ਪੀਰੋ, ਪੰਜਾਬੀ ਦੀ ਸ਼ਾਇਰਾ, ਸਮਾਂ 19ਵੀਂ ਸਦੀ। ਪੀਰੋ ਮੁਸਲਮਾਨ ਸ਼ਾਇਰਾ, ਵੈਸ਼ਿਆ, ਸ਼ੂਦਰ, ਸਾਧਣੀ ਗੁਲਾਬਦਾਸ ਦੀ ਚੇਲੀ। ਵਫ਼ਾਤ 187227 ਪੋਥੀਆਂ ਦੀ ਰਚਾਇਤਾ। ਕਾਫ਼ੀਆਂ, ਗੁਰ-ਚੇਲੀ ਸੰਵਾਦ, ਰਾਗਾਂ ਬਾਰੇ। ਸ਼ਾਇਰੀ ਵਿਚ। ਮੇਰੇ ਮੁਤਾਬਕ ਪੰਜਾਬੀ ਦੀ ਪਹਿਲੀ ਸ੍ਵੈ-ਜੀਵਨੀ ਰਚਾਇਤਾ ਜਿਸ ਬਾਰੇ ਪੀਰੋ ਵੀ ਨਹੀਂ ਸੀ ਜਾਣਦੀ। ਇਹ ਕਹਿਣਾ ਮੇਰਾ ਹੈ। ਗ਼ਲਤੀ, ਗੁਸਤਾਖੀ ਵੀ ਹੋ ਸਕਦੀ ਹੈ।
ਓਧਰ ਗੁਲਾਬ ਦਾਸ! ਮਾਝੇ ਦਾ ਜੱਟ, ਰਟੌਲਾਂ ਦਾ ਵਿੱਦਿਆ ਦਾ ਮਹਾਨ ਅਚਾਰੀਆ। ਸਿੱਖ ਵਿਦਵਾਨ ਬਣ ਕੇ ਛੇਕੜ ਚਾਰਵਾਕੀ ਵੀ ਬਣ ਗਿਆ। ਵਿਦਵਾਨ ਚੇਲੇ। ਗਿਆਨੀ ਦਿੱਤ ਸਿੰਘ, ਸਿੰਘ ਸਭਾ ਲਹਿਰ ਦਾ ਮਹਾਰਥੀ। ਗੁਲਾਬ ਦਾਸ ਤੋਂ ਆਕੀ ਹੋਣ ਤੋਂ ਮਗਰੋਂ ਸਿੰਘ ਸਭਾ ਵਿਚ ਆਉਂਦਾ ਹੈ। ਹੋਰ ਚੇਲੇ ਜਵੇਗ ਸਿੰਘ, ਵਜ਼ੀਰ ਸਿੰਘ ਆਰਫ਼ ਕਿੰਨੇ ਈ ਹੋਰ। ਪੀਰੋ ਡੇਰੇ ਵਿੱਚ ਆ ਜਾਂਦੀ ਹੈ। ਪੀਰੋ ਦਾ ਨਾਂ ਵੱਜਦਾ ਹੈ, ਪਰ ਡੇਰਾ ਹਲਕਾ ਪੈਣ ਲੱਗਦਾ ਹੈ। ਲੋਕਾਂ ਨੂੰ ਗੁਰਮੁਖੀ ਪੜ੍ਹਣ ਲਿਜਾਣ ਦਾ ਵੱਡਾ ਸਿਹਰਾ ਸੰਤ ਗੁਲਾਬਦਾਸ ਦਾ ਹੈ।
ਉਨੀਵੀਂ ਸਦੀ ਵਿਚ ਹੀ ਇਤਿਹਾਸਕ ਕਰੈਕਟਰ ਬਾਬਾ ਸਾਹਿਬ ਸਿੰਘ ਬੇਦੀ ਤੇ ਤੀਜੀ ਗੱਦੀ ‘ਤੇ ਬਹਿਣ ਵਾਲੇ ਬਾਬਾ ਬੀਰ ਰਾਮ ਸਿੰਘ।
ਉਨੀਵੀਂ ਸਦੀ ਵਿਚ ਹੀ ਕੂਕਾ ਲਹਿਰ ਦਾ ਨਾਇਕ ਬਾਬਾ ਰਾਮ ਸਿੰਘ।
ਇਹ ਤਿੰਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਵੀ ਕੁਝ ਚਿਰ ਨੌਕਰੀ ਕਰਦੇ ਰਹੇ। ਲੇਕਿਨ ਮਹਾਰਾਜਾ ਰਣਜੀਤ ਸਿੰਘ ਦੀ ਫੌਜੀ ‘ਕਵਾਇਦ’ ਇਨ੍ਹਾਂ ਤਿੰਨਾਂ ਨੂੰ ਰਾਸ ਨਾ ਆਈ। ਤਿੰਨੇ ਸਾਧੂ ਬਣੇ। ਗੁਰੂ ਵੀ ਬਣੇ। ਕੀ ਸੋਚ ਕੇ? ਇਹ ਇਤਿਹਾਸਕਾਰਾਂ ਲਈ ਪੁਨਰ-ਮੰਥਨ ਲਈ ਚੈਲਿੰਜ ਹੈ।
ਓਧਰ 1974 ਵਿਚ ਇਕ ਅਚਾਰੀਆ ਨੇ ਪਹਿਲੀ ਪੰਜਾਬੀ ਕਵਿੱਤਰੀ ਕਿਹਾ, ਪੀਰੋ ਨੂੰ। ਰੀਸੋ ਰੀਸੀ ਅਪਣੇ ਨਾਟਕ ‘ਪੀਰੋ ਪਰੇਮਣ’ ਵਿਚ ਪੰਜਾਬੀ ਦੀ ਪਹਿਲੀ ਕਵਿੱਤਰੀ ਵੀ ਕਹਿ ਦਿੱਤਾ। ਲੇਕਿਨ ਇਕ ਗੱਲ ਖ਼ਟਕਦੀ ਰਹੀ ਕਿ 19ਵੀਂ ਸਦੀ ਦੀ ਏਨੀ ਵੱਡੀ ਸ਼ਾਇਰਾ, ਅਚਾਨਕ ਸ਼ਾਇਰਾ ਨਹੀਂ ਬਣ ਸਕਦੀ ਪਿੱਛੇ ਕੋਈ ਜ਼ਮੀਨ ਜ਼ਰੂਰ ਤਿਆਰ ਹੋਵੇਗੀ। ਬਾਅਦ ਵਿਚ ਪਤਾ ਲੱਗਦਾ ਹੈ ਕਿ ਪੰਜ, ਸੱਤ ਕਵਿੱਤਰੀਆਂ ਦੀ ਕਵਿਤਾ ਹੋਰ ਵੀ ਮਿਲਦੀ ਹੈ। ਬੇਸ਼ੱਕ ਪੀਰੋ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ।
ਮੈਂ ਜਿਸ ਨੂੰ ਪੀਰੋ ਦੀ ਸ੍ਵੈ-ਜੀਵਨੀ ਕਿਹਾ ਹੈ, ਉਸ ਦੀਆਂ 160 ਕਾਫ਼ੀਆਂ ਹਨ, ਲੇਕਿਨ ਪ੍ਰਾਪਤ ਹੱਥ ਲਿਖਤ ਵਿਚ ਪਹਿਲੀਆਂ ਕੁਝ ਕਾਫ਼ੀਆਂ ਨਹੀਂ ਸਨ ਮਿਲਦੀਆਂ। ਅਚਾਨਕ ਕਿਧਰੋਂ ਪੀਰੋ ਸਮੁਦਾਇ ਦੇ ਸੰਤ ਵਿਜੇਂਦ੍ਰ ਸਿੰਘ ਜੀ ਨੇ ਨਾਟਕ ਵੇਖ ਲਿਆ। ਉਨ੍ਹਾਂ ਮੈਨੂੰ ਹਾਂਸੀ ਵਿਖੇ ਇਕ ਸਮਾਗਮ ਵਿਚ ਆਉਣ ਲਈ ਸੱਦਾ ਦਿੱਤਾ। ਉਨ੍ਹਾਂ ਪਾਸ ਪੂਰੀਆਂ, ਸ੍ਵੈ ਜੀਵਨੀ ਵਾਲੀ ਹੱਥ ਲਿਖਤ ਮੌਜੂਦ ਸੀ। ਉਨ੍ਹਾਂ ਨੇ ਕਿਰਪਾ ਕੀਤੀ ਤੇ ਕੁਝ ਪਹਿਲੇ ਪੱਤਰੇ ਫੋਟੋ ਕਾਪੀ ਕਰਵਾ ਕੇ ਮੈਨੂੰ ਦੇ ਦਿੱਤੇ। ਹੁਣ ਇਹ ਲਿਖਤ, 160 ਕਾਫੀਆਂ, ਮੇਰੇ ਪਾਸ ਹਨ ਅਤੇ ‘ਹੁਣ’ ਨੂੰ ਭੇਜ ਰਿਹਾ ਹਾਂ। ਇਹ ਮਹੱਤਵਪੂਰਨ ਲਿਖਤ ਕਈ ਨਵੇਂ ਨੁਕਤੇ ਖੜ੍ਹੇ ਕਰੇਗੀ। 19ਵੀਂ ਸਦੀ ਦੇ ਸਾਧੂਆਂ ਦੇ ਰੋਲ ਦੀ ਪੁਨਰ-ਵਿਆਖਿਆ ਲਈ ਮਜਬੂਰ ਕਰਨ ਦੀ ਗੁੰਜਾਇਸ਼ ਹੈ ਇਸ ਵਿਚ। ਇਸ ਡੇਰੇ ਵਿਚ ‘ਮਾਤਾ ਪੀਰੋ ਕੀ ਜੈ’ ਬੋਲਿਆ ਜਾਂਦਾ ਹੈ। ਪੀਰੋ-ਪਰੇਮਣ ਲਈ ਕਈ ਕੁਝ ਹੋਰ ਵੀ ਨਜ਼ਰ ਆਵੇਗਾ। ਮੈਂ ਕੁਝ ਮੋਟੇ-ਮੋਟੇ ਨੁਕਤੇ ਹੀ ਲਏ ਹਨ। ਇਹ ਖੋਜ ਕਾਰਜ ਨਹੀਂ। ਖੋਜ ਕਾਰਜ, ਖੋਜਾਰਥੀਆਂ ਨੂੰ ਕਰਨਾ ਪਵੇਗਾ।
ਦੀਨ ਦਿਆਲ ਦਇਆ ਕਰ ਤਹ ਪੂਛਤ ਐਸੇ!!
ਕਿਉਂ ਕਰ ਆਈ ਸੰਤ ਦਰ ਕਹੁ ਇੱਛਾ ਜੈਸੇ!!
ਗਲ ਵਿਚ ਪੱਲੂ ਪਾਇ ਕਰ ਹਥ ਜੋਰ ਖਲੋਈ!!
ਲੋਕ ਪ੍ਰਲੋਕ ਪਦਾਰਥਾਂ ਨਾ ਇੱਛਾ ਕੋਈ!!
ਇੱਛਾ ਤੁਮਰੇ ਚਰਨ ਕੀ ਹਉ ਰਾਖੋ ਸਰਨਾ!!
ਪੀਰੋ ਕਹਸੀ ਸਤਗੁਰੋ ਫਿਰ ਹੋਇ ਨ ਮਰਨਾ!!੧!!
ਰਾਖੋ ਸਰਨ ਅਸਰਨ ਕੋ ਹਊ ਸੁਦਰ ਨਾਰੀ!!
ਜਾਤ ਅਜਾਤ ਨ ਦੇਖੀਆ ਤੁਮ ਕਬਜਾਂ ਤਾਰੀ!!
ਰਾਖਤ ਬੇਰਾਂ ਭੀਲਣੀ ਚੁਣ ਮਿਠੇ ਲਿਯਾਈ!!
ਤੁਮੇਂ ਪਿਆਰੇ ਪ੍ਰੇਮ ਕੇ ਤਹ ਜੂਠੇ ਖਾਈ!!
ਤਾਹੀ ਗਨਕਾ ਅਜਾਮਲ ਨਾਂ ਪਾਪ ਵਿਚਾਰੇ!!
ਪੀਰੋ ਕਹਸੀ ਸਤਗੁਰੋ ਤੁਮ ਨੀਚ ਉਪਾਰੇ!!੧੧!!
ਨਾਮਾਂ ਛੀਪਾ ਤਾਰਿਯੋ ਅਰ ਸੈਣਾ ਨਾਈ!!
ਕਬੀਰ ਜੁਲਾਹਾ ਉਧਰਯੋ ਤੁਮ ਭਏ ਸਹਾਈ!!
ਚੋਰ ਯਾਰ ਜੁਵਾਰੀਆਂ ਪਰ ਕਿਰਪਾ ਕੀਨੀ!!
ਬਾਲਮੀਕ ਨਿਸਤਾਰਯੋ ਤੁਮ ਜਾਤ ਨ ਚੀਨੀ!!
ਪੀਪਾ ਜਾਤ ਚੁਮਾਰਥੀ ਅਰ ਸਧਨਾ ਕਸਾਈ!!
ਪੀਰੋ ਕਹਸੀ ਸਤਗਰੋ ਤੁਮ ਨੀਚ ਤਰਾਈ!!੧੨!!
ਯਾਨੀ ਹਮ ਕੋ ਦੇਵਸੇ ਜੋ ਆਪੇ ਮਰਗੇ!!
ਮਛਲੀ ਥੋਰੇ ਨੀਰ ਜਿਉ ਯਹ ਤਾਂ ਬਿਨ ਤਰਸੇ!!
ਬੈਠੋ ਪਰਹੋ ਕੋਚਿਯੋ ਤੁਮ ਲਾਜ ਨ ਆਈ!!
ਮੂਛਾਂ ਲਿੰਙ ਕਟਾਇਕੇ ਦੀ ਪਦਵੀ ਪਾਈ!!
ਇੰਦ੍ਰੀ ਕਾਟੇ ਮੁਸਲਮਾਨ ਕਹਸੇ ਬਉਰੇ।।
ਨਾਰੀ ਤੋਂ ਨਾਂ ਮੁਸਲਮਾਨ ਕਿਉਂ ਤਾਂ ਹਮ ਲਉਰੇ!!੧੭!!
ਪੀਰੋ ਕਹਸੀ ਸਤਗੁਰੋ ਯਹਆਂਧੇ ਹੂਏ!!
ਸਾਂਈ ਏਕ ਅਖੰਡ ਮੋ ਇਨ ਪਾਏ ਦੂਏ!!
ਹਿੰਦੂ ਪਠਹੈ ਬੇਦ ਕੋ ਯਹ ਤੁਰਕ ਕਰਾਂਨੇ!!
ਸਾਹਬ ਏਕ ਬਿਹੱਦ ਮੋ ਦੁਇ ਹੱਦਾਂ ਮਾਂਨੇ!!
ਤੁਰਕ ਜਪਦੇ ਔਰ ਕੋ ਯਹ ਹਿੰਦੂ ਅਉਰੇ!!
ਨਾਮ ਨ ਜਾਨੇ ਏਕ ਕੋ ਯਹ ਦੋਨੋ ਬਉਰੇ!!੧੮!!
ਪੀਰੋ ਕਹਸੀ ਸਤਿਗੁਰੇ ਤੁਮ ਜਾਣੀ ਜਾਣੇ!!
ਹਿੰਦੂ ਅੰਨੇ ਸਾਹਬ ਤੇ ਯਹ ਮੁਸਲੇ ਕਾਂਣੇ!!
ਮਾਲਕ ਤੁਰਕਾਂ ਹਿੰਦੂਆਂ ਤੁਮ ਸਾਹਬ ਮੇਰੇ!!
ਤੁਰਕ ਹਿਦੂ ਸਭ ਆਪ ਕੇ ਹਮ ਚੇਰੇ ਹੇਰੇ!!
ਹਉ ਚਰਨੀ ਲਾਗੀ ਆਇ ਕੇ ਤੁਮ ਸਾਹਬ ਸੱਚੇ!!
ਯਹ ਤੁਰਕ ਅਕਾਂਵੇ ਆਪ ਕੇ ਕੀ ਕਹਸੇ ਕੱਚੇ!!੧੯!!
ਪੀਰੋ ਕਹਸੀ ਸਤਗੁਰੋ ਤੁਮ ਬੇਪਰਵਾਹੇ!!
ਕਦਰ ਨ ਇਨਕੇ ਆਪ ਕੀ ਯਹ ਬੇਮੁਖ ਆਹੇ!!
ਭੇਜੋ ਇਨ ਕੋ ਸੰਗ ਜੀ ਤੁਮ ਕਿਰਪਾ ਕੀਜੈ!!
ਆਵੋ ਇਨਕੋ ਝਾੜ ਕੇ ਬਲ ਅਪਨਾ ਦੀਜੈ!!
ਹਉਂ ਚੱਲੀ ਜਾਹ ਜ਼ਰੂਰ ਮੋ ਛਡ ਸੁੰਦਰ ਬਾਗਾਂ!!
ਜੇ ਹੋਸੀ ਪੂਰਨ ਭਾਗ ਮੈ ਮੁੜ ਚਰਨੀ ਲਾਗਾਂ!!੨੦!!
ਫੰਧ ਕਹੰਤਾ ਪੰਛੀਆਂ ਤੁਮ ਲਯੋ ਨਿਬਾਹੇ!!
ਚੂਹੜੇ ਮੋਚੀ ਤਾਰਿਯੋ ਤੁਮ ਬੇਪਰਵਾਹੇ!!
ਤੁਮੇ ਪਿਆਰੇ ਪ੍ਰੇਮ ਕੇ ਨਾਂ ਜਾਤ ਵਿਚਾਰੋ!!
ਜੈਸੀ ਜਾਂ ਕੀ ਭਾਵਨਾ ਫਲ ਤੈਸੇ ਸਾਰੋਂ!!
ਪੀਰੇ ਪੀਆ ਅਰਜ ਕਰ ਹਉ ਸੂਦਰ ਨਾਰੀ!!
ਪਿਛਲੇ ਆਈ ਰੱਦ ਕੇ ਤੁਮ ਲਾਜ ਹਮਾਰੀ!!੧੩!!
ਪਿਛਲੇ ਤੁਰਕ ਮਨੌਤ ਕੇ ਜੋ ਰਹਨ ਦੁਖਾਂਦੇ!!
ਡਰਦੇ ਨੇਰ ਨ ਆਂਵਦੇ ਸਭ ਫਿਰਨ ਕਲਾਂਦੇ!!
ਪੀਰੋ ਗੁਰਬ ਦਰਬਾਰ ਮੋ ਜਹ ਵਾਹ ਨ ਕਾਈ!!
ਔਰ ਕਿਸੇ ਕੀ ਕਿਆ ਕਹੇ ਡਰ ਰਾਜੇ ਖਾਈ!!
ਡਰਦੇ ਡਰਦੇ ਆਇ ਕਰ ਗੁਰ ਆਗੋ ਰੋਏ!!
ਗਲ ਵਿੱਚ ਪੱਲੂ ਪਾਏ ਕੇ ਹੱਥ ਜ਼ੋਰ ਖਲੋਏ!!੧੪!!
ਅਰਜ ਕਬੂਲੋ ਮਹਾਂਰਾਜ ਦਰ ਆਜਤ ਅੇਹੈਂ!!
ਪੀਰੋ ਹਮਾਰੀ ਧੀ ਭੈਂਣ ਸੇ ਦਾਨ ਪਗੈ ਹੈਂ!!
ਭੁੱਖ ਨ ਕਿਸੇ ਪਦਾਰਥਾਂ ਕੀ ਔਰੇ ਲੋੜੇ!!
ਹੁਕਮ ਕਰੇਸੀ ਸਰਬ ਪਰ ਕੋ ਬਾਤ ਨ ਮੋੜੇ!!
ਲੀੜੇ ਆਈ ਡਾਰ ਕੇ ਸਭ ਭੂਖਣ ਲਾਹੇ!!
ਯਾ ਕੀ ਚਾਹੇ ਮਹਾਰਾਜ ਤੂਮ ਪੂਛ ਵਾਹੇ!!੧੫!!
ਪੀਰੋ ਕਹਸੀ ਸਤਗੁਰ ਯਹ ਫਿਰਦੇ ਕੱਚੇ!!
ਮੈ ਆਸ ਤੁਮਾਰੇ ਚਰਨ ਕੀ ਜੋ ਜਗ ਮੋ ਸੱਚੇ!!
ਚਉਦਸ ਲੋਕ ਪਦਾਰਥਾਂ ਮੇ ਕੂੜੇ ਭਾਸੇ!!
ਸਰਦੀ ਸਮਸਰ ਜਾਨ ਕੇ ਹਮੀ ਭਈ ਉਦਾਸੇ!!
ਮਾਲਕ ਤੁਰਕਾਂ ਹਿੰਦੂਆਂ ਹਮ ਉਸ ਕੀ ਚਾਹੇ!!
ਇਨਕੋ ਪੂਛੋ ਸਤਗੁਰੋ ਵਹੁ ਕਿੱਥੇ ਆਹੇ!!੧੬!!
ਪੀਰੋ ਕਹਸੀ ਸਤਗੁਰੋਂ ਹਉ ਬੰਦੇ ਚੱਲੀ!!
ਤੁਰਕ ਸਬਾਏ ਏਕ ਸੇ ਤੁਮ ਦਾਸ ਅਕੱਲੀ!!
ਸੰਗਲ ਪੈਰੀਂ ਪਾਵਸੀ ਕੈ ਭੋਹਰੇ ਲਾਹੇਂ!!
ਮਹਲ ਚਢਾਂਵੇ ਸਪਤ ਮੇਂ ਨਿਜ ਈਨ ਮਨਾਂਹੇ!!
ਸੱਭੇ ਸਿਰ ਪਰ ਝੱਲਸਾਂ ਜੇ ਹੋਇ ਹਵਾਲੇ!!
ਦੇਂਦੇ ਆਏ ਬੇਨਿਵਾਂ ਦੁਖ ਸਰਾ ਰਜਾਲੇ!!੨੧!!
ਪੀਰੋ ਕਹਸੀ ਸਤਗੁਰੋ ਇਕ ਸਰਾ ਪਿਆਰੀ!!
ਗੋਤੇ ਦਯੇ ਕਬੀਰ ਕੋ ਇਕ ਬਿਨਾਂ ਵਿਚਾਰੀ!!
ਸੂਲੀ ਦਯੋ ਮਨਸੂਰ ਕੋ ਖਲ ਸੰਮਸ (ਸ਼ਮਸ ਤਬਰੇਜ਼) ਲਾਹੀ!!
ਅੋਰ ਦੁਖਾਏ ਕੇਤੜੇ ਹਮ ਕੇਤ ਸੁਨਾਹੀ!!
ਭਾਵੇ ਖੱਲ ਉਤਾਰਸੇਂ ਇਕ ਮਾਨ ਨਿਵਾਰੂ!!
ਸਰਾ ਸਰੱਯਾ ਬਹਨ ਹੈ ਤਿਸ ਪਉਲੇ ਮਾਰੂ!!੨੨!!
ਪੀਰੋ ਕਹਸੀ ਸਤਗੁਰੋ ਤੁਮ ਸਾਹਬ ਸੱਚੇ!!
ਸੰਗਲ ਆਊ ਤੋੜ ਕੇ ਕੀ ਕਹਸੇਂ ਕੱਚੇ!!
ਭਾਵੇਂ ਕੇਹੀ ਬੰਦਮੋ ਯਹ ਗੇਰੇ ਗੰਦੇ!!
ਅੱਖੀਂ ਘਟਾ ਘੱਤ ਕੇ ਦਰ ਆਊ ਅੰਧੇ!!
ਚਰਨੀ ਸੀਸ ਨਿਵਾਇ ਕੇ ਹੱਥ ਜੋਰ ਖਲੋਈ!!
ਰਖਸਤ ਸੀਸ ਨਿਵਾਇ ਕੇ ਹੱਥ ਜੋਰ ਖਲੋਈ!!
ਰਖਸਤ ਦੀਜੇ ਸਤਿਗੁਰੇ ਯਹ ਕਹ ਕਰ ਰੋਈ!!੨੩!!
ਪੀਰੋ ਕਹਸੀ ਸਤਗੁਰੋ ਹਉ ਦਾਸ ਤੁਮਾਰੀ!!
ਈਹਾਂ ਊਹਾਂ ਸਤਗੁਰੋ ਤੁਮ ਲਾਜ ਹਮਾਰੀ!!
ਬਹੁਤ ਖਫਾ ਹੋਇ ਪਾਂਬਰਾਂ ਵਿਚ ਬੈਠੀ ਜਾਏ!!
ਤੁਰਕ ਸਰੱਯੇ ਜੇਤੜੇ ਸਭ ਦੇਖਣ ਆਏ!!
ਮਿਲ ਆਪਸ ਦੇਨ ਮੁਮਾਰਖਾਂ ਬਹੁ ਸਾਦੀ ਆਹੀ!!
ਸੱਸੇ ਚਾਇ ਮੁਲਾਣਿਆਂ ਇਸ ਮਜਬਰ ਲਾਹੀ!!੨੪!!
ਮਾਰਕ ਕਤੇਬਾਂ ਬਗਲ ਮੋ ਮੁਲਵਾਂਣੇ ਆਏ!!
ਸਭਨੀ ਦੇਖ ਮੁਲਾਂਣਿਆਂ ਉਠ ਸੀਸ ਨਿਵਾਏ!!
ਪੀਰੋ ਬੈਠੀ ਪਲਘ ਪਰ ਨਾ ਸੀਸ ਨਿਵਾਯੋ!!
ਜਲੇ ਮੁਲਾਂਣੇ ਦੇਖ ਕੇ ਸਭ ਬੁਰਾ ਮੁਨਾਯੋ!!
ਕੇਹੀ ਬੈਠੀ ਨਿੱਠ ਕੇ ਵਿਚ ਪਲਘ ਵਛਾਏ!!
ਦੁਵਾਇ ਸਲਾਮ ਨ ਕੀਤੀ ਆ ਘਰ ਮੁੱਲਾਂ ਆਏ!!੨੫!!
ਕਹੇ ਮੁਲਾਂਣੇ ਕਾਫਰੇ ਕਿਉ ਦੀਨ ਗਵਾਯੋ!!
ਕਉਨੇ ਤੁਝੇ ਵਿਗਾੜਿਯੇ ਜਿਨ ਸੂਰ ਖੁਲਾਯੋ!!
ਅੱਬਲ ਕਲਮਾਂ ਯਾਦ ਕਰ ਪੜ ਸਿਫਤ ਅਮਾਨੇ!!
ਹੋਸੀ ਪਾਕ ਪਲੀਤ ਤੇ (ਸਿੱਤਾਨ ਹਰਾਂਮੇ)!!
ਪੀਰੋ ਕਹਸੀ ਕੱਚਿਯੋ ਤੁਮ ਲਾਜ ਨ ਆਈ!!
ਇਹ ਮਾਨ ਹਮਾਰਾ ਸਾਫ ਹੈ ਤੁਮ ਹੋਸ ਨ ਕਾਈ!!੨੬!!
ਪੀਰੋ ਪਾਕ ਪਲੀਤ ਤੇ ਮਿਲ ਸਾਹਬ ਸੱਚੇ!!
ਕਲਮਾਂ ਕਿਸੇ ਜਣਾ ਵਸੇ ਕਹੁ ਕਾਜੀ ਕੱਚੇ!!
ਵਹੁ ਮਾਲਕ ਤੁਰਕਾਂ ਹਿੰਦੂਆਂ ਜਹ ਨਿੰਦੇ ਕਾਜੀ!!
ਤੁਮ ਕੀ ਜਾਣੋਂ ਆਰਫਾਂ ਘਰ ਘਰ ਕੇ ਪਾਜੀ!!
ਸਿਫਤਾ ਪੜੇ ਅਮਾਨ ਕੀ ਕਰ ਕਾਮ ਸਿਤਾਂਨੀ!!
ਤੁਮੇਂ ਹਲਾਲ ਹਰਾਮ ਕਰ ਖਾਵੋ ਅੱਗਯਾਨੀ!!੨੭!!
ਪੀਰੋ ਕਹੇਂ ਕਾਜੀਯੋ ਤੁਮ ਜਨਮ ਗੁਵਾਯੋ!!
ਕਹਸੋ ਨੇੜੇ ਸਾਹ ਰਗੋਂ ਤੁਮ ਨਜਰ ਆਯੋ!!
ਗਾਫਲ ਸਾਂਈ ਨਾਂਮ ਬਿਨ ਤੁਮ ਕਾਫਰ ਕਾਜੀ!!
ਸਰਘੀ ਘਰ ਘਰ ਖਾਵਸੋ ਕਰ ਜਗਤ ਮੁਥਾਜੀ!!
ਮਜਬਾਂ ਕੇ ਤੁਮ ਕੂਕਰੇ ਕੀ ਬੋਲੋ ਬਾਤੇ!!
ਸਾਈਂ ਜਾਤ ਅਜਾਤ ਹੈ ਤੁਮ ਜਾਤੀ ਰਾਤੇ!!੨੮!!
ਪੀਰੋ ਕਹੇ ਪੁਕਾਰ ਕੇ ਸੁਣ ਕਾਜੀ ਕੱਚੇ!!
ਦਾਸ ਗੁਲਾਬ ਦਿਆਲ ਗੁਰ ਹਮ ਸਾਹਬ ਸੱਚੇ!!
ਜਾਰਤ ਤਿਨਕੀ ਕੀਤਿਆਂ ਸਭ ਭਰਮ ਵਸਾਂਏ!!
ਹੱਦਾਂ ਪਰੇ ਬਿਹੱਦ ਹੈਂ ਤਹ ਪਹੁੰਚ ਨ ਕਾਏ!!
ਤੁਖਮ ਬਰੋਟਾ ਜਾਂਨ ਜਿਉ ਕੁਲ ਆਲਮ ਵਾਹੀ!!
ਸਰਬੇ ਹੱਕ ਮਜੂਦ ਕਰ ਜਹ ਮਿਲੇ ਦਿਖਾਹੀ!!੨੯!!
ਪੀਰੋ ਕਹੇ ਪੁਕਾਰ ਕੇ ਸੁਣ ਕਾਜੀ ਐਸੇ!!
ਨਾ ਮੈਂ ਹਿੰਦੂ ਮੁਸਲਮਾਨ ਤੁਮ ਜਾਂਣੋ ਕੈਸੇ!!
ਕਿਉਂ ਸੋਏ ਮੋਹ ਕੀ ਨੀਦ ਮੋ ਗੁਰ ਚਰਨੀ ਲਾਗੋ!!
ਹਮਰੀ ਹੋਏ ਸਿਨਾਸ ਤੁਮ ਜਬ ਸੂਤੇ ਜਾਗੋ!!
ਅਤਲਾ ਹੂ ਕੋ ਮਾਇਨਾਂ ਮਿਲ ਮੁਰਸਦ ਜਾਚੋ!!
ਕਹੋ ਸਬੂਤੀ ਅਕਲ ਹੱਕ ਯਹ ਕਲਮਾਂ ਸਾਚੋ!!੩੦!!
ਮੁੱਲਾਂ ਕਹੇ ਪੁਕਾਰ ਕੇ ਹਮ ਵਾਹ ਨ ਕਾਈ!!
ਹਮੇਂ ਬੋਸੀ ਏਕ ਹਰਫ ਯਹ ਲਾਖ ਸੁਣਾਈ!!
ਯਹ ਮਿਲ ਕਾਂਮਲ ਮੁਰਸਦਾਂ ਕਹ ਵਲੇ ਨ ਆਵੇ!!
ਮਸਲੇ ਕਰੇ ਅਰੀਮ ਕੇ ਹਮ ਅਕਲ ਭੁਲਾਵੇ!!
ਸਦ ਰਹਿਮਤ ਤੇਰੇ ਮੁਰਸਦਾਂ ਹਮੇਂ ਸਲਾਮ ਪੁਚਏ!!
ਮਾਰ ਕਤੇਬਾਂ ਬਗਲ ਮੋ ਘਰ ਕਾਜੀ ਗਏ!!੩੧!!
ਸੋਚਾਂ ਕਰੇਂ ਕੁਟੰਬ ਕੇ ਕੀ ਕਹਯੋ ਯਾਰੋ!!
ਕੈੜੋ ਲਾਹੋ ਭੋਹਰੈ ਕੈ ਇਸੇ ਗੁਜਾਰੋ!!
ਸਮ ਦਮ ਅਰ ਡੰਡ ਭੇਦ ਇਸ ਚਾਰੋ ਕਰਯੇ!!
ਮੀਠੇ ਮੀਠੇ ਬੈਂਨ ਕਰ ਮਨ ਇਸਕਾ ਹਰਯੇ!!
ਸਰਬੇ ਆਇ ਸਹੇਲੀਆਂ ਕਰ ਮੀਠੇ ਬੈਂਨਾਂ!!
ਜਿਸ ਦਿਨ ਕੀ ਤੁਮ ਵਿੱਛੜੀ ਹਮ ਨਾਂਹੀਂ ਚੈਨਾ!!੩੨!!
ਪੀਰੋ ਸਰਬ ਕੁਟੰਬ ਕੇ ਹਮ ਦਾਸ ਤੁਮਾਰੇ!!
ਘਰ ਬਾਰ ਤੁਮਾਰੇ ਪਿੰਡ ਯਹ ਹਮ ਸੇਵਕ ਸਾਰੇ!!
ਸੁਇਨਾਂ ਰੁੱਪਾਂ ਬਹੁਤ ਹੈ ਤੁਮ ਪਹਨੇ ਖਾਵੋ!!
ਬੈਠੀ ਹਮ ਪਰ ਰਾਜ ਕਰ ਨਾ ਓ ਦਰ ਜਾਵੋ!!
ਜੋ ਗੁਣ ਉਨ ਕੇ ਬੇਦ ਮੋ ਹੈ ਵਹੀ ਕੁਰਾਂਨੇ!!
ਰਾਹ ਛੋਡ ਤੁਮ ਕਾਫਰਾਂ ਨਿਜ ਆਉ ਇਮਾਨੇ!!੩੩!!
ਪੀਰੋ ਕਹੇ ਸਹੇਲੀਯੋ ਘਰ ਅਪਨੇ ਜਾਵੋ!!
ਕੂੜਾ ਮੋਹ ਲਗਾਵਸੋ ਕਿਉਂ ਜਨਮ ਗੁਵਾਵੋ!!
ਗੁੱਡੀ ਗੁੱਡੇ ਵਿਆਹੁ ਕਰ ਕੁੜੀਆਂ ਸੁਖ ਗਾਂਵੇਂ!!
ਜਬ ਹੋਇ ਵਿਆਹੁ ਆਖ ਕੋ ਮੁਖ ਕਹਯੋ ਨਾ ਜਾਂਵੇਂ!!
ਕੂੜੇ ਕੂੜੇ ਸੁਵਾਦ ਮੈਂ ਤੁਮ ਸਰਬੇ ਭੂਲੀ!!
ਨਿਸ ਦਿਨ ਕਾਲ ਤਕਾਵਦਾਂ ਤੁਮ ਸਿਰ ਪਰ ਝੂਲੀ!!੩੪!!
ਪੀਰੋ ਕਹੇ ਸਹੇਲੀਯੋ ਕਿਉਂ ਕੂੜ ਕੁਮਾਵੋ!!
ਬਿਨਾਂ ਸੁਹਾਗ ਸੀਗਾਰ ਕਰ ਬਿਬਚਾਰ ਕਹਾਵੋ!!
ਹੋਵੇ ਕੂੜੇ ਸੁਹਾਗਣਾਂ ਮਿਲ ਪੀਆ ਪਿਆਰੇ!!
ਤੁਰਕ ਹਿੰਦ ਸਬ ਤਾਰਿਯੋ ਤਾਰੇ ਨਰ ਨਾਰੇ!!
ਮਾਲਕ ਤੁਰਕਾਂ ਹਿੰਦੂਆਂ ਵਹੁ ਸਾਹਬ ਮੇਰਾ!!
ਸਹੁ ਸੱਚੇ ਮਿਲੇ ਸਹੇਲੀਯੇ ਤੁਮ ਜਾਇ ਹਨੇਰਾ!!੩੫!!
ਪੀਰੋ ਕਹੇ ਸਹੇਲੀਯੋ ਤੁਮ ਜੀਵ ਖਪਾਯੋ!!
ਮਿਲ ਕਰ ਤੁਰਕਾਂ ਕੱਚਿਆਂ ਕਿਉਂ ਕੁਰਬ ਗੁਵਾਯੋ!!
ਜਨਮ ਸਵਾਰੋ ਆਪਣਾ ਕੀ ਅਉਰਾਂ ਨਾਲੇ!!
ਮਿਲੋ ਬਿਹੱਦੀ ਆਰਫਾਂ ਛਡ ਮਜਬਾਂ ਵਾਲੇ!!
ਖੋਲੇਂ ਚਸਮਾਂ ਜਿਕਰ ਕੀ ਹਰ ਤਰਫ ਦਿਖਾਵੈਂ!!
ਏਕ ਅਨੇਕੇ ਖਾਬ ਜਿਉਂ ਇਸ ਮਾਂਹ ਸੁਮਾਵੇਂ!!੩੬!!
ਕਹਸੇਂ ਸਰਬ ਸਹੇਲੀਆਂ ਕੀ ਕਰਸੇ ਕੱਚੇ!!
ਯਹ ਤੋ ਜਾਤ ਖੁਦਾਇ ਕੀ ਮਿਲ ਸਾਹਬ ਸੱਚੇ!!
ਸੁਖਨ ਕਰੇਸੀ ਸੱਚ ਕੇ ਕੋ ਨਾਂਹ ਵਿਚਾਰੇ!!
ਪਹੁੰਚ ਨ ਇਸ ਪਰ ਕਿਸੇ ਕੀ ਕਾਹੇ ਝਖ ਮਾਰੇ!!
ਕਾਹੇ ਫਿਰੇਂ ਲੁਕਾਵਤੇ ਯਹ ਲੋਕ ਹਰਾਮੀ!!
ਉਕਤੇ ਕਹਾਂ ਛਪਾਵਸੇਂ ਵਹੁ ਅੰਤਰਜਾਮੀਂ!!੩੭!!
ਸਈਯਾਂ ਕਹੇਸੇਂ ਬਖਸੀਏ ਹਮ ਬੋਲ ਕਬੋਲੇ!!
ਤੁਮਰੇ ਨਾਲ ਬਰਾਬਰੀ ਕੀ ਕਰਸੇਂ ਗੋਲੇ!!
ਛੋਡ ਅਸਾਂ ਨੂੰ ਨਰਕ ਸੋ ਤੁਮ ਭਿਸਤ ਸਧਾਈ!!
ਹਮ ਤੋ ਪਰਾਧੀਨ ਕੁੜੇ ਕੀ ਕਰੈਂ ਵਡਾਈ!!
ਨਿਕਸੇਂ ਤੁਮਰੀ ਮਿਹਰ ਤੇ ਅਬ ਦੋਜਕ ਪੱਯਾ!!
ਕਰਤ ਸਲਾਮ ਸਹੇਲੀਆਂ ਸਭ ਆਸਣ ਗੱਯਾਂ!!੩੮!!
ਬਹੁਰੋ ਮੁਸਲਮਾਨ ਆਇ ਨਰ ਹੋਏ ਤੱਤੇ!!
ਜਬ ਸੁਖਨ ਸੁਣੇਸੀ ਆਇ ਕਰ ਭੁਲ ਗੱਯਾਂ ਸੱਤੇ!!
ਪੀਰੋ ਕਹਸੀ ਕੱਚਿਯੋ ਤੁਮ ਹੈ ਕੀ ਪੱਲੇ!!
ਕਿਆ ਤੁਮਾਰਾ ਮੁਸਲਮਾਨ ਹੱਥ ਫੇਰੇ ਥੱਲੇ!!
ਲਿੰਙ ਮੂਛ ਨਰ ਕਾਟ ਕੇ ਤੁਮ ਦੀਨ ਬਣਾਯੋ!!
ਨਾਰ ਨ ਤੁਮਰੇ ਦੀਨ ਮੋ ਕਿਉਂ ਤਾਂਹ ਰਲਾਯੋ!!੩੯!!
ਤੁਮਰਾ ਦੀਨ ਬਣੌਤ ਕਾ ਗਲ ਥੋਰੀ ਭੁਲੇ!!
ਇੰਦ੍ਰੀ ਮੂਛ ਕਟਾਇ ਕੇ ਕਿਉ ਫਿਰਹੋ ਫੁਲੇ!!
ਸਾਹਬ ਕਿਉ ਨਾ ਕਾਟਿਯੋ ਉਸ ਨ ਯਾਦ ਆਯੋ!!
ਉਸੇ ਸਪੂਰਨ ਭੇਜਿਯੋ ਤੁਮ ਦਾਗ ਲਗਾਯੋ!!
ਤੁਮ ਸਾਹਬ ਭਾਣਾਂ ਫੇਰਿਯੋ ਗਲ ਕਰੀ ਵਦੀਕੀ!!
ਤਉ ਹਮਰੇ ਕਿਆ ਲਾਗਸੋ ਮਰਵਾਵੋ ਧੀ ਕੀ!!੪੦!!
ਬੋਲਯੋ ਏਕ ਮੁਸਲਮਾਨ ਯਹ ਕੋਲ ਬਲਾਏ!!
ਦੀਨ ਹਮਾਰਾ ਰੱਦ ਕੇ ਯਹ ਕੈਸੀ ਜਾਏ!!
ਛਮਕਾਂ ਲਯਾਵੋ ਭੱਨ ਕੇ ਇਸ ਤਨ ਪਰ ਲਾਯੇ!!
ਤੁਰਤ ਸਰਾ ਮੋ ਆਵਸੀ ਜਬ ਇਸੇ ਡਰਾਯੇ!!
ਕਲਮਾਂ ਤੁਰਤ ਬੁਲਾਵਸੀ ਜਬ ਤਕੜੀ ਕਰਯੇ!!
ਕਾਂਮਲ ਮੁਰਸਦ ਏਸ ਕੇ ਪਰ ਤਿਨ ਤੇ ਡਰਯੇ!!੪੧!!
ਪੀਰੋ ਕਹੇ ਪੁਕਾਰ ਕੇ ਸੁਣ ਮੀਆਂ ਕੱਚੇ!!
ਹਂਉ ਚੇਰੀ ਦਾਸ ਗੁਲਾਬ ਦੀ ਜੋ ਸਾਹਬ ਸੱਚੇ!!
ਦੀਨ ਉਧਾਰਨ ਕਾਰਨੇ ਲੈ ਜਗ ਅਵਤਾਰੇ!!
ਦੂਸਾਂ ਮਾਰ ਬਿਡਾਰਿਯੋ ਨਿਜ ਭਗਤ ਉਧਾਰੇ!!
ਤੁਮ ਕੈਸੇ ਸੁਖਨ ਬੋਲਿਆ ਫਿਰ ਬੋਲੋ ਬਉਰੇ!!
ਮਤ ਢਂੂਡਯਾ ਕਿਤੇ ਨ ਪਾਵਸੀ ਸੁਣ ਧੀ ਕੇ ਲਉਰੇ!!੪੨!!
ਪੀਰੋ ਤੁਰਕਾਂ ਸਾਹਮਣੇ ਕਰ ਮਸਲੇ ਤਾੜੇ!
ਦੀਨ ਤੁਮਾਰਾ ਦੇਖਿਆ ਜਿਉ ਭੇਡਾਂ ਵਾੜੇ!!
ਜਲਤੇ ਵਾੜੇ ਵੀਚ ਮੋ ਸਹਬੇ ਜਲ ਜਾਸੇਂ!!
ਸਤਗੁਰ ਚਾਹੇਂ ਜੋਨ ਕੋ ਕਰ ਮਿਹਰ ਨਿਕਾਸੇਂ!!
ਸਤਗੁਰ ਜਲਤੀ ਆਂਚ ਤੇ ਹਮ ਕਰੀ ਕਿਨਾਰੇ!!
ਫੜ ਕਰ ਜਲਤੀ ਆਂਚ ਮੋ ਕੋ ਜਾਹ ਲਡਾਰੇ!!੪੩!!
ਪੀਰੋ ਕਹੇਂ ਪੁਕਾਰ ਕੇ ਸਭ ਹੱਦਾਂ ਵਾਲੇ!!
ਦੇਖ ਖਲਾਸੇ ਬੇਨਿਵਾਂ ਜਲ ਜਾਵੇਂ ਸਾਲੇ!!
ਕੂੜੇ ਮਜਬ ਬਣੌਤ ਕੇ ਕਰ ਕੂੜੇ ਦਾਵੇ!!
ਲਿੰਙ ਮੂਛ ਕੋ ਕਾਟ ਕੇ ਫਿਰ ਤੁਰਕ ਕਹਾਵੇ!!
ਹਿੰਦੂ ਬਣੇ ਬਣੌਤ ਕੇ ਪਰ ਜੱਨੂ ਚੋਟੀ!!
ਬਣੇ ਬਣੌਤ ਨਾ ਨਾਰੀਆਂ ਗਲ ਦੋਨੋ ਖੋਟੀ!!੪੪!!
ਪੀਰੋ ਕਹੇ ਪੁਕਾਰ ਕੇ ਸਭ ਮਜਬੀ ਰਾਤੇ!!
ਮਜਬਾਂ ਕੇ ਸਭ ਕੂਕਰੇ ਕੀ ਬੋਲੇਂ ਬਾਤੇ!!
ਅਪਨੇ ਅਪਨੇ ਮਜਬ ਕੋ ਦੋਨੇ ਪਰਵੇਸੇਂ!!
ਮਜਬ ਵਧਾਂਵਨ ਕਾਰਨੇ ਸਠ ਧੀਆਂ ਦੇਸੇਂ!!
ਨਾ ਸੁਖ ਵਾੜੇ ਤੁਰਕ ਕੇ ਨਾ ਹਿੰਦੂ ਚਾਉਣੇਂ!!
ਸੁਖ ਦਰ ਦਾਸ ਗੁਲਾਬ ਕੇ ਜਹ ਪਰਸਤ ਭਉਣੇ!!੪੫!!
ਪੀਰੋ ਕਹੇ ਪੁਕਾਰ ਕੇ ਤੁਮ ਸੁਖਨ ਵਿਚਾਰੋ!!
ਆਏ ਕਰਤ ਕਰਾਰ ਕੋ ਗੁਣ ਸੁਖਨੋ ਹਾਰੋ!!
ਭੇਜੋ ਬਿਹਤਰ ਬਾਤ ਹੈ ਮਤ ਭੂਲੋ ਬਉਰੇ!!
ਝੂਠੇ ਕਰਕੇ ਜਾਵਸਾਂ ਫਿਰ ਹੋਸੀ ਹਉਰੇ!!
ਸਤਗੁਰ ਕਾਂਮਲ ਜਾਗਦੇ ਗਉ ਤਿਨਕਾ ਮਾਣਾਂ!!
ਤੁਮ ਅੱਖੀਂ ਘੱਟਾ ਘੱਤ ਕੇ ਦਿਨ ਦੀਵੀਂ ਜਾਣਾ!!੪੬!!
ਬਹੁ ਤਕੜੀ ਤੁਰਕ ਦੇਖ ਕੇ ਸਭ ਹੋਇ ਲਾਚਾਰੇ!!
ਯਹ ਨਹੀ ਮੁੜੇ ਸੀ ਮੋੜਿਆਂ ਹੈ ਬੇਇਮੁਹਾਰੇ!!
ਏਕ ਪੁਕਾਰੇ ਸਰਬ ਕੋ ਗੁਰ ਕਾਂਮਲ ਯਾਹੀ!!
ਅਖੇ ਪਤਾਲ ਸਵਾਸ ਸੋ ਯਹ ਰਹਸੇਂ ਨਾਹੀਂ!!
ਇਸੇ ਵਜੀਰਾਂਵਾਦ ਮੋ ਲੈ ਚੋਰੀ ਜਾਵੋ!!
ਮਤ ਰਾਖੋ ਸਹਰ ਲਹੌਰ ਮੋ ਫਿਰ ਪਛੋਤਾਵੋ!!੪੭!!
ਇਸਕੇ ਦਾਸ ਗੁਲਾਬ ਗੁਰ ਬਹੁ ਕਾਂਮਲ ਆਹੇ!!
ਭੂਪ ਡਰੇਂ ਤਹ ਤੇਜ ਤੇ ਬ੍ਰਹਮਾਂ ਦਲ ਜਾਹੇ!
ਰਾਜਿਯੋ ਕੇ ਸਭ ਬੇਟੜੇ ਸਦ ਰਹਸੀ ਨਾਲੇ!!
ਖਬਰ ਤਿਸੇ ਮਤ ਹੋਵਸੀ ਹਮ ਸਭ ਕੋ ਗਾਲੇਂ!!
ਇਸ ਰਾਤੋ ਰਾਤ ਬਹਲ ਮੋ ਘਤ ਪਾਰ ਲਘਾਵੋ!!
ਭੇਜੋ ਨਾਲ ਮੁਰੱਖਿਆਂ ਤੁਮ ਡੇਰ ਨ ਲਾਵੋ!!੪੮!!
ਸਭਨੀ ਮਤਾ ਪਕਾਇਆ ਮਿਲ ਆਪਸ ਮਾਹੀਂ!!
ਖਬਰ ਨ ਕਰਯੇ ਏਸ ਕੋ ਮਤ ਜਾਵੇ ਨਾਹੀਂ!!
ਊਪਰ ਮੀਠੇ ਬੇਰ ਜਿਉਂ ਅੰਤਰ ਕਠਨਾਤੇ!!
ਕਹਸੇਂ ਪਹਲੀ ਰਾਤ ਮੋ ਉਠ ਭਈ ਪ੍ਰਭਾਤੇ!!
ਗੰਢੀ ਜੱਮੂ ਸਹਰ ਕੇ ਆਈ ਤੁਮ ਜਾਸੀ!!
ਰੋਟੀ ਉਨ ਕੋ ਹੋਵਸੀ ਤੁਮ ਨਿਵਦਾਪਾਸੀ!!੪੯!!
ਬਹਲ ਖੜੋਤੀ ਆਇ ਕੇ ਤੁਮ ਚਢੋ ਨਿਸੰਗੇ!!
ਬੀਵੀ ਚਲੋ ਸਲਾਮ ਕਰ ਫਿਰ ਰਹਸੀ ਰੰਗੇ!!
ਪੀਰੋ ਕਹਸੀ ਕੱਚਿਯੋ ਕਿਉਂ ਛਿਤਰ ਜੋੜੋੇ!!
ਖਚਰੁ ਤੁਮਾਰਾ ਰਾਣਿਯੋਂ ਹਮ ਛਲਿਆ ਲੋੜੇ!!
ਪਉਲਾ ਕਰਤ ਸਲਾਮ ਮਮ ਇਸ ਪਾਂਬਰ ਬੀਵੀ!!
ਮੁਖ ਇਸ ਕੇ ਕਦੀ ਨ ਲਾਗਸਾਂ ਹਉਂ ਜਬ ਲਗ ਜੀਵੀ!!੫੦!!
ਕਰਤ ਕਰੋਪੀ ਬਹਲ ਤੇ ਚੜ ਹਾਂਹੀ ਮਾਰੇ!!
ਹੂਏ ਮੁਸਕਲ ਬਣੀ ਕੋ ਯਹ ਦੁਸਮਣ ਸਾਰੇ!!
ਵਸਦਾ ਛੋਡ ਲਹੋਰ ਕੋ ਮੈ ਬੰਦੇ ਚੱਲੀ!!
ਨਾ ਕੋ ਸੰਗ ਸਹੇਲੀਆਂ ਮੈ ਏਕ ਅਕੱਲੀ!!
ਬੱਧੀ ਜਾਂਦੀ ਦੇਖ ਕੇ ਸਬ ਪਏ ਪਰਾਏ!!
ਸਾਈਂ ਬਾਝੋ ਆਪਣੇ ਮੈ ਕੌਣ ਛੁਡਾਏ!!੫੧!!
ਪੀਰੋ ਕਹੇ ਪੁਕਾਰ ਕੇ ਤੁਮ ਸੁਖਨੋ ਹਾਰੇ!!
ਸਤਗੁਰ ਹਮੇਂ ਮਜੂਦ ਹੈ ਤੁਮ ਦਯੋ ਵਿਸਾਰੇ!!
ਤੁਮ ਕੀ ਜਾਣੋ ਕੱØਚਿਯੋ ਵਹੁ ਸਾਹਬ ਸੱਚੇ!!
ਮੁਸਕਲ ਬਣੂੰ ਪਛਾਣਸੋ ਹੁਣ ਫਿਰ ਹੋ ਮੱਚੇ!!
ਚਹੇ ਵਜੀਰਾਵਾਦ ਮੋ ਚਲ ਹਮੇਂ ਲੁਕਾਏ!!
ਝੂਠੇ ਕਰ ਕੇ ਆਵਸਾਂ ਬਲ ਤਾਂ ਕੇ ਪਾਏ!!੫੨!!
ਏਕ ਕਹੇ ਕਿਉਂ ਡਰਤ ਹੋ ਲੈ ਚਾਲੋ ਪਕੜੀ!!
ਯਹ ਤਾਗਤ ਕਿਆ ਆਵਸੀ ਕਰ ਰਾਖੋ ਤਕੜੀ!!
ਤੋਰੋ ਬਹਲ ਨਿਸੰਗ ਤੁਮ ਕਰ ਜੋਰ ਧਗਾਂਣਾ!!
ਐਵੇਂ ਤੁਮੇਂ ਡਰਾਵਸੀ ਕਿਸ ਓਥੇ ਜਾਣਾ!!
ਲੈ ਗਯੇ ਵਜੀਰਾਵਾਦ ਕੋ ਕਰ ਬਹੁ ਤਕੜਾਈ!!
ਊਪਰ ਮਾਲ ਚੁਹਾਸਮੇਂ ਤਹ ਜਾਇ ਚਢਾਈ!!੫੩!!
ਚਾਰੋ ਦਰ ਜੀ ਜੰਦਰੇ ਤਿਨ ਦਯੋ ਅੜਾਏ!!
ਖਾਣਾ ਪੀਣਾ ਊਪਰੇ ਘਤ ਛਿੱਕੇ ਜਾਏ!!
ਚਾਰ ਮੁਰੱਖੇ ਦਰਜਿਆਂ ਨਿਸ ਬਾਸਰ ਰਹਸੇਂ!!
ਕਹਸੇਂ ਤਾਹੀ ਛੋਡਸਾਂ ਉਸ ਨਾਮ ਨ ਲਹਸੇਂ!!
ਸਹਰ ਢੰਢੋਰਾ ਫੇਰਯੋ ਸਭ ਤਕੜੇ ਰਹਯੋ!!
ਚਾਰੋ ਦਰ ਜੀਂ ਸਹਰ ਕੀ ਡਰ ਰਾਖੇ ਬਹਯੋ!!੫੪!!
ਪੀਰੋ ਬੈਠੀ ਬੰਦ ਮੋ ਮੁਖ ਗੁਰ ਵੀ ਵੋਰੇ!!
ਆਸ ਤੁਮਾਰੀ ਸਤਗੁਰੋ ਸਭ ਦੇਨ ਨਿਹੋਰੇ!!
ਬੈੜਾ ਸਹੁ ਦਰਆਵ ਮੋ ਕੋ ਨਾਂਹ ਮੁਹਾਣਾ!!
ਮਿਤ੍ਰ ਦੁਸਮਣ ਹੋਇ ਗਏ ਹਉ ਤੁਮਰਾ ਮਾਣਾ!!
ਸੱਯਾਂ ਜੌਨ ਪਿਆਰੀਆਂ ਸਦ ਰਹਿਸੀ ਨਾਲੇ!!
ਸਭਨਾਂ ਚਸਮਾਂ ਫੇਰੀਆਂ ਯਹ ਦੇਖਤ ਹਾਲੇ!!੫੫!!
ਪੀਰੋ ਸਤਗੁਰ ਮਿਹਰ ਤੇ ਗੁਣ ਤੀਨੋ ਪੱਲੇ!!
ਸਮਤਾ ਔਰ ਉਦਾਰਤਾ ਨਿਰਭੈਤਾ ਨੱਲੇ!!
ਸਮਤਾ ਨਾਲ ਸਹੇਲੀਆਂ ਬਹੁ ਮਿਤ੍ਰ ਹੋਇਯਾਂ!!
ਦੇਖਤ ਹਾਲ ਹੁਵਾਲ ਕੋ ਭਰ ਅੱਞੂ ਰੋਈਯਾਂ!!
ਤਿਨ ਮੋ ਜਾਂਨੇ ਰਹਮਤੀ ਬਹੁ ਪਾਂਵੇਂ ਫੇਰੇ!!
ਦੁਖ ਸੁਖ ਵਾਟੇਂ ਆਇ ਕੇ ਤਹ ਪ੍ਰੇਮ ਵਧੇਰੇ!!੫੬!!
ਪੀਰੋ ਕਹੇ ਸਹੇਲੀਯੋ ਤੁਮ ਕਾਹੇ ਆਂਵੇ!!
ਪਾਂਬਰ ਆਵਤ ਦੇਖ ਕੇ ਮਤ ਤੁਮੇ ਦੁਖਾਵੇਂ!!
ਨਾਲ ਬਟਾਉ ਦੋਸਤੀ ਤੁਮ ਕਾਹੇ ਲਾਵੋ!!
ਜਬ ਕੇ ਹੋਇ ਬਿਯੋਗ ਕੁੜੇ ਮਤ ਪੱਛੋਤਾਵੋ!!
ਯਹ ਮਜਬ ਦੀਨ ਕੇ ਕੂਕਰੇ ਇਨ ਸਰਾ ਪਿਆਰੀ!!
ਹਮਰੇ ਪਾਛੇ ਆਪ ਕੋ ਮਤ ਕਰੇਂ ਖੁਆਰੀ!!੫੭!!
ਬੋਲੀ ਜਾਂਨੇ ਗਮਤੀ ਹਮ ਡਰਸੇਂ ਨਾਹੀਂ!
ਕਿਰਪਾ ਤੁਮਰੀ ਚਾਹਯੋ ਯਹ ਕੌਨ ਬਲਾਂਹੀ!!
ਹਰਜ ਮਰਜ ਕਛ ਹੋਵਸੀ ਹਮ ਤੁਮਰੇ ਨਾਲੇ!!
ਯਹ ਮਜਬ ਰਾਖੇਂ ਆਪਣਾ ਕੀ ਕਰਸੋਂ ਸਾਲੇ!!
ਫਿਰੇ ਯਕੀਨ ਨਾ ਆਪ ਤੇ ਕੋ ਖੱਲ ਉਤਾਰੇ!!
ਅਰਥ ਤੁਮਾਰੇ ਲਾਗਸਾਂ ਵਡਭਾਗ ਹਮਾਰੇ!!੫੮!!
ਪੀਰੋ ਕਹੇ ਸਹੇਲੀਯੋ ਸੁਖ ਗੁਰ ਕੀ ਸਰਨਾਂ!!
ਅੱਬਲ ਮਾਰ ਜਿਵਾਲ ਹੈਂ ਫਿਰ ਹੋਇ ਨ ਮਰਨਾ!!
ਜਾਰਤ ਤਿਨ ਕੀ ਕੀਤੀਆਂ ਪੱਥਰ ਢਲ ਜਾਂਵੇਂ!!
ਕਹਕਾ ਜਿਵੇਂ ਦੁਵਾਲਤੇ ਮੁੜ ਕੋਇ ਨ ਆਂਵੇਂ!!
ਸਤਗੁਰ ਭਾਣ ਵਰਤਿਯੋ ਹਊ ਭੂਲੀ ਵਾਤੇ!!
ਸਵੀਂ ਸੰਝ ਕੀ ਖੜੀਆਂ ਢੂੰਡੇ ਪਰਭਤੇ!!੫੯!!
ਪੀਰੋ ਕਹੇ ਸਹੇਲੀਯੋ ਮੈਂ ਭੂਲੀ ਭਰਮੇ!!
ਵਿੱਸਵੀ ਤੁਰਕਾਂ ਸੁਖਨ ਪਰ ਜਿਨ ਨਾਹੀਂ ਸਰਮੇ!!
ਸਤਗੁਰ ਆਗੇ ਸੁਖਨ ਕਰ ਯਹ ਸਰਬੇ ਹਾਰੇ!!
ਸਈਯੋ ਬੋਲੇ ਕੂੜ ਕੋ ਖਾਏ ਮੁਰਦਾਰੇ!!
ਸੋ ਪਾਦੇ ਗੁਰ ਸਰਨਤੇ ਹਮ ਕੋਲੇ ਆਯੋ!!
ਧ੍ਰੋਹ ਕੀਆ ਇਨ ਕੱਚਿਯੋਂ ਹਮ ਕੈਦ ਬਠਾਯੋ!!੬੦!!
ਬੋਲੀ ਜਾਂਨੋ ਰਹਿਮਤੀ ਤੁਮ ਆਗਯਾ ਦੀਜੇ!!
ਅਰਜੀ ਲਿਖੇਂ ਪਰੇਮ ਤੇ ਗੁਰ ਖਬਰ ਕਰੀਜੈ!!
ਤਰਸਦਿਆਂ ਕੋ ਟਹਲ ਜੀ ਤੁਮਰੀ ਹਮ ਆਵੈ!!
ਜਿਸ ਕੇ ਭਾਗ ਲਿਲਾਟ ਮੋ ਤੁਮ ਟਹਲ ਕੁਮਾਵੈ!!
ਯਹ ਦੋਨੋ ਮਹਾਂਰਾਜ ਜੀ ਹਮ ਦਾਸ ਤੁਮਾਰੀ!!
ਤੁਰਤ ਲਿਆਵੇ ਸੱਦ ਕੇ ਜੋ ਕਹੋ ਲਖਾਰੀ!!੬੧!!
ਪੀਰੋ ਕਹੇ ਪਿਆਰਯੋ ਮੁਨਸੀ ਲੈ ਆਵੋ!!
ਗੋਸੇ ਤਾਂਹ ਬਠਾਲ ਕੇ ਅਰਜੀ ਲਿਖਵਾਵੋ!!
ਤੁਰਤ ਲਿਆਂਦੋ ਸੱਦ ਕੇ ਮੁਨਸੀ ਬੁਧਵਾਨੋ!!
ਬੈਠਤ ਕਹੇ ਸਲਾਮ ਕਰ ਤੁਮ ਪਾਕ ਜਹਾਨੋ!!
ਮੁਨਸੀ ਜਾਨੋ ਰਹਮਤੀ ਤੀਨੋ ਬਲ ਜਾਸੀ!!
ਤੁਮ ਦ੍ਰਸਨ ਕਰਿਯੋ ਆਰਫਾਂ ਹਮ ਭੀ ਕਰਵਾਸੀ!!੬੨!!
ਪੀਰੋ ਕਹੇ ਪਿਆਰਿਯੋ ਐਸੇ ਹੀ ਹੋਸੀ!!
ਜੈਸੋ ਕੈਸੋ ਜਿਕਰ ਮੋ ਤੁਮ ਭਾਉ ਫਲੋਸੀ!!
ਸਾਂਝੇ ਆਲਮ ਕੁੱਲ ਕੇ ਇਕ ਪ੍ਰੇਮ ਪਿਆਰੇ!!
ਕਹਸੀ ਪਾਕ ਪਲੀਤ ਤੇ ਜਹ ਪ੍ਰੇਮ ਨਿਹਾਰੇ!!
ਕੈਸੇ ਕੈਦੇ ਆਵਤੀ ਮੈਂ ਉਨ ਨਾ ਮਾਣਾਂ!!
ਯਹ ਹਮਾਰੇ ਅਜਾਮਾਵਣੇ ਵਰਤਾਯੋ ਭਾਣਾ!!੬੩!!
ਪੀਰੋ ਕਹੇ ਪਿਆਰਿਯੋ ਵਹੁ ਬੇਪਰਵਾਹੇ!!
ਉਨ ਕੋ ਲੋਰ ਨਾ ਹਮਰੀ ਹਮ ਉਨ ਕੀ ਚਾਹੇ!!
ਅਰਜੀ ਲਿਖੋ ਯਕੀਨ ਕਰ ਗੁਰ ਚਰਨੀ ਜਾਏ!!
ਚਾਂਦੀ ਵਰਕ ਚਢਾ ਕੇ ਮਸ ਕੰਚਨ ਲਾਏ!!
ਮੁਨਸੀ ਕਹੇ ਮਹਾਰਾਜ ਹਮ ਆਗਯਾ ਦੀਜੇ!!
ਲਿਖਸਾਂ ਬਹੁਤ ਪਰੇਮ ਤੇ ਤੁਮ ਸੁਖਨ ਕਰੀਜੇ!!੬੪!!
ਪੀਰੋ ਅੱਬਲ ਸਤਗੁਰਾਂ ਕਰ ਦੋਨੋਂ ਜੇਰੇ!!
ਕਰਤ ਸਲਾਮਾਂ ਬਾਰ ਬਾਰ ਸਤਗੁਰ ਕੀ ਵੋਰੇ!!
ਜੇਹੀ ਕਹੀ ਸਤਗੁਰੋ ਹਉ ਦਾਸ ਤੁਮਾਰੀ!!
ਹਮ ਕੈਦ ਵਜੀਰਾਂਵਾਦ ਮੋ ਤੁਮ ਲਾਜ ਹਮਾਰੀ!!
ਮੱਥਾ ਜਾਨੋ ਰਹਮਤੀ ਤੁਮ ਟੇਕਤ ਚਰਨੋ!!
ਦੁਖ ਸੁਖ ਬਾਟੇਂ ਬਣੀ ਕੋ ਨਾ ਡਰਸੇਂ ਮਰਨੋ!!੬੫!!
ਪੀਰੋ ਕਹਸੀ ਸਤਗੁਰੋ ਹਉ ਸੂਦਰ ਨਾਰੇ!!
ਭਾਂਣਾਂ ਨਾਂਹ ਪਛਾਣਿਯੋ ਅਬ ਭਈ ਲਚਾਰੇ!!
ਕਦਰ ਨਾ ਪਾਈ ਆਪ ਕੀ ਹਉ ਗਾਫਲ ਹੋਈ!!
ਅਉਗਣ ਮੇਰੇ ਦੇਖ ਕੇ ਗੁਰ ਧਾਕ ਦਯੋਈ!
ਪਿਛਲੇ ਅਉਗਣ ਬਖਸੀਏ ਹਉ ਭਈ ਲਚਾਰਾ!!
ਥਾਉ ਨਾ ਕੋਈ ਸਤਗੁਰੋ ਤੁਮ ਬਾਝ ਹਮਾਰਾ!!੬੬!!
ਪੀਰੋ ਕਹਸੀ ਸਤਗੁਰੋ ਅਬ ਹਉ ਭਰਮਾਯੋ!!
ਕੀਤਾ ਮਨ ਕੀ ਮਤ ਕਾ ਹੁਣ ਆਗੇ ਆਯੋ!!
ਮੁਸਕਲ ਕੀਯੋ ਸਤਗੁਰੋ ਮਨ ਮਤ ਹਾਰੀ!!
ਹਮਰੇ ਪਾਛੈ ਆਪ ਕੋ ਭੀ ਭਈ ਲਾਚਾਰੀ!!
ਮ੍ਰਿਗ ਪਿਛੇ ਜਿਉਂ ਰਾਮ ਕੋ ਸੀਆ ਭਟਕਾਯੋ!!
ਆਪ ਦੁਖੀ ਮਨ ਮਤ ਕਰ ਉਨ ਵਖਤੇ ਪਾਯੋ!!੬੭!!
ਪੀਰੋ ਕਹਸੀ ਸਤਗੁਰੋ ਹਮ ਜੇਤੀ ਨਾਰੀ!!
ਖੁਰੀਂ ਹਮਾਰੀ ਮੋਤ ਹੈ ਸਭ ਅਉਗਣਹਾਰੀ!!
ਤੁਮ ਅਉਗਣ ਨਾਂਹ ਵਿਚਾਰ ਹੋ ਨਾ ਜਾਤ ਅਜਾਤੇ!!
ਦੀਨਾ ਊਪਰ ਦਿਆਲ ਹੋ ਜੋ ਚਰਨੀ ਰਾਤੇ!!
ਤੁਮਰੀ ਦਾਸ ਪਛਾਨ ਕੇ ਇਨ ਕੈਦ ਕਰਾਈ!!
ਖਾਬ ਖਿਆਲ ਨ ਆਪ ਕੇ ਕਿਸ ਖੂਹੇ ਪਾਈ!!੬੮!!
ਪੀਰੋ ਕਹਸੀ ਸਤਗੁਰੋ ਹਉਂ ਤੁਮਰਾ ਪਰਨਾ!!
ਤੁਮ ਹੋਵਤ ਦੀਨ ਅਧੀਨ ਕੇ ਲੈ ਸਾਨ ਅਸਰਨਾਂ!!
ਹਮ ਕੋ ਗੁਰੋ ਯਕੀਨ ਹੈ ਤੁਮ ਹਜਰਤ ਮੀਰਾਂ!!
ਨਾਮ ਤੁਮਾਰਾ ਲੇਤਿਆਂ ਝਰ ਪਹਨ ਜੰਜੀਰਾਂ!!
ਵਾਹ ਗੁਰੂ ਗੁਲਾਬ ਦਾਸ ਯਾ ਕਹੇਂ ਜਬਾਨੋ!!
ਬੰਦ ਖਲਾਸੀ ਹੋਵਸੀ ਸਭ ਬੰਦੀਵਾਨੋਂ!!੬੯!!
ਪੀਰੋ ਕਹਸੀ ਸਤਗੁਰੋ ਤੁਮ ਜਾਂਣੀ ਜਾਂਣਾਂ!!
ਹਮਰੇ ਊਪਰ ਵਰਤਿਯੋ ਯਹ ਤੁਮਰਾਂ ਭਾਂਣਾਂ!!
ਕਿਸਕੀ ਤਾਗਤ ਬਾਂਧ ਹੈ ਹਮ ਦਾਸ ਤੁਮਾਰੀ!!
ਥਰ ਥਰ ਤੁਮ ਤੇ ਕਾਂਪ ਹੈਂ ਕੀ ਪੁਰਖਾ ਨਾਰੀ!!
ਢਿਰਕੁ ਇਨੋ ਕਾ ਨਿਕਸ ਹੈ ਜਬ ਤੁਮ ਕੋ ਦਰਸੇਂ!!
ਯਹ ਡਰ ਹੈਂ ਤੁਮ ਪ੍ਰਤਾਪ ਤੇ ਨਿਸ ਨੀਂਦ ਨਾ ਪਰਸੇਂ!!੭੦!!
ਪੀਰੋ ਕਹਸੀ ਸਤਗੁਰੋ ਤੁਮ ਮਿਹਰ ਉਪਾਵੋ!!
ਕਾਢੋ ਕੈਦੀ ਨਰਕ ਤੇ ਨਿਜ ਚਰਨੀ ਲਾਵੋ!!
ਹਮਸੇਂ ਤੁਮ ਕੋ ਬਹੁਤ ਹੈਂ ਤੁਮ ਸੇਂ ਮਨਾਹੀ!!
ਚਾਹ ਤੁਮਾਰੇ ਦਰਸ ਕੀ ਹਮਰੇ ਉਰ ਮਾਂਹੀ!!
ਚਾਤਰ ਚਾਹੇਂ ਬੂੰਦ ਜਿਉਂ ਜਿਉਂ ਦੀਪ ਪਤੰਗੇ!!
ਸਸ ਕੀ ਚਾਹ ਚਕੋਰ ਜਿਉਂ ਜਿਉਂ ਰਾਗ ਕੁਰੰਗੇ!!੭੧!!
ਪੀਰੋ ਕਹਸੀ ਸਤਗੁਰੋ ਹਉ ਦਰਸ ਪਿਆਸੀ!!
ਕਵਲ ਖਿਰੇ ਰਵ ਦੇਖ ਜਿਉਂ ਜਲ ਮੀਨ ਤਰਾਸੀ!!
ਕਾਮੀ ਚਾਹੇ ਰੂਪ ਜਿਉਂ ਜਿਉਂ ਚੋਰ ਹਨੇਰਾ!!
ਕਵੀ ਖਿਰੇ ਸਸ ਦੇਖ ਜਿਉਂ ਲੋਭੀ ਧਨ ਕੇਰਾ!!
ਆਸਕ ਜਿਵੇਂ ਮਬੂਬ ਕੋ ਜਿਉਂ ਤੁਚਾ ਸੁਪਰਸੇ!!
ਤਿਉਂ ਮਨ ਮੇਰਾ ਸਤਗੁਰੋ ਤੁਮ ਦਰਸਨ ਤਰਸੇ!!੭੨!!
ਪੀਰੋ ਕਹਸੀ ਸਤਗੁਰੋ ਜਿਉਂ ਰਾਮ ਕਹਾਂਣਾ!!
ਚਰਚਾ ਤੋਰੀ ਜਗਤ ਮੋ ਕਰ ਆਪਨਾ ਭਾਣਾਂ!!
ਅੰਗਦ ਹਨੂਮਾਨ ਬਲੀ ਨਿਜ ਸੇਵਕ ਆਹੇ!!
ਰਾਂਮ ਯੁਗਲ ਕੋ ਪੂਛਿਯੋ ਕਟ ਕਰਯ ਕਾਹੇ!!
ਹੁੱਲੀ ਆਲਮ ਕੁੱਲ ਮੋ ਜਿਸ ਬਾਤੇ ਸੰਕਾ!!
ਦਹਸਰ ਸੀਆ ਰਾਮ ਕੀ ਲੈ ਵੜਿਯੋ ਲੰਕਾ!!੭੩!!
ਬੋਲਯੋ ਅੰਗਦ ਹਨੂੰਮਾਂਨ ਤੁਮ ਆਗਯਾ ਪਾਂਵੇਂ
ਲੰਕਾ ਆਖੋ ਫੂਕ ਕੇ ਘਰ ਸੀਆ ਲਯਾਵੇਂ!!
ਅੰਗਦ ਹਨੂੰਮਾਂਨ ਬਲੀ ਤੁਮ ਲੰਕਾ ਜਾਵੋ!!
ਭੇਦ ਲਿਆਵੋ ਲੰਕ ਕਾ ਮਿਲ ਸੀਆ ਆਵੋ!!
ਲੰਕਾ ਰਾਵਣ ਮਾਰ ਕੇ ਘਰ ਸੀਆ ਆਣੀ!!
ਕੀਆ ਹੂਆ ਰਾਂਮ ਕਾ ਯਹ ਕਰ ਅਗਵਾਂਣੀ!!੭੪!!
ਪੀਰੋ ਕਹਸੀ ਸਤਗੁਰੋ ਤਿਉ ਤੁਮਰਾ ਭਾਂਣਾਂ!!
ਚੱਲਗ ਦਾਸ ਗੁਲਾਬ ਕੋ ਯਹ ਜਗਤ ਕਹਾਂਣਾਂ!!
ਆਪ ਕਹਾਂਣਾਂ ਪਾਇ ਕਰ ਤਗ ਕੋ ਦਿਖਲਾਯੋ!!
ਚਰਚਾ ਤੋਰਨ ਵਾਸਤੇ ਹੁਮ ਖੇਲ ਰਚਾਯੋ!!
ਆਪੇ ਕਰਸੀ ਸਰਾ ਯਮ ਤੁਮ ਤੋਰ ਕਹਾਣੀ!!
ਤੁਮਰੋ ਅੰਤ ਨਾ ਸਤਗੁਰੋ ਕੋ ਪਾਇ ਪਰਾਣੀ!! ੭੫!!
ਪੀਰੋ ਕਹਸੀ ਸਤਗੁਰੋ ਤੁਮ ਕੇਤੀ ਬੇਰਾ!!
ਖੇਲ ਰਚਾਏ ਯਗਤ ਮੋ ਕਰ ਦੂਰ ਹਨੇਰਾ!!
ਬਿਪਰ ਬਨਤਾ ਛੋਡ ਕੇ ਘਰ ਕੁਬਜਾਂ ਆਂਣੀ!!
ਚਰਨੀ ਲਾਈ ਰੰਘੜੀ ਛੋਡਤ ਖਤਰਾਣੀ!!
ਗਨਕਾ ਨਾਲ ਕਬੀਰ ਨੇ ਮਿਲ ਯਗਤ ਦਖਾਯੋ!!
ਗਉਰੀ ਗੋਦ ਮਹਾਂਦੇਵ ਭਾਣਾਂ ਵਰਤਾਯੋ!!੭੬!!
ਕਉਲਾਂ ਚਰਨੀ ਲਾਇ ਕਰ ਯਗ ਨਿੰਦ ਕਰਾਈ!!
ਰੰਗੀ ਰਾਮ ਚੁਮਾਰੀ ਨਿਜ ਪਾਸ ਬਠਾਈ!!
ਚਰਚਾ ਕਈ ਪ੍ਰਕਾਰ ਕੀ ਆਰਫ ਅਰਵਾਂਵੇ!!
ਲੋਰ ਨਹੀਂ ਕਛੁ ਬੇਨਿਵਾਂ ਕਰ ਜਗਤ ਦਖਾਂਵੇਂ!!
ਚਰਚਾ ਅਰਥ ਅਜੋਗ ਬਹੁ ਸੰਤਾਂ ਕਰ ਦੀਆ!!
ਯਾਰੋ ਦਾਸ ਗੁਲਾਬ ਹੀ ਅਚਰਜ ਨਹ ਕੀਆ!!੭੭!!
ਪੀਰੋ ਕਹਸੀ ਸਤਗੁਰੋ ਹਮ ਅਰਜੀ ਐਸੇ!!
ਜੈਸੇ ਅੰਗਦ ਹਨੂੰਮਾਂਨ ਦੁਇ ਭੇਜੋ ਜੈਸੇ!!
ਢਿਰਕੁ ਨਿਕਾਸੇਂ ਜਾਹਲਾਂ ਬਹੁ ਜੋਰ ਚਢਾਂਵੇਂ!!
ਕੀਆ ਹੋਸੀ ਆਪ ਕਾ ਯਹ ਸੋਭਾ ਪਾਵੈ!!
ਚਉਕੀ ਪਹਰੇ ਜੰਦਰੇ ਸਭ ਦੇਸਾਂ ਭੰਨੇ!!
ਅੱਖੀਂ ਘੱਟਾ ਘੱਤ ਕੇ ਕਰ ਆਵੇਂ ਅੰਨੇ!!੭੮!!
ਪੀਰੋ ਕਹਸੀ ਸਤਗੁਰੋ ਹਮ ਨਾਹੀਂ ਚਾਰਾ!!
ਹਮਰੀ ਲੱਜਾ ਆਪ ਕੋ ਯਹ ਬਿਰਦ ਤੁਮਾਰਾ!!
ਅਰਜੀ ਆਈ ਚਰਨ ਮੋ ਕਰ ਮਿਹਰ ਦਖੀਜੈ!!
ਜੈਸਾ ਭਾਣਾਂ ਆਪ ਕਾ ਮਨ ਆਵੇ ਕੀਜੇ!!
ਸੀਆ ਕੈਦੋਂ ਰਾਮ ਜਿਉ ਬਲ ਲਾਇ ਛੁਡਾਈ!!
ਪੀਰੋ ਊਪਰ ਸਤਗੁਰੋ ਤਿਉ ਹੋਹੁ ਸਹਾਈ!!੭੯!!
ਬੈਠੇ ਊਪਰ ਬੁਰਜ ਕੇ ਗੁਰ ਚੱØਠਿਆ ਵਾਲੇ!!
ਸੇਵਕ ਬੇਟੇ ਰਾਜਿਆਂ ਗੁਰ ਪਾਸ ਬਠਾਏ!!
ਸੰਸਤ੍ਰ ਬੱਸਤ੍ਰ ਪਹਨ ਕੇ ਸਭ ਸੋਭਾ ਪਾਵੇਂ!!
ਏਕ ਛਤਰ ਸਿਰ ਤਾਣ ਹੈਂ ਇਕ ਚਵਰ ਢੁਲਾਵੇਂ!!
ਪੀਰੋ ਜਾਨੋਂ ਰਹਮਤੀ ਅਰਦਾਸ ਲਖਾਈ!!
ਸਤਗੁਰ ਚਰਨੀ ਪਹੁਚੀਆ ਦਿਨ ਤੀਜੇ ਜਾਈ!!੮੦!!
ਦੇਵਾ ਸਿੰਘ ਫੜਾਈਯਾ ਸਤਗੁਰ ਅਰਦਾਸੇ!
ਵਾਚ ਸੁਣਾਵੋ ਸਰਬ ਕੋ ਜੋ ਲਿਖਿਯੋ ਆਸੇ!!
ਤਾਤਪਰਜ ਸਭ ਵਾਚ ਕੇ ਅਰਦਾਸ ਸੁਣਾਈ!!
ਸੁਣ ਕੇ ਸਭ ਕੇ ਜਿਕਰ ਮੋ ਬਹੁ ਗਰਮੀ ਆਈ!!
ਜੈਸੇ ਸੀਆ ਲੈ ਗਯੋ ਰਾਂਵਣ ਹੰਕਾਰੀ!!
ਸੁਣ ਕਰ ਅੰਗਦ ਹਨੂੰਮਾਂਨ ਬਹੁ ਕੋਪੇ ਭਾਰੀ!!੮੧!!
ਤੈਸੇ ਜਿਨਕੀ ਸਾਬਤੀ ਹਥ ਜੋਰ ਖਲੋਏ!!
ਆਖੋ ਸਰਬੇ ਜਾਵਸਾਂ ਕੇ ਜਾਂਵੇਂ ਦੋਏ!!
ਸੀਆ ਰਾਂਮੇ ਜੈ ਸਿਯੋ ਕਰ ਜੋਰ ਛਡਾਈ!!
ਤੁਮਰੇ ਆਖੇ ਸਤਿਗੁਰੋ ਯਹ ਬਾਤ ਨਾ ਕਾਈ!!
ਅੱਬਲ ਯੁਗਲ ਭੇਜੀਏ ਲਿਖਿਯੋ ਅਰਦਾਸੇ!!
ਆਗੇ ਮਾਲਕ ਆਪ ਹੋ ਤੁਮ ਸਰਬੇ ਭਾਸੇ!!੮੨!!
ਸਤਗੁਰ ਕਹਸੇਂ ਸਰਬ ਕੋ ਕਿਉਂ ਚਿੰਤਾ ਕਰ ਹੋ!!
ਜੇਕਰ ਲੱਜਾ ਬਿਰਦ ਕੀ ਤੁਮ ਰਾਖੇਸਰ ਹੋ!!
ਜਿਵੇਂ ਅੰਗਦ ਹਨੂੰਮਾਨ ਮਿਲ ਲੰਕਾ ਧਾਏ!!
ਤਿਵੇਂ ਵਜੀਰਾਵਾਦ ਮੋ ਤੁਮ ਕੂਦੋ ਜਾਏ!!
ਜਿਨਕੇ ਮਨ ਮੇ ਸਾਬਤੀ ਮਿਲ ਜਾਵੋ ਦੋਈ!!
ਕਾਰਜ ਕਰਸੀ ਸਤਗੁਰੂ ਤੁਮ ਸੋਭਾ ਹੋਈ!!੮੩!!
ਸਿੰਘ ਗੁਲਾਬ ਚਤਰ ਸਿੰਘ ਹਥ ਜੁਰ ਖਲੋਏ!!
ਆਗਯਾ ਤੁਮਰੀ ਸਤਗੁਰੋ ਹਮ ਚਾਹੇਂ ਦੋਏ!!
ਜਿਵੇਂ ਤਬੀਛਨ ਭੇਦ ਤੇ ਰਾਵਣ ਕੀ ਹਾਂਣੇ!!
ਤਿਵੇਂ ਵਜੀਰਾਂਵਾਦ ਮੋ ਹਮ ਭੇਦ ਪਛਾਂਣੇ!!
ਪਹਲੇ ਮਾਤਾ ਸਾਹਬ ਕੋ ਮਿਲ ਮਤਾ ਪਕਾਵੇਂ!!
ਪਾਛੇ ਆਖੋ ਸਹਰ ਮੋ ਚਾਨਣ ਕਰ ਆਵੇਂ!!੮੪!!
ਸਿੰਘ ਗੁਲਾਬ ਚਤਰ ਸਿੰਘ ਗੁਰ ਸੀਸ ਨਿਵਾਏ!!
ਸਹਰ ਵਜੀਰਾਂਵਾਦ ਕੋ ਮਿਲ ਦੋਨੋ ਧਾਏ!!
ਸੁੰਦਰ ਬਾਗ ਨਿਹਾਰ ਕੇ ਤਹ ਡੇਰਾ ਲਾਯੋ!!
ਦੇਖ ਅੰਬੀਰ ਬਾਗਵਾਂਨ ਫਲ ਫੂਲ ਲਯਾਯੋ!!
ਪਾਂਚ ਰੁਪੱਯੇ ਬਾਗਬਾਂਨ ਤਹ ਦਯੋ ਅਨਾਂਮੇ!!
ਸਹਰ ਤੁਮੇ ਹਮ ਭੇਜਸੀ ਇਕ ਕਰਯੇ ਕਾਂਮੇ!!੯੫!!
ਮਾਲੀ ਕੋ ਜੋ ਭੇਦ ਥੀ ਸਭ ਖੋਲ ਜਣੋਸੀ!!
ਟਹਲ ਕਰੇਸੀ ਸਤਗੁਰਾਂ ਜੋ ਚਾਹੇਂ ਹੋਸੀ!!
ਹਮਰੀ ਜਾਨੋਂ ਰਹਮਤੀ ਕੋ ਖਬਰ ਕਰੇਸੋ!!
ਮਾਲੀ ਮਹਲੀਂ ਘੁਸਰਿਯੋ ਕਰ ਆਉਰੇ ਭੇਸੋ!!
ਮਾਂਨੋ ਮਾਨਸਵਰੋਂ ਦੁਇ ਹੰਸੇ ਐਹੇਂ!!
ਬੈਠੇ ਹਮਰੇ ਬਾਗ ਮੋ ਤੁਮ ਯਾਦ ਕਰੈ ਹੈਂ!!੮੬!!
ਸੁਣ ਕਰ ਮਾਲੀ ਰਸਨ ਤੇ ਬਹੁ ਭਈ ਅਰਾਂਮੇ!!
ਲਾਚਾ ਬਾਗੋਵਾਨ ਕੋ ਤਿਨ ਦਯੋ ਅਨਾਂਮੇ!!
ਜਾਵੋ ਮੁੜ ਕਰ ਬਾਗ ਮੋ ਤਹ ਆਦਰ ਕਰਨਾਂ!!
ਮੱਥਾ ਹਮਰਾ ਟੇਕਣਾ ਹਥ ਚਰਨੀ ਧਰਨਾਂ!!
ਪੀਰੋ ਜੀ ਕੀ ਆਗਿਆ ਲੈ ਹਉ ਭੀ ਆਵੇਂ!!
ਬਚਣ ਸਣੈਸਾਂ ਸਤਗੁਰਾਂ ਤਿਨ ਦਰਸਨ ਪਾਵੇਂ!!੮੭!!
ਮਿਲ ਕਰ ਜਾਂਨੋ ਰਹਮਤੀ ਚੁਹਾਸ ਮਗਈਆਂ!!
ਮਾਲੀ ਹਮ ਕੋ ਆਇ ਕਰ ਸਭ ਖਬਰਾਂ ਦਈਆਂ!!
ਸੇਵਕ ਆਏ ਸਤਗੁਰਾਂ ਦੁਇ ਹਮੇਂ ਬੁਲਾਵੇ!!
ਆਗਿਯਾ ਬਾਝੋ ਆਪ ਕੀ ਹਮ ਕੈਸੇ ਜਾਵੇਂ!!
ਕਰਸੀ ਜਾਂਨੋ ਰਹਮਤੀ ਤੁਮ ਕਿਰਪਾ ਕਰਨੀ!!
ਛੋਡ ਨ ਹਮ ਕੋ ਜਾਵਣਾ ਸਤਗੁਰ ਕੀ ਸਰਨੀ!!੮੮!!
ਪੀਰੋ ਕਹੇ ਸਹੇਲੀਯੋ ਵਹੁ ਮੁਸਕਲ ਪਾਸਾ!!
ਸੂਲੀ ਊਪਰ ਖੇਲਣਾਂ ਕੁਛ ਨਾਹੀ ਹਾਸਾ!!
ਹਾਲ ਹਮਾਰਾ ਦੇਖ ਕੇ ਤੁਮ ਨਾਂਹ ਪਤੀਣੀ!!
ਜੌਨ ਮਿਲੇ ਥੀ ਹੱਸ ਕੇ ਹੁਣ ਦੇਣ ਤਰੀਂਦੀ!!
ਫੜੀ ਨ ਚੋਰੀ ਯਾਰੀਓਂ ਕਿਉਂ ਕੈਦੇ ਡਾਰੀ!!
ਸਈਯੋ ਗੁਰ ਦਰ ਜਾਵਣਾ ਹੈ ਮੁਸਕਲ ਭਾਰੀ!!੮੯!!
ਪੀਰੋ ਕਹੇ ਸਹੇਲੀਯੋ ਦਿਲ ਰਾਖੋ ਥਾਂਵੇ!!
ਜੈਸੀ ਤੁਮਰੀ ਭਾਵਨਾ ਫਲ ਤੈਸੋ ਪਾਵੇਂ!!
ਸਈਯੋ ਗੁਰਦਰਬਾਰ ਮੋ ਜਬ ਕੇ ਹਉਂ ਜਾਵੋਂ!!
ਦਰਸਨ ਅਪਨੇ ਸਤਗੁਰਾਂ ਤੁਮ ਕੋ ਕਰਵਾਂਵੋ!!
ਸਤਗੁਰ ਦਰਸ਼ਨ ਕੀਤਿਆਂ ਭੁਖ ਰਹੇ ਨ ਕਾਈ!!
ਖੋਲਤ ਚਸਮਾ ਜਿਕਰ ਕੀ ਜਹ ਪ੍ਰੇਮ ਦਖਾਈ!!੯੦!!
ਪੀਰੋ ਕਹੇ ਸਹੇਲੀਯੋ ਤੁਮ ਸੀਘਰ ਜਾਵੋ!!
ਆਏ ਪੀਆ ਪਾਸ ਤੇ ਤਿਨ ਖਬਰ ਲਿਆਵੋ!!
ਤੁਰ ਹੈਂ ਜਾਂਨੋ ਰਹਮਤੀ ਸਿਰ ਚਰਨੀ ਲਾਏ!!
ਕਰ ਦਰਸ਼ਨ ਤਿਨ ਕਾ ਬਾਗ ਮੈਂ ਫਿਰ ਸੀਸ ਨਿਵਾਏ!!
ਆਦਰ ਨਾਲ ਬਠਾਇ ਕਰ ਤਹ ਨਾਮ ਪੁਛਾਈ!!
ਹਮ ਜਾਂਨੋ ਯਹ ਰਹਮਤੀ ਦੁਇ ਨਾਮ ਬਤਾਈ!!੯੧!!
ਦਰਸ਼ਨ ਮਾਈ ਸਾਹਬ ਕਾ ਹਮ ਕੋ ਕਰਵਾਵੋ!!
ਹਮ ਕਰਸੀ ਕਹਿਆ ਤਾਂਹ ਕੋ ਤੁਮ ਪੂਛਣ ਜਾਵੋ!!
ਜੈਸੇ ਅੰਦਰ ਹਨੂਮਾਨ ਹਉ ਉਤਰੇ ਬਾਗੇ!!
ਬਾਗ ਢਾਹ ਕੇ ਸਹਰ ਨ ਫਿਰ ਲਾਵੇਂ ਆਗੇ!!
ਸਾਤੋ ਦਰਜੇ ਫੂਕਸਾਂ ਦਿਨ ਕਰਸਾਂ ਰਾਤੇ!!
ਮਾਈ ਸਾਹਬ ਚੱਲਸੇਂ ਯਹ ਬਿਹਤਰ ਬਾਤੇ!!੯੨!!
ਪੂਛਤ ਜਾਂਨੋ ਰਹਮਤੀ ਨਾਮ ਤੁਮਾਰੇ!!
ਸਿੰਘ ਗੁਲਾਬ ਚਤਰ ਸਿੰਘ ਯਹ ਨਾਂਮ ਹਮਾਰੇ!!
ਕਹਯੋ ਮਾਈ ਸਾਹਬ ਕੋ ਤੁਮ ਸੇਵਕ ਦੋਈ!!
ਮੱਥਾ ਤੁਮ ਕੋ ਟੇਕਸੇਂ ਬਹੁ ਕਰ ਅਰਜੋਈ!!
ਸੀਸ ਤਲੀ ਪਰ ਰਾਖ ਕੇ ਹਮ ਦੋਨੋ ਆਏ!!
ਮਾਈ ਸਾਹਬ ਲਜਾਵਸਾਂ ਕੈ ਆਪ ਗੇਵਾਏ!!੯੩!!
ਮਿਲ ਕਰ ਜਾਂਨੋ ਰਹਮਤੀ ਮੁੜ ਸਹਰ ਗਈਯਾਂ!!
ਸੁਣ ਕਰ ਤਿਨ ਕੇ ਸੁਖਨ ਕੋ ਅਚਰਜੇ ਭਈਯਾਂ!!
ਮੱਥਾ ਤੁਮਕੋ ਟੇਕਸੀ ਵਹੁ ਕਹਸੇਂ ਐਸੇ!!
ਜੈਸੇ ਅੰਗਦ ਹਨੂੰਮਾਨ ਹਉ ਆਏ ਤੈਸੇ!!
ਮਾਈ ਸਾਹਬ ਚੱਲਸੀ ਤਉ ਹਮਰੇ ਭਾਗੇ!!
ਬਾਗ ਢਾਹ ਕਰ ਸਹਰ ਕੋ ਲੈ ਲਾਵੈਂ ਆਗੇ!!੯੪!!
ਪੀਰੋ ਕਹੇ ਸਹੇਲੀਯੋ ਤਿਨ ਕੋ ਸਮਝਾਯੇ!!
ਐਸੀ ਬਾਤ ਨ ਕੀਜੀਏ ਮਤ ਪੱਛੋਤਾਯੇ!!
ਫੇੜ ਤੁਮਾਰਾ ਫੇੜਿਆ ਕਮ ਆਵੇ ਮੇਰੇ!!
ਆਗੇ ਅਉਖੀ ਕੈਦ ਮੋ ਦੂਖ ਦੇਨ ਵਧੇਰੇ!!
ਬੈਠੋ ਬਾਗ ਖਮੋਸ ਕਰ ਕਹ ਨਾਂਹ ਜਣੋਸੀ!!
ਸਤਗੁਰ ਕੇ ਪਰਤਾਪ ਤੇ ਸਭ ਕਾਰਜ ਹੋਸੀ!!੯੫!!
ਪੀਰੋ ਮਾਲਕ ਕੁਲ ਗੁਰ ਆਪ ਨਿਰੰਕਾਰੇ!!
ਕਾਜ ਸਵਾਰੇਂ ਸਰਬ ਕੇ ਉਨ ਕਾ ਕੋ ਸਾਰੇ!!
ਸਾਂਝੇ ਤੁਰਕਾਂ ਹਿੰਦੂਆਂ ਗਲ ਸਭ ਕੀ ਸੁਣ ਹੈਂ!!
ਜੈਸੀ ਜਿਸ ਕੀ ਭਾਂਵਨਾਂ ਫਲ ਤੈ ਸੋ ਲੁਣ ਹੈਂ!!
ਯਹ ਮਾਰ ਜੰਜੀਰੀ ਜੰਦ੍ਰੇ ਤਕੜਾਈ ਕਰਸੇਂ!!
ਤੁਰਸਾਂ ਸਤਗੁਰ ਨਾਮ ਲੈ ਸਰਬੇ ਝਰ ਪਰਸੇਂ!!੯੬!!
ਆਗਯਾ ਜਾਂਨੋ ਰਹਮਤੀ ਲੈ ਬਾਗੇ ਗੱਯਾਂ!!
ਕਹਯਾਂ ਮਾਈ ਸਾਹਬ ਕੀ ਸਭ ਤਿਨੋ ਸੁਣੱਯਾਂ!!
ਏਥੇ ਰਾਜ ਫਰੰਗੀਆਂ ਮਤ ਰਾਉਲਾ ਪਾਵੋ!!
ਵੇਲਾ ਹਾਥ ਨ ਆਵਸੀ ਫਿਰ ਪੱਛੋਤਾਵੋ!!
ਸਤਗੁਰ ਨੇ ਪਰਤਾਪ ਤੇ ਯਹ ਆਂਧੇ ਹੋਸੀ!!
ਆਪੇ ਅਪਨੇ ਕਾਜ ਮੋ ਗੁਰ ਆਇ ਖੜੋਸੀ!!੯੭!!
ਬੋਲਯੋ ਸਿੰਘ ਗੁਲਾਬ ਤਾ ਹਉ ਚਾਹੇਂ ਹਾਰੇ!!
ਖੁਸਿਆ ਵੇਲੇ ਸਿੰਘ ਜਿਉਂ ਉਠ ਖਾਵਤ ਮਾਰੇ!!
ਸੱਸਤ੍ਰ ਬਸਤ੍ਰ ਪਹਨ ਕੇ ਫਿਰ ਚਢੇ ਤੁਰੰਗੇ!!
ਤੁਰਿਯੋ ਸੈਲ ਬਜਾਰ ਕੇ ਦੁਇ ਹੋਇ ਨਿਸੰਗੇ!!
ਖਉਚੇ ਦੇਖ ਕੜਾਹ ਕੇ ਤਹ ਲੇਤ ਉਠਾਏ!!
ਦੇਖ ਤਿਨਾਂ ਕੇ ਤਉਰ ਕੋ ਸਭ ਜਾਂਨ ਦਬਾਏ!!੯੮!!
ਐਸੇ ਕਰਸੇਂ ਨਿਤਾ ਪ੍ਰਿਤ ਕੋ ਬੋਲੇ ਨਾਂਹੀ!!
ਦੇਖ ਨਿਧੜਕੇ ਸੂਰਮੇ ਸਰਬੇ ਡਰ ਜਾਂਹੀ!!
ਸੀਸ ਤਲੀ ਪਰ ਰਾਖ ਕੇ ਵਿਚ ਫਿਰੇਂ ਨਿਸੰਗੇ!!
ਲੋਹੂ ਭਰੀਆਂ ਅੱਖੀਆਂ ਹਥ ਮਹਿੰਦੀ ਰੰਗੇ!!
ਏਕ ਕਹੇਂ ਯਹ ਰਾਜਪੂਤ ਇਕ ਕਹੇਂ ਲੁਟੇਰੇ!!
ਕੈਤੋ ਦਾਸ ਗੁਲਾਬ ਕੇ ਯਹ ਹੋਸੀ ਚੇਰੇ!!੯੯!!
ਦਾਸ ਗੁਲਾਬ ਅਬੀਰ ਜਿਉਂ ਸੇਵਕ ਤਿਉਂ ਤਾਹੀਂ!!
ਆਜ ਉਜਾਗਰ ਜਗਤ ਮੋ ਇਨਸਾ ਕੋ ਨਾਹੀਂ!!
ਜੇਤੇ ਦਾਸ ਗੁਲਾਬੀਏ ਸਭ ਉਤਮ ਜਾਂਮੇ!!
ਆਏ ਹਮਰੇ ਸਹਰ ਮੋ ਯਹ ਕਉਨੇ ਕਾਮੇਂ!!
ਤੁਰਕਾਂ ਅਪਨੇ ਪਾਪ ਕਾ ਡਰ ਚਢਿਯੋ ਭਾਰੀ!!
ਮਤ ਚਢ ਹੈਂ ਮੰਦ੍ਰ ਜੋਰ ਕਰ ਹਮ ਕਰੇਂ ਖੁਆਰੀ!!੧੦੦!!
ਰਾਜਾ ਇਨ ਕੇ ਸਾਂਮਣੇ ਕੋ ਬੋਲਤ ਨਾਹੀਂ!!
ਇਨ ਕੋ ਹਮ ਕੀ ਵਸਤ ਹੈਂ ਬਹੁ ਕਾਂਮਲ ਯਾਹੀ!!
ਯਾਰੋ ਛੋਡੋ ਗਾਫਲੀ ਹੁਣ ਡੇਰ ਨ ਲਾਵੋ!!
ਦੋਨੋ ਅਗ ਜੰਜੀਰ ਦੁਵੈ ਪੀਰੋ ਪਹਰਾਵੋ!!
ਮਾਰੋ ਦਰਜੇ ਨਿਸਦਿਨੇ ਕੋ ਪਾਸ ਨ ਜਾਈ!!
ਮਿਹਰ ਨਿਸਾਂ ਇਕ ਜਾਇ ਕਰ ਜੰਜੀਰ ਭਰਾਈ!!੧੦੧!!
ਆਈ ਲੈ ਜੰਜੀਰ ਕੋ ਹੁਇ ਲੋਹੀ ਲਾਖਾ!!
ਬੱਚੀ ਪਹਨ ਜੰਜੀਰ ਕੋ ਕੈ ਮਾਂਨੋ ਆਖੀ!!
ਯਹ ਲੈ ਬਸਤ੍ਰ ਭੁਖਣਾਂ ਤਨ ਪਹਨੋ ਸਾਰੇ!!
ਤੁਮ ਸਾਂਭੋ ਸ੍ਰਬੇ ਘਰ ਬਾਰ ਹਮ ਦੇਵੋ ਹਾਰੇ!!
ਕੈ ਛੋਡੇ ਧਰਮ ਕਾਫਰਾਂ ਹੁਇ ਮੁਸਲਮਾਂਨੇ!!
ਕੈ ਪਗ ਪਾਇ ਜੰਜੀਰ ਮੋ ਬਹੁ ਬੰਦੀ ਖਾਂਨੇ!!੧੦੨!!
ਪੀਰੋ ਕਰਸੀ ਕੱਚੀਏ ਤੁਝ ਸੰਤ ਸਰਾਪੇ!!
ਮਾਰ ਜੰਜੀਰ ਆਏ ਕੇ ਕਿਉਂ ਕਰੇ ਲਫਾਫੇ!!
ਮਿਹਰਨਿਸਾਂ ਸੁਣ ਕਾਫਰੇ ਤੂੰ ਜਾਹਲ ਖੱਚੇ!!
ਕਾਫਰ ਕਹਸੇਂ ਸਤਗੁਰਾਂ ਜੋ ਸਾਹਬ ਸੱਚੇ!!
ਆਇਯੋਂ ਲੈ ਜੰਜੀਰ ਕੋ ਕਰ ਨੀਤ ਬਨੀਤੇ!!
ਬੁਰੋ ਹਮਾਰੇ ਆਗਿਯੋਂ ਤੁਮ ਨੀਚ ਪਲੀਤੇ!!੧੦੩!!
ਮਿਹਰ ਨਿਸਾਂ ਸੁਣ ਸੁਖਨ ਕੋ ਸੱਤੇ ਭੁੱਲ ਗਈਯਾਂ!!
ਏਕ ਨ ਮੇਰੀ ਲਾਗਸੀ ਬਹੁ ਮੱਤੀ ਦਈਯਾਂ!!
ਆਈ ਹਉਲੀ ਹੋਇ ਕੈ ਮੈ ਵਾਹ ਨ ਕੋਇ!!
ਜੋਰਾਵਰ ਕਰ ਕੇ ਆਸਰੇ ਯਹ ਭੂਰੇ ਹੋਈ!!
ਜਇ ਰਜੌਰੀ ਸੇਹਰ ਮੋ ਇਸ ਕੈਦ ਕਰਾ ਸੀ!!
ਦੇਕਾਂ ਕਉਨ ਛਡਾਵਸੀ ਬੱਧੀ ਮਰ ਜਾਸੀ!!੧੦੪!!
ਦੋਨੋ ਜਾਂਨੋ ਰਹਮਤੀ ਯਹ ਸੁਨ ਕਰ ਦੌਰੀ!!
ਤੁਮ ਕੋ ਲਾਖੇ ਭੇਜਣੇ ਯਹ ਸਹਰ ਰਜੌਰੀ!!
ਕਿਸਨੇ ਊਹਾਂ ਜਾਂਵਣਾਂ ਯਹ ਕਹ ਸੇਂ ਸਾਰੇ!!
ਮੁਸਕਲ ਹੋਸੀ ਮਹਾਰਾਜ ਯਹ ਬਾਤ ਲਚਾਰੇ!!
ਹਮ ਤੋ ਸੇਵਕ ਆਪ ਕੀ ਜੋ ਜੋ ਕਹਸੋ ਕਰਸਾਂ!!
ਔਕੜ ਬਣ ਹੈ ਆਪ ਕੋ ਹਮ ਆਗੇ ਮਰਸਾਂ!!੧੦੫!!
ਪੀਰੋ ਕਹਤ ਸਹੇਲੀਯੋ ਤੁਮ ਡਰ ਸੀ ਕਾਹੇ!!
ਸਤਗੁਰ ਹੱਕ ਮਜੂਦ ਕੀ ਹਮ ਸਰਨੀ ਆਹੇ!!
ਨਜਰ ਉਪੱਠੀ ਜੇ ਕਰੇਂ ਇਨ ਸਭ ਕੋ ਗਾਲੇਂ!!
ਜਿਨ ਕੀ ਖੇਲ ਪਸਾਰੀਆ ਵਹੁ ਆਪ ਸਮਾਲੇਂ!!
ਮੁਸਕਲ ਹੋਸੀ ਜਉਨ ਕੋ ਗੁਰ ਹੋਤ ਸਹਾਈ!!
ਜਿਸ ਨੇ ਸਤਗੁਰ ਸੇਵਿਆ ਪਰਵਾਹ ਨ ਕਾਈ!!੧੦੬!!
ਪੀਰੋ ਕਹਤ ਸਹੇਲਿਯੋ ਤੁਮ ਬਾਗ ਭਧਾਰੋ!!
ਸਿੰਘ ਗੁਲਾਬ ਚਤਰ ਸਿੰਘ ਯਹ ਬਾਤ ਚਿਤਾਰੋ!!
ਘੋੜੇ ਕਾਠੀ ਪਾਏ ਕਰ ਹੁਇ ਬਹੋ ਨਿਸੰਗੇ!!
ਹਉਂ ਤੁਰਸਾਂ ਸਤਗੁਰ ਸੇਵਕੇ ਹੱਥ ਮਹਿੰਦੀ ਰੰਗੇ!!
ਸਤਗੁਰ ਨਾਮ ਧਿਆਏ ਕੇ ਇਨ ਮਹਲੋਂ ਲਹਸਾਂ!!
ਕਰਸਾਂ ਦਰਸਨ ਸਤਗੁਰਾਂ ਜੇ ਜੀਵਤ ਹਰਸਾਂ!!੧੦੭!!
ਬੋਲੀ ਜਾਂਨੋ ਰਹਮਤੀ ਹਮਰਾ ਕੀ ਹਾਲੇ!!
ਤੁਮੇਂ ਸੁਵੇਰੇ ਜਾਂਵਣਾਂ ਹਮ ਜੁਲਸਾਂ ਨਾਲੇ!!
ਲਾਇ ਮਹੱਬਤ ਜਾਵਸੋ ਹਉਂ ਮਰਸਾਂ ਹਾਵੇ!!
ਇਨਕਾ ਖਾਂਣਾ ਪੀਵਾਂ ਹਮ ਹੋਏ ਨ ਭਾਵੇ!!
ਹੈਨੀ ਸਈਯੋ ਮੇਰੀਯੋ ਹੁਣ ਮੁਸਕਲ ਹੋਈਯਾਂ!!
ਜੈਸੇ ਮਾਈ ਚੋਰ ਕੀ ਵੜ ਅੰਦਰ ਰੋਈਆਂ!!੧੦੮!!
ਪੀਰੋ ਕਹਤ ਸਹੇਲੀਯੋ ਤੁਮ ਕਾਹੇ ਰੋਸੀ!!
ਜੇਤੇ ਤੁਮਾਰੇ ਦੁਸਮਣਾਂ ਸਰਬੇ ਛੈ ਹੋਸੀ!!
ਸਤਗੁਰ ਤੁਮਰੇ ਅੰਗ ਸੰਗ ਜਬ ਯਾਦ ਕਰੈ ਸੋ!!
ਜੇਹੀ ਜਿਕਰ ਭਾਵਨਾਂ ਫਲ ਵਾਹੀ ਲੈਸੋ!!
ਗੁਰ ਕੀ ਵੋਰੇ ਏਕ ਪਗ ਧਰ ਤੁਰ ਹੈ ਕੋਈ!!
ਸਤਗੁਰ ਲੈ ਸੈਂ ਏਕ ਪਗ ਤਹ ਆਗੇ ਹੋਈ!!੧੦੯!!
ਬੋਲੀ ਜਾਂਨੋ ਰਹਮਤੀ ਹਮ ਕਹਸੀ ਬਾਤੇ!!
ਕੈਸੇ ਜਾਵੋ ਮਹਾਂਰਾਜ ਅਬ ਭਈ ਪ੍ਰਭਾਤੇ!!
ਪਹਰੇ ਜੰਦਰੇ ਮਾਰ ਕੇ ਯਹ ਪਾਂਚ ਖਲੋਏ!!
ਮੁਸਕਲ ਹੋਸੀ ਮਹਾਂਰਾਜ ਫੜ ਲੈਸੀ ਕੋਏ!!
ਜੇਕਰ ਜੀਵਤ ਜਾਵਸੀ ਸਤਗੁਰ ਕੀ ਸਰਨੀ!!
ਹਮਰੀ ਗੁਰ ਕੋ ਨਿਮਸਕਾਰ ਚਰਨੋ ਪਰ ਕਰਨੀ!!੧੧੦!!
ਪੀਰੋ ਕਹਤ ਸਹੇਲੀਯੋ ਗੁਰ ਬਡੋ ਪ੍ਰਤਾਪੇ!!
ਜੰਦ੍ਰੇ ਪਾਹਰੇ ਭੰਨ ਕੇ ਲੈ ਜਾਸੀ ਆਪੇ!!
ਸਈਯੋ ਦੋਹੇ ਮੁਮਾਰਖਾਂ ਗੁਰ ਚਰਨੀ ਜਾਵੋਂ!!
ਸਤਗੁਰ ਚਰਨੀ ਜਾਇ ਕੇ ਤੁਮ ਖਬਰ ਪੁਚਾਵੋਂ!!
ਸਤਗੁਰ ਆਗੇ ਅਰਜ ਕਰ ਤੁਮ ਆਲ ਸੁਨਾਯੇਂ!!
ਸਰਬੇ ਤੁਮਰੀ ਘਾਲਣਾ ਗੁਰ ਪਾਵੇਂ ਥਾਯੇਂ!!੧੧੧!!
ਪੀਰੋ ਤੁਰੀ ਨਿਸੰਗ ਹੋ ਗੁਰ ਨਾਂਮ ਧਿਆਏ!!
ਵਾਹੀ ਜੰਦ੍ਰੋ ਗਿਰ ਪਰੇ ਜਹ ਹਾਥ ਲਗਾਏ!!
ਪਹਰੂ ਪਾਸ ਖੜੋਤਿਆਂ ਸਭ ਬੂਹੇ ਖੋਲੇ!!
ਸਤਗੁਰ ਕੀਏ ਅੰਧਲੇ ਮੁਖ ਕੋਇ ਨ ਬੋਲੇ!!
ਨਿਕਸੀ ਵਹਰ ਹਵੇਲੀਯੋਂ ਰਵ ਭਯੋ ਪ੍ਰਕਾਸੇ!!
ਬਹੁਰੋ ਤੁਰੀ ਨਿਸੰਗ ਹੋ ਸਤਗੁਰ ਭਰਵਾਸੇ!!੧੧੨!!
ਜਾਵਤ ਤੁਰੀ ਬਾਜ਼ਾਰ ਮੋ ਕਹ ਦੀਸੇ ਨਾਹੀ!!
ਪਹਰੂ ਆਗੇ ਸਾਰ ਕੇ ਦਰਵਾਜੇ ਮਾਂਹੀ!!
ਸਤਗੁਰ ਕੇ ਪਰਤਾਪ ਤੇ ਵਹ ਆਂਸੇ ਹੋਈ!!
ਲੰਗ ਤਿਨਾਂ ਕੇ ਵੀਚ ਮੋ ਉਨ ਖਬਰ ਨਾ ਕੋਈ!!
ਸਿੰਘ ਗੁਲਾਬ ਚਤਰ ਸਿੰਘ ਤੁਹ ਵੌਰਤ ਕਾਏ!!
ਦੇਖਤ ਨਿਕਸੀ ਸਹਰ ਤੇ ਲੈ ਘੋੜਾ ਆਏ!!੧੧੩!!
ਘੋੜੇ ਉੱਪਰ ਮਹਾਂਰਾਜ ਤੁਮ ਚਢੋ ਸਿਤਾਬੀ!!
ਪਾਛੇ ਆਂਵਨ ਵਾਹਰਾਂ ਮਤ ਕਰੇ ਖਰਾਬੀ!!
ਬਾਗ ਬਿਖੇ ਮੁੜ ਆਇ ਕਰ ਯਹ ਮਤਾ ਪਕੇ ਹੈਂ!!
ਦਿਨ ਕੋ ਰਹਸਾਂ ਬਾਗ ਮੋ ਨਿਸ ਰਸਤੇ ਪੇ ਹੈਂ!!
ਸਿੰਘ ਗੁਲਾਬ ਪੁਕਾਰ ਹੈ ਤੁਮ ਬੈਠੋ ਨਾਂਹੀ!!
ਖੜਨਾ ਸਾਨੂੰ ਸਤਗੁਰਾਂ ਉਠ ਪੈਸੋ ਰਾਹੀਂ!!੧੧੪!!
ਮਾਲੀ ਆਗੇ ਫਲ ਫੂਲ ਧਰ ਕਰੀ ਸਲਾਮੇਂ!!
ਮੁੰਦ੍ਰੀ ਹਾਥ ਸੁਵਰਨ ਕੀ ਤਹ ਦਈ ਅਨਾਂਮੇ!!
ਸਤਗੁਰ ਨਾਮ ਧਿਆਇ ਕੇ ਹੁਇ ਤੁਰੇ ਨਿਸੰਗੇ!!
ਸਿੰਘ ਗੁਲਾਬ ਚਤਰ ਸਿੰਘ ਮੁਖ ਚਢਿਯੋ ਰੰਗੇ!!
ਸੱਸਤ੍ਰ ਦੋਨੋ ਪਹਨ ਕੇ ਡਰ ਸਰਬੇ ਖੋਏ!!
ਹਾਥ ਜਾਨ ਤੇ ਧੋਇ ਕਰ ਮਤਵਾਰੇ ਹੋਇ!!੧੧੫!!
ਚਾਲੋ ਮਾਈ ਸਾਹਿਬ ਜੀ ਤੁਮ ਹੋਇ ਨਿਸੰਗੇ!!
ਸਤਗੁਰ ਕੇ ਪਰਤਾਪ ਤੇ ਕੋ ਨਾਂਹ ਉਲੰਘੇ!!
ਪਾਛੇ ਖੁੱਲ੍ਹੇ ਦੇਖ ਦਰ ਸਭ ਰੋਵਤ ਧਾਂਹੀ!!
ਸੁੱਞੇ ਮੰਦਰ ਰਹਿ ਗਏ ਵਿਚ ਪੀਰੋ ਨਾਂਹੀ!!
ਜੰਦ੍ਰੇ ਉਨ ਕੇ ਤੋੜਿਯੋ ਕਹ ਭਿਤ ਖੁਲਾਏ!!
ਪਹਰੂ ਪਾਸ ਖਲੋੜਿਯੋ ਤਹ ਖਬਰ ਨਾ ਕਾਏ!!੧੧੬!!
ਜਾਗਤ ਸਰਬੇ ਸਹਰ ਕੇ ਰੁਸਨਾਈ ਹੋਈ!!
ਸਭ ਕੋ ਆਂਧੇ ਕਰ ਗਈ ਕਰ ਸੇਹਰੁ ਕੋਈ!!
ਜਾ ਰਾਤ ਸਰਬ ਸਹਰ ਕੇ ਰੁਸਨਾਈ ਕੋਈ!!
ਸਭ ਕੋ ਆਂਧੇ ਕਰ ਗਈ ਕਰ ਸੇਹਰ ਕੋਈ!!
ਸਹਰ ਵਜੀਰਾਵਾਦ ਮੇ ਪੈ ਕੂਕਾਂ ਗਈਯਾਂ!!
ਜੋਤਸ ਨੇ ਹੀ ਮਿਟਸੀ ਸਭ ਰੋਵਨ ਸਈਆਂ!!
ਰਾਂਹੀ ਭਗੋ ਪਿਆਦਿਯੋ ਅਉਜਰ ਅਸਵਾਰੋ!!
ਪੱਤਣ ਰੋਕੋ ਜਾਇ ਕਰ ਹਥ ਆਵਤ ਮਾਰੋ!!੧੧੭!!
ਮੁੜ ਕਰ ਸਿੰਘ ਗੁਲਾਬ ਨੇ ਜਬ ਦੇਖਾ ਤਾਂਹੀ!!
ਵਾਹਰ ਭਾਗੀ ਆਵਸੀ ਬਹੁ ਰਉਲਾ ਪਾਂਹੀ!!
ਤਕੜੇ ਹੋਵੇ ਚਤਰ ਸਿੰਘ ਯਹ ਆਵਤ ਭਾਗੇ!!
ਇਨ ਕੋ ਗੁਰਪਰਤਾਪ ਤੇ ਧਰ ਲੈਸਾਂ ਆਗੇ!!
ਮਰਸਾਂ ਸਤਗੁਰ ਕਾਜ ਮੋ ਜਗ ਰਹਸੀ ਬਾਤੇ!!
ਕੈ ਗੁਰ ਇਨ ਕੋ ਅੰਧ ਕਰ ਦਿਨ ਹੋਸੀ ਰਾਤੇ!!੧੧੮!!
ਆਂਧੇ ਕੀਏ ਸਤਗੁਰਾਂ ਸਭ ਫਿਰ ਹੈਂ ਬਉਰੇ!!
ਯਹ ਤਿਰ ਨਾਂਹੀ ਦੀਸ ਹੈਂ ਸਭ ਦੀਸੇਂ ਅਉਰੇ!!
ਇਨ ਕੋ ਸਰਬੇ ਭਾਸ ਹੈਂ ਵਹੁ ਫਿਰਤ ਚੁਫੈਰੇ!!
ਉਨ ਕੋ ਯਾਹ ਨ ਭਾਸ ਹੈਂ ਤਹ ਚਸਮ ਹਨੇਰੇ!!
ਆਗੇ ਪਾਛੇ ਜਾਵਸੇਂ ਬਉਰਾਂ ਨੇ ਹੋਈ!!
ਸਤਗੁਰ ਬਡੋ ਪਰਤਾਪ ਹੈ ਨ ਪੂਛੇ ਕੋਈ!!੧੧੯!!
ਰਾਵੀ ਪੱਤਣ ਆਇ ਕਰ ਉਨ ਕੀਯੋ ਡੇਰਾ!!
ਵਹੁ ਭੀ ਪੱਤਣ ਲੰਘਸੀ ਕਰ ਪਾਰੋਂ ਫੇਰਾ!!
ਰੈਂਨ ਬਸੁਰਾ ਪਾਸ ਹੀ ਕਰ ਭਏ ਤਿਆਰੇ!!
ਸਤਗੁਰ ਕੀਏ ਅੰਧਲੇ ਬੀਸੋ ਅਸਵਾਰੇ!!
ਮੂੜ ਗਏ ਵਜੀਰਾਵਾਦ ਕੋ ਕਹ ਧੁੱਖਨ ਫਾਏ!!
ਐਸੇ ਚਾਰੋ ਵੋਰ ਤੇ ਸਰਬੇ ਮੁੜ ਆਏ!!੧੨੦!!
ਸਉ ਸਉ ਕੋਸਾਂ ਢੂਡਤੇ ਹਉ ਫਿਰਯੋ ਨੱਸੇ!!
ਖੋਜ ਨ ਪਾਯੋ ਭੂਮ ਪਰ ਨ ਪੈਸੀ ਦੱਸੇ!!
ਕੈਤੋ ਵਹਿ ਪਰ ਲਾਇ ਕਰ ਉਡ ਗਈ ਅਕਾਸੇ!!
ਕੈਤੋ ਧਸੀ ਪਤਾਲ ਮੋ ਜਹੂ ਕਹ ਨ ਭਾਸੇ!!
ਕੈ ਗੁਰ ਕਾਂਮਲ ਵਾਹ ਕੋ ਲੈ ਗਈ ਉਡਾਈ!!
ਸਭ ਕੋ ਆਂਧੇ ਕਰ ਗਈ ਵਿਚ ਖੇਹ ਰਲਾਈ!!੧੨੧!!
ਸਿੰਘ ਗੁਲਾਬ ਕਹਿਤ ਭਯੋ ਉਠ ਤੁਰੋ ਸੁਵੇਰੇ!!
ਪੋਤਣ ਕੋਈ ਪਛਾਣ ਕੇ ਮਤ ਲੇਤੀ ਘੇਰੇ!!
ਸਤਗੁਰ ਨਾਮ ਧਿਆਏ ਕੇ ਹੁਇ ਤੁਰੇ ਨਿਸੰਗੇ!!
ਕੁਸਲ ਭਯੋ ਮਨ ਤੀਨ ਕੇ ਜਬ ਰਾਵੀ ਲੰਘੇ!!
ਦਾਸ ਗੁਲਾਬ ਦਿਆਲ ਗੁਰ ਹਮ ਲਯੋ ਬਚਾਏ!!
ਜੀਵਤ ਨਹ ਸੀ ਆਂਵਣਾ ਉਨ ਸਿਉਂ ਟਕਰਾਏ!!੧੨੨!!
ਦਫਾ ਕੀਏ ਮਲੇਛ ਗੁਰ ਸਭ ਆਂਧੇ ਹੋਈ!!
ਸਹਝੇ ਸਹਝੇ ਚੱਲ ਸੀ ਅਬ ਗਮੀ ਨ ਕੋਈ!!
ਚੱਠਿਆਂ ਵਾਲੇ ਆਏ ਕਰ ਗੁਰ ਦਰਸ਼ਨ ਪਾਏ!!
ਗਲ ਵਿਚ ਪੱਲੂ ਪਾਏ ਕਰ ਸਿਰ ਚਰਨੀ ਲਾਏ!!
ਆਂਦੇ ਆਏ ਆਪ ਕੇ ਹਮ ਸਕਤ ਨ ਕੋਈ!!
ਦੁਸ਼ਮਣ ਜੇਤ ਮਲੇਛ ਥੀ ਸਰਬੈ ਛੈ ਹੋਈ!!੧੨੩!!
ਸਿੰਘ ਗੁਲਾਬ ਬੋਲਿਯੋ ਅਰਜੀ ਗੁਰ ਆਗੇ!!
ਮਾਈ ਸਾਹਬ ਸਤਗੁਰੋ ਤੁਮ ਚਰਨੀ ਲਾਗੇ!!
ਤੁਰਕ ਸਜਾਂਈ ਬਹੁਤ ਕਰ ਤੁਮ ਨਾਂਮ ਛਡਾਈ!!
ਮੂਹ ਪਰ ਪਾਂਹਣਾਂ ਮਾਰ ਤਿਸ ਤੁਮ ਨਾਂਮ ਸਿਆਈ!!
ਮਨਾਵਣ ਵਾਸਤੇ ਬਹੁ ਹੋਇਆ ਕੋਡੇ!!
ਕੈਦ ਮਲੇਛਾਂ ਝੱਲੀਆਂ ਤੁਮ ਚਰਨ ਨ ਛੋਡੇ!!੧੨੪!!
ਚਤਰ ਸਿੰਘ ਕੀ ਸਾਬਤੀ ਦਿੜ ਰਾਖੀ ਵਾਲੀ!!
ਸਤਗੁਰ ਕੇ ਇਸ ਕਾਜ ਮੋ ਬਹੁ ਘਾਲਣਾ ਘਾਲੀ!!
ਸੇਵ ਵਜੀਰਾਂਵਾਦ ਮੋ ਸਿਰ ਰਾਖੀ ਲਾਈ!!
ਤਾਂਹੀ ਆਯੋ ਪਾਸ ਗੁਰ ਜਬ ਆਈ ਮਾਈ!!
ਕਾਜ ਸਵਾਰਯੋ ਆਪ ਕਾ ਤੁਮ ਆਪੇ ਵਾਲੀ!!
ਹਮਰੀ ਉਸ ਕੀ ਸਤਗੁਰੋ ਤੁਮ ਰਾਖੀ ਲਾਲੀ!!੧੨੫!!
ਚਤਰ ਸਿੰਘ ਤਬ ਬੋਲਿਯੋ ਗੁਰ ਅਪਨੇ ਆਗੇ!!
ਮਾਈ ਸਾਹਬ ਸਤਗੁਰੋ ਤੁਮ ਚਰਨੀ ਲਾਗੇ!!
ਚਰਨਾਂ ਪੀਛੇ ਆਪ ਕੇ ਬਹੁ ਸੰਕਟ ਪਾਏ!!
ਜਾਹਲ ਤੁਮਰੇ ਚਰਨ ਤੇ ਵਹੁ ਚਹਤ ਹਟਾਏ!!
ਤਿਨ ਸਿਰ ਪਾਹਨ ਮਾਰਸੀ ਹੁਇ ਲੋਹੀ ਲਾਖੀ!!
ਕਰ ਪੁਰਖਾਰਥ ਆਪ ਹੀ ਪਤ ਹਮਰੀ ਰਾਖੀ!!੧੨੬!!
ਤੁਮਰੋ ਦਾਸ ਗੁਲਾਬ ਸਿੰਘ ਬਹੁ ਦਿੜ੍ਰਤਾ ਵਾਲਾ!!
ਦੇਖੀ ਯਾਕੀ ਸਾਬਤੀ ਗੁਰ ਸਿਦਕ ਸੁਮਾਲਾ!!
ਸਤਗੁਰ ਤੁਮਰੇ ਕਾਜ ਮੋ ਕਰ ਘਾਲ ਬਤੇਰੀ!!
ਕਾਰਜ ਕੀਯੋ ਆਪ ਕੇ ਤਿਸ ਹਾਲਾ ਸੇਰੀ!!
ਯਾਹੀ ਤਿਸ ਕੀ ਭਾਵਨਾ ਸਿਰ ਚਰਨੀ ਹਾਤੇ!!
ਕਾਜ ਗੁਰਾਂ ਸਿਰ ਲਾਗ ਹੈ ਜਗ ਰਹਸੀ ਬਾਤੇ!!੧੨੭!!
ਪੀਰੋ ਕਹਸੀ ਸਤਗੁਰੋ ਤੁਮ ਸਭ ਕੇ ਸਾਖੀ!!
ਤੁਮੇਂ ਮਲੁਛ ਗੁਜਾਰਿਯੋ ਪਤ ਹਮਰੀ ਰਾਖੀ!!
ਸਿੰਘ ਗੁਲਾਬ ਚਤਰ ਸਿੰਘ ਬਹੁ ਘਾਲਣ ਘਾਲੀ!!
ਤੁਮੀ ਰਾਖੀ ਸਤਗੁਰੋ ਰਹ ਆਈ ਲਾਲੀ!!
ਸੀਸ ਤਲੀ ਪਰ ਰਾਖ ਕੇ ਹਥ ਮੰਹਦੀ ਰੰਗੇ!!
ਸਹਰ ਵਜੀਰਾਵਾਦ ਮੋ ਹੁਇ ਫਿਰੇ ਨਿਸੰਗੇ!!੧੨੮!!
ਰਣ ਮੋਂ ਬਣੇ ਮੁਕਾਬਲਾ ਯਹ ਤੇਗਾਂ ਵਾਹੇਂ!!
ਅੰਗਦ ਹਨੂੰਮਾਨ ਜਿਉ ਤੁਮ ਸੈਂਨਤ ਚਾਹੇਂ!!
ਤੁਮਾਰੇ ਊਪਰ ਸਤਗੁਰੋ ਇਨਂ ਸੀਸ ਘੁਮਾਏ!!
ਜਾਂਨਾ ਦੋਨੋ ਹੋਮ ਕਰ ਲੈ ਹਮ ਕੋ ਆਏ!!
ਪੀਰੋ ਦਾਸੀ ਆਪ ਕੀ ਯਹ ਸਾਚ ਬਿਗੋਸੀ!!
ਜੈਸੀ ਇਨ ਕੀ ਸਾਬਤੀ ਕਹ ਵਿਰਲੇ ਹੋਸੀ!!੧੨੯!!
ਪੀਰੋ ਕਹਸੀ ਸਤਗੁਰੋ ਤੁਮ ਬੇਪਰਵਾਹੇ!
ਹਮ ਕੋ ਤੁਮਰੀ ਲੋਰ ਹੈ ਤੁਮ ਕੋਇ ਨਾ ਚਾਹੇ!!
ਤੁਰਕਾਂ ਸਰਾ ਉਲੰਘ ਨੇ ਤੁਮ ਸਰਨ ਸਾਰੀ!!
ਰਾਖੋ ਆਖੇ ਨਿਕਾਸੀਏ ਇਹੋ ਰਹੀ ਤੁਮਾਰੀ!!
ਜਾਂਝ ਨ ਤੁਰਕਾਂ ਹਿੰਦੂਆਂ ਕਹ ਕਾਫਰ ਕੋਈ!!
ਤੁਮਰੇ ਬਾਝੋਂ ਸਤਗੁਰੋਂ ਹਮ ਥਾਵ ਨਾ ਕੋਈ!! ੧੩੦!!
ਪੀਰੋ ਕਹਸੀ ਸਤਗੁਰੋ ਹਉਂ ਦਰਸ ਪਿਆਸੀ!!
ਸੁਖਨ ਸੁਣੇ ਸੀ ਸਰਵਨਾਂ ਉਹ ਜਾਇ ਉਦਾਸੀ!!
ਤੁਰਕ ਸਰਾ ਮੋ ਕੈਦ ਹੈਂ ਤਿਉ ਹਿੰਦੂ ਫਾਸੇ!!
ਏਕ ਨਿਵੇਂ ਹੈ ਪੱਛਮੈ ਇਕ ਦੱਖਣ ਪਾਸੇ!!
ਏਕ ਬਿਹੱਦ ਪੁਰਖ ਕੋ ਕਰ ਹੱਦਾਂ ਮਾਂਹੀ!!
ਖੰਡਤ ਕੀਯੋ ਅਖੰਡ ਕੋ ਯਹ ਆਤੀ ਵਾਹੀ!!੧੩੧!!
ਥੋਰੀ ਜੈਸੀ ਬਾਤ ਮੋਂ ਯਹ ਫਸ ਹੈਂ ਦੋਈ!!
ਚੋਟੀ ਜੱਨੂ ਹਿੰਦਪਣਾ ਯਹ ਬਾਤ ਨ ਕੋਈ!!
ਨਾਰੀ ਕਾ ਕੀ ਕੀਜ ਹੈਂ ਤਿਸ ਦੋਨੋ ਨਾਂਹੀ!!
ਕਾਹੇ ਕੋ ਤੁਮ ਹਿੰਦ ਹੋ ਤਿਸ ਪੱਕਾ ਖਾਂਹੀਂ!!
ਹਿੰਦੂ ਬਣੇ ਬਣਾਉਤ ਕੇ ਕਰ ਕੂੜੀ ਬਾਤੇ!!
ਛੋਡ ਬਿਹੱਦੀ ਪੁਰਖ ਕੋ ਗਲ ਥੋੜੀ ਰਾਤੇ!!੧੩੨!!
ਲਿੰਙ ਮੂਛ ਕੋ ਕਾਟ ਕੇ ਯਾ ਤੁਰਕ ਬਣਾਹੀ!!
ਨਾਰੀ ਕਿਆ ਬਣਾਵਣਾ ਵਸੇਂ ਤਹ ਦੋਨੋਂ ਨਾਹੀ!!
ਮੁਸਲਮਾਨ ਨਹ ਨਾਰ ਕੋ ਕਿਉਂ ਤਾਂ ਹਰ ਲਾਵੇਂ!!
ਕਾਹੇ ਕੇ ਤੁਮ ਮੁਸਲਮਾਨ ਤਹ ਪੱਕਾ ਖਾਵੇ!!
ਤਾਂ ਤੇ ਤੁਰਨ ਬਣਾਉਣ ਕੇ ਬਣ ਬੈਠੇ ਕੱਚੇ!!
ਥੋਰੀ ਜੈਸੀ ਬਾਤ ਮੋ ਕਰ ਹਉਮੈਂ ਮੱਚੇ!!੧੩੩!!
ਪੀਰੋ ਕਹਸੀ ਸਤਗੁਰੋ ਇਕ ਲੋਕ ਨਿਕਾਰਾ!!
ਫਿਰ ਹੈ ਭੇਖ ਬਣਾਇ ਕੇ ਲੂਟਤ ਸੰਸਾਰਾ!!
ਏਕ ਬਰਾਗ ਬਣੌਤ ਕਾ ਕਰ ਯਗਤ ਦਖਾਵੇਂ!!
ਭਗਵਾ ਭੇਖ ਬਣਾਇ ਕਰ ਗਲ ਕੰਠੀ ਪਾਵੇਂ!!
ਰੁਦ੍ਰਾਸ ਗਲੇ ਮੋ ਪਾਇ ਕਰ ਸੁੱਨਯਾਸੀ ਹੋਈ!!
ਸੁਨਾਸ ਬਰਾਗ ਜਥਾਰਥੀ ਨਹੀਂ ਜਾਂਨਤ ਕੋਈ!!੧੩੪!!
ਸੇਹਲੀ ਟੋਪੀ ਪਹਨ ਕੇ ਇਕ ਭਏ ਉਦਾਸੀ!!
ਏਕ ਮਦਾਰੀ ਜੰਗਮਾਂ ਇਕ ਨਰ ਬਨਬਾਨੀ!!
ਏਕ ਅਕਾਲੀ ਨਿਰਮੁਲੇ ਇਕ ਫਿਰੇ ਦਿਵਾਨੇ!!
ਸੁਥਰੇ ਖੁਸਰੇ ਭੇਖ ਬਹੁ ਦੀਨੇ ਮਸਤਾਨੇ!!
ਨਕਲਾਂ ਭੇਖ ਬਣਾਉਣ ਤੱਕ ਲਗ ਕੂੜੀ ਬਾਤੇਂ!!
ਪਾਇਨ ਭੇਖ ਅਲੇਪ ਕੋ ਸਭ ਭੇਖੀ ਰਾਤੇਂ!!੧੩੫!!
ਬਣਿਯੋ ਸਿੱਖ ਬਣੌਤ ਕੇ ਲਕ ਕੱਛਾਂ ਪਾਈ!!
ਸਿੱØਖਿਆ ਸਿੱਖੀ ਛੋਡ ਕੇ ਤਹ ਬਣਤ ਬਣਾਈ!!
ਪਾਹਲ ਛੋਡ ਅਖੰਡ ਕੋ ਖੰਡੇ ਕੀ ਦੇਸੇਂ!!
ਨਾਰੀ ਕੱਛ ਨ ਪਹੁਲੇ ਤਿਸ ਕਾਇ ਕਰੇਸੇਂ
ਵਾਹਿਗੁਰੂ ਗੁਰ ਧੰਨ ਹੈਂ ਪਰਮੇਸਰ ਵਾਹੀ!!
ਤਾਂ ਕੋ ਭੇਖ ਨ ਪੰਥ ਹੈਂ ਸਭ ਸਾਂਝੇ ਆਈਂ!!੧੩੬!!
ਪੀਰੋ ਕਹਸੀ ਸਤਗੁਰੋ ਸਭ ਰਉਲੇ ਮਾਹੀਂ!!
ਸਾਖਾਂ ਦਲ ਕੋ ਸੀਚ ਹੈਂ ਸਭ ਮੂਲ ਭੁਲਾਂਹੀ!!
ਦੇਵਲ ਮੜੀਆਂ ਪੂਜ ਹੈ ਇਕ ਗੌਰ ਮਸੀਤਾਂ!!
ਅੰਤਰ ਦੁਨੀਆ ਭਾਵ ਹੈ ਕਰ ਖੋਟੀ ਨੀਤਾਂ!!
ਕਰਹੈਂ ਅਖੰਡ ਕੋ ਯਹ ਆਤਮਘਾਤੀ!!
ਕੁਲ ਆਲਮ ਹੱਕ ਮਜੂਦ ਕੋ ਇਨ ਕੀਯੋ ਹਯਾਤੀ!!੧੩੭!!
ਪੀਰੋ ਕਹਸੀ ਸਤਗੁਰੋ ਤੁਮ ਪਰ ਉਪਕਾਰੀ!!
ਦੇਸ ਪਰੇਮ ਉਧਾਹਰੋ ਕੀ ਪੁਰਖਾਂ ਨਾਰੀ!!
ਊਚ ਨੀਚ ਨਹੀਂ ਦੇਖ ਹੋ ਤੁਮ ਪ੍ਰੇਮ ਪਿਆਰੇ!!
ਆਏ ਸਰਨ ਮੋ ਤੁਮ ਸਹਝ ਉਧਾਰੇ!!
ਅਉਗਣ ਹਾਰੀ ਸਤਗੁਰੋਂ ਹਉ ਸੂਦਰ ਨਾਰੀ!!
ਗਹਣੇ ਚੀਜੇ ਸਰਨ ਮੋ ਤੁਮ ਜੋਰੇ ਝਾਰੀ!!੧੪੮!!
ਪੀਰੋ ਕਹਸੀ ਸਤਗੁਰੋ ਹਉ ਮੁਸਕਲ ਹੋਈ!!
ਨੇਰੇ ਕਹਸੇ ਸਾਹ ਰਗੋਂ ਹਮ ਖਬਰ ਨਾ ਕੋਈ!!
ਪੂਛੋ ਸਦ ਮੁਲਾਣਿਆਂ ਵਹੁ ਜਿਕਰ ਬਤਾਵੇਂ!!
ਫਿਰ ਕਰਸੇਂ ਕਵਨ ਬਨਾਇ ਹੈ ਤਹ ਸੀਸ ਹਲਾਵੇਂ!!
ਖੋਜ ਸਰਬ ਕੁਰਾਨ ਜੋ ਮੈਂ ਫਿਰ ਖਲੀ ਰਹਸੇਂ!!
ਜੇ ਕੋ ਕਹੇ ਮਜੂਦ ਹੈ ਤਹ ਸੇਤੀ ਬਹਸੇਂ!!੧੩੯!!
ਜੇ ਕੋ ਨਸੇਤ ਕਹਤ ਹੈ ਤਹ ਖੱਲ ਲਹੇਸੇਂ!!
ਜੇ ਕੋ ਕਹਸੀ ਅਨਲਹੱਕ ਸਰਦਾਰ ਕਰੇਸੇਂ!!
ਤਾਂਤੇ ਬੜੋ ਅਚਰਜ ਹੈ ਯਹ ਮੁੱਖ ਮੁਲਾਂਣੇ!!
ਭੰਬਲ ਭੂਸੇ ਅਚਰਜ ਹੈ ਸਭ ਮਾਂਹ ਕੁਰਾਂਣੇ!!
ਤੁਮਕੀ ਸਰਨੇ ਸਤਗੁਰੋ ਕਛੁ ਹੋਇ ਸਹਾਰਾ!!
ਰਾਖੇ ਜੋਰੇ ਝਾਰ ਸਾਂ ਤੁਮਰੇ ਦਰਬਾਰੇ!!੧੪੦!!
ਅਰਧ ਸਰੀਰੀ ਸਕਤ ਜੀ ਤੁਮ ਆਪ ਪਾਈ!!
ਬਹੁਰੋ ਸੇਵਾ ਵਾਸਤੇ ਤੁਮ ਚਰਨੀ ਲਾਈ!!
ਬ੍ਰਹਮਾਂਣੀ ਬਰਹਮਾ ਹੋਇ ਕਰ ਤੁਮ ਸੇਵ ਲਗੋਈ!!
ਤੁਮ ਤੇ ਹੋਇ ਕਰ ਲਛਮੀ ਤੁਮ ਚਰਨ ਮਲੋਈ!!
ਪਾਰਬਤੀ ਸ਼ਿਵ ਹੋਇ ਕਰ ਤੁਮ ਸੇਵ ਲਗਾਈ!!
ਸ਼ੀਆ ਸਕਤੀ ਰਾਂਮ ਹੋਇ ਤੁਮ ਚਰਨੀ ਲਾਈ!!੧੪੧!!
ਰਾਧੇ ਰਾਖੀ ਸਰਨ ਮੋ ਤੁਮ ਕਿਸਨ ਬਲਾਸੀ!!
ਔਰ ਅਰੈਂਣ ਕਸੈਂਣੀ ਕਰ ਰਾਖੀ ਦਾਸੀ!!
ਨਾਨਕ ਸਾਹ ਮਝੌਤ ਕੋ ਨਿਜ ਚਰਨੀ ਲਾਯੋ!!
ਚਰਚਾ ਤੋਰਨ ਵਾਸਤੇ ਭਾਣਾ ਵਰਤਾਯੋ!!
ਨਿੰਦ ਸਾਰੀ ਜਗਤ ਕੀ ਤੁਮ ਨੀਚ ਉਧਾਰੇ!!
ਸਰਨੀ ਆਜਤ ਰਾਖਿਯੋ ਅਪਮਾਨ ਸਹਾਰੇ!!੧੪੨!!
ਪੀਰੋ ਕਹਸੀ ਸਤਗੁਰੋ ਹਉ ਸਰਨ ਤੁਮਾਰੀ!!
ਭਵਜਲ ਆਈ ਦੇਖ ਕੇ ਹਉਂ!!
ਝਾਲੂ ਕੋਇ ਨ ਮੈਡੜਾ ਕੁਲ ਆਲਮ ਮਾਂਹੀ!!
ਤੁਮ ਭੀ ਕਾਢੋ ਸਤਗੁਰੋਂ ਹਉਂ ਕੈਵਲ ਜਾਂਹੀ!!
ਰਾਖੋ ਜੋਰੁ ਝਾਰਸਾਂ ਪਗ ਧੋਣ ਪੀਵੋ!!
ਤੁਮਰੇ ਬਾਝੋ ਸਤਗੁਰੋ ਹਉਂ ਘਰੀ ਨ ਜੀਵੋਂ!!੧੪੩!!
ਤੁਮਰੇ ਜੈਸਾ ਸਤਗੁਰੋ ਹਮ ਕੋਇ ਨ ਆਹੇ!!
ਹਮਸੇਂ ਤੁਮ ਕੋ ਬਹੁਤ ਹੈਂ ਤੁਮ ਬੇਪਰਵਾਹੇ!!
ਖੋਲ ਕੁਵਾਰੇ ਜਿਕਰ ਕੇ ਤੁਮ ਦਯੋ ਹਮਾਰੇ!!
ਹੱਕ ਮਜੂਦ ਦਿਖਾਲਿਯੋ ਕੁਝ ਆਲਮ ਯਾਰੇ!!
ਜਾਗ੍ਰਤ ਖਾਬ ਖਿਆਲ ਜਿਉਂ ਸਰਬੇ ਬ੍ਰਹਮੰਡੇ!!
ਬਟਕ ਤੁਖਮ ਕੋ ਰੂਪ ਜਿਉਂ ਹਉਂ ਸਰਬ ਅਖੰਡੇ!!੧੪੪!!
ਆਪ ਉਜਾਗਰ ਸਤਗੁਰੋ ਤਮ ਚਉਦਾਸ ਲੋਈ!!
ਪੀਰੋ ਚਰਨੀ ਆਇ ਕਰ ਉਜਾਗਰ ਹੋਈ!!
ਜਿਵੇਂ ਉਜਾਗਰ ਰਾਹ ਕੇਤ ਰਵ ਚੰਦਰ ਛਾਏ!!
ਨੀਚ ਉਜਾਗਰ ਸਤਗੁਰੋ ਤੁਮ ਚਰਨੀ ਲਾਏ!!
ਹਮਸੇਂ ਜੀਵ ਅਨੇਕ ਹੈਂ ਹਮ ਕੌਨ ਵਿਚਾਰੇ!!
ਰੋਸਨ ਤੁਮਰੇ ਤੇ ਹਮ ਜੀਵ ਨਿਕਾਰੇ!!੧੪੫!!
ਪੀਰੋ ਚਾਹੇ ਸਤਗੁਰੋ ਚਰਨੋ ਕੀ ਧੂਰੇ!!
ਯਕ ਅਰਜ ਗੁਫਤਮ ਪੇਸਤੋ ਦਰ ਰਾਖ ਹਜੂਰੇ!!
ਦਰ ਨਜਰ ਲੈ ਕਰ ਪਾਕ ਜੀ ਫਰਜੰਦ ਤੁਮਾਰੇ!!
ਜਾਮਾਂ ਜਉਨ ਨਿਪਾਕ ਹੈ ਗਜਰਾਨ ਪਛਾਰੇ!!
ਹਰਦੀਦ ਕਹਤ ਫਨਾਹੁ ਹੈ ਕਹ ਕਰੇ ਯਕੀਨਾਂ!!
ਖੋਲੋ ਚਸਮਾ ਜਿਕਰ ਕੀ ਹਰ ਦਰਸਨ ਚੀਨਾ!!੧੪੬!!
ਗੁਫਤ ਆਰਫ ਸੁਖਨ ਕੋ ਦਰਗੋਸ ਕਹੀ ਜੇ!!
ਖਾਬ ਖਿਆਲ ਮਬੂਬ ਤਿਉਂ ਹਰ ਤਰਫ ਦਾਖੀਜੇ!!
ਸਰਬੇ ਹੱਕ ਮਜੂਦ ਹੈ ਯਹ ਦਹਦਿਸ ਤਰਫੇ!!
ਅਨਲ ਹੱਕ ਤੁਮ ਰਸਨ ਤੇ ਯਹ ਬੋਲੋ ਹਰਫੇ!!
ਬਟਕ ਤੁਖਮ ਕੋ ਰੂਪ ਜਿਉਂ ਯਹ ਸਰਬੇ ਸੋਈ!!
ਸੋਈ ਆਪ ਪਛਾਨ ਕੋ ਹਰ ਹਾਲੇ ਹੋਈ!!੧੪੭!!
ਏਕ ਸਰੀਰ ਅਨਾਤਮਾਂ ਆਤਮ ਬ੍ਰਹਮੰਡੇ!!
ਸਰਬੇ ਤੁਹੀਂ ਪ੍ਰਮਾਤਮਾ ਇਕ ਵਸਤ ਅਖੰਡੇ!!
ਦੂਰ ਨੇਰ ਤੇ ਰਹਤ ਤੁਮ ਸਰਬੇ ਭਰਪੂਰੇ!!
ਦੇਹੀ ਅੰਗ ਪਛਾਨ ਜਿਉਂ ਕੀ ਨੇਰੇ ਦੂਰੇ!!
ਆਲਮ ਕੁਝ ਕਲੋਲ ਤੁਮ ਕਰੇਂ ਅਨੇਕਾਂ!!
ਦੇਹੀ ਅਗ ਬਿਹਾਰ ਜਿਉਂ ਕਰ ਦੇਖ ਬਬੇਕਾਂ!!੧੪੮!!
ਥਾਵਰ ਜੰਗਮ ਆਦਲੌਂ ਕੁਲ ਆਲਮ ਸੋਈ!!
ਸੋਈ ਆਪ ਪਛਾਨ ਕੇ ਮਤਵਾਰੀ ਹੋਈ!!
ਬਿਰਖਾ ਬਨਾ ਅਕਾਸ ਜਿਉਂ ਇਕ ਮਹਾਂ ਅਕਾਸੇ!!
ਈਸਰ ਜੀਵ ਨਿਰੰਤਰੇ ਤਿਉਂ ਚੇਤਨ ਭਾਸੇ!!
ਸਤਗੁਰ ਤੁਮਰੀ ਮਿਹਰ ਤੇ, ਅਬ ਭਰਮ ਨ ਕੋਈ!!
ਸੋਹੰ ਸਰਬ ਪਛਾਨ ਕੇ ਮਸਤਾਨੀ ਹੋਈ!!੧੪੯!!
ਨਾ ਮੈਂ ਮੁਸਲਮਾਂਨਣੀ ਨਾ ਹਿੰਦੂ ਹੋਸਾਂ!!
ਨਾ ਮੈਂ ਬਰਨ ਆਸਰਮ ਮੋ ਨਾ ਭੇਖ ਲਗੋਸਾਂ!!
ਹਮਰੇ ਲਾਜ ਨ ਕੁਲ ਕੀ ਕਛੁ ਲੋਕ ਨ ਲਾਜੇ!!
ਰਾਜ ਨ ਬੇਦ ਕਤੇ ਕੀ ਕੋ ਪੰਥ ਨ ਸਾਜੇ!!
ਨਹੀਂ ਮਹੰਮਦਆਂਣ ਕੋ ਨਾ ਬ੍ਰਹਮੇਆਂਣੇ!!
ਸਰਵਰਣ ਸੁਨਿਯੋਂ ਤਾਂਹ ਕੇ ਕਛੁ ਨਾਂਹ ਪਛਾਣੇ!!੧੫੦!!
ਦਾਸ ਗੁਲਾਬ ਮਜੂਦ ਹੈਂ ਸਤਗੁਰ ਅਬਨਾਸੀ!!
ਪੀਰੋ ਨੈਨ ਨਿਹਾਰ ਕੇ ਤਹ ਹੋਈ ਦਾਸੀ!!
ਤੁਰਕਾਂ ਗੁਣ ਨਾ ਦੇਖਿਆ ਨਾ ਹਿੰਦੂ ਕੋਈ!!
ਕਰਮ ਕਰੇਸੇਂ ਪੁੱਛ ਕੇ ਤਹੁ ਕੂਟੇਂ ਦੋਈ!!
ਸਤਗੁਰ ਤੋਂ ਨਿਰਪੱਛ ਹੈਂ ਪਰਮੇਸਰ ਆਪੇ!!
ਸਾਂਝੇ ਤੁਰਕਾਂ ਹਿੰਦੂਆਂ ਗੁਣ ਤਾਂਹ ਅਥਾਹੇ!!੧੫੧!!
ਕਾਜੀ ਈਂਨ ਕੁਰਾਨ ਕੀ ਸਭ ਤੁਰਕ ਫਸਾਏ!!
ਹਿੰਦੂ ਘੇਰੇ ਪੰਡਤਾਂ ਪੜ ਬੇਦ ਸੁਨਾਏ!!
ਤੁਰਕ ਹਠਾੜੂ ਕਾਜੀਆਂ ਕੋ ਉੁਬਰੇ ਨਾਹੀਂ!!
ਹਿੰਦੂਆਂ ਸੇ ਪੰਡਤਾਂ ਕਰ ਲੂਟਿਯੋ ਵਾਂਹੀ!!
ਖੂਟੇ ਬੇਦ ਕਤੇਬ ਮੋ ਸਭ ਬਾਧ ਬਠਾਏ!!
ਰੱਸੇ ਧਰਮ ਈਮਾਨ ਕੇ ਗਲ ਤਕੜੇ ਪਾਏ!!੧੫੨!!
ਤੁਰਕ ਹਿੰਦ ਦੁਇ ਬੈਲ ਸੇ ਪਿਠ ਬੋਰੀ ਈਨੇ!!
ਕੈ ਵਲ ਜਾਸੇ ਬਾਵਰੇ ਹੁਇ ਪਰਾਅਧੀਨੇ!!
ਰੋਕੇ ਰਹਤ ਨਬੇਨਿਵਾਂ ਇਨ ਪੱਛੋਂ ਮਾਂਹੀ!!
ਤੁਰਕ ਹਿੰਦ ਕੇ ਬਾਦ ਮੋ ਵਹੁ ਪਰਤੇ ਨਾਂਹੀ!!
ਕਾਹੂ ਭੇਖ ਨ ਪੰਥ ਮੋ ਗੁਰ ਬੇਪਰਵਾਹੇ!!
ਪੀਰੋ ਤਾਂ ਕੀ ਦਾਸ ਹੈ ਜੋ ਐਸੇ ਆਹੇ!!੧੫੩!!
ਬੈਠੇ ਦੈਰੇ ਧਰਮਸਾਲ ਇਕ ਫਾਹੀ ਅੱਡੀ!!
ਕਰਤ ਗੁਲਾਮੀ ਜਗਤ ਕੀ ਹਥ ਬੈਠੇ ਟੱਡੀ!!
ਲੋਕ ਦਿਖਾਵਾ ਹਾਥ ਮੋ ਲੈ ਫੇਰੇਂ ਤਸਬੀ!!
ਮਸਲੇ ਕਰਤ ਕੁਰਾਨ ਨੇ ਨਿਜ ਗਾਉਕੇ ਕਸਬੀ!!
ਲੋਕਾਂ ਆਵਤ ਦੇਖ ਕੇ ਫੜ ਬੈਠੇ ਮਾਲੇ!!
ਪੜਤ ਸੁਣਾਵੇਂ ਸਾਖੀਆਂ ਨਿਜ ਗਉ ਕੀ ਸਾਲੇ!!੧੫੪!!
ਅਸਲੀ ਕੋਇ ਨ ਨਸਲ ਹੈਂ ਸਭ ਭੇਖਾਂ ਵਾਲੇ!!
ਰੋਟੀ ਲੀੜੇ ਵਾਸਤੇ ਮੁਖ ਕਰ ਹੈਂ ਕਾਲੇ!!
ਦਾਗਲ ਸਭ ਸੰਸਾਰ ਹੈ ਬਿਨ ਦਾਗਾ ਕੋਈ!!
ਸਤਗੁਰ ਏਕ ਨਿਦਾਗ ਹੈ ਪਰਮੇਸਰ ਸੋਈ!!
ਕਾਂਹੂ ਨਾਲ ਨ ਦੋਸਤੀ ਨਾ ਕਾਂਹੂ ਵੈਰੇ!!
ਨਾ ਕੋਈ ਪਾਈ ਧਰਮਸਾਲ ਨਾ ਬਾਂਧੇ ਦੈਰੇ!!੧੪੫!!
ਸਤਗੁਰ ਏਕ ਅਪੱਛ ਹੈਂ ਤਾਂ ਭੇਖ ਨ ਕੋਈ!!
ਸਾਂਝੇ ਹੈਂ ਵਹੁ ਸਰਬ ਕੇ ਪੁਨ ਸਬਰੇ ਹੋਈ!!
ਆਪੇ ਉਤਪਤ ਕਰਤ ਹੈਂ ਆਪੇ ਪ੍ਰਿਤਪਾਲੇ!!
ਆਪੇ ਪਰਲੋ ਕਰਤ ਹੈ ਇਕ ਛਿਨ ਮੋ ਗਾਲੇ!!
ਕੇਵਲ ਪਰਉਪਕਾਰ ਕੋ ਗੁਰ ਜਨਮੇਂ ਲੇਈ!!
ਜੇਸੀ ਜਾ ਕੀ ਭਾਵਨਾ ਫਲ ਤੇਸੋ ਦੇਈ!!੧੫੬!!
ਘੋਲ ਘੁਮਾਈ ਸਤਗੁਰਾਂ ਹਉ ਬਾਰੰਬਾਰੇ!!
ਹਮਸੇ ਜੀਵ ਅਨੇਕ ਗੁਰ ਭਵ ਪਾਰ ਉਤਾਰੇ!!
ਯਹ ਗੁਣ ਹਮ ਕੋ ਕਹਾਂ ਥੀ ਹਉ ਸੂਦਰ ਨਾਰੀ!!
ਨਿੰਦ ਸਹਾਰੀ ਜਗਤ ਕੀ ਗੁਰ ਪਰਉਪਕਾਰੀ!!
ਸਰਨੀ ਲਾਈ ਸਤਗੁਰਾਂ ਦਰ ਪਾਕ ਪਲੀਤੋਂ!!
ਕੇਵਲ ਪਰਉਪਕਾਰ ਕਰ ਨਾ ਆਉਰੀ ਨੀਤੋਂ!!੧੫੭!!
ਜੇ ਕੋ ਅਉਰੇ ਨੀਤ ਕਰ ਹਮ ਗੁਰਾਂ ਅਰੋਪੇ!!
ਬਾਤ ਕਰੇ ਅਣਹੋਵਤੀ ਤਹ ਨਾਮ ਅਲੋਪੇ!!
ਪਾਕਾਂ ਨਜਰ ਪਲੀਤ ਕੀ ਕਰ ਦੇਖੇ ਕੋਈ!!
ਨਿਗੁਰਾ ਦੋਸੀ ਸੰਤ ਕਾ ਤਹ ਕਿਤੇ ਨ ਢੋਈ!!
ਸੰਤ ਪਰਮੇਸਰ ਆਪ ਹੈਂ ਤਹ ਲੋਰ ਨ ਕਾਈ!!
ਸਭਨੀ ਬਾਤ ਪ੍ਰਜੋਗ ਕਰ ਚਰਚਾ ਕਰਵਾਈ!!੧੫੮!!
ਕਿਰਿਆ ਕਰੜੀ ਸੰਤ ਕਰ ਤਹ ਛਪਿਯੋ ਰਹਸੇਂ!!
ਕਿਰਿਆ ਸਰਬੇ ਦੇਖ ਹੈਂ ਕੋ ਮਤ ਨ ਲਹਸੇਂ!!
ਬਾਹਰ ਗਜ ਕੇ ਦਾਂਤ ਜਿਉਂ ਦੇਖਤ ਸਭ ਕੋਈ!!
ਭੀਤਰ ਖਾਂਵਨਹਾਰਯੋਂ ਨਾ ਕੋਇ ਲਖੋਈ!!
ਜਗਤ ਹਟਾਵਨਕਾਰਨੇ ਕਿਰਿਆ ਪਲਟਾਵੇਂ!!
ਗੁਰਮੁਖ ਥਿਰ ਹੈਂ ਦੇਖ ਕੇ ਮਨਮੁਖ ਮੁਰਝਾਵੇਂ!!੧੫੯!!
ਗੁਰ ਕੋ ਬਡੋ ਪਰਤਾਪ ਹੈ ਬ੍ਰਹਮਾਦ ਡਰੇ ਸੇਂ!!
ਨਜਰ ਉੱਰੀ ਜਹ ਤਹ ਗਰਕ ਕਰੇ ਸੇਂ!!
ਕਿਰਪਾ ਕਰ ਹੈਂ ਜੀ ਉਨ ਪਰ ਤਹ ਖੋਲ ਕੁਵਾਰੇ!!
ਦਸੋ ਵੋਰ ਨਿਜ ਦੇਖ ਹੈ ਵਹੁ ਹਰ ਪਰਕਾਰੇ!!
ਸਤਗੁਰ ਦਾਸ ਗੁਲਾਬ ਹੈ ਜਹ ਸਰਬ ਪਰਕਾਸੇ!!
ਪੀਰੋ ਰਹੇ ਹਜੂਰ ਤਹ ਚਰਨਾਂ ਦੀ ਦਾਸੇ!!੧੬੦!!