(ਪ੍ਰਤਾਪ ਸਿੰਘ ਕੈਰੋਂ ਤੇ ਬਿਓਰੋਕਰੇਸੀ)
ਸ. ਪ੍ਰਤਾਪ ਸਿੰਘ ਕੈਰੋਂ ਦੇ ਮਨ ਵਿਚ ਬਿਓਰੋਕਰੇਸੀ ਦੇ ਖ਼ਿਲਾਫ਼ ਬੜਾ ਬੁਗ਼ਜ਼ ਭਰਿਆ ਹੋਇਆ ਸੀ। ਉਹ ਮੌਕਾ-ਬੇਮੌਕਾ ਆਪਣੇ ਦਿਲ ਦਾ ਗੁਬਾਰ ਕੱਢਦਾ ਰਹਿੰਦਾ ਸੀ। ਵੱਡੇ ਤੋਂ ਵੱਡੇ ਅਫ਼ਸਰ ਉਸ ਤੋਂ ਕੰਨੀ ਕਤਰਾਉਂਦੇ ਸਨ, ਥਰ-ਥਰ ਕੰਬਦੇ ਸਨ। ਉਸ ਨੇ ਇਕ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਸੀ ਅਤੇ ਇਸੇ ਕਾਰਨ ਸਰਕਾਰੀ ਅਫ਼ਸਰ ਉਸ ਦੇ ਜਾਇਜ਼ ਨਾਜਾਇਜ਼ ਆਦੇਸ਼ ਨੂੰ ਸਿਰੇ ਚਾੜ੍ਹਣ ਲੱਗਿਆਂ ਜ਼ਰਾ ਵੀ ਢਿੱਲ ਨਾ ਵਖਾਉਂਦੇ। ਪਰ ਜੇ ਕੋਈ ਵਿਰਲਾ ਵਾਂਝਾ ਆਕੜ ਜਾਂਦਾ ਤਾਂ ਉਸਦਾ ਬੁਰਾ ਹਾਲ ਹੁੰਦਾ ਅਤੇ ਉਸ ਨਾਲ ਜੋ ਵਾਪਰਦੀ ਉਹਦੇ ਤੋਂ ਦੂਜਿਆਂ ਨੂੰ ਇਬਰਤ ਹੋ ਜਾਂਦੀ। ਪਰ ਕਦੇ-ਕਦੇ ਇਸਦੇ ਉਲਟ ਵੀ ਵਾਪਰ ਜਾਂਦਾ ਅਤੇ ਸ. ਪ੍ਰਤਾਪ ਸਿੰਘ ਕੈਰੋਂ ਢੈਲਾ ਵੀ ਪੈ ਜਾਂਦਾ।
ਇਹ ਕਿੱਸਾ ਮੈਨੂੰ ਸੂਬਾ ਸਿੰਘ ਨੇ ਸੁਣਾਇਆ ਸੀ। ਸੂਬਾ ਸਿੰਘ ਸ. ਪ੍ਰਤਾਪ ਸਿੰਘ ਕੈਰੋਂ ਕੋਲ ਠਹਿਰਿਆ ਹੋਇਆ ਸੀ। ਇਕ ਦਿਨ ਸਵੇਰੇ-ਸਵੇਰੇ ਕੰਮ ਨਿਪਟਾ ਕੇ ਸ. ਪ੍ਰਤਾਪ ਸਿੰਘ ਕੈਰੋਂ ਨੇ ਕਿਹਾ, ”ਆ ਆਪਾਂ ਸੈਰ ਨੂੰ ਚੱਲਦੇ ਹਾਂ, ਸਵੇਰ ਦੀ ਤਾਜ਼ਾ ਹਵਾ ਖਾਣ ਨਾਲ ਸਾਰਾ ਦਿਨ ਵਾਹਦਾ ਚੰਗਾ ਗੁਜ਼ਰ ਜਾਏਗਾ।’’ ਸੂਬਾ ਸਿੰਘ ਸੱਤ ਬਚਨ ਕਹਿ ਕੇ ਨਾਲ ਤੁਰ ਪਿਆ। ਸੂਬਾ ਸਿੰਘ ਦੇ ਕਥਨ ਅਨੁਸਾਰ ਜਦੋਂ ਉਹ ਝੀਲ ਦੇ ਲਾਗੇ ਪਹੁੰਚੇ ਤਾਂ ਅੱਗੋਂ ਬਲਬੀਰ ਸਿੰਘ ਗਰੇਵਾਲ, ਆਈ.ਸੀ.ਐਸ. ਮਿਲ ਗਿਆ। ਉਸਨੇ ਕੈਰੋਂ ਸਾਹਿਬ ਨੂੰ ”ਸੱਤ ਸਿਰੀ ਅਕਾਲ’’ ਬੁਲਾਈ ਜਿਸਦਾ ਕੈਰੋਂ ਸਾਹਿਬ ਨੇ ਬੜੀ ਗਰਮਜੋਸ਼ੀ ਨਾਲ ਜੁਆਬ ਦਿੱਤਾ। ਗਰੇਵਾਲ ਉਨ੍ਹਾਂ ਦਿਨਾਂ ਵਿਚ ਫਾਈਨੈਂਸ਼ਲ ਕਮਿਸ਼ਨਰ ਲੱਗਾ ਹੋਇਆ ਸੀ ਅਤੇ ਵੈਸੇ ਵੀ ਬੜਾ ਖੱਬੀ ਖਾਨ ਅਫ਼ਸਰ ਸਮਝਿਆ ਜਾਂਦਾ ਸੀ। ਸਹਿਜੇ ਕਿਤੇ ਕੋਈ ਕਰਮਚਾਰੀ ਉਸਦੇ ਅੱਗੋਂ ਦੀ ਨਹੀਂ ਸੀ ਲੰਘਦਾ। ਕੈਰੋਂ ਸਾਹਿਬ ਨੇ ਬੜੀ ਅਪਣੱਤ ਦਿਖਾਉਂਦਿਆਂ ਪੁੱਛਿਆ, ”ਬਲਬੀਰ ਬੜੀ ਚੰਗੀ ਗੱਲ ਹੈ, ਤੁਸੀਂ ਸਵੇਰੇ-ਸਵੇਰੇ ਸੈਰ ਕਰਦੇ ਹੋ। ਸਵੇਰ ਦੀ ਸੈਰ ਨਾਲ ਸਿਹਤ ਨਰੋਈ ਰਹਿੰਦੀ ਹੈ।’’ ਗਰੇਵਾਲ ਨੇ ਅੱਗੋਂ ਟਹਿਕ ਕੇ ਕਿਹਾ, ”ਹਾਂ ਜੀ ਮੈਂ ਸਵੇਰੇ-ਸਵੇਰੇ ਬੜੀ ਲੰਬੀ ਸੈਰ ਕਰਦਾ ਹਾਂ।’’ ਕੈਰੋਂ ਸਾਹਿਬ ਨੇ ਪੁੱਛਿਆ, ”ਬਲਬੀਰ, ਕਿੰਨੀ ਕੁ ਲੰਬੀ ਸੈਰ ਕਰਦੇ ਹੋ?’’ ਗਰੇਵਾਲ ਨੇ ਚਹਿਕਦਿਆਂ ਹੋਇਆਂ ਕਿਹਾ, ”ਜੀ, ਦਸ, ਬਾਰਾਂ ਮੀਲ ਰੋਜ਼ ਸਵੇਰੇ ਸੈਰ ਕਰੀਦੀ ਹੈ।’’ ਕੈਰੋਂ ਸਾਹਿਬ ਨੇ ਕਿਹਾ, ”ਓਏ ਲੱਤਾਂ ਭਨਾ ਕੇ ਦਫ਼ਤਰ ਜਾ ਵੜਦੇ ਹੋ। ਓਥੇ ਤੁਸੀਂ ਕੰਮ ਸੁਆਹ ਕਰਦੇ ਹੋਣੇ ਆਂ।’’ ਗਰੇਵਾਲ ਸ਼ਰਮਿੰਦਾ ਜਿਹਾ ਹੋ ਕੇ ਉੱਥੋਂ ਖਿਸਕ ਗਿਆ।
ਇਸੇ ਤਰ੍ਹਾਂ ਇਕ ਮੀਟਿੰਗ ਵਿਚ ਪੰਜਾਬ ਸਰਕਾਰ ਦੇ ਸਾਰੇ ਸਕੱਤਰ ਪੱਧਰ ਦੇ ਅਫ਼ਸਰ ਮੌਜੂਦ ਸਨ ਅਤੇ ਕਿਸੇ ਅਹਿਮ ਮਾਮਲੇ ’ਤੇ ਫਲੈਚਰ ਜੋ ਕਿ ਉਸ ਵੇਲੇ ਫਾਈਨੈਂਸ਼ਲ ਕਮਿਸ਼ਨਰ ਸੀ ਅਤੇ ਬੜਾ ਦਬਦਬੇ ਵਾਲਾ ਅਫ਼ਸਰ ਸਮਝਿਆ ਜਾਂਦਾ ਸੀ, ਆਪਣੇ ਵਿਚਾਰ ਪ੍ਰਗਟ ਕਰ ਰਿਹਾ ਸੀ। ਉਸ ਦੀ ਨਜ਼ਰ ਪ੍ਰਤਾਪ ਸਿੰਘ ਕੈਰੋਂ ਵੱਲ ਸਹਿਵਨ ਮੁੜ ਗਈ। ਉਸ ਨੇ ਦੇਖਿਆ ਕੈਰੋਂ ਸਾਹਿਬ ਆਪਣੇ ਸੱਜੇ ਹੱਥ ਦੀ ਚੀਚੀ ਅਤੇ ਅੰਗੂਠੇ ਨਾਲ ਇਕ ਮੋਰੀ ਜਿਹੀ ਬਣਾ ਕੇ ਵਾਰ-ਵਾਰ ਫਲੈਚਰ ਵੱਲ ਇਸ਼ਾਰਾ ਕਰ ਰਹੇ ਸਨ। ਫਲੈਚਰ ਨੇ ਆਪਣਾ ਭਾਸ਼ਣ ਰੋਕ ਕੇ ਕਿਹਾ, ”ਸਰ ਕੀ ਮੈਂ ਜਾਣ ਸਕਦਾ ਹਾਂ ਕਿ ਇਸ ਤੋਂ ਤੁਹਾਡਾ ਕੀ ਮਤਲਬ ਹੈ?’’ ਨਾਲ ਹੀ ਉਸਨੇ ਕੈਰੋਂ ਸਾਹਿਬ ਵਾਂਗ ਆਪਣੀ ਚੀਚੀ ਨੂੰ ਅੰਗੂਠੇ ਨਾਲ ਮਿਲਾ ਕੇ ਮਘੋਰਾ ਜਿਹਾ ਬਣਾ ਕੇ ਕੈਰੋਂ ਸਾਹਿਬ ਦੀ ਨਕਲ ਉਤਾਰੀ। ਕੈਰੋਂ ਨੇ ਉਸੇ ਤਰ੍ਹਾਂ ਮਘੋਰਾ ਜਿਹਾ ਬਣਾ ਕੇ ਤੇ ਫਲੈਚਰ ਵੱਲ ਇਸ਼ਾਰਾ ਕਰਦਿਆਂ ਕਿਹਾ, ”ਫਲੈਚਰ ਜੀ, ਮੇਰਾ ਮਤਲਬ ਹੈ, ਕਿ ਇੱਥੇ ਯੂ ਆਰ ਏ ਬਿਗ ਜ਼ੀਰੋ।’’ ਇਹ ਟਿੱਪਣੀ ਸੁਣ ਕੇ ਫਲੈਚਰ ਸਕਤੇ ਵਿਚ ਆ ਗਿਆ ਫੇਰ ਉਸ ਨੇ ਸੰਭਲਦਿਆਂ ਕਿਹਾ, ”ਸਰ, ਆਈ ਬੈੱਗ ਟੂ ਡਿਫਰ ਵਿਦ ਯੂ ਔਨ ਦਿਸ।’’ ਅਤੇ ਫੇਰ ਆਪਣੇ ਵਿਚਾਰ ਵਿਅਕਤ ਕਰਨ ਲੱਗ ਪਿਆ।
ਸ਼ਿਕਾਇਤ ਨਿਵਾਰਨ ਕਮੇਟੀ ਦੀ ਸਭ ਤੋਂ ਪਹਿਲੀ ਮੀਟਿੰਗ ਜਲੰਧਰ ਵਿਖੇ ਹੋਈ ਤੇ ਇਸਦੀ ਪ੍ਰਧਾਨਗੀ ਸ. ਪ੍ਰਤਾਪ ਸਿੰਘ ਕੈਰੋਂ ਨੇ ਕੀਤੀ ਸੀ। ਪਹਿਲੀ ਮੀਟਿੰਗ ਤੋਂ ਬਾਅਦ ਕੋਈ ਛੇ-ਸਤ ਮੀਟਿੰਗਾਂ ਹੋਰ ਹੋਈਆਂ। ਹਰ ਮਹੀਨੇ ਕੈਰੋਂ ਸਾਹਿਬ ਬੜੀ ਬਾਕਾਇਦਗੀ ਨਾਲ ਜਲੰਧਰ ਆਉਂਦੇ ਰਹੇ ਅਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਪ੍ਰਧਾਨਗੀ ਕਰਦੇ ਰਹੇ। ਹਰ ਮੀਟਿੰਗ ਵਿਚ ਅਫਸਰਾਂ ਦੀ ਤਕੜੀ ਝਾੜ ਝੰਬ ਹੁੰਦੀ। ਮੀਟਿੰਗ ਦੌਰਾਨ ਸਾਰੇ ਅਫ਼ਸਰ ਤਰਾਹ ਤਰਾਹ ਕਰਦੇ ਰਹਿੰਦੇ। ਹਰ ਮੀਟਿੰਗ ਵਿਚ ਕਦੇ ਕਿਸੇ ਅਫ਼ਸਰ ਦੀ ਵਾਰੀ ਆ ਜਾਂਦੀ ਅਤੇ ਕਦੇ ਕਿਸੇ ਦੀ। ਇਕ ਮੀਟਿੰਗ ਵਿਚ ਕੈਰੋਂ ਸਾਹਿਬ ਨੇ ਇਕ ਅਫ਼ਸਰ ਦੀ ਖੁੰਬ ਠੱਪਣ ਤੋਂ ਬਾਅਦ ਕਿਹਾ, ”ਸਾਡੇ ਸਰਕਾਰੀ ਅਫ਼ਸਰ ਆਪਣੇ ਆਪ ਨੂੰ ਬੜੇ ਭੀਂ ਪਾਂਡੋ ਸਮਝਦੇ ਹਨ ਅਤੇ ਆਮ ਜਨਤਾ ਦੀ ਇਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਭਾਵੇਂ ਕਿ ਕਿਸੇ ਦਾ ਮਾਮੂਲੀ ਜਿਹਾ ਕੰਮ ਹੋਵੇ ਪਰ ਇਹ ਆਪਣੀ ਆਕੜ ’ਚ ਰਹਿੰਦੇ ਹਨ ਅਤੇ ਉਸਦੀ ਮੁਸ਼ਕਿਲ ਦੂਰ ਕਰਨ ਵਿਚ ਇਹਨਾਂ ਦੀ ਕੋਈ ਰੁਚੀ ਨਹੀਂ ਬਣਦੀ।’’ ਆਪਣੀ ਗਲ ਦੀ ਵਜ਼ਾਹਤ ਕਰਦਿਆਂ ਉਨ੍ਹਾਂ ਕਿਹਾ, ”ਅੰਗਰੇਜ਼ਾਂ ਦੇ ਰਾਜ ਵਿਚ ਮੈਂ ਸਵਤੰਤਰਤਾ ਸੰਗਰਾਮ ਵਿਚ ਜੁਟਿਆ ਹੋਇਆ ਸਾਂ ਅਤੇ ਆਪਣੇ ਪਿੰਡ ਰਹਿੰਦਾ ਸਾਂ। ਇਕ ਦਿਨ ਮੈਂ ਆਪਣੀ ਬੋਤੀ ਉੱਤੇ ਪੱਠੇ ਲੱਦ ਕੇ ਸੜਕੇ ਸੜਕੇ ਪਿੰਡ ਨੂੰ ਜਾ ਰਿਹਾ ਸਾਂ ਕਿ ਮੈਂ ਦੇਖਿਆ ਸੜਕ ਦੇ ਵਿਚਕਾਰ ਇਕ ਓਵਰਸੀਅਰ ਨੇ ਥਿਓਡੋਲਾਈਟ ਰੱਖੀ ਹੋਈ ਸੀ ਅਤੇ ਲਾਲ ਝੰਡੀਆਂ ਲਾ ਕੇ ਸਾਰਾ ਰਾਹ ਰੋਕਿਆ ਹੋਇਆ ਸੀ। ਮੈਂ ਉਸ ਲਾਗੇ ਪਹੁੰਚ ਕੇ ਕਿਹਾ, ”ਜ਼ਰਾ ਆਪਣੀ ਥਿਓਡੋਲਾਈਟ ਇਕ ਪਾਸੇ ਕਰ ਲਵੋ। ਮੈਨੂੰ ਰਸਤਾ ਦੇ ਦੇਵੋ ਮੈਂ ਆਪਣੇ ਪਿੰਡ ਜਾਣਾ ਹੈ। ਮੈਨੂੰ ਪਹਿਲਾਂ ਹੀ ਦੇਰ ਹੋਈ ਹੋਈ ਹੈ ਅਤੇ ਮੈਂ ਹਨੇਰਾ ਪੈਣ ਤੋਂ ਪਹਿਲਾਂ ਪਹਿਲਾਂ ਪਿੰਡ ਪਹੁੰਚਣਾ ਚਾਹੁੰਦਾ ਹਾਂ।’’ ਉਸ ਨੇ ਬੜੇ ਆਕੜ ਕੇ ਜਵਾਬ ਦਿੱਤਾ, ”ਤੈਨੂੰ ਦਿਸਦਾ ਨਹੀਂ ਮੈਂ ਕੰਮ ਕਰ ਰਿਹਾ ਹਾਂ। ਤੂੰ ਦੂਸਰੇ ਰਾਹ ਥਾਣੀਂ ਚਲਿਆ ਜਾ।’’ ਮੈਂ ਕਿਹਾ, ”ਜੇ ਮੈਂ ਵਲਾ ਪਾ ਕੇ ਜਾਵਾਂ ਤਾਂ ਬੜਾ ਦੂਰ ਪਵੇਗਾ ਅਤੇ ਅੱਗੇ ਹੀ ਕੁਵੇਲਾ ਹੋ ਚੁੱਕਾ ਹੈ। ਹਨੇਰਾ ਹੋ ਜਾਵੇਗਾ। ਇਸ ਲਈ ਤੁਸੀਂ ਮੈਨੂੰ ਰਾਹ ਦੇ ਦੇਵੋ ਤਾਂ ਜੋ ਮੈਂ ਚਾਨਣੇ ਚਾਨਣੇ ਘਰ ਪਹੁੰਚ ਜਾਵਾਂ।’’ ਉਸ ਨੇ ਬੜੀ ਰੁਖਾਈ ਨਾਲ ਉੱਤਰ ਦਿੱਤਾ, ”ਜਾਹ, ਜਾਹ ਐਵੇਂ ਮੇਰਾ ਸਿਰ ਨਾ ਖਾਹ, ਤੈਨੂੰ ਕਹਿ ਜੁ ਦਿੱਤਾ ਮੈਂ ਕੰਮ ਕਰ ਰਿਹਾ ਹਾਂ। ਮੈਂ ਸਾਰਾ ਸਾਜ਼ੋ ਸਾਮਾਨ ਚੁੱਕ ਕੇ ਆਪਣੇ ਕੰਮ ਦਾ ਹਰਜਾ ਨਹੀਂ ਕਰ ਸਕਦਾ। ਤੂੰ ਕੋਈ ਹੋਰ ਰਾਹ ਦੇਖ ਲੈ।’’ ਮੈਨੂੰ ਵੀ ਗੁੱਸਾ ਆ ਗਿਆ। ਮੈਂ ਕਿਹਾ, ”ਬਾਬੂ, ਮੈਂ ਵੀ ਏਥੋਂ ਦੀ ਹੀ ਲੰਘਣਾ, ਜੋ ਤੂੰ ਕਰਨਾ ਕਰ ਲੈ।’’ ਮੈਂ ਬੋਤੀ ਨੂੰ ਇਕ ਸੋਟੀ ਮਾਰ ਕੇ ਸ਼ਿਸ਼ਕਾਰ ਦਿੱਤਾ। ਬੋਤੀ ਨੇ ਦੁੜਕੀ ਲਾਈ। ਉਸ ਦਾ ਥਿਓਡੋਲਾਈਟ, ਉਸਦੀਆਂ ਝੰਡੀਆਂ ਝੁੰਡੀਆਂ ਸਭ ਤਹਿਸ-ਨਹਿਸ ਹੋ ਗਈਆਂ ਅਤੇ ਮੈਂ ਉਥੋਂ ਦੀ ਲੰਘ ਗਿਆ ਅਤੇ ਉਹ ਮੇਰਾ ਮੂੰਹ ਤੱਕਦਾ ਰਹਿ ਗਿਆ। ਮੈਂ ਦੇਖਿਆ ਹੈ ਛੋਟੇ ਛੋਟੇ ਅਫ਼ਸਰ ਵੀ ਆਪਣੇ ਆਪ ਨੂੰ ਖੁਦਾ ਸਮਝਣ ਲੱਗ ਪੈਂਦੇ ਹਨ। ਇਨ੍ਹਾਂ ਨੂੰ ਆਮ ਆਦਮੀਆਂ ਦੇ ਦੁੱਖਾਂ-ਤਕਲੀਫਾਂ ਦਾ ਕੋਈ ਖ਼ਿਆਲ ਨਹੀਂ ਰਹਿੰਦਾ।’’
ਇਕ ਮੈਜਿਸਟਰੇਟ ਹੁੰਦਾ ਸੀ ਡੀ.ਕੇ. ਖੰਨਾ। ਉਹ ਬੜਾ ਸੁਲਝਿਆ ਹੋਇਆ ਅਫ਼ਸਰ ਸੀ। ਕਾਨੂੰਨ ਦਾ ਬੜਾ ਮਾਹਿਰ। ਪੀ.ਸੀ.ਐਸ. ਵਿਚ ਆਉਣ ਤੋਂ ਪਹਿਲਾਂ ਉਹ ਵਕਾਲਤ ਕਰਦਾ ਸੀ ਅਤੇ ਐੱਲ.ਐੱਲ.ਐੱਮ. ਸੀ। ਕਾਨੂੰਨ ਦੀ ਇਹ ਡਿਗਰੀ ਪੀ.ਸੀ.ਐੱਸ. ਦੀ ਸਰਵਿਸ ਵਿਚ ਸ਼ਾਇਦ ਉਸਦੇ ਸਿਵਾ ਕਿਸੇ ਹੋਰ ਕੋਲ ਨਹੀਂ ਸੀ। ਸ਼ਿਕਾਇਤ ਨਿਵਾਰਨ ਕਮੇਟੀ ਦੀ ਇਕ ਮੀਟਿੰਗ ਵਿਚ ਉਸਦੀ ਸ਼ਾਮਤ ਆ ਗਈ। ਕੈਰੋਂ ਸਾਹਿਬ ਇਕ ਸ਼ਿਕਾਇਤ ’ਤੇ ਵਿਚਾਰ ਕਰ ਰਹੇ ਸਨ ਜੋ ਕਾਫ਼ੀ ਸਮੇਂ ਤੋਂ ਲੰਬਤ ਸੀ। ਕੈਰੋਂ ਸਾਹਿਬ ਨੇ ਖੰਨੇ ਤੋਂ ਪੁੱਛਿਆ, ”ਇਸ ਸ਼ਿਕਾਇਤ ਦਾ ਨਿਪਟਾਰਾ ਕਿਉਂ ਨਹੀਂ ਹੋਇਆ?’’ ਉਸ ਨੇ ਉੱਤਰ ਦਿੱਤਾ, ”ਜੀ ਮੈਂ ਇਹ ਸ਼ਿਕਾਇਤ ਦਾਖ਼ਲ ਦਫ਼ਤਰ ਕਰ ਦਿੱਤੀ ਹੈ।’’ ਕੈਰੋਂ ਸਾਹਿਬ ਨੇ ਜ਼ਰਾ ਗੁੱਸੇ ਨਾਲ ਪੁੱਛਿਆ, ”ਉਹ ਕਿਉਂ? ਸ਼ਿਕਾਇਤ ਨਿਵਾਰਨ ਦਾ ਇਹ ਨਵਾਂ ਤਰੀਕਾ ਕਦੋਂ ਤੋਂ ਚਾਲੂ ਕੀਤਾ ਹੈ?’’ ਖੰਨੇ ਨੇ ਉੱਤਰ ਦਿੱਤਾ, ”ਜੀ ਮੈਂ ਸ਼ਿਕਾਇਤ ਕਰਤਾ ਅਤੇ ਜਿਸ ਵਿਰੁੱਧ ਸ਼ਿਕਾਇਤ ਸੀ ਉਸ ਨੂੰ ਤਲਬ ਕੀਤਾ ਸੀ। ਵਿਰੋਧੀ ਧਿਰ ਨੇ ਆ ਕੇ ਇਹ ਇੰਕਸਾਫ਼ ਕੀਤਾ ਸੀ ਕਿ ਸ਼ਿਕਾਇਤ ਕੁਨਿੰਦਾ ਨੇ ਇਸ ਸ਼ਿਕਾਇਤ ਸਬੰਧੀ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਸੀ ਅਤੇ ਅਦਾਲਤ ਨੇ ਦੋਨਾਂ ਧਿਰਾਂ ਦੀ ਗੱਲ ਸੁਣ ਕੇ ਮੁਕੱਦਮਾ ਖਾਰਜ ਕਰ ਦਿੱਤਾ ਸੀ। ਇਸ ਲਈ ਮੈਂ ਵੀ ਇਹ ਤੱਥ ਸਾਹਮਣੇ ਆਉਣ ਕਰਕੇ ਸ਼ਿਕਾਇਤ ਦਾਖ਼ਲ ਦਫ਼ਤਰ ਕਰ ਦਿੱਤੀ ਸੀ।’’ ਕੈਰੋਂ ਸਾਹਿਬ ਨੇ ਗੁੱਸੇ ਨਾਲ ਕਿਹਾ, ”ਪਰ ਤੂੰ ਇਸਦੀ ਘੋਖ ਕਰਨੀ ਸੀ। ਸ਼ਿਕਾਇਤ ਦੀ ਤਹਿ ਤੱਕ ਜਾਣ ਲਈ ਅੱਗੋਂ ਪੂਰੀ ਪੁੱਛਗਿੱਛ ਕਰਨੀ ਸੀ ਤਾਂ ਜੋ ਸੱਚਾਈ ਦਾ ਪਤਾ ਲੱਗ ਸਕਦਾ।’’ ਖੰਨੇ ਨੇ ਅੱਗੋਂ ਉੱਤਰ ਦਿੱਤਾ, ”ਸਰ, ਸਚਾਈ ਉਹੀ ਹੈ ਜੋ ਅਦਾਲਤ ਨੇ ਮੁਕੱਦਮੇ ਦਾ ਫ਼ੈਸਲਾ ਕਰਦਿਆਂ ਅੰਕਤ ਕੀਤੀ ਹੈ ਕਿ ਇਹ ਸ਼ਿਕਾਇਤ ਝੂਠੀ ਹੈ।’’ ਕੈਰੋਂ ਸਾਹਿਬ ਨੇ ਘੂਰ ਕੇ ਕਿਹਾ, ”ਇਹ ਸੱਚ ਲੱਭਣ ਦਾ ਤਰੀਕਾ ਬੜਾ ਨਿਰਾਲਾ ਹੈ। ਤੂੰ ਸੌਖਾ ਰਾਹ ਲੱਭਿਆ ਹੈ ਅਤੇ ਸ਼ਿਕਾਇਤ ਦੀ ਪੂਰੀ ਤਰ੍ਹਾਂ ਪੁਣ-ਛਾਣ ਨਹੀਂ ਕੀਤੀ। ਲੋਕ ਅਦਾਲਤਾਂ ਵਿਚ ਝੂਠ ਬੋਲਦੇ ਹਨ ਅਤੇ ਮੁਕੱਦਮਿਆਂ ਦਾ ਫ਼ੈਸਲਾ ਝੂਠ ਦੇ ਅਧਾਰ ’ਤੇ ਹੋ ਜਾਂਦਾ ਹੈ।’’ ਖੰਨੇ ਨੇ ਕਿਹਾ, ”ਸਰ ਮੇਰੇ ਲਈ ਤਾਂ ਸੱਚ ਉਹੋ ਹੈ ਜੋ ਅਦਾਲਤ ਦੇ ਫ਼ੈਸਲੇ ਵਿਚ ਅੰਕਤ ਹੈ। ਕਾਨੂੰਨ ਤਾਂ ਇਹੋ ਕਹਿੰਦਾ ਹੈ।’’ ਕੈਰੋਂ ਸਾਹਿਬ ਨੇ ਉੱਤਰ ਦਿੱਤਾ, ”ਕਾਨੂੰਨ ਕੀ ਹੁੰਦਾ ਹੈ? ਕਾਨੂੰਨ ਤਾਂ ਮੋਮ ਦੀ ਨੱਕ ਹੈ, ਜਿੱਧਰ ਚਾਹੋ ਮਰਜ਼ੀ ਮੋੜ ਲਵੋ। ਕਾਨੂੰਨ ਉਹ ਹੈ ਜੋ ਮੈਂ ਕਹਿੰਦਾ ਹਾਂ।’’ ਇਹ ਸੁਣ ਕੇ ਖੰਨਾ ਚੁੱਪ ਹੋ ਗਿਆ ਅਤੇ ਸਾਰੇ ਅਫ਼ਸਰ ਸਕਤੇ ਵਿਚ ਆ ਗਏ।
ਸਿੰਚਾਈ ਵਿਭਾਗ ਦਾ ਇਕ ਐਕਸ.ਈ.ਐਨ.ਸੀ ਦਲਜੀਤ ਸਿੰਘ ਢਿੱਲੋਂ। ਇਕ ਵਾਰੀ ਉਸ ਦੀ ਸ਼ਾਮਤ ਆ ਗਈ। ਇਕ ਸ਼ਿਕਾਇਤ ਨੂੰ ਲੈ ਕੇ ਉਸ ਦੀ ਝਾੜ ਝੰਬ ਸ਼ੁਰੂ ਹੋ ਗਈ। ਉਸ ਨੇ ਕਿਹਾ, ”ਸਰ ਮੈਂ ਇਸ ਸ਼ਿਕਾਇਤ ਕੁਨਿੰਦਾ ਦੀ ਸ਼ਿਕਾਇਤ ਦਾ ਸਮਾਧਾਨ ਕਰ ਦਿੱਤਾ ਸੀ।’’ ਪਰ ਇਸ ਉੱਤਰ ਨਾਲ ਕੈਰੋਂ ਸਾਹਿਬ ਦੀ ਤਸੱਲੀ ਨਾ ਹੋਈ। ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤਾ ਕਿ ਇਸ ਬੰਦੇ ਨੂੰ ਉਸ ਦੇ ਪਿੰਡੋਂ ਬੁਲਾ ਕੇ ਹੁਣੇ ਹਾਜ਼ਰ ਕਰੋ ਤਾਂ ਜੋ ਸੱਚ ਝੂਠ ਦਾ ਨਿਤਾਰਾ ਹੋ ਸਕੇ। ਮੈਨੂੰ ਇਸ ਅਫ਼ਸਰ ਦੀ ਗੱਲਬਾਤ ਤੋਂ ਤਸੱਲੀ ਨਹੀਂ ਹੋਈ।’’ ਸ਼ਿਕਾਇਤੀ ਨਕੋਦਰ ਲਾਗੇ ਕਿਸੇ ਪਿੰਡ ਵਿਚ ਰਹਿੰਦਾ ਸੀ। ਜੀਪ ਭੇਜ ਕੇ ਉਸਨੂੰ ਉਸ ਦੇ ਪਿੰਡੋਂ ਬੁਲਾਇਆ। ਜਦੋਂ ਉਹ ਹਾਜ਼ਰ ਹੋਇਆ ਤਾਂ ਉਸ ਨੇ ਵੀ ਆ ਕੇ ਇਹੀ ਕਿਹਾ ਕਿ ਉਸਦੀ ਸ਼ਿਕਾਇਤ ਦਾ ਨਿਵਾਰਨ ਹੋ ਗਿਆ ਹੈ। ਕੈਰੋਂ ਸਾਹਿਬ ਚੁੱਪ ਹੋ ਗਏ ਪਰ ਅਗਲੀ ਮੀਟਿੰਗ ਵਿਚ ਫੇਰ ਉਸਦੀ ਝਾੜ ਝੰਬ ਸ਼ੁਰੂ ਹੋ ਗਈ। ਮੁੱਖ ਮੰਤਰੀ ਦੇ ਇਸ ਵਤੀਰੇ ਸਾਹਮਣੇ ਉਹ ਕਰ ਵੀ ਕੀ ਸਕਦਾ ਸੀ? ਕੈਰੋਂ ਸਾਹਿਬ ਨੇ ਕਿਹਾ, ”ਇਸ ਅਫ਼ਸਰ ਦੇ ਕਾਰ ਵਿਹਾਰ ਤੋਂ ਮੇਰੀ ਤਸੱਲੀ ਨਹੀਂ ਹੋਈ।’’ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤਾ, ”ਕਿਸੇ ਅਫ਼ਸਰ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਉਹ ਇਸ ਅਫ਼ਸਰ ਦੇ ਰੀਕਾਰਡ ਦੀ ਪੁਣ ਛਾਣ ਕਰਕੇ ਅਗਲੀ ਮੀਟਿੰਗ ਵਿਚ ਮੈਨੂੰ ਰਿਪੋਰਟ ਕਰੇ।’’ ਡਿਪਟੀ ਕਮਿਸ਼ਨਰ ਨੇ ਮੇਰੀ ਡਿਊਟੀ ਲਗਾ ਦਿੱਤੀ। ਮੈਂ ਸਾਰਾ ਰੀਕਾਰਡ ਚੈੱਕ ਕੀਤਾ। ਮੈਨੂੰ ਕੋਈ ਤਰੁਟੀ ਨਜ਼ਰ ਨਾ ਆਈ ਪਰ ਕੈਰੋਂ ਸਾਹਿਬ ਦੀ ਤਸੱਲੀ ਨਾ ਹੋਈ ਅਤੇ ਕਿਸੇ ਨਾ ਕਿਸੇ ਆਨੇ ਬਹਾਨੇ ਉਸਦੀ ਝਾੜ ਝੰਬ ਹੁੰਦੀ ਰਹੀ। ਇਕ ਵਾਰੀ ਮੈਂ ਉਸ ਨੂੰ ਪੁੱਛਿਆ, ਮੁੱਖ ਮੰਤਰੀ ਸਾਹਿਬ, ਤੁਹਾਡੇ ਮਗਰ ਕਿਉਂ ਪਏ ਹੋਏ ਹਨ?’’ ਉਸ ਨੇ ਭੇਦ ਖੋਲ੍ਹਦਿਆਂ ਕਿਹਾ, ”ਗਿਆਨ ਸਿੰਘ ਰਾੜੇਵਾਲੇ ਨੇ ਆਪਣਾ ਇਕ ਟਿਊਬਵੈੱਲ ਸਰਕਾਰ ਨੂੰ ਵੇਚਿਆ ਸੀ ਮੈਂ ਉਸਦਾ ਮੁੱਲ ਤੈਅ ਕੀਤਾ ਸੀ। ਹੁਣ ਕੈਰੋਂ ਸਾਹਿਬ ਇਹ ਚਾਹੁੰਦੇ ਹਨ ਕਿ ਮੈਂ ਬਿਆਨ ਦੇਵਾਂ ਕਿ ਮੁੱਲ ਠੀਕ ਨਹੀਂ ਅਤੇ ਰਾੜੇਵਾਲੇ ਨੇ ਧੱਕੇ ਨਾਲ ਵੱਧ ਮੁੱਲ ਪੁਆ ਲਿਆ ਸੀ। ਪਰ ਮੈਂ ਇਸ ਗੱਲ ਲਈ ਰਾਜ਼ੀ ਨਹੀਂ ਹੋਇਆ।’’ ਬਹੁਤ ਦੇਰ ਬਾਅਦ ਇਸ ਅਫ਼ਸਰ ਦਾ ਪਿੱਛਾ ਉਦੋਂ ਛੁੱਟਾ ਜਦੋਂ ਉਸ ਨੇ ਕੈਰੋਂ ਸਾਹਿਬ ਨਾਲ ਵੱਖਰੀ ਮੁਲਾਕਾਤ ਕਰਕੇ ਕਿਹਾ ਕਿ ਜੇ ਤੁਹਾਡੀ ਤਸੱਲੀ ਨਹੀਂ ਹੁੰਦੀ ਤਾਂ ਮੈਂ ਤਿਆਗ ਪੱਤਰ ਦੇ ਦਿੰਦਾ ਹਾਂ। ਪਰ ਇਹ ਰੋਜ਼ ਰੋਜ਼ ਦੀ ਬੇਇੱਜ਼ਤੀ ਹੁਣ ਹੋਰ ਮੈਥੋਂ ਬਰਦਾਸ਼ਤ ਨਹੀਂ ਹੁੰਦੀ ਤਾਂ ਕੈਰੋਂ ਸਾਹਿਬ ਨੇ ਉਸਦਾ ਖਹਿੜਾ ਛੱਡਿਆ।
ਇਕ ਮੀਟਿੰਗ ਵਿਚ ਮੇਰੀ ਵੀ ਵਾਰੀ ਆ ਗਈ। ਕੈਰੋਂ ਸਾਹਿਬ ਨੇ ਕਿਹਾ, ”ਓਏ ਸਰਦਾਰਾ ਤੂੰ ਕੀ ਕੰਮ ਕਰਦਾ ਹੈਂ? ਮੈਂ ਬਾਕੀ ਸਾਰਿਆਂ ਦੀ ਭੁਗਤ ਸੰਵਾਰ ਲਈ ਹੈ ਪਰ ਤੇਰੀ ਅਜੇ ਤੱਕ ਖੁੰਬ ਨਹੀਂ ਠੱਪੀ? ਤੂੰ ਬੜਾ ਚਹਿਕਦਾ ਹੈਂ?’’ ਮੈਂ ਕਿਹਾ ਜੀ ਮੈਂ ਜੀ.ਏ. ਹਾਂ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਪ੍ਰਸ਼ਾਸਨ ਮੇਰੇ ਅਧੀਨ ਹੈ।’’ ਕੈਰੋਂ ਸਾਹਿਬ ਨੇ ਕਿਹਾ, ”ਪਰ ਪ੍ਰਸ਼ਾਸਨ ਤੋਂ ਇਲਾਵਾ ਤੇਰੇ ਅਧੀਨ ਕੋਈ ਬ੍ਰਾਂਚਾਂ ਵੀ ਤਾਂ ਹੋਣਗੀਆਂ?’’ ਮੈਂ ਕਿਹਾ, ”ਹਾਂ ਜੀ, ਮੇਰੇ ਅਧੀਨ ਰੀਕਾਰਡ ਰੂਮ ਅਤੇ ਨਕਲ ਏਜੰਸੀ ਹੈ।’’ ਕੈਰੋਂ ਸਾਹਿਬ ਨੇ ਕਿਹਾ, ”ਡਿਪਟੀ ਕਮਿਸ਼ਨਰ ਦੇ ਦਫ਼ਤਰ ਦੀਆਂ ਇਨ੍ਹਾ ਬ੍ਰਾਂਚਾਂ ਵਿਚ ਬੜਾ ਭ੍ਰਿਸ਼ਟਾਚਾਰ ਹੈ ਅਤੇ ਲੋਕਾਂ ਨੂੰ ਇਨ੍ਹਾਂ ਸਬੰਧੀ ਬੜੀਆਂ ਸ਼ਿਕਾਇਤਾਂ ਰਹਿੰਦੀਆਂ ਹਨ।’’ ਹੁਣ ਤੱਕ ਜੋ ਕਾਰਵਾਈ ਹੋ ਚੁੱਕੀ ਸੀ ਉਸ ਤੋਂ ਮੈਨੂੰ ਇਹ ਤਜਰਬਾ ਹੋ ਗਿਆ ਸੀ ਕਿ ਜਿਹੜਾ ਵੀ ਅਫ਼ਸਰ ਕੈਰੋਂ ਸਾਹਿਬ ਦੀ ਗੱਲ ਉਲੱਦਣ ਦੀ ਕੋਸ਼ਿਸ਼ ਕਰਦਾ ਕੈਰੋਂ ਸਾਹਿਬ ਉਸਦੀ ਬਾਂ ਬੁਲਾ ਦਿੰਦੇ। ਉਸਦੀ ਖ਼ੂਬ ਠੱਪ ਚੰਡ ਹੁੰਦੀ। ਉਹ ਪਾਣੀਉਂ ਪਤਲਾ ਹੋ ਜਾਂਦਾ। ਇਸ ਲਈ ਮੈਂ ਕਿਹਾ, ”ਹਾਂ ਜੀ ਇਹ ਗੱਲ ਠੀਕ ਹੈ।’’ ਕੈਰੋਂ ਸਾਹਿਬ ਨੇ ਮੁਸਕਰਾ ਕੇ ਕਿਹਾ, ”ਸਰਦਾਰਾ ਦੱਸ ਫੇਰ ਮੈਂ ਤੈਨੂੰ ਹੁਣੇ ਮੁਅੱਤਲ ਕਰਾਂ ਕਿ ਨਾਂ?’’ ਮੈਂ ਕਿਹਾ, ”ਜ਼ਰੂਰ ਕਰੋ ਜੀ ਪਰ ਜੇ ਮੇਰਾ ਇਸ ਗੱਲ ਵਿਚ ਕੋਈ ਕਸੂਰ ਹੋਵੇ।’’ ਕੈਰੋਂ ਸਾਹਿਬ ਨੇ ਕਿਹਾ, ”ਓਏ ਜੇ ਤੇਰਾ ਕਸੂਰ ਨਹੀਂ ਤਾਂ ਹੋਰ ਕਿਸਦਾ ਹੈ? ਤੂੰ ਇਨ੍ਹਾਂ ਦੋ ਬ੍ਰਾਂਚਾਂ ਦਾ ਇੰਚਾਰਜ ਹੈਂ, ਤੇਰੇ ਸਿਵਾ ਕਸੂਰ ਹੋਰ ਕਿਸਦਾ ਹੋ ਸਕਦਾ ਹੈ?’’ ਮੈਂ ਕਿਹਾ, ”ਜੀ ਕਸੂਰ ਸਰਕਾਰ ਦਾ ਹੈ?’’ ਕੈਰੋਂ ਸਾਹਿਬ ਨੇ ਉਤਸੁਕਤਾ ਨਾਲ ਪੁੱਛਿਆ, ”ਉਹ ਕਿਵੇਂ?’’ ਮੈਂ ਕਿਹਾ, ”ਦੇਖੋ ਜੀ ਸਿੱਖਾਂ ਦੀ ਪਹਿਲੀ ਲੜਾਈ 1845 ਵਿਚ ਹੋਈ ਸੀ ਅਤੇ ਅੰਗਰੇਜਾਂ ਨੇ ਉਸ ਲੜਾਈ ਤੋਂ ਬਾਅਦ ਜਲੰਧਰ ਉੱਤੇ ਕਬਜ਼ਾ ਕੀਤਾ ਸੀ ਅਤੇ ਉਦੋਂ ਰੀਕਾਰਡ ਰੂਮ ਸਥਾਪਤ ਕੀਤਾ ਗਿਆ ਸੀ। ਇਸ ਰੀਕਾਰਡ ਰੂਮ ਵਿਚ ਰਿਕਾਰਡ ਸਾਂਭਣ ਦਾ ਤੌਰ ਤਰੀਕਾ ਸੌ ਸਾਲ ਤੋਂ ਵੱਧ ਪੁਰਾਣਾ ਹੈ। ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਹੈ ਪਰ ਅਸੀਂ ਅਜੇ ਵੀ ਰੀਕਾਰਡ ਰੂਮ ਉਵੇਂ ਹੀ ਚਲਾ ਰਹੇ ਹਾਂ। ਹਰ ਇਕ ਪਿੰਡ ਦੇ ਰੀਕਾਰਡ ਲਈ ਬਸਤੇ ਬਣੇ ਹੋਏ ਹਨ। ਜੋ ਨਵੀਂ ਮਿਸਲ ਬਣਦੀ ਹੈ ਉਹ ਸਬੰਧਤ ਪਿੰਡ ਦੇ ਬਸਤੇ ਵਿਚ ਬੰਨ੍ਹ ਦਿੰਦੇ ਹਨ। ਪਰ ਇਸ ਰੀਕਾਰਡ ਰੂਮ ਵਿਚ ਕੋਈ ਪੱਖਾ ਨਹੀਂ ਲੱਗਾ ਹੋਇਆ ਅਤੇ ਨਾ ਹੀ ਰੋਸ਼ਨੀ ਦਾ ਕੋਈ ਵਧੀਆ ਪ੍ਰਬੰਧ ਹੈ। ਤੁਸੀਂ ਹੁਣੇ ਜਾ ਕੇ ਦੇਖ ਲਵੋ, ਬਾਬੂਆਂ ਨੇ ਕੱਛੇ ਬਨੈਣਾਂ ਪਾਈਆਂ ਹੋਈਆਂ ਹਨ ਅਤੇ ਮਿਸਲਾਂ ਢੂੰਡ ਰਹੇ ਹਨ। ਜਿਸ ਕਲਰਕ ਨੂੰ ਸਜ਼ਾ ਦੇਣੀ ਹੁੰਦੀ ਹੈ, ਉਸਦੀ ਨਿਯੁਕਤੀ ਰੀਕਾਰਡ ਰੂਮ ਵਿਚ ਕਰ ਦਿੰਦੇ ਹਨ। ਜਿਸ ਬਾਬੂ ਨੇ ਕੋਈ ਮਿਸਲ ਕਿਸੇ ਬਸਤੇ ਵਿਚ ਬੰਨ੍ਹੀ ਹੁੰਦੀ ਹੈ, ਉਸ ਨੂੰ ਹੀ ਉਸਦਾ ਪਤਾ ਹੁੰਦਾ ਹੈ, ਹੋਰ ਕਿਸੇ ਨੂੰ ਨਹੀਂ। ਜੇ ਕਿਸੇ ਨੇ ਸ਼ਰਾਰਤ ਕਰਨੀ ਹੋਵੇ ਤਾਂ ਕੋਈ ਮਿਸਲ ਕਿਸੇ ਹੋਰ ਬਸਤੇ ਵਿਚ ਬੰਨ੍ਹ ਦੇਵੇ ਤਾਂ ਕੋਈ ਦੂਸਰਾ ਮਿਸਲ ਨਹੀਂ ਲੱਭ ਸਕਦਾ। ਬਸ ਇਹੋ ਬਦ ਇੰਤਜ਼ਾਮੀ ਅਤੇ ਭਰਿਸ਼ਟਾਚਾਰ ਦੀ ਜੜ੍ਹ ਹੈ। ਕੋਈ ਅਫ਼ਸਰ ਜਿੰਨੀ ਸਤਰਕਤਾ ਮਰਜ਼ੀ ਵਕਤ ਲਵੇ ਉਹ ਸੁਧਾਰ ਨਹੀਂ ਕਰ ਸਕਦਾ। ਹਾਲਤ ਓਨਾ ਚਿਰ ਨਹੀਂ ਸੁਧਰ ਸਕਦੀ ਜਿੰਨਾ ਚਿਰ ਰੀਕਾਰਡ ਰੂਮ ਨੂੰ ਡਾਕੂਮੈਂਟੇਸ਼ਨ ਸੈਂਟਰ ਦੇ ਤੌਰ ’ਤੇ ਵਿਕਸਤ ਨਹੀਂ ਕੀਤਾ ਜਾਂਦਾ। ਰੀਕਾਰਡ ਰੂਮ ਵਿਚ ਰੀਕਾਰਡ ਦੀ ਸਾਂਭ ਸੰਭਾਲ ਲਈ ਲਾਇਬਰੇਰੀ ਸਾਇੰਸ ਦੇ ਅਸੂਲਾਂ ਦੀ ਪਾਲਣਾ ਨਹੀਂ ਹੁੰਦੀ ਅਤੇ ਸਟਾਫ਼ ਵੀ ਉਹ ਹੋਵੇ ਜੋ ਕਿ ਲਾਇਬਰੇਰੀ ਸਾਇੰਸ ਵਿਚ ਟਰੇਂਡ ਹੋਵੇ। ਇਸੇ ਤਰ੍ਹਾਂ ਨਕਲ ਏਜੰਸੀ ਵਿਚ ਫੋਟੋ ਕੌਪੀਇੰਗ ਦਾ ਪ੍ਰਬੰਧ ਹੋਵੇ। ਹੁਣ ਬਹੁਤੀਆਂ ਨਕਲਾਂ ਹੱਥ ਲਿਖਾਈ ਨਾਲ ਤਿਆਰ ਹੁੰਦੀਆਂ ਹਨ। ਜਿਸ ਨਾਲ ਦੇਰ ਹੋ ਜਾਂਦੀ ਹੈ ਅਤੇ ਜਿਸ ਸਾਇਲ ਨੂੰ ਨਕਲ ਜਲਦੀ ਚਾਹੀਦੀ ਹੁੰਦੀ ਹੈ, ਉਹ ਪਹੀਏ ਲਾ ਦਿੰਦਾ ਹੈ।’’ ਕੈਰੋਂ ਸਾਹਿਬ ਨੇ ਮੇਰੀ ਗੱਲ ਸੁਣ ਕੇ ਕਿਹਾ, ”ਸਰਦਾਰਾ, ਮੈਨੂੰ ਤੇਰੀ ਗੱਲ ਵਿਚ ਵਜ਼ਨ ਜਾਪਦਾ ਹੈ। ਤੂੰ ਇੰਜ ਕਰ, ਰੀਕਾਰਡ ਰੂਮ ਅਤੇ ਨਕਲ ਏਜੰਸੀ ਨੂੰ ਨਵੇਂ ਸਿਰ ਤੋਂ ਗਠਿਤ ਕਰਨ ਲਈ ਸਰਕਾਰ ਨੂੰ ਇਕ ਤਫ਼ਸੀਲੀ ਤਜਵੀਜ਼ ਬਣਾ ਕੇ ਭੇਜ ਤਾਂ ਜੋ ਮੈਂ ਰੀਕਾਰਡ ਰੂਮ ਅਤੇ ਨਕਲ ਏਜੰਸੀ ਨੂੰ ਨਵੀਆਂ ਲੀਹਾਂ ’ਤੇ ਵਿਕਸਤ ਕਰਨ ਦਾ ਉਪਰਾਲਾ ਕਰ ਸਕਾਂ।’’ ਮੈਂ ਇਕ ਬੜੀ ਵਿਸਤ੍ਰਤ ਰਿਪੋਰਟ ਤਿਆਰ ਕੀਤੀ। ਕਈ ਦਿਨ ਇਸ ਕੰਮ ’ਤੇ ਰੁੱਝਾ ਰਿਹਾ ਪਰ ਅੱਜ ਤੱਕ ਉਸ ਤਜਵੀਜ਼ ’ਤੇ ਅਮਲ ਨਹੀਂ ਹੋਇਆ।
ਇਕ ਦਿਨ ਸਵੇਰੇ-ਸਵੇਰੇ ਕੈਰੋਂ ਸਾਹਿਬ ਦੇ ਪੀ.ਏ. ਦਾ ਟੈਲੀਫੂਨ ਆ ਗਿਆ। ਕੈਰੋਂ ਸਾਹਿਬ ਜਲੰਧਰ ਛਾਉਣੀ ਵਾਲੇ ਪੀ.ਡਬਲਿਊ.ਡੀ. ਰੈਸਟ ਹਾਊਸ ਵਿਚ ਠਹਿਰੇ ਹੋਏ ਸਨ। ਪੀ.ਏ. ਨੇ ਕਿਹਾ, ”ਮੁੱਖ ਮੰਤਰੀ ਜੀ ਨੇ ਤੁਹਾਨੂੰ ਹੁਣੇ ਤਲਬ ਕੀਤਾ ਹੈ।’’ ਮੈਂ ਸਾਈਕਲ ’ਤੇ ਸਵਾਰ ਹੋ ਕੇ ਉਨ੍ਹਾਂ ਦੀ ਅਰਦਲ ਵਿਚ ਪਹੁੰਚ ਗਿਆ। ਕੈਰੋਂ ਸਾਹਿਬ ਕੱਛ ਬਨੈਣ ਪਾਈ ਕੁਰਸੀ ’ਤੇ ਬਿਰਾਜਮਾਨ ਆਪਣੇ ਸਟੈਨੋ ਨੂੰ ਕੁਛ ਡਿਕਟੇਸ਼ਨ ਦੇ ਰਹੇ ਸਨ। ਕੁਛ ਦੇਰ ਉਹ ਆਪਣੇ ਕੰਮ ਵਿਚ ਵਿਅਸਤ ਰਹੇ ਜਿਸ ਤੋਂ ਮੈਨੂੰ ਅੰਦਾਜ਼ਾ ਹੋਇਆ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਜਸਟਿਸ ਹਰਬੰਸ ਸਿੰਘ ਵਿਰੁੱਧ ਪੱਤਰ ਲਿਖਵਾ ਰਹੇ ਸਨ। ਜੋ ਪੈਰਾ ਲਿਖਵਾ ਰਹੇ ਸਨ, ਉਸ ਤੋਂ ਵਿਹਲੇ ਹੋ ਕੇ ਉਹਨਾਂ ਮੈਨੂੰ ਕਿਹਾ, ”ਫਲਾਣੇ ਆਦਮੀ ਨੂੰ ਤੁਸੀਂ ਪਸਤੌਲ ਦਾ ਲਾਈਸੈਂਸ ਕਿਉਂ ਨਹੀਂ ਦੇ ਰਹੇ?’’ ਮੈਂ ਕਿਹਾ, ”ਜੀ ਲਾਈਸੈਂਸ ਦੇਣ ਤੋਂ ਪਹਿਲਾਂ ਪੁਲਸ ਤੋਂ ਰਿਪੋਰਟ ਲਈ ਜਾਂਦੀ ਹੈ। ਇਸ ਮਾਮਲੇ ਵਿਚ ਪੁਲਸ ਨੇ ਇਸਦੇ ਹੱਕ ਵਿਚ ਰਿਪੋਰਟ ਨਹੀਂ ਭੇਜੀ।’’ ਉਨ੍ਹਾਂ ਘੂਰ ਕੇ ਕਿਹਾ, ”ਕਿਉਂ ਨਹੀਂ ਭੇਜੀ? ਇਹ ਸਾਇਲ ਤਾਂ ਪੈਨਸ਼ਨ ਯਾਫ਼ਤਾ ਫੌਜੀ ਹੈ ਅਤੇ ਇਸ ਨੂੰ ਫੌਜ ਵਿਚੋਂ ਪ੍ਰਮਾਣ ਪੱਤਰ ਵੀ ਮਿਲਿਆ ਹੋਇਆ ਹੈ।’’ ਮੈਂ ਕਿਹਾ, ”ਜੀ ਮੈਨੂੰ ਇਸਦਾ ਕੋਈ ਇਲਮ ਨਹੀਂ।’’ ਥੋੜ੍ਹੀ ਦੇਰ ਬਾਅਦ ਪੁਲਸ ਕਪਤਾਨ ਵੀ ਆ ਗਿਆ। ਉਸ ਨੂੰ ਘੂਰ ਕੇ ਪੁੱਛਿਆ, ”ਇਸ ਫੌਜੀ ਨੂੰ ਪਸਤੌਲ ਦਾ ਲਾਈਸੈਂਸ ਕਿਉਂ ਨਹੀਂ ਮਿਲ ਰਿਹਾ? ਪੁਲਸ ਕਪਤਾਨ ਨੇ ਕਿਹਾ, ”ਜੀ ਇਸਦੇ ਇਲਾਕੇ ਦੇ ਥਾਣੇਦਾਰ ਨੇ ਇਸਦੇ ਹੱਕ ਵਿਚ ਰਿਪੋਰਟ ਨਹੀਂ ਦਿੱਤੀ।’’ ਕੈਰੋਂ ਸਾਹਿਬ ਨੇ ਗੁੱਸੇ ਵਿਚ ਆ ਕੇ ਕਿਹਾ, “ਕਿਉਂ ਨਹੀਂ ਦਿੱਤੀ? ਇਹ ਬੰਦਾ ਫੌਜੀ ਹੈ, ਪੈਨਸ਼ਨ ਯਾਫ਼ਤਾ। ਇਸ ਨੂੰ ਫੌਜ ਤੋਂ ਪ੍ਰਮਾਣ ਪੱਤਰ ਮਿਲਿਆ ਹੋਇਆ ਹੈ। ਜੇ ਥਾਣੇਦਾਰ ਨੇ ਰਿਪੋਰਟ ਇਸਦੇ ਹੱਕ ਵਿਚ ਨਹੀਂ ਦਿੱਤੀ ਤਾਂ ਤੇਰੀ ਨਲਾਇਕੀ ਹੈ। ਇਹੋ ਜਿਹੇ ਥਾਣੇਦਾਰ ਦੀ ਰਿਪੋਰਟ ਆਉਣ ’ਤੇ ਉਸਦੇ ਚਾਰ ਛਿੱਤਰ ਮਾਰਨੇ ਚਾਹੀਦੇ ਸੀ। ਇਸਦਾ ਮਤਲਬ ਹੈ ਕਿ ਤੇਰੀ ਮਾਤਹਿਤ ਅਮਲੇ ’ਤੇ ਕੋਈ ਨਿਗਰਾਨੀ ਹੀ ਨਹੀਂ। ਉਹ ਜੋ ਮਰਜ਼ੀ ਖੇਹ ਉੜਾਈ ਜਾਣ। ਤੂੰ ਜ਼ਿਲ੍ਹੇ ਦੀ ਪੁਲਸ ਕਪਤਾਨੀ ਦੇ ਕਾਬਲ ਹੀ ਨਹੀਂ।’’ ਫੇਰ ਮੈਨੂੰ ਕਮਰੇ ਤੋਂ ਬਾਹਰ ਜਾਣ ਦਾ ਇਸ਼ਾਰਾ ਕੀਤਾ। ਮੈਂ ਨਮਸਕਾਰ ਕਰਕੇ ਬਾਹਰ ਆ ਗਿਆ ਅਤੇ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਦਾ ਰੁਖ ਕੀਤਾ। ਪਰ ਪੁਲਿਸ ਕਪਤਾਨ ਦੀ ਲਾਹ ਪਾਹ ਜਾਰੀ ਰਹੀ। ਮੈਂ ਅਜੇ ਅੱਧੀ ਵਾਟ ਤੈਅ ਕੀਤੀ ਹੋਵੇਗੀ ਕਿ ਪਿੱਛੋਂ ਪੁਲਸ ਕਪਤਾਨ ਆਪਣੀ ਜੀਪ ’ਤੇ ਮੇਰੇ ਨਾਲ ਆ ਰਲਿਆ। ਉਸ ਨੇ ਇਸ਼ਾਰਾ ਕਰਕੇ ਮੈਨੂੰ ਰੁਕਣ ਲਈ ਕਿਹਾ। ਮੈਂ ਜਦੋਂ ਸਾਈਕਲ ਤੋਂ ਉਤਰ ਕੇ ਖੜ੍ਹਾ ਹੋਇਆ ਤਾਂ ਉਸ ਨੇ ਮੈਨੂੰ ਕਿਹਾ, ”ਤੁਸੀਂ ਆਪਣਾ ਸਾਈਕਲ ਮੇਰੇ ਡਰਾਈਵਰ ਨੂੰ ਦੇ ਦੋਵੋ ਅਤੇ ਤੁਸੀਂ ਮੇਰੇ ਨਾਲ ਜੀਪ ’ਚ ਚੱਲੋ। ਇਹ ਆਪੇ ਤੁਹਾਡਾ ਸਾਈਕਲ ਲੈ ਆਵੇਗਾ। ਮੈਂ ਤੁਹਾਡੇ ਨਾਲ ਇਕ ਜ਼ਰੂਰੀ ਗੱਲ ਕਰਨੀ ਹੈ।’’ ਮੈਂ ਸਾਈਕਲ ਡਰਾਈਵਰ ਦੇ ਹਵਾਲੇ ਕਰਕੇ ਜੀਪ ਵਿਚ ਡਰਾਈਵਰ ਸੀਟ ਦੇ ਨਾਲ ਲਗਦੀ ਫਰੰਟ ਸੀਟ ’ਤੇ ਜਾ ਬੈਠਾ। ਪੁਲਸ ਕਪਤਾਨ ਜੀਪ ਚਲਾਉਣ ਲੱਗਾ। ਉਸ ਨੂੰ ਹੋਈ ਬੇਇਜ਼ਤੀ ਦਾ ਬੜਾ ਰੰਜ ਸੀ। ਉਸਨੇ ਕਿਹਾ, ”ਅੱਜ ਜੋ ਮੇਰੀ ਬੇਇੱਜ਼ਤੀ ਹੋਈ ਹੈ, ਮੈਂ ਫ਼ੈਸਲਾ ਕਰ ਲਿਆ ਹੈ ਕਿ ਮੈਂ ਹੁਣ ਇਹ ਨੌਕਰੀ ਨਹੀਂ ਕਰਨੀ। ਮੈਂ ਤਿਆਗ ਪੱਤਰ ਦੇ ਦੇਣਾ ਹੈ।’’ ਮੈਂ ਪੁੱਛਿਆ, ”ਪਰ ਕੈਰੋਂ ਸਾਹਿਬ ਤੁਹਾਡੇ ਨਾਲ ਏਨੇ ਖ਼ਫ਼ਾ ਕਿਉਂ ਹਨ?’’ ਉਸ ਨੇ ਉੱਤਰ ਦਿੱਤਾ, ”ਇਸਦਾ ਕਾਰਨ ਹੈ ਮੇਰੀ ਸ. ਦਰਬਾਰਾ ਸਿੰਘ ਨਾਲ ਨੇੜਤਾ। ਪਹਿਲੋਂ ਕੈਰੋਂ ਸਾਹਿਬ ਨੇ ਆਪ ਹੀ ਮੇਰੀ ਇਹ ਨੇੜਤਾ ਕਰਵਾਈ ਸੀ ਅਤੇ ਹਦਾਇਤ ਕੀਤੀ ਸੀ ਕਿ ਮੈਂ ਦਰਬਾਰਾ ਸਿੰਘ ਦਾ ਹਰ ਕੰਮ ਕਰਦਿਆਂ ਕਰਾਂ। ਪਰ ਹੁਣ ਇਨ੍ਹਾਂ ਦੀ ਆਪਸ ਵਿਚ ਬਿਗੜ ਗਈ ਹੈ ਅਤੇ ਇਹ ਮੈਨੂੰ ਉਸਦੀ ਖੁੰਬ ਠੱਪਣ ਲਈ ਕਹਿ ਰਿਹਾ ਹੈ ਪਰ ਮੈਂ ਇਹ ਸਿਤਮ ਕਿਸ ਅਧਾਰ ’ਤੇ ਕਰਾਂ।’’ ਪਰ ਪੁਲਸ ਕਪਤਾਨ ਨੇ ਤਿਆਗ ਪੱਤਰ ਨਾ ਦਿੱਤਾ। ਪਿੱਛੋਂ ਮੈਨੂੰ ਇਕ ਭਰੋਸੇ ਯੋਗ ਵਸੀਲੇ ਤੋਂ ਪਤਾ ਲੱਗਾ ਕਿ ਜਦੋਂ ਪੁਲਸ ਕਪਤਾਨ ਨੇ ਆਪਣਾ ਇਹ ਇਰਾਦਾ ਆਪਣੀ ਮਾਂ ਨੂੰ ਦੱਸਿਆ ਤਾਂ ਮਾਂ ਨੇ ਕਿਹਾ, ”ਦੇਖ ਪੁੱਤ ਰੱਬ ਦੇ ਵਾਸਤੇ ਅਜਿਹਾ ਕਦਮ ਨਾ ਚੁੱਕੀਂ। ਤੂੰ ਉਹ ਦਿਨ ਯਾਦ ਕਰ ਜਦੋਂ ਕਿਸੇ ਡੀ.ਸੀ. ਜਾਂ ਐਸ.ਪੀ. ਨੂੰ ਤੂੰ ਅਤੇ ਤੇਰੇ ਪਿਤਾ ਜੀ ਮਿਲਣ ਲਈ ਘੰਟਿਆਂ ਬੱਧੀ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਰਹਿੰਦੇ ਸੀ। ਇਸ ਮੁੱਖ ਮੰਤਰੀ ਨੇ ਕਿਹੜਾ ਸਾਰੀ ਉਮਰ ਬਹਿ ਰਹਿਣਾ ਹੈ। ਇਹ ਬੁਰੇ ਦਿਨ ਵੀ ਲੰਘ ਜਾਣਗੇ। ਅਜੇ ਤੇਰੀ ਬੜੀ ਉਮਰ ਪਈ ਹੈ।’’ ਮਾਂ ਦੀ ਗੱਲ ਠੀਕ ਨਿਕਲੀ। ਮਾਂ ਨੇ ਇਸ ਪਿੱਛੋਂ ਆਪਣੇ ਪੁੱਤਰ ਦਾ ਵਿਆਹ ਗੱਜ ਵੱਜ ਕੇ ਕੀਤਾ ਅਤੇ ਪੁਲਸ ਕਪਤਾਨ ਵੀ ਚੰਗੇ ਉੱਚੇ ਅਹੁਦੇ ਤਕ ਪਹੁੰਚਾ।
ਇਕ ਹੋਰ ਬੜਾ ਦਿਲਚਸਪ ਵਾਕਿਆ ਹੋਇਆ। ਕੈਰੋਂ ਸਾਹਿਬ ਨੇ ਲੋਕ ਸੰਪਰਕ ਵਿਭਾਗ ਦੇ ਦੋ ਅਫ਼ਸਰਾਂ ਨੂੰ ਆਊਟ ਆਫ ਟਰਨ ਪ੍ਰਮੋਸ਼ਨ ਦੇ ਦਿੱਤੀ। ਇਸਦੀ ਸਾਰੇ ਵਿਭਾਗ ਵਿਚ ਬੜੀ ਚਰਚਾ ਹੋਈ। ਸੀਨੀਅਰ ਲੋਕ ਸੰਪਰਕ ਅਫ਼ਸਰ ਬੜੇ ਤਰਲੋ ਮੱਛੀ ਹੋਏ। ਉਹਨਾਂ ਨੇ ਇਨ੍ਹਾਂ ਤਰੱਕੀਆਂ ਵਿਰੁੱਧ ਬੜੀਆਂ ਦਰਖ਼ਾਸਤਾਂ ਦਿੱਤੀਆਂ ਪਰ ਬਣਿਆ ਕੁਛ ਨਾ। ਇਨ੍ਹਾਂ ਦਿਨਾਂ ਵਿਚ ਕੈਰੋਂ ਸਾਹਿਬ ਦੇ ਆਪਣੇ ਸਿਤਾਰੇ ਵੀ ਗਰਦਸ਼ ਵਿਚ ਸਨ। ਪੰਜਾਬ ਦੇ ਅਖ਼ਬਾਰਾਂ ਵਿਚ ਕੈਰੋਂ ਸਾਹਿਬ ਵਿਰੁੱਧ ਪ੍ਰਚਾਰ ਦਾ ਬਜ਼ਾਰ ਗਰਮ ਸੀ। ਲੋਕ ਗਲੀਆਂ, ਮੁਹੱਲਿਆਂ, ਬਾਜ਼ਾਰਾਂ ਅਤੇ ਬੱਸਾਂ ਵਿਚ ਕੈਰੋਂ ਸਾਹਿਬ ਦੇ ਕਾਰ ਵਿਹਾਰ ’ਤੇ ਉਲਟੀ ਸਿੱਧੀ ਟਿੱਪਣੀ ਕਰਦੇ ਰਹਿੰਦੇ। ਸਾਰੀ ਫਿਜ਼ਾ ਕੈਰੋਂ ਸਾਹਿਬ ਵਿਰੁੱਧ ਵਿਕਸਤ ਹੋ ਰਹੀ ਸੀ। ਸਰਕਾਰ ਨੇ ਫ਼ੈਸਲਾ ਕੀਤਾ ਕਿ ਇਸ ਵਾਤਾਵਰਨ ਵਿਚ ਤਬਦੀਲੀ ਲਿਆਉਣ ਲਈ ਕੈਰੋਂ ਸਾਹਿਬ ਦੇ ਹੱਕ ਵਿਚ ਇਕ ਪਰਚਾਰ ਮੁਹਿੰਮ ਵਿੱਢੀ ਜਾਵੇ। ਇਕ ਅਜਿਹੀ ਮੁਹਿੰਮ ਦੀ ਰੂਪ ਰੇਖਾ ਤਿਆਰ ਹੋ ਗਈ ਅਤੇ ਡਾਇਰੈਕਟਰ ਲੋਕ ਸੰਪਰਕ ਵਿਭਾਗ, ਸਕੱਤਰ ਅਤੇ ਸਬੰਧਤ ਮੰਤਰੀ ਦੀ ਪਰਵਾਨਗੀ ਤੋਂ ਬਾਅਦ ਜਦੋਂ ਇਹ ਕੈਰੋਂ ਸਾਹਿਬ ਕੋਲ ਮਨਜ਼ੂਰੀ ਲਈ ਪੇਸ਼ ਹੋਈ ਤਾਂ ਉਨ੍ਹਾਂ ਨੇ ਹੁਕਮ ਦਿੱਤਾ ਕਿ ਇਸ ਨੂੰ ਫੀਲਡ ਸਟਾਫ ਦੇ ਹਵਾਲੇ ਕਰਨ ਤੋਂ ਪਹਿਲਾਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਾਂ ਦੀ ਇਕ ਮੀਟਿੰਗ ਵਿਚ ਵਿਚਾਰਿਆ ਜਾਵੇ ਤਾਂ ਜੋ ਉਨ੍ਹਾਂ ਨੇ ਜੇ ਕੋਈ ਹੋਰ ਸੁਝਾਅ ਦੇਣੇ ਹੋਣ ਤਾਂ ਉਨ੍ਹਾਂ ਨੂੰ ਵਿਚਾਰ ਕੇ ਲੋੜੀਂਦੀਆਂ ਤਰਮੀਮਾਂ ਕਰਕੇ ਅਗਲੀ ਕਾਰਵਾਈ ਆਰੰਭੀ ਜਾਵੇ। ਇਸ ਤਜਵੀਜ਼ ਨੂੰ ਸਿਰੇ ਚਾੜ੍ਹਣ ਲਈ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਾਂ ਦੀ ਇਕ ਮੀਟਿੰਗ ਚੰਡੀਗੜ੍ਹ ਸੱਦੀ ਗਈ। ਜਦੋਂ ਮੀਟਿੰਗ ਹੋਈ ਤਾਂ ਓਥੇ ਡਾਇਰੈਕਟਰ ਤੋਂ ਇਲਾਵਾ ਵਿਭਾਗ ਦਾ ਸਕੱਤਰ, ਮੰਤਰੀ ਤਾਂ ਹਾਜ਼ਰ ਹੀ ਸਨ, ਕੈਰੋਂ ਸਾਹਿਬ ਵੀ ਇਸ ਮੀਟਿੰਗ ਦੀ ਕਾਰਵਾਈ ਵਿਚ ਭਾਗ ਲੈਣ ਲਈ ਤਸ਼ਰੀਫ ਲਿਆਏ। ਸਕੱਤਰ ਨੇ ਮੁਹਿੰਮ ਦੀ ਰੂਪ ਰੇਖਾ ਲੋਕ ਸੰਪਰਕ ਅਫ਼ਸਰਾਂ ਦੀ ਜਾਣਕਾਰੀ ਲਈ ਪ੍ਰਸਤੁਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਵਿਚਾਰ ਵਿਅਕਤ ਕਰਨ ਲਈ ਕਿਹਾ। ਲੋਕ ਸੰਪਰਕ ਅਫਸਰਾਂ ਨੂੰ ਆਪਣੇ ਦਿਲ ਦਾ ਗੁਬਾਰ ਕੱਢਣ ਦਾ ਚੰਗਾ ਮੌਕਾ ਹੱਥ ਆਇਆ। ਉਹ ਪਹਿਲਾਂ ਆਊਟ ਆਫ ਟਰਨ ਪ੍ਰਮੋਸ਼ਨਾਂ ਵਿਰੁੱਧ ਬੜਾ ਅਰਜ਼ੀ ਪਰਚਾ ਕਰ ਚੁੱਕੇ ਸਨ ਪਰ ਉਨ੍ਹਾਂ ਦੀ ਫਰਿਆਦ ਕਿਸੇ ਨੇ ਨਹੀਂ ਸੀ ਸੁਣੀ। ਪਹਿਲੇ ਹੀ ਵਕਤਾ ਨੇ ਕਿੱਸਾ ਛੋਹ ਲਿਆ। ਉਸ ਨੇ ਕਿਹਾ, ”ਲੋਕਾਂ ਵਿਚ ਸਰਕਾਰ ਦੇ ਹੱਕ ਵਿਚ ਪਰਚਾਰ ਤਦ ਹੀ ਕਰਾਂਗੇ ਜੇਕਰ ਸਾਡੀ ਸੰਤੁਸ਼ਟੀ ਹੋਵੇ। ਅਸੀਂ ਬੜੀ ਦੇਰ ਤੋਂ ਦਾਦ ਫਰਿਆਦ ਕਰ ਰਹੇ ਹਾਂ ਪਰ ਸਾਡੀ ਕਿਸੇ ਨੇ ਨਹੀਂ ਸੁਣੀ। ਪਹਿਲਾਂ ਸਾਡੇ ਨਾਲ ਇਨਸਾਫ਼ ਹੋਣਾ ਚਾਹੀਦਾ ਹੈ।’’ ਡਾਇਰੈਕਟਰ ਨੇ ਕਿਹਾ, ”ਇਹ ਇਕ ਵੱਖਰਾ ਮਾਮਲਾ ਹੈ, ਤੁਸੀਂ ਇਸ ਮੀਟਿੰਗ ਤੋਂ ਬਾਅਦ ਇਸ ਮੁੱਦੇ ’ਤੇ ਵੱਖਰੀ ਗੱਲ ਕਰਨਾ।’’ ਇਸ ਤੋਂ ਬਾਅਦ ਅਗਲੇ ਅਫ਼ਸਰ ਦੀ ਵਾਰੀ ਆਈ। ਉਸਨੇ ਵੀ ਉਹੋ ਕਿੱਸਾ ਛੇੜ ਦਿੱਤਾ। ਸਕੱਤਰ ਨੇ ਝਿੜਕ ਕੇ ਉਸ ਨੂੰ ਬਿਠਾ ਦਿੱਤਾ ਅਤੇ ਕਿਹਾ, ”ਜਦੋਂ ਤੁਹਾਨੂੰ ਇਕ ਵਾਰੀ ਕਹਿ ਦਿੱਤਾ ਹੈ ਕਿ ਇਸ ਮਾਮਲੇ ਸਬੰਧੀ ਵੱਖਰੀ ਚਰਚਾ ਹੋਵੇਗੀ ਅਤੇ ਹੁਣ ਜੋ ਮਾਮਲਾ ਵਿਚਾਰ ਅਧੀਨ ਹੈ ਉਸ ’ਤੇ ਆਪਣੀ ਰਾਏ ਪ੍ਰਗਟ ਕਰੋ, ਤਾਂ ਤੁਹਾਨੂੰ ਸਮਝ ਕਿਉਂ ਨਹੀਂ ਪੈਂਦੀ। ਜੇ ਵਿਚਾਰ ਅਧੀਨ ਖਰੜੇ ਦੇ ਸਬੰਧ ਵਿਚ ਕੁਝ ਟਿੱਪਣੀ ਕਰਨੀ ਹੈ ਤਾਂ ਕਰੋ ਨਹੀਂ ਤਾਂ ਚੁੱਪ ਕਰਕੇ ਬੈਠ ਜਾਵੋ।’’ ਇਸ ਤੋਂ ਬਾਅਦ ਇਕ ਹੋਰ ਅਫਸਰ ਉੱਠਿਆ, ਉਸ ਨੇ ਕੁਛ ਚਰਚਾ ਕਰਨ ਤੋਂ ਬਾਅਦ ਫੇਰ ਉਹੋ ਕਿੱਸਾ ਛੇੜਨਾ ਚਾਹਿਆ। ਮੰਤਰੀ ਜੀ ਨੇ ਉਸ ਨੂੰ ਇਸ਼ਾਰੇ ਨਾਲ ਬਿਠਾ ਦਿੱਤਾ ਅਤੇ ਮੰਚ ’ਤੇ ਆ ਕੇ ਮਾਮਲੇ ਸਬੰਧੀ ਅਜੇ ਕੁਛ ਕਹਿਣ ਲਈ ਭੂਮਿਕਾ ਹੀ ਬੰਨਣੀ ਸ਼ੁਰੂ ਕੀਤੀ ਸੀ ਕਿ ਕੈਰੋਂ ਸਾਹਿਬ ਨੇ ਇਸ਼ਾਰਾ ਕਰਕੇ ਉਸ ਨੂੰ ਬੈਠ ਜਾਣ ਦਾ ਆਦੇਸ਼ ਦਿੱਤਾ ਅਤੇ ਆਪ ਮੰਚ ’ਤੇ ਆ ਕੇ ਮਾਈਕਰੋਫੋਨ ਸੰਭਾਲ ਲਿਆ। ਕੈਰੋਂ ਸਾਹਿਬ ਨੇ ਕਿਹਾ, ”ਦੇਖੋ ਜੋ ਗੱਲ ਮੈਂ ਕਹਿਣ ਲੱਗਾ ਹਾਂ, ਉਸ ਨੂੰ ਧਿਆਨ ਨਾਲ ਸੁਣੋ ਅਤੇ ਫੇਰ ਆਪਣਾ ਵਿਚਾਰ ਪ੍ਰਗਟ ਕਰੋ। ਪੰਜਾਬ ਵਿਚ ਰਾਜ ਕਾਜ ਚਲਾਉਣਾ ਬੜਾ ਔਖਾ ਕਾਰਜ ਹੈ। ਹਾਲਾਤ ਨੂੰ ਕਾਬੂ ਵਿਚ ਰੱਖਣ ਲਈ ਕਈ ਕੁੱਤੇ ਕੰਮ ਕਰਨੇ ਪੈਂਦੇ ਹਨ। ਪਰ ਹਰ ਕੋਈ ਇਹ ਕੁੱਤੇ ਕੰਮ ਕਰ ਨਹੀਂ ਸਕਦਾ। ਇਨ੍ਹਾਂ ਨੂੰ ਸਿਰੇ ਲਾਉਣ ਲਈ ਕਿਸੇ ਹਰਾਮਜ਼ਾਦੇ ਦੀ ਲੋੜ ਪੈਂਦੀ ਹੈ। ਹੁਣ ਮੈਂ ਇਹ ਕੁੱਤੇ ਕੰਮ ਕਰਵਾਉਣ ਲਈ ਦੋ ਹਰਾਮਜ਼ਾਦੇ ਲੱਭ ਕੇ ਉਨ੍ਹਾਂ ਦੀ ਤਰੱਕੀ ਦੇ ਕੇ ਇਹ ਕੁੱਤੇ ਕੰਮ ਉਨ੍ਹਾਂ ਸਪੁਰਦ ਕਰ ਦਿੱਤੇ ਹਨ। ਪਰ ਮੈਂ ਇਹ ਨਹੀਂ ਕਹਿੰਦਾ ਕਿ ਇਨ੍ਹਾਂ ਕੁੱਤੇ ਕੰਮਾਂ ਨੂੰ ਸਿਰੇ ਚਾੜ੍ਹਣ ਲਈ ਹੋਰ ਕੋਈ ਗੁੰਜਾਇਸ਼ ਨਹੀਂ ਰਹੀ। ਅਜੇ ਵੀ ਗੁੰਜਾਇਸ਼ ਹੈ। ਇਸ ਲਈ ਤੁਹਾਡੇ ਵਿਚ ਜਿਹੜੇ-ਜਿਹੜੇ ਹਰਾਮਜ਼ਾਦੇ ਹਨ, ਉਹ ਹੱਥ ਖੜ੍ਹਾ ਕਰਨ। ਮੈਂ ਉਨ੍ਹਾਂ ਦੀ ਤਰੱਕੀ ਕਰਕੇ ਇਹ ਕੁੱਤੇ ਕੰਮ ਉਨ੍ਹਾਂ ਦੇ ਵੀ ਸਪੁਰਦ ਕਰ ਦਿਆਂਗਾ।’’ ਸਾਰੇ ਹਾਲ ਵਿਚ ਚੁੱਪ ਪਸਰ ਗਈ। ਕੁਛ ਦੇਰ ਉਡੀਕਣ ਤੋਂ ਬਾਅਦ ਕਾਰਵਾਈ ਫਿਰ ਸ਼ੁਰੂ ਹੋਈ ਅਤੇ ਬਿਨਾ ਕਿਸੇ ਚੂੰ ਚਾਂ ਦੇ ਸਿਰੇ ਚੜ੍ਹ ਗਈ।
ਕੈਰੋਂ ਸਾਹਿਬ ਦੀ ਅਫਸਰਾਂ ਨੂੰ ਡਰਾਉਣ ਧਮਕਾਉਣ ਦੀ ਪਾਲਿਸੀ ਕਿਸੇ ਹੱਦ ਤੱਕ ਸਫ਼ਲ ਰਹੀ। ਅਫ਼ਸਰ ਦਹਿਸ਼ਤ ਦੇ ਮਾਹੌਲ ਵਿਚ ਕੈਰੋਂ ਸਾਹਿਬ ਦਾ ਹਰ ਜਾਇਜ਼, ਨਾਜਾਇਜ਼ ਕੰਮ ਕਰਦੇ ਰਹੇ ਪਰ ਵਿਚੋ ਵਿਚ ਵਿਸ ਵੀ ਘੋਲਦੇ ਰਹੇ ਅਤੇ ਕੈਰੋਂ ਸਾਹਿਬ ਦੇ ਵਿਰੋਧੀਆਂ ਨੂੰ ਕੈਰੋਂ ਸਾਹਿਬ ਵਿਰੁੱਧ ਸੂਚਨਾਵਾਂ ਵੀ ਦਿੰਦੇ ਰਹੇ ਅਤੇ ਇਹ ਸੂਚਨਾਵਾਂ ਹੀ ਅੰਤ ਵਿਚ ਕੈਰੋਂ ਸਾਹਿਬ ਦੇ ਪਤਨ ਦਾ ਕਾਰਨ ਬਣੀਆਂ।
ਟੇਲ ਪੀਸ : ਇਕ ਵਾਰੀ ਸਕੱਤਰੇਤ ਦੇ ਬਾਬੂ ਇਕੱਠੇ ਹੋ ਕੇ ਕੈਰੋਂ ਸਾਹਿਬ ਦੇ ਹਜ਼ੂਰ ਪੇਸ਼ ਹੋਏ। ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਦਾ ਮਹਿੰਗਾਈ ਅਲਾਊਂਸ ਵਧਾ ਦਿੱਤਾ ਸੀ। ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਦਾ ਮਹਿੰਗਾਈ ਅਲਾਊਂਸ ਵੀ ਵਧਾ ਦਿੱਤਾ ਜਾਵੇ। ਕੈਰੋਂ ਸਾਹਿਬ ਨੇ ਗੁੱਸੇ ਨਾਲ ਕਿਹਾ- ਤੁਸੀਂ ਕੋਈ ਕੰਮ ਤਾਂ ਕਰਦੇ ਨਹੀਂ ਅਤੇ ਤਨਖਾਹ ਵਧਾਉਣ ਦੀ ਮੰਗ ਲੈ ਕੇ ਆ ਜਾਂਦੇ ਹੋ। ਤੁਸੀਂ ਸ਼ੁਕਰ ਨਹੀਂ ਕਰਦੇ ਕਿ ਤੁਸੀਂ ਪਤਲੂਣਾਂ ਪਾਈ ਫਿਰਦੇ ਹੋ। ਜਿਹੋ ਜਿਹਾ ਤੁਹਾਡਾ ਕੰਮ ਹੈ, ਸਰਕਾਰ ਨੂੰ ਤੁਹਾਨੂੰ ਏਨੀ ਕੁ ਤਨਖਾਹ ਦੇਣੀ ਚਾਹੀਦੀ ਹੈ ਜਿਸ ਨਾਲ ਤੁਸੀਂ ਕੱਛੇ ਹੀ ਪਾ ਸਕੋ। ਬਾਬੂ ਇਹ ਬੋਲ ਬਾਣੀ ਸੁਣ ਕੇ ਸ਼ਰਮਸਾਰ ਹੋ ਕੇ ਜਿਨ੍ਹੀਂ ਪੈਰੀਂ ਗਏ ਸੀ ਉਨ੍ਹੀਂ ਪੈਰੀਂ ਪਰਤ ਗਏ।
ਜਦੋਂ ਕੈਰੋਂ ਸਾਹਿਬ ਮੁੱਖ ਮੰਤਰੀ ਦੀ ਕੁਰਸੀ ਤੋਂ ਥੱਲੇ ਉਤਰੇ ਤਾਂ ਇਕ ਮਨਚਲੇ ਨੇ ਇਕ ਕੱਛਾ ਉਨ੍ਹਾਂ ਨੂੰ ਪਾਰਸਲ ਕਰਕੇ ਉਨ੍ਹਾਂ ਦੇ ਪਤੇ ’ਤੇ ਭਿਜਵਾ ਦਿੱਤਾ।