ਲਿਖ ਨਹੀਂ ਹੁੰਦਾ ਖ਼ਤ ਹੁਣ ਮੈਥੋਂ
ਲਿਖ ਨਹੀਂ ਹੁੰਦਾ ਖ਼ਤ ਹੁਣ ਮੈਥੋਂ
ਨੱਕੋ ਨੱਕ ਭਰੇ ਹੋਏ ਜੀਅ ਵਰਗਾ
ਜਾਂ ਫਿਰ ਪੌਂਡਾਂ ਦੇ ਲਈ ਵਿਛੜੀ
ਇੱਕ ਪਰਦੇਸਣ ਧੀ ਵਰਗਾ
ਜਾਂ ਫਿਰ ਸੀਨੇ ਦੇ ਵਿੱਚ ਖੁਭ ਗਈ
ਸ਼ਾਇਰੀ ਦੀ ਤਸ਼ਬੀਹ ਵਰਗਾ
ਲਿਖ ਨਹੀਂ ਹੁੰਦਾ ਖ਼ਤ ਹੁਣ ਮੈਥੋਂ…
ਖ਼ਤ ਲਿਖਣ ਦਾ ਏਹ ਨੀਂ ਮੌਸਮ
ਖ਼ਤ ਲਿਖਣ ਲਈ ਰਿਹਾ ਨਾ ਜੇਰਾ
ਖ਼ਤ ਲਿਖਣ ਲਈ ਹੁਣ ਨਾ ਪੰਘਰੇ
ਨਾੜਾਂ ਦੇ ਵਿੱਚ ਖ਼ੂਨ
ਖ਼ਤ ਲਿਖਣ ਲਈ ਹੁਣ ਨਾ ਪੈਂਦੀ
ਦਿਲ ਵਿੱਚ ਅੱਥਰੀ ਖੋਹ
ਜੀਊੜੇ ਹੋ ਗਏ ਖ਼ੁਸ਼ਕ ਇਬਾਰਤ
ਹਰਫ਼ ਹੋਏ ਨਿਰਮੋਹ
ਲਿਖ ਨੀਂ ਹੁੰਦਾ ਖ਼ਤ ਹੁਣ ਮੈਥੋਂ…
ਡੰਕ ਲਏ ਗ਼ਰਜ਼ਾਂ ਤੇ ਫ਼ਿਕਰਾਂ
ਲੂੰ ਲੂੰ ’ਚੋਂ ਅਹਿਸਾਸ
ਨਾ ਹੁਣ ਖ਼ਤ ਬਣਨ ਦਿਲਬਰੀਆਂ
ਨਾ ਖ਼ਤ ਹੋਣ ਉਦਾਸ
ਏਸ ਦੁਨੀ ਵਿਚ ਹਰ ਕੋਈ ਹੋਇਆ
ਪੈਸਾ ਅਤੇ ਲਿਬਾਸ
ਐਸੇ ਦੋਜ਼ਕ ਸਮਿਆਂ ਦੇ ਵਿੱਚ
ਮੁਸ਼ਕਲ ਹੋਏ ਸਾਂਭ ਸਾਂਭ ਕੇ ਰੱਖਣੇ
ਜਾਨ ਤੋਂ ਵੱਧ ਪਿਆਰੇ ਖ਼ਤ
ਪਿਤਰਾਂ ਵਰਗੇ
ਖ਼ਿਆਲਾਂ ਨਾਲ ਧੜਕਦੇ ਹੋਏ
ਭਾਵੁਕ ਅਤੇ ਨਿਆਰੇ ਖ਼ਤ
ਮੇਰੀਆਂ ਯਾਦਾਂ ਦਾ ਸਰਮਾਇਆ
ਮੇਰੇ ਸਾਹਾਂ ਦਾ ਜੋ ਸੇਕ
ਮੋਹ ਦੀਆਂ ਮਿੱਠੀਆਂ ਲੋਰੀਆਂ ਵਰਗੇ
ਸੁੱਚਿਆਂ ਹਰਫ਼ਾਂ ਨਾਲ ਲਿਖੇ ਹੋਏ
ਸੁਪਨਿਆਂ ਦੇ ਇਤਿਹਾਸ
ਅਜੇ ਵੀ ਦਿੰਦੇ ਮਨ ਮੇਰੇ ਨੂੰ
ਰੱਬ ਜੇਹਾ ਧਰਵਾਸ
ਲਿਖ ਨਹੀਂ ਹੁੰਦਾ ਖ਼ਤ ਹੁਣ ਮੈਥੋਂ
ਲਿਖਣਾ ਚਾਹਵਾਂ ਖ਼ਤ ਇਕ ਐਸਾ
ਫੇਰ ਮਿਲਣ ਦੀ ਆਸ ਜੇਹਾ
ਜਾਂ ਫਿਰ ਚੇਤਿਆਂ ਦੇ ਵਿਚ ਜੀਊਂਦੇ
ਪਿੰਡ ਦੇ ਖੂਹ ਖਰਾਸ ਜੇਹਾ
ਜਾਂ ਫਿਰ ਵਕਤ ਦੇ ਭੰਨੇ ਹੋਏ
ਇਕ ਕੁਲਵੰਤ ਉਦਾਸ ਜੇਹਾ
ਲਿਖ ਨਹੀਂ ਹੁੰਦਾ ਖਤ ਹੁਣ ਮੈਥੋਂ
ਖ਼ਤ ਲਿਖਣ ਦਾ ਏਹ ਨਹੀਂ ਮੌਸਮ
ਖ਼ਤ ਲਿਖਣ ਲਈ ਰਿਹਾ ਨਾ ਜੇਰਾ
ਲਿਖ ਨਹੀਂ ਹੁੰਦਾ ਖ਼ਤ ਹੁਣ ਮੈਥੋਂ।