ਮੇਰੇ ਪਿੰਡ ਦਾ ਨਾਂ ਤਾਂ ਭਾਵੇਂ ਰੂਮੀ ਹੈ, ਪਰ ਲੋਕ ਇਹਨੂੰ ‘ਨਗੀਨਾ’ ਕਹਿੰਦੇ ਹਨ – ਰੂਮੀ ਪਿੰਡ ਨਗੀਨਾ, ਪ੍ਰਾਹੁਣਾ ਆਵੇ ਇਕ ਦਿਨ, ਰਹੇ ਮਹੀਨਾ।
ਬਤਾਲ਼ੀ ਸਾਲ ਪਹਿਲਾਂ ਮੈਂ ਜਿਵੇਂ ਇਹਨੂੰ ਛੱਡ ਕੇ ਆਇਆ ਸੀ, ਅੱਜ ਵੀ ਇਹਦੇ ਉਹੋ ਨਕਸ਼ ਮੇਰੇ ਚੇਤੇ ਵਿਚ ਵਸੇ ਹੋਏ ਹਨ। ਉਦੋਂ ਇਹਦਾ ਬੜਾ ਰਮਣੀਕ ਤੇ ਸੁਖਾਵਾਂ ਮਾਹੌਲ ਸੀ। ਇਹ ਸਰਦੇ-ਪੁੱਜਦੇ ਵਸਨੀਕਾਂ ਦੇ ਸਚਿਆਰ ਦਾ ਪ੍ਰਤੀਕ ਸੀ।
ਜਦੋਂ ਪੰਜਾਬ ਦੇ ਕਿਸੇ ਵਿਰਲੇ-ਟਾਵੇਂ ਪਿੰਡ ਨੂੰ ਸੜਕ ਨਸੀਬ ਸੀ, ਉਹ ਵੀ ਸ਼ੇਰ ਸ਼ਾਹ ਸੂਰੀ ਮਾਰਗ ਦੇ ਸੱਜੇ ਖੱਬੇ ਵਸੇ ਪਿੰਡਾਂ ਨੂੰ, ਉਦੋਂ ਜਗਰਾਉਂ ਤੋਂ ਰਾਏਕੋਟ ਨੂੰ ਜਾਂਦੀ ਪੱਕੀ ਸੜਕ ਇਹਦੇ ਚਰਣ ਛੂਹ ਕੇ ਲੰਘਦੀ ਸੀ। ਇਹ ਕਦੀ ਕੱਚਾ ਮਾਰਗ ਸੀ, ਪਰ ਉਨੀ੍ਹਵੀਂ ਸਦੀ ਦੇ ਪਿਛਲੇ ਦਹਾਕੇ ਇਹਨੂੰ ਅੰਗਰੇਜ਼ਾਂ ਨੇ ਪੱਕਾ ਕਰਵਾਇਆ ਸੀ। ਸਿੱਖਾਂ ਨਾਲ਼ ਲੜਾਈ ਸਮੇਂ ਏਸ ਮਾਰਗ ਉਪਰ ਉਨ੍ਹਾਂ ਦਾ ਫ਼ੌਜੀ ਡੀਪੂ ਅਤੇ ਪੜਾਅ ਸੀ। ਫੇਰੂ ਸ਼ਾਹ, ਮੁੱਦਕੀ ਅਤੇ ਸਤਲੁਜ ਕੰਢੇ ਲੜੀਆਂ ਲੜਾਈਆਂ ਲਈ ਅੰਬਾਲਾ ਛਾਉਣੀ ਤੋਂ ਫ਼ਰੰਗੀ ਫ਼ੌਜ ਏਧਰੋਂ ਦੀ ਹੀ ਲੰਘੀ ਸੀ। ਕੁਝ ਲੋਕ ਇਹ ਵੀ ਆਖਦੇ ਹਨ ਕਿ ਨਿੱਕੀ-ਜਿਹੀ ਰਿਆਸਤ ਰਾਏਕੋਟ ਦੇ ਤਲਵੰਡੀ ਵਾਲ਼ੇ ਰਾਏ ਸਾਹਿਬ ਦੀ ਖ਼ੁਸ਼ਨੂਦੀ ਹਾਸਿਲ ਕਰਨ ਲਈ ਇਹ ਪੱਕੀ ਸੜਕ ਬਣੀ ਸੀ ।
ਮੇਰੇ ਪਿੰਡ ਦੀ ਖ਼ੁਸ਼ਹਾਲੀ ਦੇ ਦੋ ਵੱਡੇ ਕਾਰਣ ਸਨ। ਇਕ ਤਾਂ ਇਹ ਸੜਕ ਤੇ ਦੂਜਾ ਸਰਹੰਦ ਨਹਿਰ ਦੀ ਅਬਹੋਰ ਬ੍ਰਾਂਚ, ਜੋ ਜਗਰਾਉਂ ਵਾਲ਼ੇ ਪਾਸੇ ਦੋ ਮੀਲ ਦੀ ਦੂਰੀ ਤੋਂ ਲੰਘਦੀ ਸੀ। ਏਸ ਨਹਿਰ ਦੇ ਪਾਣੀ ਕਰਕੇ ਮੇਰੇ ਪਿੰਡ ਲਹਿਰਾਂ-ਬਹਿਰਾਂ ਸਨ। ਸਾਰਾ ਸਾਲ ਜ਼ਮੀਨਾਂ ਨੂੰ ਪਾਣੀ ਮਿਲ਼ਦਾ; ਜੱਟ ਦੋ-ਦੋ ਫ਼ਸਲਾਂ ਪੈਦਾ ਕਰਦੇ; ਰੱਜ ਕੇ ਖਾਂਦੇ ਅਤੇ ਖਵਾਉਂਦੇ। ਗਵਾਂਢੀ ਪਿੰਡਾਂ ਦੇ ਜੱਟ ਮੀਂਹ ਲਈ ਆਸਮਾਨ ਵਲ ਝਾਕਦੇ ਰਹਿੰਦੇ ਜਾਂ ਫਿਰ ਦਿਨ ਰਾਤ ਖੂਹਾਂ ‘ਤੇ ਬਲ਼ਦ ਹੱਕਦੇ ਗਿੱਟੇ ਵਿੰਙੇ ਕਰਵਾ ਲੈਂਦੇ ।
ਪਿੰਡ ਦੀ ਰਮਣੀਕਤਾ ਸੜਕ ਉਪਰ ਦੋਹੀਂ ਪਾਸੀਂ ਲੱਗੀਆਂ ਟਾਹਲੀਆਂ ਦੀ ਛਾਂ ਤੇ ਹਰੇ ਘਾਹ ਦੀ ਦੇਣ ਸੀ। ਸੜਕ ਦੇ ਦੂਜੇ ਪਾਸੇ ਕੀਲੇ ਕੁ ਦੀ ਵਿੱਥ ‘ਤੇ ਛੇ ਸੱਤ ਏਕੜ ਵਿਚ ਫੈਲਿਆ ਬਾਵਾ ਮੋਤੀ ਰਾਮ ਦਾ ਬਾਗ਼ ਕਣਵ ਰਿਸ਼ੀ ਦੇ ਤਪੋਵਣ ਦੀ ਝਲਕ ਪੇਸ਼ ਕਰਦਾ ਸੀ। ਬਾਵਾ ਮੋਤੀ ਰਾਮ ਉਦਾਸੀ ਨੇ ਪਿੰਡ ਦੇ ਚੇਲੇ- ਬਾਲਕਿਆਂ ਦੀ ਸਹਾਇਤਾ ਨਾਲ਼ ਇਹ ਬਾਗ਼ ਲਵਾਇਆ ਸੀ। ਅੰਬ, ਅੰਜੀਰ, ਜਾਮਣ ਦੇ ਫਲਦਾਰ ਰੁੱਖ। ਬੋਹੜ, ਪਿੱਪਲ਼, ਟਾਹਲੀ ਦੇ ਛਾਂ-ਦਾਰ ਬ੍ਰਿਛ। ਬਾਗ਼ ਵਿਚ ਮੋਰ ਪੈਲਾਂ ਪਾਉਂਦੇ, ਕੋਇਲਾਂ ਕੂ ਕੂ ਕਰਦੀਆਂ। ਸਾਉਣ ਦੇ ਮਹੀਨੇ ਕੁੜੀਆਂ ਪੀਘਾਂ ਝੂਟਦੀਆਂ ।
ਹੁਣ ਇਹ ਸਾਰਾ ਕੁਝ ਅਲੋਪ ਹੋ ਗਿਆ ਹੈ। ਬਾਵੇ ਦੇ ਬਾਗ਼ ਨੂੰ ਮੁਰੱਬੇਬੰਦੀ ਦਾ ਦਿਉ ਨਿਗਲ਼ ਗਿਆ ਹੈ। ਏਥੇ ਰਿਹਾਇਸ਼ੀ ਮਕਾਨ ਉਸਰ ਗਏ ਹਨ। ਸੜਕੋਂ ਪਿੰਡ ਨੂੰ ਜਾਂਦੇ ਰਾਹ ਦੇ ਦੋਹੀਂ ਪਾਸੀਂ ਛੱਪੜ ਹੁੰਦੇ ਸਨ, ਉਹ ਵੀ ਅਲੋਪ ਹੋ ਗਏ ਹਨ। ਆਲ਼ੇ-ਦੁਆਲ਼ੇ ਵਾਲ਼ਾ ਪਿੱਪਲ਼ਾਂ ਦਾ ਪਰਵਾਰ ਹੈ ਨਹੀਂ। ਸੱਜੇ ਵੰਨੇ ਛੱਪੜ ਕੰਢੇ ਸੂਫ਼ੀ ਫ਼ਕੀਰਾਂ ਦਾ ਤਕੀਆ ਹੁੰਦਾ ਸੀ, ਜਿਥੇ ਚੌਵੀ ਘੰਟੇ ਹੁੱਕਾ ਚਿਲਮ ਤਾਜ਼ੀ ਕਰਨ ਲਈ ਗੋਹੇ ਧੁਖਦੇ ਰਹਿੰਦੇ ਸਨ। ਤਕੀਏ ਤੋਂ ਪੱਚੀ ਤੀਹ ਗ਼ਜ਼ ਅੱਗੇ ਪਿੰਡ ਦੀ ਸੱਥ ਤ੍ਰਿਬੈਣੀ ਹੇਠ ਜੁੜਦੀ। ਥੋੜ੍ਹਾ ਅੱਗੇ ਪਿੰਡ ਵੱਡਾ ਦਰਵਾਜਾ ਸੀ। ਕਿਸੇ ਵੇਲ਼ੇ ਸਾਰਾ ਪਿੰਡ ਇਸ ਦਰਵਾਜੇ ਦੇ ਅੰਦਰ ਹੁੰਦਾ ਸੀ ।
ਵੀਹਵੀਂ ਸਦੀ ਦੇ ਸ਼Lੁਰੂ ਵਿਚ ਸੜਕ ਦੇ ਉਪਰ ਲਹਿੰਦੇ ਵੰਨੇ ਗੁਰਦਵਾਰਾ ਬਣਿਆ। ਇਹ ਫ਼ਰੰਗੀ ਫ਼ੌਜ ਦੇ ਬਾਗ਼ੀ ਜਮਾਦਾਰ ਜਰਨੈਲ ਨੇ ਬਣਵਾਇਆ ਸੀ। ਉਹ ਅਸਲ ਵਿਚ ਮੇਰੇ ਪਿੰਡ ਸਿਰ ਲੁਕੋਣ ਆਇਆ ਸੀ। ਉਹਦੇ ਬਾਗ਼ੀ ਸੁਭਾਅ ਨੇ ਉਹਨੂੰ ਉਜਾਗਰ ਕਰ ਦਿੱਤਾ। ਸੰਨ 1920 ਤੋਂ 1925 ਤਕ ਗੁਰਦੁਆਰਾ ਆਜ਼ਾਦੀ ਲਹਿਰ ਨੇ ਉਹਨੂੰ ਜਰਨੈਲ ਦੀ ਪਦਵੀ ਦਾ ਥਾਪੜਾ ਦੇ ਕੇ ਸੰਗਰਾਮ ਦਾ ਮੁਹਰੈਲ ਬਣਾ ਦਿੱਤਾ। ਗੁਰਦੁਆਰੇ ਤੋਂ ਪਹਿਲਾਂ ਮੇਰੇ ਪਿੰਡ ਵਿਚ ਕੋਈ ਰੱਬ ਦਾ ਘਰ ਨਹੀਂ ਸੀ। ਨਾ ਮੰਦਰ, ਨਾ ਮਸੀਤ, ਸਿਰਫ਼ ਸੂਫ਼ੀਆਂ ਦਾ ਤਕੀਆ ਸੀ, ਉਹ ਵੀ ਪ੍ਰਭੂ ਭਗਤੀ ਲਈ ਨਹੀਂ; ਸਗੋਂ ਨਸ਼ੇ-ਪੱਤੇ ਛਕ ਕੇ ਮਸਤ ਮਲੰਗ ਜ਼ਿੰਦਗੀ ਬਸਰ ਕਰਨ ਦਾ ਵਸੀਲਾ ਸੀ। ਬਾਵਾ ਮੋਤੀ ਰਾਮ ਦੇ ਚੇਲੇ-ਬਾਲਕੇ ਭੰਗ ਦੇ ਬਾਟੇ ਛਕ ਕੇ ਬੂਟਿਆਂ ਦੀ ਸੇਵਾ ਵਿਚ ਲੱਗੇ ਰਹਿੰਦੇ ।
ਚਚਰਾੜੀ ਵਾਲ਼ੇ ਰਾਹ ਉਪਰ ਪਿੰਡ ਦੇ ਸਿਵੇ ਸਨ। ਇਨ੍ਹਾਂ ਵਿਚ ਬਣੀਆਂ ਛੋਟੀਆਂ-ਵੱਡੀਆਂ ਮੜ੍ਹੀਆਂ ਚੁਗਲੀ ਕਰਦੀਆਂ ਕਿ ਪਿੰਡ ਦੀਆ ਸਵਾਣੀਆਂ ਮ੍ਰਿਤੂ ਪੂਜਾ ਦੀਆਂ ਧਾਰਨੀ ਸਨ ।
ਸਿੰਘ ਸਭਾ ਦੀ ਚੜ੍ਹਤ ਵੇਲੇ ਪਿੰਡ ਦੇ ਨੌਜਵਾਨ ਅਮ੍ਰਿਤਧਾਰੀ ਸਿੰਘ ਸਜੇ। ਗੁਰੁ ਕੇ ਬਾਗ਼ ਤੇ ਜੈਤੋ ਦੇ ਮੋਰਚੇ ਵਿਚ ਤਿੰਨ ਚਾਰ ਜੱਥੇ ਗਏ, ਇਨ੍ਹਾਂ ਵਿੱਚੋਂ ਦੋ ਤਿੰਨ ਸਿੰਘ ਸ਼ਹੀਦੀ ਪ੍ਰਾਪਤ ਵੀ ਕਰ ਗਏ। ਫੇਰ ਗੁਰਦੁਆਰੇ ਦੇ ਸਾਹਮਣੇ ਹੀ ਲੜਕੀਆਂ ਦੇ ਸਕੂਲ ਦੀ ਇਮਾਰਤ ਉਸਰੀ, ਜਿਹਦੇ ਮੱਥੇ ‘ਤੇ ਲਿਖਿਆ ਹੋਇਆ ਸੀ – ਕੰਨਿਆਂ ਮਹਾਂਵਦਿਆਲਾ। ਮੁੰਡਿਆਂ ਦਾ ਸਕੂਲ ਬਹੁਤ ਪਹਿਲੋਂ ਪਿੰਡ ਵਿੱਚੋਂ ਲੰਘਦੀ ਕੱਸੀ ਅਤੇ ਸੜਕ ਉਪਰ ਕਾਇਮ ਸੀ। ਹੁਣ ਇਹ ਦੋਵੇਂ ਸਕੂਲ ਹਾਈ ਸਕੂਲ ਬਣ ਕੇ ਸੜਕੋਂ ਪਾਰ ਨਵੀਆਂ ਇਮਾਰਤਾਂ ਵਿਚ ਆ ਗਏ ਹਨ। ਲੜਕੀਆ ਵਾਲ਼ਾ ਪਹਿਲਾ ਸਕੂਲ ਢਹਿ-ਢੇਰੀ ਹੋ ਗਿਆ ਹੈ।
ਛੱਪੜਾਂ ਦੇ ਵਿਚਕਾਰ ਰਾਹ ਦੇ ਖੱਬੇ ਪਾਸੇ ਬੋਹੜਾਂ, ਪਿੱਪਲਾਂ ਹੇਠ ਪਿੰਡ ਦਾ ਵੱਗ ਖੜ੍ਹਦਾ ਸੀ। ਲੋਕ ਗਾਵਾਂ, ਵੱਛੇ-ਵੱਛੀਆਂ, ਵਹਿੜਕਾਂ ਏਥੇ ਛੱਡ ਜਾਂਦੇ। ਵਾਗੀ ਦਸ ਕੁ ਵਜੇ ਵੱਗ ਛੇੜ ਕੇ ਚਰਾਂਦਾਂ ਵੱਲ ਲੈ ਜਾਂਦੇ। ਪਿੰਡ ਦੀ ਅੱਧੀ ਜ਼ਮੀਨ ਸਨਮੀ ਪਈ ਸੀ ਤੇ ਕੁਝ ਗ਼ੈਰਆਬਾਦ ਵੀ ਸੀ; ਜਿਥੇ ਸਰਕੜਾ, ਝਾੜੀਆਂ ਤੇ ਵਿਰਲਾ-ਵਿਰਲਾ ਘਾਹ ਵੀ ਹੁੰਦਾ ਸੀ। ਅੱਜ ਜ਼ਮੀਨ ਦਾ ਸਿਆੜ ਸਿਆੜ ਵਾਹੀ ਹੇਠ ਹੈ। ‘ਵੱਗਾਂ ਵੇਲਾ’ ਸ਼ਬਦ ਵੀ ਅਲੋਪ ਹੋ ਗਿਆ ਤੇ ਉਹਦੀ ਥਾਂ ‘ਚਾਹ ਵੇਲਾ’ ਆ ਗਿਆ ਹੈ। ਪਿੰਡ ਦਾ ਜੁਗਰਾਫ਼ੀਆ ਬਦਲ ਗਿਆ ਹੈ। ਆਦਮੀ ਦਾ ਸੁਭਾਅ ਤੇ ਵਰਤਾਰਾ ਬਦਲਦਾ ਹੈ, ਤਾਂ ਸਭ ਕੁਝ ਬਦਲ ਜਾਂਦਾ ਹੈ।
ਰੂਮੀ ਦੀ ਰਹਿਤਲ ਵੀ ਉਹ ਨਹੀਂ ਰਹੀ। ਪਹੁ-ਫੁਟਾਲ਼ੇ ਨਾਲ਼ ਚਿੜੀਆਂ ਤਾਂ ਚੂਕਦੀਆਂ ਹਨ, ਪਰ ਚਾਟੀਆਂ ਵਿਚ ਮਧਾਣੀਆ ਨਹੀਂ ਪੈਂਦੀਆਂ। ਨਾ ਹੀ ਹਾਲ਼ੀ ਮਿਰਗਾਂ ਵਰਗੇ ਵਹਿੜਕਿਆਂ ਦੀਆਂ ਹਰਨਾਲ਼ੀਆਂ ਜੋੜਦੇ ਹਨ। ਸਵੇਰੇ-ਸਵੇਰੇ ਮਧਾਣੀਆਂ ਦੀ ਘੁਮਕਾਰ ਤੇ ਟੱਲੀਆ ਦੀ ਟੁਣਕਾਰ ਨਹੀਂ ਸੁਣਦੀ। ਖੂਹਾਂ ਉਪਰ ਡੋਲ ਨਹੀਂ ਖੜਕਦੇ। ਨਾ ਹੀ ਲੋਕ ਗੜਵੀਆਂ ਚੁੱਕੀ ਖੇਤਾਂ ਵੱਲ ਨੂੰ ਜਾਂਦੇ ਦਿਸਦੇ ਹਨ। ਕੁੱਕੜ ਬਾਂਗ ਤਾਂ ਦਿੰਦੇ ਹਨ, ਪਰ ਬਾਂਗ ਨਾਲ਼ ਕੋਈ ਜਾਗਦਾ ਨਹੀਂ। ਗੁਰਦੁਆਰੇ ਦਾ ਭਾਈ ਲਾਊਡ ਸਪੀਕਰ ਵਿਚ ਬੋਲਦਾ ਹੈ – ਅਮ੍ਰਿਤ ਵੇਲਾ ਸਚੁ ਨਾਉਂ ਵਡਿਆਈ ਵੀਚਾਰ ਅਤੇ ਫੇਰ ਸੁਖਮਣੀ ਸਾਹਿਬ ਦੇ ਪਾਠ ਦੀ ਟੇਪ ਲਾ ਦਿੰਦਾ ਹੈ ।
ਉੱਸਲ਼ਵੱਟੇ ਲੈਂਦੇ ਲੋਕ ਪਾਠ ਸੁਣਦੇ ਹਨ । ਕੋਈ-ਕੋਈ ਮੌਤ ਤੋਂ ਡਰਦੀ ਮਾਈ ਮੱਥਾ ਟੇਕਣ ਜਾਂਦੀ ਹੈ। ਭਾਈ ਆਪ ਹੁਣ ਦੁੱਧ ਦੇ ਗਜੇ ਲਈ ਨਹੀਂ ਆਉਂਦਾ। ਲੋੜੋਂ ਵੱਧ ਦੁੱਧ ਮਾਈਆਂ ਆਪ ਹੀ ਅਪੜਦਾ ਕਰ ਦਿੰਦੀਆਂ ਹਨ। ਹਾਂ, ਸਵੇਰ ਨੂੰ ਸਾਹਜਰੇ ਹੀ ਕਸ਼ਮੀਰੀ ਹਾਤੋ ਚਾਹ ਰੋਟੀ ਮੰਗਣ ਆਉਂਦੇ ਹਨ; ਜਿਨ੍ਹਾਂ ਨੇ ਲੱਕੜਾਂ ਪਾੜ ਕੇ ਜਾਂ ਸ਼ਾਲ ਵੇਚ ਕੇ ਕਮਾਈ ਕਰਨੀ ਹੁੰਦੀ ਹੈ, ਪਰ ਰੋਟੀ ਮੰਗ ਕੇ ਖਾਣੀ ਹੈ।
ਸਵੇਰੇ ਵਹਿੰਗੀ ਉਪਰ ਚਾਰ-ਚਾਰ ਘੜੇ ਰੱਖੀ ਗਲ਼ੀਆਂ ਵਿਚ ਰੇਵੀਏ ਚਾਲ ਚੱਲਦਾ ਝਿਉਰ ਵੀ ਹੁਣ ਨਹੀਂ ਦਿਸਦਾ। ਲੋਕਾਂ ਨੇ ਘਰੇ ਪਾਣੀ ਦੀਆਂ ਟੂਟੀਆਂ ਲਵਾ ਲਈਆਂ ਨੇ। ਜਿਸ ਪਾਸੇ ਟੈਂਕੀ ਦਾ ਪਾਣੀ ਨਹੀਂ ਪਹੁੰਚਦਾ, ਉਨ੍ਹਾਂ ਘਰੀਂ ਮੋਟਰਾਂ ਲੱਗੀਆਂ ਹੋਈਆਂ ਹਨ। ਅਸੀਂ ਸਵੇਰੇ ਛੋਲਿਆਂ ਦੀ ਮਿੱਸ ਵਾਲ਼ੀ ਰੋਟੀ ਖਾ ਕੇ ਸਕੂਲ ਜਾਂਦੇ ਸਾਂ। ਹੁਣ ਉਹ ਛਾਹ ਵੇਲ਼ਾ ‘ਚਾਹ ਵੇਲ਼ਾ’ ਹੋ ਗਿਆ ਹੈ। ਸ਼ਬਦ ਛਾਹ ਦੇ ਕਿਸੇ ਕੁੜੀ-ਮੁੰਡੇ ਨੂੰ ਅਰਥ ਨਹੀਂ ਆਉਂਦੇ।
ਸਾਡੇ ਵੇਲੇ ਕਿਸੇ ਵਿਰਲੇ-ਵਾਂਝੇ ਕੋਲ਼ ਸਾਈਕਲ ਹੁੰਦਾ ਸੀ। ਹੁਣ ਤਾਂ ਪਿੰਡ ਦੇ ਹਾਈ ਸਕੂਲ ਵੀ ਕੋਈ ਖੇਤ ਮਜ਼ਦੂਰ ਦਾ ਬੱਚਾ ਹੀ ਜਾਂਦਾ ਹੈ। ਸ਼ਹਿਰ ਦੇ ਅੰਗਰੇਜ਼ੀ ਸਕੂਲਾਂ ਦੀਆਂ ਬੱਸਾਂ ਹਨ। ਕਾਲਜ ਜਾਣ ਵਾiਲ਼ਆਂ ਕੋਲ਼ ਸਕੂਟਰ ਹਨ। ਕੁੜੀਆਂ ਨੇ ਅਜੇ ਸਲਵਾਰ ਕਮੀਜ਼ ਨੂੰ ਤਲਾਂਜਲੀ ਨਹੀਂ ਦਿੱਤੀ। ਕੁੜਤੇ ਪਜਾਮੇ ਵਿਚ ਕੋਈ ਮੁੰਡਾ ਨਜ਼ਰ ਨਹੀਂ ਆਉਂਦਾ। ਚਾਦਰਾ ਪਹਿਨਣ ਵਾਲ਼ਾ ਸਾਡੇ ਪਿੰਡ ਵਿਚ ਕੇਵਲ ਇੱਕੋ ਬੰਦਾ ਹੀ ਰਹਿ ਗਿਆ ਹੈ।
ਸਵੇਰ ਦਾ ਵੱਡਾ ਕਾਰਜ ਖੇਤੋਂ ਪਸ਼ੂਆਂ ਲਈ ਪੱਠੇ ਲਿਆਉਣਾ ਹੁੰਦਾ ਸੀ। ਹਾਲ਼ੀ ਤੋਂ ਬਿਨਾਂ ਘਰ ਦੇ ਦੂਜੇ ਬੰਦੇ ਪੱਠੇ ਲਿਆਉਣ, ਗੁਡ-ਗੁਡਾਈ ਕਰਨ, ਪਾਣੀ ਲਾਉਣ ਆਦਿ ਦੇ ਆਹਰ ਲਈ ਨੌਂ ਕੁ ਵਜੇ ਹੱਥ ਵਿਚ ਲੋੜੀਂਦਾ ਸੰਦ ਚੁਕ ਕੇ ਤੁਰ ਪੈਂਦੇ ਸਨ। ਹੁਣ ਕੋਈ ਗੱਭਰੂ ਪੱਠੇ ਨਹੀਂ ਵੱਢਦਾ, ਸਿਰ ‘ਤੇ ਚੁੱਕ ਕੇ ਤਾਂ ਕੀ ਲਿਆਉਣੇ ਹਨ। ਪੱਠੇ ਵੱਢਣ ਦਾ ਕੰਮ ਭਈਏ ਕਰਦੇ ਹਨ; ਢੋਂਹਦੇ ਰੇੜ੍ਹਿਆਂ ‘ਤੇ ਹਨ। ਹਾਂ, ਕਿਸੇ-ਕਿਸੇ ਰੇੜ੍ਹੇ ਅੱਗੇ ਜੁਪੇ ਵਹਿੜਕੇ ਦੀ ਘੁੰਗਰਾਲ ਜ਼ਰੂਰ ਖੜਕਦੀ ਸੁਣਦੀ ਹੈ। ਘਰ ਦੀਆਂ ਸੁਆਣੀਆਂ ਨੇ ਵੀ ਸਵੇਰ ਦੇ ਗੋਹੇ ਕੂੜੇ ਦਾ ਕੰਮ ਭਈਆਂ ਨੂੰ ਸੰਭਾਲ਼ ਦਿੱਤਾ ਹੈ। ਉਹ ਹੁਣ ਬੱਚਿਆਂ ਨੂੰ ਨਾਸ਼ਤਾ ਕਰਵਾ ਕੇ ਸਕੂਲ ਭੇਜਣ ਲਈ ਤਿਆਰ ਕਰਦੀਆ ਹਨ ।
ਜੱਟੀ ਚਹੁੰ ਮੁਰੱਬਿਆਂ ਵਾਲ਼ੀ
ਭੱਤਾ ਲੈ ਕੇ ਖੇਤ ਨੂੰ ਚੱਲੀ
ਇਹ ਲਕੋਕਤੀ ਹੁਣ ਕਿਤਾਬਾਂ ਵਿਚ ਹੀ ਪੜ੍ਹਨ ਨੂੰ ਮਿਲ਼ ਸਕਦੀ ਹੈ। ਕੋਈ ਮੁਟਿਆਰ ਖੇਤ ਰੋਟੀ ਲੈ ਕੇ ਨਹੀਂ ਜਾਂਦੀ। ਇਹਦਾ ਰੂਮਾਨੀ ਪਹਿਲੂ ਵੀ ਅਲੋਪ ਹੈ। ਮਸ਼ੀਨਰੀ ਨੇ ਖੇਤੀ ਦਾ ਕੰਮ ਏਨਾ ਸੌਖਾ ਤੇ ਘੱਟ ਸਮੇਂ ਵਾਲ਼ਾ ਕਰ ਦਿੱਤਾ ਹੈ ਕਿ ਕੋਈ ਕਿਸਾਨ ਵੀ ਖੇਤ ਵਿਚ ਢਾਈ ਤਿੰਨ ਘੰਟੇ ਤੋਂ ਵੱਧ ਨਹੀਂ ਰਹਿੰਦਾ। ਖਾ-ਪੀ ਕੇ ਘਰੋਂ ਤੁਰਦੇ ਹਨ ਤੇ ਦੁਪਹਿਰ ਦੀ ਰੋਟੀ ਤੋਂ ਪਹਿਲਾਂ ਘਰ ਆ ਜਾਂਦੇ ਹਨ।
ਪਿੰਡ ਦੀ ਦੁਪਹਿਰ ਦੇ ਜੀਵਨ ਦਾ ਇਕ ਪਹਿਲੂ ਅਜੇ ਜੀਊਂਦਾ ਜਾਗਦਾ ਹੈ। ਉਹ ਹੈ ਸੱਥ ਵਿਚ ਤਾਸ਼ ਖੇਡਣ ਵਾਲੀਆਂ ਢਾਣੀਆਂ ਦਾ ਜੁੜਨਾ। ਇਥੇ ਨਹਿਲੇ ਉਪਰ ਦਹਿਲਾ ਤੇ ਬੇਗੀ ਉਪਰ ਬਾਦਸ਼ਾਹ ਅਜੇ ਵੀ ਠਾਹ-ਠਾਹ ਵੱਜਦਾ ਹੈ। ਸਿਆਣੀ ਉਮਰ ਦੇ ਬੰਦੇ ਵੀ ਸੱਥ ਵਿਚ ਮਿਲ਼ ਬਹਿੰਦੇ ਹਨ, ਪਰ ਅੱਗੇ ਵਾਂਗ ਉਹ ਗ੍ਰੰਥਾਕਾਰੀ ਗੱਲਾਂ ਨਹੀਂ ਕਰਦੇ, ਸਗੋਂ ਸਮੇ ਦੀ ਸਿਆਸੀ ਚੱਕੀ ਝੋਂਦੇ ਹਨ। ਚੰਡੀਗੜ੍ਹੋਂਂ ਗੱਲ ਤੁਰਦੀ ਦਿਲੀ ਵਿਚ ਦੀ ਹੁੰਦੀ ਹੋਈ ਲੰਡਨ, ਵਾਸ਼ਿੰਗਟਨ ਜਾ ਪਹੁੰਚਦੀ ਹੈ। ਮੇਰੇ ਵੇਲੇ ਪਿੰਡ ਵਿਚ ਦੋ ਅਖ਼ਬਾਰ ਆਉਂਦੇ ਸਨ। ਇਕ ਪੰਜਾਬੀ ਦਾ, ਇਕ ਉਰਦੂ ਦਾ। ਹੁਣ ਸਵੇਰੇ ਅਖ਼ਬਾਰਾਂ ਵੰਡਣ ਵਾਲ਼ਾ ਸਕੂਟਰ ਆ ਜਾਂਦਾ ਹੈ, ਜਿਹਦੇ ਦੱਸਣ ਅਨੁਸਾਰ ਹੁਣ ਕੁੱਲ ਸੌ ਦੇ ਕਰੀਬ ਅਖ਼ਬਾਰ ਵਿਕਦੇ ਹਨ। ਸੱਠ ਫ਼ੀ ਸਦੀ ਘਰਾਂ ਵਿਚ ਟੈਲੀਵੀਯਨ ਲੱਗੇ ਹੋਏ ਹਨ ।
ਪਰਛਾਵੇਂ ਢਲ਼ਦਿਆਂ ਚਾਹ ਵੇਲ਼ਾ ਹੋ ਜਾਂਦਾ ਹੈ। ਸਿਆਲ਼ ਹੈ ਭਾਵੇਂ ਹੁਨਾਲ਼, ਸਭ ਚਾਹ ਪੀਂਦੇ ਹਨ। ਕੱਚੀ ਲੱਸੀ ਜਾਂ ਸਰਦਾਈ ਦਾ ਕਿਸੇ ਨੂੰ ਚਿਤ-ਚੇਤਾ ਨਹੀਂ। ਆਥਣ ਦੇ ਆਹਰ ਦੀ ਵੀ ਮੇਰੇ ਪਿੰਡ ਦੇ ਲੋਕਾਂ ਨੂੰ ਕੋਈ ਚਿੰਤਾ ਨਹੀਂ। ਪਸ਼ੂਆਂ ਨੂੰ ਪੱਠੇ ਪਾਉਣੇ, ਸੱਜਰ ਸੂਈਆਂ ਨੂੰ ਸੱਨ੍ਹੀ (ਗੁਤਾਵਾ) ਰਲਾਉਣੀ, ਇਹ ਕੰਮ ਭਈਆਂ ਦਾ ਨਸੀਬ ਬਣ ਗਿਆ।
ਆਥਣ ਨੂੰ ਹੁਣ ਭੱਠੀਆਂ ਨਹੀਂ ਤਪਦੀਆਂ। ਪਿੰਡ ਵਿਚ ਕੋਈ ਭੱਠੀ ਰਹਿ ਹੀ ਨਹੀਂ ਗਈ । ਸ਼ਾਮ ਦਾ ਨੁਕਲ ਹੁਣ ਛੋਲਿਆਂ ਦੇ ਭੁੱਜੇ ਦਾਣੇ, ਮੱਕੀ ਦੇ ਮੁਰਮੁਰੇ ਜਾਂ ਖਿੱਲਾਂ ਨਹੀਂ ਰਹੇ, ਇਨ੍ਹਾਂ ਦੀ ਥਾਂ ਬਿਸਕੁਟਾਂ ਮੱਠੀਆਂ ਤੇ ਮਟਰੀ ਨੇ ਲੈ ਲਈ ਹੈ। ਭੱਠੀਆਂ ਦੀ ਰੌਣਕ ਚੁੱਕੀ ਗਈ। ਮੁੰਡੇ ਕੀ ਤੇ ਅੱਧਖੜ ਕੀ ਸਭ ਨੂੰ ਆਥਣ ਡੂੰਘੀ ਹੁੰਦੇ ਸਾਰ ਉਬਾਸੀਆਂ ਆਉਣ ਲਗਦੀਆਂ ਹਨ। ਮੁੰਡਾ ਪਿਉ ਤੋਂ ਚੋਰੀ, ਪਿਉ ਮੁੰਡੇ ਤੋਂ ਚੋਰੀ ਸ਼ਰਾਬ ਲਈ ਖੱਲ ਖੂੰਜੇ ਫਰੋਲ਼ਦੇ ਹਨ। ਜਿਹੜਾ ਸ਼ਰਾਬ ਨਹੀਂ ਪੀਂਦਾ, ਉਹ ਕੋਈ ਨਸ਼ੇ ਵਾਲ਼ੀਆਂ ਗੋਲ਼ੀਆਂ ਖਾਂਦਾ ਹੋਊ।
ਮੁੰਡਿਆਂ ਕੁੜੀਆਂ ਦੀਆਂ ਖੇਡਾਂ ਵੀ ਨਜ਼ਰ ਨਹੀਂ ਆਉਂਦੀਆਂ। ਕੋਈ ਗੁੱਲੀ ਡੰਡਾ, ਜੰਗ ਪਲਾਂਗਾ ਜਾਂ ਖੁੱਦੋ ਖੂੰਡੀ ਨਹੀਂ ਖੇਲ੍ਹਦਾ। ਨਾ ਹੀ ਕੁੜੀਆਂ ‘ਕਿਕਲੀ ਕਲੀਰ ਦੀ’ ਗਾ-ਗਾ ਜੋਟੀਆਂ ਵਿਚ ਨੱਚਦੀਆ ਹਨ। ਸਕੂਲ ਦੀ ਗਰਾਊਂਡ ਵਿਚ ਕੁਝ ਮੁੰਡੇ ਹਾਕੀ ਜ਼ਰੂਰ ਖੇਲ੍ਹਦੇ ਹਨ।
ਨਿਜੀ ਜੀਵਨ ਦਾ ਧੁਰਾ ਆਰਥਿਕ ਸਫਲਤਾ ਮਿਥ ਲਿਆ ਗਿਆ ਹੈ, ਜਿਸ ਨਾਲ਼ ਸਮਾਜਿਕ ਜੀਵਨ ਵੀ ਮਾਇਆ-ਮੁਖ ਹੋ ਗਿਆ ਹੈ। ਮੁੰਡੇ ਕੁੜੀਆ ਦੇ ਵਿਆਹਾਂ ਉਪਰ ਵਿਖਾਵਾ ਤੇ ਵਡੱਤਣ ਪੈਸੇ ਦੇ ਜ਼ੋਰ ਨਾਲ਼ ਦ੍ਰਿਸ਼ਟਮਾਨ ਹੁੰਦਾ ਹੈ। ਅੱਗੇ ਵਿਅਕਤੀ ਦੀ ਵਡੱਤਣ ਭਾਈਚਾਰੇ ਦੇ ਸਹਿਯੋਗ ਨਾਲ਼ ਬਣਦੀ-ਢਹਿੰਦੀ ਸੀ। ਹੁਣ ਵਿਆਹਾਂ ਵਿਚ ਸ਼ਰੀਕਾ ਕਬੀਲਾ ਤਾਂ ਹੁੰਦਾ ਹੈ, ਪਰ ਕੇਵਲ ਦਰਸ਼ਕਾਂ ਵਾਂਗੂ। ਕੁਝ ਵਰ੍ਹੇ ਪਹਿਲਾਂ ਧੀ-ਧਿਆਣੀ ਦੇ ਵਿਆਹ ਸਮੇਂ ਜੰਞ ਨੂੰ ਰੋਟੀ ਸ਼ਰੀਕੇ ਕਬੀਲੇ ਦੇ ਗੱਭਰੂ ਵਰਤਾਉਂਦੇ ਹੁੰਦੇ ਸਨ। ਧੀ ਦੇ ਵਿਆਹ ਵਿਚ ਕੋਈ ਸ਼ਰਾਬ ਨਹੀਂ ਸੀ ਪੀਂਦਾ। ਹੁਣ ਜਾਂਞੀਆਂ-ਮਾਂਜੀਆਂ ਸਭ ਦੇ ਖਾਣੇ ਦਾ ਠੇਕਾ ਦਿੱਤਾ ਹੁੰਦਾ ਹੈ। ਬਰਾਤੀ ਕੀ ਤੇ ਭਰਾਤੀ ਕੀ, ਸਭ ਨਸ਼ੇ ਵਿਚ ਟੱਲੀ ਹੁੰਦੇ ਹਨ । ਅੱਗੇ ਵਿਆਹ ਸਮੇਂ ਬਰਾਤ ਨਾਲ਼ ਮੁੰਡੇ ਵਾਲੇ ਨਕਲੀਏ, ਗਮੰਤਰੀ ਜਾਂ ਕਵੀਸ਼ਰ ਲੈ ਕੇ ਆਉਂਦੇ ਸਨ। ਜੰਞ ਤਿੰਨ ਦਿਨ ਰਹਿੰਦੀ। ਵਿਚਕਾਰਲੇ ਦਿਨ ਇਨ੍ਹਾਂ ਕਲਾਕਾਰਾਂ ਦਾ ਅਖਾੜਾ ਬੱਝਦਾ। ਹੁਣ ਇਨ੍ਹਾਂ ਦੀ ਥਾਂ ਲੱਚਰ ਗੀਤ ਗਾਉਣ ਵਾਲ਼ੀਆਂ ਕੁੜੀਆਂ-ਮੁੰਡਿਆਂ ਦੀਆਂ ਟੋਲੀਆਂ ਨੇ ਲੈ ਲਈ ਹੈ। ਹੁਣ ਬਾਬਾ ਪੋਤਾ ਕੱਠੇ ਨੱਚਦੇ ਹਨ। ਅੱਖ ਦੀ ਸ਼ਰਮ ਖੰਭ ਲਾ ਕੇ ਉੜ ਗਈ।
ਪੰਜਾਬੀ ਪੇਂਡੂ ਸਮਾਜ ਵਿਚ ਰਾਤ ਦੇ ਸਭਿਆਚਾਰ ਦੀ ਅਹਿਮ ਭੂਮਿਕਾ ਹੁੰਦੀ ਹੈ। ਸਾਡੇ ਵੇਲੇ ਸਿਆਲ ਵਿਚ ਖਾ ਪੀ ਕੇ ਮੁੰਡੇ ਬਾਹਰ ਭੱਠੀ ਦੀ ਅੱਗ ਦਾ ਨਿੱਘ ਮਾਣਦੇ, ਮਹਿਫ਼ਲ ਜਮਾਉਂਦੇ, ਆਰ-ਪਾਰ ਦੀਆ ਗੱਲਾਂ ਕਰਦੇ, ਹੋਈਆਂ ਵਾਰਦਾਤਾਂ ਦੇ ਕਿੱਸੇ ਛੁਹੰਦੇ, ਇਤਿਹਾਸਕ ਮਿਥਿਹਾਸਕ ਬਾਤਾਂ ਪਾਉਂਦੇ ਲੰੰਮੀਆਂ ਰਾਤਾਂ ਨੂੰ ਅਪਣੀ ਨੀਂਦ ਦੇ ਮੇਚ ਦਾ ਕਰ ਲੈਂਦੇ। ਕੁੜੀਆਂ ਕਿਸੇ ਤਾਈ ਚਾਚੀ ਦੇ ਘਰ ਤ੍ਰਿੰਞਣ ਵਿਚ ਛੋਪ ਪਾਉਂਦੀਆਂ, ਬਿਦ-ਬਿਦ ਕੇ ਕੱਤਦੀਆਂ, ਲੰਮੀਆਂ-ਲੰਮੀਆਂ ਤੰਦਾਂ ਜਿੱਡੀਆਂ ਹੇਕਾਂ ਲਾਉਂਦੀਆਂ। ਤਾਈਆਂ ਚਾਚੀਆ ਉਨ੍ਹਾਂ ਨੂੰ ਲੋਕ ਗੀਤਾਂ ਦੀ ਪਾੜ੍ਹਤ ਪੜ੍ਹਾਉਂਦੀਆਂ ।
ਗਰਮੀਆਂ ਦੀਆਂ ਰਾਤਾਂ ਨੂੰ ਆਹਰ ਤੋਂ ਵਿਹਲੇ ਹੋ ਕੇ ਲੋਕ ਕੋਠਿਆਂ ਉਪਰ ਮੰਜੇ ਚਾੜ੍ਹਦੇ। ਤਾਰਿਆਂ ਦੀ ਨਿੰਮੀ-ਨਿੰਮੀ ਲੋਅ ਵਿਚ ਸਿਆਣੇ ਬਾਤਾਂ ਪਾਉਂਦੇ। ਇਹ ਦ੍ਰਿਸ਼ ਹੁਣ ਆਪ ਬਾਤਾਂ ਬਣ ਗਏ। ਮਿਲਣਸਾਰੀ ਤੇ ਭਰੱਪਣ ਦਾ ਜਜ਼ਬਾ ਖੰਭ ਲਾ ਕੇ ਉੜ ਗਿਆ। ਹੁਣ ਲੋਕ ਘਰਾਂ ਦੇ ਅੰਦਰ ਪੱਖਾ ਜਾਂ ਕੂਲਰ ਲਾ ਕੇ ਸੌਂਦੇ ਹਨ। ਮਨ-ਪਰਚਾਵੇ ਦਾ ਵੱਡਾ ਸਾਧਨ ਟੈਲੀ ਬਣ ਗਿਆ। ਇਸ ਨਾਲ਼ ਸਭ ਦੇ ਅੰਦਰ ਸੁਆਰਥੀ ਰੁਚੀਆਂ ਪਲ੍ਹਰ ਪਈਆਂ ਹਨ। ਇਨ੍ਹਾਂ ਰੁਚੀਆਂ ਨੇ ਲੋਕ ਕਲਾਵਾਂ ਨੂੰ ਢਾਹ ਲਾਈ ਹੈ। ਹੁਣ ਪਿੰਡ ਦੇ ਕਿਸੇ ਘਰ ਕੁੜੀਆਂ ਇਕੱਠੀਆ ਹੋ ਕੇ ਕਸੀਦਾ ਨਹੀਂ ਕੱਢਦੀਆਂ; ਦਰੀਆਂ ਨਹੀਂ ਬੁਣਦੀਆਂ। ਕਸੀਦਾਕਾਰੀ ਵਰਗੀਆਂ ਸੁਹਜੀਆਂ ਕਲਾਵਾਂ ਦੀ ਮੌਤ ਹੋ ਗਈ ਹੈ। ਨਵੀਂ ਆਈ ਵਹੁਟੀ ਅਪਣੇ ਦਾਜ ਵਿਚ ਦਰੀਆਂ ਉਪਰ ਟੱਪਦੇ ਦਰਿਆਈ ਘੋੜੇ, ਚਾਦਰਾਂ ਉਪਰ ਪੈਲਾਂ ਪਾਉਂਦੇ ਮੋਰ, ਸਰ੍ਹਾਣਿਆਂ ਦੇ ਗਲਾਫ਼ਾਂ ਉਪਰ ਕਲੋਲ ਕਰਦੇ ਤੋਤੇ ਨਹੀਂ ਲੈ ਕੇ ਆਉਂਦੀ; ਉਹਦੇ ਦਾਜ ਵਿਚ ਤਾਂ ਵੀਡੀਓ, ਫ਼ਰਿੱਜ ਤੇ ਫ਼ਰਨੀਚਰ ਹੁੰਦਾ ਹੈ।
ਮਨੁੱਖੀ ਸਮਾਜ ਗਤੀਸ਼ੀਲ ਹੈ। ਸਮੇਂ ਤੇ ਸੋਚ ਨਾਲ਼ ਤਬਦੀਲੀ ਤਾਂ ਆਉਣੀ ਹੋਈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਅਸੀਂ ਅਪਣੀਆਂ ਨਰੋਈਆਂ ਪਿਰਤਾਂ ਦੀ ਬਲੀ ਦੇਈ ਜਾ ਰਹੇ ਹਾਂ। ਪੱਤ ਝੜੇ ਪੁਰਾਣੇ, ਰੁਤ ਨਵਿਆਂ ਦੀ ਆਈ ਤਾਂ ਠੀਕ ਹੈ, ਪਰ ਰੁੱਖ ਜੜ੍ਹੋਂ ਤਾਂ ਨਹੀਂ ਪੁੱਟੀਦੇ ।
ਵਿਸ਼ਵੀਕਰਨ ਦਾ ਰੰਗ ਮੇਰੇ ਪਿੰਡ ‘ਤੇ ਏਨਾ ਚੜ੍ਹ ਗਿਆ ਹੈ ਕਿ ਦੇਖ ਕੇ ਕਈਆਂ ਦੀ ਕਮਅਕਲੀ ‘ਤੇ ਹਾਸਾ ਆਉਂਦਾ ਹੈ। ਜੂਨ ਦੇ ਮਹੀਨੇ ਦੁਪਹਿਰੇ ਇਕ ਵਜੇ ਦੇ ਕਰੀਬ ਬਚੇ ਬੱਸ ਵਿੱਚੋਂ ਉਤਰਦੇ ਹਨ। ਮੁੜ੍ਹਕੇ ਨਾਲ਼ ਭਿੱਜੇ ਹੋਏ। ਮੱਥੇ ਤੋਂ ਤ੍ਰਿਪ-ਤ੍ਰਿਪ ਚੋਂਦਾ ਪਸੀਨਾ ਪਰ ਸਭ ਦੇ ਚਿੱਟੀਆਂ ਕਮੀਜ਼ਾਂ ਉਪਰ ਲਾਲ ਟਾਈਆਂ ਲਟਕਦੀਆਂ ਹਨ। ਸਕੂਲ ਦੇ ਹੈੱਡਮਾਸਟਰ ਨੂੰ ਯੂਰਪੀਅਨ ਦਿੱਖ ਦਾ ਖ਼ਿਆਲ ਹੈ, ਪਰ ਗਰਮੀ ਨਾਲ਼ ਬੌਂਦਲ਼ੇ ਬੱਚਿਆਂ ਦੀ ਕੋਈ ਚਿੰਤਾ ਨਹੀਂ। ਇੰਗਲੈਂਡ ਦੇ ਸਕੂਲਾਂ ਵਿਚ ਗਰਮੀਆਂ ਨੂੰ ਜੇ ਤਾਪਮਾਨ ਪੱਚੀ-ਛੱਬੀ ਹੋ ਜਾਏ, ਤਾਂ ਬੱਚਿਆਂ ਨੂੰ ਟਾਈ ਲਾਉਣ ਤੋਂ ਛੋਟ ਮਿਲ਼ ਜਾਂਦੀ ਹੈ ।
ਮੇਰੇ ਪਿੰਡ ਦੇ ਸਭਿਆਚਾਰ ਵਿਚ ਯੂਰਪੀਅਨ ਰਹਿਤਲ ਦਾ ਦਖ਼ਲ ਬਹੁਤ ਵਧ ਗਿਆ ਹੈ। ਲੋਕ ਪੰਜਾਬੀ ਬੋਲਣ ਦੀ ਥਾਂ ‘ਪਿੰਗਲਿਸ਼’ ਬੋਲਦੇ ਹਨ। ਦੋ ਕੁ ਸਾਲ ਹੋਏ ਮੈਂ ਅਪਣੇ ਗਵਾਂਢੀ ਬਜ਼ੁਰਗ ਨੂੰ ਪੁੱਛਿਆ – ਚਾਚਾ ਜੀ ਕੀ ਹਾਲ?
ਸਾਊ, ਸਿਹਤ ਕੁਸ਼ ਡਾਊਨ ਹੀ ਰਹਿੰਦੀ ਹੈ। – ਉਹ ਬੋਲਿਆ ।
ਨਿਤ ਦੇ ਜੀਵਨ ਵਿਚ ਲੋਕ ਸੈਂਕੜੇ ਹੀ ਅੰਗਰੇਜ਼ੀ ਸ਼ਬਦ ਵਰਤਦੇ ਹਨ ।
ਮੈਨੂੰ ਯਾਦ ਹੈ ਸਾਥੋਂ ਪਹਿਲੀ ਪੀੜ੍ਹੀ ਦੇ ਗਭਰੂ ਸ਼ਮਲੇ ਛੱਡ ਕੇ ਪੱਗਾਂ ਬੰਨ੍ਹਦੇ ਹੁੰਦੇ ਸੀ। ਸਿਆਣੇ ਬੰਦਿਆਂ ਦੇ ਪੋਚਵੀਂ ਪੱਗ ਬੰਨ੍ਹੀ ਹੋਈ ਹੁੰਦੀ। ਇਹ ਸਟਾਈਲ ਫ਼ੌਜੀ ਸਿੰਘ ਪਿੰਡਾਂ ਵਿਚ ਲੈ ਕੇ ਆਏ ਸੀ ।
ਸਾਡੇ ਦੌਰ ਵਿਚ ਪਟਿਆਲੇਸ਼ਾਹੀ ਪੱਗ ਬੰਨ੍ਹਣ ਦਾ ਰਿਵਾਜ ਹੋ ਗਿਆ ਸੀ। ਇਹ ਰਿਵਾਜ ਵੀਹਵੀਂ ਸਦੀ ਦੇ ਅੱਧ ਤਕ ਰਿਹਾ। ਹੁਣ ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਮੇਰੇ ਪਿੰਡ ਦਾ ਕੋਈ ਵਿਰਲਾ ਮੁੰਡਾ ਹੀ ਪੱਗ ਬੰਨ੍ਹਦਾ ਹੈ। ਪਟੇ ਲਿਸ਼ਕਾ ਕੇ ਵਾਲ਼ਾਂ ਦੇ ਭਾਂਤ-ਭਾਂਤ ਦੇ ਨਮੂਨੇ ਪੇਸ਼ ਕਰਦੇ ਹਨ ।
ਮੇਰਾ ਪਿੰਡ ਹੁਣ ਮੁਕੰਮਲ ਇਕਾਈ ਨਹੀਂ ਰਿਹਾ। ਹਰ ਨਿੱਕੀ-ਨਿੱਕੀ ਲੋੜ ਲਈ ਏਧਰ ਉਧਰ ਭੱਜਣਾ ਪੈਂਦਾ ਹੈ। ਕਪੜੇ ਦੀ ਹੀ ਗੱਲ ਲੈ ਲਵੋ। ਨਾ ਕਿਸੇ ਘਰ ਸੂਤ ਕੱਤਿਆ ਜਾਂ ਅਟੇਰਿਆ ਜਾਂਦਾ ਹੈ। ਨਾ ਹੀ ਪਿੰਡ ਵਿਚ ਕੋਈ ਜੁਲਾਹਾ ਖੱਦਰ, ਖੇਸ ਜਾਂ ਗਬਰੂਨ ਬੁਣਨ ਲਈ ਹੈ। ਨਾਈ ਦੀ ਦੁਕਾਨ ਜ਼ਰੂਰ ਪਿੰਡ ਵਿਚ ਹੈ, ਸਿਰਫ਼ ਦਾੜ੍ਹੀ ਕੱਟਣ ਜਾਂ ਖ਼ਤ ਕੱਢਣ ਲਈ। ਨਹੁੰ ਕੰਡਾ ਉਹ ਵੀ ਨਹੀਂ ਕਰਦਾ। ਸਾਡੇ ਪਿੰਡ ਦੇ ਚਮਾਰ ਤਿੱਲੇਦਾਰ ਜੁੱਤੀ ਦੀ ਕਢਾਈ ਲਈ ਮਸ਼ਹੂਰ ਸਨ। ਹੁਣ ਪਿੰਡ ਵਿਚ ਕੋਈ ਚਮਾਰ ਜੁੱਤੀ-ਜੋੜੇ ਦਾ ਕੰਮ ਨਹੀਂ ਕਰਦਾ। ਤਿੱਲੇ ਦਾ ਸਾਰਾ ਕੰਮ ਮਸ਼ੀਨਾਂ ਕਰਦੀਆਂ ਹਨ। ਪਿੰਡੋਂ ਲੋਕ ਜੁੱਤੀ ਲੈਣ ਸ਼ਹਿਰ ਜਾਂਦੇ ਹਨ।
ਕੋਈ ਸਮਾਂ ਸੀ ਜਦੋਂ ਵੀਹ-ਵੀਹ ਕੋਹ ਤੋਂ ਲੋਕ ਅਰਜਣ ਅਕਾਲੀ ਦੀ ਜੁੱਤੀ ਲਈ ਰੂਮੀ ਆਉਂਦੇ ਹੁੰਦੇ ਸਨ। ਹੁਣ ਪਿੰਡ ਵਿਚ ਨਾ ਕੋਈ ਵੈਦ ਹੈ, ਨਾ ਹਕੀਮ। ਦਸਵੀਂ ਪਾਸ ਮੁੰਡਾ ਕਿਸੇ ਅੱੈਮ.ਬੀ.ਬੀ.ਅੱੈਸ ਡਾਕਟਰ ਕੋਲ਼ ਦੋ ਤਿੰਨ ਸਾਲ ਲਾ ਕੇ ਟੀਕਾ ਲਾਉਣਾ ਅਤੇ ਪੰਜ-ਸੱਤ ਦਵਾਈਆਂ ਦੇ ਨਾਂ ਸਿੱਖ ਕੇ ਡਾਕਟਰੀ ਦੀ ਦੁਕਾਨ ਖੋਲ੍ਹ ਲੈਂਦਾ ਹੈ। ਨਬਜ਼ ਟੋਹਣ ਦਾ ਗਿਆਨ ਕਿਸੇ ਕੋਲ਼ ਨਹੀਂ। ਵੈਦ ਸੰਤਾ ਸਿੰਘ ਤੇ ਹਕੀਮ ਮੌਲਵੀ ਸਾਹਿਬ ਨਬਜ਼ ਵੇਖ ਕੇ ਬੀਮਾਰੀ ਲਭ ਲੈਂਦੇ ਸਨ। ਬਹੁਤੀ ਗੱਲ ਹੋਣੀ, ਨਿਰਨੇ ਕਾਲ਼ਜੇ ਦਾ ਕਰੂਰਾ ਦੇਖ ਕੇ ਅਹੁਰ ਲੱਭ ਲੈਣੀ। ਹੁਣ ਪਹਿਲਾਂ ਪਿੰਡ ਦੇ ਕੱਚਘਰੜ ਡਾਕਟਰ ਬੀਮਾਰੀ ਵਧਾਉਂਦੇ ਹਨ ਤੇ ਫੇਰ ਸ਼ਹਿਰ ਵਾਲੇ ਐਕਸਰੇ, ਐੱਮ. ਆਰ. ਆਈ ਰਾਹੀਂ ਗ਼ਰੀਬ ਲੋਕਾਂ ਦਾ ਧੂੰਆਂ ਕੱਢਦੇ ਹਨ।
ਮੇਰੇ ਪਿੰਡ ਦਾ ਜੁਗਰਾਫ਼ੀਆ ਹੀ ਨਹੀਂ, ਸਭ ਕੁਝ ਬਦਲ ਗਿਆ ਹੈ। ਕੱਸੀ ਹੀ ਨਹੀਂ ਸੁੱਕੀ, ਸਾਰੇ ਕੁਦਰਤੀ ਸ੍ਰੋਤ ਸੁੱਕ ਗਏ ਹਨ। ਬ੍ਰਿਛ, ਬਨਸਪਤੀ, ਵਣ, ਪਸ਼ੂ-ਪੰਛੀ ਸਭ ਖ਼ਤਮ ਹੋ ਗਏ। ਹੀਰੇ ਹਿਰਨਾਂ ਦੀ ਡਾਰ ਕਿਧਰੇ ਨਹੀਂ ਦਿਸਦੀ। ਘਟਾ ਬਰਸਣ ਤੇ ਕੋਈ ਕੋਈ ਮੋਰ ਦਿਖਾਈ ਦੇ ਜਾਂਦਾ ਹੈ। ਪਿੰਡ ਦਾ ਪਸਾਰਾ ਦੂਰ-ਦੂਰ ਤਕ ਹੋ ਗਿਆ ਹੈ, ਪਰ ਦਿਲ ਸੁੰਗੜ ਗਏ ਹਨ। ਜੇ ਕੁਝ ਨਹੀਂ ਬਦਲਿਆ, ਤਾਂ ਜੱਟ ਦੀ ਹਉਮੈ ਤੇ ਹੈਂਕੜ ਨਹੀਂ ਬਦਲੀ; ਭਾਵੇਂ ਸਭ ਦੇ ਮੂੰਹ ਅਮਰੀਕਾ, ਕੈਨੇਡਾ ਦੀ ਮਜ਼ਦੂਰੀ ਵਲ ਹਨ। ਮੈਨੂੰ ਵੀ ਤਾਂ ਅਪਣਾ ਪਿੰਡ ਸਾਊਥਾਲ ਚ ਹੀ ਮਿਲ਼ ਜਾਂਦਾ ਹੈ ਹੁਣ।