ਕਦੋਂ ਮੁੱਕੇਗੀ ਇਹ ਲੜਾਈ ?
ਮੇਰੇ ਮੋਢਿਆਂ ‘ਤੇ ਸੋਭਦਾ
ਦੁਸ਼ਮਣ ਦਾ ਸਿਰ
ਦੁਸ਼ਮਣ ਫਿਰਦਾ ਮੇਰਾ ਸਿਰ ਲਾਈ।
(‘ਮਾਇਆਜਾਲ ‘ ਦੀ ਇਕ ਕਵਿਤਾ ‘ਸਥਿਤੀ-ਬੋਧ’ ਚੋਂ)
‘I disapprove of what you say, but I will defend to the death your right to say it’
-Voltaire (1699-1778)
‘Hell is other people’। ਇਹ ਵਿਖਿਆਤ ਵਾਕ ਜਾਂ ਪਾਲ ਸਾਰਤਰ ਦਾ ਹੈ। ‘ਹੁਣ’ ਵਿਚ ਛਪ ਰਹੇ ਇਸ ਲੇਖਕ ਦੇ ਕਾਲਮ ‘ਮੇਰੇ ਖੱਬੇ ਵਗਦੀ ਹਵਾ’ ਦੀ ਪ੍ਰਤੀਕ੍ਰਿਆ ‘ਚ ਛਪੇ ਪੰਜਾਬੀ ਮੈਗਜ਼ੀਨਾਂ ਦੇ ਸੰਪਾਦਕੀ, ਅਤੇ ‘ਹੁਣ ‘ਚ ਛਪੇ ਲੇਖ-ਨੁਮਾ ਲੰਮੇ ਖਤ ਪੜ੍ਹ ਕੇ, ਮੈਨੂੰ ਅਚਾਨਕ ਸਾਰਤਰ ਦਾ ਉਤਲਾ ਵਾਕ ਚੇਤੇ ਆ ਗਿਆ। ਸਾਹਿਤਕ ਸਮਝ-ਸੂਝ ਤੋਂ ਕੋਰੇ, ਜ਼ਾਤੀ ਹਮਲਿਆਂ ਰਾਹੀਂੇ ਆਪਣੀ ਵਿਚਾਰਧਾਰਾ ਤੋਂ ਵੱਖਰੇ ਖਿਆਲ ਰੱਖਣ ਵਾਲੇ ਲੇਖਕ ਦਾ ਚਰਿਤਰ-ਘਾਤ ਕਰਕੇ, ਲੱਗਦਾ ਹੈ, ਪੰਜਾਬੀ ਲੇਖਕਾਂ ਦੀ ਅਤ੍ਰਿਪਤ ਆਤਮਾ ਨੂੰ ਸਾਂਤੀ ਮਿਲਦੀ ਹੈ। ਇਸ ਬਹਾਨੇ ਕੁਝ ਪਾਠਕਾਂ ਦਾ ਸ਼ਾਇਦ ਮਨੋਰੰਜਨ ਵੀ ਹੁੰਦਾ ਹੋਵੇ। ਪਰ ਚੰਗੇ ਭਾਗਾਂ ਨੂੰ ਪੰਜਾਬੀ ‘ਚ ਗੁਟਬੰਦੀਆਂ ਤੋਂ ਅਪ੍ਰਭਾਵਿਤ ਸੰਜੀਦਾ ਪਾਠਕ ਤੇ ਲੇਖਕ ਵੀ ਹਨ, ਜਿਨ੍ਹਾਂ ਦੇ ਸਨਮੁਖ ਸਾਹਿਤਕ ਸੰਵਾਦ ਦੀ ਨਿਰਾਸ਼ਾਜਨਕ ਪੱਧਰ ਬਾਰੇ ਦੋ ਗੱਲਾਂ ਕੀਤੀਆਂ ਜਾ ਸਕਦੀਆਂ ਹਨ ।
ਬਾਵਾ ਬਲਵੰਤ ਦੀ ਇਕ ਕਿਤਾਬ ਦਾ ਨਾਂ ਹੈ ‘ਕਿਸ ਕਿਸ ਤਰ੍ਹਾਂ ਦੇ ਨਾਚ’। ਸਾਹਿਤਕ ਆਲੋਚਨਾ ਦੇ ਨਾਂ ਹੇਠ ਪੰਜਾਬੀ ‘ਚ ਇਹ ਨਾਚ ਹੁੰਦੇ ਵੇਖ ਖਬਰੇ ਚੁੱਪ ਰਹਿਣ ‘ਚ ਹੀ ਸਿਆਣਪ ਹੁੰਦੀ, ਪਰ ਮੈਂ ਇੰਨਾਂ ਸਿਆਣਾ ਨਹੀੰਂ। ਚੰਗੇ ਜਾਂ ਮਾੜੇ ਭਾਗਾਾਂ ਨੂੰ, ਲੇਖਕ ਦਾ ਕਿੱਤਾ ਹੀ (ਲਿਖਕੇ) ਬੋਲਣਾ ਹੈ। ਚੁੱਪ ਰਹਿਣਾ ਇਸ ਕਿੱਤੇ ਨਾਲ ਬਦਖੋਹੀ ਹੈ। ਸੋਸ਼ਲਿਸਟ ਦੇਸ਼ਾਂ ‘ਚ ਲੇਖਕਾਂ ਨੂੰ ਚੁੱਪ ਕਰਾਉਣ ਦੇ ਕਾਰਗਰ ਰਸਤੇ ਸਨ। ਸੈਂਸਰ, ਦੇਸ਼ ਨਿਕਾਲਾ ਅਤੇ ਲੇਖਕ ਸੰਘ ਚੋਂ ਬਰਖਾਸ਼ਤੀ ਹੀ ਨਹੀਂ, ਜੇਲ੍ਹ ਅਤੇ ਗੋਲੀ ਨੂੰ ਵੀ ਬੁੱਧੀਜੀਵੀਆਂ ਨੂੰ ਸੋਧਣ ਅਤੇ ਸੋਸ਼ਲਿਜ਼ਮ ਦੀ ਰਾਖੀ ਲਈ ਜ਼ਰੂਰੀ ਸਮਝਿਆ ਜਾਂਦਾ ਸੀ। ਸਾਡਾ ਪੰਜਾਬ ਸੋਸ਼ਲਿਸਟ ਸਟੇਟ ਨਹੀਂ। ਵਿਰੋਧੀਆਂ ਨੂੰ ਸੂਤ ਕਰਨ ਦੀ ਸਾਡੀ ਵਿਧੀ ਮਾਣ-ਹਨਨ ਅਤੇ ਨਿੰਦਿਆ ਆਦਿ ਹੈ। ਬੁੱਧੀਸ਼ੀਲ ਪਾਠਕ ਪਿਛਲੱਗ ਨਹੀਂ ਹੁੰਦਾ। ਮੈਨੂੰ ਆਸ ਹੈ ਕਿ ਪੰਜਾਬੀ ‘ਚ ਵੀ ਅਜੇਹੇ ਸੰਵੇਦਨਸ਼ੀਲ ਪਾਠਕਾਂ ਦਾ ਤੋੜਾ ਨਹੀਂ। ਅਜੇਹੇ ਪਾਠਕਾਂ ਦੀ ਹੋਂਦ ‘ਚ ਲੇਖਕ ਦਾ ਯਕੀਨ ਨਾ ਹੋਵੇ ਤਾਂ ਮੇਰੇ ਵਰਗੇ ਆ-ਮੁਹਾਰੇ ਲੇਖਕਾਂ ਲਈ ਲਿਖਣਾ ਹੀ ਅਸੰਭਵ ਹੋ ਜਾਵੇ।
ਹੁਣ ‘ਚ ‘ਮਾਰਕਸ ਅਤੇ ਭਸਮਾਸੁਰ’ ਪੜ੍ਹ ਕੇ ਕੁਝ ਲੇਖਕਾਂ/ਪਾਠਕਾਂ ਨੂੰ ਕਸ਼ਟ ਹੋਇਆ, ਇਹਦਾ ਮੈਨੂੰ ਅਫਸੋਸ ਹੈ। ਕਿਸੇ ਨੂੰ ਕਸ਼ਟ ਦੇਣਾ ਲੇਖਕ ਦਾ ਮਨੋਰਥ ਨਹੀਂ ਹੁੰਦਾ। ਪਰ ਇਕ ਸਾਹਿਤਕਾਰ ਇਸ ਤੋਂ ਬਚ ਵੀ ਨਹੀਂ ਸਕਦਾ। ਸਾਹਿਤ ’ਚੋਂ ਦਵੰਦ ਦਾ ਨਿਸ਼ੇਧ ਨਾਮੁਮਕਿਨ ਹੈ। ਸੱਚ ਕਹਾਂ ਤਾਂ ਆਪਣੇ ਕਥਿਤ ਆਲੋਚਕਾਂ ਨੂੰ ਨਰਵਸ ਹੋਇਆ ਵੇਖ ਮੇਰੇ ਅੰਦਰਲੇ ਲੇਖਕ ਨੂੰ ਕੁਝ ਤਸੱਲੀ ਹੀ ਹੋਈ। ਇਸ ਵਕਤ ਇਹ ਪ੍ਰਤੀਕ੍ਰਿਆ ਜਜ਼ਬਾਤੀ ਤੇ ਬੇ-ਤਰਕ ਸਹੀ। ਅੱਗੋਂ ਤਰਕਸ਼ੀਲ ਸੰਵਾਦ ਦੀ ਵੀ ਸੰਭਾਵਨਾ ਹੈ। ਹੁਣੇ ਹੀ ਟੈਲੀ ‘ਤੇ ਮਿਸਰ ਦੇ ਨੋਬਲ ਪੁਰਸਕਾਰੀ ਨਾਵਲਕਾਰ ਮਹਫੂਜ਼ ਨੂੰ ਕਹਿੰਦੇ ਸੁਣਿਆ ‘ਕੁਝ ਖੜਕਾ ਕਰੋ, ਤਾਂ ਕਿ ਸੁੱਤਿਆਂ ਦੀ ਨੀੰਂਦ ਟੁੱਟ ਜਾਏ’। ਮੇਰੀਆਂ ਗੱਲਾਂ ਦਾ ‘ਖੜਾਕ’ ਜਿੰਨਾਂ ਮਹੱਤਵ ਤਾਂ ਹੋਵੇਗਾ ਹੀ। ਪਰ ਸਾਡੇ ਵੰਨੇਂ ‘ਖੰਘੂਰਾ’ ਸੁਣ ਕੇ ਪੱਲਾ ਕਰ ਲੈਣ ਦੀ ਪਿਰਤ ਹੈ। ਬਾਤਚੀਤ ਕਿਵੇਂ ਹੋਵੇ?
ਆਪਣੀ ਪ੍ਰਸਿੱਧ ਲਿਖਤ ‘ਪੋਇਟਿਕਸ’ ਦੇ ਛੇਵੇਂ ਚੈਪਟਰ ‘ਚ ਅਰਿਸਟੋਟਲ ਨੇ ਸੰਗੀਤ-ਕਲਾ ਨੂੰ ਸਮਝਣ ਲਈ ਤੇ ਪਲੈਟੋ ਨੇ ਗ੍ਰੀਕ ਟਰੈਜਡੀਆਂ ਦੇ ਸਬੰਧ ‘ਚ ‘ਕਥਾਰਸਿਸ’ ਦਾ ਸਿਧਾਂਤ ਪੇਸ਼ ਕੀਤਾ ਹੈ। ਗ੍ਰੀਕ ਭਾਸ਼ਾ ਦੇ ‘Katharein’ ਦੇ ਮੋਟੇ ਅਰਥ ਹਨ ਸ਼ੁੱਧੀਕਰਣ। ਸਾਹਿਤ ਨੂੰ ਸਮਝਣ ਦੇ ਇਸ ਮੁੱਖ ਸਿਧਾਂਤ ਦਾ ਨਿਚੋੜ ਇਹ ਹੈ ਕਿ ਦੁਖਾਂਤਕ ਨਾਟਕਾਂ ਨੂੰ ਵੇਖ ਕੇ ਅਸੀਂ ਉਪ-ਭਾਵਕ ਤੇ ਉਤੇਜਤ ਹੋ ਜਾਂਦੇ ਹਾਂ । ਇਸ ਪ੍ਰਕ੍ਰਿਆ ‘ਚ ਸਾਡੀ ਸੂੰਗੜੀ ਜਿੰਦ ਦਾ ਨਵੀਨੀਕਰਨ ਹੋ ਜਾਂਦਾ ਹੈ। ਪਲੈਟੋ ਅਨੁਸਾਰ ਇਹ ਸਿਹਤਮੰਦ ਹੈ। ਪੰਜਾਬੀ ‘ਚ ਮੇਰੀ ਜਾਚੇ ਇਹੋ ਹੋ ਰਿਹਾ ਹੈ। ਪਲੈਟੋ ਨੂੰ ਨਹੀਂ ਸੀ ਪਤਾ ਕਿ ਇਸ ਪ੍ਰਕ੍ਰਿਆ ‘ਚ ਦਰਸ਼ਕ ਭੜਕ ਕੇ ਥਿਏਟਰ ਦੀਆਂ ਕੁਰਸੀਆਂ ਵੀ ਤੋੜ ਸਕਦੇ ਹਨ। ਯੁਨਾਨੀ ਲੋਕ ਸੀਲ ਸੁਭਾਅ ਦੇ ਸਨ। ਸਾਡੇ ਪੈਰਾਨੋਇਡ ਯੁੱਗ ਦੀ ਕਲਪਨਾ ਉਹ ਨਹੀਂ ਸੀ ਕਰ ਸਕਦਾ।
‘ਨਰਕ ਦੂਜੇ ਹਨ’ ਵਾਲਾ ਉਤੇ ਕੋਟ ਕੀਤਾ ਵਾਕ ਸਾਰਤਰ ਦੇ ਨਾਟਕ ‘No Exit’ ਨਾਲ ਸਬੰਧਤ ਹੈ। ਪੈਰਿਸ ਦੇ ਇਕ ਕੈਫੇਟੇਰੀਆ ‘ਫਲੋਰ’ ‘ਚ ਬਹਿ ਕੇ , ਸਾਰਤਰ ਨੇ ਇਹ ਨਾਟਕ ਦੋ ਹਫਤਤਿਆਂ ‘ਚ ਹੀ ਲਿਖ ਲਿਆ ਸੀ। ਸਾਰਤਰ ਦਾ ਇਹ ਸਰਵੋਤਮ ਨਾਟਕ ਹੈ। ਸਾਰਤਰੀਅਨ ਹੋਂਦਵਾਦ ਦੇ ਦਿਨ ਤਾਂ ਬੀਤ ਗਏ ਹਨ, ਪਰ ਸਾਡੇ ਯੁੱਗ ‘ਚ ਇਸ ਨਾਟਕ ਦੀ ਚਿੰਨ੍ਹਾਤਮਕ ਪ੍ਰਸੰਗਿਕਤਾ ਅੱਜ ਵੀ ਉੰਨੀ ਹੀ ਹੈ ਜਿੰਨੀ ਇਸ ਨਾਟਕ ਦੇ ਰਚਨਾਕਾਲ ‘ਚ ਸੀ। ਖਿੜਕੀਆਂ ਵਿਹੀਣ ਹਨ੍ਹੇਰੇ ਕਮਰੇ ‘ਚ ਬੰਦ ਹੋਏ ਤਿੰਨ ਪਾਤਰ ਬਾਰ ਬਾਰ ਉਸ ਨਰਕ ਦੀ ਗੱਲ ਕਰਦੇ ਸੁਣਾਈ ਦਿੰਦੇ ਹਨ ਜਿੱਥੇ ਕੋਈ ਦਰਪਣ ਨਹੀਂ ਲੱਗਾ ਹੋਇਆ। ਇਹ ਨਾਟਕ ਮੈਨੂੰ ‘ਸ਼ੀਸ਼ੇ-ਵਿਹੂਣਾ ਨਰਕ’ ਦੀ ਪ੍ਰਕਲਪਨਾ ਕਰਕੇ ਚੰਗਾ ਲੱਗਿਆ ਸੀ। ਡਾਂਟੇ ਦੇ ਬਿਬਲੀਅਨ ਨਰਕ ‘ਚ ਭਬਕਦੀ ਅੱਗ ਹੈ। ਸਾਰਤਰ ਦਾ ਨਰਕ ਮਨੁੱਖ ਕੋਲ ਸ਼ੀਸ਼ੇ ਦਾ ਨਾ ਹੋਣਾ ਹੈ। ਸ਼ੀਸ਼ੇ ‘ਚ ਵੇਖਣਾ ਹਮੇਸ਼ਾ ਸੁਹਾਵਾ ਅਨੁਭਵ ਹੀ ਨਹੀਂ ਹੁੰਦਾ। ਪਰ ਬੰਦੇ ਨੂੰ ਸਹੀ ਪਰਸਪੈਕਟਿਵ ਇਸ ਤੋਂ ਬਿਨਾਂ ਨਹੀਂ ਮਿਲਦਾ।
ਫਰਾਂਸ ਦੇ ਨਾਵਲਿਸਟ ਸਟੇਂਡਾਹਲ ਦੀ ਆਖੀ ਇਹ ਗੱਲ ਮੈਨੂੰ ਠੀਕ ਜਾਪਦੀ ਹੈ ‘ਸਾਹਿਤ ‘ਚ ਰਾਜਨੀਤੀ ਦਾ ਦਖਲ ਸੰਗੀਤ ਸਭਾ ‘ਚ ਪਿਸਤੌਲ ਚਲਾਉਣ ਵਾਂਗ ਹੁੰਦਾ ਹੈ’
ਮੈਨੂੰ ਰਾਜਨੀਤੀ ਦਾ ਕੋਈ ਸ਼ੌਕ ਨਹੀਂ। ਮੇਰਾ ਵਿਸਵਾਸ਼ ਸ਼ਬਦ ਦੀ ਸੁੱਚਤਾ ‘ਚ ਹੈ। ਜੇ ਮੇਰੇ ਵਰਤੇ ਸ਼ਬਦਾਂ ‘ਚ ਕਿਸੇ ਨੂੰ ਮਾਰਕਸ ਜਾਂ ਕਮਿਉਨਿਜ਼ਮ ਦਾ ਵਿਰੋਧ ਹੀ ਦਿਸਦਾ ਹੈ, ਕੁਝ ਹੋਰ ਨਹੀਂ, ਤਾਂ ਇਹ ਸਪਸ਼ਟ ਹੀ ਇਸ ਵਿਸ਼ੇ ਦੀ ਗੰਭੀਰਤਾ ਤੋਂ ਅੱਖਾਂ ਫੇਰਨਾ ਹੈ। ਇਕ ਵਿਚਾਰਧਾਰਾ ਅਤੇ ਯੁਟੋਪੀ ਜਿਵੇਂ ਸਾਡੀਆਂ ਅੱਖਾਂ ਮੂਹਰੇ ਨਵੇਂ ਦਿਸਹੱਦੇ ਖੋਲ੍ਹਦੀ ਤੇ ਸਾਨੂੰ ਨਵੇਂ ਕੋਣ ਤੋਂ ਦਿਸਣ ਲਾਉਂਦੀ ਹੈ, ਉਵੇਂ ਹੀ ਕੁਝ ਹਾਲਤਾਂ ‘ਚ ਯੁਟੋਪੀਆ ਸਾਡੀ ਸੋਚ ਨੂੰ ਸੰਕੁਚਿਤ ਤੇ ਨਜ਼ਰ ਨੂੰ ਧੁੰਧਲਾ ਵੀ ਕਰ ਸਕਦਾ ਹੈ। (ਦੂਜੇ ਪਾਸੇ ਕੁਝ ਅਜਿਹੇ ਲੇਖਕ ਵੀ ਹਨ ਜੋ ਮਾੳਵਾਦ ਤੋਂ ਮੂੰਹ ਮੋੜ ਕੇ ਅਚਾਨਕ ਪੰਜਾਬੀ ਦੇ ਮੌਡਰਨ ਲੇਖਕਾਂ ‘ਚ ਆ ਖੜੋਤੇ। ਪਤਾ ਨਹੀਂ ਉਹਨਾਂ ਦਾ ਕਿਹੜਾ ਭੇਸ ਪ੍ਰਮਾਣਿਕ ਹੈ। ਵਿਚਾਰਰਧਾਰਾ ‘ਚ ਆਏ ਇਹੋ ਜਿਹੇ ਮਕੈਨਕੀ ਪਰਿਵਰਤਨਾਂ ‘ਤੇ ਵੀ ਪੰਜਾਬੀ ‘ਚ ਅਜੇ ਵਿਚਾਰ ਨਹੀਂ ਹੋਇਆ।)
ਇਹ ਪਾਰਟੀ ਪੋਲਿਟਿਕਸ ਦੇ ਵਿਸ਼ੇ ਨਹੀੰ, ਪੰਜਾਬੀ ਸਾਹਿਤ ਦੀ ਸਾਇਕੀ ਨਾਲ ਜੁੜੇ ਅਣਗੌਲੇ ਸਵਾਲ ਹਨ। ਇਨ੍ਹਾਂ ਦੇ ਹੱਲ ਵੀ ਸਾਹਿਤ ‘ਚ ਹਨ, ਪੌਲਿਟਿਕਸ ‘ਚ ਨਹੀੰ। ਪਰ ਮੇਰੇ ‘ਤੇ ਹੋਏ ਹਮਲਿਆਂ ‘ਚ ਸਿਆਸਤ ਬਹੁਤੀ ਹੈ, ਸਾਹਿਤ ਬਹੁਤ ਘੱਟ, ਜਾਂ ਬਿਲਕੁਲ ਹੀ ਨਹੀਂ।
ਪੋਲਿਟੀਕਲ ਮੁਹਾਵਰੇ ‘ਚ ਗੱਲ ਕਰਣ ਦਾ ਵੱਲ ਮੈਨੂੰ ਨਹੀਂ ਆਉਂਦਾ, ਕਿਉਂ ਕਿ ਇਹ ਮੇਰਾ ਖੇਤਰ ਨਹੀਂ। ਪੰਜਾਬੀ ‘ਚ ਮੇਰੀ ਡੀਊਟੀ ਲੇਖਕ ਦੀ ਲੱਗੀ ਹੈ। ਇਸ ਡੀਊਟੀ ‘ਚ ਨਾ ਪ੍ਰਚਾਰ ਸ਼ਾਮਿਲ ਹੈ, ਨਾ ਕਿਸੇ ਦੀ ਖ਼ਲਾਫਤ। ਸਾਹਿਤਕਾਰੀ ਦੇ ਇਸ ਰੋਲ ‘ਚ ਹੱਨੇਰੇ ਵਿਚ ਟਾਰਚ ਮਾਰ ਕੇ ਮੈਂ ਲੁਕੀਆਂ ਸ਼ੈਆਂ ਨੂੰ ਵੇੱਖਣ ਦੀ ਕੋਸ਼ਿਸ਼ ਕਰਦਾ ਹਾਂ। ਅਗਿਆਤ ਨੂੰ ਜਾਣਨ ਦੀ ਇਹ ਜਿਗਿਆਸਾ ਹੀ ਮੇਰੇ ਅੰਦਰਲੇ ਲੇਖਕ ਨੂੰ ਜੀਉਂਦਾ ਰੱਖ ਰਹੀ ਹੈ। ਗਿਆਨ ਸ਼ਬਦ ਦੇ ਮੂਹਰੇ ਸਿਰਫ਼ ‘ਅ’ ਲਾਉਣ ਦੀ ਲੋੜ ਹੈ ਕਿ ਸਾਰਾ ਦ੍ਰਿਸ਼ ਹੀ ਬਦਲ ਜਾਂਦਾ ਹੈ। ਜਿਸਨੂੰ ਸੱਚ ਜਾਣ ਕੇ ਅਸੀਂ ਮੁੱਦਤਾਂ ਤੋਂ ਅੰਗ ਲਾਇਆ ਹੁੰਦਾ ਹੈ, ਸਾਡੇ ਹੱਥਾਂ ‘ਚ ਬਰਫ ਵਾਂਗ ਖੁਰ ਸਕਦਾ ਹੈ। ਨਤੀਜਨ ਹਰ ਯੁੱਗ ‘ਚ ਸੱਚ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਲੋੜ ਪੈਂਦੀ ਹੈ। ਵੱਡੇ ਤੋਂ ਵੱੱਡੇ ਸੱਚ ਨੂੰ ਵੀ ਨਿਰੰਤਰ ਪਰਖਦੇ ਰਹਿਣਾ ਲੇਖਕ ਦੀ ਜ਼ਿੰਮੇਦਾਰੀ ਹੈ। ਆਪਣੀ ਵਿਤ ਅਨੁਸਾਰ ਇਹ ਡੀਊਟੀ ਵਜਾਉਂਦਿਆਂ ਮੈਨੂੰ ਆਪਣੀ ਘੱਟ-ਅਕਲੀ ਦਾ ਵੀ ਅਹਿਸਾਸ ਹੈ ਤੇ ਗ਼ਲਤ ਹੋਣ ਦੀ ਸੰਭਾਵਨਾ ਦਾ ਵੀ।
ਪਹਿਲਾਂ ਇਕ ਸੰਜੀਦਾ ਤੇ ਵਿਵੇਕਸ਼ੀਲ ਮਾਰਕਸਵਾਦੀ ਦੀ ਗੱਲ।
ਆਪਣੇ ਇੰਟਰਨੈਟ ਮੈਗਜ਼ੀਨ ‘ਨਿਸੋਤ’ ‘ਚ ਕੈਨੇਡਾ ਵਾਸੀ ਸੁਰਜਣ ਜ਼ੀLਰਵੀ ਹੁਰਾਂ ਦਾ ਇਹ ਕਥਨ ਠੀਕ ਹੋ ਸਕਦੈ ‘ਮਾਰਕਸ ਦੇ ਮਰਨ ਦੀਆਂ ਖਬਰਾਂ ਦੇਣ ਵਾਲਿਆਂ ਨੂੰ ਅੰਦਰੋਂ ਇਹ ਯਕੀਨ ਨਹੀੰ ਕਿ ਮਾਰਕਸ ਮਰ ਗਿਆ ਹੈ’।
ਧਿਆਨ ਦੇਣ ਵਾਲੀ ਗੱਲ ਹੈ ਕਿ ‘Marx is dead’ ਦਾ ਐਲਾਨ ਕਰਨ ਵਾਲੇ ਵੀ ਮਾਰਕਸਵਾਦ ਦੇ ਸਮਰਥਕ ਹੁੰਦੇ ਸਨ। ਯੂਰਪ ਦੇ ਬੁੱਧੀਜੀਵੀਆਂ ਨੇ 60ਵਿਆਂ ਅਤੇ 70ਵਿਆਂ ‘ਚ ਹੀ, ਜਦੋਂ ਸੋਵੀਅਤ-ਸੰਘ ਸਿਖਰਾਂ ਛੋਹ ਰਿਹਾ ਸੀ, ਸੋਸ਼ਲਿਸਮ ‘ਚ ਦਰਾੜਾਂ ਪੈਂਦੀਆਂ ਵੇਖ ਲਈਆਂ ਸੀ। ਯੂਰਪੀਨ ਬੁੱਧੀਜੀਵੀਆਂ ਅਤੇ ਪੰਜਾਬ ਦੇ ਬੁੱਧੀਜੀਵੀਆਂ ਦੀ ਸੋਚ ਵਿਚਕਾਰ ਇਹ ਪਾੜਾ ਚਕ੍ਰਿਤ ਕਰ ਦੇਣ ਵਾਲਾ ਹੈ। ਸਪਸ਼ਟ ਹੀ ਇਸ ਪ੍ਰਸੰਗ ‘ਚ ‘ਮੌਤ’ ਮਹਿਜ਼ ਇਕ ਮੈਟਾਫਰ ਹੈ। ‘ਮਾਰਕਸ ਅਤੇ ਭਸਮਾਸੁਰ’ ‘ਚ ਮਾਰਕਸ ਨੂੰ ਮਰਿਆ ਐਲਾਨ ਕਰਨ ਵਾਲੇ ਕੁਝ ਫਰਾਂਸੀਸੀ ਬੁੱਧੀਜੀਵੀਆਂ ਦੀ ਗੱਲ ਕੀਤੀ ਗਈ ਸੀ। 60ਵਿਆਂ ਅਤੇ 70ਵਿਆਂ ‘ਚ ਹੀ, ਹੰਗਰੀ ਅਤੇ ਚੈਕੋਸਲੋਵਾਕੀਆ ‘ਚ ਰੂਸੀ ਘੁਸਪੈਠ ਦੇ ਪਿਛੋਕੜ ‘ਚ, ਇਸ ਵਿਚਾਰਧਾਰਾ ਦੇ ਲਕਸ਼ਾਂ ਅਤੇ ਸਿੱਟਿਆਂ ‘ਤੇ ਪੁਨਰ ਵਿਚਾਰ ਹੋਣ ਲੱਗ ਪਿਆ ਸੀ। ਪੰਜਾਬ ‘ਚ ਵੀ ਨਿਸ਼ਚੇ ਹੀ ਅਜੇਹੇ ਬੁੱਧੀਜੀਵੀ ਹੋਣਗੇ ਜੋ ਪੱਛਮੀ ਚਿੰਤਨ ਤੋਂ ਬੇ-ਖਬਰ ਨਹੀਂ। ਪਰ ਅਸੀਂ ਕਦੇ ਇਸਨੁੰ ਬਹਿਸ ਦਾ ਵਿਸ਼ਾ ਨਹੀਂ ਸਮਝਿਆ। ਇਹ ਇਤਫ਼ਾਕਨ ਨਹੀਂ। ਇਸਦਾ ਕਾਰਨ ਸਾਡੀ ਅਟਲ ਸੋਚ ਹੈ। ਅਸੀਂ ਪਰਿਵਰਤਨ ਨੂੰ ਔਗਣ ਸਮਝਦੇ ਹਾਂ । ਪਰ ਯੁਟੋਪੀਆਂ ਦੇ ਇਸ ਸੰਘਰਸ਼ ਕਾਲ ‘ਚ ਮਾਰਕਸ ਦੀ ਗੱਲ ਕਰਨਾ ਪ੍ਰਾਸੰਗਿਕ ਹੀ ਨਹੀੰ, ਜ਼ਰੂਰੀ ਵੀ ਹੈ।
ਇਸ ਬਾਰੇ ਦੋ ਮਤ ਨਹੀੰ ਕਿ ਮਾਰਕਸਵਾਦ ਮਨੁੱਖੀ ਆਜ਼ਾਦੀ ਦਾ ਅਦੁੱਤੀ ਘੋਸ਼ਨਾ ਪੱਤਰ ਹੈ। ਮਾਰਕਸ ਨੇ ਆਪ ਗੁਰਬਤ ਵੀ ਖੂਬ ਭੋਗੀ ਸੀ। ਲੋਕਾਂ ਦਾ ਦੁੱਖ ਉਸਦਾ ਆਪਣਾ ਦੁੱਖ ਸੀ। (ਇਕ ਖਤ ‘ਚ ਉਹ ਆਪਣੇ ਇਕ ਮਿਤਰ ਦਾ 1 ਪੌਂਡ ਭੇਜਣ ਲਈ ਧੰਨਵਾਦ ਕਰਦਾ ਹੈ। 6 ਪੌਂਡ ਭੇਜਣ ਲਈ ਉਸਨੇ ਇਕ ਖਤ ‘ਚ ਐਂਗਲਸ ਦਾ ਵੀ ਸ਼ੁਕਰੀਆ ਕੀਤਾ ਹੈ)। ਪਰ ਸੋਵੀਅਤ ਸੰਘ ਦੀੇ ਕਮਿਉਨਿਸਟ ਹਕੂਮਤ ‘ਚ ਲੋਕਤੰਤਰ ਚਰਨਾਮਤ ਮਾਤਰ ਹੀ ਸੀ। ਲੈਨਿਨ ਦੂਰਦਰਸ਼ੀ ਨੇਤਾ ਸੀ, ਪਰ ਆਮ ਲੋਕਾਂ ਦੀ ਬੁੱਧੀਮੱਤਾ ‘ਤੇ ਉਸਨੂੰ ਬਹੁਤਾ ਯਕੀਨ ਨਹੀਂ ਸੀ। ਉਂਜ ਵੀ ਰੂਸ ਦੇ ਲੰਮੇ ਇਤਹਾਸ ‘ਚ ਲੋਕਤੰਤਰ ਦਾ ਕੰਸੈਪਟ ਕਿਤੇ ਨਹੀਂ ਮਿਲਦਾ। ਇਸ ਪੈਰਾਡੌਕਸ ਦੀ ਨਿਸ਼ਾਨਦੇਹੀ ਕਰਨ ਲਈ ਹੀ ਮੈਂ ‘ਮਾਰਕਸ ਅਤੇ ਭਸਮਾਸੁਰ ‘ਚ ਲਿਖਿਆ ਸੀ, ‘ਮਾਰਕਸਵਾਦ ਦੇ ਲੌਜੀਕਲ ਢਾਂਚੇ ‘ਚ ਕਿਤੇ ਅਜੇਹਾ ਵਿਰੋਧਾਭਾਸ ਹੈ ਜੋ ਕਿ ਇਸਦੇ ਆਪਣੇ ਮਕਸਦ ਤੋਂ ਉਲਟ ਜਾਂਦਾ ਹੈ।’
ਇਹ ਵਿਰੋਧਾਭਾਸ ਕਿੱਥੇ ਹੈ, ਇਸ ‘ਤੇ ਵਿਚਾਰ ਕੀਤੇ ਬਿਨਾ ਅੱਗੇ ਨਹੀਂ ਤੁਰਿਆ ਜਾ ਸਕਦਾ। ਫਰਾਂਸ ਦੇ ਮਾਰਕਸਵਾਦੀ ਚਿੰਤਕਾਂ ਨੇ ਇਸ ਗੁੱਥੀ ਨੂੰ ਸੁਲਝਾਉਣ ਤੇ ਕਾਫੀ ਮਗਜ਼ ਖਪਾਇਆ ਸੀ। ਕਾਮੂ ਅਤੇ ਸਾਰਤਰ ਵਰਗੇ ਮਾਰਕਸੀ ਵਿਆਖਾਕਾਰਾਂ ਦੇ ਤਰਕਾਂ ਨੂੰ ਸਹਿਜੇ ਹੀ ਰਫ਼ਾ ਦਫ਼ਾ ਨਹੀੰ ਕੀਤਾ ਜਾ ਸਕਦਾ। ਮਾਰਕਸ ਮਰਿਆ ਨਹੀੰ। ਜੇ ਮੈਂ ਇਹ ਨਾ ਸਮਝਦਾ ਤਾਂ ਇਸ ਘੜੀ ਅਸੀੰ ਮਾਰਕਸ ਦੀਆਂ ਗੱਲਾਂ ਨਾ ਕਰ ਰਹੇ ਹੁੰਦੇ। ਪਰ ਬਦਲੇ ਸੰਦਰਭਾਂ ‘ਚ ਮਾਰਕਸ ਦੀ ਪ੍ਰਾਸੰਗਿਕਤਾ ਕੀ ਹੈ, ਇਹ ਸਵਾਲ ਜਵਾਬ ਮੰਗਦਾ ਹੈ। ਇਸ ਅਹਿਮ ਸਵਾਲ ਦਾ ਜਵਾਬ ਲੱਭਣ ਲਈ ਮੋਰਚੇਬੰਦੀ ਦੀ ਨਹੀੰ, ਖੁਲ੍ਹੀ ਡਿਬੇਟ ਦੀ ਲੋੜ ਹੈ।
ਕਮਿਊਨਿਸਟ ਦੇਸ਼ਾਂ ‘ਚ ਬੀਤੇ ਮੇਰੇ ਜੀਵਨ ਦਾ ਅਨੁਭਵ ਇਹਨਾਂ ਦੇਸ਼ਾਂ ‘ਚ ਕਮਿਊਨਿਸਟ ਪਾਰਟੀ ਵਰਕਰਾਂ ਦੇ ਦੋ-ਹਫਤੀ ਟੂਰ ਦੇ ਅਨੁਭਵ ਤੋਂ ਵੱਖਰਾ ਹੈ। ਇਹ ਸੁਭਾਵਿਕ ਵੀ ਹੈ। ਮਾਰਕਸ ਨੂੰ ਮੈਂ ਇੰਨਾਂ ਪੜ੍ਹਿਆ ਨਹੀਂ, ਜਿੰਨਾਂ ਉਸਨੂੰ ਬਲਗਾਰੀਆ ‘ਚ ਰਹਿੰਦਿਆਂ ਸੁਬਾਹ-ਸ਼ਾਮ ਭੋਗਿਆ ਹੈ । ਹੋਰਾਂ ਨੂੰ ਮਾਰਕਸ ਦਾ ਗਿਆਨ ਮੇਰੇ ਨਾਲੋਂ ਨਿਸ਼ਚੇ ਹੀ ਕਿਤੇ ਜ਼ਿਆਦਾ ਹੈ। ਉਹਨਾਂ ਦੀ ਪੰਡਿਤਾਈ ‘ਤੇ ਮੈਨੂੰ ਸ਼ੱਕ ਨਹੀਂ। ਮੇਰੇ ਕੋਲ ਤਾਂ ਸਿਰਫ ਇਹਨਾਂ ਦੇਸ਼ਾਂ ਦਾ ਜੀਵੰਤ ਅਨੁਭਵ ਹੀ ਹੈ। ਇਹ ਮਾਰਕਸਵਾਦ ਦੇ ਕਿਤਾਬੀ ਗਿਆਨ ਦੇ ਤੁੱਲ ਤਾਂ ਸ਼ਾਇਦ ਨਹੀੰ, ਪਰ ਹੱਡੀਂ ਭੋਗਿਆ ਇਹ ਨਿੱਕਾ ਯਥਾਰਥ ਵੀ ਤਾਂ ਉਸੇ ਵੱਡੇ ਯਥਾਰਥ ਦਾ ਅੰਗ ਹੈ ਜਿਸ ਨਾਲ ਅਸੀੰ ਸਾਰੇ ਜੁੜੇ ਹੋਏ ਹਾਂ?
ਚੈਕੋਸਲੋਵਾਕੀਆ ਦੀ ਵਾਰਦਾਤ ਤੋਂ ਬਾਅਦ ਸੋਫੀਆ ‘ਚ ‘World Youth Conference’ ਹੋਈ ਸੀ। ਸੰਸਾਰ ਭਰ ਦੇ ਪਰੋਗਰੈਸਿਵ ਸਟੂਡੈਂਟਾਂ ਦੇ ਇਸ ਵਿਸ਼ਵ-ਸੰਮੇਲਨ ‘ਚ ਇਹ ਲੇਖਕ ਵੀ ਸ਼ਾਮਿਲ ਸੀ। ਭਾਰਤ ਤੋਂ ਵੀ ਖਾਸਾ ਵੱਡਾ ਡੈਲੀਗੇਸ਼ਨ ਪਹੁੰਚਿਆ। ਇਸ ਕਾਨਫ੍ਰੰਂਸ ਦੀ ਇਕ ਬੈਠਕ ‘ਚ ਚੈਕੋਸਲੋਵਾਕੀਆ ਦੇ ਡੈਲੀਗੇਟਾਂ ਨੇ ਰੂਸੀਆਂ ਤੋਂ ਇਸ ਸਵਾਲ ਦਾ ਜਵਾਬ ਮੰਗਿਆ ਸੀ, ‘ ਮਾਰਕਸ ਨੇ ਕਿੱਥੇ ਲਿਖਿਆ ਹੈ ਕਿ ਸੋਸ਼ਲਜ਼ਿਮ ਦੇ ਨਾਂ ਹੇਠ ਇਕ ਦੇਸ਼ ਦੀ ਆਜ਼ਾਦੀ ਖੋਹ ਲਵੋ!’
ਰੂਸੀ ਕੀ ਜਵਾਬ ਦਿੰਦੇ। ਅਸਲੀਅਤ ਇਹ ਹੈ ਕਿ ਮਾਰਕਸ ਤਾਂ ਜ਼ਰੂਰ ‘ਹੇਠੋਂ’ ਲੋਕਾਂ ਦੀ ਹਕੂਮਤ ਦੀ ਗੱਲ ਕਰਦਾ ਹੈ। ਲੋਕਾਂ ‘ਤੇ ‘ਉਤੋਂ’ ਪਰੌਲੋਤਾਰੀ ਤਾਨਾਸ਼ਾਹੀ ਲੱਦਣਾ ਲੈਨਿਨ ਅਤੇ ਉਸਦੇ ਬੋਲਸ਼ੈਵਿਕਾਂ ਦੇ ਦਿਮਾਗ ਦੀ ਕਾਢ ਸੀ। ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਮਾਰਕਸ ਨੇ ਕਿਤੇ ਵੀ ਡੈਮੋਕਰੇਸੀ ਦੀ ਕੋਈ ਸਪਸ਼ਟ ਥਿਊਰੀ ਪੇਸ਼ ਨਹੀਂ ਕੀਤੀ, ਸਿਰਫ ਡੈਮੋਕਰੇਸੀ ਦੀ ਪ੍ਰਕ੍ਰਿਆ ‘ਚ ਲੋਕਾਂ ਦੇ ਬਰਾਬਰ ਸਹਿਯੋਗ ਆਦਿ ਦੀਆਂ ਸਦਭਾਵਕ ਗੱਲਾਂ ਹੀ ਕੀਤੀਆਂ ਹਨ। (ਵਿਸਤਾਰ ਲਈ ਵੇਖੋ ਕੈਂਬਰਰਿਜ ਯੁਨੀਵਰਸਿਟੀ ਤੋਂ ਛਪੀ ਕਿਤਾਬ ‘Democratic Theory And Socialism’)। ਲੋਕ-ਰਾਜ ਨਾ ਜ਼ਾਰ ਦੇ ਸਮੇਂ ਸੀ, ਨਾ ਸਹੀ ਅਰਥਾਂ ‘ਚ ਲੈਨਿਨ ਤੋਂ ਗੋਰਬਾਚੋਵ ਤਕ। ਹੁਣ ਸਾਬਕਾ ਖਘਭ-ਜਾਸੂਸ ਪੁਤੀਨ ਰੂਸ ਦਾ ਪ੍ਰੈਜ਼ੀਡੈਂਟ ਹੈ। ਰੂਸੀ ਡੈਮੋਕਰੇਸੀ ਦਾ ਇਹ ਤਾਂਡਵੀ ਨਾਚ ਅਜੇ ਸ਼ੁਰੂ ਹੀ ਹੋਇਆ ਹੈ। ਇਹ ਕਿਵੇਂ ਮੁਕਦਾ ਹੈ ਸਮਾਂ ਹੀ ਦੱਸੇਗਾ।
ਹੁਣ ਇਸ ਲੇਖਕ ‘ਤੇ ਕੀਤੇ ਗਏ ਇਕ-ਦੋ ਜ਼ਾਤੀ ਹਮਲਿਆਂ ਦੇ ਉਦਾਹਰਣ।
ਫਰਾਂਸ ਦੇ ਨਾਵਲਕਾਰ ਸਟੈਂਡਾਹਲ ਨੇ ਰਾਜਨੀਤੀ ਨੂੰ ਸਾਹਿਤ ਲਈ ਘਾਤਕ ਕਰਾਰ ਦਿਤਾ । ਸਾਹਿਤ ਲਈ ਇਸ ਤੋਂ ਵੀ ਘਾਤਕ ਪ੍ਰਵਿਰਤੀ ਦਾ ਨਾਉਂ ਹੈ ਨੈਤਿਕੀ ਪ੍ਰਵਚਨ ਕਰਨੇ। ‘ਹੁਣ-4’ ‘ਚ ਇਕ ਆਲੋਚਕ ਲਿਖਦੇ ਹਨ ‘ਜਿਹੜਾ ਬੱਚਾ ਆਪਣੀ ਮਾਂ ਵੱਲ ਤੱਤੀ ਚਾਹ ਵਗਾਹ ਕੇ ਮਾਰ ਸਕਦਾ ਹੈ, ਉਸ ਕੋਲੋਂ ਕਿਸੇ ਔਰਤ ਦੀ ਮਰਯਾਦਾ ਬਾਰੇ ਕੀ ਆਸ ਰੱਖੀ ਜਾ ਸਕਦੀ ਹੈ’।
ਛੋਟੇ ਹੁੰਦੇ ਨੇ (ਉਮਰ ਚਾਰ-ਪੰਜ ਸਾਲ) ਇਕ ਵਾਰ ਰੁੱਸ ਕੇ ਮੈਂ ਚਾਹ ਦਾ ਕੱਪ ਮਾਂ ਵੱਲ਼ ਸੁੱਟ ਦਿਤਾ ਸੀ। ਅਵਤਾਰ ਨਾਲ ਹੋਈ ਇੰਟਰਵਿਊ ‘ਚ- (ਹੁਣ-2)- ਕਹੀ ਮੇਰੀ ਇਸ ਗੱਲ ਤੋਂ ਇਸ ਆਲੋਚਕ ਨੂੰ ਔਰਤ ਦੀ ਮਰਯਾਦਾ ਖਤਰੇ ‘ਚ ਪਈ ਲੱਗਦੀ ਹੈ। ਮੇਰੇ ਬਾਲ ਹੱਥਾਂ ਤੋਂ ਚਾਹ ਦਾ ਕੱਪ ਭਲਾ ਕਿੰਨਾਂ ਕੁ ਦੂਰ ਸੁਟਿਆ ਜਾਣਾ ਸੀ! ਮੇਰੇ ਆਪਣੇ ਹੀ ਪੈਰਾਂ ‘ਚ ਡੁਲ੍ਹੀ ਚਾਹ ਦੇ ਛਿੱਟਿਆਂ ਤੋਂ ਮੈਨੂੰ ਬਚਾਉਣ ਲਈ ਮੇਰੀੇ ਮਾਂ ਦੌੜ ਕੇ ਆਈ ਸੀ। ਵੈਸੇ ਵੀ ਉਹ ਕਿਹੜਾ ਬਾਲ ਹੈ ਜਿਸਨੇ ਕਦੇ ਆਪਣੀ ਮਾਂ ਨਾਲ ਜਿੱਦ, ਅੜੀ ਤੇ ਝਗੜਾ ਨਹੀਂੰ ਕੀਤਾ? ਮੈਨੂੰ ਨਹੀੰ ਪਤਾ ਇਸ ਆਲੋਚਕ ਦਾ ਬਚਪਨ ਕੈਸਾ ਸੀ। ਉਸਦਾ ਚਿਤਵਿਆ ਬਾਲ ਇਕ ਰੋਬੌਟ ਹੀ ਹੋ ਸਕਦਾ ਹੈ। ਇਕ ਨਿਰਜਿੰਦ ਮਸ਼ੀਨ। ਜੇ ਉਸ ਦਾ ਬਚਪਨ ਅਜਿਹਾ ਸੀ ਤਾਂ ਮੇਰੀ ਹਮਦਰਦੀ! ਮੇਰਾ ਆਪਣਾ ਬਚਪਨ ਪਿਆਰ, ਗੁਸਤਾਖੀਆਂ, ਝਿੜਕਾਂ, ਜਿੱLਦਾਂ, ਖੇਡਾਂ, ਚੋਟਾਂ, ਜ਼ਖ਼ਮਾਂ, ਮਲ੍ਹਮਾਂ ਅਤੇ ਲਾਡ-ਦੁਲਾਰਾਂ ਦੀ ਅਟੁੱਟ ਕਥਾ ਹੈ। ਇਸ ‘ਚ ਇਕ ਵੀ ਅਜੇਹਾ ਛਿਣ ਨਹੀਂ ਜਿਸ ‘ਤੇ ਮੈਨੂੰ ਲੱਜ ਆਉਂਦੀ ਹੋਵੇ। ਬਲ ਕਿ ਇਸਦੀ ਸਿਮਰਤੀ ਮੇਰੀ ਬਾਕੀ ਜ਼ਿੰਦਗੀ ਨੂੰ ਸਰਸਬਜ਼ ਰੱਖਣ ਵਾਲਾ ਇਕ ਅਗੰਮ ਸੋਮਾ ਹੈ।
ਦੇਖਿਆ ਜਾਏ ਤਾਂ ਮੌਰੈਲਿਟੀ ਦੇ ਅਜੇਹੇ ਠੇਕੇਦਾਰ ਹੀ ਅੱਤਵਾਦ ਦੀ ਹਨ੍ਹੇਰੀ ਚਲਾਉਂਦੇ ਤੇ ਉਸ ‘ਚ ਉਡਦੇ ਵੀ ਹਨ। ਇਸ ਆਲੋਚਕ ਪਿੱਛੇ ਕਿਹੜਾ ਕਿਰਦਾਰ ਛੁਪਿਆ ਹੈ, ਇਸਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀੰਂ। ਦੂਜਿਆਂ ਲਈ ਨੈਤਿਕਤਾ ਦੇ ਸਬਕ ਦੇਣ ਵਾਲੇ ਆਪ ਇਹਨਾਂ ਤੋਂ ਬਰੀ ਰਹਿੰਦੇ ਹਨ। ਪੰਜਾਬ ਤਾਂ ਇਨ੍ਹਾਂ ਤੋਂ ਬਚ ਗਿਆ, ਭਾਵੇਂ ਕਾਫੀ ਵੱਡੀ ਕੀਮਤ ਚੁਕਾ ਕੇ। ਪੰਜਾਬੀ ਸਭਿਆਚਾਰ ਦੇ ਇਨ੍ਹਾਂ ਮੌਰੇਲਿਸਟਾਂ (Culture conservatists) ਨੇ ਹੁਣ ਸਾਹਿਤ ਵੱਲ ਮੂੰਹ ਕਰ ਲਿਆ ਜਾਪਦਾ ਹੈ। ਸਾਹਿਤ ਦੇ ਇਹ ਰਾਖੇ ਖ਼ਤਰੇ ਦੀਆਂ ਕਿੰਨੀਆਂ ਵੀ ਘੰਟੀਆਂ ਵਜਾਉਣ, ਮੈਨੂੰ ਅਜਿਹੇ ਲੇਖਕਾਂ ਦੀ ਨੀਅਤ ‘ਤੇ ਸਖਤ ਸੰਦੇਹ ਹੈ। (ਅੱਤਵਾਦ ਦੇ ਪ੍ਰਸੰਗ ‘ਚ ਵਰਿਆਮ ਸਿੰਘ ਸੰਧੂ ਦੀ ਲਿਖਤ ‘ਕੁੜਿੱਕੀ ‘ਚ ਫਸੀ ਜਾਨ’ ਪੜ੍ਹਣ ਯੋਗ ਹੈ। ਅਜੇਹੇ ਦਿਆਨਤਦਾਰ ਤੇ ਪਰਾਕਰਮੀ ਲੇਖਕ ਜਿਊਂਦੇ ਰਹਿਣ! ਨਹੀਂ ਤਾਂ ਨਿੱਠ ਕੇ ਆਤਮ ਵਿਸ਼ਲੇਸ਼ਣ ਕਰਨ ਦੀ ਥਾਵੇਂ ਆਪਣੇ ਹਿਂਸਕ ਬੀਤੇ ਨੂੰ ਮੁੰਡਿਆਂ-ਖੁੰਡਿਆਂ ਵਾਲੀ ਬੌਧਕ-ਨਾਬਾਲਗੀ ਆਖ ਕੇ ਇਹ ਲੇਖਕ ਸਮਝ ਲੈਂਦੇ ਹਨ ਕਿ ਪਾਪ ਧੋਤੇ ਗਏ। ਸਾਹਿਤ ‘ਚ ਇਹ ਅਦਭੁਤ ਨਾਚ ਹੁੰਦੇ ਵੇਖ ਦੋ ਚਾਰ ਤਾੜੀਆਂ ਵਜਾੳੇਣ ਵਾਲੇ ਵੀ ਕੱਠੇ ਹੋ ਹੀ ਜਾਂਦੇ ਨੇ। ਮੁਜਰਾ ਵੀ ਤਾਂ ਸਾਡਾ ਵਿਰਸਾ ਹੈ ਨਾ!
ਇਕ ਹੋਰ ਕਟਾਖਸ਼ ਵੇਖੋ, ‘ਜੇ ਸਤੀ ਕੁਮਾਰ ਲੇਵਿਆਂ ਨੂੰ ਬਾਲ ਕੇ ਸਰਕਾਰੀ ਕਰੰਸੀ ਤਬਾਹ ਕਰ ਸਕਦਾ ਹੈ, ਤਾਂ ਔਰਤ ਦੇ ਵੱਕਾਰ ਬਾਰੇ ਉਹ ਕਿੰਨਾਂ ਕੁ ਸੰਜੀਦਾ ਹੋਵੇਗਾ’।
ਬਲਗਾਰੀਅਨ ਭਾਸ਼ਾ ‘ਚ ਮਹਾਭਾਰਤ ਅਤੇ ਰਾਮਾਇਣ ਦੇ ਅਨੁਵਾਦ ਸਦਕਾ ਮੈਨੂੰ ਕਾਫੀ ਰਾਇਲਟੀ ਮਿਲੀ ਸੀ। ਉਦੋਂ ਬਲਗਰੀਆਨ ਕਰੰਸੀ (ਲੇਵਾ) ਦੇ ਕੁਝ ਨੋਟ ਸਾੜ ਕੇ ਮੈਂ ਲਾਤੀਨੀ ਅਮਰੀਕਾ ਦੇ ਕੁਝ ਦੋਸਤਾਂ ਨਾਲ ਬੈਠ ਕੇ ਸਿਗਰਟ ਸੁਲਗਾਈ ਸੀ। ਲੇਵੇ ਨਾਲ ਸਿਗਰਟ ਸੁਲਗਾਉਣ ਦੀ ਘਟਨਾ ਦਾ ਬਿਆਨ ਵੀ ਉਸ ਇੰਟਰਵਿਊ ਅਤੇ ਮੇਰੀ ਕਿਤਾਬ ‘ਮਾਇਆਜਾਲ’ ਦੇ ਪੰਨਿਆਂ ‘ਚ ਹੈ। ਮੈਨੂੰ ਕੋਈ ਅਕਲ ਵਾਲਾ ਦੱਸੇ ਕਿ ਬਲਗਅਰੀਆ ਦੀ ਕਰੰਸੀ ਦਾ ਔਰਤ ਦੇ ਵੱਕਾਰ ਨਾਲ ਕੀ ਸਬੰਧ ਹੈ? ਸਰਕਾਰੀ ਕਰੰਸੀਆਂ ਨਾਲ ਮੈਨੂੰ ਕੋਈ ਮੋਹ ਨਹੀੰ। ਭਾਵੇਂ ਉਹ ਸੋਸਲਲਿਸਟ ਦੇਸ਼ਾਂ ਦੀ ਹੋਵੇ ਜਾਂ ਪੂੰਜੀਵਾਦੀ ਦੇਸ਼ਾਂ ਦੀ । ਇਸ ਸੱਜਣ ਨੂੰ ਹੈ ਤਾਂ ਮੈਨੂੰ ਕੋਈ ਇਤਰਾਜ ਨਹੀਂ। ਔਰਤ ਦੀ ਤੁਲਨਾ ਪੈਸਿਆਂ ਨਾਲ ਕਰ ਕੇ,ਮੇਰੇ ਨਹੀਂ, ਔਰਤ ਬਾਰੇ ਉਸਨੇ ਆਪਣੇ ਹੀ ਗੰਧਲੇ ਮਾਪਦੰਡਾਂ ਦਾ ਪਰੀਚੈ ਦਿਤਾ ਹੈ। ਹਵਾ ‘ਚ ਅਜੇਹੀ ਗਦਾਮਾਰੀ ਦੇ ਹੋਰ ਵੀ ਉਦਾਹਰਣ ਹਨ। ਪਰ ਮੈਂ ਇਥੇ ਹੀ ਰੁਖਸਤ ਹੁੰਦਾ ਹਾਂ।
ਲੱਗਦਾ ਹੈ ਸਾਡੇ ਕੁਝ ਲੇਖਕ ਮਾਰਕਸ ਨਾਲੋਂ ਵੀ ਵੱਧ ਮਾਰਕਸਵਾਦੀ ਹਨ। ਅਜਿਹੇ ਹੀ ਇਕ ਆਲੋਚਕ ਨੂੰ ਇਹ ਵੀ ਡਰ ਹੈ ਕਿ ‘ਸਤੀ ਕੁਮਾਰ ਜੀ ਹੁਣ ਅੰਨ੍ਹੀਂ ਕਮਿਉਨਿਸਟ ਦੁਸ਼ਮਣੀ ਦੇ ਛਾਂਦੇ ਵਰਤਾਉਂਦੇ ਰਹਿਣਗੇ’। ਅਜਿਹੇ ਫੁਰਮਾਨ ਪਿੱਛੇ ਲਗਦਾ ਹੈ ਇਸ ਸੱਜਣ ਨੂੰ ਆਪਣੇ ਅੰਦਰਲੇ ਭੂਤਾਂ ਦੇ ਪ੍ਰਗਟ ਹੋ ਜਾਣ ਦਾ ਡਰ ਹੈ। ਆਤਮ-ਸਾਖਿਆਤਕਾਰ ਮਨੁੱਖ ਮਜ਼ਬੂਰੀ ‘ਚ ਹੀ ਕਰਦਾ ਹੈ। ਨਹੀਂ ਤਾਂ ਇਹ ਸ਼ੀਸ਼ਾ ਅਕਸਰ ਜੇਬ ‘ਚ ਹੀ ਪਿਆ ਰਹਿੰਦਾ ਹੈ।
ਪਰ ਡਰਨ ਦੀ ਲੋੜ ਨਹੀਂ! ਇਹ ਛਾਂਦੇ ਮੇਰੇ ਵੱਸ ਦੇ ਨਹੀਂ। ਜੇ ਕਿਸੇ ਨੇ ਇਹ ਛਾਂਦੇ ਛਕਣੇ ਹੀ ਹਨ ਤਾਂ ਉਸਨੂੰ ਅਜੋਕੇ ਰੂਸ ਦਾ ਇਕ ਚੱਕਰ ਲਾਉਣਾ ਚਾਹੀਦਾ ਹੈ। ਲੈਨਿਨ ਅਤੇ ਸਟਾਲਿਨ ਦੇ 70-ਸਾਲਾ ਕਾਰਨਾਮਿਆਂ ਦੇ ਆਰਕਾਈਵ ਭਰੇ ਪਏ ਨੇ ਆਮ ਆਦਮੀ ਦੀ ਸਾਕਸ਼ੀ ਲਈ। ਲਾਲ ਚੌਕ ‘ਚ ਸਟਾਲਿਨ ਦੇ ਉਸਾਰੇ ਹੋਏ ਮੁਸੋਲਿਅਮ ‘ਚ ਅਨੰਤ ਨੀਂਦ ਭੋਗਦੇ ਲੈਨਿਨ ਦੇ ਦਰਸ਼ਨਾਂ ਮਗਰੋਂ ਇਨ੍ਹਾਂ ਮਿਉਜ਼ਿਮਾਂ ‘ਚ ਵੀ ਜ਼ਰੂਰ ਚਰਨ ਪਾਵੋ। ਇਨ੍ਹਾਂ ਦੀਆਂ ਮੋਟੀਆਂ ਕੰਧਾਂ ਦੇ ਸੰਘਣੇ ਸਾਏ ‘ਚ ਪਈਆਂ ਫਾਈਲਾਂ ਦੀ ਸਾਲਾਂ-ਬੱਧੀ ਰੀਸਰਚ ਤੋਂ ਬਾਅਦ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਦੁਨੀਆਂ ਦੇ ਇਤਿਹਾਸ ‘ਚ ਆਪਣੇ ਲੋਕਾਂ ਦਾ ਘਾਣ ਕਰਨ ’ਚ ਸੋਵੀਅਤ-ਕਮਿਊਨਿਜ਼ਮ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਘੱਟੋ ਘੱਟ 25 ਮਿਲੀਅਨ ਲੋਕਾਂ ਦੀ ਬਲੀ ਨੇ ਕਰੀਬ ਪੌਣੀ ਸਦੀ ਸੋਸ਼ਲਿਜ਼ਮ ਦੀ ਜੋਤ ਬਲਦੀ ਰੱਖੀ ਸੀ। (ਪੌਲ ਪੌਟ ਦੇ ਲਾਲ-ਖਮੇਰਾਂ ਅਤੇ ਮਾੳ ਦੇ ਚੀਨ ਦੀ ਗੱਲ ਅਜੇ ਰਹਿਣ ਦਿੰਦੇ ਹਾਂ)। ਵੇਖਿਆ ਜਾਏ ਤਾਂ ਹਿਟਲਰ ਇਸ ਮੁਕਾਬਲੇ ‘ਚ ਇਕ ਛੋਟਾ ਮੋਟਾ ਖਲਨਾਇਕ ਹੀ ਸੀ। (ਚੰਗੇ ਭਾਗਾਂ ਨੂੰ ਜੰਗ ਹਾਰ ਕੇ ਉਸਨੇ ਖੁਦਕਸ਼ੀ ਕਰ ਲਈ, ਨਹੀਂ ਤਾਂ ਉਹ ਜ਼ਰੂਰ ਸੋਵੀਅਤ-ਸੰਘ ਨੂੰ ਮਾਤ ਦੇ ਦਿੰਦਾ)। ਮੈਥੋਂ ਗਲਤੀ ਹੋ ਸਕਦੀ ਹੈ, ਪਰ ਇੰਨਾਂ ਬੇਵਕੂਫ ਵੀ ਮੈਂ ਨਹੀੰਂ ਕਿ ‘ਝੂਠੇ ਹਵਾਲੇ’ ਦੇ ਕੇ (ਜਿਵੇਂ ਕਿ ਇਕ ਲੇਖਕ ਨੇ ਇਸ਼ਾਰਾ ਕੀਤਾ ਹੈ) ਪਾਠਕਾਂ ਮੂਹਰੇ ਖੁਦ ਨੂੰ ਸੰਕਟ ‘ਚ ਪਾਵਾਂ। ਰੂਸ ਖੁਬਸੂਰਤ ਦੇਸ਼ ਹੈ। ਹੁਣ ਤਾਂ ਲੋਹੇ ਦੀ ਕੰਧ ਵੀ ਨਹੀਂ ਰਹੀ। ਟਾਲਸਟਾਇ , ਦੋਸਤੋਏਵਸਕੀ ਅਤੇ ਪਾਸਤਰਨਾਕ ਦੇ ਇਸ ਮਹਾਨ ਦੇਸ਼ ‘ਚ ਵੀਜ਼ਾ ਲੈ ਕੇ ਹਰ ਕੋਈ ਜਾ ਸਕਦਾ ਹੈ। ਰੀਗਾ ਦੇ ਮਿਉਜ਼ਿਅਮ ਚ’ ਫ੍ਰੀ ਐਂਟਰੀ ਹੈ। ਵਿਲਨਿਅਸ ਦੇ KGB-ਮਿਉਜ਼ਿਅਮ ਦਾ ਟਿਕਟ ਵੀ ਬਹੁਤਾ ਮਹਿੰਗਾ ਨਹੀਂ। ਇਨ੍ਹਾਂ ਮਿਉਜ਼ਿਅਮਾਂ ‘ਚੋਂ ਲੰਘਦਿਆਂ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਸੁਕੀਰਤ ਨੇ ਅਜੋਕੇ ਰੂਸ ਦਾ ਸਫਰਨਾਮਾ ਪੰਜਾਬੀ ਨੂੰ ਦਿਤਾ ਹੈ। ਉਸਨੂੰਂ ਰੂਸੀ ਭਾਸ਼ਾ ਦਾ ਵੀ ਗਿਆਨ ਹੈ ਤੇ ਮਾਸਕੋ ਦੀਆਂ ਗਲੀਆਂ ਦਾ ਵੀ। ਪਰ ਇਹ ਮਿਉਜ਼ਿਅਮ ਉਸਦੇ ਰਾਹ ‘ਚ ਨਹੀਂ ਆਏ। ਦੋਸਤੋਏਵਸਕੀ ਨੇ ਕਿਹਾ ਹੈ ਕਿ ਲੇਖਕ ਕੋਲ ਘੋੜੇ ਦੀਆਂ ਅੱਖਾਂ ਹੁੰਦੀਆਂ ਹਨ ਜੋ ਪਾਸੀਂ ਵੀ ਵੇਖ ਲੈਂਦੀਆਂ ਹਨ। ਪਰ ਉਹ ਇਹ ਕਹਿਣਾ ਭੁੱਲ ਗਿਆ ਕਿ ਹਰ ਲੇਖਕ ਕੋਲ ਇਹ ਘੋੜੇ ਦੀ ਅੱਖ ਨਹੀਂ ਹੁੰਦੀ। ਉੰਂਝ ਵੀ ਕੋਈ ਖ਼ਤਰਾ ਕਿਉਂ ਲਵੇ। ਇਸ ਤਰ੍ਹਾਂ ਲੇਖਕ ਤਾਂ ਸੁਖਾਲਾ ਰਹਿੰਦਾ ਹੈ, ਪਰ ਪਾਠਕ ਦਾ ਭਲਾ ਨਹੀਂ ਹੁਂੰਦਾ।
ਅੰਤ ‘ਚ ਇਕ ਬੇ-ਆਰਾਮ ਰੂਹ ਦੀ ਗੱਲ।
ਮਦਨ ਗੋਪਾਲ ਸਿੰਘ ਪੰਜਾਬੀ ਦੇ ਸਨਮਾਨਿਤ ਕਵੀ ਡਾ ਹਰਿਭਜਨ ਸਿੰਘ ਦੇ ਬੇਟੇ ਹਨ। ਆਪਣੀ ਟਿੱਪਣੀ ‘ਚ ਮੈਨੂੰ ਨਿਕੰਮਾ ਲੇਖਕ ਸਾਬਤ ਕਰਨ ‘ਚ ਉਨ੍ਹਾਂ ਸਾਰਾ ਜ਼ੋਰ ਲਾ ਦਿਤਾ। (ਕਿਤੇ ਇਹ ਤਾਂ ਨਹੀੰ ਕਿ ਲੋਕ ਨਿਕੰਮੇ ਲੇਖਕਾਂ ਨੂੰ ਹੀ ਪੜ੍ਹਦੇ ਨੇ?) ਲੇਖਕ ਕੋਲ ਐਸਾ ਕੋਈ ਗੁਰ ਨਹੀਂ ਹੁੰਦਾ ਕਿ ਉਹ ਸਭ ਨੂੰ ਮਾਫ਼ਕ ਆ ਜਾਵੇ। ਘੱਟੋ ਘੱਟ ਮੈੰ ਤਾਂ ਸਰਵ-ਸੰਮਤ ਹੋਣ ਦੇ ਮਕਸਦ ਨਾਲ ਨਹੀਂ ਲਿਖਦਾ।
ਇੰਟਰਵਿਊ ‘ਚ ਡਾ ਹਰਿਭਜਨ ਸਿੰਘ ਬਾਰੇ ਮੇਰੀਆਂ ਗੱਲਾਂ ਪੜ੍ਹ ਕੇ ਸ਼ਾਇਦ ਮਦਨ ਗੋਪਾਲ ਜੀ ਆਪਣਾ ਸੰਤੁਲਨ ਖੋ ਬੈਠੇ। ਸਾਹਿਤ ਹੀ ਨਹੀਂ, ਮੇਰੇ ਮੁਹਾਂਦਰੇ ਦੀ ਵੀ ਉਹਨਾਂ ਨੂੰ ਚਿੰਤਾ ਹੈ। ਲਿਖਦੇ ਹਨ, ‘ਸਤੀ ਸਾਹਿਬ ਦੀ ਸ਼ਕਲ ਤੇ ਵਾਲਾਂ ਦੇ ਸਟਾਈਲ ਨੂੰ ਫੇਂਟੇਸਾਈਜ਼ ਕਰਨ ਤੋਂ ਕੁਝ ਨਹੀਂ ਹਾਸਿਲ’।
ਮੈਂ ਮਦਨ ਗੋਪਾਲ ਨੂੰ ਕਰੋਲ ਬਾਗ ਦੇ ‘ਨਾਈ ਵਾਲਾ’ ਮੁਹੱਲੇ ‘ਚ, ਜਿੱਥੇ ਡਾ ਹਰਿਭਜਨ ਸਿੰਘ ਕਈ ਵਰ੍ਹੇ ਰਹੇ, ਬਾਲ-ਰੂਪ ‘ਚ ਹੀ ਦੇਖਿਆ ਹੈ। ਫੱਟੀਆਂ ਪੋਚਣਾ ਤਾਂ ਉਹ ਛੱਡ ਚੁੱਕੇ ਸਨ, ਪਰ ਗਾਚਣੀ ਦੀ ਗੰਧ ਉਹਨਾਂ ਚੋਂ ਅਜੇ ਵੀ ਆਉਂਦੀ ਸੀ। ਰੱਬ ਹੀ ਜਾਣੇ ਅੱਜ ਉਨ੍ਹਾਂ ਦੀ ਆਪਣੀ ‘ਫਿਜ਼ਿਉਨੌਮੀ’ ਕਿਹੋ ਜੇਹੀ ਹੈ, ਵਾਲਾਂ ਅਤੇ ਦਾੜ੍ਹੀ ਦਾ ਕੀ ਸਟਾਈਲ ਹੈ। ਡਾ: ਹੁਰਾਂ ਵਰਗੀ ਸੰਜਮੀ-ਭਾਸ਼ਾ ਜਾਂ ਵਿਦਵਤਾ ਨਹੀਂ ਤਾਂ, ਉਮੀਦ ਹੈ ਉਨ੍ਹਾਂ ਦਾ ਕੁਝ ਰੰਗ-ਰੂਪ ਤਾਂ ਜ਼ਰੂਰ ਇਸ ਨੇਕ ਪੁੱਤਰ ਨੂੰ ਮਿਲਿਆ ਹੋਵੇਗਾ।
ਡਾ: ਸਾਹਿਬ ਨੂੰ ਮੈਂ ‘ਆਨੰਦ ਪਰਬਤ’ ਆਖਦਾ ਹੁੰਦਾ ਸੀ ਤੇ ‘ਮਾਇਆਜਾਲ’ ‘ਚ ਇਸ ਪਰਬਤ ਤੇ ਵਗਦੀ ਹਵਾ ਦਾ ਚੰਗਾ ਜ਼ਿਕਰ ਹੈ। ਇਸ ਹਵਾ ‘ਚ ਠੰਡਕ ਵੀ ਸੀ ਤੇ ਗਰਦ ਦੇ ਕੁਝ ਕਣ ਵੀ। ਮੈਂ ਲੇਖਕ ਹਰਿਭਜਨ ਬਾਰੇ ਲਿਖਿਆ ਸੀ, ਮਦਨ ਗੋਪਾਲ ਜੀ ਦੇ ਪਿਤਾ ਬਾਰੇ ਨਹੀਂ, ਜੇ ਉਹ ਇਹ ਫ਼ਰਕ ਕਰ ਸਕਦੇ ਤਾਂ ਉਹਨਾਂ ਨੂੰ ਇੰਨੀਂ ਬੇ-ਆਰਾਮੀ ਨਹੀਂ ਸੀ ਹੋਣੀ। ਇਹ ਠੀਕ ਹੈ ਕਿ ਡਾ: ਸਾਹਿਬ ਨਾਲ ਮੇਰਾ ਸਾਹਿਤਕ ਮੱਤਭੇਦ ਦਿੱਲੀ ‘ਚ ਕਸ਼ਮੀਰੀ ਗੇਟ ਦੀ ਕੋਰਟ ਤਕ ਜਾ ਪੁੱਜਾ ਸੀ। ਡਾ: ਹੁਰਾਂ ਨਾਲ ਮੋਹ-ਭੰਗ ਦੀ ਪ੍ਰਕ੍ਰਿਆ ਚੋਂ ਚੁਪਚਾਪ ਡਾ: ਸੁਤਿਂਦਰ ਸਿੰਘ ਨੂਰ ਵੀ ਗੁਜ਼ਰ ਚੁੱਕਾ ਹੈ। ਲੇਖਕਾਂ ਵਿਚਕਾਰ ਮਤਭੇਦ ਕੋਈ ਨਵੀਂ ਗੱਲ ਨਹੀਂ। ਫਿਰ ਵੀ ਮੇਰੀ ਲਿਖਤ ‘ਚ ਇਸ ਆਨੰਦ-ਪਰਬਤ ਦਾ ਚਿਤਰਣ ਮਾੜਾ ਨਹੀਂ, ਕੁਲ ਮਿਲਾ ਕੇ ਪੌਜ਼ਿਟਿਵ ਹੀ ਹੈ।
ਮਦਨ ਗੋਪਾਲ ਜੀ ਆਪਣੇ ਬਾਰੇ ਲਿਖਦੇ ਹਨ ‘ ਮੇਰੀ ਰਾਏ ਦੀ ਕੋਈ ਅਹਿਮੀਅਤ ਨਹੀਂ, ਕਿਉਂ ਕਿ ਮੈਨੂੰ ਲੱਗਦਾ ਕਿ ਮੈਂ ਪੰਜਾਬੀ ਸਾਹਿਤ ਸੰਸਾਰ ਨੂੰ ਠੀਕ ਤਰਾ੍ਹਂ ਸਮਝਣ ਦੀ ਨੁਮਾਇਆਂ ਕਾਬਲੀਅਤ ਨਹੀਂ ਰੱਖਦਾ ਹਾਂ’। ਇਸ ਹਲੀਮੀ ਦੇ ਬਾਵਜੂਦ ਟਿੱਪਣੀ ਤੋਂ ਲੱਗਦਾ ਹੈ ਕਿ ਪੰਜਾਬੀ ਸਾਹਿਤ ਨੂੰ ਬਚਾਉਣ ਦਾ ਨੁਸਖਾ ਸਿਰਫ ਮਦਨ ਗੋਪਾਲ ਕੋਲ ਹੀ ਹੈ।
‘ਪੜ੍ਹ ਕੇ ਪਾਠਕ ਨੂੰ ਅੰਬੈਰੇਸਮੈਂਟ ਹੋਵੇਗੀ’ ਇਹ ਚਿਤਾਵਨੀ ਦੇ ਕੇ ਉਨ੍ਹਾਂ ਤੀਸਰੀ ਪੀੜ੍ਹੀ ਦੇ ਉਸ ਲੇਖਕ ਦਾ ਨਾਂ ਵੀ ਇਸ ਟਿਪੱਣੀ ‘ਚ ਐਲਾਨ ਦਿਤਾ ਹੈ ‘ਜਿਸ ਤੋਂ ਬਾਅਦ ਪੰਜਾਬੀ ‘ਚ ਕੋਈ ਔਥੈਂਟਿਕ/ਵਜ਼ਨਦਾਰ/ ਰੈਸੋਨੈਂਟ ਸ਼ਾਇਰ ਨਹੀਂ ਹੋਇਆ’। (ਮਦਨ ਗੋਪਾਲ ਜੀ ਇਹ ਦੱਸਣਾ ਭੁੱਲ ਗਏ ਕਿ ਜਿਸ ਲੇਖਕ ਦੀ ਉਹ ਗੱਲ ਕਰ ਰਹੇ ਹਨ ਉਹ ਉਨ੍ਹਾਂ ਦਾ ਪਰਮ ਮਿਤਰ ਵੀ ਹੈ। ਸ਼ਾਇਦ ਅੰਬੈਰੇਸਮੈਂਟ ਤੋਂ ਬਚਣ ਲਈ ?)
ਹੁਣ ਸਿਰਫ਼ ਇਕੋ ਗੱਲ ਕਹਿਣੀ ਬਾਕੀ ਹੈ। ਇਸ ਜਗਤ ‘ਚ ਨਾ ਗਿਆਨ ਦੀ ਸੀਮਾ ਹੈ ਨਾ ਅ-ਗਿਆਨ ਦੀ।