“ਮੈਂ ਇਕ ਕਵੀ ਹਾਂ! ਏਸੇ ਕਾਰਨ ਦਿਲਚਸਪ ਹਾਂ।”
ਇਹ ਮਾਇਆਕੋਵਸਕੀ ਦੀ ਸੰਖੇਪਤਰ ਸਵੈ-ਜੀਵਨੀ ਦੇ ਪਹਿਲੇ ਸ਼ਬਦ ਹਨ।
ਕਵੀ ਤੇ ਕਲਾਕਾਰ ਆਮ ਆਦਮੀ ਲਈ ਸਦਾ ਹੀ ਅਦਭੁੱਤ ਤੇ ਅਲੌਕਾਰ ਹੁੰਦੇ ਹਨ। ਆਖਰ ਕਾਰਨ ਕੀ ਹੁੰਦਾ ਹੈ? ਏਸੇ ਪ੍ਰਸ਼ਨ ਦੇ ਉੱਤਰ ਵਿਚ ਕਲਾ ਤੇ ਕਵਿਤਾ ਦੀ ਹਰਮਨਪਿਆਰਤਾ ਦੇ ਭੇਤ ਛੁਪੇ ਹੋਏ ਹਨ।
ਕਵੀ ਕੋਮਲ ਹੁੰਦਾ ਹੈ ਅਰਥਾਤ ਸੰਵੇਦਨਸ਼ੀਲ ਤੇ ਰਚਨਾਤਮਿਕ। ਤੇ ਜੇ ਕਿਸੇ ਕਵੀ ਦੀ ਤਾਰ ਲੋਕਾਂ ਦੇ ਹਿਰਦਿਆਂ, ਉਹਨਾਂ ਦੇ ਸੁਪਨਿਆਂ, ਤਾਘਾਂ ਤੇ ਦੁੱਖਾਂ-ਦਰਦਾਂ ਨਾਲ ਜੁੜੀ ਹੋਈ ਹੋਵੇ ਤਾਂ ਉਹ ਹੋਰ ਵੀ ਦਿਲਚਸਪ ਹੋਵੇਗਾ। ਅਸੀਂ ਉਸ ਦੀ ਜ਼ਿੰਦਗੀ ਤੇ ਕਾਵਿ ਰਚਨਾ ਨੂੰ ਪੜ੍ਹਨ ਲਈ ਉਤਸੁਕ ਹੋਵਾਂਗੇ।
ਸੋਵੀਅਤ ਰੂਸ ਦਾ ਕਵੀ ਮਾਇਆਕੋਵਸਕੀ ਅਜੇਹਾ ਹੀ ਕਵੀ ਸੀ। ਉਸ ਦੀ ਮਹਿਮਾ ਰੂਸ ਤੇ ਰੂਸੀ ਭਾਸ਼ਾ ਦੀਆਂ ਹੱਦਾਂ ਤੋਂ ਪਾਰ ਫੈਲ ਚੁੱਕੀ ਹੈ। ਉਸ ਨੇ ਥੋੜ੍ਹੀ ਜ਼ਿੰਦਗੀ ਬਤੀਤ ਕੀਤੀ ਪਰ ਸ਼ੈਲੇ, ਕੀਟਸ, ਬਾਇਰਨ ਤੇ ਬੈਸੇਨਿਨ ਵਾਂਗ ਭਰ ਜਵਾਨੀ ਵਿਚ ਤੁਰ ਜਾਣ ਦੇ ਬਾਵਜੂਦ ਉਹ ਸੰਸਾਰ ਕਵਿਤਾ ਦੇ ਇਤਿਹਾਸ ਵਿਚ ਆਪਣੀ ਕਵਿਤਾ ਦੀਆਂ ਗੁਲਾਬੀ ਪੈੜਾਂ ਛੱਡ ਗਿਆ ਅਤੇ ਉਸ ਨੇ ਆਪਣੀ ਰਚਨਾਤਮਿਕ ਸਰਗਰਮੀਂ ਨੂੰ ਕੇਵਲ ਕਵਿਤਾ ਤੀਕ ਹੀ ਸੀਮਤ ਨਹੀਂ ਸੀ ਰੱਖਿਆ ਅਰਥਾਤ ਉਸ ਦੀ ਕਲਾ-ਕੌਸ਼ਲਤਾ ਦੇ ਕਈ ਪਾਸਾਰ ਸਨ।
ਉਹ ਕਵੀ ਸੀ ਤੇ ਪੇਂਟਰ ਵੀ। ਉਹ ਨਾਟਕਕਾਰ ਵੀ ਸੀ ਤੇ ਫਿਲਮਾਂ ਦੀਆਂ ਪੱਟ-ਕਥਾਵਾਂ ਦਾ ਲੇਖਕ ਵੀ। ਉਹ ਪੱਤਰਕਾਰ ਤੇ ਸਰਕਾਰੀ ਨੀਤੀਆਂ ਦਾ ਇਸ਼ਤਿਹਾਰਾਂ ਤੇ ਸ਼ਿਅਰਾਂ ਰਾਹੀਂ ਪ੍ਰਚਾਰਕ ਵੀ ਸੀ। ਉਹ ਖੁਦ ਲਿਖਦਾ ਹੈ-
“ਮੈਂ!
ਭੰਗੀ ਤੇ ਪਾਣੀ-ਢੋਣ ਵਾਲਾ
ਬਾਗ਼ੀ ਤੇ ਵਿਨਾਸ਼ਕਾਰੀ
ਜਿਸ ਨੂੰ ਸਾਰੇ ਪ੍ਰਵਾਨ ਕਰਦੇ ਨੇ
ਜੋ ਕਵਿਤਾ ਦੀਆਂ ਸਾਰੀਆਂ
ਬਗੀਚੀਆਂ ਤੇ ਗੁਲਸਤਾਨਾਂ
ਨੂੰ ਅਣਡਿੱਠ ਕਰਦਾ ਹੈ।”
ਵੱਡੀ ਗੱਲ ਕਿ ਉਹ ਪੂਰਾ ਸੂਰਾ ਅਕਤੂਬਰ ਇਨਕਲਾਬ ਨੂੰ ਸਮਰਪਿਤ ਕਵੀ ਸੀ। ਪਰ ਉਹ ਏਸ ਮੰਜ਼ਿਲ ਤੀਕ, ਏਸ ਰੁਤਬੇ ਤੀਕ ਪਹੁੰਚਾ ਕਿਵੇਂ? ਆਓ ਉਸ ਦੇ ਬਚਪਨ ਉੱਤੇ ਝਾਤ ਮਾਰ ਕੇ ਵੇਖੀਏ। ਸ਼ਾਇਦ ਸਾਡੇ ਪ੍ਰਸ਼ਨ ਦਾ ਉੱਤਰ ਲੱਭ ਜਾਵੇ।
ਵਲਾਦੀਮੀਰ ਸੋਵੀਅਤ ਰੂਸ ਦੇ ਪਰਾਂਤ ਜਾਰਜੀਆ ਦੇ ਇਕ ਪਿੰਡ ਬਾਘਦਾਦੀ ਵਿਚ 1893 ਨੂੰ ਜੰਮਿਆ। ਉਸ ਦਾ ਪਿਤਾ ਜੰਗਲਾਤ ਦਾ ਮੁਲਾਜ਼ਮ ਸੀ। ਦੋ ਵੱਡੀਆਂ ਭੈਣਾਂ ਸਨ, ਜਿੰਨ੍ਹਾਂ ਵਿਚੋਂ ਇਕ ਮਾਸਕੋ ਵਿਖੇ ਪੜ੍ਹਦੀ ਸੀ। 1906 ਉਸ ਦਾ ਪਿਤਾ ਮਾਮੂਲੀ ਜਹੀ ਬਿਮਾਰੀ ਨਾਲ ਮਰ ਗਿਆ। ਘਰ ਦੀ ਆਮਦਨੀ ਖ਼ਤਮ ਹੋ ਗਈ। ਤੇ ਪਰਿਵਾਰ ਮਾਸਕੋ ਵਿਚ ਜਾ ਕੇ ਰਹਿਣ ਲੱਗਾ।
1905 ਦੀ ਪਹਿਲੀ ਕਰਾਂਤੀ ਦੇ ਦਿਨ ਸਨ। ਚਾਰੇ ਪਾਸੇ ਚੇਤਨਾ ਦੀ ਇਕ ਨਵੀਂ ਲਹਿਰ ਫੈਲ ਰਹੀ ਸੀ। ਸਕੂਲ ਵਿਚ ਪੜ੍ਹਦੇ ਸਮੇਂ ਵਲਾਦੀਮੀਰ ਉੱਤੇ ਵੀ ਇਸ ਰਾਜਸੀ ਹਿਲਜੁਲ ਦਾ ਅਚੇਤ, ਸੁਚੇਤ ਪ੍ਰਭਾਵ ਪੈਣ ਲੱਗਾ। ਅਤੇ ਉਹ ਸਕੂਲ ਦੇ ਦਿਨਾਂ ਤੋਂ ਹੀ ਸਮਾਜਵਾਦੀ ਲਹਿਰ ਦਾ ਪ੍ਰਭਾਵ ਕਬੂਲਣ ਲੱਗਾ। ਹੌਲੀ ਹੌਲੀ ਪਾਰਟੀ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਣ ਲੱਗਾ। ਘਰ ਦੀ ਆਰਥਿਕ ਸਥਿਤੀ ਇਹ ਸੀ ਕਿ ਫੀਸ ਨਾ ਦੇਣ ਕਾਰਨ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ। ਉਸ ਨੂੰ ਦੋ ਵਾਰ ਗ੍ਰਿਫਤਾਰ ਕੀਤਾ ਗਿਆ ਪਰ ਨਾਬਾਲਗ ਹੋਣ ਕਾਰਨ ਚਿਤਾਵਨੀ ਦੇ ਕੇ ਰਿਹਾਅ ਕਰ ਦਿੱਤਾ ਜਾਂਦਾ ਰਿਹਾ। ਤੀਸਰੀ ਵਾਰ ਉਸ ਨੂੰ ਗ੍ਰਿਫਤਾਰੀ ਉਪਰੰਤ ਸਾਲ ਭਰ ਦੇ ਕਰੀਬ ਜੇਲ੍ਹ ਵਿਚ ਕੈਦ ਕੱਟਣੀ ਪਈ ਤੇ ਉੱਥੇ ਰਹਿੰਦੇ ਉਸ ਨੇ ਢੇਰ ਸਾਰੀਆਂ ਅਭਿਆਸੀ ਕਵਿਤਾਵਾਂ ਲਿਖਿਆਂ, ਜੋ ਰਿਹਾਈ ਵਾਲੇ ਦਿਨ ਜ਼ਬਤ ਕਰ ਲਈਆਂ ਗਈਆਂ। ਇੰਝ ਵਲਾਦੀਮੀਰ ਜੇਲ੍ਹ ਵਿੱਚੋਂ ਕਵੀ ਬਣ ਕੇ ਨਿਕਲਿਆ।
ਰਿਹਾਅ ਹੋਣ ਬਾਅਦ ਉਸ ਨੇ ਪੇਂਟਿੰਗ ਤੇ ਬੁੱਤ ਕਲਾ ਦੇ ਕਾਲਜ ਵਿਚ ਦਾਖਲਾ ਲਿਆ, ਪਰ ਹੌਲੀ ਹੌਲੀ ਉਹ ਚਿਤਰਕਲਾ ਦੇ ਸ਼ੌਕ ਨੂੰ ਤਿਆਗ ਕਵਿਤਾ ਲਿਖਣ ਵੱਲ ਰੁਚਿਤ ਹੋ ਗਿਆ। 1912 ਤੀਕ ਉਸ ਦੀਆਂ ਮੁਢਲੇ ਦੌਰ ਦੀਆਂ ਕਵਿਤਾਵਾਂ ਪੱਤਰਕਾਵਾਂ ਵਿਚ ਛਪਣ ਲੱਗ ਪਈਆਂ ਸਨ। ਉਸ ਨੇ ਕਲਾ ਤੇ ਸਾਹਿਤ ਦੇ ਖੇਤਰ ਵਿਚ ਭਵਿੱਖਵਾਦੀਆਂ ਨਾਲ ਆਪਣੇ ਸਬੰਧ ਜੋੜ ਲਏ। ਆਪਣੀਆਂ ਨਿਸ ਦਿਨ ਲਿਖੀਆਂ ਤੇ ਛਪ ਰਹੀਆਂ ਕਵਿਤਾਵਾਂ ਦੇ ਨਿਰੰਤਰ ਪਾਠ ਸਦਕਾ ਕਵੀ ਆਪਣੇ ਸਮਕਾਲੀ ਲੇਖਕਾਂ ਤੇ ਕਲਾਕਾਰਾਂ ਨਾਲ ਸਬੰਧ ਜੋੜ ਰਿਹਾ ਸੀ। ਉਸ ਨੂੰ ਸਮਾਜ ਵਿਚਲੇ ਵਿਰੋਧਾਂ ਦਾ ਅਨੁਭਵ ਤਾਂ ਨਿਰਸੰਦੇਹ ਪ੍ਰਾਪਤ ਹੋ ਰਿਹਾ ਸੀ ਤੇ ਉਸ ਦੀਆਂ ਕਵਿਤਾਵਾਂ ਲੋਕਾਂ ਦਾ ਦੁੱਖ-ਦਰਦ ਵੀ ਪ੍ਰਗਟ ਕਰ ਰਹੀਆਂ ਸਨ, ਪਰ ਅਜੇ ਰਚਨਾਤਮਿਕ ਤੌਰ ’ਤੇ ਇਸ ਸਮਾਜਕ ਦਰਦ ਤੋਂ ਛੁਟਕਾਰੇ ਦਾ ਰਾਹ ਬਹੁਤਾ ਸਪਸ਼ਟ ਨਹੀਂ ਸੀ ਦਿਸ ਰਿਹਾ।
ਤੇ ਫਿਰ ਅਕਤੂਬਰ ਇਨਕਲਾਬ ਦਾ 1917 ਦਾ ਸਾਲ। ਜ਼ਾਰਸ਼ਾਹੀ ਦੇ ਇਕ ਪੁਰਖਾ ਤਾਨਾਸ਼ਾਹੀ ਦਾ ਤਖਤਾ ਪਲਟ ਦਿੱਤਾ ਗਿਆ। ਬਹੁਤ ਸਾਰੇ ਸਥਾਪਤ ਤੇ ਵਧੇਰੇ ਕਰ ਕੇ ਨਵੇਂ ਸਥਾਪਤ ਹੋ ਰਹੇ ਬਹੁਗਿਣਤੀ ਲੇਖਕ ਕਲਾਕਾਰ ਤੇ ਬੁੱਧੀਜੀਵੀ ਦੁਬਿਧਾ ਦਾ ਸਿ਼ਕਾਰ ਹੋ ਗਏ। ਪਰ ਮਾਇਆਕੋਵਸਕੀ ਲਈ ਅਜੇਹੀ ਕੋਈ ਦੁਬਿਧਾ ਨਹੀਂ ਸੀ। ਆਪਣੀ ਜੀਵਨੀ ਵਿਚ ਉਹ ਲਿਖਦਾ ਹੈ,
“ਅਕਤੂਬਰ ਇਨਕਲਾਬ! ਪ੍ਰਵਾਨ ਕਰਾਂ ਕਿ ਨਾ। ਅਜੇਹਾ ਕੋਈ ਪ੍ਰਸ਼ਨ ਨਹੀਂ ਸੀ। ਮੇਰਾ ਇਨਕਲਾਬ।”
ਪਰ ਇਨਕਲਾਬ ਕੋਈ ਪ੍ਰੀਤੀ ਭੋਜਨ ਨਹੀਂ ਸੀ। ਸੰਸਾਰ ਦੀਆਂ ਪੂੰਜੀਵਾਦੀ ਸਾਮਰਾਜੀ ਸਰਕਾਰਾਂ ਨੇ ਇਸ ਇਨਕਲਾਬ ਦਾ ਗਲਾ ਘੁੱਟਣ ਲਈ ਦੇਸ਼ ਉੱਤੇ ਚੌ-ਤਰਫ਼ ਹੱਲਾ ਬੋਲ ਦਿੱਤਾ ਸੀ। ਇਸ ਇਨਕਲਾਬ ਦੀ ਰਾਖੀ ਅਤੇ ਮਜ਼ਬੂਤੀ ਲਈ ਇਨਕਲਾਬੀ ਲੇਖਕ ਚੁੱਪ ਕਰ ਕੇ ਨਹੀਂ ਸੀ ਬੈਠ ਸਕਦਾ, ਉਸ ਕੋਲ ਸ਼ਬਦਾਂ ਦਾ ਸ਼ਸ਼ਤਰ ਸੀ ਤੇ ਉਹ ਆਮ ਸਿਪਾਹੀ ਵਾਂਗ ਕਲਮ ਹੱਥ ਵਿਚ ਲਈ ਰਚਨਾ ਦੇ ਹਥਿਆਰ ਨਾਲ ਮੋਰਚੇ ਉੱਤੇ ਲੜਨ, ਤੇ ਜੂਝਣ ਲਈ ਤਿਆਰ ਸੀ।
ਕੁਰਬਾਨ ਹੋ ਜਾ
ਮੇਰੀ ਕਵਿਤਾ
ਲੜ ਕੇ ਮਰ
ਆਮ ਸੈਨਿਕ ਵਾਂਗ
ਸਾਡੇ ਸਾਰਿਆਂ ਵਾਂਗ
ਜਿਹੜੇ ਲੜੇ ਤੇ ਗੁੰਮਨਾਮੀ ਵਿਚ
ਸ਼ਹੀਦ ਹੋ ਗਏ।
ਨਿੱਤ ਬਦਲਦੀ ਸਮਾਜਕ ਸਥਿਤੀ ਨੂੰ ਗ੍ਰਹਿਣ ਕਰਨ ਵਿਚ ਹਰ ਲੇਖਕ ਦਾ ਵਿਚਾਰਧਾਰਕ ਦ੍ਰਿਸ਼ਟੀਕੋਣ ਮੁੱਖ ਭੂਮਿਕਾ ਨਿਭਾਉਂਦਾ ਹੈ। ਜੇ ਇਕ ਪਾਸੇ ਰੂਸੀ ਕਰਾਂਤੀ ਬਾਰੇ ਵਲਾਦੀਮੀਰ ਕਹਿੰਦਾ ਹੈ ਕਿ ਇਹ ਮੇਰੀ ਕਰਾਂਤੀ ਹੈ, ਤਾਂ ਦੂਸਰੇ ਪਾਸੇ ਉਸ ਵੇਲੇ ਦਾ ਵੱਡਾ ਤੇ ਪ੍ਰਪੱਕ ਕਵੀ ਬੋਰਸ ਪਾਸਤਰਨਾਕ (1890-1960) ਦੇਸ਼ ਦੀ ਬਦਲਦੀ ਸਥਿਤੀ ਬਾਰੇ ਲਿਖਦਾ ਹੈ।
ਚੰਗੀ ਤਰ੍ਹਾਂ ਮੂੰਹ ਢੱਕ ਕੇ
ਮੈਂ ਆਪਣੀ ਖਿੜਕੀ ਨੂੰ
ਸਹਿਜ ਨਾਲ ਖੋਲ੍ਹਾਂਗਾ
ਤੇ ਹੇਠ ਗਲੀ ਵਿਚ ਖੇਡਦੇ
ਨਿੱਕੇ ਬੱਚਿਆਂ ਨੂੰ ਪੁੱਛਾਂਗਾ
ਅੱਜ ਕਿਹੜੀ ਸਦੀ ਲੰਘ ਰਹੀ ਹੈ
ਕੀ ਤੁਹਾਨੂੰ ਪਤਾ ਹੈ?
(1917-ਮੇਰੀ ਭੈਣ- ਜਿ਼ੰਦਗੀ)
ਦਿਲਚਸਪ ਗੱਲ ਇਹ ਕਿ ਏਸੇ ਹੀ ਸਮੇਂ ਸੰਸਾਰ ਪ੍ਰਸਿੱਧ ਰੂਸੀ ਕਵਿਤਰੀ ਅੰਨਾ ਅਖਮਾਤੋਵਾ ਅਕਤੂਬਰ ਕਰਾਂਤੀ ਬਾਰੇ ਲਿਖਦੀ ਹੈ।
ਸਭ ਕੁਝ ਲੁੱਟਿਆ ਜਾ ਚੁੱਕਾ ਹੈ
ਵਿਕ ਚੁੱਕਾ ਹੈ।
ਤੇ ਧਰੋਹ ਹੋ ਚੁੱਕਾ ।
ਇਹਨਾ ਉਪਰੋਕਤ ਤੁਕਾਂ ਤੋਂ ਹੈਰਾਨ ਹੋਣ ਦੀ ਲੋੜ ਨਹੀਂ ਹੈ। ਗੋਰਕੀ ਨੂੰ ਵੀ ਕਈ ਮਹੀਨੇ ਅਕਤੂਬਰ ਕਰਾਂਤੀ ਦਾ ਮਹੱਤਵ ਸਮਝ ਨਹੀਂ ਸੀ ਆਇਆ ਤੇ ਉਹ ਇਸ ਦੇ ਵਿਰੁੱਧ ਲਿਖੀ ਗਿਆ ਸੀ। ਐਪਰ 24 ਸਾਲ ਦੀ ਉਮਰ ਦੇ ਨੋਜਵਾਨ ਕਵੀ ਮਾਇਆਕੋਵਸਕੀ ਨੇ ਸਪਸ਼ਟ ਕਿਹਾ ਸੀ, ਇਹ ਮੇਰੀ ਕਰਾਂਤੀ ਹੈ। ਪਰ ਇਹ ਤਾਂ ਉਸ ਦੇ ਕਾਵਿ ਸਫ਼ਰ ਦਾ ਆਰੰਭ ਹੀ ਸੀ। ਅਜੇ ਤਾਂ ਉਸ ਨੇ ਹੋਰ ਕਈ ਕ੍ਰਿਸ਼ਮੇ ਕਰਨੇ ਸਨ।
1917-1930 ਦੇ ਸਾਲਾਂ ਵਿਚਕਾਰ ਇਸ ਕਵੀ ਕੋਲ ਸਿਰਫ 13 ਸਾਲ ਬਚਦੇ ਨੇ, ਜਿਹਨਾਂ ਵਿਚ ਉਸ ਨੇ ਰਚਨਾਤਮਿਕ, ਜਥੇਬੰਦਕ ਅਤੇ ਰਾਜਸੀ ਸਰਗਰਮੀ ਦੇ ਸਾਰੇ ਰੀਕਾਰਡ ਮਾਤ ਪਾ ਦਿੱਤੇ। ਕਵਿਤਾ ਦੇ ਖੇਤਰ ਵਿਚ ਉਸ ਦਾ ਕੀਤਾ ਕਾਰਜ ਹੈਰਾਨੀ-ਜਨਕ ਸੀ। ਇੰਝ ਲਗਦਾ ਹੈ, ਜਿਵੇਂ ਉਸ ਨੂੰ ਬਹੁਤ ਹੀ ਕਾਹਲੀ ਸੀ। ਆਪਣੀ ਜਵਾਨੀ ਦਾ ਇਕ ਇਕ ਪਲ- ਛਿਣ ਉਸ ਨੇ ਆਖਰੀ ਦਮਾਂ ਤੀਕ ਵਰਤਿਆ। ਅਕਤੂਬਰ ਕਰਾਂਤੀ ਦੇ ਸਾਲ ਤੋਂ ਪਹਿਲਾਂ ਉਹ ਇਕ ਦੋ ਲੰਮੇਰੀਆਂ ਕਵਿਤਾਵਾਂ ਲਿਖ ਚੁੱਕਾ ਸੀ ਜਿਵੇਂ ‘ਪਤਲੂਣ ਪਾਈ ਬੱਦਲ’ ਜਾਂ ‘ਜੰਗ ਤੇ ਸੰਸਾਰ’ ਆਦਿ। ਪਰ ‘ਮਨੁੱਖ ਮੈਂ ਪਿਆਰ ਕਰਦਾ ਹਾਂ’, ‘ਇਹ ਵਲਾਦੀਮੀਰ ਈਲੀਇਚ ਲੈਨਿਨ’ ‘ਸੁੰਦਰ’ ‘ਉੱਚੀ ਤੇ ਸਪਸ਼ਟ’ ਆਦਿ ਲੰਮੀਆਂ ਕਵਿਤਾਵਾਂ ਅਕਤੂਬਰ ਕਰਾਂਤੀ ਤੋਂ ਬਾਅਦ ਦੀਆਂ ਹਨ। ਇਹ ਲੈਨਿਨ ਵਾਲੀ ਕਵਿਤਾ, ਮਹਾ-ਕਾਵਿਕ ਪੱਧਰ ਦੀ ਕਾਵਿ-ਰਚਨਾ ਹੈ, ਜਿਹੜੀ ਸੰਸਾਰ ਦੀਆਂ ਤੀਹ ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ ਅਤੇ ਜਿਸ ਬਾਰੇ ਰੂਸ ਦੇ ਪ੍ਰਸਿੱਧ ਚਿੰਤਕ ਅਤੇ ਆਲੋਚਕ ਲੂਣਾਚਾਰਸਕੀ ਨੇ ਕਿਹਾ ਸੀ,
“ਇਹ ਕਵਿਤਾ ਇੰਝ ਹੈ, ਜਿਵੇਂ ਅਕਤੂਬਰ ਕਰਾਂਤੀ ਨੂੰ ਕੈਂਹੇ ਦੇ ਬੁੱਤ ਵਿਚ ਢਾਲ ਦਿੱਤਾ ਗਿਆ ਹੋਵੇ।”
ਛੋਟੀਆਂ ਤੇ ਲੰਮੀਆਂ ਕਵਿਤਾਵਾਂ ਤੋਂ ਬਿਨਾ ਵਲਾਦੀਮੀਰ ਨੇ 12 ਫਿਲਮਾਂ ਦੀਆਂ ਕਹਾਣੀਆਂ ਤੇ ਵਾਰਤਾਲਾਪ ਲਿਖੇ ਤੇ ਤਿੰਨ ਪੂਰੇ ਨਾਟਕ ਵੀ। ਫਿਲਮਾਂ ਦੇ ਖੇਤਰ ਵਿਚ ਕੀਤੇ ਆਪਣੇ ਕੰਮ ਬਾਰੇ ਲਿਖਦਾ, ਉਹ ਆਖਦਾ ਹੈ।
“ਮੈਂ ਅੱਜ ਆਪਣੇ ਖਿ਼ਆਲਾਂ ਨੂੰ ਵਿਕਸਿਤ ਕਰਨਾ ਚਾਹੰੁਦਾ ਹਾਂ। ਮੈਂ ਵੇਖਦਾ ਹਾਂ ਕਿ ਸਿਨੇਮਾ ਲੱਖਾਂ ਲੋਕਾਂ ਦੀ ਲੋੜ ਪੂਰੀ ਕਰਦਾ ਹੈ। ਮੈਂ ਸਿਨੇਮਾ ਦੀ ਕਲਾ ਦੇ ਖੇਤਰ ਵਿਚ ਆਪਣੀ ਕਾਵਿ ਪ੍ਰਤਿਭਾ ਦੀ ਪਿਉਂਦ ਕਰਨੀ ਚਾਹੁੰਦਾ ਹਾਂ ਕਿਉਕਿ ਦ੍ਰਿਸ਼ ਲੇਖਕ ਤੇ ਕਵੀ ਦੇ ਪੇਸ਼ੇ ਮੁੱਖ ਤੌਰ ’ਤੇ ਇਕੋ ਜਹੇ ਹੁੰਦੇ ਹਨ।”
ਕਵਿਤਾ ਸਿਨੇਮਾ ਤੇ ਥੀਏਟਰ ਵਿਚ ਪੂਰੀ ਦ੍ਰਿੜਤਾ ਲਗਨ ਤੇ ਸੁਹਿਰਦਤਾ ਨਾਲ ਕੰਮ ਕਰਨ ਤੋਂ ਇਲਾਵਾ ਵਲਾਦੀਮੀਰ ਮਾਇਆਕੋਵਸਕੀ ਦਾ ਇਕ ਬਹੁਤ ਵੱਡਾ ਤੇ ਅਲੌਕਾਰ ਕੰਮ ਰੋਸਤਾ ਪ੍ਰਚਾਰ ਏਜੰਸੀ (ਸਰਬ-ਰੂਸ ਟੈਲੀ ਗਰਾਮ ਏਜੰਸੀ) ਵਿਚ ਇਸ਼ਤਿਹਾਰ ਲਿਖਣ ਦਾ ਸੀ। ਭਾਵੇ ਇਸ ਏਜੰਸੀ ਵਿਚ ਉਸ ਦੇ ਨਾਲ ਹੋਰ ਸਹਾਇਕ ਕਲਾਕਾਰ ਵੀ ਸਨ, ਪਰ ਕਵੀ ਦਾ ਕੰਮ ਆਗੂਆਂ ਵਾਲਾ ਸੀ। ਸਰਕਾਰੀ ਨੀਤੀਆਂ ਦਾ ਪ੍ਰਚਾਰ, ਮਜ਼ਦੂਰ ਜਮਾਤ ਦੇ ਹਿੱਤਾਂ ਨੂੰ ਪੇਸ਼ ਖਤਰਿਆਂ ਬਾਰੇ ਸਾਮਰਾਜੀ ਦਖਲ-ਅੰਦਾਜ਼ੀ, ਭ੍ਰਿਸ਼ਟਾਚਾਰ, ਅਫਸਰਸ਼ਾਹੀ ਦੀਆਂ ਕੁਚਾਲਾਂ ਅਰਥਾਤ ਹਰ ਤਰ੍ਹਾਂ ਦੇ ਸਮਾਜ-ਦੁਸ਼ਮਣਾਂ ਵਿਰੁੱਧ ਚੇਤਨਾ ਤੇ ਜਾਗ੍ਰਿਤੀ ਪੈਦਾ ਕਰਨ ਲਈ, ਸੈਂਕੜੇ ਹੀ ਇਸ਼ਤਿਹਾਰੀ ਫੱਟੀਆਂ, ਤਖਤੀਆਂ, ਮਾਟੋ ਤੇ ਸ਼ਿਅਰ ਲਿਖ ਕੇ ਤਿਆਰ ਕਰਨ ਅਤੇ ਜਨਤਕ ਥਾਂਵਾਂ, ਦਫਤਰਾਂ, ਬੱਸ ਅੱਡਿਆਂ, ਸਟੇਸ਼ਨਾਂ, ਸਰਕਾਰੀ ਇਮਾਰਤਾਂ ਅਤੇ ਗੱਡੀ ਦੇ ਡੱਬਿਆਂ ਉੱਤੇ ਲਾਉਣੇ, ਲਟਕਾਉਣੇ ਤੇ ਚਿਪਕਾਉਣੇ ਉਸ ਦੀ ਜ਼ੁੰਮੇਵਾਰੀ ਸੀ। ਤਿੱਖੇ, ਧਿਆਨ-ਖਿੱਚੂ ਅਰਥ-ਭਰਪੂਰ ਤੇ ਕਾਵਿਕ ਟੋਟਕੇ ਤੁਰੰਤ ਲਿਖ ਕੇ ਤਿਆਰ ਕਰਦਿਆਂ ਖੁੱਦ ਮਾਇਆਕੋਵਸਕੀ ਨੂੰ ਚਲੰਤ ਤੇ ਮਹੱਤਵਪੂਰਨ ਮੁੱਦਿਆਂ ਅਤੇ ਮਸਲਿਆਂ ਉੱਤੇ ਮੌਲਿਕ ਕਵਿਤਾਵਾਂ ਲਿਖਣ ਦਾ ਬੜਾ ਅਭਿਆਸ ਹੋ ਗਿਆ ਅਤੇ ਇੰਝ ਕਾਵਿ-ਸਿ਼ਲਪ ਦੀ ਮੁਹਾਰਤ ਹੋ ਗਈ। ਦੇਸ਼ ਨੂੰ ਦਰਪੇਸ਼ ਕਿਸੇ ਵੀ ਗੰਭੀਰ ਵਿਸ਼ੇ ਬਾਰੇ ਕਵਿਤਾ ਲਿਖਣ ਵੇਲੇ ਉਸ ਨੂੰ ਕੋਈ ਔਕੜ ਨਹੀਂ ਆਉਂਦੀ ਸੀ। ਇੰਝ ਕਵੀ ਦੇ ਨਾਲ ਨਾਲ ਉਹ ਐਜੀਟੇਟਰ ਤੇ ਪ੍ਰਚਾਰਕ ਦੇ ਫਰਜ਼ ਵੀ ਨਿਭਾ ਰਿਹਾ ਸੀ। ਇਹਨਾਂ ਪੋਸਟਰਾਂ ਤੇ ਤਖਤੀਆਂ ਦੀ ਤਿਆਰੀ ਵਿਚ ਪੇਟਿੰਗ ਦਾ ਉਸ ਦਾ ਮੁਢਲਾ ਤਜਰਬਾ ਬੜਾ ਸਹਾਈ ਸਿੱਧ ਹੋਇਆ। ਅਜੇਹੇ ਖੇਤਰ ਦੇ ਡੂੰਘੇ ਅਨੁਭਵ ਨੇ ਉਸ ਦੇ ਕਾਵਿ ਅਨੁਭਵ ਨੂੰ ਡੂੰਘਾਈ ਅਤੇ ਤੀਖਣਤਾ ਪ੍ਰਦਾਨ ਕੀਤੀ, ਇਹਨਾਂ ਪੋਸਟਰਾ ਦੇ ਤਿੱਖੇ ਵਿਅੰਗ ਨੇ ਕਵੀ ਦੀ ਵਿਅੰਗਿਆਤਮਿਕ ਕਵਿਤਾਵਾਂ ਲਿਖਣ ਦੀ ਸਮਰੱਥਾ ਵਿਚ ਵੀ ਵਾਧਾ ਕੀਤਾ।
ਇਨ੍ਹਾਂ ਵਿਕੋਲਿਤਰੇ ਤਜਰਬਿਆਂ ਵਿਚੋਂ ਦੀ ਲੰਘਦਿਆਂ ਕਵੀ ਨੇ ਇਕ ਨਵੇਂ ਤੇ ਸਮੇਂ ਦੇ ਅਨਕੂਲ, ਪਰ ਮੌਲਿਕ ਕਾਵਿ-ਸ਼ਾਸ਼ਤਰ ਦਾ ਨਿਰਮਾਣ ਕੀਤਾ। ਇਹ ਆਪਣੀ ਨਵੀਂ ਭਾਂਤ ਦੀ ਕਵਿਤਾ ਦੇ ਸਮਾਜਕ ਮਨੋਰਥਾਂ ਬਾਰੇ ਬਹੁਤ ਸਪਸ਼ਟ ਸਨ। ਕਿਸੇ ਪ੍ਰਸ਼ਨ ਦੇ ਉੱਤਰ ਵਿਚ ਉਸ ਨੇ ਲਿਖਿਆ ਸੀ,
“ਮੇਰੀ ਕਵਿਤਾ ਸਮਾਜਵਾਦ ਵੱਲ ਜਾਂਦੀ ਸੜਕ ਹੈ”। ਅਤੇ ਕਿ “ਕਵਿਤਾ ਆਰੰਭਕ ਤੌਰ ’ਤੇ ਪੱਖਪਾਤੀ ਹੁੰਦੀ ਹੈ।”
ਉਸ ਨੇ ਆਪਣੀ ਕਵਿਤਾ ਰਾਹੀਂ ਅਕਤੂਬਰ ਇਨਕਲਾਬ ਤੋਂ ਬਾਅਦ ਦੀਆਂ ਰੂਸੀ ਸਮਾਜ ਦੀਆਂ ਨਵੀਆਂ ਉਤਪੰਨ ਹੋਈਆਂ ਵਿਰੋਧਤਾਈਆਂ ਨੂੰ ਆਪਣੇ ਇਕ ਵੱਖਰੇ, ਸੱਜਰੇ ਤੇ ਮੌਲਿਕ ਕਾਵਿ ਮੁਹਾਵਰੇ ਵਿਚ ਪ੍ਰਗਟ ਕਰਨ ਲਈ ਰਵਾਇਤੀ ਕਵਿਤਾ ਦੇ ਕਈ ਮਾਪ ਦੰਡ ਬਦਲ ਦਿੱਤੇ ਤੇ ਨਵੀਂ ਕਾਵਿ ਸ਼ੈਲੀ ਵਿਕਸਿਤ ਕੀਤੀ। ਰੂਸੀ ਭਾਸ਼ਾ ਵਿਚ ਉੱਤਰ ਇਨਕਲਾਬੀ ਕਾਲ ਵਿਚ ਆਏ ਪ੍ਰੀਵਰਤਨ ਨੂੰ ਨੋਟ ਕਰਦਿਆਂ ਉਸ ਨੇ ਲਿਖਿਆ, “ਕਰਾਂਤੀ ਨੇ ਗਲੀਆਂ ਨੂੰ ਲੱਖਾਂ ਲੋਕਾਂ ਦੀ ਵਾਰਤਾਲਾਪ ਨਾਲ ਭਰਪੂਰ ਕਰ ਦਿੱਤਾ ਹੈ ਤੇ ਸ਼ਹਿਰ ਦੇ ਨਾਲ ਜੁੜਵੇ ਇਲਾਕਿਆਂ ਦੀ ਉਪਬੋਲੀ ਕੇਂਦਰੀ ਸੜਕਾਂ ਵਿਚ ਦੀ ਵਗ ਤੁਰੀ ਹੈ। ਬੋਲ ਚਾਲ ਦੀ ਬੋਲੀ ਨੂੰ ਕਵਿਤਾ ਵਿਚ ਕਿਵੇਂ ਨਿਚੋੜਿਆ ਜਾਵੇ।”
ਕਵਿਤਾ ਦੀ ਸਿਰਜਣ ਪ੍ਰਕਿਰਿਆ ਸ਼ਿਲਪ ਦੀ ਮੁਹਾਰਤ ਤੇ ਯਥਾਰਥ ਦੀ ਪੇਸ਼ਕਾਰੀ ਬਾਰੇ ਪ੍ਰਗਟ ਕੀਤੇ ਗਏ ਉਸ ਦੇ ਆਪਣੀ ਨਿੱਜੀ ਤਜਰਬੇ ਅਤੇ ਵਿਚਾਰ ਅੱਜ ਵੀ ਬੜੇ ਸਾਰਥਕ ਹਨ,
“ਕਵਿਤਾ ਲਿਖ ਕੇ ਮੈਂ ਕਈ ਦਿਨਾਂ ਲਈ ਇਸ ਨੂੰ ਜੰਦਰਾ ਲਾ ਕੇ ਰੱਖ ਦਿੰਦਾ ਹਾਂ ਤੇ ਜਦੋਂ ਬਾਹਰ ਕੱਢਦਾ ਹਾਂ ਤਾਂ ਤੁਰੰਤ ਸਾਰੇ ਨੁਕਸ ਦੂਰ ਕਰ ਦਿੰਦਾ ਹਾਂ।”
“ਕਵੀ ਨੂੰ ਹਰ ਰੋਜ਼ ਕੰਮ ਕਰਨਾ ਚਾਹੀਦਾ ਹੈ। ਇੰਝ ਤਕਨੀਕ ਦੀ ਮੁਹਾਰਤ ਹੰੁਦੀ ਹੈ। ਸਿਰਫ ਉਦੋਂ ਹੀ ਕਲਮ ਚੁੱਕੋ ਜਦੋਂ ਕਿ ਤੁਹਾਡੇ ਕੋਲ ਕਵਿਤਾ ਤੋਂ ਬਿਨਾ ਆਪਾ ਪ੍ਰਗਟਾਉਣ ਲਈ ਹੋਰ ਕੋਈ ਰਾਹ ਨਾ ਰਹੇ।”
ਇੰਝ ਹੀ ਜਟਿਲ ਕਵਿਤਾ ਦੇ ਅਰਥ-ਸੰਚਾਰ ਦੀ ਸਮੱਸਿਆ ਬਾਰੇ ਉਸ ਦਾ ਵਿਚਾਰ ਵੇਖਣ ਯੋਗ ਹੈ, “ਸਭ ਤੋਂ ਔਖੀ ਕਵਿਤਾ ਦੇ ਸ਼ੁਰੂ ਵਿਚ ਜੇ ਭੂਮਿਕਾ ਵਜੋਂ ਦੋ ਜਾਂ ਤਿੰਨ ਵਾਕਾਂ ਦੀ ਟਿੱਪਣੀ ਲਿਖ ਦਈਏ ਤਾਂ ਉਹ ਦਿਲਚਸਪ ਅਤੇ ਸਮਝ ਵਿਚ ਆਉਣ ਵਾਲੀ ਬਣ ਜਾਂਦੀ ਹੈ।”
ਛੰਦਾ-ਬੰਦੀ ਤੇ ਕਵਿਤਾ ਵਿਚ ਲੈ-ਤਾਲ ਦੀ ਹੋਂਦ ਬਾਰੇ ਉਹ ਲਿਖਦਾ ਹੈ, “ਤਾਲ ਕਵਿਤਾ ਦੀ ਬੁਨਿਆਦੀ ਸ਼ਕਤੀ ਹੈ ਬੁਨਿਆਦੀ ਤਾਕਤ। ਉਂਝ ਮੈਨੂੰ ਇਕ ਵੀ ਛੰਦ ਦੀ ਸਮਝ ਨਹੀਂ”
ਮੈਂ ਕਈ ਵਾਰ ਛੰਦਾ-ਬੰਦੀ ਸਿਖਣ ਦੀ ਕੋਸਿ਼ਸ ਕੀਤੀ ਹੈ। ਉਸ ਦੀ ਸਾਰੀ ਕਾਰੀਗਰੀ ਸਿੱਖੀ ਹੈ। ਤੇ ਫਿਰ ਸਭ ਕੁਝ ਭੁੱਲ ਗਿਆ ਹਾਂ”
ਇਕ ਹੋਰ ਮਹੱਤਵ-ਪੂਰਨ ਪ੍ਰਸ਼ਨ ਬਾਰੇ ਉਸ ਦੇ ਵਿਚਾਰ ਵੇਖਣ-ਯੋਗ ਹਨ। ਸਾਹਿਤਕ ਤੇ ਰਾਜਸੀ ਹਲਕਿਆਂ ਵਿਚ ਇਸ ਗੱਲ ਦਾ ਖੂਬ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਤੇ ਅਜੇ ਵੀ ਭੰਡੀ ਦੀ ਇਹ ਮੁਹਿੰਮ ਖਤਮ ਨਹੀਂ ਹੋਈ ਕਿ ਸਮਾਜਵਾਦੀ ਪ੍ਰਬੰਧ ਅਧੀਨ ਲੇਖਕਾਂ ਨੂੰ ਆਪਾ ਪ੍ਰਗਟਾਉਣ ਦੀ ਖੁੱਲ੍ਹ ਨਹੀਂ ਹੁੰਦੀ ਤੇ ਲੇਖਕਾਂ ਨੂੰ ਖਾਸ ਖਾਸ ਵਿਸਿ਼ਆਂ ਬਾਰੇ ਖਾਸ ਤਰ੍ਹਾਂ ਨਾਲ ਪਾਰਟੀ ਦੀਆਂ ਰਾਜਸੀ ਲੋੜਾਂ ਲਈ ਲਿਖਣ ਲਈ ਮਜਬੂਰ ਕੀਤਾ ਜਾਂਦਾ ਹੈ। ਸਟਾਲਿਨ ਦੀ ਵਿਅਕਤੀ ਪੂਜਾ ਦੇ ਦੋੌਰ ਵਿਚ ਅਜੇਹੇ ਹੁਕਮ ਦਿੱਤੇ ਜਾਣੇ ਤਾਂ ਕਿਆਸੇ ਜਾ ਸਕਦੇ ਹਨ, ਪਰ ਆਮ ਹਾਲਤਾਂ ਵਿਚ ਅਜੇਹੇ ਦੂਸ਼ਣ ਭੰਡੀ-ਪ੍ਰਚਾਰ ਦਾ ਹੀ ਰੂਪ ਹੁੰਦੇ ਹਨ।
ਹੁਕਮ ਦਿੱਤੇ ਜਾਣ ਬਾਰੇ ਕਿਸੇ ਬਦੇਸ਼ੀ ਪੱਤਰਕਾਰ ਨੇ ਸੰਸਾਰ ਪ੍ਰਸਿੱਧ ਨਾਵਲਕਾਰ ਮਿਖਾਈਲ ਸ਼ੋਲੋਖੋਵ ਨੂੰ ਵੀ ਇਹ ਪ੍ਰਸ਼ਨ ਪੁੱਛਿਆ ਸੀ ਤੇ ਉਸ ਦਾ ਉੱਤਰ ਸੀ। ਕਿ ਰੂਸੀ ਲੇਖਕ ਸਾਹਿਤਕ ਰਚਨਾ, ““At the bidding of the heart” ਕਰਦੇ ਹਨ, ਅਰਥਾਤ ਦਿਲ ਦੇ ਸੱਦੇ ਉੱਤੇ ਲਿਖਦੇ ਹਨ। ਇਹੀ ਪ੍ਰਸ਼ਨ ਲਗਦਾ ਹੈ, ਮਾਇਆਕੋਵਸਕੀ ਨੂੰ ਵੀ ਪੁੱਛਿਆ ਗਿਆ, ਜਿਸ ਦੇ ਉੱਤਰ ਵਿਚ ਉਸ ਨੇ ਲਿਖਿਆ ਸੀ, “Being ordered to do things is correct, I want to be ordered” ਮੈਂ ਜਾਤੀ ਤਜਰਬੇ ਦੇ ਅਧਾਰ ਉੱਤੇ ਕਹਿ ਸਕਦਾ ਹਾਂ ਕਿ ਹੁਕਮ ਦੇਣ ਨਾਲ ਵੀ ਕਈ ਵਾਰ ਚੰਗੀ ਰਚਨਾ ਅਥਵਾ ਕਵਿਤਾ ਲਿਖੀ ਜਾਣੀ ਅਸੰਭਵ ਨਹੀਂ। ਗੱਲ ਤਾਂ ਲੇਖਕ ਦੀ ਵਿਚਾਰਧਾਰਕ ਪ੍ਰਤੀਬੱਧਤਾ ਹੀ ਹੈ। ਤੇ ਪਤੀ੍ਰਬੱਧਤਾ ਦਾ ਇਹ ਸ਼ਬਦ ਐਸਾ ਹੈ ਜਿਸ ਤੋਂ ਲੇਖਕ ਇੰਝ ਭੱਜਦੇ ਹਨ, ਜਿਵੇਂ ਕਾਂ ਗਲੇਲੇ ਨੂੰ ਵੇਖ ਕੇ ਭੱਜਦਾ ਹੈ।
ਮਾਇਆਕੋਵਸਕੀ ਦੀ ਸਮੁੱਚੀ ਕਵਿਤਾ ਦੇ ਅਧਿਅਨ ਤੋਂ ਇਹ ਗੱਲ ਭਲੀ ਭਾਂਤ ਪ੍ਰਮਾਣਤ ਹੋ ਜਾਂਦੀ ਹੈ ਕਿ ਉਸ ਨੇ ਸਮੇਂ ਦੀਆਂ ਜਮਾਤੀ ਸਿਆਸੀ ਤੇ ਵਿਚਾਰਧਾਰਕ ਲੋੜਾਂ ਲਈ ਚਲੰਤ ਵਿਸ਼ਿਆਂ ਅਤੇ ਘਟਨਾਵਾਂ ਉੱਤੇ ਸ਼ਕਤੀਸ਼ਾਲੀ ਕਵਿਤਾਵਾਂ ਲਿਖਿਆਂ ਸਨ ਅਤੇ ਆਪਣੇ ਦੇਸ਼ ਵਿਚ ਆਏ ਇਨਕਲਾਬ ਦੀ ਰਾਖੀ, ਮਜ਼ਬੂਤੀ ਅਤੇ ਲੋੜ ਲਈ ਕਵਿਤਾਵਾਂ ਲਿਖੀਆਂ ਸਨ। ਇਸ ਸਬੰਧੀ ਉਸ ਦੀ ਟਿੱਪਣੀ ਵਿਚਾਰਨ ਯੋਗ ਹੈ, “ਕਮਜ਼ੋਰ ਲੇਖਕ ਝੱਟ ਟਪਾਉਂਦੇ ਹਨ, ਤੇ ਉਦੋਂ ਤੀਕ ਉਡੀਕਦੇ ਹਨ ਕਿ ਘਟਨਾ ਵਾਪਰ ਜਾਵੇ ਤੇ ਉਸ ਬਾਰੇ ਸੋਚਿਆ ਵਿਚਾਰਿਆ ਜਾਵੇ। ਤੇ ਤਕੜੇ ਲੇਖਕ ਏਨੀ ਹੀ ਤੇਜ਼ੀ ਨਾਲ ਅੱਗੇ ਦੌੜਦੇ ਹਨ ਤਾਂ ਕਿ ਉਹ ਸਮੇਂ ਨੂੰ ਅੱਗਲਵਾਂਢੀ ਹੋ ਕੇ ਪਕੜ ਤੇ ਪ੍ਰਗਟ ਕਰ ਸਕਣ।”
ਮਾਇਆਕੋਵਸਕੀ ਨੇ ਆਪਣੀ ਸਿਰਜਣਾਤਮਿਕ ਪ੍ਰਕਿਰਿਆ ਬਾਰੇ ਇਕ ਬੜਾ ਲੰਮਾ ਲੇਖ ਲਿਖਿਆ ਸੀ ਜਿਸ ਦਾ ਸਿਰਲੇਖ ਸੀ, “ਕਵਿਤਾਵਾਂ ਕਿਵੇਂ ਲਿਖਣੀਆਂ ਹਨ”। ਉਸ ਵਿਚ ਕਵੀ ਨੇ ਸਰਗਈ ਯੈਸੇਨਿਨ ਦੀ ਮੌਤ ਉੱਤੇ ਲਿਖੇ ਆਪਣੇ ਮਰਸੀਏ ਦਾ ਹਵਾਲਾ ਦਿੰਦਿਆਂ ਕੁਝ ਨਿੱਜੀ ਤਜਰਬੇ ਸਾਂਝੇ ਕੀਤੇ ਸਨ ਜਿਨ੍ਹਾਂ ਦਾ ਜ਼ਿਕਰ ਇਸ ਲਿਖਤ ਦੇ ਪਹਿਲੇ ਹਿੱਸੇ ਵਿਚ ਆ ਚੁੱਕਾ ਹੈ। ਪਰ ਉਸ ਦੀ ਆਖਰੀ ਗੱਲ ਖਾਸ ਤੌਰ ’ਤੇ ਨੋਟ ਕਰਨ ਦੇ ਕਾਬਿਲ ਹੈ, “ਐਪਰ ਆਪਾ-ਪ੍ਰਗਟਾਵੇ ਦੇ ਸਭ ਤੋਂ ਮਹੱਤਵਪੂਰਨ ਸਾਧਨਾਂ ਵਿਚੋਂ ਇਕ ਹੈ ਬਿੰਬ।”
ਮਾਇਆਕੋਵਸਕੀ ਦਾ ਅਨੁਭਵ ਖੇਤਰ ਹੀ ਵੱਖਰਾ ਤੇ ਨਵਾਂ ਨਹੀਂ ਸੀ, ਉਸ ਦੀ ਬਿੰਬਾਵਲੀ ਵੀ ਸੱਜਰੀ ਤੇ ਮੌਲਿਕ ਸੀ। ਉਹ ਸਿਰਫ ਸਰਗਰਮ ਤੇ ਕਰਾਂਤੀਕਾਰੀ ਸ਼ਾਇਰੀਦਾਰੀ ਕਵੀ ਨਹੀਂ ਸੀ। ਉਸ ਦੀਆਂ ਪਿਆਰ ਕਵਿਤਾਵਾਂ ਉਸ ਦੇ ਸਮੁੱਚੇ ਰਚਨਾ-ਜਗਤ ਦਾ ਮਹੱਤਵਪੂਰਨ ਭਾਗ ਹਨ। ਆਪਣੀ ਆਖਰੀ ਕਵਿਤਾ ‘ਉੱਚੀ ਤੇ ਸਪਸ਼ਟ’ ਵਿਚ ਬੜਾ ਦੁਖੀ ਹੋਇਆ ਉਹ ਕੁਰਲਾ ਉਠਿਆ ਸੀ
ਤੁਹਾਡੇ ਲਈ ਪਿਆਰ ਦੇ ਗੀਤ ਝਰੀਟਣੇ
ਮੈਨੂੰ ਵੀ ਬੜੇ ਸੂਤ ਬੈਠਣਗੇ
ਸਗੋਂ ਹੋਰ ਵੀ ਚੰਗੇਰੇ
ਖੁਸ਼ੀ ਤੇ ਬਟੂਏ ਲਈ
ਪਰ ਮੈਂ ਆਪਣੀ ਆਵਾਜ਼ ਨੂੰ ਚੁੱਪ ਕਰਾਉਣ ਲਈ
ਆਪਣੀ ਕਵਿਤਾ ਦੀ ਧੌਣ ਉੱਤੇ ਪੈਰ ਰੱਖ ਕੇ
ਇਸ ਨੂੰ ਮਿੱਧ ਸੁੱਟਾਂਗਾ,
ਮਾਇਆਕੋਵਸਕੀ ਨੂੰ ਸਮਾਜਵਾਦੀ ਸਰਕਾਰ ਵੱਲੋਂ ਜੋ ਮਾਣ ਤੇ ਸਤਿਕਾਰ ਉਸ ਦੇ ਆਪਣੇ ਛੋਟੇ ਜਹੇ ਜੀਵਨ ਕਾਲ ਵਿਚ ਪ੍ਰਾਪਤ ਹੋਇਆ ਉਹ ਉਸ ਦੀ ਲਗਨ ਦ੍ਰਿੜ ਇਰਾਦੇ ਰਚਨਾਤਮਿਕ ਸਰਗਰਮੀ ਅਤੇ ਵਚਨਬੱਧਤਾ ਸਦਕਾ ਪ੍ਰਾਪਤ ਹੋਇਆ ਸੀ। ਏਹੋ ਕਾਰਨ ਸਨ ਕਿ ਉਸ ਨੂੰ ਬਾਹਰਲੇ ਦੇਸ਼ਾਂ ਦਾ ਸਫ਼ਰ ਕਰਨ ਦੇ ਬੜੇ ਮੌਕੇ ਮਿਲੇ। ਉਹ ਲੈਟਵੀਆ, ਪੋਲੈਂਡ, ਚੈਕੋਸਲੋਵਾਕੀਆ, ਜਰਮਨੀ, ਫਰਾਂਸ ਅਤੇ ਮੈਕਸੀਕੋ ਤੇ ਅਮਰੀਕਾ ਵਿਚ ਆਪਣੇ ਦੇਸ਼ ਵੱਲੋਂ “ਕਵਿਤਾ ਦਾ ਸਫੀਰ” ਬਣ ਕੇ ਗਿਆ ਉੱਥੇ ਜਾ ਕੇ ਉਸ ਨੇ ਕਈ ਇੱਕਠਾਂ ਤੇ ਇੱਕਤਰਤਾਵਾਂ ਵਿਚ ਕਵਿਤਾ ਪਾਠ ਕਰਨ ਦੇ ਨਾਲ ਨਾਲ ਬੜੀਆਂ ਤਿੱਖੀਆਂ ਤੇ ਭਰਪੂਰ ਬਹਿਸਾਂ ਕੀਤੀਆਂ ਤੇ ਆਪਣੇ ਦੇਸ਼ ਦੀਆਂ ਨੀਤੀਆਂ ਅਤੇ ਉਦੇਸ਼ਾਂ ਦੀ ਵਿਆਖਿਆ ਕਰਨ ਦੇ ਨਾਲ ਨਾਲ ਇਹਨਾਂ ਦਾ ਡਟਵਾਂ ਸਮਰਥਨ ਕੀਤਾ।
ਇਨ੍ਹਾਂ ਯਾਤਰਾਵਾਂ ਦੇ ਸਿੱਟੇ ਵਜੋਂ ਉਸ ਨੇ ਯੂਰਪ ਅਤੇ ਅਮਰੀਕਾ ਦੇ ਮਜ਼ਦੂਰਾਂ ਦੇ ਨਿਤਾ ਪ੍ਰਤੀ ਜੀਵਨ ਬਾਰੇ ਕਈ ਕਵਿਤਾਵਾਂ ਲਿਖਿਆਂ ਅਤੇ ਆਪਣੇ ਕਾਵਿ-ਅਨੁਭਵ ਨੂੰ ਡੂੰਘਾ ਤੇ ਵਿਸ਼ਾਲ ਕੀਤਾ,ਉਸ ਦੀ ਪ੍ਰਸਿੱਧ ਕਵਿਤਾ, ‘ਮੇਰੀ ਸੋਵੀਅਤ ਪਾਸਪੋਰਟ’ ਦੀਆਂ ਕੁਝ ਕਾਵਿ-ਪੰਗਤੀਆਂ ਵੇਖਣ ਵਾਲੀਆਂ ਨੇ।
ਉੱਚ ਅਧਿਕਾਰੀ ਨੇ
ਮੇਰਾ ਲਾਲ ਜਿਲਦ ਵਾਲਾ ਪਾਸਪੋਰਟ
ਫੜ ਲਿਆ
ਉਹ ਉਸ ਨੂੰ ਕੰਡੇਰਨੇ ਜਾਂ ਬੰਬ ਵਾਂਗ ਫੜਦਾ ਹੈ
ਜਿਵੇਂ ਡੂੰਮਣੇ ਵੀ ਮੱਖੀ ਨੂੰ
ਪਰਾਂ ਤੋਂ ਫੜ ਕੇ ਮਸਲਣਾ ਹੋਵੇ
ਜਿਵੇਂ ਤਿੰਨ ਗਜ਼ ਲੰਮੇ ਕੁੰਡਲਾਂ ਵਾਲੇ ਸੱਪ ਨੂੰ
ਸੱਪ ਜਿਸ ਦੀਆਂ ਸੌ ਮਾਰੂ ਜੀਭਾਂ ਹੋਣ।
ਇਹ ਮੇਰੇ ਲਈ ਸਭ ਤੋਂ ਕੀਮਤੀ ਪ੍ਰਮਾਣ ਪੱਤਰ ਹੈ।
ਮੈਂ ਇਸ ਨੂੰ ਹੋਰਨਾਂ ਕਾਗਜ਼ਾਂ ਦੇ ਨਾਲ
ਪਤਲੂਣ ’ਚੋਂ ਬਾਹਰ ਕੱਢਦਾ ਪੜ੍ਹਦਾ
ਤੇ ਰਸ਼ਕ ਕਰਦਾਂ
ਕਿ ਮੈਂ ਸੋਵੀਅਤ ਰੂਸ ਦਾ ਨਾਗਰਿਕ ਹਾਂ
-1929
ਬਦੇਸ਼ਾਂ ਵਿਚ ਜਾ ਕੇ ਕਵਿਤਾ-ਪਾਠ ਕਰਨ ਦੇ ਨਾਲ ਨਾਲ ਕਵੀ ਨੇ ਸੋਵੀਅਤ ਰੂਸ ਦੇ ਵਿਸ਼ਾਲ ਇਲਾਕਿਆਂ ਵੱਡੇ ਸ਼ਹਿਰਾਂ ਤੇ ਕਸਬਿਆਂ ਵਿਚ ਦੂਰ ਦੁਰਾਡੇ ਜਾ ਕੇ ਕਵਿਤਾ ਪਾਠ ਕੀਤੇ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਲਾਲ-ਫੌਜੀ ਉਸ ਦੇ ਖਾਸ ਚਹੇਤੇ ਸਰੋਤੇ ਸਨ। ਕਵੀ ਵੱਡੇ ਕੱਦ ਦਾ ਲੰਮਾ ਉੱਚਾ ਵਿਅਕਤੀ ਸੀ ਤੇ ਬਹੁਤ ਗੜ੍ਹਕ ਕੇ ਕਵਿਤਾ ਪੜ੍ਹਦਾ ਹੁੰਦਾ ਸੀ। ਕਵਿਤਾ ਪੜ੍ਹ ਪੜ੍ਹ ਆਖ਼ਰੀ ਦਿਨਾਂ ਵਿਚ ਉਸ ਦਾ ਸੰਘ ਬਹਿ ਗਿਆ ਸੀ ਅਤੇ ਡਾਕਟਰਾਂ ਨੇ ਉਸ ਨੂੰ ਉੱਚੀ ਬੋਲਣ ਤੋਂ ਵਰਜ ਦਿੱਤਾ ਸੀ। ਸਰੋਤਿਆਂ ਨਾਲ ਸਿੱਧਾ ਸੰਪਰਕ ਜੋੜਨ ਦੀ ਲੋੜ ਨੇ ਉਸ ਦੀ ਕਵਿਤਾ ਦੀ ਸ਼ੈਲੀ ਉਤੇ ਵੀ ਪ੍ਰਭਾਵ ਪਾਇਆ ਤੇ ਉਹ ਹੋਰ ਵਧੇਰੇ ਸਰਲ ਹੋਣ ਦੀ ਕੋਸਿ਼ਸ਼ ਕਰਦਾ। ਦੇਸ਼ ਨੂੰ ਦਰਪੇਸ਼ ਰਾਜਸੀ ਚੁਣੌਤੀਆਂ ਨੂੰ ਉਹ ਕਵਿਤਾ ਵਿਚ ਨਿਭਾਉਂਦਾ ਅਕਤੂਬਰ ਇਨਕਲਾਬ ਦਾ ਪਹਿਰੇਦਾਰ, ਵਿਆਖਿਆਕਾਰ ਅਤੇ ਢਾਡੀ ਬਣ ਗਿਆ ਸੀ। ਉਹ ਕਰਾਂਤੀ ਦੇ ਦੁਸ਼ਮਣਾਂ ਨੂੰ ਵਿਅੰਗ ਦੀ ਤੇਜ਼ ਤੋਂ ਤੇਜ਼ਤਰ ਧਾਰ ਨਾਲ ਨੰਗਾ ਕਰਦਾ ਸੀ।
ਮਾਇਆਕੋਵਸਕੀ ਕਵਿਤਾ ਕੋਲੋਂ ਵਿਚਾਰਧਾਰਕ ਲੜਾਈ ਦਾ ਕੰਮ ਲੈ ਰਿਹਾ ਸੀ। ਸਿੱਟੇ ਵਜੋਂ ਜੇ ਉਸ ਦੇ ਹਜ਼ਾਰਾਂ ਪਾਠਕ ਸਰੋਤੇ ਤੇ ਪ੍ਰਸੰਸਕ ਪੈਦਾ ਹੋ ਰਹੇ ਸਨ, ਤਾਂ ਨਾਲ ਨਾਲ ਉਸ ਦੇ ਨਿੰਦਕ ਵੀ ਕੋਈ ਘੱਟ ਨਹੀਂ ਸਨ। ਆਪਣੇ ਜੀਵਨ-ਕਾਲ ਵਿਚ ਅਤੇ ਉਸ ਦੀ ਮੌਤ ਉਪਰੰਤ ਉਸ ਨੂੰ ਜਿੱਥੇ ਰੱਜ ਕੇ ਸਲਾਹਿਆ ਸਨਮਾਇਆ ਗਿਆ ਤੇ ਉਸ ਦੀ ਖੁਸ਼ਾਮਦ ਕੀਤੀ ਗਈ ਤੇ ਉਸ ਨੂੰ ਸਰਕਾਰੀ ਪੱਧਰ ਉੱਤੇ ਅਤੇ ਪਾਰਟੀ ਪੱਧਰ ਉੱਤੇ ਸਿਰ ’ਤੇ ਚੁੱਕਿਆ ਗਿਆ ਉੱਥੇ ਨਾਲ ਦੀ ਨਾਲ ਉਸ ਦੀ ਨਕਲ ਕਰਨ ਤੋਂ ਇਲਾਵਾ ਉਸ ਦੀ ਨਿੰਦਿਆ ਆਲੋਚਨਾ ਅਤੇ ਭੰਡੀ ਵੀ ਕੋਈ ਘੱਟ ਨਹੀਂ ਕੀਤੀ ਜਾਂਦੀ ਹੈ।ਸਪਸ਼ਟ ਭਾਂਤ ਉਹ ਵਾਦ-ਵਿਵਾਦੀ ਕਵੀ ਸੀ ਤੇ ਇਹ ਵਿਵਾਦ ਸੰਸਾਰ ਪੱਧਰ ਉੱਤੇ ਅਜੇ ਵੀ ਜਾਰੀ ਹੈ। ਪਰ ਉਹ ਅਣਡਿੱਠ ਕੀਤੇ ਜਾਣ ਵਾਲਾ ਕਵੀ ਨਹੀਂ ਹੈ। ਜੇ ਕਦੇ ਕਿਤੇ ਅਕਤੂਬਰ ਕਰਾਂਤੀ ਦਾ ਜਿਕਰ ਆਉਂਦਾ ਹੈ ਜਾਂ ਆਵੇਗਾ ਤਾਂ ਨਾਲ ਮੈਕਸਿਮ ਗੋਰਕੀ ਅਤੇ ਵਲਾਦੀਮੀਰ ਮਾਇਆਕੋਵਸਕੀ ਦਾ ਜ਼ਿਕਰ ਵੀ ਅਵੱਸ਼ ਆਉਂਦਾ ਹੈ ਤੇ ਆਉਂਦਾ ਰਹੇਗਾ।
‘ਉਸ ਦੀਆਂ ਯਾਦਾਂ’ ਵਿਚ ਕਵੀ ਦੀ ਮਾਂ ਨੇ ਇਕ ਥਾਂ ਲਿਖਿਆ ਸੀ, “ਗਿੱਦੜ ਘਰ ਤੀਕ ਰੀਂਗ ਕੇ ਆ ਜਾਂਦੇ ਸਨ ਉਹਨਾਂ ਦੇ ਵੱਡੇ ਟੋਲੇ ਹੁੰਦੇ ਸਨ ਅਤੇ ਉਹ ਖ਼ੌਫ਼ਨਾਕ ਢੰਗ ਨਾਲ ਹਵਾਂਕਦੇ ਸਨ। ਇਹ ਹਵਾਂਕਣਾ ਬੜਾ ਬੇਸੁਰਾ ਅਤੇ ਡਰਾਉਣਾ ਹੁੰਦਾ ਸੀ।……ਬੱਚੇ ਰਾਤ ਨੂੰ ਸੌ ਨਹੀਂ ਸੀ ਸਕਦੇ ਹੰੁਦੇ ਤੇ ਮੈਂ ਉਹਨਾਂ ਨੂੰ ਧੀਰਜ ਦਿੰਦੀ ਹੁੰਦੀ ਸੀ ਕਿ ਡਰੋ ਨਹੀਂ ਸਾਡੇ ਕੋਲ ਵਧੀਆ ਕੁੱਤੇ ਹਨ। ਉਹ ਗਿੱਦੜਾਂ ਨੂੰ ਸਾਡੇ ਨੇੜੇ ਨਹੀਂ ਢੁੱਕਣ ਦੇਣਗੇ”
ਇਸ ਘਟਨਾ ਦਾ ਜਿ਼ਕਰ ਕਰਦਾ ਸੰਸਾਰ ਪ੍ਰਸਿੱਧ ਨਿਬੰਧਕਾਰ ਜੌਹਨ ਬਰਜਰ ਕਵੀ ਬਾਰੇ ਆਪਣੀਆਂ ਯਾਦਾਂ ਵਿਚ ਲਿਖਦਾ ਹੈ ਕਿ ਇਹ ਖ਼ੌਫ਼ਨਾਕ ਤਰ੍ਹਾਂ ਨਾਲ ਹਵਾਂਕਣ ਵਾਲੇ ਗਿੱਦੜ ਸਾਰੀ ਉਮਰ ਹੀ ਕਵੀ ਦਾ ਨਿੰਦਕਾਂ ਤੇ ਭੰਡੀ ਪ੍ਰਚਾਰਕਾਂ ਦੇ ਰੂਪ ਵਿਚ ਪਿੱਛਾ ਕਰਦੇ ਰਹੇ ਅਤੇ ਉਸ ਦੀ ਵਕਤੋਂ ਪਹਿਲਾਂ ਹੋਈ ਮੌਤ ਦਾ ਕਾਰਨ ਬਣੇ।
ਲੈਨਿਨ ਦੀ ਮੌਤ ਉਪਰੰਤ ਲਿਖੀਆਂ ਆਪਣੀਆਂ ਯਾਦਾਂ ਵਿਚ ਮੈਕਸਿਮ ਗੋਰਕੀ ਲਿਖਦਾ ਹੈ, “ਉਹ (ਲੈਨਿਨ) ਮਾਇਆਕੋਵਸਕੀ ਉਤੇ ਵਿਸ਼ਵਾਸ਼ ਨਹੀਂ ਸੀ ਕਰਦਾ ਤੇ ਸਗੋਂ ਉਸ ਉੱਤੇ ਚਿੜਦਾ ਸੀ।, “ਉਹ ਚੀਕਦਾ ਹੈ, ਕੁਝ ਕਰੂਪ ਸ਼ਬਦਾਂ ਦੀ ਵਰਤੋਂ ਕਰਦਾ ਹੈ ਤੇ ਇਹ ਸਭ ਕੁਝ ਨਿਸ਼ਾਨੇ ਤੋਂ ਖੁੰਝ ਜਾਂਦਾ ਹੈ। ਮੇਰਾ ਖਿਆਲ ਹੈ ਇਹ ਉਕ ਜਾਂਦਾ ਹੈ ਤੇ ਘੱਟ ਸਮਝ ਆਉਂਦਾ ਹੈ। ਇਹ ਏਨਾ ਖਿੰਡਿਆ ਪੁੰਡਿਆ ਤੇ ਪੜ੍ਹਨਾ ਔਖਾ ਹੈ।”
ਪਰ ਜਦੋਂ ਕਵੀ ਦੀ “ਕਾਨਫਰੰਸ-ਖਬਤੀ” ਕਵਿਤਾ ਪਾਰਟੀ ਅਖਬਾਰ ਵਿਚ ਛਪੀ ਤਾਂ ਲੈਨਿਨ ਨੇ ਲਿਖਿਆ:-
“ਮੈਂ ਉਸ ਦੀ ਕਾਵਿ-ਪ੍ਰਤਿਭਾ ਦਾ ਪ੍ਰਸੰਸਕ ਨਹੀਂ ਭਾਵੇਂ ਮੈਂ ਮੰਨਦਾ ਹਾਂ ਕਿ ਮੈਂ ਸਮਰੱਥ ਪਾਰਖੂ ਨਹੀਂ। ਮੈਂ ਚਿਰ ਤੋਂ ਰਾਜ-ਪ੍ਰਬੰਧ ਤੇ ਰਾਜਨੀਤੀ ਬਾਰੇ ਕੋਈ ਰਚਨਾ ਏਨੇ ਆਨੰਦ ਨਾਲ ਨਹੀਂ ਪੜੀ੍ਹ ਜਿੰਨੇ ਨਾਲ ਇਹ ਰਚਨਾ। ਮੈਂ ਕਵਿਤਾ ਬਾਰੇ ਨਹੀਂ ਜਾਣਦਾ ਪਰ ਜਿੱਥੋਂ ਤੀਖ ਰਾਜਨੀਤੀ ਦੀ ਗੱਲ ਹੈ, ਮੈਂ ਇਸ ਕਵਿਤਾ ਦੇ ਕਤੱਈ ਤੌਰ ’ਤੇ ਦੁਰਸਤ ਹੋਣ ਦੀ ਪੁਸ਼ਟੀ ਕਰਦਾ ਹਾਂ।”
ਪਰ ਲੈਨਿਨ ਨੂੰ ਵੀ ਖਬਰ ਨਹੀਂ ਸੀ ਕਿ ਉਸ ਦੀ ਮੌਤ ਉੱਤੇ ਮਾਇਆਕੋਵਸਕੀ 1924 ਵਿਚ ਬਹੁਤ ਲੰਮੀ ਤੇ ਪ੍ਰਮਾਣਿਕ ਕਵਿਤਾ ਲਿਖ ਕੇ ਆਪਣੀ ਸ਼ਰਧਾਂਜਲੀ ਅਰਪਿਤ ਕਰੇਗਾ। ਤੇ ਸੰਸਾਰ ਭਰ ਦੇ ਕਵਿਤਾ ਪ੍ਰੇਮੀਆਂ ਦਾ ਧਿਆਨ ਖਿੱਚ ਲਵੇਗਾ ਸੰਸਾਰ ਦੇ ਸਾਹਿਤ ਅਤੇ ਰਾਜਨੀਤੀ ਵਿਚ ਅਜੇਹੇ ਕ੍ਰਿਸ਼ਮੇਂ ਘੱਟ ਹੀ ਵਾਪਰਦੇ ਹਨ।
ਵਿਚਾਰ ਅਧੀਨ ਕਵੀ ਦੀ ਸਮੁੱਚੀ ਕਾਵਿ-ਰਚਨਾ ਦਾ ਪਾਠ ਕਰਦਿਆਂ ਇਕ ਵਿਸ਼ੇਸ਼ ਗੱਲ ਨੋਟ ਕਰਨ ਵਾਲੀ ਹੈ ਕਿ ਉਸ ਦੀਆਂ ਅਖੀਰੀ ਦੌਰ ਦੀਆਂ ਕਵਿਤਾਵਾਂ ਸੋਵੀਅਤ ਸਮਾਜ ਤੇ ਰਾਜ ਪ੍ਰਬੰਧ ਵਿਚ ਪੈਦਾ ਹੋ ਰਹੇ ਵਿਗਾੜਾਂ ਬਾਰੇ ਹਨ। ਹੈਰਾਨੀ ਹੈ ਕਿ ਇਹ ਹੀ ਵਿਗਾੜ ਹੌਲੀ ਹੌਲੀ ਵਧਦੇ ਵਧਦੇ ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿਚ ਰੂਸ ਵਿਚ ਸਮਾਜਵਾਦੀ ਪ੍ਰਬੰਧ ਦੇ ਬਿਖਰਾਅ ਦਾ ਕਾਰਨ ਬਣਦੇ ਹਨ। ਇਸ ਅਲੌਕਾਰ ਚੇਤਨਾ ਦੇ ਤਿੰਨ ਕਾਰਨ ਹੋ ਸਕਦੇ ਹਨ। ਪਹਿਲਾ ਉਸ ਦਾ ਜਨ ਜੀਵਨ ਨਾਲ ਡੂੰਘਾ ਸੰਪਰਕ, ਦੂਸਰਾ ਉਸ ਦੀ ਵਿਚਾਰਧਾਰਕ ਪਰਪੱਕਤਾ ਅਤੇ ਤੀਸਰਾ ਉਸ ਦੀ ਅਦੁੱਤੀ ਦਿੱਭ-ਦ੍ਰਿਸ਼ਟੀ (Intuition) ਸਹਿਜ ਗਿਆਨ। ਉਸ ਦੇ ਨਾਟਕਾਂ ਵਿਚ ਸਮਾਜਕ ਵਿਗਾੜਾਂ ਦਾ ਵਧੇਰੇ ਤੀਖਣ ਰੂਪ ਵਿਚ ਜਿ਼ਕਰ ਹੋਇਆ। ਕਵੀ ਨੇ ਵਿਅੰਗ ਦੀ ਤੇਜ਼-ਧਾਰ ਨਾਲ ਇਹਨਾਂ ਪਨਪ ਰਹੇ ਵਿਗਾੜਾਂ ਦਾ ਖੰਡਨ ਕੀਤਾ ਹੈ। ਫੈਲ ਰਿਹਾ ਭ੍ਰਿਸ਼ਟਾਚਾਰ, ਖੁਸ਼ਾਮਦੀ ਬਿਰਤੀਆਂ, ਚਮਚਾਗਿਰੀ ਤੇ ਅਫਸਰਸ਼ਾਹੀ ਦਾ ਵਧ ਰਿਹਾ ਪ੍ਰਭਾਵ ਕਵੀ ਦੇ ਵਿਅੰਗ ਦਾ ਨਿਸ਼ਾਨਾ ਬਣਦੇ ਹਨ। ‘ਨਿਘਾਰ’, ‘ਵੱਢੀ-ਖੋਰ’, ‘ਦਫਤਰੀ ਪਿੱਸੂ’, ‘ਟੁੱਕੜ-ਬੋਚ’ ਤੇ ‘ਬਦਮਾਸ਼’ ਅਜੇਹੀਆਂ ਕਵਿਤਾਵਾਂ ਹਨ।
ਜੇ ਕੋਈ ਦਰਿੰਦਾ
ਜਿਸ ਨੂੰ ਇਕ ਰੂਬਲ ਦੀ
ਵੱਢੀ ਦਿੱਤੀ ਗਈ ਹੈ
ਆਪਣੇ ਹੱਥ ਨਾਲ ਮੇਰੀ ਹਥੇਲੀ
ਨੂੰ ਛੂਹੰਦਾ ਹੈ,
ਮੈਂ ਆਪਣਾ ਹੱਥ ਧੋਵਾਂਗਾ
ਤੇ ਹੱਡੀ ਤੀਕ ਗੰਦੀ ਹੋਈ ਚਮੜੀ ਨੂੰ
ਇੱਟ ਨਾਲ ਰਗੜਾਂਗਾ
(ਵੱਢੀ-ਖੋਰ -1926)
ਕਵੀ ਆਪਣੇ ਪਾਠਕਾਂ ਦੀ ਸੁਹਜਾਤਮਿਕ ਪੱਧਰ ਅਤੇ ਸਾਹਿਤਕ ਸੂਝ ਬਾਰੇ ਚੇਤੰਨ ਸੀ। ਉਸ ਨੂੰ ਪਤਾ ਸੀ ਕਿ ਇਨਕਲਾਬ ਤੇ ਗ੍ਰਹਿ-ਯੁੱਧ ਨੇ ਲੱਖਾਂ ਹੀ ਪੇਂਡੂ ਕਿਸਾਨਾਂ ਤੇ ਸ਼ਹਿਰੀ ਮਜ਼ਦੂਰਾਂ ਨੂੰ ਰਾਜਨੀਤਿਕ ਸੰਘਰਸ਼ ਵਿਚ ਖਿੱਚ ਲਿਆਂਦਾ ਸੀ ਤੇ ਜਿਹਨਾਂ ਵਿਚੋਂ ਵਧੇਰੇ ਗਿਣਤੀ ਕੋਰੀ ਅਨਪੜ੍ਹ ਸੀ। ਇਹਨਾਂ ਸਰੋਤਿਆਂ ਨੂੰ ਆਪਣੀ ਕਵਿਤਾ ਨਾਲ ਪ੍ਰਭਾਵਤ ਕਰਨਾ, ਪ੍ਰੇਰਤ ਕਰਨਾ ਤੇ ਜੂਝਣ ਲਈ ਉਤਸ਼ਾਹਤ ਕਰਨ ਲਈ ਉਸ ਨੂੰ ਆਪਣੇ ਕਾਵਿ ਸ਼ਾਸ਼ਤਰ ਵਿਚ ਬੁਨਿਆਦੀ ਤਬਦੀਲੀ ਕਰਨੀ ਪਵੇਗੀ। ਆਪਣੇ ਇਕ ਭਾਸ਼ਨ ਦੌਰਾਨ ਉਸ ਨੇ ਸਰੋਤਿਆਂ ਨਾਲ ਇਹ ਸਮੱਸਿਆ ਸਾਂਝੀ ਕੀਤੀ, “ਮੈਂ ਤੁਹਾਨੂੰ ਕੁਝ ਕਾਵਿ-ਪੰਗਤੀਆਂ ਪੜ੍ਹ ਕੇ ਸੁਣਾਉਂਦਾ ਹਾਂ ਜੋ ਮੈਂ 1912 ਵਿਚ ਲਿਖੀਆਂ ਸਨ। ਇਹ ਕਹਿਣਾ ਬਣਦਾ ਹੈ ਕਿ ਬੇਹੱਦ ਉਲਝੀਆਂ ਹੋਈਆਂ ਹਨ, ਅਤੇ ਸਮਝ ਨਾ ਆਉਣ ਕਾਰਨ ਇਹਨਾਂ ਦੀ ਨਿੰਦਿਆ ਕੀਤੀ ਗਈ ਸੀ। ਸਿੱਟੇ ਵਜੋਂ ਬਾਅਦ ਦੇ ਕੀਤੇ ਕੰਮ ਵਿਚ ਸਮਝ ਆਉਣ ਦੀ ਸਮੱਸਿਆ ਮੇਰੇ ਸਾਹਮਣੇ ਸੀ ਅਤੇ ਮੈਂ ਉਹ ਕਵਿਤਾ ਲਿਖਣ ਦੀ ਕੋਸਿ਼ਸ਼ ਕੀਤੀ ਜੋ ਵੱਧ ਤੋਂ ਵੱਧ ਸਰੋਤਿਆਂ ਤੀਕ ਪਹੁੰਚ ਸਕੇ।”
ਕਵੀ ਨਿਰੰਤਰ ਤੌਰ ’ਤੇ ਆਤਮ-ਆਲੋਚਨਾ ਕਰਦਾ ਰਹਿੰਦਾ ਸੀ ਤੇ ਅਪਣੇ ਸਰੋਤਿਆਂ ਅਤੇ ਪਾਠਕਾਂ ਦੀ ਰਾਏ ਦੀ ਕਦਰ ਕਰਦਾ ਸੀ।
“ਮੈਂ ਸਭ ਤੋਂ ਪਹਿਲਾਂ ਇਹ ਗੱਲ ਦੱਸ ਦੇਵਾਂ ਕਿ ਮੈਂ ਕਦੇ ਵੀ ਆਪਣੇ ਕੰਮ ਨੂੰ ਸੰਪੂਰਨ ਹੋਇਆ ਨਹੀਂ ਸਮਝਿਆ। ਮੈਂ ਦ੍ਰਿੜਤਾ ਨਾਲ ਮਜ਼ਦੂਰ ਜਮਾਤ ਦੀ ਰਚਨਾਤਮਿਕ ਸ਼ਕਤੀ ਵਿਚ ਵਿਸ਼ਵਾਸ਼ ਰੱਖਦਾ ਹਾਂ ਤੇ ਹਮੇਸ਼ਾ ਹੀ ਉਹਨਾਂ ਨੂੰ ਮਦਦ ਕਰਨ ਲਈ ਬਿਨੈ ਕਰਦਾ ਹਾਂ…ਮੈਂ ਸਭ ਟਿਪਣੀਆਂ ਦੀ ਕਦਰ ਕਰਦਾ ਹਾਂ ਤੇ ਉਹਨਾਂ ਦੀ ਵਰਤੋਂ ਕਰਨ ਦੀ ਕੋਸਿ਼ਸ਼ ਕਰਦਾ ਹਾਂ।”
1929 ਵਿਚ ਮਾਇਆਕੋਵਸਕੀ ਨੇ ਆਪਣੇ ਕਾਵਿ-ਸਫ਼ਰ ਦੇ ਵੀਹ ਸਾਲ ਹੋ ਜਾਣ ਉੱਤੇ ਇਕ ਨੁਮਾਇਸ਼ ਲਾਉਣ ਦਾ ਪ੍ਰਬੰਧ ਕੀਤਾ। ਉਹ ਸਮਝਦਾ ਸੀ ਕਿ 1909 ਵਿਚ ਉਸ ਦੀ ਕਾਵਿ-ਯਾਤਰਾ ਦਾ ਸਹੀ ਭਾਂਤ ਆਰੰਭ ਹੋਇਆ ਸੀ। ਵੀਹਾਂ ਸਾਲਾਂ ਦੀਆਂ ਪ੍ਰਾਪਤੀਆਂ, ਰਚਨਾਵਾਂ ਅਤੇ ਸਰਗਰਮੀਆਂ ਉਭਾਰ ਕੇ ਪੇਸ਼ ਕਰਨਾ ਅਤੇ ਇਹਨਾਂ ਉੱਤੇ ਵਿਚਾਰ ਤੇ ਪੁਨਰ-ਮੁਲੰਕਣ ਕਰਨਾ ਇਸ ਯਤਨ ਦਾ ਉਦੇਸ਼ ਸੀ। ਉਸ ਦੀਆਂ ਕਵਿਤਾਵਾਂ, ਫਿਲਮਾਂ, ਨਾਟਕਾਂ, ਭਾਸ਼ਣਾਂ, ਕਵਿਤਾ-ਪਾਠਾਂ ਤੇ ਵਿਸ਼ੇਸ਼ ਤੌਰ ਹਜ਼ਾਰਾਂ ਹੀ ਵਿਅੰਗ-ਚਿਤਰਾਂ, ਤਸਵੀਰਾਂ ਤੇ ਸਿ਼ਅਰਾਂ ਨੂੰ ਇੱਕਤਰ ਕਰ ਕੇ ਪ੍ਰਦਰਸਿ਼ਤ ਕਰਨਾ ਬੜਾ ਵੱਡਾ ਤੇ ਔਖਾ ਕਾਰਜ ਸੀ। ਸਾਰੇ ਕੁਝ ਦਾ ਰਿਕਾਰਡ ਲੱਭਣਾ ਤੇ ਕਾਪੀਆਂ ਤਿਆਰ ਕਰ ਕੇ ਫੋਟੋਆਂ ਰਾਹੀਂ ਪ੍ਰਦਰਸਿ਼ਤ ਕਰਨਾ ਨਿਰੀ ਸਿਰਦਰਦੀ ਸੀ ਤੇ ਇਹ ਇੱਕਲੇ-ਕਾਰੇ ਬੰਦੇ ਦਾ ਕੰਮ ਨਹੀਂ ਸੀ। ਉਸ ਨੇ ਇਸ ਸਭ ਕੁਝ ਦੀ ਤਿਆਰੀ ਦਸੰਬਰ 1929 ਵਿਚ ਸ਼ੁਰੂ ਕੀਤੀ ਤੇ ਇਹ ਕੰਮ ਜਨਵਰੀ 1930 ਤੀਕ ਜਾਰੀ ਰਿਹਾ। ਨੁਮਾਇਸ਼ ਫਰਵਰੀ ਇਕ ਤੋਂ ਆਰੰਭ ਹੋ ਕੇ 22 ਫਰਵਰੀ ਤੀਕ ਰਹੀ। ਇਸ ਨੁਮਾਇਸ਼ ਵਿਚ ਵਧੇਰੇ ਦਰਸ਼ਕ ਨੌਜਵਾਨ ਵਿਦਿਆਰਥੀ ਅਤੇ ਕਵੀ ਦੇ ਪ੍ਰਸੰਸਕ ਨੌਜਵਾਨ ਲੇਖਕ ਸਨ।
ਉਸ ਨੂੰ ਇਹ ਵੇਖ ਕੇ ਨਿਰਾਸਤਾ ਹੋਈ ਕਿ ਵੱਡੇ ਤੇ ਸਥਾਪਤ ਲੇਖਕ ਇਕ ਦਿਨ ਵੀ ਨੁਮਾਇਸ਼ ਵਿਚ ਨਾ ਆਏ। ਸਭ ਕੁਝ ਵੇਖ ਕੇ ਅਨੁਭਵ ਕਰ ਕੇ ਉਸ ਨੂੰ ਦੁੱਖ ਹੋਇਆ। ਆਖਰ ਇਸ ਦਾ ਕਾਰਨ ਕੀ ਸੀ? ਕੀ ਸਮਕਾਲੀ ਕਵੀ ਤੇ ਸਥਾਪਤ ਲੇਖਕ ਉਸ ਦੇ ਕੰਮ ਤੋਂ ਨਾਰਾਜ਼ ਸਨ ਜਾਂ ਈਰਖਾ ਕਰਦੇ ਸਨ? ਉਸ ਦੀ ਪ੍ਰੇਮਕਾ ਵੀਰੋਨੀਕਾ ਪੋਲਨਸਕਾਇਆ ਵੀ ਅਪਣੀਆਂ ਯਾਦਾਂ ਵਿਚ ਉਸ ਗੱਲ ਦੀ ਗਵਾਹੀ ਭਰਦੀ ਲਿਖਦੀ ਹੈ, “ਮੈਂ ਪਹਿਲਾਂ ਹੀ ਲਿਖ ਚੁੱਕੀ ਹਾਂ, ਉਸ ਦੀ ਨੁਮਾਇਸ਼ ਵੇਖਣ ਲਈ ਕੋਈ ਵੀ ਲੇਖਕ ਨਾ ਆਇਆ।”
ਪ੍ਰਸ਼ਨ ਪੈਦਾ ਹੁੰਦਾ ਹੈ ਕਿ ਪ੍ਰਸਿੱਧੀ ਸਿਖ਼ਰ ਉੱਤੇ ਪਹੁੰਚੇ ਕਵੀ ਮਾਇਆਕੋਵਸਕੀ ਨੂੰ ਕੀ ਲੋੜ ਪਈ ਸੀ ਕਿ ਉਹ ਸਵੈ-ਮਹਿਮਾ ਦਾ ਇਸ ਤਰ੍ਹਾਂ ਦਾ ਪ੍ਰਪੰਚ ਰਚੇ। ਨੁਮਾਇਸ਼ ਦੀ ਸਮਾਪਤੀ ਤੋਂ ਬਾਅਦ 23 ਮਾਰਚ 1930 ਨੂੰ ਕੋਸਮੋਸੋਲ ਕਲੱਬ ਵਿਚ ਇਸ ਬਾਰੇ ਬੋਲਦਿਆਂ ਉਸ ਨੇ ਇਸ ਨੁਮਾਇਸ਼ ਦਾ ਪਿਛੋਕੜ ਦੱਸਦਿਆਂ ਆਖਿਆ, “ਮੈਂ ਇਸ ਦਾ ਪ੍ਰਬੰਧ ਕਿਉਂ ਕੀਤਾ? ਮੈਂ ਇਹ ਪ੍ਰਬੰਧ ਇਸ ਕਾਰਨ ਕੀਤਾ ਕਿ ਮੇਰੇ ਲੜਾਕੇ ਸੁਭਾਅ ਕਾਰਨ, ਮੇਰੇ ਬੂਹੇ ਉੱਤੇ ਏਨੇ ਜੁਰਮ ਚਿਪਕਾ ਦਿੱਤੇ ਗਏ ਸਨ, ਅਤੇ ਮੇਰੇ ਵਿਰੁੱਧ ਏਨੇ ਗੁਨਾਹਾਂ ਦੇ ਇਲਜ਼ਾਮ ਲਾ ਦਿੱਤੇ ਗਏ ਸਨ, ਜਿਨ੍ਹਾਂ ਵਿਚੋਂ ਕੁਝ ਸਹੀ ਸਨ ਤੇ ਕੁਝ ਮੈਂ ਕਦੇ ਵੀ ਨਹੀਂ ਕੀਤੇ ਸਨ। ਮੈਂ ਕਈ ਵਾਰ ਸੋਚਦਾ ਸੀ ਕਿ ਮੈਨੂੰ ਕਿਤੇ ਦੂਰ ਪਰੇ ਚਲੇ ਜਾਣਾ ਚਾਹੀਦਾ ਹੈ ਤੇ ਉੱਥੇ ਸਾਲ ਜਾਂ ਦੋ ਸਾਲਾਂ ਲਈ ਰਹਿਣਾ ਚਾਹੀਦਾ ਹੈ ਤਾਂਕਿ ਮੈਂ ਇਹ ਸਾਰੀ ਵੈਰ-ਭਾਵਨਾ ਵਾਲੀ ਨੁਕਤਾਚੀਨੀ ਨਾ ਸੁਣਾ”
ਇਸ ਸਾਰੀ ਘਟਨਾ ਦੇ ਸਿੱਟੇ ਨੇ ਕਵੀ ਦੇ ਨਿਖੇੜ ਅਤੇ ਉਦਾਸੀ ਵਿਚ ਹੋਰ ਵਾਧਾ ਕੀਤਾ।
1930 ਦਾ ਸਾਲ ਕਰਾਂਤੀ ਦੇ ਇਸ ਕਵੀ ਲਈ ਨਵੀਆਂ ਚਿੰਤਾਵਾਂ, ਮਾਯੂਸੀਆਂ ਅਤੇ ਸਮੱਸਿਆਵਾਂ ਲੈ ਕੇ ਆਇਆ। ਅਸਲ ਵਿਚ 1930 ਦਾ ਸਾਲ ਉਸ ਦੀ ਉਮਰ ਦਾ ਆਖਰੀ ਸਾਲ ਸੀ। ਉਹ ਆਪਣੀ ਰਚਨਾ, ਆਪਣੇ ਪਿਆਰ, ਆਪਣੀ ਲੇਖਕ ਜਥੇਬੰਦੀ ਅਤੇ ਆਪਣੇ ਈਰਖਾਲੂ ਸਮਕਾਲੀਆਂ ਤੋਂ ਉਪਰਾਮ ਤੇ ਨਿਰਾਸ਼ ਹੋ ਚੁੱਕਾ ਸੀ। ਅਜੇ ਭਾਵੇਂ ਸਟਾਲਿਨ ਦੀ ਵਿਅਕਤੀ-ਪੂਜਾ ਦਾ ਰੋਗ ਬਹੁਤਾ ਨਹੀਂ ਸੀ ਫੈਲਿਆ, ਇਸ ਲਈ ਉਸ ਦੀ ਉਦਾਸੀ ਨੂੰ ਰਾਜਸੀ ਸਥਿਤੀ ਨਾਲ ਜੋੜਨਾ ਸੰਭਵ ਨਹੀਂ ਹੈ। ਉਸ ਦੀ ਉਦਾਸੀ ਦੇ ਕਾਰਨ ਬਹੁਤੇ ਨਿੱਜੀ ਸਨ। ਉਸ ਦੀ ਜੀਵਨ ਤੋਂ ਉਪਰਾਮਤਾ ਬਾਰੇ ਪੂੰਜੀਵਾਦੀ ਦੇਸ਼ਾਂ ਦੇ ਸਾਹਿਤਕ ਹਲਕਿਆਂ ਵੱਲੋਂ ਬੜਾ ਕੁਝ ਅਟਕਲ-ਪੱਚੂ ਅਤੇ ਭੰਡੀ ਦੇ ਤੌਰ ’ਤੇ ਲਿਖਿਆ ਗਿਆ ਹੈ, ਜੋ ਹਕੀਕਤਾਂ ਨਾਲ ਮੇਲ ਨਹੀਂ ਖਾਂਦਾ। ਅੰਗਰੇਜ਼ੀ ਵਿਚ ਸੋਵੀਅਤ ਰੂਸ ਵੱਲੋਂ ਕਵੀ ਦੀ ਚੋਣਵੀਂ ਰਚਨਾ ਤਿੰਨ ਜਿਲਦਾਂ ਵਿਚ 1985-87 ਵਿਚ ਛਪਦੀ ਹੈ। ਪਹਿਲੀ ਜਿਲਦ ਦੀ ਭੂਮਿਕਾ ਵਿਚ ਅਲੈਗਜ਼ਾਂਦਰ ਊਸ਼ਾਕੋਵ ਇਸ ਵਿਸ਼ੇ ਬਾਰੇ ਰਾਏ ਦਿੰਦਾ ਲਿਖਦਾ ਹੈ,
“ਸੋਵੀਅਤ ਤੇ ਬਾਹਰਲੇ ਦੇਸ਼ਾਂ ਦੇ ਆਲੋਚਕਾਂ ਵੱਲੋਂ ਮਾਇਕੋਵਸਕੀ ਦੀ ਆਤਮ-ਹੱਤਿਆ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਉਸ ਦੀ ਮੌਤ ਦੇ ਕਾਰਨਾਂ ਦੀ ਵਿਆਖਿਆ ਬਾਰੇ ਇਹ ਸਭ ਕੁਝ ਉਚਿਤ ਪ੍ਰਤੀਤ ਨਹੀਂ ਹੰੁਦਾ। ਕੁਝ ਲੇਖਕ ਉਹਨਾਂ ਸਾਲਾਂ ਦੇ ਸਾਹਿਤਕ ਜੀਵਨ ਦੇ ਅਸਲੀ ਤੱਥਾਂ ਨੂੰ ਅਣਡਿੱਠ ਕਰਕੇ ਇਹ ਵੇਖਣ ਤੋਂ ਹੱਠੀ ਤੌਰ ’ਤੇ ਇਨਕਾਰ ਕਰਦੇ ਹਨ ਕਿ ਕਵੀ ਦੀ ਦੁਖਾਂਤਕ ਮੌਤ ਯਥਾਰਥ ਨਾਲ ਉਸ ਦੇ ਅੰਦਰਲੇ ਰਚਨਾਤਮਿਕ ਸੰਕਟ ਦੇ ਟਕਰਾ ਦਾ ਸਿੱਟਾ ਨਹੀਂ ਸੀ, ਸਗੋਂ ਕਈ ਹੋਰ ਹਾਲਾਤਾਂ ਦਾ ਮਿਸ਼ਰਨ ਸੀ। ਇਹਨਾਂ ਵਿਚ ਅਸੀਂ ਮਾਇਆਕੋਵਸਕੀ ਦੇ ਉਸ ਪਿਆਰ ਨਾਟਕ ਦਾ ਵੀ ਜਿ਼ਕਰ ਕਰ ਸਕਦੇ ਹਾਂ, ਜਿਸ ਬਾਰੇ ਉਹ ਆਪਣੀ ਆਖਰੀ ਚਿੱਠੀ ਵਿਚ ਜਿ਼ਕਰ ਕਰਦਾ ਹੈ। ਕਲਾਵਾਂ ਦਾ ਖੱਬੇ ਮੋਰਚਾ ਜਥੇਬੰਦੀ ਨੂੰ ਤਿਆਗ ਕੇ ਰੂਸ ਦੇ ਪਰੋਲਤਾਰੀ ਲੇਖਕਾਂ ਦੀ ਐਸੋਸੀਏਸ਼ਨ ਵਿਚ ਚਲੇ ਜਾਣ ਨਾਲ ਸਥਿਤੀ ਢੇਰ ਸਾਰੀ ਗੁੰਝਲਦਾਰ ਹੋਈ, ਸੁਹਜਵਾਦੀ ਆਲੋਚਕਾਂ ਵੱਲੋਂ ਉਸ ਨੂੰ ਪੱਕੇ ਤੌਰ ’ਤੇ ਦਿੱਤੇ ਮਾਨਸਿਕ ਤਸੀਹੇ, ਜਿਹੜੇ ਘਟਣ ਦੀ ਥਾਂ ਸਗੋਂ ਸਾਲਾਂ ਦੇ ਬੀਤਣ ਨਾਲ ਵਧਦੇ ਗਏ ਤੇ ਉਹ ਬੀਮਾਰੀ ਜਿਸ ਨੇ ਕਵੀ ਨੂੰ ਕਈ ਮਹੀਨੇ ਤੰਗ ਕਰੀ ਰੱਖਿਆ।”
ਸਪਸ਼ਟ ਹੈ ਕਿ ਕਵੀ ਦੀ ਆਤਮ ਹੱਤਿਆ ਦੀ ਅਸਲ ਕਹਾਣੀ ਪੰਜਾਹ ਸਾਲ ਤੀਕ ਇਕ ਬੁਝਾਰਤ ਬਣੀ ਰਹੀ ਅਤੇ ਇਸ ਬਾਰੇ ਸੋਵੀਅਤ ਸਾਹਿਤਕ ਤੇ ਰਾਜਸੀ ਹਲਕੇ ਆਮ ਕਰਕੇ ਦੜ ਹੀ ਵੱਟੀ ਰੱਖਦੇ ਰਹੇ।
ਆਖਰ ਇਸ ਚੁੱਪ ਦਾ ਕਾਰਨ ਕੀ ਸੀ? ਸਪਸ਼ਟ ਕਾਰਨ ਇਹ ਸੀ ਕਿ ਅਕਤੂਬਰ ਇਨਕਲਾਬ ਦੇ ਦ੍ਰਿੜ ਤੇ ਦਲੇਰ ਸਮਰਥਕ ਕਵੀ ਦਾ ਭਰ ਜਵਾਨੀ ਵਿਚ ਆਤਮ-ਘਾਤ ਕਰ ਜਾਣਾ ਸਮਾਜਵਾਦੀ ਸਰਕਾਰ ਲਈ ਬੜੀ ਨਮੋਸ਼ੀ ਦਾ ਕਾਰਨ ਸੀ। ਉਸ ਦੀ ਮੌਤ ਨਾਲ ਦੇਸ਼, ਪਾਰਟੀ ਤੇ ਸਰਕਾਰ ਦੀ ਹੇਠੀ ਹੋਈ ਸੀ।
ਅਸਲ ਵਿਚ ਮਾਇਅਕੋਵਸਕੀ ਦੀ ਮੌਤ ਦੀ ਘੁੰਡੀ, ਕਵੀ ਦੀ ਪ੍ਰੇਮਕਾ ਵੇਰੋਨੀਕਾ ਪੋਲਨਸਕਾਇਆ ਦੀਆਂ 1938 ਵਿਚ ਲਿਖੀਆਂ ਯਾਦਾਂ ਦੇ ਲਿਖੇ ਜਾਣ ਤੋਂ ਪੰਜਾਹ ਸਾਲਾਂ ਬਾਅਦ 1987 ਵਿਚ ਛਪਣ ਨਾਲ ਖੁੱਲਦੀ ਹੈ। ਇਹ ਯਾਦਾਂ ਪਹਿਲਾਂ ਰੂਸ ਵਿਚ “ਸਾਹਿਤ ਦੀਆਂ ਸਮੱਸਿਆਵਾਂ” ਰਿਸਾਲੇ ਵਿਚ ਛਪੀਆਂ ਤੇ ਬਾਅਦ ਵਿਚ ‘ਸੋਵੀਅਤ ਸਾਹਿਤ’ ’ਚ ਅਪਰੈਲ 1988 ਦੇ ਅੰਕ ਵਿਚ ਛਪੀਆਂ ਸਨ। ਵੇਰੋਨੀਕਾ ਕੋਲੋਂ ਇਹ ਯਾਦਾਂ ਮਾਇਆਕੋਵਸਕੀ ਅਜਾਇਬ ਘਰ ਦੇ ਪ੍ਰਬੰਧਕਾਂ ਨੇ 1938 ਵਿਚ ਲਿਖਵਾ ਲਈਆਂ ਸਨ, ਪਰ ਇਹਨਾਂ ਨੂੰ ਛਾਪਣ, ਵੇਖਣ ਤੇ ਵਰਤਣ ਦੀ ਆਗਿਆ ਨਹੀਂ ਸੀ।
ਅਤੇ ਅਜੇ ਤੀਕ ਵੀ ਮੌਤ ਤੋਂ ਪਹਿਲਾਂ ਕਵੀ ਵੱਲੋਂ ਸਰਕਾਰ ਨੂੰ ਲਿਖੀ ਚਿੱਠੀ ਬਾਹਰ ਨਹੀਂ ਆਈ।
ਆਓ ਵੇਖੀਏ ਕਿ ਆਤਮ-ਹੱਤਿਆ ਦੀ ਅਸਲ ਕਹਾਣੀ ਕੀ ਸੀ। ਜਦੋਂ ਮਾਇਆਕੋਵਸਕੀ ਦੇ ਸਮਕਾਲੀ ਪ੍ਰਸਿੱਧ ਕਵੀ ਸਰਗੇਈ ਯੈਸੇਨਿਨ ਨੇ 27 ਦਸੰਬਰ 1925 ਨੂੰ ਆਤਮ-ਹੱਤਿਆ ਕਰ ਲਈ ਸੀ ਤਾਂ ਉਸ ਦੀ ਮੌਤ ਦਾ ਮਾਤਮ ਕਰਦਿਆਂ ਮਾਇਆਕੋਵਸਕੀ ਨੇ ਯੈਸੇਨਿਨ ਦੀਆਂ ਆਖਰੀ ਪੰਗਤੀਆਂ ਨੂੰ ਆਧਾਰ ਬਣ ਕੇ ਇਕ ਲੰਮੀ ਸੋਗੀ ਕਵਿਤਾ ਲਿਖੀ ਸੀ।
ਇਹਨਾਂ ਦਿਨਾਂ ਵਿਚ ਮਰ ਜਾਣਾ
ਕੋਈ ਮੁਸ਼ਕਿਲ ਨਹੀਂ ਹੈ
ਪਰ ਮੈਂ ਇਕ ਗੱਲ ਗੱਜ ਵੱਜ ਕੇ
ਜੁਰਅਤ ਨਾਲ ਆਖਦਾਂ
ਕਿ ਮਰਨ ਜੀਵਨ ਦੀ ਉਸਾਰੀ ਕਰਨੀ ਕਿਤੇ ਵਧ ਔਖੀ ਹੈ
(1926)
ਮਾਇਆਕੋਵਸਕੀ ਨੂੰ ਕੀ ਪਤਾ ਸੀ ਕਿ ਪੰਜ ਸਾਲ ਬਾਅਦ ਉਸ ਨੂੰ ਨਿੱਜੀ ਹਾਲਾਤ ਦੇ ਦਬਾਵਾਂ ਹੇਠ ਏਹੋ ਕੁਝ ਕਰਨਾ ਪਵੇਗਾ। ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਲਿਖੇ ਇਕ ਖ਼ਤ ਵਿਚ ਉਸ ਨੇ ਲਿਖਿਆ ਸੀ,
“ਮੇਰੇ ਪਿਆਰ ਦੀ ਬੇੜੀ ਜੀਵਨ ਦੀਆਂ ਘਸੀਆਂ ਗੱਲਾਂ ਨਾਲ ਟਕਰਾ ਕੇ ਟੋਟੇ ਹੋ ਚੁੱਕੀ ਹੈ, ਪਰ ਮੈਂ ਦੂਸਰੇ ਲੋਕਾਂ ਨੂੰ ਇੰਝ ਕਰਨ ਦੀ ਸਿੱਖਿਆ ਨਹੀਂ ਦਿੰਦਾ।”
ਉਸ ਨੇ ਲਿਖਿਆ
ਇਕ ਕਵੀ ਨੇ
ਉਹਨਾਂ ਇਸ਼ਤਿਹਾਰਾਂ ਨੂੰ ਜੋ ਉਸ ਬਣਾਏ ਸਨ
ਦੀ ਰੱਦੀ ਜੀਭ ਨਾਲ
ਤਪਦਿਕ ਦੇ ਰੋਗੀ ਦੇ ਲਹੂ-ਗੱਤਲ ਚੱਟ ਕੇ
ਜਿ਼ੰਦਗੀ ਲੰਘਾ ਲਈ
ਕਦੇ ਏਸੇ ਹੀ ਜੁਝਾਰੂ ਕਵੀ ਨੇ ਲਿਖਿਆ ਸੀ,
ਮੈਂ ਆਪਣੀਆਂ ਵੱਡੀਆਂ ਯੋਜਨਾਵਾਂ
ਨੂੰ ਪਿਆਰ ਕਰਦਾ ਹਾਂ
ਆਪਣੇ ਮੀਲਾਂ ਲੰਮੇ ਕਦਮਾਂ ਦੀ ਦਲੇਰੀ ਨੂੰ
ਵੀਰੋਨੀਕਾ ਪੋਲੋਨਸਕਾਇਆ ਦੇ ਦੱਸਣ ਅਨੁਸਾਰ ਕਵੀ ਨਾਲ ਉਸ ਦੀ ਜਾਣ-ਪਛਾਣ 13 ਮਾਰਚ 1929 ਨੂੰ ਅਰਥਾਤ ਮੌਤ ਤੋਂ ਇਕ ਸਾਲ ਪਹਿਲਾਂ ਹੋਈ ਸੀ। ਉਹ ਥੀਏਟਰ ਕਲਾਕਾਰ ਸੀ ਤੇ ਵਿਆਹੀ-ਵਰੀ ਸੀ। ਕਵੀ ਦੀ ਪਹਿਲੀ ਪ੍ਰੇਮਿਕਾ ਲਿੱਲੀ ਬਰਿੱਕ ਨਾਲ ਉਸ ਦੇ ਪੁਰਾਣੇ ਪਿਆਰ ਸਬੰਧ ਵੀ ਕਾਇਮ ਸਨ, ਵੀਰੋਨੀਕਾ ਏਨੀ ਦਿਲਕਸ਼ ਕੁੜੀ ਸੀ ਕਿ ਕਵੀ ਨੂੰ ਆਪਣਾ ਸਭ ਗੂੜ-ਗਿਆਨ, ਰਚਨਾ, ਵਚਨ-ਬੱਧਤਾ ਭੁੱਲ ਗਈ। ਉਹ ਪਿਆਰ ਕਬਜ਼ਾ ਨਹੀਂ, ਪਛਾਣ ਹੈ- ਦਾ ਪ੍ਰੀਤ ਲੜੀ ਸਿਧਾਂਤ ਭੁੱਲ ਬੈਠਾ। ਤੇ ਇਕ ਤਰਾਂ੍ਹ ਕੁੜੀ ਦੇ ਖਹਿੜੇ ਪੈ ਗਿਆ। ਸਿੱਟੇ ਵਜੋਂ ਕਵੀ ਦੇ ਮਾਨਸਿਕ ਸੰਤੁਲਨ ਉੱਤੇ ਵੀ ਅਸਰ ਪਿਆ। ਲੜਕੀ ਨਾਟਕਾਂ ਦੀ ਰੀਹਸਲ ਵਿਚ ਰੁੱਝੀ ਹੰੁਦੀ, ਪਰ ਮਾਇਆਕੋਵਸਕੀ ਰੀਹਸਲ ਵਾਲੇ ਸਥਾਨ ’ਤੇ ਵੀ ਜਾ ਪਹੁੰਚਦਾ। ਨੀਕਾ ਆਪਣੇ ਨਾਟਕੀ ਸ਼ੌਕ ਤੇ ਨਾਲ ਹੀ ਪਤੀ ਨੂੰ ਤਿਆਗਣ ਲਈ ਤਿਆਰ ਨਹੀਂ ਸੀ। ਸਿੱਟੇ ਵਜੋਂ ਭਾਈਚਾਰਕ ਇੱਕਠਾਂ ਵਿਚ ਵੀ ਕਵੀ ਦੇ ਅਲੌਕਾਰ ਤੇ ਉਲਾਰ ਵਿਹਾਰ ਸਦਕਾ ਬਦਮਜ਼ਗੀ ਪੈਦਾ ਹੋਣ ਲੱਗੀ।
ਤੇ ਹੁਣ ਵੋਰੋਨੀਕਾ ਦੀ ਆਪਣੀ ਜ਼ੁਬਾਨੀ;-
“ਕਈ ਵਾਰ ਅਜਨਬੀਆਂ ਸਾਹਮਣੇ ਉਹ ਆਪਣੇ ਆਪ ਨੂੰ ਕਾਬੂ ਵਿਚ ਨਹੀਂ ਸੀ ਰੱਖ ਸਕਦਾ ਤੇ ਮੈਨੂੰ ਗੱਲ ਕਰਨ ਲਈ ਪਾਸੇ ਲੈ ਜਾਂਦਾ ਹੁੰਦਾ ਸੀ…ਉਸ ਸਮੇਂ ਮੈਂ ਉਸ ਤੋਂ ਗਰਭਵਤੀ ਹੋ ਗਈ ਸੀ। ਮੈਨੂੰ ਗਰਭ ਗਿਰਾਉਣਾ ਪਿਆ, ਜਿਸ ਨਾਲ ਮੇਰੇ ਉੱਤੇ ਤਕੜਾ ਮਨੋਵਿਗਿਆਨਕ ਪ੍ਰਭਾਵ ਪਿਆ, ਕਿਉਂਕਿ ਮੈਂ ਝੂਠ ਬੋਲਣ ਅਤੇ ਦੋਗਲੀ ਜਿ਼ੰਦਗੀ ਜੀਉਣ ਤੋਂ ਅੱਕ ਗਈ ਸੀ ਅਤੇ ਯਨਸ਼ਿਨ(ਮੇਰਾ ਪਤੀ)ਹਸਪਤਾਲ ਵਿਚ ਮੇਰੀ ਖ਼ਬਰ ਲੈਣ ਜਾਂਦਾ ਹੁੰਦਾ ਸੀ। ਫਿਰ ਮੈਨੂੰ ਝੂਠ ਬੋਲਣੇ ਪੈਂਦੇ। ਇਹ ਬੜੀ ਦੁਖਦਾਈ ਗੱਲ ਸੀ।…
1930 ਦੇ ਆਰੰਭ ਵਿਚ ਵਲਾਦੀਮੀਰ ਨੇ ਮੰਗ ਕੀਤੀ ਕਿ ਮੈਂ ਯਾਨਸਿ਼ਨ ਤੋਂ ਤਲਾਕ ਲੈ ਲਵਾਂ, ਉਸ ਦੀ ਪਤਨੀ ਬਣ ਜਾਵਾਂ ਤੇ ਥੀਏਟਰ ਨੂੰ ਛੱਡ ਦੇਵਾਂ।…ਮੈਂ ਕਹਿ ਚੁੱਕੀ ਹਾਂ ਕਿ ਦੋਸਤਾਂ ਦੀ ਘਾਟ ਦਾ ਮਾਇਆਕੋਵਸਕੀ ਉੱਤੇ ਮਾੜਾ ਪ੍ਰਭਾਵ ਪਿਆ।।…ਉਹ ਵਿਸ਼ੇਸ਼ ਤੌਰ ’ਤੇ ਇਸ ਗੱਲੋਂ ਦੁਖੀ ਸੀ ਕਿ ਸਰਕਾਰ ਦੇ ਪਾਰਟੀ ਸਾਧਨਾਂ ਨੇ ਉਸ ਦੇ ਉਤਸਵ ਵਿਚ ਕੁਝ ਨਹੀਂ ਸੀ ਕੀਤਾ।
ਮੇਰੇ ਪਤੀ ਦੇ ਪਰਿਵਾਰ ਦੀ ਰਾਏ ਸੀ ਕਿ ਇਹ ਸਾਰੀ ਗੱਲ ਬੜੀ ਅਜੀਬ ਸੀ। ਉਹ ਮੈਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪਏ ਤੇ ਯਾਨਸਿ਼ਨ (ਪਤੀ) ਜੋ ਮਾਇਆਕੋਵਸਕੀ ਨੂੰ ਵੇਖ ਕੇ ਅਜੇ ਤੀਕ ਬੜੇ ਠਰੰਮੇ ਨਾਲ ਆਪਣਾ ਪ੍ਰਤੀਕਰਮ ਪ੍ਰਗਟ ਕਰਦਾ ਹੰੁਦਾ ਸੀ, ਉਹ ਉਤੇਜਤ ਹੋਣ ਲੱਗ ਪਿਆ, ਪ੍ਰੇਸ਼ਾਨ ਹੋ ਗਿਆ ਤੇ ਆਪਣੀ ਨਾਰਾਜ਼ਗੀ ਪ੍ਰਗਟਾਉਣ ਲੱਗ ਪਿਆ। ਮੈਂ ਲਗਾਤਾਰ ਉੂਜਾਂ ਦੇ ਮਾਹੌਲ ਵਿਚ ਰਹਿਣ ਲੱਗੀ ਤੇ ਸਾਰੇ ਪਾਸਿਓਂ ਝਿੜਕਾਂ ਖਾਣ ਲੱਗੀ।
……ਇਕ ਦਿਨ ਉਹ ਬਹੁਤ ਭੜਕ ਪਿਆ ਤੇ ਕਹਿਣ ਲੱਗਾ, ਫਿਰ ਉਹੀ ਥੀਏਟਰ! ਮੈਨੂੰ ਇਸ ਨਾਲ ਘਿਰਣਾ ਹੈ। ਢੱਠੇ ਖੂਹ ਵਿਚ ਪਏ ਇਹ! ਮੈਂ ਇਸ ਤਰ੍ਹਾਂ ਹੁਣ ਹੋਰ ਨਹੀਂ ਚੱਲ ਸਕਦਾ। ਮੈਂ ਤੈਨੂੰ ਰੀਹਸਲ ਉੱਤੇ ਨਹੀਂ ਜਾਣ ਦਿਆਂਗਾ ਤੇ ਉਸ ਕਮਰੇ ਵਿਚੋਂ ਬਾਹਰ ਨਹੀਂ ਨਿਕਲਣ ਦੇਵਾਂਗਾ।
……ਵਲਾਦੀਮੀਰ ਕਿਉਂ ਨਹੀਂ ਸੀ ਸਮਝ ਸਕਦਾ ਕਿ ਜੇ ਮੈਂ ਥੀਏਟਰ ਤਿਆਗ ਦਿੱਤਾ ਤੇ ਆਪਣਾ ਕੰਮ ਛੱਡ ਦਿੱਤਾ ਤਾਂ ਮੇਰੇ ਜੀਵਨ ਵਿਚ ਵੱਡਾ ਖ਼ਲਾਅ ਪੈਦਾ ਹੋ ਜਾਵੇਗਾ, ਜੋ ਭਰਨਾ ਅਸੰਭਵ ਹੋ ਜਾਵੇਗਾ।”
”ਕੀ ਇਸ ਦਾ ਇਹ ਅਰਥ ਹੈ ਕਿ ਤੂੰ ਰੀਹਰਸਲ ’ਤੇ ਜਾ ਰਹੀ ਹੈ?”
“ਹਾਂ,ਮੈਂ ਜਾ ਰਹੀ ਹਾਂ”।
“ਤੇ ਤੂੰ ਜਾ ਕੇ ਯਾਨਸਿ਼ਨ (ਪਤੀ) ਨੂੰ ਮਿਲੇਂਗੀ?”
“ਹਾਂ …। ਤੇ ਕੀ ਤੁਸੀ ਮੈਨੂੰ ਬਾਹਰ ਤੀਕ ਛੱਡਣ ਨਹੀਂ ਜਾਉਂਗੇ?”
ਉਹ ਮੇਰੇ ਕੋਲ ਆਇਆ, ਮੂੰਹ ਚੁੰਮਿਆਂ ਤੇ ਬੜੇ ਠਰੰਮੇ ਅਤੇ ਪਿਆਰ ਨਾਲ ਕਿਹਾ, ਨਹੀਂ ਮੇਰੀ ਪਿਆਰੀ ਤੂੰ ਇੱਕਲੀ ਜਾ। ਮੈਂ ਤੁਰੀ ਤੇ ਬਾਹਰ ਬੂਹੇ ਤੀਕ ਕੁਝ ਕਦਮ ਚੱਲ ਕੇ ਗਈ।
ਇਕ ਗੋਲੀ ਚੱਲੀ। ਮੇਰੀਆਂ ਲੱਤਾਂ ਜੰਮ ਗਈਆਂ। ਮੈਂ ਭੁੱਬ ਮਾਰੀ ਤੇ ਵਰਾਂਡੇ ਵਿਚ ਘੰੁਮਣ ਲੱਗੀ। ਮੈਂ ਅੰਦਰ ਜਾਣ ਲਈ ਆਪਣੇ ਆਪ ਨੂੰ ਤਿਆਰ ਨਾ ਕਰ ਸਕੀ।
“ਉਹ ਤੂੰ ਕੀ ਕਰ ਦਿੱਤਾ। ਕੀ ਕੀਤਾ ਹੈ ਤੂੰ?”……
ਮੈਂ ਯਕੀਨ ਨਹੀਂ ਕਰ ਸਕਦੀ ਕਿ ਮਾਇਆਕੋਵਸਕੀ ਵਰਗਾ ਆਦਮੀ ਜਿਸ ਨੂੰ ਆਪਣੇ ਆਦਰਸ਼ਾਂ ਦੀ ਅੰਤਮ ਜਿੱਤ ਵਿਚ ਵਿਸ਼ਵਾਸ਼ ਸੀ ,ਜਿਹਨਾਂ ਲਈ ਉਹ ਆਪਣੀ ਪ੍ਰਤਿਭਾ ਨਾਲ ਜੂਝਿਆ ਸੀ ਤੇ ਜਿਸਦਾ ਸਾਹਿਤ ਵਿਚ ਸਥਾਨ ਸੀ, ਉਸ ਦਾ ਇਸ ਤਰ੍ਹਾਂ ਅੰਤ ਹੋ ਜਾਵੇਗਾ।”
ਤੇ ਫਿਰ ਅੱਠਾਂ ਸਾਲਾਂ ਬਾਅਦ ਮੈਨੂੰ ਮਾਇਆਕੋਵਸਕੀ ਅਜਾਇਬ ਘਰ ਦੇ ਡਾਇਰੈਕਟਰ ਦੀ ਚਿੱਠੀ ਮਿਲੀ।
“ਤੂੰ ਉਹ ਵਿਅਕਤੀ ਹੈਂ ਜਿਹੜੀ ਵਲਾਦਮੀਰ ਮਾਇਆਕੋਵਸਕੀ ਦੇ ਜੀਵਨ ਦੇ ਆਖਰੀ ਸਾਲ ਵਿਚ ਉਸ ਦੇ ਸਭ ਤੋਂ ਵਧ ਕਰੀਬ ਰਹੀ ਹੈ। ਤੁਹਾਨੂੰ ਇਸ ਬਾਰੇ ਸਾਨੂੰ ਦੱਸਣਾ ਚਾਹੀਦਾ ਹੈ। ਤੁਹਾਨੂੰ ਇਸ ਤੋਂ ਨਾਂਹ ਨਹੀਂ ਕਰਨੀ ਚਾਹੀਦੀ।”
ਤੇ ਮੈਂ ਨਾਂਹ ਕਿਵੇਂ ਕਰਦੀ! (1938)
ਰੂਸੀ ਵਿਦਵਾਨਾਂ ਦੀ ਰਾਏ ਹੈ ਕਿ ਮਾਇਆਕੋਵਸਕੀ ਵਿਸ਼ਵ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਕਵੀ ਹੈ। ਉਹਨਾਂ ਦੀ ਰਾਏ ਹੈ ਕਿ ਅਕਤੂਬਰ ਕਰਾਂਤੀ ਤੋਂ ਪਹਿਲਾਂ ਕਵੀ ਦੀਆਂ ਛਪੀਆਂ ਕਾਪੀਆਂ ਦੀ ਗਿਣਤੀ 4450 ਸੀ। 1930 ਤੀਕ ਇਹ ਗਿਣਤੀ ਵਧ ਕੇ 13 ਲੱਖ, ਪਚਾਸੀ ਹਜ਼ਾਰ, 375 ਹੋ ਗਈ ਸੀ। ਦੂਸਰੀ ਸੰਸਾਰ ਜੰਗ ਤੋਂ ਪਹਿਲਾਂ ਉਸ ਦੀਆਂ ਛਪੀਆਂ ਪੁਸਤਕਾਂ ਦੀਆਂ ਕੁੱਲ ਕਾਪੀਆਂ ਦੀ ਗਿਣਤੀ ਸੱਤ ਮਿਲੀਅਨ ਅਰਥਾਤ 70 ਲੱਖ ਤੀਕ ਚਲੀ ਗਈ। ਪਹਿਲੀ ਜਨਵਰੀ 1982 ਤੀਕ ਕਵੀ ਦੀਆਂ ਰਚਨਾਵਾਂ ਸੰਸਾਰ ਦੀਆਂ 27 ਭਾਸ਼ਾਵਾਂ ਵਿਚ ਅਤੇ ਰੂਸ ਦੀਆਂ 56 ਪ੍ਰਾਂਤਕ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਸਨ। ਇਹ 1176 ਵਾਰ ਛਪੀਆਂ ਹਨ। ਤੇ ਛਪੀਆਂ ਕਾਪੀਆਂ ਦੀ ਕੁੱਲ ਗਿਣਤੀ 13 ਕਰੋੜ 55 ਲੱਖ 93 ਹਜ਼ਾਰ ਸੀ। ਉਸ ਦੀ ਲੈਨਿਨ ਦੀ ਮੌਤ ’ਤੇ ਲਿਖੀ ਲੰਮੀ ਕਵਿਤਾ ਸੰਸਾਰ ਦੀਆਂ 40 ਭਾਸ਼ਾਵਾਂ ਵਿਚ 140 ਵਾਰ ਛਪ ਚੁੱਕੀ ਹੈ ਤੇ ਛਪੀਆਂ ਕਾਪੀਆਂ ਦੀ ਗਿਣਤੀ 51 ਲੱਖ 45 ਹਜ਼ਾਰ ਸੀ। 1982 ਤੋਂ ਬਾਅਦ ਤੇ ਹੁਣ ਤੀਕ ਉਸ ਦੀਆਂ ਕਿਤਾਬਾਂ ਦੀ ਛਪਣ ਗਿਣਤੀ ਦਾ ਕੇਵਲ ਅਨੁਮਾਨ ਹੀ ਲਾਇਆ ਜਾ ਸਕਦਾ ਹੈ।
ਇੰਝ ਹੀ ਕਵੀ ਦੇ ਨਾਂ ਉੱਤੇ ਬਣੀਆਂ ਯਾਦਗਾਰਾਂ ਦੀ ਗਿਣਤੀ ਵੀ ਹੈਰਾਨ ਕਰਨ ਵਾਲੀ ਹੈ। ਮਾਸਕੋ ਵਿਚ ਕਵੀ ਦੇ ਨਾਂ ਦੇ ਬਣੇ ਅਜਾਇਬ ਘਰ ਵਿਚ ਉਸ ਦੇ ਜੀਵਨ ਨਾਲ ਸਬੰਧਤ ਵਸਤਾਂ ਦੀ ਗਿਣਤੀ 2000 ਦੇ ਕਰੀਬ ਹੈ, ਕਵੀ ਦੀਆਂ ਸਮੁੱਚੀਆਂ ਰਚਨਾਵਾਂ 13 ਜਿਲਦਾਂ ਵਿਚ ਛਪ ਚੁੱਕੀਆਂ ਹਨ। ਅੰਗਰੇਜ਼ੀ ਵਿਚ ਉਸ ਦੀਆਂ ਚੋਣਵੀਆਂ ਲਿਖਤਾਂ ਤਿੰਨ ਜਿਲਦਾਂ ਵਿਚ 1985-87 ਵਿਚ ਆਈਆਂ ਸਨ। ਕਵੀ ਦੇ ਨਾਂ ਉੱਤੇ ਬਣੇ ਸਕੂਲਾਂ, ਕਲੱਬਾਂ, ਲਾਇਬਰੇਰੀਆਂ, ਨਾਟ-ਘਰਾਂ, ਮਨੋਰੰਜਨ ਪਾਰਕਾਂ, ਚੌਕਾਂ, ਪਹਾੜਾਂ, ਸਾਂਝੇ ਖੇਤਾਂ ਤੇ ਸਟੇਟ ਫਾਰਮਾਂ ਦੀ ਗਿਣਤੀ ਕਰਨੀ ਸੰਭਵ ਨਹੀਂ। ਪਰ ਇਹ ਗੱਲਾਂ ਸਮਾਜਵਾਦੀ ਪ੍ਰਬੰਧ ਵੇਲੇ ਦੀਆਂ ਹਨ। ਹੁਣ ਵਿਗਠਨ ਤੋਂ ਬਾਅਦ ਦੀ ਸਥਿਤੀ ਦੱਸਣੀ ਸੰਭਵ ਨਹੀਂ।
ਰੂਸੀ ਕਵੀ ਵਾਸਿਲੀ ਫਿਯੋਰਦੋਰੋਵ ਕਹਿੰਦਾ ਹੈ, “ਅਸੀਂ ਨਹੀਂ ਜਾਣਦੇ ਕਿ ਮਹਾਨ ਕਵੀ ਕਿਵੇਂ ਪੈਦਾ ਹੁੰਦੇ ਹਨ। ਇਹ ਇਕ ਵੱਡਾ ਭੇਤ ਹੈ। ਪਰ ਅਸੀਂ ਇਹ ਗੱਲ ਅਵੱਸ਼ ਜਾਣਦੇ ਹਾਂ ਕਿ ਉਹ ਕਿਉਂ ਪੈਦਾ ਹੁੰਦੇ ਹਨ। ਉਹ ਮਹਾਨ ਘਟਨਾਵਾਂ ਸਮਾਜਕ ਉੱਥਲ-ਪਥੱਲਾਂ ਅਤੇ ਕਰਾਂਤੀਕਾਰੀ ਯੁੱਗਾਂ ਵਿਚ ਪੈਦਾ ਹੁੰਦੇ ਹਨ।”
ਇਹ ਵੀ ਸੱਚ ਹੈ ਕਿ ਬਦਲਦੇ ਸਮਿਆਂ ਵਿਚ ਕਿਸੇ ਵੀ ਭਾਸ਼ਾ ਦੇ ਕਵੀ ਦਾ ਰੁਤਬਾ ਬਦਲਦਾ ਵੀ ਰਹਿੰਦਾ ਹੈ। ਪਰ ਜਿਹੜਾ ਕਵੀ ਆਪਣੇ ਦੇਸ਼ ਦੇ ਆਮ ਲੋਕਾਂ ਦੇ ਦਰਦਾਂ, ਤਾਘਾਂ, ਸੁਪਨਿਆਂ ਅਤੇ ਉਚੇਰੇ ਮਨੁੱਖੀ ਆਦਰਸ਼ਾਂ ਦੀ ਜ਼ੁਬਾਨ ਬਣਦਾ ਹੈ, ਉਸ ਦਾ ਰੁਤਬਾ ਕਦੇ ਘਟਦਾ ਨਹੀਂ ਹੈ। ਅਮਨ, ਇਨਸਾਫ਼। ਆਜ਼ਾਦੀ ਤੇ ਸੰਘਰਸ਼ਾਂ ਨੂੰ ਆਪਣੀਆਂ ਕਵਿਤਾਵਾਂ ਦਾ ਕੇਂਦਰ-ਬਿੰਦੂ ਬਣਾ ਕੇ ਲਿਖਣ ਵਾਲੇ ਕਵੀ ਕਦੇ ਭੁਲਾਏ ਨਹੀਂ ਜਾਂਦੇ ਹੰੁਦੇ। ਮਾਇਆਕੋਵਸਕੀ ਲਿਖਦਾ ਹੈ,
ਇਹ ਧਰਤੀ ਸਾਡੀ ਹੈ
ਸਾਡੀ ਹੈ ਧੌਣ
ਸਾਡੀਆਂ ਨੇ ਤਾਰਿਆਂ ਦੀਆਂ ਹੀਰੇ ਭਰੀਆਂ ਖਾਣਾਂ
ਤੇ ਅਸੀਂ ਕਦੇ ਵੀ
ਉੱਕਾ ਹੀ ਕਿਸੇ ਨੂੰ
ਤੋਪਾਂ ਦੇ ਗੋਲਿਆਂ ਨਾਲ
ਧਰਤੀ ਨੂੰ ਤਬਾਹ ਨਹੀਂ ਕਰਨ ਦਿਆਂਗੇ
ਤੇ ਨਾਂ ਹੀ
ਸਾਣ ’ਤੇ ਲਾਈਆਂ ਤਿਖੀਆਂ ਬਰਛੀਆਂ
ਤੇ ਬਲੇਡਾਂ ਨੂੰ
ਸਾਡੀ ਹਵਾ ਨੂੰ ਚੀਰਨ ਦੀ ਆਗਿਆ ਦਿਆਂਗੇ।
ਸੰਸਾਰ ਦੇ ਸਾਰੇ ਹੀ ਵੱਡੇ ਕਵੀਆਂ ਨੇ ਮਾਇਆਕੋਵਸਕੀ ਦੀ ਨਵੀਂ ਸਮਾਜਵਾਦੀ ਕਵਿਤਾ ਤੋਂ ਪ੍ਰੇਰਨਾ ਤੇ ਉਤਸ਼ਾਹ ਲੈ ਕੇ ਅਪਣੇ ਅਪਣੇ ਦੇਸ਼ਾਂ ਦੀਆਂ ਭਾਸ਼ਾਵਾਂ ਵਿਚ ਲੋਕਾਂ ਦੇ ਸੰਘਰਸ਼ਾਂ ਨੂੰ ਸਮਰਪਿਤ ਕਵਿਤਾ ਲਿਖੀ ਹੈ ਤੇ ਜੱਸ ਖੱਟਿਆ ਹੈ।
ਅਕਤੂਬਰ ਕਰਾਂਤੀ ਲਈ ਕਵਿਤਾ ਲਿਖਦੇ ਹੋਏ ਮਾਇਆਕੋਵਸਕੀ ਨੇ ਕਵਿਤਾ ਦੀ ਕਲਾ ਵਿਚ ਵੀ ਕਰਾਂਤੀ ਲੈ ਆਂਦੀ ਸੀ ਤੇ ਉਹ ਵੀ 37 ਸਾਲ ਦੀ ਉਮਰ ਵਿਚ। ਅਜਿਹੇ ਕਵੀ ਨਿੱਤ ਨਿੱਤ ਪੈਦਾ ਨਹੀਂ ਹੁੰਦੇ। ਮਨੁੱਖ ਜਾਤੀ ਦੀ ਮੁਕਤੀ ਲਈ ਵਿੱਢੇ ਹਰ ਸੰਘਰਸ਼ ਨਾਲ ਅਜਿਹੇ ਕਵੀਆਂ ਦਾ ਕੱਦ ਹੋਰ ਉਚੇਰਾ ਹੁੰਦਾ ਜਾਂਦਾ ਹੈ। ਉਹ ਪਹਿਲਾ ਕਵੀ ਸੀ ਜਿਸ ਨੇ ਵਿਸ਼ਵ ਦੀ ਕਰਾਂਤੀਕਾਰੀ ਕਵਿਤਾ ਲਈ ਨਵੇਂ ਦਿਸਹੱਦੇ ਰੌਸ਼ਨ ਕੀਤੇ ਸਨ।
(ਲੇਖਕ ਨੂੰ 1988 ਵਿਚ ਮਾਇਕੋਵਸਕੀ ਦੀਆਂ ਕੁਝ ਚੋਣਵੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਕਰਨ ਲਈ ਸੋਵੀਅਤ-ਲੈਂਡ ਨਹਿਰੂ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ।)
ਸਹਾਇਕ ਪੁਸਤਕ ਸੂਚੀ
1 . ਚੋਣਵੀਆਂ ਲਿਖਤਾਂ (ਤਿੰਨ ਜਿਲਦਾਂ) ਵਲਾਦੀਮੀਰ ਮਾਇਕੋਵਸਕੀ 1985-87 ਰਾਦੂਗਾ ਪਬਲਿਸ਼ਰਜ, ਮਾਸਕੋ (ਅੰਗਰੇਜ਼ੀ)
2. ਅਕਤੂਬਰ ਇਨਕਲਾਬ ਅਤੇ ਕਲਾਵਾਂ, ਯੂਰੀਦੇਵੀਕੋਣ, ਪਰਗਰੈਸ ਪਬਲਿਸ਼ਰਜ, ਮਾਸਕੋ-1968 (ਅੰਗਰੇਜ਼ੀ)
3. ਸੋਵੀਅਤ ਸਾਹਿਤ, ਸਮੱਸਿਆਵਾਂ ਤੇ ਲੋਕ, ਕੇ, ਜ਼ੈਲਿਸਕੀ, ਪਰਾਗਰੈਸ ਪਬਲਿਸ਼ਰਜ਼ ਮਾਸਕੋ 1970 (ਅੰਗਰੇਜ਼ੀ)
4. ਸਾਹਿਤ ਤੇ ਕਲਾ, ਅਨਾਤੋਲੀ ਲੂਨਾਚਾਰਸਕੀ ਨਵਯੁੱਗ ਪਬਲਿਸ਼ਰਜ਼ ਦਿੱਲੀ -1975 (ਪੰਜਾਬੀ)
5. ਮਾਇਕੋਵਸਕੀ ਦੀਆਂ ਕਵਿਤਾਵਾਂ, ਪੰਜਾਬੀ ਅਨੁਵਾਦ- ਹਰਭਜਨ ਸਿਮਘ ਹੁੰਦਲ, ਪੰਜਾਬ ਬੁੱਕ ਸੈਂਟਰ ਚੰਡੀਗੜ੍ਹ -1988
6. “ਵੀ ਮਾਇਕੋਵਸਕੀ ਇਕ ਐਨੋਵੇਟਰ” ਪਰਾਗਰੈਸ ਪਬਲਿਸ਼ਰਜ਼ ਮਾਸਕੋ, ਸੰਪਾਦਤ ਪੁਸਤਕ ਅੰਗਰੇਜੀ਼ 1976
7. ਮੇਨ-ਸਟਰੀਮ ਵਾਰਸਿ਼ਕ ਅੰਕ 1993
8. ਸੋਵੀਅਤ ਸਾਹਿਤ ਮਾਸਕ, ਮਾਇਕੋਵਸਕੀ ਵਿਸ਼ੇਸ਼ ਅੰਕ, ਜੂਨ 1983 (ਅੰਗਰੇਜ਼ੀ)
9. ਸੋਵੀਅਤ ਸਾਹਿਤ ਮਾਸਕ, ਅਪਰੈਲ 1988 (ਅੰਗਰੇਜੀ਼)
10. ਚੋਣਵੇਂ ਲੇਖ, ਜੌਹਨ ਬਰਜਰ ,ਪੈਨਥੀਓਨ ਬੁਕਸ ਨੀਉੂਯਾਰਕ 2001
11. ਫਿਫਟੀ ਯੂਰਪੀਅਨ ਪੋਇਟਸ, ਜੌਹਨ ਪਿਲਿੰਗ, 1982