ਸਾਲ 2006 ਲਈ ਸਾਹਿਤ ਦਾ ਨੋਬੇਲ ਇਨਾਮ ਤੁਰਕੀ ਦੇ ਲੇਖਕ ਓਰਹਾਨ ਪਾਮੁਕ ਨੂੰ ਦੇਣ ਦਾ ਫ਼ੈਸਲਾ ਹੋਇਆ। ਭਾਵੇਂ ਤੁਰਕਸਤਾਨ ਨੇ ਨਾਜ਼ਮ ਹਿਕਮਤ ਵਰਗੇ ਵੱਡੇ ਲੇਖਕ ਵੀ ਪੈਦਾ ਕੀਤੇ ਹਨ, ਪਰ ਪਾਮੁਕ ਏਸ ਬੋਲੀ ਦਾ ਪਹਿਲਾ ਨੋਬੇਲ ਵਿਜੇਤਾ ਹੈ। ਏਸ ਫ਼ੈਸਲੇ ਨਾਲ਼ ਅੱਧੇ ਤੁਰਕਸਤਾਨ ਨੂੰ ਖ਼ੁਸ਼ੀ ਵੀ ਨਾ ਹੋਈ, ਕਿੳਂੁਕਿ ਪਾਮੁਕ ਮੁਸਲਮਾਨ ਹੋਣ ਦੇ ਬਾਵਜੂਦ ਖੁੱਲ੍ਹਖ਼ਿਆਲੀਆ ਹੈ। ਉਹ ਸਲਮਨ ਰਸ਼ਦੀ ਦੇ ਫ਼ਤਵੇ ਦੇ ਖ਼ਿਲਾਫ਼ ਬੋਲਿਆ ਸੀ। ਕੱਟੜਪੰਥੀ ਉਹਦੇ ਖ਼ਿਲਾਫ਼ ਮੁਜ਼ਾਹਿਰੇ ਕਰਦੇ ਹਨ। ਉਹ 1952 ਵਿਚ ਪੈਦਾ ਹੋਇਆ ਤੇ 1982 ਵਿਚ ਉਹਨੇ ਅਪਣਾ ਪਹਿਲਾ ਨਾਵਲ ਲਿਖਿਆ ਸੀ। ਉਹਦੇ ਅਗਲੇ ਨਾਵਲ 'ਚਿੱਟਾ ਕਿਲ੍ਹਾ’ ਅਤੇ 'ਸਿਆਹ ਕਿਤਾਬ’ ਕਈਆਂ ਜ਼ਬਾਨਾਂ ਵਿਚ ਛਪੇ। ਸੰਨ 2002 ਵਿਚ ਛਪੇ ਅਪਣੇ ਨਾਵਲ 'ਬਰਫ਼’ ਵਿਚ ਉਹ ਪੂਰਬੀ ਤੇ ਪੱਛਮੀ ਸਭਿਅਤਾ ਦੇ ਦੋਮੇਲ ਦੀ ਗੱਲ ਕਰਦਾ ਹੈ। ਲਿਖਣਾ ਉਹਦੇ ਲਈ ਕੀ ਹੈ, ਇਹਦੀ ਗੱਲ ਉਹਨੇ ਹੁਣੇ ਛਪੇ ਲੇਖ ਵਿਚ ਕੀਤੀ ਹੈ, ਜਿਹਦਾ ਸਾਰ ਅਸੀਂ ਅਗਲੇ ਪੰਨੇ 'ਤੇ ਦੇ ਰਹੇ ਹਾਂ। -ਸੰਪਾਦਕ
ਮੇਰੀ ਅਦਬੀ ਉਮਰ ਤੀਹਾਂ ਦੀ ਹੋ ਗਈ ਹੈ। ਮੈਂ ਤੀਹ ਸਾਲਾਂ ਤੋਂ ਲਿਖਦਾ ਆ ਰਿਹਾ ਹਾਂ; ਬਹੁਤਾ ਚਿਰ ਨਾਵਲ। ਨਾਵਲ ਲਿਖਣਾ ਮੈਂ ਅਪਣਾ ਅਦਬੀ ਕਿੱਤਾ ਮੰਨਦਾ ਹਾਂ। ਕਦੀ-ਕਦਾਈਂ ਲੇਖ, ਆਲੋਚਨਾ ਅਤੇ ਅਪਣੇ ਸ਼ਹਿਰ ਇਸਤਮਬੋਲ ਤੇ ਇਹਦੀ ਸਿਆਸਤ ਬਾਰੇ ਟਿਪਣੀਆਂ ਵੀ ਕਲਮ ਦੀ ਨੋਕ ‘ਤੇ ਆ ਜਾਂਦੀਆਂ ਹਨ। ਬਹੁਤ ਲੇਖਕ ਹਨ, ਜੋ ਪੰਜਾਹ-ਪੰਜਾਹ ਸਾਲ ਵੀ ਲਿਖਦੇ ਰਹੇ। ਫੇਰ ਬਹੁਤ ਵੱਡੇ ਲੇਖਕ ਵੀ ਹਨ; ਜਿਵੇਂ ਤਾਲਸਤਾਏ, ਦੋਸਤੋਵਸਕੀ, ਟਾਮਸ ਮਾਨ, ਜਿਨ੍ਹਾਂ ਨੇ ਅੱਧੀ-ਅੱਧੀ ਸਦੀ ਕਲਮ ਦੀ ਮਜ਼ਦੂਰੀ ਕੀਤੀ।
ਖ਼ੁਸ਼ ਰਹਿਣ ਲਈ ਮੈਨੂੰ ਸਾਹਿਤ ਦੀ ਇਵੇਂ ਹੀ ਲੋੜ ਹੈ ਜਿਵੇਂ ਕਿਸੇ ਮਰੀਜ਼L ਨੂੰ ਦਵਾਈ ਦੇ ਚਮਚੇ ਦੀ। ਬਚਪਨ ਵਿਚ ਜਦੋਂ ਮੈਨੂੰ ਪਤਾ ਲੱਗਾ ਕਿ ਕਈਆਂ ਨੂੰ ਹਰ ਰੋਜ਼ ਟੀਕੇ ਦੀ ਵੀ ਲੋੜ ਪੈਂਦੀ ਹੈ, ਤਾਂ ਮੈਂ ਉਦਾਸ ਹੋਇਆ। ਮੈਂ ਸੋਚਿਆ ਉਹ ਤਾਂ ਅੱਧੇ ਮਰੇ ਹੋਏ ਹਨ। ਹੁਣ ਮੈਨੂੰ ਲਗਦਾ ਹੈ ਕਿ ਮੈਂ ਸਾਹਿਤ ਬਿਨਾਂ ਅੱਧਾ ਮਰਿਆ ਹੋਇਆ ਹਾਂ। ਕਦੀ ਤਾਂ ਇਉਂ ਵੀ ਲੱਗਿਆ ਹੈ ਕਿ ਮੈਂ ਸਾਰਾ ਹੀ ਮਰਿਆ ਹੋਇਆ ਹਾਂ ਤੇ ਸਾਹਿਤ ਹੀ ਮੇਰੇ ਵਿਚ ਜਾਨ ਭਰਦਾ ਹੈ, ਪਰ ਲੋੜ ਇਹ ਹੈ ਕਿ ਇਹਦਾ ਕੋਈ ਮਿਆਰ ਜ਼ਰੂਰ ਹੋਵੇ ।
ਨਾਵਲ ਦੇ ਕਿਸੇ ਪੈਰੇ ਵਿਚ ਡੂੰਘਾ ਉਤਰਕੇ ਅਨੋਖੀ ਦੁਨੀਆ ਵਿਚ ਚਲੇ ਜਾਣਾ ਤੇ ਉਸੇ ਨੂੰ ਸੱਚ ਮੰਨਣ ਵਰਗੀ ਖ਼ੁਸ਼ੀ ਕੋਈ ਨਹੀਂ ਹੁੰਦੀ। ਜੇ ਉਹਦਾ ਲੇਖਕ ਹੁਣ ਸੰਸਾਰ ਵਿਚ ਨਾ ਹੋਵੇ, ਤਾਂ ਹੋਰ ਵੀ ਚੰਗਾ; ਕਿਉਂਕਿ ਈਰਖਾ ਵੀ ਨਹੀਂ ਹੁੰਦੀ। ਮੈਂ ਜਿਉਂ-ਜਿਉਂ ਬੁੱਢਾ ਹੋ ਰਿਹਾ ਹਾਂ, ਇਹ ਯਕੀਨ ਹੋਰ ਪੱਕਾ ਹੁੰਦਾ ਜਾਂਦਾ ਹੈ ਕਿ ਵਧੀਆ ਕਿਤਾਬਾਂ ਉਹੀ ਹੁੰਦੀਆਂ ਹਨ, ਜਿਨ੍ਹਾਂ ਦੇ ਲੇਖਕ ਮਰ ਚੁੱਕੇ ਹਨ ।
ਚੰਗੀ ਲਿਖਤ ਦਾ ਅੱਧਾ ਕੁ ਸਫ਼ਾ ਰੋਜ਼ ਲਿਖਿਆ ਜਾਵੇ, ਤਾਂ ਮੈਂ ਪ੍ਰਸੰਨ ਹੋ ਜਾਂਦਾ ਹਾਂ। ਤੀਹ ਸਾਲਾਂ ਤੋਂ ਮੈਂ ਔਸਤਨ ਦਸ ਘੰਟੇ ਇਕੱਲਿਆਂ ਅਪਣੇ ਮੇਜ਼ ‘ਤੇ ਬੈਠਿਆਂ ਬਿਤਾਏ ਹਨ। ਜੇ ਚੰਗੀ ਛਪ ਜਾਣ ਵਾਲ਼ੀ ਲਿਖਤ ਹੀ ਗਿਣੀ ਜਾਵੇ, ਤਾਂ ਮੇਰਾ ਤਾਂ ਰੋਜ਼ ਦਾ ਅੱਧਾ ਸਫ਼ਾ ਵੀ ਪੂਰਾ ਨਹੀਂ ਹੁੰਦਾ। ਕਈ ਵਾਰੀ ਤਾਂ ਮੇਰਾ ਅਪਣਾ ਲਿਖਿਆ ਮੈਨੂੰ ਆਪ ਹੀ ਪਸੰਦ ਨਹੀਂ ਹੁੰਦਾ। ਫੇਰ ਬੜੀ ਉਦਾਸੀ ਹੁੰਦੀ ਹੈ। ਉਹ ਦਿਨ ਔਖੇ ਲੰਘਦੇ ਹਨ, ਜਦੋਂ ਲਿਖਿਆ ਨਾ ਜਾਵੇ। ਉਦੋਂ ਜੇ ਇਕ ਅੱਧਾ ਸਫ਼ਾ ਪੜ੍ਹਨ ਨੂੰ ਮਿਲ਼ ਜਾਵੇ, ਤਾਂ ਬਚ ਜਾਈਦਾ ਹੈ।
ਨਾ ਲਿਖਿਆ ਜਾਵੇ, ਤਾਂ ਮੇਰੀ ਦੁਨੀਆ ਢਹਿਣ ਲਗਦੀ ਹੈ। ਇਹਦਾ ਪਤਾ ਸਭ ਤੋਂ ਪਹਿਲਾਂ ਮੇਰੀ ਧੀ ਨੂੰ ਲਗਦਾ ਹੈ, ਜਦੋਂ ਉਹ ਮੇਰੇ ਉਦਾਸ ਚਿਹਰੇ ਵੱਲ ਦੇਖਦੀ ਹੈ। ਮੈਂ ਉਦਾਸੀ ਲੁਕੋਂਦਾ ਹਾਂ। ਮੈਂ ਮਹਿਸੂਸ ਕਰਦਾ ਹਾਂ, ਜਿਵੇਂ ਜ਼ਿੰਦਗੀ ਤੇ ਮੌਤ ਵਿਚਕਾਰ ਕੋਈ ਰੇਖਾ ਨਹੀਂ ਹੁੰਦੀ। ਓਦੋਂ ਮੇਰਾ ਕਿਸੇ ਨਾਲ਼ ਬੋਲਣ ਨੂੰ ਜੀਅ ਨਹੀਂ ਕਰਦਾ।
ਜੇ ਕਿਸੇ ਮਜਬੂਰੀ-ਵੱਸ ਜਿਵੇਂ ਸਫ਼ਰ ਕਰਦਿਆਂ, ਬਿੱਲ ਤਾਰਦਿਆਂ, ਸਿਆਸੀ ਜਾਂ ਫ਼ੌਜੀ ਰੁਝੇਵਿਆਂ ਵਿਚ ਫਸਿਆਂ ਮੈਨੂੰ ਕਾਗ਼ਜ਼ ਤੇ ਕਲਮ ਦਾ ਵਿਛੋੜਾ ਦੇਰ ਤਾਈਂ ਝੱਲਣਾ ਪੈ ਜਾਏ, ਤਾਂ ਮੇਰਾ ਦੁੱਖ ਸੀਮੰਟ ਦੀ ਤਰ੍ਹਾਂ ਮੇਰੇ ਅੰਦਰ ਉਤਰ ਜਾਂਦਾ ਹੈ। ਮੈਨੂੰ ਤੁਰਨਾ ਮੁਸ਼ਕਿਲ ਲਗਦਾ ਹੈ; ਮੇਰੇ ਜੋੜ ਸਖ਼ਤ ਹੋ ਜਾਂਦੇ ਹਨ; ਮੇਰਾ ਸਿਰ ਪੱਥਰ ਵਾਂਙ ਲਗਦਾ ਹੈ ਤੇ ਮੇਰੇ ਪਸੀਨੇ ਦਾ ਮੁਸ਼ਕ ਅਜੀਬ ਹੋ ਜਾਂਦਾ ਹੈ । ਇਰਦ-ਗਿਰਦ ਕੁਝ ਵੀ ਹੁੰਦਾ ਹੋਵੇ, ਮੈਨੂੰ ਦਿਸਦਾ ਨਹੀਂ। ਦੁਪਹਿਰੇ ਹੀ ਨੀਂਦ ਆ ਘੇਰਦੀ ਹੈ।
ਘਰੋਂਂ ਦੂਰ ਹੋਵਾਂ, ਤਾਂ ਸਾਹਿਤ ਦਾ ਵਿਗੋਚਾ ਅਪਣੇ ਕਮਰੇ ਦੇ ਵਿਗੋਚੇ ਵਿਚ ਬਦਲ ਜਾਂਦਾ ਹੈ। ਕਮਰਾ ਜਿਸ ਵਿਚ ਮੈਂ ਸੁਪਨੇ ਘੜ ਸਕਦਾ ਹਾਂ। ਜਾਣੀ ਹੋਈ ਦੁਨੀਆ ਨੂੰ ਅਣਜਾਣੀ ਦੁਨੀਆ ਵਿਚ ਬਦਲ ਸਕਦਾ ਹਾਂ। ਕਦੇ ਬਾਹਰ ਘੁੰਮਦਿਆਂ, ਸਮੁੰਦਰ ਕੰਢੇ ਬੈਠਿਆਂ ਮੈਨੂੰ ਲਗਦਾ ਹੈ; ਮੈਂ ਉਥੇ ਹਾਜ਼ਿਰ ਨਹੀਂ ਹਾਂ। ਅੰਦਰੋਂ ਆਵਾਜ਼ ਆਉਂਦੀ ਹੈ – ਜਾਹ ਅਪਣੇ ਕਮਰੇ ਚ ਚਲਾ ਜਾਹ, ਜਾਹ ਅਪਣੀ ਮੇਜ਼ ‘ਤੇ ਬੈਠ। – ਮੇਰਾ ਅਨੁਮਾਨ ਹੈ, ਅਜਿਹਾ ਕਵੀਆਂ ਨਾਲ਼ ਨਹੀਂ ਹੁੰਦਾ, ਕੇਵਲ ਵਾਰਤਕ ਲਿਖਣ ਵਾiਲ਼ਆਂ ਨਾਲ਼ ਹੁੰਦਾ ਹੈ। ਅਸੀਂ ਸਾਰੇ ਹੀ ਲੇਖਕ ਦਿਨੇ ਸੁਪਨੇ ਦੇਖਣ ਵਾਲ਼ੇ ਹੁੰਦੇ ਹਾਂ ।
ਨਾਵਲ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਪੂਰਾ ਖ਼ਿਆਲ ਹੁੰਦਾ ਹੈ ਕਿ ਇਹਦੇ ਵਿੰਙ-ਵਲ਼ ਕਿਵੇਂ ਹੋਣੇ ਹਨ। ਮੈਂ ਅਪਣੀ ਕਹਾਣੀ ਦੀਆਂ ਵੰਡੀਆਂ ਪਾ ਲੈਂਦਾ ਹਾਂ। ਮੈਨੂੰ ਪਤਾ ਹੁੰਦਾ ਹੈ ਕਿ ਕਹਾਣੀ ਦੇ ਜਹਾਜ਼ ਨੇ ਕਿਹੜੀ ਕਿਹੜੀ ਬੰਦਰਗਾਹ ‘ਤੇ ਅਟਕਣਾ ਹੈ। ਕਿਥੇ ਕਿਹੜਾ ਸਾਮਾਨ ਛੱਡਣਾ ਹੈ। ਸਾਰੇ ਸਫ਼ਰ ‘ਤੇ ਕਿੰਨਾ ਕੁ ਸਮਾਂ ਲੱਗਣਾ ਹੈ। ਪਰ ਜੇ ਕਿਸੇ ਅਣਜਾਣੇ ਪਾਸਿਉਂ ਹਵਾ ਵਗ ਪੈਂਦੀ ਹੈ ਤੇ ਜਹਾਜ਼ ਦਾ ਰਾਹ ਹੀ ਬਦਲ ਜਾਂਦਾ ਹੈ, ਤਾਂ ਮੈਂ ਇਹਦੇ ਰਾਹ ਵਿਚ ਕੋਈ ਅੜਿੱਕਾ ਨਹੀਂ ਪਾਉਂਦਾ। ਫੇਰ ਕਦੀ ਇਕਦਮ ਹਵਾ ਰੁਕ ਜਾਂਦੀ ਹੈ, ਤਾਂ ਅਜਿਹਾ ਸਮਾਂ ਵੀ ਆਉਂਦਾ ਹੈ; ਜਦੋਂ ਕੋਈ ਪੱਤਾ ਵੀ ਨਹੀਂ ਹਿੱਲਦਾ। ਥੋਹੜਾ ਸਬਰ ਕਰਕੇ ਮੈਨੂੰ ਆਪ ਹੀ ਜਹਾਜ਼ ਅੱਗੇ ਤੋਰਨਾ ਪੈਂਦਾ ਹੈ।
ਸੋਚਿਆ ਜਾਵੇ ਤਾਂ ਨਾਵਲ ਹੈ ਕੀ? ਇਹ ਟੋਕਰੀ ਹੈ, ਜਿਸ ਵਿਚ ਅਸੀਂ ਅਪਣੇ ਸੁਪਨਿਆਂ ਦੀ ਦੁਨੀਆ ਚੁੱਕੀ ਫਿਰਦੇ ਹਾਂ। ਇਹਦੇ ਵਿਚ ਵੜਕੇ ਅਸੀਂ ਬਾਹਰਲੀਆਂ ਕੁਰੱਖ਼ਤ ਅਸਲੀਅਤਾਂ ਨੂੰ ਭੁੱਲਣਾ ਚਾਹੁੰਦੇ ਹਾਂ। ਲੇਖਕ ਵੀ ਇਵੇਂ ਹੀ ਕਰਦਾ ਹੈ ਤੇ ਪਾਠਕ ਵੀ। ਇਹ ਸੁਪਨਈ ਦੁਨੀਆ ਚਮਤਕਾਰੀ ਹੁੰਦੀ ਹੈ। ਪਾਠਕ ਪੜ੍ਹਦਾ ਹੈ, ਤਾਂ ਦਿਲੇ-ਦਿਲ ਸੋਚਦਾ ਹੈ – ਮੈਂ ਵੀ ਇਹੋ ਕਹਿਣਾ ਚਾਹੁੰਦਾ ਸੀ ।
ਚੰਗੇ ਨਾਵਲਕਾਰ ਦਾ ਗੁਣ ਹੁੰਦਾ ਹੈ ਕਿ ਉਹ ਚੀਜ਼ਾਂ ਤੇ ਘਟਨਾਵਾਂ ਨੂੰ ਬੱਚੇ ਵਾਂਙ ਦੇਖ ਸਕੇ। ਅਪਣੀ ਮਾਸੂਮੀਅਤ ਨਾਲ਼ ਭੰਨ-ਤੋੜ ਸਕੇ। ਉਨ੍ਹਾਂ ਦੇ ਆਰ-ਪਾਰ ਤੱਕ ਸਕੇ।
ਪਰੂੰ ਜਦੋਂ ਮੇਰੇ ਖ਼ਿਲਾਫ਼ ਮਕੱਦਮਾ ਚੱਲਿਆ ਸੀ, ਤਾਂ ਮੇਰਾ ਮਨ ਬੜਾ ਕੱਸਿਆ ਰਿਹਾ। ਬੱਚਿਆਂ ਵਰਗੀ ਮਾਸੂਮੀਅਤ ਮੇਰੇ ਕੋਲ਼ੋਂ ਖੋਹੀ ਗਈ ਸੀ। ਜੋ ਕੁਝ ਲਿਖ ਰਿਹਾ ਸੀ, ਉਹਦਾ ਚੱਕਾ ਜਾਮ ਹੋ ਗਿਆ। ਹੋਰ ਕੁਝ ਲਿਖਣਾ ਛੁਹਿਆ, ਪਰ ਨਿਰਾਸਤਾ ਪੱਲੇ ਪਈ। ਮੈਂ ਅਪਣੇ ਅੰਦਰੋਂ ਨਹੀਂ, ਸਿਰ ਵਿੱਚੋਂ ਲਿਖਣਾ ਚਾਹੁੰਦਾ ਸੀ; ਪਰ ਕਾਮਯਾਬੀ ਨਾ ਹੋਈ। ਮਕੱਦਮੇ ਦਾ ਅੰਤ ਹੋਇਆ, ਤਾਂ ਮੈਂ ਅਪਣੀ ਮਾਸੂਮੀਅਤ ਦੇ ਅਜਾਇਬਘਰ ਵਲ ਫੇਰ ਮੂੰਹ ਕੀਤਾ। ਕਲਮ ਫੇਰ ਚੱਲ ਪਈ।
ਹੁਣ ਮੇਰੀ ਸਭ ਤੋਂ ਵੱਡੀ ਉਮੀਦ ਇਹ ਹੈ ਕਿ ਮੈਂ ਤੀਹ ਸਾਲ ਹੋਰ ਲਿਖ ਸਕਾਂ। ਅਜੇ ਸੱਤ ਹੀ ਨਾਵਲ ਲਿਖੇ ਹਨ। ਪਤਾ ਨਹੀਂ ਹੋਰ ਕਿੰਨੇ ਮੇਰਾ ਮਸਤਕ ਲਕੋਈ ਬੈਠਾ ਹੈ।
ਮੂਲ ਅੰਗਰੇਜ਼ੀ ਵਿਚੋਂ : ਅਵਤਾਰ ਜੰਡਿਆਲਵੀ -29.10;06