਤੀ।- ‘ਪਹਿਲਾਂ ਸਵੇਰੇ ਭੱਠਾ ਮਜ਼ਦੂਰ ਔਰਤ ਆਈ। ਉਹਦੇ ਯੂਟਰਸ ਵਿਚ ਸੋਜਿਸ਼ ਸੀ। ਜਦੋਂ ਮੈਂ ਚੈਕਅਪ ਕਰਨ ਲੱਗੀ ਤਾਂ ਉਹਦੀਆਂ ਚੀਕਾਂ ਨਿਕਲ ਗਈਆਂ। ਉਹਦੀ ਹਾਲਤ ਦੇਖ ਮੈਂ ਹੈਰਾਨ ਹੋਈ। ਜਿਵੇਂ ਕਿਸੇ ਜਾਨਵਰ ਨੇ ਪੰਜਾ ਮਾਰਿਆ ਹੋਵੇ। ਮੈਂ ਉਹਦਾ ਮੋਢਾ ਪਲੋਸਦਿਆਂ ਕਾਰਨ ਪੁੱਛਿਆ ਤਾਂ ਉਹ ਫੁੱਟ ਫੁੱਟ ਰੋ ਪਈ। ਉਸ ਮਸਾਂ ਦੱਸਿਆ, ‘ਕਯਾ ਬਤਾਉਂ ਡਾਕਟਰਨੀ ਜੀ, ਘਰਵਾਲੇ ਨੇ ਕੀਯਾ ਹੈ। ਰੋਜ਼ ਰਾਤ ਕੋ ਦਾਰੂ ਪੀ ਕੇ ਆਤਾ ਹੈ, ਖੂਬ ਪਿਟਾਈ ਕਰਤਾ ਹੈ। ਮੇਰੇ ਕੱਪੜੇ ਫਾੜ ਡਾਲਤਾ ਹੈ। ਕਲ੍ਹ ਭੀ ਰਾਤ ਕੋ ਪੀ ਕੇ ਆਇਆ। ਆਤੇ ਹੀ ਬੱਚੋਂ ਕੇ ਸਾਹਮਨੇ ਮਾਰਪੀਟ ਕਰਨੇ ਲਗਾ। ਗੰਦੀ ਗੰਦੀ ਗਾਲੀਆਂ ਬਕਨੇ ਲਗਾ ਕਿ ਤੁਝੇ ਖਰੀਦ ਕੇ ਲਾਇਆ ਹੂੰ…ਅਪਨੀ ਜਾਨ ਬਚਾਤੀ ਮੈਂ ਬਾਹਰ ਭਾਗ ਗਈ ਮਗਰ ਵੋ ਪੀਛੇ ਹੀ ਆ ਗਯਾ। ਮੇਰੇ ਸਾਥ ਜਬਰਦਸਤੀ ਕਰਨੇ ਲਗਾ ਜਬ ਰੋਕਾ ਤੋ ਪਾਸ ਮੇਂ ਹੀ ਪੜੀ ਛੜੀ ਸੇ ਉਸ ਨੇ ਮੇਰੇ ਅੰਦਰ ਖ਼ੂਨ ਹੀ ਖ਼ੂਨ ਕਰ ਦੀਯਾ।’
‘ਮੇਰੇ ਤੋਂ ਉਹਦੀ ਤਕਲੀਫ਼ ਝੱਲੀ ਨਹੀਂ ਸੀ ਜਾ ਰਹੀ।’ ਨੀਰਾਂ ਕੁੱਝ ਪਲ ਰੁਕੀ। ਸੂਰਜ ਜੂਸ ਲੈ ਆਇਆ ਸੀ। ਸੂਰਜ ਦੇ ਜਾਣ ਤੋਂ ਬਾਅਦ ਨੀਰਾਂ ਫੇਰ ਬੋਲਣ ਲੱਗੀ, ‘ਮੈਂ ਹਾਲੇ ਇਸ ਤੋਂ ਸੰਭਲੀ ਨਹੀਂ ਸੀ ਕਿ ਇਕ ਹੋਰ ਔਰਤ ਆਈ। ਉਸ ਕੋਲ ਤਾਂ ਖੜ੍ਹਨਾ ਵੀ ਮੁਸ਼ਕਿਲ ਸੀ, ਉਸ ਤੋਂ ਬਦਬੂ ਹੀ ਏਨੀ ਆ ਰਹੀ ਸੀ। ਉਹਦਾ ਚੈਕਅਪ ਕਰਨਾ ਹੀ ਔਖਾ ਲੱਗ ਰਿਹਾ ਸੀ।’ ਅੱਖਾਂ ’ਤੇ ਹੱਥ ਫੇਰਦਿਆਂ ਨੀਰਾਂ ਦੇ ਬੁੱਲ ਫੇਰ ਫਰਕੇ, ‘ਜਦੋਂ ਮੈਂ ਉਸ ਨੂੰ ਚੈਕ ਕੀਤਾ ਤਾਂ ਉਸ ਦਾ ਯੂਟਰਸ ਛਾਲਿਆਂ ਨਾਲ ਭਰਿਆ ਹੋਇਆ ਸੀ। ਉਹਨੇ ਦੱਸਿਆ ਕਿ ਉਹਦਾ ਘਰਵਾਲਾ ਕਿਤੇ ਬਾਹਰ ਗਿਆ ਸੀ ਤੇ ਦਿਓਰ ਉਹਨੂੰ ਆਪਣੇ ਨਾਲ ਸੌਣ ਲਈ ਮਜਬੂਰ ਕਰ ਰਿਹਾ ਸੀ। ਜਦੋਂ ਉਹਨੇ ਨਾਂਹ ਨੁਕਰ ਕੀਤੀ ਤਾਂ ਗੁੱਸੇ ਵਿਚ ਆਏ ਨੇ ਜ਼ਬਰਦਸਤੀ ਕਰਨ ਮਗਰੋਂ ਜ਼ਰਦੇ ਦੀ ਪੁੜੀ ਹੀ ਉਹਦੇ ਅੰਦਰ ਤੱਕ ਧੱਕ ਦਿੱਤੀ। ਉਹਦਾ ਤਿੰਨ ਸਾਲਾ ਪੁੱਤਰ ਅਪਣੀ ਮਾਂ ਦੀਆਂ ਚੀਕਾਂ ਸੁਣ ਕੇ ਸਹਿਮਿਆ ਚਾਦਰ ਦਾ ਇਕ ਕੋਨਾ ਚੁੱਕ ਕੇ ਦੇਖਦਾ ਰਿਹਾ।’
ਇਹ ਦਾਸਤਾਨ ਦਸਦਿਆਂ ਨੀਰਾਂ ਦਾ ਗੱਚ ਭਰ ਆਇਆ। ਰਾਜ ਨੇ ਉਹਦਾ ਹੱਥ ਅਪਣੇ ਹੱਥਾਂ ਵਿਚ ਲੈਂਦਿਆਂ ਹੌਸਲਾ ਦਿੰਦਿਆਂ ਸਹਿਜ ਹੋਣ ਲਈ ਕਿਹਾ। ਰਾਜ ਤੇ ਜੋਤ ਨਾਲ-ਨਾਲ ਘੜੀ ਦੀਆਂ ਸੂਈਆਂ ਵੀ ਦੇਖ ਰਹੀਆਂ ਸਨ। ਉਨ੍ਹਾਂ ਦੇ ਰੋਟੀ ਬਨਾਉਣ ਦਾ ਟਾਈਮ ਹੋ ਚੱਲਿਆ ਸੀ ਪਰ ਇਸ ਹਾਲ ਵਿਚ ਉਹ ਨੀਰਾਂ ਨੂੰ ਛੱਡ ਕੇ ਵੀ ਨਹੀਂ ਸੀ ਜਾ ਸਕਦੀਆਂ।
ਜੋਤ ਨੇ ਹੌਸਲਾ ਦਿੰਦਿਆਂ ਕਿਹਾ, ‘ਨੀਰਾਂ ਤੇਰਾ ਤਾਂ ਇਹ ਪ੍ਰੋਫੈਸ਼ਨ ਐ। ਤੇਰੇ ਕੋਲ ਤਾਂ ਰੋਜ਼ ਅਜਿਹੇ ਮਰੀਜ਼ ਆਉਂਦੇ ਨੇ। ਫੇਰ ਏਨੀ ਕਮਜ਼ੋਰ ਕਿਉਂ ਹੋ ਰਹੀ ਹੈਂ ਤੂੰ?’
ਨੀਰਾਂ ਦਾ ਗਲ਼ ਪੂਰੀ ਤਰ੍ਹਾਂ ਭਰ ਗਿਆ ਤੇ ਉਹ ਡਬਡਬਾਈਆਂ ਅੱਖਾਂ ਨਾਲ ਉਨ੍ਹਾਂ ਵੱਲ ਤੱਕ ਰਹੀ ਸੀ।
ਇੰਨੇ ਨੂੰ ਰਾਜ ਦੀ 14 ਵਰਿ੍ਹਆਂ ਦੀ ਧੀ ਪਰਵਾਜ਼ ਖੇਡਦੀ ਖੇਡਦੀ ਛੱਤ ’ਤੇ ਆ ਗਈ ਤੇ ਮੰਮੀ ਨੂੰ ਆਪਣੀ ਡੌਲ ਲਈ ਚੁੰਨੀ ਬਣਾ ਕੇ ਦੇਣ ਦੀ ਜ਼ਿੱਦ ਕਰਨ ਲੱਗੀ। ਜੋਤ ਨੇ ਮਨਾਉਣ ਦੇ ਪਜ ਨਾਲ ਕਿਹਾ, ‘ਪਰੂ, ਪਟੋਲਿਆਂ ਨਾਲ ਈ ਖੇਡਦੇ ਰਹਿਣੈ?’
ਆਂਟੀ ਮੇਰੀ ਇਹ ਡੌਲ ਮੈਨੂੰ ਬਹੁਤ ਚੰਗੀ ਲੱਗਦੀ ਐ, ਇਹਦੀਆਂ ਅੱਖਾਂ ਬੰਦ ਹੁੰਦੀਆਂ ਤੇ ਖੁੱਲ੍ਹਦੀਆਂ ਨੇ ਪਰ ਇਹ ਕਦੇ ਬੋਲਦੀ ਨਹੀਂ। ਮੈਂ ਇਹਨੂੰ ਬਹੁਤ ਤੰਗ ਕਰਦੀ ਆਂ ਨਾ, ਇਸੇ ਕਰਕੇ ਵਿਚਾਰੀ ਚੁੱਪ ਕਰੀ ਰਹਿੰਦੀ ਐ।’ ਪਰੂ ਨੇ ਲਾਡ ’ਚ ਕਿਹਾ।
ਰਾਜ ਨੇ ਉਹਨੂੰ ਟਾਲਣ ਦੇ ਮਕਸਦ ਨਾਲ ਕਿਹਾ, ‘ਪਰੂ ਤੂੰ ਹੇਠਾਂ ਚੱਲ ਪੁੱਤ, ਮੈਂ ਸਵੇਰੇ ਚੁੰਨੀ ਬਣਾ ਦਿਆਂਗੀ।’
‘ਨਈਂ ਮੰਮੀ, ਮੈਨੂੰ ਤਾਂ ਹੁਣੇ ਹੀ ਚਾਹੀਦੀ ਹੈ। ਮੇਰੀ ਡੌਲ ਨੇ ਬਾਹਰ ਘੁੰਮਣ ਜਾਣਾ ਹੈ। ਥੋਨੂੰ ਪਤੈ ਨਾ! ਵੀਰੇ ਨੂੰ ਬਿਨਾਂ ਚੁੰਨੀ ਕੁੜੀਆਂ ਦਾ ਬਾਹਰ ਨਿਕਲਣਾ ਚੰਗਾ ਨਹੀਂ ਲੱਗਦਾ।’ ਪਰਵਾਜ਼ ਨੇ ਜ਼ਿਦ ਕੀਤੀ।
ਰਾਜ ਨੇ ਫੇਰ ਸਮਝਾਉਂਦਿਆਂ ਕਿਹਾ, ‘ਹੁਣ ਕੋਈ ਸੁਹਣਾ ਕੱਪੜਾ ਹੈ ਨਈਂ, ਸਵੇਰੇ ਬਾਜ਼ਾਰੋਂ ਲਿਆ ਕੇ ਬਣਾ ਦਿਆਂਗੀ।’ ਪਰਵਾਜ਼ ਮੂੰਹ ਬਣਾਉਂਦਿਆਂ ਹੇਠਾਂ ਚਲੀ ਗਈ।
ਰਾਜ ਨੇ ਮੁੜ੍ਹ ਗੱਲ ਤੋਰੀ, ‘ਨੀਰਾਂ ਅੱਗੇ ਵੀ ਤੇਰੇ ਕੋਲ ਅਜਿਹੇ ਮਰੀਜ਼ ਆਉਂਦੇ ਈ ਰਹਿੰਦੇ ਆ, ਫੇਰ ਅੱਜ … ਸ਼ਾਇਦ ਗੱਲ ਕੋਈ ਹੋਰ ਈ ਐ?’ ਨੀਰਾਂ ਦੇ ਹੰਝੂ ਵਹਿ ਤੁਰੇ। ਰਾਜ ਨੇ ਉਹਦਾ ਮੂੰਹ ਉਪਰ ਕਰਦਿਆਂ ਅੱਖਾਂ ਅੱਖਾਂ ਵਿਚ ਉਹਦੀ ਪੀੜਾ ਜਾਨਣੀ ਚਾਹੀ।
‘ਮੈਨੂੰ ਅੱਜ ਪਤਾ ਨਹੀਂ ਕਿਉਂ ਅਪਣੀ ਜ਼ਿੰਦਗੀ ਦੇ ਕੁੱਝ ਕੌੜੇ ਪਲ ਯਾਦ ਆ ਗਏ।’ ਨੀਰਾਂ ਨੇ ਜੂਸ ਖ਼ਤਮ ਕਰਦਿਆਂ ਕਿਹਾ।
‘ਕਿਉਂ ਕੀ ਹੋਇਆ ਸੀ?’ ਜੋਤ ਬੋਲੀ।
ਨੀਰਾਂ ਨੇ ਜੋਤ ਦੇ ਚਿਹਰੇ ਦੀ ਉਤਸੁਕਤਾ ਪੜ੍ਹਦਿਆਂ ਕਿਹਾ, ‘ਮੈਂ ਹਾਲੇ ਛੇ ਕੁ ਵਰਿ੍ਹਆਂ ਦੀ ਸੀ। ਮੇਰਾ ਦਾਦਾ ਮੈਨੂੰ ਅਕਸਰ ਘੁਮਾਉਣ ਫਿਰਾਉਣ ਲੈ ਜਾਂਦਾ। ਮੈਨੂੰ ਗੋਦੀ ਵਿਚ ਬਿਠਾ ਕੇ ਮੱਲੋ ਮੱਲੀ ਅਪਣੇ ਨਾਲ ਲਾਉਂਦਾ ਰਹਿੰਦਾ। ਮੈਨੂੰ ਦਾਦੇ ਦਾ ਸਪਰਸ਼ ਅਜੀਬ ਲੱਗਣਾ। ਜਦੋਂ ਮੈਂ ਅੱਠ ਕੁ ਵਰਿ੍ਹਆਂ ਦੀ ਹੋਈ ਤਾਂ ਇਕ ਦਿਨ ਦਾਦੇ ਨੇ ਮੇਰੇ ਬੁੱਲ੍ਹਾਂ ਨੂੰ ਬੁਰੀ ਤਰ੍ਹਾਂ ਚੁੰਮਿਆ। ਦਰਦ ਨਾਲ ਮੈਂ ਰੋਣ ਲੱਗ ਪਈ ਤਾਂ ਮੇਰੇ ਮੂੰਹ ’ਤੇ ਹੱਥ ਧਰਕੇ ਕਹਿੰਦਾ, ‘ਕਿਸੇ ਨੂੰ ਦੱਸੀਂ ਨਾ, ਨਈਂ ਤਾਂ ਤੇਰਾ ਡੈਡੀ ਤੈਨੂੰ ਮਾਰੂਗਾ।’ ਮੈਂ ਬਹੁਤ ਸਹਿਮ ਗਈ ਪਰ ਮਾਂ ਨੂੰ ਦਾਦੇ ਦੀਆਂ ਹਰਕਤਾਂ ਦੱਸ ਦਿੱਤੀਆਂ। ਮੇਰੀ ਮਾਂ ਸਿਆਣੀ ਸੀ। ਮੁੜ੍ਹ ਉਹਨੇ ਮੈਨੂੰ ਇੱਕਲੀ ਨਹੀਂ ਛੱਡਿਆ। ਏਨੇ ਵਰ੍ਹੇ ਹੋ ਗਏ ਏਸ ਗੱਲ ਨੂੰ, ਦਾਦੇ ਦਾ ਚਿਹਰਾ ਵੀ ਧੁੰਦਲਾ ਪੈ ਗਿਆ ਪਰ ਉਹਦੀ ਇਹ ਹਰਕਤ ਹੁਣ ਤੱਕ ਮੇਰਾ ਪਿੱਛਾ ਕਰਦੀ ਐ। ਜਦੋਂ ਵੀ ਮੈਂ ਕਿਸੇ ਔਰਤ ਨੂੰ ਅਜਿਹੀ ਕਿਸੇ ਪੀੜ ਵਿਚੋਂ ਲੰਘਦੀ ਦੇਖਦੀ ਆਂ, ਮੈਨੂੰ ਉਹ ਚਿੱਟੀ ਦਾੜੀ ਵਾਲਾ ਚਿਹਰਾ ਡਰਾਉਣ ਲੱਗ ਪੈਂਦੈ।’
ਨੀਰਾਂ ਹਾਲੇ ਆਪਣੇ ਦੁੱਖ ਫਰੋਲ ਹੀ ਰਹੀ ਸੀ ਕਿ ਪਰਵਾਜ਼ ਫੇਰ ਆ ਗਈ। ‘ਮੰਮੀ…ਮੰਮੀ… ਪਾਪਾ ਆ ਗਏ। ਤੁਹਾਨੂੰ ਸੱਦਦੇ ਨੇ।’ ਰਾਜ ਨੀਰਾਂ ਦਾ ਮੱਥਾ ਚੁੰਮਦੀ ਕਾਹਲੀ ਕਾਹਲੀ ਹੇਠਾਂ ਚਲੀ ਗਈ। ਉਹਦੇ ਮਗਰੇ ਹੀ ਨੀਰਾਂ ਤੇ ਜੋਤ ਆਪੋ ਅਪਣੇ ਘਰਾਂ ਨੂੰ ਚੱਲ ਪਈਆਂ। ਤੁਰਦਿਆਂ ਤੁਰਦਿਆਂ ਜੋਤ ਬੋਲੀ, ‘ਚੱਲ ਨੀਰ ਹੁਣ ਤੂੰ ਅਪਣਾ ਜੀਅ ਖੱਟਾ ਨਾ ਕਰ। ਭਾਜੀ ਤੇ ਬੱਚੇ ਤੇਰੀ ਉਡੀਕ ਕਰ ਰਹੇ ਨੇ, ਤੇਰਾ ਚਿਹਰਾ ਦੇਖ ਕੇ ਖਾਹਮਖਾਹ ਪ੍ਰੇਸ਼ਾਨ ਹੋ ਜਾਣਗੇ।’
– – –
ਅਗਲੇ ਦਿਨ ਫੇਰ ਤਿੰਨਾਂ ਨੂੰ ਛੱਤ ’ਤੇ ਇੱਕਠੀਆਂ ਹੋਣ ਦਾ ਮੌਕਾ ਮਿਲ ਗਿਆ। ਰਾਜ ਦੇ ਪਤੀ ਗੁਰਜੀਤ ਢਿਲੋਂ ਨੇ ਅੱਜ ਦੇਰ ਨਾਲ ਆਉਣਾ ਸੀ। ਉਹ ਕਿਸੇ ਸਮਾਜ ਸੇਵੀ ਸੰਸਥਾ ਦਾ ਮੈਂਬਰ ਹੋਣ ਕਰਕੇ ਕਿਸੇ ਧੀ-ਧਿਆਣੀ ਦੇ ਵਿਆਹ ਲਈ ਪੈਸੇ ਇਕੱਠੇ ਕਰਨ ਗਿਆ ਹੋਇਆ ਸੀ। ਜੋਤ ਦਾ ਪਤੀ ਹਰਚਰਨ ਕਿਸੇ ਬਾਬੇ ਦਾ ਚੇਲਾ ਸੀ ਤੇ ਸਤਿਸੰਗ ਸੁਨਣ ਸ਼ਹਿਰੋਂ ਬਾਹਰ ਗਿਆ ਹੋਇਆ ਸੀ। ਤਿੰਨਾਂ ਕੋਲ ਅੱਜ ਵਿਹਲ ਹੀ ਵਿਹਲ ਸੀ। ਕੱਲ੍ਹ ਵਾਲੀਆਂ ਗੱਲਾਂ ਤੋਂ ਨੀਰਾਂ ਤੇ ਰਾਜ ਕਾਫ਼ੀ ਹੱਦ ਤੱਕ ਸੰਭਲ ਗਈਆਂ ਸਨ ਤੇ ਪੂਰੀ ਤਰਾਂ੍ਹ ਨਾਰਮਲ ਹੋਣ ਦੀ ਕੋਸ਼ਿਸ਼ ‘ਚ ਸਨ। ਪਰ ਅਜ ਜੋਤ ਕੁੱਝ ਬੇਚੈਨ ਲੱਗ ਰਹੀ ਸੀ । ਉਹ ਕਦੇ ਕੱਲ੍ਹ ਦੀ ਘਟਨਾ ਦਾ ਜ਼ਿਕਰ ਕਰਦੀ ਤੇ ਕਦੇ ਅਪਣੇ ਬਚਪਨ ਦੀ ਕੋਈ ਨਾ ਕੋਈ ਗੱਲ ਛੇੜਦੀ। ਨੀਰਾਂ ਨੇ ਉਹਦੀ ਮਨਸ਼ਾ ਤਾੜ ਲਈ ਤੇ ਬੋਲੀ, ‘ਕੀ ਕਹਿਣਾ ਹੈ ਤੂੰ ਜੋਤ? ਜੋ ਤੇਰੇ ਮਨ ਵਿਚ ਹੈ ਤੂੰ ਕਹਿੰਦੀ ਕਿਉਂ ਨਹੀਂ? ਕਰ ਲਾ ਮਨ ਹੌਲਾ।’
‘ਨਈਂ… ਨਈਂ… ਮੈਂ ਤਾਂ ਵੈਸੇ ਹੀ…’ ਜੋਤ ਨੇ ਅਚਾਨਕ ਦਿਲ ਦੀ ਗੱਲ ਬੁੱਝ ਲਏ ਜਾਣ ’ਤੇ ਸੁਰ ਹੌਲੀ ਕੀਤੀ, ‘ਨਈਂ, ਅਸਲ ’ਚ ਕੱਲ੍ਹ ਤੇਰੀਆਂ ਗੱਲਾਂ ਸੁਣ ਕੇ ਦਿਲ ਦਹਿਲ ਗਿਆ। ਮੈਂ ਸੋਚਦੀ ਸੀ… ਜੋ ਮੇਰੇ ਨਾਲ ਹੋਇਆ ਸੀ ਉਹ ਹੋਰ ਕਿਸੇ ਨਾਲ ਨਹੀਂ ਹੋਇਆ ਹੋਣਾ।’
ਰਾਜ ਨੇ ਹੈਰਾਨੀ ਨਾਲ ਪੁੱਛਿਆ, ‘ਕਿਉਂ ਤੇਰੇ ਦਾਦੇ ਨੇ ਵੀ….?’
‘ਨਈਂ…ਨਈਂ’ ‘ਮੇਰਾ ਦਾਦਕਾ-ਨਾਨਕਾ ਪਰਿਵਾਰ ਤਾਂ ਬੜੇ ਧਾਰਮਿਕ ਖ਼ਿਆਲਾਂ ਦਾ ਸੀ। ਉਨ੍ਹਾਂ ਨੂੰ ਬਾਬਿਆਂ ਦੇ ਡੇਰਿਆਂ ’ਤੇ ਸੇਵਾ ਕਰਨ ਤੋਂ ਵਿਹਲ ਨਹੀਂ ਸੀ ਮਿਲਦੀ। ਸਾਡੇ ਘਰ ਦੇ ਲਾਗੇ ਕੁਟੀਆ ਵਾਲੇ ਦਾ ਡੇਰਾ ਸੀ। ਕਹਿਣ ਨੂੰ ਤਾਂ ਕੁਟੀਆ ਪਰ ਆਲੀਸ਼ਾਨ ਡੇਰਾ। ਘਰ ਦੇ ਬਿਲਕੁਲ ਲਾਗੇ ਹੋਣ ਕਰਕੇ ਅਸੀਂ ਤਿੰਨ ਚਾਰ ਕੁੜੀਆਂ ਪ੍ਰਸ਼ਾਦ ਦੇ ਲਾਲਚ ’ਚ ਅਕਸਰ ਇਕਲੀਆਂ ਹੀ ਚਲੀਆਂ ਜਾਂਦੀਆਂ । ਘਰਦਿਆਂ ਨੂੰ ਇਸ ਥਾਂ ’ਤੇ ਏਨਾ ਵਿਸ਼ਵਾਸ਼ ਸੀ ਕਿ ਸਾਡਾ ਉਥੇ ਜਾਣਾ ਉਨ੍ਹਾਂ ਨੂੰ ਬੁਰਾ ਨਹੀਂ ਲੱਗਦਾ ਸੀ। ਉਨਾਂ੍ਹ ਭਾਣੇ ਅਸੀਂ ਡੇਰੇ ’ਤੇ ਮਹਿਫ਼ੂਜ ਸਾਂ। ਜਦੋਂ ਅਸੀਂ ਜਾਣਾ ਤਾਂ ਬਾਬੇ ਨੇ ਸਾਨੂੰ ਜੱਫੀ ’ਚ ਲੈ ਲੈ ਪਿਆਰ ਕਰਨਾ। ਲੱਗਣਾ ਤਾਂ ਬਹੁਤ ਅਜੀਬ ਪਰ ਪ੍ਰਸ਼ਾਦ ਦਾ ਲਾਲਚ ਸਾਨੂੰ ਵਾਰ ਵਾਰ ਡੇਰੇ ਲੈ ਜਾਂਦਾ । ਇਕ ਵਾਰ ਬਾਬਾ ਸਾਨੂੰ ਅਪਣੇ ਭੋਰੇ ਵਿਚ ਲੈ ਗਿਆ ‘ਅਖੇ ਉਥੇ ਜਾ ਕੇ ਪਤਾਸੇ ਦਊਂਗਾ। ਮੇਰੇ ਕੋਲ ਦੋ ਤਿੰਨ ਰੰਗਾਂ ਦੇ ਪਤਾਸੇ ਨੇ।’ ਅਸੀਂ ਤਿੰਨੋ-ਚਾਰੋ ਜਣੀਆਂ ਉਹਦੇ ਮਗਰ ਹੋ ਗਈਆਂ। ਭੋਰੇ ਵਿਚ ਜਾ ਕੇ ਬਾਬੇ ਨੇ ਆਪਣੇ ਸਾਰੇ ਕੱਪੜੇ ਲਾਹ ’ਤੇ। ਤੇ ਸਾਨੂੰ ਕਿਹਾ,’ਜੇ ਪਤਾਸੇ ਲੈਣੇ ਆ ਤਾਂ ਮੇਰੀ ਗੋਦੀ ਵਿਚ ਆ ਕੇ ਬਹਿ ਜਾਓ।’ ਗੋਦੀ ’ਚ ਬਿਠਾ ਜਦੋਂ ਉਹਨੇ ਪੁੱਠੀਆਂ ਸਿੱਧੀਆਂ ਹਰਕਤਾਂ ਸ਼ੁਰੂ ਕੀਤੀਆਂ ਤਾਂ ਅਸੀਂ ਉਥੋਂ ਭੱਜ ਆਈਆਂ। ਸਾਡੇ ’ਚੋਂ ਦੋ ਚਾਰ ਸਾਲ ਵੱਡੀ ਬੀਰੋ ਨੂੰ ਬਾਬੇ ਨੇ ਹੱਥ ਫੜ ਕੇ ਰੋਕ ਲਿਆ। ਅਸੀਂ ਡਰਦੀਆਂ ਮਾਰੀਆਂ ਘਰ ਆ ਕੇ ਕੁੱਝ ਨਾ ਬੋਲੀਆਂ। ਘੰਟੇ ਬਾਅਦ ਬੀਰੋ ਆਈ ਤਾਂ ਉਹ ਰੋਣੋਂ ਨਾ ਹਟੇ। ਪਰ ਉਹਨੇ ਅਪਣੇ ਘਰ ਕੁੱਝ ਨਾ ਦਸਿਆ, ਸਗੋਂ ਸਾਨੂੰ ਵੀ ਕੁੱਝ ਕਹਿਣੋਂ ਰੋਕ ’ਤਾ। ਕੁੱਝ ਮਹੀਨਿਆਂ ਬਾਅਦ ਉਹਦੇ ਘਰਦਿਆਂ ਨੇ ਨਿਆਣੀ ਉਮਰ ਵਿਚ ਹੀ ਉਹਦਾ ਕਾਹਲੀ ਕਾਹਲੀ ਵਿਆਹ ਕਰ ਦਿੱਤਾ। ਸਾਨੂੰ ਉਦੋਂ ਸਮਝ ਨਾ ਆਈ ਕਿ ਇਹ ਕੀ ਹੋ ਗਿਆ। ਉਮਰ ਵਧਣ ਨਾਲ ਹੀ ਇਹ ਗੱਲ ਸਮਝ ਆਈ।’
ਜੋਤ ਜਿਵੇਂ ਸਾਹ ਲੈਣ ਲਈ ਰੁਕੀ ਹੋਵੇ। ਨੀਰਾਂ ਤੇ ਰਾਜ ਉਹਦੇ ਚਿਹਰੇ ਵੱਲ ਦੇਖਣ ਲੱਗੀਆਂ।
ਜੋਤ ਦੀ ਭਰੜਾਈ ਹੋਈ ਆਵਾਜ਼ ਫੇਰ ਗੂੰਜਣ ਲੱਗੀ ‘ਬਦਕਿਸਮਤੀ ਨਾਲ ਮੇਰਾ ਵਿਆਹ ਵੀ ਅਜਿਹੇ ਟੱਬਰ ਵਿਚ ਹੋਇਆ ਜੋ ਡੇਰਿਆਂ, ਬਾਬਿਆਂ ਨੂੰ ਮੰਨਦਾ ਹੈ। ਮਨ ਮਾਰ ਕੇ ਮੈਂ ਬਾਬਿਆਂ ਦੇ ਪੈਰੀਂ ਹੱਥ ਲਾਉਨੀ ਆਂ। ਉਨ੍ਹਾਂ ਦੀਆਂ ਵਹਿਸ਼ੀ ਨਜ਼ਰਾਂ ਘੂਰਦੀਆਂ ਨੇ, ਬੱਸ ਬੇਬਸੀ ਦਾ ਘੁੱਟ ਭਰ ਛੱਡਦੀ ਆਂ। ਕਦੇ ਕਦੇ ਸੋਚਦੀ ਆਂ ਚੰਗਾ ਹੋਇਆ ਮੇਰੀ ਕੋਈ ਧੀ ਨਹੀ ਐ, ਨਈਂ ਤਾਂ ਉਹਨੂੰ ਵੀ ਇਹ ਸਭ ਕੁੱਝ ਦੇਖਣਾ ਪੈਣਾ ਸੀ।’
ਜੋਤ ਕੁਝ ਹੋਰ ਬੋਲਣ ਹੀ ਲੱਗੀ ਸੀ ਕਿ ਪਰਵਾਜ਼ ਆ ਗਈ। ਹੁਣ ਉਹ ਸੂਟ ਪਾ ਕੇ ਆਈ ਸੀ ਤੇ ਕਹਿ ਰਹੀ ਸੀ, ‘ਮਮਾ ਵੀਰ ਕਹਿੰਦਾ ਤੂੰ ਸੂਟ ਪਾਇਆ ਕਰ, ਵੱਡੀ ਹੋ ਗਈ ਐਂ।’
‘ਠੀਕ ਈ ਤਾਂ ਕਹਿੰਦੈ ਤੇਰਾ ਵੀਰ’ ਇਹ ਕਹਿੰਦਿਆਂ ਰਾਜ ਨੇ ਪਰੂ ਨੂੰ ਆਪਣੀਆਂ ਬਾਹਾਂ ਵਿਚ ਭਰ ਲਿਆ। ਨੀਰਾਂ ਤੇ ਜੋਤ ਨੇ ਵੀ ਅਪਣੀਆਂ ਬਾਹਾਂ ਮਾਵਾਂ ਧੀਆਂ ਦੁਆਲੇ ਵੱਲ਼ ਲਈਆਂ। ਜਿਵੇਂ ਉਸ ਬੱਚੀ ਨੂੰ ਦੁਨੀਆ ਦੀ ਮਾੜੀ ਨਜ਼ਰ ਤੋਂ ਲੁਕਾ ਰਹੀਆਂ ਹੋਣ। ਨੀਰਾਂ ਤੇ ਜੋਤ ਦੇ ਕੋਈ ਧੀ ਨਾ ਹੋਣ ਕਾਰਨ ਉਹ ਪਰਵਾਜ਼ ਨੂੰ ਕੁਝ ਜ਼ਿਆਦਾ ਹੀ ਦੁਲਾਰਦੀਆਂ । ਨੀਰਾਂ ਉਹਦੇ ਲਈ ਬਾਜ਼ਾਰੋਂ ਸੋਹਣੀਆਂ ਸੋਹਣੀਆਂ ਡੌਲ ਲੈ ਕੇ ਆਉਂਦੀ । ਜੋਤ ਘਰ ਦੀਆਂ ਨਵੀਆਂ ਪੁਰਾਣੀਆਂ ਲੀਰਾਂ ਦੇ ਪਟੋਲੇ ਬਣਾ ਬਣਾ ਦਿੰਦੀ। ਤਿੰਨਾਂ ਜਣੀਆਂ ਨੇ ਪਰਵਾਜ਼ ਦੇ ਵਿਆਹ ਦੇ ਸੁਪਨੇ ਸੰਜੋਏ। ਤਿੰਨਾਂ ਨੇ ਇੱਕਠਿਆਂ ਕੰਨਿਆ ਦਾਨ ਕਰਨ ਦੀ ਸੁੰਹ ਖਾਧੀ।
ਨੇ੍ਹਰਾ ਉਤਰ ਆਇਆ ਸੀ ਤੇ ਹੇਠਾਂ ਰਾਜ ਦਾ ਪੁੱਤ ਦਮਨ ਰੋਟੀ ਲਈ ਦੁਹਾਈ ਪਾ ਰਿਹਾ ਸੀ। ਕੱਲ੍ਹ ਮਿਲਣ ਦਾ ਕਹਿ ਕੇ ਤਿੰਨੇ ਹੇਠਾਂ ਆ ਗਈਆਂ।
– – –
ਕਈ ਦਿਨ ਲੰਘ ਗਏ। ਰਾਜ ਸਿਰ ’ਚ ਹੁੰਦੀ ਰਹਿੰਦੀ ਤੇਜ਼ ਪੀੜ ਕਰਕੇ ਛੱਤ ’ਤੇ ਨਾ ਆਈ। ਨੀਰਾਂ ਤੇ ਜੋਤ ਆਪੋ ਵਿਚ ਗੱਲਾਂ ਕਰਕੇ ਘਰਾਂ ਨੂੰ ਮੁੜਦੀਆਂ ਰਹੀਆਂ। ਅੱਜ ਤਾਂ ਰਾਜ ਚੱਕਰ ਖਾ ਕੇ ਡਿੱਗ ਹੀ ਪਈ। ਜੋਤ ਤੇ ਨੀਰਾਂ ਦੇ ਜ਼ੋਰ ਪਾਉਣ ’ਤੇ ਚੈਕਅਪ ਕਰਵਾਉਣ ਲਈ ਉਹ ਅਗਲੇ ਹੀ ਦਿਨ ਨੀਰਾਂ ਨਾਲ ਹਸਪਤਾਲ ਚਲੀ ਗਈ। ਨੀਰਾਂ ਨੇ ਉਹਦੀ ਖੁਦ ਪਰਚੀ ਬਣਾ ਦਿੱਤੀ ਤੇ ਦਿਮਾਗੀ ਤਕਲੀਫਾਂ ਦੇ ਮਾਹਿਰ ਡਾ. ਸੂਦ ਕੋਲ ਚੈਕਅਪ ਲਈ ਭੇਜ ਦਿੱਤਾ। ਡਾ. ਸੂਦ ਨੇ ਕੁਝ ਟੈਸਟ ਕਰਵਾਉਣ ਲਈ ਕਿਹਾ। ਰਾਜ ਅਗਲੇ ਦਿਨ ਫੇਰ ਟੈਸਟ ਕਰਵਾਉਣ ਗਈ ਤੇ ਡਾ. ਸੂਦ ਨੇ ਤਿੰਨ ਦਿਨ ਬਾਅਦ ਰਿਪੋਰਟਾਂ ਲੈਣ ਲਈ ਕਿਹਾ। ਜਦੋਂ ਰਾਜ ਰਿਪੋਰਟਾਂ ਲੈਣ ਗਈ ਤਾਂ ਡਾ. ਸੂਦ ਨੇ ਪੁੱਛਿਆ, ‘ਮਿਸਿਜ ਢਿਲੋਂ, ਤੁਸੀਂ ਇੱਕਲੇ ਆਏ ਹੋ? ਤੁਹਾਡੇ ਪਤੀ ਨਾਲ ਨਹੀਂ ਆਏ?’
ਡਾਕਟਰ ਦੀ ਗੱਲ ਸੁਣ ਕੇ ਰਾਜ ਥੋੜਾ੍ਹ ਬੇਚੈਨ ਹੋ ਗਈ। ‘ਡਾਕਟਰ ਸਾਹਿਬ ਉਹ ਬਿਜ਼ੀ ਰਹਿੰਦੇ ਨੇ। ਉਹ ਪਰਿਵਾਰ ਭਲਾਈ ਮਹਿਕਮੇ ਵਿਚ ਸੀਨੀਅਰ ਅਫ਼ਸਰ ਨੇ; ਉਪਰੋਂ ਸਮਾਜ ਸੇਵੀ ਕੰਮਾਂ ਤੋਂ ਵੀ ਇਨ੍ਹਾਂ ਨੂੰ ਵਿਹਲ ਨਹੀਂ ਮਿਲਦੀ। ਅੱਜ ਕੱਲ ਵੀ ਗ਼ਰੀਬ ਲੜਕੀਆਂ ਦੇ ਵਿਆਹ ਲਈ ਫੰਡ ਜੁਟਾਉਣ ਵਿਚ ਰੁਝੇ ਹੋਏ ਹਨ। ਤੁਸੀਂ ਮੈਨੂੰ ਦੱਸੋ? ਐਨੀ ਥਿੰਗ ਰੌਂਗ?’
‘ਇੱਟ ਵਿੱਲ ਵੀ ਬੈਟਰ… ਮਿਸਟਰ ਢਿਲੋਂ ਜੇ ਨਾਲ ਹੁੰਦੇ ਤਾਂ… ਹੋ ਸਕੇ ਤਾਂ ਕੱਲ੍ਹ ਤੁਸੀਂ ਉਨ੍ਹਾਂ ਨੂੰ ਨਾਲ ਲੈ ਆਉਣਾ।’
ਰਾਜ ਮਨ ਵਿਚ ਡਰ ਲੈ ਕੇ ਘਰ ਪਰਤ ਆਈ। ਘਰ ਵੜਦਿਆਂ ਹੀ ਉਹਨੇ ਪਰਵਾਜ਼ ਨੂੰ ਝਿੜਕਿਆ, ‘ਪਰੂ ਮੈਂ ਕਿੰਨੀ ਵਾਰ ਕਿਹੈ, ਜੇ ਘਰ ਇੱਕਲੀ ਹੋਵੇਂ ਤਾਂ ਬੂਹਾ ਢੋਹ ਲਿਆ ਕਰ।’
ਪਰਵਾਜ਼ ਸੌਰੀ ਕਹਿੰਦੀ ਮੰਮੀ ਦੇ ਗਲ ਨੂੰ ਚੁੰਬੜ ਗਈ। ‘ਮਮਾ ਤੁਸੀਂ ਥੱਕੇ ਆਏ ਓਂ ਬੈਠੋ ਮੈਂ ਤੁਹਾਡੇ ਲਈ ਪਾਣੀ ਲਿਆਉਨੀ ਆਂ।’ ਪਾਣੀ ਦਾ ਗਿਲਾਸ ਰਾਜ ਨੂੰ ਫੜਾਉਂਦਿਆਂ ਉਹ ਬੋਲੀ, ‘ਮਮਾ ਤੁਸੀਂ ਐਵੇਂ ਗੁੱਸਾ ਕਰੀ ਜਾਂਦੇ ਓ ਵੀਰ ਹੁਣੇ ਆਇਆ ਸੀ, ਚੁਬਾਰੇ ’ਤੇ ਐ। ਏਸੇ ਲਈ ਮੈਂ ਬੂਹਾ ਨਈਂ ਢੋਹਿਆ। ਵੀਰ ਦੇ ਹੁੰਦਿਆਂ ਮੈਨੂੰ ਕਾਹਦਾ ਡਰ? ਨਾਲੇ ਵੀਰ ਤੋਂ ਸਾਰੇ ਮੁਹੱਲੇ ਵਾਲੇ ਵੀ ਡਰਦੇ ਨੇ। ਨਾਲ ਵਾਲੇ ਆਂਟੀ ਵੀ ਕਹਿ ਰਹੇ ਸੀ ਕਿ ਤੇਰੇ ਵੀਰ ਦੇ ਚੇਹਰੇ ’ਤੇ ਨਿਰਾ ਗੁੱਸਾ ਭਰਿਆ ਰਹਿੰਦੈ। ਤੇਰੇ ਵੱਲ ਤਾਂ ਕੋਈ ਅੱਖ ਚੁੱਕ ਨਹੀਂ ਵੇਖ ਸਕਦਾ।’
‘ਅੱਛਾ! ਅੱਛਾ ਬਹੁਤੀਆਂ ਗੱਲਾਂ ਨਾ ਮਾਰ, ਵੀਰ ਨੂੰ ਰੋਟੀ ਵੀ ਦੇ ਦਿੱਤੀ ਸੀ ਕਿ ਗੁੱਡੀਆਂ ਪਟੋਲੇ ਹੀ ਖੇਡਦੀ ਰਹੀ? ਵੈਸੇ ਤਾਂ ਮੈਨੂੰ ਪਤੈ, ਮੈਂ ਘਰ ਨਾ ਹੋਵਾਂ ਤਾਂ ਤੂੰ ਵੀਰ ਤੇ ਪਾਪਾ ਦਾ ਖਿਆਲ ਰੱਖਦੀ ਐਂ।’ ਕਹਿੰਦਿਆਂ ਰਾਜ ਨੇ ਪਰਵਾਜ਼ ਦਾ ਮੱਥਾ ਚੁੰਮਿਆ ਤੇ ਵਿਹੜੇ ਵਿਚ ਪਏ ਮੰਜੇ ’ਤੇ ਲੇਟ ਗਈ।
ਰਾਜ ਨੂੰ ਆਪਣੇ 24 ਵਰਿ੍ਹਆਂ ਦੇ ਪੁੱਤ ਦਮਨ ਦਾ ਬੜਾ ਹੌਸਲਾ ਸੀ। ਦੋਹਾਂ ਬੱਚਿਆਂ ਵਿਚ ਦੱਸ ਸਾਲ ਦਾ ਫ਼ਰਕ ਸੀ। ਦਮਨ ਦਾ ਕੱਦ ਕਾਠ ਵੀ ਸੁੱਖ ਨਾਲ ਲੰਬਾ ਲੰਝਾ ਸੀ, ਨਿਰਾ ਬਾਪ ’ਤੇ ਗਿਆ ਸੀ। ਬਾਹਰ ਚੌਧਰ ਘੋਟਣ ਦੇ ਗੁਰ ਵੀ ਉਹਨੇ ਅਪਣੇ ਪਿਓ ਤੋਂ ਸਿੱਖੇ ਸੀ। ਉਹਦੇ ਮੁਹੱਲੇ ਵਿਚ ਵੜਦਿਆਂ ਹੀ ਮੁਹੱਲੇ ਦੀਆਂ ਔਰਤਾਂ ਇਕ ਦੂਜੇ ਨੂੰ ਕੂਹਣੀ ਮਾਰ ਕੇ ਕਹਿੰਦੀਆਂ,’ਦੇਖ ਸਰਦਾਰਾਂ ਦਾ ਪੁੱਤ, ਕਿੰਨੀ ਮੜ੍ਹਕ ਐ, ਅਪਣੀ ਭੈਣ ਦਾ ਬਹੁਤ ਖ਼ਿਆਲ ਰੱਖਦੈ। ਬੇਮਤਲਬ ਬਾਹਰ ਨਈਂ ਘੁੰਮਣ ਦਿੰਦਾ ਉਹਨੂੰ।’
ਰਾਜਦੀਪ ਨੇ ਦੇਖਿਆ ਪਰਵਾਜ਼ ਅਪਣੀ ਡੌਲ ਨੂੰ ਸਜਾ ਰਹੀ ਸੀ। ਰਾਜ ਉਹਦੇ ਭਵਿੱਖ ਦੀਆਂ ਮੀਢੀਆਂ ਗੁੰਦਦੀ-ਗੁੰਦਦੀ ਸੌ ਗਈ।
– – –
ਪਰਵਾਜ਼ ਪੜ੍ਹਾਈ ਵਿਚ ਬਹੁਤ ਤੇਜ਼ ਸੀ। ਉਹ ਹਰ ਸਾਲ ਜਮਾਤ ’ਚੋਂ ਮੋਹਰੀ ਰਹਿੰਦੀ। ਉਹ ਪਹਿਲੀ ਜਮਾਤ ਤੋਂ ਹੀ ਕਲਾਸ ਦੀ ਮਨੀਟਰ ਚਲੀ ਆ ਰਹੀ ਸੀ। ਪੜ੍ਹਾਈ ਦੇ ਨਾਲ ਨਾਲ ਹੀ ਪਰਵਾਜ਼ ਖੇਡਾਂ ਤੇ ਕਲਾਤਮਕ ਸਰਗਰਮੀਆਂ ’ਚ ਵੀ ਅਵੱਲ ਰਹਿੰਦੀ। ਇਸੇ ਕਰਕੇ ਉਹ ਮੈਡਮਾਂ ਦੀ ਵੀ ਚਹੇਤੀ ਸੀ।
– – –
ਪਰਵਾਜ਼ ਦੀ ਸਹੇਲੀ ਆਸ਼ਾ ਉਹਨੂੰ ਅਪਣੇ ਘਰ ਰੱਖੇ ਜਗਰਾਤੇ ਦਾ ਸੱਦਾ ਦੇਣ ਆਈ। ਰਾਜ ਨੇ ਆਸ਼ਾ ਨੂੰ ਹਾਂ ਕਹਿ ਕੇ ਭੇਜ ਦਿੱਤਾ ਪਰ ਪਰਵਾਜ਼ ਨੂੰ ਜਾਣ ਤੋਂ ਮਨ੍ਹਾਂ ਕਰ ਦਿੱਤਾ। ‘ਨਾ ਪੁੱਤ, ਧੀਆਂ ਘਰੋਂ ਬਾਹਰ ਨਈਂ ਰਹਿੰਦੀਆਂ। ਧੀਆਂ ਤਾਂ ਬਾਪ ਦੀ ਪੱਗ ਤੇ ਭਾਈਆਂ ਦੀ ਅੱਖ ਦੀ ਸ਼ਰਮ ਹੁੰਦੀਆਂ ਨੇ। ਤੂੰ ਇਸ ਘਰ ਦੀ ਇੱਜਤ ਐਂ। ਮੈਂ ਨਈਂ ਚਾਹੁੰਦੀ ਕੱਲ੍ਹ ਨੂੰ ਕੋਈ ਉੱਨੀ ਇੱਕੀ ਗੱਲ ਹੋਵੇ।’ ਪਰਵਾਜ਼ ਹਾਲੇ ਆਪਣੀ ਮਾਂ ਦੇ ਤਰਲੇ ਪਾ ਹੀ ਰਹੀ ਸੀ ਕਿ ਦਮਨ ਆ ਗਿਆ ਤੇ ਅੱਖਾਂ ਕੱਢਦਿਆਂ ਬੋਲਿਆ, ‘ਜਦ ਤੈਨੂੰ ਇਕ ਵਾਰ ਕਹਿ ਦਿੱਤਾ, ਨਈਂ ਜਾਣਾ ਤਾਂ ਬੱਸ ਨਈਂ ਜਾਣਾ। ਚੁੱਪ ਚਾਪ ਜਾ ਕੇ ਅੰਦਰ ਪੜ੍ਹ।’
ਰਾਜ ਨੂੰ ਕੁੱਝ ਬੇਚੈਨੀ ਹੋ ਰਹੀ ਸੀ। ਹੇਠਾਂ ਉਸ ਦਾ ਦਮ ਘੁੱਟ ਰਿਹਾ ਸੀ। ਹਾਰ ਕੇ ਉਹ ਪਰਵਾਜ਼ ਨੂੰ ਪੜ੍ਹਨ ਦੀ ਹਦਾਇਤ ਕਰ ਕੇ ਛੱਤ ’ਤੇ ਚਲੀ ਗਈ। ਛੱਤ ’ਤੇ ਪਹਿਲੋਂ ਹੀ ਨੀਰਾਂ ਤੇ ਜੋਤ ਬੈਠੀਆਂ ਸਨ। ਇੱਧਰ ਉਧਰ ਦੀਆਂ ਗੱਲਾਂ ਕਰਦਿਆਂ ਨੀਰਾਂ ਨੇ ਪੁੱਛਿਆ, ‘ਰਾਜ ਕੀ ਹੋਇਆ, ਤੂੰ ਬਹੁਤ ਪ੍ਰੇਸ਼ਾਨ ਲੱਗ ਰਹੀ ਐਂ?’
‘ਨਈਂ…ਨਈਂ ਵੈਸੇ ਹੀ ਮਨ ਉਦਾਸ ਸੀ। ਉਹ ਤਾਂ ਪਰੂ ਵੱਲ ਦੇਖ ਕੇ ਕਦੇ ਕਦੇ ਪ੍ਰੇਸ਼ਾਨ ਹੋ ਜਾਂਦੀ ਆਂ। ਧੀ ਨੂੰ ਜਵਾਨ ਹੁੰਦਿਆਂ ਦੇਖ ਮਨ ’ਚ ਸੌ ਤਰ੍ਹਾਂ ਦੇ ਫ਼ਿਕਰ ਸ਼ੁਰੂ ਹੋ ਜਾਂਦੇ ਨੇ। ਮੇਰੀ ਧੀ ਤਾਂ ਹਾਲੇ ਤੱਕ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਐ। ਹੋਰ ਦੋ-ਚਹੁੰ ਸਾਲਾਂ ਨੂੰ ਵਿਆਹ ਜੋਗੀ ਹੋ ਜਉ। ਪਤਾ ਨਈਂ ਕਿਹੋ ਜਿਹਾ ਘਰ ਬਾਰ ਮਿਲੇ?’ ਰਾਜ ਨੇ ਠੰਡਾ ਹੌਕਾ ਭਰਦਿਆਂ ਕਿਹਾ।
‘ਤੂੰ ਹੁਣੇ ਮਨ ’ਤੇ ਏਨਾ ਬੋਝ ਕਿਉਂ ਪਾ ਲਿਐ? ਬਹੁਤ ਟਾਈਮ ਐ ਹਾਲੇ ਉਹਦੇ ਵਿਆਹ ਨੂੰ।’ ਨੀਰਾਂ ਨੇ ਹੌਸਲਾ ਦਿਤਾ ਤੇ ਪੁਛਿਆ, ‘ਤੇਰੀਆਂ ਰਿਪੋਰਟਾਂ ਮਿਲ ਗਈਆਂ? ਮੈਥੋਂ ਉਸ ਪਾਸੇ ਜਾ ਨਈਂ ਹੋਇਆ। ਨਈਂ ਤਾਂ ਮੈਂ ਹੀ ਲੈ ਆਉਣੀਆਂ ਸੀ।’
‘ਨਈਂ, ਹਾਲੇ ਨਈਂ… ਡਾ. ਸਾਹਿਬ ਕਹਿੰਦੇ ਸੀ ਕਿ ਕੱਲ੍ਹ ਅਪਣੇ ਹਸਬੈਂਡ ਨੂੰ ਨਾਲ ਲੈ ਕੇ ਆਉਣਾ’ ਰਾਜ ਜਿਵੇਂ ਖੁਹ ’ਚੋਂ ਬੋਲੀ ਹੋਵੇ।
‘ਸ਼ਾਇਦ ਡਾ. ਸੂਦ ਨੇ ਕੋਈ ਹਦਾਇਤ ਕਰਨੀ ਹੋਵੇ। ਤੂੰ ਤਾਂ ਅਪਣਾ ਖ਼ਿਆਲ ਰੱਖਦੀ ਨਈਂ। ਭਾਈ ਸਾਹਿਬ ਹੀ ਹੁਣ ਤੇਰਾ ਧਿਆਨ ਰੱਖਣਗੇ।’ ਨੀਰਾਂ ਬੋਲੀ।
ਰਾਜ ਨੇ ਕੁਰਸੀ ’ਤੇ ਪਿੱਛੇ ਢੋਅ ਲਾਉਂਦਿਆਂ ਕਿਹਾ, ‘ਨਈਂ… ਨਈਂ ਮੈਂ ਇਸ ਗੱਲ ਕਰਕੇ ਪ੍ਰੇਸ਼ਾਨ ਨਈਂ। ਉਹ ਤਾਂ ਅੱਜ ਪਰੂ ਜ਼ਿੱਦ ਕਰ ਰਹੀ ਸੀ ਕਿ ਮੈਂ ਅਪਣੀ ਸਹੇਲੀ ਦੇ ਘਰ ਜਗਰਾਤੇ ’ਤੇ ਜਾਣੈ। ਮੈਂ ਮਨ੍ਹਾਂ ਕਰ ਦਿੱਤੈ ਤੇ ਮੂੰਹ ਫੁਲਾ ਕੇ ਬੈਠੀ ਐ।’
ਜੋਤ ਨੇ ਵਿਚੋਂ ਟੋਕਦਿਆਂ ਕਿਹਾ, ‘ਕਿਉਂ ਰੋਕਿਆ ਤੂੰ ਉਹਨੂੰ। ਬੱਚੀ ਦਾ ਮਨ ਸੀ, ਜਾਣ ਦਿੰਦੀ।’
‘ਨਈਂ ਮੈਂ ਨਈਂ ਚਾਹੁੰਦੀ ਮੇਰੀ ਬੱਚੀ ਕਿਤੇ ਬਾਹਰ ਜਾਵੇ। ਮੈਂ ਕਦੇ ਕਿਸੇ ’ਤੇ ਭਰੋਸਾ ਨਹੀਂ ਕਰਦੀ।’ ਰਾਜ ਸਖ਼ਤੀ ਨਾਲ ਬੋਲੀ।
ਨੀਰਾਂ ਨੇ ਉਹਦੇ ਮੱਥੇ ’ਤੇ ਉਭਰੀਆਂ ਲਕੀਰਾਂ ਦੇਖਦਿਆਂ ਕਿਹਾ, ‘ਕਿਉਂ ਤੈਨੂੰ ਯਕੀਨ ਨਈਂ ਕਿਸੇ ’ਤੇ ਜਾਂ ਕੋਈ ਹੋਰ ਗੱਲ ਐ?’
‘ਨਈਂ…ਨਈਂ… ਗੱਲ ਤਾਂ ਕੋਈ ਨਈਂ ਪਰ ਮੈਂ ਆਪ ਹੀ ਕਿਸੇ ’ਤੇ ਵਿਸਵਾਸ਼ ਨਹੀਂ ਕਰਦੀ। ਨਾਲੇ ਦਮਨ ਤੇ ਢਿਲੋਂ ਸਾਹਿਬ ਹੀ ਨਈਂ ਚਾਹੁੰਦੇ ਕਿ ਪਰਵਾਜ਼ ਬਾਹਰ ਤੁਰੀ ਫਿਰੀ ਜਾਏ। ਢਿਲੋਂ ਸਾਹਿਬ ਘੱਟ ਬੋਲਦੇ ਨੇ ਪਰ ਅੱਖਾਂ ਅੱਖਾਂ ਵਿਚ ਹੀ ਅਪਣੀ ਪਸੰਦ ਨਾ ਪਸੰਦ ਦੱਸ ਦਿੰਦੇ ਨੇ। ਏਧਰ ਓਧਰ ਦੀਆਂ ਖ਼ਬਰਾਂ ਪੜ੍ਹ ਸੁਣ ਕੇ ਧੁੜਕੂ ਜੇਹਾ ਲੱਗਿਆ ਰਹਿੰਦੈ। ਮੈਨੁੰ ਮਖੋਟਿਆਂ ਵਾਲੇ ਚਿਹਰਿਆਂ ਤੋਂ ਬਹੁਤ ਡਰ ਲਗਦੈ।’ ਰਾਜ ਆਪਣਾ ਡਰ ਜਾਹਰ ਕਰ ਰਹੀ ਸੀ।
ਨੀਰਾਂ ਨੇ ਉਹਦੇ ਮੌਢੇ ’ਤੇ ਹੱਥ ਰੱਖਦਿਆਂ ਕਿਹਾ, ‘ਲੱਗਦੈ ਤੂੰ ਵੀ ਕਿਸੇ ਹਾਦਸੇ ਦਾ ਸ਼ਿਕਾਰ ਹੋ ਚੁੱਕੀ ਏਂ?
ਇਹ ਸੁਣਦਿਆਂ ਹੀ ਰਾਜ ਦੀਆਂ ਅੱਖਾਂ ’ਚ ਹੰਝੂ ਆ ਗਏ। ਚੁੰਨੀ ਦੇ ਲੜ ਨਾਲ ਹੰਝੂ ਪੂੰਝਦਿਆਂ ਬੋਲੀ, ‘ਹਾਦਸਾ… ਹਾਂ ਬਹੁਤ ਭਿਆਨਕ ਸੀ ਉਹ ਹਾਦਸਾ। ਅੱਜ ਵੀ ਜਦੋਂ ਯਾਦ ਆਉਂਦੈ, ਲੂ ਕੰਡੇ ਖੜੇ ਹੋ ਜਾਂਦੇ ਨੇ।’
ਜੋਤ ਨੇ ਹੌਸਲਾ ਦਿੰਦਿਆਂ ਪੁੱਛਿਆ, ‘ਬੱਸ ਚੁੱਪ ਕਰ ਤੇ ਦੱਸ ਕੀ ਹੋਇਆ ਸੀ? ਇਹ ਛੱਤਾਂ ਬਹੁਤ ਮਜਬੂਤ ਨੇ ਅਪਣੇ ਦੁੱਖ ਸੁਣ ਸਕਦੀਆਂ ਨੇ।’
ਰਾਜ ਨੇ ਹੰਝੂਆਂ ’ਤੇ ਕਾਬੂ ਪਾਉਂਦਿਆਂ ਕਿਹਾ, ‘ਮੈਂ ਉਦੋਂ ਸਾਰੀ 16 ਕੁ ਵਰਿ੍ਹਆਂ ਦੀ ਸਾਂ। ਮੇਰਾ ਮਾਮਾ ਕਾਨਪੁਰ ਤੋਂ ਆ ਕੇ ਸਾਡੇ ਸ਼ਹਿਰ ਕੁਝ ਦੂਰੀ ’ਤੇ ਰਹਿਣ ਲੱਗ ਪਿਆ ਸੀ। ਮੇਰੀ ਮਾਂ ਦਾ ਇਕੋ ਇਕ ਭਰਾ। ਬਹੁਤ ਪਿਆਰ ਕਰਦੀ ਸੀ ਮੇਰੀ ਮਾਂ ਉਹਨੂੰ। ਮਾਮੀ ਦੀ ਪ੍ਰੈਗਨੈਂਸੀ ਕਾਰਨ ਘਰ ਦੇ ਛੋਟੇ ਮੋਟੇ ਕੰਮਾਂ ਲਈ ਉਹ ਮੈਨੂੰ ਅਪਣੇ ਨਾਲ ਘਰ ਲੈ ਜਾਂਦਾ ਤੇ ਅਕਸਰ ਮੱਲੋ ਮੱਲੀ ਮੈਨੂੰ ਅਪਣੀਆਂ ਬਾਹਾਂ ’ਚ ਭਰਦਾ ਰਹਿੰਦਾ। ਜਦੋਂ ਮਾਮੀ ਦੀ ਡਲੀਵਰੀ ਦਾ ਟਾਈਮ ਆਇਆ ਤਾਂ ਮੇਰੇ ਨਾਂਹ ਕਹਿਣ ਦੇ ਬਾਵਜੂਦ ਮੈਨੂੰ ਕੁਝ ਦਿਨਾਂ ਲਈ ਉਥੇ ਭੇਜ ਦਿੱਤਾ ਗਿਆ। ਪਹਿਲੇ ਦਿਨ ਈ ਸੌਣ ਵੇਲੇ ਮੈਂ ਚੁਬਾਰੇ ’ਤੇ ਜਾ ਲੇਟੀ ਤਾਂ ਮਾਮਾ ਚਾਹ ਪੀਣ ਦੇ ਬਹਾਨੇ ਆ ਗਿਆ। ਮੈਂ ਚਾਹ ਬਣਾ ਕੇ ਲਿਆ ਦਿੱਤੀ। ਮਾਮਾ ਚਾਹ ਪੀਤਿਆਂ ਬਿਨਾਂ ਹੀ ਮੇਰੇ ਕੋਲ ਮੰਜੇ ’ਤੇ ਬਹਿ ਗਿਆ। ਹੌਲੀ ਹੌਲੀ ਉਹਨੇ ਮੇਰਾ ਹੱਥ ਫੜਿਆ ਫੇਰ ਮੇਰੀਆਂ ਲੱਤਾਂ ’ਤੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ। ਮੈਂ ਸਹਿਮੀ ਸਹਿਮੀ ਖੂੰਜੇ ’ਚ ਇੱਕਠੀ ਹੋਈ ਜਾਵਾਂ। ਅਖ਼ੀਰ ਅਪਣੇ ਆਪ ਨੂੰ ਉਹਦੀ ਗਰਿਫ਼ਤ ’ਚੋਂ ਬਾਹਰ ਕਰਦਿਆਂ ਮੈਂ ਝਟਕੇ ਨਾਲ ਖੜੀ ਹੋ ਗਈ। ਹੇਠਾਂ ਥੋੜ੍ਹਾ ਜਿਹਾ ਖੜਾਕ ਹੋਇਆ ਤੇ ਉਹ ਉਸੇ ਵੇਲੇ ਹੇਠਾਂ ਉਤਰ ਗਿਆ। ਮੈਂ ਸਾਰੀ ਰਾਤ ਡਰੀ ਸਹਿਮੀ ਸੌਂ ਨਾ ਸਕੀ। ਅਗਲੇ ਦਿਨ ਮੈਂ ਉਹਦੇ ਕੋਲੋਂ ਬਚਦੀ ਬਚਾਉਂਦੀ ਫਿਰਦੀ ਰਹੀ। ਕਿਸੇ ਨੂੰ ਉਹਦੀਆਂ ਹਰਕਤਾਂ ਦੱਸਣ ਦੀ ਹਿੰਮਤ ਨਈਂ ਪਈ। ਅਗਲੀ ਰਾਤ ਮੈਂ ਛੇਤੀ ਛੇਤੀ ਕੰਮ ਮੁਕਾ ਕੇ ਚੁਬਾਰੇ ’ਤੇ ਚੜ੍ਹ ਕੇ ਬੱਤੀ ਬੰਦ ਕਰਕੇ ਸੌਂਣ ਦਾ ਡਰਾਮਾ ਕੀਤਾ ਕਿ ਕਿਤੇ ਮੇਰੀ ਬੱਤੀ ਜਗਦੀ ਦੇਖ ਉਹ ਉਪਰ ਨਾ ਆ ਜਾਵੇ। ਅੱਧੀ ਕੁ ਰਾਤ ਨੂੰ ਮੈਨੂੰ ਕੁਝ ਖੜਾਕ ਸੁਣਾਈ ਦਿੱਤਾ, ਮੈਂ ਸਾਹ ਘੁੱਟ ਲਿਆ ਤੇ ਚਾਦਰ ਮੂੰਹ ਸਿਰ ’ਤੇ ਚੰਗੀ ਤਰ੍ਹਾਂ ਲਪੇਟ ਲਈ। ਮਾਮਾ ਹੌਲੀ ਜਿਹੀ ਨਾਲ ਆ ਕੇ ਪੈ ਗਿਆ। ਨਾਲ ਪੈਂਦਿਆਂ ਈ ਉਹਨੇ ਮੈਨੂੰ ਬੁਰੀ ਤਰ੍ਹਾਂ ਬਾਹਾਂ ’ਚ ਜਕੜ ਲਿਆ। ਗੰਦੇ ਤਰੀਕੇ ਨਾਲ ਮੇਰਾ ਮੂੰਹ ਚੁੰਮਣਾ ਸ਼ੁਰੂ ਕਰ ਦਿੱਤਾ ਮੈਂ ਜ਼ੋਰ ਦੀ ਧੱਕਾ ਮਾਰਿਆ। ਪਰ ਉਹਦੇ ਅੱਗੇ ਮੇਰਾ ਜ਼ੋਰ ਥੋੜ੍ਹਾ ਸੀ। ਉਹਨੇ ਮੇਰੇ ਬੁੱਲਾਂ ’ਤੇ ਜ਼ੋਰ ਨਾਲ ਦੰਦੀ ਵੱਡੀ ਤੇ ਮੇਰੀ ਛਾਤੀ ਘੁੱਟਣੀ ਸ਼ੁਰੂ ਕਰ ਦਿੱਤੀ। ਮੈਂ ਪੂਰਾ ਵਾਹ ਲਾ ਕੇ ਉਹਤੋਂ ਅਪਣੇ ਆਪ ਨੂੰ ਛੁਡਾ ਲਿਆ। ਰੌਲਾ ਪੈਣ ਦੇ ਡਰੋਂ ਉਹ ਉਸ ਰਾਤ ਚਲਾ ਗਿਆ। ਮੈਂ ਸਾਰੀ ਰਾਤ ਸਿਰਹਾਣੇ ’ਚ ਮੂੰਹ ਦੇ ਕੇ ਰੌਂਦੀ ਰਹੀ। ਅਗਲੇ ਦਿਨ ਸ਼ੀਸੇ ’ਚ ਮੂੰਹ ਦੇਖ ਕੇ ਰਗੜ ਰਗੜ ਕੇ ਅਪਣੇ ਬੁੱਲ ਧੋਂਦੀ ਰਹੀ। ਅਪਣੇ ਆਪ ’ਤੇ ਬਹੁਤ ਕਚਿਆਣ ਆ ਰਹੀ ਸੀ ਮੈਨੂੰ। ਉਧਰੋਂ ਮਾਂ ਹੋਰੀਂ ਵੀ ਘਰ ਨਈਂ ਸੀ। ਉਹ ਰਿਸ਼ਤੇਦਾਰੀ ’ਚ ਕੋਈ ਵਿਆਹ ਹੋਣ ਕਾਰਨ ਚਲੇ ਗਏ ਸੀ। ਸਾਰਾ ਟੱਬਰ ਆਪ ਤਾਂ ਚਲਾ ਗਿਆ ਪਰ ਮੇਰੀ ਮਾਂ ਚਾਹੁੰਦੀ ਸੀ ਮੈਂ ਉਹਦੀ ਭਰਜਾਈ ਦਾ ਖਿਆਲ ਰੱਖਾਂ। ਰਾਤ ਹੁੰਦਿਆਂ ਈ ਮੇਰੇ ਹੌਲ ਪੈਣੇ ਸ਼ੁਰੂ ਹੋ ਜਾਂਦੇ। ਡਰਦੀ ਮੈਂ ਉਪਰ ਸੌਣ ਨਾ ਜਾਵਾਂ। ਜਿਸ ਕਮਰੇ ਵਿਚ ਪੈਂਦੀ ਸੀ ਉਹਦਾ ਕੁੰਡਾ ਵੀ ਨਈਂ ਸੀ ਲੱਗਦਾ। ਮਾਮੀ ਦੇ ਕਹਿਣ ’ਤੇ ਮੈਂ ਕੰਮ ਨਬੇੜ ਕੇ ਸੌਣ ਚਲੀ ਜਾਂਦੀ। ਹਾਲੇ ਮੈਂ ਅੱਖਾਂ ਟੱਡੀ ਨੇਰ੍ਹੇ ਵਿਚ ਹੀ ਛੱਤ ਵੱਲ ਬਿਟਰ ਬਿਟਰ ਤੱਕ ਰਹੀ ਹੁੰਦੀ ਕਿ ਮੈਨੂੰ ਪੈਰਾਂ ਦੀ ਖੜਾਕ ਸੁਣਾਈ ਦੇਣੀ। ਮੇਰੇ ਦਿਲ ਨੂੰ ਡੋਬੂ ਪੈਣ ਲਗਣੇ । ਚੁੰਮਣਾ, ਚੱਟਣਾ, ਛਾਤੀਆਂ ਘੁੱਟਣੀਆਂ….ਬੱਸ ਇਹੀ ਸੀ ਮੇਰੇ ਮਾਮੇ ਦਾ ਰੂਪ। ਹੌਲੀ ਹੌਲੀ ਮੈਨੂੰ ਰੋਜ਼ ਉਹਦੀਆਂ ਹਰਕਤਾਂ ਝੱਲਣ ਦੀ ਆਦਤ ਪੈ ਗਈ। ਕੁੱਝ ਦਿਨਾਂ ਬਾਅਦ ਮੈਂ ਘਰ ਆ ਗਈ ਤੇ ਡਰਦੀ ਨੇ ਮਾਂ ਨੂੰ ਕੁੱਝ ਨਾ ਦੱਸਿਆ। ਸੋਚਿਆ ਮਾਂ ਦਿਲ ਦੀ ਮਰੀਜ਼ ਐ। ਬੱਸ ਅਪਣੀ ਸੰਘੀ ਉਥੇ ਈ ਘੁੱਟ ਲਈ। ਜਦੋਂ ਵੀ ਮਾਮਾ ਘਰ ਆਉਂਦਾ, ਇਕਲੀ ਨੂੰ ਦੇਖ ਅਪਣੀਆਂ ਹਰਕਤਾਂ ’ਤੇ ਉਤਰ ਆਉਂਦਾ।’
ਰਾਜ ਦੀ ਗੱਲ ਖ਼ਤਮ ਹੁੰਦਿਆਂ ਈ ਛੱਤ ’ਤੇ ਸਨਾਟਾ ਪਸਰ ਗਿਆ। ਛੱਤ ਦਾ ਢਿੱਡ ਏਨਾ ਵੱਡਾ ਸੀ ਕਿ ਸਭ ਦੁੱਖ ਜ਼ਰ ਗਈ।
ਏਨੇ ਨੂੰ ਛਪ ਛਪ ਕਰਦੀ ਪਰਵਾਜ਼ ਆ ਗਈ।
‘ਮਮਾ ਆ ਜਾਓ ਹੁਣ।’ ਸਵੇਰੇ ਮੇਰਾ ਰਿਜ਼ਲਟ ਆਉਣਾ ਐ ਤੇ ਮੈਂ ਮੈਡਮ ਲਈ ਕੋਈ ਤੋਹਫ਼ਾ ਵੀ ਬਣਾਉਣੈ। ਮੈਨੂੰ ਪਤਾ ਕਲਾਸ ’ਚ ਤਾਂ ਮੈਂ ਈ ਫਸਟ ਆਉਣੈ’ ਪਰਵਾਜ਼ ਇਕੋ ਸਾਹੇ ਬੋਲੀ ਜਾ ਰਹੀ ਸੀ ਤੇ ਰਾਜ ਨੇ ਅਪਣੀਆਂ ਅੱਖਾਂ ਪੂੰਝਦਿਆਂ ਅਪਣੀ ਧੀ ਨੂੰ ਘੁੱਟ ਗਲਵੱਕੜੀ ’ਚ ਲੈ ਲਿਆ।
‘ਰੱਬ ਕਰੇ ਪੁੱਤ ਤੂੰ ਹਮੇਸ਼ਾ ਮੋਹਰੀ ਰਹੇਂ। ਤੈਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ।’ ਨੀਰਾਂ ਤੇ ਜੋਤ ਨੇ ਵੀ ਪਰਵਾਜ਼ ਦੇ ਸਿਰ ’ਤੇ ਹੱਥ ਧਰਿਆ ਤੇ ਆਪੋ ਅਪਣੇ ਘਰਾਂ ਨੂੰ ਤੁਰ ਪਈਆਂ।
– – –
ਰਾਤ ਸੌਣ ਵੇਲੇ ਰਾਜ ਨੇ ਢਿਲੋਂ ਸਾਹਿਬ ਨੂੰ ਡਾਕਟਰ ਦੀ ਹਦਾਇਤ ਬਾਰੇ ਦਸਿਆ ਕਿ ਸਵੇਰੇ ਥੋਨੂੰ ਵੀ ਮੇਰੇ ਨਾਲ ਸੱਦਿਐ। ਨਾਲ ਹੀ ਡਰਦੀ ਨੇ ਕਿਹਾ, ‘ਮੈਨੂੰ ਪਤੈ ਤੁਸੀਂ ਬਹੁਤ ਬਿਜ਼ੀ ਓਂ, ਜੇ ਡਾ. ਸਾਹਿਬ ਨਾ ਕਹਿੰਦੇ ਤਾਂ ਸ਼ਾਇਦ ਮੈਂ ਤੁਹਾਨੂੰ ਨਾ….’
‘ਨਈਂ…ਨਈਂ…ਕੋਈ ਗੱਲ ਨੀ, ਮੈਂ ਸਵੇਰ ਤੇਰੇ ਨਾਲ ਚੱਲਾਂਗਾ’ ਕਹਿੰਦਿਆਂ ਢਿਲੋਂ ਨੇ ਰਾਜ ਨੂੰ ਬਾਹਾਂ ’ਚ ਘੇਰ ਲਿਆ। ਇਹ ਇਕੋ ਸਮਾਂ ਸੀ ਜਦੋਂ ਉਹ ਆਪਣੇ ਪਤੀ ਨੂੰ ਮਹਿਸੂਸ ਕਰਦੀ ਸੀ।
– – –
ਸਵੇਰੇ ਦੋਵੇਂ ਜੀਅ ਉੱਠ ਕੇ ਹਸਪਤਾਲ ਜਾਣ ਦੀ ਤਿਆਰੀ ਕਰਨ ਲੱਗੇ। ਪਰਵਾਜ਼ ਵੀ ਚਾਈਂ ਚਾਈਂ ਤਿਆਰ ਹੋ ਰਹੀ ਸੀ। ਉਹਦਾ ਵੀ ਅੱਜ ਰਿਜ਼ਲਟ ਆਉਣਾ ਸੀ।
– – –
ਮਿਸਟਰ ਤੇ ਮਿਸਜ ਢਿਲੋਂ ਡਾਕਟਰ ਕੋਲ ਉਨ੍ਹਾਂ ਦੇ ਸਾਹਮਣੇ ਪਈਆਂ ਕੁਰਸੀਆਂ ’ਤੇ ਬਹਿ ਗਏ। ਡਾ. ਸੂਦ ਨੇ ਗੰਭੀਰ ਹੁੰਦਿਆਂ ਰਾਜ ਦੀਆਂ ਰਿਪੋਰਟਾਂ ਮਿਸਟਰ ਢਿਲੋਂ ਨੂੰ ਦਿਖਾਈਆਂ ਤੇ ਸਹਿਜੇ ਸਹਿਜੇ ਉਨ੍ਹਾਂ ਨੂੰ ਦਸਿਆ ਕਿ ਰਾਜ ਨੂੰ ਬਰੇਨ ਟਿਊਮਰ ਐ। ਅਪਣੀ ਬਿਮਾਰੀ ਦਾ ਨਾਂ ਸੁਣਦਿਆਂ ਹੀ ਰਾਜ ਦੇ ਸਿਰ ’ਚ ਜਿਵੇਂ ਜ਼ੋਰ ਨਾਲ ਹਥੌੜਾ ਵੱਜਿਆ। ਉਹਨੂੰ ਅਚਾਨਕ ਅਪਣੇ ਸਾਹ ਰੁਕਦੇ ਲੱਗੇ ਤੇ ਉਹਦੀਆਂ ਅੱਖਾਂ ਸਾਹਵੇਂ ਇਕਦਮ ਪਰੂ ਦਾ ਚਿਹਰਾ ਆ ਗਿਆ। ਮਿਸਟਰ ਢਿਲੋਂ ਨੇ ਰਾਜ ਨੂੰ ਸੰਭਾਲਿਆ ਤੇ ਘਰ ਲੈ ਆਂਦਾ ।
– – –
ਦੁਪਹਿਰ ਵੇਲੇ ਪਰਵਾਜ਼ ਭੱਜਦੀ ਭੱਜਦੀ ਰਾਜ ਦੀ ਛਾਤੀ ਨਾਲ ਆ ਚੁੰਬੜੀ, ‘ਮਮਾ ਮੈਂ ਫਸਟ ਆਈਂ ਆਂ ਫਸਟ, ਹੁਣ ਤਾਂ ਤੁਸੀਂ ਮੇਰੀ ਪਸੰਦ ਦੀ ਡੌਲ ਲੈ ਕੇ ਦਿਓਗੇ। ਇਕ ਨਵੀਂ ਬਾਰਬੀ ਡੌਲ ਆਈ ਐ।’ਰਾਜ ਨੇ ਧੀ ਨੂੰ ਬਾਹਾਂ ’ਚ ਘੁੱਟ ਲਿਆ ਤੇ ਨਵੀਂ ਬਾਰਬੀ ਡੌਲ ਲੈ ਕੇ ਦੇਣ ਦਾ ਵਾਅਦਾ ਕੀਤਾ। ਪਰਵਾਜ਼ ਬਿਨਾਂ ਵਰਦੀ ਉਤਾਰਿਆਂ ਖੇਡਣ ਵਿਚ ਮਸ਼ਰੂਫ਼ ਹੋ ਗਈ।
ਨੀਰਾਂ ਨੂੰ ਹਸਪਤਾਲ ਤੋਂ ਹੀ ਰਾਜ ਦੀ ਬਿਮਾਰੀ ਦਾ ਪਤਾ ਲੱਗ ਗਿਆ ਤੇ ਉਹ ਅੱਧੀ ਛੁੱਟੀ ਕਰਕੇ ਹੀ ਘਰ ਆ ਗਈ। ਜੋਤ ਨੂੰ ਨਾਲ ਲੈ ਉਹ ਰਾਜ ਨੂੰ ਮਿਲਣ ਆ ਗਈਆਂ। ਦੋਹਾਂ ਨੂੰ ਦੇਖਦਿਆਂ ਰਾਜ ਖੜੀ ਹੋ ਗਈ ਤੇ ਤਿੰਨੋ ਬਿਨਾਂ ਕੁੱਝ ਬੋਲਿਆਂ ਇਕ ਦੂਜੇ ਦੇ ਗਲ ਲੱਗ ਰੋ ਪਈਆਂ। ਥੋੜ੍ਹੀ ਦੇਰ ਬਾਅਦ ਉਹ ਵਿਹੜੇ ਵਿਚ ਪਈਆਂ ਕੁਰਸੀਆਂ ’ਤੇ ਬੈਠੀਆਂ ਸਨ, ਬਿਲਕੁਲ ਸ਼ਾਂਤ ਜਿਵੇਂ ਕਿਸੇ ਆਉਣ ਵਾਲੇ ਤੂਫ਼ਾਨ ਦੀ ਖ਼ਾਮੋਸ਼ੀ ਹੋਵੇ।
ਏਨੇ ਨੂੰ ਪਰਵਾਜ਼ ਅੰਦਰੋਂ ਭੱਜੀ ਭੱਜੀ ਆਈ ਤੇ ਅਪਣਾ ਰਿਪੋਰਟ ਕਾਰਡ ਦਿਖਾਉਣ ਲੱਗੀ। ਵਿਹੜੇ ਵਿਚ ਪਸਰਿਆ ਸਨਾਟਾ ਟੁੱਟ ਗਿਆ। ਤਿੰਨਾਂ ਨੇ ਫਟਾ ਫਟ ਅਪਣੇ ਆਪ ਨੂੰ ਸੰਭਾਲ ਲਿਆ।
ਕੁਝ ਚਿਰ ਬਾਅਦ ਰਾਜ ਨੇ ਚੁੱਪ ਤੋੜੀ…’ਮੈਂ ਜਦੋਂ ਦੋਵੇਂ ਵਾਰੀ ਮਾਂ ਬਨਣ ਵਾਲੀ ਸੀ ਤਾਂ ਸੋਚਦੀ ਸਾਂ ਕਿ ਮੇਰੇ ਕੋਈ ਧੀ ਨਾ ਹੋਵੇ ਕਿਉਂਕਿ ਕੁੜੀ ਹੋ ਕੇ ਜੋ ਦੁੱਖ ਮੈਂ ਹੰਢਾਇਆ, ਮੈਂ ਨਹੀਂ ਚਾਹੁੰਦੀ ਸੀ ਮੇਰੀ ਧੀ ਵੀ ਉਹ ਸਹੇ। ਪਰ ਜਦੋਂ ਪਰੂ ਨੇ ਜਨਮ ਲਿਆ ਤੇ ਮੈਂ ਇਹਦੀਆਂ ਚਮਕਦਾਰ ਗੋਲ ਮੋਲ ਅੱਖਾਂ ਦੇਖ ਕੇ ਪਿਘਲ ਗਈ। ਉਹਦੇ ਹੱਥਾਂ ਪੈਰਾਂ ਦੀਆਂ ਨਰਮ ਨਰਮ ਉਂਗਲਾਂ ਨੂੰ ਛੁਹੰਦੀਂ ਤੇ ਸੋਚਦੀ ਕਿ ਮੈਂ ਅਪਣੀ ਧੀ ਵੱਲ ਤੱਤੀ ਵਾਹ ਨਈਂ ਪੈਣ ਦੇਣੀ। ਜਿਉਂ ਜਿਉਂ ਇਹਦੇ ਛੋਟੇ ਛੋਟੇ ਕਦਮ ਵਿਹੜੇ ਵਿਚ ਭੱਜਣ ਲੱਗੇ, ਮੈਂ ਵੀ ਇਹਦੇ ਕਦਮਾਂ ਨੂੰ ਫੜਦੀ ਫੜਦੀ ਭੁੱਲ ਗਈ ਕਿ ਮੈਂ ਇਹਨੂੰ ਚਾਹਿਆ ਨਈਂ ਸੀ। ਮੇਰੀ ਧੀ ਮੇਰੇ ਜਿਗਰ ਦਾ ਟੁੱਕੜਾ ਬਣ ਗਈ। ਮੈਂ ਕਦੇ ਇਹਦੇ ’ਤੇ ਬੁਰੀਆਂ ਨਜ਼ਰਾਂ ਦਾ ਪ੍ਰਛਾਵਾਂ ਨਈਂ ਪੈਣ ਦਿੱਤਾ। ਹੁਣ ਤੱਕ ਤਾਂ ਮੈਂ ਇਹਦਾ ਖ਼ਿਆਲ ਰੱਖਦੀ ਆਈ ਆਂ ਪਰ ਕੱਲ੍ਹ ਨੂੰ ਕੀ ਹੋਏਗਾ?’
ਨੀਰਾਂ ਤੇ ਜੋਤ ਨੇ ਉਹਦੀ ਤਕਲੀਫ਼ ਨੂੰ ਮਹਿਸੂਸ ਕਰਦਿਆਂ ਕਿਹਾ, ‘ਕੁਝ ਨਈਂ ਹੋਇਐ ਤੈਨੂੰ, ਨਾਲੇ ਅਸੀਂ ਇਹਦੀਆਂ ਕੁੱਝ ਨਈਂ ਲੱਗਦੀਆਂ? ਤੂੰ ਇੰਜ ਕਿਉਂ ਸੋਚਦੀ ਐਂ। ਵੀਰ ਜੀ ਏਨੇ ਚੰਗੇ ਨੇ ਤੇ ਤੇਰੇ ਦਮਨ ਦੇ ਹੁੰਦਿਆਂ ਤੈਨੂੰ ਪਰਵਾਜ਼ ਦੀ ਕੀ ਚਿੰਤਾ?’
‘ਹਾਂ, ਗੱਲ ਤਾਂ ਠੀਕ ਐ।’ ਰਾਜ ਨੇ ਠੰਡਾ ਹੋਕਾ ਲੈਂਦਿਆਂ ਕਿਹਾ। ਮਿਸਟਰ ਢਿਲੋਂ ਤੇ ਦਮਨ ਦਾ ਈ ਤਾਂ ਮੈਨੂੰ ਹੌਸਲਾ ਐ। ਫੇਰ ਤੁਸੀਂ ਵੀ ਤਾਂ ਹੋ। ਮੇਰੀ ਧੀ ਤਾਂ ਨਿਰੀ ਭੋਲੀ ਐ। ਬਚਪਨਾ ਤਾਂ ਹਾਲੇ ਤੱਕ ਕਰਦੀ ਐ। ਛੋਟੀ ਛੋਟੀ ਗੱਲ ’ਤੇ ਜ਼ਿੱਦ। ਨਿੱਕੀ ਜਿਹੀ ਗੱਲ ’ਤੇ ਮੇਰੇ ਨਾਲ ਅੜੀਆਂ। ਨਿੱਕੀ ਜਿਹੀ ਬਾਲੜੀ ਨੂੰ ਵੀ ਅਪਣੇ ਬਾਪ ਤੇ ਭਰਾ ਦੀ ਇੱਜ਼ਤ ਦਾ ਖ਼ਿਆਲ ਐ। ਉਨ੍ਹਾਂ ਦੀ ਅੱਖ ਦੀ ਸ਼ਰਮ ਐ।’
ਗੱਲਾਂ ਕਰਦੇ ਕਰਦੇ ਕਦੋਂ ਸ਼ਾਮ ਹੋ ਗਈ ਪਤਾ ਈ ਨਾ ਚੱਲਿਆ। ਕੋਲ ਖੇਡਦੀ ਖੇਡਦੀ ਪਰਵਾਜ਼ ਵੀ ਕਦੋਂ ਦੀ ਸੌਂ ਗਈ ਸੀ। ਜਦੋਂ ਨੀਰਾਂ ਤੇ ਜੋਤ ਉੱਠਣ ਲੱਗੀਆਂ ਤਾਂ ਰਾਜ ਨੇ ਦੋਹਾਂ ਦਾ ਹੱਥ ਫੜ ਕੇ ਪਰੂ ਦਾ ਖ਼ਿਆਲ ਰੱਖਣ ਦਾ ਵਾਅਦਾ ਲਿਆ ਤੇ ਨਾਲ ਹੀ ਕਿਹਾ, ‘ਕੱਲ੍ਹ ਨੂੰ ਮੈਂ ਨਾ ਹੋਵਾਂ ਤਾਂ ਇਹਦਾ ਬੂਹਾ ਮਰਵਾ ਦਿਆ ਕਰਨਾ। ਬਹੁਤ ਲਾਪਰਵਾਹ ਐ ਮੇਰੀ ਬੱਚੀ।’
ਭਿੱਜੀਆਂ ਅੱਖਾਂ ਨਾਲ ਮੂਕ ਵਾਅਦਾ ਕਰਕੇ ਉਹ ਉੱਠ ਖੜੀਆਂ ਹੋਈਆਂ। ਉਨ੍ਹਾਂ ਦੇ ਜਾਣ ਮਗਰੋਂ ਰਾਜ ਕਿੰਨੀ ਦੇਰ ਧੀ ਨੂੰ ਨਿਹਾਰਦੀ ਰਹੀ। ਪਰੂ ਦੇ ਉਠਦਿਆਂ ਹੀ ਰਾਜ ਨੇ ਉਹਨੂੰ ਦੁੱਧ ਬਣਾ ਕੇ ਦਿੱਤਾ ਤਾਂ ਉਹ ਫੇਰ ਚਾਰਜ ਹੋ ਗਈ। ਉੱਠ ਕੇ ਹੁਣੇ ਹੁਣੇ ਨਵੇਂ ਆਏ ਗੀਤ ‘ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ’ ਦੇ ਬੋਲਾਂ ’ਤੇ ਹੌਲੀ ਹੌਲੀ ਥਿਰਕਣ ਲੱਗੀ। ਸਕੂਲ ਦੇ ਸਾਲਾਨਾ ਫੰਕਸ਼ਨ ਲਈ ਮੈਡਮ ਨੇ ਉਹਨੂੰ ਕੋਰੀਓਗਰਾਫ਼ੀ ਤਿਆਰ ਕਰਨ ਲਈ ਕਿਹਾ ਸੀ ਤੇ ਪਤਾ ਨਈਂ ਕਿਉਂ ਉਹਨੇ ਇਹੀ ਗੀਤ ਚੁਣਿਆ ਸੀ।
ਰਾਜ ਉਹ ਦਿਨ ਯਾਦ ਕਰ ਰਹੀ ਸੀ ਜਦੋਂ ਉਹਦੀ ਧੀ ਅੰਤਾਂ ਦੀ ਪੀੜ ਮਗਰੋਂ ਇਸ ਦੁਨੀਆ ਵਿਚ ਆਈ ਸੀ ਤੇ ਆੳਂੁਦਿਆਂ ਹੀ ਅਪਣੀਆਂ ਖੂਬਸੂਰਤ ਮੋਟੀਆਂ ਮੋਟੀਆਂ ਅੱਖਾਂ ਨਾਲ ਹਲਕੀ ਜਿਹੀ ਮੁਸਕਰਾਹਟ ਅਪਣੇ ਪਾਪਾ ਵੱਲ ਬਖੇਰੀ ਸੀ। ਅੱਜ ਜਵਾਨ ਹੋ ਰਹੀ ਮਾਸੂਮ ਬਾਲੜੀ ਨੂੰ ਤੱਕਦੀ ਹੋਈ ਰਾਜ ਝੂਰ ਰਹੀ ਸੀ ਕਿ ਇਹਦੇ ਹੱਥ ਪੀਲੇ ਕਰਨ ਦਾ ਉਹਨੂੰ ਮੌਕਾ ਨਈਂ ਮਿਲਣਾ।’
ਰਾਜ ਦੀ ਅਚਾਨਕ ਸੂਰਤੀ ਟੁੱਟ ਗਈ ਜਦੋਂ ਦਮਨ ਨੇ ਆਉਂਦਿਆਂ ਹੀ ਟੇਪ ਰਿਕਾਰਡਰ ਦਾ ਬਟਨ ਬੰਦ ਕਰ ਦਿੱਤਾ ਤੇ ਪਰਵਾਜ਼ ਮੂੰਹ ਫੁਲਾ ਕੇ ਮਾਂ ਦੀ ਛਾਤੀ ਨਾਲ ਲੱਗ ਗਈ।
– – –
ਕੁੱਝ ਦਿਨਾਂ ਬਾਅਦ ਹੀ ਬਰੇਨ ਟਿਊਮਰ ਨੇ ਰਾਜ ਨੂੰ ਸਦਾ ਲਈ ਵਿਦਾ ਕਰ ਦਿੱਤਾ ।
– – –
ਰਾਜ ਦੀ ਗ਼ੈਰਹਾਜ਼ਰੀ ਨੇ ਅਚਾਨਕ ਸਭ ਕੁੱਝ ਬਦਲ ਦਿੱਤਾ। ਪਰਵਾਜ਼ ਮਾਸੂਮ ਬੱਚੀ ਤੋਂ ਵੱਡੀ ਹੋ ਗਈ। ਉਹ ਗੁੰਮ ਸੁੰਮ ਰਹਿਣ ਲੱਗੀ। ਉਹਦੀਆਂ ਚੁਲਬਲੀਆਂ ਸ਼ਰਾਰਤਾਂ ਖ਼ਤਮ ਹੋ ਗਈਆਂ। ਹਰ ਜਮਾਤ ਵਿਚੋਂ ਮੋਹਰੀ ਰਹਿਣ ਵਾਲੀ ਪਰੂ ਪੜ੍ਹਾਈ ਵਿਚੋਂ ਦਿਨੋ ਦਿਨ ਪੱਛੜਣ ਲੱਗੀ। ਡਾ. ਨੀਰਾਂ ਤੇ ਜੋਤ ਅਕਸਰ ਉਹਨੂੰ ਮਿਲਣ ਆਉਂਦੀਆਂ ਪਰ ਉਹ ਬਿਨਾਂ ਕੁੱਝ ਬੋਲਿਆਂ ਨੀਵੀਂ ਪਾਈ ਬੈਠੀ ਰਹਿੰਦੀ। ਜਿਵੇਂ ਅੰਦਰ ਹੀ ਅੰਦਰ ਉਸ ਨੂੰ ਕੁੱਝ ਖਾ ਰਿਹਾ ਹੋਵੇ।
– – –
ਰਾਜ ਦੀ ਮੌਤ ਨੂੰ ਸਾਲ ਹੋ ਚਲਿਆ ਸੀ ਪਰ ਸਮਾਂ ਕਦੋਂ ਕਿਵੇਂ ਲੰਘ ਗਿਆ ਪਤਾ ਹੀ ਨਹੀਂ ਚੱਲਿਆ ਪਰ ਮਾਤਮ ਫੇਰ ਵੀ ਖਤਮ ਨਹੀਂ ਸੀ ਹੋਇਆ।
– – –
ਇਕ ਦਿਨ ਜੋਤ ਪਰੂ ਦਾ ਹਾਲ ਚਾਲ ਪੁੱਛਣ ਆਈ। ਪਰਵਾਜ਼ ਅਪਣੇ ਕਮਰੇ ਵਿਚ ਗੁੰਮ ਸੁੰਮ ਬੈਠੀ ਸੀ। ਉਹਦੀ ਗੋਦੀ ’ਚ ਉਹਦੀ ਫੇਵਰਟ ਡੌਲ ਸੀ, ਜਿਹੜੀ ਅੱਖਾਂ ਖੋਲ੍ਹਦੀ ਤੇ ਬੰਦ ਕਰਦੀ ਪਰ ਮੂੰਹੋਂ ਕੁੱਝ ਨਾ ਬੋਲਦੀ। ਜੋਤ ਦੀਆਂ ਅੱਖਾਂ ਨਮ ਹੋ ਗਈਆਂ। ਉਸ ਤੋਂ ਇਸ ਕਮਰੇ ਦਾ ਸਨਾਟਾ ਬਰਦਾਸ਼ਤ ਨਈਂ ਸੀ ਹੋ ਰਿਹਾ। ਕੱਲ੍ਹ ਉਹਨੂੰ ਪਰੂ ਦੀ ਟੀਚਰ ਵੀ ਮਿਲੀ ਸੀ ਜੋ ਦੱਸ ਰਹੀ ਸੀ ‘ਅੱਜ ਕੱਲ੍ਹ ਪਰਵਾਜ਼ ਦਾ ਪੜ੍ਹਾਈ ਵਿਚ ਮਨ ਨਈਂ ਲੱਗਦਾ। ਉਹ ਲਗਾਤਾਰ ਪੱਛੜਦੀ ਜਾ ਰਹੀ ਐ। ਕਿਸੇ ਨਾਲ ਕੋਈ ਗੱਲ ਨਈਂ ਕਰਦੀ। ਸ਼ਾਇਦ ਉਹਦੇ ਤੋਂ ਮਾਂ ਦਾ ਵਿਛੋੜਾ ਸਹਿ ਨਈਂ ਹੋ ਰਿਹਾ। ਤੁਸੀਂ ਉਹਦਾ ਧਿਆਨ ਰੱਖਣਾ।’ ਜੋਤ ਉਹਦਾ ਮੱਥਾ ਚੁੰਮ ਕੇ ਘਰ ਆ ਗਈ। ਉਹਦੀ ਕੁੱਝ ਕਹਿਣ ਦੀ ਹਿੰਮਤ ਨਾ ਪਈ। ਜੋਤ ਨੇ ਅਪਣੇ ਮਨ ਦੀ ਪੀੜਾ ਨੀਰਾਂ ਨੂੰ ਜਾ ਦੱਸੀ।
– – –
ਪਰਵਾਜ਼ ਦੀ ਚਿੰਤਾ ‘ਚ ਡੁੱਬੀਆਂ ਨੀਰਾਂ ਤੇ ਜੋਤ ਪਰਵਾਜ਼ ਨੂੰ ਮਿਲਣ ਆਈਆਂ। ਉਹ ਘਰ ਵਿਚ ਇੱਕਲੀ ਸੀ। ਨੀਰਾਂ ਨੇ ਉਹਨੂੰ ਕਿੰਨਾ ਚਿਰ ਅਪਣੀ ਛਾਤੀ ਨਾਲ ਘੁੱਟੀ ਰੱਖਿਆ ਜਿਵੇਂ ਉਹਦੀ ਸਾਰੀ ਪੀੜਾ ਅਪਣੇ ਅੰਦਰ ਜਜ਼ਬ ਕਰ ਰਹੀ ਹੋਵੇ। ਬਦੋ ਬਦੀ ਵਹਿ ਤੁਰੇ ਹੰਝੂਆਂ ਨੂੰ ਡੱਕਣ ਦੀ ਕੋਸ਼ਿਸ਼ ਕਰਦਿਆਂ ਨੀਰਾਂ ਪਰਵਾਜ਼ ਨਾਲ ਇਧਰ ਉਧਰ ਦੀਆਂ ਗੱਲਾਂ ਕਰਨ ਲੱਗ ਪਈ। ਤੁਰਨ ਲੱਗਿਆਂ ਉਹਦੀ ਮਾਂ ਦੀ ਗੱਲ ਚੇਤੇ ਕਰਵਾਉਂਦਿਆਂ ਨੀਰਾਂ ਬੋਲੀ, ‘ਬੇਟੇ ਬੂਹਾ ਖੁੱਲ੍ਹਾ ਨਾ ਰiੱਖਆ ਕਰ। ਹੁਣ ਤੂੰ ਅਪਣਾ ਖ਼ਿਆਲ ਆਪੇ ਰੱਖਣੈ। ਤੇਰੇ ਪਾਪਾ ਤੇ ਵੀਰ ਜਦੋਂ ਘਰ ਨਈਂ ਹੁੰਦੇ ਤਾਂ ਪੁੱਤ ਬੂਹਾ ਢੋਹ ਲਿਆ ਕਰ।’
ਪਰਵਾਜ਼ ਚੁੱਪ ਚਾਪ ਧੌਣ ਸੁੱਟੀ ਬੈਠੀ ਰਹੀ। ਨੀਰਾਂ ਨੇ ਉਹਦਾ ਮੂੰਹ ਅਪਣੇ ਹੱਥ ਨਾਲ ਉਪਰ ਚੁੱਕਦਿਆਂ ਕਿਹਾ, ‘ਬੇਟੇ ਤੂੰ ਅਪਣਾ ਧਿਆਨ ਕਿਉਂ ਨਈਂ ਰੱਖਦੀ, ਤੂੰ ਪੜ੍ਹਾਈ ਵਿਚ ਵੀ ਦਿਨੋਂ ਦਿਨ ਪੱਛੜਦੀ ਜਾ ਰਹੀ ਐਂ। ਗੋਰਾ ਚਿੱਟਾ ਰੰਗ ਮੈਲਾ ਹੁੰਦਾ ਜਾ ਰਿਹੈ। ਕਿਉਂ? ਕਿਉਂ ਤੂੰ ਏਨੀ ਉਦਾਸ ਰਹਿਣ ਲੱਗ ਪਈ ਮੇਰੀ ਬੱਚੀ!’
ਕਿਉਂ? ਕਿਉਂ? ਸੁਣ ਪਰਵਾਜ਼ ਦੀਆਂ ਅੱਖਾਂ ਪੂਰੀ ਤਰ੍ਹਾਂ ਖੁਲ੍ਹ ਗਈਆਂ ਤੇ ਉਨ੍ਹਾਂ ਨੂੰ ਘੂਰਨ ਲੱਗੀਆਂ। ਪਰਵਾਜ਼ ਦੇ ਬੁਲ੍ਹ ਫਰਕੇ ਪਰ ਆਵਾਜ਼ ਨਾ ਨਿਕਲੀ। ਉਹਦਾ ਚਿਹਰਾ ਅਚਾਨਕ ਡਰਾਉਣਾ ਹੋ ਗਿਆ। ਚਿਹਰੇ ਦੇ ਲਗਾਤਾਰ ਬਦਲਦੇ ਰੰਗਾਂ ਤੋਂ ਨੀਰਾਂ ਤੇ ਜੋਤ ਵੀ ਡਰ ਗਈਆਂ ਦੋਵੇਂ ਜਣੀਆਂ ਵਾਪਸ ਜਾਣ ਲਈ ਖੜੀਆਂ ਹੋ ਗਈਆਂ। ਤੁਰਨ ਲੱਗਿਆਂ ਨੀਰਾਂ ਬੋਲੀ, ‘ਅਸੀਂ ਰਾਜੇ ਬੂਹਾ ਖੁੱਲਾ੍ਹ ਵੇਖ ਕੇ ਆ ਗਈਆਂ ਸਾਂ। ਜ਼ਮਾਨਾ ਖ਼ਰਾਬ ਐ। ਬੂਹਾ ਢੋਹ ਲਿਆ ਕਰ। ਤੇਰੇ ਪਾਪਾ ਤੇ ਦਮਨ ਹੋਣ ਤਾਂ ਕੋਈ ਡਰ ਨਈਂ।’
‘ਬੂਹਾ ਬੰਦ ਰੱਖਿਆ ਕਰਾਂ, ਕਿਉਂ? ਕਾਹਤੋਂ? ਪਰਵਾਜ਼ ਚੀਕ ਉੱਠੀ। ‘ਮੈਂ ਕਿਹਤੋਂ ਡਰਾਂ? ਰਾਤੀਂ ਮੇਰਾ ਬਾਪ ਨਈਂ ਮੈਨੂੰ ਛੱਡਦਾ ਦਿਨੇ ਮੇਰਾ ਭਾਈ। ਨੋਚ ਨੋਚ ਖਾਂਦੇ ਨੇ ਮੈਨੂੰ।’
ਏਨਾ ਕਹਿ ਪਰਵਾਜ਼ ਧੜਮ ਕਰਦੀ ਫ਼ਰਸ਼ ’ਤੇ ਢਹਿ ਪਈ ਸੀ ਤੇ ਨੀਰਾਂ ਤੇ ਜੋਤ ਜਿਵੇਂ ਬਰਫ਼ ਦੀ ਸਿੱਲ ਵਿਚ ਧੱਸ ਗਈਆਂ। ਦੂਰ ਜਾ ਡਿਗੀ ਪਰਵਾਜ਼ ਦੀ ਡੌਲ ਦੀਆਂ ਪੂਰੀ ਤਰ੍ਹਾਂ ਖੁਲ੍ਹੀਆਂ ਅੱਖਾਂ ਛੱਤ ਵਾਲੇ ਪੱਖੇ ਨੂੰ ਘੂਰ ਰਹੀਆਂ ਸਨ।