ਏ ਕੇ ਸੰਤਾਲ਼ੀ ਦੀ ਰੁੱਤ ਸੀ। ਘਰੋਂ ਕੰਮ ’ਤੇ ਨਿਕਲ਼ਦੇ ਸਾਂ ਤੇ ਕੋਈ ਪਤਾ ਨਹੀਂ ਹੁੰਦਾ ਸੀ ਕਿ ਆਥਣੇ ਘਰਾਂ ਨੂੰ ਪਰਤਣਾ ਵੀ ਹੈ ਕਿ ਨਹੀਂ। ਮੌਤ ਦਾ ਸਾਇਆ
ਸਾਡੇ ਚਾਰੇ ਪਾਸੇ ਹੁੰਦਾ। ਅਖ਼ਬਾਰਾਂ ਵਿਚ ਹੋਰ ਕੋਈ ਖ਼ਬਰ ਨਾ ਹੁੰਦੀ, ਸਿਰਫ਼ ਵਾਰਦਾਤਾਂ ਹੁੰਦੀਆਂ। ਲੋਕਾਂ ਦਾ ਮਰਨਾ ਹੁੰਦਾ ਜਾਂ ਫਿਰ ਪੁਲਿਸ ਮੁਕਾਬਲੇ ਹੁੰਦੇ। ਅੱਤਵਾਦੀਆਂ ਹੱਥੋਂ ਕਿਤੇ ਪੁਲਿਸ ਵਾਲੇ ਮਰਦੇ ਹੁੰਦੇ ਤੇ ਕਿਤੇ ਪੁਲਿਸ ਵਾਲੇ ਅੱਤਵਾਦੀਆਂ ਦੀ ਅਲਖ ਮੁਕਾ ਰਹੇ ਹੁੰਦੇ। ਅਮ੍ਰਿਤਸਰ, ਗੁਰਦਾਸਪੁਰ ਜ਼ਿਲ੍ਹੇ ਵਿਚ ਤਾਂ ਸੁਣਦੇ ਕਿ ਅਜੇ ਹੋਰ ਪੰਦਰਾਂ ਸਾਲ ਕੋਈ ਘੋੜੀ ਨਹੀਂ ਚੜ੍ਹੇਗਾ, ਕਿਉਂਕਿ ਤਕਰੀਬਨ ਸਾਰੇ ਮੁੱਛਫੁੱਟ ਗਭਰੂ ਪੁਲਿਸ ਮੁਕਾਬਲਿਆਂ ਦੀ ਭੇਂਟ ਚੜ੍ਹ ਗਏ। ਸ਼ਾਮੀਂ 6-7 ਵਜੇ ਹੀ ਬਲੈਕ ਆਊਟ ਹੋ ਜਾਂਦੀ; ਚਹਿਲ-ਪਹਿਲ ਵਾਲੇ ਬਜ਼ਾਰ ਭੂਤਵਾੜੇ ਬਣ ਜਾਂਦੇ। ਟੈਲੀਫ਼ੋਨ ਉਨ੍ਹਾਂ ਦਿਨਾਂ ਵਿਚ ਆਮ ਨਹੀਂ ਸੀ -ਮੋਬਾਇਲ ਦੀ ਗੱਲ ਹੀ ਛੱਡੋ।
ਪੰਜਾਬ ਵਿਚ ਕੰਮ ਕਰਦੀਆਂ ਸਾਰੀਆਂ ਨਾਟਕ ਟੋਲੀਆਂ ਮੰਚ ਦਾ ਕੰਮ ਛੱਡ ਕੇ ਆਪੋ-ਆਪਣੇ ਘਰਾਂ ਵਿਚ ਬੈਠ ਗਈਆਂ। ਮੌਤ ਕੋਲ਼ੋਂ ਹਰ ਕੋਈ ਡਰਦਾ ਹੈ। ਸਰਦਾਰ ਗੁਰਸ਼ਰਨ ਸਿੰਘ ਦੀ ਇੱਕੋ-ਇਕ ਟੀਮ ਸੀ – ਜਿਹੜੀ ਸਿਰ ਤਲੀ ’ਤੇ ਰੱਖ ਕੇ ਕੰਮ ਕਰ ਰਹੀ ਸੀ। ਮੈਂ ਉਨ੍ਹਾਂ ਦਿਨਾਂ ਵਿਚ ਉਨ੍ਹਾਂ ਨਾਲ਼ ਕੰਮ ਕਰਦੀ ਸਾਂ। ਮੁੱਲਾਂਪੁਰ ਦੇ ਮੁੰਡੇ ਰਾਜੀਵ ਸ਼ਰਮਾ, ਹਰਕੇਸ਼ ਚੌਧਰੀ, ਸੁਰਿੰਦਰ ਸ਼ਰਮਾ ਕਦੇ-ਕਦੇ ਚੰਡੀਗੜ੍ਹੋਂ ਡਾਕਟਰ ਸਾਹਿਬ ਸਿੰਘ ਤੇ ਰੋਜ਼ੀ ਵੀ ਮੇਰੇ ਨਾਲ਼ ਹੁੰਦੇ।
ਮਾਲਵੇ ਦੇ ਕਿਸੇ ਪਿੰਡ ਵਿਚ ਨਾਟਕ ਦੇ ਦੌਰਾਨ ਗੋਲ਼ੀ ਚੱਲ ਗਈ। ਭੱਜ-ਨੱਠ ਹੋ ਗਈ, ਕੁਝ ਪਤਾ ਨਾ ਲੱਗੇ ਕਿ ਕਿੱਧਰ ਨੂੰ ਦੌੜਨਾ ਹੈ। ਸਾਰਾ ਪਿੰਡ ਪਲਾਂ ਵਿਚ ਹੀ ਸੁਸਰੀ ਵਾਂਗ ਸੌਂ ਗਿਆ। ਉਸ ਪਿੰਡ ਤਾਂ ਕੀ ਆਸੇ ਪਾਸੇ ਦੇ ਸਭ ਪਿੰਡਾਂ ਵਿਚ ਇਕ ਪਲ ਵਿਚ ਹਨੇਰਾ ਹੋ ਗਿਆ; ਪਤਾ ਨਾ ਲੱਗਾ ਕਿ ਲੋਕ ਕਿੱਧਰ ਚਲੇ ਗਏ। ਇਕ ਜੀਪ ਵਾਲੇ ਨੇ ਭਾ ਜੀ ਨੂੰ ਲਿਫ਼ਟ ਦਿੱਤੀ ਤੇ ਜੀਪ ਤੇਜ਼ ਚਲਾ ਕੇ ਹਨੇਰੇ ਵਿਚ ਗ਼ਾਇਬ ਹੋ ਗਿਆ। ਗੋਲ਼ੀਆਂ ਦੀ ਆਵਾਜ਼ ਹੋਰ ਤੇਜ਼ ਹੋ ਗਈ ਤੇ ਅਸੀਂ ਸਾਰੇ ਕਲਾਕਾਰ ਜੀਪ ਵਿਚ ਚੜ੍ਹਨੋਂ ਰਹਿ ਗਏ। ਗਲ਼ੀਆਂ ਵਿਚ ਕੁੱਤੇ ਭੌਂਕਣ ਲੱਗੇ। ਅਸੀਂ ਕਈਆਂ ਘਰਾਂ ਦੇ ਦਰਵਾਜ਼ੇ ਖੜਕਾਏ, ਪਰ ਕਿਸੇ ਨੇ ਵੀ ਦਰਵਾਜ਼ਾ ਨਾ ਖੋਲਿ੍ਹਆ। ਬੜੇ ਹੈਰਾਨ ਸਾਂ ਕਿ ਹੁਣੇ ਤਾਂ ਸਾਰਾ ਪਿੰਡ ਸਾਨੂੰ ਹੱਥਾਂ ’ਤੇ ਚੁੱਕੀ ਫਿਰਦਾ ਸੀ।
ਪ੍ਰੋਗਰਾਮ ਵਾਲ਼ੀ ਥਾਂ ’ਤੇ ਕਈ ਸਾਈਕਲ ਅਤੇ ਸਕੂਟਰ ਪਏ ਸਨ – ਜਿਨ੍ਹਾਂ ਨੂੰ ਛੱਡ ਕੇ ਲੋਕ ਨੱਠ ਗਏ ਸਨ। ਅਸੀਂ ਸਾਰੇ ਸਕੂਟਰ ਸਾਈਕਲ ਵੇਖੇ; ਪਰ ਤਾਲ਼ੇ ਲੱਗੇ ਹੋਏ ਸਨ। ਆਖ਼ਰਕਾਰ ਦੋ ਟੁੱਟੇ-ਜਿਹੇ ਸਾਈਕਲ ਸਾਡੇ ਹੱਥ ਲੱਗੇ, ਜਿਨ੍ਹਾਂ ਦੇ ਤਾਲ਼ੇ ਖੁੱਲ੍ਹੇ ਹੋਏ ਸਨ। ਇੱਕ ਦੇ ਪੈਡਲ ਦੀ ਥਾਂ ਇਕੱਲੀ ਕਿੱਲੀ ਸੀ ਤੇ ਇਕ ਦੇ ਕਾਠੀ ਦੀ ਥਾਂ ਕੱਪੜਾ ਬੰਨਿ੍ਹਆ ਹੋਇਆ ਸੀ। ਅਸੀਂ ਪੰਜ ਕਲਾਕਾਰ ਸਾਂ ਤੇ ਉਹੋ ਹੀ ਦੋ ਸਾਈਕਲ ਸਾਡੇ ਵਾਸਤੇ ਵਰਦਾਨ ਬਣੇ। ਸਾਰੀ ਰਾਤ ਸਿਰ ਜਿੱਡੀਆਂ ਫ਼ਸਲਾਂ, ਖੇਤਾਂ, ਵਾਣ੍ਹਾਂ, ਪਾਣੀ ਦੀਆਂ ਆਡਾਂ ਅਤੇ ਸਾਂ-ਸਾਂ ਕਰਦੇ ਘੁੱਪ ਹਨੇਰੇ ਵਿੱਚੀਂ ਇੰਜ ਲੱਗਦਾ ਸੀ ਕਿ ਜਿਵੇਂ ਮੌਤ ਦਾ ਸਾਇਆ ਵੀ ਸਾਡੇ ਨਾਲ਼ ਤੁਰਦਾ ਹੋਵੇ। ਹਵਾ ਦਾ ਮਾੜਾ ‘ਜਿਹਾ ਬੁੱਲਾ ਵੀ ਆਉਂਦਾ ਤਾਂ ਇੰਜ ਜਾਪਦਾ ਕਿ ਬੰਦੂਕ ਦੀਆਂ ਨਾਲ਼ੀਆਂ ਕੋਈ ਸਾਡੇ ਵਲ ਸੇਧ ਰਿਹਾ ਹੋਵੇ। ਹਨੇਰੇ ਵਿਚ ਕੋਈ ਰਾਹ ਦੱਸਣ ਵਾਲ਼ਾ ਵੀ ਨਾ ਟੱਕਰਿਆ। ਘੜੀਆਂ ਵੀ ਸਾਡੇ ਕੋਲ਼ ਨਾ ਸਨ ਕਿ ਵਕਤ ਦਾ ਪਤਾ ਲੱਗ ਜਾਂਦਾ। ਘੁਸਮੁਸੇ-ਜਿਹੇ ਵਿਚ ਸਾਨੂੰ ਇੰਨਾ ਕੁ ਪਤਾ ਲੱਗ ਗਿਆ ਕਿ ਅਸੀਂ ਕਿਸੇ ਸ਼ਹਿਰ ਪਹੁੰਚ ਗਏ ਹਾਂ। ਪਹਿਰੇਦਾਰ ਜ਼ੋਰ-ਜ਼ੋਰ ਦੀ ਵਿਸਲਾਂ ਮਾਰੀ ਹੱਥ ਵਿਚ ਡਾਂਗ ਫੜੀ ਅਤੇ ਦੂਜੇ ਮੋਢੇ ਕਿਰਪਾਨ ਲਟਕਾਈ ਪਹਿਰਾ ਦੇ ਰਿਹਾ ਸੀ। ਅਸੀਂ ਤੇਜ਼-ਤੇਜ਼ ਉਸ ਕੋਲ਼ ਪਹੁੰਚ ਗਏ, “ਕਿਹੜਾ ਸ਼ਹਿਰ ਹੈ ਬਾਈ ਜੀ?’’ ਸਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਹੀ ਉਹਨੇ ਅਪਣੀ ਤਲਵਾਰ ਮਿਆਨ ’ਚੋਂ ਕੱਢ ਲਈ। ਸਾਡੇ ਵੱਲ ਗਹੁ ਨਾਲ਼ ਵੇਖਿਆ। “ਬਾਈ ਜੀ ਅਸੀਂ ਨਾਟਕ ਦੇ ਕਲਾਕਾਰ ਹਾਂ,’’ ਮੇਰੇ ਮੂੰਹੋਂ ਅਜੇ ਅਗਲੀ ਗੱਲ ਨਿਕਲ਼ੀ ਨਹੀਂ ਸੀ ਕਿ ਉਹਨੇ ਮੇਰੇ ਵੱਲ ਬੜੇ ਧਿਆਨ ਨਾਲ਼ ਵੇਖਿਆ ਤੇ ਵੱਡੀ ਬੈਟਰੀ ਦੀ ਲਾਈਟ ਸਿੱਧੀ ਮੇਰੀਆਂ ਅੱਖਾਂ ’ਤੇ ਮਾਰੀ। ਅਸੀਂ ਉਸ ਇਲਾਕੇ ਵਿਚ ਬਹੁਤ ਸਾਰੇ ਨਾਟਕ ਕੀਤੇ ਸਨ। ਸ਼ਾਇਦ ਉਸ ਮੈਨੂੰ ਪਛਾਣ ਲਿਆ ਸੀ। ਉਹਨੇ ਅਪਣੀ ਤਲਵਾਰ ਇਕ ਪਲ ਵਿਚ ਮਿਆਨ ਵਿਚ ਪਾ ਲਈ ਅਤੇ ਡਾਂਗ ਨੂੰ ਪਿੱਛੇ ਕਰ ਲਿਆ, “ਇਹ ਹਲਵਾਰਾ ਹੈ-ਬੀਬਾ-ਪਰ ਤੁਸੀਂ ਇਸ ਵੇਲੇ ਕਿੱਧਰ?’’ ਅਸੀਂ ਉਹਨੂੰ ਸਾਰੀ ਘਟਨਾ ਦੱਸੀ। ਹੁਣ ਮਾੜਾ-ਮਾੜਾ ਚਾਨਣ ਹੋ ਗਿਆ ਸੀ ਅਤੇ ਉਹ ਬੱਸਾਂ ਦੇ ਅੱਡੇ ਤੱਕ ਸਾਡੇ ਨਾਲ਼ ਆਇਆ। ਅਸੀਂ ਦੋਵੇਂ ਸਾਈਕਲ ਉਹਦੇ ਹਵਾਲੇ ਕਰ ਦਿੱਤੇ ਤੇ ਕਿਹਾ ਕਿ ਉਹ ਉਸ ਪਿੰਡ ਸੁਨੇਹਾ ਭੇਜ ਦੇਵੇ।
ਸਾਡਾ ਬਹੁਤ ਪਿਆਰਾ ਕਲਾਕਾਰ ਸੁਖਦੇਵ ਪ੍ਰੀਤ! ਉਸ ਨੇ ਬਹੁਤ ਸਾਰੇ ਨਾਟਕਾਂ ਵਿਚ ਮੇਰੇ ਨਾਲ਼ ਕੰਮ ਕੀਤਾ। ‘ਧਮਕ ਨਗਾਰੇ ਦੀ’ ਵਿਚ ਮੈਂ ਉਹਦੀ ਮਾਂ ਸਾਂ। ‘ਕੰਮੀਆਂ ਦੇ ਵਿਹੜੇ’ ਵਿਚ ਮੈਂ ਉਹਦੀ ਘਰਵਾਲੀ ਸਾਂ। ਲੋਹਾ ਕੁੱਟ ਵਿਚ ਮੈਂ ਉਹਦੀ ਮਹਿਬੂਬਾ ਸਾਂ ਤੇ ਨਵਾਂ ਜਨਮ ਵਿਚ ਉਹ ਮੇਰਾ ਪੁੱਤ ਸੀ। ਬੰਬਈ ਪੰਜਾਬੀ ਬਿਰਾਦਰੀ ਵਾiਲ਼ਆਂ ਨੇ ਸਾਨੂੰ ਪੰਦਰਾਂ ਕਲਾਕਾਰਾਂ ਨੂੰ ਉੱਥੇ ਬੁਲਾਇਆ। ਇੰਟਰਨੈਸ਼ਨਲ ਕਲਾਕਾਰ ਕਮਲਜੀਤ ਨੀਲੋਂ, ਗੁਰਸ਼ਰਨ ਸਿੰਘ, ਸਾਹਿਬ ਸਿੰਘ, ਰੋਜ਼ੀ, ਹਰਕੇਸ਼, ਸੁਰਿੰਦਰ ਸ਼ਰਮਾ ਅਤੇ ਸੁਖਦੇਵ ਪ੍ਰੀਤ ਸਮੇਤ ਅਸੀਂ ਸਾਰੇ ਦੋ ਹਫ਼ਤੇ ਇਕੱਠੇ ਰਹੇ। ਉਨ੍ਹਾਂ ਸਾਨੂੰ ਸਾਰੀ ਬੰਬਈ ਘੁਮਾਇਆ। ਇਸ ਸਫ਼ਰ ਵਿਚ ਸੁਖਦੇਵ ਪ੍ਰੀਤ ਮੇਰਾ ਵਧੀਆ ਮਿੱਤਰ ਬਣ ਗਿਆ।
ਜਦੋਂ ਬੰਬਈਓਂ ਪਰਤੇ ਤਾਂ ਅਚਾਨਕ ਇਕ ਦਿਨ ਖ਼ਬਰ ਪਹੁੰਚੀ ਕਿ ਸੁਖਦੇਵ ਪ੍ਰੀਤ ਤੇ ਉਹਦੀ ਪਤਨੀ ਦੀਆਂ ਲਾਸ਼ਾਂ ਅਲਫ਼ ਨੰਗੀਆਂ ਕਰਕੇ ਬੋਹੜ ਨਾਲ਼ ਟੰਗੀਆਂ ਹੋਈਆਂ ਹਨ। ਅੱਤਵਾਦ ਵਾਲ਼ੇ ਦਿਨਾਂ ਵਿਚ ਇਹ ਆਮ ਜਿਹੀ ਘਟਨਾ ਸੀ। ਪਰ ਉਹਦੇ ਸਾਥੀ ਕਲਾਕਾਰਾਂ ਦੇ ਲਈ ਉਹ ਦਿਨ ਮੌਤ ਦਾ ਦਿਨ ਸੀ। ਅੱਜ ਵੀ ਜਦ ਕਦੇ ਸੁਖਦੇਵ ਪ੍ਰੀਤ ਦੀ ਯਾਦ ਆਉਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਮੇਰੇ ਘਰ ਵਿਚ ਲੱਗੀ ਰੰਗ ਬਰੰਗੇ ਫੁੱਲਾਂ ਦੀ ਵੇਲ ਵਿਚੋਂ ਖ਼ੂਨ ਟੱਪਕਣ ਲੱਗ ਪਿਆ ਹੋਵੇ ਤੇ ਮੈਂ ਵੀ ਲਾਸ਼ ਬਣ ਗਈ ਹੋਵਾਂ ਤੇ ਅਪਣੇ ਕਮਰੇ ਦੇ ਨਾਲ਼ ਲੱਗਦੇ ਅਮਰੂਦ ਦੇ ਬੂਟੇ ਨਾਲ਼ ਲਟਕ ਰਹੀ ਹੋਵਾਂ।
ਇਕ ਦਿਨ ਅਸੀਂ ਦਿੱਲੀ ਨੈਸ਼ਨਲ ਪ੍ਰੋਗਰਾਮ ਵਿਚ ਨਾਟਕ ਲੈ ਕੇ ਪਹੁੰਚਣਾ ਸੀ। ਉਸ ਵਕਤ ਵੀ ਅੱਤਵਾਦ ਦਾ ਪੂਰਾ ਜ਼ੋਰ ਸੀ। ਗੁਰਸ਼ਰਨ ਸਿੰਘ ਹੁਰਾਂ ਸਾਨੂੰ ਅਚਾਨਕ ਸੁਨੇਹਾ ਭੇਜਿਆ ਤੇ ਨਾਲ਼ ਗੱਡੀ ਦੀਆਂ ਟਿਕਟਾਂ ਵੀ। ਅਸੀਂ ਪੂਰੇ ਟਾਈਮ ’ਤੇ ਸਟੇਸ਼ਨ ’ਤੇ ਪਹੁੰਚ ਗਏ। ਪਰ ਜਿਸ ਗੱਡੀ ਦੀਆਂ ਸੀਟਾਂ ਸਾਡੇ ਲਈ ਬੁੱਕ ਸਨ, ਉਹ ਗੱਡੀ ਪਿਛਲੇ ਸਟੇਸ਼ਨ ’ਤੇ ਕੋਈ ਵਾਰਦਾਤ ਹੋਣ ਕਾਰਣ ਲੁਧਿਆਣੇ ਨਾ ਪਹੁੰਚ ਸਕੀ। ਦਿੱਲੀ ਨੂੰ ਜਿਹੜੀ ਗੱਡੀ ਆਵੇ ਖਚਾਖਚ ਭਰੀ ਆਵੇ; ਅਸੀਂ ਚੜ੍ਹ ਨਾ ਸਕੀਏ। ਅੱਧੀ ਰਾਤੇ ਅਸੀਂ ਗੱਡੀ ਵਿਚ ਜਦੋਂ ਚੜ੍ਹਨ ਲੱਗੇ, ਤਾਂ ਗੱਡੀ ਚੱਲ ਪਈ। ਮੈਂ ਚੜ੍ਹ ਗਈ ਸਾਂ, ਹਰਕੇਸ਼ ਚੌਧਰੀ ਪੌੜੀਆਂ ਵਿਚ ਤੇ ਗੁਲਸ਼ਨ ਥੱਲੇ। ਮੈਂ ਹਰਕੇਸ਼ ਚੌਧਰੀ ਨੂੰ ਬਾਂਹ ਤੋਂ ਫੜ ਕੇ ਖਿੱਚਿਆ। ਗੱਡੀ ਤੇਜ਼ ਹੋਣ ਲੱਗੀ। ਇੱਕੋ ਝਟਕੇ ਨਾਲ਼ ਅਸੀਂ ਦੋਵੇਂ ਪਿੱਛੇ ਨੂੰ ਡਿੱਗ ਪਏ। ਇਹ ਘਟਨਾ ਅੱਜ ਵੀ ਯਾਦ ਆਉਂਦੀ ਹੈ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਜੇ ਭਲਾ ਬਾਹਰ ਨੂੰ ਡਿੱਗ ਪੈਂਦੇ, ਤਾਂ ਜਿਸਮ ਫੀਤਾ-ਫੀਤਾ ਹੋ ਜਾਣੇ ਸਨ।
ਗੁਲਸ਼ਨ ਨੂੰ ਅਸੀਂ ਹਰ ਸਟੇਸ਼ਨ ’ਤੇ ਉਤਰ ਕੇ ਡੱਬਿਆਂ ਦੀਆਂ ਬਾਰੀਆਂ ’ਚ ਮੂੰਹ ਪਾ ਕੇ ਉੱਚੀ-ਉੱਚੀ ਵਾਜ਼ਾਂ ਮਾਰਦੇ। ਪਰ ਉਹ ਗੱਡੀ ਚੜ੍ਹਿਆ ਹੁੰਦਾ ਤਾਂ ਬੋਲਦਾ। ਉਹ ਤਾਂ ਥੱਲੇ ਹੀ ਰਹਿ ਗਿਆ ਸੀ। ਸਾਡੀਆਂ ਟਿਕਟਾਂ-ਪੈਸਿਆਂ ਵਾਲ਼ੇ ਬਟੂਏ-ਜਿੱਥੇ ਪਹੁੰਚਣਾ ਸੀ-ਉਸ ਥਾਂ ਦਾ ਅਤਾ-ਪਤਾ। ਕੌਸਟੀਊਮ ਸਣੇ ਅੱਠ ਬੈਗ ਸਭੋ ਕੁਝ ਥੱਲੇ ਰਹਿ ਗਿਆ। ਉਹ ਵਿਚਾਰਾ ਬਾਥਰੂਮ ਜਾਣ ਤੋਂ ਵੀ ਔਖਾ ਰਿਹਾ। ਇਹ ਸਫ਼ਰ ਮੇਰੀ ਜ਼ਿੰਦਗੀ ਦਾ ਸਭ ਨਾਲ਼ੋਂ ਔਖਾ ਸਫ਼ਰ ਸੀ-ਲੁਧਿਆਣਿਓਂ ਦਿੱਲੀ ਤੱਕ ਅਸੀਂ ਭੁੱਖਣਪਾਣੇ ਕਦੀ ਟੀ ਟੀ ਦਾ ਡਰ ਸਾਨੂੰ ਕਿਸੇ ਜਿੰਨ ਭੂਤ ਵਾਂਗ ਡਰਾਉਂਦਾ। ਕਦੇ ਇਹ ਸੋਚਦੇ ਕਿ ਦਿੱਲੀ ਸਟੇਸ਼ਨ ਤੋਂ ਉਤਰ ਕੇ ਕਿੱਧਰ ਨੂੰ ਜਾਵਾਂਗੇ ਕਦੇ ਉਹ ਮੈਨੂੰ ਹੌਸਲਾ ਦਿੰਦਾ ਤੇ ਕਦੇ ਮੈਂ ਉਹਨੂੰ।
ਦਿੱਲੀ ਸਟੇਸ਼ਨ ’ਤੇ ਉਤਰੇ, ਤਾਂ ਭੁੱਖ ਨਾਲ਼ ਅੱਧਮੋਏ ਹੋਏ ਪਏ ਸਾਂ। ਲੋਹੇ ਦੇ ਸਟੂਲ ’ਤੇ ਧੌਣ ਸੁੱਟਦਿਆਂ ਮੈਂ ਹਰਕੇਸ਼ ਤੋਂ ਪੁੱਛਿਆ, “ਹੁਣ ਕੀ ਕਰੀਏ?’’ ਅੰਦਰੋਂ ਤਾਂ ਉਹ ਘਬਰਾਇਆ ਪਿਆ ਸੀ, ਪਰ ਬੜੇ ਹੌਸਲੇ ਨਾਲ਼ ਬੋਲਿਆ, “ਜਿਗਰਾ ਰੱਖੋ ਮੈਡਮ ਬੀਬਾ ਆਪਾਂ ਜ਼ਿੰਦਗੀ ਵਿਚ ਨਾਟਕ ਕਰਨਾ ਹੀ ਸਿੱਖਿਆ ਹੈ, ਹੋਰ ਸਿੱØਖਆ ਕੀ ਹੈ? ਸ਼ਕਲਾਂ ਤਾਂ ਅਪਣੀਆਂ ਊਟਪਟਾਂਗ ਬਣੀਆਂ ਹੀ ਪਈਆਂ ਹਨ। ਤੁਸੀਂ ਥੋੜ੍ਹੇ-ਜਿਹੇ ਵਾਲ਼ ਹੋਰ ਖਿਲਾਰ ਲਵੋ ਤੇ ਮੈਂ ਗੱਡੀ ਦੇ ਕੋਲਿਆਂ ਦੀ ਕਾਲਖ ਮਲ ਲੈਂਦਾ ਹਾਂ। ਮੰਗਣਾ ਸ਼ੁਰੂ ਕਰ ਦਿੰਦੇ ਹਾਂ ਕੁਝ ਖਾ ਕੇ ਖੜ੍ਹੇ ਹੋਣ ਜੋਗੇ ਤਾਂ ਹੋਈਏ ਬਾਕੀ ਫਿਰ ਸੋਚਦੇ ਹਾਂ।’’ ਅਸੀਂ ਅਪਣੇ ਇਸ ਪ੍ਰੋਜੈਕਟ ਦੀ ਤਿਆਰੀ ਕਰ ਹੀ ਰਹੇ ਸਾਂ ਕਿ ਸਾਨੂੰ ਕੰਵਲ ਧਾਲੀਵਾਲ ਦੂਰੋਂ ਆਉਂਦਾ ਦਿਸਿਆ ਤੇ ਅਸੀਂ ਦੌੜ ਕੇ ਉਸ ਨੂੰ ਚਿੰਬੜ ਗਏ। ਪਿੱਛੋਂ ਗੁਲਸ਼ਨ ਵੀ ਕਿਸੇ ਗੱਡੀ ਚੜ੍ਹ ਕੇ ਦੁਪਹਿਰੇ ਦਿੱਲੀ ਪਹੁੰਚ ਗਿਆ।
ਨਾਟਕਾਂ ਵਿਚ ਕੰਮ ਕਰਨ ਵੇਲੇ ਜਦ ਕਦੇ ਮੇਰੇ ਹੱਥ ਹਥਿਆਰ ਆ ਜਾਂਦਾ ਤਾਂ ਮੈਂ ਆਪੇ ਤੋਂ ਬਾਹਰ ਹੋ ਜਾਂਦੀ ਸਾਂ। ਸਾਹਮਣੇ ਖੜ੍ਹਾ ਕਲਾਕਾਰ ਮੈਨੂੰ ਅਸਲੀ ਦੁਸ਼ਮਣ ਲੱਗਦਾ; ਮੇਰੀਆਂ ਅੱਖਾਂ ਵਿਚ ਲਹੂ ਉਤਰਨ ਲੱਗ ਪੈਂਦਾ ਤੇ ਸਾਰਾ ਜਿਸਮ ਲੱਗਦਾ ਜਿਵੇਂ ਅੱਗ ਵਾਂਗ ਬਲਣ ਲੱਗ ਪਿਆ ਹੋਵੇ। ਮੇਰੇ ਸਾਥੀ ਕਲਾਕਾਰ, ਇਸ ਮੇਰੀ ਆਦਤ ਤੋਂ ਬਹੁਤ ਘਬਰਾ ਜਾਂਦੇ ਸਨ ਤੇ ਮੈਂ ਖ਼ੁਦ ਵੀ ਆਪਣੀ ਇਸ ਕਮਜ਼ੋਰੀ ਤੋਂ ਪਰੇਸ਼ਾਨ ਸਾਂ ਕਿ ਕਿੱਧਰੇ ਸੱਚੀਂ ਨਾ ਕੁਝ ਕਰ ਬੈਠਾਂ। ਨਾਟਕ ਵੱਡੀ ਹਵੇਲੀ ਵਿਚ ਜਦ ਮੈਂ ਰਾਜੀਵ ਸ਼ਰਮਾ ਨੂੰ ਦਾਤ ਮਾਰਨਾ ਸੀ ਤਾਂ ਪਿੱਛੇ ਖੜ੍ਹੇ ਸੁਰਿੰਦਰ ਸ਼ਰਮੇ ਦੇ ਬੜੀ ਜ਼ੋਰ ਦੀ ਮੱਥੇ ਵਿਚ ਜਾ ਵੱਜਾ। ਕਈ ਦਿਨ ਅਸੀਂ ਉਸ ਦੇ ਪੱਟੀਆਂ ਕਰਾਉਂਦੇ ਰਹੇ।
ਨਾਟਕ ‘ਮਿੱਟੀ ਦਾ ਬਾਵਾ’ ਆਦਿਵਾਸੀਆਂ ਦੀ ਜ਼ਿੰਦਗੀ ਬਾਰੇ ਸੀ। ਨਾਟਕ ਵਿਚ ਮੈਂ ਆਦਿਵਾਸੀਆਂ ਦੀ ਕੁੜੀ ਹਾਂ ਤੇ ਮੇਰਾ ਨਾਮ ਮੇਹਰੂ ਹੈ। ਜੰਗ ਲੱਗੀ ਹੋਈ ਹੈ। ਕਿਸੇ ਫ਼ੌਜੀ ਜਵਾਨ ਨੇ ਮੇਰੇ ਮਹਿਬੂਬ ਨੂੰ ਮਾਰ ਦਿੱਤਾ ਹੈ। ਮੈਂ ਅਪਣੇ ਕਬੀਲੇ ਦੇ ਸਰਦਾਰ ਨੂੰ ਮਨਾ ਲੈਂਦੀ ਹਾਂ ਕਿ ਉਹ ਮੇਰੇ ਮਹਿਬੂਬ ਰੰਗੇ ਦੀ ਤਲਵਾਰ ਮੈਨੂੰ ਦੇ ਦੇਵੇ ਤੇ ਮੈਂ ਅਪਣੇ ਸਾਥੀ ਦੀ ਮੌਤ ਦਾ ਬਦਲਾ ਉਸ ਫ਼ੌਜੀ ਜਵਾਨ ਤੋਂ ਲੈ ਸਕਾਂ। ਨਾਟਕ ਦੀਆਂ ਸਾਰੀਆਂ ਤਲਵਾਰਾਂ ਦੀਆਂ ਧਾਰਾਂ ਬੇਸ਼ਕ ਖੁੰਢੀਆਂ ਕੀਤੀਆਂ ਹੋਈਆਂ ਸਨ, ਪਰ ਜਦ ਕਦੇ ਵੀ ਅਸੀਂ ਇਹ ਨਾਟਕ ਕਰਦੇ ਤੇ ਮੇਰੇ ਕਬੀਲੇ ਦਾ ਸਰਦਾਰ ਮੇਰੇ ਹੱਥ ਰੰਗੇ ਦੀ ਤਲਵਾਰ ਫੜਾਉਂਦਾ, ਤਾਂ ਹਰਕੇਸ਼ ਚੌਧਰੀ ਜਿਹੜਾ ਕਿ ਉਸ ਨਾਟਕ ਵਿਚ ਸਿਪਾਹੀ ਦਾ ਰੋਲ ਕਰਦਾ ਸੀ – ਬੇਸ਼ਕ ਉਹ ਸਾਡੀ ਟੀਮ ਦਾ ਸਭ ਤੋਂ ਵਧੀਆ ਤੇ ਨਿਡਰ ਐਕਟਰ ਸੀ – ਪਰ ਮੇਰੇ ਹੱਥ ਵਿਚ ਆਈ ਤਲਵਾਰ ਵੇਖ ਕੇ ਘਬਰਾ ਜਾਂਦਾ। ਉਸ ਦੇ ਚਿਹਰੇ ਦਾ ਰੰਗ ਬਦਲ ਜਾਂਦਾ ਤੇ ਮੈਂ ਹੋਰ ਜੋਸ਼ ਵਿਚ ਆ ਜਾਂਦੀ। ਇਕ ਵਾਰ ਏਨੀ ਲੜਾਈ ਹੋਈ ਕਿ ਖੁੰਢੀ ਤਲਵਾਰ ਨਾਲ਼ ਵੀ ਉਸ ਦੇ ਮੋਢੇ ਤੋਂ ਕਿੰਨਾ ਮਾਸ ਉੱਧੜ ਗਿਆ। (ਕਿੰਨੀ ਜ਼ੋਰ ਨਾਲ਼ ਤਲਵਾਰ ਵੱਜੀ ਹੋਵੇਗੀ ਤੇ ਉਸ ਨੂੰ ਕਿੰਨੀ ਪੀੜ ਹੋਈ ਹੋਵੇਗੀ)। ਪਰ ਮੈਨੂੰ ਇਸ ਗੱਲ ਦਾ ਅਹਿਸਾਸ ਨਾ ਰਿਹਾ ਤੇ ਮੈਂ ਅਪਣੀ ਤਲਵਾਰ ਦੇ ਵਾਰ ਜਾਰੀ ਰੱਖੇ, ਉਸਦਾ ਹੋਰ ਕੋਈ ਚਾਰਾ ਨਾ ਚੱਲਿਆ ਤੇ ਉਹਨੇ ਤਲਵਾਰ ਸਮੇਤ ਸਟੇਜ ਤੋਂ ਥੱਲੇ ਛਾਲ਼ ਮਾਰ ਦਿੱਤੀ ਤੇ ਮੈਂ ਵੀ ਉਸ ਦੇ ਪਿੱਛੇ ਰਹੀ ਤੇ ਅਸੀਂ ਲੜਾਈ ਕਰਦੇ ਜਦੋਂ ਫਿਰ ਸਟੇਜ ’ਤੇ ਆਏ, ਤਾਂ ਉਸ ਗੁੱਸੇ ਨਾਲ਼ ਏਨੀ ਜ਼ੋਰ ਦੀ ਮੇਰੇ ਤਲਵਾਰ ਮਾਰੀ ਕਿ ਮੈਂ ਬੇਸੁਰਤ ਹੋ ਕੇ ਧੜੰਮ ਕਰਕੇ ਸਟੇਜ ’ਤੇ ਡਿੱਗੀ। ਦਰਸ਼ਕਾਂ ਦੀਆਂ ਤਾੜੀਆਂ ਕਿੰਨੀ ਦੇਰ ਵੱਜਦੀਆਂ ਰਹੀਆਂ ਤੇ ਮੇਰੇ ਕਬੀਲੇ ਦੇ ਲੋਕ ਮੈਨੂੰ ਚੁੱਕ ਕੇ ਲੈ ਗਏ। ਜਦੋਂ ਮੈਂ ਸਟੇਜ ਦੇ ਪਿੱਛੇ ਗਈ ਤਾਂ ਮੇਰੇ ਵਾਲ ਖ਼ੂਨ ਨਾਲ਼ ਭਰੇ ਪਏ ਸੀ-ਮੇਰੇ ਸਿਰ ਵਿਚ ਤਿੰਨ ਟਾਂਕੇ ਲੱਗੇ-ਇਸ ਘਟਨਾ ਤੋਂ ਬਾਅਦ ਮੈਂ ਇਵੇਂ ਸ਼ਾਂਤ ਹੋ ਗਈ; ਜਿਵੇਂ ਜਵਾਹਰਭਾਟੇ ਤੋਂ ਬਾਅਦ ਸਮੁੰਦਰ ਸ਼ਾਂਤ ਹੋ ਜਾਂਦਾ ਹੈ। ਹੁਣ ਕਦੇ ਵੀ ਨਿਜੀ ਜ਼ਿੰਦਗੀ ਵਿਚ ਜਾਂ ਨਾਟਕ ਵਿਚ ਹਥਿਆਰਾਂ ਨੂੰ ਵੇਖ ਕੇ ਆਪੇ ਤੋਂ ਬਾਹਰ ਨਹੀਂ ਹੁੰਦੀ। ਕਿਸੇ ਬਰਫ਼ ਦੀ ਸਿੱਲ ਵਾਂਙ ਠੰਡੀ ਯਖ਼ ਕੀੜੀ ਵੀ ਜਦ ਕਦੇ ਪੈਰ ਥੱਲੇ ਆ ਜਾਵੇ ਤਾਂ ਘਬਰਾ ਜਾਂਦੀ ਹਾਂ।
ਅਸੀਂ ਗੁਰਦਾਸਪੁਰ ਇਲਾਕੇ ਕਈ ਦਿਨ ਨਾਟਕ ਕਰਦੇ ਰਹੇ। ਬਹੁਤ ਥੱਕੇ ਹੋਏ ਸਾਂ। ਰਾਤ ਨੂੰ ਗੱਡੀ ਫੜੀ ਤਾਂ ਲੁਧਿਆਣੇ ਪਹੁੰਚੇ। ਅੱਗੋਂ ਅਸੀਂ ਲਹਿਰਾਗਾਗੇ ਦਿਨੇ ਨਾਟਕ ਕਰਨਾ ਸੀ। ਸਾਡੀ ਗੱਡੀ ਅੱਧੀ ਰਾਤ ਲੁਧਿਆਣੇ ਪਹੁੰਚੀ। ਰਾਤ ਦੇ ਦੋ ਵੱਜੇ ਸਨ ਤੇ ਲਹਿਰਾਗਾਗੇ ਜਾਣ ਵਾਲ਼ੀ ਗੱਡੀ ਸਵੇਰੇ ਪੰਜ ਵਜੇ ਆਉਣੀ ਸੀ। ਅਸੀਂ ਸਾਰੇ ਕਲਾਕਾਰ ਥਕੇਵੇਂ ਨਾਲ਼ ਚੂਰ ਹੋਏ ਪਏ ਸਾਂ। ਸਟੇਸ਼ਨ ’ਤੇ ਉਤਰਦਿਆਂ ਸਾਰ ਅਸੀਂ ਕੌਸਟੀਊਮ ਵਿੱਚੋਂ ਟਾਕੀਆਂ ਲੱਗੀਆਂ ਚਾਦਰਾਂ ਕੱਢੀਆਂ ਤੇ ਪੰਜ ਨੰਬਰ ਪਲੇਟਫ਼ਾਰਮ ’ਤੇ ਥੱਲੇ ਹੀ ਸੌਂ ਗਏ।
“ਉੱਠੋ ਉਏ ਹਰਾਮੀਓਂ ਸਾਰਾ ਦਿਨ ਭੇਸ ਬਦਲ ਕੇ ਅੰਨ੍ਹੇ ਲੰਗੜੇ ਬਣ ਕੇ ਢੇਰ ਸਾਰੇ ਪੈਸੇ ਇਕੱਠੇ ਕਰ ਲੈਂਦੇ ਹੋ ਤੇ ਰਾਤ ਨੂੰ ਨਸ਼ਾ ਪੀ ਕੇ ਮੁਰਗੇ ਡਕਾਰ ਕੇ ਸਟੇਸ਼ਨ ’ਤੇ ਆ ਸੌਂਦੇ ਹੋ। ਨਾ ਕੋਈ ਫ਼ਿਕਰ ਨਾ ਕੋਈ ਫ਼ਾਕਾ।’’
ਸਟੇਸ਼ਨ ’ਤੇ ਝਾੜੂ ਫੇਰਨ ਵਾਲ਼ੇ ਨੇ ਲੰਬੀ ਡੰਡੀ ਵਾਲ਼ੇ ਝਾੜੂ ਨਾਲ਼ ਉਪਰੋਂ ਫਟੀਆਂ ਪੁਰਾਣੀਆਂ ਚਾਦਰਾਂ ਲਾਹ ਕੇ ਔਹ ਮਾਰੀਆਂ ਤੇ ਗਾਲ੍ਹਾਂ ਬਕਣ ਲੱਗਾ। ਮੈਂ ਇਕ ਪਾਸੇ ਲੋਹੇ ਦੇ ਬੈਂਚ ਉੱਪਰ ਪਈ ਸਾਂ। ਗਾਲ੍ਹਾਂ ਸੁਣ ਕੇ ਜਾਗ ਪਈ ਤੇ ਅਪਣੇ ਮੂੰਹ ਤੋਂ ਡੱਬੀਆਂ ਵਾਲੀ ਚਾਦਰ ਲਾਹੀ। ਮੈਨੂੰ ਵੇਖ ਕੇ ਉਹਨੇ ਅਪਣੀਆਂ ਟੀਰੀਆਂ ਅੱਖਾਂ ਨੂੰ ਇੱਧਰ-ਉੱਧਰ ਘੁਮਾਇਆ ਅਤੇ ਅਪਣੀਆਂ ਖਿੱਲਰੀਆਂ ਮੁੱਛਾਂ ਨੂੰ ਵੱਟ ਦਿੱਤਾ ਤੇ ਬੜੇ ਸਟਾਈਲ ਨਾਲ਼ ਬੋਲਿਆ, “ਓਹੋ ਕੰਜਰ ਦਿਓ ਜ਼ਨਾਨੀਆਂ ਨਾਲ਼ ਰੱਖਣੀਆਂ, ਤਾਂ ਕੋਈ ਝੁੱਗੀ-ਝੌਂਪੜੀ ਬਣਾ ਲਿਆ ਕਰੋ।’’ ਪਤਾ ਨਹੀਂ ਅੱਗੋਂ ਉਹ ਸਾਨੂੰ ਹੋਰ ਕੀ ਕੀ ਕੁਝ ਕਹਿੰਦਾ ਤੇ ਅਸੀਂ ਅਪਣੀ ਸ਼ਰਾਫ਼ਤ ਦੇ ਹਵਾਲੇ ਉਹਨੂੰ ਦਿੰਦੇ ਕਿ ਦੂਰ ਚਾਹ ਦੇ ਸਟਾਲ ਵਾਲ਼ੇ ਨੇ ਉਹਨੂੰ ਚਾਹ ਲਈ ਆਵਾਜ਼ ਮਾਰੀ। ਉਹ ਝਾੜੂ ਉੱਥੇ ਹੀ ਸੁੱਟ ਉੱਧਰ ਚਲਾ ਗਿਆ ਤੇ ਉਹਦੇ ਨਾਲ਼ ਗੱਲਾਂ ਮਾਰਨ ਲੱਗ ਪਿਆ। ਏਨੇ ਚਿਰ ਵਿਚ ਲਹਿਰਾਗਾਗੇ ਨੂੰ ਜਾਣ ਵਾਲੀ ਗੱਡੀ ਆ ਗਈ। ਅਸੀਂ ਅਪਣਾ ਸਾਮਾਨ ਸਮੇਟ ਕੇ ਕੋਸਟਿਊਮ ਵਿੱਚੋਂ ਗੰਡਾਸੀ ਕੱਢ ਕੇ ਉਸ ਦੇ ਝਾੜੂ ਦਾ ਡੰਡਾ ਵੱਢ ਝਾੜੂ ਨਾਲ਼ ਹੀ ਲੈ ਗਏ। ਉਹ ਝਾੜੂ ਸਾਡੇ ਕਈ ਨਾਟਕਾਂ ਵਿਚ ਕੰਮ ਆਇਆ।
ਮੇਰੀ ਜ਼ਿੰਦਗੀ ਦਾ ਸਭ ਤੋਂ ਬੇਹਤਰੀਨ ਨਾਟਕ ‘ਲੋਹਾ ਕੁੱਟ’ ਸੀ। ਜਿਹੜਾ ਵੀ ਉਸ ਨਾਟਕ ਨੂੰ ਵੇਖਦਾ ਉਹ ਹੈਰਾਨ ਹੋ ਜਾਂਦਾ ਤੇ ਭੁੱਲ ਜਾਂਦਾ ਕਿ ਮੈਂ ਲiੇਖਕਾ ਵੀ ਹਾਂ। ਬੱਸ ਲੋਕਾਂ ਨੂੰ ਇਹੋ ਯਾਦ ਰਹਿੰਦਾ ਕਿ ਮੈਂ ਬਲਵੰਤ ਗਾਰਗੀ ਦੇ ਲੋਹਾ ਕੁੱਟ ਨਾਟਕ ਦੀ ਸੰਤੀ ਹਾਂ; ਸਿਰਫ਼ ਸੰਤੀ। ਸਾਰੇ ਨਾਟਕ ਵਿਚ ਜਸਵੰਤ ਦੀ ਤੇ ਮੇਰੀ ਲੜਾਈ ਹੁੰਦੀ ਹੈ। ਉਹ ਐਕਟਿੰਗ ਦੀ ਸਿਖਰ ’ਤੇ ਪਹੁੰਚਦਾ। ਇਕ ਵਾਰ ਉਹਨੇ ਮੈਨੂੰ ਜ਼ੋਰ ਦੀ ਧੱਕਾ ਦਿੱਤਾ ਤੇ ਮੈਂ ਸਟੇਜ ’ਤੇ ਇਕ ਪਾਸੇ ਪਈਆਂ ਬੈਟਰੀਆਂ ਤੇ ਧੜੰਮ ਕਰਕੇ ਜਾ ਡਿੱਗੀ। ਮੇਰੇ ਮੁਹਰਲੇ ਦੋ ਦੰਦ ਟੁਟ ਗਏ। ਜਿਹੜੇ ਬਾਅਦ ਵਿਚ ਉਪਰੇਸ਼ਨ ਕਰਕੇ ਕੱਢਣੇ ਪਏ ਤੇ ਨਕਲੀ ਲਾਉਣੇ ਪਏ।
ਪੰਜਾਬ ਵਿਚ ਕਾਲ਼ੇ ਦਿਨਾਂ ਵਿਚ ਅਸੀਂ ਕਿਸੇ ਪਿੰਡ ਨਾਟਕ ਕਰਨ ਜਾ ਰਹੇ ਸਾਂ। ਗੁਰਸ਼ਰਨ ਸਿੰਘ ਹੁਰਾਂ ਕੋਲ਼ ਉਸ ਵਕਤ ਕਾਰ ਨਹੀਂ ਸੀ ਹੁੰਦੀ। ਬਸ ਅਸੀਂ ਸਾਰੇ ਉਸ ਸਮੇਂ ਬੱਸਾਂ ’ਤੇ ਜਾਂਦੇ ਸਾਂ। ਇਕ ਦਿਨ ਲੁਧਿਆਣੇ ਤੋਂ ਤੜਕੇ-ਤੜਕੇ ਬੱਸ ਫੜੀ। ਅਜੇ ਮਸਾਂ 10-12 ਕਿਲੋਮੀਟਰ ਹੀ ਨਿਕਲੇ ਸਾਂ ਕਿ ਬੱਸ ਵਿਚ ਬੈਠਿਆਂ ਅੱਤਵਾਦੀਆਂ ਨੇ ਗੋਲ਼ੀ ਚਲਾ ਦਿੱਤੀ। ਉਸ ਦਿਨ ਸਾਡੇ ’ਤੇ ਮੌਤ ਦੇ ਵਿਚਕਾਰ ਇਕ ਇੰਚ ਦਾ ਫ਼ਾਸਲਾ ਵੀ ਨਹੀਂ ਸੀ। ਸੋਚਿਆ ਬਸ ਅੱਜ ਸਾਡੀਆਂ ਲਾਸ਼ਾਂ ਘਰਾਂ ’ਚ ਪਹੁੰਚਣਗੀਆਂ। ਗੋਲ਼ੀ ਚਲਾਉਣ ਵਾਲੇ ਬਹੁਤ ਹੀ ਨਿੱਕੀ ਉਮਰ ਦੇ ਮੁੰਡੇ ਸਨ ਤੇ ਛੇ-ਸੱਤ ਜਣੇ ਸਨ। ਉਨ੍ਹਾਂ ਬੱਸ ਡਰਾਈਵਰ ਨੂੰ ਕਿਸੇ ਪਿੰਡ ਨੂੰ ਜਾਂਦੀ ਸੜਕ ਵੱਲ ਲਿਜਾਣ ਨੂੰ ਬੰਦੂਕ ਤਾਣ ਲਈ। ਅਸੀਂ ਇੰਨੇ ਦਹਿਲ ਗਏ ਕਿ ਸਾਡੇ ਮੂੰਹ ਵਿਚੋਂ ਬਚਾਓ-ਬਚਾਓ ਸ਼ਬਦ ਵੀ ਨਹੀਂ ਨਿਕਲ਼ ਰਿਹਾ ਸੀ। ਇਨਸਾਨ ਕਿੰਨਾ ਵੀ ਬਹਾਦਰ ਹੋਵੇ, ਸਾਹਮਣੇ ਮੌਤ ਵੇਖ ਕੇ ਜ਼ਰੂਰ ਘਬਰਾਅ ਜਾਂਦਾ ਹੈ। ਭਾ ਜੀ ਮੇਰੇ ਨਾਲ਼ ਦੀ ਸੀਟ ’ਤੇ ਬੈਠੇ ਸਨ। ਹਰਕੇਸ਼ ਚੌਧਰੀ ਤੇ ਸੁਰਿੰਦਰ ਸ਼ਰਮਾ ਪਿੱਛੇ ਬੈਠੇ ਸਨ। ਮੇਰੇ ਪੀਲੇ ਜ਼ਰਦ ਹੋਏ ਚਿਹਰੇ ’ਤੇ ਕੰਬਦੀਆਂ ਲੱਤਾਂ ਨੂੰ ਵੇਖ ਕੇ ਭਾ ਜੀ ਨੇ ਮੈਨੂੰ ਨਾਟਕਾਂ ਵਾਂਗ ਦਬਕਾ ਮਾਰਿਆ, “ਕੀ ਹੋ ਰਿਹਾ ਏ ਤੈਨੂੰ ਇਕ ਦਿਨ ਤਾਂ ਆਪਾਂ ਸਭ ਨੇ ਮਰਨਾ ਹੀ ਹੈ, ਚੁੱਪ-ਚਾਪ ਬੈਠੀ ਰਹੁ, ਘਬਰਾ ਨਾ।’’ ਜਿਵੇਂ ਕੋਈ ਸਿਰ ਵਿਚ ਕਿੱਲ ਗੱਡ ਕੇ ਕਹੇ, ਤੈਨੂੰ ਨੀਂਦ ਕਿਉਂ ਨਹੀਂ ਆਉਂਦੀ?
ਸਾਡੀ ਜ਼ਿੰਦਗੀ ਦੇ ਸਾਹ ਬਾਕੀ ਸਨ; ਭਲਾ ਇੰਜ ਕਿਵੇਂ ਮਰਦੇ ਅਸੀਂ? ਅਚਾਨਕ ਡੀ. ਐੱਸ. ਪੀ. ਦੀ ਜੀਪ, ਜਿਸ ਵਿਚ ਗੰਨਮੈਨ ਵੀ ਸਨ, ਬੱਸ ਦੇ ਮੁਹਰੇ ਆ ਕੇ ਖੜ੍ਹੀ ਹੋ ਗਈ। ਬਸ ਰੁਕ ਗਈ ਤੇ ਅੱਖ ਦੇ ਫੋਰ ਵਿਚ ਸਾਰੀ ਫ਼ੋਰਸ ਹਵਾ ਵਿਚ ਗੋਲ਼ੀਆਂ ਚਲਾਉਂਦੀ ਬਸ ਵਿਚ ਚੜ੍ਹ ਗਈ। ਬੇਸ਼ੱਕ ਦੋ ਸਿਪਾਹੀ ਫੱਟੜ ਹੋ ਗਏ। ਪਰ ਸਾਰੇ ਮੁੰਡੇ ਫੜੇ ਗਏ ਅਗਲੇ ਦਿਨ ਪਤਾ ਲੱਗਾ ਕਿ ਉਹ ਬੜੇ ਤਕੜੇ ਘਰਾਂ ਦੇ ਸਨ। ਵਿੱਚੋਂ ਕੁਝ ਦੇ ਬਾਪ ਉੱਚੇ ਅਹੁਦਿਆਂ ’ਤੇ ਸਨ। ਅੱਤਵਾਦ ਦਾ ਸਹਾਰਾ ਲੈ ਉਨ੍ਹਾਂ ਦੇ ਮੁੰਡੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਦੇ ਸਨ ਤੇ ਰੋਜ਼ ਢੇਰ ਸਾਰੇ ਪੈਸੇ-ਸੋਨਾ ਬਟੋਰਦੇ ਸਨ। ਫੇਰ ਪਤਾ ਲੱਗਾ ਕਿ ਉਨ੍ਹਾਂ ਦੇ ਮਾਪੇ ਡੀ ਐੱਸ ਪੀ ਨੂੰ ਵੱਡੀਆਂ ਰਕਮਾਂ ਦੇ ਅਪਣੇ ਮੁੰਡਿਆਂ ਨੂੰ ਛੁਡਾ ਕੇ ਲੈ ਗਏ।
ਇਸੇ ਹਨੇਰੀ ਵਿਚ ਪੰਜਾਬ ਦੀਆਂ ਬਹੁਤ ਮਾਵਾਂ ਨੇ ਅਪਣੇ ਪੁਤ ਗੁਆ ਲਏ। ਕਿੰਨੀਆਂ ਸੁਹਾਗਣਾਂ ਦੇ ਚੂੜੇ ਟੁੱਟੇ। ਕਿੰਨੀਆਂ ਭੈਣਾਂ ਦੀਆਂ ਰੱਖੜੀਆਂ ਹੱਥਾਂ ਵਿਚ ਹੀ ਫੜੀਆਂ ਰਹਿ ਗਈਆਂ। ਇਨ੍ਹਾਂ ਹੀ ਖ਼ੂਨੀ ਦਿਨਾਂ ਵਿਚ ਗੁਰਸ਼ਰਨ ਸਿੰਘ ਨੇ ਓਮ ਪ੍ਰਕਾਸ਼ ਗਾਸੋ ਦੇ ਨਾਵਲ ਨੂੰ ਨਾਟਕੀ ਰੂਪ ਦਿੱਤਾ, ਜਿਹਦਾ ਨਾਂ ਸੀ ਮੌਤ ਦਰ ਮੌਤ । ਇਹ ਖ਼ੂਨ ਰੰਗੀ ਹੋਲੀ ਨੂੰ ਹੂ-ਬ-ਹੂ ਦਰਸਾਉਂਦਾ ਸੀ। ਨਾਇਕਾ ਦਾ ਨਾਂ ਜ਼ੈਦੀ ਸੀ। ਇਹ ਰੋਲ ਭਾ ਜੀ ਨੇ ਕਿਹਾ, ਸਿਰਫ ਤੂੰ ਹੀ ਕਰ ਸਕਦੀ ਏਂ। ਮੈਂ ਪਹਿਲਾਂ ਝਿਜਕੀ, ਪਰ ਜਦੋਂ ਭਾ ਜੀ ਨੇ ਮੈਨੂੰ ਅਪਣੀ ਉੱਚੀ ਆਵਾਜ਼ ਵਿਚ ਹੁਕਮ ਦਿੱਤਾ ਤਾਂ ਮੈਂ ਝੱਟ ਮੰਨ ਗਈ। ਨਾਟਕ ਉਸ ਵਕਤ ਦੇ ਹਾਲਾਤ ਨਾਲ਼ ਜੁੜਿਆ ਹੋਇਆ ਸੀ। ਇਸ ਲਈ ਪੰਡਾਲ ਵਿਚ ਪੰਜ ਸਾਲ ਦੇ ਬੱਚੇ ਤੋਂ ਲੈ ਕੇ ਨੱਬੇ ਸਾਲ ਦੇ ਬੁੱਢੇ ਤੱਕ ਸੁੰਨ ਹੋ ਜਾਂਦੇ। ਅਖ਼ੀਰਲੇ ਸੀਨ ’ਤੇ ਸਭ ਦਰਸ਼ਕਾਂ ਦੀਆਂ ਅੱਖਾਂ ਸੇਜਲ ਹੋ ਜਾਂਦੀਆਂ ਅਤੇ ਕਈ ਤਾਂ ਧਾਹਾਂ ਮਾਰ ਕੇ ਰੋ ਪੈਂਦੇ।
ਇਕ ਵਾਰੀ ਜਦੋਂ ਮੈਂ ਨਾਟਕ ਖ਼ਤਮ ਹੋਣ ਉੱਤੇ ਸਟੇਜ ਤੋਂ ਉਤਰੀ, ਤਾਂ ਇਕ ਅੱਸੀ ਨੱਬੇ ਸਾਲ ਦਾ ਬੁੱਢਾ ਮੇਰੇ ਕਦਮਾਂ ਵਿਚ ਆ ਡਿੱਗਾ। ਮੈਂ ਕਿਹਾ, “ਇਹ ਕੀ ਬਾਬਾ ਜੀ, ਮੈਂ ਤਾਂ ਤੁਹਾਡੀਆਂ ਪੋਤੀਆਂ ਦੋਹਤੀਆਂ ਵਰਗੀ ਹਾਂ।’’ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ, “ਇਹ ਬੀਬਾ ਦੇ ਪੈਰ ਨਹੀਂ ਜ਼ੈਦੀ ਦੇ ਪੈਰ ਨੇ।’’
ਪਿੰਡਾਂ ਵਿਚ ਅਸੀਂ ਇਹ ਨਾਟਕ ਕਰਦੇ, ਤਾਂ ਲੋਕ ਮੈਨੂੰ ਜ਼ੈਦੀ ਕਹਿ ਕੇ ਪਿੱਛੋਂ ਉੱਚੀ ਆਵਾਜ਼ਾਂ ਮਾਰਦੇ, ਬੀਬਾ ਕੋਈ ਨਾ ਸੱਦਦਾ।
ਲੁਧਿਆਣੇ ਦੇ ਬਹੁਤ ਵੱਡੇ ਸਮਾਗਮ ਵਿਚ ਅਸੀਂ ਉਹ ਨਾਟਕ ਕੀਤਾ। ਅੱਧੀ ਰਾਤ ਨੂੰ ਮੈਨੂੰ ਭਾ ਜੀ ਘਰ ਛੱਡ ਕੇ ਗਏ ਅਤੇ ਆਪ ਬਾਕੀ ਆਰਟਿਸਟਾਂ ਨਾਲ਼ ਚੰਡੀਗੜ੍ਹ ਨੂੰ ਚਲੇ ਗਏ। ਮੈਂ ਅਜੇ ਗੇਟ ਨੂੰ ਜਿੰਦਰਾ ਲਾ ਕੇ ਅਪਣੇ ਕਮਰੇ ਵੱਲ ਮੁੜੀ ਹੀ ਸਾਂ ਕਿ ਬਿਲਕੁਲ ਭਾ ਜੀ ਵਰਗੀ ਆਵਾਜ਼ ਨੇ ਮੇਰਾ ਨਾਂ ਲੈ ਕੇ ਗੇਟ ਖੜਕਾਇਆ। ਮੈਂ ਸੋਚਿਆ, ਕੋਈ ਸੁਨੇਹਾ ਦੇਣਾ ਭੁੱਲ ਗਏ ਹੋਣਗੇ ਜਾਂ ਕੋਈ ਚੀਜ਼ ਮੇਰੇ ਕੋਲ਼ ਰਹਿ ਗਈ ਹੋਵੇਗੀ। ਮੈਂ ਇਕਦਮ ਗੇਟ ਖੋਲ਼੍ਹ ਦਿੱਤਾ। ਘਰ ਵਿਚ ਕੱਲੀ ਸਾਂ। ਪੈਰ ਦੇ ਨੌਹਾਂ ਤੋਂ ਲੈ ਕੇ ਸਿਰ ਦੇ ਵਾਲ਼ਾਂ ਤੱਕ ਕੰਬ ਗਈ। ਉਮਰ 25-26 ਕੁ ਸਾਲ, ਗੋਰੇ ਰੰਗ ਦਾ ਪਤਲਾ ਜਿਹਾ ਮੁੰਡਾ, ਖਾਕੀ ਰੰਗ ਦੀ ਲੋਈ ਦੀ ਬੁੱਕਲ ਮਾਰੀ ਹੋਈ, ਕਾਹਲ਼ੀ ਨਾਲ਼ ਅੰਦਰ ਲੰਘ ਆਇਆ। ਮੈਂ ਵਿਹੜੇ ਵਿਚ ਪੀਲ਼ੀ-ਭੂਕ ਹੋਈ ਖੜ੍ਹੀ ਸਾਂ। ਡਰ ਨਾਲ਼ ਕੰਬ ਰਹੀ ਸਾਂ। ਮੇਰੀ ਘਬਰਾਹਟ ਵੇਖ ਕੇ ਉਸ ਨੇ ਅਪਣੀ ਲੋਈ ਵਿਚੋਂ ਹੱਥ ਕੱਢਿਆ ਅਤੇ ਮੇਰੇ ਸਿਰ ਉੱਪਰ ਰੱਖ ਦਿੱਤਾ। ਇਸ ਹੌਸਲੇ ਨਾਲ਼ ਮੇਰਾ ਸਾਰਾ ਡਰ ਉੱਡ ਗਿਆ।
“ਅੰਦਰ ਬੈਠਣ ਲਈ ਨਹੀਂ ਕਹੇਂਗੀ?’’ ਉਹਨੇ ਟੱਬਰ ਦੇ ਜੀਅ ਵਾਂਗ ਕਿਹਾ। “ਤੁਸੀਂ ਹੋ ਕੌਣ? ਤੇ ਇਸ ਵੇਲੇ ਮੇਰੇ ਘਰ ਕਿਵੇਂ?’’ ਮੈਂ ਇੱਕੋ ਸਾਹੇ ਕਹਿ ਗਈ। “ਮੈਂ ਜਿਹੜਾ ਤੇਰੇ ਸਿਰ ’ਤੇ ਹੱਥ ਰੱਖਿਆ ਉਸ ’ਤੇ ਇਤਬਾਰ ਕਰ। ਅੱਜ ਤੋਂ ਤੇਰਾ ਵੈੱਲਵਿਸ਼ਰ ਹਾਂ। ਬੱਸ ਤੈਨੂੰ ਨਾਟਕ ਵਿਚ ਜ਼ੈਦੀ ਬਣੀ ਨੂੰ ਵੇਖਿਆ ਤੇ ਮੈਂ ਅਪਣੀ ਜ਼ਿੰਦਗੀ ਦੇ ਰਸਤੇ ਬਦਲ ਦਿੱਤੇ। ਅੱਜ ਤੋਂ ਬੰਦੂਕ ਨੂੰ ਹੱਥ ਨਹੀਂ ਲਾਵਾਂਗਾ। ਕਦੇ ਵੀ ਨਹੀਂ। ਬੱਸ ਮੈਂ ਇਹ ਉੱਥੇ ਫ਼ੈਸਲਾ ਕਰ ਲਿਆ ਸੀ। ਮੈਂ ਦਰਵਾਜ਼ੇ ਖੋਲ੍ਹੇ ਤੇ ਉਹਨੂੰ ਡਰਾਇੰਗ ਰੂਮ ਵਿਚ ਲੈ ਆਈ। ਸ਼ੈਲਫ਼, ਟੇਬਲ, ਸ਼ੋਅ ਕੇਸਾਂ ਵਿਚ ਪਈਆਂ ਬੇਸ਼ੁਮਾਰ ਟਰਾਫ਼ੀਆਂ ਨੂੰ ਉਹਨੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਨਿਗਾਹ ਮਾਰੀ ਅਤੇ ਇਕ ਵਾਰੀ ਫਿਰ ਮੇਰੇ ਸਿਰ ’ਤੇ ਹੱਥ ਰੱਖਿਆ। “ਬੈਠੋ” ਮੈਂ ਹਾਲੇ ਕਿਹਾ ਹੀ ਸੀ ਕਿ ਉਸ ਨੇ ਅਪਣੇ ਉੱਤੇ ਲਈ ਲੋਈ, ਇਕ ਪਾਸੇ ਰੱਖ ਦਿੱਤੀ। ਮੈਂ ਡਰ ਨਾਲ਼ ਫਿਰ ਕੰਬ ਗਈ। ਪਿਸਤੌਲ, ਸਟੇਨਗੰਨ, ਕਾਰਤੂਸ ਉਹਨੇ ਅਪਣੇ ਦੁਆਲੇ ਵਲ਼ੇ ਹੋਏ ਸਨ। ਮੈਂ ਅਪਣੇ ਮਨ ਵਿਚ ਸੋਚ ਹੀ ਰਹੀ ਸਾਂ ਕਿ ਉਹਨੇ ਸਾਰਾ ਅਸਲਾ ਮੇਰੇ ਕਦਮਾਂ ਵਿਚ ਰੱਖ ਦਿੱਤਾ। “ਇਹ ਕੀ?’’ ਮੈਂ ਘਬਰਾਹਟ ਨਾਲ਼ ਕਿਹਾ।
“ਪੰਜਾਬ ਦੇ ਹੀ ਕਿਸੇ ਜ਼ਿਲ੍ਹੇ ਵਿਚ ਮੇਰਾ ਪਿੰਡ ਹੈ। ਕਾਲਜ ਵਿਚ ਪੜ੍ਹਦਾ ਸਾਂ। ਇਕ ਦਿਨ ਘਰ ਆਇਆ। ਜੁਆਨ ਭੈਣ ਜਿਹਦੀ ਪੱਤ ਲੁੱਟੀ ਗਈ, ਦੋ ਛੋਟੇ ਭਰਾ, ਮਾਂ ਬਾਪ ਸਭ ਦੀਆਂ ਲਾਸ਼ਾਂ ਘਰ ਦੇ ਦਲਾਨ ਵਿਚ ਪਈਆਂ ਸਨ। ਇਹ ਸਭ ਕੁਝ ਪਤਾ ਨਹੀਂ ਕਿਸ ਬਦਲੇ ਦੀ ਅੱਗ ਹੇਠ ਹੋਇਆ। ਬਾਪ ਨੇ ਕਦੇ ਮੇਰੇ ਨਾਲ਼ ਗੱਲ ਨਹੀਂ ਸੀ ਕੀਤੀ। ਬੱਸ ਉਸੇ ਵੇਲੇ ਘਰੋਂ ਭੱਜ ਗਿਆ। ਮੇਰੇ ਰਾਹ ਹੋਰ ਹੋ ਗਏ, ਅੱਤਵਾਦੀ ਬਣ ਗਿਆ। ਬੇਸ਼ੁਮਾਰ ਕਤਲ ਕੀਤੇ। ਕਤਲ ਕਰਦਿਆਂ ਕਦੇ ਨਫ਼ਰਤ ਨਹੀਂ ਸੀ ਹੋਈ-ਸਗੋਂ ਗਾਜਰ ਮੂਲੀਆਂ ਵਾਂਗ ਇਨਸਾਨ ਕਤਲ ਕਰ ਦਿੱਤੇ। ਜਿੱਥੇ ਅੱਜ ਤੁਸੀਂ ਨਾਟਕ ਕੀਤਾ, ਉਸ ਵੱਡੇ ਸਮਾਗਮ ਵਿਚ ਵਾਰਦਾਤ ਕਰਨ ਆਏ ਸਾਂ। ਮੈਂ ਅਪਣੇ ਸਾਥੀਆਂ ਨੂੰ ਇਸ਼ਾਰਾ ਕਰਨਾ ਸੀ। ਗੋਲ਼ੀਆਂ ਚੱਲਣੀਆਂ ਸਨ ਤੇ ਖਬਰੇ ਕਿੰਨੇ ਕੁ ਮਰਨੇ ਸਨ। ਸਟੇਜ ਉੱਪਰ ਤੇਰੇ ਚਿਹਰੇ ’ਤੇ ਗਹਿਰੀ ਪੀੜ ਵੇਖ ਕੇ ਮੈਂ ਨਾਟਕ ਵਿਚ ਲੀਨ ਹੋ ਗਿਆ ਅਤੇ ਸਾਥੀਆਂ ਨੂੰ ਸੁਨੇਹਾ ਭੇਜਿਆ ਕਿ ਵਾਰਦਾਤ ਨਾਟਕ ਦੇ ਅਖ਼ੀਰਲੇ ਸੀਨ ’ਤੇ ਕਰਾਂਗੇ। ਪਰ ਅਖ਼ੀਰਲਾ ਸੀਨ ਤੂੰ ਮੈਨੂੰ ਬਿਲਕੁਲ ਅਪਣੀ ਉਸ ਭੈਣ ਵਾਂਗ ਲੱਗੀ, ਜਿਸ ਦੀ ਲਾਸ਼ ਮੈਂ ਅਖ਼ੀਰਲੇ ਸਮੇਂ ਘਰ ਦੇ ਵਿਹੜੇ ਵਿਚ ਪਈ ਵੇਖੀ ਸੀ। ਕਿੰਨੀ ਪੀੜ ਸੀ ਤੇਰੇ ਅੰਦਰ ਤੂੰ ਨਾਟਕ ਦੀ ਕਲਾਕਾਰ ਨਹੀਂ, ਸੱਚੀਮੁੱਚੀਂ ਨਾਇਕਾ ਲੱਗੀ, ਜਿਹਨੇ ਮੇਰੇ ਅੰਦਰ ਵਸੇ ਖੂੰਖਾਰ ਅੱਤਵਾਦੀ ਨੂੰ ਹਿਲਾ ਕੇ ਰੱਖ ਦਿੱਤਾ ਤੇ ਮੈਂ ਉਸੇ ਵੇਲੇ ਫ਼ੈਸਲਾ ਕਰ ਲਿਆ ਕਿ ਸਾਰੇ ਹਥਿਆਰ ਤੇਰੇ ਘਰ ਜਾ ਕੇ ਤੇਰੇ ਕਦਮਾਂ ਵਿਚ ਰੱਖ ਦੇਵਾਂਗਾ ਅਤੇ ਹੋਰ ਜ਼ਿੰਦਗੀ ਜੀਵਾਂਗਾ।’’ ਉਹ ਇਕੋ ਸਾਹੇ ਸਾਰਾ ਕੁਝ ਕਹਿ ਗਿਆ ਅਤੇ ਉੱਠ ਕੇ ਖੜ੍ਹਾ ਹੋ ਗਿਆ। “ਮੈਂ ਇਨ੍ਹਾਂ ਹਥਿਆਰਾਂ ਨੂੰ ਕਿਥੇ ਛੁਪਾਵਾਂਗੀ?’’ ਮੈਂ ਕਿਹਾ। “ਬੱਸ ਮੈਂ ਹੁਣ ਇਨ੍ਹਾਂ ਨੂੰ ਹੱਥ ਨਹੀਂ ਲਾਵਾਂਗਾ’’ ਉਹ ਬੋਲਿਆ। “ਮੈਂ ਇਨ੍ਹਾਂ ਨੂੰ ਨਹੀਂ ਰੱਖ ਸਕਦੀ।’’
“ਮੈਂ ਇਨ੍ਹਾਂ ਹਥਿਆਰਾਂ ਨਾਲ਼ ਪਤਾ ਨਹੀਂ ਕਿੰਨੇ ਕੁ ਕਤਲ ਕਰ ਦਿੱਤੇ, ਕਦੇ ਤਰਸ ਨਹੀਂ ਸੀ ਆਇਆ। ਪਰ ਅੱਜ ਮੈਨੂੰ ਪਤਾ ਨਹੀਂ ਕੀ ਹੋ ਗਿਆ? ਤੈਨੂੰ ਵੇਖ ਕੇ ਮੈਂ ਮੋਮ ਹੋ ਗਿਆਂ। ਜਦੋਂ ਤੂੰ ਡਰਾਮੇ ਵਿਚ ਲਾਸ਼ਾਂ ਦੇ ਢੇਰ ਵਿੱਚੋਂ ਆਪਣੇ ਪੁੱਤ ਦੀ ਬਾਂਹ ਪਛਾਣ ਲਈ ਸੀ। ਬੱਸ ਉਸੇ ਵੇਲੇ ਮੈਂ ਫ਼ੈਸਲਾ ਕਰ ਲਿਆ ਸੀ ਕਿ ਅੱਜ ਤੋਂ ਮੈਂ ਇਹ ਰਾਹ ਛੱਡ ਦੇਵਾਂਗਾ। ਤੇਰੇ ਘਰ ਜਾ ਕੇ ਸਾਰੇ ਹਥਿਆਰ ਤੇਰੇ ਕਦਮਾਂ ਵਿਚ ਰੱਖ ਦੇਵਾਂਗਾ ਤੇ ਆਪ ਚਲਾ ਜਾਵਾਂਗਾ; ਦੂਰ, ਬਹੁਤ ਦੂਰ।’’ ਉਹ ਸੱਚੀਂ ਉੱਠ ਬੈਠਾ ਤੇ ਮੇਰਾ ਸਿਰ ਪਲੋਸਦਾ ਝਟ ਕਮਰੇ ਵਿਚੋਂ ਬਾਹਰ ਆ ਗਿਆ।
“ਤੁਸੀਂ ਇਸ ਤਰ੍ਹਾਂ ਨਹੀਂ ਜਾ ਸਕਦੇ। ਮੈਂ ਇਨ੍ਹਾਂ ਖੂੰਖਾਰ ਹਥਿਆਰਾਂ ਨੂੰ ਕਿੱਥੇ ਛੁਪਾਵਾਂਗੀ? ਕਿੱਥੇ ਰੱਖਾਂਗੀ? ਮੈਨੂੰ ਡਰ ਲੱਗਦੈ।’’
“ਮੈਂ ਨਹੀਂ ਹੱਥ ਲਾਵਾਂਗਾ। ਇਹ ਮੈਂ ਉੱਥੇ ਹੀ ਕਸਮ ਖਾ ਲਈ ਸੀ। ਅੱਛਾ ਇੰਝ ਕਰ, ਕੋਈ ਵੱਡਾ ਥੈਲਾ ਲਿਆ। ਇਨ੍ਹਾਂ ਨੂੰ ਉਹਦੇ ਵਿਚ ਪਾ ਤੇ ਤੂੰ ਆਪੇ ਫੜੇਂਗੀ, ਬਾਈਪਾਸ ’ਤੇ ਮੇਰੀ ਜੀਪ ਖੜ੍ਹੀ ਹੈ। ਅਜੇ ਬਹੁਤ ਹਨੇਰਾ ਹੈ। ਮੈਂ ਇਸੇ ਹਨੇਰੇ ਵਿਚ ਅਨੰਦਪੁਰ ਸਾਹਿਬ ਪਹੁੰਚਣਾ ਹੈ। ਤੂੰ ਮੇਰੇ ਨਾਲ਼ ਚਲ। ਸਤਲੁਜ ਦੇ ਸ਼ੂਕਦੇ ਪਾਣੀ ਵਿਚ ਸੁੱਟ ਦੇਵਾਂਗੇ ਤੇ ਤੈਨੂੰ ਮੈਂ ਘਰ ਛੱਡ ਜਾਵਾਂਗਾ ਤੂੰ ਇਨ੍ਹਾਂ ਹਥਿਆਰਾਂ ਨੂੰ ਖੁਦ ਦਰਿਆ ਵਿਚ ਸੁੱਟੇਂਗੀ।’’
ਪਤਾ ਨਹੀਂ ਮੇਰੇ ਵਿਚ ਕਿਥੋਂ ਤਾਕਤ ਆ ਗਈ। ਹਥਿਆਰਾਂ ਵਾਲ਼ਾ ਥੈਲਾ ਚੁੱਕ ਕੇ ਵਿਸ਼ਵਾਸ ਜਿਹੇ ਨਾਲ਼ ਉਸ ਨਾਲ਼ ਤੁਰ ਪਈ। ਬਾਈਪਾਸ ਦੇ ਪਰਲੇ ਸਿਰੇ ਉਸ ਦੀ ਜੀਪ ਖੜ੍ਹੀ ਸੀ ਅਤੇ ਦੋ ਬਾਡੀਗਾਰਡ। ਥੋੜ੍ਹੀ ਦੂਰ ਪੰਜਾਬ ਪੁਲਿਸ ਦਾ ਹੌਲਦਾਰ ਅਤੇ ਸਿਪਾਹੀ ਖੜ੍ਹੇ ਸਨ। ਪਰ ਉਨ੍ਹਾਂ ਸਾਨੂੰ ਨਹੀਂ ਬੁਲਾਇਆ। ਕੁਝ ਨਹੀਂ ਪੁੱਛਿਆ ਅਸੀਂ ਚਲੇ ਗਏ। ਦਰਿਆ ਦੇ ਪੁਲ ਦੇ ਵਿਚਕਾਰ ਠਾਠਾਂ ਮਾਰਦੇ ਪਾਣੀ ਵਿਚ ਥੈਲਾ ਸੁੱਟਿਆ। ਉੱਚੀ ਆਵਾਜ਼ ਆਈ। ਥੋੜ੍ਹੀ ਹੀ ਦੂਰ ਪੁਲਿਸ ਕਰਮਚਾਰੀ ਖੜ੍ਹੇ ਸਨ। ਉਨ੍ਹਾਂ ਤੱਕ ਆਵਾਜ਼ ਜ਼ਰੂਰ ਪਹੁੰਚੀ ਹੋਵੇਗੀ। ਪਰ ਉਹ ਉੱਥੇ ਹੀ ਖੜ੍ਹੇ ਰਹੇ। ਮੈਂ ਇਹ ਸਭ ਕੁਝ ਵੇਖ ਕੇ ਹੈਰਾਨ ਸਾਂ।
ਉਹ ਮੈਨੂੰ ਵਾਪਸ ਘਰ ਛੱਡਣ ਆਇਆ ਅਤੇ ਜਾਣ ਵੇਲੇ ਕਹਿਣ ਲੱਗਾ, “ਇਹ ਮੇਰੀ ਛੋਟੀ ਜਿਹੀ ਫ਼ੋਟੋ ਹੈ। ਇਹ ਸਾਰੇ ਹਿੰਦੁਸਤਾਨ ਵਿਚ ਤਿੰਨ ਬੰਦਿਆਂ ਨੂੰ ਦਿੱਤੀ ਹੈ ਤੇ ਕਦੇ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ, ਪੈਸੇ ਅਸੀਂ ਬਟੂਆਂ ਵਿਚ ਜਾਂ ਟਰੰਕਾਂ ਵਿਚ ਨਹੀਂ ਰੱਖਦੇ, ਬੋਰੀਆਂ ਵਿਚ ਰੱਖਦੇ ਹਾਂ। ਆਨੰਦਪੁਰ ਸਾਹਿਬ ਦੀਆਂ ਗਲ਼ੀਆਂ ਘੁੰਮੀਂ। ਹਰ ਬੰਦੇ ਦੇ ਕਾਲਰ ’ਤੇ ਵੇਖੀਂ। ਕਿਸੇ ਨਾ ਕਿਸੇ ਮੁੰਡੇ ਦੇ ਕਾਲਰ ਉੱਤੇ ਲਾਲ ਰੰਗ ਦਾ ਨਿਸ਼ਾਨ ਲੱਗਾ ਹੋਵੇਗਾ। ਬੱਸ ਉਸ ਨੂੰ ਮੇਰੀ ਇਹ ਫ਼ੋਟੋ ਵਿਖਾ ਦੇਵੀਂ, ਉਹ ਮੇਰੇ ਦਸਤਖ਼ਤ ਵੇਖੇਗਾ ਤੇ ਤੈਨੂੰ ਮੇਰੇ ਕੋਲ਼ ਲੈ ਆਵੇਗਾ। ਕੋਈ ਔਖ-ਸੌਖ ਹੋਵੇ ਤੇਰੇ ਕਿਸੇ ਕੰਮ ਆ ਕੇ ਮੈਨੂੰ ਖੁਸ਼ੀ ਹੋਵੇਗੀ।” ਉਹਨੇ ਮੇਰੇ ਸਿਰ ਉੱਤੇ ਜਾਣ ਲੱਗਿਆਂ ਫਿਰ ਹੱਥ ਰੱਖਿਆ ਅਤੇ ਜੀਪ ਮੋੜ ਕੇ ਕਾਹਲ਼ੀ ਨਾਲ਼ ਚਲਾ ਗਿਆ। ਉਹਦੇ ਜਾਣ ਪਿੱਛੋਂ ਜਦੋਂ ਅਪਣੇ ਕਮਰੇ ਵਿਚ ਆਈ, ਮੈਨੂੰ ਬੜਾ ਡਰ ਜਿਹਾ ਲੱਗਾ। ਮੈਂ ਉਹਦੀ ਫ਼ੋਟੋ ਪੁਰਾਣੀ ਕਿਤਾਬ ’ਤੇ ਚੜ੍ਹੀ ਅਖ਼ਬਾਰ ਦੀ ਜਿਲਦ ਦੇ ਅੰਦਰ ਪਾ ਦਿੱਤੀ।
ਰੋਜ਼ ਅਖ਼ਬਾਰਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਸੁਰਖੀਆਂ ਹੁੰਦੀਆਂ। ਅੱਤਵਾਦ ਬਹੁਤ ਜ਼ੋਰਾਂ ਉੱਪਰ ਸੀ। ਦਿਲ ਬਹੁਤ ਦਹਿਲਦਾ। ਇਹ ਘਟਨਾ ਨਾ ਮੈਂ ਗੁਰਸ਼ਰਨ ਭਾ ਜੀ ਨੂੰ ਦੱਸੀ ਅਤੇ ਨਾ ਹੀ ਕਿਸੇ ਹੋਰ ਨੂੰ। ਡੇਢ ਸਾਲ ਗੁਜ਼ਰ ਗਿਆ। ਕੁਝ ਘਰੋਗੀ ਉਲਝਣਾਂ ਕਰਕੇ ਬਹੁਤ ਪਰੇਸ਼ਾਨ ਰਹੀ ਸਾਂ। ਇਕ ਦਿਨ ਪਤਾ ਨਹੀਂ ਕਿਉਂ ਉਹਨੂੰ ਮਿਲਣ ਉੱਤੇ ਬੜਾ ਦਿਲ ਕੀਤਾ। ਕੋਈ ਘਰੋਗੀ ਉਲਝਣਾਂ ਦੀ ਕਹਾਣੀ ਉਸ ਨਾਲ਼ ਸਾਂਝੀ ਕਰਕੇ ਹਲਕੀ ਹੋਣਾ ਚਾਹੁੰਦੀ ਸਾਂ। ਸੋ ਉਸ ਦੇ ਦਸਤਖ਼ਤਾਂ ਵਾਲੀ ਨਿੱਕੀ-ਜਿਹੀ ਫ਼ੋਟੋ ਕਿਤਾਬ ਦੀ ਜਿਲਦ ਵਿਚੋਂ ਕੱਢੀ ਅਤੇ ਅਗਲੀ ਸਵੇਰ ਉਸ ਦੇ ਦੱਸੇ ਸ਼ਹਿਰ ਦੀ ਬੱਸ ਵਿਚ ਬੈਠ ਗਈ। ਉੱਥੇ ਪਹੁੰਚ ਕੇ ਕਈ ਘੰਟੇ ਸੜਕਾਂ ’ਤੇ ਘੁੰਮਦੀ ਰਹੀ। ਕਿਸੇ ਦੀ ਕਮੀਜ਼ ਦੇ ਕਾਲਰ ਉੱਪਰ ਲਾਲ ਨਿਸ਼ਾਨ ਲੱਭਦੀ ਰਹੀ। ਸਿਖਰ ਦੁਪਹਿਰਾਂ ਆ ਗਈਆਂ। ਮੁੜਨ ਲੱਗੀ ਸਾਂ। ਇਕ ਉਨੀ ਵੀਹ ਸਾਲ ਦਾ ਲੜਕਾ ਮੇਰੇ ਅੱਗੋਂ ਦੀ ਲੰਘਿਆ। ਉਹਦੇ ਕਾਲਰ ਉੱਤੇ ਲੱਗੀ ਛੋਟੀ-ਜਿਹੀ ਬਿੰਦੀ ਵਰਗਾ ਲਾਲ ਨਿਸ਼ਾਨ ਸੀ। “ਵੀਰੇ’’, ਮੈਂ ਉਹਦੇ ਕੋਲ਼ ਜਾ ਕੇ ਕਿਹਾ। ਉਹ ਰੁਕ ਗਿਆ। “ਦੱਸੋ?’’ ਉਸ ਮੇਰੇ ਵੱਲ ਤੱਕਦਿਆਂ ਕਿਹਾ। “ਮੈਂ ਤੁਹਾਡੇ ਨਾਲ਼ ਕੋਈ ਗੱਲ ਕਰਨੀ ਚਾਹੁੰਦੀ ਹਾਂ।’’ “ਮੇਰੇ ਨਾਲ਼?’’ ਉਸ ਨੇ ਬੜੀ ਹੈਰਾਨੀ ਨਾਲ਼ ਮੇਰੇ ਵੱਲ ਤੱਕਿਆ। ਮੈਂ ਅਪਣੇ ਪਰਸ ਵਿਚੋਂ ਫੋਟੋ ਕੱਢੀ ਅਤੇ ਉਹਨੂੰ ਵਿਖਾਈ। ਫੋਟੋ ਉਹਨੇ ਝਪਟ ਕੇ ਮੇਰੇ ਹੱਥੋਂ ਫੜ ਲਈ। ਪਿਛਲੇ ਪਾਸੇ ਉਸਦੇ ਕੀਤੇ ਸਾਈਨ ਵੇਖੇ ਅਤੇ ਡੌਰ-ਭੌਰੀਆਂ ਅੱਖਾਂ ਨਾਲ਼ ਮੇਰੇ ਵੱਲ ਤੱਕਦਾ ਬੋਲਿਆ, “ਇਹ ਤਾਂ ਅਸਾਡੀ ਫੋਟੋ ਹੈ। ਇਹ ਤੁਹਾਡੇ ਕੋਲ਼ ਕਿਵੇਂ? ਆਓ ਬੈਠਦੇ ਹਾਂ।’’ ਉਹ ਥੋੜ੍ਹੀ ਦੂਰ ਲੱਗੇ ਤੰਬੂ ਵਿਚ ਮੈਨੂੰ ਲੈ ਗਿਆ, ਜਿੱਥੇ ਦੋ ਚਾਰ ਉਗੜੇ-ਦੁਗੜੇ ਬਿਸਤਰੇ ਪਏ ਸਨ। ਇਕ ਪਾਸੇ ਸਟੀਲ ਦੀਆਂ ਪਲੇਟਾਂ, ਕੌਲ਼ੀਆਂ ਤੇ ਗਿਲਾਸ। ਉਸ ਨੇ ਮੈਨੂੰੂ ਜ਼ਮੀਨ ਉੱਤੇ ਵਿਛੇ ਬਿਸਤਰ ਉੱਪਰ ਬੈਠਣ ਨੂੰ ਕਿਹਾ, “ਬੈਠੋ, ਮੈਂ ਚਾਹ ਲੈ ਕੇ ਆਉਂਦਾ ਹਾਂ।’’ “ਮੈਂ ਚਾਹ ਕਦੇ ਨਹੀਂ ਪੀਂਦੀ, ਤੁਸੀਂ ਬੈਠੋ’’, ਮੇਰੇ ਨਾ ਨਾ ਕਰਨ ਉਪਰੰਤ ਵੀ ਉਹ ਬਾਹਰ ਚਲਿਆ ਗਿਆ।
“ਮੈਂ ਉਨ੍ਹਾਂ ਨੂੰ ਮਿਲਣ ਆਈ ਹਾਂ। ਉਨ੍ਹਾਂ ਨੇ ਮੈਨੂੰ ਕਿਹਾ ਸੀ, ਜੇ ਕਦੇ ਤੈਨੂੰ ਔਖ ਹੋਵੇ ਤਾਂ ਮਿਲੀਂ,’’ ਮੈਂ ਕਿਹਾ। “ਜੋ ਕੁਝ ਮੈਂ ਦੱਸਾਂਗਾ, ਉਹ ਸੁਣ ਸਕੇਂਗੀ?’’ ਉਸ ਦੀ ਆਵਾਜ਼ ਜਿਵੇਂ ਕਿਸੇ ਖੂਹ ਵਿਚ ਡੁੱਬ ਗਈ ਹੋਵੇ।
“ਮੈਂ ਬਹੁਤ ਮਜ਼ਬੂਤ ਦਿਲ ਦੀ ਔਰਤ ਹਾਂ। ਭਿਆਨਕ ਤੋਂ ਭਿਆਨਕ ਗੱਲ ਵੀ ਆਪਣੇ ਅੰਦਰ ਸਮਾ ਸਕਦੀ ਹਾਂ।’’ ਉਹ ਫਿਰ ਕਾਫ਼ੀ ਦੇਰ ਖ਼ਾਮੋਸ਼ ਰਿਹਾ। “ਬੋਲੋ’’, ਮੈਂ ਫਿਰ ਕਿਹਾ।
“ਤਿੰਨ ਮਹੀਨੇ ਹੋਏ, ਉਹਦੀ ਲਾਸ਼ ਕਿਸੇ ਸ਼ਹਿਰ ਦੇ ਬਾਹਰੋਂ ਮਿਲੀ। ਜਿੱਥੇ ਪੁਲਿਸ ਨੇ ਅੱਤਵਾਦੀ ਮੁਕਾਬਲਾ ਬਣਾਇਆ ਸੀ, ਪਰ ਉਹਨੂੰ ਘਰੋਂ ਫੜ ਕੇ ਲੈ ਗਏ ਸਨ। ਡੇਢ ਸਾਲ ਹੋ ਗਿਆ ਉਹ ਆਪਣੇ ਪਿੰਡ ਚਲੇ ਗਏ ਸਨ। ਹਥਿਆਰਾਂ ਨੂੰ ਅਪਣੇ ਤੋਂ ਦੂਰ ਰੱਖਦੇ ਸਨ। ਅਪਣਾ ਘਰ ਵਸਾਉਣਾ ਚਾਹੁੰਦੇ ਸਨ। ਉਨ੍ਹਾਂ ਇਕ ਕੁੜੀ ਵੀ ਵੇਖ ਲਈ ਸੀ। ਇਕ ਦਿਨ ਅੱਧੀ ਰਾਤ ਪੁਲਿਸ ਆਈ ਅਤੇ ਹੱਥ ਮੂੰਹ ਬੰਨ੍ਹ ਕੇ ਲੈ ਗਈ ਤੇ ਕੁਝ ਦਿਨ ਬਾਅਦ ਲਾਸ਼ ਪੁਲਿਸ ਮੁਕਾਬਲੇ ਵਾਲ਼ੀ ਥਾਂ ਤੋਂ ਮਿਲੀ। ਉਹ ਵੀ ਪੁਲਿਸ ਨੇ ਨਹੀਂ ਦਿੱਤੀ।’’
ਮੇਰੇ ਕੋਲ਼ੋਂ ਹੋਰ ਕੁਝ ਸੁਣ ਨਹੀਂ ਹੋਇਆ। ਮੈਂ ਬੱਸ ਫੜੀ ਤੇ ਘਰ ਆ ਗਈ।