ਮੈਂ ਕਵਿਤਾ ਲਿਖਣ ਲਈ
ਬਾਹਰ ਵੇਖਦਾ ਹਾਂ
ਬਾਹਰ ਧੁੱਪ ਹੈ
ਵਗ ਰਹੀ ਹਵਾ ’ਚ
ਹਿਲ ਰਹੇ ਬਿਰਖਾਂ ਦੇ ਪੱਤੇ ਨੇ
ਪੰਛੀਆਂ ਦੀਆਂ ਅਵਾਜ਼ਾਂ ਹਨ
ਮੈਂ ਸੰਘਣੇ ਬਿਰਖਾਂ ਦੀ ਰੌਣਕ ’ਚੋਂ
ਪੰਛੀਆਂ ਦੇ ਆਲਣੇ ਤੱਕਦਾ ਹਾਂ
ਪੰਛੀਆਂ ਦੀਆਂ ਅਵਾਜ਼ਾਂ ’ਚੋਂ
ਉਨ੍ਹਾਂ ਦੇ ਵਿਵਹਾਰ ’ਚੋਂ
ਜੀਵਨ ਦਾ ਫਲਸਫ਼ਾ ਢੂੰਡਦਾ ਹਾਂ
ਧੁੱਪ ਤੇ ਹਵਾ ਕੋਲੋਂ
ਜਾਨਣਾ ਚਾਹੁੰਦਾ ਹਾਂ
ਜੀਵਨ ਦਾ ਰਹੱਸ
ਚਾਹੁੰਦਾ ਹਾਂ ਮੇਰੀ ਕਵਿਤਾ ਵਿਚਲੀ ਨਫ਼ਰਤ
ਧੁੱਪ ਵਿਚ ਸੁੱਕ ਜਾਵੇ
ਹਵਾ ਨਾਲ ਉਡ ਜਾਵੇ
ਜਾਂ ਪੀਲੇ ਪੱਤਿਆਂ ਵਾਂਗ ਝੜਕੇ
ਪ੍ਰਭਾਵਹੀਣ ਹੋ ਜਾਵੇ
ਮੈਂ ਨਿੱਘ ਨਾਲ ਭਰੀ ਕਵਿਤਾ
ਲਿਖਣੀ ਚਾਹੁੰਦਾ ਹਾਂ
ਤੇ ਮੈਂ ਸ਼ਾਇਦ ਜਾਣ ਗਿਆ ਹਾਂ
ਅਜਿਹੀ ਕਵਿਤਾ ਮਨੁੱਖਾਂ ਕੋਲੋਂ ਨਹੀਂ
ਪੰਛੀਆਂ ਬਿਰਖਾਂ ਤੇ ਹਵਾ ਕੋਲੋਂ
ਮਿਲ ਸਕਦੀ ਹੈ
ਮੈਂ ਕਵਿਤਾ ਦੀਆਂ ਬਰੂਹਾਂ ਦੀ
ਸਹੀ ਨਿਸ਼ਾਨਦੇਹੀ ਕਰ ਲਈ ਹੈ।