ਫ਼ਕੀਰੀ
ਪਾਕ ਮੁਹੱਬਤ ਜਿਸਮ ਦੀ ਮੁਥਾਜ ਨਹੀਂ
ਕੁਰਬਾਨੀ ਮੰਗਦੀ ਹੈ
ਅਤੇ ਇਕ ਦੂਏ ਲਈ ਧੜਕਦੇ ਦਿਲ
ਰੂਹਾਨੀ ਇਸ਼ਕ ਦਾ ਪੈਗ਼ਾਮ ਹੋਇਆ ਕਰਦੇ ਨੇ
ਹਾਂ ਅਸੀਂ ਵੀ ਮਿਲੇ ਸਾਂ…
ਕਸਤੂਰੀ ਦੀ ਮਹਿਕ ਵਰਗੇ
ਧੁਰ ਅੰਦਰੋਂ ਪਨਪੇ ਪਿਆਰ ਸਦਕਾ
ਦੁਨਿਆਵੀ ਰਸਮਾਂ ਨੂੰ ਤਿਲਾਂਜਲੀ ਦੇਂਦੇ ਹੋਏ
ਮਨ ਹੀ ਮਨ ਪਰਣਾਏ ਗਏ ਸਾਂ
…. … ਸਮਾ ਗਏ ਸਾਂ
ਇਕ ਦੂਏ ਦੇ ਦਿਲ ਅੰਦਰ
ਦਿਲ ਜੋ ਕਿ ਸਿਰਫ਼ ਇਕ ਦੂਏ ਲਈ ਹੀ ਧੜਕਦਾ ਸੀ
ਪਰ ਨਸੀਬ ਕਦੋਂ ਸਲੀਬ ਹੋ ਗਿਆ
… … … ਇਲਮ ਨਹੀਂ
ਉਹਦੀ ਰਜ਼ਾ ’ਚ ਰਾਜ਼ੀ
ਅਸੀਂ ਰੂਹ ਦੇ ਫ਼ਕੀਰ
ਮਹਿਜ਼ ਸ਼ੁਕਰਾਨਾ ਕਰਦੇ ਰਹੇ
ਐ ਮਿਹਰਾਂ ਦਿਆ ਸਾਈਆਂ…
ਜੇਕਰ ਪਾਕ ਮੁਹੱਬਤ
ਜਿਸਮ ਦੀ ਵਲਗਣ ਤੋਂ ਆਜ਼ਾਦ ਹੈ
ਤਾਂ ਫਿਰ ਅਸੀਂ ਕੁਰਬਾਨ ਹਾਂ
ਅਸੀਂ ਕੁਰਬਾਨ ਹਾਂ ਤੇਰੀ ਸਿਰਜੀ ਹੋਈ ਮੁਹੱਬਤ ਤੋਂ
…. … ਅਸੀਂ ਕੁਰਬਾਨ ਹਾਂ!
ਕਿਨਾਰਿਆਂ ਦਾ ਰੁਦਨ…
ਆਪਾਂ ਖ਼ੌਰੇ ਕਿਨਾਰਿਆਂ ਦੀ ਜੂਨੇ ਆਏ ਸਾਂ
ਤੇ ਦੁਨਿਆਵੀ ਵਹਿਣ
ਵਹਿੰਦਾ ਹੀ ਰਿਹਾ ਸਾਡੇ ਦਰਮਿਆਨ
ਆਪਾਂ ਜੋ ਕਿ ਗਲਵਕੜੀ ਦੇ ਨਿੱਘ ਤੋਂ ਵੀ
… … … ਮਹਿਰੂਮ ਸਾਂ
ਪਰ ਵੇਖਣ ਵਾਲਿਆਂ ਨੂੰ ਦੂਰ ਦਿਸਹੱਦੇ ਤੀਕ
ਅਸਾਡੇ ਮਿਲਾਪ ਦਾ ਅਹਿਸਾਸ ਹੁੰਦਾ ਰਿਹਾ
ਤੇ ਉਹੀਓ ਸੁਖ਼ਦ ਅਹਿਸਾਸ…
ਅਸਾਡੀਆਂ ਰੂਹਾਂ ਤੱਕ ਨੂੰ ਨਸ਼ਿਆਉਂਦਾ ਰਿਹਾ
ਸਮੇਂ ਦੇ ਨਾਲ ਨਾਲ … ਅਸੀਂ ਆਪੇ ’ਚ ਹੀ
… ਟੁੱਟਣ…ਭੁਰਨ… ਤੇ ਖੁਰਨ ਦਾ
… … … ਸੰਤਾਪ ਹੰਢਾਉਂਦੇ ਰਹੇ
ਮੇਲ ਲਈ ਤਰਸਦੀਆਂ ਬਾਹਾਂ
… … ਚਾਹੁੰਦਿਆਂ ਹੋਇਆਂ ਵੀ
ਬਗ਼ਾਵਤ ਨਾ ਕਰ ਸਕੀਆਂ
ਅਸਾਡੀਆਂ ਹਿਕੜੀਆਂ ਉੱਤੇ
ਮਜਬੂਰੀਆਂ ਦੇ ਪੁਲ ਉਸਰਦੇ ਰਹੇ
ਤੇ ਲੋਕਾਈ ਦੇ ਲਾਂਘੇ ਦਾ ਜ਼ਰੀਆ ਬਣਿਆਂ ਨੇ
… … ਅਸਾਂ ਉਫ਼ ਤਕ … ਵੀ ਨਾ ਕੀਤੀ
ਉਰਾਰ… ਅਤੇ …. ਪਾਰ
ਕਾਫ਼ਲੇ… ਆਉਂਦੇ… ਜਾਂਦੇ … ਰਹੇ
ਪਰ ਅਸੀਂ…
ਜੋ ਕਿ ਕਿਨਾਰਿਆਂ ਦੀ ਜੂਨੇ ਆਏ ਸਾਂ
ਇਕ ਦੂਜੇ ਨੂੰ ਮਿਲਣ ਲਈ ਤਾਂਘਦੇ ਹੀ ਰਹੇ
ਸਿਰਫ਼ ਤੇ ਸਿਰਫ਼ ਤਕਦੇ ਹੀ ਰਹੇ
ਅਪਣੀ ਬੇਵਸੀ ਦਾ ਮੰਜ਼ਰ
ਤੇ ਗ਼ਲਤਾਨ ਰਹੇ…
ਮਹਿਜ਼ ਇਸੇ ਹੀ ਦੁਬਿਧਾ ਵਿਚ
ਕਿ ਅਸੀਂ ਕਿਉਂ ਕਿਨਾਰਿਆਂ ਦੀ ਜੂਨੇ ਆਏ ਸਾਂ?
ਪਤਾ ਨਹੀਂ ਅਸੀਂ ਕਿਉਂ ਕਿਨਾਰਿਆਂ…?
ਰੱਬ ਜਾਣੇ ਅਸੀਂ ਕਿਉਂ…?